ਹਮੇਂ ਰਾਹਜ਼ਨੋਂ ਕੀ ਗਰਜ਼ ਨਹੀਂ – ਨੌਨਿਹਾਲ ਸਿੰਘ

Date:

Share post:

1857 ਦੇ ਗ਼ਦਰ ਦਾ ਪੂਰਵ-ਕਾਲ, 1857 ਦਾ ਗ਼ਦਰ, ਗ਼ਦਰ ਪਾਰਟੀ ਦਾ ਇਤਿਹਾਸ, ਬੱਬਰ ਅਕਾਲੀ, ਕਿਰਤੀ ਲਹਿਰ, ਨੌਜਵਾਨ ਭਾਰਤ ਸਭਾ; ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਮਕਾਲੀਆਂ ਦਾ ਦੌਰ; ਆਈ ਐੱਨ ਏ ਅਤੇ 1946 ਦੀ ਨੇਵੀ ਬਗਾਵਤ ਇਨ੍ਹਾਂ ਸਭਨਾਂ ਦਾ ਅੰਤਰ-ਸੰਬੰਧ ਹੈ। 10 ਮਈ 1857 ਦੇ ਗ਼ਦਰ ਦਾ ਜ਼ਿਕਰ ਕਰਦੇ ਸ਼ਹੀਦ ਭਗਤ ਸਿੰਘ ਦੇ (10 ਮਈ ਦਾ ਦਿਨ) ਲੇਖ ’ਚ ਅਜ਼ਾਦੀ ਦੀ ਜੰਗ ਛੇੜਨ ਵਾਲੇ ਇਸ ਇਤਿਹਾਸਕ ਦਿਹਾੜੇ ਨੂੰ ਉਚਿਆਇਆ ਗਿਆ ਹੈ।
1928 ਦੇ ‘ਕਿਰਤੀ’ ਵਿੱਚ 1857 ਦੇ ਗ਼ਦਰ ਬਾਰੇ ਜ਼ਿਕਰ ਕਰਦਿਆਂ ਸ਼ਹੀਦ ਭਗਤ ਸਿੰਘ ਨੇ ਲਿਖਿਆ ਹੈ :
”ਇਸ ਜੰਗ (1857) ਦੇ ਨਾਕਾਮਯਾਬ ਹੋਣ ’ਤੇ ਜਿਹੜਾ ਜ਼ੁਲਮ ਬੇਗੁਨਾਹ ਹਿੰਦੁਸਤਾਨੀਆਂ ਉਪਰ ਢਾਹਿਆ ਗਿਆ, ਉਸ ਨੂੰ ਲਿਖਣ ਲਈ ਨਾ ਸਾਡੇ ’ਚ ਹੌਸਲਾ ਹੈ ਅਤੇ ਨਾ ਕਿਸੇ ਹੋਰ ਵਿੱਚ। ਇਹ ਸਭ ਕੁਝ ਹਿੰਦੁਸਤਾਨ ਦੇ ਆਜ਼ਾਦ ਹੋਣ ’ਤੇ ਹੀ ਲਿਖਿਆ ਜਾਵੇਗਾ।’’
ਪਰ ਡੇਢ ਸੌ ਸਾਲ ਬੀਤ ਜਾਣ ਉਪਰੰਤ ਅੱਜ ਵੀ ਮੂੰਹ ਬੋਲਦਾ ਸੱਚ ਇਹ ਹੈ ਕਿ 1857 ਦਾ ਗ਼ਦਰ, ਗ਼ਦਰ ਪਾਰਟੀ ਦਾ ਇਤਿਹਾਸ ਅਤੇ ਗੱਲ ਕੀ ਸਮੁੱਚੀ ਇਨਕਲਾਬੀ ਕੌਮੀ ਤਵਾਰੀਖ਼ ਦਾ ਅਜੇ ਬਹੁਤ ਕੁਝ ਅਣਛੋੋਹਿਆ ਪਿਆ ਹੈ। ਉਸ ਦਾ ਇਤਿਹਾਸਕ ਮੁੱਲ ਘੋਖਣਾ, ਪੜਤਾਲਣਾ ਪਿਆ ਹੈ। ਫਰਵਰੀ 1926 ਦੇ ‘ਕਿਰਤੀ’ ’ਚ ਇਹ ਟਿੱਪਣੀ ਹੈ, ਸਾਡੇ ਸੋਚਣ ਦੀ ਗੱਲ ਹੈ ਕਿ ਅਸੀਂ ਅੱਜ ਇਸ ਇਤਿਹਾਸ ਦੀ ਕਿੰਨੀ ਕੁ ਕਦਰ ਪਾ ਰਹੇ ਹਾਂ :-
