ਚਿੱਠੀਆਂ – ‘ਹੁਣ-11’

Date:

Share post:

ਕੁੱਝ ਵੱਖਰਾ, ਕੁੱਝ ਅੱਡਰਾ


ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ ਦੀ ਤਮੰਨਾ ਵੀ ਅਤੇ ਕੁਝ ਸੁਪਨੇ ਵੀ। ਪਰਚੇ ਦਾ ਉਹੀ ਮਿਆਰ ਰੱਖਣ ਲਈ ਵਧਾਈਆਂ ਦੇ ਪਾਤਰ ਹੋ। ਮੈਂ ਕੁਝ ਕਸੂਤਾ ਫਸਿਆ ਹੋਣ ਕਰਕੇ ਗੈLਰਹਾਜ਼ਰ ਰਿਹਾ ਹਾਂ। ਅਗਾਂਹ ਤੋਂ ਇਹ ਨਹੀਂ ਹੁੰਦਾ।
ਪਰਚੇ ਦੇ ਸਾਰੇ ਲੇਖਕ ਇੱਕ ਦੂਜੇ ਤੋਂ ਵੱਧ ਹਨ। ਮਨਿੰਦਰ ਕਾਂਗ, ਅਨੂਪ ਵਿਰਕ ਤੇ ਹਰਪਾਲ ਪੰਨੂ ਦਾ ਮਿਆਰ ਅਪਣਾ ਹੀ ਹੈ। ਮੈਂ ਕਿਉਂਕਿ ਕਲਾਸਕੀ ਅਦਬ ਦਾ ਰਸੀਆ ਹਾਂ, ਇਸ ਲਈ ਕਹਾਣੀ ਲਿਖਣ ਵਿਚ ਜਿਹੜਾ ਮੁਕਾਮ ਮੰਟੋ ਦਾ ਹੈ, ਉਸ ਮੁਕਾਮ ਨੂੰ ਪਹੁੰਚਣਾ ਬੜਾ ਮੁਸ਼ਕਲ ਹੈ। ਹੁਣ ਕਾਂਗ ਅਪਣੇ ਅਸਲ ਨਵੇਕਲੇ ਨੁਕਤੇ ਤੋਂ ਸਾਹਮਣੇ ਆਇਆ ਹੈ। ਪੰਜਾਬ ਦੇ ਸਭਿਆਚਾਰ ਅਤੇ ਰਹਿਤਲ ਬਾਰੇ ਬੜਾ ਕੁਝ ਕਰਨ ਵਾਲਾ ਪਿਆ ਹੈ। ਤੁਸੀਂ ਅਪਣਾ ਯੋਗਦਾਨ ਪਾਈ ਜਾ ਰਹੇ ਹੋ। ਪੰਜਾਬ ਦੇ ਕੁਝ ਸ਼ਹਿਰਾਂ ਜਿਵੇਂ ਸ੍ਰੀ ਅਮ੍ਰਿਤਸਰ, ਪਟਿਆਲਾ, ਜਲੰਧਰ ਆਦਿ ਦੇ ਖਾਸ ਨੰਬਰ ਕੱਢਣ ਦਾ ਐਲਾਨ ਕਰ ਦੇਵੋ, ਤਾਂ ਜੋ ਵਿਦਵਾਨ ਸੱਜਣ ਆਪਣੀ ਵਿਹਲ ਅਨੁਸਾਰ ਲੇਖ ਤਿਆਰ ਕਰ ਸਕਣ। ਕਾਹਲ ਦੇ ਕੰਮ ਦਾ ਕੋਈ ਮਤਲਬ ਨਹੀਂ।
ਤੁਹਾਡੇ ਇੱਕ ਪਿਛਲੇ ਅੰਕ ਵਿਚ ਇੱਕ ਲੇਖਕ ਫੋਟੋਕਾਰ ਨੇ ਕਈ ਟੱਪਲੇ ਖਾਧੇ ਹੋਏ ਸਨ। ਇਸ ਵਿਚਲੇ ਤੱਥ ਸੁਧਾਈ ਮੰਗਦੇ ਹਨ। ਕਦੀ ਮੌਕਾ ਮਿਲਿਆ ਤਾਂ ਲਿਖਾਂਗਾ। 1857 ਤੇ 1947 ਸਾਡੇ ਬੜੇ ਖੂਨੀ ਸਾਲ ਸਨ। ਉਨ੍ਹਾਂ ਬਾਰੇ ਕੁਝ ਨਿੱਗਰ ਕਰਨ ਦੀ ਵੀ ਅਜੇ ਲੋੜ ਹੈ।

