ਐਨ. ਮਰਫੀ – ਅਜਮੇਰ ਰੋਡੇ

Date:

Share post:

ਡਾ. ਕਟਰ ਐਨ ਮਰਫੀ ਵੈਨਕੂਵਰ ਵਿਚ ਯੂਨੀਵਰਸਿਟੀ ਔਫ ਬ੍ਰਿਟਿਸ਼ ਕੋਲੰਬੀਆ ਦੇ ਪੰਜਾਬੀ ਲੈਂਗੁਏਜ, ਲਿਟਰੇਚਰ ਅਤੇ ਸਿੱਖ ਸਟੱਡੀਜ਼ ਵਿਭਾਗ ਦੀ ਚੇਅਰ ਹੈ। ਪਹਿਲਾਂ ਇਸ ਵਿਭਾਗ ਦਾ ਮੁਖੀ ਡਾਕਟਰ ਹਰਜੋਤ ਉਬਰਾਏ ਹੁੰਦਾ ਸੀ। ਐਨ ਮਰਫੀ ਯੂਨੀਵਰਸਿਟੀ ਦੇ ਅਕਾਦਮਿਕ ਘੇਰੇ ਤੱਕ ਹੀ ਸੀਮਤ ਨਹੀਂ ਰਹਿੰਦੀ ਸਗੋਂ ਵੈੱਨਕੂਵਰ ਦੇ ਪੰਜਾਬੀਆਂ ਅਤੇ ਪੰਜਾਬੀ ਸਾਹਿਤਕਾਰਾਂ ਦੀਆਂ ਸਰਗਰਮੀਆਂ ਵਿਚ ਵੀ ਬਰਾਬਰ ਭਾਗ ਲੈਂਦੀ ਹੈ। ਉਸਨੂੰ ਅਪਣੀ ਮਾਤ ਭੂਮੀ ਨਾਲ ਉਸੇ ਤਰ੍ਹਾਂ ਮੋਹ ਹੈ ਜਿਵੇਂ ਪੰਜਾਬੀ ਮੂਲ ਦੇ ਲੋਕਾਂ ਨੂੰ ਪੰਜਾਬ ਨਾਲ। ਐਨ ਅਕਾਦਮਿਕ ਰਚਨਾ ਦੇ ਨਾਲ ਨਾਲ ਕਵਿਤਾ ਵੀ ਲਿਖਦੀ ਹੈ। ਉਸ ਨਾਲ ਇਹ ਮੁਲਾਕਾਤ ‘ਹੁਣ’ ਦੇ ਪਾਠਕਾਂ ਲਈ ਜੂਨ 2008 ਵਿਚ ਕੀਤੀ ਗਈ।

