ਕਿਉਂ ਹੋਇਆ ਪ੍ਰਤਾਪ ਸਿੰਘ ਕੈਰੋਂ ਦਾ ਕਤਲ….?

Date:

Share post:

ਪ੍ਰੀਤਮ ਸਿੰਘ (ਆਈ.ਏ.ਐਸ.)

                   ਇਹ ਕਥਾ ਵਾਰਤਾ ਅਕੂਬਰ 1964 ਦੀ ਹੈ।

                   ਮੇਰੀ ਤਾਇਨਾਤੀ ਉਨ੍ਹਾਂ ਦਿਨਾਂ ਵਿਚ ਕਪੂਰਥਲੇ ਸੀ। ਸ਼ਾਇਦ ਅਕਤੂਬਰ ਦਾ ਮਹੀਨਾ ਸੀ। ਇਕ ਦੋਸਤ ਦੀ ਭੈਣ ਦੀ ਸ਼ਾਦੀ ਸੀ ਅਤੇ ਬਰਾਤ ਕਪੂਰਥਲੇ ਤੋਂ ਹੀ ਜਾਣੀ ਸੀ ਅਤੇ ਵਿਆਂਦੜ ਗੱਭਰੂ ਵੀ ਕਪੂਰਥਲੇ ਦਾ ਇਕ ਵਕੀਲ ਹੀ ਸੀ। ਇਸ ਲਈ ਜਿਸ ਕਾਰ ਵਿਚ ਮੈਂ ਸਵਾਰ ਸਾਂ ਉਸ ਵਿਚ ਦੋ ਤਿੰਨ ਹੋਰ ਵਕੀਲ ਸਨ ਅਤੇ ਇਨ੍ਹਾਂ ਵਿਚ ਕਪੂਰਥਲਾ ਬਾਰ ਐਸੋਸੀਏਸ਼ਨ ਦਾ ਪ੍ਰਧਾਨ ਦੀਵਾਨ ਪਿਆਰੇ ਲਾਲ ਵੀ ਸੀ। ਦੀਵਾਨ ਪਿਆਰੇ ਲਾਲ ਉਸ ਜ਼ਮਾਨੇ ਵਿਚ ਕਪੂਰਥਲੇ ਦਾ ਸਭ ਤੋਂ ਸਿਰਕੱਢ ਵਕੀਲ ਸੀ। ਸਫਰ ਕੱਟਣ ਲਈ ਗੱਪਾਂ ਮਾਰਦੇ ਜਾ ਰਹੇ ਸਾਂ। ਪ੍ਰਤਾਪ ਸਿੰਘ ਕੈਰੋਂ ਨੇ ਦਾਸ ਕਮਿਸ਼ਨ ਦੀ ਰਿਪੋਰਟ ਆਉਣ ਤੋਂ ਬਾਅਦ ਜੂਨ, 1964 ਵਿਚ ਮੁੱਖ ਮੰਤਰੀ ਦੀ ਪਦਵੀ ਤੋਂ ਤਿਆਗ ਪੱਤਰ ਦੇ ਦਿੱਤਾ ਸੀ ਅਤੇ ਜੁਲਾਈ, 1964 ਵਿਚ ਕਾਮਰੇਡ ਰਾਮ ਕਿਸ਼ਨ ਪੰਜਾਬ ਦਾ ਮੁੱਖ ਮੰਤਰੀ ਬਣ ਗਿਆ ਸੀ। ਪ੍ਰਤਾਪ ਸਿੰਘ ਕੈਰੋਂ ਨੇ ਜਿੰਨੀ ਦੇਰ ਵੀ ਮੁੱਖ ਮੰਤਰੀ ਵਜੋਂ ਕੁਰਸੀ ਸੰਭਾਲੀ ਰੱਖੀ ਸੀ, ਬੜੇ ਗੜ੍ਹਕੇ ਨਾਲ ਰਾਜ ਕੀਤਾ ਸੀ ਅਤੇ ਹੁਣ ਕੁਰਸੀ ਛੱਡਣ ਉਪਰੰਤ ਹਰ ਹਫਤੇ ਉਸਦਾ ਕੋਈ ਉਲਟਾ ਸਿੱਧਾ ਬਿਆਨ ਪ੍ਰਕਾਸ਼ਤ ਹੁੰਦਾ ਰਹਿੰਦਾ ਸੀ ਜਿਸ ਕਰਕੇ ਉਸ ਬਾਰੇ ਚਰਚਾ ਛਿੜੀ ਰਹਿੰਦੀ ਸੀ।

ਪ੍ਰੀਤਮ ਸਿੰਘ (ਆਈ.ਏ.ਐਸ.)
ਪ੍ਰੀਤਮ ਸਿੰਘ (ਆਈ.ਏ.ਐਸ.)

