ਇਹ ਘਰ ਅੰਦਰ ਵੱਲ ਖੁਲ੍ਹਦਾ ਹੈ-ਬਲਵਿੰਦਰ ਸਿੰਘ ਗਰੇਵਾਲ

Date:

Share post:

ਸ਼ਾਮ ਦੀ ਸੈਰ ਦੌਰਾਨ ਮੇਰੇ ਲਈ ਸੱਭ ਤੋਂ ਦਿਲਕਸ਼ ਨਜ਼ਾਰਾ ਛਿਪ ਰਹੇ ਸੂਰਜ ਦਾ ਹੁੰਦਾ ਹੈ। ਮਾਣ ਮੱਤਾ ਸੂਰਜ। ਜਿਸ ਨੇ ਦਿਨ ਭਰ ਦਾ ਸਫ਼ਰ ਮੁਕਾ ਲਿਆ ਹੈ। ਕਦੇ ਬੱਦਲਾਂ ਪਿੱਛੇ ਅਲੋਪ ਹੁੰਦਾ। ਜਿਵੇਂ ਹੁਣ ਮੁੜ ਕਦੇ ਨਹੀਂ ਦਿਸੇਗਾ। ਪਰ ਫਿਰ ਲਿਸ਼ਕ ਉਠਦਾ ਹੈ। ਤੁਸੀਂ ਉਸਦੀ ਭੌਤਿਕ ਹਾਜ਼ਰੀ ਤੋਂ ਸੁਚੇਤ ਹੋ ਉਠਦੇ ਹੋ। ਉਹ ਤੁਹਾਡੀਆਂ ਅੱਖਾਂ ਚੁੰਧਿਆ ਨਹੀਂ ਦਿੰਦਾ। ਤੁਸੀਂ ਉਸ ਵੱਲ ਟਿਕਟਿਕੀ ਲਾ ਕੇ ਵੇਖ ਸਕਦੇ ਹੋ। ਉਹਦਾ ਦਗਦਾ ਚਿਹਰਾ ਪੂਰੇ ਆਕਾਰ ‘ਚ ਨੀਝ ਲਾ ਕੇ ਨਿਹਾਰ ਸਕਦੇ ਹੋ। ਤੁਹਨੂੰ ਚੁੰਧਿਆਏ ਬਿਨਾ ਉਹ ਤੁਹਾਡੇ ਲਈ ਅਪਣਾ ਤੇ ਤੁਹਾਡਾ ਆਲਾ ਦੁਆਲਾ ਉਜਾਗਰ ਕਰਦਾ ਹੈ। ਇਹੀ ਆਲਾ ਦੁਆਲਾ , ਇਸੇ ਸੂਰਜ ਨੇ ਢਲਣ ਤੋਂ ਪਹਿਲਾਂ, ਦਪਹਿਰੇ ਜਾਂ ਤਿੱਖੇ ਦਿਨ ਵਿਚ ਬਦਲ ਰਹੇ ਸਵੇਰੇ ‘ਚ ਵੀ ਤੁਹਾਨੂੰ ਵਿਖਾਇਆ ਸੀ; ਪਰ ਉਦੋਂ ਉਸ ਨੇ ਸਧਾਰਣ ਚੀਜ਼ਾਂ ਵਿਚ ਤਪਸ਼ + ਲਿਸ਼ਕ ਭਰ ਦਿੱਤੀ ਸੀ। ਰੋਟੀ ਵਾਲੀ ਥਾਲੀ ਸੂਰਜ ਬਣੀ ਦਿਸੀ ਸੀ। ਖੇਤਾਂ ‘ਚ ਖੜ੍ਹਾ ਪਾਣੀ ਸੋਨੇ ਰੰਗਾ ਦਿਸਿਆ ਸੀ। ਹੁਣ ਦੇਖੋਗੇ ਤਾਂ ਉਸੇ ਪਾਣੀ ਵਿਚ ਲਹੂ ਘੁਲਿਆ ਦਿਸੇਗਾ, ਦੂਰ ਦੂਰ ਤੱਕ ਰੱਤਾ ਸਾਲੂ। ਗੇਰੂਆ ਅਸਮਾਨ ਤੁਹਾਨੁੰ ਧਰਤੀ ‘ਤੇ ਵਿਛਿਆ ਨਜ਼ਰ ਆਵੇਗਾ। ਅਜਿਹੀ ਰੌਸ਼ਨੀ ਜਿਸ ‘ਚੋਂ ਸਿਰਫ ਲੋਅ ਨਹੀਂ, ਕਲਵਲ ਕਰਦਾ ਸਹਿਜ ਤੁਹਾਡੇ ਅੰਦਰ ਸਿੰਜਰੇਗਾ।
ਇਹੀ ਤਾਂ ਉਹ ਸੂਰਜ ਹੈ ਜਿਸ ਨੇ ਅਸਤ ਹੋਣ ਤੋਂ ਬਾਅਦ ਵੀ ਲੰਮਾ ਸਮਾਂ ਤੁਹਾਨੂੰ ਚਾਨਣ ਦੇਣਾ ਹੈ, ਰਾਹ ਦਰਸਾਉਣਾ ਹੈ। ਇਸ ਚਾਨਣ ਦੇ ਘਟਦੇ ਜਲੌਅ ਵਿਚ ਤੁਸੀਂ ਹਨੇਰੇ ਵਿਰੁੱਧ ਤਿਆਰੀ ਕਰਨੀ ਹੈ। ਦੀਵਿਆਂ ਵਿਚ ਤੇਲ ਪਾਉਣਾ ਹੈ, ਨਵੀਆਂ ਬੱਤੀਆਂ ਵੱਟਣੀਆਂ ਹਨ, ਪੁਰਾਣੀਆਂ ਦੇ ਗੁੱਲ ਝਾੜਨੇ ਹਨ। ਦੱਬੀ ਹੋਈ ਅੱਗ ਨੂੰੰ ਮਘਾ ਕੇ ਤੀਲੀ ਸੀਖਣੀ ਹੈ ਤੇ ਆਪਣੀ ਰਾਤ ਰੌਸ਼ਨ ਰੱਖਣ ਦੇ ਉਪਰਾਲੇ ਕਰਨੇ ਹਨ।
ਅਜਿਹੀ ਰੌਸ਼ਨੀ ਦਾ ਆਲਮ ਮੇਰੇ ‘ਤੇ ਤਾਰੀ ਸੀ ਜਦੋਂ ਮੈ, ਸੁਮੇਲ ਸਿੱਧੂ ਦੇ ਸਕੂਟਰ ਤੋਂ ਉੱਤਰ ਕੇ ਜਸਵੰਤ ਕੰਵਲ ਦੇ ਘਰ ਦੇ, ਲੱਕੜੀ ਦੇ ਬੁਲੰਦ ਦਰਵਾਜੇL ‘ਚ ਦਾਖ਼ਲ ਹੋਇਆ। ਸਾਹਮਣੇ ਬੀ ਜੀ ਮੁਖਤਿਆਰ ਕੌਰ ਦੇ ਦਰਸ਼ਨ ਦੀਦਾਰੇ, ਖੱਬੇ ਹੱਥ ਧੁਰ ਅੰਦਰ ਤੱਕ ਪਾਰਦਰਸ਼ੀ ਬੈਠਕ । ਖੁੱਲ੍ਹਾ, ਹਰ ਤਰ੍ਹਾਂ ਦੇ ਬੂਟਿਆਂ ਨਾਲ ਭਰਿਆ ਵਿਹੜਾ। ਵਿਹੜੇ ਵਿਚ ਕਿਸੇ ਬਜ਼ੁਰਗ ਵਾਂਗ ਛਾਂ ਕਰੀ ਖੜ੍ਹੀ ਨਿੰਮ। ਨਿੰਮ ਦੀਆਂ ਮਜ਼ਬੂਤ ਟਾਹਣੀਆਂ ਨਾਲ ਲਟਕਦੇ ਮਸਨੂਈ ਆਲ੍ਹਣੇ! ਘਰ ਦਾ ਕੋਨਾ ਕੋਨਾ ਤੁਹਾਨੂੰ ਬੁੱਕਲ ‘ਚ ਲੈਣ ਲਈ ਬਾਹਾਂ ਫੈਲਾਈ ਖੜ੍ਹਾ ਹੈ। ਬੰਦਾ ਤਾਂ ਬੱਸ ਉਹਦੇ ਵਿਚ ਸਮਾ ਹੀ ਜਾਂਦਾ ਹੈ। ਮੈਂ ਵੀ ਸਮਾ ਗਿਆ ਕੰਵਲ ਦੀਆਂ ਮੇਰੇ ਦੁਆਲੇ ਵਲੀਆਂ ਬਾਹਾਂ ਵਿਚ-
-“ਉਹ ਐਥੇ ਲੱਗ, ਛਾਤੀ ਨਾਲ”- ਪੈਰੀਂ ਹੱਥ ਲਾਉਣ ਲਈ ਝੁਕੇ ਹੋੇਏ ਨੂੰ ਮੈਨੂੰ ਕੰਵਲ ਸਾਹਿਬ ਨੇ ਬੁੱਕਲ ‘ਚ ਲਿਆ। ਮੈਨੂੰ ਅਪਣਾ ਆਪ ਉੱਚਾ ਜਾਪਿਆ। ਕੰਵਲ ਨੂੰ ਮਿਲਣ ਸਮੇਂ ਤੁਹਾਡੇ ਅੰਦਰ ਇਕ ਖੁਸ਼ਨੁਮਾ ਅਹਿਸਾਸ ਜਾਗਦਾ ਹੈ। ਬਹੁਤ ਬੁਲੰਦ ਪਰ ਨਰਮ ਅਵਾਜ਼ ਵਿਚ ਉਹ ਤੁਹਾਡਾ ਸਵਾਗਤ ਕਰੇਗਾ ਸਧੇ ਹੋਏੇ, ਸੰਖੇਪ, ਤਿੱਖੇ ਸ਼ਬਦਾਂ ‘ਚ। ਝੁਕੇਗਾ ਨਹੀਂ, ਸੱਜਾ ਹੱਥ ਮੱਥੇ ਨੂੰ ਲਾਵੇਗਾ, ਉਤਾਂਹ ਲਿਜਾਵੇਗਾ; ਇਸ ਸਹਿਜ ਨਾਲ ਕਿ ਉਤਾਂਹ ਉੱਠਦੇ ਹੱਥ ਨਾਲ ਤੁਹਾਡਾ ਆਪਾ ਵੀ ਉਤਾਂਹ ਉੱਠ ਜਾਵੇਗਾ। ਤੁਹਾਨੂੰ ਪਤਾ ਵੀ ਨਹੀਂ ਲੱਗੇਗਾ ਕਿ ਕੰਵਲ ਨੇ ਕਦੋਂ ਤੁਹਾਨੂੰ ਅਪਣੇ ਬਰਾਬਰ ਕਰ ਲਿਆ ਹੈ। ਤੁਸੀਂ ਆਪਣੀ ਹੋਂਦ ਦਾ ਮਹੱਤਵ ਮਹਿਸੂਸ ਕਰਨ ਲੱਗ ਜਾਂਦੇ ਹੋ। ਤੁਹਾਡਾ ਹੋਣਾ ਅਰਥਪੂਰਣ ਬਣ ਜਾਂਦਾ ਹੈ। ਕੰਵਲ ਦੀ ਹਰ ਅਦਾ ‘ਚੋਂ ਸਵੈਮਾਣ ਦੀ ਕਣੀ ਨਾਲ ਸਿੰਜੀ ਨਿਮਰ ਖੁਦਦਾਰੀ ਦੇ ਦਰਸ਼ਨ ਹੋਣਗੇ। ਇਕ ਸਿੱਧੀ ਖੜ੍ਹੀ ਨਿਮਰਤਾ। ਜੀਹਦਾ ਇਕਰਾਰ ਵੀ ਸਪਸ਼ਟ ਤੇ ਇਨਕਾਰ ਵੀ ਸਪਸ਼ਟ। ਲੋਹੇ ਵਰਗੀ ਨਰਮਾਈ। ਫੇਰ ਸਾਹਮਣੇ ਵਾਲਾ ਚਾਹੇ ਬਲਵਿੰਦਰ ਗਰੇਵਾਲ ਹੋਵੇ ਤੇ ਚਾਹੇ ਹੋਵੇ ਡਾ: ਮਹਿੰਦਰ ਸਿੰਘ ਰੰਧਾਵਾ-
-ਓ ਤੈਨੂੰ ਚੰਡੀਗੜ੍ਹ ‘ਚ ਇਕ ਪਲਾਟ ‘ਅਲਾਟ’ ਕਰਨੈ” – ਰੰਧਾਵਾ ਸਾਹਿਬ ਨੇ ਕੰਵਲ ਨੂੰ ਚੰਡੀਗੜ੍ਹ ਅਪਣੇ ਦਫਤਰ ਗਏ ਨੂੰ ਕਿਹਾ-
-ਓ ਮੈਂ ਚੰਡੀਗੜ੍ਹ ‘ਚ ਪਲਾਟ ਕੀ ਕਰਨੈਂ?”-
-ਓ ਐਥੇ ਰਹੀਂ, ਨਾਵਲ ਲਿਖੀਂ। ਐਵੇਂ ਪਿੰਡ ਨੂੰ ਚਿੰਬੜਿਆ ਪਿਐਂ!”-
-ਓ ਲਿਖਣਾ ਤਾਂ ਅਪਣੇ ਲੋਕਾਂ ਬਾਰੇ ਐ। ਜਿਹਨਾ ਬਾਰੇ ਲਿਖਣੈ, ਉਹਨਾ ‘ਚ ਰਹੂੰ”-
-ਓ ਤੈਨੂੰ ਪਤੈ ਆਉਣ ਵਾਲੇ ਸਮੇਂ ‘ਚ ਇਹਦੀ ਕੀ ਕੀਮਤ ਹੋਊ?”-ਰੰਧਾਵਾ ਸਾਹਿਬ ਨੇ ਵਿਹਾਰੀ ਗੱਲ ਕੀਤੀ।
-ਓ ਨਹੀਂ ਮੈਨੂੰ ਨੀ ਪਤਾ”-
ਰੰਧਾਵਾ ਸਾਹਿਬ ਨੇ ਇਸ ਜਟਕਾ- ਬੁੱਧ ਨਾਲ ਹੋਰ ਮੱਥਾ ਮਾਰਨ ਦੀ ਥਾਂ, ਕਲਰਕ ਨੂੰ ਬੈੱਲ ਕੀਤੀ।
-ਓ ਇਹਦੇ ਨਾਂ ਦੇ ਪੇਪਰ ਤਿਆਰ ਕਰ। ਨਾਲੇ ਬਾਈ ਹਜ਼ਾਰ ਦਾ ਲੋਨ ਵੀ ਪਾਸ ਕਰ ਦਿਓ”-ਉਹਨਾ ਨੇ ਕੰਵਲ ਨੂੰ ਧੱਕ ਕੇ ਕਲਰਕ ਨਾਲ ਤੋਰ ਦਿੱਤਾ। ਥੋੜ੍ਹੀ ਦੇਰ ਬਾਅਦ ਕਲਰਕ ਮੁੜ ਆਇਆ, ਮਗਰੇ ਕੰਵਲ-
-ਓ ਸਾਈਨ ਨੀ ਕਰਦੇ”-ਕਲਰਕ ਨੇ ਸ਼ਿਕਾਇਤ ਕੀਤੀ। ਰੰਧਾਵਾ ਸਾਹਿਬ ਨੇ ਕੰਵਲ ਵੱਲ ਵੇਖਿਆ-
-ਓ ਮੈਂ ਜਦ ਚੰਡੀਗੜ੍ਹ ਰਹਿਣਾ ਈ ਨੀ, ਪਲਾਟ ਕੀ ਕਰਨੈ!”- ਕੰਵਲ ਨੇ ਰੰਧਾਵਾ ਸਾਹਿਬ ਨਾਲ ਧੰਨਵਾਦੀ ਹੱਥ ਮਿਲਾਇਆ, ਮੱਥੇ ਨੂੰ ਲਾਇਆ ਤੇ ਦਫਤਰੋਂ ਬਾਹਰ ਨਿਕਲ ਗਿਆ।
ਘਰ ਬੈਠਿਆਂ, ਰੋਟੀ ਖਾਣ ਤੱਕ ਇਹੀ ਇਕ ਗੱਲ ਸੀ ਜਿਹੜੀ ਕੰਵਲ ਨੇ ਕਿਸੇ ਪ੍ਰਸੰਗ ਵਸ ਸਾਡੇ ਨਾਲ ਸਾਂਝੀ ਕੀਤੀ। ਬਹੁਤਾ ਸਮਾਂ ਚੁੱਪ ਰਿਹਾ। ਘਰ ਜਿੰਨਾ ਖੁੱਲ੍ਹਾ, ਕੰਵਲ ਓਨਾ ਹੀ ਰਸਮੀ। ਜਿਵੇਂ ਮੈਂ ਨੀ ਉਹ ਮੇੈਨੂੰ ਮਿਲਣ ਆਇਆ ਹੁੰਦੈ। ਆਏ ਗਏ ਵਾਂਗ ਹੀ ਤਿਆਰ ਸੀ। ਪੈਂਟ ਕਮੀਜ਼ ਤੇ ਸਜਾ ਕੇ ਬੰਨ੍ਹੀ ਪੱਗ।
-ਓ ਹਾਂ ਬਈ, ਕਿੱਧਰ ਬੈਠਣੈ? ਐਧਰ? ਓਧਰੇ ਚਲਦੇ ਆਂ”-ਕੰਵਲ ਨੇ ਰਸਮੀ ਪੁੱਛ ਗਿੱਛ ਕੀਤੀ ।
ਮੈਨੂੰ ਐਧਰ ਓਧਰ ਦੇ ਅਰਥ ਪਤਾ ਸਨ। ਅਉਂਦੇ ਹੋਏ ਸੁਮੇਲ ਨੇ ਮੈਨੂੰ ਉਹ ਕੋਠੀ ਦਿਖਾਈ ਸੀ, ਜਿਥੇ ਕੰਵਲ, ਡਾ:ਜਸਵੰਤ ਗਿੱਲ ਨਾਲ ਰਹਿੰਦਾ ਰਿਹਾ ਹੈ।
-‘ਆਹ ਘਰ ਤੇ ਉਹ ‘ਕੋਠੀ’! ਲੋਕ ਭਾਸ਼ਾ ਨੂੰ ਕਿਵੇਂ ਹਥਿਆਰ ਵਾਂਗ ਵਰਤ ਸਕਦੇ ਨੇ!’- ਮੈਂ ਅਪਣੇ ਆਪ ਨਾਲ ਗੱਲ ਕੀਤੀ। ਪਰ ਮੇਰੇ ਅੰਦਰ ਤੁਰੀ ਗੱਲ ਦੀ ਲੜੀ ਸੁਮੇਲ ਨੇ ਤੋੜ ਦਿੱਤੀ-
-ਓ ਪਿੱਛੇ ਦੇਖੋ ਜ਼ਰਾ ਔਹ ਮੋੜ ਤੋਂ ਥੋੜ੍ਹਾ ਉਰ੍ਹਾਂ। ਇੱਥੇ ਬੈਟਰੀ ਜਗਾਈਂ ਆਉਂਦੇ ਅਮਲੀ ਨੇ ਬਲਰਾਜ ਸਾਹਨੀ ਨੂੰ ਕਿਹਾ ਸੀ” : -ਓਆਹ ਅਪਣਾ ਚਾਨਣ ਜਿਹਾ ਮੀਚ ਲੈ ਸਾਹਨੀ ਸਿਆਂ” –
ਮੇਰੇ ਯਾਦ ਆਇਆ, ਜਦੋਂ ਬੰਬਈ ਉਹਦਾ ਸਾਹ ਘੁੱਟਣ ‘ਤੇ ਆ ਜਾਂਦਾ, ਬਲਰਾਜ ਸਾਹਨੀ ਢੁੱਡੀਕੇ ਨੂੰ ਦੌੜਦਾ। ਢੁੱਡੀਕੇ ਉਸ ਲਈ ਮੁੱਲਾਂ ਦੀ ਮਸੀਤ ਸੀ। ਬਲਰਾਜ ਸਾਹਨੀ ਦੀ ਮੌਤ ‘ਤੇ ਕੰਵਲ ਨੇ ਲਿਖਿਆ ਸੀ:
ਮਾਪੇ ਤੈਨੂੰ ਘੱਟ ਰੋਣਗੇ,
ਬਹੁਤੇ ਰੋਣਗੇ ਦਿਲਾਂ ਦੇ ਜਾਨੀ।
ਬਲਰਾਜ ਸਾਹਨੀ ਦਾ ਜ਼ਿਕਰ ਛਿੜਦੇ ਹੀ, ਕੰਵਲ ਅੰਦਰਲਾ ਦਿਲ ਜਾਨੀ ਪਿਘਲ ਗਿਆ ਸੀ। ਇਸੇ ਲਈ ਬਲਰਾਜ ਨਾਲ ਵਾਪਰੀ ਇਕ ਹੋਰ ਸੰਵੇਦਨਸ਼ੀਲ ਘਟਨਾ ਤੱਕ ਪਹੁੰਚਣ ਲਈ ਕੰਵਲ ਨੇ ਸਾਹਨੀ ਦੇ ਦੁੱਖ ਦਾ ਇਕ ਸਮੁੰਦਰ ਪਾਰ ਕੀਤਾ। ਕੁੱਝ ਕੁ ਨਿੱਜੀ ਵੇਰਵੇ ਮੇਰੇ ਨਾਲ ਵੀ ਸਾਂਝੇ ਕੀਤੇ।
ਜਦ ਨੂੰ ਕੋਠੀ ਆ ਗਈ। ਕੰਵਲ ਨੇ ਜਿਵੇਂ ਛੋਹਲੇ ਹੱਥਾਂ ਨਾਲ, ਅੱਗੇ ਵਧ ਕੇ ਗੇਟ ਖੋਲਿ੍ਹਆ, ਮੇਰੇ ਸੋਹਣ ਢੰਡ ਦੀ ਇੱਕ ਗੱਲ ਯਾਦ ਆਈ। ਮੈਂ ਇੱਕ ਵਾਰੀ ਉਹਨਾਂ ਨਾਲ ਕੰਵਲ ਦੇ ਦਰਸ਼ਨਾਂ ਦੀ ਇੱਛਾ ਸਾਂਝੀ ਕਰਦਿਆਂ ਕਿਹਾ ਸੀ, “ਓਕੰਵਲ ਦੇ ਦਰਸ਼ਨਾਂ ਦੀ ਵਿਧ ਬਣਾਓ ਕੋਈ, ਉਏਂ ਨਾ ਬਾਈ ਦੀ ਉਮਰ ਹੱਥੋਂ ਨਿਕਲ ਜਵੇ”
