ਰਮਨ ਦੀਆਂ ਕਵਿਤਾਵਾਂ

Date:

Share post:

ਮਲਿਕ ਲਾਲੋ
ਜ਼ਮਾਨੇ ਨੇ ਉਸਦੀ ਮੱਤ ਮਾਰ ਛੱਡੀ ਹੈ
ਕਦੇ-ਕਦੇ
ਬੋਲਦਾ-ਬੋਲਦਾ
ਕਈ ਕੁੱਝ ਉਲਟ-ਪੁਲਟ ਕਰ ਜਾਂਦਾ ਹੈ

ਬਾਬੇ ਨਾਨਕ ਨੂੰ ਤਾਂ
ਬਾਬਾ ਨਾਨਕ ਹੀ ਕਹਿੰਦਾ ਹੈ
ਗੁਰੂ ਮਹਾਰਾਜ ਦੀ ਤਾਬਿਆ
ਪੂਰੇ ਅਦਬ ਨਾਲ
ਸਿਰ ਢਕ ਕੇ ਬਹਿੰਦਾ ਹੈ
ਇਲਾਹੀ ਬਾਣੀ ਦਾ ਪਾਠ
ਸ਼ੁੱਧ ਉਚਾਰਣ ਨਾਲ ਕਰਦਾ ਹੈ
ਉੱਠਦਾ-ਬਹਿੰਦਾ ਗੁਰ ਮਰਯਾਦਾ ਦਾ ਦਮ ਭਰਦਾ ਹੈ

ਫਿਰ ਵੀ-ਕੂਕ ਉੱਠਦਾ ਹੈ
‘ਕੀ ਕਰਾਂ?
ਮੇਰੀ ਕੋਈ ਪੇਸ਼ ਨਾ ਜਾਵੇ
ਜ਼ਮਾਨੇ ਨੇ ਮੇਰੀ ਮੱਤ ਮਾਰ ਛੱਡੀ ਹੈ ’

ਕਦੇ-ਕਦੇ
ਜਦ ਸਾਖ਼ੀ ਬੋਲਦਾ ਹੈ ਤਾਂ-
ਬੋਲਦਾ-ਬੋਲਦਾ
ਭਾਈ ਲਾਲੋ ਨੂੰ
ਮਲਿਕ ਲਾਲੋ ਕਹਿ ਜਾਂਦਾ ਹੈ
ਕਹਿ ਕੇ-ਅੰਦਰੋਂ ਭੈਅ ਖਾਂਦਾ ਹੈ
ਤੇ ਸਫ਼ਾਈ ਦਿੰਦਾ ਹੈ ਮੱਥੇ ’ਤੇ ਹੱਥ ਮਾਰ
‘ਕੀ ਕਰਾਂ?-ਜ਼ਮਾਨੇ ਨੇ ਮੇਰੀ ਮੱਤ ਮਾਰ ਛੱਡੀ ਹੈ ’

‘ਜਦ ਭਾਈ ਲਾਲੋ ਦਾ ਜ਼ਿਕਰ ਆਉਂਦੈ ਤਾਂ-
ਜ਼ਿਹਨ ਵਿਚ
‘ਸ਼ਾਹੀ ਫ਼ਰਨੀਚਰ ਹਾਊਸ ’ ਵਾਲਾ
ਮਿਸਤਰੀ ਲਾਲ ਸਿੰਘ ਉੱਭਰ ਆਉਂਦੈ
ਉਹੀ
ਜੀਹਦੇ ਘਰ ਆਏ ਦਿਨ
ਅਮੀਰਾਂ ਵਜ਼ੀਰਾਂ ਦਾ ਗੇੜਾ ਵੱਜਦੈ
ਜਿਹੜਾ ਖੁਦ ਵੀ
ਮੁਹੱਲੇ ਦੇ ਲੰਡਰਾਂ ਨੂੰ ਨਾਲ ਲੈ
ਸਥਾਨਕ ਸਿਆਸਤ ਵਿਚ ਝੰਡੇ ਗੱਡ ਗੱਜਦੈ
ਉਹਦਾ ਹੀ ਅਸਰ ਹੈ ਸ਼ਾਇਦ ਕਿ-
ਭਾਈ ਲਾਲੋ ਨੂੰ ਮਲਿਕ ਲਾਲੋ ਆਖ ਜਾਂਦਾ ਹਾਂ
ਕੀ ਕਰਾਂ?
ਜ਼ਮਾਨੇ ਨੇ ਮੱਤ ਜਿਉਂ ਮਾਰ ਛੱਡੀ ਹੈ ’

ਜਿਉਣਾ
ਜਿਉਣਾ ਇਉਂ ਹੀ ਹੁੰਦੈ
ਕੋਈ ਗੱਡੀ ਜਿਉਂ
ਏਜੰਸੀ ’ਚੋਂ ਬਾਹਰ ਆਵੇ
ਨਵੀਂ ਨਕੋਰ
ਮੱਲੋ ਮੱਲੀ ਦੌੜੇ
ਹੱਥੋਂ ਨਿਕਲ-ਨਿਕਲ ਜਾਵੇ

