ਮੌਤ ਦੇ ਨੇੜੇ-ਤੇੜੇ – ਸੁਰਜੀਤ ਗਿੱਲ

Date:

Share post:

ਮਨੁੱਖ ਦੇ ਜੀਵਨ ਵਿਚ ਜਨਮ ਪਿੱਛੋਂ ਮਰਨ ਦੀ ਘਟਨਾ ਅਜਿਹੀ ਹੈ ਜਿਹਨੂੰ ਕਿਸੇ ਤਰ੍ਹਾਂ ਵੀ ਰੋਕਿਆ ਨਹੀਂ ਜਾ ਸਕਦਾ। ਆਮ ਲੋਕਾਂ ਦੀ ਧਾਰਨਾ ਹੈ ਕਿ ਜਿਵੇਂ ਮੁਲਾਜ਼ਮ ਦੇ ਉਸਦੀ ਭਰਤੀ ਹੋਣ ਦੀ ਮਿਤੀ ਤੋਂ ਰਿਟਾਇਰ ਹੋਣ ਦੀ ਮਿਤੀ ਮਿੱਥ ਦਿੱਤੀ ਜਾਂਦੀ ਹੈ, ਇਸੇ ਤਰ੍ਹਾਂ ਮੌਤ ਦਾ ਦਿਨ ਵੀ ਜਨਮ ਸਮੇਂ ਹੀ ਨਿਸ਼ਚਿਤ ਹੋ ਜਾਂਦਾ ਹੈ। ਉਂਝ ਵੀ ਬਹੁਤੇ ਲੋਕ ਇਹ ਕਹਿੰਦੇ ਹਨ ਕਿ ”ਅਸੀਂ ਕੇਵਲ ਮੌਤ ਤੋਂ ਹੀ ਡਰਦੇ ਹਾਂ, ਹੋਰ ਕਿਸੇ ਚੀਜ਼ ਤੋਂ ਨਹੀਂ।’ ’ ਪਰੰਤੂ ਕੁਝ ਲੋਕ ਅਜਿਹੇ ਹੁੰਦੇ ਹਨ, ਜਿਹੜੇ ਮੌਤ ਤੋਂ ਵੀ ਨਹੀਂ ਡਰਦੇ। ਇਸ ਤਰ੍ਹਾਂ ਜੀਵਨ ਜਿਉਂਦਿਆਂ ਜੇ ਮੌਤ ਨਹੀਂ ਆਉਂਦੀ ਤਾਂ ਉਹ ਵਿਅਕਤੀ ਦੇ ਵਾਲ ਜਿੰਨੇ ਫ਼ਾਸਲੇ ’ਤੇ ਜ਼ਰੂਰ ਆ ਜਾਂਦੀ ਹੈ। ਇਸ ਅੱਸੀ ਸਾਲ ਦੀ ਉਮਰ ਤੱਕ ਮੇਰੇ ਨਾਲ ਅਜਿਹਾ ਕਈ ਵਾਰ ਹੋਇਆ ਹੈ ਕਿ ਮੌਤ ਨੇੜਿਓਂ ਆ ਕੇ ਮੁੜ ਗਈ। ਮੇਰੀ ਪਾਲਕ ਮਾਸੀ ਦੇ ਦੱਸਣ ਅਨੁਸਾਰ ਇਕ ਵਾਰ ਤਾਂ ਸਾਰਿਆਂ ਨੂੰ ਇਸ ਤਰ੍ਹਾਂ ਲੱਗਿਆ ਸੀ ਕਿ ਉਹ ਸੱਚ ਮੁੱਚ ਹੀ ਆ ਗਈ ਹੈ। ਇਹ ਸਮਾਂ ਉਹ ਸੀ ਜਦੋਂ ਮੈਂ ਪੰਜ ਸਾਲ ਦੀ ਉਮਰ ਵਿਚ ਸੋਕੜੇ ਦੇ ਰੋਗ ਨਾਲ ਬਿਮਾਰ ਹੋ ਗਿਆ ਸੀ। ਉਸ ਸਮੇਂ ਮੇਰੇ ਮਾਪਿਆਂ ਤੇ ਪਾਲਕਾਂ ਨੂੰ ਇਸ ਬਿਮਾਰੀ ਦੇ ਡਾਕਟਰੀ ਇਲਾਜ ਬਾਰੇ ਪਤਾ ਨਹੀਂ ਸੀ। ਉਹ ਸਾਧਾਂ-ਸੰਤਾਂ ਦੇ ਟੂਣਿਆਂ ਨੂੰ ਹੀ ਇਕੋ-ਇਕ ਇਲਾਜ ਸਮਝਦੇ ਸਨ। ਇਸੇ ਲਈ ਉਹ ਅਜਿਹਾ ਇਲਾਜ ਕਰਵਾ ਰਹੇ ਸਨ। ਪਰੰਤੂ ਇਕ ਵੇਰ ਤਾਂ ਮੈਂ ਇਸ ਬਿਮਾਰੀ ਨਾਲ ਏਨਾ ਨਿਢਾਲ ਹੋ ਗਿਆ ਕਿ ਮੇਰਾ ਸਾਹ ਰੁਕ ਗਿਆ ਤੇ ਡੱਕੇ ਵਰਗੀ ਸੁੱਕੀ ਬਾਂਹ ’ ਚੋਂ ਨਬਜ਼ ਲੱਭੇ ਤੋਂ ਵੀ ਨਾ ਥਿਆਈ। ਉਸ ਸਮੇਂ ਸਾਰਿਆਂ ਨੇ ਸਮਝ ਲਿਆ ਕਿ ਮੈਂ ਮਰ ਗਿਆ ਹਾਂ। ਉਸ ਸਮੇਂ ਮੇਰਾ ਪਿਓ ਵੀ ਮੇਰੇ ਕੋਲ ਪਿੰਡ ਹੀ ਸੀ। ਸਾਰਾ ਟੱਬਰ ਰੋਣ-ਪਿੱਟਣ ਲੱਗ ਪਿਆ। ਰੋਣਾ ਸੁਣ ਕੇ ਘਰਾਂ ਵਿਚੋਂ ਮੇਰੀ ਬਜ਼ੁਰਗ ਨਾਨੀ ਆਈ। ਉਹਨੇ ਦੀਵੇ ਦੇ ਚਾਨਣ ’ ਚ ਮੈਨੂੰ ਟੋਹ-ਟਾਹ ਕੇ ਦੇਖਿਆ ਤੇ ਦਲੇਰੀ ਨਾਲ ਕਿਹਾ, ”ਸਾਰੇ ਚੁੱਪ ਕਰੋ, ਇਹ ਤਾਂ ਜਿਊਂਦਾ ਏ।’ ’ ਉਹਨੇ ਖੜ੍ਹੀ ਹੋ ਕੇ ਮੇਰੇ ਪਿਓ ਨੂੰ ਕਿਹਾ ਕਿ ਸਾਰੇ ਕੱਪੜੇ ਲਾਹ ਦੇਵੇ ਤੇ ਅਪਣੇ ਤੇੜ ਖੱਦਰ ਦਾ ਅਣਲੱਗ ਸਾਫਾ ਬੰਨ੍ਹ ਲਵੇ। ਗੜਵੀ ਮਾਂਜਕੇ ਉਹਦੇ ਗਲ ਨੂੰ ਰੱਸੀ ਪਾ ਕੇ ਖੂਹ ’ ਚੋਂ ਪਾਣੀ ਭਰ ਲੈ ਤੇ ਉਸ ਪਾਣੀ ਦੀ ਕੁਰਲੀ ਮੂੰਹ ਵਿਚ ਭਰ ਕੇ ਸੱਤ ਵਾਰ ਮੁੰਡੇ ਦੇ ਮੂੰਹ ਵਿਚ ਪਾ ਦੇ। ਅੱਧੀ ਰਾਤ ਦਾ ਵੇਲਾ ਸੀ ਤੇ ਹਨੇਰੀ ਰਾਤ ਸੀ ਪਰੰਤੂ ਗੁਰੂ ਤੋਂ ਬਿਨਾ ਕਿਸੇ ਹੋਰ ਨੂੰ ਨਾ ਮੰਨਣ ਵਾਲੇ ਮੇਰੇ ਪਿਓ ਨੇ ਸੱਤ ਵਾਰ ਅਜਿਹਾ ਹੀ ਕੀਤਾ। ਉਸ ਕੁਰਲੀ ਵਿਚੋਂ ਕੁਝ ਬੂੰਦਾਂ ਹੀ ਮੇਰੇ ਅੰਦਰ ਗਈਆਂ ਤੇ ਬਾਕੀ ਮੇਰੇ ਮੂੰਹ ’ ਤੇ ਡੁੱਲ੍ਹਦਾ ਰਿਹਾ। ਸੱਤਵੀਂ ਕੁਰਲੀ ਪੈਣ ਸਮੇਂ ਮੈਂ ਮਾਮੂਲੀ ਜਿਹਾ ਹਿੱਲਿਆ ਤੇ ਹੌਲੀ ਜਿਹੀ ਆਵਾਜ਼ ਵੀ ਕੱਢੀ। ਉਹ ਆਵਾਜ਼ ਕੀ ਸੀ? ਉਹ ਕਿਸੇ ਦੇ ਸਮਝ ਨਾ ਆਈ। ਉਹ ਤਾਂ ਮੇਰੇ ਜਿਊਂਦੇ ਹੋਣ ’ ਤੇ ਹੀ ਖੁਸ਼ ਸਨ। ਪਰ ਮੇਰੀ ਮਾਂ, ਮੇਰਾ ਪਿਓ ਤੇ ਮੇਰੀ ਪਾਲਕ ਮਾਸੀ ਤੁਰੰਤ ਸਮਝ ਗਏ ਕਿ ਮੈਂ ‘ਇੰਜਣ’ ਮੰਗ ਰਿਹਾ ਹਾਂ। ਮੇਰਾ ਪਿਓ ਭੱਜ ਕੇ ਆਵਦੇ ਬੈਗ ਵੱਲ ਗਿਆ ਤੇ ਉਹਦੇ ਵਿਚੋਂ ਜਪਾਨ ਦਾ ਬਣਿਆ ਹੋਇਆ ਰੇਲ ਇੰਜਣ ਦਾ ਇਕ ਖਿਡੌਣਾ ਚੁੱਕ ਲਿਆਇਆ। ਇਹ ਖਿਡੌਣਾ ਮੇਰੇ ਸੁਰਤ ਸੰਭਲਣ ਤੋਂ ਹੀ ਮੇਰਾ ਚਹੇਤਾ ਖਿਡੌਣਾ ਸੀ। ਇਹ ਉਸ ਸਮੇਂ ਇਕ ਰੁਪਈਏ ਦਾ ਆਉਂਦਾ ਸੀ। ਮੇਰਾ ਪਿਓ ਚੜ੍ਹੇ ਮਹੀਨੇ ਤਨਖਾਹ ਮਿਲਣ ਸਮੇਂ ਦੁਕਾਨ ਤੋਂ ਲੈ ਆਉਂਦਾ ਸੀ। ਮੈਂ ਅਗਲੇ ਦਸਾਂ-ਪੰਦਰਾਂ ਦਿਨਾਂ ’ ਚ ਇਹਨੂੰ ਤੋੜ-ਭੰਨ ਦਿੰਦਾ ਦੇ ਬਾਕੀ ਦੇ ਦਿਨ ਇਹਦੀ ਮੰਗ ਕਰਦਾ ਰਹਿੰਦਾ। ਮੈਂ ਰਿਹਾੜ ਕਰਦਾ, ਰੋਂਦਾ। ਇਸ ਤਰ੍ਹਾਂ ਕਈ ਵਾਰ ਘਰ ਵਾਲੇ ਕਸੂਤੀ ਸਥਿਤੀ ’ ਚ ਫਸ ਜਾਂਦੇ। ਕਿਉਂਕਿ ਸਾਡਾ ਪਰਿਵਾਰ ਛਾਉਣੀ ’ ਚ ਰਹਿੰਦਾ ਸੀ ਤੇ ਇਹ ਖਿਡੌਣਾ ਸ਼ਹਿਰ ’ ਚੋਂ ਮਿਲਦਾ ਸੀ ਜਿਹੜਾ ਛਾਉਣੀ ਤੋਂ ਤਿੰਨ-ਚਾਰ ਕਿਲੋਮੀਟਰ ਦੂਰ ਸੀ। ਮੇਰੀ ਮਾਸੀ ਦੇ ਦੱਸਣ ਅਨੁਸਾਰ ਉਸ ਪਿੱਛੋਂ ਮੈਂ ਹੌਲੀ-ਹੌਲੀ ਰਾਜ਼ੀ ਹੋਣ ਲੱਗਾ ਤੇ ਕਿਸੇ ਇਕ ਸਾਧ ਵਲੋਂ ਸੱਤ ਪੁੜੀਆਂ ਮੱਖਣ ਵਿਚ ਰਲਾ ਕੇ ਰੋਜ਼ ਇਕ ਖਾਣ ਨਾਲ ਪੂਰਨ ਤੌਰ ’ ਤੇ ਰਾਜ਼ੀ ਹੋ ਗਿਆ।
ਮੈਂ ਘਰ ਦਾ ’ ਕੱਲਾ ਮੁੰਡਾ ਸੀ ਇਸ ਲਈ ਮੇਰਾ ਕਾਫ਼ੀ ਖ਼ਿਆਲ ਰੱਖਿਆ ਜਾਂਦਾ ਸੀ। ਮੈਨੂੰ ਕਿਸੇ ਖੂਹ ਆਦਿ ਵੱਲ ਬਾਹਰ ਨਹੀਂ ਨਿਕਲਣ ਦਿੱਤਾ ਜਾਂਦਾ ਸੀ। ਇਕ ਵੇਰ ਮੈਂ ਅਪਣੇ ਮਾਮਿਆਂ ਨਾਲ ਖੇਤ ਚਲਾ ਗਿਆ, ਜਿੱਥੇ ਉਹ ਪਾਣੀ ਲਾ ਰਹੇ ਸਨ, ਉੱਥੇ ਮੇਰੇ ਜਿੱਡੇ-ਜਿੱਡੇ ਤਿੰਨ-ਚਾਰ ਮੁੰਡੇ ਨੰਗ-ਧੜੰਗੇ ਨਹਾ ਰਹੇ ਸਨ। ਮੈਂ ਵੀ ਉਨ੍ਹਾਂ ਦੀ ਰੀਸੇ ਮਾਮੇ ਤੋਂ ਅੱਖ ਬਚਾ ਕੇ ਝੱਗਾ ਲਾਹ ਕੇ ਖਾਲ ਵਿਚ ਵੜ ਗਿਆ। ਖਾਲ ਦਾ ਪਾਣੀ ਤੇਜ਼ ਸੀ ਤੇ ਮੇਰੇ ਪੈਰ ਉਖੜ ਗਏ ਤੇ ਮੈਂ ਡੁਬਕੀਆਂ ਲੈਣ ਲੱਗਾ। ਜੁਆਕਾਂ ਨੇ ਰੌਲਾ ਪਾ ਦਿੱਤਾ। ਮਾਮਾ ਜਿਹੜਾ ਕੁਝ ਦੂਰ ਨੱਕੇ ਮੋੜ ਰਿਹਾ ਸੀ, ਕਹੀ ਸਿੱਟ ਕੇ ਮੇਰੇ ਵੱਲ ਭੱਜਿਆ ਤੇ ਮੈਨੂੰ ਪਾਣੀ ਵਿਚੋਂ ਕੱਢ ਲਿਆ। ਉਸ ਸਮੇਂ ਪਾਣੀ ਮੇਰੇ ਅੰਦਰ ਚਲਿਆ ਗਿਆ ਸੀ ਤੇ ਮੈਂ ਬੇਹੋਸ਼ ਸੀ। ਸਾਰੇ ਹਾਹਾਕਾਰ ਮੱਚ ਗਈ ਤੇ ਨੇੜੇ-ਤੇੜਿਓਂ ਲੋਕ ਭੱਜੇ ਆਏ। ਇਕ ਘੜੇ ਨੂੰ ਮੂਧਾ ਮਾਰ ਕੇ ਉਸ ਉੱਪਰ ਪੇਟ ਪਰਨੇ ਪਾ ਕੇ ਮੇਰੇ ਮਾਮਿਆਂ ਨੇ ਮੇਰੀਆਂ ਪੈਰਾਂ ਦੀਆਂ ਪਾਤਲੀਆਂ ਤੇ ਹੱਥਾਂ ਦੀਆਂ ਹਥੇਲੀਆਂ ਝੱਸਣੀਆਂ ਸ਼ੁਰੂ ਕਰ ਦਿੱਤੀਆਂ। ਕੁਝ ਸਮੇਂ ਬਾਅਦ ਮੇਰੇ ਅੰਦਰਲਾ ਪਾਣੀ ਨਿਕਲ ਗਿਆ ਤੇ ਮੈਂ ਹੋਸ਼ ਵਿਚ ਆ ਗਿਆ। ਮੇਰਾ ਮਾਮਾ ਜਿਸ ਨੇ ਮੈਨੂੰ ਬਚਾਇਆ ਸੀ ਕਈ ਦਿਨ ਘਰੇ ਨਹੀਂ ਗਿਆ, ਉਸ ਵਿਚ ਮੇਰੀ ਮਾਂ ਦੇ ਮੱਥੇ ਲੱਗਣ ਦੀ ਹਿੰਮਤ ਨਹੀਂ ਸੀ।
