ਸਦੀਵੀ ਜਜ਼ਬਿਆਂ ਦਾ ਬੇਜੋੜ ਬਿਰਤਾਂਤਕਾਰ ਗੁਰਬਚਨ ਸਿੰਘ ਭੁੱਲਰ

Date:

Share post:

ਗੁਰਬਚਨ ਸਿੰਘ ਭੁੱਲਰ ਮਨੁੱਖੀ ਵਰਤੋਂ-ਵਿਹਾਰ ਤੇ ਕਿਰਦਾਰ ਦੀਆਂ ਸੂਖ਼ਮ ਰਮਜ਼ਾਂ, ਉਲਝੀਆਂ ਤੰਦਾਂ, ਸਦੀਵੀ ਜਜ਼ਬਿਆਂ ਤੇ ਅਸੀਮ ਸੰਭਾਵਨਾਵਾਂ ਦਾ ਬੇਜੋੜ ਬਿਰਤਾਂਤਕਾਰ ਤਾਂ ਹੈ ਹੀ, ਨਾਲ ਹੀ ਇਨ੍ਹਾਂ ਦੇ ਜ਼ਮੀਨੀ ਸੱਚ ਦੀ ਵੀ ਗਹਿਰ-ਗੰਭੀਰ ਚੇਤਨਾ ਰਖਦਾ ਹੈ। ਇਸ ਪੱਖੋਂ ਉਸ ਦੀਆਂ ਥੋੜ੍ਹੀ ਗਿਣਤੀ ਵਿਚ ਲਿਖੀਆਂ, ਕੁੱਲ ਪੰਝੱਤਰ ਦੇ ਕਰੀਬ ਕਹਾਣੀਆਂ ਉਚੇਚੇ ਮਹੱਤਵ ਦੀਆਂ ਲਖ਼ਾਇਕ ਹਨ। ਗਿਣਤੀ ਦਾ ਸੂਤਰ ਭੁੱਲਰ ਦੀ ਕਹਾਣੀ-ਰਚਨਾ ਤੇ ਲਾਗੂ ਨਹੀਂ ਹੁੰਦਾ। ਉਸ ਦੀ ਲਿਖੀ ਹਰ ਕਹਾਣੀ ਹੀ ਸ੍ਰੇਸ਼ਟ ਹੈ, ਪਰ ਚਰਚਾ ਦੇ ਅਧਾਰਤੇ ਕੁਝ ਕਹਾਣੀਆਂ ਬਾਕੀ ਕਹਾਣੀਆਂ ਨਾਲੋਂ ਨਿੱਖੜ ਕੇ ਸਰਵ-ਸ੍ਰੇਸ਼ਟ ਕਹਾਣੀਆਂ ਦਾ ਦਰਜਾ ਹਾਸਲ ਕਰ ਗਈਆਂ ਹਨ, ਜਿਵੇਂ ਕਿ ‘ਪਰਾ ਮਰਦ, ‘ਖ਼ੂਨ’, ‘ਦੀਵੇ ਵਾਂਗ ਬਲਦੀ ਅੱਖ, ‘ਇੱਕੀਵੀਂ ਸਦੀ’ ਤੇ ‘ਤਿੰਨ ਮੂਰਤੀਆਂ ਵਾਲਾ ਮੰਦਰ’, ਆਦਿ।

ਬਠਿੰਡਾ ਜ਼ਿਲ੍ਹੇ ਦੇ ਪਿੰਡ ਪਿੱਥੋ ਦੇ ਜੰਮਪਲ ਗੁਰਬਚਨ ਸਿੰਘ ਭੁੱਲਰ ਨੇ ਸਾਹਿਤਕਾਰ ਵਜੋਂ ਆਪਣੀ ਮੱੁਢਲੀ ਪਛਾਣ ਪੰਜਾਬ ਚ ਸਥਾਪਤ ਕਰ ਕੇ ਰਾਜਧਾਨੀ ਦਿੱਲੀ ਵੱਲ ਕੂਚ ਕਰ ਲਿਆ ਸੀ, ਜੋ ਉਨ੍ਹੀਂ ਦਿਨੀਂ ਅੰਤਰਰਾਸ਼ਟਰੀ ਸਾਹਿਤ ਤੇ ਸਭਿਆਚਾਰਕ ਆਦਾਨ-ਪ੍ਰਦਾਨ ਦਾ ਪ੍ਰਮੁੱਖ ਕੇਂਦਰ ਬਣਿਆ ਹੋਇਆ ਸੀ। ਇਥੇ ਮੌਲਿਕ ਸਾਹਿਤ ਸਿਰਜਣ ਤੋਂ ਇਲਾਵਾ ਸਾਹਿਤ ਨਾਲ ਸਬੰਧਤ ਹੋਰ ਵੀ ਅਨੇਕਾਂ ਕਾਰਜ ਬੜੇ ਜੋਰ-ਸ਼ੋਰ ਨਾਲ ਚੱਲ ਰਹੇ ਸਨ। ਦਿੱਲੀ ਮਹਾਂਨਗਰ ਵਿਚ ਸਾਬਕਾ ਸੋਵੀਅਤ ਅੰਬੈਸੀ ਵਿਚ ਕੰਮ ਕਰਦਿਆਂ ਭੁੱਲਰ ਦੀ ਮਸਰੂਫ਼ੀਅਤ ਸਾਹਿਤ ਨਾਲ ਸੰਬੰਧਿਤ ਹੋਰ ਕਾਰਜਾਂ ਵਿਚ ਵਧੇਰੇ ਬਣੀ ਰਹੀ। ਸ਼ਾਇਦ ਇਸੇ ਕਰਕੇ ਪੰਜਾਬੀ ਵਿਚ ਪ੍ਰਕਾਸ਼ਿਤ ਉਸ ਦੇ ਮੌਲਿਕ ਕਹਾਣੀ-ਸੰਗ੍ਰਹਿ ਤਾਂ ਕੇਵਲ ਚਾਰ, ‘ਪਰਾ ਮਰਦ, ‘ਵਖ਼ਤਾਂ ਮਾਰੇ, ‘ਮੈਂ ਗ਼ਜ਼ਨਵੀ ਨਹੀਂ ਅਤੇ ‘ਅਗਨੀ-ਕਲਸ’ ਹੀ ਹਨ, ਪਰ ਕਹਾਣੀ ਦੇ ਨਾਲ ਨਾਲ ਹੋਰ ਵਿਧਾਵਾਂ ਦੀਆਂ ਮੌਲਕ ਪੁਸਤਕਾਂ ਤੋਂ ਇਲਾਵਾ ਉਸ ਵਲੋਂ ਸੰਪਾਦਤ ਤੇ ਅਨੁਵਾਦਤ ਪੁਸਤਕਾਂ ਦੀ ਸੂਚੀ ਕਾਫ਼ੀ ਲੰਮੀ ਹੈ। ਇਸੇ ਸੂਚੀ ਵਿਚ ਉਸ ਦੀ ਅਮਰੀਕਾ ਫੇਰੀ ਦੇ ਸੰਸਮਰਣਾਂ ‘ਇਕ ਅਮਰੀਕਾ ਇਹ ਵੀ’ ਸ਼ਾਮਲ ਕੀਤਾ ਜਾ ਸਕਦਾ ਹੈ। ‘ਪੰਜਾਬੀ ਟ੍ਰਿਬਿਊਨ’ ਦੇ ਸੰਪਾਦਕ ਹੁੰਦਿਆਂ ਭੁੱਲਰ ਨੇ ਵਿਲੱਖਣ ਤੇ ਭਾਵਪੂਰਕ ਸ਼ੈਲੀ ਵਿਚ ਸੰਪਾਦਕੀਆਂ ਲਿਖੀਆਂ, ਜੋ ਬਹੁਤ ਸਲਾਹੀਆਂ ਗਈਆਂ ਤੇ ਜਿਨ੍ਹਾਂ ਬਾਅਦ ਵਿਚ ‘ਕਲਮ ਕਟਾਰ` ਨਾਂ ਦੀ ਪੁਸਤਕ ਵਿਚ ਸਾਂਭਿਆ ਗਿਆ। ਸਾਲ 2005 ਵਿਚ ਗੁਰਬਚਨ ਸਿੰਘ ਭੁੱਲਰ ਨੂੰ ‘ਅਗਨੀ-ਕਲਸ’ ਲਈ ਭਾਰਤੀ ਸਾਹਿਤ ਅਕਾਦਮੀ ਦੇ ਪੁਰਸਕਾਰ ਨਾਲ ਸਨਮਾਨਿਆ ਗਿਆ।

ਕਾਲਾ ਇਲਮ

ਹੁਣ : ਤੁਸੀਂ ਅਪਣੇ ਲਿਖਣ-ਕਾਰਜ ਦੀ ਤੁਲਨਾ ਕਾਲੇ ਇਲਮ ਨਾਲ ਕੀਤੀ ਹੈ। ਇਹਨਾਂ ਦੋਵਾਂ ਵਿਚ ਤੁਹਾਨੂੰ ਕੀ ਸਮਾਨਤਾ ਦਿਸਦੀ ਹੈ?

[ihc-hide-content ihc_mb_type=”show” ihc_mb_who=”2,3″ ihc_mb_template=”1″ ]

ਭੁੱਲਰ: ਜੋ ਕੁਛ ਮੈਂ ਕਾਲੇ ਇਲਮ ਬਾਰੇ ਸੁਣਿਆ ਹੈ ਤੇ ਜੋ ਕੁਛ ਅਪਣੇ ਰਚਣਈ ਅਨੁਭਵ ਤੋਂ ਜਾਣਿਆ ਹੈ, ਇਹਨਾਂ ਦੋਵਾਂ ਵਿਚ, ਤੁਹਾਨੂੰ ਇਹ ਗੱਲ ਸ਼ਾਇਦ ਅਜੀਬ ਲੱਗੇ, ਮੈਨੂੰ ਦੋ ਪੱਖਾਂ ਤੋਂ ਬਹੁਤ ਸਮਾਨਤਾ ਲਗਦੀ ਹੈ। ਜੇ ਹੋਰ ਲੇਖਕਾਂ ਤੋਂ ਇਹ ਸਵਾਲ ਪੁੱਛਿਆ ਜਾਵੇ, ਉਹਨਾਂ ਦਾ ਵਿਚਾਰ ਪਤਾ ਨਹੀਂ ਕੀ ਹੋਵੇ। ਇਕ ਤਾਂ ਜਦੋਂ ਮੈਂ ਮਨ ਵਿਚ ਸਿਰਜੀ ਜਾ ਚੁੱਕੀ ਕਹਾਣੀ ਮੁਕੰਮਲ ਇਕਾਂਤ ਤੇ ਖ਼ਾਮੋਸ਼ੀ ਵਿਚ ਲਿਖਣ ਬੈਠਦਾ ਹਾਂ, ਨਾਟਕੀ ਮੰਚ ਵਾਂਗ ਸਾਰੇ ਪਾਤਰ ਅਪਣੀ ਅਪਣੀ ਭੂਮਿਕਾ ਅਨੁਸਾਰ ਪ੍ਰਗਟ ਹੁੰਦੇ ਤੇ ਲੋਪ ਹੁੰਦੇ ਦੇਖਦਾ ਹਾਂ। ਇਉਂ ਹੀ ਸਭ ਘਟਨਾਵਾਂ ਸਾਹਮਣੇ ਵਾਪਰਦੀਆਂ ਮਹਿਸੂਸ ਕਰਦਾ ਹਾਂ। ਜੇ ਕਿਸੇ ਅੱਤ ਦੀ ਮਜਬੂਰੀ ਕਾਰਨ ਘਰਦਿਆਂ ਨੂੰ ਦਰਵਾਜ਼ਾ ਖੜਕਾਉਣਾ ਪੈ ਜਾਵੇ, ਜਿਹੜਾ ਉਹ ਵਾਹ ਲਗਦੀ ਖੜਕਾਉਂਦੇ ਨਹੀਂ, ਇਹ ਸੰਸਾਰ ਇਕ ਛਿਣ ਵਿਚ ਲੋਪ ਹੋ ਜਾਂਦਾ ਹੈ। ਮੈਨੂੰ ਪਿੰਡ ਵਾਲਾ ਪੰਡਿਤ ਊਧੋ ਰਾਮ ਚੇਤੇ ਆ ਜਾਂਦਾ ਹੈ। ਉਹ ਅਜੀਬ ਹੱਡਬੀਤੀ ਸੁਣਾਉਂਦਾ ਸੀ,“ਮੈਂ ਗੁਆਂਢੀ ਪਿੰਡ ਇਕ ਵਿਆਹ ਦੇ ਫੇਰੇ ਕਰਵਾ ਕੇ ਰਾਤ ਨੂੰ ਹੀ ਘਰ ਨੂੰ ਤੁਰ ਪਿਆ। ਦੋਵਾਂ ਪਿੰਡਾਂ ਵਿਚਕਾਰ ਉਜਾੜ ਵਿਚ ਜਗਮਗ ਜਗਮਗ ਹੋਈ ਪਈ। ਰੰਗਬਰੰਗਾ ਤੰਬੂ, ਦੀਵੇ ਹੀ ਦੀਵੇ, ਮਸ਼ਾਲਾਂ ਹੀ ਮਸ਼ਾਲਾਂ! ਸਜੀਆਂ-ਧਜੀਆਂ ਜ਼ਨਾਨੀਆਂ ਨੇ ਰਾਹ ਘੇਰ ਕੇ ਜਦੋਂ ਮੇਰਾ ਫੇਰੇ ਕਰਵਾ ਕੇ ਆਇਆ ਪੰਡਿਤ ਹੋਣਾ ਸੁਣਿਆ ਤਾਂ ਖ਼ੁਸ਼ ਹੋ ਕੇ ਬੋਲੀਆਂ, ਤੈਨੂੰ ਤਾਂ ਪੰਡਿਤਾ ਰੱਬ ਨੇ ਸਾਡੇ ਵਾਸਤੇ ਹੀ ਭੇਜਿਆ ਹੈ। ਅਸੀਂ ਵਣਜਾਰਿਆਂ ਨੇ ਇਥੇ ਡੇਰਾ ਕੀਤਾ ਹੋਇਆ ਹੈ। ਸਾਡੇ ਵੀ ਵਿਆਹ ਹੈ। ਜੇ ਸਬੱਬੀਂ ਤੂੰ ਨਾ ਆਉਂਦਾ, ਅਸੀਂ ਤਾਂ ਰੀਤੀ-ਰਿਵਾਜ ਅਨੁਸਾਰ ਗੀਤ ਗਾ ਕੇ ਤੇ ਹੋਰ ਰਸਮਾਂ ਨਾਲ ਹੀ ਵਿਆਹ ਕਰ ਲੈਣਾ ਸੀ। ਹੁਣ ਤੂੰ ਆ ਹੀ ਗਿਆ ਹੈਂ ਤਾਂ ਫੇਰਿਆਂ ਵਾਲਾ ਵਿਆਹ ਹੀ ਕਰ ਜਾ। ਮੈਂ ਵਿਆਹ ਨੇਪਰੇ ਚਾੜ੍ਹ ਦਿੱਤਾ। ਵਣਜਾਰੇ ਬੋਲੇ, ਬੋਲ ਪੰਡਿਤਾ, ਕੀ ਦਾਨ ਮੰਗਦਾ ਹੈਂ, ਸੰਗ ਨਾ। ਮੇਰੀ ਅੱਖ ਵੇਦੀ ਕੋਲ ਪਈ ਸੋਨੇ ਦੀ ਬੜੀ ਭਾਰੀ ਦੀਵਟ ਉੱਤੇ ਟਿਕੀ ਦੇਖ ਕੇ ਉਹਨਾਂ ਨੇ ਮੈਨੂੰ ਉਹੋ ਦਾਨ ਵਿਚ ਦੇ ਦਿੱਤੀ। ਮੈਂ ਦਾਨ ਲਿਆ ਤੇ ਤੁਰ ਪਿਆ। ਕੁਛ ਦੂਰ ਆ ਕੇ ਜਦੋਂ ਮੈਂ ਪਿੱਛੇ ਦੇਖਿਆ, ਉਥੇ ਨਾ ਦੀਵਾ ਨਾ ਬੱਤੀ, ਨਾ ਤੰਬੂ ਨਾ ਰੌਣਕ, ਨਾ ਬੰਦਾ ਨਾ ਬੰਦੇ ਦੀ ਜ਼ਾਤ!” ਫੇਰ ਅਪਣੀ ਤੇ ਦੀਵਟ ਦੀ ਕਹਾਣੀ ਨੂੰ ਉਹ ਜਿਵੇਂ ਅੱਗੇ ਤੋਰਦਾ, ਉਹਦਾ ਦਿਲਚਸਪ ਹੋਣ ਦੇ ਬਾਵਜੂਦ ਇਥੇ ਅਪਣੇ ਨਾਲ ਕੋਈ ਸੰਬੰਧ ਨਹੀਂ। ਪਿੰਡ ਦੇ ਲੋਕ ਵੀ ਆਖਦੇ,“ਐਵੇਂ ਗਪੌੜ ਮਾਰਦਾ ਹੈ ਬਾਹਮਣ!” ਮਤਲਬ ਇਹ ਕਿ ਵਿਘਣ ਦੀ ਸੂਰਤ ਵਿਚ ਮੇਰੀ ਕਹਾਣੀ ਦਾ ਮੰਚ ਵੀ ਵਣਜਾਰਿਆਂ ਦੇ ਵਿਆਹ ਵਾਂਗ ਲੋਪ ਹੋ ਜਾਂਦਾ ਹੈ।

bhullar

ਕਾਲੇ ਇਲਮ ਨਾਲ ਅਪਣੇ ਲਿਖਣ-ਕਾਰਜ ਦੀ ਦੂਜੀ ਸਮਾਨਤਾ ਮੈਨੂੰ ਸਮਾਪਤੀ ਤੋਂ ਮਗਰੋਂ ਦੀ ਲਗਦੀ ਹੈ। ਕਾਲੇ ਇਲਮ ਵਾਲੇ ਅਪਣੇ ਜਾਦੂ-ਟੂਣੇ ਦੀ ਸਮਾਪਤੀ ਮਗਰੋਂ ਵਾਸਤਵਿਕ ਸੰਸਾਰ ਵਿਚ ਆ ਕੇ ਕੁਛ ਸਮੇਂ ਲਈ ਖਿ਼ਲਾਅ ਜਿਹਾ, ਹੌਲਾਪਨ ਜਿਹਾ, ਕੁਛ ਕੁਛ Eਪਰਾਪਨ ਜਿਹਾ ਮਹਿਸੂਸ ਕਰਦੇ ਹਨ। ਕਹਾਣੀ ਸੰਪੂਰਨ ਕਰ ਲੈਣ ਮਗਰੋਂ ਕੁਛ ਸਮੇਂ ਲਈ ਕੁਛ ਅਜਿਹੀ ਹੀ ਹਾਲਤ ਮੈਂ ਵੀ ਮਹਿਸੂਸ ਕਰਦਾ ਹਾਂ। ਇਹ ਗੱਲ ਮੈਂ ਨਿਹਚੇ ਨਾਲ ਕਹਿ ਸਕਦਾ ਹਾਂ ਕਿ ਕਹਾਣੀ ਲਿਖਣ ਸਮੇਂ ਮੈਂ ਜੋ ਹੁੰਦਾ ਹਾਂ, ਉਹ ਉਹ ਨਹੀਂ ਹੁੰਦਾ ਜੋ ਸਾਧਾਰਨ ਜੀਵਨ ਵਿਚ ਹੁੰਦਾ ਹਾਂ। ਬਹੁਤੇ ਲੇਖਕਾਂ ਦਾ ਅਨੁਭਵ ਵੀ, ਸ਼ਾਇਦ, ਇਹੋ ਹੀ ਹੋਵੇਗਾ। ਜਦੋਂ ਮੈਂ ਅਪਣੀ ਕੋਈ ਵੀ ਰਚਨਾ ਚਿਰ ਮਗਰੋਂ ਪੜ੍ਹਦਾ ਹਾਂ, ਅਕਸਰ ਉਹਦੀਆਂ ਬਰੀਕੀਆਂ, ਉਹਦੇ ਬਿਰਤਾਂਤ, ਉਹਦੀ ਭਾਸ਼ਾ, ਉਹਦੀ ਵਾਕ-ਬਣਤਰ ਬਾਰੇ ਹੈਰਾਨ ਹੁੰਦਾ ਹਾਂ, ਕੀ ਇਸ ਸਭ ਕੁਛ ਦਾ ਕਰਤਾਰ ਮੈਂ ਹੀ ਹਾਂ? ਇਹੋ ਕਾਰਨ ਹੈ ਕਿ ਮੈˆ ਆਪਣੀ ਪੁਸਤਕ ’51 ਕਹਾਣੀਆˆ’ ਦਾ ਸਮਰਪਣ ਇਹਨਾˆ ਸ਼ਬਦਾˆ ਵਿਚ ਕੀਤਾ ਸੀ, “ਆਪਣੇ ਦੂਜੇ ਰੂਪ ਦੇ ਨਾˆ, ਜੋ ਰਚਨਾ-ਕਾਰਜ ਦੇ ਆਰੰਭ ਸਮੇˆ ਕਰਤਾਰੀ ਸ਼ਕਤੀ ਨਾਲ ਪਰਗਟ ਹੋ ਕੇ ਰਚਨਾ-ਸੰਪੂਰਨਤਾ ਦੇ ਨਾਲ ਹੀ ਲੋਪ ਹੋ ਜਾˆਦਾ ਹੈ !“

ਹੁਣ : ਤੁਸੀਂਂ ਸਾਹਿਤ-ਰਚਨਾ ਨੂੰ ਕੁਰਬਾਨੀ ਮੰਗਦਾ ਕਾਰਜ ਵੀ ਕਿਹਾ ਹੈ। ਕਿਨ੍ਹਾਂ ਅਰਥਾਂ ਵਿਚ ਕੁਰਬਾਨੀ? ਕੀ ਤੁਹਾਡੇ ਇਸ ਮੱਤ ਦੇ ਆਧਾਰ ਉੱਤੇ ਸਾਹਿਤ-ਰਚਨਾ ਨੂੰ ‘ਸੂਰਮਗਤੀ’ ਵੀ ਕਿਹਾ ਜਾ ਸਕਦਾ ਹੈ?

ਭੁੱਲਰ: ਲੇਖਕ ਦਾ ਪਾਤਰਾਂ ਨੂੰ ਕੇਵਲ ਪੁਤਲੀਆਂ ਵਾਂਗ ਖੜ੍ਹੇ ਕਰਿਆਂ ਹੀ ਨਹੀਂ ਸਰਦਾ। ਉਹਨੂੰ ਹਰੇਕ ਪਾਤਰ ਦੇ ਦੁੱਖ-ਸੁਖ ਦਾ ਭਾਈਵਾਲ ਵੀ ਬਨਣਾ ਪੈਂਦਾ ਹੈ, ਉਹਦੀਆਂ ਖ਼ੁਸ਼ੀਆਂ ਵਿਚ ਖ਼ੁਸ਼ ਹੋਣਾ ਤੇ ਉਹਦੀਆਂ ਪੀੜਾਂ ਵਿਚ ਵਿਲਕਣਾ ਪੈਂਦਾ ਹੈ। ਤਦੇ ਹੀ ਤਾਂ ਲੇਖਕ ਲਈ ਪਾਤਰ ਦਾ ਅੰਦਰਲਾ ਉਜਾਗਰ ਕਰਨਾ ਸੰਭਵ ਹੁੰਦਾ ਹੈ। ਇਸ ਅਮਲ ਵਿਚੋਂ ਲੰਘਣਾ ਕੋਈ ਘੱਟ ਕੁਰਬਾਨੀ ਹੈ? ਮੈਂ ਜੀਵਨ ਵਿਚ ਕੁਛ ਵਧੇਰੇ ਹੀ ਜਜ਼ਬਾਤੀ ਹਾਂ। ਜਾਣੇ-ਅਣਜਾਣੇ ਹੋਰਾਂ ਦਾ ਕਸ਼ਟ ਬਹੁਤ ਦੁਖੀ ਕਰਦਾ ਹੈ। ਜਦੋਂ ਕਦੀ ਕਿਸੇ ਨੇੜਲੇ ਦੇ ਵਿਛੋੜੇ ਸਮੇਂ ਮੈਨੂੰ ‘ਦੋ ਸ਼ਬਦ’ ਬੋਲਣ ਲਈ ਕਿਹਾ ਜਾਂਦਾ ਹੈ, ਮੇਰੇ ਲਈ ਇਹ ਅਸੰਭਵ ਹੁੰਦਾ ਹੈ। ਕੁਛ ਲੋਕ ਕੁਦਰਤੀ ਹੀ ਮੈਨੂੰ ‘ਅਜੀਬ ਬੰਦਾ’ ਵੀ ਆਖਦੇ-ਸਮਝਦੇ ਹਨ। ਇਹ ਗੱਲ ਵੀ ਕਿਸੇ ਨੂੰ ਅਜੀਬ ਲੱਗ ਸਕਦੀ ਹੈ ਕਿ ਅਪਣੇ ਹੀ ਸਿਰਜੇ ਹੋਏ ਕਲਪਿਤ ਪਾਤਰਾਂ ਨਾਲ ਵੀ ਮੈਂ ਇਹੋ ਰਿਸ਼ਤਾ ਹੰਢਾਉਂਦਾ ਹਾਂ। ਇਸੇ ਕਰਕੇ ਜੇ ਮੈਨੂੰ ਅਪਣੀ ਕੋਈ ਜਜ਼ਬਾਤੀ ਕਹਾਣੀ ਮੰਚ ਤੋਂ ਪੜ੍ਹਨੀ ਪੈ ਜਾਵੇ, ਮੇਰੇ ਲਈ ਬੜੀ ਕਸੂਤੀ ਹਾਲਤ ਬਣ ਜਾਂਦੀ ਹੈ। ਅਪਣੀ ਕਲਪਨਾ ਦੇ ਮਿੱਟੀ-ਗਾਰੇ ਨਾਲ ਸਿਰਜੇ ਪਾਤਰਾਂ ਸਦਕਾ ਅਜਿਹੀਆਂ ਪੀੜਾਂ ਸਹਿਣਾ ਕੋਈ ਘੱਟ ਕੁਰਬਾਨੀ ਹੈ? ਇਸ ਪੱਖੋਂ ਸਾਹਿਤ-ਰਚਨਾ ਨੂੰ ‘ਸੂਰਮਗਤੀ’ ਕਹਿਣਾ ਬਿਲਕੁਲ ਵਾਜਬ ਹੈ। ਹਾਂ, ਮੈਂ ਸਾਹਿਤ-ਰਚਨਾ ਨੂੰ ਉਹਨਾਂ ਅਰਥਾਂ ਵਿਚ ਕੁਰਬਾਨੀ ਨਹੀਂ ਆਖਦਾ-ਮੰਨਦਾ ਜਿਵੇਂ ਕੁਛ ਲੋਕ ਇਨਾਮਾਂ-ਸਨਮਾਨਾਂ ਲਈ ਤਰਲੇ ਮਾਰਦਿਆਂ ਅਪਣੇ ਕਾਲੇ ਕੀਤੇ ਕਾਗ਼ਜ਼ਾਂ ਨੂੰ ਸਾਹਿਤ ਤੇ ਸਮਾਜ ਲਈ ਕੀਤੀ ਗਈ ਭਾਰੀ ਕੁਰਬਾਨੀ ਕਹਿੰਦੇ ਹਨ।

ਸਾਰਾ ਪਿੰਡ ਮਿੱਤਰਾਂ ਦਾ

ਹੁਣ : ਤੁਸੀਂ ਕਹਿੰਦੇ ਹੋ ਕਿ ਤੁਸੀਂ ਕੋਈ ਗੋਰਕੀ ਨਹੀਂ ਪਰ ਲੰਕਾ ਜਾਣ ਵਾਸਤੇ ਸਮੁੰਦਰ ਉੱਤੇ ਬਣਾਏ ਜਾ ਰਹੇ ਪੁਲ ਵਿਚ ਪਾਏ ਕਾਟੋ ਦੇ ਯੋਗਦਾਨ ਜਿੰਨਾ ਯੋਗਦਾਨ ਤਾਂ ਤੁਹਾਡਾ ਹੈ ਹੀ। ਇਹ ਤਾਂ ਹੋਈ ਨਿਮਰਤਾ ਪਰ ਪੰਜਾਬੀ ਕਹਾਣੀ ਵਿਚ ਤੁਸੀਂ ਅਪਣੇ ਆਪ ਨੂੰ ਕਿਥੇ ਰਖਦੇ ਹੋ?

ਭੁੱਲਰ: ਮੇਰਾ ਅਕੀਦਾ ਹੈ ਕਿ ਹਰ ਲੇਖਕ ਵਿਚ ਅਪਣੀ ਰਚਨਾ ਦਾ, ਉਸ ਵਿਧਾ ਦੇ ਸਮੁੱਚੇ ਸਾਹਿਤ ਦਾ ਅਤੇ ਉਸ ਸਮੁੱਚਤਾ ਵਿਚ ਅਪਣੇ ਸਥਾਨ ਦਾ ਮੁਲਾਂਕਣ ਕਰਨ ਦੀ ਕੁਛ ਨਾ ਕੁਛ ਸਮਰੱਥਾ ਜ਼ਰੂਰ ਹੋਣੀ ਚਾਹੀਦੀ ਹੈ। ਅਜਿਹੀ ਸਮਰੱਥਾ ਤੋਂ ਵਿਹੂਣੇ ਲੇਖਕ ਮੈਂ ਸਾਰੀ ਉਮਰ ਬੇਚੈਨ ਤੜਫ਼ਦੇ ਦੇਖੇ ਹਨ। ਉਹ ਸਮਝਦੇ ਹਨ ਕਿ ਜੋ ਤੇਗਾਂ ਉਹਨਾਂ ਨੇ ਮਾਰੀਆਂ ਹਨ, ਉਹਨਾਂ ਦਾ ਮੁੱਲ ਨਹੀਂ ਪਾਇਆ ਜਾ ਰਿਹਾ। ਲੇਖਕ ਨੂੰ ਰਚਨਾ ਕਰ ਕੇ ਫੇਰ ਉਹਨੂੰ ਹੀ ਬੋਲਣ ਦੇਣਾ ਚਾਹੀਦਾ ਹੈ, ਆਪ ਕਾਹਦੇ ਲਈ ਰੌਲਾ ਪਾਉਣਾ ਹੋਇਆ! ਕਈ ਤਾਂ ਪੰਜਾਬੀ ਵਿਚ ਲਿਖ ਕੇ ਅਹਿਸਾਨ ਕੀਤਾ ਦਸਦੇ ਹਨ ਜਿਸਦੀ ਇਹਨੇ ਕਦਰ ਨਹੀਂ ਪਾਈ। ਕਰਤਾਰ ਸਿੰਘ ਸ਼ਮਸ਼ੇਰ ਦੀ ਇਕ ਸਤਰ ਵਿਚ ਰਾਂਝਾ ਹੀਰ ਨੂੰ ਮਿਹਣਾ ਮਾਰਦਾ ਹੈ,“ਆਹ ਲੈ ਚੱਕ ਧਲਿਆਰੇ ਤੇ ਸਾਂਭ ਭੂਰੀ, ਮੁੱਲ ਮਿਲ ਗਿਆ ਮੱਝੀਆਂ ਚਾਰੀਆਂ ਦਾ!” ਕਈ ਲੇਖਕ ਇਸੇ ਸੁਰ ਵਿਚ ਐਲਾਨਦੇ ਹਨ, ਅੱਗੇ ਤੋਂ ਪੰਜਾਬੀ ਵਿਚ ਲਿਖਣਾ ਬੰਦ! ਕਈ ਤਾਂ ਸਮਕਾਲੀਆਂ ਨੂੰ ਛੁਟਿਆ ਕੇ, ਸੱਚਾ-ਝੂਠਾ ਨਿੰਦ ਕੇ, ਹੋਛੀਆਂ ਗੱਲਾਂ ਕਰ ਕੇ ਅਪਣੇ ਆਪ ਨੂੰ ਵੱਡਾ ਲੇਖਕ ਸਿੱਧ ਕਰਨ ਦਾ ਵੀ ਹੀਲਾ ਕਰਦੇ ਹਨ। ਜਿੰਨਾ ਜ਼ੋਰ ਉਹ ਸਾਹਿਤ-ਰਚਨਾ ਉੱਤੇ ਲਾਉਂਦੇ ਹਨ, ਉਸ ਤੋਂ ਕਿਤੇ ਵੱਧ ਉਹ ਯਧਖਤੀਆਂ ਉੱਤੇ ਲਾਉਂਦੇ ਹਨ। ਮੈਂ ਕਈ ਲੇਖਕਾਂ ਬਾਰੇ ਨਿੱਜੀ ਤੌਰ ਉੱਤੇ ਜਾਣਦਾ ਹਾਂ ਜੋ ਉਹਨਾਂ ਅਨੁਸਾਰ ਵਾਜਬ ਮੁੱਲ ਨਾ ਪਿਆ ਹੋਣ ਕਰਕੇ ਡਿਪਰੈਸ਼ਨ ਵਿਚ ਹਨ, ਹੌਲੀ ਹੌਲੀ ਮਾਨਸਿਕ ਸੰਤੁਲਨ ਗੁਆ ਰਹੇ ਹਨ। ਮੈਂ ਅਜਿਹੇ ਕਿਸੇ ਭਰਮ ਜਾਂ ਰੋਗ ਦਾ ਸਿ਼ਕਾਰ ਨਹੀਂ। ਸਾਹਿਤਕ ਖੇਤਰ ਦਾ ਕੋਈ ਮਿਰਗਜਲ ਨਹੀਂ ਜੀਹਦੇ ਲਈ ਮੈਂ ਤੇਹ ਦਾ ਮਾਰਿਆ ਤੜਫ਼ਦਾ-ਭਟਕਦਾ ਹੋਵਾਂ। ਸਾਹਿਤ ਨੂੰ ਕਿਉਂਕਿ ਮੈਂ ਟੁੱਟੀਆਂ ਆਸਾਂ ਤੇ ਅਧੂਰੀਆਂ ਅਭਿਲਾਸ਼ਾਵਾਂ ਦਾ ਮਾਰੂਥਲ ਨਹੀਂ ਸਗੋਂ ਸਨੇਹ-ਸਤਿਕਾਰ ਦਾ ਮਹਿਕਿਆ-ਟਹਿਕਿਆ ਬਾਗ਼ ਸਮਝਦਾ ਹਾਂ, ਇਸ ਲਈ ਮੇਰੇ ਤੜਫ਼਼ਣ ਵਾਲਾ ਕੋਈ ਮਿਰਗਜਲ ਹੈ ਹੀ ਨਹੀਂ! ਮਿਰਗਜਲ ਮਾਰੂਥਲਾਂ ਵਿਚ ਦਿਸਦੇ ਹਨ, ਬਾਗ਼ਾਂ ਵਿਚ ਨਹੀਂ।

bhullar photos
ਸਿੱਧੂ ਦਮਦਮੀ, ਭੁੱਲਰ, ਗਲਪਕਾਰ ਬੂਟਾ ਸਿੰਘ, ਮਹਿੰਦਰ ਸਿੰਘ ਪਰਵਾਨਾ, ਜਸਵੰਤ ਸਿੰਘ ਕੰਵਲ ਅਤੇ ਵਣਜਾਰਾ ਬੇਦੀ – 1982 , ਫ਼ੋਟੋਕਾਰੀ: ਪ੍ਰੀਤਮ ਸਿੰਘ ਕਵੀ


ਕੋਈ ਗੋਰਕੀ ਪੈਦਾ ਹੋਣ ਲਈ ਆਪ ਲੇਖਕ ਦੇ ਪ੍ਰਤਿਭਾਸ਼ਾਲੀ ਹੋਣ ਤੋਂ ਇਲਾਵਾ ਵਿਸ਼ੇਸ਼ ਖ਼ਮੀਰਿਆ ਹੋਇਆ ਸਮਾਜਕ, ਆਰਥਕ, ਰਾਜਨੀਤਕ ਮਾਹੌਲ ਲੋੜੀਂਦਾ ਹੈ। ਅਜਿਹਾ ਮਾਹੌਲ ਕਦੀ ਸਬੱਬ ਨਾਲ ਹੀ ਸੰਭਵ ਹੁੰਦਾ ਹੈ। ਜਿਥੋਂ ਤੱਕ ਮੇਰੀ ਗੱਲ ਹੈ, ਢੰਡ, ਅਣਖੀ, ਗੁਲਜ਼ਾਰ, ਰੁਪਾਣਾ, ਮੋਹਨ, ਸੁਖਵੰਤ, ਜਸਬੀਰ, ਵਰਿਆਮ, ਪਰਗਟ, ਕਜ਼ਾਕ, ਗੋਰਖੀ, ਆਦਿ ਜਿਹੇ ਸਮਕਾਲੀਆਂ ਵਿਚ ਮੇਰਾ ਸਥਾਨ ਅਹਿੱਲ-ਅਡੋਲ ਵੀ ਹੈ ਤੇ ਸੁਰੱਖਿਅਤ ਵੀ। ਇਹਨਾਂ ਸਭਨਾਂ ਦੀ ਨਿੱਘੀ ਨਿੱਜੀ ਦੋਸਤੀ ਤੇ ਪ੍ਰੇਰਕ ਸਾਹਿਤਕ ਸਾਂਝ ਦੇ ਨਾਲ ਨਾਲ ਵੱਡਿਆਂ ਦੇ ਸਨੇਹ ਤੇ ਛੋਟਿਆਂ ਦੇ ਸਤਿਕਾਰ ਦਾ ਮੈਂ ਅਕਸਰ ਹੀ ਜਿ਼ਕਰ ਕਰਦਾ ਹਾਂ। ਜਦੋਂ ਮੈਂ ਇਹ ਕਹਿੰਦਾ ਹਾਂ ਕਿ ਸਾਡੇ ਪਾਠਕ ਬਹੁਤ ਦਿਆਲੂ-ਕ੍ਰਿਪਾਲੂ ਹਨ, ਮੈਂ ਸੱਚੇ ਦਿਲੋਂ ਕਹਿੰਦਾ ਹਾਂ। ਘੱਟੋ-ਘੱਟ ਮੈਨੂੰ ਤਾਂ ਉਹਨਾਂ ਨੇ ਮੇਰੇ ਸਾਹਿਤਕ ਕਾਰਜ ਤੋਂ ਕਿਤੇ ਵੱਧ ਨਿਵਾਜਿਆ ਹੈ। ਮੈਨੂੰ ਦੇਸ-ਪਰਦੇਸ ਤੋਂ ਫ਼ੋਨ ਤੇ ਈ-ਪੱਤਰ ਅਕਸਰ ਮਿਲਦੇ ਹਨ ਜਿਨ੍ਹਾਂ ਵਿਚ ਮੇਰੀਆਂ ਨਵੀਂਆਂ ਦੇ ਜਿ਼ਕਰ ਦੇ ਨਾਲ ਨਾਲ ਚਿਰਾਂ ਪੁਰਾਣੀਆਂ ਕਹਾਣੀਆਂ ਦਾ ਵੀ ਚੇਤਾ ਕੀਤਾ ਗਿਆ ਹੁੰਦਾ ਹੈ। ਮੇਰੀ ਇਕ ਇਕ ਕਹਾਣੀ ਮੇਰੇ ਭੇਜੇ ਬਿਨਾਂ ਤੇ ਕਈ ਵਾਰ ਤਾਂ ਮੈਨੂੰ ਪੁੱਛੇ ਬਿਨਾਂ ਦਰਜਨਾਂ ਪੱਤਰਾਂ ਤੇ ਕਹਾਣੀ-ਸੰਗ੍ਰਹਿਆਂ ਵਿਚ ਛਪੀ ਹੈ। ਮੇਰੀਆਂ ਕਹਾਣੀਆਂ ਤੇ ਹੋਰ ਲਿਖਤਾਂ ਕੰਪਿਊਟਰ ਉੱਤੇ ਆਮ ਘੁੰਮਦੀਆਂ ਰਹਿੰਦੀਆਂ ਹਨ। ਇਸੇ ਕਰਕੇ ਮੈਨੂੰ ਨਾ ਤਾਂ ਕੋਈ ਝੋਰਾ ਜਾਂ ਗਿਲਾ-ਸਿ਼ਕਵਾ ਹੈ ਤੇ ਨਾ ਹੀ ਕੋਈ ਈਰਖਾ-ਸਾੜਾ। ਵੱਡੇ, ਹਾਣੀ ਤੇ ਛੋਟੇ ਲੇਖਕ, ਦੇਸੀ-ਪਰਦੇਸੀ ਪਾਠਕ, ਰਸਾਲਿਆਂ-ਅਖ਼ਬਾਰਾਂ ਵਾਲੇ ਤੇ ਹੁਣ ਵੈੱਬਸਾਈਟਾਂ ਵਾਲੇ, ਸਾਰਾ ਪਿੰਡ ਮਿੱਤਰਾਂ ਹੀ ਮਿੱਤਰਾਂ ਦਾ ਹੈ!

ਹੁਣ : ਪਰ ਤੁਸੀਂ ਮਿੱਤਰਾਂ ਦੇ ਇਸ ਪਿੰਡ ਵਿਚੋਂ ਕਦੀ ਕਦੀ ਕਿਸੇ ਕਿਸੇ ਦਾ ਨਾਂ ਨਹੀਂ ਵੀ ਲੈਂਦੇ। ਅਜਿਹਾ ਮੌਕੇ ਉੱਤੇ ਨਾਂ ਚੇਤੇ ਨਾ ਆਉਣ ਕਰਕੇ ਹੋ ਜਾਂਦਾ ਹੈ ਜਾਂ ਹੋਰ ਕੋਈ ਕਾਰਨ ਹੈ?

ਭੁੱਲਰ: ਨਹੀਂ, ਅਜਿਹੀ ਕੋਈ ਗੱਲ ਨਹੀਂ। ਫਿ਼ਲਮਾਂ ਬਾਰੇ ਇਕ ਕਮਾਲ ਦੀ ਕਹਾਵਤ ਹੈ ਕਿ ਦੁਨੀਆ ਭਰ ਵਿਚ ਫਿ਼ਲਮਾਂ ਤਿੰਨ ਕਿਸਮਾਂ ਦੀਆਂ ਹਨ, ਚੰਗੀਆਂ, ਮਾੜੀਆਂ ਤੇ ਬੰਬਈਆ। ਇਹਨਾਂ ਬੰਬਈਆ ਫਿ਼ਲਮਾਂ ਵਾਂਗੂੰ ਇਕਾ-ਦੁੱਕਾ ਸੱਜਨ ਕਿਸੇ ਖਾਨੇ ਦੇ ਮੇਚ ਹੀ ਨਹੀਂ ਆਉਂਦੇ, ਉਹ ਅਪਣੇ ਆਪ ਵਿਚ ਅਲੋਕਾਰ ਤੇ ਅਲੌਕਿਕ ਹੋਂਦ ਦੇ ਮਾਲਕ ਹਨ। ਜਾਂ ਮੈਨੂੰ ਉਹਨਾਂ ਲੇਖਕਾਂ ਨਾਲ ਕੋਈ ਸਾਂਝੀ ਧਰਤੀ ਲੱਭਣੀ ਮੁਸ਼ਕਲ ਹੋ ਜਾਂਦੀ ਹੈ ਜਿਹੜੇ ਲੇਖਕ ਹੋਣ ਤੋਂ ਵਧ ਕੇ ਸਿੱਖ ਜਾਂ ਹਿੰਦੂ ਹਨ। ਇਕ ਵਾਰ ਮੈਂ ਮੋਹਨ ਨਾਲ ਗੱਲਬਾਤ ਕਰਦਿਆਂ ਉਹਦੀ ਇਕ ਕਹਾਣੀ ਬਾਰੇ ਪੁੱਛਿਆ ਕਿ ਉਹ ਗੀਤਾ ਦੇ ਇਕ ਉਪਦੇਸ਼ ਨਾਲ ਮੇਲ ਨਹੀਂ ਖਾਂਦੀ, ਇਹ ਰਚਨਾ-ਪ੍ਰਕਿਰਿਆ ਵਿਚ ਸਹਿਵਣ ਹੋਇਆ ਹੈ ਜਾਂ ਮਿਥ ਕੇ? ਮੋਹਨ ਨੇ ਤਾਂ ਅਪਣਾ ਜਵਾਬ ਸਹਿਜ ਤੇ ਠਰ੍ਹੰਮੇ ਨਾਲ ਦੇ ਦਿੱਤਾ ਪਰ ਇਕ ਹੋਰ ਸੱਜਨ ਨੇ ਹਿੰਦੂ ਧਰਮ ਦਾ ‘ਰਖ਼ਸ਼ਕ’ ਬਣਦਿਆਂ ਤੜਫ਼ ਕੇ ਕਿਹਾ ਕਿ ਭੁੱਲਰ ਨੂੰ ਸਾਗਰੋਂ ਗਹਿਰੇ ਹਿੰਦੂ ਫ਼ਲਸਫ਼ੇ ਦਾ ਕੀ ਪਤਾ ਹੈ ਕਿ ਟਿੱਪਣੀ ਕਰ ਦਿੱਤੀ। ਉਹਦਾ ਕਹਿਣਾ ਸੀ ਕਿ ਮੈਨੂੰ ਸਿੱਖ ਫ਼ਲਸਫ਼ੇ ਦੀ ਗੱਲ ਹੀ ਕਰਨੀ ਚਾਹੀਦੀ ਹੈ। ਮੈਂ ਉਹਨੂੰ ਕਿਹਾ, ਭਾਈ ਇਹ ਕਰੋਧ ਤੂੰ ਮੋਹਨ ਨੂੰ ਦਿਖਾ ਜੀਹਨੇ ਟਿੱਪਣੀ ਕੀਤੀ ਹੈ, ਮੈਂ ਤਾਂ ਉਹਤੋਂ ਟਿੱਪਣੀ ਦਾ ਕਾਰਨ ਪੁੱਛਿਆ ਹੈ! ਤੁਸੀਂ ਹੀ ਦੱਸੋ, ਅਜਿਹੇ ਲੋਕਾਂ ਦਾ ਕੀ ਕਰੀਏ? ਲੇਖਕ ਕਹਾਉਣ ਦੇ ਬਾਵਜੂਦ ਮਨੁੱਖ ਨਹੀਂ, ਸਿੱਖ ਜਾਂ ਹਿੰਦੂ ਬਣੇ ਰਹਿੰਦੇ ਹਨ। ਅਜਿਹੇ ਲੋਕਾਂ ਨੂੰ ਦੂਰੋਂ ਹੀ ਫ਼ਤਿਹ ਜਾਂ ਰਾਮ ਰਾਮ ਬੁਲਾ ਦੇਣੀ ਠੀਕ ਰਹਿੰਦੀ ਹੈ ਪਰ ਧਿਆਨ ਨਾਲ, ਕਿਉਂਕਿ ਜੇ ਹਿੰਦੂ ਨੂੰ ਫ਼ਤਿਹ ਜਾਂ ਸਿੱਖ ਨੂੰ ਰਾਮ ਰਾਮ ਬੁਲਾ ਦਿੱਤੀ, ਗੜਬੜ ਹੋ ਜਾਵੇਗੀ!

ਕੰਧਾਂ ਕੋਠੇ ਟੱਪਦੇ ਮਰਦ

ਹੁਣ : ਕਿਹਾ ਗਿਆ ਹੈ ਕਿ ਤੁਹਾਡੇ ਪਾਤਰ ਪੰਜਾਬ ਦੇ ਪ੍ਰਤੀਨਿਧ ਪਾਤਰ ਹਨ ਅਤੇ ਉਹ ਸਮਾਜਕ, ਆਰਥਕ ਤੇ ਮਨੋਵਿਗਿਆਨਕ ਸਮੱਸਿਆਵਾਂ ਦੇ ਸਾਹਮਣੇ ਭਜਦੇ ਨਹੀਂ ਸਗੋਂ ਜੂਝਦੇ ਹਨ। ਕੀ ਇਹ ਗੱਲ ਤੁਹਾਡੇ ਸਾਰੇ ਪਾਤਰਾਂ ਉੱਤੇ ਲਾਗੂ ਹੁੰਦੀ ਹੈ?

ਭੁੱਲਰ: ਕਿਸੇ ਸਮਾਜ ਨਾਲ ਸੰਬੰਧਿਤ ਪੁਰਸ਼ਾਂ-ਇਸਤਰੀਆਂ ਨੂੰ ਜੇ ਸਾਹਿਤਕ ਰਚਨਾ ਦੇ ਨਾਇਕ-ਨਾਇਕਾ ਬਨਣ ਦਾ ਮਾਣ ਮਿਲਦਾ ਹੈ, ਉਹਨਾਂ ਵਿਚ ਉੁਸ ਸਮਾਜ ਵਿਚ ਸਲਾਹੇ-ਵਡਿਆਏ ਜਾਂਦੇ ਕੁਛ ਲੱਛਣਾਂ ਦਾ, ਕੁਛ ਗੁਣਾਂ ਦਾ ਹੋਣਾ ਤਾਂ ਕੁਦਰਤੀ ਹੈ। ਇਸ ਨਾਤੇ ਉਹ ਕਿਸੇ ਨਾ ਕਿਸੇ ਹੱਦ ਤੱਕ ਅਪਣੇੇ ਸਮਾਜ ਦੀ ਪ੍ਰਤੀਨਿਧਤਾ ਤਾਂ ਕਰਦੇ ਹੀ ਹਨ। ਨਾਇਕ-ਨਾਇਕਾ ਹਨ ਤਾਂ ਉਹ ਸਮੱਸਿਆਵਾਂ ਤੋਂ ਭੱਜਣਗੇ ਵੀ ਨਹੀਂ, ਉਹਨਾਂ ਵਿਰੁੱਧ ਜੂਝਣਗੇ ਹੀ। ਹਰ ਕਹਾਣੀ ਵਿਚ ਵੱਖਰਾ ਵਿਸ਼ਾ ਤੇ ਵੱਖਰੇ ਪਾਤਰ ਸਾਹਮਣੇ ਆਉਂਦੇ ਹਨ। ਕੋਈ ਪਾਤਰ ਸੁਭਾਅ ਦਾ, ਕਰਨੀ ਦਾ ਕਿਹੋ ਜਿਹਾ ਹੈ, ਇਹ ਕਹਾਣੀ ਦੀ ਲੋੜ ਉੱਤੇ ਨਿਰਭਰ ਹੈ। ਮਿਸਾਲ ਵਜੋਂ ਮੇਰੀ ਕਹਾਣੀ ‘ਅਣਸੁਲਘਾਈ ਸਿਗਰਟ’ ਦਾ ਮੁੱਖ-ਪਾਤਰ ਅਪਣੀਆਂ ਹੀ ਉਲਝਣਾਂ ਵਿਚ ਉਲਝਿਆ ਹੋਇਆ ਇਕ ਮਾਨਸਿਕ ਰੋਗੀ ਹੈ। ਸਮੱਸਿਆਵਾਂ ਉਸ ਕੋਲ ਚੱਲ ਕੇ ਨਹੀਂ ਆਉਂਦੀਆਂ, ਉਹ ਆਪ ਬੁਲਾਉਂਦਾ ਹੈ। ਜੇ ਕੋਈ ਸਮੱਸਿਆ ਨਾ ਹੋਵੇ, ਉਹ ਖੜ੍ਹੀ ਕਰ ਲੈਂਦਾ ਹੈ। ਅਜਿਹੇ ਮੁੱਖ-ਪਾਤਰ ਨੂੰ ਤਾਂ ਪ੍ਰਤੀਨਿਧ ਪਾਤਰ ਕਹਿਣਾ ਵਾਜਬ ਨਹੀਂ ਹੋਵੇਗਾ। ਲੇਖਕ ਦੀ ਸਫਲਤਾ ਇਸ ਗੱਲ ਵਿਚ ਹੈ ਕਿ ਉਹ ਕਿਸੇ ਦਲੇਰ ਪਾਤਰ ਦੀ ਦਲੇਰੀ ਜਿੰਨੇ ਸਹੀ ਰੂਪ ਵਿਚ ਚਿਤਰਦਾ ਹੈ, ਕਿਸੇ ਕਮੀਣੇ ਪਾਤਰ ਦੀ ਕਮੀਣਗੀ ਵੀ Eਨੀਂ ਸਫਲਤਾ ਨਾਲ ਚਿਤਰ ਸਕੇ। ਪਾਠਕ ਜੇ ਚੰਗੇ ਪਾਤਰ ਨੂੰ ਸਲਾਹੇ, ਮਾੜੇ ਨੂੰ ਵੀ ਜ਼ਰੂਰ ਬੁਰਾ-ਭਲਾ ਕਹੇ ਹੀ ਕਹੇ!

ਹੁਣ : ਕਈ ਮਲਵਈ ਗਲਪਕਾਰਾਂ ਨੂੰ ਪੜ੍ਹਦਿਆਂ ਇਉਂ ਲਗਦਾ ਹੈ ਜਿਵੇਂ ਹਰ ਆਦਮੀ ਔਰਤ ਲਈ ਕੰਧਾਂ-ਕੋਠੇ ਟੱਪ ਰਿਹਾ ਹੈ ਅਤੇ ਹਰ ਔਰਤ ਵੈਲਣ ਹੈ। ਅਜਿਹਾ ਕਿਉਂ? ਤੁਸੀਂ ਇਸ ਰੋਗ ਤੋਂ ਕਿੰਨਾ ਕੁ ਤੇ ਕਿਵੇਂ ਬਚੇ?

ਭੁੱਲਰ: ਮਨੁੱਖੀ ਸਮਾਜ ਨੂੰ ਦੇਖਣ ਦਾ ਹਰ ਲੇਖਕ ਦਾ ਅਪਣਾ ਨਜ਼ਰੀਆ ਹੁੰਦਾ ਹੈ, ਅਪਣਾ ਝਰੋਖਾ ਹੁੰਦਾ ਹੈ। ਅਪਣੇ ਝਰੋਖੇ ਵਿਚੋਂ ਅਪਣੇੇ ਨਜ਼ਰੀਏ ਨਾਲ ਉਹਨੂੰ ਜੋ ਕੁਛ ਦਿਸਦਾ ਹੈ, ਉਸੇ ਨੂੰ ਉਹ ਸੰਪੂਰਨ ਸੰਸਾਰ ਵਜੋਂ ਪੇਸ਼ ਕਰਦਾ ਰਹਿੰਦਾ ਹੈ। ਰਚਨਾ ਵਿਚ ਦੂਜਾ ਵਿਗਾੜ Eਦੋਂ ਪੈਂਦਾ ਹੈ ਜਦੋਂ ਕਈ ਦਹਾਕੇ ਪਹਿਲਾਂ ਦੇ, ਚੜ੍ਹਦੀ ਜਵਾਨੀ ਸਮੇਂ ਦੇ ਦੇਖੇ ਹੋਏ ਵਿਅਕਤੀਆਂ ਨੂੰ, ਜਿਹੋ ਜਿਹੇ ਸਮਾਜਕ ਤਬਦੀਲੀਆਂ ਕਾਰਨ ਹੁਣ ਉਸ ਰੂਪ ਵਿਚ ਰਹਿ ਨਹੀਂ ਗਏ, ਅੱਜ ਦੇ ਮਾਹੌਲ ਦੇ ਪਾਤਰ ਬਣਾ ਕੇ ਪੇਸ਼ ਕਰ ਦਿੱਤਾ ਜਾਂਦਾ ਹੈ। ਅੱਧੀ ਸਦੀ ਪਹਿਲਾਂ ਪਿੰਡਾਂ ਦੇ ਵੈਲੀ-ਵੈਲਣਾਂ ਦੇ ਲੱਛਣ ਹੋਰ ਸਨ। ਉਹਨਾਂ ਵਿਚ ਕੁਛ ਮਾਨਵੀ ਗੁਣ ਵੀ ਹੁੰਦੇ ਸਨ। ਅੱਜ ਦੇ ਗੁੰਡੇ-ਬਦਮਾਸ਼ ਉਹਨਾਂ ਤੋਂ ਬਿਲਕੁਲ ਵੱਖਰੇ, ਨਿੱਘਰੇ ਹੋਏ ਹਨ। ਮੇਰੀ ਕਹਾਣੀ ‘ਖ਼ੂਨ’ ਦਾ ਕਰਤਾਰਾ ਵੈਲੀ ਹੈ ਤੇ ‘ਧੁੰਦ ਅਤੇ ਸੂਰਜ’ ਦੀ ਚਾਚੀ ਦਾਨ ਕੌਰ ਵੈਲਣ ਹੈ ਪਰ ਉਹਨਾਂ ਨੂੰ ਨਿਪਟ ਬੁਰੇ ਨਹੀਂ ਕਿਹਾ ਜਾ ਸਕਦਾ। ਕਈ ਗਲਪਕਾਰ ਜਦੋਂ ਅਪਣੀਆਂ ਬਹੁਤੀਆਂ ਰਚਨਾਵਾਂ ਵਿਚ ਵੈਲੀ-ਵੈਲਣ ਪਾਤਰ ਹੀ ਪੇਸ਼ ਕਰਦੇ ਹਨ, ਪਾਠਕ ਉੱਤੇ ਕੁਦਰਤੀ ਹੀ ਇਹ ਪ੍ਰਭਾਵ ਪੈਂਦਾ ਹੈ ਕਿ ਉਸ ਸਮਾਜ ਵਿਚ ਬਹੁਤੇ ਲੋਕ ਅਜਿਹੇ ਹੀ ਹੋਣਗੇ।
ਇਸਤਰੀ ਸੰਬੰਧੀ ਮੇਰਾ ਨਜ਼ਰੀਆ ਬਹੁਤੇ ਲੇਖਕਾਂ ਨਾਲੋਂ ਵੱਖਰਾ ਹੈ। ਲੇਖਕ ਲਈ ਜ਼ਰੂਰੀ ਹੈ ਕਿ ਰਚਨਾ ਕਰਦਿਆਂ ਇਹੋ ਜਿਹੇ ਮਾਮਲਿਆਂ ਵਿਚ ਅਨੁਪਾਤ ਦਾ ਪੱਲਾ ਨਾ ਛੱਡੇ। ਮੇਰੇ ਬਚਪਨ ਵਿਚ ਮੇਰੇ ਪਿੰਡ ਵਿਚ ਵੱਧ ਤੋਂ ਵੱਧ ਤਿੰਨ-ਚਾਰ ਜ਼ਨਾਨੀਆਂ ਸਨ, ਉਹ ਵੀ ਚਾਚੀ ਦਾਨ ਕੌਰ ਵਰਗੀਆਂ, ਜਿਨ੍ਹਾਂ ਨੂੰ ਵੈਲਣਾਂ ਕਿਹਾ ਜਾ ਸਕਦਾ ਸੀ। ਮੇਰੀ ਰਚਨਾ ਵਿਚ ਉਹਨਾਂ ਨੂੰ ਕਿੰਨੀ ਕੁ ਥਾਂ ਮਿਲ ਸਕਦੀ ਹੈ? ਸਾਰਾ ਪਿੰਡ ਤਾਂ ਮੋਹ-ਮਮਤਾ ਵਾਲੀਆਂ ਚਾਚੀਆਂ-ਤਾਈਆਂ, ਭਾਬੀਆਂ, ਭੈਣਾਂ ਨਾਲ ਭਰਿਆ ਪਿਆ ਸੀ। ਅਪਣੀ ਗੱਲ ਸਪੱਸ਼ਟ ਕਰਨ ਲਈ ਮੈਨੂੰ ਪਿਛਲੇ ਸਾਲ ਇੰਗਲੈਂਡ ਤੋਂ ਆਈ ਇਕ ਇਸਤਰੀ ਪਾਠਕ ਦੀ ਚਿੱਠੀ ਇਥੇ ਦੇ ਦੇਣੀ ਹੀ ਕਾਫ਼ੀ ਰਹੇਗੀ:“ਇਕ ਦਿਨ ਮੈਂ ਲਾਇਬਰੇਰੀ ਦੇ ਪੰਜਾਬੀ ਸੈਕਸ਼ਨ ਵਿਚ ਪੜ੍ਹਨ ਲਈ ਕੋਈ ਕਿਤਾਬ ਲੱਭ ਰਹੀ ਸੀ ਤਾਂ ਅਚਾਨਕ ਮੈਨੂੰ ਤੁਹਾਡੀ ਕਿਤਾਬ ‘ਧਰਤੀ ਦੀਆਂ ਧੀਆਂ’ ਨਜ਼ਰ ਆਈ। ਕਿਤਾਬ ਦੇ ਪਿਛਲੇ ਪਾਸੇ ਤੁਹਾਡੀ ਤਸਵੀਰ ਸੀ ਅਤੇ ਨਾਲ ਹੀ ਤੁਸੀਂ ਲਿਖਿਆ ਹੋਇਆ ਸੀ,‘ਇਸਤਰੀ ਮਾਂ ਹੈ, ਭੈਣ ਹੈ, ਪਤਨੀ ਹੈ, ਪ੍ਰੇਮਿਕਾ ਹੈ, ਧੀ ਹੈ। ਇਸਦੇ ਸਾਰੇ ਰੂਪਾਂ ਨੇ ਮੇਰੇ ਮਨ ਵਿਚ ਸ਼ਰਧਾ ਭਰੀ ਹੈ।’ ਇਹ ਸਤਰਾਂ ਮੈਨੂੰ ਬੇਹੱਦ ਚੰਗੀਆਂ ਲੱਗੀਆਂ। ਮੈਨੂੰ ਅਪਣਾ ਆਪ ਇਕ ਉੱਚੀ ਟੀਸੀ ਉੱਤੇ ਖੜ੍ਹਾ ਨਜ਼ਰ ਆਇਆ। ਮੇਰਾ ਮਨ ਇਕ ਅਨੋਖੇ ਮਾਣ ਨਾਲ ਭਰ ਗਿਆ। ਜਾਪਿਆ ਜਿਵੇਂ ਕਿਸੇ ਨੇ ਮੇਰੇ ਇਸਤਰੀ ਹੋਣ ਦੀ ਹੋਂਦ ਨੂੰ ਪਛਾਣ ਲਿਆ ਹੁੰਦਾ ਹੈ। ਇਕਦਮ ਮੈਂ ਕਿਤਾਬ ਦੇ ਇਸ ਪਾਸੇ ਨੂੰ ਮੱਥੇ ਨਾਲ ਲਾ ਲਿਆ। ਉਸ ਵਕਤ ਮੇਰੇ ਕੋਲ ਹੀ ਖੜ੍ਹਾ ਲਾਇਬਰੇਰੀ ਦਾ ਇਕ ਅੰਗਰੇਜ਼ ਕਰਮਚਾਰੀ ਸ਼ੈਲਫ਼ ਉੱਤੇ ਕਿਤਾਬਾਂ ਠੀਕ ਕਰ ਕੇ ਰੱਖ ਰਿਹਾ ਸੀ। ਉਹਨੇ ਬੜਾ ਹੈਰਾਨ ਹੋ ਕੇ ਮੇਰੇ ਵੱਲ ਦੇਖਿਆ ਅਤੇ ਤੁਹਾਡੀ ਦਾੜ੍ਹੀ-ਪੱਗ ਵਾਲੀ ਤਸਵੀਰ ਨੂੰ ਦੇਖਦਿਆਂ ਮੁਸਕਰਾ ਕੇ ਆਖਣ ਲੱਗਿਆ, ‘ਕੀ ਇਹ ਕੋਈ ਸਾਧੂ-ਮਹਾਤਮਾ ਹੈ?’ ਮੈਂ ਦੱਸਿਆ ਕਿ ਮੈਂ ਤਸਵੀਰ ਨੂੰ ਨਮਸਕਾਰ ਨਹੀਂ ਕਰ ਰਹੀ, ਮੈਂ ਤਾਂ ਇਸਤਰੀ ਬਾਰੇ ਲਿਖੇ ਖ਼ੂਬਸੂਰਤ ਖਿ਼ਆਲਾਂ ਨੂੰ ਨਮਸਕਾਰ ਕਰ ਰਹੀ ਹਾਂ। ਜਦੋਂ ਮੈਂ ਅੰਗਰੇਜ਼ੀ ਵਿਚ ਟਰਾਂਸਲੇਸ਼ਨ ਕਰ ਕੇ ਉਹਨੂੰ ਦੱਸਿਆ ਤਾਂ ਉਹ ਬੜਾ ਖ਼ੁਸ਼ ਹੋਇਆ ਤੇ ਇਕਦਮ ਬੋਲਿਆ,‘ਉੱਤਮ ਵਿਚਾਰ! ਮੈਂ ਸੋਚਿਆ, ਤੁਸੀਂ ਕਿਸੇ ਸੰਤ ਨੂੰ ਮੱਥਾ ਟੇਕ ਰਹੇ ਹੋ। ਤੁਸੀਂ ਇੰਡੀਅਨ ਲੋਕ ਤਾਂ, ਸੁਣਿਆ ਹੈ, ਅਪਣੀਆਂ ਕੁੜੀਆਂ ਨੂੰ ਤਾਂ ਜੰਮਣ ਤੋਂ ਪਹਿਲਾਂ ਹੀ ਮਾਰ ਦਿੰਦੇ ਹੋ ਅਤੇ ਸਾਧਾਂ-ਸੰਤਾਂ ਦੀ ਪੂਜਾ ਨੂੰ ਜਿ਼ਆਦਾ ਮਹੱਤਵ ਦਿੰਦੇ ਹੋ’!”

ਲਿਖਣ ਦੀ ਚੇਟਕ

ਹੁਣ : ਤੁਹਾਨੂੰ ਲਿਖਣ ਦੀ ਚੇਟਕ ਕਿੰਨੀ ਕੁ ਉਮਰ ਵਿਚ ਤੇ ਕਿਵੇਂ ਲੱਗੀ?

ਭੁੱਲਰ : ਸਾਹਿਤ ਨਾਲ, ਖਾਸ ਕਰਕੇ ਰਚਨਾਕਾਰ ਵਜੋਂ, ਜੁੜਨ ਦਾ ਕੋਈ ਇਕ ਸਮਾਂ ਦੱਸਣਾ ਤਾਂ ਸੰਭਵ ਨਹੀਂ ਤੇ ਨਾ ਹੀ ਕਿਸੇ ਇਕ ਕਾਰਨ, ਸਬੱਬ ਜਾਂ ਆਧਾਰ ਉੱਤੇ ਉਂਗਲ ਰੱਖਣੀ ਸੰਭਵ ਹੈ। ਪੰਜਾਬ ਵਿਚ ਸਾਹਿਤ ਰਿਗਵੇਦ ਦੇ ਸਮੇਂ ਤੋਂ ਰਚਿਆ ਜਾ ਰਿਹਾ ਹੈ। ਸਦੀਆਂ ਵਿਚ ਕਰੋੜਾਂ ਲੋਕ ਆਏ ਤੇ ਗਏ, ਸਾਹਿਤਕਾਰ ਕਿੰਨੇ ਕੁ ਹੋਏ! ਸਭ ਵੱਲੋਂ ਵਰਤੇ ਜਾਂਦੇ ਸਾਧਾਰਨ ਸ਼ਬਦਾਂ ਦਾ ਕਿਸੇ ਦੀ ਕਾਨੀ ਤੋਂ ਸਾਹਿਤ ਬਣਨ ਲੱਗਣਾ ਇਕ ਅਦੁਭੁਤ ਵਰਤਾਰਾ ਹੈ, ਅਛੋਪਲਾ, ਸਹਿਜ ਤੇ ਅਕੱਥ। ਇਕੋ ਘਰ ਵਿਚ, ਇਕੋ ਮਾਹੌਲ ਵਿਚ ਇਕੱਠੇ ਜੰਮੇ-ਪਲੇ ਬੱਚਿਆਂ ਵਿਚੋਂ ਇਕ ਸਾਹਿਤਕਾਰ ਜਾਂ ਕਿਸੇ ਹੋਰ ਕਲਾ ਦਾ ਨਿਪੁੰਨ ਬਣ ਜਾਂਦਾ ਹੈ, ਦੂਜੇ ਕੋਰੇ ਰਹਿ ਜਾਂਦੇ ਹਨ। ਅਪਣੀ ਗੱਲ ਕਰਾਂ, ਅਪਣੇ ਬਚਪਨ ਉੱਤੇ ਪਰਤਵੀਂ ਝਾਤ ਮਾਰਾਂ। ਸਾਹਿਤ ਤਾਂ ਸਾਡੇ ਪਿੰਡਾਂ ਵਿਚ ਵਿਆਪਕ ਅਣਪੜ੍ਹਤਾ ਅਤੇ ਅਖ਼ਬਾਰਾਂ, ਰਸਾਲਿਆਂ ਤੇ ਪੁਸਤਕਾਂ ਦੀ ਅਪਹੁੰਚਤਾ ਦੇ ਬਾਵਜੂਦ ਅਨੇਕ ਰੂਪਾਂ ਵਿਚ ਮਿੱਟੀ ਵਿਚ ਰਚਿਆ, ਪੌਣ ਵਿਚ ਰਮਿਆ ਤੇ ਪਾਣੀ ਵਿਚ ਘੁਲਿਆ ਹੋਇਆ ਸੀ। ਲੋਕਾਂ ਨੇ ਸ਼ਬਦ ‘ਸਾਹਿਤ’ ਸੁਣਿਆ ਤੱਕ ਨਹੀਂ ਸੀ ਹੁੰਦਾ, ਇਹਦੇ ਅਰਥ ਜਾਨਣਾ ਤਾਂ ਦੂਰ ਦੀ ਗੱਲ ਹੈ, ਪਰ ਉਹ ਸਾਹਿਤ ਦੇ ਵਿਚਕਾਰ ਵਸਦੇ ਸਨ ਤੇ ਉਹਨੂੰ ਮਾਣਦੇ ਸਨ। ਇਹ ਪੰਜਾਬ ਦੀ ਖ਼ੁਸ਼ਕਿਸਮਤੀ ਹੈ ਕਿ ਇਥੇ ਦਹਿਸਦੀਆਂ ਤੋਂ, ਸ਼ਾਇਦ ਸੰਸਾਰ ਵਿਚ ਸਭ ਤੋਂ ਪਹਿਲਾਂ ਤੋਂ ਮੌਖਿਕ ਤੇ ਲਿਖਿਤ, ਦੋਵਾਂ ਭਾਂਤਾਂ ਦੀ ਸਾਹਿਤ-ਰਚਨਾ ਹੋ ਰਹੀ ਹੈ। ਇਹਨੀਂ ਦਿਨੀਂ ਮੈਂ ‘ਨਵਾਂ ਜ਼ਮਾਨਾ’ ਵਿਚ ਹਰ ਮਹੀਨੇ ਦੇ ਦੂਜੇ ਤੇ ਚੌਥੇ ਐਤਵਾਰ ਇਕ ਕਾਲਮ ਲਿਖ ਰਿਹਾ ਹਾਂ। ਉਸਦਾ ਨਾਂ ਮੈਂ ‘ਸਾਹਿਤ ਦੇ ਬੀ’ ਰੱਖਿਆ ਹੈ। ਇਸ ਵਿਚ ਮੈਂ ਅਪਣੀ ਉਸ ਉਮਰ ਨੂੰ ਚੇਤੇ ਕੀਤਾ ਹੈ ਜਦੋਂ ਮੈਂ ਲੇਖਕ ਤਾਂ ਕੀ, ਪਾਠਕ ਵੀ ਨਹੀਂ ਸੀ ਬਣਿਆ, ਪਰ ਸਾਹਿਤ ਕਈ ਰੂਪਾਂ ਵਿਚ ਸਹਿਜ-ਸੁਭਾਵਿਕ ਹੀ ਅਪਣਾ ਸਰੋਤਾ ਬਣਾ ਲੈਂਦਾ ਸੀ। ਚੇਤੇ ਦੀ ਤਖ਼ਤੀ ਉੱਤੇ ਲਿਖੇ ਜਾਂਦੇ ਰਹੇ ਇਹਨਾਂ ਸ਼ਬਦਾਂ ਦੇ ਸਹੀ ਅਰਥ ਤਾਂ ਭਾਵੇਂ ਵੱਡਾ ਹੋ ਕੇ ਪਹਿਲਾਂ ਪਾਠਕ ਤੇ ਫੇਰ ਲੇਖਕ ਬਣਿਆਂ ਹੀ ਸਮਝ ਆਏ, ਪਰ ਇਹ ਤਾਂ ਨਹੀਂ ਨਾ ਹੋ ਸਕਦਾ ਕਿ ਸਾਹਿਤ ਦੀ ਨਿੱਕੀ ਨਿੱਕੀ ਕਣੀ ਮਨ ਦੀ ਮਿੱਟੀ ਵਿਚ ਜੀਰੇ ਨਾ ਤੇ ਕੋਈ ਭਿੱਜੇ ਤਾਂ ਉਹਨੂੰ ਆਨੰਦ ਦਾ ਅਹਿਸਾਸ ਹੋਵੇ ਹੀ ਨਾ!

bhullar in childhood
ਡੀ. ਐਮ. ਕਾਲਜ, ਮੋਗਾ ਦਾ ਵਿਦਿਆਰਥੀ-1952

ਇਸ ਸੰਬੰਧ ਵਿਚ ਲੋਰੀਆਂ, ਇਸਤਰੀਆਂ ਦੇ ਖ਼ੁਸ਼ੀ-ਗ਼ਮੀ, ਮੇਲ-ਵਿਛੋੜੇ ਦੇ ਗੀਤਾਂ, ਦਿਲ-ਚੀਰਵੇਂ ਵੈਣਾਂ, ਧਾਰਮਿਕ ਦੀਵਾਨਾਂ, ਕਵੀਸ਼ਰਾਂ, ਢੱਡ-ਸਾਰੰਗੀ ਵਾਲੇ ਗਮੰਤਰੀਆਂ, ਨਕਲੀਆਂ, ਨਚਾਰਾਂ, ਆਦਿ ਦੇ ਖਾੜਿਆਂ, ਭਰਪੂਰ ਕਹਾਣੀ-ਰਸ ਵਾਲੀਆਂ ਬਾਤਾਂ, ਸੱਥਾਂ ਵਿਚ ਤੇ ਪਿੱਪਲਾਂ-ਬੋਹੜਾਂ ਹੇਠ ਸੁਣੇ-ਸੁਣਾਏ ਜਾਂਦੇ ਕਿੱਸਿਆਂ ਅਤੇ ਫੇਰ ਅਜਿਹੇ ਬਹੁਤ ਕੁਛ ਨੂੰ ਲਾਊਡਸਪੀਕਰਾਂ ਰਾਹੀਂ ਘਰ ਘਰ ਪੁਚਾ ਦੇਣ ਵਾਲੇ ਤਵਿਆਂ ਦੀ ਬਹੁਤ ਵੱਡੀ ਭੂਮਿਕਾ ਤੇ ਮਹੱਤਤਾ ਰਹੀ ਹੈ। ਇਸ ਸਭ ਕੁਛ ਨੇ ਬਿਨਾਂ-ਸ਼ੱਕ ਮੇਰੇ ਮਨ ਦੀ ਮਿੱਟੀ ਅੱਗੇ ਚੱਲ ਕੇ ਸਾਹਿਤ ਦੀ ਬੂਟੀ ਲੱਗਣ ਲਈ ਵੱਤਰ ਕਰ ਦਿੱਤੀ ਜਿਸ ਬੂਟੀ ਨੇ ਫੁੱਲ ਕੇ ਅੰਦਰ ਮੁਸ਼ਕ ਤਾਂ ਮਚਾਉਣਾ ਹੀ ਸੀ! ਸਾਹਿਤ ਦੀ ਚੰਬਾ ਬੂਟੀ ਬਾਰੇ ਸੋਚਦਿਆਂ ਸੁਲਤਾਨ ਬਾਹੂ ਚੇਤੇ ਆ ਜਾਂਦੇ ਹਨ: “ਅੱਲਾ ਚੰਬੇ ਦੀ ਬੂਟੀ, ਮੁਰਸ਼ਦ ਮਨ ਮੇਰੇ ਵਿਚ ਲਾਈ ਹੂ/ …ਅੰਦਰ ਬੂਟੀ ਮੁਸ਼ਕ ਮਚਾਇਆ, ਜਾਂ ਫੁੱਲਣ ਪਰ ਆਈ ਹੂ/ ਜੀਵੇ ਮੁਰਸ਼ਦ ਕਾਮਲ ਬਾਹੂ, ਜੈਂ ਇਹ ਬੂਟੀ ਲਾਈ ਹੂ!”

ਹੁਣ : ਇਹ ਤਾਂ ਰਹੀ ਆਲੇ-ਦੁਆਲੇ ਦੀ ਗੱਲ, ਤੁਹਾਡੇ ਅਪਣੇ ਘਰ ਦਾ ਮਾਹੌਲ ਕਿਹੋ ਜਿਹਾ ਸੀ? ਕੀ ਤੁਹਾਡੇ ਮਾਤਾ-ਪਿਤਾ ਜਾਂ ਟੱਬਰ ਦੇ ਹੋਰ ਕਿਸੇ ਜੀਅ ਨੂੰ ਸਾਹਿਤ ਦੀ ਲਗਨ ਸੀ?

ਭੁੱਲਰ: ਸਾਡੇ ਘਰ ਦਾ ਮਾਹੌਲ ਆਮ ਕਿਸਾਨ ਪਰਿਵਾਰਾਂ ਨਾਲੋਂ ਬਹੁਤ ਵੱਖਰਾ ਸੀ। ਅਸੀਂ ਆਪ ਖੇਤੀ ਨਹੀਂ ਸੀ ਕਰਦੇ। ਜ਼ਮੀਨ ਹਿੱਸੇ ਉੱਤੇ ਦਿੱਤੀ ਹੋਈ ਹੁੰਦੀ ਸੀ। ਮੇਰੇ ਬਾਪੂ ਜੀ ਫ਼ੌਜ ਵਿਚ ਰਹੇ ਸਨ। ਮੇਰੇ ਵੱਡੇ ਚਾਚਾ ਜੀ ਸਰਵਨ ਸਿੰਘ ਨੇ ਕੁਛ ਵਰ੍ਹੇ ਖੇਤੀ ਕੀਤੀ। ਉਹ ਬੇਔਲਾਦ ਸਨ ਤੇ ਉਹਨਾਂ ਦਾ ਧਿਆਨ ਬਹੁਤਾ ਅਧਿਆਤਮ ਵੱਲ ਹੀ ਹੋ ਗਿਆ। ਮੈਂ ਉਹਨਾਂ ਨੂੰ ਡੂੰਘੇ ਸਵੇਰੇ ਉੱਠ ਕੇ ਅਸ਼ਨਾਨ ਕਰਨ ਪਿੱਛੋਂ ਬਾਣੀ ਪੜ੍ਹਦੇ ਤੇ ਦਿਨੇ ਵਿਹਲੇ ਸਮੇਂ ਵਿਚ ਵੱਖ ਵੱਖ ਗ੍ਰੰਥ ਪੜ੍ਹਦੇ ਹੀ ਦੇਖਿਆ। ਜੇ ਕੋਈ ਕੋਲ ਆ ਬੈਠਦਾ, ਉਹ ਉੱਚੀ ਬੋਲ ਕੇ ਸੁਣਾਉਣ ਲਗਦੇ। ਫ਼ਰੀਦਕੋਟੀਏ ਰਾਜੇ ਵੱਲੋਂ ਪ੍ਰਕਾਸਿ਼ਤ ਕਰਵਾਇਆ ਗਿਆ ਗੁਰੂ ਗ੍ਰੰਥ ਸਾਹਿਬ ਦਾ ਟੀਕਾ, ਪੱਥਰ ਦੇ ਛਾਪੇ ਵਾਲੀ ਬਾਬੇ ਦੀ ਜਨਮਸਾਖੀ, ਗਿਆਨੀ ਗਿਆਨ ਸਿੰਘ ਦਾ ਸਿੱਖ ਇਤਿਹਾਸ, ਕਰਤਾਰ ਸਿੰਘ ਕਲਾਸਵਾਲੀਆ ਦੇ ‘ਦਸਮੇਸ਼ ਪ੍ਰਕਾਸ਼’ ਤੇ ‘ਬੰਦਾ ਬਹਾਦਰ’ ਜਿਹੇ ਗ੍ਰੰਥ, ਭਾਈ ਕਾਨ੍ਹ ਸਿੰਘ ਦਾ ਚਾਰ ਜਿਲਦਾਂ ਵਾਲਾ ਮਹਾਨ ਕੋਸ਼ ਤੇ ਹੋਰ ਕਈ ਕੁਛ। ਪੱਕੇ ਸਿੱਖ, ਜਦੋਂ ਸਰੀਰ ਢੈਲਾ ਪੈਣ ਲੱਗਿਆ, ਸਾਨੂੰ ਬਿਠਾ ਕੇ ਹੋਰ ਗੱਲਾਂ ਤੋਂ ਇਲਾਵਾ ਕਹਿੰਦੇ,“ਬੇਟਾ, ਜੇ ਮੈਂ ਚਲਾਣਾ ਕਰਨ ਤੋਂ ਪਹਿਲਾਂ ਮੰਜੇ ਜੋਗਾ ਹੋ ਜਾਵਾਂ, ਮੇਰਾ ਸਵੇਰ ਦਾ ਅਸ਼ਨਾਨ ਨਾ ਖੁੰਝਾਇਉ।” ਛੋਟੇ ਚਾਚਾ ਜੀ ਬਾਦਲ ਸਿੰਘ ਨੌਕਰੀ ਕਰਦੇ ਸਨ। ਬਹੁਤ ਸਾਊ, ਮਿੱਠਬੋਲੜੇ ਤੇ ਹਸਮੁੱਖ ਸੱਜਨ। ਮੇਰਾ ਖਿ਼ਆਲ ਨਹੀਂ, ਉਹਨਾਂ ਨੇ ਕਦੀ ਗਿੱਲੇ ਗੋਹੇ ਉੱਤੇ ਵੀ ਪੈਰ ਰੱਖਿਆ ਹੋਵੇ ਜਾਂ ਕਿਸੇ ਦੇ ਕੰਡਾ ਵੀ ਚੁਭੋਇਆ ਹੋਵੇ। ਉਹ ਅਪਣੀ ਕਬੀਲਦਾਰੀ ਵਿਚ ਹੀ ਉਲਝੇ ਰਹੇ। ਉਹਨਾਂ ਨੂੰ ਘਰ ਦੇ ਪੁਸਤਕੀ ਮਾਹੌਲ ਦਾ ਅਹਿਸਾਸ ਤੇ ਮਾਣ ਤਾਂ ਸੀ ਪਰ ਉਹ ਇਸ ਨਾਲ ਕਦੀ-ਕਦਾਈਂ ਵਿਹਲ ਮਿਲਿਆਂ ਹੀ ਜੁੜ ਸਕਦੇ। ਜਵਾਨੀ ਵਿਚ ਵਿਧਵਾ ਹੋਈਆਂ ਵੱਡੀਆਂ ਦੋਵੇਂ ਭੂਆ ਤਾਂ ਮੈਂ ਅਪਣੇ ਬੱਚਿਆਂ ਦੀ ਪਰਵਰਿਸ਼ ਵਿਚ ਉਲਝੀਆਂ ਹੀ ਦੇਖੀਆਂ ਪਰ ਛੋਟੀ ਭੂਆ ਮਾਨ ਕੌਰ ਜਦੋਂ ਪੇਕੀਂ ਆਉਂਦੀ, ਕੋਈ ਗ੍ਰੰਥ ਸੁਣਾਉਣ ਲਈ ਜ਼ਰੂਰ ਚਾਚੀਆਂ-ਤਾਈਆਂ ਨੂੰ ਸਰੋਤੀਆਂ ਬਣਾ ਲੈਂਦੀ।

ਜਦੋਂ ਮੈਂ ਅਜੇ ਸਕੂਲ ਵਿਚ ਹੀ ਸੀ, ਬਾਪੂ ਜੀ ਫ਼ੌਜ ਤੋਂ ਸੇਵਾਮੁਕਤ ਹੋ ਕੇ ਆ ਗਏ। ਉਹਨਾਂ ਨੇ ਦੋਵੇਂ ਸੰਸਾਰ ਜੰਗਾਂ ਲੜੀਆਂ ਤੇ ਪਹਿਲੀ ਸੰਸਾਰ ਜੰਗ ਵਿਚ ਸੀਨੇ ਵਿਚ ਗੋਲੀ ਵੀ ਖਾਧੀ। ਫ਼ੌਜ ਵਿਚ ਜਾਣ ਤੋਂ ਪਹਿਲਾਂ ਉਹਨਾਂ ਦਾ ਝੁਕਾਅ ਕਵੀਸ਼ਰੀ ਵੱਲ ਹੋਇਆ ਸੀ ਤੇ ਉਹ ਮਾਘੀ ਸਿੰਘ ਗਿੱਲ ਦੇ ਗੁਰਭਾਈ ਸਨ। ਫ਼ੌਜ ਦੀ ਪੂਰੀ ਤਰ੍ਹਾਂ ਠੰਡੇ ਬਸਤੇ ਵਿਚ ਪਾਈ ਇਹ ਰੁਚੀ ਘਰ ਪਰਤਦਿਆਂ ਹੀ ਮੌਲ ਪਈ। ਉਹਨਾਂ ਦੇ ਪਰਤਣ ਨਾਲ ਧਾਰਮਿਕ ਗ੍ਰੰਥਾਂ ਦੇ ਨਾਲ ਨਾਲ ਸਾਡੇ ਘਰ ਵਿਚ ਸਾਹਿਤ ਦਾ ਪ੍ਰਵੇਸ਼ ਹੋਇਆ। ਨਾਨਕ ਸਿੰਘ, ਗੁਰਬਖ਼ਸ਼ ਸਿੰਘ, ਮੋਹਨ ਸਿੰਘ ਵੈਦ, ਲਾਲ ਸਿੰਘ ਕਮਲਾ ਅਕਾਲੀ, ਮਾਸਕ ‘ਪ੍ਰੀਤਲੜੀ’ ਤੇ ਹਾਂ, ਸਾਧੂ ਦਯਾ ਸਿੰਘ ਦੇ ਕਿੱਸੇ। ਚੋਣਵੀਆਂ ਪੁਸਤਕਾਂ ਖਰੀਦੀਆਂ ਵੀ ਜਾਂਦੀਆਂ, ਹੋਰ ਮੈਂ ਬਾਪੂ ਜੀ ਦੇ ਦੱਸੇ ਅਨੁਸਾਰ ਮੰਡੀ ਫੂਲ ਪੜ੍ਹਨ ਗਿਆ ਭਾਈ ਖ਼ਜ਼ਾਨ ਸਿੰਘ ਦੀ ਦੁਕਾਨ ਤੋਂ ਹਫ਼ਤੇ ਦੀ ਦੁਆਨੀ ਦੇ ਹਿਸਾਬ ਕਿਰਾਏ ਉੱਤੇ ਲੈ ਆਉਂਦਾ। ਮਗਰੋਂ ‘ਪ੍ਰੀਤਲੜੀ’ ਦੇ ਪ੍ਰਭਾਵ ਹੇਠ ਰੋਜ਼ਾਨਾ ‘ਨਵਾਂ ਜ਼ਮਾਨਾ’ ਆਉਣ ਲੱਗਿਆ ਤੇ ਜਰਨੈਲ ਸਿੰਘ ਅਰਸ਼ੀ ਦਾ ਕਮਾਲ ਦਾ ਅੱਗੇਵਧੂ ਸਾਹਿਤਕ-ਰਾਜਨੀਤਕ ਸਪਤਾਹਿਕ ‘ਲਲਕਾਰ’ ਵੀ। Eਦੋਂ ਕਦੀ ਇਹ ਪੁੱਛਣ ਦਾ ਖਿ਼ਆਲ ਹੀ ਨਹੀਂ ਆਇਆ ਕਿ ਅੰਗਰੇਜ਼ ਦੇ ਸਮੇਂ ਦੀ ਪੂਰੀ ਤਰਾਂ ਸਮਾਜੋਂ ਟੁੱਟੀ ਨੌਕਰੀ ਦੇ ਬਾਵਜੂਦ ਉਹਨਾਂ ਦਾ ਝੁਕਾਅ ਅੱਗੇਵਧੂ ਸਾਹਿਤ ਵੱਲ ਕਿਵੇਂ ਤੇ ਕਿਉਂ ਹੋਇਆ। ਇਕ ਬਹੁਤ ਸੰਭਵ ਕੜੀ ਲੰਮਾ ਸਮਾਂ ਸਿੱਖ ਸੈਂਟਰ ਨੌਸ਼ਹਿਰਾ ਛਾਉਣੀ ਵਿਚ ਉਹਨਾਂ ਦਾ ਨੌਕਰੀ ਕਰਨਾ ਤੇ ‘ਪ੍ਰੀਤਲੜੀ’ ਦਾ ਜਨਮ-ਸਥਾਨ ਵੀ ਨੌਸ਼ਹਿਰਾ ਹੀ ਹੋਣਾ ਹੋ ਸਕਦੀ ਹੈ। ‘ਪ੍ਰੀਤਲੜੀ’ ਤੋਂ ਸਰਕਾਰ Eਦੋਂ ਅਜੇ ਸ਼ਾਇਦ ਡਰਨ ਵੀ ਨਹੀਂ ਸੀ ਲੱਗੀ। ਮਗਰੋਂ ਤਾਂ ਉਹ ਅਜਿਹੀ ਜਾਗ ਬਣ ਗਈ ਜੋ ਬੰਦੇ ਦੀ ਸੋਚ ਨੂੰ ਲੱਗ ਕੇ ਪੂਰੀ ਤਰ੍ਹਾਂ ਬਦਲ ਦਿੰਦੀ ਸੀ। ਉਸੇ ਤੋਂ ਤੁਰ ਕੇ ਹੋਰ ਅੱਗੇਵਧੂ ਸਾਹਿਤ ਤੇ ਅਖ਼ਬਾਰਾਂ-ਰਸਾਲਿਆਂ ਨਾਲ ਨਾਤਾ ਜੁੜਦਾ ਗਿਆ।

ਹੁਣ : ਕੀ ਘਰੇ ਪਿਆ ਇਹ ਸਾਹਿਤ ਤੁਸੀਂ ਆਪ ਵੀ ਕਦੀ ਫਰੋਲਦੇ ਸੀ?

ਭੁੱਲਰ: ਪੁਸਤਕਾਂ ਫਰੋਲਣ ਦੀ ਸਮਝ ਤੇ ਉਮਰ ਤੋਂ ਪਹਿਲਾਂ ਮੈਂ ਉਹਨਾਂ ਦਾ ਸਬੱਬੀ ਸਰਸਰੀ ਸਰੋਤਾ ਬਣਿਆ। ਉਹ ਇਉਂ ਕਿ ਪਿਛਲੇ ਪਹਿਰ ਦੇ ਵਿਹਲੇ ਸਮੇਂ ਬਾਪੂ ਜੀ ਪੁਸਤਕ ਪੜ੍ਹਦੇ ਤੇ ਬੇਬੇ ਜੀ ਸੁਣਦੀ। ਮੈਂ ਆਮ ਕਰਕੇ ਥੋੜ੍ਹਾ ਹਟਵਾਂ ਬੈਠਾ ਸਕੂਲ ਦਾ ਕੰਮ ਕਰਦਾ। ਮੇਰੇ ਲਈ ਸਾਹਿਤ ਉਸ ਸਮੇਂ ਸ਼ਾਇਦ ਸਮਝੋਂ ਪਰ੍ਹੇ ਤੇ ਪੜ੍ਹਾਈ ਲਈ ਵਿਘਣਕਾਰੀ ਸਮਝਿਆ ਜਾਂਦਾ ਹੋਵੇਗਾ। ਬੇਬੇ ਜੀ ਅੱਖਰ-ਗਿਆਨ ਤੋਂ ਲਗਭਗ ਕੋਰੀ ਹੋਣ ਦੇ ਬਾਵਜੂਦ ਸਾਹਿਤ ਨੂੰ ਨਾ ਕੇਵਲ ਸਮਝਦੀ ਸੀ ਸਗੋਂ ਅਪਣਾ ਪ੍ਰਤੀਕਰਮ ਵੀ ਦਸਦੀ ਸੀ। ਖਾਸ ਕਰਕੇ ਨਾਨਕ ਸਿੰਘ ਦੇ ਦੋ ਨਾਵਲਾਂ ‘ਚਿੱਟਾ ਲਹੂ’ ਤੇ ‘ਪਵਿੱਤਰ ਪਾਪੀ’, ਜਿਨ੍ਹਾਂ ਦਾ ਇਕ ਤੋਂ ਵੱਧ ਵਾਰ ਪਾਠ ਹੋਇਆ, ਦੇ ਪਾਤਰਾਂ ਦੇ ਦੁਖ-ਸੁਖ ਦੀਆਂ ਤੇ ਸੁਖਦਾਈ-ਦੁਖਦਾਈ ਘਟਨਾਵਾਂ ਦੀਆਂ ਉਹ ਦੋਵੇਂ ਬਹੁਤ ਭਿੱਜ ਕੇ ਗੱਲਾਂ ਕਰਦੇ। ਇਕ ਗੱਲ ਜਿਸਦਾ ਮੇਰੇ ਉੱਤੇ ਅੱਜ ਤੱਕ ਪ੍ਰਭਾਵ ਹੈ ਤੇ ਜਿਸਦਾ ਜਿ਼ਕਰ ਮੈਂ ਜ਼ਰੂਰ ਕਰਨਾ ਚਾਹਾਂਗਾ, ਉਹ ਹੈ ਪਾਠਕ-ਸਰੋਤੇ ਦੀਆਂ ਭਾਵਨਾਵਾਂ ਨਾਲ ਸਾਹਿਤ ਦੇ ਮੇਲ ਖਾਧਿਆਂ ਵਾਪਰਦਾ ਚਮਤਕਾਰ ਅਤੇ ਸਾਹਿਤ ਦਾ ਦਰਦ-ਨਿਕਾਸੀ ਪ੍ਰਭਾਵ। ਮੇਰੀਆਂ ਅਪਣੀਆਂ ਕਹਾਣੀਆਂ ਨਾਲ ਕਈ ਵਾਰ ਅਜਿਹਾ ਵਾਪਰਦਾ ਹੈ ਪਰ ਇਥੇ ਮੈਂ ਸਾਹਿਤਕ ਸੋਝੀ ਤੋਂ ਪਹਿਲਾਂ ਦੀ ਗੱਲ ਕਰ ਰਿਹਾ ਹਾਂ। ਦਾਦੇ ਭਾਈਉਂ ਮੇਰੀ ਤਾਈ ਸੰਤੀ ਦਾ ਵਿਆਹਿਆ ਹੋਇਆ ਜਵਾਨ ਪੁੱਤਰ ਚਲਾਣਾ ਕਰ ਗਿਆ। ਸਾਥੋਂ ਤਿੰਨਾਂ ਭਾਈਆਂ ਤੋਂ ਵੱਡੀ ਭੈਣ ਵੀ ਦੋ ਛੋਟੇ ਛੋਟੇ ਬਾਲ ਛੱਡ ਕੇ ਗੁਜ਼ਰ ਗਈ। ਜੇ ਤਾਈ ਬੇਬੇ ਕੋਲ ਆਉਂਦੀ ਤੇ ਹੋਰ ਕੋਈ ਘਰੇ ਨਾ ਹੁੰਦਾ, ਉਹ ਮੈਨੂੰ ਆਖਦੀਆਂ,“ਵੇ ਪੁੱਤ, ਉਹ ਸੁਣਾ, ਹਾਇ ਹਾਇ ਵੇ ਬਾਬਲਾ।” ਮੈਂ ਸਾਧੂ ਦਯਾ ਸਿੰਘ ਦੇ ਕਿੱਸੇ ‘ਫ਼ਨਾਹ ਦਾ ਮਕਾਨ’ ਦੀ ਬੈਂਤ ਸੁਣਾਉਂਦਾ ਜਿਸਦੀਆਂ ਕੁਛ ਸਤਰਾਂ ਇਉਂ ਸਨ:

“ਜੱਜਾ ਜਿ਼ੰਦਗੀ ਅੰਤ ਕੁਰਲਾਂਵਦੀ ਨੂੰ, ਹਾਇ ਹਾਇ ਵੇ ਬਾਬਲਾ ਲੈ ਚੱਲੇ। ਸਈਆਂ ਵਿਚ ਸਰਦਾਰ ਕਹਾਂਵਦੀ ਨੂੰ, ਹਾਇ…। ਗਹਿਣੇ ਕੱਪੜੇ ਖ਼ੂਬ ਹੰਢਾਂਵਦੀ ਨੂੰ, ਹਾਇ…। ਅੰਗ ਅਤਰ ਫੁਲੇਲ ਲਗਾਂਵਦੀ ਨੂੰ, ਹਾਇ…। ਸੂਹੇ ਸੋਸਣੀ ਰੰਗ ਰੰਗਾਂਵਦੀ ਨੂੰ, ਹਾਇ…। ਗੀਤ ਨਾਲ ਸਹੇਲੀਆਂ ਗਾਂਵਦੀ ਨੂੰ, ਹਾਇ…। ਮੋਮੀ ਪੱਟੀਆਂ ਸੀਸ ਗੁੰਦਾਂਵਦੀ ਨੂੰ, ਹਾਇ…। ਥੋੜ੍ਹੀ ਉਮਰ ਦਾ ਲੇਖ ਲਿਖਾਂਵਦੀ ਨੂੰ, ਹਾਇ…। ਦਯਾ ਸਿੰਘ ਦੇਖੋ ਡੋਲੀ ਜਾਂਵਦੀ ਨੂੰ, ਹਾਇ ਹਾਇ ਵੇ ਬਾਬਲਾ ਲੈ ਚੱਲੇ।”
ਰਚਨਾ ਤੇ ਮਾਹੌਲ ਦੀ ਪੂਰੀ ਸਮਝ ਨਾ ਪੈਣ ਕਾਰਨ ਮੈਂ ਪ੍ਰੇਸ਼ਾਨ ਹੋਇਆ ਪੜ੍ਹਦਾ ਜਾਂਦਾ ਤੇ ਚਾਰ ਅੱਖਾਂ ਦਾ ਨੀਰ ਧਾਰਾਂ ਬਣ ਕੇ ਵਗਦਾ ਰਹਿੰਦਾ। ਬੈਂਤ ਮੁਕਦੀ, ਕੁਛ ਚਿਰ ਪਿੱਛੋਂ ਉਹ ਚੁੰਨੀਆਂ ਨਾਲ ਅੱਖਾਂ ਪੂੰਝਦੀਆਂ ਤੇ ਰੱਬ ਨੂੰ ਉਲਾਂਭਾ ਦਿੰਦੀਆਂ,“ਹਾਇ ਵੇ ਡਾਢਿਆ!” ਤੇ ਫੇਰ ਹਉਕਾ ਲੈ ਕੇ ਅਪਣੇ ਆਪ ਨੂੰ ਸੰਭਾਲਦੀਆਂ,“ਅੱਛਾ, ਜਿਵੇਂ ਤੂੰ ਰੱਖੇਂ!”

ਹੁਣ : ਯਾਦ ਹੈ, ਤੁਸੀਂ ਅਪਣੀ ਪਹਿਲੀ ਰਚਨਾ ਕੀ ਤੇ ਕਦੋਂ ਕੁ ਕੀਤੀ ਸੀ?

ਭੁੱਲਰ: ਬਿਲਕੁਲ ਯਾਦ ਹੈ! ਸੁਭਾਗ ਸਮਝੋ, ਮੈਨੂੰ ਕਿਸੇ ਅਜਿਹੇ ਅਭਿਆਸੀ ਦੌਰ ਵਿਚੋਂ ਨਹੀਂ ਸੀ ਲੰਘਣਾ ਪਿਆ ਕਿ ਰਚਨਾਵਾਂ ਪਾੜ ਪਾੜ ਸੁੱਟਣੀਆਂ ਪਈਆਂ ਹੋਣ। ਪਹਿਲਾਂ ਇਕ ਦਿਲਚਸਪ ਗੱਲ ਸੁਣੋ। ਮੇਰੀ ਪਹਿਲੀ ਕਵਿਤਾ ਛਪਣ ਤੋਂ ਕੋਈ ਚਾਰ ਸਾਲ ਪਹਿਲਾਂ ਇਕ ਕਵਿਤਾ ਮੇਰੇ ਨਾਂ ਛਪਦੀ ਛਪਦੀ ਰਹਿ ਗਈ। ਮੇਰਾ ਵੱਡਾ ਵੀਰ ਲਾਲ ਸਿੰਘ ਕਵਿਤਾਵਾਂ ਵੀ ਲਿਖਦਾ ਸੀ ਤੇ ਉਹਨਾਂ ਨੂੰ ਸਜਾਉਣ ਲਈ ਰੰਗਦਾਰ ਪੈਨਸਲਾਂ ਨਾਲ ਬਹੁਤ ਖ਼ੂਬਸੂਰਤ ਵੇਲ-ਬੂਟੇ ਵੀ ਵਾਹੁੰਦਾ ਸੀ। ਮੈਨੂੰ ਕਹਿਣ ਲੱਗਿਆ,“ਤੇਰੇ ਕਾਲਜ ਦਾ ਰਸਾਲਾ ਛਪੂ, ਇਹ ਕਵਿਤਾ ਅਪਣੇ ਵੱਲੋਂ ਦੇ ਦੇਈਂ। ਤੇਰਾ ਵੀ ਨਾਂ ਛਪ ਜਾਊ।” ਸਾਡੇ ਡੀ. ਐਮ. ਕਾਲਜ, ਮੋਗਾ ਦੇ ਰਸਾਲੇ ਦੇ ਵਿਦਿਆਰਥੀ-ਸੰਪਾਦਕ ਮਹਿੰਦਰ ਦਰਦ ਨੇ ਉਹ ਕਵਿਤਾ ‘ਰੁਮਾਂਟਿਕ’ ਆਖ ਕੇ ਮੋੜ ਦਿੱਤੀ। ਇਉਂ ਮੈਂ ਕਵੀ ਬਣਦਾ ਬਣਦਾ ਰਹਿ ਗਿਆ ਤੇ ਮੇਰਾ ਕਵੀ ਬਨਣਾ ਚਾਰ ਸਾਲ ਪਿੱਛੇ ਪੈ ਗਿਆ। ਅਪਰੈਲ 1956 ਦੇ ਸ਼ੁਰੂ ਵਿਚ ਮੈਂ ਆਪ ਇਕ ਕਵਿਤਾ ਲਿਖੀ। ਦੂਜੀ ਸੰਸਾਰ ਜੰਗ ਦੀ ਬਰਬਰਤਾ ਅਜੇ ਕੱਲ੍ਹ ਦੀ ਗੱਲ ਸੀ ਕਿ ਤੀਜੀ ਜੰਗ ਦਾ ਖ਼ਤਰਾ ਬਣਦਾ ਜਾ ਰਿਹਾ ਸੀ। ਇਸ ਖ਼ਤਰੇ ਵਿਰੁੱਧ ਸ਼ਕਤੀਸ਼ਾਲੀ ਅਮਨ ਲਹਿਰ ਉੱਭਰੀ। ਲੇਖਕਾਂ ਤੇ ਸਭਿਆਚਾਰਕ ਕਾਮਿਆਂ ਦੀ ਉਸ ਵਿਚ ਵੱਡੀ ਭੂਮਿਕਾ ਰਹੀ। ਧੀਰ, ਗੁਰਚਰਨ ਰਾਮਪੁਰੀ, ਸੁਰਜੀਤ ਰਾਮਪੁਰੀ, ਸਭ ਅਮਨ ਦੇ ਗੀਤ ਗਾ ਰਹੇ ਸਨ! ਅਮਨ ਦੀ ਇਹ ਕਵਿਤਾ ਮੈਂ ਬੋੱਲੀਆਂ ਦੇ ਰੂਪ ਵਿਚ ਲਿਖੀ। ਸਾਹਿਤ ਦੇ ਸੰਸਾਰ ਦੀ, ਰਸਾਲਿਆਂ ਵਿਚ ਛਪਣ ਦੀ ਮੈਨੂੰ ਉੱਕਾ ਹੀ ਕੋਈ ਜਾਣਕਾਰੀ ਨਹੀਂ ਸੀ। ਦੁਚਿੱਤੀ ਜਿਹੀ ਵਿਚ ਹਿੰਮਤ ਕਰ ਕੇ ‘ਪ੍ਰੀਤਲੜੀ’ ਨੂੰ ਭੇਜ ਦਿੱਤੀ। ਪਹਿਲਾ ਕ੍ਰਿਸਮਾ ਤਾਂ ਇਹ ਹੋਇਆ ਕਿ ਉਹ ਛਪ ਗਈ। ਦੂਜਾ ਇਹ ਕਿ ਅਗਲੇ, ਮਈ ਦੇ ਅੰਕ ਵਿਚ ਹੀ ਛਪ ਗਈ। ਤੀਜਾ ਇਹ ਕਿ ਉਹ ਪੂਰੇ ਪੰਨੇ ਉੱਤੇ ਵਧੀਆ ਛਾਪੀ ਗਈ।
ਕਈ ਸਾਲ ਮੈਂ ਕੇਵਲ ਕਵਿਤਾਵਾਂ ਲਿਖਦਾ ਰਿਹਾ ਜੋ ‘ਪ੍ਰੀਤਲੜੀ’, ਮੋਹਨ ਸਿੰਘ ਦੇ ‘ਪੰਜ ਦਰਿਆ’ ਤੇ ਮਗਰੋਂ ਨਵੇਂ ਨਿਕਲੇ ‘ਆਰਸੀ’ ਵਿਚ ਛਪਦੀਆਂ ਰਹੀਆਂ। ਫੇਰ ਮੈਂ ਨਾਲ ਨਾਲ ਕਹਾਣੀ ਵੀ ਲਿਖਣ ਲੱਗਿਆ। ਅੰਤ ਨੂੰ ਕਵਿਤਾ ਕਿਤੇ ਰਾਹ ਵਿਚ ਹੀ ਰਹਿ ਗਈ। ਮੇਰੀ ਪਹਿਲੀ ਕਹਾਣੀ ‘ਰਾਤਾਂ ਕਾਲੀਆਂ’ ਵੀ ਜੰਗਾਂ ਦੀ ਬਰਬਰਤਾ ਤੇ ਫ਼ੌਜਾਂ ਦੀ ਨਿਹਫਲਤਾ ਦੀ ਸੋਚ ਵਿਚੋਂ ਹੀ ਪੈਦਾ ਹੋਈ ਸੀ। ਬਾਪੂ ਜੀ ਲੰਮਾ ਸਮਾਂ ਫ਼ੌਜ ਵਿਚ ਰਹੇ ਸਨ। ਉਹਨਾਂ ਦੇ ਪੈਨਸ਼ਨ ਆਉਣ ਦੇ ਸਮੇਂ ਤੱਕ ਮੇਰਾ ਵੱਡਾ ਭਾਈ ਭਰਤੀ ਹੋ ਚੁੱਕਿਆ ਸੀ। ਇਹ ਕਹਾਣੀ ਇਸੇ ਮਾਹੌਲ ਦੀ ਪੈਦਾਵਾਰ ਸੀ। ਇਹ ਉਸ ਸਮੇਂ ਦੇ ਇਕ ਮੋਹਰੀ ਰਸਾਲੇ ‘ਕਵਿਤਾ’ ਵਿਚ ਛਪੀ ਅਤੇ ਮਗਰੋਂ ਪਹਿਲੇ ਕਹਾਣੀ-ਸੰਗ੍ਰਹਿ ‘Eਪਰਾ ਮਰਦ’ ਵਿਚ ਸ਼ਾਮਲ ਹੋਈ। ਹੁਣ ਜਦੋਂ ਇਹ ਕਹਾਣੀ ਪੜ੍ਹਦਾ ਹਾਂ, ਹੈਰਾਨੀ ਹੁੰਦੀ ਹੈ ਕਿ ਰਾਜਨੀਤਕ-ਵਿਚਾਰਧਾਰਕ ਆਧਾਰ ਨੂੰ ਬਿਲਕੁਲ ਪਿਛੋਕੜ ਵਿਚ ਰੱਖ ਕੇ ਮੈਂ ਇਸ ਵਿਸ਼ੇ ਨੂੰ ਨਿਰੋਲ ਸਾਹਿਤਕ ਰੂਪ ਕਿਵੇਂ ਦੇ ਸਕਿਆ!

ਹੁਣ : ਤੁਸੀਂ ਪਹਿਲਾਂ ਕਵਿਤਾ ਲਿਖੀ, ਫੇਰ ਕੁਛ ਸਮਾਂ ਕਵਿਤਾ ਤੇ ਕਹਾਣੀ ਦੋਵੇਂ ਲਿਖੀਆਂ ਅਤੇ ਅੰਤ ਨੂੰ ਕਹਾਣੀ ਦੇ ਹੀ ਹੋ ਗਏ। ਅਜਿਹਾ ਕਿਉਂ ਹੋਇਆ?

ਭੁੱਲਰ: ਬਾਹੂ ਵਾਲੀ ਚੰਬੇ ਦੀ ਬੂਟੀ ਜਦੋਂ ਫੁੱਲਣ ਉੱਤੇ ਆਉਂਦੀ ਹੈ, ਮਨ ਦੇ ਅੰਦਰ ਮੁਸ਼ਕ ਤਾਂ ਮਚਾਉਂਦੀ ਹੀ ਹੈ! ਜਿਸ ਮਨ ਵਿਚ ਲੇਖਕ ਬਣਨ ਦੀ ਸਮਰੱਥਾ ਹੋਵੇ, ਇਹ ਮੁਸ਼ਕ ਪਹਿਲਾਂ-ਪਹਿਲ ਕਵਿਤਾ ਬਣ ਕੇ ਫੁਟਦਾ ਹੈ। ਉਮਰ ਦਾ ਇਹ ਸਭ ਤੋਂ ਜਜ਼ਬਾਤੀ ਦੌਰ ਹੁੰਦਾ ਹੈ ਤੇ ਕਵਿਤਾ ਸਾਰੇ ਸਾਹਿਤਕ ਰੂਪਾਂ ਵਿਚੋਂ ਵੱਧ ਜਜ਼ਬਿਆਂ-ਗੁੱਧਾ ਰੂਪ ਹੈ। ਇਸੇ ਕਰਕੇ ਬਹੁਤੇ ਲੇਖਕ ਆਰੰਭ ਕਵਿਤਾ ਨਾਲ ਕਰਦੇ ਹਨ। ਪਰ ਮੈਨੂੰ ਲੱਗਿਆ, ਕਵਿਤਾ ਨਾਲੋਂ ਮੈਂ ਕਹਾਣੀ ਨਾਲ ਪੈਰ ਮਿਲਾ ਕੇ ਵਧੇਰੇ ਸਹਿਜਤਾ ਨਾਲ ਤੁਰ ਸਕਦਾ ਹਾਂ। ਅਪਣੇ ਪ੍ਰਗਟਾਵੇ ਲਈ ਕਹਾਣੀ ਮੈਨੂੰ ਵਧੇਰੇ ਢੁੱਕਵਾਂ ਮਾਧਿਅਮ ਲੱਗੀ। ਇਸ ਗੱਲ ਦਾ ਕਵਿਤਾ ਜਾਂ ਕਹਾਣੀ ਦੀ ਸੀਮਾ ਤੇ ਸਮਰੱਥਾ ਨਾਲ Eਨਾਂ ਸੰਬੰਧ ਨਹੀਂ ਜਿੰਨਾ ਇਹ ਮੇਰੀ ਅਪਣੀ ਸੀਮਾ ਤੇ ਸਮਰੱਥਾ ਦਾ ਸਵਾਲ ਹੈ।

ਹੁਣ : ਤੁਸੀਂ ਅਪਣੇ ਬਚਪਨ ਦੇ ਅਲਬੇਲੇ ਦਿਨ ਕਿਵੇਂ ਗੁਜ਼ਾਰੇ?

ਭੁੱਲਰ: ਜਿਹੋ ਜਿਹਾ ਜੀਵਨ Eਦੋਂ ਸਾਡੇ ਪਿੰਡਾਂ ਵਿਚ ਇਕ ਆਮ ਮੁੰਡੇ ਦਾ ਹੁੰਦਾ ਸੀ, ਐਨ ਉਹੋ ਜੀਵਨ ਮੇਰਾ ਸੀ। ਨਿਰੋਲ ਪਿੰਡ ਤੱਕ ਸੀਮਤ। ਘਰ, ਖੇਤ, ਪ੍ਰਾਇਮਰੀ ਸਕੂਲ ਦੇ ਸਾਥੀਆਂ-ਮਿੱਤਰਾਂ ਤੋਂ ਇਲਾਵਾ ਗਲੀ-ਗੁਆਂਢ ਦੇ ਅਣਪੜ੍ਹ ਮੁੰਡਿਆਂ ਨਾਲ ਦੋਸਤੀਆਂ। ਉਸੇ ਮਾਹੌਲ ਵਾਲੀਆਂ ਖੇਡਾਂ ਤੇ ਉਹੋ ਮਨਪਰਚਾਵੇ। ਇਹ ਸਭ ਕੁਛ ਹੁਣ ਕਿਤੇ ਬਹੁਤ ਪਿੱਛੇ ਰਹਿ ਗਿਆ ਲਗਦਾ ਹੈ। ਸਗੋਂ ਮਗਰੋਂ ਮੰਡੀ ਫੂਲ ਦੇ ਸਰਕਾਰੀ ਹਾਈ ਸਕੂਲ ਦੇ ਛੇ ਸਾਲ ਵੀ ਇਸੇ ਮਾਹੌਲ ਵਿਚ ਹੀ ਬੀਤੇ। ਇਕ ਤਾਂ ਪਿੰਡਾਂ ਵਰਗੀ ਹੀ ਮੰਡੀ ਤੇ ਦੂਜੇ, ਤਿੰਨ ਕੋਹ ਪੈਦਲ ਜਾਣਾ, ਗਰਮੀ ਹੋਵੇ ਜਾਂ ਸਰਦੀ, ਛੁੱਟੀ ਹੁੰਦਿਆਂ ਹੀ ਘਰ ਪਰਤਣਾ। ਸ਼ਹਿਰ ਨਾਲ, ਸ਼ਹਿਰੀ ਜੀਵਨ ਤੇ ਮਨਪਰਚਾਵਿਆਂ ਨਾਲ ਕੋਈ ਵਾਹ-ਵਾਸਤਾ ਨਹੀਂ ਸੀ। ਤੁਸੀਂ ਹੈਰਾਨ ਹੋਵੋਗੇ ਕਿ ਪਹਿਲੀ ਫਿ਼ਲਮ ਮੈਂ ਕਾਲਜ ਵਿਚ ਜਾ ਕੇ ਮੋਗੇ ਦੇਖੀ। ‘ਢੋਲਕ’ ਨਾਂ ਸੀ ਉਹਦਾ। ਹੁਣ ਤਾਂ ਇਹ ਵੀ ਯਾਦ ਨਹੀਂ ਕਿ ਹੀਰੋ-ਹੀਰੋਇਨ ਕੌਣ ਸਨ ਤੇ ਕਹਾਣੀ ਕੀ ਸੀ। ਫੇਰ ਕਾਲਜ ਵਿਚ ਹੌਲੀ ਹੌਲੀ ਸਾਹਿਤ ਦੀ, ਸਭਿਆਚਾਰ ਦੀ, ਸਿਆਸਤ ਦੀ ਸਮਝ ਆਉਣ ਲੱਗੀ। ਸਾਹਿਤਕ ਭਾਸ਼ਨ ਹੁੰਦੇ, ਕਵੀ-ਦਰਬਾਰ ਹੁੰਦੇ। ਵਿਅੰਗ-ਲੇਖਕ ਕੇ. ਐਲ. ਕਪੂਰ ਅੰਗਰੇਜ਼ੀ ਦੇ ਪ੍ਰੋਫ਼ੈਸਰ ਸਨ। ਨਾਨਕ ਸਿੰਘ, ਮੋਹਨ ਸਿੰਘ ਦੀਵਾਨਾ, ਸੰਤ ਸਿੰਘ ਸੇਖੋਂ, ਜਸਵੰਤ ਸਿੰਘ ਕੰਵਲ ਤੇ ਹੋਰ ਕਿੰਨੇ ਹੀ ਲੇਖਕ ਮੈਂ ਪਹਿਲੀ ਵਾਰ ਦੇਖੇ-ਸੁਣੇ। ਸਾਹਿਤ ਦੀ ਸਮਝ ਆਉਣ ਲੱਗੀ। ਮੈਥੋਂ ਇਕ ਸਾਲ ਮਗਰੋਂ ਕਾਲਜ ਵਿਚ ਆਇਆ ਆਤਮ ਹਮਰਾਹੀ ਮੇਰਾ ਪਹਿਲਾ ਲੇਖਕ ਮਿੱਤਰ ਬਣਿਆ। ਮੈਂ ਅਜੇ ਲਿਖਣ ਵੀ ਨਹੀਂ ਸੀ ਲੱਗਿਆ ਤੇ ਉਹ ਮੈਥੋਂ ਉਮਰੋਂ ਛੋਟਾ ਹੋਣ ਦੇ ਬਾਵਜੂਦ ਵਧੀਆ ਕਵਿਤਾ ਲਿਖ ਲੈਂਦਾ ਸੀ। ਉਹ ਦਸਵੀਂ ਦਾ ਵਿਦਿਆਰਥੀ ਹੁੰਦਿਆਂ ਸਾਡੇ ਕਾਲਜ ਵਿਚ ਹੋਏ ਇਕ ਵਿਦਿਆਰਥੀ ਕਵੀ-ਦਰਬਾਰ ਵਿਚ ਸ਼ਾਮਲ ਹੋ ਕੇ ਖ਼ੂਬ ਵਾਹ-ਵਾਹ ਖੱਟ ਗਿਆ ਸੀ। ਸਬੱਬ ਨਾਲ ਅਗਲੇ ਸਾਲ ਉਹ ਮੇਰੇ ਕਾਲਜ ਵਿਚ ਹੀ ਆ ਗਿਆ। ਆਰੰਭਕ ਦੌਰ ਵਿਚ ਉਹ ਮੇਰਾ ਵੱਡਾ ਪ੍ਰੇਰਕ ਬਣਿਆ। ਉਪਰੋਕਤ ਕਵੀ-ਦਰਬਾਰ ਵਿਚ ਇਨਾਮ ਵਜੋਂ ਮਿਲਿਆ ਨਾਨਕ ਸਿੰਘ ਦਾ ਨਾਵਲ ‘ਮੰਝਧਾਰ’ ਵੀ ਉਹਨੇ ਮੈਨੂੰ ਭੇਟ ਕਰ ਦਿੱਤਾ। ਵਲ-ਛਲ ਤੋਂ ਮੁਕਤ ਸਾਫ਼-ਸਿੱਧਾ ਬੰਦਾ ਸੀ। ਉਹਦਾ ਜੀਵਨ ਬੜੇ ਉਤਾਰ-ਚੜ੍ਹਾਵਾਂ ਵਿਚੋਂ ਦੀ ਲੰਘਿਆ ਪਰ ਸਾਡੀ ਦੋਸਤੀ ਉਹਦੇ ਅੰਤ ਤੱਕ ਵਧੀਆ ਨਿਭੀ।

ਵਾਇਆ ਬਠਿੰਡਾ

ਹੁਣ : ਉਸ ਮਾਹੌਲ ਵਿਚ ਤੁਸੀਂ ਵਿਦਿਆ ਦੀਆਂ ਕਠਿਨ ਪੌੜੀਆਂ ਕਿਵੇਂ ਚੜ੍ਹੇ?

ਭੁੱਲਰ: ਸਾਡੀ ਉਹ ਪੇਂਡੂ ਪੀੜ੍ਹੀ ਸੀ ਜਿਸਨੂੰ ਰਾਹ ਦੱਸਣ ਵਾਲਾ ਉੱਕਾ ਹੀ ਕੋਈ ਨਹੀਂ ਸੀ। ਮਾਪੇ ਬੱਸ ਖਰਚ ਦੇ ਸਕਦੇ ਸਨ, ਪੜ੍ਹੋ ਜੋ ਪੜ੍ਹਨਾ ਹੈ। ਤੁਸੀਂ ਸਾਡਾ ਹਾਲ ਦੇਖੋ। ਸਾਡੇ ਸਕੂਲ ਦੇ ਜਿਸ ਮੁੰਡੇ ਨੇ ਮੋਗੇ ਪਹਿਲਾਂ ਦਾਖਲਾ ਜਾ ਲਿਆ, ਅਸੀਂ ਉਹਤੋਂ ਮਗਰੋਂ ਜਾਣ ਵਾਲੇ ਰੀਸੋ-ਰੀਸੀ ਉਹਦੇ ਵਾਂਗ ਨਾਨ-ਮੈਡੀਕਲ ਹੀ ਭਰਦੇ ਰਹੇ। ਉਸ ਸਮੇਂ ਹੁਸਿ਼ਆਰ ਵਿਦਿਆਰਥੀ ਡਾਕਟਰ ਜਾਂ ਇੰਜੀਨੀਅਰ ਬਣ ਜਾਂਦੇ ਸਨ, ਮਾੜੇ-ਧੀੜੇ ਅਧਿਆਪਕ ਜਾਂ ਪਟਵਾਰੀ। ਅੱਜ ਜਦੋਂ ਵਿਦਿਆਰਥੀਆਂ ਨੂੰ ਸੈਣਤਾਂ ਮਾਰਦੇ ਦਰਜਨਾਂ ਸੰਭਾਵਨਾ-ਭਰਪੂਰ ਕੋਰਸ ਦੇਖਦਾ ਹਾਂ ਅਤੇ ਉਹਨਾਂ ਦੀ ਅਪਣੀ ਰਾਹ ਚੁਨਣ ਦੀ ਸੂਝ-ਸਮਝ, ਜਾਣਕਾਰੀ ਤੇ ਤੇਹ ਦੇਖਦਾ ਹਾਂ, ਰਸ਼ਕ ਹੁੰਦਾ ਹੈ। ਝੋਰਾ ਕਰੀਂਦਾ ਹੈ ਕਿ ਅੱਧੀ ਸਦੀ ਅਗੇਤੇ ਕਿਉਂ ਜੰਮ ਪਏ! ਭਲੇ ਵੇਲੇ ਸਨ, ਦਾਖ਼ਲਾ ਨੰਬਰਾਂ ਨਾਲ ਮਿਲ ਜਾਂਦਾ ਸੀ। ਇੰਜੀਨੀਅਰੀ ਵਿਚ ਦਾਖ਼ਲੇ ਲਈ ਲੋੜੀਂਦੇ ਨੰਬਰਾਂ ਤੋਂ ਦੋ ਘੱਟ ਰਹਿ ਗਏ। ਪੜ੍ਹਾਈ ਛੱਡ ਕੇ ਮੈਂ ਅਧਿਆਪਕ ਲੱਗ ਗਿਆ। ਨੌਕਰੀ ਲਈ ਵੀ ਅਜੇ ਸਤਿਜੁਗ ਸੀ। ਸਰਟੀਫ਼ੀਕੇਟ ਚੁੱਕ ਕੇ ਮੈਂ ਪੈਪਸੂ ਦੇ ਡਾਇਰੈਕਟਰ ਵਿੱਦਿਆ ਦੇ ਦਫ਼ਤਰ ਗਿਆ ਤੇ ਨਿਯੁਕਤੀ-ਪੱਤਰ ਲੈ ਕੇ ਆਥਣ ਨੂੰ ਘਰ ਆ ਗਿਆ। ਮਗਰੋਂ ਦੂਹਰੀ ਐਮ.ਏ. ਤੱਕ ਪੜ੍ਹਾਈ ਮੈਂ ਵਾਇਆ ਬਠਿੰਡਾ, ਭਾਵ ਗਿਆਨੀ ਪਾਸ ਕਰ ਕੇ ਕੀਤੀ। ਤੁਹਾਡੇ ਸ਼ਬਦ ‘ਵਿੱਦਿਆ ਦੀਆਂ ਕਠਿਨ ਪੌੜੀਆਂ’ ਮੈਨੂੰ ਅਪਣੇ ਲਈ ਬਿਲਕੁਲ ਢੁੱਕਵੇਂ ਲਗਦੇ ਹਨ। ਜੇ ਦੋ ਨੰਬਰ ਹੋਰ ਆ ਜਾਂਦੇ, ਇੰਜੀਨੀਅਰੀ ਵਾਲੇ ਰਾਹ ਪੈ ਕੇ ਪਤਾ ਨਹੀਂ ਕੀ ਮੰਜਿ਼ਲ ਹੁੰਦੀ।

ਹੁਣ : ਇਹ ਵਾਇਆ ਬਠਿੰਡਾ ਨਾਂ ਕਿਵੇਂ ਟਿਕਿਆ? ਅਸਲ ਵਿਚ ਕੀ ਸੀ ਇਹ?

ਭੁੱਲਰ: ਮੈਂ ਤਾਂ ਐਫ਼.ਐਸ-ਸੀ. ਹੈ ਸੀ। ਜੇ ਕੋਈ ਮੈਟਰਿਕ ਵੀ ਹੁੰਦਾ, ਉਹ ਗਿਆਨੀ ਕਰ ਕੇ ਐਫ਼.ਏ. ਇਕੱਲੀ ਅੰਗਰੇਜ਼ੀ ਕਰਨ ਮਗਰੋਂ ਬੀ. ਏ. ਅੰਗਰੇਜ਼ੀ ਤੇ ਇਕ ਕੋਈ ਸਬਜੈਕਟ ਹੋਰ ਕਰ ਕੇ ਕਾਲਜ ਵਾਲਿਆਂ ਦੇ ਬਰਾਬਰ ਦੀ ਡਿਗਰੀ ਲੈ ਸਕਦਾ ਸੀ; ਤੀਜਾ ਸਬਜੈਕਟ ਗਿਆਨੀ ਗਿਣਿਆ ਜਾਂਦਾ ਸੀ। ਅੱਗੇ ਐਮ. ਏ. ਕਰੋ ਠਾਠ ਨਾਲ! ਇਹ ਨਾਂ ਇਸ ਕਰਕੇ ਪਿਆ ਕਿ ਬਠਿੰਡੇ ਤੋਂ ਸੱਤ ਪਾਸਿਆਂ ਨੂੰ ਰੇਲਾਂ ਜਾਂਦੀਆਂ ਹਨ। ਕਿਤੇ ਵੀ ਜਾਣਾ ਹੋਵੇ, ਬਠਿੰਡੇ ਪਹੁੰਚ ਜਾਉ, ਅੱਗੇ ਮੰਜਿ਼ਲ ਤੱਕ ਲਿਜਾਣ ਵਾਲੀ ਗੱਡੀ ਮਿਲ ਹੀ ਜਾਵੇਗੀ। ਗਿਆਨੀ ਕਰੋ, ਅੱਗੇ ਜਿਹੜੀ ਮਰਜ਼ੀ ਪੜ੍ਹਾਈ ਕਰੋ। ਇਹ ਸੀ ਵਾਇਆ ਬਠਿੰਡਾ! ਇਸ ਰਾਹੋਂ ਮੈਂ ਵੀ ਅਗਲੇ ਸਾਰੇ ਇਮਤਿਹਾਨ ਵਧੀਆ ਨੰਬਰ ਲੈ ਕੇ ਪਾਸ ਕਰਦਾ ਰਿਹਾ।

ਸਾਹਿਤਕ ਬੇਲੀ

ਹੁਣ : ਕੋਈ ਪ੍ਰੇਰਨਾਦਾਇਕ ਵਿਅਕਤੀ ਜੋ ਯਾਦ ਹੋਣ?

ਭੁੱਲਰ: ਜਿ਼ੰਦਗੀ ਵਿਚ ਬੜੇ ਲੋਕਾਂ ਨੇ ਹੌਸਲਾ ਦਿੱਤਾ, ਹਿੰਮਤ ਵਧਾਈ, ਸਾਥ ਨਿਭਾਇਆ। ਸਾਹਿਤ ਦੇ ਪੱਖੋਂ ਮੁੱਢਲੇ ਦੌਰ ਵਿਚ ਮੈਂ ਆਤਮ ਹਮਰਾਹੀ ਦਾ ਜਿ਼ਕਰ ਕਰ ਕੇ ਹਟਿਆ ਹਾਂ। ਜੈਤੋ ਕੋਲ ਬਿਸ਼ਨੰਦੀ ਦੇ ਸਕੂਲ ਵਿਚ ਮੇਰੇ ਨਾਲ ਇਕ ਅਨੁਭਵੀ ਅਧਿਆਪਕ ਹੁੰਦਾ ਸੀ, ਰੋਸ਼ਨ ਲਾਲ ਜੀਦਾ, ਭਲਾ ਆਦਮੀ। ਦਾਖ਼ਲਾ ਨਾ ਮਿਲਣ ਕਰਕੇ ਮੈਂ ਕੁਛ ਨਿਰਾਸ ਜਿਹਾ ਸੀ। ਵਾਇਆ ਬਠਿੰਡਾ ਮੈਨੂੰ ਉਹਨੇ ਹੀ ਤੋਰਿਆ। ਆਖਦਾ,“ਤੂੰ ਅੱਗੇ ਪੜ੍ਹ। ਮੇਰੇ ਵਾਂਗ ਸਾਰੀ ਉਮਰ ਪ੍ਰਾਇਮਰੀ ਟੀਚਰ ਬਣਿਆ ਰਹੇਂਗਾ? ਤੇਰੇ ਅੱਗੇ ਰਾਹ ਖੁੱਲ੍ਹਾ ਪਿਆ ਹੈ।” ਉਹ ਇਹ ਵੀ ਆਖਦਾ,“ਕੋਈ ਇਮਤਿਹਾਨ ਦੇ ਲੈ, ਕੋਈ ਕੰਮ ਸਿੱਖ ਲੈ, ਇਹ ਹੋ ਹੀ ਨਹੀਂ ਸਕਦਾ, ਜਿੰ਼ਦਗੀ ਵਿਚ ਕਦੇ ਉਹ ਤੇਰੇ ਕੰਮ ਨਾ ਆਵੇ!” ਉਹਦੀ ਇਸ ਸਿੱਖਿਆ ਦਾ ਸੱਚ ਜੀਵਨ ਵਿਚ ਵਾਰ ਵਾਰ ਸਾਹਮਣੇ ਆਇਆ। ਮੰਡੀ ਫੂਲ ਮਾਸਟਰ ਬਾਬੂ ਸਿੰਘ ਸਨ, ਸੱਚੇ-ਸੁੱਚੇ, ਸਨਿਮਰ, ਸਾਰੀ ਉਮਰ ਲੋਕਾਂ ਦੇ ਕਾਜ ਸੰਵਾਰਦੇ ਰਹੇ। ਕਈ ਵਾਰ ਕਮਿਊਨਿਸਟ ਵਿਧਾਇਕ ਵੀ ਬਣੇ। ਉਹ ਵੀ ਪੜ੍ਹਾਈ ਵਿਚ ਮੇਰੀ ਵੱਡੀ ਪ੍ਰੇਰਨਾ ਰਹੇ। ਉਹ ਅਕਸਰ ਆਖਦੇ,“ਤੂੰ ਹੁਸਿ਼ਆਰ ਹੈਂ, ਕੰਪੀਟੀਸ਼ਨ ਵਿਚ ਬੈਠ।” ਮੈਂ ਅਪਣੇ ਪੇਂਡੂ ਪਿਛੋਕੇ ਕਾਰਨ ਕੰਪੀਟੀਸ਼ਨ ਦੇ ਨਾਂ ਤੋਂ ਹੀ ਡਰ ਜਾਂਦਾ, ਕਿਥੇ ਮੈਂ ਤੇ ਕਿਥੇ ਕੰਪੀਟੀਸ਼ਨ! ਸਗੋਂ ਚੰਗਾ ਹੀ ਹੋਇਆ। ਅੰਤ ਨੂੰ ਕਿਸੇ ਟਕੇ ਦੇ ਮੰਤਰੀ ਦੇ ਵਿਭਾਗ ਦਾ ਸੈਕਰੈਟਰੀ ਲੱਗਿਆ ਹੁੰਦਾ ਤੇ ਉਹਦਾ ਹੁਕਮ ਤੇ ਰੁਅਬ ਸਹਿੰਦਾ! ਮਗਰੋਂ ਸਾਹਿਤ-ਮਾਰਗ ਦੇ ਪ੍ਰੇਰਕਾਂ ਦੀ ਤਾਂ ਗਿਣਤੀ ਹੀ ਕੋਈ ਨਹੀਂ। ਮੈਂ ਉਹਨਾਂ ਲੋਕਾਂ ਵਿਚੋਂ ਹਾਂ ਜੋ ਜਿ਼ੰਦਗੀ ਵੱਲੋਂ ਪੇਸ਼ ਕੀਤੀ ਗਈ ਭੀੜੀ ਜਿਹੀ ਪਗਡੰਡੀ ਉੱਤੇ ਤੁਰਦਿਆਂ ਹੌਲੀ ਹੌਲੀ ਉਸੇ ਨੂੰ ਖ਼ੂਬਸੂਰਤ ‘ਨਿੱਕੀ ਸਲੇਟੀ ਸੜਕ’ ਬਣਾ ਲੈਂਦੇ ਹਨ। ਮੈਨੂੰ ਅਪਣੀ ਜੀਵਨ-ਯਾਤਰਾ ਦਾ ਕੋਈ ਵੀ ਝੋਰਾ ਨਹੀਂ।

ਹੁਣ : ਲੇਖਕ ਵਜੋਂ ਨਾਂ ਲਿਆ ਜਾਣ ਲੱਗਣ ਤੋਂ ਪਹਿਲਾਂ ਦੇ ਦੌਰ ਦੇ ਸਾਹਿਤਕ ਸਾਥੀ ਕੌਣ ਸਨ ਤੇ ਉਸ ਸਮੇਂ ਤੁਹਾਡੀਆਂ ਸਾਹਿਤਕ ਸਰਗਰਮੀਆਂ ਕਿਹੋ ਜਿਹੀਆਂ ਸਨ?

ਭੁੱਲਰ: ਉਸ ਸਮੇਂ ਦੇ ਕਈ ਸਾਥੀ ਦੁਨੀਆ ਛੱਡ ਗਏ ਤੇ ਕਈ ਸਮੇਂ ਦੀ ਸੰਘਣੀ ਧੁੰਦ ਵਿਚ ਗੁਆਚ ਗਏ। ਲਗਭਗ ਮੇਰੇ ਨਾਲ ਹੀ ਮੇਰੇ ਪਿੰਡ ਦੇ ਮਿੱਤਰ ਗੁਰਦੇਵ ਸਿੰਘ ਸਾਜਨ ਨੇ ਲਿਖਣਾ ਸ਼ੁਰੂ ਕੀਤਾ ਸੀ। ਜਿਥੇ ਬਹੁਤੇ ਲੋਕ ਸਤਿਆਰਥੀ ਵਰਗਿਆਂ ਦੇ ਇਕੱਤਰ ਕੀਤੇ ਲੋਕਗੀਤਾਂ ਨੂੰ ਆਧਾਰ ਬਣਾ ਕੇ ਲੇਖ ਲਿਖਦੇ ਸਨ ਤੇ ਅੱਜ ਵੀ ਲਿਖਦੇ ਹਨ, ਉਹਨੇ ਅਣਡਿੱਠ ਰਹੇ ਲੋਕਗੀਤ ਲੱਭ ਲੱਭ ਕੇ ਲੇਖ ਛਪਵਾਏ ਜਿਨ੍ਹਾਂ ਦੀ ਬੜੀ ਚਰਚਾ ਤੇ ਪ੍ਰਸੰਸਾ ਹੋਈ। ਉਸ ਵਿਚ ਸਤਿਆਰਥੀ ਜੀ ਦਾ ਵਾਰਿਸ ਬਨਣ ਦੀ ਪੂਰੀ ਸੰਭਾਵਨਾ ਸੀ। ਕਿਸਮਤ ਨੇ ਅਜਿਹਾ ਕਹਿਰੀ ਵਾਰ ਕੀਤਾ ਕਿ ਚਾਲ਼ੀ ਸਾਲ ਦੀ ਉਮਰ ਵਿਚ ਉਹ ਇਕੱਲਾ ਰਹਿ ਗਿਆ ਤੇ ਨਿੱਕੇ ਨਿੱਕੇ ਧੀਆਂ-ਪੁੱਤਾਂ ਨੂੰ ਪਾਲਦਿਆਂ ਸਾਹਿਤ ਕਿਤੇ ਵਿਚੇ ਰੁਲ ਗਿਆ। ਹੁਣ ਉਹ ਬੱਸ ਵਧੀਆ ਪਾਠਕ ਹੈ। ਮੇਰੇ ਸੰਪਰਕ ਵਿਚ ਰਹਿੰਦਾ ਹੈ। ਅਸੀਂ ਕੁਛ ਮਿੱਤਰਾਂ ਨੇ ਸਾਹਿਤ ਸਭਾ ਰਾਮਪੁਰਾ ਫੂਲ ਬਣਾਈ। ਬਹੁਤੇ ਸਾਹਿਤਕ ਪੱਖੋਂ ਝੜ ਗਏ। ਨਸੀਬ ਚੰਦ ਨਸੀਬ ਅਜੇ ਲਿਖ ਰਿਹਾ ਹੈ। ਜਸਵੰਤ ਵਫ਼ਾ ਲਿਖਦਾ ਰਿਹਾ ਸੀ, ਉਹ ਚਾਰ-ਪੰਜ ਸਾਲ ਪਹਿਲਾਂ ਗੁਜ਼ਰ ਗਿਆ। ਬਰਨਾਲਾ ਸਭਾ ਵਿਚ ਲੇਖਕ ਵੀ ਚੰਗੇਰੇ ਸਨ ਤੇ ਉਹ ਸਰਗਰਮ ਵੀ ਵਧੇਰੇ ਸੀ। ਮੈਂ ਉਹਦਾ ਵੀ ਮੈਂਬਰ ਬਣ ਗਿਆ। ਇਉਂ ਅਣਖੀ ਮੇਰਾ ਦੋਸਤ ਬਣਿਆ। ਸਾਡੀ ਦੋਸਤੀ ਟਾਹਲੀ ਦੀ ਲਾੱਲੀ ਵਰਗੀ ਸੀ, ਪੱਕੀ! ਹਰ ਦੁਖ-ਸੁਖ ਸਾਂਝਾ, ਜ਼ਾਹਿਰੀ ਗੱਲਾਂ ਵੀ ਸਾਂਝੀਆਂ ਤੇ ਬਾਤਨੀ ਵੀ ਸਾਂਝੀਆਂ। ਕਈ ਵਾਰ ਉਹ ਆਖਦਾ, ਸਮੇਂ ਸਮੇਂ ਦੋਸਤਾਂ ਨੂੰ ਝਾਰਨਾ ਲਾਉਂਦੇ ਰਹਿਣਾ ਚਾਹੀਦਾ ਹੈ। ਇਹ ਮੈਂ ਕਦੀ ਸੋਚਿਆ ਹੀ ਨਹੀਂ ਸੀ ਕਿ ਉਹਦੇ ਕਿਸੇ ਅਜਿਹੇ ਪਰਾਗੇ ਵਿਚ ਮੈਂ ਵੀ ਕਦੀ ਆ ਜਾਵਾਂਗਾ। ਪਰ ਉਹਨੇ ਚਾਲੀ ਸਾਲ ਤੋਂ ਵੱਧ ਪੁਰਾਣੇ ਮਿੱਤਰਾਂ ਤੋਂ ਮੁਕਤ ਹੋਣ ਦਾ ਐਲਾਨ ਕਰ ਦਿੱਤਾ। ਵਿਚੇ ਮੈਂ ਆ ਗਿਆ। ਵਕੀਲ, ਅਪੀਲ, ਦਲੀਲ ਦੀ ਕੋਈ ਗੁੰਜਾਇਸ਼ ਹੀ ਨਹੀਂ ਸੀ! ਉਹਦੇ ਇਕ ਬਹੁਤ ਹੀ ਨਜ਼ਦੀਕੀ ਦਾ ਕਹਿਣਾ ਹੈ ਕਿ ਉਹਨੂੰ ਕਿਸੇ ਨੇ ਇਹ ਮੰਤਰ ਵੀ ਪੜ੍ਹਾਇਆ ਸੀ ਕਿ ਗਲਪਕਾਰ ਨੂੰ ਗਲਪਕਾਰ ਦੋਸਤ ਨਹੀਂ ਰੱਖਣੇ ਚਾਹੀਦੇ। ਖ਼ੈਰ, ਮੈਨੂੰ ਉਸ ਨਾਲ ਕੋਈ ਗਿਲਾ ਨਾ ਸੀ ਤੇ ਨਾ ਹੈ, ਦਹਾਕਿਆਂ ਤੱਕ ਨਿਭੀ ਤੇ ਖ਼ੂਬ ਨਿਭੀ!

ਅੱਧੀ ਸਦੀ ਦੀ ਦੋਸਤੀ

ਹੁਣ : ਤੇ ਅੱਧੀ ਸਦੀ ਦੀ ਦੋਸਤੀ ਵਾਲਾ ਗੁਰਦਿਆਲ ਸਿੰਘ ਕਦੋਂ ਸੰਪਰਕ ਵਿਚ ਆਇਆ?

ਭੁੱਲਰ : ਉਹਦੇ ਨਾਲ ਦੋਸਤੀ ਤਾਂ ਉਪਰੋਕਤ ਦੋਵਾਂ ਸਾਹਿਤ ਸਭਾਵਾਂ ਤੋਂ ਪਹਿਲਾਂ ਹੋਈ ਜਦੋਂ ਉਹ ਅਜੇ ਲੇਖਕ ਵਜੋਂ ਸਾਹਮਣੇ ਹੀ ਨਹੀਂ ਸੀ ਆਇਆ। ਮੈਂ ਜੈਤੋ ਕੋਲ ਸੇਵੇਵਾਲੇ ਅਧਿਆਪਕ ਸੀ। ਅਕਸਰ ਹੀ ਮੈਂ ਸਾਧੂ ਸਿੰਘ ਪੱਤਰਕਾਰ ਤੋਂ ਅਖ਼ਬਾਰ-ਰਸਾਲੇ ਲੈਣ ਜਾਂਦਾ। ਉਹ ਸਵੇਰੇ ਅਖ਼ਬਾਰ ਵੰਡਦਾ, ਅਖ਼ਬਾਰਾਂ ਨੂੰ ਖ਼ਬਰਾਂ ਵੀ ਭੇਜਦਾ ਤੇ ਇਕ ਬਜਾਜ ਦੇ ਬਰਾਂਡੇ ਵਿਚ ਕੱਪੜੇ ਸਿਉਣ ਵਾਲੇ ਅਪਣੇ ਅੱਡੇ ਦੇ ਪਿੱਛੇ ਕੰਧ ਉੱਤੇ ਵੇਚਣ ਲਈ ਰਸਾਲੇ ਵੀ ਟੰਗ ਰਖਦਾ। ਗੁਰਦਿਆਲ ਸਿੰਘ ਮੈਨੂੰ ਉਥੇ ਬੈਠਾ ਰਸਾਲੇ ਫਰੋਲ ਰਿਹਾ ਮਿਲਦਾ। ਜਦੋਂ ‘ਪ੍ਰੀਤਲੜੀ’ ਵਿਚ ਮੇਰੀ ਕਵਿਤਾ ਛਪਣ ਨਾਲ ਮੈਂ ‘ਸਰਟੀਫ਼ਾਈਡ’ ਲੇਖਕ ਬਣ ਗਿਆ, ਮੈਂ ਉਹਨੂੰ ਆਖਦਾ, ਯਾਰ, ਤੂੰ ਵੀ ਕੁਛ ਲਿਖਿਆ ਕਰ। ਇਸੇ ਕਰਕੇ ਮੇਰੇ ਸੇਵੇਵਾਲਿਉਂ ਆ ਜਾਣ ਪਿੱਛੋਂ ਜਦੋਂ ‘ਪ੍ਰੀਤਲੜੀ’ ਵਿਚ ਹੀ ਉਹਦੀ ਕਹਾਣੀ, ਸ਼ਾਇਦ, ‘ਚਿਤਰਸ਼ਾਲਾ ਦੀ ਸੁਆਹ’ ਛਪੀ, ਮੈਂ ਉਹਨੂੰ ਵਧਾਈ ਦੀ ਚਿੱਠੀ ਲਿਖ ਕੇ ਅਪਣੇ ਆਪ ਨੂੰ ਉਹਦਾ ਗੁਰੂ ਐਲਾਨ ਦਿੱਤਾ ਜੋ ਉਹਨੇ ਉਸੇ ਵਿਨੋਦੀ ਰਉਂ ਵਿਚ ਹੱਸ ਕੇ ਸਵੀਕਾਰ ਕਰ ਲਿਆ।

ਹੁਣ : ਕਈ ਲੋਕ ਆਖਦੇ ਹਨ ਕਿ ਭਾਸ਼ਾ ਸੰਬੰਧੀ ਬਹਿਸ ਨੇ ਤੁਹਾਡੀ ਇਹ ਦੋਸਤੀ ਹੁਣ ਖ਼ਤਮ ਕਰ ਦਿੱਤੀ।

ਭੁੱਲਰ : ਇਹ ਉਹ ਲੋਕ ਹਨ ਜੋ ਇਹ ਨਹੀਂ ਜਾਣਦੇ ਕਿ ਸਾਡੀ ਦੋਸਤੀ ਇਉਂ ਟੁੱਟਣ ਵਾਲੀ ਨਹੀਂ। ਗੁਰਦਿਆਲ ਸਿੰਘ ਸਾਡੀ ਪੰਜਾਹ-ਸਾੱਲਾ ਪਰਿਵਾਰਕ ਦੋਸਤੀ ਦੀ ਛਤਰੀ ਦਾ ਕਬੂਤਰ ਹੈ, ਉੱਡ ਕੇ ਜਾਵੇਗਾ ਕਿੱਥੇ! ਜੇ ਕਦੀ ਉਹ ਦਿੱਲੀ ਆਵੇਗਾ, ਤੁਹਾਡਾ ਕੀ ਖਿ਼ਆਲ ਹੈ ਕਿ ਉਹ ਮੇਜ਼ਬਾਨ ਸੰਸਥਾ ਵੱਲੋਂ ਰਾਖਵੇਂ ਕੀਤੇ ਗਏ ਹੋਟਲ ਦੇ ਕਮਰੇ ਜਾਂ ਮਹਿਮਾਨਘਰ ਵਿਚ ਠਹਿਰੇਗਾ? ਉਹ ਸਿੱਧਾ ਮੇਰੇ ਘਰ ਹੀ ਆਵੇਗਾ। ਮੇਰੇ ਉੱਤਰ ਬਾਰੇ ਗੁੱਸੇ ਹੋਣ ਦੀ ਥਾਂ ਉਹ ਠਹਾਕਾ ਮਾਰ ਕੇ ਹੱਸੇਗਾ,“ਆਖ਼ਰ ਤੂੰ ਗੁਰੂ ਹੀ ਨਿਕਲਿਆ!” ਇਹ ਸਾਡੀ ਨੇੜਤਾ ਦਾ ਪ੍ਰਮਾਣ ਹੀ ਹੈ ਕਿ ਪੰਜਾਬੀ ਲੇਖਕਾਂ ਵਿਚੋਂ ਉਹਨੂੰ ਕੇਵਲ ‘ਗੁਰਦਿਆਲ’ ਕਹਿਣ ਦਾ ਕਾਨੂੰਨੀ ਅਧਿਕਾਰ ਸਿਰਫ਼ ਮੇਰੇ ਕੋਲ ਸੁਰੱਖਿਅਤ ਹੈ। ਮੰਨ ਲਵੋ, ਉਹ ਦਿੱਲੀ ਆ ਕੇ ਮੇਰੇ ਘਰ ਰਹੇ ਬਿਨਾਂ ਮੁੜ ਜਾਵੇ, ਫੇਰ ਅਗਲੀ ਵਾਰ ਤਾਂ ਬਹਾਦਰਗੜ੍ਹ ਲੰਘਣੋਂ ਰਿਹਾ!

ਹੁਣ : ਪਹਿਲੀਆਂ ਵਿਚ ਤੁਹਾਡੇ ਆਦਰਸ਼ ਦੇਸੀ-ਬਦੇਸੀ ਲੇਖਕ ਕਿਹੜੇ ਸਨ ਤੇ ਕਿਉਂ?

ਭੁੱਲਰ : ਅਪਣੇ ਜਿਸ ਪੇਂਡੂ ਮਾਹੌਲ ਦਾ ਮੈਂ ਜਿ਼ਕਰ ਕੀਤਾ ਹੈ, ਉਸਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਆਰੰਭਕ ਦੌਰ ਵਿਚ ਮੇਰੀ ਕਿੰਨੇ ਕੁ ਦੇਸੀ-ਬਦੇਸੀ ਲੇਖਕਾਂ ਦੀਆਂ ਪੁਸਤਕਾਂ ਤੱਕ ਪਹੁੰਚ ਹੋ ਸਕਦੀ ਸੀ। ਆਦਰਸ਼-ਬੇਆਦਰਸ਼ ਦਾ ਮਸਲਾ ਹੀ ਨਹੀਂ ਸੀ। ਏਨੀਂ ਖ਼ੁਸ਼ਕਿਸਮਤੀ ਮੇਰੀ ਜ਼ਰੂਰ ਰਹੀ ਕਿ ਸਾਡੇ ਘਰ ਜਿੰਨਾ ਵੀ ਸਾਹਿਤ ਬਜ਼ੁਰਗਾਂ ਨੇ ਇਕੱਤਰ ਕੀਤਾ ਹੋਇਆ ਸੀ, ਧਾਰਮਿਕ ਤੇ ਸੁਧਾਰਕ ਤੋਂ ਇਲਾਵਾ ਉਸ ਵਿਚ, ਜਿਵੇਂ ਮੈਂ ਪਹਿਲਾਂ ਦੱਸਿਆ ਹੈ, ਆਧੁਨਿਕ ਪੰਜਾਬੀ ਸਾਹਿਤ ਦੇ ਕਈ ਪ੍ਰਮੁੱਖ ਉਸਰਈਏ ਵੀ ਸ਼ਾਮਲ ਸਨ। ਸਾਡੇ ਹਾਈ ਸਕੂਲ ਦੀ ਲਾਇਬਰੇਰੀ ਤਾਂ ਐਸੀ-ਵੈਸੀ ਹੀ ਸੀ। ਦੇਸੀ-ਬਦੇਸੀ ਸਾਹਿਤ ਵੱਲ ਖਿੜਕੀ ਤਾਂ ਕਾਲਜ ਵਿਚ ਜਾ ਕੇ ਹੀ ਖੁੱਲ੍ਹੀ। ਵਿਦਿਆਰਥੀ ਲਹਿਰ Eਦੋਂ ਸੀ ਹੀ ਖੱਬੇ ਪ੍ਰਭਾਵ ਵਾਲੀ ਜਿਸਦਾ ਇਕ ਚੰਗਾ ਪੱਖ ਵਧੀਆ ਅੱਗੇਵਧੂ ਸਾਹਿਤ ਪੜ੍ਹਨ ਲਈ ਪ੍ਰੇਰਨਾ ਸੀ। ਇਕ ਦੂਜੇ ਨੂੰ ਚੰਗੀਆਂ ਪੁਸਤਕਾਂ ਦੀ ਦੱਸ ਪਾਈ ਜਾਂਦੀ ਸੀ ਤੇ ਫੇਰ ਉਹਨਾਂ ਬਾਰੇ ਵਿਚਾਰ-ਵਟਾਂਦਰਾ ਵੀ ਹੁੰਦਾ ਸੀ। ਜੁਗਿੰਦਰ ਢਿੱਲੋਂ, ਜੋ ਮਗਰੋਂ ਅਧਿਆਪਕ ਹਲਕੇ ਤੋਂ ਐਮ. ਐਲ. ਸੀ. ਵੀ ਚੁਣਿਆ ਗਿਆ ਸੀ, ਤੇ ਸਹਿਦੇਵ ਕਾਲਜ ਵਿਚ ਸਾਡੇ ਆਗੂ ਸਨ। ਪੜ੍ਹਾਕੂ, ਸੁਹਿਰਦ ਤੇ ਦੂਜਿਆਂ ਦੇ ਕੰਮ ਆਉਣ ਲਈ ਸਦਾ ਤਤਪਰ। ਖਾਸ ਕਰਕੇ ਸੰਸਾਰ ਨਾਵਲ ਵਿਚ ਗੁਰੂ ਮੰਨੇ ਜਾਂਦੇ ਰੂਸੀ ਨਾਵਲਕਾਰਾਂ ਨਾਲ ਗੂੜ੍ਹੀ ਸਾਂਝ ਬਣੀ ਜੋ ਮਗਰੋਂ ਵੀ ਬਣੀ ਰਹੀ।

ਪਿੰਡ ਤੋਂ ਮਹਾਂਨਗਰ

ਹੁਣ : ਸ਼ੁੱਧ ਪੇਂਡੂ ਵਾਤਾਵਰਣ ਤੋਂ ਤੁਸੀਂ ਸਿੱਧੇ ਮਹਾਂਨਗਰ ਦਿੱਲੀ ਜਾ ਪਹੁੰਚੇ। ਇਸ ਵੱਡੀ ਤਬਦੀਲੀ ਨੂੰ ਤੁਸੀਂ ਸਾਹਿਤਕ ਪੱਖੋਂ ਕਿਵੇਂ ਲੈਂਦੇ ਹੋ?