-ਬਲਬੀਰ ਸਿੰਘ ਕੰਵਲ, ਯੂ-ਕੇ।

***


ਪ੍ਰੇਮ ਪ੍ਰਕਾਸ਼ ਦੀਆਂ ਗੱਲਾਂ


‘ਹੁਣ’ ਦਾ ਇਹ 10ਵਾਂ ਅੰਕ ਪਹਿਲੇ ਅੰਕਾਂ ਵਾਂਗ ਉੱਚੇ ਮਿਆਰ ਦੀਆਂ ਰਚਨਾਵਾਂ ਲੈ ਕੇ ਆਇਆ ਹੈ। ਅੱਜ ਕੱਲ ਤਰਕੀਬਨ ਹਰ ਪਰਚੇ ‘ਚ ਪੁਰਸਕਾਰਾਂ ਦੇ ਪਰਦੂਸ਼ਨ ਦੀਆਂ ਗੱਲਾਂ ਹੋ ਰਹੀਆਂ ਹਨ। ਇਸ ਪਰਦੂਸ਼ਨ ਦੇ ਜੁੰਮੇਵਾਰ ਪੁਰਸਕਾਰ ਦੇਣ ਵਾਲੇ ਅਤੇ ਲੈਣ ਵਾਲੇ, ਦੋਵੇਂ ਹੀ ਹੋਣਗੇ, ਪਰ ਉਨ੍ਹਾਂ ਦੇ ਸਿਰ ‘ਤੇ ਜੂੰ ਵੀ ਨਹੀਂ ਰੀਂਗਦੀ। ਪੜ੍ਹ ਕੇ ਹੱਸਦੇ ਹੋਣਗੇ। ਮਨ ਹੀ ਮਨ ਕਹਿੰਦੇ ਹੋਣਗੇ-ਬਕਦੇ ਹਨ ਤਾਂ ਬਕੀ ਜਾਣ। ਜਿਵੇਂ ਰਿਸ਼ਵਤ ਲੈਣ-ਦੇਣ ਵਾਲਿਆਂ ਲਈ ਰਿਸ਼ਵਤਖੋਰੀਆਂ ਦੇ ਇਲਜ਼ਾਮਾਂ ਦਾ ਕੋਈ ਅਸਰ ਨਹੀਂ ਹੁੰਦਾ, ਇਹੀ ਹਾਲ ਸਨਮਾਨਾਂ ਦਾ ਹੋ ਗਿਆ ਹੈ। ਮੇਰਾ ਅਨੁਮਾਨ ਹੈ ਕਿ ਵੱਡੇ ਪੁਰਸਕਾਰਾਂ ਦੇ ਮੁਕਾਬਲੇ ਛੋਟੇ ਪੁਰਸਕਾਰਾਂ ਵਿਚ ਜ਼ਿਆਦਾ ਈਮਾਨਦਾਰੀ ਹੁੰਦੀ ਹੈ। ਹੁਣ ਸਮਾਂ ਆ ਗਿਆ ਹੈ ਕਿ ਇਹ ਪੁਰਸਕਾਰ ਬੰਦ ਹੋ ਜਾਣੇ ਚਾਹੀਦੇ ਹਨ।
ਇਸ ਅੰਕ ਵਿਚ ਸਭ ਤੋਂ ਵਧੀਆ ਪ੍ਰੇਮ ਪ੍ਰਕਾਸ਼ ਦੀਆਂ ਗੱਲਾਂ ਹਨ। ਚਾਹੇ ਤੁਸੀਂ ਅਪਣੇ ਵੱਲੋਂ ਬੜੇ ਕਰਾਰੇ ਸਵਾਲ ਪੁੱਛੇ, ਪਰ ਪ੍ਰੇਮ ਪ੍ਰਕਾਸ਼ ਨੇ ਵੀ ਬੜੀ ਬੇਬਾਕੀ ਅਤੇ ਸਾਫ਼ ਗੋਈ ਨਾਲ ਉਨ੍ਹਾਂ ਦੇ ਜਵਾਬ ਦਿੱਤੇ। ਔਰਤ-ਮਰਦ ਦੇ ਆਪਸੀ ਰਿਸ਼ਤੇ , ਗੁੰਝਲਾਂ ਅਤੇ ਸੈਕਸ ਬਾਰੇ ਹੋਰ ਵੀ ਬਹੁਤ ਲੇਖਕ ਕਹਾਣੀਆਂ ਲਿਖਦੇ ਹਨ; ਚੰਗੀਆਂ ਵੀ ਹੁੰਦੀਆਂ ਹਨ, ਪਰ ਪ੍ਰੇਮ ਪ੍ਰਕਾਸ਼ ਆਦਮੀਂ-ਔਰਤ ਦੇ ਮਨੋਵਿਗਿਆਨ ਦੀ ਪਰਤਾਂ ਨੂੰ ਖੋਲ੍ਹਦਿਆਂ ਉਸ ਦੇ ਮੂਲ ਤਕ ਪਹੁੰਚਣ ਦਾ ਯਤਨ ਕਰਦਾ ਹੈ। ਇਸ ਦੇ ਨਾਲ ਹੀ ਨਾਲ ਜੋ ਇਸ ਕੋਲ ਕਹਾਣੀ ਲਿਖਣ ਦਾ ਸ਼ਿਲਪ ਹੈ, ਉਹ ਹੋਰ ਕਿਸੇ ਕੋਲ ਨਹੀਂ। ਵਿਅਕਤੀਗਤ ਪੱਧਰ ‘ਤੇ ਵੀ ਹਰ ਪ੍ਰਸ਼ਨ ਦਾ ਉੱਤਰ ਦੇਂਦਿਆਂ ਕੋਈ ਲੁਕ-ਲੁਕਾ ਨਹੀਂ ਰਖਿਆ। ਇਕ ਪ੍ਰਸ਼ਨ ਦਾ ਉੱਤਰ ਦੇਂਦਿਆਂ ਇਨ੍ਹਾਂ ਕਿਹਾ ਹੈ – ਪੰਜਾਬੀ ਸਾਹਿਤ ‘ਚ ਔਰਤ ਨੂੰ ਸਮਝਣਾ ਅਤੇ ਉਹਦੇ ਬਾਰੇ ਲਿਖਣਾ ਬਹੁਤਾ ਚੰਗਾ ਨਹੀਂ ਸਮਝਿਆ ਗਿਆ’। ਪਰ ਮੈਂ ਵੇਖਿਆ ਹੈ ਕਿ 50 ਫੀਸਦੀ ਤੋਂ ਵੱਧ ਕਹਾਣੀਆਂ ਔਰਤ-ਮਰਦ ਦੇ ਰਿਸ਼ਤਿਆਂ, ਜ਼ਿਆਦਾਤਰ ਜਿਸਮੀ ਸੰਬੰਧ ਬਾਰੇ ਹੁੰਦੀਆਂ ਹਨ, ਪਾਠਕ ਇਨ੍ਹਾਂ ਨੂੰ ਬੜੇ ਧਿਆਨ ਨਾਲ ਅਤੇ ਕਦੇ ਕਦੇ ਮਜ਼ਾ ਲੈ ਲੈ ਕੇ ਪੜ੍ਹਦੇ ਹਨ।’ ਸ਼ੁਸ਼ੀਲ ਦੁਸਾਂਝ ਨੇ ਜੋ ਫੋਟੋ ਪ੍ਰੇਮ ਪ੍ਰਕਾਸ਼ ਦੀਆਂ ਖਿੱਚੀਆਂ ਹਨ, ਉਹ ਵੀ ਬਹੁਤ ਵਧੀਆ ਹਨ। ਵੇਖ ਕੇ ਲਗਦਾ ਹੈ ਕਿ ਪ੍ਰੇਮ ਪ੍ਰਕਾਸ਼ ਮੁੜ ਜਵਾਨ ਹੋ ਰਿਹਾ ਹੈ ਜਾਂ ਇਹ ਵੀ ਕਿਹਾ ਜਾ ਸਕਦਾ ਹੈ ਕਿ ਅਮ੍ਰਿਤਾ ਵਾਂਗ ਇਹ ਦਿਲ ਤੋਂ ਹਾਲੇ ਵੀ ਜਵਾਕਾਂ ਵਾਂਗ ਸੋਚਦਾ ਹੈ।
ਕਹਾਣੀਆਂ ‘ਚ ਸੁਰਜੀਤ ਬਰਾੜ ਦੀ ਅਤੇ ਬਲਦੇਵ ਸਿੰਘ ਦੀਆਂ ਕਹਾਣੀਆਂ ਚੰਗੀਆਂ ਲੱਗੀਆਂ । ਸੁਰਜੀਤ ਬਰਾੜ ਨੇ ਭੁਖੜ ਭੋਲੇ ਘੱਟ ਜ਼ਮੀਨਾਂ ਵਾਲੇ ਹਮਾਤੜ ਜਹੇ ਜੱਟਾਂ ਅਤੇ ਜ਼ਿਆਦਾ ਜ਼ਮੀਨ ਵਾਲੇ ਅਮੀਰ ਜੱਟਾਂ/ਸਰਪੰਚਾਂ ਦੀ ਜ਼ਿਆਦਤੀਆਂ ਦਾ ਜੋ ਦ੍ਰਿਸ਼ ਪੇਸ਼ ਕੀਤਾ ਹੈ, ਉਹ ਦਿਲਾਂ ਨੂੰ ਛੋਹਣ ਵਾਲਾ ਹੈ । ਸਾਰਿਆਂ ਦਾ ਕੈਰੈਕਟਰ ਬਹੁਤ ਬਰੀਕੀ ਨਾਲ ਚਿਤਰਿਆ ਗਿਆ ਹੈ। ਪੰਜਾਬ ਦੇ ਕਈ ਘਟੀਆ ‘ਵਾਦਾਂ’ ਦੀ ਤਰ੍ਹਾਂ ਸ਼ਰਾਬਵਾਦ ਵੀ ਇਕ ਬਹੁਤ ਵੱਡੀ ਮਾਰ ਹੈ, ਜਿਸਨੇ ਲੋਕਾਂ ਨੂੰ ਤਬਾਹ ਕੀਤਾ ਹੈ। ਇਹ ਕਹਾਣੀ ਕਈ ਪੱਖਾਂ ਤੋਂ ਬਹੁਤ ਪੇਚੀਦਾ ਹੈ ਅਤੇ ਬਹੁਤ ਸਰਲ ਵੀ। ਇਕ ਤੋਂ ਜ਼ਿਆਦਾ ਵਾਰ ਪੜ੍ਹਨ ਵਾਲੀ ਕਹਾਣੀ ਹੈ। ਬਲਦੇਵ ਸਿੰਘ ਦੀ ‘ਕੋਈ ਜਗਗਵਾਂ ਤੋਂ ਆਇਆ ਜੇ ? ਵੀ ਇਕ ਚੰਗੀ ਅਤੇ ਭਾਵੁਕਤਾ ਭਰਪੂਰ ਕਹਾਣੀ ਹੈ। ਬਲਦੇਵ ਕਹਾਣੀ ਬਿਰਤਾਂਤ ਦਾ ਉਸਤਾਦ ਹੈ। ਕਹਾਣੀ ਕਈ ਸੁੱਤੀਆਂ ਯਾਦਾਂ ਜਗਾਉਣ ਵਾਲੀ ਅਤੇ ਕੁਝ ਸੋਚਣ ‘ਤੇ ਮਜ਼ਬੂਰ ਕਰਦੀ ਹੈ।
ਗ਼ਦਰ ਪਾਰਟੀ ਦੀ ਸ਼ਤਾਬਦੀ ਦੇ ਅਵਸਰ ‘ਤੇ ਬਹੁਤ ਸਾਰੇ ਲੇਖ਼ ਅਤੇ ਤਸਵੀਰਾਂ ਪ੍ਰਕਾਸ਼ਤ ਕਰਕੇ ਤੁਸਾਂ ਇਸ ਅੰਕ ਨੂੰ ਇਕ ਸਾਂਭਣ ਵਾਲਾ ਅੰਕ ਬਣਾ ਦਿਤਾ ਹੈ। ਸੁਲੱਖਣ ਮੀਤ ਨੇ 1857 ਦੇ ਗ਼ਦਰ (ਮੈਂ ਇਸ ਨੂੰ ਵਿਦਰੋਹ ਕਹਿੰਦਾ ਹਾਂ) ‘ਚ ਦਲਿਤਾਂ ਦੀ ਭੂਮਕਾ ਬਾਰੇ ਲਿਖ ਕੇ ਇਕ ਚੰਗਾ ਕੰਮ ਕੀਤਾ ਹੈ। ਦਲਿਤਾਂ ਨੇ 1857 ਦੇ ਵਿਦਰੋਹ ਵਿਚ ਬਹੁਤ ਸੁਲਾਹੁਣਯੋਗ ਭੂਮਕਾ ਨਿਭਾਈ ਹੈ ਜਿਸ ਬਾਰੇ ਹੁਣ ਕਾਫ਼ੀ ਪਰਮਾਣ ਅਤੇ ਲਿਖਤਾਂ ਸਾਹਮਣੇ ਆ ਰਹੀਆਂ ਹਨ। ਮੇਰੀ ਜਾਣਕਾਰੀ ਅਨੁਸਾਰ ‘ਝਾਂਸੀ’ ਵਿਚ ਦਲਿਤ ਇਸਤਰੀਆਂ ਦਾ ਇਕ ਕਾਫ਼ੀ ਵੱਡਾ ਦਸਤਾ ਵੀ ਸੀ।
ਹਰਪਾਲ ਪੁਨੂੰ ਹਮੇਸ਼ਾ ਹੀ ਕਿਸੇ ਵੱਡੀ ਸ਼ਖਸ਼ੀਅਤ-ਫ਼ਲਾਸਫਰ , ਸ਼ਾਇਰ , ਚਿੰਤਕ ਨੂੰ ਲੈ ਕੇ ਆਉਂਦਾ ਹੈ। ਮੈਂ ਹਮੇਸ਼ਾ ਹੀ ਇਨ੍ਹਾਂ ਦੇ ਇਹ ਲੇਖ ਬੜੀ ਦਿਲਚਸਪੀ ਨਾਲ ਪੜ੍ਹਦਾ ਹਾਂ। ਵਾਸਤਵਕਤਾ ਇਹ ਹੈ ਕਿ ਜਿਸ ਬਾਰੇ ਅਸੀਂ ਹਿੰਦੂ-ਸਿੱਖ ਬਹੁਤ ਘੱਟ ਜਾਣਦੇ ਹਾਂ-ਇਸਲਾਮ ਨੇ ਦੁਨੀਆਂ ਨੂੰ, ਆਪਣੇ ਦਾਨਸ਼ਵਰਾਂ, ਵਿਗਿਆਨਕਾਂ, ਗਣਿਤ ਸ਼ਾਸ਼ਤਰੀਆਂ, ਨਛੱਤਰ ਵਿਗਿਆਨੀਆਂ, ਸ਼ਾਇਰਾਂ, ਸੂਫੀਆਂ ਰਾਹੀਂ ਬਹੁਤ ਕੁਝ ਦਿੱਤਾ ਹੈ । ਦਸਵੀਂ ਸ਼ਤਾਬਦੀ ਤੋਂ ਪਹਿਲਾਂ ਵਾਲੇ ਇਸਲਾਮ ਅਤੇ ਉਸ ਤੋਂ ਬਾਅਦ ਦੇ ਇਸਲਾਮ’ਚ ਵੀ ਬਹੁਤ ਅੰਤਰ ਹੈ। ਜਦੋਂ ਇਸਲਾਮ ਅਰਬਾਂ ਦੇ ਹੱਥੋਂ ਨਿਕਲ ਕੇ ਮੱਧ-ਏਸੀਆ ਦੇ ਵਸਨੀਕਾਂ ਹੱਥ ਆ ਗਿਆ; ਉਦੋਂ ਇਸਲਾਮ ਦਾ ਚਿਹਰਾ-ਮੁਹਰਾ, ਸਭ ਕੁਝ ਬਦਲ ਗਿਆ। ਅਦੀਬਾਂ ਚੋਂ ਅਲ-ਕਾਦੀ, ਅਲ-ਹਸਨ, ਅਲ-ਫਾਰਾਬੀ, ਅਲ-ਗਚਾਲੀ, ਅਲੂਬਕਰ ਆਦਿ ਨੇ ਜੋ ਕੁਝ ਲਿਖਿਆ, ਉਨ੍ਹਾਂ ਦਾ ਯੁਰਪੀ ਜ਼ਬਾਨਾਂ ‘ਚ ਅਨੁਵਾਦ ਹੋਇਆ। ਇਨ੍ਹਾਂ ਹੀ ਲਿਖਤਾਂ ਨੇ ਯੂਰਪੀ ਦੇਸਾਂ ਨੂੰ ਅਪਣੇ ਹਨੇਰੇ ਇਤਿਹਾਸ ਯੁਗ ਤੋਂ ਨਿਕਲਣ ਤੇ ਸਹਾਇਤਾ ਕੀਤੀ।
ਕਵਿਤਾਵਾਂ ਵਿੱਚੋਂ ਪੁਸ਼ਕਿਨ ਦੀਆਂ ਕਵਿਤਾਵਾਂ ਦੇ ਇਲਾਵਾ, ਸੁਰਜੀਤ ਪਾਤਰ ਅਤੇ ਕੁਲਵੰਤ ਔਜਲਾ ਦੀਆਂ ਕਵਿਤਾਵਾਂ ਚੰਗੀਆਂ ਲੱਗੀਆਂ , ਉਂਝ ਕਵਿਤਾਵਾਂ ਤੇ ਦੂਜੇ ਕਵੀਆਂ ਦੀਆਂ ਵੀ ਚੰਗੀਆਂ ਹਨ ਪਰ ਇਨ੍ਹਾਂ ਦੋਹਾਂ ਦੀਆਂ ਕਵਿਤਾਵਾਂ ਮੈਂ ‘ਚੋ ਬਾਹਰ ਕੱਢਦੀਆਂ ਹਨ।
ਅੱਜ ਕਲ ਪੁਲ ਕੰਜਰੀ-ਮੋਰਾਂ ਕੰਜਰੀ ਬਾਰੇ ਕਾਫ਼ੀ ਕੁਝ ਪੜ੍ਹਣ ਨੂੰ ਆਇਆ ਹੈ। ਇਕ ਨਾਟਕ ਵੀ ਖੇਡਿਆ ਗਿਆ ਜਿਸ ‘ਚ ਮੋਰਾਂ ਕੰਜਰੀ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਸੰਬੰਧ ਬਾਰੇ ਕਾਫ਼ੀ ਗੀਤ ਗਾਏ ਗਏ ਹਨ। ਪਰ ਜੋ ਇਤਿਹਾਸ ਕਹਿੰਦਾ ਹੈ ਅਤੇ ਜੋ ਜੋ ਫਰਾਂਸੀ , ਈਟੈਲੀਅਨ ਜਾਂ ਅੰਗਰੇਜ਼ ਲੇਖਕਾਂ, ਸੈਲਾਣੀਆਂ ਦੀਆਂ ਡਾਈਰਿਆਂ/ਲਿਖਤਾਂ ਤੋਂ ਪਤਾ ਚਲਦਾ ਹੈ , ਉਹ ਕੁਝ ਬਹੁਤ ਵੱਖਰਾ ਅਤੇ ਨਕਾਰਾਤਮਕ ਹੈ। ਲਗਦਾ ਹੈ ਕਿ ਸਾਡੇ ਲੋਕ ਮਹਾਰਾਜਾ ਰਣਜੀਤ ਸਿੰਘ ਅਤੇ ਉਸਦੇ ਔਰਤਾਂ ਨਾਲ ਸੰਬੰਧਾਂ ਬਾਰੇ ਕੁਝ ਵੀ ਨਕਾਰਾਤਮਕ ਪੜ੍ਹਨਾ ਨਹੀਂ ਚਾਹੰਦੇ। ਸੰਭਵ ਹੈ ਕਿ ਸਿਫ਼ਤਾਂ ਦੇ ਪੁਲ ਬੰਨਣ ਵਾਲਿਆਂ ਨੂੰ ਕੋਈ ਨਵੇਂ ਤੱਥਾਂ ਦਾ ਪਤਾ ਲੱਗ ਗਿਆ ਹੋਵੇ ਜੋ ਮੇਰੀ ਨਜ਼ਰ ‘ਚ ਨਹੀਂ ਆਏ। ਫੋਟੋ ਵਾਲੇ ਵਿਚਕਾਰਲੇ ਪੰਨੇ ਵੀ ਬਹੁਤ ਦਿਲਕਸ਼ ਹੁੰਦੇ ਹਨ ਅਤੇ ਪਰਚੇ ਦੀ ਦਿੱਖ ਨੂੰ ਵਧਾਉਂਦੇ ਹਨ।

