ਧਰਤੀ
ਪਹਿਲੀ ਵਾਰੀ ਲਾਲ ਕਿਲੇ ਤੇ ਝੁੱਲਿਆ ਜਦੋਂ ਤਿਰੰਗਾ
ਰੁਮਕੀ ਪੌਣ, ਉਛਲੀਆਂ ਨਦੀਆਂ, ਸਣ ਜਮਨਾ ਸਣ ਗੰਗਾ
ਏਨੇ ਚਿਰ ਨੂੰ ਉਡਦੇ ਆਏ ਪੌਣਾਂ ਵਿਚ ਜੈਕਾਰੇ
ਅੱਲਾ ਹੂ ਅਕਬਰ ਤੇ ਹਰ ਹਰ ਮਹਾਦੇਵ ਦੇ ਨਾਅਰੇ
ਬੋਲੇ ਸੋ ਨਿਹਾਲ ਦਾ ਬੋਲਾ ਵੀ ਸਭਨਾਂ ਵਿਚ ਰਲਿਆ
ਧਰਮ ਦਇਆ ਨੂੰ ਭੁਲ ਕੇ ਹਰ ਕੋਈ ਕਾਮ ਕ੍ਰੋਧ ਵਿਚ ਜਲਿਆ
ਰੁਦਨ ਹਜ਼ਾਰਾਂ ਨਾਰਾਂ ਦੇ ਤੇ ਮਰਦਾਂ ਦੇ ਲਲਕਾਰੇ
ਕੁੱਖਾਂ ਵਿਚ ਡੁਬੋ ਕੇ ਜਿਹਨਾਂ ਤਪਦੇ ਖ਼ੰਜਰ ਠਾਰੇ
ਸੁਣਿਆ ਸੀ ਪਾਣੀ ਨੂੰ ਕੋਈ ਖ਼ੰਜਰ ਚੀਰ ਨਾ ਸਕਿਆ
ਪਰ ਰਾਵੀ ਦੋ ਟੁਕੜੇ ਹੋਈ, ਅਸੀਂ ਤਾਂ ਅੱਖੀਂ ਤੱਕਿਆ
ਨਾਲ ਨਮੋਸ਼ੀ ਪਾਣੀ ਪਾਣੀ ਹੋਏ ਝਨਾਂ ਦੇ ਪਾਣੀ
ਨਫ਼ਰਤ ਦੇ ਵਿਚ ਡੁਬ ਕੇ ਮਰ ਗਈ ਹਰ ਇਕ ਪ੍ਰੀਤ ਕਹਾਣੀ
ਸਤਿਲੁਜ ਨੂੰੂ ਕੁਝ ਸਮਝ ਨਾ ਆਵੇ, ਜਸ਼ਨਾਂ ਵਿਚ ਕਿੰਜ ਰੋਵੇ
ਨਾਂ ਵੀ ਰੋਵੇ ਤਾਂ ਲਹਿਰਾਂ ਵਿਚ ਲਾਸ਼ਾਂ ਕਿਵੇਂ ਲੁਕੋਵੇ
ਕਹੇ ਬਿਆਸਾ ਮੈਂ ਬਿਆਸਾ, ਮੈਂ ਕੀ ਧੀਰ ਧਰਾਵਾਂ
ਇਹ ਰੱਤ ਰੰਗੇ ਆਪਣੇ ਪਾਣੀ, ਕਿੱਥੇ ਧੋਵਣ ਜਾਵਾਂ
ਜਿਹਲਮ ਆਖੇ ਚੁੱਪ ਭਰਾਵੋ, ਪਾਣੀ ਦਾ ਕੀ ਹੋਣਾ
ਕਿਸ ਤੱਕਣਾ ਪਾਣੀ ਦਾ ਹੰਝੂ, ਪਾਣੀ ਵਿਚ ਸਮੋਣਾ
ਲਾਸ਼ਾਂ ਭਰੀਆਂ ਗੱਡੀਆਂ ਭੇਜੀਆਂ ਤੁਹਫਿਆਂ ਵਾਂਗ ਭਰਾਵਾਂ
ਮੈਂ ਖੁਦ ਦਰਿਆ ਹਾਂ ਡੁਬ ਕੇ ਕਿਸ ਦਰਿਆ ਮਰ ਜਾਵਾਂ
ਲਾਸ਼ਾਂ ਭਰੀਆਂ ਗੱਡੀਆਂ ਜਿਸ ਦਿਨ ਲੰਘ ਪੁਲਾਂ ਤੋਂ ਗਈਆਂ
ਦਿਨ ਲੱਥਾ ਜਿਉਂ ਇਸ ਧਰਤੀ ਤੇ ਅੰਤਿਮ ਸ਼ਾਮਾਂ ਪਈਆਂ
ਫਿਰ ਮੁੜ ਕੇ ਸੂੁਰਜ ਨਹੀਂ ਚੜ੍ਹਿਆ ਹੋਇਆ ਇੰਜ ਹਨੇਰਾ
ਕਦੀ ਕਦੀ ਕਿਸੇ ਅੱਖ ‘ਚੋਂ ਸਿੰਮਦਾ ਇਕ ਅੱਧ ਬੂੰਦ ਸਵੇਰਾ
ਤੁਸੀਂ ਤਾਂ ਕਹਿੰਦੇ ਹੋ ਰਹਿੰਦੇ ਸਾਂ ਆਪਾਂ ਵਾਂਗ ਭਰਾਵਾਂ
ਕੌਣ ਸੀ ਉਹ ਫਿਰ ਲਈਆਂ ਜਿਸ ਨੇ ਧੀਆਂ ਦੇ ਸੰਗ ਲਾਵਾਂ
ਕੌਣ ਸੀ ਉਹ ਜਿਸ ਅੱਗ ਵਿਚ ਸੁੱਟੀਆਂ ਕੇਸੋਂ ਫੜ ਫੜ ਮਾਵਾਂ
ਕੌਣ ਸੀ ਉਹ ਜੋ ਮਿੱਧ ਕੇ ਲੰਘਿਆ ਕੱਚ ਕੁਆਰੀਆਂ ਥਾਵਾਂ
ਕੌਣ ਸੀ ਉਹ ਜੋ ਅਜੇ ਕਿਤੇ ਹੈ ਅੰਦਰੀ ਛੁਪਿਆ ਹੋਇਆ
ਕੌਣ ਸੀ ਉਹ ਜਿਸ ਲੱਖਾਂ ਕੋਹੇ, ਉਹ ਸਾਥੋਂ ਨਾ ਮੋਇਆ
ਮਾਵਾਂ ਭੈਣਾਂ ਧੀਆਂ ਨਾਰਾਂ ਬਾਜ਼ਾਰਾਂ ‘ਚੋਂ ਲੰਘੀਆਂ
ਉਹ ਤਾਂ ਦਰਦ ਹਯਾ ਵਿਚ ਕੱਜੀਆਂ ਉਹ ਤਾਂ ਕਦ ਸਨ ਨੰਗੀਆਂ
ਨੰਗੀ ਸੀ ਮਰਦਾਂ ਦੀ ਵਹਿਸ਼ਤ, ਮਜ਼੍ਹਬ ਉਨ੍ਹਾਂ ਦੇ ਨੰਗੇ
ਕੌਣ ਢਕੇ ਨੰਗੇਜ ਕਿ ਜਦ ਖੁਦ ਕੱਜਣ ਹੋ ਗਏ ਨੰਗੇ
ਕਿਸੇ ਬਾਪ ਨੇ ਲਾਡਾਂ ਪਾਲੀ ਧੀ ਦਾ ਗਲ਼ਾ ਦਬਾ ਕੇ
ਮੌਤ ਦੀ ਗੋਦ ਸੁਲਾਇਆ ਉਸ ਨੂੰ ਆਪਣੀ ਗੋਦੋਂ ਲਾਹ ਕੇ
ਸ਼ੁਕਰ ਓ ਰੱਬਾ ਲੱਖ ਲੱਖ ਤੇਰੇ ਤੂੰ ਜੋ ਮੌਤ ਬਣਾਈ
ਇਕ ਮਹਿਫੂਜ਼ ਜਗ੍ਹਾ ਹੈ ਨਾ ਜਿਥੇ ਛੋਹੇ ਪੌਣ ਪਰਾਈ
ਜੇ ਸਭ ਤੋਂ ਮਹਿਫੂਜ਼ ਜਗ੍ਹਾ ਹੈ ਮੌਤ ਹੀ ਅੱਲਾ ਮੀਆਂ