ਭੁੱਲਰ : ਦਿੱਲੀ ਮੇਰੇ ਲਈ ਵਰ ਸਿੱਧ ਹੋਈ। ਮੈਨੂੰ ਇਹ ਮੰਨਣ ਵਿਚ ਕੋਈ ਸੰਕੋਚ ਨਹੀਂ ਕਿ ਜੇ ਮੈਂ ਦਿੱਲੀ ਨਾ ਪੁੱਜਿਆ ਹੁੰਦਾ, ਮੈਂ ਅੱਜ ਵਾਲਾ ਭੁੱਲਰ ਨਹੀਂ ਸੀ ਹੋਣਾ। ਉਸ ਸਮੇਂ ਦਿੱਲੀ ਵਿਚ ਅਨੇਕ ਵੱਡੇ ਪੰਜਾਬੀ ਲੇਖਕ ਵਸਦੇ ਸਨ ਤੇ ਸਹਿਜੇ ਸਹਿਜੇ ਉਹਨਾਂ ਨਾਲ ਮੇਰੀ ਨੇੜਤਾ ਵਧਦੀ ਹੀ ਗਈ। ਪਹਿਲਾ ਵਾਹ ਮੇਰਾ ਭਾਪਾ ਜੀ ਨਾਲ ਪਿਆ। ਮੈਨੂੰ ਪ੍ਰਕਾਸਿ਼ਤ ਕਰਨ ਤੇ ਉਭਾਰਨ ਵਿਚ ‘ਆਰਸੀ’ ਤੇ ਨਵਯੁੱਗ ਦਾ ਵੱਡਾ ਹੱਥ ਰਿਹਾ। ਭਾਪਾ ਜੀ ਤਾਂ ਕਹਾਣੀ ਲਿਖਣ ਲਈ ਮਜਬੂਰ ਕਰ ਦਿੰਦੇ ਸਨ। ਗੁਰਦੇਵ ਨਾਲ ਦੋਸਤੀ ਸਾਹਿਤਕ ਪੱਖੋਂ ਬੜੀ ਲਾਹੇਵੰਦੀ ਰਹੀ। ਇਸ ਦੋਸਤੀ ਦੀਆਂ ਤਾਰਾਂ ਪਿੰਡ ਰੁਪਾਣੇ ਚਲੇ ਜਾਣ ਤੋਂ ਬਾਅਦ ਵੀ Eਵੇਂ ਜੁੜੀਆਂ ਹੋਈਆਂ ਹਨ। ਉਹੋ ਪਹਿਲੀ ਵਾਰ ਅੰਮ੍ਰਿਤਾ ਪ੍ਰੀਤਮ ਦੀ ‘ਨਾਗਮਣੀ ਸ਼ਾਮ’ ਵਿਚ ਲੈ ਕੇ ਗਿਆ। ਸਾਹਿਤਕ ਉਤਸਾਹ ਲੋੜਦੇ ਉਸ ਪੜਾਅ ਸਮੇਂ ਅੰਮ੍ਰਿਤਾ ਬੜੀ ਸਹਾਈ ਰਹੀ। ਸਾਕਾਰ ਸ਼ਬਦ ਦੇਵਿੰਦਰ ਸਤਿਆਰਥੀ, ਕਹਾਣੀ ਦਾ ਮਹਾਂਰਥੀ ਕੁਲਵੰਤ ਸਿੰਘ ਵਿਰਕ, ਕੋਮਲ-ਚਿੱਤ ਕਥਾਕਾਰ ਮਹਿੰਦਰ ਸਿੰਘ ਸਰਨਾ, ਫ਼ਕੀਰ ਬਾਦਸ਼ਾਹ ਬਾਵਾ ਬਲਵੰਤ, ਗਿਆਨ-ਸਾਗਰ ਡਾ. ਹਰਿਭਜਨ ਸਿੰਘ, ਮਹਾਂਕੋਸ਼ੀ ਵਿਦਵਤਾ ਡਾ. ਵਣਜਾਰਾ ਬੇਦੀ, ਫ਼ੱਕਰ ਨਾਟਕਕਾਰ ਸੀ. ਡੀ. ਸਿੱਧੂ, ਬੇਮਿਸਾਲ ਸਾਹਿਤ-ਪਾਰਖੀ ਪ੍ਰੋ. ਕਿਸ਼ਨ ਸਿੰਘ, ਭਾਸ਼ਾ ਤੇ ਸਾਹਿਤ ਦੇ ਗੰਭੀਰ ਗਿਆਤਾ ਸੋਹਨ ਸਿੰਘ ਜੋਸ਼, ਸਾਹਿਤ ਸਭੀਏ ਗਿਆਨੀ ਹਰੀ ਸਿੰਘ ਜਿਹੀਆਂ ਹਸਤੀਆਂ ਦੀ ਨੇੜਤਾ ਨਾਲ ਮੈਂ ਧੰਨ ਹੋਇਆ। ਬੜਾ ਦਿਲੀ ਮੋਹ ਕੀਤਾ ਇਹਨਾਂ ਵਡੇਰਿਆਂ ਨੇ! ਕਥਾ ਦੇ ਬੋਹੜ-ਬਿਰਛ ਕਰਤਾਰ ਸਿੰਘ ਦੁੱਗਲ ਦਾ ਸਨੇਹ, ਦਰਵੇਸ਼ ਦਿਲ ਗਿਆਨੀ ਜਸਵੰਤ ਸਿੰਘ ਦੀ ਹਲਾਸ਼ੇਰੀ। ਸਹਿਰਾਈ ਜੀ, ਤੇਰਾ ਸਿੰਘ ਚੰਨ, ਗੁਰਵੇਲ ਪੰਨੂ ਤਾਂ ਮੇਰੇ ਸਹਿਕਰਮੀ ਰਹੇ। ਯਾਰੋ, ਇਹਨਾਂ ਸਭਨਾਂ ਦੇ ਤਾਂ ਬੰਦਾ ਇਕ ਵਾਰ ਕੋਲੋਂ ਦੀ ਹੀ ਲੰਘ ਜਾਵੇ, ਵਧੀਆ ਲੇਖਕ ਬਣ ਜਾਵੇ, ਮੈਨੂੰ ਤਾਂ ਇਹਨਾਂ ਸਭ ਦੀ ਵਿਰਲ-ਰਹਿਤ ਨੇੜਤਾ ਪ੍ਰਾਪਤ ਰਹੀ! ਦਿੱਲੀ ਪੁੱਜੇ ਬਿਨਾਂ ਇਹ ਸਭ ਕਿੱਥੋਂ ਸੰਭਵ ਹੋਣਾ ਸੀ? ਸਗੋਂ ਪੰਜਾਬ ਵਸਦੇ ਅਣਗਿਣਤ ਲੇਖਕਾਂ ਨਾਲ ਨੇੜਤਾ ਵੀ ਉਹਨਾਂ ਦੀਆਂ ਦਿੱਲੀ ਦੀਆਂ ਫੇਰੀਆਂ ਸਦਕਾ ਹੀ ਬਣ ਸਕੀ। ਜੇ ਉਹਨਾਂ ਦੇ ਨਾਂ ਗਿਣਨ ਲੱਗਿਆ, ਸੂਚੀ ਬਹੁਤ ਲੰਮੀ ਹੋ ਜਾਵੇਗੀ।

ਹੁਣ : ਦਿੱਲੀ ਵਿਚ ਸਾਹਿਤਕ ਸੰਸਥਾਵਾਂ ਵੀ ਤਾਂ ਹਨ, ਭਾਰਤੀ ਸਾਹਿਤ ਅਕਾਦਮੀ, ਨੈਸ਼ਨਲ ਬੁੱਕ ਟਰੱਸਟ, ਪੰਜਾਬੀ ਅਕਾਦਮੀ!

ਭੁੱਲਰ: ਮੈਂ ਸੁਭਾਅ ਵਜੋਂ ਹੀ ਸੰਸਥਾਵਾਂ ਵਿਚ ਨਹੀਂ ਜਾਂਦਾ। ਸੰਸਥਾਵਾਂ ਵਾਲਿਆਂ ਨੂੰ ਇਹ ਵਹਿਮ ਹੋ ਜਾਣ ਦਾ ਡਰ ਰਹਿੰਦਾ ਹੈ ਕਿ ਆਇਆ ਹੈ ਤਾਂ ਕੋਈ ਆਸ ਰੱਖ ਕੇ ਹੀ ਆਇਆ ਹੋਵੇਗਾ। ਮੈਂ ਅਪਣੇ ਬਾਰੇ ਇਹ ਪ੍ਰਭਾਵ ਦੇਣ ਤੋਂ ਬਹੁਤ ਤ੍ਰਹਿੰਦਾ ਹਾਂ। ਸਾਹਿਤ ਅਕਾਦਮੀ ਮੈਂ ਆਮ ਕਰਕੇ ਕਿਸੇ ਪੰਜਾਬੀ ਲੇਖਕ ਨੂੰ ਹੱਕੀ ਇਨਾਮ ਮਿਲੇ ਤੋਂ ਉਹਦੇ ਸਮਾਰੋਹ ਵਿਚ ਹੀ ਜਾਂਦਾ ਹਾਂ। ਬੁੱਕ ਟਰੱਸਟ ਵਾਲੇ ਬੱਦਣ ਜੀ ਮੈਨੂੰ, ਇਕ-ਦੋ ਅਨੁਵਾਦ ਕਰਵਾਏ ਹੋਣ ਕਰਕੇ, ਅਨੁਵਾਦਕ ਵਜੋਂ ਤਾਂ ਜਾਣਦੇ ਹਨ, ਮੇਰੇ ਲੇਖਕ ਹੋਣ ਦਾ ਉਹਨਾਂ ਨੂੰ ਉੱਕਾ ਹੀ ਕੋਈ ਇਲਮ ਨਹੀਂ। ਪੰਜਾਬੀ ਅਕਾਦਮੀ ਵਾਲੇ ਰਵੇਲ ਸਿੰਘ ਹਸਮੁੱਖ ਮਿੱਤਰ ਹਨ। ਜਦੋਂ ਕਿਤੇ ਮਿਲਦੇ ਹਨ, ਉੱਡ ਕੇ ਮਿਲਦੇ ਹਨ। ਪਰ ਮੈਂ ਪੰਜਾਬੀ ਅਕਾਦਮੀ ਕਦੋਂ ਗਿਆ ਸੀ, ਯਾਦ ਨਹੀਂ।

ਦਿੱਲੀ ਦੀ ਸਿਆਸਤ

ਹੁਣ : ਆਮ ਵਿਚਾਰ ਹੈ ਕਿ ਸਿਆਸਤ ਦੀ ਹੀ ਨਹੀਂ, ਸਾਹਿਤ ਦੀ ਹਰ ਉਥਲ-ਪੁਥਲ ਵੀ ਦਿੱਲੀ ਤੋਂ ਹੀ ਤੁਰਦੀ ਹੈ। ਹੁਣ ਸਥਿਤੀ ਬਦਲਣ ਦੇ ਆਸਾਰ ਹਨ। ਤੁਹਾਡਾ ਕੀ ਕਹਿਣਾ ਹੈ?

ਭੁੱਲਰ: ਮਨੁੱਖ ਦੇ ਇਤਿਹਾਸ ਵਿਚ ਅਨੇਕ ਦੌਰ ਆਏ ਹਨ। ਕਦੀ ਅਧਿਆਤਮ ਦਾ ਦਬਦਬਾ, ਕਦੀ ਵਿਦਵਤਾ ਦਾ ਬੋਲਬਾਲਾ, ਕਦੀ ਬਾਹੂਬਲ ਦੀ ਸਰਦਾਰੀ, ਹੁਣ ਸਿਆਸਤ ਦੀ ਚੌਧਰ ਦਾ ਦੌਰ ਹੈ। ਭਾਸ਼ਾ, ਸਭਿਆਚਾਰ ਤੇ ਸਾਹਿਤ ਸਮੇਤ ਹਰ ਖੇਤਰ ਬਾਰੇ ਨੀਤੀ ਘੜ ਕੇ ਉਹਦੇ ਭਵਿੱਖੀ ਰਾਹ ਨੂੰ ਸਵਾਹਰਾ ਜਾਂ ਬਿਖੜਾ ਬਣਾਉਣ ਦੀ ਸ਼ਕਤੀ ਹੁਣ ਸਿਆਸਤਦਾਨਾਂ ਦੇ ਹੱਥ ਹੈ। ਉਹਨਾਂ ਵਿਚੋਂ ਬਹੁਤੇ ਤੁੱਛ ਬੁੱਧੀ ਵਾਲੇ ਅਣਪੜ੍ਹ ਜਾਂ ਡਿਗਰੀਆਂ ਖੂਹ-ਖਾਤੇ ਸੁੱਟ ਕੇ ਭਾਸ਼ਾ, ਸਭਿਆਚਾਰ ਤੇ ਸਾਹਿਤ ਦੇ ਪੱਖੋਂ ਕੋਰੇ ਹੁੰਦੇ ਹਨ। ਜਦੋਂ ਇਹਨਾਂ ਖੇਤਰਾਂ ਦੀਆਂ ਮੰਗਾਂ ਅਜਿਹੇ ਸਿਆਸਤਦਾਨਾਂ ਤੋਂ ਮੰਨਵਾਉਣ ਲਈ ਸਾਡੇ ਵੱਡੇ ਵੱਡੇ ਲੇਖਕ ਤੇ ਸਭਿਆਚਾਰਕ ਕਾਮੇ, ਜਿਨ੍ਹਾਂ ਦਾ ਸਮਾਜ ਨੂੰ ਆਦਰ ਕਰਨਾ ਚਾਹੀਦਾ ਹੈ ਤੇ ਸਿਆਸਤਦਾਨਾਂ ਨੂੰ ਜਿਨ੍ਹਾਂ ਦੇ ਚਰਨੀਂ ਬੈਠਣਾ ਚਾਹੀਦਾ ਹੈ, ਮਟਕਾ ਚੌਕ ਵਿਚ ਧਰਨੇ ਮਾਰਦੇ ਹਨ ਤੇ ਕਈ ਵਾਰ ਪੁਲਿਸ ਦੀ ਖਿੱਚ-ਧੂਹ ਦਾ ਸਿ਼ਕਾਰ ਬਣਦੇ ਹਨ, ਸਾਡੇ ਲਈ ਸੋਚਣ ਦਾ ਤੇ ਸਮਾਜ ਲਈ ਚੱਪਣੀ ਵਿਚ ਨੱਕ ਡੋਬਣ ਦਾ ਮੁਕਾਮ ਤਾਂ ਹੈ ਹੀ! ਜਿਥੋਂ ਤੱਕ ਸਾਹਿਤ ਦੀ ਹਰ ਉਥਲ-ਪੁਥਲ ਦੇ ਦਿੱਲੀ ਤੋਂ ਚੱਲਣ ਦੀ ਗੱਲ ਹੈ ਜੋ ਸਥਿਤੀ ਤੁਸੀਂ ਹੁਣ ਬਦਲ ਰਹੀ ਕਹੀ ਹੈ, ਮੇਰਾ ਲੱਖਣ ਹੈ, ਤੁਹਾਡਾ ਇਸ਼ਾਰਾ ਨੂਰ ਵਾਲੇ ਵਰਤਾਰੇ ਵੱਲ ਹੈ! ਜੇ ਮੇਰਾ ਅੰਦਾਜ਼ਾ ਠੀਕ ਹੈ, ਮੈਂ ਕਹਿਣਾ ਚਾਹਾਂਗਾ ਕਿ ਇਸ ਵਰਤਾਰੇ ਬਾਰੇ ਮੇਰੇ ਵਿਚਾਰ ਬਹੁਤੇ ਲੋਕਾਂ ਨਾਲੋਂ ਹਟਵੇਂ ਹਨ।

ਹੁਣ : ਚਲੋ, ਨੂਰ ਵਾਲਾ ਵਰਤਾਰਾ ਹੀ ਸਮਝ ਲਵੋ! ਤੁਹਾਡੇ ਵਿਚਾਰ ਕੀ ਹਨ?

ਭੁੱਲਰ: ਬਹੁਤ ਸਾਰੇ ਲੇਖਕ ਨੂਰ ਦੇ ਵਡੱਪਣ ਦਾ ਗੁਣਗਾਨ ਕਰਦੇ ਨਹੀਂ ਥਕਦੇ। ਜਾਣ ਵਾਲੇ ਨੂੰ, ਉਹਦੀ ਕਰਨੀ-ਕਥਨੀ ਦਾ ਖਿ਼ਆਲ ਕੀਤੇ ਬਿਨਾਂ, ਸੱਥਰ ਉੱਤੇ ਬੈਠ ਕੇ ਸਲਾਹੁਣ ਦੀ ਪ੍ਰੰਪਰਾ ਨਿਭਾਉਣ ਦੇ ਦਿਨ ਤਾਂ ਨੂਰ ਸਾਹਿਬ ਦੇ ਸੰਬੰਧ ਵਿਚ ਚਿਰੋਕਣੇ ਮੁੱਕ ਗਏ। ਹੁਣ ਗੱਲ ਸੱਚ-ਤੱਥ ਉੱਤੇ ਆਧਾਰਿਤ ਹੀ ਹੋਣੀ ਚਾਹੀਦੀ ਹੈ। ਮੈਂ ਉਹਨੂੰ ਇਕ ਚੰਗਾ ਆਲੋਚਕ ਬਣਨ ਦੀ ਨਿੱਗਰ ਸੰਭਾਵਨਾ ਨੂੰ ਕੁਰਾਹੇ ਪੈ ਕੇ ਲਗਾਤਾਰ ਖੋਰਦੇ ਰਹਿਣ ਵਾਲਾ ਇਕ ਬਦਕਿਸਮਤ ਮਨੁੱਖ ਸਮਝਦਾ ਹਾਂ। ਇਹਨਾਂ ਆਲੋਚਕੀ ਗੁਣਾਂ ਨੂੰ ਉਹਨੇ ਕਿੰਨਾ ਕਰੂਪ ਬਣਾ ਦਿੱਤਾ ਕਿ ਅੰਤ ਨੂੰ ਸਾਹਿਤ ਅਕਾਦਮੀ ਦਾ ਇਨਾਮ ਲੈਣ ਲਈ ਅਪਣਾ ਕੀਤਾ ਹੋਇਆ ਸਾਹਿਤਕ ਵਰਤਾਰਿਆਂ ਦਾ ਕੋਈ ਵਿਦਵਤਾ-ਭਰਪੂਰ ਵਿਸ਼ਲੇਸ਼ਣ ਪੇਸ਼ ਕਰਨ ਦੀ ਥਾਂ ਉਹਨੂੰ ਦੋ ਦੋ, ਤਿੰਨ ਤਿੰਨ ਪੰਨਿਆਂ ਦੇ ਰੀਵਿਊ ਤੇ ਮੁੱਖਬੰਦ ਇਕੱਠੇ ਕਰ ਕੇ ਜਿਲਦ ਬੰਨ੍ਹਵਾਉਣੀ ਪਈ! ਇਸ ਦੌਰ ਦੀਆਂ ਉਹਦੀਆਂ ਬਹੁਤੀਆਂ ‘ਪੁਸਤਕਾਂ’ ਇਕ ਰਸਾਲੇ ਦੇ ਵਿਸ਼ੇਸ਼ ਅੰਕਾਂ ਉੱਤੇ ਚੜ੍ਹਾਈਆਂ ਹੋਈਆਂ ਜਿਲਦਾਂ ਹਨ। ਉਹਨੇ ਸ਼ਬਦ ਤੇ ਕਲਮ ਨੂੰ ਅਪਣੀ ਸਾਹਿਤਕ ਸ਼ਖ਼ਸੀਅਤ ਦਾ ਆਧਾਰ ਬਣਾਉਣ ਦੀ ਥਾਂ ਅਵੱਲਾ ਹੀ ਰਾਹ ਚੁਣ ਲਿਆ, ਸਾਹਿਤ ਤੇ ਸਭਿਆਚਾਰ ਨਾਲ ਜੁੜੀਆਂ ਸੰਸਥਾਵਾਂ ਉੱਤੇ ਕਬਜ਼ੇ ਦਾ ਅਤੇ ਅਣਪੜ੍ਹੀਆਂ ਪੁਸਤਕਾਂ ਬਾਰੇ ‘ਵਿਦਵਤਾ-ਭਰਪੂਰ’ ਭਾਸ਼ਨ ਦੇਣ ਤੇ ਰੀਵਿਊ ਜਾਂ ਮੁੱਖਬੰਦ ਲਿਖਣ ਦਾ ਰਾਹ। ਵਿਤੋਂ ਵੱਧ ਦੌੜਨ ਵਾਲੇ ਨੂੰ ਹੁੰਦੀ ਨਿਰੰਤਰ ਪ੍ਰੇਸ਼ਾਨੀ, ਲਗਾਤਾਰ ਜੋੜਤੋੜ, ਨਵੇਂ ਨਵੇਂ ਗੱਠਜੋੜ ਤਾਂ ਜੋ ਸਭ ਅਕਾਦਮੀਆਂ, ਸਾਹਿਤ ਸਭਾਵਾਂ, ਪੰਜਾਬੀ ਵਿਭਾਗਾਂ, ਰੇਡੀE ਤੇ ਟੀਵੀ ਚੈਨਲਾਂ ਵਿਚ ਮੇਰੀ ਹੀ ਚੱਲੇ! ਸਭ ਇਨਾਮ ਦੇਣੇ ਮੇਰੇ ਹੀ ਹੱਥ-ਵੱਸ ਹੋਣ! ਕਿੱਲੀ ਉੱਤੇ ਪੱਕਾ ਟੰਗਿਆ ਹੋਇਆ ਕੰਘੀ-ਤੌਲੀਏ ਵਾਲਾ ਥੈਲਾ ਮੋਢੇ ਪਾ ਕੇ ਅੱਜ ਜਲੰਧਰ ਗੋਸ਼ਟੀ ਵਿਚ ਕਿਸੇ ਅਣਪੜ੍ਹੀ ਪੁਸਤਕ ਬਾਰੇ ਬੋਲ ਰਿਹਾ ਹੈ, ਭਲਕੇ ਕੁਰੂਕਸ਼ੇਤਰ ਪ੍ਰਧਾਨਗੀ ਭਾਸ਼ਨ ਦੇ ਰਿਹਾ ਹੈ, ਪਰਸੋਂ ਲੁਧਿਆਣੇ ਕਿਸੇ ਪੁਸਤਕ ਦੀ ਘੁੰਡ-ਚੁਕਾਈ ਕਰ ਰਿਹਾ ਹੈ, ਚੌਥੇ ਦਿੱਲੀ ਯੂਨੀਵਰਸਿਟੀ ਵਿਚ ਹਾਜ਼ਰੀ ਲਾ ਰਿਹਾ ਹੈ, ਪੰਜਵੇਂ ਚੰਡੀਗੜ੍ਹ ਕਿਸੇ ਮੀਟਿੰਗ ਵਿਚ ਹਿੱਸਾ ਲੈ ਰਿਹਾ ਹੈ, ਛੇਵੇਂ ਪਟਿਆਲੇ ਕਿਸੇ ਸੈਮੀਨਾਰ ਵਿਚ ‘ਵਿਸ਼ਵੀਕਰਨ ਦੇ ਦੌਰ ਵਿਚ ਪੰਜਾਬੀ ਡਾਇਆਸਪੋਰਾ ਵੱਲੋਂ ਰਚੇ ਜਾ ਰਹੇ ਸਾਹਿਤ ਦੀਆਂ ਵਿਡੰਵਨਾਵਾਂ’ ਵਿਸ਼ੇ ਉੱਤੇ ‘ਕੁੰਜੀਵਤ ਭਾਸ਼ਨ’ ਦੇ ਰਿਹਾ ਹੈ।

ਮੈਨੂੰ ਸ਼ੱਕ ਪੈਂਦਾ ਹੈ ਕਿ ਟਾਲਸਟਾਇ ਨੇ ਅਪਣੀ ਕਹਾਣੀ ‘ਮਨੁੱਖ ਨੂੰ ਕਿੰਨੀ ਭੋਇੰ ਲੋੜੀਏ’ ਦੇ ਨਾਇਕ ਲਈ ਪ੍ਰੇਰਨਾ ਨੂਰ ਸਾਹਿਬ ਤੋਂ ਹੀ ਲਈ ਹੋਵੇਗੀ! ਦੁਰਭਾਗ ਨੂੰ ਨੂਰ ਦਾ ਬੇਮੌਕਾ ਦੁਖਦਾਈ ਅੰਤ ਵੀ ਟਾਲਸਟਾਇ ਦੇ ਨਾਇਕ ਵਾਲਾ ਹੀ ਹੋਇਆ! ਸਹਿਜਤਾ ਮੰਗਦਾ ਮੌਲਕ ਲਿਖਣਾ ਤਾਂ ਛੱਡੋ, ਆਲੋਚਕ ਬਨਣ ਲਈ ਜ਼ਰੂਰੀ ਘੱਟੋ-ਘੱਟ ਪੜ੍ਹਨਾ ਵੀ ਕਿਤੇ ਰਾਹ ਵਿਚ ਹੀ ਛੁੱਟ ਗਿਆ। ਕਵਿਤਾ ਲਿਖਣ ਦਾ ਜਤਨ ਕੀਤਾ ਕਿਉਂਕਿ ਇਹ ਕਾਰ ਵਿਚ ਜਾਂਦਿਆਂ ਵੀ ਝਰੀਟੀ ਜਾ ਸਕਦੀ ਹੈ। ਪਰ ਇਹ ਸੰਸਥਾਵਾਂ ਦੀ ਸਰਦਾਰੀ, ਇਨਾਮਾਂ ਦੀਆਂ ਸੌਦੇਬਾਜ਼ੀਆਂ, ਆਲੋਚਨਾ ਦਾ ਭਰਮ ਤੇ ਕਵਿਤਾ ਦਾ ਛਲਾਵਾ, ਸਭ ਰੇਤ ਉੱਤੇ ਵਾਹੀਆਂ ਲਕੀਰਾਂ ਸਿੱਧ ਹੋ ਰਹੀਆਂ ਹਨ ਜੋ ਹੌਲੀ ਹੌਲੀ ਮਿਟ ਰਹੀਆਂ ਹਨ। ਮੋਹਨ ਸਿੰਘ ਨੂਰਜਹਾਂ ਬਾਰੇ ਲਿਖਦੇ ਹਨ,“ਉਹਦੀ ਬਾਤਨੀ ਖ਼ੂਬੀ ਨੂੰ ਕੋਈ ਰੋਵੇ, ਤੇ ਕੋਈ ਰੋਵੇ ਉਹਦੀ ਜ਼ਾਹਿਰੀ ਨੂੰ। ਮੈਨੂੰ ਕਿਸੇ ਵੀ ਗੱਲ ਦਾ ਨਹੀਂ ਮੰਦਾ, ਮੈਂ ਤਾਂ ਰੋਂਦਾ ਹਾਂ ਉਸਦੀ ਸ਼ਾਇਰੀ ਨੂੰ!” ਮੈਨੂੰ ਤਾਂ ਉਹਦੇ ਕਥਿਤ ਗੁਣਾਂ ਦਾ ਰੁਦਣ ਕਰਨ ਵਾਲਿਆਂ ਦੇ ਉਲਟ ਉਹਦੀ ਗੁਆਚੀ ਸੰਭਾਵਨਾ ਦੇ ਮੰਦਭਾਗ ਉੱਤੇ ਤਰਸ ਤੇ ਰੋਣਾ ਆਉਂਦਾ ਹੈ। ਹੈਰਾਨੀ ਹੁੰਦੀ ਹੈ, ਕੀ ਉਹਦੀ ਮਿੱਤਰ-ਮੰਡਲੀ ਵਿਚ ਇਕ ਵੀ ਸੁਹਿਰਦ ਬੰਦਾ ਨਹੀਂ ਸੀ ਜੋ ਕਹਿੰਦਾ, ਨੂਰ ਸਾਹਿਬ ਸੰਭਲੋ! ਉਲਟਾ ਲੋਕ ਉਹਨੂੰ ਦੁੜਾਉਂਦੇ ਰਹੇ, ਲਗੇ ਰਹੋ ਨੂਰਭਾਈ! ਕਿਹੋ ਜਿਹੇ ਦੋਸਤ ਸਨ ਇਹ?

ਹੁਣ : ਨੂਰ ਨਾਲ ਤੁਹਾਡੇ ਸੰਬੰਧ ਕਿਹੋ ਜਿਹੇ ਸਨ?

ਭੁੱਲਰ: ਉਪਰੋਕਤ ਪੱਖਾਂ ਨੂੰ ਛੱਡ ਕੇ ਮਨੁੱਖ ਵਜੋਂ ਤੇ ਸਮਕਾਲੀ ਕਲਮਕਾਰ ਵਜੋਂ ਵਧੀਆ। ਮੇਰੇ ਸੁਭਾਅ ਕਾਰਨ ਦੋਸਤੀ ਦੀ ਗੁੰਜਾਇਸ਼ ਨਹੀਂ ਸੀ, ਵੈਰ-ਵਿਰੋਧ ਦਾ ਕੋਈ ਕਾਰਨ ਨਹੀਂ ਸੀ। ਮੈਂ ਕਿਹੜਾ ਉਸ ਬਿਚਾਰੇ ਨੂੰ ਗੋਸ਼ਟੀ ਵਿਚ ਬੁਲਾਉਣਾ ਸੀ ਜਾਂ ਇਨਾਮ ਲੈਣਾ ਸੀ! ਸਾਡੇ ਪੈਰ ਇਹਨਾਂ ਵਿਚਕਾਰਲੀ ਲਕੀਰ ਤੋਂ ਦੋਸਤੀ ਵਾਲੇ ਪਾੱਸੇ ਹੀ ਰਹੇ। ਜਿੱਥੇ ਮਿਲਦੇ, ਨਿੱਘ ਨਾਲ ਮਿਲਦੇ। ਸ਼ੁਰੂ ਵਿਚ ਉਹਨੇ ਮੇਰੀਆਂ ਕਹਾਣੀਆਂ ਬਾਰੇ ਆਪੇ ਪੜ੍ਹ ਕੇ ਲਿਖਿਆ ਵੀ ਸੀ। ਫੇਰ ਉਹਦਾ ਟੀਚਾ ਹੀ ਬਦਲ ਗਿਆ। ਮਿਲਣਸਾਰ ਸੀ, ਨਿੱਘਾ ਸੀ, ਮੁਸਕਰਾਉਂਦਾ ਰਹਿਣ ਵਾਲਾ, ਵਿੱਥ ਜੇ ਕਿਸੇ ਨਾਲ ਹੋਵੇ ਵੀ, ਉਸਨੂੰ ਨਾ ਚਿਤਾਰਨ ਵਾਲਾ। ਪਰ ਜਦੋਂ ਨੂਰ ਦੇ ਨਤਮਸਤਕ ਪ੍ਰਸੰਸਕ ਆਖਦੇ-ਲਿਖਦੇ ਹਨ ਕਿ ਹਰ ਕੋਈ ਉਹਦੇ ਆਲੇ-ਦੁਆਲੇ ਘੁੰਮਦਾ ਸੀ, ਮੈਂ ਕਹਿੰਦਾ ਹਾਂ, ਭਾਈ, ਮੈਂ ਤਾਂ ਤੁਹਾਡੇ ਇਸ ‘ਹਰ ਕੋਈ’ ਵਿਚ ਸ਼ਾਮਲ ਨਹੀਂ! ਮੈਂ ਕੋਈ ਅਲੋਕਾਰ ਤਾਂ ਨਹੀਂ, ਹੋਰ ਵੀ ਹਨ। ਮੈਂ ਤਾਂ ਜਦੋਂ ਵੀ ਉਹਨੂੰ ਮਿਲਿਆ, ਉਹਨੂੰ ਦੇਖਿਆ, ਉਸ ਬਾਰੇ ਸੋਚਿਆ, ਮੇਰੇ ਸਾਹਮਣੇ ਉਹਦਾ ਗੁਆਚੀ ਸੰਭਾਵਨਾ ਵਾਲਾ ਬਿੰਬ ਹੀ ਉਭਰਿਆ। ਮੈਂ ਆਮ ਕਰਕੇ ਹਸਪਤਾਲਾਂ ਵਰਗੇ ਪੀੜਭਰੇ ਥਾਂਈਂ ਜਾਂਦਾ ਨਹੀਂ, ਭਾਵੁਕ ਹੋ ਕੇ ਬਹੁਤ ਤੰਗ ਹੋਈਂਦਾ ਹੈ, ਤਾਂ ਵੀ ਉਹਦਾ ਪਤਾ ਲੈਣ ਗਿਆ। ਬਹੁਤ ਕਸ਼ਟ ਵਿਚ ਸੀ। ਸਿਰ ਤੋਂ ਪੈਰਾਂ ਤੱਕ ਚਿੱਟੀਆਂ ਪੱਟੀਆਂ ਵਿਚ ਲਪੇਟਿਆ ਹੋਇਆ। ਹੱਥ-ਪੈਰ ਹਿਲਾਉਣ ਤੋਂ ਅਸਮਰੱਥ। ਮੈਂ ਪਹਿਲੀ ਵਾਰ ਮਿਲੀ ਉਹਦੀ ਪਤਨੀ ਨਾਲ ਹੌਲੀ ਹੌਲੀ ਗੱਲਾਂ ਕਰਦਾ ਰਿਹਾ। ਦਸ ਕੁ ਮਿੰਟਾਂ ਮਗਰੋਂ ਉਹਨੇ ਅੱਖਾਂ ਖੋਲ੍ਹੀਆਂ। ਧੌਣ ਤਾਂ ਮੋੜ ਨਾ ਸਕਿਆ, ਸਿੱਧਾ ਪਿਆ ਬੋਲਿਆ, ਕੌਣ ਹੈ? ਮੈਂ ਕੋਲ ਜਾ ਕੇ ਹਾਲਚਾਲ ਪੁੱਛਿਆ। ‘ਦੇਖ ਹੀ ਰਹੇ ਹੋ’ ਆਖ ਕੇ ਕਹਿੰਦਾ, ਤੁਹਾਡਾ ਕਾਲਮ ਬਹੁਤ ਵਧੀਆ ਹੁੰਦਾ ਹੈ। ਮੈਂ ਕਿਹਾ, ਨੂਰ ਜੀ, ਇਹ ਗੱਲਾਂ ਆਪਾਂ ਫੇਰ ਕਰਾਂਗੇ, ਜਦੋਂ ਕਈ ਬੀਮਾਰੀਆਂ ਦੇ ਪਹਿਲਾਂ ਵਾਲੇ ਝਟਕਿਆਂ ਵਾਂਗ ਇਸ ਵਿਚੋਂ ਵੀ ਵਿਜਈ ਹੋ ਕੇ ਨਿਕਲ ਆਏ। ਤੁਸੀਂ ਹਿੰਮਤੀ ਹੋ, ਜ਼ਰੂਰ ਨਿਕਲ ਆਉਗੇ!

ਇਨਾਮੀ ਤਿਕੜਮਾਂ

ਹੁਣ: ਕੀ ਸਾਹਿਤ ਅਕਾਦਮੀ ਦਾ ਵੱਕਾਰੀ ਇਨਾਮ ਲੈਣ ਲਈ ਤੁਸੀਂ ਵੀ ਕੋਈ ਜਤਨ ਕੀਤੇ?

ਭੁੱਲਰ: ਤੁਹਾਡੇ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਮੈਂ ਇਕ ਇਨਾਮ ਦਾ ਐਲਾਨ ਕਰ ਲਵਾਂ। ਜਦੋਂ ਮੈਂ ਅਪਣੀ ਬੁੱਕਲ ਖੁੱਲ੍ਹੀ ਵਾਲੇ ਲੇਖਕ ਦੋਸਤਾਂ ਨਾਲ ਬੈਠਦਾ ਹਾਂ, ਅਸੀਂ ਲੇਖਕਾਂ-ਲੇਖਿਕਾਵਾਂ ਤੋਂ ਤੁਰ ਕੇ ਪੀੜ੍ਹੀਦਾਰਾਂ, ਰਚਨਾ ਦੀ ਥਾਂ ਘਤਿੱਤਾਂ, ਤਿਕੜਮਾਂ, ਯਧਖ਼ਤੀਆਂ ਨਾਲ, ਦੂਜੇ ਲੇਖਕਾਂ ਨੂੰ ਬੁਰਾ-ਭਲਾ ਆਖਣ ਤੇ ਨਿੰਦਣ ਨਾਲ ਵੱਡਾ ਲੇਖਕ ਬਨਣ ਦੇ ਜਤਨਸ਼ੀਲਾਂ ਵਿਚੋਂ ਦੀ ਹੁੰਦੇ ਹੋਏ ਹਿਨਾ ਰੱਬਾਨੀ ਖਾਰ ਤੇ ਕਟਰੀਨਾ ਕੈਫ਼ ਤੱਕ ਜਾ ਪਹੁੰਚਦੇ ਹਾਂ। ਪਰ ਮੇਰਾ ਸਚੇਤ ਜਤਨ ਹੁੰਦਾ ਹੈ ਕਿ ਇਸ ਗਿਆਨ-ਗੋਸ਼ਟ ਵਿਚ ਕਿਵੇਂ ਵੀ ਇਨਾਮਾਂ ਦੀ ਗੱਲ ਨਾ ਆ ਵੜੇ। ਅਪਣੇ ਲਈ ਇਨਾਮ ਤਾਂ ਕੀ, ਮੈਂ ਕਦੇ ਇਨਾਮਾਂ ਦੀ ਹੀ ਗੱਲ ਨਹੀਂ ਕਰਦਾ ਤਾਂ ਜੋ ਕਿਸੇ ਨੂੰ ਇਹ ਨਾ ਲੱਗੇ ਕਿ ਭੁੱਲਰ ਇਨਾਮਾਂ ਦੀ ਚਰਚਾ ਦੇ ਬਹਾਨੇ ਟੇਢੇ ਢੰਗ ਨਾਲ ਅਪਣੀ ਇੱਛਾ ਪ੍ਰਗਟ ਕਰ ਰਿਹਾ ਹੈ। ਜੇ ਕੋਈ ਵੀ ਮਿੱਤਰ, ਵਿਰੋਧੀ, ਲੇਖਕ, ਅਲੇਖਕ, ਆਲੋਚਕ, ਇਨਾਮ ਦੇਣ ਵਾਲੀ ਕਿਸੇ ਕਮੇਟੀ ਦਾ ਕੋਈ ਮੈਂਬਰ, ਅਜਿਹੇ ਮੈਂਬਰ ਦਾ ਸਾਲਾ, ਭਣੋਈਆ, ਮਾਮਾ, ਫੁੱਫੜ ਇਹ ਕਹਿ ਦੇਵੇ ਕਿ ਭੁੱਲਰ ਨੇ ਕਦੀ ਮੇਰੇ ਕੋਲ ਅਮਕੇ ਇਨਾਮ ਦੀ ਇੱਛਾ ਪ੍ਰਗਟਾਈ ਸੀ, ਮੈਂ ਉਹਨੂੰ ਸਾਹਿਤ ਅਕਾਦਮੀ ਦੇ ਇਨਾਮ ਤੋਂ ਦੁਗੁਣੀ ਰਕਮ ਦਾ ਇਨਾਮ ਦੇਵਾਂਗਾ। ਇਹ ਮੇਰਾ ‘ਹੁਣ’ ਵਿਚ ਲਿਖਤੀ ਵਾਅਦਾ ਰਿਹਾ!

ਹੁਣ : ਪਿਛਲੇ ਕਾਫ਼ੀ ਸਮੇਂ ਤੋਂ ਇਨਾਮਾਂ ਦੁਆਲੇ, ਖਾਸ ਕਰਕੇ ਸਾਹਿਤ ਅਕਾਦਮੀ ਦੇ ਇਨਾਮ ਦੁਆਲੇ ਗੁੱਟਬੰਦੀ ਤੇ ਅਨੈਤਿਕਤਾ ਦਾ ਤੰਦੂਆ ਜਾਲ ਫ਼ੈਲਿਆ ਹੋਇਆ ਹੈ। ਫੇਰ ਤੁਹਾਨੂੰ ਇਸ ਮਾਫ਼ੀਆ ਰਾਜ ਵਿਚ ਇਨਾਮ ਮਿਲ ਕਿਵੇਂ ਗਿਆ?

ਭੁੱਲਰ: ਤੁਹਾਡੇ ਵਰਤੇ ਸ਼ਬਦ ਤੰਦੂਆ ਜਾਲ ਤੇ ਮਾਫ਼ੀਆ ਰਾਜ ਬਿਲਕੁਲ ਦਰੁਸਤ ਹਨ। ਪਰ ਅੱਜ ਵੀ ਸਾਹਿਤ ਅਕਾਦਮੀ ਦੇ ਇਨਾਮ ਦਿੱਤੇ ਜਾਣ ਦੇ ਢੰਗ ਦਾ ਬਹੁਤੇ ਲੋਕਾਂ ਨੂੰ ਪਤਾ ਨਹੀਂ। ਇਸ ਢੰਗ ਸਦਕਾ ਕਦੇ ਕਦੇ ਵਿਚ ਵਿਚ ਮੇਰੇ ਵਰਗਿਆਂ ਦਾ ਨਾਂ ਵੀ ਬੋਲ ਜਾਂਦਾ ਹੈ। ਇਸੇ ਗੱਲ ਦਾ ਪੁੱਠਾ ਪਾੱਸਾ, ਹੱਥ-ਵੱਸ ਵਾਲਿਆਂ ਦੇ ਚਹੇਤਿਆਂ ਦਾ ਨਾਂ ਰਹਿ ਵੀ ਜਾਂਦਾ ਹੈ। ਪਹਿਲਾਂ ਬਹੁਤ ਲੰਮਾ ਸਮਾਂ ਸਾਹਿਤ ਅਕਾਦਮੀ ਦੇ ਇਨਾਮਾਂ ਵਿਚ ਕਨਵੀਨਰ ਦੀ ਬਹੁਤ ਚਲਦੀ ਰਹੀ। ਉਸ ਨਾਲ ਜੁੜ ਕੇ ਇਨਾਮ ਦਾ ਫ਼ੈਸਲਾ ਕਰਨ ਵਾਲੇ ਨਾਂਵਾਂ ਦਾ ਵੀ ਪਹਿਲਾਂ ਹੀ ਪਤਾ ਹੁੰਦਾ ਸੀ ਜੋ ਅਕਾਦਮੀ ਦੀ ਕਮੇਟੀ ਦੇ ਹੀ ਮੈਂਬਰਾਂ ਵਿਚੋਂ ਹੁੰਦੇ ਸਨ। ਸੋ ਇਨਾਮ ਦੇ ਭੁੱਖੜ ਲੇਖਕ ਉਹਨਾਂ ਦੇ ਪੈਰ ਜਾ ਫੜਦੇ ਸਨ। ਜਦੋਂ ਅੰਮ੍ਰਿਤਾ ਦੇ ਜ਼ਮਾਨੇ ਵਿਚ, ਕਹਿੰਦੇ ਹਨ ਕਿ ਖਾੜਕੂਆਂ ਦੇ ਧਮਕੀਆਂ-ਭਰੇ ਫ਼ੋਨਾਂ ਕਾਰਨ, ਹਰਿੰਦਰ ਸਿੰਘ ਮਹਿਬੂਬ ਦੀ ਪੁਸਤਕ ਨੂੰ ਇਨਾਮ ਦਿੱਤਾ ਗਿਆ ਜਿਸ ਵਿਚ ਇੰਦਰਾ ਨੂੰ ਸਪਣੀ ਕਿਹਾ ਗਿਆ ਸੀ, ਯੂਥ ਕਾਂਗਰਸ ਦੇ ਕੁਛ ਲਫ਼ੰਗਿਆਂ ਨੇ ਮੰਗ-ਪੱਤਰ ਦੇਣ ਦੇ ਬਹਾਨੇ ਅਕਾਦਮੀ ਦੇ ਇਕ ਅਧਿਕਾਰੀ ਦਾ ਮੂੰਹ ਕਾਲਾ ਕਰ ਦਿੱਤਾ। ਇਸ ਘਟਨਾ ਦੇ ਨਤੀਜੇ ਵਜੋਂ ਅਕਾਦਮੀ ਵਿਚ ਹੋਏ ਚਿੰਤਨ-ਮੰਥਨ ਕਾਰਨ ਦੋ ਅਹਿਮ ਫ਼ੈਸਲੇ ਲਏ ਗਏ। ਇਕ ਤਾਂ ਕਨਵੀਨਰ ਨੂੰ ਇਨਾਮ ਦੇ ਫ਼ੈਸਲੇ ਦੇ ਪੱਖੋਂ ਬੇਤਾਕਤਾ ਕਰ ਦਿੱਤਾ ਗਿਆ ਤੇ ਉਹਦੀ ਵੋਟ ਤੱਕ ਨਾ ਰਹੀ। ਉਹਦਾ ਕੰਮ ਤਿੰਨਾਂ ਨਿਰਣੇਕਾਰਾਂ ਅੱਗੇ ਇਨਾਮ ਨਾਲ ਸੰਬੰਧਿਤ ਕਾਗ਼ਜ਼-ਪੱਤਰ ਰੱਖ ਕੇ ਚੁੱਪ ਹੋ ਜਾਣਾ ਅਤੇ ਅੰਤ ਵਿਚ ਉਹਨਾਂ ਤੋਂ ਫ਼ੈਸਲੇ ਦੇ ਦਸਖ਼ਤਾਂ ਵਾਲੇ ਕਾਗ਼ਜ਼ ਲੈ ਲੈਣਾ ਰਹਿ ਗਿਆ। ਦੂਜੇ, ਤਿੰਨੇ ਨਿਰਣੇਕਾਰ ਅਕਾਦਮੀ ਦੀ ਆਮ ਜਾਣੀ ਜਾਂਦੀ ਕਮੇਟੀ ਵਿਚੋਂ ਹੋਣ ਦੀ ਥਾਂ ਬਾਹਰੋਂ ਹੋਣੇ ਸਨ ਤੇ ਉਹਨਾਂ ਦੇ ਨਾਂ ਗੁਪਤ ਰੱਖੇ ਜਾਣੇ ਸਨ। ਜਦੋਂ ਇਕ ਸਾਲ, ਪਤਾ ਨਹੀਂ ਕਿਵੇਂ, ਮੇਰਾ ਨਾਂ ਤਿੰਨਾਂ ਵਿਚ ਆ ਗਿਆ ਸੀ, ਮੈਨੂੰ ਬਾਕੀ ਦੋਵਾਂ ਦਾ ਪਤਾ ਕਮਰੇ ਵਿਚ ਜਾ ਕੇ ਹੀ ਲੱਗਿਆ ਸੀ।

ਇਕ ਗੱਲ ਹੋਰ। ਪਹਿਲਾਂ ਚਿੱਠੀਆਂ ਪਾ ਕੇ ਸੰਭਵ ਇਨਾਮੀਆਂ ਦੀ ਜੋ ਸੂਚੀ ਤਿਆਰ ਕੀਤੀ ਤੇ ਮੀਟਿੰਗ ਵਿਚ ਰੱਖੀ ਜਾਂਦੀ ਹੈ, ਉਹਦਾ ਵੀ ਕੋਈ ਖਾਸ ਮਹੱਤਵ ਨਹੀਂ ਹੁੰਦਾ ਕਿਉਂਕਿ ਨਿਰਣੇਕਾਰ ਉਸਤੋਂ ਬਾਹਰਲੇ ਨਾਂ ਵੀ ਵਿਚਾਰ ਸਕਦੇ ਹਨ। ਹੇਰਫੇਰ ਤਾਂ ਪਹਿਲਾਂ ਵੀ ਚਲਦਾ ਸੀ ਪਰ ਜਿਸਨੂੰ ਤੁਸੀਂ ਮਾਫ਼ੀਆ ਰਾਜ ਕਿਹਾ ਹੈ, ਇਹ ਨੂਰ ਜੀ ਦੀ ਹੀ ਦੇਣ ਸੀ। ਜੇ ਉਹ ਪਹਿਲਾਂ ਦੱਸੇ ਗਿਆਂ ਵਿਚੋਂ ਕਿਸੇ ਦੌਰੇ ਉੱਤੇ ਨਾ ਹੁੰਦਾ, ਉਹਦਾ ਬਹੁਤਾ ਸਮਾਂ ਅਕਾਦਮੀਆਂ ਤੇ ਸੰਸਥਾਵਾਂ ਦੇ ਦਫ਼ਤਰਾਂ ਵਿਚ ਹੀ ਬੀਤਦਾ ਸੀ। ਤਿੰਨੇਂ ਗੁਪਤ ਨਾਂ ਤਾਂ ਆਖ਼ਰ ਕਨਵੀਨਰ ਦੀ ਸਲਾਹ ਨਾਲ ਹੀ ਚੁਣੇ ਜਾਂਦੇ ਸਨ। ਫੇਰ ਪ੍ਰਭਾਵਿਤ ਕੀਤੇ ਜਾ ਸਕਣ ਵਾਲੇ ਨਿਰਣੇਕਾਰਾਂ ਨਾਲ ਸੰਪਰਕ ਦੀ ਮੁਹਿੰਮ ਚਲਦੀ ਸੀ। ਕਈ ਬਿਚਾਰੇ-ਬਿਚਾਰੀਆਂ ਲਈ ਤਾਂ ਨਿਰਣੇਕਾਰ ਬਣਾਏ ਜਾਣਾ ਹੀ ਅਪਣੇ ਸਾਹਿਤਕ ਕੱਦ ਦੇ ਮੁਕਾਬਲੇ ਏਡੀ ਵੱਡੀ ਪ੍ਰਾਪਤੀ ਹੁੰਦੀ ਹੈ ਕਿ ਉਹ ਤਾਂ ਆਪ ‘ਹੁਕਮ ਆਕਾ’ ਪੁਛਦੇ ਹਨ। ਪਰ ਮੈਂ ਫੇਰ ਸਪੱਸ਼ਟ ਕਰ ਦੇਵਾਂ, ਸ਼ਾਹ ਮੁਹੰਮਦਾ ਅੰਤ ਨੂੰ ਉਹੀ ਹੋਣੀ ਜਿਹੜੀ ਕਰੇਗਾ ਤਿੰਨਾਂ ਦਾ ਜੁੱਟ ਮੀਆਂ!

ਅੰਦਰਲਾ ਸੱਚ

ਹੁਣ : ਇਕ ਵਾਰ ਹੀ ਸਹੀ, ਤੁਸੀਂ ਅੰਦਰ ਤਾਂ ਗਏ। ਕੀ ਦੇਖਿਆ ਉਥੇ ਜਾ ਕੇ?