”ਅਮਰੀਕਾ, ਕੈਨੇਡਾ ਨਿਵਾਸੀ ਕਿਰਤੀ ਹਿੰਦੁਸਤਾਨੀਆਂ (ਗ਼ਦਰੀਆਂ) ਦੇ ਕੌਮੀ ਆਦਰਸ਼ ਨੂੰ ਨੌਕਰਸ਼ਾਹੀ ਨੇ ਤਾਂ ਝੂਠ ਤੂਫਾਨ ਗੰਢ ਕੇ ਬਦਨਾਮ ਕਰਨਾ ਹੀ ਸੀ, ਅਪਣੇ ਕੌਮੀ ਆਗੂਆਂ ਨੇ ਵੀ ਇਸ ਨੂੰ ਜਾਂ ਤਰ੍ਹਾਂ-ਤਰ੍ਹਾਂ ਨਾਲ ਬਦਨਾਮ ਕੀਤਾ ਹੈ ਅਤੇ ਜਾਂ ਖ਼ਲਕਤ ਦੇ ਸਾਹਮਣੇ ਸਹੀ ਸ਼ਕਲ ਵਿੱਚ ਆਉਣ ਤੋਂ ਰੋਕਿਆ ਹੈ। ਅਮਰੀਕਾ, ਕੈਨੇਡਾ ਨਿਵਾਸੀ ਭਾਈਆਂ ਦੀਆਂ ਕੁਰਬਾਨੀਆਂ ਦਾ ਕਦੀ-ਕਦੀ ਜ਼ਿਕਰ ਹੋਇਆ, ਪ੍ਰੰਤੂ ਇਸ ਪਰਹੇਜ਼ ਨਾਲ ਕਿ ਇਸ ਜ਼ਿਕਰ ਨਾਲ ਉਨ੍ਹਾਂ ਦੇ ਆਦਰਸ਼ ਨੂੰ ਕੋਈ ਸਹਾਇਤਾ ਨਾ ਮਿਲ ਜਾਵੇ।….ਇੱਥੇ ਹੀ ਬੱਸ ਨਹੀਂ, ਉਨ੍ਹਾਂ ਦੇ ਦੁੱਖਾਂ ਔਕੜਾਂ ਦਾ ਇਤਿਹਾਸ ਵੀ ਕੌਮ ਦੇ ਸਾਹਮਣੇ ਅਜੇ ਤੱਕ ਨਹੀਂ ਲਿਆਂਦਾ ਗਿਆ। …ਇਨ੍ਹਾਂ ਕਿਰਤੀ ਵੀਰਾਂ ਵੱਲੋਂ ਜਿਤਨੀ ਕੁਰਬਾਨੀ ਕੀਤੀ ਗਈ, ਜੇ ਇਸ ਦੀ ਰੁਪਏ ਵਿੱਚੋਂ ਟਕੇ ਭਰ ਜਿਤਨੀ ਵੀ ਕਦਰ ਕੀਤੀ ਗਈ ਹੁੰਦੀ ਤਾਂ ਉਨ੍ਹਾ ਦੀਆਂ ਔਕੜਾਂ ਵਿੱਚ ਮਦਦ ਕਿਸੇ ਨਾ ਕਿਸੇ ਸ਼ਕਲ ’ਚ ਕਰਨ ਦਾ ਉਪਰਾਲਾ ਕੀਤਾ ਜਾਂਦਾ।’’ (ਕਿਰਤੀ ਫਰਵਰੀ 1926)
ਇਸ ਕਾਰਜ ਦੀ ਪੂਰਤੀ ਸਥਾਪਤੀ ਦੇ ਦਰਬਾਰੋਂ ਹੋਣ ਦੀ ਨਾ ਝਾਕ ਕਰਨੀ ਚਾਹੀਦੀ ਹੈ ਨਾ ਸ਼ਿਕਵਾ। ਇਹ ਜਿਨ੍ਹਾਂ ਦੀ ਅਸਲ ਧਰੋਹਰ ਹੈ, ਉਨ੍ਹਾਂ ਨੂੰ ਖੁਦ ਹੀ ਸੰਭਾਲਣ, ਪ੍ਰਫੁੱਲਤ ਕਰਨ ਅਤੇ ਇਸ ਦੀ ਲੋਅ ਲੋਕਾਂ ਤੱਕ ਲਿਜਾਣ ਲਈ ਸਾਂਝੇ ਉੱਦਮ ਜੁਟਾਉਣੇ ਪੈਣੇ ਹਨ। ਜ਼ਿਕਰਯੋਗ ਹੈ ਕਿ ਵੀਹਵੀਂ ਸਦੀ ਦੇ ਸ਼ੁਰੂ ’ਚ ਉੱਠੀ :

