ਕਾਲੇ ਪਾਣੀ ਨੂੰ ਰਵਾਨਗੀ – ਸੋਹਣ ਸਿੰਘ ਭਕਨਾ

Date:

Share post:

25 ਨਵੰਬਰ, 1915 ਦੀ ਸਵੇਰ ਨੂੰ ਸਾਡਾ ਸਾਰਿਆਂ ਦਾ ਭਾਰ ਤੋਲਿਆ ਗਿਆ। ਡਾਕਟਰੀ ਮੁਆਇਨਾ ਕਰਵਾਏ ਬਿਨਾ ਤੇ ਉਮਰ ਦਾ ਲਿਹਾਜ਼ ਰੱਖੇ ਬਿਨਾ ਨੌਜਵਾਨਾਂ ਤੋਂ ਲੈ ਕੇ 60-60 ਸਾਲ ਦੇ ਬੁੱਢਿਆਂ ਤੱਕ ਨੂੰ ਬੇੜੀਆਂ ਪਾਈਆਂ ਗਈਆਂ, ਜਦਕਿ ਅੰਡੇਮਾਨ ਨੂੰ ਭੇਜੇ ਜਾਣ ਵਾਲੇ ਕੈਦੀਆਂ ਦਾ ਡਾਕਟਰੀ ਮੁਆਇਨਾ ਤੇ ਉਮਰ ਦਾ ਲਿਹਾਜ਼ ਜ਼ਰੂਰੀ ਸੀ। ਉਹਨਾਂ ਦੇ ਵਾਰਿਸਾਂ ਨਾਲ ਆਖ਼ਰੀ ਮੁਲਾਕਾਤ ਵੀ ਨਾ ਕਰਵਾਈ ਗਈ।
ਸ਼ਾਮ ਦਾ ਖਾਣਾ ਖਵਾ ਕੇ ਸਾਨੂੰ ਸਾਰਿਆਂ ਨੂੰ ਪੁਲਿਸ ਦੀ ਹਿਰਾਸਤ ’ਚ ਮੀਆਂ ਮੀਰ ਛਾਉਣੀ ਦੇ ਰੇਲਵੇ ਸਟੇਸ਼ਨ ’ਤੇ ਲਿਜਾਇਆ ਗਿਆ ਅਤੇ ਇਕ ਸੀਖਾਂ ਵਾਲੇ ਡੱਬੇ ਵਿੱਚ ਬੰਦ ਕਰ ਦਿੱਤਾ ਗਿਆ। ਇਹ ਡੱਬਾ ਜਲਾਵਤਨਾਂ ਲਈ ਹੀ ਸੀ।
ਜਦੋਂ ਗੱਡੀ ਤੁਰੀ ਤਾਂ ਅਸੀਂ ਪੰਜਾਬ ਦੀ ਹਰੇਕ ਚੀਜ਼ ’ਤੇ ਆਖ਼ਰੀ ਝਾਤ ਮਾਰਦੇ ਰਹੇ ਅਤੇ ਆਖ਼ਰੀ ਅਲਵਿਦਾ ਕਰਦੇ ਰਹੇ। ਅਸੀਂ ਲਗਪਗ 15 ਬੰਦੇ ਸਾਂ। ਜਦੋਂ ਗੱਡੀ ਕਿਸੇ ਸਟੇਸ਼ਨ ’ਤੇ ਜਾ ਕੇ ਖਲੋਂਦੀ, ਅਸੀਂ ਕੌਮੀ ਗੀਤ ਗਾਉਂਦੇ। ਭੀੜ ਜਮ੍ਹਾਂ ਹੋ ਜਾਂਦੀ ਤਾਂ ਉਹਨਾਂ ’ਚੋਂ ਇਕ-ਅੱਧ ਬੰਦਾ ਜ਼ਰੂਰ ਪੁੱਛਦਾ ਕਿ ਤੁਸੀਂ ਕਿੱਥੇ ਜਾ ਰਹੇ ਹੋ ਤੇ ਤੁਸਾਂ ਕੀ ਗੁਨਾਹ ਕੀਤਾ ਹੈ? ਸਾਡੇ ਵਿਚੋਂ ਇਕ ਜਣਾ ਇਕੱਠ ਨੂੰ ਉੱਚੀ ਆਵਾਜ਼ ਤੇ ਸੀਮਤ ਸ਼ਬਦਾਂ ਵਿੱਚ ਸਾਰੀ ਕਹਾਣੀ ਸੁਣਾ ਦਿੰਦਾ। ਪੁਲਿਸ ਲੋਕਾਂ ਨੂੰ ਪਰ੍ਹੇ ਕਰਨ ਦੀ ਬਥੇਰੀ ਕੋਸ਼ਿਸ਼ ਕਰਦੀ, ਪਰ ਜਦੋਂ ਤੱਕ ਗੱਡੀ ਤੁਰ ਨਾ ਪੈਂਦੀ, ਭੀੜ ਡਟੀ ਰਹਿੰਦੀ।
ਤਿੰਨ ਦਿਨਾਂ ਤੇ ਤਿੰਨ ਰਾਤਾਂ ਦੇ ਲਗਾਤਾਰ ਸਫ਼ਰ ਕਰਨ ਬਾਅਦ ਅਸੀਂ ਕਲਕੱਤੇ ਪਹੁੰਚੇ। ਦੋ-ਦੋ ਆਦਮੀ ਇਕੱਠੇ ਬੰਨ੍ਹੇ ਹੋਣ ਕਾਰਨ ਰਸਤੇ ’ਚ ਟੱਟੀ-ਪਿਸ਼ਾਬ ਦੀ ਬਹੁਤ ਔਖ ਰਹੀ। ਪੁਲਿਸ ਦਾ ਇਹ ਅਣਮਨੁੱਖੀ ਵਰਤਾਰਾ ਵੇਖ ਕੇ ਅਮਰੀਕੀ ਪੁਲਿਸ ਦਾ ਸਭਿਅਕ ਵਿਵਹਾਰ ਯਾਦ ਆਇਆ।
ਜਦੋਂ ਗੱਡੀ ਕਲਕੱਤੇ ਪਹੁੰਚੀ ਤਾਂ ਕੁਝ ਪੜ੍ਹੇ ਲਿਖੇ ਬੰਗਾਲੀ ਬਾਬੂ ਸਾਡੇ ਡੱਬੇ ਦੇ ਕੋਲ ਆਏ ਤੇ ਉਹਨਾਂ ਨੇ ਪੁੱਛਣਾ ਸ਼ੁਰੂ ਕੀਤਾ ਕਿ ਅਸੀਂ ਕੌਣ ਹਾਂ? ਸਰਕਾਰ ਵਲੋਂ ਸੀ.ਆਈ.ਡੀ. ਦੇ ਕੁਝ ਸਿੱਖ ਅਫ਼ਸਰ ਤੇ ਸਿਪਾਹੀ ਪਹਿਲਾਂ ਹੀ ਸਾਡੇ ਵਿਰੁੱਧ ਪ੍ਰਾਪੇਗੰਡਾ ਕਰਨ ਲਈ ਪਲੇਟ ਫਾਰਮ ’ਤੇ ਭੇਜੇ ਗਏ ਸਨ। ਉਹਨਾਂ ਨੇ ਝੱਟ ਕਹਿ ਦਿੱਤਾ ਸੀ ਕਿ ਉਹ ਡਾਕੂ ਹਨ। ਜਦੋਂ ਇਹ ਆਵਾਜ਼ ਮੇਰੇ ਕੰਨਾਂ ’ਚ ਪਈ ਤਾਂ ਮੈਂ ਉਹਨਾਂ ਬੰਗਾਲੀਆਂ ਨੂੰ ਦੱਸਿਆ ਕਿ ਇਹ ਸੀ.ਆਈ.ਡੀ. ਦੇ ਬੰਦੇ ਹਨ ਤੇ ਕੁਫ਼ਰ ਤੋਲਦੇ ਹਨ। ਅਸੀਂ ਤਾਂ ਲਾਹੌਰ ਸਾਜ਼ਿਸ਼ ਕੇਸ ਦੇ ਸਜ਼ਾਯਾਫਤਾ ਇਨਕਲਾਬੀ ਹਾਂ ਅਤੇ ਜਲਾਵਤਨ ਹੋ ਕੇ ਅੰਡੇਮਾਨ ਜਾ ਰਹੇ ਹਨ।
