ਮੈਂ ਜਦੋਂ ਵੀ ਕਦੇ ਵਰਤਮਾਨ ਨੂੰ ਝਕਾਨੀ ਦੇ ਕੇ ਪਿਛਾਂਹ ਆਪਣੇ ਬਚਪਨ ਵੱਲ ਮੁੜਾਂ ਤਾਂ ਮੈਨੂੰ ਕੁੰਨੇ ਘੁਮਿਆਰ ਦਾ ਧੁਆਂਖਿਆ ਚੇਹਰਾ ਯਾਦਾਂ ਦੀ ਖਾਨਗਾਹ ‘ਤੇ ਬਲਦੇ ਦੀਵੇ ਦੀ ਕੰਬਦੀ ਲਾਟ ਵਰਗਾ ਲੱਗਿਆ ਏ। ਨਿੱਕੇ ਹੁੰਦਿਆਂ ਦੀਆਂ ਯਾਦਾਂ ਦਾ ਹਾਲ ਉਸ ਜੰਗਲੀ ਫੁੱਲ ਵਰਗਾ ਏ ਜੇਹੜਾ ਕੱਚੇ ਪਹੇ ਦੇ ਕੰਢੇ ਉੱਗਿਆ ਜ਼ਿੰਦਗੀ ਦੀਆਂ ਅਨੇਕ ਘਟਨਾਵਾਂ ਦੀ ਧੂੜ ਨਾਲ ਲੱਦਿਆ ਜ਼ਰਾ ਕੁ ਮਿੱਠੇ ਖ਼ਿਆਲਾਂ ਦੀ ਵਾਛੜ ਨਾਲ ਮਹਿਕ ਮਹਿਕ ਹੋ ਜਾਂਦਾ ਏ ਤੇ ਉਹਦਾ ਰੰਗ ਰੂਪ ਫਿਰ ਸਰਘੀ ਦੇ ਤਾਰੇ ਵਾਂਗ ਨਿੱਖਰ ਆਉਂਦਾ ਏ।
ਸਾਡੇ ਪਿੰਡੋਂ ਸਕੂਲ ਪੱਕੇ ਦੋ ਮੀਲ ਦੂਰ ਸੀ। ਰਾਹ ਵਿਚ ਟਿੱਬਿਆਂ ਦੀ ਰੇਤ ਦਾ ਠਾਠਾਂ ਮਾਰਦਾ ਦਰਿਆ ਸਾਡੇ ਅੰਦਰ ਜੰਮਦੀਆਂ ਹਰੀਆਂ ਕਚੂਰ ਖੁਸ਼ੀਆਂ ਨੂੰ ਰੋਜ਼ ਰੋੜ੍ਹ ਕੇ ਲੈ ਜਾਂਦਾ ਸੀ। ਪਰ ਇਕ ਸਹਾਰਾ ਸੀ, ਜਿਹਦੇ ਆਸਰੇ ਅਸੀਂ ਕੁਝ ਖੁਸ਼ੀਆਂ ਰੁੜ੍ਹਨੋ ਬਚਾ ਲੈਂਦੇ। ਕੁੰਨਾ ਘੁਮਿਆਰ ਸਵੇਰੇ ਸਾਨੂੰ ਆਪਣੇ ਖੋਤਿਆਂ ‘ਤੇ ਬਹਾ ਕੇ ਸਕੂਲ ਦੇ ਨੇੜੇ ਭੱਠੇ ਤੀਕਰ ਲੈ ਜਾਂਦਾ। ਉਹਨੇ ਸਵੇਰੇ ਪੜ੍ਹਨ ਜਾਣ ਵਾਲਿਆਂ ਦੇ ਘਰੋ ਘਰੀ ਇੰਝ ਤੁਰੇ ਫਿਰਨਾ, ਜਿਵੇਂ ਅਖੰਡ ਪਾਠ ਕਰਵਾਣ ਲਈ ਉਗਰਾਹੀ ਕਰਨ ਵਾਲੇ ਲੱਗੇ ਫਿਰਦੇ ਨੇ। ਜਿਵੇਂ ਦਹੀਂ ਦਾ ਛੰਨਾ ਅਡੋਲ ਚੁੱਕੀ ਦਾ ਏ; ਇਸ ਤਰ੍ਹਾਂ ਉਹਨੇ ਸਾਨੂੰ ਖੋਤਿਆਂ ‘ਤੇ ਬਿਠਾ ਕੇ ਪਾਤਸ਼ਾਹ ਵਾਂਗ ਖੋਤਿਆਂ ਨੂੰ ਹੁਕਮ ਚਾੜ੍ਹਨਾ, ”ਚਲੋ ਬਈ ਲੈ ਚਲੋ ਮੇਰੇ ਅਫਸਰ ਪੁੱਤਰਾਂ ਨੂੰ ਸਕੂਲ, ਮੇਰੇ ਇਹ ਨਵਾਬਜ਼ਾਦੇ ਕਿਸੇ ਦਿਨ ਦੇਸ ਪੰਜਾਬ ਦੀ ਕਲਗੀ ਬਨਣਗੇ, ਨਿਰੀਆਂ ਇੱਟਾਂ ਪੱਥਰਾਂ ਦੇ ਭਾਰ ਨਾਲ ਹੀ ਨਾ ਜੂਨ ਕੱਟੋ, ਕਦੀ ਫੁੱਲ ਵੀ ਲੱਦ ਲਿਆ ਕਰੋ, ਨਿਕਰਮਿਉਂ।” ਤੇ ਅਸੀਂ ਸ਼ਹਿਜ਼ਾਦਿਆਂ ਵਾਂਗ ਖੋਤਿਆਂ ‘ਤੇ ਆਕੜ ਕੇ ਬੈਠੇ ਹੋਣਾ ਤੇ ਕੁੰਨੇ ਨੇ ਸਾਰੇ ਰਾਹ ਖੋਤੇ ਹਿੱਕਦਿਆਂ ਨਾਲੋ ਨਾਲ ਸੋਹਣੀ ਮਹੀਂਵਾਲ ਦਾ ਕਿੱਸਾ ਗਾਉਂਦੇ ਜਾਣਾ।
ਦੱਸਦੇ ਨੇ ਕੁੰਨਾ ਨਿੱਕਾ ਹੁੰਦਾ ਰਾਮ ਲੀਲਾ ਵਾਲਿਆਂ ਨਾਲ ਘਰੋਂ ਭੱਜ ਗਿਆ ਸੀ। ਉਹਦੇ ਹੇਰਵੇ ਵਿਚ ਮਾਪੇ ਚੜਾਈ ਕਰ ਗਏ। ਪਰ ਇਕੱਲਤਾ ਨੇ ਕਦੀ ਵੀ ਉਹਦੇ ਘਰ ਪੈਰ ਪਾਉਣ ਦੀ ਜੁਰਅਤ ਨਹੀਂ ਸੀ ਕੀਤੀ। ਮਿੱਟੀ ਦੀ ਮਹਿਕ ਵੰਡਦੇ, ਭਾਂਡੇ, ਹਿਣਕਦੇ ਹੋਏ ਖੋਤੇ ਤੇ ਕਪਾਹ ਦੇ ਟੀਂਡਿਆਂ ਵਾਂਗ ਖਿੜੇ ਹੋਏ ਪਿੰਡ ਦੇ ਸੱਭੇ ਲੋਕ ਉਹਦਾ ਟੱਬਰ-ਟੀਰ ਸਨ। ਕਿੰਨੇ ਹੀ ਸਾਲਾਂ ਮਗਰੋਂ ਉਹ ਘਰ ਪਰਤਿਆ, ਉਦੋਂ ਤੀਕਰ ਉਹ ਜਵਾਨੀ ਦੀ ਉਮਰ ਦੀ ਦਹਿਲੀਜ਼ ਪਾਰ ਕਰ ਚੁੱਕਿਆ ਸੀ। ਨਾਲੇ ਇਹੋ ਜਿਹੇ ਨਚਾਰ ਲਈ ਇਸ ਉਮਰੇ ਕੌਣ ਕੁੜੀ ਧਰੀ ਬੈਠਾ ਸੀ। ਫਿਰ ਉਹਨੇ ਪਿਉ ਦਾਦੇ ਵਾਲਾ ਕਿੱਤਾ ਸ਼ੁਰੂ ਕੀਤਾ। ਭਾਂਡੇ ਬਨਾਉਣ ਵਿਚ ਉਹਦੇ ਨਾਲ ਦਾ ਹੱਥਾਂ ਦਾ ਸੁਥਰਾ ਘੁਮਿਆਰ ਹੋਰ ਇਲਾਕੇ ਵਿਚ ਨਹੀਂ ਸੀ। ਸਾਡੇ ਪਿੰਡ ਘੁਮਿਆਰਾਂ ਦੇ ਹੋਰ ਘਰ ਵੀ ਸੀ। ਪਰ ਉਹ ਉਹਨਾਂ ਵਿਚ ਡੰਡੇ ਥੋਹਰ ਦਾ ਫੁੱਲ ਸੀ। ਮੈਂ ਆਪਣੇ ਚੇਤੇ ਵਿਚ ਕਦੇ ਕਿਸੇ ਨਾਲ ਉਹਨੂੰ ਨਾਰਾਜ਼ ਹੁੰਦੇ ਨਹੀਂ ਸੀ ਵੇਖਿਆ।