ਇਸ ਪਿੱਛੋਂ ਜਦ ਮੈਂ ਅੱਠ ਸਾਲ ਦਾ ਹੋਇਆ ਤਾਂ ਮੇਰੀ ਮਾਂ ਮਰ ਗਈ। ਮੇਰੇ ਪਿਓ ਨੇ ਦੂਜਾ ਵਿਆਹ ਕਰਵਾ ਲਿਆ ਤੇ ਮੈਂ ਉੱਕਾ ਹੀ ਅਣਗੌਲਿਆ ਹੋ ਗਿਆ। ਮੈਨੂੰ ਕੋਈ ਪੁੱਛਣ ਤੇ ਰੋਕਣ ਵਾਲਾ ਨਹੀਂ ਸੀ। ਇਸੇ ਤਰ੍ਹਾਂ ਇਕ ਵੇਰ ਫੇਰ ਤਲਾਅ ਵਿਚੋਂ ਡੁੱਬਦੇ ਨੂੰ ਇਕ ਵਿਅਕਤੀ ਨੇ ਬਚਾਇਆ। ਇਸ ਤਰ੍ਹਾਂ ਮੈਂ ਪਾਣੀ ਤੋਂ ਡਰਨ ਲੱਗ ਪਿਆ ਤੇ ਸਾਰੀ ਉਮਰ ਤੈਰਨਾ ਨਾ ਸਿੱਖ ਸਕਿਆ। 1947 ਦੀ ਵੰਡ ਸਮੇਂ ਮੇਰਾ ਇਕ ਮਾਮਾ ਜਿਹੜਾ ਅਕਸਰ ਲੜਾਈ-ਭਿੜਾਈ ਕਰਨ ਦਾ ਆਦੀ ਸੀ, ਕਿਤੋਂ ਬਾਰਾਂ ਬੋਰ ਦਾ ਦੇਸੀ ਪਿਸਤੌਲ ਲੈ ਆਇਆ, ਜਿਸ ਦਾ ਘੋੜਾ ਖਿੱਚੇ ਤੋਂ ਚੜ੍ਹਦਾ ਸੀ। ਮੈਂ ਨਾਨਕੀਂ ਗਿਆ ਤਾਂ ਮੇਰੇ ਮਾਮੇ ਨੇ ਮੈਨੂੰ ਹੌਲੇ ਦੇਣੇ ਕੰਨ ਵਿਚ ਕਿਹਾ, ”ਭਾਣਜੇ ਆਥਣੇ ਮੈਂ ਤੈਨੂੰ ਇਕ ਚੀਜ਼ ਵਖਾਊਂ।’ ’ ਮੈਨੂੰ ਉਸ ਮਾਮੇ ਦੀਆਂ ਆਦਤਾਂ ਦਾ ਪਤਾ ਸੀ। ਉਹ ਸਧਾਰਨ ਸੰਦਾਂ ਨੂੰ ਵੀ ਮਾਰੂ ਹਥਿਆਰ ਬਣਾ ਦਿੰਦਾ ਸੀ। ਮੋੜ੍ਹੀਆਂ ਵੱਢਣ ਵਾਲੇ ਗੰਡਾਸੇ ਨੂੰ ਰੇਤ ਕੇ ਇੰਨਾ ਤਿੱਖਾ ਕਰ ਲੈਂਦਾ ਕਿ ਇਕ ਟੱਕ ਨਾਲ ਹੀ ਦਰੱਖ਼ਤ ਦੀ ਚੰਗੀ ਮੋਟੀ ਟਾਹਣੀ ਵੱਢੀ ਜਾਂਦੀ। ਉਹ ਸਧਾਰਨ ਚਾਕੂ ਹਰ ਵੇਲੇ ਕੋਲ ਰੱਖਦਾ ਤੇ ਉਹਨੂੰ ਤਿੱਖਾ ਕਰਦਾ ਰਹਿੰਦਾ। ਮੈਨੂੰ ਵੀ ਉਹਦੀਆਂ ਇਨ੍ਹਾਂ ਆਦਤਾਂ ਵਿਚ ਦਿਲਚਸਪੀ ਸੀ ਤੇ ਮੇਰੀ ਉਹਦੇ ਨਾਲ ਚੰਗੀ ਬਣਦੀ ਸੀ। ਥੋੜ੍ਹਾ ਜਿਹਾ ਹਨੇਰੇ ਹੋਏ ਮੈਂ ਉਹਦੇ ਕੋਲ ਚਲਾ ਗਿਆ ਤਾਂ ਉਹ ਮੈਨੂੰ ਪਿੰਡੋਂ ਬਾਹਰ ਲੈ ਗਿਆ ਤੇ ਇਕ ਥਾਂ ਤੋਂ ਮਿੱਟੀ ਪੁੱਟ ਕੇ ਲੀਰਾਂ ਅਤੇ ਕਾਗਜ਼ਾਂ ਵਿਚ ਲਪੇਟਿਆ ਹੋਇਆ ਪਿਸਤੌਲ ਕੱਢ ਲਿਆਇਆ। ਉਸ ਨਾਲ ਇਕੋ ਕਾਰਤੂਸ ਸੀ ਜਿਹੜਾ ਉਸ ਵਿਚ ਪਾਇਆ ਸੀ। ਮੇਰੇ ਲਈ ਇਹ ਪਿਸਤੌਲ ਅਚੰਭਾ ਸੀ ਕਿਉਂਕਿ ਮੈਂ ਇਹ ਪਹਿਲੀ ਵਾਰ ਵੇਖਿਆ ਸੀ। ਮੈਂ ਝਪਟ ਮਾਰ ਕੇ ਉਹਤੋਂ ਫੜ ਲਿਆ। ਉਹਦੀ ਨਾਲੀ ਆਵਦੇ ਵੱਲ ਕਰਕੇ ਘੋੜਾ ਦੱਬ ਦਿੱਤਾ, ਪਰੰਤੂ ਕੁਝ ਨਾ ਹੋਇਆ। ਮੇਰੇ ਮਾਮੇ ਦੀ ਚੀਕ ਨਿਕਲ ਗਈ। ਉਹਨੇ ਮੇਰੇ ਹੱਥੋਂ ਖੋਹ ਲਿਆ ਤੇ ਕੰਬਣ ਲੱਗ ਪਿਆ। ਉਸ ਤੋਂ ਬੋਲਿਆ ਵੀ ਨਹੀਂ ਜਾ ਰਿਹਾ ਸੀ। ਮੈਨੂੰ ਕਿਸੇ ਗੱਲ ਦੀ ਸਮਝ ਨਹੀਂ ਆ ਰਹੀ ਸੀ। ਕੁਝ ਸਮੇਂ ਉਪਰੰਤ ਜਦੋਂ ਉਹ ਸੰਭਲਿਆ ਤੇ ਮੈਨੂੰ ਜੱਫੀ ਪਾ ਕੇ ਹੁਬਕੀਂ ਰੋਣ ਲੱਗ ਪਿਆ ਤੇ ਕਹਿਣ ਲੱਗਾ, ”ਭਾਣਜੇ ਅਨਰਥ ਹੋ ਗਿਆ ਸੀ। ਤੂੰ ਮਰ ਜਾਣਾ ਸੀ।’ ’ ਪਰ ਮੈਨੂੰ ਇਸ ਗੰਭੀਰਤਾ ਦੀ ਬਹੁਤੀ ਸਮਝ ਨਹੀਂ ਸੀ ਹਾਲੇ। ਮੈਂ ਕਿਹਾ, ”ਮਾਮਾ ਕਿਉਂ ਘਾਬਰਦੈਂ, ਇਹਦੇ ਨਾਲ ਕੀ ਹੁੰਦਾ ਸੀ।’ ’ ਉਹ ਕਹਿਣ ਲੱਗਾ, ”ਫੇਰ ਦੱਸਾਂ’ ’ ਉਹਨੇ ਪਿਸਤੌਲ ਦਾ ਘੋੜਾ ਪੱਟਿਆ ਤੇ ਉਹਦਾ ਮੂੰਹ ਉੱਪਰ ਕਰਕੇ ਘੋੜਾ ਦੱਬ ਦਿੱਤਾ। ਕਾਰਤੂਸ ਚੱਲਣ ਨਾਲ ਧਮਾਕਾ ਹੋਇਆ ਤੇ ਨਾਲੀ ਵਿਚੋਂ ਅੱਗ ਨਿਕਲੀ। ਮੇਰੇ ਕੰਨ ਸੈਂ-ਸੈਂ ਕਰਨ ਲੱਗ ਪਏ ਤੇ ਮੈਨੂੰ ਵੀ ਅਹਿਸਾਸ ਹੋਇਆ ਕਿ ਜੇ ਕਾਰਤੂਸ ਉਦੋਂ ਚੱਲ ਜਾਂਦਾ ਤਾਂ ਹੁਣ ਨੂੰ ਮੈਂ ਸੰਸਾਰ ਵਿਚ ਨਹੀਂ ਹੋਣਾ ਸੀ। ਉਸ ਸਮੇਂ ਮੇਰੀ ਉਮਰ ਪੰਦਰਾਂ ਕੁ ਸਾਲ ਦੀ ਸੀ।
ਵਰ੍ਹੇ ਬੀਤਦੇ ਗਏ। ਮੇਰੀ ਮਤੇਰ ਮਾਂ ਨੇ ਮੈਨੂੰ ਘਰੋਂ ਕੱਢ ਦਿੱਤਾ। ਇਕ ਦਿਨ ਅਚਾਨਕ ਮੈਨੂੰ ਕਾਮਰੇਡ ਬੂਟਾ ਸਿੰਘ ਅਜ਼ਾਦ ਮਿਲ ਗਿਆ ਜਿਹੜਾ ਉਸ ਸਮੇਂ ਪੈਪਲੂ ਵਿਚ ਲਾਲ ਕਮਿਊਨਿਸਟ ਪਾਰਟੀ ਦਾ ਵਰਕਰ ਸੀ। ਉਹਨੇ ਮੈਨੂੰ ਪਾਰਟੀ ਬਾਰੇ ਕੁਝ ਗੱਲਾਂ ਦੱਸੀਆਂ ਤੇ ਮੈਂ ਉਹਦੇ ਨਾਲ ਪਾਰਟੀ ਵਿਚ ਕੰਮ ਕਰਨ ਲਈ ਜਾਣ ਬਾਰੇ ਤਿਆਰ ਹੋ ਗਿਆ। 1952 ਦੀਆਂ ਚੋਣਾਂ ਸਮੇਂ ਪਾਰਟੀ ਕੁਝ ਸੀਟਾਂ ਲੜਨਾ ਚਾਹੁੰਦੀ ਸੀ। ਪਾਰਟੀ ਦੇ ਬਹੁਤੇ ਆਗੂ ਅੰਡਰ ਗਰਾਊਂਡ ਸਨ। ਸੁਨਾਮ ਕੋਲੇ ਪਿੰਡ ਬਖਸ਼ੀਵਾਲਾ ਮੁਜ਼ਾਰਾ ਲਹਿਰ ਤੇ ਪਾਰਟੀ ਦਾ ਗੜ੍ਹ ਸੀ। ਉਥੋਂ ਦਾ ਪਾਰਟੀ ਆਗੂ ਗਿਆਨੀ ਬਚਨ ਸਿੰਘ ਜੇਲ੍ਹ ਵਿਚ ਸੀ। ਪਾਰਟੀ ਵਰਕਰਾਂ ਕੋਲ ਜਾਣ-ਆਉਣ ਦਾ ਸਾਧਨ ਸਾਈਕਲ ਹੀ ਸਨ। ਪਾਰਟੀ ਲੀਡਰਾਂ ਨੇ ਹੁਕਮ ਦਿੱਤਾ ਕਿ ਮੈਂ ਸਾਈਕਲ ’ ਤੇ ਮਾਨਸਾ ਜਾਵਾਂ ਜਿਹੜਾ ਉਸ ਥਾਂ ਤੋਂ ਪੱਚੀ ਮੀਲ ਸੀ। ਜਿਸ ਬੰਦੇ ਨੂੰ ਮੈਂ ਮਿਲਣਾ ਸੀ ਉਹ ਨਾ ਮਿਲਿਆ। ਉਹ ਕਿਸੇ ਪਿੰਡ ਗਿਆ ਹੋਇਆ ਸੀ, ਜਿਹੜਾ ਉਥੋਂ ਦਸ ਮੀਲ ਦੂਰ ਸੀ। ਉਥੋਂ ਮੈਂ ਨਹਿਰੇ ਪੈ ਕੇ ਇਕ ਹੋਰ ਪਿੰਡ ਚਲਿਆ ਗਿਆ। ਭਾਵ ਮੈਂ ਸਾਰਾ ਦਿਨ ਸਾਈਕਲ ਚਲਾਉਂਦਾ ਰਿਹਾ ਤੇ ਉੱਕਾ ਹੀ ਥੱਕ ਗਿਆ ਪਰ ਕੰਮ ਜ਼ਰੂਰੀ ਸੀ ਤੇ ਮੈਂ ਟਿਕਾਣੇ ’ ਤੇ ਪਹੁੰਚ ਕੇ ਰਿਪੋਰਟ ਕਰਨੀ ਸੀ। ਰਾਤ ਦੇ ਗਿਆਰਾਂ ਕੁ ਵੱਜ ਗਏ। ਰਾਤ ਹਨੇਰੀ ਸੀ ਪਰੰਤੂ ਮੈਂ ਅਜੇ ਰਸਤੇ ਵਿੱਚ ਹੀ ਸੀ। ਰੇਲ ਦੀ ਪਟੜੀ ਨਾਲ ਸਾਈਕਲ ਚਲਾਉਂਦਾ ਜਾ ਰਿਹਾ ਸਾਂ। ਅਚਾਨਕ ਨੀਂਦ ਦਾ ਝੂਟਾ ਆਇਆ ਤੇ ਮੈਂ ਸਾਈਕਲ ਤੋਂ ਡਿੱਗ ਪਿਆ। ਮੇਰਾ ਸਿਰ ਰੇਲ ਦੀ ਪਟੜੀ ’ ਤੇ ਜਾ ਟਿਕਿਆ। ਮੈਨੂੰ ਕੁਦਰਤੀ ਸਿਰਾਹਣਾ ਮਿਲ ਗਿਆ। ਮੇਰੀ ਸ਼ੁਰੂ ਤੋਂ ਆਦਤ ਸੀ ਕਿ ਮੈਂ ਸਿਰਹਾਣੇ ਬਿਨਾ ਸੌਂ ਨਹੀਂ ਸੀ ਸਕਦਾ। ਜੇ ਸਿਰਾਹਣਾ ਨਾ ਮਿਲੇ ਤਾਂ ਉਹਦੀ ਥਾਂ ਕੁਝ ਹੋਰ ਰੱਖ ਲੈਂਦਾ ਸਾਂ। ਇਥੋਂ ਤੱਕ ਇਕ ਇੱਟ ਵੀ ਮੇਰੇ ਲਈ ਚੰਗਾ ਸਿਰਾਹਣਾ ਬਣ ਜਾਂਦੀ ਸੀ। ਮੈਂ ਥੱਕਿਆ ਹੋਇਆ ਤੇ ਉਨੀਂਦਰਾ ਸਾਂ। ਮੈਨੂੰ ਸੁਪਨਾ ਆਇਆ ਕਿ ਮੈਂ ਸਿਰਾਹਣਾ ਲਾ ਕੇ ਮੰਜੇ ’ ਤੇ ਪਿਆ ਹਾਂ। ਮੈਨੂੰ ਨੀ ਪਤਾ ਮੈਂ ਕਿੰਨਾ ਚਿਰ ਸੁੱਤਾ ਪਰ ਅਚਾਨਕ ਮੈਨੂੰ ਜਾਪਿਆ ਜਿਵੇਂ ਕੋਈ ਮੈਨੂੰ ਹਾਕਾਂ ਮਾਰ ਰਿਹਾ ਹੋਵੇ। ਕੋਈ ਕਹਿ ਰਿਹਾ ਸੀ, ”ਉੱਠ ਓਏ ਭਾਈ ਕੇਹੜਾ ਏਂ ਤੂੰ? ਗੱਡੀ ਆਉਣ ਆਲੀ ਆ।’ ’ ਅਚਾਨਕ ਮੇਰੀ ਅੱਖ ਖੁੱਲ੍ਹ ਗਈ। ਜਦੋਂ ਮੈਂ ਅੱਖਾਂ ਮਲ ਕੇ ਸਾਹਮਣੇ ਦੇਖਿਆ ਤਾਂ ਇਕ ਚਾਲੀ ਕੁ ਸਾਲ ਦਾ ਕਾਲਾ ਤੇ ਪਤਲਾ ਜਿਹਾ ਬੰਦਾ, ਜਿਸ ਨੇ ਤੇੜ ਚਿੱਟਾ ਡਵੱਟਾ ਬੰਨ੍ਹਿਆ ਹੋਇਆ ਸੀ ਤੇ ਸਿਰ ’ ਤੇ ਵੀ ਚਿੱਟੀ ਪੱਗ ਲਪੇਟੀ ਹੋਈ ਸੀ, ਉਹਦੇ ਗਲ ਕੁੜਤਾ ਨਹੀਂ ਸੀ। ਮੈਂ ਉਹਦੇ ਵੱਲ ਦੇਖ ਹੀ ਰਿਹਾ ਸੀ ਕਿ ਅਚਾਨਕ ਗੱਡੀ ਆ ਗਈ। ਜਦੋਂ ਗੱਡੀ ਲੰਘ ਗਈ ਤਾਂ ਮੈਂ ਫਿਰ ਆਲੇ-ਦੁਆਲੇ ਦੇਖਿਆ ਤਾਂ ਉੱਥੇ ਕੋਈ ਵੀ ਨਹੀਂ ਸੀ। ਮੈਂ ਦੂਰ ਤੱਕ ਉਸ ਬੰਦੇ ਦੀ ਭਾਲ ਕੀਤੀ ਪਰ ਉਹ ਕਿਤੇ ਨਾ ਥਿਆਇਆ। ਮੈਂ ਕੁਦਰਤ ਦੇ ਇਸ ਮੁਆਜਜੇ ’ ਤੇ ਹੈਰਾਨ ਸੀ ਤੇ ਅੱਜ ਤੱਕ ਵੀ ਸੋਚਦਾ ਹਾਂ ਕਿ ਜੇਕਰ ਮੈਨੂੰ ਉਹ ਬੰਦਾ ਨਾ ਜਗਾਉਂਦਾ ਤਾਂ ਲਾਈਨ ’ ਤੇ ਹੀ ਸੁੱਤੇ ਪਏ ਨੇ ਵੱਢਿਆ ਜਾਣਾ ਸੀ। ਇਕ ਲਵਾਰਿਸ ਦੀ ਮੌਤ ਮਰ ਜਾਣਾ ਸੀ ਤੇ ਮੇਰਾ ਇਸ ਸੰਸਾਰ ’ ਤੇ ਕੋਈ ਜ਼ਿਕਰ ਨਹੀਂ ਹੋਣਾ ਸੀ।
