ਪਾਠਸ਼ਾਲਾ ‘ਚ ਸ਼ਿਵਲਿੰਗ – ਸੁਸ਼ੀਲ ਦੁਸਾਂਝ

Date:

Share post:

                   ਦੂਨ ਇੰਟਰਨੈਸ਼ਨਲ ਸਕੂਲ ਮੋਹਾਲੀ ਦੀ ਯ.ੂ ਕੇ ਜੀ ਕਲਾਸ ‘ਚ ਪੜ੍ਹਦੇ ਬੇਟੇ ਅਜ਼ਲ ਨੂੰ ਛੁੱਟੀ ਵੇਲੇ ਲੈਣ ਗਿਆ ਤਾਂ ਉਹ ਰੋ ਰਿਹਾ ਸੀ। ”ਕੀ ਹੋਇਆ ਬੇਟੇ? ਕਿਉਂ…?” ਹਾਲੇ ਮੇਰਾ ਇਹ ਸਵਾਲ ਪੂਰਾ ਵੀ ਨਹੀਂ ਸੀ ਹੋਇਆ ਕਿ ਮੈਡਮ ਨੇ ਅਜ਼ਲ ਬਾਰੇ ਜਿਵੇਂ ਫਤਵਾ ਹੀ ਜਾਰੀ ਕਰ ਮਾਰਿਆ, ”ਯੂਅਰ ਚਾਇਲਡ ਇਜ਼ ਓਵਰ ਸੈਂਸਟਿਵ, ਇਸਕਾ ਖ਼ਿਆਲ ਰਖੀਏ।” ਮੈਂ ਡੌਰ-ਭੌਰ ਸਾਂ। ”ਕੀ ਹੋਇਆ ਮੈਮ?” ਮੈਂ ਸਾਰਾ ਜ਼ੋਰ ਲਾ ਕੇ ਵੀ ਮੈਡਮ ਤੋਂ ਇਹ ਸਵਾਲ ‘ਉਸਦੀ ਭਾਸ਼ਾ’ ਵਿਚ ਨਾ ਪੁੱਛ ਸਕਿਆ। ਪਰ ਮੈਡਮ ਨੇ ਹਿੰਗਲਿਸ਼ ‘ਚ ਹੀ ਜੁਆਬ ਦਿੱਤਾ, ”ਸਭੀ ਨੌਟੀ ਹੈਂ, ਐਂਡ ਦੇ ਆਲਵੇਅਜ਼ ਕ੍ਰਇਏਟ ਬਿਗ ਪ੍ਰਾਬਲਮਜ਼ ਫਾਰ ਮੀ। ਆਜ ਭੀ ਐਸਾ ਹੀ ਹੂੁਆ। ਮੈਨੇ ਸਭੀ ਕੋ ਬੈਂਚ ਪਰ ਸਟੈਂਡ ਅੱਪ ਕਰਕੇ ਪਨਿਸ਼ ਕੀਯਾ, ਸਭੀ ਬੜੇ ਆਰਾਮ ਸੇ ਬੈਂਚੋਂ ਪਰ ਖੜ੍ਹੇ ਹੋ ਗਏ ਬਟ ਅਜ਼ਲ ਅੜ ਗਿਆ ਐਂਡ ਹੀ ਕਰਾਈ ਔਰ ਕਹਿਨੇ ਲਗਾ ਕਿ ਜਬ ਮੈਂਨੇ ਸ਼ਰਾਰਤ ਹੀ ਨਹੀਂ ਕੀ ਤੋ ਕਿਉਂ ਬੈਂਚ ਪਰ ਖੜਾ ਹੋਊਂ। ਪਲੀਜ਼ ਇਸਕਾ ਕੁੱਛ ਕੀਜੀਏ।” ਮੈਂ ਅਜ਼ਲ ਦੀ ਉਂਗਲੀ ਫੜੀ ਤੇ ਤੁਰਨ ਲੱਗਿਆਂ ਕਿਹਾ, ”ਠੀਕ ਹੈ ਮੈਡਮ ਖ਼ਿਆਲ ਰੱਖਾਂਗੇ ਪਰ ਮੈਡਮ ਜੇ ਅਜ਼ਲ ਨੇ ਸ਼ਰਾਰਤ ਨਹੀਂ ਸੀ ਕੀਤੀ ਤਾਂ ਬੈਂਚ ‘ਤੇ ਖੜ੍ਹੇ ਹੋਣੋਂ ਨਾਂਹ ਕਰਕੇ ਉਹਨੇ ਠੀਕ ਹੀ ਕੀਤਾ ਹੈ ਅਤੇ ਇਹ ਕੋਈ ‘ਓਵਰ ਸੈਂਸੇਟਿਵਨੈਸ’ ਨਹੀਂ ਸਗੋਂ ਇਹ ਤਾਂ ਸੱਚ ਦੇ ਬੀਜ ਪੁੰਗਰ ਰਹੇ ਹਨ।” ਮੈਂ ਅਜ਼ਲ ਨੂੰ ਘਰ ਲੈ ਆਇਆ ਹਾਂ ਤੇ ਨਾਲ ਹੀ ਲੈ ਆਇਆ ਹਾਂ ਆਪਣੇ ਸਕੂਲੀ ਜੀਵਨ ਦੀਆਂ ਯਾਦਾਂ ਦੀ ਪੋਟਲੀ। ਮੈਨੂੰ ਅਜ਼ਲ ਵਿਚ ਆਪਣਾ-ਆਪ ਦਿਖਾਈ ਦੇ ਰਿਹਾ ਹੈ। ਮੈਨੂੰ ਯਾਦ ਆਉਂਦਾ ਹੈ ਕਿ ਮੈਂ ਵੀ ਤਾਂ ਇਵੇਂ ਹੀ ਕਰਦਾ ਸਾਂ। ਫ਼ਰਕ ਸਿਰਫ ਏਨਾ ਸੀ ਕਿ ਮੈਂ ਰੋਂਦਾ ਨਹੀਂ ਸੀ। ਸ਼ਾਇਦ ਪਿੰਡਾਂ ਦੇ ਬੱਚੇ ਇਵੇਂ ਦੇ ਹੀ ਹੁੰਦੇ ਹਨ। ਸਭ ਕੁਝ ਜਰ ਲੈਣ ਦੀ ਫਿਤਰਤ ਵਾਲੇ।

                   ਸਾਡੇ ਪਿੰਡ ਦੁਸਾਂਝ ਕਲਾਂ ਦੇ ਬਾਹਰਲੇ ਸਕੂਲ ਸ੍ਰੀ ਗੁਰੂ ਹਰਿਰਾਇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਮੈਦਾਨ ਵਿਚ ਬੈਠੀ ਹੋਈ ਛੇਵੀਂ ਜਮਾਤ ਦਾ ਦ੍ਰਿਸ਼-

