ਲਹਿਰ ਦੀ ਜਥੇਬੰਦਕ ਰਣਨੀਤੀ – ਪਰੇਮ ਸਿੰਘ

Date:

Share post:

ਵੀਹਵੀਂ ਸਦੀ ਦੇ ਦੂਜੇ ਦਹਾਕੇ ਵਿਚ ਭਾਰਤੀ ਪਰਵਾਸੀਆਂ ਵੱਲੋਂ ਕੀਤਾ ਗਿਆ ਗ਼ਦਰ ਦਾ ਉਪਰਾਲਾ ਦੇਸ਼ ਦੀ ਆਜ਼ਾਦੀ ਦੀ ਲਹਿਰ ਵਿਚ ਬਿਲਕੁਲ ਨਿਵੇਕਲੀ ਹੈਸੀਅਤ ਰੱਖਦਾ ਹੈ। ਇਹ ਨਿਵੇਕਲਾਪਨ ਨਿਰਾ ਇਸ ਗੱਲ ਵਿਚ ਨਹੀਂ ਸੀ ਕਿ ਹਥਿਆਰਬੰਦ ਰਾਜਪਲਟੇ ਦਾ ਯਤਨ ਉਸ ਸਮੇਂ ਕੀਤਾ ਗਿਆ ਜਦੋਂ ਦੇਸ਼ ਅੰਦਰ ਕੌਮੀ ਮੁਕਤੀ ਲਈ ਰਾਜਸੀ ਜਾਗ੍ਰਤੀ ਅਜੇ ਮੁਢਲੇ ਪੜਾਅ ਉਤੇ ਹੀ ਸੀ ਅਤੇ ਸਮਾਜਕ ਜੀਵਨ ਵਿਚ ਪਿਛਾਂਹ-ਖਿੱਚੂ ਅਤੇ ਸਰਕਾਰਪ੍ਰਸਤ ਤਬਕਿਆਂ ਦਾ ਦਬਦਬਾ ਕਾਇਮ ਸੀ। ਇਹ ਨਿਵੇਕਲਾਪਣ ਇਸ ਗਲ ਵਿਚ ਵੀ ਸੀ ਕਿ ਦੇਸ਼ ਅੰਦਰ ਕੋਈ ਅਜਿਹੀ ਵਰਨਣਯੋਗ ਇਨਕਲਾਬੀ ਜਥੇਬੰਦੀ ਮੌਜੂਦ ਨਹੀਂ ਸੀ ਜਿਹੜੀ ਬਾਹਰੋਂ ਆਏ ਵਿਦਰੋਹੀਆਂ ਨੂੰ ਸੰਭਾਲ ਲੈਂਦੀ ਅਤੇ ਪ੍ਰਸਤਾਵਿਤ ਇਨਕਲਾਬ ਵਿਚ ਉਨ੍ਹਾਂ ਲਈ ਇਕ ਸਹਾਇਕ ਸ਼ਕਤੀ ਵਜੋਂ ਕੰਮ ਕਰਦੀ। ਨਿਰਾ ਏਨਾ ਹੀ ਨਹੀਂ ਉਸ ਸਮੇਂ ਦੇਸ਼ ਦੀ ਪ੍ਰਮੁਖ ਰਾਜਸੀ ਜਥੇਬੰਦੀ, ਇੰਡੀਅਨ ਨੈਸ਼ਨਲ ਕਾਂਗਰਸ, ਜਿਸ ਨੇ ਮਗਰਲੇ ਵਰਿ੍ਹਆਂ ਵਿਚ ਆਜ਼ਾਦੀ ਦੇ ਅੰਦੋਲਨ ਵਿਚ ਵੱਡੀ ਭੂਮਿਕਾ ਨਿਭਾਈ, ਸਾਮਰਾਜੀ ਹਕੂਮਤ ਕੋਲੋਂ ਨਿਗੂਣੀਆਂ ਰਿਆਇਤਾਂ ਲੈਣ ਲਈ ਯਤਨਸ਼ੀਲ ਸੀ। ਉਸ ਕਾਂਗਰਸ ਪਾਰਟੀ ਤੋਂ ਕੋਈ ਉਮੀਦ ਵੀ ਨਹੀਂ ਰੱਖੀ ਜਾ ਸਕਦੀ ਸੀ। ਪਹਿਲੀ ਸੰਸਾਰ ਜੰਗ ਆਰੰਭ ਹੋਣ ਨਾਲ ਇਸ ਨੇ ਅੰਗਰੇਜ਼ ਸਰਕਾਰ ਪ੍ਰਤੀ ਵਫ਼ਾਦਾਰੀ ਦਾ ਅਹਿਦ ਕੀਤਾ ਸੀ ਜਿਹੜਾ ਮਗਰੋਂ ਜੰਗ ਦੇ ਵਰ੍ਹਿਆਂ ਵਿਚ ਦੁਹਰਾਇਆ ਜਾਂਦਾ ਰਿਹਾ ਸੀ।
ਗ਼ਦਰ ਪਾਰਟੀ ਦਾ ਵਿਉਂਤਿਆ ਇਹ ਇਨਕਲਾਬ ਇਸਦੇ ਆਗੂਆਂ ਦੇ ਇਸ ਵਿਸ਼ਵਾਸ ਉਤੇ ਟਿਕਿਆ ਹੋਇਆ ਸੀ ਕਿ ਅੰਗਰੇਜ਼ ਸਰਕਾਰ ਦੇ ਜੰਗ ਵਿਚ ਉਲਝੇ ਹੋਣ ਕਾਰਨ ਭਾਰਤ ਵਿਚ ਅੰਗਰੇਜ਼ੀ ਫੌਜ ਮਾਮੂਲੀ ਗਿਣਤੀ ਵਿਚ ਹੀ ਰਹਿ ਜਾਵੇਗੀ। ਹੋਇਆ ਵੀ ਇਵੇਂ ਹੀ। ਸਰਕਾਰ ਨੇ ਭਾਰਤ ਵਿਚਲੀ ਫੌਜ ਦੀ ਵੱਡੀ ਗਿਣਤੀ ਜੰਗ ਵਿਚ ਝੋਕ ਦਿੱਤੀ। ਗੋਰੀ ਤੇ ਦੇਸ਼ੀ ਦੋਵੇਂ ਤਰ੍ਹਾਂ ਦੀਆਂ ਪਲਟਣਾਂ ਦੁਰੇਡੇ ਮੋਰਚਿਆਂ ਉਤੇ ਭੇਜ ਦਿੱਤੀਆਂ ਗਈਆਂ। ਅੰਗਰੇਜ਼ ਹਾਕਮਾਂ ਦਾ ਤਰਕ ਇਹ ਸੀ ਕਿ ਜੇ ਅਸੀਂ ਜੰਗ ਹਾਰ ਗਏ ਤਾਂ ਭਾਰਤ ਵਿਚ ਫੌਜ ਰੱਖ ਕੇ ਕੀ ਕਰਾਂਗੇ। ਗਦਰ ਪਾਰਟੀ ਦੇ ਆਗੂਆਂ ਦੀ ਸੋਚ ਅਨੁਸਾਰ ਇਹੋ ਮੌਕਾ ਸੀ ਜਦੋਂ ਭਾਰਤ ਵਿਚ ਵਿਦਰੋਹ ਸਫ਼ਲ ਹੋ ਸਕਦਾ ਸੀ। ਗਦਰ ਪਾਰਟੀ ਦੀ ਜਥੇਬੰਦਕ ਰਣਨੀਤੀ ਦਾ ਕੁੰਜੀਵਤ ਪੈਂਤੜਾ ਇਹ ਸੀ ਕਿ ਬਰਤਾਨਵੀ ਸਾਮਰਾਜ ਨੂੰ ਸੱਟ ਉਸ ਸਮੇਂ ਮਾਰੀ ਜਾਵੇ ਜਦੋਂ ਇਸ ਦੀ, ਟਾਕਰਾ ਕਰਨ ਦੀ ਸ਼ਕਤੀ ਏਨੀ ਕਮਜ਼ੋਰ ਹੋਵੇ ਕਿ ਇਹ ਮੁਕਾਬਲਾ ਨਾ ਕਰ ਸਕੇ। ਵੀਹਵੀਂ ਸਦੀ ਦੇ ਆਰੰਭ ਤੋਂ ਹੀ ਭਾਰਤ ਦੇ ਇਨਕਲਾਬੀਆਂ ਅਤੇ ਹੋਰ ਗਰਮ ਦਲ ਸੋਚਵਾਨਾਂ ਦਾ ਇਹ ਵਿਚਾਰ ਬਣਿਆ ਹੋਇਆ ਸੀ ਕਿ ਰਿਆਸਤਾਂ ਦੇ ਰਾਜਿਆਂ, ਜਾਗੀਰਦਾਰਾਂ ਅਤੇ ਹੋਰ ਟੋਡੀਆ ਦੇ ਠੁੰਮਣੇ ਤੋਂ ਬਿਨਾਂ ਭਾਰਤੀ ਅਵਾਮ ਵਿਚ ਅੰਗਰੇਜ਼ ਸਰਕਾਰ ਦੀ ਹੋਰ ਕੋਈ ਧਿਰ ਨਹੀਂ ਸੀ ਅਤੇ ਇਸ ਨੇ ਅਪਣੀ ਸੱਤਾ ਫੌਜਾਂ ਦੇ ਬਲਬੂਤੇ ਉਤੇ ਕਾਇਮ ਰੱਖੀ ਹੋਈ ਸੀ। ਗਦਰ ਲਹਿਰ ਦੇ ਆਗੂਆਂ ਦਾ ਇਹ ਵੀ ਖ਼ਿਆਲ ਸੀ ਕਿ ਭਾਰਤੀ ਫੌਜੀਆਂ ਨੂੰ ਜਿਹੜੇ ਮਾਮੂਲੀ ਤਨਖਾਹ ਉਤੇ ਭਰਤੀ ਕਰਕੇ ਸਾਮਰਾਜੀ ਮੁਲਕਗੀਰੀ ਲਈ ਪਰਦੇਸ਼ਾਂ ਨੂੰ ਧੱਕ ਦਿੱਤੇ ਜਾਂਦੇ ਹਨ; ਗ਼ਦਰ ਦੇ ਹੱਕ ਵਿਚ ਪਰੇਰ ਲੈਣਾ ਆਸਾਨ ਹੋਵੇਗਾ। ਇਓਂ ਭਾਰਤੀ ਫੌਜੀਆਂ ਦੀ ਵਿਦਰੋਹ ਵਿਚ ਸ਼ਿਰਕਤ ਇਸ ਜਥੇਬੰਦਕ ਰਣਨੀਤੀ ਦਾ ਦੂਜਾ ਮਹੱਤਵਪੂਰਨ ਪੱਖ ਸੀ।
ਗ਼ਦਰ ਲਹਿਰ ਦੇ ਨਿਸ਼ਾਨਿਆਂ ਦੇ ਪ੍ਰਸੰਗ ਵਿਚ ਇਸ ਦੀ ਰਣਨੀਤੀ ਦਾ ਮੁਲੰਕਣ ਕਰਦੇ ਸਮੇਂ ਉਸ ਵਿਸ਼ੇਸ਼ ਘਟਨਾਕ੍ਰਮ ਨੂੰ ਧਿਆਨ ਵਿਚ ਰੱਖਣਾ ਯੋਗ ਹੈ ਜਿਸ ਦੀ ਤਰਤੀਬ ਨੇ ਜਥੇਬੰਦਕ ਤਿਆਰੀਆਂ ਉਤੇ ਅਸਰ ਪਾਇਆ ਅਤੇ ਲਹਿਰ ਦਾ ਰੁੱਖ ਅਤੇ ਇਸ ਦੇ ਨਤੀਜੇ ਨਿਰਧਾਰਿਤ ਕੀਤੇ। ਗ਼ਦਰ ਦੇ ਆਗੂਆਂ ਦੇ ਮੁਢਲੇ ਅਨੁਮਾਨ ਇਹ ਸਨ ਕਿ ਸੰਸਾਰ ਜੰਗ 1920 ਦੇ ਕਰੀਬ ਲੱਗੇਗੀ ਅਤੇ ਪਾਰਟੀ ਨੂੰ ਇਨਕਲਾਬ ਦੀਆਂ ਤਿਆਰੀਆਂ ਲਈ ਲੰਮਾਂ ਸਮਾਂ ਮਿਲ ਜਾਵੇਗਾ ਪਰ ਛੇਤੀ ਉਨ੍ਹਾਂ ਨੂੰ ਇਹ ਅਨੁਮਾਨ ਬਦਲਣੇ ਪਏ। ਜੰਗ ਛਿੜ ਜਾਣ ਸਮੇਂ ਇਹ ਤਿਆਰੀਆਂ ਅਜੇ ਆਰੰਭ ਹੀ ਹੋਈਆਂ ਸਨ। ਆਗੂਆਂ ਦੀ ਸੋਚ ਇਹ ਬਣ ਗਈ ਕਿ ਜੇ ਹੁਣ ਹੱਲਾ ਨਾ ਬੋਲਿਆ ਗਿਆ ਤਾਂ ਅਜਿਹਾ ਮੌਕਾ ਮੁੜ ਕੇ ਹੱਥ ਨਹੀਂ ਆਉਣਾ। ਉਪਰੰਤ ਗ਼ਦਰ ਪਾਰਟੀ ਕਾਮਾਗਾਟਾ ਮਾਰੂ ਦੇ ਮੁਸਾਫ਼ਰਾਂ ਦੇ ਸੰਘਰਸ਼ ਦੀ ਹਮਾਇਤ ਵਿਚ ਨਿਤਰ ਪਈ ਸੀ ਅਤੇ ਇਸ ਜਦੋਜਹਿਦ ਨੂੰ ਜਾਇਜ਼ ਤੌਰ ’ਤੇ ਅਪਣੇ ਸੰਗਰਾਮ ਦਾ ਅੰਗ ਮੰਨਦੀ ਸੀ। ਤਾਕਤ ਦੇ ਜ਼ੋਰ ਨਾਲ ਜਿਸ ਤਰ੍ਹਾਂ ਇਸ ਜਹਾਜ਼ ਨੂੰ ਵੈਨਕੂਵਰ ਤੋਂ ਵਾਪਸ ਮੋੜਿਆ ਗਿਆ ਸੀ ਉਸ ਨੇ ਨਾ ਕੇਵਲ ਗ਼ਦਰ ਪਾਰਟੀ ਦੇ ਪ੍ਰਚਾਰ ਦੀ ਹੋਰ ਪੁਸ਼ਟੀ ਕਰ ਦਿੱਤੀ ਸੀ, ਉਸਨੇ ਜਹਾਜ਼ ਦੇ ਮੁਸਫ਼ਰਾਂ ਨੂੰ ਇਨਕਲਾਬ ਦੀ ਲੜਾਈ ਵਿਚ ਸ਼ਰੀਕ ਕਰਨ ਦੇ ਹਾਲਾਤ ਵੀ ਪੈਦਾ ਕਰ ਦਿੱਤੇ ਸਨ।
ਗ਼ਦਰ ਲਹਿਰ ਦੇ ਜਥੇਬੰਦਕ ਸਰੋਕਾਰਾਂ ਦਾ ਮੁਲੰਕਣ ਕਰਦਿਆਂ ਇਤਿਹਾਸਕਾਰਾਂ ਅਤੇ ਲਿਖਾਰੀਆਂ ਦੀ ਇਕ ਸਾਂਝੀ ਮੁਸ਼ਕਲ ਇਹ ਰਹੀ ਹੈ ਕਿ ਲਹਿਰ ਦੇ ਇਸ ਪਹਿਲੂ ਬਾਰੇ ਗ਼ਦਰ ਪਾਰਟੀ ਦੀ ਅਪਣੀ ਕੋਈ ਅਧਿਕਾਰਿਤ ਲਿਖਤ ਪ੍ਰਾਪਤ ਨਹੀਂ ਸੀ। ਇਸ ਵਿਸ਼ੇ ਉਤੇ ਲਹਿਰ ਦੇ ਮੋਢੀਆਂ ਵੱਲੋਂ ਰਿਕਾਰਡ ਕਰਵਾਏ ਗਏ ਜਾਂ ਲਿਖਵਾਏ ਗਏ ਵਿਚਾਰ ਵੀ ਇਕਸਾਰ ਨਹੀਂ ਹਨ। ਵਧੇਰੇ ਲੇਖਕਾਂ ਦੇ ਬਿਰਤਾਤਾਂ ਤੋਂ ਜਿਹੜੀ ਤਸਵੀਰ ਉਭਰਕੇ ਸਾਹਮਣੇ ਆਉਂਦੀ ਹੈ, ਉਸ ਅਨੁਸਾਰ ਗ਼ਦਰ ਪਾਰਟੀ ਵਿਚ ਮੈਂਬਰਸ਼ਿਪ ਦੀ ਨਿਯਮਤ ਵਿਵਸਥਾ ਤਾਂ ਸੀ ਅਤੇ ਜਮਹੂਰੀ ਪ੍ਰਕਿਰਿਆ ਅਨੁਸਾਰ ਇਸ ਦੀਆਂ ਸਥਾਨਕ ਕਮੇਟੀਆਂ ਵੀ ਚੁਣੀਆਂ ਜਾਂਦੀਆਂ ਸਨ। ਉਪਰੰਤ ਇਕ ਕੇਂਦਰੀ ਕਾਰਜਸਾਧਕ ਕਮੇਟੀ ਵੀ ਸੀ ਪਰ ਮੈਂਬਰ ਲੈਣ ਲਈ ਕੋਈ ਲਿਖਤੀ ਨੇਮ, ਉਪਨੇਮ ਉਲੀਕੇ ਨਹੀਂ ਗਏ ਸਨ ਅਤੇ ਨਾ ਹੀ ਪਾਰਟੀ ਦਾ ਉਸ ਸਮੇਂ ਤਕ ਕੋਈ ਵਿਧਾਨ ਤਿਆਰ ਕੀਤਾ ਗਿਆ ਸੀ। ਇਓਂ ਇਹ ਸਥਿਤੀ ਦਾ ਵਿਰੋਧਾਭਾਸ ਹੀ ਸੀ ਕਿ ਇਨਕਲਾਬ ਦੀਆਂ ਤਿਆਰੀਆਂ ਵਿਚ ਲੱਗੀ ਹੋਈ ਪਾਰਟੀ ਦੇ ਮੈਂਬਰਾਂ ਲਈ ਕਿਸੇ ਤਰ੍ਹਾਂ ਦੀ ਅਜਮਾਇਸ਼ ਵਿਚੋਂ ਲੰਘਣਾ ਜ਼ਰੂਰੀ ਨਹੀਂ ਸਮਝਿਆ ਗਿਆ ਸੀ। ਨਾ ਹੀ ਕਿਸੇ ਭਰੋਸੇਯੋਗ ਮੈਂਬਰ ਦੀ ਸਿਫਾਰਿਸ਼ ਨੂੰ ਹੀ ਮੈਂਬਰੀ ਪ੍ਰਾਪਤੀ ਦੀ ਸ਼ਰਤ ਮੰਨਿਆਂ ਗਿਆ ਸੀ। ਜਿਹੜਾ ਵੀ ਕੋਈ ਪਰਵਾਸੀ ਉਤਸਾਹ ਵਿਖਾਉਂਦਾ ਜਾਂ ਮਾਲੀ ਯੋਗਦਾਨ ਪਾਉਣ ਲਈ ਤਿਆਰ ਹੋ ਜਾਂਦਾ, ਮੈਂਬਰ ਬਣਾ ਲਿਆ ਜਾਂਦਾ ਸੀ।
ਉਸ ਵਕਤ ਦੀ ਗ਼ਦਰ ਲਹਿਰ ਬਾਰੇ ਇਹ ਪ੍ਰਭਾਵ ਵੀ ਜਾਇਜ਼ ਹੀ ਹੈ ਕਿ ਇਸ ਵਿਚ ਆਗੂਆਂ ਅਤੇ ਵਰਕਰਾਂ ਵਿਚ ਉਹ ਪਾਰਾ ਨਹੀਂ ਸੀ ਜਿਹੜਾ ਅਕਸਰ ਹੀ ਵਧੇਰੇ ਰਾਜਸੀ ਪਾਰਟੀਆਂ ਵਿਚ ਪੈਦਾ ਹੋ ਜਾਇਆ ਕਰਦਾ ਹੈ। ਇਸ ਪ੍ਰਥਾ ਦਾ ਸਥਾਪਤ ਹੋ ਜਾਣਾ ਕਿ ਕੋਈ ਵਾਹਦ ਜਾਂ ਇਕੱਲਾ ਸ਼ਖ਼ਸ ਲੀਡਰ ਨਹੀਂ ਮੰਨਿਆ ਜਾਵੇਗਾ; ਪਾਰਟੀ ਦੇ ਪਰਪੱਕ ਜਮਹੂਰੀ ਲੱਛਣ ਦੀ ਤਸਦੀਕ ਕਰਦਾ ਸੀ। ਇਹ ਵੀ ਇਕ ਕਾਰਨ ਸੀ ਕਿ ਅਪਰੈਲ 1914 ਵਿਚ ਲਾਲਾ ਹਰ ਦਿਆਲ ਦੇ ਅਮਰੀਕਾ ਤੋਂ ਚਲੇ ਜਾਣ ਅਤੇ ਇਨਕਲਾਬ ਦੇ ਕਾਰਜ ਨਾਲੋਂ ਵੱਖ ਹੋ ਜਾਣ ਦੇ ਬਾਵਜੂਦ ਪਾਰਟੀ ਦੀ ਜਥੇਬੰਦੀ ਨੂੰ ਕੋਈ ਮਾਰੂ ਸੱਟ ਨਹੀਂ ਵੱਜੀ ਸੀ। ਇਹ ਤੱਥ ਮਹੱਤਵਪੂਰਨ ਹੈ ਕਿਉਂਕਿ ਹਰ ਦਿਆਲ ਨੂੰ ਇਸ ਲਹਿਰ ਦਾ ਉਸਰਈਆ ਮੰਨਣ ਵਾਲਿਆਂ ਦਾ ਖ਼ਿਆਲ ਸੀ ਕਿ ਉਸ ਵੱਲੋਂ ਲਹਿਰ ਨਾਲੋਂ ਵੱਖ ਹੋ ਜਾਣ ਨਾਲ ਪਾਰਟੀ ਖੇਰੂੰ-ਖੇਰੂੰ ਹੋ ਜਾਵੇਗੀ।
ਜੰਗ ਛਿੜ ਜਾਣ ਉਤੇ ਦੇਸ਼ ਵਾਪਸੀ ਲਈ ਦਿੱਤੇ ਗਏ ਸੱਦੇ ਕਾਰਨ ਫੌਜੀ ਸਿਖਲਾਈ ਅਤੇ ਹਵਾਈ ਜਹਾਜ਼ ਚਲਾਉਣ ਦੀ ਸਿਖਲਾਈ ਜਿਹੇ ਵਿਉਂਤੇ ਗਏ ਕੰਮ ਪੂਰੇ ਕੀਤੇ ਜਾਣੇ ਸੰਭਵ ਨਹੀਂ ਸਨ। ਦਫ਼ਤਰ ਅਤੇ ਅਖ਼ਬਾਰ ਚਲਦਾ ਰੱਖਣ, ਦੇਸ਼ ਪਰਤਣ ਲਈ ਵਾਲੰਟੀਅਰ ਤਿਆਰ ਕਰਨ, ਉਨ੍ਹਾਂ ਵੱਲੋਂ ਅਪਣੇ ਹਿਸਾਬ ਕਿਤਾਬ ਨਿਬੇੜਣ ਅਤੇ ਸਫ਼ਰ ਦੀ ਤਿਆਰੀ ਕਰਨ ਆਦਿ ਜਿਹੇ ਕੰਮ ਸਾਰੇ ਉਤਸ਼ਾਹ ਅਤੇ ਜੋਸ਼ੋ ਖੁਰੋਸ਼ ਦੇ ਬਾਵਜੂਦ ਸਮਾਂ ਅਤੇ ਖੇਚਲ ਮੰਗਦੇ ਸਨ। ਇਨ੍ਹਾਂ ਹਾਲਾਤ ਵਿਚ ਗ਼ਦਰ ਪਾਰਟੀ ਵੱਲੋਂ ਜਥੇਬੰਦੀ ਨਾਲ ਸੰਬੰਧਿਤ ਕਈ ਰਸਮੀ ਕਾਰਵਾਈਆਂ ਬਕਾਇਦਗੀ ਨਾਲ ਕਰਨ ਲਈ ਵਕਤ ਨਹੀਂ ਸੀ। ਮੁਖ ਗੱਲ ਇਹ ਸੀ ਕਿ ਇਸ ਸਮੇਂ ਵਿਚ ਕਿਸੇ ਤਰ੍ਹਾਂ ਦਾ ਵਿਵਾਦ ਨਾ ਉਠਿਆ ਅਤੇ ਨਾ ਹੀ ਕਿਸੇ ਤਰ੍ਹਾਂ ਦੀਆਂ ਧੜੇਬੰਦੀਆਂ ਬਣੀਆਂ। ਗ਼ਦਰ ਦੀ ਅਸਫ਼ਲਤਾ ਤੋਂ ਬਾਅਦ ਦੇ ਸਮੇਂ ਵਿਚ ਸਭ ਕੁਝ ਹੋਇਆ। ਜੇ ਪਾਰਟੀ ਦੇ ਸਰਗਰਮ ਆਗੂਆਂ ਦੀ ਸਿਆਣੀ ਵਿਉਂਤਕਾਰੀ ਨਾ ਹੁੰਦੀ ਤਾਂ ਕੁਰਬਾਨੀ ਦੇ ਸਾਰੇ ਜਜ਼ਬੇ ਦੇ ਬਾਵਜੂਦ ਆਪਸੀ ਮਤਭੇਦਾਂ ਅਤੇ ਵਿਰੋਧਾਂ ਨੂੰ ਟਾਲਿਆ ਨਹੀਂ ਜਾ ਸਕਦਾ ਸੀ ਖਾਸ ਤੌਰ ਉਤੇ ਉਸ ਅਵਸਥਾ ਵਿਚ ਜਦੋਂ ਮੈਂਬਰਾਂ ਨੂੰ ਸਾਰੇ ਕਾਰਵਿਹਾਰ ਛੱਡ ਕੇ ਸਿੱਧੇ ਇਨਕਲਾਬ ਦੀ ਲੜਾਈ ਵਿਚ ਕੁੱਦ ਪੈਣ ਲਈ ਕਿਹਾ ਜਾ ਰਿਹਾ ਸੀ।
ਦੇਸ਼ ਪਰਤ ਆਉਣ ਤੋਂ ਬਾਅਦ ਗ਼ਦਰੀਆਂ ਨੇ ਵੱਖਰੀ ਤਰ੍ਹਾਂ ਦੀ ਸਥਿਤੀ ਦਾ ਸਾਹਮਣਾ ਕਰਨਾ ਸੀ। ਖੁੱਲ੍ਹੇ ਇਨਕਲਾਬੀ ਪ੍ਰਚਾਰ ਨਾਲ ਉਨ੍ਹਾਂ ਦੀਆਂ ਫੌਰਨ ਗ੍ਰਿਫਤਾਰੀਆਂ ਹੋ ਜਾਣੀਆਂ ਸਨ। ਇਹ ਕਹਿਣਾ ਔਖਾ ਹੈ ਕਿ ਭਾਰਤ ਵਿਚ ਉਨ੍ਹਾਂ ਵੱਲੋਂ ਵਿੱਢੀ ਜਾਣ ਵਾਲੀ ਮੁਹਿੰਮ ਦੇ ਪੂਰੇ ਵੇਰਵੇ ਉਨ੍ਹਾਂ ਨੇ ਕਿਸ ਹੱਦ ਤੱਕ ਪਹਿਲਾਂ ਉਲੀਕੇ ਹੋਏ ਸਨ। ਪਰ ਇਹ ਭੁਲੇਖਾ ਤਾਂ ਕਿਸੇ ਨੂੰ ਨਹੀਂ ਸੀ ਕਿ ਸਰਕਾਰੀ ਸ਼ਕਤੀ ਨਾਲ, ਭਾਵੇਂ ਇਹ ਉਨ੍ਹਾਂ ਦੇ ਅਨੁਮਾਨ ਅਨੁਸਾਰ ਕਮਜ਼ੋਰ ਹੀ ਸੀ, ਉਨ੍ਹਾਂ ਦੀ ਸਿੱਧੀ ਟੱਕਰ ਹੋਵੇਗੀ। ਇਸੇ ਲਈ ‘ਗ਼ਦਰ’ ਅਖ਼ਬਾਰ ਵਿਚ ਜਿੰਨਾ ਜ਼ੋਰ ਹਥਿਆਰਾਂ ਨਾਲ ਅੰਗਰੇਜ਼ ਹਕੂਮਤ ਨੂੰ ਉਲਟਾਉਣ ਉਤੇ ਸੀ, ਓਨਾਂ ਹੀ ਸ਼ਹੀਦੀਆਂ ਪਾਉਣ ਉਤੇ ਵੀ ਸੀ। ਵਾਪਸੀ ਉਤੇ ਸਥਿਤੀ ਇਹ ਬਣ ਗਈ ਕਿ ਬਾਬਾ ਸੋਹਨ ਸਿੰਘ ਭਕਨਾ ਸਮੇਤ ਬਹੁਤ ਸਾਰੇ ਆਗੂ ਜਹਾਜ਼ਾਂ ਤੋਂ ਉਤਰਦੇ ਹੀ ਗ੍ਰਿਫਤਾਰ ਕਰ ਲਏ ਗਏ। ਪਰ ਕਈ ਆਗੂ ਅਤੇ ਸਰਗਰਮ ਵਰਕਰ ਬਚ ਵੀ ਨਿਕਲੇ ਅਤੇ ਉਨ੍ਹਾਂ ਨੇ ਓਨੀ ਦੇਰ ਤੱਕ ਇਨਕਲਾਬ ਦੇ ਯਤਨ ਜਾਰੀ ਰੱਖੇ ਜਦ ਤੱਕ ਉਹ ਗ੍ਰਿਫਤਾਰ ਨਾ ਕਰ ਲਏ ਗਏ।
ਇਹ ਉਨ੍ਹਾਂ ਗਦਰੀਆਂ ਦੀ ਚੌਕਸੀ ਦਾ ਹੀ ਇਕ ਪ੍ਰਮਾਣ ਸੀ ਕਿ ਉਹ ਬੰਦਰਗਾਹਾਂ ਉਤੇ ਹੁੰਦੀਆਂ ਤਲਾਸ਼ੀਆਂ ਵਿਚੋਂ ਸਹਿਜੇ ਹੀ ਨਿਕਲ ਗਏ ਅਤੇ ਕਿਸੇ ਕੋਲੋਂ ਕੋਈ ਹਥਿਆਰ ਬਰਾਮਦ ਵੀ ਨਾ ਹੋਇਆ। ਕਾਮਾਗਾਟਾ ਮਾਰੂ ਉਤੇ ਲਿਆਂਦਾ ਗਿਆ ਅਸਲਾ ਅਤੇ ਗ਼ਦਰ ਸਾਹਿਤ ਬਜ ਬਜ ਉਤੇ ਲੱਗਣ ਤੋਂ ਪਹਿਲਾਂ ਸਮੁੰਦਰ ਵਿਚ ਸੁੱਟ ਦਿੱਤਾ ਗਿਆ ਸੀ। ਪੁਲਿਸ ਦੀਆਂ ਨਜ਼ਰਾਂ ਤੋਂ ਬਚ ਗਏ ਇਨਕਲਾਬੀਆਂ ਸਾਹਮਣੇ ਸਵਾਲ ਇਹ ਸੀ ਕਿ ਅਪਣੇ ਮਿੱਥੇ ਨਿਸ਼ਾਨੇ ਨੂੰ ਪ੍ਰਾਪਤ ਕਿਵੇਂ ਕੀਤਾ ਜਾਵੇ? ਗ੍ਰਿਫਤਾਰੀਆਂ ਨੇ ਉਨ੍ਹਾਂ ਦੀਆਂ ਯੋਜਨਾਵਾਂ ਨੂੰ ਤਕੜੀ ਸੱਟ ਮਾਰੀ ਸੀ ਪਰ ਉਹ ਫੇਰ ਵੀ ਨਿਰਉਤਸ਼ਾਹ ਨਹੀਂ ਸਨ ਅਤੇ ਡਰੇ ਤਾਂ ਬਿਲਕੁਲ ਹੀ ਨਹੀਂ ਸਨ। ਉਨ੍ਹਾਂ ਆਪਸੀ ਸਲਾਹ ਮਸ਼ਵਰੇ ਕੀਤੇ ਅਤੇ ਨਵੇਂ ਸਿਰਿਓਂ ਡਿਊਟੀਆਂ ਦੀ ਵੰਡ ਕੀਤੀ। ਪ੍ਰਚਾਰ ਦੇ ਕੰਮ ਨੂੰ ਅੱਗੇ ਤੋਰਨ ਲਈ ਲਿਟਲੇਚਰ ਛਾਪਣ ਦਾ ਕੋਈ ਪ੍ਰਬੰਧ ਨਾ ਹੋ ਸਕਿਆ ਭਾਵੇਂ ਇਹ ਉਨ੍ਹਾਂ ਦੀ ਜਥੇਬੰਦਕ ਰਣਨੀਤੀ ਦਾ ਅਨਿਖੜਵਾਂ ਅੰਗ ਸੀ ਅਤੇ ਇਨਕਲਾਬ ਦੇ ਵਿਚਾਰਾਂ ਨੂੰ ਪ੍ਰਸਾਰਣ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਹਥਿਆਰ। ਹੁਣ ਫੌਜੀਆਂ ਨੂੰ ਗ਼ਦਰ ਲਈ ਤਿਅਰ ਕਰਨ ਦਾ ਪ੍ਰੋਗਰਾਮ ਬਣਾਇਆ ਗਿਆ। ਜਿਸ ਬਾਰੇ ਉਂਝ ‘ਗਦਰ’ ਅਖ਼ਬਾਰ ਵਿਚ ਜੰਗ ਸ਼ੁਰੂ ਹੋਣ ਤੋਂ ਛੇਤੀ ਬਾਅਦ ਖੁਲ੍ਹਾ ਹੋਕਾ ਦਿੱਤਾ ਜਾ ਚੁੱਕਾ ਸੀ।
ਫੌਜ ਦੀਆਂ ਪਲਟਣਾਂ ਅਤੇ ਰਸਾਲਿਆਂ ਵਿਚ ਗ਼ਦਰ ਦਾ ਪ੍ਰਚਾਰ ਕਿਸ ਹੱਦ ਤੱਕ ਹੋ ਸਕਿਆ ਅਤੇ ਉਨ੍ਹਾਂ ਦਾ ਹੁੰਗਾਰਾ ਕਿਸ ਤਰ੍ਹਾਂ ਦਾ ਸੀ, ਇਸ ਬਾਰੇ ਅਨੁਮਾਨ ਵੱਖ-ਵੱਖ ਹਨ। ਗ਼ਦਰੀਆਂ ਦੇ ਅਪਣੇ ਬਿਆਨਾਂ ਤੋਂ ਪ੍ਰਭਾਵ ਇਹ ਪੈਂਦਾ ਹੈ ਕਿ ਜਿਨ੍ਹਾਂ ਫੌਜੀਆਂ ਨਾਲ ਵੀ ਸੰਪਰਕ ਬਣਾਏ ਜਾ ਸਕੇ ਸਨ ਉਹ ਗ਼ਦਰ ਲਈ ਤਿਆਰ ਸਨ ਪਰ ਜਿੰਨੇ ਫੌਜੀਆਂ ਦੇ ਕੋਰਟ ਮਾਰਸ਼ਲ ਹੋਏ ਅਤੇ ਜਿੰਨਿਆਂ ਨੂੰ ਸਜ਼ਾਵਾਂ ਹੋਈਆਂ, ਉਨ੍ਹਾਂ ਦੀ ਗਿਣਤੀ ਕੁਝ ਦਰਜਨਾਂ ਤੋਂ ਵੱਧ ਨਹੀਂ ਸੀ। ਇਹ ਅਨੁਮਾਨ ਲਾਉਣਾ ਵੀ ਗ਼ਲਤ ਨਹੀਂ ਹੋਵੇਗਾ ਕਿ ਜੇ ਮੀਆ ਮੀਰ ਅਤੇ ਫਿਰੋਜ਼ਪੁਰ ਦੀਆਂ ਛਾਉਣੀਆਂ ਇਕ ਵਾਰ ਵਿਦਰੋਹੀ ਫੌਜੀਆਂ ਦੇ ਹੱਥ ਆ ਜਾਂਦੀਆਂ ਜਿਵੇਂ ਕਿ ਗ਼ਦਰੀਆਂ ਵਲੋਂ ਵਿਉਂਤਾਂ ਬਣਾਈਆਂ ਗਈਆਂ ਸਨ ਤਾਂ ਸਮੁੱਚਾ ਨਕਸ਼ਾ ਬਦਲ ਸਕਦਾ ਸੀ। ਫੌਜ ਵਿਚ ਬੇਚੈਨੀ ਬਾਰੇ ਗ਼ਦਰੀਆਂ ਨੂੰ ਮਿਲੀਆ ਖ਼ਬਰਾਂ ਗ਼ਲਤ ਨਹੀਂ ਸਨ ਅਤੇ ਜੇ ਉਨ੍ਹਾਂ ਉਤੇ ਇਹ ਪ੍ਰਭਾਵ ਪਿਆ ਸੀ ਕਿ ਵਿਦੇਸ਼ਾਂ ਵਿਚ ਜਾ ਕੇ ਹਿੰਦੁਸਤਾਨੀ ਫੌਜੀ ਅੰਗਰੇਜ਼ਾਂ ਲਈ ਮਰਨ ਬਾਰੇ ਉਤਸਾਹਹੀਣ ਸਨ ਤਾਂ ਇਹ ਪ੍ਰਭਾਵ ਵੀ ਜਾਇਜ਼ ਮੰਨਿਆ ਜਾ ਸਕਦਾ ਹੈ। ਇਸ ਲਈ ਗ਼ਦਰ ਲਹਿਰ ਦੇ ਆਗੂਆਂ ਦੀ ਭਾਰਤੀ ਫੌਜੀਆਂ ਉਤੇ ਨਿਰਭਰਤਾ ਬਿਲਕੁਲ ਨਿਰਾਧਾਰ ਨਹੀਂ ਸੀ। ਪਰ ਫੌਜੀਆਂ ਦਾ ਇਸ ਤਰ੍ਹਾਂ ਦਾ ਰੋਂਅ ਹੋਣਾ ਇਕ ਗੱਲ ਸੀ ਉਨ੍ਹਾਂ ਵੱਲੋਂ ਹਥਿਆਰ ਲੈ ਕੇ ਵਿਦਰੋਹੀਆਂ ਨਾਲ ਰਲ ਜਾਣਾ, ਅਸਲਾ ਲੁੱਟ ਲੈਣਾ ਅਤੇ ਅੰਗਰੇਜ਼ ਫੌਜੀਆਂ ਨੂੰ ਮਾਰ ਦੇਣਾ ਬਿਲਕੁਲ ਹੋਰ ਗੱਲ ਸੀ। ਇਹ ਕੰਮ ਤਦ ਹੀ ਸੰਭਵ ਸੀ ਜੇ ਫੌਜ ਵਿਚ ਕੇਵਲ ਟਾਵੇਂ-ਟਾਵੇਂ ਸੰਪਰਕ ਹੀ ਨਾ ਹੁੰਦੇ, ਸਗੋਂ ਇਕ ਕਾਰਜਸ਼ੀਲ ਜਥੇਬੰਦੀ ਹੁੰਦੀ, ਭਾਵੇਂ ਉਹ ਕਿੰਨੇ ਵੀ ਗੁਪਤ ਢੰਗ ਨਾਲ ਹੀ ਵਿਚਰ ਰਹੀ ਹੁੰਦੀ ਪਰ ਅਜਿਹੀ ਕੋਈ ਜਥੇਬੰਦੀ ਨਹੀਂ ਸੀ। ਇਉਂ ਫੌਜ ਵਿਚ ਵਿਦਰੋਹ ਨੂੰ ਫੈਲਾਉਣ ਬਾਰੇ ਉਹੋ ਕੁਝ ਹੋਇਆ ਜੋ ਸਧਾਰਨ ਨਾਗਰਿਕਾਂ ਨੂੰ ਇਸ ਵਿਚ ਸ਼ਾਮਲ ਕਰਨ ਦੇ ਮਾਮਲੇ ਵਿਚ ਸੀ। ਭਾਵ, ਆਪ ਮੁਹਾਰਤਾ ਉਤੇ ਨਿਰਭਰਤਾ।
