The Class Struggle in the Ancient Greek World – ਸੁਰਜੀਤ ਹਾਂਸ

Date:

Share post:

ਪ੍ਰਾਚੀਨ ਯੂਨਾਨ ਦੇ ਇਤਿਹਾਸ ਦੇ ਤਿੰਨ ਕਾਲ ਹਨ। ਆਦਿ ਕਾਲ ਅੱਠਵੀਂ ਤੋਂ ਛੇਵੀਂ ਸਦੀ ਪੂਰਬ ਈਸਾ; ਕਲਾਸਿਕ ਸਮਾਂ ਪੰਜਵੀਂ ਚੌਥੀ ਸਦੀ-(ਕਲਾਸਿਕ ਦਾ ਅਰਥ ਸਰਬੋਤਮ) ਹਲੀਨੀ (Halleniste) ਤੀਸਰੀ ਪੂਰਵ ਈ. ਤੋਂ ਅੱਗੇ। ਜਿਵੇਂ ਭਾਰਤ ਨਾਉਂ ਤੋਂ ਭਾਰਤ ਵਰਸ਼ ਬਣਿਆ, ਹਲੀਨ ਬਾਦਸ਼ਾਹ ਹਲੀਨਾਂ (ਯਵਨਾ) ਦਾ ਨਿਰਮਾਤਾ ਸਮਝਿਆ ਜਾਂਦਾ ਹੈ।
ਯੂਨਾਨੀ ਲੋਕਤੰਤ੍ਰ ਮਾਨਵਤਾ ਦੀ ਮੌਲਿਕ ਕਾਢ ਸੀ। ਸਾਰੇ ਨਾਗਰਕਾਂ ਦੀ ਇਕਤਰਤਾ ਸਰਵਸ਼ਕਤੀਮਾਨ ਸੀ ਅਤੇ ਹੱਥ ਖੜ੍ਹੇ ਕਰਕੇ ਵੋਟ ਦਿੱਤੇ ਜਾਂਦੇ ਸੀ। ਇੰਝੇ ਕਚਹਿਰੀ ਵੀ ਕਾਫ਼ੀ ਇਕੱਠ ਵਾਲੀ ਹੁੰਦੀ ਸੀ ਜਿਹੜੀ ਜੱਜ ਅਤੇ ਜੂਰੀ ਦੋਵਾਂ ਦਾ ਕੰਮ ਕਰਦੀ ਸੀ। ਇਸਦੇ ਫ਼ੈਸਲੇ ਦੀ ਕੋਈ ਅਪੀਲ ਨਹੀਂ ਸੀ।
ਲੋਕਤੰਤ੍ਰ (ਦੲਮੋਸ ) ਲੋਕ ਦਾ ਰਾਜ ਸੀ। ਡੀਮੌਸ ਦੇ ਦੋ ਮਹਿਨੇ ਹਨ- (1) ਨਾਗਰਕ ਅਤੇ ਉਹਨਾਂ ਦੀ ਇਕਤਰਤਾ (2) ਗ਼ਰੀਬ ਜਾਂ ਨੀਵੀਆਂ ਸ਼੍ਰੇਣੀਆਂ।
ਏਥਨ ਦਾ ਲੋਕਤੰਤ੍ਰ ਦੀਰਘਕਾਲੀ (507-322) ਹੋਇਆ। ਹੋਰ ਵੀ ਕਈ ਸ਼ਹਿਰਾਂ ਵਿਚ ਲੋਕਤੰਤ੍ਰ ਸੀ ਪਰ ਉਹਨਾਂ ਬਾਰੇ ਬੜੀ ਥੋੜ੍ਹੀ ਵਾਕਫ਼ੀਅਤ ਸੁਲੱਭ ਹੈ। ਲੋਕਤੰਤ੍ਰ ਦਾ ਉਦੇਸ਼ ਬਹੁਤਾ ਕਰਕੇ ਰਿਆਸਤ (State) ਨੂੰ ਆਪਣੇ ਕਾਬੂ ‘ਚ ਰੱਖਣਾ ਸੀ। ਜੇ ਡੀਮੌਸ ਲੋਕਤੰਤ੍ਰ ਕਾਇਮ ਰੱਖਦੇ, ਇਹਨੂੰ ਚਲਾਉਂਦੇ ਰਹਿਣ ਤਾਂ ਉਹ ਕਿਸੇ, ਬਹੁਤੀ ਜਾਂ ਥੋੜ੍ਹੀ, ਹੱਦ ਤੱਕ ਆਪਣੇ ਆਪ ਨੂੰ ਸ਼ੋਸ਼ਨ ਤੋਂ ਬਚਾ ਸਕਦੇ ਸਨ।
ਨਾਗਰਿਕ ਵਸੋਂ ਦੇ ਵਿਸਤ੍ਰਿਤ ਅਤੇ ਕਾਬਲ-ਇ ਅਮਲ (enforceable) ਹੱਕ ਸੀ ਜਿਸ ਕਰਕੇ ਹੀਨ ਦਰਿਦ੍ਰ ਗਨ ਨੂੰ ਵੀ ਆਪਣੀ ਬੱਚਤ ਕਰਨ ਦਾ ਮੌਕਾ ਸੀ। ਅਲਪ ਤੰਤ੍ਰ (oligarchy) ਵਿਚ ਅਜਿਹਾ ਸੰਭਵ ਨਹੀਂ ਸੀ ਕਿਉਂਕਿ ਇਹਦੇ ਵਿਚ ਉਹਨਾਂ ਦੀ ਰਕਸ਼ਾ ਦਾ ਸਿਆਸੀ ਸਾਧਨ ਖ਼ਤਮ ਹੋ ਜਾਂਦਾ ਹੈ। ਫੇਰ ਹਲੀਨੀ ਰਾਜ ਜਾਂ ਰੋਮ ਸਾਮਰਾਜ ਉਹਨਾਂ ’ਤੇ ਟੈਕਸ ਲਾ ਸਕਦਾ ਅਤੇ ਬੇਗਾਰ ਲੈ ਸਕਦਾ ਸੀ। ਰੋਮ ਸਾਮਰਾਜ ਦੇ ਯਵਨ ਹਿੱਸੇ ਵਿਚ ਕਿਸਾਨਾਂ ਨੂੰ ਥੇਟਰ, ਹਮਾਮ, ਜਲ-ਨਾਲ (aquduct) ਅਤੇ ਕਸਰਤ-ਗਾਹ (gymnasium) ਦਾ ਕੋਈ ਆਸਰਾ ਨਹੀਂ ਸੀ-ਜਿਵੇਂ ਅੱਜ ਦੇ ਭਾਰਤ ਵਿਚ infrastructure (ਨਿਮਨ-ਸਰਚਨਾ) ਦਾ ਲੋਕਾਂ ਨੂੰ ਕੋਈ ਲਾਭ ਨਹੀਂ ਹੋਣਾ। ਇੰਝੇ ਇੱਥੇ ਪਹਿਲੀਆਂ ਤਿੰਨ ਈਸਵੀ ਸਦੀਆਂ ਵਿਚ ਕਿਸਾਨੀ ਦੀ ਹਾਲਤ ਹੋਰ ਵੀ ਮਾੜੀ ਹੋ ਗਈ ਕਿਉਂਕਿ ਉਹਨਾਂ ਦੇ ਕਾਨੂੰਨੀ ਹੱਕ ਖੁੱਸ ਗਏ ਸਨ; ਕਾਨੂੰਨੀ ਹੱਕ ਤਲਫ਼ੀ ਯਵਨ ਲੋਕਤੰਤ੍ਰ ਦੇ ਖ਼ਾਤਮੇ ਤੋਂ ਸ਼ੁਰੂ ਹੁੰਦੀ ਹੈ। ਅੱਜ ਦੀ ਸ਼ਬਦਾਵਲੀ ਵਿਚ ਉਦੋਂ ਤੋਂ ‘ਸੁਧਾਰ’ ਦਾ ਆਰੰਭ ਹੁੰਦਾ ਹੈ। ਹਲੀਨੀ ਕਾਲ ਵਿਚ ਮਾਲਿਕ ਸ਼੍ਰੇਣੀਆਂ ਨੂੰ ਸਮਝ ਆ ਗਈ ਸੀ ਕਿ ਗਨ ਨੂੰ ਕਾਬਲ-ਇ ਅਮਲ ਸਿਆਸੀ ਹਕੂਕ ਦੇਣੇ ਕੋਈ ਸਿਆਣਪ ਨਹੀਂ।
ਲੋਕਤੰਤ੍ਰ ਵਿਚ ਹੀਨਜਨ ਬਹੁਸੰਖਿਆ ਹੋਣ ਕਰਕੇ ਆਪਣੇ ਆਪ ਨੂੰ ਕੁਝ ਕੁ ਬਚਾ ਸਕਦੇ ਸੀ। ਕਈ ਵਾਰ ਲੋਕਤੰਤ੍ਰੀ ਫ਼ੈਸਲੇ ਨਾਲ ਅਮੀਰਾਂ ਨੂੰ ਧਾਰਮਿਕ ਸਮਾਗਮਾਂ (liturgies) ’ਤੇ ਖਰਚੇ ਕਰਨ ਲਈ ਮਜਬੂਰ ਕਰਦੇ। ਇਹ ਵੀ ਹੁੰਦਾ ਕਿ ਕਚਹਿਰੀ ਦੇ ਫ਼ੈਸਲੇ ਅਨੁਸਾਰ ਉਹਨਾਂ ’ਚੋਂ ਕਿਸੇ ਦੀ ਜਾਇਦਾਦ ਜ਼ਬਤ ਕਰ ਲਈ ਜਾਂਦੀ। ਇਹ ਤਾਂ ਇਕ ਤਰ੍ਹਾਂ ਸੰਪੱਤੀ ਦਾ ਪੁਨਰ-ਵਿਭਾਜਨ ਸੀ ਜਿਸ ਨੂੰ ਅਜੋਕੇ ਜਮਹੂਰੀ ਮੁਲਕਾਂ ਦੇ (progessive taxation) ਸਮਾਨ ਮੰਨਿਆ ਜਾ ਸਕਦਾ ਹੈ।
ਸਮਾਜ ਵਿਗਿਆਨੀ ਨੁਕਤੇ ਤੋਂ ਯਵਨ ਲੋਕਤੰਤ੍ਰ ਦੀ ਕਾਮਯਾਬੀ ਇਸ ਕਰਕੇ ਸੰਭਵ ਸੀ ਕਿ ਨਾਗਰਿਕਾਂ ਵਿਚ ਕਾਫ਼ੀ ਹਦ ਤੱਕ ਆਰਥਿਕ ਨਾਬਰਾਬਰੀ ਨਹੀਂ ਸੀ।
ਨਾਗਰਿਕ ਹੱਕ ਜਨਹਿਤ ਪਾਲਦੇ ਹਨ ਪਰ ਹੱਕਾਂ ਦੇ ਇਸੇ ਖ਼ਾਤਮੇ ਨਾਲ ਇਹ ਹਾਲ ਹੋਇਆ ਕਿ ਰੋਮ ਸਾਮਰਾਜ ਸਮੇਂ ਮੁਜ਼ਾਰੇ ਦੀ ਕਾਨੂੰਨੀ ਪਰਿਭਾਸ਼ਾ ਗ਼ੁਲਾਮੀ ਦੀ ਸ਼ਬਦਾਵਲੀ ’ਚ ਹੋਣ ਲੱਗੀ।
ਇਹ ਗੱਲ ਵੀ ਕਹਿਣੀ ਪੈਂਦੀ ਹੈ ਕਿ ਯਵਨ ਸਮਾਜ ਵਿਚ ਗ਼ੁਲਾਮੀ ਦੀ ਸੰਸਥਾ ਅਜਿਹੀ ਸਰਵ ਸਾਧਾਰਨ, ਸੁੱਤੇ ਸਿਧ ਸੀ ਕਿ ਗ਼ੈਰ-ਗ਼ੁਲਮੀ ਮੁਲਕਾਂ ਦੇ ਬੰਦੇ ਇਹਦੀ ਕਲਪਨਾ ਵੀ ਨਹੀਂ ਕਰ ਸਕਦੇ।
ਮਿਸਰ ਵਿਚ ਜੇ ਕਿਸੇ ਦੀ ਪਿੱਠ ’ਤੇ (ਸਰਕਾਰੀ ਕਰਮਚਾਰੀਆਂ ਵੱਲੋਂ ਮਾਰੇ) ਛਾਂਟਿਆਂ ਦੇ ਨਸ਼ਾਨ ਨਾ ਹੋਣ ਤਾਂ ਸ਼ਰਮ ਦੀ ਗੱਲ ਸੀ। ਰੋਮ ਸਾਮਰਾਜ ਦੇ ਬਾਕੀ ਹਿੱਸਿਆਂ ਵਿਚ ਵੀ ਇਸ ਤੋਂ ਚੰਗਾ ਹਾਲ ਨਹੀਂ ਹੋਣਾ। ਕਾਹਿਰਾ ਵਿਚ ਯਹੂਦੀ ਫ਼ਲਾਸਫਰ ਫ਼ਾਈਲੋ (Philo) ਕ੍ਰਿਸ਼ਕ ਕਰਜ਼ਦਾਰਾਂ ਦਾ ਵਰਨਣ ਕਰਦਾ ਹੈ ਕਿ ਸਰਕਾਰ ਉਹਨਾਂ ਦੇ ਮਾਪੇ, ਬੀਵੀ ਬੱਚੇ ਬੰਨ੍ਹ ਕੇ ਲੈ ਜਾਂਦੀ। ਉਹਨਾਂ ਨੂੰ ਤਸੀਹੇ ਦਿੱਤੇ ਜਾਂਦੇ ਕਿ ਭਗੌੜੇ ਕਰਜ਼ਦਾਰ ਦਾ ਥਾਂਉ ਠਿਕਾਣਾ ਦੱਸਣ। ਫੇਰ ਸਬੰਧੀਆਂ ਦਾ ਇਹੀ ਹਾਲ ਹੁੰਦਾ। ਜਦ ਸਬੰਧੀ ਵੀ ਮੁੱਕ ਜਾਂਦੇ, ਕਈ ਥਾਵਾਂ ’ਤੇ ਇਹ ਵਿਹਾਰ ਪਿੰਡ, ਨਗਰ ਨਾਲ ਹੋਣ ਲੱਗਦਾ ਤਾਂ ਇਹਨਾਂ ਦੇ ਵਸਨੀਕ ਹੋਰ ਥਾਵੀਂ ਭੱਜ ਜਾਂਦੇ। ਫ਼ਾਇਲੋ ਅਨੁਸਾਰ ਕਰਮਚਾਰੀ ਵਹਿਸ਼ੀ ਫ਼ਿਤਰਤ ਵਾਲੇ ਸੰਸਕ੍ਰਿਤੀ-ਰਹਿਤ ਬੰਦੇ ਸਨ ਜਿਹੜੇ ਜੁLਲਮੀ ਹੁਕਮਾਂ ’ਤੇ ਅਮਲ ਕਰਦੇ ਰਹਿੰਦੇ।
ਕਿਸੇ ਸੂਬੇ ਦੇ ਗਵਰਨਰ ਨੇ ਮਿੱਥੀ ਆਮਦਨੀ ਤੋਂ ਕਿਤੇ ਜ਼ਿਆਦਾ ਪੈਸੇ ਰੋਮ ਸਾਮਰਾਜ ਦੇ ਖ਼ਜ਼ਾਨੇ ’ਚ ਭੇਜੇ ਤਾਂ ਕੈਸਰ (ਸੀਜ਼ਰ) ਨੂੰ ਕਹਿਣਾ ਪਿਆ – ਤੈਨੂੰ ਭੇਡਾਂ ਮੁੰਨਣ ਨੂੰ ਕਿਹਾ ਸੀ, ਇਹਨਾਂ ਦੀ ਖੱਲ ਲਾਉਣ ਨੂੰ ਨਹੀਂ ਸੀ ਕਿਹਾ।
ਕਿਸੇ ਇਤਿਹਾਸਕਾਰ ਦਾ ਕਹਿਣਾ ਹੈ ਕਿ ਰੋਮ ਸਾਮਰਾਜ ਦੀ ਸਾਰੀ ਖ਼ੁਸ਼ਹਾਲੀ ਉੱਪਰ ਨੂੰ ਖਿੱਚੀ ਗਈ-ਪਰ ਅੱਜ ਲੋਕਾਂ ਨੂੰ ਭੁਚਲਾਇਆ ਜਾ ਰਿਹਾ ਹੈ ਕਿ ਉਦਯੋਗੀ ਬਖ਼ਤਾਵਾਰੀ ਥੱਲੇ ਨੂੰ ਸਿੰਮਣੀ ਸ਼ੁਰੂ ਹੋ ਜਾਵੇਗੀ।

