ਜਾਗੀ ਹੋਈ ਆਤਮਾ – ਹਰਬਖਸ਼ ਮਕ਼ਸੂਦਪੁਰੀ

Date:

Share post:

ਪਿਛਲੇ ਸਾਲ ਜਦੋਂ ਮੈਂ ਉਤਰਆਂਚਲ ਵਿਚ ਰਹਿੰਦੇ ਆਪਣੇ ਬੜੇ ਭਰਾ ਮਲਕੀਤ ਸਿੰਘ ਰੌਸ਼ਨ ਨੂੰ ਮਿਲਣ ਗਿਆ ਤਾਂ ਉਸਨੇ ਇਕ ਸਜੇ ਫਬੇ ਛੀਟਕੇ ਜਹੇ 30ਕੁ ਸਾਲ ਦੀ ਉਮਰ ਦੇ ਬੰਦੇ ਨਾਲ  ਅਨੋਖੇ ਜਹੇ ਢੰਗ ਨਾਲ ਜਾਣ ਪਛਾਣ ਕਰਵਾਈ, ‘ਇਹਨੂੰ ਮਿਲ, ਇਹ ਅਜਮੇਰ ਸਿੰਘ ਦਾ ਭਰਾ ਬਲਬੰਤ ਹੈ’।

 ਮੈਂ ਬਲਬੰਤ ਨਾਲ ਹੱਥ ਮਿਲਾਉਂਦਿਆਂ ਹੋਇਆਂ ਪਹਿਲਾਂ ਆਪਣੇ ਭਰਾ ਦੇ ਮੂੰਹ ਵਲ ਦੇਖਿਆ ਤੇ ਫੇਰ ਬਲਬੰਤ  ਦੇ ਮੂੰਹ ਵਲ, ਇਹ ਦੇਖਣ ਲਈ ਕਿ ਇਸ ਤਰ੍ਹਾਂ ਮੁਲਾਕਾਤ ਕਰਵਾਣ ਪਿਛੇ ਕੀ ਕਾਰਨ ਹੋਵੇਗਾ। ਮੈਂ ਦੇਖਿਆ ਕਿ ਅਜਮੇਰ ਸਿੰਘ ਦੇ ਨਾਉਂ ਦੇ ਜ਼ਿਕਰ ਨਾਲ ਦੋਹਾਂ ਦੇ ਮੂੰਹਾਂ ਉਤੇ ਅਜੀਬ ਜੇਹਾ ਜਲਾਲ ਆ ਗਿਆ ਸੀ।  ਇਸ ਜਲਾਲ ਪਿੱਛੇ ਕੀ ਕਾਰਨ ਹੋਣਗੇ? ਕੁਝ ਤਾਂ ਹੋਵਗਾ ਹੀ ਅਜਮੇਰ ਸਿੰਘ ਦੇ ਨਾਉਂ ਨਾਲ ਅਜੇਹਾ ਜੁੜਿਆ ਹੋਇਆ।  ਮੇਰੇ ਅੰਦਰ ਉਸ ਬਾਰੇ ਜਾਣਨ ਦੀ ਉਤਸਕਤਾ ਜਾਗਣੀ ਹੀ ਸੀ। ਰਸਮੀ ਗੱਲਾਂ ਬਾਤਾਂ ਪਿਛੋਂ ਮੈਂ ਆਪਣੇ ਭਰਾ ਤੋਂ ਅਜਮੇਰ ਸਿੰਘ ਬਾਰੇ ਜਾਣਨ ਦੀ ਇੱਛਾ ਪਰਗਟ ਕੀਤੀ। 

ਉਸਨੇ ਲੰਮਾ ਸਾਹ ਲੈਂਦਿਆਂ ਹੋਇਆਂ ਦਸਿਆ ,” ਇੱਕ ਜਾਗੀ ਹੋਈ ਆਤਮਾ ਸੀ ਅਜਮੇਰ ਸਿੰਘ, ਜਿਸ ਨੇ ਇਹ ਫੈਸਲਾ ਕਰ ਲਿਆ ਸੀ ਕਿ ਭਾਵੇਂ ਕੁੱਝ ਵੀ ਹੋ ਜਾਵੇ, ਉਹ ਕਹੇਗਾ ਤੇ ਕਰੇਗਾ ਉਹੀ ਜੋ ਉਸਦੀ ਆਤਮਾ ਕਹੇਗੀ। ਇਸ ਫੈਸਲੇ ਪਿਛੋਂ ਉਹ ਜਿੰਨਾ ਚਿਰ ਵੀ ਜੀਵਿਆ ਆਪਣੇ ਅਹਿਦ ‘ਤੇ ਕਾਇਮ ਰਿਹਾ। ਕਾਸ਼! ਉਹ ਲੰਮਾ ਸਮਾਂ ਜੀਅ ਸਕਦਾ। ਉਹ ਹੁਣ ਇਸ ਦੁਨੀਆ ਵਿਚ ਨਹੀਂ ਰਿਹਾ।” ਮੈਂ ਦੇਖਿਆ ਮਲਕੀਤ ਸਿੰਘ  ਤੇ ਬਲਬੰਤ ਦੋਹਾਂ ਦੀਆਂ ਅੱਖਾਂ ਵਿਚ ਅਥਰੂ ਆ ਗਏ ਸਨ। ਅਜਮੇਰ ਸਿੰਘ ਦੀ ਜਿਹੜੀ ਕਹਾਣੀ ਉਨ੍ਹਾਂ ਨੇ ਮੈਨੂੰ ਦਸੀ ਸੀ, ਅੱਜ ਮੈਂ ਉਹ ਤੁਹਾਨੂੰ ਇਨ ਬਿਨ ਦਸਦਾ ਹਾਂ।