ਛੱਡ ਫਰਾਕਾਂ ਝੱਗੇ ਸਿੱਧੇ ਖੱਫ਼ਣ ਕਿਉ ਨਾਂ ਸੀਆਂ
ਜੇ ਧਰਤੀ ਤੇ ਇਉਂ ਹੀ ਨਾਰਾਂ ਕੁਹਣੀਆਂ ਤੇਰੇ ਜੀਆਂ
ਤਾਂ ਫਿਰ ਮਾਵਾਂ ਕਿਉਂ ਨਾ ਮਾਰਨ ਕੁੱਖਾਂ ਦੇ ਵਿਚ ਧੀਆਂ
ਆਪਣੀਆਂ ਨਾਂ ਹੋਣ, ਹੋਣ ਤਾਂ ਹੋਣ ਪਰਾਈਆ ਧੀਆਂ
ਤਾਂ ਜੋ ਸੇਕ ਨਾ ਪਹੁੰਚੇ ਜਦ ਵੀ ਜਾਣ ਜਲਾਈਆਂ ਧੀਆਂ
ਜਾਓ ਪੁੱਤਰਾਂ ਵਾਲਿਓ ਆਪਣੇ ਲਾਡਲਿਆਂ ਨੂੰ ਪਾਲੋ
ਸ਼ਹਿਰ ਸ਼ਹਿਰ ਦੀਆਂ ਸੜਕਾਂ ਉਤੇ ਵਹਿਸ਼ੀ ਧੂਣੀਆਂ ਬਾਲੋ
ਮੈਂ ਧਰਤੀ ਹਾਂ ਮੈਨੂੰ ਹੱਕ ਏ ਪੁੱਗਣ ਹੀ ਨਾ ਦੇਵਾਂ
ਬੀਜ ਤੁਹਾਡੇ ਆਪਣੀ ਕੁੱਖ ਚੋਂ ਉੱਗਣ ਹੀ ਨਾ ਦੇਵਾਂ
ਕੁੱਖਾਂ ਵਿਚ ਧੀਆਂ ਮਾਰਨ ਦਾ ਬੜਾ ਤੁਹਾਨੂੰ ਦੁੱਖ ਏ
ਭੁੱਲ ਗਏ ਓਂ ਜੀਂਦਿਆਂ ਅੱਗ ਵਿਚ ਸੜਨ ਦਾ ਜਿਹੜਾ ਸੁਖ ਏ
ਜਦ ਤਕ ਹੋਣ ਨ ਨਾਰਾਂ ਦੇ ਸਿਰ ਆਦਰ ਭਰੀਆਂ ਛਾਵਾਂ
ਜਦ ਤਕ ਨਾਲ ਉਨ੍ਹਾਂ ਦੇ ਤੁਰਦਾ ਖ਼ੌਫ ਦਾ ਇਕ ਪਰਛਾਵਾਂ
ਜਦ ਤਕ ਨਾਰਾਂ ਤਾਈਂ ਟੋਲਣ ਦੁਖ ਭਰੀਆਂ ਘਟਨਾਂਵਾਂ
ਕਹਿ ਦੇਵਾਂ ਮਾਵਾਂ ਨੂੰ ਤਦ ਤੱਕ ਹੋਰ ਨਾ ਜੰਮਣ ਮਾਵਾਂ
ਜਾਓ ਪਹਿਲਾਂ ਆਦਮ ਦੇ ਪੁੱਤਰਾਂ ਨੂੰ ਜ਼ਰਾ ਸੁਧਾਰੋ
ਫਿਰ ਕਰਿਓ ਪਰਚਾਰ ਕਿ ਧੀਆਂ ਕੁੱਖਾਂ ਵਿਚ ਨਾ ਮਾਰੋ
ਚਲੋ ਮੈਂ ਬਖਸ਼ੇ ਪਾਪ ਤੁਹਾਡੇ ਮੈਂ ਵੀ ਆਖ਼ਰ ਮਾਂ ਹਾਂ
ਧੀਆਂ ਬਾਝੋਂ ਸੱਖਣੀ ਧਰਤੀ ਮੈਂ ਵੀ ਦਿਲੋਂ ਨਾ ਚਾਹਾਂ
ਧੀਆਂ ਬਾਝੋਂ ਰੋਣਗੇ ਸਾਲੂ, ਸੱਗੀ ਫੁੱਲ, ਕਲੀਰੇ