:::

ਸੰਪੱਤੀ ਵਾਲੀ ਅਲਪ-ਸੰਖਿਆ ਆਪਣਾ ਰਾਜ ਭਾਗ ਤਾਂ ਹੀ ਕਾਇਮ ਰੱਖ ਸਕਦੀ ਜੇ ਬਹੁ-ਸੰਖਿਆ ਆਪਣੇ ਹਿੱਤਾਂ ਦੇ ਉਲਟ ਅਲਪ-ਸੰਖਿਆ ਮਗਰ ਲੱਗੇ। ਇਸ ਕਰਕੇ ਰਾਜ ਸ਼੍ਰੇਣੀ ਨੂੰ ਅਜਿਹੀ ਵਿਚਾਰਧਾਰਾ ਬਣਾਉਣੀ ਪੈਂਦੀ ਹੈ ਜਿਹੜੀ ਕਿਸੇ ਹੱਦ ਤੱਕ ਲਚਕਦਾਰ, ਸਰਵ-ਪੱਖੀ ਅਤੇ ਵਿਚੋਲਗੀਰੀ ਵਾਲੀ ਹੋਵੇ ਜਿਸ ਕਾਰਨ ਅਧੀਨ ਸ਼੍ਰੇਣੀਆਂ ਇਹਨੂੰ ਸਵੀਕਾਰ ਕਰ ਲੈਣ ਅਤੇ ਸੰਪੱਤੀ ਦੀ ਚੜ੍ਹਤ ਨੂੰ ਨਿਆਂਸ਼ੀਲ ਮੰਨਣ।
ਅਫ਼ਲਾਤੂਨ (Plato) ਅਨੁਸਾਰ ਰਾਜ ਕਰਨ ਦੀ ਕਲਾ ਕੁਸ਼ਲਤਾ ਲਈ ਵਿਆਕਤਿਕ ਵਿਹਲ ਜ਼ਰੂਰੀ ਹੈ। ਜੋ ਚੀਜ਼ ਵਿਹਲ ’ਚ ਵਿਘਨਕਾਰੀ ਹੈ ਉਹ ਬੰਦੇ ਨੂੰ ਰਾਜ ਸ਼੍ਰੇਣੀ ’ਚ ਸ਼ਾਮਲ ਹੋਣ ਤੋਂ ਰੋਕਦੀ ਹੈ। ਹੱਥ ਦੀ ਕਿਰਤ ਸਦਕੇ ਸਰੀਰ ਕਮਜ਼ੋਰ ਹੋ ਜਾਂਦਾ ਹੈ ਜਿਸ ਨਾਲ ਮਾਨਸਕ ਨਿਰਬਲਤਾ ਉਪਜਦੀ ਹੈ। ਇਸ ਕਰਕੇ ਕੰਮੀ ਕਮੀਣਾ ਨੂੰ ਦਰਸ਼ਨ ਵਿਚ ਦਖ਼ਲ ਨਹੀਂ ਦੇਣਾ ਚਾਹੀਦਾ ਕਿਉਂਕਿ ਦਾਰਸ਼ਨਿਕ ਭਾਗਵਾਨ ਹੀ ਰਾਜ ਕਰਨ ਦੇ ਯੋਗ ਹਨ।
ਹੋਰ ਤਾਂ ਹੋਰ ਹਸਾਬ ਦੀ ਨਵੀਂ ਲੱਭਿਤ ਨੂੰ ਸ਼੍ਰੈਣਕ ਰਾਜ ਦੀ ਹਮਾਇਤ ’ਚ ਵਰਤਿਆ ਜਾਣ ਲੱਗਾ। ਗਣਿਤ ਅਨੁਪਾਤ 2,4,6,8,10 ਲੋਕਤੰਤ੍ਰੀ ਹੈ। ਪਰ ਰੇਖਾ ਗਣਿਤ geomatrical proportion 2,4,8,16,32 ਅਲਪ-ਤੰਤ੍ਰੀ oligarchical ਹੈ। ਗਣਿਤ ਅਨੁਪਾਤ ਬੰਦਿਆਂ ਦੀ ਵਿੱਥ ਦਰਸਾਉਂਦਾ ਹੈ ਜਿਹੜੀ ਸਦਾ ਇਕੋ ਜਿੰਨੀ ਰਹਿੰਦੀ ਹੈ। ਗਣਿਤ ਰੇਖ ਅਨੁਪਾਤ ਲੋਕਾਈ ਦਾ ਮੁੱਲ ਪਾਉਂਦਾ ਹੈ। ਵਧ ਰਹੀ ਵਡਿਆਈ ਭਾਵੇਂ ਬਰਾਬਰੀ ਨਹੀਂ ਰਹਿਣ ਦਿੰਦੀ ਪਰ ਵਡਮੁੱਲੇ ਨੂੰ ਰਾਜਯੋਗ ਅਤੇ ਥੁੜਮੁੱਲੇ ਨੂੰ ਕਿਰਤਯੋਗ ਰਹਿਣ ਦਿੰਦੀ ਹੈ। ਇਸ ਕਰਕੇ ਨਾ-ਬਰਾਬਰੀ ਹੀ ਅਸਲੀ ਬਰਾਬਰੀ ਹੈ।
ਅੱਗੇ ਜਾ ਕੇ ਇਸੇ ਦਲੀਲ ਦਾ ਰਾਜਨੀਤਕ ਉਦਾਹਰਣ ਬਣਾ ਲਿਆ ਜਾਵੇਗਾ ਕਿ ਇਕਪੁਰਖੀ ਰਾਜ ਵਿਚ ਸਭ ਦੀ ਆਜ਼ਾਦੀ ਹੁੰਦੀ ਹੈ।
ਵਿਹਾਰਕ ਰੂਪ ਵਿਚ ਇਹ ਸਪੱਸ਼ਟ ਨਹੀਂ ਹੈ ਕਿ ਕਿਰਤ ਮੰਡਲ ਤੋਂ ਚਲਕੇ ਰਾਜਮੰਡਲ ਵਲ ਜਾਂਦਿਆਂ ਬੰਦਿਆਂ ਦੇ ਗੁਣ ਵਧਦੇ ਜਾਂਦੇ ਹਨ-ਜਿਹੜੀ ਗੱਲ ਸਿੱਧ ਕਰਨੀ ਸੀ ਉਹਨੂੰ ਆਰੰਭਕ ਰੂਪ ਵਿਚ ਹੀ ਮਿਥ ਲਿਆ ਗਿਆ ਹੈ। ਸਗੋਂ ਅਨੁਭਵ ਤਾਂ ਇਹ ਕਹਿੰਦਾ ਹੈ ਕਿ ਕਿਰਤਮੰਡਲ ਤੋਂ ਰਾਜਮੰਡਲ ਵਲ ਜਾਂਦਿਆਂ ਔਗੁਣ ਦਾ ਮਿਸ਼੍ਰਨ ਵਧਦਾ ਜਾਂਦਾ ਹੈ।
ਇਸੇ ਤਰ੍ਹਾਂ ਅਰਸਤੂ (Aristotle) ਨੇ ਗੁਲਾਮੀ ਦੀ ਪ੍ਰਥਾ ਦੀ ਹਮਾਇਤ ਕੀਤੀ ਸੀ। ਕਈ ਬੰਦੇ ”ਸੁਭਾਵਿਕ’’ ਹੀ ਦਾਸ ਹੁੰਦੇ ਹਨ ਇਸ ਲਈ ਗੁਲਾਮਾਂ ’ਤੇ ਨਿਰਭਰ ਆਰਥਿਕਤਾ ਯੋਗ ਹੈ। ਇਹ ਕਿਵੇਂ ਪਤਾ ਲੱਗੇ ਕਿ ਕੌਣ ਸੁਭਾਵਿਕ ਹੀ ਦਾਸ ਹੈ? ਜਿਹੜੇ ਸੁਭਾਵਿਕ ਦਾਸ ਹਨ ਪਰ ਗ਼ੁਲਾਮ ਨਹੀਂ ਉਹਨਾਂ ਦਾ ਕੀ ਕੀਤਾ ਜਾਵੇ? ਜਾਂ ਜਿਹੜੇ ਸੁਭਾਵਿਕ ਦਾਸ ਨਹੀਂ ਪਰ ਗੁਲਾਮ ਹਨ? ਇਹ ਤਾਂ ਭਾਸ਼ਾ ਦੀ ਕੁਸ਼ਲਤਾ ਰਾਹੀਂ ਤੱਥ ਨੂੰ ਟਾਲਾ ਲਾਇਆ ਹੈ।
ਸੰਤ ਅਗਸਤੀਨ (St Augustine) ਦਾ ਕਹਿਣਾ ਹੈ ਕਿ ਰੱਬ ਨੇ ਬੰਦੇ ਨੂੰ ਮੌਲਿਕ ਪਾਪ (original sin) ਦੀ ਸਜ਼ਾ ਗ਼ੁਲਾਮੀ ਨਾਲ ਦਿੱਤੀ ਹੈ। ਮੌਲਿਕ ਪਾਪ ਜਾਂ ਗੁਨਾਹ-ਇ ਅੱਵਲ ਦੀ ਪ੍ਰਛਾਈ ਤਾਂ ਰਾਜ ਸ਼੍ਰੇਣੀ ’ਤੇ ਵੀ ਪੈ ਰਹੀ ਹੈ, ਮਾਨਵ ਦਾ ਦੰਡ ਕੇਵਲ ਸੀਮਤ ਵਰਗ ਨੂੰ ਹੀ ਕਿਉਂ?