ਭੁੱਲਰ: ਇਸ ਇਕ ਵਾਰ ਵਿਚ ਹੀ ਸਭ ਕੁਛ ਸਪੱਸ਼ਟ ਹੋ ਗਿਆ। ਇਹ ਗੱਲ ਭਾਰੀ ਮਨ ਨਾਲ ਮੈਂ ਪਹਿਲਾਂ ਵੀ ਕਿਤੇ ਦੱਸ ਚੁੱਕਿਆ ਹਾਂ। ਦਸਦਿਆਂ ਸੱਚਮੁੱਚ ਦੁੱਖ ਹੁੰਦਾ ਹੈ। ਮੇਰੇ ਨਾਲ ਇਕ ਤਾਂ ਦਿੱਲੀ ਦੇ ਪ੍ਰੋ. ਹਰਮੀਤ ਸਿੰਘ ਸਨ, ਸਾਊ, ਮਿੱਠ-ਬੋਲੜੇ ਤੇ ਘੱਟ-ਬੋਲੜੇ ਸੱਜਨ। ਦੂਜੀ ਜਲੰਧਰ ਤੋਂ ਕੋਈ ਬੀਬੀ ਬਲਜੀਤ ਕੌਰ ਸੀ। ਮੈਂ ਕੋਈ ਵਾਜਬ ਤੇ ਇਨਸਾਫ਼ੀ ਫ਼ੈਸਲਾ ਤਾਂ ਨਾ ਕਰਵਾ ਸਕਿਆ ਪਰ ਇਨਾਮ ਨਾਲ ਸੰਬੰਧਿਤ ਤਾਣਾਬਾਣਾ, ਜਿਸਦੀ ਪਹਿਲਾਂ ਚਰਚਾ ਹੀ ਸੁਣੀ ਸੀ, ਜ਼ਰੂਰ ਅੱਖੀਂ ਦੇਖ ਸਕਿਆ। ਇਕ ਤਾਂ ਅਕਾਦਮੀ ਦੇ ਨੇਮਾਂ ਦੇ ਉਲਟ ਨੂਰ ਜੀ ਨੇ ਸਿੱਧਾ ਦਖ਼ਲ ਦੇ ਕੇ ਫ਼ੈਸਲਾ ਪ੍ਰਭਾਵਿਤ ਕੀਤਾ। ਲਗਦਾ ਸੀ, ਜੇ ਦੋਵਾਂ ਨਾਲ ਨਹੀਂ, ਉਹਦੀ ਇਕ ਨਾਲ ਤਾਂ ਗੱਲ ਹੋ ਹੀ ਚੁੱਕੀ ਸੀ। ਸੂਚੀ ਵਿਚੋਂ ਮੈਂ ਸਭ ਤੋਂ ਵੱਧ ਹੱਕਦਾਰ ਅਜਮੇਰ ਦਾ ਨਾਂ ਲਿਆ ਕਿ ਉਹਨੇ ਇਸ ਨਾਟਕ ਸਮੇਤ ਅਨੇਕ ਨਾਟਕ ਲਿਖ ਕੇ ਪੇਂਡੂ ਭਾਈਚਾਰੇ ਦਾ ਦਰਦ ਬੜੀ ਸਿ਼ੱਦਤ ਨਾਲ ਉਜਾਗਰ ਕੀਤਾ ਹੈ। ਨੂਰ ਨੇ ਵੀ ਅਜਮੇਰ ਦੀ ਵਡਿਆਈ ਸ਼ੁਰੂ ਕਰ ਦਿੱਤੀ। ਮੈਂ ਸੋਚਿਆ, ਬਣ ਗਈ ਗੱਲ। ਅਚਾਨਕ ਉਹਨੇ ‘ਪਰ’ ਆਖ ਦਿੱਤਾ,“ਪਰ ਉਹਦਾ ਇਹ ਨਾਟਕ ਤਾਂ ਇਕਾਂਗੀ ਤੋਂ ਵੀ ਛੋਟਾ ਹੈ।” ਮੈਂ ਕਿਹਾ, ਨੂਰ ਸਾਹਿਬ, ਪੂਰੀ ਏਡੀ ਵੱਡੀ ਕਿਤਾਬ ਤੁਹਾਡੇ ਸਾਹਮਣੇ ਹੈ! ਉਹ ਕਹਿੰਦਾ, ਮੈਂ ਆਪ ਯੂਨੀਵਰਸਿਟੀ ਵਿਚ ਖਿਡਾਇਆ ਸੀ, ਅੱਧੇ ਘੰਟੇ ਤੋਂ ਵੀ ਪਹਿਲਾਂ ਮੁੱਕ ਗਿਆ। “ਚਲੋ, ਹੋਰ ਕੋਈ ਨਾਂ ਦੇਖ ਲਉ…ਹੋਰ ਕੋਈ ਨਾਂ ਦੇਖ ਲਉ…” ਹੋ ਗਈ। (ਮਗਰੋਂ ਮੈਂ ਅਜਮੇਰ ਤੋਂ ਪੁੱਛਿਆ ਤਾਂ ਉਹ ਕਹਿੰਦਾ, ਅੱਧੇ ਘੰਟੇ ਤੋਂ ਵੱਧ ਸਮਾਂ ਤਾਂ ਇਹਦਾ ਕੋਈ ਇਕ ਭਾਗ ਖੇਡਣ ਨੂੰ ਲੱਗ ਜਾਂਦਾ ਹੈ।) ਮੈਂ ਸੂਚੀ ਵਿਚੋਂ ਹੀ ਦੂਜੀ ਸਭ ਤੋਂ ਵੱਧ ਹੱਕਦਾਰ ਸੁਖਵੰਤ ਦਾ ਨਾਂ ਲਿਆ ਕਿ ਉਹਦੀਆਂ ਕਹਾਣੀਆਂ ਮਨੁੱਖੀ ਮਨ ਜਿੰਨਾ ਹੀ ਬਦਲਦੇ ਸਮਾਜਕ-ਆਰਥਕ ਦ੍ਰਿਸ਼ ਦਾ ਦਰਪਨ ਹਨ। ਇਸ ਵਾਰ ਸੁਖਵੰਤ ਦਾ ਗੁਣਗਾਨ ਬੀਬੀ ਬਲਜੀਤ ਕੌਰ ਨੇ ਸ਼ੁਰੂ ਕੀਤਾ। ਮੈਂ ਮੂਰਖ ਨੇ ਸੋਚਿਆ, ਚਲੋ ਇਹ ਗੱਲ ਤਾਂ ਬਣੀ! ਫੇਰ ਉਹਨੇ ਵੀ ਅਚਾਨਕ ‘ਪਰ’ ਦੇ ਬਰੇਕ ਲਾ ਦਿੱਤੇ,“ਪਰ ਉਹ ਇਕ ਗ਼ਲਤੀ ਕਰ ਗਈ, ਅਕਾਦਮੀ ਦੇ ਨੇਮਾਂ ਦੇ ਉਲਟ ਉਹਨੇ ਇਸ ਪੁਸਤਕ ਵਿਚ ਅਪਣੀਆਂ ਪਹਿਲਾਂ ਛਪੀਆਂ ਹੋਈਆਂ ਪੁਸਤਕਾਂ ਵਿਚੋਂ ਕਹਾਣੀਆਂ ਪਾ ਦਿੱਤੀਆਂ।” ਮੈਂ ਹੈਰਾਨ ਹੋ ਕੇ ਕਿਹਾ,“ਇਹ ਕਿਵੇਂ ਹੋ ਸਕਦਾ ਹੈ? ਇਉਂ ਤਾਂ ਉਹ ਲੇਖਕ ਕਰਦਾ ਹੈ ਜਿਸਨੂੰ ਕਿਸੇ ਕਾਰਨ ਪੁਸਤਕ ਛਪਵਾਉਣ ਦੀ ਕਾਹਲ ਹੋਵੇ ਪਰ ਉਸ ਕੋਲ ਪੁਸਤਕ ਜੋਗੀਆਂ ਕਹਾਣੀਆਂ ਹੋਣ ਨਾ। ਉਹਦੇ ਕੋਲ ਤਾਂ ਅਣਛਪੇ ਖਰੜੇ ਪਏ ਰਹਿੰਦੇ ਨੇ।” ਉਹ ਬੋਲੀ,“ਇਹ ਤਾਂ ਉਹ ਜਾਣੇ ਕਿ ਕਿਉਂ ਪਾਈਆਂ ਪਰ ਪਾ ਦਿੱਤੀਆਂ।” ਮੇਰੇ ਫੇਰ ਹੈਰਾਨ ਹੋਇਆਂ ਨੂਰ ਨੇ ਪੁਸ਼ਟੀ ਕੀਤੀ,“ਬਲਜੀਤ ਠੀਕ ਕਹਿੰਦੀ ਹੈ।” ਫੇਰ “ਚਲੋ, ਹੋਰ ਕੋਈ ਨਾਂ ਦੇਖ ਲਉ…ਹੋਰ ਕੋਈ ਨਾਂ ਦੇਖ ਲਉ…” ਹੋ ਗਈ। (ਮਗਰੋਂ ਮੈਂ ਸੁਖਵੰਤ ਤੋਂ ਪੁੱਛਿਆ ਤਾਂ ਉਹ ਕਹਿੰਦੀ, ਇਸ ਪੁਸਤਕ ਵਿਚ ਕੋਈ ਪਹਿਲਾਂ ਛਪੀ ਹੋਈ ਕਹਾਣੀ ਨਹੀਂ।) ਹੁਣ ਨੂਰ ਜੀ ਬੋਲੇ, ਹਲਵਾਰਵੀ ਦੇਖ ਲਉ। ਦੂਜੇ ਦੋਵੇਂ ਝੱਟ ਸਹਿਮਤ ਹੋ ਗਏ। ਤਦ ਮੈਨੂੰ ਨੂਰ ਜੀ ਦੀ ‘ਵਿਗਿਆਨਕ ਤਕਨੀਕ’ ਦੀ ਸਮਝ ਆਈ। Eਪਰੇ ਬੰਦੇ ਦੇ ਸੁਝਾਅ ਦੀ ਦੱਬ ਕੇ ਹਮਾਇਤ ਕਰਨ ਪਿਛੋਂ ‘ਪਰ’ ਲਾਉ ਅਤੇ ਅਪਣਾ ਮਿਥਿਆ ਨਾਂ ਪਹਿਲਾਂ ਨਹੀਂ, ਹੋਰਾਂ ਦੇ ਸੁਝਾਅ ਰੱਦ ਹੋਣ ਮਗਰੋਂ ਹੀ ਅੱਗੇ ਕਰੋ। ਮੈਂ ਕਸੂਤੀ ਹਾਲਤ ਵਿਚ ਫਸ ਗਿਆ। ਇਕ ਪਾੱਸੇ ਮੈਂ ਹਲਵਾਰਵੀ ਨੂੰ, ਪੁਰਾਣਾ ਮਿੱਤਰ ਹੋਣ ਦੇ ਬਾਵਜੂਦ ਅਜਮੇਰ ਤੇ ਸੁਖਵੰਤ ਦੇ ਟਾਕਰੇ ਕਿਵੇਂ ਵੀ ਚੰਗੇਰਾ ਲੇਖਕ ਨਹੀਂ ਸੀ ਮੰਨਦਾ। ਦੂਜੇ ਪਾੱਸੇ ਵੰਡੀਆਂ ਵੋਟਾਂ ਨਾਲ ਹੋਇਆ ਫ਼ੈਸਲਾ ਦੂਜੀਆਂ ਭਾਸ਼ਾਵਾਂ ਵਾਲਿਆਂ ਵਿਚ ਤੇ ਅਖ਼ਬਾਰਾਂ ਵਿਚ ਚਰਚਾ ਦਾ ਵਿਸ਼ਾ ਬਣਨਾ ਪੰਜਾਬੀ ਭਾਸ਼ਾ ਤੇ ਸਾਹਿਤ ਦੇ ਬਿੰਬ ਲਈ ਠੀਕ ਨਹੀਂ ਸੀ ਹੋਣਾ। ਮੈਂ ਹਾਮੀ ਭਰ ਦਿੱਤੀ। ਸੋਚਿਆ, ਚਲੋ, ਪਹਿਲਾਂ ਦੇ ਕਈ ਇਨਾਮ-ਜੇਤੂਆਂ ਨਾਲੋਂ ਤਾਂ ਹਲਵਾਰਵੀ ਚੰਗਾ ਹੀ ਹੈ। ਹਾਂ, ਅਜਮੇਰ ਨੂੰ ਤਾਂ ਛੇਤੀ ਹੀ ਮਗਰੋਂ ਇਨਾਮ ਮਿਲ ਗਿਆ ਪਰ ਦੁੱਖ ਦੀ ਗੱਲ ਹੈ ਕਿ ਨਿਰੋਲ ਝੂਠ ਦੇ ਆਧਾਰ ਉੱਤੇ ਪੰਜਾਬੀ ਦੀ ਇਕ ਬੜੀ ਜਾਨਦਾਰ ਤੇ ਇਨਾਮ ਦੀ ਪੂਰੀ ਤਰ੍ਹਾਂ ਹੱਕਦਾਰ ਕਹਾਣੀਕਾਰ ਸੁਖਵੰਤ ਨਾਲ ਕਬੀਰ ਜੀ ਦੇ ਦੋਹੇ “ਦੂਰ ਪੜੇਂਗੇ ਜਾਇ” ਵਾਲੀ ਹੋਈ।

ਕਈ ਵਾਰ ਕਮਾਲ ਦਾ ਸਬੱਬ ਬਣ ਜਾਂਦਾ ਹੈ। ਜੇ ਇਸ ਤਾਣੇਬਾਣੇ ਦੀ ਕਿਸੇ ਪੁਸ਼ਟੀ ਦੀ ਲੋੜ ਸੀ, ਉਹ ਵੀ ਉਥੇ ਹੀ ਹੋ ਗਈ। ਮੈਂ Eਦੋਂ ਸਾਹਿਤ ਅਕਾਦਮੀ ਦੇ ਇਕ ਅਧਿਕਾਰੀ ਨੂੰ ਜਾਣਦਾ ਸੀ। ਮੀਟਿੰਗ ਤੋਂ ਬਾਹਰ ਆਇਆ ਤਾਂ ਰਾਹ ਵਿਚ ਉਸੇ ਬਰਾਂਡੇ ਵਿਚ ਉਹਦੇ ਨਾਂ ਦੀ ਫੱਟੀ ਦੇਖ ਕੇ ਮਿਲਣ ਚਲਿਆ ਗਿਆ। ਉਹ ਖੜ੍ਹਾ ਹੋ ਕੇ ਮਿਲਾਉਣ ਲਈ ਹੱਥ ਵਧਾਉਂਦਿਆਂ ਮੁਸਕਰਾਇਆ,“ਖ਼ਤਮ ਹੋ ਗਈ ਮੀਟਿੰਗ? ਹੋ ਗਿਆ ਹਲਵਾਰਵੀ ਦਾ ਫ਼ੈਸਲਾ?” ਮੈਥੋਂ ‘ਹਾਂ’ ਸੁਣ ਕੇ ਉਹ ਬੋਲਿਆ,“ਚਲੋ ਹੁਣ ਉਹ ਕਮੇਟੀ ਵਿਚ ਵੀ ਆ ਜਾਊ ਤੇ ਫੇਰ ਜੇ ਸਭ ਕੁਛ ਠੀਕ ਰਿਹਾ, ਐਗ਼ਜ਼ੈਕਟਿਵ ਦਾ ਮੈਂਬਰ ਵੀ ਬਣ ਜਾਊ।” ਮਗਰੋਂ ਮੈਨੂੰ ਕਿਸੇ ਭੇਤੀ ਤੋਂ ਪਤਾ ਲੱਗਿਆ ਕਿ ਇਸ ਪਿੱਛੋਂ ਹਲਵਾਰਵੀ ਨੇ ਕੀ ਕਰਨਾ ਸੀ ਤੇ ਫੇਰ ਅੱਗੇ ਕੀ ਹੋਣਾ ਸੀ। ਪਰ ਇਕ ਹੋਰ ਲੇਖਕ ਵੱਲੋਂ ਮੈਂਬਰੀ ਲਈ ਅਪਣਾ ਦਾਅਵਾ ਠੋਕੇ ਜਾਣ ਕਾਰਨ ਹਲਵਾਰਵੀ ਤੇ ਉਹ, ਦੋਵੇਂ ਰਹਿ ਗਏ ਤੇ ‘ਕੰਪਰੋਮਾਈਜ਼ ਕੈਂਡੀਡੇਟ’ ਵਜੋਂ ਕਰਨਜੀਤ ਸਿੰਘ ਦਾ ਦਾਅ ਹੀ ਲੱਗ ਗਿਆ! ਵਿਉਂਤ ਦੀ ਸਾਰੀ ਅੰਗਲੀ-ਸੰਗਲੀ ਦਾ ਵਿਸਤਾਰ ਕਦੀ ਫੇਰ ਸਹੀ, ਹੁਣ ਗੱਲ ਵਧੇਰੇ ਲੰਮੀ ਹੋ ਜਾਵੇਗੀ।

ਹੁਣ : ਤੁਹਾਡਾ ਭਾਵ ਹੈ, ਜੇ ਤਿੰਨਾਂ ਵਿਚ ਦਮ ਹੋਵੇ, ਦਖ਼ਲ ਬੇਅਸਰ ਹੋ ਸਕਦਾ ਹੈ?

ਭੁੱਲਰ: ਹੋ ਸਕਦਾ ਹੈ ਨਹੀਂ, ਹੁੰਦਾ ਰਿਹਾ ਹੈ। ਮੇਰੀ ਮਿਸਾਲ ਸਾਹਮਣੇ ਹੈ। ਮੈਂ ਕਿਹਾ ਹੈ ਨਾ, ਸ਼ਾਹ ਮੁਹੰਮਦਾ ਅੰਤ ਨੂੰ ਉਹੀ ਹੋਣੀ, ਜਿਹੜੀ ਕਰੇਗਾ ਤਿੰਨਾਂ ਦਾ ਜੁੱਟ ਮੀਆਂ। ਤਿੰਨ ਤਾਂ ਕੀ, ਜੇ ਦੋ ਨਿਰਣੇਕਾਰ ਵੀ ਸਥਾਪਤੀ ਦੀ ਇੱਛਾ ਦੇ ਉਲਟ ਡਟ ਜਾਣ, ਪੁੱਗੇਗੀ ਉਹਨਾਂ ਦੀ ਹੀ। 1994 ਵਿਚ ਅਣਖੀ ਆਇਆ। ਰਾਤ ਨੂੰ ਸੂਚੀ ਕੱਢ ਕੇ ਕਹਿੰਦਾ, ਯਾਰ, ਕੀਹਦਾ ਨਾਂ ਅੱਗੇ ਕਰੀਏ? ਸੂਚੀ ਦੇਖ ਕੇ ਮੈਂ ਕਿਹਾ,“ਅਣਖੀ, ਸਭ ਤੋਂ ਵੱਧ ਹੱਕਦਾਰ ਸਰਨਾ ਹੈ। ਨਾ ਉਹਨੇ ਕਦੇ ਇਨਾਮ ਮੰਗਣਾ ਹੈ ਤੇ ਨਾ ਉਹਨੂੰ ਕਿਸੇ ਨੇ ਦੇਣਾ ਹੈ। ਖੱਟ ਲੈ ਪੁੰਨ, ਜੇ ਖੱਟੀਂਦਾ ਹੈ!” ਅਣਖੀ ਖ਼ੁਸ਼ ਹੋ ਗਿਆ,“ਬਈ ਇਹੋ ਮੈਂ ਸੋਚਦਾਂ। ਕਿੰਨਾ ਵਧੀਆ ਲਿਖਦਾ ਹੈ ਯਾਰ ਉਹ!…ਜੇ ਬਾਕੀ ਦੋਵੇਂ ਨਾ ਵੀ ਮੰਨੇ, ਕਿਸੇ ਇਕ ਨੂੰ ਮੰਨਾਉਣ ਲਈ ਪੂਰੀ ਵਾਹ ਲਾ ਦੇਊਂ।” ਬਾਕੀ ਦੋਵਾਂ ਦਾ ਅਜੇ ਉਹਨੂੰ ਪਤਾ ਨਹੀਂ ਸੀ। ਮੀਟਿੰਗ ਮਗਰੋਂ ਉਹਦਾ ਬਾਗੋਬਾਗ ਫ਼ੋਨ ਆਇਆ,“ਹੋ ਗਿਆ ਬਈ ਕੰਮ, ਦੱਸ ਦੇ ਉਹਨੂੰ!” ਮੈਂ ਫ਼ੋਨ ਕੀਤਾ ਤਾਂ ਸਰਨਾ ਜੀ ਨੇ ਠਰ੍ਹੰਮੇ ਨਾਲ ਮੇਰਾ ਮੈਂਬਰ ਹੋਣਾ ਪੁੱਛਿਆ ਤੇ ਮੈਥੋਂ ‘ਨਹੀਂ’ ਸੁਣ ਕੇ ਬੋਲੇ,“ਭੁੱਲਰ ਜੀ, ਮੈਂ ਤੁਹਾਡੀਆਂ ਵਧਾਈਆਂ ਤਾਂ ਇਕ ਮਿੱਤਰ ਦੀਆਂ ਸ਼ੁਭ-ਇਛਾਵਾਂ ਸਮਝ ਕੇ ਪਰਵਾਨ ਕਰ ਲੈਂਦਾ ਹਾਂ ਪਰ ਇਨਾਮ ਦੀ ਖ਼ਬਰ ਤੁਸੀਂ ਐਵੇਂ ਕਿਤੋਂ ਝੂਠੀ ਉੱਡੀ ਹੋਈ ਸੁਣ ਲਈ। ਮੈਨੂੰ ਕੌਣ ਦੇਵੇਗਾ ਇਨਾਮ!” ਮੈਂ ਅਣਖੀ ਦੇ ਮੈਂਬਰ ਹੋਣ ਤੇ ਮੀਟਿੰਗ ਤੋਂ ਮਗਰੋਂ ਆਏ ਉਹਦੇ ਫ਼ੋਨ ਬਾਰੇ ਦੱਸਿਆ ਤਾਂ ਉਹਨਾਂ ਨੂੰ ਕੁਛ ਕੁਛ ਸੱਚ ਆਇਆ। ਦੇਖੋ, ਇਹ ਹੈ ਸਾਡੇ ਇਨਾਮਾਂ ਦਾ ਹਾਲ। ਯਾਰੋ, ਸਰਨੇ ਵਰਗਾ ਵੱਡਾ ਲੇਖਕ ਸੋਚੇ ਕਿ ਉਹਨੂੰ ਇਨਾਮ ਕੀਹਨੇ ਦੇਣਾ ਹੈ! ਹੋਰ ਸੁਣੋ। ਆਮ ਕਰਕੇ ਅਪਣੇ ਮਿਥੇ ਨਾਂ ਉੱਤੇ ਤਿੰਨਾਂ ਨੂੰ ਨਹੀਂ ਤਾਂ ਦੋ ਨੂੰ ਸਹਿਮਤ ਕਰਵਾ ਲੈਣ ਵਾਲੇ ਨੂਰ ਜੀ ਇਕ ਨਾਂ ਲਈ ਦਸ-ਬਾਰਾਂ ਸਾਲ ਇਕ ਤੋਂ ਵੱਧ ਵੋਟ ਨਾ ਜੁਟਾ ਸਕੇ। ਜਵਾਬ ਮਿਲਦਾ, ਨਹੀਂ ਯਾਰ, ਹੋਰ ਜੋ ਮਰਜ਼ੀ ਨਾਂ ਦੱਸ ਦੇ!…ਸੁਣਿਆ ਹੈ, ਨੂਰ ਜੀ ਨੇ ਕਿਸੇ ਨਾਲ ਕਿਸੇ ਪੰਜ ਲੱਖੀ ਇਨਾਮ ਦਾ ਇਕਰਾਰ ਕੀਤਾ ਸੀ। ਉਹਦੇ ਜਾਣ ਦਾ ਸਭ ਤੋਂ ਵੱਧ ਨੁਕਸਾਨ ਤਾਂ ਉਸ ਬਿਚਾਰੇ ਸ਼ਰੀਫ਼ ਆਦਮੀ ਨੂੰ ਹੋਇਆ!

ਹੁਣ : ਤੁਹਾਡੇ ਇਨਾਮ ਦੀ ਗੱਲ ਤਾਂ ਵਿਚੇ ਹੀ ਰਹਿ ਗਈ?

ਭੁੱਲਰ: ਪਹਿਲਾਂ ਤਾਂ ਮੈਂ ਪੂਰੀ ਈਮਾਨਦਾਰੀ ਨਾਲ ਇਹ ਦੱਸ ਦੇਵਾਂ ਕਿ ਇਹ ਇਨਾਮ ਮੇਰੇ ਸੋਚ-ਘੇਰੇ ਤੋਂ ਉੱਕਾ ਹੀ ਬਾਹਰ ਸੀ ਕਿਉਂਕਿ ਮੈਨੂੰ ਯਕੀਨ ਸੀ ਕਿ ਬਣੇ ਹੋਏ ਮਾਹੌਲ ਵਿਚ ਇਹਦੇ ਮੈਨੂੰ ਮਿਲਣ ਦਾ ਸਵਾਲ ਹੀ ਨਹੀਂ। ਮੈਨੂੰ ਮੀਟਿੰਗ ਦੀਆਂ ਤਾਰੀਖ਼ਾਂ ਤਾਂ ਕੀ, ਮਹੀਨਾ ਵੀ ਪਤਾ ਨਹੀਂ ਹੁੰਦਾ। ਜਨਤਕ ਪ੍ਰੈੱਸ ਵਾਲੇ ਚੰਨ ਜੀ ਦਾ ਫ਼ੋਨ ਆਇਆ,“ਵਧਾਈਆਂ, ਭੁੱਲਰ ਜੀ!” ਮੈਂ ਪੁੱਛਿਆ, “ਕਾਹਦੀਆਂ?” ਉਹ ਬੋਲਿਆ,“ਤੁਹਾਨੂੰ ਨਹੀਂ ਪਤਾ, ਅੱਜ ਮੀਟਿੰਗ ਸੀ? ਤੁਹਾਨੂੰ ਸਾਹਿਤ ਅਕਾਦਮੀ ਪੁਰਸਕਾਰ ਦਾ ਫ਼ੈਸਲਾ ਹੋ ਗਿਆ।” ਮੈਂ ਬੌਂਦਲ ਜਿਹਾ ਗਿਆ ਤੇ ਫ਼ੋਨ ਰੱਖ ਦਿੱਤਾ। ਇਕ ਪਾੱਸੇ ਤਾਂ ਇਹ ਹੋ ਹੀ ਨਹੀਂ ਸੀ ਸਕਦਾ ਕਿ ਮੈਨੂੰ ਇਨਾਮ ਮਿਲ ਜਾਵੇ, ਦੂਜੇ ਪਾੱਸੇ ਚੰਨ, ਮੇਰੇ ਨਾਲ ਉਹਦੇ ਰਿਸ਼ਤੇ ਵੱਲ ਦੇਖਦਿਆਂ, ਅਜਿਹੀ ਟਿੱਚਰ ਨਹੀਂ ਸੀ ਕਰ ਸਕਦਾ। ਤੇ ਉਹਨੂੰ ਜਾਣਕਾਰੀ ਵੀ ਪੂਰੀ ਪੱਕੀ ਹੁੰਦੀ ਹੈ। ਮੈਂ ਕਮਰੇ ਵਿਚ ਇਕੱਲਾ ਸੀ ਤੇ ਕਿੰਨਾ ਹੀ ਚਿਰ ਇਕੱਲਾ ਬੈਠਾ ਰਿਹਾ। ਫੇਰ ਮੈਂ ਆਪ ਫ਼ੋਨ ਕੀਤਾ,“ਚੰਨ ਜੀ, ਤੁਸੀਂ ਮੈਨੂੰ ਮਖੌਲ ਕਰ ਤਾਂ ਨਹੀਂ ਸਕਦੇ ਪਰ ਕਿਤੇ ਅੱਜ ਮਖੌਲ ਕਰ ਤਾਂ ਨਹੀਂ ਦਿੱਤਾ?” ਉਹ ਪੂਰੀ ਗੰਭੀਰਤਾ ਨਾਲ ਬੋਲਿਆ,“ਭੁੱਲਰ ਜੀ, ਇਹ ਹੋ ਸਕਦਾ ਹੈ ਕਿ ਮੈਂ ਤੁਹਾਨੂੰ ਮਖੌਲ ਕਰਾਂ?” ਫੇਰ ਹੀ ਮੈਂ ਦੂਜੇ ਕਮਰੇ ਵਿਚ ਕੋਈ ਕੰਮ ਕਰ ਰਹੀ ਗੁਰਚਰਨ ਨੂੰ ਬੁਲਾ ਕੇ ਇਹ ਖ਼ਬਰ ਦੱਸੀ। ਮਗਰੋਂ ਵੇਰਵੇ ਦਾ ਪਤਾ ਲੱਗਿਆ। ਨਿਰਣੇਕਾਰ ਬੀਬੀ ਦਲੀਪ ਕੌਰ ਟਿਵਾਣਾ, ਡਾ. ਜਗਬੀਰ ਸਿੰਘ ਤੇ ਡਾ. ਦੇਵਿੰਦਰ ਸਿੰਘ ਜੰਮੂ ਸਨ। ਬੀਬੀ ਨੇ ਮੇਰਾ ਨਾਂ ਲਿਆ ਤੇ ਦੂਜੇ ਦੋਵਾਂ ਸੱਜਨਾਂ ਨੇ ਅਪਣੇ ਸੋਚੇ ਹੋਏ ਨਾਂ ਦੱਸੇ। ਵਿਚਾਰ-ਵਟਾਂਦਰੇ ਵਿਚ ਬੀਬੀ ਨੇ ਇਕੋ ਗੱਲ ਉੱਤੇ ਜ਼ੋਰ ਦਿੱਤਾ, ਮੈਰਿਟ ਉੱਤੇ! ਕਹਿਣ ਲੱਗੇ, ਇਹ ਦੇਖੋ, ਇਹਨਾਂ ਵਿਚੋਂ ਮੈਰਿਟ ਕੀਹਦਾ ਬਣਦਾ ਹੈ। ਦੋਵੇਂ ਸੱਜਨ ਸਹਿਮਤ ਹੋ ਗਏ। ਫ਼ੈਸਲੇ ਵਿਚ ਦੋ ਗੱਲਾਂ ਨਿਰਣਈ ਰਹੀਆਂ। ਇਕ ਤਾਂ ਬੀਬੀ ਦਾ ਸਾਹਿਤਕ-ਅਕਾਦਮਿਕ ਕੱਦ ਏਨਾਂ ਹੈ ਕਿ ਮੇਰੇ ਵੇਲੇ ਦਾ ਕਨਵੀਨਰ ਕਰਨਜੀਤ ਸਿੰਘ ਤਾਂ ਕੀ, ਜੇ ਨੂਰ ਵੀ ਹੁੰਦਾ, ਉਹਦੇ ਲਈ ਵੀ ਉਹਨਾਂ ਸਾਹਮਣੇ ਕੂਣਾ ਸੰਭਵ ਨਹੀਂ ਸੀ ਹੋਣਾ। ਦੂਜਾ, ਉਹਨਾਂ ਨੇ ਮੈਰਿਟ ਉੱਤੇ ਜ਼ੋਰ ਦਿੱਤਾ ਤੇ ਬਾਕੀ ਸੱਜਨ ਸਹਿਮਤ ਹੋਏ। ਜੇ ਨਿਰਣੇਕਾਰ ਮੈਰਿਟ ਨੂੰ ਆਧਾਰ ਬਣਾਇਆ ਕਰਨ, ਇਨਾਮਾਂ ਦੁਆਲਿਉਂ ਬਹੁਤ ਸਾਰੀ ਧੁੰਦ ਹਟ ਜਾਵੇ ਤੇ ਸਾਹਿਤ ਦਾ ਬੜਾ ਭਲਾ ਹੋਵੇ। ਇਨਾਮ ਮੰਗਣ ਨੂੰ ਲਿਖਣ ਨਾਲੋਂ ਵੱਡਾ ਰੁਝੇਵਾਂ ਬਣਾਉਣ ਵਾਲੇ ਲੇਖਕ ਬੇਦਿਲ ਹੋ ਕੇ ਸਾਹਿਤਕ ਖੇਤਰ ਵਿਚ ਗੰਦ ਪਾਉਣੋਂ ਕੁਛ ਤਾਂ ਹਟਣ!

ਹੁਣ : ਇਹਨਾਂ ਤਿੰਨਾਂ ਨਾਲ ਉਸ ਸਮੇਂ ਤੁਹਾਡੇ ਰਿਸ਼ਤੇ ਕਿਹੋ ਜਿਹੇ ਸਨ?

ਭੁੱਲਰ: ਰਿਸ਼ਤੇ ਸੁਣ ਕੇ ਸ਼ਾਇਦ ਤੁਸੀਂ ਥੋੜ੍ਹੇ ਹੈਰਾਨ ਹੋ ਜਾਉਗੇ। ਬੀਬੀ ਦਾ ਮੈਂ Eਵੇਂ ਆਦਰ ਕਰਦਾ ਹਾਂ ਜਿਵੇਂ ਅਪਣੇ ਤੋਂ ਵੱਡੇ ਲੇਖਕਾਂ ਦਾ ਆਦਰ ਕਰਨ ਦਾ ਮੇਰਾ ਮੱਤ ਤੇ ਸੁਭਾਅ ਹੈ। ਜਾਣਦੇ ਬਹੁਤਾ ਅਸੀਂ ਇਕ ਦੂਜੇ ਦੀਆਂ ਲਿਖਤਾਂ ਤੋਂ ਹੀ ਹਾਂ। ਦੋਵਾਂ ਦੇ ਏਨੇਂ ਲੰਮੇ ਸਾਹਿਤਕ ਜੀਵਨ ਵਿਚ ਮਿਲੇ ਅਸੀਂ ਮਸਾਂ ਪੰਜ-ਸੱਤ ਵਾਰ ਹੋਵਾਂਗੇ, ਉਹ ਵੀ ਮੀਟਿੰਗਾਂ ਤੇ ਸਮਾਗਮਾਂ ਵਿਚ ਜਿਥੇ ਦੁਆ-ਸਲਾਮ ਤੇ ਸੁੱਖਸਾਂਦ ਤੋਂ ਲੰਮੀ ਗੱਲ ਹੋਣੀ ਸੰਭਵ ਨਹੀਂ ਹੁੰਦੀ। ਡਾ. ਜਗਬੀਰ ਸਿੰਘ ਨਾਲ ਵੀ ਮੁਲਾਕਾਤਾਂ ਕਦੀ-ਕਦਾਈਂ ਸਾਹਿਤਕ ਇਕੱਠਾਂ ਵਿਚ ਹੀ ਹੁੰਦੀਆਂ ਰਹੀਆਂ ਹਨ। ਡਾ. ਦੇਵਿੰਦਰ ਸਿੰਘ ਨਾਲ ਤਾਂ ਮੇਰੀ ਮੁਲਾਕਾਤ ਸ਼ਾਇਦ ਕਦੀ ਕਿਸੇ ਇਕੱਠ ਵਿਚ ਵੀ ਨਹੀਂ ਹੋਈ। ਜਿਸ ਮਾਹੌਲ ਵਿਚ ਤੇ ਜਿਸ ਸਹਿਮਤੀ ਨਾਲ ਉਹਨਾਂ ਨੇ ਮੇਰੇ ਪੱਖ ਵਿਚ ਫ਼ੈਸਲਾ ਲਿਆ, ਉਹਦੇ ਲਈ ਮੇਰਾ ਧੰਨਵਾਦੀ ਹੋਣਾ ਹੀ ਬਣਦਾ ਹੈ। ਉਹਨਾਂ ਨੇ ਇਸ ਇਨਾਮ ਦੁਆਲੇ ਬੁਣੇ ਹੋਏ ਮਕੜੀ-ਜਾਲ ਨੂੰ ਤੋੜਿਆ। ਪਰ ਇਸਤੋਂ ਵੀ ਵੱਡੀ ਮਹੱਤਤਾ ਵਾਲਾ ਉਹ ਸੁਨੇਹਾ ਹੈ ਜੋ ਉਹਨਾਂ ਨੇ ਦਿੱਤਾ ਹੈ। ਨਿਰਣੇਕਾਰਾਂ ਨੂੰ ਪੇਸ਼ਾਵਰ ਇਨਾਮਬਾਜ਼ਾਂ ਦਾ ਦਬਾਅ ਪੂੰਝ ਕੇ ਸੁਟਦਿਆਂ ਅਪਣਾ ਗੌਰਵ ਪਛਾਨਣਾ ਤੇ ਸਵੈਮਾਣ ਕਾਇਮ ਰੱਖਣਾ ਚਾਹੀਦਾ ਹੈ। ਉਹਨਾਂ ਨੂੰ ਚਾਪਲੂਸੀ, ਗਉਂ-ਗਰਜ਼ ਤੇ ਵਾਰੀ-ਵੱਟੇ ਜਿਹੀਆਂ ਸੋਚਾਂ ਅਧੀਨ ਇਨਾਮੀ ਹੇਰਾਫੇਰੀਆਂ ਕਰਨ-ਕਰਾਉਣ ਵਾਲਿਆਂ ਦੇ ਮੋਹਰੇ ਨਹੀਂ ਬਨਣਾ ਚਾਹੀਦਾ।

ਹੁਣ : ਸੱਚ ਦੱਸਣਾ, ਮਗਰੋਂ ਤੁਹਾਨੂੰ ਇਨਾਮ ਦੁਆਏ ਹੋਣ ਦਾ ਅਹਿਸਾਨ ਜਤਾਉਂਦਾ ਕੋਈ ਫ਼ੋਨ ਆਇਆ ਕਿ ਨਹੀਂ?

ਭੁੱਲਰ: ਨਹੀਂ, ਮੈਨੂੰ ਅਜਿਹਾ ਕੋਈ ਫ਼ੋਨ ਨਹੀਂ ਆਇਆ। ਨੂਰ ਦੀ ਆਦਤ ਸੀ, ਜਦੋਂ ਵੋਟਾਂ ਗੰਢੀਆਂ ਜਾਂਦੀਆਂ, ਉਹ ਮੀਟਿੰਗ ਤੋਂ ਪਹਿਲਾਂ ਹੀ ਅਗਲੇ ਨੂੰ ਕਹਿਣ ਲਗਦਾ, ਬਈ ਇਸ ਵਾਰ ਤੈਨੂੰ ਦਿਵਾ ਰਹੇ ਹਾਂ ਇਨਾਮ। ਮੀਟਿੰਗ ਪਿੱਛੋਂ ਉਹ ਸਭ ਨੂੰ ਆਖਦਾ ਕਿ ਅਕਾਦਮੀ ਦੇ ਐਲਾਨ ਤੋਂ ਪਹਿਲਾਂ ਫ਼ੈਸਲਾ ਬਾਹਰ ਨਹੀਂ ਜਾਣਾ ਚਾਹੀਦਾ ਪਰ ਆਪ ਪਾੱਸੇ ਹੋ ਕੇ ਫ਼ੋਨ ਕਰਦਾ, ਹੋ ਗਿਆ ਬਈ ਤੇਰਾ ਫ਼ੈਸਲਾ। ਇਕ ਵਾਰ ਤਾਂ ਉਹਨੇ ਇਕ ਪਰਵਾਸੀ ਲੇਖਕ ਨੂੰ, ਜੋ ਉਹਨੀਂ ਦਿਨੀਂ ਭਾਰਤ ਆ ਰਿਹਾ ਸੀ, ਆਖਿਆ ਸੀ ਕਿ ਉਹ ਇਨਾਮ-ਭੇਟ ਸਮਾਗਮ ਤੱਕ ਛੁੱਟੀ ਲੈ ਕੇ ਆਵੇ ਕਿਉਂਕਿ ਇਨਾਮ ਤਾਂ ਇਸ ਵਾਰ ਉਹਦਾ ਪੱਕਾ ਹੀ ਹੈ! ਮੈਨੂੰ ਕਈ ਵੱਡੇ ਇਨਾਮ ਮਿਲੇ ਹਨ। ਕੋਈ ਸੱਜਣ ਨਾਂ ਪੇਸ਼ ਕਰਦਾ ਹੋਵੇਗਾ ਤੇ ਕੋਈ ਤਾਈਦ ਕਰਦੇ ਹੋਣਗੇ। ਅੱਜ ਤੱਕ ਕਿਸੇ ਇਕ ਨੇ ਵੀ ਨਹੀਂ ਕਿਹਾ, ਲੈ ਬਈ ਤੈਨੂੰ ਇਨਾਮ ਦੁਆ ਦਿੱਤਾ। ਸਾਹਿਤ ਅਕਾਦਮੀ ਤੋਂ ਬਿਨਾਂ ਮੈਨੂੰ ਅਪਣੇ ਕਿਸੇ ਵੀ ਇਨਾਮ ਬਾਰੇ ਪਤਾ ਨਹੀਂ ਕਿ ਉਹ ਕਿਨ੍ਹਾਂ ਸੱਜਣਾਂ ਸਦਕਾ ਮਿਲਿਆ। ਸਗੋਂ ਮੈਂ ਕੁਛ ਇਨਾਮਾਂ ਬਾਰੇ ਤਾਂ ਜਾਨਣਾ ਵੀ ਚਾਹੁੰਦਾ ਸੀ। ਹਰ ਵਾਰ ਮੇਰੀ ਇਹੋ ਹੈਰਾਨੀ ਬਣੀ ਰਹੀ ਹੈ,“ਐਡਾ ਮੇਰਾ ਕੌਣ ਦਰਦੀ, ਸੁੱਤੀ ਪਈ ਨੂੰ ਪੱਖੇ ਦੀ ਝੱਲ ਮਾਰੀ!” ਹਾਂ, ਇਕ ਵਾਰ ਬੜੀ ਦਿਲਚਸਪ ਗੱਲ ਹੋਈ। ਮੈਨੂੰ ਕੁਲਵੰਤ ਸਿੰਘ ਵਿਰਕ ਇਨਾਮ ਮਿਲਣ ਤੋਂ ਕੁਛ ਹਫ਼ਤੇ ਮਗਰੋਂ ਇਕ ਸਾਹਿਤਕ ਸਮਾਗਮ ਵਿਚ ਵਿਹਲੇ ਵੇਲੇ ਮੈਂ ਟੀ. ਆਰ. ਵਿਨੋਦ ਨੂੰ ਕਿਸੇ ਨਾਲ ਗੱਲੀਂ ਲੱਗਿਆ ਦੇਖ ਕੇ ਕੋਲੋਂ ਦੀ ਲੰਘ ਚੱਲਿਆ। ਵਿਨੋਦ ਬੋਲਿਆ, ਉਇ ਭਾਈ ਭੁੱਲਰ, ਕੱਲ੍ਹ ਤੈਨੂੰ ਇਨਾਮ ਦੁਆਇਐ, ਬਿਨਾਂ ਬੋਲੇ ਕੋਲ ਦੀ ਤੁਰਿਆ ਜਾਨੈਂ! ਮੈਂ ਹੱਸ ਕੇ ਕੋਲ ਚਲਿਆ ਗਿਆ। ਮਗਰੋਂ ਮੈਂ ਉਸ ਇਨਾਮ ਨਾਲ ਸੰਬੰਧਿਤ ਇਕ ਮਿੱਤਰ ਤੋਂ ਪਤਾ ਕੀਤਾ। ਵਿਨੋਦ ਨੇ ਕਿਸੇ ਹੋਰ ਲਈ ਜ਼ੋਰ ਮਾਰਿਆ ਸੀ। ਇਹ ਗੱਲ ਮੈਂ ਅੱਜ ਪਹਿਲੀ ਵਾਰ ਵਿਨੋਦ ਦੇ ਜਾਣ ਪਿੱਛੋਂ ਦੱਸ ਰਿਹਾ ਹਾਂ। ਉਹਦੇ ਜਿਉਂਦੇ-ਜੀਅ ਮੈਂ ਇਹ ਗੱਲ ਚਿਤਾਰ ਕੇ ਅਪਣੇ ਉਸ ਦੋਸਤ ਨੂੰ ਕੱਚਾ ਨਹੀਂ ਸੀ ਕਰਨਾ ਚਾਹੁੰਦਾ। ਮੈਂ ਉਹਨੂੰ ਪਤਾ ਹੀ ਨਹੀਂ ਲੱਗਣ ਦਿੱਤਾ ਕਿ ਮੈਨੂੰ ਪਤਾ ਲੱਗ ਗਿਆ ਸੀ!

ਇਨਾਮਾਂ-ਸਨਮਾਨਾਂ ਦਾ ਮਹੱਤਵ

ਹੁਣ : ਇਨਾਮਾਂ-ਸਨਮਾਨਾਂ ਨੂੰ ਤੁਸੀਂ ਕਿੰਨਾ ਮਹੱਤਵ ਦਿੰਦੇ ਹੋ? ਲੇਖਕਾਂ ਨੂੰ ਇਹਨਾਂ ਦੀ ਪ੍ਰਾਪਤੀ ਕਿਵੇਂ ਲੈਣੀ ਚਾਹੀਦੀ ਹੈ?

ਭੁੱਲਰ: ਬਿਨਾਂ ਕਿਸੇ ਜਤਨ ਤੋਂ ਆਪੇ ਝੋਲੀ ਪਏ ਹੋਣ ਕਰਕੇ ਮੈਨੂੰ ਹਰ ਛੋਟੇ-ਵੱਡੇ ਇਨਾਮ ਨੇ ਤਸੱਲੀ ਤੇ ਖ਼ੁਸ਼ੀ ਦਿੱਤੀ ਹੈ। ਲੇਖਕ ਨੂੰ ਸਨਮਾਨਾਂ ਵੱਲ ਨਿਮਰ ਰਵਈਆ ਤੇ ਠਰ੍ਹੰਮਾ ਦਿਖਾਉਣਾ ਚਾਹੀਦਾ ਹੈ। ਬਦਕਿਸਮਤੀ ਨੂੰ ਇਥੇ ਤਾਂ ਦੌੜ ਲੱਗ ਜਾਂਦੀ ਹੈ। ਕਈ ਤਾਂ ਸਿਰਧੜ ਦੀ ਬਾਜ਼ੀ ਲਾ ਦਿੰਦੇ ਹਨ। ਕਈ ਸੱਜਨ ਇਨਾਮ ਲੈਂਦੇ ਹੀ ਨਹੀਂ, ਬੁਰੀ ਤਰ੍ਹਾਂ ਪਰਚਾਰਦੇ ਵੀ ਹਨ। ਅਪਣੇ ਨਾਂ ਨਾਲ ਸ਼੍ਰੋਮਣੀ ਕਵੀ, ਸ਼੍ਰੋਮਣੀ ਸਾਹਿਤਕਾਰ, ਸਾਹਿਤ ਅਕਾਦਮੀ ਪੁਰਸਕਾਰ ਵਿਜੈਤਾ, ਆਦਿ ਵਿਸ਼ੇਸ਼ਣ ਬਣਾ ਕੇ ਜੋੜ ਲਏ ਜਾਂਦੇ ਹਨ। ਛੋਟਾ-ਵੱਡਾ ਪਦਮ ਇਨਾਮ ਦੇਣ ਵੇਲੇ ਸਰਕਾਰ ਉਹਨਾਂ ਨੂੰ ਨਾਂ ਨਾਲ ਲਿਖਣ ਦੀ ਕਾਨੂੰਨੀ ਮਨਾਹੀ ਬਾਰੇ ਜਾਣਕਾਰੀ ਦੇ ਦਿੰਦੀ ਹੈ। ਫੇਰ ਵੀ ਉਹਨਾਂ ਵਿਚੋਂ ਸਭ ਤੋਂ ਛੋਟੇ ਪਦਮਸ਼੍ਰੀ ਨੂੰ ਵੀ ਨਾਂ ਦਾ ਹਿੱਸਾ ਹੀ ਬਣਾ ਲਿਆ ਜਾਂਦਾ ਹੈ। ਮੈਨੂੰ ਲੇਖਕ ਦਾ ਅਪਣੇ ਸਾਹਿਤਕ ਨਾਂ ਤੋਂ ਬਿਨਾਂ ਅਪਣੇ ਨਾਲ ਕੋਈ ਹੋਰ ਪਛਾਣ ਜੋੜਨਾ, ਲੈਟਰਪੈਡ ਉੱਤੇ ਇਨਾਮਾਂ ਤੇ ਪੁਸਤਕਾਂ ਦੀਆਂ ਸੂਚੀਆਂ ਛਪਵਾਉਣਾ ਕਦੀ ਵੀ ਸਮਝ ਨਹੀਂ ਆਇਆ। ਮੇਰਾ ਖਿ਼ਆਲ ਹੈ, ਅਪਣੇ ਨਾਂ ਨਾਲ ਇਨਾਮਾਂ-ਸਨਮਾਨਾਂ ਦੇ ਵਿਸ਼ੇਸ਼ਣ ਜੋੜਨ ਵਾਲੇ ਲੇਖਕ ਹੌਲੇ ਹੋਣ ਦੀ ਹੀਣਭਾਵਨਾ ਵਿਚੋਂ ਨਿਕਲਣ ਲਈ ਅਜਿਹੇ ਵੱਟਿਆਂ ਨਾਲ ਅਪਣਾ ਭਾਰ ਵਧਾਉਣਾ ਚਾਹੁੰਦੇ ਹਨ। ਜਿਵੇਂ ਮੈਂ ਪਹਿਲਾਂ ਕਿਹਾ ਹੈ, ਸਮੁੱਚੀ ਸਥਿਤੀ ਕਾਰਨ ਸਾਹਿਤ ਅਕਾਦਮੀ ਪੁਰਸਕਾਰ ਨੇ ਵਧੀਕ ਖ਼ੁਸ਼ੀ ਦਿੱਤੀ। ਪਰ ਇਸ ਨਾਲ ਕੁਛ ਦੋਸਤਾਂ ਨੂੰ ਹੋਏ ਦੁੱਖ ਲਈ ਮੈਨੂੰ ਵੀ ਦੁੱਖ ਹੈ। ਅਕਾਦਮੀ ਦੇ ਹਰ ਸਮਾਗਮ ਸਮੇਂ ਵਿਆਹ ਵਾਲੇ ਘਰ ਦੀ ਨਾਇਣ ਵਾਂਗ ਫਿਰਨ ਵਾਲੇ ਨੂਰ ਜੀ ਇਨਾਮੀ ਸਮਾਗਮ ਵਾਲੇ ਦੋ ਦਿਨ ਅਪਣੇ ਸੰਗੀਆਂ-ਸਾਥੀਆਂ ਸਮੇਤ ਉਸ ਸੜਕੋਂ ਵੀ ਨਹੀਂ ਲੰਘੇ। ਹੋਰ ਤਾਂ ਹੋਰ, ਜਿਥੇ ਬਾਕੀ ਸਭ ਭਾਸ਼ਾਵਾਂ ਦੇ ਕਨਵੀਨਰ ਅਪਣੀਆਂ ਭਾਸ਼ਾਵਾਂ ਨੂੰ ਮਿਲੇ ਇਨਾਮਾਂ ਨਾਲ ਖ਼ੁਸ਼ ਦੋਵੇਂ ਦਿਨ ਹਾਜਿ਼ਰ ਰਹੇ, ਪੰਜਾਬੀ ਦਾ ਕਨਵੀਨਰ ਕਰਨਜੀਤ ਸਿੰਘ ਵੀ ਦੋਵੇਂ ਦਿਨ ਅਕਾਦਮੀ ਦੀ ਦਿਹਲੀ ਨਹੀਂ ਟੱਪ ਸਕਿਆ। ਇਹਨਾਂ ਸਭਨਾਂ ਦਾ ਦੁੱਖ ਦੇਖ ਕੇ ਇਕ ਵਾਰ ਇਨਾਮ ਮੋੜਨ ਦੀ ਗੱਲ ਵੀ ਮਨ ਵਿਚ ਆਈ ਪਰ ਉਹ ਸੰਭਵ ਨਹੀਂ ਸੀ ਕਿਉਂਕਿ ਜਦੋਂ ਰਾਮਰੌਲਾ ਪੈਣ ਕਰਕੇ ਮਹਿਬੂਬ ਨੇ ਇਨਾਮ ਮੋੜਨ ਦੀ ਗੱਲ ਕੀਤੀ ਸੀ ਤਾਂ ਅਕਾਦਮੀ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਸਾਡੇ ਨੇਮਾਂ ਵਿਚ ਇਨਾਮ ਦੇਣ ਦੀ ਵਿਵਸਥਾ ਤਾਂ ਹੈ ਪਰ ਇਨਾਮ ਵਾਪਸ ਲੈਣ ਦੀ ਕੋਈ ਵਿਵਸਥਾ ਨਹੀਂ।

ਹੁਣ : ਤੁਸੀਂ ਇਕ ਵਾਰ ਕੋਈ ਇਨਾਮ ਮੋੜ ਵੀ ਦਿੱਤਾ ਸੀ?

ਭੁੱਲਰ: ਹਾਂ, ਕੈਨੇਡਾ ਵਾਲੇ (ਹੁਣ ਮਰਹੂਮ) ਦਰਸ਼ਨ ਗਿੱਲ ਵੱਲੋਂ ਪਤਨੀ ਦੀ ਯਾਦ ਵਿਚ ਦਿੱਤਾ ਜਾਂਦਾ ਇੱਕੀ ਹਜ਼ਾਰ ਰੁਪਏ ਦਾ ਇਨਾਮ ਸੀ। ਕਾਰਨ ਮੇਰਾ ਪਹਿਲਾਂ ਕੀਤਾ ਹੋਇਆ ਇਹ ਫ਼ੈਸਲਾ ਸੀ ਕਿ ਜੋ ਇਨਾਮ ਲੋਕ ਨਿੱਜੀ ਰੂਪ ਵਿਚ, ਭਾਵ ਕਿਸੇ ਸਾਹਿਤਕ ਸੰਸਥਾ ਨੂੰ ਮੋਹਰੀ ਬਣਾਏ ਬਿਨਾਂ, ਦਿੰਦੇ ਹਨ, ਉਹ ਨਹੀਂ ਲੈਣੇ। ਇਸਦਾ ਇਕ ਕਾਰਨ ਸੀ। ਜਿਸ ਵਿਰਕ ਇਨਾਮ ਦਾ ਮੈਂ ਪਹਿਲਾਂ ਜਿ਼ਕਰ ਕੀਤਾ ਹੈ, ਉਸਦੀ ਰਕਮ ਉਹਨਾਂ ਦੇ ਪਰਿਵਾਰ ਵੱਲੋਂ ਹੀ ਦਿੱਤੀ ਜਾਂਦੀ ਸੀ। ਕੁਛ ਚਿਰ ਮਗਰੋਂ ਦਿੱਲੀ ਤੋਂ ਸ਼੍ਰੀਮਤੀ ਵਿਰਕ ਦਾ ਫ਼ੋਨ ਆਇਆ। ਅਸੀਂ ਸਿਰਫ਼ ਇਕ ਵਾਰ, ਸਮਾਗਮ ਵਿਚ ਹੀ ਮਿਲੇ ਸੀ। ਨਿੱਜੀ ਕੰਪਨੀਆਂ ਦੇ ਫ਼ੋਨਾਂ ਦੇ ਇਨਕਲਾਬ ਤੋਂ ਪਹਿਲਾਂ ਦੀ, ਸਰਕਾਰੀ ਫ਼ੋਨ ਦੀ ਸਰਦਾਰੀ ਵੇਲੇ ਦੀ ਗੱਲ ਹੈ। ਫ਼ੋਨ ਵਿਚਾਲੇ ਕੱਟਿਆ ਗਿਆ। ਮੈਂ ਦੁਬਾਰਾ ਮਿਲਾਇਆ ਤੇ ਸਤਿਕਾਰ ਦੇ ਨਾਤੇ ਕਿਹਾ, ਤੁਸੀਂ ਘਰ ਆਉ। ਉਹ ਕੜਾਕ ਬੋਲੀ,“ਇਹ ਹੋਈ ਨਾ ਗੱਲ! ਮੈਂ ਵੀ ਕਹਾਂ, ਕੱਲ੍ਹ ਪੰਜ ਹਜ਼ਾਰ ਦੇ ਕੇ ਹਟੀ ਹਾਂ, ਘਰ ਆਉਣ ਦੀ ਸੁਲਾਹ ਵੀ ਨਹੀਂ ਮਾਰੀ।” ਲਉ ਜੀ, ਮੈਂ ਤਾਂ ਪਾਣੀ ਪਾਣੀ ਹੋ ਗਿਆ। ਜਾਹ ਜਾਂਦੀਏ, ਮੇਰੇ ਨਾਲ ਸੰਪਰਕ ਤਾਂ ਲੇਖਕਾਂ ਨੇ ਕੀਤਾ ਸੀ, ਇਹ ਕੀ ਹੋ ਗਿਆ! ਸਿਆਣੇ ਕਹਿੰਦੇ ਹਨ, ਲੱਖੀਂ ਹੱਥ ਨਾ ਆਉਂਦੀ, ਦਾਨਿਸ਼ਮੰਦਾਂ ਦੀ ਪਤ! ਇਹ ਸ਼੍ਰੀਮਤੀ ਵਿਰਕ ਦਾ ਜਿ਼ੰਦਗੀ ਵਿਚ ਮੈਨੂੰ ਪਹਿਲਾ ਤੇ ਆਖ਼ਰੀ ਫ਼ੋਨ ਸੀ ਜੋ ਸ਼ਾਇਦ ਅਹਿਸਾਨ ਜਤਾਉਣ ਲਈ ਹੀ ਕੀਤਾ ਗਿਆ ਸੀ। ਮੈਂ ਗੁਰਚਰਨ ਨੂੰ ਕਿਹਾ, ਅੱਜ ਹੀ ਚੈੱਕ ਕੱਟ ਕੇ ਭੇਜ ਦੇਈਏ। ਉਹ ਕਹਿੰਦੀ,“ਬੱਸ ਚੁੱਪ ਕਰ ਕੇ ਇਹ ਗੱਲ ਪੀ ਹੀ ਜਾਉ। ਵਿਰਕ ਜੀ ਦਾ ਨਾਂ ਤੇ ਤੁਹਾਡਾ ਨਾਂ ਵਿਵਾਦ ਵਿਚ ਪੈਣਗੇ। ਤੁਹਾਡੇ ਜਿਨ੍ਹਾਂ ਦੋਸਤਾਂ ਨੇ ਅੱਗੇ ਲੱਗ ਕੇ ਇਨਾਮ ਦੁਆਇਆ ਹੈ, ਉਹ ਵੱਖ ਪ੍ਰੇਸ਼ਾਨ ਹੋਣਗੇ। ਅੱਗੇ ਨੂੰ ਅਜਿਹਾ ਮੌਕਾ ਆਇਆ ਪਹਿਲਾਂ ਸੋਚ ਲਿਆ ਕਰਾਂਗੇ।” ਮੈਂ ਵੀ ਕਿਹਾ,“ਠੀਕ ਹੈ, ਆਗੇ ਸਮਝ ਚਲੋ ਨੰਦ ਲਾੱਲਾ! ਅੱਗੇ ਤੋਂ ਨਿੱਜੀ ਜੇਬਾਂ ਵਿਚੋਂ ਦਿੱਤੇ ਜਾਂਦੇ ਇਨਾਮ ਨਹੀਂ ਲੈਣੇ।” ਅਸਲ ਵਿਚ ਤਾਂ ਅਜਿਹੇ ਇਨਾਮਾਂ ਵਾਲਿਆਂ ਨੂੰ ਨਿੱਜੀ ਚੌਧਰ ਦਾ ਮੋਹ ਤਿਆਗ ਕੇ ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਦੇ ਧਾਲੀਵਾਲ ਪੁਰਸਕਾਰਾਂ ਵਾਲਾ ਰਾਹ ਫੜਨਾ ਚਾਹੀਦਾ ਹੈ। ਭਾਵ ਉਹ ਪੈਸੇ ਤੇ ਲੇਖਕਾਂ ਦੀ ਚੋਣ ਆਦਿ ਦੇ ਸਭ ਅਧਿਕਾਰ ਕਿਸੇ ਸਾਹਿਤਕ ਸੰਸਥਾ ਨੂੰ ਦੇਣ ਅਤੇ ਆਪ ਬਿਲਕੁਲ ਲਾਂਭੇ ਹਟ ਜਾਣ। ਅਜਿਹਾ ਸਨਮਾਨ ਲੈਣਾ ਲੇਖਕ ਲਈ ਮਾਣ ਵਾਲੀ ਗੱਲ ਹੋਵੇਗੀ ਕਿਉਂਕਿ ਉਹ ਸੰਸਥਾ ਵੱਲੋਂ ਮਿਲਿਆ ਹੋਵੇਗਾ, ਕਿਸੇ ਵਿਅਕਤੀ ਤੋਂ ਨਹੀਂ।

ਸੋਵੀਅਤ ਅੰਬੈਸੀ ਵਿਚ ਕੰਮ

ਹੁਣ : ਤੁਸੀਂ ਸੋਵੀਅਤ ਅੰਬੈਸੀ ਵਿਚ ਕੰਮ ਕਰਦਿਆਂ ਸੋਵੀਅਤ ਰੂਸ ਦੀ ਸ਼ਲਾਘਾ ਕਰਦੇ ਰਹੇ ਹੋਵੋਗੇ। ਪਿੱਛੇ ਜਿਹੇ ਤੁਸੀਂ ਅਪਣੀ ਅਮਰੀਕਾ ਫੇਰੀ ਦੇ ਸੰਸਮਰਨ ਲਿਖਦਿਆਂ ਉਥੋਂ ਦੇ ਪੂੰਜੀਵਾਦੀ ਸਮਾਜ ਦੀ ਭਰਪੂਰ ਪ੍ਰਸੰਸਾ ਕੀਤੀ ਹੈ। ਤੁਸੀਂ ਕਿਤੇ ‘ਜਿਸਦਾ ਖਾਈਏ, ਉਸੇ ਦੇ ਗੁਣ ਗਾਈਏ’ ਵਾਲੀ ਨੀਤੀ ਉੱਤੇ ਤਾਂ ਨਹੀਂ ਚੱਲ ਰਹੇ?

