1857 ਦੇ ਗ਼ਦਰ ਵਿਚ ਦਲਿਤ: ਜਿਨ੍ਹਾਂ ਦਾ ਕੋਈ ਨਾਂ ਨਹੀਂ ਲੈਂਦਾ – ਸੁਲੱਖਣ ਸਿੰਘ ਮੀਤ

Date:

Share post:

10 ਮਈ, 1857 ਈਸਵੀ ਨੂੰ ਮੇਰਠ ਛਾਉਣੀ ਵਿਖੇ ਭਾਰਤੀ ਸਿਪਾਹੀਆਂ ਨੇ ਬਰਤਾਨਵੀ ਬਸਤੀਵਾਦ ਵਿਰੁੱਧ ਵਿਦਰੋਹ ਦਾ ਝੰਡਾ ਬੁਲੰਦ ਕੀਤਾ। ਇਹ ਖ਼ਬਰ ਸੁਣਦਿਆਂ ਹੀ ਅਲੀਗੜ੍ਹ, ਆਗਰਾ, ਇਟਾਵਾ, ਅਲਾਹਾਬਾਦ, ਲਖਨਊ, ਕਾਨਪੁਰ, ਬਰੇਲੀ, ਬਨਾਰਸ, ਬਿਹਾਰ, ਝਾਂਸੀ, ਪੰਜਾਬ (ਪੁਰਾਣਾ) ਆਦਿ ਦੇ ਬਹੁਤ ਸਾਰੇ ਹਿੱਸਿਆਂ ਵਿਚ ਵਿਦਰੋਹ ਫੈਲ ਗਿਆ। ਇਸ ਵਿਦਰੋਹ ਕਾਰਨ ਘਟਨਾਵਾਂ ਅਤੇ ਸਿੱਟਿਆਂ ਦਾ ਵਰਣਨ ਕਰਨਾ ਇੱਥੇ ਯੋਗ ਨਹੀਂ, ਪਰ ਇਸ ਵਿਚ ਹਿੱਸਾ ਲੈਣ ਵਾਲੇ ਰਾਜੇ ਰਾਣੀਆਂ ਦਾ ਜ਼ਿਕਰ ਇਤਿਹਾਸਕਾਰਾਂ ਅਤੇ ਲੇਖਕਾਂ ਵਲੋਂ ਖੁੱਲ੍ਹ ਕੇ ਕੀਤਾ ਗਿਆ। ਭਾਰਤ ਦੇ ਆਜ਼ਾਦ ਹੋ ਜਾਣ ਬਾਅਦ ਹੁਣ ਤੀਕ ਦੇ ਇਤਿਹਾਸ ਦੇ ਸਲੇਬਸ ਵਿਚ 1857 ਦੇ ਗ਼ਦਰ ਵਾਲੇ ਕਾਂਡ ਨੂੰ ਬੜੇ ਹੀ ਮਾਣ ਨਾਲ ਜੋੜਿਆ ਗਿਆ। ਭਾਰਤੀ ਇਤਿਹਾਸਕਾਰਾਂ ਅਤੇ ਲੇਖਕਾਂ ਨੇ ਦੇਸ਼ ਭਗਤਾਂ ਦੇ ਹੱਕ ਵਿਚ ਅਪਣੀਆਂ ਦਲੀਲਾਂ ਦੇ ਕੇ ਇਹ ਸਿੱਧ ਕਰ ਦਿੱਤਾ ਕਿ ਭਾਰਤੀਆਂ ਦਾ ਇਹ ਵਿਦਰੋਹ ਅੰਗਰੇਜ਼ਾਂ ਦੇ ਖ਼ਿਲਾਫ਼ ਹੋਈ ਬਗਾਵਤ ਨਹੀਂ ਸੀ, ਸਗੋਂ ਇਹ ਵਿਦਰੋਹ ਭਾਰਤੀਆਂ ਰਾਹੀਂ, ਅੰਗਰੇਜ਼ਾਂ ਨੂੰ ਭਾਰਤ ਵਿਚੋਂ ਕੱਢਣ ਲਈ ਆਜ਼ਾਦੀ ਦੀ ਪਹਿਲੀ ਜੰਗ ਸੀ।
ਇੱਥੇ ਵੀ ਅਸੀਂ ਵਿਵਾਦ ਵਿਚ ਨਹੀਂ ਪੈਂਦੇ। ਉਹਨਾਂ ਲੇਖਕਾਂ ਨੇ ਅਪਣੇ ਵੀਰਾਂ ਅਤੇ ਵੀਰਾਂਗਣਾਂ, ਜਿਨ੍ਹਾਂ ਨੇ ਆਪੋ ਅਪਣੇ ਰਾਜ ਭਾਗ ਬਚਾਉਣ ਲਈ ਕੁਰਬਾਨੀਆਂ ਕੀਤੀਆਂ ਸਨ, ਨੂੰ ਵੀ ਬੜੀ ਹੀ ਸ਼ਾਨ ਨਾਲ ਪੇਸ਼ ਕੀਤਾ । ਪਰ ਅਫਸੋਸ ਦੀ ਗੱਲ ਇਹ ਹੈ ਕਿ ਦਲਿਤ ਵਰਗ ਨਾਲ ਸਬੰਧਤ ਜਿਨ੍ਹਾਂ ਵੀਰਾਂ ਨੇ ਅੰਗਰੇਜ਼ਾਂ ਨਾਲ ਦੋ ਹੱਥ ਕੀਤੇ, ਉਹਨਾਂ ਦਾ ਜ਼ਿਕਰ ਨਾਮਾਤਰ ਵੀ ਨਹੀਂ ਹੋਇਆ। ਹੁਣ, ਇੱਥੇ ਅਸੀਂ ਉਹਨਾਂ ਦਲਿਤ ਵੀਰਾਂ ਦਾ ਜ਼ਿਕਰ ਕਰ ਰਹੇ ਹਾਂ ਜਿਹਨਾਂ ਨੇ ਖ਼ੁਦਗਰਜ਼ੀ ਨਾਲ ਨਹੀਂ ਸਗੋਂ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਅੰਗਰੇਜ਼ਾਂ ਨੂੰ ਅਪਣੇ ਹੱਥ ਵੀ ਵਿਖਾਏ ਅਤੇ ਲੋਹੇ ਦੇ ਚਣੇ ਵੀ ਚਬਾਏ। ਜੇਕਰ ਇਹ ਵੀ ਕਹਿ ਲਿਆ ਜਾਵੇ ਕਿ ਉਹਨਾਂ ਨੇ ਮਰਦੇ ਦਮ ਤੀਕ ਅੰਗਰੇਜ਼ਾਂ ਨੂੰ ਸੁੱਖ ਦੀ ਨੀਂਦ ਨਹੀਂ ਸੌਣ ਦਿੱਤਾ ਤਾਂ ਇਹ ਕੋਈ ਅਤਿਕਥਨੀ ਨਹੀਂ ਹੋਵੇਗੀ।
ਅੰਗਰੇਜ਼ਾਂ ਅਤੇ ਭਾਰਤੀ ਮੂਲ ਦੇ ਲੋਕਾਂ ਵਿਚਕਾਰ ਇਹ ਟੱਕਰ ਲਗਭਗ ਦੋ ਸਾਲ (10 ਮਈ, 1857-ਅਪ੍ਰੈਲ 1859) ਤੀਕ ਚੱਲਦੀ ਰਹੀ। ਇਸ ਟਕਰਾਓ ਨੂੰ ਪੈਦਾ ਕਰਨ ਵਾਲਾ ਜਾਣੇ ਅਣਜਾਣੇ ਬੈਰਕਪੁਰ ਦੀ ਕਾਰਤੂਸ ਬਣਾਉਣ ਵਾਲੀ ਫੈਕਟਰੀ ਵਿਚ ਕੰਮ ਕਰਨ ਵਾਲਾ ਇਕ ਕਾਮਾ ਸੀ। ਕਾਰਤੂਸ ਬਣਾਉਂਦਿਆਂ ਉਸ ਨੂੰ ਪਿਆਸ ਲੱਗੀ। ਉਸ ਨੇ ਇਕ ਸੈਨਿਕ, ਜਿਸ ਦਾ ਨਾਂ ਮੰਗਲ ਪਾਂਡੇ ਸੀ ਅਤੇ ਜਾਤ ਦਾ ਬ੍ਰਾਹਮਣ ਸੀ, ਤੋਂ ਪੀਣ ਲਈ ਪਾਣੀ ਦਾ ਇਕ ਕੱਪ ਮੰਗਿਆ, ਜੋ ਕਿ ਮੰਗਲ ਪਾਂਡੇ ਦੇ ਕੋਲ ਸੀ। ਉਸ ਸੈਨਿਕ ਨੇ ਬ੍ਰਾਹਮਣ ਹੋਣ ਕਰਕੇ ਉਸ ਕਾਮੇ ਨੂੰ ਅਪਣਾ ਕੱਪ ਦੇਣ ਤੋਂ ਇਨਕਾਰ ਕਰ ਦਿੱਤਾ। ਮੰਗਲ ਪਾਂਡੇ ਦੇ ਇਨਕਾਰ ਨੂੰ ਉਸ ਕਾਮੇ ਨੇ ਅਪਣੀ ਇਕ ਵੱਡੀ ਹੱਤਕ ਮੰਨਿਆ ਅਤੇ ਉਸ ਬ੍ਰਾਹਮਣ ਨੂੰ ਮਹਿਸੂਸ ਕਰਵਾ ਦਿੱਤਾ-‘ਵੱਡਾ ਆਇਆ ਏ ਬ੍ਰਾਹਮਣ ਦਾ ਪੁੱਤ। ਜਿਨ੍ਹਾਂ ਕਾਰਤੂਸਾਂ ਨੂੰ ਤੂੰ ਬੰਦੂਕ ਵਿਚ ਭਰਨ ਲੱਗਿਆਂ ਵਰਤੋਂ ਵਿਚ ਲਿਆਉਂਦਾ ਏਂ, ਉਹਨਾਂ ਉਤੇ ਗਊ ਅਤੇ ਸੂਰ ਦੀ ਚਰਬੀ ਲੱਗੀ ਹੋਈ ਹੁੰਦੀ ਏ, ਜਿਸ ਚਰਬੀ ਨੂੰ ਤੂੰ ਬੰਦੂਕ ਭਰਨ ਤੋਂ ਪਹਿਲਾਂ ਅਪਣੇ ਦੰਦਾਂ ਨਾਲ ਕੱਟਦਾ ਏਂ, ਉਸ ਵੇਲੇ ਤੇਰੀ ਜ਼ਾਤ ਅਤੇ ਧਰਮ ਕਿੱਥੇ ਜਾਂਦੇ ਹਨ?’ ਉਸ ਸਖ਼ਸ਼ ਦਾ ਨਾਂ ਮਾਤਾ ਦੀਨ ਸੀ ਜੋ ਭੰਗੀ ਦਾ ਕੰਮ ਕਰਦਾ ਸੀ।1
ਮਾਤਾ ਦੀਨ ਦੀ ਗੱਲ ਸੁਣਦਿਆਂ ਹੀ ਮੰਗਲ ਪਾਂਡੇ ਹੈਰਾਨ ਰਹਿ ਗਿਆ। ਉਹ ਉਸ ਦਾ ਬੜਾ ਹੀ ਰਿਣੀ ਹੋਇਆ ਸੀ, ਜਿਸ ਨੇ ਉਸ ਦੀਆਂ ਅਤੇ ਭਾਰਤ ਦੇ ਬਾਕੀ ਹਿੰਦੂ ਅਤੇ ਮੁਸਲਮਾਨ ਸਿਪਾਹੀਆਂ ਦੀਆਂ ਅੱਖਾਂ ਖੋਲ੍ਹ ਕੇ ਰੱਖ ਦਿੱਤੀਆਂ ਸਨ। ਇਹ ਓਹੀ ਮਾਤਾ ਦੀਨ ਭੰਗੀ ਸੀ, ਜਿਸ ਨੇ ਉਸ ਛਾਉਣੀ ਵਿਚ ਆਜ਼ਾਦੀ ਦੀ ਜੰਗ ਦੀ ਪਹਿਲੀ ਚਿਣਗ ਭਖਾਈ ਸੀ।2 ਉਸ ਦੇ ਬੋਲ ਜੰਗਲ ਦੀ ਅੱਗ ਵਾਂਗ ਫੈਲ ਗਏ ਸਨ।
ਸ਼ੱਕ ਵਾਲੇ ਸੈਨਿਕਾਂ ਨੇ ਸ਼ੱਕ ਦੂਰ ਕਰਨ ਵਾਸਤੇ, ਫੈਕਟਰੀ ਦੇ ਦੂਸਰੇ ਕਾਮਿਆਂ ਤੋਂ ਵੀ ਜਾਣਕਾਰੀ ਲਈ ਸੀ-ਸੱਚਮੁੱਚ ਕਾਰਤੂਸਾਂ ਲਈ ਗਊ ਅਤੇ ਸੂਰ ਦੀ ਚਰਬੀ ਵਰਤੀ ਜਾਂਦੀ ਸੀ। ਸਿੱਟੇ ਵਜੋਂ ਹਿੰਦੂ ਅਤੇ ਮੁਸਲਮਾਨ ਸੈਨਿਕ ਭੜਕ ਉੱਠੇ। ਉਸ ਸੰਘਰਸ਼ ਵਿਚ ਅਣਗਿਣਤ ਭਾਰਤੀ ਸ਼ਹੀਦ ਹੋਏ। ਜਿਹਨਾਂ ਦੇ ਖ਼ਿਲਾਫ਼ ਚਾਰਜਸ਼ੀਟ ਤਿਆਰ ਕੀਤੀ ਗਈ ਸੀ, ਉਹਨਾਂ ਵਿਚੋਂ ਪਹਿਲਾ ਨਾਂ ਮਾਤਾ ਦੀਨ ਦਾ ਸੀ, ਜਿਸ ਨੂੰ ਬਾਅਦ ਵਿਚ ਬੰਦੀ ਬਣਾਇਆ ਗਿਆ। ਬੰਦੀ ਬਣਾਏ ਗਏ ਸਾਰੇ ਹੀ ਕ੍ਰਾਂਤੀਕਾਰੀ ਕੋਰਟ ਮਾਰਸ਼ਲ ਕੀਤੇ ਗਏ। ਮਾਤਾ ਦੀਨ ਉੱਤੇ ਬੇਵਿਸ਼ਵਾਸੀ ਦਾ ਜੁਰਮ ਲੱਗਾ। 3
ਅੱਜ ਵੀ ਉਸ ਨੂੰ, ਦੇਸ਼ ਦੀ ਆਜ਼ਾਦੀ ਦੀ ਜੰਗ ਵਿਚ ਪਾਏ ਗਏ ਯੋਗਦਾਨ ਕਰਕੇ ਦਲਿਤਾਂ ਵਲੋਂ ਵੱਖ ਵੱਖ ਢੰਗਾਂ ਨਾਲ ਯਾਦ ਕੀਤਾ ਜਾਂਦਾ ਹੈ। ਉਸ ਦੀ ਸ਼ਾਨ ਵਿਚ ਬਹੁਤ ਸਾਰੇ ਗੀਤ ਲਿਖੇ ਗਏ ਹਨ ਜੋ ਪਿੰਡਾਂ ਅਤੇ ਸ਼ਹਿਰਾਂ ਵਿਚ ਹੋਣ ਵਾਲੀਆਂ ਰੈਲੀਆਂ ਅਤੇ ਸਮਾਗਮਾਂ ਉੱਤੇ ਗਾਏ ਜਾਂਦੇ ਹਨ। ਉਸ ਬਾਰੇ ਕਈ ਮੈਗਜ਼ੀਨਾਂ ਦੇ ਕਈ ਖਾਸ ਅੰਕ ਨਿਕਲੇ ਸਨ, ਜਿਹਨਾਂ ਵਿਚ ਮਾਤਾ ਦੀਨ ਬਾਰੇ ਪ੍ਰਸਿੱਧ ਲੇਖਕਾਂ ਤੋਂ ਲੇਖ ਲਿਖਵਾ ਕੇ ਛਾਪੇ ਗਏ ਹਨ।4
ਇਕ ਪੰਦਰਵਾੜੇ ‘ਦਲਿਤ ਕੇਸਰੀ’ ਦਾ 1857 ਦਾ ਖਾਸ ਅੰਕ ਛਪਿਆ ਸੀ, ਜਿਸ ਵਿਚ ਮੁੱਖ ਲੇਖ ਮਾਤਾ ਦੀਨ ਬਾਰੇ ਸਨ।5 ਮੇਨਪੁਰੀ, ਉੱਤਰ ਪ੍ਰਦੇਸ਼ ਤੋਂ ਇਕ ‘ਦਲਿਤ ਨਿਊਜ਼ ਪੇਪਰ’ ਛਪਦਾ ਹੈ ਜਿਸ ਵਿਚ 1857 ਦੇ ਗ਼ਦਰ ਵਿਚਲੇ ਦਲਿਤਾਂ ਦੇ ਆਜ਼ਾਦੀ ਦੀ ਜੰਗ ਪ੍ਰਤੀ ਪਾਏ ਗਏ ਵਿਸ਼ੇਸ਼ ਯੋਗਦਾਨ ਬਾਰੇ ਵਿਸ਼ੇਸ਼ ਤੌਰ ’ਤੇ ਚਾਨਣਾ ਪਾਇਆ ਗਿਆ ਹੈ। ਸੋ, ਉਪਰੋਕਤ ਬਿਆਨ ਕੀਤੇ ਗਏ ਸਾਰੇ ਹੀ ਰਸਾਲਿਆਂ ਵਿਚ ਮਾਤਾ ਦੀਨ ਨੂੰ ਆਜ਼ਾਦੀ ਦੀ ਪਹਿਲੀ ਜੰਗ ਦਾ ਮੁੱਖ ਨਾਇਕ ਦਰਸਾਇਆ ਗਿਆ ਹੈ।6 ਇਨ੍ਹਾਂ ਪਰਚਿਆਂ ਤੋਂ ਬਿਨਾ ਮਈ 1996 ਵਿਚ 1857 ਦੀ ਯਾਦ ਨੂੰ ਤਾਜ਼ਾ ਕਰਦਿਆਂ, ਦਲਿਤ ਸਾਹਿਤ ਨਾਲ ਸਬੰਧਤ ‘ਹਮਾਇਤੀ’ ਨਾਂ ਦਾ ਇਕ ਮੈਗਜ਼ੀਨ ਕੱਢਿਆ ਗਿਆ, ਜਿਸ ਵਿਚ ਵੀ ਮੁੱਖ ਲੇਖ ਮਾਤਾ ਦੀਨ ਉੱਤੇ ਹੀ ਸੀ। ਡਾ. ਸੋਹਨਪਾਲ ਸੁੰਮਨਾਕਸ਼ਰ ਨੇ ਉਸੇ ਪਰਚੇ ਵਿਚਲੇ ਅਪਣੇ ਲੇਖ ਵਿਚ ਕਿਹਾ ਹੈ ਕਿ ਮਾਤਾ ਦੀਨ ਉਹ ਪਹਿਲਾ ਸ਼ਖ਼ਸ ਸੀ, ਜਿਸ ਨੇ 1857 ਦੇ ਗ਼ਦਰ ਦੇ ਬੀਜ ਬੀਜੇ, ਪਰ ਬਦਕਿਸਮਤੀ ਨਾਲ ਇਤਿਹਾਸਕਾਰਾਂ ਨੇ ਉਸ ਦੀ ਦੇਣ ਨੂੰ ਭੁਲਾ ਰੱਖਿਆ ਹੈ।7
ਬੈਰਕਪੁਰ ਦੀ ਘਟਨਾ ਤੋਂ ਬਾਅਦ, ਕਾਨਪੁਰ, ਲਖਨਊ, ਅਲਾਹਾਬਾਦ, ਬਨਾਰਸ ਆਦਿ ਵਿਖੇ ਅੰਗਰੇਜ਼ ਸਰਕਾਰ ਦੇ ਖਿਲਾਫ਼ ਬਗਾਵਤ ਹੋਈ, ਪਰ ਅੰਤ ਨੂੰ ਵਿਦਰੋਹੀਆਂ ਨੂੰ ਦਬਾ ਦਿੱਤਾ ਗਿਆ। ਸਿੱਟੇ ਵਜੋਂ ਅਣਗਿਣਤ ਔਰਤਾਂ, ਮਰਦ, ਬੁੱਢੇ ਅਤੇ ਬੇਕਸੂਰ ਬੱਚੇ ਮਾਰੇ ਗਏ। ਇੱਥੇ ਫਿਰ ਉਹਨਾਂ ਵਿਦਰੋਹੀਆਂ ਵਿਚੋਂ ਕਿਸੇ ਵੀ ਦਲਿਤ ਵਰਗ ਦੇ ਦੇਸ਼ ਭਗਤ ਦਾ ਨਾਂ ਉਭਰ ਕੇ ਸਾਹਮਣੇ ਨਹੀਂ ਆਇਆ। ਇੱਥੇ ਵੀ ਬਦਰੀ ਨਾਥ ਤਿਵਾੜੀ ਨੇ ਫਿਰਕਾਪ੍ਰਸਤ ਇਤਿਹਾਸਕਾਰਾਂ ਨੂੰ ਵੰਗਾਰਦਿਆਂ ਦੱਸਿਆ ਹੈ ਕਿ ਉਹ ਉੱਤਰ ਪ੍ਰਦੇਸ਼ ਵਿਚ ਹੋਏ ਵਿਦਰੋਹਾਂ ਵਿਚ ਅਪਣੀ ਧਰਤੀ ਵਾਸਤੇ ਕੁਰਬਾਨੀਆਂ ਦੇਣ ਵਾਲੇ ਦਲਿਤ ਵੀਰ ਵੀ ਸਨ, ਜਿਨ੍ਹਾਂ ਨੇ 1857 ਵਿਚ ਅੰਗਰੇਜ਼ਾਂ ਦੇ ਖ਼ਿਲਾਫ਼ ਲੜਦਿਆਂ ਮਹੱਤਵਪੂਰਨ ਹਿੱਸਾ ਪਾਇਆ ਸੀ। ਉਨ੍ਹਾਂ ਵੀਰਾਂ ਦੀਆਂ ਕਈ ਕਬਰਾਂ ਅਤੇ ਮੜ੍ਹੀਆਂ ਅੱਜ ਵੀ ਪੂਜੀਆਂ ਜਾਂਦੀਆਂ ਹਨ।
ਡਾ. ਤਿਵਾੜੀ ਇਸ ਤੱਥ ਨੂੰ ਉਘਾੜਦਿਆਂ ਦੱਸਦਾ ਹੈ – ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਆਜ਼ਮਗੜ੍ਹ ਵਿਖੇ ‘ਮਾਝਾਉਣਾ’ ਨਾਂ ਦਾ ਇਕ ਪਿੰਡ ਹੈ। ਉਸ ਪਿੰਡ ਦੇ ਵਾਸੀਆਂ ਵਿਚ ਵੱਡੀ ਗਿਣਤੀ ਚਮਾਰ, ਪਾਸੀ, ਧੋਬੀ, ਮਾਲੀ ਆਦਿ ਦੀ ਹੈ। ਪਿੰਡ ਤੋਂ ਬਾਹਰ ਡੰਡੀ ਡੰਡੀ ਜਾ ਕੇ ਇਕ ਖੇਤ ਵਿਚ ਪੁੱਜਿਆ ਜਾਂਦਾ ਹੈ, ਜਿੱਥੇ ਸੀਮੈਂਟ ਦੇ ਚਾਰ ਪੱਥਰ ਲੱਗੇ ਹੋਏ ਹਨ। ਉਸ ਪਿੰਡ ਦੇ ਸਮੂਹ ਲੋਕਾਂ ਵਲੋਂ ਉਹਨਾਂ ਪੱਥਰਾਂ ਨੂੰ ‘ਸ਼ਹੀਦ ਬਾਬੇ’ ਕਿਹਾ ਜਾਂਦਾ ਹੈ। ਉਸ ਪਿੰਡ ਦੇ ਸੱਭੇ ਦਲਿਤ ਲੋਕ ਲਾਲ ਪਾਊਡਰ ਛਿੜਕ ਕੇ ਉਹਨਾਂ ਪੱਥਰਾਂ ਦੀ ਪੂਜਾ ਕਰਦੇ ਹਨ। ਉਹਨਾਂ ਚਾਰਾਂ ਪੱਥਰਾਂ ਦਾ ਇਤਿਹਾਸ ਜਾਨਣ ਲਈ ਜਦੋਂ ਉਸ ਪਿੰਡ ਦੇ ਸਕੂਲ ਮਾਸਟਰ, ਤੋਂ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਇਸ ਪਿੰਡ ਦੇ ਇਨ੍ਹਾਂ ਚਾਰਾਂ ਚਮਾਰਾਂ ਨੇ 1857 ਦੇ ਗ਼ਦਰ ਵੇਲੇ ਦੇਸ਼ ਦੀ ਆਜ਼ਾਦੀ ਵਾਸਤੇ ਅਪਣੀਆਂ ਜਾਨਾਂ ਵਾਰ ਦਿੱਤੀਆਂ ਸਨ।8

ਬਿਹਾਰ ਦੇ ਇਤਿਹਾਸਕਾਰਾਂ ਨੇ ਵੀ ਬਿਹਾਰ ਦਾ ਇਤਿਹਾਸ ਲਿਖਦਿਆਂ ਪੱਖਪਾਤ ਤੋਂ ਕੰਮ ਲਿਆ ਹੈ। ਹੁਣੇ ਜਿਹੇ ਕਈ ਤੱਥ ਸਾਹਮਣੇ ਆਏ ਹਨ, ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਬਿਹਾਰ ਦੇ ਦਲਿਤ ਲੋਕਾਂ ਨੇ ਵੀ 1857 ਦੇ ਗ਼ਦਰ ਵਿਚ ਪ੍ਰਸ਼ੰਸਾਯੋਗ ਕੁਰਬਾਨੀਆਂ ਕੀਤੀਆਂ ਹਨ। ਸੂਬਾ ਬਿਹਾਰ ਦੇ ਜ਼ਿਲ੍ਹਾ ਅਰਾੱਹ ਵਿਖੇ ਸ਼ਾਹਾਪੁਰ ਨਾਂ ਦਾ ਇਕ ਪਿੰਡ ਹੈ ਜਿੱਥੇ ਇਕ ਦੇਵਤੇ ਦੀ ਪੂਜਾ ਹੁੰਦੀ ਹੈ। ਉਸ ਦੇਵਤੇ ਦੇ ਉਪਾਸ਼ਕ ਉਸ ਪਿੰਡ ਦੇ ਹੀ ਨਹੀਂ ਸਗੋਂ ਨਾਲ ਦੇ ਪਿੰਡਾਂ ਦੇ ਦਲਿਤ ਵੀ ਹਨ। ਡਾ. ਬਦਰੀ ਨਾਰਾਇਣ ਤਿਵਾੜੀ ਅਨੁਸਾਰ- ਉਸ ਦਾ ਨਾਂ ਬਾਬਾ ਰਾਜਿਤ ਹੈ। ਉਸ ਦਾ ਸਥਾਨ ਪਿੱਪਲ ਦੇ ਰੁੱਖਾਂ ਵਿਚ ਬਣਿਆ ਹੋਇਆ ਹੈ। ਕਿਉਂਕਿ ਰਾਜਿਤ 1857 ਦੇ ਸੰਘਰਸ਼ ਵਿਚ ਅੰਗਰੇਜ਼ਾਂ ਦੇ ਖਿਲਾਫ਼ ਲੜਦਾ ਹੋਇਆ ਸ਼ਹੀਦ ਹੋ ਗਿਆ ਸੀ, ਇਸ ਲਈ ਉਸ ਹਲਕੇ ਵਿਚ ਉਸ ਨੂੰ ਇਕ ਦੇਵਤੇ ਦਾ ਸਰੂਪ ਮੰਨਿਆ ਜਾਂਦਾ ਹੈ।9