:::

ਸ੍ਰੈਣਿਕ ਸੰਘਰਸ਼ ਦਾ ਸਿਖਰ (ਲੋਕ-ਤੰਤ੍ਰੀ ਐਥਨ ਵਿਰੋਧੀ) ਸਪਾਰਟ (ਸਕੰਦਰ ਦਾ ਮੁੱਢਲਾ ਰਾਜ) ਵਿਚ ਨਜ਼ਰ ਆਉਂਦਾ ਹੈ। ਮੈਜਿਸਟਰੇਟ ਸਮਾਨ ਸਪਾਰਟਨ ਅਧਿਕਾਰੀ ਆਪਣੀ ਨਿਯੁਕਤੀ ਦੀ ਸੌਂਹ ਖਾਣ ਸਮੇਂ ਆਪਣੇ (ਹੀਲਟ ਅਰਥਾਤ) ਗ਼ੁਲਾਮਾਂ ਵਿਰੁੱਧ ਜੰਗ ਦਾ ਐਲਾਨ ਕਰਦਾ ਸੀ ਤਾਂ ਜੋ ਉਹਨਾਂ ਨੂੰ ਬਿਨਾ ਮਕੱਦਮਾ ਚਲਾਏ ਕਤਲ ਕਰਵਾ ਸਕੇ ਕਿਉਂਕਿ ਐਲਾਨ-ਇ ਜੰਗ ਨਾਲ ਹੀ ਮਰਗ ਦੇ ਧਾਰਮਿਕ ਸੂਤਕ (pollution) ਤੋਂ ਬਚਿਆ ਜਾ ਸਕਦਾ ਸੀ। ਆਪਣੇ ਸ਼੍ਰਮਕ ਬਲ ਦੇ ਖ਼ਲਾਫ਼ ਅਜਿਹਾ ਵਿਹਾਰਕ ਐਲਾਨ-ਇ ਜੰਗ ਆਪਣੇ ਆਪ ’ਚ ਮਸਾਲ ਹੈ।
ਅਰਸਤੂ ਵੀ ਅਲਪ-ਤੰਤ੍ਰ ਰਾਜਾਂ ਦਾ ਜ਼ਿਕਰ ਕਰਦਾ ਹੈ ਜਿੱਥੇ ਕਰਮਚਾਰੀ ਹਲਫ਼ ਉਠਾਉਂਦੇ ਹਨ, ”ਮੈਂ ਸਾਧਾਰਨ ਲੋਕਾਂ ਨਾਲ ਦਵੈਸ਼ ਕਰੂੰਗਾ ਅਤੇ ਉਹਨਾਂ ਖ਼ਲਾਫ਼ ਹਰ ਬਦੀ ਦੀ ਯੋਜਨਾ ਬਣਾਊਂਗਾ।’’ ਅਰਸਤੂ ਪ੍ਰਾਚੀਨ ਕਾਲ ਵਿਚ (ਨਾਲੇ ਅਜੋਕੇ) ਖ਼ਤਰੇ ਦਾ ਜ਼ਿਕਰ ਕਰਦਾ ਹੈ ਕਿ ਜੇ ਬਹੁ-ਸੰਖਿਆ ਨੂੰ ਆਪਣੀ ਮਰਜ਼ੀ ਕਰਨ ਦੀ ਖੁੱਲ੍ਹ ਹੋਵੇ ਤਾਂ ਉਹਨਾਂ ਨੇ ਅਮੀਰ ਬੰਦਿਆਂ ਦੀ ਜਾਇਦਾਦ ਜ਼ਬਤ ਕਰ ਲੈਣੀ ਹੈ।
ਸਨ 370 ਪੂਰਵ ਈ. ਵਿਚ ਆਰਗਸ (Argos) ਦੇ ਹੀਣ ਲੋਕਾਂ ਨੇ ਉੱਪਰਲੀ ਸ਼੍ਰੇਣੀ ਦੇ 1200-1500 ਬੰਦੇ ਕਤਲ ਕਰ ਦਿੱਤੇ। ਏਥਨ ਦੀ ਅਸੰਬਲੀ ਅਜਿਹੀ ਦਹਿਸ਼ਤ ਜ਼ਦਾ ਹੋਈ ਕਿ ਉਹਨੇ ਫੌਰਨ ਰਾਜ ਦੀ ਸ਼ੁੱਧੀ ਲਈ ਯੱਗ ਕੀਤਾ।
ਸਨ 61 ਵਿਚ ਕਿਸੇ ਗ਼ੁਲਾਮ ਨੇ ਰੋਮ ਦਾ ਦਰੋਗ਼ਾ ਕਤਲ ਕਰ ਦਿੱਤਾ ਤਾਂ ਉਹਦੇ 400 ਗ਼ੁਲਾਮ ਫੌਰਨ ਮਾਰ ਦਿੱਤੇ ਗਏ, ਜਿਸ ਦਾ ਹੀਣ ਜਨਾਂ ਨੇ ਤਕੜਾ ਵਿਰੋਧ ਕੀਤਾ ਸੀ।
ਸਨ 116-114 ਡਾਈਮ ਸ਼ਹਿਰ ’ਚ ਇਨਕਲਾਬ ਆਇਆ। ਵੱਡੀ ਸ਼ਕਾਇਤ ਕਰਜ਼ੇ ਦੀ ਮੁਆਫ਼ੀ ਸੀ। ਬਾਗ਼ੀਆਂ ਨੇ ਜਾਇਦਾਦ ਦੇ ਕਾਗਜ਼ਾਂ ਦਾ ਸੰਗ੍ਰਹਿਲਯ ਸਾੜ ਦਿੱਤਾ। ਅਜਿਹੇ ਮੌਕੇ ਰੋਮ ਸਾਮਰਾਜ ਹਲੀਨੀ ਰਾਜਾਂ ਦੀਆਂ ਉੱਚ ਸ਼੍ਰੇਣੀਆਂ ਦੀ ਮਦਦ ਨੂੰ ਤਤਪਰ ਰਹਿੰਦਾ ਸੀ (ਅੱਜ ਵਾਂਗੂੰ)।
ਸਨ 73-71 ਵਿਚ ਇਟਲੀ ਦੀ ਸਪਾਰਟਾਕਸ (spartacus) ਬਗ਼ਾਵਤ ਵਿਚ ਇਕ ਲੱਖ ਗੁਲਾਮ ਮਾਰੇ ਗਏ।

:::