ਚੁੰਨੀਆਂ ਬਾਝੋਂ ਕਿਹੜੇ ਕੰਮ ਨੇ ਸ਼ਮਲਿਆਂ ਵਾਲੇ ਚੀਰੇ
ਪਾਜ਼ੇਬਾਂ ਦੀ ਛਣ ਛਣ ਬਾਝੋਂ ਸੁੰਨੀਆਂ ਹੋਸਣ ਗਲੀਆਂ
ਤੜਪ ਮਰਨ ਮਹਿੰਦੀ ਦੇ ਬੂਟੇ, ਛੁਹਣ ਨੂੰ ਕੂਲੀਆਂ ਕਲੀਆਂ
ਮੈਂ ਤਾਂ ਬੱਸ ਚਾਹੁੰਨੀ ਆਂ ਪੱਥਰ ਬੁੱਤ ਬੰਦਿਆਂ ਦੇ ਪਿਘਲਣ
ਦਰਦ ਤੇ ਪਛਤਾਵੇ ਦੇ ਹੰਝੂ, ਉਨ੍ਹਾਂ ਅੰਦਰੋਂ ਛਲਕਣ
ਮੈਂ ਮਾਵਾਂ ਨੂੰ ਅਰਜ਼ ਕਰਾਂ ਉਹ ਪਾਪ ਉਨ੍ਹਾਂ ਦੇ ਬਖ਼ਸ਼ਣ
ਗਲੀਆਂ ਦੇ ਵਿਚ ਮੁੜ ਕੇ ਜਾਗੇ ਪਾਜ਼ੇਬਾਂ ਦੀ ਛਣ ਛਣ
ਖਿੜ ਖਿੜਾ ਕੇ ਹੱਸੀ ਕਪਾਹ
ਖ਼ੇਤ ਵਿਚ ਖਿੜ ਖਿੜਾ ਕੇ ਹੱਸੀ ਕਪਾਹ
ਕਹਿਣ ਲੱਗੀ:
ਮੈਂ ਕਣਕ ਮੱਕੀ ਬਾਜਰੇ ਤੋਂ
ਵੱਖਰੀ ਚੀਜ਼ ਹਾਂ
ਫੁੱਲਾਂ ਫਲਾਂ ਤੋਂ ਵਖ ਵੱਖਰੀ
ਮੈਂ ਨਾ ਖਾਧੇ ਜਾਣ ਲਈ ਹਾਂ
ਨਾ ਦੇਖੇ ਜਾਣ ਲਈ
ਪਰ ਫਿਰ ਵੀ ਖੜੀ ਹਾਂ ਤਣ ਕੇ
ਮੈਂ ਆਈ ਹਾਂ ਦੁਨੀਆਂ ਤੇ
ਬੰਦਿਆਂ ਦਾ ਲਿਬਾਸ ਬਣ ਕੇ
ਤੇ ਦੇਖ ਲਉ
ਆਪਣੇ ਆਪ ਨੂੰ ਕੱਜਣ ਦਾ ਖ਼ਿਆਲ
ਸਿਰਫ਼ ਬੰਦੇ ਨੂੰ ਆਪ ਹੀ ਨਹੀਂ ਆਇਆ
ਕੁਦਰਤ ਨੂੰ ਵੀ ਪਤਾ ਜੀ
ਇਕ ਇਹੋ ਜਿਹਾ ਵੀ ਹੋਵੇਗਾ ਜੀਵ ਅਜੀਬ
ਜਿਸ ਵਿਚ
ਇਹ ਵਾਧਾ ਜਾਂ ਥੋੜ ਹੋਵੇਗੀ
ਕਿ ਉਸ ਨੂੰ
ਕੱਜਣ ਦੀ ਲੋੜ ਹੋਵੇਗੀ
ਦੇਖ ਲਉ
ਕੁਦਰਤ ਵੀ ਸੋਚਦੀ ਹੈ
ਜੇ ਇਸ ਗੱਲ ਵਿਚ
ਤੁਹਾਨੂੰ ਜ਼ਰਾ ਵੀ ਸ਼ੱਕ ਹੈ
ਤਾਂ ਫਿਰ ਮੈਨੂੰ ਇਹ ਪੁੱਛਣ ਦਾ ਹੱਕ ਹੈ
ਕਿ ਫਿਰ ਹੋਰ ਕਿਹੜੇ ਕੰਮ ਆਈ ਹਾਂ?
