ਮਾਊਂਟ-ਬੇਟਨ ਦੀ ਬੇਈਮਾਨੀ – ਹਰਭਜਨ ਸਿੰਘ ਹੁੰਦਲ

Date:

Share post:

ਪਰੂੰ-ਪਰਾਰ ਮੈਨੂੰ ਦੇਸ਼ ਵੰਡ ਨਾਲ ਅਪਣੀਆਂ ਯਾਦਾਂ ਦੀ ਪੁਸਤਕ ਲਿਖਦਿਆਂ ਇਹ ਜਾਨਣ ਤੇ ਸਮਝਣ ਦੀ ਉਤਸੁਕਤਾ ਸੀ ਕਿ ਦੇਸ਼ ਵੰਡ ਦਾ ਦੁਖਾਂਤ ਵਾਪਰਿਆ ਕਿਉਂ? ਸਿੱਟੇ ਵਜੋਂ ਪੁਸਤਕ ”ਸੰਨ ਸੰਤਾਲੀ ਦੇ ਦਿਨ’’ ਨੂੰ ਮੁਕੰਮਲ ਕਰਦਿਆਂ ਮੈਂ ਉਸ ਵਿੱਚ ਇਸ ਵਿਸ਼ੇ ਨਾਲ ਸਬੰਧਤ ਇੱਕ ਕਾਂਡ ਲਿਖਿਆ ਸੀ, ਜਿਸ ਦਾ ਸਿਰਲੇਖ ਸੀ, ”ਸੇਹ ਦੇ ਤੱਕਲੇ’’। ਇਸ ਗੁੰਝਲ ਨੂੰ ਸਮਝਣ ਲਈ ਮੈਨੂੰ ਦੇਸ਼ ਵੰਡ ਨਾਲ ਸਬੰਧਤ ਕਈ ਪੁਸਤਕਾਂ ਪੜ੍ਹਨੀਆਂ ਪਈਆਂ, ਸਿੱਟੇ ਵਜੋਂ ਮੈਨੂੰ ਵੰਡ ਨਾਲ ਸਬੰਧਤ ਕਈ ਨਵੇਂ ਤੱਥਾਂ ਦਾ ਪਤਾ ਲੱਗਾ। ਜਦੋਂ ਮੈਂ ਇਹ ਪੁਸਤਕ ਮੁਕੰਮਲ ਕਰ ਕੇ ਛਪਣ ਲਈ ਦੇ ਦਿੱਤੀ ਤਾਂ ਮੇਰੇ ਦੋਸਤ ਗੁਰਦਿਆਲ ਬੱਲ ਨੇ ਵੰਡ ਦੇ ਵਿਸ਼ੇ ਨਾਲ ਸਬੰਧਤ ਅਪਣੀ ਨਿੱਜੀ ਲਾਇਬ੍ਰੇਰੀ ਵਿਚੋਂ ਇਕ ਅਜਿਹੀ ਪੁਸਤਕ ਲੱਭ ਕੇ ਮੈਨੂੰ ਭੇਜੀ ਜਿਸ ਵਿਚਲੇ ਤੱਥਾਂ ਨੂੰ ਪੜ੍ਹ ਕੇ ਮੈਂ ਹੈਰਾਨ ਰਹਿ ਗਿਆ। ਮੈਂ ਸੋਚਿਆ, ਇਨ੍ਹਾਂ ਤੱਥਾਂ ਦਾ ਨਾ ਪੰਜਾਬ ਦੇ ਆਮ ਲੋਕਾਂ ਨੂੰ ਪਤਾ ਹੈ ਤੇ ਨਾ ਹੀ ਇਸ ਵਿਸ਼ੇ ਉੱਤੇ ਕੰਮ ਕਰਦੇ ਖੋਜੀਆਂ ਅਤੇ ਇਤਿਹਾਸਕਾਰਾਂ ਨੂੰ।
ਇਸ ਪੁਸਤਕ ਦਾ ਨਾਂ ਹੈ, Partition of India : Legend and Reality ਤੇ ਇਸ ਦੇ ਲੇਖਕ ਦਾ ਨਾਂ ਹੈ H.M. Seervai। ਇਹ ਪੁਸਤਕ Emmenem Publication Bombay ਵੱਲੋਂ 1989 ਵਿਚ ਛਪੀ ਸੀ। ਇਸ ਦਾ ਲੇਖਕ ਉੱਘਾ ਕਾਨੂੰਨਦਾਨ ਤੇ ਕਈ ਸਾਲ (1952-74) ਮਹਾਰਾਸ਼ਟਰ ਦਾ ਐਡਵੋਕੇਟ ਜਨਰਲ ਰਹਿ ਚੁੱਕਾ ਸੀ। ਉਹਨੇ ਕਾਨੂੰਨ ਨਾਲ ਸਬੰਧਤ ਕਈ ਬੜੀਆਂ ਮਹੱਤਵਪੂਰਨ ਪੁਸਤਕਾਂ ਲਿਖੀਆਂ ਸਨ ਅਤੇ ਉਹ ਵਿਦਿਆਰਥੀ ਜੀਵਨ ਸਮੇਂ ਬੜਾ ਲਾਇਕ ਵਿਦਿਆਰਥੀ ਸਮਝਿਆ ਜਾਂਦਾ ਹੈ। ਉਸ ਦਾ ਜਨਮ ਬੰਬਈ ਵਿਚ 5 ਦਸੰਬਰ 1906 ਵਿਚ ਹੋਇਆ ਸੀ।
ਸੀਰਵਾਈ ਨੇ ਵੰਡ ਨਾਲ ਸਬੰਧਤ ਅਤੇ ਅੰਗ੍ਰੇਜ਼ੀ ਹਕੂਮਤ ਵੱਲੋਂ ਕਈ ਜਿਲਦਾਂ ਵਿੱਚ ਛਾਪੀ ਕਿਤਾਬ Transfer of Power ਨਾਲ ਪੜ੍ਹੀ ਤੇ ਵਿਚਾਰੀ ਸੀ ਅਤੇ ਇਸ ਪੁਸਤਕ ਦੀ ਯੀੀ ਜਿਲਦ ਵਿਚ ਛਾਪੇ ਤੱਥਾਂ ਨੂੰ ਪੜ੍ਹ ਕੇ ਉਹ ਚਕ੍ਰਿਤ ਰਹਿ ਗਿਆ ਸੀ। ਇਹ ਤੱਥ ਅੱਜ ਤੀਕ ਖੋਜੀਆਂ ਦੀ ਨਜ਼ਰ ਵਿਚ ਨਹੀਂ ਸੀ ਆਏ।
ਉਂਝ ਤਾਂ ਉਸ ਦੀ ਸਾਰੀ ਪੁਸਤਕ ਹੀ ਬੜੀ ਡੂੰਘੀ ਖੋਜ ਤੇ ਸੂਝ ਦਾ ਸਿੱਟਾ ਹੈ, ਪਰ ਵੰਡ ਨਾਲ ਸਬੰਧਤ ਉਹ ਭਾਗ ਸਾਡੇ ਲਈ ਖਾਸ ਤੌਰ ’ਤੇ ਦਿਲਚਸਪ ਹੈ, ਜਿੱਥੇ ਉਹ ਪੰਜਾਬ ਦੀ ਵੰਡ ਬਾਰੇ ਭਾਰਤ ਦੇ ਵਾਇਸਰਾਏ ਲਾਰਡ ਮਾਊਂਟ ਬੇਟਨ ਦੀ ਜਾਣ ਬੁਝ ਕੇ ਕੀਤੀ ਬੇਈਮਾਨੀ ਨੂੰ ਫੜ ਲੈਂਦਾ ਹੈ।
