ਰੂਸੀ ਸਾਹਿਤ ਦਾ ਪਿਤਾਮਾ – ਅਲੈਗਜ਼ਾਂਡਰ ਸਰਜੀਏਵਿਚ ਪੁਸ਼ਕਿਨ

Date:

Share post:

ਰੂਸ ਵਿਚ ਪੁਸ਼ਕਿਨ ਨੂੰ ਸ਼ੈਕਸਪੀਅਰ ਵਰਗਾ ਦਰਜਾ ਪ੍ਰਾਪਤ ਹੈ। ਉਸਦੀ ਮੌਤ ਤੋਂ ਚਾਲੀ ਸਾਲ ਬਾਅਦ ਵੀ ਇਸੇ ਦੇਸ ਦੇ ਕਹਿੰਦੇ ਕਹਾਉਂਦੇ ਲੇਖਕ ਦੋਇਸਤੋਵਸਕੀ ਨੇ ਆਖਿਆ ਸੀ- ਜੋ ਕੁਝ ਸਾਡੇ ਕੋਲ ਅੱਜ ਹੈ ਉਹ ਪੁਸ਼ਕਿਨ ਕੋਲੋਂ ਹੀ ਆਇਆ ਹੈ।
ਪੁਸ਼ਕਿਨ ਦਾ ਜਨਮ ਅਠ੍ਹਾਰਵੀਂ ਸਦੀ ਦੇ ਅੰਤਲੇ ਵਰ੍ਹੇ 1799 ਵਿਚ ਹੋਇਆ। ਇਸ ਸਮੇਂ ਰੂਸੀ ਬੋਲੀ ਅਤੇ ਸਾਹਿਤ ਦਾ ਕੋਈ ਨਿਖੜਵਾਂ ਮੂੰਹ ਮੁਹਾਂਦਰਾ ਨਹੀਂ ਸੀ। ਸਾਲਵਾਨਿਕ,ਫਰਾਂਸੀਸੀ, ਜਰਮਨੀ ਅਤੇ ਹੋਰ ਪੱਛਮੀ ਪ੍ਰਭਾਵਾਂ ਹੇਠ ਸਭ ਇੱਕ ਤਰ੍ਹਾਂ ਮਿਲ ਗੋਭਾ ਬਣਿਆ ਹੋਇਆ ਸੀ ਜੋ ਰੂਸ ਦੇ ਆਮ ਸਾਧਾਰਣ ਲੋਕਾਂ ਨਾਲ ਵੀ ਕੋਈ ਸਾਂਝ ਨਹੀਂ ਸੀ ਪਾ ਸਕਦਾ।
ਅਪਣੀ ਕਿਸ਼ੋਰ ਉਮਰ ਵਿਚ ਹੀ ਪੁਸ਼ਕਿਨ ਨੇ ਦਿਲਾਂ ਨੂੰ ਧੂਹ ਪਾਉਣ ਵਾਲੇ ਹਲਕੇ ਫੁਲਕੇ ਗੀਤਾਂ ਦੀ ਬੰਸਰੀ ਛੇੜੀ। ਇਨ੍ਹਾਂ ਗੀਤਾਂ ਦਾ ਅਪਣਾ ਵੱਖਰਾ ਰੂਸੀ ਮੁਹਾਂਦਰਾ ਸੀ। ਇਨ੍ਹਾਂ ਵਿਚ ਆਮ ਰੂਸੀਆਂ ਦੇ ਦੁੱਖ ਦਰਦ ਸਨ ਤੇ ਇਨ੍ਹਾਂ ਨਾਲ ਅਜੋਕੇ ਰੂਸੀ ਸਾਹਿਤ ਦਾ ਮੁੱਢ ਬੱਝ ਗਿਆ।
