ਮੇਰੀ ਮੰਜੀ ਦੇ ਤਿੰਨ ਪਾਵੇ ਨੇ-ਪ੍ਰੇਮ ਪ੍ਰਕਾਸ਼

Date:

Share post:

ਕਹਾਣੀ ਮੈਨੂੰ ਲਿਖਦੀ ਏ

ਪੰਜਾਬੀ ਕਥਾ ਜਗਤ ਵਿਚ ਵੀਹਵੀਂ ਸਦੀ ਦੇ ਅੰਤਲੇ ਦਹਾਕਿਆਂ ਦੇ ਪ੍ਰਗਤੀਵਾਦੀ ਰੁਝਾਨਾਂ ਹੇਠ ਪਾਤਰਾਂ ਦੀਆਂ ਆਰਥਿਕ ਸਮੱਸਿਆਵਾਂ ਦੇ ਕੇਵਲ ਇਕਹਿਰੇ ਉਲੇਖ ਦੇ ਨਾਲ ਨਾਲ ਉਨ੍ਹਾਂ ਦੀਆਂ ਮਨੋਵਿਗਿਆਨਕ ਗੁੰਝਲਾਂ ਦੀ ਬਾਤ ਪਾ ਕੇ ਸੰਪੂਰਨ ਮਨੁੱਖ ਦੀਆਂ ਭਾਵਪੂਰਤ ਕਹਾਣੀਆਂ ਲਿਖਣ ਦਾ ਸਿਹਰਾ ਪ੍ਰੇਮ ਪ੍ਰਕਾਸ਼ ਦੇ ਸਿਰ ਬੱਝਦਾ ਹੈ। ਉਹ ਇੱਕੋ ਇੱਕ ਕਲਮਕਾਰ ਹੈ ਜੋ ਲਹਿਰਾਂ ਦੇ ਜ਼ੋਰਦਾਰ ਵਹਾਉ ਵਿਚ ਵਿਚਰਦਾ ਹੋਇਆ ਵੀ ਨਵੇਕਲਾ ਖਲੋਤਾ ਰਿਹਾ ਤੇ ਪੰਜਾਬੀ ਕਹਾਣੀ ਨੂੰ ਅਸਲੋਂ ਨਵਾਂ ਮੋੜ ਦੇਣ ਵਿਚ ਸਫ਼ਲ ਹੋਇਆ।
ਪ੍ਰੇਮ ਪ੍ਰਕਾਸ਼ ਦਾ ਜਨਮ 1932 ਵਿਚ ਖਰੜ ਦੇ ਨੇੜਲੇ ਉਹਦੇ ਨਾਨਕੇ ਪਿੰਡ ਹੋਇਆ ਸੀ। ਸਕੂਲ ਕਾਲਜ ਦੀ ਰਵਾਇਤੀ ਪੜ੍ਹਾਈ ਬਹੁਤੀ ਨਾ ਹੋ ਸਕੀ ਪਰ ਪੜ੍ਹਨ ਲਿਖਣ ਦੇ ਸ਼ੌਕ ਕਾਰਨ ਉਹਨੇ ਜਰਨਿਲਿਜ਼ਮ ਦੇ ਡਿਪਲੋਮੇ ਦੇ ਨਾਲ ਉਰਦੂ ਦੀ ਐਮ.ਏ. ਤੱਕ ਕਾਮਯਾਬੀ ਪ੍ਰਾਪਤ ਕੀਤੀ।
ਪ੍ਰੇਮ ਪ੍ਰਕਾਸ਼ ਦਾ ਬਹੁਤਾ ਜੀਵਨ ਉਰਦੂ ਅਖਬਾਰਾਂ ‘ਮਿਲਾਪ’ ਅਤੇ ‘ਹਿੰਦ ਸਮਾਚਾਰ’ ਵਿਚ ਨੌਕਰੀ ਕਰਦਿਆਂ ਲੰਘਿਆ ਪਰ ਸੱਠਵਿਆਂ ਤੋਂ ਹੀ ਉਸਨੇ ਸਫਲ ਕਹਾਣੀਆਂ ਦੀ ਰਚਨਾ ਅਰੰਭ ਲਈ ਸੀ। ਉਹਦੀ ਪਹਿਲੀ ਹੀ ਕਹਾਣੀ ਉਸ ਵੇਲੇ ਦੇ ਚੋਟੀ ਦੇ ਮਾਸਕ ਪੱਤਰ ‘ਪ੍ਰੀਤ ਲੜੀ’ ਵਿਚ ਪ੍ਰਕਾਸ਼ਿਤ ਹੋਈ ਸੀ।
ਸਮੇਂ ਦੇ ਬੀਤਣ ਨਾਲ ਉਹਦੀ ਲਿਖਤ ਵਿਚ ਹੋਰ ਡੂੰਘਾਈ ਆਉਂਦੀ ਗਈ। ਵਿਵਿਧ ਵਿਸ਼ਿਆਂ ‘ਤੇ ਲਿਖੀਆਂ ਸੌ ਕੁ ਕਹਾਣੀਆਂ ਦੇ ਨਾਲ ਉਹਨੇ ਵਿਵਾਦ ਗ੍ਰਸਤ ਨਾਵਲ ‘ਦਸਤਾਵੇਜ਼’ ਦੀ ਰਚਨਾ ਵੀ ਕੀਤੀ। ਸਾਹਿਤ ਅਕਾਦਮੀ ਦਿੱਲੀ ਤੋਂ ਲੈਕੇ ਕਈ ਵਕਾਰੀ ਇਨਾਮ ਉਹਦੀ ਲਿਖਤ ਨੂੰ ਮਿਲ ਚੁੱਕੇ ਹਨ।

ਅਪਣਾ ਹੀ ਅੰਦਾਜ਼

  ਪ੍ਰੇਮ ਪ੍ਰਕਾਸ਼ ਜੀ, ਪੰਜਾਬੀ ਸਾਹਿਤ ਵਿਚ ਮਾਰਕਸਵਾਦੀ ਸੋਚਾਂ ਦਾ ਦੌਰ ਦੌਰਾ ਹੋਣ ਦੇ ਬਾਵਜੂਦ ਅਤੇ ਏਸੇ ਤਰ੍ਹਾਂ ਦੇ ਵਿਚਾਰਾਂ ਵਾਲੇ ਅਪਣੇ ਮਿੱਤਰਾਂ ਦੇ ਘੇਰੇ ਵਿਚ ਰਹਿੰਦਿਆਂ ਤੁਸੀਂ ਨਿਰੋਲ ਅਪਣੇ ਹੀ ਅੰਦਾਜ਼ ਵਿਚ ਲਿਖਿਆ। ਕੀ ਤੁਹਾਡੇ ਵਰਗੇ ਭਾਵੁਕ ਮਨੁੱਖ ਨੂੰ ਸਥਿਤੀਆਂ ਦੇ ਐਨ ਵਿਚਕਾਰ ਰਹਿ ਕੇ, ਇਨ੍ਹਾਂ ਦੇ ਪ੍ਰਭਾਵ ਤੋਂ ਅਭਿੱਜ ਰਹਿ ਜਾਣ ਦੀ ਅਪਣੀ ਨਿੱਜੀ ਕਾਬਲੀਅਤ ‘ਤੇ ਮਾਣ ਕਰਨਾ ਚਾਹੀਦਾ ਹੈ ਜਾਂ ਸ਼ਰਮਸਾਰੀ?
  ਇਹ ਕੀ ਗੱਲ ਬਣੀ! ਆਉਂਦਿਆਂ ਈ ਪੁੱਠਾ ਜਿਹਾ ਸਵਾਲ ਵਗਾਹ ਮਾਰਿਆ। ਨਾ ਹਾਲ ਚਾਲ ਪੁੱਛਿਆ, ਨਾ ਗੱਲਾਂ ਕਰਨ ਦਾ ਮਾਹੌਲ ਬਨਣ ਦਿੱਤਾ।.. ਤੁਹਾਡਾ ਇਹ ਜਟਕਾ ਵਿਹਾਰ ਤੁਹਾਨੂੰ ਮੁਬਾਰਕ। ਮੈਂ ਤਾਂ ਮਹਾਜਨ ਕਲਚਰ ਦਾ ਬੰਦਾ ਹਾਂ। ਹੁਣ ਦੱਸੋ ਕੀ ਪੀਉਂਗੇ.. ਚਾਹ ਜਾਂ ਸ਼ਕੰਜਬੀ?… ਤੁਹਾਡੀ ਮਰਜ਼ੀ, ਮੈਂ ਦੂਜੀ ਵਾਰ ਨਹੀਂ ਪੁੱਛਦਾ ਹੁੰਦਾ।
ਮੈਨੂੰ ਤੁਹਾਡਾ ਪਹਿਲਾ ਸਵਾਲ ਈ ਰੁੱਖਾ, ਤੇ ਗੋਲ ਮੋਲ ਲੱਗਿਆ ਏ। ਇਹ ਸਥਿਤੀਆਂ ਕਿਹੜੀਆਂ? ਸਥਿਤੀ ਸਮਾਜੀ, ਸਿਆਸੀ, ਮੇਰੇ ਘਰ ਪਰਿਵਾਰ ਦੀ ਜਾਂ ਮੇਰੀ ਨਿਜੀ ਜ਼ਿੰਦਗੀ ਦੀ? ਇਹ ਸਾਰੀਆਂ ਸਥਿਤੀਆਂ ਰਲ ਕੇ ਮੇਰੇ ਮਨ ਦੀ ਸਿਹਤ ਠੀਕ ਜਾਂ ਖਰਾਬ ਕਰਦੀਆਂ ਨੇ। ਇਨ੍ਹਾਂ ਤੋਂ ਅਭਿੱਜ ਰਿਹਾ ਈ ਨਹੀਂ ਜਾ ਸਕਦਾ। ਬੰਦਾ ਇਹਨਾਂ ਤੋਂ ਬਚਣ ਦੇ ਜਤਨ ਕਰਦਾ ਰਹਿੰਦਾ ਏ। ਕਦੇ ਸਫਲ ਹੁੰਦਾ ਏ ਤੇ ਕਦੇ ਅਸਫਲ। ਨਤੀਜੇ ਦੇ ਤੌਰ ’ਤੇ ਕਦੇ ਸੁਖ ਮਹਿਸੂਸ ਕਰਦਾ ਏ ਤੇ ਕਦੇ ਦੁੱਖ। ਨਿਜੀ ਕਾਬਲੀਅਤ ਵੀ ਇਹਨਾਂ ਨਾਲ ਈ ਬਣਦੀ ਵਿਗੜਦੀ ਏ। ਕਦੇ ਮਾਣ ਵੀ ਮਹਿਸੂਸ ਹੁੰਦਾ ਏ ਤੇ ਕਦੇ ਸ਼ਰਮਸਾਰੀ ਵੀ। ਬੰਦਾ ਹਮੇਸ਼ਾ ਇੱਕੋ ਜਿਹਾ ਥੋੜ੍ਹਾ ਹੁੰਦਾ ਏ। ਕਿਉਂਕਿ ਸਥਿਤੀਆਂ ਕਦੇ ਇੱਕੋ ਜਿਹੀਆਂ ਨਹੀਂ ਹੁੰਦੀਆਂ। ਇਹ ਤਾਂ ਪਲੋ ਪਲ ਬਦਲਦੀਆਂ ਰਹਿੰਦੀਆਂ ਨੇ। ਅਸਲ ’ਚ ਇਹ ਮਸਲਾ ਬੰਦੇ ਦੇ ਮਨ ਨੂੰ ਸਮਝਣ ਦਾ ਏ। ਇਹਦੇ ਲਈ ਮਨੋਵਿਗਿਆਨ ਦਾ ਗਿਆਨ ਹੋਣਾ ਜ਼ਰੂਰੀ ਏ।
  ਕਿੰਨੇ ਸਾਰੇ ਲੋਕਾਂ ਦਾ ਵਿਚਾਰ ਹੈ ਕਿ ਪ੍ਰੇਮ ਪ੍ਰਕਾਸ਼ ਸੱਚੀ ਸੁੱਚੀ ਸਖਸ਼ੀਅਤ ਦਾ ਮਾਲਕ ਨਹੀੰਂ। ਉਹ ਹਰ ਗੱਲ ਨੂੰ ਧੁੰਦ ਵਿਚ ਲਪੇਟਕੇ ਅਪਣੇ ਹਿੱਤ ਲਈ ਵਰਤਣ ਵਿਚ ਮਾਹਿਰ ਹੈ। ਜਾਣ ਬੁੱਝ ਕੇ ਰਹੱਸ ਪੈਦਾ ਕਰਦਾ ਹੈ। ਉਹ ਚਤੁਰ, ਜੁਗਤੀ, ਜੁਗਾੜੀ ਕਿਸਮ ਦਾ ਮਦਾਰੀ ਹੈ। ਕੀ ਕਹੋਗੇ?
  ਤੁਸੀਂ ਅਖੌਤੀ ਅਗਾਂਹ-ਵਧੂ ਲੇਖਕ ਜਦੋਂ ਸ਼ਬਦ ‘ਲੋਕ’ ਵਰਤਦੇ ਹੋਂ ਤਾਂ ਆਪ ਤਾਂ ਤੁਸੀਂ ਗੁਮਰਾਹ ਹੁੰਦੇ ਈ ਹੋ, ਪਾਠਕਾਂ ਨੂੰ ਵੀ ਗੁਮਰਾਹ ਕਰਦੇ ਹੋਂ। ਤੁਸੀਂ ਜਦੋਂ ਕਿਸੇ ਨੂੰ ਮਾੜਾ ਚੰਗਾ ਕਹਿਣਾ ਹੁੰਦਾ ਏ ਤਾਂ ‘ਲੋਕਾਂ’ ਦਾ ਨਾਂ ਲੈ ਕੇ ਕਹਿ ਲੈਂਦੇ ਹੋਂ। ਇਹ ਲੋਕ ਕੌਣ ਹੁੰਦੇ ਨੇ? ਪੰਜਾਬ ’ਚ 70 ਫੀਸਦੀ ਲੋਕ ਪੜ੍ਹੇ ਹੋਏ ਨੇ। ਮਤਲਬ, ਦਸਤਖਤ ਕਰਨ ਜੋਗੇ। ਉਹਨਾਂ ’ਚੋਂ ਮਸਾਂ ਵੀਹ ਫੀਸਦੀ ਅਖਬਾਰ ਪੜ੍ਹਦੇ ਨੇ। ਫੇਰ ਉਹਨਾਂ ਵਿਚੋਂ ਵੀਹ ਫੀਸਦੀ ਅਖਬਾਰੀ ਸਾਹਿਤ ਪੜ੍ਹਦੇ ਨੇ। ਚੰਗਾ ਸਾਹਿਤ ਕਿੰਨੇ ਕੁ ਪੜ੍ਹਦੇ ਨੇ? ਆਮ ਲੋਕ ਤਾਂ ਸਾਹਿਤ ਪੜ੍ਹਦੇ ਹੀ ਨਹੀਂ। ਜੇ ਪੜ੍ਹਦੇ ਵੀ ਨੇ ਤਾਂ ਮੇਰੀਆਂ ਕਹਾਣੀਆਂ ਨਹੀਂ ਪੜ੍ਹਦੇ।…
ਤੁਹਾਡੇ ਤਕ ਇਹ ਗੱਲ ਕਿਹੜੇ ਮਾਧਿਅਮ ਰਾਹੀਂ ਤੇ ਕਿੰਨੇ ਫੀਸਦੀ ਲੋਕਾਂ ਨੇ ਪੁਚਾਈ ਏ? ਕੀ ਸਾਹਿਤਕ ਪਰਚਿਆਂ ਰਾਹੀਂ? ਜਾਂ ਤੁਹਾਡੇ ਕੋਲ ਨਿੰਦਿਆ ਚੁਗਲੀ ਕਰਨ ਵਾਲਿਆਂ ਤੋਂ ਆਈ ਏ? … iਂੲਹ ਸ਼ਬਦ ‘ਲੋਕ’ਦੀ ਵਰਤੋਂ ਤਾਂ ਉਹ ਕਮਜ਼ੋਰ ਤੇ ਬੁਜ਼ਦਿਲ ਬੰਦੇ ਕਰਦੇ ਨੇ, ਜਿਹੜੇ ਇਹ ਨਹੀਂ ਕਹਿ ਸਦਕੇ ਕਿ ਇਹ ਰਾਏ ਮੇਰੀ ਏ।.. ਆਮ ਲੋਕ ਤਾਂ ਵਿਚਾਰੇ ਮਸੀਹ ਦੀਆਂ ਗਵਾਚੀਆਂ ਭੇਡਾਂ ਜਿਹੇ ਹੁੰਦੇ ਨੇ। … ਕੀ ਜਿਹੜੀਆਂ ਗੱਲਾਂ ਮੈਂ ਹੁਣ ਕੀਤੀਆਂ ਨੇ, ਉਹ ਧੁੰਦ ’ਚ ਲਿਵ੍ਹਟੀਆਂ ਹੋਈਆਂ ਨੇ?.. ਕੀ ਇਹਨਾਂ ’ਚ ਕੋਈ ਰਹੱਸ ਏ?
ਇਹ ‘ਸੱਚੀ ਸੁਚੀ’ ਸ਼ਖਸੀਅਤ’ ਕੀ ਹੁੰਦੀ ਏ? ਤੁਹਾਡਾ ਕੀ ਮਤਲਬ ਏ ਏਸ ਤੋਂ? ਸ਼ਖਸੀਅਤ ਤਾਂ ਹਰੇਕ ਬੰਦੇ ਦੀ ਹੁੰਦੀ ਏ। ਚੋਰਾਂ, ਉਚੱਕਿਆਂ, ਲੋਫਰਾਂ ਲੁੱਚਿਆਂ ਤੇ ਸਮਗਲਰਾਂ ਦੀ ਵੀ ਸ਼ਖਸੀਅਤ ਹੁੰਦੀ ਏ। ਫੇਰ ਮੇਰੀ ਕਿਉਂ ਨਹੀਂ। ਮੇਰੀ ਮਾੜੀ ਹੋ ਸਕਦੀ ਏ। ਟੇਢੀ ਵਿੰਗੀ ਹੋ ਸਕਦੀ ਏ। ਤੁਹਾਨੂੰ ਇਹਦੇ ’ਚ ਕੀੜੇ ਦਿਸ ਸਕਦੇ ਨੇ। ਪਰ ਇਹਦੇ ਵਜੂਦ ਤੋਂ ਇਨਕਾਰੀ ਕੋਈ ਕਿਵੇਂ ਹੋ ਸਕਦਾ ਏ?… ਮੈਨੂੰ ਇਹ ਗਲ ਫ਼ਜ਼ੂਲ ਜਿਹੀ ਲਗਦੀ ਏ ਸੱਚੀ ਸੁਚੀ ਸਖ਼ਸ਼ੀਅਤ, ਸੱਚਾ ਪਿਆਰ! ਮੈਨੂੰ ਤਾਂ ਸਭ ਕੁੱਝ ਕਦੇ ਸੁੱਚਾ ਕਦੇ ਜੂਠਾ ਜਿਹਾ ਲਗਦਾ ਏ।

ਜਲੰਧਰ ਨਾਲ ਲਗਾਓ

ਤੁਸੀਂ ਆਖਦੇ ਹੋ ਜਲੰਧਰ ਤੁਹਾਨੂੰ ਬਹੁਤ ਪਿਆਰਾ ਲਗਦਾ ਹੈ। ਸਾਨੂੰ ਵੀ ਮਹਿਸੂਸ ਹੋਇਆ ਹੈ ਕਿ ਖੰਨਾ ਛੱਡਕੇ ਜਲੰਧਰ ਆਉਣਾ ਤੁਹਾਡੇ ਜੀਵਨ ਦਾ ਇਕ ਅਹਿਮ ਪੜਾਅ ਸੀ ਜਿਥੇ ਆ ਕੇ ਤੁਹਾਡੇ ਲਈ ਜੀਵਨ ਦੀਆਂ ਬੇਅੰਤ ਸੰਭਾਵਨਾਵਾਂ ਦੇ ਬੂਹੇ ਖੁਲ੍ਹਣੇ ਸ਼ੁਰੂ ਹੋ ਗਏ। ਨਹੀਂ?
ਨਹੀਂ। ਮੈਂ ਜਲੰਧਰ ਕੁਝ ਵੀ ਅਜਿਹਾ ਸੋਚ ਕੇ ਨਹੀਂ ਅਇਆ ਸੀ। ਮੈਂ ਤਾਂ ਬਾਪ ਤੇ ਭਾਈ ਦਾ ਸਤਾਇਆ ਹੋਇਆ ਸੀ। ਬਾਪ ਨੇ ਕਈ ਵਾਰ ਮੈਨੂੰ ਘਰੋਂ ਕੱਢਿਆ ਸੀ। ਮੈਂ ਤਾਂ ਘਰੋਂ ਨਿੱਕਲ ਕੇ ਕਿਤੇ ਵੀ ਉੱਜੜ ਜਾਣ ਲਈ ਨਿੱਕਲਿਆ ਸੀ। ਇਹ ਤਾਂ ਜ਼ਿੰਦਗੀ ਦੇ ਇਤਫ਼ਾਕਾਂ ਨੇ ਮੈਨੂੰ ਕੁਝ ਦਾ ਕੁਝ ਬਣਾ ਦਿੱਤਾ। ਏਥੇ ਮੈਂ ਸ਼ਬਦ ‘ਪ੍ਰਸਥਿਤੀਆਂ’ ਵਰਤਦਾ ਹਾਂ, ਜਿਹੜੀਆਂ ਬੰਦੇ ਨੂੰ ਘੁੰਮਣਘੇਰੀ ’ਚ ਪਾਈ ਰੱਖਦੀਆਂ ਨੇ। ਅੱਗੇ ਬੰਦੇ ਦੀ ਸਮਰਥਾ ਜਾਂ ਇੱਤਫਾਕ ਦੀ ਗੱਲ ਹੁੰਦੀ ਏ ਕਿ ਉਹ ਕਿਸੇ ਸਥਿਤੀ ਨਾਲ ਕਿਵੇਂ ਨਿੱਬੜਦਾ ਏ। ਉਹ ਕਿੰਨਾ ਕੁ ਸਫਲ ਹੁੰਦਾ ਏ।… ਜਲੰਧਰ ਕੋਈ ਵਲੈਤ ਸੀ, ਜਿੱਥੇ ਮੈਂ ਪੈਸੇ ਕਮਾਓਣ ਆਇਆ ਸੀ? … ਰਹੀ ਜਲੰਧਰ ਦੇ ਪਿਆਰਾ ਲੱਗਣ ਦੀ ਗੱਲ। ਪਿਆਰਾ ਏਸ ਲਈ ਵੀ ਲੱਗਦਾ ਏ ਕਿ ਏਥੇ ਮੈਂ ਅਪਣਾ ਘਰ ਬਣਾਇਆ ਤੇ ਵਸਾਇਆ। ਜਿੱਥੇ ਮੇਰੀ ਪਤਨੀ ਤੇ ਮੇਰੇ ਬੱਚੇ ਰਹਿੰਦੇ ਨੇ। ਮੇਰੇ ਬੱਚੇ ਦੁਆਬੀਏ ਨੇ। ਏਸ ਲਈ ਮੈਂ ਪਹਿਲਾਂ ਵਾਂਗ ਦੁਆਬੀਆਂ ਨੂੰ ‘ਖੁਦਗਰਜ਼’ ਨਹੀਂ ਕਹਿੰਦਾ। .. ਏਸ ਸ਼ਹਿਰ ’ਚ ਮੇਰੇ ਦੋਸਤ ਰਹਿੰਦੇ ਨੇ। ਮੈਂ ਅਪਣੀ ਉਮਰ ਦਾ ਗੋਭਲਾ ਹਿੱਸਾ ਏਸ ਸ਼ਹਿਰ ’ਚ ਗੁਜ਼ਾਰਿਆ ਏ। ਮੈਂ ਬਹੁਤ ਲੋਕਾਂ ਨੂੰ ਰੱਜ ਕੇ ਪਿਆਰ ਦਿੱਤਾ ਤੇ ਲਿੱਤਾ ਏ। ਮੈਨੂੰ ਉਹ ਥਾਵਾਂ ਵੀ ਪਿਆਰੀਆਂ ਲੱਗਦੀਆਂ ਨੇ, ਜਿੱਥੇ ਮੈਂ ਪ੍ਰੇਮ-ਕ੍ਰੀੜਾ ਕੀਤੀ ਏ। ਜਿੱਥੇ ਮੈਂ ਔਖੇ ਸਾਹ ਸੁਣੇ ਤੇ ਲਏ ਨੇ। …
ਮੈਂ ਜਦ ਜਲੰਧਰੋਂ ਬਾਹਰ ਜਾਂਦਾ ਹਾਂ ਤਾਂ ਦੂਜੇ ਕਿਸੇ ਵੀ ਸ਼ਹਿਰ ’ਚ ਕਿਸੇ ਦੋਸਤ ਦੇ ਘਰ ’ਚ ਬੈਠਾ ਤੇ ਲੇਟਿਆ ਤਾਂ ਕੀ ਸੁੱਤਾ ਪਿਆ ਵੀ ਥੱਕ ਜਾਂਦਾ ਹਾਂ। ਫੇਰ ਮੈਂ ਕਾਹਲਾ ਪੈ ਜਾਂਦਾ ਹਾਂ, ਘਰ ਨੂੰ ਮੁੜਨ ਲਈ। ਬਸ ’ਚ ਬੈਠਿਆਂ ਮੈਂ ਖਾਸਾ ਅਵਾਜ਼ਾਰ ਹੁੰਦਾ ਹਾਂ। ਬੇਚੈਨੀ ਮਹਿਸੂਸ ਹੁੰਦੀ ਏ। ਪਰ ਜਦ ਫਗਵਾੜਾ ਟੱਪਦਾ ਹਾਂ ਤਾਂ ਸੌਖਾ ਹੋਣ ਲੱਗ ਪੈਂਦਾ ਹਾਂ। ਫੇਰ ਮੈਂ ਸ਼ੀਸ਼ੇ ਵਿਚੀਂ ਜਾਣੀਆਂ ਪਛਾਣੀਆਂ ਬਾਹਰਲੀਆਂ ਬਿਲਡਿੰਗਾਂ ਤੇ ਦਰਖਤਾਂ ਨੂੰ ਦੇਖਦਾ ਰਹਿੰਦਾ ਹਾਂ। ਮੈਨੂੰ ਸੁਆਦ ਆਓਣ ਲੱਗ ਪੈਂਦਾ ਏ। … ਇਹ ਬਈਂ ਦਾ ਪੁਲ ਲੰਘ ਗਿਆ। ਇਹ ਖਜੂਰਲਾ, ਜਿੱਥੇ ਅਸੀਂ ਕਦੇ ਸਸਤੀ ਸ਼ਰਾਬ ਪੀਣ ਆਉਂਦੇ ੁਹੰਦੇ ਸੀ। ਇਹ ਹਵੇਲੀ ਰੈਸਟੋਰੈਂਟ ਲੰਘ ਗਿਆ। ਇਹ ਰਾਮਾ ਮੰਡੀ। ਇਹ ਬਾਈ ਪਾਸ। ਇਹ ਖਾਲਸਾ ਕਾਲਜ। ਇਹ ਅੱਡਾ। ਇਹ ਮੋਤਾ ਸਿੰਘ ਨਗਰ। ਇਹ ਮੇਰਾ ਘਰ।… ਗੇਟ ਖੁਲ੍ਹਦਿਆਂ ਈ ਮੇਰਾ ਕੁੱਤਾ ਰੋਨੀ ਮੈਨੂੰ ਚਿੰਬੜ ਜਾਂਦਾ ਏ। ਅਸੀਂ ਪੰਜ ਕੁ ਮਿੰਟ ਜੱਫੀਆਂ ਪਾਉਂਦੇ ਹਾਂ। ਫੇਰ ਪਤਨੀ ਤੇ ਬੱਚਿਆਂ ਨੂੰ ਮਿਲ ਕੇ ਮੈਂ ਅਪਣੇ ਕਮਰੇ ’ਚ ਆਉਂਦਾ ਹਾਂ। ਹਰ ਚੀਜ਼ ਓਸੇ ਤਰਤੀਬ ਨਾਲ ਪਈ ਹੁੰਦੀ ਏ। ਜਿਹੜੀ ਜ਼ਰਾ ਕੁ ਵੀ ਹਿੱਲੀ ਹੁੰਦੀ ਏ, ਮੈਨੂੰ ਪਤਾ ਲੱਗ ਜਾਂਦਾ ਏ। ਮੈਂ ਕਈ ਸਰਾਹਣਿਆਂ ਵਾਲੇ ਅਪਣੇ ਬੈੱਡ ’ਤੇ ਬਹਿ ਜਾਂਦਾ ਹਾਂ। ਆਈਆਂ ਚਿੱਠੀਆਂ ਪੜ੍ਹਦਾ ਹਾਂ। ਟੀ ਵੀ ਦੇਖਦਾ ਹਾਂ। ਸੌਂ ਜਾਂਦਾ ਹਾਂ। ਜਾਗਦਾ ਹਾਂ ਤਾਂ ਏਨਾ ਤਰੋ ਤਾਜ਼ਾ ਹੁੰਦਾ ਹਾਂ ਕਿ ਮੁੜ ਕੇ ਕਿਤੇ ਵੀ ਜਾਣ ਜੋਗਾ ਹੋ ਜਾਂਦਾ ਹਾਂ।
ਉਂਜ ਇਕ ਸਚਾਈ ਇਹ ਵੀ ਏ ਕਿ ਮੇਰੀਆਂ ਕਹਾਣੀਆਂ ਵਾਪਰੀਆਂ ਤਾਂ ਜਲੰਧਰ ਹੁੰਦੀਆਂ ਨੇ, ਪਰ ਲੈ ਮੈਂ ਖੰਨੇ, ਪਟਿਆਲੇ ਜਾਂ ਨਾਭੇ ਜਾਦਾ ਹਾਂ। ਮੈਂ ਖੰਨੇ, ਪਟਿਆਲੇ ਤੇ ਚੰਡੀਗੜ੍ਹ ਕਿਤੇ ਵੀ ਸੈਟਲ ਹੋ ਸਕਦਾ ਹਾਂ। ਇਕ ਵਾਰ ਮੇਰੇ ਬੇਟੇ ਨੇ ਬਾਹਰ ਜਾਣ ਦੀ ਸਲਾਹ ਕੀਤੀ। ਮੈਂ ਕਈ ਮਹੀਨੇ ਇਹੀ ਸੋਚਦਾ ਰਿਹਾ ਕਿ ਉਹ ਜਦ ਜਾਣਗੇ ਤਾਂ ਮੈਂ ਵੀ ਇਹ ਘਰ ਛੱਡ ਜਾਵਾਂਗਾ। ਮੈਂ ਖੰਨੇ ਜਾ ਵਸਾਂਗਾ। ਮੇਰੇ ਸਭ ਤੋਂ ਛੋਟੇ ਭਾਈ ਕੋਲ ਪੁਰਾਣਾ ਮਕਾਨ ਏ। ਜਿਸ ਨੂੰ ਉਹਨੇ ਮਾਡਰਨ ਬਣਾਇਆ ਹੋਇਆ ਏ। ਉਹਨੇ ਅਪਣੀ ਨਵੀਂ ਕੋਠੀ ਪਾ ਲਈ ਏ। ਪੁਰਾਣਾ ਘਰ ਬੰਦ ਪਿਆ ਏ। ਮੈਂ ਉਹਦੇ ਨਾਲ ਉਹ ਘਰ ਲੈਣ ਦੀ ਪੱਕੀ ਕਰ ਲਈ। ਫੇਰ ਮੈਂ ਚਾਰ ਕੁ ਮਹੀਨੇ ਹਰ ਰਾਤ ਨੂੰ ਇਹ ਚਿਤਵਦਾ ਰਹਿੰਦਾ ਕਿ ਮੈਂ ਏਸ ਘਰ ਦਾ ਸਾਮਾਨ ਖੰਨੇ ਕਿਵੇਂ ਲਿਜਾਵਾਂਗਾ। ਉਥੇ ਕਿਹੜੇ ਕਮਰੇ ’ਚ ਕਿਥੇ ਰੱਖਾਂਗਾ। ਏਸ ਤਰ੍ਹਾਂ ਸਾਮਾਨ ਚਿਣਦਿਆਂ ਮੈਨੂੰ ਨੀਂਦ ਆ ਜਾਂਦੀ ਸੀ। ਮੈਂ ਖੰਨੇ ਤੋਂ ‘ਲਕੀਰ’ ਕੱਢਣ ਤੇ ਦੋਸਤਾਂ ਨੂੰ ਮਿਲਣ ਦੀ ਕਲਪਨਾ ਵੀ ਕਰਦਾ ਰਹਿੰਦਾ ਸੀ। ਜਦ ਜਲੰਧਰ ਦੇ ਦੋਸਤਾਂ ਦਾ ਖ਼ਿਆਲ ਆਉਂਦਾ ਸੀ ਤਾਂ ਬੜਾ ਸੁਆਦ ਆਉਂਦਾ। ਉਹ ਵੀ ਮੇਰੀਆਂ ਕਹਾਣੀਆਂ ਦੇ ਪਾਤਰ ਬਣ ਜਾਂਦੇ ਸੀ।…
ਫੇਰ ਇਕ ਵਾਰੀ ਕਿਸੇ ਮਿਲਣ ਵਾਲੀ ਦੇ ਕਹਿਣ ’ਤੇ ਮੈਂ ਚੰਡੀਗੜ੍ਹ ਵਸਣ ਬਾਰੇ ਵੀ ਸੋਚਦਾ ਰਿਹਾ। 37 ਸੈਕਟਰ ’ਚ ਸੰਘਣੇ ਦਰਖਤਾਂ ਦੇ ਨੇੜੇ ਦੀ ਲੇਨ ’ਚ ਮਕਾਨ ਪਾਉਂਦਾ ਰਿਹਾ। ਨਿੱਤ ਨਵਾਂ ਨਕਸ਼ਾ ਬਣਾਉਂਦਾ, ਤੋੜ ਭੰਨ ਕਰਦਾ ਤੇ ਅਪਣੇ ਬੈੱਡ, ਕੰਪਿਊਟਰ, ਟੀ.ਵੀ. ਤੇ ਕੁੱਤੇ ਵਾਸਤੇ ਕਮਰਾ ਠੀਕ ਕਰਦਾ ਰਹਿੰਦਾ। ਫੇਰ ਦੋਸਤਾਂ ਦੇ ਆਓਣ ਤੇ ਮਹਿਫਲਾਂ ਸਜਾਉਂਦਾ।.. ਜਦ ਮੇਰੇ ਮੁੰਡੇ ਨੇ ਅਪਣਾ ਵਿਚਾਰ ਬਦਲ ਲਿਆ ਤਾਂ ਮੇਰੇ ਸਾਰੇ ਮਹਿਲ ਢਹਿ ਗਏ।… ਮੈਨੂੰ ਲੱਗਦਾ ਏ ਕਿ ਅਸਲ ਜ਼ਿੰਦਗੀ ਨਾਲੋਂ ਕਲਪਨਾ ’ਚ ਜਿਊਣ ਦਾ ਸੁਆਦ ਕਿਤੇ ਵੱਧ ਹੁੰਦਾ ਏ। ਬੰਦਾ ਹਾਲਾਤ ਨੂੰ, ਯਾਰਾਂ-ਮਿੱਤਰਾਂ ਤੇ ਅਪਣੇ ਆਪ ਨੂੰ ਨਵੀਆਂ ਸਥਿਤੀਆ ’ਚ ਪਾ ਕੇ ਸੁਆਦ ਲੈਂਦਾ ਰਹਿੰਦਾ ਏ। ਪਰ ਕਦੇ ਇਹ ਦੁੱਖ ਦੇਣ ਵਾਲੇ ਸੀਨ ਵੀ ਵਿਖਾ ਦੇਂਦੀਆਂ ਨੇ।

ਸੰਪੂਰਨ ਮਨੁੱਖ ਦੀ ਗੱਲ

ਸੰਪੂਰਨ ਮਨੁੱਖ ਦੀ ਗੱਲ ਕਰਨ ਲਈ ਤੁਹਾਡੀ ਕਲਮ ਉਸਦੀਆਂ ਆਰਥਿਕ ਲੋੜਾਂ ਜਾਂ ਥੁੜ੍ਹਾਂ ਦੇ ਕੇਂਦਰੀ ਧੁਰੇ ਤੋਂ ਤਿਲਕ ਕੇ ਉਹਦੀਆਂ ਹੋਰ ਬਿਰਤੀਆਂ ਵੱਲ ਤੁਰ ਗਈ। ਤੁਹਾਡਾ ਇਹ ਕੋਣ ਵੱਖਰਾ ਤਾਂ ਸੀ ਪਰ ਕੀ ਦੂਜੇ ਪਾਸੇ ਉਲਾਰ ਨਹੀਂ ਸੀ?
ਜਿਹੜੀਆਂ ਮਨੁੱਖ ਦੀਆਂ ਆਰਥਿਕ ਲੋੜਾਂ ਜਾਂ ਥੁੜ੍ਹਾਂ ਦੀ ਗੱਲ ਤੁਸੀਂ ਕਰਦੇ ਹੋ, ਮੈਨੂੰ ਪਤਾ ਏ ਕਿ ਇਹਨਾਂ ਤੋਂ ਤੁਹਾਡਾ ‘ਅਸਲੀ’ ਮਤਲਬ ਕੀ ਏ?.. ਪਰ ਮੇਰਾ ਵਿਚਾਰ ਏ ਕਿ ਸੰਪੂਰਨ ਮਨੁੱਖ ਆਰਥਿਕ ਲੋੜਾਂ ਤੇ ਥੁੜ੍ਹਾਂ ਤਕ ਸੀਮਤ ਨਹੀਂ ਹੁੰਦਾ। ਸੰਪੂਰਨ ਜੀਵਨ ’ਚ ਬੜਾ ਕੁਝ ਹੋਰ ਚਾਹੀਦਾ ਹੁੰਦਾ ਏ। ਜਿਹੜਾ ਭੁੱਖ ਤੇ ਥੁੜ੍ਹਾਂ ਦੇ ਮਾਰੇ ਹੋਇਆਂ ਜਾਂ ਇਕ ਵਿਸ਼ੇਸ਼ ਸੋਚ ਨਾਲ ਬੱਝ ਕੇ ਬੈਠਿਆਂ ਨੂੰ ਬੜਾ ਚਿਰ ਨਹੀਂ ਸੀ ਦਿਸਿਆ। ਅਸਲ ’ਚ ਜਾਣਦੇ ਉਹ ਵੀ ਸਨ, ਪਰ ਅਪਣੀ ਬੁੱਧੀ ਨੂੰ ਬੰਦੇ ਨੂੰ ਸੰਪੂਰਨ ਰੂਪ ’ਚ ਨਹੀਂ ਚਿਤਰ ਸਕੇ। ਬੰਦੇ ਦੀ ਜ਼ਿੰਦਗੀ ਦੇ ਹੋਰ ਵੀ ਪਹਿਲੂ ਨੇ। ਉਹ ਧਾਰਮਕ ਏ। ਅਪਣੇ ਸੱਭਿਆਚਾਰ ਦੇ ਸੰਸਕਾਰਾਂ ਦੀ ਪੰਡ ਚੁੱਕੀ ਫਿਰਦਾ ਏ। ਉਹ ਸਮਾਜੀ ਭਾਈਚਾਰੇ ’ਚ ਰਹਿਣ ਲਈ ਰਸਮਾਂ ਦਾ ਬੱਝਿਆ ਹੋਇਆ ਏ। ਜਿਨ੍ਹਾਂ ਨਾਲ ਬੰਦੇ ਦਾ ਮਨੋਵਿਗਿਆਨ ਬਦਲਦਾ ਏ।
ਮੈਂ ਅਪਣੇ ਪਾਤਰਾਂ ਨੂੰ ਉਹਨਾਂ ਦੀ ਸੰਪੂਰਨਤਾ ’ਚ ਦੇਖਣ ਦੀ ਕੋਸ਼ਿਸ਼ ਕੀਤੀ ਏ। .. ਪਿਛਲੇ ਸੱਠਾਂ ਸੱਤਰਾਂ ਸਾਲਾਂ ਵਿੱਚ ਬਹੁਤਾ ਸਾਹਿਤ ਏਸੇ ਲਈ ਇਕੋ ਕਿਸਮ ਦਾ ਪੈਦਾ ਹੋਇਆ ਏ ਕਿਉਂਕਿ ਅਜਿਹਾ ਨਹੀਂ ਕੀਤਾ ਗਿਆ। ਹਿੰਦੂ ਦਰਸ਼ਨ ਅਨੁਸਾਰ ਜੀਵਨ ਲਈ ਚਾਰ ਪਾਵੇ ਨੇ… ਧਰਮ, ਅਰਥ, ਕਾਮ ਤੇ ਮੋਕਸ਼। ਧਰਮ ਦਾ ਅਰਥ ਕੇਵਲ ਮਜ਼ਹਬ ਨਹੀਂ, ਆਪਦੇ ਵਿਸ਼ਵਾਸਾਂ ਨਾਲ ਜਿਊਣਾ ਏ। ਅਰਥ ਦਾ ਮਤਲਬ ਸਿਰਫ ਨਾ ਧਨ ਪਦਾਰਥ ਏ ਤੇ ਨਾ ਹੀ ਮਨੋਰਥ ਏ। ਇਹ ਦੋਹਾਂ ਦਾ ਮਿੱਸਾ ਰੂਪ ਏ। ਤੀਜਾ ਕਾਮ, ਜੀਵਨ ਦੀ ਵੱਡੀ ਇਕਾਈ ਦੇ ਤੌਰ ’ਤੇ ਮੰਨਿਆ ਜਾਂਦਾ ਏ…। ਉਹਦੀ ਮਹਾ ਸ਼ਕਤੀ ਤੋਂ ਡਰਦੇ ਅਸੀਂ ਉਸ ਦੀ ਪੂਜਾ ਵੀ ਕਰਦੇ ਹਾਂ। ਅਸੀਂ ਉਹਦੇ ਬਾਰੇ ਵੱਡੇ-ਵੱਡੇ ਸ਼ਾਸਤਰ ਵੀ ਲਿਖੇ ਨੇ। ਚੌਥਾ ਪਾਵਾ ਏ ਮੋਕਸ਼। ਮੈਂ ਇਹਨੂੰ ਮੰਨਦਾ ਨਹੀਂ। ਮੇਰੀ ਮੰਜੀ ਤਿੰਨਾਂ ਪਾਵਿਆਂ ’ਤੇ ਖੜ੍ਹੀ ਏ। …
ਮੈਨੂੰ ਜੀਵਨ ’ਚ ਜੇ ਆਨੰਦ ਵੀ ਬਹੁਤ ਮਿਲਿਆ ਤੇ ਸੰਤਾਪ ਵੀ ਬੇਹੱਦ ਭੋਗਿਆ। ਏਸੇ ਲਈ ਮੇਰੀਆਂ ਕਹਾਣੀਆਂ ’ਚ ਆਨੰਦ ਦੇ ਨਾਲ ਨਾਲ ਸੰਤਾਪ ਮਿਲਦਾ ਏ। ਮੈਂ ਸੰਤਾਪ ਦੀਆਂ ਜਾਂ ਉਲਝਣਾਂ ਦੀਆਂ ਕਹਾਣੀਆਂ ਬਹੁਤੀਆਂ ਲਿਖੀਆਂ ਨੇ। ਪਰ ਇਹੀ ਸਾਹਿਤ ਨਹੀਂ ਏ। ਮੇਰਾ ਸਾਹਿਤ ਇੱਕ ਵੰਨਗੀ ਹੈ। ਇੱਕ ਮੇਰੇ ਸਾਹਿਤ ਦੀ ਹੋਰ ਟਰੈਜਿਡੀ ਵੀ ਏ। ਮੈਂ ਜਿਸ ਵੇਲੇ ਲਿਖਣਾ ਸ਼ੁਰੂ ਕੀਤਾ, ਉਸ ਸਮੇਂ ਸਾਡੀ ਮੁੱਖ ਧਾਰਾ ਦਾ ਅਧਾਰ ਪ੍ਰਗਤੀਵਾਦ ਸੀ। ਬਹੁਤੇ ਲੇਖਕਾਂ ਨੇ ਅਨ੍ਹੇ ਵਾਹ ਮਨੁੱਖ ਨੂੰ ਉਹਦੇ ਆਰਥਿਕ ਪਹਿਲੂ ਤੋਂ ਸਮਝਿਆ। ਉਹਦੀਆਂ ਥੁੜ੍ਹਾਂ ਕੀ ਨੇ ਤੇ ਹੱਲ ਕੀ ਏ? ਮੈਂ ਸਾਹਿਤ ’ਚ ਵੜਿਆ ਤਾਂ ਉਸ ਮੁੱਖ ਧਾਰਾ ਦਾ ਅੰਗ ਬਣ ਕੇ ਸੀ, ਪਰ ਫੇਰ ਵਿਰੋਧੀ ਹੋ ਗਿਆ। ਮੈਨੂੰ ਲੱਗਿਆ ਕਿ ਮਾਰਕਸਵਾਦੀ ਵਿਚਾਰਧਾਰਾ ਵਾਲੇ ਇੱਕੋ ਕਿਸਮ ਦਾ ਸਾਹਿਤ ਮਿਥ ਕੇ ਰਚਦੇ ਨੇ। ਜੀਹਨੂੰ ਮੈਂ ਰੈਜਮੈਨਟੇਸ਼ਨ ਕਹਿੰਦਾ ਹਾਂ। ਮੈਂ ਅਜਿਹਾ ਕੁਝ ਲਿਖਣਾ ਚਾਹੁੰਦਾ ਸੀ, ਜਿਹੋ ਜਿਹਾ ਪਹਿਲਾਂ ਨਾ ਰਚਿਆ ਗਿਆ ਹੋਵੇ। ਮੈਂ ਅਪਣੇ ਸਾਹਿਤ ਦੀ ਬੁਨਿਆਦ ਸੰਪੂਰਨ ਮਨੁੱਖ ’ਤੇ ਰੱਖੀ, ਜਿਹੜਾ ਆਰਥਿਕ ਥੁੜ੍ਹਾਂ ਦਾ ਈ ਮਾਰਿਆ ਹੋਇਆ ਨਹੀਂ ਸੀ, ਸਗੋਂ ਸਮਾਜੀ ਬਨ੍ਹਣਾਂ ਤੇ ਵਿਤਕਰਿਆਂ ਦਾ ਵੀ ਦੱਬਿਆ ਹੋਇਆ ਸੀ।
ਹੁਣ ਮਾਰਕਸੀਆਂ ਨੂੰ ਏਸ ਗੱਲ ਦੀ ਸਮਝ ਉਦੋਂ ਆਈ ਏ, ਜਦ ਦਲਿਤ ਸਾਹਿਤ ਦੀ ਲਹਿਰ ਹੀ ਚੱਲ ਪਈ ਏ। ਦੇਸ਼ ਦੀ ਸਿਆਸਤ ਦੀਆਂ ਬੁਨਿਆਦਾਂ ਹੀ ਜਾਤਾਂ ਬਰਾਦਰੀਆਂ ਬਣ ਗਈਆਂ ਨੇ। … ਮੇਰੀ ਪਹਿਲੀ ਕਹਾਣੀ ‘ਉਪਤ ਖੁਪਤ’ ਜਿਹੜੀ ਪ੍ਰੀਤਲੜੀ ’ਚ ਛਪੀ ਸੀ, ਦਾ ਵਿਸ਼ਾ ਹੀ ਜਾਤ ਬਰਾਦਰੀ ਦੀ ਟੱਕਰ ਸੀ। ਜੀਹਦੇ ਵਿਚ ਦਲਿਤ ਮਿੱਧੇ ਜਾ ਰਹੇ ਸਨ।…
ਮਾਰਕਸੀਆਂ ਨਾਲ ਟਕਰਾਓਣ ਬਾਰੇ ਹੁਣ ਮੈਂ ਬਹੁਤਾ ਨਹੀਂ ਸੋਚਦਾ। ਉਹ ਆਪ ਨਵੇਂ ਰਾਹ ’ਤੇ ਆ ਗਏ ਨੇ। ਉਹ ਮਨੁੱਖ ਦੇ ਮਨ ਦੀਆਂ ਗੰਢਾਂ ਤੇ ਕਾਮੁਕ ਵਿਹਾਰ ਬਾਰੇ ਲਿਖਤਾਂ ਨੂੰ ਵੀ ਕਬੂਲ ਕਰਨ ਲੱਗ ਪਏ ਨੇ। ਉਹ ਸਮੇਂ ਦੇ ਨਾਲ ਬਦਲ ਰਹੇ ਨੇ। ਉਹਨਾਂ ਦੀ ਸੋਚ ਕਈ ਪਹਿਲੂਆਂ ਤੋਂ ਸਿਹਤਮੰਦ ਵੀ ਏ। ਕਿਸੇ ਵੀ ਸੋਚ ਨੂੰ ਬਿਲਕੁਲ ਨਕਾਰਿਆ ਨਹੀਂ ਜਾ ਸਕਦਾ। ਹਰ ਸੋਚ ਨਾਲ ਸਾਹਿਤਕ ਫੁੱਲ ਖਿੜਨੇ ਚਾਹੀਦੇ ਨੇ।…ਫੇਰ ਆਖਰ ਨੂੰ ਉਹੀ ਮੇਰੇ ਭਾਈ ਨੇ। ਮਾਰਨਗੇ ਤਾਂ ਛਾਵੇਂ ਸਿੱਟਣਗੇ।
ਤੁਹਾਡੀਆਂ ਕਹਾਣੀਆਂ ਦੇ ਬਹੁਤੇ ਪਾਤਰ ਆਮ ਤੌਰ ‘ਤੇ ਆਰਥਿਕਤਾ ਦੀਆਂ ਥੁੜ੍ਹਾਂ ਕਰ ਕੇ ਦੁੱਖੀ ਨਹੀਂ ਹੁੰਦੇ ਸਗੋਂ ਹੋਰ ਗੁੰਝਲਾਂ ਵਿਚ ਉਲਝ ਜਾਂਦੇ ਹਨ, ਕਿਉਂ?
ਮੇਰੇ ਪਾਤਰਾਂ ਦਾ ਵਿਹਾਰ ਤਾਂ ਬੰਦੇ ਦੀ ਸੰਪੂਰਨਤਾ ’ਚ ਏ। ਆਰਥਿਕਤਾ ਤੋਂ ਬਿਨਾਂ ਤਾਂ ਪਾਤਰ ਹੋ ਈ ਨਹੀਂ ਸਕਦਾ। ਮੈਂ ਆਰਥਿਕਤਾ ਨੂੰ ਦੂਜੇ ਦਰਜੇ ਦਾ ਤੱਤ ਮੰਨਦਾ ਹਾਂ। ਇਹ ਬਦਲਦਾ ਈ ਰਹਿੰਦਾ ਏ। ਪੰਜਾਬੀ ਦਾ ਜਿਹੜਾ ਸਾਹਿਤ ਆਰਥਿਕਤਾ ਨੂੰ ਅਧਾਰ ਬਣਾ ਕੇ ਰਚਿਆ ਗਿਆ, ਉਹ ਹੁਣ ਅਪਣੇ ਅਰਥ ਗੁਆਉਂਦਾ ਜਾ ਰਿਹਾ ਏ।… ਅਸਲੀ ਗੱਲ ਤਾਂ ਬੰਦੇ ਦੀਆਂ ਬਦਲਦੀਆਂ ਮਨੋਸਥਿਤੀਆਂ ਨੇ। ਇਹਨਾਂ ਨਾਲ ਈ ਕਥਾ ’ਚ ਰਸ ਪੈਦਾ ਹੁੰਦਾ ਏ। ਰਸ ਹੀ ਸਾਹਿਤ ਦਾ ਸਦੀਵੀ ਤੱਤ ਏ।
ਮੈਂ ਬੰਦੇ ਨੂੰ ਸਮਝਣ ਲਈ ਉਹਦੇ ਧਾਰਮਿਕ ਵਿਸ਼ਵਾਸਾਂ, ਉਹਦੀ ਸੰਸਕ੍ਰਿਤੀ, ਉਹਦੇ ਉਪ-ਸੱਭਿਅਚਾਰ ਨੂੰ ਵੱਧ ਮਹੱਤਵ ਦੇਂਦਾ ਹਾਂ। ਏਸੇ ਨਾਲ ਮੇਰੇ ਪਾਤਰ ਹੋਰਾਂ ਲੇਖਕਾਂ ਦੇ ਪਾਤਰਾਂ ਨਾਲੋਂ ਵੱਖਰੇ ਲੱਗਦੇ ਨੇ।… ਮੈਂ ਵਰਗਾਂ ਜਾਂ ਵਰਣਾਂ ਦੇ ਅਧਾਰ ’ਤੇ ਹੀ ਪਾਤਰਾਂ ਨੂੰ ਸਮਝਣਾ ਠੀਕ ਨਹੀਂ ਸਮਝਦਾ। ਇਕ ਵਰਗ ਜਾਂ ਇਕ ਵਰਣ ਤਾਂ ਇਕ ਪਾਸੇ, ਇਕ ਘਰ ’ਚ ਪਲਦੇ ਪੰਜ ਭਾਈ ਵੀ ਕਦੇ ਇਕੋ ਜਿਹੇ ਨਹੀਂ ਹੋ ਸਕਦੇ। ਮੇਰੇ ਲਈ ‘ਵਿਅਕਤੀ’ ਸਭ ਤੋਂ ਵੱਧ ਅਹਿਮ ਏ। ਹਰੇਕ ਵਿਅਕਤੀ ਦੀ ਅਪਣੀ ਪਛਾਣ ਹੁੰਦੀ ਏ।… ਤੁਸੀਂ ‘ਨਿਮਨ ਕਿਸਾਨੀ’ ਜਾਂ ‘ਬੁਰਜ਼ਵਾ’ ਸ਼ਬਦ ਬੋਲ ਕੇ ਲੱਖਾਂ ਬੰਦਿਆਂ ਨੂੰ ਇੱਕੋ ਰੱਸੇ ਨਾਲ ਬੰਨ੍ਹ ਦੇਂਦੇ ਹੋਂ। ਇਹ ਠੀਕ ਨਹੀਂ।
ਮੈਨੂੰ ਲੱਗਦਾ ਏ ਕਿ ਮਾਰਕਸਵਾਦੀਆਂ ਤਾਂ ਕੀ ਸਾਰੇ ਭਾਰਤੀਆਂ ਨੂੰ ‘ਕਾਮੁਕ ਵਿਹਾਰ’ ਦੀ ਗੱਲ ਕਰਨ ਲੱਗਿਆਂ ਦੰਦਲ ਜਿਹੀ ਪੈ ਜਾਂਦੀ ਏ। ਹਿੰਦੂ ਧਰਮ ਅਤੇ ਦਰਸ਼ਨ ਨੇ ਇਹਨੂੰ ਜੀਵਨ ’ਚ ਬਹੁਤ ਅਹਿਮ ਮੰਨਿਆ ਏ। ਇਹ ਭਾਵ ਮਨੁੱਖ ਦਾ ਸਭ ਤੋਂ ਪਹਿਲਾ ਤੇ ਸਦੀਵੀ ਏ। ਲੱਖਾਂ ਲੇਖਕ ਰੋਜ਼ ਇਹਦੇ ਬਾਰੇ ਲਿਖਦੇ ਸ਼ਿੰਗਾਰ ਰਸ ਦੀ ਕਲਾ ਦੀ ਸਿਰਜਣਾ ਕਰਦੇ ਪਏ ਨੇ। …. ਆਮ ਲੋਕ ਏਸ ਭਾਵਨਾ ਦੀ ਸ਼ਕਤੀ ਦੇ ਪ੍ਰਭਾਵ ਹੇਠ ਰਹਿੰਦੇ ਵੀ ਇਹਨੂੰ ਨਿੰਦੀ ਜਾਂਦੇ ਨੇ। …. ਇਕ ਸਾਡੇ ਸਮਾਜ ਦੀ ਇਹ ਬੀਮਾਰੀ ਏ ਕਿ ਅਸੀਂ ਪੰਜਾਹਾਂ ਤੋਂ ਟੱਪੇ ਬੰਦੇ ਨੂੰ ‘ਕਬਰ ’ਚ ਲੱਤਾਂ’ ਕਹਿ ਦੇਂਦੇ ਹਾਂ ਕਿ ਉਹਨੂੰ ਹੁਣ ਬਾਣਪ੍ਰਸਥੀ ਜਾਂ ਸੰਨਿਆਸੀ ਹੋ ਜਾਣਾ ਚਾਹੀਦਾ ਏ। ਬਥੇਰਾ ਗ੍ਰਹਸਤ ਭੋਗ ਲਿਆ। ਪਰ ਮੈਂ ਏਸ ਦੇ ਉਲਟ ਸਮਝਦਾ ਹਾਂ। ਮੇਰਾ ਖਿਆਲ ਏ ਕਿ ਨੂਹਾਂ ਤੇ ਪੋਤਿਆਂ ਵਾਲੇ ਬੰਦਿਆਂ ਨੂੰ ਵੀ ਪਿਆਰ ਦੀ ਓਨੀ ਹੀ ਲੋੜ ਹੁੰਦੀ ਏ, ਜਿੰਨੀ ਜਵਾਨਾਂ ਨੂੰ। ਪਰ ਉਹਨਾਂ ਦੇ ਤੌਰ ਤਰੀਕੇ ਬਦਲ ਜਾਂਦੇ ਨੇ। ਹਰ ਉਮਰ ’ਚ ਬੰਦੇ ਅੰਦਰ ਮੁਹੱਬਤ ਕਰਨ ਤੇ ਮੁਹੱਬਤ ਲੱਭਣ ਦੀ ਚਾਹਤ ਹੁੰਦੀ ਏ। ਜਿਹੜੇ ਇਹਦੇ ਬਾਰੇ ਲਿਖਣ ਦੇ ਵਿਰੋਧੀ ਨੇ, ਉਹ ਆਮ ਜੀਵਨ ’ਚ ਇਹਦੇ ਬਾਰੇ ਵੱਧ ਗੱਲਾਂ ਕਰਦੇ ਨੇ – ਮੈਂ ਤਾਂ ਹੁਣ ਵੀ ਇਸਤਰੀ ਦੇ ਪਿਆਰ ਲਈ ਤਰਸਦਾ ਹਾਂ।

