ਪਰਸ ਰਾਮ ਦਾ ਕੁਹਾੜਾ – ਅਮਰਜੀਤ ਚੰਦਨ

Date:

Share post:

Do not judge us too harsh. -Brecht-

He who invokes history is always secure

The dead will not rise to witness against him.

You can accuse them of any deeds you like

Their reply will always be silence.

-Czeslaw Miloz (Polish Nobel Laureate)

ਪਿਛਲੇ ਕੁਝ ਸਾਲਾਂ ਤੋਂ ਪੰਜਾਬ ਵਿਚ 1970ਆਂ ਚ ਚੱਲੀ ਆਤਮਘਾਤੀ ਖੱਬੀ-ਅੱਤਵਾਦੀ ਮਾਓਵਾਦੀ ਨਕਸਲੀ ਲਹਿਰ ਦੀਆਂ ਯਾਦਾਂ ਦੀਆਂ ਕਿਤਾਬਾਂ ਛਪਣ ਲੱਗੀਆਂ ਹਨ। ਇਸ ਤੋਂ ਪਹਿਲਾਂ ਨਾਵਲ ਛਪੇ ਸੀ; ਉਸ ਤੋਂ ਪਹਿਲਾਂ ਕਵਿਤਾ ਆਮ ਸੀ। ਇਤਿਹਾਸ ਦੀ ਲੜੀ ਇੰਜ ਹੀ ਤੁਰਦੀ ਹੈ।

ਮੇਰੇ ਸੱਜਣ ਮੈਨੂੰ ਕਈ ਸਾਲਾਂ ਤੋਂ ਕਹਿੰਦੇ ਹਨ ਕਿ ਮੈਂ ਨਕਸਲੀ ਲਹਿਰ ਦੀਆਂ ਯਾਦਾਂ ਲਿਖਾਂ। ਇਹਦੀ ਅਹਿਮੀਅਤ ਜਾਣਦਿਆਂ ਵੀ, ਆਪ ਜਾ-ਜਾ ਕੇ ਹੋਰਨਾਂ ਤੋਂ ਇਹੀ ਕੰਮ ਕਰਵਾਉਣ ਵਾਲ਼ਾ ਮੈਂ ਆਪ ਸਦਾ ਹੀ ਲਿਖਣੋਂ ਝਿਜਕਦਾ ਰਿਹਾ ਹਾਂ। ਕਿਉਂਕਿ ਮੇਰਾ ਤਜਰਬਾ ਕੋਈ ਬਹੁਤਾ ਨਹੀਂ ਹੈ ਤੇ ਜਿੰਨਾ ਵੀ ਹੈ, ਉਹ ਸ਼ਹੀਦਾਂ ਦਾ ਨਾਂ ਲੈ-ਲੈ ਕੇ ਕਮਾਈ ਕਰਨ ਵਾਲ਼ਿਆਂ ਨੂੰ ਵਾਰਾ ਨਹੀਂ ਖਾਣਾ। ਇਤਿਹਾਸ ਦੇ ਨਾਂ ‘ਤੇ ਲਿਖੀਆਂ ਸਾਖੀਆਂ ਛਾਣਨੇ ਲਾ ਕੇ ਪੜ੍ਹਨੀਆਂ ਪੈਂਦੀਆਂ ਹਨ। ਅੱਤਕਥਨੀ, ਝੂਠ ਤੇ ਗੱਪ ਦੀ ਵੀ ਕੋਈ ਹੱਦ ਹੁੰਦੀ ਹੈ।

ਅੱਜ ਮੈਂ ਬੂਝਾ ਸਿੰਘ ਦੇ ਦੋਹਤੇ ਮੱਖਣ ਸਿੰਘ ਜੌਹਲ ਦੇ ਆਖਣ ‘ਤੇ ਕੁਝ ਲਿਖਣ ਲੱਗਾ ਹਾਂ। ਮੇਰੇ ਕੋਲ਼ ਸੁਣਾਉਣ ਨੂੰ ਕੋਈ ਸਾਖੀ ਨਹੀਂ। ਜੋ ਜਾਣਿਆ, ਉਹ ਮੈਂ ਅਪਣੇ ਦਿਲ ‘ਤੇ ਹੱਥ ਰਖ ਕੇ ਲਿਖਣ ਲੱਗਾ ਹਾਂ। ਬੂਝਾ ਸਿੰਘ ਦੇ ਬਹਾਨੇ ਨਕਸਲੀ ਲਹਿਰ ਦਾ ਖ਼ੁਲਾਸਾ ਕਰਨ ਲੱਗਾ ਹਾਂ। ਮੈਂ ਕੋਈ ਸੁੱਥਰਾ ਭਲਾਮਾਣਸ ਨਹੀਂ। ਇਸ ਲਹਿਰ ਦਾ ਮੈਂ ਵੀ ਬਰਾਬਰ ਦਾ ਭਾਗੀ ਹਾਂ। ਮੈਨੂੰ ਇਹਦਾ ਪਛਤਾਵਾ ਹੈ। ਅਪਣੀਆਂ ਜਾਨਾਂ ਵਾਰਨ ਵਾਲ਼ੇ ਮੈਨੂੰ ਮੇਰੇ ਸਕਿਆਂ ਨਾਲ਼ੋਂ ਵੀ ਵਧ ਕੇ ਹਨ। ਮੇਰਾ ਲਿਖਣਾ ਉਨ੍ਹਾਂ ਦੀ ਕੁਰਬਾਨੀ ਦੀ ਹੇਠੀ ਕਰਨਾ ਕਤੱਈ ਨਹੀਂ। ਮੈਨੂੰ ਆਉਣ ਵਾਲ਼ੀਆਂ ਪੀੜ੍ਹੀਆਂ ਦੀ ਚਿੰਤਾ ਹੈ।

 ਇਹ ਲਿਖਦਿਆਂ ਪੋਲੈਂਡ ਦੇ ਕਵੀ ਚੈਸਵਾਫ਼ ਮਿਵੋਸ਼ ਦੀ ਕਵਿਤਾ ਦਾ ਬੰਦ ਮੇਰੇ ਮਨ ਵਿਚ ਪਿਛੋਕੇ ਚ ਵੱਜਦੇ ਸੰਗੀਤ ਵਾਂਙ ਬੋਲਦਾ ਰਹਿਣਾ ਹੈ ਕਿ ਇਤਿਹਾਸ ਦੀਆਂ ਗੱਲਾਂ ਕਰਨ ਵਾਲ਼ੇ ਦਾ ਕਦੇ ਕੁਝ ਨਹੀਂ ਵਿਗੜਦਾ। ਮੋਇਆਂ ਨੇ ਕਿਹੜਾ ਸਫ਼ਾਈ ਦੇਣ ਆਉਣਾ ਹੈ? ਜੋ ਮਰਜ਼ੀ ਬੁਰਾ-ਭਲਾ ਆਖੀ ਜਾਓ, ਉਨ੍ਹਾਂ ਅੱਗੋਂ ਚੁੱਪ ਈ ਰਹਿਣਾ ਹੈ।

II

ਪੰਜਾਬੀਆਂ ਖ਼ਾਸ ਕਰਕੇ ਸਿੱਖਾਂ ਨੇ ਸਦੀਆਂ ਤੋਂ ਬਾਹਰਲੇ ਧਾੜਵੀਆਂ ਦੇ ਹੱਲਿਆਂ ਦਾ ਹਿੱਕ ਡਾਹ ਕੇ ਟਾਕਰਾ ਕੀਤਾ। ਇਨ੍ਹਾਂ ਨੇ ਹੁੰਦੀ ਰਹੀ ਤਬਾਹੀ ਤੇ ਅਣਖੀ ਸ਼ਿਕੱਸਤ ਨੂੰ ਰੱਬੀ ਭਾਣਾ ਤੇ ਸ਼ਹਾਦਤ ਦੀ ਸ਼ਾਨ ਮੰਨ ਲਿਆ। ਇਸ ਲਈ ਕੌਮੀ ਆਜ਼ਾਦੀ ਦੀ ਲਹਿਰ ਵਿਚ ਸਿੱਖਾਂ ਦਾ ਸਭ ਤੋਂ ਵਧ ਕੁਰਬਾਨੀ ਦੇਣ ਦਾ ਦਾਅਵਾ ਐਵੇਂ ਨਹੀਂ ਹੈ। ਪੰਜਾਬ ਦੀ ਨਕਸਲੀ ਲਹਿਰ ਵੀ ਓਸੇ ਰੀਤ ਦੀ ਅਗਲੀ ਕੜੀ ਸੀ। ਨਕਸਲੀ ਦਿਖਾਵੇ ਦੇ ਹੀ ਨਾਸਤਿਕ ਸਨ; ਢਿੱਡੋਂ ਇਹ ਸਿੱਖ ਹੀ ਸਨ। ਦੁਆਬੀਏ ਨਕਸਲੀਆਂ ਨੂੰ ‘ਬੱਬਰ’ ਆਖਦੇ ਹੁੰਦੇ ਸੀ।

ਦੂਜੇ ਪਾਸੇ ਯਹੂਦੀਆਂ ਦੇ ਉਜਾੜੇ ਦਾ ਦੋ ਹਜ਼ਾਰ ਸਾਲਾਂ ਦਾ ਇਤਿਹਾਸ ਹੈ। ਪਿਛਲੀ ਸਦੀ ਦੇ ਅੱਧ ਵਿਚ ਹੋਇਆ ਇਨ੍ਹਾਂ ਦਾ ਹਸ਼ਰ ਜਗ ਜਾਣਦਾ ਹੈ। ਮਾਰਕਸ ਤੋਂ ਲੈ ਕੇ ਰੂਸੀ ਇਨਕਲਾਬ ਤਕ ਦੇ ਬਹੁਤੇ ਆਗੂ ਯਹੂਦੀ ਹੀ ਸਨ। ਯੂਰਪੀ ਤੇ ਅਮਰੀਕੀ ਕਮਿਉਨਿਸਟ ਲਹਿਰ ਵਿਚ ਇਨ੍ਹਾਂ ਦੀਆਂ ਕੁਰਬਾਨੀਆਂ ਕਿਸੇ ਨਾਲ਼ੋਂ ਘਟ ਨਹੀਂ ਹਨ। ਇਹ ਗੱਲ ਸੋਚਣ ਵਾਲ਼ੀ ਹੈ ਕਿ ਯਹੂਦੀਆਂ ਨੇ ਤਸ਼ੱਦਦ ਤੇ ਸ਼ਹਾਦਤ ਨੂੰ ਅਪਣਾ ਧਾਰਮਿਕ ਆਦਰਸ਼ ਕਿਉਂ ਨਹੀਂ ਬਣਾਇਆ?