ਅਜਮੇਰ: ਐਨ, ਤੁਸੀਂ ਯੂਨੀਵਰਸਿਟੀ ਔਫ ਬ੍ਰਿਟਿਸ਼ ਕੋਲੰਬੀਆ (ਯੂ.ਬੀ.ਸੀ.) ਵਿਚ ਪੜ੍ਹਾਉਣਾ ਕਦੋਂ ਤੋਂ ਸ਼ੁਰੂ ਕੀਤਾ?
ਮਰਫੀ: ਜੁਲਾਈ 2006 ਤੋਂ।
ਅਜਮੇਰ: ਪੰਜਾਬੀ ਕਿਥੋਂ ਸਿਖੀ?
ਮਰਫੀ: ਨਿਉਯਾਰਕ ਵਿਚ ਕੋਲੰਬੀਆ ਯੂਨੀਵਰਸਿਟੀ ਤੋਂ। ਪਹਿਲਾਂ ਤਾਂ ਉਦੋਂ ਸਿਖੀ ਜਦੋਂ ਮੈਂ ਡਾਕਟਰ ਗੁਰਿੰਦਰ ਸਿੰਘ ਮਾਨ ਕੋਲ ਪੜ੍ਹਦੀ ਸੀ, ਫੇਰ ਜਦੋਂ ਉਹਨਾਂ ਨਾਲ ਟੀਚਿੰਗ ਅਸਿਸਟੈਂਟ ਵਜੋਂ ਕੰਮ ਕੀਤਾ ਓਦੋਂ ਹੋਰ ਅਭਿਆਸ ਹੋ ਗਿਆ। ਫੇਰ ਮੈਂ ਜਦੋਂ ਵੀ ਪੰਜਾਬ ਜਾਂਦੀ ਉਥੇ ਪੰਜਾਬੀ ਸਿੱਖਣ ਦੀ ਕੋਸ਼ਸ਼ ਕਰਦੀ। ਤੇ ਜਦੋਂ ਮੈਂ ਉਥੇ ਪੰਜਾਬੀ ਇਤਿਹਾਸ ਵਿਚ ਪੀ.ਐਚ.ਡੀ. ਕਰਦੀ ਸੀ ਉਦੋਂ ਵੀ ਸਿਖੀ।
ਅਜਮੇਰ: ਤੁਸੀਂ ਪੰਜਾਬ ਕਦੋਂ ਗਏ?
ਮਰਫੀ: ਕਈ ਵਾਰ – 1998, 1999, 2000, 02, 04, 06 ਅਤੇ 07 ਵਿਚ।
ਅਜਮੇਰ: ਕਮਾਲ ਐ, ਐਨੀ ਵਾਰ ਤਾਂ ਬਹੁਤੇ ਪੰਜਾਬੀ ਮੂਲ ਦੇ ਲੋਕ ਵੀ ਨਹੀਂ ਜਾਂਦੇ। ਤੁਸੀਂ ਪੰਜਾਬ ਤੋਂ ਬਾਹਰ ਭਾਰਤ ਦੇ ਹੋਰ ਕਿਸੇ ਭਾਗ ਵਿਚ ਵੀ ਗਏ?
ਮਰਫੀ: ਹਾਂ। ਪਹਿਲਾਂ 1988 ਵਿਚ ਤੇ ਫੇਰ 1994 ਵਿਚ ਗਈ ਸਾਂ; ਉਦੋਂ ਮਸੂਰੀ ਅਤੇ ਬਨਾਰਸ ਵਿਚ ਰਹੀ। 1988-89 ਇਕ ਸਾਲ ਨੇਪਾਲ ਵਿਚ ਬਿਤਾਇਆ।
ਅਜਮੇਰ: ਪੰਜਾਬੀ ਤੋਂ ਬਿਨਾਂ ਹੋਰ ਵੀ ਕੋਈ ਭਾਰਤੀ ਭਾਸ਼ਾ ਸਿੱਖੀ?
ਮਰਫੀ: ਸੰਨ 1995 ਵਿਚ ਯੂਨੀਵਰਸਿਟੀ ਔਫ ਵਾਸ਼ਿੰਗਟਨ ਤੋਂ ਹਿੰਦੀ ਤੇ ਸੰਸਕ੍ਰਿਤ ਵਿਚ ਐਮ.ਏ. ਕੀਤੀ। ਕੋਲੰਬੀਆ ਯੂਨੀਵਰਸਿਟੀ ਵਿਚ ਪੀ.ਐਚ.ਡੀ. ਦੌਰਾਨ ਫ਼ਾਰਸੀ ਤੇ ਉਰਦੂ ਸਿੱਖੇ। ਸੰਨ 1988-1989 ਵਿੱਚ ਮੈਂ ਤਿੱਬਤੀ ਅਤੇ ਨੇਪਾਲੀ ਭਾਸ਼ਾਵਾਂ ਵੀ ਸਿਖੀਆਂ।
ਅਜਮੇਰ: ਤੇ ਅੱਜ ਵੀ ਤੁਸੀਂ ਦੱਸਿਆ ਹੈ, ਫ਼ਾਰਸੀ ਦਾ ਲੈਸੱਨ ਲੈ ਕੇ ਆ ਰਹੇ ਹੋ
ਮਰਫੀ: ਸਿਖਿਆ ਤਾਂ ਕਦੇ ਮੁਕਦੀ ਨਹੀਂ । ਮੈਂ ਫ਼ਾਰਸੀ ਨੂੰ ਹੋਰ ਇੰਪਰੂਵ ਕਰਨਾ ਚਾਹੁੰਦੀ ਹਾਂ। ਇਥੇ ਵੈਨਕੂਵਰ ਵਿਚ ਇਕ ਟੀਚਰ ਮਿਲ ਗਿਆ ਹੈ। ਅੱਜ ਪਹਿਲਾ ਲੈੱਸਨ ਸੀ।
ਅਜਮੇਰ: ਪੰਜਾਬ ਵਿਚ ਰਹਿੰਦਿਆਂ ਪੰਜਾਬੀ ਤੋਂ ਬਿਨਾਂ ਹੋਰ ਵੀ ਕੁਝ ਸਿੱਖਿਆ?
ਮਰਫੀ: ਹਾਂ ਸਿੱਖਿਆ ਤਾਂ ਬਹੁਤ ਪਰ ਸਭ ਕੁਝ ਬਿਆਨ ਕਰਨਾ ਔਖਾ ਲਗਦਾ ਹੈ। ਜੇ ਆਮ ਸ਼ਬਦਾਂ ਵਿਚ ਕਹਿਣਾ ਹੋਵੇ ਤਾਂ ਕਹਾਂਗੀ ਜ਼ਿੰਦਗੀ ਬਾਰੇ, ਪੰਜਾਬੀ ਸਭਿਆਚਾਰ ਬਾਰੇ, ਇਨਸਾਨ ਬਣਨ ਬਾਰੇ ਬਹੁਤ ਕੁਝ ਜਾਣਿਆਂ।
ਅਜਮੇਰ: ਅਪਣੇ ਪਿਛੋਕੜ ਬਾਰੇ ਕੁਝ ਹੋਰ ਦੱਸੋ?
ਮਰਫੀ: ਮੇਰਾ ਪਿਛੋਕੜ ਆਇਰਸ਼ ਹੈ। ਮੇਰੀ ਮਾਂ ਆਇਰਲੈਂਡ ਤੋਂ ਨਿਊਯਾਰਕ 1947 ਵਿਚ ਆਈ ਸੀ, ਜਿਸ ਸਾਲ ਭਾਰਤ ਸੁਤੰਤਰ ਹੋਇਆ ਸੀ। ਪਿਤਾ ਵੀ ਆਇਰਸ਼ ਪਿਛੋਕੜ ਦਾ ਸੀ ਪਰ ਉਸਦਾ ਜਨਮ ਨਿਊਯਾਰਕ ਵਿਚ ਹੋਇਆ।