ਇੱਥੇ ਹੀ ਬੱਸ ਨਹੀਂ, ਰਾਜਿਤ ਬਾਬਾ ਦੀ ਅਸਲੀਅਤ ਨੂੰ ਜਾਨਣ ਲਈ ਡਾ. ਬਦਰੀ ਨਾਰਾਇਣ ਤਿਵਾੜੀ ਨੇ ਦਿੱਲੀ ਜਾ ਕੇ ਇਤਿਹਾਸ ਦੇ ਪੁਰਾਤਤਵ ਵਿਭਾਗ ਦੀ ਸਹਾਇਤਾ ਨਾਲ ਹੋਰ ਵੀ ਜਾਣਕਾਰੀ ਪੂਰੀ ਕੀਤੀ ਸੀ। 7 ਫਰਵਰੀ, 1859 ਦਾ ਲਿਖਿਆ ਹੋਇਆ ਇਕ ਪੱਤਰ ਉਸ ਨੂੰ ਮਿਲਿਆ ਸੀ, ਜੋ ਇਉਂ ਹੈ – (ਵਿਦਰੋਹੀ 1989 : 36) ਮੇਰਾ ਨਾਂ ਰਾਜਿਤ ਕੁਮਾਰ ਹੈ। ਮੈਂ ਜ਼ਾਤ ਦਾ ਗਵਾਲਾ ਹਾਂ। ਮੈਂ ਚਾਲੀ ਪਲਟੂਨ ਦੀ ਪਹਿਲੀ ਕੰਪਨੀ ਵਿਚ ਹੌਲਦਾਰ ਰਿਹਾ ਹਾਂ, ਜਿਸ ਦਾ ਕੰਮ ਸੈਨਿਕਾਂ ਨੂੰ ਤਨਖਾਹ ਦੇਣਾ ਹੁੰਦਾ ਹੈ। ਮੇਰੇ ਪਿਉ ਦਾ ਨਾਂ ਪ੍ਰਸੰਨ ਰਾਮ ਹੈ। ਮੈਂ ਸ਼ਾਹਾਪੁਰ ਨਗਰ ਦਾ ਰਹਿਣ ਵਾਲਾ ਹਾਂ, ਜੋ ਪਰਗਣਾ ਅਤੇ ਸ਼ਾਹਾਬਾਦ ਜ਼ਿਲ੍ਹੇ (ਹੁਣ ਅਰਾੱਹ) ਵਿਚ ਪੈਂਦਾ ਹੈ। ਇਸ ਸਮੇਂ ਮੇਰੀ ਉਮਰ 56 ਸਾਲਾਂ ਦੀ ਬਣਦੀ ਹੈ। ਮੈਂ ਅਪਣੀ ਪਹਿਲੀ ਉਮਰ ਵਿਚ ਈਸਟ ਇੰਡੀਆ ਕੰਪਨੀ ਦਾ ਮੁਲਾਜ਼ਮ ਰਿਹਾ ਹਾਂ। 25 ਜੁਲਾਈ, 1857 ਨੂੰ ਮੈਂ ਕਾਨਪੁਰ ਦੀ ਬਗਾਵਤ ਵਿਚ ਹਿੱਸਾ ਲਿਆ।

ਸਾਡੀ ਸਭ ਤੋਂ ਪਹਿਲੀ ਕੋਸ਼ਿਸ਼ ਕੋਇਲਵਰ ਘਾਟ ਉੱਤੇ ਕਬਜ਼ਾ ਕਰਨਾ ਸੀ। ਉੱਥੋਂ ਅਸੀਂ ਅਰਾੱਹ ਵੱਲ ਵਧਣਾ ਸੀ। ਮੈਂ ਅਰਾੱਹ ਵਿਖੇ ਦੋ ਘੰਟੇ ਰੁਕਿਆ, ਓਥੋਂ ਮੈਂ ਸੂਬੇਦਾਰ ਸੀਤਾ ਰਾਮ ਤੋਂ ਘਰ ਜਾਣ ਵਾਸਤੇ ਛੁੱਟੀ ਮੰਗੀ। ਮੈਨੂੰ ਛੇ ਦਿਨਾਂ ਦੀ ਛੁੱਟੀ ਮਿਲ ਗਈ, ਜਿਸ ਨੂੰ ਮੈਂ ਅਪਣੇ ਪਿੰਡ ਸ਼ਾਹਾਪੁਰ ਵਿਖੇ ਗੁਜ਼ਾਰਿਆ। ਉਥੋਂ ਮੈਂ ਜਗਦੀਸ਼ਪੁਰ ਦੇ ਜੰਗਲਾਂ ਵਿਚ ਚਲਿਆ ਗਿਆ। ਉਸੇ ਦਿਨ ਅਸੀਂ ਅੰਗਰੇਜ਼ ਫੌਜ ਨਾਲ ਟੱਕਰ ਲੈਣ ਲਈ ਦੁੱਲੇਪੁਰ ਵਾਸਤੇ ਚੱਲ ਪਏ। ਇਸ ਲਈ ਸਾਡੇ ਵਿਚੋਂ ਕਈ ਜਣੇ ਜੰਗਲ ਵਿਚ ਹੀ ਠਹਿਰ ਗਏ। ਕਈ ਜਣੇ ਬਾਰਾਊਨ ਵੱਲ ਚਲੇ ਗਏ। ਬਾਕੀ ਬੰਦੇ ਪੀਰੋ ਵੱਲ ਵਧੇ। ਅਗਲੀ ਸਵੇਰ ਅਸੀਂ ਫਿਰ ਇਕੱਠੇ ਹੋ ਗਏ। ਉਸ ਸਮੇਂ ਬਾਬੂ ਕੁਬੇਰ ਸਿੰਘ (ਜਗਦੀਸ਼ਪੁਰ ਦਾ ਜ਼ਿੰਮੀਦਾਰ) ਅਤੇ ਬਾਬੂ ਅਮਰ ਸਿੰਘ ਸਾਡੇ ਨੇਤਾ ਸਨ। ਉਹਨਾਂ ਦੀ ਕਮਾਨ ਹੇਠ ਅਸੀਂ ਨੋਖਾ ਵੱਲ ਵਧੇ। ਉਥੋਂ ਅਸੀਂ ਸਾਸਾਰਾਮ ਦਾ ਰਾਹ ਫੜਿਆ। ਉਥੋਂ ਪਾਹਾਰੀਆ ਵਿਖੇ ਟੀਲਾਉਭੂ ਪੁੱਜੇ ਅਤੇ ਅੰਤ ਨੂੰ ਅਸੀਂ ਰੁਹਤਾਸ ਦੇ ਕਿਲ੍ਹੇ ਤੀਕ ਪੁੱਜ ਗਏ। ਅਸੀਂ ਅੰਗਰੇਜ਼ਾਂ ਨੂੰ ਮਾਤ ਦੇਣ ਲਈ ਅਪਣੀਆਂ ਕੋਸ਼ਿਸ਼ਾਂ ਜਾਰੀ ਰੱਖੀਆਂ। ਪਹਾੜੀ ਰਾਹਾਂ ਨੂੰ ਪਾਰ ਕਰਦਿਆਂ ਅਸੀਂ ਰਾਪਤਗੰਜ ਰਾਹੀਂ ਰੀਵਾ ਅਤੇ ਡਾਰਾਮਡਗੰਜ ਵੱਲ ਵਧੇ। ਰੀਵਾ ਵਿਚ ਨਾ ਤਾਂ ਸਾਨੂੰ ਠਹਿਰਨ ਦੀ ਆਗਿਆ ਸੀ ਅਤੇ ਨਾ ਹੀ ਉਸ ਥਾਂ ਨੂੰ ਛੱਡਣ ਦੀ ਆਗਿਆ ਸੀ। ਫਿਰ ਵੀ ਅਸੀਂ ਕਿਵੇਂ ਨਾ ਕਿਵੇਂ ਬਾਂਦਾ ਪੁੱਜ ਗਏ ਅਤੇ ਉੱਥੇ ਅਸੀਂ ਲਗਭਗ ਡੇਢ ਮਹੀਨਾ ਬਿਤਾਇਆ। ਬਾਂਦਾ ਵਿਖੇ ਦੂਸਰੇ ਹਲਕਿਆਂ ਦੇ ਬਾਗੀ ਸੈਨਿਕ ਵੀ ਸਾਡੇ ਨਾਲ ਆ ਜੁੜੇ।’’