-ਓ ਨਾ, ਨਾ, ਨਾ…”-ਢੰਡ ਹੋਰਾਂ ਨੇ ਕਈ ਵਾਰ ਸਿਰ ਮਾਰਿਆ ਸੀ-
-ਓ ਤਕੜੀ ਕਾਠੀ ਦਾ ਜੱਟ ਐ ਸੌ ਸਾਲ ਨੀ ਜਾਂਦਾ ਕਿਤੇ”-
…ਤੇ ਹੁਣ, ਕੁੰਡਾ ਖੋਲ੍ਹਦੇ ਕੰਵਲ ਨੂੰ ਵੇਖਕੇ ਮੰਨਣਾ ਔਖਾ ਸੀ ਕਿ ਇਸ ‘ਬ’ਡੇ’ ਬੁਆਏ ਨੇ ਅੱਜ ਨੱਬੇ ਵੇਂ ਸਾਲ ‘ਚ ਪੈਰ ਧਰ ਲਿਆ ਹੈ। ਸਾਡੇ ਬੈਗ ਰੱਖਦੇ ਕਰਦੇ ਉਹਨੇ ਪੱਖੇ ਦੀ ਸੁੱਚ ਆਨ ਕੀਤੀ। ਸਾਨੂੰ ਤਾਂ ਸਿਰਫ਼ ਐਲਾਨ ਸੁਣਿਆ-
-ਓ ਮੈਂ ਤਾਂ ਪੈਂਟ ਬਦਲ ਕੇ ਚਾਦਰ ਲਾਊਂ। ਆਇਆ ਬਸ। ਚਾਹ ਹੁਣੇ ਪੀਣੀ ਹੋਈ ਤਾਂ ਦੱਸ ਦਿਓ”-ਕੰਵਲ, ਬੈਠਕ ‘ਚੋਂ ਅੰਦਰ ਵੱਲ ਖੁੱਲ੍ਹਦੇ ਦਰਵਾਜੇL ‘ਚ ਛਿਪਨ ਹੋ ਗਿਆ।
ਉਧਰਲੇ ਘਰ ਦੇ ਮੁਕਾਬਲੇ ਕੋਠੀ ਮੈਨੂੰ ਠਹਿਰੀ ਹੋਈ ਜਾਪੀ। ਮੇਨ ਗੇਟ ਤੋਂ ਅੰਦਰ ਆਉਂਦੇ ਸਮੇਂ ਵੀ ਇਕ ਤਲਿਸਮ ‘ਚ ਦਾਖਿਲ ਹੋਣ ਵਰਗਾ ਅਹਿਸਾਸ ਹੋਇਆ ਸੀ। ਹਾਲਾਂ ਕਿ ਕੋਠੀ ਮੇਨ ਗੇਟ ਤੋਂ ਕਾਫੀ ਹਟ ਕੇ ਬਣੀ ਹੋਈ ਹੈ ਅਤੇ ਇਸ ਦੇ ਆਲੇ ਦੁਆਲੇ ਖੁਲ੍ਹੇ, ਵਾਹੇ, ਸਿਆੜੇ ਖੇਤ ਹਨ। ਸਾਹਮਣੇ ਫੁੱਲਾਂ ਬੂਟਿਆਂ ਨਾਲ ਭਰੀ ਚਾਰ ਦਿਵਾਰੀ ਹੈ। ਸੱਜੇ ਹੱਥ ਛਾਂਦਾਰ ਬੂਟੇ, ਫੁੱਲਾਂ ਲੱਦੀਆਂ ਵੇਲਾਂ ਤੇ ਅਹੁ ਖਾਸੇ ਸੱਜੇ ਪਾਸੇ , ਕੰਵਲ ਸਾਹਿਬ ਦਾ ਅਪਣੇ ਲਈ ਬਣਾਇਆ ਭੋਰਾ ਹੈ(ਆਲੇ ਦੁਆਲੇ ਦੇ ਪ੍ਰਭਾਵ ਹੇਠ ਮੇਰਾ ਜੀਅ ਕਰਦੈ ਲਿਖਾਂ ‘ਭੋਰਾ ਸਾਹਿਬ’ ਹੈ, ਕੋਠੀ ਨੂੰ ‘ਕੁਟੀਆ’ ਲਿਖਾਂ)। ਪਰ ਇਸ ਸਭ ਕਾਸੇ ਵਿਚ ਕੋਠੀ ਤੁਹਾਨੂੰ ਡੱਬਾ ਬੰਦ ਨਜ਼ਰ ਆਉਂਦੀ ਹੈ। …ਤੇ ਹੁਣ ਕਮਰੇ ‘ਚ ਆ ਕੇ ਖੜੋਤ ਦਾ ਅਹਿਸਾਸ…
ਮੈਂ ਆਲੇ ਦੁਆਲੇ ਨਜ਼ਰ ਘੁਮਾਈ। ਸਰਸਰੀ ਨਜ਼ਰ ਨਾਲ ਵੇਖਿਆਂ ਕਮਰਾ ਅਣ-ਸਾਂਭਿਆ ਲੱਗਿਆ। ਕਿਸੇ ਚੀਜ਼ ‘ਤੇ ਨਿਗ੍ਹਾ ਵਿਸ਼ੇਸ਼ ਤੌਰ ‘ਤੇ ਨਾ ਟਿਕੀ। ਕੰਵਲ ਸਾਹਿਬ ਤੇ ਸੁਮੇਲ ਅੰਦਰ ਸਨ। ਮੈਂ ਫੁਰਤੀ ਨਾਲ ਕੱਪੜੇ ਬਦਲੇ ਤੇ ਸੋਫੇ ‘ਤੇ ਬੈਠਣ ਦੀ ਥਾਂ, ਖਿੜਕੀ ਦੇ ਨਾਲ ਪਈ ਸੈਟੀ ‘ਤੇ ਅਧਲੇਟਾ ਜਿਹਾ ਹੋ ਕੇ ਪੈ ਗਿਆ, ਸਿਰਹਾਣੇ ਹੇਠ ਬਾਂਹ ਦੇ ਕੇ। ਖੱਬੇ ਹੱਥ ਬਾਹਰ ਛੋਟਾ ਜਿਹਾ ਵਰਾਂਡਾ, ਫੇਰ ‘ਜੱਟ ਦੀ ਯਾਰੀ’ ਵਰਗਾ ਤੂਤ। ਤੂਤ ਦੇ ਨਾਲ਼ ਹੀ ਫੁੱਲਾਂ ਲੱਦੀ ਬੋਗਨਵਿਲੀਆ ਤੇ ਵਾਹਿਆ ਹੋਇਆ ਖੇਤ। ਕਮਰਾ ਬਾਹਰਲੇ ਦ੍ਰਿਸ਼ ਦਾ ਇਕ ਹਿੱਸਾ ਹੀ ਬਣ ਗਿਆ। ਮੇਰੇ ਯਾਦ ਆਇਆ, ਰੰਧਾਵਾ ਸਾਹਿਬ ਨੇ ਅਪਣੇ ਕਮਰੇ ਦੀ ਖਿੜਕੀ ‘ਚੋਂ ਕੰਵਲ ਨੂੰ ਚੰਡੀਗੜ੍ਹ ਦੀ ਸੁੰਦਰਤਾ ਦਿਖਾਈ ਸੀ:ਬਾਹਰੋਂ ਲਿਆ ਕੇ ਗਮਲਿਆਂ ‘ਚ ਵਸਾਈ ਕੁਦਰਤ। ਪਰ ਕੰਵਲ ਤਾਂ ਵਗਦੇ ਸਿਆੜਾਂ ਦਾ, ਆਪ ਮੁਹਾਰੀਆਂ ਫੈਲਦੀਆਂ ਘਾਹ ਦੀਆਂ ਤਿੜ੍ਹਾਂ ਦਾ, ਦੂਰ ਦੂਰ ਤੱਕ ਫੈਲੇ ਖੇਤਾਂ ਬੰਨਿਆਂ ਦਾ ਆਸ਼ਿਕ ਐ, ਚੰਡੀਗੜ੍ਹ ਤੇ ਕਿਵੇਂ ਰੀਝਦਾ । ਇਸੇ ਲਈ ਤਾਂ ਕੰਵਲ ਦੇ ਨਾਵਲ ਪਾਠਕ ਦੇ ਸਾਹਮਣੇ ਉਹ ਖਿੜਕੀ ਬਣਦੇ ਹਨ ਜਿਸ ਵਿਚੋਂ ਮਾਲਵੇ ਦਾ ਲੈਂਡ ਸਕੇਪ ਉਸ ਦੀਆਂ ਅੱਖਾਂ ਵਿਚ ਵਸਣ ਲਗਦਾ ਹੈ, ਦਿਲ ‘ਚ ਧੜਕਦਾ ਹੈ, ਲਹੂ ‘ਚ ਦੌੜਦਾ ਹੈ । ਤ੍ਰੇਲ ‘ਤੇ ਕੰਵਲ ਦੇ ਪਾਤਰ ਤੁਰਦੇ ਹਨ, ਪੰਜਾਬ ਦੀ ਹਰੀ ਕਚੂਰ ਠੰਡਕ ਪਾਠਕ ਦੀਆਂ ਪਾਤਲੀਆਂ ਨੂੰ ਚੜ੍ਹਦੀ ਹੈ। ਪੰਜਾਬ ਦੀਆਂ ਫਸਲਾਂ , ਰੁੱਖ ਤੇ ਪੰਛੀਆਂ ਦੀ ਪਛਾਣ , ਉਹਨਾ ਦਾ ਆਪਣਾਪਣ ਪਾਠਕ ਦਾ ਹਿੱਸਾ ਬਣ ਜਾਂਦਾ ਹੈ। ਕਿਰਤ ਨਾਲ ਜੁੜੀ ਪੰਜਾਬ ਦੀ ਲੋਕਾਈ, ਕੰਵਲ ਦੀਆਂ ਕਿਰਤਾਂ ਦਾ ਮਾਣ ਮੱਤਾ ਅੰਗ ਹੈ। ਕਿਰਤੀ ਦੇ ਮੱਥੇ ‘ਤੇ ਚਮਕਦੀ ਮੁੜ੍ਹਕੇ ਦੀ ਇਕ ਬੂੰਦ ‘ਚੋਂ ਉਹ ਤੁਹਾਨੁੰ ਪੰਜਾਬ ਦੀ ਜ਼ਿੰਦਗੀ ਦੇ ਸਭੇ ਰੰਗ ਵਿਖਾ ਸਕਦਾ ਹੈ। ਕੰਵਲ ਦੇ ਨਾਵਲ ਇਸੇ ਲਈ ਪੰਜਾਬ ਦੀ ਸੱਭਿਆਚਾਰਕ ਪਛਾਣ ਬਣਦੇ ਹਨ। ਬੋਲੀ ‘ਚ ਮਾਲਵਾ ਖੜਕਦਾ ਸੁਣਦਾ ਹੈ। ਸ਼ਬਦ ਸਿਰਫ਼ ਅਰਥ ਹੀ ਨਹੀਂ ਸੰਚਾਰਦੇ, ਪੰਜਾਬ ਦੇ ਸੱਭਿਆਚਾਰਕ ਇਤਿਹਾਸ ਦੀ ਭਾਸ਼ਾ ਬਣਦੇ ਹਨ। ਪੰਜਾਬ ਦੇ ਲਹੂ ‘ਚ ਖੌਲਦੀ ਬਹਾਦਰੀ, ਵਸਿਆ ਹੋਇਆ ਸਵੈਮਾਣ, ਨੱਚਦਾ ਹੋਇਆ ਜਿਊਣ ਦਾ ਚਾਅ ਅਤੇ ਲੰਡੇ ਲਾਟ ਦੀ ਪ੍ਰਵਾਹ ਨਾ ਕਰਨ ਵਾਲ਼ੀ ਬੇ-ਪ੍ਰਵਾਹੀ ਕੰਵਲ ਦੇ ਨਾਵਲਾਂ ਦੀ ਜ਼ਮੀਨ ਹੈ।
ਖਿੜਕੀ ਦੇ ਨਾਲ਼ ਸੈਟੀ ‘ਤੇ ਬੈਠਿਆਂ ਮੈਂ ਮਹਿਸੂਸ ਕੀਤਾ, ਪੰਜਾਬ ਦੇ ਲੋਕਾਂ ਨਾਲ਼ ਕੰਵਲ ਦਾ ਮੋਹ , ਇਕ ਪਲਾਟ ਤਾਂ ਕੀ ਸਵਰਗ ਦੀ ਅਲਾਟਮੈਂਟ ਵੀ ਨਾ ਤੋੜ ਸਕਦੀ।
ਇਥੋਂ ਬਹਿ ਕੇ ਵੇਖਿਆਂ ਕਮਰੇ ਦੇ ਅੰਦਰਲਾ ਦ੍ਰਿਸ਼ ਵੀ ਹੋਰ ਹੋ ਗਿਆ ਸੀ। ਹੁਣ ਸਾਹਮਣੀ ਕੰਧ ਤੁਹਾਨੁੰ ਉਥੋਂ ਬਹਿ ਕੇ ਦਿਸਦੀ ਸੀ ਜਿਥੋਂ ਬਹਿ ਕੇ ਕੰਵਲ ਵੇਖਦਾ ਸੀ। ਸੱਜੇ ਹੱਥ ਮੁਸਕਰਾਊਂਦੀ ਮੋਨਾਲੀਜ਼ਾ ਤੋਂ ਲੈ ਕੇ, ਧੁਰ ਖੱਬੇ, ਹੁਣ ਦਾ ਵਕਤ ਦੱਸਦੇ ਕਲਾਕ ਤੱਕ। ਮੋਨਾਲੀਜ਼ਾ ਦੇ ਨਾਲ, ਵੀਨਸ ਦਾ ਬੁੱਤ ਸੀ ਜਿਹਦੀਆਂ ਟੁਕੀਆਂ ਹੋਈਆਂ ਮੁਹੱਬਤੀ ਬਾਹਾਂ ਤੁਹਾਨੂੰ ਸਮੇਂ ਦੇ ਹਥੋੜੇ ਦੀ ਯਾਦ ਸਾਹਮਣੇ ਲੈ ਜਾਂਦੀਆਂ ਹਨ। ਉਹਦੇ ਨਾਲ ਸੱਠਵਿਆਂ ‘ਚ ਪੈਰ ਧਰਦੇ ‘ਬਣੇ ਠਣੇ’ ਕੰਵਲ ਦੀ ਫੋਟੋ ਹੈ, ਜੀਹਦੀ ਗੰਭੀਰਤਾ ਇਕੋ ਸਮੇਂ ਵੀਨਸ ਤੇ ਮੋਨਾਲੀਜ਼ਾ ਨੁੰ ਇਕ ਟੱਕ ਨਿਹਾਰਦੀ ਲਗਦੀ ਹੈ। ਕੰਵਲ ਦੇ ਐਨ ਨਾਲ, ਥੋੜ੍ਹਾ ਜਿਹਾ ਪਿੱਛੇ ਕਰਕੇ, ਡਾ: ਜਸਵੰਤ ਗਿੱਲ ਦੀ ਫੋਟੋ ਹੈ। ਇਸ ਸਾਰੀ ਰੰਗੀਨੀ ‘ਚ ‘ਬਲੈਕ ਐਂਡ ਵਾੲ੍ਹੀਟ’। ਮੈਂ ਤ੍ਰਭਕਿਆ । ਕਲਾਕ ਖੜ੍ਹਾ ਸੀ। ਡਾ: ਜਸਵੰਤ ਗਿੱਲ ਦੀ ਮੌਤ ਤੋਂ ਬਾਅਦ ਕੰਵਲ ਦੇ ਇਸ ਘਰ ਲਈ ਸਮਾਂ ਖੜ੍ਹ ਗਿਆ ਹੋਇਆ ਸੀ। ਕੋਠੀ ਦੇ ਰੁਕੇ ਹੋਣ ਦੇ ਅਹਿਸਾਸ ਦਾ ਕਾਰਨ ਵੀ ਉਦੋਂ ਸਾਹਮਣੇ ਆ ਗਿਆ, ਜਦੋਂ ਖਿੜਕੀ ਤੇ ਤਣਿਆ ਮਹੀਨ ਚਿੱਟਾ ਪਰਦਾ ਪਰੇ ਕਰਦਿਆਂ ਸੁਮੇਲ ਨੇ ਕੰਵਲ ਨੂੰ ਕਿਹਾ:
-ਓ ਬਾਪੂ ਜੀ ਆਹ ਤੁਸੀਂ ਕਿਵੇਂ ਫਿਕਸ ਜਿਹੇ ਕੀਤੇ ਨੇ ?”-
-ਓ ਮੈਂ ਕਾਹਨੂੰ ਕੀਤੈ ਕੁਸ਼!ਇਹ ਤਾਂ ਉਹਦਾ ਈ……”-ਕੰਵਲ ਨੇ ਗੱਲ ਅਧੂਰੀ ਛੱਡ ਦਿੱਤੀ। ਚੁਪ ਕਰ ਗਿਆ। ਕਮਰੇ ਦੀ ਕੀ ਪੂਰੀ ਕੋਠੀ ਦੀ ਖੜੋਤ ਮੇਰੇ ਸਾਹਮਣੇ ਆ ਖੜ੍ਹੀ ਹੋਈ। ਕੰਵਲ ਦੇ ਅਧੂਰੇ ਛੱਡੇ ਵਾਕ ਵਿਚਲੀ ਅਣਕਹੀ ਗੱਲ ਨੇ ਪੂਰੀ ਬੈਠਕ ਭਰ ਦਿੱਤੀ। ਹੁਣੇ ਹੁਣੇ ਮੇਰੇ ਸਾਹਮਣੇ ਦੁੱਧ ਚਿੱਟੇ ਨੰਗੇ ਸਿਰ ਵਾਲਾ ਅਤੇ ਚਾਦਰਾ ਲਾਈਂ ਬੈਠਾ, ਪੰਜਾਬੀ ਦਾ ਐਡਾ ਚਹੇਤਾ ਨਾਵਲਕਾਰ, ਇਕੋ ਹੌਕੇ ਦੀ ਵਿੱਥ ਨਾਲ ਪ੍ਰੇਮੀ ਬਣ ਗਿਆ। ਉਮਰ ਦੇ ਨੱਬੇਵੇਂ ਵਰ੍ਹੇ ਤੱਕ ਮੁਹੱਬਤ ਨੂੰ ਇਸ ਸ਼ਿੱਦਤ ਨਾਲ, ਨਾਲ ਲਈ ਆਉਣਾ ਕਿਸੇ ਵਿਰਲੇ ਦੇ ਹਿੱਸੇ ਆਉਂਦੈ। ਕੰਵਲ ਸਾਹਮਣੇ ਮੌਤ ਨਹੀਂ, ਪ੍ਰੇਮ ਖੜ੍ਹਾ ਸੀ। ਸਾਲਮ!ਸਾਬਤ ਸਬੂਤਾ!!ਬਾਪੂ ਦੀ ਇਕ ਗੱਲ ਮੇਰੇ ਚੇਤੇ ਆ ਗਈ…
……ਬਾਪੂ ਹਾਸ਼ਮ ਦੀ ਸੱਸੀ, ਕਥਾ ਵਾਚਕਾਂ ਵਾਂਗ ਸੁਣਾਉਂਦਾ। ਮੂੰਗਫਲੀ ਦੀ ਗੁਡਾਈ ਦੋ ਦੋ ਮਹੀਨੇ ਚਲਦੀ। ਕਦੇ ਕਦੇ ਬਾਪੂ ਸੱਸੀ ਦੀ ਕਥਾ ਛੋਹ ਲੈਂਦਾ। ਛੰਦ ਗਾ ਕੇ ਪੜ੍ਹਦਾ। ਥਲ ‘ਚ ਭੁੱਜਦੀ ਸੱਸੀ ਦੇ ਪੈਰਾਂ ਦੇ ਛਾਲੇ, ਗੁਡਾਵਿਆਂ ਦੇ ਪੈਰਾਂ, ਹੱਥਾਂ ‘ਚ ਜਲ੍ਹਾਟ ਹੋਣ ਲਾ ਦਿੰਦੇ। ਵੀਰ ਬਚਨਾ ਤਾਂ ਬਹਿ ਕੇ ਰੋਣ ਲੱਗ ਜਾਂਦਾ। ਮੈਂ ਪੰਜਵੀਂ ‘ਚ ਸੀ ਜਦੋਂ ਬਾਪੂ ਨੂੰ ਪੁਛਿਆ ਸੀ-
-ਓ ਸੱਸੀ ਮੁੜੀ ਕਾਤ੍ਹੇ ਨਾ? ਫੇਰ ਚਲੀ ਜਾਂਦੀ!”-
ਬਾਪੂ ਥੋੜ੍ਹੀ ਦੇਰ ਚੁੱਪ ਰਿਹਾ। ਫੇਰ ਮੇਰੇ ਵੱਲ ਗਹੁ ਨਾਲ ਵੇਖ ਕੇ ਬੋਲਿਆ:
-ਓ ਕੋਈ ਕਹਿੰਦਾ ਮੈਂ ਭਮੱਕੜ(ਪਰਵਾਨਾ) ਆਂ”-
-ਓ ਜਾਹ ਫੇਰ ਦੇਖ ਕੇ ਆ ਪਿੰਡ ‘ਚ ਕਿੰਨੇ ਕੁ ਦੀਵੇ ਜਗਦੇ ਨੇ!”-ਸੁਨਣ ਵਾਲੇ ਨੇ ਕਿਹਾ-
-ਓ ਅਣਗਿਣਤ”-ਉਹਨੇ ਪਿੰਡ ਦਾ ਗੇੜਾ ਦੇ ਕੇ ਐਲਾਨ ਕੀਤਾ। ਸਾਹਮਣੇ ਵਾਲਾ ਹਸਕੇ ਬੋਲਿਆ-
-ਓ ਜੇ ਤੂੰ ਭਮੱਕੜ ਹੁੰਦਾ ਨ੍ਹਾ ਮਿੱਤਰਾ, ਤੈਨੂੰ ਦੂਆ ਦੀਵਾ ਨੀ ਤੀ ਦਿਸਣਾ; ਮੁੜ ਕੇ ਆਉਣਾ ਤਾਂ ਦੂਰ ਦੀ ਗੱਲ ਐ”-
ਗੱਲ ਪੂਰੀ ਕਰਕੇ ਬਾਪੂ ਅਤਿ ਦੀ ਗੰਭੀਰ ਆਵਾਜ਼ ਵਿਚ ਬੋਲਿਆ ਸੀ-
-ਓ ਮੁੜ ਕੇ ਆਉਣ ਵਾਲੀ ਤਾਂ ਦੁਨੀਆਂ ਫਿਰਦੀ ਐ……”
-ਓ ਜਗਿ ਮਹਿ ਉਤਮ ਕਾਢੀ ਅਹਿ ਵਿਰਲੇ ਕੇਈ ਕੇਇ”-
ਮੈਂ ਕੰਵਲ ਵੱਲ ਵੇਖ ਕੇ ਇਹ ਮਹਾਂ ਵਾਕ ਮਨ ਹੀ ਮਨ ਦੁਹਰਾਇਆ। ਕੰਵਲ ਅਸਲੋ ਅਸਲੀ ਪ੍ਰੇਮ ਦੀ ਘਾੜ੍ਹਤ ਐ। ਮਾਲਵੇ ਦੀ ਜ਼ਰਖੇਜ਼ ਮਿੱਟੀ ਦੀ ਘਾੜਤ। ਕੋਈ ਸ਼ੱਕ ਨਹੀਂ, ਕੰਵਲ ਨੇ ਬਹੁਤ ਕੁਝ ਅਪਣੇ ਵਿਚ ਖੁਦ ਵੀ ਸਿਰਜਿਆ ਹੈ ਪਰ ਲੋਕਾਂ ਦੀ ਕਿਰਤ ਅਤੇ ਮਿੱਟੀ ਦੀ ਨਰੋਈ ਤੇ ਨਸ਼ਿਆ ਦੇਣ ਵਾਲੀ ਮਹਿਕ ਉਹਦੇ ਹਰ ਬੋਲ, ਹਰ ਜਜ਼ਬੇ ‘ਤੇ ਛਾਈ ਹੋਈ ਹੈ। ਪਿੰਡ ਦੇ ਸਾਧਾਰਣ ਬੰਦਿਆਂ ਦੇ ਅੰਦਰ ਕੰਵਲ ਦੇ ਅਪਣਾ ਹੋਣ ਦਾ ਅਹਿਸਾਸ, ਉਸ ਪ੍ਰਤੀ ਅਪਣੱਤ ਅਤੇ ਮੋਹ ਦੀ ਭਾਵਨਾ ਬਾਰੇ ਮੈਨੂੰ ਪਹਿਲਾਂ ਵੀ ਪਤਾ ਸੀ। ਕੰਵਲ ਤੋਂ ਅਪਣੀ ਕਿਤਾਬ ‘ਅਮਰਜੋਤ’ ਦਾ ਮੁਖਬੰਦ ਲਿਖਵਾਉਣ ਆਏ ਮੇਰੇ ਗਰਾਈਂ ਬਹਾਦਰ ਸਿੰਘ ‘ਦਿਨਕਰਪਾਲ’ ਨੂੰ ਢੁੱਡੀਕੇ ਦੇ ਕਿਸੇ ਬੰਦੇ ਨੇ ਰੋਸ ਵਜੋਂ ਕਿਹਾ ਸੀ:
-ਓ ਇਹ ਪਹਿਲਾਂ ਚਾਦਰਾ ਲਾਉਂਦਾ ਹੁੰਦਾ ਸੀ। ਆਹ ਦੂਜੀ ਮਿਲੀ ਤੋਂ ਪਜਾਮਾ ਪਾਉਣ ਲੱਗ ਪਿਆ । ਹੁਣ ਜਿੱਦਣ ਦੀ ਉਹ ਘਰ ਪਾਈ ਐ, ਪੈਂਟ ਪਾ ਕੇ ਬਾਹਰ ਨਿਕਲਦੈ। ਦੇਖ ਲੀਂ ਚਾਹੇ, ਓਪਰਾ ਲਗਦੈ”-
ਸਾਹਮਣੇ ਚਾਦਰਾ ਲਾਈਂ ਬੈਠੇ ਕੰਵਲ ਨੂੰ ਵੇਖ ਕੇ ਮੈਂਨੂੰ ਬੰਦੇ ਦੀ ਗੱਲ ਸੱਚੀ ਜਾਪੀ। ਤਿਆਰ ਬਿਆਰ ਬੰਦੇ ਦੇ ਮੁਕਾਬਲੇ ਕੰਵਲ ਹੁਣ ਜ਼ਿਆਦਾ ‘ਅਪਣਾ ਬੁੜ੍ਹਾ’ ਲੱਗ ਰਿਹਾ ਸੀ।

ਓ ਬਾਪੂ ਜੀ ਇਹਨਾਂ ਦੀ ਪਰਿਵਾਰਿਕ ਹਿਸਟਰੀ ਬੜੀ ਦਿਲਚਸਪ ਐ”-ਸੁਮੇਲ ਨੇ ਕੰਵਲ ਵੱਲ ਵੇਖ ਕੇ ਮੇਰੇ ਬਾਰੇ ਕਿਹਾ-ਅਪਣੀ ਬੇਬੇ ਦੇ ਪਹਿਲੀ ਵਾਰ ਘਰ ਆਉਣ ਵਾਲੀ ਗੱਲ ਸੁਣਾਓ-
ਉਹਦਾ ਜ਼ੋਰ ਇਸ ਗੱਲ ‘ਤੇ ਸੀ ਕਿ ਮੈਂ ਅਪਣੇ ਨਾਲ ਸਬੰਧਤ ਗੱਲਾਂ ਦੱਸਾਂ ਤਾਂ ਕਿ ਕੰਵਲ ਮੇਰੇ ਨਾਲ ਸਾਂਝ ਮਹਿਸੂਸ ਕਰ ਸਕੇ।
ਬੇਬੇ ਬਾਪੂ ਦੀਆਂ ਗੱਲਾਂ! ਜਾਣੀ ਪੇਂਡੂ ਜੀਵਨ ਦੀ ਜ਼ਮੀਨ ‘ਚ ਰਚੀ ਸਿਆਣਪ ਅਤੇ ਬੁਲੰਦੀ ਦੀਆਂ ਉਹ ਕਹਾਣੀਆਂ ਜਿਹਨਾਂ ਦੀ ਵਡਿਆਈ ਦਾ ਕੰਵਲ ਕਾਇਲ ਹੈ।

ਬਾਪੂ ਨੂੰ ਰਸਮੀ ਪੜ੍ਹਾਈ ਤਾਂ ਨੀ ਮਿਲੀ, ਪਰ ਵੇਦਾਂਤ ਤੇ ਗੁਰਬਾਣੀ ਦਾ ਮਾਹਿਰ ਆਸ਼ਿਕ ਸੀ। ਭਰਥਰੀ ਹਰੀ ਤੇ ਗੁਰੁ ਨਾਨਕ ਨੂੰ ਸਭ ਤੋਂ ਵੱਡੇ ਵਿਦਵਾਨ ਮੰਨਦਾ ਸੀ”- ਸੁਮੇਲ ਵੱਲੋਂ ਸੁਝਾਈਆਂ ਦੋ ਕੁ ਗੱਲਾਂ ਕਰਕੇ ਮੈਂ ਤੋੜਾ ਝਾੜਿਆ।

ਓ ਵੇਦਾਂਤ ਦਾ ਤਾਂ ਮੈਂ ਵੀ ਕਾਇਲ ਆਂ। ਭਰਥਰੀ ਹਰੀ ਤੇ ਗੁਰੁ ਨਾਨਕ ਦੇ ਨਾਲ ਬੁੱਧ ਨੂੰ ਵੀ ਵੱਡਾ, ਮੌਲਿਕ ਫਿਲਾਸਫਰ ਮੰਨਦਾ ਹਾਂ -ਹਿੰਦੋਸਤਾਨ ਦੇ ਇਤਿਹਾਸ ਦੇ ਸਭ ਤੋਂ ਵੱਡੇ ਬੰਦੇ”। ਕੰਵਲ ਨੇ ਮੇਰੀ ਗੱਲ ਦੀ ਹਾਮੀ ਭਰੀ। ਮੇਰੇ ਵਿਚ ਥੋੜ੍ਹੀ ਹਿੰਮਤ ਆ ਗਈ। ਸ਼ਾਇਦ ਇਸ ਲਈ ਹੀ ਮੈਂ ਸੁਮੇਲ ਦੇ ਚਾਹ ਲੈਣ ਗਏ ਗਏ, ਕੰਵਲ ਦੇ ਨਾਵਲ ‘ਮਿਤਰ ਪਆਰੇ ਨੂੰ’ ਦੇ ਮੁਕਾਬਲਤਨ ਅਣਗੌਲ਼ੇ ਰਹਿ ਜਾਣ ਦੀ ਬੜੀ ਦਲੇਰ ਟਿੱਪਣੀ ਕਰ ਦਿੱਤੀ। ਕੰਵਲ ਨੇ ਨਾ ਬੁਰਾ ਮਨਾਇਆ ਨਾ ਸਹਿਮਤ ਹੋਇਆ। ਬਲਕਿ ‘ਮਿਤਰ ਪਿਆਰੇ ਨੂੰ’ ਦੀ ਇਕ ਹੁਸੀਨ ਪਾਠਕ ਨਾਲ ਸਬੰਧਿਤ, ਅਤਿਅੰਤ ਨਿੱਜੀ ਅਨੁਭਵ ਸਾਂਝਾ ਕਰਨ ਲੱਗ ਪਏ। ਬੰਬਈ ‘ਚ ਵਾਪਰੀ ਇਸ ਘਟਨਾ ਨੂੰ ਕੰਵਲ ਨੇ ਜਿੰਨੀ ਅਤਮੀਅਤਾ ਨਾਲ ਬਿਆਨ ਕੀਤਾ, ਸਮੁਚੇ ਵਰਤਾਰੇ ਨੂੰ ਇਕ ਦਰਸ਼ਕ ਦੀ ਨਜ਼ਰ ਨਾਲ ਦੂਰ ਖੜ੍ਹ ਕੇ ਵੇਖਿਆਂ, ਇਹ ਅਨੁਭਵ ਮੇਰੀ ਜ਼ਿੰਦਗੀ ਦੇ ਚੋਣਵੇਂ ਅਨੁਭਵਾਂ ਵਿਚੋਂ ਇਕ ਹੋ ਗਿਆ। ਅਗਲੇ ਬੰਦੇ(ਇਸ ਕੇਸ ਵਿਚ ਨੌਂਜੁਆਨ ਔਰਤ)ਦੀਆਂ ਭਾਵਨਾਵਾਂ ਨੂੰ ਕਿਵੇਂ ਸਤਿਕਾਰ ਦੇਣਾ ਹੈ, ਭਾਵਨਾਵਾਂ ਦੀ ਪਵਿਤਰ ਝੀਲ ਨੂੰ ਚਿੱਕੜ ਬਣਨੋਂ ਕਿਵੇਂ ਬਚਾਉਣਾ ਹੈ, ਕੰਵਲ ਨੇ ਦਰਸਾਇਆ। ਸ਼ਰਮਿੰਦਾ ਮਹਿਸੂਸ ਕਰਵਾਏ ਬਿਨਾ, ਉਚਾਈ ਤੱਕ ਉਭਾਰ ਲੈਣਾ ਕੰਵਲ ਦੀ ਹੁਣ ਵੀ ਵਡਿਆਈ ਹੈ। ਮੈਂ ਜਿਥੇ ਬੈਠਾ ਸੀ, ਮੈਨੂੰ ਕੰਵਲ ਤੇ ਡਾ: ਗਿੱਲ ਦੇ ਫੋਟੋ ਇਕੱਠੇ, ਇਕ ਦੂਜੇ ਦੇ ਨਾਲ ਸਟੇ ਹੋਏ ਨਜ਼ਰ ਆ ਰਹੇ ਸੀ। ਇਕ ਵੀ ਝੁਰੜੀ ਤੋਂ ਬਿਨਾ, ਕੰਵਲ ਦੇ ਬਜ਼ੁਰਗ ਚਿਹਰੇ ‘ਤੇ ਫੈਲੀ ਮੁਹੱਬਤ ਮੇਰੇ ਅੰਦਰ ਉਤਰ ਰਹੀ ਸੀ।
ਕੰਵਲ ਦੀ ਜ਼ਿੰਦਗੀ ‘ਚ ਪੈਦਾ ਹੋਏ ਖ਼ਲਾਅ ਨੇ ਮੈਨੂੰ ਅਪਣੀ ਠਹਿਰ ਦੌਰਾਨ ਦੋ ਵਾਰ ਝੰਜੋੜਿਆ। ਪਹਿਲੀ ਵਾਰ ਸ਼ਾਮੀ, ਜਦੋਂ ਮੈਂ ਬੈਠਕ ‘ਚੋਂ ਉੱਠ, ਅੰਦਰਲੇ ਕਮਰੇ ਵਿਚ ਗਿਆ। ਕੰਵਲ ਨੇ ਜਿਹੜੀ ਪੈਂਟ ਬਦਲ ਕੇ ਚਾਦਰ ਲਾਈ ਸੀ, ਉਹ ਬੜੇ ਸਲੀਕੇ ਨਾਲ ਤਹਿ ਕਰਕੇ ਮੰਜੇ ‘ਤੇ ਰੱਖੀ ਹੋਈ ਸੀ, ਟਿਕਾਣੇ ਸਿਰ। ਦੂਜੀ ਵਾਰ ਇਹ ਅਹਿਸਾਸ ਮੈਨੂੰ ਉਦੋਂ ਹੋਇਆ ਜਦੋਂ ਵਾਪਸੀ ਵੇਲੇ ਮੈਂ ਚੱਪਲ ਖੋਲ੍ਹਣ ਅੰਦਰ ਗਿਆ। ਚੱਪਲ ਰੱਖਣ ਲਈ ਥਾਂ ਦੀ ਭਾਲ ਵਿਚ ਨਿਗਾ੍ਹ ਮਾਰੀ । ਸ਼ੀਸ਼ੇ ਵਾਲੀ ਅਲਮਾਰੀ ਦੇ ਹੇਠ ਬਣੇ ਖਾਨੇ ‘ਚ ਜੁੱਤੀਆਂ ਸਜੀਆਂ ਦਿਸੀਆਂ। ਕੰਵਲ ਨੇ ਹਰ ਚੀਜ਼ ਟਿਕਾਣੇ ਸਿਰ ਰੱਖੀ ਹੋਈ ਸੀ। ਡਾ: ਗਿੱਲ ਦੀ ਗੈLਰ ਹਾਜ਼ਰੀ ‘ਚ ਟੋਹ ਟੋਹ ਕੇ ਤੁਰਦੇ ਕੰਵਲ ਵਾਸਤੇ ਹਨੇਰਾ ਮੇਰੀਆਂ ਅੱਖਾਂ ‘ਚ ਭਰ ਆਇਆ……
…… ਪਰ ਪਿਆਰ ਵਿਚ ਮੋਏ ਬੰਦਿਆਂ ਦੀ ਕਹਾਣੀ ‘ਮਿੱਤਰ ਪਿਆਰੇ ਨੂੰ’ ਤਾਂ ਕੰਵਲ ਬਹੁਤ ਪਹਿਲਾਂ ਲਿਖ ਚੁੱਕਿਆ ਸੀ। ਮੈਂ ਇਸ ਨਾਵਲ ਦੇ ਮੇਰੇ ਤੱਕ ਪਹੁੰਚਣ ਦੀ ਘਟਨਾ ਕੰਵਲ ਨਾਲ ਸਾਂਝੀ ਕੀਤੀ। ਜਦੋਂ ਮੈਂ ਪ੍ਰੀ-ਯੂਨੀਵਰਸਿਟੀ ਵਿਚ, ਕਾਲਜ ਵਿਚ ਪੜ੍ਹਦਾ ਸੀ, ਮੈਨੂੰ ਮੇਰੀ ਇਕ ਸਕੂਲ ਅਧਿਆਪਿਕਾ ਦਾ ਸੁਨੇਹਾ ਮਿਲਿਆ। ਉਹਦਾ ਵਿਆਹ ਸੀ। ਮੈਂ ਥੋੜ੍ਹਾ ਹੈਰਾਨ ਹੋਇਆ। ਸਕੂਲ ਪੜ੍ਹਨ ਸਮੇ ਮੇਰੀ ਉਹਨਾ ਨਾਲ ਬਹੁਤੀ ਸਾਂਝ ਨਹੀ ਸੀ। ਉਹਨਾ ਕੋਲ਼ ਪੜ੍ਹਿਆ ਵੀ ਸ਼ਾਇਦ ਹੀ ਹੋਵਾਂ। ਗਿਆ, ਤਾਂ ਭੈਣ ਜੀ ਬੜੇ ਅਪਣਿਆਂ ਵਾਂਗ ਮਿਲੇ। ਤੁਰਨ ਵੇਲੇ, ਜਾਣ-ਬੁਝ ਕੇ ਪੈਦਾ ਕੀਤੀ ਇਕੱਲ ਵਿਚ ਭੈਣ ਜੀ ਨੇ, ਰੁਮਾਲੇ ‘ਚ ਲਪੇਟੀਆਂ ਦੋ ਕਿਤਾਬਾਂ ਮੈਨੂੰ ਫੜਾਉਂਦਿਆਂ ਕਿਹਾ:
-ਆਹ ਮੇਰੀ ਅਮਾਨਤ ਤੇਰੇ ਕੋਲ਼ ਰਹੂਗੀ”-
ਮੈਂ ਘਰ ਆ ਕੇ ਰੁਮਾਲਾ ਖੋਲਿ੍ਹਆ ਤਾਂ ਵੱਡੇ ਆਕਾਰ ‘ਚ ਸਚਿੱਤਰ ‘ਗੁਰੂ ਗੋਬਿੰਦ ਸਿੰਘ ਮਾਰਗ’ ਸੀ ਤੇ ਦੂਜਾ ‘ਮਿੱਤਰ ਪਿਆਰੇ ਨੂੰ’। ਭੈਣ ਜੀ ਦੇ ਦੋ ਜਨਮ ਦਿਨਾਂ ‘ਤੇ ਕਿਸੇ ਮਿੱਤਰ ਪਿਆਰੇ ਵੱਲੋਂ ਭੇਂਟ ਕੀਤੇ ਤੋਹਫੇ!ਮੇਰੇ ਯਾਦ ਐ, ਕਿਤਾਬਾਂ ਵੇਖ ਕੇ, ਉਸ ਅਣਜਾਣ ਮੁੰਡੇ ਦੇ ਘੁੰਡੀਆਂ ਬਣਾ ਬਣਾ ਲਿਖੇ ਹਰਫ਼ਾਂ ‘ਚ ਛੁਪੇ ਮੋਹ ਦੀਆਂ ਗੰਢਾਂ ਖੋਲ੍ਹਦਾ ਮੈਂ ਰੋ ਪਿਆ ਸਾਂ। ਸ਼ਾਇਦ ਇਹ ਨਾਵਲ ਪਹਿਲੀ ਤੇ ਆਖਰੀ ਪੁਸਤਕ ਹੋਵੇ ਜਿਹੜੀ ਮੈਂ ਪਾਠ ਕਰਨ ਵਾiਲ਼ਆਂ ਵਾਂਗ ਰੁਮਾਲੇ ‘ਤੇ ਰੱਖ ਕੇ ਹੀ ਪੜ੍ਹੀ ਸੀ, ਇਕ ਤੋਂ ਵੱਧ ਵਾਰ।
ਪਰ ਗੱਲਾਂ ਦੋਵੇਂ ਨੀ ਕਰ ਸਕਿਆ। ਨਾ ਵਿਆਹ ਗਿਆ , ਨਾ ਅਮਾਨਤ ਸਾਂਭ ਕੇ ਰੱਖ ਸਕਿਆ। ਵਿਆਹ ਜਾਣ ਨੂਂੰ ਤਾਂ ਰੂਹ ਨੀ ਸੀ ਮੰਨੀ। ਅਪਣੀ ਕਿਤਾਬਾਂ ਵਾਲੀ ਅਲਮਾਰੀ ‘ਚ, ਰੁਮਾਲੇ ‘ਚ ਲਪੇਟੀਆਂ ਉਹ ਦੋਵੇਂ ਕਿਤਾਬਾਂ ਮੈਨੂੰ ਬੇਚੈਨ ਕਰਦੀਆਂ ਰਹੀਆਂ। ਅਖਿਰਕਾਰ, ਦੋ ਕੁ ਸਾਲ ਬਾਅਦ ਮੈਂ , ਫਤਹਿਗੜ੍ਹ ਸਹਿਬ ਦੇ ਜੋੜ ਮੇਲੇ ‘ਤੇ ਪੈਦਲ ਗਿਆ। । ਰਾਹ ‘ਚ ਭਾਖੜਾ ਮੇਨ ਕੈਨਾਲ ‘ਚ ਦੋਵੇਂ ਕਿਤਾਬਾਂ, ਕੁਝ ਹੰਝੂਆਂ ਅਤੇ ਰੁਮਾਲੇ ਸਮੇਤ ਜਲ ਪ੍ਰਵਾਹ ਕਰ ਦਿਤੀਆਂ। ਹੁਣ ਵੀ ਮੈਂ ਜਿੰਨੀ ਵਾਰ ਉਹ ਨਹਿਰ ਪਾਰ ਕਰਾਂ, ਮੇਰਾ ਮਨ ਉਦਾਸ ਹੋ ਜਾਂਦੈ। ਨਹਿਰ ‘ਚ ਦੂਰ ਹੇਠ ਤੱਕ, ਨੀਲੇ ਪਾਣੀ ਦੇ ਵਹਾਅ ਰੁਖ ਜਾਂਦੀਆਂ ਕਿਤਾਬਾਂ ਦਿਸਦੀਆਂ ਹਨ ਤੇ ਹੋਰ ਹੇਠ ਕਿਤੇ ਅਟਕੀ ਪਈ ਬਹਾਦਰ ਸਿੰਘ ‘ਦਿਨਕਰਪਾਲ’ ਦੀ ਲਾਸ਼ ਦਿਸਦੀ ਹੈ। ਲੋਕ ਇਸ ਨਹਿਰ ‘ਚ ਪੈਸੇ, ਪੰਜੀਆਂ- ਦਸੀਆਂ ਸੁੱਟਦੇ ਨੇ, ਮੈਂ ਅਪਣਾ ਇਕ ਮੁਹੱਬਤੀ ਵੀਰ ਤੇ ਇਕ ਪਾਕ ਮੁਹੱਬਤ ਦੀ ਗਵਾਹੀ ਇਹਨਾਂ ਬਲੌਰੀ ਪਾਣੀਆਂ ਨੂੰ ਭੇਟ ਕੀਤੇ ਨੇ। । ਕਹਿੰਦੇ ਨੇ ਉਹਨੇ ਇਸੇ ਨਹਿਰ ‘ਚ ਛਾਲ਼ ਮਾਰ ਕੇ ਆਤਮਹੱਤਿਆ ਕੀਤੀ ਸੀ। ਬਹਾਦਰ ਸਿੰਘ ਦਿਨਕਰਪਾਲ ਉਹ ਸ਼ਖਸ ਸੀ ਜੀਹਨੇ ਮੈਨੂੰ ਸਾਹਿਤ ਨਾ ਸਿਰਫ ਸਮਝਣਾ ਸਿਖਾਇਆ, ਲੋਕ-ਪੱਖੀ ਜ਼ਮੀਨ ਤੇ ਸਾਹਿਤ ਦੀ ਸਾਰਥਿਕਤਾ ਦਾ ਪਾਠ ਵੀ ਪੜ੍ਹਾਇਆ। ਉਹਦੇ ਪਹਿਲੇ ਸ਼ਬਦ ਸਨ-ਓਕੰਵਲ ਪੜ੍ਹ। ਪੂਰਨਮਾਸ਼ੀ ਤੈਨੂੰ ਮਿੱਤਰ- ਪਿਆਰਿਆਂ ਦੀ ਪਛਾਣ ਕਰਾਵੇਗੀ ਤੇ ਰਾਤ ਬਾਕੀ ਹੈ, ਪੰਜਾਬ ਦੇ ਵਿਦਰੋਹੀ ਖਾਸੇ ਦੀ”। ਪਰ ਜਿਹੜੀ ਗੱਲ ਬਹਾਦਰ ਨੇ ਮੈਨੂੰ ਉਦੋਂ ਨਹੀਂ ਦੱਸੀ ਉਹ ਇਹ ਸੀ ਕਿ ਰਾਤ ਬਾਕੀ ਹੈ ਨੇ ਉਸ ਨੂੰ ਐਨਾ ਪ੍ਰਭਾਵਤ ਕੀਤਾ ਸੀ ਕਿ ਨਕਸਲਬਾੜੀ ਯੋਧਿਆਂ ਨਾਲ ਉਹਦੀ ਹਮਦਰਦੀ ਸ਼ਹੀਦ ਤਰਸੇਮ ਬਾਵੇ ਨੂੰ ਅਪਣੇ ਘਰ ਰਾਤਾਂ ਕਟਵਾਉਣ ਤੱਕ ਚਲੀ ਗਈ ਸੀ-