  • ਗ਼ਦਰ ਲਹਿਰ ਪਹਿਲੀ ਲਹਿਰ ਹੈ, ਜਿਸ ਨੇ ਸਾਮਰਾਜ ਦਾ ਸਾਡੇ ਮੁਲਕ ’ਚੋਂ ਬੋਰੀਆ ਬਿਸਤਰਾ ਗੋਲ ਕਰਕੇ ਸੰਪੂਰਨ ਅਜ਼ਾਦੀ ਦਾ ਨਿਸ਼ਾਨਾ ਮਿਥਿਆ।
  • ਗ਼ਦਰ ਲਹਿਰ ਹੈ, ਜਿਸ ਨੇ ਜਮਹੂਰੀ, ਧਰਮ-ਨਿਰਪੱਖ (ਧਰਮ, ਹਰੇਕ ਵਿਅਕਤੀ ਦਾ ਜ਼ਾਤੀ ਮਾਮਲਾ ਹੈ) ਲੋਕ ਰਾਜ ਦਾ ਝੰਡਾ ਚੁੱਕਿਆ।
  • ਗ਼ਦਰ ਲਹਿਰ ਹੈ, ਜਿਸ ਨੇ ਮਿੰਨਤਾਂ, ਤਰਲਿਆਂ, ਅਰਜ਼ੀਆਂ ਰਾਹੀਂ ਅਜ਼ਾਦੀ ਦੀ ਝਾਕ ਛੱਡ ਕੇ ਨਿਵੇਕਲੀ ਰਾਜਨੀਤਕ ਹਥਿਆਰਬੰਦ ਜੱਦੋ-ਜਹਿਦ ਦਾ ਬੀੜਾ ਚੁੱਕਿਆ।
  • ਗ਼ਦਰ ਲਹਿਰ ਹੈ ਜਿਸ ਨੇ ਸਭ ਲਈ ਰੁਜ਼ਗਾਰ, ਬਰਾਬਰ ਦੇ ਅਧਿਕਾਰ, ਪੂਰਨ ਹੁਨਰ ਤੱਕ ਲਾਜ਼ਮੀ ਮੁਫ਼ਤ ਪੜ੍ਹਾਈ ਦਾ ਨਿਸ਼ਾਨਾ ਮਿੱਥਿਆ।
  • ਗ਼ਦਰ ਲਹਿਰ ਹੈ, ਜਿਸ ਕੋਲ ਪਹਿਲੇ ਪੜਾਅ ’ਚ ਦੇਸ਼ ਦੀ ਖਰੀ ਅਜ਼ਾਦੀ, ਜਮਹੂਰੀਅਤ ਦਾ ਨਕਸ਼ਾ ਸੀ ਅਤੇ ਅਗਲੇ ਪੜਾਵਾਂ ਵਿੱਚੋਂ ਗੁਜ਼ਰਦੀ ਹੋਈ ਇਹ ਸਮਾਜਵਾਦ ਤੱਕ ਅਪਣੇ ਹੀ ਸਿਰਜੇ ਸਾਂਝੀਵਾਲਤਾ ਦੇ ਇਤਿਹਾਸਕ ਸੰਕਲਪਾਂ ਨੂੰ ਅਮਲੀ ਜਾਮਾ ਪਹਿਨਾਉਣ ਦੀਆਂ ਮੰਜ਼ਲਾਂ ਵੱਲ ਵਧਣ ਲਈ ਸਾਫ ਸੀ।
  • ਗ਼ਦਰ ਲਹਿਰ ਹੈ, ਜੋ ਕੌਮਾਂਤਰੀਵਾਦੀ ਦ੍ਰਿਸ਼ਟੀ ਦਾ ਉਘੜਵਾਂ ਨਮੂਨਾ ਪੇਸ਼ ਕਰਦੀ ਹੈ, ਜਦੋਂ ਇਹ ਹਰ ਗ਼ਦਰੀ ਦੇ ਕਾਰਜਾਂ ਵਿੱਚ ਅਹਿਮ ਕਾਰਜ ਮਿਥਦੀ ਹੈ ਕਿ ਦੁਨੀਆ ਦੇ ਕਿਸੇ ਵੀ ਕੋਨੇ ‘ਚ ਬੈਠੇ ਗ਼ਦਰੀ ਲਈ ਇਹ ਜ਼ਰੂਰੀ ਹੈ ਕਿ ਉਹ ਉਥੇ ਹੀ ਸਾਮਰਾਜ ਵਿਰੁੱਧ ਚੱਲ ਰਹੀਆਂ ਕੌਮੀ ਅਤੇ ਲੋਕ-ਮੁਕਤੀ ਲਹਿਰਾਂ ਦੇ ਹੱਕ ‘ਚ ਡਟ ਕੇ ਅਵਾਜ਼ ਬੁਲੰਦ ਕਰੇ।