ਇਸੇ ਤਰ੍ਹਾਂ ਇਕ ਘਟਨਾ ਹੋਰ ਵਾਪਰੀ। ਗੁਪਤ ਸਮੇਂ ਸਾਡੇ ਗੁਪਤ ਸਾਥੀਆਂ ਦੇ ਲਾਂਘੇ ਵਾਲੇ ਸੂਇਆਂ ਤੇ ਕੱਸੀਆਂ ਦੇ ਪੁਲਾਂ ’ ਤੇ ਪੁਲਿਸ ਪਹਿਰਾ ਲਾ ਲੈਂਦੀ ਸੀ। ਸਾਡੇ ਇਕ ਦੋ ਸਾਥੀ ਫੜੇ ਵੀ ਗਏ ਸਨ। ਇਸ ਲਈ ਅਸੀਂ ਉਹ ਪੁਲ ਛੱਡ ਕੇ ਸੂਇਆਂ ਤੇ ਕੱਸੀਆਂ ਦੇ ਵਿੱਚ ਦੀ ਲੰਘਦੇ ਸਾਂ। ਸਾਡੇ ਲਈ ਆਵਦੀਆਂ ਜਾਨਾਂ ਨਾਲੋਂ ਅਪਣੀ ਰਾਖੀ ਲਈ ਰੱਖੇ ਹਥਿਆਰ ਵੱਧ ਕੀਮਤੀ ਹੁੰਦੇ ਸਨ। ਇਕ ਵਾਰ ਅਸੀਂ ਜ਼ਿਲ੍ਹਾ ਸੰਗਰੂਰ ਦੇ ਲਹਿਰਾਗਾਗਾ ਇਲਾਕੇ ਦੇ ਪਿੰਡ ਖੰਡੇਬੱਧ ਤੋਂ ਰਾਤ ਦੇ ਦਸ ਵਜੇ ਤੁਰੇ ਤੇ ਜਾਖਲ ਸੰਗਰੂਰ ਰੇਲਵੇ ਲਾਈਨ ’ ਤੇ ਵਸੇ ਪਿੰਡ (ਮੁਜਾਰਾ ਪਿੰਡ) ਗੋਬਿੰਦਗੜ੍ਹ ਜਾਣਾ ਸੀ। ਰਾਹ ਵਿਚ ਇਕ ਤਕੜਾ ਸੂਆ ਪੈਂਦਾ ਸੀ ਤੇ ਰਾਹ ਪੁਲ ਉੱਤੋਂ ਦੀ ਜਾਂਦਾ ਸੀ। ਰਾਤ ਸਮੇਂ ਚੁੱਪ ਕਰਕੇ ਬਿਨਾ ਕਿਸੇ ਖੜਕਾ ਕੀਤੇ ਤੁਰਨਾ ਪੈਂਦਾ ਸੀ। ਸਿਗਰਟ, ਬੀੜੀ ਪੀਣ ਵਾਲਿਆਂ ਨੂੰ ਸਖ਼ਤ ਮਨਾਹੀ ਸੀ ਕਿ ਉਹ ਤੁਰਨ ਸਮੇਂ ਸਿਗਰਟ, ਬੀੜੀ ਨਾ ਪੀਣ। ਕਈ ਵੇਰ ਉਨ੍ਹਾਂ ਦੀ ਤਲਾਸ਼ੀ ਕਰਕੇ ਵੀ ਤਸੱਲੀ ਕੀਤੀ ਜਾਂਦੀ ਸੀ। ਜੇ ਤੁਰਨ ਸਮੇਂ ਦੋ ਤੋਂ ਵੱਧ ਬੰਦੇ ਹੁੰਦੇ ਤਾਂ ਇਕ ਬੰਦੇ ਨੂੰ ਫਰਲਾਂਗ ਡੇਢ-ਫਰਲਾਂਗ ਦੇ ਵਕਫ਼ੇ ਦੇ ਅੱਗੇ ਤੋਰ ਦਿੰਦੇ ਸਾਂ। ਜੇ ਰਾਹ ਵਿਚ ਖ਼ਤਰਾ ਹੁੰਦਾ ਜਾਂ ਉਹ ਫੜਿਆ ਜਾਂਦਾ ਤਾਂ ਉਹ ਉੱਚੀ ਉੱਚੀ ਰੌਲਾ ਪਾਉਣ ਲੱਗ ਜਾਂਦਾ। ਇਸ ਤਰ੍ਹਾਂ ਦੂਜੇ ਖ਼ਤਰੇ ਤੋਂ ਬਚ ਜਾਂਦੇ। ਉਸ ਦਿਨ ਵੀ ਪੁਲ ਉੱਤੇ ਪੁਲਿਸ ਦਾ ਪਹਿਰਾ ਸੀ। ਅਸੀਂ ਰਾਹ ਛੱਡ ਕੇ ਪੁਲ ਤੋਂ ਢਾਈ-ਤਿੰਨ ਫਰਲਾਂਗ ਪਾਣੀ ਦੇ ਵਹਾਅ ਵੱਲ ਤੁਰ ਪਏ। ਉਹ ਸੂਆ ਅਕਸਰ ਅਸੀਂ ਟੱਪਦੇ ਰਹਿੰਦੇ ਸਾਂ। ਉਸ ਵਿਚ ਪਾਣੀ ਬਹੁਤਾ ਨਹੀਂ ਸੀ ਹੁੰਦਾ, ਨਾ ਹੀ ਵਹਾਅ ਤੇਜ਼ ਹੁੰਦਾ ਸੀ। ਪਾਣੀ ਅਕਸਰ ਲੱਕ ਤੋਂ ਥੋੜ੍ਹਾ ਉੱਚਾ ਹੁੰਦਾ ਸੀ। ਅਸੀਂ ਆਵਦੇ ਕੱਪੜੇ ਲਾਹ ਕੇ ਤੇੜ ਇਕੱਲੀਆਂ ਨਿੱਕਰਾਂ ਰੱਖ ਲੈਂਦੇ। ਜੁੱਤੀਆਂ ਤੇ ਕੱਪੜੇ ਹਥਿਆਰਾਂ ਨਾਲ ਬੰਨ੍ਹ ਲੈਂਦੇ ਤੇ ਬਾਹਾਂ ਉੱਚੀਆਂ ਕਰਕੇ ਪਾਣੀ ਵਿਚ ਠਿੱਲ ਪੈਂਦੇ। ਪਾਣੀ ਉਸ ਥਾਂ ਅੱਗੇ ਨਾਲੋਂ ਡੂੰਘਾ ਤੇ ਵਹਾਅ ਤੇਜ਼ ਸੀ। ਤਿੰਨ ਸਾਥੀ ਅੱਗੇ ਇੱਕ ਲਾਈਨ ’ ਚ ਤੁਰ ਰਹੇ ਸਨ। ਉਹ ਕੱਦ ਦੇ ਲੰਮੇ ਤੇ ਪਾਣੀ ਵਿਚ ਲੰਘਣ ਦੇ ਆਦੀ ਹੋਣ ਨਾਲ ਤੈਰਨਾ ਵੀ ਜਾਣਦੇ ਸਨ। ਚੌਥੇ ਨੰਬਰ ’ ਤੇ ਮੈਂ ਪਾਣੀ ਵਿਚ ਵੜਿਆ ਤੇ ਮੇਰੇ ਪਿੱਛੇ ਦੋ ਸਾਥੀ ਹੋਰ ਸਨ। ਮੈਂ ਸੰਭਲ-ਸੰਭਲ ਕੇ ਪੈਰ ਧਰ ਰਿਹਾ ਸੀ। ਸੂਏ ਦੇ ਵਿਚਕਾਰ ਜਾ ਕੇ ਇਕਦਮ ਮੇਰੇ ਪੈਰ ਉਖੜ ਗਏ ਤੇ ਮੈਂ ਪਾਣੀ ਦੇ ਵਹਾਅ ਨਾਲ ਰੁੜਨ ਲੱਗਾ। ਮੇਰਾ ਹਥਿਆਰ ਤੇ ਕੱਪੜੇ ਭਿੱਜ ਗਏ। ਮੈਨੂੰ ਇਕ ਦਮ ਖ਼ਿਆਲ ਆਇਆ ਕਿ ਮੇਰੀ ਮੌਤ ਤਾਂ ਡੁੱਬ ਕੇ ਮਰਨ ਨਾਲ ਹੀ ਹੋਣੀ ਆਂ। ਅੱਗੇ ਬਚ ਗਿਆ ਸੀ ਤਾਂ ਅੱਜ ਆ ਜਾਊ, ਪਰ ਮੇਰੇ ਪਿੱਛੇ ਆਉਂਦੇ ਕਾਮਰੇਡ ਬੰਤ ਅਲੀਸ਼ੇਰ ਨੇ ਅਪਣਾ ਹਥਿਆਰ ਪਿਛਲੇ ਨੂੰ ਫੜਾਇਆ ਤੇ ਛਾਲ ਮਾਰ ਕੇ ਮੇਰੇ ਲੱਕ ਨੂੰ ਜੱਫੀ ਪਾ ਲਈ। ਮੇਰੇ ਮੂੰਹ ਵਿਚ ਥੋੜ੍ਹਾ ਪਾਣੀ ਪੈ ਗਿਆ ਪਰ ਮੈਂ ਬੰਦ ਕਰ ਲਿਆ ਸੀ। ਐਨੇ ਚਿਰ ਨੂੰ ਦੂਜੇ ਸਾਥੀ ਵੀ ਆ ਗਏ। ਜਿਹੜਾ ਪਹਿਲਾ ਸਾਥੀ ਪਾਰ ਜਾ ਚੁੱਕਾ ਸੀ, ਉਹਨੇ ਫੜ ਕੇ ਮੈਨੂੰ ਕਿਨਾਰੇ ਲਾ ਦਿੱਤਾ। ਮੈਂ ਕੁਝ ਚਿਰ ਉਸੇ ਤਰ੍ਹਾਂ ਬੈਠਾ ਰਿਹਾ ਤੇ ਫੇਰ ਹੱਸ ਪਿਆ। ਸਾਥੀ ਜਿਹੜੇ ਕਿ ਬੜੇ ਫ਼ਿਕਰਮੰਦ ਸਨ, ਹਨੇਰੇ ਵਿਚ ਮੇਰੀ ਹਾਸੀ ਵੇਖ ਕੇ ਕਹਿਣ ਲੱਗੇ, ”ਕਿਵੇਂ ਆਂ?’ ’ ਮੈਂ ਹੱਸ ਕੇ ਫੇਰ ਕਿਹਾ, ”ਨਥਾਣਿਆਂ ਨੂੰ ਮੌਤ ਵੀ ਕਿਹੋ ਜਿਹੇ ਥਾਂ ਆਉਣੀ ਸੀ?’ ’
ਇਸ ਲਈ ਅਸਲੀ ਮੌਤ ਆਉਣ ਤੋਂ ਪਹਿਲਾਂ ਵੀ ਮੌਤ ਕਈ ਵਾਰ ਬੰਦੇ ਨੂੰ ਟੱਕਰਦੀ ਹੈ ਤੇ ਥੋੜ੍ਹੇ ਫ਼ਾਸਲੇ ਤੋਂ ਮੁੜ ਜਾਂਦੀ ਹੈ।

ਸੁਰਜੀਤ ਗਿੱਲ

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!