-ਮਨਮੋਹਨ ਬਾਵਾ, ਡਲਹੌਜ਼ੀ /ਦਿੱਲੀ

***

ਗਿਆਨ ਹਾਸਲ ਹੋਇਆ

ਅਸੀਂ ਸਾਰਾ ਪਰਿਵਾਰ ‘ਹੁਣ’ ਮੈਗਜ਼ੀਨ ਨੂੰ ਬਹੁਤ ਹੀ ਖੁਸ਼ੀ ਖੁਸ਼ੀ ਪੜ੍ਹਦੇ ਹਾਂ। ਅਗਲੇ ਮੈਗਜ਼ੀਨ ਨੂੰ ਉਡੀਕਦਿਆਂ ਉਡੀਕਦਿਆਂ ਸਾਡੀਆਂ ਅੱਖਾਂ ਥੱਕ ਜਾਦੀਆਂ ਹਨ। ‘ਹੁਣ’ ਮਈ ਅਗਸਤ 2008 ਦਾ ਮੈਗਜ਼ੀਨ ਪੜ੍ਹਕੇ ਬਹੁਤ ਸਾਰਾ ਗਿਆਨ ਹਾਸਲ ਹੋਇਆ। ਗੁਰਸ਼ਰਨ ਸਿੰਘ ਜੀ ਦੇ ਜੀਵਨ ਬਾਰੇ ਪੜ੍ਹਕੇ ਮਨ ਬਹੁਤ ਖੁਸ਼ ਹੋਇਆ । ਇਨ੍ਹਾਂ ਵਰਗਾ ਨਾਟਕਕਾਰ ਹਾਲੇ ਤੱਕ ਕੋਈ ਵੀ ਸਾਹਮਣੇ ਨਹੀਂ ਆਇਆ। ਇਨ੍ਹਾਂ ਨੇ ਤਾਂ ਅਪਣਾ ਸਾਰਾ ਆਪਾ ਹੀ ਰੰਗ ਮੰਚ ਦੇ ਲੇਖੇ ਲਾ ਦਿੱਤਾ ਹੈ। ਕਹਾਣੀਆਂ ਕੁੱਤੀ ਵਿਹੜਾ ਅਤੇ ਕਮਲ ਦੁਸਾਂਝ ਦੀ ਕਹਾਣੀ “ਖੁੱਲ੍ਹਾ ਬੂਹਾ” ਪੜ੍ਹ ਕੇ ਦਿਲ ਬਹੁਤ ਹੀ ਉਦਾਸ ਹੋ ਗਿਆ ਕਿ ਔਰਤ ਦੀ ਕਿੰਨੀ ਮਾੜੀ ਤੇ ਦਰਦਨਾਕ ਕਹਾਣੀ ਹੈ। ਔਰਤ ਬਾਹਰੋਂ ਤਾਂ ਕੀ ਘਰੋਂ ਵੀ ਸੁਰੱਖਿਅਤ ਨਹੀ ਹੈ। ਇਨ੍ਹਾਂ ਨੂੰ ਮੁਬਾਰਕਬਾਦ ਦਿੰਦੀ ਹਾਂ ਕਿ ਇਨ੍ਹਾਂ ਦੀ ਇਹ ਕਹਾਣੀ “ਹਕੀਕਤ” ਦੇ ਨੇੜੇ ਹੈ। ਸੋਚਣ ਵਾਲੀ ਗੱਲ ਹੈ ਕਿ ਜਦੋ “ਵਾੜ ਹੀ ਖੇਤ ਨੂੰ ਖਾਵੇ” ਤਾਂ ਫਿਰ ਇਸ ਦਾ ਹੱਲ ਕੀ ਹੋ ਸਕਦਾ ਹੈ। ਸਾਰਾ ਮੈਗਜ਼ੀਨ ਹੀ ਦਿਲ ਟੁੰਬਣ ਵਾਲਾ ਹੈ।

-ਅਮਰਜੀਤ ਕੌਰ “ਅਮਰ”, ਮੁਕਤਸਰ

***

ਮਿਆਰੀ ਸਾਹਿਤਕ ਸਮੱਗਰੀ

ਅਪਣੇ ਥੋੜ੍ਹੇ ਜਿਹੇ ਸਾਹਿਤਕ ਸਫ਼ਰ ਦੌਰਾਨ ਹੀ ‘ਹੁਣ’ਨੇ ਜੋ ਮੱਲਾਂ ਮਾਰੀਆਂ ਹਨ, ਉਹ ਵੱਡੀਆਂ ਤੋਂ ਵਡੇਰੀਆਂ ਹਨ। ਅਪਣੇ ਸੁਹਿਰਦਤ ਯਤਨਾਂ , ਮਿਆਰੀ ਸਾਹਿਤਕ ਸਮੱਗਰੀ ਕਰਕੇ ‘ਹੁਣ’ ਦਾ ਹਰ ਅੰਕ ਸ਼ਾਹਕਾਰ ਤੇ ਸਾਂਭਣਯੋਗ ਕ੍ਰਿਤ ਹੋ ਨਿਬੜਿਆ ਹੈ। ਸੰਸਾਰ ਸਾਹਿਤ ਤੇ ਸਾਹਿਤਕ ਹਸਤੀਆਂ ਦੇ ਰੂ-ਬ-ਰੂ ਕਰਨ ਦਾ ਜੋ ਉਪਰਾਲਾ ‘ਹੁਣ’ ਨੇ ਕੀਤਾ ਹੈ, ਉਹ ਸ਼ਾਇਦ ਹੋਰ ਸਾਹਿਤਕ ਮੈਗਜ਼ੀਨਾਂ ਦੇ ਹਿੱਸੇ ਨਹੀਂ ਆਇਆ ਹੈ ਤੇ ਜਿਸ ਤਰ੍ਹਾਂ ਸਿਰਫ਼ ਪੰਜਾਬ ਤੇ ਭਾਰਤ ਵਿਚ ਸਾਹਿਤਕ ਹਲਕਿਆਂ ਵਿਚ ਹੀ ਨਹੀਂ ਬਲਕਿ ਸੰਸਾਰ ਪੱਧਰ ‘ਤੇ ਸਾਹਿਤਕ ਹਲਕਿਆਂ ਵਿਚ ਜੋ ਤਬਦੀਲੀਆਂ ਵਾਪਰਦੀਆਂ ਹਨ ਤੇ ਨਵੇਂ ਰੁਝਾਨਾਂ ‘ਤੇ ਸਭ ਤੋਂ ਪਹਿਲਾਂ ਧਿਆਨ ਕੇਂਦਰਿਤ ਕਰਨ ਕਰਕੇ ‘ਹੁਣ’ ਮਿਆਰੀ ਪੰਜਾਬੀ ਸਾਹਿਤਕ ਮੈਗਜ਼ੀਨਾਂ ਵਿਚ ਸਿਰਕੱਢ ਹੈ। ‘ਹੁਣ’ ਨੇ ਪਿਛਲੇ ਥੋੜ੍ਹੇ ਸਮੇਂ ਵਿਚ ਹੀ ਪਾਠਕਾਂ ਵਿਚ ਜੋ ਅਪਣਾ ਅਕਸ ਬਣਾਇਆ ਹੈ, ਉਸ ਸਦਕਾ ‘ਹੁਣ’ ਵਿੱਚ ਛਪਣ ਕਰਕੇ ਹਰ ਕੋਈ ਮਾਣ ਮਹਿਸੂਸ ਕਰਦਾ ਹੈ।