ਪੰਜਾਬੀ ਲਿਖਾਰੀ ਢਾਡੀਆਂ ਵਾਂਙੂੰ ਸੂਰਮਿਆਂ ਦੀਆਂ ਸ਼ਹੀਦੀ, ਸਰਕਾਰੀ ਜ਼ੁਲਮ ਦੀਆਂ ਵਾਰਾਂ ਗਾ ਕੇ ਪਾਠਕ ਨੂੰ ਪੈਂਦੀ ਸੱਟੇ ਜਜ਼ਬਾਤੀ ਕਰ ਲੈਂਦੇ ਹਨ। ਕੋਈ ਇਹ ਸਵਾਲ ਨਹੀਂ ਪੁੱਛਦਾ ਕਿ ਬੰਗਾਲੋਂ ਪੰਜਾਬ ਚ ਧੂਹ ਕੇ ਲਿਆਂਦੀ ਨਕਸਲੀ ਲਹਿਰ ਦਾ ਮਕਸਦ ਕੀ ਸੀ? ਪੰਜਾਬ ਚ ਕਿਹੜੀ ਜਗੀਰਦਾਰੀ ਸੀ, ਜੀਹਨੂੰ ਇਹ ਮਾਰਨ ਤੁਰੇ ਸੀ? ਲੋਕਾਂ ਦਾ ਨਾਂ ਲੈ ਕੇ ਚਲਾਈ ਇਹ ਲਹਿਰ ਨਾ ਮਾਰਕਸੀ ਸੀ ਤੇ ਨਾ ਲੇਨਿਨੀ। ਇਹ ਰੂਸ ਦੀ 19ਵੀਂ ਸਦੀ ਦੇ ਅਖ਼ੀਰ ਚ ਚੱਲੀ ਦਹਿਸ਼ਤਗਰਦ ਨਰੋਦਨਿਕ ਲਹਿਰ ਦਾ ਚਰਬਾ ਸੀ। ਇਹ ਨਿਰੀ ਕਤਲ ਕਰਨ ਤੇ ਸ਼ਹੀਦ ਹੋਣ ਦੀ ਲਹਿਰ ਸੀ। ਇਸ ਲਹਿਰ ਦੇ ਡੰਗਿਆਂ ਹੋਇਆਂ ਨੇ ਸਾਹਿਤ-ਪਿਤਾਮਾ ਗੁਰਬਖ਼ਸ਼ ਸਿੰਘ ਤੇ ਨਵੇਂ ਪੰਜਾਬ ਦੇ ਉਸਰੱਈਏ ਮਹਿੰਦਰ ਸਿੰਘ ਰੰਧਾਵੇ ਨੂੰ ਕਤਲ ਕਰਨ ਦਾ ਸੋਚਿਆ ਸੀ। ਇਨ੍ਹਾਂ ਦੀਆਂ ਨਜ਼ਰਾਂ ਚ ਪ੍ਰੀਤ ਲੜੀ  “ਸੋਵੀਅਤ ਸਮਾਜਕ-ਸਾਮਰਾਜ” ਦਾ ਧੂਤੂ ਤੇ ਰੰਧਾਵਾ ਅਮਰੀਕੀ ਏਜੰਟ ਸੀ। ਇਕ ਸੌ ਦੇ ਕਰੀਬ ਪੁਲਸ ਟਾਊਟਾਂ ਨੂੰ ਮਾਰ ਕੇ ਲੋਕਾਂ ਦੇ ਓਨੇ ਹੀ ਜਵਾਨ ਪੁਤ ਮਰਵਾ ਕੇ ਇਨ੍ਹਾਂ ਨੇ ਕਿਹੜਾ ਇਨਕਲਾਬ ਲੈ ਆਂਦਾ? ਹਿਸਾਬ ਬਰਾਬਰ ਰਿਹਾ। ਇਨ੍ਹਾਂ ਨੇ ਅਪਣੀਂ ਕਰਤੂਤੀਂ ਕਮਿਉਨਿਸਟ ਇਨਕਲਾਬੀ ਦੀ ਗਰਤ ਇਕ ਪੁਲਸ ਟਾਊਟ ਜਿੰਨੀ ਪਾ ਕੇ ਦਿਖਾ ਦਿੱਤੀ। (ਲੁਧਿਆਣੇ ਦਾ ਲੀਡਰ ਦਰਸ਼ਨ ਕੂਹਲੀ ਕਹਿੰਦਾ ਹੁੰਦਾ ਸੀ  ਅਸੀਂ ਪੰਜਾਬ ਦੀ ਕਮਿਉਨਿਸਟ ਲਹਿਰ ਨੂੰ ਕਿੰਨੇ ਸ਼ਹੀਦ ਦਿੱਤੇ; ਪਹਿਲਾਂ ਤਾਂ ਇਕ ਵੀ ਨਾ ਸੀ। – ਫੇਰ ਦਸਾਂ ਸਾਲਾਂ ਨੂੰ ਖ਼ਾਲਿਸਤਾਨੀਆਂ ਨੇ ਚੁਣ-ਚੁਣ ਕੇ ਕਮਿਉਨਿਸਟ ਕਤਲ ਕਰ ਕੇ ਰਹਿੰਦੀ ਕਸਰ ਪੂਰੀ ਕਰ ਦਿੱਤੀ ਸੀ।) ਸਮਾਓਂ, ਦੱਧਾਹੂਰ, ਮੰਗੂਵਾਲ਼ ਅਤੇ ਕਾਲ਼ਾ ਸੰਘਿਆਂ ਵਰਗੇ ਪਿੰਡਾਂ ਚ ਹੋਇਆ ਪੁਲਿਸ ਦਾ ਜਬਰ ਇਨ੍ਹਾਂ ਦਾ ਆਪ-ਸਹੇੜਿਆ ਜਬਰ ਸੀ। ਨਕਸਲੀ ਆਪ ਤਾਂ ਕਤਲ-ਕੁਤਲ ਕਰ ਕੇ ਲਾਂਭੇ ਹੋ ਜਾਂਦੇ ਸਨ; ਸਰਕਾਰੀ ਕਹਿਰ ਝੱਲਣ ਨੂੰ ਪਿੱਛੇ ਰਹਿ ਜਾਂਦੇ ਸੀ ਇਨ੍ਹਾਂ ਦੇ ਘਰਾਂ ਦੇ ਜੀਅ ਤੇ ਪਿੰਡਾਂ ਦੇ ਲੋਕ। ਜਾਬਰ ਹੁਕਮਰਾਨਾਂ ਨੂੰ ਲੋਕ ਲਹਿਰ ਦਾ ਲੱਕ ਤੋੜਨ ਦੇ ਐਸੇ ਬਹਾਨੇ ਲਭਣ ਦੀ ਝਾਕ ਤਾਂ ਨਿਤ ਹੀ ਰਹਿੰਦੀ ਹੈ।

ਨਕਸਲਬਾੜੀ ਦੀ ਰਾਜਨੀਤੀ ਦਾ ਤੱਤਸਾਰ ਇਹ ਸੀ: (ੳ) ਅਰਧ-ਜਗੀਰੂ ਅਰਧ-ਬਸਤੀਵਾਦੀ ਭਾਰਤ ਦੇ ਹੁਕਮਰਾਨ ਤਬਕੇ ਸਮਾਜਕ-ਸਾਮਰਾਜਵਾਦੀ ਸੋਵੀਅਤ ਯੂਨੀਅਨ ਤੇ ਸਾਮਰਾਜਵਾਦੀ ਅਮਰੀਕਾ ਦੇ ਦਲਾਲ ਹਨ ਅਤੇ ਭਾਰਤੀ ਲੋਕਾਂ ਦਾ ਨੰਬਰ ਇਕ ਦੁਸ਼ਮਣ ਰੂਸ ਹੈ। (ਅ) ਪਾਰਲੀਮੈਂਟਰੀ ਰਸਤਾ ਗ਼ਲਤ ਹੈ। ਚੋਣਾਂ ਦਾ ਬਾਈਕਾਟ ਕਰੋ ਤੇ ਚੋਣਾਂ ਚ ਹਿੱਸਾ ਲੈਣ ਵਾਲ਼ੀਆਂ ਕਮਿਉਨਿਸਟ ਪਾਰਟੀਆਂ ਸੋਧਵਾਦੀ ਤੇ ਗ਼ੱਦਾਰ ਹਨ (ੲ) ਭਾਰਤੀ ਲੋਕਾਂ ਦੀ ਮੁਕਤੀ ਚੀਨ ਦੇ ਕਿਸਾਨੀ ਇਨਕਲਾਬ ਦੇ ਰਾਹ ‘ਤੇ ਚੱਲਿਆਂ ਲਮਕਵੀਂ ਗੁਰੀਲਾ ਜੰਗ ਲੜਨ ਨਾਲ਼ ਹੋਏਗੀ। ‘ਜਮਾਤੀ’ ਦੁਸ਼ਮਣਾਂ ਦੇ ਕਤਲ ਇਹਦਾ ਉਘੜਵਾਂ ਪੱਖ ਸਨ ਅਤੇ (ਸ) ਕੌਮੀ ਲਹਿਰ ਦੇ ਆਗੂਆਂ ਦੇ ਬੁੱਤ ਭੰਨਣ, ਲਾਇਬ੍ਰੇਰੀਆਂ ਲੂਹਣ ਤੇ ਗ਼ੈਰਸਤਾਲਿਨਵਾਦੀ ਸਾਹਿਤ ਤਬਾਹ ਕਰਨ ਲਈ ਨਾਲ਼ੋ-ਨਾਲ਼ ਚੀਨ ਦੇ ਨਮੂਨੇ ਦਾ ਸਭਿਆਚਾਰਕ ਇਨਕਲਾਬ ਕੀਤਾ ਜਾਏ।

III

ਬੂਝਾ ਸਿੰਘ ਨੂੰ ਮੈਂ ਕੁਲ ਤਿੰਨ-ਚਾਰ ਵਾਰੀ ਮਿਲ਼ਿਆ ਸੀ। ਗੱਲਾਂ ਘਟ ਕੀਤੀਆਂ ਸਨ; ਸਮਝੋ ਦਰਸ਼ਨ ਹੀ ਕੀਤੇ ਸੀ। ਇਹ ਉਮਰ ਚ ਮੇਰੇ ਪਿਤਾ ਨਾਲ਼ੋਂ ਤਿੰਨ ਸਾਲ ਵੱਡੇ ਸੀ। (ਬਕੌਲ ਭਗਤ ਸਿੰਘ ਬਿਲ਼ਗਾ ਬੂਝਾ ਸਿੰਘ ਦਾ ਜਨਮ ਸਾਲ 1895 ਦਾ ਹੈ।) ਬੂਝਾ ਸਿੰਘ ਨੂੰ ਮਿਲ਼ ਕੇ ਮੇਰੀ ਉਮਰ-ਦਿਆਂ ਨੂੰ ਹੈਰਾਨੀ ਹੀ ਹੁੰਦੀ ਸੀ ਕਿ ਦੇਖੋ ਏਸ ਸਿਆਣੀ ਉਮਰੇ ਵੀ ਬੰਦੇ ਨੂੰ ਟੇਕ ਨਹੀਂ। ਭਗਤ ਸਿੰਘ ਸ਼ਹੀਦ ਤਾਂ ਨੌਜਵਾਨਾਂ ਦਾ ਸਦਾ ਹਮਉਮਰ ਹੀ ਰਹਿਣਾ ਹੈ। ਸਿਆਣੀ ਉਮਰ ਦਿਆਂ ਤੋਂ ਪ੍ਰੇਰਣਾ ਘਟ ਸ਼ਰਮ ਜ਼ਿਆਦਾ ਆਉਂਦੀ ਹੁੰਦੀ ਹੈ। ਇਸੇ ਕਰਕੇ ਸੰਤੋਖ ਸਿੰਘ ਧੀਰ ਤੇ ਹੋਰਨਾਂ ਕਈਆਂ ਨੇ ਬੂਝਾ ਸਿੰਘ ਦੀ ਮੌਤ ਦੀ ਸ਼ਾਇਰੀ ਕਰਕੇ ਸ਼ਾਹਦੀ ਭਰੀ ਸੀ। ਧੀਰ ਨੇ ਕਵਿਤਾ ਲਿਖੀ ਸੀ: ਅੱਸੀ ਸਾਲ ਦਾ ਬੁੱਢਾ ਤੇ ਪੁਲਸ ਮੁਕਾਬਲਾ! ਗੱਲ ਕਿੰਨੀ ਸੱਚੀ ਸੀ!!