ਕਾਵਿ ਰਚਨਾ

ਪਤਾ ਲੱਗਾ ਹੈ ਕਿ ਕਦੀ ਤੁਸੀਂ ਗਜ਼ਲ ਲਿਖੀ ਸੀ । ਕੀ ਤੁਹਾਨੂੰ ਕਿਸੇ ਵੇਲੇ ਕਵਿਤਾ ਦੀ ਕੋਈ ਸਤਰ ਵੀ ਸੁੱਝੀ ਸੀ ਜੋ ਹਰ ਲੇਖਕ ਨੂੰ ਸੁੱਝਦੀ ਹੈ। ਹੋਰ ਨਹੀਂ ਤਾਂ ਕਿਸੇ ਹੋਰ ਦੀ ਹੀ ਚੰਗੀ ਲੱਗੀ ਹੋਵੇ?
ਮੇਰੇ ਦੋ ਮਾਮੇ ਰਵਾਇਤੀ ਸ਼ਾਇਰ ਸਨ। ਇਕ ਸਭ ਤੋਂ ਵੱਡੇ ਜਨਾਬ ਮਾਲਕ ਰਾਮ ‘ਪ੍ਰੇਮ’ ਫੌਜ ’ਚ ਸੂਬੇਦਾਰ ਰਹੇ ਸਨ। ‘ਪ੍ਰੇਮ’ ਉਹਨਾਂ ਦਾ ਤੱਖ਼ਲੁਸ ਸੀ। ਉਹ ਪੰਜਾਬੀ ਤੇ ਉਰਦੂ ਦੋਹਾਂ ਭਾਸ਼ਾਵਾਂ ’ਚ ਲਿਖਦੇ ਸਨ। ਆਰੀਆ ਸਮਾਜ ਤੇ ਸਮਾਜ ਸੁਧਾਰ ਬਾਰੇ ਵੱਧ ਲਿਖਦੇ ਰਹੇ। ਉਹਨਾਂ ਨੇ ਪੰਜਾਬੀ ’ਚ ਸੁਆਮੀ ਦਯਾ ਨੰਦ ਦੀ ਜੀਵਨੀ ‘ਪ੍ਰੇਮ ਸਾਗਰ’ ਲਿਖੀ ਸੀ। ਉਹਨਾਂ ਤੋਂ ਛੋਟੇ ਜਨਾਬ ਗਿਰਧਾਰੀ ਲਾਲ ‘ਸ਼ੌਕ’ ਅਖਬਾਰੀ ਸ਼ਾਇਰ ਸਨ। ਉਹ ਸੁਤੰਤਰਤਾ ਸੈਨਾਨੀ ਹੋਣ ਕਰ ਕੇ ਆਜ਼ਾਦੀ ਲਈ ਹੀ ਕਵਿਤਾ ਲਿਖਦੇ ਰਹੇ ਤੇ ਆਮ ਤੌਰ ’ਤੇ ਜੇਲ੍ਹਾਂ ’ਚ ਹੀ ਰਹੇ।… ਮੇਰੇ ’ਤੇ ਉਹਨਾਂ ਦਾ ਕੋਈ ਪ੍ਰਭਾਵ ਨਹੀਂ ਪਿਆ। ਸਗੋਂ ਅਖਬਾਰੀ ਸ਼ਾਇਰ ਸ਼ੌਕ ਸਾਹਿਬ ਤਾਂ ਮੈਨੂੰ ਚੰਗੇ ਵੀ ਨਹੀਂ ਲੱਗਦੇ ਸਨ। ਇਕ ਵਾਰ ਉਹਨਾਂ ਮੂਰਖਾਂ ਵਾਂਗ ਮੇਰੇ ਏਸ ਗੱਲੋਂ ਥੱਪੜ ਮਾਰ ਦਿੱਤਾ ਸੀ ਕਿ ਮੈਂ ਪੁੱਛ ਲਿਆ ਸੀ ਕਿ ਕੀ ਇਹ ਸ਼ਿਅਰ ਸੱਚੀ ਮੁੱਚੀ ਥੋਡੈ? ਉਹ ਜਲੰਧਰ ਰਹਿੰਦੇ ਸੀ। ਫੇਰ ਵੀ ਮੈਂ ਉਹਨਾਂ ਨੂੰ ਮਿਲਦਾ ਨਹੀਂ ਸੀ।
ਮੈਂ ਗ਼ਜ਼ਲ ਕਦੇ ਨਹੀਂ ਲਿਖੀ। ਹਾਂ, ਮੈਂ ਕਵਿਤਾਵਾਂ ਜ਼ਰੂਰ ਲਿਖੀਆਂ ਪੰਜ ਸੱਤ। ਇਕ ਦੋ ਐਂਵੇ ਲੋਰ ’ਚ। ਕੁਝ ‘ਸੈਨਿਕ ਸਮਾਚਾਰ’ ’ਚ ਛਪਵਾ ਕੇ ਪੈਸੇ ਕਮਾਓਣ ਲਈ। ਕੁਝ ਕਵਿਤਾਵਾਂ ਉਰਦੂ ਦੇ ਆਧੁਨਿਕ ਸਾਹਿਤ ਛਾਪਣ ਵਾਲੇ ਮਸ਼ਹੂਰ ਪਰਚੇ ‘ਸ਼ਬਖੂਨ’ ’ਚ ਛਪਣ ਲਈ ਭੇਜੀਆਂ। ਤਾਂ ਜੋ ਕਹਿ ਸਕਾਂ ਕਿ ਇਹ ਆਧੁਨਿਕ ਸਾਹਿਤ ਵਾਲੇ ਵੀ ਲਾਲ ਬੁਝੱਕੜ ਈ ਨੇ। ਜਿਹੜੀ ਰਚਨਾ ਉਲਝੀ ਜਿਹੀ ਤੇ ਰੱਬੀ ਸੁਰ ਵਾਲੀ ਹੋਵੇ, ਉਹਨੂੰ ਇਹ ‘ਨਵੀਂ’ ਮੰਨ ਲੈਂਦੇ ਨੇ। ਮੈਂ ਦੱਸਣਾ ਚਾਹੁੰਦਾ ਸੀ ਕਿ ਪੌਣੇ ਦੋ ਹਜ਼ਾਰ ਸਾਲ ਪਹਿਲਾਂ ਵੀ ਆਧੁਨਿਕ ਸਾਹਿਤ ਰਚਿਆ ਜਾਂਦਾ ਸੀ। ਉਹ ਕਵਿਤਾਵਾਂ ਛਪ ਗਈਆਂ। ਮੈਂ ਆਧੁਨਿਕਤਾ ਦਾ ਮਜ਼ਾਕ ਉਡਾਣ ’ਚ ਸਫਲ ਹੋ ਗਿਆ। ਉਹ ਸਾਰੀਆਂ ਕਵਿਤਾਵਾਂ ਮੈਂ ਬਾਈਬਲ ਵਿਚੋਂ ਨਕਲ ਕਰ ਕੇ ਭੇਜੀਆਂ ਸਨ। ਪਰ ਅਗਲੇ ਅੰਕ ’ਚ ਕਿਸੇ ਕ੍ਰਿਸ਼ਚਨ ਭਾਈ ਨੇ ਚਿੱਠੀ ਲਿਖ ਕੇ ਮੇਰਾ ਭੇਤ ਖੋਲ੍ਹ ਦਿੱਤਾ ਸੀ। … ਉਹ ਕਵਿਤਾਵਾਂ ਮੈਂ ਸੰਤੋਸ਼ ਕਪਿਲ ਦੇ ਨਾਂ ਨਾਲ ਛਪਵਾਈਆਂ ਸਨ। ਸੰਤੋਸ਼ ਨਾਂ ਦੀ ਇਕ ਸੁੰਦਰ ਇਸਤਰੀ ਮੈਨੂੰ ਚੰਗੀ ਲੱਗਦੀ ਹੁੰਦੀ ਸੀ। ਮੇਰਾ ਇਕ ਨੇੜੇ ਦਾ ਦੋਸਤ ਮੈਨੂੰ ‘ਕਪਿਲਵਸਤੂ’ ਕਹਿਣ ਲੱਗ ਪਿਆ ਸੀ।
ਕਵਿਤਾ ਜਾਂ ਕਿਸੇ ਹੋਰ ਵੀ ਸਾਹਿਤਕ ਵਿਧਾ ਦਾ ਚੰਗਾ ਲੱਗਣਾ ਸਾਰੀ ਉਮਰ ਇੱਕੋ ਜਿਹਾ ਨਹੀਂ ਹੁੰਦਾ। ਕਦੇ ਮੈਂ ਡੰਗਰਾਂ ਵਾਲੀਆਂ ਮੰਡੀਆਂ ’ਚ ਵਿਕਦੇ ਕਿੱਸੇ ਖਰੀਦ ਕੇ ਸ਼ੌਕ ਨਾਲ ਪੜ੍ਹਦਾ ਸੀ ਤਾਂ ਬਹੁਤੇ ਸੁਆਦ ਨਾਲ ਮੈਂ ਸਾਧੂ ਦਯਾ ਸਿੰਘ ਆਰਿਫ ਦਾ ‘ਜ਼ਿੰਦਗੀ ਬਿਲਾਸ’ ਪੜ੍ਹਿਆ। ਗਾਇਆ ਤੇ ਹੋਰਾਂ ਦੋਸਤਾਂ ਨੂੰ ਸੁਣਾਇਆ। ਏਸੇ ਤੋਂ ਮੈਨੂੰ ਪੰਜਾਬੀ ਪੜ੍ਹਨ ਤੇ ਗੁਰਮੁਖੀ ਅੱਖਰਾਂ ਦੀ ਪਛਾਣ ਆਈ। ਕਿਉਂਕਿ ਸਾਡੇ ਸਕੂਲ ’ਚ ਪੰਜਾਬੀ ਦਾ ਵਿਸ਼ਾ ਈ ਨਹੀਂ ਸੀ। ਮੈਂ ਹਿੰਦੀ ਤੇ ਸੰਸਕ੍ਰਿਤ ਪੜ੍ਹਦਾ ਸੀ। ਉਰਦੂ ਪੜ੍ਹਾਈ ਦੇ ਮਾਧਿਅਮ ਦੀ ਭਾਸ਼ਾ ਸੀ। ਮੈਨੂੰ ਇਹੋ ਚੰਗੀ ਲੱਗਦੀ ਸੀ। ਏਸ ਲਈ ਮੈਂ ਸਭ ਤੋਂ ਵੱਧ ਸਾਹਿਤ ਉਰਦੂ ਦਾ ਪੜ੍ਹਿਆ। ਸ਼ਾਇਰੀ ਵੀ ਬਹੁਤ ਪੜ੍ਹੀ। ਹੁਣ ਵੀ ਮੈਂ ਅਪਣੇ ਆਪ ਨੂੰ ਬੁਨਿਆਦੀ ਤੌਰ ’ਤੇ ਉਰਦੂ ਦਾ ਬੰਦਾ ਈ ਸਮਝਦਾ ਹਾਂ। ਜਾਂ ਇੰਜ ਕਹਿਣਾ ਮੈਨੂੰ ਚੰਗਾ ਲੱਗਦਾ ਏ। … ਫੇਰ ਮੈਂ ਆਰੀਆ ਸਮਾਜ ਖੰਨਾ ਤੇ ਮਿਉਂਸੀਪਲ ਕਮੇਟੀ ਖੰਨਾ ਦੀਆਂ ਲਾਇਬ੍ਰੇਰੀਆਂ ਵਿਚੋਂ ਕਿਤਾਬਾਂ ਕਢਵਾ ਕੇ ਬੇਤਹਾਸ਼ਾ ਪੜ੍ਹੀਆਂ। (ਮੇਰੇ ਬਾਈ ਜੀ ਦੋਹਾਂ ਲਾਇਬ੍ਰੇਰੀਆਂ ਦੇ ਲਾਈਫ ਮੈਂਬਰ ਸਨ) ਜਿਹੜੀਆਂ ਸਭ ਤੋਂ ਵੱਧ ਉਰਦੂ ’ਚ ਸਨ। ਜੇ ਕੋਈ ਪੰਜਾਬੀ ਦੀ ਕਿਤਾਬ ਪੜ੍ਹੀ ਤਾਂ ਫਾਰਸੀ ਲਿਪੀ ’ਚ ਹੁੰਦੀ ਸੀ। ਮੈਨੂੰ ਦਰਸ਼ਨ ਸਿੰਘ ਆਵਾਰਾ ਦੀਆਂ ਸਾਰੀਆਂ ਕਿਤਾਬਾਂ ਚੰਗੀਆਂ ਲੱਗੀਆਂ ਸਨ। ਹਿੰਦੀ ’ਚ ਹਰਿਵੰਸ਼ ਰਾਏ ਬੱਚਨ ਦੀ ਸਾਰੀ ‘ਮਧੁਸ਼ਾਲਾ’ ਪੜ੍ਹੀ ਸੀ। ਪਰ ਬਾਅਦ ’ਚ ਮੈਂ ਮੁਹੱਬਤ ਤੇ ਇਨਕਲਾਬ ਦੀ ਸ਼ਾਇਰੀ ਪੜ੍ਹਦਾ ਰਿਹਾ।
ਹੁਣ ਵੀ ਮੈਂ ਪੰਜਾਬੀ ਕਵਿਤਾ ਪੜ੍ਹਦਾ ਤਾਂ ਹਾਂ, ਪਰ ਮੈਨੂੰ ਉਹ ਕੁਝ ਨਹੀਂ ਹੁੰਦਾ, ਜਿਹੜਾ ਪਹਿਲਾਂ ਹੋਇਆ ਕਰਦਾ ਸੀ। ਸ਼ਾਇਦ ਸਾਹਿਤ ਬਾਰੇ ਮੇਰੀ ਸਮਝ ਬਹੁਤੀ ਪੱਕ ਗਈ ਏ। ਉਰਦੂ ਸ਼ਾਇਰੀ ਹੁਣ ਵੀ ਅਸਰ ਕਰਦੀ ਏ। ਔਹ ਦੇਖੋ! ਮੇਰੇ ਬੈੱਡ ਅੱਗੇ ਪਈ ਛੋਟੀ ਮੇਜ਼ ’ਤੇ ਮਿਰਜ਼ਾ ਗ਼ਾਲਿਬ, ਮੀਰ ਤਕੀ ਮੀਰ ਤੇ ਇਕਬਾਲ ਦੇ ਦੀਵਾਨ ਪਏ ਹੋਏ ਨੇ। ਗ਼ਾਲਿਬ ਦੇ ਕਲਾਮ ਦੀਆਂ ਸੱਤੇ ਸ਼ਰਾਆਂ ਦੇ ਹਵਾਲਿਆਂ ਵਾਲੀ ਕਿਤਾਬ ਵੀ ਹੈਗੀ। ਕਦੇ ਕਦੇ ਮੈਂ ਇਹਨਾਂ ਨੂੰ ਪੜ੍ਹਦਾ ਹਾਂ ਤੇ ਅਪਣੇ ਹਮਰਾਜ਼ ਦੋਸਤ ਓਮ ਪ੍ਰਕਾਸ਼ ਪਨਾਹਗੀਰ ਨੂੰ ਫੋਨ ਕਰ ਕੇ ਕਹਿੰਦਾ ਹਾਂ… ਗਾਹੇ ਗਾਹੇ ਬਾਜ਼ ਖਾਂ ਕਿੱਸਾ ਏ ਪਾਰੀਨਾ ਰਾ (ਕਦੇ ਕਦੇ ਪੁਰਾਣੇ ਕਿੱਸੇ ਵੀ ਪੜ੍ਹ)।

ਫਿਕਰ ਤੌਂਸਵੀ ਵਾਂਗ ਪ੍ਰੇਮ ਪ੍ਰਕਾਸ਼ ਖੰਨਵੀ ਬਹੁਤ ਸੁਹਣਾ ਨਾਮ ਸੀ। ਇਹ ‘ਖੰਨਵੀ’ ਕਿਉਂ ਲਾਹ ਮਾਰਿਆ। ਸਗੋਂ ਪ੍ਰੇਮ ਪ੍ਰਕਾਸ਼ ਟੁੰਡਾ ਜਿਹਾ ਲਗਦੈ। ਕੀ ਖ਼ਿਆਲ ਐ?
‘ਖੰਨਵੀ’ ਤੁਹਾਨੂੰ ਸੋਹਣਾ ਲੱਗਦਾ ਹੋਵੇਗਾ, ਮੈਨੂੰ ਨਾ ਲੱਗਿਆ। ਜਿਨ੍ਹਾਂ ਨੂੰ ਚੰਗਾ ਲੱਗਦਾ ਏ ਜਾਂ ਯਾਦ ਏ, ਉਹ ਬੰਦੇ ਮੇਰੀ ਅਖਬਾਰ ਨਵੀਸ ਬਰਾਦਰੀ ਦੇ ਨੇ। ਜਿਨ੍ਹਾਂ ’ਚੋਂ ਕਈਆਂ ਨੂੰ ਮੇਰੇ ਪੂਰੇ ਨਾਂ ਦਾ ਵੀ ਪਤਾ ਨਹੀਂ ਸੀ। ਉਰਦੂ ਦੇ ਅਦਬ ਆਦਾਬ ਮੁਤਾਬਿਕ ਅਸੀਂ ਨਾਂ ਦੇ ਨਾਲ ‘ਸਾਹਿਬ’ ਬੋਲਦੇ ਹਾਂ। ਏਸ ਹਿਸਾਬ ਨਾਲ ਮੈਨੂੰ ‘ਖੰਨਵੀ ਸਾਹਿਬ’ ਕਹਿ ਕੇ ਬੁਲਾਇਆ ਜਾਂਦਾ ਸੀ।… ਪਰ ਅਪਣੀਆਂ ਕਹਾਣੀਆਂ ਤੋਂ ਮੈਂ ਚਾਰ ਪੰਜ ਸਾਲਾਂ ਬਾਅਦ ਈ ‘ਖੰਨਵੀ’ ਲਾਹ ਦਿੱਤਾ ਸੀ। ਮੈਨੂੰ ਤੁਹਾਡਾ ਇਹ ਸ਼ਬਦ ‘ਟੁੰਡਾ’ ਕੁਰੱਖਤ ਲੱਗਿਆ ਏ। ਖੈਰ ਤੁਸੀਂ ਅਪਣੇ ਸੱਭਿਆਚਾਰ ਦੀ ਬੋਲੀ ਬੋਲਣੀ ਏ।….
ਇਹ ‘ਖੰਨਵੀ’ ਮੈਂ ਉਰਦੂ ਵਾਲਿਆਂ ਦੀ ਰੀਸ ’ਚ ਲਾਇਆ ਸੀ। ਜਿਵੇਂ ਸਾਹਿਰ ਲੁਧਿਆਨਵੀ, ਹਫ਼ੀਜ਼ ਜਲੰਧਰੀ, ਹਾਲੀ ਪਾਨੀਪਤੀ ਆਦਿ। ਉਹ ਅਪਣਾ ਤਖ਼ਲੁਸ ਏਸ ਲਈ ਵੀ ਲਿਖਦੇ ਸਨ ਕਿ ਨਾਂ ਲੰਮੇ ਹੁੰਦੇ ਸਨ। ਗ਼ਜ਼ਲ ਦੇ ਮਕਤਾਅ ’ਚ ਚੰਗੀ ਤਰ੍ਹਾਂ ਫਿਟ ਨਹੀਂ ਸੀ ਹੁੰਦੇ। ਜਿਵੇਂ ਫ਼ਿਕਰ ਤੌਂਸਵੀ ਦਾ ਨਾਂ ਰਾਮ ਲਾਲ ਸੀ। ਮਿਰਜ਼ਾ ਗ਼ਾਲਿਬ ਦਾ ਨਾਂ ਅਸਦੁੱਲਾ ਖਾਂ ਸੀ। ਸਾਹਿਰ ਲੁਧਿਆਨਵੀ ਦਾ ਨਾਂ ਅਬਦੁਲਯਹੀ ਸੀ । ਹਾਲੀ ਦਾ ਨਾਂ ਮੈਂ ਭੁੱਲ ਗਿਆ ਹਾਂ।
ਅਪਣੇ ਸ਼ਹਿਰ ਖੰਨੇ ਨਾਲ ਉਂਜ ਵੀ ਮੈਨੂੰ ਬਹੁਤਾ ਮੋਹ ਜਾਂ ਲਗਾਓ ਨਹੀਂ ਸੀ। ਦਿਲਚਸਪ ਗੱਲ ਏ ਕਿ ਖੰਨੇ ’ਚ ਅੱਜ ਤਕ ਕੋਈ ਚੰਗਾ ਸ਼ਾਇਰ ਜਾਂ ਕਹਾਣੀਕਾਰ ਪੈਦਾ ਨਹੀਂ ਹੋਇਆ। ਉਂਜ ਇਹ ਸ਼ਹਿਰ ਪੜ੍ਹੇ ਲਿਖੇ ਤੇ ਅਮੀਰ ਲੋਕਾਂ ਦਾ ਏ। ਮੈਂ ਇਹਨੂੰ ਬਾਣੀਆ ਸ਼ਹਿਰ ਕਹਿੰਦਾ ਹਾਂ। ਓਥੇ ਪੰਜਾਬੀ ਦੇ ਜਿਹੜੇ ਕਹਾਣੀਕਾਰ ਜਾਂ ਲੇਖਕ ਹੁਣ ਰਹਿੰਦੇ ਨੇ, ਉਹ ਸਾਰੇ ਨੇੜੇ ਤੇੜੇ ਦੇ ਪਿੰਡਾਂ ’ਤੋਂ ਆਏ ਹੋਏ ਨੇ। ਉਹ ਸਮਰਾਲੇ, ਮਾਛੀਵਾੜੇ ਜਾਂ ਰਾਮਪੁਰ ਦੀਆਂ ਸਾਹਿਤਕ ਮੀਟਿੰਗਾਂ ’ਚ ਜਾਂਦੇ ਨੇ। ਖੰਨੇ ’ਚ ਕੋਈ ਸਾਹਿਤਕ ਸਰਗਰਮੀ ਨਹੀਂ। ਕਿਉਂਕਿ ਖੰਨੇ ’ਚ ਕੋਈ ਸਾਹਿਤਕ ਮਾਹੌਲ ਨਹੀਂ। ਮੇਰੇ ਲੇਖਕ ਹੋਣ ਦਾ ਵੀ ਖੰਨੇ ਵਾਲਿਆਂ ਨੂੰ ਕੋਈ ਪਤਾ ਨਹੀਂ। ਜੇ ਕਿਸੇ ਨੂੰ ਹੈ ਤਾਂ ਇਹ ਕੋਈ ਵਡਿਆਈ ਵਾਲੀ ਗੱਲ ਨਹੀਂ ਉਹਦੇ ਲਈ।

ਬਚਪਨ ਦੀ ਘੁਟਣ

ਸੁਣਿਆ ਹੈ ਕਿ ਤੁਹਾਨੂੰ ਬਚਪਨ ਵਿਚ ਬੜੀ ਘੁਟਨ ਰਹੀ, ਬੜੀਆਂ ਤਕਲੀਫ਼ਾਂ ਦਾ ਸਾਹਮਣਾ ਕਰਨਾ ਪਿਆ। ਕੀ ਉਸ ਵੇਲੇ ਦੀ ਕੋਈ ਭਿਆਨਕ ਘਟਨਾ ਅਜੇ ਵੀ ਚੇਤੇ ਵਿਚ ਅੜੀ ਹੋਈ ਹੈ?
ਜਿਨ੍ਹਾਂ ਕਰ ਕੇ ਔਖਿਆਈਆਂ ਪੈਦਾ ਹੋਈਆਂ ਸਨ। ਉਹਨਾਂ ਵਿਚੋਂ ਮੇਰੇ ਬਾਈ ਜੀ (ਪਿਤਾ ਜੀ) ਕਦੋਂ ਦੇ ਗੁਜ਼ਰ ਚੁੱਕੇ ਨੇ। ਮੈਨੂੰ ਉਹਨਾਂ ਗੱਲਾ ਦੀ ਯਾਦ ਏਨੀ ਧੁੰਦਲੀ ਪੈ ਗਈ ਲੱਗਦੀ ਏ ਕਿ ਸਪਸ਼ਟ ਤਸਵੀਰ ਬਣਦੀ ਹੀ ਨਹੀਂ। ਉਂਜ ਵੀ ਮੇਰਾ ਦਿਲ ਦੁੱਖਾਂ ਦੀਆਂ ਉਹਨਾਂ ਗੱਲਾਂ ਦੀ ਦੁਹਰਾਈ ਕਰਨਾ ਨਹੀਂ ਚਾਹੁੰਦਾ।…. ਵੱਡਾ ਭਾਈ ਵੇਦ ਪ੍ਰਕਾਸ਼ ਮਰਨ ਕੰਢੇ ਪਿਆ ਏ। ਉਹ ਬੜੇ ਚਿਰ ਤੋਂ ਤੰਗ ਸੀ। ਦਮਕਸ਼ੀ ਦਾ ਰੋਗੀ ਸੀ। ਮਹੀਨਾ ਕੁ ਹੋਇਆ ਉਹ ਏਨਾ ਔਖਾ ਹੋ ਗਿਆ ਕਿ ਦਿੱਲੀ ਵਸਦਾ ਉਹਦਾ ਮੁੰਡਾ ਆ ਕੇ ਲੈ ਗਿਆ। ਹੁਣ ਪਤਾ ਨਹੀਂ ਕਦੋਂ ਖਬਰ ਆਓਣੀ ਏ। ਉਹਨੇ ਆਪ ਤਾਂ ਕੀ ਆਓਣਾ ਏ। …
ਜਦ ਮੈਂ ਜਲੰਧਰ ਪੱਕੇ ਤੌਰ ’ਤੇ ਵਸ ਗਿਆ ਸੀ ਤਾਂ ਸਾਡੇ ਵਿਚਕਾਰ ਬਹੁਤੀ ਸਾਂਝ ਤਾਂ ਨਹੀਂ ਸੀ, ਪਰ ਜਦ ਮਿਲਦੇ ਤਾਂ ਇਕ ਦੂਜੇ ਦੀ ਖਬਰ ਸਾਰ ਲੈ ਲੈਂਦੇ ਸੀ। ਉਹ ਮੈਨੂੰ ‘ਮੌਲਾਨਾ’ ਕਹਿ ਕੇ ਬੁਲਾਉਂਦਾ ਸੀ। ਕਿਸੇ ਪੰਜਾਬੀ ਪਾਠਕ ਪ੍ਰੋਫੈਸਰ, ਜਿਹੜਾ ਸਾਡਾ ਦੂਰ ਦਾ ਰਿਸ਼ਤੇਦਾਰ ਵੀ ਏ, ਨੇ ਮੇਰੇ ਭਾਈ ਨੂੰ ਦੱਸ ਦਿੱਤਾ ਕਿ ‘ਬੰਦੇ ਅੰਦਰ ਬੰਦੇ’ ਵਿਚ ਪ੍ਰੇਮ ਪ੍ਰਕਾਸ਼ ਨੇ ਤੇਰੇ ਬਾਰੇ ਇਹ ਗੱਲਾਂ ਲਿਖੀਆਂ ਨੇ। ਪਹਿਲਾਂ ਤਾਂ ਉਹ ਸੜਿਆ ਹੋਵੇਗਾ ਜ਼ਰੂਰ। ਉਹ ਅੱਗ ਦੀ ਨਾਲ ਏ। ਡਾਂਗ ਮਾਰਨ ਨੂੰ ਅੱਖ ਨਹੀਂ ਝਮਕਣ ਦੇਂਦਾ। ਉਂਜ ਦਿਮਾਗ ਦਾ ਤਿੱਖਾ ਏ। ਉਰਦੂ ਸ਼ਾਇਰੀ ਬੜੇ ਸ਼ੌਕ ਨਾਲ ਪੜ੍ਹਦਾ ਏ। ਮੈਂ ਜਦ ਉਹਨੂੰ ਉਰਦੂ ਸ਼ਾਇਰੀ ਗਾਉਂਦਾ ਸੁਣਦਾ ਹੁੰਦਾ ਸੀ ਤਾਂ ਮੈਨੂੰ ਉਹ ਸ਼ਿਅਰ ਯਾਦ ਹੋ ਜਾਂਦੇ ਸੀ। ਹਾਲੀ ਪਾਨੀਪਤੀ ਤੇ ਇਕਬਾਲ ਦੇ ਕਲਾਮ ਦਾ ਚਸਕਾ ਓਸੇ ਨੇ ਮੈਨੂੰ ਪਾਇਆ ਸੀ।… ਉਹ ਜਦ ਮੈਨੂੰ ਮਿਲਿਆ ਤਾਂ ਕਹਿੰਦਾ,”ਮੌਲਾਨਾ! ਸ਼ੁਕਰ ਕਰ ਕਿ ਮੈਂ ਤੈਨੂੰ ਅਫਸਾਨਾ ਨਿਗਾਰ ਬਣਾ ਦਿੱਤਾ।’’ …. ਉਹਦਾ ਮਤਲਬ ਸੀ ਕਿ ਮੇਰੀ ਬਦਸਕੂਲੀ ਨਾਲ ਈ ਸਹੀ, ਤੂੰ ਕਹਾਣੀਕਾਰ ਤਾਂ ਬਣ ਗਿਆ। ਤੂੰ ਏਸ ਗੱਲੋਂ ਮੇਰਾ ਅਹਿਸਾਨ ਮੰਨ। ਉਹਨੂੰ ਮੇਰੇ ਗਲਪ ਲੇਖਕ ਹੋਣ ਦਾ ਅਹਿਸਾਸ ਸੀ ਕਿ ਇਹ ਕੋਈ ਵੱਡੀ ਚੀਜ਼ ਹੁੰਦੀ ਏ।
ਇਵੇਂ ਜਦ ਮੇਰੇ ਬਾਈ ਜੀ ਦੀ ਸਿਹਤ ਖਰਾਬ ਹੋਣ ਲੱਗ ਪਈ ਸੀ ਤਾਂ ਉਹਨਾਂ ਪ੍ਰਤੀ ਮੇਰੀ ਤਾਂ ਸੋਚ ਈ ਬਦਲ ਗਈ ਸੀ। ਉਹਨਾਂ ਦੇ ਗੋਡੇ ਤਾਂ ਬਹੁਤ ਸਾਲ ਪਹਿਲਾਂ ਖੜ੍ਹ ਗਏ ਸੀ। ਹੁਣ ਉੱਚਾ ਸੁਨਣ ਲੱਗ ਪਿਆ ਸੀ। ਨਜ਼ਰ ਨ੍ਹੇਰੇ ਚਾਨਣੇ ਨੂੰ ਪਛਾਨਣ ਜੋਗੀ ਰਹਿ ਗਈ ਸੀ। ਉਹਨਾਂ ਨੂੰ ਦੇਖ ਕੇ ਮੈਨੂੰ ਅਪਣੇ ਸਾਰੇ ਦੁੱਖ ਤੁੱਛ ਲੱਗਦੇ ਸਨ।… ਇਕ ਵਾਰ ਮੈਂ ਜਲੰਧਰੋਂ ਭੂਸ਼ਣ ਨੂੰ ਮਿਲਣ ਰੋਪੜ ਚਲਿਆ ਗਿਆ। ਅਗਲੀ ਸਵੇਰ ਨੂੰ ਜਦ ਮੈਂ ਮੁੜਣ ਲਈ ਬਸ ਅੱਡੇ ’ਤੇ ਪਹੁੰਚਿਆ ਤਾਂ ਖੰਨੇ ਨੂੰ ਸਿੱਧੀ ਜਾਣ ਵਾਲੀ ਬਸ ਤਿਆਰ ਖੜ੍ਹੀ ਮਿਲੀ। ਕਿਸੇ ਭਾਵਨਾ-ਵਸ ਮੈਂ ਉਹਦੇ ’ਚ ਬਹਿ ਗਿਆ। ਜਦ ਉਹ ਮੰਡੀ ਗੋਬਿੰਦ ਗੜ੍ਹ ਪਹੁੰਚੀ ਤਾਂ ਮੈਨੂੰ ਬਡਗੁੱਜਰਾਂ ਜਾਣ ਦਾ ਘੌਂਕਾ ਜਿਹਾ ਉੱਠ ਪਿਆ। ਮੈਂ ਓਥੇ ਈ ਉੱਤਰ ਕੇ ਅਮਲੋਹ ਵਾਲੀ ਬਸ ਫੜ ਲਈ। ਪੌਣਾ ਕੁ ਮੀਲ ਤੁਰ ਕੇ ਪਿੰਡ ਪਹੁੰਚਿਆ। ਘਰ ਗਿਆ ਤਾਂ ਬੈਠਕ ’ਚ ਬਾਈ ਜੀ ਬੈਠੇ ਸਨ। ਮੈਂ ਪੈਰੀ ਪੈਣਾਂ ਕਿਹਾ ਤਾਂ ਉਹਨਾਂ ਨੇ ਸੁਣਿਆ ਨਹੀਂ। ਮੈਂ ਕੋਲ ਹੋ ਕੇ ਬੋਲਿਆ ਤਾਂ ਕਹਿੰਦੇ,”ਭਾਈ, ਮੈਂ ਪਛਾਣਿਆ ਨਹੀਂ।’’… ਫੇਰ ਭਾਈ ਮੈਨੂੰ ਅਪਣੇ ਬਾਪ ਨੂੰ ਅਪਣਾ ਨਾਉਂ ਦੱਸਣਾ ਪਿਆ। …ਉਹ ਕਹਿੰਦੇ,”ਘਰ ਕੋਈ ਹੈਨੀ, ਤੂੰ ਅੰਦਰ ਜਾ ਕੇ ਦੁੱਧ ਪੀ ਲੈ।’’ਮੈਂ ਰਸੋਈ ਦੇ ਦਰਵਾਜੇ ’ਚ ਖੜ੍ਹਾ ਪੰਜ ਮਿੰਟ ਰੋਂਦਾ ਰਿਹਾ। ਮੈਂ ਪਾਣੀ ਪੀਣ ਨੂੰ ਵੀ ਭਾਂਡਾ ਚੱਕਣ ਜੋਗਾ ਨਹੀਂ ਸੀ। … ਬਾਅਦ ’ਚ ਕਈ ਵਾਰ ਇਹ ਸੀਨ ਮੇਰੀ ਕਲਪਨਾ ’ਚ ਆਉਂਦਾ ਤਾਂ ਮੈਂ ਕੱਲਾ ਬਹਿ ਕੇ ਰੋਂਦਾ ਰਹਿੰਦਾ ਸੀ।…. ਜਦ ਇਹ ਹਾਲਤ ਵਾਰ ਵਾਰ ਹੁੰਦੀ ਹੋਵੇ ਤਾਂ ਫੇਰ ਕਿਵੇਂ ਲਿਖ ਸਕਦਾ ਹਾਂ ਮੈਂ ਉਹਨਾਂ ਪ੍ਰਤੀ ਰੰਜਿਸ਼ਾਂ ਬਾਰੇ। … ਸਗੋਂ ਮੈਂ ਅਪਣੇ ਆਪ ’ਤੇ ਲਾਹਣਤਾਂ ਪਾਉਂਦਾ ਰਹਿੰਦਾ ਹਾਂ ਕਿ ਮੈਂ ਅਪਣੇ ਮਾਤਾ ਪਿਤਾ ਦੀ ਸੇਵਾ ਨਹੀਂ ਕਰ ਸਕਿਆ। ਮੇਰੇ ਮਨ ’ਚ ਪਾਪ-ਬੋਧ ਏ। ਮੈਂ ਹੁਣ ਕਿਵੇਂ ਉਹਨਾਂ ਦੀਆ ਮਾੜੀਆਂ ਗੱਲਾਂ ਲਿਖ ਸਕਦਾ ਹਾਂ।… ਹੁਣ ਤਾਂ ਉਹ ਮੈਨੂੰ ਗਾਂਧੀ-ਭਗਤ, ਸੱਚ ਤੇ ਅਹਿੰਸਾ ਦੇ ਪੁਜਾਰੀ ਧਰਮਾਤਮਾ ਲੱਗਦੇ ਨੇ। ਜਿੰਨਾ ਮੈਂ ਸਾਰੀ ਉਮਰ ’ਚ ਕਮਾਇਆ ਏ, ਉਹਨਾਂ ਨੇ ਓਨਾ ਤਾਂ ਦਾਨ ਕੀਤਾ ਹੋਣਾ ਏ।… ਹੁਣ ਉਹਨਾਂ ਨੂੰ ਯਾਦ ਕਰ ਕੇ ਅਕਸਰ ਮੇਰਾ ਰੋਣ ਨਿਕਲ ਜਾਂਦਾ ਏ।… ਇਕ ਵਾਰ ਫੇਰ ਜਦ ਮੈਂ ਪਿੰਡ ਗਿਆ ਤਾਂ ਬਾਈ ਜੀ ਨੇ ਅਪਣੇ ਬਸਤੇ ਵਿਚੋਂ ਟੋਹ ਕੇ ਇਕ ਚੈੱਕ ਕੱਢ ਕੇ ਦਿੱਤਾ। ਕਹਿੰਦੇ,”ਕਾਲਾ ਹਾਂਡੀ ਦੇ ਇਲਾਕੇ ’ਚ ਕਾਲ਼ ਪੈ ਗਿਆ। ਲੋਕ ਭੁੱਖੇ ਮਰ ਰਹੇ ਨੇ। ਮੈਂ ਇਹ ਚੈੱਕ ਭੇਜਿਆ ਕਿਸੇ ਸੰਸਥਾ ਨੂੰ। ਉਹਨੇ ਇਹ ਲਿਖਕੇ ਮੋੜ ਦਿੱਤਾ ਕਿ ਸਾਡਾ ਕਿਸੇ ਬੈਂਕ ’ਚ ਅਕਾਉਂਟ ਨਹੀ।’’
ਮੇਰੇ ਦੋਸਤ ਓਮ ਪ੍ਰਕਾਸਤ ਪਨਾਹਗੀਰ ਨੂੰ ਅੱਖਾਂ ਦਾ ਪਾਣੀ ਸੁੱਕਣ ਦੀ ਕਸਰ ਏ। ਉਹ ਇਕ ਦਵਾਈ ‘ਟੀਅਰ ਅਪ’ ਪਾਉਂਦਾ ਏ। ਪਰ ਮੈਨੂੰ ਏਸ ਦਵਾਈ ਦੀ ਲੋੜ ਨਹੀਂ। ਮੈਂ ਰੋਜ਼ ਈ ਕਦੇ ਬਾਈ ਜੀ ਵਾਲੀ ਉਪਰਲੀ ਗੱਲ ਯਾਦ ਆਓਣ ’ਤੇ ਜਾਂ ਕਿਸੇ ਹੋਰ ਗੱਲ ਨੂੰ ਯਾਦ ਕਰ ਕੇ ਰੋ ਪੈਂਦਾ ਹਾਂ। ਮੈਨੂੰ ਅਪਣੇ ਵੱਖਰੇ ਤੇ ਇਕ ਪਾਸੇ ਵਾਲੇ ਕਮਰੇ ਦਾ ਇਕ ਇਹ ਵੀ ਫਾਇਦਾ ਏ ਕਿ ਮੈਂ ਅਜ਼ਾਦੀ ਨਾਲ ਰੋ ਸਕਦਾ ਹਾਂ। ਰੋਣ ਦਾ ਕੀ ਏ, ਕਦੇ ਕੋਈ ਫਿਲਮ ਦੇਖਦਿਆਂ ਤੇ ਕਦੇ ਅਪਣੀ ਹੀ ਕੋਈ ਕਹਾਣੀ ਪੜ੍ਹ ਕੇ ਵੀ ਅੱਖਾਂ ’ਚੋਂ ਹੰਝੂਆਂ ਦੀਆਂ ਧਾਰਾਂ ਵਗ ਪੈਂਦੀਆਂ ਨੇ। ਹਾਲਾਂਕਿ ਮੈਨੂੰ ਪਤਾ ਹੁੰਦਾ ਏ ਕਿ ਇਹ ਝੂਠੀਆਂ ਕਹਾਣੀਆਂ ਨੇ। ਇਹ ਪਾਤਰ ਮੇਰੇ ਅਪਣੇ ਬਣਾਏ ਹੋਏ ਨੇ। … ਇਹ ਬੁਢੇਪੇ ਦੀ ਬੀਮਾਰੀ ਏ ਸ਼ਾਇਦ।

ਤੁਹਾਡੇ ਬਚਪਨ ਦੇ ਹੋਰ ਡਰਾਂ ਵਿਚੋਂ ਇੱਕ ਮਦਰਸੇ ਜਾਣ ਦਾ ਡਰ ਵੀ ਸੀ। ਰਾਸ਼ਿਆਂ ਵਰਗੇ ਮਾਸਟਰਾਂ ਦਾ ਡਰ। ਫੇਰ ਇਹ ਅਜੀਬ ਗੱਲ ਨਹੀਂ ਕਿ ਪਿਛੋਂ ਆਪ ਹੀ ਕਿਤਾਬਾਂ ਪੜ੍ਹਨ ਅਤੇ ਲਿਖਣ ਦਾ ਕਿੱਤਾ ਅਪਣਾ ਬੈਠੇ?
ਇਹ ਸਭ ਇਤਫਾਕ ਦੀਆਂ ਗੱਲਾਂ ਨੇ। ਮੇਰੀ ਜ਼ਿੰਦਗੀ ’ਚ ਤਾਂ ਬਹੁਤ ਕੁਝ ਉਲਟ ਪੁਲਟ ਈ ਹੁੰਦਾ ਆ ਰਿਹਾ ਏ। ਮੈਂ ਡਰਦਾ ਮਾਸਟਰ ਦੀ ਮਾਰ ਤੋਂ ਸੀ। ਹੋਰ ਵੀ ਬਹੁਤ ਸਾਰੇ ਡਰ ਸਨ ਸਕੂਲ ’ਚ ਰਹਿਣ ਦੇ। ਕਈ ਘੰਟੇ ਮਾਂ ਤੇ ਘਰ ਤੋਂ ਦੂਰ ਰਹਿਣ ਦਾ ਡਰ, ਲੋਦੇ ਲਾਓਣ ਵਾਲੇ ਡਾਕਟਰਾਂ ਦੇ ਆਓਣ ਦਾ ਡਰ ਤੇ ਓਪਰੇ ਮੁੰਡਿਆਂ ਦੇ ਘੂਰਨ ਦਾ ਡਰ।… ਇਹਦੀ ਸਜ਼ਾ ਮੈਨੂੰ ਇਹੀ ਮਿਲੀ ਕਿ ਮੇਰੇ ਬਾਈ ਜੀ ਮੈਨੂੰ ਬੀਬੀ ਨਾਲੋਂ ਤੋੜ ਕੇ ਭਾਦਸੋਂ ਭੂਆ ਕੋਲ ਛੱਡ ਆਏ। .. ਹੋਰ ਦਿਲਚਸਪ ਵਿਸੰਗਤੀਆਂ ਮੇਰੇ ਕਿੱਤੇ ’ਚ ਹੋਈਆਂ। ਮੈਂ ਕਾਲਜ ’ਚ ਪੜ੍ਹਨਾ ਚਾਹੁੰਦਾ ਸੀ, ਪਰ ਘਰ ਦੀ ਮਜਬੂਰੀ ਕਾਰਨ ਖੇਤੀ ’ਚ ਪੈਣਾ ਪੈ ਗਿਆ। ਕਲਰਕੀ ਕਿਤੇ ਲੱਭੀ ਨਾ ਤਾਂ ਮੇਰਾ ਦਾਦਾ ਜ਼ੋਰ ਪਾਵੇ ਕਿ ਪਟਵਾਰੀ ਬਣ ਜਾ। ਮੈਂ ਅਪਣੇ ਨਾਨਾ ਜੀ ਹਕੀਮ ਗੰਗਾ ਰਾਮ ਦੇ ਜ਼ੋਰ ਨਾਲ ਕ੍ਰਿਸਚਿਅਨ ਸਕੂਲ ਖਰੜ ’ਚ ਜੇ ਬੀ.ਟੀ. ਕਰ ਲਈ। ਜਲੰਧਰ ਮਾਸਟਰੀ ਮਿਲੀ। ਸਰਕਾਰੀ ਨੌਕਰੀ ਏਸ ਲਈ ਛੱਡੀ ਕਿ ਮੈਨੂੰ ਬੱਚਿਆਂ ਨੂੰ ਇਹ ਨਸੀਹਤਾਂ ਕਰਨੀਆਂ ਬਦਅਖਲਾਕੀ ਲੱਗਦੀ ਸੀ ਕਿ ਰੋਜ਼ ਨਹਾ ਕੇ ਆਇਆ ਕਰੋ, ਸਿਗਰਟ ਤੇ ਸ਼ਰਾਬ ਪੀਣਾ ਮਾੜੀ ਗੱਲ ਏ। ਜਦਕਿ ਇਹ ਸਾਰੇ ਕੰਮ ਮੈਂ ਆਪ ਕਰਦਾ ਸੀ।
ਕਹਾਣੀ ਲਿਖਣ ਲੱਗਿਆ ਤਾਂ ਮੈਨੂੰ ਅਖਬਾਰ ਤੋਂ ਬੜੀ ਅਲਰਜੀ ਸੀ। ਮੈਂ ਅਖਬਾਰੀ ਬੰਦਿਆਂ ਦਾ ਮਜ਼ਾਕ ਉਡਾਇਆ ਕਰਦਾ ਸੀ। ਇਕ ਵਾਰ ਵਿਰਕ ਦੇ ਦਫਤਰ ’ਚ ਚਾਹ ਪੀਂਦਾ ਮੈਂ ਮਿਲਾਪ ਦੇ ਐਡੀਟਰ ਇੰਚਾਰਜ ਜਨਾਬ ਨੰਦ ਲਾਲ ਐਸ਼ ਨਾਲ ਲੜ ਪਿਆ ਸੀ।… ਫੇਰ ਮੈਂ ਮਾਸਟਰੀ ਦੀ ਸਰਕਾਰੀ ਨੌਕਰੀ ਛੱਡ ਕੇ ਪਿੰਡ ਜਾ ਬੈਠਿਆ। ਵੱਡੇ ਭਾਈ ਨਾਲ ਨਾ ਬਣੀ ਤਾਂ ਐਵੇਂ ਸਿਰ ਫਸੌਣ ਲਈ ਪੰਜਾਬ ਯੂਨੀਵਰਸਿਟੀ ’ਚ ਅਤਰ ਸਿੰਘ ਨੂੰ ਕਿਹਾ ਕਿ ਮੈਨੂੰ ਕਿਤੇ ਅੜਾ ਦੇ। ਉਹਨੇ ਕਾਮਰੇਡ ਤਾਰਾ ਚੰਦ ਗੁਪਤਾ ਨੂੰ ਮਿਲਾ ਕੇ ਜਰਨਲਿਜ਼ਮ ’ਚ ਦਾਖਲਾ ਦਿਵਾ ਦਿੱਤਾ।… ਜਦ ਮੈਂ ਮੁੜ ਕੇ ਜਲੰਧਰ ਗਿਆ ਤਾਂ ਕਿਸੇ ਤੋਂ ਨੌਕਰੀ ਮੰਗਣ ਦਾ ਹੌਸਲਾ ਨਾ ਪਵੇ। ਇਕ ਦਿਨ ਮਿਲਾਪ ਦੇ ਦਫਤਰ ਚਲਿਆ ਗਿਆ। ਐਸ਼ ਸਾਹਿਬ, ਜਿਹੜੇ ਮੇਰੇ ਨਾਲ ਲੜੇ ਹੋਏ ਸਨ, ਨੇ ਮੈਨੂੰ ਕਿਹਾ,”ਆ ਵਈ ਖੰਨਵੀ ਭਾਈ। ਹੁਣ ਨੌਕਰੀ ਕਰਨੀ ਐ।’’… ਮੈਂ ਕਿਹਾ ‘ਹਾਂ ਜੀ’। ਉਹਨੇ ਓਸੇ ਵੇਲੇ ਮੈਨੂੰ ਨਿਊਜ਼ ਡੈਸਕ ’ਤੇ ਬਹਾ ਲਿਆ। ਛੇਆਂ ਮਹੀਨਿਆਂ ’ਚ ਮੈਨੂੰ ਹਰ ਫਨ ਮੌਲਾ ਅਖਬਾਰ ਨਵੀਸ ਬਣਾ ਦਿੱਤਾ। ਕਾਮਰੇਡ ਤਾਰਾ ਚੰਦ ਗੁਪਤਾ ਵੀ ਲਾਹੌਰ ’ਤੋਂ ਉਹਨਾਂ ਦੇ ਸ਼ਾਗਿਰਦ ਸਨ।… ਫੇਰ ਮੈਂ 26 ਸਾਲ ਉਰਦੂ ਅਖਬਾਰ ਨਵੀਸੀ ਦਾ ਭੱਠ ਝੋਕਦਾ ਰਿਹਾ। ਮੈਨੂੰ ਇਹ ਕੰਮ ਅਪਣੀ ਸਾਹਿਤਕ ਹੈਸੀਅਤ ਤੋਂ ਛੋਟਾ ਲੱਗਦਾ ਸੀ।… ਜਿਨ੍ਹਾਂ ਦੇ ਨਾਲ ਮੈਂ ਕੰਮ ਕਰਦਾ ਸੀ, ਉਹਨਾਂ ਨੂੰ ਪਿਆਰ ਤੇ ਮਖੌLਲ ਕਰਦਾ ਸੀ, ਪਾਰ ਉਹਨਾਂ ਨੂੰ ਮੈਂ ਅਪਣੇ ਘਰ ਨਹੀਂ ਸੀ ਆਓਣ ਦੇਂਦਾ। ਬਜ਼ਾਰ ’ਚ ਮਿਲਦੇ ਸੀ ਤਾਂ ਮੈਂ ਮੂੰਹ ਭੁੰਆ ਲੈਂਦਾ ਸੀ। … ਏਨੀ ਨਫ਼ਰਤ ਨਾਲ ਮੈਂ ਰੋਟੀ ਕਮਾਈ।
ਪਿਛਾਂਹ ਮੁੜਕੇ ਦੇਖੋ ਤਾਂ ਅਪਣੇ ਬਚਪਨ ਵਿਚ ਹੀ ਨਾਸਤਕ ਹੋ ਜਾਣਾ ਅਤੇ ਦੇਵੀ ਦੇਵਤਿਆਂ ਨੂੰ ਬੁਰਾ ਭਲਾ ਬੋਲਣ ਦਾ ਹੁਣ ਕੋਈ ਕਾਰਨ ਵੀ ਲੱਭਦਾ ਹੈ ਜਾਂ ਨਹੀਂ?
ਕਾਰਨ ਤਾਂ ਲੱਭਦੇ ਨੇ, ਪਰ ਲੱਗਦਾ ਏ ਕਿ ਉਦੋਂ ਮੇਰਾ ਰਵੱਈਆ ਘਰ ਦੀਆਂ ਕੁੜੱਤਣਾਂ ਕਰ ਕੇ ਅਜਿਹਾ ਹੋ ਗਿਆ ਸੀ। ਹੁਣ ਮੈਂ ਬਿਲਕੁਲ ਬਦਲ ਗਿਆ ਹਾਂ। ਹੁਣ ਤਾਂ ਮੈਂ ਮੂਰਤੀ ਪੂਜਾ ਨੂੰ ਵੀ ਠੀਕ ਸਮਝਦਾ ਹਾਂ। ਮੈਂ ਰਾਧਾ ਤੇ ਕ੍ਰਿਸ਼ਣ ਦੇ ਪਿਆਰ ਨੂੰ ਸਮਝਣ ਤੋਂ ਬਾਅਦ ਉਹਨੂੰ ਮਹਿਸੂਸ ਕਰਨ ਦੀ ਅਨੁਭੂਤੀ ਪ੍ਰਾਪਤ ਕਰਨ ਲਈ ਨੌ ਂਦਸ ਸਾਲ ਲਾ ਦਿੱਤੇ ਸੀ। ਹੁਣ ਮੈਨੂੰ ਸਾਰੇ ਦੇਵੀ ਦੇਵਤੇ ਤੇ ਉਹਨਾਂ ਬਾਰੇ ਬਣੀਆਂ ਕਹਾਣੀਆਂ ਬੜੀਆਂ ਦਿਲਚਸਪ ਲੱਗਦੀਆਂ ਨੇ। ਏਸੇ ਲਈ ਹਿੰਦੂ ਮਿਥਿਹਾਸ ਮੇਰੇ ਅੰਦਰ ਰਚਦਾ ਰਚਦਾ ਰਚ ਵਸ ਗਿਆ। ਮੈਂ ਪੁਰਾਣਾਂ ਨੂੰ ਏਸ ਧਰਤੀ ਦੀ ਬਹੁਤ ਵੱਡੀ ਗਲਪ ਮੰਨਦਾ ਹਾਂ। ਜੀਹਨੂੰ ਆਮ ਪਾਠਕ ਇਹ ਕਹਿ ਕੇ ਛੱਡ ਦੇਂਦੇ ਨੇ ਕਿ ਹਿੰਦੂ ਧਰਮ ਵਾਲਿਆਂ ਦੀਆਂ ਗੱਪਾਂ ਨੇ। ਮੈਂ ਗੱਪਾਂ ਨੂੰ ਵੀ ਗਲਪ ਕਹਿੰਦਾ ਹਾਂ।
ਉਦੋਂ ਮੇਰਾ ਰੱਵਈਆ ਚੜ੍ਹਦੀ ਉਮਰ ਦੀ ਨਾਦਾਨੀ ਤੇ ਹਰੇਕ ਗੱਲ ਤੇ ਸੋਚ ਤੋਂ ਮੁਨਕਰ ਹੋਣ ਜਾਂ ਵਿਰੋਧ ਤੇ ਬਗ਼ਾਵਤ ਕਰਨ ਦੇ ਅੰਨ੍ਹੇ ਜਜ਼ਬੇ ਕਰ ਕੇ ਬਣ ਗਿਆ ਸੀ। ਇਹਦੇ ਵਿਚ ਕੁਝ ਹਿੱਸਾ ਮੇਰੇ ਆਰੀਆ ਸਮਾਜੀ ਬਾਈ ਜੀ ਦਾ ਵੀ ਸ਼ਾਮਲ ਸੀ। ਉਹ ਸਨਾਤਨ ਧਰਮੀ ਮੇਰੀ ਦਾਦੀ ਦੇ ਵਰਤਾਂ, ਪਾਠ ਪੂਜਾ ਤੇ ਬ੍ਰਾਹਮਣਾਂ ਨੂੰ ਦਾਨ ਦੇਣ ਦਾ ਬੜਾ ਮਜ਼ਾਕ ਉਡਾਂਦੇ ਹੁੰਦੇ ਸੀ। ਮੈਨੂੰ ਏਸ ਗੱਲ ’ਤੇ ਖਿਝ ਆਉਂਦੀ ਸੀ। ਬਾਪ ਤੋਂ ਬਾਗ਼ੀ ਹੋ ਕੇ ਮੈਂ ਆਰੀਆ ਸਮਾਜੀਆਂ ਤੇ ਸੁਆਮੀ ਦਯਾ ਨੰਦ ਦਾ ਮਜ਼ਾਕ ਉਡਾਓਣ ਲੱਗ ਪਿਆ ਸੀ। ਜਿਸ ਨਾਲ ਮੇਰੇ ਬਾਈ ਜੀ ਏਨੇ ਦੁੱਖੀ ਹੋਏ ਸੀ ਕਿ ਮੈਨੂੰ ਸਖ਼ਤ ਨਫ਼ਰਤ ਕਰਨ ਲੱਗ ਪਏ ਸੀ। ਮੇਰੀ ਬੀਬੀ ਨੇ ਇਕ ਦਿਨ ਰੋਂਦਿਆਂ ਮੈਨੂੰ ਕਿਹਾ ਕਿ ਅਪਣੇ ਬਾਪ ਦੀ ਆਤਮਾ ਨੂੰ ਏਨਾ ਦੁੱਖ ਨਹੀਂ ਦੇਈਦਾ।
ਨਾਸਤਕ ਤਾਂ ਮੈਨੂੰ 1947 ਦੀਆਂ ਅਮਾਨਵੀ ਘਟਨਾਵਾਂ ਨੇ ਬਣਾ ਦਿੱਤਾ ਸੀ।… ਉਂਜ ‘ਨਾਨ ਬੀਲੀਵਰ’ ਤਾਂ ਮੈਂ ਹੁਣ ਵੀ ਹਾਂ। ਸਾਰੀ ਜ਼ਿੰਦਗੀ ਮੈਂ ਕਿਤੇ ਮੱਥਾ ਨਹੀਂ ਟੇਕਿਆ।… ਕਦੇ ਅਸੀਂ ਸਾਹਿਰ ਦਾ ਇਹ ਸ਼ਿਅਰ ਗੁਣਗੁਣਾਂਦੇ ਹੁੰਦੇ ਸੀ….’ਯੇਹ ਖ਼ੁਦਾ ਯੇਹ ਦੇਵਤਾ ਚੰਦ ਰੋਜ਼ ਹੀ ਰਹਿ ਪਾਏਂਗੇ।…ਜਾਹਿਲ ਸੇ ਪੈਦਾ ਹੁਏ ਹੈਂ, ਇਲਮ ਸੇ ਮਰ ਜਾਏਂਗੇ।।…. ਪਰ ਗੱਲ ਉਲਟ ਹੋਈ। ਭਾਰਤ ’ਚ ਜਿਵੇਂ ਜਿਵੇਂ ਲੋਕ ਗਿਆਨ ਪ੍ਰਾਪਤ ਕਰਦੇ ਗਏ, ਉਵੇਂ ਉਵੇਂ ਦੇਵਤਿਆਂ ਦੇ ਵੱਧ ਸ਼ਰਧਾਲੂ ਬਣਦੇ ਗਏ। ਵਹਿਮ ਭਰਮ ਵਧਦੇ ਗਏ।
ਮੈਂ ਤਾਂ ਕਹਿੰਦਾ ਹੁੰਦਾ ਹਾਂ ਕਿ ਪਰਮਾਤਮਾ ਨੇ ਬੰਦੇ ਨਹੀਂ ਬਣਾਏ, ਬੰਦਿਆਂ ਨੇ ਪਰਮਾਤਮਾ ਨੂੰ ਬਣਾਇਆ ਏ। ਇਹ ਦੇਵੀਆਂ ਦੇਵਤੇ ਸਭ ਅਸੀਂ ਸਿਰਜੇ ਨੇ। ਅਸੀਂ ਜਿਹੜੀਆਂ ਸ਼ਕਤੀਆਂ ਤੋਂ ਡਰਦਿਆਂ ਇਹਨਾਂ ਨੂੰ ਸਿਰਜਿਆ ਸੀ, ਉਹ ਸ਼ਕਤੀਆਂ ਉਵੇਂ ਕਾਇਮ ਰਹੀਆਂ। ਪਰ ਅਸੀਂ ਦੇਵਤਿਆਂ ’ਚ ਸ਼ਕਤੀਆਂ ਪੈਦਾ ਕਰ ਕੇ ਆਪ ਉਹਨਾਂ ਤੋਂ ਡਰਨ ਲੱਗ ਪਏ ਹਾਂ। ਜਿਹੜੀ ਮੂਰਤੀ ਨੂੰ ਛੋਟੀ ਜਾਤ ਦਾ ਬੰਦਾ ਆਪ ਬਣਾ ਕੇ ਰੱਸਿਆਂ ਨਾਲ ਬੰਨ੍ਹ ਕੇ ਮੰਦਰ ਤਕ ਲਿਆਉਂਦਾ ਏ, ਉਹੀ ਮੂਰਤੀ ਜਦ ਮੰਦਰ ’ਚ ਸਥਾਪਤ ਹੋ ਜਾਂਦੀ ਏ ਤੇ ਮੰਤਰਾਂ ਦੇ ਉਚਾਰਣ ਨਾਲ ਉਹਦੀ ਪ੍ਰਾਣ ਪਰਤਿਸ਼ਟਾ ਹੋ ਜਾਂਦੀ ਏ ਤਾਂ ਅਸੀਂ ਉਹਦੇ ਮੂਹਰੇ ਝੁਕ ਕੇ ਵਰਦਾਨ ਮੰਗਣ ਲੱਗ ਪੈਂਦੇ ਹਾਂ।… ਮੈਨੂੰ ਇਹ ਸਾਰੀ ਖੇਡ ਬੜੀ ਗਹਿਰ ਗੰਭੀਰ ਤੇ ਦਿਲਚਸਪ ਲੱਗਦੀ ਏ।
(ਲਓ, ਹੁਣ ਚਾਹ ਆ ਗਈ ਏ। ਪੀ ਈ ਲਓ।…ਇਕ ਕੱਪ ਜਿਹੜਾ ਫਿੱਕਾ ਏ, ਉਹਦੇ ’ਚ ਚਮਚਾ ਪਿਆ ਏ।)

