‘ਗ਼ਦਰ’ ਅਖ਼ਬਾਰ – ਗੁਰਚਰਨ ਸਿੰਘ ਸਹਿੰਸਰਾ

Date:

Share post:

ਅਸਟੋਰੀਆ ਵਿੱਚ ਪਾਰਟੀ ਦੇ ਕੰਮ ਦਾ ਮੁੱਢ ਬੰਨਕੇ ਕੇਂਦਰੀ ਦਫਤਰ ਸਾਨਫਰਾਂਸਿਸਕੋ ਵਿੱਚ ਰੱਖਣ ਦਾ ਫੈLਸਲਾ ਹੋਇਆ। ਇਸ ਕਰਕੇ ਕਿ ਇਹ ਸ਼ਹਿਰ ਅਮਰੀਕਾ ਦੇ ਪੱਛਮੀ ਹਿੱਸੇ ਦੀ ਆਰਥਕ ਤੇ ਸਿਆਸੀ ਸਰਗਰਮੀ ਦਾ ਕੇਂਦਰ ਸੀ, ਦੂਸਰੇ ਏਸ਼ੀਆ ਵਾਲੇ ਪਾਸੇ ਨੂੰ ਅਮਰੀਕਾ ਦੇ ਪੱਛਮੀ ਕੰਢੇ ਦਾ ਬਹੁਤ ਬੜਾ ਸਮੁੰਦਰੀ ਘਾਟ ਸੀ, ਤੀਸਰੇ ਚੀਨ, ਆਇਰਲੈਂਡ, ਪੋਲੈਂਡ, ਰੂਸ ਆਦਿ ਦੇਸ਼ਾਂ ਦੇ ਕਈ ਇਨਕਲਾਬੀ ਅਪਣੀਆਂ ਜਾਬਰ ਹਕੂਮਤਾਂ ਦੇ ਜ਼ੁਲਮੀ ਪੰਜੇ ਵਿੱਚੋਂ ਨਿਕਲਕੇ ਏਥੇ ਆਕੇ ਰਹਿੰਦੇ ਤੇ ਏਥੋਂ ਅਪਣੇ ਦੇਸ਼ਾਂ ਦੀਆਂ ਇਨਕਲਾਬੀ ਲਹਿਰਾਂ ਨਾਲ ਸਬੰਧ ਜੋੜਕੇ ਕੰਮ ਕਰ ਰਹੇ ਸਨ। ਹਿੰਦੀ ਇਨਕਲਾਬੀਆਂ ਨੇ ਵੀ ਇਸੇ ਹੀ ਸ਼ਹਿਰ ਨੂੰ ਅਪਣੀ ਲਹਿਰ ਦੀ ਰਾਜਧਾਨੀ ਬਣਾਇਆ।
ਸਾਨਫਰਾਂਸਿਸਕੋ ਸਮੁੰਦਰ ਵਿੱਚੋਂ ਉਭਰੀ ਇੱਕ ਪਹਾੜੀ ਉਤੇ ਵਸਦਾ ਹੈ। ਇਸ ਪਹਾੜੀ ਦੇ ਸਿਖਰ ‘ਤੇ ਹਿਲ ਸਟਰੀਟ (ਪਹਾੜ ਗਲੀ) ਹੈ। ਇਸ ਗਲੀ ਦੇ 436 ਨੰਬਰ ਮਕਾਨ ਨੂੰ ਕਰਾਏ ‘ਤੇ ਲੈ ਕੇ ਯੁਗੰਤਰ ਆਸ਼ਰਮ ਭਾਵ ਗਦਰ ਆਸ਼ਰਮ ਕਾਇਮ ਕਰਕੇ ਕੰਮ ਕਾਰ ਦਾ ਹੈਡ ਕਵਾਰਟਰ ਬਣਾਇਆ ਗਿਆ ਤੇ ਦਫਤਰ ਤੇ ਅਖਬਾਰ ਦਾ ਕੰਮ ਏਥੋਂ ਚਲਾਇਆ ਗਿਆ। ਪਹਿਲਾਂ ਪਹਿਲ ਲਾਲਾ ਹਰਦਿਆਲ, ਸ਼੍ਰੀ ਕਰਤਾਰ ਸਿੰਘ ਸਰਾਭਾ ਤੇ ਸ੍ਰੀ ਰਘਬਰ ਦਿਆਲ ਗੁਪਤਾ ਹੀ ਇਸ ਦਫਤਰ ਵਿੱਚ ਕੰਮ ਕਰਨ ਲੱਗੇ। ਲਾਲਾ ਹਰਦਿਆਲ ਅਖਬਾਰ ਦਾ ਮਜ਼ਮੂਨ ਲਿਖਦੇ, ਸ੍ਰੀ ਰਘਬਰ ਦਿਆਲ ਉਰਦੂ ਤੇ ਭਾਈ ਕਰਤਾਰ ਸਿੰਘ ਸਰਾਭਾ ਗੁਰਮੁਖੀ ਵਿੱਚ ਸਾਈਕਲੋ ਸਟਾਈਲ ਤਰੀਕੇ ਨਾਲ ਛਾਪਦੇ। ਦੋ ਤਿੰਨ ਪਰਚੇ ਬਾਹਰ ਜਾਂਦਿਆਂ ਹੀ ਅਖਬਾਰ ਦੀ ਮੰਗ ਬੇਅੰਤ ਵੱਧ ਗਈ। ਸਾਈਕਲੋ ਸਟਾਈਲ ਮਸ਼ੀਨ ਲੋੜੀਂਦੀ ਛਪਾਈ ਪੂਰੀ ਨਾ ਕਰ ਸਕੀ। ਪਹਿਲੇ ਹੀ ਮਹੀਨੇ ਦੇ ਅਖੀਰ ਤੇ ਵੈਲਨਸ਼ੀਆਂ ਸਟਰੀਟ ਵਿੱਚ 1324 ਨੰਬਰ ਦਾ ਹੋਰ ਮਕਾਨ ਕਰਾਏ ‘ਤੇ ਲੈ ਕੇ ਬਿਜਲੀ ਨਾਲ ਚਲਣ ਵਾਲੀ ਵੱਡੀ ਲਿਥੋ ਮਸ਼ੀਨ ਖਰੀਦਕੇ ਉਥੇ ਲਾਈ ਗਈ ਤੇ ਅਖਬਾਰ ਦਾ ਕੰਮ ਉਥੋਂ ਚਲਾਇਆ ਗਿਆ। ਇਸ ਤਰੀਕੇ ਨਾਲ ਅਖਬਾਰ ਦੀ ਨਿੱਤ ਵਧ ਰਹੀ ਮੰਗ ਪੂਰੀ ਕਰ ਦਿੱਤੀ ਗਈ।
ਇਸ ਕੰਮ ਨੂੰ ਚਲਾਉਣ ਲਈ ਬੰਦਿਆਂ ਦੀ ਲੋੜ ਵਧ ਗਈ। ਭਾਈ ਕਰਤਾਰ ਸਿੰਘ ਸਰਾਭਾ ਤੇ ਸ੍ਰੀ ਰਘਬਰ ਦਿਆਲ ਗੁਪਤਾ ਨਾਲ ਭਾਈ ਕਰਤਾਰ ਸਿੰਘ (ਦੁਕੀ) ਲਤਾਲਾ, ਭਾਈ ਬਸੰਤ ਸਿੰਘ ਚੋਂਦਾ (ਪਟਿਆਲਾ), ਭਾਈ ਹਰਨਾਮ ਸਿੰਘ ਕੋਟਲਾ ਨੌਧ ਸਿੰਘ ਤੇ ਸ੍ਰੀ ਖੇਮ ਚੰਦ ਨੂੰ ਸੱਦਕੇ ਅਖਬਾਰ ਦੇ ਕੰਮ ‘ਤੇ ਲਾ ਲਿਆ ਗਿਆ। ਖੇਮ ਚੰਦ ਦਾਸ ਜੀ ਗੁਜਰਾਤੀ ਸਨ, ਉਹ ਦੋ ਤਿੰਨਾਂ ਅਖਬਾਰਾਂ ਦਾ ਸਾਰ ਅੰਸ਼ ਗੁਜਰਾਤੀ ਜ਼ਬਾਨ ਵਿੱਚ ਕਰਕੇ ਮਹੀਨੇ ਵਿੱਚ ਇੱਕ ਦੋ ਵਾਰ ”ਗ਼ਦਰ’’ ਦੀ ਗੁਜਰਾਤੀ ਐਡੀਸ਼ਨ ਛਾਪ ਦਿੰਦੇ। ਏਸੇ ਤਰ੍ਹਾਂ ਸ੍ਰੀ ਰਘਬਰ ਦਿਆਲ ਗੁਪਤਾ ਪਾਸੋਂ, ਜੋ ਹਿੰਦੀ ਜਾਣਦੇ ਸਨ, ਪੰਜਾਂ ਚਹੁੰ ਪਰਚਿਆਂ ਦਾ ‘ਸਾਰ ਅੰਸ਼ ਕਰਵਾਕੇ’ ਹਿੰਦੀ ਦਾ ਪਰਚਾ ਵੀ ਕਿਤੇ ਕਿਤੇ ਛਾਪ ਦਿੱਤਾ ਜਾਂਦਾ।
ਅਖਬਾਰ ਦੇ ਸਿਰ ਵਰਕੇ ਉਤੇ ਨੁਕਰਾਂ ਵਿੱਚ ਬੰਦੇ ਮਾਤਰਮ ਦਾ ਨਾਅਰਾ ਲਿਖਿਆ ਹੁੰਦਾ ਸੀ ਤੇ ਵਿਚਕਾਰ ।

”ਜੇ ਚਿਤ ਪਰੇਮ ਖੇਲਣ ਕਾ ਚਾਉ।
ਸਿਰ ਧਰ ਤਲੀ ਗਲੀ ਮੇਰੀ ਆਉ।’’