                   ਬੈਂਤ  ਦੀ ਕੁਰਸੀ ਵਿਚ ਬੁਰੀ ਤਰ੍ਹਾਂ ਫਸੇ ਹੋਏ ਮੋਟੇ ਮਾਸਟਰ ਸ. ਅਮਰਜੀਤ ਸਿੰਘ ਕੁਰਸੀ ‘ਤੇ ਥੋੜ੍ਹਾ ਅੱਗੇ ਨੂੰ ਝੁਕੇ ਹੋਏ ਸਨ ਤੇ ਮੇਰਾ ਚਚੇਰਾ ਭਰਾ ਬੌਂਗੀ ਫੁੱਟੇ ਨਾਲ ਉਹਨਾਂ ਦੀ ਪਿੱਠ ਖ਼ੁਰਕ ਰਿਹਾ ਸੀ। ‘ਥੋੜ੍ਹਾ ਹੱਥ ਕਾਹਲੀ ਨਾਲ ਚਲਾ ਉਏ।’ ਮਾਸਟਰ ਜੀ ਦੀ ਘੁਰਕੀ ਨੇ ਜਿਵੇਂ ਬੌਂਗੀ ਨੂੰ ਚਾਬੀ ਹੀ ਦੇ ਦਿੱਤੀ ਹੋਵੇ। ‘ਉਏ ਬੱਸ-ਬੱਸ-ਬੱਸ ਪਿੱਠ ਈ ਛਿੱਲ ‘ਤੀ- ਜਾਹ ਬਹਿ ਜਾ-ਤੂੰ ਉੱਠ ਉਏ ਬਾਮ੍ਹਣਾ।” ਮਾਸਟਰ ਜੀ ਮੈਨੂੰ ਕਹਿ ਰਹੇ ਸਨ ਪਰ ਮੈਂ ਉੱਠਿਆ ਨਾ ਤੇ ਨਾ ਹੀ ਕੋਈ ਜਵਾਬ ਦਿੱਤਾ। ਅੱਖਾਂ ਕਿਤਾਬ ਵਿਚ ਗੱਡੀ ਅੱਖਰ ਜੋੜਨ ‘ਚ ਲੱਗਾ ਰਿਹਾ। ”ਉਏ ਤੂੰ ਸੁਣਿਆ ਨਹੀਂ-ਮੈਂ ਤੈਨੂੰ ਕਹਿ ਰਿਹਾਂ-ਉੱਠ ਤੇ ਫੁੱਟੇ ਨਾਲ ਮੇਰੀ ਪਿੱਠ ਖ਼ੁਰਕ।” ਮਾਸਟਰ ਜੀ ਨੂੰ ਗੁੱਸਾ ਚੜ੍ਹ ਰਿਹਾ ਸੀ। ਮੈਂ ਉੱਠ ਖੜ੍ਹਾ ਹੋਇਆ ਪਰ ਪਿੱਠ ਖੁਰਕਣ ਤੋਂ ਨਾਬਰ ਸਾਂ ਤੇ ਕਹਿ ਰਿਹਾ ਸਾਂ, ”ਮਾਸਟਰ ਜੀ ਮੈਂ ਤਾਂ ਇੱਥੇ ਪੜ੍ਹਨ ਆਇਆਂ।” ਮੇਰਾ ਜੁਆਬ ਸੁਣ ਮਾਸਟਰ ਜੀ ਦਾ ਪਾਰਾ ਚੜ੍ਹ ਗਿਆ ਸੀ-”ਅੱਛਾ! ਤੂੰ ਪੜ੍ਹਨ ਆਇਆਂ? ਹਲਾ, ਲੈਨਾਂ ਤੇਰੀ ਪੜ੍ਹਾਈ ਦਾ ਵੀ ਪਤਾ। ਦਸ ਤਾਂ ਜ਼ਰਾ ਸ਼ਿਵਲਿੰਗ ਕੀ ਹੁੰਦਾ ਓਏ?” ਮੈਂ ਸ਼ਿਵਲਿੰਗ ਬਾਰੇ ਸੁਣਿਆ ਤਾਂ ਹੋਇਆ ਸੀ ਪਰ ਪਤਾ ਕੁਝ ਨਹੀਂ ਸੀ ਤੇ ਨਾ ਹੀ ਸਾਡੀਆਂ ਕਿਤਾਬਾਂ ਵਿਚ ਕਿਧਰੇ ਸ਼ਿਵਲਿੰਗ ਬਾਰੇ ਕੋਈ ਜ਼ਿਕਰ ਹੀ ਸੀ। ਮੈਂ ਨਾਂਹ ਵਿਚ ਸਿਰ ਹਿਲਾ ਛੱਡਿਆ। ਮਾਸਟਰ ਜੀ ਦਾ ਗੁੱਸਾ ਹੌਲੀ-ਹੌਲੀ ਸ਼ਾਂਤ ਹੋ ਰਿਹਾ ਸੀ। ਮੈਨੂੰ ਬੈਠਣ ਨੂੰ ਕਹਿ ਕੇ ਉਹਨਾਂ ਬਾਕੀ ਬੱਚਿਆਂ ਨੂੰ ਕਿਹਾ, ‘ਜਿਹਨੂੰ ਸ਼ਿਵਲਿੰਗ ਬਰੇ ਪਤਾ ਉਹ ਹੱਥ ਖੜ੍ਹਾ ਕਰੇ।’ ਜਮਾਤ ਵਿਚੋਂ ਸਿਰਫ਼ ਦੋ ਬੱਚਿਆਂ ਨੇ ਹੱਥ ਖੜ੍ਹੇ ਕੀਤੇ। ਇਕ ਸੀ ਸਾਡੇ ਗੁਆਂਢੀ ਪਿੰਡ ਕੁਲਥਮ ਦਾ ਬਾਣੀਆਂ ਦਾ ਮੁੰਡਾ ਮੇਸ਼ੀ ਤੇ ਦੂਜਾ ਸਾਡੇ ਹੀ ਪਿੰਡ ਦਾ ਪਿਛਲੇ ਤਿੰਨ ਸਾਲਾਂ ਤੋਂ ਛੇਵੀਂ ਵਿਚ ਹੀ ਪੜ੍ਹਦਾ ਜੱਟਾਂ ਦਾ ਮੁੰਡਾ ਬਿੰਦਾ। ਮੇਸ਼ੀ ਵੱਲ ਇਸ਼ਾਰਾ ਕਰਨ ਦੀ ਦੇਰ ਸੀ ਕਿ ਉਹ ਪਟਕ ਦੇਣੀ ਬੋਲ ਪਿਆ, ”ਮਾਸਟਰ ਜੀ ਸ਼ਿਵਲਿੰਗ ਸ਼ਿਵ ਜੀ ਮਹਾਰਾਜ ਦੀ ਫੁੱਲੋ ਹੁੰਦੀ ਆ।” ਸਾਡੀ ਜਮਾਤ ਨੂੰ ਜਿਵੇਂ ਹਾਸੇ ਦਾ ਦੌਰਾ ਪੈ ਗਿਆ। ਮਾਸਟਰ ਜੀ ਨੇ ਵੀ ਹੱਸਦਿਆਂ ਜੱਟਾਂ ਦੇ ਮੁੰਡੇ ਨੂੰ ਪੁੱਛਿਆ, ‘ਤੂੰ ਦੱਸ।’ ਉਹ ਕਹਿਣ ਲੱਗਾ, ”ਮਾਸਟਰ ਜੀ ਕੁਲਥਮ ‘ਚ ਸ਼ਿਵਲਿੰਗ ਸ਼ਿਵ ਜੀ ਮਹਾਰਾਜ ਦੀ ਫੁੱਲੋ ਹੋਊ, ਸਾਡੇ ਪਿੰਡ ਤਾਂ ਜੀ ਸ਼ਿਵਾਲੇ ‘ਚ ਸ਼ਿਵਲਿੰਗ ਪਿਐ-ਗੋਲ-ਮੋਲ ਜਿਹਾ ਐ ਜੀ, ਨਿਰਾ ਪੱਥਰ। ਮੈਂ ਕਈ ਵੇਰਾਂ ਦੇਖਿਆ ਜੀ ਬਾਮ੍ਹਣੀਆਂ/ਬਣਿਆਣੀਆਂ ਸ਼ਿਵਲਿੰਗ ਨੂੰ ਕੱਚੀ ਲੱਸੀ ਨਾਲ ਧੋਂਹਦੀਆਂ ਹੁੰਦੀਆਂ ਜੀ।” ਮਾਸਟਰ ਜੀ ਨੇ ਫੇਰ ਮੇਰੇ ਅਤੇ ਬੌਂਗੀ ਵੱਲ ਦੇਖਿਆ ਤੇ ਕਿਹਾ, ”ਉਏ ਬਾਮ੍ਹਣਾਂ ਦੇ ਮੁੰਡੇ ਹੋ ਕੇ ਥੋਨੂੰ ਕਿਉਂ ਨਹੀਂ ਪਤਾ ਇਹਦੇ ਬਾਰੇ। ਸਾਡੇ ਕੋਲ ਕੋਈ ਜੁਆਬ ਨਹੀਂ ਸੀ। ਕਿਉਂਕਿ ਸਾਡੇ ਘਰੋਂ ਤਾਂ ਕੋਈ ਸ਼ਿਵਾਲੇ ਕਦੇ ਜਾਂਦਾ ਹੀ ਨਹੀਂ ਸੀ ਤੇ ਨਾਂ ਹੀ ਸ਼ਿਵਲਿੰਗ ਦੀ ਕਦੇ ਕੋਈ ਗੱਲ ਹੀ ਹੋਈ ਸੀ। ਪਰ ਹੁਣ ਸਾਨੂੰ ਵੀ ਪਤਾ ਲੱਗ ਚੁੱਕਾ ਸੀ ਕਿ ਸ਼ਿਵਲਿੰਗ ਕੀ ਹੁੰਦਾ ਹੈ। ਭਾਵੇਂ ਉਦੋਂ  ਸਕੂਲ ਵਿਚ ਅਚਾਨਕ ਹੀ ਮੋਟੇ ਮਾਸਟਰ ਨੇ ‘ਸ਼ਿਵਲਿੰਗ ਵਾਰਤਾ’ ਸ਼ੁਰੂ ਕਰ ਦਿੱਤੀ ਸੀ ਤੇ ਬਹੁਤੇ ਵਿਦਿਆਰਥੀਆਂ ਨੇ ਇਹਨੂੰ ਹਾਸੇ-ਠੱਠੇ ਵਿਚ ਹੀ ਲਿਆ ਸੀ ਪਰ ਮੇਰੇ ਧੁਰ ਅੰਦਰ ਤੀਕ ਇਹ ਗੱਲ ਘਰ ਕਰ ਗਈ  ਸੀ ਕਿ ਸ਼ਿਵਲਿੰਗ ਦੀ ਪੂਜਾ ਦਾ ਕੀ ਅਰਥ ਹੋਇਆ? ਕਈ ਵਾਰ ਮੈਨੂੰ ਘਿਣ ਜਿਹੀ ਦਾ ਅਹਿਸਾਸ ਹੋਣਾ। ਉਦੋਂ ਮੈਂ ਹਨੂਮਾਨ ਭਗਤ ਸਾਂ ਤੇ ਸਵੇਰੇ 4 ਵਜੇ ਉੱਠ ਕੇ ਹਨੂਮਾਨ ਚਾਲੀਸਾ ਪੜ੍ਹਿਆ ਕਰਦਾ ਸਾਂ ਪਰ ਉਸ ਦਿਨ ਤੋਂ ਥੋੜ੍ਹੇ ਦਿਨਾਂ ਬਾਅਦ ਹੀ ਪਤਾ ਨਹੀਂ ਕਿਉਂ ਮੈਂ ਹਨੂਮਾਨ ਚਾਲੀਸਾ ਪੜ੍ਹਨੋਂ ਵੀ ਹਟ ਗਿਆ ਸਾਂ। ਸ਼ਾਇਦ ਮਾਸਟਰ ਜੀ ਨੇ ਮੈਨੂੰ ਅਚੇਤ ਹੀ ਨਾਸਤਿਕਤਾ ਦਾ ਪਹਿਲਾ ਪਾਠ ਪੜ੍ਹਾ ਦਿੱਤਾ ਸੀ।