ਇਨਕਲਾਬ ਦਾ ਮੇਰਾ ਝੱਲ ਮੇਰੇ ਬਾਪ-ਦਾਦਿਆਂ ਦੀ ਵਿਰਾਸਤ ਹੈ। ਉਹ ਗ਼ਦਰੀ ਸਨ। ਮਾਸਕੋ ਗਏ ਪੰਜਾਬੀਆਂ ਦੀਆਂ ਬਾਤਾਂ ਸੁਣਦਿਆਂ ਮੈਂ ਹੋਸ਼ ਸੰਭਾਲ਼ੀ ਸੀ। ਨਕਸਲਬਾੜੀ ਦਾ ਜਾਦੂਈ ਸ਼ਬਦ ਮੇਰੇ ਕੰਨਾਂ ਚ 1967-68 ਵਿਚ ਚੰਡੀਗੜ੍ਹ ਯੂਨੀਵਰਸਟੀ ਚ ਪੜ੍ਹਦਿਆਂ ਪਿਆ ਸੀ। ਬੰਗਾਲੀ ਕਵੀ ਸਮਰ ਸੇਨ ਦੇ ਅੰਗਰੇਜ਼ੀ ਹਫ਼ਤੇਵਾਰ ਪਰਚੇ ਦੇ ਛਪੇ ਅੱਖਰ ਚਿਣਗਾਂ ਛੱਡਦੇ ਹੁੰਦੇ ਸੀ। ਇਹਦੇ ਚ ਨਕਸਲਬਾੜੀ ਨਕਸਲਬਾੜੀ ਹੋਈ ਜਾਂਦੀ ਸੀ। ਜਗਮੋਹਨ ਸਿੰਘ ਵੀ ਚੰਡੀਗੜ੍ਹ ਹੁੰਦਾ ਸੀ, ਇੰਜੀਨਿਅਰਿੰਗ ਕਰਦਾ। ਮੈਂ ਪਹਿਲੀ ਵਾਰ ਇਹਦੇ ਕੋਲ਼ੋਂ ਚੇ ਗੁਵੇਰੇ ਦਾ ਨਾਂ ਸੁਣਿਆ ਸੀ। ਜਗਮੋਹਨ ਦੇ ਨੈਣ-ਨਕਸ਼ਾਂ ਚੋਂ ਇਹਦਾ ਮਾਮਾ ਭਗਤ ਸਿੰਘ ਸ਼ਹੀਦ ਦਿਸਦਾ ਸੀ। ਵੀਅਤਨਾਮ ਦੀਆਂ ਖ਼ਬਰਾਂ ਨਾਲ਼ ਅਖ਼ਬਾਰ ਨਿਤ ਭਰੇ ਹੁੰਦੇ ਸੀ। ਯੂਨੀਵਰਸਟੀ ਦੀ ਨੌਕਰੀਓਂ ਕੱਢੇ ਮੁਲਾਜ਼ਿਮ ਆਗੂ ਦਇਆ ਸਿੰਘ ਤੇ ਤਰਲੋਚਨ ਗਰੇਵਾਲ਼ ਮਿਲ਼ਦੇ ਹੁੰਦੇ ਸੀ। ਇਹ ਅਪਣੀ ਕਿੜ ਕੱਢਣ ਨੂੰ ਨਕਸਲੀ ਸਜ ਗਏ। ਇਹ ਮਗਰੋਂ ਰਜਿਸਟਰਾਰ ਨੂੰ ਕਤਲ ਵੀ ਕਰਨ ਗਏ, ਪਰ ਕਰ ਨਾ ਸਕੇ।

ਮੇਰਾ ਪੜ੍ਹਾਈ ਚ ਦਿਲ ਨਹੀਂ ਸੀ। ਪੜ੍ਹਾਈ ਛੱਡ ਪਹਿਲਾਂ ਮੈਂ ‘ਨਵੇਂ ਜ਼ਮਾਨੇ’ ਦੀ ਸ਼ਾਗਿਰਦੀ ਕੀਤੀ। ਕੁਝ ਚਿਰ ‘ਦੇਸ਼ ਭਗਤ ਯਾਦਾਂ’ ਦਾ ਕੰਮ ਕੀਤਾ। ਅਵਾਮੀ ਪ੍ਰੈੱਸ ਚ ਕੰਪੋਜ਼ਿੰਗ ਕਰਨੀ ਸਿੱਖੀ। ਇਹ ਤਿਆਰੀ ਗੰਧਰਵ ਸੇਨ ਦੇ ਆਖੇ ਲੋਕਯੁੱਧ ਪਰਚਾ ਕਢਣ ਦੀ ਸੀ। ‘ਦੇਸ਼ ਭਗਤ ਯਾਦਾਂ’ ਪਰਚਾ ਲਲਤੋਂ ਵਾਲ਼ਾ ਬਾਬਾ ਗੁਰਮੁਖ ਸਿੰਘ ਕੱਢਦਾ ਹੁੰਦਾ ਸੀ; ਵਿਚ ਸੀ. ਪੀ. ਆਈ. ਮਾਰਕਸੀ ਪਾਰਟੀ, ਅਕਾਲੀ, ਕਾਂਗਰਸ ਸਾਰਿਆਂ ਨੂੰ ਇੱਕੋ ਰੱਸੇ ਬੰਨ੍ਹ ਕੇ ਗਾਲ਼੍ਹਾਂ ਲਿਖੀਆਂ ਹੁੰਦੀਆਂ ਸੀ। (ਇਕ ਵਾਰੀ ਮੈਨੂੰ ਪੁੱਛਦਾ ਕਿ ਪਰਚੇ ਦੀ ਛਪੀ ਇਬਾਰਤ ਦੁਆਲ਼ੇ ਹਾਸ਼ੀਏ ਕੋਰੇ ਕਿਉਂ ਛੱਡੇ ਹੁੰਦੇ ਹਨ?) ਗੋਰੇ ਦਗਦੇ ਮੁੱਖੜੇ ਵਾਲ਼ਾ ਇਹ ਬਾਬਾ ਬੋਲਬਾਣੀ ਦਾ ਮਾੜਾ ਸੀ। ਪਰ ਕਾਮਾਗਾਟਾਮਾਰੂ ਜਹਾਜ਼ ਤੋਂ ਲੈ ਕੇ ਕਾਲ਼ੇਪਾਣੀ ਦੀ ਕੈਦ ਅਤੇ ਬੇਦਾਗ਼ ਜ਼ਿੰਦਗੀ ਕਰਕੇ ਕੋਈ ਇਹਦਾ ਬੁਰਾ ਨਹੀਂ ਸੀ ਮਨਾਉਂਦਾ।

ਦੇਸ਼ ਭਗਤ ਯਾਦਗਾਰ ਚ ਰਹਿੰਦਾ ਲਾਲ ਪਾਰਟੀ ਦਾ ਨਿਹੰਗ ਦੇਵਾ ਸਿੰਘ ਮਾਹਲਾ ਅਪਣੇ ਪੱਲਿਓਂ ਮੁੜ ਛਪਵਾਈ ਲਾਲ ਕਮਿਉਨਿਸਟ ਪਾਰਟੀ ਦੀ ਦਸਤਾਵੇਜ਼ ‘ਸਾਡੇ ਮਤਭੇਦ’ ਵੰਡਦਾ ਹੁੰਦਾ ਸੀ। ਮੈਂ ਇਕ ਵਾਰੀ ਦੇਵਾ ਸਿੰਘ ਦੀ ‘ਬਰਾਂਡੀ’ (ਓਵਰਕੋਟ) ਪਾ ਕੇ ਚੀਮੇ ਪਿੰਡ ਭਾਈ ਕਿਸ਼ਨ ਸਿੰਘ ਦੇ ਘਰ ਗੰਧਰਵ ਸੇਨ ਦਾ ਸੱਦਿਆ ਗਿਆ ਸੀ। ਓਥੇ ਨੀਲੀ ਪੱਗ ਬੰਨ੍ਹੀ ਬੈਠਾ ‘ਅੰਡਰਗਰਾਉਂਡ’ ਬਜ਼ੁਰਗ ਠਾਕਰ ਸਿੰਘ ਵੀ ਸੀ। ਇਹ ਬੂਝਾ ਸਿੰਘ ਦਾ ਨਵਾਂ ਨਾਂ ਸੀ। ਗੰਧਰਵ ਸੇਨ ਬੂਝਾ ਸਿੰਘ ਨੂੰ ‘ਭਾਈ ਜੀ’ ਸੱਦਦਾ ਸੀ। ਭਾਈ ਜੀ ਉਸ ਰਾਤ ਹਰਕਿਸ਼ਨ ਸਿੰਘ ਸੁਰਜੀਤ ਦੀਆਂ ਬਦਖੋਹੀਆਂ ਕਰਦਾ-ਕਰਦਾ ਸੌਂ ਗਿਆ। ਇਹ ਉਹਨੂੰ ‘ਖ਼ਲੀਫ਼ਾ’ ਸੱਦਦਾ ਸੀ। ਇਹ ਮੇਰੀ ਬੂਝਾ ਸਿੰਘ ਨਾਲ਼ ਪਹਿਲੀ ਮਿਲਣੀ ਸੀ।

ਬਾਬੇ ਗੁਰਮੁਖ ਸਿੰਘ ਤੋਂ ਲੈ ਕੇ ਬੂਝਾ ਸਿੰਘ ਤੇ ਬਿਲ਼ਗੇ ਵਾਲ਼ੇ ਭਗਤ ਸਿੰਘ ਤਕ- ਜਲੰਧਰ ਜ਼ਿਲੇ ਚ ‘ਖ਼ਲੀਫ਼ੇ’ ਦੇ ਧੱਕਿਆਂ ਨੂੰ ‘ਖ਼ਲੀਫ਼ੇ’ ਤੋਂ ਲਾਲ ਪਾਰਟੀ ਤੋੜਨ ਤੇ ਹੋਰ ਨਿਜੀ ਗੱਲਾਂ ਦਾ ਬਦਲਾ ਲੈਣ ਲਈ ਨਕਸਲਬਾੜੀ ਦੇ ਪੱਜ ਇਕ ਹੋਰ ਪਾਰਟੀ ਬੰਨ੍ਹਣ ਦਾ ਚੰਗਾ ਠੁਣਾ ਲਭ ਪਿਆ ਸੀ। ਸਾਰੇ ਸੀਨ ਚੋਂ ਇਨ੍ਹਾਂ ਦਾ ਪੀਰ ‘ਖ਼ਲੀਫ਼ੇ’ ਦਾ ਡੰਗਿਆ ਤੇਜਾ ਸਿੰਘ ਸੁਤੰਤਰ ਅਲੋਪ ਸੀ ਅਤੇ ਸੀ.ਪੀ.ਆਈ. ਵੱਲੋਂ ਰਾਜ ਸਭਾ ਦਾ ਐੱਮ। ਪੀ। ਬਣਿਆ ਬੈਠਾ ਸੀ। (ਸੁਤੰਤਰ ਦੀ ਲਾਲ ਪਾਰਟੀ ਖ਼ਲੀਫ਼ੇ ਨੇ ਇਹ ਦਲੀਲ ਦੇ ਕੇ ਤੁੜਵਾਈ ਸੀ ਕਿ ਕਿਸੇ ਇਕ ਮੁਲਕ ਵਿਚ ਇਕ ਹੀ ਕਮਿਉਨਿਸਟ ਪਾਰਟੀ ਹੁੰਦੀ ਹੈ।) ਉਸ ਵੇਲੇ ਦੀ ਲੋਕ ਲਹਿਰ ਦੀ ਲੋੜ ਸੀ.ਪੀ.ਆਈ ਤੇ ਸੀ.ਪੀ.ਐੱਮ ਅਪਣੇ-ਅਪਣੇ ਹਿਸਾਬ ਨਾਲ਼ ਪੂਰਾ ਕਰ ਹੀ ਰਹੀਆਂ ਸਨ। ਪੰਜਾਬ ਦੇ ਨਕਸਲੀਆਂ ਨੇ ਏਸ ਗੱਲੋਂ ਅਕਲ ਵਰਤੀ ਕਿ ਇਨ੍ਹਾਂ ਨੇ ਬੰਗਾਲੀਆਂ ਦੀ ਰੀਸੇ ਮਾਰਕਸੀ ਪਾਰਟੀ ਕਾਰਕੁੰਨ ਕਤਲ ਨਹੀਂ ਕੀਤੇ, ਭਾਵੇਂ ਕਿ ਮਾਰਕਸੀ ਪਾਰਟੀ ਖੁੱਲ੍ਹਮ-ਖੁੱਲ੍ਹਾ ਨਕਸਲੀਆਂ ਨੂੰ ਸੀ.ਆਈ.ਏ ਦੇ ਏਜੰਟ ਕਹਿੰਦੀ ਸੀ।