ਅਜਮੇਰ ਸਿੰਘ ਉੱਤਰਆਂਚਲ ਦੇ ਜਿਲ੍ਹਾ ਊਧਮ ਸਿੰਘ ਨਗਰ ਦੇ ਇਕ ਛੋਟੇ ਜਹੇ ਪਿੰਡ ਦੇ ਇੱਕ ਖਾਂਦੇ ਪੀਂਦੇ ਪੰਜਾਬੀ ਜ਼ਿਮੀਂਦਾਰ ਦਾ ਹੋਣਹਾਰ ਪੁੱਤਰ ਸੀ। ਉਹ ਸਕੂਲ ਵਿਚ ਪੜ੍ਹਦਾ ਆਮ ਬੱਿਚਆਂ ਨਾਲੋਂ ਕੁਝ ਵਧੇਰੇ ਹੀ ਤੀਖਣਬੁਧ ਸੀ ਤੇ ਪੜ੍ਹਾਈ ਵਿਚ ਸਦਾ ਪਹਿਲੇ ਨੰਬਰ ‘ਤੇ ਰਹਿੰਦਾ ਸੀ।  ਇਸ ਲਈ ਉਸਦੇ ਬਾਪ ਨੇ ਉਸਨੂੰ ਵਕੀਲ ਬਣਾਉਣ ਦੀ ਸਧਰ ਪਾਲ ਰੱਖੀ ਸੀ।  ਸਕੂਲ ਦੀ ਪੜ੍ਹਾਈ ਖਤਮ ਕਰਨ ਪਿਛੋਂ ਉਸਨੂੰ ਲਖਨਊ  ਯੂਨੀਵਰਸਟੀ ਵਿਚ ਕਾਨੂੰਨ ਦੀ ਪੜ੍ਹਾਈ ਲਈ ਦਾਖਲਾ ਸਹਿਜੇ ਹੀ ਮਿਲ ਗਿਆ। ਵਕਾਲਤ ਦੀ ਪੜ੍ਹਾਈ ਖਤਮ ਕਰਨ ਤੱਕ ਉਹ ਆਮ  ਬੰਦਿਆਂ ਵਰਗਾ ਬੰਦਾ ਸੀ। ਪਰ ਵਕਾਲਤ ਪਾਸ ਕਰਨ ਦੇ ਠੀਕ ਪਿੱਛੋਂ ਉਸਦੇ ਵਰਤਾਰੇ ਤੇ ਬੋਲ – ਚਾਲ ਵਿਚ  ਅਜੇਹੀ ਤਬਦੀਲੀ ਆਈ ਕਿ ਉਹ ਪਹਿਲਾਂ ਵਾਲਾ ਅਜਮੇਰ ਸਿੰਘ ਨਾ ਰਿਹਾ। ਉਸ ਨੇ ਵਕਾਲਤ ਤਾਂ ਪਾਸ ਕਰ ਲਈ, ਪਰ ਇਸਨੂੰ ਪੇਸ਼ੇ ਦੇ ਤੌਰ ‘ਤੇ ਅਪਣਾਉਣ ਤੋਂ ਪਹਿਲਾਂ ਹੀ ਉਸਦੀ ਆਤਮਾ ਜਾਗ ਪਈ। ਆਤਮਾ ਦੀ ਅਵਾਜ਼ ਸੁਣ ਕੇ ਉਸਨੇ ਇਹ ਫੈਸਲਾ ਕਰ ਲਿਆ ਕਿ ਵਕਾਲਤ ਦੀ ਪ੍ਰੈਕਟਿਸ ਵਿਚ ਉਹ ਕਦੀ ਵੀ ਝੂਠੇ ਬੰਦਿਆਂ ਦੇ ਕੇਸ ਨਹੀਂ ਲੜੇਗਾ ਤੇ ਹਮੇਸ਼ਾ ਸੱਚ ਦਾ ਸਾਥ ਦੇਵੇਗਾ। ਸੱਚੇ ਸੁੱਚੇ ਬੰਦੇ ਉਸ ਪਾਸ ਕਦ  ਆਉਣੇ ਸਨ ਤੇ ਕਿੰਨੇ ਕੁ ਆਉਣੇ ਸਨ?  ਇਸਦੇ ਨਾਲ ਹੀ ਉਸ ਨੇ ਇਹ ਵੀ ਫੈਸਲਾ ਕਰ ਲਿਆ ਕਿ ਨਿਰਦੋਸ਼ ਗ਼ਰੀਬ ਲੋਕਾਂ ਦੇ ਕੇਸ ਉਹ ਮੁਫਤ ਲੜੇਗਾ। ਗ਼ਰੀਬਾਂ ਤੋਂ ਉਸਨੇ ਕੁਝ ਲੈਣਾ ਨਹੀਂ ਸੀ ਤੇ ਅਮੀਰਾਂ ਦੇ ਝੂਠੇ ਮੁਕੱਦਮੇ ਲੜਨੇ ਨਹੀਂ ਸਨ, ਫੇਰ ਆਮਦਨ ਕਿੱਥੋਂ ਹੁੰਦੀ? ਇਸ ਲਈ ਛੇਤੀ ਹੀ ਉਸਦਾ ਵਕਾਲਤ ਦਾ ਕੰਮ ਠੱਪ ਹੋ ਗਿਆ ।   

ਉਸਦੇ ਬਾਪ ਨੁੰ ਜਦ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਲਖਨਊ ਆਇਆ ਤੇ ਉਸਨੂੰ ਵਕਾਲਤ ਦਾ ਕੰਮ  ਨਾ ਤਿਆਗਣ ਲਈ ਜ਼ੋਰ ਪਾਉਣ ਲੱਗਾ। ਬਾਪ ਨੇ ਬਥੇਰਾ ਜ਼ੋਰ ਲਾਇਆ ਤੇ ਉਸ ਉੱਤੇ ਕੀਤੇ ਖਰਚਾਂ ਦਾ ਵੀ ਵਾਸਤਾ ਪਾਇਆ। ਪਰ ਉਸਨੇ ਉਹਦੀ ਇੱਕ ਵੀ ਨਾ ਸੁਣੀ ਤੇ ਆਪਣੇ ਫੈਸਲੇ ਤੇ ਪੱਕਾ ਰਿਹਾ।  ਉਸਦਾ ਬਾਪ ਨਿਰਾਸ਼ ਹੋ ਕੇ ਵਾਪਸ ਪਰਤ ਆਇਆ ਪਰ ਅਜਮੇਰ ਲਖਨਊ ਹੀ ਟਿਕਿਆ ਰਿਹਾ। ਬਾਪੂ ਨੇ ਸੋਚਿਆ, ‘ਚਲੋ ਕੁਝ ਦਿਨ ਧੱਕੇ ਖਾ ਕੇ ਸੁਰਤ ਟਿਕਾਣੇ ਆ ਜਾਵੇਗੀ ਤੇ ਅਸਲ ਰਾਹ  ਤੇ ਆ ਜਾਵੇਗਾ’ ।