                   ਮੋਟੇ ਮਾਸਟਰ ਜੀ ਦੀ ਇਹ ਖਾਸੀਅਤ ਸੀ ਕਿ ਉਹ ਹਰ ਵੇਲੇ ਜਮਾਤ ਵਿਚ ਕੋਈ ਨਾ ਕੋਈ ਅਜਿਹੀ ਕਹਾਣੀ ਛੇੜੀ ਰੱਖਦੇ ਸਨ, ਜੋ ਵਿਦਿਆਰਥੀਆਂ ਨੂੰ ਕੰਨ ਰਸ ਪ੍ਰਦਾਨ ਕਰਦੀ ਅਤੇ ਵਿਦਿਆਰਥੀ ਕਦੇ ਵੀ ਉਹਨਾਂ ਦਾ ਪੀਰੀਅਡ ਨਾ ਛੱਡਦੇ। ਉਹ ਕਦੀ ਰਾਤ ਆਏ ਸੁਪਨੇ ਨੂੰ ਦਿਲਚਸਪ ਢੰਗ ਨਾਲ ਬਿਆਨ ਰਹੇ ਹੁੰਦੇ ਤੇ ਕਦੇ ਅਜਿਹੀ ਗੱਲ ਜੋੜ-ਜੋੜ ਕੇ ਬਣਾਈ ਜਾਂਦੇ ਜਿਹਦਾ ਕੋਈ ਸਿਰ-ਪੈਰ ਨਾ ਹੁੰਦਾ ਪਰ ਮੈਂ ਉਹਨਾਂ ਦੀਆਂ ਕਈ ਗੱਲਾਂ ਵਿਚੋਂ ਜ਼ਿੰਦਗੀ ਦੇ ਬਹੁਤ ਸਾਰੇ ਪਾਸਾਰ ਦੇਖੇ, ਜਿਨ੍ਹਾਂ ਦਾ ਉਦੋਂ ਭਾਵੇਂ ਕੋਈ ਅਰਥ ਨਹੀਂ ਸੀ, ਪਰ ਬਾਅਦ ਵਿਚ ਜਦੋਂ ਉਨ੍ਹਾਂ ਨੂੰ ਦੂਸਰੇ ਨਜ਼ਰੀਏ ਤੋਂ ਦੇਖਿਆ ਤਾਂ ਬਹੁਤ ਕੁਝ ਅਜਿਹਾ ਨਿਕਲਿਆ ਜਿਸ ਨੇ ਜ਼ਿੰਦਗੀ ਵਿਚ ਅੱਗੇ ਵਧਣ ਵਿਚ ਮੇਰੀ ਬਹੁਤ ਮਦਦ ਕੀਤੀ। ਇਕ ਖਾਸ ਗੱਲ ਇਹ ਸੀ ਕਿ ਉਹਨਾਂ ਦੀਆਂ ਗੱਲਾਂ ਵਿਚ ਇੱਧਰੋਂ ਉਧਰੋਂ ਗੁਪਤ ਅੰਗਾਂ ਦਾ ਜ਼ਿਕਰ ਜ਼ਰੂਰ ਹੀ ਆ ਜਾਂਦਾ ਸੀ।