  • ਗ਼ਦਰ ਲਹਿਰ ਦਾ ਇਹ ਨਿਵੇਕਲਾ ਅਤੇ ਮਾਣ-ਮੱਤਾ ਪੱਖ ਹੈ ਕਿ ਇਸ ਨੇ ਮਿੱਲਾਂ, ਖੇਤਾਂ ‘ਚ ਕੰਮ ਕਰਦੇ ਕਿਰਤੀਆਂ, ਕਿਸਾਨਾਂ ਤੋਂ ਲੈ ਕੇ ਵਿਦਵਾਨਾਂ, ਲੇਖਕਾਂ ਅਤੇ ਕਵੀਆਂ ਨੂੰ ਅਪਣੇ ਕਲਾਵੇ ‘ਚ ਲਿਆ।
    ਗ਼ਦਰ ਲਹਿਰ ਦੇ ਸਿਰਕੱਢ ਬੁਲਾਰੇ ‘ਗ਼ਦਰ’ ਦਾ ਵੱਖ-ਵੱਖ ਭਾਸ਼ਾਵਾਂ ਵਿੱਚ ਛਪਣਾ, ਹੱਥੋਂ ਹੱਥੀ ਕਿੰਨੇ ਹੀ ਮੁਲਕਾਂ ਦੇ ਪਾਠਕਾਂ ਤੱਕ ਮੁਫ਼ਤ ਪਹੁੰਚਣਾ, “ਗ਼ਦਰ ਦੀ ਗੂੰਜ” ਦੀਆਂ ਰਚਨਾਵਾਂ ਅਤੇ ਹੋਰ ਇਤਿਹਾਸਕ ਤੱਥ ਗਵਾਹ ਹਨ ਕਿ ਇਹ ਲਹਿਰ ਸਿਧਾਂਤ ਅਤੇ ਅਮਲ ਦਾ, ਕਹਿਣੀ ਅਤੇ ਕਰਨੀ ਦਾ ਸੁਮੇਲ ਕਰਨ ਲਈ ਸੰਜੀਦਗੀ ਅਤੇ ਦ੍ਰਿੜ੍ਹਤਾ ਨਾਲ ਸੰਘਰਸ਼ਸ਼ੀਲ ਸੀ। “ਬਲ ਹੂਆ ਬੰਧਨ ਛੂਟੇ, ਸਭ ਕਿਛੁ ਹੋਤਿ ਉਪਾਇ” ਅਤੇ ‘ਗਦਰ’ ਅਖ਼ਬਾਰ ਦੇ ਮੁੱਖ ਪੰਨੇ ਉਪਰ ਇਹ ਸ਼ਬਦ ਉਕਰਨਾ:

“ਜੇ ਤਉ ਪ੍ਰੇਮ ਖੇਲਣ ਕਾ ਚਾਉ ਸਿਰ ਧਰ ਤਲੀ ਗਲੀ ਮੋਰੀ ਆਉ।”

ਗ਼ਦਰੀ ਸੰਗਰਾਮੀਆਂ ਦੀਆਂ ਅਥਾਹ ਕੁਰਬਾਨੀਆਂ ਭਰੀ ਧਾਰਨਾ ਦਾ ਮੂੰਹ ਬੋਲਦਾ ਸਬੂਤ ਹਨ।
ਗ਼ਦਰ ਲਹਿਰ ‘ਚ ਬੰਦੇ ਮਾਤਰਮ, ਦੇਸ਼ ਭਗਤੀ, ਪਰਉਪਕਾਰ, ਅਜ਼ਾਦੀ ਦਾ ਆਦਰਸ਼ ਪੜਾਵਾਂ ‘ਚੋਂ ਹੁੰਦਿਆਂ ਬਰਾਬਰੀ ਤੇ ਟਿਕੇ ਨਿਜ਼ਾਮ ਲਈ ਸਾਮਰਾਜਵਾਦ-ਮੁਰਦਾਬਾਦ! ਇਨਕਲਾਬ-ਜ਼ਿੰਦਾਬਾਦ ਅਤੇ ਸਮਾਜਵਾਦ ਵੱਲ ਪੁਲਾਂਘਾਂ ਅਗਲੇ ਤੋਂ ਅਗਲੇ ਪੜਾਅ ਹਨ।
ਗ਼ਦਰ ਲਹਿਰ ਹੈ, ਜਿਸ ਨੇ ਬੀਤੇ ਇਤਿਹਾਸ ਦੇ ਅਨੇਕਾਂ ਦੌਰਾਂ ਦੇ ਅਮੀਰ ਅਤੇ ਜੁਝਾਰੂ ਪੱਖਾਂ, ਸਾਹਿਤ ਅਤੇ ਲੋਕ-ਬੋਲੀ ਨੂੰ ਸਾਮਰਾਜੀ ਪ੍ਰਬੰਧ ਅਤੇ ਸੱਭਿਆਚਾਰ ਨੂੰ ਜੜ੍ਹੋਂ ਉਖੇੜਨ ਲਈ ਕਾਰਗਰ ਹਥਿਆਰ ਵਜੋਂ ਵਰਤਿਆ।