ਕੁਝ ਮਹੀਨੇ ਲੰਘ ਜਾਣ ਪਿਛੋਂ ਇੱਕ ਦਿਨ ਉਸਦੇ ਘਰ ਦਿਆਂ ਨੂੰ ਉੜਦੀ- ਉੜਦੀ ਖ਼ਬਰ ਮਿਲੀ ਕਿ ਉਹ ਸਖ਼ਤ ਬੀਮਾਰ ਹਸਪਤਾਲ ਵਿਚ ਪਿਆ ਹੈ। ਸਾਰਾ ਟੱਬਰ ਉਸਨੂੰ ਦੇਖਣ ਗਿਆ। ਉੱਥੇ ਜਾ ਕੇ ਪਤਾ ਲੱਗਾ ਕਿ ਉਹ ਤਾਂ ਇੱਕ ਮਹੀਨੇ ਤੋਂ ਬੀਮਾਰ ਪਿਆ ਸੀ। ਬਾਪੂ ਨੇ ਕਿਹਾ,  ‘ਸਾਨੂੰ ਤਾਂ ਪਤਾ ਦੇ ਦਿੰਦਾ, ਤੇਰਾ ਇਲਾਜ ਚੱਜ ਨਾਲ ਕਰਵਾਉਂਦੇ। ਤੂੰ ਤਾਂ ਇਸਤਰ੍ਹਾਂ ਸਮਝ ਲਿਆ, ਜਿਵੇਂ ਕਿ ਅਸੀਂ ਤੇਰੇ ਕੁਝ ਨਾ ਲਗਦੇ ਹੋਈਏ’। ਅਜਮੇਰ ਦਾ ਜਵਾਬ ਸੀ,  ‘ਕੀ ਲੋੜ ਸੀ ? ਤੁਸੀਂ ਕੰਮ ਛੱਡ ਕੇ ਆਉਂਦੇ। ਖਾਹਮਖਾਹ ਖਰਚ ਕਰਦੇ। ਉਨ੍ਹਾਂ ਦੀ ਦੇਖ ਭਾਲ ਕੋਣ ਕਰਦਾ ਹੈ, ਜਿਨ੍ਹਾਂ ਦਾ ਕੋਈ ਨਹੀਂ ਤੇ ਉਨ੍ਹਾਂ ਉਤੇ ਖਰਚ ਕੌਣ ਕਰਦਾ ਹੈ, ਜਿਨ੍ਹਾਂ ਦੇ ਕੋਲ ਕੁਝ ਨਹੀਂ? ਮੈਂ ਇੱਥੇ ਇਸ ਸਰਕਾਰੀ ਹਸਪਤਾਲ ਵਿਚ ਹੀ ਠੀਕ ਹਾਂ, ਜਿੱਥੇ ਅਤਿ ਦੇ ਗ਼ਰੀਬ ਲੋਕਾਂ ਨੂੰ ਜਗਾ ਮਿਲਦੀ ਹੈ’।  ਉਸਦੇ ਬਾਪੂ ਤੇ ਉਸਦੇ ਸਾਰੇ ਭੈਣਾਂ ਭਰਾਵਾਂ ਦੇ ਤਰਲੇ ਬੇਅਰਥ ਗਏ ਤੇ ਉਹ ਨਾ ਕਿਸੇ ਪ੍ਰਾਈਵੇਟ ਡਾਕਟਰ ਤੋਂ ਇਲਾਜ ਕਰਵਾਉਣ ਲਈ ਮੰਨਿਆ ਤੇ ਨਾ ਉਸ ਨੇ ਬਾਪ ਤੋਂ ਪੈਸੇ ਲੈਣੇ ਹੀ   ਸਵੀਕਾਰ ਕੀਤੇ। ਸਾਰੇ ਨਿਰਾਸ ਤੇ ਪ੍ਰੇਸ਼ਾਨ ਵਾਪਸ ਤੁਰ ਗਏ। ਬਾਪੂ ਨੇ ਤੁਰਨ ਲਗਿਆਂ ਡੂੰਘਾ ਹੌਕਾ ਲੈ ਕੇ ਕਿਹਾ, ‘ ਪਤਾ ਨਹੀਂ ਮੇਰੇ ਪੁੱਤ ਨੂੰ ਕਿਸਦੀ ਖੋਟੀ ਨਜ਼ਰ ਲੱਗ ਗਈ ਹੈ’? ਉਸਦੀ ਮਾਂ ਦਾ ਖਿਆਲ ਸੀ, “ਮੁੰਡਾ ਕਿਸੇ ਪ੍ਰੇਤ ਆਤਮਾ ਦੀ ਛਾਇਆ ਹੇਠ ਆ ਗਿਆ ਹੈ। ਪਿੰਡ ਲੈ ਜਾਕੇ ਕਿਸੇ ਸਿਆਣੇ ਨੂੰ ਦਿਖਾਲਣਾ ਚਾਹੀਦਾ ਹੈ”। ਪਰ ਅਜਮੇਰ ਨੂੰ ਜ਼ਬਰਦਸਤੀ ਕਿਸ ਤਰ੍ਹਾਂ ਲੈ ਜਾਇਆ ਜਾ ਸਕਦਾ ਸੀ?