ਅਜਮੇਰ: ਤਾਂ ਫਿਰ ਤੁਸੀਂ ਨਿਊਯਾਰਕ ਦੇ ਜੰਮਪਲ ਹੋ?
ਮਰਫੀ: ਹਾਂ ਨਿਊਯਾਰਕ ਦੇ ਇਕ ਹਿੱਸੇ ਬਰੁੱਕਲਿਨ ਸਿਟੀ ਵਿਚ ਮੇਰਾ ਜਨਮ ਹੋਇਆ।
ਅਜਮੇਰ: ਬਰੁੱਕਲਿਨ ਦੀਆਂ ਯਾਦਾਂ ਕਿਸ ਤਰ੍ਹਾਂ ਦੀਆਂ ਹਨ?
ਮਰਫੀ: ਬਹੁਤ ਮਿਠੀਆਂ। ਜਦੋਂ ਬੁਰੱਕਲਿਨ ਬਾਰੇ ਸੋਚਦੀ ਹਾਂ ਤਾਂ ਬਾਪ ਦੀ ਯਾਦ ਵੀ ਆ ਜਾਂਦੀ ਹੈ, ਜਦੋਂ 9 ਸਾਲ ਦੀ ਸਾਂ ਮੇਰੇ ਪਿਤਾ ਸੁਰਗਵਾਸ ਹੋ ਗਏ ਸਨ। ਹੁਣ ਬਰੁੱਕਲਿਨ ਮੈਨੂੰ ਸੁਪਨੇ ਵਾਂਗ ਲਗਦਾ ਹੈ, ਬਚਪਨ ਦੇ ਦੋਸਤ ਮਿੱਤਰ ਯਾਦ ਆਉਂਦੇ ਰਹਿੰਦੇ ਹਨ।
ਅਜਮੇਰ: ਜਿਥੋਂ ਤੱਕ ਮੈਨੂੰ ਪਤਾ ਹੈ ਬਰੁੱਕਲਨ ਵਿਚ ਤਰ੍ਹਾਂ ਤਰ੍ਹਾਂ ਦੇ ਲੋਕ ਰਹਿੰਦੇ ਹਨ। ਸਨਾਤਨੀ ਯਹੂਦੀ, ਹਿਸਪੈਨਕ ਅਤੇ ਬਲੈਕ ਲੋਕਾਂ ਦੀ ਵਡੀ ਗਿਣਤੀ ਹੈ; ਚੀਨੀ, ਰੂਸੀ, ਦੱਖਣੀ ਏਸ਼ੀਅਨ ਮੂਲ ਦੇ ਲੋਕ ਵੀ ਰਹਿੰਦੇ ਹਨ। ਇਹਨਾਂ ਉਪ ਸਭਿਆਚਾਰਾਂ ਦਾ ਤੁਹਾਡੀ ਸ਼ਖਸੀਅਤ ‘ਤੇ ਪ੍ਰਭਾਵ ਪਿਆ?
ਮਰਫੀ: ਪ੍ਰਭਾਵ ਪੈਣਾ ਤਾਂ ਲਾਜ਼ਮੀ ਸੀ। ਇਸ ਤਰ੍ਹਾਂ ਲਗਦਾ ਸੀ ਜਿਵੇਂ ਸਾਰੀ ਦੁਨੀਆ ਦੇ ਲੋਕ ਬਰੁੱਕਲਿਨ ਵਿਚ ਤੇ ਨਿਊਯਾਰਕ ਵਿੱਚ ਰਹਿੰਦੇ ਹੋਣ। ਕੋਈ ਓਪਰਾ ਨਹੀਂ ਲਗਦਾ ਸੀ। ਇਸ ਮਿਲੀ ਜੁਲੀ ਵਸੋਂ ਵਿਚ ਰਹਿਣਾ ਮੇਰੇ ਲਈ ਬਹੁਤ ਲਾਭਵੰਦ ਰਿਹਾ। ਇਥੋਂ ਈ ਤਾਂ ਮੈਂ ਭਾਰਤ ਵੇਖਣ ਦਾ ਸੁਪਨਾ ਲਿਆ।
ਅਜਮੇਰ: ਬਰੁੱਕਲਿਨ ਤਾਂ ਅਮਰੀਕਨ ਲੇਖਕਾਂ ਕਰਕੇ ਵੀ ਪ੍ਰਸਿੱਧ ਹੈ। ਵਾਲਟਰ ਵਿਟਮੈਨੱ ਨੇ ਅਪਣੀ ਕਲਾਸਿਕ ਕਵਿਤਾ, ਕਰਾਸਿੰਗ ਬਰੁੱਕਲਿਨ ਫੈਰੀ ਉਥੇ ਹੀ ਲਿਖੀ ਤੇ ਹਾਰਟ ਕਰੇਨ ਨੇ ਅਪਣੀ ਐਪਿਕ ਕਵਿਤਾ ਦੀ ਬਰਿੱਜ ਵੀ ਬਰੁੱਕਲਿਨ ਦੇ ਪੁਲ ਬਾਰੇ ਹੀ ਲਿਖੀ। ਕਿੰਨੇ ਹੀ ਪ੍ਰਸਿੱਧ ਸਮਕਾਲੀ ਲੇਖਕ ਵੀ ਬਰੁੱਕਲਿਨ ਵਿਚ ਰਹਿ ਰਹੇ ਹਨ। ਬੰਗਾਲੀ ਮੂਲ ਦੀ ਲੇਖਿਕਾ ਝੰਪਾ ਲੈਹਰੀ ਵੀ ਓਥੇ ਰਹਿੰਦੀ ਹੈ। ਪੰਜਾਬੀ ਸੂਫੀ ਗਾਇਕ ਨੁਸਰਤ ਫਤੇਹ ਅਲੀ ਖਾਨ ਨੇ ਅਪਣੇ ਕਈ ਪ੍ਰੋਗਰਾਮ ਬਰੁੱਕਲਿਨ ਅਕੈਡਮੀ ਔਫ ਮਿਊਜ਼ਿਕ ਵਿਚ ਦਿਤੇ ਸਨ। ਇਸ ਕਲਾਤਮਿਕ ਅਤੇ ਵਿਸ਼ੇਸ਼ ਕਰਕੇ ਸਾਹਿਤਕ ਵਾਤਾਵਰਣ ਦਾ ਪ੍ਰਭਾਵ ਤੁਹਾਡੀ ਮਾਨਸਿਕਤਾ ‘ਤੇ ਕਿਸ ਤਰ੍ਹਾਂ ਦਾ ਪਿਆ?
ਮਰਫੀ: ਸਾਹਿਤਕ ਵਾਤਾਵਰਣ ਦੀ ਮੇਰੇ ਮਨ ਵਿਚ ਬਚਪਨ ਤੋਂ ਹੀ ਬਹੁਤ ਕਦਰ ਸੀ। ਹੁਣ ਵੀ ਇਸ ਵਾਤਾਵਰਣ ਦਾ ਪ੍ਰਭਾਵ ਮੇਰੇ ਖੂਨ ਵਿਚ ਰਚਿਆ ਹੋਇਆ ਹੈ। ਇਸ ਵਾਤਾਵਰਣ ਨੇ ਹੀ ਮੈਨੂੰ ਸਾਹਿਤ ਪੜ੍ਹਨ ਵੱਲ ਪ੍ਰੇਰਿਆ। ਮੈਂ ਬਚਪਨ ਵਿਚ ਹੀ ਕਵਿਤਾ ਲਿਖਣੀ ਸ਼ੁਰੂ ਕਰ ਦਿਤੀ ਸੀ ਪਰ ਦਿਲਚਸਪੀ ਬਹੁਤੀ ਵਿਦਵਤਾ ਵਾਲੇ ਅਧਿਅਨ ਵਿਚ ਹੋ ਗਈ। ਮੈਂ ਅਮਰੀਕਨ ਸਾਹਿਤ ਪੜ੍ਹਿਆ, ਅਮਰੀਕਨ ਸਭਿਆਚਾਰ ਦਾ ਅਧਿਅਨ ਕੀਤਾ ਪਰ ਇਸਦੇ ਨਾਲ ਨਾਲ ਅੰਤਰ ਰਾਸ਼ਟਰੀ ਸਾਹਿਤ ਵਿਚ ਵੀ ਦਿਲਚਸਪੀ ਵਧਦੀ ਗਈ। ਅੰਤਰ ਰਾਸ਼ਟਰੀ ਸਾਹਿਤ, ਸਭਿਆਚਾਰ, ਅਤੇ ਇਤਿਹਾਸ ਵਿਚ ਮੇਰੀ ਦਿਲਚਸਪੀ ਪਹਿਲਾਂ ਬਰੁੱਕਲਿਨ ਅਤੇ ਫੇਰ ਨਿਉਯਾਰਕ ਦੇ ਸਾਹਿਤਕ ਤੇ ਕਲਾਤਮਿਕ ਵਾਤਾਵਰਣ ਕਰਕੇ ਹੀ ਪੈਦਾ ਹੋਈ।