ਭਾਈ ਸੰਤੋਖ ਸਿੰਘ ‘ਕਿਰਤੀ’, ਸ੍ਰੀ ਗੁਰੂ ਅਰਜਨ ਦੇਵ ਜੀ ਬਾਰੇ ਅਪਣੀ ਰਚਨਾ ‘ਚ ਲਿਖਦੇ ਹਨ:
“ਪਰਉਪਕਾਰੀ ਮਾਨਸ ਨੂੰ ਸੰਸਾਰ ਵਿੱਚ ਕਦਮ ਕਦਮ ‘ਤੇ ਸੁਆਰਥ ਦੇ ਮਦ (ਨਸ਼ੇ) ਨਾਲ ਅੰਨ੍ਹੇ ਬੋਲੇL ਲੋਕਾਂ ਨਾਲ ਯੁੱਧ ਕਰਨਾ ਪੈਂਦਾ ਹੈ। ਪਰਉਪਕਾਰੀਆਂ ਅਤੇ ਸੁਆਰਥੀਆਂ ਦਾ ਆਪਸ ਵਿੱਚ ਯੁੱਧ ਇਸ ਸੰਸਾਰ ਵਿੱਚ ਲਗਾਤਾਰ ਚੱਲ ਰਿਹਾ ਹੈ ਅਤੇ ਇਸ ਯੁੱਧ ਦੇ ਅਨੇਕ ਰੰਗ ਹਨ।”
ਦੁਨੀਆਂ ਭਰ ਦੇ ਲੋਕਾਂ ਦੇ ਵਿਰੁੱਧ ਖੜ੍ਹੇ ਸਾਡੇ ਸਮੇਂ ਦੇ ਸੁਆਰਥੀਆਂ ਨੇ ਪੌਣ-ਪਾਣੀ ਸਮੇਤ ਕੁਦਰਤੀ ਸਾਧਨਾਂ ਨੂੰ ਵੀ ਅਪਣੇ ਸੁਆਰਥਾਂ ਲਈ ਜੱਫ਼ਾ ਮਾਰ ਲਿਆ ਹੈ। ਸੋ ਸਾਡੇ ਸਮੇਂ ਅੰਦਰ ਕਈ ਰੰਗਾਂ-ਢੰਗਾਂ ਦੀ ਜੱਦੋ-ਜਹਿਦ ਜ਼ਰੂਰੀ ਬਣ ਗਈ ਹੈ।
ਗ਼ਦਰ ਲਹਿਰ ਦੀ ਮਸ਼ਾਲ ਲੈ ਕੇ ਨਿਕਲੇ ਸੰਗਰਾਮੀਏ ਆਪ ਭਾਵੇਂ ਮਿਟ ਗਏ ਪਰ ਉਹ ਅਮਿੱਟ ਪੈੜਾਂ ਛੱਡ ਗਏ। ਇਨਕਲਾਬੀ ਚੇਤਨਾ ਦੇ ਚਿਰਾਗ ਬਾਲ ਗਏ। ਇਨਕਲਾਬ ਦਾ ਸੂਹਾ ਚਿੰਨ੍ਹ ਅਤੇ ਉੱਘਾ ਜਰਨੈਲ ਸ਼ਹੀਦ ਭਗਤ ਸਿੰਘ ਅਜੇਹੇ ਰੌਸ਼ਨ ਚਿਰਾਗਾਂ ਦੀ ਡਾਰ ਦਾ ਜ਼ਿਕਰ ਕਰਦੇ ਹੋਏ ‘ਸ਼ਹੀਦ ਕਰਤਾਰ ਸਿੰਘ ਸਰਾਭਾ’ ਬਾਰੇ ਲਿਖੇ ਅਪਣੇ ਲੇਖ ਵਿੱਚ ਅਨੇਕਾਂ ਗੁੰਮਨਾਮ ਸੰਗਰਾਮੀਆਂ ਨੂੰ ਇੱਕ ਸੇLਅਰ ਨਾਲ ਇਉਂ ਸਿਜਦਾ ਕਰਦਾ ਹੈ:

“ਨਹੀਂ ਹੋਤਾ ਹੈ ਮੁਹਤਾਜੇ ਨੁਮਾਇਸ਼ ਫ਼ੈਜ਼ ਸ਼ਬਨਮ ਕਾ,
ਅੰਧੇਰੀ ਰਾਤ ਮੇਂ ਮੋਤੀ ਲੁਟਾ ਜਾਤੀ ਹੈ ਗੁਲਸ਼ਨ ਮੇਂ।”