ਕੁਝ ਦਿਨਾਂ ਪਿੱਛੋਂ ਉਹ ਤੰਦਰੁਸਤ ਹੋ ਗਿਆ। ਫੇਰ ਇਕ ਦਿਨ ਪਿੰਡ ਆਇਆ। ਉਸਦਾ ਤਿੰਨ ਸਾਲ ਦਾ ਮੁੰਡਾ ਗਲ਼ੀ ਵਿਚ ਖੇਲ੍ਹ ਰਿਹਾ ਸੀ। ਉਸਦੇ ਬਹੁਤ ਹੀ ਸੁਹਣੇ ਫਬਵੇਂ ਕਪੜੇ ਪਾਏ ਹੋਏ ਸਨ ਤੇ ਨਹਾ ਧੁਆ ਕੇ ਵਾਲ ਰਿਬਨ  ਨਾਲ ਬੰਨ੍ਹੇ ਹੋਏ ਸਨ। ਉਹ ਆਪਣੇ ਬਾਪ  ਨੂੰ ਦੇਖ ਕੇ ਮੁਸਕਰਾਇਆ।  ਅਜਮੇਰ ਸਿੰਘ ਨੇ ਮੁੰਡੇ ਨੂੰ ਕੋਲ ਸਦ ਕੇ ਉਸਦੇ ਕਪੜਿਆਂ ਤੇ ਮਿੱਟੀ ਪਾ ਦਿੱਤੀ ਤੇ ਕਿਹਾ,” ਮੇਰੇ ਬੱਚੇ ਨੂੰ ਮੇਰੇ ਦੇਸ ਦੇ ਆਮ ਗ਼ਰੀਬਾਂ ਦੇ ਬੱਚਿਆਂ ਨਾਲੋਂ ਸੁਹਣਾ ਲੱਗਣ ਤੇ ਫਬਣ ਦਾ ਕੋਈ ਹੱਕ ਨਹੀਂ”। ਜਦੋਂ ਉਸਦੀ ਪਤਨੀ ਨੇ ਉਸਦੀ ਇਸ ਹਰਕਤ ਤੇ ਇਤਰਾਜ਼ ਕੀਤਾ ਤਾਂ ਉਹ ਕਹਿਣ ਲੱਗਾ, “ਕੀ ਤੂੰ ਗ਼ਰੀਬ ਲੋਕਾਂ ਦੇ ਬੱਚਿਆਂ ਨੂੰ ਇਸ ਵਾਂਗ ਸਜਾਉਣ ਸੰਵਾਰਨ ਵਿਚ ਮਦਦ ਕਰ ਸਕਦੀ ਹੈ?” ਜੇ ਨਹੀਂ, ਤਾਂ ਨਾ ਤੈਨੂੰ ਨਾ ਮੈਨੂੰ ਇਸਨੂੰ ਸਜਾਉਣ ਫਬਾਉਣ ਦਾ ਹੱਕ ਹੈ”।  “ਕੀ ਹੋ ਗਿਆ ਹੈ ਮੇਰੇ ਸਰਦਾਰ ਨੂੰ, ਕਿੰਨਾ ਚੰਗਾ ਪਿਆਰ ਕਰਨ ਵਾਲਾ ਸੀ। ਮਾਂ ਠੀਕ ਹੀ ਕਹਿੰਦੀ ਸੀ , ਇਸ ਤੇ ਤਾਂ ਕਿਸੇ ਪ੍ਰੇਤ ਆਤਮਾ ਦੀ ਛਾਇਆ ਹੈ”, ਉਹ ਉਭਾਸਰੀ ਤਾਂ ਕੁਝ ਨਾ ਪਰ ਅੰਦਰ ਹੀ ਅੰਦਰ ਇਹ ਸੋਚ ਗਈ ।

 ਅਜਮੇਰ  ਸਿੰਘ ਦੀ ਹਾਲਤ ਦੇਖ ਕੇ ਘਰ ਦੇ ਸਾਰੇ ਜੀਅ ਦੁਖੀ ਸਨ। ਪਰ ਕੋਈ ਕਰ ਕੁਝ ਨਹੀਂ ਸਕਦਾ ਸੀ। ਮਾਂ ਦੀ ਜ਼ਿੱਦ ਤੇ ਇਸਰਾਰ ਅੱਗੇ ਝੁਕ ਕੇ ਬਾਪੂ ਇੱਕ ਦਿਨ ਇੱਕ ਸਿਆਣੇ ਨੂੰ ਘਰ ਲੈ ਆਇਆ। ਪਰ ਅਜਮੇਰ ਜੁੱਤੀ ਲਾਹ ਕੇ ਉਸ ਸਿਆਣੇ ਨੂੰ ਪੈ ਗਿਆ ਤੇ ਉਸਨੂੰ ਭੱਜ ਕੇ ਜਾਨ ਬਚਾਉਣੀ ਪਈ। ਅਜਮੇਰ ਉਸੇ ਦਿਨ ਕਿਤੇ ਚਲਾ ਗਿਆ, ਹਾਲਾਂਕਿ ਉਸਨੂੰ ਦਸਿਆ ਜਾ ਚੁੱਕਾ ਸੀ ਕਿ ਉਸਦੀ ਛੋਟੀ ਭੈਣ ਦਾ ਵਿਆਹ ਹੋਣ ਵਿਚ ਕੇਵਲ ਵੀਹ ਦਿਨ ਹੀ ਬਾਕੀ ਸਨ।