ਸਾਡੇ ਗੁਆਂਢੀ ਲੰਬੜ ਨੇ ਉਲਾਦ ਦੀ ਥੁੜ੍ਹੋਂ ਦੂਜਾ ਵਿਆਹ ਕਰਵਾਇਆ, ਪਰ ਫਿਰ ਵੀ ਝੋਲੀ ਸੱਖਣੀ ਰਹੀ। ਉਹਦੀ ਜਵਾਨ ਵਹੁਟੀ ਨੇ ਕੁੰਨੇ ਕੋਲੋਂ ਦੁੱਧ ਰਿੜਕਣ ਵਾਲੀ ਚਾਟੀ ਮੰਗਾਈ। ਲੰਬੜ ਦੇ ਘਰੋਂ ਆਖਣ ਲੱਗੀ ”ਕੁੰਨਿਆ ਚਾਟੀ ਤੇ ਪਿੱਲੀ ਜਿਹੀ ਲੱਗਦੀ ਏ।” ਕੁੰਨਾ ਸਹਿਜ ਸੁਭਾਅ ਬੋਲਿਆ, ”ਭਾਬੀ ਇਹ ਚਾਟੀ ਤੇ ਇਹੋ ਜਿਹੀ ਏ ਕਿ ਰਾਤੀਂ ਦੁੱਧ ਨੂੰ ਜਾਗ ਲਾ ਕੇ ਰੱਖੇਂਗੀ ਸਵੇਰੇ ਮੁੰਡਾ ਜੰਮਿਆ ਹੋਵੇਗਾ।” ਸਾਰੇ ਪਿੰਡ ਦੀਆਂ ਵਹੁਟੀਆਂ ਉਹਦੀਆਂ ਭਾਬੀਆਂ ਸਨ ਤੇ ਉਹਨਾਂ ਦੇ ਧੀਆਂ ਪੁੱਤਰਾਂ ਦਾ ਉਹ ਚਾਚਾ। ਜੇ ਕਦੀ ਉਹਦੀ ਪੱਕੀ ਉਮਰ ਵੇਖ ਕੇ ਕਿਸੇ ਬਾਲ ਨੇ ਛੇੜਖਾਨੀ ਨਾਲ ਉਹਨੂੰ ਤਾਇਆ ਕਹਿ ਦੇਣਾ ਤਾਂ ਉਹਨੇ ਗਲ ਪੈ ਜਾਣਾ- ”ਜਿੱਦਣ ਅਸੀਂ ਤੇਰੀ ਬੇਬੇ ਨੂੰ ਵਿਆਹੁਣ ਗਏ ਸੀ ਉਦਣ ਮੈਂ ਤੇਰੇ ਪਿਉ ਦਾ ਸਰਬਾਲਾ ਬਣਿਆ ਸਾਂ, ਦੱਸ ਤੇਰਾ ਤਾਇਆ ਕਿਵੇਂ ਲੱਗਿਆ।” ਉਹ ਜਦੋਂ ਆਪਣੇ ਬਾਰੇ ਕੋਈ ਗੱਲ ਸੁਣਾਉਂਦਾ ਤਾਂ ਆਪਣੇ ਆਪ ਨੂੰ ਸੋਹਣੀ ਦਾ ਦਿਉਰ ਦੱਸ ਕੇ ਗੱਲ ਸ਼ੁਰੂ ਕਰਦਾ।
ਰਾਸਧਾਰੀਆਂ ਨਾਲ ਰਹਿ ਕੇ ਉਹਨੂੰ ਪੰਜਾਬੀ ਅੱਖਰ ਉਠਾਲਣ ਦਾ ਵਾਹਵਾ ਵੱਲ ਆ ਗਿਆ ਸੀ। ਦੁਨੀਆਂ ਜਹਾਨ ਦੇ ਸਾਰੇ ਕਿੱਸੇ ਉਹਦੀ ਭਾਂਡਿਆਂ ਵਾਲੀ ਪੜਛੱਤੀ ‘ਤੇ ਪਏ ਸਨ। ਭਾਂਡੇ ਬਨਾਉਣ ਤੋਂ ਵੇਹਲਾ ਹੋ ਕੇ ਉਹ ਵੇਹੜੇ ਵਿਚ ਮੰਜੀ ਡਾਹ ਕੇ ਕੋਈ ਨਾ ਕੋਈ ਕਿੱਸਾ ਉੱਚੀ ਹੇਕ ਵਿਚ ਪੜ੍ਹਦਾ ਰਹਿੰਦਾ ਤੇ ਉਸ ਦੀ ਮੰਜੀ ਦੁਆਲੇ ਮੁੰਡੀਰ ਦਾ ਝੁਰਮਟ ਪਿਆ ਰਹਿੰਦਾ। ਮੈਂ ਪਹਿਲੀ ਵਾਰ ਛੋਟੇ ਸਾਹਿਬਜ਼ਾਦਿਆਂ ਦੇ ਕਿੱਸੇ ਦੀ ਸੰਥਾ ਉਹਦੇ ਤੋਂ ਲਈ ਸੀ।
ਕੁੰਨੇ ਨੇ ਸਾਰਾ ਦਿਨ ਹੱਸਦੇ ਰਹਿਣਾ। ਉਹਦੇ ਦੰਦ ਬੜੇ ਵਿਰਲੇ ਸਨ ਜਿਵੇਂ ਸੁੱਕੇ ਵੱਤਰ ਵਿਚ ਬੀਜਿਆ ਬਾਜਰਾ ਉੱਗਦਾ ਏ। ਆਪਣੇ ਖੋਤਿਆਂ ਨੂੰ ਸ਼ੁਕੀਨਾਂ ਵਾਂਗ ਸ਼ਿੰਗਾਰ ਕੇ ਰੱਖਦਾ। ਹਰ ਖੋਤੇ ਦੀ ਆਦਤ ਮੁਤਾਬਕ ਉਹਨਾਂ ਦੇ ਨਾਂ ਰੱਖੇ ਸਨ। ਬਹੁਤੇ ਅੜਬ ਨੂੰ ਠਾਣੇਦਾਰ, ਸਾਊ ਨੂੰ ਜਨਤਾ, ਕੰਮ ਚੋਰ ਨੂੰ ਸਾਧੂ, ਲੋਕਾਂ ਦੀਆਂ ਪੈਲੀਆਂ ਵਿਚ ਜਾ ਕੇ ਵੜਣ ਵਾਲੇ ਨੂੰ ਐਮ। ਐਲ। ਏ। ਤੇ ਸਾਰਾ ਦਿਨ ਰੀਂਗਣ ਵਾਲੇ ਨੂੰ ਵਜ਼ੀਰ। ਜੇ ਕਿਸੇ ਖੋਤੇ ਨੇ ਖੁੱਲ੍ਹ ਕੇ ਰੂੜੀਆਂ ਤੋਂ ਚਰ ਕੇ ਆਉਂਦੇ ਹੋਣਾ ਕੁੰਨੇ ਨੇ ਕਹਿਣਾ ”ਵੇਖ ਝੂਲ ਕੇ ਤੁਰਿਆ ਕਿਦਾਂ ਆਉਂਦੈ ਜਿਵੇਂ ਧਰਮਸ਼ਾਲਾ ਦਾ ਨੀਂਹ ਪੱਥਰ ਰੱਖ ਕੇ ਆਇਆ ਹੋਵੇ। ਕੰਨ ਇੰਜ ਖੜ੍ਹੇ ਕੀਤੇ ਸੂ ਜਿਵੇਂ ਵਜ਼ੀਰ ਨੇ ਹੱਥ ਜੋੜੇ ਹੋਣ।” ਭਾਰ ਲੈ ਕੇ ਹੌਲੀ ਤੁਰਨ ਵਾਲੇ ਖੋਤੇ ਦੇ ਪੁੜਾਂ ‘ਤੇ ਡੰਡਾਂ ਮਾਰ ਕੇ ਆਖਣਾ ”ਪੈਰ ਕਿਵੇਂ ਪੁੱਟਦੈਂ, ਹਾਰੇ ਹੋਏ ਐਮ. ਐਲ. ਏ. ਵਾਂਗ। ਕਦੀ ਆਪਣੇ ਸਰੀਰ ਦੀ ਤਾਕਤ ‘ਤੇ ਵੀ ਚਾਰ ਧੇਲੇ ਖਰਚ ਲਿਆ ਕਰ, ਹੋਰਾਂ ਦੀਆਂ ਗੰਢਾਂ ਫਰੋਲਣ ‘ਤੇ ਈ ਲੱਕ ਬੰਨਿਆ ਈ।”
ਕੁੰਨੇ ਦੇ ਨਾਲ ਦੇ ਘਰ ਘੁਮਿਆਰਾਂ ਦੀ ਨੂੰਹ ਅੰਨ੍ਹੀ ਸੀ। ਫਲ੍ਹਿਆਂ ਦੇ ਦਿਨਾਂ ‘ਚ ਪਿੜਾਂ ਲਈ ਘੜਾ ਲੈਣ ਲਈ ਮੈਂ ਇਕ ਦਿਨ ਕੁੰਨੇ ਦੇ ਘਰ ਗਿਆ। ਮੈਂ ਵੇਖਿਆ ਉਹ ਵਿਚਾਰੀ ਟੋਹ ਟੋਹ ਕੇ ਤੁਰੇ। ਮੈਂ ਕੁੰਨੇ ਨੂੰ ਪੁੱਛਿਆ ਇਹ ਅੰਨ੍ਹੀ ਏ। ਭੋਲੇ ਭਾਅ ਬੋਲਿਆ, ”ਜੇ ਅੰਨ੍ਹੀ ਹੋਵੇ ਤਾਂ ਫਿਰ ਮੇਰੇ ਘਰ ਤੋਂ ਅਗਾਂਹ ਕਿਵੇਂ ਲੰਘ ਜਾਵੇ। ਇਹ ਨੂੰ ਸਭ ਦਿਸਦਾ ਏ, ਅੰਨ੍ਹੀ ਤੇ ਹੋਰਾਂ ਲਈ ਹੋਵੇਗੀ। ਮੈਨੂੰ ਤੇ ਇਹਦੇ ਚਾਰ ਡੇਲੇ ਲੱਗਦੇ ਨੇ।”
ਕਦੇ ਕਦੇ ਕੁੰਨਾ ਮੈਨੂੰ ਉਸ ਬਾਥੂ ਵਰਗਾ ਲੱਗਦਾ ਜਿਹਨਂੂੰ ਆਡਾਂ ਦੇ ਕੰਢੇ ਉੱਗ ਖਲੋਤੇ ਨੂੰ ਲੋਕ ਸਾਗ ਕਰਾਰਾ ਕਰਨ ਲਈ ਤੋੜ ਖੜਦੇ ਨੇ। ਸਾਡੇ ਬਾਲਾਂ ਲਈ ਉਹ ਮਲ੍ਹਿਆਂ ਦੇ ਬੇਰ ਸੀ। ਔਰਤਾਂ ਲਈ ਖੱਟੇ ਪੀਲੂ, ਜੁਆਨਾਂ ਲਈ ਸ਼ਰਾਬ ਕੱਢਣ ਵਾਲਾ ਭਾਂਡਾ ਤੇ ਬੁੱਢਿਆਂ ਲਈ ਗੰਡ ਵਿਚ ਪਿਆ ਤੱਤਾ ਗੁੜ। ਕਦੀ ਉਹ ਨਿੱਕੇ ਬਾਲਾਂ ਨਾਲ ਚੀਚੋ ਬੱਕਰੀ ਖੇਡ ਰਿਹਾ ਹੁੰਦਾ। ਕਦੇ ਗਭਰੂਆਂ ਨੂੰ ਔਰਤ ਜ਼ਾਤ ਦੇ ਭੇਦ ਸਮਝਾ ਰਿਹਾ ਹੁੰਦਾ, ਕਦੇ ਸਵਾਣੀਆਂ ਨੂੰ ਮਰਦ ਜਾਤ ਨੂੰ ਕਾਬੂ ਰੱਖਣ ਦੇ ਗੁਰ ਦੱਸ ਰਿਹਾ ਹੁੰਦਾ ਤੇ ਕਦੇ ਬੁੱਢਿਆਂ ਨੂੰ ਨਰਕ ਸੁਰਗ ਲਈ ਬੀਜੀ ਜਾਂਦੀ ਪੁੰਨ ਪਾਪ ਦੀ ਫਸਲ ਦੀ ਕਿਸਮ ਦਾ ਵੇਰਵਾ। ਔਰਤ ਨੂੰ ਉਹ ਚੰਦਨ ਦਾ ਰੁੱਖ ਦੱਸਦਾ ਤੇ ਮਰਦ ਉਹਦੇ ਤਣੇ ਦੁਆਲੇ ਮਹਿਕ ਸੁੰਘਣ ਲਈ ਲਮਕਦੇ ਸੱਪ।
ਮੈਨੂੰ ਡਾਢਾ ਯਾਦ ਏ ਉਹ ਹਰ ਸਾਲ ਪਹਿਲੀ ਚੇਤਰ ਨੂੰ ਜੌਆਂ ਦੇ ਬੂਟਿਆਂ ਦਾ ਸੇਹਰਾ ਬੰਨ੍ਹ ਕੇ ਪਿੱਪਲ ਵਾਲੇ ਖੂਹ ‘ਤੇ ਪਾਣੀ ਨੂੰ ਵਿਆਹੁਣ ਜਾਂਦਾ। ਅਸੀਂ ਨਿੱਕੇ ਛੋਹਰ ਉਹਦੇ ਜਾਂਝੀ ਹੁੰਦੇ। ਸ਼ਿੰਗਾਰੇ ਹੋਏ ਖੋਤਿਆਂ ਦੇ ਅੱਗੇ ਉਹਨੇ ਹੱਥ ਵਿਚ ਕ੍ਰਿਪਾਨ ਤੇ ਝਾਲਰਾਂ ਸਿਤਾਰਿਆਂ ਵਾਲੀ ਪੱਖੀ ਫੜ ਕੇ ਬੜੀ ਮਟਕ ਨਾਲ ਲਾੜੇ ਵਾਂਗੂੰ ਤੁਰਨਾ।
ਖੂਹ ‘ਤੇ ਅੱਪੜ ਕੇ ਖੂਹ ਦੁਆਲੇ ਚਾਰ ਫੇਰੇ ਲੈਣੇ ਤੇ ਫਿਰ ਆਪ ਹੀ ਖੁਆਜਾ ਪੀਰ ਦੀ ਅਰਦਾਸ ਕਰਕੇ ਬਹਿ ਜਾਣਾ। ਅਸੀਂ ਵੀ ਖੋਤਿਆਂ ਤੋਂ ਥੱਲੇ ਲਹਿ ਕੇ ਚੌਂਕੜੀ ਮਾਰਨੀ। ਲੱਡੂ ਜਲੇਬੀਆਂ ਨਾਲ ਸਾਨੂੰ ਰਜਾ ਕੇ ਵਾਪਸੀ ਵੇਲੇ ਨਵੇਂ ਨਕੋਰ ਘੜੇ ਨੂੰ ਪਾਣੀ ਨਾਲ ਭਰ ਕੇ ਸਿਰ ‘ਤੇ ਰੱਖ ਲੈਣਾ। ਆਪਣੇ ਘਰ ਪਹੁੰਚ ਕੇ ਸਾਰੇ ਜਾਂਝੀਆਂ ਨੂੰ ਕੱਚਾ ਦੁੱਧ ਤੇ ਖੰਡ ਪਾਣੀ ਵਿਚ ਰਲਾ ਕੇ ਕੱਚੀ ਲੱਸੀ ਪਿਆਉਣੀ ਤੇ ਮਸਤ ਹੋ ਕੇ ਲੁੱਡੀ ਪਾਉਂਦਿਆਂ ਇਹ ਗਾਉਣਾ –