ਗ਼ਦਰ ਲਹਿਰ ਦੀ ਰਾਜਨੀਤੀ ਅਤੇ ਸਾਹਿਤ ਅੰਦਰ ਮੁੱਢਲਾ ਸਿਰਾ ਭਗਤਾਂ, ਸੂਫ਼ੀ ਸੰਤਾਂ ਦੀ ਬਾਣੀ ਅਤੇ ਭਾਈ ਗੁਰਦਾਸ ਦੀਆਂ ਵਾਰਾਂ ਨਾਲ ਜਾ ਜੁੜਦਾ ਹੈ ਅਤੇ ਆਖ਼ਰੀ ਸਿਰਾ ਲੋਕ ਹਿਤੈਸ਼ੀ, ਕੌਮੀ ਕੌਮਾਂਤਰੀ ਸਰੋਕਾਰਾਂ, ਪ੍ਰਗਤੀਸ਼ੀਲ, ਵਿਗਿਆਨਿਕ ਅਤੇ ਇਨਕਲਾਬੀ ਜੁਝਾਰਵਾਦੀ ਸਾਹਿਤ ਤੱਕ ਜਾ ਜੁੜਦਾ ਹੈ। ਇਹ ਲਹਿਰ ਨਿਰੰਤਰ ਵਗਦਾ ਦਰਿਆ ਹੈ। ਇਹ ਲੋਕਾਂ ਦੀ ਪੁੱਗਤ ਵਾਲੇ ਪੰਚਾਇਤੀ-ਜਮਹੂਰੀ ਰਾਜ ਦੀ ਸਿਰਜਣਾ ਕਰਦੇ ਹੋਏ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਅਤੇ ਹਰ ਵੰਨਗੀ ਦੀ ਵਿਤਕਰੇਬਾਜ਼ੀ ਅਤੇ ਜਬਰ ਦੀ ਜੜ੍ਹ ਪੁੱਟ ਕੇ ਨਵੇਂ ਲੋਕ ਪੱਖੀ ਸਮਾਜ ਦੀ ਸਿਰਜਣਾ ਵੱਲ ਵਧਦੇ ਲੋਕ-ਸੰਗਰਾਮ ਦੀ ਬੀਰ-ਗਾਥਾ ਹੈ।
ਇੱਕ ਅਜੋਕਾ ਵਿਸ਼ਵੀਕਰਨ ਹੈ। ਸਾਮਰਾਜੀ ਪ੍ਰਬੰਧ ਦਾ ਬਦਲਿਆ ਰੂਪ ਅਤੇ ਰੰਗ ਢੰਗ, ਜੋ ਕੁੱਲ ਦੁਨੀਆ ਦੀਆਂ ਕੌਮਾਂ ਅਤੇ ਲੋਕਾਂ ਉਪਰ ਸਿੱਧੀ-ਅਸਿੱਧੀ ਧੌਂਸ, ਦਖ਼ਲ-ਅੰਦਾਜ਼ੀ ਅਤੇ ਕਬਜ਼ੇ ਨਾਲ ਅਪਣਾ ਸਿੱਕਾ ਚਲਾਉਣ ਲਈ ਹਾਬੜਿਆ ਦਹਾੜ ਰਿਹਾ ਹੈ। ਇੱਕ ਵਿਸ਼ਵੀਕਰਨ ਦਾ ਮਾਡਲ ਗ਼ਦਰੀ ਬਾਬਿਆਂ, ਕਿਰਤੀ ਲਹਿਰ ਦੇ ਜੁਝਾਰੂਆਂ ਅਤੇ ਸ਼ਹੀਦ ਭਗਤ ਸਿੰਘ ਹੋਰਾਂ ਨੇ ਲੋਕਾਂ ਦੀ ਮੁਕਤੀ ਲਈ ਪੇਸ਼ ਕੀਤਾ ਹੈ। ਇਹ, ਸਾਡੇ ਭਵਿੱਖ ਲਈ ਵੀ ਮਹਾਨ ਆਦਰਸ਼ ਪੇਸ਼ ਕਰਦਾ ਹੈ। ਇਹ ਲੁੱਟ-ਰਹਿਤ, ਜੰਗ-ਰਹਿਤ, ਭੈਅ-ਰਹਿਤ, ਗ਼ਮ-ਰਹਿਤ ਅਤੇ ਸਿਤਮ-ਰਹਿਤ ਸੰਸਾਰ ਦਾ ਅਤੇ ਇਸ ਵਿੱਚ ਹੀ ਜੜੇ ਨਗ਼ੀਨੇ ਨਵੇਂ ਸਮਾਜ ਵਾਲੇ ਹਿੰਦੁਸਤਾਨ ਦਾ ਮੁਹਾਂਦਰਾ ਵੀ ਪੇਸ਼ ਕਰਦਾ ਹੈ।