ਉਹ ਭੈਣ ਦੇ ਵਿਆਹ ਵਾਲੇ ਦਿਨ ਹੀ ਵਾਪਸ ਮੁੜਿਆ। ਜਦੋਂ ਉਸਨੇ ਘਰ ਦੇ ਅੰਦਰ ਬਾਹਰ ਸਜਾਵਟ ਦੇਖੀ ਤੇ ਝੰਡੀਆਂ ਲੱਗੀਆਂ ਹੋਈਆਂ ਦੇਖੀਆਂ ਤਾਂ ਉਹ ਖਿਝ ਕੇ ਕਹਿਣ ਲੱਗਾ, “ਕੇਹੋ ਜਹੇ ਹੋ ਤੁਸੀਂ ਲੋਕ? ਸਾਡੇ ਦੇਸ ਵਿਚ ਲੱਖਾਂ ਲੋਕਾਂ ਨੂੰ ਰੋਟੀ ਨਹੀਂ ਜੁੜਦੀ ਤੇ ਤੁਸੀਂ ਖਾਹਮਖਾਹ ਇਸ ਸਜਾਵਟ ਤੇ ਪੈਸਾ ਰੋੜ੍ਹ ਰਹੇ ਹੋ”। ਇਹ ਕਹਿ ਕੇ ਉਸਨੇ ਸਜਾਵਟੀ ਦਰਵਾਜੇ ਢਾਹ ਸੁੱਟੇ ਤੇ ਝੰਡੀਆਂ ਲਾਹ ਕੇ ਪੈਰਾਂ ਹੇਠ ਮਧੋਲਣੀਆ ਸ਼ੁਰੂ ਕਰ ਦਿਤੀਆਂ। ਉਸਦੇ ਪਿਉ ਨੇ ਗ਼ੁੱਸੇ ਵਿਚ ਆ ਕੇ ਕਿਹਾ,” ਅਜਮੇਰ! ਤੂੰ ਕਿਸ ਜਨਮ ਦ ਬਦਲਾ ਸਾਥੋਂ ਲੈ ਰਿਹਾ ਹੈਂ। ਤੂੰ ਵਿਆਹ ਦੀ ਤਿਆਰੀ ਵਿਚ ਹੱਥ ਤਾਂ ਕੀ ਵਟਾਉਣਾ ਸੀ? ਇੱਕ ਤਾਂ ਆਇਆਂ ਦਿਨ ਦੇ ਦਿਨ ਤੇ ਫੇਰ ਸਾਡੇ ਕੀਤੇ ਕੰਮ ਦਾ ਵੀ ਸਤਿਆਨਾਸ ਮਾਰ ਰਿਹਾਂ”।

“ਮੈਂ ਅਜੇਹੀਆਂ ਫ਼ਜ਼ੂਲ ਖਰਚੀਆਂ ਬਰਦਾਸ਼ਤ ਨਹੀਂ ਕਰ ਸਕਦਾ। ਨਾ ਇਨ੍ਹਾਂ ਕੰਮਾਂ ਵਿਚ ਤੁਹਾਡਾ ਸਾਥ ਦੇ ਸਕਦਾ ਹਾਂ, ਇਸ ਲਈ ਤੁਸੀਂ ਮੈਨੂੰ ਜੁਦਾ ਕਰ ਦਿਓ”। ਅਜਮੇਰ ਸਿੰਘ ਇਹ ਕਹਿ ਕੇ ਬਾਹਰ ਨੂੰ ਤੁਰ ਗਿਆ। ਫੇਰ ਉਹ ਵਾਪਸ ਆਇਆ ਐਨ ਉਸ ਵੇਲੇ ਜਿਸ ਵੇਲੇ ਕੁੜੀ ਨੂੰ ਤੋਰਨ ਦਾ ਸਮਾਂ ਆ ਗਿਆ ਸੀ।  ਉਸਨੇ ਕੁੜੀ ਨੂੰ ਤੋਰਨ ਸਮੇਂ ਸਿਰ ਤੇ ਹੱਥ ਰੱਖਕੇ ਪਿਆਰ ਦਿੱਤਾ ਤੇ ਜੰਞ ਦੇ ਤੁਰ ਜਾਣ ਪਿਛੋਂ ਬਿਨਾ ਕੁਝ ਖਾਧੇ ਪੀਤੇ ਬਾਹਰ ਨੂੰ ਤੁਰ ਗਿਆ।

ਉਸਦਾ ਬਾਪ ਆਪਣੇ ਥਾਂ ਬਹੁਤ ਦੁਖੀ ਸੀ। ਇਹ ਸੋਚ ਕੇ ਕਿ ਸ਼ਾਇਦ ਇਸਤਰ੍ਹਾਂ ਹੀ ਉਹ ਘਰ ਟਿਕ ਕੇ ਬੈਠ ਸਕੇ ਤੇ ਕੁਝ ਕਰ ਸਕੇ, ਉਸਨੇ ਉਸਦੇ ਹਿੱਸੇ ਆਉਂਦੇ ਦਸ ਖੇਤ ਉਸਦੇ ਨਾਉਂ ਲਵਾ ਦਿਤੇ।  ਪਰ ਅਜਮੇਰ ਦੇ ਅੰਦਰ ਦੀਆਂ ਕੋਈ ਨਹੀਂ ਸੀ ਜਾਣਦਾ। ਉਸਨੇ ਕੁਝ ਦਿਨਾਂ ਵਿਚ ਹੀ ਪੰਜ ਖੇਤ ਵੇਚ ਕੇ ਇੱਕ ਟਰੈਕਟਰ ਲੈ ਲਿਆ ਤੇ ਇੱਕ ਜੀਪ ਖਰੀਦ ਲਈ। ਉਸਦੇ ਮਾਪੇ ਤੇ ਉਸਦੀ ਪਤਨੀ ਉਸਦੀ ਇਸ ਹਰਕਤ ਤੋਂ ਬਹੁਤ ਦੁਖੀ ਹੋਏ। ਪਤਨੀ ਦੁਖੀ ਹੋ ਕੇ ਕਹਿਣ ਲੱਗੀ, ‘ਜੇ ਆਪਣਾ ਤੈਨੂੰ ਕੋਈ ਫ਼ਿਕਰ ਨਹੀਂ ਤਾਂ ਆਪਣੇ ਇਕਲੌਤੇ ਪੁਤਰ ਲਈ  ਤਾਂ ਕੁਝ ਰਹਿਣ ਦੇ, ਕਿਉਂ ਸਭ ਕੁਝ ਖ਼ਤਮ ਕਰਨ ਤੇ ਤੁਲਿਆ ਹੋਇਆ ੲਂੇ?ਂ’।