                   ਮੋਟੇ ਮਾਸਟਰ ਜੀ ਸਿਰਫ ਸਾਡੇ ਸਕੂਲ ਵਿਚ ਹੀ ਨਹੀਂ ਸਨ। ਇਸ ਤਰ੍ਹਾਂ ਦੇ ਵੱਖੋ ਵੱਖਰੇ ਕਿਰਦਾਰ ਹਰ ਸਮੇਂ ਹਰ ਥਾਂ ‘ਤੇ ਹੁੰਦੇ ਹਨ। ਹਰ ਬੰਦਾ ਕੁਝ ਨਾ ਕੁਝ ਅਜਿਹਾ ਜ਼ਰੂਰ ਰੱਖਦਾ ਹੈ, ਜੋ ਜੇਕਰ ਉਹ ਸੁਚੇਤ ਜਾਂ ਅਚੇਤ ਹੀ ਵੰਡੇ ਤਾਂ ਬਹੁਤ ਸਾਰੇ ਹੋਰਨਾਂ ਲੋਕਾਂ ਦੇ ਕੰਮ ਆ ਸਕਦਾ ਹੈ। ਮੋਟੇ ਮਾਸਟਰ ਜੀ ਬਾਰੇ ਇਕ ਗੱਲ ਹੋਰ ਅਖੀਰ ਵਿਚ ਕਰਨੀ ਹੈ ਪਰ ਪਹਿਲਾਂ ਉਹਨਾਂ ਅਧਿਆਪਕਾਂ ਦੀ ਚਰਚਾ ਵੀ ਜ਼ਰੂਰ ਕਰਨੀ ਹੈ, ਜਿਹਨਾਂ ਦੀਆਂ ਅਚੇਤ ਹੀ ਕੀਤੀਆਂ ਗੱਲਾਂ ਦਾ ਘੱਟੋ-ਘੱਟ ਮੇਰੇ ਉੱਪਰ ਤਾਂ ਬਹੁਤ ਹੀ ਡੂੰਘਾ ਅਸਰ ਪਿਆ ਹੈ। 

                   ਅਧਿਆਪਕਾਂ ਦਾ ਪੜ੍ਹਾਉਣ ਦਾ ਢੰਗ ਵੀ ਆਪੋ-ਆਪਣਾ ਹੁੰਦਾ ਹੈ। ਸਾਡੇ ਹਿਸਾਬ ਮਾਸਟਰ ਬਲਦੇਵ ਸਿੰਘ ਬਹੁਤ ਘੱਟ ਬੋਲਦੇ ਸਨ ਪਰ ਉਹਨਾਂ ਦਾ ਬਲੈਕ ਬੋਰਡ ‘ਤੇ ਲਿਖਣ ਦਾ ਅੰਦਾਜ਼ ਕੁਝ ਅਜਿਹਾ ਹੁੰਦਾ ਸੀ ਕਿ ਕੋਈ ਵਿਦਿਆਰਥੀ ਇੱਧਰ ਉੱਧਰ ਝਾਕ ਹੀ ਨਹੀਂ ਸੀ ਸਕਦਾ। ਨਿੱਕੇ-ਨਿੱਕੇ ਬਾਲਾਂ ਨੂੰ ਹਰ ਵੱਖਰੀ ਚੀਜ਼ ਹਮੇਸ਼ਾ ਹੀ ਪ੍ਰਭਾਵਿਤ ਕਰਦੀ ਹੈ। ਬਾਲਪਨ ਦੀ ਇਸੇ ਅਵਸਥਾ ਨੂੰ ਮਾਸਟਰ ਬਲਦੇਵ ਸਿੰਘ ਨੇ ਫੜਿਆ ਹੋਇਆ ਸੀ। ਉਹ ਬਲੈਕ ਬੋਰਡ ‘ਤੇ ਸਵਾਲ ਸਮਝਾਉਣ ਵੇਲੇ ਅੱਖਰਾਂ ਦੀ ਅਜਿਹੀ ਬਣਤਰ ਬਣਾਉਂਦੇ ਕਿ ਅਸੀਂ ਦੇਖਦੇ ਹੀ ਰਹਿ ਜਾਂਦੇ ਅਤੇ ਸਵਾਲ ਸਹਿਜੇ ਹੀ ਸਮਝ ਆ ਜਾਂਦਾ। ਇਹ ਆਪਣੇ-ਆਪ ਵਿਚ ਸਮਝਣ ਵਾਲੀ ਗੱਲ ਸੀ ਕਿ ਕਿਸੇ ਨੂੰ ਕਿਵੇਂ ਕਾਬੂ ਕੀਤਾ ਜਾ ਸਕਦਾ ਹੈ। ਬੱਚਿਆਂ ਨੂੰ ਪੜ੍ਹਨ ਦੀ ਕਿਵੇਂ ਚੇਟਕ ਲਾਈ ਜਾਵੇ ਇਹ ਮਾਸਟਰ ਬਲਦੇਵ ਤੋਂ ਸਿੱਖਣ ਵਾਲੀ ਗੱਲ ਹੈ।

                   ਮਾਸਟਰ ਦਰਸ਼ਨ ਸਿੰਘ ਦੀ ਤਾਂ ਆਵਾਜ਼ ਹੀ ਨਿਰਾਲੀ ਸੀ। ਜਦੋਂ ਅਸੀਂ ਸਕੂਲ ਦਾਖਲ ਹੋਏ ਤਾਂ ਪਤਾ ਲੱਗਾ ਕਿ ਇਨ੍ਹਾਂ ਨੂੰ ‘ਨੂਣਾਂ ਮਾਸਟਰ’ ਕਿਹਾ ਜਾਂਦਾ ਹੈ। ਸਾਨੂੰ ਸਮਝ ਨਾ ਆਏ ਕਿ ਇਹ ‘ਨੂਣਾਂ’ ਕੀ ਹੋਇਆ। ਹੌਲੀ-ਹੌਲੀ ਪਤਾ ਲੱਗਾ ਕਿ ਮਾਸਟਰ ਦਰਸ਼ਨ ਸਿੰਘ  ਨੱਕ ਵਿਚ ਬੋਲਦੇ ਹਨ, ਇਸ ਲਈ ਇਹ ‘ਨੂਣੇ ਮਾਸਟਰ’ ਵਜੋਂ ਮਸ਼ਹੂਰ ਹਨ। ਮਾਸਟਰਾਂ ਦੇ ਨਾਂਅ-ਕੁਨਾਂ ਦੁਨੀਆ ਦੇ ਹਰ ਕੋਨੇ ਵਿਚ ਪਾਏ ਜਾਂਦੇ ਹਨ। ਨਾਂਅ-ਕੁਨਾਂ ਪਾਉਣ ਵਿਚ ਮੇਰੀ ਵੱਡੀ ਭਰਜਾਈ ਨੂੰ ਵੀ ਮੁਹਾਰਤ ਹਾਸਲ ਹੈ। ਇਸ ਕੰਮ ਵਿਚ ਉਸਦਾ ਕੋਈ ਮੁਕਾਬਲਾ ਨਹੀਂ। ਚੱਲੋ ਖੈਰ! ਇਹ ਗੱਲ ਕਦੇ ਫੇਰ ਸਹੀ। ਗੱਲ ਚੱਲ ਰਹੀ ਸੀ ਮਾਸਟਰ ਦਰਸ਼ਨ ਸਿੰਘ ਹੁਰਾਂ ਦੀ। ਬਹੁਤ ਹੀ ਸਤਿਕਾਰਤ ਮਾਸਟਰ ਰਹੇ ਸਨ; ਉਹ ਸਾਡੇ ਸਕੂਲ ਦੇ। ਅੱਜ ਰਿਟਾਇਰਡ ਹੋਣ ਤੋਂ ਬਾਅਦ ਵੀ ਉਹਨਾਂ ਆਪਣਾ ਇਹ ਪਵਿੱਤਰ ਕਰਮ ਤਿਆਗਿਆ ਨਹੀਂ ਹੈ ਤੇ ਸਾਡੇ ਪਿੰਡ ਦੀਆਂ ਲਗਪਗ ਸਾਰੀਆਂ ਹੀ ਵਿਦਿਅਕ ਸੰਸਥਾਵਾਂ ਦੇ ਉਹ ਰੂਹੇ-ਰਵਾਂ ਹਨ।

                   ਮੇਰਾ ਵੱਡਾ ਭਰਾ ਸੋਢੀ ਮੇਰੇ ਤੋਂ ਇਕ ਜਮਾਤ ਅੱਗੇ ਸੱਤਵੀਂ ਵਿਚ ਸੀ। ਮੈਂ ਛੇਵੀਂ ਪਾਸ ਕਰਕੇ 7ਵੀਂ ‘ਚ ਹੋਇਆ ਪਰ ਸੋਢੀ 7ਵੀਂ ‘ਚੋਂ ਫੇਲ੍ਹ ਹੋ ਗਿਆ ਸੀ। ਸਾਡੀ ਜਮਾਤ ਦੇ ਇੰਚਾਰਜ ਮਾ. ਦਰਸ਼ਨ ਸਿੰਘ ਹੀ ਸਨ। ਇਕ ਦਿਨ ਉਹ ਸਾਰਿਆਂ ਤੋਂ ਊੜਾ-ਐੜਾ ਸੁਣਨ ਲੱਗੇ। ਸੋਢੀ ਘੱਗੇ ਤੋਂ ਅਗਾਂਹ ਹਰ ਵਾਰੀ ਅਟਕ ਜਾਵੇ। ਮਾਸਟਰ ਜੀ ਕਹਿਣ ਲੱਗੇ, ”ਅੱਜ ਤਾਂ ਬੱਚੂ ਊੜਾ-ਐੜਾ ਸੁਣਾ ਕੇ ਹੀ ਛੁੱਟੇਂਗਾ।” ਸੋਢੀ ਤਰਲੇ ਮਾਰੇ, ”ਮਾਸਟਰ ਜੀ ਸੁਣਾਉਣਾ ਨਹੀਂ ਆਉਂਦਾ, ਲਿਖਾ ਕੇ ਭਾਵੇਂ ਦੇਖ ਲਓ।” 3-4 ਮਿੰਟ ਦੀ ਜੱਦੋ ਜਹਿਦ ਤੋਂ ਬਾਅਦ ਮਾਸਟਰ ਹੁਰਾਂ ਨੇ ਹਾਰ ਮੰਨ ਲਈ ਤੇ ਸੋਢੀ ਨੂੰ ਸਲਾਹ ਦੇਣ ਲੱਗੇ, ”ਤੂੰ ਪੁੱਤ ਕਿਉਂ ਐਵੇਂ ਇੱਥੇ ਮੱਥਾ ਮਾਰਨ ਆਉਂਂਨੈ, ਤੂੰ ਲੈ ਇਕ ਬਾਂਦਰ ਤੇ ਇਕ ਡੁੱਗਡੁਗੀ-ਪਿੰਡਾਂ ‘ਚ ਮਜਮੇ ਲਾਇਆ ਕਰ, ਘਰਦਿਆਂ ਨੂੰ ਤੇਰਾ ਕੁਝ ਆਸਰਾ ਹੋਵੇ।  10 ਰੁਪਏ ਕਮਾ ਕੇ ਈ ਲਿਆਏਂਗਾ।” ਮਾਸਟਰ ਦਰਸ਼ਨ ਸਿੰਘ ਦੀ ਇਸ ‘ਨਸੀਅਤ’ ਨੇ ਸੋਢੀ ਨੂੰ ਮਦਾਰੀ ਤਾਂ ਨਹੀਂ ਬਣਾਇਆ ਪਰ ਸਾਡੇ ਬਾਊ ਜੀ ਦੀ ਚਾਹ ਦੀ ਦੁਕਾਨ ‘ਤੇ ਕੰਮ ਕਰਨ ਜ਼ਰੂਰ ਲਾ ਦਿੱਤਾ। ਹੁਣ ਸੋਢੀ ਦਾ ਸਕੂਲ ਜਾਣਾ ਬੰਦ ਸੀ ਤੇ ਬਾਊ ਜੀ ਨੂੰ ਆਸਰਾ ਮਿਲ ਗਿਆ ਸੀ। ਦੋ-ਤਿੰਨ ਸਾਲਾਂ ਬਾਅਦ ਸੋਢੀ ਦੁਕਾਨਦਾਰੀ ‘ਚ ਐਸਾ ਟਰੇਂਡ ਹੋਇਆ ਕਿ ਉਸ ਨੇ ਬਾਊਜੀ ਦੇ ਸਿਰ ਦਾ ਭਾਰ ਲਗਪਗ ਲਾਹ ਹੀ ਦਿੱਤਾ। ਸੋਢੀ ਨੇ ਕਦੇ ਵੀ ਮਾਸਟਰ ਦਰਸ਼ਨ ਸਿੰਘ ਹੁਰਾਂ ਪ੍ਰਤੀ ਮਨ ‘ਚ ਕੋਈ ਗਿਲਾ ਸ਼ਿਕਵਾ ਨਹੀਂ ਰੱਖਿਆ। ਸਗੋਂ ਉਹ ਕਿਹਾ ਕਰਦਾ ਹੈ ਕਿ ਚੰਗਾ ਹੋਇਆ 3 ਸਾਲ ਪਹਿਲਾਂ ਹੀ ਮਾਸਟਰ ਜੀ ਨੇ ਮੈਨੂੰ ਕਿਸੇ ਕਿੱਤੇ ਵੱਲ ਤੋਰ ਦਿੱਤਾ ਨਹੀਂ ਤਾਂ ਦਸਵੀਂ ਤਾਂ ਹੋਣੀ ਨਹੀਂ ਸੀ ਤੇ ਫੇਰ ਵੀ ਤਾਂ ਆਪਾਂ ਇਹ ਕੁਝ ਹੀ ਕਰਨਾ ਸੀ।