-ਓ ਨਕਸਲਬਾੜੀਆ ਤਾਂ ਨੀ ਬਣਿਆ, ਪਰ ਓਦੋਂ ਬਾਅਦ ਕਮਿਊਨਿਸਟ ਸਦਾ ਲਈ ਹੋ ਗਿਆ”। – ਬਹਾਦਰ ਨੇ ਇਕ ਵਾਰੀ ਦੱਸਿਆ ਸੀ-ਓਧੁਰ ਅੰਦਰੋਂ”।
ਬਹਾਦਰ ਉਹਨਾ ਸੱਚੀਆਂ ਰੂਹਾਂ ‘ਚੋਂ ਸੀ ਜਿਹੜੀਆਂ ‘ਸੋਵੀਅਤ ਯੂਨੀਅਨ’ ਦੇ ਮਲਬੇ ਹੇਠੋਂ ਮੁੜ ਕਦੇ ਅਪਣੇ ਆਪ ਨੂੰ ਕੱਢ ਨੀ ਸਕੀਆਂ। ਬਹਾਦਰ ਬਹੁਤ ਵੱਡਾ ਬੰਦਾ ਸੀ। ਪਰ ਦੁਨੀਆਦਾਰੀ ਉਹਨੂੰ ਅਪਣੇ ਮੀਟਰ ਨਾਲ ਮਾਪਦੀ ਰਹੀ। ਅੰਤਲੇ ਦਿਨੀਂ ਤਾਂ ਉਹ ਸ਼ਰਾਬ ਬਹੁਤੀ ਪੀਣ ਲੱਗ ਪਿਆ ਸੀ। ਲੋਕ ਗੱਲਾਂ ਕਰਦੇ ‘ਸਿਆਣੇ ਬਿਆਣੇ ਬੰਦੇ ਨੂੰ ਕੀ ਮਾਰ ਵਗੀ ਐ’।
ਮੈਂ ਅਪਣੇ ਆਪ ਨੂੰ ਕਹਿੰਦਾ-‘ਸਾਹਿਤ ਬੰਦੇ ਨੂੰ ਕਿੰਨਾ ਸੰਵੇਦਨਸ਼ੀਲ ਬਣਾ ਸਕਦੈ!’
ਜਮਾ ਅੰਤਲੇ ਦਿਨਾਂ ਵਿਚ ਤਾਂ ਬਹਾਦਰ ਨੇ ਸਮਝ ਵੀ ਗੁਆ ਲਈ ਸੀ। ਹੱਥ ‘ਚ ਬੋਤਲ, ਗਲ਼ ‘ਚ ਕੈਮਰਾ। ਨੱਕ ਤੋਂ ਥੋੜ੍ਹਾ ਹੇਠ ਤੱਕ ਢਿਲਕ ਆਈ ਸ਼ਾਹ ਕਾਲੀ ਐਨਕ ਦੇ ਉਪਰੋਂ ਅਗਲੇ ਵੱਲ ਸਿੱਧਾ ਝਾਕਦੀਆਂ ਲਾਲ ਗੇਰੂ ਵਰਗੀਆਂ ਅੱਖਾਂ; ਦੇਖਣ ਵਾਲੇ ਨੂੰ ਭੈਅ ਆਉਂਦਾ। ਇਸ ਭੈਅ ‘ਚ ਹੀ ਉਹਦੇ ਬੋਲ ਮੇਰੇ ਅੰਦਰ ਮੋਹ ਤੇ ਮਾਣ ਦੀ ਅੱਗ ਬਾਲਦੇ। ਸ਼ਰਾਬੀ ਹੋਇਆ ਬਹਾਦਰ ਅੱਜ ਵੀ ਮੇਰੇ ਅੰਦਰ ਬੋਲਦਾ ਹੈ:
-ਓ ਛੋਟੇ ਵੀਰ ਤੈਨੂੰ ਨੀ ਪਤਾ ਬੂਥਗੜ੍ਹ ਕਿਹੜੀ ਲੜਾਈ ਲੜ ਰਿਹੈ”। –
ਮੰਜੇ ‘ਤੇ ਨੀਮ ਬੇਹੋਸ਼ ਪਿਆ ਬਹਾਦਰ ਐਂ ਹੱਥ ਫੈਲਾਉਂਦਾ ਕਿ ਉਹਦੇ ਅੰਦਰਲਾ ਬੂਥਗੜ੍ਹ ਫੈਲ ਕੇ ਬਹਿ੍ਰਮੰਡ ਬਣ ਜਾਂਦਾ। ਬਹਾਦਰ ਦੀਆ ਅੱਖਾਂ ‘ਚੋਂ ਤਿੱਪ ਤਿੱਪ ਸਿੰਮਦੀ ਬੇ-ਵਸੀ ਤੁਹਾਨੂੰ ਦੱਸਦੀ ਸੀ; ਲੜ ਬੂਥਗੜ੍ਹ ਰਿਹਾ ਸੀ, ਹਾਰ ਬਹਾਦਰ ਰਿਹਾ ਸੀ।
ਬਹਾਦਰ ਨੂੰ ਬਹੁਤਾ ਨੇੜਿਓਂ ਜਾਨਣ ਵਾਲੇ ਜਾਣਦੇ ਨੇ, ਮੰਜੇ ‘ਤੇ ਡਿਗਿਆ ਪਿਆ ਬਹਾਦਰ, ਬੂਥਗੜ੍ਹ ਨਹੀਂ ਸੀ; ਇਹ ਤਾਂ ਢਹਿ ਢੇਰੀ ਹੋਇਆ ਸੋਵੀਅਤ ਯੂਨੀਅਨ ਸੀ। ਬਹਾਦਰ ਉਹਨਾ ‘ਚੋਂ ਸੀ ਜਿਹੜੇ ਇਸ ਵੱਡੇ ਸੁਪਨੇ ਦੇ ਨਾਲ ਹੀ ਟੁੱਟ ਗਏ ਸਨ। ਹੁਣ ਵੀ ਕਦੇ ਕਦੇ ਉਹਦੇ ਕੀਰਨੇ ਵਰਗੇ ਬੋਲ ਮੇਰੇ ਯਾਦ ਆਉਂਦੇ ਨੇ – ਓ ਮੇਰਾ ਸਿਖਰੋਂ ਚੁਬਾਰਾ ਢਹਿ ਗਿਆ ਮੈਂ ਕਾਹਦਾ ਕਰਾਂ ਘੁਮੰਡ”……
-ਓ ਖਬਰੈ ਕੋੜ੍ਹੀ ਨੂੰ ਕੀ ਬੁਰਾ ਦਿਖਾਈ ਦੇ ਗਿਆ!” ਸਿਆਣੇ ਕਹਿੰਦੇ।
‘ਰਾਤ ਬਾਕੀ ਹੈ-ਤੋਂ ਤੁਰਿਆ ਬਹਾਦਰ ਕਿੱਥੇ ਪਹੁੰਚ ਗਿਆ, ਮੈਂ ਸੋਚਦਾਂ’………
…ਓ ਹੋ, ਕਿਹੜੇ ਵਹਿਣੀ ਵਹਿ ਗਿਆ ਮੈਂ ਵੀ… ‘ਮਿੱਤਰ ਪਿਆਰੇ ਨੂੰ ਦੀ ਗੱਲ ਚੱਲ ਰਹੀ ਸੀ……
…’ਮਿੱਤਰ ਪਿਅਰੇ ਨੂੰ’ ਨਾਲ ਸਬੰਧਿਤ ‘, ਨਿਰਾ ਪਿਆਰ’ ਸੁਮੇਲ ਅੰਦਰਲੇ ਕਾਮਰੇਡ ‘ਚ ਠਾਹ ਵੱਜਿਆ । ਨਾਵਲ ਦੇ ਸਮਾਜਿਕ ਸਰੋਕਾਰਾਂ ਬਾਰੇ ਗੰਭੀਰ ਚਰਚਾ ਛੇੜ ਕੇ ਬੈਠ ਗਿਆ। ਮੈਂ ਨਾਵਲ ਦੇ ਹੱਕ ‘ਚ। ਆਖਿਰਕਾਰ ਕੰਵਲ ਨੇ ਗੱਲ ਨਿਬੇੜੀ-
-ਓ ਠੀਕ ਐ ਸੁਮੇਲ ਦੀ ਗੱਲ ਵੀ!ਕੁਝ ਕਿਰਤਾਂ ਜਜ਼ਬਾ ਪੈਦਾ ਕਰਨ ਵਾਲੀਆਂ ਨੇ। ਸਿਰਫ਼ ਬਹੁਤ ਉੱਚੀ ਸਮਾਜਿਕ ਚੇਤਨਾ ਉਹਨਾਂ ਦਾ ਇਕਮਾਤਰ ਉਦੇਸ਼ ਨਹੀਂ। ਜਜ਼ਬੇ ਦੀ ਅਹਿਮੀਅਤ ਚੇਤਨਾ ਤੋਂ ਪਹਿਲਾਂ ਤੇ ਬਹੁਤ ਐ”-
ਕੰਵਲ ਨੇ ਸਮਾਜਿਕ ਤਬਦੀਲੀ ਲਈ ਬੁਨਿਆਦੀ ਲੋੜ ਵਜੋਂ ਜਜ਼ਬੇ ਦੀ ਗੱਲ ਕੀਤੀ। ਸਮਾਜਿਕ ਚੇਤਨਾ ਦੇ ਪੂੰਗਰਨ ਲਈ ਜਜ਼ਬਾ ਜਿਹੜੀ ਜ਼ਮੀਨ ਤਿਆਰ ਕਰਦੈ ਤੇ ਉਹਦੇ ‘ਚੋਂ ਸਮਾਜ ਦੇ ਵਡੇਰੇ ਹਿਤਾਂ ਲਈ ਪੈਦਾ ਹੋਣ ਵਾਲੀ ਸਮਝਦਾਰੀ ਦੇ ਮਹੱਤਵ ਤੇ ਕੰਵਲ ਨੇ ਨਿੱਠ ਕੇ ਆਪਣਾ ਪੱਖ ਰੱਖਿਆ। ਪੇਂਡੂ ਸੱਭਿਆਚਾਰ ਵਿਚੋਂ, ਜਜ਼ਬਾ ਪੈਦਾ ਕਰਕੇ ਚੇਤਨਾ ਦੇ ਪੱਧਰ ਤੱਕ ਲਿਜਾਣ ਦੀ ਸੰਭਾਵਨਾ ਤੇ ਇਸ ਵਿਚ ਭਟਕ ਜਾਣ ਦੇ ਖਦਸ਼ਿਆਂ ਬਾਰੇ ਕੰਵਲ ਦੀ ਸੋਚ ਬੜੀ ਸਾਫ਼ ਹੈ।
ਮੈਂ ਤੇ ਸੁਮੇਲ ਨੇ ‘ਕੱਠਿਆਂ ਕੰਵਲ ਵੱਲ ਵੇਖਿਆ। ਕੰਵਲ ਸਹਿਜ ਭਾਅ ਹੀ ਅਪਣੀਆਂ ਲਿਖਤਾਂ ‘ਤੇ ਲਗਦੇ ਦੋਸ਼ਾਂ ਦਾ ਉਚਿਤ ਉਤਰ ਦੇ ਗਿਆ ਸੀ। ਆਪਣੀ ਰਚਨਾ ਦੀ ਸਾਰਥਿਕਤਾ ਅਤੇ ਸੀਮਾਵਾਂ ਬਾਰੇ ਖੁਲ੍ਹੇ ਦਿਲ ਨਾਲ ਕਬੂਲ ਕਰ ਰਿਹਾ ਸੀ। ਕੰਵਲ, ਜਿਥੋਂ ਤੱਕ ਮੈਂ ਸਮਝ ਸਕਿਆਂ ਹਾਂ, ਸਫਾਈਆਂ ਦੇਣ ਦਾ ਆਦੀ ਨਹੀਂ। ਪਰ ਉਹ ਮਿਹਣੇ ਵੀ ਨਹੀ ਦਿੰਦਾ। ਨਹੀਂ ਤਾਂ ਚਲਦੀ ਗੱਲ ਨੇ ਉਹਦੇ ਹੱਥ ਇਕ ਹਥਿਆਰ ਫੜਾ ਦਿੱਤਾ ਸੀ ਜਿਹੜਾ ਉਹ ਮੇਰੇ ਰਾਹੀਂ, ਪਾਠਕਾਂ ਦੀ ਘਾਟ ਦਾ ਰੌਲ਼ਾ ਕਰਨ ਵਾਲੇ ਲੇਖਕਾਂ ‘ਤੇ ਵਾਹ ਸਕਦਾ ਸੀ ਤੇ ਮੈਨੂੰ ਪੁਛ ਸਕਦਾ ਸੀ, – ‘ਕਿਥੇ ਐ ਪਠਕਾਂ ਦੀ ਉਹ ਫੌਜ ਜਿਸ ‘ਚ ਮੈਂ ਸਾਹਿਤ ਪੜ੍ਹਨ ਅਤੇ ਪੜ੍ਹਕੇ ਸਿੱਖਣ ਦਾ ਅਥਾਹ ਜਜ਼ਬਾ ਪੈਦਾ ਕਰਕੇ ਤੁਹਾਨੂੰ ਸੌਂਪੀ ਸੀ?’-
ਕੰਵਲ ਨੇ ਅਜਿਹਾ ਕੁਝ ਨਹੀਂ ਕਿਹਾ। ਪਰ ਮੈਂ ਅਪਣੇ ਅੰਦਰ ਝਾਤੀ ਮਾਰੀ। ਸਾਹਿਤ ਸਭਾਵਾਂ, ਗੋਸ਼ਟੀਆਂ ਜਾਂ ਲੇਖਕਾਂ, ਅਲੋਚਕਾਂ ਦੀ ਨਿੱਜੀ ਗੱਲਬਾਤ ਵੇਲੇ ਪਾਠਕਾਂ ਦੀ ਘਾਟ ਦਾ ਮੁੱਦਾ ਆਮ ਤੌਰ ‘ਤੇ ਉਠ ਖੜ੍ਹਦਾ ਹੈ। ਦੋ ਸੌਖੇ ਸ਼ਿਕਾਰ ਅਸੀਂ ਪਿਛਲੇ ਵੀਹ ਸਾਲਾਂ ਵਿਚ ਬੜੀ ਮਿਹਨਤ ਨਾਲ ਲੱਭ ਲਏ ਹੋਏ ਹਨ। ਟੀ.ਵੀ. ਅਤੇ ਪੰਜਾਬੀਆਂ ਦੀ ਖਪਤ ਸੱਭਿਆਚਾਰ ਵਾਲੀ ਪਹੁੰਚ। ਸਵਾਲ ਉਲਟਾ ਕੇ ਪੁੱਛਿਆ ਜਾਣਾ ਬਣਦਾ ਹੈ: ‘ਪਾਠਕਾਂ ਨੂੰ ਤਾਂ ਅਸੀਂ ਰੜਕਦੇ ਹੀ ਨਹੀਂ, ਨਾ ਘੱਟ ਨਾ ਵੱਧ!’ ਕੰਵਲ ਦੇ ਅੱਜ ਵੀ ਨਿੱਗਰ ਪਾਠਕ ਮੌਜੂਦ ਹਨ। ਬੱਸ ਅਸੀਂ ਹੀ ਸ਼ਾਇਦ ਪਾਠਕਾਂ ਤੋਂ ਬਹੁਤ ‘ਅਗਾਂਹ’ ਲੰਘ ਆਏ ਹਾਂ।
ਮੈਂ ਕੰਵਲ ਦੇ ਇਕ ਪਾਠਕ ਦਾ ਸੁਨੇਹਾ ਉਸ ਤੱਕ ਪੁੱਜਦਾ ਕੀਤਾ। ਸੁਮੇਲ, ਕੰਵਲ ਦਾ ਦੋਹਤਾ ਮੇਰੇ ਕੋਲ਼ ਆਇਆ ਸੁਣਕੇ, ਮੇਰੇ ਭਤੀਜੇ ਰਾਮ ਸਿੰਘ ਦੇ ਮਿੱਤਰ ਉਸ ਨੂੰ ਮਿਲਣ ਆਏ। ਸਾਰੇ ਦੇ ਸਾਰੇ ਭਲਵਾਨ, ਬਾਡੀ- ਬਿਲਡਰ ਜਾਂ ਵੇਟ-ਲਿਫਟਰ। ਉਹ ਨਸਲ ਜਿਹਦੇ ਬਾਰੇ ਅਸੀਂ ਮੰਨੀ ਹੀ ਬੈਠੇ ਹਾਂ ਕਿ ਉਸਦਾ ਕਿਤਾਬਾਂ, ਸਾਹਿਤ ਜਾਂ ਸੂਖ਼ਮਤਾ ਨਾਲ ਕੋਈ ਵਾਸਤਾ ਨਹੀਂ।
-ਓ ਮੈਂ ਕੰਵਲ ਦੇ ਬਹੁਤੇ ਨਾਵਲ ਪੜ੍ਹੇ ਹੋਏ ਨੇ, ਖਰੀਦ ਕੇ”-ਇਕ ਨੇ ਕਿਹਾ।
ਗੱਲ ਤੁਰੀ ਤਾਂ ‘ਬਾਡੀਆਂ’ ਹੇਠ ‘ਬਿਲਡ’ ਹੋਏ ਗੰਭੀਰ ਪਾਠਕ ਉਭਰ ਆਏ।
ਇਕ ਹੋਰ ਨੇ ਤੋੜਾ ਝਾੜਿਆ-ਓਜਗਰਾਮਾਂ ਲੰਘਦੀ ਸਾਰ ਨਾ ਜੀ, ਜਾਣੀਦੀ ਜੀਅ ਲੱਗ ਜਾਂਦੈ। ਸਾਰੇ ਪਾਸੇ ਕੰਵਲ ਦੇ ਪਾਤਰ ਤੁਰੇ ਫਿਰਦੇ ਦੀਂਹਦੇ ਐ। ਪਹੀਆਂ, ਪੁਲੀਆਂ ਦੀ ਸਿਆਣ ਆਉਣ ਲੱਗ ਜਾਂਦੀ ਹੈ। ਅਲਾਕਾ ਅਪਣਾ ਅਪਣਾ ਲਗਦੈ। ਪਤੰਦਰ ਨੇ ਐਨ ਫੋਟੋਆਂ ਲਾਹੀਆਂ ਪਈਐਂ। ਸਭ ਕੁਝ ਨਾਪਿਆ ਪਿਐ, ਚਾਹੇ ਦੂਰੀ ਮਿਣ ਲੈ”-