ਅਜਮੇਰ: ਨਿਉਯਾਰਕ ਤਾਂ ਮੈਨੂੰ ਵੀ ਚੰਗਾ ਲਗਦਾ ਹੈ। ਮੇਰੀ ਭਤੀਜੀ ਸੁਮੀਤ ਨਿਉਯਾਰਕ ਰਹਿੰਦੀ ਹੈ, ਕੁਈਨਜ਼ ਵਿਚ;ਮੈਂ ਉਹਨੂੰ ਮਿਲਣ ਗਿਆ ਸਾਂ। ਅਸੀਂ ਕਈ ਅਜਾਇਬ ਘਰਾਂ ਤੇ ਆਰਟ ਗੈਲਰੀਆਂ ਵਿਚ ਗਏ, ਟਾਇਮਜ਼ ਸੁਕੇਅਰ ਤੇ ਹੋਰ ਵੀ ਬਹੁਤ ਕੁਝ ਦੇਖਿਆ।
ਮਰਫੀ: ਨਿਉਯਾਰਕ ਆਰਟਸ ਦਾ ਮਹਾਨ ਕੇਂਦਰ ਬਣ ਚੁੱਕਾ ਹੈ – ਲਿਟਰੇਰੀ ਸਰਗਰਮੀਆਂ ਦਾ, ਡਰਾਮੇ ਤੇ ਥੀਏਟਰ ਦਾ, ਫਿਲਮਾਂ ਦਾ, ਸੰਗੀਤ ਦਾ, ਉਥੋਂ ਦਾ ਕਲਾਤਮਿਕ ਮਾਹੌਲ ਬਹੁਤ ਰੰਗ ਰੰਗ ਦਾ ਹੈ। ਮੈਂ ਪਹਿਲਾਂ ਮੈਟ੍ਰੋਪਾਲਿਟਨ ਮਿਉਜ਼ੀਅਮ ਔਫ ਆਰਟ ਵਿੱਚ ਹੀ ਕੰਮ ਕਰਨਾ ਸ਼ੁਰੂ ਕੀਤਾ ਸੀ।
ਅਜਮੇਰ: ਲਿਟਰੇਰੀ ਟ੍ਰੈਡੀਸ਼ਨ ਤਾਂ ਆਇਰਲੈਂਡ ਦੀ ਵੀ ਬਹੁਤ ਅਮੀਰ ਹੈ: ਯੇਟਸ, ਸਿੰਙ, ਸ਼ੇਮਸ ਹੇਨੀ, ਸ਼ਾਨ ਓ’ਕੇਸੀ ਕਿੰਨੇ ਹੀ ਮਹਾਨ ਲੇਖਕਾਂ ਦੇ ਨਾਮ ਇਕ ਦਮ ਜ਼ੁਬਾਨ ‘ਤੇ ਆ ਜਾਂਦੇ ਹਨ, ਐਬੀ ਥੀਏਟਰ ਦਾ ਵੀ ਅੰਤਰ ਰਾਸ਼ਟਰੀ ਰੰਗਮੰਚ ਵਿਚ ਵਿਸ਼ੇਸ਼ ਸਥਾਨ ਹੈ। ਮੈਨੂੰ ਇਸ ਗੱਲ ਤੋਂ ਥੋੜ੍ਹੀ ਜਿਹੀ ਹੈਰਾਨੀ ਹੁੰਦੀ ਹੈ ਕਿ ਤੁਸੀਂ ਆਇਰਸ਼ ਲਿਟਰੇਚਰ ਦੀ ਐਨੀ ਅਮੀਰ ਟ੍ਰੈਡੀਸ਼ਨ ਛੱਡ ਕੇ ਪੰਜਾਬੀ ਵੱਲ ਕਿਸ ਤਰ੍ਹਾਂ ਮੁੜੇ?
ਮਰਫੀ: ਮੈਨੂੰ ਮਹਿਸੂਸ ਹੋਇਆ ਕਿ ਪੰਜਾਬੀ ਦੀ ਪਰੰਪਰਾ ਵੀ ਉਸੇ ਤਰ੍ਹਾਂ ਅਮੀਰ ਅਤੇ ਡੂੰਘੀ ਹੈ; ਮੈਂ ਸੋਚਦੀ ਹਾਂ ਜਦੋਂ ਅਸੀਂ ਦੂਜਿਆਂ ਦੇ ਸਭਿਆਚਾਰ ਅਤੇ ਸਾਹਿਤਕ ਵਿਰਸੇ ਬਾਰੇ ਗਿਆਨ ਹਾਸਲ ਕਰਦੇ ਹਾਂ ਤਾਂ ਅਪਣੀ ਸਾਹਿਤਕ ਪਰੰਪਰਾ ਨੂੰ ਹੋਰ ਅਮੀਰ ਬਣਾਉਂਦੇ ਹਾਂ। ਮੈਂ ਆਇਰਸ਼ ਹਾਂ, ਆਇਰਸ਼ ਰਹਾਂਗੀ ਤੇ ਮੈਨੂੰ ਆਰਿਸ਼ ਹੋਣ ‘ਤੇ ਮਾਣ ਹੈ ਪਰ ਇਸਦੇ ਅਰਥ ਇਹ ਨਹੀਂ ਕਿ ਤੁਸੀਂ ਅਪਣੀ ਪਰੰਪਰਾ ਤੋਂ ਬਾਹਰ ਜਾਓ ਹੀ ਨਾ; ਅਤੇ ਇਸ ਤਰ੍ਹਾਂ ਬਾਹਰ ਜਾਣਾ ਕੋਈ ਨਵੀਂ ਗੱਲ ਵੀ ਨਹੀਂ। ਲੋਕ ਪਹਿਲਾਂ ਵੀ ਪੱਛਮੀ ਦੇਸ਼ਾਂ ਤੋਂ ਭਾਰਤ ਆਉਂਦੇ ਰਹੇ ਹਨ, ਇਥੋਂ ਦੇ ਸਾਹਿਤ, ਇਤਿਹਾਸ ਅਤੇ ਸਭਿਆਚਾਰਾਂ ਉੁਤੇ ਕੰਮ ਕਰਦੇ ਰਹੇ ਹਨ। ਫ਼ਰਕ ਸਿਰਫ ਐਨਾ ਹੈ ਕਿ ਉਸ ਸਮੇਂ ਉਹਨਾਂ ਚੋਂ ਕਈਆਂ ਦੀ ਮਾਨਸਿਕਤਾ ਕਾਲੋਨੀਅਲ ਹੁੰਦੀ ਸੀ ਪਰ ਮੇਰੀ ਨਹੀਂ। ਅਤੇ ਮੈਂ ਉਮੀਦ ਕਰਦੀ ਹਾਂ ਕਿ ਪੰਜਾਬੀ ਪਾਠਕ ਵੀ ਮੈਨੂੰ ਇਸੇ ਦ੍ਰਿਸ਼ਟੀ ਤੋਂ ਵੇਖਣਗੇ।
ਅਜਮੇਰ: ਆਇਰਲੈਂਡ ਨਾਲ ਤੁਹਾਡਾ ਸੰਬੰਧ ਕਿਸ ਤਰ੍ਹਾਂ ਦਾ ਰਿਹਾ?