ਰੱਬ ਮਰ ਗਿਆ

  ਸੰਤਾਲੀ ਵੇਲੇ ਤੁਹਾਡੀ ਉਮਰ ਪੰਦਰਾਂ ਸਾਲਾਂ ਦੀ ਸੀ। ਆਲੇ ਦੁਆਲੇ ਬੜਾ ਵੱਢ ਵਢਾਂਗਾ ਦੇਖਿਆ ਹੋਵੇਗਾ। ਡੰਗਰ ਚਾਰਦਿਆਂ ਗਲੀਆਂ ਸੜੀਆਂ ਲਾਸ਼ਾਂ ਦੀਆਂ ਹੱਡੀਆਂ ਵੀ ਗਿਣੀਆਂ-ਪਛਾਣੀਆਂ। ਕੀ ਮਨ ਵਿਚ ਬਹਿ ਨਹੀਂ ਗਿਆ ਕਿ ਆਦਮੀ ਵਿਚ ਪਸ਼ੂ ਬਿਰਤੀ ਲੁਕੀ ਬੈਠੀ ਹੈ ਜੋ ਜਦ ਚਾਹੇ ਜਾਗ ਪੈਂਦੀ ਹੈ?
  1947 ਦਾ ਵੱਢ ਵਢਾਂਗਾ ਮੇਰੇ ਸਾਹਮਣੇ ਹੋਇਆ। ਅੱਗਾਂ ’ਚ ਜਲਦੇ ਬੰਦੇ ਕੋਠਿਆਂ ’ਤੋਂ ਸੁੱਟੇ ਜਾਂਦੇ ਦੇਖੇ। ਮੈਂ ਕੋਈ ਤਿੰਨ ਸੌ ਲਾਸ਼ਾਂ ਦਾ ਢੇਰ ਅਪਣੀਆਂ ਅੱਖਾਂ ਅੱਗੇ ਸੜਦਾ ਵੇਖਿਆ। ਮੈਂ ਅਪਣੇ ਬਾਪ ਤੇ ਦਾਦੇ ਦੇ ਨਾਲ ਅਪਣੇ ਜੱਦੀ ਪਿੰਡ ਬਦੀਨ ਪੁਰ ਗਿਆ। ਉਥੇ ਸਾਡੇ ਬੇਆਬਾਦ ਘਰ ਦੇ ਸਾਹਮਣੇ ਬਰੋਟੇ ਕੋਲ ਲਾਸ਼ਾਂ ਦਾ ਢੇਰ ਚੁਬਾਰੇ ਜਿੰਨਾ ਉੱਚਾ ਸੀ। ਉਹਨੂੰ ਸਾੜਨ ਵਾਲਾ ਕੋਈ ਨਹੀਂ ਸੀ। ਲੁੱਟਣ ਵਾਲੇ ਪਠਾਣੀਆਂ ਦੀਆਂ ਬਹੂਆਂ ਤੇ ਬੁੜ੍ਹੀਆਂ ਦੇ ਗਹਿਣੇ ਲਾਹ ਕੇ ਭੱਜ ਗਏ ਸਨ। ਚਾਰੇ ਪਾਸੇ ਖੂਨ ਡੁੱਲਿ੍ਹਆ ਹੋਇਆ ਸੀ। ਪਿੰਡ ’ਚ ਜਿਹੜੀ ਥੋੜ੍ਹੀ ਜਿਹੀ ਹਿੰਦੂ ਵਸੋਂ ਸੀ, ਉਹ ਕਿਤੇ ਭੱਜ ਗਈ ਸੀ। ਜਿੱਦਣ ਅਸੀਂ ਗਏ ਓਦਣ ਭੱਜੇ ਟੱਬਰ ਮੁੜ ਆਏ ਸੀ। ਲਾਸ਼ਾਂ ਸਾੜਨ ਲਈ ਲੱਕੜੀ ਕਾਫੀ ਨਹੀਂ ਸੀ। ਸਰਕਾਰੀ ਬੰਦਿਆਂ ਨੇ ਮਿੱਟੀ ਦਾ ਤੇਲ ਪਾ ਕੇ ਫੂਕੀਆਂ ਤੇ ਪਿੰਡ ਨੂੰ ਬਿਮਾਰੀ ਤੋਂ ਬਚਾਇਆ ਸੀ।
ਹੱਲਿਆਂ ਤੋਂ ਕੁਝ ਚਿਰ ਪਹਿਲਾਂ ਵੱਢ ਟੁੱਕ ਕੇ ਭਜਾਏ ਰਫਿਊਜੀਆਂ ਨੂੰ ਦੇਖ ਕੇ ਮੈਂ ਗਾਂਧੀਵਾਦੀ ਤੋਂ ਕੱਟੜ ਹਿੰਦੂ ਬØਣ ਗਿਆ ਸੀ। ਫੇਰ ਮੁਸਲਮਾਨਾਂ ’ਤੇ ਹੋਏ ਜ਼ੁਲਮ ਦੇਖ ਕੇ ਮੇਰੀ ਸੋਚ ਬਦਲ ਗਈ ਸੀ। ਮੈਂ ਰੱਬ ਤੋਂ ਮੁਨਕਰ ਹੋ ਗਿਆ।… ਇਹ ਕੀ ਹੋਈ ਜਾਂਦਾ ਏ? …ਹਰ ਵੇਲੇ ਮੇਰੇ ਜ਼ਿਹਨ ’ਚ ਇਹੀ ਸਵਾਲ ਗੂੰਜਦਾ ਰਹਿੰਦਾ ਸੀ।… ਏਸ ਸਵਾਲ ਦਾ ਜਵਾਬ ਲੱਭਣ ਲਈ ਮੈਂ ਗੌਂਸੂ ਦੀ ਖੂਹੀ ਦੀਆਂ ਕੁਟੀਆਂ ਵਿਚ ਰਹਿੰਦੇ ਸਾਧੂਆਂ ਕੋਲ ਜਾਂਦਾ ਸੀ। ਉਥੇ ਈ ਮੈਨੂੰ ਮਹਾ ਰਾਸ਼ਟਰ ਤੋਂ ਆਇਆ ਸਾਧ ਮਿਲਿਆ। ਪੱਕੇ ਰੰਗ ਦੇ ਓਸ ਹੱਟੇ ਕੱਟੇ ਸਾਧ ਦੇ ਹੱਥ ’ਚ ਬਰਛਾ ਸੀ। ਉਹ ਗੁੱਸੇ ਨਾਲ ਬੋਲਿਆ,”ਇਹ ਸਭ ਸੱਪ ਨੇ। ਇਹਨਾਂ ਨੂੰ ਉਵੇਂ ਮਿੱਧ ਦੇਣਾ ਚਾਹੀਦਾ ਏ ਜਿਸ ਤਰ੍ਹਾਂ ਭਾਰਤ ’ਤੇ ਹਮਲੇ ਕਰਨ ਵਾਲੇ ਮੁਸਲਮਾਨਾਂ ਨੇ ਹਿੰਦੂਆਂ ਨੂੰ ਮਾਰਿਆ ਸੀ।… ਦੇਖੋ, ਏਸ ਬਰਛੇ ਨਾਲ ਮੈਂ ਸੋਲਾਂ ਸਪੋਲੀਏ ਮਾਰੇ ਨੇ। ਉਹਨਾਂ ਦੇ ਸਿਰ ਟੰਗ ਕੇ ਵਗਾਹ ਮਾਰੇ…ਔਹ ਪਰੇ।’’
ਮੈ ਉਹਦੇ ਸਾਹਮਣੇ ਬੋਲ ਨਾ ਸਕਿਆ। ਉਹ ਪੁਲਿਸ ’ਚੋਂ ਭੱਜਿਆ ਹੋਇਆ ਸੀ।… ਮੈਨੂੰ ਕਿਸੇ ਨੇ ਦੱਸਿਆ ਕਿ ਉਹ ਬੱਚੇ ਸਾਡੇ ਪੁਰਾਣੇ ਮੋਰੀ ਮੁਹੱਲੇ ਦੇ ਬੱਕਰਵਾਲਾਂ, ਗੁੱਜਰਾਂ, ਛੀਂਬਿਆਂ ਤੇ ਲੋਹਾਰਾਂ ਤਰਖਾਣਾਂ ਦੇ ਸਨ।… ਉਦੋਂ ਈ ਮੇਰਾ ਰੱਬ ਮਰ ਗਿਆ। ਜਿਹੜਾ ਅੱਜ ਵੀ ਮਰਿਆ ਪਿਆ ਏ।
ਫੇਰ ਬੰਦੇ ਦੇ ਵਹਿਸ਼ੀ ਹੋਣ ਦਾ ਸਵਾਲ ਮੈਨੂੰ ਨਕਸਲੀ ਲਹਿਰ ਵੇਲੇ ਵੀ ਤੰਗ ਕਰਦਾ ਰਿਹਾ। ਇਕ ਵਾਰ ਮੈਂ ਕਾਮਰੇਡ ਕੇਵਲ ਕੌਰ ਦੇ ਘਰ ਇਕ ਸਾਧ ਨੂੰ ਦੇਖਿਆ। ਉਹ ਮੰਜੀ ’ਤੇ ਬੈਠਾ ਚਾਹ ਪੀ ਰਿਹਾ ਸੀ। ਕੇਵਲ ਕੌਰ ਨੇ ਦੱਸਿਆ ਕਿ ਇਹ ਲਾਲ ਪਾਰਟੀ ਦਾ ਬੰਦਾ ਏ। ਨਵੇਂ ਸ਼ਹਿਰ ਤੋਂ ਅਗਾਂਹ ਸੂਰਜ ਕੁੰਡ ’ਚ ਇਹਦਾ ਡੇਰਾ ਏ। ਆਪਾਂ ਕਦੇ ਜਾਵਾਂਗੇ। ਲਾਲ ਪਾਰਟੀ ਵਾਲੇ ਕਾਮਰੇਡ ਅੱਗੇ ਵੀ ਕੇਵਲ ਕੌਰ ਦੇ ਘਰ ਆਉਂਦੇ ਹੁੰਦੇ ਸੀ। ਜਿਨ੍ਹਾਂ ਵਿਚੋਂ ਇਕ ਕਾਲਾ ਭੂਤ ਬੰਦਾ ਹਥਿਆਰਾਂ ਦਾ ਧੰਦਾ ਕਰਦਾ ਸੀ।
ਇਕ ਦਿਨ ਮੈਂ ਤੇ ਕੇਵਲ ਕੌਰ ਸੂਰਜ ਕੁੰਡ ਦੇ ਡੇਰੇ ਚਲੇ ਗਏ। ਸੰਤ ਬੜੇ ਪਿਆਰ ਨਾਲ ਮਿਲਿਆ। ਜਦ ਮੈਂ ਤਖਤ ਪੋਸ਼ ’ਤੇ ਬਹਿਣ ਲੱਗਿਆ ਤਾਂ ਕੇਵਲ ਕੌਰ ਨੇ ਸੈਨਤ ਨਾਲ ਰੋਕ ਦਿੱਤਾ। ਬਾਹਰ ਕੋਈ ਸ਼ਰਧਾਲੂ ਆ ਰਿਹਾ ਸੀ। ਅਸੀਂ ਹੇਠਲੇ ਗੱਦੇ ’ਤੇ ਬਹਿ ਗਏ। ਉਹਨਾਂ ਦਿਨਾਂ ’ਚ ਇਰਾਕ ਤੇ ਈਰਾਨ ਦੀ ਜੰਗ ਚੱਲ ਰਹੀ ਸੀ। ਜਦ ਮੈਂ ਸੰਤਾਂ ਨੂੰ ਬੰਦਿਆਂ ਦੇ ਏਸ ਵੱਢ ਟੁੱਕ ਦੀ ਗੱਲ ਕੀਤੀ ਤਾਂ ਉਹ ਕਹਿਣ ਲੱਗੇ,”ਤੁਸੀ ਐਵੇਂ ਚਿੰਤਾ ਕਰਦੇ ਹੋ। ਅਕਾਸ਼ ’ਚ ਹਰ ਵੇਲੇ ਯੁੱਧ ਚੱਲਦਾ ਈ ਰਹਿੰਦਾ ਏ। ਮਹਾਭਾਰਤ ਕਿਤੇ ਉਦੋਂ ਈ ਮੁੱਕ ਗਿਆ ਸੀ? ਉਹ ਤਾਂ ਹੁਣ ਵੀ ਜਾਰੀ ਏ। ਇਹ ਸੁਰਾਂ ਅਸੁਰਾਂ ਵਿਚਕਾਰ ਯੁੱਧ ਤਾਂ ਹੁੰਦਾ ਈ ਰਹਿਣੈ।’’
ਫੇਰ ਜਦ ਪੰਜਾਬ ’ਚ 12 ਸਾਲਾਂ ਦਾ ਅੱਤਵਾਦ ਚੱਲਿਆ, ਹਜ਼ਾਰਾਂ ਬੇਦੋਸੇL ਬੰਦੇ ਗੋਲੀਆਂ ਨਾਲ ਉਡਾ ਦਿੱਤੇ ਗਏ। ਕੁਝ ਮਾਰਕਸਵਾਦੀ ਵੀ ਅੱਤਵਾਦੀਆਂ ਦੀ ਹਮਾਇਤ ਕਰਨ ਲੱਗ ਪਏ ਤਾਂ ਮੈਨੂੰ 1947 ਵਾਲੇ ਅੱਤਿਆਚਾਰ ਫਿੱਕੇ ਲੱਗਣ ਲੱਗ ਪਏ। ਮੈਨੂੰ ਲੱਗਿਆ ਕਿ ਕਾਮਰੇਡ ਸਾਧ ਠੀਕ ਈ ਕਹਿੰਦਾ ਸੀ ਕਿ ਮਹਾਭਾਰਤ ਦਾ ਯੁੱਧ ਤਾਂ ਜਾਰੀ ਹੀ ਰਹਿੰਦਾ ਏ। ਇਹਦੇ ’ਚ ਤਾਂ ਲੜਨਾ ਪੈਣਾ ਈ ਏ।

ਕਾਮ ਵਰਜਣਾ

  ਤੁਹਾਡੇ ਵਿਚਾਰ ਅਨੁਸਾਰ ਸਾਡੇ ਦੇਸ ਵਿਚ ਬੇਲੋੜੀ ਕਾਮ ਦੀ ਵਰਜਣਾ ਬਹੁਤ ਰੋਗਾਂ ਦਾ ਕਾਰਨ ਬਣਦੀ ਹੈ। ਧਾਰਮਕ ਸੰਸਥਾਵਾਂ ਵੀ ਇਹਦੇ ਵਿਚ ਹਿੱਸਾ ਪਾਉਂਦੀਆਂ ਹਨ। ਫੇਰ ਕੀ ਕੀਤਾ ਜਾਵੇ ਸਮਾਜ ਨੂੰ ਸਿਹਤਮੰਦ ਲੀਹਾਂ ’ਤੇ ਤੋਰਨ ਲਈ?
  ਮੈਂ ਇਹਦੇ ਬਾਰੇ ਬਹੁਤ ਕੁਝ ਨਹੀਂ ਕਹਿ ਸਕਦਾ। … ਪੰਜ ਹਜ਼ਾਰ ਸਾਲ ਤੋਂ ਚਲੀ ਆ ਰਹੀ ਹਿੰਦੂ ਸੰਸਕ੍ਰਿਤੀ ’ਚ ਕਾਮ ਨੂੰ ਏਨਾ ਮਾੜਾ ਨਹੀਂ ਸਮਝਿਆ ਜਾਂਦਾ ਸੀ। ਇਹ ਗੱਲਾਂ ਉਹ ਜਾਣਦੇ ਨੇ, ਜਿਨ੍ਹਾਂ ਨੂੰ ਸੰਸਕ੍ਰਿਤ ਸਾਹਿਤ ਦੀ ਵਾਕਫੀ ਏ ਜਾਂ ਜਿਨ੍ਹਾਂ ਨੇ ਹਿੰਦੂ ਦਰਸ਼ਨ ਦਾ ਅਧਿਐਨ ਕੀਤਾ ਏ। ਇਹ ਤਾਂ ਪਹਿਲਾਂ ਇਸਲਾਮ ਤੇ ਫੇਰ ਈਸਾਈਆਂ ਦੇ ਆਓਣ ਨਾਲ ਸਾਡੀ ਸੰਸਕ੍ਰਿਤੀ ਦੇ ਏਸ ਪਹਿਲੂ ਨੂੰ ਦੱਬਿਆ ਤੇ ਬਦਲਿਆ ਗਿਆ।
ਬਹੁਤੀਆਂ ਵਰਜਣਾਂ ਰੋਗਾਂ ਦਾ ਕਾਰਨ ਤਾਂ ਬਣਦੀਆਂ ਨੇ, ਪਰ ਕੋਈ ਵੀ ਸਮਾਜ ਵਰਜਣਾਂ ਬਿਨਾਂ ਚੱਲ ਵੀ ਨਹੀਂ ਸਕਦਾ। ਸਮਾਜ ਅਪਣੀ ਕਿਸੇ ਲੋੜ ਲਈ ਚਾਹੁੰਦਾ ਏ ਵਰਜਣਾਂ ਲਾਓਣਾ। ਸੋ, ਵਰਜਣਾਂ ਲੱਗਦੀਆਂ ਰਹਿੰਦੀਆਂ ਨੇ ਤੇ ਤੋੜਨ ਵਾਲੇ ਉਹਨੂੰ ਤੋੜਦੇ ਰਹਿੰਦੇ ਨੇ। ਇਹ ਸਿਲਸਿਲਾ ਹਮੇਸ਼ਾ ਜਾਰੀ ਰਹਿੰਦਾ ਏ। ਧਾਰਮਕ ਸੰਸਥਾਵਾਂ ਸਮਾਜ ਨੂੰ ਅਪਣੀ ਬਣਾਈ ਮਰਯਾਦਾ ’ਚ ਬੰਨ੍ਹ ਕੇ ਰੱਖਣ ਦੇ ਜਤਨ ਕਰਦੀਆਂ ਨੇ। ਜੀਹਦੇ ਨਤੀਜੇ ਕੋਈ ਚੰਗੇ ਸਮਝਦਾ ਏ ਤੇ ਕੋਈ ਮਾੜੇ।…. ਪਰ ਮੈਂ ਕੋਈ ਸਮਾਜ ਸੁਧਾਰਕ ਨਹੀਂ ਕਿ ਸਮਾਜ ਦੀ ਸੁਧਾਈ ਲਈ ਹਦਾਇਤ ਨਾਮਾ ਲਿਖਾਂ।
  ਸਕੂਲ ਵਿਚ ਮਾਸਟਰ ਦੇ ਥੱਪੜ ਮਾਰ ਦਿੱਤਾ ਸੀ, ਘਰ ਵਿਚ ਦਿਲ ਨਹੀਂ ਸੀ ਲਗਦਾ, ਕੀ ਇਹੀ ਕਾਰਨ ਸੀ ਚੋਰੀਂ ਲਾਇਬ੍ਰੇਰੀ ਵਿਚੋਂ ਕਿਤਾਬਾਂ ਕਢਵਾ ਕੇ ਪੜ੍ਹਨ ਦਾ ? ਕੀ ਯਾਦ ਹੈ ਪਹਿਲੀ ਕਿਤਾਬ ਜਿਹਨੇ ਦਿਲ ਮੋਹ ਲਿਆ ਸੀ?
  ਸਕੂਲ ਵਾਲੀ ਉਹ ਘਟਨਾ ਮੈਨੂੰ ਨਹੀਂ ਪਤਾ ਕਿ ਮੈਥੋਂ ਕਿਵੇਂ ਹੋ ਗਈ ਸੀ। ਮੈਨੂੰ ਉਹਦਾ ਬਾਅਦ ’ਚ ਬੜਾ ਅਫਸੋਸ ਹੋਇਆ। ਉਹ ਬਹੁਤ ਹੀ ਸ਼ਰੀਫ ਟੀਚਰ ਸਨ। ਮੈਨੂੰ ਲੱਗਦਾ ਏ ਕਿ ਓਸ ਉਮਰ ਦੀ ਅਵਸਥਾ ਮੈਥੋਂ ਸਾਂਭੀ ਨਹੀਂ ਸੀ ਜਾ ਰਹੀ।…. ਜਿਥੇ ਤਕ ਪੁਸਤਕਾਂ ਪੜ੍ਹਨ ਦੀ ਗੱਲ ਏ, ਸਿਰਫ ਇਹੋ ਮੌਕਾ ਨਹੀਂ ਸੀ। ਇਹ ਤਾਂ ਮਾੜਾ ਮੌਕਾ ਬਣ ਗਿਆ ਸੀ। ਏਸ ਤੋਂ ਪਹਿਲਾਂ ਵੀ ਮੈਂ ਬਹੁਤ ਪੁਸਤਕਾਂ ਪੜ੍ਹੀਆਂ ਸਨ। ਪੁਸਤਕਾਂ ਪੜ੍ਹਨਾ ਸਾਡੇ ਘਰ ਦੇ ਸੰਸਕਾਰਾਂ ’ਚ ਸ਼ਾਮਲ ਸੀ। ਮੇਰੇ ਬਾਈ ਜੀ ਖੰਨੇ ਦੀਆਂ ਦੋਹਾਂ ਲਾਇਬ੍ਰੇਰੀਆਂ ਦੇ ਲਾਈਫ ਮਂੈਬਰ ਸਨ। ਉਹਨਾਂ ਦੇ ਚਾਰੇ ਕਾਰਡ ਮੇਰੇ ਕਬਜ਼ੇ ’ਚ ਰਹਿੰਦੇ ਸਨ। ਮੈਨੂੰ ਲੱਗਦਾ ਏ ਕਿਸੇ ਕੰਮ ਲਈ ਕੁਝ ਬਹਾਨੇ ਬਣ ਜਾਂਦੇ ਨੇ।… ਪਹਿਲੀ ਕਿਤਾਬ ਦੀ ਗੱਲ ਮੈਂ ਹੋਰ ਕਿਤੇ ਕਹਿ ਚੁੱਕਾ ਹਾਂ।
ਪਹਿਲੀ ਕਹਾਣੀ
  ‘ਦੋ ਪਾਟ’ ਨਾਮ ਦੀ ਪਹਿਲੀ ਕਹਾਣੀ ਤੁਸੀਂ ਖੰਨੇ ਰਹਿੰਦਿਆਂ ਉਰਦੂ ਵਿਚ ਲਿਖੀ ਜਿਸ ਨੂੰ ਭਰਾ ਦੇ ਡਰੋਂ ਪਾੜ ਵੀ ਦਿੱਤਾ। ਇਹਦਾ ਕੋਈ ਨੈਣ ਨਕਸ਼ ਯਾਦ ਹੈ ਅਜੇ? ਫੇਰ ਤੁਸੀਂ ਪੰਜਾਬੀ ਵਿਚ ਲਿਖਣ ਵੱਲ ਕਿਵੇਂ ਤਿਲ੍ਹਕ ਗਏ?
  ਨਹੀਂ, ਭਰਾ ਦਾ ਡਰ ਨਹੀਂ ਸੀ, ਮੇਰਾ ਸ਼ਰਮਾਓਣ ਵਾਲਾ ਸੁਭਾਅ ਸੀ। ਖੰਨੇ ਘਰ ’ਚ ਰਹਿੰਦਿਆਂ ਕੁਝ ਲਿਖਣ ਲੱਗਿਆਂ ਸੰਗ ਈ ਬੜੀ ਲੱਗਦੀ ਹੁੰਦੀ ਸੀ। ਲੱਗਦਾ ਸੀ ਕਿ ਇਹ ਤਾਂ ਬਹੁਤ ਵੱਡੇ ਬੰਦਿਆਂ ਦਾ ਕੰਮ ਏ। ਇਹ ਹੌਸਲਾ ਤਾਂ ਜਲੰਧਰ ਆ ਕੇ ਖੁਲਿ੍ਹਆ, ਜਿਥੇ ਮੈਂ ਉੱਕਾ ਬੇਪਛਾਣ ਸੀ। ਕਿਸੇ ਨੂੰ ਨਹੀਂ ਸੀ ਪਤਾ ਕਿ ਮੈਂ ਕੌਣ ਹਾਂ। ਕੀਹਦਾ ਪੁੱਤ ਤੇ ਕੀਹਦਾ ਪੋਤਾ ਹਾਂ। ਖੰਨੇ ਤਾਂ ਮੈਂ ਫਿਲਮਾਂ ਵੀ ਚੋਰੀ ਲੁਕ ਛਿਪ ਕੇ ਦੇਖਦਾ ਸੀ। ਏਥੇ ਆ ਕੇ ਨੌਟੰਕੀ ਦਾ ਜ਼ਿੰਦਾ ‘ਨਾਚ ਓ ਗਾਨਾ’ ਬੜਾ ਨਿਡਰ ਹੋ ਕੇ ਮੂਹਰਲੀਆਂ ਸੀਟਾਂ ’ਤੇ ਬਹਿ ਕੇ ਦੇਖਦਾ ਸੀ। ਉਥੇ ਆਓਣ ਵਾਲੇ ਬਹੁਤ ਸਾਰੇ ਲੋਕ ਅਪਣੇ ਮੂੰਹ ਚਾਦਰਾਂ ਨਾਲ ਲਵ੍ਹੇਟ ਕੇ ਆਇਆ ਕਰਦੇ ਸਨ।…..
ਜਲੰਧਰ ’ਚ ਮੈਂ ਕੁਝ ਵੀ ਕਰਨ ਲਈ ਆਜ਼ਾਦ ਸੀ। ਕਿਸੇ ਪੁੱਛਣਾ ਨਹੀਂ ਸੀ ਤੇ ਕਿਸੇ ਨੂੰ ਦੱਸਣਾ ਨਹੀਂ ਸੀ ਹੁੰਦਾ। ਉਰਦੂ ਕਹਾਣੀ ਤਾਂ ਮੇਰੀ ਸੰਗ ਨੇ ਪੜਵਾ ਦਿੱਤੀ ਸੀ।…ਜਲੰਧਰ ਆ ਕੇ ਪੰਜਾਬੀ ਵੱਲ ਮੁੜਨਾ ਵੀ ਇਤਫਾਕ ਦੀ ਗੱਲ ਏ। ਛੜਾ-ਘਰ ’ਚ ਰਹਿੰਦੇ ਮੇਰੇ ਦੋਸਤ ਨੇ ਮੈਨੂੰ ਗਿਆਨੀ ਕਰਨ ਲਈ ਫਸਾ ਦਿੱਤਾ। ਮੈਂ ਕੋਰਸ ’ਚ ਪੰਜਾਬੀ ਕਹਾਣੀਆਂ ਪੜ੍ਹ ਲਈਆਂ। ਪੰਜਾਬੀ ’ਚ ਗੱਲ ਕਹਿਣੀ ਸੌਖੀ ਲੱਗੀ। ਫੇਰ ਜਲੰਧਰ ’ਚ ਉਰਦੂ ਲਿਖਣ ਵਾਲੇ ਤੇ ਪੜ੍ਹਨ ਵਾਲੇ ਤੇਜ਼ੀ ਨਾਲ ਖ਼ਤਮ ਹੋ ਰਹੇ ਸਨ। ਮੇਰੇ ਨੇੜੇ ਤੇੜੇ ਸਾਰੇ ਪੰਜਾਬੀ ਲਿਖਣ ਵਾਲੇ ਸਨ। ਮਾਰਕਸਵਾਦੀ ਵਿਚਧਾਰਾ ਵਾਲੇ ਵੀ ਅਪਣੀ ਮਾਂ ਬੋਲੀ ’ਚ ਲਿਖਣ ’ਤੇ ਜ਼ੋਰ ਦੇਂਦੇ ਸੀ। ਸੋ, ਕਈ ਪਾਸੇ ਦੀਆਂ ਗੱਲਾਂ ਨੇ ਮੈਨੂੰ ਏਸ ਪਾਸੇ ਤੋਰ ਲਿਆ।
  ਜਲੰਧਰ ਸਾਹਿਤ ਸਭਾ ਵਿਚ ਪੜ੍ਹੀ ਪਹਿਲੀ ਹੀ ਕਹਾਣੀ ‘ਉਪਤ ਖੁਪਤ’ ਦਾ ‘ਪ੍ਰੀਤ ਲੜੀ’ ਵਿਚ ਛਪ ਜਾਣਾ ਅਤੇ ਅਗਲੀ ਕਹਾਣੀ ਨੂੰ ‘ਪੰਜ ਦਰਿਆ’ ਵਰਗੇ ਪਰਚੇ ਵਿਚ ਥਾਂ ਮਿਲਣ ਨਾਲ ਕੀ ਇਹ ਅਹਿਸਾਸ ਨਹੀਂ ਸੀ ਹੋ ਗਿਆ ਕਿ ਤੁਹਾਡੀ ਲਿਖਤ ਵਿਚ ਮੁਢੋਂ ਹੀ ਬੜੀ ਪਕਿਆਈ ਸੀ?
  ਏਸ ਪਕਿਆਈ ਕਚਿਆਈ ਦਾ ਪਤਾ ਮੈਨੂੰ ਆਪ ਨੂੰ ਨਹੀਂ ਸੀ। ਇਹ ਤਾਂ ਹੁਣ ਵੀ ਨਹੀਂ ਹੁੰਦਾ। ਇਹਦਾ ਅਹਿਸਾਸ ਤਾਂ ਚੰਗੇ ਪਾਠਕ ਤੇ ਵਿਦਵਾਨ ਕਰਾਉਂਦੇ ਨੇ।.. ਮੈਨੂੰ ਬਹੁਤ ਕੁਝ ਦਾ ਨਹੀਂ ਸੀ ਪਤਾ। ਮੇਰੀਆਂ ਕਹਾਣੀਆਂ ਪੜ੍ਹ ਕੇ ਉਨ੍ਹਾਂ ਨੂੰ ਚੰਗੀਆਂ ਕਹਿਣ ਵਾਲਿਆਂ ਨੇ ਮੈਨੂੰ ਪਕਿਆਈ ਦਾ ਅਹਿਸਾਸ ਕਰਾਇਆ ਸੀ। ਉਹਨਾਂ ਨੇ ਈ ਮੈਨੂੰ ਬਾਂਸ ’ਤੇ ਟੰਗ ਦਿੱਤਾ ਸੀ। ਉਰਦੂ ਕਹਾਣੀ ਨੂੰ ਜਾਨਣ ਦਾ ਮਾੜਾ ਜਿਹਾ ਹੰਕਾਰ ਵੀ ਮੇਰੇ ’ਚ ਪਹਿਲਾਂ ਤੋਂ ਈ ਮੌਜੁਦ ਸੀ। ਮੇਰੇ ਜਿੰਨਾ ਉਰਦੂ ਸਾਹਿਤ ਕਿਸੇ ਨੇ ਨਹੀਂ ਸੀ ਪੜ੍ਹਿਆ ਹੋਇਆ।
  ਕੀ ਸਾਹਿਤ ਰਚਨਾ ਵਿਚ ਸਾਹਿਤਕਾਰ ਮਿੱਤਰਾਂ ਨਾਲ ਮੇਲ ਜੋਲ ਜਾਂ ਮਾਹੌਲ ਵੀ ਕੋਈ ਸਹਾਇਤਾ ਕਰਦਾ ਹੈ?
  ਜੀ ਹਾਂ, ਬਹੁਤ ਜ਼ਿਆਦਾ। ਮੈਂ ਤਾਂ ਅਪਣੀਆਂ ਸਾਰੀਆਂ ਲਿਖਤਾਂ ਛਪਣ ਤੋਂ ਪਹਿਲਾਂ ਦੋਸਤਾਂ ਨੂੰ ਸੁਣਾਈਆਂ ਨੇ। ਸ਼ੁਰੂ ’ਚ ਮਹਿਰਮ ਯਾਰ ਤੇ ਜਸਵੰਤ ਸਿੰਘ ਵਿਰਦੀ ਨੂੰ ਸੁਣਾਇਆ ਕਰਦਾ ਸੀ। ਫੇਰ ਭੂਸ਼ਨ ਤੇ ਭੰਡਾਰੀ ਮੇਰੇ ਅੜਿੱਕੇ ਆ ਗਏ। ਮੈਂ ਉਹਨਾਂ ਨੂੰ ਕਹਾਣੀ ਸੁਣਾਨ ਲਈ ਚੰਡੀਗੜ੍ਹ ਜਾਇਆ ਕਰਦਾ ਸੀ। ਫੇਰ ਜਲੰਧਰ ’ਚ ਹੀ ਇਕ ਮਾਰਕਸੀ ਦੋਸਤ ਪ੍ਰਿਯਵ੍ਰਤ ਮਿਲ ਗਿਆ। ਉਹਦੇ ਹੁੰਦਿਆਂ ਈ ਚਿਤਰਕਾਰ ਸੁਰਜੀਤ ਕੌਰ ਨੂੰ ਵੀ ਸੁਣਾਉਂਦਾ ਹੁੰਦਾ ਸੀ। ਉਹ ਚਿਤਰਕਾਰੀ ਤੇ ਕਹਾਣੀ ਦੇ ਮਾਮਲੇ ’ਚ ਏਨੀ ਸਿਆਣੀ ਏ ਕਿ ਫਾਈਨਲ ਕੀਤੀ ਕਹਾਣੀ ਮੈਂ ਉਹਨੂੰ ਸੁਣਾ ਕੇ ਹੀ ਛਪਣ ਲਈ ਭੇਜਦਾ ਸੀ। ਸੁਰਜੀਤ ਹਾਂਸ ਦੀ ਵਿਦਵਾਨਾਂ ਵਾਲੀ ਰਾਏ ਵੀ ਮਿਲਦੀ ਰਹਿੰਦੀ ਸੀ। ਕਈ ਵਾਰ ਤਾਂ ਮੇਰੀ ਐਵੇਂ ਛੱਡੀ ਜਾਂ ਸਿੱਟੀ ਕਹਾਣੀ ਦੇ ਨੁਕਤੇ ਉਹ ਦੱਸ ਦੇਂਦਾ ਸੀ।… ਅੱਜਕਲ੍ਹ ਮੈਂ ਜਿੰਦਰ ਤੋਂ ਵੀ ਰਾਏ ਲੈਂਦਾ ਹਾਂ। ਜੇ ਕੋਈ ਨਾ ਈ ਮਿਲੇ ਤਾਂ ਪਨਾਹਗੀਰ ਤਾਂ ਹੈਗਾ ਈ।
  ਪ੍ਰੋ: ਮੋਹਨ ਸਿੰਘ ਨਾਲ ਜਲੰਧਰ ਰਹਿੰਦਿਆਂ ਕਿੰਨਾ ਕੁ ਸੰਪਰਕ ਰਿਹਾ। ਕਵੀ ਤਾਂ ਉਹ ਚੋਟੀ ਦਾ ਸੀ ਹੀ ਪਰ ਉਹਦੀ ਸਖਸ਼ੀਅਤ ਬਾਰੇ ਤੁਹਾਡੇ ਕੀ ਪ੍ਰਭਾਵ ਹਨ?
  ਪ੍ਰੋ. ਮੋਹਨ ਸਿੰਘ ਨਾਲ ਮੇਰੀਆਂ ਬਹੁਤ ਮੁਲਾਕਾਤਾਂ ਹੋਈਆਂ। ਪਰ ਸਾਡੇ ਵਿਚਕਾਰ ਉਮਰ ਦਾ ਫ਼ਾਸਲਾ ਬਰਕਰਾਰ ਰਿਹਾ। ਉਹ ਅਪਣੇ ਪੋਠੋਹਾਰੀ ਕਲਚਰ ਅਨੁਸਾਰ ਛੋਟਿਆਂ ਨੂੰ ਵੀ ‘ਤੁਸੀਂ’ ਕਹਿ ਕੇ ਮੁਖ਼ਾਤਿਬ ਹੁੰਦੇ ਸਨ। ਜਦ ਵੀ ਮੈਂ ਜਾਂਦਾ ਸੀ, ਚਾਹ ਜ਼ਰੂਰ ਪੁੱਛਦੇ। ਮੈਂ ਸੰਗਾਊ ਸੀ। ਉਹਨਾਂ ਦੀ ਪਤਨੀ ਜੀਤ ਦਫਤਰ ’ਚ ਵੀ ਉਹਨਾਂ ਦੇ ਸਾਹਮਣੇ ਬੈਠੀ ਰਹਿੰਦੀ ਸੀ। ਉਹਨਾਂ ਦੀਆਂ ਬੇਟੀਆਂ ਵੀ ਆ ਜਾਂਦੀਆਂ ਸਨ। ਮੈਂ ਬਹੁਤੀ ਗੱਲ ਨਹੀਂ ਸੀ ਕਰ ਸਕਦਾ। ਉਹ ਆਪ ਮੈਨੂੰ ਫਾਰਸੀ ਸਾਹਿਤ ਬਾਰੇ ਨੁਕਤੇ ਦੱਸਦੇ ਰਹਿੰਦੇ ਸੀ।… ਵਿਰਕ ਨਾਲ ਉਹਨਾਂ ਦੀ ਕਾਫੀ ਸਾਂਝ ਸੀ। ਮੈਨੂੰ ਵਿਰਕ ਨੇ ਈ ਦੱਸਿਆ ਸੀ ਕਿ ਮੋਹਨ ਸਿੰਘ ਪੁਰੀ ਖੱਤਰੀ ਏ। ਮੇਰੀ ਭੂਆ ਨਾਭੇ ਪੁਰੀਆਂ ਦੇ ਵਿਆਹੀ ਹੋਈ ਸੀ। … ਦੋਵੇਂ ਵੱਡੇ ਸਾਹਿਤਕਾਰ ਦਾਰੂ ਪੀਂਦੇ ਹੋਏ ਬਥੇਰੀਆਂ ਓਹਲੇ ਦੀਆਂ ਗੱਲਾਂ ਕਰ ਲੈਂਦੇ ਸੀ। ਮੈਨੂੰ ਉਹ ਕੁਝ ਲਿਖਣ ਦਾ ਹੱਕ ਨਹੀਂ।
  ਤੁਹਾਡੇ ਨਾਲ ਹੀ ਕਹਾਣੀਆਂ ਲਿਖਣੀਆਂ ਸ਼ੁਰੂ ਕਰਨ ਵਾਲੇ ਜਿਵੇਂ ਮਹਿਰਮ ਯਾਰ, ਜਸਵੰਤ ਸਿੰਘ ਵਿਰਦੀ ਆਦਿ ਚੰਗਾ ਲਿਖਣ ਦੇ ਬਾਵਜੂਦ ਰੁਲ ਖੁਲ ਗਏ। ਇਹਦਾ ਕੀ ਕਾਰਨ ਲੱਭਦੇ ਹੋ?
  ਉਹਨਾਂ ਕਾਰਨਾਂ ਦਾ ਮੈਨੂੰ ਨਹੀਂ ਪਤਾ। ਇਹ ਤਾਂ ਵਿਦਵਾਨ ਲੋਕ ਹੀ ਦੱਸ ਸਕਦੇ ਨੇ। ਉਂਜ ਉਹ ਦੋਵੇਂ ਸਿਆਣੇ ਲੇਖਕ ਸਨ। ਮਹਿਰਮ ਯਾਰ ਨੂੰ ਗੱਲਾਂ ਬੜੀਆਂ ਫੁਰਦੀਆਂ ਸਨ। ਵਿਰਦੀ ਕੋਲ ਕਹਾਣੀ ਲਿਖਣ ਦੀ ਟੈਕਨੀਕ ਦਾ ਕਮਾਲ ਏ। ਉਹਦੀ ਕਲਪਨਾ ਬਹੁਤ ਤੇਜ਼ ਦੌੜਦੀ ਏ। ਏਸੇ ਲਈ ਪੰਜਾਬੀ ’ਚ ਸਭ ਤੋਂ ਵੱਧ ਕਹਾਣੀਆਂ ਉਹਨੇ ਲਿਖੀਆਂ ਨੇ। ਇਹਨਾਂ ਦੋਹਾਂ ਨੇ ਨਾ ਸਿਰਫ਼ ਕਹਾਣੀ ਲਿਖਣ ’ਚ ਬਲਕਿ ਮੇਰੀ ਹਰੇਕ ਸਹੂਲਤ ਲਈ ਮੇਰੀ ਬੜੀ ਸਹਾਇਤਾ ਕੀਤੀ। ਮੈਂ ਉਹਨਾਂ ਦਾ ਅਹਿਸਾਨ ਮੰਨਦਾ ਹਾਂ।
  ਤੁਸੀਂ ਸ਼ੁਰੂ ਤੋਂ ਈ ਉੱਤਮ ਪੁਰਖੀ ਕਹਾਣੀ ਲਿਖਣੀ ਕਿਉਂ ਸ਼ਰੂ ਕੀਤੀ?
  ਪਹਿਲਾਂ ਜਿਹੜੀ ਕਹਾਣੀ ਅਨਯ ਪੁਰਖ (another person) ਵਿੱਚ ਲਿਖੀ ਜਾਂਦੀ ਸੀ, ਮੈਨੂੰ ਉਸ ਕੋਲੋਂ ਗੁਰੇਜ਼ ਹੋਣ ਲੱਗ ਪਿਆ। ਮੈਨੂੰ ਲੱਗਾ ਕਿ ਉਹਦੇ ਨਾਲ ਪਾਠਕ ਨਾਲ ਗੱਲ ਦੀ ਸਾਂਝ ਘਟ ਬਣਦੀ ਹੈ। ਫਰਜ਼ ਕਰੋ ਮੈਂ ਬਹੁਤ ਹੀ ਨੇੜਲੇ ਦੋਸਤਾਂ ਵਿੱਚ ਬਹਿ ਕੇ ਕੋਈ ਗੱਲ ਸੁਣਾਉਂਦਾ ਹਾਂ-ਉਸ ਤੋਂ ਅੱਗੇ ਚਾਰ ਅਜਿਹੇ ਦੋਸਤ ਹਨ, ਜਿਨ੍ਹਾਂ ਕੋਲ ਦਿਲ ਦੀ ਗੱਲ ਵੀ ਕਰਦਾ ਹਾਂ। ਮੈਂ ਉਨ੍ਹਾਂ ਨਾਲ ਬਰੀਕ ਤੇ ਲੁਕਵੀਂ ਗੱਲ ਵੀ ਕਰਦਾ ਹਾਂ। ਪਰ ਪੰਜਵੇਂ ਕੋਲ ਨਹੀਂ ਕਰਦਾ। ਨੇੜਤਾ ਤੋਂ ਬਿਨਾਂ ਉਹ ਗੱਲ ਨਹੀਂ ਦੱਸੀ ਜਾ ਸਕਦੀ। ਮੇਰਾ ਪਾਤਰ ਸੱਚਾਈ ਨਾਲ ਤਾਂ ਹੀ ਦੱਸੇਗਾ ਜੇ ਦੂਜਾ ਉਸ ਦਾ ਨੇੜੇ ਦਾ ਦੋਸਤ ਹੋਏਗਾ। ਕਈ ਵੇਰਾਂ ਬੰਦਾ ਐਨਾ ਮਾੜਾ ਹੁੰਦਾ ਹੈ ਕਿ ਅਪਣੀ ਗੱਲ ਦੂਜੇ ਨੂੰ ਨਹੀਂ ਦੱਸਦਾ ਤੇ ਕਈ ਵਾਰ ਤਾਂ ਅਪਣੇ ਆਪ ਨੂੰ ਵੀ ਦੱਸਣ ਤੋਂ ਡਰਦਾ ਹੈ। ਫੇਰ ਉਹ ਆਤਮ-ਸੰਵਾਦ ਕਰਦਾ ਹੈ। ਕਹਾਣੀ ਤੁਰੀ ਜਾਂਦੀ ਹੈ। ਫੇਰ ਮੈਨੂੰ ਲੱਗਾ, ਉਹ ਇੱਕ ਪਹਿਲੂ ਤੋਂ ਹੀ ਗੱਲ ਕਰਦਾ ਹੈ ਅਤੇ ਉਹ ਮਾੜਾ ਮੋਟਾ ਝੂਠਾ ਵੀ ਹੋ ਸਕਦਾ ਹੈ। ਗੱਲ ਦੱਸਣ ਵਾਲਾ ਝੂਠ ਵੀ ਬੋਲਦਾ ਹੁੰਦਾ ਹੈ। ਉਹ ਆਦਮੀ ਅਪਣੀ ਵਕਾਲਤ ਕਰਦਾ ਸਫਾਈ ਵੀ ਦੇ ਰਿਹਾ ਹੁੰਦਾ ਹੈ। ਫੇਰ ਮੈਂ ਅਪਣੀ ਕਹਾਣੀ ਵਿੱਚ ਦੂਜਾ ਪਾਤਰ ਲਿਆਂਦਾ। ਉਹਨੇ ਕੁਝ ਹੋਰ ਪਹਿਲੂ ਦੱਸੇ। ਫੇਰ ਇੱਕੋ ਕਹਾਣੀ ‘ਚ ਚਾਰ ਜਾਂ ਪੰਜ ਪਾਤਰ ਵੀ ਅਪਣਾ ਅਪਣਾ ਸੱਚ ਦਸਦੇ ਨੇ।

ਸੁਪਨੇ, ਧਰਮ ਤੇ ਜਾਤਾਂ

  ਹਰ ਮਨੁੱਖ ਸੁਪਨੇ ਲੈਂਦਾ ਹੈ, ਤੁਸੀਂ ਵੀ ਲਏ ਹੋਣਗੇ ਉਹ । ਕੀ ਇਨ੍ਹਾਂ ਕਾਰਨ ਵੀ ਜੀਵਨ ’ਚ ਕੋਈ ਉਲਝਣਾਂ ਪੈਦਾ ਹੋਈਆਂ?
  ਸੁਫ਼ਨੇ ਮੈਨੂੰ ਛੋਟੀ ਉਮਰ ਤੋਂ ਹੀ ਤੰਗ ਕਰਦੇ ਰਹੇ ਨੇ। ਲੱਗਦਾ ਹੈ ਕਿ ਹੁਣ ਇਹ ਮੈਨੂੰ ਮਾਰ ਕੇ ਈ ਖਹਿੜਾ ਛੱਡਣਗੇ…! ਛੋਟਾ ਹੁੰਦਾ ਸੀ ਤਾਂ ਚੁੜੇਲਾਂ ਤੇ ਭੂਤਾਂ ਪ੍ਰੇਤਾਂ ਦੇ ਸੁਫ਼ਨੇ ਡਰਾਉਂਦੇ। ਵੱਡਾ ਹੋਇਆ ਤਾਂ ਕਦੇ ਮੇਰਾ ਦਾਦਾ, ਕਦੇ ਬਾਪ ਤੇ ਕਦੇ ਭਾਈ ਸੋਟੀਆਂ ਚੁੱਕੀ ਮੇਰੇ ਮਗਰ ਫਿਰਦੇ। ਉਹ ਅਜੀਬ ਅਜੀਬ ਜਾਨਵਰਾਂ ਦੀਆਂ ਸ਼ਕਲਾਂ ਧਾਰਦੇ, ਜਿਵੇਂ ਸ਼ੇਰ, ਬਘਿਆੜ, ਸੱਪ, ਬਿੱਛੂ ਤੇ ਮਗਰਮੱਛ….। ਰਾਤ ਨੂੰ ਸੁੱਤੇ ਪਏ ਨੂੰ ਇੱਕ ਗੋਹ ਮੈਨੂੰ ਕਈ ਵਰ੍ਹੇ ਚਿੰਬੜਦੀ ਰਹੀ। ਕਦੀ ਬਾਂਹ ’ਤੇ ਕਦੀ ਛਾਤੀ ’ਤੇ ਬਹਿ ਕੇ ਚਿੰਬੜ ਜਾਂਦੀ। ਜ਼ਿੰਦਗੀ ਵਿੱਚ ਹੋਈਆਂ ਬੇਇਜ਼ਤੀਆਂ ਦੇ, ਨਾਕਾਮੀਆਂ ਦੇ ਸੁਫ਼ਨੇ ਕਈ ਸਾਲ ਆਉਂਦੇ ਰਹੇ। ਹੁਣ ਕਈ ਵਰਿ੍ਹਆਂ ਤੋਂ ਮੈਂ ਗੋਲੀ ਖਾ ਕੇ ਏਸ ਲਈ ਸੌਂਦਾ ਹਾਂ ਕਿ ਸੁਫਨੇ ਦਾ ਅਸਰ ਦਿਲ ’ਤੇ ਘੱਟ ਪਵੇ। ਨਹੀਂ ਤਾਂ ਅੱਧੀ ਰਾਤੀਂ ਭੈੜੇ ਸੁਫ਼ਨੇ ਤੋਂ ਜਾਗ ਕੇ ਦਿਲ ਘਬਰਾਉਂਦਾ ਏ। ਮੌਤ ਨੇੜੇ ਹੁੰਦੀ ਦਿਸਦੀ ਏ!… ਸੁਫ਼ਨਿਆਂ ’ਚ ਮੈਂ ਜੰਗਲੀ ਜਾਨਵਰਾਂ ਤੇ ਬੰਦਿਆਂ ਨੂੰ ਕਤਲ ਕਰਨ ਦੇ ਜਤਨ ਕਰਦਾ ਹਾਂ ਪਰ ਮੈਥੋਂ ਕਤਲ ਹੁੰਦੇ ਨਹੀਂ, ਸਗੋਂ ਮੇਰੇ ਅਪਣੇ ਹੀ ਸੱਟ ਵੱਜ ਜਾਂਦੀ ਏ। ਮੇਰੀ ਸ਼ਖ਼ਸੀਅਤ ਸੁਫਨਿਆਂ ’ਚ ਚੌਥਾ ਹਿੱਸਾ ਰਹਿ ਜਾਂਦੀ ਏ।.. ਸੁਫਨਿਆਂ ’ਚ ਮੈਂ ਅਪਣੇ ਆਪ ਨੂੰ ਕਦੇ ਲੇਖਕ ਨਹੀਂ ਦੇਖਿਆ। ਇਹ ਤਾਂ ਅਹਿਸਾਸ ਹੁੰਦਾ ਏ ਕਿ ਦੁਨੀਆਂ ’ਚ ਮੇਰਾ ਕੋਈ ਘਰ ਏ, ਕੋਈ ਮੇਰਾ ਕੁਝ ਲੱਗਦਾ ਏ। ਪਰ ਮੈਨੂੰ ਅਪਣਾ ਕਦੇ ਘਰ ਨਹੀਂ ਲੱਭਿਆ। ਗਲੀ ਲੱਭ ਪੈਂਦੀ ਏ ਪਰ ਹਰੇਕ ਮੋੜ ’ਤੇ ਬੰਦ ਹੋ ਜਾਂਦੀ ਏ। ਦੋਸਤ, ਰਿਸ਼ਤੇਦਾਰ ਤੇ ਮੇਰੀ ਪ੍ਰੇਮਿਕਾ ਮਿਲਦੀ ਹੈ ਪਰ ਸਭ ਅਜਨਬੀ ਹੋ ਜਾਂਦੇ ਨੇ ਜਾਂ ਮੇਰੇ ਨਾਲ ਮਾੜਾ ਸਲੂਕ ਕਰਦੇ ਨੇ। ਜ਼ਿੰਦਗੀ ’ਚ ਮੈਂ ਜਿਹੜੀਆਂ ਸ਼ਕਤੀਆਂ ਨੂੰ ਨਹੀਂ ਮੰਨਦਾ, ਸੁਫ਼ਨਿਆਂ ’ਚ ਉਨ੍ਹਾਂ ਨੂੰ ਮੈਂ ਸਵੀਕਾਰ ਕਰਦਾ ਹਾਂ। ਮੈਂ ਇਹਨਾਂ ਦਾ ਡਰ ਚੰਗੀ ਕਲਪਨਾ ਨਾਲ ਦੂਰ ਕਰ ਲੈਂਦਾ ਹਾਂ।
  ਧਰਮ ਜੇ ਸਾਡੀ ਸੱਭਿਅਤਾ ਦਾ ਬੁਨਿਆਦੀ ਹਿੱਸਾ ਹੈ, ਬੰਦੇ ਦੀ ਸ਼ਖਸੀਅਤ ਤੋਂ ਵੱਡਾ ਹੋ ਕੇ ਦੱਬ ਨਹੀਂ ਲੈਂਦਾ ਉਹਨੂੰ?
  ਇਸ ਤੋਂ ਮੁਕਤ ਹੋਣਾ ਤਾਂ ਸੰਭਵ ਹੀ ਨਹੀਂ। ਮੈਂ ਕਹਿੰਨਾ ਹੁੰਨਾਂ ਕਿ ਮੇਰੇ ਅੰਦਰ ਹਾਲਾਂ ਵੀ ਧਰਮ ਬੈਠਾ ਏ। ਉਹ ਹਾਲਾਂ ਵੀ ਅਪਣਾ ਘਿਨੌਣਾ ਫਣ ਚੁੱਕਦਾ ਏ।… ਪਹਿਲਾਂ ਜਿਹੜਾ ਅਗਾਂਹ-ਵਧੂ ਸਾਹਿਤ ਸੀ, ਉਨ੍ਹਾਂ ਦਾ ਜਿਹੜਾ ਯਥਾਰਥ ਦਾ ਤਸੱਵਰ ਸੀ, ਉਸ ਨੂੰ ਮੈਂ ਸ਼ੁਰੂ ਤੋਂ ਹੀ ਰੱਦ ਕਰਦਾ ਸੀ। ਉਸ ਵੇਲੇ ਸਾਰੇ ਲੋਕ ਇਕੋ ਰੱਸੇ ਵਿੱਚ ਵਲੇ ਹੋਏ ਸਨ। ਉਹ ਧਰਮਾਂ ਦੇ ਗ੍ਰਸੇ ਲੋਕਾਂ ਨੂੰ ਵੀ ਕਾਮਰੇਡ ਸਮਝੀ ਜਾਂਦੇ ਸੀ। ਕ੍ਰਾਂਤੀਕਾਰੀ ਪਾਤਰ ਬਣਾਈ ਜਾਂਦੇ ਸੀ। ਮੈਨੂੰ ਲੱਗਦਾ ਸੀ ਕਿ ਇਹ ਲੋਕ ਝੂਠ ਬੋਲਦੇ ਨੇ। ਗ਼ਲਤ ਗੱਲਾਂ ਕਰੀ ਜਾਂਦੇ ਨੇ। ਹਕੀਕਤ ਇਹ ਏ ਕਿ ਏਥੇ ਸਾਰੇ ਧਰਮਾਂ ਦੇ ਲੋਕ ਨੇ, ਚਾਰੇ ਵਰਣ ਨੇ, ਗੋਤ ਨੇ, ਫੇਰ ਅਗਾਂਹ ਲੋਕ ਕਿੱਤਿਆਂ ’ਚ ਵੰਡੇ ਹੋਏ ਨੇ। ਆਪੋ ਵਿੱਚ ਟਕਰਾਅ ਰਹੇ ਨੇ। ਅਗਾਂਹਵਧੂ ਛੋਟੀ ਸ਼੍ਰੇਣੀ ਦੀ ਲੁੱਟ ਦਾ ਜ਼ਿਕਰ ਤਾਂ ਕਰਦੇ ਪਰ ਸ਼ੂਦਰ ਦੀ ਗੱਲ ਨਹੀਂ ਸੀ ਕਰਦੇ। ਉਹ ਸੋਚਦੇ ਸੀ ਜੇ ਸ਼੍ਰੇਣੀ ਰਹਿਤ ਸੋਸਾਇਟੀ ਹੋ ਜਾਵੇ ਤਾਂ ਸਾਰੇ ਮੁੱਦੇ ਆਪੇ ਹੱਲ ਹੋ ਜਾਣਗੇ। ਉਨ੍ਹਾਂ ਨੂੰ ਐਨੀ ਸਮਝ ਨਹੀਂ ਸੀ ਕਿ ਸਾਡੇ ਤਾਂ ਜਾਤਾਂ ਐਨੀਆਂ ਜ਼ਬਰਦਸਤ ਨੇ ਕਿ ਉਹ ਤੋੜਨੀਆਂ ਬਹੁਤ ਔਖੀਆਂ ਨੇ। ਮੈਂ ਖੱਤਰੀ ਹਾਂ। ਮੈਨੂੰ ਖੱਤਰੀ ਹੋਣ ਦਾ ਕਦੇ ਕਦੇ ਮਾਣ ਵੀ ਹੁੰਦਾ ਹੈ। ਮੈਨੂੰ ਇਹ ਵੀ ਲੱਗਦਾ ਏ ਕਿ ਇਉਂ ਸੋਚਣਾ ਮਾੜੀ ਗੱਲ ਹੈ। ਚੌਥੇ ਵਰਣ ਦੇ ਲੋਕਾਂ ਵਿੱਚ ਵੀ ਅਗਾਂਹ ਦਰਜੇ ਨੇ। ਮੈਂ ਇਨ੍ਹਾਂ ਗੱਲਾਂ ਨੂੰ ਮੁੱਖ ਰੱਖ ਕੇ ਵੀ ਕਹਾਣੀਆਂ ਲਿਖੀਆਂ। ਮੈਂ ‘ਘਰ’ ਕਹਾਣੀ ਲਿਖੀ ਸੀ। ਇੱਕ ਬ੍ਰਾਹਮਣ ਦੀ ਕੁੜੀ ਇੱਕ ਜੱਟ ਮੁੰਡੇ ਨਾਲ ਪ੍ਰੇਮ-ਵਿਆਹ ਕਰਦੀ ਏ। ਉਨ੍ਹਾਂ ਦੋਹਾਂ ਦੇ ਉਪ-ਸੱਭਿਆਚਾਰ ਵੱਖ ਨੇ। ਓਥੇ ਫੇਰ ਟਕਰਾਓ ਹੁੰਦਾ ਏ। ਇਹ ਗੱਲ ਮੈਂ ‘ਗੋਈ’ ਕਹਾਣੀ ਵਿੱਚ ਵੀ ਲਿਆਂਦੀ ਸੀ। … ਪੰਜਾਬੀ ਦਾ ਇੱਕ ਬਹੁਤ ਪ੍ਰਗਤੀਸ਼ੀਲ ਲੇਖਕ ਏ। ਨਾਵਲਕਾਰ ਏ। ਮੈਂ ਉਸ ਦਾ ਨਾਂ ਨਹੀਂ ਲੈਂਦਾ। ਉਸ ਦੀ ਕੁੜੀ ਨਾਲ ਕਿਤੇ ਕੋਈ ਮੁੰਡਾ ਫਿਰਨ ਲੱਗ ਪਿਆ। ਉਨ੍ਹਾਂ ਨੇ ਉਸ ਮੁੰਡੇ ਨੂੰ ਬਹੁਤ ਮਾਰਿਆ। ਜਦ ਉਨ੍ਹਾਂ ਤੋਂ ਕੋਈ ਗੱਲ ਨਾ ਬਣੀ ਤਾਂ ਲੋਕਾਂ ਆਖਿਆ ਬਈ ਮੁੰਡਾ ਚੰਗਾ ਏ, ਸਿਆਣਾ ਏ – ਕੁੜੀ ਉਹਦੇ ਨਾਲ ਵਿਆਹ ਕਰਨਾ ਚਾਹੁੰਦੀ ਏ, ਤੂੰ ਵਿਆਹ ਕਰਦੇ। ਉਹ ਕਹਿੰਦਾ, ”ਮੈਂ ਨਹੀਂ ਕਰਨਾ।’’ ਵਜ੍ਹਾ ਇਹ ਸੀ ਕਿ ਉਹ ਨਾਵਲਕਾਰ ਜਾਤ ਦਾ ਆਪ ‘ਦਰਜੀ’ ਏ। ਮੁੰਡਾ ਨਾਈਆਂ ਦਾ ਏ। ਉਸ ਵਿੱਚ ਪਹਿਲਾਂ ਤਾਂ ਦਰਜੀ ਹੋਣ ਦੀ ਹੀ ਗੱਠ ਬੈਠੀ ਏ। ਸਾਡੇ ਸਮਾਜ ਵਿੱਚ ਕਿਰਤ ਕਰਨ ਵਾਲੇ ਨੂੰ ਹਮੇਸ਼ਾਂ ਮਾੜਾ ਸਮਝਿਆ ਗਿਆ ਏ ਅਤੇ ਜੋ ਵਿਹਲੜ ਹੈ, ਉਸ ਨੂੰ ਉੱਤਮ ਸਮਝਿਆ ਗਿਆ ਏ। ਹੁਣ ਉਹ ਦੋਵੇਂ ਕਿਰਤ ਕਰਨ ਵਾਲੇ ਸੀ। – ਅਗਾਂਹ ਨਾਈਆਂ ਦੀਆਂ ਵੀ ਕਿਸਮਾਂ ਨੇ। ਜਿਹੜਾ ਕੰਮ ਨਾ ਕਰੇ ਉਹਨੂੰ ਕਹਿੰਦੇ ਹਨ ਗੈਰ-ਪੇਸ਼ਾਵਰ। ਬਈ ਜਾਤ ਦਾ ਨਾਈ ਤਾਂ ਹਾਂ ਪਰ ਮੈਂ ਇਹ ਕੰਮ ਨਹੀਂ ਕਰਦਾ। ਓਦੋਂ ਪ੍ਰਗਤੀਵਾਦੀ ਥਾਂ-ਥਾਂ ਮੇਰੀਆਂ ਕਹਾਣੀਆਂ ਦਾ ਵਿਰੋਧ ਕਰਦੇ ਸੀ। ਮੇਰੀਆਂ ਕਹਾਣੀਆਂ ਬਾਰੇ ਸਿਰਫ਼ ਡਾ. ਹਰਿਭਜਨ ਸਿੰਘ ਨੇ ਲਿਖਿਆ। ਪਹਿਲੀ ਵੇਰਾਂ ਲਿਖਿਆ ਕਿ ਇਨ੍ਹਾਂ ਵਿੱਚ ਸੰਸਕਾਰਾਂ ਦਾ, ਜਾਤਾਂ ਦਾ ਜ਼ਿਕਰ ਏ। ਉਂਜ ਸੰਸਕਾਰਾਂ ਤੋਂ ਮੁਕਤ ਹੋਣਾ ਅਸੰਭਵ ਏ। ਫ਼ਰਜ਼ ਕਰੋ ਮੈਂ ਅਪਣੇ ਬੱਚਿਆਂ ਦਾ ਵਿਆਹ ਕਰਨਾ ਚਾਹੁੰਦਾ ਹਾਂ ਅਤੇ ਉਹ ਵੀ ਜਾਤ ਤੋੜ ਕੇ ਤਾਂ ਮੇਰੀ ਘਰ ਵਾਲੀ ਮੂਹਰੇ ਆ ਕੇ ਖੜ੍ਹ ਜਾਂਦੀ ਏ। ਉਹ ਕਹਿੰਦੀ ਏ-”ਇਹ ਸਿਰਫ਼ ਤੇਰੇ ਹੀ ਬੱਚੇ ਨੀਂ ? ਮੇਰੇ ਵੀ ਨੇ?’’ ਉਹ ਜਾਤਾਂ ’ਚ ਬੁਰੀ ਤਰ੍ਹਾਂ ਵਿਸ਼ਵਾਸ ਕਰਦੀ ਏ। ਉਹ ਪੱਕੀ ਹੈ। ਫੇਰ ਮੇਰੇ ਭਾਈ ਨੇ। ਪਤਨੀ ਦੇ ਵੀ ਭਾਈ ਨੇ। ਮੈਂ ਕੱਲਾ ਕੋਈ ਫੈਸਲਾ ਨਹੀਂ ਕਰ ਸਕਦਾ। ਬੱਚੇ ਵੀ ਅਪਣੇ ਤੌਰ ’ਤੇ ਫੈਸਲਾ ਕਰਦੇ ਨੇ। ਮੈਂ ਨਾਸਤਿਕ ਹਾਂ। ਮੇਰਾ ਇੱਕ ਮੁੰਡਾ ਏ-ਉਹ ਮਾਤਾ ਦੇ ਜਾਂਦਾ ਏ। ਮੇਰੀ ਇੱਕ ਕੁੜੀ ਏ, ਉਹ ਗੁਰਦੁਆਰੇ ਮੱਥਾ ਟੇਕਦੀ ਏ। ਇਹ ਉਨ੍ਹਾਂ ਦੇ ਵਿਸ਼ਵਾਸ ਨੇ। ਮੇਰਾ ਫ਼ੈਸਲਾ ਅਪਣਾ ਏ। ਉਨ੍ਹਾਂ ਦਾ ਅਪਣਾ। ਜੇ ਇਹ ਬਾਹਰਲੇ ਦਬਾਅ ਛੱਡ ਵੀ ਦਈਏ ਤਾਂ ਵੀ ਮੈਂ ਖ਼ੁਦ ਇਨ੍ਹਾਂ ਤੋਂ ਪੂਰਾ ਮੁਕਤ ਨਹੀਂ ਹੋਇਆ। ਉਂਜ ਮੇਰੀ ਅਜਿਹੇ ਸੰਸਕਾਰਾਂ ਤੋਂ ਮੁੱਢੋਂ ਹੀ ਬਗਾਵਤ ਰਹੀ ਏ।