ਭੁੱਲਰ: ਸੋਵੀਅਤ ਦੂਤਾਵਾਸ ਵਿਚ ਕੰਮ ਕਰਦਿਆਂ ਸੋਵੀਅਤ ਯੂਨੀਅਨ ਦੀ ਪ੍ਰਸੰਸਾ ਕਰਨਾ ਨਾ ਤਾਂ ਸਾਡੇ ਕਾਰਜ ਵਿਚ ਸ਼ਾਮਲ ਸੀ, ਨਾ ਇਹਦੀ ਲੋੜ ਪੈਂਦੀ ਸੀ ਤੇ ਨਾ ਇਹਦਾ ਕੋਈ ਮੌਕਾ ਬਣਦਾ ਸੀ। ‘ਸੋਵੀਅਤ ਦੇਸ’, ‘ਸੋਵੀਅਤ ਦਰਪਨ’, ਪ੍ਰੈਸ-ਰਿਲੀਜ਼ਾਂ ਤੇ ਪੁਸਤਕਾਂ ਦੇ ਸੰਬੰਧ ਵਿਚ ਸਾਡਾ ਕੰਮ ਅੰਗਰੇਜ਼ੀ ਵਿਚ ਦਿੱਤੀ ਗਈ ਲਿਖਤ ਨੂੰ ਪੰਜਾਬੀ ਵਿਚ ਹੂਬਹੂ ਛਾਪਣਾ ਹੁੰਦਾ ਸੀ। ਹੂਬਹੂ, ਭਾਵ ਉਸ ਵਿਚ ਧਰਮ-ਗ੍ਰੰਥ ਵਾਂਗ ਅਸੀਂ ਲਗ-ਕੰਨਾ ਵੀ ਬਦਲ ਨਹੀਂ ਸੀ ਸਕਦੇ। ਜੇ ਥਾਂ ਦੀ ਮਜਬੂਰੀ ਕਰਕੇ ਕੋਈ ਸਤਰ ਕੱਟਣੀ ਪੈਂਦੀ, ਉਹਦੀ ਮਨਜ਼ੂਰੀ ਵੀ ਰੂਸੀ ਸੰਪਾਦਕ ਤੋਂ ਲੈਣੀ ਪੈਂਦੀ ਸੀ। ਪਰ ਇਹਦਾ ਅਰਥ ਇਹ ਨਹੀਂ ਕਿ ਮੈਂ ਸੋਵੀਅਤ ਯੂਨੀਅਨ ਦਾ ਪ੍ਰਸੰਸਕ ਨਹੀਂ ਸੀ। ਸੀ ਕੀ, ਮੈਂ ਹੁਣ ਵੀ ਹਾਂ। ਅਪਣੇ ਕਈ ਔਗੁਣਾਂ ਤੇ ਕੁਰਾਹਿਆਂ ਦੇ ਬਾਵਜੂਦ, ਜੋ ਉਹਦੇ ਨਿਘਾਰ ਦਾ ਕਾਰਨ ਬਣੇ, ਸੋਵੀਅਤ ਯੂਨੀਅਨ ਨੇ ਸੰਸਾਰ ਦੇ ਇਤਿਹਾਸ ਵਿਚ ਬਹੁਤ ਵੱਡੀ ਕਦਰਜੋਗ ਤੇ ਯਾਦਗਾਰੀ ਭੂਮਿਕਾ ਨਿਭਾਈ। ਜੇ ਅਕਤੂਬਰ ਇਨਕਲਾਬ ਨਾ ਵਾਪਰਿਆ ਹੁੰਦਾ, ਦੁਨੀਆ ਦਾ ਨਕਸ਼ਾ ਅੱਜ ਵਾਲਾ ਬਿਲਕੁਲ ਨਾ ਹੁੰਦਾ। ਸਾਡੇ ਦੇਸ ਸਮੇਤ ਅਨੇਕ ਅਫ਼ਰੀਕੀ-ਏਸ਼ੀਆਈ ਦੇਸਾਂ ਨੂੰ ਅਪਣੀ ਆਜ਼ਾਦੀ ਲਈ ਹੋਰ ਔਖਾ, ਹੋਰ ਲੰਮਾ, ਹੋਰ ਖ਼ੂਨੀ ਸੰਗਰਾਮ ਲੜਨਾ ਪੈਂਦਾ। ਸੰਸਾਰ ਉੱਤੇ ਸਾਮਰਾਜੀ ਜਕੜ ਹੋਰ ਪੀਡੀ ਬਣੀ ਰਹਿੰਦੀ। ਸੋਵੀਅਤ ਯੂਨੀਅਨ ਨੇ ਵਿਕਾਸਸ਼ੀਲ ਅਫ਼ਰੀਕੀ-ਏਸ਼ੀਆਈ ਦੇਸਾਂ ਨੂੰ ਸਾਮਰਾਜੀ-ਪੂੰਜੀਵਾਦੀ ਧੱਕੇਸ਼ਾਹੀਆਂ ਤੋਂ ਬਚਾਇਆ, ਸਨਅਤੀਕਰਨ ਵਿਚ ਮਦਦ ਦਿੱਤੀ, ਸੰਸਾਰ-ਪਿੜ ਵਿਚ ਉਹਨਾਂ ਦੀ ਮਾਨਤਾ ਵਧਾਉਣ ਵਿਚ ਹਿੱਸਾ ਪਾਇਆ, ਉਹਨਾਂ ਦੇ ਲੱਖਾਂ ਮੁੰਡੇ-ਕੁੜੀਆਂ ਨੂੰ ਅਪਣੇ ਖਰਚੇ ਨਾਲ ਡਾਕਟਰ-ਇੰਜੀਨੀਅਰ ਬਣਾਇਆ, ਵਗੈਰਾ ਵਗੈਰਾ। ਅਸੀਂ ਤਨਖ਼ਾਹ ਲੈਂਦੇ ਸੀ ਤੇ ਕੰਮ ਕਰਦੇ ਸੀ। ਇਹ ਗੱਲ ਵੱਖਰੀ ਹੈ ਕਿ ਉਹ ਕੰਮ ਸਾਡੇ ਵਿਚਾਰਾਂ ਨਾਲ ਮੇਲ ਖਾਂਦਾ ਸੀ। ਇਸ ਵਿਚ ਮੁਫ਼ਤ ਦਾ ਖਾ ਕੇ ਗੁਣ ਗਾਉਣ ਵਾਲੀ ਕੋਈ ਗੱਲ ਉੱਕਾ ਹੀ ਨਹੀਂ ਸੀ।

ਅਮਰੀਕਾ ਬਾਰੇ ਮੇਰੇ ਸੰਬੰਧੀ ਟਿੱਪਣੀ ਤਾਂ ਤੁਸੀਂ ਬਿਲਕੁਲ ਮੇਰੀ ਪੁਸਤਕ ਪੜ੍ਹੇ-ਸਮਝੇ ਬਿਨਾਂ ਕੀਤੀ ਲਗਦੀ ਹੈ। ਭਾਈ ਮੇਰਿE, ਅਮਰੀਕੀ ਮੈਨੂੰ ਕਿਉਂ ਕੁਛ ਖਵਾਉਂਦੇ ਤੇ ਮੈਂ ਖਾਂਦਾ ਵੀ ਕਿਉਂ? ਮੈਂ ਕਿਸੇ ਦਾ ਸੱਦਿਆ ਤਾਂ ਗਿਆ ਨਹੀਂ ਸੀ। ਮੈਂ ਤਾਂ ਆਬਦੀ ਵੀਹਾਂ ਨਹੁੰਆਂ ਦੀ ਨੇਕ ਤੇ ਕਠਿਨ ਕਮਾਈ ਦੇ ਪੰਤਾਲੀ ਰੁਪਈਆਂ ਬਦਲੇ ਸਿਰਫ਼ ਇਕ ਦੇ ਹਿਸਾਬ ਨਾਲ ਮਿਲਦੇ ਡਾੱਲੇ ਖਰਚ ਕੇ ਉਥੇ ਗਿਆ-ਰਿਹਾ ਸੀ! ਮੈਂ ਪੁਸਤਕ ਵਿਚ ਕਿਤੇ ਵੀ, ਕਿਵੇਂ ਵੀ ਪੂੰਜੀਵਾਦੀ ਸਮਾਜ ਦੀ ਪ੍ਰਸੰਸਾ ਨਹੀਂ ਕੀਤੀ ਸਗੋਂ ਲਗਾਤਾਰ ਨਿੱਘਰਦੀ ਅਮਰੀਕੀ ਆਰਥਕਤਾ, ਇਰਾਕ ਦੀ ਜੰਗ ਤੇ ਉਸ ਵਿਚ ਨਿਸਚਿਤ ਅਮਰੀਕੀ ਹਾਰ (ਜੋ ਹੁਣ ਵਾਪਰ ਰਹੀ ਹੈ), ਆਦਿਵਾਸੀਆਂ, ਬੇਰੁਜ਼ਗਾਰਾਂ ਤੇ ਬੇਘਰਿਆਂ ਦੀ ਦੁਰਦਸ਼ਾ ਆਦਿ ਦੇ ਹਵਾਲੇ ਨਾਲ ਸਾਮਰਾਜੀ ਰਾਜਨੀਤਕ ਚਾਲਾਂ ਤੇ ਪੂੰਜੀਵਾਦੀ ਆਰਥਕ ਨੀਤੀਆਂ ਦਾ ਵਿਰੋਧ ਕੀਤਾ ਹੈ। ਮੇਰੇ ਅਮਰੀਕੀ ਦੌਰੇ ਦਾ ਇਕ ਮੁੱਖ ਉਦੇਸ਼ ਇਹ ਰਹੱਸ ਜਾਨਣਾ ਸੀ ਕਿ ਸਾਡੇ ਆਮ ਲੋਕ ਤਾਂ ਉਸ ਦੁਨੀਆ ਵਿਚ ਪਹੁੰਚਣ ਲਈ ਭੈਣਾਂ-ਭਾਣਜੀਆਂ ਨਾਲ ਵਿਆਹ ਕਰਵਾਉਂਦੇ ਹੀ ਹਨ, ਇਹ ਸੀ. ਪੀ. ਆਈ. ਤੇ ਸੀ. ਪੀ. ਐਮ. ਵਾਲੇ, ਉਹਨਾਂ ਤੋਂ ਵੀ ਵਧ ਕੇ ਤੱਤੇ ਤੱਤੇ ਇਨਕਲਾਬੀ ਨਕਸਲੀਏ ਅਮਰੀਕੀ ਪੂੰਜੀਵਾਦੀ ਜੂਠ ਦੀਆਂ ਮੱਖੀਆਂ ਕਿਉਂ ਬਣਦੇ ਹਨ? ਇਸਦਾ ਪਤਾ ਪਰਵਾਸੀਆਂ ਸਮੇਤ ਉਥੋਂ ਦੇ ਆਮ ਆਦਮੀ ਦੇ ਜੀਵਨ ਨੂੰ ਦੇਖ ਕੇ ਲੱਗਿਆ ਜਿਨ੍ਹਾਂ ਨੂੰ ਪੈਰ ਪੈਰ ਉੱਤੇ ਪੁਲਸੀ ਧੱਕੇਸ਼ਾਹੀ, ਹਾਕਮੀ ਹੈਂਕੜ, ਛੋਟੀ-ਵੱਡੀ ਰਿਸ਼ਵਤ, ਨੌਕਰਸ਼ਾਹੀ, ਦਫ਼ਤਰਸ਼ਾਹੀ ਤੇ ਲਾਲਫ਼ੀਤਾਸ਼ਾਹੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਤੇ ਜਿਨ੍ਹਾਂ ਲਈ ਬਿਨਾਂ ਕਿਸੇ ਸਰਕਾਰੀ ਦਖ਼ਲ ਤੋਂ ਜੀਵਨ ਨਿਰਵਿਘਣ ਬਿਤਾਉਣਾ ਸੰਭਵ ਹੈ। ਜੇ ਉਥੇ ਆਵਾਜਾਈ ਦਾ ਪ੍ਰਬੰਧ ਕਮਾਲ ਹੈ ਤੇ ਜਰਨੈਲੀ ਸੜਕਾਂ ਉੱਤੇ ਅੱਧੀ ਰਾਤ ਨੂੰ ਇਕੱਲੀਆਂ ਔਰਤਾਂ ਕਾਰਾਂ ਰਾਹੀਂ ਲੰਮੇ ਸਫ਼ਰਾਂ ਉੱਤੇ ਨਿਸਚਿੰਤ ਨਿਕਲ ਤੁਰਦੀਆਂ ਹਨ, ਦੁਰਘਟਨਾਵਾਂ ਬਹੁਤ ਘੱਟ ਹਨ ਤੇ ਤੁਰਤ ਸੰਭਾਲੀਆਂ ਜਾਂਦੀਆਂ ਹਨ, ਸਕੂਲ, ਯੂਨੀਵਰਸਿਟੀਆਂ, ਮਿਊਜ਼ੀਅਮ ਬੇਮਿਸਾਲ ਹਨ, ਸੜਕਾਂ, ਪਾਰਕਾਂ, ਗਲੀਆਂ, ਬਾਜ਼ਾਰਾਂ ਵਿਚ ਕਿਤੇ ਕੂੜੇ-ਕਚਰੇ ਦਾ ਭੋਰਾ ਨਹੀਂ, ਨਹਿਰਾਂ, ਦਰਿਆਵਾਂ, ਸਮੁੰਦਰਾਂ ਦਾ ਪਾਣੀ ਨਿਰਮਲ ਹੈ, ਨਿੱਜੀ ਸੰਸਥਾਵਾਂ ਤੇ ਸਰਕਾਰੀ ਦਫ਼ਤਰਾਂ ਤੋਂ ਕੰਮ ਘਰ ਬੈਠਿਆਂ ਹੋ ਜਾਂਦੇ ਹਨ, ਬਜ਼ੁਰਗਾਂ ਦੀ ਸੰਭਾਲ ਹੈ, ਪੁਲਸੀਆਂ ਸਮੇਤ ਜਨਤਕ ਵਾਹ ਵਾਲੇ ਸਾਰੇ ਕਰਮਚਾਰੀ ਸਨਿਮਰ ਹਨ ਤੇ ਸਹਾਈ ਬਣਦੇ ਹਨ, ਅਨਜਾਣ ਲੋਕ ਵੀ ਇਕ ਦੂਜੇ ਕੋਲੋਂ ਮੁਸਕਰਾ ਕੇ ਲੰਘਦੇ ਹਨ ਤੇ ਲੋੜਵੰਦ ਦੀ ਮਦਦ ਲਈ ਭੱਜ ਕੇ ਆਉਂਦੇ ਹਨ, ਚਾਰ ਮਹੀਨਿਆਂ ਵਿਚ ਮੈਨੂੰ ਇਕ ਵਾਰ ਵੀ ਲਾਲ ਬੱਤੀ ਤੇ ਚਮਚਿਆਂ ਦੀ ਲਾਮਡੋਰੀ ਵਾਲੇ ਕਿਸੇ ਨੇਤਾ ਦੇ ਦਰਸ਼ਨ ਨਹੀਂ ਹੋਏ, ਭਾਵ ਉਹ ਸਾਡੇ ਟਕੇ ਟਕੇ ਦੇ ਨੇਤਾਵਾਂ ਦੇ ਉਲਟ ਆਮ ਕਾਰ ਰਾਹੀਂ ਆਮ ਬੰਦਿਆਂ ਵਾਂਗ ਸਫ਼ਰ ਕਰਦੇ ਹਨ, ਕੀ ਮੈਂ ਇਸ ਸਭ ਕੁਛ ਵੱਲੋਂ, ਖੱਬਮਾਰਗੀ ਹੋਣ ਕਰਕੇ, ਅੱਖਾਂ ਬੰਦ ਕਰ ਲੈਂਦਾ ਤੇ ਅਜਿਹੀਆਂ ਗੱਲਾਂ ਦਾ ਅਪਣੇ ਸਫ਼ਰਨਾਮੇ ਵਿਚ ਜਿ਼ਕਰ ਨਾ ਕਰਦਾ? ਅਮਰੀਕੀ ਰਾਜਪ੍ਰਬੰਧ ਤੇ ਵਿਵਸਥਾ ਦੇ ਸਾਮਰਾਜੀ-ਪੂੰਜੀਵਾਦੀ ਹੋਣ ਦਾ ਇਹ ਭਾਵ ਤਾਂ ਨਹੀਂ ਕਿ ਅਸੀਂ ਉਥੋਂ ਦੀਆਂ ਵਡਿਆਈਜੋਗ ਗੱਲਾਂ ਨੂੰ ਵੀ ਆਨੀਂ-ਬਹਾਨੀਂ ਨਿੰਦੀਏ! ਇਸ ਸੰਕੀਰਨਤਾ ਨੇ ਖੱਬੀ ਲਹਿਰ ਨੂੰ ਸੰਤੁਲਿਤ ਸੰਸਾਰ-ਨਜ਼ਰੀਆ ਨਹੀਂ ਬਣਾਉਣ ਦਿੱਤਾ ਤੇ ਇਉਂ ਵੱਡਾ ਨੁਕਸਾਨ ਪੁਚਾਇਆ ਹੈ।

ਹੁਣ : ਆਜ਼ਾਦੀ ਮਗਰੋਂ ਅਪਣੇ ਅੰਤ ਤੱਕ ਸੋਵੀਅਤ ਯੂਨੀਅਨ ਦੀ ਪੰਜਾਬੀ ਵਿਚ ਘੁਸਪੈਂਠ ਨੇ ਸਾਨੂੰ ਚੋਟੀ ਦਾ ਸਾਹਿਤ ਵੀ ਦਿੱਤਾ ਤੇ ਅਗਾਂਹਵਧੂ ਵਿਚਾਰਧਾਰਾ ਦੇ ਪਿਛਲੱਗ ਵੀ ਬਣਾਇਆ। ਤੁਹਾਡਾ ਕੀ ਕਹਿਣਾ ਹੈ?

ਭੁੱਲਰ: ਮੈਨੂੰ ਘੁਸਪੈਂਠ ਤੇ ਪਿਛਲੱਗ, ਦੋਵਾਂ ਸ਼ਬਦਾਂ ਉੱਤੇ ਇਤਰਾਜ ਹੈ। ਘੁਸਪੈਂਠ ਜਿਹਾ ਨਿੰਦਿਆਵਾਚੀ ਸ਼ਬਦ ਵੀ ਵਰਤਦੇ ਹੋ ਤੇ ਇਸ ਘੁਸਪੈਂਠ ਨੇ ਸਾਨੂੰ ਚੋਟੀ ਦਾ ਸਾਹਿਤ ਦੇਣ ਦਾ ਪ੍ਰਸੰਸਾ-ਅਧਿਕਾਰੀ ਕੰਮ ਕੀਤਾ ਵੀ ਆਖਦੇ ਹੋ! ਹਰ ਵਿਚਾਰਧਾਰਾ ਅਪਣਾ ਪ੍ਰਭਾਵ-ਖੇਤਰ ਵਧਾਉਣ ਦਾ ਉਪਰਾਲਾ ਕਰਦੀ ਹੈ। ਦੂਜੇ ਦੇਸ ਵਿਚ ਕੰਮ ਕਰਦੇ ਕਿਸੇ ਦੇਸ ਦੇ ਦੂਤਾਵਾਸ ਦਾ ਮੁੱਖ ਕੰਮ ਦੋਵਾਂ ਸਰਕਾਰਾਂ ਵਿਚਕਾਰ, ਆਮ ਲੋਕਾਂ ਦੀਆਂ ਅੱਖਾਂ ਤੋਂ ਪਰ੍ਹੇ ਰਹਿੰਦਾ, ਰਾਜਨੀਤਕ, ਆਰਥਕ, ਵਪਾਰਕ, ਸਭਿਆਚਾਰਕ, ਸੈਨਕ, ਆਦਿ ਵਰਤੋਂ-ਵਿਹਾਰ ਬਣਾਈ ਰੱਖਣਾ ਤੇ ਵਧਾਉਣਾ ਹੁੰਦਾ ਹੈ। ਦੂਜੇ ਦੇਸ ਦੇ ਲੋਕਾਂ ਵਿਚ ਅਪਣੇ ਦੇਸ ਬਾਰੇ, ਉਹਦੀਆਂ ਨੀਤੀਆਂ ਬਾਰੇ ਜਾਣਕਾਰੀ ਦੇਣਾ, ਉਹਨੂੰ ਸੁਹਣੇ ਰੰਗਾਂ ਵਿਚ ਪੇਸ਼ ਕਰਨਾ ਵੀ ਉਹਦੇ ਕਾਨੂੰਨੀ ਕਾਰਜਾਂ ਵਿਚ ਸ਼ਾਮਲ ਹੁੰਦਾ ਹੈ। ਆਮ ਲੋਕ ਇਹਨਾਂ ਗੱਲਾਂ ਬਾਰੇ ਸਤਹੀ, ਸੁਣੀ-ਸੁਣਾਈ, ਬਹੁਤਾ ਕਰਕੇ ਉਲਾਰ ਜਾਣਕਾਰੀ ਰਖਦੇ ਹਨ। ਉਸੇ ਅਨੁਸਾਰ ਉਹ ਵਿਚਾਰ ਬਣਾ ਲੈਂਦੇ ਹਨ। ਸੋਵੀਅਤ ਯੂਨੀਅਨ ਵੱਲੋਂ ਪੁਸਤਕਾਂ, ਰਸਾਲਿਆਂ ਰਾਹੀਂ ਅਮਰੀਕਾ ਦੇ ਟਾਕਰੇ ਵੱਧ ਪਰਚਾਰ ਦੇ ਜਤਨਾਂ ਦਾ ਕਾਰਨ ਬਹੁਤੇ ਲੋਕ ਨਹੀਂ ਜਾਣਦੇ। ਨਹਿਰੂ ਇਕੋ-ਇਕ ਪ੍ਰਧਾਨ ਮੰਤਰੀ ਸੀ ਜੋ ਇਕ ਪੈਰ ਮੱਧਰੇਖਾ ਤੋਂ ਖੱਬੇ ਪਾਸੇ ਰੱਖ ਕੇ ਤੁਰਿਆ। ਉਸ ਪਿੱਛੋਂ ਸੋਵੀਅਤ ਯੂਨੀਅਨ ਦੇ ਖਿੱਲਰਨ ਤੱਕ ਸਾਡੀ ਹਰ ਸਰਕਾਰ ਦਿਲੋਂ ਅਮਰੀਕਾ-ਪੱਖੀ ਰਹੀ ਪਰ ਕੌਮਾਂਤਰੀ ਹਾਲਤਾਂ ਕਰਕੇ ਵੀ ਤੇ ਅਮਰੀਕਾ ਉੱਤੇ ਦਬਾਅ ਬਣਾਈ ਰੱਖਣ ਲਈ ਵੀ ਸੋਵੀਅਤ ਯੂਨੀਅਨ ਨਾਲ ਦੋਸਤੀ ਦੇ ਦਿਖਾਵੇ ਦੀ ਵਰਤੋਂ ਕਰਦੀ ਰਹੀ।

ਹੁਣ : ਅਪਣੇ ਤਜਰਬੇ ਵਿਚੋਂ ਇਸਦੀ ਕੋਈ ਮਿਸਾਲ ਦੇ ਸਕਦੇ ਹੋ?

ਭੁੱਲਰ: ਇਕ ਮਿਸਾਲ ਵਜੋਂ, ਅਮਰੀਕੀ ਦੂਤਾਵਾਸੀ ਇਦਾਰਿਆਂ ਅੱਗੇ ਕਦੀ ਵੀ ਭਾਰਤੀ ਸੂਹੀਏ ਸੋਵੀਅਤ ਇਦਾਰਿਆਂ ਨਾਲ ਸੰਬੰਧਿਤ ਪੈਮਾਨੇ ਉੱਤੇ ਨਹੀਂ ਸਨ ਰੱਖੇ ਜਾਂਦੇ। ਜਦੋਂ ‘ਭਾਰਤ-ਸੋਵੀਅਤ ਦੋਸਤੀ, ਜਿੰ਼ਦਾਬਾਦ’ ਦਾ ਨਾਅਰਾ ਉੱਚੀ ਸੁਰ ਵਿਚ ਲਾਇਆ ਜਾ ਰਿਹਾ ਸੀ, ਉਸ ਸਮੇਂ ਵੀ ਸੋਵੀਅਤ ਇਦਾਰਿਆਂ ਵਿਚ ਜਾਣ-ਆਉਣ ਵਾਲਿਆਂ ਉੱਤੇ ਨਜ਼ਰ ਰੱਖੀ ਜਾਂਦੀ ਰਹੀ। ਅੱਧੀ ਸਦੀ ਪੁਰਾਣੀ ਇਕ ਦਿਲਚਸਪ ਘਟਨਾ ਸੁਣੋ। ਦਿੱਲੀ ਦੇ ਸਪਰੂ ਹਾਊਸ ਵਿਚ ਅਫ਼ਰੀਕੀ-ਏਸ਼ੀਆਈ ਲੇਖਕ ਕਾਨਫ਼ਰੰਸ ਹੋ ਰਹੀ ਸੀ। ਸੋਵੀਅਤ ਸੂਚਨਾ ਵਿਭਾਗ ਵੀ ਇਸੇ ਸੜਕ ਉੱਤੇ ਹੁੰਦਾ ਸੀ। ਜਸਵੰਤ ਸਿੰਘ ਕੰਵਲ ਨੇ ਸਰਕਾਰੀ ਏਅਰਲਾਈਨਜ਼ ਵਿਚ ਇੰਜੀਨੀਅਰ ਅਪਣੇ ਦੋਸਤ ਚੰਨੀ ਨੂੰ ਸੂਚਨਾ ਵਿਭਾਗ ਉਤਾਰ ਜਾਣ ਲਈ ਕਿਹਾ, ਜਿਥੇ ਕੰਮ ਕਰਦੇ ਪੰਜਾਬੀ ਲੇਖਕਾਂ ਨੂੰ ਮਿਲ ਕੇ ਅੱਗੇ ਉਹ ਆਪੇ ਚਲਿਆ ਜਾਵੇਗਾ। ਕੁਛ ਦਿਨਾਂ ਮਗਰੋਂ ਪਹਿਲਾ ਮਾਲਕ, ਜਿਸ ਤੋਂ ਖਰੀਦੇ ਸਕੂਟਰ ਦੇ ਕਾਗਜ਼ ਚੰਨੀ ਨੇ ਘੌਲ ਵਿਚ ਅਜੇ ਅਪਣੇ ਨਾਂ ਨਹੀਂ ਸਨ ਕਰਵਾਏ, ਕਹਿੰਦਾ, ਪੁਲਸ ਪੁੱਛਣ ਆਈ ਸੀ, ਕੋਈ ਐਕਸੀਡੈਂਟ ਠੋਕ ਦਿੱਤਾ? ਅਜਿਹਾ ਕੁਛ ਹੋਇਆ ਹੈ ਨਹੀਂ ਸੀ। ਚੰਨੀ ਦਾ ਸਕਾ ਸਾਲਾ ਦਿੱਲੀ ਪੁਲਿਸ ਵਿਚ ਅਫ਼ਸਰ ਸੀ। ਪਤਾ ਕੀਤਾ ਤਾਂ ਸੀ. ਆਈ. ਡੀ. ਨੇ ਨਵੀਂ-ਨਕੋਰ ਫ਼ਾਈਲ ਵਿਚ ਉਹਦਾ ਨਾਂ-ਪਤਾ, ਕੱਦ-ਕਾਠ, ਰੰਗ-ਰੂਪ, ਆਦਿ ਦਰਜ ਕਰ ਕੇ ਲਿਖਿਆ ਹੋਇਆ ਸੀ, ਇਸ ਆਦਮੀ ਨੇ ਅਮਕੀ ਤਾਰੀਖ਼ ਐਨੇ ਬਜੇ ਅੱਗੇਵਧੂ ਲੇਖਕ ਕੰਵਲ ਨੂੰ ਸੋਵੀਅਤ ਸੂਚਨਾ ਵਿਭਾਗ ਉਤਾਰਿਆ। ਉਹ ਫ਼ਾਈਲ ਕਿੰਨੀ ਔਖ ਨਾਲ ਬੰਦ ਕਰਵਾਈ ਗਈ, ਉਹ ਵੱਖਰੀ ਕਹਾਣੀ ਹੈ। ਚੰਨੀ ਜਿੰਨਾ ਚਿਰ ਨੌਕਰੀ ਵਿਚ ਰਿਹਾ, ਮੇਰੇ ਘਰ ਅੱਗੇ ਵੀ ਸਕੂਟਰ ਖੜ੍ਹਾ ਕਰਨੋਂ ਝਿਜਕਦਾ ਰਿਹਾ।

ਵਗਦੀ ਗੰਗਾ ਵਿਚ ਅਸ਼ਨਾਨ

ਹੁਣ : ਪਰ ਪਰਚਾਰ ਉੱਤੇ ਪੈਸਾ ਤਾਂ ਰੂਸੀ ਬਹੁਤਾ ਖਰਚਦੇ ਸਨ। ਕਈ ਨੇਤਾਵਾਂ ਨੇ ਜੋਗ-ਅਜੋਗ ਢੰਗ ਨਾਲ ਹੱਥ ਵੀ ਰੰਗੇ ਕਹੇ ਜਾਂਦੇ ਹਨ। ਸੁਨਣ ਵਿਚ ਆਉਂਦਾ ਹੈ ਕਿ ਕਈ ਪ੍ਰਕਾਸ਼ਕਾਂ, ਲੇਖਕਾਂ, ਅਨੁਵਾਦਕਾਂ ਨੇ ਵੀ ਵਗਦੀ ਗੰਗਾ ਵਿਚ ਖ਼ੂਬ ਅਸ਼ਨਾਨ ਕੀਤਾ। ਤੁਸੀਂ ਇਸ ਬਾਰੇ ਕਿੰਨਾ ਕੁ ਜਾਣਦੇ ਹੋ? ਕੀ ਹੁਣ ਇਹਨਾਂ ਗੱਲਾਂ ਉੱਤੋਂ ਪਰਦਾ ਲਾਹੁਣ ਦਾ ਸਮਾਂ ਨਹੀਂ ਆ ਗਿਆ?

ਭੁੱਲਰ: ਨੇਤਾਵਾਂ ਦੇ ਕਥਿਤ ਲੈਣ-ਦੇਣ ਦੀ ਸਿੱਧੀ ਜਾਣਕਾਰੀ ਦਾ ਭਲਾ ਮੇਰੇ ਕੋਲ ਕੀ ਵਸੀਲਾ ਹੋ ਸਕਦਾ ਸੀ? ਵੱਧ ਤੋਂ ਵੱਧ ਇਹ ਕਹਿ ਸਕਦਾ ਹਾਂ ਕਿ ਮੈਂ ਵੀ ਤੁਹਾਡੇ ਵਾਂਗ ਸੁਣਿਆ ਹੀ ਹੈ। ਰਹੀ ਗੱਲ ਪ੍ਰਕਾਸ਼ਕਾਂ, ਲੇਖਕਾਂ ਤੇ ਅਨੁਵਾਦਕਾਂ ਦੀ, ਇਹ ਤਾਂ ਕੰਮ ਉੱਤੇ ਆਧਾਰਿਤ ਸੌਦੇ ਹੁੰਦੇ ਸਨ। ਹੋ ਸਕਦਾ ਹੈ ਕੋਈ ਕਿਸੇ ਆਧਾਰ ਉੱਤੇ ਸੌਦੇਬਾਜੀ ਕਰ ਕੇ ਕਿਸੇ ਹੋਰ ਨਾਲੋਂ ਵੱਧ ਦਰ ਲੈ ਜਾਂਦਾ ਹੋਵੇ। ਉਹਨਾਂ ਨੇ ਪੈਸੇ ਦੇ ਕੇ ਕੰਮ ਕਰਵਾਉਣਾ, ਇਹਨਾਂ ਨੇ ਪੈਸੇ ਲੈ ਕੇ ਕੰਮ ਕਰਨਾ, ਇਸ ਨੂੰ ਗੰਗਾ ਅਸ਼ਨਾਨ ਕਹਿਣਾ ਵਾਜਬ ਨਹੀਂ। ਰਹੀ ਗੱਲ ਪ੍ਰਚਾਰ ਉੱਤੇ ਬਹੁਤਾ ਧਨ ਖਰਚਣ ਦੀ, ਇਹ ਆਮ ਬੰਦੇ ਨੂੰ ਰਸਾਲਿਆਂ ਤੇ ਕਿਤਾਬਚਿਆਂ ਦੀ ਭਰਮਾਰ ਕਾਰਨ ਲਗਦਾ ਹੈ ਜਿਨ੍ਹਾਂ ਨੂੰ ਬਹੁਤੇ ਕਮਿਊਨਿਸਟ ਵੀ ਨਹੀਂ ਸਨ ਪੜ੍ਹਦੇ। ਪੜ੍ਹਦੇ ਕੀ, ਰੈਪਰ ਵੀ ਨਹੀਂ ਸਨ ਖੋਲ੍ਹਦੇ! ਜੇ ਕੋਈ ਗੱਲ ਮੇਜ਼ਬਾਨ ਦੇਸ ਜਾਂ ਉਹਦੇ ਕਿਸੇ ਮਿੱਤਰ ਦੇਸ ਦੇ ਵਿਰੁੱਧ ਨਾ ਲਿਖੀ ਜਾਵੇ, ਅਜਿਹੇ ਪ੍ਰਚਾਰ ਦਾ ਕਾਨੂੰਨੀ ਹੱਕ ਹੁੰਦਾ ਹੈ। ਰੂਸੀ ਇਸ ਹੱਕ ਦਾ ਲਾਭ ਲੈਂਦੇ ਸਨ। ਇਹ ਤਾਂ ਜੀ ਬਹੁਤ ਲੰਮੀਆਂ ਕਹਾਣੀਆਂ ਹਨ। ਵੈਸੇ ਅਮਰੀਕਾ ਵਾਲੇ ਰੂਸੀਆਂ ਨਾਲੋਂ ਬਹੁਤ ਵੱਧ ਕਾਰਗਰ ਤਰੀਕਿਆਂ ਨਾਲ ਤੇ ਖੁੱਲ੍ਹੇ ਦਿਲ ਨਾਲ ਕਦੀ ਕੰਮ ਆ ਸਕਣ ਵਾਲੇ ਲੋਕਾਂ ਨੂੰ ਪ੍ਰਭਾਵਿਤ ਕਰਦੇ ਸਨ। ਰੂਸੀ ਜਨਤਕ ਵਿਹਾਰ ਦੇ ਪੱਖੋਂ ਕੰਗਲੇ ਸਨ। ਇਕ ਵਾਰ ਮੇਰੇ ਸਹਿਕਰਮੀ ਹਿੰਦੀ ਲੇਖਕ ਦਯਾਨੰਦ ਅਨੰਤ ਕੋਲ ਇਕ ਪ੍ਰਸਿੱਧ ਹਿੰਦੀ ਲੇਖਕ ਕਿਸੇ ਕਾਰਨ ਅਪਣੀਆਂ ਰੰਗਬਰੰਗੀਆਂ ਦਰੀਆਂ ਵਰਗੀ ਬੁਣਤੀ ਵਾਲੀ ਉਜ਼ਬੇਕ ਟੋਪੀ ਦੀ ਇੱਛਾ ਲੈ ਕੇ ਆ ਗਿਆ। ਉਹਦਾ ਮੁਖੀ ਰੂਸੀ ਬੋਲਿਆ, ਬਦਲੇ ਵਿਚ ਉਹ ਸਾਡੇ ਲਈ ਕੀ ਕਰੇਗਾ? ਇਕ ਨਿਮਾਣੀ ਟੋਪੀ ਦਾ ਮੁੱਲ! ਦੂਜਾ ਪਾਸਾ ਦੇਖੋ। ਠੇਕੇ ਬੰਦ ਵਾਲੇ ਇਕ ਦਿਨ ਇਕ ਅੰਗਰੇਜ਼ੀ ਅਖ਼ਬਾਰ ਦੇ ਇਕ ਪੱਤਰਕਾਰ ਦੇ ਕੁਛ ਦੋਸਤ ਆ ਗਏ। ਘਰੇ ਬੂੰਦ ਵੀ ਸ਼ਰਾਬ ਨਾ। ਉਹਨੇ ਅਮਰੀਕੀ ਸੂਚਨਾ ਵਿਭਾਗ ਦੇ ਇਕ ਜਾਣਕਾਰ ਅਧਿਕਾਰੀ ਨੂੰ ਫ਼ੋਨ ਉੱਤੇ ਅਪਣੀ ਮਜਬੂਰੀ ਦੱਸ ਕੇ ਇਕ ਬੋਤਲ ਦੀ ਬੇਨਤੀ ਕੀਤੀ। ਅਧਿਕਾਰੀ ਨੇ ਪਤਾ ਪੁੱਛਿਆ ਤੇ ਅੱਧੇ ਘੰਟੇ ਵਿਚ ਮਹਿੰਗੀ ਵਿਸਕੀ ਦੀਆਂ ਅੱਧੀ ਦਰਜਨ ਬੋਤਲਾਂ ਉਹਦੇ ਘਰ ਪੁੱਜ ਗਈਆਂ। ਜਦੋਂ ਮੈਂ ਅਜੇ ਨਵਾਂ ਨਵਾਂ ਲਿਖਣ ਲੱਗਿਆ ਸੀ, ਅਸੀਂ ਕੁਛ ਦੋਸਤਾਂ ਨੇ ਮਿਲ ਕੇ ਪੁਸਤਕ-ਵਟਾਂਦਰਾ ਸ਼ੁਰੂ ਕੀਤਾ ਹੋਇਆ ਸੀ। ਇਕ ਵਾਰ ਅਸੀਂ ਰੂਸੀ, ਅਮਰੀਕੀ ਤੇ ਕੁਛ ਹੋਰ ਦੂਤਾਵਾਸਾਂ ਨੂੰ ਸਾਹਿਤ ਦੀ ਮੰਗ ਲਿਖ ਭੇਜੀ। ਰੂਸੀਆਂ ਨੇ ‘ਸੋਵੀਅਤ ਦੇਸ’ ਲਾ ਦਿੱਤਾ ਤੇ ਕੁਛ ਬਿਲਕੁਲ ਹੀ ਰਾਜਨੀਤਕ ਕਿਤਾਬਚੇ ਭੇਜ ਦਿੱਤੇ, ਅਮਰੀਕੀਆਂ ਦਾ ਕੋਈ ਦੋ ਦਰਜਨ ਪੁਸਤਕਾਂ ਦਾ ਗੱਠੜ ਆ ਗਿਆ। ਕਮਾਲ ਇਹ ਕਿ ਉਹ ਚਾਲੂ ਰਾਜਨੀਤੀ ਦੀਆਂ ਪ੍ਰਚਾਰਕ ਪੁਸਤਕਾਂ ਨਹੀਂ ਸਨ ਸਗੋਂ ਵਡਮੁੱਲੀਆਂ ਸਾਹਿਤਕ-ਸਭਿਆਚਾਰਕ ਪੁਸਤਕਾਂ ਸਨ। ਉਹਨਾਂ ਵਿਚੋਂ ਇਕ ਤਾਂ ਮੈਨੂੰ ਅੱਜ ਵੀ ਯਾਦ ਹੈ, ਦੇਖਣ, ਸੁਨਣ ਤੇ ਬੋਲਣ ਤੋਂ ਜਮਾਂਦਰੂ ਵਿਰਵੀ ਜਗਤ-ਪ੍ਰਸਿੱਧ ਹਸਤੀ ਹੈਲਨ ਕੈਲਰ ਦੀ ਜੀਵਨੀ!

ਜਿਸਨੂੰ ਤੁਸੀਂ ਪੰਜਾਬੀ ਵਿਚ ਘੁਸਪੈਂਠ ਆਖਦੇ ਹੋ, ਇਹਦਾ ਪੰਜਾਬੀ ਨੂੰ ਭਾਸ਼ਾਈ ਪੱਖੋਂ ਬਹੁਤ ਲਾਭ ਹੋਇਆ। ਮੇਰਾ ਖਿ਼ਆਲ ਨਹੀਂ ਪੰਜਾਬੀ ਵਿਚ ਅਨੁਵਾਦ ਲਈ ਕਿਸੇ ਯੂਨੀਵਰਸਿਟੀ ਦੇ ਜਾਂ ਹੋਰ ਵਿਭਾਗ ਨੇ ਏਨਾਂ ਕਾਰਜ ਕੀਤਾ ਹੋਵੇ ਜਿੰਨਾ ਉਥੇ ਅਸੀਂ ਕੀਤਾ। ਰਸਾਲੇ ‘ਸੋਵੀਅਤ ਦੇਸ’ ਤੇ ‘ਸੋਵੀਅਤ ਦਰਪਨ’, ਹਰ ਰੋਜ਼ ਪੰਜਾਬੀ ਅਖ਼ਬਾਰਾਂ ਨੂੰ ਭੇਜੇ ਜਾਂਦੇ ਸਮਾਚਾਰ ਤੇ ਲੇਖ ਅਤੇ ਸੋਵੀਅਤ ਯੂਨੀਅਨ ਦੇ ਸਮਾਜਕ, ਆਰਥਕ ਤੇ ਰਾਜਨੀਤਕ ਹਾਲਾਤ ਸੰਬੰਧੀ ਲਗਾਤਾਰ ਛਪਦੀਆਂ ਰਹਿੰਦੀਆਂ ਪੁਸਤਕਾਂ! ਇਸ ਸਾਰੇ ਅਨੁਵਾਦ-ਕਾਰਜ ਦਾ ਆਕਾਰ ਬਹੁਤ ਵੱਡਾ ਸੀ। ਸਾਨੂੰ ਦੇਸੀ ਵਿਭਾਗਾਂ ਵਾਂਗ ਸਾਲਾਂ ਦੇ ਸਾਲ ਕੁਛ ਵੀ ਨਾ ਕਰ ਕੇ ਤਨਖ਼ਾਹ ਲੈਣ ਦੀ ਮੌਜ ਵੀ ਹਾਸਲ ਨਹੀਂ ਸੀ। ਅਸੀਂ ਤਾਂ ਹਰ ਹਾਲਤ ਬੱਝਵੀਂ ਤਾਰੀਖ਼ ਤੱਕ ਕੰਮ ਮੁਕਾਉਣਾ ਹੀ ਹੁੰਦਾ ਸੀ। ਸਾਨੂੰ ਅਨੇਕ ਵਾਰ ਸਮਾਨਾਰਥੀ ਸ਼ਬਦ ਸੋਚਣੇ, ਲੱਭਣੇ ਤੇ ਬਣਾਉਣੇ ਵੀ ਪੈਂਦੇ ਸਨ। ਇਸੇ ਕੰਮ ਵਿਚੋਂ ਅੱਗੇ ਚੱਲ ਕੇ ਮੇਰੇ ਰਚੇ ‘ਅਰਥ-ਸ਼ਾਸਤਰ ਅਤੇ ਰਾਜਨੀਤੀ ਦਾ ਸ਼ਬਦਕੋਸ਼’ ਨੇ ਸ਼ਕਲ ਫੜੀ। ਸਾਡਾ ਕੰਮ ਤਾਂ ਹੋਰ ਅਨੁਵਾਦਕਾਂ ਲਈ ਸਹਾਇਕ ਬਣਦਾ ਸੀ।

ਹੁਣ : ਤੁਹਾਡਾ ਵਿਭਾਗ ਸਾਹਿਤ ਵੀ ਅਨੁਵਾਦਦਾ ਸੀ?

ਭੁੱਲਰ: ਨਹੀਂ, ਸਾਹਿਤ ਸਾਡੇ ਸੂਚਨਾ ਵਿਭਾਗ ਵਿਚ ਨਹੀਂ ਸੀ ਅਨੁਵਾਦਿਆ ਜਾਂਦਾ। ਟਾਲਸਟਾਇ, ਪੁਸ਼ਕਿਨ, ਚੈਖ਼ਵ, ਗੋਰਕੀ, ਆਦਿ ਸਭ ਪੰਜਾਬੀ ਵਿਚ ਮਾਸਕੋ ਤੋਂ ਛਪ ਕੇ ਆਉਂਦੇ ਸਨ। ਅਨੁਵਾਦਕ ਉਹ ਇਧਰੋਂ ਲੈ ਜਾਂਦੇ ਸਨ। ਜਾਂ ਫੇਰ ਦੂਤਾਵਾਸ ਇਧਰਲੇ ਪ੍ਰਕਾਸ਼ਕਾਂ ਰਾਹੀਂ ਅਜਿਹਾ ਸਾਹਿਤ ਛਪਵਾਉਂਦਾ ਸੀ। ਇਹਨਾਂ ਪੁਸਤਕਾਂ ਦਾ ਮੁੱਲ, ਅਮੋਲ ਕਲਾਸਕੀ ਸਾਹਿਤ ਹੋਣ ਦੇ ਬਾਵਜੂਦ, ਬਹੁਤ ਹੀ ਘੱਟ ਰੱਖਿਆ ਜਾਂਦਾ ਸੀ, ਭਾਵੇਂ ਕਿ ਇਸ ਸਾਹਿਤ ਦਾ, ਗੋਰਕੀ ਵਰਗੇ ਕੁਛ ਲੇਖਕ ਛੱਡ ਕੇ, ਉਹਨਾਂ ਨੂੰ ਸਿੱਧਾ ਰਾਜਨੀਤਕ-ਵਿਚਾਰਧਾਰਕ ਲਾਭ ਵੀ ਕੋਈ ਨਹੀਂ ਸੀ ਹੁੰਦਾ। ਰੂਸੀਆਂ ਦੇ ਇਸ ਪਰਉਪਕਾਰ ਨੂੰ ਸਾਹਿਤ ਵਿਚ ਘੁਸਪੈਂਠ ਕਹਿਣਾ ਕਿਵੇਂ ਵੀ ਵਾਜਬ ਨਹੀਂ। ਇਸ ਸਾਹਿਤ ਨੇ ਅਨੇਕ ਪੰਜਾਬੀ ਲੇਖਕਾਂ ਦੇ ਮੱਥਿਆਂ ਵਿਚ ਲੋਕਮੁਖੀ ਤੇ ਸਮਾਜਮੁਖੀ ਸੋਚ ਦੇ ਦੀਵੇ ਬਾਲੇ।

ਕਮਿਊਨਿਸਟਾਂ ਦੇ ਪਿਛਲੱਗ ਲੇਖਕ

ਹੁਣ : ਪਰ ਕੁਛ ਆਲੋਚਕਾਂ ਦਾ ਤਾਂ ਕਹਿਣਾ ਹੈ ਕਿ ਸਾਡੇ ਅਨੇਕ ਲੇਖਕ ਅਜਿਹੇ ਕਾਰਨਾਂ ਕਰਕੇ ਰੂਸੀਆਂ ਨੇ, ਕਮਿਊਨਿਸਟਾਂ ਨੇ ਅਪਣੇ ਪਿਛਲੱਗ ਬਣਾ ਲਏ ਤੇ ਉਹ ਬਣੇ?