ਦੋ-ਤਿੰਨ ਫਰੀ ਸਰਵਿਸਾਂ
ਹੋਰ ਕੋਈ ਝੰਜਟ ਨਾ
ਪੂਰੀ ਬੇਫ਼ਿਕਰੀ
ਸਮਾਂ ਬੀਤੇ
ਕਿਤੇ-ਕਿਤੇ ਕੋਈ ਖ਼ਰਾਬੀ
ਮਾੜੀ ਮੋੜੀ ਟਾਇਰ-ਟਿਊਬ ਦੀ ਬਦਲੀ
ਗੱਡੀ ਵਰਕਸ਼ਾਪ ਜਾਵੇ
ਸੜਕਾਂ ਉੱਪਰਲੀ ਦੌੜ ਵਿੱਚ
ਸ਼ਾਮਲ ਹੋਣ ਲਈ
ਮੁੜ ਵਾਪਸ ਆਵੇ

ਸਮਾਂ ਹੋਰ ਬੀਤੇ
ਸਮੇਂ ਨੂੰ ਬੀਤਣੋ ਕੌਣ ਹਟਾਵੇ
ਪੁਰਜ਼ੇ ਹੋ ਜਾਣ ਪੁਰਾਣੇ
ਢਾਂਚੇ ਹੋ ਜਾਣ ਨਿਮਾਣੇ
ਚਿੱਬ-ਖੜਿੱਬੀ
ਅਕਸਰ ਵਰਕਸ਼ਾਪ ਖੜ੍ਹੀ ਰਹੇ
ਅਪਣੇ ਜਿਸਮ ਵਿਚ ਵੱਜਦੇ ਟੂਲਾਂ ਦਾ
ਸੰਤਾਪ ਸਹੇ
ਸੜਕ ’ਤੇ ਪਰਤਣ ਦੀ ਉਮੀਦ
ਘੱਟ ਹੀ ਬਾਕੀ ਰਹੇ

ਸਮਾਂ ਬੀਤੇ
ਅਪਣੇ ਜ਼ਰਜ਼ਰ ਢਾਂਚੇ ਸਮੇਤ-
ਗੱਡੀ ਕਬਾੜਖਾਨੇ ਚਲੀ ਜਾਵੇ
ਬੰਦਾ ਸਿਵੇ ਦੀ ਰਾਖ਼ ਵਿੱਚ ਰਲ਼ ਜਾਵੇ

ਜਿਉਣਾ ਇਉਂ ਹੀ ਹੁੰਦੈ
ਪਰ-ਉਹਨਾਂ ਦਾ
ਜੋ ਮਸ਼ੀਨ ਵਾਂਗ ਜਿਉਂਦੇ!
ਜੋ ਮਸ਼ੀਨ ਬਣ ਜਿਉਂਦੇ!!

ਸਿਲਸਿਲਾ
ਬੀਜ ਦੱਸਦੇ ਹਨ;
ਕਦੇ ਫੁੱਲ ਖਿੜੇ ਸਨ!

ਬੀਜ ਦੱਸਦੇ ਹਨ;
ਉਹ ਉੱਗਣਗੇ
ਫੁੱਲ ਫਿਰ ਖਿੜਨਗੇ।

ਅਸੀਂ
ਹਊਮੈ ਦੀ ਕੋਈ ਹੱਦ ਨਹੀਂ ਹੁੰਦੀ
ਅਸੀਂ ਕੁੱਝ ਵੀ ਸਮਝੀਏ ਅਪਣੇ-ਆਪ ਨੂੰ
ਪਰ-
ਬੈਂਕ ਵਿੱਚ ਜਮ੍ਹਾਂ ਵੋਟ ਤੋਂ ਵੱਧ ਕੁੱਝ ਨਹੀਂ ਹਾਂ
ਜਿਵੇਂ ਬੈਂਕ ਵਿੱਚ ਜਮ੍ਹਾਂ ਨੋਟ-
ਜਮ੍ਹਾਂ ਕਰਤਾ ਦੀ- ਹੈਸੀਅਤ ਦਰਸਾਉਂਦੇ ਨੇ
ਉਵੇਂ
ਅਸੀਂ ਸਿਆਸਤਦਾਨਾਂ ਦੀ
ਉਹਨਾਂ ਦੇ ਟੋਲਿਆ ਦੀ
ਹੈਸੀਅਤ ਦਰਸਾਉਂਦੇ ਹਾਂ

ਵੋਟ ਪਾ-
ਬੜੀ ਤਸੱਲੀ ਨਾਲ
ਨਵੇਂ ਨਕੋਰ ਨੋਟ ਵਾਂਗ
ਮੁਸਕਰਾਂਉਦੇ ਹਾਂ

ਅਸੀਂ
ਬੈਂਕ ਵਿੱਚ ਜਮ੍ਹਾਂ ਵੋਟ ਤੋਂ ਵੱਧ
ਕੁਝ ਨਹੀਂ ਹਾਂ

ਰਮਨ

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!