ਉਸ ਸਮੇਂ ਇਹ ਸਵਾਲ ਬੜਾ ਮਹੱਤਵਪੂਰਨ ਸੀ ਕਿ ਦੇਸ਼-ਵੰਡ ਦਾ ਦਿਨ ਅੰਗਰੇਜ਼ਾਂ ਨੇ ਜੂਨ 1948 ਦੇ ਨਿਸ਼ਚਿਤ ਕੀਤੇ ਦਿਨ ਨੂੰ ਛੱਡ ਕੇ, 15 ਅਗਸਤ 1947 ਨੂੰ ਕਿਉਂ ਚੁਣਿਆ? ਜੂਨ 1948 ਦਾ ਸਾਲ ਬਰਤਾਨਵੀ ਸਰਕਾਰ ਨੇ ਚੁਣਿਆ ਸੀ ਕਿ ਇਸ ਸਮੇਂ ਤੀਕ ਭਾਰਤ ਦੀ ਤਾਕਤ ਭਾਰਤੀ ਆਗੂਆਂ ਨੂੰ ਸੌਂਪ ਦਿੱਤੀ ਜਾਵੇ। ਫਿਰ ਲਾਰਡ ਮਾਊਂਟਬੇਟਨ ਨੂੰ ਕੀ ਬਿਪਤਾ ਪਈ ਸੀ ਕਿ ਉਹ ਜੂਨ 1948 ਦੀ ਥਾਂ 15 ਅਗਸਤ 1947 ਕਰ ਲਵੇ। ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਪੰਡਤ ਜਵਾਹਰ ਲਾਲ ਨਹਿਰੂ ਚਾਹੁੰਦਾ ਸੀ ਕਿ ਦੇਸ਼ ਛੇਤੀ ਤੋਂ ਛੇਤੀ ਆਜ਼ਾਦ ਹੋ ਜਾਵੇ, ਪਰ ਵੰਡ ਨਾਲ ਸਬੰਧਤ ਫ਼ਿਰਕੂ ਫਸਾਦਾਂ ਅਤੇ ਲੱਖਾਂ ਸ਼ਰਨਾਰਥੀਆਂ ਦੇ ਤਬਾਦਲੇ ਅਤੇ ਸੁਰੱਖਿਆ ਨੂੰ ਵੀ ਬੜੀ ਗੰਭੀਰਤਾ ਨਾਲ ਵਿਚਾਰਨ ਤੇ ਠੋਸਪੁਣਾ ਕਰਨ ਦੀ ਲੋੜ ਸੀ।
ਦੇਸ਼-ਵੰਡ ਨਾਲ ਸਬੰਧਤ ਪ੍ਰਸਿੱਧ ਪੁਸਤਕ ਦੇ Freedom at Midnight ਦੇ ਲੇਖਕ Dominique Laprerre ਅਤੇ Larry Collius ਨੇ ਲਾਰਡ ਮਾਊਂਟ ਬੇਟਨ ਦੇ ਜੀਵਨ ਬਾਰੇ ਇਕ ਪੁਸਤਕ ਲਿਖੀ ਸੀ, ਜਿਸ ਦਾ ਨਾਂ ਹੈ, Mounbatten and the partition of India, ਇਸ ਪੁਸਤਕ ਦੀ ਤਿਆਰੀ ਸਮੇਂ ਉਨ੍ਹਾਂ ਦੋਵਾਂ ਲੇਖਕਾਂ ਨੇ ਮਾਊਂਟ ਬੇਟਨ ਦੇ ਨਿੱਜੀ ਰਿਕਾਰਡ ਨੂੰ ਵਰਤਣ ਦੇ ਨਾਲ-ਨਾਲ ਉਸ ਨਾਲ ਲੰਮੇ ਇੰਟਰਵਿਊ ਵੀ ਕੀਤੇ ਸਨ। 15 ਅਗਸਤ 1947 ਦੀ ਮਿਤੀ ਚੁਣਨ ਬਾਰੇ ਪੁੱਛੇ ਗਏ ਪ੍ਰਸ਼ਨ ਦੇ ਉੱਤਰ ਵਿਚ ਮਾਊਂਟ ਬੇਟਨ ਆਖਦਾ ਹੈ :
”ਜਿਹੜੀ ਮਿਤੀ ਮੈਂ ਚੁਣੀ ਉਹ ਅਸਮਾਨੋਂ ਹੀ ਸੁੱਝੀ ਸੀ (Came out of the Blue) ਮੈਂ ਇਹ ਮਿਤੀ ਇਕ ਪ੍ਰਸ਼ਨ ਦੇ ਉੱਤਰ ਵਿਚ ਚੁਣੀ ਸੀ। ਮੈਂ ਇਹ ਦੱਸਣ ਲਈ ਦ੍ਰਿੜ੍ਹ ਸੀ ਕਿ ਮੈਂ ਸਾਰੀ ਘਟਨਾ ਦਾ ਸਵਾਮੀ ਹਾਂ। ਜਦੋਂ ਉਨ੍ਹਾਂ ਪੁੱਛਿਆ ਕਿ, ਕੀ ਅਸਾਂ ਕੋਈ ਮਿਤੀ ਨੀਯਤ ਕਰ ਦਿੱਤੀ ਹੈ, ਤਾਂ ਮੈਂ ਜਾਣਦਾ ਸੀ ਕਿ ਇਹ ਛੇਤੀ ਹੀ ਨਿਸ਼ਚਿਤ ਕਰਨੀ ਪੈਣੀ ਹੈ। ਮੈਂ ਉਸ ਵੇਲੇ ਇਹ ਮਿਤੀ ਮਿੱਥੀ ਤੇ ਮੈਂ 15 ਅਗਸਤ ਸੋਚ ਲਈ। ਕਿਉਂ? ਕਿਉਂਕਿ ਇਹ ਜਾਪਾਨ ਦੇ ਜੰਗ ਸਮੇਂ ਹਥਿਆਰ ਸੁੱਟਣ ਦੀ ਦੂਸਰੀ ਵਰ੍ਹੇਗੰਢ ਸੀ।’’ (ਸੀਰਵਾਈ ਦੀ ਪੁਸਤਕ ਪੰਨਾ 138)
ਵਿਚਾਰਨ ਵਾਲੀ ਗੱਲ ਹੈ ਕਿ ਭਾਰਤ ਦੀ ਆਜ਼ਾਦੀ ਦੀ ਮਿਤੀ ਦਾ ਜੰਗ ਵਿਚ ਜਾਪਾਨ ਦੇ ਹਥਿਆਰ ਸੁੱਟਣ ਦੀ ਦੂਸਰੇ ਵਰ੍ਹੇਗੰਢ ਦੀ ਮਿਤੀ ਨਾਲ ਭਲਾ ਕੀ ਸਬੰਧ ਬਣਦਾ ਹੈ। ਪਰ ਕੌਣ ਕਹੇ, ਰਾਣੀਏ ਅੱਗਾ ਢੱਕ!


-2-


ਅਸਲ ਵਿਚ ਵਾਇਸਰਾਏ ਦੀਆਂ ਅਜਿਹੀਆਂ ਚੁਸਤ-ਚਲਾਕੀਆਂ ਉੱਤੇ ਪਰਦਾ ਪਿਆ ਰਹਿਣਾ ਸੀ, ਜੇ ਕਿਤੇ ਦੇਸ਼ ਦੀ ਵੰਡ ਨਾਲ ਸਬੰਧਤ ਅੰਗ੍ਰੇਜ਼ੀ ਸਰਕਾਰ ਦੇ ਉਸ ਸਮੇਂ ਦਾ ਸਾਰਾ ਰੀਕਾਰਡ ਛਾਪਣ ਦੀ ਆਗਿਆ ਨਾ ਦਿੱਤੀ ਜਾਂਦੀ। ਇਹ ਸਾਰਾ ਰੀਕਾਰਡ ਸਰਕਾਰੀ ਫੈਸਲੇ ਅਨੁਸਾਰ ਸੰਨ 1999 ਤੀਕ ਗੁਪਤ ਰੱਖਣ ਦਾ ਫ਼ੈਸਲਾ ਸੀ, ਪਰ 1967 ਵਿਚ ਬਰਤਾਨੀਆ ਦੇ ਪ੍ਰਧਾਨ ਮੰਤਰੀ ਹੈਰਲਡ ਵਿਲਸਨ ਨੇ ਫ਼ੈਸਲਾ ਕੀਤਾ ਕਿ ਵੰਡ ਨਾਲ ਸਬੰਧਤ ਸਾਰਾ ਰੀਕਾਰਡ ਸੰਪਾਦਨ ਕਰਕੇ ਛਾਪ ਦਿੱਤਾ ਜਾਵੇ। ਇਸ ਕਾਰਜ ਲਈ ਚੋਣਵੇਂ ਖੋਜੀ ਤੇ ਇਤਿਹਾਸਕਾਰਾਂ ਦੀ ਡਿਊਟੀ ਲਾਈ ਗਈ ਅਤੇ ਪ੍ਰਸਿੱਧ ਇਤਿਹਾਸਕਾਰ ਪ੍ਰੋ. ਮਾਨਸਰਜ ਦੀ ਚੋਣ ਕੀਤੀ ਗਈ। ਉਸ ਦੀ ਅਗਵਾਈ ਹੇਠ 1972-1983 ਦੇ ਸਾਲਾਂ ਵਿੱਚ ਇਹ ਸਾਰਾ ਰਿਕਾਰਡ ਸੰਪਾਦਤ ਕਰਕੇ ਛਾਪ ਦਿੱਤਾ ਗਿਆ ਤੇ ਇਨ੍ਹਾਂ ਇਤਿਹਾਸਕਾਰਾਂ ਨੂੰ ਪੂਰੀ ਖੁੱਲ੍ਹ ਤੇ ਆਜ਼ਾਦੀ ਦਿੱਤੀ ਗਈ ਕਿ ਉਹ ਅਪਣੇ ਨਿਰਣੇ ਦੇਣ। ਉਨ੍ਹਾਂ ਨੂੰ ਆਦੇਸ਼ ਸੀ ਕਿ ਉਹ ਸਾਰੇ ਰੀਕਾਰਡ ਤੀਕ, ਬਿਨਾਂ ਰੋਕ-ਟੋਕ ਦੇ ਪਹੁੰਚ ਕਰ ਸਕਦੇ ਹਨ ਤੇ ਛਾਪਣ ਲਈ ਸਾਰੀਆਂ ਦਸਤਾਵੇਜ਼ਾਂ ਦੀ ਚੋਣ ਤੇ ਸੰਪਾਦਨਾ ਕਰ ਸਕਣਗੇ। ਇੰਝ ਭਾਰਤ ਦੀ ਆਜ਼ਾਦੀ ਦੇ 1942-47 ਤੀਕ ਦਾ ਸਾਰਾ ਰੀਕਾਰਡ 12 ਜਿਲਦਾਂ ਵਿਚ Transfer of Power ਦੇ ਨਾਂ ਹੇਠ ਛਾਪ ਦਿੱਤਾ ਗਿਆ। ਇਸ ਵਿਚਲਾ ਬਹੁਤਾ ਰੀਕਾਰਡ ਗੁਪਤ ਸੀ। ਸੰਪਾਦਕਾਂ ਨੇ ਪੂਰੀ ਦਿਆਨਦਾਰੀ ਤੇ ਨਿਰਪੱਖਤਾ ਨਾਲ ਇਹ ਔਖਾ ਕਾਰਜ ਸਿਰੇ ਚਾੜ੍ਹਿਆ ਸੀ। ਇਸ ਗ੍ਰੰਥ-ਲੜੀ ਦੀ ਬਾਰ੍ਹਵੀਂ ਜਿਲਦ ਦੇ ਛਪਣ ਨਾਲ ਲਾਰਡ ਮਾਊਂਟ ਬੇਟਨ ਦੀ ਸਾਰੀ ਚਲਾਕੀ ਨੰਗੀ ਹੋ ਗਈ।
3 ਜੂਨ 1947 ਨੂੰ ਦੇਸ਼ ਦੀ ਵੰਡ ਦਾ ਐਲਾਨ ਹੋਇਆ ਸੀ। ਫ਼ਿਰਕੂ ਫ਼ਸਾਦ ਤਾਂ ਸਾਲ ਦੇ ਸ਼ੁਰੂ ਤੋਂ ਹੀ ਹੋਣ ਲੱਗ ਪਏ ਸਨ। ਪੰਜਾਬ ਦੀ ਫ਼ਿਰਕੂ ਹਾਲਤ ਬੜੀ ਚਿੰਤਾਜਨਕ ਹੋ ਚੁੱਕੀ ਸੀ। ਪੰਜਾਬ ਦੀ ਖ਼ਿਜਰ ਹੱਯਾਤ ਦੀ ਵਜ਼ਾਰਤ ਨੇ 2 ਮਾਰਚ 1947 ਨੂੰ ਅਸਤੀਫ਼ਾ ਦੇ ਦਿੱਤਾ ਤੇ ਪੰਜ ਮਾਰਚ ਨੂੰ ਪੰਜਾਬ ਦਾ ਰਾਜ ਪ੍ਰਬੰਧ ਗਵਰਨਰ ਈਵਨ ਜੈਨਕਿਨਜ਼ ਦੇ ਅਧੀਨ ਆ ਚੁੱਕਾ ਸੀ। ਇਹਨਾਂ ਹੀ ਦਿਨਾਂ ਵਿਚ ਕਾਂਗਰਸ ਦੇ ਪ੍ਰਧਾਨ ਸ੍ਰੀ ਅਬੂਉਲ ਕਲਾਮ ਆਜ਼ਾਦ ਨੇ ਵਾਇਸਰਾਏ ਨਾਲ ਮੁਲਾਕਾਤ ਕਰਕੇ ਪੰਜਾਬ ਦੀ ਫ਼ਿਰਕੂ ਸਥਿਤੀ ਬਾਰੇ ਦੱਸਿਆ। ਇਸ ਬਾਰੇ ਉਹ ਅਪਣੀ ਸਵੈ-ਜੀਵਨੀ ਵਿਚ ਲਿਖਦੇ ਹਨ;
”ਮੈਂ ਲਾਰਡ ਮਾਊਂਟ ਬੇਟਨ ਨੂੰ ਦੇਸ਼ ਦੀ ਵੰਡ ਦੇ ਸੰਭਾਵੀ ਸਿੱਟਿਆਂ ਬਾਰੇ ਸੋਚਣ ਲਈ ਆਖਿਆ। ਵੰਡ ਤੋਂ ਬਿਨਾ ਵੀ ਕਲਕੱਤਾ, ਨੌਖਾਲੀ, ਬਿਹਾਰ, ਬੰਬਈ ਤੇ ਪੰਜਾਬ ਵਿਚ ਫਸਾਦ ਹੋ ਚੁੱਕੇ ਸਨ। …. ਜੇ ਅਜਿਹੇ ਵਾਤਾਵਰਨ ਵਿਚ ਦੇਸ਼ ਦੀ ਵੰਡ ਕੀਤੀ ਜਾਂਦੀ ਤਾਂ ਦੇਸ਼ ਦੇ ਵੱਖ ਵੱਖ ਭਾਗਾਂ ਵਿਚ ਲਹੂ ਦੇ ਦਰਿਆ ਵਗਣਗੇ ਤੇ ਬਰਤਾਨੀਆ ਇਸ ਖ਼ੂਨ ਖਰਾਬੇ ਲਈ ਜ਼ਿੰਮੇਵਾਰ ਹੋਵੇਗਾ।’’
ਇਸ ਚਿੰਤਾ ਬਾਰੇ ਲਾਰਡ ਮਾਊਂਟ ਬੇਟਨ ਦਾ ਉੱਤਰ ਵੇਖਣ ਵਾਲਾ ਹੈ। ਵੱਡੀ ਫੜ ਮਾਰਦਿਆਂ ਤੇ ਬਿਨਾ ਇਕ ਮਿੰਟ ਦੀ ਝਿਜਕ ਦੇ ਲਾਰਡ ਮਾਊਂਟ ਬੇਟਨ ਨੇ ਉੱਤਰ ਦਿੱਤਾ, ”ਘੱਟੋ ਘੱਟ ਇਸ ਸਵਾਲ ਬਾਰੇ ਮੈਂ ਤੁਹਾਨੂੰ ਪੂਰਾ ਭਰੋਸਾ ਦਵਾ ਸਕਦਾ ਹਾਂ। ਮੈਂ ਵੇਖਾਂਗਾ ਕਿ ਕੋਈ ਕਤਲੋ ਗਾਰਤ ਤੇ ਫਸਾਦ ਨਾ ਹੋਣ। ਮੈਂ ਇੱਕ ਨਾਗਰਿਕ ਨਹੀਂ, ਸੈਨਕ ਹਾਂ। ਇੱਕ ਵਾਰ ਜਦੋਂ ਵੰਡ ਪ੍ਰਵਾਨ ਹੋ ਗਈ, ਮੈਂ ਹੁਕਮ ਜਾਰੀ ਕਰਾਂਗਾ ਕਿ ਦੇਸ਼ ਵਿਚ ਕਿਤੇ ਵੀ ਫਿ਼ਰਕੂ ਫਸਾਦ ਨਾ ਹੋਣ। ਜੇ ਰਤਾ ਵੀ ਐਜੀਟੇਸ਼ਨ ਹੋਇਆ ਤਾਂ ਮੈਂ ਬੁਰਾਈ ਨੂੰ ਸ਼ੁਰੂ ਹੁੰਦੇ ਹੀ ਦਬਾਉਣ ਲਈ ਸਭ ਤੋਂ ਸਖ਼ਤ ਕਦਮ ਚੁੱਕਾਂਗਾ। ਮੈਂ ਸਿਰਫ਼ ਹਥਿਆਰਬੰਦ ਪੁਲਿਸ ਦੀ ਹੀ ਵਰਤੋਂ ਨਹੀਂ ਕਰਾਂਗਾ, ਸਗੋਂ ਮੈਂ ਫੌਜ ਤੇ ਹਵਾਈ ਸੈਨਾ ਨੂੰ ਵੀ ਕਾਰਵਾਈ ਕਰਨ ਦਾ ਹੁਕਮ ਦੇਵਾਂਗਾ ਤੇ ਜੋ ਵੀ ਗੜਬੜ ਕਰਨ ਦਾ ਯਤਨ ਕਰੇਗਾ, ਉਸ ਨੂੰ ਦਬਾਉਣ ਲਈ ਟੈਂਕ ਤੇ ਹਵਾਈ ਜਹਾਜ਼ਾਂ ਦੀ ਵਰਤੋਂ ਕਰਾਂਗਾ।’’