ਪਾਣੀ ਸਾਡੀ ਜਿੰਦ ਸੱਜਣੋ,
ਪਾਣੀ ਜੰਮਦੀ ਏ ਧਰਤ ਨਿਮਾਣੀ।
ਉਹਦੇ ਨਾਲੋਂ ਕਬਰ ਚੰਗੀ,
ਜਿਹੜੀ ਅੱਖ ‘ਚੋਂ ਨਾ ਸਿੰਮਦਾ ਪਾਣੀ।
ਉਹਦੀਆਂ ਅੱਖੀਆਂ ਵਿਚੋਂ ਹਾੜ੍ਹ ਦੇ ਛਰਾਟੇ ਵਾਂਗ ਪਰਲ ਪਰਲ ਪਾਣੀ ਵਹਿ ਤੁਰਨਾ। ਅਸੀਂ ਚੁੱਪ ਚਾਪ ਹੈਰਾਨ ਹੋਏ ਉਹਦੇ ਮੂੰਹ ਵੱਲ ਇਕ ਟੱਕ ਵੇਖੀ ਜਾਣਾ। ਫਿਰ ਉਹਨੇ ਕਈ ਕਈ ਦਿਨ, ਕਈ ਕਈ ਰਾਤਾਂ ਬਿਨਾ ਕਿਸੇ ਨੂੰ ਮਿਲੇ ਸਾਰੰਗੀ ਵਜਾਉਂਦੇ ਰਹਿਣਾ, ਉਸਦੀ ਸਾਰੰਗੀ ਦੀ ਵਾਜ਼ ਸੁਣ ਕੇ ਇਕ ਪਲ ਉੱਡਦੇ ਪੰਛੀ ਆਪਣਾ ਰਾਹ ਭੁੱਲ ਜਾਂਦੇ ਤੇ ਆਹਲਣਿਆਂ ਵਿਚ ਪਏ ਆਂਡਿਆਂ ਵਿਚਲੇ ਜੀਵਾਂ ਦੀ ਧੜਕਣ ਵਧ ਜਾਂਦੀ। ਸਾਰੰਗੀ ਦਾ ਉਹ ਏਡਾ ਉਸਤਾਦ ਸੀ ਕਿ ਇੰਝ ਲੱਗਦਾ ਜਿਵੇਂ ਕੋਈ ਬਿਹਰਨ ਉਹਦੀ ਹਿੱਕ ਨਾਲ ਲੱਗ ਕੇ ਪਰਦੇਸ ਗਏ ਮਾਹੀ ਲਈ ਰੁਦਨ ਕਰਦੀ ਏ। ਉਹਨੇ ਬੜੇ ਮਾਣ ਨਾਲ ਦੱਸਣਾ ਕਿ ਉਹਦੀ ਹਿੱਕ ਨਾਲ ਸਿਰਫ ਸਾਰੀ ਉਮਰ ਇਹ ਸਾਰੰਗੀ ਹੀ ਲੱਗੀ ਏ।
ਮੈਂ ਇਕ ਵਾਰ ਕੁੰਨੇ ਨੂੰ ਦੱਸਿਆ ਕਿ ਅੰਗਰੇਜ਼ਾਂ ਦਾ ਵੱਡਾ ਗੁਰੂ ਈਸਾ ਖੋਤੇ ਚਾਰਦਾ ਹੁੰਦਾ ਸੀ। ਕੁੰਨਾ ਹੈਰਾਨ ਹੋਇਆ ਕਹਿਣ ਲੱਗਾ, ”ਤਾਹੀਓਂ ਅੰਗਰੇਜ਼ ਸਾਰੀ ਦੁਨੀਆ ‘ਤੇ ਰਾਜ ਕਰ ਗਏ ਨੇ। ਜਿਸ ਬੰਦੇ ਨੇ ਖੋਤੇ ਦਾ ਸੁਭਾਅ ਤੇ ਹਰਕਤਾਂ ਸਮਝ ਲਈਆਂ ਉਹ ਦੂਜਿਆਂ ਨੂੰ ਖੋਤਾ ਬਣਾਉਣ ਵਿਚ ਮਾਹਰ ਹੋ ਜਾਂਦਾ ਏ।”
ਸਾਡੇ ਪਿੰਡ ਦਾ ਬੁੱਧੂ ਬਦਮਾਸ਼ ਤੀਵੀਆਂ ਖਿਸਕਾ ਕੇ ਏਧਰ ਉੱਧਰ ਵੇਚਣ ਦੇ ਧੰਦੇ ਦਾ ਮਾਹਰ ਸੀ। ਕੁੰਨੇ ਦੇ ਮਨ ਵਿਚ ਪਤਾ ਨਹੀਂ ਕੀ ਆਈ ਉਹਨੇ ਬੁੱਧੂ ਨਾਲ ਇਕ ਕੁਦੇਸਣ ਦਾ ਸੌਦਾ ਕਰ ਲਿਆ। ਛੇ ਖੋਤੇ ਵੇਚ ਕੇ ਉਸ ਤੀਵੀਂ ਦਾ ਮੁੱਲ ਤਾਰਨਾ ਸੀ।
ਸਵੇਰੇ ਜਦੋਂ ਉਹ ਮੁੱਲ ਲੈਣ ਆਏ ਘੁਮਿਆਰ ਨੂੰ ਖੋਤਿਆਂ ਦੇ ਰੱਸੇ ਫੜਾਣ ਲੱਗਿਆ, ਉਹਦੇ ਦਿਲ ਨੂੰ ਘੇਰ ਜਿਹੀ ਪਈ। ਆਏ ਘੁਮਿਆਰ ਨੂੰ ਉਹਨੇ ਸਾਈ ਮੋੜ ਦਿੱਤੀ ਤੇ ਉਸੇ ਪੈਰ ਜਾ ਕੇ ਬੁੱਧੂ ਨੂੰ ਕਹਿਣ ਲੱਗਾ ”ਮੈਨੂੰ ਨਹੀਂ ਚਾਹੀਦੀ ਤੀਵੀਂ।” ਬੁੱਧੂ ਨੇ ਪੁੱਛਿਆ ਗੱਲ ਕੀ ਹੋਈ ਏ। ਤਰੇਲੀ ਉ ਤਰੇਲੀ ਹੋਏ ਕੁੰਨੇ ਦੇ ਕੰਨ ਲਾਲ ਹੋ ਗਏ, ਸ਼ਰਮ ਨਾਲ ਗੱਚ ਹੋਏ ਚਿਹਰੇ ‘ਚੋਂ ਮਸੀਂ ਆਵਾਜ਼ ਨਿਕਲੀ, ”ਗੱਲ ਬੁੱਧੂ ਸਿੰਆਂ ਇਹ ਵੇ ਕਿ ਆਪਣੇ ਹੱਥੀਂ ਪੁੱਤਰਾਂ ਵਾਂਗ ਪਾਲੇ ਛੇ ਖੋਤੇ ਵੇਚ ਕੇ ਬਾਹਰਲੀ ਬਲਾ ਗਲ ਪਾ ਲਵਾਂ, ਇਹ ਕੋਈ ਸਿਆਣਪ ਨਹੀਂ। ਮੇਰਾ ਤਾਂ ਦਿਲ ਬਹਿੰਦਾ ਜਾਂਦਾ ਏ ਜਦੋਂ ਮੈਂ ਖੋਤਿਆਂ ਦੀਆਂ ਅੱਖਾਂ ਵਿਚ ਵੇਖਨਾ ਵਾਂ।”
