ਗੁਲਾਬ ਦਿਲ-ਫੌਲਾਦ ਜਿਗਰ : ਰੋਜ਼ਾ ਲਗਜ਼ਮਬਰਗ – ਹਰਵਿੰਦਰ ਭੰਡਾਲ

Date:

Share post:

”ਆਜ਼ਾਦੀ ਸਿਰਫ਼ ਸਰਕਾਰ ਦੇ ਹਮਾਇਤੀਆਂ ਲਈ, ਸਿਰਫ਼ ਇਕ ਪਾਰਟੀ ਦੇ ਮੈਂਬਰਾਂ ਲਈ, ਚਾਹੇ ਉਨ੍ਹਾਂ ਦੀ ਗਿਣਤੀ ਕਿੰਨੀ ਵੀ ਵੱਡੀ ਕਿਉਂ ਨਾ ਹੋਵੇ-ਕੋਈ ਆਜ਼ਾਦੀ ਨਹੀਂ ਹੈ। ਆਜ਼ਾਦੀ ਹਮੇਸ਼ਾ ਤਾਂ ਹੁੰਦੀ ਹੈ ਜੇ ਇਹ ਉਸ ਨੂੰ ਵੀ ਹੋਵੇ, ਜੋ ਵੱਖਰੇ ਤਰੀਕੇ ਨਾਲ ਸੋਚਦਾ ਹੈ।’’ ਰੋਜ਼ਾ ਲਗਜ਼ਮਬਰਗ

1918 ਦੇ ਅੰਤਲੇ ਤੇ 19 ਦੇ ਅਰੰਭਲੇ ਮਹੀਨੇ। ਜਰਮਨੀ ’ਚ ਜੋ ਵਾਪਰਿਆ, ਉਸ ਪਿਛੋਂ ਦੁਨੀਆ ਉਹ ਨਾ ਰਹੀ, ਜੋ ਹੋ ਸਕਦੀ ਸੀ। ਇਤਿਹਾਸ ਦੇ ਪਿਛਲਖੁਰੀ ਦੌਰ ਦੀ ਸ਼ੁਰੂਆਤ ਹੋ ਗਈ। ਇਹਨਾਂ ਮਹੀਨਿਆਂ ’ਚ ਲੋਕਾਂ ਨੇ ਇਨਕਲਾਬ ਦੀ ਪਿੱਠ ਵਿਚ ਛੁਰਾ ਵੱਜਦਾ ਵੇਖਿਆ। ਲੋਕਾਂ ਨੂੰ ਆਉਣ ਵਾਲੇ ਹਿਟਲਰੀ-ਫਾਸ਼ੀ ਤੌਰ-ਤਰੀਕਿਆਂ ਦੀ ਪੈੜ-ਚਾਲ ਅਗਾਊਂ ਸੁਣ ਗਈ। ਇਹਨਾਂ ਮਹੀਨਿਆਂ ’ਚ ਇਨਕਲਾਬ ਨੂੰ ਪ੍ਰਣਾਏ ਕੁਝ ਬੇਹੱਦ ਰੌਸ਼ਨ ਮਸਤਕਾਂ ਨੂੰ ਫੇਹ ਦਿੱਤਾ ਗਿਆ।
ਘਟਨਾਵਾਂ ਦਾ ਸਾਰ-ਤੱਤ ਕੁਝ ਇਸ ਤਰ੍ਹਾਂ ਦਾ ਸੀ-
ਪਹਿਲੀ ਸੰਸਾਰ-ਜੰਗ ਛਿੜਦਿਆਂ ਹੀ ਦੂਜੀ ਇੰਟਰਨੈਸ਼ਨਲ ਦਾ ਭੋਗ ਪੈ ਗਿਆ। ਜੰਗ ਤੋਂ ਪਹਿਲਾਂ ਇੰਟਰਨੈਸ਼ਨਲ ਨਾਲ ਜੁੜੀਆਂ ਸਮਾਜਵਾਦੀ ਜਥੇਬੰਦੀਆਂ ਵੱਖਰੇ ਤਰੀਕੇ ਨਾਲ ਸੋਚਦੀਆਂ ਸਨ। ਉਹ ਯੂਰਪੀ ਬਸਤੀਵਾਦੀ ਤਾਕਤਾਂ ਦਰਿਮਆਨ ਛਿੜਨ ਵਾਲੀ ਸੰਭਾਵਤ ਜੰਗ ਨੂੰ ਸਾਮਰਾਜੀ ਜੰਗ ਆਖ ਕੇ, ਇਸ ਨੂੰ ਇਨਕਲਾਬ ਦੇ ਸੁਪਨੇ ਨੂੰ ਸਾਕਾਰ ਕਰਨ ਦਾ ਵਧੀਆ ਮੌਕਾ ਸਮਝਦੀਆਂ ਸਨ। ਪ੍ਰੰਤੂ ਜੰਗ ਛਿੜਦਿਆਂ ਹੀ ਸਭ ਕੁਝ ਬਦਲ ਗਿਆ। ਸਮਾਜਵਾਦੀ ਕੌਮਾਂਤਰੀਵਾਦ ਦਾ ਮੁਲੰਮਾ ਝੱਟ ਹੀ ਲਹਿ ਗਿਆ। ਦੂਜੀ ਇੰਟਰਨੈਸ਼ਨਲ ਵਿਚਲੀ ਸਭ ਤੋਂ ਵੱਡੀ ਧਿਰ, ਜਰਮਨੀ ਦੀ ਸੋਸ਼ਲ-ਡੈਮੋਕਰੇਟਿਕ ਪਾਰਟੀ (SPD) ਨੇ ਜੰਗ ਵਿਚ ਜਰਮਨੀ ਦੀ ਹਾਕਮ ਧਿਰ ਦਾ ਸਾਥ ਦੇਣ ਦਾ ਫੈ਼ਸਲਾ ਕਰ ਲਿਆ। ਜਰਮਨੀ ਦੀ ਹਾਰ ਨਾਲ 1918 ਵਿਚ ਇਹ ਜੰਗ ਮੁੱਕੀ। ਜੰਗ ਮੁੱਕਦਿਆਂ ਹੀ ਜਰਮਨੀ ਅੰਦਰ ਬਲਵੇ ਸ਼ੁਰੂ ਹੋ ਗਏ। ਲੱਖਾਂ ਮਜ਼ਦੂਰਾਂ ਤੇ ਨੇਵੀ ਦੇ ਜਵਾਨਾਂ ਨੇ ਹੜਤਾਲ ਕਰ ਦਿੱਤੀ। ਚਾਂਸਲਰ ਕੈਸਰ ਨੂੰ ਸੱਤਾ ਤੋਂ ਲਾਂਭੇ ਹੋਣਾ ਪਿਆ। ਜੇਲ੍ਹਾਂ ਦੇ ਬੰਦ ਦਰਵਾਜ਼ੇ ਅਪਣੇ ਆਪ ਖੁੱਲ੍ਹ ਗਏ ਤੇ ਸਿਆਸੀ ਕੈਦੀਆਂ ਨੂੰ ਰਿਹਾ ਕਰ ਦਿੱਤਾ ਗਿਆ। ਰਿਹਾ ਹੋਣ ਵਾਲਿਆਂ ਵਿਚ ਰੋਜ਼ਾ ਲਗਜ਼ਮਬਰਗ ਤੇ ਕਾਰਲ ਲੀਬਖਨੇਤ ਵੀ ਸਨ। ਇਹ ਦੋਵੇਂ ਜਰਮਨੀ ਦੀ ਨਵੀਂ ਬਣੀ ਆਜ਼ਾਦ ਸੋਸ਼ਲ-ਡੈਮੋਕਰੇਟਿਕ ਪਾਰਟੀ (USPD) ਵਿਚਲੇ ਸਪਾਰਟਕਸ ਗਰੁੱਪ ਦੇ ਆਗੂ ਸਨ। ਇਹ ਗਰਮ-ਖਿ਼ਆਲੀਏ ਜਰਮਨੀ ਵਿਚ ਸ਼ੁਰੂ ਹੋ ਚੁੱਕੇ ਇਨਕਲਾਬ ਨੂੰ ਰੂਸ ਦੇ ਬਾਲਸ਼ਵਿਕ ਇਨਕਲਾਬ ਵਾਂਗ ਹੀ ਸੰਪੂਰਨ ਕਰਨਾ ਚਾਹੁੰਦੇ ਸਨ। ਇਸ ਲਈ ਦਸੰਬਰ 1918 ਵਿਚ ਉਨ੍ਹਾਂ ਨੇ USPD ਤੋਂ ਵੀ ਤੋੜ-ਵਿਛੋੜਾ ਕਰ ਲਿਆ ਤੇ ਜਰਮਨੀ ਦੀ ਕਮਿਊਨਿਸਟ ਪਾਰਟੀ (KPD) ਦੀ ਨੀਂਹ ਧਰ ਦਿੱਤੀ।
ਜਰਮਨੀ ਦੀ ਹਕੂਮਤ ਹੁਣ ਸੋਸ਼ਲ-ਡੈਮੋਕਰੇਟਿਕ ਪਾਰਟੀ ਕੋਲ ਸੀ। ਹੁਣ ਫਰੀਡਰਿਕ ਐਬਰਟ ਇਸ ਦਾ ਚਾਂਸਲਰ ਸੀ ਤੇ ਗੁਸਤਾਵ ਨੋਸਕ ਉਸ ਦਾ ਰੱਖਿਆ-ਮੰਤਰੀ। ਰੱਖਿਆ-ਮੰਤਰੀ ਨੇ ਬਿਨਾ ਕਿਸੇ ਲੁਕ-ਲੁਕਾ ਤੋਂ ਐਲਾਨ ਕਰ ਦਿੱਤਾ, ”ਜੇ ਤੁਹਾਡਾ ਖਿ਼ਆਲ ਹੈ ਕਿ ਕਿਸੇ ਨੂੰ ਖੂਨੀ ਸ਼ਿਕਾਰੀ ਕੁੱਤਾ ਬਣਨਾ ਪਵੇਗਾ ਤਾਂ ਮੈਂ ਇਹ ਜ਼ਿੰਮੇਵਾਰੀ ਚੁੱਕਣ ਲਈ ਤਿਆਰ ਹਾਂ।’’
ਸ਼ਿਕਾਰੀ ਕੁੱਤੇ ਲਹੂ ਸੁੰਘਣ ਲੱਗ ਪਏ। ਨਵੀਂ ਬਣੀ ਕਮਿਊਨਿਸਟ ਪਾਰਟੀ ਦਾ ਦਮਨ ਸ਼ੁਰੂ ਹੋ ਗਿਆ।
13 ਜਨਵਰੀ 1919 ਨੂੰ ਸੋਸ਼ਲ-ਡੈਮੋਕਰੇਟਿਕ ਪਾਰਟੀ ਦੇ ਪਰਚੇ ‘ਵੋਰਵਾਰਟਸ’ ਵਿਚ ਇਕ ਕਵਿਤਾ ਛਾਪੀ ਗਈ:
ਇਕ ਕਤਾਰ ’ਚ ਕਈ ਸੌ ਲਾਸ਼ਾਂ ਨੇ
ਪ੍ਰੋਲੇਤਾਰੀਓ!
ਕਾਰਲ, ਰਡੇਕ, ਰੋਜ਼ਾ ਤੇ ਸਾਥੀ
ਇਹਨਾਂ ’ਚੋਂ ਕਿਸੇ ਇਕ ਦੀ ਵੀ ਨਹੀਂ ਹੈ ਉਥੇ
ਕਿਸੇ ਇਕ ਦੀ ਵੀ ਨਹੀਂ ਹੈ ਉਥੇ, ਪ੍ਰੋਲੇਤਾਰੀਓ!
ਜਿਹਨਾਂ ਪ੍ਰੋਲੇਤਾਰੀਆਂ ਦੀ ਅਸਲ ਮੁਕਤੀ ਲਈ ਰੋਜ਼ਾ ਤੇ ਸਾਥੀ ਸਿਰ-ਧੜ ਦੀ ਬਾਜ਼ੀ ਲਾ ਰਹੇ ਸਨ, ਕਵਿਤਾ ਰਾਹੀਂ ਉਹਨਾਂ ਨੂੰ ਹੀ, ਰੋਜ਼ਾ ਤੇ ਸਾਥੀਆਂ ਦਾ ਕਤਲ ਕਰ ਦੇਣ ਲਈ ਭੜਕਾਇਆ ਜਾ ਰਿਹਾ ਸੀ।
ਰੂਪੋਸ਼ ਰੋਜ਼ਾ ਤੇ ਲੀਬਖਨੇਤ ਅਖੀਰ ਇਕ ਘਰ ਵਿਚੋਂ ਫੜੇ ਗਏ। ਇਹ ਉਪਰੋਕਤ ਕਵਿਤਾ ਛਪਣ ਦੇ ਸਿਰਫ਼ ਦੋ ਦਿਨ ਪਿਛੋਂ ਦੀ ਗੱਲ ਹੈ। ਰੋਜ਼ਾ ਜੇਲ੍ਹ ਜਾਣ ਲਈ ਤਿਆਰ ਹੋ ਗਈ। ਉਸ ਲਈ ਜੇਲ੍ਹ ਜਾਣ ਦਾ ਇਹ ਪਹਿਲਾ ਮੌਕਾ ਨਹੀਂ ਸੀ। ਅਪਣੀਆਂ ਕੁਝ ਕਿਤਾਬਾਂ ਤੇ ਕੱਪੜੇ ਉਸ ਨੇ ਛੋਟੇ ਝੋਲੇ ਵਿਚ ਪਾ ਲਏ। ਜੇਲ੍ਹ ਵਿਚ ਸਿਰਫ਼ ਇਹਨਾਂ ਦੀ ਹੀ ਲੋੜ ਪੈਣੀ ਸੀ। ਉਸ ਨੇ ਬੜੇ ਚੰਗੇ ਮੂਡ ਵਿਚ ਅਪਣੇ ਮੇਜ਼ਬਾਨਾਂ ਨੂੰ ਅਲਵਿਦਾ ਆਖੀ। ਇਹਨਾਂ ਭਲੇ ਬੰਦਿਆਂ ਨੇ ਔਖੇ ਵੇਲੇ ਉਸ ਦੀ ਮਦਦ ਕੀਤੀ ਸੀ।
ਕੀ ਵਾਪਰਨ ਵਾਲਾ ਹੈ, ਰੋਜ਼ਾ ਜਾਂ ਲੀਬਖਨੇਤ ਨੂੰ ਕਨਸੋਅ ਵੀ ਨਹੀਂ ਸੀ। ਉਹਨਾਂ ਲਈ ਇਹ ਮਹਿਜ਼ ਇਕ ਹੋਰ ਸਿਆਸੀ ਗ੍ਰਿਫਤਾਰੀ ਸੀ। ਭਾਵ ਕੁਝ ਹੋਰ ਦਿਨ, ਹਫ਼ਤੇ, ਮਹੀਨੇ ਜਾਂ ਸਾਲ ਜੇਲ੍ਹ ਵਿਚ।
ਦੋਹਾਂ ਨੂੰ ਫੌਜੀ ਹੈੱਡਕੁਆਰਟਰ ਹੋਟਲ ਈਡਨ ਲਿਆਂਦਾ ਗਿਆ। ਉਥੇ ਉਹਨਾਂ ਨਾਲ ਕੀ ਸੌਦੇਬਾਜ਼ੀ ਕਰਨ ਦੀ ਕੋਸ਼ਿਸ਼ ਹੋਈ, ਸ਼ਾਇਦ ਕੋਈ ਨਹੀਂ ਜਾਣਦਾ। ਪਰ ਉਸ ਤੋਂ ਬਾਅਦ ਜੋ ਵਾਪਰਿਆ, ਉਹ ਹੁਣ ਪੂਰਾ ਸੰਸਾਰ ਜਾਣਦਾ ਹੈ।
ਪਹਿਲਾਂ ਰੋਜ਼ਾ ਨੂੰ ਹੋਟਲ ਤੋਂ ਬਾਹਰ ਕੱਢਿਆ ਗਿਆ। ਹੋਟਲ ’ਚੋਂ ਨਿਕਲਦਿਆਂ ਹੀ ਇਕ ਫੌਜੀ ਨੇ ਰੋਜ਼ਾ ਨੂੰ ਧੱਕਾ ਮਾਰਿਆ। ਰੋਜ਼ਾ ਲੜਖੜਾਉਂਦੀ ਹੋਈ ਇਕ ਹੋਰ ਫੌਜੀ ਦੇ ਸਾਹਮਣੇ ਆ ਗਈ। ਦੂਜਾ ਫੌਜੀ ਜਿਵੇਂ ਪਹਿਲਾਂ ਹੀ ਤਿਆਰ ਸੀ। ਉਸ ਨੇ ਰਾਈਫਲ ਦੇ ਬੱਟ ਦਾ ਜ਼ੋਰਦਾਰ ਵਾਰ ਰੋਜ਼ਾ ਦੇ ਸਿਰ ਉੱਤੇ ਕੀਤਾ। ਜਿਸ ’ਚੋਂ ਤੇਜ਼-ਤਰਾਰ, ਇਨਕਲਾਬੀ ਮਾਰਕਸਵਾਦੀ ਚਿੰਤਨ ਉਪਜਿਆ ਸੀ, ਰੋਜ਼ਾ ਦੀ ਉਹ ਖੋਪੜੀ ਤੋੜ ਦਿੱਤੀ ਗਈ। ਉਹ ਥੱਲੇ ਡਿੱਗ ਪਈ, ਪਰ ਅਜੇ ਉਹ ਮਰੀ ਨਹੀਂ ਸੀ। ਸਹਿਕਦੀ ਰੋਜ਼ਾ ਨੂੰ ਘਸੀਟ ਕੇ ਗੱਡੀ ਵਿਚ ਸੁੱਟ ਦਿੱਤਾ ਗਿਆ। ਗੱਡੀ ਵਿਚ ਪਹਿਲਾਂ ਧੱਕਾ ਦੇਣ ਵਾਲੇ ਫੌਜੀ ਲੈਫਟੀਨੈਂਟ ਵੋਗਲ ਨੇ ਪਸਤੌਲ ਕੱਢਿਆ ਤੇ ਇਕ ਗੋਲੀ ਰੋਜ਼ਾ ਦੇ ਸਿਰ ਵਿਚ ਮਾਰ ਕੇ ਉਸ ਨੂੰ ਸਦਾ ਲਈ ਸ਼ਾਂਤ ਕਰ ਦਿੱਤਾ। ਉਹੀ ਗੱਡੀ ਰੋਜ਼ਾ ਦੀ ਲਾਸ਼ ਲੈ ਕੇ ਕਿਤੇ ਚਲੀ ਗਈ।
ਕੁਝ ਦੇਰ ਬਾਅਦ ਲੀਬਖਨੇਤ ਨੂੰ ਵੀ ਗੋਲੀ ਮਾਰ ਦਿੱਤੀ ਗਈ। ਉਹਦੀ ਲਾਸ਼ ਨੂੰ ਅਣਪਛਾਤੀ ਆਖ ਕੇ ਦਫ਼ਨਾ ਦਿੱਤਾ ਗਿਆ। ਰੋਜ਼ਾ ਬਾਰੇ ਤਰ੍ਹਾਂ-ਤਰ੍ਹਾਂ ਦੀਆਂ ਅਫ਼ਵਾਹਾਂ ਫੈਲਾ ਦਿੱਤੀਆਂ ਗਈਆਂ। ਸ਼ਾਇਦ ਹਾਕਮ ਮਰੀ ਹੋਈ ਰੋਜ਼ਾ ਤੋਂ ਵੀ ਖੌਫ਼ ਖਾ ਰਹੇ ਸਨ। ਇਕ ਅਫ਼ਵਾਹ ਅਨੁਸਾਰ ਲੋਕਾਂ ਦੀ ਭੀੜ ਨੇ ਰੋਜ਼ਾ ਨੂੰ ਗੱਡੀ ਵਿਚੋਂ ਉਤਾਰ ਲਿਆ ਸੀ ਤੇ ਕੁੱਟ-ਕੁੱਟ ਕੇ ਮਾਰ ਸੁਟਿਆ ਸੀ। ਇਹ ਵੀ ਅਫ਼ਵਾਹ ਸੀ ਕਿ ਰੋਜ਼ਾ ਨੂੰ ਮਾਰਨ ਵਾਲਿਆਂ ਨੇ ਹੀ ਉਹਦੀ ਲਾਸ਼ ਕਿਤੇ ਲੁਕੋ ਦਿੱਤੀ ਸੀ। ਕੁਝ ਲੋਕ ਇਹ ਦਾਅਵਾ ਵੀ ਕਰਦੇ ਸਨ ਕਿ ਉਹਨਾਂ ਨੇ ਕੁਝ ਬੰਦਿਆਂ ਨੂੰ ਰੋਜ਼ਾ ਦੀ ਲਾਸ਼ ਦਰਿਆ-ਬੁਰਦ ਕਰਦੇ ਤੱਕਿਆ ਸੀ। ਕੁਝ ਵੀ ਹੋਵੇ, ਮਹੀਨਿਆਂ ਬੱਧੀ ਰੋਜ਼ਾ ਦੀ ਲਾਸ਼ ਬਾਰੇ ਕੁਝ ਪਤਾ ਨਾ ਲੱਗਾ। ਅਖੀਰ ਕਈ ਮਹੀਨਿਆਂ ਬਾਅਦ ਇਕ ਜੁਲਾਈ ਨੂੰ ਦਰਿਆ ਵਿਚੋਂ ਹੀ ਰੋਜ਼ਾ ਦੀ ਗਲ਼ੀ-ਸੜੀ ਲਾਸ਼ ਮਿਲੀ।


1945 ਵਿਚ ਦੂਜੀ ਸੰਸਾਰ ਜੰਗ ਸਮੇਂ ਰੂਸ ਦੀ ਲਾਲ ਫੌਜ ਨੇ ਬਰਲਿਨ ਉੱਤੇ ਕਬਜ਼ਾ ਕਰ ਲਿਆ। ਲਾਲ ਫੌਜ ਦੇ ਹੱਥ ਓਟੋ ਰੁੰਜ ਨਾਂ ਦਾ ਉਹੀ ਗੈਰ-ਕਮਿਸ਼ਨਡ ਅਫਸਰ ਆ ਗਿਆ ਜਿਸ ਨੇ ਰਾਈਫਲ ਦਾ ਬੱਟ ਮਾਰ ਕੇ ਰੋਜ਼ਾ ਦੀ ਖੋਪੜੀ ਤੋੜੀ ਸੀ। ਰੁੰਜ ਤੋਂ ਪੁੱਛਗਿੱਛ ਕਰਨ ਪਿਛੋਂ ਹੀ ਰੋਜ਼ਾ ਦੇ ਕਤਲ ਸੰਬੰਧੀ ਬਹੁਤ ਸਾਰੇ ਤੱਥ ਸਾਹਮਣੇ ਆਏ। ਰੁੰਜ ਸਿਆਸੀ ਵਿਰੋਧੀਆਂ ਨੂੰ ਕਤਲ ਕਰਨ ਲਈ ਬਣਾਏ ਗਏ ਦਸਤੇ ‘ਫਰੀਕੌਰਪਸ’ ਦਾ ਮੈਂਬਰ ਸੀ। ਇਸ ਦਸਤੇ ਵਿਚ ਪਹਿਲੀ ਸੰਸਾਰ ਜੰਗ ਹਾਰੇ ਤੇ ਖਿਝੇ ਹੋਏ ਬਹੁਤ ਸਾਰੇ ਫੌਜੀ ਸਨ। ਇਸੇ ਦੀ ਤਰਜ਼ ਉੱਤੇ ਬਾਅਦ ਵਿਚ ਹਿਟਲਰ ਨੇ ਵੀ ਅਪਣੇ ਕਾਤਲ ਸਤਿਆਂ ਨੂੰ ਤਿਆਰ ਕੀਤਾ ਸੀ।
ਸੋ, ਸੰਸਾਰ ਵਿਚ ਫਾਸ਼ੀਵਾਦ ਹਿਟਲਰ ਦੇ ਸੱਤਾ ਵਿਚ ਆਉਣ ਤੋਂ ਪਹਿਲਾਂ ਹੀ ਪ੍ਰਗਟ ਹੋਣਾ ਸ਼ੁਰੂ ਹੋ ਗਿਆ ਸੀ। ਰੋਜ਼ਾ ਦੀ ਮੌਤ ਵੇਲੇ ਤਾਂ ਹਿਟਲਰ ਦੀ ਪਾਰਟੀ ਅਜੇ ਅਪਣੀ ਮੁਢਲੀ ਅਵਸਥਾ ਵਿਚ ਹੀ ਸੀ। ਫਾਸ਼ੀਵਾਦ ਤਾਂ, ਕਦੇ ਅਪਣੇ ਆਪ ਨੂੰ ਦੁਨੀਆ ਦੀ ਸਭ ਤੋਂ ਵੱਡੀ ਇਨਕਲਾਬੀ ਪਾਰਟੀ ਅਖਵਾਉਣ ਵਾਲੀ ਜਰਮਨੀ ਦੀ ਸੋਸ਼ਲ-ਡੈਮੋਕਰੇਟਿਕ ਪਾਰਟੀ ਦੀ ਬੁੱਕਲ ਵਿਚ ਪਲ ਰਿਹਾ ਸੀ। ਇਸ ਪਾਰਟੀ ਨੇ ਲੋਕਾਂ ਨੂੰ ਰੋਜ਼ਾ ਦਾ ਕਤਲ ਕਰ ਦੇਣ ਦਾ ਸੱਦਾ ਦਿੰਦੀ ਕਵਿਤਾ ਅਪਣੇ ਪਰਚੇ ਵਿਚ ਛਾਪੀ ਸੀ। ਪਰ ਰੋਜ਼ਾ ਦੇ ਗਾਇਬ ਹੋਣ ਪਿਛੋਂ ਲੋਕਾਂ ਦੇ ਕਵੀ ਬ੍ਰਤੋਲਤ ਬ੍ਰੈਖਤ ਨੇ ਰੋਜ਼ਾ ਦਾ ਇਹ ਮਰਸੀਆ ਲਿਖਿਆ:

ਸੂਹੀ ਰੋਜ਼ਾ ਵੀ ਹੁਣ ਅਲੋਪ ਹੋ ਗਈ ਹੈ
ਉਹ ਕਿਥੇ ਸੁੱਤੀ ਹੈ ਕੋਈ ਨਹੀਂ ਜਾਣਦਾ,
ਕਿਉਂਕਿ ਉਹਨੇ ਦੱਸਿਆ ਸੀ ਸੱਚ ਗਰੀਬਾਂ ਨੂੰ

ਅਮੀਰਾਂ ਨੇ ਉਹਨੂੰ ਦੁਨੀਆ ਤੋਂ ਹੀ ਕਰ ਦਿੱਤਾ ਹੈ ਰੁਖ਼ਸਤ ਬਾਅਦ ਵਿਚ ਬ੍ਰੈਖਤ ਨੇ ਹੀ ਰੋਜ਼ਾ ਦੀ ਕਬਰ ਦਾ ਕੁਤਬਾ ਵੀ ਲਿਖਿਆ:

ਏਥੇ ਦਫ਼ਨ ਹੈ
ਰੋਜ਼ਾ ਲਗਜ਼ਮਬਰਗ
ਪੋਲੈਂਡ ਦੀ ਯਹੂਦਣੀ
ਜਰਮਨ ਕਿਰਤੀਆਂ ਦੀ ਅਗਵਾਨੂੰ
ਕਤਲ ਕਰ ਦਿੱਤੀ ਗਈ
ਜਰਮਨ ਅੱਤਿਆਚਾਰੀਆਂ ਦੇ ਹੁਕਮ ‘ਤੇ
ਓ ਕੁਚਲੇ ਜਾਣ ਵਾਲਿਓ!
ਭੁਲਾ ਦਿਓ ਪ੍ਰਸਪਰ ਵਿਰੋਧ।


ਦਸ ਵਰ੍ਹਿਆਂ ਬਾਅਦ ਰੋਜ਼ਾ ਦੀ ਸ਼ਹਾਦਤ ਦੀ ਸ਼ਤਾਬਦੀ ਆਏਗੀ। ਰੋਜ਼ਾ ਦੇ ਕਤਲ ਪਿਛੋਂ ਦੁਨੀਆ ਵਿਚ ਬਹੁਤ ਕੁਝ ਵਾਪਰਿਆ। ਸੋਸ਼ਲ-ਡੈਮੋਕਰੇਟਾਂ ਦੇ ਫਾਸ਼ੀ ਤੌਰ-ਤਰੀਕਿਆਂ ਦਾ ਅਸਲ ਵਾਰਸ ਬਣ ਕੇ ਹਿਟਲਰ ਸਾਹਮਣੇ ਆਇਆ। ਰੂਸ ਦਾ ਬਾਲਸ਼ਵਿਕ ਇਨਕਲਾਬ ਸਤਾਲਨੀ ਤਾਨਾਸ਼ਾਹੀ ਵਿਚ ਵਟ ਗਿਆ। ਅਪਣੀ ਸਹੂਲਤ ਅਨੁਸਾਰ ਸਤਾਲਨ ਨੇ ਹਿਟਲਰ ਨਾਲ ਸਮਝੌਤਾ ਵੀ ਕੀਤਾ ਪਰ ਅਖੀਰ ਉਸ ਖਿਲਾਫ਼ ਜੰਗ ਵੀ ਲੜਨੀ ਪਈ। ਦੂਜੀ ਸੰਸਾਰ ਜੰਗ ਵਿਚ ਮਾਨਵਤਾ ਦੀ ਏਨੇ ਵਿਆਪਕ ਪੱਧਰ ’ਤੇ ਤਬਾਹੀ ਮਚੀ ਕਿ ਸੋਚ ਕੇ ਅੱਜ ਵੀ ਦਿਲ ਕੰਬ ਜਾਂਦਾ ਹੈ। ਤੀਸਰੀ ਸਤਾਲਨੀ ਇੰਟਰਨੈਸ਼ਨਲ ਨੇ ਹਰੇਕ ਅਜਿਹੇ ਮਾਰਕਸਵਾਦੀ ਚਿੰਤਕ ਨੂੰ ਗੁੱਠੇ ਲਾ ਦਿੱਤਾ, ਜਿਸ ਦਾ ਚਿੰਤਨ ਸੋਵੀਅਤ ਯੂਨੀਅਨ ਦੀਆਂ ਨੀਤੀਆਂ ਦੇ ਉਲਟ ਭੁਗਤਦਾ ਸੀ। ਰੋਜ਼ਾ ਲਗਜ਼ਮਬਰਗ ਨੂੰ ਵੀ ਭੁਲਾ ਦਿੱਤਾ ਗਿਆ। ਪਰ ਜਿਵੇਂ ਦੱਬੀ ਚੰਗਿਆੜੀ ਬੁਝਦੀ ਨਹੀਂ, ਇਸੇ ਤਰ੍ਹਾਂ ਰੋਜ਼ਾ ਦਾ ਚਿੰਤਨ ਵੀ ਕੁਕਨੂਸ ਵਾਂਗ ਮੁੜ ਉਭਰਨ ਲਈ ਸਹੀ ਵਕਤ ਦੀ ਉਡੀਕ ਕਰਦਾ ਰਿਹਾ। ਅਖੀਰ ਉਸ ਨੂੰ ਸੱਠਵਿਆਂ ਦੇ ਯੂਰਪੀਅਨ ਇਨਕਲਾਬੀਆਂ ਨੇ ਮੁੜ ਖੋਜਿਆ। ਇਹ ਇਨਕਲਾਬੀ ਪੂੰਜੀਵਾਦ ਦੇ ਖਿ਼ਲਾਫ਼ ਉੱਬਲ ਰਹੇ ਸਨ ਪਰ ਸੋਵੀਅਤ ਯੂਨੀਅਨ ਤੋਂ ਵੀ ਮੁਕਤ ਹੋ ਗਏ ਸਨ। ਰੋਜ਼ਾ ਦੀ ਆਜ਼ਾਦ ਸ਼ਖ਼ਸੀਅਤ ਤੇ ਓਨਾ ਹੀ ਆਜ਼ਾਦ ਮਾਰਕਸਵਾਦੀ ਚਿੰਤਨ ਇਹਨਾਂ ਇਨਕਲਾਬੀਆਂ ਲਈ ਪ੍ਰੇਰਨਾ-ਸਰੋਤ ਬਣਿਆ।
ਅਜੋਕਾ ਦੌਰ ਇਹਨਾਂ ਦੋਹਾਂ ਸਮਿਆਂ ਤੋਂ ਵੱਖਰਾ ਹੈ। ਸੋਵੀਅਤ ਯੂਨੀਅਨ ਦਾ ਪਤਨ ਹੋ ਗਿਆ ਹੈ ਤੇ ਪੂਰੀ ਦੁਨੀਆ ਉੱਤੇ ਬਹੁ-ਕੌਮੀ ਪੂੰਜੀਵਾਦ ਦੀ ਅਜਾਰੇਦਾਰੀ ਹੈ। ਇਸ ਪੂੰਜੀਵਾਦ ਦੀਆਂ ਜੜ੍ਹਾਂ ਸਾਮਰਾਜੀ ਮੁਲਕਾਂ ਵਿਚ ਹੀ ਹਨ ਪਰ ਲੋੜ ਪੈਣ ਉੱਤੇ ਇਹ ਬੇਹੱਦ ਲਚਕੀਲਾ ਹੋ ਜਾਂਦਾ ਹੈ। ਜਮਹੂਰੀਅਤ ਨੂੰ ਇਸ ਨੇ ਲੁਭਾਉਣੇ ਨਾਅਰੇ ਵਾਂਗ ਵਰਤਣਾ ਸਿੱਖ ਲਿਆ ਹੈ। ਇਸ ਲਈ ਇਹ ਪਹਿਲਾਂ ਤਾਨਾਸ਼ਾਹ ਸੋਵੀਅਤ ਯੂਨੀਅਨ ਨੂੰ ਮਾਰਕਸਵਾਦ ਦਾ ਸਮਅਰਥੀ ਬਣਾਉਂਦਾ ਹੈ ਤੇ ਫਿਰ ਦੁਨੀਆ ਭਰ ਵਿਚ ਮਾਰਕਸਵਾਦ ਤੇ ਸਮਾਜਵਾਦ ਦਾ ਹਊਆ ਖੜ੍ਹਾ ਕਰ ਦਿੰਦਾ ਹੈ। ਅਪਣੇ ਨਵੇਂ ਚਿੰਤਨ ਵਿਚ ਇਹ ਰੋਜ਼ਾ ਜਿਹੇ ਇਨਕਲਾਬੀ ਚਿੰਤਕਾਂ ਦੇ ਜਮਹੂਰੀਅਤ ਬਾਰੇ ਕਥਨਾਂ ਨੂੰ ਵੀ, ਪ੍ਰਸੰਗ ਨਾਲੋਂ ਤੋੜ ਕੇ, ਸਮਾਜਵਾਦ ਦੇ ਵਿਰੋਧ ਵਿਚ ਖੜ੍ਹਾ ਕਰ ਦਿੰਦਾ ਹੈ। ਇਸ ਤੋਂ ਉਲਟ ਰੋਜ਼ਾ ਦੇ ਚਿੰਤਨ ਨੂੰ ਮੁੜ ਵਿਚਾਰ ਕੇ ਅਸੀਂ ਇਨਕਲਾਬ ਦੇ ਨਵੇਂ ਰਾਹ-ਰਸਤੇ ਵੀ ਖੋਜ ਸਕਦੇ ਹਾਂ।