ਮਾਊਂਟ ਬੇਟਨ ਦੀ ਫ਼ਿਰਕੂ ਫਸਾਦਾਂ ਨੂੰ ਕੁਚਲਣ ਲਈ ਟੈਂਕਾਂ ਤੇ ਹਵਾਈ ਜਹਾਜ਼ਾਂ ਦੀ ਵਰਤੋਂ ਕਰਨ ਬਾਰੇ ਮਾਰੀ ਵੱਡੀ ਫੜ੍ਹ ਦਾ ਬਰਤਾਨੀਆ ਦੇ ਮੰਤਰੀ-ਮੰਡਲ ਨੇ 23 ਮਈ 1947 ਦੀ ਮੰਤਰੀ-ਮੰਡਲ ਦੀ ਮੀਟਿੰਗ ਵਿਚ ਸਮਰਥਨ ਕੀਤਾ ਤੇ ਪ੍ਰਧਾਨ ਮੰਤਰੀ ਐਟਲੀ ਨੇ ਆਖਿਆ ਸੀ ;
”ਭਾਰਤ ਵਿਚ ਫ਼ਿਰਕੂ ਭਾਵਨਾ ਹੁਣ ਬੜੀ ਤੀਬਰ ਹੋ ਗਈ ਹੈ ਤੇ ਇਹ ਸੰਭਵ ਹੈ ਕਿ ਭਾਰਤ ਦੀ ਵੰਡ ਕਰਨ ਦੀ ਯੋਜਨਾ ਦੇ ਐਲਾਨ ਨਾਲ ਪੰਜਾਬ ਤੇ ਕੁਝ ਹੋਰਨਾ ਸੂਬਿਆਂ ਵਿਚ ਗੰਭੀਰ ਗੜਬੜ ਆਰੰਭ ਹੋ ਜਾਵੇ। ਇਹ ਵਾਇਸਰਾਏ ਦੀ ਸੋਚੀ ਵਿਚਾਰੀ ਰਾਏ ਹੈ ਕਿ ਫ਼ਿਰਕੂ ਜੰਗ ਨੂੰ ਰੋਕਣ ਲਈ ਇਕ ਹੀ ਆਸ ਹੈ ਕਿ ਇਸ ਦੇ ਪਹਿਲੇ ਸੰਕੇਤ ਹੀ ਪ੍ਰਗਟ ਹੋਣ ਨਾਲ ਇਸ ਨੂੰ ਬੜਾ ਸਖ਼ਤੀ ਤੇ ਬੇਕਿਰਕੀ ਨਾਲ ਕੁਚਲ ਦਿੱਤਾ ਜਾਵੇ। ਇਸ ਕੰਮ ਲਈ ਸਾਰੀ ਤਾਕਤ ਦੀ ਵਰਤੋਂ ਕੀਤੀ ਜਾਵੇ, ਏਥੋਂ ਤੀਕ ਟੈਂਕਾਂ ਤੇ ਹਵਾਈ ਜਹਾਜ਼ ਵੀ ਵਰਤੇ ਜਾਣ ਅਤੇ ਇਸ ਗੱਲ ਦਾ ਸਾਰੇ ਭਾਰਤ ਵਿਚ ਪ੍ਰਚਾਰ ਕੀਤਾ ਜਾਵੇ ਕਿ ਇਹ ਕਾਰਵਾਈ ਕਿਉਂ ਕੀਤੀ ਗਈ ਤੇ ਉਸ ਦੇ ਕੀ ਕਾਰਨ ਸਨ। ਇਸ ਵਿਚਾਰ ਵਿਚ, ਅੰਤਰਮ ਸਰਕਾਰ ਸਰਬ ਸੰਮਤੀ ਨਾਲ ਵਾਇਸ ਰਾਏ ਦਾ ਸਮਰਥਨ ਕਰੇਗੀ। ਇਹ ਮਹੱਤਵਪੂਰਨ ਹੈ ਕਿ ਉਸ ਨੂੰ ਇਹ ਭਰੋਸਾ ਦਿੱਤਾ ਜਾਵੇ ਕਿ ਹਿਜ਼ ਮਜੈਸਟੀ ਦੀ ਸਰਕਾਰ ਦੀ ਪੂਰੀ ਸਹਾਇਤਾ ਮਿਲੇਗੀ। ਮੰਤਰੀ ਮੰਡਲ ਵੀ ਇਸ ਗੱਲ ਵਿਚ ਸਹਿਮਤ ਸੀ ਕਿ ਜਿਸ ਨੀਤੀ ਉੱਤੇ ਵਾਇਸਰਾਏ ਚੱਲਣ ਦੀ ਤਜਵੀਜ਼ ਦਿੰਦੇ ਹਨ ਉਸ ਦਾ ਪੂਰਾ ਸਮਰਥਨ ਕੀਤਾ ਜਾਵੇ।’’ (Transfer of Power ਜਿਲਦ 10, ਪੰਨਾ 967)
ਸੋ ਉਕਤ ਹਵਾਲਿਆਂ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਵੰਡ ਦੇ ਸਿੱਟੇ ਵਜੋਂ ਹੋਣ ਵਾਲੇ ਫ਼ਿਰਕੂ ਫਸਾਦਾਂ ਨੂੰ ਸਖ਼ਤੀ ਨਾਲ ਕੁਚਲ ਦਿੱਤਾ ਜਾਵੇਗਾ ਤੇ ਇਸ ਲਈ, ਜੇ ਲੋੜ ਪਵੇ ਤਾਂ ਟੈਂਕਾਂ ਅਤੇ ਹਵਾਈ ਜਹਾਜ਼ਾਂ ਦੀ ਵਰਤੋਂ ਵੀ ਕੀਤੀ ਜਾਵੇਗੀ ਤੇ ਇਸ ਅਧਿਕਾਰ ਦੀ ਵਰਤੋਂ ਵਿਚ ਬਰਤਾਨਵੀ ਸਰਕਾਰ, ਵਾਇਸਰਾਏ-ਹਿੰਦ ਦਾ ਪੂਰਾ ਸਮਰਥਨ ਕਰੇਗੀ।
ਦੇਸ਼ ਦੀ ਵੰਡ ਦਾ ਫ਼ੈਸਲਾ ਹੋ ਜਾਣ ਬਾਅਦ ਪੰਜਾਬ ਤੇ ਬੰਗਾਲ ਦੀ ਹਦਬੰਦੀ-ਰੇਖਾ ਦਾ ਫ਼ੈਸਲਾ ਕਰਨ ਲਈ ਭਾਰਤ-ਸਰਕਾਰ ਨੇ ਇਕ ਹੱਦਬੰਦੀ ਕਮਿਸ਼ਨ ਬਣਾਇਆ। ਪੰਜਾਬ ਵਿਚ ਇਸ ਦੇ ਚਾਰ ਮੈਂਬਰ ਸਨ, ਦੋ ਮੁਸਲਮਾਨ, ਇੱਕ ਸਿੱਖ ਤੇ ਇਕ ਹਿੰਦੂ। ਪਰ ਚਾਰਾਂ ਦੀ ਪਾਟਵੀਂ ਰਾਏ ਹੋਣ ਕਾਰਨ ਪੰਜਾਬ ਦੀ ਵੰਡ ਦਾ ਸਾਰਾ ਕੰਮ ਰੈੱਡਕਲਿੱਫ ਨੇ ਹੀ ਕੀਤਾ। ਰੈਡਕਲਿਫ ਇੰਗਲੈਂਡ ਦਾ ਇੱਕ ਬੜਾ ਲਾਇਕ ਤੇ ਈਮਾਨਦਾਰ ਵਕੀਲ ਸੀ। ਪਰ ਹੈਰਾਨੀ ਜਨਕ ਗੱਲ ਇਹ ਸੀ ਕਿ ਉਸ ਨੇ ਨਾ ਭਾਰਤ ਵੇਖਿਆ ਸੀ ਤੇ ਨਾ ਪੰਜਾਬ। ਪਰ ਇਸ ਗੱਲ ਨੂੰ ਉਸ ਦੀ ਘਾਟ ਨਹੀਂ ਸਗੋਂ ਗੁਣ ਸਮਝਿਆ ਗਿਆ। ਉਸ ਨੂੰ ਕਿਸੇ ਧਿਰ ਨਾਲ ਵੀ ਕੋਈ ਲਗਾਓ ਨਹੀਂ ਸੀ। ਉਸ ਦਾ ਕੀਤਾ ਕੰਮ ਏਨਾ ਗੁੰਝਲਦਾਰ, ਨਾ ਸ਼ੁਕਰਾ ਤੇ ਨਹਿਸ਼ ਸੀ ਕਿ ਦਹਾਕਿਆਂ ਤੀਕ ਉੱਜੜੇ ਤੇ ਵੱਢੇ ਟੁੱਕੇ ਗਏ ਲੋਕਾਂ ਨੇ, ਲਕੀਰ ਦੇ ਦੋਹੀਂ ਪਾਸੀਂ ਉਸ ਦੀ ਜਾਨ ਨੂੰ ਰੋਂਦੇ ਰਹਿਣਾ ਸੀ, ਖ਼ੁਦ ਉਸ ਨੂੰ ਵੀ ਇਸ ਹਕੀਕਤ ਦਾ ਪਤਾ ਸੀ। ਉਸ ਨੇ ਕਿਹਾ ਸੀ;
”ਮੈਂ ਇਸ ਨਹਿਸ਼ ਕੰਮ ਨੂੰ ਜਿੰਨੀ ਛੇਤੀ ਸੰਭਵ ਹੋਇਆ, ਖ਼ਤਮ ਕਰਨਾ ਚਾਹੁੰਦਾ ਹਾਂ… ਉਸ ਨੇ ਅਪਣੇ ਆਪ ਨੂੰ ਕਿਹਾ… ਅਤੇ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿਉਂਕਿ ਅੰਤ ਉੱਤੇ, ਜਦੋਂ ਮੈਂ ਇਹ ਕੰਮ ਮੁਕਾ ਲਿਆ ਤਾਂ ਉਹ ਇਕ ਦੂਜੇ ਨੂੰ ਕਤਲ ਕਰਨਾ ਸ਼ੁਰੂ ਕਰ ਦੇਣਗੇ।’’
(ਲਾਲਖ਼ਾਨ-ਵੰਡ-ਪੰਨਾ-73)
ਤੇ ਇਸ ਗੱਲ ਵਿਚ ਰੱਤੀ ਭਰ ਵੀ ਸੰਦੇਹ ਨਹੀਂ ਸੀ। ਅੱਜ ਇਕਾਹਠ ਸਾਲ ਬੀਤ ਜਾਣ ਉੱਤੇ ਲਕੀਰ ਦੇ ਦੋਹੀਂ ਪਾਸੇ ਵਸੇ ਪੰਜਾਬੀ ਉਸ ਘੜੀ ਨੂੰ ਰੋਂਦੇ ਹਨ, ਜਦੋਂ ਇਸ ਵੰਡ ਦਾ ਫ਼ੈਸਲਾ ਕੀਤਾ ਗਿਆ ਸੀ।


-4-


ਆਜ਼ਾਦੀ ਦੇ ਦਿਨ ਨਿਸ਼ਚਿਤ ਹੋ ਚੁੱਕੇ ਸਨ। ਪਾਕਿਸਤਾਨ ਨੇ 14 ਅਗਸਤ ਨੂੰ ਅਤੇ ਭਾਰਤ ਨੇ ਪੰਦਰਾਂ ਅਗਸਤ ਨੂੰ ਅੰਗ੍ਰੇਜਾਂ ਦੇ ਜੂਲੇ ਤੋਂ ਮੁਕਤ ਹੋ ਜਾਣਾ ਸੀ, ਪਰ ਪੰਜਾਬ ਨੂੰ ਦੋ ਥਾਈਂ ਵੰਡਣ ਦਾ ਕੰਮ ਹਾਲੀ ਤੀਕ ਮੁਕੰਮਲ ਨਹੀਂ ਸੀ ਹੋਇਆ। ਵੰਡ ਜ਼ਿਲ੍ਹਿਆਂ ਦੀ ਆਬਾਦੀ ਦੇ ਆਧਾਰ ਉੱਤੇ ਹੋਣੀ ਸੀ ਤੇ 1941 ਦੀ ਜਨਗਣਨਾ ਦੇ ਅਧਾਰ ਉੱਤੇ ਕੀਤੀ ਜਾਣੀ ਸੀ। ਮੁਸਲਮ ਬਹੁ-ਗਿਣਤੀ ਵਾਲੇ ਜ਼ਿਲ੍ਹੇ ਪਾਕਿਸਤਾਨ ਵਿਚ ਚਲੇ ਜਾਣੇ ਸਨ ਤੇ ਹਿੰਦੂ-ਸਿੱਖ ਬਹੁਗਿਣਤੀ ਵਾਲੇ ਜ਼ਿਲ੍ਹੇ ਭਾਰਤ ਵਿੱਚ ਹੀ ਰਹਿਣੇ ਸਨ। ਦੋਹੀਂ ਪਾਸੀਂ ਵੱਢ-ਟੁੱਕ ਹੋ ਚੁੱਕੀ ਸੀ। ਲਾਹੌਰ ਵਿਚ ਹਿੰਦੂਆਂ ਤੇ ਸਿੱਖਾਂ ਦਾ ਤੇ ਅੰਮ੍ਰਿਤਸਰ ਵਿਚ ਮੁਸਲਮਾਨਾਂ ਦਾ ਉਜਾੜਾ, ਸਾੜ-ਫੂਕ, ਕਤਲੇਆਮ ਨਿੱਤ ਦਾ ਕੰਮ ਬਣ ਚੁੱਕਾ ਸੀ, ਪਰ ਰੈਡਕਲਿਫ ਨੇ ਅਜੇ ਤਾਈਂ ਪੰਜਾਬ ਦੀ ਧੌਣ ਉੱਤੇ ਪਰਸ ਰਾਮ ਦਾ ਕੁਹਾੜਾ ਫੇਰਨਾ ਸੀ। ਉਸ ਨੂੰ ਅਪਣਾ ਕੰਮ ਛੇਤੀ ਮੁਕਾਉਣ ਤੇ ਐਲਾਨ ਕਰਨ ਦੀ ਉਡੀਕ ਹੋ ਰਹੀ ਸੀ। ਕੀ ਵਾਇਸਰਾਏ ਤੇ ਕੀ ਪੰਜਾਬ ਦਾ ਗਵਰਨਰ, ਦੋਵੇਂ ਹੀ ਉਸ ਉੱਤੇ ਜ਼ੋਰ ਪਾ ਰਹੇ ਸਨ ਕਿ 9 ਅਗਸਤ 1947 ਤੀਕ ਹਰ ਹਾਲਤ ਵਿਚ ਫ਼ੈਸਲਾ ਕਰ ਕੇ, ਮੋਹਰਬੰਦ ਲਿਫ਼ਾਫੇ ਵਾਇਸ ਰਾਏ ਤੀਕ ਪਹੁੰਚਾ ਦਿੱਤੇ ਜਾਣ।
ਵਾਇਸਰਾਏ ਲਾਰਡ ਮਾਊਂਟ ਬੇਟਨ ਨੇ 14 ਅਗਸਤ ਨੂੰ ਪਾਕਿਸਤਾਨ ਦੀ ਆਜ਼ਾਦੀ ਦਾ ਐਲਾਨ ਕਰਨ ਤੇ ਆਜ਼ਾਦੀ ਦੇ ਜਸ਼ਨਾਂ ਵਿਚ ਸ਼ਾਮਲ ਹੋਣ ਲਈ ਕਰਾਚੀ ਜਾਣਾ ਸੀ, ਉੱਥੋਂ ਆ ਕੇ ਉਸ ਨੇ 15 ਅਗਸਤ 1947 ਨੂੰ ਭਾਰਤ ਦੀ ਆਜ਼ਾਦੀ ਦੇ ਦਿੱਲੀ ਵਿਚਲੇ ਜਸ਼ਨਾਂ ਵਿਚ ਸ਼ਾਮਲ ਹੋਣਾ ਸੀ। ਪਰ ਪੰਜਾਬ ਦੇ ਲੋਕ ਨਾ ਪਾਕਿਸਤਾਨ ਤੇ ਨਾ ਹਿੰਦੁਸਤਾਨ ਦੀ ਆਜ਼ਾਦੀ ਦੇ ਜਸ਼ਨਾਂ ਵਿਚ ਸ਼ਾਮਿਲ ਸਨ। ਉਨ੍ਹਾਂ ਦੇ ਸਿਰ ਉੱਤੇ ਵੰਡ ਦੀ ਨੰਗੀ ਤਲਵਾਰ ਲਟਕ ਰਹੀ ਸੀ। ਕਿਸੇ ਨੂੰ ਕੁਝ ਪਤਾ ਨਹੀਂ ਸੀ ਕਿ ਰੈਡਕਲਿਫ ਦੀ ਲਾਲ ਲਕੀਰ ਨੇ ਕਿਸ ਪਾਸੇ ਦੀ ਲੰਘਣਾ ਸੀ।
ਅਖ਼ੀਰ ਰੈਡਕਲਿਫ ਨੇ ਅਪਣਾ ਫ਼ੈਸਲਾ ਲਿਖ ਕੇ 9 ਅਗਸਤ 1947 ਨੂੰ ਵਾਇਸਰਾਏ ਹਿੰਦ-ਲਾਰਡ ਮਾਊਂਟ ਬੇਟਨ ਨੂੰ ਪੁੱਜਦਾ ਕਰ ਦਿੱਤਾ। ਚਾਹੀਦਾ ਤਾਂ ਇਹ ਸੀ ਕਿ ਇਹ ਫ਼ੈਸਲਾ ਤੁਰੰਤ ਹੀ ਪ੍ਰਕਾਸ਼ਤ ਕਰ ਜਾਂ ਸੁਣਾ ਦਿੱਤਾ ਜਾਂਦਾ ਤੇ ਪੰਜਾਬ ਦੇ ਆਮ ਲੋਕਾਂ ਦੀ ਦੁਬਿਧਾ ਮੁਕਾ ਦਿੱਤੀ ਜਾਂਦੀ। ਪਰ ਇਸ ਤਰ੍ਹਾਂ ਨਹੀਂ ਕੀਤਾ ਗਿਆ। ਪ੍ਰਸ਼ਨ ਉੱਠਦਾ ਹੈ ਕਿਉਂ ਨਹੀਂ ਕੀਤਾ ਗਿਆ। ਦੋਵੇਂ ਦੇਸ਼ 15 ਅਗਸਤ 1947 ਨੂੰ ਅੱਡੋ ਅੱਡ ਕੀਤੇ ਜਾ ਰਹੇ ਸਨ। ਪੰਜਾਬ ਵਿਚ ਵੱਡੇ ਪੱਧਰ ਉੱਤੇ ਇਕ ਦੂਜੇ ਉੱਤੇ ਹੱਲੇ ਹੋ ਰਹੇ ਸਨ, ਪਰ ਲੋਕਾਂ ਨੂੰ ਇਹ ਨਹੀਂ ਸੀ ਦੱਸਿਆ ਜਾ ਰਿਹਾ ਕਿ ਕਿਹੜਾ ਜ਼ਿਲ੍ਹਾ, ਕਿਹੜਾ ਪਿੰਡ ਲਾਲ ਲਕੀਰ ਦੇ ਅੰਦਰ ਆ ਰਿਹਾ ਸੀ ਜਾਂ ਬਾਹਰ। ਜੇ ਐਲਾਨ 9 ਅਗਸਤ ਨੂੰ ਕਰ ਦਿੱਤਾ ਜਾਂਦਾ, ਤਾਂ 15 ਅਗਸਤ ਤੀਕ ਪੰਜਾਬ ਵਿੱਚ ਅਮਨ ਕਾਨੂੰਨ ਨੂੰ ਕਾਇਮ ਰੱਖਣ ਦੀ ਜ਼ਿੰਮੇਵਾਰੀ ਅੰਗ੍ਰੇਜ਼ੀ ਸਰਕਾਰ ਦੀ ਹੋਣੀ ਸੀ। ਪੰਦਰਾਂ ਅਗਸਤ ਤੋਂ ਬਾਅਦ ਪਾਕਿਸਤਾਨ ਨੇ ਭਾਰਤ ਤੋਂ ਵੱਖ ਹੋ ਕੇ ਇਕ ਵੱਖ ਦੇਸ਼ ਬਣ ਜਾਣਾ ਸੀ। ਉੱਥੇ ਕਤਲਾਮ ਨੂੰ ਰੋਕਣ ਦੀ ਅੰਗ੍ਰੇਜ਼ਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਸੀ ਰਹਿ ਜਾਣੀ। ਫਿਰ ਲਾਰਡ ਮਾਊਂਟ ਬੇਟਨ ਦੇ ਟੈਂਕ ਤੇ ਹਵਾਈ-ਜਹਾਜ਼ ਨੇ ਕਿਹੜੇ ਫਸਾਦੀਆਂ ਉੱਤੇ ਗੋਲਾ-ਬਾਰੀ ਕਰਕੇ ਅਮਨ-ਸ਼ਾਂਤੀ ਨੂੰ ਕਾਇਮ ਰੱਖਣਾ ਜਾਂ ਬਹਾਲ ਕਰਨਾ ਸੀ। ਲਾਰਡ ਮਾਊਂਟ ਬੇਟਨ ਨੇ ਰੈਡਕਲਿਫ ਵਾਲਾ ਵੰਡ ਕਰਨ ਵਾਲਾ ਲਿਫ਼ਾਫਾ ਅਪਣੇ ਕਬਜ਼ੇ ਹੇਠ ਲੈ, ਜਿੰਦਰੇ ਲਾ, ਸੰਭਾਲ ਲਿਆ ਸੀ। ਉਹ 14 ਅਗਸਤ ਨੂੰ ਕਰਾਚੀ ਜਾਏਗਾ ਤੇ ਪਾਕਿਸਤਾਨ ਦੀ ਆਜ਼ਾਦੀ ਦੇ ਜਸ਼ਨਾਂ ਵਿੱਚ ਸ਼ਾਮਿਲ ਹੋਵੇਗਾ। ਉਥੋਂ ਆ ਕੇ ਉਹ 15 ਅਗਸਤ ਨੂੰ ਭਾਰਤ ਦੀ ਆਜ਼ਾਦੀ ਦੇ ਜਸ਼ਨਾਂ ਵਿਚ ਸ਼ਾਮਿਲ ਹੋਣ ਲਈ ਦਿੱਲੀ ਵਿੱਚ ਹੋਵੇਗਾ। ਇੰਝ ਪੰਜਾਬ ਦੀ ਵੰਡ ਦਾ ਐਲਾਨ 16 ਅਗਸਤ ਨੂੰ ਕੀਤਾ ਜਾਵੇਗਾ।
ਅੰਦਰਖਾਤੇ ਦਿੱਲੀ ਵਿੱਚ ਕੀ ਹੋ ਰਿਹਾ ਸੀ, ਇਸ ਦਾ ਸਿਵਾਏ ਵਾਇਸਰਾਏ ਦੀ ਉੱਚ ਪੱਧਰ ਜੁੰਡਲੀ ਦੇ ਕਿਸੇ ਭਾਰਤੀ ਨੂੰ ਵੀ ਪਤਾ ਨਹੀਂ ਸੀ। ਹਕੀਕਤ ਵਿਚ 9 ਅਗਸਤ ਨੂੰ ਵਾਇਸਰਾਏ ਦੇ ਸਟਾਫ ਦੀ 69ਵੀਂ ਮੀਟਿੰਗ ਹੋਈ ਸੀ, ਜਿਸ ਵਿਚ ਇਕੋ ਇਕ ਭਾਰਤੀ ਵੀ.ਪੀ. ਮੈਨਿਨ ਵੀ ਹਾਜ਼ਰ ਨਹੀਂ ਸੀ। ਇਸ ਮੀਟਿੰਗ ਦੀ ਕਾਰਵਾਈ ਵਿਚ ਫ਼ੈਸਲਾ ਹੋਇਆ ਸੀ ਕਿ ਪੰਜਾਬ ਦੀ ਵੰਡ ਦਾ ਐਲਾਨ 9 ਅਗਸਤ ਨੂੰ ਨਹੀਂ ਸਗੋਂ 16 ਅਗਸਤ ਨੂੰ ਕੀਤਾ ਜਾਵੇਗਾ। ਪਰ ਇਸ ਮੀਟਿੰਗ ਦਾ ਕਿਤੇ ਵੀ ਜ਼ਿਕਰ ਨਹੀਂ ਆਉਂਦਾ, ਕਿਉਂਕਿ ਇਸ ਦੀ ਕਾਰਵਾਈ ਗੁਪਤ ਰੱਖੀ ਗਈ ਸੀ।
ਮਾਊਂਟ ਬੇਟਨ ਦਾ ਜੀਵਨੀਕਾਰ ਪ੍ਰੋ. ਜ਼ੀਲਗਰ ਵੀ ਇਸ ਫਰੇਬ ਨੂੰ ਪਕੜਨ ਵਿਚ ਨਾਕਾਮ ਰਿਹਾ ਸੀ। ਸੰਭਵ ਹੈ, ਉਸ ਨੇ ਇਹ ਗੁਪਤ ਰੀਕਾਰਡ ਪੜ੍ਹਿਆ ਹੀ ਨਾ ਹੋਵੇ, ਭਾਵੇਂ ਕਿ ਉਸ ਦੀ ਜੀਵਨੀ 1985 ਵਿਚ ਛਪੀ ਸੀ। ਜਾਂ ਇਹ ਨੁਕਤਾ ਉਸ ਦੀ ਨਜ਼ਰੇ ਚੜ੍ਹਿਆ ਹੀ ਨਾ ਹੋਵੇ। ਐਪਰ ਲਾਰਡ ਮਾਊਂਟ ਬੇਟਨ ਦੀ ਜੀਵਨੀ ਲਿਖਦਿਆਂ ਪ੍ਰੋ. ਜ਼ੀਗਲਰ, ਅਪਣੇ ਨਾਇਕ ਦੀਆਂ ਕਮਜ਼ੋਰੀਆਂ ਅਤੇ ਗੁਣਾਂ ਤੋਂ ਪੂਰੀ ਤਰ੍ਹਾਂ ਜਾਣੂ ਹੋ ਗਿਆ ਸੀ। ਉਹ ਲਿਖਦਾ ਹੈ;
”ਉਸ ਬਾਰੇ ਹੋਰ ਹਰ ਗੱਲ ਵਾਂਗ, ਉਸ ਦੇ ਔਗੁਣ ਵੀ ਬਹੁਤ ਹੀ ਵੱਡੇ ਪੱਧਰ ਦੇ ਸਨ। ਉਸ ਦਾ ਹੰਕਾਰ, ਭਾਵੇਂ ਬੱਚਿਆਂ ਵਰਗਾ ਵੀ, ਪਰ ਰਾਖਸ਼ਾਂ ਵਰਗਾ ਸੀ ਤੇ ਉਸ ਦੀ ਲਾਲਸਾ ਬੇਲਗਾਮ ਸੀ। ਉਸ ਦੇ ਹੱਥਾਂ ਵਿਚ ਸੱਚ ਏਨੀ ਤੇਜ਼ੀ ਨਾਲ ਬਦਲਦਾ ਸੀ ਕਿ ਇਹ ਜੋ ਹੁੰਦਾ ਸੀ, ਉਸ ਤੋਂ ਬਦਲ ਕੇ ਜੋ ਹੋਣਾ ਚਾਹੀਦਾ ਸੀ, ਵਿਚ ਬਦਲ ਜਾਂਦਾ ਸੀ। ਉਹ ਅਪਣੀਆਂ ਪ੍ਰਾਪਤੀਆਂ ਨੂੰ ਏਨਾ ਵਧਾ ਕੇ ਦੱਸਦਾ ਸੀ ਕਿ ਉਹ ਤੱਥਾਂ ਨੂੰ ਇਕ ਯੋਧੇ ਵਰਗੀ ਬੇਪ੍ਰਵਾਹੀ ਨਾਲ ਬਦਲ ਕੇ ਇਤਿਹਾਸ ਨੂੰ ਦੁਬਾਰਾ ਲਿਖਣਾ ਚਾਹੁੰਦਾ ਸੀ। ਇਕ ਵੇਲਾ ਅਜਿਹਾ ਵੀ ਆਇਆ ਕਿ ਮੈਨੂੰ ਏਨਾ ਗੁੱਸਾ ਆ ਗਿਆ ਕਿ ਮੈਂ ਅਨੁਭਵ ਕੀਤਾ ਕਿ ਉਹ ਮੈਨੂੰ ਧੋਖਾ ਦੇਣ ਲਈ ਦ੍ਰਿੜ੍ਹ ਸੀ ਤਾਂ ਮੈਂ ਅਪਣੇ ਡੈਸਕ ਉੱਤੇ ਇਹ ਨੋਟਿਸ ਲਿਖ ਕੇ ਰੱਖਣ ਦੀ ਲੋੜ ਮਹਿਸੂਸ ਕੀਤੀ, ”ਚੇਤੇ ਰੱਖੋ, ਹਰ ਨੁਕਸ ਦੇ ਬਾਵਜੂਦ, ਉਹ ਵੱਡਾ ਆਦਮੀ ਸੀ।’’ (ਮਾਊਂਟ ਬੇਟਨ ਦੀ ਜੀਵਨੀ ਪੰਨਾ 701 ਦੇ ਹਵਾਲੇ ਨਾਲ) ਇਹ ਉਸ ਇਤਿਹਾਸਕਾਰ ਤੇ ਜੀਵਨੀ ਲੇਖਕ ਦੀ ਰਾਏ ਹੈ, ਜਿਸ ਦੇ ਮਾਊੁਂਟ ਬੇਟਨ ਨਾਲ ਬੜੇ ਨੇੜਲੇ ਸਬੰਧ ਸਨ।
ਭਾਰਤੀ ਲੋਕ, ਜੋ ਫਾਈਲਾਂ ਵਿਚ ਲੁਕੀ ਹੋਈ ਮਾਊਂਟ ਬੇਟਨ ਦੀ ਇਸ ਚਲਾਕੀ ਨੂੰ ਨਹੀਂ ਸੀ ਜਾਣਦੇ, ਉਹ 15 ਅਗਸਤ 1947 ਨੂੰ ਦਿੱਲੀ ਵਿਚ ਆਜ਼ਾਦੀ ਦੇ ਜਸ਼ਨਾਂ ਦੀ ਖੁਸ਼ੀ ਵਿਚ ਬਉਰੇ ਹੋਏ ”ਮਾਊਂਟ ਬੇਟਨ ਕੀ ਜੈ’’ ”ਲੇਡੀ ਮਾਊਂਟ ਬੇਟਨ ਕੀ ਜੈ’’ ਤੇ ਏਥੋਂ ਤੀਕ ਕਿ ”ਪੰਡਿਤ ਮਾਊਂਟ ਬੇਟਨ ਕੀ ਜੈ’’ ਦੇ ਨਾਹਰੇ ਲਗਾ ਰਹੇ ਸਨ।
ਇਤਿਹਾਸ ਵਿਚ ਕਈ ਵਾਰ ਅਜਿਹੇ ਦੁਖਾਂਤ ਵੀ ਵਾਪਰਦੇ ਹਨ ਕਿ ਖ਼ਲਨਾਇਕ, ਕਪਟਾਂ ਨਾਲ, ਨਾਇਕ ਦਾ ਰੁਤਬਾ ਪ੍ਰਾਪਤ ਕਰ ਜਾਂਦੇ ਹਨ।
ਲਾਰਡ ਮਾਊਂਟ ਬੇਟਨ ਦੀ ਵਿਦਾਇਗੀ ਪਾਰਟੀ ਵਿਚ ਬੋਲਦਿਆਂ ਭਾਰਤ ਦੇ ਨਵੇਂ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਨੇ ਕਿਹਾ ਸੀ,
”ਮੇਰੇ ਲਈ ਜਾਂ ਹੋਰ ਕਿਸੇ ਲਈ ਇਹ ਨਿਰਣਾ ਕਰਨਾ ਔਖਾ ਹੈ ਕਿ ਅਸਾਂ ਪਿਛਲੇ ਸਾਲ ਵਿਚ ਕੀ ਕੀਤਾ ਹੈ। ਅਸੀਂ ਇਹਦੇ ਬਹੁਤ ਨਜ਼ਦੀਕ ਹਾਂ ਤੇ ਘਟਨਾਵਾਂ ਨਾਲ ਬੜੇ ਨੇੜਿਓਂ ਜੁੜੇ ਹੋਏ ਹਾਂ। ਸੰਭਵ ਹੈ ਅਸਾਂ ਜਾਂ ਤੁਸਾਂ ਕਈ ਗ਼ਲਤੀਆਂ ਕੀਤੀਆਂ ਹੋਣ। ਇਕ ਜਾਂ ਦੋ ਪੀੜ੍ਹੀਆਂ ਤੋਂ ਬਾਅਦ ਇਤਿਹਾਸਕਾਰ, ਸ਼ਾਇਦ ਇਹ ਨਿਰਣਾ ਕਰ ਸਕਣ ਕਿ ਅਸੀਂ ਕਿਹੜੀ ਗੱਲ ਠੀਕ ਕੀਤੀ ਸੀ ਤੇ ਕਿਹੜੀ ਗੱਲ ਗਲਤ।’’
(ਹਵਾਲਾ, ਪ੍ਰੋ. ਜ਼ੀਗਲਰ ਦੀ ਲਿਖੀ ਜੀਵਨੀ ਪੰਨਾ 479-ਸੀਰਵਾਲੀ ਦੀ ਪੁਸਤਕ ਵਿਚ ਦਰਜ ਪੰਨਾ155 ਵਿਚੋਂ)
ਇੱਕ ਇਤਿਹਾਸਕਾਰ ਹੁੰਦੇ ਹੋਏ ਨਹਿਰੂ ਨੂੰ ਇਹ ਪਤਾ ਸੀ ਕਿ ਇਕ ਦੋ ਪੀੜ੍ਹੀਆਂ ਬਾਅਦ ਨਵੇਂ ਤੱਥਾਂ ਦੇ ਉਜਾਗਰ ਹੋਣ ਨਾਲ, ਇਤਿਹਾਸ ਅਪਣੇ ਨਿਰਣੇ ਤੇ ਫ਼ਤਵੇ ਬਦਲਦਾ ਹੈ।
ਮਾਊਂਟ ਬੇਟਨ ਪੰਜਾਬ ਦੀ ਵੰਡ ਦਾ ਫ਼ੈਸਲਾ ਨੱਪ ਕੇ ਪੰਜ ਦਿਨ ਨਿਰਦਈ ਬਦੇਸ਼ੀ ਹਾਕਮਾਂ ਵਾਂਗ, ਪੰਜਾਬ ਵਿਚ ਹੁੰਦੇ ਕਤਲਾਂ ਨੂੰ ਇਕ ਤਮਾਸ਼ਬੀਨਾਂ ਵਾਂਗ ਵੇਖਦਾ ਰਿਹਾ ਤੇ ਜਾਂ ਦੋਹਾਂ ਦੇਸ਼ਾਂ ਦੇ ਆਜ਼ਾਦੀ ਦੇ ਜਸ਼ਨਾਂ ਦਾ ਆਨੰਦ ਤੇ ਮਿਲਦਾ ਸਤਿਕਾਰ ਮਾਣਦਾ ਰਿਹਾ। ਪੰਜਾਬ ਜਲ ਰਿਹਾ ਸੀ, ਰੋਮ ਵਾਂਗ ਤੇ ਵਾਇਸਰਾਏ-ਹਿੰਦ, ਨੀਰੋ ਵਾਂਗ ਬੰਸਰੀ ਵਜਾ ਰਿਹਾ ਸੀ। ਆਖ਼ਰ ਉਹ ਸਾਡਾ ਲਗਦਾ ਵੀ ਕੀ ਸੀ। ਉਹ ਜਨਰਲ ਡਾਇਰ ਦੀ ਸੰਤਾਨ ਦਾ ਪ੍ਰਤੀਨਿਧ ਇਕ ਬਸਤੀਵਾਦੀ ਹਾਕਮ ਸੀ।
ਵਾਇਸਰਾਏ ਹਿੰਦ ਦੀ ਮਿਤੀ 9 ਅਗਸਤ 1947 ਦੀ 69ਵੀਂ ਮੀਟਿੰਗ ਦੀ ਗੁਪਤ ਕਾਰਵਾਈ ਦੇ ਸਿਰਫ਼ ਦੋ ਵਾਕ ਹੀ, ਹਵਾਲੇ ਵਜੋਂ ਦਿੱਤੇ ਜਾ ਰਹੇ ਹਨ। ਮੀਟਿੰਗ ਵਿਚ ਹਾਜ਼ਰ, ਵਾਇਸਰਾਏ ਦੇ ਸਲਾਹਕਾਰਾਂ ਨੂੰ ਵੀ ਕੀਤੇ ਕੁਕਰਮ ਦਾ ਅਵੱਸ਼ ਪਤਾ ਸੀ। ਇਸ ਮੀਟਿੰਗ ਦੀ ਕਾਰਵਾਈ ਵਿਚ ਦਰਜ ਹੈ ;
”ਵਾਇਸਰਾਏ ਨੇ ਯਾਦ ਦਿਵਾਇਆ ਕਿ ਉਸ ਨੇ ਅਵਾਰਡ 10 ਅਗਸਤ ਤੀਕ ਤਿਆਰ ਕਰਨ ਲਈ ਆਖਿਆ ਸੀ। ਫਿਰ ਵੀ ਹੁਣ ਇਹ ਗੱਲ ਦੁਬਾਰਾ ਸੋਚਣ ਵਾਲੀ ਹੈ ਕਿ ਕੀ ਇਹ ਤੁਰੰਤ ਹੀ ਪ੍ਰਕਾਸ਼ਤ ਕੀਤਾ ਜਾਣਾ ਵਾਜਿਬ ਹੈ। ਨਿਰਸੰਦੇਹ, ਜਿੰਨੀ ਛੇਤੀ ਇਹ ਪ੍ਰਕਾਸ਼ਤ ਕੀਤਾ ਜਾਂਦਾ, ਉਨੀ ਜ਼ਿਆਦਾ ਹੀ, ਹੋਣ ਵਾਲੇ ਫਸਾਦਾਂ ਦੀ ਜ਼ਿੰਮੇਵਾਰੀ ਬਰਤਾਨੀਆ ਨੂੰ ਚੁੱਕਣੀ ਪਵੇਗੀ।’’ (ਲੀਜਿੰਡ ਐਂਡ ਰੀਐਲਟੀ ਪੰਨਾ -157 ਦਾ ਹਵਾਲਾ)
ਫਸਾਦੀਆਂ ਨੂੰ ”ਟੈਕਾਂ ਅਤੇ ਹਵਾਈ ਜਹਾਜ਼ਾਂ ਨਾਲ ਕੁਚਲਣ ਦੇਣ’’ ਦੀ ਫੜ ਮਾਰਨ ਵਾਲਾ ਵਾਇਸਰਾਏ-ਹਿੰਦ ਹੁਣ ਲੋਕਾਂ ਦੀ ਜਾਨ ਮਾਲ ਤੇ ਇੱਜ਼ਤ ਦੀ ਰਾਖਵਾਲੀ ਕਰਨ ਦੀ ਜ਼ਿੰਮੇਵਾਰੀ ਤੋਂ ਭੱਜ ਰਿਹਾ ਸੀ!!
ਇਸ ਸਬੰਧ ਵਿਚ ਮੰਨੂ ਮਸਾਨੀ, ਜੋ ਵੰਡ ਵੇਲੇ ਵਿਧਾਨ-ਘਾੜੀ ਅਸੈਂਬਲੀ ਦਾ ਮੈਂਬਰ ਸੀ, ਅਪਣੀਆਂ ਯਾਦਾਂ ਵਿਚ ਲਿਖਦਾ ਹੈ,
”ਇਹ ਨਹੀਂ ਕਿ ਜਦੋਂ ਤੁਹਾਨੂੰ ਸੂਤ ਬੈਠੇ, ਤੁਸੀਂ ਉੱਠ ਕੇ ਤੁਰ ਜਾਓ। ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀਂ ਲੋਕਾਂ ਨੂੰ ਚੰਗੀ ਹਾਲਤ ਵਿਚ ਛੱਡ ਕੇ ਜਾਓ। ਤੁਸੀਂ ਅਪਣੀਆਂ ਫੌਜਾਂ ਨੂੰ ਵਾਪਸ ਨਹੀਂ ਬੁਲਾ ਸਕਦੇ ਤੇ ਅਰਾਜਕਤਾ ਫੈਲਾਉਣ ਦੀ ਖੁੱਲ੍ਹੀ ਛੁੱਟੀ ਨਹੀਂ ਦੇ ਸਕਦੇ। ਪਰ ਇੰਝ ਹੋਇਆ ਹੈ-ਮੇਰਾ ਖ਼ਿਆਲ ਹੈ ਕਿ ਜੇ ਅੰਗਰੇਜ਼ੀ ਫੌਜ ਵਾਪਸ ਨਾ ਬੁਲਾ ਲਈ ਜਾਂਦੀ ਤਾਂ ਇਸ ਪੱਧਰ ਦਾ ਕਤਲੇਆਮ ਨਾ ਵਾਪਰਦਾ’’ (…ਰਾਜ ਅਤੇ ਰਾਜੀਵ, ਪੁਸਤਕ ਵਿਚੋਂ ਪੰਨਾ 15)
ਨਵੇਂ ਇਤਿਹਾਸਕ ਤੱਥ ਇਹ ਪ੍ਰਮਾਣਤ ਕਰਦੇ ਹਨ ਕਿ ਭਾਰਤ ਦੀ ਵੰਡ ਵੇਲੇ ਵਾਇਸਰਾਏ ਤੇ ਅੰਗਰੇਜ਼ਾਂ ਨੇ ਅਪਣੀ ਬਣਦੀ ਜ਼ਿੰਮੇਵਾਰੀ ਨਹੀਂ ਨਿਭਾਈ ਤੇ ਭਾਰਤ ਵਿਚੋਂ ਜਾਨ ਛੁਡਾ ਕੇ ਭੱਜਣ ਦੀ ਕੀਤੀ।


ਸਹਾਇਕ ਪੁਸਤਕਾਂ :

  1. ‘ਪਾਰਟੀਸ਼ਨ’ ਲੇਖਕ ਲਾਲ ਖਾਨ, ਵੈਲਰੈੱਡ ਪਬਲੀਕੇਸ਼ਨ-2001
  2. ਇੰਡੀਆ ਵਿੰਨਜ ਫਰੀਡਮ’’ ਮੌਲਾਨਾ ਅਬੁਲ ਕਲਾਮ ਆਜਾਦ, ਔਰੀਐਂਟਲ ਲਾਂਗਮੈਨ 1988
  3. ”ਪਾਰਟੀਸ਼ਨ ਆਫ ਇੰਡੀਆ’’, ਐਚ.ਐਮ. ਸੀਰਵਾਈ, ਐਮੀਨਲ ਪਬਲੀਕੇਸ਼ਨਜ਼ ਬੰਬਈ- 1989

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!