ਲੋਕਾਂ ਦੀ ਚੇਤਨਾ ਵਿੱਚ ਅਜਿਹੇ ਖ਼ੂਬਸੂਰਤ ਸਮਾਜ ਦੀ ਤਸਵੀਰ ਆਉਣ ਤੋਂ ਰੋਕਣ ਲਈ ਅਨੇਕਾਂ ਯਤਨ ਹੁੰਦੇ ਹਨ, ਜਿਵੇਂ ਦਾਰਸ਼ਨਿਕ, ਵਾਲਟਰ ਬੈਜ਼ਾਮਿਨ ਲਿਖਦੇ ਹਨ:
“ਹੁਕਮਰਾਨ ਜਮਾਤਾਂ ਲੋਕਾਂ ਦਾ ਇਤਿਹਾਸ ਹਥਿਆ ਲੈਂਦੀਆਂ ਹਨ। ਖ਼ਾਸ ਕਰਕੇ ਉਨ੍ਹਾਂ ਦੀਆਂ ਕਾਮਯਾਬ ਜੱਦੋ-ਜਹਿਦਾਂ ਅਤੇ ਉਨ੍ਹਾਂ ਦੇ ਅਤੀਤ ਦੇ ਹਰਮਨ ਪਿਆਰੇ ਨਾਇਕਾਂ ਦਾ ਇਤਿਹਾਸ। ਇਸ ਤਰ੍ਹਾਂ ਕਰਨ ਲਈ ਉਨ੍ਹਾਂ ਨੂੰ ਕਈ ਵਾਰ ਦਮਨ ਵੀ ਕਰਨਾ ਪੈਂਦਾ ਹੈ। ਗ਼ਲਤ ਬਿਆਨਬਾਜ਼ੀ ਅਤੇ ਭੰਡੀ ਪ੍ਰਚਾਰ ਕਰਨਾ ਪੈਂਦਾ ਹੈ।”
ਲੋਕਾਂ ਨੂੰ ਵਿਗਿਆਨਕ ਸੂਝ ਅਤੇ ਇਨਕਲਾਬੀ ਚੇਤਨਾ ਨਾਲ ਲੈਸ ਕਰਦੇ ਹੋਏ ਸਿਧਾਂਤ ਅਤੇ ਅਮਲ ਦਾ ਸੁਮੇਲ ਕਰਦਿਆਂ ਹੀ ਉਨ੍ਹਾਂ ਦੇ ਅਸਲੀ ਮਾਰਗ ਵੱਲ ਅੱਗੇ ਤੋਰਿਆ ਜਾ ਸਕਦਾ ਹੈ, ਜਿਵੇਂ ਕਿ ਗ਼ਦਰ ਪਾਰਟੀ ਦੇ ਮੋਢੀ ਲਾਲਾ ਹਰਦਿਆਲ ਅਪਣੇ ਲੇਖ ‘ਗੁਲਾਮੀ ਦਾ ਜ਼ਹਿਰ’ ਵਿੱਚ ਇਉਂ ਲਿਖਦੇ ਹਨ-
“ਗੁਲਾਮੀ ਵਿੱਚ ਆਤਮਾ ਡਰ ਅਤੇ ਝੂਠ ਹੇਠਾਂ ਦੱਬੀ ਰਹਿੰਦੀ ਹੈ। ਗੁਲਾਮੀ ‘ਚ ਆਤਮਿਕ ਆਜ਼ਾਦੀ ਕਠਿਨ ਹੈ। ਗੁਲਾਮੀ ਦੇ ਨਾਲ ਨਾਲ ਆਤਮਾ ਘੁਲ-ਘੁਲ ਕੇ ਮਰ ਜਾਂਦੀ ਹੈ। ਜੇ ਹਿੰਦੁਸਤਾਨ ਵਿੱਚ ਆਦਮੀ ਪੈਦਾ ਕਰਨੇ ਹਨ ਤਾਂ ਗੁਲਾਮੀ ਨੂੰ ਦੂਰ ਕਰੋ ਅਤੇ ਜੇ ਗੁਲਾਮੀ ਨੂੰ ਦੂਰ ਕਰਨਾ ਹੈ ਤਾਂ ਆਦਮੀ ਪੈਦਾ ਕਰੋ।”
ਲੋਕਾਂ ਦਾ ਧਿਆਨ ਉਨ੍ਹਾਂ ਦੇ ਅਸਲ ਮੁੱਦਿਆਂ, ਉਨ੍ਹਾਂ ਦੀ ਮੁਕਤੀ ਵਾਲੀ ਵਿਚਾਰਧਾਰਾ ਅਤੇ ਮਾਰਗ ਤੋਂ ਲਾਂਭੇ ਕਰਨ ਲਈ ਉਹ ਫ਼ਿਰਕੂ, ਜ਼ਾਤ-ਪਾਤ, ਧਰਮ, ਇਲਾਕੇ ਆਦਿ ਦੇ ਨਾਂਅ ਹੇਠ ਭਰਾ ਮਾਰ ਲੜਾਈ ਦੀ ਅੱਗ ਭੜਕਾਉਣ ਲਈ ਤੀਲੀਆਂ ਸੁੱਟਦੇ ਹਨ। ਗ਼ਦਰ ਲਹਿਰ ਦਾ ਸਮੁੱਚਾ ਇਤਿਹਾਸ ਅਤੇ ਅਮਲ ਸਾਨੂੰ ਇਸ ਤੋਂ ਚੌਕੰਨੇ ਵੀ ਕਰਦਾ ਹੈ ਅਤੇ ਅਪਣੀ ਸਦਭਾਵਨਾ ਦੀ ਰੌਸ਼ਨ ਮਿਸਾਲ ਵੀ ਪੇਸ਼ ਕਰਦਾ ਹੈ।