ਪਾਕਿਸਤਾਨ ਅਤੇ ਪੰਜਾਬੀ ਬੋਲੀ

  ਤੁਸੀਂ ਹੁਣੇ ਹੀ ਪਾਕਿਸਤਾਨ ਜਾ ਕੇ ਆਏ ਹੋ। ਕੀ ਮਨਸ਼ਾ ਸੀ ਏਸ ਯਾਤਰਾ ਦੀ? ਪਾਕਿਸਤਾਨ ਵਿਚ ਪੰਜਾਬੀ ਬੋਲੀ ਨਾਲ ਕੀ ਬੀਤ ਰਹੀ ਹੈ?
  ਮੇਰੀ ਯਾਤਰਾ ਦਾ ਮਕਸਦ ਤਾਂ ਸਿਰਫ ਲਹੌਰ ’ਚ ਸਾਹਿਤਕਾਰਾਂ, ਖਾਸ ਤੌਰ ’ਤੇ ਉਰਦੂ ਦੇ ਅਦੀਬਾਂ ਨੂੰ ਮਿਲਣਾ ਸੀ। ਮੈਂ ਕਈ ਵਰਿ੍ਹਆਂ ਤੋਂ ਵੀਜ਼ੇ ਦੀ ਉਡੀਕ ’ਚ ਬੈਠਾ ਰਿਹਾ ਹਾਂ। ਏਸ ਦੌਰਾਨ ’ਚ ‘ਹੱਡਵਰਤੀ’ ਲਿਖਣ ਵਾਲਾ ਅਨਵਰ ਅਲੀ ਮਿਲਣ ਤੋਂ ਪਹਿਲਾਂ ਗੁਜ਼ਰ ਗਿਆ। ‘ਗਡਰੀਆ’ ਕਹਾਣੀ ਵਾਲਾ ਉਰਦੂ ਦਾ ਦਾਨਿਸ਼ਵਰ ਅਦੀਬ ਅਸ਼ਫ਼ਾਕ ਅਹਿਮਦ ਪੂਰਾ ਹੋ ਗਿਆ। ਉਰਦੂ ਦਾ ਕਹਾਣੀਕਾਰ ਅਹਿਮਦ ਨਦੀਮ ਕਾਸਮੀ ਵੀ ਅੱਲਾ ਨੂੰ ਪਿਆਰਾ ਹੋ ਗਿਆ।…ਹੁਣ ਕੀਹਨੂੰ ਮਿਲਣਾ ਸੀ। ਮੈਂ ਤਿੰਨ ਦਿਨ ਕਹਾਣੀਕਾਰ ਨਾਦਰ ਅਲੀ ਦੇ ਘਰ ਰਿਹਾ। ਉਹਨਾਂ ਬੜੀ ਮਿਹਰਬਾਨੀ ਕਰ ਕੇ ਮੈਨੂੰ ਉਰਦੂ ਦੇ ਕਹਾਣੀਕਾਰ ਇੰਤਜ਼ਾਰ ਹੁਸੈਨ ਨਾਲ ਮਿਲਵਾ ਦਿੱਤਾ। ਅਸੀਂ ਡੇਢ ਘੰਟਾ ਉਰਦੂ ਕਹਾਣੀ ਤੇ ਪਾਕਿਸਤਾਨ ਦੇ ਸਾਹਿਤ ਦੀ ਪਛਾਣ ਦੀਆਂ ਗੱਲਾਂ ਕਰਦੇ ਰਹੇ। …ਓਸੇ ਦਿਨ ‘ਉਦਾਸ ਨਸਲੇਂ’ ਵਾਲੇ ਅਬਦੁੱਲਾ ਹੁਸੈਨ ਨਾਲ ਵੀ ਮੁਲਾਕਾਤ ਹੋ ਜਾਣੀ ਸੀ। ੳਹ ਘਰੇ ਸਨ, ਪਰ ਬਾਥ ਰੂਮ ’ਚ ਹੋਣ ਕਰ ਕੇ ਗੱਲ ਨਾ ਹੋ ਸਕੀ। ਫੇਰ ਜਦ ਇੰਤਜ਼ਾਰ ਹੁਸੈਨ ਦੇ ਘਰੋਂ ਮੁੜ ਰਹੇ ਸੀ ਤਾਂ ਨਾਦਰ ਅਲੀ ਜੀ ਕਿਸੇ ਮਜਬੂਰੀ ਕਰ ਕੇ ਢਿੱਲੇ ਪੈ ਗਏ। ਕਹਿੰਦੇ, ”ਛੱਡ ਯਾਰ, ਂਉਹਦਾ ਘਰ ਏਥੋਂ 25 ਕਿੱਲੋ ਮੀਟਰ ਏ। ਪੈਂਡਾ ਬਹੁਤ ਏ।’’ ਮੈਂ ਅਪਣੇ ਮੀਜ਼ਬਾਨ ਦੀ ਗੱਲ ਮੰਨ ਲਈ।
ਨਾਦਰ ਅਲੀ ਹੁਰਾਂ ਕੋਲ ਕਾਰ ਸੀ। ਡਰਾਇਵਰੀ ਚਲਾਉਂਦਾ ਸੀ। ਕਾਰ ਸ਼ਹਿਰ ਦੇ ਅੰਦਰਲੇ ਹਿੱਸਿਆਂ ’ਚ ਜਾ ਨਹੀਂ ਸਕਦੀ ਸੀ। ਬਹੁਤੀਆਂ ਸੜਕਾਂ ’ਤੇ ਟਰੈਫਿਕ ‘ਵਨ ਵੇ’ ਸੀ। ਪਾਕਿਸਤਾਨ ਦੇ ਲੋਕ ਟ੍ਰੈਫਿਕ ਦੇ ਰੂਲਜ਼ ਨਹੀਂ ਤੋੜਦੇ। ਇਹ ਡਿਸਿਪਲਨ ਫੌਜੀ ਰਾਜ ਦਾ ਪੈਦਾ ਕੀਤਾ ਹੋਇਆ ਏ। … ਸੋ ਅੰਦਰੂਨੀ ਲਹੌਰ ਨਹੀਂ ਦੇਖ ਸਕਿਆ। ਉਹ ਕਾਰ ’ਚ ਨਹੀਂ, ਮੋਟਰ ਸਾਈਕਲ ’ਤੇ ਦੇਖਣ ਵਾਲਾ ਏ। ਕਦੇ ਫੇਰ ਜਾਵਾਂਗਾ।
ਪਾਕਿਸਤਾਨੀ ਉਰਦੂ ਜਾਂ ਪੰਜਾਬੀ ਕਹਾਣੀ ਬਾਰੇ ਕਈ ਭੁਲੇਖੇ ਨਿੱਕਲ ਗਏ ਨੇ। 1947 ਤੋਂ ਪਹਿਲਾਂ ਜਿਹੜੇ ਲਹੌਰ ਨੂੰ ਸਾਹਿਤ ਦਾ ਕੇਂਦਰ ਕਿਹਾ ਜਾਂਦਾ ਸੀ, ਉਹਨੂੰ ਹੁਣ ਭੁੱਲ ਜਾਓ। ਉਥੇ ਕੋਈ ਮਰਕਜ਼ ਨਹੀਂ। ਸਿਰਫ ਚਿਤਰਕਾਰ ਤੇ ਆਰਟ ਗੈਲਰੀਆਂ ਹੈਨ। ਮੈਂ ਕਈ ਵੇਖੀਆਂ। ਚਿੱਤਰਕਾਰ ਸ਼ਾਹਿਦ ਮਿਰਜ਼ਾ ਨੂੰ ਮਿਲ ਕੇ ਬੜਾ ਅਨੰਦ ਆਇਆ। …
ਇਕ ਗੱਲ ਪਾਕਿਸਤਾਨ ’ਚ ਚੰਗੀ ਦੇਖੀ। ਉਹ ਸੀ ਮਹਿਮਾਨ -ਨਵਾਜ਼ੀ। ਉਹ ਹਾਲੇ ਵੀ ਪੰਜਾਬੀਆਂ ਦੀ ਮਹਿਮਾਨ -ਨਵਾਜ਼ੀ ਦੀ ਪਰੰਪਰਾ ਨਿਭਾ ਰਹੇ ਨੇ। ਅਸੀਂ ਬਦਲ ਰਹੇ ਹਾਂ। ਸ਼ਾਇਦ ਏਸ ਲਈ ਕਿ ਸਾਡੇ ਦੇਸ ’ਚ ਸਭ ਕੁਝ ਬੜੀ ਤੇਜ਼ੀ ਨਾਲ ਬਦਲ ਰਿਹਾ ਏ। ਸਭ ਤੋਂ ਵੱਧ ਸਾਡੀਆਂ ਪੁਰਾਣੀਆਂ ਸੋਚਾਂ ਨਵੀਆਂ ਸੋਚਾਂ ਨਾਲ ਟਕਰਾ ਕੇ ਨਵੇਂ ਰੂਪ ਧਾਰ ਰਹੀਆਂ ਨੇ। ਜਿਸ ਦਾ ਕਾਰਨ ਸਨਅਤੀ ਤੇ ਵਪਾਰਕ ਤਰੱਕੀ ਏ। ਪਾਕਿਸਤਾਨ ’ਚ ਇਹ ਵਰਤਾਰਾ ਹੌਲੀ ਚੱਲ ਰਿਹਾ ਏ। ਉਹਨਾਂ ਦੀ ਆਰਥਿਕ ਤਰੱਕੀ ਦੀ ਰਫਤਾਰ ਵੀ ਬੜੀ ਢਿੱਲੀ ਏ। ਉਥੇ ਭਾਸ਼ਾਵਾਂ ਦੇ ਨਾਂ ’ਤੇ ਸਿਆਸਤ ਲੜੀ ਜਾ ਰਹੀ ਏ। ਜਿਵੇਂ ਸਾਡੇ ਧਰਮ, ਜਾਤ, ਇਲਾਕੇ ਜਾਂ ਕਿਸੇ ਵੀ ਤੰਗ ਜਿਹੀ ਵਿਚਾਰਧਾਰਾ ਨੂੰ ਮਸਲਾ ਬਣਾ ਲਿਆ ਜਾਂਦਾ ਏ। ਪਾਕਿਸਤਾਨ ’ਚ ਸਰਾਇਕੀ ਬੋਲਣ ਵਾਲੇ ਕਹਿੰਦੇ ਨੇ ਕਿ ਪੰਜਾਬੀ ਬੋਲਣ ਵਾਲੇ ਸਿਰਫ ਸਾਢੇ ਪੰਜ ਜ਼ਿਲੇ ਨੇ – ਲਹੌਰ, ਗੁੱਜਰਾਂਵਾਲਾ, ਸ਼ੇਖੂਪੁਰਾ, ਸਿਆਲਕੋਟ ਤੇ ਫੈਸਲਾਬਾਦ। ਬਾਕੀ ਸਰਾਇਕੀ ਜਾਂ ਪੋਠੋਹਾਰੀ ਬੋਲਦੇ ਨੇ। ਓਥੇ ਆਮ ਪੜ੍ਹੇ ਲੋਕ ਪੰਜਾਬੀ ਬੋਲਦੇ ਨੇ, ਪਰ ਪੜ੍ਹਦੇ ਨਹੀਂ। ਪੜ੍ਹਨਾ ਤਾਂ ਉਰਦੂ ਦਾ ਵੀ ਘਟ ਰਿਹਾ ਏ। ਜਿਨ੍ਹਾਂ ਨੇ ਪੰਜਾਬੀ ਦਾ ਬੀੜਾ ਚੁੱਕਿਆ ਹੋਇਆ ਏ, ਉਹ ਦਿਨ ਰਾਤ ਸੂਫੀਆਂ ਦਾ ਕਲਾਮ ਪੜ੍ਹਦੇ ਤੇ ਗਾਉਂਦੇ ਮਾਜ਼ੀ -ਪ੍ਰਸਤ (ਭੂਤ ਕਾਲ-ਪੂਜਕ) ਹੋ ਗਏ ਨੇ। ਉਹਨਾਂ ਨੇ ਬੀਤੇ ਸਮੇਂ ਵੱਲ ਮੂੰਹ ਤੇ ਬੀਤ ਰਹੇ ਸਮੇਂ ਵੱਲ ਪਿੱਠ ਕਰ ਕੇ ਜਿਊਣ ਦਾ ਭਾਣਾ ਮੰਨ ਲਿਆ ਏ। ਜਿਥੇ ਥਾਂ ਥਾਂ ਬੁਲ੍ਹਾ ਨੱਚਦਾ ਹੋਵੇ, ਓਥੇ ਨਵਾਂ ਸਾਹਿਤ ਕਿਵੇਂ ਰਚਿਆ ਜਾ ਸਕਦਾ ਏ?

ਵਿਹਲੇ ਵੇਲੇ ਦਾ ਸ਼ੁਗਲ

  ਚਰਚਾ ਹੈ ਕਿ ਸਾਹਿਤ ਨੇ ਕਿਸੇ ਦਾ ਨਾ ਕੁਝ ਸਵਾਰਿਆ ਹੈ ਨਾ ਸਵਾਰਨਾ ਹੈ। ਫੇਰ ਸਾਹਿਤ ਲਿਖੀ ਕਿਉਂ ਜਾਂਦੇ ਨੇ ਲੋਕ ਤੇ ਪਾਠਕ ਪੜ੍ਹੀ ਵੀ ਜਾਂਦੇ ਨੇ। ਕੀ ਇਹ ਵਿਹਲੇ ਵੇਲੇ ਦਾ ਸ਼ੁਗਲ ਹੀ ਹੈ?
  ਮੈਂ ਕਹਿੰਦਾ ਹਾਂ ਕਿ ਸਾਹਿਤ ਬਹੁਤ ਸਾਰੀਆਂ ਕਿਸਮਾਂ ਦਾ ਹੁੰਦਾ ਏ। ਦੁਨੀਆ ਭਰ ਦੇ ਸਾਰੇ ਧਾਰਮਕ ਗ੍ਰੰਥ ਕਵਿਤਾ ’ਚ ਲਿਖੇ ਗਏ। ਉਹ ਧਾਰਮਕ ਸਾਹਿਤ ਏ। ਫੇਰ ਸਾਰੇ ਗਿਆਨਾਂ ਦੀਆਂ ਮੁੱਢਲੀਆਂ ਪੁਸਤਕਾਂ ਵੀ ਕਵਿਤਾ ’ਚ ਲਿਖੀਆਂ ਗਈਆਂ। ਜਿਵੇਂ ਆਯਰਵੈਦਿਕ ਲਈ, ਜਿਓਤਿਸ਼ ਲਈ, ਰਸਾਇਣ ਵਿਦਿਆ ਲਈ, ਗਾਇਨ ਤੇ ਨਾਟ ਵਿਦਿਆ ਲਈ, ਕਾਮ ਸ਼ਾਸਤਰ ਤੇ ਦਰਸ਼ਨ ਲਈ ਤੇ ਹੋਰ ਸਾਰੇ ਗਿਆਨਾਂ ਲਈ ਕਵਿਤਾ ’ਚ ਗ੍ਰੰਥ ਰਚੇ ਗਏ। ਚਹੁੰਆਂ ਵੇਦਾਂ ਦੀ ਰਚਨਾ ਵੀ ਹੋਈ। ਫੇਰ ਪੁਰਾਣ ਰਚੇ ਗਏ। ਜਿਹੜੇ ਅਠਾਰਾਂ ਤੋਂ ਵਧ ਕੇ ਛਪੰਜਾ ਹੋ ਗਏ। ਏਸੇ ਤਰਾਂ ਸਮ੍ਰਿਤੀਆਂ, ਸ਼ਰੁਤੀਆਂ ਤੇ ਉਪਨਿਸ਼ਦ ਰਚੇ ਗਏ। ਏਸ ਤਰ੍ਹਾਂ ਦੇ ਸਾਹਿਤ ਦਾ ਅਪਣਾ ਮਨੋਰਥ ਸੀ। ਇਹ ਸਮਾਜ ਦੇ ਬਹੁਤ ਕੰਮ ਆਇਆ। ਪਰ ਸਾਰਿਆਂ ਦੇ ਲਈ ਨਹੀਂ। ਕੋਈ ਕਿਸੇ ਨੂੰ ਚੰਗਾ ਲੱਗਿਆ ਤੇ ਕੋਈ ਕਿਸੇ ਨੂੰ। ਕਿਸੇ ਨੇ ਗ੍ਰਹਿਣ ਕਰ ਲਿਆ ਤੇ ਕਿਸੇ ਨੇ ਤਿਆਗ ਦਿੱਤਾ।
ਫੇਰ ਕਾਵਿ ਤੇ ਨਾਟਕ ਸਾਹਿਤ ਰਚਿਆ ਗਿਆ। ਜਿਵੇਂ ਰਾਮਾਇਣ, ਮਹਾਭਾਰਤ ਤੇ ਸੰਸਕ੍ਰਿਤ ਤੇ ਦੱਖਣੀ ਭਾਸ਼ਾਵਾਂ ’ਚ ਰਚਿਆ ਕ੍ਰਿਸ਼ਣ-ਭਗਤੀ ਕਾਵਿ। ਉਹਨੇ ਸਮਾਜ ਦੇ ਕਈ ਮਨੋਰਥ ਪੂਰੇ ਕੀਤੇ।…ਪਰ ਉਹਨਾਂ ਵਿਚੋਂ ਉਹੀ ਬਚ ਕੇ ਸਾਡੇ ਤਕ ਆਇਆ, ਜਿਹੜਾ ਸਦੀਵੀ ਕਦਰਾਂ ਕੀਮਤਾਂ ਵਾਲਾ ਸੀ। ਬਾਕੀ ਮਾੜਾ ਸਾਹਿਤ ਚੰਗੇ ਸਾਹਿਤ ਲਈ ਖਾਦ ਦਾ ਕੰਮ ਕਰ ਕੇ ਅਪਣਾ ਰੋਲ ਅਦਾ ਕਰ ਗਿਆ।….ਹੁਣ ਵੀ ਇਹਨਾਂ ਸਾਰੀਆਂ ਕਿਸਮਾਂ ਦਾ ਸਾਹਿਤ ਰਚਿਆ ਜਾਂਦਾ ਏ। ਸਾਰੀਆਂ ਕਿਸਮਾਂ ਦੇ ਲੇਖਕਾਂ ਦੇ ਅਪਣੇ ਪਾਠਕ ਨੇ। ਭਾਰਤ ’ਚ ਮੀਡੀਆ ਬਹੁਤ ਵਿਕਾਸ ਕਰ ਰਿਹਾ ਏ। ਅਖਬਾਰਾਂ ਦੀ ਛਪਣ ਗਿਣਤੀ ਬਹੁਤ ਵਧ ਗਈ ਏ। ਉਹ ਜੋ ਕੁਝ ਛਾਪਦੇ ਨੇ, ਉਹ ਵੀ ਇਕ ਕਿਸਮ ਦਾ ਸਾਹਿਤ ਈ ਏ। ਇਹ ਸਾਹਿਤ ਸਭ ਤੋਂ ਵਧ ਸਮਾਜ ਨੂੰ ਪ੍ਰਭਾਵਤ ਕਰਦਾ ਏ। ਇਹ ਪਾਠਕਾਂ ਨੂੰ ਦੇਸ਼ ਭਗਤੀ ਲਈ ਕੁਰਬਾਨੀਆਂ ਦੇਣ ਲਈ ਵੀ ਤਿਆਰ ਕਰਦਾ ਏ ਤੇ ਕਦੇ ਧਰਮਾਂ ਦੇ ਨਾਂ ’ਤੇ ਫਸਾਦ ਵੀ ਇਹੀ ਕਰਵਾਉਂਦਾ ਏ।… ਏਸ ਕਿਸਮ ਦਾ ਬਹੁਤ ਸਾਰਾ ਮਾੜਾ ਸਾਹਿਤ ਵੀ ਰਚਿਆ ਜਾਂਦਾ ਏ। ਜਿਹੜਾ ਸਮਾਜ ’ਚ ਨਫਰਤਾਂ ਦੇ ਬੀਜ ਬੀਜਦਾ ਏ ‘ਤੇ ਅਪਣੀਆਂ ਜੇਬਾਂ ਭਰਦਾ ਏ। ਪੰਜਾਬੀ ’ਚ ਅੱਤਵਾਦ ਦੇ ਹੱਕ ’ਚ ਬੜਾ ਸਾਹਿਤ ਰਚਿਆ ਗਿਆ ਏ। ਜਿਹੜਾ ਬਹੁਤ ਮਹਿੰਗਾ ਹੋਣ ‘ਤੇ ਵੀ ਧੜਾਧੜ ਖੁਲ੍ਹੇ ਆਮ ਜਾਂ ਰਤਾ ਪਰਦੇ ਨਾਲ ਵਿਕਦਾ ਏ। ਜਿਹੜਾ ਸਮਾਜ ਦਾ ਬਹੁਤ ਕੁਝ ਵਿਗਾੜਦਾ ਵੀ ਏ।
ਮੈਂ ਵੱਡੇ ਸਾਹਿਤ ਦਾ ਮਕਸਦ ਸਮਾਜ ਨੂੰ ਬਦਲਣਾ ਨਹੀਂ ਸਮਝਦਾ। ਮੈਂ ਸਮਝਦਾ ਹਾਂ ਕਿ ਜਿਹੜਾ ਸਾਹਿਤ ਸਮਾਜ ਨੂੰ ਬਦਲਣ ਦੇ ਮਕਸਦ ਨਾਲ ਲਹਿਰਾਂ ਦੇ ਅਸਰ ਹੇਠ ਲਿਖਿਆ ਜਾਂਦਾ ਏ, ਉਹ ਵਧੀਆ ਸਾਹਿਤ ਨਹੀਂ ਏ। ਉਹ ਵਕਤੀ ਤੌਰ ’ਤੇ ਕੰਮ ਆ ਸਕਦਾ ਏ। ਲੋੜਾਂ ਪੈਂਦੀਆਂ ਨੇ ਅਜਿਹੇ ਸਾਹਿਤ ਦੀਆਂ। ਕ੍ਰਾਂਤੀ ਵੇਲੇ ਕੰਮ ਆ ਸਕਦਾ ਏ। ਉਹ ਤੁਹਾਨੂੰ ਉਭਾਰ ਸਕਦਾ ਏ। ਉਛਾਲ ਸਕਦੈ, ਪਰ ਉਹ ਸਦੀਵੀ ਨਹੀਂ ਹੋ ਸਕਦਾ। ਜਿਸ ਤਰ੍ਹਾਂ ਇਹਦੀ ਬਹੁਤ ਸੋਹਣੀ ਮਿਸਾਲ ਸਾਡੇ ਸਾਹਮਣੇ ਆਈ ਏ ਕਿ ਅਸੀਂ ਪਿਛਲੇ 70 ਸਾਲ ਪ੍ਰਗਤੀਵਾਦੀ ਸਾਹਿਤ ਰਚਦੇ ਰਹੇ, ਪਰ ਕੋਈ ਕ੍ਰਾਂਤੀ ਨਹੀਂ ਲਿਆ ਸਕੇ। ਕਿਉਂਕਿ ਕ੍ਰਾਂਤੀ ਲਈ ਹੋਰ ਬਹੁਤ ਕਾਸੇ ਦੀ ਲੋੜ ਹੁੰਦੀ ਏ। ਏਸ ਦੇ ਉਲਟ ਪਿਛਲੇ ਦਸਾਂ ਸਾਲਾਂ ’ਚ ਸਾਡੇ ਦੇਸ਼ ‘ਚ ਜੋ ਆਤੰਕਵਾਦ ਦੇ ਭਿਆਨਕ ਹਾਲਾਤ ਗੁਜ਼ਰੇ ਨੇ, ਉਹਦੇ ਪਿੱਛੇ ਕੋਈ ਸਾਹਿਤ ਨਹੀਂ ਸੀ। ਕੁਝ ਲੁਕੇ ਛਿਪੇ ਪੈਮਫਲਟ ਜਾਂ ਕਿਤਾਬਚੇ ਸਨ। ਉਹਨੂੰ ਸਾਹਿਤ ਨਹੀਂ ਕਿਹਾ ਜਾ ਸਕਦਾ। ਉਹਨਾਂ ਹਾਲਾਤ ਲਈ ਕੁਝ ਸਿਆਸਤਦਾਨਾਂ ਨੇ, ਕੁਝ ਅਖ਼ਬਾਰਾਂ ਨੇ ਤੇ ਕੁਝ ਅੰਤਰਰਾਸ਼ਟਰੀ ਸਿਅਸਤ ਨੇ ਐਹੋ ਜਿਹੀ ਸਥਿਤੀ ਪੈਦਾ ਕਰ ਦਿੱਤੀ ਸੀ। ਏਸ ਤਰ੍ਹਾਂ ਦੀ ਸਥਿਤੀ ਵਧੀਆ ਸਾਹਿਤ ਪੈਦਾ ਨਹੀਂ ਕਰ ਸਕਦੀ।
ਹੋਰ ਸਾਹਿਤਕਾਰ ਅਪਣੀ ਮਰਜ਼ੀ ਨਾਲ ਭਾਵੇਂ ਕਿਸੇ ਤਰ੍ਹਾਂ ਦਾ ਸਾਹਿਤ ਲਿਖੀ ਜਾਣ, ਪਰ ਮੇਰੇ ਸਾਹਿਤ ਵਿੱਚ ਇਹ ਕੁਝ ਵੀ ਨਹੀਂ ਏ, ਜਿਹੜਾ ਸਮਾਜ ਨੂੰ ਬਦਲ ਦੇਵੇ। ਸ਼ਾਇਦ ਕਿਸੇ ਵੀ ਮੁਲਕ ’ਚ ਸਾਹਿਤ ਨੂੰ ਪੜ੍ਹ ਕੇ ਇਨਸਾਨ ਬਿਹਤਰ ਨਹੀਂ ਹੋਇਆ। ਸਾਡੇ ਸਾਹਮਣੇ ਸੋਵੀਅਤ ਯੂਨੀਅਨ ਦੀ ਮਿਸਾਲ ਏ। ਉਥੇ ਕਮਿਊਨਿਸਟਾਂ ਨੇ 75 ਸਾਲ ਇਨਕਲਾਬ ਦੇ ਤਜਰਬੇ ਕੀਤੇ। ਉਹਨਾਂ ਨੇ ਏਨੇ ਹਥਿਆਰ ਤਾਂ ਪੈਦਾ ਕਰ ਲਏ, ਜਿਨ੍ਹਾਂ ਨਾਲ ਸਾਰੀ ਦੁਨੀਆਂ ਦਾ ਤਿੰਨ ਵਾਰੀ ਵਿਨਾਸ਼ ਹੋ ਸਕਦਾ ਏ। ਪਰ ਉਹ ਬੇਹਤਰ ਇਨਸਾਨ ਨਹੀਂ ਪੈਦਾ ਕਰ ਸਕੇ। ਉਹਦੇ ਨਾਲੋਂ ਟੁੱਟੇ ਦੇਸ ਮੁੜ ਇਕ ਦੂਜੇ ਦੇ ਖੂਨ ਦੇ ਪਿਆਸੇ ਹੋ ਗਏ। ਹੁਣ ਮੁੜ ਕੇ ਮਜ਼ਹਬੀ ਨਫਰਤ ਆ ਵੜੀ ਏ ਉਨ੍ਹਾਂ ਵਿੱਚ ਵੀ। ਉਹ ਜ਼ਬਾਨਾਂ ਪਿੱਛੇ ਲੜਦੇ ਨੇ, ਇਲਾਕਿਆਂ ਪਿੱਛੇ ਕਤਲ ਕਰਦੇ ਨੇ। ਇਸਲਾਮੀ ਦਹਿਸ਼ਤਗਰਦ ਪੈਦਾ ਕਰਦੇ ਨੇ।..
ਮੇਰੇ ਸਾਹਿਤ ਦਾ ਮਨੋਰਥ ਤਾਂ ਬੰਦੇ ਨੂੰ ਸਮਝਣਾ ਏ। ਬੰਦੇ ਦੇ ਸੰਪੂਰਨ ਵਿਹਾਰ ਨੂੰ ਸਮਝਣ ਦੀ ਕੋਸ਼ਿਸ਼ ਕਰਨਾ ਏ। ਏਸ ਕੰਮ ਲਈ ਮੈਂ ਬੰਦੇ ਦੇ ਮਨੋਵਿਗਿਆਨ ਦੀਆਂ ਬੁਨਿਆਦਾਂ ਲੱਭਦਾ ਹਾਂ। ਮੈਂ ਬੰਦੇ ਦੀਆਂ ਥੁੜ੍ਹਾਂ ਦੇ ਦੁੱਖਾਂ ਵਿਚੋਂ ਵੀ ਉਹਦੀ ਮਾਨਸਿਕ ਹਾਲਤ ਦੀ ਤਬਦੀਲੀ ਦੇਖਦਾ ਹਾਂ। ਓਸੇ ਨੂੰ ਲਿਖਣ ਦੀ ਕੋਸ਼ਿਸ਼ ਕਰਦਾ ਹਾਂ। … ਕਿਸੇ ਵੀ ਬੰਦੇ ਨੂੰ ਸਮਝਣ ਲਈ ਉਹਦੀ ਸੰਸਕ੍ਰਿਤੀ ਨੂੰ ਸਮਝਣਾ ਜ਼ਰੂਰੀ ਏ। ਸੰਸਕ੍ਰਿਤੀ ਦੀਆਂ ਜੜ੍ਹਾਂ ਧਰਮ ’ਚ ਹੁੰਦੀਆਂ ਨੇ। ਏਸ ਲਈ ਧਰਮਾਂ ਨੂੰ ਸਮਝਣਾ ਬਹੁਤ ਜ਼ਰੂਰੀ ਏ।

ਅਧੂਰਾ ਸੱਚ, ਪੂਰਾ ਸੱਚ

  ਇਹ ‘ਅਧੂਰਾ ਸੱਚ’ ‘ਅਪਣਾ ਅਪਣਾ ਸੱਚ’ ‘ਪੂਰਾ ਸੱਚ’ ‘ਕਰੂਰ ਸੱਚ’ ਭਲਾ ਕੀ ਹੋਏ। ਇਨ੍ਹਾਂ ਦੀ ਵਿਸਥਾਰ ਨਾਲ ਵਿਆਖਿਆ ਤਾਂ ਕਰੋ।
  ਸੱਚ ਦੇ ਰੂਪਾਂ ਨੂੰ ਸਮਝਣ ਲਈ ਬੜੀ ਬਰੀਕ ਤੇ ਨਿਰੰਤਰ ਟਿਕਣ ਵਾਲੀ ਸੂਝ ਚਾਹੀਦੀ ਏ। ਹਾਂ, ਸੱਚ ਬਹੁਤ ਕਿਸਮਾਂ ਦਾ ਹੁੰਦਾ ਏ। ਮੈਂ ਇਹ ਗੱਲ ਅਪਣੀਆਂ ਆਤਮ ਕਥਾਵਾਂ ‘ਬੰਦੇ ਅੰਦਰ ਬੰਦੇ’ ਤੇ ‘ਆਤਮ ਮਾਯਾ’ ਦੇ ਹਵਾਲੇ ਨਾਲ ਈ ਕਰਦਾ ਹਾਂ।…ਮੈਂ ਅਪਣੀ ਸ਼ਖਸੀਅਤ ਜਾਂ ਸਾਹਿਤ ਬਾਰੇ ਜੋ ਕੁਝ ਲਿਖਿਆ ਜਾਂ ਦੱਸਿਆ ਏ, ਉਹ ਅਧੂਰਾ ਸੱਚ ਏ। ਸੰਪੂਰਨ ਸੱਚ ਕੋਈ ਹੋਰ ਹੋਣਾ ਏ। ਸੰਪੂਰਨ ਸੱਚ ਤਾਂ ਸ਼ਾਇਦ ਕੋਈ ਹੁੰਦਾ ਈ ਨਹੀਂ। ਹਰੇਕ ਬੰਦੇ ਦਾ ਅਪਣਾ-ਅਪਣਾ ਸੱਚ ਹੁੰਦਾ ਏ। ਕਈ ਗੱਲਾਂ ਜਿਹੜੀਆਂ ਮੈਂ ਆਪ ਦੱਸਣੀਆਂ ਪਸੰਦ ਨਹੀਂ ਕੀਤੀਆਂ, ਉਹ ਪੁੱਛਣ ਵਾਲੇ ਪੁੱਛ ਲੈਂਦੇ ਨੇ। ਮੈਨੂੰ ਦੱਸਣੀਆਂ ਪੈਂਦੀਆਂ ਨੇ। ਮੈਂ ਦੱਸੀਆਂ ਵੀ ਨੇ। ਪਰ ਉਹਨਾਂ ’ਚ ਪੈਦਾ ਕੀਤੇ ਹੋਏ ਕੋਣੇ ਮੇਰੇ ਨੇ, ਪੁੱਛਣ ਵਾਲੇ ਦੀ ਮਰਜ਼ੀ ਦੇ ਨਹੀਂ। ਹਰੇਕ ਸਵਾਲ ਦੇ ਪਿੱਛੇ ਪੁੱਛਣ ਵਾਲੇ ਦਾ ਲੁਕਵਾਂ ਮਨੋਰਥ ਹੁੰਦਾ ਏ। ਤੇ ਦੱਸਣ ਵਾਲੇ ਦੀ ਵੀ ਲੁਕਵੀਂ ਮਰਜ਼ੀ ਹੁੰਦੀ ਏ।……
ਮੈਂ ਅਪਣੀ ਆਤਮ ਕਥਾ ਦਾ ਨਾਂ ‘ਆਤਮ-ਮਾਯਾ’ ਏਸ ਕਰ ਕੇ ਰੱਖਿਆ ਏ ਕਿ ਮੈਂ ਅਪਣੇ ਬਾਰੇ ਅਪਣੀ ਜਾਣੇ ਸਭ ਕੁਝ ‘ਸੱਚ’ ਲਿਖਣ ਬਾਅਦ ਮਹਿਸੂਸ ਕਰਦਾ ਹਾਂ ਕਿ ਇਹ ਵੀ ਸੱਚ ਨਹੀਂ ਏ। ਇਹ ਤਾਂ ਮੈਨੂੰ ਦਿਸੀ ‘ਮਾਯਾ’ (ਭਰਮ) ਏ। ਮੈਨੂੰ ਹਿੰਦੂ ਦਰਸ਼ਨ ਦੀਆਂ ਪੁਸਤਕਾਂ ਪੜ੍ਹਦਿਆਂ ਇਹੋ ਪਤਾ ਲੱਗਿਆ ਏ ਕਿ ਜੀਹਨੂੰ ਅਸੀਂ ਕਿਸੇ ਦਾ ਦੱਸਿਆ, ਕਿਸੇ ਤੋਂ ਸੁਣਿਆ, ਆਪ ਵੇਖਿਆ ਜਾਂ ਅਪਣੇ ਉੱਤੇ ਬੀਤਿਆ ਸੱਚ ਜਾਂ ਯਥਾਰਥ ਕਹਿੰਦੇ ਹਾਂ, ਉਹ ਸੰਪੂਰਨ ਸੱਚ ਨਹੀਂ ਹੁੰਦਾ। ਉਹ ਸੱਚ ਦਾ ਭਰਮ ਹੁੰਦਾ ਏ। ਜੋ ਕੁਝ ਸਾਡੇ ਸਾਹਮਣੇ ਏ, ਸਾਨੂੰ ਦਿਸਦਾ ਏ, ਉਹ ਵੀ ਸੱਚ ਨਹੀਂ। ਉਹ ਵੀ ਮਾਯਾ ਜਾਂ ਭਰਮ ਏ। ਜੇ ਕੋਈ ਕਹਿੰਦਾ ਏ ਕਿ ਮੈਨੂੰ ਇਹ ਉਹ ਨਹੀਂ ਦਿਸਦਾ, ਜਿਹੜਾ ਤੁਹਾਨੂੰ ਦਿਸਦਾ ਏ ਜਾਂ ਜਿਵੇਂ ਤੁਸੀਂ ਬਿਆਨ ਕਰਦੇ ਹੋ। ਉਹ ਵੀ ਠੀਕ ਈ ਕਹਿੰਦਾ ਏ। ਕਿਉਂਕਿ ਇਹ ਉਹਦੀ ਦ੍ਰਿਸ਼ਟੀ ਤੇ ਵਿਵੇਕ ਦਾ ਭਰਮ ਏ। ਅਸੀਂ ਸਭ ਆਪੋ ਅਪਣੇ ਭਰਮ ਪਾਲਦੇ ਤੇ ਦੱਸਦੇ ਫਿਰਦੇ ਹਾਂ। ਗਲਪ ਵੀ ਇਕ ਭਰਮ ਸਿਰਜਣ ਦਾ ਈ ਨਾਂ ਏ। ਜਿਵੇਂ ਮੈਂ ਕਿਸੇ ਇਸਤ੍ਰ੍ਰੀ ਨੂੰ ਦੇਖ ਕੇ ਕਹਾਂ ਕਿ ਉਹ ਬਹੁਤ ਸੋਹਣੀ ਸੀ। ਉਹਨੂੰ ਦੇਖ ਕੇ ਮੈਨੂੰ ਪਤਾ ਨਹੀਂ ਕੀ ਹੋ ਗਿਆ? ਉਹ ਮੇਰੇ ਅੰਦਰ ਵੜ ਗਈ।… ਮੇਰੀ ਗੱਲ ’ਤੇ ਦੂਜਾ ਕੋਈ ਹੈਰਾਨ ਹੋ ਕੇ ਇਹ ਵੀ ਕਹਿ ਸਕਦਾ ਏ ਕਿ ਤੂੰ ਓਸ ਬਦਸ਼ਕਲ ਨੂੰ ਸੋਹਣੀ ਕਹਿੰਦੈਂ?… ਜੇ ਮੈਂ ਸੱਚ ਕਿਹਾ ਸੀ ਤਾਂ ਉਹ ਵੀ ਸੱਚ ਹੀ ਕਹਿੰਦਾ ਏ। ਇਹ ਸੱਚ ਜਾਂ ਯਥਾਰਥ ਸਾਡੇ ਸਾਰਿਆਂ ਦੀ ਅਪਣੀ-ਅਪਣੀ ਦ੍ਰਿਸ਼ਟੀ ਦੇ ਭਰਮ ਹੋ ਸਕਦੇ ਨੇ। ਜਿਸ ਨੂੰ ਅਸੀਂ ‘ਮੇਰਾ ਸੱਚ ਜਾਂ ‘ਮੇਰਾ ਯਥਾਰਥ’ ਵੀ ਕਹਿ ਦੇਂਦੇ ਹਾਂ।

ਮੀਸ਼ੇ ਦੀ ਸਖਸ਼ੀਅਤ

  ਕਵੀ ਮੀਸ਼ੇ ਦੀ ਗਲੀ ਸੜੀ ਹੋਈ ਲਾਸ਼ ਦੇ ਪਰਦੇ ਫੋਲ ਕੇ ਕੀ ਮਾਨਸਿਕ ਤਸੱਲੀ ਹੋਈ ਭਲਾ?
  ਜਿਹੜੇ ਅਜਿਹਾ ਸੋਚਦੇ ਨੇ ਕਿ ਮੀਸ਼ੇ ਨੂੰ ਮਾੜਾ ਕਹਿ ਕੇ ਮੈਨੂੰ ਮਾਨਸਿਕ ਤਸੱਲੀ ਹੋਈ ਏ, ਉਹ ਜਦ ਮਰਨਗੇ ਤਾਂ ਉਹਨਾਂ ਬਾਰੇ ਕਿਸੇ ਦੋ ਫਿਕਰੇ ਵੀ ਨਹੀਂ ਲਿਖਣੇ। ਮੇਰੇ ਲਈ ਮੀਸ਼ਾ ਨਾ ਸਿਰਫ ਵੱਡਾ ਕਵੀ, ਬਲਕਿ ਵੱਡਾ ਤੇ ਸੰਵੇਦਨਸ਼ੀਲ ਇਨਸਾਨ ਵੀ ਸੀ। ਹੋਰ ਬਥੇਰੇ ਲੂਰ ਲੂਰ ਫਿਰਦੇ ਨੇ, ਮੈਂ ਉਹਨਾਂ ਬਾਰੇ ਚਾਰ ਸ਼ਬਦ ਨਹੀਂ ਲਿਖਣਾ ਚਾਹੁੰਦਾ। ਸ਼ੈਕਸਪੀਅਰ ਦੀਆਂ ਲਿਖਤਾਂ ਤੇ ਉਹਦੀ ਸ਼ਖਸੀਅਤ ਬਾਰੇ ਅੱਜ ਤਕ ਲੱਖਾਂ ਰੀਸਰਚ ਪੇਪਰ ਲਿਖੇ ਗਏ ਨੇ। ਹੋਰ ਲਿਖੇ ਜਾਣੇ ਨੇ। ਉਹ ਏਸ ਲਈ ਕਿ ਉਹ ਮਹਾਨ ਸਾਹਿਤਕਾਰ ਸੀ। ਉਹਦੇ ਸਮੇਂ ’ਚ ਹੋਰ ਹਜ਼ਾਰਾਂ ਸਾਹਿਤਕਾਰ ਮਰੇ ਹੋਣਗੇ। ਕਿਸੇ ਬਾਰੇ ਕੁਝ ਵੀ ਲਿਖਿਆ ਨਹੀਂ ਮਿਲਦਾ।
ਮੈਂ ਮੀਸ਼ੇ ਦੀ ਸੰਪੂਰਨ ਸ਼ਖਸੀਅਤ ਦਾ ਖਾਕਾ ਖਿੱਚਿਆ ਏ। ਜਿਹੜਾ ਪਾਠਕਾਂ ਦੇ ਮਨਾਂ ’ਤੇ ਉੱਕਰਿਆ ਜਾਂਦਾ ਏ। ਮੋਟੀ ਬੁੱਧੀ ਵਾਲੇ ਲੋਕ ਇਹਨੂੰ ਮੀਸ਼ੇ ਦੀ ਨਿੰਦਿਆ ਸਮਝਦੇ ਨੇ। ਮੈਂ ਇਹਨੂੰ ਅਪਣੀ ਸ੍ਰੇਸ਼ਠ ਲਿਖਤ ਮੰਨਦਾ ਹਾਂ। ਮੀਸ਼ਾ ਮੇਰਾ ਭੇਤੀ ਯਾਰ ਸੀ। ਕੋਈ ਅਜਿਹਾ ਵਿਅਕਤੀ ਚਿਤਰ ਲਿਖ ਕੇ ਦਿਖਾਵੇ।… ਅਕਸਰ ਲੇਖਕ ਧੋਖਾ ਕਰਦੇ ਨੇ ਦੋਸਤਾਂ ਨਾਲ। ਅਪਣੇ ਮਤਲਬ ਲਈ ਸਿਫਤਾਂ ਖੁਸ਼ਾਮਦਾਂ ਕਰਦੇ ਨੇ ਜਾਂ ਦੁਸ਼ਮਣੀ ਕੱਢਣ ਲਈ ਦੋਖੀ ਬਣ ਬਹਿੰਦੇ ਨੇ। ਫੇਰ ਉਹਦਾ ਵਿਅਕਤੀ ਚਿਤਰ ਲਿਖ ਕੇ ਯਾਰੀ ਪਾਲਦੇ ਨੇ ਜਾਂ ਦੁਸ਼ਮਣੀ ਕੱਢਦੇ ਨੇ। ਮੈਂ ਅਜਿਹਾ ਕਰਨ ਨੂੰ ਕਮੀਨਗੀ ਮੰਨਦਾ ਹਾਂ।

ਰਚਨਾ ਪ੍ਰਕ੍ਰਿਆ

  ਤੁਹਾਡੀ ਰਚਨਾ ਪ੍ਰਕ੍ਰਿਆ ਦਾ ਸਾਰਅੰਸ਼ ਇਹ ਹੈ ਕਿ ਸਮੇਂ ਸਮੇਂ ਆਏ ਵਿਕੋਲਿਤਰੇ ਖ਼ਿਆਲ ਜਾਂ ਘਟਨਾਵਾਂ ਨੂੰ ਤੁਸੀਂ ਕਾਗਜ਼ ਦੇ ਟੁਕੜਿਆਂ ’ਤੇ ਲਿਖਦੇ ਰਹਿੰਦੇ ਹੋ। ਫੇਰ ਕਿਸੇ ਦਿਨ ਉਨ੍ਹਾਂ ਨੂੰ ਜੋੜਕੇ ਕਹਾਣੀ ਬਣ ਜਾਂਦੀ ਹੈ। ਕੀ ਇਹ ਸਾਰਾ ਚੌਵੀ ਘੰਟੇ ਦਾ ਸੁਚੇਤ ਅਮਲ ਨਹੀਂ?
  ਨਹੀਂ, ਏਸ ਤਰ੍ਹਾਂ ਦਾ ਸੁਚੇਤ ਨਹੀਂ। ਸੁਚੇਤ ਏਸ ਤਰ੍ਹਾਂ ਦਾ ਹੁੰਦਾ ਏ ਕਿ ਮੇਰੀ ਕਲਪਨਾ ’ਚ ਅਪਣੇ ਨਾਲ ਵਰਤੀਆਂ ਘਟਨਾਵਾਂ ਤੇ ਉਹਨਾਂ ਦੇ ਪਾਤਰ ਘੁੰਮਦੇ ਰਹਿੰਦੇ ਨੇ। ਘਟਨਾਵਾਂ ਵੀ ਵਾਪਰਦੀਆਂ ਰਹਿੰਦੀਆਂ ਨੇ। ਪਰ ਜ਼ਰੂਰੀ ਤੇ ਨਹੀਂ ਕਿ ਉਹ ਸਾਰਾ ਢੇਰ ਕਹਾਣੀ ਦੇ ਕੰਮ ਆ ਜਾਵੇ। ਮਸਾਂ ਕਿਤੋਂ ਇਕ ਅੱਧ ਟੁਕੜਾ ਕਹਾਣੀ ਲਈ ਜੁੜਦਾ ਏ। … ਪਰ ਕਦੇ ਕਦੇ ਅੱਧੇ ਘੰਟੇ ’ਚ ਈ ਇਕ ਕਹਾਣੀ ਜਿਹੀ ਜੁੜ ਕੇ ਸਾਹਮਣੇ ਆ ਖਲੋਂਦੀ ਏ। ਬਸ ਅੰਤ ਖੁਣੋਂ ਰੁਕੀ ਰਹਿੰਦੀ ਏ। ਉਹ ਸੁਝ ਗਿਆ ਤਾਂ ਬਣ ਗਈ ਗੱਲ। ….ਪਰ ਇਹ ਸਾਰਾ ਅਮਲ ਮੇਰੇ ਹੱਥ ਵੱਸ ਨਹੀਂ। ਕਦੇ ਮੈਂ ਸਾਲ ’ਚ ਚਾਰ ਕਹਾਣੀਆਂ ਲਿਖ ਲੈਂਦਾ ਸੀ। ਫੇਰ ਤਿੰਨ ਲਿਖਦਾ ਰਿਹਾ। ਕਿਸੇ ਸਾਲ ਦੋ ਈ ਲਿਖੀਆਂ। ਹੁਣ ਸਾਰਾ ਸਾਲ ਕੋਰਾ ਈ ਲੰਘ ਜਾਂਦਾ ਏ। …. ਇਹ ਚੌਵੀ ਘੰਟੇ ਤਾਂ ਕੀ ਕੁਝ ਮਿੰਟਾਂ ਦਾ ਵੀ ਸੁਚੇਤ ਅਮਲ ਨਹੀਂ। ਹਾਂ, ਰਾਤ ਨੂੰ ਸੌਣ ਵੇਲੇ ਮੇਰੀ ਕਲਪਨਾ ਬਹੁਤ ਦੌੜਦੀ ਏ। ਭੁੱਖੀਆਂ ਤਰਸੀਆਂ ਰੀਝਾਂ ਪੂਰੀਆਂ ਕਰਦੀ ਏ। ਤਦ ਕਦੇ ਕਹਾਣੀ ਵੀ ਬਣ ਜਾਂਦੀ ਏ। ਮੈਂ ਹਨੇਰੇ ’ਚ ਈ ਕਾਗ਼ਜ਼ ਜਾਂ ਹਥੇਲੀ ’ਤੇ ਕੁਝ ਸ਼ਬਦ ਲਿਖ ਲੈਂਦਾ ਹਾਂ। ਜਿਹੜੇ ਸਵੇਰੇ ਕੱਚੀ ਕਹਾਣੀ ਦਾ ਹਿੱਸਾ ਬਣ ਜਾਂਦੇ ਨੇ।

ਕਹਾਣੀ ਮੈਂ ਨਹੀਂ ਲਿਖਦਾ

  ‘ਕਹਾਣੀ ਮੈਂ ਨਹੀਂ ਲਿਖਦਾ, ਇਹ ਮੈਥੋਂ ਲਿਖ ਹੋ ਜਾਂਦੀ ਹੈ’ ਤੁਹਾਡਾ ਕਥਨ ਹੈ। ਕੀ ਇਹ ਹਕੀਕਤ ਤੋਂ ਇਨਕਾਰੀ ਹੋਣ ਵਾਲੀ ਗੱਲ ਨਹੀਂ ਜਦ ਕਿ ਤੁਹਾਨੂੰ ਆਪ ਹੀ ਚੱਤੇ ਪਹਿਰ ਕਹਾਣੀ ਲਿਖਣ ਦੀ ਲਿਲ੍ਹ ਚੰਬੜੀ ਰਹਿੰਦੀ ਹੈ ਅਤੇ ਵਾਰਤਕ ਰਚਨਾ ਹੈ ਵੀ ਅੱਧਾ ਕੁ ਸੁਚੇਤ ਅਮਲ?
  ਮੇਰਾ ਖਿਆਲ ਏ ਕਿ ਤੁਸੀਂ ਸ਼ਬਦ ‘ਗਲਪ’ ਦੀ ਥਾਂ ਸ਼ਬਦ ‘ਵਾਰਤਕ’ ਵਰਤ ਰਹੇ ਹੋਂ। ਇਹ ਠੀਕ ਨਹੀਂ। ਵਾਰਤਕ ਪਰੋਜ਼ ਲਈ ਵਰਤਿਆ ਜਾਂਦਾ ਏ ਤੇ ਫਿਕਸ਼ਨ ਲਈ ਗਲਪ ਵਰਤਿਆ ਜਾਂਦਾ ਏ। .. ‘ਚੱਤੋ ਪਹਿਰ ਕਹਾਣੀ ਲਿਖਣ ਦੀ ਲਿਲ੍ਹ ਚੰਬੜੀ’ ਦੀ ਗੱਲ ਤਾਂ ਉਹੀ ਬੰਦਾ ਕਹਿ ਸਕਦਾ ਏ, ਜੀਹਨੂੰ ਮਨੋਵਿਗਿਆਨ ਦੀ ਸਮਝ ਨਾ ਹੋਵੇ। ਚੱਤੋ ਪਹਿਰ ਤਾਂ ਮਨ ਕਿਸੇ ਵੀ ਸੋਚ ’ਤੇ ਨਹੀਂ ਟਿਕ ਸਕਦਾ। ਕਹਾਣੀ ਰਚਨਾ ਤਾਂ ਮੇਰੇ ਲਈ ਆਪ ਮੁਹਾਰੇ ਹੋਣ ਵਾਲਾ ਅਮਲ ਏ। ਜਿਵੇਂ ਅਸੀਂ ਰੋਜ਼ ਦੇ ਕੰਮ ਕਰਦੇ ਹੋਏ ਅਪਣੇ ਅੰਗਾਂ ਨੂੰ ਇਸਤੇਮਾਲ ਕਰਦੇ ਹਾਂ। ਕਦੇ ਕਦੇ ਕਿਸੇ ਮੋੜ ’ਤੇ ਜੇ ਗੱਡੀ ਅੜ ਜਾਂਦੀ ਏ ਤਾਂ ਮੈਂ ਓਸ ਪਾਤਰ ਦੀ ਵਿਸ਼ੇਸ਼ ਮਨੋਸਥਿਤੀ ਨੂੰ ਸਮਝਣ ਲਈ ਗਿਆਨ ਦੀਆਂ ਕਿਤਾਬਾਂ ਦਾ ਸਹਾਰਾ ਲੈਂਦਾ ਹਾਂ। ਕਦੇ ਉਹ ਕੁਝ ਕਰ ਕੇ ਵੀ ਜੋ ਲਿਖਿਆ ਜਾਂਦਾ ਏ ਤਾਂ ਉਹ ਬਾਅਦ ’ਚ ਸਾਰੇ ਦਾ ਸਾਰਾ ਧਰਿਆ ਧਰਾਇਆ ਰਹਿ ਜਾਂਦਾ ਏ। ਤੇ ਕਹਾਣੀ ਹੋਰ ਹੀ ਰੁਖ ਤੁਰ ਪੈਂਦੀ ਏ। ਤੇ ਆਪੇ ਅਪਣੇ ਅੰਤ ’ਤੇ ਪਹੁੰਚ ਜਾਂਦੀ ਏ।
ਜਦ ਕਦੇ ਮੈਂ ਸ਼ਬਦ ‘ਰਹੱਸ’ ਵਰਤਦਾ ਹਾਂ ਤਾਂ ਪੜ੍ਹਨ ਸੁਨਣ ਵਾਲੇ ਇਹਨੂੰ ਹਿੰਦੂ ਅਧਿਆਤਮਕਤਾ ਨਾਲ ਜੁੜੀ ਗੱਲ ਸਮਝ ਲੈਂਦੇ ਨੇ। ਜਦ ਮੈਂ ਦੇਸ਼ ਭਗਤ ਹਾਲ, ਜਲੰਧਰ ’ਚ ਇਕ ਵਾਰ ਕਹਾਣੀ ਲਿਖਣ ਨੂੰ ਰਹੱਸ ਕਿਹਾ ਤਾਂ ਵਰਿਆਮ ਸਿੰਘ ਸੰਧੂ ਨੇ ਵਿਰੋਧ ਕਰਦਿਆਂ ਕਿਹਾ ਕਿ ਉਹ ਤਾਂ ਕਹਾਣੀ ਦੀ ਇਕ ਇਕ ਘਟਨਾ ਤੇ ਵਾਕ ਨੂੰ ਸੋਚ ਸਮਝ ਕੇ ਲਿਖਦਾ ਏ। ਇਹ ਵੀ ਸੋਚਦਾ ਏ ਕਿ ਇਹ ਕਹਾਣੀ ਕੀਹਦੇ ਹੱਕ ’ਚ ਭੁਗਤੇਗੀ।…. ਜਦ ਹੁਣ ਵਰਿਆਮ ਸੰਧੂ ਕਹਾਣੀ ਨਹੀਂ ਲਿਖ ਰਿਹਾ ਤਾਂ ਇਹਦਾ ਮਤਲਬ ਇਹ ਨਹੀਂ ਕਿ ਉਹ ਸਿਆਣਾ ਨਹੀਂ ਰਿਹਾ। ਉਹਨੂੰ ਕਹਾਣੀ ਬੁਨਣ ਦੀ ਜਾਚ ਭੁੱਲ ਗਈ। … ਇਹ ਰਹੱਸ ਏ, ਜੀਹਨੂੰ ਕੋਈ ਜਾਣਦਾ ਹੋਵੇਗਾ, ਪਰ ਮੈਨੂੰ ਸਮਝ ’ਚ ਨਹੀਂ ਆਉਂਦਾ।