ਰੋਜ਼ਾ ਦਾ ਚਿੰਤਨ ਉਹਦੇ ਜੀਵਨ-ਅਨੁਭਵ, ਤਿੱਖੀ ਮਾਰਕਸਵਾਦੀ ਨੀਝ ਤੇ ਸ਼ਖ਼ਸੀਅਤ ਵਿਚਲੇ ਫੌਲਾਦ ਦੀ ਉਪਜ ਸੀ। ਉਹ ਬਹੁ-ਪਰਤੀ ਦਮਨ ਦੀਆਂ ਸਥਿਤੀਆਂ ਵਿਚ ਜਵਾਨ ਹੋਈ ਸੀ। ਜੰਮੀ ਉਹ ਪੋਲੈਂਡ ਦੇ ਉਸ ਇਲਾਕੇ ਵਿਚ ਸੀ, ਜੋ ਉਸ ਸਮੇਂ ਰੂਸ ਦੇ ਕਬਜ਼ੇ ਵਿਚ ਸੀ। ਫਿਰ, ਉਹ ਯਹੂਦੀ ਪਰਿਵਾਰ ਵਿਚ ਪੈਦਾ ਹੋਈ ਸੀ। ਉਸ ਸਮੇਂ ਯੂਰਪ ਵਿਚ ਯਹੂਦੀ ਹੋਣ ਦਾ ਮਤਲਬ ਸੀ-ਸੰਤਾਪ ਦਰ ਸੰਤਾਪ। ਦਮਨ ਦੀ ਤੀਜੀ ਪਰਤ ਵਿਚ ਉਹ ਯਹੂਦੀ ਔਰਤ ਵੀ ਸੀ। ਇਹ ਸੰਯੋਗ ਹੀ ਸੀ ਕਿ ਉਹਦਾ ਜਨਮ ਪੈਰਿਸ ਕਮਿਊਨ ਵਾਲੇ ਵਰ੍ਹੇ ਭਾਵ 1871 ਵਿਚ ਹੋਇਆ। ਉਹਦੇ ਅਪਣੇ ਵਿਚਾਰ ਅਨੁਸਾਰ ਹੀ ਪੈਰਿਸ ਕਮਿਊਨ ਨਾਲ ਹੀ ਮਜ਼ਦੂਰ ਜਮਾਤ ਦੇ ਘੋਲਾਂ ਦੇ ਕੇਂਦਰ ਵਜੋਂ ਫਰਾਂਸ ਦੀ ਭੂਮਿਕਾ ਖ਼ਤਮ ਹੋ ਗਈ ਸੀ ਤੇ ਜਰਮਨੀ ਇਹਨਾਂ ਘੋਲਾਂ ਦੇ ਕੇਂਦਰ ਵਿਚ ਆ ਗਿਆ ਸੀ। ਰੋਜ਼ਾ ਨੇ ਵੀ ਸੁਚੇਤ ਰੂਪ ਵਿਚ ਅਪਣੀ ਜ਼ਿੰਦਗੀ ਨੂੰ ਜਰਮਨੀ ਵਿਚਲੀ ਮਜ਼ਦੂਰ ਜਮਾਤ ਦੀ ਹੋਣੀ ਨਾਲ ਜੋੜਿਆ।
ਰੋਜ਼ਾ ਦਾ ਪਿਓ ਵਾਰਸਾ ਵਿਚ ਲੱਕੜਾਂ ਦਾ ਵਪਾਰੀ ਸੀ ਤੇ ਅਪਣੇ ਬੱਚਿਆਂ ਨੂੰ ਚੰਗੀ ਵਿੱਦਿਆ ਦੇਣੀ ਚਾਹੁੰਦਾ ਸੀ। ਰੋਜ਼ਾ ਦੀ ਬੇਹੱਦ ਕਰੀਬੀ ਸਹੇਲੀ ਲੂਈ ਕੌਟਸਕੀ ਦੇ ਹਵਾਲੇ ਨਾਲ ਪਤਾ ਲੱਗਦਾ ਹੈ ਕਿ ਉਹ ਪੂਰੀ ਜ਼ਿੰਦਗੀ ਅਪਣੇ ਪਿਓ ਨੂੰ ਬੇਹੱਦ ਪਿਆਰ ਨਾਲ ਯਾਦ ਕਰਦੀ ਰਹੀ। ਉਹ ਅਪਣੀ ਮਾਂ ਨਾਲੋਂ ਵਧ ਅਪਣੇ ਪਿਓ ਦੇ ਨੇੜੇ ਸੀ। ਉਂਝ ਮਾਂ ਨਾਲ ਵੀ ਉਹਦਾ ਕੋਈ ਨਫ਼ਰਤ ਦਾ ਰਿਸ਼ਤਾ ਨਹੀਂ ਸੀ। ਲੂਈ ਦਾ ਪ੍ਰਭਾਵ ਇਹ ਬਣਿਆ ਕਿ ਰੋਜ਼ਾ ਦੀ ਮਾਂ ਉਹਨਾਂ ਅਣਗਿਣਤ ਯਹੂਦਣਾਂ ਵਰਗੀ ਸੀ ਜੋ ਪਤੀ ਤੇ ਬੱਚਿਆਂ ਦੀ ਖਾਤਰ ਸਭ ਕੁਝ ਵਾਰਨ ਲਈ ਤਿਆਰ ਹੁੰਦੀਆਂ ਹਨ। ਇਥੋਂ ਤੱਕ ਕਿ ਉਹ ਅਪਣੀ ਵੱਖਰੀ ਪਛਾਣ ਵੀ ਗਵਾ ਦਿੰਦੀਆਂ ਹਨ। ਇਸੇ ਲਈ ਸਿਮਰਤੀ ਵਿਚ ਵੀ ਉਹਨਾਂ ਦਾ ਧੁੰਦਲਾ ਜਿਹਾ ਅਕਸ ਹੀ ਬਚਦਾ ਹੈ। ਪਰ ਰੋਜ਼ਾ ਦੀ ਮਾਂ ਸਾਹਿਤਕ ਮੱਸ ਰੱਖਣ ਵਾਲੀ ਔਰਤ ਵੀ ਜਾਪਦੀ ਸੀ। ਲੂਈ ਇਕ ਘਟਨਾ ਚੇਤੇ ਕਰਦੀ ਹੈ-
”ਇਕ ਵਾਰ ਅਸੀਂ ਸ਼ਿਲਰ ਤੇ ਉਹਦੀਆਂ ਸਾਹਿਤਕ ਰਚਨਾਵਾਂ ਬਾਰੇ ਵਿਚਾਰ-ਵਟਾਂਦਰਾ ਕਰ ਰਹੇ ਸਾਂ। ਰੋਜ਼ਾ ਨੇ ਤ੍ਰਿਸਕਾਰ ਭਰੇ ਲਹਿਜ਼ੇ ਵਿਚ ਸ਼ਿਲਰ ਨੂੰ ਦੂਜੇ ਦਰਜੇ ਦੇ ਕਵੀ ਦਾ ਲਕਬ ਦੇ ਦਿੱਤਾ। ਜਦੋਂ ਮੈਂ ਉਸ ਦੇ ਹੱਕ ਵਿਚ ਬੋਲੀ ਤੇ ਜ਼ੋਰ ਦੇ ਕੇ ਕਿਹਾ ਕਿ ਇਨਕਲਾਬੀ ਹੋਣ ਦੇ ਨਾਤੇ ਉਸ ਨੂੰ ਸ਼ਿਲਰ ਨੂੰ ਵੀ ਇਨਕਲਾਬੀ ਹੀ ਸਮਝਣਾ ਚਾਹੀਦਾ ਹੈ, ਤਾਂ ਉਸ ਨੇ ਕੁਝ ਸੋਚਦਿਆਂ ਜਵਾਬ ਦਿੱਤਾ, ਠੀਕ! ਸ਼ਾਇਦ ਮੇਰੇ ਅੰਦਰ ਸਹਿਜ-ਸੁਭਾ ਹੀ ਉਸ ਪ੍ਰਤੀ ਨਾਪਸੰਦਗੀ ਪੈਦਾ ਹੋ ਗਈ ਹੈ। ਦਰਅਸਲ, ਮੇਰੀ ਮਾਂ ਉਹਦੀ ਸ਼ੁਦੈਣ ਸੀ। ਇਸੇ ਲਈ ਮੈਂ ਉਹਨੂੰ ਪੁਰਾਣੇ ਰਿਵਾਜ ਦਾ ਤੇ ਉਪਭਾਵੁਕ ਸਮਝਣ ਲੱਗ ਪਈ ਹੋਵਾਂਗੀ।’’
ਬਚਪਨ ਵਿਚ ਹੀ ਰੋਜ਼ਾ ਨਾਲ ਦੋ ਅਜਿਹੀਆਂ ਚੀਜ਼ਾਂ ਜੁੜ ਗਈਆਂ ਜੋ ਸਾਰੀ ਉਮਰ ਉਹਦੇ ਨਾਲ ਰਹੀਆਂ। ਉਹ ਪੰਜ ਸਾਲ ਦੀ ਸੀ ਜਦੋਂ ਉਹਨੂੰ ਚੂਲੇ ਦੀ ਬਿਮਾਰੀ ਚੁੰਬੜ ਗਈ। ਫਿਰ ਉਹ ਸਾਰੀ ਉਮਰ ਇਸ ਬਿਮਾਰੀ ਤੋਂ ਪੂਰੀ ਤਰ੍ਹਾਂ ਵੱਲ ਨਾ ਹੋ ਸਕੀ। ਹਲਕਾ ਜਿਹਾ ਲੰਙ ਉਹਦੀ ਚਾਲ ਵਿਚ ਹਮੇਸ਼ਾ ਲਈ ਸ਼ਾਮਲ ਹੋ ਗਿਆ। ਇਸ ਤੋਂ ਬਿਨਾਂ ਵਿਦਰੋਹ ਵੀ ਉਸ ਦੇ ਸੁਭਾਅ ਵਿਚ ਬਚਪਨ ਤੋਂ ਹੀ ਸੀ। ਮੇਰੀ ਐਲਿਸ ਵਾਟਰਜ਼ ਅਨੁਸਾਰ ਇਕ ਵਾਰ ਅਪਣੀ ਅਕਾਦਮਿਕ ਪ੍ਰਾਪਤੀ ਲਈ ਰੋਜ਼ਾ ਸੋਨੇ ਦੇ ਮੈਡਲ ਦੀ ਹੱਕਦਾਰ ਸੀ। ਪਰ ਸਕੂਲ ਦੇ ਪ੍ਰਬੰਧਕਾਂ ਨੇ ਉਸ ਦੇ ”ਬਾਗੀ ਵਤੀਰੇ’’ ਕਾਰਨ ਉਸ ਨੂੰ ਉਹ ਮੈਡਲ ਦੇਣ ਤੋਂ ਇਨਕਾਰ ਕਰ ਦਿੱਤਾ। ਇਹ ਪ੍ਰਬੰਧਕ ਸਕੂਲ ਦੇ ਹਾਕਮ ਸਨ। ਦੁਨੀਆ ਦੇ ਵੱਡੇ ਹਾਕਮ ਵੀ ਰੋਜ਼ਾ ਨੂੰ ਮਾਰ ਕੇ ਹੀ ਉਸ ਦੇ ਬਾਗੀ ਵਤੀਰੇ ਤੋਂ ਖਹਿੜਾ ਛੁਡਾ ਸਕੇ।
ਅਪਣੇ ਹਾਈ ਸਕੂਲ ਵਿਚ ਹੀ ਰੋਜ਼ਾ ਨੇ ਅਪਣੇ ਗਿਰਦ ਇਨਕਲਾਬੀ ਵਿਦਿਆਰਥੀਆਂ ਦਾ ਗਰੁੱਪ ਇਕੱਠਾ ਕਰ ਲਿਆ ਸੀ। ਇਹ ਗਰੁੱਪ ਪੌਲਿਸ਼ ਮਾਰਕਸਵਾਦੀਆਂ ਦੀ ਪਹਿਲੀ ਜਥੇਬੰਦੀ ‘ਪ੍ਰੋਲੇਤਾਰੀ’ ਨਾਲ ਜੁੜਿਆ ਹੋਇਆ ਸੀ। ਵਿਦਿਆਰਥੀ ਘੰਟਿਆਂ ਬੱਧੀ ਵੱਖ-ਵੱਖ ਮਸਲਿਆਂ ਬਾਰੇ ਮਾਰਕਸਵਾਦੀ ਦ੍ਰਿਸ਼ਟੀ ਤੋਂ ਬਹਿਸਾਂ ਕਰਦੇ ਰਹਿੰਦੇ। ਇਹਨਾਂ ਬਹਿਸਾਂ ਵਿਚੋਂ ਰੋਜ਼ਾ ਸੁਭਾਵਕ ਹੀ ਅਪਣੇ ਗਰੁੱਪ ਦੀ ਲੀਡਰ ਬਣ ਗਈ ਸੀ। ਪਰ ਇਹ ਇਨਕਲਾਬੀ ਗਰੁੱਪ ਛੇਤੀ ਹੀ ਜ਼ਾਰ ਦੀਆਂ ਨਜ਼ਰਾਂ ਵਿਚ ਆ ਗਿਆ। ਗਰੁੱਪ ਨੂੰ ਸਕੂਲ ਦੀ ਥਾਂ ਜੇਲ੍ਹ ਨਜ਼ਰ ਆਉਣ ਲੱਗ ਪਈ। ਇਸ ਲਈ ਸਭ ਨੇ ਤੁਰੰਤ ਵਾਰਸਾ ਤੋਂ ਨਿਕਲ ਜਾਣ ਦਾ ਫੈ਼ਸਲਾ ਕੀਤਾ। ਸੋਲਾਂ ਸਾਲ ਦੀ ਉਮਰੇ ਹੀ ਰੋਜ਼ਾ ਅਪਣੀ ਜੰਮਣ-ਭੋਂ ਤੋ ਜਲਾਵਤਨ ਹੋ ਕੇ ਸਵਿਟਜ਼ਰਲੈਂਡ ਆ ਗਈ। ਉਂਝ ਰਾਸ਼ਟਰਵਾਦ ਬਾਰੇ ਰੋਜ਼ਾ ਦੇ ਵਿਚਾਰਾਂ ਨੂੰ ਜਾਣ ਕੇ ਇਸ ਨੂੰ ਜਲਾਵਤਨੀ ਨਹੀਂ ਸਿਰਫ਼ ਸਥਾਨ-ਤਬਦੀਲੀ ਹੀ ਕਹਿਣਾ ਚਾਹੀਦਾ ਹੈ। ਰੋਜ਼ਾ ਅਨੁਸਾਰ ਕਮਿਊਨਿਸਟ ਦਾ ਕੋਈ ਇਕ ਵਤਨ ਜਾਂ ਰਾਸ਼ਟਰ ਨਹੀਂ ਹੁੰਦਾ। ਕਮਿਊਨਿਸਟ ਹਮੇਸ਼ਾ ਕੌਮਾਂਤਰੀਵਾਦ ਵਿਚ ਵਿਸ਼ਵਾਸ ਰੱਖਦਾ ਹੈ। ਖੈਰ-ਰੋਜ਼ਾ ਜ਼ਿਊਰਿਕ ਦੀ ਯੂਨੀਵਰਸਿਟੀ ਵਿਚ ਦਾਖਲ ਹੋ ਗਈ। ਇਹ ਯੂਨੀਵਰਸਿਟੀ ਉਸ ਸਮੇਂ ਦੀਆਂ ਉਹਨਾਂ ਥੋੜ੍ਹੀਆਂ ਜਿਹੀਆਂ ਸੰਸਥਾਵਾਂ ਵਿਚੋਂ ਸੀ, ਜਿਥੇ ਦਾਖਲਾ ਦੇਣ ਲੱਗਿਆਂ ਮੁੰਡੇ-ਕੁੜੀ ਵਿਚ ਕੋਈ ਫ਼ਰਕ ਨਹੀਂ ਸੀ ਕੀਤਾ ਜਾਂਦਾ। ਯੁਨੀਵਰਸਿਟੀ ਦੇ ਇਹ ਦਿਨ ਰੋਜ਼ਾ ਦੀ ਜ਼ਿੰਦਗੀ ਦੇ ਸੁਨਹਿਰੀ ਦਿਨ ਸਨ। ਬੇਸ਼ੱਕ ਰੋਜ਼ਾ ਜਿਹੇ ਜਲਾਵਤਨ ਵਿਦਿਆਰਥੀਆਂ ਕੋਲ ਢਿੱਡ ਭਰਕੇ ਰੋਟੀ ਖਾਣ ਲਈ ਪੈਸੇ ਨਹੀਂ ਸਨ ਹੁੰਦੇ ਪਰ ਉਹ ਚਾਹ ਦੇ ਕੱਪਾਂ ਨਾਲ ਕੌਮਾਂਤਰੀ ਸਥਿਤੀਆਂ ਤੇ ਫਲਸਫਿਆਂ ਬਾਰੇ ਗੱਲਾਂ ਕਰਕੇ ਫਾਕਾਮਸਤੀ ਨੂੰ ਰੰਗੀਨ ਬਣਾ ਲੈਂਦੇ ਸਨ। ਏਥੇ ਰੋਜ਼ਾ ਉੱਤੇ ਕੋਈ ਸਿਆਸੀ ਦਬਾਅ ਨਹੀਂ ਸੀ। ਇਸ ਲਈ ਉਹ ਖੁੱਲ੍ਹ ਕੇ ਪੜ੍ਹ-ਲਿਖ ਤੇ ਬੋਲ ਸਕਦੀ ਸੀ। ਏਥੇ ਡਾਕਟਰੇਟ ਦੀ ਡਿਗਰੀ ਲਈ ਉਸ ਨੇ ਪੋਲੈਂਡ ਦੇ ਉਦਯੋਗਕ ਵਿਕਾਸ ਉੱਤੇ ਥੀਸਸ ਲਿਖਿਆ। ਇਹਨਾਂ ਦਿਨਾਂ ਨੂੰ ਰੋਜ਼ਾ ਅਪਣੀ ਪੂਰੀ ਜ਼ਿੰਦਗੀ ਭਾਵੁਕ ਹੋ ਕੇ ਯਾਦ ਕਰਦੀ ਰਹੀ।
ਰੋਜ਼ਾ ਦਾ ਲਿਉ ਯੋਗਿਚੇਸ ਨਾਲ ਸਾਥ ਵੀ ਏਥੇ ਹੀ ਬਣਿਆ। ਯੋਗਿਚੇਸ ਉਸ ਤੋਂ ਚਾਰ ਕੁ ਵਰ੍ਹੇ ਵੱਡਾ ਪੌਲਿਸ਼ ਇਨਕਲਾਬੀ ਸੀ। 1890 ਵਿਚ ਹੋਇਆ ਉਹਨਾਂ ਦਾ ਮੇਲ ਅਗਲੇ ਪੰਦਰਾਂ-ਸੋਲਾਂ ਵਰ੍ਹੇ ਨਿਭਿਆ। ਯੋਗਿਚੇਸ ਵੀ ਰੋਜ਼ਾ ਵਾਂਗ ਹੀ ਪੌਲਿਸ਼, ਰੂਸੀ ਤੇ ਫਿਰ ਜਰਮਨੀ ਦੀਆਂ ਇਨਕਲਾਬੀਆਂ ਲਹਿਰਾਂ ਨਾਲ ਜੁੜਿਆ ਰਿਹਾ। ਉਹ ਕਮਾਲ ਦਾ ਜਥੇਬੰਦਕ ਨੇਤਾ ਸੀ। ਰੋਜ਼ਾ ਦੀ ਸਿਧਾਂਤਕ ਸਰਗਰਮੀ ਦਾ ਸੰਪੂਰਨ ਪੂਰਕ। ਦੋਹਾਂ ਦੇ ਵੇਗਮੱਤੇ ਸੰਬੰਧਾਂ ਬਾਰੇ ਅੰਦਾਜ਼ਾ ਰੋਜ਼ਾ ਦੇ ਯੋਗਿਚੇਸ ਨੂੰ ਲਿਖੇ ਖਤਾਂ ਤੋਂ ਹੁੰਦਾ ਹੈ। ਰੋਜ਼ਾ ਦੀ ਕਰੀਬੀ ਸਹੇਲੀ ਤੇ ਸਮਾਜਵਾਦੀ ਨਾਰੀਵਾਦੀ ਕਲਾਰਾ ਜ਼ੇਟਕਿਨ ਨੇ ਯੋਗਿਚੇਸ ਬਾਰੇ ਲਿਖਿਆ ਸੀ ਕਿ ਉਹ ”ਉਨ੍ਹਾਂ ਵਿਰਲੀਆਂ ਮਰਦਾਵੀਆਂ ਸ਼ਖ਼ਸੀਅਤਾਂ ਵਿਚੋਂ ਸੀ ਜੋ ਕਿਸੇ ਮਹਾਨ ਜਨਾਨਾ ਸ਼ਖ਼ਸੀਅਤਾਂ ਨੂੰ ਬਰਦਾਸ਼ਤ ਕਰ ਸਕਦੀਆਂ ਹਨ-ਇਕ ਅਜਿਹਾ ਵਰਤਾਰਾ ਜੋ ਹੁਣ ਘੱਟ-ਵੱਧ ਹੀ ਮਿਲਦਾ ਹੈ।’’ 1905 ਦੇ ਅਸਫਲ ਰੂਸੀ ਇਨਕਲਾਬ ਪਿਛੋਂ ਦੋਹਾਂ ਦੇ ਨਿੱਜੀ ਸੰਬੰਧ ਟੁੱਟੇ। ਯੋਗੇਚਿਸ ਦਾ ਰੋਜ਼ਾ ਦੀ ਸ਼ਖ਼ਸੀਅਤ ਅਤੇ ਵਿਚਾਰਾਂ ਉੱਤੇ ਬੇਹੱਦ ਪ੍ਰਭਾਵ ਰਿਹਾ। ਰੋਜ਼ਾ ਸ਼ਾਇਦ ਉਸ ਦੇ ਪ੍ਰਭਾਵ ਤੋਂ ਹੀ ਮੁਕਤ ਹੋਣਾ ਚਾਹੁੰਦੀ ਸੀ। ਇਸੇ ਲਈ ਤੋੜ-ਵਿਛੋੜੇ ਪਿਛੋਂ ਉਸ ਨੇ ਇਕ ਖ਼ਤ ਵਿਚ ਅਪਣੇ ਮਨ ਦੀ ਹਾਲਤ ਦਾ ਜ਼ਿਕਰ ਕੀਤਾ ਸੀ ”ਲਿਉਂ ਤੋਂ ਮੁਕਤ ਹੋ ਕੇ ਮੈਂ ਇਕ ਵਾਰ ਫਿਰ ਮੈਂ ਬਣ ਗਈ ਹਾਂ।’’ ਪਰ ਦੋਹਾਂ ਦਾ ਸਿਆਸੀ ਸਾਥ ਅਖੀਰ ਤੱਕ ਬਣਿਆ ਰਿਹਾ। ਸਾਪਰਟਕਸ ਵਿਦਰੋਹ ਪਿਛੇ ਯੋਗਿਚੇਸ ਦੀਆਂ ਜਥੇਬੰਦਕ ਸਰਗਰਮੀਆਂ ਦਾ ਵੱਡਾ ਹੱਥ ਸੀ। ਰੋਜ਼ਾ ਤੇ ਲੀਬਖਨੇਤ ਦੇ ਕਤਲ ਪਿਛੋਂ ਯੋਗਿਚੇਸ ਇਹਨਾਂ ਕਤਲਾਂ ਬਾਰੇ ਪੜਤਾਲ ਕਰਨ ਲਈ ਬਰਲਿਨ ਆਇਆ। ਪਰ ਏਥੇ ਉਸ ਦਾ ਵੀ ਉਹਨਾਂ ਜਿਹਾ ਹੀ ਹਸ਼ਰ ਹੋਇਆ। ਉਸ ਨੂੰ ਵੀ ਗੋਲੀ ਮਾਰ ਦਿੱਤੀ ਗਈ।
ਰੋਜ਼ਾ ਦੀ ਸਭ ਤੋਂ ਵੱਡੀ ਖ਼ਾਸੀਅਤ ਉਹਦੀ ਆਜ਼ਾਦ ਸ਼ਖ਼ਸੀਅਤ ਤੇ ਆਜ਼ਾਦ ਚਿੰਤਨ ਸੀ। ਮਾਰਕਸਵਾਦੀ ਹੁੰਦਿਆਂ ਹੋਇਆਂ ਵੀ ਉਹ ਸਥਾਪਤ ਮਾਰਕਸਵਾਦੀ ਵਿਚਾਰਾਂ ਨੂੰ ਅੱਖਾਂ ਮੁੰਦ ਕੇ ਸਵੀਕਾਰ ਨਹੀਂ ਸੀ ਕਰਦੀ। ਨਾ ਹੀ ਉਹ ਬੁੱਤ ਬਣਾ ਦਿੱਤੇ ਗਏ ਮਾਰਕਸਵਾਦੀ ਚਿੰਤਕਾਂ ਤੋਂ ਤ੍ਰਹਿੰਦੀ ਸੀ। 1893 ਵਿਚ ਉਸ ਨੂੰ ਜਿਊਰਿਕ ਵਿਚ ਦੂਜੀ ਇੰਟਰਨੈਸ਼ਨਲ ਦੀ ਤੀਜੀ ਕਾਂਗਰਸ ਵਿਚ ਸ਼ਮੂਲੀਅਤ ਕਰਨ ਦਾ ਮੌਕਾ ਮਿਲਿਆ। ਅਪਣੀ ਕੱਚੀ ਉਮਰ ਵਿਚ ਹੀ ਉਸ ਨੇ ਫਰੈਡਰਿਕ ਏਂਗਲਜ਼ ਤੇ ਰੂਸੀ ਮਾਰਕਸਵਾਦ ਦੇ ਜਨਮਦਾਤਾ ਪਲੈਖਾਨੋਵ ਜਿਹੇ ਕੱਦਾਵਰਾਂ ਦਾ ਸਾਹਮਣਾ ਕੀਤਾ। ਪੋਲੈਂਡ ਦੀ ਰਾਸ਼ਟਰੀ ਆਜ਼ਾਦੀ ਬਾਰੇ ਮਾਰਕਸ ਤੇ ਏਂਗਲਜ਼ ਦੀ ਜਾਣੀ-ਪਛਾਣੀ ਪੁਜ਼ੀਸ਼ਨ ਦਾ ਉਸ ਨੇ ਡੱਟ ਕੇ ਵਿਰੋਧ ਕੀਤਾ। ਮਾਰਕਸਵਾਦੀ ਸੰਦਾਂ ਤੇ ਤਰਕਾਂ ਰਾਹੀਂ ਉਸ ਨੇ ਸਿੱਧ ਕੀਤਾ ਕਿ ਹੁਣ ਯੂਰਪ ਤੇ ਇਸ ਸਬੰਧ ਵਿਚ ਪੋਲੈਂਡ ਦੇ ਹਾਲਾਤ ਬਦਲ ਚੁੱਕੇ ਹਨ। ਬਦਲੇ ਹੋਏ ਕੌਮਾਂਤਰੀ ਹਾਲਾਤ ਵਿਚ ਪੋਲੈਂਡ ਦੇ ਰਾਸ਼ਟਰੀ ਸਵਾਲ ਦਾ ਕੋਈ ਮਹੱਤਵ ਨਹੀਂ ਬਚਿਆ। ਖੁਦ ਮਾਰਕਸ ਤੇ ਏਂਗਲਜ਼ ਨੇ ਵੀ ਵੱਖ-ਵੱਖ ਰਾਸ਼ਟਰਾਂ ਦੀ ਮੁਕਤੀ ਦੇ ਸਵਾਲ ਨੂੰ ਵੱਡੇ ਕੌਮਾਂਤਰੀ ਹਾਲਾਤ ਅਨੁਸਾਰ ਹੀ ਵਿਚਾਰਦਿਆਂ ਵੱਖ-ਵੱਖ ਪੁਜ਼ੀਸ਼ਨਾਂ ਲਈਆਂ ਸਨ। ਮਾਰਕਸਵਾਦ ਵਿਚ ਰਾਸ਼ਟਰਵਾਦ ਕੋਈ ਮੁਕੱਦਸ ਚੀਜ਼ ਨਹੀਂ ਹੈ। ਰਾਸ਼ਟਰਵਾਦ ਅਜਿਹੀ ਬੁਰਜੁਆ ਮਿੱਥ ਹੈ ਜਿਸ ਦੀ ਵਰਤੋਂ ਬੁਰਜੁਆਜ਼ੀ ਨੇ ਯੂਰਪ ਵਿਚ ਵੱਖ-ਵੱਖ ਬੁਰਜੁਆ ਜਮਹੂਰੀ ਇਨਕਲਾਬ ਕਰਨ ਲਈ ਕੀਤੀ ਸੀ। ਰਾਸ਼ਟਰਵਾਦ ਦੀ ਮਿੱਥ ਅਖੀਰ ਬੁਰਜੁਆਜ਼ੀ ਦੇ ਹੱਕ ਵਿਚ ਹੀ ਭੁਗਤਦੀ ਹੈ, ਜਿਹਾ ਕਿ ਬਾਦ ਵਿਚ ਪਹਿਲੀ ਸੰਸਾਰ ਜੰਗ ਸਮੇਂ ਸਿੱਧ ਹੋਇਆ। ਰੋਜ਼ਾ ਪੋਲੈਂਡ ਦੇ ਮਜ਼ਦੂਰਾਂ ਨੂੰ ਰਾਸ਼ਟਰਵਾਦ ਦੇ ਭੰਬਲਭੂਸੇ ਵਿਚ ਪਾਉਣ ਤੋਂ ਉਲਟ ਉਹਨਾਂ ਨੂੰ ਮਜ਼ਦੂਰਾਂ ਦੇ ਕੌਮਾਂਤਰੀ ਸਾਂਝੇ ਹਿੱਤਾਂ ਨਾਲ ਜੋੜਨ ਦੀ ਹਮਾਇਤੀ ਸੀ। ਇਹ ਕੇਵਲ ਸਮਾਜਵਾਦ ਨਾਲ ਜੁੜ ਕੇ ਹੀ ਸੰਭਵ ਹੋ ਸਕਦਾ ਸੀ। ਲੈਨਿਨ ਰੋਜ਼ਾ ਦੇ ਵਿਚਾਰਾਂ ਨਾਲ ਸਹਿਮਤ ਨਾ ਹੁੰਦਿਆਂ ਹੋਇਆਂ ਵੀ ਉਸ ਦੀ ਕੌਮਾਂਤਰੀਵਾਦੀ ਪਹੁੰਚ ਦਾ ਪ੍ਰਸੰਸਕ ਸੀ। ਲੈਨਿਨ ਅਨੁਸਾਰ ਗੁਲਾਮ ਤੇ ਹਾਕਮ ਰਾਸ਼ਟਰਾਂ ਦੀ ਸਥਿਤੀ ਨੂੰ ਇਕੋ ਥਾਂ ਨਹੀਂ ਰੱਖਿਆ ਜਾ ਸਕਦਾ। ਗੁਲਾਮ ਰਾਸ਼ਟਰ ਨੂੰ ਸਵੈ-ਨਿਰਣੇ ਦਾ ਹੱਕ ਮਿਲਣਾ ਹੀ ਚਾਹੀਦਾ ਹੈ। ਇਹ ਵੀ ਲੈਨਿਨ ਦਾ ਕੌਮਾਂਤਰੀਵਾਦ ਹੀ ਸੀ। ਦੋ ਵੱਖ-ਵੱਖ ਧਰੁਵਾਂ ਉੱਤੇ ਖੜ੍ਹੇ ਲੈਨਿਨ ਤੇ ਰੋਜ਼ਾ ਅਖੀਰ ਵਿਚ ਇਕ ਹੀ ਕੌਮਾਂਤਰੀਵਾਦ ਦੇ ਹਮਾਇਤੀ ਸਨ।
ਅਪਣੇ ਯੁੱਗ ’ਚ ਜਰਮਨੀ ਦੀ ਮਜ਼ਦੂਰ ਲਹਿਰ ਦੇ ਮਹੱਤਵ ਨੂੰ ਭਾਂਪ ਕੇ ਰੋਜ਼ਾ ਨੇ ਜਰਮਨੀ ਦੀ ਸੋਸ਼ਲ ਡੈਮੋਕਰੈਟਿਕ ਪਾਰਟੀ ਵਿਚ ਸਰਗਰਮ ਹੋਣ ਦਾ ਫੈ਼ਸਲਾ ਕਰ ਲਿਆ। ਪਰ ਖੁੱਲ੍ਹ ਕੇ ਕੰਮ ਕਰਨ ਲਈ ਉਸ ਨੂੰ ਜਰਮਨੀ ਦੀ ਨਾਗਰਿਕਤਾ ਹਾਸਲ ਕਰਨੀ ਪੈਣੀ ਸੀ। ਸੋ ਰੋਜ਼ਾ ਨੇ ਇਕ ਪੁਰਾਣੇ ਜਰਮਨ ਕਾਮਰੇਡ ਦੇ ਪੁੱਤਰ ਗੁਸਤਾਵ ਲਿਊਬੈਕ ਨਾਲ ਨਕਲੀ ਵਿਆਹ ਰਚਾ ਲਿਆ। ਜਰਮਨ ਨਾਗਰਿਕਤਾ ਹਾਸਲ ਕਰਨ ਪਿਛੋਂ ਦੋਹਾਂ ਨੇ ਤਲਾਕ ਲੈ ਲਿਆ। ਇਸ ਤਰ੍ਹਾਂ ਰੋਜ਼ਾ ਨੂੰ ਜਰਮਨੀ ਵਿਚ ਸਿਆਸੀ ਸਰਗਰਮੀਆਂ ਕਰਨ ਦਾ ਅਧਿਕਾਰ ਮਿਲ ਗਿਆ। ਪਰ ਰੋਜ਼ਾ ਲਈ ਇਹ ਰਾਹ ਐਨਾ ਸੌਖਾ ਨਹੀਂ ਸੀ। ਅਪਣੇ ਆਜ਼ਾਦ ਸੁਭਾਅ ਕਾਰਨ ਉਹ ਜਰਮਨ ਕਾਮਰੇਡਾਂ ਨੂੰ ਬਹੁਤੀ ਚੰਗੀ ਨਹੀਂ ਸੀ ਲਗਦੀ। ਕਾਮਰੇਡ ਉਸ ਨੂੰ ਵਿਦੇਸ਼ਣ ਪੌਲਿਸ਼ ਯਹੂਦਣ ਵਜੋਂ ਹੀ ਵਿੰਹਦੇ ਸਨ। ੰਫਧ ਦੇ ਪਰਚੇ ‘ਵੋਰਵਾਰਟਸ’ ਦੇ ਪ੍ਰਬੰਧਕੀ ਸੰਪਾਦਕ ਰਿਚਰਡ ਫਿਸ਼ਰ ਅਨੁਸਾਰ ਉਹ ”ਅਜਿਹੀ ਪ੍ਰਾਹੁਣੀ ਸੀ ਜੋ ਸਾਡੀ ਬੈਠਕ ਵਿਚ ਆਉਂਦੀ ਹੈ ਤੇ ਥੁੱਕਦੀ ਹੈ।’’ ਇੰਟਰਨੈਸ਼ਨਲ ਦੀ ਪੈਰਿਸ ਕਾਂਗਰਸ ਵਿਚੋਂ ਉਸ ਨੂੰ ਬਾਹਰ ਰੱਖਣ ਲਈ ਉਸ ਦੇ ਚਰਿਤਰ ਉੱਤੇ ਨੀਵੇਂ ਦਰਜੇ ਦੀ ਚਿੱਕੜ ਉਛਾਲੀ ਕੀਤੀ ਗਈ। ਪਰ ਰੋਜ਼ਾ ਦੇ ਇਰਾਦੇ ਉੱਤੇ ਇਹਨਾਂ ਗੱਲਾਂ ਦਾ ਕੋਈ ਅਸਰ ਨਾ ਹੋਇਆ। ਸਗੋਂ ਉਹ ਹੋਰ ਦ੍ਰਿੜ ਇਰਾਦੇ ਨਾਲ ਉਸ ਸਮੇਂ ਦੀ ਬੇਹੱਦ ਮਹੱਤਵਪੂਰਨ ਬਹਿਸ ਵਿਚ ਕੁੱਦ ਪਈ।