ਸਾਨੂੰ ਕਲਕੱਤੇ ਦੀ ਅਲੀਗੜ੍ਹ ਜੇਲ੍ਹ ’ਚ ਪੁਚਾਇਆ ਗਿਆ, ਜਿੱਥੇ ਅੰਡੇਮਾਨ ਭੇਜੇ ਜਾਣ ਵਾਲੇ ਕੈਦੀਆਂ ਨੂੰ ਜਹਾਜ਼ ਆਉਣ ਤੱਕ ਇਕੱਠੇ ਕੀਤਾ ਜਾਂਦਾ ਸੀ। 7 ਦਸੰਬਰ, 1915 ਨੂੰ ਕਲਕੱਤੇ ਤੋਂ ਇਕ ਜਹਾਜ਼ ਕੈਦੀਆਂ ਨੂੰ ਲੈ ਕੇ ਅੰਡੇਮਾਨ ਨੂੰ ਰਵਾਨਾ ਹੋ ਗਿਆ। ਸਾਨੂੰ ਜਹਾਜ਼ ਦੀ ਹੇਠਲੀ ਤੇ ਹਨੇਰੀ ਜਗ੍ਹਾ ਬੰਦ ਕੀਤਾ ਗਿਆ ਤੇ ਰਸਤੇ ਵਿੱਚ ਥੋੜ੍ਹੇ ਜਿਹੇ ਚੌਲਾਂ ਦੇ ਚਿੜਵੇ ਤੇ ਛੋਲੇ ਖਾਣ ਨੂੰ ਦਿੱਤੇ ਗਏ।
ਅੰਤ ਇਹ ਜਹਾਜ਼ ਅੰਡੇਮਾਨ ਦੇ ਟਾਪੂਆਂ ’ਚੋਂ ਗੁਜ਼ਰਦਾ ਹੋਇਆ ਪੋਰਟ ਬਲੇਅਰ ਬੰਦਰਗਾਹ ’ਤੇ ਜਾ ਲੱਗਿਆ। ਕੈਦੀਆਂ ਨੂੰ ਪੁਲਿਸ ਦੀ ਹਿਰਾਸਤ ਹੇਠ ਸੈਲੂਲਰ ਜੇਲ੍ਹ (ਅੰਡੇਮਾਨ) ਪਹੁੰਚਾਇਆ ਗਿਆ। ਜੇਲ੍ਹ ਦੀ ਡਿਓੜੀ ਵਿਚ ਇਕ ਬਹੁਤ ਮੋਟਾ-ਤਾਜ਼ਾ ਆਦਮੀ ਸਾਨੂੰ ਮੁਖ਼ਾਤਿਬ ਹੋ ਕੇ ਕਹਿਣ ਲੱਗਾ, ”ਵੇਖੋ ਬਾਬਾ, ਜੋ ਪਿੱਛੇ ਹੋ ਚੁੱਕਿਆ, ਹੋ ਚੁੱਕਿਆ। ਹੁਣ ਤੁਸੀਂ ਹਿੰਦੋਸਤਾਨ ’ਚ ਨਹੀਂ, ਅੰਡੇਮਾਨ ’ਚ ਹੋ। ਇੱਥੇ ਠੀਕ ਤਰ੍ਹਾਂ ਰਹਿਣਾ ਹੈ ਤੇ ਚੰਗੀ ਤਰ੍ਹਾਂ ਚੱਲਣਾ ਹੈ।’’ ਇਹ ਸੀ ਜ਼ੇਲ੍ਹਰ ਮਿਸਟਰ ਬੈਰੀ, ਜਿਹੜਾ ਅਪਣੇ ਤਸ਼ੱਦਦ ਕਾਰਨ ਕੈਦੀਆਂ ’ਚ ਫਰਊਨ ਦੇ ਨਾਂ ਨਾਲ ਮਸ਼ਹੂਰ ਹੈ ਤੇ ਅਪਣੇ ਆਪ ਨੂੰ ਜੇਲ੍ਹ ਦਾ ਰੱਬ ਅਖਵਾਉਂਦਾ ਹੈ।
ਅਜੇ ਸਾਡਾ ਜਹਾਜ਼ ਸਮੁੰਦਰ ਵਿਚ ਹੀ ਸੀ ਕਿ ਅਸੀਂ ਆਉਣ ਵਾਲੀ ਖ਼ੌਫਨਾਕ ਜ਼ਿੰਦਗੀ ’ਤੇ ਵਿਚਾਰ ਕਰਨਾ ਮੁਨਾਸਿਬ ਸਮਝਿਆ। ਸਾਨੂੰ ਜੇਲ੍ਹ ਦੀਆਂ ਤਕਲੀਫ਼ਾਂ ਦਾ ਡਰ ਨਹੀਂ ਸੀ। ਸਾਨੂੰ ਡਰ ਸੀ ਕਿ ਲੰਮੀ ਕੈਦ ’ਚ ਕਿਧਰੇ ਇਨਕਲਾਬੀ ਸਪਿਰਟ ਕਮਜ਼ੋਰ ਨਾ ਪੈ ਜਾਵੇ ਅਤੇ ਅਸਾਂ ਜੇਲ੍ਹ-ਸੁਧਾਰ ਲਈ ਜਿਹੜਾ ਕੰਮ ਕਰਨਾ ਹੈ, ਉਸ ਵਿਚ ਤਰੁਟੀ ਨਾ ਰਹਿ ਜਾਏ। ਇਹ ਗੱਲ ਅਸੀਂ ਚੰਗੀ ਤਰ੍ਹਾਂ ਜਾਣਦੇ ਸਾਂ ਕਿ ਇਨਕਲਾਬੀ ਦਾ ਕੰਮ ਜੇਲ੍ਹ ਦੇ ਬਾਹਰ ਤੇ ਅੰਦਰ, ਦੋਵੀਂ ਥਾਈਂ ਲਗਾਤਾਰ ਜਾਰੀ ਰਹਿਣਾ ਚਾਹੀਦਾ ਹੈ। ਇਸ ਗੱਲ ਨੂੰ ਧਿਆਨ ’ਚ ਰੱਖ ਕੇ ਅਸੀਂ ਮੀਟਿੰਗ ਕੀਤੀ, ਜਿਸ ਵਿੱਚ ਹੇਠ ਲਿਖੇ ਮੁੱਦੇ ਵਿਚਾਰੇ ਗਏ-

  1. ਕੀ ਸਾਨੂੰ ਜੇਲ੍ਹ ਅੰਦਰ ਮੁਸ਼ੱਕਤ ਕਰਨੀ ਚਾਹੀਦੀ ਹੈ ਜਾਂ ਨਹੀਂ? ਬਹਿਸ-ਮੁਬਾਹਬੇ ਤੋਂ ਬਾਅਦ ਸਰਬਸੰਮਤੀ ਨਾਲ ਫੈLਸਲਾ ਹੋਇਆ ਕਿ ਸਾਨੂੰ ਕੰਮ ਕਰਨਾ ਚਾਹੀਦਾ ਹੈ, ਪਰ ਉਹ ਸਾਡੇ ਵਿੱਤ ਮੁਤਾਬਕ ਹੋਵੇ।