ਔਰਤਾਂ ਨਾਲ ਸੰਬੰਧ

  ਤੁਹਾਡੀ ਸਵੈਜੀਵਨੀ ‘ਆਤਮ ਮਾਇਆ’ ਵਿਚ ਤੁਸੀਂ ਕਿੰਨੀਆਂ ਸਾਰੀਆਂ ਇਸਤ੍ਰੀਆਂ ਨਾਲ ਅਪਣੇ ਕਾਮ ਸੰਬੰਧਾਂ ਦਾ ਬੇਬਾਕ ਜ਼ਿਕਰ ਕੀਤਾ ਹੈ। ਕੀ ਇਨ੍ਹਾਂ ਬਾਰੇ ਤੁਸੀਂ ਅਪਣੀ ਪਤਨੀ ਨੂੰ ਵੀ ਦੱਸਦੇ ਹੁੰਦੇ ਸੀ?
  ਨਹੀਂ। ਮੈਂ ਅਪਣੇ ਘਰ ਦੇ ਕਿਸੇ ਜੀਅ ਨਾਲ ਅਜਿਹੀਆਂ ਗੱਲਾਂ ਨਹੀਂ ਕਰਦਾ। ਏਥੇ ਤਕ ਕਿ ਦੋਸਤਾਂ ਨਾਲ ਵੀ ਨਹੀਂ ਕਰਦਾ। ਸਿਰਫ ਓਮ ਪ੍ਰਕਾਸ਼ ਪਨਾਹਗੀਰ ਨਾਲ ਕਰ ਲਿਆ ਕਰਦਾ ਹਾਂ। ਬਾਕੀ ਸਾਰੀਆਂ ਗੱਲਾਂ ਮੇਰੇ ਮਨ ’ਚ ਹੀ ਰਹਿੰਦੀਆਂ ਨੇ
  ਬਹੁਤ ਸਾਰੀਆਂ ਔਰਤਾਂ ਨਾਲ ਦੋਸਤੀਆਂ ਦੇ ਤੁਹਾਡੇ ਬੜੇ ਭੇਤ ਭਰੇ ਕਿੱਸੇ ਸੁਣੇ ਤੇ ਪੜ੍ਹੇ ਨੇ। ਇਨ੍ਹਾਂ ਬਾਰੇ ਕੀ ਕਹੋਗੇ।
  ਔਰਤਾਂ ਨਾਲ ਦੋਸਤੀਆਂ ਕਰ ਕੇ ਮੈਨੂੰ ਨਹੀਂ ਲੱਗਦਾ ਕਿ ਮੇਰੀ ਬਦਨਾਮੀ ਹੋਈ ਏ। ਇਹ ਨਵੇਂ ਸਮੇਂ ਦਾ ਵਤੀਰਾ ਏ। ਜਿਹੜਾ ਬਹੁਤੇ ਲੇਖਕ ਅਪਣੀ ਪੇਂਡੂ ਮਾਨਸਿਕਤਾ ਕਰ ਕੇ ਅਪਣਾ ਨਹੀਂ ਸਕੇ। ਇਹਨੂੰ ਮੈਂ ‘ਅਪਣੇ ਲਹੂ ਦਾ ਸੁਆਦ’ ਕਹਿੰਦਾ ਹਾਂ। ਜਿਹੜਾ ਕਿਸੇ ਦੇ ਜੀਵਨ ’ਚ ਸਾਲ ਦੋ ਸਾਲ ਰਹਿੰਦਾ ਏ ਪਰ ਮੇਰੇ ਨਾਲ ਠਾਈ ਸਾਲ ਰਿਹਾ। ਮੇਰੇ ਦੋਸਤ ਇਹਨੂੰ ਮਨ ਨੂੰ ਧੋਖਾ ਦੇਣਾ ਕਹਿੰਦੇ ਨੇ। ਮੇਰੇ ਦੋਸਤ ਪ੍ਰੀਤਮ ਨੇ ਮੇਰੇ ਸ਼ਬਦ ਚਿਤਰ ’ਚ ਲਿਖਿਆ ਏ,” ਉਰਦੂ ਦੇ ਪ੍ਰਸਿੱਧ ਕਹਾਣੀਕਾਰ ਸਆਦਤ ਹਸਨ ਮੰਟੋ ਦੇ ਇੱਕ ਆਲੋਚਕ ਦੇ ਵਿਚਾਰ ਅਨੁਸਾਰ ਮੰਟੋ ਨਾਮਰਦ ਸੀ। ਅਪਣੀ ਦਲੀਲ ਦੀ ਪ੍ਰੌੜ੍ਹਤਾ ਵਿੱਚ ਉਹ ਮੰਟੋ ਦੀ ਹੀ ਇੱਕ ਕਹਾਣੀ ਦਾ ਹਵਾਲਾ ਦਿੰਦਾ ਏ, ਜਿਸ ਵਿੱਚ ਮੰਟੋ ਲਿਖਦਾ ਏ, ‘ਮੈਨੂੰ ਉਹ ਔਰਤ ਪਸੰਦ ਏ ਜਿਸਦੀ ਪੀਲੇ ਰੰਗ ਦੀ ਚਮੜੀ ਵਿੱਚ ਹਰੇ ਰੰਗ ਦੀਆਂ ਨਾੜਾਂ ਨਜ਼ਰ ਆ ਰਹੀਆਂ ਹੋਣ।’…।’’ ਪ੍ਰੇਮ ਪ੍ਰਕਾਸ਼ ਦਾ ਵੀ ਇਹੋ ਹਾਲ ਏ। ਉਹਦੀਆਂ ਕਹਾਣੀਆਂ ਵਿੱਚ ਵੀ ਔਰਤ ਇੱਕ ਛਲਾਵਾ ਏ। ਜਦ ਇਹ ਔਰਤ ਪ੍ਰੇਮ ਪ੍ਰਕਾਸ਼ ਦੇ ਸਾਹਮਣੇ ਹੁੰਦੀ ਏ ਤਾਂ ਉਹਦੀ ਹਿੰਮਤ ਨਹੀਂ ਪੈਂਦੀ ਉਸਨੂੰ ਛੂਹ ਲੈਣ ਦੀ। ਘਰ ਆ ਕੇ ਉਹ ਉੱਸਲਵੱਟੇ ਭੰਨਦਾ ਏ। ਫਿਰ ਕੋਈ ਕਹਾਣੀ ਲਿਖ ਦਿੰਦਾ ਏ। ਅਪਣੀ ਮਜਬੂਰੀ ਤੇ ਲਾਚਾਰੀ ਉਹ ਕਈ ਵਾਰ ਔਰਤ ਦਾ ਰੂਪ ਧਾਰ ਕੇ ਜ਼ਾਹਿਰ ਕਰਦਾ ਏ।’’
… ਪ੍ਰੀਤਮ ਦੀ ਗੱਲ ਕਿਸੇ ਹੱਦ ਤਕ ਠੀਕ ਏ। ਮੇਰਾ ਦੂਜਾ ਦੋਸਤ ਦਿਲਜੀਤ ਸਿੰਘ ਵੀ ਇਹੋ ਗੱਲ ਕਹਿੰਦਾ ਹੁੰਦਾ ਸੀ। ਉਹਦਾ ਖਿਆਲ ਸੀ ਕਿ ਇਹ ਮੇਰੀ ਅਤ੍ਰਿਪਤੀ ਏ, ਜਿਹੜੀ ਭਾਂਤ-ਭਾਂਤ ਦੇ ਇਸਤ੍ਰੀ ਪਾਤਰ ਅਪਣੀ ਕਲਪਨਾ ਦੇ ਜ਼ੋਰ ਨਾਲ ਪੈਦਾ ਕਰ ਕੇ ਕਹਾਣੀਆਂ ਲਿਖਵਾਈ ਜਾਂਦੀ ਏ। ਅਤ੍ਰਿਪਤੀ ਮੁੱਕਣ ’ਤੇ ਕਹਾਣੀਆਂ ਮੁੱਕ ਜਾਣੀਆਂ ਨੇ। ਪਤਾ ਨਹੀ ਸੱਚ ਕੀ ਏ? ਮਨੋਚਕਿਤਸਕ ਏਸ ਰੋਗ ਨੂੰ ਛੋਮਪੁਲਸਵਿੲ ੌਬਸੲਸਸiੋਨ ਧਸਿੋਰਦੲਰ ਕਹਿੰਦੇ ਨੇ। ਏਸ ਰੋਗ ਨਾਲ ਕਲਪਨਾ ਤੇ ਸਿਰਜਣਾ ਸ਼ਕਤੀ ਤਾਂ ਵੱਧ ਜਾਂਦੀ ਏ, ਪਰ ਮਨ ਤੇ ਸਰੀਰ ਦੇ ਹੋਰ ਬਹੁਤ ਸਾਰੇ ਰੋਗ ਪੈਦਾ ਹੋ ਜਾਂਦੇ ਨੇ। ਜਿਹੜੇ ਸਾਰੀ ਉਮਰ ਪਿੱਛਾ ਨਹੀਂ ਛੱਡਦੇ।- ਸਭਦੇ ਅਪਣੇ ਅਪਣੇ ਸੱਚ ਨੇ। ਇਕ ਮੇਰਾ ਵੀ ਏ, ਜਿਹੜਾ ਮੈਂ ਲਿਖਿਆ ਏ।
  ਕਦੇ ਈਰਖਾ ਤੇ ਸਾੜਾ ਕਿਸੇ ਤੋਂ ਤੇ ਕਿਹੜੀ ਗੱਲੋਂ ਹੋਇਆ ਹੈ?
  : ਹਾਂ ਹੋਇਆ। ਜਦ ਮੁਕਾਬਲੇ ਦੀ ਦੌੜ ਹੁੰਦੀ ਐ ਤਾਂ ਦੋਵੇਂ ਭਾਵਨਾਵਾਂ ਪੈਦਾ ਹੁੰਦੀਆਂ ਨੇ, ਈਰਖਾ ਤੇ ਰੀਸ ਕਰਨ ਦੀ ਭਾਵਨਾ। ਜਿਹੜੀ ਬਾਅਦ ’ਚ ਚੰਗੀ ਨਹੀਂ ਲੱਗਦੀ, ਓਸ ’ਤੇ ਮਨ ਦੁਖਦਾ ਏ। ਦੋਸਤ ਹੋਵੇ ਤਾਂ ਸਾੜਾ ਨਹੀਂ ਗੁੱਝੀ ਜਿਹੀ ਖੁਸ਼ੀ ਵੀ ਹੁੰਦੀ ਏ। …. ਇਹ ਅਹਿਸਾਸ ਸਭ ਤੋਂ ਪਹਿਲਾਂ ਦਿਲਜੀਤ ਸਿੰਘ ਦੀ ਕਹਾਣੀ ਪੜ੍ਹ ਕੇ ਹੋਇਆ ਸੀ। ਉਹ ਮੇਰੀ ਕਹਾਣੀ ਦੇ ਗੁਣ ਔਗਣ ਵੀ ਸਮਝਦਾ ਸੀ। ਸਾਡੀ ਬੁਨਿਆਦੀ ਸੋਚ ਤੇ ਸ਼ੈਲੀ ’ਚ ਫ਼ਰਕ ਸੀ।… ਵਰਿਆਮ ਸਿੰਘ ਸੰਧੂ ਦੀ ਕਹਾਣੀ ਪੜ੍ਹ ਕੇ ਏਨਾ ਸਾੜਾ ਨਹੀਂ ਸੀ ਹੁੰਦਾ, ਜਿੰਨਾ ਉਹਦੀ ਬੇਜਾ ਤਾਰੀਫ ਪੜ੍ਹ ਕੇ ਹੁੰਦਾ ਸੀ। … ਮੈਨੂੰ ਸ਼ੁਰੂ ਤੋਂ ਈ ਅਹਿਸਾਸ ਸੀ ਕਿ ਸਾਡੇ ਵਿਚਕਾਰ ਨਾ ਸੋਚ ਦੀ ਸਾਂਝ ਏ ਤੇ ਨਾ ਈ ਸ਼ੈਲੀ ਦੀ। ਸਾਡੇ ਵਿਸ਼ੇ ਵੀ ਬਿਲਕੁਲ ਵੱਖਰੇ ਨੇ। … ਉਹ ਹਮੇਸ਼ਾ ਗਰੁੱਪ ਬਣਾ ਕੇ ਚੱਲਦਾ ਰਿਹਾ। ਭਾਵੇਂ ਉਹ ਮਾਰਕਸਵਾਦੀਆਂ ਦਾ ਹੋਵੇ ਤੇ ਭਾਵੇਂ ਨਾਲ ਟੁਰਨ ਵਾਲੇ ਦੂਜਿਆਂ ਦਾ। ਮੈਂ ਗਰੁੱਪਾਂ ਤੋਂ ਪਰੇ ਹੋ ਕੇ ਕੱਲਾ ਤੁਰਦਾ ਰਿਹਾਂ। ਨਵੇਂ ਉੱਠਦੇ ਕਹਾਣੀਕਾਰਾਂ ਦੀਆਂ ਵਧੀਆ ਰਚਨਾਵਾਂ ਪੜ੍ਹ ਕੇ ਮਨ ਗਦ-ਗਦ ਹੋ ਜਾਂਦੈ। ਕਦੇ ਮੈਨੂੰ ਲੱਗਦੈ ਕਿ ਇਹ ਮੇਰੇ ਨਵੇਂ ਜਨਮ ਨੇ। ਮੇਰੀ ਉਹ ਵੇਲ਼ ਹਰੀ ਏ, ਜਿਹੜੀ ਮੈਂ ਪਿਛਲੇ ਲੇਖਕਾਂ ਤੋਂ ਲੈ ਕੇ ਤੋਰੀ ਸੀ।

ਕਹਾਣੀਆਂ ਦਾ ਕੱਚ ਸੱਚ

  ਕਹਾਣੀਆਂ ਦਾ ਸੱਚ ਕੱਚ ਕੀ ਹੈ? ਕੀ ਅਨੁਭਵ ਹੀ ਕਹਾਣੀ ਦੀ ਜੜ ਹੁੰਦੀ ਹੈ?
  ਹੋ ਸਕਦੈ ਅਨੁਭਵ ਬੀਜ ਰੂਪ ’ਚ ਹੋਣ….। ਜਦ ਕੋਈ ਕਹਾਣੀ ਬਨਣ ਲੱਗਦੀ ਐ ਤਾਂ ਉਹ ਬੀਜ ਵਿਕਸਿਤ ਹੋ ਕੇ ਕੁਝ ਦਾ ਕੁਝ ਬਨਣ ਲੱਗ ਪੈਂਦਾ ਏ। ਕੋਈ ਇਕ ਪਾਤਰ ਪਤਾ ਨਹੀਂ ਕਿੰਨੇ ਕੁ ਪਾਤਰਾਂ ਦੇ ਜੋੜ ਮੇਲ ਨਾਲ ਬਣਿਆ ਹੁੰਦਾ ਹੈ।… ਮੇਰੇ ਕੋਲ ਤਾਂ ਇਹੋ ਹੁੰਦਾ ਹੈ। ਜਿਸ ਤਰ੍ਹਾਂ ਬਹੁਤ ਸਾਰੀਆਂ ਗੱਲਾਂ ਮੈਨੂੰ ਸੁਝਦੀਆਂ ਰਹਿੰਦੀਆਂ ਨੇ। ਮੈਂ ਉਨ੍ਹਾਂ ਨੂੰ ਕਿਸੇ ਵੀ ਕਾਗਜ਼ ਉੱਤੇ ਉਤਾਰਦਾ ਰਹਿੰਦਾ ਹਾਂ। ਪਾਤਰ ਤੇ ਘਟਨਾਵਾਂ ਨਵੇਂ-ਨਵੇਂ ਰੂਪ ਧਾਰਦੇ ਰਹਿੰਦੇ ਨੇ। ਕਹਾਣੀ ਜ਼ਿਹਨ ਵਿੱਚ ਚੱਲਦੀ ਰਹਿੰਦੀ ਏ…। ਸੋ ਇਸ ਤਰ੍ਹਾਂ ਮੇਰੀ ਸਾਹਿਤ ਰਚਨਾ ਕੋਈ ਚੇਤਨ ਅਮਲ ਨਹੀਂ ਏ।.. ਜਿਸ ਤਰ੍ਹਾਂ ਮੈਂ ਇੱਕ ਨਾਵਲ ਲਿਖਿਆ ਸੀ ‘ਦਸਤਾਵੇਜ਼’। ਵੈਸੇ ਉਹ ਨਾਵਲ ਨਹੀਂ ਏ…। ਮੈਂ ਤਾਂ ਊਈਂ ਕੁਝ ਯਾਦਾਂ ਲਿਖੀਆਂ ਸਨ। ਨੋਟਸ ਲਿਖੇ ਸਨ। ਜਿਨ੍ਹਾਂ ਵਿਚ ਪਾਤਰਾਂ ਦੇ ਅਸਲੀ ਨਾਂ ਸਨ। ਜਿਹੜੇ ਮੈਂ ਬਾਅਦ ’ਚ ਬਦਲ ਦਿੱਤੇ। ਫੇਰ ਮੈਂ ਉਹ ਨੋਟਸ ਛਪਵਾ ਦਿੱਤੇ। ਹੁਣ ਕੋਈ ਚੰਗਾ ਕਹਿੰਦੈ ਕੋਈ ਮਾੜਾ ਕਹਿੰਦੈ। ਕੋਈ ਕਹਿੰਦੈ ਕਿ ਕੀ ਲੋੜ ਪਈ ਸੀ ਅਜਿਹਾ ਲਿਖਣ ਦੀ। ਜਦ ਮੇਰੀਆਂ ਸਾਰੀਆਂ ਕਹਾਣੀਆਂ ਦੀ ਕਿਤਾਬ ਛਪ ਰਹੀ ਸੀ। ਉਹਦੇ ਮੈਨੂੰ ਪਰੂਫ਼ ਪੜ੍ਹਨੇ ਪਏ। ਪਰੂਫ਼ ਪੜ੍ਹਦਿਆਂ ਮੈਨੂੰ ਕਈ ਨਵੇਂ ਤਜਰਬੇ ਹੋਏ। ਬੜੀਆਂ ਅੱਛੀਆਂ ਗੱਲਾਂ ਦਾ ਪਤਾ ਲੱਗਿਆ। ਇੱਕ ਤਾਂ ਇਹ ਪਤਾ ਲੱਗਾ ਪਈ ਮੈਂ ਪਹਿਲਾਂ ਕੀ ਲਿਖਦਾ ਹੁੰਦਾ ਸੀ। ਮੈਨੂੰ ਆਦਤ ਐ ਕਿ ਮੈਂ ਕਹਾਣੀ ਛਪਣ ਤੋਂ ਬਾਅਦ ਪੜ੍ਹਦਾ ਨਹੀਂ। ਉਹ ਜਿਸ ਵੇਲੇ ਕਿਤਾਬਾਂ ’ਚ ਛਪਦੀ ਐ ਤਾਂ ਵੀ ਮੈਂ ਨਹੀਂ ਪੜ੍ਹਦਾ। ਪਰ ਹੁਣ ਜਿਸ ਵੇਲੇ ਸਾਰੀਆਂ ਕਿਤਾਬਾਂ ਦੇ ਪਰੂਫ਼ ਪੜ੍ਹਨੇ ਪਏ ਤਾਂ ਮੈਨੂੰ ਅਪਣੀਆਂ ਗਲਤੀਆਂ ਦਾ ਪਤਾ ਲੱਗਾ। ਮਿਸਾਲ ਦੇ ਤੌਰ ’ਤੇ ਮੇਰੀ ਦੂਸਰੀ ਕਿਤਾਬ ਹੈ ‘ਨਮਾਜ਼ੀ’। ਉਹ ਸਾਰੀ ਕਿਤਾਬ ਵਿੱਚ ਸਾਰੇ ਪਾਤਰ ਭਾਵੁਕ, ਕਾਮੁਕ ਤੇ ਸੋਚਵਾਨ ਨੇ। ਨਾਲੇ ਨਾਲ ਉਹ ਮੌਤ ਬਾਰੇ ਸੋਚ ਰਹੇ ਨੇ। ਪਾਤਰ ਈਸਾਈ ਵੀ ਨੇ ਤੇ ਹਿੰਦੂ ਵੀ..। ਮੌਤ ਬਾਰੇ ਸੋਚ ਰਹੇ ਨੇ, ਸੈਕਸ ਦੀਆਂ ਗੱਲਾਂ ਕਰ ਰਹੇ ਨੇ। ਜਾਂ ਵਿਨਾਸ਼ ਦੀਆਂ ਗੱਲਾਂ ਕਰਦੇ ਨੇ। ਤੇ ਮੈਂ ਹੈਰਾਨ ਹੋਇਆ ਕਿ ਇਹ ਕਿਸ ਤਰ੍ਹਾਂ ਹੋ ਗਿਆ? ਮੇਰੀ ਉਮਰ ਉਸ ਵੇਲੇ ਕੋਈ 34-35 ਸਾਲ ਸੀ। ਜਿਸ ਵੇਲੇ ਮੈਂ ਮੌਤ ਦੀਆਂ ਗੱਲਾਂ ਕਰ ਰਿਹਾ ਸਾਂ। ਜੋ ਹੁਣ ਮੈਂ ਕਹਾਣੀਆਂ ਲਿਖਦਾਂ, ਜੋ ਵਾਕ ਮੈਂ ਅੱਜ ਲਿਖ ਰਿਹਾਂ ਉਹ ਮੈਂ 34-35 ਸਾਲ ਵਿੱਚ ਵੀ ਲਿਖਦਾ ਰਿਹਾ ਹਾਂ। ਮੈਂ ਹੈਰਾਨ ਹੋਇਆ ਕਿ ਇਹ ਕਿਸ ਤਰ੍ਹਾਂ ਦੀ ਮੌਤ ਮੇਰੇ ਮਗਰ ਪੈ ਗਈ ਸੀ? ਮੌਤ ਬਾਰੇ ਤਾਂ ਆਦਮੀ ਬੁੱਢਾ ਹੋ ਕੇ ਸੋਚਦੈ। ਮੈਂ ਜਵਾਨੀ ’ਚ ਵੀ ਸੋਚਦਾ ਸੀ। ਇਸ ਲਈ ਲਿਖਣ ਬਾਰੇ ਆਦਮੀ ਆਪ ਨਹੀਂ ਸੋਚ ਸਕਦਾ ਪਈ ਮੈਂ ਕੀ ਲਿਖਾਂ ਤੇ ਕਿਵੇਂ ਲਿਖਾਂ।
  ਕੀ ਹੁਣ ਖਾਹਿਸ਼ਾਂ, ਜੋਸ਼ ਤੇ ਲਿਖਣ ਮਸਾਲੇ ਦੀ ਕਮੀ ਰੜਕਦੀ ਹੈ?
  ਨਹੀਂ, ਖਾਹਿਸ਼ਾਂ ਘਟ ਜਾਂਦੀਆਂ ਨੇ। ਪਰ ਤਮਾਂ ਪੂਰੀ ਨਹੀਂ ਮੁੱਕੀ। ਸ਼ਕਲ ਬਦਲ ਗਈ ਏ। ਹੁਣ ਵੀ ਮੈਨੂੰ ਗੁਪਤ ਧਨ, ਸ਼ੁਹਰਤ ਤੇ ਵਡਿਆਈ ਦੀ ਕਲਪਨਾ ਹੁੰਦੀ ਏ ਤੇ ਸੁਫਨੇ ਆਉਂਦੇ ਨੇ। ਕਹਿਣ ਨੂੰ ਮੈਂ ਸੰਤੁਸ਼ਟ ਹਾਂ, ਪਰ ਹੁੰਦਾ ਨਹੀਂ। ਕਿਸੇ ਪਲ ਸੰਤੁਸ਼ਟੀ ਦਾ ਅਹਿਸਾਸ ਹੁੰਦਾ ਏ। ਪਰ ਅਗਲੇ ਪਲ ਅਸੰਤੁਸ਼ਟ ਹੋ ਜਾਂਦਾ ਹਾਂ। ਝਾਕਣਾ ਕਿਸੇ ਵਿਸ਼ੇਸ਼ ਪ੍ਰਾਪਤੀ ਦੀ ਨਹੀਂ। ਬੱਸ ਇਹੀ ਚਾਹਣਾ ਹੁੰਦੀ ਏ ਕਿ ਕੋਈ ਸੁਖਾਵੀਂ ਜਿਹੀ ਖਬਰ ਆ ਜਾਵੇ। … ਬੜੀਆਂ ਲੁਕੀਆਂ ਇੱਛਾਵਾਂ ਤੇ ਸਚਾਈਆਂ ਨੇ, ਜਿਹੜੀਆਂ ਮੈਂ ਮੰਨਦਾ ਨਹੀਂ, ਪਰ ਉਹ ਮੇਰੇ ਪਾਤਰਾਂ ਰਾਹੀਂ ਜ਼ਾਹਰ ਹੋਈ ਜਾਂਦੀਆਂ ਨੇ। ਸੂਝਵਾਨ ਪਾਠਕ ਲੱਭ ਲੈਂਦੇ ਨੇ।

ਨਾਟਕ ਨਹੀਂ ਦੇਖ ਸਕਦਾ

  ਤੁਸੀਂ ਆਖਦੇ ਹੋ ਕਿ ਨਾਟਕਾਂ, ਵਾਰਤਾਲਾਪਾਂ, ਗੋਸ਼ਟੀਆਂ ਨਾਲ ਤੁਹਾਨੂੰ ਸੁਭਾਵਿਕ ਮੋਹ ਨਹੀਂ ਕਿਉਂਕਿ ਇਹ ਪੂਰੇ ਅੰਦਰ ਦੀ ਤਸਵੀਰ ਸਾਹਮਣੇ ਲਿਆਉਣ ਤੋਂ ਅਸਮਰਥ ਹਨ। ਪਰ ਯੂਨਾਨੀਆਂ ਤੋਂ ਲੈ ਕੇ ਸ਼ੈਕਸਪੀਅਰ ਤੱਕ ਨੇ ਨਾਟਕਾਂ ਰਾਹੀਂ ਸਮਾਜ ਨੂੰ ਸਮਝਿਆ ਸਮਝਾਇਆ ਹੈ। ਸ਼ਾਇਦ ਕਿਸੇ ਕਾਰਨ ਤੁਸੀਂ ਏਸ ਵਿਧਾ ਤੋਂ ਕਤਰਾਂਦੇ ਹੋ, ਨਹੀਂ?
  ਇਹ ਮੇਰੀ ਨਿਜੀ ਜਿਹੀ ਪਸੰਦ ਏ ਕਿ ਮੈਂ ਨਾਟਕ ਨਹੀਂ ਦੇਖ ਸਕਦਾ। ਉਹਦੇ ’ਚ ਬੋਲਦੇ ਪਾਤਰ ਮੈਨੂੰ ਘਟੀਆ ਕਿਸਮ ਦੀ ਬਕਬਕ ਕਰਦੇ ਲੱਗਦੇ ਨੇ। ਮੈਂ ਗਲਪ ’ਚ ਵੀ ਬਹੁਤੇ ਵਾਤਾਲਾਪ ਵਾਲੀਆਂ ਕਹਾਣੀਆਂ ਪੜ੍ਹਦਾ ਅੱਕ ਜਾਂਦਾ ਹਾਂ। ਜਿੱਥੇ ਮੇਰੀ ਵਾਹ ਚੱਲਦੀ ਏ ਮੈਂ ਓਸ ਤੋਂ ਪਿੱਛਾ ਛੁਡਾ ਲੈਂਦਾ ਹਾਂ ਕਿਉਂਕਿ ਮੈਂ ਸਮਝਦਾ ਹਾਂ ਕਿ ਬੰਦੇ ਦਾ ਉਹ ਸੱਚ ਨਹੀਂ ਹੁੰਦਾ, ਜਿਹੜਾ ਉਹਦੇ ਵਾਰਤਾਲਾਪ ਜਾਂ ਲਿਬਾਸ ਤੋਂ ਮਿਲਦਾ ਏ। ਏਸ ਬਾਹਰਲੇ ਰੂਪ ’ਚ ਬੰਦੇ ਦਾ ਸੱਚ ਕੇਵਲ 20 ਫੀਸਦੀ ਹੁੰਦਾ ਏ। ਬਾਕੀ 80 ਫੀਸਦੀ ਉਹਦੇ ਅੰਦਰਲੇ ਅਵਚੇਤਨ ਮਨ ’ਚ, ਉਹਦੇ ਸੁਫਨਿਆਂ ’ਚ ਜਾਂ ਉਹਦੀ ਕਲਪਨਾ ’ਚ ਹੁੰਦਾ ਏ। ਸਟੇਜ ’ਤੇ ਲਗਾਤਾਰ ਬੋਲੀ ਜਾਣ ਵਾਲਾ ਬੰਦਾ ਮੈਨੂੰ ਬਹੁਤ ਝੂਠਾ ਜਿਹਾ ਲੱਗਦਾ ਏ।
ਏਸ ਦੇ ਉਲਟ ਮੈਂ ਆਪ ਬਹੁਤ ਗਾਹਲੜੀ ਹਾਂ। ਮੈਨੂੰ ਅਪਣੀ ਪਸੰਦ ਦੀਆਂ ਗੱਲਾਂ ਕਰਨ ਵਾਲਿਆਂ ਦੀ ਸੰਗਤ ਚੰਗੀ ਲੱਗਦੀ ਏ। ਕੋਈ ਨਾ ਆਵੇ ਤਾਂ ਮੈਂ ਫੋਨ ਕਰ ਕੇ ਸੱਦ ਲੈਂਦਾ ਹਾਂ।… ਰਹੀ ਗੱਲ ਗੋਸ਼ਟੀਆਂ ਦੀ ਮੈਂ ਸਿਰਫ ਉਹਨਾਂ ’ਚ ਜਾਂਦਾ ਹਾਂ, ਜਿਥੇ ਸਾਹਿਤ ਬਾਰੇ ਸੰਜੀਦਗੀ ਨਾਲ ਬਹਿਸ ਕੀਤੀ ਜਾਂਦੀ ਏ। ਨੁਮਾਇਸ਼ੀ ਘੁੰਡ ਚੁਕਾਈਆਂ ਤੇ ਬੱਲੇ ਬੱਲੇ ਕਰਾਈਆਂ ’ਚ ਨਹੀਂ ਜਾਂਦਾ।… ਮੈਨੂੰ ਗੱਲਾਂ, ਬਹਿਸਾਂ ਤੇ ਦਲੀਲਾਂ ਨਾਲ ਮਸਲੇ ਨੂੰ ਸਮਝਣਾ ਵੱਧ ਚੰਗਾ ਲੱਗਦਾ ਏ। ‘ਲਕੀਰ’ ’ਚ ਮੈਂ ਸਭ ਤੋਂ ਵੱਧ ਬਹਿਸਾਂ ਛਾਪੀਆਂ ਨੇ। ਬਹਿਸ ਤਾਂ ਚੱਲਦੀ ਹੀ ਰਹਿਣੀ ਚਾਹੀਦੀ ਏ। ਏਸੇ ਨਾਲ ਸੋਚ ਨਿੱਖਰਦੀ ਏ।
  ਬਚਪਨ ਦੀਆਂ ਕੋਈ ਗੂੜ੍ਹੀਆਂ ਮਿੱਤ੍ਰਤਾਵਾਂ ਵੀ ਯਾਦ ਨੇ?
  ਨਹੀਂ, ਕੋਈ ਖਾਸ ਨਹੀਂ। ਭਾਦਸੋਂ ਰਹਿੰਦਿਆਂ ਮੇਰਾ ਪਿਆਰ ਅਪਣੀ ਭੂਆ ਦੇ ਪੁੱਤ ਰਾਮੇਸ਼ਵਰ ਦਾਸ ਨਾਲ ਸੀ। ਉਹ ਉਮਰ ’ਚ ਮੇਰੇ ਨਾਲੋਂ ਇਕ ਸਾਲ ਵੱਡਾ ਸੀ। ਪਰ ਸਰੀਰੋਂ ਮਾੜਾ ਸੀ। ਚਾਰ ਸਾਲ ਅਸੀਂ ਇੱਕੋ ਮੰਜੇ ’ਤੇ ਪੈਂਦੇ ਰਹੇ। ਜਦ ਮੈਂ ਖੰਨੇ ਆ ਗਿਆ ਤਾਂ ਉਹ ਵੀ ਖੰਨੇ ਪੜ੍ਹਨ ਲੱਗ ਪਿਆ। ਸਾਡਾ ਸਾਥ ਬੜਾ ਲੰਮਾ ਰਿਹਾ।… ਇਕ ਦੋਸਤ ਸੈਣੀਆਂ ਦਾ ਭਾਗ ਸਿੰਘ ਸੀ। ਉਹ ਪੜ੍ਹਿਆ ਘੱਟ ਸੀ, ਪਰ ਸਾਡੀ ਦੋਸਤੀ ਬੜਾ ਚਿਰ ਚੱਲਦੀ ਰਹੀ। ੳਹ ਗਰੀਬ ਘਰ ਦਾ ਮੁੰਡਾ ਸੀ। ਛੇਤੀ ਫੌਜ ’ਚ ਭਰਤੀ ਹੋ ਕੇ ਚਲਿਆ ਗਿਆ ਸੀ। ਫੇਰ ਅਸੀਂ ਮਿਲ ਨਹੀਂ ਸਕੇ।
  ਤੁਹਾਡੀ ਡਾਇਰੀ ਵਿਚ ਰੋਣ ਧੋਣ ਅਤੇ ਡੀਪ੍ਰੈਸ਼ਨ ਦੀਆਂ ਗੋਲੀਆਂ ਖਾਣ ਦਾ ਬਹੁਤ ਜ਼ਿਕਰ ਆਉਂਦਾ ਹੈ। ਕੀ ਜ਼ਿੰਦਗੀ ਏਨੀ ਹੀ ਮਾੜੀ ਹੈ ਜਾਂ ਤੁਹਾਡੀ ਮਾਨਸਿਕਤਾ ਹੀ ਉਲਾਰ ਹੈ?
  ਇਹ ਡਾਇਰੀ ਇਕ ਖਾਸ ਸਮੇਂ ਦੀ ਪੈਦਾਵਾਰ ਏ। ਬੰਦਾ ਹਮੇਸ਼ਾ ਇਕੋ ਜਿਹਾ ਨਹੀਂ ਹੁੰਦਾ। … ਮੈਂ ਕਦੇ ਡਾਇਰੀ ਲਿਖਦਾ ਹੀ ਨਹੀਂ। ਇਹ ਸਮਾਂ ਈ ਅਜਿਹਾ ਆਇਆ ਸੀ ਕਿ ਮੈਂ ਮਾਨਸਿਕ ਰੋਗੀਆਂ ਵਰਗਾ ਹੋ ਗਿਆ ਸੀ। ਇਹਦੇ ਬਾਰੇ ਲਿਖਣਾ ਵੀ ਉਹਦੇ ਇਲਾਜ ’ਚ ਸ਼ਾਮਲ ਸੀ।…ਉਂਜ ਮੈਨੂੰ ਜ਼ਿੰਦਗੀ ’ਚ ਡੀਪ੍ਰੈਸ਼ਨ ਕਦੇ ਨਹੀਂ ਹੋਇਆ। ਮੈਨੂੰ ਹਾਈਪਰਟੈਨਸ਼ਨ 1970 ’ਚ ਸ਼ਰੂ ਹੋ ਗਈ ਸੀ। ਮੈਂ ਰਾਤ ਨੂੰ ਹਿੰਦ ਸਮਾਚਾਰ ਦੇ ਦਫਤਰ ’ਚ ਕੰਮ ਕਰਦਾ ਡਿਗ ਪਿਆ ਸੀ। ਫੇਰ ਘਬਰਾਹਟ ਤੇ ਦਿਲ ਡੁੱਬਣ ਦੀ ਸ਼ਿਕਾਇਤ ਹੋ ਗਈ ਸੀ। ਡਾਕਟਰ ਲਲਵਾਨੀ ਨੇ ਮੈਨੂੰ ਕੋਈ ਸਿਡਕਟਿਵ ਗੋਲੀ ਖਾਣ ਨੂੰ ਦਿੱਤੀ ਸੀ। ਉਹ ਮੈਂ ਕਦੇ ਖਾ ਲੈਂਦਾ ਸੀ ਤੇ ਕਦੇ ਛੱਡ ਦੇਂਦਾ। ਰੀਟਾਇਰ ਹੋਣ ਬਾਅਦ ਤਕਲੀਫ ਵਧ ਗਈ ਸੀ। ਫੇਰ ਮੈਂ ਡਾਕਟਰ ਸੇਠੀ ਦੇ ਕਹਿਣ ’ਤੇ ਪੱਕੇ ਤੌਰ ’ਤੇ ਗੋਲੀ ਖਾਣ ਲੱਗ ਪਿਆ ਸੀ। ਫੇਰ ਡਾਕਟਰ ਦਰਸ਼ਨ ਸਿੰਘ ਹਟਾਓਣ ਲੱਗ ਪਿਆ। ਕਹਿੰਦਾ,ਇਹ ਤੁਹਾਨੂੰ ਲੱਗ ਜੂਗੀ। ਛੱਡ ਦਿਓ। ਰਾਤ ਨੂੰ ਦੋ ਪੈਗ ਵਿਸਕੀ ਦੇ ਪੀ ਲਿਆ ਕਰੋ। ਮੈਂ ਕਿਹਾ, ਜੇ ਲੱਗਦੀ ਐ ਤਾਂ ਲੱਗਣ ਦਿਓ। ਜਦ ਮੇਰਾ ਇਕ ਰੁਪਏ ਦੀ ਗੋਲੀ ਨਾਲ ਸਰਦੈ ਤਾਂ ਮੈਂ ਦਾਰੂ ’ਤੇ ਪੱਚੀ ਕਾਹਣੂੰ ਖਰਚਾਂ।…. ਹੁਣ ਮੈਂ ਉਹ ਗੋਲੀ ਖਾਂਦਾ ਹਾਂ, ਲੇਖਕਾਂ ਨੂੰ ਮਸ਼ਕਰੀਆਂ ਕਰਦਾ ਹਾਂ।
ਬਦੇਸ਼ੀ ਭਾਸ਼ਾਵਾਂ ਦੇ ਲੇਖਕ
  ਤੁਸੀਂ ਬਦੇਸ਼ੀ ਭਾਸ਼ਾਵਾਂ ਦੇ ਲੇਖਕਾਂ ਨੂੰ ਕਿੰਨਾ ਕੁ ਪੜ੍ਹਿਆ- ਵਿਚਾਰਿਆ ਹੈ? ਕੀ ਬਹੁਤਾ ਪੜ੍ਹਨ ਨਾਲ ਲੇਖਕ ਦੀ ਮੌਲਿਕਤਾ ’ਤੇ ਵੀ ਕੋਈ ਅਸਰ ਪੈਂਦਾ ਹੈ ?
  ਬਦੇਸ਼ੀ ਭਾਸ਼ਾਵਾਂ ਦੀ ਕਹਾਣੀ ਬਹੁਤ ਪੜ੍ਹੀ ਏ। ਬਹੁਤਾ ਸਾਹਿਤ ਉਰਦੂ ਤੇ ਹਿੰਦੀ ’ਚ ਅਨੁਵਾਦ ਹੋਇਆ ਈ ਪੜ੍ਹਿਆ। ਮਕਤਬਾ ਜਦੀਦ,ਲਹੌਰ ਵਾਲਿਆਂ ਨੇ ਦੁਨੀਆ ਦੇ ਬਿਹਰਤੀਨ ਨਾਵਲਾਂ ਦੀ ਲੜੀ ਛਾਪੀ ਸੀ। ਮੈਂ ਉਹ ਸਾਰੀ ਪੜ੍ਹ ਲਈ ਸੀ। ਫੇਰ ਪੰਜਾਬ ਬੁੱਕ ਸੈਂਟਰ ’ਚ ਰੂਸੀ ਭਾਈਆਂ ਨੇ ਸਾਹਿਤ ਦਾ ਖਜ਼ਾਨਾ ਖੋਲ੍ਹ ਦਿੱਤਾ ਸੀ। ਰੱਜ ਆ ਗਿਆ। ਪੰਜਾਬੀ ਕਹਾਣੀਆਂ ਵੀ ਬਹੁਤ ਪੜ੍ਹੀਆਂ। ਕਵਿਤਾ ਘੱਟ ਪੜ੍ਹੀ। ਨਾਲੇ ਕਵਿਤਾ ਮੇਰਾ ਫੀਲਡ ਨਹੀਂ।…. ਮੈਂ ਪੰਜਾਬੀ ਲੇਖਕਾਂ ਨੂੰ ਗਰੁੱਪਾਂ ’ਚ ਵੰਡ ਕੇ ਗੱਲ ਕਰਨਾ ਠੀਕ ਨਹੀਂ ਸਮਝਦਾ। ਨਾ ਦੇਸ਼ਾਂ ਦੇ ਹਿਸਾਬ ਨਾਲ ਤੇ ਨਾ ਇਸਤਰੀ ਪੁਰਖਾਂ ਦੇ ਹਿਸਾਬ ਨਾਲ।
ਕਈ ਕਹਿੰਦੇ ਹਨ ਬਹੁਤਾ ਸਾਹਿਤ ਜਾਂ ਗਿਆਨ-ਸਾਹਿਤ ਪੜ੍ਹਨ ਨਾਲ ਕਿਸੇ ਦੀ ਮੌਲਿਕਤਾ ਖਤਮ ਹੋ ਸਕਦੀ ਏ? ਹੁੰਦੀ ਹੋਵੇਗੀ। ਜੀਹਨੂੰ ਡਰ ਹੋਵੇ, ਉਹ ਪੜ੍ਹਨਾ ਛੱਡ ਦੇਵੇ। ਮੈਨੂੰ ਮਾਫਕ ਏ। ਮੈਂ ਹੁਣ ਵੀ ਹਰ ਰੋਜ਼ ਨਵੀਆਂ ਪੁਸਤਕਾਂ ਕਈ ਕਈ ਘੰਟੇ ਪੜ੍ਹਦਾ ਹਾਂ। ਮੈਂ ਇਤਿਹਾਸ, ਦਰਸ਼ਨ ਤੇ ਧਰਮ ਗ੍ਰੰਥ ਵੀ ਪੜ੍ਹਦਾ ਹਾਂ। ਮਨੋਵਿਗਿਆਨ ਤੇ ਕਾਮ ਸ਼ਾਸਤਰ ਵੀ ਪੜ੍ਹਦਾ ਹਾਂ। ਟੀ.ਵੀ. ’ਤੇ ਫਿਲਮਾਂ ਦੇਖਦਾ ਹਾਂ। ਸੰਗੀਤ ਵੀ ਬਹੁਤ ਸੁਣਦਾ ਹਾਂ। ਕੰਪਿਊਟਰ ’ਤੇ ਇੱਲਤਾਂ ਕਰਦਾ ਹਾਂ। ਮੇਰੀ ਮੌਲਿਕਤਾ ਨੂੰ ਕੋਈ ਬੇਜਾਨ ਪੁਸਤਕ ਤਾਂ ਕੀ ਕੋਈ ਬੰਦਾ ਵੀ ਢਾਅ ਨਹੀਂ ਲਾ ਸਕਦਾ।
  ਤੁਹਾਨੂੰ ਰਚਨਾ ਕਰਨ ਵੇਲੇ ਇਕਾਂਤ ਜਾਂ ਕਿਸੇ ਹੋਰ ਵਿਸ਼ੇਸ਼ ਮਾਹੌਲ ਦੀ ਲੋੜ ਵੀ ਪੈਂਦੀ ਹੈ ?
  ਮੈਂ ਜਿਵੇਂ ਪਹਿਲਾਂ ਦੱਸਿਆ ਏ ਕਿ ਮੇਰਾ ਲਿਖਣ ਦਾ ਕੋਈ ਸਮਾਂ ਜਾਂ ਸਥਾਨ ਹੈ ਈ ਨਹੀਂ, ਫੇਰ ਇਕਾਂਤ ਜਾਂ ਕੱਠ ਦਾ ਕੀ ਮਸਲਾ। ਕਈ ਵਾਰ ਜਦ ਮੈਂ ਕਹਾਣੀ ਲਿਖ ਰਿਹਾ ਹੁੰਦਾ ਹਾਂ ਤੇ ਕੋਈ ਦੋਸਤ ਆ ਜਾਂਦਾ ਏ ਤਾਂ ਮੈਂ ਕਹਾਣੀ ਵਿੱਚੇ ਛੱਡ ਕੇ ਕੰਪਿਊਟਰ ਬੰਦ ਕਰ ਦੇਂਦਾ ਹਾਂ। ਦੋਸਤ ਨਾਲ ਚਾਹ ਕੌਫੀ ਪੀਂਦਾ ਗੱਪਾਂ ਦੀ ਠਰਕ ਪੂਰੀ ਕਰਦਾ ਹਾਂ। ਉਹਦੇ ਜਾਣ ਬਾਅਦ ਫੇਰ ਕਹਾਣੀ ਲਿਖਣ ਬਹਿ ਜਾਂਦਾ ਹਾਂ। ਮੇਰੀ ਕਹਾਣੀ ਕਿਹੜਾ ਇਕੋ ਵਾਰ ਲਿਖਣ ’ਤੇ ਮੁਕਣੀ ਹੁੰਦੀ ਏ।…
ਉਂਜ ਤਨਹਾਈ ਮੈਨੂੰ ਅਪਣੇ ਲਈ ਚਾਹੀਦੀ ਏ। ਮੈਂ ਪੜ੍ਹਦਾ ਹੋਇਆ ਤੇ ਫਿਲਮ ਦੇਖਦਾ ਹੋਇਆ ਗਵਾਚ ਜਿਹਾ ਜਾਂਦਾ ਹਾਂ। ਦੋਸਤਾਂ, ਖਾਸ ਤੌਰ ’ਤੇ ਔਰਤਾਂ ਨਾਲ ਗੱਲਾਂ ਕਰਨ ਲਈ ਵੀ ਮੈਨੂੰ ਤਨਹਾਈ ਚਾਹੀਦੀ ਏ। ਮੇਰਾ ਕਮਰਾ ਹੋਰ ਸਾਰੇ ਘਰ ਨਾਲੋਂ ਅੱਡਰਾ ਜਿਹਾ ਏ। ਜਿਥੋਂ ਸਾਡੀਆਂ ਗੱਲਾਂ ਕਿਸੇ ਘਰਦੇ ਨੂੰ ਨਹੀਂ ਸੁਣਦੀਆਂ।
  ਕੁਲਵੰਤ ਸਿੰਘ ਵਿਰਕ ਨੂੰ ਪਾਸ਼, ਗਾਰਗੀ ਅਤੇ ਸੰਤੋਖ ਸਿੰਘ ਧੀਰ ਨਾਲ ਕੀ ਚਿੜ ਸੀ ਭਲਾ ?
  ਮੈਨੂੰ ਬਹੁਤਾ ਠੀਕ ਪਤਾ ਨਹੀਂ। ਮੇਰਾ ਖਿਆਲ ਏ ਕਿ ਉਹਨੂੰ ਕਾਮਰੇਡ ਬਣੀਂ ਫਿਰਨ ਵਾਲੇ ਚੰਗੇ ਨਹੀਂ ਸੀ ਲੱਗਦੇ। ਉਹ ਇਨਕਲਾਬੀ ਕਵੀਆਂ ਤੋਂ ਵੀ ਖਿਝਦਾ ਸੀ।…. ਗਾਰਗੀ ਨੂੰ ਉਹ ਨਿਰਾ ਬਨੌਟੀ ਸਾਹਿਤਕਾਰ ਤੇ ਬੰਦਾ ਸਮਝਦਾ ਸੀ। ਉਹਨੂੰ ਉਹਦੀ ਸ਼ਕਲ ਨਾਲ ਵੀ ਨਫਰਤ ਸੀ। ਗੀਂਢਾ ਜਿਹਾ ਕੱਦ ਵੀ ਚੰਗਾ ਨਹੀਂ ਲੱਗਦਾ ਸੀ। … ਵਿਰਕ ਧੀਰ ਨੂੰ ਮਾੜਾ ਬੰਦਾ ਨਹੀਂ ਸੀ ਕਹਿੰਦਾ, ਉਹਦੀ ਕਹਾਣੀ ਨੂੰ ਸਿੱਧੜ ਜਹੀ ਸਮਝਦਾ ਕੋਈ ਅਹਿਮੀਅਤ ਨਹੀਂ ਸੀ ਦਿੰਦਾ। ਵਿਰਕ ਧੀਰ ਦੀ ਕਹਾਣੀ ਪੜ੍ਹਦਾ ਸੀ ਤਾਂ ਪੇਂਡੂ ਬੋਲੀ ਵਾਲਾ ਬਿਆਨ ਦੇਖਣ ਲਈ।
ਪਛਤਾਵੇ
  ਕੀ ਹੁਣ ਕਦੀ ਮਨ ’ਚ ਕੁਝ ਪਛਤਾਵੇ ਵੀ ਰੜਕਦੇ ਰਹਿੰਦੇ ਨੇ?
  ਪਛਤਾਵੇ ਹੁੰਦੇ ਨੇ ਬਥੇਰੇ। ਬੰਦੇ ਕੋਲੋਂ ਬਹੁਤ ਸਾਰੇ ਕੰਮ ਕਦੇ ਜਾਣਦਿਆਂ ਤੇ ਕਦੇ ਅਣਜਾਣਪੁਣੇ ’ਚ ਹੋ ਜਾਂਦੇ ਨੇ। ਤੁਸੀਂ ‘ਆਤਮ ਮਾਯਾ’ ਪੜ੍ਹੀ ਏ ਤਾਂ ਰਾਮ ਕਲੀ ਵਾਲੀ ਘਟਨਾ ਇਹੋ ਜਿਹੀ ਹੀ ਏ। ਕਈ ਬਹੁਤ ਛੋਟੀਆਂ ਘਟਨਾਵਾਂ ਹੁੰਦੀਆਂ ਨੇ, ਪਰ ਤੰਗ ਵੱਧ ਕਰਦੀਆਂ ਨੇ। ਮੈਨੂੰ ਇਕ ਘੁੱਗੀ ਨਹੀਂ ਭੁੱਲਦੀ ਜਿਹੜੀ ਮੈਂ ਚੁਬਾਰੇ ’ਚ ਤਾੜ ਲਈ ਸੀ। ਫੇਰ ਮੈਂ ਉਹਨੂੰ ਉਡਾ-ਉਡਾ ਹਬਕਾ ਲਿਆ ਸੀ। ਡੇਗ ਲਿਆ ਸੀ, ਫਰਸ਼ ’ਤੇ। ਫੜਦਿਆਂ ਮੇਰੇ ਹੱਥਾਂ ’ਚ ਈ ਮਰ ਗਈ ਸੀ।…… ਪਿੰਡ ਖੇਤੀ ਕਰਦਿਆਂ ਬਲਦਾਂ ਤੇ ਹੋਰ ਡੰਗਰਾਂ ’ਤੇ ਕੱਢੇ ਗੁੱਸੇ ਦਾ ਪਛਤਾਵਾ ਹੁੰਦਾ ਏ। … ਅਪਣੇ ਬੱਚਿਆਂ ਅਤੇ ਸਕੂਲ ’ਚ ਪੜ੍ਹਾਂਦਿਆਂ ਇਕ ਵਿਦਿਆਰਥੀ ਨੂੰ ਮਾਰਨ ਦੀ ਯਾਦ ਤੰਗ ਕਰਦੀ ਏ।…. ਇਕ ਪੁੱਠਾ ਜਿਹਾ ਪਛਤਾਵਾ ਏ, ਜਿਹੜਾ ਮੇਰੇ ਵੱਸ ’ਚ ਨਹੀਂ ਸੀ। ਉਹ ਇਹ ਕਿ ਮੈਂ ਏਸ ਅਰਧ-ਸੱਭਿਅ ਦੇਸ ’ਚ ਕਿਉਂ ਜੰਮਿਆ? ਜਿੱਥੇ ਪੈਰ-ਪੈਰ ’ਤੇ ਬਈਮਾਨੀ ਤੇ ਸਮਾਜਕ ਅਨਿਆਂ ਏ। ਜਿੱਥੇ ਲੱਖਾਂ ਦੀ ਗਿਣਤੀ ’ਚ ਉਹ ਲੋਕ ਨੇ, ਜਿਹੜੇ ਆਪ ਕੰਮ ਨਾ ਕਰ ਕੇ ਸਮਾਜ ’ਤੇ ਬੋਝ ਬਣੇ ਬੈਠੇ ਨੇ। ਉਹਨਾਂ ਦਾ ਬੋਝ ਢੋਣ ਵਾਲੇ ਇਹ ਕੰਮ ਖੁਸ਼ੀ ਨਾਲ ਕਰਦੇ ਨੇ। ਜਿੱਥੇ ਹਜ਼ਾਰਾਂ ਸਾਲ ਪੁਰਾਣੀ ਸੰਸਕ੍ਰਿਤੀ ਬੰਦੇ ਦਾ ਗਲ਼ ਘੁੱਟੀ ਬੈਠੀ ਏ।… ਏਸ ਸੰਸਕ੍ਰਿਤੀ ਨੂੰ ਵੇਖਣ ਤੇ ਗਲ਼ ਨਾਲ ਲਾਓਣ ਲਈ ਜਿਹੜੇ ਪੱਛਮੀ ਦੇਸਾਂ ਦੇ ਲੋਕ ਆਉਂਦੇ ਨੇ, ਉਹ ਅਪਣੀ ਸੰਸਕ੍ਰਿਤੀ ਤੋਂ ਭਗੌੜੇ ਹੋ ਕੇ ਭਾਰਤੀ ਸੰਸਕ੍ਰਿਤੀ ਦੇ ਭੁਲੇਖਿਆਂ ’ਚ ਪਨਾਹ ਲੱਭਦੇ ਨੇ।…… ਮੇਰੇ ਵੱਸ ’ਚ ਹੁੰਦਾ ਤਾਂ ਕਿਸੇ ਨਵੀਂ ਸੱਭਿਆਤਾ ਵਾਲੇ ਦੇਸ ’ਚ ਜੰਮਦਾ। ਫੇਰ ਏਸ ਪੁਰਾਣੀ ਸੱਭਿਅਤਾ ਵਾਲੇ ਦੇਸ ਨੂੰ ਦੇਖਣ ਆਉਂਦਾ।
  ਬਾਪ ਅਤੇ ਭਰਾ ਤਾਂ ਤੁਹਾਨੂੰ ਬਹੁਤ ਦਬਾ ਕੇ ਰੱਖਦੇ ਸਨ ਪਰ ਮਾਂ ਦਾ ਪਿਆਰ ਤਾਂ ਰੱਜਵਾਂ ਮਿਲਿਆ ਹੀ ਹੋਵੇਗਾ? ਕਿਹੋ ਜਹੀਆਂ ਹੁੰਦੀਆਂ ਸਨ ਇਹ ਪਿਆਰ ਦੀਆਂ ਘੜੀਆਂ?
  ਇਹ ਸਵਾਲ ਮੇਰੇ ਲਈ ਦਿਲਚਸਪ ਏ। ਮੈਂ ਆਪ ਹੈਰਾਨ ਹੁੰਦਾ ਹਾਂ ਕਿ ਕਿਥੇ ਮੈਂ ਅਪਣੀ ਬੀਬੀ ਦਾ ਲੜ ਨਹੀਂ ਸੀ ਛੱਡਦਾ ਤੇ ਕਿਥੇ ਭਾਦਸੋਂ ਜਾ ਕੇ ਭੂਆ ਦਾ ਪੁੱਤ ਬਣ ਗਿਆ। ਮੈਂ ‘ਆਤਮ ਮਾਯਾ ’ ’ਚ ਵੀ ਬੀਬੀ ਬਾਰੇ ਕੁਝ ਨਹੀਂ ਲਿਖਿਆ। ਮੈਨੂੰ ਉਹ ਸੁਫਨਿਆਂ ’ਚ ਵੀ ਨਹੀਂ ਦਿਸਦੀ। ਜਦ ਕਿ ਮੇਰੇ ਘਰ ’ਚ ਮੇਰੀ ਸਭ ਤੋਂ ਵੱਡੀ ਹਮਦਰਦ ਉਹੀ ਬਣੀ ਰਹੀ, ਅਖੀਰ ਉਮਰ ਤਕ। ਇਹ ਮਨੋਵਿਗਿਆਨਕ ਘੁੰਡੀ ਹੁਣ ਵੀ ਮੇਰੀ ਸਮਝ ’ਚ ਨਹੀਂ ਆਉਂਦੀ।ਮੈਂ ਪਿਓ ਦਾ ਵਿਰੋਧੀ ਸੀ। ਪਿਓ ਹੁਣ ਵੀ ਮੈਨੂੰ ਸੁਫਨਿਆਂ ’ਚ ਦਿਸਦਾ ਏ। ਮੇਰੇ ਨਾਲ ਗੱਲਾਂ ਕਰਦਾ ਏ। ਉਹ ਵੀ ਚੰਗੀਆਂ। ਬੀਬੀ ਐਵੇਂ ਝੱਟ ਦੇਣੀ ਅਵਚੇਤਨ ਵਿਚੋਂ ਵੀ ਨਿਕਲ ਗਈ।
  ਸੰਤ ਸਿੰਘ ਸੇਖੋਂ ਵਿਰੁੱਧ ਤੁਸੀਂ ਸਦਾ ਹੀ ਲਿਖਦੇ ਬੋਲਦੇ ਰਹੇ (ਹੁਣ ਵੀ ਇਵੇਂ ਹੀ ਹੈ) ਪਰ ਇਨਾਮਾਂ ਦੇ ਚੱਕਰ ਵਿਚ ਉਹ ਸਦਾ ਹੀ ਡਟਕੇ ਤੁਹਾਡੇ ਹੱਕ ਵਿਚ ਖਲੋਤਾ। ਅਜਿਹਾ ਕਿਉਂ?
  ਮੈਂ ਹਮੇਸ਼ਾ ਅਪਣੇ ਆਪ ਨੂੰ ਸੇਖੋਂ ਨਾਲ ਟਕਰਾਉਂਦਾ ਮਹਿਸੂਸ ਕਰਦਾ ਰਿਹਾ। ਮੈਂ ਉਹਦੀ ਏਨੀ ਹੁੰਦੀ ਵਡਿਆਈ ਤੋਂ ਵੀ ਸੜਦਾ ਸੀ। ਸਾਰੇ ਸਾਹਿਤਕਾਰ ਉਹਦੀ ਰਾਏ ਜਾਨਣ ਲਈ ਉਹਦੇ ਮੂੰਹ ਵੱਲ ਤੱਕਦੇ ਸੀ ਤਾਂ ਵੀ ਮੈਂ ਖਿਝਦਾ ਸੀ। ਏਸੇ ਲਈ ਮੈਨੂੰ ਉਹਦੀ ਸ਼ਕਲ ਸਣੇ ਉਹਦਾ ਸਾਰਾ ਕੁਝ ਬੁਰਾ ਲੱਗਦਾ ਸੀ। … ਪਰ ਉਹ ਮੇਰੇ ਨਾਲੋਂ ਕਿਤੇ ਵੱਡਾ ਸੀ, ਹਰ ਪੱੱਖ ਤੋਂ। ਉਹ ਵੱਡਾ ਵਿਦਵਾਨ ਸੀ। ਏਸੇ ਲਈ ਉਹ ਮੇਰੀਆਂ ਕਹਾਣੀਆਂ ਦੀ ਸਿਫ਼ਤ ਕਰਨ ਲੱਗ ਪਿਆ ਸੀ। ਉਹਨੇ ਮੈਨੂੰ ਇਨਾਮ ਵੀ ਏਸੇ ਗੱਲੋਂ ਦਿਵਾਏ। ਜਿਨ੍ਹਾਂ ਨਾਲ ਮੈਂ ਉਹਦੇ ਮੁਕਾਬਲੇ ’ਚ ਹੋਰ ਛੋਟਾ ਹੋ ਗਿਆ।- ਇਨਾਮ ਦਿਵਾਣ ‘ਚ ਇਕ ਮਿਸਾਲ ਹੋਰ ਵੀ ਏ। ਮੈਂ ਜਸਵੰਤ ਸਿੰਘ ਕੰਵਲ ਦਾ ਵਿਰੋਧੀ ਹਾਂ, ਖ਼ਾਸ ਕਰਕੇ ਓਹਦੇ ਖ਼ਾਲਿਸਤਾਨੀ ਹੋਣ ਕਰਕੇ ਪਰ ਜਦ ਮੈਂ ਸਾਹਿਤ ਅਕੈਡਮੀ ਦੀ ਜਿਊਰੀ ਦਾ ਮੈਂਬਰ ਸੀ ਤਾਂ ਮੈਂ ਇਨਾਮ ਦੇਣ ਦਾ ਫੈਸਲਾ ਕੰਵਲ ਨੂੰ ਵੋਟ ਦੇ ਕੇ ਕਰਾਇਆ ਸੀ।