-ਕੁਲਦੀਪ ਜਲਾਲਾਬਾਦ, ਰਸ਼ਪਿੰਦਰ ਸਿੰਘ, ਫ਼ਿਰੋਜ਼ਪੁਰ

***

ਕਹਾਣੀ ਨਹੀਂ ਪ੍ਰਵਚਨ

‘ਹੁਣ’ ਕਿਸੇ ਮਿੱਤਰ ਕੋਲੋਂ ਲੈ ਕੇ ਪੜ੍ਹ ਰਿਹਾਂ| ਪ੍ਰਭਾਵਤ ਹੋਏ ਨੇ ਚੰਦਾ ਵੀ ਘੱਲ ਦਿੱਤੈ| ਭਾਰੀ ਭਰਕਮ ਰਸਾਲਾ ਤੇ ਵੰਨ-ਸੁਵੰਨਾ ਮੈਟਰ ਪਾਠਕ ਨੁੰ ਕੀਲ ਲੈਂਦਾ ਹੈ| ਐਹੋ ਜਿਹੇ ਸ਼ਾਨਾਂ-ਮੱਤੇ ਰਸਾਲੇ ਲਈ ਸੰਪਾਦਕੀ ਮੰਡਲ ਮੁਬਾਰਕਬਾਦ ਦਾ ਮੁਸਤਹਿਕ ਹੈ| ਮੈਂ ਕਵਿਤਾਵਾਂ ਤੇ ਕਹਾਣੀਆਂ ‘ਚੋਂ ਦੀ ਗੁਜ਼ਰ ਸਕਿਆਂ| ਕਵਿਤਾਵਾਂ ਚੰਗੀਆਂ ਲੱਗੀਆਂ, ਕਹਾਣੀਆਂ ਵੀ| ਕਵਿਤਾਵਾਂ ਮੋਹ ਵੰਤੀਆਂ ਜਾਪੀਆ| ਮੁੜ ਮੁੜ ਪੜ੍ਹਨ ਨੂੰ ਜੀਅ ਕਰਦੈ| ਪਰ ਮਨਿੰਦਰ ਸਿੰਘ ਕਾਂਗ ਦੀ ਕਹਾਣੀ ਕੁੱਤੀ ਵਿਹੜਾ ਲਗ ਪਗ ਚਾਰ ਕੁ ਸੌ ਸਾਲਾਂ ਦੇ ਪੰਜਾਬ ਦੇ ਇਤਿਹਾਸ ਨੂੰ ਆਪਣੇ ਕਲੇਵਰ ‘ਚ ਲੈਣ ਵਾਲੀ ਕਹਾਣੀ ਹੈ| ਸੁਭਾਵਿਕ ਹੈ ਕਿ ਪਾਤਰਾਂ ਦੀ ਘੜਮਸ ਹੋ ਜਾਣੀ ਸੀ| ਕਹਾਣੀ ਬਹੁਤ ਲੰਮੇਰੀ ਹੋਣ ਕਾਰਨ ਤੇ ਪਾਤਰਾਂ ਦੀ ਭੀੜ ਕਾਰਣ ਕਹਾਣੀ ਪਾਠਕ ਦੀ ਬਿਰਤੀ ਨੂੰ ਇਕਾਗਰ ਨਹੀਂ ਹੋਣ ਦਿੰਦੀ | ਦੂਜੇ ਸਾਰ ਤੱਤ ਵਾਲੀ ਗੱਲ ਬਿਲਕੁਲ ਵਾਧੂ ਹੀ ਨਹੀਂ ਬੋਝਲ ਜਾਪਦੀ ਹੈ| ਗੁਸਤਾਖ਼ੀ ਮਾਫ਼ ਮੈ ਇਸ ਕਹਾਣੀ ਨੂੰ ‘ਪ੍ਰਵਚਨ’ ਕਹਿਣਾ ਪਸੰਦ ਕਰਾਂਗਾ ‘ਪ੍ਰਵਚਨ’ ਵੀ ਉਹ ਜੋ ਰਾਹੋਂ ਔਝੜ ਹੁੰਦਾ ਹੁੰਦਾ ਜਿਵੇਂ ਅਚਾਨਕ ਚੇਤੇ ਆ ਜਾਣ ਨਾਲ ਲੜੀ ਜੋੜਨ ਦੇ ਆਹਰ ‘ਚ ਲੱਗ ਜਾਂਦੈ| ਸਕੂਲ ‘ਚ ਪੜ੍ਹਾਉਂਦੇ ਟੀਚਰ ਵਾਂਗ ਸਾਰ ਤੱਤ ਦੇਣਾ ਨਹੀਂ ਭੁੱਲਦਾ| ਤੀਜੇ ਕਹਾਣੀਕਾਰ ਦੀ ਨਜ਼ਰ ਸਿਰਫ਼ ਕਾਂਗਰਸ ‘ਤੇ ਫੋਕਸ ਹੁੰਦੀ ਹੈ| ਹਾਂ ਸੱਚ ਉਰਦੂ ਰੰਗ ਦੇ ਸ਼ਬਦਾਂ ਦੀ ਕਿਤੇ ਕਿਤੇ ਗ਼ਲਤ ਵਰਤੋਂ ਝਲਕਦੀ ਹੈ| ਲੰਬੀ ਕਹਾਣੀ ਕਰਕੇ ਇਹ ਕੁਝ ਨਹੀਂ ਵਾਪਰਿਆ ਸਗੋਂ ਪਾਤਰ-ਮੋਹ ਕਹਾਣੀ ਕਾਰ ਨੂੰ ਔਝੜੇ ਪਾਉਂਦਾ ਹੈ| ਲੰਬੀ ਕਹਾਣੀ ਲਿਖਣ ਵਾਲੇ ਬਹੁਤ ਕਹਾਣੀਕਾਰ ਸਾਡੇ ਪਾਸ ਮੌਜੂਦ ਨੇ| ਵਰਿਆਮ ਸਿੰਘ ਸੰਧੂ, ਲਾਲ ਸਿੰਘ , ਅਤਰਜੀਤ ਆਦਿ ਜੋ ਪਾਠਕ ਨੂੰ ਧੁਹ ਲਿਜਾਂਦੇ ਨੇ। ਉਰਦੂ ਵਿਚ ਤਾਂ ਲੰਬੀ ਕਹਾਣੀ ਦੀ ਪਰੰਪਰਾ ਹੈ ਤੇ ਹਿੰਦੀ ਵਾਲੇ ਇਸ ਪਿੜ ‘ਚ ਅੱਗੇ ਨੇ| ਇਸ ਅੰਕ ਵਿਚ ‘ਜੇ ਆਪਣੀ ਬਿਰਥਾ ਕਹੂੰ’ (ਬਲਜਿੰਦਰ ਨਸਰਾਲੀ) ਨੇ ਵੀ ਲੰਬੀ ਕਹਾਣੀ ਲਿਖੀ ਹੈ ਜੋ ਪਾਠਕ ਦੀ ਉਂਗਲ ਅਖੀਰ ਤੀਕ ਫੜੀ ਰੱਖਦੀ ਹੈ| ਕਿਸਾਨ ਦੀ ਨਿੱਘਰਦੀ ਮਾਨਸਿਕਤਾ ਦਾ ਮਾਰਮਿਕ ਵਰਣਨ ਪੇਸ਼ ਕਰਦਾ ਨਸਰਾਲੀ ਬਹੁਤ ਅੱਗੇ ਹੈ| ਉਹ ਸਮੱਸਿਆਵਾਂ ਦੀ ਤਹਿ ਤੀਕ ਜਾਂਦਾ ਹੈ ਤੇ ਦਿਲਚਸਪੀ ਦੇ ਲੜ ਵੀ ਲੱਗਿਆ ਰਹਿੰਦਾ ਹੈ; ਤਿੰਨ ਪੀੜੀਆਂ ਨੂੰ ਪੇਸ਼ ਕਰਨ ਦੇ ਬਾਵਜੂਦ।

ਇਕਬਾਲਦੀਪ ਦਿੱਲੀ

***
ਕਹਾਣੀ ਭਾਗ

‘ਹੁਣ’ ਦਾ 9ਵਾਂ ਅੰਕ ਹੱਥ ਵਿਚ ਆਉਣ ‘ਤੇ ਮਨ ਝੂਮ ਉਠਿਆ ਹੈ। ਸਾਹਿਤ ਖੇਤਰ ਵਿਚ ਅਜਿਹੇ ਚਾਨਣ ਮੁਨਾਰੇ ਦੀ ਬਹੁਤ ਜ਼ਰੂਰਤ ਸੀ। ਪਹਿਲਾਂ ਤਾਂ ਮੈਗਜ਼ੀਨ ਦਾ ਸਰਵਰਕ ਦੇਖ ਕੇ ਹੀ ਅਨੰਦ ਆ ਗਿਆ’ ਮਨਿੰਦਰ ਸਿੰਘ ਕਾਂਗ ਦੀ ਕਹਾਣੀ ਤਾਂ ਇਕ ਵਾਰ ਰਵਾ ਹੀ ਛੱਡਦੀ ਹੈ। ਕਹਿਣਾ ਕੀ, ਸਾਰਾ ਕਹਾਣੀ ਭਾਗ ਹੀ ਬਹੁਤ ਵਧੀਆ ਸੀ।
ਗੁਰਸ਼ਰਨ ਸਿੰਘ ਜੀ ਦੀ ਇੰਟਰਵਿਊ ਅਤੇ ਸਤੀ ਕੁਮਾਰ ਦਾ ਕਾਲਮ ਵੀ ਬਹੁਤ ਵਧੀਆ ਸੀ। ਹਰਪਾਲ ਸਿੰਘ ਪਨੂੰ ਅਪਣੇ ਕਾਲਮ ‘ਬਹਾਵਾਂ ਵਿਚ ਜ਼ਿੰਦਗੀ ‘ ਵਿਚ ਫਰਾਂਜ ਕਾਫ਼ਕਾ ਬਾਰੇ ਬਹੁਤ ਚਾਨਣਾ ਪਾ ਗਿਆ।
ਐਸ. ਤਰਸੇਮ ਕਈ ਹਕੀਕਤਾਂ ਉਜਾਗਰ ਕਰ ਗਏ ਪਰ ਜੋਗਿੰਦਰ ਸਮਸ਼ੇਰ ਕੀ ਕਹਿਣਾ ਚਾਹੁੰਦਾ ਸੀ ਸਮਝ ਨਹੀ ਲੱਗੀ। ਕਮਲ ਦੁਸਾਂਝ ਦੀ ਕਹਾਣੀ ਦਾ ਵੀ ਬਿਰਤਾਂਤਕ ਤੇ ਸਹਿਜਾਤਮਕ ਪੱਖ ਸਾਹਮਣੇ ਨਹੀ ਆਉਂਦਾ।

-ਮਨੋਜ ਕੁਮਾਰ, ਰਾਹੋਂ (ਨਵਾਂ ਸ਼ਹਿਰ)

***

ਗ਼ਦਰ ਲਹਿਰ

‘ਹੁਣ-10’ ਵਿੱਚ ਗਦਰ ਲਹਿਰ ਬਾਰੇ ਤਸਵੀਰਾਂ ਸਮੇਤ ਭਰਪੂਰ ਜਾਣਕਾਰੀ ਮਿਲੀ। ਜਿੰਨੀ ਤਰੀਫ ਕੀਤੀ ਜਾਵੇ ਥੋੜ੍ਹੀ ਆ। ਬਾਪੂ ਸੁਰਜੀਤ ਗਿੱਲ ਜੀ ‘ਨੇ’ ਹਕੀਕਤਾਂ ਵਿੱਚ ਅਪਣੀ ਜ਼ਿੰਦਗੀ ਦੀ ਛੋਟੀ ਜੇਹੀ ਝਲਕ ਵਖਾਈ। ਬਾਪੂ ਦੀ ਸਾਰੀ ਜ਼ਿੰਦਗੀ ਹੀ ਸੰਘਰਸ ਪੂਰਨ ਹੈ। ਕਹਾਣੀਆਂ ਵੀ ਕਾਬਲੇ ਤਰੀਫ ਸਨ। ਬੇਟੀ ਹਰਪਿੰਦਰ ਰਾਣਾ ਨੇ ਕਮਲ ਦੁਸਾਂਝ ਦੀ ‘ਹੁਣ’ ਨੌਂ ਦੀ ਕਹਾਣੀ, ਖੁਲ੍ਹਾ ਬੂਹਾ, ‘ਤੇ ਗੱਲ ਕਰਦਿਆਂ ਰਵਾ ਹੀ ਦਿੱਤਾ। ਇਹ ਇੱਕ ‘ਤੇ ਇੱਕ ਗਿਆਰਾਂ ਹੋਣ ਵਾਲੀ ਗੱਲ ਆ। ਹਰਪਿੰਦਰ ‘ਨੇ ਕਮਲ’ ਦੇ ਬਰਾਬਰ ਹੀ ਝੰਡਾ ਚੁੱਕਿਐ… ਸਾਬਾਸ਼ ਬੇਟੀ। ਪੰਜਾਬ ਦੀ ਵੰਡ ਬਾਰੇ ‘ਮਾਂਊਟ-ਬੇਟਨ ਦੀ ਬੇਈਮਾਨੀ’ ਹਰਭਜਨ ਸਿੰਘ ਹੁੰਦਲ ਵੱਲੋਂ ਦਿੱਤੀ ਜਾਣਕਾਰੀ ਵੀ ਘੱਟ ਨਹੀਂ। ਗੱਲ ਕੀ ਸਾਰਾ ਮੈਟਰ ਹੀ ਵਾਰ ਵਾਰ ਪੜ੍ਹਨ ਵਾਲਾ ਹੈ। ਮੇਰਾ ‘ਹੁਣ’ ਅਤੇ ‘ਹੁਣ’ ਦੇ ਲੇਖਕਾਂ ਨੂੰ ਸਲਾਮ।