ਭੁੱਲਰ: ਕਿਉਂ, ਇਹਨਾਂ ਲੇਖਕਾਂ ਦੇ ਅਪਣੇ ਕੋਈ ਦਿਮਾਗ਼ ਨਹੀਂ ਸਨ ਹੁੰਦੇ? ਰਹੀ ਇਹਨਾਂ ਆਲੋਚਕਾਂ ਦੀ ਗੱਲ, ਇਹ ਪੂੰਜੀਵਾਦ-ਪੱਖੀ, ਅਮਰੀਕਾ-ਪੱਖੀ ਹੋਣ ਨੂੰ ਕੁਦਰਤੀ ਅਤੇ ਸਮਾਜਵਾਦੀ ਵਿਚਾਰਾਂ ਦੇ ਹੋਣ ਨੂੰ ਕਹਿਰ ਸਮਝਦੇ ਤੇ ਪ੍ਰਚਾਰਦੇ ਸਨ। ਇਹ ਉਹਨਾਂ ਦੀ ਪੂੰਜੀਵਾਦੀ ਸੋਚ ਦੀ ਚਲਾਕੀ ਸੀ। ਸਾਡੇ ਬਹੁਤੇ ਕਥਿਤ ਆਲੋਚਕਾਂ ਤੇ ਵਿਦਵਾਨਾਂ ਵਿਚ ਕਿਸੇ ਇਕ ਚਤੁਰ ਵੱਲੋਂ ਕਹੀ ਗਈ ਗੱਲ ਨੂੰ ਸੋਚੇ-ਸਮਝੇ ਬਿਨਾਂ ਗਿੱਦੜਾਂ ਵਾਂਗ ਹੁਆਂਕਣ ਲੱਗਣ ਦਾ ਰਿਵਾਜ ਹੈ। ਇਹ ਇਸ ਮਾਮਲੇ ਵਿਚ ਹੀ ਨਹੀਂ, ਸਾਹਿਤ ਨਾਲ ਸੰਬੰਧਿਤ ਹਰ ਗੱਲ ਵਿਚ ਵਾਪਰਦਾ ਹੈ। ਮੈਂ ਚੌਵੀ ਸਾਲ ਰੂਸੀਆਂ ਦਾ ਸੀਨੀਅਰ ਮੁਲਾਜ਼ਮ ਰਿਹਾ। ਮੇਰੇ ਵਿਭਾਗੀ ਅਧਿਕਾਰੀ ਮੇਰੇ ਲੇਖਕ ਹੋਣ ਬਾਰੇ ਜਾਣਦੇ ਹੁੰਦੇ ਸਨ ਕਿਉਂਕਿ ਉਹ ਕੁਰਸੀ ਸੰਭਾਲਣ ਵੇਲੇ ਸਾਡਾ ਅੱਗਾ-ਪਿੱਛਾ ਪੁੱਛ, ਪੜ੍ਹ, ਜਾਣ ਲੈਂਦੇ ਸਨ। ਇਕ ਵੀ, ਇਕ ਵੀ ਮੌਕਾ ਅਜਿਹਾ ਨਹੀਂ ਆਇਆ ਜਦੋਂ ਕਿਸੇ ਰੂਸੀ ਨੇ ਮੇਰੇ ਨਾਲ ਸਾਹਿਤ ਦਾ ਅਜਿਹਾ ਜਿ਼ਕਰ ਕੀਤਾ ਹੋਵੇ। ਕਮਿਊਨਿਸਟ ਪਾਰਟੀ ਦਾ ਮੈਂਬਰ ਮੈਂ ਦਿੱਲੀ ਪਹੁੰਚਣ ਤੋਂ ਬਹੁਤ ਪਹਿਲਾਂ ਤੋਂ ਸੀ। ਇਸੇ ਕਰਕੇ ਮੈਨੂੰ ਅਧਿਆਪਕ ਵਜੋਂ ਸਰਕਾਰੀ ਨੌਕਰੀ ਗੁਆਉਣ ਵਾਲਾ ਪੰਜਾਬ ਦਾ ਪਹਿਲਾ ਸਕੂਲ ਅਧਿਆਪਕ ਬਨਣ ਦਾ ਮਾਣ ਵੀ ਮਿਲਿਆ।
ਮੈਂ ਕਈ ਦਹਾਕੇ ਪਾਰਟੀ ਮੈਂਬਰ ਰਿਹਾ। ਇਥੇ ਵੀ ਇਕ ਵੀ, ਇਕ ਵੀ ਮੌਕਾ ਅਜਿਹਾ ਨਹੀਂ ਆਇਆ ਜਦੋਂ ਕਿਸੇ ਪਾਰਟੀ ਆਗੂ ਨੇ ਕਿਹਾ ਹੋਵੇ ਕਿ ਤੂੰ ਇਹੋ ਜਿਹੀ ਕਹਾਣੀ ਲਿਖ। ਭਾਈ ਏਨਾਂ ਤਾਂ ਸੋਚੋ, ਕੋਈ ਕਹੇਗਾ ਕਿਵੇਂ? ਮੈਂ ਅਜਿਹਾ ਦੋਸ ਲਾਉਣ ਵਾਲਿਆਂ ਦੀ ਬੇਵਕੂਫ਼ੀ ਉੱਤੇ ਹੈਰਾਨ ਹਾਂ। ਇਹਦਾ ਭਾਵ ਹੈ, ਕਮਿਊਨਿਸਟ ਪਾਰਟੀ ਕੋਲ ਸੈਂਕੜੇ ਕਹਾਣੀਕਾਰਾਂ, ਨਾਵਲਕਾਰਾਂ, ਕਵੀਆਂ, ਆਦਿ ਨੂੰ ਸੇਧ ਦੇਣ ਵਾਸਤੇ ਦਰਜਨਾਂ ਅਜਿਹੇ ਆਗੂ ਹੋਣਗੇ ਜੋ ਸਾਹਿਤ-ਰਚਨਾ ਦੇ ਪ੍ਰਕਾਂਡ ਪੰਡਿਤ ਹੋਣਗੇ। ਤਦ ਹੀ ਉਹ ਭੁੱਲਰ ਨੂੰ ਦੱਸ ਸਕਣਗੇ ਕਿ ਪਾਰਟੀ ਦੀ ਨੀਤੀ ਅਨੁਸਾਰ ਤੂੰ ਕਹਾਣੀ ਦਾ ਕੀ ਵਿਸ਼ਾ ਲੈਣਾ ਹੈ, ਉਹਦਾ ਨਿਭਾਅ ਕਿਵੇਂ ਕਰਨਾ ਹੈ, ਉਹਦਾ ਆਦਿ ਤੇ ਅੰਤ ਕੀ ਤੇ ਕਿਵੇਂ ਕਰਨਾ ਹੈ! ਇਸਤੋਂ ਵੱਧ ਬੇਤੁਕੀ, ਹਾਸੋਹੀਣੀ ਤੇ ਮੂਰਖਾਨਾ ਗੱਲ ਕੀ ਕੋਈ ਹੋਰ ਹੋ ਸਕਦੀ ਹੈ? ਜੇ ਕਿਸੇ ਆਗੂ ਵਿਚ ਏਨੀਂ ਅਕਲ ਹੋਵੇਗੀ, ਉਹ ਲੇਖਕਾਂ ਦੀ ਹੇੜ੍ਹ ਨਾਲ ਮੱਥਾ ਮਾਰਨ ਨਾਲੋਂ ਆਪ ਹੀ ਲੇਖਕ ਨਹੀਂ ਬਣ ਜਾਵੇਗਾ! ਸਾਹਿਤਕਾਰ ਅਪਣੇ ਆਪ ਵਿਚ ਹੀ ਸਾਹਿਤਕਾਰ ਹੁੰਦਾ ਹੈ ਤੇ ਆਪ ਹੀ ਅਪਣੀ ਬੁੱਧੀ, ਸੋਚ, ਸਮਝ ਤੇ ਕਲਪਨਾ ਅਨੁਸਾਰ ਲਿਖਦਾ ਹੈ। ਉਹਨੂੰ ਕੌਣ ਕੀ ਤੇ ਕਿਵੇਂ ਦੱਸੇਗਾ ਤੇ ਉਹ ਉਸ ਅਨੁਸਾਰ ਕੀ ਤੇ ਕਿਵੇਂ ਲਿਖੇਗਾ? ਇਕ ਵਾਰ ਰੇਡੀE ਵਾਲਾ ਦੇਵਿੰਦਰ ਕਹਿੰਦਾ, ਰਕਤਦਾਨ ਦਿਵਸ ਮਨਾਇਆ ਜਾਣਾ ਹੈ, ਤੁਸੀਂ ਇਸ ਵਿਸ਼ੇ ਦੀ ਕਹਾਣੀ ਪੜ੍ਹੋ। ਮੈਂ ਕਿਹਾ, ਤੂੰ ਆਪ ਕਹਾਣੀਕਾਰ ਹੈਂ, ਅਜਿਹੀ ਗੱਲ ਕਿਵੇਂ ਕਹਿ ਦਿੱਤੀ? ਉਹ ਕਹਿੰਦਾ, ਕਈ ਲੋਕ ਲਿਖ ਵੀ ਦਿੰਦੇ ਨੇ। ਮੈਂ ਕਿਹਾ, ਉਹ ਕਹਾਣੀਕਾਰ ਨਹੀਂ ਹੋਣੇ!

ਹੁਣ : ਪਰ ਪੰਜਾਬੀ ਸਾਹਿਤ ਵਿਚ ਅੱਗੇ ਵਧੂ ਲਹਿਰ ਤਾਂ ਸੋਵੀਅਤ ਯੂਨੀਅਨ ਦੇ ਟੁੱਟਣ ਨਾਲ ਮੰਦੀ ਪੈ ਗਈ!

ਭੁੱਲਰ: ਉਹ ਕਿਵੇਂ? ਬੜੀ ਅਜੀਬ ਗੱਲ ਹੈ ਕਿ ਅੱਗੇਵਧੂ ਲਹਿਰ ਸੋਵੀਅਤ ਯੂਨੀਅਨ ਦੇ ਨਾਲ ਹੀ ਪੈਦਾ ਹੋਈ ਤੇ ਨਾਲ ਹੀ ਮੁੱਕ ਗਈ! ਜੇ ਗੱਲ ਇਹ ਹੈ ਤਾਂ ਲੈਨਿਨ ਤੇ ਸੋਵੀਅਤ ਯੂਨੀਅਨ ਤਾਂ ਛੱਡੋ, ਜਦੋਂ ਅਜੇ ਮਾਰਕਸ ਤੇ ਏਂਗਲਜ਼ ਵੀ ਕੀ, ਉਹਨਾਂ ਦੇ ਪੜਦਾਦੇ, ਨਕੜਦਾਦੇ ਵੀ ਨਹੀਂ ਸਨ ਜੰਮੇ, ਅਪਣੇ ਬਾਬੇ ਨੇ ‘ਰਾਜੇ ਸ਼ੀਂਹ, ਮੁਕੱਦਮ ਕੁੱਤੇ’ ਤੇ ਬਾਬਰ ਨੂੰ ਪਾਪ ਦੀ ਜੰਨ ਲੈ ਕੇ ਆਇਆ ਕਿਵੇਂ ਲਿਖ ਦਿੱਤਾ? ਪਰਾਇਆ ਹੱਕ, ਜਿਸਨੂੰ ਬਾਬੇ ਨੇ ਮੁਸਲਮਾਨਾਂ ਲਈ ਸੂਰ ਤੇ ਹਿੰਦੂਆਂ ਲਈ ਗਊ ਖਾਣ ਦੇ ਤੁੱਲ ਕਿਹਾ ਹੈ, ਖੋਹਣ-ਖਾਣ ਵਾਲਿਆਂ ਤੋਂ ਬਿਨਾਂ ਮਨੁੱਖੀ ਸਮਾਜ ਦਾ ਵੱਡਾ ਭਾਗ ਸਦਾ ਹੀ ਅੱਗੇਵਧੂ ਰਿਹਾ ਹੈ ਤੇ ਹਰ ਸੱਚਾ ਲੇਖਕ ਸਦਾ ਹੀ ਇਸੇ ਸੋਚ ਦਾ ਕਲਮਬਰਦਾਰ ਰਿਹਾ ਹੈ! ਕਬੀਰ ਸੱਥ ਵਿਚ ਖੜ੍ਹ ਕੇ ਸਮਾਜ ਨੂੰ ਵੰਗਾਰਦੇ ਹਨ,“ਕਬੀਰਾ ਖੜ੍ਹਾ ਬਜ਼ਾਰ ਮੇਂ, ਲੀਏ ਲੁਕਾਟੀ ਹਾਥ/ ਜੋ ਜਾਲੈ ਘਰ ਆਪਨਾ, ਚਲੇ ਹਮਾਰੇ ਸਾਥ!” ਡਾਂਗ ਫੜ ਕੇ ਉਹ ਕੋਈ ਬੇਰ ਤੋੜਨ ਨਹੀਂ ਸਨ ਚੱਲੇ, ਉਹ ਪਤਾਲ ਤੱਕ ਜੜਾਂ ਜਮਾ ਚੁੱਕੀ ਬ੍ਰਾਹਮਣਵਾਦੀ ਵਿਵਸਥਾ ਨੂੰ ਸੱਚ ਦਾ ਸੀਸਾ ਦਿਖਾਉਣ ਚੱਲੇ ਸਨ ਕਿ ਜੇ ਤੂੰ ਦੁੱਧ ਹੈਂ ਤੇ ਅਸੀਂ ਮੈਲੇ ਹਾਂ ਤਾਂ ਤੂੰ ਪਵਿੱਤਰ ਬ੍ਰਾਹਮਣੀ ਦਾ ਜਾਇਆ ਪਵਿੱਤਰ ਬ੍ਰਾਹਮਣ ਸਾਡੇ ਵਾਲੇ ਰਾਹ ਹੀ ਕਿਉਂ ਆਇਆ? ਜਦੋਂ ਅਜੇ ‘ਵਾਦ’ ਪੈਦਾ ਵੀ ਨਹੀਂ ਸਨ ਹੋਏ, ਸਮੁੰਦਰੀ ਜਹਾਜਾਂ ਵਿਚ ਢੋਏ ਜਾਂਦੇ ਗ਼ੁਲਾਮ ਅਪਣੀ ਆਜ਼ਾਦੀ ਲਈ ਬਗ਼ਾਵਤ ਕਰ ਦਿੰਦੇ ਸਨ, ਭਾਵੇਂ ਕਿ ਉਹਨਾਂ ਨੂੰ ਪਤਾ ਹੁੰਦਾ ਸੀ ਕਿ ਸਾਡੇ ਜਿੱਤਣ ਦੀ ਸੰਭਾਵਨਾ ਬਹੁਤ ਘੱਟ ਹੈ ਤੇ ਸਾਡਾ ਅੰਤ ਜਿਉਂਦਿਆਂ ਹੀ ਸਮੁੰਦਰ ਵਿਚ ਸਮਾ ਜਾਣਾ ਹੈ। ਫੇਰ ਵੀ ਉਹ ਬਗ਼ਾਵਤ ਕਰਦੇ ਸਨ ਤੇ ਸਾਹਿਤ ਇਕਮੱਤ ਹੋ ਕੇ ਉਹਨਾਂ ਨੂੰ ਨਾਇਕ ਮੰਨਦਾ ਹੈ ਤੇ ਮਾਲਕਾਂ-ਖ਼ਰੀਦਾਰਾਂ ਨੂੰ ਖਲਨਾਇਕ! ਮਨੁੱਖਜਾਤੀ ਹਜ਼ਾਰਾਂ, ਲੱਖਾਂ ਸਾਲ ਦੇ ਇਤਿਹਾਸ ਵਿਚ ਕਦੇ ਪਿੱਛਲਖੁਰੀ ਨਹੀਂ ਤੁਰੀ। ਤਦੇ ਹੀ ਤਾਂ ਅਸੀਂ ਅੱਜ ਇਸ ਮੁਕਾਮ ਉੱਤੇ ਪੁੱਜੇ ਹਾਂ। ਮਨੁੱਖ ਦਾ ਇਤਿਹਾਸ ਅੱਗੇ ਹੀ ਅੱਗੇ ਵਧਦੇ ਜਾਣ ਤੇ ਰਾਹ ਵਿਚ ਆਉਂਦੀਆਂ ਅਨਿਆਂ, ਜ਼ੁਲਮ, ਧੱਕੇਸ਼ਾਹੀ, ਨਾਬਰਾਬਰੀ ਜਿਹੀਆਂ ਰੁਕਾਵਟਾਂ ਨੂੰ ਮਿਧਦੇ-ਦਰੜਦੇ ਜਾਣ ਦਾ ਇਤਿਹਾਸ ਹੈ। ਮਨੁੱਖੀ ਸਮਾਜ ਦਾ ਵੱਡਾ ਹਿੱਸਾ ਸਦਾ ਅੱਗੇਵਧੂ ਰਿਹਾ ਹੈ, ਹੁਣ ਵੀ ਹੈ ਤੇ ਅੱਗੇ ਨੂੰ ਵੀ ਰਹੇਗਾ! ਤੇ ਸੱਚਾ ਸਾਹਿਤਕਾਰ ਹਰ ਜੁੱਗ ਵਿਚ ਇਸੇ ਮਨੁੱਖੀ ਸੋਚ ਤੇ ਭਾਵਨਾ ਦਾ ਕਲਮਬਰਦਾਰ ਰਿਹਾ ਹੈ, ਹੁਣ ਵੀ ਹੈ ਤੇ ਅੱਗੇ ਨੂੰ ਵੀ ਰਹੇਗਾ!

ਸਾਹਿਤ ਤੇ ਰਾਜਨੀਤੀ

ਹੁਣ : ਤੁਸੀਂ ਕਿਹਾ ਹੈ ਕਿ ਕਈ ਦਹਾਕੇ ਕਮਿਊਨਿਸਟ ਪਾਰਟੀ ਦੇ ਮੈਂਬਰ ਰਹੇ। ਹੁਣ ਵੀ ਰਾਜਨੀਤੀ ਵਿਚ ਤੁਹਾਡੀ ਲਗਾਤਾਰ ਦਿਲਚਸਪੀ ਹੈ। ਸਾਹਿਤ ਤੇ ਰਾਜਨੀਤੀ ਦਾ ਕੀ ਸੰਬੰਧ ਸਮਝਦੇ ਹੋ?

ਭੁੱਲਰ: ਜਦੋਂ ਤਿੱਖੀ ਰਾਜਨੀਤਕ ਉਥਲ-ਪੁਥਲ ਦੇ ਸਮੇਂ ਆਉਂਦੇ ਹਨ, ਸਿੱਧੇ ਰਾਜਨੀਤਕ ਵਿਸਿ਼ਆਂ ਨੂੰ ਲੈ ਕੇ ਸਾਹਿਤ ਰਚਿਆ ਜਾਣਾ ਸੁਭਾਵਿਕ ਹੈ। ਪ੍ਰਤਿਭਾ ਵਾਲੇ ਲੇਖਕਾਂ ਦਾ ਰਚਿਆ ਅਜਿਹਾ ਸਾਹਿਤ ਉੱਤਮ ਵੀ ਹੋ ਨਿੱਬੜਦਾ ਹੈ। ਗੋਰਕੀ ਦੇ ਨਾਵਲ ‘ਮਾਂ’ ਦੀ ਜਗਤ-ਪ੍ਰਸਿੱਧੀ ਇਕ ਉਦਾਹਰਨ ਹੈ। ਪਰ ਆਮ ਲੇਖਕ ਤੋਂ ਇਹ ਡਰ ਬਣਿਆ ਰਹਿੰਦਾ ਹੈ ਕਿ ਅਜਿਹੀ ਰਚਨਾ ਪਰਚਾਰ ਦੇ ਜਾਂ ਪੱਤਰਕਾਰੀ ਦੇ ਪੱਧਰ ਉੱਤੇ ਨਾ ਰਹਿ ਜਾਵੇ! ਮੇਰਾ ਮੱਤ ਹੈ ਕਿ ਵਿਚਾਰਧਾਰਾ ਤੇ ਰਾਜਨੀਤੀ ਸਾਹਿਤਕਾਰ ਲਈ ਸਮਾਜ ਨੂੰ, ਮਨੁੱਖੀ ਸੁਭਾਅ ਨੂੰ ਸਮਝਣ ਦਾ ਤੇ ਇਸ ਆਧਾਰ ਉੱਤੇ ਅਪਣੀ ਸੋਚ ਨੂੰ ਪੁਣ ਕੇ, ਨਿਤਾਰ ਕੇ ਮਾਨਵ-ਹਿਤੈਸ਼ੀ ਬਣਾਉਣ ਦਾ ਸਾਧਨ ਤੇ ਸੰਦ ਹੋਣੀਆਂ ਚਾਹੀਦੀਆਂ ਹਨ। ਅਜਿਹੀ ਸਪੱਸ਼ਟ ਸੋਚ ਵਾਲਾ ਸਾਹਿਤਕਾਰ ਕਿਸੇ ਵੀ ਵਿਸ਼ੇ ਨੂੰ ਲੈ ਕੇ ਲਿਖੇ, ਮਨੁੱਖੀ ਗੌਰਵ ਦੇ ਵਿਰੁੱਧ ਨਹੀਂ ਭੁਗਤੇਗਾ। ਉਸਦੀ ਰਚਨਾ ਵਿਚ ਰਾਜਨੀਤੀ ਤੇ ਵਿਚਾਰਧਾਰਾ ਦੀ ਝਲਕ ਕਿਤੇ ਨਹੀਂ ਪਵੇਗੀ ਪਰ ਇਹਨਾਂ ਕਾਰਨ ਉਹ ਮਾਨਵ-ਹਿਤੈਸ਼ੀ ਬਣੀ ਰਹੇਗੀ। ਇਥੋਂ ਤੱਕ ਕਿ ਇਹ ਗੱਲ ਵਿਚਾਰਧਾਰਾ ਤੇ ਰਾਜਨੀਤੀ ਨਾਲ ਕੋਈ ਸਿੱਧਾ ਸੰਬੰਧ ਨਾ ਰੱਖਣ ਵਾਲੀਆਂ ਇਸਤਰੀ-ਪੁਰਸ਼ ਸੰਬੰਧਾਂ ਦੀਆਂ ਕਹਾਣੀਆਂ ਉੱਤੇ ਵੀ ਲਾਗੂ ਹੁੰਦੀ ਹੈ। ਜੇ ਲੇਖਕ ਇਸਤਰੀ ਨੂੰ ਜਾਇਦਾਦ ਸਮਝਣ ਵਾਲੀ ਜਗੀਰੂ ਸੋਚ ਜਾਂ ਮੰਡੀ ਦਾ ਮਾਲ ਸਮਝਣ ਵਾਲੀ ਪੂੰਜੀਵਾਦੀ ਸੋਚ ਦਾ ਮਾਲਕ ਹੋਵੇਗਾ, ਉਹਨੂੰ ਕਾਮ-ਤ੍ਰਿਪਤੀ ਦੇ ਇਕ ਵਸੀਲੇ ਵਜੋਂ ਇਸਤਰੀ ਤੇ ਕਿਸੇ ਮਦੀਨ ਪਸ਼ੂ ਵਿਚ ਕੋਈ ਫ਼ਰਕ ਨਜ਼ਰ ਨਹੀਂ ਆਵੇਗਾ। ਪਰ ਮਾਨਵੀ ਸੋਚ ਦਾ ਮਾਲਕ ਅੱਗੇਵਧੂ ਸਾਹਿਤਕਾਰ ਇਸ ਵਿਸ਼ੇ ਦੀਆਂ ਕਹਾਣੀਆਂ ਲਿਖਦਿਆਂ ਵੀ ਪਾਤਰ ਨੂੰ ਚਿੱਕੜ ਵਿਚ ਨਹੀਂ ਸੁੱਟੇਗਾ ਸਗੋਂ ਉਸ ਦੇ ਤਿਲ੍ਹਕਣ ਦੇ ਕਾਰਨਾਂ ਤੱਕ ਜਾਵੇਗਾ। ਮਿਸਾਲ ਲਈ ਇਥੇ ਮੈਂ ਅਪਣੀਆਂ ਕਹਾਣੀਆਂ ‘Eਪਰਾ ਮਰਦ’ ਤੇ ‘ਚਗ਼ਲ’ ਪੇਸ਼ ਕਰਾਂਗਾ। ਮੈਂ ਤਾਂ ‘ਦੀਵੇ ਵਾਂਗ ਬਲਦੀ ਅੱਖ’ ਦੀ ਭਾਬੀ ਮਹਿੰਦਰੋ ਨੂੰ ਵੀ, ਉਸ ਵੱਲੋਂ ਆਪ ਪੰਗਾ ਲਏ ਜਾਣ ਦੇ ਬਾਵਜੂਦ, ਪਾਠਕ ਦੀ ਨਜ਼ਰ ਵਿਚ ਡਿੱਗਣ ਨਹੀਂ ਦਿੱਤਾ!

ਭਾਸ਼ਾ ਤੇ ਸਾਹਿਤ ਦਾ ਨਾਤਾ

ਹੁਣ : ਤੁਸੀਂ ‘ਹੁਣ’ ਵਿਚ ਪੰਜਾਬੀ ਬਾਰੇ ਬੜੇ ਹੀ ਪਾਇਦਾਰ ਵਿਚਾਰ ਪੇਸ਼ ਕੀਤੇ ਹਨ ਜਿਨ੍ਹਾਂ ਦੀ ਬੜੀ ਚਰਚਾ ਹੋਈ ਹੈ ਤੇ ਹੋ ਰਹੀ ਹੈ। ਤੁਸੀਂ ਸਮੇਂ ਸਮੇਂ ਅਖ਼ਬਾਰਾਂ-ਰਸਾਲਿਆਂ ਵਿਚ ਤੇ ਸਾਹਿਤਕ ਮੰਚਾਂ ਤੋਂ ਵੀ ਵਿਚਾਰ ਸਾਂਝੇ ਕਰਦੇ ਰਹੇ ਹੋ। ਕੀ ਤੁਹਾਨੂੰ ਸਦਾ ਹੀ ਪੰਜਾਬੀ ਭਾਸ਼ਾ ਤੇ ਇਸਦੇ ਸੁਧਾਰ ਬਾਰੇ ਫਿ਼ਕਰ ਰਿਹਾ ਹੈ? ਤੁਸੀਂ ਭਾਸ਼ਾ ਤੇ ਸਾਹਿਤ ਦਾ ਆਪਸੀ ਨਾਤਾ ਕਿਵੇਂ ਚਿਤਵਦੇ ਹੋ?

ਭੁੱਲਰ: ਗੱਲ ਭਾਸ਼ਾ ਅਤੇ ਇਸਦੇ ਸੁਧਾਰ ਬਾਰੇ ਫਿ਼ਕਰ ਦੀ ਨਹੀਂ। ਭਾਸ਼ਾ ਤਾਂ ਅਸਾਹਿਤਕ ਸਗੋਂ ਅਣਪੜ੍ਹ ਮਨੁੱਖ ਦੇ ਜੀਵਨ ਵਿਚ ਵੀ ਵੱਡੀ ਭੂਮਿਕਾ ਨਿਭਾਉਂਦੀ ਹੈ। ਲੇਖਕ ਲਈ ਤਾਂ ਸਾਹਿਤ-ਰਚਨਾ ਦਾ ਮਾਧਿਅਮ ਹੀ ਭਾਸ਼ਾ ਹੈ ਜਿਸ ਕਰਕੇ ਉਹਦਾ ਵਿਸ਼ੇਸ਼ ਮਹੱਤਵ ਬਣ ਜਾਂਦਾ ਹੈ। ਤਾਂ ਵੀ ਇਸ ਵਿਸ਼ੇਸ਼ ਮਹੱਤਵ ਦੇ ਬਾਵਜੂਦ ਸਭ ਭਾਸ਼ਾਵਾਂ ਦੇ ਲੇਖਕ ਆਪਣੀ ਭਾਸ਼ਾ ਨੂੰ ਸਹਿਜਤਾ ਨਾਲ ਉਸਦੇ ਕੁਦਰਤੀ ਰੂਪ ਵਿਚ ਹੀ ਲੈਂਦੇ ਹਨ। ਪਰ ਪੰਜਾਬੀ ਦੀ ਹਾਲਤ ਇਤਿਹਾਸਕ ਕਾਰਨਾਂ ਕਰਕੇ ਬੜੀ ਅਜੀਬ ਹੋ ਗਈ ਹੈ। ਸੰਖੇਪ ਵਿਚ ਕਹਿਣਾ ਹੋਵੇ ਤਾਂ ਇਸਦਾ ਵਿਕਾਸ ਤੇ ਵੇਗ ਪਟੜੀਉਂ ਲਾਹ ਦਿੱਤੇ ਗਏ। ਫੇਰ ਪਟੜੀ ਉੱਤੇ ਪੈਣ ਲਈ ਇਹ ਉਚੇਚਾ ਧਿਆਨ ਤੇ ਜਤਨ ਲੋੜਦੀ ਹੈ। ਪੰਜਾਬੀ ਲੇਖਕ ਹੋਣ ਦੇ ਨਾਤੇ ਮੈਨੂੰ Eਨਾਂ ਕੁ ਫਿ਼ਕਰ ਜ਼ਰੂਰ ਹੈ ਜਿੰਨਾ ਹਰ ਲੇਖਕ, ਭਾਸ਼ਾ ਦੇ ਹਰ ਸੂਝਵਾਨ ਨੂੰ ਹੋਣਾ ਚਾਹੀਦਾ ਹੈ। ਮੇਰਾ ਖਿ਼ਆਲ ਹੈ, ਭਾਸ਼ਾ ਦਾ ਮਹੱਤਵ ਤੇ ਸਾਹਿਤ ਨਾਲ ਇਹਦਾ ਨਾਤਾ ਏਨਾਂ ਸਪੱਸ਼ਟ ਹੈ ਕਿ ਇਸ ਉੱਤੇ ਜ਼ੋਰ ਦੇਣਾ ਬੇਲੋੜਾ ਹੈ। ਹਰਮਨ ਹੈੱਸ ਦਾ ਕਹਿਣਾ ਹੈ,“ਸ਼ਬਦਾਂ ਤੋਂ ਬਿਨਾਂ, ਲਿਖਤਾਂ ਤੋਂ ਬਿਨਾਂ, ਪੁਸਤਕਾਂ ਤੋਂ ਬਿਨਾਂ ਕੋਈ ਇਤਿਹਾਸ ਨਾ ਹੁੰਦਾ, ਮਨੁੱਖਜਾਤੀ ਦਾ ਕੋਈ ਸੰਕਲਪ ਹੀ ਨਾ ਹੁੰਦਾ!” ਭਾਸ਼ਾ ਮਨੁੱਖ ਦਾ, ਸਾਹਿਤ ਦਾ, ਸਭਿਆਚਾਰ ਦਾ ਆਧਾਰ ਹੈ। ਭਾਸ਼ਾ ਨਾ ਹੁੰਦੀ, ਸਾਹਿਤ ਤੇ ਸਭਿਆਚਾਰ ਦੀ ਗੱਲ ਤਾਂ ਛੱਡੋ, ਮਨੁੱਖ ਹੀ ਅੱਜ ਵਾਲਾ ਮਨੁੱਖ ਨਾ ਹੁੰਦਾ। ਉਹ ਹੋਰ ਜਾਨਵਰਾਂ ਵਾਂਗ ਜੰਗਲਾਂ ਵਿਚ ਹੀ ਵਿਚਰ ਰਿਹਾ ਹੁੰਦਾ। ਇਹ ਵਿਸ਼ਾ ਹੈ ਤਾਂ ਬਹੁਤ ਲੰਮਾ ਪਰ ਸੰਖੇਪ ਵਿਚ ਮੁਕਾਉਣ ਦਾ ਜਤਨ ਕਰਦੇ ਹਾਂ।

ਭਾਸ਼ਾ ਦਾ ਆਧਾਰ ਕਿਰਤ ਹੈ ਤੇ ਕਿਰਤ ਦਾ ਆਧਾਰ ਮਨੁੱਖੀ ਹੱਥ ਦਾ ਗੂਠਾ ਜੋ ਬਾਕੀ ਉਂਗਲਾਂ ਨਾਲ ਨੱਬੇ ਦਰਜੇ ਦਾ ਕੋਣ ਬਣਾਉਂਦਾ ਹੈ। ਅਜੇ ਕੱਲ੍ਹ-ਪਰਸੋਂ ਦੇ ਅਖ਼ਬਾਰਾਂ ਵਿਚ ਅਫ਼ਰੀਕਾ ਵਿਚੋਂ ਮਿਲੇ ਵੀਹ ਲੱਖ ਸਾਲ ਪੁਰਾਣੇ ਇਕ ਅਧਮਨੁੱਖੀ ਪੰਜੇ ਦੀਆਂ ਹੱਡੀਆਂ ਦੀ ਤਸਵੀਰ ਛਪੀ ਸੀ। ਦੁਨੀਆ ਭਰ ਦੇ ਮਾਨਵਨਸਲ-ਵਿਗਿਆਨੀ ਬੇਹੱਦ ਖ਼ੁਸ਼ ਹਨ ਕਿ ਇਹ ਪੰਜਾ ਮਨੁੱਖੀ ਨਸਲ ਦੇ ਵਿਕਾਸ ਵਿਚ ਅਜੇ ਤੱਕ ਸਬੂਤਾਂ ਤੋਂ ਵਿਰਵੇ ਉਸ ਦੌਰ ਦਾ ਪ੍ਰਮਾਣ ਹੈ ਜਦੋਂ ਉਹ ਅਪਣੇ ਵਣਮਾਨਸੀ ਪੁਰਖਿਆਂ ਤੋਂ ਵੱਖ ਹੋ ਕੇ ਮਨੁੱਖ ਬਨਣ ਦੇ ਰਾਹ ਪੈ ਗਿਆ ਸੀ ਕਿਉਂਕਿ ਇਸ ਪੰਜੇ ਵਿਚ ਗੂਠਾ ਬਾਕੀ ਉਂਗਲਾਂ ਨਾਲੋਂ ਵੱਖ ਹੋ ਕੇ ਚਾਲੀ-ਪੰਜਾਹ ਦਰਜੇ ਦਾ ਕੋਣ ਬਣਾਉਂਦਾ ਹੈ ਤੇ ਇਉਂ ਨੱਬੇ ਦਰਜੇ ਦਾ ਕੋਣ ਬਣਾਉਣ ਦੇ ਰਾਹ ਪਿਆ ਹੋਇਆ ਹੈ। ਇਸ ਰਾਹ ਪਏ ਹੋਏ ਗੂਠੇ ਨੇ ਮੁੱਢਲੇ ਮਨੁੱਖ ਦੇ ਹੱਥ ਨੂੰ ਪਕੜ ਦੀ ਵਧਦੀ ਹੋਈ ਸ਼ਕਤੀ ਦਿੱਤੀ। ਉਹ ਡਲੇ, ਰੋੜੇ, ਪੱਥਰ ਜਾਂ ਡਾਹਣੀ, ਮੋਹੜੀ ਚੁੱਕ ਕੇ ਫਲ ਤੋੜਨ ਲੱਗਿਆ ਜਾਂ ਜੀਵਜੰਤੂ ਮਾਰਨ ਲੱਗਿਆ। ਹੋਰ ਅੱਗੇ ਚੱਲ ਕੇ ਉਹਨੇ ਪੱਥਰ ਘੜਨੇ ਤੇ ਡਾਹਣੀਆਂ ਛਾਂਗ ਕੇ ਟੰਬੇ ਬਣਾਉਣੇ ਸ਼ੁਰੂ ਕੀਤੇ। ਹੱਥਾਂ ਦੀ ਅਜਿਹੀ ਵਰਤੋਂ ਉਹਦੇ ਦਿਮਾਗ਼ ਵਿਚ ਵਿਚਾਰ ਜਗਾਉਣ ਲੱਗੀ ਤੇ ਉਹਨਾਂ ਵਿਚਾਰਾਂ ਦੇ ਪ੍ਰਗਟਾਵੇ ਲਈ ਭਾਸ਼ਾ ਦਾ ਜਨਮ ਹੋਇਆ। ਮਨੁੱਖ ਕਿਰਤ, ਵਿਚਾਰ ਤੇ ਭਾਸ਼ਾ ਦੇ ਮਹਾਂਮਾਰਗ ਉੱਤੇ ਤੁਰ ਕੇ ਅੱਜ ਵਾਲੇ ਮੁਕਾਮ ਉੱਤੇ ਪੁੱਜਿਆ ਹੈ। ਹੁਣ ਵੀ ਕਿਰਤ ਤੇ ਵਿਚਾਰ ਦੇ ਸੁਮੇਲ ਵਿਚੋਂ ਨਵੇਂ ਸ਼ਬਦ ਜਨਮਦੇ ਰਹਿੰਦੇ ਹਨ। ਕੰਪਿਊਟਰ ਤੇ ਉਸ ਨਾਲ ਸੰਬੰਧਿਤ ਸਾਰਾ ਖਿਲਾਰਾ ਇਸਦੀ ਇਕ ਵਧੀਆ ਅਜੋਕੀ ਮਿਸਾਲ ਹੈ। ਇਸੇ ਕਰਕੇ ਮੈਂ ਆਖਦਾ ਹਾਂ, ਕਿਰਤ, ਵਿਚਾਰ ਤੇ ਭਾਸ਼ਾ, ਤਿੰਨੇ ਪੂਜਣਜੋਗ ਹਨ। ਗੂਠੇ ਨੂੰ ਮਨੁੱਖੀ ਬੁੱਧੀ ਦਾ ਸਗੋਂ ਮਨੁੱਖੀ ਹੋਂਦ ਦਾ ਆਧਾਰੀ ਪ੍ਰਤੀਕ ਮੰਨਦਿਆਂ ਹੀ ਤਾਂ ਗੁਰੂ ਦਰੋਣਾਚਾਰੀਆ ਨੇ ਏਕਲੱਵਿਅ ਤੋਂ ਇਸੇ ਦੀ ਭੇਟ ਮੰਗੀ ਸੀ! ਇਹ ਕਿਰਤੀ ਮਨੁੱਖ ਨੂੰ ਕੇਵਲ ਆਦੇਸ਼ਪਾਲਕ ਬਣਾਈ ਰੱਖਣ ਲਈ ਬੁੱਧੀ ਤੇ ਕਲਾ ਤੋਂ ਵਿਰਵਾ ਕਰਨ ਦੀ ਬੁੱਧੀਭੋਗੀ ਜਮਾਤ ਦੀ ਦੂਰਮਾਰ ਸਾਜਿ਼ਸ਼ ਸੀ। ਅੱਜ ਦੇ ਕਿਰਤੀਆਂ, ਅੱਜ ਦੇ ਦਲਿਤਾਂ, ਅੱਜ ਦੇ ਪਛੜਿਆਂ ਨੂੰ ਵਿੱਦਿਆ ਤੇ ਬੁੱਧੀ ਤੋਂ ਦੂਰ ਰੱਖ ਕੇ ਉਹਨਾਂ ਦੇ ਬੌਧਿਕ ਗੂਠੇ ਇਸੇ ਪ੍ਰੰਪਰਾ ਅਨੁਸਾਰ ਹੀ ਤਾਂ ਜ਼ੋਰੀਂ ਮੰਗੇ ਦਾਨ ਵਜੋਂ ਕੱਟੇ ਜਾਂਦੇ ਹਨ!

ਹੁਣ : ਇਸ ਲੰਮੇ ਇਤਿਹਾਸ ਵਿਚ ਮੌਖਿਕਤਾ ਤੋਂ ਤੁਰੇ ਸਾਹਿਤ ਲਈ ਭਾਸ਼ਾ ਦੀ ਕੀ ਮਹੱਤਤਾ ਬਣੀ?

ਭੁੱਲਰ: ਮੌਖਿਕਤਾ ਦੇ ਟਾਕਰੇ ਲਿਖਿਤ ਭਾਸ਼ਾ ਸਾਹਿਤ ਦਾ ਚਿਰਸਥਾਈ ਮਾਧਿਅਮ ਹੈ। ਦੁਰਭਾਗ ਦੇਖੋ ਤੇ ਜ਼ੁਲਮ ਦੇਖੋ, ਹੁਣ ਅਨੇਕ ਪੰਜਾਬੀ ਲੇਖਕ ਤੇ ਆਲੋਚਕ ਸਿੱਧੇ-ਅਸਿੱਧੇ ਢੰਗ ਨਾਲ ਇਹ ਮੱਤ ਪੇਸ਼ ਕਰਦੇ ਹਨ ਕਿ ਭਾਸ਼ਾ ਦਾ ਕੀ ਹੈ, ਗੱਲ ਤਾਂ ਗੱਲ ਦੀ ਹੈ। ਭਾਵ, ਗੱਲ ਪਾਠਕ ਤੱਕ ਪੁਜਦੀ ਕਰਨ ਤੋਂ ਇਲਾਵਾ ਭਾਸ਼ਾ ਦਾ ਆਪਣਾ ਕੋਈ ਮਹੱਤਵ ਨਹੀਂ। ਮੈਂ ਇਸ ਮੱਤ ਨਾਲ ਉੱਕਾ ਹੀ ਸਹਿਮਤ ਨਹੀਂ ਸਗੋਂ ਇਸਦਾ ਕੱਟੜ ਵਿਰੋਧੀ ਤੇ ਨਿੰਦਕ ਹਾਂ। ਮੇਰਾ ਮੰਨਣਾ ਹੈ ਕਿ ਅਜਿਹੇ ਲੋਕ ਅਸਲ ਵਿਚ ਭਾਸ਼ਾ ਬਾਰੇ ਅਪਣੇ ਅਗਿਆਨ ਨੂੰ ਲੁਕੋਣ ਦਾ ਜਤਨ ਕਰ ਰਹੇ ਹੁੰਦੇ ਹਨ। ਇਸੇ ਕਰਕੇ ਮੌਕਾ ਮਿਲਦਿਆਂ ਮੈਂ ਭਾਸ਼ਾ ਬਾਰੇ ਆਪਣੀ ਬੁੱਧੀ ਅਨੁਸਾਰ ਗੱਲ ਕਰਦਾ ਰਹਿੰਦਾ ਹਾਂ। ਕਦੀ ਕੋਈ ਚਿਤਰਕਾਰ ਦੇਖਿਆ ਹੈ ਜੋ ਚਿਤਰ ਦੀ ਰੰਗਾਵਲੀ ਅਤੇ ਉਹਦੇ ਸਮੁੱਚੇ ਪ੍ਰਭਾਵ ਦਾ ਖਿ਼ਆਲ ਕੀਤੇ ਬਿਨਾਂ ਜਿਸ ਰੰਗ ਵਿਚ ਡੁੱਬੇ, ਤੂਲਿਕਾ ਡੋਬ ਲਵੇ? ਕਿਸੇ ਗਾਇਕ ਨੂੰ ਇਹ ਵਾਰਾ ਖਾ ਸਕਦਾ ਹੈ ਕਿ ਉਹ ਰਾਗ ਦੀ ਨਿਸਚਿਤ ਸੁਰ, ਤਾਲ, ਲੈਅ ਦੀ ਥਾਂ ਜਿਹੋ ਜੇਹੀ ਮਰਜ਼ੀ ਹੇਕ ਕੱਢ ਲਵੇ? ਕੋਈ ਨ੍ਰਿਤਕਾਰ ਹੋਵੇਗਾ ਜਿਸਦੇ ਹਾਵਭਾਵ ਕੁਛ ਹੋਰ ਪ੍ਰਗਟ ਕਰ ਰਹੇ ਹੋਣ ਤੇ ਪੈਰ ਕਿਧਰੇ ਹੋਰ ਪੈ ਰਹੇ ਹੋਣ? ਲਖ਼ਨਊ ਖ਼ੂਬਸੂਰਤ ਉਰਦੂ ਲਈ ਇਕ ਜ਼ਮਾਨੇ ਤੋਂ ਪ੍ਰਸਿੱਧ ਹੈ। ਕਹਿੰਦੇ ਟਾਂਗੇ ਵਿਚ ਬੈਠਾ ਇਕ ਗਾਲੜੀ ਦੂਜੀਆਂ ਸਵਾਰੀਆਂ ਨਾਲ ਗੱਲਾਂ ਮਾਰ ਰਿਹਾ ਸੀ। ਘੋੜਾ ਸੜਕ ਵਿਹਲੀ ਹੋਣ ਦੇ ਬਾਵਜੂਦ ਵਾਰ ਵਾਰ ਰੁਕ ਕੇ ਸਿਰ ਹਿਲਾਉਣ ਤੇ ਸੜਕ ਉੱਤੇ ਪੌੜ ਮਾਰਨ ਲੱਗ ਜਾਵੇ। ਗਾਲੜੀ ਕਹਿੰਦਾ,“ਯਾਰ ਤੇਰਾ ਘੋੜਾ ਅਜੀਬ ਹੈ! ਚਾਰ ਕਦਮ ਤੁਰਦਾ ਹੈ, ਰੁਕ ਜਾਂਦਾ ਹੈ, ਅੱਚਵੀ ਕਰਦਾ ਹੈ। ਵਿਹਲੀ ਸੜਕ ਹੈ, ਇਹ ਆਰਾਮ ਨਾਲ ਤੁਰਿਆ ਕਿਉਂ ਨਹੀਂ ਜਾਂਦਾ!” ਟਾਂਗੇਵਾਲਾ ਹੱਸਿਆ,“ਜਨਾਬ, ਅਜੀਬ ਮੇਰਾ ਘੋੜਾ ਨਹੀਂ, ਅਜੀਬ ਤੁਹਾਡੀ ਉਰਦੂ ਹੈ। ਮੇਰੇ ਘੋੜੇ ਨੂੰ ਖ਼ੂਬਸੂਰਤ ਲਖ਼ਨਵੀ ਉਰਦੂ ਸੁਨਣ ਦੀ ਆਦਤ ਪਈ ਹੋਈ ਹੈ। ਜਦੋਂ ਜਦੋਂ ਤੁਸੀਂ ਜ਼ਬਾਨ ਦੀ ਟੰਗ ਤੋੜਦੇ ਹੋ, ਇਹ ਬਿਚਾਰਾ ਮਾਸੂਮ ਪ੍ਰੇਸ਼ਾਨ ਹੋ ਉਠਦਾ ਹੈ। ਜੇ ਜ਼ਬਾਨ ਨਹੀਂ ਆਉਂਦੀ, ਚੁੱਪ ਹੀ ਕਰ ਰਹੋ ਤਾਂ ਜੋ ਇਹ ਤੁਹਾਡੇ ਕਹਿਣ ਅਨੁਸਾਰ ਆਰਾਮ ਨਾਲ ਤੁਰਿਆ ਜਾਵੇ!” ਲੇਖਕ ਲਈ ਲਾਜ਼ਮੀ ਹੈ ਕਿ ਵਿਚਾਰ ਦੇ ਹਾਣ ਦੀ, ਵਿਚਾਰ ਲਈ ਢੁੱਕਵੀਂ, ਵਿਚਾਰ ਨੂੰ ਸਹੀ ਤੇ ਸੰਪੂਰਨ ਪ੍ਰਗਟਾਵਾ ਦੇਣ ਵਾਲੀ ਖ਼ੂਬਸੂਰਤ, ਰਸੀਲੀ ਤੇ ਮਨਮੋਹਕ ਭਾਸ਼ਾ ਦੀ ਵਰਤੋਂ ਕਰੇ। ਮਹਾਂਕਵੀ ਕਬੀਰ ਕਹਿੰਦੇ ਹਨ,“ਐਸੀ ਵਾਣੀ ਬੋਲੀਏ, ਮਨ ਕਾ ਆਪਾ ਖੋਏ। ਅਪਨਾ ਤਨ ਸ਼ੀਤਲ ਕਰੇ, ਔਰਨ ਕੋ ਸੁਖ ਹੋਏ!”

ਵਿਚਾਰ ਅੰਮ੍ਰਿਤ ਹੈ ਤੇ ਉਹ ਉੱਤਮ ਭਾਸ਼ਾ ਦੇ ਸੋਨ-ਕਟੋਰੇ ਵਿਚ ਪੇਸ਼ ਕੀਤਾ ਹੀ ਸ਼ੋਭਦਾ ਹੈ। ਜੇ ਭਾਸ਼ਾ ਦੀ ਸੂਝ ਨਹੀਂ, ਵਿਚਾਰ ਨਰੋਆ ਵੀ ਹੋਵੇ, ਉਹ ਠੀਕਰੇ ਵਿਚ ਖੀਰ ਪਰੋਸਣ ਵਾਲੀ ਗੱਲ ਹੋਵੇਗੀ। ਜੇ ਭਾਸ਼ਾ ਦੀ ਤਾਂ ਸਮਝ ਹੈ ਪਰ ਵਿਚਾਰ ਬੇਤੁਕਾ ਹੈ, ਉਹ ਕਟੋਰੇ ਵਿਚ ਦਲੀਆ ਪਾਉਣ ਵਾਲੀ ਗੱਲ ਹੋਵੇਗੀ। ਜੇ ਲੇਖਕ ਦੋਵਾਂ ਪੱਖਾਂ ਤੋਂ ਹੀ ਸੱਤਨਾਮ ਹੈ, ਉਹ ਠੀਕਰੇ ਵਿਚ ਦਲੀਆ ਪਰੋਸੇਗਾ। ਇਹਨਾਂ ਤਿੰਨਾਂ ਕਿਸਮਾਂ ਦੇ ਲੇਖਕਾਂ ਨੂੰ ਪਾਠਕਾਂ ਦੀ ਪ੍ਰਵਾਨਗੀ ਨਾ ਮਿਲਣ ਦਾ ਗਿਲਾ ਨਹੀਂ ਕਰਨਾ ਚਾਹੀਦਾ। ਰਚਨਾ ਸਾਰ-ਤੱਤ ਦੇ ਪੱਖੋਂ ਵਿਚਾਰ-ਉਤੇਜਕ ਵੀ ਹੋਣੀ ਚਾਹੀਦੀ ਹੈ ਅਤੇ ਭਾਸ਼ਾ ਦੇ ਪੱਖੋਂ ਮਾਨਣਜੋਗ ਤੇ ਆਨੰਦਦਾਇਕ ਵੀ!

ਹੁਣ : ਪੰਜਾਬੀ ਸਭਿਆਚਾਰ ਦੇ ਨਿਘਾਰ ਬਾਰੇ ਹੁਣ ਬੜਾ ਕੁਛ ਕਿਹਾ ਜਾ ਰਿਹਾ ਹੈ। ਇਸ ਵਰਤਾਰੇ ਵਿਚ ਤੁਸੀਂ ਭਾਸ਼ਾ ਨੂੰ ਕਿਥੇ ਖੜ੍ਹੀ ਦੇਖਦੇ ਹੋ?