ਕੰਵਲ ਮੁਸਕਰਾਇਆ। ਮੈਂ ਜਦੋਂ ਦਾ ਗਿਆ ਸੀ ਪਹਿਲੀ ਵਾਰ ਕੰਵਲ ਕਿਸੇ ਉਸਤਤ ਨੂੰ ਮਾਣਦਾ ਦਿਸਿਆ। ਮੈਂ ਬਾਅਦ ‘ਚ ਵੀ ਇਹ ਗੱਲ ਨੋਟ ਕੀਤੀ। ਕੰਵਲ ਸਧਾਰਣ ਬੰਦੇ ਦੀ ਗੱਲ ਹਮੇਸ਼ਾ ਧਿਆਨ ਨਾਲ ਸੁਣਦੈ। ਪੇਂਡੂ ਜੀਵਨ ਦਾ ਮੁਹਾਵਰਾ ਤੇ ਕਣੀ ਉਹਦੀ ਸਖਸ਼ੀਅਤ ਦੀ ਜਾਨ ਹੈ। ਸੁਮੇਲ ਸਿੱਧੂ ਅਪਣੇ ਇਕ ਪਰਚੇ ਵਿਚ ਕੰਵਲ ਨੂੰ ਅਪਣੇ ਲੋਕਾਂ ਵਿਚ ਸਮੇਂ ਹੱਥੋਂ ਘਿਰ ਗਿਆ ਹੋਇਆ ਦੱਸਦਾ ਹੈ। ਪਰ ਮੈਨੂੰ ਲਗਦੈ, ਕੰਵਲ ਘਿਰ ਨੀ ਗਿਆ ਹੋਇਆ ਬਲਕਿ ਉਸ ਚੱਕਰਵਿਊ ਦਾ ਕੋਈ ਸਿਰਾ ਉਸ ਦੀ ਸਮਝ ਦੇ ਹੱਥ ਨਹੀਂ ਆ ਰਿਹਾ ਜਿਸ ਵਿਚ ਕੰਵਲ ਦੇ ਅਪਣੇ ਲੋਕ ਘਿਰ ਗਏ ਹੋਏ ਨੇ। ਕੰਵਲ ਤਾਂ ਇਹ ਲੱਭਣ ਦੀ ਕੋਸ਼ਿਸ਼ ਕਰਦਾ ਅੱਕਲਕਾਣ ਹੋਇਆ ਪਿਐ ਕਿ ਉਹ ਇਸ ਚੱਕਰਵਿਊ ਨੂੰ ਤੋੜਨ ਦਾ ਪਾਠ ਪੜ੍ਹਦਾ ਕਿਹੜੀ ਘੜੀ ਅਵੇਸਲਾ ਹੋ ਗਿਆ ਸੀ। ਮੈਂਨੂੰ ਲੁਧਿਆਣੇ ਦਾ ਰੱਖ ਬਾਗ ਦਿਸਦਾ ਹੈ…
…70ਵਿਆਂ ਦਾ ਪੰਜਾਬ ; ਲੁਧਿਆਣੇ ਦਾ ‘ਰੱਖ ਬਾਗ’। ਪੰਜਾਬ ਭਰ ‘ਚੋਂ ਇਕੱਠੇ ਹੋਏ ਪੀ. ਐਸ. ਯੂ. ਦੇ ਕਾਰਕੁਨ ਲੜਕੇ ਲੜਕੀਆਂ। ਸਤਲੁਜ ਦੇ ਸਰ੍ਹਾਣੇ ਜੁੜੀ ਪੰਜਾਬ ਦੀ ਸੰਘਰਸ਼ਰਤੀ ਜਵਾਨੀ ਦਾ ਸ਼ੂਕਦਾ ਦਰਿਆ। 10, 000 ਦੇ ਨੇੜੇ ਤੇੜੇ ਗਿਣਤੀ। ਹਰੇਕ ਨਾਹਰੇ ਤੇ ਦੋ ਦੋ ਵਾਰ ਉਠਦੀਆਂ ਵੀਹ ਹਜ਼ਾਰ ਬਾਹਾਂ-
ਰਾਜੇ ਸ਼ੀਂਹ, ਮੁਕੱਦਮ ਕੁੱਤੇ ।
ਛੱਡੋ ਅਰਜ਼ਾਂ, ਤਾਣੋ ਮੁੱਕੇ।
………………
ਜਿੱਥੇ ਲਹੂ ਲੋਕਾਂ ਦਾ ਡੁੱਲੂ੍ਹ
ਓਥੇ ਲਾਲ ਹਨ੍ਹੇਰੀ ਝੁੱਲੂ।
……ਤੇ ਇਸ ਲਾਲ ਹਨੇਰੀ ਦੇ ਸੱਦੇ ‘ਤੇ ਪਹੁੰਚਿਆ ਨਾਵਲਕਾਰ ਜਸਵੰਤ ਸਿੰਘ ਕੰਵਲ। ਜਿਸਦਾ ਨਾਵਲ ‘ਰਾਤ ਬਾਕੀ ਹੈ’ ਪੰਜਾਬ ਦੀ ਦਗਦੀ ਜੁਆਨੀ ਦੀ ਬਾਈਬਲ ਕਿਹਾ ਜਾਂਦਾ ਸੀ। ਮੈਂ ਅੰਦਾਜ਼ਾ ਲਾਉਣ ਦੀ ਕੋਸ਼ਿਸ਼ ਕੀਤੀ ਕਿ ਕੰਵਲ ਕੀ ਬੋਲਿਆ ਹੋਵੇਗਾ। ਪੰਜਾਬ ਦੇ ਸ਼ਾਨਦਾਰ , ਸਵੈਮਾਣ ਭਰੇ ਬੀਤੇ ਨੂੰ, ਭਵਿਖ ਦੇ ਉਸਾਰ- ਥੰਮ੍ਹ ਵਜੋਂ ਵਰਤਿਆ ਹੋਵੇਗਾ। ਨੌਜੁਆਨ ਖੂਨ ਵਿਚ ਇਨਸਾਫ ਲਈ ਲਰਜ਼ਿਸ਼ ਤੇ ਗੁਰੂ ਅਰਜਨ ਦੇਵ ਤੋਂ ਲੈ ਕੇ ਸ਼ਹੀਦ ਭਗਤ ਸਿੰਘ ਦੀ ਰੱਤ ਚੋਂ ਟਪਕਦਾ ਲੋਕ -ਆਦਰਸ਼ ਭਰਨ ਦੀ ਵਾਹ ਲਾਈ ਹੋਵੇਗੀ। ਉਸ ਇਕੱਠ ਨੂੰ ਸੰਬੋਧਨ ਕਰਦੇ ਕੰਵਲ ਨੂੰ ਤਾਂ ਐਂ ਲੱਗਿਆ ਹੀ ਹੋਵੇਗਾ ਕਿ ਉਹਦੇ ਲੋਕਾਂ ਦਾ ਬੰਦੀ-ਛੋੜ ਇਨਕਲਾਬ ਤਾਂ ਬੱਸ ਅਹੁ ਇਕ ਹਾਕ ਦੀ ਦੂਰੀ ‘ਤੇ ਸੀ। ਕੰਵਲ ਦੀਆਂ ਚੜ੍ਹਾਈਆਂ ਬਾਹਾਂ ਦੀ ਕੰਡਿਆਈ ਲੂਈਂ ਦਾ ਰੋਮ ਰੋਮ ਭਵਿਖ ਵੇਖਣ ਵਾਲੀ ਅੱਖ ਬਣਿਆ ਹੋਵੇਗਾ। ਜਿੱਥੇ ਇਹ ਦਸ ਹਜ਼ਾਰ ਦਸ ਲੱਖ ਤੇ ਫਿਰ ਦਸ ਕਰੋੜ ਵਿਚ ਬਦਲਦੇ ਗਏ ਹੋਣਗੇ।
……ਪਰ ਹੋਇਆ ਕੀ? ਜਿਹੜੀ ਜੁਆਨੀ ਨੂੰ ਕੰਵਲ ਨੇ ਸੰਬੋਧਿਤ ਹੋਣਾ ਸੀ ਉਹ ਕਿੱਥੇ ਐ? ਕਿਹੜੀ ਦੌੜ ‘ਚ ਐ?
ਕੰਵਲ ਦੇ ਚੇਤਿਆਂ ‘ਚ ਤਾਂ ਉਹ ਦਿਨ ਨੇ ਜਦੋਂ ਉਹ ਗਦਰੀ ਬਾਬਿਆ ਦੇ ਇਸ ਪਿੰਡ ‘ਚੋਂ ਨਿਕਲਦਾ ਸੀ ਤਾਂ ਸਕੂਲ ਦੀ ਕੰਧ ‘ਤੇ ‘ਲੋਕ-ਏਕਤਾ ਜ਼ਿੰਦਾਬਾਦ’, ‘ਇਨਕਲਾਬ ਜ਼ਿੰਦਾਬਾਦ’ ਦੇ ਨਾਹਰੇ ਲਿਖੇ ਹੁੰਦੇ ਸੀ। ਹੁਣ ਉਸੇ ਕੰਧ ‘ਤੇ ਅਮਰੀਕਨ ਫੇਸ ਕਰੀਮ ਦੀ ਮਸ਼ਹੂਰੀ ਲਿਖੀ ਮਿਲਦੀ ਐ। ਤੇ ਕੰਵਲ ਦੇ ਸਾਹਮਣੇ ਤੁਰੀ ਫਿਰਦੀ ਨੌਜੁਆਨ ਪੀੜ੍ਹੀ ਉਸ ਕੰਧ ਨਾਲ ਮੂੰਹ ਘਸਾ ਕੇ ਗੋਰੀ ਹੋਣ ਨੂੰ ਫਿਰਦੀ ਐ।
ਨੌਜਵਾਨ ਆਲੋਚਕ ਤਸਕੀਨ, ਕੰਵਲ ‘ਤੇ ਬੜਾ ਜਾਇਜ਼ ਇਤਰਾਜ਼ ਕਰਦਾ ਹੈ। ਤਸਕੀਨ ਦਾ ਕਹਿਣਾ ਹੈ ਕਿ ਕੰਵਲ ਜਦੋਂ ਪੰਜਾਬ ਨੂੰ ਹਾਕ ਮਾਰਦਾ ਹੈ ਤਾਂ ਉਸ ਦਾ ਭਾਵ ਪੰਜਾਬ ਦੀ 40 ਫੀਸਦੀ ਜੱਟ ਵਸੋਂ ਤੋਂ ਹੀ ਹੁੰਦਾ ਹੈ। ਬਾਕੀ ਪੰਜਾਬ! ਪਰ ਜੇ ਕੰਵਲ ਦੇ ਪਿੰਡ ‘ਚ ਰਹਿਣ ਦੀ ਦਲੀਲ ਨੂੰ ਪਾਸੇ ਕਰਕੇ ਵੀ ਵੇਖੀਏ, ਤਾਂ ਵੀ ਜਿਹਨਾ ਪਿੰਡਾਂ ਸ਼ਹਿਰਾਂ ਨਾਲ ਮੇਰਾ ਵਾਹ ਏ, ਇਕ ਬੜੀ ਸਮਾਜ ਵਿਗਿਆਨਕ ਪਹੇਲੀ ਸਾਹਮਣੇ ਆਉਂਦੀ ਹੈ…
… ਤੁਸੀਂ ਖੇਤ ਜਾਂਦੇ ਹੋ, ਕੋਈ ਪੰਜਾਬੀ ਮਜ਼ਦੂਰ ਨਹੀਂ!ਤੁਸੀਂ ਕਾਰਖਾਨੇ ਜਾਂਦੇ ਹੋ, ਸ਼ਹਿਰੀ ਕਾਮਿਆਂ(ਰਿਕਸ਼ਾ, ਸਬਜ਼ੀ ਰੇੜ੍ਹੀ ਲਾਉਣ ਵਰਗੇ ਕੰਮ) ਵਿਚ ਪੰਜਾਬੀ ਮਜ਼ਦੂਰ ਟਾਵਾਂ ਟਾਵਾਂ ਰੜਕਦਾ ਹੈ। ਤਾਂ ਫਿਰ ਕਿੱਥੇ ਗਿਆ ਪੰਜਾਬੀ ਮਜ਼ਦੂਰ!ਕਿਸਾਨੀ ਦੀ ਗੱਲ ਸ਼ਇਦ ਇਸ ਲਈ ਜ਼ਿਆਦਾ ਹੁੰਦੀ ਐ ਕਿ ਪਾਣੀ ਦਾ ਡਿਗਦਾ ਪੱਧਰ, ਸੁੱਕ ਰਹੇ ਹਰੇ ਭਰੇ ਰੁੱਖ, ਬੈਂਕਾਂ ਦੇ ਬਾਹਰ ਲੱਗੀਆਂ ਡਿਫਾਲਟਰਾਂ ਦੀਆਂ ਲਿਸਟਾਂ, ਆਤਮਹੱਤਿਆਵਾਂ ਦੇ ਨਿੱਤ ਨਸ਼ਰ ਹੁੰਦੇ ਅੰਕੜੇ…. ਸਭ ਕੁਝ ਸਤ੍ਹਾ ‘ਤੇ ਨਜ਼ਰ ਆਉਂਦਾ ਹੈ। ਮੈਂ ਅਪਣੇ ਆਪ ਨੂੰ ਵਿਚ ਰੱਖਕੇ, ਤਸਕੀਨ ਅਤੇ ਹੋਰ ਸਮਕਾਲੀਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਸ਼ਹਿਰ ਜਾਂ ਪਿੰਡ ਦੇ ਗੈLਰ-ਜੱਟ ਬੰਦੇ ਦੀ ਤਲਾਸ਼, ਉਹਦਾ ਦਰਦ, ਬਾਹਰਲੀ ਦੁਨੀਆਂ ਨਾਲ ਟਕਰਾਹਟ ‘ਚੋਂ ਉਹਦੇ ਅੰਦਰ ਉਠਦੇ ਚੰਗਿਆੜੇ ਵੇਖੀਏ, ਭਾਲੀਏ। ਕੰਵਲ ਦੀ ਉਮਰ, ਉਸ ਦਾ ਯੁੱਗ-ਬੋਧ ਇਕ ਸੀਮਾ ਹੋ ਸਕਦੇ ਹਨ। ਪਰ ਕਿਤੇ ਉਹ ਗੱਲ ਤਾਂ ਨਹੀਂ ਜਿਵੇਂ ਚਾਚਾ ਚੰਨਣ ਸਿਓਂ ਕਹਿੰਦਾ ਹੁੰਦਾ ਸੀ, ਬਈ ਅਸੀਂ ਹੁਣ ਸਾਰੇ ਖੂੰਜੇ ਬੁੜ੍ਹੇ ਤੋਂ ਈ ਪਟਾਉਣ ਨੂੰ ਫਿਰਦੇ ਐਂ? ਬੁੜ੍ਹਾ ਤਾਂ ਪੱਟਣ ਦੀ ਕੋਸ਼ਿਸ਼ ਵੀ ਕਰਦਾ ਪਰ ਉਹਦੇ ਸੰਦ ਪੁਰਾਣੇ ਜ਼ਮਾਨੇ ਦੇ ਨੇ। ‘ਐਨਿਆਂ ‘ਚੋਂ ਉਠੋ ਸੂਰਮਾ’ ਦਾ ਨਾਇਕ ਅੰਤ ਨੂੰ ਨਿਸ਼ਾਨ ਸਾਹਿਬ ਹੇਠ ਜਾ ਖੜ੍ਹਦੈ। ਤੇ ਸੱਚ ਕੀ ਬੇਲਾ ਦਾ ਵਕਤਾ ਬਿਹਾਰੀਆਂ ਨੂੰ ਕੱਢਣ ਲਈ ਪ੍ਰਵਾਸੀ ਪੰਜਾਬੀਆਂ ਨੂੰ ਵਾਹਰ ਪਾਉਂਦਾ ਹੈ। ਸਥਿਤੀ ਦਾ ਵਿਅੰਗ ਇਹ ਹੈ ਕਿ ਉਹਦੇ ਘਰੇ ਕੰਮ ਕਰਦੇ ਬਿਹਾਰੀ ਮਜ਼ਦੂਰ ਨਾਲ ਕੰਵਲ ਦੀ ਸਾਂਝ ਹੋਰ ਤਰ੍ਹਾਂ ਦੀ ਬਾਤ ਪਾਉਂਦੀ ਹੈ। ਅਪਣੇ ਘਰ ਲੰਮਾ ਸਮਾਂ ਕੰਮ ਕਰਦੇ ਰਹੇ ਬਿਹਾਰੀ ਮਜ਼ਦੂਰ ਬਿਸ਼ਨ ਨੂੰ ਪੰਜਾਬ ‘ਚ ਰੱਖਣ ਲਈ ਉਸਨੇ, ਪਿੰਡ ‘ਚ ਹੱਟੀ ਪਾ ਕੇ ਦਿੱਤੀ। ਕੰਵਲ ਅਤੇ ਉਸ ਦੇ ਪਰਿਵਾਰ ਦਾ ਬਿਸ਼ਨ ਦੇ ਪਰਿਵਾਰ ਨਾਲ ਲਗਾਓ ਇਕ ਹੋਰ ਤੱਥ ਤੋਂ ਵੀ ਜੱਗ ਜਾਹਿਰ ਹੁੰਦਾ ਹੈ:ਇਕ ਵਾਰ ਜਦੋਂ ਬਿਸ਼ਨ ਦੇ ਪਰਿਵਾਰ ਸਾਹਮਣੇ, ਪੰਜਾਬ ਛੱਡ ਕੇ ਜਾਣ ਦੀ ਚੋਣ ਆਈ ਤਾਂ ਬਿਸ਼ਨ ਦੇ ਮੁੰਡਿਆਂ ਨੇ ਪੰਜਾਬ ਛੱਡ ਕੇ ਜਾਣ ਤੋਂ ਨਾਂਹ ਕਰ ਦਿੱਤੀ। ਉਹਨਾਂ ‘ਚੋਂ ਛੋਟੇ ਨੇ ਤਾਂ ਅਪਣਾ ਨਾਮ ਵੀ ਹਰਵਿੰਦਰ ਸਿੰਘ ਰੱਖਿਆ ਹੋਇਆ ਹੈ।
ਬਹੁਤ ਸਾਰੇ ਹੋਰ ਵਿਰੋਧਾਭਾਸ ਵੀ ਹੋਣਗੇ ਪਰ ਕੰਵਲ ਨਾਲ ਸਹਿਮਤ ਨਹੀਂ ਹੋਇਆ ਜਾ ਸਕਦਾ। ਕੰਵਲ ਦੇ ਹੱਕ ਵਿਚ ਇਹ ਗੱਲ ਜਾਂਦੀ ਹੈ ਕਿ ਉਹ ਜੋ ਕਹਿੰਦੈ ਉਹਦੇ ‘ਤੇ ਵਿਸ਼ਵਾਸ਼ ਕਰਦੈ ਤੇ ਡਟਿਆ ਖੜ੍ਹੈ। ਉਹਦੀ ਆਲੋਚਨਾ ਕਰਨ ਵਾਲੇ ਵਿਦਵਾਨਾਂ ਦੀ ‘ਲੋਂਗੋਵਾਲ’ ਟਿੱਚ ਹੋਈ ਜਾਂਦੀ ਐ। ਉਂਝ ਇਕੱਲੇ ਰਹਿ ਜਾਣ ਦਾ ਅਹਿਸਾਸ ਉਸ ਨੂੰ ਵੀ ਹੈ। ਇਕ ਸੰਵਾਦ ਦੀ ਅਣਹੋਂਦ ਰੜਕਦੀ ਹੈ। ਮੈਨੂੰ ਥੋੜ੍ਹਾ ਜਿਹਾ ਖਲਾਅ ਵੀ ਨਜ਼ਰ ਆਇਆ ਜਦੋਂ ਸੁਮੇਲ ਨੇ ਦੱਸਿਆ, ਕਿੰਨੇ ਲੇਖਕ ਕੰਵਲ ਕੋਲ਼ ਕਿੰਨੀ ਵਾਰ ਆਉਂਦੇ ਸਨ। ਬਹਿਸਾਂ ਚਲਦੀਆਂ ਸਨ। ਗਿਆਨ ਦੇ ਖੂਹ ਗਿੜਦੇ ਸਨ ਅਤੇ ਨਿਤਰੇ ਹੋਏ ਪਾਣੀ ਦੇ ਛਿੱਟੇ ਉਹਨਾ ਸਮਝਾਂ ਵਾਲਿਆਂ ਦੀ ਸਮਝ ਨੂੰ ਸਰਸ਼ਾਰ ਕਰਦੇ ਸਨ। ਪੰਜਾਬੀ- ਦੇਵਨਾਗਰੀ ਦੇ ਬਹੁ-ਚਰਚਿਤ ਵਿਵਾਦ ਵੇਲੇ ਢੁੱਡੀਕੇ ਪਿੰਡ ਦੀ ਸੁਰ ਪੰਜਾਬੀ ਦੇ ਹੱਕ ਵਿਚ ਮੁਹਰੈਲ ਸੁਰਾਂ ਵਿਚੋਂ ਇਕ ਸੀ । ਕੰਵਲ ਦੀਆਂ ਸਰਗਰਮੀਆਂ ਅਤੇ ਪਰਿਵਾਰ ਦੇ ਹਿੱਸੇ ਆਈ ਪਰਾਹੁਣਚਾਰੀ ਦਾ ਸੁਨਹਿਰੀ ਸੁਮੇਲ ਲੋਕ ਚਰਚਾ ਦਾ ਹਿੱਸਾ ਬਣੇ ਸਨ। ਬਹੁਤ ਘੱਟ ਲੇਖਕ ਹੋਣਗੇ, ਜਿਹਨਾਂ ਨੇ ਸਾਹਿਤ ਸੇਵਾ ਅਤੇ ਪੰਜਾਬ ਦੇ ਲੋਕ ਮਸਲਿਆਂ ਨੂੰ ਅਪਣਾ ਪਰਿਵਾਰਕ ਸਰੋਕਾਰ ਬਣਾਇਆ ਹੈ।
ਤੇ ਹੁਣ ਸਥਿਤੀ ਕੀ ਹੈ? ਕੰਵਲ ਕੋਲ ਜਿਹੜਾ ਜਾਂਦੈ, ਇਹ ਦੱਸਣ ਦੀ ਕੋਸ਼ਿਸ਼ ਕਰਦੈ ਕਿ ਪੰਜਾਬੀ ਸਾਹਿਤ ‘ਚ ਕੀ ਹੋ ਰਿਹੈ। ਕੰਵਲ ਕੁਰਸੀ ‘ਤੇ ਢੋ ਲਾਈਂ, ਪਹਿਲਾਂ ਈ ਤਿੱਖੇ ਨੱਕ ਦੀ ਚੁੰਝ ਪਲੋਸੀ ਜਾਂਦੈ ਤੇ ਸੋਚੀ ਜਾਂਦੈ-ਓ ਇਹ ਮੈਨੂੰ ਐਂ ਕਿਊਂ ਨੀਂ ਦੱਸਦਾ ਬਈ ਪੰਜਾਬ ਕੀ ਕਰਨ ਡਿਆ? ਤੇ ਭਾਈ ਸੱਜਣਾ, ਉਹ ਥੰਮ੍ਹੀਆਂ ਵੀ ਵਿਖਾ ਨਾ੍ਹ ਜਿਹੜੀਆਂ ਆਪਾਂ ਪੰਜਾਬ ਦੇ ਡਿਗਦੇ ਮਹਿਲ ਦੀਆਂ ਛੱਤਾਂ ਹੇਠ ਦਿੱਤੀਆਂ ਨੇ ?”