  2. ਜੇ ਜੇਲ੍ਹ ਵਾਲੇ ਧੱਕਾ ਕਰਨ ਜਾਂ ਜਾਣ ਬੁੱਝ ਕੇ ਬੇਇਜ਼ਤੀ ਕਰਨ ਤਾਂ ਅਸੀਂ ਕੀ ਕਰੀਏ? ਇਹ ਇਕ ਹੱਦ ਤੱਕ ਬਰਦਾਸ਼ਤ ਕਰਨਾ ਹੋਵੇਗਾ, ਪਰ ਜੇ ਜੇਲ੍ਹ ਵਾਲਿਆਂ ਦਾ ਵਰਤਾਅ ਇਨਸਾਨੀਅਤ ਤੇ ਕਾਨੂੰਨ ਦੀਆਂ ਹੱਦਾਂ ਪਾਰ ਕਰ ਜਾਏ ਤਾਂ ਅਜਿਹੀ ਹਾਲਤ ਵਿਚ ਜਿਸਦੇ ਸਿਰ ’ਤੇ ਗੱਲ ਆ ਪਏ, ਉਹ ਅਪਣੀ ਇਜ਼ਤ ਬਚਾਉਣ ਲਈ, ਜੋ ਵੀ ਕਰ ਸਕਦਾ ਹੈ, ਕਰੇ ਅਤੇ ਦੂਜੇ ਸਾਥੀ ਵੀ ਉਸਦੀ ਹਮਦਰਦੀ ਕਰਦਿਆਂ ਅਪਣਾ ਫਰਜ਼ ਪਛਾਨਣ।
  3. ਜੇ ਕਿਸੇ ਇਖ਼ਲਾਕੀ ਕੈਦੀ ਨਾਲ ਸਾਡੇ ਸਾਹਮਣੇ ਅਣਮਨੁੱਖੀ ਸਲੂਕ ਹੋਵੇ ਤਾਂ ਅਸੀਂ ਕੀ ਕਰੀਏ? ਜੇ ਕੈਦੀ ਸਹੀ ਹੋਵੇ ਤੇ ਉਸ ਉੱਤੇ ਨਜਾਇਜ਼ ਤਸ਼ੱਦਦ ਹੋ ਰਿਹਾ ਹੋਵੇ ਤਾਂ ਜਿੱਥੋਂ ਤੱਕ ਹੋ ਸਕੇ, ਆਮ ਕੈਦੀਆਂ ਦੇ ਹੱਕਾਂ ਲਈ ਖੜ੍ਹਾ ਹੋਣਾ ਵੀ ਸਾਡਾ ਫਰਜ਼ ਹੈ।
  4. ਸਿਆਸੀ ਕੈਦੀਆਂ ਦੇ ਹੱਕਾਂ ਲਈ ਲੜਨਾ ਚਾਹੀਦਾ ਹੈ ਜਾਂ ਨਹੀਂ? ਸਿਆਸੀ ਕੈਦੀਆਂ ਦੇ ਹੱਕਾਂ ਤੇ ਇਕ ਹੀ ਕਲਾਸ ਲੈਣ ਲਈ ਜੱਦੋ ਜਹਿਦ ਕਰਨੀ ਸਾਡਾ ਫਰਜ਼ ਹੋਵੇਗਾ।

ਜਦੋਂ ਅਸੀਂ ਸੈਲੂਲਰ ਜੇਲ੍ਹ ’ਚ ਦਾਖਲ ਹੋਏ ਤਾਂ ਸਾਨੂੰ ਉੱਥੇ ਪੁਰਾਣੇ ਬੰਗਾਲੀ ਤੇ ਮਰਹੱਟੇ ਦੇਸ਼ ਭਗਤ ਮਿਲੇ। ਇਨ੍ਹਾਂ ਵਿੱਚ ਸਾਵਰਕਰ ਭਰਾ-ਵਿਨਾਇਕ ਤੇ ਗਣੇਸ਼-ਮਿਲੇ, ਅਰਵਿੰਦੋ ਘੋਸ਼ ਦਾ ਭਰਾ ਬਰਿੰਦਰ ਘੋਸ਼ ਤੇ ਹੇਮ ਚੰਦਰ ਆਦਿ ਸ਼ਾਮਲ ਸਨ। ਇਹਨਾਂ ਤੋਂ ਪਤਾ ਲੱਗਿਆ ਕਿ ਜੇਲ੍ਹਰ ਤੇ ਸੁਪਰਡੈਂਟ ਬਹੁਤ ਹੀ ਸਖ਼ਤ ਅਤੇ ਬੇਰਹਿਮ ਹਨ। ਕੋਈ ਮਹੀਨਾ ਅਜਿਹਾ ਨਹੀਂ ਜਾਂਦਾ, ਜਦੋਂ ਕੋਈ ਨਾ ਕੋਈ ਇਖ਼ਲਾਕੀ ਕੈਦੀ ਇਹਨਾਂ ਦੇ ਜਬਰ ਦੀ ਭੇਂਟ ਨਹੀਂ ਚੜ੍ਹਦਾ ਜਾਂ ਸਖ਼ਤੀ ਤੋਂ ਤੰਗ ਆ ਕੇ ਖੁਦਕੁਸ਼ੀ ਨਹੀਂ ਕਰਦਾ। ਹਰ ਕੈਦੀ ਕੋਲੋਂ 30 ਪੌਂਡ ਤੇਲ ਦੀ ਮੁਸ਼ਕੱਤ ਕਰਵਾਈ ਜਾਂਦੀ ਹੈ। ਇਸ ਤੋਂ ਤੰਗ ਆ ਕੇ ਬਹੁਤ ਸਾਰੇ ਖੁਦਕੁਸ਼ੀ ਕਰ ਜਾਂਦੇ ਹਨ ਅਤੇ ਬੈਂਤ ਬਹੁਤ ਸਖ਼ਤੀ ਨਾਲ ਮਾਰੇ ਜਾਂਦੇ ਹਨ।
ਬੰਗਾਲੀ ਤੇ ਮਰਹੱਟੇ ਦੇਸ਼ ਭਗਤਾਂ ਤੋਂ ਇਲਾਵਾ ਸਾਡੇ ਕੇਸ ਦੇ ਵੀ ਤਿੰਨ ਆਦਮੀ, ਜਿਨ੍ਹਾਂ ਵਿੱਚ ਮਾਸਟਰ ਊਧਮ ਸਿੰਘ ਵੀ ਸ਼ਾਮਲ ਸਨ ਅਤੇ 23 ਨੰਬਰ ਰਸਾਲੇ ਦੇ ਦੇਸ਼ ਭਗਤ ਫੌਜੀ, ਜਿਹਨਾਂ ਨੂੰ ਕੋਰਟ ਮਾਰਸ਼ਲ ਰਾਹੀਂ ਉਮਰ ਕੈਦ ਤੇ ਜਲਾਵਤਨੀ ਦੀ ਸਜ਼ਾ ਮਿਲੀ ਸੀ, ਸਾਥੋਂ ਪਹਿਲਾਂ ਪਹੁੰਚ ਚੁੱਕੇ ਸਨ। ਇਨ੍ਹਾਂ ਨੇ ਵੀ ਪੁਰਾਣੇ ਦੇਸ਼ ਭਗਤਾਂ ਦੀਆਂ ਗੱਲਾਂ ਦੀ ਹੀ ਤਾਈਦ ਕੀਤੀ।
