ਨੱਠ ਭੱਜ ਦੇ ਪੁਰਸਕਾਰ

Date:

Share post:

ਵਿਸ਼ਵ ਦੇ ਮੰਨੇ ਪ੍ਰਮੰਨੇ ਦਾਰਸ਼ਨਿਕ ਜ਼ਾਂ ਪਾਲ ਸਾਰਤਰ ਨੇ ਨੋਬੇਲ ਇਨਾਮ ਵਰਗੇ ਪੁਰਸਕਾਰ ਨੂੰ ‘ਆਲੂਆਂ ਦੀ ਬੋਰੀ’ ਕਹਿਕੇ ਨਿਕਾਰ ਦਿੱਤਾ ਸੀ। ਸਾਡੇ ਹੀ ਦੇਸ਼ ਦੀ ਆਜ਼ਾਦੀ ਸਮੇਂ ਰਾਸ਼ਟਰੀ ਸਾਹਿਤ/ਕਲਾ ਅਕਾਦਮੀ ਦੇ ਨਿਰਮਾਣ ਦੀ ਗੱਲ ਚੱਲੀ ਤਾਂ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਇਹਦੀ ਸਾਰਥਿਕਤਾ ਬਾਰੇ ਸ਼ੰਕੇ ਪ੍ਰਗਟਾਏ ਸਨ।
ਇਨ੍ਹਾਂ ਦਾਰਸ਼ਨਿਕਾਂ ਨੂੰ ਇਹ ਅਹਿਸਾਸ ਸੀ ਕਿ ਸਾਹਿਤ ਦਾ ਚੰਗ ਮੰਦ ਪੁਰਸਕਾਰਾਂ ਨਾਲ ਨਹੀਂ ਤੋਲਿਆ ਜਾ ਸਕਦਾ। ਨਾ ਹੀ ਅਸਲੀ ਸਾਹਿਤਕਾਰ ਇਸ ਦਰਬਾਰੀ ਕਿਸਮ ਦੀ ਵਾਹ ਵਾਹ ਲਈ ਲਿਖਦਾ ਹੈ। ਇਸੇ ਲਈ ਸਮਾਂ ਪਾ ਕੇ ਚੰਗੀ ਨੀਅਤ ਨਾਲ ਸ਼ੁਰੂ ਹੋਏ ਇਹ ਪੁਰਸਕਾਰ ਤਿਗੜਮਬਾਜ਼ਾਂ ਦਾ ਨਿਸ਼ਾਨਾ ਬਣ ਜਾਂਦੇ ਹਨ। ਅੱਜ ਦਿੱਲੀ ਕੀ ਤੇ ਪੰਜਾਬ ਕੀ; ਇਸੇ ਨਿਸ਼ਾਨਾਬਾਜ਼ੀ ਦਾ ਸਬੂਤ ਦੇ ਰਹੇ ਹਨ।
ਸਾਹਿਤ ਅਤੇ ਕਲਾ ਲਈ ਦਿੱਤੇ ਜਾਂਦੇ ਸਰਕਾਰੀ ਅਤੇ ਕਈ ਗੈਰ-ਸਰਕਾਰੀ ਪੁਰਸਕਾਰਾਂ ਦੇ ਸਿਆਸੀਕਰਨ ਦੀ ਚਿਰਾਂ ਤੋਂ ਚੱਲੀ ਆ ਰਹੀ ਪ੍ਰਕਿਰਿਆ ਹੁਣ ਮੁਕੰਮਲ ਹੋ ਗਈ ਲਗਦੀ ਹੈ। ਅੱਜ ਜਦੋਂ ਪੁਰਸਕਾਰ ਦੇਣ ਦੇ ਤਰੀਕੇ ਨੂੰ ਲੈ ਕੇ ਮਾਮਲਾ ਅਦਾਲਤਾਂ ਤੱਕ ਪਹੁੰਚ ਗਿਆ ਹੈ ਤਾਂ ਇਉਂ ਪ੍ਰਤੀਤ ਹੋਣ ਲੱਗਾ ਹੈ, ਜਿਵੇਂ ਪੁਰਸਕਾਰਾਂ ਦਾ ਸਿਆਸੀਕਰਨ ਹੀ ਨਹੀਂ ਸਗੋਂ ਅਪਰਾਧੀਕਰਨ ਵੀ ਹੋ ਚਲਿਆ ਹੋਵੇ| ਪੁਰਸਕਾਰਾਂ ਦੀ ਇਹ ਸਥਿਤੀ ਨਾ ਕੇਵਲ ਚਿੰਤਾਜਨਕ ਹੈ, ਸਗੋਂ ਨਮੋਸ਼ੀ ਭਰੀ ਵੀ ਹੈ| ਇਸ ਸਥਿਤੀ ਵਿਚ ਪੁਰਸਕਾਰਾਂ ਪ੍ਰਤੀ ਭਾਵਨਾ ਅਤੇ ਇਨ੍ਹਾਂ ਦੇ ਭਾਵ ਦੋਵਾਂ ਵਿਚ ਹੀ ਬਹੁਤ ਭਾਰੀ ਤਬਦੀਲੀ ਆ ਗਈ ਹੈ|