                   ਕਾਰ ਵਿਚ ਸਵਾਰ ਮੇਰੇ ਹਮਸਫਰਾਂ ਨੇ ਵੀ ਥੋੜ੍ਹੀ ਦੇਰ ਬਾਅਦ ਇਸ ਵਿਸ਼ੇ ‘ਤੇ ਚਰਚਾ ਛੇੜ ਲਈ। ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੇ ਗੁਰਪੁਰਬ ਸਮੇਂ ਸੁਲਤਾਨ ਪੁਰ ਲੋਧੀ ਵਿਖੇ ਹਰ ਸਾਲ ਬੜਾ ਵੱਡਾ ਸਮਾਗਮ ਹੁੰਦਾ ਹੈ। ਲੋਕਾਂ ਦੀਆਂ ਖ਼ੂਬ ਭੀੜਾਂ ਜੁੜਦੀਆਂ ਹਨ। 1963 ਵਿਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਨੂੰ ਸ. ਪ੍ਰਤਾਪ ਸਿੰਘ ਕੈਰੋਂ ਪਧਾਰੇ ਸਨ। ਦਾਸ ਕਮਿਸ਼ਨ ਦੀ ਕਾਰਵਾਈ ਚੱਲ ਰਹੀ ਸੀ। ਜਨਤਾ ਵਿਚ ਇਸ ਕਮਿਸ਼ਨ ਦੀ ਕਾਰਵਾਈ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਕਿਆਸ ਅਰਾਈਆਂ ਚੱਲ ਰਹੀਆਂ ਸਨ ਅਤੇ ਪ੍ਰਤਾਪ ਸਿੰਘ ਕੈਰੋਂ ਦੀ ਲੋਕ ਪ੍ਰੀਯਤਾ ਦਿਨ-ਬ-ਦਿਨ ਘਟ ਰਹੀ ਸੀ। ਇਸ ਲਈ ਉਹ ਜਨਤਾ ਵਿਚ ਆਪਣਾ ਪੱਖ ਰੱਖਣ ਅਤੇ ਆਪਣੀ ਸਾਖ ਬਹਾਲ ਕਰਨ ਦਾ ਕੋਈ ਵੀ ਮੌਕਾ ਹੱਥੋਂ ਨਹੀਂ ਜਾਣ ਦੇਂਦਾ ਸੀ। ਇਸ ਪ੍ਰਕਾਸ਼ ਉਤਸਵ ‘ਤੇ ਵੀ ਪ੍ਰਤਾਪ ਸਿੰਘ ਕੈਰੋਂ ਨੇ ਬੜੀ ਧੂੰਆਂ ਧਾਰ ਤਕਰੀਰ ਕੀਤੀ। ਉਸ ਨੇ ਪੇਂਡੂ ਜਨਤਾ ਦੀ ਇਸ ਮੌਕੇ ਜੁੜੀ ਭੀੜ ਨੂੰ ਸੰਬੋਧਨ ਕਰਦਿਆਂ ਕਿਹਾ, ”ਭਰਾਵੋ ਇਹ ਮੰਡੀਆਂ ਵਿਚ ਜੋ ਕੁਝ ਡੰਡੀ ਮਾਰ ਬੈਠੇ ਹਨ, ਇਹਨਾਂ ਨੂੰ ਜੱਟ ਦਾ ਬੇਟਾ ਰਾਜ ਕਰਦਾ ਚੰਗਾ ਨਹੀਂ ਲੱਗਦਾ। ਇਨ੍ਹਾਂ ਦੀ ਲੁੱਟ ਖਸੁੱਟ ਅੱਗੇ ਨਾਲੋਂ ਘਟੀ ਹੈ। ਇਹ ਇਹਨਾਂ ਤੋਂ ਜਰੀ ਨਹੀਂ ਜਾਂਦੀ। ਇਸ ਲਈ ਇਹ ਮੇਰੇ ਵਿਰੁੱਧ ਅਖਬਾਰਾਂ ਵਿਚ ਰੌਲਾ ਰੱਪਾ ਪਾ ਰਹੇ ਹਨ। ਪਰ ਮੈਨੂੰ ਪਤਾ ਹੈ ਕਿ ਜਿੰਨੀ ਦੇਰ ਤੱਕ ਤੁਸੀਂ ਮੈਨੂੰ ਥਾਪੜਾ ਦਿੰਦੇ ਰਹੋਗੇ, ਇਹ ਮੇਰਾ ਕੁੱਝ ਨਹੀਂ ਵਿਗਾੜ ਸਕਦੇ। ਬੱਸ ਤੁਸੀਂ ਸਾਵਧਾਨ ਰਹੋ। ਜੱਟ ਦਾ ਮੁੰਡਾ ਤਾਂ ਖੂਹ ਦੀ ਗਾਧੀ ‘ਤੇ ਬੈਠਾ ਮਾਣ ਨਹੀਂ, ਮੈਂ ਤਾਂ ਮੁੱਖ ਮੰਤਰੀ ਦੀ ਕੁਰਸੀ ‘ਤੇ ਤੁਹਾਡੀ ਕਿਰਪਾ ਨਾਲ ਬੈਠਾ ਹਾਂ। ਇਨ੍ਹਾਂ ਡੰਡੀ ਮਾਰਾਂ ਨੂੰ ਇਹ ਨਹੀਂ ਪਤਾ ਕਿ ਜੱਟ ਕਦੇ ਕਬਜ਼ਾ ਨਹੀਂ ਛੱਡਦਾ ਹੁੰਦਾ। ਤੁਸੀਂ ਜਿੰਨਾ ਚਿਰ ਮੇਰੀ ਪਿੱਠ ‘ਤੇ ਹੱਥ ਰੱਖੋਗੇ, ਮੇਰੀ ਕੁਰਸੀ ਨੂੰ ਕੋਈ ਨਹੀਂ ਹਿਲਾ ਸਕਦਾ।” ਮੇਰੇ ਹਮਸਫ਼ਰ ਇਸ ਭਾਸ਼ਨ ਨੂੰ ਯਾਦ ਕਰਕੇ ਹੱਸ ਰਹੇ ਸਨ। ਠੱਠਾ ਮਖੌਲ ਕਰ ਰਹੇ ਸਨ। ਇਹ ਗੱਲਾਂ ਚੱਲ ਹੀ ਰਹੀਆਂ ਸਨ ਕਿ ਦੀਵਾਨ ਪਿਆਰੇ ਲਾਲ ਨੇ ਇਹ ਕਹਿ ਕੇ ਕਿ “ਪ੍ਰਤਾਪ ਸਿੰਘ ਕੈਰੋਂ ਦੀ ਕੁਰਸੀ ਨੂੰ ਜੋ ਖ਼ਤਰਾ ਪੈਣਾ ਸੀ, ਉਹ ਪੈ ਗਿਆ ਪਰ ਮੈਨੂੰ ਤਾਂ ਹੁਣ ਇਹ ਫ਼ਿਕਰ ਖਾਈ ਜਾਂਦੈ ਕਿ ਉਸ ਦੀ ਜਾਨ ਵੀ ਖ਼ਤਰੇ ਵਿਚ ਹੈ।” ਇਹ ਗੱਲ ਸੁਣ ਕੇ ਸਭ ਦੇ ਕੰਨ ਖੜ੍ਹੇ ਹੋ ਗਏ। ਸਾਰੇ ਪੁੱਛਣ ਲੱਗੇ , ”ਦੀਵਾਨ ਸਾਹਿਬ ਤੁਸੀਂ ਇਹ ਗੱਲ ਕਿਸ ਅਧਾਰ ‘ਤੇ ਕਹਿ ਦਿੱਤੀ ਹੈ?” ਦੀਵਾਨ ਪਿਆਰੇ ਲਾਲ ਨੇ ਕਿਹਾ , ”ਇਹ ਕਿੱਸਾ ਬੜਾ ਗੁੰਝਲਦਾਰ ਹੈ ਅਤੇ ਮੈਨੂੰ ਇਸ ਦੀ ਕੁਝ ਕੰਨਸੋਅ ਮਿਲੀ ਹੋਈ ਹੈ।” ਸਾਰੇ ਦੀਵਾਨ ਦੇ ਮਗਰ ਪੈ ਗਏ ਕਿ ਸਾਨੂੰ ਸਾਰੀ ਗੱਲ ਖੋਲ੍ਹ ਕੇ ਦੱਸੋ। ਐਵੇਂ ਬੁਝਾਰਤਾਂ ਨਾ ਪਾਓ। ਦੀਵਾਨ ਪਿਆਰੇ ਲਾਲ ਨੇ ਜੋ ਕਿੱਸਾ ਸੁਣਾਇਆ, ਉਹ ਵਾਕਈ ਬਹੁਤ ਵਚਿੱਤਰ ਸੀ।