ਭਗਵਾਂ ਰੰਗ

  ਕੁਝ ਦੇਰ ਭਗਵੇਂ ਕਪੜੇ ਅਤੇ ਖੜਾਵਾਂ ਪਾਉਣ ਦਾ ਮਤਲਬ ਹੈ ਤੁਹਾਡੇ ਅੰਦਰ ਕੋਈ ਸਾਧੂ ਰੁਚੀ ਜਾਗਦੀ ਸੀ। ਕੀ ਇਹ ਕਿਸੇ ਰਹੱਸ ਦਾ ਲਗਾਉ ਸੀ ਜਾਂ ਦੁਨੀਆ ਤੋਂ ਭਾਂਜ ਦੀ ਰੁਚੀ? ਉਂਜ ਵੀ ਤੁਸੀਂ ਇਕ ਪਾਸੇ ਸਾਧਾਂ ਸੰਤਾਂ ਨੂੰ ਸਮਾਜ ਦੀਆਂ ਜੋਕਾਂ ਕਹਿੰਦੇ ਹੋ, ਤੇ ਦੂਜੇ ਪਾਸੇ ਇਹ ਭਗਵੇਂ ਕੱਪੜੇ ਤੁਹਾਨੂੰ ਖਿੱਚਦੇ ਹਨ। ਇਹ ਕੀ ਹੈ?
  ਜ਼ਿੰਦਗੀ ’ਚ ਬੜਾ ਕੁਝ ਏ, ਜਿਹੜਾ ਮੇਰੇ ਲਈ ਰਹੱਸ ਬਣਿਆ ਹੋਇਆ ਏ। ਉਹਨਾਂ ’ਚ ਇਹ ਭਗਵੇਂ ਰੰਗ ਦਾ ਅਨੁਰਾਗ ਵੀ ਸ਼ਾਮਲ ਏ। ਛੋਟੀ ਉਮਰ ਤੋਂ ਈ ਇਹ ਰੰਗ ਮੇਰੇ ਪਿੱਛੇ ਪਿਆ ਹੋਇਆ ਏ। ਮੇਰੇ ਘਰ ਹਮੇਸ਼ਾ ਇਕ ਭਗਵਾਂ ਕੁੜਤਾ ਪਜਾਮਾ ਪਿਆ ਰਹਿੰਦਾ ਏ। ਜੀਹਨੂੰ ਮੈਂ ਕਦੇ ਕਦੇ ਪਾ ਕੇ ਸੌਖਾ ਮਹਿਸੂਸ ਕਰਦਾ ਹਾਂ। ਦੋ ਕੁ ਮਹੀਨਿਆਂ ਤੋਂ ਮੇਰੇ ਮਨ ’ਚ ਆ ਰਿਹਾ ਏ ਕਿ ਦੂਜੇ ਸਾਰੇ ਕੱਪੜੇ ਗਰੀਬਾਂ ’ਚ ਵੰਡ ਦਿਆਂ ਤੇ ਭਗਵੇਂ ਕੱਪੜੇ ਹੀ ਪਾਇਆ ਕਰਾਂ। ਜਿਵੇਂ ਸੰਨਿਆਸੀ ਪਾਉਂਦੇ ਨੇ। ਜਦ ਮੈਂ ਇਹ ਕਰਨ ਦੀ ਤਿਆਰੀ ਕਰਨ ਲੱਗਦਾ ਹਾਂ ਤਾਂ ਮੇਰੀ ਘਰਵਾਲੀ ਰੋਕ ਦੇਂਦੀ ਏ। ਪਹਿਲਾਂ ਮੇਰੀ ਮੇਰੀ ਬੀਬੀ ਮੇਰੇ ਭਗਵੇਂ ਕੱਪੜੇ ਲਕੋ ਦਿਆ ਕਰਦੀ ਸੀ। ਉਹਨੇ ਇਕ ਵਾਰ ਤਾਂ ਮੇਰੀਆਂ ਖੜਾਵਾਂ ਚੁਲ੍ਹੇ ’ਚ ਬਾਲ ਈ ਦਿੱਤੀਆਂ ਸਨ।
ਬਚਪਨ ਤੋਂ ਈ ਮੈਂ ਸਾਧ ਪਰੰਪਰਾ ਦਾ ਵਿਰੋਧੀ ਸੀ। ਮੈਂ ਉਨ੍ਹਾਂ ਵਿਹਲੜਾਂ ਨੂੰ ਸਮਾਜ ਦੇ ਪੈਰਾਸਾਈਟ ਕਹਿੰਦਾ ਹਾਂ। ਪਰ ਮੈਂ ਉਹਨਾਂ ਦੀ ਸੰਗਤ ਕਰ ਕੇ ਉਹਨਾਂ ਦੀਆਂ ਗੱਲਾਂ ਸੁਣਦਾ ਹਾਂ। ਉਦੋਂ ਵੀ ਮੈਨੂੰ ਲੱਗਦਾ ਕਿ ਇਹ ਮੇਰੇ ਮਨ ਦੀ ਕਮਜ਼ੋਰੀ ਏ। ਖਬਰੇ ਮੈਂ ਭਾਂਜਵਾਦੀ ਹਾਂ। ਖਬਰੇ ਮੈਂ ਝੂਠੀ ਦਿਖਾਵੇ ਦੀ ਵਡਿਆਈ ਦੀ ਭਾਲ ’ਚ ਹਾਂ। ਖਬਰੇ ਇਹ ਮੇਰੇ ਅੰਦਰ ਕੋਈ ਮਕਰਾ ਬੰਦਾ ਅਜਿਹੇ ਲੱਛਣ ਕਰਦਾ ਪਿਆ ਏ।
ਮੇਰਾ ਖਿਆਲ ਏ ਕਿ ਵਿਗਿਆਨਕ ਸੋਚ ਨਾਲ ਬੰਦੇ ਨੂੰ ਸਮਝਿਆ ਨਹੀਂ ਜਾ ਸਕਦਾ। ਪਿਛਲੇ ਸਮੇਂ ’ਚ ਮਾਰਕਸਵਾਦੀਆਂ ਨੇ ਇਹੋ ਜਿਹੇ ਦਾਅਵੇ ਕੀਤੇ ਸੀ। ਜਿਹੜੇ ਗ਼ਲਤ ਨਿਕਲੇ। -ਮੈਂ ਉਹਨਾਂ ਸਾਧਾਂ ਸੰਤਾਂ ਨੂੰ ਹੁਣ ਵੀ ਵਿਹਲੜ ਸਮਝਦਾ ਹਾਂ ਜਿਨ੍ਹਾਂ ਨਾਲ ਸਾਡੀ ਆਰਥਿਕਤਾ ਵਿਗੜਦੀ ਏ। ਪਰ ਮੈਂ ਇਹ ਵੀ ਮੰਨਦਾ ਹਾਂ ਕਿ ਗੁਰੂ, ਆਚਾਰੀਆ ਜਾਂ ਸੰਤਾਂ ਦਾ ਵੀ ਸਮਾਜ ਨੂੰ ਸਮਤੋਲ ਰੱਖਣ ਲਈ ਉਹੋ ਜਿਹਾ ਹੀ ਰੋਲ ਏ , ਜਿਹੋ ਜਿਹਾ ਕੋਮਲ ਕਲਾਵਾਂ ਦੀ ਸਿਰਜਣਾ ਤੇ ਸਮਾਜੀ ਸਰਗਰਮੀਆਂ ਦਾ। ਇਹ ਰਹੱਸ ਭਰਿਆ ਵਿਰੋਧਾਭਾਸ ਏ ਮੇਰੇ ਚਰਿੱਤਰ ’ਚ। ਇਹ ਕਿਉਂ ਏ! ਮੈਨੂੰ ਨਹੀਂ ਪਤਾ।
  ਉਹ ਕਾਲਪਨਿਕ ਵਜੂਦੀ ਔਰਤ, ਜਿਸਨੇ ਤੁਹਾਡੇ ਕੋਲੋਂ ਏਨੀਆਂ ਕਹਾਣੀਆਂ ਦੀ ਰਚਨਾ ਕਰਵਾਈ, ਕੀ ਹੁਣ ਸਦਾ ਲਈ ਖਹਿੜਾ ਛੱਡ ਗਈ ਹੈ ਜਾਂ ਉਹਦੇ ਝਾਉਲੇ ਅਜੇ ਵੀ ਪੈਂਦੇ ਹਨ ?
  ਉਹ ਕਲਪੀ ਜਾਂ ਵਜੂਦੀ ਔਰਤ ਮੇਰੇ ਲਈ ਦੁਨੀਆ ਦੀ ਸਭ ਤੋਂ ਵੱਧ ਖੂਬਸੂਰਤ ਲੱਗਦੀ ਔਰਤ ਸੀ। ਮੈਂ ਕੋਈ ਕਹਾਣੀ ਪੜ੍ਹਦਾ, ਕੋਈ ਫਿਲਮ ਦੇਖਦਾ ਜਾਂ ਉਂਜ ਵੀ ਕਿਸੇ ਇਸ਼ਤਿਹਾਰ ’ਚ ਕੋਈ ਸੋਹਣੀ ਔਰਤ ਦੇਖਦਾ….. ਮੈਨੂੰ ਓਸੇ ਦਾ ਪ੍ਰਤਿਰੂਪ ਦਿਸਦਾ ਰਹਿੰਦਾ। ਟੀ. ਵੀ. ਸੀਰੀਅਲ ਦੇਖਦਿਆਂ ਜਿਹੜੀ ਔਰਤ ਮੈਨੂੰ ਸਭ ਤੋਂ ਸੋਹਣੀ ਲੱਗਦੀ ਜਾਂ ਜੀਹਦੀ ਕੋਈ ਅਦਾ ਬਹੁਤ ਭਾਉਂਦੀ ਤਾਂ ਮੈਨੂੰ ਲੱਗਦਾ ਕਿ ਇਹ ਤਾਂ ਉਹਦੀ ਹੀ ਸੂਰਤ ਏ।…. ਪਰ ਹੁਣ ਉਹ ਭਰਮ ਜਾਂ ਲਹੂ ਦਾ ਸੁਆਦ ਮੁੱਕ ਗਿਆ ਏ।
ਇਹ ਸਚਮੁੱਚ ਕਲਪਨਾ ਦੀ ਸਿਰਜੀ ਹੋਈ ਔਰਤ ਸੀ। ਮੈਨੂੰ ਕਦੇ ਲੱਗਦਾ ਏ ਕਿ ਉਹ ਖਹਿੜਾ ਛੱਡ ਗਈ ਏ ਤੇ ਕਦੇ ਲੱਗਦਾ ਏ ਕਿ ਲਓ ਫੇਰ ਆਓਣ ਲੱਗ ਪਈ ਏ। ਉਹ ਭਾਵੇਂ ਉੱਕਾ ਈ ਖਹਿੜਾ ਛੱਡ ਜਾਵੇ ਤਾਂ ਵੀ ਮੇਰੀ ਕਲਪਨਾ ਨੇ ਮੈਨੂੰ ਧੋਖਾ ਦੇਣ ਤੋਂ ਤਾਂ ਬਾਜ਼ ਨਹੀਂ ਆਓਣਾ।… ਪਰ ਹੁਣ ਮੈਂ ਓਸ ਤੋਂ ਏਨਾ ਤੰਗ ਨਹੀਂ ਹਾਂ। ਅਕਸਰ ਔਰਤਾਂ ਨੂੰ ਹਾਲ ਦੱਸਣ ਲੱਗਿਆਂ ਕਹਿ ਦੇਂਦਾ ਹਾਂ,”ਮੈਨੂੰ ਮੁਹੱਬਤ ਦੀ ਡੈਫੀਸ਼ੈਂਸੀ ਮਹਿਸੂਸ ਹੁੰਦੀ ਏ।’’
ਸੱਚ ਤਾਂ ਹੈ ਕਿ ਔਰਤ ਅਜਿਹੀ ਸ਼ੈ ਏ, ਜੀਹਦੇ ਨਾਲ ਬੰਦੇ ਦਾ ਢਿੱਡ ਭਰ ਜਾਂਦਾ ਏ, ਪਰ ਨੀਤ ਨਹੀਂ ਭਰਦੀ। ਸ਼ਰੀਰ ਖੜ੍ਹਨ ਲੱਗ ਪੈਂਦਾ ਏ। ਅੰਗ ਜਵਾਬ ਦੇਈ ਜਾਂਦੇ ਨੇ। ਪਰ ਢੀਠ ਮਨ ਉਡਾਰੀਆਂ ਮਾਰਦਾ ਰਹਿੰਦਾ ਏ। … ਅਸਲ ’ਚ ਇਹ ਉਡਾਰੀਆਂ ਈ ਨੇ, ਜਿਹੀੜੀਆਂ ਬੰਦੇ ’ਚ ਜਾਨ ਪਾਈ ਰੱਖਦੀਆਂ ਨੇ। ਨਹੀਂ ਤਾਂ ਕਦੋਂ ਦਾ ਨਾ ਸਿਰਫ ਬੰਦਾ ਮੁੱਕ ਜਾਂਦਾ, ਬਲਕਿ ਏਸ ਸੰਸਾਰ ’ਚ ਇਹ ਜੀਵ ਹੀ ਮੁੱਕ ਚੁੱਕਾ ਹੁੰਦਾ।

ਆਤਮ ਕਥਾਵਾਂ

  ਤੁਹਾਡੀਆਂ ਆਤਮ ਕਥਾਵਾਂ ਲਿਖਣ ਦੀਆਂ ਕਹਾਣੀਆਂ ਕੀ ਨੇ? ਇਹਨਾਂ ਨੂੰ ਲਿਖਣ ਵੇਲੇ ਤੇ ਲਿਖਣ ਬਾਅਦ ਤੁਹਾਡੇ ‘ਤੇ ਕੀ ਬੀਤੀ?
  ਜਦ ਮੈਂ ਪਹਿਲੀ ਆਤਮ ਕਥਾ ‘ਬੰਦੇ ਅੰਦਰ ਬੰਦੇ’ ਲਿਖੀ ਸੀ ਤਾਂ ਸਿਰਫ ਏਸ ਗੱਲ ਦਾ ਜੋਸ਼ ਜਾਂ ਭੁਲੇਖਾ ਸੀ ਕਿ ਮੈਂ ਅਪਣੇ ਅੰਦਰ ਵੜੇ ਬੰਦਿਆਂ ਬਾਰੇ ਦੱਸ ਕੇ ਕੋਈ ਬਹੁਤ ਨਵੀਂ ਗੱਲ ਕਰ ਰਿਹਾ ਹਾਂ। ਉਹਦੇ ਛਪਣ ’ਤੇ ਆਮ ਜਿਹਾ ਪ੍ਰਤਿਕਰਮ ਸੀ ਪਾਠਕਾਂ ਦਾ ਤੇ ਦੋਸਤਾਂ ਦਾ। ਪਰ ਜਦ ਦੂਜੀ ਆਤਮ ਕਥਾ ਲਿਖ ਰਿਹਾ ਸੀ ਤਾਂ ਮੇਰੀ ਉਮਰ ਬਹੱਤਰੋਂ ਟੱਪ ਚੁੱਕੀ ਸੀ। ਮੈਨੂੰ ਮੌਤ ਦਾ ਡਰ ਬਹੁਤ ਘਟ ਗਿਆ ਸੀ, ਪਰ ਇੱਜ਼ਤ ਸਾਂਭਣ ਤੇ ਇਹਦਾ ਭੋਰਾ ਵੀ ਗੁਆਚਣ ਦਾ ਅੰਦੇਸ਼ਾ ਵਧ ਗਿਆ ਸੀ। ਮੈਂ ਕਾਫੀ ਨਿਡਰਤਾ ਨਾਲ ਲਿਖ ਰਿਹਾ ਸੀ ਤੇ ਮਨ ’ਚ ਜੋਸ਼ ਸੀ। ਜਿਵੇਂ ਨਵੀਂ ਰਚਨਾ ਕਰਨ ਵੇਲੇ ਹੁੰਦਾ ਏ। ਮੈਂ ਅਪਣੇ ਬਹੁਤ ਸਾਰੇ ਲੁਕੇ ਹੋਏ ਭੇਤ ਲਿਖ ਦੇਣਾ ਚਾਹੁੰਦਾ ਸੀ। ਪਰ ਨਾਲ-ਨਾਲ ਉਹਨਾਂ ਦੋਸਤਾਂ ਦਾ ਮਾਣ ਵੀ ਰੱਖਣਾ ਚਾਹੁੰਦਾ ਸੀ। ਮੈਨੂੰ ਉਹਨਾਂ ਦੀ ਵੀ ਇੱਜ਼ਤ ਦਾ ਖ਼ਿਆਲ ਆਉਂਦਾ ਸੀ। ਖਾਸ ਕਰ ਕੇ ਉਹਨਾਂ ਇਸਤਰੀਆਂ ਦਾ, ਜਿਨ੍ਹਾਂ ਨਾਲ ਮੈਂ ਨੇੜੇ ਦੇ ਫੱਕੜ ਦੋਸਤਾਂ ਵਾਂਗ ਵਰਤਿਆ ਸੀ। ਪਰ ਜਿਹੜਾ ਦੱਸਣਾ ਔਖਾ ਸੀ। ਉਨ੍ਹਾਂ ਦਾ ਓਹਲਾ ਰੱਖਣ ਲਈ ਮੈਂ ਬਹੁਤ ਸਾਰੇ ਬੰਦਿਆਂ ਤੇ ਸਥਾਨਾਂ ਦੇ ਨਾਂ ਬਦਲਦਾ ਰਿਹਾ। ਕਈ ਵਾਰ ਤਾਂ ਪੂਰੀ ਘਟਨਾ ਨੂੰ ਬੇਪਛਾਣ ਕਰਨ ਲਈ ਸਾਰੀ ਸਥਿਤੀ ਹੀ ਬਦਲ ਹੋ ਜਾਂਦੀ ਸੀ।
ਏਸ ਦੌਰਾਨ ’ਚ ਮੈਂ ਕੁਝ ‘ਕਹਾਣੀਆਂ ਦੇ ਸੱਚ’ ਸਿਰਲੇਖ ਹੇਠ ਕੁਝ ਲਿਖਤਾਂ ਪਰਚਿਆਂ ’ਚ ਛਪਵਾ ਲਈਆਂ। ਜਿਨ੍ਹਾਂ ਦੇ ਪ੍ਰਤਿਕਰਮ ਬੜੇ ਨਰਮ ਗਰਮ ਮਿਲੇ। ਮੈਂ ਵੀ ਰਾਏ ਜਾਨਣਾ ਚਾਹੁੰਦਾ ਸੀ। ਇਕ ਲਿਖਤ ’ਤੇ ਦੋ ਬੀਬੀਆਂ ਦਾ ਪ੍ਰਤਿਕਰਮ ਤੱਤਾ ਠੰਢਾ ਮਿਲਿਆ। ਮੇਰੇ ਮਨ ਨੂੰ ਬਹੁਤ ਦੁੱਖ ਲੱਗਾ। ਮੈਂ ਉਹਨਾਂ ਦਾ ਬਹੁਤ ਸਤਿਕਾਰ ਕਰਦਾ ਸੀ। ਇਕ ਤੋਂ ਤਾਂ ਮੈਨੂੰ ਲਿਖਤੀ ਮਾਫੀ ਮੰਗਣੀ ਪਈ। ਕਿਸੇ ਬੰਦੇ ਨੇ ਤਾਂ ਮੈਨੂੰ ਖਤਮ ਕਰਨ ਦੀ ਵੀ ਧਮਕੀ ਦਿੱਤੀ। ਏਸ ਅਣਕੀਤੇ ਦੀ ਸਜ਼ਾ ਭੁਗਤਣ ਦਾ ਬੇਹੱਦ ਦੁਖ ਹੋਇਆ। ਇਹ ਦੁੱਖ ਏਸ ਲਈ ਵੱਧ ਹੋਇਆ ਕਿ ਇਹ ਉਹਨਾਂ ਹੱਥੋਂ ਹੋਇਆ, ਜਿਨ੍ਹਾਂ ਨੂੰ ਮੈਂ ਅਪਣੇ ਸਮਝਦਾ ਸੀ। ਜਿਨ੍ਹਾਂ ਨਾਲ ਇਕ ਉਮਰ ਦਾ ਬਹਿਣਾ ਉੱਠਣਾ ਸੀ।…… ਮੈਂ ਕੰਪਿਊਟਰ ’ਤੇ ਸਭ ਬੀਬੀਆਂ ਦੇ ਨਾਂ ਲੱਭ-ਲੱਭ ਕੇ ਸਾਰਾ ਖਰੜਾ ਮੁੜ ਕੇ ਪੜ੍ਹਿਆ। ਕਿਸੇ-ਕਿਸੇ ਦਾ ਤਾਂ ਨਾਂ ਈ ਸਾਰੀ ਲਿਖਤ ’ਚੋਂ ਕੱਢ ਦਿੱਤਾ। ਭਾਵੇਂ ਉਹਦੇ ਬਾਰੇ ਕੋਈ ਚੰਗੀ ਗੱਲ ਹੀ ਲਿਖੀ ਸੀ। …. ਤਦ ਮੈਨੂੰ ਅਹਿਸਾਸ ਹੋਇਆ ਕਿ ਆਤਮ ਕਥਾ ਲਿਖਣਾ ਕਿੰਨਾ ਔਖਾ ਏ। ਸੱਚ ਅਪਣੇ ਤਾਂ ਕੀ, ਕਿਸੇ ਵੀ ਬਾਰੇ ਲਿਖਣਾ ਔਖਾ ਏ।
ਜਦ ‘ਆਤਮ ਮਾਯਾ’ ਛਪ ਕੇ ਮਾਰਕੀਟ ’ਚ ਆ ਗਈ ਤਾਂ ਅਪਣੀ ਕਿਸਮ ਦੀ ਖੁਸ਼ੀ ਤੇ ਘਬਰਾਹਟ ਹੋਣ ਲੱਗੀ। ਪ੍ਰਕਾਸ਼ਕ ’ਤੇ ਮਾਣ ਹੋਇਆ, ਜੀਹਨੇ ਏਨਾ ਚੰਗਾ ਕਵਰ ਡੀਜ਼ਾਇਨ ਬਣਾਇਆ ਸੀ।…. ਫੇਰ ਪੁਸਤਕ ਲੈਣ ਵਾਲੇ ਆਓਣ ਲੱਗੇ। ਇਕ ਦੋ ਦਿੱਤੀਆਂ ਤਾਂ ਘਰਦੇ ਖੋਹਣ ਨੂੰ ਆ ਗਏ। ਮੇਰੀ ਪਤਨੀ ਚੱਕ ਕੇ ਲੈ ਗਈ। ਉਹਦੇ ਕੋਲੋਂ ਉਹਦਾ ਪੁੱਤ ਲੈ ਗਿਆ। ਫੇਰ ਕਿਤਾਬ ਮੇਰੀਆਂ ਬੇਟੀਆਂ ਤੇ ਛੋਟੇ ਭਾਈ ਤਕ ਵੀ ਪਹੁੰਚ ਗਈ।…. ਹੁਣ ਮੈਂ ਮੁਲਜ਼ਮ ਬਣਿਆ ਫਰਦ ਜੁਰਮ ਤੇ ਸਜ਼ਾ ਦਾ ਹੁਕਮ ਉਡੀਕਦਾ ਦਿਨ ਕੱਟਦਾ ਰਿਹਾ। ਮੇਰਾ ਮੁੰਡਾ ਦੁਕਾਨ ’ਚ ਬੈਠਾ ਕਿਤਾਬ ਪੜ੍ਹਦਾ ਹੁੰਦਾ ਸੀ। ਉਹ ਕੰਮ ਤੋਂ ਘਰ ਆਉਂਦਾ, ਮੈਂ ਉਹਦਾ ਚਿਹਰਾ ਗੌਰ ਨਾਲ ਦੇਖਦਾ ਕਿ ਕਿਤੇ ਕੋਈ ਤਿਊੜੀ ਤੇ ਨਹੀਂ? ਬੋਲ ਸੁਣਦਾ, ਕਿਤੇ ਤਲਖੀ ਤੇ ਨਹੀਂ? …. ਉਹ ਮੇਰੇ ਕਮਰੇ ’ਚ ਆ ਕੇ ਬਹਿ ਜਾਂਦਾ। ਮੈਂ ਡਰਿਆ ਉਹਦੇ ਵੱਲ ਤੱਕਦਾ। ਉਹ ਘਰ ਦੀ ਜਾਂ ਘਰ ਦੇ ਕਿਸੇ ਜੀਅ ਦੀ ਸਿਹਤ ਦੀ ਗੱਲ ਕਰਦਾ। ਮੇਰੀ ਸਿਹਤ ਬਾਰੇ ਪੁੱਛਦਾ। ਗੱਲਾਂ ਕਰਦਾ ਮੁਸਕਰਾਉਂਦਾ। ਮੈਂ ਸੌਖਾ ਹੋ ਜਾਂਦਾ।
ਫੇਰ ਮੈਨੂੰ ਗੱਲਾਂ ਤੋਂ ਪਤਾ ਲੱਗਿਆ ਕਿ ਮੇਰੀ ਪਤਨੀ ਏਸੇ ਗੱਲੋਂ ਈ ਖੁਸ਼ ਸੀ ਕਿ ਉਹਦੇ ਪਤੀ ਦੀ ਕਿਤਾਬ ਛਪੀ ਏ। ਉਹ ਹੁੱਬੀ ਫਿਰਦੀ ਸੀ। ਵੱਡੀ ਲੜਕੀ ਏਸ ਲਈ ਖੁਸ਼ ਸੀ ਕਿ ਅਖਬਾਰਾਂ ’ਚ ਉਹਦੇ ਭਾਪਾ ਜੀ ਦੀਆਂ ਗੱਲਾਂ ਛਪਦੀਆਂ ਨੇ। ਜਿਵੇਂ ਬੰਦਾ ਦੁੱਖੀ ਹੋਣ ਦੇ ਕਾਰਣ ਲੱਭ ਲੈਂਦਾ ਏ, ਇਵੇਂ ਖੁਸ਼ ਹੋਣ ਦੇ ਵੀ ਨਿੱਕੇ-ਨਿੱਕੇ ਕਾਰਣ ਲੱਭ ਲੈਂਦਾ ਏ। ਮੈਂ ਵੀ ਖੁਸ਼ ਸੀ।
ਫੇਰ ਇਕ ਦਿਨ ਮੈਂ ਖੰਨੇ ਗਿਆ। ਛੋਟਾ ਭਾਈ ‘ਆਤਮ ਮਾਯਾ’ ਪੜ੍ਹ ਚੁੱਕਿਆ ਸੀ। ਮੈਨੂੰ ਡਰ ਸੀ ਕਿ ਬਾਈ ਜੀ ਬਾਰੇ ਮੇਰੇ ਵਿਚਾਰ ਪੜ੍ਹ ਕੇ ਉਹਨੂੰ ਬੁਰਾ ਲੱਗੇਗਾ। ਉਹ ਬਾਪ ਦਾ ਸਭ ਤੋਂ ਛੋਟਾ ਤੇ ਲਾਡਲਾ ਪੁੱਤ ਸੀ। ਉਹਨੇ ਵੀ ਬਾਪ ਦੀ ਬੜੀ ਸੇਵਾ ਕੀਤੀ ਸੀ।…. ਇਕ ਸ਼ਾਮ ਨੂੰ ਉਹਦੀ ਇਹ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਿਆ ਕਿ ਉਹ ਵੀ ਬਾਈ ਜੀ ਦੀਆਂ ਦੋ ਮਾੜੀਆਂ ਆਦਤਾਂ ਦੱਸਣ ਲੱਗ ਪਿਆ।
ਕੁਝ ਮਹੀਨਿਆਂ ਬਾਅਦ ਇਕ ਹੋਰ ਗੱਲ ਵਿਚੋਂ ਨਿੱਕਲ ਕੇ ਸਾਹਮਣੇ ਆ ਗਈ। ਮੈਂ ਜਿਨ੍ਹਾਂ ਦੋਸਤਾਂ ਦਾ ਜ਼ਿਕਰ ਨਹੀਂ ਸੀ ਕੀਤਾ, ਉਹ ਨਿਰਾਸ਼ ਸਨ। ਕਈ ਤਾਂ ਸਿਰਫ ਏਸੇ ਦੁੱਖੋਂ ਕਿਤਾਬ ਨੂੰ ਨਿੰਦਣ ਲੱਗ ਪਏ ਸਨ। ਮੈਨੂੰ ਵੀ ਅਪਣੀ ਏਸ ਕੋਤਾਹੀ ਦਾ ਅਹਿਸਾਸ ਹੋਇਆ ਕਿ ਮੈਂ ਕਈਆਂ ਨੂੰ ਭੁੱਲ ਈ ਗਿਆ ਸੀ। ਜਿਨ੍ਹਾਂ ’ਚ ਡਾ.ਰਜਨੀਸ਼ ਬਹਾਦਰ ਸਿੰਘ, ਜਿੰਦਰ ਤੇ ਹੋਰ ਕਈ ਸੱਜਣ ਸ਼ਾਮਲ ਸਨ। ਜਿਨ੍ਹਾਂ ਦਾ ਮੇਰੇ ਸਾਹਿਤਕ ਜੀਵਨ ’ਚ ਯੋਗਦਾਨ ਸੀ। ਜਿੰਦਰ ਮੇਰੇ ਜੀਵਨ ’ਚ ਵੀਹ ਸਾਲਾਂ ਤੋਂ ਵੜਿਆ ਹੋਇਆ ਏ। ਉਹਨੇ ਮੇਰੇ ਕੰਮ ਵੀ ਬੜੇ ਕੀਤੇ ਨੇ, ਪਰ ਮੈਨੂੰ ਡਰ ਸੀ ਕਿ ਮੈਂ ਉਹਦਾ ਜ਼ਿਕਰ ਕਰਦਾ ਕੁਝ ਮਾੜਾ ਵੀ ਲਿਖਣੋਂ ਰਹਿ ਨਾ ਸਕਾਂਗਾ। ਏਸ ਤੋਂ ਚੰਗਾ ਏ ਕਿ ਲਿਖਾਂ ਈ ਨਾ।
ਕੁਝ ਗਿਲਾ ਮਾਰਕਸਵਾਦੀ ਦੋਸਤਾਂ ਦਾ ਸੀ। ਮੈਨੂੰ ਵੀ ਮਹਿਸੂਸ ਹੋਇਆ ਕਿ ਮੈਂ ਮਾਰਕਸਵਾਦੀਆਂ ਦਾ ਵਿਰੋਧ ਕਰਨ ’ਚ ਕੁਝ ਵੱਧ ਸ਼ਕਤੀ ਤੇ ਕਿਤਾਬ ਦੇ ਬਹੁਤੇ ਪੰਨੇ ਲਾ ਦਿੱਤੇ ਨੇ। ਥੋੜ੍ਹਿਆਂ ਨਾਲ ਵੀ ਸਰ ਸਕਦਾ ਸੀ।

ਦੁਖ ਸੁਖ ਦਾ ਤਵਾਜ਼ਨ

  ਬੰਦੇ ਦੇ ਜੀਵਨ ’ਚ ਸੁਖ ਦੁੱਖ ਦੇ ਤਵਾਜ਼ਨ ਦਾ ਹਿਸਾਬ ਕਿਤਾਬ ਕਿਸ ਤਰ੍ਹਾਂ ਹੈ?
  ਸੁੱਖ ਦੁੱਖ ਬੰਦੇ ਦੀ ਜ਼ਿੰਦਗੀ ਦਾ ਹਿੱਸਾ ਏ। ਦੋਹਾਂ ’ਚੋਂ ਕਿਸੇ ਇਕ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਦੁੱਖ ਤੋਂ ਬਿਨਾਂ ਸੁੱਖ ਦਾ ਅਹਿਸਾਸ ਹੋ ਹੀ ਨਹੀਂ ਸਕਦਾ। ਪਰ ਬੰਦਾ ਸੁੱਖ ਤੇ ਆਨੰਦ ਦੀ ਕਾਮਨਾ ਕਰਦਾ ਏ। ਪ੍ਰੇਮ ਕਰਦੇ ਅਸੀਂ ਜਿੰਨਾ ਆਨੰਦ ਮਾਣਦੇ ਹਾਂ, ਓਨਾ ਹੀ ਸੰਤਾਪ ਭੋਗਦੇ ਹਾਂ। ਉਹ ਸੰਤਾਪ ਬਹੁਤ ਲੰਮੇ ਸਮੇਂ ਦਾ ਲੱਗਦਾ ਏ। ਹੋਵੇ ਭਾਵੇਂ ਥੋੜ੍ਹੇ ਸਮੇਂ ਦਾ ਈ। ਤੇ ਆਨੰਦ ਭਾਵੇਂ ਚੋਖੇ ਸਮੇਂ ਦਾ ਹੋਵੇ, ਉਹ ਲੱਗਦਾ ਛਿਣਾਂ ਦਾ ਈ ਏ। ਏਸੇ ਲਈ ਪ੍ਰੇਮੀ ਆਨੰਦ ਦੀ ਅਵਸਥਾ ਦੇ ਨਿਰੰਤਰ ਹੋਣ ਦੀ ਕਾਮਨਾ ਕਰਦਾ ਏ। …. ਜਿਵੇਂ ਸ਼ਾਇਰਾਂ ਦੀ ਜੁਦਾਈ ਤੇ ਹਿਜਰ ਸਦੀਆਂ ਲੰਮੇ ਹੁੰਦੇ ਨੇ ਤੇ ਵਸਲ ਦੀਆਂ ਘੜੀਆਂ ਪਲ ਦੋ ਪਲ ਦੀਆਂ।
ਆਨੰਦ ਦਾ ਮੇਰਾ ਸੰਕਲਪ ਕੋਈ ਬਹੁਤਾ ਵੱਖਰਾ ਨਹੀਂ। ਇਹ ਸੱਭਿਅ ਸਮਾਜ ’ਚ ਹਜ਼ਾਰਾਂ ਰੂਪਾਂ ’ਚ ਲੱਭਦਾ ਏ। ਇਹ ਮਾਤ੍ਰੀ ਪ੍ਰੇਮ ’ਚ ਵੀ ਹੁੰਦਾ ਏ, ਭੈਣ ਭਰਾਵਾਂ ਤੇ ਰਿਸ਼ਤੇਦਾਰਾਂ ਦੇ ਪਿਆਰ ’ਚ ਵੀ ਹੁੰਦਾ ਏ। ਇਹ ਆਨੰਦ ਕਿਸੇ ਵੀ ਸ਼ੈਅ ਨੂੰ ਪਿਆਰ ਕਰਨ ਤੇ ਕਿਸੇ ਵੀ ਕੰਮ ਨੂੰ ਅਪਣੀ ਪ੍ਰਾਪਤੀ ਸਮਝਣ ’ਚ ਵੀ ਮਿਲ ਸਕਦਾ ਏ। … ਪਰ ਸਭ ਤੋਂ ਵੱਡਾ ਆਨੰਦ ਪ੍ਰੇਮੀ ਤੇ ਪ੍ਰੇਮਿਕਾ ਦੇ ਮਿਲਣ ’ਚੋਂ ਮਿਲਦਾ ਏ। ਜਿਹੜਾ ਹਮੇਸ਼ਾ ਥੋੜ੍ਹਾ ਤੇ ਟੁੱਟਵਾਂ ਲੱਗਦਾ ਏ। ਤਦੇ ਬੰਦਾ ਇਹਨੂੰ ਨਿਰੰਤਰ ਕਰਨ ਦੀ ਕਾਮਨਾ ਕਰਦਾ ਏ।
  ਕਈਆਂ ਦਾ ਖ਼ਿਆਲ ਹੈ ਕਿ ਤੁਹਾਡੀਆਂ ਕਹਾਣੀਆਂ ਦੀ ਮਕਬੂਲੀਅਤ ਇਸ ਕਰਕੇ ਹੈ ਕਿ ਉਨ੍ਹਾਂ ਵਿਚ ਔਰਤ ਮਰਦ ਦੇ ਰਿਸ਼ਤਿਆਂ ਦਾ ਵਿਸਥਾਰ ਕਰਕੇ ਲਜ਼ਤ ਪੈਦਾ ਕੀਤੀ ਹੋਈ ਹੈ। ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ?
  ਜੇ ਕਿਸੇ ਨੂੰ ਕਹਾਣੀਆਂ ਦੀ ਬਰੀਕੀ ਦੀ ਸਮਝ ਨਹੀਂ ਤਾਂ ਉਹਦੇ ਲਈ ਲੱਜ਼ਤ ਹੀ ਸਹੀ। ਜੇ ਕਿਸੇ ਨੂੰ ਇਹ ਬੁਰੀ ਲੱਗਦੀ ਏ ਜਾਂ ਅਸ਼ਲੀਲ ਲੱਗਦੀ ਏ ਤਾਂ ਉਹ ਧਾਰਮਕ ਪੁਸਤਕਾਂ ਦਾ ਪਾਠ ਕਰ ਲਿਆ ਕਰੇ। ਇਹੀ ਤਾਂ ਪਾਠਕ ਲਈ ਖੁਲ੍ਹ ਏ ਕਿ ਕੋਈ ਪੁਸਤਕ ਰੱਦ ਕਰ ਕੇ ਸਿੱਟ ਸਕਦਾ ਏ। ਕੋਈ ਹੋਰ ਪੜ੍ਹ ਸਕਦਾ ਏ।
  ਤੁਸੀਂ ਸਮਾਜਕ, ਸਾਂਸਕ੍ਰਿਤਕ ਸਰੋਕਾਰਾਂ ਵਾਲੀਆਂ ਭਾਵ ਪੂਰਤ ਤੇ ਪ੍ਰਭਾਵਸ਼ਾਲੀ ਕਹਾਣੀਆਂ ਲਿਖਦਿਆਂ ਅਚਾਨਕ ਹਿੰਦੂ ਧਰਮ ਦੇ ਅਨੁਸ਼ਠਾਨ ਨੂੰ ਅਪਣਾ ਪ੍ਰਮੁੱਖ ਕਥਾ ਵਸਤੂ ਬਣਾ ਲਿਆ। ਕੀ ਤੁਹਾਡਾ ਆਤਮ ਵਿਸ਼ਵਾਸ਼ ਡੋਲ ਗਿਆ ਸੀ?
  ਕਹਾਣੀਆਂ ਦੇ ਹਵਾਲੇ ਬਿਨਾਂ ਮੈਂ ਇਹਦਾ ਜਵਾਬ ਨਹੀਂ ਦੇ ਸਕਦਾ।
ਫੇਰ ਵੀ ਮੈਂ ਮੰਨਦਾ ਹਾਂ ਕਿ ਪੰਜਾਬ ਕੀ ਸਾਰੇ ਭਾਰਤ ’ਚ ਬੰਦੇ ਦੀ ਪਛਾਣ ਪਹਿਲਾਂ ਉਹਦੀ ਜਾਤ ਨਾਲ ਹੁੰਦੀ ਏ। ਸਾਡੇ ਵਿਚ ਨਫਰਤਾਂ ਜਾਂ ਪਿਆਰ ਦੇ ਰਿਸ਼ਤੇ ਜਿੰਨੇ ਵੀ ਹੋਣ ਅਸੀਂ ਜਾਤਾਂ ਦੇ ਹਿਸਾਬ ਨਾਲ ਵੀ ਛੋਟੇ ਵੱਡੇ ਹਾਂ। ਮੈਂ ਏਸ ਸੱਚ ਨੂੰ ਮੰਨ ਕੇ ਚੱਲਦਾ ਹਾਂ।….ਮੈਂ ਅਪਣੇ ਬਾਰੇ ਦੱਸਾਂ?… ਮੈਂ ਸਮਝਦਾ ਹਾਂ ਕਿ ਮੈਂ ਵਿਦੇਸ਼ ’ਚ ਹੋਵਾਂ ਤਾਂ ਮੈਂ ਭਾਰਤੀ ਹਾਂ। ਭਾਰਤ ’ਚ ਰਹਿੰਦਾ ਪੰਜਾਬੀ ਹਾਂ। ਪੰਜਾਬ ’ਚ ਵਿਚਰਦਾ ਹਿੰਦੂ ਹਾਂ। ਹਿੰਦੂਆਂ ’ਚ ਖੱਤਰੀ ਹਾਂ। ਖੱਤਰੀਆਂ ’ਚ ਦਿਓੜਾ ਹਾਂ। ਦਿਓੜਿਆਂ ’ਚ ਖੰਨੇ ਵਾਲਾ ਹਾਂ। ਅਪਣੇ ਤੀਰਥ ਪ੍ਰੋਹਤਾਂ (ਪਾਂਡਿਆਂ) ਕੋਲ ਬਦੀਨਪੁਰੀਆ ਹਾਂ। ਏਸੇ ਤਰ੍ਹਾਂ ਹਰੇਕ ਬੰਦੇ ਦੀ ਪਛਾਣ ਬਦਲਦੀ ਰਹਿੰਦੀ ਏ। ਇਹ ਸਾਡੀ ਸੰਸਕ੍ਰਿਤੀ ਦਾ ਹਿੱਸਾ ਵੀ ਏ। – ਤੁਸੀਂ ਕਹਾਣੀ ਦੀ ਗੱਲ ਕਰਦੇ ਹੋ, ਮੈਂ ਕਹਿੰਦਾ ਹਾਂ ਕੇ ਕੋਈ ਇਕ ਪਾਤਰ ਵੀ, ਭਾਵੇਂ ਉਹ ਕਿਸੇ ਨੇ ਵੀ ਚਿਤਰਿਆ ਹੋਵੇ ਅਪਣੀ ਸੰਸਕ੍ਰਿਤੀ ਦੀ ਪਛਾਣ ਦੇ ਬਿਨਾਂ ਨਹੀਂ ਹੋ ਸਕਦਾ। ਹਿੰਦੂ ਅਨੁਸ਼ਠਾਨ ਤੇ ਮਿਥਹਾਸ ਹਜ਼ਾਰ ਵਰਿ੍ਹਆਂ ਦੇ ਬਣੇ ਨੇ। ਜਿਹੜਾ ਇਹਨਾਂ ਨੂੰ ਭੁੱਲ ਜਾਵੇਗਾ ਉਹਦੀਆਂ ਜੜ੍ਹਾਂ ਵੱਢੀਆਂ ਜਾਣੀਆਂ ਨੇ।

ਅੱਤਵਾਦ ਦਾ ਦੌਰ

  ਪੰਜਾਬ ਦੇ ਅੱਤਵਾਦ ਦੇ ਦੌਰ ਵਿਚ ਹਿੰਦੂ ਹੋਣ ਅਤੇ ‘ਹਿੰਦ ਸਮਾਚਾਰ’ ਵਿਚ ਕੰਮ ਕਰਨ ਕਰਕੇ ਤੁਹਾਡੇ ਦਿਨ ਬਹੁਤ ਔਖੇ ਲੰਘੇ ਹੋਣਗੇ। ਕੀ ਕੁਝ ਅਸਹਿ ਘਟਨਾਵਾਂ ਦਾ ਵਿਸਥਾਰ ਦਿਉਗੇ?
  1947 ’ਚ ਦੇਸ ਦੀ ਵੰਡ ਵੇਲੇ ਬੰਦਿਆਂ ਦੀ ਵੱਢ ਟੁੱਕ ਤੋਂ ਬਾਅਦ ਮੇਰੇ ਮਨ ’ਤੇ ਸਭ ਤੋਂ ਵੱਧ ਮੰਦਾ ਪ੍ਰਭਾਵ 1980 ਤੋਂ 1992 ਤਕ ਦੇ ਕਾਲੇ ਦਿਨਾਂ ਦਾ ਪਿਆ ਏ। ਜੀਹਦੇ ਵਿਚ ਪੰਜਾਬ ’ਚ ਹਰ ਰੋਜ਼ ਪੰਜ ਦਸ ਬੰਦੇ ਕਤਲ ਕੀਤੇ ਜਾਂਦੇ, ਗੋਲੀਆਂ ਨਾਲ ਭੁੰਨੇ ਜਾਂਦੇ ਜਾਂ ਘਰ ਸਣੇ ਅੱਗ ਵਿਚ ਸਾੜ ਦਿੱਤੇ ਜਾਂਦੇ। ਜਿਨ੍ਹਾਂ ਵਿਚ ਔਰਤਾਂ ਤੇ ਬੱਚੇ ਵੀ ਸ਼ਾਮਲ ਹੁੰਦੇ ਸਨ। ਮਰਨ ਵਾਲਿਆਂ ਵਿਚ ਆਮ ਤੌਰ ’ਤੇ ਹਿੰਦੂ, ਖਾਲਿਸਤਾਨ ਦੇ ਵਿਰੋਧੀ ਸਿੱੱਖ ਤੇ ਖੱਬੇ ਪੱਖੀ ਕਾਮਰੇਡ, ਸਿਕਿਓਰਿਟੀ ਫੋਰਸਿਜ਼ ਦੇ ਜਵਾਨ ਜਾਂ ਉਹ ਨੌਜਵਾਨ ਜਾਂ ਟੱਬਰ ਸ਼ਾਮਲ ਹੁੰਦੇ ਸਨ, ਜਿਨ੍ਹਾਂ ਉੱਤੇ ਅੱਤਵਾਦੀਆਂ ਦੇ ਵਿਰੋਧ ਜਾਂ ਰਲ਼ੇ ਹੋਣ ਦਾ ਸ਼ੱਕ ਹੁੰਦਾ ਸੀ। ਸਿਕਿਓਰਿਟੀ ਫੋਰਸਿਜ਼ ਵਾਲੇ ਵੀ ਝੂਠੇ ਮੁਕਾਬਲੇ ਬਣਾ ਕੇ ਅੱਤਵਾਦੀਆਂ ਜਾਂ ਸ਼ੱਕੀ ਨੌਜਵਾਨਾਂ ਨੂੰ ਫੜ-ਫੜ ਮਾਰੀ ਜਾ ਰਹੇ ਸਨ। ਇਹਦੇ ਵਿਚ ਸਭ ਤੋਂ ਵੱਧ ਅਫਸੋਸ ਉਹਨਾਂ ਬੰਦਿਆਂ ਦੇ ਕਤਲਾਂ ਦਾ ਹੁੰਦਾ ਸੀ, ਜਿਹੜੇ ਉੱਕਾ ਮਾਸੂਮ ਹੁੰਦੇ ਸਨ। ਉਹਨਾਂ ਵਿਚ ਅੱਤਵਾਦੀਆਂ ਦੇ ਘਰ ਦੇ ਜੀਅ ਤੇ ਰਿਸ਼ਤੇਦਾਰ ਹੁੰਦੇ ਸਨ।
ਅਜਿਹੇ ਦੌਰ ’ਚ ਦਿਲ ’ਚ ਆਉਂਦਾ ਸੀ ਕਿ ਏਸ ਰੋਜ਼-ਰੋਜ਼ ਦੇ ਮਰਨ ਨਾਲੋਂ ਜਾਂ ਤਾਂ ਆਪੇ ਮਰ ਮੁੱਕ ਜਾਈਏ ਜਾਂ ਪੰਜਾਬ ਛੱਡ ਕੇ ਕਿਤੇ ਹੋਰ ਜਾ ਵਸੀਏ। ਪਰ ਮੈਨੂੰ ਲੱਗਦਾ ਕਿ ਇਹ ਕੋਈ ਕੱਲੇ ਪੰਜਾਬ ਦੀ ਈ ਗੱਲ ਨਹੀਂ, ਸਾਰੇ ਉੱਤਰੀ ਭਾਰਤ ਦਾ ਇਹੋ ਹਾਲ ਏ। ਸ਼ਾਇਦ ਰਿਸ਼ੀਆਂ ਮੁਨੀਆਂ ਤੇ ਗੁਰੂਆਂ ਪੀਰਾਂ ਦੀ ਏਸ ਧਰਤੀ ’ਤੇ ਸਾਡੀ ਸੰਸਕ੍ਰਿਤੀ ਹੀ ਅਜਿਹੀ ਏ ਕਿ ਸਾਨੂੰ ਰਲ ਕੇ ਪਿਆਰ ਨਾਲ ਜਿਊਣਾ ਨਹੀਂ ਆਇਆ। ਆਮ ਲੋਕ ਭੁੱਲ ਜਾਂਦੇ ਨੇ, ਪਰ ਮੈਂ ਸ਼ਾਇਦ ਮਾਨਸਿਕ ਰੋਗੀ ਹਾਂ, ਮੈਨੂੰ ਨਹੀਂ ਭੁੱਲਦੇ ਉਹ ਕਾਲੇ ਦਿਨ!
ਜਦ ਖਾਲਿਸਤਾਨੀ ਅੱਤਵਾਦੀਆਂ ਨੇ 1981 ’ਚ ਲਾਲਾ ਜਗਤ ਨਾਰਾਇਣ ਨੂੰ ਲੁਧਿਆਣੇ ਤੋਂ ਜਲੰਧਰ ਨੂੰ ਆਉਂਦਿਆਂ 1984 ’ਚ ਰਮੇਸ਼ ਚੰਦਰ ਨੂੰ ਜਲੰਧਰ ਦੇ ਵੱਡੇ ਡਾਕਖਾਨੇ ਕੋਲ ਕਤਲ ਕਰ ਦਿੱਤਾ ਤਾਂ ਹਿੰਦ ਸਮਾਚਾਰ ਦੇ ਸਾਰੇ ਦਫਤਰ ’ਚ ਹਰ ਵੇਲੇ ਟੈਨਸ਼ਨ ਰਹਿਣ ਲੱਗ ਪਈ ਸੀ। ਬਿਲਡਿੰਗ ਦੇ ਚਾਰੇ ਪਾਸੇ ਮੋਰਚਿਆਂ ’ਚ ਸੀ. ਆਰ. ਪੀ. ਦੇ ਜਵਾਨ ਬੰਦੂਕਾਂ ਸਿਨ੍ਹੀ ਬੈਠੇ ਰਹਿੰਦੇ।…ਦਫਤਰ ਦੀ ਡਾਕ ’ਚ ਰੋਜ਼ ਅੱਤਵਾਦੀਆਂ ਦੀਆਂ ਧਮਕੀਆਂ ਭਰੀਆਂ ਚਿੱਠੀਆਂ ਆਉਂਦੀਆਂ। ਮੈਂ ਰਾਤ ਦੀ ਡਿਊਟੀ ਕਰ ਕੇ ਦਫਤਰ ਵਿੱਚ ਈ ਸੌਂ ਜਾਂਦਾ ਸੀ। ਅੱਤਵਾਦੀਆਂ ਨੇ ਪਹਿਲਾਂ ‘ਜੱਗਬਾਣੀ’ ਦੇ ਚੀਫ ਸਬ ਕਾਮਰੇਡ ਬੰਤ ਸਿੰਘ ਰਾਇਪੁਰ ਨੂੰ ਰਾਤ ਨੂੰ ਘਰ ਜਾਂਦੇ ਨੂੰ ਮਾਰ ਦਿੱਤਾ ਸੀ ਤੇ ਫੇਰ 1988 ’ਚ ‘ਹਿੰਦ ਸਮਾਚਾਰ’ ਦੇ ਨਿਊਜ਼ ਐਡੀਟਰ ਇੰਦਰਜੀਤ ਸੂਦ ਨੂੰ ਸਟੇਸ਼ਨ ਵੱਲ ਜਾਂਦੇ ਨੂੰ ਗੋਲੀ ਮਾਰ ਕੇ ਖਤਮ ਕਰ ਦਿੱਤਾ ਸੀ।
ਦੋ ਘਟਨਾਵਾਂ ਮੇਰੇ ਨਾਲ ਵੀ ਹੋ ਚੁੱਕੀਆਂ ਸਨ। ਵਿਜੇ ਕੁਮਾਰ ਨੇ ਅੰਦਰ ਵੜਦੇ ਵਰਕਰਾਂ ਦੀ ਜਾਮਾ ਤਲਾਸ਼ੀ ਦਾ ਹੁਕਮ ਦੇ ਦਿੱਤਾ ਸੀ। ਜਦ ਚੌਕੀਦਾਰ ਮੇਰੀ ਤਲਾਸ਼ੀ ਲੈਣ ਲੱਗਿਆ ਤਾਂ ਮੈਂ ਉੱਚੀ ਬੋਲ ਪਿਆ। ਜਦ ਉਹਨੇ ਵੜਨ ਨਾ ਦਿੱਤਾ ਤਾਂ ਮੈਂ ਕੁੜਤਾ ਪਜਾਮਾ ਲਾਹ ਕੇ ਉਹਨੂੰ ਫੜਾ ਦਿੱਤੇ ਤੇ ਆਪ ਨੰਗਾ ਈ ਉੱਤੇ ਚੜ੍ਹ ਕੇ ਕੁਰਸੀ ’ਤੇ ਬਹਿ ਗਿਆ। … ਵਿਜੇ ਕੁਮਾਰ ਨੇ ਇਹ ਫੈLਸਲਾ ਸ਼ੱਕੀ ਵਰਕਰਾਂ ਕਰ ਕੇ ਕੀਤਾ ਸੀ।.. ਜਦੇ ਕੱਪੜੇ ਦੇਣ ਲਈ ਵਿਜੇ ਨੇ ਮੈਨੂੰ ਬੁਲਾਇਆ ਤਾਂ ਮੈਂ ਇਹ ਕਹਿ ਕੇ ਉਹਦੇ ਕੋਲ ਜਾਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਉਹਦੇ ਕੌਲ ਭਰਿਆ ਹੋਇਆ ਪਸਤੌਲ ਏ। ਉਹ ਗੁੱਸੇ ’ਚ ਆ ਕੇ ਮੇਰੇ ’ਤੇ ਚਲਾ ਸਕਦਾ ਏ। ਮੈਨੂੰ ਓਸ ਤੋਂ ਖ਼ਤਰਾ ਏ।… ਇਹ ਸਾਡੇ ਵਿਚਕਾਰ ਜੋ ਕੁਝ ਹੋ ਰਿਹਾ ਸੀ, ਸਭ ਓਸ ਦਹਿਸ਼ਤ ’ਚੋਂ ਪੈਦਾ ਹੋ ਰਿਹਾ ਸੀ, ਜਿਸ ’ਚ ਸਾਨੂੰ ਮੌਤ ਦਾ ਡਰ ਤੰਗ ਕਰਦਾ ਰਹਿੰਦਾ ਹੁੰਦਾ ਸੀ। ਮੈਂ ਵੀ ਦੋ ਤਿੰਨ ਵਰਕਰਾਂ ’ਤੇ ਹੱਥ ਚੁੱਕ ਹਟਿਆ ਸੀ। ਮੈਨੂੰ ਅਪਣੇ ਆਪ ਨੂੰ ਠੀਕ ਰੱਖਣ ਲਈ ਰੋਜ਼ ਦਵਾਈ ਖਾਣੀ ਪੈਂਦੀ ਸੀ।
ਦਿਨ ਏਸ ਤਰ੍ਹਾਂ ਲੰਘਦਾ ਸੀ। …. ਗਰਮੀਆਂ ਦੀ ਰੁੱਤ ਏ। 593 ਮੋਤਾ ਸਿੰਘ ਨਗਰ, ਜਲੰਧਰ ਦੀ ਨਵੀਂ ਅਬਾਦੀ ’ਚ ਬਣੇ ਅਪਣੇ ਮਕਾਨ ’ਚ ਸਾਰਾ ਟੱਬਰ ਸੁੱਤਾ ਪਿਆ ਏ – ਮੈਂ, ਮੇਰੀ ਪਤਨੀ ਜਨਕ, ਦੋਵੇਂ ਬੇਟੀਆਂ ਤੇ ਬੇਟਾ ਅੰਦਰ ਦੋ ਕਮਰਿਆਂ ’ਚ ਵੰਡ ਹੋ ਕੇ ਪੈਂਦੇ। ਇਕ ਥਾਂ ਏਸ ਲਈ ਨਹੀਂ ਸੌਂਦੇ ਕਿ ਕਿਤੇ ਦੋ ਗੋਲੀਆਂ ਨਾਲ ’ਕਠੇ ਈ ਨਾ ਮਾਰੇ ਜਾਈਏ। ਕੋਈ ਬਚੇਗਾ ਤਾਂ ਦੂਜੇ ਜ਼ਖਮੀਆਂ ਨੂੰ ਸਾਂਭੇਗਾ। ਕਿਸੇ ਨੂੰ ਖ਼ਬਰ ਦੇਵੇਗਾ।
ਦਿਨ ਚੜ੍ਹਨ ਵਾਲਾ ਹੁੰਦਾ ਏ। ਨੇੜੇ ਦੇ ਕਿਸੇ ਵੀ ਮੰਦਰ ਵਿਚੋਂ ਕੋਈ ਅਵਾਜ਼ ਨਹੀਂ ਆਉਂਦੀ। ਗੁਰਦਵਾਰਿਆਂ ਵਿਚੋਂ ਥੋੜ੍ਹੀ-ਥੋੜ੍ਹੀ ਅਵਾਜ਼ ਆਉਂਦੀ ਹੈ। ਗੁਰਜੇਪਾਲ ਨਗਰ ਦੇ ਗੁਰਦਵਾਰੇ ’ਚੋਂ ਉੱਚੀ ਅਵਾਜ਼ ਆ ਰਹੀ ਏ। ਮੈਂ ਤੇ ਜਨਕ ਉੱਠੇ ਹਾਂ। ਜਿਵੇਂ ਗੋਲੀਆਂ ਚੱਲਣ ਦੀਆਂ ਅਵਾਜ਼ਾਂ ਸੁਣਦੇ ਸੁੱਤੇ ਸੀ, ਉਵੇਂ ਹੁਣ ਵੀ ਗੋਲੀਆਂ ਚੱਲਣ ਦੀਆਂ ਅਵਾਜ਼ਾਂ ਸੁਣ ਰਹੇ ਹਾਂ। ਚੁੱਪ ਚੁਪੀਤੇ ਚਾਹ ਬਣਾ ਕੇ ਪੀਂਦੇ ਹਾਂ। ਮੈਂ ਡੰਗਰਾਂ ਵਾਲੇ ਕਮਰੇ ’ਚ ਜਾ ਕੇ ਗਊਆਂ ਦਾ ਗੋਹਾ ਹਟਾ ਕੇ, ਖੁਰਲੀਆਂ ਸਾਫ ਕਰ ਕੇ ਤੂੜੀ ਸੁੱਟ ਕੇ ਉੱਤੇ ਆਪ ਬਣਾਈ ਖੁਰਾਕ ਪਾ ਦੇਂਦਾ ਹਾਂ। ਹਰੇ ਪੱਠੇ ਮਿਲਦੇ ਨਹੀਂ। ਪਿੰਡਾਂ ਤੋਂ ਘੱਟ ਆਓਣ ਕਰ ਕੇ ਮਹਿੰਗੇ ਨੇ। ਧਾਰਾਂ ਕੱਢਦਾ ਹਾਂ। ਬੱਚੇ ਜਾਗਦੇ ਨੇ। ਦੁੱਧ ਪੀਂਦੇ ਨੇ। ਉਹਨਾਂ ਨੂੰ ਦੇਖਦਾ ਮੈਂ ਡਰਦਾ ਹਾਂ… ਪਤਾ ਨਹੀਂ… ਕਲ੍ਹ ਨੂੰ ਇਹ ਪੀਣ ਵਾਲੇ ਹੋਣ ਨਾ ਹੋਣ! … ਬੇਵਿਸਾਹੀ ਹਾਵੀ ਹੋ ਗਈ ਏ। ਕੁਝ ਦਿਨਾਂ ਤੋਂ ਸੈਰ ਨੂੰ ਜਾਂਦੇ ਬੰਦਿਆਂ ’ਤੇ ਗੋਲੀਆਂ ਚਲਾਓਣ ਦੀਆਂ ਖਬਰਾਂ ਵਧ ਗਈਆਂ ਨੇ।
ਗਰਮੀਆਂ ’ਚ ਸਾਡਾ ਚੁੱਲ੍ਹਾ ਵਿਹੜੇ ਦੇ ਬਾਹਰਲੇ ਪਾਸੇ ਸੀ। ਉਹ ਹੁਣ ਅੰਦਰਲੇ ਪਾਸੇ ਕਰ ਲਿਆ ਏ। ਪਾਥੀਆਂ ਬਲਦੀਆਂ ਨੇ ਤਾਂ ਧੂੰਆਂ ਅੰਦਰ ਨੂੰ ਵੜਦਾ ਏ। ਗਰਮੀ ਵਧਦੀ ਏ। ਗਰਮੀ ਸਹਿਣ ਦੀ ਆਦਤ ਹੋ ਗਈ ਏ। ਰਾਤ ਨੂੰ ਬਿਜਲੀ ਜਾਂਦੀ ਏ। ਮੰਜਿਆਂ ਦੇ ਸਰ੍ਹਾਣੇ ਪੱਖੀਆਂ ਰੱਖੀਆਂ ਹੋਈਆਂ ਨੇ। ਬਲੈਕ ਐਂਡ ਵਾਈਟ ਟੀ. ਵੀ. ਦਿਨੇ ਦੇਖਿਆ ਜਾਂਦਾ ਏ। ਰਾਤ ਨੂੰ ਨਹੀਂ।.. ਬਹੁਤਾ ਡਰ ਮੈਨੂੰ ਅਖਬਾਰ ਦੀ ਐਡੀਟਰੀ ਦਾ ਪਾਇਆ ਹੋਇਆ ਸੀ। ਕਿੰਨੀਆਂ ਈ ਖਬਰਾਂ ਆਉਂਦੀਆਂ ਕਿ ਟੀ. ਵੀ. ਦੇਖਦੇ ਇੱਕੋ ਟੱਬਰ ਦੇ ਏਨੇ ਜੀਅ ਗੋਲੀਆਂ ਨਾਲ ਭੁੰਨ ਦਿੱਤੇ ਗਏ।… ਮੈਂ ਉਹ ਸੋਚਾਂ ਰਾਤ ਦੇ ਅੱਠ ਵਜੇ ਦਫਤਰ ਤੋਂ ਨਾਲ ਲੈ ਆਉਂਦਾ ਸੀ। ਅਸੀਂ ਖਾਣਾ ਖਾ ਕੇ ਅਪਣੇ ਮੁੰਡੇ ਜਿਓਤੀ ਨੂੰ ਉਡੀਕਦੇ। ਉਹਨੇ ਗੜ੍ਹਾ ਰੋਡ ’ਤੇ ਅਪਣੀ ਦੁਕਾਨ ਬੰਦ ਕਰ ਕੇ ਆਓਣਾ ਹੁੰਦਾ ਸੀ। ਮੈਂ ਵਿਹੜੇ ’ਚ ਖੜ੍ਹ ਕੇ ਗੜ੍ਹਾ ਰੋਡ ’ਤੇ ਆਉਂਦੇ ਸਕੂਟਰਾਂ ਨੂੰ ਦੇਖਦਾ ਰਹਿੰਦਾ। ਉਹਦੇ ਆਓਣ ਦੇ ਬਾਅਦ ਰੋਟੀ ਖਾਂਦਾ ਸੀ।…ਜਦ ਕਦੇ ਗੁਆਂਢੀਆਂ ਦੇ ਘਰ ਮੇਰੇ ਲਈ ਫੋਨ ਆਉਂਦਾ, ਮੈਂ ਘਬਰਾ ਜਾਂਦਾ। ਕਿਤੇ ਖੰਨੇ ਤੋਂ ਨਾ ਆਇਆ ਹੋਵੇ। ਕੁਝ ਹੋ ਨਾ ਗਿਆ ਹੋਵੇ, ਓਥੇ। ਜਾਂ ਪਿੰਡ ਕੁਝ ਹੋ ਜਾਣ ਦਾ ਡਰ ਮੈਨੂੰ ਬਹੁਤਾ ਈ ਲੱਗਿਆ ਰਹਿੰਦਾ ਸੀ। ਖੰਨਾ ਸ਼ਹਿਰ ’ਚ ਫੇਰ ਸਿਕਿਓਰਿਟੀ ਫੋਰਸ ਫਿਰਦੀ ਸੀ। ਪਿੰਡ ’ਚ ਤਾਂ ਕਦੇ ਵੀ ਕੋਈ ਵੀ ਕੁਝ ਕਰ ਸਕਦਾ ਸੀ। ਖੰਨੇ ’ਚ ਮੈਨੂੰ ਸਭ ਤੋਂ ਵਧ ਫਿਕਰ ਅਪਣੇ ਸਭ ਤੋਂ ਛੋਟੇ ਭਾਈ ਅਸ਼ੋਕ ਦਾ ਹੁੰਦਾ ਸੀ। ਉਹ ਪਿੰਡਾਂ ’ਚ ਮੋਟਰ ਸਾਈਕਲ ’ਤੇ ਫਿਰਦਾ ਬੱਚਤ ਕੰਪਨੀ ਦਾ ਕੰਮ ਕਰਦਾ ਸੀ। ਉਹਦੇ ਕੋਲ ਲਾਇਸੈਂਸੀ ਪਸਤੌਲ ਸੀ।
ਜਦ ਨਾ ਰਹਿ ਹੋਇਆ ਮੈਂ ਪਿੰਡ ਗਿਆ। ਖੂਹ ’ਤੇ ਖੜ੍ਹਾ ਦੇਖਾਂ ਕਿ ਮੇਰਾ ਭਤੀਜਾ ਪੀਲਾ ਪਟਕਾ ਬੰਨ੍ਹੀ ਟਰੈਕਟਰ ’ਤੇ ਆ ਰਿਹਾ ਸੀ। ਬੱਤੀਆਂ ਬਲਣ ਤਕ ਸਾਰਾ ਪਿੰਡ ਘਰਾਂ ’ਚ ਵੜ ਜਾਂਦਾ ਸੀ।… ਜਦ ਮੈਂ ਰਾਤ ਨੂੰ ਡਿਊਟੀ ਖਤਮ ਕਰ ਕੇ ਘਰ ਨੂੰ ਆਉਂਦਾ ਸੀ ਤਾਂ ਮੈਂ ਵੀ ਸਿਰ ’ਤੇ ਪੱਗ ਬੰਨ੍ਹ ਲੈਂਦਾ ਸੀ। ਰਾਹ ’ਚ ਜਦ ਕੋਈ ਮੋਟਰ ਸਾਈਕਲ ਜਾਂ ਸਕੂਟਰ ਸਵਾਰ ਸਿੱਖ ਮੇਰੇ ਕੋਲ ’ਚੀਂ ਲੰਘਦਾ ਸੀ ਤਾਂ ਮੈਂ ਅਪਣਾ ਮੋਪਡ ਪਿੱਛੇ ਕਰ ਲੈਂਦਾ ਸੀ ਤੇ ਅੱਗੇ ਜਾ ਕੇ ਓਧਰ ਨੂੰ ਹੋ ਲੈਂਦਾ ਸੀ, ਜਿੱਧਰ ਸਿਕਿਓਰੀਟੀ ਫੋਰਸ ਦੇ ਬੰਦੇ ਖੜ੍ਹੇ ਹੁੰਦੇ ਸੀ। ਉਂਜ ਵੀ ਸਿਆਲਾਂ ’ਚ ਮੈਂ ਸਵੇਰ ਵੇਲੇ ਆਮ ਪੱਗ ਬੰਨ੍ਹਦਾ ਹਾਂ।
ਮੈਨੂੰ ਤਾਂ ਲੱਗਦਾ ਏ ਕਿ ਸਮਾਜ ’ਚ ਇਹਨਾਂ ਵਿਤਕਰਿਆਂ, ਝਗੜਿਆਂ, ਲੜਾਈਆਂ ਤੇ ਵੱਢਾਂ ਟੂਕਾਂ ਦਾ ਸਿਲਸਿਲਾ ਚੱਲਦਾ ਈ ਰਹਿਣਾ ਏ। ਮਨੁੱਖ ਨੇ ਜਦ ਕਦੇ ਅਮਨ ਨਾਲ ਰਹਿਣ ਦਾ ਫੈਸਲਾ ਕਰ ਵੀ ਲਿਆ ਤਾਂ ਕੁਝ ਚਿਰ ਬਾਅਦ ਉਹਨੇ ਆਪ ਈ ਤੋੜ ਦੇਣਾ ਏ। ਅੱਤਿਆਚਾਰੀ ਜੇ ਬਾਹਰੋਂ ਨਾ ਆਏ ਤਾਂ ਸਾਡੇ ਸਮਾਜ ਦੇ ਵਿਚੋਂ ਈ ਪੈਦਾ ਹੋ ਜਾਣਗੇ।