ਇਹ ਬਹਿਸ ਐਡੂਅਰਡ ਬਰਨਸਟੀਨ ਦੁਆਰਾ ਮਾਰਕਸਵਾਦ ਨੂੰ ”ਸੋਧਣ’’ ਦੇ ਯਤਨ ਬਾਰੇ ਸੀ। ਬਰਨਸਟੀਨ ਉਸ ਵੇਲੇ ਦੇ ਸਮਾਜਵਾਦੀ ਹਲਕਿਆਂ ਵਿਚ ਵੱਡੀ ਹਸਤੀ ਸੀ। ਕਿਸੇ ਵੇਲੇ ਏਂਗਲਜ਼ ਉਸਨੂੰ ਅਪਣਾ ਸਾਹਿਤਕ ਤਾਮੀਲਕਾਰ ਸਮਝਦਾ ਹੁੰਦਾ ਸੀ। ਜਰਮਨੀ ਦੀ ਜ਼ਮੀਨੀ ਹਕੀਕਤ ਤੋਂ ਟੁੱਟਾ ਬਰਨਸਟੀਨ ਇਹ ਨਵਾਂ ਥੀਸਸ ਲੈ ਕੇ ਆਇਆ ਕਿ ਹੁਣ ਵੱਖ-ਵੱਖ ਕਾਰਨਾਂ ਕਰਕੇ ਪੂੰਜੀਵਾਦ ਵਿਚਲੀਆਂ ਵਿਰੋਧਤਾਈਆਂ ਖ਼ਤਮ ਹੋ ਰਹੀਆਂ ਹਨ; ਇਸ ਲਈ ਹੁਣ ਸਿਆਸੀ ਸੱਤਾ ਹਾਸਲ ਕਰਨ ਲਈ ਇਨਕਲਾਬ ਕਰਨ ਦੀ ਲੋੜ ਨਹੀਂ ਹੈ। ਸਿਰਫ਼ ਟਰੇਡ ਯੂਨੀਅਨ ਦੀਆਂ ਸਰਗਰਮੀਆਂ ਰਾਹੀਂ, ਮਜ਼ਦੂਰਾਂ ਲਈ ਵੱਧ ਤੋਂ ਵੱਧ ਅਧਿਕਾਰ ਪ੍ਰਾਪਤ ਕਰਨ ਦਾ ਦਬਾਅ ਬਣਾਉਣ ਦੀ ਹੀ ਜ਼ਰੂਰਤ ਹੈ। ਉਸ ਨੇ ਤੋੜਾ ਚਾੜਿਆ ਕਿ ”ਮੇਰੇ ਲਈ ਲਹਿਰ ਹੀ ਸਭ ਕੁਝ ਹੈ, ਨਿਸ਼ਾਨੇ (ਸਮਾਜਵਾਦੀ ਇਨਕਲਾਬ) ਦਾ ਕੋਈ ਅਰਥ ਨਹੀਂ ਹੈ।’’ ਜਿਸ ਤਰ੍ਹਾਂ ਦੀ ਪੂੰਜੀਵਾਦੀ ਸਥਿਰਤਾ ਦੀ ਗੱਲ ਬਰਨਸਟੀਨ ਨੇ ਕੀਤੀ ਸੀ, ਇਹੀ ਗੱਲ ਬਾਅਦ ਵਿਚ ਵੱਖ-ਵੱਖ ਸਮਿਆਂ ਉੱਤੇ ਵੱਖ-ਵੱਖ ਪੂੰਜੀਵਾਦੀ ਚਿੰਤਕਾਂ ਨੇ ਵੀ ਕੀਤੀ ਹੈ। ਉੱਤਰ ਆਧੁਨਿਕਤਾਵਾਦੀ ”ਇਤਿਹਾਸ ਦੇ ਅੰਤ’’ ਦਾ ਥੀਸਸ ਵੀ ਇਹੋ ਹੈ। ਰੋਜ਼ਾ ਨੇ ਬਰਨਸਟੀਨ ਦੇ ਤਰਕਾਂ ਨੂੰ ਉਡਾਉਂਦਿਆਂ ਸਿੱਧ ਕੀਤਾ ਕਿ ਵਿਰੋਧਤਾਈਆਂ ਪੂੰਜੀਵਾਦ ਦੇ ਨਿਹਿਤ ਸੁਭਾਅ ਵਿਚ ਹਨ। ਇਸ ਲਈ ਇਹ ਕਦੇ ਪੇਤਲੀਆਂ ਨਹੀਂ ਪੈ ਸਕਦੀਆਂ। ਪੂੰਜੀਵਾਦ ਵਿਚਲਾ ਸਮਾਜਕ ਉਤਪਾਦਨ ਸਗੋਂ ਇਸ ਨੂੰ ਹੋਰ ਉਚੇਰੇ ਪੱਧਰ ਉੱਤੇ ਲੈ ਜਾਂਦਾ ਹੈ। ਟਰੇਡ ਯੂਨੀਅਨ ਦਾ ਆਰਥਕਤਾਵਾਦੀ ਕਾਰਜ ਸਿਸੀਫਸ ਦੀ ਮਿਹਨਤ ਵਰਗਾ ਹੈ, ਜੋ ਜ਼ਰੂਰੀ ਹੈ ਪ੍ਰੰਤੂ ਜਿਸ ਦਾ ਕੋਈ ਨਤੀਜਾ ਨਹੀਂ ਨਿਕਲਦਾ। ਟਰੇਡ ਯੂਨੀਅਨ ਰਾਹੀਂ ਮਜ਼ਦੂਰ ਜੋ ਵੀ ਪ੍ਰਾਪਤ ਕਰਦਾ ਹੈ, ਪੂੰਜੀਵਾਦੀ ਵਿਵਸਥਾ ਅਪਣੀ ਅੰਦਰੂਨੀ ਕਾਰਜਵਿਧੀ ਰਾਹੀਂ ਉਸ ਨੂੰ ਫਿਰ ਖੋਹ ਲੈਂਦੀ ਹੈ। ਰੋਜ਼ਾ ਦੁਆਰਾ ਵਰਤੇ ”ਸਿਸੀਫਸ ਦੀ ਮਿਹਨਤ’’ ਦੇ ਮੁਹਾਵਰੇ ਨੇ ਟਰੇਡ ਯੂਨੀਅਨ ਹਲਕਿਆਂ ਵਿਚ ਤੂਫਾਨ ਖੜ੍ਹਾ ਕਰ ਦਿੱਤਾ। ਅਪਣੀ ਸਾਰੀ ਟੇਕ ਹੀ ਟਰੇਡ ਯੂਨੀਅਨ ਲਹਿਰ ਉੱਤੇ ਰੱਖਣ ਵਾਲੇ ਰੋਜ਼ਾ ਦੇ ਇਸ ‘ਕੁਫ਼ਰ’ ਨਾਲ ਕਿਵੇਂ ਸਹਿਮਤ ਹੋ ਸਕਦੇ ਸਨ। 1904 ਵਿਚ ਹੋਈ ਦੂਜੀ ਇੰਟਰਨੈਸ਼ਨਲ ਦੀ ਐਮਸਟਰਡਮ ਕਾਂਗਰਸ ਨੇ ਬੁਰਜੁਆ ਸਰਕਾਰਾਂ ਵਿਚ ਕਿਸੇ ਤਰ੍ਹਾਂ ਦੀ ਸਮਾਜਕ ਸ਼ਮੂਲੀਅਤ ਦੀ ਨਿਖੇਧੀ ਕੀਤੀ। ਇਹ ਰੋਜ਼ਾ ਦੀ ਸਿਧਾਂਤਕ ਪਹੁੰਚ ਦੀ ਜਿੱਤ ਸੀ।
ਪ੍ਰੰਤੂ ਜਿੱਤ ਏਨੀ ਵੀ ਫੈ਼ਸਲਾਕੁੰਨ ਨਹੀਂ ਸੀ। ਜਰਮਨੀ ਦੀ ਸੋਸ਼ਲ ਡੈਮੋਕਰੇਟਿਕ ਪਾਰਟੀ ਸਿਰਫ਼ ਸਿਧਾਂਤ ਦੇ ਪੱਧਰ ’ਤੇ ਇਨਕਲਾਬ ਉੱਤੇ ਟੇਕ ਰੱਖਦੀ ਸੀ। ਅਮਲ ਵਿਚ ਇਹ ਪਾਰਲੀਮਾਨੀਵਾਦ ਤੋਂ ਮੁਕਤ ਨਹੀਂ ਸੀ ਹੋ ਸਕਦੀ। ਪਾਰਟੀ ਦੀਆਂ ਸਾਰੀਆਂ ਨੀਤੀਆਂ ਪਾਰਲੀਮੈਂਟ ਵਿਚ ਤਾਕਤ ਵਧਾਉਣ ਦੇ ਨਿਸ਼ਾਨੇ ਤੱਕ ਹੀ ਸੀਮਤ ਸਨ। ਬਰਨਸਟੀਨ ਦੇ ਖਿ਼ਲਾਫ਼ ਰੋਜ਼ਾ ਕਾਰਲ ਕੌਟਸਕੀ ਨਾਲ ਰਲ ਕੇ ਲੜੀ ਸੀ। ਪਰ ਸਮਾਂ ਆਉਣ ’ਤੇ ਉਸ ਨੂੰ ਕਾਰਲ ਕੌਟਸਕੀ ਦੇ ਖਿ਼ਲਾਫ਼ ਵੀ ਉਨੇ ਹੀ ਵੇਗ ਨਾਲ ਲੜਨਾ ਪਿਆ।
1905 ਵਿਚ ਰੂਸ ਵਿਚ ਇਨਕਲਾਬ ਸ਼ੁਰੂ ਹੋ ਗਿਆ। ਰੋਜ਼ਾ ਇਨਕਲਾਬ ਵਿਚ ਸ਼ਾਮਲ ਹੋਣ ਲਈ ਦਸੰਬਰ ਮਹੀਨੇ ਵਾਰਸਾ ਗਈ। ਵਾਰਸਾ ਵਿਚ ਉਹ ਗ੍ਰਿਫਤਾਰ ਹੋ ਗਈ। ਇਨਕਲਾਬ ਅਸਫ਼ਲ ਹੋ ਗਿਆ। ਰੋਜ਼ਾ ਦੇ ਖਿ਼ਲਾਫ਼ ਕੋਈ ਸਬੂਤ ਨਾ ਮਿਲਣ ਕਾਰਨ ਉਸ ਨੂੰ ਰਿਹਾ ਕਰਨਾ ਪਿਆ। ਰੂਸ ਦੇ ਅਨੁਭਵ ਦੇ ਅਧਾਰ ਉੱਤੇ ਉਸ ਨੇ 1906 ਵਿਚ ‘ਜਨਤਕ ਹੜਤਾਲ, ਪਾਰਟੀ ਅਤੇ ਟਰੇਡ ਯੂਨੀਅਨਾਂ’ ਲਿਖਤ ਲਿਖੀ, ਜਿਸ ਵਿਚ ਉਸ ਨੇ ਆਪ-ਮੁਹਾਰੀ ਜਨਤਕ ਹੜਤਾਲ ਨੂੰ ਇਨਕਲਾਬੀ ਹਥਿਆਰ ਵਜੋਂ ਤੱਕਿਆ। ਰੂਸੀ ਮਜ਼ਦੂਰਾਂ ਦੇ ਜੋਸ਼ ਨੂੰ ਤੱਕ ਕੇ ਉਸ ਨੂੰ ਫਿਰ ਲੱਗਿਆ ਕਿ ”ਇਨਕਲਾਬ ਹੀ ਸਭ ਕੁਝ ਹੈ, ਬਾਕੀ ਸਭ ਬਕਵਾਸ ਹੈ।’’
ਇਨਕਲਾਬ ਨੂੰ ਸਭ-ਕੁਝ ਸਮਝਣ ਕਾਰਨ ਹੀ ਰੋਜ਼ਾ ਦਾ ਕੌਟਸਕੀ ਨਾਲ ਵੀ ਵਿਰੋਧ ਖੜ੍ਹਾ ਹੋ ਗਿਆ। ਜਰਮਨੀ ਦੀ ਸੋਸ਼ਲ ਡੈਮੋਕਰੇਟਿਕ ਪਾਰਟੀ ਨੇ ਪਰੂਸ਼ੀਆ ਦੀ ਪਾਰਲੀਮੈਂਟ ਦੀਆਂ ਚੋਣਾਂ ਵਿਚ ਹਿੱਸਾ ਲੈਣ ਦਾ ਫੈ਼ਸਲਾ ਕੀਤਾ। ਰੋਜ਼ਾ ਇਸ ਫੈ਼ਸਲੇ ਨਾਲ ਸਹਿਮਤ ਸੀ ਪ੍ਰੰਤੂ ਰਣਨੀਤਕ ਸਵਾਲਾਂ ਉੱਤੇ ਉਸ ਦੇ ਕੌਟਸਕੀ ਨਾਲ ਮੱਤਭੇਦ ਪੈਦਾ ਹੋ ਗਏ। ਰੋਜ਼ਾ ਚਾਹੁੰਦੀ ਸੀ ਕਿ ਅਪਣੀ ਜਨਤਕ ਹਮਾਇਤ ਦਾ ਪ੍ਰਦਰਸ਼ਨ ਕਰਨ ਲਈ ਆਮ ਹੜਤਾਲ ਦਾ ਸੱਦਾ ਦਿੱਤਾ ਜਾਵੇ। ਪ੍ਰੰਤੂ ”ਮਾਰਕਸਵਾਦ ਦਾ ਪੋਪ’’ ਕੌਟਸਕੀ ਇਸ ਨਾਲ ਸਹਿਮਤ ਨਹੀਂ ਸੀ। ਪਹਿਲੀ ਵਾਰ ਰੋਜ਼ਾ ਨੂੰ ਅਪਣੇ ਕਰੀਬੀ ਸਾਥੀ ਕੌਟਸਕੀ ਦਾ ਖੁੱਲ੍ਹੇ ਰੂਪ ਵਿਚ ਵਿਰੋਧ ਕਰਨਾ ਪਿਆ। ਰੋਜ਼ਾ ਨੂੰ ਇਨਕਲਾਬ ਦੇ ਰਸਤੇ ਵਿਚ ਕਿਸੇ ਤਰ੍ਹਾਂ ਦਾ ਸਮਝੌਤਾ ਪ੍ਰਵਾਨ ਨਹੀਂ ਸੀ। 