                   ਫਗਵਾੜੇ  ਲਾਗੇ ਇਕ ਪਿੰਡ ਹੈ, ਉੱਚਾ ਪਿੰਡ। ਇਸ ਪਿੰਡ ਵਿਚ ਇਕ ਨੌਜਵਾਨ ਰਹਿੰਦਾ ਸੀ ਅਜੀਤ ਸਿੰਘ। ਅਜੀਤ ਸਿੰਘ ਬੜਾ ਚੱਲਦਾ ਪੁਰਜ਼ਾ ਵਿਅਕਤੀ ਸੀ ਅਤੇ ਕਿਸੇ ਹੱਦ ਤੱਕ ਅਪਰਾਧੀ ਰੁਚੀਆਂ ਰੱਖਣ ਵਾਲਾ। ਬੜਾ ਦਲੇਰ ਅਤੇ ਜਾਇਜ਼ ਨਜਾਇਜ਼ ਕੰਮ ਸਿਰੇ ਚਾੜ੍ਹਣ ਵੇਲੇ ਉਸ ਦੇ ਮਨ ਵਿਚ ਜ਼ਰਾ ਵੀ ਡਰ ਡੁੱਕਰ ਨਹੀਂ ਸੀ ਹੁੰਦਾ। ਖ਼ੌਫ਼ ਤਾਂ ਉਸਦੇ ਕਦੇ ਲਾਗਿਓਂ ਦੀ ਨਹੀਂ ਸੀ ਲੰਘਿਆ। ਉਸਦੇ ਵੱਡੇ ਵੱਡੇ ਸਿਆਸੀ ਲੀਡਰਾਂ ਨਾਲ ਸਬੰਧ ਸਨ ਅਤੇ ਉਹ ਉਸ ਨੂੰ ਔਖੀ ਵੇਲੇ ਯਾਦ ਕਰਦੇ ਰਹਿੰਦੇ ਸਨ। ਅਜੀਤ ਸਿੰਘ ਦਾ ਆਪਣੇ ਬਾਹਰੇ ਵਿਚ ਬੜਾ ਦਬਦਬਾ ਸੀ। ਉਸ ਵਿਰੁੱਧ ਕਦੇ ਕੋਈ ਕੁਸਕ ਨਹੀਂ ਸਕਦਾ ਸੀ। ਇਸ ਅਜੀਤ ਸਿੰਘ ਦੀ ਭੈਣ ਦਾ ਵਿਆਹ ਮਜੀਠੇ ਲਾਗੇ ਇਕ ਪਿੰਡ ਵਿਚ ਹੋਇਆ ਸੀ। ਮੁੰਡਾ, ਡਾਕਟਰ ਪ੍ਰਕਾਸ਼ ਕੌਰ, ਜਿਹੜੀ ਪ੍ਰਤਾਪ ਸਿੰਘ ਕੈਰੋਂ ਦੀ ਰਿਸ਼ਤੇਦਾਰ ਵੀ ਸੀ ਅਤੇ ਉਸ ਦੇ ਮੰਤਰੀ ਮੰਡਲ ਵਿਚ ਇਕ ਮੰਤਰੀ ਵੀ ਸੀ, ਦਾ ਬੜਾ ਨਜ਼ਦੀਕੀ ਰਿਸ਼ਤੇਦਾਰ ਸੀ। ਵਿਆਹ ਦੇ ਥੋੜ੍ਹੀ ਦੇਰ ਬਾਅਦ ਹੀ ਖਾਵੰਦ-ਬੀਵੀ ਵਿਚ ਖਟ-ਪਟ ਹੋ ਗਈ। ਕੁੜੀ ਮੁੰਡੇ ਦੇ ਬੁਰੇ ਸਲੂਕ ਤੋਂ ਤੰਗ ਆ ਕੇ ਆਪਣੇ ਮਾਪਿਆਂ ਦੇ ਘਰ ਆ ਗਈ। ਸੁਲਹ ਸਫਾਈ ਦੀਆਂ ਸਭ ਕੋਸ਼ਿਸ਼ਾਂ ਬੇਕਾਰ ਹੋ ਗਈਆਂ। ਕੁੜੀ ਆਪਣੇ ਮਾਪਿਆਂ ਦੇ ਘਰ ਬੈਠੀ ਅੱਕ ਗਈ। ਅਜੀਤ ਸਿੰਘ ਦੇ ਬਾਪ ਨੇ ਆਪਣੇ ਜਵਾਈ ਨੂੰ ਬੜੇ ਤਰਲੇ ਮਿੰਨਤਾਂ ਨਾਲ ਇਕ ਵਾਰ ਸਭ ਗੁੱਸੇ ਗਿਲੇ ਮਿਟਾਉਣ ਲਈ ਆਪਣੇ ਪਿੰਡ ਸੱਦਿਆ ਤਾਂ ਜੋ ਖਾਵੰਦ-ਬੀਵੀ ‘ਚ ਜੋ ਕੋਈ ਗੁੱਸੇ ਗਿਲੇ ਸਨ, ਉਹਨਾਂ ਨੂੰ ਗੱਲਬਾਤ ਰਾਹੀਂ ਦੂਰ ਕੀਤਾ ਜਾ ਸਕੇ। ਮੁੰਡਾ ਪਲੋਸਿਆ ਗਿਆ ਅਤੇ ਉਹ ਮਿੱਥੇ ਦਿਨ ਆਪਣੇ ਸੌਹਰੇ ਘਰ ਫੇਰਾ ਪਾਉਣ ਲਈ ਤੁਰ ਪਿਆ। ਅੱਗੋਂ ਅਜੀਤ ਸਿੰਘ ਅਤੇ ਉਸ ਦਾ ਬਾਪ ਉਸ ਨੂੰ ਫਗਵਾੜੇ ਹੀ ਮਿਲ ਪਏ। ਉਹਨਾਂ ਪਾਸ ਟਰੈਕਟਰ ਸੀ। ਰਸਮੀ ਸਾਹਬ ਸਲਾਮ ਤੋਂ ਬਾਅਦ ਉਹਨਾਂ ਉਸ ਨੂੰ ਟਰੈਕਟਰ ‘ਤੇ ਬਿਠਾ ਲਿਆ ਅਤੇ ਪਿੰਡ ਦੇ ਰਾਹ ਪੈ ਗਏ। ਰਸਤੇ ਵਿਚ ਹੀ ਅਜੀਤ ਸਿੰਘ ਨੇ ਉਸ ਦੇ ਬੁਰੇ ਸਲੂਕ ਸਬੰਧੀ ਗੱਲ ਤੋਰ ਲਈ। ਪਰ ਬਾਤ ਦਾ ਬਤੰਗੜ ਬਣਦਿਆਂ ਦੇਰ ਨਾ ਲੱਗੀ। ਗੱਲ ਤਲਖ਼ ਕਲਾਮੀ ਤੋਂ ਵਧ ਕੇ ਗਾਲੀ ਗਲੋਚ ਤੱਕ ਅੱਪੜ ਗਈ ਅਤੇ ਇਸ ਗੱਲ ਨੂੰ ਵਧਦੀ ਦੇਖ ਕੇ ਅਜੀਤ ਸਿੰਘ ਦੇ ਪਿਓ ਨੇ ਵਿਚ ਬਚਾ ਦੀ ਕੋਸ਼ਿਸ਼ ਵੀ ਕੀਤੀ, ਪਰ ਦੋਨੋਂ ਗੱਭਰੂਆਂ ਦਾ ਪਾਰਾ ਚੜ੍ਹਦਾ ਹੀ ਗਿਆ ਅਤੇ ਅੰਤ ਵਿਚ ਇਸ ਖਹਿਬੜਾ ਖਹਿਬੜੀ ਵਿਚ ਅਜੀਤ ਸਿੰਘ ਨੇ ਆਪਣੇ ਜੀਜੇ ਨੂੰ ਕਤਲ ਕਰ ਦਿੱਤਾ ਅਤੇ ਲਾਸ਼ ਇਸ ਸਫਾਈ ਨਾਲ ਠਿਕਾਣੇ ਲਗਾਈ ਕਿ ਕੋਈ ਖੁਰਾ ਖੋਜ ਨਾ ਲਾ ਸਕੇ।  

                   ਕਤਲ ਤੋਂ ਬਾਅਦ ਪੁਲਿਸ ਨੇ ਕੇਸ ਦਰਜ ਕਰ ਲਿਆ ਅਤੇ ਅਜੀਤ ਸਿੰਘ ਨੂੰ ਕਤਲ ਦੇ ਜੁਰਮ ਵਿਚ ਗ੍ਰਿਫਤਾਰ ਕਰ ਲਿਆ। ਉਸ ਨੂੰ ਪਹਿਲਾਂ ਫਗਵਾੜੇ ਜੇਲ੍ਹ ਵਿਚ ਰੱਖਿਆ ਗਿਆ। ਉਹਨਾਂ ਦਿਨਾਂ ਵਿਚ ਫਗਵਾੜੇ ਕੇਵਲ ਸਬ ਜੇਲ੍ਹ ਸੀ, ਪਰ ਜਦੋਂ ਮੁਕੱਦਮੇ ਦੀ ਸਮਾਇਤ ਸ਼ੁਰੂ ਹੋਈ ਤਾਂ ਮੁਲਜ਼ਮ ਨੂੰ ਜ਼ਿਲ੍ਹਾ ਜੇਲ੍ਹ ਕਪੂਰਥਲਾ ਵਿਚ ਤਬਦੀਲ ਕਰ ਦਿੱਤਾ ਗਿਆ ਕਿਉਂਕਿ ਕਤਲ ਕੇਸ ਦੀ ਸਮਾਇਤ ਸੈਸ਼ਨ ਦੀ ਅਦਾਲਤ ਵਿਚ ਹੋਣੀ ਸੀ ਅਤੇ ਸੈਸ਼ਨ ਜੱਜ ਕਪੂਰਥਲੇ ਬੈਠਦਾ ਸੀ।

                   ਭਾਵੇਂ ਸਰਕਾਰ ਵੱਲੋਂ ਮੁਕੱਦਮੇ ਦੀ ਪੈਰਵੀ ਸਰਕਾਰੀ ਵਕੀਲ ਨੇ ਕਰਨੀ ਸੀ, ਪਰ ਆਪਣੇ ਪੱਖ ਨੂੰ ਬਿਹਤਰ ਢੰਗ ਨਾਲ ਅਦਾਲਤ ਵਿਚ ਪੇਸ਼ ਕਰਨ ਲਈ ਮਕਤੂਲ ਦੇ ਵਾਰਸਾਂ ਨੇ ਦੀਵਾਨ ਪਿਆਰੇ ਲਾਲ ਨੂੰ ਵਕੀਲ ਕਰ ਲਿਆ। ਕੋਈ ਪੁਖ਼ਤਾ ਸਬੂਤ ਨਾ ਹੋਣ ਕਰਕੇ ਕੇਸ ਕਮਜ਼ੋਰ ਜਾਪਦਾ ਸੀ। ਇਸ ਲਈ ਸੈਸ਼ਨ ਜੱਜ ‘ਤੇ ਦਬਾਅ ਪੈਣ ਲੱਗਾ, ਪਰ ਕੇਸ ਨੂੰ ਵਿਚਾਰਨ ਤੋਂ ਬਾਅਦ ਸੈਸ਼ਨ ਜੱਜ ਨੇ ਕੁਝ ਨਾਂਹ-ਨੁੱਕਰ ਕਰਨੀ ਸ਼ੁਰੂ ਕਰ ਦਿੱਤੀ। ਇਸ ‘ਤੇ ਉਸ ਨੂੰ ਸ. ਪ੍ਰਤਾਪ ਸਿੰਘ ਕੈਰੋਂ ਨੇ ਅਜਿਹੀ ਧਮਕੀ ਦਿੱਤੀ ਕਿ ਉਸ ਨੂੰ ਆਪਣੀ ਜਾਨ ਦੇ ਲਾਲੇ ਪੈ ਗਏ।