ਪਹਿਲਾਂ ਕਦੇ ਪੁਰਸਕਾਰ ਦਾ ਐਲਾਨ ਹੁੰਦਾ ਸੀ ਤਾਂ ਪੁਰਸਕ੍ਰਿਤ ਸ਼ਖਸੀਅਤ ਦੇ ਪ੍ਰਤਿਭਾਸ਼ਾਲੀ ਕੱਦ ਬੁੱਤ ਦਾ ਜਲੌਅ ਲੋਕਾਂ ਦਾ ਧਿਆਨ ਖਿੱਚਦਾ ਸੀ| ਪੁਰਸਕਾਰ ਦਿੱਤੇ ਜਾਣ ਸੰਬੰਧੀ ਲੋਕ ਮਨਾਂ ਅੰਦਰ ਜਗਿਆਸਾ ਵੀ ਬਰਕਰਾਰ ਰਹਿੰਦੀ ਸੀ| ਪਰ ਹੁਣ ਸਥਿਤੀ ਬਦਲ ਗਈ ਹੈ| ਹੁਣ ਤਾਂ ਪੁਰਸਕਾਰਾਂ ਦੇ ਮਿਲਣ ਦੀਆਂ ਸੂਚਨਾਵਾਂ, ਪੁਰਸਕਾਰ ਹਾਸਲ ਕਰਨ ਦੇ ਚਾਹਵਾਨਾਂ ਦੀਆਂ ਸਰਗਰਮੀਆਂ ਕਾਰਨ ਪੁਰਸਕਾਰ ਐਲਾਨੇ ਜਾਣ ਤੋਂ ਬਹੁਤ ਸਮਾਂ ਪਹਿਲਾਂ ਹੀ ਮਿਲਣੀਆ ਅਰੰਭ ਹੋ ਜਾਂਦੀਆ ਹਨ ਅਤੇ ਇਨ੍ਹਾਂ ਵਿਚੋਂ ਜ਼ਿਆਦਾਤਾਰ ਸਹੀ ਹੁੰਦੀਆਂ ਹਨ| ਪੁਰਸਕਾਰ ਮਿਲਣ ’ਤੇ ਇਹ ਚਰਚਾ ਵੀ ਆਮ ਸ਼ੁਰੂ ਹੋ ਜਾਂਦੀ ਹੈ ਕਿ ਪੁਰਸਕਾਰ ਪੁਰਸਕ੍ਰਿਤ ਵਿਅਕਤੀ ਵਲੋਂ ਕਿਸ ਤਿਗੜਮ ਨਾਲ ਹਾਸਲ ਕੀਤਾ ਗਿਆ ਹੈ|
ਗੱਲ ਇਹ ਨਹੀਂ ਕਿ ਹੁਣ ਪੁਰਸਕਾਰ ਵਕਾਰੀ ਨਹੀਂ ਰਹੇ, ਪ੍ਰੰਤੂ ਹੁਣ ਵਕਾਰ ਦੀ ਪਰਿਭਾਸ਼ਾ ਬਦਲ ਗਈ ਹੈ| ਹੁਣ ਤਾਂ ਕਈ ਵਾਰ ਕੋਈ ਵੱਡਾ ਲੇਖਕ ਵੀ ਇਨਾਮ ਝੋਲੀ ਪਾਉਣ ਲਈ ਅਪਣੇ ਵਕਾਰ ਨੂੰ ਦਾਅ ’ਤੇ ਲਗਾਉਣ ਦੀ ਹੱਦ ਤੱਕ ਚਲਿਆ ਜਾਂਦਾ ਹੈ| ਪੁਰਸਕਾਰਾਂ ਲਈ ਤਰਲੋਮੱਛੀ ਹੋਣ ਵਾਲੇ ਆਮ ਲੇਖਕ ਦੀ ਤਾਂ ਕੋਈ ਕਮੀ ਹੀ ਨਹੀਂ | ਹੁਣ ਵਕਾਰ ਲੇਖਕ ਦੇ ਸਾਹਿਤਕ ਜਾਂ ਕਲਾਤਮਕ ਯੋਗਦਾਨ ਨਾਲ ਸਬੰਧਤ ਨਹੀ ਰਿਹਾ ਸਗੋਂ ਇਹਦਾ ਸਿੱਧਾ ਸਬੰਧ ਲੇਖਕ ਦੀ ਪਹੁੰਚ ਅਤੇ ਨੱਠ ਭੱਜ ਨਾਲ ਜੁੜ ਗਿਆ ਹੈ|