ਫੇਰ ਪੁਸ਼ਕਿਨ ਨੇ ਲੰਮੀਆਂ, ਛੋਟੀਆਂ ਕਵਿਤਾਵਾਂ ਲਿਖੀਆਂ। ਪਹਿਲੀ ਵਾਰ ਉਸੇ ਦੀ ਕਲਮ ਤੋਂ ਇੱਕ ਪੂਰੇ ਕਾਵਿ ਨਾਵਲ ਦਾ ਜਨਮ ਹੋਇਆ। ਕਿੰਨੀਆਂ ਸਾਰੀਆਂ ਸਿਆਸੀ ਨਜ਼ਮਾਂ ਦੀ ਸਿਰਜਣਾ ਵੀ ਹੋਈ ਜਿਨ੍ਹਾਂ ਤੋਂ ਉਸਦੇ ਜੀਵਨ ਦੀਆਂ ਦੁਸ਼ਵਾਰੀਆਂ ਦਾ ਆਰੰਭ ਹੋ ਗਿਆ।
ਠੀਕ ਹਰ ਵੱਡੇ ਕਵੀ ਵਾਂਗ ਪੁਸ਼ਕਿਨ ਵੀ ਸੱਚ ਨੂੰ ਪ੍ਰਨਾਇਆ ਹੋਇਆ ਸੀ। ਉਹਦੀਆਂ ਕਈ ਲਿਖਤਾਂ ਛਪਣ ਤੋਂ ਪਹਿਲਾਂ ਹੀ ਲੋਕਾਂ ਤੱਕ ਪਹੁੰਚਣ ਲੱਗ ਪਈਆਂ। ਉਹਦੇ ਸੰਬੰਧ ਮਾਸਕੋ ਅਤੇ ਨੇੜੇ ਤੇੜੇ ਦੇ ਅਗਾਂਹਵਧੂ ਲੋਕਾਂ ਨਾਲ ਗੂੜ੍ਹੇ ਹੋ ਗਏ ਤਾਂ ਸਮੇਂ ਦੇ ਹਾਕਮਾਂ ਨੂੰ ਇਹ ਕਿਵੇਂ ਭਾਅ ਸਕਦੇ ਸਨ। ਨਤੀਜੇ ਵਜੋਂ ਉਸਨੂੰ ਅਪਣਾ ਇਲਾਕਾ ਛੱਡਣ ਲਈ ਮਜਬੂਰ ਕਰ ਦਿੱਤਾ ਗਿਆ।
ਜ਼ਾਰਾਂ ਦੀ ਹਕੂਮਤ ਸੀ। ਕੁਝ ਸਮੇਂ ਬਾਅਦ ਉਸਨੂੰ ਰਿਆਇਤਾਂ ਦਿੱਤੀਆਂ ਗਈਆਂ ਪਰ ਪੁਸ਼ਕਿਨ ਦੀ ਰੂਹ ਨੂੰ ਇਹ ਜੀਵਨ ਵੀ ਕਿਵੇਂ ਰਾਸ ਆਉਂਦਾ। ਉਹ ਉਦਾਸ ਸੀ। ਉਸ ਦੀਆਂ ਚਿੱਠੀਆਂ ਸੈਂਸਰ ਹੁੰਦੀਆਂ ਸਨ। ਉਹਦੀ ਪਤਨੀ ਕਿਸੇ ਅਫਸਰ ਦੇ ਇਸ਼ਕ ਵਿਚ ਪੈ ਗਈ ਤਾਂ ਪੁਸ਼ਕਿਨ ਨੇ ਉਸਨੂੰ ਡੂਅਲ (ਦੋ ਜਣਿਆਂ ਦੀ ਲੜਾਈ) ਲਈ ਵੰਗਾਰਿਆ ਜਿਸ ਨਾਲ ਸਿਰਫ਼ ਅਠੱਤੀ ਸਾਲ ਦੀ ਉਮਰ ਵਿਚ ਹੀ ਉਹਦੀ ਮੌਤ ਹੋ ਗਈ।

ਪੁਸ਼ਕਿਨ ਦੀਆਂ ਕਵਿਤਾਵਾਂ

ਕੈਦੀ
ਸਿੱਲ੍ਹਾ ਕਮਰਾ, ਕਾਲ- ਕੋਠੜੀ
ਵਿਚ ਉਦਾਸੀ ਡੁੱਬਾ ਹੋਇਆ,
ਮੈਂ ਬੈਠਾ ਹਾਂ ਸੀਖਾਂ ਪਿੱਛੇ।

ਬੰਦੀਖਾਨੇ ਦੇ ਅੰਦਰ ਹੀ
ਨਿੱਕਾ ਜਿੰਨਾ ਬੱਚਾ ਇੱਕ ਉਕਾਬ ਦਾ
ਖਿੜਕੀ ਦੇ ਬਾਹਰ ਵਲ ਬੈਠਾ
ਅਪਣੇ ਨਿੱਕੇ ਪਰ ਹਿਲਾਉਂਦਾ,
ਲਾਲ ਮਾਸ ‘ਤੇ ਚੁੰਝ ਮਾਰਦਾ।
ਮਾਰ ਕੇ ਠੂੰਗਾ ਜ਼ਰਾ ਕੁ ਰੁਕਦਾ,
ਫਿਰ ਸੀਖਾਂ ਦੀਆਂ ਵਿਰਲਾਂ ਵਿਚੋਂ
ਮੈਨੂੰ ਦੇਖੇ, ਜਿਉਂ ਕੋਈ ਸਾਂਝ ਵਧਾਉਣੀ ਚਾਹੇ।

ਮੈਂ ਪੜ੍ਹਦਾ ਹਾਂ ਉਹਦੀਆਂ ਅੱਖਾਂ,
ਅੱਖਰ ਚਮਕਣ, ਲਿਖਿਆ ਹੋਇਆ,
‘ਚੱਲ ਕਿਤੇ ਉੜ ਚੱਲੀਏ,
ਅਸੀਂ ਹਾਂ ਪੰਛੀ, ਕੈਦ ਨਹੀਂ ਹਾਂ
ਅਜੇ ਸਮਾਂ ਹੈ, ਅਜੇ ਸਮਾਂ ਹੈ।
ਚੱਲੀਏ ਜਿੱਥੇ ਬੱਦਲ ਲੰਘਕੇ
ਕੋਈ ਪਹਾੜੀ ਚਮਕ ਰਹੀ ਹੈ।
ਚੱਲੀਏ ਜਿੱਥੇ ਸਾਗਰ ਕੰਢਾ
ਨੀਲੀਆਂ ਲਹਿਰਾਂ ਵੰਡਦਾ ਹੋਵੇ।
ਚੱਲੀਏ ਜਿੱਥੇ ਆਪਾਂ ਹੋਈਏ
ਜਾਂ ਠੰਡੀਆਂ ਵਾਵਾਂ ਦੀ ਰੁਮਕਣ।’

ਕਵੀ ਨੂੰ
ਪਿਆਰ ਜੇ ਤੈਨੂੰ ਮਿਲੇ ਤਾਂ
ਮਾਣ ਵਿਚ ਡੋਲੀਂ ਨਾ ਕਵੀਆ।

ਬੜੀ ਛੇਤੀ ਤਾਲੀਆਂ ਦਾ
ਸ਼ੋਰ ਜਾਏਗਾ ਗੁਜ਼ਰ
ਬੜੀ ਛੇਤੀ ਮੂਰਖਾਂ ਦੀ
‘ਵਾਹ ਵਾਹ’ ਰੁਕ ਜਾਏਗੀ
ਬੜੀ ਛੇਤੀ ਖੁਸ਼ਕ ਹੋ ਜਾਵਣਗੇ
ਹਾਸੇ ਦੇ ਫਵਾਰੇ ।
ਤੂੰ ਤਾਂ ਰਹਿਣਾ ਹੈ ਟਿਕਿਆ
ਬੱਝਾ ਇਰਾਦੇ ਨਾਲ ਅਪਣੇ।

ਤੂੰ ਇਕੱਲਾ ਚੁਣੇ ਹੋਏ
ਰਾਹਾਂ ‘ਤੇ ਤੁਰਦਾ ਰਹਿ ਸਦਾ,
ਤੇਰੀ ਸੁੱਚੀ ਸੋਚ ਦੀ ਕੀਮਤ ਨਹੀਂ,
ਕਿਸੇ ਕੋਲੋਂ ਕੁਝ ਮਿਲਣ
ਦੀ ਆਸ ਨਾ ਰੱਖ।
ਆਪ ਹੀ ਤੂੰ ਅਪਣਾ ਵੱਡਾ ਇਨਾਮ
ਆਪ ਹੀ ਅਪਣਾ ਅਲੋਚਕ।
ਮੂਰਖਾਂ ਦੀ ਭੀੜ ਦੀ ਕੋਈ ਨਾ ਸੁਣ
ਅੱਖਰਾਂ ਦੀ ਰੌਸ਼ਨੀ ਵੰਡਦਾ ਹੀ ਜਾਹ।