ਪੰਜਾਬ ‘ਚ ਕੰਵਲ ਦੀ ਦਿਲਚਸਪੀ ਹੋਰ ਸਾਫ਼ ਹੋਈ ਜਦੋਂ ਠੀਕ ਛੇ ਵਜੇ ਕੰਵਲ ਨੇ ਐਲਾਨ ਕਰ ਦਿੱਤਾ:
-ਓ ਸੱਤ ਵਜੇ ਤੋਂ ਪਹਿਲਾਂ ਪਹਿਲਾਂ ਅਪਣੀ ਗੱਲ ਨਿਬੇੜੋ ਬਈ, ਖਬਰਾਂ ਸੁਣਨੀਆਂ ਨੇ”-
ਟੀ.ਵੀ. ਮੂਹਰੇ ਬੈਠੇ ਕੰਵਲ ਨੂੰ ਵੇਖ ਕੇ, ਮੇਰੇ, ‘ਬਾਰਾਂ ਮਣ ਦੀ ਧੋਬਣ’ ਵੇਖਣਾ ਯਾਦ ਆ ਗਿਆ। ਗੋਲ ਮੋਰੀ ‘ਚ ਸਾਰਾ ਮੂੰਹ ਦੇ ਕੇ, ਆਲੇ ਦੁਆਲੇ ਹੱਥਾਂ ਦੀ ਵਾੜ ਕਰਕੇ, ਅਸੀਂ ਦੁਨੀਆਂ ਭੁੱਲ ਜਇਆ ਕਰਦੇ ਸਾਂ। ਖਬਰਾਂ ਸੁਣਦੇ ਕੰਵਲ ਨੂੰ ਪੱਤ ਹਿਲਣ ਦਾ ਖੜਕਾ ਵੀ ਬੰਬ ਜਿੰਨਾ ਸੁਣਦੈ। 9.30 ਵਾਲੀਆਂ ਖਬਰਾਂ ਸੁਣਨ ਦਾ ਮਾਰਾ ਉਹ ਘਰ ਰੋਟੀ ਖਾਣ ਨੀਂ ਜਾਂਦਾ। ਕੋਠੀ ਮੰਗਵਾ ਲੈਂਦੈ। ਸਾਡੇ ਕਾਰਨ ਘਰ ਰੋਟੀ ਖਾਣ ਘਰ ਚਲਿਆ ਤਾਂ ਗਿਆ ਪਰ ਪਹਿਲਾਂ ਖਬਰਾਂ ਦੀ ਪੱਕ ਕੀਤੀ। ਖਬਰਾਂ ਸ਼ੁਰੂ ਹੋਣ ਤੋਂ ਢੇਰ ਚਿਰ ਪਹਿਲਾਂ ਟੀ.ਵੀ. ਖਬਰਾਂ ‘ਤੇ ਸੈੱਟ ਕਰ ਦਿੱਤਾ ਗਿਆ। ਸੁਣਨ ਵੇਖਣ ਨੂੰ ਇਹ ਗੱਲ ਮਾਮੂਲੀ ਜਾਪ ਸਕਦੀ ਹੇੈ ਪਰ ਜਿਸ ਸ਼ਰਧਾ ਭਾਵ ਨਾਲ ਕੰਵਲ ਦਾ ਪਰਿਵਾਰ ਕੰਵਲ ਵਾਸਤੇ ਹਰ ਪਲ ਪ੍ਰਸਤੁਤ ਰਹਿੰਦਾ ਹੈ, ਉਹ ਇਸ ਪਰਿਵਾਰ ਦੇ ਜੀਆਂ ਨੂੰ ਵਿਸ਼ੇਸ਼ ਬਣਾ ਦਿੰਦੀ ਹੈ। ਇਕ ਲੇਖਕ ਦੇ ਤੌਰ ‘ਤੇ ਕੰਵਲ ਦੀ ਹੋਂਦ ਅਤੇ ਵਡਿਆਈ ਕੰਵਲ ਦੇ ਅਪਣੇ ਘਰ ਵਿਚ ਵੇਖੀ ਜਾ ਸਕਦੀ ਹੈ, ਕਿਸੇ ਡੇਰੇ ਦੇ ਕਰਨੀ ਵਾਲੇ ਮਹੰਤ ਵਾਂਗ। ਖਾਸ ਤੌਰ ‘ਤੇ ਕੰਵਲ ਦੇ ਬੇਟੇ ਸਰਬਜੀਤ ਦਾ ਵਿਵਹਾਰ ਇਕ ਸ਼ਰਧਾਲੂ ਸ਼ਾਗਿਰਦ ਵਾਲ਼ਾ ਹੈ। ਉਂਝ ਵੀ ਸਰਬਜੀਤ ਕੋਲ ਤੁਹਾਨੂੰ ਮੋਹ ਲੈਣ ਦਾ ਹੁਨਰ ਹੈ। ਉਹ ਉਸ ਥਾਂ ਤੋਂ ਹਾਸਾ ਪੈਦਾ ਕਰ ਸਕਦਾ ਹੈ ਜਿਸ ਥਾਂ ‘ਤੇ ਕਿਸੇ ਨੂੰ ਕੋਈ ਗੁੰਜਾਇਸ਼ ਨਜ਼ਰ ਨਹੀਂ ਆਉਂਦੀ।
ਦੁਪਹਿਰ ਦੀ ਰੋਟੀ ਖਾਣ ਬੈਠੇ , ਤਾਂ ਸੁਮੇਲ ਨੇ ਇਕ ਫੁਲਕੇ ‘ਚੋਂ ਅੱਧਾ ਤੋੜ ਕੇ ਮੇਰੀ ਪਲੇਟ ਵਿਚ ਰੱਖ ਦਿੱਤਾ-
-ਓ ਫੁਲਕੇ ਨੂੰ ਵਿਚਾਰੇ ਨੁੰ ਫੱਟੜ ਕਿਊਂ ਕਰਦੈਂ ਸੁਮੇਲ! ਇਨ੍ਹਾ ਲਈ ਹੋਰ ਆ ਜੂ”- ਸਰਬਜੀਤ ਨੇ ਐਨਾ ਵਿਚਾਰਾ ਜਿਹਾ ਮੂੰਹ ਬਣਾ ਕੇ ਕਿਹਾ ਕਿ ਸੁਮੇਲ ਦੇ ਹਾਸੇ ਦਾ ‘ਭੜਾਕਾ’ ਪੈ ਗਿਆ। ਜਦ ਨੂੰ ਸਰਬਜੀਤ ਹੋਰ ਰੋਟੀ ਲੈ ਅਇਆ-
-ਓ ਲਿਆ ਹੁਣ ਆਹ ਫੱਟੜ ਫੁਲਕਾ ਮੈਨੂੰ ਫੜਾ ਦੇ, ਇਹਦੀ ਗਤੀ ਹੋਵੇ”। –
ਕੰਵਲ ਦੇ ਪਰਿਵਾਰ ਬਾਰੇ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਮੈਂ ਤੇ ਸੁਮੇਲ ਨੇ ਰਾਤੀਂ ਸੈਰ ਕਰਦਿਆਂ ਸਾਂਝੀਆਂ ਕੀਤੀਆਂ। ਪਰਿਵਾਰਾਂ ਬਾਰੇ ਮੇਰੀ ਸਮਝ ਥੋੜ੍ਹੀ ਰਵਾਇਤੀ ਹੈ-
ਇਕ ਵਾਰ ਮੈਂ ਤੇ ਬਾਪੂ ਲੰਘੇ ਜਾਂਦੇ, ਮੇਰੇ ਇਕ ਮਿੱਤਰ ਦੇ ਘਰ ਰੁਕੇ-

ਓ ਤੇਰੇ ਆੜੀ ਬਹੁਤੇ ਚੰਗੇ ਨੀ!”- ਰਾਹ ‘ਚ ਬਾਪੂ ਨੇ ਟਿੱਪਣੀ ਕੀਤੀ।
-ਓ ਕਿਊਂ?”- ਮੈਂ ਬੜਾ ਹੈਰਾਨ ਹੋਇਆ – ਓ, ਸੇਵਾ ਤਾਂ ਐਨੀ ਕੀਤੀ ਐ!”-
-ਓ ਦੋਂ ਨੋਹਾਂ ਨੇ ਘਰ ‘ਚ, ਦੋਹਾਂ ਦੇ ਮੂੰਹਾਂ ‘ਤੇ ਭੋਰਾ ਭਾਗ ਨੀ। ਓਪਰਿਆਂ ਮਾਗੂੰ ਤੁਰਦੀਐਂ, ਬੋਚ ਬੋਚ ਕੇ”- ਬਾਪੂ ਨੇ ਘਰਾਣਿਆਂ ਦੀ ਚੰਗਿਆਈ ਬੁਰਾਈ ਦਾ ਆਪਣਾ ਮਾਪ ਦੱਸਿਆ……
…… ਕੰਵਲ ਦੇ ਘਰੋਂ ਦੂਜੇ ਦਿਨ ਤੁਰਨ ਵੇਲੇ, ਮੈਨੂੰ ਪਤਾ ਲੱਗਿਆ ਕਿ ਆਹ ਕੁੜੀ ਜਿਹੜੀ ਕੱਲ੍ਹ ਦੀ ਸਾਨੂੰ ਰੋਟੀ ਪਾਣੀ ਫੜਾਉਂਦੀ ਐ ਤੇ ਬੀ ਜੀ ਨੂੰ ਸਾਂਭਦੀ ਐ , ਕੰਵਲ ਦੀ ਪੋਤੀ ਨੀ, ਪੋਤ ਨੂੰਹ ਐ! ਅਰਸ਼ਦੀਪ- ਤੇ ਬਾਪੂ ਦੀ ਗੈLਰਹਾਜਰੀ ‘ਚ ਮੈਂ ਅਪਣੇ ਆਪ ਨੂੰ ਕਹਿ ਲਿਆ ਸੀ-

ਤੇਰੇ ਆੜੀ ਬਹੁਤ ਚੰਗੇ ਨੇ ਬਲਵਿੰਦਰ ਸਿਆਂ !ਨੋਂਹ ਧੀਆਂ ਵਾਂਗ ਵਿਚਰਦੀ ਐ, ਅਧਿਕਾਰ ਨਾਲ’-
ਅਸਲ ‘ਚ ਤਾਂ ਜਮ੍ਹਾਂ ਅਟੰਕ ਦਿਸਦੇ ਕੰਵਲ ਦੇ ਅੰਦਰ ਮੋਹ ਦਾ ਇਕ ਭਰ ਵਗਦਾ ਦਰਿਆ ਹੈ। ਹਾਲਾਂਕਿ ਖਿਝਾਉਣ ਦੀ ਹੱਦ ਤੱਕ ਦੀ ਦੂਰੀ ‘ਤੇ ਵਿਚਰਦਾ, ਉਹ ਤੁਹਾਨੂੰ ਸਭ ਕਾਸੇ ਤੋਂ ਨਿਰਲੇਪ ਨਜ਼ਰ ਆਉਂਦਾ ਹੈ। ਤੁਹਾਡੀ ਗੱਲ ਮੁੱਕਦੀ ਸਾਰ ਉਹ ਤੁਹਾਨੂੰ ਇਸ ਤਰ੍ਹਾਂ ‘ਚੰਗਾ ਫੇਰ’ ਜਾਂ ‘ਥੈਂਕ ਯੂ’ ਕਹੇਗਾ, ਕਿ ਸਾਰੀਆਂ ਗੱਲਾਂ ਅਪਣੇ ਆਪ ਮੁੱਕ ਜਾਣਗੀਆਂ। ਮੈਂ ਮੋਹ ‘ਚ ਭਿੱਜੇ ਕੰਵਲ ਦੇ ਤਰਲ ਬੋਲ ਸੁਣੇ ਹਨ। ਸ਼ਾਮ ਨੂੰ ਬੈਠੇ ਤਾਂ ਚੰਗੀਆਂ ਭਲ਼ੀਆਂ ਗੱਲਾਂ ‘ਚ ਕੰਵਲ ਚੁੱਪ ਕਰ ਗਿਆ। ਪਲ ਭਰ ਕੁ ਲਈ ਅਪਣੇ ਦੋਹਤੇ ਸੁਮੇਲ ਵੱਲ ਵੇਖਦਾ ਰਿਹਾ, ਫੇਰ ਬੋਲਿਆ-
-ਓ ਸਾiਲ਼ਆ, ਪੂਰੇ ਡੇੜ ਸਾਲ ਬਾਅਦ ਆਇਐਂ”!- ਮੇਰੇ ਹੱਥ ‘ਚ ਫੜਿਆ ਚਾਹ ਦਾ ਕੱਪ ਛਲਕ ਗਿਆ। ਕੰਵਲ ਦੇ ਗਾਲ਼ ਕੱਢਣ ਕਰਕੇ ਨਹੀਂ । ਗਾਲ਼ ਤਾਂ ਉਹਦੀ ਸੁਰ ਤੋਂ, ਗਾਲ਼ ਲੱਗੀਓ ਨੀ। ਕਿਹਾ ਨੀ ਜਾ ਸਕਦਾ ਕਿਉਂ, ਪਰ ਮੈਨੂੰ ਕੰਵਲ ਦਾ ਅਪਣੇ ਲਈ ਬਣਾਇਆ ਭੋਰਾ ਯਾਦ ਆਇਆ ਸੀ। ਘਰ ਤੋਂ ਕੋਠੀ, ਕੋਠੀ ਤੋਂ ਭੋਰਾ, ਕੁਝ ਤਾਂ ਸੀ ਜੀਹਤੋਂ ਕੰਵਲ ਇਕਾਂਤ ਭਾਲਦਾ ਸੀ। ਕੰਵਲ ਦੇ ਵਿਸਮਾਦੀ ਇਕਾਂਤ ‘ਚੋਂ ਮੋਹ ਲਈ ਲੁੱਛਦੀ ਇਕੱਲਤਾ ਨੇ ਮੇਰੇ ਅੰਦਰੋਂ ਰੁਗ ਭਰ ਲਿਆ।
ਉਂਜ ਕੰਵਲ ਨੂੰ ਵਿਸਮਾਦੀ ਪਲਾਂ ‘ਚ ਵੇਖਣ ਦਾ ਢੋ ਵੀ ਢੁਕ ਗਿਆ। ਸਵੇਰੇ ਅੱਠ ਕੁ ਵਜੇ , ਚਾਹ ਪਾਣੀ ਪੀ ਕੇ, ਮੈਂ ਤੇ ਸੁਮੇਲ ਕੋਠੀ ਗਏ ਤਾਂ ਮੈਂ ਬਾਹਰਲੇ ਗੇਟ ਤੋਂ ਬਾਹਰ ਹੀ ਰੁਕ ਗਿਆ, ਸੁਮੇਲ ਨੂੰ ਵੀ ਰੋਕ ਲਿਆ। ਸਾਹਮਣੇ ਕੰਵਲ ਬੈਠਾ ਸੀ, ਪੱਥਰ ਦੀ ਸਿੱਲ ‘ਤੇ, ਤੂਤ ਹੇਠ। ਨਹਿੰਗਾਂ ਦੇ ਨੇਜੇ ਵਾਂਗ, ਤਣਿਆ ਹੋਇਆ ਸਿੱਧਾ। ਕਿਸੇ ਰਿਸ਼ੀ ਵਾਂਗ ਨੰਗਾ ਸਿਰ। ਜਮ੍ਹਾਂ ਸਿੱਧੀ ਤਣੀ ਹੋਈ ਧੌਣ ਤੇ ਦੂਰ ਅਦ੍ਰਿਸ਼ ‘ਚ ਟਿਕੀ ਹੋਈ ਚਿੰਤਨੀ ਨਜ਼ਰ। ਕੰਵਲ ਦੇ ਉਪਰ ਝੁਕੇ ਖੜ੍ਹੇ ਤੂਤ ਦੀਆਂ ਚੌਰ ਕਰਦੀਆਂ ਲਗਰਾਂ ਤੇ ਸ਼ਿਵਦੁਆਲੇ ਦੀਆਂ ਟੱਲੀਆਂ ਵਾਂਗ ਖੜਕਦੇ ਪੱਤੇ। ਦਾੜ੍ਹੀ ‘ਚ ਨਰਮਾਈ ਨਾਲ ਫਿਰ ਰਿਹਾ ਕੰਘਾ। …… ਹਵਾ ਰੁਮਕਦੀ ਰਹੀ…ਤੂਤ ਦੀਆਂ ਟਾਹਣੀਆਂ ‘ਚੋਂ ਉੱਡ ਕੇ ਆਈ ਧੁੱਪ ਦੀ ਨਿੱਕੀ ਜਿਹੀ ਤਿਤਲੀ, ਕੰਵਲ ਦੇ ਮੱਥੇ ਦੇ ਖੱਬੇ ਪਾਸੇ ਚਮਕਦੀ ਰਹੀ। ਇਸ ਵਿਸਮਾਦੀ ਯੁਗ ਵਿਚ ਅਸੀਂ ਥਾਂਏ ਖੜ੍ਹੇ ਰਹੇ, ਜੜ੍ਹਵਤ। ਕੰਵਲ ਦੇ ਊੱਠ ਕੇ ਚਲੇ ਜਾਣ ਤੋਂ ਬਾਅਦ ਤੱਕ ਵੀ।