ਮਰਫੀ: ਜਿਵੇਂ ਮੈਂ ਪਹਿਲਾਂ ਕਿਹਾ ਸੀ ਕਿ ਜਦੋਂ ਮੈਂ ਨੌਂ ਸਾਲ ਦੀ ਸਾਂ ਮੇਰੇ ਪਿਤਾ ਜੀ ਸੁਰਗਵਾਸ ਹੋ ਗਏ ਸਨ। ਉਸ ਤੋਂ ਬਾਅਦ ਮੇਰੀ ਮਾਂ ਸਾਨੂੰ (ਮੈਨੂੰ ਤੇ ਮੇਰੀਆਂ ਦੋ ਭੈਣਾਂ ਨੂੰ) ਨਾਲ ਲੈ ਕੇ ਆਇਰਲੈਂਡ ਜਾਣ ਲੱਗੀ ਸੀ। ਉਸ ਸਮੇਂ ਆਇਰਲੈਂਡ ਵਿੱਚ ਮੁਸੀਬਤਾਂ ਖੜ੍ਹੀਆਂ ਹੋ ਰਹੀਆਂ ਸਨ। ਸ਼ਾਇਦ ਮੈਨੂੰ ਇਸ ਬਾਰੇ ਕੁਛ ਹੋਰ ਦੱਸਣਾ ਚਾਹੀਦਾ ਹੈ ਕਿਉਂਕਿ ਹੋ ਸਕਦਾ ਹੈ ਸਾਰਿਆਂ ਨੂੰ ਇਹਦੇ ਬਾਰੇ ਪਤਾ ਨਾ ਹੋਵੇ। ਆਇਰਲੈਂਡ ਨੂੰ ਸੰਨ 1921 ਵਿੱਚ ਆਜ਼ਾਦੀ ਮਿਲੀ ਸੀ ਪਰ ਉਸ ਸਮੇਂ ਦੇਸ਼ ਦਾ ਬਟਵਾਰਾ ਹੋ ਗਿਆ: ਇਕ ਹਿੱਸੇ ਦਾ ਨਾਂ ‘ਆਇਰਸ਼ ਫਰ੍ਹੀ ਸਟੇਟ” ਰੱਖਿਆ ਗਿਆ ਜੋ ਬਾਅਦ ਵਿੱਚ ਰੀਪਬਲਿਕ ਔਫ ਆਇਰਲੈਂਡ” ਬਣ ਗਿਆ। ਦੂਜਾ ਹਿੱਸਾ ਉਤਰ ਵੱਲ ਸੀ ਜੋ ਇੰਗਲੈਂਡ ਦੇ ਨਾਲ ਰਹਿ ਗਿਆ ਅਤੇ ਜਿਸਦਾ ਨਾਮ ‘ਉਤਰੀ ਆਇਰਲੈਂਡ” ਪਿਆ।
ਜਦੋਂ ਮੈਂ ਛੋਟੀ ਸਾਂ ਉਦੋਂ ਆਇਰਲੈਂਡ ਅਕਸਰ ਹੀ ਜਾਂਦੀ ਰਹਿੰਦੀ ਸਾਂ; ਉਸ ਸਮੇਂ ਵੱਡਾ ਯੁੱਧ ਚੱਲ ਰਿਹਾ ਸੀ। ਉਦੋਂ ਮੈਨੂੰ ਅਹਿਸਾਸ ਹੋਇਆ ਕਿ ਮੈਂ ਕੇਵਲ ਦੁਨੀਆ ਦੇ ਇਸ ਛੋਟੇ ਜਿਹੇ ਹਿੱਸੇ ਬਾਰੇ ਹੀ ਨਹੀਂ ਸਿੱਖ ਰਹੀ। ਮੈਨੂੰ ਦੋ ਗੱਲਾਂ ਦਾ ਪਤਾ ਲੱਗ ਗਿਆ ਸੀ। ਇਕ ਤਾਂ ਇਹ ਕਿ ਇੰਗਲੈਂਡ ਦੀ ਬਸਤੀਵਾਦੀ ਤਾਕਤ ਦਾ ਦੁਨੀਆ ‘ਤੇ ਕੀ ਅਸਰ ਹੋ ਰਿਹਾ ਹੈ ਤੇ ਦੂਜੀ ਇਹ ਕਿ ਧਰਮ ਦੇ ਨਾਂ ਤੇ ਬਹੁਤ ਲੜਾਈਆਂ ਹੁੰਦੀਆਂ ਹਨ ਜੋ ਅਸਲ ਵਿਚ ਧਰਮ ਦੇ ਬਾਰੇ ਨਹੀਂ ਹੁੰਦੀਆਂ।
ਇਸ ਲਈ ਜਦੋਂ ਮੈਂ ਵੱਡੀ ਹੋ ਕੇ ਹਿੰਦੁਸਤਾਨ ਅਤੇ ਪੰਜਾਬ ਬਾਰੇ ਸਿਖਣਾ ਸ਼ੁਰੂ ਕੀਤਾ ਤਾਂ ਮੈਨੂੰ ਬਹੁਤ ਕੁਛ ਜਾਣਿਆਂ ਪਛਾਣਿਆਂ ਲੱਗਾ। ਤੇ ਮੈਨੂੰ ਲੱਗਾ ਕਿ ਮੇਰੀ ਅਪਣੀ ਜ਼ਿੰਦਗੀ ਦਾ ਵੀ ਇਸ ਨਾਲ ਸੰਬੰਧ ਹੈ। ਮੈਂ ਪੰਜਾਬੀ ਨਹੀਂ ਸਾਂ ਪਰ ਫਿਰ ਵੀ ਸੰਬੰਧ ਬਣਦਾ ਰਿਹਾ। ਮੈਨੂੰ ਅੱਜ ਤੱਕ ਪੰਜਾਬ ਦੇ ਪਿੰਡ ਮੇਰੇ ਆਇਰਲੈਂਡ ਦਿਆਂ ਪਿੰਡਾਂ ਵਰਗੇ ਲਗਦੇ ਹਨ। ਮੈਂ ਜਦੋਂ ਵੀ ਪੰਜਾਬ ਜਾਂਦੀ ਹਾਂ, ਮਹਿਸੂਸ ਹੁੰਦਾ ਹੈ ਜਿੱਦਾਂ ਮੈਂ ਘਰ ਵਾਪਸ ਆ ਗਈ ਹੋਵਾਂ, ਚਾਹਵਾਂ ਤਾਂ ਉਥੇ ਹੀ ਰਹਿ ਸਕਦੀ ਹਾਂ।
ਅਜਮੇਰ: ਪਹਿਲਾਂ ਅਤੇ ਹੁਣ ਦੀ ਸਥਿਤੀ ਬਾਰੇ ਥੋੜ੍ਹੀ ਜਿਹੀ ਹੋਰ ਵਿਸਥਾਰ ਨਾਲ ਗੱਲ ਕਰਨੀ ਚਾਹੋਗੇ?