ਦਿੱਲੀ ਦੇ ਪੁਰਾਤਤਵ ਵਿਭਾਗ ਵਿਚੋਂ ਹੀ ਡਾ. ਬਦਰੀ ਨਾਰਾਇਣ ਤਿਵਾੜੀ ਨੂੰ ਇਕ ਹੋਰ ਵੀ ਪੱਤਰ ਮਿਲਦਾ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਚਾਰ ਭੰਗੀ, ਜਿਨ੍ਹਾਂ ਨੇ 1857 ਦੀ ਬਗਾਵਤ ਵਿਚ ਹਿੱਸਾ ਲਿਆ ਸੀ, ਵੀ ਅਰਾੱਹ ਅਤੇ ਸ਼ਾਹਾਬਾਦ ਖੰਡ ਦੇ ਵਾਸੀ ਸਨ। ਚਾਰ ਭੰਗੀਆਂ ਬਾਰੇ ਮਿਲੀ ਜਾਣਕਾਰੀ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਉਹ ਬਰਕਨਦਾਜ਼ ਦੀ ਛੋਟੀ ਜ਼ਾਤ ਦੇ ਲੋਕ ਸਨ। 31 ਮਈ, 1858 ਈਸਵੀ ਨੂੰ ਉਹ ਲਿਖਤ ਉਹਨਾਂ ਨੇ ਡੁਮਰਾਉ ਥਾਣੇ ਵਿਚ ਦਿੱਤੀ ਸੀ। ਉਹ ਲਿਖਤ ਇਹ ਵੀ ਸਿੱਧ ਕਰਦੀ ਹੈ ਕਿ ਓਹੀ ਚਾਰ ਭੰਗੀ ਅੰਗਰੇਜ਼ਾਂ ਦੇ ਖ਼ਿਲਾਫ਼ ਬੜੇ ਹੀ ਸਰਗਰਮ ਸਨ। ਉਹਨਾਂ ਦੇ ਨਾਂ ਸੁਣ ਕੇ ਅੰਗਰੇਜ਼ਾਂ ਵਿਚ ਭਗਦੜ ਮੱਚ ਜਾਂਦੀ ਸੀ।10
3 ਅਪ੍ਰੈਲ 1858 ਈਸਵੀ ਨੂੰ ਸਰ ਹਿਯੂ ਰੋਜ਼ ਨੇ ਅਪਣੀ ਸੈਨਾ ਨਾਲ ਝਾਂਸੀ ਉੱਤੇ ਹਮਲਾ ਕਰ ਦਿੱਤਾ। ਝਾਂਸੀ ਦਾ ਰਾਜਾ ਗੰਗਾ ਧਰ ਰਾਵ ਤੋਂ ਬਾਅਦ ਰਾਣੀ ਲਕਸ਼ਮੀ ਬਾਈ ਨਹੀਂ, ਸਗੋਂ ਉਸ ਦੀ ਸੈਨਾ ਹੀ ਝਾਂਸੀ ਦਾ ਰਾਜ ਭਾਗ ਚਲਾ ਰਹੀ ਸੀ। ਸੈਨਿਕਾਂ ਦੇ ਇਸ ਕਾਰਜ ਵਿਚ ਵੀ ਲਕਸ਼ਮੀ ਬਾਈ ਅਪਣੀ ਮਰਜ਼ੀ ਨਾਲ ਸ਼ਾਮਲ ਨਹੀਂ ਸੀ ਹੋਈ। ਉਸ ਸਮੇਂ ਲਕਸ਼ਮੀ ਬਾਈ ਅੰਗਰੇਜ਼ਾਂ ਨਾਲ ਗੁਪਤ ਸੰਧੀ ਰੱਖਦੀ ਸੀ। ਪ੍ਰਾਪਤ ਤੱਥਾਂ ਵਿਚ ਕੋਈ ਵੀ ਅਜਿਹਾ ਤੱਥ ਮੌਜੂਦ ਨਹੀਂ ਹੈ, ਜਿਸ ਦੇ ਆਧਾਰ ’ਤੇ ਇਹ ਕਿਹਾ ਜਾ ਸਕਦਾ ਹੋਵੇ ਕਿ ਝਾਂਸੀ ਦੀ ਰਾਣੀ ਲਕਸ਼ਮੀ ਬਾਈ ਵਿਦਰੋਹ ਦੀ ਨੇਤਾ ਸੀ।11 ਸੋ, ਉਸ ਵੇਲੇ ਅੰਗਰੇਜ਼ਾਂ ਨਾਲ ਟੱਕਰ ਲੈਣ ਵਾਲਾ ਪੂਰਨ ਕੋਰੀ ਅਤੇ ਭਾਉ ਬਖਸ਼ੀ ਅਤੇ ਰਾਣੀ ਝਾਂਸੀ ਦੇ ਰੂਪ ਵਿਚ ਪੂਰਨ ਕੋਰੀ ਦੀ ਪਤਨੀ ਝਲਕਾਰੀ ਬਾਈ ਸਨ, ਜੋ ਵੈਰੀ ਨਾਲ ਟੱਕਰ ਲੈਂਦੇ ਹੋਏ ਸ਼ਹੀਦ ਹੋਏ।
ਗਿਣੇ ਮਿੱਥੇ ਢੰਗ ਨਾਲ ਕੌਮੀ ਇਤਿਹਾਸ ਦਾ ਸ਼ਾਨਦਾਰ ਭਾਗ, ਜਿਸ ਵਿਚ ਦਲਿਤ ਲੋਕਾਂ ਨੇ ਵੀ ਮਾਅਰਕੇ ਮਾਰੇ ਸਨ, ਉਹ ਬਦਲਿਆ ਗਿਆ। ਭਾਵੇਂ ਕਿ ਲੋਕਾਂ ਦੀ ਆਰਥਕ ਅਵਸਥਾ ਮਾੜੀ ਹੀ ਸੀ, ਪਰ ਉਹਨਾਂ ਨੇ ਅਪਣੀ ਮਾਤਰ ਭੂਮੀ ਵਾਸਤੇ ਜਾਨਾਂ ਤੱਕ ਵਾਰ ਦਿੱਤੀਆਂ। ਬੱਲੂ ਰਾਮ ਮਿਹਤਰ ਅਤੇ ਚੇਤ ਰਾਮ ਜਾਦਵ ਦਾ ਵਰਣਨ ਇਉਂ ਕੀਤਾ ਜਾਂਦਾ ਹੈ-

ਭਾਵੇਂ ਕਿ ਇਹ ਦੋਵੋਂ ਦਲਿਤ ਕ੍ਰਾਂਤੀਕਾਰੀ ਨਿਚਲੀਆਂ ਜ਼ਾਤਾਂ ਵਿਚ ਜੰਮੇ ਪਲੇ ਸਨ ਅਤੇ ਆਰਥਿਕ ਤੌਰ ’ਤੇ ਵੀ ਬੜੇ ਮਾੜੇ ਸਨ, ਪਰ ਉਹਨਾਂ ਨੇ ਅਪਣੀ ਜ਼ਮੀਰ ਨੂੰ ਭੁੱਲ ਕੇ ਵੀ ਨਹੀਂ ਸੀ ਵੇਚਿਆ। ਉਹਨਾਂ ਵਿਚੋਂ, ਕਿਸੇ ਇਕ ਵੀ ਦਲਿਤ ਉੱਤੇ ਦੇਸ਼ ਧ੍ਰੋਹੀ ਦਾ ਇਲਜ਼ਾਮ ਨਹੀਂ ਸੀ ਲਾਇਆ ਜਾ ਸਕਦਾ। ਜਦੋਂ ਕਦੇ ਵੀ ਉਹਨਾਂ ਦੀ ਲੋੜ ਪਈ, ਉਹਨਾਂ ਨੇ ਮਾਤ-ਭੂਮੀ ਵਾਸਤੇ ਅਪਣੀ ਜਾਨ ਵੀ ਵਾਰ ਦਿੱਤੀ। ਦੇਸ਼ ਦੇ ਬਹਾਦਰ ਅਤੇ ਦਲਿਤ ਸਪੂਤਾਂ ਵਿਚੋਂ ਬੱਲੂ ਰਾਮ ਅਤੇ ਚੇਤ ਰਾਮ ਜਾਦਵ ਦੇ ਨਾਂ ਸੁਨਹਿਰੀ ਅੱਖਰਾਂ ਵਿਚ ਲਿਖੇ ਜਾਣੇ ਚਾਹੀਦੇ ਹਨ।