ਕਲਾਸਿਕ ਕਾਲ ਵਿਚ ਗ਼ੁਲਾਮਾਂ ਦੀ ਬਗ਼ਾਵਤ ਦੀ ਕੋਈ ਇਤਲਾਹ ਨਹੀਂ ਮਿਲਦੀ। ਕਾਰਨ ਇਹ ਕਿ ਗ਼ੁਲਾਮਾਂ ਦਾ ਆਯਾਤ ਹੁੰਦਾ ਸੀ ਜਿਹੜੇ ”Thrace, ਦੱਖਣੀ ਰੂਸ, Lydia, Caria ਏਸ਼ੀਆ ’ਚ ਕੋਚਕ, ਮਿਸਰ, ਲਿਬੀਆ, ਸਿਸਲੀ ਤੋਂ ਆਉਂਦੇ ਸੀ। ਸ਼ਹਿਰ ਤਾਂ ਕੀ ਫ਼ਾਰਮ ਦੇ ਗ਼ੁਲਾਮਾਂ ਦੀ ਭਾਸ਼ਾਈ ਸਾਂਸਕ੍ਰਿਤਕ ਸਾਂਝ ਨਹੀਂ ਹੁੰਦੀ ਸੀ (ਜਿਵੇਂ ਯੌਰਪ ਅਮਰੀਕਾ ’ਚ ਪਹੁੰਚੇ ਆਵਾਸੀਆਂ ਦਾ ਹਾਲ ਹੈ)। ਕੇਵਲ ਸਪਾਰਟਾ ਨੂੰ ਆਪਣੇ Messenia, Thessaly ਦੇ ਇਲਾਕਾਈ ਸਾਂਝ ਵਾਲੇ ਦਾਸਾਂ ਦਾ ਪੱਕਾ ਖ਼ਤਰਾ ਹੁੰਦਾ ਸੀ।
ਗ਼ੁਲਾਮਾਂ ਨੇ ਜ਼ੁਲਮ ਦੇ ਖ਼ਲਾਫ਼ ਰੋਕ ਦੇ ਸਾਹਿਤ ਦੀ ਕਾਢ ਕੱਢੀ ਜਿਸਦਾ ਰੂਪ ਫ਼ੇਬਲ (fable) ਦਾ ਹੈ। ਫ਼ੇਬਲ ਨੂੰ ਪੰਚਤੰਤ੍ਰ ਕਹਿਣਾ ਠੀਕ ਨਹੀਂ ਕਿਉਂਕਿ ਪੰਚਤੰਤ੍ਰ ਪੁਸਤਕ ਦੇ ਪੰਜ ਤੰਤ੍ਰ ਅਰਥਾਤ ਹਿੱਸੇ ਹਨ, ਜਿਹਨਾਂ ਵਿਚ ਇਕ ਫ਼ੇਬਲ ਦਾ ਹੈ। ਫ਼ੇਬਲ ਦੇ ਪ੍ਰਮੁੱਖ ਅਤੇ ਕੇਵਲ ਦੋ ਗੁਣ ਹਨ। ਇਹ ਇੰਨੀ ਸਰਲ ਹੈ ਕਿ ਹੀਣਬੁੱਧ ਨੂੰ ਵੀ ਸਮਝ ਆ ਜਾਂਦੀ ਹੈ। ਇਹਦੀ ਅਣ-ਉਕਤ ਸਿੱਖਿਆ ਹੁੰਦੀ ਹੈ ਜਿਸ ਤੋਂ ਮਾਲਕਾਂ ਸਾਹਮਣੇ ਮੁਕਰਿਆ ਜਾ ਸਕਦਾ ਹੈ।
ਕੋਈ ਖੋਤੇ ਨੂੰ ਕਹਿੰਦਾ, ਭੱਜ ਜਾ ਹਮਲਾਵਰ ਆਉਂਦੈ। ਉਹ ਕਹਿੰਦਾ ਉਹ ਭਾਰ ਅੱਗੇ ਨੂੰ ਬਹੁਤਾ ਜਾਂ ਥੋੜ੍ਹਾ ਪਾਊਗਾ। ਚੇਤਾਵਨੀ ਦੇਣ ਵਾਲਾ ਕਹਿੰਦਾ ਭਾਰ ਤਾਂ ਉਨਾ ਹੀ ਰਹਿਣਾ ਤੇ ਖੋਤਾ ਉੱਥੇ ਹੀ ਖਲੋਤਾ ਰਿਹਾ।
ਈਸਪ (Aesop) ਕਦੇ ਆਪ ਗ਼ੁਲਾਮ ਹੁੰਦਾ ਸੀ ਜਿਹੜਾ ਸ਼ਾਇਦ ਮੁੱਢਲੀ ਛੇਵੀਂ ਸਦੀ ਪੂਰਬ ਈਸਾ ਵਿਚ ਹੋਇਆ। ਜੇ ਗ਼ੁਲਾਮ ਦਿਲ ਦੀ ਕਹੇ ਤਾਂ ਸਜ਼ਾ-ਯਾਬ ਹੁੰਦਾ ਸੀ-”ਹੀਣ ਜਨ ਨੂੰ ਖੁੱਲੇਆਮ ਬੁੜਬੁੜ ਨਹੀਂ ਕਰਨਾ ਚਾਹੀਦਾ।’’
ਕੁੱਤੇ ਨੇ ਬਘਿਆੜ ਨੂੰ ਆਪਣੀ ਮਾਲਿਕ ਦੀ ਖ਼ਿਦਮਤ ਲਈ ਮਨਾ ਲਿਆ। ਜਦ ਬਘਿਆੜ ਨੂੰ ਕੁੱਤੇ ਦੇ ਗਲ ’ਚ ਪਟਾ ਨਜ਼ਰ ਆਇਆ ਤਾਂ ਗੱਲ ਵਿਚੇ ਛੱਡ ਕੇ ਭੱਜ ਗਿਆ।
ਕਿੰਨਟੀਲੀਅਨ (Quintilian) ਪਹਿਲੀ ਸਦੀ ਦਾ ਲਾਤੀਨੀ ਮਕਰਰ (rhetoric) ਕਹਿੰਦਾ ਹੈ ਕਿ ਅਨਪੜ੍ਹ, ਜਾਹਲ ਗੰਵਾਰਾਂ ਨੂੰ ਫ਼ੇਬਲ ਬੜੀ ਚੰਗੀ ਲੱਗਦੀ ਹੈ (ਪ੍ਰਗਤੀਵਾਦੀ ਸਾਹਿਤ ਤਾਂ ਪ੍ਰਾਚੀਨ ਕਾਲ ਵਿਚ ਹੀ ਪ੍ਰਚਲਤ ਸੀ)
ਬੜੀ ਛੇਤੀ ਰਾਜ ਸ਼੍ਰੇਣੀ ਨੇ ਫ਼ੇਬਲ ਨੂੰ ਆਪਣੇ ਹੱਕ ਵਿਚ ਵਰਤਣਾ ਸ਼ੁਰੂ ਕਰ ਦਿੱਤਾ। ”ਇਕ ਵਾਰ ਅੰਗਾਂ ਨੇ ਪੇਟ ਦੇ ਖ਼ਲਾਫ਼ ਬਗ਼ਾਵਤ ਕਰ ਦਿੱਤੀ ਕਿ ਅਸੀਂ ਆਹਰੇ ਲੱਗੇ ਹੁੰਦੇ ਹਾਂ ਪਰ ਇਹ ਆਪ ਨੂੰ ਭਰੀ ਜਾਂਦਾ ਹੈ ਤਾਂ ਉਦਰ ਨੇ ਸਮਝਾਇਆ ਕਿ ‘ਸਿਰ ਬਾਦਸ਼ਾਹ ਹੈ, ਅੱਖਾਂ ਉਹਦੇ ਮੰਤ੍ਰੀ, ਬਾਹਾਂ ਫ਼ੌਜ, ਲੱਤਾਂ ਅਸ਼ਵਾਲ (cavalry) ਜ਼ਬਾਨ ਰਾਜ ਢੰਡੋਰਾ… ਮੈਂ ਸਭ ਅੰਗਾਂ ਨੂੰ, ਮੋਟੀਆਂ ਪਤਲੀਆਂ ਨਾੜਾਂ ਨੂੰ ਲਹੂ ਪ੍ਰਵਾਹ ਭੇਜ ਕੇ ਤਾਜ਼ਾ ਰੱਖਦਾ ਹਾਂ। ਤਾਂ ਹੀ ਰਾਜਕਾਯਾ ਜੀਵਤ ਰਹਿੰਦੀ ਹੈ’’ (ਸ਼ੇਕਸ਼ਪੀਅਰ, ਕੋਰੀਲਾਰੀ I.I[53-169, ਮੂਲ ਸ੍ਰੋਤ ਪਲੂਟਾਰਕ)’’
ਜਾਂਚ ਕਰਨ ਵਾਲੀ ਗੱਲ ਹੈ ਕਿ ਹਿੰਦੂ, ਜਾਤੀ-ਪ੍ਰਬੰਧ ਦੀ ਕਥਾ ਹੈ-ਬ੍ਰਹਮਾ ਨੇ ਸਿਰ ਤੋਂ ਬ੍ਰਾਹਮਨ, ਬਾਹਾਂ ਤੋਂ ਖਤ੍ਰੀ, ਪੱਟਾਂ ਤੋਂ ਵੈਸ਼ ਅਤੇ ਪੈਰਾਂ ਤੋਂ ਸ਼ੂਦਰ ਬਣਾਏ-ਦੀ ਪ੍ਰੇਰਨਾ ਯਵਨ ਹੈ ਜਾਂ ਯਵਨ ਰਾਜ ਕਾਯਾ ਦਾ ਸ੍ਰੋਤ ਹਿੰਦੂ ਹੈ?
ਕਰਤਾ ਅਨੁਸਾਰ 1961 ਵਿਚ ਕਿਸੇ ਇਤਾਲਵੀ ਮਾਰਕਸਵਾਦੀ ਨੇ ਈਸਪ ਦੀਆਂ ਫ਼ੇਬਲਾਂ ਦਾ ਪ੍ਰਕਾਸ਼ਮਈ ਵਿਸ਼ਲੇਸ਼ਨ ਕੀਤਾ ਹੈ।

:::

ਮੱਧ-ਸੱਤਵੀਂ ਅਤੇ ਪਿਛਲੀ ਛੇਵੀਂ ਸਦੀ ਵਿਚਕਾਰ ਵਰਾਸਤੀ ਕੁਲੀਨਵਰਗ ਦੇ ਰਾਜ ਵਿਚ ਨਵੀਂ ਕਿਸਮ ਦਾ ਸ਼ਾਸ਼ਕ ਜ਼ੁਲਮ-ਸ਼ਾਹ (tyrants) ਪੈਦਾ ਹੋਣ ਲੱਗੇ। ਜ਼ੁਲਮਸ਼ਾਹ ਦਾ ਮੂਲ ਤਾਂ ਉਪਰਲੀ ਸ਼੍ਰੇਣੀ ’ਚੋਂ ਹੁੰਦਾ ਸੀ ਪਰ ਉਹ ਝੂਠਾ ਸੱਚਾ ਹੁੰਗਾਰਾ ਹੀਣ ਜਨਤਾ ਦਾ ਭਰਦੇ ਸੀ। ਇਕ ਦੋ ਪੁਸ਼ਤਾਂ ਵਿਚ ਜ਼ੁਲਮਸ਼ਾਹ ਜਾਂਦੇ ਲੱਗੇ ਪਰ ਵਰਾਸਤੀ ਕੁਲੀਨਤੰਤ੍ਰ ਵੀ ਮੁੱਕਦਾ ਹੋਇਆ। ਹੁਣ ਸਿਆਸੀ ਸਮ੍ਰੱਥਾ ਸੰਪੱਤੀ ’ਤੇ ਨਿਰਭਰ ਸੀ, ਨਾ ਕਿ ਕੁਲ ਦੇ ਪ੍ਰਭਾਵ ’ਤੇ। ਏਥਨ ਅਤੇ ਕਈ ਹੋਰ ਥਾਵਾਂ ’ਤੇ ਇਹ ਅਧਿਕਾਰ ਹਰ ਇਕ ਨਾਗਰਿਕ ਨੂੰ ਮਿਲ ਗਿਆ।
ਅਜੇ ਗ਼ੈਰ-ਵਰਾਸਤੀ ਰਾਜ ਸ਼੍ਰੇਣੀ ਲਈ ਰਾਜਸੀ ਸੰਸਥਾਵਾਂ ਦੀ ਉਪਜ ਨਹੀਂ ਹੋਈ ਸੀ, ਲੋਕਤੰਤ੍ਰ ਲਈ ਰਾਜਸੀ ਸੰਸਥਾਵਾਂ ਤਾਂ ਕਿੱਥੋਂ ਹੋਣੀਆਂ ਸੀ। ਜ਼ੁਲਮਸ਼ਾਹਾਂ ਵਿਚੋਂ ਸੋਲਨ 638-558 ਬਾਰੇ ਵਧੇਰੇ ਜਾਣਕਾਰੀ ਮਿਲਦੀ ਹੈ (ਜ਼ੁਲਮਸ਼ਾਹ ਦੀ ਸ਼ਬਦਾਵਲੀ ਉਹਨਾਂ ਦੇ ਖ਼ਾਤਮੇ ਮਗਰੋਂ ਲੋਕਵਿਰੋਧੀ ਕੂਟ-ਪ੍ਰਚਾਰਕਾਂ ਦੀ ਕਾਢ ਹੈ)। ਸੋਲਨ 594 ਵਿਚ ਆਹਲਾ ਮੈਜਿਸਟਰੇਟ ਸੀ। ਕਾਫ਼ੀ ਸਾਰੀ ਜਾਣਕਾਰੀ ਉਹਦੀ ਆਪਣੀ ਕਵਿਤਾ ’ਚੋਂ ਮਿਲ ਜਾਂਦੀ ਹੈ। ਉਹ ਆਪਣੇ ਰਾਜਸੀ ਰੋਲ (role) ਬਾਰੇ ਗੰਭੀਰ ਸੀ। ਉਹ ਹੀਣ (demos) ਜਨਾਂ ਦੇ ਜ਼ੋਰ ਪਾਉਣ ’ਤੇ ਵੀ ਜ਼ੁਲਮ ਸ਼ਾਹ ਨਾ ਬਣਿਆ। ਉਹ ਆਪਣੇ ਜਾਣੇ ਸ਼੍ਰੈਣਿਕ ਘੋਲ ਵਿਚ ਨਿਰਪੱਖ ਸਾਲਸ ਹੋਣਾ ਚਾਹੁੰਦਾ ਸੀ। ਉਹਨੇ ਕਰਜ਼ੇ ਤਾਂ ਮੁਆਫ਼ ਕਰ ਦਿੱਤੇ (ਕਰਜ਼ੇ ਦਾ ਰੋਣਾ ਪ੍ਰਾਚੀਨ ਸਮਿਆਂ ਤੋਂ ਤੁਰਿਆ ਆਉਂਦਾ ਹੈ) ਪਰ ਜ਼ਮੀਨ ਦੀ ਪੁਨਰ-ਵੰਡ ਤੋਂ ਇਨਕਾਰ ਕਰ ਦਿੱਤਾ। ਅੱਗੇ ਨੂੰ ਕਰਜ਼ੇ ਦੀ ਮੁੜਾਈ ਨਾ ਹੋਣ ਕਰਕੇ ਕਿਸੇ ਨੂੰ ਗ਼ੁਲਾਮ ਨਹੀਂ ਬਣਾਇਆ ਜਾਵੇਗਾ। ਕਾਨੂੰਨੀ ਜੁਗਤ ਇਹ ਸੀ ਕਿ ਕੋਈ ਬੰਦਾ ਕਰਜ਼ੇ ਲਈ ਆਪਣੇ ਸਰੀਰ ਨੂੰ ਜ਼ਾਮਿਨ ਨਹੀਂ ਬਣਾ ਸਕਦਾ ਸੀ।
ਸੋਲਨ ਤੋਂ ਪਹਿਲਾ Cylon ਖ਼ੁਦ-ਗ਼ਰਜ਼ ਲੋਕ-ਪੱਖੀ ਨੀਤੀਵਾਨ ਹੋਇਆ ਜਿਹੜਾ ਅਸਫਲ ਰਿਹਾ। ਜਾਂ ਤਾਂ ਲੋਕ ਇੰਨੇ ਤਤਪਰ ਨਹੀਂ ਸੀ, ਜਾਂ ਉਹ ਸਾਈਲੋਨ ਬਾਰੇ ਸਮਝਦਾਰ ਸੀ। ਸੋਲਨ ਮਗਰੋਂ Peistratus ਨਾਮੀ ਥੋੜ੍ਹੇ ਫ਼ੇਰ ਬਦਲ ਨਾਲ ਸੋਲਨ ਵਿਧਾਨ ਲਾਗੂ ਕਰਨ ਯੋਗ ਹੋ ਗਿਆ ਸੀ।
ਜੂਲਿਸ ਸੀਜ਼ਰ ਦੀ ਮੌਤ 44 ਮਗਰੋਂ ਫ਼ੌਜੀ ਸਪਾਹੀਆਂ ਦਾ ਕੁਝ ਹਿੱਸਾ ਅਤੇ ਰੋਮ ਦੇ ਸ਼ਹਿਰੀ ਹੀਣ ਜਨ ਆਪਣੀ ਸਮਝ ਅਨੁਸਾਰ ਸਿਆਸਤ ਵਿਚ ਦਖ਼ਲ ਦਿੰਦੇ ਰਹੇ।
ਅਫ਼ਲਾਤੂਨ ਅਨੁਸਾਰ ਕਰਜ਼ੇ ਦੀ ਮੁਆਫ਼ੀ, ਜ਼ਮੀਨ ਦੀ ਪੁਨਰ-ਵੰਡ ਵੰਡਾਈ ਲੋਕਵਕਤ੍ਰਾਂ (demagogues) ਦੇ ਸਥਾਈ ਵਿਸ਼ੇ ਸਨ। ਜ਼ੁਲਮਸ਼ਾਹ ਤਾਂ ਲੋਕ ਉਤਸ਼ਾਹ ਦੇ ਸਿਰ ’ਤੇ ਜ਼ੁਲਮਸ਼ਾਹ ਬਣਦੇ ਸੀ। ਉਹਨਾਂ ਨੂੰ ਵਿਦੇਸ਼ੀ ਲੜਾਈ ਦੀ ਜ਼ਰੂਰਤ ਰਹਿੰਦੀ ਸੀ ਤਾਂ ਜੋ ਹੀਣਜਨਾਂ ਨੂੰ ਲੀਡਰ ਦੀ ਲੋੜ ਪਈ ਰਹੀ। ਅਰਸਤੂ ਦਾ ਖ਼ਿਆਲ ਸੀ ਕਿ ਜ਼ਲਮਸ਼ਾਹ Public works ਜੰਤਕ ਨਿਰਮਾਨ ਰਾਹੀਂ ਆਪਣੀ ਪੜ੍ਹਤ ਬਣਾਈ ਰੱਖਦਾ ਹੈ।
(ਯੂਨਾਨੀ ਜ਼ੁਲਮਸ਼ਾਹ ਦੇ ਕਿਰਦਾਰ ਤੋਂ ਇੰਦਰਾ ਗਾਂਧੀ ਦੀ ਥੋੜ੍ਹੀ ਬਹੁਤੀ ਸਮਝ ਆ ਸਕਦੀ ਹੈ)
”ਦਲਿਤ ਵਰਗਾਂ ਨੂੰ ਆਪਣੇ ਲੀਡਰ ਅਕਸਰ ਰਾਜ ਸ਼੍ਰੇਣੀ ’ਚੋਂ ਲੱਭਣੇ ਪਏ ਹਨ ਕਿਉਂਕਿ ਉਹਨਾਂ ਦਾ ਲੋੜੀਂਦਾ ਸਿਆਸੀ ਤਜਰਬਾ ਅਤੇ ਆਪਣੇ ਪੈਰੀਂ ਖਲੋਣ ਦੀ ਖਮਤਾ ਨਹੀਂ ਸੀ- ਇਹ ਸ਼ਰਤਾਂ ਰੋਮ ਦੇ ਅਵਾਮ ਕਦੇ ਪੂਰੀਆਂ ਨਾ ਕਰ ਸਕੇ।’’ ਸੋਵੀਅਤ ਯੂਨੀਅਨ ਦਾ ਪਤਨ ਇਸੇ ਸਮਾਜਵਿਗਿਆਨਕ ਦੁਖਾਂਤ ਦਾ ਉਦਾਹਰਨ ਹੈ।