ਗਦਰ ਦੇ ਕੁਝ ਬਿਰਤਾਂਤਾਂ ਵਿਚ ਕ੍ਰਾਂਤੀਕਾਰੀਆਂ ਦੇ ਕਿਸਾਨ ਪਿਛੋਕੜ ਦੇ ਹਵਾਲੇ ਨਾਲ ਉਨ੍ਹਾਂ ਨੂੰ ਗੁਪਤਵਾਸ ਲਈ ਨਾ ਤਜਰਬੇਕਾਰ ਦਰਸਾਇਆ ਗਿਆ ਹੈ। ਪਰ ਹਕੀਕਤ ਇਹ ਹੈ ਕਿ ਉਨ੍ਹਾਂ ਦੀ ਜਥੇਬੰਦਕ ਰਣਨੀਤੀ ਵਿਚ ਗੁਪਤਵਾਸ ਦੀ ਕੋਈ ਗੁੰਜਾਇਸ਼ ਨਹੀਂ ਸੀ। ਉਹ ਇਸ ਗੱਲ ਲਈ ਤਿਆਰ ਨਹੀਂ ਸਨ ਕਿ ਪੁਲਿਸ ਤੋਂ ਲੁਕ-ਛਿਪ ਕੇ ਔਖਾ ਵਕਤ ਲੰਘਾ ਲੈਣ ਅਤੇ ਇਨਕਲਾਬ ਲਈ ਵਧੇਰੇ ਸੁਖਾਵੇਂ ਮਾਹੌਲ ਦੀ ਉਡੀਕ ਕਰਨ। ਜੋ ਵੀ ਉਨ੍ਹਾਂ ਦੀ ਨਿਸ਼ਚਾ ਸੀ ਅਤੇ ਜਿਵੇਂ ਵੀ ਉਨ੍ਹਾਂ ਨੇ ਸੋਚਿਆ ਵਿਚਾਰਿਆ ਸੀ ਉਸ ਵਿਚ ਸਰਕਾਰੀ ਦਮਨ ਤੋਂ ਬਚਦਿਆਂ ਅਤੇ ਲੰਮਾ ਦਾਈਆ ਰੱਖਕੇ ਕੰਮ ਕਰਨ ਦੀ ਕੋਈ ਵਿਵਸਥਾ ਨਹੀਂ ਸੀ। ਜੇ ਇਓਂ ਸੋਚਿਆ ਗਿਆ ਹੁੰਦਾ ਤਾਂ ਹਜ਼ਾਰਾਂ ਦੀ ਗਿਣਤੀ ਵਿਚ ਇਕੋ ਸਮੇਂ ਦੇਸ਼ ਪਰਤਣ ਦੀ ਕੋਈ ਲੋੜ ਨਹੀਂ ਸੀ। ਉਹ ਤਾਂ ਇਕ ਤਰ੍ਹਾਂ ਨਾਲ ਗ਼ਦਰ ਦਾ ਢੋਲ ਵਜਾਉਂਦੇ ਹੋਏ ਸਰਕਾਰ ਨਾਲ ਸਿੱਧੀ ਟੱਕਰ ਲੈਣ ਲਈ ਆ ਰਹੇ ਸਨ। ਉਨ੍ਹਾਂ ਦੀ ਇਸ ਸੋਚ ਦੀ ਇਹ ਇਕ ਉੱਘੀ ਉਦਾਹਰਣ ਹੀ ਸੀ ਕਿ ਕਰਤਾਰ ਸਿੰਘ ਸਰਾਭਾ ਅਤੇ ਉਸ ਦੇ ਸਾਥੀਆਂ ਨੇ ਸਰਗਰਮੀ ਦੇ ਖੇਤਰ ਤੋਂ ਦੁਰੇਡੇ ਜਾ ਕੇ ਰੂਪੋਸ਼ ਹੋਣ ਦਾ ਮਨ ਬਣਾਇਆ ਅਤੇ ਸਰਹੱਦੀ ਇਲਾਕੇ ਵੱਲ ਤੁਰ ਵੀ ਪਏ ਪਰ ਫੇਰ ਇਹ ਸੋਚ ਕੇ ਪਰਤ ਆਏ ਕਿ ਅਸੀਂ ਤਾਂ ਅਮਰੀਕਾ ਤੋਂ ਇਨਕਲਾਬ ਕਰਨ ਆਏ ਸਾਂ ਇਸ ਤਰ੍ਹਾਂ ਬਚ ਕੇ ਦਿਨ ਕਟੀ ਕਰਨ ਤਾਂ ਨਹੀਂ ਆਏ। ਇਸੇ ਪ੍ਰਸੰਗ ਵਿਚ ਰਾਸ ਬਿਹਾਰੀ ਬੋਸ ਦੀ ਭੂਮਿਕਾ ਦਾ ਜ਼ਿਕਰ ਕਰਨਾ ਯੋਗ ਹੈ। ਗ਼ਦਰੀਆਂ ਦਾ ਬੋਸ ਨੂੰ ਮਦਦ ਲਈ ਸੱਦਣਾ ਬਿਲਕੁਲ ਕੁਦਰਤੀ ਸੀ ਕਿਉਂਕਿ ਹਾਰਡਿੰਗ ਬੰਬ ਕੇਸ ਦੇ ਮੋਹਰੀ ਵਜੋਂ ਭਾਰਤ ਵਿਚਲੇ ਇਨਕਲਾਬੀ ਅਨਸਰਾਂ ਵਿਚ ਉਸ ਦਾ ਨਾਂਅ ਵੱਡਾ ਸੀ ਅਤੇ ਉਹ ਪ੍ਰਸਤਾਵਿਤ ਗ਼ਦਰ ਨਾਲ ਬੰਗਾਲੀ ਅਤੇ ਹੋਰ ਇਨਕਲਾਬੀ ਗਰੁੱਪਾਂ ਨੂੰ ਜੋੜਣ ਦੇ ਯਤਨ ਕਰ ਸਕਦਾ ਸੀ। ਉਪਰੰਤ ਇਕ ਗੁਪਤ ਕੇਂਦਰ ਦਾ ਸੁਝਾਅ ਵੀ ਉਸ ਵੱਲੋਂ ਦਿੱਤਾ ਗਿਆ ਮੰਨਿਆਂ ਜਾਂਦਾ ਹੈ। ਫੇਰ ਬੰਬ ਬਣਾਉਣ ਵਿਚ ਵੀ ਉਹ ਜਾਂ ਉਸ ਦੇ ਸਹਿਯੋਗੀ ਮਾਹਿਰ ਸਨ। ਪਰ ਜਿੱਥੋਂ ਤੱਕ ਗੁਪਤਵਾਸ ਦਾ ਸੰਬੰਧ ਹੈ ਇਸ ਮਾਮਲੇ ਵਿਚ ਉਸ ਦਾ ਅਪਣਾ ਤਜਰਬਾ ਵੀ ਕੇਵਲ ਦੋ ਸਾਲ ਦਾ ਹੀ ਸੀ ਉਹ ਵੀ ਬਿਲਕੁਲ ਵੱਖਰੀ ਕਿਸਮ ਦਾ। ਇਕ ਦਲੇਰਾਨਾ ਸਾਕਾ ਕਰਕੇ ਸਭਨਾਂ ਦੀਆਂ ਨਜ਼ਰਾਂ ਤੋਂ ਓਝਲ ਹੋ ਜਾਣਾ ਅਤੇ ਕੇਵਲ ਹੋਰਨਾਂ ਗੁਪਤਵਾਸੀਆਂ ਨਾਲ ਹੀ ਸੰਬੰਧ ਰੱਖਣਾ ਇਕ ਗੱਲ ਹੈ ਪਰ ਪੁਲਿਸ ਤੋਂ ਲੁਕਦੇ ਹੋਏ ਲੋਕਾਂ ਵਿਚ ਸਰਗਰਮ ਰਹਿਣਾ ਵੱਖਰੀ ਤਰ੍ਹਾਂ ਦਾ ਗੁਪਤਵਾਸ ਹੈ। ਭਾਰਤ ਦੀ ਕਮਿਊਨਿਸਟ ਲਹਿਰ ਵਿਚ ਇਸ ਦੂਜੀ ਤਰ੍ਹਾਂ ਦੇ ਗੁਪਤਵਾਸ ਦੀਆਂ ਅਨੇਕਾਂ ਮਿਸਾਲਾਂ ਹਨ। ਗ਼ਦਰੀਆਂ ਦੀ ਜਥੇਬੰਦਕ ਰਣਨੀਤੀ ਵਿਚ ਜੇ ਗੁਪਤਵਾਸ ਦੀ ਗੁੰਜਾਇਸ਼ ਹੁੰਦੀ ਤਾਂ ਇਹ ਦੂਜੀ ਤਰ੍ਹਾਂ ਦਾ ਗੁਪਤਵਾਸ ਹੀ ਹੋਣਾ ਸੀ।