ਜਿਉਂ ਹੀ ਬੈਰਕਪੁਰ ਦੀ ਖ਼ਬਰ ਲੋਕਾਂ ਤੀਕ ਪੁੱਜੀ ਦੇਸ਼ ਭਗਤਾਂ ਦੀ ਭੀੜ ਘਰਾਂ ਤੋਂ ਬਾਹਰ ਹੋ ਗਈ। ਫਿਲਿਪਸ, ਜੋ ਏਟਾ ਜ਼ਿਲ੍ਹਾ ਦਾ ਅਫਸਰ ਸੀ, ਨੇ ਭੀੜ ਨੂੰ ਖਿੰਡਾਉਣ ਦਾ ਯਤਨ ਕੀਤਾ, ਪਰ ਉਹ ਅਸਫ਼ਲ ਰਿਹਾ। 26 ਮਈ, 1857 ਈਸਵੀ ਨੂੰ ਏਟਾ ਜ਼ਿਲ੍ਹਾ ਦੇ ਸੋਰੋ ਪਿੰਡ ਵਿਚ ਪੈਂਦੇ ਬੱਲੂ ਰਾਮ ਮਿਹਤਰ ਅਤੇ ਰੇਤ ਰਾਮ ਜਾਦਵ, ਬੈਰਕਪੁਰ ਦੇ ਕ੍ਰਾਂਤੀਕਾਰੀਆਂ ਨਾਲ ਜਾ ਰਲੇ। ਇਸ ਬਗਾਵਤ ਵਿਚ ਸਦਾ ਸ਼ਿਵ ਮਹਿਰੇ, ਚਤੁਰ ਭੁੱਜ ਵੈਸ਼ ਆਦਿ ਵੀ ਹਾਜ਼ਰ ਸਨ। ਬੱਲੂ ਰਾਮ ਮਿਹਤਰ ਅਤੇ ਚੇਤ ਰਾਮ ਜਾਦਵ, ਰੁੱਖਾਂ ਨਾਲ ਬੰਨ੍ਹ ਕੇ ਗੋਲੀਆਂ ਨਾਲ ਉਡਾ ਦਿੱਤੇ ਗਏ। ਬਾਕੀ ਦਿਆਂ ਕ੍ਰਾਂਤੀਕਾਰੀਆਂ ਨੂੰ ਕਾਸਗੰਜ ਇਲਾਕੇ ਵਿਚ ਰੁੱਖਾਂ ਨਾਲ ਫਾਹੇ ਲਾਇਆ ਗਿਆ।12
ਬੰਕੇ ਚਮਾਰ ਨੇ ਵੀ ਅਪਣੀ ਬਹਾਦਰੀ ਦੀਆਂ ਧੁੰਮਾਂ ਪਾ ਰੱਖੀਆਂ ਸਨ। ਉਹ ਪਿੰਡ ਕੁਆਰਪੁਰ ਨੇੜੇ ਮਕਰਲੀ, ਜ਼ਿਲ੍ਹਾ ਜੋਨਪੁਰ ਦਾ ਵਾਸੀ ਸੀ। ਜਿਸ ਵੇਲੇ 1857 ਦੀ ਬਗਾਵਤ ਨੂੰ ਦਬਾ ਦਿੱਤਾ ਗਿਆ ਅੰਗਰੇਜ਼ ਸਰਕਾਰ ਨੇ ਬੰਕੇ ਚਮਾਰ ਅਤੇ ਉਸ ਦੇ ਅਠਾਰਾਂ ਸਾਥੀਆਂ ਨੂੰ ਬਾਗੀ ਐਲਾਨ ਦਿੱਤਾ। ਬੰਕੇ ਨੂੰ ਫੜ ਕੇ, ਉਸ ਨੂੰ ਇਕ ਰੁੱਖ ਨਾਲ ਲਟਕਾ ਕੇ, ਫਾਂਸੀ ਲਾਇਆ ਗਿਆ।13
ਵੀਰਾ ਪਾਸੀ ਇਕ ਹੋਰ ਅਮਰ ਸ਼ਹੀਦ ਹੋਇਆ ਜਿਸ ਨੂੰ ਬਹਾਦਰ ਅਤੇ ਦਲੇਰ ਕ੍ਰਾਂਤੀਕਾਰੀ ਦੇ ਤੌਰ ’ਤੇ ਜਾਣਿਆ ਜਾਂਦਾ ਹੈ। ਉਹ ਮੁਰਾਰ ਮਾਉ (ਰਾਏ ਬ੍ਰੇਲੀ, ਉੱਤਰ ਪ੍ਰਦੇਸ਼) ਦੇ ਰਾਜਾ ਬੇਨੀ ਮਾਧਵ ਸਿੰਘ ਦਾ ਅੰਗ ਰੱਖਿਅਕ ਸੀ। ਉਸ ਰਾਜੇ ਨੂੰ ਅੰਗਰੇਜ਼ਾਂ ਦੇ ਖ਼ਿਲਾਫ਼ ਬਗਾਵਤ ਕਰਨ ਦੇ ਦੋਸ਼ ਵਿਚ ਬੰਦੀ ਬਣਾ ਕੇ ਕੈਦਖਾਨੇ ਵਿਚ ਸੁੱਟ ਦਿੱਤਾ ਗਿਆ ਸੀ। ਇਕ ਰਾਤ ਵੀਰਾ ਪਾਸੀ ਕੈਦਖ਼ਾਨੇ ਵਿਚੋਂ ਰਾਜੇ ਨੂੰ ਬਾਹਰ ਕੱਢ ਕੇ ਲਿਆਉਣ ਵਿਚ ਸਫ਼ਲ ਹੋ ਗਿਆ। ਰਾਜੇ ਦਾ ਜੇਲ੍ਹ ਵਿਚੋਂ ਭੱਜ ਜਾਣਾ ਅੰਗਰੇਜ਼ ਰਾਜ ਦੇ ਮੂੰਹ ’ਤੇ ਚਪੇੜ ਸੀ। ਸਰਕਾਰ ਨੇ ਰਾਜੇ ਨੂੰ ਤਾਂ ਅਜੇ ਕੁਝ ਨਾ ਕਿਹਾ, ਪਰ ਵੀਰਾ ਪਾਸੀ ਨੂੰ ਜਿਉਂਦਾ ਜਾਂ ਮੁਰਦਾ ਫੜਨ ਦਾ ਫ਼ੈਸਲਾ ਕਰ ਲਿਆ। ਸਰਕਾਰ ਨੇ ਉਸ ਦੇ ਸਿਰ ਦਾ ਪੰਜਾਹ ਹਜ਼ਾਰ ਰੁਪਏ ਮੁੱਲ ਵੀ ਰੱਖ ਦਿੱਤਾ ਸੀ। ਪਰ ਅੰਗਰੇਜ਼ ਸਰਕਾਰ ਉਸ ਨੂੰ ਫੜਨ ਵਿਚ ਅਸਫਲ ਰਹੀ।14

ਪਾਸੀ ਲੋਕਾਂ ਨਾਲ ਇਕ ਹੋਰ ਵੀ ਕਹਾਣੀ ਪ੍ਰਚਲਤ ਹੈ। ਇਕ ਪਿੰਡ ਮਾਗਰਵਾੜਾ, ਜੋ ਲਖਨਊ ਮਾਰਗ ’ਤੇ ਪੈਂਦੇ ਪਿੰਡ ਉਨਾਉਨਗਰ ਤੋਂ 10 ਕਿਲੋਮੀਟਰ ਦੀ ਦੂਰੀ ’ਤੇ ਪੈਂਦਾ ਹੈ, ਦੇ ਲੋਕ ਬੜੇ ਹੀ ਦਿਲ ਗੁਰਦੇ ਵਾਲੇ ਸਨ। 20 ਜੁਲਾਈ, 1857 ਈਸਵੀ ਨੂੰ ਮਾਗਰਵਾੜਾ ਵਿਚੋਂ ਦੀ ਇਕ ਬਟਾਲੀਅਲ, ਜੋ ਹੈਨਰੀ ਹੈਵਲਾਕ ਦੀ ਕਮਾਨ ਹੇਠ ਅੱਗੇ ਗਈ ਇਕ ਹੋਰ ਅੰਗਰੇਜ਼ ਬਟਾਲੀਅਨ ਦੀ ਸਹਾਇਤਾ ਲਈ ਉੱਥੋਂ ਦੀ ਲੰਘ ਰਹੀ ਸੀ। ਪਾਸੀ ਪਿੰਡ ਦੇ ਲਗਭਗ 2000 ਲੋਕ ਉਸ ਫੌਜ ਨੂੰ ਵੇਖਦਿਆਂ ਹੀ ਝਾਲਿਆਂ (ਘਰਾਂ) ਤੋਂ ਬਾਹਰ ਆ ਗਏ। ਉਹਨਾਂ ਨੇ ਉਸ ਫੌਜ ਉੱਤੇ ਚੰਗਾ ਤਕੜਾ ਪਥਰਾਓ ਕੀਤਾ। ਸਿੱਟੇ ਵਜੋਂ ਉਸ ਬਟਾਲੀਅਨ ਨੂੰ ਅੱਗੇ ਵਧਣ ਦੀ ਥਾਂ ਪਿੱਛੇ ਕਾਨਪੁਰ ਛਾਉਣੀ ਵੱਲ ਜਾਣਾ ਪਿਆ। 4 ਅਗਸਤ, 1857 ਨੂੰ ਉਹ ਬਟਾਲੀਅਨ ਪੂਰੀ ਤਿਆਰੀ ਨਾਲ ਫਿਰ ਮਾਗਰਵਾੜਾ ਵਿਚੋਂ ਦੀ ਲੰਘਣ ਲੱਗੀ। ਜਦੋਂ ਪਿੰਡ ਵਾਸੀਆਂ ਨੇ ਉਸ ਬਟਾਲੀਅਨ ਨੂੰ ਫਿਰ ਅੱਗੇ ਵਧਣ ਤੋਂ ਰੋਕਿਆ ਤਾਂ ਅੰਗਰੇਜ਼ ਸੈਨਾ ਨੇ ਉਹਨਾਂ ਨੂੰ ਸ਼ਹੀਦੀ ਜਾਮ ਪਿਲਾ ਦਿੱਤੇ। ਉਹ ਦੋ ਹਜ਼ਾਰ ਪਾਸੀ ਥਾਂਏ ’ਤੇ ਹੀ ਸ਼ਹੀਦ ਹੋ ਗਏ।