1910 ਵਿਚ ਉਹ ਕਾਰਲ ਕੌਟਸਕੀ ਤੋਂ ਪੂਰੀ ਤਰ੍ਹਾਂ ਵੱਖ ਹੋ ਗਈ। ਉਸ ਨੇ ਅਪਣੇ ਲੇਖ ‘ਸਿਧਾਂਤ ਤੇ ਅਮਲ’ ਵਿਚ ਕੌਟਸਕੀ ਦੁਆਰਾ ਇਨਕਲਾਬ ਨੂੰ ਪਿੱਠ ਦਿਖਾਉਣ ਦੇ ਅਮਲ ਨੂੰ ਨੰਗਿਆਂ ਕੀਤਾ। ਰੋਜ਼ਾ ਨੇ ਜੋ 1910 ਵਿਚ ਲਿਖਿਆ, 1914 ਵਿਚ ਉਹ ਅਪਣੇ ਆਪ ਸਿੱਧ ਹੋ ਗਿਆ। ਪਰ ਉਦੋਂ ਤੱਕ ਰੋਜ਼ਾ ਦੇ ਕਹੇ ਨੂੰ ਕਿਸੇ ਨੇ ਗੰਭੀਰਤਾ ਨਾਲ ਨਹੀਂ ਸੀ ਗੌਲਿਆ। ਵਧੇਰੇ ਲੋਕ ਇਸ ਨੂੰ ਰੋਜ਼ਾ ਤੇ ਕੌਟਸਕੀ ਦਾ ਨਿੱਜੀ ਵਿਰੋਧ ਹੀ ਸਮਝਦੇ ਰਹੇ। ਲੈਨਿਨ ਇਸ ਝਗੜੇ ਤੋਂ ਇਕ ਵਿਥ ’ਤੇ ਹੀ ਵਿਚਰਦਾ ਰਿਹਾ। ਤਰਾਤਸਕੀ ਦਾ ਹੁੰਗਾਰਾ ਵੀ ਕੁਝ ਵੱਖਰਾ ਨਹੀਂ ਸੀ। ਉਸ ਨੇ 1911 ਵਿਚ ਕੌਟਸਕੀ ਨੂੰ ਲਿਖਿਆ ਕਿ ਲਗਜ਼ਮਬਰਗ ਦੁਆਰਾ ਕੀਤੀ ਤਿੱਖੀ ਆਲੋਚਨਾ ਉਸ ਦੇ ਰੂਸੀ ਚਰਿੱਤਰ ਵਿਚੋਂ ਉਪਜ ਰਹੀ ”ਬੇਸਬਰੀ’’ ਕਾਰਨ ਹੈ। ਉਸ ਨੇ ਕੌਟਸਕੀ ਨੂੰ ਇਹ ਵੀ ਯਕੀਨ ਦੁਆਇਆ ਕਿ ਕੋਈ ਵੀ ਰੂਸੀ, ਇਥੋਂ ਤੱਕ ਕਿ ਬਾਲਸ਼ਵਿਕ ਵੀ ਰੋਜ਼ਾ ਦੀ ਹਮਾਇਤ ਨਹੀਂ ਕਰ ਰਹੇ। ਵਰ੍ਹਿਆਂ ਬਾਅਦ ਰੋਜ਼ਾ ਖਿ਼ਲਾਫ਼ ਸਤਾਲਨ ਦੁਆਰਾ ਵਿੱਢੀ ਮੁਹਿੰਮ ਦਾ ਵਿਰੋਧ ਕਰਦਿਆਂ ਤਰਾਤਸਕੀ ਨੇ ਮੰਨਿਆ ਕਿ ਕੌਟਸਕੀ ਦੀ ਮੌਕਾਪ੍ਰਸਤੀ ਨੂੰ ਪਛਾਨਣ ਵਿਚ ਰੋਜ਼ਾ, ਲੈਨਿਨ ਤੇ ਉਹਦੇ ਨਾਲੋਂ ਅੱਗੇ ਸੀ। ”ਲੈਨਿਨ…. ਨੇ 1914 ਤੱਕ ਲਗਜ਼ਮਬਰਗ ਦੀ ਹਮਾਇਤ ਨਾ ਕੀਤੀ…. ਲੈਨਿਨ ਦੀ ਦ੍ਰਿਸ਼ਟੀ ਵਿਚ ਰੋਜ਼ਾ ਨਾਲੋਂ ਬੈਬਲ ਤੇ ਕੌਟਸਕੀ ਵਧੇਰੇ ਵੱਡੇ ਇਨਕਲਾਬੀ ਸਨ। ਪਰ ਰੋਜ਼ਾ ਜਰਮਨ ਦੇ ਸਿਆਸੀ ਮਾਹੌਲ ਵਿਚ ਉਹਨਾਂ ਨੂੰ ਅਮਲ ਵਿਚ ਵਿਚਰਦਿਆਂ ਵਧੇਰੇ ਨੇੜਿਉਂ ਵੇਖ ਰਹੀ ਸੀ।’’
ਇਨ੍ਹਾਂ ਸਾਰੇ ਟਕਰਾਵਾਂ ’ਚ ਰੋਜ਼ਾ ਦੀ ਔਰਤ ਹੋਂਦ ਕਾਰਨ ਵੀ ਵੱਖ-ਵੱਖ ਸਵਾਲ ਉੱਠਦੇ ਰਹੇ। ਉਸ ਦੀ ਸਿਧਾਂਤਕ ਪਹੁੰਚ ਤੋਂ ਵੱਧ ਉਸ ਦੀ ਔਰਤ ਹੋਂਦ ਬਾਰੇ ਟੀਕਾ-ਟਿੱਪਣੀਆਂ ਕੀਤੀਆਂ ਜਾਂਦੀਆਂ ਰਹੀਆਂ। ‘ਦ ਰੋਜ਼ਾ ਲਗਜ਼ਮਬਰਗ ਰੀਡਰ’ ਦੇ ਸੰਪਾਦਕ ਪੀਟਰ ਰੁਡੀਜ਼ ਤੇ ਕੈਵਿਨ ਐਂਡਰਸਨ, ਕੌਟਸਕੀ ਦੇ ਸਾਥੀ ਬੈਬਲ ਦੁਆਰਾ ਕੌਟਸਕੀ ਨੂੰ ਲਿਖੇ ਖ਼ਤ ਦਾ ਜ਼ਿਕਰ ਕਰਦੇ ਹਨ। ਇਸ ਖਤ ਵਿਚ ਬੈਬਲ ਦੀ ਔਰਤ ਬਾਰੇ ਅਸਲ ਸੋਚ ਸਾਹਮਣੇ ਆਉਂਦੀ ਹੈ- ”ਇਹ ਔਰਤਾਂ ਦੀ ਬੜੀ ਅਜੀਬ ਗੱਲ ਹੈ। ਜੇ ਉਹਨਾਂ ਦੀਆਂ ਸੋਚਾਂ, ਆਵੇਸ਼ਾਂ ਜਾਂ ਫੋਕੇ ਅਭਿਮਾਨਾਂ ਬਾਰੇ ਕਿਤੇ ਵੀ ਪ੍ਰਸ਼ਨ ਉੱਠ ਜਾਵੇ ਤੇ ਉਹਨਾਂ ਦੀ ਪਰਵਾਹ ਨਾ ਕੀਤੀ ਜਾਵੇ ਤਾਂ ਉਹਨਾਂ ਵਿਚੋਂ ਸਭ ਤੋਂ ਬੁੱਧੀਮਾਨ ਔਰਤਾਂ ਦਾ ਵੀ ਸਿਰ ਫਿਰ ਜਾਂਦਾ ਹੈ ਤੇ ਉਹ ਬੇਵਕੂਫ਼ੀ ਦੀ ਹੱਦ ਤੱਕ ਭੜਕ ਉੱਠਦੀਆਂ ਹਨ।’’ ਬੈਬਲ ਇਹ ਸ਼ਬਦ ਰੋਜ਼ਾ ਤੇ ਕਲਾਰਾ ਜ਼ੇਟਕਿਨ ਬਾਰੇ ਲਿਖ ਰਿਹਾ ਸੀ। ਇਹ ਬੈਬਲ ਉਹੀ ਅਗਾਂਹਵਧੂ ਚਿੰਤਕ ਸੀ ਜੋ ਅਪਣੀ ਲਿਖਤ ਔਰਤਾਂ ਤੇ ਸਮਾਜਵਾਦ ਕਾਰਨ ਨਾਰੀਵਾਦੀ ਸਮਝਿਆ ਜਾਂਦਾ ਸੀ।
ਪਾਰਟੀ ਦੀ ਮੁੱਖ ਧਾਰਾ ਤੋਂ ਲਾਂਭੇ ਕਰਨ ਲਈ ਉਸ ਨੂੰ ਔਰਤ ਫਰੰਟ ਉੱਤੇ ਕੰਮ ਕਰਨ ਲਈ ਕਿਹਾ ਗਿਆ। ਪਰ ਉਸ ਨੇ ਸਾਫ਼ ਇਨਕਾਰ ਕਰ ਦਿੱਤਾ। ਸਿਰਫ਼ ਔਰਤ ਹੋਣ ਕਾਰਨ ਔਰਤ ਫਰੰਟ ਉੱਤੇ ਕੰਮ ਕਰਨਾ ਉਸ ਨੂੰ ਮਨਜ਼ੂਰ ਨਹੀਂ ਸੀ। ਪਰ ਇਸ ਦਾ ਅਰਥ ਇਹ ਨਹੀਂ ਸੀ ਕਿ ਉਹ ਔਰਤ ਮਸਲਿਆਂ ਨੂੰ ਮਹੱਤਵਪੂਰਨ ਨਹੀਂ ਸੀ ਸਮਝਦੀ। ਉਸ ਨੇ ਵੱਖ-ਵੱਖ ਲਿਖਤਾਂ ਵਿਚ ਔਰਤ ਦੀ ਮੁਕਤੀ ਦੀ ਲੋੜ ਨੂੰ ਉਭਾਰਿਆ। ਅਪਣੀ ਸਹੇਲੀ ਤੇ ਸਾਥਣ ਕਲਾਰਾ ਜ਼ੇਟਕਿਨ ਨੂੰ ਔਰਤ ਫਰੰਟ ਉੱਤੇ ਕੰਮ ਕਰਨ ਲਈ ਲਗਾਤਾਰ ਹੌਸਲਾ ਦਿੰਦੀ ਰਹੀ। ਰੋਜ਼ਾ ਔਰਤ ਦੀ ਗੁਲਾਮੀ ਲਈ ਪਰਿਵਾਰ ਦੀ ਸੰਸਥਾ ਨੂੰ ਖਾਸ ਤੌਰ ’ਤੇ ਜ਼ਿੰਮੇਵਾਰ ਮੰਨਦੀ ਸੀ। ਉਹ ਉਨ੍ਹਾਂ ਔਰਤ ਵਿਰੋਧੀ ਪੂੰਜੀਵਾਦੀ ਪਰਿਵਾਰਕ ਮੁੱਲਾਂ ਦੇ ਡਟ ਕੇ ਖਿਲਾਫ਼ ਸੀ ਜਿਨ੍ਹਾਂ ਨੇ ”ਪਾਰਟੀ ਮੈਂਬਰਾਂ, ਕਾਮਿਆਂ ਤੇ ਨੇਤਾਵਾਂ ਨੂੰ ਇਕੋ ਜਿਹਾ’’ ਜਕੜ ਰੱਖਿਆ ਸੀ। ਉਸ ਦਾ ਖਿ਼ਆਲ ਸੀ ਕਿ ਔਰਤ ਦੀ ਮੁਕਤੀ ਨਾਲ ਹੀ ਪਰਿਵਾਰ ਜਿਹੀ ਦਮ-ਘੋਟੂ ਸੰਸਥਾ ਵਿਚ ਤਾਜ਼ੀ ਹਵਾ ਦੇ ਬੁੱਲੇ ਵਗ ਸਕਦੇ ਹਨ।

ਪਹਿਲੀ ਸੰਸਾਰ ਜੰਗ ਨੇ ਦੁਨੀਆ ਭਰ ਦੇ ਸਮਾਜਵਾਦੀਆਂ ਨੂੰ ਇਕ ਫ਼ੈਸਲਾਕੁੰਨ ਮੋੜ ਉੱਤੇ ਲਿਆ ਖੜ੍ਹੇ ਕੀਤਾ ਸੀ। ਦੂਸਰੀ ਇੰਟਰਨੈਸ਼ਨਲ ਦੇ ਅੱਧ-ਪਚੱਧੇ ਮੈਂਬਰ ਪਹਿਲਾਂ ਵੀ ਖੁੱਲ੍ਹ ਕੇ ਅਪਣੀਆਂ ਸਰਕਾਰਾਂ ਦੀਆਂ ਬਸਤੀਵਾਦੀ ਨੀਤੀਆਂ ਦੀ ਨਿੰਦਾ ਨਹੀਂ ਸਨ ਕਰਦੇ। ਯੂਰਪੀ ਸ਼ਕਤੀਆਂ ਜੰਗ ਛੇੜਨ ਤੋਂ ਡਰਦੀਆਂ ਸਨ। ਉਨ੍ਹਾਂ ਨੂੰ ਜਾਪਦਾ ਸੀ ਕਿ ਇਸ ਜੰਗ ਦੀ ਸੂਰਤ ਵਿਚ ਦੁਨੀਆ ਭਰ ਦੇ ਮਜ਼ਦੂਰ ਇਕੱਠੇ ਹੋ ਕੇ ਉਹਨਾਂ ਦਾ ਤਖਤਾ ਪਲਟ ਦੇਣਗੇ। ਪ੍ਰੰਤੂ ਦੁਨੀਆ ਦੀਆਂ ਵੱਡੀਆਂ ਸੋਸ਼ਲ ਡੈਮੋਕਰੇਟਿਕ ਪਾਰਟੀਆਂ ਵਲੋਂ ਟਰੇਡ ਯੂਨੀਅਨਵਾਦ ਦੇ ਹੱਕ ਵਿਚ ਖੜ੍ਹੇ ਹੋ ਜਾਣ ਕਾਰਨ ਉਹ ਬੇਖੌਫ਼ ਹੋ ਗਈਆਂ। ਇਹਨਾਂ ਪਾਰਟੀਆਂ ਨੇ ਟਰੇਡ ਯੂਨੀਅਨ ਰਾਹੀਂ ਦੁਨੀਆ ਦੇ ਮਜ਼ਦੂਰਾਂ ਨੂੰ ਪੂੰਜੀਵਾਦੀ ਵਿਵਸਥਾ ਨਾਲ ਆਤਮਸਾਤ ਕਰ ਦਿੱਤਾ ਸੀ। ਹੁਣ ਇਹ ਮਜ਼ਦੂਰ ਇਨਕਲਾਬ ਕਰਨ ਦੀ ਹਾਲਤ ਵਿਚ ਨਹੀਂ ਸਨ। ਜੰਗ ਛਿੜਦਿਆਂ ਹੀ ਜਰਮਨੀ ਦੀ ਸੋਸ਼ਲ ਡੈਮੋਕਰੇਟਿਕ ਪਾਰਟੀ ਪਾਰਲੀਮੈਂਟ ਵਿਚ ਸਰਕਾਰ ਤੇ ਜੰਗ ਦੇ ਹੱਕ ਵਿਚ ਖੜ੍ਹੀ ਹੋ ਗਈ। 4 ਅਗਸਤ 1914 ਨੂੰ ਪਾਰਲੀਮੈਂਟ ਵਿਚ ਜੰਗੀ ਖਰਚੇ ਪਾਸ ਹੋਏ। ਉਸੇ ਸ਼ਾਮ ਪਾਰਟੀ ਦੀ ਇਸ ਗਦਾਰੀ ਵਿਰੁੱਧ ਰਣਨੀਤੀ ਬਣਾਉਣ ਲਈ ਰੋਜ਼ਾ ਨੇ ਅਪਣੇ ਸਾਥੀਆਂ ਨੂੰ ਇਕੱਠੇ ਕਰ ਲਿਆ। ਕਾਰਲ ਲੀਬਖਨੇਤ ਵੀ ਬਾਅਦ ਵਿਚ ਰੋਜ਼ਾ ਨਾਲ ਆ ਮਿਲਿਆ। ਰੋਜ਼ਾ ਨੂੰ ਜੇਲ੍ਹ ਵਿਚ ਸੁੱਟ ਦਿੱਤਾ ਗਿਆ। ਜੇਲ੍ਹ ਵਿਚ ਹੀ ਰੋਜ਼ਾ ਨੇ 1915 ਵਿਚ ਉਹ ਜੰਗ ਵਿਰੋਧੀ ਲਿਖਤ ਲਿਖੀ ਜੋ ਬਾਅਦ ਵਿਚ ‘ਜੂਨੀਅਸ ਪੈਂਫਲਿਟ’ ਦੇ ਨਾਂ ਨਾਲ ਮਸ਼ਹੂਰ ਹੋਈ। ਸੈਂਸਰ ਕਾਰਨ ਇਹ ਲਿਖਤ ‘ਜੂਨੀਅਸ’ ਦੇ ਨਕਲੀ ਨਾਂ ਹੇਠ ਪ੍ਰਕਾਸ਼ਤ ਹੋਈ ਸੀ। ਇਸ ਲਿਖਤ ਵਿਚ ਰੋਜ਼ਾ ਨੇ ਦਿਲ ਨੂੰ ਧੂਹ ਪਾਉਣ ਵਾਲੀ ਸ਼ਬਦਾਵਲੀ ਵਿਚ ਸਰਮਾਏਦਾਰੀ ਜੰਗ ਵਿਚ ਨਿਹੱਕੇ ਮਜ਼ਦੂਰਾਂ ਦੇ ਡੁੱਲ੍ਹਦੇ ਲਹੂ ਦਾ ਜ਼ਿਕਰ ਕੀਤਾ। ਇਹ ਜੰਗ ਉਸ ਲਈ ਮਾਨਵਤਾ ਦੇ ਖਿ਼ਲਾਫ਼ ਘਿਨਾਉਣਾ ਅਪਰਾਧ ਸੀ। ਇਸ ਜੰਗ ਦਾ ਰੋਜ਼ਾ ਕੋਲ ਇਕੋ ਹੱਲ ਸੀ। ਪੂਰੀ ਦੁਨੀਆ ਦੇ ਮਿਹਨਤਕਸ਼ਾਂ ਦਾ ਏਕਾ। ਏਂਗਲਜ਼ ਦੇ ਹਵਾਲੇ ਨਾਲ ਦਿੱਤਾ ਗਿਆ ਰੋਜ਼ਾ ਦਾ ਕਥਨ ‘ਸਮਾਜਵਾਦ ਜਾਂ ਬਰਬਰਤਾ’ ਬੇਹੱਦ ਹਰਮਨ ਪਿਆਰਾ ਹੋਇਆ। ਦੁਨੀਆ ਦੀਆਂ ਸੋਸ਼ਲ ਡੈਮੋਕਰੇਟਿਕ ਪਾਰਟੀਆਂ ਨੇ ਫੈ਼ਸਲੇ ਦੀ ਘੜੀ ਸਮਾਜਵਾਦ ਦੇ ਆਦਰਸ਼ ਨੂੰ ਪਿੱਠ ਦਿਖਾ ਦਿੱਤੀ ਸੀ। ਹੁਣ ਦੁਨੀਆ ਸਿਰਫ਼ ਬਰਬਰਤਾ ਦੇ ਰਾਹ ਹੀ ਅੱਗੇ ਵਧ ਸਕਦੀ ਸੀ।