ਇਹ ਗ਼ਦਰ ਪਾਰਟੀ ਦੀ ਜਥੇਬੰਦਕ ਸਮਰੱਥਾ ਦਾ ਹੀ ਪ੍ਰਮਾਣ ਸੀ ਕਿ ਇਸ ਦੀਆਂ ਬਰਾਂਚਾਂ ਸਿੰਘਾਪੁਰ, ਹਾਂਗਕਾਂਗ, ਸੰਘਾਈ, ਥਾਈਲੈਂਡ, ਮਲਾਯਾ, ਫਿਲਪਾਈਨਜ਼ ਜਿਹੇ ਥਾਵਾਂ ਉਤੇ ਕਾਇਮ ਕੀਤੀਆਂ ਗਈਆਂ। ਬਰਾਂਚਾਂ ਦੇ ਮੈਂਬਰ ਇੱਥੇ ਵਸੇ ਹੋਏ ਹਿੰਦੁਸਤਾਨੀ ਹੀ ਸਨ। ਇਹ ਕਹਿਣਾ ਔਖਾ ਹੈ ਕਿ ਗ਼ਦਰ ਲਹਿਰ ਦੇ ਆਗੂਆਂ ਨੂੰ ਸੰਭਾਵੀ ਸੰਸਾਰ ਜੰਗ ਦੇ ਹਾਲਾਤ ਵਿਚ ਇਨ੍ਹਾਂ ਥਾਵਾਂ ਦੀ ਰਣਨੀਤਕ ਮਹੱਤਤਾ ਬਾਰੇ ਕਿੰਨੀ ਸਮਝ ਸੀ। ਪਰ ਜਿਸ ਢੰਗ ਨਾਲ ਇੱਥੇ ਵੀ ਗ਼ਦਰ ਸਾਹਿਤ ਵੰਡਿਆ ਗਿਆ ਅਤੇ ਦੇਸੀ ਪਲਟਣਾਂ ਨਾਲ ਸੰਪਰਕ ਬਣਾਏ ਗਏ ਉਸ ਤੋਂ ਜ਼ਾਹਿਰ ਹੈ ਕਿ ਇਸ ਖੇਤਰ ਵਿਚ ਪਾਰਟੀ ਦੇ ਕੰਮ ਨੂੰ ਵੱਡੀ ਅਹਿਮੀਅਤ ਦਿੱਤੀ ਗਈ ਸੀ। ਇੱਥੋਂਂ ਵੀ ਇਨਕਲਾਬ ਵਿਚ ਹਿੱਸਾ ਲੈਣ ਲਈ ਗ਼ਦਰ ਦੇ ਵਾਲੰਟੀਅਰ ਦੇਸ਼ ਨੂੰ ਵਾਪਸ ਪਰਤੇ ਸਨ। ਗ਼ਦਰ ਪਾਰਟੀ ਦੇ ਕੁਝ ਆਗੂਆਂ ਦੀ ਸ਼ਮੂਲੀਅਤ ਨਾਲ ਬਰਮਾ ਵਿਚ ਗ਼ਦਰ ਫੈਲਾਉਣ ਦੇ ਗੰਭੀਰ ਯਤਨ ਕੀਤੇ ਗਏ ਸਨ। ਇਸ ਖੇਤਰ ਵਿਚ ਵਾਪਰੀਆਂ ਘਟਨਾਵਾਂ ਵਿਚ ਸਿੰਘਾਪੁਰ ਦੇ ਫੌਜੀਆਂ ਦੀ ਬਗਾਵਤ ਨੇ ਅੰਗਰੇਜ਼ੀ ਫੌਜ ਲਈ ਸਭ ਤੋਂ ਵੱਡਾ ਖ਼ਤਰਾ ਪੈਦਾ ਕਰ ਦਿੱਤਾ ਸੀ। ਬਰਮਾ ਉਤੇ ਹਮਲੇ ਦੀਆਂ ਸਕੀਮਾਂ ਵਿਚ ਜਰਮਨ ਏਜੰਟਾਂ ਦਾ ਵੀ ਹੱਥ ਸੀ।
ਦੂਰ ਪੂਰਬ ਦੇ ਇਸ ਖੇਤਰ ਵਿਚ ਇਨਕਲਾਬ ਲਈ ਕੀਤੇ ਗਏ ਯਤਨਾ ਦਾ ਵੇਰਵਾ ਸਰਕਾਰੀ ਰਿਪੋਰਟਾਂ, ਮੁਕੱਦਮਿਆਂ ਦੀਆਂ ਕਾਰਵਾਈਆਂ ਅਤੇ ਕੁਝ ਇਕ ਗ਼ਦਰੀਆਂ ਦੇ ਬਿਆਨਾਂ ਤੋਂ ਮਿਲਦਾ ਹੈ। ਪਰ ਇਨ੍ਹਾਂ ਘਟਨਾਵਾਂ ਦੀ ਪੂਰੀ ਤਸਵੀਰ ਅਜੇ ਵੀ ਖੋਜਕਾਰਾਂ ਨੂੰ ਪ੍ਰਾਪਤ ਨਹੀਂ ਹੋ ਸਕੀ। ਪਰ ਇਹ ਤਾਂ ਜ਼ਾਹਿਰ ਹੀ ਹੈ ਕਿ ਇੱਥੇ ਵੀ ਗ਼ਦਰੀਆਂ ਦਾ ਆਧਾਰ ਉਨ੍ਹਾਂ ਦਾ ਅਪਣਾ ਦੇਸ਼ ਭਗਤੀ ਦਾ ਜਜ਼ਬਾ ਅਤੇ ਉਨ੍ਹਾਂ ਦੀ ਕੁਰਬਾਨੀ ਦੇਣ ਲਈ ਤਤਪਰਤਾ ਹੀ ਸੀ। ਇੱਥੇ ਵੀ ਨਿਰਭਰਤਾ ਵਿਦਰੋਹ ਦੀ ਆਪ ਮੁਹਾਰਤਾ ਉਤੇ ਹੀ ਰੱਖੀ ਗਈ ਜਾਂ ਫਿਰ ਇਸ ਸੋਚ ਉਤੇ ਕਿ ਜੇ ਅੰਗਰੇਜ਼ਾਂ ਨੂੰ ਹਰਾ ਨਾ ਵੀ ਸਕੇ ਤਦ ਵੀ ਬਰਤਾਨਵੀ ਰਾਜ ਦੀਆਂ ਜੜ੍ਹਾਂ ਤਾਂ ਇਕ ਵਾਰ ਕਮਜ਼ੋਰ ਕਰ ਹੀ ਦਿੱਤੀਆਂ ਜਾਣਗੀਆਂ।
1914-15 ਦੇ ਇਸ ਗ਼ਦਰ ਬਾਰੇ ਪ੍ਰਕਾਸ਼ਤ ਸਾਹਿਤ ਵਿਚ ਉਸ ਸਮੇਂ ਦੇ ਪੰਜਾਬ ਨੂੰ ਰਾਜਸੀ ਤੌਰ ’ਤੇ “ਸੁੱਤਾ ਪਿਆ” ਦੱਸਿਆ ਜਾਂਦਾ ਰਿਹਾ ਹੈ। ਇਹ ਤੱਥ ਤਾਂ ਸਪੱਸ਼ਟ ਹੀ ਹੈ ਕਿ ਜਦੋਂ ਗ਼ਦਰੀਆਂ ਨੇ ਦੇਸ਼ ਵਾਸੀਆਂ ਨੂੰ ਇਨਕਲਾਬ ਦਾ ਹੋਕਾ ਦਿੱਤਾ ਤਾਂ ਉਨ੍ਹਾਂ ਵੱਲੋਂ ਹੁੰਗਾਰਾ ਨਾ ਭਰਿਆ ਗਿਆ। ਪਰ ਇਹ ਵੀ ਹਕੀਕਤ ਹੈ ਕਿ ਇਹ ਹੋਕਾ ਕੇਵਲ ਗਿਣਤੀ ਦੇ ਲੋਕਾਂ ਤੱਕ ਪਹੁੰਚਿਆ ਅਤੇ ਫੌਰਨ ਹੀ ਬਹੁਤ ਸਾਰੇ ਗ਼ਦਰੀ ਫੜੇ ਵੀ ਗਏ। ਜੇ ਪੰਜਾਬ ”ਸੁੱਤਾ ਪਿਆ’’ ਨਾ ਵੀ ਹੁੰਦਾ ਤਦ ਵੀ ਇਸ ਹੋਕੇ ਦੇ ਹੁੰਗਾਰੇ ਨੂੰ ਦੇਰ ਲੱਗ ਸਕਦੀ ਸੀ ਕਿਉਂਕਿ ਦੇਸ਼ ਵਿਚ ਗ਼ਦਰੀਆਂ ਦੀ ਕੋਈ ਜਥੇਬੰਦੀ ਨਹੀਂ ਸੀ।
ਪਰ ”ਸੁੱਤੇ ਪਏ’’ ਪੰਜਾਬ ਦੇ ਨਿਰਣੇ ਦੀ ਘਾਟ ਇਹ ਹੈ ਕਿ ਇਸ ਤੋਂ ਇਸ ਤੱਥ ਦੀ ਵਿਆਖਿਆ ਨਹੀਂ ਹੋ ਸਕਦੀ ਕਿ 1915 ਤੋਂ ਚਾਰ ਸਾਲ ਬਾਅਦ ਹੀ, 1919 ਵਿਚ ਇਹੋ ਪੰਜਾਬ ਇਕ ਰਾਜਸੀ ਜਵਾਲਾਮੁਖੀ ਦੇ ਰੂਪ ਵਿਚ ਸਾਹਮਣੇ ਕਿਵੇਂ ਆਇਆ? ਇਹ ਠੀਕ ਹੈ ਕਿ ਜੰਗ ਦੇ ਵਰਿ੍ਹਆਂ ਵਿਚ ਕੀਤੀ ਗਈ ਜਬਰੀ ਭਰਤੀ ਅਤੇ ਜੰਗੀ ਚੰਦਿਆਂ ਨੇ ਲੋਕਾਂ ਨੂੰ ਡਾਢਾ ਬੇਜ਼ਾਰ ਕੀਤਾ ਹੋਇਆ ਸੀ ਪਰ ਸਰਕਾਰ ਦੀਆਂ ਇਨ੍ਹਾਂ ਸਖ਼ਤੀਆਂ ਦਾ ਅਸਰ ਤਾਂ ਵਧੇਰੇ ਪੇਂਡੂ ਇਲਾਕਿਆਂ ਵਿਚ ਹੋਇਆ ਸੀ ਜਦ ਕਿ 1919 ਵਿਚ ਉਠਿਆ ਜਨਤਕ ਉਬਾਲ ਮੁਖ ਰੂਪ ਵਿਚ ਸ਼ਹਿਰਾਂ ਅਤੇ ਕਸਬਿਆਂ ਵਿਚ ਪ੍ਰਭਾਵੀ ਹੋਇਆ ਸੀ। ਰੋਲੈਂਟ ਬਿਲ ਜਿਹੜੇ ਉਂਝ ਇਸ ਨਾਗਰਿਕ ਵਿਦਰੋਹ ਦੇ ਕੇਂਦਰ ਵਿਚ ਸਨ ਅਜੇ ਪੂਰੀ ਤਰ੍ਹਾਂ ਲੋਕਾਂ ਨੇ ਸਮਝੇ ਵੀ ਨਹੀਂ ਸਨ ਅਤੇ ਲਾਗੂ ਤਾਂ ਅਜੇ ਇਹ ਹੋਣੇ ਸਨ। ਇਸ ਤੋਂ ਕੇਵਲ ਇਕੋ ਯੋਗ ਨਤੀਜਾ ਇਹ ਨਿਕਲਦਾ ਹੈ ਕਿ ਜੰਗ ਦੇ ਖਾਤਮੇ ਸਮੇਂ ਪੰਜਾਬੀ ਅਵਾਮ ਭਰੇ ਪੀਤੇ ਸਨ ਅਤੇ ਉਨ੍ਹਾਂ ਦਾ ਰੋਸ, ਜਿਸ ਵਿਚ ਜੰਗ ਸਮੇਂ ਦੀਆਂ ਸਖ਼ਤੀਆਂ ਵੀ ਇਕ ਕਾਰਨ ਸਨ, ਕਿਸੇ ਸਮੇਂ ਫੁੱਟ ਪੈਣ ਦਾ ਮੌਕਾ ਲੱਭ ਰਿਹਾ ਸੀ। ਰੌਲੈਟ ਬਿੱਲ ਵਿਰੁਧ ਰੋਸ ਦੇ ਸੱੱਦੇ ਨੇ ਉਹ ਮੌਕਾ ਪੈਦਾ ਕਰ ਦਿੱਤਾ।
1915 ਵਿਚ ”ਸੁੱਤੇ ਪਏ’’ ਪੰਜਾਬ ਦੀ ਧਾਰਨਾ ਗ਼ੈਰ ਵਿਗਿਆਨਕ ਅਤੇ ਗ਼ੈਰ ਇਤਿਹਾਸਕ ਹੈ। ਸਾਮਰਾਜ ਵਿਰੋਧੀ ਭਾਵਨਾਵਾਂ 1915 ਵਿਚ ਵੀ ਜ਼ਰੂਰ ਵਿਆਪਕ ਹੋਣਗੀਆਂ ਪਰ ਉਹ ਦਬੀਆਂ ਰਹਿ ਗਈਆਂ ਕਿਉਂਕਿ ਪੰਜਾਬ ਵਿਚ 1905-07 ਦਾ ਕੌਮੀ ਉਭਾਰ ਸੀਮਿਤ ਹੋਣ ਦੇ ਬਾਵਜੂਦ ਡਾਢੀ ਸਖ਼ਤੀ ਨਾਲ ਦਬਾਅ ਦਿੱਤਾ ਗਿਆ ਸੀ ਅਤੇ ਫੇਰ 1913 ਤੱਕ ਤਾਂ ਪੰਜਾਬ ਵਿਚ ਸਰਕਾਰੀ ਜਬਰ ਕਾਰਨ ਕੋਈ ਪਬਲਿਕ ਸਰਗਰਮੀ ਨਹੀਂ ਹੋ ਸਕੀ ਸੀ। ਫੇਰ ਵੀ ਇਸ ਦਾ ਮਤਲਬ ਇਹ ਨਹੀਂ ਸੀ ਕਿ ਲੋਕ ਭਾਵਨਾਤਮਿਕ ਤੌਰ ’ਤੇ ਸਰਕਾਰ ਪ੍ਰਸਤ ਬਣ ਗਏ ਸਨ।
ਗ਼ਦਰੀ ਆਗੂਆਂ ਦੀ ਜਥੇਬੰਦਕ ਰਣਨੀਤੀ ਵਿਚ ਇਸ ਠੋਸ ਹਕੀਕਤ ਨੂੰ ਅੱਖੋਂ-ਪਰੋਖਾ ਕੀਤਾ ਗਿਆ ਸੀ ਕਿ ਦੇਸ਼ ਵਿਚ ਕੋਈ ਇਨਕਲਾਬੀ ਜਥੇਬੰਦੀ ਨਹੀਂ ਸੀ ਅਤੇ ਉਸ ਘੱਟੋ-ਘੱਟ ਲੋੜੀਂਦੇ ਸਮੇਂ ਦੀ ਕੋਈ ਗੁੰਜਾਇਸ਼ ਵੀ ਨਹੀਂ ਰੱਖੀ ਗਈ ਸੀ ਜਿਹੜਾ ਗ਼ਦਰ ਲਹਿਰ ਦੇ ਪ੍ਰਚਾਰ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਜ਼ਰੂਰੀ ਸੀ। ਰਣਨੀਤੀ ਦੀਆਂ ਇਹੋ ਘਾਟਾਂ ਇਨਕਲਾਬ ਦੀ ਅਸਫਲਤਾ ਦਾ ਕਾਰਨ ਬਣੀਆਂ।

ਪਰੇਮ ਸਿੰਘ

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!