‘ਕਿੰਨੇ ਕੁ ਲੋਕੀਂ ਨੇ ਜਿਨ੍ਹਾਂ ਕੋਲ ਪੰਜਾਂ ਖੇਤਾਂ ਤੋਂ ਵੱਧ ਜ਼ਮੀਨ ਹੈ, ਫੇਰ ਮੇਰਾ ਪੁਤ ਵੀ ਇਸਤੋਂ ਵੱਧ ਜ਼ਮੀਨ ਦਾ ਮਾਲਕ ਕਿਉਂ ਬਣੇ?’ ਉਸਦਾ ਜਵਾਬ ਸੁਣਕੇ  ਸਾਰੇ ਹੈਰਾਨ ਰਹਿ ਗਏ। ਚੁਪ ਕਰ ਗਏ। ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਅਜਮੇਰ ਦੀ ਜ਼ਿਦ ਸਾਹਮਣੇ ਉਹ ਕੁਝ ਨਹੀਂ ਕਰ ਸਕਦੇ ਸਨ।

ਕੁਝ ਮਹੀਨੇ ਹੀ ਲੰਘੇ ਸਨ ਕਿ ਇਕ ਦਿਨ ਉਹ ਜੀਪ ਲੈ ਕੇ ਨਿਪਾਲ ਦੀ ਸਰਹੱਦ ਦੇ ਨੇੜੇ ਬੇਅਬਾਦ ਇਲਾਕੇ ਵਿਚ ਗਿਆ ਤੇ ਉਥੇ ਅਣਵਾਹੀ ਪਈ ਸੈਂਕੜੇ ਏਕੜ ਜਮੀਨ ਦੇਖ ਕੇ ਹਉਕਾ ਲੈ ਕੇ ਕਹਿਣ ਲੱਗਾ,’ਇੰਨੀ ਜ਼ਮੀਨ ਅਣਵਾਹੀ ਪਈ ਹੈ ਤੇ ਸਾਡੇ ਦੇਸ ਦੇ ਲਖਾਂ ਲੋਕ ਹਾਲੀਂਂ ਵੀ ਅੱਧਭੁਖੇ ਜੀਂਦੇ ਤੇ ਸੌਂਦੇ ਹਨ। ਕਦੋਂ ਸੋਚਣਗੇ ਸਾਡੇ ਦੇਸ ਦੇ ਸਿਆਸਤਦਾਨ?’

ਤੇ ਜਿਹੜੀ ਗੱਲ ਸਾਡੇ ਦੇਸ ਦੇ ਸਿਆਸਤਦਾਨਾਂ ਦੇ ਦਿਮਾਗ ਵਿਚ ਨਹੀਂ ਆਈ ਸੀ ਉਹ ਉਸਦੇ ਦਿਮਾਗ ਵਿਚ ਆ ਗਈ ਸੀ। ਉਹ ਉੱਥੇ ਖੜ੍ਹਾ ਹੀ ਕਿਸੇ ਫੈਸਲੇ ਤੇ ਪਹੁੰਚ ਗਿਆ।

ਘਰ ਆਕੇ ਉਸਨੇ ਆਪਣੀ ਪਤਨੀ ਨੂੰ ਕਿਹਾ,’ਭਾਗਵਾਨੇ! ਮੈਂ ਆਪਣਾ ਆਦਰਸ਼ ਲਭ ਲਿਆ ਹੈ। ਤੂੰ ਮੇਰਾ ਸਾਥ ਦੇਣਾ ਹੈ ਤਾਂ ਤਿਆਰ ਹੋ ਜਾ ਮੇਰੇ ਨਾਲ ਜਾਣ ਲਈ’।

ਉਸਦੀ ਪਤਨੀ ਜਾਣਦੀ ਸੀ ਕਿ ਉਸਦਾ ਆਦਰਸ਼ ਕੇਹੋ ਜੇਹਾ ਹੋਵੇਗਾ। ਉਹ ਚੁਪ ਰਹੀ।

ਅਜਮੇਰ ਸਿੰਘ ਨੇ ਆਪਣਾ ਟ੍ਰੈਕਟਰ ਸਟਾਰਟ ਕੀਤਾ ਤੇ ਆਪਣੇ ਸੁਪਨਿਆਂ ਦਾ ਸੰਸਾਰ ਸਿਰਜਣ ਲਈ ਤੁਰ ਗਿਆ।

ਉਹ ਆਪਣੇ ਟਿਕਾਣੇ ਨਿਪਾਲ ਦੀ ਸਰਹੱਦ ਦੇ ਨੇੜੇ ਪਈ ਬੇਆਬਾਦ ਜ਼ਮੀਨ ਵਿਚ ਜਾ ਪੁੱਜਾ। ਕੁਝ ਦਿਨਾਂ ਵਿਚ ਉਸਨੇ ਨੇੜੇ ਦੇ ਪਿੰਡਾਂ ਵਿਚ ਚੱਕਰ  ਮਾਰ ਕੇ ਸੌ ਕੁ ਅਜੇਹੇ ਟੱਬਰ ਲਭ ਲਏ, ਜਿਹੜੇ ਬੇਜ਼ਮੀਨੇ ਸਨ ਤੇ ਜਿਹੜੇ ਕੰਮ ਨਾ ਮਿਲਣ ਕਰ ਕੇ ਭੁਖਮਰੀ ਦੇ ਕਿਨਾਰੇ ਤੇ ਪੁੱਜੇ ਹੋਏ ਸਨ। ਉਸਨੇ ਉਨ੍ਹਾਂ ਨੂੰ ਇਕੱਠੇ ਕਰ ਕੇ ਕਿਹਾ, ‘ਮੇਰਾ ਸਾਥ ਦਿਓ। ਮੈਂ ਤੁਹਾਨੂੰ ਪੰਜ ਖੇਤ ਜ਼ਮੀਨ ਦੇ ਪ੍ਰਤੀ ਟੱਬਰ ਦੇਣ ਦਾ ਵਾਅਦਾ ਕਰਦਾ ਹਾਂ। ਜ਼ਮੀਨ ਮੈਂ ਟਰੈਕਟਰ ਨਾਲ ਵਾਹ ਕੇ ਤਿਆਰ ਕਰ ਕੇ ਬੀਜ ਕੇ ਦਿਆਂਗਾ ਤੁਸੀਂ ਸਿਰਫ ਆਪਣੇ ਹੱਥਾਂ ਨਾਲ ਮੇਰੀ ਮਦਦ ਕਰਨੀ ਹੈ’। ਪਹਿਲਾਂ ਤਾਂ ਉਸਦਾ ਸਾਥ ਦੇਣ ਲਈ ਥ੍ਹੋੜੇ ਹੀ ਬੰਦੇ ਤਿਆਰ ਹੋਏ। ਜਦੋਂ ਉਸਨੇ  ਜ਼ਮੀਨ ਵਾਹ ਬੀਜ ਕੇ ਉਨ੍ਹਾਂ ਦੇ ਹਵਾਲੇ ਕਰ ਦਿੱਤੀ ਤਾਂ ਹੋਰ ਵੀ ਲੋਕ ਉਸ ਪਾਸ ਆਉਣ ਲਗ ਪਏ। ਇਸ ਤਰ੍ਹਾਂ ਉਸਨੇ ਸਾਲ ਕੁ ਵਿਚ ਹੀ ਸੈਂਕੜੇ ਖੇਤ ਤਿਆਰ ਕਰ ਕੇ ਵਾਹ ਬੀਜ ਕੇ ਇਨ੍ਹਾਂ ਬੇਜ਼ਮੀਨੇ ਲੋਕਾਂ ਨੂੰ ਸੰਭਾਲ ਦਿੱਤੇ। ਇਹ ਨਵੇਂ ਆਬਾਦ ਹੋਏ ਟੱਬਰ ਆਪਣੇ ਹੱਥਾਂ ਨਾਲ ਆਪਣੇ ਮਾੜੇ ਮੋਟੇ ਪਸੂਆਂ ਦੀ ਮਦਦ ਨਾਲ ਇਨ੍ਹਾਂ ਖੇਤਾਂ ਵਿਚ ਆਪਣੇ ਨਿਰਬਾਹ ਲਈ ਮਿਹਨਤ ਕਰਨ ਲਗ ਪਏ।