ਮੈਂ ਕੁਦਰਤ ਤੇ ਸਭਿਅਤਾ ਵਿਚਕਾਰ
ਇਕ ਗੁੱਝੀ ਜਿਹੀ ਕੜੀ ਹਾਂ
ਤੁਹਾਡੇ ਲਈ
ਕੱਪੜਿਆਂ ਦੀ ਇਕ ਨ੍ਹੰਨੀ ਜਿਹੀ ਗਠੜੀ
ਸਿਰ ‘ਤੇ ਚੁੱਕੀ
ਇਕ ਹੱਸਦੀ ਹੋਈ ਬੁਝਾਰਤ ਬਣ ਕੇ
ਖੜੀ ਹਾਂ।
ਬੌਸ
ਬੌਸ ਊੜੇ ਵੱਲ ਘੂਰ ਕੇ ਦੇਖਦਾ ਹੈ
ਬੌਸ ਊੜੇ ਵੱਲ ਘੂਰ ਕੇ ਦੇਖਦਾ ਹੈ
ਤਾਂ ਦਰਬਾਰੀਆਂ ਦੀਆਂ ਨਜ਼ਰਾਂ ਵਿਚ
ਊੜਾ ਉੱਲੂ, ਉੜਾ ਉਜੱਡ, ਊਟ ਪਟਾਂਗ ਤੇ ਊਣਾ
ਬਣ ਜਾਂਦਾ ਹੈ
ਬੌਸ ਊੜੇ ਵੱਲ ਪਿਆਰ ਨਾਲ ਮੁਸਕਰਾ ਕੇ ਦੇਖਦਾ ਹੈ
ਤਾਂ ਊੜਾ ਉਸਤਾਦ , ਊੜਾ ਉਸਰਈਆ
ਊੜਾ ਉੱਤਮ, ਉਦਾਰ
ਬਲਕਿ ਓਅੰਕਾਰ ਬਣ ਜਾਂਦਾ ਹੈ
ਬੌਸ
ਕੱਕੇ ਵੱਲ
ਘੂਰ ਕੇ ਦੇਖਦਾ ਹੈ
ਤਾਂ ਦਰਬਾਰੀਆਂ ਦੀਆਂ ਨਜ਼ਰਾਂ ਵਿਚ
ਕੱਕਾ ਕੰਬਦਾ, ਕੁਫ਼ਰ, ਕਲੰਕ, ਕੁਛ ਨਹੀਂ
ਤੇ ਕੁਹਜਾ ਬਣ ਜਾਂਦਾ ਹੈ
ਬੌਸ ਕੱਕੇ ਵੱਲ ਪਿਆਰ ਨਾਲ ਦੇਖਦਾ ਹੈ
ਤਾਂ ਕੱਕਾ ਕਹਿਕਸ਼ਾਂ, ਕੁਦਰਤੀ ਕਲਾਕਾਰ
ਕਮਾਲ ਕਵੀ ਬਣ ਜਾਂਦਾ ਹੈ
ਤਦੇ ਮੈਂ ਕਹਿੰਦਾ ਹਾਂ, ਦੋਸਤੋ, ਸਿਰਫ਼ ਅੱਖਰ ਨਾ ਰਹੋ
ਸ਼ਬਦ ਬਣੋ
ਸ਼ਬਦ ਬਣੋਂਗੇ ਤਾਂ ਪਤਾ ਲੱਗੇਗਾ
ਬੌਸ ਕੁਫ਼ਰ ਵੱਲ ਘੂਰ ਕੇ ਦੇਖ ਰਿਹਾ ਹੈ
ਕਿ ਕਹਿਕਸ਼ਾਂ ਵੱਲ
ਊੁਣਤਾ ਵੱਲ
ਕਿ ਓਅੰਕਾਰ ।