ਕੈਦੀਆਂ ਉੱਤੇ ਅਣਮਨੁੱਖੀ ਜਬਰ ਢਾਹਿਆ ਜਾਂਦਾ ਸੀ। ਜੇ 30 ਪੌਂਡ ਦੀ ਮੁਸ਼ੱਕਤ ’ਚੋਂ ਇਕ ਪੌਂਡ ਵੀ ਘੱਟ ਹੁੰਦਾ ਤਾਂ ਓਸੇ ਵੇਲੇ 30 ਬੈਂਤਾਂ ਦੀ ਸਜ਼ਾ ਦਿੱਤੀ ਜਾਂਦੀ ਸੀ। ਬੈਂਤ ਵੀ ਬਹੁਤ ਜ਼ੋਰਦਾਰ ਲਾਏ ਜਾਂਦੇ ਸਨ। ਕਈ ਵਾਰ ਇੰਜ ਵੀ ਹੋਇਆ ਕਿ ਜਿਸ ਕੈਦੀ ਨੂੰ ਅੱਜ ਬੈਂਤ ਲੱਗੇ, ਉਹ ਕੱਲ੍ਹ ਹੀ ਹਸਪਤਾਲ ’ਚ ਦਮ ਤੋੜ ਗਿਆ। ਇਨਸਾਨੀ ਜ਼ਿੰਦਗੀ ਦੀ ਕੀਮਤ ਜੇਲ੍ਹ ਅਫਸਰਾਂ ਲਈ ਚੂਹੇ ਦੀ ਜ਼ਿੰਦਗੀ ਤੋਂ ਵੀ ਘੱਟ ਸੀ। ਕੈਦੀਆਂ ਵਲੋਂ ਖੁਦਕੁਸ਼ੀ ਕਰਨਾ ਆਮ ਜਿਹੀ ਗੱਲ ਸਮਝੀ ਜਾਂਦੀ ਸੀ। ਬੈਂਤਾਂ ਦੀ ਦਰਦ ਨਾਲ ਕੁਰਲਾਉਂਦੇ ਕੈਦੀਆਂ ਨੂੰ ਵੇਖਣਾ ਜੇਲ੍ਹਰ ਤੇ ਸੁਪਰਡੈਂਟ ਦਾ ਸ਼ੁਗਲ ਸੀ। ਜ਼ੇਲ੍ਹਰ ਨੇ ਪਠਾਣ ਨੰਬਰਦਾਰ ਰੱਖੇ ਹੋਏ ਸਨ, ਜਿਨ੍ਹਾਂ ਦੇ ਹੱਥੋਂ ਕਈ ਕੈਦੀਆਂ ਦੀਆਂ ਮੌਤਾਂ ਹੋ ਚੁੱਕੀਆਂ ਸਨ। ਜੇਲ੍ਹ ਦੇ ਇਸ ਜਬਰ ਤੋਂ ਇਲਾਵਾ ਅੰਡੇਮਾਨ ਦੀ ਆਬੋ ਹਵਾ ਵੀ ਕਾਤਲਾਨਾ ਸੀ। ਤਪਦਿਕ, ਮਲੇਰੀਆ, ਮਰੋੜ ਆਦਿ ਉੱਥੇ ਆਮ ਬਿਮਾਰੀਆਂ ਸਨ। ਉੱਥੇ ਹਿੰਦੋਸਤਾਨ ਦੀਆਂ ਜੇਲ੍ਹਾਂ ਦੇ ਮੁਕਾਬਲੇ ਦੁਗਣੀਆਂ ਮੌਤਾਂ ਹੁੰਦੀਆਂ ਸਨ, ਜਿਹੜੇ ਕੈਦੀ ਬਾਹਰ ਜੰਗਲ ਕੱਟਣ ਲਾਏ ਗਏ ਸਨ, ਉਹਨਾਂ ਦੀ ਹਾਲਤ ਹੋਰ ਵੀ ਮੰਦੀ ਸੀ, ਕਿਉਂਕਿ ਸਾਲ ’ਚ 8-9 ਮਹੀਨੇ ਬਾਰਸ਼ ਹੋਣ ਕਾਰਨ ਜੰਗਲ ’ਚ ਜੋਕਾਂ ਬਹੁਤ ਹੁੰਦੀਆਂ ਸਨ ਅਤੇ ਕੈਦੀਆਂ ਦੀ ਬੁਰੀ ਹਾਲਤ ਕਰਦੀਆਂ ਸਨ। ਫਿਰ ਉਹਨਾਂ ਗਰੀਬਾਂ ਨੂੰ ਖਾਣਾ ਵੀ ਬਹੁਤ ਘੱਟ ਨਸੀਬ ਹੁੰਦਾ ਸੀ। ਜਦੋਂ ਪੱਤਲ ’ਤੇ ਪਾ ਕੇ ਚੌਲ ਦਿੱਤੇ ਜਾਂਦੇ ਸਨ ਤਾਂ ਉੱਤੋਂ ਮੀਂਹ ਵਰ੍ਹਦਾ ਸੀ ਤੇ ਮੀਂਹ ਨਾਲ ਚੌਲ ਵਹਿ ਜਾਂਦੇ ਸਨ। ਉਥੇ ਇਕ ਸਾਲ ਵਿਚ ਲਗਪਗ 1200 ਕੈਦੀ ਭੇਜੇ ਜਾਂਦੇ ਸਨ, ਜਿਨ੍ਹਾਂ ਵਿਚੋਂ ਅਧਿਓਂ ਵੱਧ ਦੋ-ਤਿੰਨਾਂ ਸਾਲਾਂ ’ਚ ਹੀ ਮਰ ਜਾਂਦੇ ਸਨ। ਫਿਰ ਸਿਤਮ ਦੀ ਗੱਲ ਹੈ ਕਿ ਇਸ ਸਬੰਧੀ ਕੋਈ ਪੜਤਾਲ ਨਹੀਂ ਹੁੰਦੀ ਸੀ।
ਸਾਡੇ ਸਾਥੀਆਂ ਨੇ ਇਨਸਾਨਾਂ ’ਤੇ ਢਾਹੇ ਜਾ ਰਹੇ ਜ਼ੁਲਮਾਂ ਦਾ ਬੜੇ ਗਹੁ ਨਾਲ ਅਧਿਐਨ ਕੀਤਾ ਅਤੇ ਇਸ ਫ਼ੈਸਲੇ ਉੱਤੇ ਪੁੱਜੇ ਕਿ ਇਹਨਾਂ ਜ਼ੁਲਮਾਂ ਨੂੰ ਖ਼ਤਮ ਕਰਵਾ ਕੇ ਹੀ ਦਮ ਲਵਾਂਗੇ ਜਾਂ ਅੰਡੇਮਾਨ ’ਚ ਸਿਆਸੀ ਕੈਦੀਆਂ ਦੇ ਹੱਕਾਂ ਦੀ ਜੱਦੋ ਜਹਿਦ ਕਰਦਿਆਂ ਅਪਣੀਆਂ ਜਾਨਾਂ ਕੁਰਬਾਨ ਕਰ ਦਿਆਂਗੇ। ਸਾਥੀਆਂ ਨੇ ਫ਼ੈਸਲਾ ਕੀਤਾ ਕਿ ਅੱਗੋਂ ਕੋਈ ਵੀ ਸਿਆਸੀ ਕੈਦੀ ਕੋਹਲੂ ਨਹੀਂ ਪੀੜੇਗਾ, ਕਿਉਂਕਿ ਇਹ ਮੁਸ਼ੱਕਤ ਮਨੁੱਖੀ ਵਿੱਤ ਤੋਂ ਬਾਹਰ ਹੈ। ਅਸੀਂ ਇਹ ਫ਼ੈਸਲਾ ਵੀ ਕੀਤਾ ਕਿ ਆਮ ਕੈਦੀਆਂ ਦੀ ਨਜਾਇਜ਼ ਕੁੱਟਮਾਰ ਵਿਰੁੱਧ ਵੀ ਜੱਦੋਜਹਿਦ ਕਰਾਂਗੇ। ਸਾਡੇ ਫ਼ੈਸਲੇ ਦਾ ਪੁਰਾਣੇ ਦੇਸ਼ ਭਗਤਾਂ- ਬਰਿੰਦਰ ਘੋਸ਼ ਆਦਿ ਰਾਹੀਂ ਜੇਲ੍ਹਰ ਨੂੰ ਪਤਾ ਲੱਗ ਗਿਆ। ਇਹ ਲੋਕ ਜੇਲ੍ਹਰ ਦੇ ਜਬਰ ਦੀ ਤਾਬ ਨਾ ਝੱਲਦਿਆਂ ਨਾਲ ਮਿਲ ਗਏ ਸਨ। ਜਦੋਂ ਜੇਲ੍ਹਰ ਨੂੰ ਪਤਾ ਲੱਗ ਗਿਆ ਤਾਂ ਉਸ ਨੇ ਕੋਹਲੂ ਦੀ ਮੁਸ਼ੱਕਤ ਦੇਣ ਦਾ ਹੀਆ ਤਾਂ ਨਾ ਕੀਤਾ, ਪਰ ਇੱਕ ਹੋਰ ਢੰਗ ਨਾਲ ਸਾਡਾ ਇਮਤਿਹਾਨ ਲੈਣ ਦੀ ਕੋਸ਼ਿਸ਼ ਜ਼ਰੂਰ ਕੀਤੀ। ਸਾਨੂੰ ਨਾਰੀਅਲ ਦਾ ਸੁੱਕਾ ਛਿਲਕਾ ਕੁੱਟਣ ਨੂੰ ਦੇ ਦਿੱਤਾ। ਸੁੱਕਾ ਹੋਣ ਕਰਕੇ ਇਹ ਬਹੁਤ ਸਖ਼ਤ ਸੀ। ਇਕ ਤਾਂ ਇਸ ਕਿਸਮ ਦੀ ਮੁਸ਼ੱਕਤ ਦਾ ਪਹਿਲਾ ਦਿਨ ਸੀ, ਦੂਜਾ ਇਹ ਛਿਲਕਾ। ਸੋ ਸਾਰੇ ਬਹੁਤ ਥੋੜ੍ਹਾ-ਥੋੜ੍ਹਾ ਹੀ ਕੁੱਟ ਸਕੇ।
ਜਦੋਂ ਕੈਦੀ ਅੰਡੇਮਾਨ ’ਚ ਪਹੁੰਚਦੇ ਸਨ, ਤਾਂ ਉਹਨਾਂ ਨੂੰ ਪਹਿਲੇ 10-12 ਦਿਨ ਕੁਰਾਟੀਨ ’ਚ ਰੱਖਿਆ ਜਾਂਦਾ ਸੀ। ਇਹਨਾਂ ਦਿਨਾਂ ’ਚ ਕੈਦੀ ਦੀ ਮੁਸ਼ੱਕਤ ਰਿਕਾਰਡ ਨਹੀਂ ਹੁੰਦੀ ਸੀ। ਇਸ ਗੱਲ ਦੀ ਕੋਈ ਪਰਵਾਹ ਨਹੀਂ ਕਰਦਾ ਸੀ ਕਿ ਕੰਮ ਘੱਟ ਹੋਇਆ ਹੈ ਜਾਂ ਵੱਧ, ਪਰ ਜੇਲ੍ਹਰ ਨੇ ਤਾਂ ਸਾਡਾ ਇਮਤਿਹਾਨ ਲੈਣਾ ਸੀ। ਉਸ ਨੇ ਪਹਿਲੇ ਦਿਨ ਹੀ ਭਾਈ ਪਰਮਾਨੰਦ ਤੇ ਭਾਈ ਪਰਮਾਨੰਦ ਝਾਂਸੀ ਨੂੰ ਸੱਦ ਲਿਆ ਤੇ ਹਦਾਇਤ ਕੀਤੀ ਕਿ ਜੇ ਕੱਲ੍ਹ ਮੁਸ਼ਕੱਤ ਪੂਰੀ ਨਾ ਹੋਈ, ਤਾਂ ਸਜ਼ਾ ਮਿਲੇਗੀ। ਭਾਈ ਪਰਮਾਨੰਦ ਨੇ ਤਾਂ ‘ਠੀਕ ਏ ਜੀ’ ਕਹਿ ਕੇ ਪਿੱਛਾ ਛੁਡਾ ਲਿਆ, ਪਰ ਪਰਮਾਨੰਦ ਝਾਂਸੀ ਖ਼ਾਮੋਸ਼ ਰਿਹਾ। ਜੇਲ੍ਹਰ ਨੇ ਪਰਮਾਨੰਦ ਨੂੰ ਇਕ-ਦੋ ਧਮਕੀਆਂ ਦੇ ਕੇ ਵਾਪਸ ਭੇਜ ਦਿੱਤਾ, ਪਰ ਨਾਲ ਹੀ ਟੰਡਲ (ਵੱਡਾ ਨੰਬਰਦਾਰ) ਨੂੰ ਕਿਹਾ ਕਿ ਕੱਲ੍ਹ ਫਿਰ ਉਸ ਨੂੰ ਦਫਤਰ ਪੇਸ਼ ਕੀਤਾ ਜਾਵੇ।
ਭਾਈ ਪਰਮਾਨੰਦ ਤੇ ਪਰਮਾਨੰਦ ਝਾਸੀ ਨੂੰ ਹੀ ਕਿਉਂ ਇਸ ਵਿਵਹਾਰ ਲਈ ਚੁਣਿਆ ਗਿਆ? ਇਸਦੀ ਵਜ੍ਹਾ ਇਹ ਸੀ ਕਿ ਉਹ ਚਾਹੁੰਦਾ ਸੀ ਕਿ ਸਾਡੇ ਵਿਚੋਂ ਕੋਈ ਨਾ ਕੋਈ ਉਸਦੇ ਟੇਟੇ ਚੜ੍ਹ ਜਾਏ। ਉਸ ਨੇ ਪਰਮਾਨੰਦ ਝਾਂਸੀ ਨੂੰ ਬੱਚਾ ਅਤੇ ਕਮਜ਼ੋਰ ਸਮਝ ਕੇ ਅਤੇ ਭਾਈ ਪਰਮਾਨੰਦ ਨੂੰ ਲੀਡਰ ਵਜੋਂ ਚੁਣਿਆ ਸੀ। ਉਹ ਸਮਝਦਾ ਸੀ ਕਿ ਜੇਕਰ ਉਹ ਭਾਈ ਪਰਮਾਨੰਦ ਨੂੰ ਸਾਥੋਂ ਅਲੱਗ ਕਰ ਲਏ, ਤਾਂ ਸਾਡੀ ਤਾਕਤ ਘਟੇਗੀ ਅਤੇ ਉਸਦੇ ਹੱਥ ਮਜ਼ਬੂਤ ਹੋਣਗੇ ਤੇ ਉਹ ਭਾਈ ਪਰਮਾਨੰਦ ਨੂੰ ਸਾਡੇ ਖ਼ਿਲਾਫ਼ ਵਰਤਣ ਵਿਚ ਸਫ਼ਲ ਹੋ ਜਾਏਗਾ।