ਸਿਰਫ਼ ਰੂਸ ਵਿਚ ਬਾਲਸ਼ਵਿਕ ਪਾਰਟੀ ਕੁਝ ਸਮੇਂ ਲਈ ਬਰਬਰਤਾ ਦਾ ਰਾਹ ਰੋਕਣ ਵਿਚ ਸਫ਼ਲ ਹੋਈ। ਲੈਨਿਨ ਤੇ ਤਰਾਤਸਕੀ ਦੀ ਅਗਵਾਈ ਵਿਚ ਬਾਲਸ਼ਵਿਕ ਪਾਰਟੀ ਨੇ ਉਹੋ ਰਾਹ ਫੜਿਆ, ਜਿਸ ਦੀ ਹਮਾਇਤ ਰੋਜ਼ਾ ਕਰਦੀ ਸੀ। ਰੋਜ਼ਾ ਤੇ ਲੈਨਿਨ ਦਰਮਿਆਨ ਬਹੁਤ ਸਾਰੇ ਮੱਤਭੇਦ ਸਨ ਪ੍ਰੰਤੂ ਬਹੁਤ ਸਾਰੇ ਮਸਲਿਆਂ ਬਾਰੇ ਦੋਵੇਂ ਇਕੋ ਤਰ੍ਹਾਂ ਵੀ ਸੋਚਦੇ ਸਨ। ਲੈਨਿਨ ਜੰਗ ਦੇ ਖਿ਼ਲਾਫ਼ ਸਪਾਰਟਕਸ ਗਰੁੱਪ ਦੁਆਰਾ ਲਈ ਲਾਈਨ ਦਾ ਪ੍ਰਸੰਸਕ ਸੀ। ਜ਼ਾਰ ਦਾ ਤਖ਼ਤਾ ਪਲਟਨ ਤੋਂ ਪਹਿਲਾਂ ਉਸ ਨੇ ਵੀ ਰੂਸ ਵਿਚ ਇਸੇ ਸਿਆਸੀ ਪਹੁੰਚ ਨੂੰ ਅਪਣਾਇਆ ਸੀ ਤੇ ਇਨਕਲਾਬ ਪਿੱਛੋਂ ਜੰਗ ਨੂੰ ਸਾਮਰਾਜ ਵਿਰੋਧ ਦੇ ਨਾਂ ਉੱਤੇ ਲੜਨ ਦਾ ਫੈ਼ਸਲਾ ਕੀਤਾ ਸੀ। ਰੋਜ਼ਾ ਰੂਸ ਦੀ ਸੋਸ਼ਲ ਡੈਮੋਕਰੇਟਿਕ ਲਹਿਰ ਨੂੰ ਆਲੋਚਨਾਤਮਕ ਨਜ਼ਰੀਏ ਤੋਂ ਦੇਖਦੀ ਸੀ। 1905 ਦੇ ਅਸਫ਼ਲ ਇਨਕਲਾਬ ਤੋਂ ਬਾਅਦ ਉਹ ਮੇਨਸ਼ਵਿਕਾਂ ਦੇ ਮੌਕਾਪ੍ਰਸਤ ਕਿਰਦਾਰ ਨੂੰ ਭਾਂਪ ਗਈ ਸੀ। 1911 ਵਿਚ ਲਿਖੇ ‘ਕਰੈਡੋ’ ਵਿਚ ਉਹ ਸਪੱਸ਼ਟ ਕਰਦੀ ਹੈ ਕਿ ਮੇਨਸ਼ਵਿਕਾਂ ਬਾਰੇ ਸਿਆਸੀ ਵਿਸ਼ਲੇਸ਼ਣ ਵਿਚ ਉਹਦੇ ਤੇ ਲੈਨਿਨ ਵਿਚ ਕੋਈ ਬਹੁਤਾ ਫ਼ਰਕ ਨਹੀਂ ਸੀ। ਲੈਨਿਨ ਨਾਲ ਉਹਦਾ ਮੱਤਭੇਦ ਸੰਘਰਸ਼ ਦੇ ਤਰੀਕਿਆਂ ਬਾਰੇ ਸੀ। ਰੋਜ਼ਾ ਕਿਸੇ ਵੀ ਹਾਲਤ ਵਿਚ ਰੂਸ ਦੀ ਸੋਸ਼ਲ ਡੈਮੋਕਰੇਟਿਕ ਪਾਰਟੀ ਨੂੰ ਦੁਫਾੜ ਕਰਨ ਦੇ ਹੱਕ ਵਿਚ ਨਹੀਂ ਸੀ।
ਰੂਸੀ ਇਨਕਲਾਬ ਸਮੇਂ ਰੋਜ਼ਾ ਜੇਲ੍ਹ ਵਿਚ ਸੀ। ਜਰਮਨੀ ਦੇ ਸੋਸ਼ਲ ਡੈਮੋਕਰੇਟਾਂ ਨੇ ਬਾਲਸ਼ਵਿਕ ਇਨਕਲਾਬ ਦਾ ਇਸ ਨੁਕਤੇ ਤੋਂ ਵਿਰੋਧ ਕੀਤਾ ਕਿ ਰੂਸ ਵਿਚਚਲੀਆਂ ਪਦਾਰਥਕ ਸ਼ਕਤੀਆਂ ਅਜੇ ਸਮਾਜਵਾਦੀ ਇਨਕਲਾਬ ਲਈ ਪੱਕੀਆਂ ਨਹੀਂ ਹਨ। ਜੇਲ੍ਹ ਵਿਚ ਸਤੰਬਰ 1918 ਨੂੰ ਰੋਜ਼ਾ ਨੇ ‘ਰੂਸੀ ਇਨਕਲਾਬ’ ਨਾਂ ਦੀ ਲਿਖਤ ਲਿਖੀ ਜਿਸ ਵਿਚ ਉਸ ਨੇ ਰੂਸੀ ਇਨਕਲਾਬ ਨੂੰ ”ਸੰਸਾਰ ਜੰਗ ਦੀ ਸਭ ਤੋਂ ਜ਼ਬਰਦਸਤ ਘਟਨਾ’’ ਆਖਦਿਆਂ ਬਾਲਸ਼ਵਿਕ ਪਾਰਟੀ ਦੀ ਇਸ ਲਈ ਪ੍ਰਸ਼ੰਸਾ ਕੀਤੀ ਕਿ ਕਿਉਂਕਿ ਸਿਰਫ਼ ਇਸੇ ਪਾਰਟੀ ਨੇ ਸੱਚੀ ਇਨਕਲਾਬੀ ਪਾਰਟੀ ਦੇ ਫ਼ਰਜ਼ ਨਿਭਾਏ ਸਨ। ਰੋਜ਼ਾ ਨੇ ਲਿਖਤ ਵਿਚ ਪੂਰੇ ਜ਼ੋਰ ਨਾਲ ਰੂਸੀ ਇਨਕਲਾਬ ਦੀ ਹਮਾਇਤ ਕੀਤੀ ਪਰ ਫਿਰ ਵੀ ਬਾਲਸ਼ਵਿਕ ਹਲਕਿਆਂ ਵਿਚ ਇਹ ਲਿਖਤ ਵਿਵਾਦਪੂਰਨ ਰਹੀ। ਇਸ ਨੂੰ ਕਮਿਊਨਿਸਟ ਪਾਰਟੀ ਵਿਚੋਂ ਕੱਢ ਦਿੱਤੇ ਗਏ ਰੋਜ਼ਾ ਦੇ ਮਿੱਤਰ ਪਾਲ ਲੇਵੀ ਨੇ ਪ੍ਰਕਾਸ਼ਤ ਕੀਤਾ ਸੀ। ਲੰਬਾ ਸਮਾਂ ਇਸ ਗੱਲ ਬਾਰੇ ਬਹਿਸ ਹੁੰਦੀ ਰਹੀ ਕਿ ਕੀ ਰੋਜ਼ਾ ਸੱਚਮੁੱਚ ਅਪਣੀ ਲਿਖਤ ਨੂੰ ਛਪਵਾਉਣਾ ਚਾਹੁੰਦੀ ਸੀ ਜਾਂ ਨਹੀਂ। ਰੂਸੀ ਇਨਕਲਾਬ ਅਜੇ ਜੰਮਿਆ ਹੀ ਸੀ ਤੇ ਕੀ ਰੋਜ਼ਾ ਨਵੇਂ ਜੰਮੇ ਇਨਕਲਾਬ ਉੱਤੇ ਖੁੱਲ੍ਹਮ ਖੁੱਲ੍ਹਾ ਹੱਲਾ ਬੋਲ ਸਕਦੀ ਸੀ? ਇਹ ਮਸਲਾ ਕਰੀਬ ਡੇਢ ਕੁ ਦਹਾਕੇ ਪਹਿਲਾਂ ਹੀ ਨਜਿਠਿਆ ਗਿਆ ਜਦੋਂ ਹੁਣ ਤੱਕ ਲੁਕੇ ਰਹੇ ਰੋਜ਼ਾ ਦੇ ਕੁਝ ਖਤ ਪ੍ਰਕਾਸ਼ਤ ਹੋਏ। ਇਨ੍ਹਾਂ ਖਤਾਂ ਨੇ ਸਪੱਸ਼ਟ ਕੀਤਾ ਕਿ ਰੋਜ਼ਾ ਇਸ ਲਿਖਤ ਨੂੰ ਪ੍ਰਕਾਸ਼ਤ ਕਰਨ ਦੇ ਹੱਕ ਵਿਚ ਸੀ। ਆਖਰ ਅਜਿਹਾ ਕੀ ਸੀ ਇਸ ਲਿਖਤ ਵਿਚ ਤੇ ਇਸ ਲਿਖਤ ਤੋਂ ਪਹਿਲਾਂ ਦੀ ਰੋਜ਼ਾ ਦੀ ਬਾਲਸ਼ਵਿਕ ਪਾਰਟੀ ਦੀ ਜਥੇਬੰਦਕ ਪਹੁੰਚ ਬਾਰੇ ਰਾਏ ਵਿਚ ਕਿ ਸਤਾਲਨ ਦੇ ਦੌਰ ਵਿਚ ਰੋਜ਼ਾ ਦੀਆਂ ਲਿਖਤਾਂ ਉੱਤੇ ਅਣ ਐਲਾਨੀ ਪਾਬੰਦੀ ਲੱਗੀ ਰਹੀ। ਰੋਜ਼ਾ ਦੀ ਰੂਸ ਬਾਰੇ ਲਿਖਤ ‘ਕਰੈਡੋ-ਰੂਸੀ ਸੋਸ਼ਲ ਡੈਮੋਕਰੇਸੀ ਦੀ ਹਾਲਤ ਬਾਰੇ’ ਦਹਾਕਿਆਂ ਬੱਧੀ ਗੁੰਮ ਰਹੀ ਤੇ ਸੋਵੀਅਤ ਯੂਨੀਅਨ ਦੇ ਢਹਿ-ਢੇਰੀ ਹੋਣ ਪਿਛੋਂ ਮਾਸਕੋ ਵਿਚਲੇ ਆਰਕਾਈਵਜ਼ ਵਿਚੋਂ ਮਿਲੀ। ਇਹ ਪਹਿਲੀ ਵਾਰ 1991 ਵਿਚ ਹੀ ਛਪ ਸਕੀ।
ਰੋਜ਼ਾ ਸ਼ੁਰੂ ਤੋਂ ਬਾਲਸ਼ਵਿਕਾਂ ਦੇ ‘ਜਮਹੂਰੀ ਕੇਂਦਰਵਾਦ’ ਦੇ ਸੰਕਲਪ ਦੀ ਵਿਰੋਧੀ ਸੀ। ਰੋਜ਼ਾ ਅਨੁਸਾਰ ਕਿਸੇ ਪਾਰਟੀ ਦੀ ਕੇਂਦਰੀ ਕਮੇਟੀ ਕੋਲ ਇਨਕਲਾਬ ਕਰਨ ਜਾਂ ਸਮਾਜਵਾਦ ਵੱਲ ਵਧਣ ਲਈ ਤਿਆਰ ਬਰ ਤਿਆਰ ਫਾਰਮੂਲੇ ਨਹੀਂ ਹੋ ਸਕਦੇ। ਪ੍ਰੋਲੇਤਾਰੀ ਜਮਾਤ ਇਹ ਸਭ ਕੁਝ ਜਮਾਤੀ ਸਮੂਹਕ ਸੰਘਰਸ਼ਾਂ ਰਾਹੀਂ ਸਿੱਖਦੀ ਹੈ। ਇਸ ਲਈ ਸੰਘਰਸ਼ਾਂ ਰਾਹੀਂ ਪ੍ਰੋਲੇਤਾਰੀ ਜਮਾਤ ਨੂੰ ਪ੍ਰਾਪਤ ਅਨੁਭਵਾਂ ਨੂੰ, ਕੁਝ ਬੁੱਧੀਜੀਵੀਆਂ ਉੱਤੇ ਅਧਾਰਤ ਕੇਂਦਰੀ ਕਮੇਟੀ ਦੀ ਰਾਏ ਉੱਤੇ ਕੁਰਬਾਨ ਕਰ ਦੇਣਾ ਗਲਤ ਹੈ। ਮੌਕਾਪ੍ਰਸਤ ਤੱਤਾਂ ਤੋਂ ਮਜ਼ਦੂਰਾਂ ਨੂੰ ਬਚਾਉਣ ਲਈ ਕੇਂਦਰੀ ਕਮੇਟੀ ਹੱਥ ਸਾਰੀ ਤਾਕਤ ਸੌਂਪ ਦੇਣ ਤੋਂ ਜ਼ਰੂਰੀ ਹੈ ਕਿ ਮਜ਼ਦੂਰਾਂ ਨੂੰ ਲਗਾਤਾਰ ਇਨਕਲਾਬੀ ਸਰਗਰਮੀ ਵਿਚ ਪਾਈ ਰੱਖਿਆ ਜਾਵੇ। ਬਾਲਸ਼ਵਿਕਾਂ ਦੇ ‘ਜਮਹੂਰੀ ਕੇਂਦਰੀਵਾਦ’ ਬਾਰੇ ਇਹ ਸਭ ਕੁਝ ਰੋਜ਼ਾ ਨੇ 1904 ਵਿਚ ਹੀ ਕਹਿ ਦਿੱਤਾ ਸੀ। ਸਤੰਬਰ 1918 ਵਿਚ ਉਸ ਨੇ ਪ੍ਰੋਲੇਤਾਰੀ ਤਾਨਾਸ਼ਾਹੀ ਦੇ ਹਵਾਲੇ ਨਾਲ ਕੁਝ ਹੋਰ ਗੱਲਾਂ ਕੀਤੀਆਂ।
ਰੋਜ਼ਾ ਵੀ ਇਨਕਲਾਬ ਤੋਂ ਬਾਅਦ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਦੇ ਹੱਕ ਵਿਚ ਸੀ। ਉਹ ਇਸ ਤਾਨਾਸ਼ਾਹੀ ਨੂੰ ਸਮਾਜਵਾਦੀ ਜਮਹੂਰੀਅਤ ਦਾ ਨਾਂ ਦਿੰਦੀ ਹੈ। ਉਸ ਅਨੁਸਾਰ ਸਮਾਜਵਾਦੀ ਜਮਹੂਰੀਅਤ ਕਿਸੇ ਨੇ ਤੁਹਾਨੂੰ ਕ੍ਰਿਸਮਿਸ ਦੇ ਤੋਹਫੇ ਵਜੋਂ ਨਹੀਂ ਦੇਣੀ ਸਗੋਂ ਇਹ ਜਮਾਤੀ ਸੱਤਾ ਨੂੰ ਤਬਾਹ ਕਰਨ ਦੇ ਨਾਲ ਸਮਾਜਵਾਦ ਦੀ ਉਸਾਰੀ ਕਰਦਿਆਂ ਸ਼ੁਰੂ ਹੋਣੀ ਹੈ। ਮਜ਼ਦੂਰਾਂ ਦੀ ਤਾਨਾਸ਼ਾਹੀ, ਜਮਹੂਰੀਅਤ ਦੇ ਖਿਲਾਫ਼ ਨਹੀਂ ਹੈ ਸਗੋਂ ਅਸਲ ਵਿਚ ਜਮਹੂਰੀਅਤ ਲਾਗੂ ਕਰਦੀ ਹੈ। ਪ੍ਰੰਤੂ ਮਜ਼ਦੂਰਾਂ ਦੀ ਤਾਨਾਸ਼ਾਹੀ ਪੂਰੀ ਜਮਾਤ ਦੀ ਹੁੰਦੀ ਹੈ, ਜਮਾਤ ਦੇ ਨਾਂ ’ਤੇ ਛੋਟੀ ਜਿਹੀ ਘੱਟ ਗਿਣਤੀ ਅਗਵਾਨੂੰਆਂ ਦੀ ਨਹੀਂ। ਇਹ ਆਮ ਲੋਕਾਂ ਦੀ ਕਦਮ ਦਰ ਕਦਮ ਸ਼ਮੂਲੀਅਤ ਨਾਲ ਸੰਭਵ ਹੁੰਦੀ ਹੈ। ਜੇ ਆਮ ਲੋਕਾਂ ਦੀ ਸ਼ਮੂਲੀਅਤ ਮਨਫ਼ੀ ਹੋ ਜਾਏਗੀ ਤਾਂ ਇਹ ਕੁਝ ਮੁੱਠੀ ਭਰ ਸਿਆਸਤਦਾਨਾਂ ਜਾਂ ਨੌਕਰਸ਼ਾਹਾਂ ਦੀ ਤਾਨਾਸ਼ਾਹੀ ਹੀ ਬਣ ਕੇ ਰਹਿ ਜਾਵੇਗੀ।