ਵੋਟਾਂ ਲਿਖਣ ਆਏ ਨੂੰ ਉਹਨੇ ਘਰ ਦੇ ਦਸ ਜੀਅ ਲਿਖਾਏ। ਵੋਟਾਂ ਵਾਲੇ ਦਿਨ ਉਹ ਖੋਤਿਆਂ ਨੂੰ ਸਜਾ ਕੇ ਦਰਵਾਜ਼ੇ ਵੋਟਾਂ ਵਾਲੀ ਥਾਂ ਲਿਜਾ ਕੇ ਵੋਟਾਂ ਪੁਆਉਣ ਦੀ ਜ਼ਿੱਦ ਕਰਨ ਲੱਗਾ। ਪੋਲਿੰਗ ਅਫਸਰ ਹੱਸ ਕੇ ਆਖਣ ਲੱਗਾ, ”ਇਹ ਵੋਟ ਪਾਓਣਗੇ ਕਿਨੂੰ?” ਆਖਣ ਲੱਗਾ, ”ਇਹ ਬੜੇ ਸਮਝਦਾਰ ਨੇ ਜੇ ਖਲੋਤੇ ਉਮੀਦਵਾਰਾਂ ‘ਚੋਂ ਕੋਈ ਇਹਨਾਂ ਨਾਲੋਂ ਸਿਆਣਾ ਹੋਇਆ ਤਾਂ ਵੋਟਾਂ ਪਾਉਣਗੇ ਜੇ ਇਹਨਾਂ ਵਰਗੇ ਹੀ ਹੋਏ ਫਿਰ ਕੀ ਫਾਇਦਾ ਵੋਟ ਖਰਾਬ ਕਰਨ ਦਾ।”
ਕੁੰਨੇ ਨੂੰ ਰਾਮ ਲੀਲਾ ਵਿਚ ਹਨੂੰਮਾਨ ਬਣਨ ਦਾ ਖਬਤ ਜਨੂੰਨ ਦੀ ਹੱਦ ਤੀਕਰ ਸੀ। ਰਾਮ ਲੀਲਾ ਵਾਲੇ ਦਿਨਾਂ ਵਿਚ ਉਹਦਾ ਘਰ ਹੀ ਸਵਾਂਗ ਰਚਣ ਵਾਲਿਆਂ ਦੀ ਈਦਗਾਹ ਹੁੰਦਾ। ਉਹ ਸਾਰੇ ਪਾਤਰਾਂ ਨੂੰ ਰੋਲ ਸਮਝਾਉਂਦਾ। ਜੁਲਾਹਿਆਂ ਦਾ ਤੇਲੂ ਰਾਮ ਚੰਦਰ ਬਣਦਾ, ਬਾਹਮਣਾ ਦਾ ਗੋਰਾ ਚਿੱਟਾ ਮੇਸ਼ੀ ਸੀਤਾ ਤੇ ਕੁੰਨਾ ਆਪ ਹਨੂੰਮਾਨ।
ਇਕ ਵਾਰ ਨਾਲ ਦੇ ਪਿੰਡ ਉਹ ਰਾਮ ਲੀਲਾ ਕਰਨ ਗਏ। ਬੜਾ ਕੱਠ ਸੀ ਵੇਖਣ ਵਾਲਿਆਂ ਦਾ। ਲੰਕਾ ਸਾੜਨ ਵਾਲੀ ਝਾਕੀ ਸੀ। ਕੁੰਨੇ ਨੇ ਪੂਛਲ ਨੂੰ ਅੱਗ ਲਾ ਕੇ ਸਟੇਜ ‘ਤੇ ਕਾਗਤਾਂ ਤੇ ਗੱਤਿਆਂ ਨਾਲ ਬਣੀ ਲੰਕਾ ਸਾੜਣੀ ਸੀ। ਪੂਛਲ ‘ਤੇ ਬੱਧੀਆਂ ਲੀਰਾਂ ‘ਤੇ ਤੇਲ ਪਾਉਣ ਵਾਲੇ ਨੇ ਗ਼ਲਤੀ ਨਾਲ ਜ਼ਿਆਦਾ ਤੇਲ ਪਾ ਦਿੱਤਾ। ਉਧਰੋਂ ਹਵਾ ਵਗਦੀ ਸੀ, ਖੁੱਲ੍ਹੇ ਥਾਂ ‘ਤੇ ਰਾਮ ਲੀਲਾ ਹੋ ਰਹੀ ਸੀ। ਜਦੋਂ ਕੁੰਨਾ ਪੂਛਲ ਨੂੰ ਅੱਗ ਲਾ ਕੇ ਸਟੇਜ ‘ਤੇ ਆਇਆ, ਅੱਗ ਹਵਾ ਨਾਲ ਹੋਰ ਭੜਕ ਪਈ। ਜਿਉਂ ਜਿਉਂ ਕੁੰਨਾ ਛਾਲਾਂ ਮਾਰੇ ਅੱਗ ਹੋਰ ਤੇਜ਼ ਹੋਏ। ਲੋਕ ਤਾਂ ਤਾੜੀਆਂ ਮਾਰਨ। ਕੁੰਨੇ ਦੀ ਸਾਰੀ ਪਿੱਠ ਲੂਸੀ ਗਈ। ਕੁੰਨਾ ਕੋਈ ਚਾਰਾ ਨਾ ਹੁੰਦਾ ਵੇਖ ਕੇ ਪਹਿਲਾਂ ਤੇ ਸੇਕ ਦਾ ਮਾਰਿਆ ਲੋਕਾਂ ਵਿਚ ਜਾ ਵੜਿਆ, ਫਿਰ ਭੱਜ ਕੇ ਨੇੜੇ ਛੱਪੜ ਵਿਚ ਜਾ ਛਾਲ ਮਾਰੀ। ਅਗਲੇ ਦਿਨ ਮੈਂ ਕੁੰਨੇ ਨੂੰ ਜਦੋਂ ਗੱਲ ਪੁੱਛੀ, ਹੱਸ ਹੱਸ ਕੇ ਦੂਹਰਾ ਹੋਈ ਜਾਵੇ। ਕਹਿੰਦਾ, ”ਜੇ ਛੱਪੜ ਵਿਚ ਨਾ ਵੜਦਾ ਤੁਹਾਡਾ ਤਮਾਸ਼ਬੀਨਾਂ ਦਾ ਕੀ ਏ ਤੁਸੀਂ ਕਿਹੜਾ ਅੱਗ ਬੁਝਾਉਣੀ ਸੀ, ਲੰਕਾ ਸਾੜਦੇ ਸਾੜਦੇ ਮੈਂ ਆਪ ਹੋਲਾਂ ਬਣ ਜਾਣਾ ਸੀ।”
ਇਕ ਵਾਰ ਕੁੰਨੇ ਨੇ ਸਕੀਮ ਘੜੀ ਕਿ ਹਨੂੰਮਾਨ ਨੂੰ ਉੱਡਦਾ ਵਿਖਾਇਆ ਜਾਵੇ। ਉਹਨੇ ਲੋਹੇ ਦੇ ਦੋ ਵੱਡੇ ਕੜੇ ਹੱਥਾਂ ਲਈ ਤੇ ਦੋ ਪੈਰਾਂ ਲਈ ਬਣਵਾ ਕੇ ਉਹਨਾਂ ‘ਚੋਂ ਰੱਸੀਆਂ ਲੰਘਾ ਕੇ ਇਕ ਪਾਸੇ ਬੈਠੇ ਪਰਦਾ ਖਿੱਚਣ ਵਾਲੇ ਨੂੰ ਰੱਸੀਆਂ ਦੇ ਸਿਰੇ ਫੜਾ ਦਿੱਤੇ। ਉਹਨੂੰ ਕੁੰਨੇ ਨੇ ਸਮਝਾਇਆ ਕਿ ਪਰਦੇ ਦੇ ਹਟਣ ਬਾਅਦ ਹੌਲੀ-ਹੌਲੀ ਰੱਸੀਆਂ ਖਿੱਚੀ ਜਾਈਂ। ਪਰਦਾ ਪਰੇ ਹੋਇਆ, ਕੁੰਨਾਂ ਹਨੂੰਮਾਨ ਬਣਿਆ ਉੱਤੋਂ ਇਕ ਵੱਡੇ ਰੱਸੇ ਨਾਲ ਲਮਕਿਆ, ਜਦੋਂ ਰੱਸੀਆਂ ਦੀ ਖਿੱਚ ਨਾਲ ਹੌਲੀ-ਹੌਲੀ ਅਗਾਂਹ ਤੁਰਿਆ ਤਾਂ ਵੇਖਣ ਵਾਲੇ ਅਸ਼ ਅਸ਼ ਕਰ ਉੱਠੇ, ਪਰ ਅੱਧ ਵਿਚ ਜਾ ਕੇ ਇਕ ਪਾਸੇ ਦੀ ਰੱਸੀ ਅੜ ਗਈ। ਰੱਸੀ ਖਿੱਚਣ ਵਾਲਾ ਜਦੋਂ ਝੂਟਾ ਮਾਰੇ ਰੱਸੀ ਦੀ ਖਿੱਚ ਨਾਲ ਕੁੰਨੇ ਦੀ ਧੌਣ ਨੂੰ ਵੀ ਖਿੱਚ ਪਵੇ। ਕੰਮ ਖਰਾਬ ਹੁੰਦਾ ਵੇਖ ਕੇ ਰੱਸੀ ਵਾਲੇ ਨੇ ਜਦੋਂ ਜ਼ੋਰ ਦੀ ਝਟਕਾ ਮਾਰਿਆ ਕੁੰਨਾ ਡਡਿਆ ਕੇ ਚੀਕਿਆ, ”ਨਾ ਖਿੱਚੀ ਜਾ ਉਏ ਮਾਂ ਦਿਆਂ ਖਸਮਾ ਕਿਉਂ ਹਵਾ ਵਿਚ ਹੀ ਮੈਨੂੰ ਫਾਹ ਦੇਣ ਲੱਗਾ ਏਂ, ਹਰਾਮਦਿਆ, ਹਨੂੰਮਾਨ ਬਣਦੇ ਬਣਦੇ ਕਿਤੇ ਸਵਾਸਾਂ ਤੋਂ ਹੀ ਹੱਥ ਧੋ ਲਵਾਂ, ਲਾਹ ਲੈ ਥੱਲੇ ਮੈਨੂੰ।”
ਇਕ ਵਾਰ ਸੀਤਾ ਦੀ ਵਾਪਸੀ ਵੇਲੇ ਰਾਮਚੰਦਰ ਵਲੋਂ ਧੋਬੀ ਦੇ ਆਖੇ ਸੀਤਾ ਨੂੰ ਬਦਚਲਣ ਕਹਿ ਕੇ ਘਰੋਂ ਕੱਢ ਦੇਣ ਦੀ ਝਾਕੀ ਚੱਲਣੀ ਸੀ। ਠੰਢ ਕਾਫੀ ਸੀ। ਕੁੰਨੇ ਨੂੰ ਉਹਦੇ ਬੇਲੀ ਬੰਸੀ ਨੇ ਇਕ ਚੰਗਾ ਪਹਿਲੇ ਤੋੜ ਦਾ ਹਾੜਾ ਪਿਆ ਦਿੱਤਾ। ਹਨੂੰਮਾਨ ਬਣਿਆ ਕੁੰਨਾ ਰਾਮ ਚੰਦਰ ਦੇ ਪੈਰਾਂ ਵਿਚ ਚੁੱਪ ਚਾਪ ਬੈਠਾ ਚੰਗੇ ਤਰਾਰੇ ਵਿਚ ਆ ਗਿਆ। ਰਾਮ ਅੱਗ ਬਗੋਲਾ ਹੋਇਆ ਸੀਤਾ ਨੂੰ ਚਲੇ ਜਾਣ ਦਾ ਹੁਕਮ ਚਾੜ੍ਹ ਰਿਹਾ ਸੀ। ਸੀਤਾ ਦੁੱਖ ਦੀ ਸਾਕਾਰ ਮੂਰਤ ਬਣੀ ਖੜੀ ਸੀ। ਪਤਾ ਨਹੀਂ ਤੇਜ਼ ਦਾਰੂ ਦਾ ਅਸਰ, ਜਾਂ ਕੋਈ ਮਨ ਦੀ ਲਹਿਰ ਆਈ ਕੁੰਨੇ ਨੇ, ਮੋਟੀ ਅੱਧਖੜ੍ਹ ਲੱਕੜ ਦੀ ਬਣੀ ਗਦਾ ਰਾਮ ਬਣੇ ਤੇਲੂ ਜੁਲਾਹੇ ਦੇ ਸਿਰ ਵਿਚ ਜੜ ਦਿੱਤੀ। ਰਾਮ ਭੰਬੀਰੀ ਵਾਂਗ ਚੱਕਰੀ ਖਾ ਕੇ ਡਿੱਗ ਪਿਆ। ਹਨੂੰਮਾਨ ਬਣੇ ਕੁੰਨੇ ਨੇ ਉਹਦੀ ਧੌਣ ‘ਤੇ ਗੋਡਾ ਰੱਖ ਕੇ ਘਸੁੰਨ ਮਾਰਦਿਆਂ ਉੱਚੀ-ਉੱਚੀ ਬੋਲਣਾ ਸ਼ੁਰੂ ਕਰ ਦਿੱਤਾ, ”ਮੈਂ ਪੰਦਰਾਂ ਸਾਲਾਂ ਤੋਂ ਤੇਰਾ ਮੂੰਹ ਵੇਖੀ ਜਾਨਾਂ ਕਿ ਤੂੰ ਕਰਦਾ ਕੀ ਏਂ। ਮੈਂ ਠੇਕਾ ਨਹੀਂ ਲਿਆ ਕਦੇ ਤੇਰੇ ਪਿੱਛੇ ਲੰਕਾ ਸਾੜਦਾ ਫਿਰਾਂ, ਕਦੇ ਸੁਨੇਹੇ ਦੇਂਦਾ ਫਿਰਾਂ। ਅੱਧਾ ਮੁਲਕ ਮਰਾ ਕੇ ਮਸਾਂ ਇਹਨੂੰ ਛੁਡਾ ਕੇ ਲਿਆਂਦਾ ਤੇ ਹੁਣ ਕੁਝ ਲੱਗਦੀ ਨੂੰ ਫਿਰ ਘਰੋਂ ਕੱਢਦਾ ਏਂ। ਸਾਨੂੰ ਸਾਰੀ ਉਮਰ ਜਨਾਨੀ ਦਾ ਪਰਛਾਵਾਂ ਚੁੰਮਣ ਨੂੰ ਨਹੀਂ ਮਿਲਿਆ, ਇਹ ਖੱਬੀ ਖਾਨ ਘਰ ਆਈ ਨੂੰ ਧੱਕਾ ਦੇਂਦਾ ਏ।” ਇੰਝ ਬੋਲਦਾ ਕੁੰਨਾ ਬੇਹੋਸ਼ ਹੋ ਗਿਆ। ਰਾਮ ਲੀਲਾ ਵੇਖਣ ਆਏ ਲੋਕਾਂ ਨੂੰ ਵਖ਼ਤ ਪੈ ਗਿਆ। ਮਸਾਂ ਕੁੰਨੇ ਨੂੰ ਸੁਰਤ ਆਈ। ਉਸ ਮਗਰੋਂ ਕੁੰਨੇ ਨੇ ਰਾਮ ਲੀਲਾ ਨਾ ਕਰਨ ਦੀ ਸਹੁੰ ਖਾ ਲਈ।
ਇਕ ਦਿਨ ਮੈਂ ਕਾਲਜੋਂ ਘਰ ਪਰਤਿਆ। ਮੈਨੂੰ ਸੁਨੇਹਾ ਮਿਲਿਆ ਕਿ ਕੁੰਨਾ ਆਖ ਗਿਐ ਕਿ ਹਸਪਤਾਲ ਆ ਜਾਵੋ, ਬੜੀ ਅਣਹੋਣੀ ਵਾਪਰ ਗਈ ਏ। ਮੈਂ ਜਦੋਂ ਉੱਥੇ ਅਪੜਿਆ, ਵੇਖ ਕੇ ਸੁੰਨ ਰਹਿ ਗਿਆ। ਨਿਹਾਲੇ ਡੁੱਡੇ ਦੇ ਦੋਵੇਂ ਹੱਥ ਅਰਕਾਂ ਤੀਕਰ ਵੱਢੇ ਪਏ ਸਨ। ਕਣਕ ਕੁਤਰਦਿਆਂ ਉਹਦੀਆਂ ਦੋਵੇਂ ਬਾਹਵਾਂ ਵਲੇਟੇ ਖਾ ਕੇ ਮਸ਼ੀਨ ਨੇ ਟਾਂਡਿਆਂ ਵਾਂਗ ਵੱਢ ਸੁੱਟੀਆਂ ਸਨ। ਕੁੰਨਾ ਮੇਰੇ ਗਲ ਚੰਬੜ ਕੇ ਧਾਹਾਂ ਮਾਰ ਕੇ ਰੋਣ ਲੱਗ ਪਿਆ। ਕਹਿਣ ਲੱਗਾ ਪੁੱਤਰਾ ਜਿਵੇਂ ਕਰ ਨਿਹਾਲੇ ਨੂੰ ਬਚਾ ਲੈ, ਹੋਰ ਦਸ ਦਿਨਾਂ ਨੂੰ ਇਹਦੇ ਘਰ ਜੀ ਆਉਣ ਵਾਲਾ ਏ। ਉਹ ਏਸ ਦੁਨੀਆ ‘ਤੇ ਆ ਕੇ ਕੀ ਵੇਖੇਗਾ। ਮੈਂ ਉਹਨੂੰ ਹੌਸਲਾ ਦੇ ਕੇ ਡਾਕਟਰਾਂ ਨੂੰ ਨਿਹਾਲੇ ਦਾ ਛੇਤੀ ਅਪਰੇਸ਼ਨ ਕਰਨ ਲਈ ਤਰਲਾ ਮਾਰਿਆ। ਕੁੰਨੇ ਤੇ ਹੋਰ ਨਾਲ ਆਇਆਂ ਨੇ ਖ਼ੂਨ ਦਿੱਤਾ। ਨਿਹਾਲਾ ਬਚ ਤਾਂ ਗਿਆ ਪਰ ਉਹਦੀਆਂ ਰੁੰਡ-ਮਰੁੰਡ ਬਾਹਵਾਂ ਕਲੱਰ ਦੇ ਉਸ ਛਾਂਗੇ ਰੁੱਖ ਵਰਗੀਆਂ ਹੋ ਗਈਆਂ, ਜਿਦ੍ਹੀ ਨਾ ਕਿਸੇ ਛਾਵੇਂ ਬਹਿਣਾ ਸੀ ਤੇ ਨਾ ਪਾਣੀ ਦੇਣਾ ਸੀ। ਕੁੰਨੇ ਨੇ ਰਾਤਾਂ ਜਾਗ ਜਾਗ ਸਾਰਾ ਦਿਨ ਭੱਜ ਭੱਜ ਕੇ ਨਿਹਾਲੇ ਦੀ ਸੇਵਾ ਕੀਤੀ। ਪਿੰਡ ਦੇ ਲੋਕਾਂ ਨੇ ਵੇਖਿਆ ਗੱਲ ਗੱਲ ‘ਤੇ ਮਸਕਰੀ ਕਰਕੇ, ਹਾਸੇ ਦੇ ਫੁਹਾਰੇ ਛੱਡਣ ਵਾਲਾ ਕੁੰਨਾ ਸਮੁੰਦਰ ਵਾਂਗ ਗਹਿਰ ਗੰਭੀਰ ਹੋ ਗਿਆ। ਨਿਹਾਲੇ ਦਾ ਇਕ ਪੈਰ ਪਹਿਲਾਂ ਹੀ ਡੁੱਡਾ ਸੀ। ਕੋਈ ਉਹਨੂੰ ਸੀਰੀ ਤੇ ਰਲਾਂਦਾ ਨਹੀਂ ਸੀ। ਬੱਸ ਉਹ ਦਿਹਾੜੀ ਦੱਪਾ ਕਰਕੇ ਵੇਲਾ ਟਪਾਂਦਾ ਸੀ। ਹੁਣ ਉਹਨੂੰ ਕੜਬ ਦੇ ਟਾਂਡੇ ਨੂੰ ਕਿਸੇ ਨੇ ਕੀ ਕਰਨਾ ਸੀ। ਉਹਦੇ ਇਲਾਜ ‘ਤੇ ਕੁੰਨੇ ਦੇ ਸਾਰੇ ਖੋਤੇ ਲੱਗ ਗਏ। ਹਸਪਤਾਲੋਂ ਛੁੱਟੀ ਮਿਲਣ ‘ਤੇ ਕੁੰਨਾ ਉਹਨੂੰ ਆਪਣੇ ਘਰ ਲੈ ਆਇਆ। ਨਿਹਾਲੇ ਦੀ ਵਹੁਟੀ ਦੇ ਮੁੰਡਾ ਹੋਇਆ। ਕੁੰਨਾ ਵੱਡੇ ਕਬੀਲਦਾਰ ਵਾਂਗ ਸਾਰਾ ਦਿਨ ਸਿਰ ਸੁੱਟ ਕੇ ਭਾਂਡੇ ਥੱਪਦਾ ਰਹਿੰਦਾ। ਨਿਹਾਲਾ ਟੁੱਟੀ ਮੰਜੀ ‘ਤੇ ਪਏ ਪੁੱਤਰ ਨੂੰ ਆਪਣੇ ਟੁੰਡਾਂ ਨਾਲ ਥਾਪੜਦਾ ਰਹਿੰਦਾ ਤੇ ਉਹਦੀ ਘਰ ਵਾਲੀ ਲੋਕਾਂ ਦੇ ਘਰ ਗੋਹਾ ਕੂੜਾ ਕਰਦੀ ਚਾਰ ਰੋਟੀਆਂ ਲੈ ਆਉਂਦੀ।
ਮੈਨੂੰ ਪਿੰਡ ਗਏ ਨੂੰ ਬੇਬੇ ਨੇ ਦੱਸਿਆ ਕਿ ਕੁੰਨਾ ਹੁਣ ਸਿਰ ‘ਤੇ ਚੁੱਕ ਕੇ ਭਾਂਡੇ ਵੇਚਣ ਆਉਂਦਾ ਏ। ਕਿਸੇ ਨਾਲ ਬਹੁਤੀ ਗੱਲ ਨਹੀਂ ਕਰਦਾ, ਬੱਸ ਚੁੱਪ ਚਾਪ ਆ ਕੇ ਭਾਂਡੇ ਰੱਖ ਕੇ ਬਿਨਾ ਕੁਝ ਕਹੇ ਚਲਾ ਜਾਂਦਾ ਏ। ਮੇਰਾ ਗੱਚ ਭਰ ਆਇਆ। ਬਦੋ-ਬਦੀ ਮੇਰੇ ਪੈਰ ਮੈਨੂੰ ਕੁੰਨੇ ਦੇ ਘਰ ਵੱਲ ਲੈ ਗਏ। ਮੈਂ ਵੇਖਿਆ ਕੁੰਨਾ ਨਿਹਾਲੇ ਨੂੰ ਆਪਣੇ ਹੱਥ ਨਾਲ ਰੋਟੀ ਖੁਆ ਕੇ ਹਟਿਆ ਸੀ। ਨਿੱਕਾ ਬਾਲ ਛਿੱਥਾ ਪਿਆ ਸੀ। ਕੁੰਨੇ ਨੇ ਉਹਨੂੰ ਮੋਢੇ ਨਾਲ ਲਾ ਕੇ ਵਰਚਾਇਆ। ਮੈਨੂੰ ਵੇਖ ਕੇ ਉਹਦੀਆਂ ਅੱਖਾਂ ਤਰੇੜਾਂ ਪਾਟੀ ਪੈਲੀ ਨੂੰ ਮਿਲੇ ਪਾਣੀ ਵਾਂਗ ਭਰ ਗਈਆਂ। ਮੈਨੂੰ ਉਹ ਉਸ ਤੂਤ ਵਰਗਾ ਲੱਗਿਆ ਜਿਦ੍ਹੇ ਸਿਆਲ ਵਿਚ ਛਾਂਗ ਕੇ ਲੋਕ ਟੋਕਰੇ ਬਣਾ ਲੈਂਦੇ ਨੇ, ਤੇ ਗਰਮੀਆਂ ਦੀ ਸਾੜ੍ਹਸਤੀ ਵੇਲੇ ਉਹਦੀ ਛਾਂ ਮਾਣਦੇ ਨੇ। ਮੈਂ ਸੁੱਖ ਸਾਂਦ ਤੋਂ ਬਾਅਦ ਉਹਦਾ ਅੰਦਰ ਫਰੋਲਦਿਆਂ ਗੱਲ ਤੋਰੀ, ”ਚਾਚਾ ਕੁੰਨਿਆ, ਹੁਣ ਕਿਵੇਂ ਗੁਜ਼ਰਦੀ ਏ।” ਉਹਨੇ ਪਹਿਲਾਂ ਸਿਆਲ ਦੀ ਠਰੀ ਰਾਤ ਵਰਗਾ ਹੌਕਾ ਲਿਆ ਤੇ ਫਿਰ ਪੋਂਡੇ ਗੰਨੇ ਦੀਆਂ ਛਿੱਲੜਾਂ ਵਰਗੇ ਬੁੱਲ੍ਹਾਂ ‘ਤੇ ਜੀਭ ਫੇਰਦਿਆਂ ਆਖਿਆ, ”ਪੁੱਤਰਾ ਜੀਉਣ ਦਾ ਸੁਆਦ ਆ ਗਿਆ। ਮੈਂ ਤੇ ਬਹੁਤੀ ਉਮਰ ਖੋਤੇ ਹਿਕਦਿਆਂ ਤੇ ਨਕਲੀ ਹਨੂੰਮਾਨ ਬਣਦਿਆਂ ਹੀ ਬਿਤਾਅ ਛੱਡੀ ਸੀ। ਅਸਲ ਗੱਲ ਦਾ ਤੇ ਹੁਣ ਭੇਦ ਪਾਇਆ ਕਿ ਜੇ ਘਰ ਵਿਚ ਧੀ ਪੁੱਤਰ ਨਾ ਹੋਣ ਤਾਂ ਜੀਊਣ ਦਾ ਕਾਹਦਾ ਹੱਜ ਏ। ਦਸ਼ਰਥ ਆਪਣੇ ਹੱਥੀਂ ਪੁੱਤਰ ਨੂੰ ਬਨਵਾਸ ਦੇ ਕੇ ਉਹਦੇ ਹੇਰਵੇ ਵਿਚ ਮਰ ਗਿਆ। ਮੈਂ ਕਮਲਾ ਬਿਨਾ ਕਿਸੇ ਗੱਲੋਂ ਇਕਲਾਪੇ ਦੇ ਜੰਗਲਾਂ ਵਿਚ ਭਟਕਦਾ ਫਿਰਿਆ। ਕੈਕਈ ਨੇ ਰਾਜ ਪਿੱਛੇ ਰਾਮ ਨੂੰ ਬਨਵਾਸ ਦਿਵਾਇਆ। ਪਰ ਇਸ ਵਿਚਾਰੇ ਨਿਹਾਲੇ ਨੂੰ ਤੇ ਵੀਹ ਸੇਰ ਕਣਕ ਨੇ ਹੀ ਜੱਗੋਂ ਬਨਵਾਸ ਦੇ ਦਿੱਤਾ ਏ। ਪੁੱਤਰਾ ਮੈਨੂੰ ਲੱਗਦਾ ਏ ਰਾਜੇ ਰਾਣੀਆਂ ਦੀਆਂ ਕਹਾਣੀਆਂ ਤੇ ਮਨੋ ਜੋੜੀਆਂ ਨੇ, ਉਹਨਾਂ ਦੇ ਭਗਤਾਂ ਨੇ, ਅਸਲ ਦੁੱਖ ਦੇ ਪਹਾੜ ਤੇ ਡਿੱਗਦੇ ਨੇ ਗਰੀਬ ਗੁਰਬਿਆਂ ‘ਤੇ, ਜਿਹੜੇ ਰੱਬ ਨਾਲੋਂ ਵੀ ਵੱਡੇ ਜਿਗਰੇ ਨਾਲ ਸਾਰਾ ਕੁਝ ਸਹਿੰਦੇ ਹਾਲ ਪਾਹਰਿਆ ਨਹੀਂ ਕਰਦੇ। ਮੈਨੂੰ ਲੱਗਦੈ ਮੈਂ ਹਨੂੰਮਾਨ ਦੀ ਭਟਕਦੀ ਰੂਹ ਆਂ ਜਿਹੜੀ ਇਸ ਜਨਮ ਨਿਹਾਲੇ ਵਰਗੇ ਕੰਮੀਆਂ ਕਿਰਤੀਆਂ ਦੀ ਸੇਵਾ ਲਈ ਆਈ ਏ।” ਕਹਿੰਦਿਆਂ ਦੁੱਧ ਨਾਲ ਨੱਕੋ ਨੱਕ ਭਰੀਆਂ ਗਾਗਰਾਂ ਵਰਗੀਆਂ ਉਹਦੀਆਂ ਅੱਖੀਆਂ ਛਲਕ ਪਈਆਂ। ਸਮੇਂ ਦੀ ਧੂੜ ਨਾਲ ਅੱਟੀ ਹੋਈ ਸਾਰੰਗੀ ਕਿੱਲੀ ਨਾਲ ਟੰਗੀ ਹੋਈ ਵੇਖ ਕੇ ਜਦੋਂ ਮੈਂ ਕੁੰਨੇ ਨੂੰ ਉਹਦੀ ਯਾਦ ਦੁਆਈ ਉਹਨੇ ਉਹਦੇ ਵੱਲ ਇੰਝ ਵੇਖਿਆ ਜਿਵੇਂ ਕੋਈ ਬੁੱਢੜੀ ਮਾਂ, ਪਰਦੇਸੋਂ ਮੁੜੇ ਧੌਲਦਾੜੀਏ ਪੁੱਤਰ ਵੱਲ ਵੇਖਦੀ ਏ। ਮੈਂ ਕੁੰਨੇ ਤੋਂ ਵਿਦਾ ਹੋ ਕੇ ਖੂਹ ਵਲੋਂ ਖਾਊ ਪੀਉ ਵੇਲੇ ਮੁੜਿਆ ਤਾਂ ਦੂਰੋਂ ਸਾਰੰਗੀ ਦੀ ਦਿਲ ਚੀਰਵੀਂ ਆਵਾਜ਼ ਸੁਣੀ। ਕੁੰਨਾ ਉਸ ਸਾਰੀ ਰਾਤ ਸਾਰੰਗੀ ਵਜਾਉਂਦਾ ਤੇ ਪੂਰਨ ਭਗਤ ਦਾ ਕਿੱਸਾ ਗਾਉਂਦਾ ਰਿਹਾ। ਧੰਮੀ ਵੇਲੇ ਮੈਨੂੰ ਬੇਬੇ ਹਲੂਣਦਿਆਂ ਜਗਾਉਂਦੇ ਹੋਏ ਦੱਸਿਆ, ”ਆਂਹਦੇ ਨੇ ਕੁੰਨਾ ਪੂਰਾ ਹੋ ਗਿਐ” ਮੈਂ ਵਾਹੋ-ਦਾਹੀ ਉਹਦੇ ਘਰ ਵੱਲ ਭੱਜਿਆ। ਰੂੜੀਆਂ ਤੋਂ ਕੁੱਤਿਆਂ ਦੇ ਰੋਣ ਦੀ ਆਵਾਜ਼ ਨਾਲ ਚਿੜੀਆਂ ਡਰਦੀਆਂ ਮਾਰੀਆਂ ਨੇ ਚੀਕ ਚਿਹਾੜਾ ਪਾਇਆ ਸੀ। ਮੈਂ ਜਾ ਕੇ ਵੇਖਿਆ ਕੁੰਨਾ ਸਾਹਸੱਤਹੀਣ ਅਡੋਲ ਸਾਰੰਗੀ ‘ਤੇ ਟੇਢਾ ਹੋਇਆ ਪਿਆ ਸੀ। ਉਹਦੇ ਸਿਰਹਾਣੇ ਸਾਰੰਗੀ ਦਾ ਅੱਧੋ-ਰਾਣਾ ਜਿਹਾ ਗਿਲਾਫ ਕਿਸੇ ਵਿਧਵਾ ਦੇ ਦੁਪੱਟੇ ਵਾਂਗ ਖਿਲਰਿਆ ਹੋਇਆ ਸੀ ਤੇ ਕੋਲ ਪੂਰਨ ਦਾ ਕਿੱਸਾ ਤੇ ਕੋਰੇ ਕੁੱਜੇ ਵਿਚ ਅਣਪੀਤਾ ਪਾਣੀ ਪਿਆ ਸੀ।