-ਜੀਤ ਸਿੰਘ ਸੰਧੂ, ਫਰੀਦਕੋਟ

***

ਹਾਂਸ ਦੀ ਕਹਾਣੀ

ਤਾਜ਼ੀ ਹਵਾ ਦਾ ਬੁੱਲਾ ਬਾਲਟ ਵਿਟਮੈਨ ਬਾਰੇ ਪੜ੍ਹਿਆ ਸੁੱਚਮੱਚ ਹੀ ਬਾਲਟ ਵਿਟਮੈਨ ਇੱਕ ਵਧੀਆ ਕਵੀ ਸੀ। ਗੁਰਸ਼ਰਨ ਸਿੰਘ ਦੀ ਪੰਜਾਬੀ ਨਾਟਕ ਨੂੰ ਦੇਣ ਬਾਰੇ ਪੜ੍ਹਿਆ। ਗੁਰਸ਼ਰਨ ਸਿੰਘ ਮਹਾਨ ਨਾਟਕਕਾਰ ਹਨ ਜਿਨ੍ਹਾਂ ਨੇ ਸਾਰੀ ਉਮਰ ਨਾਟਕ ਨੂੰ ਹੀ ਸਮਰਪਿਤ ਕਰ ਦਿੱਤੀ ਪਰ ਅਜੇ ਤੱਕ ਸਾਡੀ ਸਰਕਾਰ ਜਾਂ ਕਿਸੇ ਵੱਡੇ ਅਦਾਰੇ ਵਲੋਂ ਉਹਨਾਂ ਨੂੰ ੳੋੁਹ ਪੂਰਸਕਾਰ ਨਹੀਂ ਦਿੱਤੇ ਗਏ ਜਿਨ੍ਹਾਂ ਦੇ ਉਹ ਅਸਲੀ ਤੌਰ ‘ਤੇ ਹੱਕਦਾਰ ਹਨ। ਉਹਨਾਂ ਨੂੰ ਸਰਵੋਤਮ ਲੇਖਕ ਦਾ ਪੁਰਸਕਾਰ ਜੋ ਭਾਸ਼ਾ ਵਿਭਾਗ ਪੰਜਾਬ ਦਿੰਦਾ ਹੈ, ਮਿਲਣਾ ਚਾਹੀਦਾ ਹੈ। ਇਮਰੋਜ਼ ਦੀਆਂ ਕਵਿਤਾਵਾਂ ਪੜ੍ਹੀਆਂ , ਕਾਫ਼ੀ ਪਸੰਦ ਆਈਆਂ । ਅੱਗੇ ਤੋਂ ਵੀ ਇਹੋ ਜਿਹੀਆਂ ਕਵਿਤਾਵਾਂ ਦੀ ਉਮੀਦ ਕਰਦੇ ਹਾਂ। ਕਹਾਣੀਕਾਰ ਜਤਿੰਦਰ ਹਾਂਸ ਦੀ ਕਹਾਣੀ । ਇੰਜ ਵੀ ਜਿਉਂਦਾ ਸੀ ਉਹ’, ਕਾਫੀ ਸ਼ਲਾਘਾਯੋਗ ਕਹਾਣੀ ਹੈ। ਕਹਾਣੀਕਾਰ ਨੇ ਜ਼ਿੰਦਗੀ ਦੇ ਯਥਾਰਥਕ ਪੱਖ ਨੂੰ ਪੇਸ਼ ਕੀਤਾ ਹੈ। ਕਹਾਣੀ ਦਾ ਮੁੱਖ ਪਾਤਰ ਰੱਖਾ ਭਾਵੇਂ-ਹੱਦ ਦਰਜੇ ਦਾ ਗਰੀਬ ਹੈ ਪਰ ਬਹੁਤ ਹੀ ਹੱਸਮੁਖ ਸੁਭਾਅ ਦਾ ਮਾਲਕ ਹੈ। ਜੋ ਛੋਟੀ ਛੋਟੀ ਗੱਲ ਵਿਚੋਂ ਜਿਊਣ ਦੇ ਬਹਾਨੇ ਲੱਭਦਾ ਹੈ। ਭਾਵੇਂ ਉਸਨੂੰ ਥਾਂ ਥਾਂ ਤੰਗੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਉਹ ਇਨ੍ਹਾਂ ਦੁੱਖਾਂ ਦੇ ਦਰਿਆ ਵਿਚੋਂ ਰਾਹ ਬਣਾ ਕੇ ਮਸਤੀ ਭਰਿਆ ਜੀਵਨ ਜਿਉਂਦਾ ਹੈ ਅਰਥਾਤ ਰੱਖਾ ਜ਼ਿੰਦਗੀ ਦੇ ਹਰ ਪੱਖ ,ਹਰ ਪਲ ਨੂੰ ਜਿਉਣ ਵਾਲਾ ਨਾਇਕ ਸਿੱਧ ਹੁੰਦਾ ਹੈ। ਜ਼ਿੰਦਗੀ ਦੇ ਨਾ ਜਿਉਣ ਵਾਲੇ ਪਲਾਂ ਨੂੰ ਜਿਉਣ ਵਾਲਾ ਇਨਸਾਨ ਹੀ ਜ਼ਿੰਦਗੀ ਨੂੰ ਅਸਲੀ ਤੌਰ ‘ਤੇ ਜਿਉਦਾ ਹੈ। ਆਸ਼ਵਾਦੀ ਸੋਚ ਦੀ ਧਾਰਨੀ ਇਸ ਕਹਾਣੀ ਲਈ ਕਹਾਣੀਕਾਰ ਵਧਾਈ ਦਾ ਹੱਕਦਾਰ ਹੈ।

-ਹਰਪ੍ਰੀਤ ਰੂਬੀ, ਜ਼ਿਲ੍ਹਾ ਪਟਿਆਲਾ

***
ਕਵਿਤਾਵਾਂ ਨੂੰ ਥਾਂ

‘ਹੁਣ’ ਵਧੀਆ ਚੱਲ ਰਿਹਾ ਹੈ, ਕਈ ਗੱਲਾਂ ਸਿਰ ਉੱਪਰ ਦੀ ਲੰਘ ਜਾਂਦੀਆਂ ਨੇ। ਵੈਸੇ ਇਸ ਦੌਰ ‘ਚ ‘ਹੁਣ’ ਨਾਲ ਦਾ ਹੋਰ ਪਰਚਾ ਨਜ਼ਰੀਂ ਨਹੀਂ ਪੈਂਦਾ। ਲੰਬੀਆਂ ਮੁਲਾਕਾਤਾਂ ‘ਚ ਕਈ ਵਾਰੀ ਬੇ ਲੋੜਾ ਵਾਧਾ ਹਾਜ਼ਰ ਲਗਦਾ ਹੈ। ਐਤਕੀਂ ਅੰਕ ਤੋਂ ਕਵਿਤਾਵਾਂ ਨੂੰ ਜ਼ਿਆਦਾ ਥਾਂ ਦੇਣੀ ਸੁLਰੂ ਕੀਤੀ ਹੈ, ਵਧੀਆ ਗੱਲ ਹੈ। ਹਰ ਵਿਸੇ ਵਾਸਤੇ ‘ਹੁਣ’ ਦਾ ਫ਼ਰਜ਼ ਵੀ ਬਣਦਾ ਹੈ। ਖ਼ੈਰ-

-ਦਾਦਰ, ਫਗਵਾੜਾ

***

ਵਾਹ! ਕਿਆ ਬਾਤ ਹੈ

ਭੁਪਿੰਦਰਪ੍ਰੀਤ ਦੀਆਂ ਕਵਿਤਾਵਾਂ, ਸੁਰਜੀਤ ਬਰਾੜ ਹੋਰਾਂ ਦੀ ‘ਝੱਖੜ ਝੋਲੇ’ ਮਨ ਵਿੱਚ ਝੱਖੜ ਝੁਲਾ ਗਈ। ਵੈਰੀ ਟਰੈਜਡਿਕ। ਮਰਿਦੁਲਾ ਗਰਗ ਦੀ ਕਹਾਣੀ ਤਿੰਨ ਪਲ, ਅਨੂਪ ਵਿਰਕ ਹੋਰਾਂ ਦੀ ‘ਮੁੱਠ ਕੁ ਮਿੱਟੀ’ ਬਹੁਤ ਚੰਗੀ ਲੱਗੀ। ਪਵਨ ਦੀਆਂ ਤਿੰਨੇ ਕਵਿਤਾਵਾਂ, ਕਾਨਾ ਸਿੰਘ ਜੀ ਦੀ ਹੂ ਬਹੂ ਇੰਨ-ਬਿੰਨ ਤੇ ਬਲਦੇਵ ਸਿੰਘ ਹੋਰਾਂ ਦੀ ਕੋਈ ਜਗਰਾਵਾਂ ਤੋਂ ਆਇਆ ਜੇ ਬਹੁਤ ਪੁਖ਼ਤਾ ਰਚਨਾਵਾਂ ਹਨ।

-ਸਵਾਮੀ ਆਨੰਦ ਧੁਰੀ।

***

ਬਲਦੇਵ ਸਿੰਘ ਦੀ ਕਹਾਣੀ

ਮੈਂ ‘ਹੁਣ’ ਦਾ ਨਿਰੰਤਰ ਪਾਠਕ ਹਾਂ। ਇਸ ਵਾਰ ਮੈਂ ਇਸ ਅੰਕ ਵਿਚ ਛਪੀਆਂ ਕਹਾਣੀਆਂ ਦਾ ਜ਼ਿਕਰ ਕਰਨਾ ਚਾਹੁੰਦਾ ਹਾਂ। ਸਾਰੇ ਕਹਾਣੀਕਾਰ ਚੰਗੇ ਹਨ। ਡਾ ਸੁਰਜੀਤ ਬਰਾੜ ਕਹਾਣੀ ਲਿੱਖਣ ‘ਤੇ ਏਨਾ ਜ਼ੋਰ ਨਾ ਲਾਵੇ ਤਾਂ ਚੰਗਾ ਹੈ। ਬਲਦੇਵ ਸਿੰਘ ਨੇ ਕੋਈ ਜਗਰਾਵਾਂ ਤੋਂ ਆਇਆ ਜੇ-? ਰਾਹੀਂ ਅਪਣੀ ਕਲਮ ਦਾ ਫਿਰ ਲੋਹਾ ਮੰਨਵਾਇਆ ਹੈ। ਬਿਰਤਾਂਤ ਸਿਰਜਣ ਵਿਚ ਉਸਦਾ ਕੋਈ ਮੁਕਾਬਲਾ ਨਹੀਂ। ਕਹਾਣੀ ਦੇ ਪਾਤਰ ਇਕ ਫਿਲਮ ਵਾਂਗ ਅੱਖਾਂ ਅੱਗੇ ਤੁਰੇ ਫਿਰਦੇ ਹਨ। ਇਤਿਹਾਸ ਦੇ ਸਮੇਂ ਨੂੰ ਫੜਨਾ ਬੜਾ ਔਖਾ ਹੁੰਦਾ ਹੈ। ਪਰ ਬਲਦੇਵ ਸਿੰਘ ਅਜਿਹੀਆਂ ਪ੍ਰਸਥਿਤੀਆਂ ਨੂੰ ਏਨੇ ਸਹਿਜ ਰੂਪ ਵਿਚ ਸਿਰਜਦਾ ਹੈ-ਅਸੀਂ ਵੇਲਿਆਂ ਅਤੇ ਹਾਲਾਤਾਂ ਦੇ ਰੂ-ਬਰੂ ਹੋ ਜਾਂਦੇ ਹਾਂ। ਅਜਿਹੀ ਸੂਖ਼ਮ ਕਹਾਣੀ ਛਾਪਣ ਲਈ ਤੁਹਾਡਾ ਧੰਨਵਾਦ।

-ਵੀਰਪਾਲ ਸਿੰਘ, ਲੁਧਿਆਣਾ

***

ਭੁੱਲੇ ਵਿਸਰੇ ਸਾਹਿਤਕਾਰ

ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ‘ਹੁਣ’ ਬੇਸਬਰੀ ਨਾਲ ਉਡੀਕਿਆ, ਪੜ੍ਹਿਆ ਅਤੇ ਪੜਚੋਲਿਆ। ਬਹੁਤ ਕੁਝ ਪ੍ਰਾਪਤ ਕੀਤਾ। ਜਿਵੇਂ ਕਿ ਗ਼ਦਰ ਲਹਿਰ ਨਾਲ ਸਬੰਧਤ ਸਾਹਿਤ ਜੋ ਕਿ ਬਹੁਤ ਹੀ ਵਡਮੁੱਲੀ ਕਿਰਤ ਹੋ ਨਿਬੜਿਆ ਅਤੇ ਅੱਜ ਦੇ ਨੌਜਵਾਨਾਂ ਲਈ ਓਸ ਸੰਘਰਸ਼ ਦੀ ਮੂੰਹ ਬੋਲਦੀ ਤਸਵੀਰ ਬਣ ਉਕਰਿਆ। ਇਸ ਤੋਂ ਇਲਾਵਾ ਬਲਦੇਵ ਸਿੰਘ ਸੜਕਨਾਮਾ ਦੀ ਕਹਾਣੀ ‘ਕੋਈ ਜਗਰਾਵਾਂ ਤੋਂ ਆਇਆ ਜੇ’ ਦਾ ਜ਼ਿਕਰ ਕਰਨਾ ਮੈਂ ਅਤਿ ਜ਼ਰੂਰੀ ਮੰਨਦਾ ਹਾਂ, ਕਿਉਂਕਿ ਮੈਂ ਪਿਛਲੇ ਕਾਫੀ ਸਮੇਂ ਤੋਂ ਸਾਹਿਤ ਪੜ੍ਹ ਰਿਹਾ ਹਾਂ, ਪਰ ਇਸ ਕਹਾਣੀ ਨੂੰ ਪੜ੍ਹ ਕੇ ਮੈਂ ਹੁਬਕੀ-ਹੁਬਕੀ ਰੋਇਆ। ਕਿਉਂਕਿ ਇਹ ਦਰਦ ਮੈਂ ਅਪਣੇ ਬਜ਼ੁਰਗਾਂ ਨੂੰ ਹੱਡੀਂ ਹੰਢਾਉਂਦੇ ਹੋਏ ਦੇਖਿਆ ਹੈ। ਅਪਣੇ ਦੇਸ਼ ਅਪਣੀ ਮਿੱਟੀ ਨੂੰ ਉਹ ਦੇਖਣ ਲਈ, ਮਸਤਕ ਲਾਉਣ ਲਈ ਤਰਸਦੇ-ਤਰਸਦੇ ਜਹਾਨੋਂ ਰੁਖ਼ਸਤ ਹੋ ਗਏ।
ਕਵਿਤਾਵਾਂ ਵਿਚ ਸੁਰਜੀਤ ਪਾਤਰ ਦੀ ਕਵਿਤਾ ‘ਸ਼ਬਦਕੋਸ਼ ਦੇ ਬੂਹੇ ਤੇ’ ਪੜ੍ਹੀ ਜੋ ਕਿ ਅਜੋਕੇ ਦੌਰ ਦੀ ਮੂੰਹ ਬੋਲਦੀ ਤਸਵੀਰ ਬਣ ਕੇ ਸਨਮੁੱਖ ਹੋ ਗਈ । ਇਸ ਤੋਂ ਇਲਾਵਾ ‘ਪ੍ਰੇਮ ਪ੍ਰਕਾਸ਼’ ਨਾਲ ਗੱਲਾਂ, ਰੁਪਿੰਦਰ ਮਾਨ ਦੀ ਕਵਿਤਾ, ਅਮਰਦੀਪ ਗਿੱਲ ਦੀਆਂ ਕਵਿਤਾਵਾਂ ਮਨ ਨੂੰ ਚੰਗੀਆਂ ਲੱਗੀਆਂ।
ਇਹ ਠੀਕ ਹੈ ਕਿ ਵਿਦੇਸ਼ੀ ਸਾਹਿਤਕਾਰਾਂ ਬਾਰੇ, ਉਹਨਾਂ ਦੇ ਜੀਵਨ ਬਾਰੇ ਸਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਪਰ ਸਾਨੂੰ ਅਪਣੇ ਉਹਨਾਂ ਸਾਹਿਤਕਾਰਾਂ ਨੂੰ ਤਾਂ ਨਹੀਂ ਭੁੱਲਣਾ ਚਾਹੀਦਾ ਜੋ ਪੰਜਾਬੀ ਸਾਹਿਤ ਲਈ ਜੀਵੇ ਮੋਏ। ਹਰ ਵਾਰ ਇਕ ਅਜਿਹੇ ਭੁੱਲੇ ਵਿਸਰੇ ਪੰਜਾਬੀ ਸਾਹਿਤਕਾਰ ਬਾਰੇ ‘ਹੁਣ’ ਦਾ ਪਾਠਕਾਂ ਨੂੰ ਜਾਣੂ ਕਰਵਾਉਣਾ ਜ਼ਰੂਰੀ ਬਣਦਾ ਹੈ। ਕਿਉਂਕਿ ‘ਹੁਣ’ ਇੱਕ ਚੰਗੇ ਰਸਾਲੇ ਦੇ ਰੂਪ ਵਿਚ ਅਤੇ ਚੰਗੀ ਗਿਣਤੀ ਵਿਚ ਪਾਠਕਾਂ ਨੂੰ ਕਵਰ ਕਰਨ ਦੀ ਸਮਰੱਥਾ ਰੱਖਦਾ ਹੈ। ਸੋ ਇਸ ਕਰਕੇ ਮੇਰੀ ਬੇਨਤੀ ਹੈ ਕਿ ਤੁਸੀਂ ਇਸ ਕਹਵਾਤ ਕਿ: ‘ਘਰ ਦਾ ਜੋਗੀ ਜੋਗੜਾ, ਬਾਹਰ ਦਾ ਜੋਗੀ ਸਿੱਧ’, ਨੂੰ ਸੱਚ ਨਾ ਕਰੋ, ਬਲਕਿ ਪਹਿਲਾਂ ਅਪਣੇ ਸਾਹਿਤਕਾਰਾਂ ਨੂੰ ਬਣਦਾ ਮਾਣ ਸਨਮਾਨ ਦਿਓ। ਉਹਨਾਂ ਦੀਆਂ ਰਚਨਾਵਾਂ ਜਿਹੜੀਆਂ ਕਿ ਉੱਚ ਮਿਆਰ ਦੀਆਂ ਵੀ ਸਨ, ਪਾਠਕਾਂ ਵਿਚ ਪੁੱਜ ਨਹੀਂ ਸਕੀਆਂ ਅਤੇ ਨਾ ਹੀ ਪੰਜਾਬੀ ਸਾਹਿਤ ਨੂੰ ਵਿਸ਼ਵ ਪੱਧਰੀ ਮੰਚ ‘ਤੇ ਰੀਪ੍ਰੈਜੈਂਟ ਕਰ ਸਕੀਆਂ ਹਨ, ਨੂੰ ਪਾਠਕਾਂ ਅਤੇ ਵਿਸ਼ਵ ਦੇ ਸਨਮੁੱਖ ਕਰਨ ਦੀ ਜ਼ਿੰਮੇਵਾਰੀ ਨਿਭਾਓ। ਹਾਲਾਂਕਿ ਇਹ ਰੀਸਰਚ ਵਰਕ ਹੈ, ਪਰ ਫਿਰ ਵੀ ਤੁਹਾਨੂੰ ਇਹ ਹੰਭਲਾ ਮਾਰਨਾ ਚਾਹੀਦਾ ਹੈ। ਤੁਹਾਡੇ ਕੋਲ ਸਾਧਨਾਂ ਦੀ ਕੋਈ ਘਾਟ ਨਹੀਂ। ਪੈਸੇ, ਸਹਿਯੋਗ ਦੀ ਕੋਈ ਘਾਟ ਨਹੀਂ। ਬਸ ਲੋੜ ਹੈ ਇਕ ਹੋਕਰੇ ਦੀ, ਪਾਠਕ ਤੁਹਾਡੇ ਸਾਹਮਣੇ ਪੁਰਾਣੇ ਸਾਹਿਤਕਾਰਾਂ ਦੇ ਉੱਚ ਕੋਟੀ ਦੇ ਸਾਹਿਤ ਨੂੰ ਮੁਹੱਈਆ ਕਰਵਾਉਣਗੇ।
ਤੁਹਾਡੀ ਇਹ ਕੋਸ਼ਿਸ਼ ਤਾਂ ਹਨੇਰੀ ਰਾਤ ਜਗਦੇ ਜੀਵੇ ਵਾਂਗ ਹੋਵੇਗੀ, ਪਰ ਇਸ ਨਾਲ ਪੰਜਾਬੀ ਸਾਹਿਤ ਵਿਚ ਬਹੁਤ ਨਵੀਆਂ ਪਿਰਤਾਂ ਜ਼ਰੂਰ ਪੈਣਗੀਆਂ ਅਤੇ ਪੁਰਾਣੇ ਤੇ ਉੱਚ ਕੋਟੀ ਦੇ ਸਾਹਿਤ ਦਾ ਭੰਡਾਰ ਜ਼ਰੂਰ ਮਿਲੇਗਾ।
ਹਾਲਾਂਕਿ ਮੈਂ ਤੁਹਾਨੂੰ ਈਮੇਲ ਕਰ ਸਕਦਾ ਸੀ, ਪਰ ਮੈਨੂੰ ਜੋ ਆਨੰਦ ਪੱਤਰ-ਵਿਹਾਰ ਕਰਕੇ ਆਉਂਦਾ ਹੈ। ਉਹ ਈਮੇਲ ਰਾਹੀਂ ਨਹੀਂ ਪ੍ਰਾਪਤ ਹੋ ਸਕਦਾ।
ਆਸ ਕਰਦਾਂ ਹਾਂ ਕਿ ‘ਹੁਣ’ ਦੀ ਉਮਰ ਸੱਚ ਜਿੰਨੀ ਹੋਵੇ। ਅਪਣੀ ਮਾੜੀ ਹੱਥ ਲਿਖਤ ਲਈ ਮਾਫ਼ੀ ਮੰਗਦਾ ਹੋਇਆ।