                   ਇਹ ਸੈਸ਼ਨ ਜੱਜ ਆਪਣੀ ਕਪੂਰਥਲੇ ਨਿਯੁਕਤੀ ਤੋਂ ਪਹਿਲਾਂ ਦਿੱਲੀ ਵਿਖੇ ਸੈਸ਼ਨ ਜੱਜ ਸੀ। ਉਸ ਦੇ ਪਾਸ ਇਕ ਮੁਕੱਦਮਾ ਪੇਸ਼ ਹੋਇਆ ਜਿਹੜਾ ਕਿ ਫੂਡ ਐਡਲਟਰੇਸ਼ਨ ਐਕਟ ਅਧੀਨ ਦਾਇਰ ਹੋਇਆ ਸੀ। ਦਿੱਲੀ ਦੀ ਇਕ ਬਹੁਤ ਮਸ਼ਹੂਰ ਫਰਮ ਇਸ ਮੁਕੱਦਮੇ ਵਿਚ ਲਿਪਤ ਸੀ। ਜੇ ਇਸ ਫਰਮ ਵਿਰੁੱਧ ਲੱਗਾ ਦੋਸ਼ ਸਿੱਧ ਹੋ ਜਾਂਦਾ ਤਾਂ ਮਾਲਕਾਂ ਨੂੰ ਤਾਂ ਜੋ ਸਜ਼ਾ ਮਿਲਣੀ ਸੀ, ਉਹ ਤਾਂ ਵੱਖ ਸੀ ਪਰ ਂਇਸ ਦੇ ਨਾਲ ਹੀ ਇਸ ਫਰਮ ਦਾ ਕਰੋੜਾਂ ਰੁਪਏ ਦਾ ਕਾਰੋਬਾਰ ਵੀ ਤਬਾਹ ਹੋ ਜਾਣਾ ਸੀ। ਇਸ ਲਈ ਇਸ ਫਰਮ ਨੇ ਸੈਸ਼ਨ ਜੱਜ ਤੱਕ ਪਹੁੰਚ ਕੀਤੀ ਅਤੇ ਗਿਟ ਮਿਟ ਦੇ ਬਾਅਦ ਆਪਸ ਵਿਚ ਕੁਝ ਲੈ ਦੇ ਹੋ ਗਈ ਅਤੇ ਸੈਸ਼ਨ ਜੱਜ ਨੇ ਫੈਸਲਾ ਫਰਮ ਦੇ ਹੱਕ ਵਿਚ ਕਰਨ ਦਾ ਭਰੋਸਾ ਦੇ ਦਿੱਤਾ। ਪਰ ਹਾਲਤ ਦੀ ਸਿਤਮ ਜ਼ਰੀਫੀ ਦੇਖੋ ਕਿ ਜਿਸ ਤਾਰੀਖ ਨੂੰ ਕੇਸ ਦਾ ਫੈਸਲਾ ਹੋਣਾ ਸੀ ਉਸ ਤੋਂ ਪਹਿਲਾਂ ਹੀ ਸੈਸ਼ਨ ਜੱਜ ਦੀ ਕਪੂਰਥਲੇ ਬਦਲੀ ਹੋ ਗਈ। ਜਦੋਂ ਫਰਮ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹਨਾਂ ਸੈਸ਼ਨ ਜੱਜ ਤੱਕ ਫੇਰ ਪਹੁੰਚ ਕੀਤੀ ਅਤੇ ਗੱਲਬਾਤ ਦੇ ਬਾਅਦ ਸੈਸ਼ਨ ਜੱਜ ਨੇ ਇਕ ਰਸਤਾ ਲੱਭਿਆ। ਉਸ ਨੇ ਸਮਾਇਤ ਦੀ ਤਾਰੀਖ ਬਦਲ ਕੇ ਉਹ ਕਰ ਦਿੱਤੀ ਜੋ ਕਿ ਉਸ ਦੇ ਦਿੱਲੀ ਦਾ ਚਾਰਜ ਛੱਡਣ ਤੋਂ ਪਹਿਲਾਂ ਦੀ ਸੀ ਅਤੇ ਉਸ ਨਵ ਨਿਰਧਾਰਤ ਤਾਰੀਖ ਨੂੰ ਫੈਸਲਾ ਮੁੱਦਾ-ਅਲਿਹ ਦੇ ਹੱਕ ਵਿਚ ਕਰ ਦਿੱਤਾ, ਪਰ ਜਦੋਂ ਪਹਿਲਾਂ ਵਾਲੀ ਤਾਰੀਖ ਨੂੰ ਸਰਕਾਰੀ ਵਕੀਲ ਇਸਤਗਾਸੇ ਵਲੋਂ ਪੇਸ਼ ਹੋਇਆ ਤਾਂ ਉਸ ਨੂੰ ਦਿਨ ਭਰ ਇੰਤਜ਼ਾਰ ਕਰਨ ਤੋਂ ਬਾਅਦ ਪਤਾ ਲੱਗਾ ਕਿ ਮੁਕੱਦਮੇ ਦਾ ਫ਼ੈਸਲਾ ਤਾਂ ਪਹਿਲਾਂ ਹੀ ਹੋ ਚੁੱਕਾ ਹੈ ਅਤੇ ਮੁਲਜ਼ਮ ਬਰੀ ਵੀ ਹੋ ਗਿਆ ਹੈ। ਮਿਸਲ ਦੇ ਮੁਆਇਨੇ ਤੋਂ ਬਾਅਦ ਇਹ ਗੱਲ ਸਪੱਸ਼ਟ ਹੋ ਗਈ ਕਿ ਇਸਤਗਾਸੇ ਨੂੰ ਖ਼ਬਰ ਕੀਤੇ ਬਗੈਰ ਹੀ ਮੁਕੱਦਮੇ ਦੀ ਤਾਰੀਖ ਬਦਲੀ ਗਈ ਸੀ। ਇਸ ਤਰ੍ਹਾਂ ਇਹ ਮਾਮਲਾ ਚੌਕਸੀ ਵਿਭਾਗ ਦੇ ਸਪੁਰਦ ਹੋ ਗਿਆ ਅਤੇ ਸੈਸ਼ਨ ਵਿਰੁੱਧ ਭ੍ਰਿਸ਼ਟਾਚਾਰ ਦਾ ਸੰਗੀਨ ਮਾਮਲਾ ਬਣ ਗਿਆ।