ਅਜਮੇਰ ਸਿੰਘ ਮਹੀਨੇ ਵਿਚ ਇੱਕ ਅੱਧ ਵਾਰੀ ਇਧਰ ਆਪਣੇ ਟਰੈਕਟਰ ਨਾਲ ਚੱਕਰ ਮਾਰਦਾ ਰਹਿੰਦਾ ਸੀ ਤੇ ਲੋੜ ਪੈਣ ਤੇ ਕਦੀ ਕਦੀ ਇਨ੍ਹਾਂ ਟਬਰਾਂ ਦੀ ਖੇਤੀ ਵਿਚ ਟਰੈਕਟਰ ਦੀ ਮਦਦ ਵੀ ਕਰ ਦਿੰਦਾ ਸੀ। ਜੇ ਉਨ੍ਹਾਂ ਨੂੰ ਮਦਦ ਦੀ ਲੋੜ ਨਾ ਵੀ ਹੋਵੇ ਤਾਂ ਵੀ ਉਹ ਜੀਪ ਲੈ ਕੇ ਆ ਜਾਂਦਾ ਸੀ ਤੇ ਉਨ੍ਹਾਂ ਦਾ ਦੁੱਖ- ਸੁੱਖ ਪੁਛ ਜਾਂਦਾ ਸੀ। ਉਹ ਬੀਮਾਰਾਂ ਲਈ ਸ਼ਹਿਰੋਂ ਦਵਾਈਆਂ ਵੀ ਲੈ ਆਉਂਦਾ ਸੀ ਤੇ ਕਈ ਵੇਰ ਬੀਮਾਰਾਂ ਨੂੰ ਆਪਣੀ ਜੀਪ ਵਿਚ ਸ਼ਹਿਰ ਲੈਜਾ ਕੇ ਡਾਕਟਰ ਨੂੰ ਵੀ ਦਿਖਾ ਲਿਆਉਂਦਾ ਸੀ।

ਇਸ ਤਰ੍ਹਾਂ ਇਨ੍ਹਾਂ ਨਵੇਂ ਆਬਾਦਕਾਰਾਂ ਦਾ ਸਮਾਂ ਸੁਹਣਾ ਲੰਘਣ ਲੱਗ ਪਿਆ ਸੀ। ਫੇਰ ਛੇਤੀ ਹੀ ਅਜਮੇਰ ਨੂੰ ਸ਼ਿਕਾਇਤਾਂ ਮਿਲਣ  ਲਗ ਪਈਆਂ ਕਿ ਇਨ੍ਹਾਂ ਆਬਾਦਕਾਰਾਂ ਨੂੰ ਕੁਝ ਅਣਪਛਾਣੇ ਬੰਦੇ ਧਮਕੀਆਂ ਦੇਣ ਲੱਗ ਪਏ ਸਨ ਕਿ ਜੇ ਉਹ ਇੱਥੋਂ ਆਪਣੇ ਟੱਬਰ ਟੀਹਰ ਸਮੇਤ ਤੁਰ ਨਾ ਗਏ ਤਾਂ ਉਨਾਂ ਨੂੰ ਨਤੀਜੇ ਭੁਗਤਣੇ ਪੈਣਗੇ। ਕੁਝ ਟੱਬਰ ਧਮਕੀਆਂ ਤੋਂ ਡਰ ਕੇ ਛੱਡ ਵੀ ਗਏ। ਜਦੋਂ ਅਜਮੇਰ ਸਿੰਘ ਨੂੰ ਪਤਾ ਲੱਗਾ ਤਾਂ ਉਸਨੇ ਸਾਰੇ ਅਬਾਦਕਾਰਾਂ ਦਾ ਇਕੱਠ ਕਰ ਕੇ ਉਨ੍ਹਾਂ ਨੂੰ ਹੌਸਲਾ ਦਿੰਦਿਆ ਕਿਹਾ,’ ਘਬਰਾਓ ਨਹੀਂ, ਜਦੋਂ ਤੱਕ ਮੈਂ ਜੀਉਂਦਾ ਹਾਂ ਕੋਈ ਵੀ ਤੁਹਾਡਾ ਵਾਲ ਵਿੰਗਾ ਨਹੀਂ ਕਰ ਸਕਦਾ’। ਇਸ ਪਿੱਛੋਂ ਆਪਣੀ ਲਾਇਸੰਸੀ ਬੰਦੂਕ ਲੈ ਕੇ ਉਹ ਹਫਤੇ ਵਿਚ ਇੱਕ ਵਾਰ ਆਪਣੀ ਜੀਪ ਵਿਚ  ਇੱਧਰ ਚੱਕਰ ਲਾਉਣ ਲੱਗ ਪਿਆ।