                   ਸਾਡੇ ਡਰਾਇੰਗ ਮਾਸਟਰ ਤਰਸੇਮ ਲਾਲ ਆਪਣੀ ਹੀ ਕਿਸਮ ਦੇ ਬੰਦੇ ਹਨ। ਉਹ ਅੱਜ ਵੀ ਸਾਡੇ ਸਕੂਲ ‘ਚ ਬੱਚਿਆਂ ਨੂੰ ਬੈਂਤ ਨਾਲ ਬੁਰਸ਼ ਫੜਨਾ ਸਿਖਾਉਂਦੇ ਹਨ। ਅਜੀਬ ਗੱਲ ਨਹੀਂ ਕਿ ਅਸੀਂ ਜੇਕਰ ਕਿਸੇ ਪੀਰੀਅਡ ਤੋਂ ਭੱਜਦੇ ਸਾਂ ਤਾਂ ਉਹ ਡਰਾਇੰਗ ਦਾ ਹੀ ਪੀਰੀਅਡ ਹੁੰਦਾ ਸੀ। ਕਾਰਨ ਮਾਸਟਰ ਜੀ ਦਾ ਕੁਟਾਪਾ। ਇਕ ਵੇਰ ਜਦੋਂ ਮੈਂ ਲਗਾਤਾਰ ਤਿੰਨ ਦਿਨ ਉਹਨਾਂ ਦਾ ਪੀਰੀਅਡ ਨਾ ਲਾਇਆ ਤਾਂ ਮੇਰੀ ਸ਼ਿਕਾਇਤ ਪ੍ਰਿੰਸੀਪਲ ਕਰਨੈਲ ਸਿੰਘ ਹੁਰਾਂ ਕੋਲ ਪਹੁੰਚ ਗਈ। ਅਗਲੇ ਦਿਨ ਸਕੂਲ ਵੜਦਿਆਂ ਹੀ ਮੈਨੂੰ ‘ਘੇਰ’ ਕੇ ਪ੍ਰਿੰਸੀਪਲ ਕੋਲ ਹਾਜ਼ਰ ਕੀਤਾ ਗਿਆ। ਪ੍ਰਿੰਸੀਪਲ ਮੇਰੇ ਨਾਲ ਕਾਫੀ ਨਾਰਾਜ਼ ਸਨ-”ਉਏ ਕਾਕਾ ਤੂੰ ਐਨਾ ਹੁਸ਼ਿਆਰ ਐਂ, ਤੇਰੇ ਤੋਂ ਮੈਨੂੰ ਇਹ ਆਸ ਨਹੀਂ ਸੀ।” ਮੈਂ ਬਿਨਾ ਕਿਸੇ ਡਰ-ਭੈਅ ਦੇ ਸੱਚੋ ਸੱਚ ਦੱਸ ਦਿੱਤਾ ਸੀ ਕਿ ਕਿਵੇਂ ਸਾਡੀਆਂ ਤਲੀਆਂ ਲਾਲ ਕੀਤੀਆਂ ਜਾਂਦੀਆਂ ਹਨ। ਮੈਨੂੰ ਪ੍ਰਿੰਸੀਪਲ ਸਾਹਿਬ ਨੇ ਥੋੜ੍ਹਾ ਜਿਹਾ ਘੁਰਕ ਕੇ ਕਲਾਸ ਵੱਲ ਤੋਰ ਤਿੱਤਾ ਤੇ ਫੇਰ ਅੰਧਾ ਘੰਟਾ ਡਰਾਇੰਗ ਮਾਸਟਰ ਪ੍ਰਿੰਸੀਪਲ ਸਾਹਿਬ ਦੇ ਕਮਰੇ ਵਿਚ ਹੀ ਰਹੇ। ਪ੍ਰਿੰਸੀਪਲ ਸਾਹਿਬ ਨੇ ਉਹਨਾਂ ਨੂੰ ਕੀ ਕਿਹਾ ਮੈਂ ਨਹੀਂ ਜਾਣਦਾ ਪਰ ਉਸ ਤੋਂ ਬਾਅਦ ਮੈਨੂੰ ਮਾਸਟਰ ਤਰਸੇਮ ਲਾਲ ਨੇ ਕਦੇ ਕੁਝ ਨਾ ਕਿਹਾ। ਇਕ ਬਹੁਤ ਹੀ ਦਿਲਚਸਪ ਵਾਕਿਆ ਵੀ ਮਾਸਟਰ ਤਰਸੇਮ ਲਾਲ ਦੀ ਕਲਾਸ ਵਿਚ ਹੀ ਵਾਪਰਿਆ। ਜਮਾਤ ਦੇ ਲਗਪਗ ਸਾਰੇ ਹੀ ਵਿਦਿਆਰਥੀਆਂ ਨੇ ਮਾਸਟਰ ਜੀ ਵਲੋਂ ਦਿੱਤੀ ਡਰਾਇੰਗ ਠੀਕ ਨਹੀਂ ਸੀ ਬਣਾਈ। ਮਾਸਟਰ ਜੀ ਕੱਲੇ ਕੱਲੇ ਨੂੰ ਖੜ੍ਹਾ ਕਰਕੇ ਸਜ਼ਾ ਦੇ ਰਹੇ ਸਨ। ਲਗਪਗ ਅੱਧੀ ਜਮਾਤ ਦੇ ਕੰਨ ਸਾਂ-ਸਾਂ ਕਰ ਰਹੇ ਸਨ। ਹੁਣ ਵਾਰੀ ਜੁਲਾਹਿਆਂ ਦੇ ਮੰਗੇ ਦੀ ਸੀ। ਮਾਸਟਰ ਜੀ ਦਾ ਤਾੜ ਕਰਦਾ ਥੱਪੜ ਪੈਣ ਦੀ ਦੇਰ ਸੀ ਕਿ ਮੰਗਾ ਤੀਰ ਦੀ ਤੇਜ਼ੀ ਨਾਲ ਕਲਾਸ ‘ਚੋਂ ਬਾਹਰ ਸੀ ਤੇ ਹਨੇਰੀ ਵਾਂਗ ਉਹ ਮੁੜ ਕਲਾਸ ਵਿਚ ਆ ਵੜਿਆ। ਉਹਦੇ ਹੱਥ ਵਿਚ ਜੈਵਲਿਨ (ਐਥਲੈਟਿਕਸ ਵਾਲਾ ਨੇਜਾ) ਸੀ। ਮੰਗਾ ਹੁਣ ਮੰਗਾ ਨਹੀਂ ਸੀ ਰਿਹਾ ਚੰਡੀ ਦਾ ਰੂਪ ਧਾਰ ਗਿਆ ਸੀ। ਉਹ ਜੈਵਲਿਨ ਉਲਾਰ ਉਲਾਰ ਮਾਸਟਰ ਜੀ ਵੱਲ ਅਹੁਲ ਰਿਹਾ ਸੀ। ਮਾਸਟਰ ਜੀ ਬਚਾਅ ਲਈ ਸਾਰੀ ਜਮਾਤ ਵਿਚ ਟਪੂਸੀਆਂ ਮਾਰਦੇ ਫਿਰ ਰਹੇ ਸਨ। ਪਤਾ ਨਹੀਂ ਮੰਗੇ ਦੇ ਮਨ ਵਿਚ ਕੀ ਸੀ, ਉਹ ਪੂਰੇ ਜ਼ੋਰ ਨਾਲ ਜੈਵਲਿਨ ਉਲਾਰਦਾ ਪਰ ਮਾਰਦਾ ਮਾਸਟਰ ਜੀ ਦੇ ਪੈਰਾਂ ਦੇ ਨੇੜੇ ਹੇਠਾਂ। ਕੋਈ ਮਿੰਟ ਕੁ ਦੇ ਜੈਵਲਿਨ ਪ੍ਰਦਰਸ਼ਨ ਤੋਂ ਬਾਅਦ ਮੰਗਾ ਜੈਵਲਿਨ ਸਣੇ ਸਕੂਲੋਂ ਤਿੱਤਰ ਹੋ ਗਿਆ ਸੀ। ਮਾਸਟਰ ਜੀ ਡੌਰ-ਭੌਰ ਸਨ ਤੇ ਕੰਨ ਲਾਲ ਕਰਾਈ ਬੈਠੇ ਵਿਦਿਆਰਥੀ ਅੰਦਰੋ-ਅੰਦਰੀ ਖੁਸ਼। ਪਰ ਮੰਗਾ ਫਿਰ ਕਦੇ ਸਕੂਲ ਨਹੀਂ ਆਇਆ। ਅੱਜ ਕੱਲ੍ਹ ਮੰਗਾ ਭਾਈ ਮੰਗਤ ਸਿੰਘ ਹੈ, ਸਾਡੇ ਇਲਾਕੇ ਦਾ ਮੰਨਿਆ ਪ੍ਰਮੰਨਿਆ ਪਾਠੀ।