ਭੁੱਲਰ: ਕਿਸੇ ਸਮਾਜ ਦਾ ਸਭਿਆਚਾਰ ਅਨੇਕ ਸਾਧਨਾਂ ਰਾਹੀਂ ਪ੍ਰਗਟ ਹੁੰਦਾ ਹੈ। ਬੋਲ-ਬਾਣੀ, ਸਾਹਿਤ, ਰਿਸ਼ਤੇ, ਰਸਮ-ਰਿਵਾਜ, ਗੀਤ, ਸੰਗੀਤ, ਨਾਚ, ਚਿਤਰ, ਭਵਨ-ਉਸਾਰੀ ਤੇ ਹੋਰ ਬੜਾ ਕੁਛ! ਪਰ ਜੇ ਬੋਲ-ਬਾਣੀ ਅਤੇ ਉਸਨੂੰ ਚਿਰਕਾਲ ਤੱਕ ਸੰਭਾਲ ਕੇ ਰੱਖ ਸਕਣ ਵਾਲੇ ਲਿਖਿਤ ਸ਼ਬਦ ਨੂੰ ਅਸੀਂ ਸਭਿਆਚਾਰ ਦਾ ਪ੍ਰਮੁੱਖ ਦਰਪਨ ਕਹਿ ਲਈਏ, ਕੋਈ ਅਤਿਕਥਨੀ ਨਹੀਂ। ਸ਼ਬਦ ਤਾਂ ਸਭਿਆਚਾਰ ਦਾ ਅਜਿਹਾ ਪ੍ਰਗਟਾਵਾ ਹਨ ਕਿ ਦੋ-ਚਾਰ ਸ਼ਬਦਾਂ ਤੋਂ ਸਮਾਜ ਦਾ ਸਭਿਆਚਾਰਕ ਮਿਆਰ ਟੋਹਿਆ-ਪਰਖਿਆ ਜਾ ਸਕਦਾ ਹੈ। ਸਿਰਫ਼ ਇਕ ਮਿਸਾਲ ਦੇਵਾਂਗਾ। ਅੱਧੀ ਸਦੀ ਪਹਿਲਾਂ ਉਹ ਲੋਕ ਵੀ, ਜਿਨ੍ਹਾਂ ਨੂੰ ਹੁਣ ਦੇ ਨਾਪਤੋਲ ਅਨੁਸਾਰ ਅਣਪੜ੍ਹ-ਗੰਵਾਰ ਕਿਹਾ ਜਾਵੇਗਾ, ਗੱਲਾਂ ਕਰਦਿਆਂ ਵਿਚ ਵਿਚ ਅਕਸਰ ਹੀ ‘ਰੱਬ ਤੇਰਾ ਭਲਾ ਕਰੇ’, ‘ਰੱਬ ਤੈਨੂੰ ਸੁਖੀ ਰੱਖੇ’, ‘ਰਾਮ ਤੈਨੂੰ ਰਾਜੀ ਰੱਖੇ’, ਆਦਿ ਜਿਹੇ ਬੋਲ ਬੋਲਦੇ ਸਨ। ਇਹਨਾਂ ਨੂੰ ਆਦਤਨ ਬੋਲੇ ਜਾਂਦੇ, ਵਾਕ ਦੇ ਪ੍ਰਸੰਗ ਤੋਂ ਬਾਹਰਲੇ, ਵਾਧੂ ਬੋਲ ਕਹਿਣਾ ਵੱਡੀ ਭੁੱਲ ਹੋਵੇਗੀ। ਇਹ ਉਹਨਾਂ ਲੋਕਾਂ ਦੇ ਮਨ ਦੀ ਨਿਰਮਲਤਾ, ਵਿਚਾਰਾਂ ਦੀ ਉੱਚਤਾ ਦਾ ਪ੍ਰਮਾਣ ਸਨ। ਹੁਣ ਤੁਸੀਂ ਚੰਗੇ ਪੜ੍ਹੇ-ਲਿਖੇ, ਪਹਿਨੇ-ਪੱਚਰੇ ਲੋਕਾਂ ਨੂੰ ਬੱਸਾਂ, ਰੇਲਾਂ, ਬਾਜ਼ਾਰਾਂ, ਦਫ਼ਤਰਾਂ ਵਿਚ ਆਮ ਹੀ ਤਕੀਆਕਲਾਮੀ ਗਾਲ਼ਾਂ ਦਿੰਦੇ ਸੁਣੋਗੇ। ਸੰਭਵ ਨਹੀਂ ਕਿ ਉਹ ਘਰੇ ਵੀ ਅਜਿਹੀ ‘ਵਾਣੀ’ ਨਾ ਬੋਲਦੇ ਹੋਣ! ਇਹ ਪੱਕਾ ਸੁਭਾਅ ਬਣ ਜਾਂਦਾ ਹੈ। ਇਹ ਸਮਾਜ ਦੇ ਅਜੋਕੇ ਸਭਿਆਚਾਰਕ ਨਿਘਾਰ ਦਾ ਸਭ ਤੋਂ ਉਭਰਵਾਂ ਨਮੂਨਾ ਤੇ ਪ੍ਰਮਾਣ ਹੈ। ਇਹ ਵੀ ਪਤਾ ਨਹੀਂ ਲਗਦਾ ਕਿ ਉਹ ਮਹਾਂਪੁਰਸ਼ ਗਾਲ਼ਾਂ ਕਿਸੇ ਹੋਰ ਬੰਦੇ ਜਾਂ ਚੀਜ਼ ਨੂੰ ਦੇ ਰਿਹਾ ਹੈ ਜਾਂ ਅਪਣੇ ਆਪ ਨੂੰ! “ਮੈਂ ਭੈਂਚੋ ਚੰਡੀਗੜ੍ਹ ਜਾਣਾ ਸੀ, ਸਾਲੀ ਸਿੱਧੀ ਬੱਸ ਹੀ ਨਿਕਲ ਗਈ।…ਮੈਨੂੰ ਮਾਂਚੋ ਉਹਦੇ ਤਾਈਂ ਕੰਮ ਸੀ, ਉਹ ਭੈਂਚੋ ਅੱਜ ਛੁੱਟੀ ਕਰ ਗਿਆ।” ਸ਼ਬਦ ਹੀ ਸਭਿਆਚਾਰ ਦੇ ਨਿਸਾਰ ਜਾਂ ਨਿਘਾਰ ਦਾ ਪ੍ਰਗਟਾਵਾ ਹੁੰਦੇ ਹਨ। ਅੱਜ ਦੇ ਬਹੁਤੇ ਗੀਤਕਾਰ ਤੇ ਗਾਇਕ, ਜਿਨ੍ਹਾਂ ਨੂੰ ਬੁੱਧੀਹੀਣ ਕਲਮਘਸਾਊਆਂ ਵੱਲੋਂ ਲੋਕ-ਗੀਤਕਾਰ ਤੇ ਲੋਕ-ਗਾਇਕ ਲਿਖਿਆ ਜਾਂਦਾ ਹੈ, ਸਾਡੇ ਸਭਿਆਚਾਰ ਨੂੰ ਲਚਰ ਸ਼ਬਦਾਂ ਰਾਹੀਂ ਹੀ ਲਗਾਤਾਰ ਨਿਵਾਣ ਵੱਲ ਖਿੱਚੀ-ਧੂਹੀ ਜਾਂਦੇ ਹਨ। ਸਭਿਆਚਾਰਕ ਗਲ-ਕਟੀਅਨ ਦੇ ਰਾਜ ਵਿਚ ਉਹਨਾਂ ਨੂੰ ਰੋਕਣ ਵਾਲਾ ਵੀ ਕੋਈ ਨਹੀਂ!

ਭਾਸ਼ਾ ਦਾ ਰਿਆਜ਼

ਹੁਣ : ਤੁਸੀਂ ਅਕਸਰ ਭਾਸ਼ਾ ਦੀ ਅਲੌਕਿਕਤਾ ਦੀ, ਚਮਤਕਾਰੀ ਸ਼ਕਤੀ ਦੀ ਗੱਲ ਕਰਦੇ ਹੋ!

ਭੁੱਲਰ: ਮੈਂ ਸਾਹਿਤ ਦਾ ਸਦੀਵੀ ਸਿਖਿਆਰਥੀ ਹੋਣ ਵਾਂਗ ਭਾਸ਼ਾ ਦਾ ਵੀ ਸਦੀਵੀ ਵਿਦਿਆਰਥੀ ਹਾਂ। ਭਾਸ਼ਾ ਦਾ ਤਾਂ ਸਿੱਧਾ ਰਿਸ਼ਤਾ ਹੀ ਆਤਮਾ ਨਾਲ ਹੈ। ਸਾਡੇ ਸਮੇਂ ਦੇ ਇਕ ਵੱਡੇ ਦਾਰਸ਼ਨਿਕ-ਚਿੰਤਕ, ਡਾ. ਰਾਧਾਕ੍ਰਿਸ਼ਨਣ ਨੇ ਝੋਰਾ ਕੀਤਾ ਸੀ,“ਸਾਡੀਆਂ ਬਹੁਤੀਆਂ ਆਧੁਨਿਕ ਰਚਨਾਵਾਂ ਸਾਡੀ ਬੁੱਧੀ ਵਿਚੋਂ ਆਕਾਰ ਧਾਰਦੀਆਂ ਹਨ, ਸਾਡੀ ਆਤਮਾ ਵਿਚੋਂ ਨਹੀਂ!” ਪੰਜਾਬੀ ਸਾਹਿਤ ਵਿਚ ਤਾਂ ਹਾਲਤ ਕੁਛ ਹੋਰ ਵੀ ਨਿੱਘਰ ਗਈ ਹੈ। ਪਹਿਲਾਂ ਬੁੱਧੀ ਦੀ ਥਾਂ ਵੀ ਸਿ਼ਲਪ ਨੇ ਲੈ ਲਈ ਤੇ ਹੁਣ ਗੱਲ ਜੁਗਾੜ ਤੱਕ ਤਿਲ੍ਹਕ ਗਈ ਹੈ। ਮੈਨੂੰ ਭਾਸ਼ਾ ਬਾਰੇ ਹੋਰ ਹੋਰ ਜਾਣਦਿਆਂ, ਇਸ ਟੂਣੇਹਾਰੀ ਦੇ ਵੱਸ ਵਿਚ ਆਉਂਦਿਆਂ ਬੜਾ ਆਨੰਦ, ਬੜਾ ਨਸ਼ਾ ਆਉਂਦਾ ਹੈ! ਇਕ ਸ਼ਬਦ, ਕੁੱਲ ਇਕ ਸ਼ਬਦ ਮਨੁੱਖਾਂ ਦਾ, ਦੇਸਾਂ ਦਾ ਭਵਿੱਖ ਬਦਲ ਸਕਦਾ ਹੈ। ਯੂਗਾਂਡਾ ਦਾ ਤਾਨਾਸ਼ਾਹ ਹੁੰਦਾ ਸੀ, ਈਡੀ ਅਮੀਨ, ਬੇਕਿਰਕ, ਨਿਰਦਈ। ਇਕ ਦਿਨ ਅਪਣੇ ਬਦੇਸ ਮੰਤਰੀ ਨੂੰ ਕਹਿਣ ਲੱਗਿਆ, ਅਗਲੇ ਹਫ਼ਤੇ ਤੋਂ ਦੇਸ ਦਾ ਨਾਂ ਯੂਗਾਂਡਾ ਦੀ ਥਾਂ ਮੇਰੇ ਨਾਂ ਅਨੁਸਾਰ ਈਡੀ ਹੋਵੇਗਾ, ਅੱਜ ਹੀ ਸੰਯੁਕਤ ਰਾਸ਼ਟਰ, ਹੋਰ ਸਭ ਕੌਮਾਂਤਰੀ ਸੰਗਠਨਾਂ, ਦੂਤਾਵਾਸਾਂ, ਏਅਰਲਾਈਨਾਂ ਆਦਿ ਨੂੰ ਜਾਣਕਾਰੀ ਦੇ ਦਿਉ। ਵਜ਼ੀਰ ਸਿਆਣਾ ਸੀ, ਜਿਵੇਂ ਸਾਡੀਆਂ ਬਾਤਾਂ ਵਿਚ ਮੂਰਖ ਰਾਜਿਆਂ ਦੇ ਬੁੱਧੀਮਾਨ ਵਜ਼ੀਰ ਹੁੰਦੇ ਸਨ। ਉਹਨੂੰ ਚਿੰਤਾ ਹੋਈ, ਇਹ ਹੈਂਕੜਬਾਜ਼ ਕੇਹੀ ਮੂਰਖਤਾ ਕਰਨ ਲੱਗਿਆ ਹੈ! ਈਡੀ ਨੇ ਹਫ਼ਤੇ ਮਗਰੋਂ ਪੁੱਛਿਆ ਤਾਂ ਵਜ਼ੀਰ ਬੋਲਿਆ,“ਹਜ਼ੂਰ, ਮੈਂ ਸਭ ਨੂੰ ਨਵੇਂ ਨਾਂ ਬਾਰੇ ਦੱਸਣ ਹੀ ਲੱਗਿਆ ਸੀ ਕਿ ਇਕ ਬੜੀ ਗੰਭੀਰ ਸਮੱਸਿਆ ਤੇ ਉਲਝਣ ਖੜ੍ਹੀ ਹੋ ਗਈ। ਇਹ ਜਿਹੜਾ ਸਾਈਪਰਸ ਦੇਸ ਹੈ, ਉਥੋਂ ਦੇ ਲੋਕਾਂ ਨੂੰ ਸਿਪਰੀਅਟ ਕਿਹਾ ਜਾਂਦਾ ਹੈ। ਜੇ ਆਪਾਂ ਦੇਸ ਦਾ ਨਾਂ ਈਡੀ ਰੱਖ ਦਿੱਤਾ, ਸਾਰੀ ਦੁਨੀਆ ਸਾਨੂੰ ਈਡੀਅਟ ਕਿਹਾ ਕਰੇਗੀ!” ਈਡੀ ਸਾਹਿਬ ਅਜਿਹੇ ਚੁੱਪ ਕੀਤੇ ਕਿ ਇਸ ਬਾਰੇ ਦੁਬਾਰਾ ਕਦੀ ਬੋਲੇ ਹੀ ਨਾ! ਭਾਸ਼ਾ ਦਾ ਇਕ ਹੋਰ ਚਮਤਕਾਰ ਸੁਣੋ। ਐਹ ਚਾਰ ਸਤੰਬਰ ਦੀ ਗੱਲ ਹੈ, ਦਿੱਲੀ ਦੇ ਇਕ ਐਡੀਸ਼ਨਲ ਸੈਸ਼ਨ ਜੱਜ ਦੀ ਅਦਾਲਤ ਵਿਚ ਭਾਸ਼ਾ ਨੇ ਪੰਜ ਕਥਿਤ ਕਾਤਲਾਂ ਦੇ ਗਲੋਂ ਸੰਭਵ ਫ਼ਾਂਸੀ-ਫ਼ੰਧਾ ਲੁਹਾ ਦਿੱਤਾ। ਸਾਰਾ ਮੁਕੱਦਮਾ ਮਕਤੂਲ ਦੇ ਮਰਨ ਤੋਂ ਪਹਿਲਾਂ ਦਿੱਤੇ ਬਿਆਨ ਉੱਤੇ ਉੱਸਰਿਆ ਹੋਇਆ ਸੀ ਤੇ ਉਸ ਵਿਚ ਉਹਦੇ ਮੂੰਹੋਂ ‘ਉਪਰੋਕਤ’, ‘ਯਕਮੁਸ਼ਤ’ ਜਿਹੇ ਸ਼ਬਦ ਬੁਲਵਾਏ ਗਏ ਸਨ। ਜੱਜ ਕਹਿੰਦਾ,“ਆਖ਼ਰੀ ਸਾਹ ਲੈ ਰਿਹਾ ਵਿਅਕਤੀ ਰੋਜ਼ਾਨਾ ਜੀਵਨ ਵਿਚ ਵਰਤੋਂ ਵਿਚ ਨਾ ਆਉਣ ਵਾਲੇ ਅਜਿਹੇ ਸ਼ਬਦ ਨਹੀਂ ਬੋਲ ਸਕਦਾ। ਮਰਨ ਲੱਗੇ ਵਿਅਕਤੀ ਦਾ ਬਿਆਨ ਉਹਦੇ ਬੋਲੇ ਹੋਏ ਸ਼ਬਦਾਂ ਵਿਚ ਹੀ ਹੂਬਹੂ ਲਿਖਿਆ ਜਾਣਾ ਚਾਹੀਦਾ ਹੈ। ਇਹ ਬਿਆਨ ਪੁਲਿਸ ਦਾ ਆਪਣਾ ਲਿਖਿਆ ਹੋਇਆ ਹੈ।” ਤੇ ਉਹਨੇ ਪੰਜੇ ਦੋਸੀ ਬਰੀ ਕਰ ਦਿੱਤੇ। ਇਹ ਤਾਂ ਆਮ ਜਿ਼ੰਦਗੀ ਵਿਚੋਂ ਮਿਸਾਲਾਂ ਹਨ, ਜੇ ਮੈਂ ਸਾਹਿਤ ਵਿਚ ਭਾਸ਼ਾ ਦੀ ਜਾਦੂਗਰੀ ਦੀਆਂ ਮਿਸਾਲਾਂ ਦੇਣ ਲੱਗ ਪਿਆ, ‘ਬਾਤ ਨਿਕਲੇਗੀ ਤੋ ਦੂਰ ਤਲਕ ਜਾਏਗੀ’ ਵਾਲੀ ਗੱਲ ਹੋ ਜਾਵੇਗੀ। ਤੁਸੀਂ ਸੀਸ ਕੱਜ ਕੇ, ਹੱਥ ਜੋੜ ਕੇ, ਨੰਗੇ ਚਰਨੀਂ ਭਾਸ਼ਾ ਦੇ ਹਜ਼ੂਰ ਜਾE ਤਾਂ ਸਹੀ, ਇਕ ਇਕ ਸ਼ਬਦ ਦਾ ਆਕਾਰ ਬੂੰਦ ਤੋਂ ਫ਼ੈਲਦਾ ਫ਼ੈਲਦਾ ਸਾਗਰ ਬਨਣ ਦੇ ਰਾਹ ਪੈ ਜਾਵੇਗਾ ਤੇ ਅਰਥ ਲਹਿਰਾਂ ਵਾਂਗ ਇਕ ਪਿੱਛੋਂ ਇਕ ਤੁਹਾਡੇ ਵੱਲ ਵਧੇ ਆਉਣਗੇ! ਮੈਂ ਗਾਇਕ ਵੱਲੋਂ ਗਾਇਕੀ ਦੇ ਕੀਤੇ ਜਾਂਦੇ ਰਿਆਜ਼ ਵਾਂਗ ਭਾਸ਼ਾ ਦਾ ਰਿਆਜ਼ ਕਰਦਾ ਹਾਂ।

ਹੁਣ : ਪਰ ਹੁਣ ਤਾਂ ਬਹੁਤੇ ਲੋਕਾਂ ਦਾ ਕਹਿਣਾ ਹੈ ਕਿ ਭਾਸ਼ਾ ਇਕ ਦੂਜੇ ਨਾਲ ਗੱਲ ਕਰਨ ਦਾ ਸਾਧਨ ਹੈ ਤੇ ਗੱਲ ਕਿਸੇ ਵੀ ਭਾਸ਼ਾ ਵਿਚ ਕੀਤੀ ਜਾ ਸਕਦੀ ਹੈ। ਫੇਰ ਮਾਤਭਾਸ਼ਾ ਦਾ ਦੂਜੀਆਂ ਭਾਸ਼ਾਵਾਂ ਦੇ ਟਾਕਰੇ ਕੀ ਮਹੱਤਵ ਹੋਇਆ?

ਭੁੱਲਰ: ਇਕ ਦੂਜੇ ਨਾਲ ਕਿਹੜੀ ਗੱਲ? ਕੀ ਹਰ ਗੱਲ ਕਿਸੇ ਵੀ ਭਾਸ਼ਾ ਵਿਚ ਕੀਤੀ ਜਾ ਸਕਦੀ ਹੈ। ਨਹੀਂ! ਦੂਜੀ ਭਾਸ਼ਾ ਵਿਚ ਤੁਸੀਂ ਕੋਈ ਸਾਧਾਰਨ ਗੱਲ ਜਾਂ ਫੇਰ ਗਿਆਨ-ਵਿਗਿਆਨ ਦੀ ਗੱਲ ਕਰ ਸਕਦੇ ਹੋ, ਰੂਹ ਤੇ ਆਤਮਾ ਦੀ ਨਹੀਂ। ਤੁਸੀਂ ‘ਅੱਧਾ ਕਿਲੋ ਆਲੂ ਦੇਣਾ’ ਦੀ ਥਾਂ ‘ਆਧਾ ਕਿਲੋ ਆਲੂ ਦੀਜੀਏ’ ਕਹਿ ਸਕਦੇ ਹੋ। ਅਸੀਂ ਵਿਗਿਆਨ ਤੇ ਤਕਨਾਲੋਜੀ ਦਾ ਗਿਆਨ ਵੀ ਵੱਡੀ ਹੱਦ ਤੱਕ ਅੰਗਰੇਜ਼ੀ ਰਾਹੀਂ ਪ੍ਰਾਪਤ ਕਰ ਰਹੇ ਹਾਂ ਤੇ ਸਾਡੇ ਕੋਲ ਅਜਿਹੇ ਗਿਆਨ ਦੀ ਘਾਟ ਕਾਰਨ ਇਹ ਠੀਕ ਵੀ ਹੈ। ਪਰ ਜੇ, ਮਿਸਾਲ ਵਜੋਂ, ਭਾਈ ਵੀਰ ਸਿੰਘ ਦਾ ਇਕ ਸ਼ਬਦ ਬਦਲਦਿਆਂ “ਜੁੱਗ ਬੀਤਿਆਂ ਤੁਸੀਂ ਮਿਲੇ ਅਸਾਨੂੰ, ਅਸੀਂ ਧਾਹ ਗਲਵੱਕੜੀ ਪਾਈ” ਵਾਲੀ ਹਾਲਤ ਬਣ ਜਾਵੇ, ਕੋਈ Eਪਰੀ ਭਾਸ਼ਾ ਜਜ਼ਬਿਆਂ ਦੇ ਪ੍ਰਗਟਾਵੇ ਦਾ ਸਾਧਨ ਬਣੇਗੀ? ਬਿਲਕੁਲ ਨਹੀਂ! ਇਕ ਭਾਸ਼ਾ ਸਾਡੇ ਦਿਮਾਗ਼ ਦਾ ਵਸੀਲਾ ਬਣਦੀ ਹੈ, ਇਕ ਦਿਲ ਦਾ। ਦਿਮਾਗ਼ ਕਿਸੇ ਹੱਦ ਤੱਕ ਕੋਈ ਵੀ ਭਾਸ਼ਾ ਵਰਤ ਸਕਦਾ ਹੈ, ਦਿਲ ਨਹੀਂ। ਤੇ ਸਮਝਣ-ਵਿਚਾਰਨ ਤੇ ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਮਨੁੱਖ ਪਹਿਲਾਂ ਦਿਲ ਹੈ, ਫੇਰ ਦਿਮਾਗ਼। ਜੇ ਕਹੀਏ, ਦਿਲ ਹੀ ਮਨੁੱਖ ਹੈ, ਇਹ ਝੂਠ ਨਹੀਂ ਹੋਵੇਗਾ। ਦਿਲ ਤੋਂ ਬਿਨਾਂ ਇਕੱਲੇ ਦਿਮਾਗ਼ ਦੇ ਸਹਾਰੇ ਤਾਂ ਮਨੁੱਖ ਵਿਚਾਰਕ-ਭਾਸ਼ਾਈ ਮਸ਼ੀਨ ਬਣ ਜਾਵੇਗਾ। ਦਿਲ ਦੀਆਂ ਗੱਲਾਂ, ਸੂਖ਼ਮ ਭਾਵਨਾਵਾਂ, ਲੋਰੀਆਂ, ਗੀਤ, ਵੈਣ, ਪ੍ਰੰਪਰਾ, ਵਿਰਸਾ, ਵਗੈਰਾ ਵਗੈਰਾ ਸਭ ਮਾਤਭਾਸ਼ਾ ਦਾ ਅਧਿਕਾਰ-ਖੇਤਰ ਹਨ। ਰਸੂਲ ਹਮਜ਼ਾਤੋਵ ਦੀ ਗੁਆਂਢਣ ਮਾਂ ਦਾ ਉਸਤੋਂ ਅਪਣੇ ਫ਼ਰਾਂਸ ਵਸਦੇ ਪੁੱਤਰ ਵੱਲੋਂ ਰਸੂਲ ਨਾਲ ਮਾਤਭਾਸ਼ਾ ਦੀ ਥਾਂ ਫ਼ਰਾਂਸੀਸੀ ਬੋਲੇ ਜਾਣਾ ਸੁਣ ਕੇ, ਉਸ ਸਮਾਜ ਵਿਚ ਸੋਗ ਦੀ ਸੁਣਾਉਣੀ ਦਾ ਚਿੰਨ੍ਹ, ਘੁੰਡ ਕੱਢ ਲੈਣਾ ਅਸੀਂ ਸਭ ਨੇ ਪੜ੍ਹਿਆ-ਸੁਣਿਆ ਹੈ। ਦਿਲ ਤੇ ਮਾਤਭਾਸ਼ਾ ਦੇ ਨਾਤੇ ਨੂੰ ਉਜਾਗਰ ਕਰਦੀਆਂ ਅਣਗਿਣਤ ਦਲੀਲਾਂ ਤੇ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ। ਜੱਦੀ ਭਾਸ਼ਾ ਤੇ ਸਭਿਆਚਾਰ ਨਵੀਂ ਕੰਧ ਉੱਤੇ ਕੀਤੇ ਪਹਿਲੇ, ਮੂਲ, ਪੱਕੇ ਰੰਗ ਵਾਂਗ ਹੁੰਦੇ ਹਨ ਜੋ ਮਗਰੋਂ ਉਸ ਉੱਤੇ ਕੀਤੇ ਗਏ ਹੋਰ ਸਭ ਰੰਗਾਂ ਦੀਆਂ ਪੇਪੜੀਆਂ ਹੇਠੋਂ ਸਮੇਂ ਸਮੇਂ ਕਿਤੋਂ ਨਾ ਕਿਤੋਂ ਝਾਕਣ ਲੱਗ ਪੈਂਦਾ ਹੈ। ਮਿਸਾਲ ਵਜੋਂ ਇਕ ਦਿਲਚਸਪ ਗੱਲ ਸੁਣੋ।


ਦਲੀਪ ਕੁਮਾਰ ਪੰਜਾਬੀ ਹੈ ਪਰ ਉਹਨੂੰ ਫਿ਼ਲਮੀ ਨਗਰੀ ਦਾ ਸਭ ਤੋਂ ਖ਼ੂਬਸੂਰਤ ਉਰਦੂ ਬੋਲਣ ਵਾਲਾ ਮੰਨਿਆ ਜਾਂਦਾ ਹੈ। ਅੰਤਲੇ ਸਾਹਾਂ ਤੱਕ ਪੰਜਾਬੀ ਨੂੰ ਪਿਆਰਦੇ ਰਹੇ ਪ੍ਰਿਥਵੀ ਰਾਜ ਕਪੂਰ ਦੇ ਵਿਚਕਾਰਲੇ ਪੁੱਤਰ ਸ਼ੰਮੀ ਕਪੂਰ ਦਾ ਵਾਹ ਵੀ ਸਾਰੀ ਉਮਰ ਹਿੰਦੀ ਨਾਲ ਰਿਹਾ। ਪਿਛਲੇ ਦਿਨੀਂ ਆਮਿਰ ਖਾਂ ਨੇ ਅਪਣੇ ਭਾਣਜੇ ਐਕਟਰ ਇਮਰਾਨ ਖਾਂ ਦੇ ਵਿਆਹ ਦੀ ਦਾਅਵਤ ਦਿੱਤੀ। ਦਲੀਪ ਕੁਮਾਰ ਤੇ ਸਾਇਰਾ ਬਾਨੋ ਦੀਆਂ ਕੁਰਸੀਆਂ ਦੁਆਲੇ ਸ਼ੁਭਚਿੰਤਕਾਂ ਤੇ ਪ੍ਰਸੰਸਕਾਂ ਦੀ ਭੀੜ ਹੋਣੀ ਕੁਦਰਤੀ ਸੀ। ਭੀੜ ਵਿਚੋਂ ਦੀ ਰਾਹ ਬਣਾਉਂਦਿਆਂ ਆਮਿਰ ਖਾਂ ਨੇ ਸ਼ੰਮੀ ਕਪੂਰ ਦੀ ਪਹੀਆ ਕੁਰਸੀ ਉਹਨਾਂ ਦੇ ਸਾਹਮਣੇ ਲਿਆ ਖੜ੍ਹੀ ਕੀਤੀ। ਭੁੱਲਣ-ਰੋਗ ਦਾ ਪ੍ਰਭਾਵ, ਪਛਾਨਣੋਂ ਅਸਮਰੱਥ ਰਹਿ ਕੇ ਦਲੀਪ ਦਾ ਚਿਹਰਾ ਨਿਰਪ੍ਰਭਾਵ ਰਿਹਾ ਤੇ ਉਹ ਖਾਲੀ ਖਾਲੀ ਨਜ਼ਰਾਂ ਨਾਲ ਝਾਕਦਾ ਰਿਹਾ। ਸ਼ੰਮੀ ਵੀ ਸ਼ਰਾਰਤੀ ਮੁਸਕਰਾਹਟ ਨਾਲ ਚੁੱਪ ਰਿਹਾ। ਆਮਿਰ ਖਾਂ ਨੇ ਉੱਚੀ ਆਵਾਜ਼ ਵਿਚ ਚੁੱਪ ਤੋੜੀ,“ਯੂਸਫ਼ ਸਾਹਿਬ, ਸ਼ੰਮੀ ਅੰਕਲ!” ਦਲੀਪ ਨੇ ਸੁਰਤੀ ਇਕਾਗਰ ਕੀਤੀ। ਉਸਦੀਆਂ ਅੱਖਾਂ ਚਮਕੀਆਂ ਤੇ ਉਹ ਉਹਦਾ ਹੱਥ ਫੜਨ ਲਈ ਹੱਥ ਵਧਾਉਂਦਿਆਂ ਮੁਸਕਰਾ ਕੇ ਅੰਗਰੇਜ਼ੀ ਵਿਚ ਬੋਲਿਆ,“ਸ਼ੰਮੀ? ਕਿਵੇਂ ਹੈਂ ਤੂੰ?” ਸ਼ੰਮੀ ਨੇ ਜਜ਼ਬਾਤੀ ਹੋ ਕੇ ਸੁੱਧ ਪੰਜਾਬੀ ਵਿਚ ਜਵਾਬ ਦਿੱਤਾ,“ਜਦੋਂ ਤੂੰ ਮੈਨੂੰ ਪਛਾਣਦਾ ਹੀ ਨਹੀਂ, ਕੇਹੋ ਜਿਹਾ ਹੋਵਾਂਗਾ ਮੈਂ!”…ਤੇ ਫੇਰ ਚਿਰਾਂ ਤੋਂ ਪੰਜਾਬੀ ਨਾਲੋਂ ਟੁੱਟੇ ਹੋਏ ਦੋਵੇਂ ਪੰਜਾਬੀ ਕਿੰਨਾ ਹੀ ਚਿਰ ਪੰਜਾਬੀ ਵਿਚ ਲੰਮੀਆਂ ਦਿਲੀ ਗੱਲਾਂ ਕਰਦੇ ਰਹੇ।

ਹੁਣ : ਤੁਸੀਂ ਭਾਸ਼ਾ ਜਾਂ ਸਭਿਆਚਾਰ ਦੇ ਮਹੱਤਵ ਨੂੰ ਪ੍ਰਗਟਾਉਂਦੀ ਕੋਈ ਕਹਾਣੀ ਵੀ ਲਿਖੀ ਹੈ?

ਭੁੱਲਰ: ਸਭਿਆਚਾਰ ਤਾਂ ਹਰ ਲੇਖਕ ਦੀਆਂ ਕਹਾਣੀਆਂ ਵਿਚੋਂ ਝਲਕਦਾ ਹੀ ਹੁੰਦਾ ਹੈ। ਭਾਸ਼ਾ ਬਾਰੇ ਮੈਨੂੰ ਆਪਣੀ ਕੋਈ ਕਹਾਣੀ ਤਾਂ ਇਸ ਵੇਲੇ ਸੁੱਝ ਨਹੀਂ ਰਹੀ, ਹਾਂ, ਬਲਵੰਤ ਗਾਰਗੀ ਦੀ ਇਕ ਕਹਾਣੀ ਹੈ,‘ਟਿਕਟ ਚੈੱਕਰ’। ਉਹ ਸ਼ਾਇਦ ਇਸ ਵਿਸ਼ੇ ਉੱਤੇ ਜੇ ਮੈਂ ਕਹਾਣੀ ਲਿਖਾਂ, ਉਸ ਨਾਲੋਂ ਚੰਗੇਰੀ ਹੈ। ਬਹੁਤੀਆਂ ਭਾਸ਼ਾਵਾਂ ਵਿਚ ਸੰਤੁਲਿਤ ਸੋਚ ਵਾਲੇ ਆਲੋਚਕ ਲੇਖਕ ਨੂੰ ਲੇਖਕ ਮੰਨ ਕੇ ਉਹਦੀ ਰਚਨਾ ਨੂੰ ਮਹੱਤਵ ਦਿੰਦੇ ਹਨ। ਸਾਡੇ ਬਹੁਤੇ ਆਲੋਚਕਾਂ ਨੇ ਕਿੳਂੁਕਿ ਗੱਲ ਰਚਨਾ ਪੜ੍ਹੇ ਬਿਨਾਂ ਕਰਨੀ ਹੁੰਦੀ ਹੈ, ਸਭ ਤੋਂ ਪਹਿਲਾਂ ਉਹ ਬਹੁਵਿਧਾਈ ਲੇਖਕ ਦੀਆਂ ਹੋਰ ਸਭ ਵਿਧਾਵਾਂ ਅਣਗੌਲੀਆਂ ਕਰ ਕੇ, ਛਾਂਗ ਕੇ ਉਹਨੂੰ ਇਕ ਵਿਧਾ ਤੱਕ ਸੀਮਤ ਕਰ ਲੈਂਦੇ ਹਨ। ਇਉਂ ਗਾਰਗੀ ਨੂੰ ਨਾਟਕਕਾਰ ਹੋਣ ਤੱਕ ਸੁੰਗੇੜ ਦਿੱਤਾ ਗਿਆ। ਤੁਸੀਂ ਉਹਦੀਆਂ ਕਹਾਣੀਆਂ ਪੜ੍ਹੋ, ਦੰਗ ਰਹਿ ਜਾਉਗੇ। ਸਾਡੇ ਆਲੋਚਕਾਂ ਵੱਲੋਂ ਕਦੀ ਕਹਾਣੀਕਾਰ ਵਜੋਂ ਉਹਦਾ ਉਡਦਾ ਉਡਦਾ ਜਿ਼ਕਰ ਵੀ ਕੀਤਾ ਹੋਇਆ ਦੇਖਿਆ ਹੈ? ਖ਼ੈਰ, ਇਸ ਕਹਾਣੀ ਵਿਚ 1954 ਵਿਚ ਭਾਰਤੀ ਰੇਲ ਦੀ ਸ਼ਤਾਬਦੀ ਸਮੇਂ ਤੀਹ ਰੁਪਿਆਂ ਦੀ ‘ਸ਼ਤਾਬਦੀ ਟਿਕਟ’ ਨਾਲ ਪੰਦਰਾਂ ਦਿਨ ਜਿੰਨਾ ਮਰਜ਼ੀ, ਜਿਧਰ ਮਰਜ਼ੀ ਸਫ਼ਰ ਕਰਨ ਦੀ ਖੁੱਲ੍ਹ ਦਾ ਲਾਭ ਉਠਾ ਕੇ ਤੀਹ ਕਲਾਕਾਰ ਸਭਿਆਚਾਰਕ ਪ੍ਰੋਗਰਾਮ ਪੇਸ਼ ਕਰਨ ਲਈ ਦਿੱਲੀ ਤੋਂ ਬੰਬਈ ਜਾ ਰਹੇ ਹਨ। ਸ਼ਤਾਬਦੀ ਟਿਕਟ ਉਸ ਉੱਤੇ ਲਿਖੇ ਨਾਂ ਵਾਲੇ ਵਿਅਕਤੀ ਨੂੰ ਦਸਖ਼ਤ ਕਰ ਕੇ ਅਪਣੇ ਕੋਲ ਰੱਖਣੀ ਪੈਂਦੀ ਸੀ। ਝਾਂਸੀ ਤੋਂ ਅੱਗੇ ਪੰਜਾਹ ਕੁ ਸਾਲਾਂ ਦਾ ਸਰਦਾਰ ਟਿਕਟ-ਚੈੱਕਰ ਆ ਜਾਂਦਾ ਹੈ। ਉਹ ਪੰਜਾਬ ਦੇ ਗੁਜਰਾਤ ਨਗਰ ਵਿਚ ਰਹਿੰਦੇ ਪਿਤਾ ਨੂੰ ਸੀਪੀ ਵਿਚ ਜ਼ਮੀਨ ਮਿਲ ਗਈ ਹੋਣ ਕਾਰਨ ਅੱਠ ਸਾਲ ਦੀ ਉਮਰ ਤੋਂ ਉਥੇ ਹੀ ਪਲਿਆ, ਪੜ੍ਹਿਆ, ਵਿਆਹਿਆ ਤੇ ਬਾਲ-ਬੱਚੇਦਾਰ ਬਣਿਆ। ਗਾਰਗੀ ਅਨੁਸਾਰ ਉਹ ਅੱਧੀ ਉਰਦੂ, ਅੱਧੀ ਅੰਗਰੇਜ਼ੀ ਵਾਲੀ ‘ਰੁਅਬਦਾਰ ਸਰਕਾਰੀ ਜ਼ਬਾਨ’ ਬੋਲਦਾ ਹੈ। ਲੇਖਕ ਨੇ ਕਲਾਕਾਰਾਂ ਦੇ ਨਾਂ ਅਸਲੀ ਵਰਤੇ ਹਨ। ਤਾਸ਼ ਖੇਡਦਾ ਸੋਢੀ ਜੁਗਿੰਦਰ ਸਿੰਘ ਜੇਬ ਵਿਚੋਂ ਟਿਕਟ ਦਿੰਦਾ ਹੈ ਤਾਂ ਚੈੱਕਰ ਪੁਛਦਾ ਹੈ, ਤੁਸੀਂ ਸੁਰਿੰਦਰ ਕੌਰ ਹੋ? ਉਹ ਕੱਚਾ ਹੋ ਕੇ ਆਖਦਾ ਹੈ, ਨਹੀਂ, ਸੁਰਿੰਦਰ ਕੌਰ ਮੇਰੀ ਪਤਨੀ ਹੈ। ਚੈੱਕਰ ਟਿਕਟ ਜੇਬ ਵਿਚ ਪਾ ਲੈਂਦਾ ਹੈ। ਟਿਕਟ ਦੀ ਛੋਟ ਵਾਲੀ ਉਮਰ ਤੋਂ ਵੱਡੀ ਹੋ ਚੁੱਕੀ ਡੌਲੀ (ਅੱਜ ਦੀ ਡੌਲੀ ਗੁਲੇਰੀਆ) ਦੀ ਟਿਕਟ ਛੋਟੀ ਉਮਰ ਆਖ ਕੇ ਕੰਮ ਚਲਾ ਲੈਣ ਦੀ ਆਸ ਨਾਲ ਖ਼ਰੀਦੀ ਹੀ ਨਹੀਂ ਸੀ ਗਈ। ਇਕ ਹੋਰ ਕਲਾਕਾਰ ਅਨਵਰ ਨੇ ਆਪਣੀ ਟਿਕਟ ਉੱਤੇ ਦਸਖ਼ਤ ਨਹੀਂ ਸਨ ਕੀਤੇ ਹੋਏ। ਬਾਕੀ ਸਭ ਟਿਕਟਾਂ ਦੇਖ ਕੇ ਚੈੱਕਰ ਇਹਨਾਂ ਢਾਈ ਟਿਕਟਾਂ ਦੀ ਰਕਮ ਦੀ ਜੁਰਮਾਨੇ ਸਮੇਤ ਪਰਚੀ ਕੱਟਣ ਲਗਦਾ ਹੈ। ਉਹ ਆਪਣਾ ਕਲਾਕਾਰ ਹੋਣਾ ਦਸਦੇ ਹਨ, ਸਭਿਆਚਾਰ ਦੀ ਬਾਤ ਛੇੜਦੇ ਹਨ, ਪੰਜਾਬੀ ਹੋਣ ਦਾ ਪੱਤਾ ਖੇਡਦੇ ਹਨ, ਲੋਕ-ਹਿਤ ਦੀ ਗੱਲ ਕਰਦੇ ਹਨ, ਪਰ ਸਾਰੀ ਖ਼ਲਕਤ ਨੂੰ ਕੇਵਲ ਟਿਕਟ ਵਾਲਿਆਂ ਤੇ ਬੇਟਿਕਟਿਆਂ ਵਜੋਂ ਦੋ ਧੜਿਆਂ ਵਿਚ ਵੰਡ ਕੇ ਦੇਖਣ ਦਾ ਆਦੀ ਚੈੱਕਰ ਮਨੁੱਖਾਂ ਦੀ ਹੋਰ ਕੋਈ ਤੀਜੀ ਕਿਸਮ ਜਾਣਦਾ ਹੀ ਨਹੀਂ । ਹੁਣ ਪ੍ਰੋ.ਹਰਚਰਨ ਸਿੰਘ ਮੋਰਚਾ ਸੰਭਾਲਦੇ ਹਨ। ਉਹ ਚੈੱਕਰ ਨੂੰ ਸੁਰਿੰਦਰ ਕੌਰ, ਉਹਦੀ ਗਾਇਕੀ, ਮੋਹਨ ਸਿੰਘ, ਸਾਵੇ ਪੱਤਰ, ਫ਼ਜ਼ਲ ਸ਼ਾਹ, ਦਮੋਦਰ, ਵਗੈਰਾ ਵਗੈਰਾ ਬਾਰੇ ਸੁਣਿਆ ਹੋਣ ਦੇ ਸਵਾਲ ਪੁਛਦੇ ਹਨ ਪਰ ਉਹਦਾ ਇਕੋ ਜਵਾਬ ਹੈ, ਨਹੀਂ! ਆਖ਼ਰ ਉਹ ਪੁਛਦੇ ਹਨ, ਤੁਸੀਂ ਗੁਜਰਾਤ ਦੇ ਹੋ, ਸੋਹਣੀ-ਮਹੀਂਵਾਲ ਬਾਰੇ ਤਾਂ ਜਾਣਦੇ ਹੋਵੋਗੇ? ਉਹ ‘ਹਾਂ’ ਆਖਦਾ ਹੈ ਤੇ ਬਚਪਨ ਵਿਚ ਝਨਾਂ ਵਿਚ ਨ੍ਹਾਉਂਦਾ ਰਿਹਾ ਹੋਣ ਬਾਰੇ ਦਸਦਾ ਹੈ। ਇਸ ਮੌਕੇ ਸਾਰੇ ਸੁਰਿੰਦਰ ਕੌਰ ਨੂੰ ਗਾਉਣ ਲਈ ਆਖਦੇ ਹਨ। ਉਹ ਲੋਕਗੀਤ ਛੇੜਦੀ ਹੈ, ਡੌਲੀ ਤੋਤਲੀ ਜ਼ਬਾਨ ਵਿਚ ਉਹਦੀ ਸੰਗਤ ਕਰਦੀ ਹੈ ਤੇ ਸਾਰੇ ਤਾੜੀਆਂ ਦਾ ਤਾਲ ਮੇਲਦੇ ਹਨ। ਚੈੱਕਰ ਜੋ ਗਾਰਗੀ ਦੇ ਸ਼ਬਦਾਂ ਵਿਚ ਹੁਣ ਪੰਜਾਬ ਨੂੰ ਭੁੱਲ ਚੁੱਕਿਆ ਸੀ ਤੇ ਇਹ ਵੀ ਭੁੱਲ ਚੁੱਕਿਆ ਸੀ ਕਿ ਉਹ ਭੁੱਲ ਚੁੱਕਿਆ ਹੈ, ਬੈਠ ਜਾਂਦਾ ਹੈ। ਸਿੱਕੇ ਦੇ ਜਿੰਦਰੇ ਵਰਗਾ ਉਹਦਾ ਠੋਸ ਤੇ ਕਰੜਾ ਚਿਹਰਾ ਜਜ਼ਬਿਆਂ ਦੀ ਗਰਮੀ ਨਾਲ ਪੰਘਰ ਜਾਂਦਾ ਹੈ। ਉਹਦੇ ਬੁੱਲ੍ਹ ਕੰਬਣ ਲਗਦੇ ਹਨ। ਉਹਦੀਆਂ ਅੱਖਾਂ ਵਿਚ ਹੰਝੂ ਛਲਕ ਆਉਂਦੇ ਹਨ। ਉਹਦਾ ਸਾਰਾ ਵਜੂਦ ਗਲੋਟੇ ਵਾਂਗ ਉਧੜਨ ਲਗਦਾ ਹੈ। ਪੰਜਾਬ ਦੇ ਗੀਤ, ਜੋ ਧਰਤੀ ਹੇਠ ਦੱਬੇ ਪਏ ਸਨ, ਮੁੜ ਹਰੇ ਹੋ ਕੇ ਬੂਟਿਆਂ ਵਾਂਗ ਉਹਦੇ ਸਾਹਮਣੇ ਉੱਗ ਖਲੋਂਦੇ ਹਨ। ਉਹ ਸੋਢੀ ਤੇ ਅਨਵਰ ਦੀਆਂ ਟਿਕਟਾਂ ਮੋੜਦਾ ਹੈ, ਅਨਵਰ ਨੂੰ ਦਸਖ਼ਤ ਕਰ ਲੈਣ ਲਈ ਆਖਦਾ ਹੈ, ਡੌਲੀ ਨੂੰ ਗੋਦੀ ਚੁੱਕ ਕੇ ਪਿਆਰ ਕਰਦਾ ਹੈ ਤੇ ਗਿੱਲੀਆਂ ਅੱਖਾਂ ਲੈ ਕੇ ਗੱਡੀ ਵਿਚੋਂ ਉੱਤਰ ਜਾਂਦਾ ਹੈ!

ਭਾਸ਼ਾ ਤੇ ਸਭਿਆਚਾਰ ਦੀ ਅਸੀਮ ਸ਼ਕਤੀ ਦਾ ਗਿਆਨ ਪ੍ਰਾਪਤ ਕਰਨ ਲਈ ਸਾਡੇ ਵਿਦਵਾਨਾਂ ਦੇ ਇਧਰੋਂ-ਉਧਰੋਂ ਜੁਗਾੜ ਕਰ ਕੇ ਲਿਖੇ ਪੋਥੇ ਪੜ੍ਹਨ ਨਾਲੋਂ ਗਾਰਗੀ ਦੀ ਇਹ ਇਕ ਕਹਾਣੀ ਪੜ੍ਹਨੀ ਵਧੇਰੇ ਲਾਭਦਾਇਕ, ਸਿਖਿਆਦਾਇਕ ਤੇ ਗਿਆਨਦਾਇਕ ਰਹੇਗੀ। ਹੈਰਾਨੀ ਹੈ ਕਿ ਸਾਡੇ ਪਾਠ-ਪੁਸਤਕੀ ਸੰਪਾਦਕ ਕੋਰਸਾਂ ਵਿਚ ਸ਼ਾਮਲ ਕਰ ਕੇ ਇਹਦਾ ਪਾਠ ਵਿਦਿਆਰਥੀਆਂ ਲਈ ਲਾਜ਼ਮੀ ਕਿਉਂ ਨਹੀਂ ਬਣਾਉਂਦੇ!

ਹੁਣ : ਭਾਸ਼ਾ ਦਾ ਜਲੌਅ ਖ਼ੁਦ ਭਾਸ਼ਾ ਦੀ ਥਾਂ ਲੇਖਕ ਦੀ ਪ੍ਰਤਿਭਾ ਉੱਤੇ ਕਿੰਨਾ ਕੁ ਨਿਰਭਰ ਕਰਦਾ ਹੈ?

ਭੁੱਲਰ: ਬੇਹੱਦ! ਸ਼ਬਦ ਤਾਂ ਉਹੋ ਹੀ ਹੁੰਦੇ ਹਨ। ਸ਼ਬਦ-ਭੰਡਾਰ ਤਾਂ ਹਰ ਲੇਖਕ ਸਗੋਂ ਉਹ ਭਾਸ਼ਾ ਵਰਤਣ ਵਾਲੇ ਹਰ ਵਿਅਕਤੀ ਸਾਹਮਣੇ ਉਹੋ ਹੀ ਹੁੰਦਾ ਹੈ। ਗੱਲ ਇਹ ਹੈ ਕਿ ਉਹਨਾਂ ਹੀ ਸ਼ਬਦਾਂ ਵਿਚੋਂ ਕੋਈ ਲੇਖਕ ਕਿਸ ਕਿਸਮ ਦੀਆਂ ਜੋਤਾਂ ਜਗਾਉਂਦਾ ਹੈ, ਚਿਣਗਾਂ ਕਢਦਾ ਹੈ, ਜਲੌਅ ਸਿਰਜਦਾ ਹੈ, ਕਰਾਮਾਤਾਂ-ਕ੍ਰਿਸਮੇ ਕਰ ਦਿਖਾਉਂਦਾ ਹੈ। ਮੈਂ ਇਕ ਦੋਹਾ ਲਿਖਿਆ ਸੀ: ਕੇਲਾ ਪਾਠਕ ਦੀ ਸਮਝ, ਭਾਸ਼ਾ ਜਾਣ ਕਟਾਰ/ ਕਈ ਪਲ ਉਹ ਨਾ ਜਾਣਦਾ, ਹੋ ਗਈ ਉਸਦੇ ਪਾਰ! ਇਹ ਮੈਂ ਆਕਸਫ਼ੋਰਡ ਯੂਨੀਵਰਸਿਟੀ ਦੇ ਕੁਛ ਪ੍ਰੋਫ਼ੈਸਰਾਂ ਨਾਲ ਸੰਬੰਧਿਤ ਕਈ ਦਹਾਕੇ ਪੁਰਾਣੀ ਇਕ ਘਟਨਾ ਦੀ ਭਾਸ਼ਾਈ ਸੂਖ਼ਮਤਾ, ਤਰਲਤਾ ਤੇ ਚਤੁਰਾਈ ਪੜ੍ਹ ਕੇ ਲਿਖਿਆ ਸੀ। ਹੋਇਆ ਇਹ ਕਿ ਆਕਸਫ਼ੋਰਡ ਦੇ ਪ੍ਰੋਫ਼ੈਸਰਾਂ ਲਈ ਚੇਰਵੈੱਲ ਦਰਿਆ ਦੇ ਕੰਢੇ ਦਾ ਇਕ ਹਟਵਾਂ ਜਿਹਾ ਥਾਂ ਖੱੁਲ੍ਹੇ ਅਸ਼ਨਾਨ ਲਈ ਰਾਖਵਾਂ ਸੀ। ਇਕ ਦਿਨ ਮਹਾਂਗਿਆਨੀ ਪ੍ਰੋ. ਮੌਰਿਸ ਬਉਰਾ ਤੇ ਤਿੰਨ ਸਾਥੀ ਅਸ਼ਨਾਨ ਕਰ ਕੇ ਕਿਨਾਰੇ ਉੱਤੇ ਬੈਠੇ ਸਨ ਕਿ ਅਚਾਨਕ ਖੁੱਲ੍ਹੀ ਬੇੜੀ ਵਿਚ ਵਿਦਿਆਰਥਣਾਂ ਆ ਗਈਆਂ। ਬਾਕੀ ਤਿੰਨਾਂ ਨੇ ਫ਼ਟਾਫ਼ਟ ਨੰਗੇਜ ਢਕ ਲਿਆ ਪਰ ਪ੍ਰੋ. ਬਉਰਾ ਨੇ ਚਿਹਰਾ ਛੁਪਾ ਲਿਆ। ਮਗਰੋਂ ਸਾਥੀਆਂ ਦੇ ਕਾਰਨ ਪੁੱਛਿਆਂ ਉਹ ਬੋਲਿਆ, ਆਕਸਫ਼ੋਰਡ ਵਿਚ ਮੈਨੂੰ ਤਾਂ ਕੁੜੀਆਂ ਚਿਹਰੇ ਤੋਂ ਹੀ ਪਛਾਣਦੀਆਂ ਹਨ!


ਭਾਸ਼ਾਈ ਪਾਰੇ ਦੀ ਤਰਲਤਾ ਨੂੰ ਫੜਨ ਲਈ ਪਾਠਕ ਵੀ ਸਿਆਣਾ ਚਾਹੀਦਾ ਹੈ। ਸਤਿਆਰਥੀ ਜੀ ਆਖਦੇ ਸਨ, ਮੈਂ ਰੱਬ ਅੱਗੇ ਅਰਦਾਸ ਕਰਦਾ ਰਹਿੰਦਾ ਹਾਂ, ਮੈਨੂੰ ਨਾ ਸਮਝਣ ਵਾਲਾ ਪਾਠਕ ਨਾ ਦੇ! ਲੇਖਕ ਦੀ ਪ੍ਰਤਿਭਾ ਸ਼ਬਦਾਂ ਦਾ ਜਲੌਅ ਤਾਂ ਸਿਰਜਦੀ ਹੀ ਹੈ, ਸ਼ਬਦਾਂ ਨਾਲ ਗੁੰਦੀ ਹੋਈ ਨਿਸ਼ਬਦਤਾ ਨੂੰ ਵੀ ਅਰਥ ਦੇ ਦਿੰਦੀ ਹੈ। ਬੱਸ ਪਾਠਕ ਜਾਂ ਸਰੋਤੇ ਨੂੰ ਇਸ ਨਿਸ਼ਬਦਤਾ ਦੇ ਅਰਥ ਸਮਝਣ ਦੀ ਸਮਝ ਹੋਣੀ ਚਾਹੀਦੀ ਹੈ। ਇਕ ਵਾਰ ਸਤਿਆਰਥੀ ਜੀ ਕਹਿਣ ਲੱਗੇ,“ਦੇਖੋ, ਭੁੱਲਰ ਜੀ, ਮੇਰੇ ਬੂਟਾਂ ਉੱਤੇ ਪਾਲਿਸ਼ ਨਹੀਂ ਪਰ ਰਚਨਾ ਦੇ ਸ਼ਬਦ ਸ਼ਬਦ ਉੱਤੇ ਮੈਂ ਵਾਰ ਵਾਰ ਪਾਲਿਸ਼ ਕਰਦਾ ਹਾਂ!…ਦਰ-ਅਸਲ ਜੀ, ਰਚਨਾ ਕਰਦਿਆਂ ਲਿਖਣਾ Eਨਾਂ ਮਹੱਤਵ ਨਹੀਂ ਰਖਦਾ ਜਿੰਨਾ ