ਤਿੰਨ ਪਲ-ਮਰਿਦੁਲਾ ਗਰਗ

Date:

Share post:

ਹਿੰਦੀ ਕਹਾਣੀ ਅਨੁਵਾਦ : ਮਹਿੰਦਰ ਬੇਦੀ

ਸਰਦੀਆਂ ਦੇ ਦਿਨ ਸਨ। ਕਾਫੀ ਠੰਡ ਸੀ। ਤੇਜ਼ਧਾਰ ਬਾਰਿਸ਼ ਹੋਣ ਲੱਗ ਪਈ। ਠੰਡ ਵਧ ਗਈ। ਉਂਜ ਐਤਵਾਰ ਸੀ। ਸੂਰਜ ਉੱਗਣ ਪਿੱਛੋਂ, ਪਹਿਲਾ ਪਹਿਰ। ਅਕਸਰ ਹੀ, ਐਤਵਾਰ ਨੂੰ ਇਸ ਵੇਲੇ ਕਾਲੋਨੀ ਦੇ ਸਾਰੇ ਜੀਵ, ਪਾਰਕ ਵਿਚ ਜਾ ਬਿਰਾਜਦੇ ਸਨ-ਧੁੱਪ ਸੇਕਣ ਲਈ। ਅੱਜ ਧੁੱਪ ਨਹੀਂ ਸੀ। ਮੀਂਹ ਸੀ-ਤੇ ਠੰਡ ਸੀ। ਵੱਡਿਆਂ ਦੀ ਪੂਰੀ ਬਸਤੀ, ਬੰਦ ਦਰਵਾਜ਼ਿਆਂ ਪਿੱਛੇ, ਘਰਾਂ ਵਿਚ ਸਮਾਈ ਹੋਈ ਸੀ-ਸ਼ਾਇਦ ਹੀਟਰ ਵੀ ਲਾ ਲਏ ਹੋਣ।
ਮੈਂ ਪਾਰਕ ਵਿਚ ਸਾਂ। ਰੋਜ਼ ਨਹੀਂ ਜਾਂਦੀ-ਬਸ, ਕਦੀ-ਕਦੀ। ਐਤਵਾਰ ਨੂੰ ਵੀ ਨਹੀਂ। ਅੱਜ ਗਈ ਸਾਂ-ਇਕੱਲੀ; ਹਰਿਆਲੀ ਦਾ ਆਨੰਦ ਮਾਣਨ। ਸਰਦੀ ਦਾ ਮੌਸਮ ਹੋਵੇ ਤਦੇ ਇਕੱਲ ਨੂੰ ਅਸਲ ਇਕਾਂਤ ਮਿਲਦੀ ਹੈ। ਕੰਬਣ ਦਾ ਮਜ਼ਾ ਵੀ ਤਦੇ ਹੁੰਦੈ, ਜਦ ’ਕੱਲਮ-’ਕੱਲੇ ਹੋਵੀਏ। ਵਰਨਾ, ਕੋਈ ਨਾ ਕੋਈ ਨਾਲ ਬੈਠ ਕੇ, ਨਿੱਘ ਦੇਣ ਲੱਗ ਪੈਂਦਾ ਹੈ। ਜਾਂ ਪਾਸਾ ਭਿੜਾਅ ਕੇ, ਸੇਕਣ ਲੱਗ ਪੈਂਦਾ ਹੈ। ਮੀਂਹ ਹੋਵੇ ਤਾਂ ਕੀ ਕਹਿਣੇ-ਖ਼ੁਦ ਤੋਂ, ਤੇ ਖ਼ੁਦੀ ਤੋਂ ਪਰਦਾ ਹੋਇਆ ਰਹਿੰਦਾ ਹੈ। ਖ਼ੁਦਾ ਦੀ, ਖ਼ੁਦਾ ਜਾਣੇ।
ਮੈਂ ਭਿੱਜ ਰਹੀ ਸਾਂ ਪਰ ਕੰਬ ਨਹੀਂ ਸੀ ਰਹੀ। ਬਾਰਿਸ਼ ਸਦਕਾ ਗੜੂੱਚ ਸਾਂ-ਖ਼ੁਦ ਤੋਂ ਬਾਹਰਲੇ ਸ਼ੁੰਨ ਵਿਚ ਵਰ੍ਹਦੇ ਪਾਣੀ ਨਾਲ। ਸ਼ਾਇਦ ਇਸੇ ਲਈ ਕੰਬਣੀ ਨੇ ਅਪਣਾ ਅਹਿਸਾਸ ਮੁਲਤਵੀ ਕੀਤਾ ਹੋਇਆ ਸੀ।
ਤਦੇ ਇਕੱਲ ਵਿਚ ਖ਼ਲ਼ਲ਼ ਪੈ ਗਿਆ। ਤਿੰਨ ਬੱਚੇ ਅੰਦਰ ਆ ਵੜੇ। ਉਹ ਕੰਧ ਟੱਪ ਆਏ ਸਨ। ਛੇ–ਸੱਤ ਸਾਲ ਦੇ ਹੋਣਗੇ। ਸਿਰਫ ਇਕ ਦੇ ਕੱਛਾ ਪਾਇਆ ਹੋਇਆ ਸੀ-ਸ਼ਾਇਦ ਉਹ ਕੁੜੀ ਹੋਵੇ। ਬਾਕੀ ਦੋਵੇਂ ਨੰਗ-ਧੜੰਗੇ ਸਨ-ਰੁੱਖੇ ਵਾਲ, ਮੈਲੀ ਪਾਟੀ ਚਮੜੀ ਤੇ ਬਿਆਈਆਂ ਭਰੀਆਂ ਤਲੀਆਂ ਵਾਲੇ, ਕਾਲੇ-ਡੰਝ ਬੱਚੇ।
ਇਸ ਪਾਰਕ ਵਿਚ ਅਜਿਹੇ ਬੱਚੇ ਕਦੀ ਨਹੀਂ ਦਿਸਦੇ। ਮਨਾਹੀ ਨਹੀਂ ਹੈ। ਫ਼ਾਟਕ ਉਪਰ ਚਿਤਾਵਨੀ ਦੀ ਫੱਟੀ ਵੀ ਨਹੀਂ ਲੱਗੀ ਹੋਈ। ਫੇਰ ਵੀ ਖੁਸ਼ਹਾਲ-ਜੀਵਾਂ ਦੇ ਪਾਰਕ ਵਿਚ ਹੁੰਦਿਆਂ, ਉਹ ਅੰਦਰ ਨਹੀਂ ਵੜਦੇ। ਕੀ ਦੱਸਾਂ ਕਿਉਂ ਨਹੀਂ ਆਉਂਦੇ? ਬਸ,ਨਹੀਂ ਆਉਂਦੇ-ਕਿਹਾ ਨਾ। ਤਦ ਵੀ ਨਹੀਂ, ਜਦ ਅੰਤਾਂ ਦੀ ਗਰਮੀ ਦੇ ਮੌਸਮ ਵਿਚ, ਸਭਿਅਕ-ਜੀਵਾਂ ਦੇ ਬੱਚੇ, ਲਗਭਗ, ਨੰਗੀਆਂ ਪੁਸ਼ਾਕਾਂ ਵਿਚ ਪਾਰਕ ਵਿਚ ਖੇਡ ਰਹੇ ਹੁੰਦੇ ਨੇ-ਲਗਭਗ ਨੰਗਾ ਹੋਣ ਤੇ ਅਲਫ਼ ਨੰਗਾ ਹੋਣ ਵਿਚ ਬੜਾ ਅੰੰਤਰ ਹੈ, ਜਿਸਨੂੰ ਇਕ ਮੈਲੇ-ਕੁਚੈਲੇ ਕੱਛੇ ਨਾਲ ਨਹੀਂ ਪੂਰਿਆ ਜਾ ਸਕਦਾ। ਪਰ ਇਸ ਵਕਤ, ਮੇਰੇ ਸਿਵਾਏ, ਪਾਰਕ ਵਿਚ ਹੋਰ ਕੋਈ ਨਹੀਂ ਸੀ। ਮੈਂ ਇਕ ਝਾੜੀ ਪਿੱਛੇ ਸ਼ਹਿ ਗਈ। ਜੰਗਲ ਦੇ ਤੇਂਦੂਏ ਵਾਂਗ।
ਬੱਚੇ ਅੰਦਰ ਆਏ। ਠੰਡ ਦੇ ਬਾਵਜੂਦ, ਮੀਂਹ ਵਿਚ ਨਹਾਉਣ ਲੱਗੇ। ਉੱਛਲਦੇ, ਕੁੱਦਦੇ, ਕਿਲਕਾਰੀਆਂ ਮਾਰਦੇ, ਪੁੱਠੀਆਂ-ਸਿੱਧੀਆਂ ਲੋਟਨੀਆਂ ਲਾਉਂਦੇ, ਚਾਂਭੜਾਂ-ਮਾਰਨ ਲੱਗ ਪਏ। ਏਨਾ ਕੁੱਦੇ-ਉੱਛਲੇ, ਉਲਟੇ-ਪਲਟੇ, ਹੱਸੇ-ਗਾਏ ਕਿ ਮੀਂਹ ਜ਼ਰਾ ਦੇਰ ਲਈ ਰੁਕ ਗਿਆ। ਉਹ ਘਾਹ ਵਿਚ ਲਿਟ-ਲਿਟ ਪਿੰਡਾ ਸੁਕਾਉਣ ਲੱਗੇ। ਇਕ ਪਾਸਾ ਸੁੱਕਿਆ ਨਹੀਂ ਸੀ ਕਿ ਮੀਂਹ ਫੇਰ ਸ਼ੁਰੂ…।
ਸ਼ੁਕਰ ਕੀਤਾ, ਭਗਵਾਨ ਦਾ ਮੈਂ-ਇਸ ਲਈ ਨਹੀਂ ਕਿ ਨੰਗੇ ਬੱਚਿਆਂ ਨੂੰ, ਠਾਰੀ ਵਿਚ ਭਿੱਜਦਿਆਂ ਦੇਖ ਕੇ, ਪਰਾਈ-ਪੀੜ ਦਾ ਸੁਖ ਭੋਗਣਾ ਚਾਹੁੰਦੀ ਸਾਂ। ਏਡਾ ਤੇਂਦੂਆ ਨਹੀਂ ਸੀ ਮੈਂ। ਪਰ ਮੀਂਹ ਰੁਕ ਜਾਂਦਾ ਤਾਂ ਕਾਲੋਨੀ ਦੇ ਰੁਤਬਾ-ਬਰਦਾਰ-ਜੀਵ, ਧੜਾਧੜ ਪਾਰਕ ਵਿਚ ਆ ਵੜਦੇ। ਨੰਗ-ਮਲੰਗ ਬੱਚਿਆਂ ਨੂੰ ਬਾਹਰ ਕੱਢਣ ਲਈ ਫਿਟਕਾਰਾਂ ਦੀ ਝੜੀ ਲਾ ਦੇਂਦੇ। ਜਾਂ ਉਹਨਾਂ ਨੂੰ ਦੇਖ ਕੇ, ਫਿਟਕਾਰਾਂ ਸ਼ੁਰੂ ਹੋਣ ਤੋਂ ਪਹਿਲਾਂ ਹੀ, ਬੱਚੇ ਖ਼ੁਦ ਨੱਸ ਜਾਂਦੇ।
ਮੇਰੇ ਅੰਦਰ ਗੁੱਸਾ ਫ਼ਨ ਚੁੱਕਣ ਲੱਗਿਆ। ਛੋਟੇ-ਵੱਡੇ ਦੇ ਪਾੜੇ ’ਤੇ ਆਉਣ ਵਾਲਾ ਗੁੱਸਾ। ਬੇਚੈਨੀ ਵਧਾਉਣ ਵਾਲਾ; ਬੇਵੱਸ ਗੁੱਸਾ। ਉਹਨਾਂ ਬੱਚਿਆਂ ਦੇ ਚਿਹਰੇ-ਜੁੱਸੇ ਉਪਰ, ਉਹਨਾਂ ਦੀ ਮਾਲੀ ਹਾਲਤ, ਮਾਂ-ਬਾਪ ਦੀ ਆਮਦਨੀ, ਸਮਾਜ ਵਿਚ ਉਹਨਾਂ ਦੀ ਜਗ੍ਹਾ ਤੇ ਮੰਦਹਾਲੀ, ਸਭੋ ਕੁਝ ਉੱਕਰਿਆ ਹੋਇਆ ਸੀ। ਫਿਲਹਾਲ ਮੇਰਾ ਉਹਨਾਂ ਨਾਲ ਕੋਈ ਵਾਸਤਾ ਨਹੀਂ ਸੀ। ਹਾਲੇ ਤਾਂ ਮੈਂ, ਝਾੜੀ ਪਿੱਛੇ ਤੇਂਦੂਏ ਵਾਂਗ ਛੁਪੀ, ਊਂਘਦੇ ਦਿਮਾਗ ਨਾਲ ਕਾਇਨਾਤ ਭੋਗ ਰਹੀ, ਇਕ ਇਨਸਾਨ ਸੀ ਸਿਰਫ। ਇਕੱਲੀ। ਰੁਤਬਿਆਂ-ਅਹੁਦਿਆਂ ਵਾਲੇ ਆ ਜਾਂਦੇ ਤਾਂ ਮੈਂ ਸਮਾਜ ਬਣ ਜਾਂਦੀ। ਸੌਂਦੇ ਦਿਮਾਗ ਨੂੰ, ਨਾਇਨਸਾਫੀ ਦਾ ਅਹਿਸਾਸ, ਜਗਾਅ ਦੇਂਦਾ ਤੇ ਮੈਂ ਤਪ ਜਾਂਦੀ, ਬਹਿਸ ਕਰਦੀ; ਹਾਰਦੀ ਭਾਵੇਂ ਜਿੱਤਦੀ, ਹਰ ਹੀਲੇ, ਛੋਟੀ ਸਮਝੀ ਜਾਂਦੀ। ਸੁਕੂਨ ਉੱਤੇ ਲਾਚਾਰੀ ਭਾਰੂ ਹੋ ਜਾਂਦੀ।
ਅਜੇ ਪਾਰਕ ਵਿਚ, ਇਹਨਾਂ ਤਿੰਨਾ ਬੱਚਿਆਂ ਦੇ ਸਿਵਾਏ ਮੈਂ ਹੀ ਸਾਂ। ਉਹਨਾਂ ਲਈ ਮੈਂ ਵੀ ਨਹੀਂ ਸਾਂ। ਉਹ ਮੈਨੂੰ ਦੇਖ ਨਹੀਂ ਸੀ ਸਕਦੇ। ਮੈਂ ਝਾੜੀ ਪਿੱਛੇ, ਮੁੜੀ-ਤੁੜੀ, ਪੂਰੀ ਤਰ੍ਹਾਂ ਛਿਪੀ ਬੈਠੀ ਸਾਂ। ਉਹਨਾਂ ਭਾਣੇ ਸਿਰਫ ਉਹ ਤਿੰਨੇ ਸਨ ਤੇ ਮੀਂਹ ਦੀ ਕਿਚਰ-ਮਿਚਰ ਸੀ। ਕਦੀ ਤੇਜ਼, ਕਦੀ ਹੌਲੀ। ਹੁਣ ਤਕ ਘਾਹ ਪੂਰੀ ਤਰ੍ਹਾਂ ਭਿੱਜ ਚੁੱਕਿਆ ਸੀ। ਪਾਣੀ ਨਾਲ ਖੇਡ ਲੈਣ ਪਿੱਛੋਂ ਉਹ ਕਿਆਰੀਆਂ ਦੀ ਮਿੱਟੀ ਵਿਚ ਲੇਟੇ ਲਾ ਰਹੇ ਸਨ-ਕਾਟੋਆਂ ਵਾਂਗਰ। ਪਿੰਡਿਆਂ ਉੱਤੇ ਮਿੱਟੀ ਦਾ ਲੇਪ ਹੋ ਰਿਹਾ ਸੀ। ਪਰ ਕਿਆਰੀਆਂ ਵਿਚ ਬੂਟੇ ਸਨ। ਖਾਸੀਆਂ ਫੁੱਲ-ਪੱਤੀਆਂ, ਉਹਨਾਂ ਦੇ ਮਿੱਟੀ ਨਹਾਉਣ ਨਾਲ, ਟੁੱਟ-ਟੁੱਟ ਖਿੱਲਰ ਰਹੀਆਂ ਸਨ। ਮਿੱਟੀ ਦੇ ਗ਼ਿਲਾਫ਼ ਉਪਰ ਨਗੀਨੇ ਜੜ ਰਹੀਆਂ ਸਨ।
ਮੇਰਾ ਡਰ ਵਧ ਰਿਹਾ ਸੀ। ਇਸ ਵੇਲੇ ਕੋਈ ਆ ਗਿਆ ਤਾਂ ਟੁੱਟੇ-ਬੂਟਿਆਂ ਦੀ ਹਮਦਰਦੀ ਵਿਚ ਨਿਰੋਲ ਬੇਦਰਦ ਬਣ ਜਾਏਗਾ। ਸ਼ੁਕਰ ਹੈ, ਮੀਂਹ ਦੀ ਰਫ਼ਤਾਰ ਵਧ ਰਹੀ ਹੈ। ਮੈਂ ਸਰਕਦੀ ਹੋਈ, ਝਾੜੀ-ਦਰ-ਝਾੜੀ, ਇਕ ਵੱਡੇ ਰੁੱਖ ਹੇਠ ਪਹੁੰਚ ਗਈ ਸਾਂ। ਮੌਲਸ਼੍ਰੀ ਦਾ ਰੁੱਖ ਸੀ। ਬਾਰਿਸ਼ ਨੇ ਫੁੱਲਾਂ ਦੀ ਖੁਸ਼ਬੋ ਖੋਹ ਕੇ ਹੇਠਾਂ ਖਿਲਾਰ ਦਿਤੀ ਸੀ। ਫੁੱਲ ਸੁੱਕ ਚੁੱਕੇ ਸੀ, ਪਰ ਕੁਝ ਸਨ ਜਿਹੜੇ ਜਬਰੀ ਟਾਹਣੀਆਂ ਨਾਲ ਜੁੜੇ ਹੋਏ ਸਨ। ਹੁਣ ਬਾਰਿਸ਼ ਦੇ ਤਕੜੇ ਛੜਾਕੇ ਨੇ ਧਾਵਾ ਬੋਲ ਦਿਤਾ ਸੀ। ਪਰ ਏਨੀ ਖੁਸ਼ਦਿਲੀ ਨਾਲ ਕਿ ਪੂਰਾ ਨਜ਼ਾਰਾ ਖੁਸ਼ਬੂਦਾਰ ਹੋ ਗਿਆ ਸੀ। ਫੇਰ ਵੀ ਰੁੱਖ ਦਾ ਸਹਾਰਾ ਤੇ ਝਾੜੀਆਂ ਦੀ ਓਟ, ਦੋਵੇਂ, ਮੇਰੀਆਂ ਬੁੱਢੀਆਂ ਹੱਡੀਆਂ ਨੂੰ ਵਾਛੜ ਤੇ ਠੰਡ ਦੀ ਮਾਰ ਤੋਂ ਬਚਾਉਣ ਲਈ ਕਾਫੀ ਨਹੀਂ ਸਨ। ਯਕੀਨਨ ਮੇਰੀਆਂ ਬੁੱਢੀਆਂ ਹੱਡੀਆਂ ਘਰ ਚਲੇ ਜਾਣਾ ਲੋਚਦੀਆਂ ਸਨ।
ਪਰ ਜਦ ਤਕ ਮਨ ਇਜਾਜ਼ਤ ਨਾ ਦਵੇ, ਉਹ ਹਿੱਲਣ, ਡੋਲਣ ਕਿਵੇਂ? ਤੇ ਮਨ ਸੀ ਕਿ ਜਵਾਨ ਤੋਂ ਬੱਚਾ ਹੁੰਦਾ ਜਾ ਰਿਹਾ ਸੀ। ਹੁਕਮ ਦੇਣ ਦੇ ਨਾਕਾਬਿਲ ਤੇ ਬਲਾ-ਹਠ ਕਰਨ ਦਾ ਮਾਹਿਰ।
‘ਨਹੀਂ ਜਾਣਾ, ਮੈਂ ਨਹੀਂ ਜਾਣ,
ਪਾਰਕ ਛੱਡ ਕੇ ਨਹੀਂ ਜਾਣਾ।’
ਮੇਰਾ ਮਨ ਗਾ ਰਿਹਾ ਸੀ। ਬੱਚੇ ਗਾ ਰਹੇ ਸਨ। ਬੁੱਢੀਆਂ ਹੱਡੀਆਂ ਕੋਲ ਆਵਾਜ਼ ਨਹੀਂ ਸੀ ਰਹੀ। ਜਵਾਨ ਮਨ ਨੂੰ ਤਾੜ-ਝਿੜਕ ਨਹੀਂ ਸੀ ਸਕਦੀਆਂ। ਬਸ ਕੰਬਦੀ ਖੱਲ ਦੀ ਲੈ ਨਾਲ ਵੱਜੀ ਜਾ ਰਹੀਆਂ ਸਨ। ਸੁੱਕੇ ਪੱਤਿਆਂ ਤੇ ਖੜਤਾਲ ਵਾਂਗਰ।
ਮੇਰੀਆਂ ਹੱਡੀਆਂ ਨੂੰ ਛੱਡ ਕੇ ਸਭ ਕੁਝ ਗੱੜੂਚ ਹੋ ਚੁੱਕਿਆ ਸੀ। ਤਰੋਤਰ। ਰਸੇ ਵਾਂਗਰ ਚੋਂਦਾ-ਚੋਂਦਾ। ਪੱਤੀ-ਪੱਤੀ, ਬੂਟਾ-ਬੂਟਾ ਭਿੱਜਿਆ ਹੋਇਆ ਸੀ, ਜਵਾਨ ਮਨ ਵਾਂਗਰ ਹੀ।
ਬੱਚੇ ਗਾ ਰਹੇ ਸਨ, ਉੱਚੀ-ਉੱਚੀ। ਜਿਵੇਂ ਜਵਾਨ ਹੋ ਰਹੇ ਹੋਣ। ਮੇਰਾ ਮਨ ਵੀ ਗਾ ਰਿਹਾ ਸੀ। ਮੇਰੀ ਉਮਰ ਘਟ ਰਹੀ ਸੀ। ਬੱਚਿਆਂ ਦੀ ਵਧ ਰਹੀ ਸੀ। ਅਸੀਂ ਸਾਰੇ ਜਵਾਨ ਹੋ ਰਹੇ ਸਾਂ।
ਮੈਂ ਦੇਖਿਆ, ਉਹ ਜਵਾਨ ਹੋ ਗਏ। ਇਕ ਤ੍ਰਿਕੋਣ ਬਣੀ। ਇਕ ਕੁੜੀ, ਦੋ ਮੁੰਡੇ। ਕੁੜੀ ਨੂੰ ਇਕ ਮੁੰਡੇ ਨਾਲ ਪਿਆਰ ਹੋਇਆ, ਦੂਜੇ ਨਾਲ ਨਹੀਂ। ਖੁਸ਼ੀਆਂ ਖਿੱਲਾਰਦੀ ਹੈਰਾਨੀ ਸੀ ਕਿ ਏਨੇ ਬਦਹਾਲੇ, ਅਸਭਿਅ ਬੱਚੇ ਵੀ ਜਵਾਨ ਹੋ ਕੇ ਪਿਆਰ ਕਰ ਸਕਦੇ ਸੀ! ਕਰ ਰਹੇ ਸੀ! ਕਰਦੇ ਨੇ!
ਮੈਂ ਦੇਖਿਆ, ਕੁੜੀ, ਇਕ ਮੁੰਡੇ ਨਾਲ ਪਿਆਰ ਕਰ ਰਹੀ ਹੈ। ਦੂਜਾ ਪਤੰਗ ਉਡਾਅ ਰਿਹਾ ਹੈ। ਮੀਂਹ ਵਿਚ ਭਿੱਜਦਾ ਭਿੱਜਦਾ ਵੱਡਾ ਹੋ ਰਿਹਾ ਹੈ। ਗਰਮੀ-ਸਰਦੀ ਵਿਚ ਬੋਝਾ ਢੋਅ ਰਿਹਾ ਹੈ। ਰੋਜੀ-ਰੋਟੀ ਕਮਾਅ ਰਿਹਾ ਹੈ। ਕੁੜੀ ਵੀ ਢੋਅ ਰਹੀ ਹੈ। ਪਹਿਲਾ ਮੁੰਡਾ ਵੀ। ਪਰ ਕੁੜੀ ਪਹਿਲੇ ਨੂੰ ਹੀ ਪਿਆਰ ਕਰ ਰਹੀ ਹੈ। ਦੂਜਾ ਅਪਣੇ ਵਿਚ ਮਗਨ ਹੈ, ਅਪਣੀ ਰੋਟੀ ਕਮਾਉਣ, ਮੇਰੀ ਬਸਤੀ ਵਿਚ ਆ ਗਿਆ ਹੈ। ਬਾਕੀ ਦੋਵੇਂ ਦੂਜੀ ਬਸਤੀ ਵਿਚ ਨੇ। ਉਹ ਹਨ, ਮੈਂ ਹਾਂ। ਸਾਡੀ ਉਮਰ ਹੁਣ ਬਰਾ-ਬਰਾਬਰ ਹੈ।