                   ਮਾਸਟਰ ਝਲਮਣ ਸਿੰਘ ਬੜੇ ਸ਼ਾਨਦਾਰ ਅਧਿਆਪਕ ਸਨ। ਪੰਜਾਬੀ ਪੜ੍ਹਾਉਣ ਵਿਚ ਉਹਨਾਂ ਦਾ ਕੋਈ ਸਾਨੀ ਨਹੀਂ ਸੀ। ਪਰ ਪੜ੍ਹਾਉਂਦੇ-ਪੜ੍ਹਾਉਂਦੇ ਉਹਨਾਂ ਨੂੰ ਪਤਾ ਨਹੀਂ ਕੀ ਹੋ ਜਾਂਦਾ। ਉਹ ਘੋੜਿਆਂ ਅਤੇ ਸੱਪਾਂ ਦੀਆਂ ਗੱਲਾਂ ਛੇੜ ਬਹਿੰਦੇ। ਉਹਨਾਂ ਨੂੰ ਸੁਪਨੇ ਵੀ ਘੋੜਿਆਂ ਅਤੇ ਸੱਪਾਂ ਦੇ ਹੀ ਆਉਂਦੇ। ਧਰਤੀ ਉੱਤੇ ਜੀਵ-ਜਗਤ ਦੀਆਂ ਅਨੇਕਾਂ ਗੁੰਝਲਾਂ ਨੂੰ ਉਹ ਸਾਡੇ ਸਾਹਮਣੇ ਇਸ ਤਰ੍ਹਾਂ ਖੋਲ੍ਹਦੇ ਜਾਂਦੇ ਕਿ ਅਸੀਂ ਮੂੰਹ ਅੱਡੀ ਉਨ੍ਹਾਂ ਵੱਲ ਹੀ ਦੇਖੀ ਜਾਂਦੇ।

                   ਮਾਸਟਰ ਸੋਹਨ ਲਾਲ ਨੂੰ ਤਾਂ ਹਰ ਵਕਤ ਕਾਂਗਰਸ ਬੁਖਾਰ ਹੀ ਚੜ੍ਹਿਆ ਰਹਿੰਦਾ। ਉਹ ਇਕੋ ਇਕ ਮਾਸਟਰ ਸਨ ਜਿਹੜੇ ਹਰ ਵਕਤ ਸਾਨੂੰ ਇਹ ਸਮਝਾਉਂਦੇ ਰਹਿੰਦੇ ਕਿ ਪੁੱਤ ਮਤਰੇਆ ਹੋਵੇ ਤਾਂ ਕਈ ਵੇਰਾਂ ਰੋਟੀ ਦਾ ਟੁੱਕ ਵੀ ਨਹੀਂ ਮਿਲਦਾ। ਉਹ ਸਾਫ ਕਹਿੰਦੇ, ”ਜੇ ਸੈਂਟਰ ‘ਚ ਕਾਂਗਰਸ ਦੀ ਸਰਕਾਰ ਐ ਤਾਂ ਪੰਜਾਬ ਨੂੰ ਤਾਂ ਹੀ ਕੁਝ ਮਿਲੂ ਜੇ ਪੰਜਾਬ ਵਿਚ ਵੀ ਕਾਂਗਰਸ ਦਾ ਹੀ ਰਾਜ ਹੋਊ। ਜੇ ਅਕਾਲੀ/ਕਾਮਰੇਡ ਆ ਗਏ ਤਾਂ ਤੁਹਾਡਾ ਏਹ ਸਕੂਲ ਵੀ ਬੰਦ ਹੋਇਆ ਲਓ।” ਉਹ ਅਖੀਰ ਤੋੜਾ ਇੱਥੇ ਤੋੜਦੇ, ”ਆਪਣੇ ਬੀਬੀ-ਭਾਪੇ ਨੂੰ ਇਹ ਗੱਲ ਸਮਝਾਇਓ ਤੇ ਆਖਿਓ ਕਿ ਵੋਟ ਕਾਂਗਰਸ ਨੂੰ ਈ ਪਾਉਣੀ ਆ।” ਮਾਸਟਰ ਸੋਹਨ ਲਾਲ ਸਨ ਤਾਂ ਪੀ. ਟੀ. ਮਾਸਟਰ ਪਰ ਪੀ. ਟੀ. ਕਰਾਉਣ ਜਾਂ ਖੇਡਾਂ ਖਿਡਾਉਣ ਵੱਲ ਉਹਨਾਂ ਦਾ ਧਿਆਨ ਘੱਟ ਹੀ ਹੁੰਦਾ। ਬਹੁਤਾ ਜ਼ੋਰ ਉਹ ਸਕੂਲ ਦੀ ਸਫਾਈ ‘ਤੇ ਹੀ ਲਾਉਂਦੇ ਤੇ ਅਸੀਂ ਜੋ ਉਹ ਕਹਿੰਦੇ ਕਰੀ ਜਾਂਦੇ।