                   ਪ੍ਰਤਾਪ ਸਿੰਘ ਕੈਰੋਂ ਨੇ ਸੈਸ਼ਨ ਜੱਜ ਨੂੰ ਕਿਹਾ ਕਿ ਜੇ ਇਸ ਕਤਲ ਦੇ ਮੁਕੱਦਮੇ ਵਿਚ ਕੋਈ ਪੁਖ਼ਤਾ ਸਬੂਤ ਨਹੀਂ ਹੈ ਤਾਂ ਤੇਰੇ ਵਿਰੁੱਧ ਉਕਤ ਮੁਕੱਦਮੇ ਸਬੰਧੀ ਤਾਂ ਸਰਕਾਰ ਪਾਸ ਪੁਖ਼ਤਾ ਸਬੂਤ ਹੈ। ਹੁਣ ਤੂੰ ਫੈਸਲਾ ਕਰ ਲੈ ਕਿ ਇਸ ਕਤਲ ਦੇ ਮੁਕੱਦਮੇ ਵਿਚ ਕੀ ਫ਼ੈਸਲਾ ਕਰਨਾ ਹੈ। ਸੈਸ਼ਨ ਜੱਜ ਦੀ ਜਾਨ ਕੁੜਿੱਕੀ ਵਿਚ ਫਸ ਗਈ। ਦੋਹਾਂ ਧਿਰਾਂ ਨੇ ਆਪਣੇ ਸਬੂਤ ਦਿੱਤੇ। ਬਹਿਸਾਂ ਹੋਈਆਂ ਅਤੇ ਫ਼ੈਸਲੇ ਵਾਲੇ ਦਿਨ ਸੈਸ਼ਨ ਜੱਜ ਨੇ ਅਜੀਤ ਸਿੰਘ ਨੂੰ ਕਤਲ ਦਾ ਜੁਰਮ ਸਿੱਧ ਹੋਣ ਦੇ ਦੋਸ਼ ਵਿਚ ਫਾਂਸੀ ਦੀ ਸਜ਼ਾ ਦੇ ਦਿੱਤੀ ਅਤੇ ਸਜ਼ਾ ਸੁਣਾ ਕੇ ਆਪਣੇ ਰੀਟਾਇਰਮੈਂਟ ਰੂਮ ਵਿਚ ਚਲਾ ਗਿਆ ਅਤੇ ਥੋੜ੍ਹੀ ਦੇਰ ਬਾਅਦ ਉਸ ਨੇ ਦੀਵਾਨ ਪਿਆਰੇ ਲਾਲ ਨੂੰ ਆਪਣੇ ਚੈਂਬਰ ਵਿਚ ਤਲਬ ਕੀਤਾ। ਜਦੋਂ ਦੀਵਾਨ ਪਿਆਰੇ ਲਾਲ ਚੈਂਬਰ ਵਿਚ ਗਿਆ ਤਾਂ ਸੈਸ਼ਨ ਜੱਜ ਨੇ ਚਹਿਕ ਕੇ ਕਿਹਾ, ”ਦੇਖੋ ਦੀਵਾਨ ਸਾਹਿਬ ਮੈਂ ਅੱਜ ਤੁਹਾਡੀ ਗੱਲ ਮੰਨ ਹੀ ਲਈ।” ਦੀਵਾਨ ਪਿਆਰੇ ਲਾਲ ਨੇ ਅੱਗੋਂ ਉੱਤਰ ਦਿੱਤਾ, ”ਜਨਾਬ ਮੈਂ ਤੁਹਾਡਾ ਬਹੁਤ ਸ਼ੁਕਰ ਗੁਜ਼ਾਰ ਹਾਂ ਕਿ ਤੁਸੀਂ ਮੇਰੀ ਗੱਲ ਮੰਨ ਲਈ ਪਰ ਤੁਸੀਂ ਕੰਮ ਬਹੁਤ ਗਲਤ ਕੀਤਾ ਹੈ। ਮੁਲਜ਼ਮ ਦੇ ਖ਼ਿਲਾਫ਼ ਤਾਂ ਕੋਈ ਸਬੂਤ ਹੀ ਨਹੀਂ ਸੀ। ਤੁਸੀਂ ਉਸ ਨੂੰ ਫਾਂਸੀ ਦੀ ਸਜ਼ਾ ਕਿਸ ਅਧਾਰ ‘ਤੇ ਦੇ ਦਿੱਤੀ? ਮੈਂ ਤਾਂ ਇਸਤਗਾਸੇ ਵਲੋਂ ਆਪਣਾ ਫ਼ਰਜ਼ ਪੂਰਾ ਕਰਨਾ ਹੀ ਸੀ ਪਰ ਪ੍ਰਸਤੁਤ ਸਬੂਤਾਂ ਨੂੰ ਤੁਸੀਂ ਘੋਖਣਾ-ਪਰਖਣਾ ਸੀ।” ਇਹ ਸੁਣ ਕੇ ਸੈਸ਼ਨ ਜੱਜ ਸੋਚੀਂ ਪੈ ਗਿਆ। ਸੈਸ਼ਨ ਜੱਜ ਉਂਝ ਬੜਾ ਲਾਇਕ ਸੀ। ਉਸ ਨੇ ਆਉਣ ਵਾਲੇ ਖ਼ਤਰੇ ਨੂੰ ਭਾਂਪਦਿਆਂ ਹੋਇਆਂ ਬੜੀ ਸਮਝਦਾਰੀ ਨਾਲ ਇਕ ਬੜਾ ਵਿਸਤ੍ਰਿਤ ਫ਼ੈਸਲਾ ਲਿਖਿਆ ਅਤੇ ਪੂਰਾ ਜ਼ੋਰ ਲਗਾ ਕੇ ਵਕੀਲ ਸਫਾਈ ਦੇ ਸਾਰੇ ਸਬੂਤ ਅਤੇ ਦਲੀਲਾਂ ਰੱਦ ਕਰ ਦਿੱਤੀਆਂ।

                   ਫਾਂਸੀ ਦੀ ਸਜ਼ਾ ਵਾਲਾ ਹਰ ਮੁਕੱਦਮਾ ਸੈਸ਼ਨ ਦੇ ਫ਼ੈਸਲੇ ਦੀ ਪੁਸ਼ਟੀ ਲਈ ਹਾਈਕੋਰਟ ਵਿਚ ਜਾਂਦਾ ਹੈ। ਜਦੋਂ ਮੁਕੱਦਮਾ ਹਾਈਕੋਰਟ ਵਿਚ ਸੈਸ਼ਨ ਦੇ ਫ਼ੈਸਲੇ ਦੀ ਪੁਸ਼ਟੀ ਲਈ ਪੇਸ਼ ਹੋਇਆ ਤਾਂ ਓਥੇ ਵੀ ਕੇਰੋਂ ਦਾ ਜਾਦੂ ਚੱਲ ਗਿਆ ਅਤੇ ਸੈਸ਼ਨ ਦੇ ਫ਼ੈਸਲੇ ਦੀ ਪੁਸ਼ਟੀ ਹੋ ਗਈ।