ਜੋ ਆਰਥਕ, ਸਮਾਜਕ, ਰਾਜਨੀਤਕ ਅਤੇ ਸੱਭਿਆਚਾਰਕ ਹਾਲਾਤ ਗ਼ਦਰ ਪਾਰਟੀ ਦੀ ਆਧਾਰਸ਼ਿਲਾ ਰੱਖੇ ਜਾਣ ਅਤੇ ਜ਼ੋਰ ਫੜਨ ਮੌਕੇ ਸਨ ਅੱਜ ਉਹ ਹਾਲਾਤ, ਮਸਲੇ ਅਤੇ ਚੁਣੌਤੀਆਂ ਹੋਰ ਵੀ ਜਰਬਾਂ ਖਾ ਗਈਆਂ ਹਨ। ਗ਼ਦਰ ਪਾਰਟੀ ਦੀ ਸਥਾਪਨਾ ਸ਼ਤਾਬਦੀ ਮਹਿਜ਼ ਰਸਮੀ ਤੌਰ ‘ਤੇ ਮਨਾਉਣਾ ਨਹੀਂ, ਸਗੋਂ ਮੂੰਹ ਅੱਡੀ ਖੜੇ ਚੈਲਿੰਜਾਂ ਨੂੰ ਮੁਖ਼ਾਤਬ ਹੋਣ ਅਤੇ ਸਾਰਥਿਕ ਰਾਹ ਲੋਕਾਂ ਅੱਗੇ ਰੱਖਣਾ ਸਮੇਂ ਦੀ ਤਿੱਖੀ ਲੋੜ ਹੈ।

ਤੂੰ ਇਧਰ ਉਧਰ ਕੀ ਬਾਤ ਨਾ ਕਰ,
ਯਹ ਬਤਾ ਕਿ ਕਾਫ਼ਲਾ ਕਿਉਂ ਲੁਟਾ,
ਹਮੇਂ ਰਾਹਜ਼ਨੋਂ ਕੀ ਗਰਜ਼ ਨਹੀਂ,
ਤੇਰੀ ਰਹਿਬਰੀ ਕਾ ਸਵਾਲ ਹੈ।

ਅੰਗਰੇਜ਼ੀ ਅਖਬਾਰਾਂ ਦੇ ਪ੍ਰਸਿੱਧ ਪੱਤਰਕਾਰ ਕੇ.ਐੱਸ. ਸੰਧੂ ਦੇ ਹਵਾਲੇ ਨਾਲ ਉੱਘੇ ਨਾਵਲਕਾਰ ਗੁਰਦਿਆਲ ਸਿੰਘ ‘ਸਫ਼ਰ ਤਾਂ ਜਾਰੀ ਰਹਿਣਾ ਹੈ’ ਅਪਣੇ ਲੇਖ ਵਿੱਚ ਉਪਰੋਕਤ ਟੂਕਾਂ ਲਿਖਦੇ ਹੋਏ ਜ਼ੋਰ ਦੇ ਰਹੇ ਹਨ ਕਿ ਲੁੱਟੇ ਜਾ ਰਹੇ ਲੋਕਾਂ ਬਾਰੇ, ਲੁਟੇਰਿਆਂ ਬਾਰੇ ਐਧਰ ਉਧਰ ਦੀਆਂ ਗੱਲਾਂ ਕਰਦੇ ਰਹਿਣ ਦੀ ਬਜਾਏ ਸਵਾਲਾਂ ਦਾ ਕੇਂਦਰੀ ਸਵਾਲ ਤਾਂ ਲੋਕਾਂ ਦੀ ਅਗਵਾਈ ਕਰਨ ਦਾ ਹੈ।

ਨੌਨਿਹਾਲ ਸਿੰਘ

ਲੇਖਕ ਅੱਜ ਕਲ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਹਨ।

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!