ਪਹਿਲੇ ਸਫੇ ਉੱਤੇ ਹਮੇਸ਼ਾਂ ”ਅੰਗਰੇਜ਼ੀ ਰਾਜ ਦਾ ਕੱਚਾ ਚਿੱਠਾ’’ ਦੀ ਸੁਰਖੀ ਹੇਠਾਂ ਅੰਗਰੇਜ਼ੀ ਰਾਜ ਦੀ ਹਿੰਦ ਵਿੱਚੋਂ ਲੁੱਟ ਖਸੁਟ, ਆਰਥਕ ਤੇ ਸਿਆਸੀ ਚਾਲਾਂ ਨੂੰ ਨੰਗਿਆਂ ਕਰਨ ਵਾਲੇ ਤਤਕਰੇ ਲਿਖੇ ਹੁੰਦੇ ਸਨ। ਇੱਕ ਸਫਾ ਸ੍ਰੀ ਸਾਵਰਕਰ ਦੀ ‘ਆਜ਼ਾਦੀ ਲਈ ਹਿੰਦ ਦੀ ਲੜਾਈ’’ ਨਾਮੀ 1857 ਦੇ ਗ਼ਦਰ ਦੀ ਤਵਾਰੀਖ ਵਿਚੋਂ ਮਜ਼ਮੂਨ ਨਕਲ ਕੀਤਾ ਜਾਂਦਾ ਸੀ। ਅੱਧਾ ਸਫਾ ”ਅੰਗਾਂ ਦੀ ਗਵਾਹੀ’’ ਦੀ ਸੁਰਖੀ ਹੇਠਾਂ ਅੰਕੜਿਆਂ ਵਿੱਚ ਅੰਗਰੇਜ਼ਾਂ ਦੀ ਲੁਟ ਖਸੁਟ ਤੇ ਜ਼ੁਲਮ ਜਬਰ ਦੀਆਂ ਗੱਲਾਂ ਲਿਖੀਆਂ ਹੁੰਦੀਆਂ ਸਨ। ਅੱਧਾ ਸਫਾ ਅਮਰੀਕਾ ਦੇ ਹਿੰਦੀਆਂ ਨੂੰ ਉਦੇਸ਼ ਜਾਂ ਉਹਨਾਂ ਦਿਆਂ ਮਸਲਿਆਂ ਬਾਰੇ ਹੰਦਾ ਸੀ। ਇੱਕ ਹਿੰਦੁਸਤਾਨ ਦੀਆਂ ਘਟਨਾਵਾਂ ਤੇ ਅੰਗਰੇਜ਼ੀ ਰਾਜ ਦੇ ਜ਼ੁਲਮਾਂ ਵਿਰੁੱਧ ਮਜ਼ਮੂਨ, ਕੁਝ ਕਵਿਤਾਵਾਂ ਤੇ ਬਾਕੀ ਕੌਮਾਂਤਰੀ ਪਿੜ ਵਿੱਚ ਬਰਤਾਨਵੀ ਸਾਮਰਾਜ ਦੀ ਦਖ਼ਲ ਅੰਦਾਜ਼ੀ ਤੇ ਫਿਰਕਾਦਾਰ ਲੀਡਰਾਂ ਤੇ ਸਭਾਵਾਂ ਦੀ ਭੰਡੀ ਲੇਖ ਆਦਿ ਕੁਲ 8 ਸਫੇ ਹੁੰਦੇ ਸਨ।
ਪਹਿਲੇ ਸਫੇ ਉੱਤੇ ਲਗਾਤਾਰ ਬਿਨਾਂ ਬਦਲ ਛਾਪੀਆਂ ਜਾਂਦੀਆਂ ਪੱਕੀਆਂ ਗੱਲਾਂ ਵਿੱਚੋਂ 12 ਵੀਂ ਗਲ ਇਹ ਸੀ ਕਿ-
”ਪਿਛਲੇ ਸੰਨ 1857 ਵਾਲੇ ਗ਼ਦਰ ਨੂੰ 56 ਸਾਲ ਹੋ ਗਏ ਹਨ’’ ਤੇ ਅਖੀਰਲੀ 13ਵੀਂ ਇਹ ਗੱਲ ਸੀ ਕਿ ‘ਹੁਣ ਦੂਸਰੇ ਗ਼ਦਰ ਦੀ ਬਹੁਤ ਛੇਤੀ ਲੋੜ ਹੈ।’’
ਇਸ ਤੋਂ ਪਾਰਟੀ ਦੇ ਮਨੋਰਥ ਦਾ ਪਤਾ ਲੱਗਦਾ ਹੈ ਕਿ ਪਾਰਟੀ ਅੰਗਰੇਜ਼ੀ ਰਾਜ ਨੂੰ ਹਿੰਦੁਸਤਾਨ ਵਿੱਚੋਂ ਹਥਿਆਰਾਂ ਦੇ ਜ਼ੋਰ ਉਲਟਾਉਣ ਲਈ ਤਿਆਰ ਹੋ ਰਹੀ ਸੀ। ਆਮ ਹਿੰਦੀਆਂ ਨੂੰ ਗ਼ਦਰ ਭਾਵ ਬਗਾਵਤ ਦਾ ਸੱਦਾ ਦਿੰਦੀ ਤੇ ਉਹਨਾਂ ਤੋਂ ਅੰਗਰੇਜ਼ੀ ਰਾਜ ਦਾ ਦਬਕਾ ਲਾਹੁੰਦੀ ਸੀ।