:::

ਪਲੂਟਾਰਕ (Plutarch 46-120) ਰੋਮ ਸਾਮਰਾਜ ਅਧੀਨ ਸੀਮਤ ਯਵਨ ਰਾਜਨੀਤੀ ਦੀ ਗੱਲ ਕਰਦਾ ਹੈ-ਜਿਵੇਂ ਅਮਰੀਕੀ ਸਾਮਰਾਜ ਅਧੀਨ ਅੱਜ ਬਹੁਤੇ ਦੇਸ਼ਾਂ ਦੀ ਰਾਜਨੀਤੀ ਹੈ। ”ਅੱਜ ਜਦੋਂ ਨਾ ਤਾਂ ਜੰਗ ਦੀ ਲੀਡਰੀ ਦਾ ਮੌਕਾ ਹੈ, ਨਾ ਤਾਨਾਸ਼ਾਹੀ ਨੂੰ ਉਲਟਾਉਣ ਦਾ ਸਵਾਲ ਹੈ, ਨਾ ਗੁਆਂਢੀ ਦੇਸ਼ਾਂ ਨਾਲ ਸੰਧੀਆਂ ਸਮਝੌਤਿਆਂ ਦੀ ਗੱਲ ਚੱਲਦੀ ਹੈ ਤਾਂ ਕਿਸੇ ਸਿਆਸਤਦਾਨ ਦਾ ਕਿੰਝ ਸ਼ਾਨਦਾਰ ਕਾਰਨਾਮਿਆਂ ਵਾਲਾ ਕਿਰਦਾਰ ਹੋ ਸਕਦਾ ਹੈ? ਬੱਸ ਉਤਸ਼ਾਹੀ ਆਗੂ ਲਈ ਮਕੱਦਮੇਬਾਜ਼ੀ ਅਤੇ ਸਹਿਨਸ਼ਾਹ ਵੱਲ ਡੈਲੀਗੇਸ਼ਨ ਭੇਜਣ ਦਾ ਕੰਮ ਰਹਿ ਗਿਆ ਹੈ।’’ ਪਲੂਟਾਰਚ ਆਪ ਰਾਜਕੀ ਕਰਮਚਾਰੀ ਸੀ, ”ਰਾਜਕੀ ਕਰਮਚਾਰੀਆਂ ਅਰਥਾਤ ਨੀਤੀਵਾਨਾਂ ਦਾ ਕੰਮ ਚੂਨੇ, ਇੱਟਾਂ, ਪੱਥਰਾਂ ਦੀ ਢੋਆ ਢੁਆਈ ਰਹਿ ਗਿਆ ਹੈ’’। ਤੁਸੀਂ ਆਪਣੇ ਆਪ ਨੂੰ ਸਮਝਾਵੋ ”ਮੈਂ ਜੋ ਰਿਆਇਆ ’ਤੇ ਰਾਜ ਕਰ ਰਿਹਾਂ, ਸਾਡੇ ’ਤੇ ਸਾਮਰਾਜ ਦੇ ਕਾਰਜਕਾਰੀਆਂ ਦੀ ਹਕੂਮਤ ਹੈ, ਸਹਿਨਸ਼ਾਹ ਦੇ ਕਾਰਿੰਦੇ। ਤੁਸੀਂ ਅਭਿਨੇਤ੍ਰਾਂ ਦੀ ਮਸਾਲ ’ਤੇ ਚੱਲੋ ਜਿਹੜੇ ਅਨੁਬੋਧਕ (prompter) ਅਨੁਸਾਰ ਚੱਲਦੇ ਹਨ ਅਤੇ ਕਿਸੇ ਛੰਦ ਜਾਂ ਉਹਦੀ ਰਵਾਨੀ ’ਚ ਵਾਧਾ ਘਾਟਾ ਨਹੀਂ ਕਰਦੇ। ਨਹੀਂ ਤਾਂ ਕਈਆਂ ਨੂੰ ਹੇਠੀ, ਭੰਡੀ ਕਰਵਾਉਣੀ ਪੈਂਦੀ ਹੈ ਅਤੇ ਕਈ ਗਰਦਨ ਕੁਹਾੜੇ ਥੱਲੇ ਕਰਵਾ ਲੈਂਦੇ ਹਨ। ਹੀਣਜਨਾਂ ਨੂੰ ਉਭਾਰਨ ਉਕਸਾਉਣ ਦਾ ਕੰਮ ਛੱਡੋ ਅਤੇ ਪੂਰਬਜਾਂ ਦੀ ਮਹਾਨਤਾ ਦੀ ਆਕਾਂਖਾ ਦੀ ਮੂਰਖ਼ਤਾ ਨਾ ਕਰੋ ਕਿਉਂਕਿ ਅਜਿਹੇ ਉਦੇਸ਼ ਦਾ ਅਜੋਕੀ ਹਾਲਤ ਅਨੁਪਾਤ ਨਹੀਂ ਬਣਦਾ।’’
”ਪ੍ਰਾਚੀਨ ਮਹਿਮਾ ਦੇ ਕਾਰਨਾਮੇ, ਮੈਰਾਥੋਨ (marathon) ਈਰਾਨ ’ਤੇ ਜਿੱਤ ਦੇ ਮਾਅਰਕੇ ਦਲੀਲ-ਸਾਜ਼ਾਂ (sophists) ਲਈ ਛੱਡੋ ਜੋ ਮਾਅਰਿਕਆਂ ਨਾਲ ਜਨ-ਅਭਿਮਾਨ ਨੂੰ ਭਖਾਰਾ ਦਿੰਦੇ ਰਹਿਣ। ਨੀਤੱਗ ਨੂੰ ਆਪਣਾ ਰਾਜ ਦੋਸ਼-ਹੀਣ ਤਰੀਕੇ ਨਾਲ ਚਲਾਉਣਾ ਚਾਹੀਦਾ ਹੈ, ਨਾਲੇ ਸਾਮਰਾਜੀ ਪ੍ਰਸ਼ਾਨ ਵਿਚ ਤੁਹਾਡੇ ਹਿਤੈਸ਼ੀ ਹੋਣੇ ਚਾਹੀਦੇ ਹਨ ਅਤੇ ਰੋਮ ਆਪ ਆਪਣੇ ਮਿੱਤਰਾਂ ਦੇ ਕਮ ਆਉਂਦਾ ਹੈ।’’ ਪਲੂਟਾਰਕ ਦਾ ਕਹਿਣਾ ਹੈ ਕਿ ਭਾਵੇਂ ਸਿਆਸਤਦਾਨ ਨੂੰ ਆਪਣੇ ਮੁਲਕੀ ਰਾਜ ਨੂੰ ਸਾਮਰਾਜ ਅਨੁਕੂਲ ਰੱਖਣਾ ਚਾਹੀਦਾ ਹੈ, ਪਰ ਬਹੁਤੀ ਹੀਣਤਾ ਵੱਲ ਨਹੀਂ ਲੈ ਜਾਣਾ ਚਾਹੀਦਾ। ਜਿਹੜੇ ਨਿੱਕੀ ਨਿੱਕੀ ਗੱਲ ਵਿਚ ਸਾਮਰਾਜ ਦਾ ਦਖ਼ਲ ਅਤੇ ਪ੍ਰਸ਼ਾਸਨ ਵਿਚ ਅਦਲਾ ਬਦਲੀ ਦੀ ਲਗਨ ’ਚ ਰਹਿੰਦੇ ਹਨ ਉਹ ਆਪਣੇ ਤੋਂ ਉਤਲਿਆਂ ਨੂੰ ਆਪਣੇ ’ਤੇ ਸਕਤੇ ਬਣਵਾਉਣਾ ਚਾਹੁੰਦੇ ਹਨ, ਭਾਵੇਂ ਸਾਮਰਾਜ ਆਪ ਅਜਿਹੀ ਗੱਲ ਨਹੀਂ ਚਾਹੁੰਦਾ। ਨੀਤੱਗ ਆਪਣੀ ਵਸੋਂ ਨੂੰ ਬਰਾਬਰੀ ਦੇ ਭਚਲਾਵੇ ਨਾਲ ਖ਼ੁਸ਼ ਰੱਖੇ ਪਰ ਸ਼ਕਤਿਵਾਨਾਂ ਨੂੰ ਰਿਆਤਾਂ ਦੇਵੇ ਤਾਂ ਜੋ ਸਾਰੀ ਵਿਵਸਥਾ ’ਤੇ (ਸਾਮਰਾਜੀ) ਵਿਧਾਨ ਅਨੁਸਾਰ ਨਿਯੰਤਰਨ ਰਹੇ।’’
”ਨੀਤੱਗ ਜਨ ਸਧਾਰਨ ’ਤੇ ਧੱਕਾ ਤੇ ਜਾਇਦਾਦ ਦੀ ਮਾਲਕੀ ਨੂੰ ਕੋਈ ਖ਼ਤਰਾ ਪੇਸ਼ ਨਹੀਂ ਆਉਣ ਦਿੰਦਾ। ਜਿਸ ਲਈ ਪ੍ਰੇਰਨਾ, ਸਿੱਖਿਆ ਅਤੇ ਧਮਕੀ ਦੀ ਲੋੜ ਅਨੁਸਾਰ ਵਰਤੋਂ ਕਰਨੀ ਚਾਹੀਦੀ ਹੈ। ਉਹਦੀ ਮੁੱਖ ਚਿੰਤਾ ਅਤੇ ਸ਼੍ਰੇਸ਼ਟ ਕਰਤਵ ਘਰੇਲੂ ਜੰਗ ਨੂੰ ਰੋਕਣਾ ਹੈ। ਵੇਖੋ ਲੜਾਈ ਤਾਂ ਮੁੱਕ ਗਈ, ਜਨ ਸਧਾਰਨ ਦੀ ਉਨੀਂ ਕੁ ਆਜ਼ਾਦੀ ਹੈ ਜਿੰਨੀ ਰੋਮ ਨੂੰ ਮਨਜ਼ੂਰ ਹੈ, ਸ਼ਾਇਦ ਇਸ ਤੋਂ ਜ਼ਿਆਦਾ ਉਹਨਾਂ ਦੇ ਹਿਤ ਵਿਚ ਵੀ ਨਾ ਹੋਵੇ। ਦੂਰ ਅੰਦੇਸ਼ ਸਿਆਸਤਦਾਨ ਮੁਲਕੀ ਕਮਜ਼ੋਰੀ ਦੇ ਬਾਵਜੂਦ ਇਹਦੇ ਲਾਭ ਦੀ ਸੋਚਦਾ ਹੈ ਕਿਉਂਕਿ ਵਡੇਰੀਆਂ ਗੱਲਾਂ ਉਹਦੇ ਵੱਸ ’ਚ ਨਹੀਂ।’’
ਕਰਤਾ ਅਨੁਸਾਰ ਪਲੂਟਾਰਕ ਆਪ ਸੰਪੱਤੀ-ਵਾਨ ਸ਼੍ਰੇਣੀ ’ਚੋਂ ਆਇਆ ਸੀ ਅਤੇ ਯਵਨ ਸੰਪੱਤੀ ਸ਼੍ਰੇਣੀ ਨੇ ਰੋਮ ਸਾਮਰਾਜ ਅਧੀਨ ਆਪਣਾ ਸਿਆਸੀ ਅਤੇ ਆਰਥਿਕ ਹਿਤ ਪਾਲਿਆ ਸੀ, ”ਕੁਝ ਕੁ ਸਵੈਮਾਨ ਬਾਕੀ ਸੀ ਪਰ ਕਲਾਸਿਕ ਕਾਲ ਦੇ ਆਰਯਾ ਗੁਣ ਗੁਆ ਬੈਠੀ ਸੀ।’’
ਭੂਤਕਾਲ ਵਰਤਮਾਨ ਲਈ ਅਨੁਬੰਧ (relevant) ਤਾਂ ਹੁੰਦਾ ਹੈ ਪਰ ਉਹਦੀ ਭਿੰਨਤਾ ਵੀ ਅਲੌਕਿਕ ਹੁੰਦੀ ਹੈ। ਕੇਟੋ (relevant) ਰੋਮਨ ਸੈਨੇਟਰ, ਹਜ਼ਾਰਾਂ ਏਕੜ ਜ਼ਮੀਨ ਦਾ ਮਾਲਕ ਆਪਣੇ ਗ਼ੁਲਾਮਾਂ ਤੋਂ ਗ਼ੁਲਾਮਣਾਂ ਨਾਲ ਭੋਗ ਕਰਨ ਦੇ ਪੈਸੇ ਲੈਂਦਾ ਹੁੰਦਾ ਸੀ (ਅਜੋਕੇ ਦੱਲਿਆਂ ਵਾਂਗੂੰ) ਪਰ ਉਹਦੀ ਖ਼ਾਨਮ ਗ਼ੁਲਾਮਾਂ ਦੇ ਬੱਚਿਆਂ ਨੂੰ ਆਪਣਾ ਦੁੱਧ ਚੁੰਘਾਉਂਦੀ ਹੁੰਦੀ ਸੀ ਤਾਂ ਜੋ ਗ਼ੁਲਾਮ ਸ਼੍ਰਮਕਾਂ ਦੀ ਮਾਲਿਕ ਵੰਸ਼ ਦੇ ਜੀਆਂ ਨਾਲ ਭਾਵਕ ਸਾਂਝ ਬਣੀ ਰਹੇ।
The Class Struggle in the Ancient Greek World, G.E.M. de Ste. Croix, Duck Worth, 1981, 732

ਸੁਰਜੀਤ ਹਾਂਸ

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!