ਇਕ ਜਵਾਨ ਮੁੰਡੇ ਨਾਲ ਉਸ ਕੁੜੀ ਨੂੰ ਪਿਆਰ ਹੋਇਆ, ਦੂਜੇ ਨਾਲ ਮੈਨੂੰ। ਹੋਰ…ਹੋਰ ਕੀ? ਹੋਰ ਕੁਛ ਨਹੀਂ। ਪਿਆਰ ਵਿਚ ਹੋਰ ਨਹੀਂ ਜੋੜਨਾ ਚਾਹੀਦਾ। ਸ਼ਬਦ ਜੁੜਦਿਆਂ ਹੀ ਪਿਆਰ ਲੜਖੜਾ ਜਾਂਦਾ ਹੈ। ਹੋਰ ਵਿਆਹ, ਹੋਰ ਘਰ, ਹੋਰ ਸੰਗੀ-ਸਾਥੀ, ਤੇ, ਹੋਰ ਸਾਂਝੇਦਾਰੀਆਂ-ਹਮਦਰਦ, ਹਮਨਿਵਾਲਾ, ਹਮਸਫ਼ਰ। ਖਾਣਾ, ਸੌਣਾ, ਰਹਿਣਾ, ਭੁੱਖ-ਪਿਆਸ, ਅੰਗ-ਸੰਗ। ਹੋਰ ਦੇ ਨਾਲ ਇਕ ਉਮੰਗ, ਇਕ ਉਮੀਦ, ਇਕ ਚਾਹਤ ਕਿ ਉਹ ਸਾਥੋਂ ਵਧ ਸਾਨੂੰ ਚਾਹੇ। ਉਹ, ਉਹ ਕਰੇ ਜੋ ਖ਼ੁਦ ਅਪਣੇ ਲਈ ਨਾ ਕਰ ਸਕੇ। ਸੋਚਦੇ ਨੇ, ਉਸ ਲਈ ਕਰਦੇ ਹਾਂ ਪਰ ਕਰਦੇ ਨਹੀਂ।
ਸਾਨੂੰ ਅਪਣਾ ਪਿਆਰ ਮਿਲ ਗਿਆ। ਬਸ, ਬਥੇਰਾ ਹੈ। ਮੈਂ ਸਾਥੀ ਨਹੀਂ ਕਿਹਾ। ਪਿਆਰ। ਪੂਰਨ ਵਿਰਾਮ ਯਾਨੀ ਡੰਡੀ। ਹੋੜਾ, ਕਨੌੜਾ ਨਹੀਂ; ਈਰਖਾ, ਸਾੜਾ ਨਹੀਂ; ਤੂੰ, ਤਰਾਂ ਨਹੀਂ। ਇਕ ਭਾਵ। ਉਮੰਗ। ਖੇੜਾ। ਇਕ ਯਾਦ। ਯਾਦ? ਮੈਂ ਫੇਰ ਬੁੱਢੀ ਹੋ ਰਹੀ ਸਾਂ? ਹਾਂ। ਜ਼ਰੂਰ।
ਤੇ ਮੀਂਹ ਰੁਕ ਗਿਆ ਹੈ।
ਬੱਚਿਓ, ਘਰ ਆਓ। ਕਾਫੀ ਜਵਾਨ ਹੋ ਲਏ। ਮੇਰੀਆਂ ਬੁੱਢੀਆਂ ਹੱਡੀਆਂ ਦੀ ਫ਼ਿਕਰ ਕਰੋ। ਮੇਰੀ ਖੱਲ ਤਕ ਨਹੀਂ ਕੰਬ ਰਹੀ-ਐਨੀ ਠਰ ਗਈ ਹਾਂ ਮੈਂ। ਹੁਣ ਮੇਰੀ ਦੇਹ ਨੂੰ ਘਰ ਜਾਣਾ ਹੀ ਪਏਗਾ। ਮਨ ਅਪਣੀ ਜ਼ਿੱਦ ਉੱਤੇ ਅੜਿਆ ਰਿਹਾ ਤਾਂ ਉਹ ਪ੍ਰਾਣ ਤਿਆਗ ਸਕਦੀ ਹੈ। ਏਨੀ ਵੀ ਮਨ ਦੀ ਗੁਲਾਮ ਨਹੀਂ।
ਪਰ ਜਾਵਾਂ ਤਾਂ ਕਿਸ ਤਰ੍ਹਾਂ? ਮੈਂ ਚਲੀ ਗਈ, ਇਹ ਇੱਥੇ ਰਹੇ ਤਾਂ ਸਾਊ ਗੁਆਂਢੀਆਂ ਦੇ ਆਉਣ ’ਤੇ ਉਹਨਾਂ ਨਾਲ ਲੜੇਗਾ ਕੌਣ? ਲੜਨ ਵਿਚ ਮੈਂ ਅਮੀਰ ਤੋਂ ਅਮੀਰ ਗੁਆਂਢੀ ਨੂੰ ਹਿੜਕ ਸਕਦੀ ਹਾਂ, ਜਾਣਦੀ ਸਾਂ। ਪਰ ਉਸ ਲਈ ਜ਼ਰੂਰੀ ਸੀ ਕਿ ਗਲੇ ਵਿਚੋਂ ਸਾਫ, ਕਰਾਰੀ ਆਵਾਜ਼ ਕੱਢ ਸਕਾਂ। ਹੱਥਾਂ-ਪੈਰਾਂ ਨੂੰ, ਉਗਾਸ-ਉਲਾਰ ਸਕਾਂ। ਝਾੜੀਆਂ ਪਿੱਛੇ ਸਹਿ ਕੇ ਬੈਠੀ ਦਾ ਸਰੀਰ ਏਨਾ ਜੁੜ ਗਿਆ ਸੀ ਕਿ ਉਸਨੂੰ ਹਿਲਾਉਣਾ, ਉਠਾਉਣਾ, ਮੁਸ਼ਕਿਲ ਹੁੰਦਾ ਜਾ ਰਿਹਾ ਸੀ। ਇਸ ਤੋਂ ਪਹਿਲਾਂ ਕਿ ਉਸ ਤੋਂ ਕੋਈ ਹੋਰ ਕੰਮ ਲਿਆ ਜਾ ਸਕੇ, ਉਸਨੂੰ ਜ਼ਮੀਨ ਤੋਂ ਉਠਾਲ ਕੇ ਖੜ੍ਹਾ ਕੀਤਾ ਜਾਵੇ।
ਮੈਂ ਖੜ੍ਹੀ ਹੋਈ। ਇਕ ਠਰੀ, ਸੁੰਗੜੀ, ਖੁੱਥੜ-ਜਿਹੀ ਕਾਇਆ ਵਾਲੀ ਬੁੱਢੀ। ਮੀਂਹ ਨਾਲ ਭਿੱਜੀ ਸਾੜ੍ਹੀ, ਸਰੀਰ ਨਾਲ ਇਸ ਤਰ੍ਹਾਂ ਚਿਪਕੀ ਹੋਈ ਸੀ ਕਿ ਉਸਨੂੰ ਲਗਭਗ ਨੰਗਾ ਕਰ ਰਹੀ ਸੀ। ਪਰ ਸੀ ਤਾਂ ਸੀ। ਸਾੜ੍ਹੀ, ਬਲਾਊਜ਼, ਪੇਟੀਕੋਟ-ਇਕ ਨਹੀਂ ਅਨੇਕ ਕਪੜੇ ਸਨ। ਗਿੱਲੇ, ਲਿਪਟੇ, ਪਾਰਦਰਸ਼ੀ-ਪਰ ਸਨ। ਲਗਭਗ ਤੇ ਅਲਫ਼ ਨੰਗਾ ਹੋਣ ਵਿਚ ਬੜਾ ਫਰਕ ਹੈ।
ਬੱਚੇ ਉਛਾਲ ਦੌਰਾਨ ਇੰਜ ਅਟਕ ਗਏ ਜਿਵੇਂ ਬੁੱਤਾਂ ਵਿਚ ਤਬਦੀਲ ਹੋ ਗਏ ਹੋਣ। ਮੇਰੇ ਵੱਲ ਇੰਜ ਤੱਕਿਆ, ਜਿਵੇਂ ਝਾੜੀ ਵਿਚੋਂ ਕੋਈ ਖ਼ੂੰਖ਼ਾਰ ਤੇਂਦੂਆ ਜਾਂ ਚੀਤਾ ਨਿਕਲ ਆਇਆ ਹੋਵੇ। ਮੇਰਾ ਆਕੜਿਆ, ਠਰਿਆ, ਝੁਕਿਆ ਸਰੀਰ, ਉਹਨਾਂ ਨੂੰ ਘਾਤ ਲਾਈ ਸ਼ਿਕਾਰ ਉੱਤੇ ਝਪਟਣ ਵਾਲਾ ਕੋਈ ਚੌਪਾਇਆ ਲੱਗਿਆ।
ਉਹ ਨੱਸ ਗਏ। ਚਾਣਚੱਕ। ਹੁਣੇ ਉਹ ਸਾਹਮਣੇ ਸਨ ਤੇ ਹੁਣ ਅੱਖਾਂ ਤੋਂ ਪਰ੍ਹੇ।

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!