ਸਿਰ ਫਿਰੇ ਖੂਨਖਾਰ ਜਾਨਵਰਾਂ ਤੋਂ ਉਹ ਕਿੰਨਾ ਕੁ ਚਿਰ ਇਨ੍ਹਾਂ ਲੋਕਾਂ ਦੀ ਰਾਖੀ ਕਰ ਸਕਦਾ ਸੀ? ਇੱਕ ਦਿਨ ਇਨ੍ਹਾਂ ਨਵ-ਅਬਾਦਕਾਰਾਂ ਨੇ ਨਵਾਂ ਜੀਵਨ ਦਾਨ ਕਰਨ ਵਾਲੇ ਆਪਣੇ ਇਸ ਪਿਆਰੇ ਸੁਪਨ ਸਾਜ਼ ਸਰਦਾਰ ਦੀ ਗੋਲੀਆਂ ਵਿਨ੍ਹੀ ਲਾਸ਼ ਉਸਦੀ ਜੀਪ  ਸਣੇ ਝੁਲਸੀ ਪਈ ਦੇਖੀ। ਗ਼ਰੀਬਾਂ ਦੇ ਬੱਚਿਆਂ ਦੇ ਮੂਹਾਂ ਤੇ ਮੁਸਕਰਾਹਟ ਦੇਖਣ ਦਾ ਚਾਹਵਾਨ ਆਪਣੇ ਬੱਚਿਆਂ ਤੇ ਪਤਨੀ ਨੂੰ ਹੰਝੂਆਂ ਦੇ ਹਾਰ ਦੇ ਕੇ ਤੁਰ ਗਿਆ। ਕੋਈ ਪਤਾ ਨਹੀਂ ਲਾ ਸਕਿਆ ਕਿ ਅਜਮੇਰ ਦੀ ਮੌਤ ਲਈ ਕੌਣ ਜ਼ਿੰਮੇਵਾਰ ਸੀ। ਲੋਕੀਂ ਤਰ੍ਹਾਂ ਤਰ੍ਹਾਂ ਦੇ ਕਿਆਸ ਲਾਉਂਦੇ ਸਨ। ਕੋਈ ਉਸਦੇ ਕ਼ਤਲ ਵਿਚ ਸਰਕਾਰੀ ਬੰਦਿਆਂ ਦਾ ਹੱਥ ਦਸਦਾ ਹੋਇਆ ਕਹਿੰਦਾ,’ ਸਰਕਾਰ ਕਦੋਂ ਬਰਦਾਸ਼ਤ ਕਰ ਸਕਦੀ ਹੈ ਕਿ ਕੋਈ ਉਸਦੀ ਖਾਲੀ ਪਈ ਜ਼ਮੀਨ ਤੇ ਕਬਜ਼ਾ ਕਰ ਲਵੇ। ਜੇ ਇਸਤਰ੍ਹਾਂ ਸਰਕਾਰ ਹੋਣ ਦੇਵੇ ਤਾਂ ਲੋਕ ਤਾਂ ਸਾਰੀ ਵਿਹਲੀ ਪਈ ਸਰਕਾਰੀ ਜ਼ਮੀਨ ਮੱਲ ਲੈਣ’। ਬਹੁਤੇ ਲੋਕਾਂ ਦਾ ਖ਼ਿਆਲ ਸੀ ਕਿ ਇਹ ਬੇਅਬਾਦ ਜ਼ਮੀਨ ਭਾਰਤ-ਨੀਪਾਲ ਸਰਹੱਦ ਦੇ ਆਰਪਾਰ ਜਾਂਦੇ- ਆਉਂਦੇ ਸਮਗਲਰਾਂ ਦਾ ਸਵਰਗ ਸੀ। ਇਸਦੇ ਆਬਾਦ ਹੋਣ ਨਾਲ ਉਨ੍ਹਾਂ ਦੇ ਕੰਮ ਵਿਚ ਰੁਕਾਵਟ  ਪੈ ਗਈ ਸੀ। ਅਜਮੇਰ ਸਿੰਘ  ਨੂੰ ਮਾਰ ਕੇ ਉਨ੍ਹਾਂ ਨੇ ਇਹ ਰੁਕਾਵਟ ਦੂਰ ਕਰ ਦਿੱਤੀ ਸੀ।

ਅਜਮੇਰ ਸਿੰਘ ਦੀ ਉਮਰ ਉਸ ਵੇਲ਼ੇ 25 ਕੁ ਸਾਲ ਦੀ ਸੀ।  ਉਸਦੀ ਮੌਤ ਪਿੱਛੋਂ ਕੁਝ ਮਹੀਨਿਆਂ ਵਿਚ ਹੀ ਸਾਰੇ ਅਬਾਦਕਾਰ ਜ਼ਮੀਨਾਂ ਛਡ ਕੇ ਚਲੇ ਗਏ। ਇਹ ਬੇਅਬਾਦ ਪਈ ਜ਼ਮੀਨ ਹੁਣ ਫੇਰ ਸਮਗਲਰਾਂ ਦਾ ਸਵਰਗ ਬਣ ਗਈ ਹੈ। ਹੁਣ ਕਿਸ ਆਉਂਣਾ ਹੈ ਉਨੂਾਂ ਨਵਆਬਾਦਕਾਰਾਂ ਨੂੰ ਹੌਸਲਾ ਦੇਣ? ਅਜਮੇਰ ਸਿੰਘ ਵਰਗੇ ਚਮਤਕਾਰੀ ਮਨੁੱਖ ਨਿਤ ਤਾਂ ਨਹੀਂ ਜੰਮਦੇ।

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!