ਦੁਖਦਾਈ ਯਾਦਾਂ
ਖੇਤਾਂ ਵਿਚ ਬਿਜਾਈ ਅਤੇ ਕਟਾਈ ਕਰਦੇ
ਕਾਮੇ ਦਾ ਮੁੱਕ ਜਾਂਦਾ ਹੈ ਦਿਨ,
ਚਾਰ ਚੁਫੇਰੇ ਚੁੱਪ ਦੀ ਚਾਦਰ ਤਣ ਜਾਂਦੀ ਏ
ਥੱਕੇ ਹਾਰੇ ਸੌਂ ਜਾਂਦੇ ਨੇ ਲੋਕੀ
ਦਿਨ ਦੀ ਕੀਤੀ ਮਿਹਨਤ ਅਪਣਾ ਰੰਗ ਦਿਖਾਉਂਦੀ।

ਫੇਰ ਮਿਰੇ ਮਨ ਦੁਖਦੀਆਂ ਯਾਦਾਂ
ਚੁੱਪ ਚੁਪੀਤੇ ਢੁੱਕਦੀਆਂ ਹਨ।
ਨ੍ਹੇਰੇ ਵਿਚ ਪਛਤਾਵੇ ਦੇ ਸੱਪ
ਮੈਨੂੰ ਡੰਗਣ ਲੱਗ ਜਾਂਦੇ ਹਨ,
ਸੁਪਨੇ ਜਿਉਂ ਉਬਲਦੇ ਪਾਣੀ
ਪੱਥਰ ਵਰਗੀ ਰੂਹ ਦੇ ਵਿਚੋਂ
ਉੱਠਣ ਕੁਝ ਡਰਾਉਣ ਤਰੰਗਾਂ,
ਅੱਧਖੁਲ੍ਹੀਆਂ ਅੱਖਾਂ ਦੇ ਸਾਹਵੇਂ
ਲੰਮੀ ਪਤਰੀ ਵਿਛ ਜਾਂਦੀ ਹੈ।

ਬੀਤ ਗਏ ਸਾਲਾਂ ਨੂੰ ਘਿਰਨਾ
ਨਾਲ ਵੇਖਦਾਂ ਅਤੇ ਕੋਸਦਾਂ,
ਕੰਬ ਜਾਂਦਾ ਹੈ ਧੁਰ ਅੰਦਰ ਤੱਕ ਆਪਾ,
ਅੱਥਰੂਆਂ ਦੇ ਛੱਜ ਵਹਾਵਾਂ
ਪਰ ਇਨਹਾਂ ਯਾਦਾਂ ਦੇ ਪਤਰੇ
ਖੜੇ ਖਲੋਤੇ ਰਹਿਣ ਚੁਫੇਰੇ।

ਉਹ ਗੀਤ ਸੁਣਾ
ਤੂਫ਼ਾਨੀ ਹਵਾਵਾਂ ਨਾਲ ਘਿਰਿਆ ਹੈ ਆਕਾਸ਼
ਤੇਜ਼ ਬੁੱਲੇ ਬਰਫ ਨੂੰ ਰੂੰ ਦੇ ਗੋੜ੍ਹਿਆਂ ਵਾਂਗ ਰੋੜ੍ਹਦੇ।
ਬਘਿਆੜਾਂ ਵਰਗੀਆਂ ਆਵਾਜ਼ਾਂ ਫੈਲਦੀਆਂ ਚੁਪਾਸੇ
ਜਾਂ ਕਿਸੇ ਬੱਚੇ ਦੇ ਰੋਣ ਵਾਂਗ ਲਗਦਾ।

ਤੂਫ਼ਾਨ ਸਾਡੀ ਝੌਂਪੜੀ ਦੀ ਪੁਰਾਣੀ ਛੱਤ
ਨੂੰ ਹਿਲਾ ਹਿਲਾ ਕੇ ਵੇਖਦਾ
ਜਿਵੇਂ ਕੋਈ ਕੁਵੇਲੇ ਤੁਰਿਆ ਰਾਹੀ
ਦਸਤਕ ਦੇਵੇ ਧੁੰਦਲੀਆਂ ਖਿੜਕੀਆਂ ‘ਤੇ।