ਰੋਜ਼ਾ ਨੇ ਸਪੱਸ਼ਟ ਕੀਤਾ ਕਿ ਰੂਸ ਵਿਚ ਜੋ ਹੋ ਰਿਹਾ ਹੈ, ਉਹ ਹਾਲਾਤ ਦੀ ਮਜ਼ਬੂਰੀ ਕਾਰਨ ਹੈ। ਪਰ ਜੇ ਮਜ਼ਬੂਰੀ ਨੂੰ ਅਪਣਾ ਗੁਣ ਬਣਾ ਕੇ ਪੇਸ਼ ਕੀਤਾ ਗਿਆ ਤਾਂ ਗੜਬੜ ਹੋ ਜਾਵੇਗੀ। ਤੇ ਫਿਰ ਹੋਇਆ ਕੀ? ਲੈਨਿਨ ਤੋਂ ਬਾਅਦ, ਸੱਚਮੁੱਚ ਮਜ਼ਬੂਰੀ ਨੂੰ ਗੁਣ ਬਣਾ ਕੇ ਪੇਸ਼ ਕਰਨਾ ਸ਼ੁਰੂ ਕਰ ਦਿੱਤਾ ਗਿਆ। ਸਮਾਜਵਾਦ ਦਾ ਸੁਪਨਾ ਸਤਾਲਨੀ ਤਾਨਾਸ਼ਾਹੀ ਬਣ ਕੇ ਰਹਿ ਗਿਆ ਤੇ ਅਖੀਰ ਵਿਚ ਸਮੁੱਚੀ ਵਿਵਸਥਾ ਨੌਕਰਸ਼ਾਹ ਸਰਮਾਏਦਾਰੀ ਵਿਚ ਵਟ ਕੇ ਡਿੱਗ ਪਈ। ਭਾਵ ਰੂਸ ਵੀ ਬਰਬਰੀਅਤ ਦਾ ਸ਼ਿਕਾਰ ਬਣ ਕੇ ਰਹਿ ਗਿਆ।

ਰੋਜ਼ਾ ਦਾ ਜਰਮਨੀ ਵਿਚ ਕਤਲ, ਯੂਰਪ ਵਿਚ ਹਲਚਲਾਂ ਭਰੇ ਇਕ ਦੌਰ ਦਾ ਅੰਤ ਸੀ। ਇਹ ਕਤਲ ਬਰਬਰੀਅਤ ਦੇ ਨਵੇਂ ਦੌਰ ਦਾ ਆਗਾਜ਼ ਵੀ ਸੀ। ਇਸ ਦੌਰ ਵਿਚ ਨਾਜ਼ੀਵਾਦ ਨੇ ਸੋਸ਼ਲ-ਡੈਮੋਕਰੇਟਾਂ ਸਮੇਤ ਸਭ ਵਿਰੋਧੀ ਤਾਕਤਾਂ ਨੂੰ ਹੂੰਝ ਦਿੱਤਾ। ਨਾਜ਼ੀਵਾਦ ਲਈ ਇਹਨਾਂ ਸੋਸ਼ਲ ਡੈਮੋਕਰੇਟਾਂ ਨੇ ਹੀ ਰਾਹ ਪੱਧਰਾ ਕੀਤਾ ਸੀ। ਬਰਬਰੀਅਤ ਦੇ ਦੂਸਰੇ ਰੂਪ ਵਿਚ ਸਤਾਲਨਵਾਦ ਨੇ ਕੌਮਾਂਤਰੀਵਾਦ ਨੂੰ ਸੋਵੀਅਤ-ਸੱਤਾ ਦੇ ਹੱਕ ਵਿਚ ਵਰਤਣਾ ਸ਼ੁਰੂ ਕਰ ਦਿੱਤਾ। ਦੁਨੀਆ ਭਰ ਵਿਚ ਹੋਰ ਇਨਕਲਾਬਾਂ ਦੀ ਸੰਭਾਵਨਾ ਖ਼ਤਮ ਹੋ ਗਈ। ਇਸ ਇਤਿਹਾਸ ਨੂੰ ਪੜ੍ਹ ਕੇ ਅਸੀਂ ਅੱਜ ਉਦਾਸ ਹੋ ਜਾਂਦੇ ਹਾਂ। ਅਸੀਂ ਉਹ ਵਿਚਾਰਧਾਰਕ ਜ਼ਮੀਨ ਲੱਭਣੀ ਸ਼ੁਰੂ ਕਰਦੇ ਹਾਂ, ਜਿਸ ਉੱਤੇ ਅਸੀਂ ਭਵਿੱਖ ਦੇ ਕਿਸੇ ਸੁਪਨੇ ਨੂੰ ਟਿਕਾ ਸਕਦੇ ਹੋਈਏ। ਸਾਡੀ ਉਦਾਸੀ ’ਚ ਰੋਜ਼ਾ ਸਾਡੇ ਕੰਨਾਂ ’ਚ ਆ ਕੇ ਫੁਸਫੁਸਾਉਂਦੀ ਹੈ, ”ਮੈਂ ਸੀ, ਮੈਂ ਹਾਂ, ਮੈਂ ਹੋਵਾਂਗੀ।’’
ਰੋਜ਼ਾ ਜੋ ਸੀ, ਉਸ ਉੱਤੇ ਅਸੀਂ ਇਕ ਝਾਤ ਮਾਰੀ ਹੈ। ਪਰ ਅਜੇ ਵੀ ਰੋਜ਼ਾ ਦੀ ਸ਼ਖ਼ਸੀਅਤ ਦਾ ਇਕ ਪੱਖ ਰਹਿ ਗਿਆ ਹੈ। ਇਹ ਪੱਖ ਜਾਨਣ ਲਈ ਅਸੀਂ ਰੋਜ਼ਾ ਦੇ ਸੋਫ਼ੀ ਲੀਬਖਨੇਤ ਨੂੰ ਲਿਖੇ ਖਤਾਂ ਦੀਆਂ ਕੁਝ ਸਤਰਾਂ ਪੜ੍ਹਦੇ ਹਾਂ:
”ਲਾਰੀ ਨੂੰ ਖਾਲੀ ਕੀਤਾ ਜਾ ਰਿਹਾ ਸੀ। ਡੰਗਰ ਜੋ ਥੱਕੇ ਹੋਏ ਸਨ, ਬਿਲਕੁਲ ਅਹਿੱਲ ਖੜ੍ਹੇ ਸਨ। ਇਕ ਦੇ ਖੂਨ ਵਗ ਰਿਹਾ ਸੀ। ਉਹਦੇ ਕਾਲੇ ਚਿਹਰੇ ਉਤਲੇ ਪ੍ਰਭਾਵ ਤੇ ਨਰਮ ਕਾਲੀਆਂ ਅੱਖਾਂ ਤੋਂ ਲਗਦਾ ਸੀ, ਜਿਵੇਂ ਕੋਈ ਬੱਚਾ ਰੋ ਰਿਹਾ ਹੋਵੇ…. ਅਜਿਹਾ ਬੱਚਾ ਜਿਸ ਨੂੰ ਕੁੱਟਿਆ ਗਿਆ ਹੋਵੇ ਪਰ ਜਿਸ ਨੂੰ ਪਤਾ ਹੀ ਨਾ ਹੋਵੇ ਕਿ ਕਿਉਂ?…. ਮੈਂ ਟੀਮ ਸਾਹਮਣੇ ਖੜ੍ਹੀ ਹੋ ਗਈ; ਡੰਗਰ ਨੇ ਮੇਰੇ ਵੱਲ ਵੇਖਿਆ। ਮੇਰੀਆਂ ਅੱਖਾਂ ਵਿਚ ਹੰਝੂ ਆ ਗਏ।’’
”ਕੱਲ੍ਹ ਮੇਰੇ ਨਾਲ ਅਜੀਬ ਗੱਲ ਵਾਪਰੀ…. ਰਾਤ ਦੇ ਖਾਣੇ ਤੋਂ ਪਹਿਲਾਂ ਮੈਂ ਬਾਥਰੂਮ ਦੀ ਖਿੜਕੀ ਨਾਲ ਲੱਗੀ ਇਕ ਤਿਤਲੀ ਦੇਖੀ। ਇਹ ਜ਼ਰੂਰ ਦੋ-ਤਿੰਨ ਦਿਨ ਅੰਦਰ ਬੰਦ ਰਹੀ ਹੋਵੇਗੀ, ਕਿਉਂਕਿ ਖਿੜਕੀ ਦੇ ਸ਼ੀਸ਼ਿਆਂ ਨਾਲ ਟੱਕਰਾਂ ਮਾਰ-ਮਾਰ ਕੇ ਉਹ ਬੇਹਾਲ ਹੋਈ ਪਈ ਸੀ। ਹੁਣ ਉਸ ਦੇ ਪਰਾਂ ਦੀ ਨਾਮਲੁਮ ਜਿਹੀ ਹਰਕਤ ਹੀ ਦੱਸਦੀ ਸੀ ਕਿ ਅਜੇ ਉਹਦੇ ਵਿਚ ਥੋੜ੍ਹੀ ਜਿਹੀ ਜਾਨ ਬਾਕੀ ਹੈ। ਮੈਂ ਇਹ ਹਰਕਤ ਵੇਖੀ। ਬੇਸਬਰੀ ਨਾਲ ਕੰਬਦਿਆਂ ਮੈਂ ਅਪਣੇ ਕੱਪੜੇ ਪਾਏ, ਖਿੜਕੀ ਉਤੋਂ ਚੜ੍ਹ ਕੇ ਉਸ ਨੂੰ ਸਾਵਧਾਨੀ ਨਾਲ ਅਪਣੇ ਹੱਥ ਵਿਚ ਫੜ ਲਿਆ। ਹੁਣ ਇਸ ਨੇ ਹਿੱਲਣਾ ਛੱਡ ਦਿੱਤਾ ਸੀ। ਮੈਂ ਸੋਚਿਆ ਇਹ ਜ਼ਰੂਰ ਮਰ ਗਈ ਹੋਈ ਏਂ। ਪਰ ਮੈਂ ਉਹਨੂੰ ਅਪਣੇ ਕਮਰੇ ਵਿਚ ਲੈ ਗਈ ਤੇ ਬਾਹਰਲੀ ਖਿੜਕੀ ਕੋਲ ਰੱਖ ਦਿੱਤਾ। ਫਿਰ ਥੋੜ੍ਹੀ ਜਿਹੀ ਹਰਕਤ ਹੋਈ, ਪਰ ਉਸ ਪਿਛੋਂ ਤਿਤਲੀ ਨੇ ਹਿੱਲਣਾ ਬੰਦ ਕਰ ਦਿੱਤਾ। ਮੈਂ ਉਹਦੇ ਮੂੰਹ ਅੱਗੇ ਕੁਝ ਫੁੱਲ ਰੱਖ ਦਿੱਤੇ ਤਾਂ ਜੋ ਉਹਨੂੰ ਖਾਣ ਨੂੰ ਕੁਝ ਮਿਲ ਸਕੇ। ਉਸੇ ਵੇਲੇ ਇਕ ਭੌਰੇ ਨੇ ਖਿੜਕੀ ਕੋਲ ਆ ਕੇ ਵਾਸ਼ਨਾਮਈ ਗੀਤ ਗਾਉਣਾ ਸ਼ੁਰੂ ਕਰ ਦਿੱਤਾ। ਆਪ ਮੁਹਾਰੇ ਮੇਰੇ ਕੋਲੋਂ ਤਿਤਲੀ ਨੂੰ ਉੱਚੀ ਆਵਾਜ਼ ਵਿਚ ਆਖਿਆ ਗਿਆ, ”ਜ਼ਰਾ ਸੁਣ, ਪੰਛੀ ਕਿੰਨਾ ਖੁਸ਼ ਹੋ ਕੇ ਗਾ ਰਿਹਾ ਹੈ। ਤੈਨੂੰ ਵੀ ਦਿਲ ਫੜਨਾ ਚਾਹੀਦਾ ਹੈ ਤੇ ਫਿਰ ਜੀਂਦੇ ਹੋ ਜਾਣਾ ਚਾਹੀਦਾ ਹੈ।’’ ਮੈਨੂੰ ਅਪਣੇ ਆਪ ਉੱਤੇ ਹਾਸਾ ਆ ਗਿਆ, ਕਿਉਂਕਿ ਮੈਂ ਇਕ ਅਧਮੋਈ ਤਿਤਲੀ ਨੂੰ ਜ਼ਿੰਦਗੀ ਦੀਆਂ ਗੱਲਾਂ ਦੱਸ ਰਹੀ ਸਾਂ। ਮੈਂ ਸੋਚਿਆ- ਮੈਂ ਐਵੇਂ ਬੇਕਾਰ ਹੀ ਖ਼ਪ ਰਹੀ ਹਾਂ। ਪ੍ਰੰਤੂ ਏਦਾਂ ਨਹੀਂ ਸੀ। ਅੱਧੇ ਘੰਟੇ ਵਿਚ ਉਹ ਛੋਟਾ ਜਿਹਾ ਜੀਵ ਹੋਸ਼ ਵਿਚ ਆ ਗਿਆ। ਥੋੜ੍ਹੀ ਜਿਹੀ ਹਿਲਜੁਲ ਪਿਛੋਂ ਤਿਤਲੀ ਖੰਭ ਹਿਲਾਉਣ ਦੇ ਯੋਗ ਹੋ ਗਈ। ਮੈਂ ਉਸ ਨੂੰ ਬਚਾ ਕੇ ਕਿੰਨੀ ਖੁਸ਼ ਸਾਂ….’’
ਇਹ ਸਤਰਾਂ ਰੋਜ਼ਾ ਦੇ ਗੁਲਾਬ ਜਿਹੇ ਦਿਲ ਵਿਚੋਂ ਨਿਕਲੀਆਂ ਹੋਈਆਂ ਹਨ। ਰੋਜ਼ਾ ਦੇ ਕਤਲ ਪਿਛੋਂ ਬੁਰਜੁਆ ਮੀਡੀਆ ਨੇ ਉਹਨੂੰ ”ਕਾਤਲ ਰੋਜ਼ਾ’’ ਤੇ ”ਹਰਾਮੀ ਰੋਜ਼ਾ’’ ਤੱਕ ਦੇ ਖਿਤਾਬ ਦਿੱਤੇ ਪਰ ਜਦੋਂ ਰੋਜ਼ਾ ਦੇ ਅਜਿਹੇ ਖਤ ਛਪੇ ਤਾਂ ਸਭ ਨੂੰ ਅਪਣੀ ਜ਼ੁਬਾਨ ਬੰਦ ਕਰਨੀ ਪਈ। ਰੋਜ਼ਾ ਉਹ ਸੀ, ਜੋ ਇਕ ਡੰਗਰ ਦਾ ਦੁੱਖ ਵੇਖ ਕੇ ਵੀ ਰੋਣ ਲੱਗ ਪੈਂਦੀ ਸੀ। ਰੋਜ਼ਾ ਉਹ ਸੀ, ਜੋ ਇਕ ਤਿਤਲੀ ਦੇ ਜੀਵਨ ਦੀ ਵੀ ਕਦਰ ਕਰਦੀ ਸੀ। ਪਰ ਇਸੇ ਰੋਜ਼ਾ ਦੀ ਖੋਪੜੀ ਬੇਰਹਿਮੀ ਨਾਲ ਤੋੜ ਦਿੱਤੀ ਗਈ। ਅੱਜ ਦਾ ਬੁਰਜੁਆ ਮੀਡੀਆ ਸਮਾਜਵਾਦ/ਮਾਰਕਸਵਾਦ ਨੂੰ ਤਾਨਾਸ਼ਾਹ ਸਿਧਾਂਤ ਕਹਿੰਦਾ ਹੈ। ਪ੍ਰੰਤੂ ਰੋਜ਼ਾ ਜਿਹੇ ਗੁਲਾਬਾਂ ਨੂੰ ਦਰਿੰਦਗੀ ਭਰੇ ਤਰੀਕੇ ਨਾਲ ਖ਼ਤਮ ਕਰ ਦੇਣ ਦਾ ਕੰਮ ਉਦਾਰਵਾਦੀ ਸੱਤਾ ਨੇ ਹੀ ਕੀਤਾ ਸੀ। ਇਸੇ ਲਈ ਰੋਜ਼ਾ ਤੇ ਉਹਦਾ ਚਿੰਤਨ ਅਜੋਕੇ ਸਮੇਂ ਵੀ ਸਾਨੂੰ ਸਾਰਥਕ ਜਾਪਦਾ ਹੈ। ਇਕ ਚਿੰਤਕ ਔਰਤ ਵਜੋਂ ਰੋਜ਼ਾ ਨੇ ਬਹੁਤ ਕੁਝ ਸੋਚਿਆ, ਵਿਚਾਰਿਆ, ਅਮਲ ਵਿਚ ਕੀਤਾ। ਉਹਨੇ ਜੋ ਕਿਹਾ, ਉਹਦੇ ਵਿਚੋਂ ਕੁਝ ਗ਼ਲਤ ਵੀ ਸਿੱਧ ਹੋਇਆ। ਪਰ ਬਹੁਤ ਕੁਝ ਠੀਕ ਵੀ ਨਿਕਲਿਆ। ਰੋਜ਼ਾ ਮਾਰਕਸ ਦੇ ਉਸ ਸਿਧਾਂਤ ਦੀ ਕਾਇਲ ਸੀ ਕਿ ਹਰੇਕ ਚੀਜ਼ ਦੀ ਬੇਕਿਰਕੀ ਨਾਲ ਆਲੋਚਨਾ ਕਰੋ।
ਆਲੋਚਨਾਵਾਂ ਤੋਂ ਤ੍ਰਭਕਣ ਵਾਲੇ ਇਸ ਦੌਰ ਵਿਚ ਹੀ ਰੋਜ਼ਾ ਨੂੰ ਯਾਦ ਕਰਨ ਦੀ ਸਭ ਤੋਂ ਵੱਧ ਲੋੜ ਹੈ।

ਹਰਵਿੰਦਰ ਭੰਡਾਲ

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!