ਮਾਗਰਵਾੜਾ ਦੇ ਪਾਸੀ ਲੋਕਾਂ ਤੋਂ ਬਿਨਾਂ ਇਹੋ ਜਿਹੀ ਹੀ ਦਲੇਰਾਨਾ ਭਰੀ ਬਾਨੀ ਪਿੰਡ ਦੇ ਲੋਕਾਂ ਦੀ ਵੀਰ ਗਾਥਾ ਹੈ। ਇਹ ਪਿੰਡ ਮਾਗਰਵਾੜਾ ਦੇ ਨਾਲ ਵਗਦੇ ਸਾਈ ਦਰਿਆ ਦੇ ਕਿਨਾਰੇ ’ਤੇ ਵੱਸਦਾ ਹੈ। ਇਸ ਪਿੰਡ ਵਿਚ ਛੋਟੇ ਛੋਟੇ ਝਾਲੇ ਬਣੇ ਹੋਏ ਸਨ। ਜਦੋਂ ਵੀ ਕਦੇ ਅੰਗਰੇਜ਼ ਫੌਜ ਨੂੰ ਉੱਥੋਂ ਦੀ ਲੰਘਣਾ ਪੈਂਦਾ ਤਾਂ ਉਹ ਪਿੰਡ ਉਹਨਾਂ ਲਈ ਰੋੜਾ ਬਣ ਜਾਂਦਾ। ਇਸ ’ਤੇ ਇਕ ਦਿਨ ਅੰਗਰੇਜ਼ ਅਫ਼ਸਰ ਨੇ ਬਾਨੀ ਪਿੰਡ ਦੇ ਲੋਕਾਂ ਨੂੰ ਪੰਜਾਂ ਮਿੰਟਾਂ ਦੇ ਵਿਚ ਵਿਚ ਆਪੋ ਆਪਣੇ ਝਾਲੇ (ਘਰ) ਖਾਲੀ ਕਰ ਦੇਣ ਦਾ ਹੁਕਮ ਕੀਤਾ। ਉਥੋਂ ਦੇ ਵਾਸੀਆਂ ਨੇ ‘ਨਾਂਹ’ ਵਿਚ ਸਿਰ ਹਿਲਾ ਦਿੱਤੇ। ਇਸ ’ਤੇ ਅੰਗਰੇਜ਼ ਅਫ਼ਸਰ ਨੇ ਸੈਨਿਕਾਂ ਨੂੰ ਹੁਕਮ ਕੀਤਾ ਕਿ ਇਸ ਪਿੰਡ ਨੂੰ ਤੋਪਾਂ ਨਾਲ ਉਡਾ ਦਿੱਤਾ ਜਾਵੇ। ਪਿੰਡ ਦੇ ਲੋਕਾਂ ਨੇ ਬਚਾਓ ਲਈ ਯਤਨ ਕੀਤਾ, ਪਰ ਤੋਪਾਂ ਨੇ ਉਨ੍ਹਾਂ ਨੂੰ ਨਾ ਬਖਸ਼ਿਆ। ਅੰਗਰੇਜ਼ਾਂ ਨੇ ਉਸ ਇਲਾਕੇ ਨੂੰ ਸੈਨਿਕ ਨਜ਼ਰੀਏ ਤੋਂ ਲਾਹੇਵੰਦ ਸਮਝਦਿਆਂ ਫ਼ੈਸਲਾ ਵੀ ਕੀਤਾ ਕਿ ਕਾਨਪੁਰ ਛਾਉਣੀ ਜਾਣ ਵਾਲੇ ਸੈਨਿਕ ਇਸ ਜਗ੍ਹਾ ਆਰਾਮ ਕਰ ਕੇ ਅੱਗੇ ਵਧਿਆ ਕਰਨਗੇ। ਬਾਨੀ ਪਿੰਡ ਦੀ ਗਾਥਾ ਅੱਗੇ ਤੋਂ ਅੱਗੇ ਚੱਲਦੀ ਆ ਰਹੀ ਹੈ ਅਤੇ ਉਸ ਕਹਾਣੀ ਨੂੰ ਗੀਤ ਅਤੇ ਡਰਾਮਿਆਂ ਰਾਹੀਂ ਗਾਹੇ ਬਗਾਹੇ ਪੇਸ਼ ਕੀਤਾ ਜਾਂਦਾ ਹੈ :

ਬਾਨੀ ਬਾਨੀ ਕਾਟੀ ਬਾਨੀ, ਬਨ ਕੇ ਬਿਗੜੀ ਬਾਨੀ
ਅੰਗਰੇਜੋਂ ਕੀ ਤੋਪ ਸੇ ਉੜੀ, ਫਿਰ ਬਾਨੀ ਰਹੀ ਬਾਨੀ 15

ਇਹ ਕਹਾਣੀ ਅੱਗੇ ਵੀ ਤੁਰਦੀ ਹੈ। ਅਗਲੇ ਦਿਨ ਜਨਰਲ ਹੈਵਲਾਕ ਰੈਜ਼ੀਡੈਂਸੀ ਵਿਚੋਂ ਸੈਨਿਕਾਂ ਨੂੰ ਛੁਟਕਾਰਾ ਦਿਵਾਉਣ ਲਈ ਅੱਗੇ ਵਧਿਆ। ਉਸ ਨੂੰ ਵੀ ਕ੍ਰਾਂਤੀਕਾਰੀਆਂ ਨਾਲ ਟੱਕਰ ਲੈਣੀ ਪਈ। ਇਹ ਟੱਕਰ ਭਾਵਯ ਭਵਨ ਦੇ ਆਲਮ ਬਾਗ ਵਿਚ ਹੋਈ। ਇਸ ਲੜਾਈ ਵਿਚ ਬਹੁਤ ਸਾਰੇ ਸੈਨਿਕ (ਅੰਗਰੇਜ਼) ਅਤੇ ਕ੍ਰਾਂਤੀਕਾਰੀ ਮਾਰੇ ਗਏ। ਜਦੋਂ ਹੈਵਲਾਕ ਦਿਲਖੁਸ਼ ਬਾਗ ਪੁੱਜਿਆ ਅਤੇ ਹੈਵਲਾਕ ਨੂੰ ਸਾਹਸਤ ਹੀਣ ਕਰ ਦਿੱਤਾ ਗਿਆ। ਸਿੱਟੇ ਵਜੋਂ ਉਹ ਬਿਮਾਰ ਪੈ ਗਿਆ ਅਤੇ 24 ਨਵੰਬਰ, 1857 ਨੂੰ ਇਸ ਦੁਨੀਆ ਤੋਂ ਕੂਚ ਕਰ ਲਿਆ।16
ਇਸ ਗਾਥਾ ਨੂੰ ਪਾਸੀਆਂ ਨੇ ਰਿਕਾਰਡ ਕੀਤਾ ਸੀ ਤਾਂ ਕਿ ਇਤਿਹਾਸਕਾਰ ਉਨ੍ਹਾਂ ਦੇ ਉਹਨਾਂ ਕਾਰਨਾਮਿਆਂ ਨੂੰ, ਜੋ ਉਨ੍ਹਾਂ ਨੇ ਦੇਸ਼ ਦੀ ਆਜ਼ਾਦੀ ਵਾਸਤੇ ਕੀਤੇ, ਸਮਝ ਸਕਣ ਅਤੇ ਲੋਕ ਵੀ ਜਾਣ ਸਕਣ। ਇਹ ਗਾਥਾ ਪੀੜ੍ਹੀ ਦਰ ਪੀੜ੍ਹੀ ਅੱਗੇ ਚੱਲਦੀ ਗਈ ਅਤੇ ਅੱਜ ਤੱਕ ਉਥੋਂ ਦੇ ਪਾਸੀਆਂ ਦੀ ਜ਼ੁਬਾਨ ’ਤੇ ਹੈ।
ਪਾਸੀ ਲੋਕਾਂ ਦੇ ਦੇਸ਼ ਪਿਆਰ ਦੀ ਇਕ ਗਾਥਾ ਹੋਰ ਵੀ ਹੈ। ਮਾਖਾ ਪਾਸੀ ਇਕ ਕ੍ਰਾਂਤੀਕਾਰੀ ਸੀ। ਉਸ ਦੀ ਪਤਨੀ ਊਦਾ ਦੇਵੀ, ਨੇ ਵੀ ਦੇਸ਼ ਲਈ ਜਾਨ ਵਾਰ ਦਿੱਤੀ ਸੀ।17