-ਤਰਨਦੀਪ ਦਿਉਲ, ਮੋਗਾ

***

ਪ੍ਰੇਮ ਪ੍ਰਕਾਸ਼ ਦੀਆਂ ਗੱਲਾਂ

ਹੁਣ ਦਾ ਅੰਕ ਨੰ: 10 ਮੇਰੇ ਹੱਥ ਵਿਚ ਹੈ। ਤੁਹਾਡੀ ਮਿਹਨਤ ਨੂੰ ਸਲਾਮ। ‘ਮੇਰੀ ਮੰਜੀ ਦੇ ਤਿੰਨ ਪਾਵੇ’ ਵਿਚ ਤੁਸੀਂ ਪ੍ਰੇਮ ਪ੍ਰਕਾਸ਼ ਜੀ ਤੋਂ ਉਹ ਗੱਲਾਂ ਕਢਵਾਈਆਂ ਜਿਹਨਾਂ ਨੂੰ ਦੱਸਣ ਤੋਂ ਲੇਖਕ ਸੰਕੋਚ ਕਰਦੇ ਨੇ। ਇਸੇ ਤਰ੍ਹਾਂ ਅੰਕ ਨੰ: 9 ਵਿਚ ਗੁਰਸ਼ਰਨ ਭਾਅ ਜੀ ਦੀ ਮੁਲਾਕਾਤ ਵਧੀਆ ਸੀ। ਦੋਵਾਂ ਅੰਕਾਂ ਨੂੰ ਚੰਗੀ ਤਰ੍ਹਾਂ ਵਾਚਿਆ। ਸਭ ਤੋਂ ਵੱਧ ਪ੍ਰਭਾਵਿਤ ਕੀਤਾ ਜਤਿੰਦਰ ਹਾਂਸ ਦੀ ਕਹਾਣੀ ‘ਇੰਜ ਵੀ ਜਿਊਂਦਾ ਸੀ ਉਹ’ ਨੇ। ਕਹਾਣੀ ਦੇ ਪਾਤਰ ਰੱਖੇ ਬਾਰੇ ਪਿੰਡ ਦੇ ਲੋਕ ਜਿਵੇਂ ਮਰਜ਼ੀ ਚਰਚਾ ਕਰਨ ਕਿ ਉਹਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਹੈ, ਪਰ ਮੈਨੂੰ ਲੱਗਦਾ ਉਸ ਵਿਚ ਜੀਉਣ ਦੀ ਪ੍ਰਬਲ ਇੱਛਾ ਸੀ। ਉਹਦੇ ਜੀਉਣ ਦਾ ਵੱਖਰਾ ਅੰਦਾਜ਼ ਸੀ। ਇਸ ਨਵੇਂ ਕਹਾਣੀਕਾਰ ਨੇ ਕਹਾਣੀ ਨੂੰ ਜੋ ਕਲਾਤਮਿਕ ਛੋਹਾਂ ਦਿੱਤੀਆਂ ਉਹ ਕਮਾਲ ਨੇ। ਰੱਖੇ ਦੇ ਰਾਤ ਨੂੰ ਸੌਣ ਦਾ ਸੀਨ ਜਦੋਂ ਉਹ ਦੱਸਦਾ ਹੈ ਕਿ ਥੱਕ ਟੁੱਟ ਕੇ ਸਿੱਧਾ ਸਤੋਰ ਸੌਂਦਾ ਹੈ ਸਵੇਰੇ ਚਾਕੂ ਵਾਂਗੂੰ ਇਕੱਠਾ ਹੋ ਜਾਂਦਾ ਤਾਂ ਘੜੀ ਦੀ ਲੋੜ ਨਹੀਂ ਜੇ ਠੋਡੀ ਤੋਂ ਗੋਡੇ ਗਿੱਠ ਦੂਰ ਨੇ ਤਾਂ ਗਿੱਠ ਰਾਤ ਰਹਿੰਦੀ ਹੁੰਦੀ ਹੈ ਜੇ ਠੋਡੀ ਤੋਂ ਗੋਡੇ ਚਾਰ ਉਂਗਲ ਦੂਰ ਨੇ ਤਾਂ ਚਾਰ ਉਂਗਲ ਰਾਤ ਰਹਿੰਦੀ ਹੁੰਦੀ ਹੈ। ਪੜ੍ਹ ਕੇ ਅਸ਼-ਅਸ਼ ਕਰ ਉੱਠਿਆ। ਗਾਉਣ ਵਾਲੀ ਨੂੰ ਪੈਸੇ ਫੜਾਉਣ ਵਾਲਾ ਦ੍ਰਿਸ਼ ਵੀ ਕਮਾਲ ਦਾ ਚਿਤਰਿਆ ਹੈ। ਰੱਖਾ ‘ਅਹੀ ਤਹੀ ਮਰਾਓ’ ਕਹਿੰਦਾ ਅਜੇ ਵੀ ਮੇਰੀਆਂ ਅੱਖਾਂ ਸਾਹਮਣੇ ਫਿਰੀ ਜਾਂਦਾ ਏ।
‘ਖੁੱਲ੍ਹਾ ਬੂਹਾ’ ਕਹਾਣੀ ਸਾਡੇ ਨਿਘਰ ਰਹੇ ਸਮਾਜ ਦੀ ਤਸਵੀਰਕਸੀ ਸੀ। ‘ਜੇ ਆਪਣੀ ਬ੍ਰਿਥਾ ਕੰਹੂ ਬਲਜਿੰਦਰ ਦੀ ਕਿਸਾਨੀ ਦੀ ਟੁੱਟ-ਭੱਜ ਦੀ ਕਹਾਣੀ ਹੈ।
ਅੰਕ 10 ਦੀ ਬਲਦੇਵ ਸਿੰਘ ਦੀ ਕਹਾਣੀ ਮਨ ਨੂੰ ਛੂਹ ਗਈ। ਬਾਕੀ ਕਹਾਣੀਆਂ ਵੀ ਪੜ੍ਹਾਂਗਾ ਤੇ ਉੋਹਨਾਂ ਬਾਰੇ ਲਿਖਾਂਗਾ। ਆਪ ਜੀ ਨੂੰ ਮੁਬਾਰਕਾਂ।

-ਮੰਗਾ ਸਿੰਘ, ਲੁਧਿਆਣਾ

***

ਕਹਾਣੀ ਪੱਖ

‘ਹੁਣ’ ਪੁਸਤਕ ਲੜੀ 10 ਪੜ੍ਹੀ। ਕਹਾਣੀ ਪੱਖ ਇਸ ਵਾਰ ਕਾਫੀ ਕਮਜ਼ੋਰ ਲੱਗਾ। ਹਾਲਾਂਕਿ ਸਾਰੇ ਹੀ ਕਹਾਣੀਕਾਰ ਬਹੁਤ ਚੰਗਾ ਲਿਖਣ ਵਾਲੇ ਸਨ, ਪਰ ਪਿਛਲੀ ਵਾਰ ਦੀ ਤਰ੍ਹਾਂ ਕੋਈ ਵੀ ਕਹਾਣੀ ਨਾ ਤਾਂ ਲੂੰ-ਕੰਡੇ ਖੜ੍ਹੀ ਕਰ ਸਕੀ ਤੇ ਨਾ ਹੀ ਕੋਈ ਸੇਧਾਤਮਕ ਸੁਨੇਹਾ ਪਹੁੰਚਾ ਸਕੀ। ਖੈਰ ਇਹ ਤਾਂ ਮੇਰਾ ਅਨੁਭਵ ਹੈ। ਅਦਰਵਾਈਜ਼ ‘ਹੁਣ’ ਦਾ ਮੈਟਰ ਹਮੇਸ਼ਾ ਹੀ ਚੁਣਿੰਦਾ ਹੁੰਦਾ ਹੈ ਅਤੇ ਰੂਹ ਨੂੰ ਧੁਰ ਤੱਕ ਸਰਸਾਰ ਕਰ ਦੇਣਾ ਵਾਲਾ ਹੁੰਦਾ ਹੈ।

-ਹਰਪਿੰਦਰ ਰਾਣਾ, ਮੁਕਤਸਰ

***

ਮੂਰਤਾਂ-ਉੱਤਮ ਕਲਾਕਾਰੀ

ਜਿਵੇਂ ਹਰ ਕੋਈ ਅਪਣੇ ਪਰੈਜੈਂਟ (ਹੁਣ) ਨੂੰ ਸੁੰਦਰ, ਸੁਆਦੀ ਤੇ ਸੁਖਦ ਅਨੁਭਵਾਂ ਦਾ ਸ਼ਿੰਗਾਰ ਬਣਿਆ ਦੇਖਣਾ ਲੋਚਦਾ ਹੈ, ਉਵੇਂ ਹੀ ਮੈਂ ਤੇ ਹੋਰ ਸਭ ਇਸ ‘ਹੁਣ’ ਨੂੰ ਸੁੰਦਰ, ਸੁਆਦੀ, ਸ਼ਸ਼ਕਤ ਤੇ ਸੁਖਦ ਅਨੁਭਵਾਂ ਦਾ ਸ਼ਿੰਗਾਰ ਬਣਿਆ ਹਰ ਵਾਰ ਦੇਖਦੇ ਹਾਂ। ਸਥਾਪਤ ਤੇ ਚਰਚਿਤ ਲੇਖਕਾਂ ਦੇ ਸਮੁੱਚੇ ਜੀਵਨ ਦੀ ਅੰਤਰ ਝਾਤ ਜਾਣਕਾਰੀ ਦੇ ਅਨੇਕਾਂ ਕਿਵਾੜ ਖੋਲ੍ਹਦੀ ਹੈ। ਮੂਰਤਾਂ ਰਾਹੀਂ ਉੱਤਮ ਕਲਾਕਾਰੀ ਦੇ ਦਰਸ਼ਨ ਹੁੰਦੇ ਹਨ। ਪਿਛਲੇ ਇਕ ਅੰਕ ਵਿਚ ਕਹਾਣੀ ‘ਕੁੱਤੀ ਵਿਹੜਾ’ ਕਹਾਣੀ ਕਲਾ ਦੀਆਂ ਨਵੀਆਂ ਪਰਤਾਂ ਅਤੇ ਨਵੇਂ ਦਿਸਹੱਦੇ ਉਲੀਕਦੀ ਹੈ। ਨਸਰਾਲੀ ਦੀ ਕਹਾਣੀ ਦਾ ਅਨੁਭਵ ਮੇਰੇ ਘਰ ਦੀ ਕਹਾਣੀ ਹੁੰਦੀ ਹੋਈ ਮੇਰੇ ਵਰਗੇ ਸਭ ਕਿਸਾਨਾਂ ਦੇ ਦਰਦਾਂ ਦੀ ਕਥਾ ਕਰਦੀ ਹੈ। ਬਲਦੇਵ ਤਾਂ ਭਾਵੇਂ ਪੁੱਠੇ ਹੱਥ ਨਾਲ ਤੇ ਸੁੱਤਾ ਪਿਆ ਵੀ ਲਿਖੇ, ਕੁਝ ਵੀ ਲਿਖੇ, ਉਸਦੀ ਕਲਾ ਜਾਦੂ ਜਗਾਉਂਦੀ ਹੈ। ਮੈਂ ਉਸ ਦੇ ਚੁਸਤ ਅਤੇ ਅਰਥ ਭਰਪੂਰ ਵਾਕਾਂ ਦਾ ਪ੍ਰਸੰਸਕ ਹਾਂ। ਕਾਮਰੇਡ ਸੁਖਦੇਵ ਸਰਸਾ ਦੀ ਕਵਿਤਾ ਛਾਪ ਕੇ ਤੁਸੀਂ ਮੇਰੇ ਮਨ ‘ਚ ਉਸਦਾ ਕੱਦ ਹੋਰ ਉੱਚਾ ਕਰ ਦਿੱਤਾ। ਮੈਂ ਤਾਂ ਉਸ ਨੂੰ ਆਲੋਚਕ ਦੇ ਰੂਪ ਵਿਚ ਹੀ ਜਾਣਦਾ ਸਾਂ। ਬਾਕੀ ਕਵਿਤਾ ਪਾਠ ਵੀ ਸਾਰੇ ਦਾ ਪ੍ਰਭਾਵਿਤ ਕਰਨ ਵਾਲਾ ਹੈ। ਮਨਮੋਹਨ ਬਾਵਾ (ਜਿਸਦੇ ਨਾਨਕੇ ਮੇਰੇ ਪਿੰਡ ਦੀ ਜੂਹ ਨਾਲ ਲਗਦੇ ਪਿੰਡ ਮੀਰਹੇੜੀ ਹਨ) ਦੀ ‘ਹੁਣ’ ਵਿਚ ਸ਼ਮੂਲੀਅਤ ਪਰਚੇ ਦਾ ਮਾਣ ਸਨਮਾਨ ਤੇ ਸ਼ਾਨ ਦੀ ਸੂਚਕ ਹੈ।