‘ਗ਼ਦਰ’ ਅਖ਼ਬਾਰ ਦੀ ਛਪਾਈ ਤੇ ਵੰਡ ਨੇ ਜਿਥੇ ਸੁੱਤੇ ਹੋਏ ਹਿੰਦੀਆਂ ਵਿੱਚ ਕੌਮੀ ਜਾਗ ਲਾਈ ਤੇ ਜਾਗੇ ਹੋਇਆਂ ਨੂੰ ਜਥੇਬੰਦੀ ਦਾ ਰਾਹ ਦੱਸਕੇ ਇਨਕਲਾਬੀ ਲੀਹੇ ਚਾੜ੍ਹਨਾ ਸ਼ੁਰੂ ਕੀਤਾ, ਉਥੇ ਹਿੰਦ ਵਿੱਚ ਕੁਲ ਹਿੰਦ ਕੌਮੀ ਕਾਂਗਰਸ ਦੀ ਅਰਜ਼ੀਆਂ ਪਰਚਿਆਂ ਦੀ ਸੁਧਾਰ ਮੰਗੂ ਲਹਿਰ ਅਤੇ ਅੰਗਰੇਜ਼ੀ ਰਾਜ ਨਾਲ ਮਿਲ ਵਰਤਕੇ ਚਲ ਰਹੀਆਂ ਫ਼ਿਰਕਾਂ ਪਰਸਤ ਤੇ ਫੁਟ ਪਾਊ ਅੰਗਰੇਜ਼ ਮਿੱਤਰ ਜਥੇਬੰਦੀਆਂ ਦੀ ਵੀ ਖਬਰ ਲੈਣੀ ਤੇ ਇਹਨਾਂ ਦੀ ਲੋਕਾਂ ਵਿੱਚ ਕਲਈ ਖੋਲ੍ਹਣੀ ਸ਼ੁਰੂ ਕੀਤੀ। ਲਹਿਰ ਦੇ ਦੁਸ਼ਮਣ ਅੰਗਰੇਜ਼ੀ ਸਾਮਰਾਜ ਨੂੰ ਬੜਾ ਫ਼ਿਕਰ ਲੱਗਾ। ਉਹ ਅਖਬਾਰ ਦੇ ਛਪਣ ਨੂੰ ਤਾਂ ਅਮਰੀਕਾ ਹਕੂਮਤ ਤੋਂ ਹੀ ਬੰਦ ਕਰਵਾ ਸਕਦੀ ਸੀ, ਜਿਸ ਲਈ ਉਸਨੇ ਸਫ਼ਾਰਤੀ ਚਾਲਾਂ ਚਲਣੀਆਂ ਸ਼ੁਰੂ ਕੀਤੀਆਂ ਪਰ ਇਸ ਦੀ ਵੰਡ ਨੂੰ ਹਿੰਦ ਤੇ ਅਪਣੀਆਂ ਬਸਤੀਆਂ ਵਿਚੋਂ ਰੋਕਣ ਲਈ ਉਸ ਨੇ ਅੱਡੀ ਚੋਟੀ ਦਾ ਜ਼ੋਰ ਲਾ ਦਿੱਤਾ।

ਪਰਚੇ ਦੀ ਵੰਡ ਵਾਸਤੇ ਘੋਲ

ਹਿੰਦ ਦੀ ਸਰਕਾਰ ਵਲੋਂ ਅਖਬਾਰ ਦੀ ਹਰ ਛਪਾਈ ਜ਼ਬਤ ਕਰਕੇ ਗੈLਰ ਕਾਨੂੰਨੀ ਕਰਾਰ ਦੇ ਦਿੱਤੀ ਜਾਂਦੀ,ਆਇਆਂ ਪਰਚਿਆਂ ਨੂੰ ਕਾਬੂ ਕਰਨ ਲਈ ਹਾਂਗਕਾਂਗ, ਸਿੰਘਾਪੁਰ, ਕਲਕੱਤੇ, ਮਦਰਾਸ, ਬੰਬਈ, ਰੰਗੂਨ ਆਦਿ ਸਮੁੰਦਰੀ ਘਾਟਾਂ ਉੱਤੇ ਅਮਰੀਕਾ ਤੋਂ ਆ ਰਹੀ ਡਾਕ ਦੀਆਂ ਚਿੱਠੀਆਂ, ਪਾਰਸਲ ਤੇ ਬਿਲਟੀਆਂ ਉਤੇ ”ਸਮੁੰਦਰੀ ਮਸੂਲ ਦਾ ਕਾਨੂੰਨ’’ ਲਾਗੂ ਕਰ ਦਿੱਤਾ ਗਿਆ, ਜਿਸ ਅਨੁਸਾਰ ਘਾਟਾਂ ਦੀ ਪੁਲਸ ਨੂੰ ਜਹਾਜ਼ਾਂ ਉੱਤੇ ਹੀ ਡਾਕ ਤੇ ਬਿਲਟੀਆਂ ਖੋਲ੍ਹ ਕੇ ਵੇਖਣ ਤੇ ਅਨ-ਚਾਹਿਆ ਮਾਲ ਜ਼ਬਤ ਕਰ ਲੈਣ ਦੇ ਅਖਤਿਆਰ ਲਿਖੇ ਹੋਏ ਸਨ। ਇਸ ਤਰ੍ਹਾਂ ਅੰਗਰੇਜ਼ੀ ਸਾਮਰਾਜ ਨੇ ਪਰਚੇ ਨੂੰ ਅਪਣੇ ਹੇਠ ਦਬੇ ਹੋਏ ਦੇਸ਼ਾਂ ਵਿੱਚ ਜਾਣੋਂ ਵੀ ਜਦ ਰੋਕ ਦਿੱਤਾ, ਤਾਂ ਪਾਰਟੀ ਨੇ ਨਵਾਂ ਰਾਹ ਕੱਢ ਲਿਆ। ਇਹਨਾਂ ਅੰਗਰੇਜ਼ਾਂ ਹੇਠ ਦਬੇ ਹੋਏ ਦੇਸ਼ਾਂ ਨੂੰ ਭੇਜੇ ਜਾਣ ਵਾਲੇ ਪਰਚੇ ਨੂੰ ਪਾਰਟੀ ਅਮਰੀਕਾ ਤੋਂ ਸਿੱਧੀ ਮੰਜ਼ਲ ਉਤੇ ਭੇਜਣਾ ਹਟਾਕੇ, ਸਾਰੇ ਦਾ ਸਾਰਾ ਪਰਚਾ ਪਹਿਲਾਂ ਕੈਨੇਡਾ ਭੇਜ ਦਿੰਦੀ ਰਹੀ ਤੇ ਉਥੋਂ ਸਾਰੀਆਂ ਮੰਜ਼ਿਲਾਂ ਨੂੰ ਡਾਕੇ ਪਾਉਂਦੀ ਰਹੀ। ਅੰਗਰੇਜ਼ੀ ਰਾਜ ਨੂੰ ਕੈਨੇਡਾ ਦਾ ਪਤਾ ਲੱਗਣ ‘ਤੇ ਪਰਚਾ ਫੇਰ ਰੁਕ ਗਿਆ, ਤਾਂ ਪਾਰਟੀ ਨੇ ਜਾਪਾਨ ਤੋਂ ਭੇਜਣਾ ਸ਼ੁਰੂ ਕਰ ਦਿੱਤਾ। ਜਦੋਂ ਜਾਪਾਨ ਦੀ ਡਾਕ ਵੀ ਫਰੋਲੀ ਤੇ ਰੋਕੀ ਜਾਣ ਲੱਗੀ ਤਾਂ ਪਾਰਟੀ ਨੇ ਪਰਚਾ ਪੇਟੀਆਂ ਵਿੱਚ ਬੰਦ ਕਰਕੇ ਜਾਪਾਨ ਭੇਜਣਾ ਤੇ ਇਥੋਂ ਮੌਲਵੀ ਬਰਕਤ ਉਲਾ ਦੀ ਅਗਵਾਈ ਹੇਠ ਬਝ ਗਈ ਪਾਰਟੀ ਇਕਾਈ ਨੇ ਇਸ ਨੂੰ ਕਿਸੇ ਬੰਦੇ ਦੇ ਹੱਥ ਉਸਦੇ ਅਸਬਾਬ ਦੇ ਤੌਰ ‘ਤੇ ਪੈਰਿਸ ਮੈਡਮ ਕਾਮਾ ਪਾਸ ਭੇਜਣ ਤੇ ਉਥੋਂ ਵੰਡਣ ਦਾ ਬੰਦੋਬਸਤ ਕਰ ਲਿਆ। ਪਹਿਲੀ ਵਾਰੀ ਇਹ ਕੰਮ ਭਾਈ ਭਗਵਾਨ ਸਿੰਘ ਦੇ ਸਪੁਰਦ ਕੀਤਾ ਗਿਆ।
ਮੌਲਵੀ ਬਰਕਤ ਉੱਲਾ ਨਾਲ ਅੰਗਰੇਜ਼ੀ ਸਾਮਰਾਜ ਨੇ ਬੜੀ ਚਲਾਕੀ ਖੇਡੀ ਹੋਈ ਸੀ। ਇੱਕ ਜਾਪਾਨੀ ਆਦਮੀ ਮੌਲਵੀ ਦੇ ਹਥੋਂ ਮੁਸਲਮਾਨ ਹੋ ਗਿਆ। ਇਸ ਮੁਸਲਮਾਨ ਨੂੰ ਅੰਗਰੇਜ਼ੀ ਸਫ਼ਾਰਤਖਾਨੇ ਨੇ ਖਰੀਦ ਲਿਆ। ਇਹ ਮੌਲਵੀ ਦੀਆਂ ਸਭ ਖਬਰਾਂ ਤੇ ਚਿੱਠੀ ਪੱਤਰ ਅੰਗਰੇਜ਼ੀ ਸਫ਼ੀਰ ਨੂੰ ਜਾ ਦਿੰਦਾ। ਇਹ ਸਕੀਮ ਵੀ ਉਸ ਨੇ ਅੰਗਰੇਜ਼ੀ ਸਫ਼ੀਰ ਨੂੰ ਜਾ ਦੱਸੀ। ਨਤੀਜਾ ਇਹ ਹੋਇਆ ਕਿ ‘ਗ਼ਦਰ’ ਨਾਲ ਭਰੀਆਂ ਭਾਈ ਭਗਵਾਨ ਸਿੰਘ ਦੀਆਂ ਪੇਟੀਆਂ ਲੈ ਜਾ ਰਿਹਾ ਜਹਾਜ਼ ਜਦੋਂ ਹਾਂਗਕਾਂਗ ਜਾ ਕੇ ਲੱਗਾ ਤਾਂ ਅੰਗਰੇਜ਼ੀ ਪੁਲਸ ਜਹਾਜ਼ ‘ਤੇ ਚੜ੍ਹ ਆਈ ਤੇ ਭਾਈ ਨੂੰ ਭਾਲਣ ਲੱਗੀ। ਭਾਈ ਤਾਂ ਪੁਲਸ ਨੂੰ ਦੂਰੋਂ ਆਉਂਦਿਆਂ ਵੇਖ ਮਲਕੜੇ ਜਿਹੇ ਲਮਕ ਕੇ ਨਾਲ ਲੱਗੀ ਬੇੜੀ ਵਿੱਚ ਜਾ ਲੱਥਾ ਤੇ ਬੇੜੀ ਵਾਲੇ ਨੂੰ ਪੈਸੇ ਦੇ ਕੇ ਲਾਗੇ ਹੀ ਜਾਪਾਨ ਨੂੰ ਤੁਰ ਪਏ ਜਹਾਜ਼ ਵਿੱਚ ਚੜ੍ਹ ਗਿਆ। ਪੁਲਸ ਨੂੰ ਭਾਈ ਤਾਂ ਹੱਥ ਨਾ ਆਇਆ ਪਰ ‘ਗ਼ਦਰ’ ਅਖਬਾਰ ਦੀਆਂ ਦੋ ਪੇਟੀਆਂ ਕਾਬੂ ਕਰ ਲਈਆਂ ਤੇ ਇਸ ਤਰ੍ਹਾਂ ਪੈਰਿਸ ਨੂੰ ਪਰਚੇ ਭੇਜੇ ਜਾਣ ਦਾ ਪਤਾ ਲੱਗ ਗਿਆ।
ਇਸਤੋਂ ਮਗਰੋਂ ਪਾਰਟੀ ਦੇ ਨਵੇਂ ਨਵੇਂ ਅੱਡੇ ਅਖਬਾਰ ਭੇਜਣ ਲਈ ਤਲਾਸ਼ ਕੀਤੇ। ਹੋਮ ਪੋਲੀਟੀਕਲ ਬਰਾਂਚ ਦੀਆਂ ਮਿਸਲਾਂ ਦੇਖਣ ਤੋਂ ਪਤਾ ਲੱਗਦਾ ਹੈ ਕਿ ਵੱਡੀ ਜੰਗ ਦੇ ਪਹਿਲੇ ਸਾਲਾਂ ਤੱਕ ਪਾਰਟੀ ਨੇ ਇਸਫਹਾਨ, ਮਨੀਲਾ, ਹੰਕਾਉ, ਸ਼ੰਘਾਈ, ਹਾਂਗਕਾਂਗ, ਸਿੰਘਾਪੁਰ, ਰੰਗੂਨ, ਰੀਯੂਨੀਅਨ (ਅਰਬ ਸਾਗਰ ਵਿੱਚ ਫ਼ਰਾਂਸ ਹੇਠ ਇੱਕ ਨਿੱਕਾ ਜਿਹਾ ਟਾਪੂ), ਕੈਸਾਬਲਾਂਕਾ (ਅਫਰੀਕਾ ਦੇ ਪੱਛਮੀ ਕੰਢੇ ਤੇ) ਹਿੰਦ ਦੀ ਧਰਤੀ ਉਤੇ ਪੁਰਤਗਾਲ ਤੇ ਫਰਾਂਸ ਦੀਆਂ ਬਸਤੀਆਂ ਬਟਾਵਿਆ, ਮਡਗਾਸਕਰ, ਰੋਡੇਸ਼ੀਆ, ਮਰਾਕੋ, ਅਦਨ ਤੇ ਲੰਡਨ ਦੀਆਂ ਥਾਵਾਂ ਅਤੇ ਮੈਸੋਪੋਟਾਮੀਆ ਤੇ ਇਰਾਕ ਨੂੰ ਪਰਚੇ ਦੀ ਤਕਸੀਮ ਵਾਸਤੇ ਵਰਤਿਆ। ਹਾਲਾਂ ਕਿ ਰੂਸ ਵਿੱਚ ਜ਼ਾਰ ਦੀ ਹਕੂਮਤ ਅੰਗਰੇਜ਼ੀ ਸਾਮਰਾਜ ਦੀ ਮਿੱਤਰ ਸੀ, ਫੇਰ ਵੀ ਰੂਸ ਦੇ ਇਨਕਲਾਬੀਆਂ ਦੇ ਹੱਥੀਂ ਅਖਬਾਰ ਚੀਨ ਤੋਂ ਰੂਸ ਤੇ ਰੂਸ ਤੋੋਂ ਈਰਾਨ ਵੀ ਪੁਚਾਇਆ ਜਾਂਦਾ ਰਿਹਾ। ਈਰਾਨ ਤੋਂ ਸਰਹੱਦੀ ਸੂਬੇ ਤੇ ਬਲੋਚਸਤਾਨ ਨੂੰ ਆਉਂਦਾ ਰਿਹਾ। ਇਸ ਵੰਡਣ ਦੇ ਇੰਤਜ਼ਾਮ ਵਿੱਚ ਪਾਰਟੀ ਦੇ ਹਜ਼ਾਰਾਂ ਹੀ ਡਾਲਰ ਖਰਚ ਹੋ ਜਾਂਦੇ ਰਹੇ, ਪਰ ਉਹ ਇਹ ਕੁਰਬਾਨੀ ਕਰਦੀ ਰਹੀ ਤੇ ਅੰਗਰੇਜ਼ੀ ਸਾਮਰਾਜ ਨਾਲ ਪਰਚੇ ਦੀ ਵੰਡ ਦੀ ਛਿੜੀ ਹੋਈ ਲੜਾਈ ਨੂੰ ਅਖੀਰ ਤੱਕ ਲੜਦੀ ਰਹੀ।
ਜਿਉਂ ਗ਼ਦਰ ਲਹਿਰ ਵਧੀ ਤੇ ਹਿੰਦੀ ਜਨਤਾ ਵਿੱਚ ਇਨਕਲਾਬੀ ਤਾਅ ਆਇਆ, ਅਖਬਾਰ ਦੀ ਖਪਤ ਵਧਦੀ ਗਈ। ਅਖਬਾਰ ਦੇ ਉਰਦੂ ਤੇ ਪੰਜਾਬੀ ਤੋਂ ਇਲਾਵਾ ਹਿੰਦੀ, ਗੁਜਰਾਤੀ, ਬੰਗਾਲੀ, ਪਸ਼ਤੋ, ਨੇਪਾਲੀ ਵਿੱਚ ਭੀ ਸਪੈਸ਼ਲ ਨੰਬਰ ਨਿਕਲਣ ਲੱਗ ਪਏ, ਅਖਬਾਰ ਕਈ ਹਜ਼ਾਰਾਂ ਦੀ ਗਿਣਤੀ ਵਿੱਚ ਛਾਪਿਆ ਤੇ ਵੰਡਿਆ ਜਾਣ ਲੱਗਾ, ਕਿਹਾ ਜਾਂਦਾ ਹੈ ਕਿ 1916 ਵਿੱਚ ਇਹ ਹਫਤੇ ਦਾ ਦਸ ਲੱਖ ਛਪਣ ਗਿਆ ਸੀ।
ਜਦ ਪਾਰਟੀ ਅਖਬਾਰ ਨੂੰ ਹਿੰਦੁਸਤਾਨ ਵਿੱਚ ਪੁਚਾਉਣ ਦੀ ਲੜਾਈ ਲੜ ਰਹੀ ਸੀ, ਤਾਂ ਪਾਰਟੀ ਨੇ ਇੱਕ ਹੋਰ ਸਕੀਮ ਬਣਾਈ। ਜਿਸ ਨੂੰ ਭਾਈ ਕਰਤਾਰ ਸਿੰਘ ਦੁਕੀ ਅਪਣੇ ਬਿਆਨ ਵਿੱਚ ਦੱਸਦੇ ਹਨ:-
”ਭਾ. ਭਗਤ ਸਿੰਘ ਉਰਫ ਗਾਂਧਾ ਸਿੰਘ ਤੇ ਮੈਨੂੰ ਜੰਗ ਛਿੜਨ ਤੋਂ ਪਹਿਲਾਂ ਹਿੰਦੁਸਤਾਨ ਭੇਜਿਆ ਕਿ ਅਸੀਂ ਪੰਜਾਬੋਂ ਹਟਵੀਂ ਕਿਸੇ ਰਿਆਸਤ ਵਿੱਚ ਜ਼ਮੀਨ ਖਰੀਦਕੇ ਉਥੇ ਖੁਫੀਆ ਪਰੈਸ ਲਾਈਏ। ਅਖਬਾਰ ਦੇ ਮਜ਼ਮੂਨ ਸਾਨਫਰਾਂਸਿਸਕੋ ਤੋਂ ਲਿਖੇ ਜਾ ਕੇ ਇੰਗਲੈਂਡ ਇੱਕ ਕੱਪੜੇ ਦੀ ਫਾਰਮ ਪਾਸ ਜਾਇਆ ਕਰਨੇ ਸਨ। ਉਥੋਂ ਉਸ ਫਰਮ ਦੀ ਦਿੱਲੀ ਬਰਾਂਚ ਪਾਸ, ਇਥੋਂ ਅਗਾਂਹ ਕੈਲੇਫੋਰਨੀਆ ਤੋਂ ਆਉਣ ਵਾਲੀ ਇੱਕ ਰੂਸੀ ਲੜਕੀ ਮਿਸ ਰੂਜ਼ੋ ਕੂਹਰ ਨੇ ਉਹ ਮਜ਼ਮੂਨ ਇਹਨਾਂ ਨੂੰ ਪੁਚਾਇਆ ਕਰਨੇ ਸਨ। ਇਹ ਮਜ਼ਮੂਨ ਪਰੈਸ ਛਾਪਕੇ ਤੇ ਅਖਬਾਰ ਸੂਟਕੇਸਾਂ ਵਿੱਚ ਬੰਦ ਕਰਕੇ ਕਿਸੇ ਲਾਗੇ ਦੇ ਸ਼ਹਿਰ ਵਿੱਚ ਇਸ ਰੂਸੀ ਲੜਕੀ ਨੂੰ ਦਿੱਤਾ ਜਾਇਆ ਕਰਨਾ ਸੀ, ਜਿਸ ਨੇ ਇਸ ਨੂੰ ਪੰਜਾਬ ਤੇ ਹਿੰਦੁਸਤਾਨ ਵਿੱਚ ਵੰਡਾਈ ਦੇ ਸ਼ਹਿਰੀ ਅਡਿਆਂ ਉਤੇ ਪਹੁੰਚਾਇਆ ਕਰਨਾ ਸੀ। ਇੱਕ ਬੁੱਢਾ ਅੰਗਰੇਜ਼ ਸੋਸ਼ਲਿਸਟ ਤੇ ਅਮਰੀਕਨ ਮਜ਼ਦੂਰ ਲੀਡਰ ਨੇ, ਜਿਹਨਾਂ ਦੇ ਮੈਂ ਨਾਂ ਨਹੀਂ ਜਾਣਦਾ, ਸਾਡੀ ਸਹਾਇਤਾ ਲਈ ਹਿੰਦ ਆਉਣਾ ਸੀ। ਅਸੀਂ ਅਜੇ ਜਾਪਾਨ ਵਿੱਚ ਹੀ ਸਾਂ, ਕਿ ਜੰਗ ਲਗ ਪਈ। ਸਾਡੇ ਹਿੰਦ ਵਿੱਚ ਆ ਜਾਣ ਤੋਂ ਬਾਅਦ ਟਾਪੂਆਂ ਵਿੱਚੋਂ ਆਉਣ ਵਾਲਿਆਂ ਦੀ ਹਿੰਦ ਵਿੱਚ ਫੜੋ ਫੜੀ ਸ਼ੁਰੂ ਹੋ ਗਈ। ਸਾਡੇ ਜੁੰਮੇ ਲੱਗਾ ਇਹ ਕੰਮ ਵਿੱਚੇ ਰਹਿ ਗਿਆ।’’
ਇਹ ਸੀ ਦੇਸ਼ ਵਿੱਚ ਜਾ ਕੇ ਅਖਬਾਰ ਛਾਪਣ ਤੇ ਵੰਡਣ ਦੀ ਵਿਉਂਤ, ਜੋ ਪਾਰਟੀ ਨੇ ਬਣਾਈ।
ਅਖਬਾਰ ਦੇ ਛਪਣ ਤੇ ਵਧਣ ਨਾਲ ਪਾਰਟੀ ਦੇ ਦਫਤਰ ਦਾ ਕੰਮ ਭੀ ਵੱਧ ਗਿਆ। ਪਾਰਟੀ ਦਫਤਰ ਤੇ ਅਖਬਾਰ ਦੀ ਬੇਅੰਤ ਡਾਕ ਆਉਣ ਜਾਣ ਲੱਗ ਪਈ, ਜਿਸ ਦਾ ਜਵਾਬ ਦੇਣਾ ਇੱਕ ਮਹਾਨ ਕੰਮ ਬਣ ਗਿਆ। ਹੋਰ ਆਦਮੀਆਂ ਦੀ ਲੋੜ ਪੈ ਗਈ। ਸ੍ਰੀ ਵਿਸ਼ਨੂੰ ਗਣੇਸ਼ ਪਿੰਗਲੇ ਤੇ ਸ੍ਰੀ ਖਾਨਖੋਜੀ ਆਦਿ ਤਿੰਨ ਸਾਥੀ ਹੋਰ ਆਸ਼ਰਮ ਵਿੱਚ ਆ ਗਏ। ਇਹਨਾਂ ਤੋਂ ਇਲਾਵਾ ਬਰਕਲੇ ਯੂਨੀਵਰਸਿਟੀ ਪੜ੍ਹ ਰਹੇ ਸ੍ਰੀ ਜਤਿੰਦਰ ਨਾਥ ਲਹਿਰੀ ਤੇ ਸ੍ਰੀ ਦਰਸੀ ਚੈਨਚੈਈਆ ਨਾਮੀ ਇੱਕ ਮਦਰਾਸੀ ਵਿਦਿਆਰਥੀ ਸਨਿਚਰ ਤੇ ਐਤਵਾਰ ਨੂੰ ਦਫਤਰ ਦੇ ਕੰਮਾਂ ਤੇ ਅਖਬਾਰ ਦੀ ਡਾਕ ਪਾਉਣ ਵਿੱਚ ਆ ਸਹਾਇਤਾ ਕਰਦੇ।

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!