ਭਾਈ ਪਰਮਾਨੰਦ ਬਾਰੇ ਤਾਂ ਉਸਦਾ ਵਿਚਾਰ ਠੀਕ ਨਿਕਲਿਆ, ਪਰ ਪਰਮਾਨੰਦ ਝਾਂਸੀ, ਜਿਸ ਨੂੰ ਉਸ ਨੇ ਬੱਚਾ ਤੇ ਕਮਜ਼ੋਰ ਸਮਝਿਆ ਸੀ, ਬਹੁਤ ਹੀ ਦ੍ਰਿੜ ਤੇ ਦਲੇਰ ਨਿਕਲਿਆ। ਅਗਲੇ ਦਿਨ ਜੇਲ੍ਹਰ ਨੇ ਇਕੱਲੇ ਪਰਮਾਨੰਦ ਝਾਂਸੀ ਨੂੰ ਹੀ ਸੱਦਿਆ ਤੇ ਧਮਕੀ ਦੇ ਕੇ ਗਾਲ ਕੱਢੀ। ਉਸ ਨੇ ਵੀ ਗਾਲ ਦਾ ਜਵਾਬ ਗਾਲ ਵਿਚ ਦਿੱਤਾ। ਜੇਲ੍ਹਰ ਉਸ ਨੂੰ ਮਾਰਨ ਲਈ ਕੁਰਸੀ ਤੋਂ ਉੱਠਿਆ, ਪਰ ਪਰਮਾਨੰਦ ਨੇ ਫੁਰਤੀ ਨਾਲ ਉਸਦੀ ਗੋਗੜ ’ਤੇ ਲੱਤ ਕੱਢ ਮਾਰੀ ਤੇ ਜੇਲ੍ਹਰ ਪਿਛਾਂਹ ਉਲਰ ਗਿਆ। ਬੱਸ ਫੇਰ ਕੀ ਸੀ? ਜੇਲ੍ਹ ਦੇ ਉਸ ਰੱਬ ਦੀ ਪਿੱਠ ਲੱਗ ਗਈ, ਜਿਸ ਵੱਲ ਕੋਈ ਅੱਖ ਚੁੱਕ ਕੇ ਨਹੀਂ ਵੇਖ ਸਕਦਾ ਸੀ। ਜੇਲ੍ਹਰ ਨੇ ਕਮਿਸ਼ਨਰ ਕੋਲ ਸ਼ਿਕਾਇਤ ਕੀਤੀ। ਉਸ ਨੇ ਗੋਰਿਆਂ ਦੀ ਇਕ ਗਾਰਦ ਹਮੇਸ਼ਾ ਲਈ ਤਾਇਨਾਤ ਕਰ ਦਿੱਤੀ। ਜੇਲ੍ਹਰ ਨੇ ਕਈ ਵਾਰ ਕੋਸ਼ਿਸ਼ ਕੀਤੀ ਕਿ ਉਹ ਗੋਲੀ ਚਲਵਾ ਕੇ ਸਾਨੂੰ ਸਭ ਨੂੰ ਖ਼ਤਮ ਕਰਵਾ ਦੇਵੇ, ਪਰ ਅਸੀਂ ਉਸ ਦੀ ਅਜਿਹਾ ਕਰਨ ਦਾ ਕਦੇ ਮੌਕਾ ਨਾ ਦਿੱਤਾ। ਅਸੀਂ ਸਾਰੇ ਕੈਦੀਆਂ ਨੂੰ ਹਮਦਰਦੀ ਹਾਸਿਲ ਕਰ ਲਈ ਸੀ। ਇਸ ਕਰਕੇ ਜੇਲ੍ਹਰ ਦੀ ਪਾਲਸੀ ਫੇਲ੍ਹ ਹੋ ਗਈ ਅਤੇ ਆਮ ਕੈਦੀ ਵੀ ਉਸ ਦੇ ਦਬਾਅ ਹੇਠੋਂ ਨਿਕਲ ਗਏ।
ਪਰਮਾਨੰਦ ਨੂੰ 30 ਬੈਂਤਾਂ , ਛੇ ਮਹੀਨੇ ਕੋਠੀ ਬੰਦ, ਘੱਟ ਖਾਣਾ ਤੇ ਬੇੜੀਆਂ ਦੀ ਸਜ਼ਾ ਮਿਲੀ। ਉਸ ਨੇ ਬੜੀ ਦ੍ਰਿੜਤਾ ਨਾਲ ਬੈਂਤ ਸਹਿਣ ਕੀਤੇ। ਅਸਾਂ ਸਾਰਿਆਂ ਨੇ ਇਹ ਕਹਿ ਕੇ ਹੜਤਾਲ ਕਰ ਦਿੱਤੀ ਕਿ ਅਸਲ ਵਿਚ ਜ਼ਿਆਦਤੀ ਜੇਲ੍ਹਰ ਦੀ ਸੀ। ਪਰਮਾਨੰਦ ਨੇ ਜੋ ਕੀਤਾ, ਸੁਰੱਖਿਆ ਲਈ ਕੀਤਾ ਸੀ। ਉਸ ਲਈ ਬੈਂਤਾਂ ਦੀ ਸਜ਼ਾ ਤੇ ਦੂਜੀਆਂ ਸਜ਼ਾਵਾਂ ਨਜਾਇਜ਼ ਹਨ। ਜੇਲ੍ਹਰ ਨੇ ਭਾਈ ਪਰਮਾਨੰਦ ਰਾਹੀਂ ਅਪਣੀ ਪਿਛਲੀ ਗਲਤੀ ’ਤੇ ਅਫਸੋਸ ਕਰਦਿਆਂ ਸੁਲਾਹ ਕਰ ਲਈ। ਉਸ ਨੇ ਕਿਹਾ ਕਿ ਬੈਂਤਾਂ ਦੀ ਸਜ਼ਾ ਤਾਂ ਹੁਣ ਵਾਪਸ ਨਹੀਂ ਹੋ ਸਕਦੀ, ਪਰ ਬਾਕੀ ਸਜ਼ਾਵਾਂ ਸੁਪਰਡੈਂਟ ਨੂੰ ਕਹਿ ਕੇ ਵਾਪਸ ਲੈ ਲਈਆਂ ਜਾਣਗੀਆਂ ਅਤੇ ਅੱਗੋਂ ਕੈਦੀਆਂ ਨੂੰ ਕੋਈ ਨਜਾਇਜ਼ ਤਕਲੀਫ਼ ਨਹੀਂ ਦਿੱਤੀ ਜਾਵੇਗੀ। ਜਦੋਂ ਇਕ ਮਹੀਨਾ ਗੁਜ਼ਰਨ ਬਾਅਦ ਵੀ ਜੇਲ੍ਹਰ ਨੇ ਸ਼ਰਤਾਂ ਪੂਰੀਆਂ ਨਾ ਕੀਤੀਆਂ ਤਾਂ ਅਸੀਂ ਭਾਈ ਪਰਮਾਨੰਦ ਨੂੰ ਕਿਹਾ ਕਿ ਉਹ ਸ਼ਰਤਾਂ ਪੂਰੀਆਂ ਕਰਵਾਏ। ਉਸ ਨੇ ਕਿਹਾ ਕਿ ਜੇਲ੍ਹਰ ਉਸਦੀ ਨਹੀਂ ਸੁਣਦਾ। ਜੇਲ੍ਹਰ ਨੇ ਅਪਣਾ ਰਵੱਈਆ ਹੋਰ ਕਠੋਰ ਕਰ ਲਿਆ। ਸੋ ਸਾਰੇ ਸਾਥੀਆਂ ਨੇ ਮਜਬੂਰ ਹੋ ਕੇ ਫਿਰ ਕੰਮ ਦੀ ਹੜਤਾਲ ਕਰ ਦਿੱਤੀ। ਭਾਈ ਪਰਮਾਨੰਦ ਨੇ ਅਪਣੀ ‘ਆਪ ਬੀਤੀ’ ਵਿਚ ਸਾਡੇ ’ਤੇ ਇਲਜ਼ਾਮ ਲਗਾਇਆ ਹੈ ਕਿ ਅਸੀਂ ਬਿਨਾ ਸੋਚੇ ਸਮਝੇ ਹੜਤਾਲਾਂ ਕਰ ਦਿੰਦੇ ਸਾਂ, ਇਸ ਕਰਕੇ ਉਸ ਨੂੰ ਸਾਡੇ ਨਾਲੋਂ ਅਲੱਗ ਹੋਣਾ ਪਿਆ, ਪਰ ਇਹ ਗੱਲ ਸੱਚੀ ਨਹੀਂ। ਭਾਈ ਪਰਮਾਨੰਦ ਨੇ ਅਪਣੀਆਂ ਕਮਜ਼ੋਰੀਆਂ ’ਤੇ ਪਰਦਾ ਪਾਇਆ ਹੈ। ਅਸਲ ਵਿਚ ਉਸ ਨੂੰ ਜੰਗ ਤੋਂ ਬਾਅਦ ਰਿਹਾਈ ਦੀ ਆਸ ਸੀ ਤੇ ਉਹ ਹਰ ਹੀਲੇ ਰਿਹਾਈ ਹਾਸਿਲ ਕਰਨੀ ਚਾਹੁੰਦੇ ਸਨ।