ਕਮਿਉਨਿਸਟਾਂ ਨੇ ਇਹ ਗੱਲ ਨਹੀਂ ਸਮਝੀ ਕਿ ਇਨ੍ਹਾਂ ਦੇ ਦੁੁੁੁਸ਼ਮਣਾਂ- ਅਫ਼ਗ਼ਾਨਿਸਤਾਨ ਵਿਚ ਤਾਲਿਬਾਨਾਂ ਅਤੇ ਪੰਜਾਬ ਚ ਖ਼ਾਲਿਸਤਾਨੀਆਂ- ਨੇ ਇਨ੍ਹਾਂ ਦਾ ਸੱਜੇ-ਖੱਬੇ-ਤੱਤੇ ਦਾ ਵਿਤਕਰਾ ਨਹੀਂ ਸੀ ਕੀਤਾ; ਤਾਂ ਇਹ ਇਕ ਦੂਜੇ ਦੇ ਕਿਉਂ ਵੈਰੀ ਬਣੇ ਰਹੇ ਸੀ? ਮੇਰੇ ਦਿਲ ਵਿਚ ਹਰ ਭਾਂਤ ਦੇ ਕਮਿਉਨਿਸਟ ਦੀ ਇੱਕੋ-ਜਿੰਨੀ ਕਦਰ ਹੈ। ਸਾਡਾ ਅਸਲਾ ਤਾਂ ਇੱਕੋ ਹੀ ਹੈ। ਇੱਕੋ ਆਦਰਸ਼ ਲਈ ਜਾਨਾਂ ‘ਤੇ ਖੇਲ ਗਿਆਂ ਨੂੰ ਵੀ ਲੀਡਰ ਬੰਦੇ ਪਾਰਟੀਆਂ ਟੋਲਿਆਂ ਚ ਵੰਡੀ ਜਾਂਦੇ ਹਨ  ਸੀ। ਪੀ। ਆਈ। ਦੇ ਸ਼ਹੀਦ; ਸੀ। ਪੀ। ਐੱਮ। ਦੇ ਸ਼ਹੀਦ; ਨਕਸਲਬਾੜੀ ਲਹਿਰ ਦੇ ਸ਼ਹੀਦ।

ਫ਼ਰਵਰੀ 1930 ਦੇ ਕਿਰਤੀ  ਪਰਚੇ ਵਿਚ ਛਪੀ ਬਾਬੇ ਗੁਰਮੁਖ ਸਿੰਘ ਤੇ ਹਰਜਾਪ ਸਿੰਘ ਦੀ ਕਾਬਲੋਂ ਲਿਖੀ ਚਿੱਠੀ ਦਾ ਸਿਰਲੇਖ ਸੀ ‘ਸ਼ਹੀਦ ਭਗਤ ਸਿੰਘ ਬਾਰੇ ਸਮਕਾਲੀ ਕਮਿਉਨਿਸਟ ਨਜ਼ਰੀਆ।’ ਇਸ ਵਿਚ ਦੋਹਵਾਂ ਨੇ ਗ਼ਦਰੀਆਂ, ਬੱਬਰਾਂ ਤੇ ਭਗਤ ਸਿੰਘ ਦੀ ਕਤਲਾਂ-ਬੰਬਾਂ-ਡਾਕਿਆਂ ਦੀ ਲਹਿਰ ਨੂੰ ਦਹਿਸ਼ਤਗਰਦ ਆਖ ਕੇ ਮੰਨਿਆ ਸੀ ਕਿ “ਅੱਜ ਤੋਂ ਪਹਿਲਾਂ ਅਸੀਂ ਵੀ ਇਸ ਤਰੀਕੇ ਦੇ ਹਾਮੀ ਹੁੰਦੇ ਸਾਂ।… ਦੁਨੀਆ ਦੇ ਹੋ ਚੁੱਕੇ ਇਨਕਲਾਬਾਂ ਤੋਂ ਇਹ ਸਬਕ ਮਿਲ਼ਦਾ ਹੈ ਕਿ ਦਹਿਸ਼ਤਜ਼ਦਗੀ ਇਨਕਲਾਬੀ ਤਹਿਰੀਕ ਵਾਸਤੇ ਬਜਾਇ ਫ਼ਾਇਦੇ ਦੇ ਨੁਕਸਾਨਦੇਹ ਸਾਬਤ ਹੋਈ ਹੈ।”

ਪੰਜਾਬੀ ਟ੍ਰਿਬਿਊਨ  ਚ 14 ਜਨਵਰੀ 2001 ਨੂੰ ਮੁੜ ਛਪੀ ਅੱਖਾਂ ਖੋਲ੍ਹਣ ਵਾਲ਼ੀ ਇਸ ਚਿੱਠੀ ਦੇ ਅਖ਼ੀਰ ਚ ਬਾਬਿਆਂ ਨੇ ਹਿੰਦੁਸਤਾਨੀ ਨੌਜਵਾਨਾਂ ਨੂੰ ਅਪੀਲ ਕੀਤੀ ਸੀ ਕਿ “ਦਹਿਸ਼ਤਜ਼ਦਗੀ ਦਾ ਤਰੀਕਾ ਬਿਲਕੁਲ ਅਖ਼ਤਿਆਰ ਨਾ ਕੀਤਾ ਜਾਵੇ। ਇਸ ਦੀ ਜਗ੍ਹਾ ਲੋਕਾਂ ਨੂੰ ਉਨ੍ਹਾਂ ਦੇ ਜਮਾਇਤੀ ਹੱਕਾਂ ਦਾ ਗਿਆਨ ਕਰਾਇਆ ਜਾਏ। ਜਿਸ ਵਕਤ ਉਨ੍ਹਾਂ ਨੂੰ ਅਪਣੇ ਹੱਕਾਂ ਦਾ ਗਿਆਨ ਹੋ ਗਿਆ, ਫਿਰ ਅਪਣੇ ਹੱਕਾਂ ਲਈ ਲੜਨਾ-ਮਰਨਾ ਵੀ ਉਨ੍ਹਾਂ ਨੂੰ ਆਉਂਦਾ ਹੀ ਹੈ।”

ਇਹ ਗਿਆਨ ਬਾਬਿਆਂ ਨੂੰ ਕਾਬਲ ਬੈਠਿਆਂ ਨੂੰ ਸੁਫਨੇ ਚ ਨਹੀਂ ਸੀ ਹੋਇਆ। ਇਹ ਗਿਆਨ, ਇਹ ਇਨਕਲਾਬ ਦੀ ਅੱਗ ਇਹ ਰੂਸ ਤੋਂ ਲੈ ਕੇ ਆਏ ਸਨ। ਉਹ ਤਾਂ ਸਾਰੇ ਹੁਣ ਇਸ ਜਹਾਨ ਤੋਂ ਕੂਚ ਕਰ ਚੁੱਕੇ ਹਨ। ਅੱਜ ਵੀ ਬਿਲ਼ਗੇ ਵਾਲ਼ੇ ਚਾਚੇ ਕੋਲ਼ ਮੇਰੇ ਇਸ ਸਵਾਲ ਦਾ ਜਵਾਬ ਨਹੀਂ ਕਿ ਓਹੀ ਬਾਬਾ ਗੁਰਮੁਖ ਸਿੰਘ, ਬੂਝਾ ਸਿੰਘ ਤੇ ਇਹ ਆਪ ਚਾਲ਼ੀ ਸਾਲਾਂ ਮਗਰੋਂ ਸੁਧੀ ਦਹਿਸ਼ਤਗਰਦ ਨਕਸਲੀ ਲਹਿਰ ਨੂੰ ਸ਼ਹਿ ਦੇਣ ਕਿਉਂ ਤੁਰ ਪਏ ਸੀ? ਇਨ੍ਹਾਂ ਨੂੰ ਤਾਂ ਸਾਨੂੰ ਵਰਜਣਾ ਚਾਹੀਦਾ ਸੀ। ਕੀ ਇਹ ਇਹੀ ਕੁਝ ਮਾਸਕੋ ਤੋਂ ਸਿਖ ਕੇ ਆਏ ਸੀ? ਅੱਗੋਂ ਚਾਚਾ ਭਗਤ ਸਿੰਘ ਜਵਾਬ ਦਿੰਦਾ ਹੈ ” ਮੈਂ ਕੀ ਕਰਦਾ? ਮੇਰੇ ਪੁੱਤ ਗੋਲ਼ੀਆਂ ਨਾਲ਼ ਮਰ ਰਹੇ ਸੀ।”

ਹੁਣ ਤੀਹ ਸਾਲਾਂ ਮਗਰੋਂ ਮੇਰਾ ਇਹ ਸੋਚਣਾ ਵਹਿਮ ਹੀ ਹੈ ਕਿ ਵਡੇਰੇ ਕਮਿਉਨਿਸਟ ਆਗੂਆਂ ਨੂੰ ਚਾਹੀਦਾ ਸੀ ਕਿ ਸਾਨੂੰ ਗ਼ਲਤ ਰਸਤਿਓਂ ਹਟਾਉਂਦੇ। ਅਸੀਂ ਤਾਂ ਉਨ੍ਹਾਂ ਦੇ ਪੁੱਤਾਂ ਵਰਗੇ ਸੀ। ਪਰ ਹਟਣਾ ਕੀਹਨੇ ਸੀ? ਖ਼ਲੀਫ਼ੇ ਦੀ ਪਾਰਟੀ ਦਾ ਤਾਂ ਇਹ ਰਵੱਈਆ ਸੀ  ਮਰਦੇ ਆ ਤਾਂ ਮਰਨ ਪਰ੍ਹਾਂ! ਦਰਸ਼ਨ ਸਿੰਘ ਕੈਨੇਡੀਅਨ ਨਵੇਂ ਜ਼ਮਾਨੇ  ਚ ਚੁਟਕੀ ਇਨਕਲਾਬ ਸਿਰਲੇਖ ਹੇਠ ਨਵੇਂ ਉੱਠੇ ਨਕਸਲੀਆਂ ਨੂੰ ਸਲਾਹੁਤਾਂ ਕਰਦਾ ਹੁੰਦਾ ਸੀ। ਅਸੀਂ ਆਈ ‘ਤੇ ਆਏ ਇਹਨੂੰ ਹੁੱਜਤਾਂ ਕਰਦੇ ਹੁੰਦੇ ਸੀ – ਦੇਖੋ, ਲੇਨਿਨ ਦੀ ਪੋਥੀ ਸਟੇਟ ਐਂਡ ਰੈਵੋਲੀਊਸ਼ਨ  ਨੂੰ ਪੰਜਾਬੀ ਚ ਉਲਥਾਉਣ ਵਾਲ਼ਾ ‘ਸੋਧਵਾਦੀ ਸਰਗਨਾ’ ਕੀ ਕਰੀ ਜਾਂਦਾ ਹੈ! ਮੈਨੂੰ ਤਾਂ ਹੁਣ ਦਸਦਿਆਂ ਵੀ ਸ਼ਰਮ ਆਉਂਦੀ ਹੈ। ਹੁਸ਼ਿਆਰਪੁਰ ਦੇ ਪਿੰਡ ਕੁੱਲਵਾਲ਼ ਦਾ ਨਕਸਲੀ ਹਿਟਮੈਨ ਕਰਤਾਰ ਦਰਸ਼ਨ ਸਿੰਘ ਕੈਨੇਡੀਅਨ ਦੇ ਘਰ ਲੰਗੇਰੀ ਗਿਆ। ਅਪਣੀ ਜੁੱਤੀ ‘ਤੇ ਲੇਨਿਨ ਦੀ ਕਿਤਾਬ ‘ਰਾਜ ਤੇ ਇਨਕਲਾਬ’  ਰਖ ਕੇ ਉਹਦੇ ਮੂੰਹ ਵਲ ਕਰ-ਕਰ ਛਿੱਬੀਆਂ ਦੇਈ ਜਾਵੇ: ਆਹ ਤੇਰੀ ਅਨਬਾਦ ਕੀਤੀ.. ਆ?!  ਦੋ ਸਾਲਾਂ ਮਗਰੋਂ ਸ਼ਰਾਬੀ ਹੋਇਆ ਸੁੱਤਾ ਪਿਆ ਕਰਤਾਰ ਪੁਲਸ ਦੇ ਡਾਣੇ ਆ ਗਿਆ ਸੀ। ਨਾਲ਼ ਸਰਹਾਲ਼ੇ ਖੁਰਦ ਦਾ ਗੁਰਦਿਆਲ ਸੀ। ਪੁਲਸ ਨੇ ਦੋਹਵਾਂ ਨੂੰ 10 ਜੂਨ 1973 ਵਾਲ਼ੇ ਦਿਨ ਤਸੀਹੇ ਦੇ-ਦੇ ਮਾਰ ਦਿੱਤਾ ਸੀ। ਕਰਤਾਰ ਵਾਸਤੇ ਸਭ ਤੋਂ ਪਹਿਲਾਂ ਹਾੱ ਦਾ ਨਾਅਰਾ ਲੇਨਿਨ ਦੇ ਓਸੇ ਅਨੁਵਾਦਕ ਨੇ ਮਾਰਿਆ ਸੀ।