ਮਰਫੀ: ਪਹਿਲੀ ਅਤੇ ਸਮਕਾਲੀ ਸਥਿਤੀ ਵਿਚ ਬਹੁਤ ਅੰਤਰ ਹੈ। ਅਸਲ ਵਿੱਚ ਅੱਜ ਦੇ ਇਤਿਹਾਸਕਾਰ ਪਹਿਲੀ ਮਾਨਸਿਕਤਾ ਵਾਲੇ ਨਹੀਂ ਰਹੇ। ਪਹਿਲਾਂ ਵਿਦਵਾਨ ਲੋਕ ਸੋਚਦੇ ਸੀ ਅਸੀਂ ਕਿਸੇ ਦੂਰ ਦੇਸ ਵਿਚ ਅਧਿਅਨ ਕਰਨ ਜਾ ਰਹੇ ਹਾਂ, ਉਥੇ ਓਪਰੇ ਲੋਕਾਂ ਬਾਰੇ ਅਧਿਅਨ ਕਰਾਂਗੇ, ਉਹਨਾਂ ਦੀ ਸਹਾਇਤਾ ਕਰਾਂਗੇ, ਉਹਨਾਂ ਨੂੰ ਨਵਾਂ ਗਿਆਨ ਦੇਵਾਂਗੇ, ਨਵੀਂ ਦੁਨੀਆ ਨਾਲ ਸੰਬੰਧ ਜੋੜਾਂਗੇ ਪਰ ਹੁਣ ਇਸ ਤਰ੍ਹਾਂ ਦੀ ਸੋਚ ਨਹੀਂ। ਹੁਣ ਮਹਿਸੂਸ ਹੁੰਦਾ ਹੈ ਸਾਰੇ ਲੋਕ ਅਪਣੇ ਹੀ ਹਨ, ਮੈਂ ਨਿਊਯਾਰਕ ਵਿਚ ਬਹੁਤ ਵੱਖਰੇ ਵੱਖਰੇ ਮੁੰਡੇ ਕੁੜੀਆਂ ਵਿਚ ਜੰਮੀ ਪਲੀ, ਪਰ ਇਹ ਕਦੇ ਮਹਿਸੂਸ ਹੀ ਨਹੀਂ ਸੀ ਹੋਇਆ ਕਿ ਉਹ ਵੱਖਰੇ ਹਨ! ਜਦੋਂ ਮੈਂ ਪੰਜਾਬ ਜਾਂ ਭਾਰਤ ਜਾਂਦੀ ਹਾਂ ਤਾਂ ਕਦੇ ਕੁਝ ਵੀ ਓਪਰਾ ਨਹੀਂ ਲਗਦਾ। ਇਸੇ ਤਰ੍ਹਾਂ ਜਦੋਂ ਮੈਂ ਵੈੱਨਕੂਵਰ ਆਈ ਤਾਂ ਇਥੋਂ ਦੇ ਪੰਜਾਬੀ ਲੋਕ ਤੇ ਲੇਖਕ ਅਪਣੇ ਅਪਣੇ ਹੀ ਲੱਗੇ, ਭਾਵੇਂ ਮੈਂ ਇਹ ਤਾਂ ਨਹੀਂ ਕਹਿ ਸਕਦੀ ਕਿ ਇਥੋਂ ਦੇ ਪੰਜਾਬੀ ਮੇਰੇ ਬਾਰੇ ਕਿਵੇਂ ਸੋਚਦੇ ਹਨ।
ਅਜਮੇਰ: ਵਧੀਆ ਹੀ ਸੋਚਦੇ ਹਨ। ਉਂਜ ਵੀ ਤੁਹਾਡਾ ਪਿਛੋਕੜ ਆਇਰਲੈਂਡ ਦਾ ਹੈ। ਆਇਰਲੈਂਡ ਨਾਲ ਘੱਟੋ ਘੱਟ ਪੰਜਾਬੀ ਦਾ ਬੁੱਧੀਜੀਵੀ ਤਬਕਾ ਜ਼ਰੂਰ ਸਾਂਝ ਮਹਿਸੂਸ ਕਰਦਾ ਹੈ। ਕਾਮਾਗਾਟਾ ਮਾਰੂ ਦੇ ਮੁਸਾਫਰਾਂ ਵੱਲੋਂ ਕੀਤੇ ਵਕੀਲ, ਐਡਵਰਡ ਬਰਡ, ਦਾ ਪਿਛੋਕੜ ਵੀ ਤਾਂ ਆਇਰਸ਼ ਹੀ ਸੀ। ਐਡਵਰਡ ਨੇ ਕਾਮਾਗਾਟਾ ਮਾਰੂ ਦਾ ਕੇਸ ਬਿਨਾਂ ਪੈਸੇ ਲਏ ਮਨੋਂ ਤਨੋਂ ਲੜਿਆ, ਹਿੰਦੋਸਤਾਨੀ ਲੋਕਾਂ ਦੇ ਹੱਕ ਵਿਚ ਪਬਲਿਕ ਮੀਟਿੰਗਾਂ ਵਿਚ ਸਪੀਚਾਂ ਕੀਤੀਆਂ ਤੇ ਕਨੇਡੀਅਨ ਨਸਲਵਾਦ ਨੂੰ ਸ਼ਕਤੀਸ਼ਾਲੀ ਢੰਗ ਨਾਲ ਨੰਗਾ ਕੀਤਾ।
ਮਰਫੀ: ਪਰ ਮੈਂ ਤਾਂ ਵੈਨੱਕੂਵਰ ਦੇ ਪੰਜਾਬੀ ਲੇਖਕਾਂ ਬਾਰੇ ਸੋਚ ਰਹੀ ਸੀ।
ਅਜਮੇਰ: ਇਥੋਂ ਦੇ ਪੰਜਾਬੀ ਲੇਖਕ ਵੀ ਤੁਹਾਡੇ ਬਾਰੇ ਚੰਗਾ ਹੀ ਸੋਚਦੇ ਹਨ, ਤੁਸੀਂ ਦੂਰੋਂ ਯੂ.ਬੀ.ਸੀ. ਤੋਂ ਸਰ੍ਹੀ ਵਿਚ ਉਹਨਾਂ ਦੇ ਪ੍ਰੋਗਰਾਮਾਂ ਤੇ ਜਾਂਦੇ ਹੋ, ਪੁਸਤਕ ਰੀਲੀਜ਼ ਸਮਾਗਮਾਂ ਵਿਚ ਸ਼ਾਮਲ ਹੁੰਦੇ ਹੋ, ਇਸ ਤਰ੍ਹਾਂ ਥੋੜ੍ਹੇ ਸਮੇਂ ਵਿਚ ਹੀ ਪੰਜਾਬੀ ਲੇਖਕਾਂ ਵਿਚ ਹਰਮਨ ਪਿਆਰੇ ਹੋ ਗਏ ਹੋ। ਪਿਛੇ ਜਿਹੇ ਤੁਹਾਨੂੰ ਇਕ ਪੰਜਾਬੀ ਰੇਡੀਓ ‘ਤੇ ਵੀ ਬੋਲਦਿਆਂ ਸੁਣਿਆ ਸੀ।
ਮਰਫੀ: ਮੈਂ ਰੇਡੀਓ ‘ਤੇ ਉਦੋਂ ਗਈ ਸਾਂ ਜਦੋਂ ਮਈ ਵਿਚ ਪੰਜਾਬੀ ਭਾਸ਼ਾ ਅਤੇ ਸਾਹਿੱਤ ਉਤੇ ਯੂ.ਬੀ.ਸੀ. ਵਿਚ ਦੋ ਰੋਜ਼ਾ ਕਾਨਫ੍ਰੰਸ ਕਰਵਾਈ ਸੀ, ਜਿਸ ਵਿਚ ਸਾਧੂ ਬਿਨਿੰਗ ਦੇ ਸੇਵਾ ਮੁਕਤ ਹੋਣ ‘ਤੇ ਉਹਨਾਂ ਦਾ ਮਾਣ ਕੀਤਾ ਗਿਆ ਸੀ।
ਅਜਮੇਰ: ਮੈਂ ਵੀ ਉਸ ਰੇਡੀਓ ਟਾਕ-ਸ਼ੋਅ ਦਾ ਕੁਝ ਹਿੱਸਾ ਸੁਣਿਆ ਸੀ। ਸ੍ਰੋਤੇ ਬਹੁਤ ਖੁਸ਼ ਜਾਪਦੇ ਸਨ। ਕਹਿ ਰਹੇ ਸਨ:ਦੇਖੋ ਇਹ ਕੁੜੀ ਗੋਰੀ ਹੋ ਕੇ ਪੰਜਾਬੀ ਕਿੰਨੀ ਸੁਹਣੀ ਬੋਲਦੀ ਹੈ, ਭੋਰਾ ਨ੍ਹੀ ਫ਼ਰਕ ਪੈਣ ਦਿੰਦੀ, ਸਾਨੂੰ ਨ੍ਹੀ ਇਹੋ ਜ੍ਹੇ ਲਫਜ਼ ਬੋਲਣੇ ਆਉਂਦੇ – ਪਰ, ਐਨ, ਤੁਸੀਂ ਪੰਜਾਬੀ ਦੀਆਂ ਕਲਾਸਕੀ ਰਚਨਾਵਾਂ ਵੀ ਪੜ੍ਹੀਆਂ ਹਨ?