ਜੇਲ੍ਹਰ ਨੇ ਫਿਰ ਭਾਈ ਪਰਮਾਨੰਦ ਰਾਹੀਂ ਹੜਤਾਲ ਤੁੜਵਾਉਣ ਦੀ ਕੋਸ਼ਿਸ਼ ਕੀਤੀ, ਪਰ ਉਸ ਦਾ ਵੀ ਸਾਨੂੰ ਕੁਝ ਕਹਿਣ ਦਾ ਹੀਆ ਨਹੀਂ ਪੈ ਰਿਹਾ ਸੀ। ਅਖ਼ੀਰ ਉਸ ਨੇ ਜੇਲ੍ਹਰ ਨੂੰ ਜਵਾਬ ਦੇ ਦਿੱਤਾ ਕਿ ਉਹ ਮੇਰੀ ਗੱਲ ਨਹੀਂ ਸੁਣਦੇ। ਜੇਲ੍ਹਰ ਨੇ ਉਸ ਨੂੰ ਕਿਹਾ ਕਿ ਜੇਕਰ ਉਹ ਤੁਹਾਡੀ ਗੱਲ ਨਹੀਂ ਸੁਣਦੇ ਤਾਂ ਉਹਨਾਂ ਤੋਂ ਅਲੱਗ ਹੋ ਜਾਓ। ਭਾਈ ਪਰਮਾਨੰਦ ਨੇ ਸਾਫ਼ ਕਹਿ ਦਿੱਤਾ ਕਿ ਨਾ ਤਾਂ ਮੈਂ ਪਹਿਲਾਂ ਉਹਨਾਂ ਨਾਲ ਸਾਂ, ਨਾ ਹੁਣ ਹੀ ਉਹਨਾਂ ਨਾਲ ਹਾਂ। ਜੇਲ੍ਹਰ ਦਾ ਮਤਲਬ ਪੂਰਾ ਹੋ ਗਿਆ। ਭਾਈ ਪਰਮਾਨੰਦ ਪ੍ਰੈਸ ’ਚ ਬਹਿ ਕੇ ਸਾਡੀਆਂ ਭੁੱਖ ਹੜਤਾਲਾਂ ਤੇ ਕੰਮ ਦੀਆਂ ਹੜਤਾਲਾਂ ਦਾ ਤਮਾਸ਼ਾ ਵੇਖਦੇ ਰਹੇ ਜਾਂ ਕਦੇ-ਕਦਾਈਂ ਸਾਡੇ ਵਿਰੁੱਧ ਗੱਲਾਂ ਕਰਕੇ ਅਪਣਾ ਮਨ ਹੌਲਾ ਕਰਦੇ ਰਹੇ। ਇਸ ਪਹਿਲੀ ਹੜਤਾਲ ਵਿਚ ਹੇਠ ਲਿਖੇ ਸਾਥੀ ਸ਼ਾਮਲ ਸਨ –
ਭਾਈ ਨਿਧਾਨ ਸਿੰਘ, ਕੇਸਰ ਸਿੰਘ, ਜਵਾਲਾ ਸਿੰਘ, ਊਧਮ ਸਿੰਘ, ਮੰਗਲ ਸਿੰਘ, ਜਗਤ ਰਾਮ, ਪ੍ਰਿਥੀ ਸਿੰਘ, ਹਰਨਾਮ ਸਿੰਘ, ਹਿਰਦੇ ਰਾਮ, ਖੁਸ਼ਹਾਲ ਸਿੰਘ, ਰਾਮ ਸਰਨ, ਸਾਉਣ ਸਿੰਘ, ਵਸਾਵਾ ਸਿੰਘ, ਨੰਦ ਸਿੰਘ, ਰੁਲੀਆ ਸਿੰਘ, ਕਿਰਪਾਲ ਸਿੰਘ, ਅਰੂੜ ਸਿੰਘ, ਪਿਆਰਾ ਸਿੰਘ, ਲਾਲ ਸਿੰਘ, ਗੁਰਮੁੱਖ ਸਿੰਘ, ਕਾਲਾ ਸਿੰਘ, ਜਵੰਦ ਸਿੰਘ, ਬਿਸ਼ਨ ਸਿੰਘ, ਰੋਡਾ ਸਿੰਘ, ਚੂਹੜ ਸਿੰਘ, ਸੋਹਨ ਸਿੰਘ ਭਕਨਾ ਅਤੇ ਪਰਮਾਨੰਦ ਝਾਂਸੀ, ਜਿਸਦੀ ਹਮਦਰਦੀ ਵਿਚ ਹੜਤਾਲ ਹੋਈ ਸੀ। ਸਾਰਿਆਂ ਨੂੰ ਛੇ ਮਹੀਨੇ ਕੋਠੀ, ਘੱਟ ਖਾਣਾ ਤੇ ਬੇੜੀਆਂ ਦੀ ਸਜ਼ਾ ਹੋਈ।

ਜਿਸ ਮੂਰਖ਼ਤਾ ਦੇ ਮੁਜ਼ਰਿਮ ਭਾਈ ਪਰਮਾਨੰਦ ਨੇ ਸਾਨੂੰ ਠਹਿਰਾਇਆ ਹੈ, ਅੰਤ ਉਹਨਾਂ ਨੂੰ ਵੀ ਓਸੇ ਰਾਹ ਤੁਰਨਾ ਪਿਆ। ਜਦੋਂ ਜੰਗ ਦੇ ਖ਼ਾਤਮੇ ਬਾਅਦ ਭਾਈ ਪਰਮਾਨੰਦ ਨੂੰ ਹਸਪਤਾਲ ਕਮਪੋਡਰੀ ਤੋਂ ਹਟਾ ਦਿੱਤਾ ਗਿਆ ਤੇ ਕੋਠੀ ਬੰਦ ਦੀ ਸਜ਼ਾ ਦਿੱਤੀ ਗਈ ਤਾਂ ਉਹ ਰਿਹਾਈ ਤੋਂ ਮਾਯੂਸ ਹੋ ਗਏ। ਹੁਣ ਉਹਨਾਂ ਨੂੰ ਵੀ ਭੁੱਖ ਹੜਤਾਲ ਕਰਨੀ ਪਈ। ਹਾਂ, ਭਾਈ ਪਰਮਾਨੰਦ ਤੇ ਸਾਡੀ ਹੜਤਾਲ ਵਿਚ ਫ਼ਰਕ ਇਹ ਸੀ ਕਿ ਉਹ ਅਪਣੇ ਨਿੱਜੀ ਕਾਰਨ, ਪਰ ਅਸੀਂ ਦੂਜਿਆਂ ਦੀ ਹਮਦਰਦੀ ਵਿਚ ਅਤੇ ਸਿਆਸੀ ਤੇ ਇਖ਼ਲਾਕੀ ਕੈਦੀਆਂ ਦੇ ਹੱਕਾਂ ਲਈ ਹੜਤਾਲ ਕਰਦੇ ਸਾਂ। ਇਸ ਤਰ੍ਹਾਂ ਅੰਡੇਮਾਨ ਦੇ ਜੇਲ੍ਹ ਪ੍ਰਸ਼ਾਸਨ ਦੇ ਜ਼ੁਲਮਾਂ ਵਿਰੁੱਧ ਅਤੇ ਸਿਆਸੀ ਤੇ ਇਖ਼ਲਾਕੀ ਕੈਦੀਆਂ ਦੇ ਹੱਕਾਂ ਲਈ ਦੇਸ਼ ਭਗਤਾਂ ਦੀ ਜੱਦੋ ਜਹਿਦ ਜਾਰੀ ਰਹੀ। ਬਰਮਾ ਕੇਸ ਅਤੇ ਬੰਗਾਲ ਪਾਰਟੀ ਦੇ ਨੌਜਵਾਨ ਵੀ ਅੰਡੇਮਾਨ ਲਿਆਂਦੇ ਗਏ, ਜੋ ਸਾਡੇ ਨਾਲ ਸਿਆਸੀ ਜੱਦੋ ਜਹਿਦ ’ਚ ਸ਼ਾਮਲ ਰਹੇ। ਫ਼ੈਸਲੇ ਅਨੁਸਾਰ ਕਿਸੇ ਵੀ ਸਿਆਸੀ ਕੈਦੀ ਨੇ ਕੋਹਲੂ ਨੂੰ ਹੱਥ ਨਹੀਂ ਲਗਾਇਆ। ਅੰਤ ’ਚ ਜੇਲ੍ਹ ਦੇ ਅਧਿਕਾਰੀਆਂ ਨੇ ਬਾਰਕਾਂ ਦੇ ਅਖੀਰਲੇ ਖੂੰਝਿਆਂ ’ਤੇ ਲੋਹੇ ਦੇ ਪਿੰਜਰੇ ਬਣਾਏ ਅਤੇ ਕਈ ਦੇਸ਼ ਭਗਤ ਤਿੰਨਾਂ ਤਿੰਨਾਂ ਸਾਲਾਂ ਤੱਕ ਉਹਨਾਂ ਵਿਚ ਬੰਦ ਰੱਖੇ ਗਏ। ਉਹ 24 ਘੰਟੇ ਬੰਦ ਰਹਿੰਦੇ ਸਨ। ਉਹਨਾਂ ਨੂੰ ਟੱਟੀ ਪਿਸ਼ਾਬ ਤੇ ਰੋਟੀ ਪਾਣੀ ਪਿੰਜਰੇ ਦੇ ਅੰਦਰ ਹੀ ਕਰਨਾ ਪੈਂਦਾ ਸੀ। ਇਸਦੇ ਨਾਲ ਹੀ ਛੇ ਮਹੀਨੇ ਲਈ ਕੋਠੀ ਬੰਦ, ਘੱਟ ਖਾਣਾ, ਬੇੜੀਆਂ, ਖੜ੍ਹੀਆਂ ਹੱਥਕੜੀਆਂ ਦਾ ਸਿਲਸਿਲਾ ਆਮ ਸੀ।
ਇਹ ਜੱਦੋ ਜਹਿਦ ਕੋਈ ਪੰਜ ਸਾਲ ਚੱਲਦੀ ਰਹੀ ਅਤੇ ਉਸ ਸਮੇਂ ਬੰਦ ਹੋਈ, ਜਦੋਂ 1921 ਵਿਚ ਸਰਕਾਰ ਨੇ ਅੰਡੇਮਾਨ ਨੂੰ ਤੋੜਨ ਦਾ ਐਲਾਨ ਕੀਤਾ ਅਤੇ ਬਹੁਤ ਸਾਰੇ ਸਿਆਸੀ ਕੈਦੀਆਂ ਨੂੰ ਹਿੰਦੁਸਤਾਨ ਵਾਪਸ ਭੇਜ ਦਿੱਤਾ। ਇਸ ਜੱਦੋ ਜਹਿਦ ’ਚ ਕੰਮ ਦੀਆਂ ਹੜਤਾਲਾਂ ਤੋਂ ਇਲਾਵਾ ਭੁੱਖ ਹੜਤਾਲਾਂ ਵੀ ਹੋਈਆਂ। ਸਾਡੇ 7 ਸਾਥੀ ਇਸ ਘੋਲ ਦੌਰਾਨ ਸ਼ਹੀਦ ਹੋਏ। ਇਹਨਾਂ ਦੇ ਨਾਂ ਹਨ – ਨੰਦ ਸਿੰਘ ਬੁਰਜ, ਕਿਹਰ ਸਿੰਘ ਮਰਹਾਣਾ, ਨੱਥਾ ਸਿੰਘ, ਭਾਨ ਸਿੰਘ ਸੁਨੇਤ, ਰੋਡਾ ਸਿੰਘ, ਰੁਲੀਆ ਸਿੰਘ, ਰਾਮ ਰੱਖਾ (ਜੋ ਭੁੱਖ ਹੜਤਾਲ ਦੌਰਾਨ ਹੀ ਸ਼ਹੀਦ ਹੋਇਆ, ਬਾਕੀ ਸਾਥੀ ਵੱਖ ਵੱਖ ਸਮੇਂ ਸ਼ਹੀਦ ਹੋਏ)
ਪਹਿਲੀ ਭੁੱਖ ਹੜਤਾਲ ਛੇ ਮਹੀਨੇ ਰਹੀ। ਜਿਸ ਵਿੱਚ ਪ੍ਰਿਥਵੀ ਸਿੰਘ ਛੇ ਮਹੀਨੇ, ਜਾਵੰਦ ਸਿੰਘ ਸੁਰਸਿੰਘ ਚਾਰ ਮਹੀਨੇ, ਮੌਲਵੀ ਮੁਸਤਫਾ ਹੁਸੈਨ ਯੂ.ਪੀ. ਨੇ ਚਾਰ ਮਹੀਨੇ ਤੇ ਸੋਹਨ ਸਿੰਘ ਭਕਨਾ ਨੇ ਦੋ ਮਹੀਨੇ ਹੜਤਾਲ ਰੱਖੀ। ਪੰਡਿਤ ਰਾਮ ਰੱਖਾ ਇਸ ਹੜਤਾਲ ਵਿਚ ਸ਼ਹੀਦ ਹੋਏ।
ਮੈਂ ਪਹਿਲੀ ਭੁੱਖ ਹੜਤਾਲ ਦੌਰਾਨ ਧੋਖੇ ਕਾਰਨ ਫੇਲ੍ਹ ਹੋ ਗਿਆ ਤੇ ਦੋ ਮਹੀਨੇ ਬਾਅਦ ਹੀ ਹੜਤਾਲ ਤੋੜ ਦਿੱਤੀ। ਇਸ ਦਾ ਮੇਰੇ ਤੇ ਮੇਰੇ ਸਾਥੀਆਂ ’ਤੇ ਬਹੁਤ ਬੁਰਾ ਅਸਰ ਪਿਆ। ਇੱਥੋਂ ਤੱਕ ਕਿ ਮੈਂ ਖੁਦਕੁਸ਼ੀ ਕਰਨ ਤੱਕ ਵੀ ਤੁਰਿਆ। ਇਸ ਤੋਂ ਬਾਅਦ 7 ਲੰਮੀਆਂ ਭੁੱਖ ਹੜਤਾਲਾਂ ਹੋਈਆਂ ਅਤੇ ਪਹਿਲੀ ਭੁੱਖ ਹੜਤਾਲ ਤੋਂ ਸਬਕ ਸਿੱਖਣ ਬਾਅਦ ਮੈਂ ਕਦੇ ਧੋਖਾ ਨਾ ਖਾਧਾ।

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!