ਕੋਈ ਵੇਲਾ ਸੀ ਜਦੋਂ ਪੁਰਸਕਾਰ ਲੇਖਕ ਪ੍ਰਤੀ ਪਾਠਕ ਦੀ ਰਾਏ ਨੂੰ ਪ੍ਰਭਾਵਤ ਕਰਦੇ ਸਨ| ਲੇਖਕ ਵੱਲੋਂ ਪ੍ਰਾਪਤ ਪੁਰਸਕਾਰਾਂ ਦੀ ਸੂਚੀ ਦਰਜ ਕਰਕੇ ਉਸਦੇ ਮੁਲੰਕਣ ਦੀ ਪ੍ਰੰਪਰਾਂ ਵੀ ਕਾਫੀ ਸਮੇਂ ਤੋਂ ਚਲੀ ਆ ਰਹੀ ਹੈ ਪਰ ਹੁਣ ਮਹਿਸੂਸ ਕੀਤਾ ਜਾਣ ਲੱਗ ਪਿਆ ਹੈ ਕਿ ਮੁਲੰਕਣ ਦੀ ਇਹ ਵਿਧੀ ਤਿਆਗ ਹੀ ਦਿੱਤੀ ਜਾਵੇ ਤਾਂ ਚੰਗਾ ਹੈ ਅਤੇ ਸਾਹਿਤ ਤੇ ਕਲਾ ਦੇ ਖੇਤਰਾਂ ਵਿਚ ਕਿਸੇ ਲੇਖਕ ਜਾਂ ਕਲਾਕਾਰ ਦਾ ਸਥਾਨ ਵਿਕਸਿਤ ਕਰਨ ਲਈ ਹੋਰਨਾਂ ਮਾਨ ਦੰਡਾਂ ਵੱਲ ਵਧੇਰੇ ਧਿਆਨ ਦਿੱਤਾ ਜਾਵੇ|
ਦੁਨੀਆ ਦੇ ਬਹੁਤ ਸਾਰੇ ਦੇਸ ਹਨ ਜਿਨ੍ਹਾਂ ਵਿਚ ਸਰਕਾਰੀ ਪੁਰਸਕਾਰਾਂ ਦਾ ਕੋਈ ਰਿਵਾਜ ਨਹੀਂ। ਸਰਕਾਰਾਂ ਸੰਸਥਾਵਾਂ ਦੀ ਗਰਾਂਟਾਂ ਦੇ ਰੂਪ ਵਿਚ ਮਦਦ ਕਰਦੀਆਂ ਹਨ ਤੇ ਮਿਲਿਆ ਪੈਸਾ ਕਿਵੇਂ ਵਰਤਣਾ ਹੈ ਇਹ ਫੈਸਲਾ ਸੰਸਥਾ ਵਾਲੇ ਕਰਦੇ ਹਨ। ਇਸ ਤਰ੍ਹਾਂ ਪੁਰਸਕਾਰਾਂ ਦਾ ਸਿੱਧੀ ਸਿਆਸਤ ਨਾਲੋਂ ਨਾਤਾ ਟੁੱਟ ਜਾਂਦਾ ਹੈ।
ਸਾਡੇ ਵਿਚਾਰ ਅਨੁਸਾਰ ਪੰਜਾਬ ਵਿਚ ਪੁਰਸਕਾਰਾਂ ਦੀ ਚੋਣ ਪ੍ਰਨਾਲੀ ਵਿਚ ਤੁਰੰਤ ਬਹੁਤ ਤਬਦੀਲੀਆਂ ਲਿਆਉਣ ਦੇ ਨਾਲ-ਨਾਲ ਅਤੇ ਪੁਰਸਕਾਰਾਂ ਵਿਚ ਦਿੱਤੀ ਜਾ ਰਹੀ ਰਾਸ਼ੀ ਨੂੰ ਵਧਾਉਣ ਦੀ ਬਜਾਏ ਘਟਾ ਕੇ ਨਗੂਣਾ ਕਰ ਦੇਣ ਦੀ ਲੋੜ ਵੀ ਹੈ ਤਾਂ ਜੋ ਇਨ੍ਹਾਂ ਦਾ ਸਬੰਧ ਪੈਸੇ ਦੀ ਬਜਾਏ ਮੁੜ ਵਕਾਰ ਨਾਲ ਜੁੜ ਸਕੇ।