-ਓ ਤੁਸੀਂ ਕਦੋਂ ਆ ਗਏ ਬਈ!”- ਅੰਦਰੋਂ, ਕੰਘਾ ਰੱਖ ਕੇ ਮੁੜੇ ਕੰਵਲ ਨੇ ਸਾਨੂੰ ਵੇਖਿਆ।

ਜਦੋਂ ਤੁਸੀਂ ਦਾੜ੍ਹੀ ਸਵਾਰ ਰਹੇ ਸੀ”- ਮੈਂ ਅਪਣੀਆਂ ਅੱਖਾਂ ‘ਚ ਟਿਕੇ ਦ੍ਰਿਸ਼ ‘ਚੋਂ ਕੰਵਲ ਨੂੰ ਵੇਖਦਿਆਂ ਕਿਹਾ।
-ਓ ਦਾਹੜਾ ਕਾਹਨੂੰ ਸਵਾਰਦਾ ਸੀ! ਇਹ ਤਾਂ ਮੈਂ ਬਾਬੇ ਕੇ ਪਲੋਸਦਾ ਸੀ”-ਕੰਵਲ਼ ਦਾ ਲਹਿਜ਼ਾ ਤੇ ‘ਬਾਬੇ ਕਿਆਂ’ ਨਾਲ਼ ਉਹਦੀ ਯਾਰਾਨਾ ਅਪਣੱਤ ਦਾ ਪ੍ਰਗਟਾਅ ਹੈ। ਰਵਾਇਤੀ ਸਿੱਖੀ ਵਿਚ ਕਿਰਤ ਦੀ ਅਣਖ ਅਤੇ ਮਹੱਤਵ ਕੰਵਲ ਦੇ ਮੋਹਰੀ ਸਰੋਕਾਰਾਂ ਵਿਚੋਂ ਹਨ। ਭਾਵੇਂ ਕਈ ਵਾਰ ਇਹ ਗੱਲ ਹੀ ਉਸ ਦੇ ਉਲਾਰ ਦਾ ਕਾਰਨ ਬਣਦੀ ਹੈ। ਇਸ ਅਹਿਸਾਸ ਦੇ ਆਧਾਰ ‘ਤੇ ਹੀ ਮੈਂ ਲਿਖਿਆ ਹੈ ਕਿ – ਇਹ ਘਰ ਅੰਦਰ ਵੱਲ ਖੁਲ੍ਹਦਾ ਹੈ। ਬੈਠਕ ਪਾਰ ਕਰਦੇ ਸਾਰ ਤੁਸੀਂ ਜਿਸ ਕਮਰੇ ਵਿਚ ਦਾਖ਼ਲ ਹੁੰਦੇ ਹੋ, ਉਹ ਕਿਤਾਬਾਂ ਨਾਲ ਭਰਿਆ ਪਿਆ ਹੈ, ਪਰ ਧਿਆਨ ਤੁਹਾਡਾ ਕਾਮਰੇਡ ਮਾਓ ਦੀ ਵੱਡ- ਆਕਾਰੀ ਤਸਵੀਰ ਖਿੱਚਦੀ ਹੈ। ਇਸ ਤਸਵੀਰ ਵਿਚਲੇ ਰੰਗਾਂ ਦੇ ਲਾਲ ਅਤੇ ਕਾਲੇ ਕੰਬੀਨੇਸ਼ਨ ‘ਚੋਂ ਨੀਝ ਲਾ ਕੇ ਵੇਖਦੇ ਮਾਓ ਨੂੰ ਵੇਖਕੇ ਹੋ ਨੀ ਸਕਦਾ ਤੁਹਾਡੇ ‘ਲਹੂ ਦੀ ਲੋਅ’ ਯਾਦ ਨਾ ਆਵੇ। ‘ਲਹੂ ਦੀ ਲੋਅ’ ਮੈਂ ਪਹਿਲੀ ਵਾਰ 1979 ਵਿਚ ਪੜ੍ਹਿਆ ਸੀ , ਗਿਅਰ੍ਹਵੀਂ ‘ਚ। ਨਾਵਲ ਪੜ੍ਹਨ ਤੋਂ ਬਾਅਦ ਦਾ ਆਪਣਾ ਅਨੁਭਵ ਮੈਂ ਕੰਵਲ ਨਾਲ ਸਾਂਝਾ ਕੀਤਾ। ਨਾਵਲ ਪੜ੍ਹਕੇ ਕਿੰਨਾ ਹੀ ਚਿਰ ਮੈਂ ਅਰਦਾਸ ਸੁਣਦੇ ਹੋਏ ਸਹਿਜ ਨਹੀਂ ਸੀ ਰਹਿ ਸਕਿਆ। ਮਾਤਾਵਾਂ ਦੇ ਗਲ਼ਾਂ ‘ਚ ਪਾਏ ਪੁੱਤਾਂ ਦੇ ਟੋਟੇ, ਮੇਰੇ ਗਲ਼ ‘ਚ ਪੈ ਜਾਂਦੇ ਰਹੇ ਸਨ। ਨਾਵਲ ਦੇ ਇਕ ਪਾਤਰ ਦੀ ‘ਗੋਗੀਆ ਪਾਸ਼ਾ’ ਵਰਗੀ ਸਲਵਾਰ ‘ਚ ਛੱਡੇ ਚੂਹੇ ਮੇਰੀਆਂ ਲੱਤਾਂ ਨੂੰ ਆ ਚੁੰਬੜਦੇ ਸਨ ਤੇ ਮੈਂ ਪਤਾ ਨੀ ਕਿਹੜੇ ਵੇਲੇ ਉਥੋਂ ਕਿਤੇ ਹੋਰ ਜਾ ਖੜ੍ਹਦਾ ਸਾਂ। ਹੌਲ਼ੀ ਹੌਲ਼ੀ ਮੇਰਾ ਜੀਅ ਕਿਤੇ ਵੀ ਲੱਗਣ ਤੋਂ ਹਟ ਗਿਆ। ਮੈਂ, ਜਿਹੜਾ ਘੂਰ ਕੇ ਕਿਤਾਬਾਂ ਤੋਂ ਪਰੇ੍ਹ ਕਰਨਾ ਪੈਂਦਾ ਸੀ, ਕਿਤਾਬਾਂ ਪੜ੍ਹਨੋਂ ਹਟ ਗਿਆ। ਸੰਸਾਰ ਪਹਿਲਾਂ ਵਰਗਾ ਦਿਸਣ ਤੋਂ ਹੀ ਹਟ ਗਿਆ। ਮੈਂ ਚੁੱਪ ਕਰ ਗਿਆ। ਹੱਦ ਉਦੋਂ ਹੋ ਗਈ ਜਦੋਂ ਪਿੰਡ ‘ਚ ਲੱਗੀ ਗੌਣ ਵਾਲ਼ੀ ਵੀ ਸੁਨਣ ਨਾ ਗਿਆ। ਜਿਹੜੀ ਗੱਲ ਮੈਨੂੰ ਹੁਣ ਵੀ ਹੈਰਾਨ ਕਰਦੀ ਹੈ ਉਹ ਇਹ ਕਿ ਮੈਨੂੰ ਹਰ ਵੇਲੇ ਅਪਰਾਧ ਬੋਧ ਰਿਹਾ ਕਰੇ। ਬੇਬੇ ਤਾੜ ਗਈ। ਪਹਿਲਾਂ ਕਈ ਦਿਨ ਕਹਿੰਦੀ ਰਹੀ ਤੇ ਫਿਰ ਇਕ ਦਿਨ ਆਪ ਮੈਨੂੰ ਡਾ: ਵੈਦਨਾਥ ਦੇ ਲੈ ਕੇ ਗਈ। (ਉਦੋਂ ਉਹ ਹੀ ‘ਸਰਬ ਕਲਾ ਸੰਪੂਰਨ’ ਮੰਨਿਆ ਜਾਂਦਾ ਸੀ)। ਡਾ: ਨੇ ਮਿਹਨਤ ਕੀਤੀ ਤੇ ਮਰਜ਼ ਲਗਭਗ ਲੱਭ ਲਈ। ਮੈਨੂੰ ਕਿਹਾ- ਸ਼ੁਕਰ ਕਰ ਡਿਪਰੈਸ਼ਨ ‘ਚ ਨੀ ਗਿਆ- ਕਿੰਨੇ ਹੀ ਦਿਨ ਮੈਂ ਉਹਦੀਆਂ ਦਿੱਤੀਆਂ ਗੋਲ਼ੀਆਂ ਖਾ ਕੇ ਸੁੱਤਾ ਰਿਹਾ। ਹੌਲ਼ੀ ਹੌਲ਼ੀ ਠੀਕ ਤਾਂ ਹੋ ਗਿਆ ਪਰ ਪਹਿਲਾਂ ਵਾਲਾ ਬਲਵਿੰਦਰ ਮੈਂ ਫੇਰ ਕਦੇ ਨੀ ਬਣਿਆ। ਇਕ ਸਾਲ ਬਾਅਦ ਮੈਂ ‘ਲਹੂ ਦੀ ਲੋਅ’ ਫੇਰ ਪੜ੍ਹਿਆ ਤੇ ਸਾਇੰਸ ਛੱਡ ਕੇ ਆਰਟਸ ਜੁਆਇਨ ਕਰ ਲਈ। ਐਮ.ਏ. ਪਾਸ ਕਰਨ ਤੱਕ ਪੀ. ਐਸ.ਯੂ. ਨੂੰ ਚੰਦਾ ਦਿੰਦਾ ਰਿਹਾ।
ਪੰਜਾਬ ਦੇ ਨੌਜੁਆਨ ਮੁੰਡਿਆਂ ਦੇ ਮਨਾਂ ‘ਤੇ ਕੰਵਲ ਦੇ ਸਾਹਿਤ ਦੀ ਛਾਪ ਦੀਆਂ ਅਨੇਕ ਉਦਾਰਹਣਾਂ ਹੋਰ ਵੀ ਹੋਣਗੀਆਂ ਪਰ ਦੋ ਦਾ ਜ਼ਿਕਰ ਇੱਥੇ ਕੁਥਾਂ ਨਹੀਂ ਹੋਵੇਗਾ। ਪਹਿਲੀ ਗੱਲ ਮੈਨੂੰ ਕਹਾਣੀਕਾਰ ਜਤਿੰਦਰ ਸਿੰਘ ਹਾਂਸ ਨੇ ਦੱਸੀ ਸੀ;
ਖੰਨਾ ਇਲਾਕੇ ਦਾ ਇਕ ਪ੍ਰਸਿੱਧ ਪਿੰਡ ਈਸੜੂ। 1956 ਦਾ ਅਗਸਤ ਮਹੀਨਾ। ਦੇਸ ਆਜ਼ਾਦੀ ਦੀ ਵਰ੍ਹੇ ਗੰਢ ਮਨਾਉਣ ਦੀਆਂ ਤਿਆਰੀਆਂ ਕਰ ਰਿਹਾ ਸੀ। ਈਸੜੂ ਦੇ ਇਕ ਸਾਧਰਣ ਘਰ ਵਿੱਚ ਰਹਿ ਰਹੇ ਕਰਨੈਲ ਦੇ ਅੰਦਰ ਧੁਖਦੀ ਗੋਆ ਦੀ ਗੁਲਾਮੀ। ‘ਗੋਆ ਵਿਮੁਕਤੀ ਮੋਰਚਾ’ ਦੇ ਮਰਜੀਵੜਆਂ ‘ਚ ਜਾਣ ਤੋਂ ਦੋ ਦਿਨ ਪਹਿਲਾਂ ਕਰਨੈਲ ਦੇ ਹੱਥ ਲੱਗੀ ‘ਰਾਤ ਬਾਕੀ ਹੈ’। ਕਰਨੈਲ ਸਾਹਿਤ ਰਸੀਆ ਨਹੀਂ, ਸਾਹਿਤ ਦਾ ਸਿਪਾਹੀ ਸੀ। ਪਰ ਇਸ ਵਾਰ ਰਾਜਨੀਤੀ ਦੇ ਜਿਸ ਮੋਰਚੇ’ ਤੇ ਉਹਨੇ ਜਾਣਾ ਸੀ, ਉਥੋਂ ਵਾਪਸੀ ਨਹੀਂ ਸੀ। ਕਰਨੈਲ ਨੇ ਜਿਉਂ ਹੀ ਨਾਵਲ ਸ਼ੁਰੂ ਕੀਤਾ, ਉਹ ਸਮਝ ਗਿਆ, ਪੜ੍ਹੇ ਬਿਨਾਂ ਛੱਡਿਆ ਨਹੀਂ ਜਾ ਸਕਦਾ। ਕੋਈ ਨਹੀਂ ਦੱਸ ਸਕਦਾ ਉਹਨੇ ਕਿੱਥੇ ਜਾਣਾ ਮੁਲਤਵੀ ਕੀਤਾ, ਕੀਹਨੂੰ ਮਿਲਣਾ ਮੁਲਤਵੀ ਕੀਤਾ , ਪਰ ਪੜ੍ਹਨਾ ਮੁਲਤਵੀ ਨੀ ਕੀਤਾ। ਜਾਣ ਤੋਂ ਪਹਿਲੀ ਰਾਤ ਉਹ ਅਲੂਣਿਆ ਦੇ ਅਪਣੇ ਇਕ ਮਿੱਤਰ ਕੋਲ ਆਇਆ-
-ਓ ਵਾਰ ਵਾਰ ਪੜ੍ਹਨ ਵਾਲੀ ਕਿਤਾਬ ਐ! ਪੜ੍ਹੀਂ, ਸਾਂਭ ਕੇ ਰੱਖੀਂ। ਬਚ ਕੇ ਆਇਆ ਮੈਂ ਫੇਰ ਪੜ੍ਹਾਂਗਾ। ਕਰਾਂਗੇ ਕੁਸ਼”।
ਬਾਕੀ ਇਤਿਹਾਸ ਹੈ। 15ਅਗਸਤ ਨੂੰ ਕਰਨੈਲ ਦੀ ਯਾਦ ‘ਚ ਮੇਲਾ ਭਰਦੈ। ਗੋਆ ‘ਚ ਵੀ, ਈਸੜੂ ‘ਚ ਵੀ। ਪਤਾ ਨੀ ਉਹਦੇ ਸ਼ਬਦ ‘ਕਰਾਂਗੇ ਕੁਸ਼’, ਕਿੰਨਿਆਂ ਕੁ ਦੇ ਚੇਤਿਆਂ ‘ਚ ਗੂੰਜਦੇ ਨੇ।
ਦੂਜੀ ਗੱਲ ਭਗਵਾਨ ਜੋਸ਼ ਨੂੰ ਜਾਨਣ ਵਾਲੇ ਬਹੁਤੇ ਜਾਣਦੇ ਨੇ:
1964, ਭਾਗਪੁਰ ਪਿੰਡ ‘ਚ ਕਬੱਡੀ ਖੇਡਣ ਵਾਲੇ ਮੁੰਡਿਆਂ ਨੂੰ ਕਿਸੇ ਨੇ ਇਕ ਕਿਤਾਬ ਲਿਆ ਕੇ ਦਿੱਤੀ ਜਿਹਦੇ ਵਿਚ ਕਬੱਡੀ ਦਾ ਕੋਈ ਸ਼ਾਨਦਾਰ ਸੀਨ ਸੀ। ਕਿਤਾਬ ਸੀ ‘ਰਾਤ ਬਾਕੀ ਹੈ’। ਡਾ: ਜੋਸ਼ ਦਾ ਦੱਸਣੈ ਬਈ ਇਹ ਪਹਿਲੀ ਕਿਤਾਬ ਸੀ ਜਿਹੜੀ ਉਹਨਾਂ ਨੇ ਪੂਰੀ ਪੜ੍ਹੀ। ਕਬੱਡੀ ਦਾ ਸੀਨ ਤਾਂ ਇਕ ਪਾਸੇ ਰਹਿ ਗਿਆ, ਮੁੰਡਿਆਂ ਨੂੰ ਸਿਧਾਂਤ ਚਿੰਬੜ ਗਿਆ। ਭਗਵਾਨ ਜੋਸ਼ ਨੂੰ ਤਾਂ ਕਿਤਾਬ ਐਨੀ ਚੜ੍ਹੀ ਬਈ, ਕਿਸੇ ਕੰਮ ਆਏ ਇਕ ਮਿੱਤਰ ਨੂੰ ਰਾਤ ਦਸ ਵਜੇ ਤੱਕ ਕਿਤਾਬ ਦੇ ਸਾਰੇ ਵੇਰਵੇ ਸੁਣਾ ਮਾਰੇ। ਦਸ ਵਜੇ ਪਤਾ ਲੱਗਿਆ ਬਈ ਆਹ ਮੈਂ ਕੀ ਕਰੀਂ ਜਾਨੈਂ!