ਮਰਫੀ: ਮੈਂ ਪੀ.ਐਚ.ਡੀ. ਕਰਦਿਆਂ, ਸੈਨਾਪਤੀ ਦੀ ਗੁਰਸੋਭਾ, ਰਤਨ ਸਿੰਘ ਭੰਗੂ ਦੀ ਪੰਥ ਪਰਕਾਸ਼, ਵਾਰਿਸ ਸ਼ਾਹ ਦੀ ਹੀਰ, ਜਨਮ ਸਾਖੀਆਂ, ਤੇ ਗੁਰਬਾਣੀ ਪੜ੍ਹੀ ਤੇ ਹੋਰ ਵੀ ਪੁਰਾਤਨ ਰਚਨਾਵਾਂ ਪੜ੍ਹਨ ਦੀ ਕੋਸ਼ਸ਼ ਕੀਤੀ। ਭਾਈ ਵੀਰ ਸਿੰਘ ਤੋਂ ਲੈ ਕੇ ਅਜੀਤ ਕੌਰ ਤੱਕ ਆਧੁਨਿਕ ਪੰਜਾਬੀ ਸਾਹਿਤ ਵੀ ਪੜ੍ਹਿਆ: ਅੰਮ੍ਰਿਤਾ ਪ੍ਰੀਤਮ, ਮੋਹਨ ਸਿੰਘ, ਨਾਨਕ ਸਿੰਘ, ਕਰਤਾਰ ਸਿੰਘ ਦੁੱਗਲ, ਵਿਰਕ ।
ਅਜਮੇਰ: ਤੁਸੀਂ ਅੱਜ ਕਲ੍ਹ ਯੂ.ਬੀ.ਸੀ. ਵਿਚ ਕੀ ਪੜ੍ਹਾਉਂਦੇ ਹੋ?
ਮਰਫੀ: ਆਧੁਨਿਕ ਪੰਜਾਬ ਸਾਹਿਤ, ਸਿੱਖ ਇਤਿਹਾਸ, ਪੰਜਾਬੀ ਇਤਿਹਾਸ, ਦੱਖਣੀ ਏਸ਼ੀਆ ਦੇ ਦੇਸ਼ਾਂ ਦਾ ਆਮ ਸਾਹਿਤ।
ਅਜਮੇਰ: ਤੁਸੀਂ ਦੱਸਿਆ ਸੀ ਕਿ ਬਚਪਨ ਵਿਚ ਤੁਸੀਂ ਕਵਿਤਾ ਲਿਖਣੀ ਸ਼ੁਰੂ ਕੀਤੀ ਸੀ। ਇਸ ਬਾਰੇ ਕੁਝ ਦੱਸੋ, ਅੱਜ ਕਲ੍ਹ ਵੀ ਲਿਖਦੇ ਹੋ?
ਮਰਫੀ: ਮੈਨੂੰ ਬਚਪਨ ਤੋਂ ਹੀ ਸਿਰਜਣਾਤਮਿਕ ਰਚਨਾ ਵਿਚ ਦਿਲਚਸਪੀ ਰਹੀ ਹੈ। ਕਵਿਤਾ ਬਹੁਤ ਚੰਗੀ ਲਗਦੀ ਹੈ। ਪਰ ਹੁਣ ਤੱਕ ਤਾਂ ਅਕਾਦਮਿਕ ਪੜ੍ਹਾਈ ਲਿਖਾਈ ‘ਤੇ ਹੀ ਜ਼ੋਰ ਰਿਹਾ ਹੈ। ਇਥੇ ਆਉਣ ਪਿਛੋਂ ਪਤਾ ਲੱਗਾ ਇਥੇ ਪੰਜਾਬੀ ਸਾਹਿਤ ਗੰਭੀਰਤਾ ਨਾਲ ਰਚਿਆ ਜਾ ਰਿਹਾ ਹੈ। ਜਿਵੇਂ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਇਥੇ ਪੰਜਾਬੀ ਲੇਖਕਾਂ ਦੇ ਮਾਹੌਲ ਵਿਚ ਵਿਚਰਨ ਦਾ ਅਵਸਰ ਮਿਲਿਆ, ਲਿਖਣ ਲਈ ਉਤਸ਼ਾਹ ਮਿਲਿਆ। ਹੁਣ ਫੇਰ ਕਵਿਤਾ ਲਿਖਣੀ ਸ਼ੁਰੂ ਕਰ ਦਿਤੀ ਹੈ।
ਅਜਮੇਰ: ਅੰਗਰੇਜ਼ੀ ਵਿਚ ਕਿ ਪੰਜਾਬੀ ਵਿਚ?
ਮਰਫੀ: ਦੋਹਾਂ ਵਿਚ ਹੀ।
ਅਜਮੇਰ: ਤੁਸੀਂ ਕਵਿਤਾ ਤੋਂ ਬਿਨਾਂ ਅੱਜ ਕਲ੍ਹ ਕੀ ਲਿਖ ਰਹੇ ਹੋ?
ਮਰਫੀ: ਇਕ ਕਿਤਾਬ ‘ਤੇ ਕੰਮ ਕਰ ਰਹੀ ਹਾਂ, ਇਹ ਮੇਰੀ ਪੀ.ਐੱਚ.ਡੀ ਦਾ ਡਿਜ਼ਰਟੇਸ਼ਨ ਸੀ। ਇਹ ਇਤਿਹਾਸਕ ਥਾਵਾਂ ‘ਤੇ ਵਸਤੂਆਂ ਬਾਰੇ ਹੈ, ਜਿਹੜੇ ਸਿਖ ਗੁਰੂਆਂ ਦੇ ਨਾਲ ਸੰਬੰਧਿਤ ਹਨ। ਮੇਰੇ ਸਵਾਲ ਇਹ ਹਨ: ਗੁਰੂਆਂ ਦੀਆਂ ਯਾਦਾਂ ਕਿਸ ਤਰਾਂ ਬਣਾਈਆਂ ਜਾਂਦੀਆਂ ਸਨ ਤੇ ਵਸਤੂਆਂ ਅਤੇ ਥਾਵਾਂ ਦੇ ਨਾਲ ਇਹਨਾਂ ਦਾ ਸੰਬੰਧ ਜੋੜਨਾ ਕਿਉਂ ਮਹਤਵਪੂਰਣ ਸੀ। ਉਮੀਦ ਹੈ ਕਿਤਾਬ ਇਸ ਸਾਲ ਤੱਕ ਖ਼ਤਮ ਹੋ ਜਾਵੇਗੀ। ਉਸ ਤੋਂ ਬਾਅਦ ਮੈਂ ਪੰਜਾਬੀ ਸਾਹਿਤ ਬਾਰੇ ਲਿਖਣਾ ਚਾਹੁੰਦੀ ਹਾਂ।
ਅਜਮੇਰ: ਤੁਹਾਡੀ ਨਵੀਂ ਕਿਤਾਬ ਬਾਰੇ ਜਾਣ ਕੇ ਖੁਸ਼ੀ ਹੋਈ ਹੈ। ਅਤੇ ਇਤਨੀ ਹੀ ਖੁਸ਼ੀ ਇਸ ਗੱਲ ਦੀ ਵੀ ਹੋਈ ਹੈ ਕਿ ਤੁਸੀਂ ਕਵਿਤਾ ਲਿਖਣੀ ਫੇਰ ਆਰੰਭ ਕਰ ਦਿਤੀ ਹੈ। ਪੰਜਾਬੀ ਕਾਵਿ ਸੰਸਾਰ ਵਿਚ ਤੁਹਾਨੂੰ ਜੀ ਆਇਆਂ।