ਯੋਧੇ ਕਵੀ ਦਾ ਚਲਾਣਾ

ਮੰਦਭਾਗਾ ਦਿਨ ਸੀ ਇਸੇ ਸਾਲ ਦੇ ਨੌ ਅਗਸਤ ਦਾ ਜਿਸ ਨੇ ਸਾਡੇ ਕੋਲੋਂ ਕਵੀ ਮਹਿਮੂਦ ਦਰਵਿਸ਼ ਨੂੰ ਸਦਾ ਲਈ ਖੋਹ ਲਿਆ। ਇਹ ਯੋਧਾ ਕਵੀ 1960 ਤੋਂ ਲੈ ਕੇ ਹੀ ਫਲਸਤੀਨ ਦੀ ਆਜ਼ਦੀ ਦੀ ਲਹਿਰ ਨਾਲ ਜੁੜਿਆ ਰਿਹਾ ਸੀ। ਇਨਸਾਫ ਅਤੇ ਸਮੁੱਚੀ ਮਨੁੱਖਤਾ ਦੇ ਦਰਦ ਦੀ ਬਾਤ ਪਾਉਣ ਨਾਲ ਪ੍ਰਨਾਈ ਉਹਦੀ ਕਲਮ ਨੇ ਸਾਹਿਤ ਨੂੰ ਬੇਮਿਸਾਲ ਤੇ ਸੁੰਦਰ ਨਜ਼ਮਾਂ ਦਿੱਤੀਆਂ। ਮਿਡਲ ਈਸਟ ਦੀ ਦਰਦਨਾਕ ਉਥਲ ਪੁਥਲ ਵਿਚ ਉਹਦਾ ਘਰ, ਉਹਦਾ ਦੇਸ ਬਰਬਾਦ ਹੋ ਗਏ ਜਿਸ ਦੇ ਫਲਸਰੂਪ ਉਹਦੇ ਦਿਲ ‘ਤੇ ਲੱਗੇ ਜ਼ਖਮਾਂ ਨੂੰ ਕਦੇ ਅੰਗੂਰ ਨਾ ਆਇਆ। ਉਹਦੇ ਬਾਰੇ ਹੋਰ ਵੇਰਵਾ ਕਦੀ ਫੇਰ ਸਹੀ ਪਰ ਉਹਦੀਆਂ ਕੁਝ ਸਤਰਾਂ ਨੂੰ ਯਾਦ ਕਰੀਏ-

ਅਸੀਂ ਵਰ੍ਹਦਿਆਂ ਬੰਬਾਂ ਵਿਚਕਾਰ ਤੁਰਦੇ ਹਾਂ
ਸ਼ਹਿਰ ਦੀਆਂ ਗਲੀਆਂ ਸਾਡੇ ਦੁਆਲੇ ਘੁੰਮਦੀਆਂ ਹਨ
ਕੀ ਤੁਸੀਂ ਮੌਤ ਨੂੰ ਜਾਣਦੇ ਹੋ ?
ਮੈਂ ਤਾਂ ਜਾਣਦਾ ਹਾਂ ਜ਼ਿੰਦਗੀ ਨੂੰ, ਬੇਅੰਤ ਖਾਹਿਸ਼ਾਂ ਨੂੰ,
ਕੀ ਤੁਸੀਂ ਮੁਰਦਿਆਂ ਨੂੰ ਜਾਣਦੇ ਹੋ ?
ਮੈਂ ਤਾਂ ਜਾਣਦਾ ਹਾਂ ਉਨ੍ਹਾਂ ਨੂੰ ਜਿਨ੍ਹਾਂ ਨੂੰ ਮੈਂ ਪਿਆਰ ਕੀਤਾ ਹੈ।

15 ਅਗਸਤ, 2008

-ਅਵਤਾਰ ਜੰਡਿਆਲਵੀ
-ਸੁਸ਼ੀਲ ਦੁਸਾਂਝ

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!