                   ਹਰ ਅਧਿਆਪਕ ਨਾਲ ਹੀ ਕੋਈ ਨਾ ਕੋਈ ਕਿੱਸਾ ਜੁੜਿਆ ਹੁੰਦਾ ਹੈ, ਪਰ ਅਖੀਰ ਵਿਚ ਫੇਰ ਮੋਟੇ ਮਾਸਟਰ ਹੁਰਾਂ ਵੱਲ ਆਉਂਦੇ ਹਾਂ। ਦਰਅਸਲ, ਸਭ ਤੋਂ ਦਿਲਚਸਪ ਕਿੱਸੇ ਸਾਨੂੰ ਉਹਨਾਂ ਹੀ ਸੁਣਾਏ। ਪੜ੍ਹਾਉਣ ਪੱਖੋਂ ਉਹਨਾਂ ਨੇ ਸਦਾ ਹੀ ਕੰਜੂਸੀ ਵਰਤੀ। ਪਰ ਜਿਹੜੀਆਂ ਰੋਜ਼ ਉਹ ਗੱਲਾਂ ਕਰਦੇ ਸਨ, ਉਹਦੇ ਵਿਚੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ। ਇਹ ਜ਼ਿੰਦਗੀ ਦੀ ਪਾਠਸ਼ਾਲਾ ਦਾ ਉਹ ਪਾਠ ਸੀ, ਜੋ ਸ਼ਾਇਦ ਉਹ ਹੀ ਪੜ੍ਹਾ ਸਕਦੇ ਸਨ। ਆਪਣੀ ਪਿੱਠ ‘ਤੇ ਕਿਸੇ ਨਾ ਕਿਸੇ ਵਿਦਿਆਰਥੀ ਤੋਂ ਫੁੱਟੇ ਨਾਲ ਹਰ ਵਕਤ ਖ਼ੁਰਕ ਕਰਾਉਣੀ ਤਾਂ ਉਹਨਾਂ ਦਾ ਨਿੱਤ ਨੇਮ ਹੀ ਸੀ। ਇਕ ਦਿਨ, ਖੁਰਕ ਕਰਾਉਂਦੇ ਕਰਾਉਂਦੇ ਕਹਿਣ ਲੱਗੇ, ”ਹੱਥ ਖੜ੍ਹੇ ਕਰੋ ਉਏ ਜਿਹਨੂੰ ਪਤਾ, ਬਈ ਚਮਾਰਾਂ ਦੇ ਨਿਆਣਿਆਂ ਦੀ ਫੁੱਲੋ ਵੱਡੀ ਕਿਉਂ ਹੁੰਦੀ ਹੈ?” ਜੁਆਬ ਕਿਹਨੇ ਦੇਣਾ ਸੀ-ਸਭ ਹੱਸ ਰਹੇ ਸਨ। ਮਾਸਟਰ ਜੀ ਫੇਰ ਬੋਲੇ, ”ਨਹੀਂ ਪਤਾ-ਕੋਈ ਨਹੀਂ ਮੈਂ ਦੱਸ ਦਿੰਨਾ-ਪਰ ਪੁੱਤਰੋ ਹੱਸੋ ਨਾ-ਗੱਲ ਮੇਰੀ ਧਿਆਨ ਨਾਲ ਸੁਣੋ।” ਮਾਸਟਰ ਹੁਰਾਂ ਦਾ ਚਿਹਰਾ ਹੌਲੀ–ਹੌਲੀ ਗੰਭੀਰ ਹੁੰਦਾ ਜਾ ਰਿਹਾ ਸੀ। ਹੁਣ ਪੂਰੀ ਤਰ੍ਹਾਂ ਗੰਭੀਰਤਾ ਦੀ ਚਾਦਰ ਲਪੇਟੀ ਉਹ ਬੋਲ ਰਹੇ ਸਨ, ”ਮੈਂ ਦੱਸਦਾਂ-ਮੈਂ ਦੱਸਦਾਂ-ਉਏ ਸ਼ੁਦਾਈਓ, ਚਮਾਰਾਂ ਦੇ ਨਿਆਣਿਆਂ ਦੀ ਫੁੱਲੋ ਇਸ ਕਰਕੇ ਵੱਡੀ ਹੁੰਦੀ ਆ-ਕਿਉਂਕਿ ਤੇੜ ਉਨ੍ਹਾਂ ਦੇ ਕੋਈ ਕੱਛਾ ਹੁੰਦਾ ਨਹੀਂ-ਰੋਟੀ ਵੇਲੇ ਕੁਵੇਲੇ ਮਿਲਦੀ ਆ ਤੇ ਨਿਆਣੇ ਸਾਰਾ ਦਿਨ ਮੂੰਹੋਂ ਤਾਂ ਰੋਟੀ ਮੰਗੀ ਜਾਂਦੇ ਆ ਤੇ ਹੱਥਾਂ ਨਾਲ ਤੋਤੋ ਨੂੰ ਖਿੱਚੀ ਜਾਂਦੇ ਆ।” ਕਲਾਸ ਵਿਚ ਫੇਰ ਠਹਾਕੇ ਗੂੰਜ ਰਹੇ ਸਨ ਪਰ ਮਾਸਟਰ ਜੀ ਹੁਣ ਕਿਤੇ ਦੂਰ ਬਹੁਤ ਦੂਰ ਚੁੱਪ ਦੇ ਸਾਗਰ ਵਿਚ ਡੁੱਬੇ ਹੋਏ ਸਨ।

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!