ਐਨ ਮਰਫੀ ਦੀਆਂ ਦੋ ਕਵਿਤਾਵਾਂ

ਮੇਰਾ ਨਿਕਚੂ
(ਆਪਣੇ ਤਿੰਨ ਕੁ ਸਾਲ ਦੇ ਬੱਚੇ ਲਈ। ਸਮਾਂ: ਬਰਾਂਕਸ, ਨਿਉਯਾਰਕ ਦੀ ਅਗਸਤ)

ਜਦੋਂ ਗਰਮੀ ਹੁੰਦੀ ਹੈ,
ਤੂੰ ਮੇਰੇ ਕਮਰੇ ਵਿੱਚ ਆ ਕੇ ਸੋਂ ਜਾਂਦਾ ਹੈਂ
ਠੰਢੀ ਕੀਤੀ ਹੋਈ ਹਵਾ ਵਿੱਚ

ਤੇ ਇਹ ਉਸੇ ਤਰ੍ਹਾਂ ਹੈ ਜਿਵੇਂ ਉਦੋਂ ਹੁੰਦਾ ਸੀ,
ਜਦੋਂ ਤੂੰ ਨਿਕਚੂ ਜਿਹਾ ਹੁੰਦਾ ਸੀ
ਜਦੋਂ ਤੇਰੀ ਚਮੜੀ ਮੈਨੂੰ ਛੋਹੰਦੀ ਸੀ
ਮੁਲਾਇਮ ਨਿੱਘੀ ਨਰਮ
ਜਿਸ ‘ਚੋਂ ਚਾਨਣ ਲੰਘ ਸਕਦਾ

ਤੂੰ ਮੇਰੀ ਬਾਂਹ ਤੇ ਹੱਥ ਰਖਦਾ ਹੈਂ
ਤਾਂ ਲਗਦਾ ਹੈ
ਤੇਰਾ ਹੱਥ ਮੇਰੇ ਵਿਚ ਪਿਘਲ ਗਿਆ ਹੈ
ਤੂੰ ਫੇਰ ਮੇਰੇ ਅੰਦਰ ਆ ਗਿਆ ਹੈਂ-
ਨਿੱਕਾ ਜਿਹਾ ਬੇਬੀ
ਹੁਣ ਗੱਲਾਂ ਕਰਦਾ, ਹਸਦਾ, ਮੂੰਹ ਬਣਾਉਂਦਾ
ਤੇ ਅਪਣੀ ਮਰਜ਼ੀ ਨਾ ਚੱਲਣ ‘ਤੇ
ਅਚੰਭੇ ਵਿਚ ਹੱਥ ਉਪਰ ਚੁਕਦਾ

ਤੂੰ ਮੇਰੇ ਅੰਦਰ ਪਿਘਲ ਜਾਂਦਾ ਹੈਂ
ਜਾਂ ਮੈਂ ਤੇਰੇ ਅੰਦਰ

ਤੇ ਗਰਮੀਆਂ ਦੀ ਇਸ ਨਕਲੀ ਠੰਢ ਵਿੱਚ
ਕੂਲਰ ਦੀ ਭਿਣਭਣਾਹਟ ਥੱਲੇ
ਤੂੰ ਫੇਰ ਮੇਰਾ ਹੈਂ
ਪਰ ਉਸ ਤੋਂ ਵੀ ਵੱਧ –
ਤੂੰ ਮੇਰੇ ਵਿਚ ਪਿਘਲ ਰਿਹਾ
ਮੈਂ ਤੇਰੇ ਵਿਚ

ਜੇ ਮੈਂ ਇਹ ਕਰ ਸਕਾਂ

ਜੇ ਮੈਂ ਇਹ ਕਰ ਸਕਾਂ
ਕਿ ਤੈਨੂੰ ਭੇਜ ਦੇਵਾਂ ਦੂਰ
ਦੂਰ
ਸਾਡੇ ਵਿਚਕਾਰ
ਤਰਸਦੇ ਉਡੀਕਦੇ ਸਮੇਂ ਤੋਂ ਪਾਰ

ਜੇ ਤੇਰਾ ਰੂਪ ਬਣਿਆ ਹੁੰਦਾ
ਸ਼ਬਦਾਂ ਦਾ – ਮਾਸ ਦਾ ਨਹੀਂ
ਵਾਕਾਂ ਦਾ ਵਾਲ, ਚੰਮ, ਹੱਡੀ ਦਾ ਨਹੀਂ
ਬੋਲੀ ਦੇ ਤਾਲ ਦਾ – ਲਕੀਰਾਂ ਤੇ ਗੁਲਾਈਆਂ ਦਾ ਨਹੀਂ

ਤਾਂ ਮੈਂ ਅਪਣੇ ਸਾਹਵੇਂ ਉਲੀਕ ਲੈਂਦੀ
ਮਨ ਦੀ ਕਲਮ ਨਾਲ ਤੇਰਾ ਆਕਾਰ,
ਸਮੇਤ ਖਾਲੀ ਥਾਵਾਂ ਦੇ, ਜਿਥੇ ਅਸੀਂ ਮਿਲਦੇ ਹਾਂ,
ਸਿਆਹੀ ਤੇ ਕਾਗਜ਼ ਵਾਂਗ;

ਤਾਂ ਮੈਂ ਤੈਨੂੰ ਇਕ ਅੱਖਰ ਨਾਲ, ਇਕ ਨਾਦ ਦੇ ਟੁਕੜੇ ਨਾਲ
ਉਸਾਰ ਲੈਂਦੀ, ਹਰ ਟੁਕੜਾ ਤੇਰੇ ਪੂਰੇ ਰੂਪ ਦਾ ਹਿੱਸਾ ਹੁੰਦਾ

ਇਹ ਸੰਦੇਸ਼ ਹੈ ਜੋ ਮੈਂ ਅਪਣੇ ਆਪ ਨੂੰ ਦਿੰਦੀ ਹਾਂ:
ਜੁਦਾਈ ਦੇ ਸਮੇਂ ਤੇ ਸਪੇਸ ਦੇ ਪਾਰੋਂ ਘੱਲਿਆ
ਤੇਰਾ ਇਕ ਸ਼ਬਦ ਮੇਰੇ ਲਈ ਇਲਹਾਮ ਹੈ
ਓਨਾ ਚਿਰ
ਜਿੰਨਾ ਚਿਰ ਫੇਰ ਤੂੰ ਮੇਰੇ ਸਾਮ੍ਹਣੇ ਨਹੀਂ ਆ ਜਾਂਦਾ,
ਮੇਰਾ ਨਹੀਂ ਹੋ ਜਾਂਦਾ
ਤੇਰੀਆਂ ਅੱਖਾਂ ਤੇਰੇ ਹੱਥ ਤੇਰਾ ਜਿਸਮ।

ਅਜਮੇਰ ਰੋਡੇ

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!