ਰਾਤ ਵਾਲੀ ਜੱਕ ਤਾਂ ਸਵੇਰੇ ਉਤਰ ਗਈ ਪਰ ਸਿਧਾਂਤ ਦੀ ਖੋਹ ਅਜਿਹੀ ਵਧੀ ਬਈ ਵੈਦ ਲੱਭਣਾ ਪਿਆ, ਮਦਨ ਲਾਲ ਦੀਦੀ। ਇਲਾਕੇ ਦਾ ਮੰਨਿਆ ਪ੍ਰਮੰਨਿਆ ਕਮਿਊਸਿਟ ਬੁੱਧੀਜੀਵੀ। ਸਕੂਲਿੰਗ ਲਈ ਗਈ। ਕਾਮਰੇਡ ਦੀਦੀ ਦੀ ਉਸ ਨਰਸਰੀ ‘ਚੋਂ ਡਾ: ਭਗਵਾਨ ਜੋਸ਼ ਤੋਂ ਬਿਨਾਂ ਇਕ ਮੁੰਡਾ ਹੋਰ ਵੀ ਸੀ, ਬਲਮਗੜ੍ਹ ਵਾਲਾ ਬਲਦੇਵ ਸਿੰਘ। ਬਲਦੇਵ ਸਿੰਘ ਸੀ.ਪੀ ਆਈ. ਦੇ ਐਮ. ਐਲ. ਏ. ਵੀ ਰਹੇ।
‘ਲਹੂ ਦੀ ਲੋਅ’ ਬਾਰੇ ਕੰਵਲ ਨੇ ਦੱਸਿਆ ਕਿ ਇਸ ਨਾਵਲ ਵਾਸਤੇ ਸਹੀ ਤੱਥ ਅੰਕੜੇ ਇਕੱਠੇ ਕਰਨ ਲਈ ਉਹ ਕਿਵੇਂ ਪੰਜਾਬ ਦੇ ਪਿੰਡਾਂ, ਸ਼ਹਿਰਾਂ ‘ਚ ਫਿਰਦਾ ਰਿਹਾ ਸੀ। ਬਹੁਤਾ ਪੁੱਛਣ ‘ਤੇ ਨਕਸਲਬਾੜੀ ਯੋਧਿਆਂ ਦੇ ਪਰਿਵਾਰਾਂ ਦੀ ਥੋੜ੍ਹੀ ਬਹੁਤੀ ਆਰਥਿਕ ਮਦਦ ਦੀ ਗੱਲ ਵੀ ਉਹਨਾਂ ਕਬੂਲੀ।
ਮਾਓ ਦੇ ਸਾਹਮਣੇ ਵਾਲ਼ੀ ਕੰਧ ‘ਤੇ, ਦਰਵਾਜੇL ਦੇ ਨਾਲ਼ ਸੱਜੇ ਹੱਥ ਪੱਥਰ ਤੋੜਦੇ ਮਜ਼ਦੂਰ ਦੀ ਤਸਵੀਰ ਲੱਗੀ ਹੈ। ਕੰਵਲ ਨਾਲ਼ ਗੱਲ ਕਰਦੇ ਹੋਏ ਵੀ ਤੁਸੀਂ ਮਹਿਸੂਸ ਕਰਦੇ ਹੋ ਕਿ ਉਹਦੇ ਮਨ ਦੇ ਇਕ ਕੋਨੇ ਵਿਚ ਇਸ ਮਜ਼ਦੂਰ ਦਾ ਪੱਕਾ ਵਾਸ ਹੈ। ਬੱਸ ਕੰਵਲ ਨੂੰ ਇਹਨਾਂ ਛਾਲੇ ਛਾਲੇ ਹੱਥਾਂ ਦਾ ਕੋਈ ਬੰਦੀ ਛੋੜ ਸਾਫ ਨਜ਼ਰ ਨਹੀਂ ਆ ਰਿਹਾ। ਸ਼ਾਇਦ ਇਕ ਸੇਧ ਵਜੋਂ ਹੀ ‘ਲਹੂ ਦੀ ਲੋਅ’ ਦੇ ਪਾਤਰ ਸਿੱਖ ਸ਼ਹੀਦਾਂ ਤੋਂ ਸਿੱਖਦੇ ਹਨ: ਬੰਦ ਬੰਦ ਕਟਵਾਉਣਾ , ਆਰਿਆਂ ਨਾਲ ਚੀਰਿਆ ਜਾਣਾ। ਕੰਵਲ ਦੇ ਇਸ ਵਿਚਾਰ ਦੀ ਸੀਮਾ ਬਾਰੇ ਮੱਤਭੇਦ ਹੋ ਸਕਦੇ ਹਨ ਪਰ ਪੰਜਾਬ ਦੀ ਮੁਕਤੀ ਲਈ ਉਹ ਜਿਹੜੇ ਚਾਰ ਰੌਸ਼ਨ ਸਤੰਭ ਚੁਣਦਾ ਹੈ, ਉਨ੍ਹਾਂ ਦੀ ਪੰਜਾਬੀ ਜਨ- ਮਾਨਸ ਦੀ ਰੂਹ ਦੇ ਧੁਰ ਅੰਦਰ ਤੱਕ ਰਸਾਈ ਤੋਂ ਮੁਨਕਰ ਹੋਣਾ ਇਕ ਗੁਨਾਹ ਦੇ ਤੁੱਲ ਹੈ। ਸੂਫੀ ਸੰਤਾਂ ਦੇ ਲੋਕ- ਪ੍ਰੇਮ, ਸਿੱਖੀ ਦੀ ਸਰਬੱਤ ਦੇ ਭਲੇ ਖਾਤਰ ਕਾਰਜਸ਼ੀਲ ਰਹਿਣ ਦੀ ਪਰੰਪਰਾ, ਪੰਜਾਬ ਦੀ ਲੋਕਧਾਰਾ ਵਿਚ ਅਣਖ ਨਾਲ ਜਿਊਣ -ਮਰਨ ਦੀ, ਆਪਾ ਵਾਰੂ ਭਾਵਨਾ ਅਤੇ ਮਾਰਕਸੀ ਚਿੰਤਨ ਦੀ ਸਮਾਜਿਕ, ਰਾਜਨੀਤਕ ਸਮਝਦਾਰੀ, ਇਹ ਚਾਰੇ ਰਲ਼ਕੇ, ਪੰਜਾਬ ਨੂੰ ‘ਬੇਗਮ-ਪੁਰਾ’ ਬਣਾਉਣ ਦੀ ਸਮਰੱਥਾ ਰੱਖਦੇ ਹਨ। ਕੰਵਲ ਨੂੰ ਸਿਧਾਂਤਾਂ ਦੇ ਇਸ ਸੁਮੇਲ ‘ਚੋਂ ਅਜੇ ਵੀ ਇਕ ਆਸ ਦੀ ਕਿਰਨ ਨਜ਼ਰ ਆਉਂਦੀ ਹੈ ਪਰ ਇਸ ਸੁਮੇਲ ਨੂੰ ਪਰਿਭਾਸ਼ਿਤ ਕਰਦਾ ਉਹ ਉਲਾਰ ਹੁੰਦਾ ਚਲਿਆ ਜਾਂਦਾ ਹੈ। ਇਸ ਲਈ ਜਦੋਂ ਤੁਸੀਂ ਉਹਦੇ ਮਨ ਦਾ ਐਨ ਅੰਦਰਲਾ ਕੋਨਾ ਫਰੋਲਦੇ ਹੋ, ਅੰਦਰਲੇ ਕਮਰੇ ਦੇ ਸੱਜੇ ਦਰਵਾਜੇL ਦਾ ਪਿਛਲਾ ਪਾਸਾ ਦੇਖਦੇ ਹੋ, ਤੁਹਾਨੂੰ ਭਾਈ ਅਮਰੀਕ ਸਿੰਘ ਦੀ ਤਸਵੀਰ ਨਜ਼ਰ ਆਉਂਦੀ ਹੈ। ਇਸ ਕਮਰੇ ਤੋਂ ਹੋਰ ਅਗਾਂਹ ਜਾਂਦੇ ਹੋ ਤਾਂ ਅਗਲੇ ਕਮਰੇ ਦੇ ਦਰਵਾਜੇL ਦੇ ਪਿਛਲੇ ਪਾਸੇ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਤਸਵੀਰ ‘ਚਸਪਾਂ’ ਹੈ। ਇਹ ਤਸਵੀਰਾਂ ਕੰਵਲ ਦੀ ਸਮਝ ਦੀ ਸੀਮਾ ਤੇ ਸਿਧਾਂਤਕ ਉਲਾਰ ਨੂੰ ਦਰਸਾਉਂਦੀਆਂ ਤਾਂ ਹੋ ਸਕਦੀਆਂ ਹਨ, ਪਰ ਪੰਜਾਬ ਦੀਆਂ ਪ੍ਰਤੀਰੋਧੀ ਧਿਰਾਂ, ‘ਚ ਕੰਵਲ ਦਾ ਵਿਸ਼ਵਾਸ਼ ਅਤੇ ਉਹਨਾਂ ਨਾਲ ਦਲੇਰ ਸਿਧਾਂਤਕ ਸੰਵਾਦ ਰਚਾ ਸਕਣ ਦੀ ਦਲੇਰੀ ਦੀ ਹਾਮੀ ਵੀ ਭਰਦੀਆਂ ਹਨ। ਕੰਵਲ ਕਿਵੇਂ ਮਹਿਸੂਸ ਕਰਦਾ ਹੈ ਪਤਾ ਨਹੀਂ ਪਰ ਇਹ ਦੋ ਤਸਵੀਰਾਂ ਦੇਖਦੇ ਸਾਰ ਮੇਰੇ, ਪਾਸ਼ ਦੀ ਸ਼ਹੀਦੀ ਯਾਦ ਆਈ ਸੀ। ਇਕੋ ਬੰਦੇ ਲਈ ਮਰਨ ਵਾਲੇ ਦਾ ਅਤੇ ਮਾਰਨ ਵਾਲੇ, ਦੋਹਾਂ ਦਾ ਸ਼ਹੀਦੀ ਰੁਤਬਾ ਹੋਣਾ , ਦੋਹਾਂ ਦਾ ਲੋਕਾਂ ਦੇ ਯੋਧੇ ਹੋਣਾ, ਸਮਝੋਂ ਬਾਹਰਲੀ ਗੱਲ ਹੈ। ਰਾਤ ਦੀ ਰੋਟੀ ਖਾਣ ਵੇਲੇ, ਮੈਂ ਕੰਵਲ ਤੋਂ ਘਰ ਵਿਚ ਇਹਨਾ ਦੋਵਾਂ ਤਸਵੀਰਾਂ ਦੇ ‘ਸਟੇਟਸ’ ਬਾਰੇ ਪੁੱਛਿਆ ਵੀ ਸੀ। ਪਰ ਉਹਨਾ ਨੇ ਸੰਤ ਭਿੰਡਰਾਂਵਾਲੇ ਨਾਲ ਅਪਣੀ ਆਖਰੀ ਮੁਲਾਕਾਤ ਦੇ ਵੇਰਵੇ ਦੇਣੇ ਸ਼ੁਰੂ ਕਰ ਦਿੱਤੇ। ਉਹ ਭਿੰਡਰਾਂਵਾਲੇ ਨੁੂੰ ‘ਬਲਿਊ ਸਟਾਰ’ ਓਪਰੇਸ਼ਨ ਤੋਂ ਛੇ ਦਿਨ ਪਹਿਲਾਂ ਮਿਲਿਆ ਸੀ। ਬੇ-ਗੁਨਾਹਾਂ ਦੇ ਕਤਲਾਂ ਦੇ ਗੈLਰ-ਸਿੱਖ, ਗੈLਰ-ਮਾਨਵੀ ਹੋਣ ਬਾਰੇ। ਪਰ ਗੱਲ ਤੂੰ ਤੂੰ ਮੈਂ ਮੈਂ ‘ਤੇ ਆ ਕੇ ਮੁੱਕ ਗਈ। ਕੰਵਲ ਘਰ ਆਇਆ ਤਾਂ ਅਕਾਲ ਤਖਤ ‘ਤੇ ਹਮਲੇ ਦੀ ਸੂਹ ਦਿੱਲੀਓਂ ਉਹਦੇ ਕੰਨੀਂ ਪਈ। ਉਹਨੀ ਪੈਰੀਂ ਕੰਵਲ ਫਿਰ ਅੰਮ੍ਰਿਤਸਰ ਦੀ ਗੱਡੀ ਚੜ੍ਹ ਗਿਆ-
-ਓ ਤੁਸੀਂ ਲੇਖਕ ਲੋਕ ਬੁਜ਼ਦਿਲ ਹੁੰਦੇ ਹੋ, ਮੈਦਾਨੋਂ ਭੱਜ ਜਾਂਦੇ ਹੋ”- ਭਿੰਡਰਾਂ ਵਾਲਾ ਕੰਵਲ ਦੀ, ਗ੍ਰਿਫਤਾਰੀ ਦੇ ਕੇ, ਅਕਾਲ ਤਖਤ ਬਚਾ ਲੈਣ ਦੀ ਸਲਾਹ ਤੋਂ ਖਿੱਝ ਗਿਆ ਸੀ।
-ਓ ਦਿੱਲੀ ਤਾਂ ਕਿਸੇ ਬਹਾਨੇ ਸਿੱਖਾਂ ਦੀ ਰੀੜ੍ਹ ਤੋੜੂ ਐ। ਸ਼ਕਤੀ ਦਾ ਸੋਮਾ ਢਾਹੂ ਐ। ਤੁਸੀਂ ਦੁਸ਼ਮਣ ਦੀ ਲੂੰਬੜ ਚਾਲ ਦਾ ਜਵਾਬ ਰਾਜਨੀਤੀ ਨਾਲ ਕਿਓਂ ਨੀ ਦਿੰਦੇ ! ਗ੍ਰਿਫ਼ਤਾਰੀ ਦਾ ਦਾਅ ਖੇਡੋ, ਲੋਕ ਤੁਹਾਨੂੰ ਹੀਰੋ ਬਣਾ ਕੇ ਬਾਹਰ ਲਿਆਉਣਗੇ। ਨਹੀਂ ਤਾਂ ਇਹ ਇਕ ਇਤਿਹਾਸਕ ਭੁੱਲ ਹੋਵੇਗੀ”- ਕੰਵਲ ਨੇ ਆਖ਼ਰੀ ਵਾਹ ਲਾਈ।
-ਓ ਇਤਿਹਾਸਕ ਭੁੱਲ ਤਾਂ ਤੇਰੇ ਵਰਗੇ ਬੁਜ਼ਦਿਲਾਂ ਨੂੰ ਝੱਲਣਾ ਵੀ ਐ। ਦਿੱਲੀ ਨਾਲ ਲੜਾਈ ਜਿੱਤ ਕੇ ਥੋਨੂੰ ਸੋਧਾਂਗੇ”- ਭਿੰਡਰਾਂਵਾਲੇ ਨੇ ਧਮਕੀ ਦੇ ਕੇ ਕੰਵਲ ਨੂੰ ਕਮਰੇ ਦਾ ਦਰ ਦਿਖਾ ਦਿੱਤਾ।
ਮੈਂ ਕੰਵਲ ਦੇ ਮੂੰਹ ਵੱਲ ਵੇਖਦਾ ਰਹਿ ਗਿਆ। ਪੰਜਾਬ ਦੀ ਹੋਣੀ ਦੇ ਭੈਅ ‘ਚ ਭੈਅ- ਮੁਕਤ ਹੋਇਆ ਇਕ ਲੇਖਕ ਮੌਤ ਦੇ ਸਾਹਮਣੇ ਜਾ ਖੜ੍ਹਿਆ ਸੀ। ਸ਼ੰਘਰਸ਼ ਲਈ ਸਾਜ਼ਗਰ ਵੇਲਿਆਂ ਦੀ ਉਡੀਕ ‘ਚ ਜਦੋਂ ਲੋਕ ਪੰਜਾਬ ‘ਚੋਂ ਭੱਜ ਰਹੇ ਸਨ, ਕੰਵਲ ਅਪਣੀ ਵਾਹ ਲਾ ਰਿਹਾ ਸੀ।
ਦੂਜੇ ਦਿਨ ਵੀ ਪੰਜਾਬ ਦੇ ਸਿਆਸੀ ਭਵਿਖ ਦੇ ਹਵਾਲੇ ਨਾਲ ਲੋਕ- ਲਹਿਰਾਂ ਅਤੇ ਤਬਦੀਲੀ ਦੀਆਂ ਸੰਭਾਵਨਾਵਾਂ ਦੀ ਗੱਲ ਚੱਲੀ। ਸੁਮੇਲ ਨੇ ਮੌਜੂਦਾ ਦੌਰ ਦੀਆਂ ਪ੍ਰਤੀਰੋਧੀ ਗਤੀਵਿਧੀਆਂ ਦੀ ਨਿਸ਼ਾਨਦੇਹੀ ਕਰਨੀ ਸ਼ੁਰੂ ਕੀਤੀ ਪਰ ਕੰਵਲ ਦੀ ਟੇਕ ਫੇਰ ਮੌਜੂਦਾ ਅਕਾਲੀ ਲੀਡਰਸ਼ਿਪ ‘ਤੇ ਆ ਟਿਕੀ-
-ਓ ਸੁਆਹ ‘ਚ ਅਹੁਤੀਆਂ ਪਾਉਨੇ ਓਂ ਤੁਸੀਂ ! ਇਸ ਭੁੱਬਲ਼ ‘ਚ ਤਾਂ ਸੇਕ ਵੀ ਨੀ ਤੁਸੀਂ ਚੰਗਿਆੜੀ ਭਾਲਦੇ ਓਂ”- ਮੈਂ ਅਪਣਾ ਪੈਂਤੜਾ ਮੱਲਿਆ-
-ਓ ਨਹੀਂ ਇਕ ਬੰਦਾ ਹੈਗਾ ਹਾਲੇ! ਉਹਦੇ ਨਾਲ ਕਰਨੀ ਐ ਗੱਲ”- ਕੰਵਲ ਨੇ ਹਵਨ ਕੁੰਡ ‘ਚ ਪਾਉਣ ਲਈ ਅਹੁਤੀ ਦੀ ਸਮੱਗਰੀ ਫਿਰ ‘ਕੱਠੀ ਕਰ ਲਈ ।
-ਓ ਤੁਸੀਂ ਇਹਨਾ ਤਿਲਾਂ ‘ਚ ਤੇਲ……”- ਬਾਹਰਲਾ ਗੇਟ ਖੜਕਣ ਨਾਲ ਮੇਰੀ ਗੱਲ ਵਿਚੇ ਰਹਿ ਗਈ ਸੀ। ਕੰਵਲ ਨੂੰ ਮਿਲਣ ਲਈ ਦੋ ਬੰਦੇ ਅੰਦਰ ਆ ਗਏ। ਕੰਵਲ ਸਾਹਿਬ ਕਹਿੰਦੇ ਇਹਨਾਂ ਨੂੰ ਚਾਹ ਪਿਲਾਓ। ਮੈਂ ਤੇ ਸੁਮੇਲ ਚਾਹ ਬਣਾਉਣ ਲਈ ਰਸੋਈ ‘ਚ ਚਲੇ ਗਏ।
ਉਹ ਚਾਹ ਪੀ ਕੇ ਤੁਰੇ, ਮਗਰੇ ਕੰਵਲ ਨਿਕਲ ਆਇਆ, ਮੋਢੇ ‘ਤੇ ਪਾੜ੍ਹੂਆਂ ਵਾਲਾ ਬੈਗ ਲਟਕਾਈਂ-
-ਓ ਚੰਗਾ ਬਈ ਮੈਨੁੰ ਵੀ ਦਿਓ ਇਜਾਜ਼ਤ ਹੁਣ, ਮੋਗੇ ਜਾਣ ਦੀ। ਥੈਂਕ ਯੂ!”-
ਜਦ ਨੂੰ ਅਸੀਂ ਸੰਭਲਦੇ ਕੰਵਲ ਸਾਹਿਬ ‘ਅੱਜ ਰਹਿਣ’ ਦੀਆਂ ਹਦਾਇਤਾਂ ਕਰਦੇ ਗੇਟ ਲੰਘ ਗਏ। ਉਹਨਾਂ ਦੇ ਮੋਢੇ ਨਾਲ ਲਟਕਿਆ ਬੈਗ ਮੇਰੀ ਕਲਪਨਾ ਨੁੂੰ ਦੂਰ ਤੱਕ ਦਿਸਦਾ ਰਿਹਾ। ਫੇਰ ਮੈਂ ਅਪਣੇ ਆਪ ਨੂੰ ਕਿਹਾ-
-‘ਹੁਣ ਇਹ ਫੇਰ ਚੱਲਿਐ ਕਿਤੇ ਸੁਆਹ ‘ਚ ਅਹੁਤੀਆਂ ਪਾਉਣ! ‘ਕੱਲੀਆਂ ਅਹੁਤੀਆਂ ਈ ਨੀ ਪਾਉਂਦਾ, ਫੇਰ ਮਘਾਉਣ ਲਈ ਉਹਦੇ ‘ਚ ਫੂਕਾਂ ਵੀ ਮਾਰਦੈ। ਅੱਗ ਤਾਂ ਹੈ ਨੀ, ਸੁਆਹ ਉੱਡ ਉੱਡ ਇਹਦੇ ‘ਤੇ ਪਈ ਜਾਂਦੀ ਐ। ਜਿਹੜੀ ਇਹਦੇ ਗੋਰੇ ਮੂੰਹ ‘ਤੇ ਲੰਮਾਂ ਸਮਾਂ ਦਾਗਾਂ ਵਾਂਗ ਦਿਖੀ ਜਾਣੀ ਐ’-ਪਰ ਨਾਲ ਨਾਲ ਮੇਰੇ, ਏਂਗਲਜ਼ ਦੀ ਉਹ ਗੱਲ ਯਾਦ ਆਈ ਜਿਹੜੀ ਉਹਨੇ, ਮਾਰਕਸ ਬਾਰੇ ਕਹੀ ਸੀ। ਉਹ ਕਹਿੰਦਾ, ਬਈ ਮਾਰਕਸ ਇਕ ਅਰਥਸ਼ਾਸ਼ਤਰੀ, ਸਮਾਜ ਸ਼ਾਸ਼ਤਰੀ, ਫਿਲਾਸਫਰ, ਨੇਤਾ, ਸਭ ਕੁਝ ਸੀ: ਪਰ ਅੱਧਿਓਂ ਬਹੁਤਾ ਉਹ ਇਕ ਕ੍ਰਾਂਤੀਕਾਰੀ ਸੀ।
ਕੰਵਲ ਵੀ ਉਹ ਸਭ ਕੁਝ ਹੈ ਜੋ ਉਹਦੇ ਬਾਰੇ ਕਿਹਾ ਜਾਂਦੈ, ਪਰ ਅੱਧਿਓਂ ਬਹੁਤਾ ਉਹ ਇਕ ਇਨਕਲਾਬੀ ਕਾਰਕੁਨ ਹੈ। ਪੰਜਾਬ ਦੀ ਹੋਣੀ ‘ਚ ਹਰ ਵੇਲੇ ਦਖ਼ਲ ਦੇਣ ਦਾ ਇਛੁੱਕ। ਤੁਸੀਂ ਇਹਨੂੰ ਅੱਕੀਂ ਪਲਾਹੀਂ ਹੱਥ ਮਾਰਨਾ ਵੀ ਕਹਿ ਸਕਦੇ ਹੋ। ਪਰ ਉਹ ਖੱਡਾਂ ਫਰੋਲੀ ਜਾਂਦੈ, ਜਦ ਤੱਕ ਉਹਦਾ ਹੱਥ ਓਸ ਖੱਡ ‘ਚ ਨਹੀਂ ਪੈਂਦਾ, ਜੀਹਦੇ ‘ਚ ਸਾਹੈ……
ਲੱਕ ਬੰਨ੍ਹ ਪੱਤਣਾ ‘ਤੇ ਖੜ੍ਹੀਆਂ, ਜਿਹਨਾ ਨੂੰ ਲੋੜ ਮਿੱਤਰਾਂ ਦੀ !
ਇਹ ਘਰ ਅੰਦਰ ਵੱਲ ਖੁਲ੍ਹਦਾ ਹੈ।

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!