ਸਾਡੀ ਨਿੱਕੀ ਜਹੀ ਕੋਠੜੀ
ਬੜੀ ਉਦਾਸ ਹੈ ਵਿਚਾਰੀ।
ਤੂੰ ਵੀ ਕਿਉਂ ਚੁੱਪ ਬੈਠੀ ਹੈਂ, ਮਾਈ
ਖਿੜਕੀ ਦੇ ਕੋਲ ਨੀਵੀਂ ਪਾਈ।
ਕੀ ਤੂਫ਼ਾਨ ਨੇ ਆਖ਼ਰ ਤੈਨੂੰ ਵੀ
ਬਹੁਤ ਡਰਾ ਦਿੱਤਾ ਹੈ?
ਜਾਂ ਚਰਖੇ ਦੀ ਘੂਕਰ ਦੇ ਨਾਲ ਨਾਲ
ਤੂੰ ਘੜੀ ਘੜੀ ਸਿਰ ਹਿਲਾਉਂਦੀ ਏਂ।

ਆ ਆਪਾਂ ਨਸ਼ੇ ਦੀ ਬੋਤਲ ਖੋਲ੍ਹੀਏ
ਤੇ ਪੀਣ ਲੱਗ ਜਾਈਏ
ਗੁਜ਼ਰੀਆਂ ਜਵਾਨੀਆਂ ਨੂੰ ਯਾਦ ਕਰ ਕੇ।
ਗ਼ਮ ਵਿਚ ਗੋਤੇ ਖਾ ਕੇ ਪੀਵੀਏ
ਕਿੱਥੇ ਹੈ ਗਲਾਸ ?
ਮੈਨੂੰ ਉਹ ਗੀਤ ਗਾ ਕੇ ਸੁਣਾ
ਕਿ ਕਿਵੇਂ ਕੋਈ ਨਿੱਕੀ ਨੀਲੀ ਚਿੜੀ
ਇਕੱਲੀ ਸਮੁੰਦਰੋਂ ਪਾਰ ਦਿਨ ਕੱਟਦੀ ਹੈ।
ਇਸ ਤਰ੍ਹਾਂ ਦਾ ਗੀਤ ਛੁਹ
ਜਿਵੇਂ ਕੋਈ ਜੋਬਨ ਮੱਤੀ
ਜਾਂਦੀ ਹੈ ਸਵੇਰੇ ਸਵੇਰੇ ਪਾਣੀ ਭਰਨ।

ਜਲ ਪਰੀ
ਇੱਕ ਫਕੀਰ ਨੇ ਸਾਰਾ ਕੁਝ ਤਿਆਗ ਕੇ
ਝੀਲ ਦੇ ਕੰਢੇ, ਸੰਘਣੇ ਜੰਗਲ ਵਿਚ
ਲੱਭਣਾ ਚਾਹਿਆ ਮਨ ਦਾ ਚੈਨ
ਉਹ ਅਪਣੀ ਹੀ ਕਬਰ ਪੁੱਟਣ ਲੱਗਾ
ਤੇ ਛੇਤੀ ਹੀ ਇਸ ਧਰਤੀ ਤੋਂ
ਤੁਰ ਜਾਣ ਦੀ ਪ੍ਰਾਰਥਨਾ ਕਰਦਾ ।

ਇੱਕ ਹੁਨਾਲੇ, ਟੁੱਟੀ ਝੌਂਪੜੀ ਦੇ ਦਰਵਾਜੇ ਕੋਲ
ਕਰਨ ਲੱਗਾ ਉਹ ਅਰਜੋਈ,
ਤਾਂ ਜੰਗਲ ਕਾਲਖ਼ ਵਿਚ ਡੁੱਬ ਗਿਆ
ਝੀਲ ਧੁੰਦ ਨਾਲ ਢਕੀ ਗਈ
ਤੇ ਬੱਦਲਾਂ ਵਿਚ ਘਿਰਿਆ ਕਿਰਮਚੀ ਚੰਦ
ਹੌਲ਼ੀ ਹੌਲੀ ਅਸਮਾਨ ਵਿਚ ਰੁੜ੍ਹਨ ਲੱਗਾ।
ਫਕੀਰ ਨੇ ਪਾਣੀਆਂ ਵੱਲ ਵੇਖਿਆ।

ਉਹਨੂੰ ਅਨੋਖਾ ਜਿਹਾ ਡਰ ਲੱਗਾ,
ਉਸਨੇ ਦੇਖਿਆ, ਉਬਲ ਰਿਹਾ ਸੀ ਪਾਣੀ
ਫੇਰ ਸ਼ਾਂਤ ਤੇ ਅਹਿੱਲ,
ਪਾਣੀ ਦੇ ਕੰਢੇ ‘ਤੇ ਬੈਠੀ
ਪਹਾੜਾਂ ਵਿਚ ਤਾਜ਼ੀ ਪਈ ਬਰਫ ਵਰਗੀ
ਇੱਕ ਵਸਤਰਹੀਨ ਹੁਸੀਨਾ।

ਉਸਨੇ ਫਕੀਰ ਵੱਲ ਵੇਖਿਆ
ਤੇ ਅਪਣੇ ਗਿੱਲੇ ਵਾਲਾਂ ਵਿਚ ਕੰਘੀ ਕੀਤੀ।
ਫ਼ਕੀਰ ਡਰ ਨਾਲ ਕੰਬਿਆ ਵੀ
ਹੈਰਾਨ ਵੀ ਹੋਇਆ ਏਨੀ ਸੁੰਦਰਤਾ ‘ਤੇ।
ਪਰੀ ਨੇ ਉਹਦੇ ਵੱਲ ਹੱਥ ਵਧਾਇਆ
ਸਿਰ ਨਾਲ ਇਸ਼ਾਰਾ ਕੀਤਾ
ਤੇ ਅਚਾਨਕ ਟੁੱਟਦੇ ਤਾਰੇ ਵਾਂਗ
ਲਹਿਰਾਂ ਹੇਠ ਅਲੋਪ ਹੋ ਗਈ।

ਰਾਤ ਪਈ ਤਾਂ ਫ਼ਕੀਰ ਸੌਂ ਨਾ ਸਕਿਆ
ਕੋਈ ਪ੍ਰਾਰਥਨਾ ਨਹੀ ਸੀ ਸੁੱਝਦੀ ਹੁਣ,
ਹਰ ਘੜੀ ਆਉਂਦਾ ਰਿਹਾ ਪਰੀ ਦਾ ਖ਼ਿਆਲ,
ਉਸੇ ਤਰ੍ਹਾ ਚੰਦ, ਕਾਲਾ ਜੰਗਲ, ਬੱਦਲ
ਤੇ ਉੇਸੇ ਤਰ੍ਹਾਂ ਉਹ ਬੈਠੀ ਪਾਣੀ ਕੰਢੇ
ਸਿਰ ਹਿਲਾਉਂਦੀ,ਵਾਜਾਂ ਮਾਰਦੀ
ਹੱਸਦੀ, ਰੋਂਦੀ, ਪਾਣੀ ਨਾਲ ਬੱਚੇ ਦੀ ਤਰ੍ਹਾਂ ਖੇਲ੍ਹਦੀ
ਤੇ ਪਲਾਂ ਵਿਚ ਲਹਿਰਾਂ ਹੇਠ ਅਲੋਪ ਹੋ ਜਾਂਦੀ।

ਤੀਜੇ ਦਿਨ ਜਜ਼ਬਿਆਂ ਵਿਚ ਡੁਬਿਆ ਫ਼ਕੀਰ
ਬੈਠਾ ਸੀ ਪਾਣੀ ਕੰਢੇ, ਪਰੀ ਨੂੰ ਉਡੀਕਦਾ।
ਰਾਤ ਗੁਜ਼ਰੀ, ਸਰਘੀ ਨੇ ਦਸਤਕ ਆ ਦਿੱਤੀ,
ਪਰ ਹੁਣ ਫ਼ਕੀਰ ਕਿਤੇ ਨਹੀਂ ਸੀ ਲੱਭਦਾ,
ਕੁਝ ਮੁੰਡਿਆਂ ਨੇ ਉਹਦੀ ਚਿੱਟੀ ਦਾਹੜੀ
ਦੂਰ ਪਾਣੀ ਵਿਚ ਤਰਦੀ ਦੇਖੀ।

ਜਾਗੋਮੀਟੀ
ਸ਼ੋਰ ਨਾਲ ਭਰੀਆਂ ਗਲੀਆਂ ‘ਚੋਂ ਗੁਜ਼ਰਦਾ ਹਾਂ ਜਦੋਂ
ਗਿਰਜੇ ਦੇ ਭਰੇ ਹੋਏ ਹਾਲ ਵਿਚ ਪੈਰ ਧਰਦਾ ਹਾਂ
ਜਾਂ ਜੋਸ਼ੀਲੇ ਜਵਾਨਾਂ ਦੀ ਢਾਣੀ ‘ਚ ਬਹਿੰਦਾਂ
ਤਾਂ ਮੈਂ ਜਾਗੋਮੀਟੀ ‘ਚ ਸੁਪਨੇ ਲੈਣ ਲੱਗਦਾਂ।