                   ਮੁਲਜ਼ਮ ਨੇ ਇਸ ਫ਼ੈਸਲੇ ਵਿਰੁੱਧ ਸੁਪਰੀਮ ਕੋਰਟ ਵਿਚ ਅਪੀਲ ਦਾਇਰ ਕਰ ਦਿੱਤੀ ਅਤੇ ਉਸ ਜ਼ਮਾਨੇ ਦਾ ਫੌਜਦਾਰੀ ਮਾਮਲਿਆਂ ਦਾ ਸਭ ਤੋਂ ਮਸ਼ਹੂਰ ਵਕੀਲ ਐਨ. ਸੀ. ਚੈਟਰਜੀ ਆਪਣਾ ਵਕੀਲ ਥਾਪਿਆ। ਚੈਟਰਜੀ ਨੇ ਸਾਰੀ ਮਿਸਲ ਦਾ ਮੁਆਇਨਾ ਕਰਨ ਤੋਂ ਬਾਅਦ ਕਿਹਾ ਕਿ ਇਹ ਬੜਾ ਅਜੀਬ ਕੇਸ ਹੈ। ਮੁਲਜ਼ਮ ਵਿਰੁੱਧ ਕੋਈ ਸਬੂਤ ਨਹੀਂ ਸੀ। ਫੇਰ ਵੀ ਉਸ ਨੂੰ ਸਜ਼ਾ ਹੋ ਗਈ ਹੈ। ਜਦੋਂ ਮਾਮਲਾ ਸੁਪਰੀਮ ਕੋਰਟ ਸਾਹਮਣੇ ਪੇਸ਼ ਹੋਇਆ ਤਾਂ ਚੈਟਰਜੀ ਨੇ ਕਿਹਾ, ”ਮਾਈ ਲਾਰਡ ਮੁਲਜ਼ਮ ਵਿਰੁੱਧ ਕੋਈ ਸਬੂਤ ਨਹੀਂ ਸੀ ਪਰ ਫੇਰ ਵੀ ਉਸ ਨੂੰ ਫਾਂਸੀ ਦੀ ਸਜ਼ਾ ਹੋ ਗਈ ਹੈ। ਮੈਂ ਤੁਹਾਡੇ ਸਨਮੁਖ ਇਸ ਕੇਸ ਦੇ ਅਸਲ ਵਾਕਿਆਤ ਰੱਖਣਾ ਚਾਹੁੰਦਾ ਹਾਂ।” ਸੁਪਰੀਮ ਕੋਰਟ ਦੇ ਜੱਜਾਂ ਨੇ ਕਿਹਾ, ”ਮਿਸਟਰ ਚੈਟਰਜੀ ਅਸੀਂ ਤੁਹਾਡੀ ਦਲੀਲ ਸੁਣ ਕੇ ਬੜੇ ਹੈਰਾਨ ਹਾਂ। ਤੁਹਾਨੂੰ ਪਤਾ ਹੀ ਹੈ ਕਿ ਇਸ ਅਦਾਲਤ ਵਿਚ ਫੈਸਲਾ ਇਸ ਅਧਾਰ ‘ਤੇ ਹੁੰਦਾ ਹੈ ਕਿ ਕੀ ਕਾਨੂੰਨ ਦੀ ਵਿਆਖਿਆ ਜਾਂ ਉਸ ਦੀ ਪ੍ਰਾਸੰਗਕਤਾ ਵਿਚ ਤਾਂ ਕੋਈ ਤਰੁੱਟੀ ਨਹੀਂ ਰਹਿ ਗਈ? ਜਿੱਥੋਂ ਤੱਕ ਤੱਥਾਂ ਦਾ ਸਵਾਲ ਹੈ, ਇਹ ਮਾਮਲਾ ਤਾਂ ਪਹਿਲਾਂ ਸੈਸ਼ਨ ਦੀ ਅਦਾਲਤ ਵਿਚ ਘੋਖਿਆ ਗਿਆ ਤੇ ਫੇਰ ਹਾਈਕੋਰਟ ਨੇ ਇਹਨਾਂ ਦੀ ਪੁਣ-ਛਾਣ ਕੀਤੀ। ਹੁਣ ਇਹ ਅਦਾਲਤ ਤੱਥਾਂ ਦੇ ਗੁਣ ਦੋਸ਼ ਨੂੰ ਅਧਾਰ ਬਣਾ ਕੇ ਇਸ ਮੁਕੱਦਮੇ ਦੀ ਸੁਣਵਾਈ ਨਹੀਂ ਕਰ ਸਕਦੀ। ਇਹ ਤੈਅ ਸ਼ੁਦਾ ਕਾਨੂੰਨ ਹੈ। ਤੁਸੀਂ ਇਸ ਅਦਾਲਤ ਦਾ ਸਮਾਂ ਤੱਥਾਂ ਨੂੰ ਦੁਹਰਾ ਕੇ ਐਵੇਂ ਜ਼ਾਇਆ ਕਰ ਰਹੇ ਹੋ।” ਚੈਟਰਜੀ ਨੇ ਕਿਹਾ, ”ਮਾਈ ਲਾਰਡ, ਮੈਂ ਤੱਥਾਂ ਨੂੰ ਇਸ ਕਰਕੇ ਤੁਹਾਡੇ ਗੋਸ਼ ਗੁਜ਼ਾਰ ਕਰਨਾ ਚਾਹੁੰਦਾ ਹਾਂ, ਕਿਉਂਕਿ ਇਸ ਬਿਰਤਾਂਤ ਵਿਚੋਂ ਹੀ ਕਾਨੂੰਨ ਦੀ ਘੋਰ ਉਲੰਘਣਾ ਦਾ ਮਾਮਲਾ ਤੁਹਾਡੇ ਸਾਹਮਣੇ ਆਵੇਗਾ।” ਜੱਜਾਂ ਨੇ ਥੋੜ੍ਹੀ ਦੇਰ ਤੱਥਾਂ ਦਾ ਵਰਨਣ ਸੁਣਨ ਤੋਂ ਬਾਅਦ ਕਿਹਾ, ”ਮਿਸਟਰ ਚੈਟਰਜੀ, ਤੁਸੀਂ ਫੇਰ ਤੈਅ ਸ਼ੁਦਾ ਕਾਨੂੰਨ ਦੀ ਅਣਦੇਖੀ ਕਰ ਰਹੇ ਹੋ। ਅਸੀਂ ਇਸ ਪੜਾਓ ‘ਤੇ ਤੱਥਾਂ ਵਿਚ ਨਹੀਂ ਜਾ ਸਕਦੇ। ਤੁਸੀਂ ਅਦਾਲਤ ਦਾ ਵਡਮੁੱਲਾ ਸਮਾਂ ਬਰਬਾਦ ਕਰ ਰਹੇ ਹੋ।” ਇਹ ਪ੍ਰੇਖਣ ਦੇਖਣਾ ਕਰਕੇ ਸੁਪਰੀਮ ਕੋਰਟ ਨੇ ਅਪੀਲ ਖ਼ਾਰਜ ਕਰ ਦਿੱਤੀ।

                   ਇਸ ਤਰ੍ਹਾਂ ਫਾਂਸੀ ਦੀ ਸਜ਼ਾ ਪੱਕੀ ਹੋ ਗਈ। ਉਹਨਾਂ ਦਿਨਾਂ ਵਿਚ ਕਪੂਰਥਲੇ ਜੇਲ੍ਹ ਵਿਚ ਫਾਂਸੀ ਦੇਣ ਦਾ ਕੋਈ ਪ੍ਰਬੰਧ ਨਹੀਂ ਸੀ। ਇਸ ਲਈ ਫਾਂਸੀ ਦੇਣ ਲਈ, ਮੁਲਜ਼ਮ ਨੂੰ ਜਲੰਧਰ ਜੇਲ੍ਹ ਵਿਚ ਤਬਦੀਲ ਕਰ ਦਿੱਤਾ ਗਿਆ ਅਤੇ ਜਲੰਧਰ ਜੇਲ੍ਹ ਵਿਚ ਹੀ ਉਸ ਨੂੰ ਫਾਂਸੀ ਹੋ ਗਈ। ਫਾਂਸੀ ਤੋਂ ਪਹਿਲਾਂ ਹਰ ਇਕ ਮੁਲਜ਼ਮ ਨੂੰ ਉਸ ਦੀ ਆਖ਼ਰੀ ਖਾਹਿਸ਼ ਪੁੱਛੀ ਜਾਂਦੀ ਹੈ ਅਤੇ ਜੇ ਉਸ ਦੀ ਕਿਸੇ ਸਾਕ ਸਬੰਧੀ ਨਾਲ ਮੁਲਾਕਾਤ ਦੀ ਇੱਛਾ ਹੋਵੇ ਤਾਂ ਉਹ ਵੀ ਪੂਰੀ ਕੀਤੀ ਜਾਂਦੀ ਹੈ।