ਪੱਤਰਕਾਰੀ ਤੇ ਸਾਹਿਤਕਾਰੀ

  ਪੱਤਰਕਾਰੀ ਅਤੇ ਸਾਹਿਤ ਦਾ ਆਪਸੀ ਰਿਸ਼ਤਾ ਬੜਾ ਗੂੜ੍ਹਾ ਹੈ। ਸੰਸਾਰ ਦੇ ਬਹੁਤ ਸਾਰੇ ਉਘੇ ਲੇਖਕ ਪੱਤਰਕਾਰ ਵੀ ਹੋਏ ਹਨ। ਤੁਸੀਂ ਪੱਤਰਕਾਰੀ ਵਿਚ ਫਸੇ ਫਸੇ ਹੀ ਮਹਿਸੂਸ ਕਰਦੇ ਰਹੇ। ਕੀ ਇਸ ਕਿੱਤੇ ਤੋਂ ਤੁਸੀਂ ਲਿਖਣ ਲਈ ਸਹਾਇਤਾ ਲੈਣ ਦੇ ਨਾਕਾਬਿਲ ਸੀ ?
  ਮੇਰੀ ਜਾਚੇ ਸਾਹਿਤ ਤੇ ਪੱਤਰਕਾਰੀ ਵਿਚਕਾਰ ਕੋਈ ਰਿਸ਼ਤਾ ਨਹੀਂ। ਹੋ ਸਕਦਾ ਏ ਕਿ ਕੁਝ ਸਾਹਿਤਕਾਰਾਂ ਨੂੰ ਰੋਟੀ ਪੱਤਰਕਾਰੀ ਕਰ ਕੇ ਕਮਾਓਣੀ ਪਈ ਹੋਵੇ।…ਮੇਰੇ ਲਈ ਤਾਂ ਪੱਤਰਕਾਰੀ ਤੇ ਸਾਹਿਤਕਾਰੀ ’ਚ ਵਿਰੋਧ ਦੀ ਹਾਲਤ ਏ। ਮੈਂ ਪੰਜਾਬੀ ’ਚ ਕੋਈ ਪੱਤਰਕਾਰ ਵੱਡਾ ਸਾਹਿਤਕਾਰ ਨਹੀਂ ਦੇਖਿਆ। … ਅਖਬਾਰਾਂ ’ਚ ਜਿਹੜਾ ਸਾਹਿਤ ਛਪਦਾ ਏ, ਉਹ ਖਬਰਾਂ ਵਾਂਗ ਕੁਝ ਦਿਨਾਂ ਲਈ ਹੁੰਦਾ ਏ। ਮੈਂ ਪੱਤਰਕਾਰੀ ਤੋਂ ਕੁਝ ਪ੍ਰਾਪਤ ਕੀ ਕਰਨਾ ਸੀ, ਗਵਾਇਆ ਈ ਏ। ਉਹ ਇਹ ਕਿ ਸਾਰੀ ਉਮਰ ਕੁੜ੍ਹਦਾ ਤੇ ਸਾਥੀਆਂ ਤੇ ਮਾਲਕਾਂ ਨਾਲ ਲੜਦਾ ਰਿਹਾ।
  ਸਾਹਿਤਕਾਰ ਪ੍ਰੇਮ ਪ੍ਰਕਾਸ਼ ਅਤੇ ਪੱਤਰਕਾਰ ਪ੍ਰੇਮ ਪ੍ਰਕਾਸ਼ ਵਿਚਕਾਰ ਕੀ ਅੰਤਰ ਹੈ?
  ਬਹੁਤ ਵੱਡਾ ਅੰਤਰ ਏ। ਮੈਂ ਅਖਬਾਰ ਦੇ ਦਫਤਰ ਦੇ ਅੰਦਰ ਜਾ ਕੇ ਬਾਹਰ ਆਓਣ ਤਕ ਪੱਤਰਕਾਰ ਹੁੰਦਾ ਸੀ। ਬਾਹਰ ਆ ਕੇ ਮੈਂ ਕਿਸੇ ਪੱਤਰਕਾਰ ਨੂੰ ਮਿਲਦਾ ਵੀ ਨਹੀਂ ਸੀ। ਕੌਫੀ ਹਾਊਸ ’ਚ ਕਿਸੇ ਪੱਤਰਕਾਰ ਨੂੰ ਅਪਣੀ ਮੇਜ਼ ’ਤੇ ਬਹਿਣ ਨਹੀਂ ਸੀ ਦੇਂਦਾ। …. ਇਹ ਫਰਕ ਸਾਹਿਤ ਕਰ ਕੇ ਏ। ਉਂਜ ਬੰਦੇ ਦੇ ਤੌਰ ’ਤੇ ਨਾ ਪੱਤਰਕਾਰ ਮਾੜੇ ਹੁੰਦੇ ਨੇ ਤੇ ਨਾ ਈ ਸਾਹਿਤਕਾਰ ਵਧੀਆ। ਪੱਤਰਕਾਰ ਪੜ੍ਹੇ ਹੋਏ ਵੀ ਬਥੇਰੇ ਹੁੰਦੇ ਨੇ। ਕਈਆਂ ਦਾ ਰੋਲ ਸਾਹਿਤ ਲਈ ਵੀ ਗੁਣਕਾਰੀ ਰਿਹਾ ਏ। ਪੱਤਰਕਾਰੀ ਦਾ ਰੋਲ ਸਮਾਜ ਲਈ ਸਾਹਿਤਕਾਰ ਨਾਲੋਂ ਵੱਧ ਏ। ਉਹ ਆਮ ਬੰਦੇ ਨੂੰ ਵੱਧ ਜਗਾਉਂਦਾ ਏ ਤੇ ਲੜਾਉਂਦਾ ਵੀ ਏ। ਪੱਤਰਕਾਰ ਸਮਾਜ ’ਚ ਵੱਧ ਪ੍ਰਭਾਵਸ਼ਾਲੀ ਬੰਦਾ ਹੁੰਦਾ ਏ। ਏਸੇ ਲਈ ਪੱਤਰਕਾਰੀ ਨੂੰ ਸਮਾਜ ਦਾ ਚੌਥਾ ਪਾਵਾ ਕਹਿੰਦੇ ਨੇ।
  ਕੀ ਇਹ ਸਹੀ ਹੈ ਕਿ ‘ਲਕੀਰ’ ਦਾ ਸੰਪਾਦਕ ਪ੍ਰੇਮ ਪ੍ਰਕਾਸ਼ ਪੱਤਰਕਾਰ ਘੱਟ ਤੇ ਸ਼ਰਾਰਤੀ ਜ਼ਿਆਦਾ ਹੈ?
  ਹਾਂ, ਸ਼ਰਾਰਤੀ ਹੋਣਾ ਮੈਂ ਮੰਨ ਹੀ ਲੈਂਦਾ ਹਾਂ। ਕਦੇ ਮੈਂ ਬੜਾ ਗੰਭੀਰ ਕੰਮ ਕਰਦਾ ਹਾਂ ਤਾਂ ਵੀ ਦੋਸਤ ਤੇ ਦੁਸ਼ਮਣ ਉਹਨੂੰ ਸ਼ਰਾਰਤ ਕਹਿਣ ਲੱਗ ਪੈਂਦੇ ਨੇ। ਜਿਵੇਂ ਜ਼ਾਤ ਬਰਾਦਰੀ ਦੀ ਗੱਲ। iਂੲਹ ਮੇਰੇ ਲਈ ਬਹੁਤ ਗੰਭੀਰ ਮਸਲਾ ਏ। ਮੈਂ ਇਹਦੇ ਬਾਰੇ ਗੱਲਾਂ ਕਰਦਿਆਂ ਹੀ ਰਹਿਣਾ ਚਾਹੁੰਦਾ ਹਾਂ। ਇਹ ਸਮਾਜੀ ਕੋਹੜ ਮੈਨੂੰ ਆਰਥਿਕ ਨਾਬਰਾਬਰੀ ਨਾਲੋਂ ਕਿਤੇ ਭੈੜਾ ਲੱਗਦਾ ਏ।
ਪੱਤਰਕਾਰੀ ਵੀ ਹਰੇਕ ਨਹੀਂ ਕਰ ਸਕਦਾ। ਹੁਣ ਜਿਹੜਾ ਵੀ ਉੱਠਦਾ ਏ, ਸਾਹਿਤਕ ਪਰਚਾ ਕੱਢ ਕੇ ਬਹਿ ਜਾਂਦਾ ਏ। ਇਹ ਬੜਾ ਹੁਨਰਮੰਦੀ ਦਾ ਕੰਮ ਏ। ਇਹਦੇ ਲਈ ਤਿੱਖੀ ਅਕਲ ਵੀ ਚਾਹੀਦੀ ਏ। ਪਰਚਿਆਂ ਨਾਲ ਪੈਸੇ ਕਮਾਓਣ ਦਾ ਗੁਰ ਤਾਂ ਬਥੇਰੇ ਜਾਣਦੇ ਨੇ। ਪਰ ਸਾਹਿਤ ਦੀਆਂ ਰੌਆਂ ‘ਚ ਨਵੀਂ ਰੌਂਅ ਵਗਾਉਣਾ ਵੱਡਾ ਕੰਮ ਏ। ਮੈਂ ਸਾਹਿਤਕ ਪੱਤਰਕਾਰੀ ਨੂੰ ਅਖ਼ਬਾਰੀ ਪੱਤਰਕਾਰੀ ਤੋਂ ਕਿਤੇ ਵੱਡਾ ਕੰਮ ਸਮਝਦਾਂ ਹਾਂ।

ਦਸਤਾਵੇਜ਼

  ਤੁਹਾਡਾ ਨਾਵਲ ‘ਦਸਤਾਵੇਜ਼’ ਭਾਵੇਂ ਇੱਕ ਡਾਇਰੀ ਦੀ ਸ਼ਕਲ ਵਿਚ ਸ਼ੁਰੂ ਹੋਇਆ ਪਰ ਇਸਨੂੰ ਲਿਖਣ ਦਾ ਅਸਲ ਮੰਤਵ ਤਾਂ ਉਨ੍ਹਾਂ ਮਾਰਕਸੀ-ਨਕਸਲੀ ਮਿੱਤਰਾਂ ਖ਼ਿਲਾਫ਼ ਭੰਡੀ ਪ੍ਰਚਾਰ ਕਰਨਾ ਹੀ ਸੀ ਜਿਨ੍ਹਾਂ ਦੇ ਤੁਸੀਂ ਬਹੁਤ ਨੇੜੇ ਰਹੇ ਸੀ। ਇਹ ਕਿਸ ਕਿਸਮ ਦੀ ਸਾਹਿਤਕਾਰੀ ਹੋਈ?
  ਹੋ ਸਕਦਾ ਏ ਕਿ ਕਿਸੇ ਨੂੰ ਇਸੇ ਤਰ੍ਹਾਂ ਦਾ ਲੱਗਦਾ ਹੋਵੇ। ਜਦ ਪਹਿਲੀ ਵਾਰ ਛਪਿਆ ਸੀ ਤਾਂ ਸਾਰੀਆਂ ਕਮਿਊਨਿਸਟ ਪਾਰਟੀਆਂ ਨੂੰ ਬੜੀ ਤੰਗੀ ਹੋਈ ਸੀ। ਮੇਰੇ ਖ਼ਿਲਾਫ਼ ਨਕਸਲੀਆਂ ਕੀ, ਹੋਰਾਂ ਨੇ ਵੀ ਬਥੇਰਾ ਲਿਖਿਆ ਸੀ। … ਪਰ ਬਹੁਤੇ ਨਕਸਲੀ ਵਲੈਤਾਂ ਨੂੰ ਭੱਜ ਗਏ ਜਾਂ ਸਰਕਾਰ ਦੀ ਸ਼ਰਣ ’ਚ ਆ ਗਏ।
ਵੱਡੀ ਹੈਰਾਨੀ ਦੀ ਗੱਲ ਇਹ ਕਿ ਕਿਸੇ ਵੀ ਕ੍ਰਾਂਤੀਕਾਰੀ ਵਿਦਵਾਨ ਜਾਂ ਸਾਹਿਤਕਾਰ ਨੇ ਏਸ ਲਹਿਰ ਬਾਰੇ ਕੁਝ ਵੀ ਚੱਜ ਦਾ ਨਹੀਂ ਲਿਖਿਆ। ਇਕ ਪੜ੍ਹਨ ਵਾਲੀ ਪੁਸਤਕ ਡਾ. ਪਰਮਜੀਤ ਸਿੰਘ ਜੱਜ ਦੀ ਅੰਗਰੇਜ਼ੀ ਵਿਚ ਏ। ਉਹ ਪੰਜਾਬੀ ’ਚ ਵੀ ਨਹੀਂ ਛਪ ਸਕੀ। … ਮੈਂ ਪਿਛਲੇ ਕਈ ਸਾਲਾਂ ਤੋਂ ਕੋਸ਼ਿਸ਼ ਕਰ ਰਿਹਾ ਹਾਂ ਕਿ ਨਕਸਲੀਆਂ ਬਾਰੇ ਲਿਖੀਆਂ ਗਈਆਂ ਚੰਗੀਆਂ ਕਹਾਣੀਆਂ ਦੀ ਇਕ ਕਿਤਾਬ ਤਿਆਰ ਕਰ ਦਿਆਂ। ਪਰ ਏਨੀਆਂ ਕਹਾਣੀਆਂ ਹੀ ਨਹੀਂ ਮਿਲਦੀਆਂ। ਕੁਝ ਕਹਾਣੀਆਂ ਵਰਿਆਮ ਸਿੰਘ ਸੰਧੂ ਦੀਆਂ ਨੇ ਤੇ ਕੁਝ ਮੇਰੀਆਂ। … ਇਕ ਹੋਰ ਹੈਰਾਨੀ ਦੀ ਗੱਲ ਇਹ ਕਿ ਪਿਛਲੇ 70 ਸਾਲਾਂ ਤੋਂ ਮਾਰਕਸਵਾਦੀ ਸਮਾਜਕ ਯਥਾਰਥਵਾਦੀ ਸਾਹਿਤ ਦੀਆਂ ਗੱਲਾਂ ਕਰਦੇ ਰਹੇ ਨੇ, ਪਰ ਉਹਨਾਂ ਅਪਣੇ ਬਾਰੇ ਇਕ ਕਿਤਾਬ ਜੋਗੀਆਂ ਕਹਾਣੀਆਂ ਵੀ ਨਹੀਂ ਲਿਖੀਆਂ। .. ਮੈਂ ਕਾਮਰੇਡਾਂ ਬਾਰੇ ਲਿਖੀਆਂ ਕਹਾਣੀਆਂ ਦੀ ਪੁਸਤਕ ਛਪਵਾਣ ਦੇ ਜਤਨ ਕਰ ਰਿਹਾ ਹਾਂ। ਬਹੁਤੀਆਂ ਕਹਾਣੀਆਂ ’ਚ ਉਹਨਾਂ ਦੇ ਗੁਣ ਗਾਏ ਗਏ ਨੇ ਤੇ ਜਾਂ ਨਿੰਦਿਆ ਗਿਆ ਏ। ਪਰ ਵਧੀਆ ਸਾਹਿਤ ਨਹੀਂ ਰਚਿਆ ਗਿਆ। – ਮੈਂ ‘ਦਸਤਾਵੇਜ਼’ ਨੂੰ ਚੰਗਾ ਸਾਹਿਤ ਮੰਨਦਾ ਹਾਂ। ਮੇਰਾ ਸਾਹਿਤ ਕੋਈ ਪਰਚਾਰ ਨਹੀਂ ਕਰਦਾ। ਇਹ ਗੱਲ ਡਾ. ਅਤਰ ਸਿੰਘ ਦੇ ਲੇਖ ਨੂੰ ਪੜ੍ਹ ਕੇ ਸਿਖਣ ਵਾਲੀ ਏ।
  ਤੁਹਾਡੇ ਖ਼ਿਆਲ ਵਿਚ ਅੱਜ ਦੀ ਪੰਜਾਬੀ ਕਹਾਣੀ ਹੋਰ ਭਾਰਤੀ ਭਾਸ਼ਾਵਾਂ ਦੇ ਮੁਕਾਬਲੇ ਵਿਚ ਕਿੱਥੇ ਕੁ ਖਲੋਤੀ ਹੈ?
  ਮੈਂ ਹੋਰ ਭਾਰਤੀ ਭਾਸ਼ਾਵਾਂ ਦੀਆਂ ਕਹਾਣੀਆਂ ਪੜ੍ਹੀਆਂ ਈ ਕਿੱਥੇ ਨੇ ਕਿ ਫੈਸਲਾ ਕਰ ਸਕਾਂ। ਮੈਂ ਸਿਰਫ ਉਰਦੂ ਤੇ ਹਿੰਦੀ ਦੀਆਂ ਕਹਾਣੀਆਂ ਪੜ੍ਹੀਆਂ ਨੇ। ਉਹਨਾਂ ’ਚੋਂ ਉਰਦੂ ਦੇ ਮੁਕਾਬਲੇ ’ਚ ਪੰਜਾਬੀ ਕਹਾਣੀ ਬਹੁਤ ਪਿੱਛੇ ਖੜ੍ਹੀ ਏ। … ਹੁਣ ਉਰਦੂ ਕਹਾਣੀ ਰੁਕ ਗਈ ਏ ਤੇ ਹਿੰਦੀ ਕਹਾਣੀ ’ਚ ਬਹੁਤ ਚੰਗੀਆਂ ਕਹਾਣੀਆਂ ਲਿਖੀਆਂ ਜਾ ਰਹੀਆਂ ਨੇ। ਉਹ ਭਾਸ਼ਾ ਵੀ ਵੱਡੀ ਏ ਤੇ ਪਾਠਕ ਵੀ ਬਹੁਤ ਨੇ। ਪੰਜਾਬੀ ’ਚ ਸਾਹਿਤ ਦੇ ਗੰਭੀਰ ਪਾਠਕ ਘੱਟ ਨੇ।
  ਉਂਝ ਤਾਂ ਲੇਖਕ ਨੂੰ ਅਪਣੀ ਹਰ ਲਿਖਤ ਪਿਆਰੀ ਹੁੰਦੀ ਹੈ ਪਰ ਜੇ ਤੁਸੀਂ ਅਪਣੀਆਂ ਪੰਜ ਬਿਹਤਰੀਨ ਕਹਾਣੀਆਂ ਦੀ ਚੋਣ ਕਰਨੀ ਹੋਵੇ ਤਾਂ ਕਿਹੜੀਆਂ ਦੀ ਕਰੋਗੇ ਅਤੇ ਕਿਉਂ?
  ਮੈਂ ਆਪ ਕਹਾਣੀਆਂ ਦੀ ਚੋਣ ਨਹੀਂ ਕਰ ਸਕਦਾ। ਜਿਵੇਂ ਮੈਂ ਕਹਿੰਦਾ ਹਾਂ ਕਿ ਮੈਂ ਅਪਣੇ ਪਰਚੇ ‘ਲਕੀਰ’ ਲਈ ਆਈਆਂ ਕਹਾਣੀਆਂ ਦਾ ਠੀਕ ਜੱਜ ਨਹੀਂ ਹਾਂ, ਉਵੇਂ ਮੈਂ ਅਪਣੀ ਕਹਾਣੀ ਦਾ ਵੀ ਠੀਕ ਜੱਜ ਨਹੀਂ। ਸਿਆਣੇ ਪਾਠਕਾਂ ਤੇ ਵਿਦਵਾਨ ਆਲੋਚਕਾਂ ਨੇ ਜਿਨ੍ਹਾਂ ਕਹਾਣੀਆਂ ਨੂੰ ਇੱਜ਼ਤ ਬਖਸ਼ੀ ਏ, ਉਹਨਾਂ ਵਿਚ 1. ‘ਡੈਡਲਾਈਨ’, 2. ‘ਮੁਕਤੀ’, 3. ‘ਅਨੁਸ਼ਠਾਨ’, 4. ‘ਸ਼ਵੇਤਾਂਬਰ ਨੇ ਕਿਹਾ ਸੀ’, 5. ‘ਕਪਾਲ ਕਿਰਿਆ’ ਸ਼ਾਮਲ ਨੇ। ਜਿਨ੍ਹਾਂ ਕੁਝ ਕਹਾਣੀਆਂ ਨਾਲ ਮੇਰਾ ਭਾਵੁਕ ਲਗਾਓ ਏ, ਉਹਨਾਂ ਵਿਚ ‘ਕੋਠੀ ਵਾਲੀ’, ‘ਸੁਮਰੂ ਬੇਗਮ’, ਸੁਣਦੈਂ ਖ਼ਲੀਫ਼ਾ’, ‘ਪਰਫਾਰਮੈਂਸ’, ਤੇ ‘ਕਾਨ੍ਹੀ’ ਸ਼ਾਮਲ ਨੇ।
ਕਿਉਂ ਵਾਲੀ ਗੱਲ ਪੁੱਛੋਂਗੇ ਤਾਂ ਮੈਨੂੰ ਪੂਰੀ ਕਿਤਾਬ ਲਿਖਣੀ ਪਵੇਗੀ।

ਬਸ਼ਾਰਤ

  ਤੁਸੀਂ ਕਈ ਵਾਰੀ ਲੇਖਣੀ ਲਈ ‘ਬਸ਼ਾਰਤ’ ਦਾ ਜ਼ਿਕਰ ਕੀਤਾ ਹੈ। ਬਹੁਤ ਅੰਤਰਰਾਸ਼ਟਰੀ ਲੇਖਕ ਅਤੇ ਖਾਸ ਕਰ ਵਾਰਤਕ ਲੇਖਕ ਇਸ ਕਿਸਮ ਦੀ ਕਿਸੇ ਗੱਲ ਨੂੰ ਨਹੀਂ ਮੰਨਦੇ ਪਰ ਲਗਾਤਾਰ ਲਿਖਣ, ਤੇ ਜ਼ੋਰ ਦਿੰਦੇ ਹਨ। ਕੀ ਤੁਹਾਡਾ ਇਹ ਵਿਚਾਰ ਅਜੇ ਵੀ ਕਾਇਮ ਹੈ ਤੇ ਉਮਰ ਦੇ ਬੀਤਣ ਨਾਲ ਇਸ ਮਿਹਰ ਦੀ ਵਰਖਾ ਵਿਚ ਕਮੀ ਤਾਂ ਨਹੀਂ ਹੋ ਗਈ?
  ਨਹੀਂ, ਮੇਰਾ ਵਿਚਾਰ ਬਦਲਿਆ ਨਹੀਂ। ਇਹ ਜਿਹੜਾ ਸ਼ਬਦ ਬਸ਼ਾਰਤ’ ਮੈਂ ਵਰਤਿਆ ਏ, ਇਹਦਾ ਮਤਲਬ ਕਿਸੇ ਰੱਬ ਨਾਲ ਗੱਲਾਂ ਕਰਨਾ ਨਹੀਂ। ਨਾ ਹੀ ਕਿਸੇ ਅਧਿਆਤਮਕ ਅਨੁਭਵ ਨੂੰ ਮੈਂ ਮੰਨਦਾ ਹਾਂ। ਮੈਂ ਤਾਂ ਇਹਨੂੰ ਇਤਫਾਕ ਜੁੜਨ ਦੀ ਗੱਲ ਕਹਿੰਦਾ ਹਾਂ। ਉਹ ਜੋੜ ਜੁੜਾਈ ਮੇਰੇ ਵੱਸ ’ਚ ਨਹੀਂ, ਆਪੇ ਹੋ ਜਾਂਦੀ ਏ। ਨਾ ਮੈਂ ਆਪ ਕਿਸੇ ਖਾਸ ਅਵਸਥਾ ’ਚ ਬਹਿ ਕੇ ਪੈਦਾ ਕਰ ਸਕਦਾ ਹਾਂ।… ਤੁਹਾਡੀ ਸਹੂਲਤ ਲਈ ਮੈਂ ਜਟਕਾ ਜਿਹਾ ਸ਼ਬਦ ‘ਤੁੱਕਾ’ ਵਰਤ ਲੈਂਦਾ ਹਾਂ। ਬਸ, ਏਸ ਤੁੱਕੇ ਦਾ ਨਹੀਂ ਪਤਾ ਕਿ ਕਦੋਂ ਲੱਗ ਜਾਵੇ। ਹਾਂ, ਜਿਵੇਂ ਭਾਵਨਾ ਤੇ ਅਨੁਭਵ ਘੱਟਦੇ ਨੇ ਸਿਰਜਣਾ ਦਾ ਕੰਮ ਵੀ ਘੱਟ ਹੋ ਜਾਂਦਾ ਏ। ਕਦੇ ਅੱਗ ਦੀਆਂ ਲਾਟਾਂ ਨਿਕਲਦੀਆਂ ਸਨ, ਫਿਰ ਉਹ ਨੀਵੀਂਆਂ ਹੋ ਗਈਆਂ। ਹੁਣ ਤਾਂ ਮਸਾਂ ਧੂੰਆਂ ਈ ਨਿਕਲਦਾ ਏ।
ਉਮਰ ਦੇ ਸਿਖ਼ਰਲੇ ਡੰਡੇ
  ਅਪਣੀ ਉਮਰ ਦੀ ਪੌੜੀ ਦੇ ਸਿਖਰਲੇ ਡੰਡਿਆਂ ਤੱਕ ਪਹੁੰਚਕੇ ਕਿਸੇ ਐਸੀ ਤਮੰਨਾ ਦਾ ਖ਼ਿਆਲ ਵੀ ਆਉਂਦਾ ਹੈ ਜੋ ਪੂਰੀ ਨਾ ਹੋ ਸਕੀ? ਕੀ ਸਾਲਾਂ ਦੇ ਬੀਤਣ ਨਾਲ ਲਿਖਣ ਦੇ ਉੇਤਸ਼ਾਹ ਵਿਚ ਫ਼ਰਕ ਆਇਆ ਹੈ?
  ਕੋਈ ਇਕ ਤਮੰਨਾ?… ਹਜ਼ਾਰਾਂ ਹਸਰਤਾਂ ਨੇ ਮਨ ਵਿਚ ਲੁਕੀਆਂ ਹੋਈਆਂ। ਇਹੀ ਨਹੀਂ, ਹੋਰ ਵੀ ਜੰਮਦੀਆਂ ਰਹਿੰਦੀਆਂ ਨੇ। ਪਰ ਇਹ ਅੰਦਰਲੇ ਦਿਲ ਦੀਆਂ ਗੱਲਾਂ ਮੈਂ ਹਰੇਕ ਨੂੰ ਨਹੀਂ ਦੱਸ ਸਕਦਾ।
ਉਮਰ ਦੇ ਪੱਕਣ ਨਾਲ ਉਤਸ਼ਾਹ ਵੀ ਤੇ ਰਫ਼ਤਾਰ ਵਿਚ ਵੀ ਕਮੀ ਆਈ ਏ। ਦਰਅਸਲ ਕਹਾਣੀ ਰਚ ਹੋਣ ਦੀਆਂ ਜੜ੍ਹਾਂ ਤਾਂ ਨਿੱਤ ਦੇ ਨਵੇਂ ਅਨੁਭਵ ਹੁੰਦੇ ਨੇ। ਏਸ ਉਮਰ ’ਚ ਤਜਰਬੇ ਘਟ ਜਾਂਦੇ ਨੇ। ਭਾਵਨਾ ਦੀ ਸ਼ਿੱਦਤ ਘਟ ਜਾਂਦੀ ਏ। ਸ਼ਰੀਰ ’ਚ ਵੀ ਏਨੀ ਜਾਨ ਕਿਥੇ ਰਹਿੰਦੀ ਏ। ਬੰਦਾ ਮਖੌLਲ ਜਿਹਾ ਬਣ ਕੇ ਰਹਿ ਜਾਂਦਾ ਏ। ਇਕ ਮੇਰਾ ਕੌਫੀ ਹਾਊਸ ਦਾ ਯਾਰ ਚਿਰੰਜੀਵ ਸਿੰਘ ਮੈਨੂੰ ਜਦ ਮਿਲਦਾ, ਪੁੱਛਦਾ,’ਸਾਹਿਤ ਕਟੀ ਹੋ ਰਹੀ ਆ।’’… ਉਹ ਦਿਨ ਕਟੀ ਨੂੰ ‘ਸਾਹਿਤ ਕਟੀ’ ਕਹਿੰਦਾ ਏ।
  ਡਾ. ਜੋਗਿੰਦਰ ਸਿੰਘ ਰਾਹੀ ਨੇ ਤੁਹਾਡੀਆਂ ਕਹਾਣੀਆਂ ’ਚ ‘ਕਪਾਲ’ ਦੇ ਸੰਕਲਪ ਨੂੰ 19 ਕਹਾਣੀਆਂ ਦਾ ਵਿਸ਼ਲੇਸ਼ਣ ਕਰ ਕੇ ਉਜਾਗਰ ਕੀਤਾ ਏ। ਪਰ ਅੰਤਕਾ ’ਚ ਤੁਹਾਡੀਆਂ ਹੋਰ ਕਹਾਣੀਆਂ ਨੂੰ ਲੈ ਕੇ ਨਿੰਦਿਆ ਵੀ ਕੀਤੀ ਏ। ਕੀ ਕਹੋਗੇ?
  ਡਾ. ਰਾਹੀ ਵੱਡਾ ਵਿਦਵਾਨ ਏ। ਇਹ ਵੱਡਾ ਕੰਮ ਉਹਨਾਂ ਨੇ ਡਾ. ਰਮਿੰਦਰ ਕੌਰ ਨਾਲ ਰਲ਼ ਕੇ ਕੀਤਾ ਏ। ਅਜਿਹਾ ਗੰਭੀਰ ਕੰਮ ਸ਼ਾਇਦ ਹੀ ਕਿਸੇ ਵਿਦਵਾਨ ਨੇ ਕਿਸੇ ਹੋਰ ਲੇਖਕ ਦੀਆਂ ਕਹਾਣੀਆਂ ਬਾਰੇ ਕੀਤਾ ਹੋਵੇਗਾ। ਜਿਵੇਂ ਲੇਖਕ ਕੋਲੋਂ ਕਹਾਣੀ ਕੁਝ ਪਲ਼ਾਂ ਦੇ ਮਿਲਣ ’ਤੇ ਲਿਖੀ ਜਾਂਦੀ ਏ, ਇਵੇਂ ਆਲੋਚਨਾ ਦੀ ਅਜਿਹੀ ਪੁਸਤਕ ਦੀ ਰਚਨਾ ਹੋਈ ਏ। ਜਿਥੇ ਤਕ ਅੰਤਕਾ ਦਾ ਸੰਬੰਧ ਏ, ਮੈਂ ਉਹਦੇ ਬਾਰੇ ਕੁਝ ਨਹੀਂ ਕਹਿਣਾ ਚਾਹਾਂਗਾ। ਮੇਰੇ ਅਪਣੇ ਅਸੂਲ ਨੇ। ਰਾਹੀ ਮੇਰਾ ਬਹੁਤ ਪੁਰਾਣਾ ਦੋਸਤ ਏ। ਜੇ ਕਿਸੇ ਦੋਸਤ ਦੇ ਮਨ ’ਚ ਵਿੱਥ ਪੈ ਜਾਵੇ ਤਾਂ ਮੈਂ ਪੁਰਾਣੇ ਦੋਸਤੀ ਦੇ ਦਿਨਾਂ ਨੂੰ ਯਾਦ ਕਰਦਾ ਹਾਂ। .. ਏਸ ਲਿਖਤ ਲਈ ਮੈਂ ਡਾ. ਰਾਹੀ ਤੇ ਡਾ. ਰਮਿੰਦਰ ਕੌਰ ਦਾ ਰਿਣੀ ਹਾਂ।
  ਤੁਸੀ ਔਰਤਾਂ ਬਾਰੇ ਬਹੁਤ ਲਿਖਿਆ। ਤੁਹਾਡੀ ਨਜ਼ਰ ’ਚ ਔਰਤਾਂ ਆਖਰ ਹੈ ਕੀ?
  ਔਰਤ ਸਾਡੀ ਮਾਂ ਏ। ਸਭ ਤੋਂ ਪਹਿਲਾਂ ਵਾਸਤਾ ਉਸੇ ਨਾਲ ਪੈਂਦਾ ਏ। ਫੇਰ ਭੈਣ ਏ, ਫੇਰ ਧੀ ਏ। ਫੇਰ ਪਰ ਨਾਰੀ ਏ। ਪਤਨੀ ਏ। ਮਹਿਬੂਬਾ ਏ। ਅੱਗੇ ਹਰੇਕ ਬੰਦੇ ਦੀ ਅਪਣੀ ਪਹੁੰਚ ਏ ਕਿ ਉਹ ਔਰਤ ਨੂੰ ਕਿਸ ਰੂਪ ’ਚ ਦੇਖਦਾ ਏ। ਜਿਵੇਂ ਮਰਦ ਦੀ ਨਜ਼ਰ ਬਦਲਦੀ ਏ, ਉਵੇ ਔਰਤ ਦੇ ਰੂਪ ਵੀ ਬਦਲਦੇ ਰਹਿੰਦੇ ਨੇ। ਕਦੇ ਉਹ ਵੈਸ਼ਿਆ ਵੀ ਹੁੰਦੀ ਏ ਤੇ ਕਦੇ ਦੇਵੀ ਵੀ। ਉਹ ਦੁਰਗਾ ,ਲਕਸ਼ਮੀ, ਸਰਸਵਤੀ, ਚੰਡੀ, ਕਈ ਰੂਪਾਂ ’ਚ ਸਾਨੂੰ ਦਿੱਸਦੀ ਏ। ਏਨੇ ਹੀ ਰੂਪ ਮਰਦ ਇਸਤ੍ਰੀ ਨੂੰ ਸਮਝਣ ਦੇ ਚੱਕਰ ’ਚ ਹੈ ਤੇ ਇਸਤ੍ਰੀ ਮਰਦ ਨੂੰ। ਦੋਹਾਂ ਦਾ ਮਨੋਰਥ ਇਕ ਦੂਜੇ ਦੀਆਂ ਸ਼ਕਤੀਆਂ ਕਮਜ਼ੋਰੀਆਂ ਨੂੰ ਸਮਝਣਾ ਤੇ ਫੇਰ ਵਰਤਣਾ ਏ। ਪੰਜਾਬੀ ਸਾਹਿਤ ’ਚ ਔਰਤ ਨੂੰ ਸਮਝਣਾ ਤੇ ਉਹਦੇ ਬਾਰੇ ਲਿਖਣਾ ਬਹੁਤਾ ਚੰਗਾ ਨਹੀਂ ਸਮਝਿਆ ਗਿਆ। ਪਰ ਮੈਂ ਤਾਂ ਸ਼ੁਰੂ ਤੋਂ ਈ ਲਿਖ ਰਿਹਾਂ। ਮੇਰੀ ਪਹਿਲੀ ਪੁਸਤਕ ‘ਕੱਚਕੜੇ’ ’ਚ ਵੀ ਅਜਿਹੀਆਂ ਕਹਾਣੀਆਂ ਮਿਲਣਗੀਆਂ।
ਪਰਚਾ ਕੱਢਣ ਦੀ ਲੋੜ
  ਤੁਹਾਡੇ ਵਰਗੇ ਰਚਨਾਤਮਕ ਅਤੇ ਹਸਾਸ ਲੇਖਕ ਨੂੰ ਪਰਚਾ ਕੱਢਣ ਦੀ ਭਲਾ ਕੀ ਮਜਬੂਰੀ ਸੀ? ਕੀ ‘ਲਕੀਰ’ ਨਾਲ ਕੋਈ ਕਿਸੇ ਕਿਸਮ ਦਾ ਲਾਭ ਵੀ ਹੋਇਆ?
  ਇਹ ਪਰਚਾ ਕੱਢਣ ਦੀ ਲੋੜ ਮੈਨੂੰ ਅਖਬਾਰ ਤੋਂ ਰੀਟਾਇਰ ਹੋਣ ਕਰ ਕੇ ਵੱਧ ਪਈ। ਏਨੀ ਵਿਹਲ ਦਾ ਮੈਂ ਕੀ ਕਰਦਾ। ਮੈਂ ਤਾਂ ਨੌਕਰੀ ਕਰਦਾ ਹੋਇਆ ਵੀ ਅਪਣੇ ਆਪ ਨੂੰ ਵਿਹਲਾ ਜਿਹਾ ਮਹਿਸੂਸ ਕਰਦਾ ਸੀ। ਇਹ ਲੋੜ ਹੱਸਾਸ ਤੇ ਰਚਨਾਤਮਕ ਕੰਮ ਕਰਨ ਵਾਲਿਆਂ ਨੂੰ ਬਹੁਤੀ ਹੁੰਦੀ ਏ। ਮੋਟੀ ਚਮੜੀ ਤੇ ਮੋਟੀ ਬੁੱਧੀ ਦੇ ਲੋਕ ਪੈਸੇ ਕਮਾਓਣ ਦੇ ਆਹਰੇ ਲੱਗੇ ਰਹਿੰਦੇ ਨੇ।… ਏਸ ਕੰਮ ’ਚ ਸੁਰਜੀਤ ਹਾਂਸ ਫੇਰ ਮੈਨੂੰ ਡੁਬਣੋਂ ਬਚਾਓਣ ਆ ਗਿਆ। ਉਹਨੇ ਮਾਇਕ ਸਹਾਇਤਾ ਨਾਲ ਕੰਮ ਚਾਲੂ ਕਰਾ ਦਿੱਤਾ।
ਹੁਣ ਇਕ ਵਾਰੀ ਫੇਰ ਮੈਂ ਬੰਦ ਕਰਨ ਲੱਗਿਆ ਤਾਂ ਮੇਰੇ ਪ੍ਰਕਾਸ਼ਕ ਹਰੀਸ਼ ਜੈਨ ਨੇ ਮੈਨੂੰ ਰੋਕ ਕੇ ਨੇਕ ਸਲਾਹ ਦਿੱਤੀ। ਉਹਨੇ ਤਾਂ ਮੇਰੇ ਵੱਲੋਂ ਕੁੱਤਾ ਰੱਖਣ ’ਤੇ ਕਿਹਾ ਕਿ ਸਮਝੋ, ਚਾਰ ਸਾਲ ਉਮਰ ਵਧ ਗਈ। ਪਰਚੇ ਨਾਲ ਜੁੜ ਕੇ ਮੈਂ ਸਾਰੇ ਨਵੇਂ ਕਹਾਣੀਕਾਰਾਂ ਦੇ ਨਾਲ ਹੋ ਗਿਆ। ਹਰੇਕ ਨਵਾਂ ਕਹਾਣੀਕਾਰ ਮੇਰਾ ਬੇਲੀ ਬਣ ਗਿਆ। ਮੈਂ ਪੀੜ੍ਹੀਆਂ ਦੇ ਪਾੜੇ ਤੇ ਪੜਾਵਾਂ ਦੀਆਂ ਹੱਦਾਂ ਟੱਪ ਕੇ ਨਵੇਂ ਲੇਖਕਾਂ ਨਾਲ ਰਲ਼ ਗਿਆ। ਹਜ਼ਾਰਾਂ ਨਵੀਆਂ ਕਹਾਣੀਆਂ ਮੇਰੇ ਨਾਲ ਜੁੜ ਗਈਆਂ। ਨਵੇਂ ਕਹਾਣੀਕਾਰਾਂ ਦੇ ਰੂਪ ’ਚ ਮੈਂ ਅਪਣਾ ਨਵਾਂ ਜਨਮ ਦੇਖਦਾ ਹਾਂ। ਇਹ ਸਾਰੇ ਮੇਰੇ ਬੱਚੇ ਨੇ।
  ਤੁਹਾਡੀਆਂ ਬਹੁਤੀਆਂ ਕਹਾਣੀਆਂ ਸਾਡੇ ਸਮਾਜ ਦੇ ਜੀਵਾਂ ਦੀਆਂ ਮਾਨਸਿਕ ਗੁੰਝਲਾਂ ਬਾਰੇ ਹਨ। ਇਨ੍ਹਾਂ ਉਤੇ ਅਕਸਰ ਪਾਠਕਾਂ ਦੇ ਸਿਰਾਂ ਉਪਰੋਂ ਲੰਘ ਜਾਣ ਦਾ ਇਲਜ਼ਾਮ ਵੀ ਲਗਦਾ ਹੈ ।
  ਹਾਂ, ਮੈਨੂੰ ਪਤਾ ਏ ਕਿ ਬਹੁਤੇ ਪਾਠਕਾਂ ਦੇ ਸਿਰਾਂ ਦੇ ਉੱਤੋਂ ਦੀ ਵੀ ਲੰਘ ਜਾਂਦੀਆਂ ਹੋਣਗੀਆਂ। ਇਹਦੇ ’ਚ ਬੰਦੇ ਦੀ ਪਸੰਦ ਨਾਪਸੰਦ ਦਾ ਮਾਮਲਾ ਵੀ ਸ਼ਾਮਲ ਹੁੰਦਾ ਏ, ਸਿਰਫ ਅਕਲ ਵਿਵੇਕ ਦੀ ਗੱਲ ਨਹੀਂ। ਮੇਰੀਆਂ ਬਹੁਤੀਆਂ ਕਹਾਣੀਆਂ ਮੱਧ ਵਰਗੀ ਮਹਾਜਨ ਪਰਵਾਰਾਂ ਦੀਆਂ ਨੇ। ਉਹਨਾਂ ਦਾ ਅਪਣਾ ਉਪਸੱਭਿਆਚਾਰ ਏ। ਪਹਿਲਾਂ ਤਾਂ ਏਸ ਨੁਕਤੇ ਨੂੰ ਸਮਝਣ ਦੀ ਲੋੜ ਏ। ਦੂਜੇ ਮੇਰੀਆਂ ਕਹਾਣੀਆਂ ਦੀਆਂ ਜੜ੍ਹਾਂ ਭਾਰਤੀ ਵਿਰਸੇ ’ਚ ਨੇ। ਜੀਹਦੇ ਵਿਚ ਰਾਮਾਇਣ, ਮਹਾਭਾਰਤ, ਪੁਰਾਣ, ਉਪਨਿਸ਼ਦ ਤੇ ਲੋਕ ਕਹਾਣੀਆਂ ਸ਼ਾਮਲ ਨੇ। ਇਹਨਾਂ ਦੇ ਚੰਗੇ ਗਿਆਨ ਬਿਨਾਂ ਵੀ ਪਾਠਕ ਪਾਸਾ ਵੱਟਣ ਲੱਗ ਪੈਂਦਾ ਏ। ਦੂਜੇ ਮੇਰੇ ਪਾਤਰ ਸਿੱਧੇ ਨਹੀਂ। ਉਹਨਾਂ ’ਚ ਬੜੇ ਵਲ਼ ਨੇ ਤੇ ਉਹਨਾਂ ਦੀ ਚਾਲ ਸ਼ਤਰੰਜ ਦੇ ਘੋੜੇ ਵਾਲੀ ਢਾਈ ਘਰਾਂ ਦੀ ਹੁੰਦੀ ਏ।..
ਜਿਨ੍ਹਾਂ ਪਾਠਕਾਂ ਨੇ ਉੱਪਰ ਲਿਖੇ ਗ੍ਰੰਥ ਜਾਂ ਗੁਰਬਾਣੀ ਧਿਆਨ ਨਾਲ ਪੜ੍ਹੀ ਹੁੰਦੀ ਏ, ਉਹ ਹੀ ਮੇਰੀਆਂ ਗੱਲਾਂ ਸਮਝ ਸਕਦੇ ਨੇ। ਕਿਉਂਕਿ ਗੁਰਬਾਣੀ ਹਿੰਦੂ ਮਿਥਿਹਾਸ ਦੇ ਹਵਾਲਿਆਂ ਨਾਲ ਭਰੀ ਪਈ ਏ।
ਕਈ ਵਰ੍ਹੇ ਪਹਿਲਾਂ ਮੈਂ ਏਸ ਨਤੀਜੇ ’ਤੇ ਪਹੁੰਚਿਆ ਸੀ ਕਿ ਜੇ ਮੈਂ ਇਹ ਕਹਾਣੀਆਂ ਨਾ ਲਿਖਦਾ ਤਾਂ ਪਾਗਲ ਹੋ ਗਿਆ ਹੁੰਦਾ। ਇਹਨਾਂ ਨੇ ਮੈਨੂੰ ਬਚਾ ਲਿਆ। ਹੋ ਸਕਦਾ ਏ ਕਿ ਇਹ ਕਹਾਣੀਆਂ ਪਾਠਕਾਂ ਨੂੰ ਵੀ ਪਾਗਲ ਹੋਣ ਤੋਂ ਬਚਾ ਲੈਣ। ਇਹ ਵੀ ਸਾਹਿਤ ਦਾ ਸਮਾਜਕ ਕਾਰਜ ਏ।
  ਪੰਜਾਬ ਦੇ ਨਕਸਲਬਾੜੀਆਂ ਨਾਲ ਤੁਹਾਡੀ ਬੜੀ ਹੀ ਨੇੜਤਾ ਰਹੀ। ਕਦੀ ਇਨ੍ਹਾਂ ਦੇ ਸਿਧਾਂਤਕ ਵਿਚਾਰਾਂ ਅਤੇ ਮਨੋਵਿਗਿਆਨ ਬਣਤਰ ਬਾਰੇ ਗੰਭੀਰਤਾ ਨਾਲ ਸੋਚਿਆ ਵੀ ?
  ਨਹੀਂ। ਹਥਿਆਰਬੰਦ ਕ੍ਰਾਂਤੀਕਾਰੀ ਸੋਚ ਦੀ ਤਾਂ ਕੀ, ਮੈਨੂੰ ਤਾਂ ਮਾਰਕਸਵਾਦੀ ਵਿਚਾਰਧਾਰਾ ਦੀ ਵੀ ਕੋਈ ਸਮਝ ਨਹੀਂ। ਮੈਂ ਤਾਂ ਵਿਦਰੋਹ ਦਾ ਹਮਾਇਤੀ ਹਾਂ। ਏਸੇ ਨਾਲ ਪੁਰਾਣੀਆਂ ਕੀਮਤਾਂ ਨੂੰ ਭੰਨ ਕੇ ਨਵੀਆਂ ਬਨਣ ਲਈ ਮਜਬੂਰ ਕੀਤਾ ਜਾ ਸਕਦਾ ਏ। ਮੈਨੂੰ ਸਿਆਸਤ ਦੀ ਸਮਝ ਨਹੀਂ, ਪਰ ਮੈਂ ਬੰਦਿਆਂ ਦੇ ਸਮਾਜੀ ਤੇ ਮਨੋਵਿਗਿਆਨਕ ਵਿਹਾਰਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹਾਂ। ਇਹੀ ਮੇਰੀ ਗਲਪ ਦੀ ਬੁਨਿਆਦ ਏ।
ਪ੍ਰੇਮ ਭਾਵਨਾ ਦਾ ਸੰਤਾਪ
  ਤੁਹਾਡੀਆਂ ਕਹਾਣੀਆਂ ’ਚ ਪ੍ਰੌੜ੍ਹ ਉਮਰ ਦੀਆਂ ਇਸਤਰੀਆਂ ਪ੍ਰੇਮ ਭਾਵਨਾ ਦਾ ਸੰਤਾਪ ਕਿਉਂ ਭੋਗਦੀਆਂ ਨੇ।
  ਮੈਂ ਜਦ ਵੀ ਕਹਾਣੀ ਲਿਖਦਾ ਹਾਂ ਤਾਂ ਮੇਰੇ ਸਾਹਮਣੇ ਇਹ ਦੋ ਸਵਾਲ ਖੜ੍ਹੇ ਹੋ ਜਾਂਦੇ ਨੇ: (1) ਕੀ ਏਸ ਵਿਸ਼ੇ ’ਤੇ ਪਹਿਲਾਂ ਵੀ ਕਿਸੇ ਨੇ ਪੰਜਾਬੀ ’ਚ ਕਹਾਣੀ ਲਿਖੀ ਏ? (2) ਕੀ ਤੇਰੀ ਨਵੀਂ ਲਿਖੀ ਜਾ ਰਹੀ ਕਹਾਣੀ ’ਚ ਕੁਝ ਵੱਖਰਾ ਏ? …… ਮੈਨੂੰ ਪੰਜਾਬੀ ’ਚ ਕੋਈ ਅਜਿਹੀ ਖਾਸ ਕਹਾਣੀ ਨਾ ਮਿਲੀ, ਜੀਹਦੇ ਵਿਚ ਪੱਕੀ ਉਮਰ ਦੀ ਇਸਤਰੀ ਕਿਸੇ ਨੂੰ ਟੁੱਟ ਕੇ ਪ੍ਰੇਮ ਕਰਦੀ ਹੋਵੇ। ਜਦਕਿ ਇਹ ਮੇਰੇ ਅਨੁਭਵ ਤੇ ਅਨੁਭੂਤੀ ਦਾ ਹਿੱਸਾ ਬਣਿਆ ਪਿਆ ਸੀ। ਸੋ ਮੈਂ ‘ਸ਼ਵੇਤਾਂਬਰ ਨੇ ਕਿਹਾ ਸੀ’ ਲਿਖ ਦਿੱਤੀ। ਫੇਰ ਇਕ ‘ਟੈਲੀਫੋਨ’ ਲਿਖੀ। ਜਿਨ੍ਹਾਂ ’ਚ ਬੁੱਢੀਆਂ ਔਰਤਾਂ ਦੇ ਦੋਸਤ ਵੀ ਬੁੱਢੇ ਈ ਸਨ। ਇਹ ਪੱਕੀ ਉਮਰ ਦੇ ਬੰਦਿਆਂ ਨੂੰ ਮਰਿਆਂ ਜਾਂ ਮਰਨਊ ਪਿਆਂ ਸਮਝ ਲੈਣ ਦੀ ਸਮਾਜੀ ਸੋਚ ਦੇ ਖਿਲਾਫ਼ ਸੀ। ਮੇਰਾ ਵਿਸ਼ਵਾਸ ਏ ਕਿ ਪੰਜਾਹਾਂ ਸਾਲਾਂ ਤੋਂ ਟੱਪੇ ਬੰਦਿਆਂ ਨੂੰ ਵੀ ਪਿਆਰ ਦੀ ਓਨੀ ਈ ਲੋੜ ਹੁੰਦੀ ਏ, ਜਿੰਨੀ ਛੋਟੀ ਉਮਰ ਦੇ ਬੰਦਿਆਂ ਨੂੰ। …… ਕਿਉਂਕਿ ਮੇਰੇ ਅਨੁਭਵ ’ਚ ਪ੍ਰੇਮ ਦੀ ਸ਼ਿੱਦਤ ਸੰਤਾਪ ਪੈਦਾ ਕਰਦੀ ਸੀ, ਓਹ ਸੰਤਾਪ ਵੱਡੀ ਉਮਰ ਦੇ ਪ੍ਰੇਮੀਆਂ ਨੂੰ ਵੀ ਭੋਗਣਾ ਪੈਂਦਾ ਏ। ਮੇਰੀਆਂ ਕਹਾਣੀਆਂ ਦੇ ਪਾਤਰ ਵੀ ਭੋਗਦੇ ਨੇ। ਉਹਨਾਂ ’ਚ ਮੈਂ ਅਪਣੇ ਆਪ ਨੂੰ ਮਹਿਸੂਸ ਕਰਦਾ ਹਾਂ। ਮੈਨੂੰ ਆਨੰਦ ਮਿਲਦਾ ਏ। ਮੈਂ ਹਿੰਦੂ ਸਮਾਜ ਦੇ ਚਾਰ ਆਸ਼੍ਰਮਾਂ : ਬ੍ਰਹਮਚਰਯਾ, ਗ੍ਰਹਸਥ, ਸੰਨਿਆਸ ਤੇ ਬਾਨ ਪ੍ਰਸਥ ਦਾ ਵਿਰੋਧ ਕਰਦਾ ਹਾਂ। ਏਸ ਬ੍ਰਹਮਚਰਯਾ ਤੇ ਸੰਨਿਆਸ ਨੇ ਸਾਨੂੰ ਜਿਊਣ ਜੋਗੇ ਨਹੀਂ ਰਹਿਣ ਦਿੱਤਾ। ਉਂਜ ਘਰ ’ਚ ਰਹਿੰਦਿਆਂ ਕੋਈ ਕਾਸੇ ਦਾ ਵੀ ਤਿਆਗ ਅਪਣੀ ਮਰਜ਼ੀ ਨਾਲ ਕਰੇ ਤਾਂ ਕੋਈ ਮਾੜਾ ਨਹੀਂ।
  ਉਂਝ ਤਾਂ ਸ਼ਾਇਦ ਹਰ ਬੋਲੀ ਦੇ ਸਾਹਿਤ ਵਿਚ ਅਜਿਹਾ ਹੀ ਹੁੰਦਾ ਹੈ ਪਰ ਤੁਸੀਂ ਇਸਦਾ ਕੀ ਕਾਰਨ ਲੱਭਦੇ ਹੋ ਕਿ ਪੰਜਾਬੀ ਵਿਚ ਬਾਵਾ ਬਲਵੰਤ ਅਤੇ ਦੇਵਿੰਦਰ ਸਤਿਆਰਥੀ ਵਰਗੇ ਵੱਡੇ ਤੇ ਈਮਾਨਦਾਰ ਲੇਖਕ ਅਣਗੌਲੇ ਹੀ ਰਹਿ ਗਏ?
  ਸਮਾਂ ਤੇ ਸਮੇਂ ਨਾਲ ਚੱਲਦੀਆਂ ਲਹਿਰਾਂ ਅਪਣੇ ਰੰਗ ਦਾ ਸਾਹਿਤ ਪੈਦਾ ਕਰਵਾਉਂਦੀਆਂ ਨੇ। ਫੇਰ ਸਮਾਂ ਬੀਤਣ ’ਤੇ ਸਾਹਿਤ ਦਾ ਪੁਨਰ ਮੁੱਲਾਂਕਣ ਹੁੰਦਾ ਈ ਰਹਿੰਦਾ ਏ। ਇਹ ਛਾਨਣਾ ਕਿਸੇ ਨੂੰ ਬਖਸ਼ਦਾ ਨਹੀਂ। ਬੜਾ ਕੁਝ ਇਹਦੇ ਵਿਚੀਂ ਨਿੱਕਲ ਜਾਂਦਾ ਏ। ਬਚਦਾ ਬਹੁਤ ਘੱਟ ਏ। … ਜੇ ਮੇਰੀ ਰਾਏ ਜਾਨਣੀ ਏ ਤਾਂ ਤਾਂ ਦੋਹਾਂ ਨੂੰ ਮਾੜੇ ਸਮਝਦਾ ਹਾਂ। ਜੇ ਸਤਿਆਰਥੀ ਦਾ ਮੁੱਲ ਸੱਤਰਾਂ ਸਾਲਾਂ ’ਚ ਨਹੀਂ ਪੈ ਸਕਿਆ ਤਾਂ ਅੱਗੇ ਜਾ ਕੇ ਕਿੱਥੇ ਪੈਣਾ ਏ। ਪਰ ਆਓਣ ਵਾਲੇ ਸਮੇਂ ’ਚ ਅਸਲ ’ਚ ਕੀ ਹੋਣਾ ਏ, ਕੀ ਕਿਹਾ ਜਾ ਸਕਦਾ ਏ।