-ਰਾਮ ਲਾਲ ਪ੍ਰੇਮੀ, ਧੂਰੀ

***

ਗਿਆਨ ਦੀ ਭੁੱਖ

ਪੁਸਤਕ ਹੁਣ -10 ਪੜ੍ਹੀ ਜਿਸ ਵਿਚ ਪ੍ਰੇਮ ਪ੍ਰਕਾਸ਼ ਨਾਲ ਗੱਲਾਂ, ਪਾਤਰ ਸਾਹਿਬ ਦੀ ਕਵਿਤਾ, ਬਲਦੇਵ ਸਿੰਘ ਦੀ ਕਹਾਣੀ “ਕੋਈ ਜਗਰਾਵਾਂ ਤੋਂ ਆਇਐ ਜੇ” ਕਿਰਤਾਂ ਦਿਲ ਅਤੇ ਦਿਮਾਗ ਨੂੰ ਬਹੁਤ ਚੰਗੀਆਂ ਲੱਗੀਆਂ| ਪੰਜਾਬੀ ਖੇਤਰ ਵਿਚ “ਹੁਣ” ਦੇਖਣਯੋਗ, ਪੜ੍ਹਨਯੋਗ, ਜਿਕਰਯੋਗ ਅਤੇ ਸਲਾਹੁਣਯੋਗ ਹੈ| ਮੇਰੇ ਅਧਿਆਪਕ ਮੈਨੂੰ ਕਹਿੰਦੇ ਹੁੰਦੇ ਸੀ-ਜਿਸ ਨੇ ਗੁਰੁ ਗ੍ਰੰਥ ਸਾਹਿਬ ਤੇ ਹੀਰ ਨਹੀਂ ਪੜ੍ਹੀ, ਉਹ ਅਸਲੀ ਸਾਹਿਤ ਤੋਂ ਵਾਂਝਾ ਹੈ| ਪਰ ਮੈਂ ਅਧਿਆਪਕ ਹੋਣ ਦੇ ਨਾਤੇ ਆਪਣੇ ਵਿਦਿਆਰਥੀਆਂ ਨੂੰ ਕਹਾਂਗਾ “ਜਿਸ ਨੇ ਗੁਰੁ ਗ੍ਰੰਥ ਸਾਹਿਬ, ਹੀਰ ਅਤੇ ਪੁਸਤਕ ‘ਹੁਣ’ ਨਹੀਂ ਪੜ੍ਹੀ ਉਹ ਪੰਜਾਬੀ ਜਗਤ ਦੇ ਅਮੀਰ ਸਾਹਿਤ ਤੋਂ ਵਾਂਝਾ ਹੈ| ਪੁਸਤਕ ‘ਹੁਣ’ ਗਿਆਨ ਦੀ ਭੁੱਖ ਮਿਟਾਉਂਦਾ ਨਹੀਂ ਭੁੱਖ ਲਗਾਉਂਦਾ ਹੈ|

-ਭੁਪਿੰਦਰ ਜੈਤੋ

***

ਚਾਰ ਕਹਾਣੀਆਂ

ਹੁਣ 10 ਵਿਚ ਛਪੀਆਂ ਚਾਰ ਕਹਾਣੀਆਂ ਸੁਰਜੀਤ ਬਰਾੜ ਦੀ ਝੱਖੜ ਝੋਲੇ, ਸੁਖਮਿੰਦਰ ਸੇਖੋਂ ਦੀ ਹੋਣੀਆਂ, ਦਰਸ਼ਨ ਜੋਗਾ ਦੀ ਫੇਰ ਕੀ ਅਤੇ ਦੀਪਦਵਿੰਦਰ ਦੀ ਪਰਵਾਜ਼-ਇਕ ਤਰਜ਼ ਇਕ ਹੀ ਤੋਰ, ਇਕ ਹੀ ਵਿਚਾਰ ਦੀਆਂ ਚੰਗੀਆਂ ਕਹਾਣੀਆਂ ਹਨ| ਚਾਰੇ ਕਹਾਣੀਆਂ ਜੱਟਾਂ ਤੇ ਕਿਰਤੀਆਂ ਦੇ ਆਪਸੀ ਸੰਬੰਧਾਂ ਨੂੰ ਉਜਾਗਰ ਕਰਦੀਆਂ ਹਨ| ਬਰਾੜ ਦੀ ਕਹਾਣੀ ਵਿਚ ਜੱਟ ਸਰਪੰਚ ਦਲੀਪ ਸਿੰਘ ਦੇ ਦਲਿਤ ਪਾਤਰਾਂ ਨਾਲ ਸਵਾਰਥੀ ਤੇ ਕਾਮੀ ਬਹਿਸ਼ਤ ਦੇ ਸੰਬੰਧ ਹਨ| ਸੁਖਮਿੰਦਰ ਸੇਖੋ ਦੀ ਕਹਾਣੀ ਨੂੰਹ ਸੌਹਰੇ ਦੇ ਪਵਿੱਤਰ ਰਿਸ਼ਤੇ ਨੂੰ ਦਾਗਦਾਰ ਕਰਦੀ ਹੈ| ਇਸ ਕਹਾਣੀ ਵਿਚ ਗਰੀਬ ਜੱਟ ਦਲਬੀਰ ਕਾਹਲੇ ਮੋੜ ਕੱਟਦਾ ਹੋਇਆ, ਪ੍ਰਾਪਰਟੀ ਡੀਲਰ ਬਣ ਕੇ ਅਮੀਰ ਵਪਾਰੀ ਜੱਟ ਬਣਦਾ ਹੈ ਪਰ ਅਪਣੀ ਗ੍ਰਹਿਸਥੀ ਨੂੰ ਨਹੀਂ ਸੰਭਾਲ ਸਕਦਾ| ਦਰਸ਼ਨ ਜੋਗਾ ਦੀ ਕਹਾਣੀ ‘ਫੇਰ ਕੀ’ ਦੋ ਜੱਟ ਭਰਾਵਾਂ ਸੁਖਵੀਰ ਅਤੇ ਲਖਵੀਰ ਦੀ ਇਕ ਤਰਫ਼ਾ ਭੂਮੀ ਰੰਜਸ਼ ਦੀ ਕਹਾਣੀ ਹੈ-ਬਾਪ ਸੂਤਰਧਾਰ ਹੈ| ਦੀਪਦਵਿੰਦਰ ਦੀ ਕਹਾਣੀ ‘ਪਰਵਾਜ਼’ ਕਿਰਤੀ ਸ੍ਰੇਣੀ ਅਤੇ ਜੱਟ ਕਿਸਾਨ ਦੇ ਸੰਬੰਧਾਂ ਦੀ ਸਫ਼ਲ ਕਹਾਣੀ ਹੈ| ਇਹ ਚਾਰੇ ਕਹਾਣੀਆਂ ਕਿਸੇ ਨਾ ਕਿਸੇ ਰੂਪ ਵਿਚ ਪੰਜਾਬ ਵਿਚ ਚੱਲ ਰਹੇ ਨਸ਼ਿਆਂ ਦੇ ਭੈੜ ਨੂੰ ਅਪਣੇ ਕਲਾਵੇ ਵਿਚ ਲੈਂਦੀਆਂ ਹਨ| ਸ਼ਰਾਬ,ਭੁੱਕੀ ,ਅਫ਼ੀਮ ਸਮੈਕ ਤੇ ਹੋਰ ਨਸ਼ੇ ਪੰਜੁਾਬ ਦੀ ਜਵਾਨੀ ਨੂੰ ਕੋਹੜ ਬਣ ਕੇ ਚੰਬੜੇ ਹੋਏ ਹਨ| ਸੁਰਜੀਤ ਬਰਾੜ ਦੀ ਕਹਾਣੀ ‘ਝੱਖੜ ਝੋਲੇ’ ਵਿਚ ਸ਼ਰਾਬੀ ਸਰਪੰਚ ਦਲੀਪ ਸਿੰਘ ਦੀਆਂ ਕੋਹਝੀ ਕਾਮੀ ਵਧੀਕੀਆਂ ਨਾਲ ਦੋ ਔਰਤਾਂ ਪੰਮੀ ਤੇ ਉਸ ਦੀ ਮਾਂ ਦਿਆਲੋ ਤੇ ਪੰਮੀ ਦੀ ਬੇਟੀ ਕਰਮੀ ਬਰਬਾਦ ਹੁੰਦੀਆਂ ਹਨ|
‘ਝੱਖੜ ਝੋਲੇ’ ਦੀ ਦਲਿਤ ਪਾਤਰ, ਪੰਮੀ ‘ਹੋਣੀਆਂ’ ਕਹਾਣੀ ਦਾ ਪਾਤਰ ਦਲਬੀਰ, ‘ਫੇਰ ਕੀ’ ਕਹਾਣੀ ਦਾ ਪਾਤਰ ਸੁਖਵੀਰ, ‘ਪਰਵਾਜ਼’ ਕਹਾਣੀ ਦਾ ਪਾਤਰ ਹਰਪ੍ਰੀਤ ਸਿੰਘ- ਸਾਰੇ ਸੰਘਰਸ਼ਸ਼ੀਲ ਭੂਮਿਕਾ ਨਿਭਾਉਦੇ ਹਨ|
ਇਹ ਕਹਾਣੀਆਂ ਅਰਥਹੀਣ, ਐਬਸਰਡ, ਅਪ੍ਰਸੰਗਿਕ ਨਹੀਂ ਹਨ| ਇਹਨਾ ਕਹਾਣੀਆਂ ਦਾ ਸਮਾਜਕ ਪ੍ਰਸੰਗ ਹੈ।
ਸ੍ਰੋਮਣੀ ਸਾਹਿਤਕਾਰ ਪੁਰਸਕਾਰਾਂ ਬਾਰੇ ਤੁਹਾਡੀ ਸੰਪਾਦਕੀ ਵਧੀਆ ਲੱਗੀ| ਮੰਤਰੀ ਨੇ ਇਨਾਮਾਂ ਦੇ ਆਰਡਰ ਕੀਤੇ, ਸਲਾਹਕਾਰ ਬੋਰਡ ਦੇ ਮੈਂਬਰਾਂ ਨੇ ਆਪਸ ਵਿਚ ਜਾ ਅਪਣੇ ਚਹੇਤਿਆਂ ਵਿਚ ਇਨਾਮ ਵੰਡ ਲਏ। ਇਕ ਸਲਾਹਕਾਰ ਬੋਰਡ ਮੈਂਬਰ ਨੇ ਵੀਹ ਸਾਲ ਪਹਿਲਾਂ ਅਪਣੀ ਪੁਸਤਕ ਨੂੰ ਮਿਲਿਆ ਪੰਜ ਹਜ਼ਾਰ ਦਾ ਇਨਾਮ ਠੁਕਰਾ ਦਿੱਤਾ ਸੀ ਪਰ ਹੁਣ ਆਪ ਹੀ ਅਪਣੀ ਝੋਲੀ ਵਿਚ ਪੁਰਸਕਾਰ ਪਾ ਲਿਆ। ਖੁਦਾ ਖੇਰ ਕਰੇ ਸੁਮੱਤ ਬਖਸ਼ੇ|

-ਹਮਦਰਦਵੀਰ ਨੌਸ਼ਹਿਰਵੀ, ਸਮਰਾਲਾ

***

ਗੱਲਾਂ ਅਤੇ ਫੋਟੋਆਂ

‘ਹੁਣ’ਦਾ 9ਵਾਂ ਅੰਕ ਮੈਂ ਸੰਗਰੂਰ ਬੱਸ ਅੱਡੇ ਤੋਂ ਖਰੀਦਿਆ । ਗੁਰਸ਼ਰਨ ਭਾਅ ਜੀ ਨਾਲ ਗੱਲਾਂ ਅਤੇ ਦੁਰਲੱਭ ਫੋਟੋਆਂ ਕਮਾਲ ਹਨ।

-ਜਗਦੀਸ ਪਾਪੜਾ, ਸੰਗਰੂਰ

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...

ਦੀਵਾਨ ਸਿੰਘ ਮਫ਼ਤੂਨ – ਸਆਦਤ ਹਸਨ ਮੰਟੋ

ਡਿਕਸ਼ਨਰੀ ਵਿਚ 'ਮਫ਼ਤੂਨ' ਦਾ ਮਤਲਬ 'ਆਸ਼ਿਕ' ਦੱਸਿਆ ਗਿਆ ਹੈ- ਹੁਣ ਜ਼ਰਾ ਇਸ ਇਸ਼ਕ ਦੇ ਪੱਟੇ ਤੇ ਦੁਖੀ ਬੰਦੇ...
error: Content is protected !!