                   ਅਜੀਤ ਸਿੰਘ ਦਾ ਇਕ ਬਹੁਤ ਪੱਕਾ ਆੜੀ ਸੀ, ਸੁੱਚਾ ਸਿੰਘ। ਦੋਨੋਂ ਹੀ ਪੰਜਾਬ ਦੇ ਸਿਆਸੀ ਨੇਤਾਵਾਂ ਨਾਲ ਨਿਕਟ ਸਬੰਧ ਰੱਖਦੇ ਸਨ ਅਤੇ ਚੰਗੇ ਮਾੜੇ ਕੰਮ ਵੀ ਇਕ ਦੂਜੇ ਦੀ ਸਹਾਇਤਾ ਨਾਲ ਕਰਦੇ ਸਨ। ਅਜੀਤ ਸਿੰਘ ਨੇ ਫਾਂਸੀ ਲੱਗਣ ਤੋਂ ਪਹਿਲਾਂ ਸੁੱਚਾ ਸਿੰਘ ਨਾਲ ਮਿਲਣ ਦੀ ਖਾਹਿਸ਼ ਜ਼ਾਹਿਰ ਕੀਤੀ ਅਤੇ ਜਦੋਂ ਸੁੱਚਾ ਸਿੰਘ ਨਾਲ ਉਸ ਦੀ ਆਖ਼ਰੀ ਮੁਲਾਕਾਤ ਹੋਈ ਤਾਂ ਉਸ ਨੇ ਕਿਹਾ ਕਿ, ”ਸੁੱਚਿਆ, ਜੇ ਤੂੰ ਮੇਰਾ ਯਾਰ ਹੈਂ ਤਾਂ ਮੈਨੂੰ ਇਕ ਵਚਨ ਦੇਹ, ਕਿ ਮੇਰੇ ਕਤਲ ਦਾ ਤੂੰ ਜ਼ਰੂਰ ਬਦਲਾ ਲਵੇਂਗਾ। ਮੇਰੇ  ਖ਼ਿਲਾਫ਼ ਕੋਈ ਸਬੂਤ ਨਹੀਂ ਸੀ ਅਤੇ ਜੇ ਮੈਂ ਫਾਂਸੀ ਲੱਗਾ ਹਾਂ ਤਾਂ ਇਹ ਕੈਰੋਂ ਦੀ ਮਿਹਰਬਾਨੀ ਹੈ।” ਸੁੱਚੇ ਨੇ ਅੱਗੋਂ ਕਿਹਾ, ”ਅਜੀਤ ਜੇ ਮੈਂ ਆਪਣੇ ਪਿਓ ਦਾ ਪੁੱਤ ਹਾਂ ਤਾਂ ਮੈਂ ਜ਼ਰੂਰ ਬਦਲਾ ਲਵਾਂਗਾ। ਇਹ ਮੇਰਾ ਤੇਰੇ ਨਾਲ ਵਚਨ ਰਿਹਾ।” ਇਹ ਕਹਿ ਕੇ ਦੋਨੋਂ ਦੋਸਤ ਬਗਲਗੀਰ ਹੋਏ ਅਤੇ ਭਰੀਆਂ ਅੱਖਾਂ ਨਾਲ ਇਕ ਦੂਜੇ ਤੋਂ ਜੁਦਾ ਹੋ ਗਏ ਅਤੇ ਅਜੀਤ ਸਿੰਘ ਨੂੰ ਫਾਂਸੀ ਹੋ ਗਈ। ਦੀਵਾਨ ਪਿਆਰੇ ਨਾਲ ਨੇ ਇਹ ਕਹਾਣੀ ਸੁਣਾ ਕੇ ਸਭ ਨੂੰ ਸੁੰਨ ਕਰ ਦਿੱਤਾ।

                   ਮੈਂ ਉਹਨਾਂ ਦਿਨਾਂ ਵਿਚ ਕਪੂਰਥਲੇ ਜੇਲ੍ਹ ਦਾ ਜੇਲ੍ਹ ਸੁਪਰਡੈਂਟ ਵੀ ਸੀ। ਮੈਂ ਲੁਧਿਆਣੇ ਤੋਂ ਪਰਤਣ ਬਾਅਦ ਕਪੂੁਰਥਲੇ ਜੇਲ੍ਹ ਗਿਆ ਅਤੇ ਡਿਪਟੀ ਸੁਪਰਡੈਂਟ ਜੇਲ੍ਹ ਨਾਲ ਇਸ ਸਬੰਧੀ ਗੱਲਬਾਤ ਕੀਤੀ। ਉਸ ਨੇ ਸਾਰੇ ਵਾਕਿਆਤ ਦੀ ਪੁਸ਼ਟੀ ਕੀਤੀ। ਉਸ ਨੇ ਕਿਹਾ, ”ਜੀ ਅਜੀਤ ਸਿੰਘ ਬੜਾ ਦਿਲਦਾਰ ਅਤੇ ਹੌਸਲੇ ਵਾਲਾ ਬੰਦਾ ਸੀ ਅਤੇ ਉਸ ਨੂੰ ਮੁਕੱਦਮੇ ਦੀ ਸਮਾਇਤ ਦੌਰਾਨ ਜ਼ਰਾ ਵੀ ਫਿਕਰ ਨਹੀਂ ਸੀ ਕਿ ਉਸ ਨੂੰ ਸਜ਼ਾ ਹੋ ਜਾਵੇਗੀ, ਪਰ ਜਿਸ ਦਿਨ ਉੁਸ ਨੂੰ ਸਜ਼ਾ ਹੋ ਗਈ ਤਾਂ ਉਸ ਨੇ ਮੈਨੂੰ ਕਿਹਾ, ”ਦੇਖੋ ਮੈਨੂੰ ਕੈਰੋਂ ਨੇ ਸਜ਼ਾ ਦਿਵਾਈ ਹੈ। ਮੈਨੂੰ ਜੇ ਪਤਾ ਹੁੰਦਾ ਕਿ ਮੈਨੂੰ ਫਾਂਸੀ ਦੀ ਸਜ਼ਾ ਹੋ ਜਾਣੀ ਹੈ ਤਾਂ ਮੈਂ ਬੜੀ ਆਸਾਨੀ ਨਾਲ ਫਗਵਾੜੇ ਜੇਲ੍ਹ ਵਿਚੋਂ ਹੀ ਫਰਾਰ ਹੋ ਸਕਦਾ ਸੀ ਅਤੇ ਮੈਨੂੰ ਕੋਈ ਮਾਈ ਦਾ ਲਾਲ ਮੁੜ ਕੇ ਢੂੁੰਡ ਨਹੀਂ ਸਕਦਾ ਸੀ। ਅੱਛਾ ਮੈਂ ਵੀ ਇਸ ਦਾ ਮਜ਼ਾ ਚਖਾਏ ਬਗੈਰ ਇਸ ਜਹਾਨ ਤੋਂ ਨਹੀਂ ਜਾਣ ਲੱਗਾ।” ਮੈਂ ਪੁੱਛਿਆ, ”ਜਦੋਂ ਅਜੀਤ ਸਿੰਘ ਨੂੰ ਫਾਂਸੀ ਹੋਈ,  ਕੀ ਤੁਸੀਂ ਉੱਥੇ ਮੌਜੂਦ ਸੀ?” ਉਸ ਨੇ ਕਿਹਾ, ”ਹਾਂ ਜੀ ਅਸੀਂ ਉਸ ਨੂੰ ਜਲੰਧਰ ਜੇਲ੍ਹ ਲੈ ਕੇ ਗਏ ਸੀ ਅਤੇ ਸੁੱਚੇ ਦੀ ਮੁਲਾਕਾਤ ਵਾਲੀ ਕਹਾਣੀ ਸੱਚੀ ਹੈ।” ਫੇਰ ਉਸ ਨੇ ਕਿਹਾ, ”ਜੀ ਅਜੀਤ ਸਿੰਘ ਦਾ ਬੜਾ ਵੱਡੇ ਬੰਦਿਆਂ ਨਾਲ ਮੂੰਹ ਮੁਲਾਹਜ਼ਾ ਸੀ। ਜਿੰਨੀ ਦੇਰ ਉਹ ਜੇਲ੍ਹ ਵਿਚ ਰਿਹਾ, ਦੂਜੇ-ਤੀਜੇ ਕੋਈ ਨਾ ਕੋਈ ਲੀਡਰ ਉਸ ਨੂੰ ਮਿਲਣ ਆਇਆ ਹੀ ਰਹਿੰਦਾ ਸੀ।” ਜਦੋਂ ਜੇਲ੍ਹ ਵਿਚ ਮੁਲਜ਼ਮ ਨੂੰ ਕੋਈ ਬਾਹਰਲਾ ਬੰਦਾ ਮਿਲਣ ਆਉਂਦਾ ਹੈ ਤਾਂ ਇਕ ਰਜਿਸਟਰ ਵਿਚ ਉਸ ਦਾ ਨਾਂ ਪਤਾ ਦਰਜ ਹੁੰਦਾ ਹੈ। ਮੈਂ ਡਿਪਟੀ ਸੁਪਰਡੈਂਟ ਨੂੰ ਉਸ ਵੇਲੇ ਦਾ ਜੇਲ੍ਹ ਦੀ ਮੁਲਾਕਾਤ ਦਾ ਰਜਿਸਟਰ ਲਿਆਉਣ ਲਈ ਕਿਹਾ। ਮੈਂ ਦੇਖਿਆ ਕਿ ਉਸ ਦੀ ਗੱਲ ਵਿਚ ਵਜ਼ਨ ਸੀ। ਅਜੀਤ ਸਿੰਘ ਨੂੰ ਵਾਕਈ ਪੰਜਾਬ ਦੇ ਕਈ ਨੇਤਾ ਮਿਲਣ ਆਏ ਸਨ। ਪਰ ਮੈਨੂੰ ਇਹ ਦੇਖ ਕੇ ਬਹੁਤ ਹੈਰਾਨੀ ਹੋਈ ਕਿ ਉਸਦੇ ਮੁਲਾਕਾਤੀਆਂ ਵਿਚ ਸ. ਹੁਕਮ ਸਿੰਘ ਦਾ ਨਾਂ ਵੀ ਸ਼ਾਮਲ ਸੀ, ਜੋ ਕਿ ਲੋਕ ਸਭਾ ਦੇ ਸਪੀਕਰ ਸਨ।

                   6-2-65 ਨੂੰ ਜਦੋਂ ਪ੍ਰਤਾਪ ਸਿੰਘ ਕੈਰੋਂ ਦੇ ਕਤਲ ਦੀ ਖ਼ਬਰ ਨਸ਼ਰ ਹੋਈ ਤਾਂ ਮੈਂ ਹੈਰਾਨ ਰਹਿ ਗਿਆ ਅਤੇ ਦੀਵਾਨ ਪਿਆਰੇ ਲਾਲ ਅਤੇ ਡਿਪਟੀ ਸੁਪਰਡੈਂਟ ਜੇਲ੍ਹ ਕਪੂਰਥਲਾ ਵਲੋਂ ਦੱਸੀਆਂ ਸਾਰੀਆਂ ਗੱਲਾਂ ਇਕ ਵਾਰ ਫੇਰ ਮੇਰੇ ਜ਼ਿਹਨ ਵਿਚ ਉੱਭਰ ਆਈਆਂ। ਦਿੱਲੀ ਤੋਂ ਵਾਪਸ ਆਉਂਦਿਆਂ ਜੀ. ਟੀ. ਰੋਡ ‘ਤੇ ਰਸੋਈ ਪਿੰਡ ਲਾਗੇ ਕੈਰੋਂ ਦਾ ਸੁੱਚਾ ਸਿੰਘ ਹੱਥੋਂ ਕਤਲ ਹੋਇਆ ਸੀ। ਕਤਲ ਤੋਂ ਪਹਿਲਾਂ ਸੁੱਚਾ ਸਿੰਘ ਆਪਣੇ ਸ਼ਿਕਾਰ ਦੀ ਤਾਕ ਵਿਚ ਆਪਣੇ ਸਾਥੀਆਂ ਨਾਲ ਇਕ ਦਰਖਤ ਦੀ ਛਾਵੇਂ ਮੰਜੀ ਡਾਹ ਕੇ ਬੈਠਾ ਸੀ। ਕਿਸੇ ਰਾਹ ਗੀਰ ਨੇ ਪੁੱਛਿਆ, ”ਸਰਦਾਰ ਜੀ ਕਿਸ ਨੂੰ ਉਡੀਕ ਰਹੋ ਹੋ?” ਤਾਂ ਉਸ ਨੇ ਜਵਾਬ ਦਿੱਤਾ, ”ਹਲਕਾਏ ਕੁੱਤੇ ਨੂੰ ਮਾਰਨ ਲਈ ਬੈਠੇ ਹਾਂ।” ਜਦੋਂ ਕੈਰੋਂ ਦੀ ਕਾਰ ਆਉਂਦੀ ਦਿਸੀ ਤਾਂ ਸੁੱਚਾ ਸਿੰਘ ਨੇ ਆਪਣੇ ਸਾਥੀਆਂ ਨਾਲ ਲੁਕ ਦਾ ਇਕ ਡਰੱਮ ਸੜਕ ‘ਤੇ ਰੇੜ੍ਹ ਕੇ ਰਸਤਾ ਰੋਕ ਲਿਆ ਅਤੇ ਕਾਰ ਖੜ੍ਹੀ ਹੋ ਗਈ। ਸੁੱਚਾ ਸਿੰਘ ਦੀ ਪ੍ਰਤਾਪ ਸਿੰਘ ਕੈਰੋਂ ਨਾਲ ਵੀ ਜਾਣ-ਪਛਾਣ ਸੀ। ਉਸ ਨੂੰ ਦੇਖਦੇ ਸਾਰ ਕੈਰੋਂ ਨੇ ਕਿਹਾ, ”ਸੁੱਚਾ ਬੱਚੜੀ ਤੂੰ ਕਿੱਥੇ?” ਸੁੱਚਾ ਸਿੰਘ ਨੇ ਅੱਗੇ ਵਧ ਕੇ ਤਿੰਨ ਗੋਲੀਆਂ ਉੱਪਰੋਂ ਥਲੀ ਚਲਾ ਕੇ ਸਾਰੇ ਕਾਰ ਸਵਾਰਾਂ ਨੂੰ ਢੇਰ ਕਰ ਦਿੱਤਾ।

                   1961 ਵਿਚ ਮੇਰੀ ਤਾਇਨਾਤੀ ਜਲੰਧਰ ਵਿਖੇ ਸੀ ਅਤੇ ਸ਼ਿਕਾਇਤ ਨਿਵਾਰਨ ਕਮੇਟੀ ਦੀ ਪਹਿਲੀ ਮੀਟਿੰਗ ਜਲੰਧਰ ਜ਼ਿਲ੍ਹੇ ਤੋਂ ਹੀ ਸ਼ੁਰੂ ਹੋਈ ਸੀ। ਇਕ ਮੀਟਿੰਗ ਵਿਚ ਸ. ਪ੍ਰਤਾਪ ਸਿੰਘ ਕੈਰੋਂ ਨੇ ਕਿਹਾ, ”ਅੰਮ੍ਰਿਤਸਰ ਜ਼ਿਲ੍ਹੇ ਵਿਚ ਭਲਮਣਸਊ ਨਾਲ ਕੰਮ ਨਹੀਂ ਚੱਲਦਾ। ਮੈਂ ਜਦੋਂ ਪਹਿਲੀ ਇਲੈਕਸ਼ਨ ਲੜੀ ਤਾਂ ਮੈਂ ਜਿੱਥੇ ਜਾਵਾਂ ਮੇਰੇ ਹਮਾਇਤੀਆਂ ਨੂੰ ਕੁਝ ਬਦਮਾਸ਼ਾਂ ਦਾ ਡੁਰਲੀ ਜਥਾ ਘੂਰ ਕੇ ਭਜਾ ਦਿਆ ਕਰੇ। ਪਰ ਅਗਲੀ ਵਾਰੀ ਮੈਂ ਵੀ ਕੁਝ ਅਜਿਹੇ ਬੰਦੇ ਆਪਣੇ ਨਾਲ ਜੋੜ ਲਏ ਅਤੇ ਫੇਰ ਕਿਸੇ ਨੂੰ ਕੁਸਕਣ ਨਾ ਦਿੱਤਾ।” ਅੱਜ ਕੱਲ੍ਹ ਸਿਆਸੀ ਲੀਡਰਾਂ ਅਤੇ ਅਪਰਾਧੀਆਂ ਦੇ ਗਠਜੋੜ ਦੀ ਬੜੀ ਚਰਚਾ ਛਿੜੀ ਰਹਿੰਦੀ ਹੈ। ਪਰ ਇਹ ਬਿਮਾਰੀ ਤਾਂ ਬਹੁਤ ਪੁਰਾਣੀ ਹੈ ਅਤੇ ਇਸੇ ਬਿਮਾਰੀ ਕਾਰਨ ਸੁੱਚਾ ਸਿੰਘ ਦੀ ਪ੍ਰਤਾਪ ਸਿੰਘ ਕੈਰੋਂ ਨਾਲ ਜਾਣ ਪਛਾਣ ਸੀ ਅਤੇ ਇਸ ਬੀਮਾਰੀ ਨੇ ਹੀ ਪ੍ਰਤਾਪ ਸਿੰਘ ਕੈਰੋਂ ਦੀ ਅੰਤ ਵਿਚ ਜਾਨ ਲੈ ਲਈ।

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!