ਇਨਾਮ ਸਨਮਾਨ-ਰੂ-ਬ-ਰੂ

  ਕੀ ਤੁਸੀਂ ਅੱਜ ਦੀ ਸਮੁੱਚੀ ਪੰਜਾਬੀ ਆਲੋਚਨਾ ਜਾਂ ਇਨਾਮਾਂ ਸਨਮਾਨਾਂ, ਰੂ- ਬ-ਰੂਆਂ, ਬੁੱਕ ਰਲੀਜ਼ਾਂ ਆਦਿ ਦੇ ਮਾਹੌਲ ਤੋਂ ਸਮਝਦੇ ਹੋ ਕਿ ਸਾਹਿਤ ਵਿਚ ਇਨ੍ਹਾਂ ਨਾਲ ਕੋਈ ਚੰਗੇ ਸਿੱਟੇ ਨਿਕਲ ਰਹੇ ਹਨ?
  ਆਲੋਚਨਾ ਹਮੇਸ਼ਾ ਹੀ ਚੰਗੀ ਮਾੜੀ ਹੁੰਦੀ ਰਹਿੰਦੀ ਏ। ਏਸ ’ਤੇ ਮੈਂ ਦੁਖੀ ਨਹੀਂ ਹੁੰਦਾ। ਇਨਾਮ ਸਨਮਾਨਾਂ ਦਾ ਤਾਂ ਮੀਂਹ ਪੈਣ ਲੱਗ ਪਿਆ ਏ। ਕੋਈ ਕਿਸੇ ਸੁਖ ਨੂੰ ਦੇਂਦਾ ਏ ਤੇ ਕੋਈ ਕਿਸੇ ਸੁਖ ਨੂੰ ਲੈਂਦਾ ਏ। ਮੈਨੂੰ ਇਹ ਵਰਤਾਰਾ ਚੰਗਾ ਈ ਲੱਗਦਾ ਏ। ਕਿੰਨਾ ਪੈਸਾ ਸਾਹਿਤ ’ਚ ਚੱਲਣ ਲੱਗ ਪਿਆ ਏ। ਕਿਥੇ ਪੰਜਾਬੀ ਸਾਹਿਤਕਾਰ ਗਲਾਂ ’ਚ ਝੋਲੇ ਪਾਈ ਮੰਗਤਿਆਂ ਵਾਂਗ ਫਿਰਦੇ ਹੁੰਦੇ ਸੀ। ਹੁਣ ਕਾਰਾਂ ’ਚ ਫਿਰਦੇ ਨੇ। ਮੈਨੂੰ ਬੜੇ ਚੰਗੇ ਲੱਗਦੇ ਨੇ ਕਿ ਸ਼ਾਮ ਨੂੰ ਉਹ ਦਾਰੂ ਦੀ ਗੱਲ ਕਰਦੇ ਨੇ।….. ਇਹ ਰੂਬਰੂ, ਇਹ ਘੁੰਡ ਚੁਕਾਈਆਂ, ਇਹ ਸਾਹਿਤਕਾਰਾਂ ਦੇ ਗਲਾਂ ’ਚ ਹਾਰ…. ਸਭ ਕਾਸੇ ਨੂੰ ਮੈਂ ਕਲਚਰਲ ਐਕਟੀਵਿਟੀ ਮੰਨਦਾ ਹਾਂ। ਜੇ ਕਿਸੇ ਨੂੰ ਬੁਰੇ ਲੱਗਦੇ ਨੇ ਤਾਂ ਉਹ ਘਰੇ ਬੈਠਾ ਰਹੇ। ਦੂਜਿਆਂ ਨੂੰ ਦੇਖ ਕੇ ਸੜਨ ਦਾ ਦੁੱਖ ਨਾ ਭੋਗੇ।
  ਤੁਹਾਡੇ ਜੀਵਨ ਕਾਲ ਵਿਚ ਪੰਜਾਬੀ ਦਾ ਕਥਾ ਸਾਹਿਤ ਕਿੰਨਿਆਂ ਕੁ ਪੜਾਵਾਂ ਵਿਚੋਂ ਲੰਘਿਆ ਹੈ ਅਤੇ ਅੱਗੋਂ ਕਿਨ੍ਹਾਂ ਬਦਲਾਵਾਂ ਦੀ ਆਸ ਹੈ?
  ਮੈਂ ਸਾਹਿਤ ਨੂੰ ਪੜਾਵਾਂ ਵਿਚ ਵੰਡ ਕੇ ਨਹੀਂ ਦੇਖਦਾ। ਕੁਝ ਸਮੇਂ ਵਿਚ ਕਿਸੇ ਖਾਸ ਸੋਚ ਦਾ ਸਾਹਿਤ ਮਕਬੂਲ ਹੋਣ ਲੱਗ ਪੈਂਂਦਾ ਏ। ਫੇਰ ਉਹ ਸੋਚ ਫੈਸ਼ਨ ਵਾਂਗ ਚਾਲੂ ਹੋ ਜਾਂਦੀ ਏ। ਉਸੇ ਸਮੇਂ ’ਚ ਓਸ ਫੈਸ਼ਨ ਜਾਂ ਵਿਚਾਰਧਾਰਾ ਵਾਲੇ ਸਾਹਿਤ ਦੇ ਵਿਰੋਧੀ ਵੀ ਉੱਠ ਖੜ੍ਹਦੇ ਨੇ। ਉਹ ਵਿਰੋਧ ਵਾਲਾ ਹੋਰ ਕਿਸਮ ਦਾ ਸਾਹਿਤ ਰਚਣ ਲੱਗ ਪੈਂਦੇ ਨੇ। ਜੇ ਇੱਕੋ ਵਿਚਾਰਧਾਰਾ ਲੰਮੇ ਸਮੇਂ ਤਕ ਚੱਲਦੀ ਰਹੇ ਤਾਂ ਉਹ ਸਾਹਿਤ ’ਚ ਖੜੋਤ ਪੈਦਾ ਕਰਦੀ ਏ।…. ਮੇਰਾ ਖਿਆਲ ਏ ਕਿ ਹੁਣ ਸਮਾਜਵਾਦੀ ਯਥਾਰਥਵਾਦੀ ਸਾਹਿਤ ਦਾ ਸਮਾਂ ਲੱਦ ਗਿਆ ਏ। ਪਰ ਇਹ ਨਹੀਂ ਕਿ ਇਹਦਾ ਵਜੂਦ ਖਤਮ ਹੋ ਜਾਵੇਗਾ। ਇਹ ਵੀ ਚੱਲਦਾ ਰਹੇਗਾ ਤੇ ਹੋਰ ਸੋਚਾਂ ਵੀ ਪਰਵਾਨ ਚੜ੍ਹਦੀਆਂ ਰਹਿਣਗੀਆਂ। ਜਿਸ ਸਮੇਂ ’ਚ ਸਾਹਿਤਕਾਰ ਵਾਦਾਂ ਤੋਂ ਮੁਕਤ ਹੋ ਕੇ ਸਾਹਿਤ ਰਚਦੇ ਨੇ, ਉਹ ਸਭ ਤੋਂ ਚੰਗਾ ਤੇ ਉਪਜਾਊ ਹੁੰਦਾ ਏ।
ਏਸ ਸਮੇਂ ’ਚ ਸਾਹਿਤ ਰੁਝਾਨ ਤੇਜ਼ੀ ਨਾਲ ਬਦਲ ਰਹੇ ਨੇ। ਆਓਣ ਵਾਲਾ ਸਮਾਂ ਏਸ ਤੋਂ ਵੀ ਤੇਜ਼ ਹੋਵੇਗਾ। ਪਿਛਲੇ ਦਸਾਂ ਵਰਿ੍ਹਆਂ ’ਚ ਭਾਰਤ ਜਿੰਨਾ ਬਦਲਿਆ ਏ, ਓਨਾ ਪਿਛਲੇ ਪੰਜਾਹਾਂ ਸਾਲਾਂ ’ਚ ਵੀ ਨਹੀਂ ਬਦਲਿਆ ਸੀ।
  ਪਿਛਲੇ ਤੀਹਾਂ ਕੁ ਸਾਲਾਂ ਵਿਚ ਸਾਹਿਤਕ ਜਥੇਬੰਦੀਆਂ, ਸਭਾਵਾਂ ਦਾ ਕਾਫੀ ਰਾਮ ਰੌਲਾ ਰਿਹਾ ਹੈ ਅਤੇ ਇਹ ਅਜੇ ਵੀ ਲੇਖਕਾਂ ਉਤੇ ਹਾਵੀ ਹੈ। ਕੀ ਤੁਸੀਂ ਸਮਝਦੇ ਹੋ ਕਿ ਚੰਗਾ ਸਾਹਿਤ ਪੈਦਾ ਕਰਨ ਵਿਚ ਇਨ੍ਹਾਂ ਦਾ ਸਾਰਥਿਕ ਰੋਲ ਵੀ ਹੈ?
  ਇਹ ਸਾਹਿਤਕ ਜੱਥੇਬੰਦੀਆਂ ਤੇ ਸਭਾਵਾਂ ਸਿਰਫ ਉਹਨਾਂ ਲੇਖਕਾਂ ’ਤੇ ਹਾਵੀ ਹੁੰਦੀਆਂ ਨੇ, ਜਿਹੜੇ ਮਾੜੇ ਨੇ। ਜਾਂ ਜਿਹੜੇ ਆਪ ਸਭਾਵਾਂ ਦਾ ਆਸਰਾ ਤੱਕਦੇ ਨੇ। ਮਂੈ ਕਿਸੇ ਵੀ ਜੱਥੇਬੰਦੀ ਦਾ ਮੈਂਬਰ ਨਹੀਂ। ਨਾ ਮੈਂ ਸਭਾਵਾਂ ਨਾਲ ਕੋਈ ਸੰਬੰਧ ਰੱਖਦਾ ਹਾਂ। ਫੇਰ ਵੀ ਇਹ ਜਥੇਬੰਦੀਆਂ ਮੈਨੂੰ ਚੰਗੀਆਂ ਹੀ ਲੱਗਦੀਆਂ ਨੇ। ਇਹ ਕੋਈ ਸਮਗਲਿੰਗ ਤਾਂ ਨਹੀਂ ਕਰਦੀਆਂ। ਇਹ ਜੋ ਵੀ ਚੰਗਾ ਮਾੜਾ ਕਰਦੀਆਂ ਨੇ, ਉਹ ਕਲਚਰਲ ਸਰਗਰਮੀ ਤਾਂ ਹੈਗੀ।…. ਇਹ ਚੰਗਾ ਸਾਹਿਤ ਪੈਦਾ ਕਰਨ ਲਈ ਨਾ ਸਹਾਇਕ ਹੁੰਦੀਆਂ ਤੇ ਨਾ ਹੀ ਰੋਕਦੀਆਂ ਨੇ। ਜੀਹਨੇ ਨਹੀਂ ਲਿਖਣਾ, ਉਹਨਾਂ ਲਈ ਬਹਾਨਾ ਬਣ ਸਕਦੀਆਂ ਨੇ।
ਰਾਇਲਟੀ
  ਤੁਹਾਨੂੰ ‘ਲਕੀਰ’ ਦੇ ਛਪਣ-ਵਿਕਣ ਦਾ ਵੀ ਤਜਰਬਾ ਹੈ। ਕੀ ਤੁਹਾਡੇ ਅਨੁਸਾਰ ਪੰਜਾਬੀ ਸਾਹਿਤ ਏਨਾ ਵਿਕਦਾ ਹੈ ਕਿ ਪ੍ਰਕਾਸ਼ਕ ਲੇਖਕ ਨੂੰ ਰਾਇਲਟੀ ਦੇ ਸਕੇ?
  ਹਾਂ, ਪੰਜਾਬੀ ਸਾਹਿਤ ਏਨਾ ਵਿਕਦਾ ਏ ਕਿ ਪ੍ਰਕਾਸ਼ਕ ਬਹੁਤ ਕਮਾ ਰਹੇ ਨੇ। ਏਸੇ ਲਈ ਉਹ ਬਹੁਤ ਸਾਰੇ ਲੇਖਕਾਂ ਨੂੰ ਚੰਗੀ ਖਾਸੀ ਰਾਇਲਟੀ ਦੇ ਰਹੇ ਨੇ। ਉਹ ਵੀ ਪੇਸ਼ਗੀ। ਮੈਂ ਗੱਲ ਸੁਣ ਕੇ ਨਹੀਂ ਕਹਿੰਦਾ। ਮੈਨੂੰ ਆਪ ਨੂੰ ਰਾਇਲਟੀ ਮਿਲਦੀ ਏ। ਬਹੁਤ ਸਾਰੇ ਲੇਖਕ ਆਪ ਪ੍ਰਕਾਸ਼ਕਾਂ ਨੂੰ ਅਪਣੀਆਂ ਕਿਤਾਬਾਂ ਛਾਪਣ ਦੇ ਬਥੇਰੇ ਪੈਸੇ ਦੇਂਦੇ ਨੇ। ਪ੍ਰਕਾਸ਼ਕ ਉਹੀ ਪੈਸੇ ਹੋਰ ਲੇਖਕਾਂ ਨੂੰ ਦੇਈ ਜਾਂਦੇ ਨੇ। … ਇਹ ਗੱਲ ਚੰਗੀ ਨਹੀਂ ਲੱਗਦੀ ਕਿ ਪੰਜਾਬੀ ਦੇ ਪ੍ਰਕਾਸ਼ਕ ਘੱਟ ਨੇ। ਬਹੁਤੇ ਹੋਣੇ ਚਾਹੀਦੇ ਨੇ। ਤਾਂ ਜੋ ਮੁਕਾਬਲਾ ਹੁੰਦਾ ਰਹੇ। ਉਹਦਾ ਫਾਇਦਾ ਸਾਹਿਤ, ਸਾਹਿਤਕਾਰ ਤੇ ਪ੍ਰਕਾਸ਼ਕ ਸਾਰਿਆਂ ਦਾ ਹੋਵੇਗਾ।
ਕਿਸੇ ਪਰਚੇ ਦੇ ਥੋੜ੍ਹਾ ਜਾਂ ਬਹੁਤਾ ਛਪਣ ਜਾਂ ਵਿਕਣ ਨਾਲ ਉਹਦੇ ਗੁਣਾਂ ਔਗੁਣਾਂ ਦਾ ਫੈLਸਲਾ ਨਹੀਂ ਕੀਤਾ ਜਾ ਸਕਦਾ।… ਪੰਜਾਬੀ ਸਾਹਿਤਕ ਪੱਤਰਕਾਰੀ ’ਚ ਇਕ ਚੰਗੀ ਗੱਲ ਇਹ ਵੀ ਹੋ ਰਹੀ ਏ ਕਿ ਪਰਚੇ ਭਾਂਤ ਸੁਭਾਂਤੇ ਵਿਸ਼ਿਆਂ ’ਤੇ ਲਿਖਵਾਣ ਲੱਗੇ ਨੇ। ਸਾਹਿਤ ’ਚ ਵਾਰਤਕ ਜਾਂ ਨਾਨ ਫਿਕਸ਼ਨ ਰਚੀ ਜਾਣ ਲੱਗੀ ਏ। ਇਹ ਉਦੋਂ ਰਚੀ ਜਾਣ ਲੱਗਦੀ ਏ, ਜਦੋਂ ਲੇਖਕਾਂ ’ਚ ਸਿਆਣਪ ਵਧਦੀ ਹੁੰਦੀ ਏ।

ਲੇਖਕ ਦੀ ਜ਼ਾਤ ਪਾਤ

  ਇਸ ਗੱਲ ਤੋਂ ਤਾਂ ਸ਼ਾਇਦ ਤੁਸੀਂ ਵੀ ਇਨਕਾਰ ਨਾ ਕਰੋ ਕਿ ਲੇਖਕ ਤਾਂ ਕੀ ਕਿਸੇ ਵਿਅਕਤੀ ਦੀ ਪ੍ਰਤਿਭਾ ਵੀ ਉਸਦੀ ਜਨਮ ਜਾਤ ਨਾਲ ਨਾਲ ਨਹੀਂ ਬੱਝੀ ਹੋਈ। ਫੇਰ ਵੀ ਤੁਸੀਂ ‘ਲਕੀਰ’ ਦੇ ਲੇਖਕ- ਜ਼ਾਤ ਪਾਤ ਅੰਕ ਕੱਢਕੇ ਕੀ ਸਾਬਤ ਕਰਨਾ ਚਾਹਿਆ ਸੀ?
  ਮੈਂ ਲਕੀਰ ’ਚ ਜ਼ਾਤਾਂ ਬਰਾਦਰੀਆਂ ਦਾ ਜ਼ਿਕਰ ਵਾਰ ਵਾਰ ਕਰਦਾ ਹਾਂ। ਮੇਰਾ ਮਕਸਦ ਇਹ ਦੱਸਣਾ ਏ ਕਿ ਏਸ ਹਜ਼ਾਰਾਂ ਸਾਲ ਪੁਰਾਣੀ ਭਾਰਤੀ ਸੰਸਕ੍ਰਿਤੀ ਨੇ ਕੁਲ ਅਬਾਦੀ ਦੀ ਪੌਣੀ ਵਸੋਂ ਨੂੰ ਨੀਵੀਆਂ ਜਾਤਾਂ ਬਣਾ ਕੇ ਬਹੁਤ ਵੱਡਾ ਅਨਿਆਂ ਕੀਤਾ ਏ। ਏਸੇ ਲਈ ਮੈਂ ਇਹਨੂੰ ਗਲੀ ਸੜੀ ਸੰਸਕ੍ਰਿਤੀ ਕਹਿੰਦਾ ਹਾਂ। ਮਾਰਕਸਵਾਦੀਆਂ ਨੇ ਏਸ ਕੋਹੜ ਨੂੰ ਧਨ ਦੀ ਕਾਣੀ ਵੰਡ ਦੇ ਉਹਲੇ ’ਚ ਲੁਕਾ ਕੇ ਰੱਖਿਆ। ਮੈਂ ਸਭ ਤੋਂ ਪਹਿਲੀ ਕਹਾਣੀ ਏਸੇ ਵਿਸ਼ੇ ’ਤੇ ਲਿਖੀ ਸੀ। ਹੁਣ ਦਲਿਤ ਸਮਾਜ ਉੱਠ ਰਿਹਾ ਏ। ਕਿੱਡੀ ਵੱਡੀ ਸਚਾਈ ਏ ਕਿ ਸਾਰੇ ਦੇਸ ਦੀ ਸਿਆਸਤ ਹੁਣ ਜ਼ਾਤ ਬਰਾਦਰੀਆਂ ਦੁਆਲੇ ਘੁੰਮਣ ਲੱਗੀ ਹੋਈ ਏ। ਮੈਂ ਦਲਿਤ ਵਰਗਾਂ ਦੇ ਸੰਘਰਸ਼ ਦੀ ਹਿਮਾਇਤ ਕਰਦਾ ਹਾਂ।… ਜਦ ਮੈਂ ਜ਼ਾਤਾਂ ਦੀ ਗੱਲ ਕਰਦਾ ਹਾਂ ਤਾਂ ਕਈਆਂ ਦੇ ਭਰਾੜ ਐਵੇਂ ਖੁਲ੍ਹਣ ਲੱਗ ਪੈਂਦੇ ਨੇ।
ਜਦ ਮੈਂ ਅਪਣੇ ਸਾਹਿਤ ’ਚ ਜ਼ਾਤਾਂ ਬਰਾਦਰੀਆਂ ਵੱਲ ਧਿਆਨ ਕਰਦਾ ਹਾਂ ਤਾਂ ਮੈਂ ਇਹ ਸਮਝਦਾ ਹੁੰਦਾ ਹਾਂ ਕਿ ਬੰਦੇ ਦੀ ਸ਼ਖਸੀਅਤ ਦੇ ਕੁਝ ਬੁਨਿਆਦੀ ਗੁਣ ਔਗੁਣ ਜੀਨਜ਼ ਨਾਲ ਆਉਂਦੇ ਨੇ। ਕੁਝ ਅਸੀਂ ਉਹ ਸੰਸਕਾਰ ਵੀ ਨਾਲ ਲਈ ਫਿਰਦੇ ਹਾਂ, ਜਿਹੜੇ ਅਪਣੇ ਖਾਨਦਾਨ ਤੇ ਮਾਹੌਲ ’ਚ ਹੋਈ ਪਰਵਰਿਸ਼ ਤੋਂ ਮਿਲਦੇ ਨੇ। ਉਹ ਸੰਸਕਾਰ ਮੈਨੂੰ ਪਾਤਰਾਂ ਨੂੰ ਸੰਪੂਰਨ ਤੇ ਨਹੀਂ, ਕਿਸੇ ਸੀਮਾ ਤਕ ਸਮਝਣ ਲਈ ਸਹਾਇਤਾ ਕਰਦੇ ਨੇ।…ਜਦ ਕੋਈ ਕਹਿੰਦੈ ਕਿ ਦੇਖਿਆ, ਜੱਟ ਦਾ ਪੁੱਤ ਐ।… ਤਾਂ ਇਹਦਾ ਮਤਲਬ ਉਹਦੇ ਜੀਨਜ਼ ਤੇ ਸੰਸਕਾਰਾਂ ਵਾਲੇ ਗੁਣਾਂ ਤੋਂ ਹੁੰਦਾ ਏ। ਏਸੇ ਤਰ੍ਹਾਂ ਪੰਜਾਬ ਦੇ ਸੱਭਿਆਚਾਰ ਵਿਚ ਬਹੁਤ ਸਾਰੇ ਉਪ ਸੱਭਿਆਚਾਰ ਵੀ ਨੇ। ਹਰੇਕ ਦੇ ਸੰਸਕਾਰਾਂ ’ਚ ਕੁਝ ਨਾ ਕੁਝ ਫ਼ਰਕ ਜ਼ਰੂਰ ਹੁੰਦਾ ਏ।… ਇਹ ਖਾਸੀ ਬਰੀਕ ਗੱਲ ਏ। ਸਮਝਣ ਲਈ ਧਿਆਨ ਲਾਓਣਾ ਪੈਂਦਾ ਏ।
ਜੱਟ ਉਪ-ਸਭਿਆਚਾਰ ਵੀ ਸਵਰਨ ਜਾਤਾਂ ਦੇ ਹਥੋਂ ਪਹੁੰਚੇ ਦੁੱਖਾਂ ’ਚੋਂ ਪੈਦਾ ਹੋਇਆ ਏ। ਜੱਟ ਸਭ ਤੋਂ ਵੱਧ ਬ੍ਰਾਹਮਣਵਾਦ ਨੂੰ ਤੋੜਨ ਲਈ ਏਸ ਲਈ ਬੋਲਦਾ ਏ ਕਿ ਉਹਨੂੰ ਉਪਰਲੀਆਂ ਜਾਤਾਂ ਨੇ ਵਰਣ-ਵਿਵਸਥਾ ਵਿਚ ਸ਼ਾਮਲ ਹੀ ਨਹੀਂ ਕੀਤਾ ਸੀ। ਉਹ ਹੁਣ ਤੱਕ ਇਕ ਬਰਾਦਰੀ ਦੇ ਰੂਪ ’ਚ ਹੀ ਅਪਣੀ ਹਸਤੀ ਨੂੰ ਬਰਕਰਾਰ ਰੱਖਣ ਲਈ ਜ਼ਮੀਨ, ਜ਼ਬਾਨ ਤੇ ਕਲਮ ਵਾਹੁੰਦਾ ਏ। ਜਦੋਂ ਉਹਦਾ ਵੱਸ ਨਹੀਂ ਚੱਲਦਾ ਤਾਂ ਡਾਂਗ ਵਾਹੁੰਦਾ ਏ। ਵਿਰਕ ਕਹਿੰਦਾ ਹੁੰਦਾ ਸੀ ਡਾਂਗ ਵਾਹੁਣ ਦਾ ਕੰਮ ਬਹਾਦਰੀ ਦਾ ਨਹੀਂ। ਬਹਾਦਰ ਉਹ ਹੁੰਦਾ ਏ, ਜਿਹੜਾ ਵਿਗੜੇ ਹੋਏ ਮਾੜੇ ਹਾਲਾਤ ਦਾ ਮੁਕਾਬਲਾ ਕਰੇ। … ਮੇਰਾ ਖਿਆਲ ਏ ਕਿ ਸਲਫਾਸ ਖਾ ਕੇ ਮਰਨਾ ਉੱਕਾ ਕਾਇਰਤਾ ਏ। ਕੋਈ ਕੱਲੀ ਦੁਕੱਲੀ ਘਟਨਾ ਹੋਵੇ ਤਾਂ ਵੱਖਰੀ ਗੱਲ ਏ, ਬਹੁਤਿਆਂ ਦੇ ਮਰਨ ਦੇ ਮਾੜੇ ਸਿੱਟੇ ਨਿਕਲਦੇ ਨੇ।
ਵਿਰਕ ਕਹਿੰਦਾ ਹੁੰਦਾ ਸੀ ਕਿ ਜਾਤਾਂ ਦੀ ਸਚਾਈ ਸਾਡੇ ਲੁਕਾਇਆਂ ਖਤਮ ਤਾਂ ਕੀ ਹੋਣੀ ਏ, ਇਹ ਲੁਕੋਈ ਵੀ ਨਹੀਂ ਜਾ ਸਕਦੀ। ਫਿਰ ਕਿਉਂ ਨਾ ਸਾਫ਼ ਗੱਲ ਕਹਿਣ ਤੋਂ ਕੰਮ ਲੈਂਦਿਆਂ ਇਹਨਾਂ ਬਾਰੇ ਲਿਖਿਆ ਜਾਵੇ।
  ਆਧੁਨਿਕ ਸਮਿਆਂ ਵਿਚ ਸਮੁਚੇ ਪੰਜਾਬੀ ਸਾਹਿਤ ਨੂੰ ਪ੍ਰਵਾਸੀ ਲੇਖਕਾਂ ਨੇ ਅਪਣੇ ਧਨ ਦੇ ਜ਼ੋਰ ਨਾਲ ਪ੍ਰਵਾਸੀ ਖਾਨਿਆਂ ਵਿਚ ਫਿੱਟ ਕਰਵਾਇਆ ਹੈ। ਇਹਦੇ ਤੋਂ ਲਾਭ ਉਠਾਉਣ ਵਾਲੇ ਲੋਭੀ ਦੇਸੀ ਅਲੋਚਕਾਂ ਨੇ ਸਾਹਿਤ ਦਾ ਕਿੰਨਾ ਕੁ ਵਿਗਾੜਿਆ ਹੈ?
  ਪ੍ਰਵਾਸੀ ਲੇਖਕਾਂ ਨੇ ਸਾਹਿਤ ਰਚ ਕੇ, ਪੈਸੇ ਦੇ ਜ਼ੋਰ ਨਾਲ ਅਪਣੀ ਵਡਿਆਈ ਕਰਾ ਕੇ ਤੇ ਹੋਰ ਅਜਿਹੇ ਕੰਮ ਕਰ ਕੇ ਪੰਜਾਬੀ ਸਾਹਿਤ ਦਾ ਕੁਝ ਵੀ ਨਹੀਂ ਵਿਗਾੜਿਆ। ਸਗੋਂ ਸਵਾਰਿਆ ਇਹ ਏ ਕਿ ਜਿਵੇਂ ਪੰਜਾਬ ਦੀ ਉੱਨਤੀ ਲਈ ਉਹਨਾਂ ਦੇ ਧਨ ਦਾ ਰੋਲ ਏ, ਇਵੇਂ ਸਾਹਿਤ ਲਈ ਵੀ ਬੜਾ ਕੁਝ ਹੋ ਗਿਆ ਏ। ਕਿੰਨੇ ਹੀ ਪਰਚੇ ਛਪਣੇ, ਕਿਤਾਬਾਂ ਛਪਣੀਆਂ ਤੇ ਲੇਖਕਾਂ ਨੂੰ ਵਲੈਤਾਂ ਦੀਆਂ ਫੇਰੀਆਂ… ਇਹ ਸਭ ਕੁਝ ਠੀਕ ਏ। ਕਿੱਡਾ ਚੰਗਾ ਮੇਲਾ ਜਿਹਾ ਲੱਗਿਆ ਹੋਇਆ ਏ।… ਮੈਨੂੰ ਨਹੀਂ ਪਤਾ ਕਿ ਇਹਦੇ ਨਾਲ ਕਿਸੇ ਦਾ ਕੁਝ ਵਿਗੜਦਾ ਵੀ ਹੋਵੇਗਾ। ਸ਼ਾਇਦ ਹੋਵੇ, ਪਰ ਮੈਨੂੰ ਅਪਣਾ ਤਾਂ ਕੁਝ ਵਿਗੜਦਾ ਨਹੀਂ ਲੱਗਦਾ। ਤੇ ਨਾ ਈ ਸਾਹਿਤ ਦਾ ਕੁਠ ਖੁਰਦਾ ਲੱਗਦਾ ਏ।
  ਸੰਸਾਰੀਕਰਨ ਨਾਲ ਹੋ ਰਹੀ ਜ਼ਿਹਨੀ ਗੁਲਾਮੀ ਦਾ ਬੜਾ ਰੌਲਾ ਪੈ ਰਿਹਾ ਹੈ। ਏਸ ਰੌਲੇ ਦੇ ਬਹੁਤੇ ਮੁਦਈ ਕੌਣ ਹਨ ਤੇ ਤੁਹਾਡੇ ਅਨੁਸਾਰ ਇਸ ਪ੍ਰਕਿਰਿਆ ਨੂੰ ਰੋਕਿਆ ਵੀ ਜਾ ਸਕਦਾ ਹੈ ਤਾਂ ਕਿਵੇਂ?
  ਮੈਨੂੰ ਏਸ ਰਾਜਸੀ ਤੇ ਆਰਥਿਕ ਮਾਮਲੇ ਦੀ ਸਮਝ ਨਹੀਂ। ਜਦ ਮੈਨੂੰ ਏਸ ਜ਼ਿਹਨੀ ਗੁਲਾਮੀ ਦਾ ਹੀ ਪਤਾ ਨਹੀਂ ਤਾਂ ਮੈ ਰੋਕਣ ਦੀ ਜੁਗਤ ਕਿਵੇਂ ਦੱਸ ਸਕਦਾ ਹਾਂ।…

ਬੰਦੇ ਅੰਦਰ ਬੰਦਾ

  ਤੁਸੀਂ ਅਪਣੀਆਂ ਰਚਨਾਵਾਂ ਵਿਚ ਬੰਦੇ ਅੰਦਰੋਂ ਬੰਦਾ ਫੜਨ ਦਾ ਯਤਨ ਤੇ ਦਾਅਵਾ ਕਰਦੇ ਹੋ। ਕੀ ਬੰਦੇ ਅੰਦਰ ਕੇਵਲ ਉਹੀ ਬੰਦਾ ਹੁੰਦੈ ਜਿਹਨੂੰ ਤੁਸੀਂ ਫੜਿਆ ਹੈ?
  ਕਿਸੇ ਵੀ ਬੰਦੇ ਅੰਦਰ ਕੋਈ ਇਕ ਬੰਦਾ ਨਹੀਂ ਹੁੰਦਾ, ਕਈ ਹੁੰਦੇ ਨੇ। ਮੈਂ ਕਈਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਏ। ਮਾੜੀ ਮੋਟੀ ਸਫਲਤਾ ਮਿਲੀ ਵੀ ਏ। ਬਹੁਤ ਵਾਰ ਧੋਖਾ ਵੀ ਖਾਧਾ ਏ। ਮੈਂ ਉਹਨਾਂ ਸਾਰਿਆਂ ਨੂੰ ਫੜਨ ਦਾ ਦਾਅਵਾ ਕਿੱਥੇ ਕੀਤਾ ਏ। ਆਹ ਬੰਦਾ ਕਿਸੇ ਦੇ ਅੰਦਰ ਮੈਨੂੰ ਹੋਰ ਦਿਸ ਪਿਆ ਏ, ਜਿਹੜਾ ਹਵਾ ’ਚੋਂ ਫੜ ਕੇ ਗੱਲ ਕਿਸੇ ਦੇ ਨਾਂ ਨਾਲ ਜੋੜ ਲੈਂਦਾ ਏ। ਹੁਣ ਮੈਂ ਕਿਸੇ ਕਹਾਣੀ ’ਚ ਏਸ ਬੰਦੇ ਨੂੰ ਫੜਨ ਦੀ ਕੋਸ਼ਿਸ਼ ਕਰਾਂਗਾ।
  ਕਦੇ ਕੋਈ ਇਸ ਤਰ੍ਹਾਂ ਦਾ ਤਜਰਬਾ ਹੋਇਆ ਜਦੋਂ ਬੰਦੇ ਅੰਦਰੋਂ ਬੰਦਾ ਫੜਨ ਦੇ ਮਾਮਲੇ ਵਿਚ ਤੁਸੀਂ ਅਪਣੇ ਆਪ ਨੂੰ ਲਾਚਾਰ ਮਹਿਸੂਸ ਕੀਤਾ ਹੋਵੇਗ਼ਾ।
  ਕੋਈ ਇਕ ਵਾਰੀ ? ਅਕਸਰ ਇਹੋ ਹੁੰਦਾ ਏ। ਮੈਨੂੰ ਲੱਗਦਾ ਏ ਕਿ ਮੈਂ ਬੰਦਾ ਫੜ ਲਿਆ ਏ। ਪਰ ਜਦੇ ਪਤਾ ਲੱਗਦਾ ਏ ਕਿ ਉਹ ਬੰਦਾ ਅਪਣਾ ਰੂਪ ਬਦਲ ਕੇ ਤਿਲ੍ਹਕ ਕੇ ਨਿਕਲ ਗਿਆ ਹੁੰਦਾ ਏ ਤੇ ਦੂਰ ਖੜ੍ਹਾ ਮੇਰਾ ਮਜ਼ਾਕ ਉਡਾ ਰਿਹਾ ਹੁੰਦਾ ਏ। … ਮੈਂ ਫੇਰ ਉੁਹਨੂੰ ਫੜਨ ਦੇ ਆਹਰ ’ਚ ਲੱਗ ਜਾਂਦਾ ਹਾਂ। ਇਵੇਂ ਕਹਾਣੀਆਂ ਲਿਖ ਹੋਈ ਜਾਂਦੀਆਂ ਨੇ। ਜੇ ਉਹ ਸਾਰੇ ਬੰਦੇ ਮੇਰੇ ਕੋਲੋਂ ਫੜ ਹੋ ਜਾਣ ਤਾਂ ਫੇਰ ਮੇਰਾ ਬੇੜਾ ਬਹਿ ਜਾਣਾ ਏ। ਕਹਾਣੀਆਂ ਲਿਖਣ ਦਾ ਕੰਮ ਠੱਪ ਹੋ ਜਾਣਾ ਏ।
  ਤੁਸੀਂ ਅਕਸਰ ਅਪਣੇ ਕਿਰਦਾਰਾਂ ਦੇ ਨਾਕਾਰਾਤਮਕ ਪੱਖਾਂ ਨੂੰ ਫੋਕਸ ਕਰਨ ਵਿਚ ਵਧੇਰੇ ਦਿਲਚਸਪੀ ਵਿਖਾਉਂਦੇ ਹੋ, ਅਜਿਹਾ ਕਿਉਂ?
  ਨਕਾਰਾਤਮਕ ਪੱਖ ਨਾ ਵਿਖਾਵਾਂ ਤਾਂ ਕਹਾਣੀ ਹੀ ਨਹੀਂ ਬਣ ਸਕਦੀ। ਪੱਖ ਦੋ ਨਹੀਂ, ਸਾਰੇ ਲੱਭਣੇ ਤੇ ਵਿਖਾਓਣੇ ਪੈਂਦੇ ਨੇ। ਇਥੇ ਤੁਸੀਂ ਕਿਸੇ ਕਹਾਣੀ ਦਾ ਜ਼ਿਕਰ ਕੀਤਾ ਹੁੰਦਾ ਤਾਂ ਮੈਂ ਦੱਸਦਾ ਕਿ ਦੂਜੇ ਪੱਖ ਕਿਹੜੇ ਨੇ। ਹੋ ਸਕਦਾ ਏ ਕਿ ਤੁਸੀਂ ਜਿਨ੍ਹਾਂ ਪੱਖਾਂ ਨੂੰ ਨਕਾਰਤਮਕ ਸਮਝਦੇ ਹੋਵੋਂ, ਉਹ ਮੇਰੇ ਲਈ ਸਕਾਰਤਮਕ ਹੋਣ।

ਸੋਧ ਸੁਧਾਈ

  ਅਪਣੀ ਰਚਨਾ ਦੀ ਤੁਸੀਂ ਕਿੰਨੀ ਕੁ ਸੋਧ ਸੁਧਾਈ ਕਰਦੇ ਹੋ?
  ਆਮ ਤੌਰ ’ਤੇ ਹਰੇਕ ਕਹਾਣੀ ਤਿੰਨ ਜਾਂ ਚਾਰ ਵਾਰ ਤਾਂ ਸੁਧਾਈ ਮੰਗਦੀ ਏ। ਕਦੇ ਜਦ ਫੇਰ ਵੀ ਤੱਸਲੀ ਨਾ ਹੋਵੇ ਤਾਂ ਮੈਂ ਪੰਜਵੀ ਵੀ ਕਰ ਲੈਂਦਾ ਹਾਂ।… ਕਦੇ ਤਾਂ ਛਪਣ ਦੇ ਬਾਅਦ ਵੀ ਸੋਧ ਕਰ ਲੈਂਦਾ ਹਾਂ। ਇਕ ਕਹਾਣੀ ‘ਗੜ੍ਹੀ’ ਮੈਂ ਕਈ ਵਾਰ ਲਿਖੀ। ਉਹਦੇ ਦੋ ਵਰਸ਼ਨ ਹੁਣ ਵੀ ਮੇਰੇ ਕੋਲ ਨੇ। ਮੇਰੇ ਦੋਸਤਾਂ ਨੂੰ ਇਹ ਫੈਸਲਾ ਕਰਨਾ ਔਖਾ ਹੋ ਗਿਆ ਸੀ ਕਿ ਕਿਹੜਾ ਰੱਖਿਆ ਜਾਵੇ ਤੇ ਕਿਹੜਾ ਰੱਦ ਕੀਤਾ ਜਾਵੇ। ਕਈ ਕਹਾਣੀਆਂ ਇਕ ਸਿਟਿੰਗ ‘ਚ ਵੀ ਲਿਖੀਆਂ ਗਈਆਂ। ਸੁਧਾਈ ਦੀ ਲੋੜ ਹੀ ਨਹੀਂ ਪਈ।
  ਤੁਸੀਂ ‘ਨਿੱਕੀਆਂ ਤੇ ਤਿੱਖੀਆਂ’ ਵਿਚ ਯਕੀਨ ਰੱਖਦੇ ਹੋ। ਲੰਮੀ ਕਹਾਣੀ ਜਾਂ ਨਾਵਲ ਲਿਖਣ ਜੋਗਾ ਤੁਹਾਡੇ ਵਿਚ ਸਬਰ ਨਹੀਂ। ਕੀ ਇਹ ਘਾਟ ਕਦੇ ਮਨ ਵਿਚ ਰੜਕੀ ਵੀ ਹੈ?
  ਮੈਂ ਕਹਾਣੀ ਲਿਖਣ ਤੋਂ ਪਹਿਲਾਂ ਕਦੇ ਵੀ ਇਹ ਤੈਅ ਨਹੀਂ ਕਰ ਸਕਦਾ ਕਿ ਇਹ ਤਿੰਨ ਚਾਰ ਸਫਿਆਂ ਦੀ ਹੋਵੇਗੀ ਜਾਂ ਚੌਦਾਂ ਸਫਿਆਂ ਦੀ। ਇਹ ਤਾਂ ਕਹਾਣੀ ਦੀਆਂ ਘਟਨਾਵਾਂ ਤੇ ਕੇਂਦਰੀ ਸੋਚ ਆਪੇ ਜਦ ਕਿਤੇ ਜਾਕੇ ਤੱਸਲੀ ਮਹਿਸੂਸ ਕਰਦੀ ਏ ਤਾਂ ਕਹਾਣੀਂ ਮੁੱਕ ਜਾਦੀ ਏ। ਮੇਰੀਆਂ ਕੁਝ ਕਹਾਣੀਆਂ ਤਿੰਨ ਜਾਂ ਚਾਰ ਸਫਿਆਂ ਦੀਆਂ ਵੀ ਨੇ ਤੇ ਕੁਝ ਬਾਰਾਂ ਜਾਂ ਚੌਦਾਂ ਸਫਿਆਂ ਦੀਆਂ।
ਇਹ ਠੀਕ ਏ ਕਿ ਮੇਰੇ ’ਚ ਬਹੁਤ ਲੰਮੀ ਕਹਾਣੀ ਜਾਂ ਨਾਵਲ ਲਿਖਣ ਦਾ ਸਬਰ ਨਹੀਂ। ਮੈਂ ਤਾਂ ਏਨੀ ਲੰਮੀ ਗਲਪ ਪੜ੍ਹ ਵੀ ਨਹੀਂ ਸਕਦਾ। ਸਿਰਜਕ ਲਈ ਰਚਨਾ ਦਾ ਲੰਮੀ ਜਾਂ ਛੋਟੀ ਹੋਣ ਦਾ ਕੋਈ ਅਰਥ ਨਹੀਂ ਹੁੰਦਾ। ਇਹ ਤਾਂ ਛਾਪਣ ਵਾਲਾ ਸੰਪਾਦਕ ਜਾਂ ਪ੍ਰਕਾਸ਼ਕ ਦੇਖਦਾ ਏ।
  ਕੀ ਹੁਣ ਕਿਸੇ ਹੋਰ ਵਡੇਰੀ ਰਚਨਾ ‘ਤੇ ਵੀ ਹੱਥ ਅਜ਼ਮਾਉਣ ਦਾ ਇਰਾਦਾ ਹੈ ?
  ਨਹੀਂ, ਬਿਲਕੁਲ ਨਹੀਂ। ਮੈ ਚਾਰ ਕੁ ਸਾਲ ਪਹਿਲਾਂ ‘ਅਗਿਆਤਵਾਸ’ ਦੇ ਨਾਂ ਨਾਲ ਇਕ ਲੰਮੀ ਕਹਾਣੀ ਲਿਖਣੀ ਸ਼ੁਰੂ ਕੀਤੀ ਸੀ। ਅੱਕ ਗਿਆ ਤਾਂ ਬੰਦ ਕਰ ਦਿੱਤੀ। ਫੇਰ ਮੈਂ ਅਜਿਹੇ ਨੋਟਸ ਵਾਲੀ ਇਕ ਕਹਾਣੀ ਦੇ ਟੁਕੜੇ ਫੂਕ ਵੀ ਦਿੱਤੇ। ਮੈਂ ਕੁਝ ਸਮੇਂ ਬਾਅਦ ਲਿਖਣੋਂ ਰੁਕੀਆਂ ਹੋਈਆਂ ਰਚਨਾਵਾਂ ਫੂਕ ਦਿਆ ਕਰਦਾ ਹਾਂ।… ਹੁਣ ਮਹੀਨਾ ਕੁ ਪਹਿਲਾਂ ਏਸ ਨਾਂ ਦੀ ਕਹਾਣੀ ਦਾ ਇਕ ਨੁਸਖਾ ਹੋਰ ਲੱਭ ਪਿਆ। ਮੈਂ ਫੇਰ ਲਿਖਣ ਲੱਗ ਪਿਆ। ਹੁਣ ਸ਼ਾਇਦ ਇਹ ਲਿਖੀ ਹੀ ਜਾਵੇ। ਮੈਂ ਇਹਦੇ ਵਿਚ ਇਕ ਹੋਰ ਕਹਾਣੀ ਦੇ ਪਾਤਰ ਸ਼ਾਮਲ ਕਰ ਲਏ ਨੇ।… ਮੈਂ ਨਾਵਲ ਤਾਂ ਲਿਖ ਹੀ ਨਹੀਂ ਸਕਦਾ। ਹਰੇਕ ਕੰਮ ਕਾਹਲਾ ਕਰਨ ਦੀ ਆਦਤ ਪਈ ਹੋਈ ਏ।

ਮੌਤ ਦਾ ਡਰ

  ਤੁਹਾਨੂੰ ਮੌਤ ਤੋਂ ਕਿੰਨਾ ਕੁ ਡਰ ਲਗਦਾ ਹੈ?
  ਹਾਂ, ਮੌਤ ਤੋਂ ਡਰ ਤਾਂ ਲੱਗਦਾ ਏ। ਪਰ ਪਹਿਲਾਂ ਨਾਲੋਂ ਘਟ ਗਿਆ ਏ। ਸ਼ਾਇਦ ਮੈਂ ਭਾਣਾ ਮੰਨ ਲਿਆ ਏ।… ਪਰ ਕੁਝ ਹੋਰ ਵੱਧ ਗਏ ਨੇ। ਜਿਵੇਂ ਸਫਰ ਕਰਦਿਆਂ ਅਚਾਨਕ ਬੀਮਾਰ ਹੋਣ ਦਾ ਡਰ। ਤੁਰਦੇ ਫਿਰਦਿਆਂ ਡਿੱਗ ਪੈਣ ਦਾ ਡਰ।… ਕਿਸੇ ਬੇਵਕੂਫ ਹੱਥੋਂ ਬੇਇੱਜ਼ਤੀ ਹੋਣ ਦਾ ਡਰ। ਖੰਨੇ ਜਾਂ ਪਹੋਹੇ ਵਸਦੇ ਭਾਈਆਂ ਦੇ ਘਰੋਂ ਕਿਸੇ ਮਾੜੀ ਖਬਰ ਆਓਣ ਦਾ ਡਰ। ਮਨ ਦੇ ਜੋਸ਼ ’ਚ ਆਓਣ ’ਤੇ ਬਲੱਡ ਪ੍ਰੈਸ਼ਰ ਦੇ ਵਧਣ ਦਾ ਡਰ।… ਮੌਤ ਤੋਂ ਇਲਾਵਾ ਹੋਰ ਵੀ ਕਈ ਡਰ ਲੱਗਦੇ ਨੇ। ਅਪਣੇ ਜਿਸਮ ਦੀ ਕਮਜ਼ੋਰੀ ਕਰ ਕੇ ਕਿਸੇ ਨਾਲ ਹੱਥੋਪਾਈ ਹੋਣ ਤੇ ਡਿੱਗਣ ਦਾ ਡਰ। ਹੁਣ ਸੋਹਣੀਆਂ ਜਨਾਨੀਆਂ ਦੇਖਣ ਲਈ ਓਮ ਪ੍ਰਕਾਸ਼ ਪਨਾਹਗੀਰ ਨਾਲ ਬਜ਼ਾਰਾਂ ’ਚ ਘੁੰਮਣ ਨਹੀਂ ਜਾਂਦਾ। ਮੈਂ ਹੁਣ ਬੇਮੁਹਾਰ ਹੋ ਕੇ ਕਿਸੇ ਦੇ ਘਰ ਵੱਲ ਆਪ ਨਹੀਂ ਮੁੜਦਾ, ਜਿਵੇਂ ਪਹਿਲਾਂ ਧੱਕੇ ਨਾਲ ਮੁੜ ਜਾਂਦਾ ਸੀ !
  ਕੀ ਤੁਹਾਡੇ ਅਨੁਸਾਰ ਮੌਤ ਅੰਤਮ ਸੱਚ ਹੈ ਜਾਂ ਨਹੀਂ?
  ਮੈਂ ਇਹ ਨਹੀਂ ਮੰਨਦਾ ਕਿ ਏਸ ਸੰਸਾਰ ਦਾ ਰਚਣਹਾਰਾ ਕੋਈ ਜ਼ਰੂਰ ਏ। …. ਮੈਂ ਏਸ ਸੰਸਾਰ ਨੂੰ ਸੁਅੰਮਭੂ ਸਮਝਦਾ ਹਾਂ। ਇਹ ਆਪੇ ਪੈਦਾ ਹੋਇਆ ਏ ਤੇ ਇਹਦਾ ਵਿਨਾਸ਼ ਵੀ ਇਹਦੀ ਅਪਣੀ ਪ੍ਰਕਿਰਤੀ ਕਰ ਕੇ ਹੋ ਜਾਣਾ ਏ।…. ਕਿਸੇ ਪਰਮਾਤਮਾ ਨੇ ਬੰਦੇ ਨੂੰ ਨਹੀਂ ਬਣਾਇਆ ਬਲਕਿ ਬੰਦੇ ਨੇ ਪਰਮਾਤਮਾ ਨੂੰ ਬਣਾਇਆ ਏ। ਫੇਰ ਹੋਰ ਏਨੇ ਦੇਵੀ ਦੇਵਤੇ ਘੜੇ ਬੰਦੇ ਨੇ। ਉਹਨਾਂ ਨੂੰ ਚੇਤਨਾ ਦਿੱਤੀ। ਸ਼ਕਤੀਆਂ ਪ੍ਰਦਾਨ ਕੀਤੀਆਂ। ਉਹਨਾਂ ਦੀਆਂ ਕਹਾਣੀਆਂ ਰਚੀਆਂ। ਤੇ ਫੇਰ ਬੰਦਾ ਆਪ ਈ ਉਹਨਾਂ ਦੀਆਂ ਸ਼ਕਤੀਆਂ ਤੋਂ ਡਰਨ ਲੱਗ ਪਿਆ। ਸ਼ਕਤੀ ਦਾ ਇਹ ਰਹੱਸ ਬੰਦੇ ਨੇ ਆਪ ਪੈਦਾ ਕੀਤਾ, ਪਰ ਉਹ ਆਪ ਈ ਵਿਚ ਫਸ ਕੇ ਰਹਿ ਗਿਆ।….
ਇਹ ਮੌਤ ਵੀ ਅੰਤਮ ਸੱਚ ਨਹੀਂ। ਹਿੰਦੂ ਦਰਸ਼ਨ ਮੌਤ ਨੂੰ ਅੰਤ ਨਹੀਂ ਮੰਨਦਾ, ਮੁੱਢ ਮੰਨਦਾ ਏ। ਇਹ ਤਾਂ ਰੁਕਣਾ ਏ ਕੁਝ ਪਲ। ਏਸ ਚੋਲੇ ਰੂਪੀ ਸਰੀਰ ਵਿਚੋਂ ਮਨ ਤੇ ਆਤਮਾ ਨੇ ਤੁਰ ਜਾਣਾ ਏ ਕਿਸੇ ਨਵੇਂ ਚੋਲੇ ਨੂੰ ਧਾਰਨ ਕਰਨ ਲਈ। … ਮੌਤ ਨੂੰ ਸੱਚ ਤੇ ਜੀਵਨ ਨੂੰ ਝੂਠ ਕਹਿਣ ਵਾਲੇ ਨਿਰਾਸ਼ਾਵਾਦੀ ਲੋਕ ਨੇ। ਜਿਹੜੇ ਜੀਵਨ ਨੂੰ ਮੌਤ ਸਮਾਨ ਹੀ ਸਮਝਦੇ ਨੇ।
  ਮਰਨਾ ਕਿਹੜੇ ਸ਼ਹਿਰ ਜਾਂ ਘਰ ’ਚ ਜਾ ਕੇ ਐ?
  ਮਰਨ ਦਾ ਕੀ ਏ? ਕਿਤੇ ਵੀ ਹੋਵੇ! ਮੇਰੇ ਲਈ ਕਿਸੇ ਥਾਂ ਦੀ ਕੋਈ ਅਹਿਮੀਅਤ ਨਹੀਂ। ਖੰਨਾ ਹੋਵੇ ਜਾਂ ਜਲੰਧਰ ਜਾਂ ਬੱਸ ਜਾਂ ਟਰੇਨ। ਕੀ ਫਰਕ ਪੈਂਦਾ ਏ? … ਮੈਨੂੰ ਕਈ ਵਾਰ ਹੈਰਾਨੀ ਹੁੰਦੀ ਏ ਇਸਮਤ ਚੁਗ਼ਤਾਈ ਦੀ ਇਹ ਵਸੀਅਤ ਯਾਦ ਕਰ ਕੇ ਕਿ ਉਹਨੂੰ ਦਫਨ ਕਰਨ ਦੀ ਥਾਂ ਫੂਕਿਆ ਜਾਵੇ। ਕਿਉਂਕਿ ਉਹਨੂੰ ਕਬਰ ’ਚ ਚੰਬੜਨ ਵਾਲੇ ਕੀੜਿਆਂ ਤੋਂ ਡਰ ਲੱਗਦਾ ਏ। … ਜਾਂ ਮੇਰੇ ਸ਼ਰੀਰ ਦਾ ਇਹ ਕਰਨਾ ਜਾਂ ਉਹ ਕਰਨਾ। ਕੀ ਫਰਕ ਪੈਂਦਾ ਏ ਮਿੱਟੀ ਨੂੰ। ਸਾਂਭਣ ਵਾਲਿਆਂ ਦੀ ਮਰਜ਼ੀ ਚੱਲਣੀ ਚਾਹੀਦੀ ਏ। ਮਰਨ ਬਾਅਦ ਵੀ ਅਪਣੀ ਮਰਜ਼ੀ ਚਲਾਓਣਾ ਅਜੀਬ ਲੱਗਦਾ ਏ।…. ਉਂਜ ਮੈਂ ਏਸ ਵਿਸ਼ੇ ’ਤੇ ਕਹਾਣੀ ‘ਮੋਹੜੀ’ ਲਿਖੀ ਏ। ਉਹ ਮੈਨੂੰ ਅਪਣੇ ਦਾਦੇ ਤੇ ਹੋਰ ਬਜ਼ੁਰਗਾਂ ਦੀਆਂ ਗੱਲਾਂ ਸੁਣ ਕੇ ਸੁਝੀ ਸੀ।… ਪਰ ਉਹਦੇ ਅੰਤ ਵਾਲੀ ਇਹ ਗੱਲ ਹੁਣ ਵੀ ਮੇਰੇ ਮਨ ’ਚ ਏ ਕਿ ਨਾਇਕ ਦਾ ਖੰਨੇ ਵਾਲਾ ਸਾਂਝਾ ਖੋਲ਼ਾ ਵੇਚਣ ਨੂੰ ਦਿਲ ਨਹੀਂ ਕਰਦਾ। ਜਾਂ ਵੇਚਣ ਨੂੰ ਕਹਿ ਦੇਣ ਲਈ ਦਿਲ ਨਹੀਂ ਕਰਦਾ। ਹਾਲਾਂਕਿ ਖੰਨੇ ਮੇਰਾ ਕੋਈ ਖੋਲ਼ਾ ਨਹੀਂ।
  ਨੇੜਲੇ ਭਵਿੱਖ ਵਿਚ ਤੁਹਾਡੀਆਂ ਲਿਖਣ ਦੀਆਂ ਕੀ ਯੋਜਨਾਵਾਂ ਹਨ?
  ਕਹਾਣੀ ਲਿਖਾਂਗਾ, ਜਦ ਉਹ ਮੈਨੂੰ ਧੱਕੇ ਮਾਰ ਕੇ ਮਜਬੂਰ ਕਰ ਦੇਵੇਗੀ। …ਨਾਵਲਿਟ ਵਰਗੀ ਇਕ ਰਚਨਾ ਅਪਣੇ ਦਾਦੇ ਦੇ ਟੱਬਰ ਤੋਂ ਸ਼ਰੂ ਕਰ ਕੇ ਅਪਣੇ ਖੰਨੇ ਰਹਿਣ ਤਕ ਦੀ ਜ਼ਿੰਦਗੀ ਬਾਰੇ ਲਿਖਣ ਨੂੰ ਦਿਲ ਕਰਦਾ ਏ। ਮੈਂ ਪੰਜਾਬੀ ’ਚ ਖੱਤਰੀਆਂ ਦੇ ਸ਼ਾਹੂਕਾਰ ਤੇ ਜ਼ਿਮੀਂਦਾਰ ਪਰਿਵਾਰ ਦੀ ਕਹਾਣੀ ਕਦੇ ਕਿਤੇ ਨਹੀਂ ਪੜ੍ਹੀ। ਜੱਟਾਂ ਤੇ ਹੋਰ ਜ਼ਾਤਾਂ ਦੇ ਲੋਕਾਂ ਨੇ ਇਹਨਾਂ ਨੂੰ ਨਫਰਤ ਨਾਲ ਪੇਸ਼ ਕੀਤਾ ਏ। ਮੈਂ ਪੰਜਾਬੀ ਪਾਠਕਾਂ ਨੂੰ ਅਸਲੀ ਤਸਵੀਰ ਦਿਖਾਓਣਾ ਚਾਹੁੰਦਾ ਹਾਂ।
(ਹੁਣ ਚਾਹ ਦਾ ਇਕ ਦੌਰ ਹੋਰ ਹੋ ਜਾਵੇ ਜਾਂ ਕੌਫੀ ਦਾ।…. ਏਨੀ ਕਾਹਲ ਨਾ ਕਰੋ।… ਦੇਖੋ ਭਾਈ ਆਪਾਂ ਗੱਲਾਂ ਕਰਦੇ ਕਈ ਕੌੜੇ ਕਸੈਲੇ ਸ਼ਬਦ ਕਹਿ ਜਾਂਦੇ ਹਾਂ। ਉਹਨਾਂ ਨੂੰ ਆਪਾਂ ‘ਹੋਊ ਪਰੇ’ ਕਹਿ ਦੇਣਾ ਏ। ਪਾਠਕ ਵੀ ਸਾਨੂੰ ਕਿਸੇ ਚੁਭਵੇਂ ਸ਼ਬLਦ ਬਾਰੇ ਮਾਫ ਕਰਨ। … ਅਸੀਂ ਕਹੱਤਰੇ ਬਹੱਤਰੇ ਬੜਾ ਕੁਝ ਬੋਲ ਜਾਂਦੇ ਹਾਂ। )

ਵੱਲੋਂ ਅਵਤਾਰ ਜੰਡਿਅਲਵੀ, ਸੁਸ਼ੀਲ ਦੁਸਾਂਝ

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!