ਅਪਣੇ ਆਪ ਨੂੰ ਕਹਿਨਾਂ
ਸਾਲ ਤੇਜ਼ੀ ਨਾਲ ਗੁਜ਼ਰ ਜਾਣਗੇ,
ਸਭ ਨੇ ਚਲੇ ਜਾਣਾ ਹੈ ਧਰਤੀ ਹੇਠ
ਅੱਜ ਜਾਂ ਕਲ੍ਹ ਤੇ ਸ਼ਾਇਦ ਹੁਣੇ ਹੀ।

ਜਦੋਂ ਮੈਂ ਵੱਡੇ ਬਲੂਤ ਦੇ ਰੁੱਖ ਵਲ ਵੇਖਦਾਂ
ਖਿਆਲ ਆਉਂਦਾ ਹੈ ਜੇ ਮੈਂ ਨਾ ਵੀ ਹੋਇਆ
ਤਾਂ ਇਹ ਹੋਵੇਗਾ ਖਲੋਤਾ
ਜਿਵੇਂ ਮੇਰੇ ਮਾਪਿਆਂ ਬਾਅਦ ਵੀ ਸੀ।

ਨਿੱਕੇ ਬੱਚੇ ਨੂੰ ਗਲਵਕੜੀ ਲੈਂਦਿਆਂ ਸੋਚਦਾਂ
ਅਲਵਿਦਾ ਪਿਆਰੇ, ਹੁਣ ਤੂੰ ਆ ਗਿਆ ਏਂ
ਮੈਂ ਤੇਰੇ ਲਈ ਥਾਂ ਖਾਲੀ ਕਰਨ ਦੀ ਤਿਆਰੀ ਕਰਾਂ।
ਮੈਂ ਤਾਂ ਅਲਵਿਦਾ ਕਹਿੰਦਾ ਹਾਂ ਹਰ ਰੋਜ਼
ਇਹ ਖ਼ਿਆਲ ਕਰਕੇ ਕਿ ਖ਼ਬਰੇ ਕਦੋਂ
ਵਰ੍ਹੇਗੰਢ ਹੋਵੇ ਮੇਰੀ ਆਉਣ ਵਾਲੀ ਮੌਤ ਦੀ।

ਤੇ ਖ਼ਬਰੇ ਕਿੱਥੇ ਭੇਜੇਗੀ ਮੈਨੂੰ ਮੌਤ
ਕਿਸੇ ਯੁੱਧ ਵਿਚ, ਕਿਨ੍ਹਾਂ ਲਹਿਰਾਂ ਕੋਲ
ਨੇੜੇ ਤੇੜੇ ਦੀਆਂ ਕਿਹੜੀਆਂ ਵਾਦੀਆਂ ਵਿਚ
ਜਾ ਕੇ ਡਿੱਗਣਗੇ ਮੇਰੀ ਧੂੜ ਦੇ ਕਿਣਕੇ।

ਭਾਵੇਂ ਮਰੇ ਸਰੀਰ ਨੂੰ ਕੋਈ ਫ਼ਰਕ ਨਹੀਂ ਪੈਂਦਾ
ਫੇਰ ਵੀ ਚਾਹਵਾਂ ਮੈਂ ਉਨ੍ਹਾਂ ਥਾਵਾਂ ਕੋਲ ਹੋਣਾ
ਜਿਨ੍ਹਾਂ ਨੂੰ ਮੈਂ ਰੱਜਵਾਂ ਪਿਆਰ ਕੀਤਾ।
ਤੇ ਮੇਰੀ ਕਬਰ ਦੇ ਕੋਲ ਖਰਮਸਤੀਆਂ ਕਰਨ
ਜਵਾਨ ਜੋੜੇ ਤੇ ਖਿੜਨ ਰੰਗ-ਬਰੰਗੇ ਫੁੱਲ।

ਅੰਗਰੇਜ਼ੀ ਵਿਚੋਂ ਅਨੁਵਾਦ – ਅਵਤਾਰ ਜੰਡਿਆਲਵੀ

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!