10 ਜੂਨ, 1857 ਈਸਵੀ ਨੂੰ ਇਕ ਦੁਰਘਟਨਾ ਵਾਪਰੀ। ਹੈਨਰੀ ਲਾਰੈਂਸ ਦੀ ਕਮਾਨ ਹੇਠ ਅੰਗਰੇਜ਼ ਸਿਪਾਹੀਆਂ ਦੀ ਬਟਾਲੀਅਨ, ਬਾਰਾਬਾਂਕੀ ਵਿਚੋਂ ਦੀ ਅਵਧ ਤੋਂ ਚਿਨਹਟ ਜਾ ਰਹੀ ਸੀ। ਚਿਨਹਟ ਵਿਖੇ ਮਾਘਾ ਪਾਸੀ 2,000 ਸਾਥੀ ਇਕੱਠੇ ਕਰ ਕੇ ਬੈਠਾ ਹੋਇਆ ਸੀ। ਉਨ੍ਹਾਂ ਨੇ ਵੰਗਾਰ ਕੇ ਬਹੁਤ ਸਾਰੇ ਅੰਗਰੇਜ਼ ਸੈਨਿਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਲਾਰੈਂਸ ਨੇ ਅਪਣੇ ਖ਼ਤਰੇ ਨੂੰ ਵੇਖਦਿਆਂ ਪਾਸੀ ਨੂੰ ਗੋਲੀ ਦਾ ਨਿਸ਼ਾਨਾ ਬਣਾਇਆ। ਪਾਸੀ ਲੋਕਾਂ ਦੀਆਂ ਜੀਵਨੀਆਂ (ਪੁਸਤਕ) ਵਿਚ ਲਿਖਿਆ ਹੈ ਕਿ ਦੁਨੀਆ ਦੇ ਇਤਿਹਾਸ ਵਿਚ ਇਹ ਇੱਕੋ ਇਕ ਹੀ ਜੋੜਾ ਹੈ ਜੋ ਅਪਣੇ ਦੇਸ਼ ਲਈ ਸ਼ਹੀਦ ਹੋਇਆ। ਪਰ ਸਾਡੇ ਮੱਤ ਅਨੁਸਾਰ ਇਕ ਜੋੜਾ ਹੋਰ ਵੀ ਹੈ ਜੋ ਅਪਣੇ ਦੇਸ਼ ਵਾਸਤੇ ਸ਼ਹੀਦ ਹੋਇਆ-ਝਲਕਾਰੀ ਬਾਈ ਅਤੇ ਪੂਰਨ ਕੋਰੀ।

ਹਵਾਲੇ ਅਤੇ ਟਿੱਪਣੀਆਂ: (1) ਬਦਰੀ ਨਰਾਇਣ ਤਿਵਾੜੀ, ਇਕਨਾਮਿਕ ਐਂਡ ਪੁਲੀਟੀਕਲ ਵੀਕਲੀ, ਮਈ 12-18, 2007, ਪੰਨਾ 1735 (2) ਓਹੀ (3) ਦਿਨਕਰ, ਸੁਤੰਤਰਤਾ ਸੰਗਰਾਮ, ਪੰਨਾ 26 (4) ਬਦਰੀ ਨਰਾਇਣ ਤਿਵਾੜੀ, ਉਪਰੋਕਤ ਪੰਨਾ 1736 (5) ਦਲਿਤ ਕੇਸਰੀ, ਅਲਾਹਾਬਾਦ, ਜੂਨ 14-30, 1990 (6) ਬਦਰੀ ਨਰਾਇਣ ਤਿਵਾੜੀ – ਓਹੀ (7) ਸੋਹਨਪਾਲ ਸੁਮਨਾਕਸ਼ਰ, ਹਮਾਇਤੀ, ਮਈ, 1996 (8) ਫੀਲਡ ਡਾਇਰੀ, ਬਦੇਸੀਆ ਪ੍ਰੋਜੈਕਟ, ਗੋਬਿੰਦ ਬਾਲੱਭ ਪੰਤ ਸੋਸ਼ਲ ਸਾਇੰਸਜ਼ ਇੰਸਟੀਚਿਊਟ, 2005 (9) ਫੀਲਡ ਡਾਇਰੀ, ਬਦੇਸੀਆ – ਓਹੀ (10) ਵਿਦਰੋਹੀ 1989, ਪੰਨਾ 37 (11) ਆਰ.ਸੀ. ਮਾਜੂਮਦਾਰ, ਹਿਸਟਰੀ ਆਫ ਫਰੀਡਮ ਮੂਵਮੈਂਟ, ਪੰਨਾ 164 (12) ਦਿਨਕਰ, ਉਪਰੋਕਤ ਪੰਨਾ 56 (13) ਓਹੀ ਪੰਨਾ 59 (14) ਓਹੀ ਪੰਨਾ 64 (15) ਬਦਰੀ ਨਰਾਇਣ ਤਿਵਾੜੀ ਓਹੀ ਪੰਨਾ 1736 (16) ਰਾਜ ਕੁਮਾਰ ਪਾਸੀ, ਪਾਸੀ ਸਮਾਜ ਕਾ ਸੰਗਰਾਮ ਮੇਂ ਯੋਗਦਾਨ, ਪਾਸੀ ਸ਼ੋਧ ਏਵਾਮ ਸੰਸਕ੍ਰਿਤਿਕ ਸੰਸਥਾਨ ਲਖਨਊ, 1998 (17) ਚਾਰੂ ਗੁਪਤਾ ਅਪਣੇ ਲੇਖ ਦਲਿਤ ਵੀਰਾਂਗਣਾਸ ਐਂਡ ਰੀਇਨਵੈਨਸ਼ਨ ਆਫ 1857, ਪੱਤ੍ਰਕਾ ਇਕਨਾਮਿਕ ਐਂਡ ਪੋਲੀਟੀਕਲ ਵੀਕਲੀ ਪੰਨਾ 1741 `ਤੇ ਲਿਖਦਾ ਹੈ ਕਿ ਊਦਾ ਦੇਵੀ ਉਹਨਾਂ ਵੀਰਾਂਗਣਾਂ ਵਿਚੋਂ ਇਕ ਸੀ, ਜਿਸਨੇ ਅੰਗਰੇਜ਼ਾਂ ਨਾਲ ਪਿੱਪਲ ਦੇ ਰੁੱਖ ਉੱਤੇ ਚੜ੍ਹ ਕੇ ਟੱਕਰ ਲਈ। ਪਿੱਪਲ ਉੱਤੋਂ ਹੀ ਉਸ ਨੇ ਲਗਭਗ ਤਿੰਨ ਦਰਜਨ ਅੰਗਰੇਜ਼ ਸੈਨਿਕ ਫੁੰਡੇ। ਇਕ ਅੰਗਰੇਜ਼ ਸੈਨਿਕ ਨੂੰ ਛੁਪੀ ਹੋਈ ਊਦਾ ਦੇਵੀ ਦਿਸ ਪਈ ਅਤੇ ਉਸ ਨੇ ਉਸ ਨੂੰ ਗੋਲੀ ਮਾਰ ਕੇ ਪਿੱਪਲ ਤੋਂ ਹੇਠਾਂ ਸੁੱਟ ਲਿਆ। ਉਸ ਵੇਲੇ ਉਹਨਾਂ ਨੂੰ ਪਤਾ ਲੱਗਾ ਕਿ ਉਹ ਇਕ ਮਰਦ ਨਹੀਂ, ਇਕ ਔਰਤ ਹੈ। ਉਸ ਦੀ ਬਹਾਦਰੀ ਨੂੰ ਦੇਖਦਿਆਂ ਕੈਂਪਬੈਲ ਅਤੇ ਅੰਗਰੇਜ਼ ਸੈਨਕਾਂ ਨੇ ਆਦਰ ਵਿਚ ਹੱਥ ਜੋੜ ਕੇ ਮ੍ਰਿਤਕ ਦੇਹ ਦਾ ਸਤਿਕਾਰ ਕੀਤਾ। (ਚਾਰੂ ਗੁਪਤਾ ਨੇ ਇਹ ਹਵਾਲਾ ਰਾਜ ਕੁਮਾਰ ਪਾਸੀ ਦੀ ਉੁਪਰੋਕਤ ਬਿਆਨੀ ਪੁਸਤਕ ਵਿਚੋਂ ਲਿਆ ਹੈ)

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!