ਬਾਬਾ ਗੁਰਮੁਖ ਸਿੰਘ ਨੇ ਤਾਂ ਸਾਰੀ ਉਮਰ ਜੇਲਾਂ ਤੇ ਮਫ਼ਰੂਰੀ ਦਾ ਕਸ਼ਟ ਭੋਗਿਆ ਸੀ। ਇਹਦਾ ਮਾਲੀਖੌਲੀਆ ਸਮਝ ਆਉਂਦਾ ਹੈ। ਭਗਤ ਸਿੰਘ ਬਿਲ਼ਗਾ ਤੇ ਬੂਝਾ ਸਿੰਘ ਤਾਂ ਪੂਰੇ ਤਿੰਨ ਦਹਾਕੇ ਜਨਤਕ ਲਹਿਰ ਵਾਸਤੇ ਕਿਸਾਨ ਕਮੇਟੀਆਂ ਤੇ ਕਿਸਾਨ ਸਭਾਵਾਂ ਬਣਾ ਕੇ ਕਿਸਾਨ ਮੋਰਚੇ ਲਾਉਂਦੇ ਰਹੇ ਸੀ। ਕੀ ਏਨੇ ਸਾਲਾਂ ਮਗਰੋਂ ਇਨ੍ਹਾਂ ਨੂੰ ਇਹ ਲਗਣ ਲਗ ਪਿਆ ਸੀ ਕਿ ਜਨਤਕ ਲਹਿਰ ਦੇ ਜਿਸ ਰਸਤੇ ਸਾਰੀ ਉਮਰ ਚੱਲੇ, ਜਿਹੜਾ ਰਸਤਾ ਇਹ ਮਾਸਕੋ ਦੇ ਮਾਰਕਸੀ ਉਸਤਾਦਾਂ ਤੋਂ ਸਿਖ ਕੇ ਆਏ ਸੀ, ਉਹ ਸਹੀ ਨਹੀਂ ਸੀ?

ਪੰਜਾਬ ਦੇ ਕਮਿਉਨਿਸਟ ਅੱਜ ਵੀ ਇਹ ਨਹੀਂ ਸੋਚਣਾ ਚਾਹੁੰਦੇ ਕਿ ਕੀ ਵਜ੍ਹਾ ਹੈ ਕਿ ਵੀਹਵੀਂ ਸਦੀ ਵਿਚ ਸਭ ਤੋਂ ਵਧ ਕੁਰਬਾਨੀਆਂ ਇਨ੍ਹਾਂ ਨੇ ਦਿੱਤੀਆਂ; ਇਹ ਅਪਣੇ ਆਪ ਨੂੰ ਅਕਲਮੰਦ ‘ਸਾਇੰਟੇਫ਼ਿਕ’ ਵੀ ਕਿੰਨਾ ਸਮਝਦੇ ਹਨ। ਮਾਰਾਂ ਇਹ ਖਾਂਦੇ ਰਹੇ ਤੇ ਹਕੂਮਤਾਂ ਕੋਈ ਹੋਰ ਕਰਦੇ ਰਹੇ, ਜਿਨ੍ਹਾਂ ਨੂੰ ਦੁਨੀਆ ਦਾ ਨਕਸ਼ਾ ਵੀ ਨਹੀਂ ਸੀ ਦੇਖਣਾ ਆਉਂਦਾ। ਆਖ਼ਿਰ ਕਿਉਂ?

ਪੰਜਾਬ ਦੀ ਕਮਿਉਨਿਸਟ ਲਹਿਰ ਦਮ ਤਾਂ ਸਨਅਤੀ ਮਜ਼ਦੂਰਾਂ ਦਾ ਭਰਦੀ ਰਹੀ ਹੈ, ਪਰ ਇਹਦਾ ਸਾਰਾ ਦਾਰੋ-ਮਦਾਰ ਖਾਂਦੇ-ਪੀਂਦੇ ਜੱਟ ਹੀ ਰਹੇ। ਮੈਨੂੰ ਇਸ ਸਵਾਲ ਦਾ ਜਵਾਬ ਅੱਜ ਤਕ ਕਿਤਿਓਂ ਨਹੀਂ ਮਿਲ਼ਿਆ ਕਿ ਪੰਜਾਬ ਦਾ ਜੱਟ ਕਮਿਉਨਿਸਟਾਂ ਦੇ ਪਿੱਛੇ ਕਿਉਂ ਲੱਗਿਆ? ਕਮਿਉਨਿਜ਼ਮ ਤਾਂ ਉਹ ਨਜ਼ਾਮ ਹੈ, ਜਿਹਨੇ ਜੱਟ ਕੋਲ਼ੋਂ ਜ਼ਮੀਨ ਖੋਹਣੀ ਹੈ ਤੇ ਉਹਦਾ ਰੱਬ ਵੀ।

ਬਹੁਤ ਸਾਰੇ ਲੋਕ ਇਹ ਜਾਣਨਾ ਨਹੀਂ ਚਾਹੁੰਦੇ ਕਿ ਮਗਰੋਂ ਜੇਲ ਜਾ ਕੇ ਭਗਤ ਸਿੰਘ ਸ਼ਹੀਦ ਨੂੰ ਵੀ ਇਹ ਗਿਆਨ ਹੋ ਗਿਆ ਸੀ ਕਿ ਬੰਬਾਂ-ਪਿਸਤੌਲਾਂ ਵਾਲ਼ਾ ਰਾਹ ਗ਼ਲਤ ਹੈ। ਇਹਨੇ ਹੀ ਫਾਂਸੀ ਲਗਣ ਤੋਂ ਇਕ ਮਹੀਨਾ ਪਹਿਲਾਂ ਲਿਖਿਆ ਸੀ: ਇਨਕਲਾਬ ਦੀ ਤਲਵਾਰ ਅਕਲ ਦੀ ਸਾਣ ‘ਤੇ ਤਿੱਖੀ ਹੁੰਦੀ ਹੈ।- ਇਹ ਤਾਂ ਅਕਲ ਦੀ ਗੱਲ ਹੋਈ। ਪਰ ਲੋਕ-ਮਨ ਵਿਚ ਟੋਪ ਪਿਸਤੌਲ ਵਾਲ਼ੇ ‘ਭਗਤ ਸਿੰਘ ਦੱਤ’ ਦੀ ਤਸਵੀਰ ਵਸੀ ਹੋਈ ਹੈ। ਭਾਵੇਂ ਜਿੰਨੀਆਂ ਮਰਜ਼ੀ ਕਿਤਾਬੀ ਗੱਲਾਂ ਕਰੀ ਜਾਓ; ਆਖ਼ਿਰ ਤੋੜਾ ਭਗਤ ਸਿੰਘ ਦੀ ਘੋੜੀ ਅਤੇ ਉਹਦੀ ਹੋਵਣ ਵਾਲ਼ੀ ਨਾਰ ਨੂੰ ਕਿਸੇ ਨੇ ਦੱਸਿਆ ਜਾ…ਗੀਤ ‘ਤੇ ਹੀ ਜਾ ਝੜਦਾ ਹੈ।

kartar singh and Gurdial singh dead body

ਦੂਸਰੀ ਵਾਰ ਬੂਝਾ ਸਿੰਘ ਤੇ ਗੰਧਰਵ ਸੇਨ ਨਕੋਦਰ ਸਾਡੇ ਘਰੇ ਤ੍ਰਿਕਾਲ਼ਾਂ ਪਈਆਂ ਨੂੰ ਮੇਰੇ ਕੋਲ਼ ਆਏ ਸੀ। ਕੱਟਣੀ ਤਾਂ ਇਨ੍ਹਾਂ ਰਾਤ ਸੀ, ਪਰ ਮੇਰੇ ਪਿਤਾ ਦੀ ਵੱਟੀ ਚੁੱਪ ਕਰਕੇ ਇਹ ਕਿਤੇ ਹੋਰ ਚਲੇ ਗਏ ਸੀ।

ਤੀਸਰੀ ਵਾਰ ਨਕੋਦਰ ਥਾਣੇ ਦੇ ਐਨ ਸਾਹਮਣੇ ਮੇਰੇ ਸਕੂਲ ਦੇ ਹਮਜਮਾਤੀ ਮੇਛੀ (ਰਮੇਸ਼ ਗੁਪਤੇ) ਦੀ ਮੋਟਰ ਇੰਜਣਾਂ ਦੇ ਪੁਰਜ਼ਿਆਂ ਦੀ ਹੱਟੀ ਦੇ ਚੁਬਾਰੇ ਚ ਰਾਤ ਵੇਲੇ ਬੂਝਾ ਸਿੰਘ ਦਾ ਸਟੱਡੀ ਸਰਕਲ ਲੱਗਾ ਸੀ। ਇਹਦੇ ਨਾਲ਼ ਡੁੱਡੇ ਪੈਰ ਵਾਲ਼ਾ ਨੌਜਵਾਨ ਦੁਸਾਂਝਾਂ ਦਾ ਸਰਬਜੀਤ ਹੁੰਦਾ ਸੀ। ਮੇਛੀ ਤੋਂ ਇਲਾਵਾ ਨਕੋਦਰ ਰੇਲਵੇ ਸਟੇਸ਼ਨ ਦਾ ਕਾਂਟਾ ਮੋੜਨ ਵਾਲ਼ਾ ਸ਼ੌਕੀਨ ਭਈਆ (ਇਹ ਟਰਾਂਜ਼ਿਸਟਰ ਨਾਲ਼ ਲੈ ਕੇ ਆਇਆ ਸੀ), ਭੱਠੇ ਦਾ ਮੁਣਸ਼ੀ (ਇਹ ਮਗਰੋਂ ਦਰਸ਼ਨ ਦੁਸਾਂਝ ਦੇ ਕਾਰਨਾਮੇ ਮਾਖਾ ਰਾਮ ਦੇ ਕਤਲ ਕੇਸ ਦਾ ਗਵਾਹ ਬਣਿਆ) ਤੇ ਬੀਬੀ ਤੇਜਵੰਤੀ ਧੀਰ ਅਤੇ ਦੋ ਕੁ ਹੋਰ ਜਣੇ ਸੀ; ਸ਼ਾਇਦ ਮਹਿਤਪੁਰੀਆ ਗਿਆਨੀ ਗੁਰਚਰਨ ਵੀ ਸੀ, ਜਿਹੜਾ ਮਗਰੋਂ ਆਪ ਪਾਰਟੀ ਚ ਰਲ਼ ਕੇ ਬੂਝਾ ਸਿੰਘ ਤੇ ਗੰਧਰਵ ਸੇਨ ਦਾ ਭੰਡੀ ਪ੍ਰਚਾਰਕ ਬਣਿਆ।

ਓਸ ਸਟੱਡੀ ਸਰਕਲ ਦੀਆਂ ਬੂਝਾ ਸਿੰਘ ਦੀਆਂ ਤਿੰਨ ਗੱਲਾਂ ਮੈਨੂੰ ਕਦੇ ਨਹੀਂ ਭੁੱਲਣੀਆਂ। ਪਹਿਲੀ ਤਾਂ ਇਹ ਕਿ ਇਹ ਮਾਓ ਦੀਆਂ ਟੂਕਾਂ ਲੇਨਿਨ ਦੇ ਨਾਂ ਲਾਈ ਜਾਂਦਾ ਸੀ। ਦੂਜੀ ਕਿਰਤ ਤੇ ਕਿਰਤ ਦੀ ਲੁਟ ਦਸਣ ਲਈ ਭ੍ਰਿਗੂ ਰਿਖੀ ਦੇ ਪੜਪੋਤੇ ਪਰਸ ਰਾਮ ਦੇ ਕੁਹਾੜੇ ਦੀ ਮਿਸਾਲ ਦਿੱਤੀ ਸੀ ਕਿ ਕਿੰਨਾ ਲੋਹਾ ਲੱਗਾ ਹੋਊ; ਲੋਹਾ ਕਿੱਦਾਂ ਕੱਢਿਆ ਹੋਊ; ਹੱਥੀ ਕਿੱਦਾਂ ਬਣੀ ਹੋਊ; ਕਿੰਨੀ ਮਿਹਨਤ ਲੱਗੀ ਹੋਊ ਅਤੇ ਤੀਜੀ ਰੱਬ ਦੇ ਖ਼ਿਲਾਫ਼ ਖਾਹਮਖਾਹ ਖੋਲ੍ਹਿਆ ਫ਼ਰੰਟ ਕਿ ਮੈਂ ਤਾਂ ਸਾਰੀ ਦੁਨੀਆ ਗਾਹੀ ਆ; ਮੈਂ ‘ਅਰਜਨਟੀਨਾ’ ਗਿਆ; ਰੂਸ ਗਿਆ; ਇੰਗਲੈਂਡ ਗਿਆ; ਮੈਨੂੰ ਤਾਂ ਰੱਬ ਕਿਤੇ ਨਹੀਂ ਮਿਲ਼ਿਆ!

ਸਤੰਬਰ 1969 ਚ ਮੇਰੇ ਪਿਤਾ ਕੈਂਸਰ ਨਾਲ਼ ਘੁਲ਼-ਘੁਲ਼ ਪੂਰੇ ਹੋ ਗਏ। ਇਸ ਤੋਂ ਪਹਿਲਾਂ ਮੈਂ ਜਲੰਧਰ ਜਾ ਕੇ ਦਸਤਾਵੇਜ਼  ਪਰਚਾ ਤਿਆਰ ਕਰਦਾ, ਜਿਹਦੇ ਪਹਿਲੇ ਸਫ਼ੇ ‘ਤੇ ਹੋ ਚੀ ਮਿੰਨ੍ਹ ਦੀ ਕਵਿਤਾ ਛਪੀ ਹੁੰਦੀ ਸੀ ਕਿ ਕਵੀ ਨੂੰ ਹਮਲਾ ਕਰਨ ਦੀ ਜਾਚ ਵੀ ਆਉਣੀ ਚਾਹੀਦੀ ਹੈ। ਕੌਫ਼ੀ ਹਾਉਸ ਵਿਚ ਕ੍ਰਿਸ਼ਨ ਕੰਵਲ ਸਰੀਨ ਉਰਫ਼ ਅਮਿਤੋਜ ਵਰਗੇ ਲੰਡੂਆਂ ਦੀ ਸੰਗਤ ਕਰਦਾ। ਇਥੇ ਹੀ ਪ੍ਰੇਮ ਪ੍ਰਕਾਸ਼ ਮਿਲ਼ਿਆ ਸੀ। ਮੈਂ ਯੁਵਕ ਕੇਂਦਰ ਦਾ ਸਾਹਿਤ ਛਾਪਣ ਚ ਹੱਥ ਵਟਾਉਂਦਾ। ਓਦੋਂ ਬਰਜਿੰਦਰ ਹਮਦਰਦ ਦਾ ਮੇਰੇ ਨਾਲ਼ ਬੜਾ ਤੇਹੁ ਸੀ। ਬਹੁਤੀਆਂ ਰਾਤਾਂ ਮੈਂ ਇਹਦੇ ਕੋਲ਼ ਇਹਦੇ ਘਰ ਹੀ ਕੱਟਦਾ ਸੀ। ਇਹਦਾ ਪਿਤਾ ਅਪਣੇ ਪੁੱਤ ਨਾਲ਼ ਪਏ ਫਿਕ ਦਾ ਦੋਸ਼ ਮੈਨੂੰ ਦੇਣ ਲਗ ਪਿਆ ਸੀ। ਉਹਨੂੰ ਡਰ ਲਗਦਾ ਸੀ ਕਿ ਮੁੰਡਾ ਕਿਤੇ ਨਕਸਲੀ ਨਾ ਬਣ ਜਾਵੇ। ਮੇਰੇ ਪਿਤਾ ਸਾਧੂ ਸਿੰਘ ਹਮਦਰਦ ਕੋਲ਼ ਜਾਂਦੇ ਤੇ ਦੋ ਦਾਨਿਸ਼ਵਰ ਬਾਪ ਮਿਲ਼ ਕੇ ਅਪਣੇ ਵਿਗੜੇ ਪੁੱਤਾਂ ਦਾ ਦੁੱਖ ਫੋਲਦੇ ਹੁੰਦੇ ਸੀ। ਬਰਜਿੰਦਰ ਸਾਡੀ ਪੈਸਿਆਂ ਦੀ ਮਦਦ ਵੀ ਕਰਦਾ ਹੁੰਦਾ ਸੀ। ਕੇਵਲ ਕੌਰ ਨਾਲ਼ ਮੇਰਾ ਨੇੜ ਵੀ ਓਦੋਂ ਕੁ ਹੀ ਹੋਇਆ ਸੀ। ਮੈਂ ਹੀ ਇਹਦਾ ਮੇਲ਼ ਦਰਸ਼ਨ ਦੁਸਾਂਝ ਨਾਲ਼ ਕਰਵਾਇਆ ਸੀ। ਇਕਲੌਤੀ ਔਰਤ ਹੋਣ ਕਰਕੇ ਫੇਰ ਇਹ ਇਕਦਮ ਸਾਰੀ ਲਹਿਰ ਦੀ ਛਿੰਦੀ ਬਣ ਗਈ। ਤੇਹੁ ਨਾਲ਼ ‘ਅੜਿਆ’ ਆਖ ਕੇ ਬੁਲਾਉਣ ਵਾਲ਼ਾ ਪੰਜਾਬ ਬੁਕ ਸੈਂਟਰੀਆ ਬਜ਼ੁਰਗ ਉਜਾਗਰ ਸਿੰਘ ਬੀਰ ਵੀ ਮੇਰਾ ਮੁਹੱਬਤੀ ਸੀ।

ਗੰਧਰਵ ਸੇਨ ਦੇ ਦਿੱਤੇ ਪੈਸਿਆਂ ਨਾਲ਼ ਨਰਿੰਦਰ ਜੋਸ਼ੀ ਨੂੰ ਨਾਲ਼ ਲਿਜਾ ਕੇ ਮੈਂ ਪੰਜਾਬੀ ਦਾ ਅੱਖਰ-ਅੱਖਰ ਜੋੜਨ ਵਾਲ਼ਾ ਸਿੱਕੇ ਦਾ ਟਾਈਪ ਤੇ ਹੱਥੀਂ ਪਰੂਫ਼ ਕੱਢਣ ਵਾਲ਼ੀ ਮਸ਼ੀਨ ਖ਼ਰੀਦੀ। ਇਹਦੇ ਨਾਲ਼ ਲੋਕਯੁੱਧ  ਕੱਢਣਾ ਸੀ। ਟਾਈਪ ਤੇ ਮਸ਼ੀਨ ਦਰਸ਼ਨ ਦੁਸਾਂਝ ਦੇ ਪਿੰਡ ਦੀ ਕਿਸੇ ਹੱਟੀ ਦੇ ਪਿਛਾੜੀ ਦੀ ਕੋਠੜੀ ਚ ਜਾ ਰੱਖੀ। ਇਹ ਮੇਰੀ ਪਹਿਲੀ ਮੱਲੋ-ਮੱਲੀ ਦੀ ਕੈਦ ਸੀ। ਦਰਸ਼ਨ ਨੇ ਦਿਨੇ ਹਾਜਤ-ਰਫ਼ਾ ਦਾ ਵੀ ਕੁਝ ਨਾ ਦੱਸਿਆ। ਬਾਹਰ ਨੇਰ੍ਹੇ ਚ ਹੀ ਜਾਣਾ ਹੁੰਦਾ ਸੀ। ਅੰਦਰ ਤੜਿਆ ਮੈਂ ਅੱਖਰ ਜੋੜਨ ਲੱਗਾ; ਅੱਖਰ ਹੱਥੋਂ ਡਿਗ ਕੇ ਖਿੰਡ ਗਏ। ਇਹ ਵਾਧੂ ਦੀ ਖੇਚਲ਼ ਗੰਧਰਵ ਸੇਨ ਦੇ ਦਿਮਾਗ਼ ਦੀ ਕਾਢ ਸੀ। ਇਹ ਆਪ ਭੋਰਿਆਂ ਚ ਵੜ ਕੇ ਲਾਲ ਪਾਰਟੀ ਦੇ ਪਰਚੇ ਛਾਪਦਾ ਰਿਹਾ ਸੀ। ਸਗੋਂ ਖੁੱਲ਼੍ਹੀਆਂ ਪ੍ਰੈੱਸਾਂ ਚੋਂ ਪਰਚਾ ਛਪਵਾਉਣਾ ਕਿਤੇ ਸੌਖਾ ਹੁੰਦਾ। ਮੈਂ ਦੁਸਾਂਝੋਂ ਨਸ ਕੇ ਮੁੜ ਗੰਧਰਵ ਸੇਨ ਦੇ ਮੱਥੇ ਨਹੀਂ ਲੱਗਾ।

ਛੇਤੀ ਹੀ ਲੀਡਰੀ ਦੀ ਭੁੱਖ ਕਰਕੇ ਪੰਜਾਬ ਦੇ ਨਕਸਲੀਆਂ ਚ ਫੁਟ ਪੈ ਗਈ। ਸਿਧਾਂਤ ਤਾਂ ਇੱਕੋ ਹੀ ਸੀ। ਦੋ ਟੋਲੇ ਹੋ ਗਏ  ਬੂਝਾ ਸਿੰਘ, ਗੰਧਰਵ ਸੇਨ, ਜਗਜੀਤ ਸੋਹਲ ਇਕ ਪਾਸੇ ਅਤੇ ਦੂਜੇ ਪਾਸੇ ਹਾਕਮ, ਬਲਦੇਵ ਤੇ ਬੈਰਾਗੀ ਵਗ਼ੈਰਾ। ਚਾਰੂ ਮਜੂਮਦਾਰ ਦੀ ਤਾਰ ਸੋਹਲ ਨਾਲ਼ ਹੀ ਜੁੜੀ ਰਹੀ। ਚਾਰੂ ਪਿੱਛੇ ਚੀਨੀ ਕਮਿਉਨਿਸਟ ਪਾਰਟੀ ਸੀ। ਇੰਗਲੈਂਡ ਕੈਨੇਡੇ ਦੇ ਪੰਜਾਬੀ ਮਾਓਪ੍ਰਸਤ ਪੈਸੇ ਚਾਰੂ ਸੋਹਲ ਨੂੰ ਹੀ ਘੱਲਦੇ ਹੁੰਦੇ ਸੀ। ਪੈਸਿਆਂ ਦੇ ਜ਼ੋਰ ਇਨ੍ਹਾਂ ਨੂੰ “ਕੇਂਦਰੀ ਕਮੇਟੀ ਦੀ ਮੈਂਬਰੀ” ਵੀ ਮਿਲ਼ੀ ਹੋਈ ਸੀ। ਕਮਿਉਨਿਸਟ ਤਨਜ਼ੀਮ ਵਿਚ ਕੇਂਦਰੀ ਤਾਕਤ ਵਾਲ਼ਿਆਂ ਦੀ ਮਾਨਤਾ ਹੀ ਸਭ ਕੁਝ ਹੁੰਦੀ ਹੈ। ਸੋਹਲ ਨਾਲ਼ੋਂ ਟੁੱਟ ਕੇ ਵੀ ਹਾਕਮ, ਬਲਦੇਵ ਚਾਰੂ ਦੀ ਮਾਨਤਾ ਲਈ ਤਰਲੇ ਲੈਂਦੇ ਰਹੇ। ਇਸ ਮਕਸਦ ਲਈ ਬੈਰਾਗੀ ਨੇ ਮੈਨੂੰ ਪਹਿਲਾਂ ਕਲਕੱਤੇ ਘੱਲਿਆ ਸੀ। ਮੈਂ ‘ਫ਼ਰੰਟੀਅਰ’ ਦੇ ਸੰਪਾਦਕ ਸਮਰ ਸੇਨ ਅਤੇ ਕਲਕੱਤਾ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਪਰੇਸ਼ ਚੱਟੋਪਾਧਿਆਏ ਨੂੰ ਮਿਲ਼ਿਆ। ਇਨ੍ਹਾਂ ਦਾ ਚਾਰੂ ਨਾਲ਼ ਮੇਲ਼ ਸੀ। ਚਾਰੂ ਨੇ ਮਿਲਣੋਂ ਨਾਂਹ ਕਰ ਦਿੱਤੀ। ਫੇਰ ਮੈਂ ਨੇਪਾਲ ਕਾਠਮਾਂਡੂ ਵਾਲ਼ੀ ਚੀਨੀ ਐਂਬੈਸੀ ਗਿਆ ਸੀ। ਉਨ੍ਹਾਂ ਮੇਰੀਆਂ ਗੱਲਾਂ ਸੁਣ ਕੇ ਮਾਓ ਦੇ ਲਾਲ ਗੁਟਕੇ ਤੇ ਛਾਤੀ ‘ਤੇ ਲਾਉਣ ਵਾਲ਼ੇ ਬਿੱਲੇ ਦੇ ਕੇ ਤੋਰ ਦਿੱਤਾ ਸੀ। ਵੈਰੋਕੋ ਦੀ ਕਾਨਫ਼੍ਰੰਸ ਵਿਚ ਚੜ੍ਹੀ ਪਿੰਡ ਦੇੇ ਰੌਣਕ ਸਿੰਘ ਦੀ ਆਖੀ ਇਹ ਗੱਲ ਚੇਤੇ ਕਰਕੇ ਮੈਂ ਤੇ ਹਲਵਾਰਵੀ ਬੜੇ ਹੱਸਦੇ ਹੁੰਦੇ ਸੀ  ਅਸੀਂ ਕੀ ਲੈਣਾ, ਚਾਰੂ “ਮਜੂਮ” ਤੋਂ?! ਵੈਰੋਕੇ ਕਾਨਫ਼੍ਰੰਸ ਚ ਸੈਕ੍ਰੇਟਰੀ ਬਲਦੇਵ ਨੇ ਦੋ ਵੱਡੇ ਇਨਕਸ਼ਾਫ਼ ਕੀਤੇ ਸਨ। ਪਹਿਲਾ ਇਹ ਕਿ ਤੇਜਾ ਸਿੰਘ ਸੁਤੰਤਰ ਨਕਸਲੀ ਹੋਣ ਦਾ ਏਲਾਨ ਕਰਨ ਵਾਲ਼ਾ ਹੈ ਅਤੇ ਦੂਜਾ ਇਹ ਕਿ ਦਇਆ ਸਿੰਘ ਨੂੰ ਪੁਲਸ ਨੇ ਮਾਰਿਆ ਨਹੀਂ ਅਤੇ ਉਹ ਕਿਸੇ ਨੂੰ ਬੰਬਈ ਚ ਤੁਰਿਆ-ਜਾਂਦਾ ਮਿਲ਼ਿਆ ਸੀ।

ਹਾਕਮ ਹੁਰੀਂ ਸੋਹਲ ਦੀ ਗੱਲ “ਕੁੱਤਾ ਘੁਮਾਰ” ਕਰ ਕੇ ਕਰਦੇ ਹੁੰਦੇ ਸੀ। ਉਹ ਵੀ ਸੱਚੇ ਸੀ; ਜੱਟ ਕਿਸੇ “ਕੁੱਤੇ ਘੁਮਾਰ” ਦੇ ਥੱਲੇ ਲਗ ਕੇ ਕਿਵੇਂ ਚਲ ਸਕਦੇ ਸੀ? ਉਹ ਵਾਧੂ ਇਨਕਲਾਬੀ ਲੱਗਣ ਲਈ ਵਧ-ਚੜ੍ਹ ਕੇ “ਜਮਾਤੀ ਦੁਸ਼ਮਣਾਂ ਦਾ ਸਫ਼ਾਇਆ” ਕਰਨ ਲੱਗੇ। ਮੈਨੂੰ ਤੇ ਪਾਸ਼ ਨੂੰ ਘਰੋਂ ਪੁੱਟਣ ਲਈ ਦਰਸ਼ਨ ਦੁਸਾਂਝ ਨੇ ਨਕੋਦਰ ਭੱਠੇ ਦੇ ਦਲਿਤ ਮੁਣਸ਼ੀ ਦੀ ਸੋਨੇ ਦੀ ਮੁੰਦੀ ਤੇ ਘੜੀ ਤੇ ਬਟੂਆ ਖੋਹ ਕੇ ਉਹਦੇ ਮੱਥੇ ਚ ਗੋਲ਼ੀ ਮਾਰ ਕੇ ਉਹਨੂੰ ਨਹੱਕਾ ਕਤਲ ਕਰ ਦਿੱਤਾ। ਮੈਂ ਸ਼ਾਇਰੀ ਦੀ ਮੱਸ ਕਰਕੇ ਹਾਕਮ ਦੇ ਟੋਲੇ ਚ ਰਲ਼ ਗਿਆ; ਕਿਉਂਕਿ ਹੋਰ ਦੋ ਕਵੀ ਦਰਸ਼ਨ ਖਟਕੜ ਤੇ ਹਰਭਜਨ ਹਲਵਾਰਵੀ ਵੀ ਉਹਦੇ ਨਾਲ਼ ਸੀ। ਉਨ੍ਹਾਂ ਇਸੇ ਤਰ੍ਹਾਂ ਲੁਧਿਆਣੇ ਮੌਡਲ ਟਾਊਨ ਚ ਥਾਣੇਦਾਰ ਨੂੰ ਮਾਰ ਕੇ ਹਲਵਾਰਵੀ ਨੂੰ ਵੀ ਘਰੋਂ ਪੁੱਟਿਆ ਸੀ। ਮੈਂ ਤੇ ਹਲਵਾਰਵੀ ਲੋਕਯੁੱਧ  ਦੇ ਸੰਪਾਦਕ ਬਣੇ। ਇਹ ਕਿਸੇ ਭੋਰੇ ਚ ਵੜ ਕੇ ਨਹੀਂ, ਖੁੱਲ੍ਹੀਆਂ ਪ੍ਰੈੱਸਾਂ ਚ ਛਪਵਾਈਦੇ ਸੀ। ਅਗਲਿਆਂ ਦਸਤਾਵੇਜ਼  “ਇੰਟਲੈਕਚੁਅਲ” ਹੋਣ ਕਰਕੇ ਬੰਦ ਕਰਵਾ ਦਿੱਤਾ ਅਤੇ ਫੇਰ ਬਗ਼ਾਵਤ  ਨਾਂ ਦੇ ਅਖੌਤੀ ਸਾਹਿਤਕ ਪਰਚੇ ਦੇ ਦੋ ਅੰਕ ਮੇਰੇ ਫੜੇ ਜਾਣ ਤਕ ਨਿਕਲ਼ੇ। (ਜਦ ਮੈਂ 3 ਅਗਸਤ 1971 ਨੂੰ ਅਮ੍ਰਿਤਸਰ ਪੁਲਸ ਦੇ ਕਾਬੂ ਆਇਆ, ਮੇਰੇ ਹੱਥ ਚ ਗਰਨੇਟ ਸੀ।)

ਸੂਰਮੇ ‘ਜਮਾਤੀ ਦੁਸ਼ਮਣ’ ਮਾਰ ਕੇ ਉਨ੍ਹਾਂ ਦੀਆਂ ਲਾਸ਼ਾਂ ‘ਤੇ ਪਰਚਾ ‘ਬਗ਼ਾਵਤ’ ਵੀ ਸੁੱਟਦੇ ਹੁੰਦੇ ਸੀ। ਸ਼ਬਦ, ਕਾਗਤ ਤੇ ਸਿਆਹੀ ਦੀ ਇਸ ਤੋਂ ਵੱਡੀ ਤੌਹੀਨ ਕੀ ਹੋ ਸਕਦੀ ਹੈ? ਅਪਣੀ ਤੇ ਹੋਰਨਾਂ ਦੀ ਜ਼ਿੰਦਗੀ ਨੂੰ ਤਾਂ ਉਹ ਟਿੱਚ ਜਾਣਦੇ ਸੀ। ਚਾਰੂ ਮਾਜੂਮਦਾਰ ਦੀ ਹਿਦਾਇਤ ਸੀ ਕਿ ਜਿਹੜਾ ਜਮਾਤੀ ਦੁਸ਼ਮਣ ਦੇ ਲਹੂ ਨਾਲ਼ ਅਪਣੇ ਹੱਥ ਨਹੀਂ ਰੰਗਦਾ, ਉਹ ਇਨਕਲਾਬੀ ਨਹੀਂ ਹੋ ਸਕਦਾ। ਇਹਨੇ ਭਾਰਤੀ ਇਨਕਲਾਬ ਦਾ ਸੰਨ 1975 ਦਾ ਸਾਹਾ ਬੰਨ੍ਹਿਆ ਹੋਇਆ ਸੀ। ਏਸ ਮਨੋਰੋਗੀ ਨੇ ਲਿਬਰੇਸ਼ਨ  ਵਿਚ ਲਿਖਿਆ ਸੀ ਕਿ ਤੀਜੀ ਆਲਮੀ ਜੰਗ ਲੱਗੀ ਕਿ ਲੱਗੀ ਤੇ ਘਰ-ਘਰ ਸੁਰੰਗਾਂ ਪੁੱਟ ਲਵੋ। ਇਹਨੇ ਨਾਲ਼ ਇਹ ਵੀ ਦੱਸਿਆ ਹੁੰਦਾ ਕਿ ਰਵਾਇਤੀ ਹਥਿਆਰ ਚਾਕੂ-ਟਕੂਏ ਨਾਲ਼ ਜਮਾਤੀ ਦੁਸ਼ਮਣ ਦਾ ਸੀਨਾ ਤੇ ਢਿੱਡ ਕਿਵੇਂ ਪਾੜਨਾ ਹੈ। ਸਾਡੇ ਨਾਲ਼ ਦੇ ਕਵੀ ਨੇ ਓਦੋਂ ਘੱਟੋ-ਘਟ ਬਾਰਾਂ ‘ਜਮਾਤੀ ਦੁਸ਼ਮਣਾਂ ਦਾ ਸਫ਼ਾਇਆ’ ਕੀਤਾ ਸੀ।

 ਸਾਰੀ ਲਹਿਰ ਚ ਮੈਂ ਤੇ ਹਲਵਾਰਵੀ ਹੀ ਚਾਰੂ-ਹਾਕਮ ਮਾਰਕਾ ਇਨਕਲਾਬੀ ਨਾ ਬਣੇ। ਅਸੀਂ ਦੋਹਵੇਂ ਪਾਰਟੀ ਸੈਕ੍ਰੇਟਰੀ ਉੱਚਾ ਪਿੰਡ ਸੰਘੋਲ਼ੀਏ ਬਲਦੇਵ ਸਦਕਾ ਜੀਆਘਾਤ ਤੋਂ ਬਚੇ ਰਹਿ ਗਏ; ਇਹ ਕਹਿਣ ਲੱਗਾ- ਤੁਸੀਂ ਰਹਿਣ ਦਿਓ।- ਇਹ ਜਾਂ ਤਾਂ ਸਾਨੂੰ ਬੁਜ਼ਦਿਲ ਸਮਝਦਾ ਹੋਣਾ ਹੈ ਜਾਂ ਲਿਖਾਰੀ ਹੋਣ ਦੀ ਕਦਰ ਕਰਦਾ ਸੀ!

ਪੰਜਾਬੀ ਨਕਸਲੀਆਂ ਦੀ ਮੁੱਢਲੀ ਫੁੱਟ ਬੜੀ ਮੌਕਾਤਾੜੂ ਫੁੱਟ ਸੀ। ਹਉਂਮੈਂ ਦਾ ਰੋਗ ਸੀ; ਕੋਈ ਅਸੂਲੀ ਗੱਲ ਤਾਂ ਹੈ ਨਾ ਸੀ। ਜਲੰਧਰ-ਨਕੋਦਰ ਦੀ ਸੜਕ ‘ਤੇ ਵਸੇ ਪਿੰਡ ਕੰਗ ਸਾਹਬੂ ਦੇ ਕਿਸੇ ਖੂਹ ‘ਤੇ 1970 ਦੇ ਸਿਆਲ਼ ਦੀ ਰਾਤ ਨੂੰ ਸਿੰਘ ਪਿੰਡ ਦੇ ਹਿੰਮਤ ਸਿੰਘ ਅਮਨ ਸਦਕਾ ਹੋਈ ਮੀਟਿੰਗ ਚ ਬਾਬੂ ਰਾਮ ਬੈਰਾਗੀ ਨੇ ਗੰਨਿਆਂ ਦੀ ਖੋਰੀ ‘ਤੇ ਬੈਠਿਆਂ ਅੱਗੇ ਕੋਈ ਅਕਲ ਦੀ ਗੱਲ ਕਰਨ ਦੀ ਥਾਂ ਇਹੀ ਕਲਿਆਣ ਕੀਤਾ ਸੀ ਕਿ “ਬੂਝਾ ਸਿੰਘ ਤੇ ਗੰਧਰਵ ਸੇਨ ਸੀ. ਆਈ. ਡੀ ਦੇ ਬੰਦੇ ਹਨ।” ਇਹ ਏਜੰਟੀ ਦਾ ਰਾਗ ਬੂਝਾ ਸਿੰਘ ਦੇ ਝੂਠੇ ਪੁਲਸ ਮੁਕਾਬਿਲੇ ਚ ਮਾਰੇ ਜਾਣ ਤਕ ਚਲਦਾ ਰਿਹਾ।

27 ਜੁਲਾਈ 1970 ਨੂੰ ਬੂਝਾ ਸਿੰਘ ਦੀ ਸ਼ਹਾਦਤ ਦੀ ਖ਼ਬਰ ਸੁਣ ਕੇ ਹਾਕਮ ਸਿੰਘੀਏ ਛਿੱਥੇ ਪੈ ਗਏ। ਮੈਂ ਹਲਵਾਰਵੀ ਦੀ ਸਹਿਮਤੀ ਨਾਲ਼ ਲੋਕਯੁੱਧ  ਚ ਬੂਝਾ ਸਿੰਘ ਦੀ ਖ਼ਬਰ ਸਰਦੇ-ਬਣਦੇ ਸਤਿਕਾਰ ਨਾਲ਼ ਲਿਖੀ। ਦਰਸ਼ਨ ਦੁਸਾਂਝ ਨੇ ਜਲੰਧਰ ਕੇਵਲ ਕੌਰ ਦੇ ਘਰੇ ਦੰਦ ਪੀਂਹਦੇ ਨੇ ਮੈਂਤੋਂ ਇਹਦੀ ਜਵਾਬਤਲਬੀ ਕੀਤੀ ਸੀ। ਮੈਨੂੰ ਹੁਣ ਪੱਕਾ ਚੇਤਾ ਨਹੀਂ ਕਿ ਇਨ੍ਹਾਂ ਚੋਂ ਉਹ ਕਿਹੜਾ ਸੀ, ਜਿਹਨੇ ਆਖਿਆ ਸੀ ਕਿ ਪੁਲਸ ਅਪਣੇ ਬੰਦੇ ਵੀ ਕਤਲ ਕਰ ਦਿੰਦੀ ਹੁੰਦੀ ਹੈ।

ਪਤਾ ਨਹੀਂ ਬੂਝਾ ਸਿੰਘ ਦੀ ਨਿਜੀ ਜ਼ਿੰਦਗੀ ਕਿਹੋ ਜਿਹੀ ਸੀ? ਉਹ ਆਪ ਕਿਹੋ ਜਿਹਾ ਪੁਤ, ਪਤੀ ਤੇ ਬਾਪ ਸੀ? ਯੋਧਿਆਂ ਦੀਆਂ ਵਾਰਾਂ ਗਾਉਣ ਵਾਲ਼ੇ ਅਸੀਂ ਉਨ੍ਹਾਂ ਦੇ ਮਾਪਿਆਂ, ਟੱਬਰਾਂ, ਬੱਚਿਆਂ, ਸਾਕਾਂ ਦੀਆਂ ਝਾਗੀਆਂ ਤਕਲੀਫ਼ਾਂ ਦੀ ਗੱਲ ਕਦੇ ਨਹੀਂ ਕਰਦੇ। ਇਨਕਲਾਬੀਆਂ ਦੇ ਬੱਚਿਆਂ ਦਾ ਘਾਣ ਸਭ ਤੋਂ ਵਧ ਹੋਇਆ। ਬੂਝਾ ਸਿੰਘ ਸੰਨ 1930 ਚ ਪਿੰਡ ਛੱਡ ਕੇ ਅਰਜਨਟਾਈਨਾ ਕਮਾਈ ਕਰਨ ਗਿਆ ਸੀ। ਦੋ ਸਾਲਾਂ ਮਗਰੋਂ ਓਥੋਂ ਮਾਸਕੋ ਚਲਿਆ ਗਿਆ। ਸੰਨ 34 ਚ ਪੰਜਾਬ ਅੱਪੜ ਆਖ਼ਿਰੀ ਦਮ ਤਕ ਘਰ ਟਿਕ ਕੇ ਨਹੀਂ ਬੈਠਾ। ਇਹਦੀਆਂ ਦੋ ਧੀਆਂ ਤੇ ਇਕ ਪੁਤ ਸੀ। ਜਾਣਨ ਵਾਲ਼ੇ ਦਸਦੇ ਹਨ ਕਿ ਇਹਦਾ ਪੁਤ ਹਰਦਾਸ (ਜਨਮ 1936?) ਰਾਜਨੀਤੀ ਤੋਂ ਕੋਰਾ ਸੀ ਅਤੇ ਈਸਟ ਲੰਡਨ ਦੀ ਫ਼ੋਰਡ ਕਾਰ ਫ਼ੈਕਟਰੀ ਵਿਚ ਗੁਮਨਾਮੀ ਚ ਕੰਮ ਕਰਦਾ ਦਿਲ ਦੀ ਕਸਰ ਕਰਕੇ 58 ਸਾਲ ਦੀ ਉਮਰ ਚ ਪੂਰਾ ਹੋ ਗਿਆ।

ਦਰਸ਼ਨ ਦੁਸਾਂਝ ਦਾ ਤੀਹ ਸਾਲ ਮਗਰੋਂ ਲਿਖਿਆ ਅੱਧਾ ਸੱਚ ਹੁਣ ਪੜ੍ਹਿਆ ਹੈ:

“ਮੈਨੂੰ ਯਾਦ ਹੈ ਕਿ 28 ਜੁਲਾਈ 1970 ਵਿਚ ਬਾਬਾ (ਬੂਝਾ ਸਿੰਘ) ਜੀ ਦੀ ਅਚਾਨਕ ਸ਼ਹਾਦਤ ਦੀ ਖ਼ਬਰ ਸੁਣ ਕੇ ਮੇਰੀਆਂ ਅੱਖਾਂ ਵਿੱਚੋਂ ਆਪਮੁਹਾਰੇ ਪਰਲ-ਪਰਲ ਹੰਝੂ ਵਗ ਤੁਰੇ ਸਨ। ਮੈਂ ਪਸ਼ਚਾਤਾਪ ਦੀ ਅੱਗ ਵਿਚ ਐਨਾ ਸੜਿਆ ਸੀ ਕਿ ਮੈਨੂੰ ਸਮਝ ਨਹੀਂ ਸੀ ਆਉਂਦੀ ਕਿ ਮੈਂ ਕੀ ਕਰਾਂ?”

– ਅਜਮੇਰ ਸਿੱਧੂ, ਤੁਰਦੇ ਪੈਰਾਂ ਦੀ ਦਾਸਤਾਨ (ਦਰਸ਼ਨ ਦੁਸਾਂਝ ਦੀ ਜੀਵਨੀ), ਚੰਡੀਗੜ੍ਹ, 2003.

ਦੁਸਾਂਝ ਦੱਸ ਤਾਂ ਦਿੰਦਾ ਕਿ ਇਹਨੂੰ ਕਿਸ ਗੱਲ ਦਾ ਪਸ਼ਚਾਤਾਪ ਸੀ? ਕੀ ਇਸੇ ਕਰਕੇ ਹਾਕਮ ਸਿੰਘ ਨੇ ਬੂਝਾ ਸਿੰਘ ਦੇ ਨਾਂ ਦਾ ਮਾਨਸੇ ਭਵਨ ਉਸਾਰਿਆ ਸੀ? ਬੂਝਾ ਸਿੰਘ ਨੂੰ ਸੀ.ਆਈ.ਡੀ. ਦਾ ਆਖਣ ਵਾਲ਼ੇ ਅੱਜ ਵੀ ਮੌਜੂਦ ਹਨ। ਇਹ ਲੀਡਰ ਬੰਦੇ ਅਪਣੇ ਗੁਨਾਹਾਂ ਦਾ ਕਫ਼ਾਰਾ ਕਦੋਂ ਕਰਨਗੇ?

– ਅਪ੍ਰੈਲ 2005

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!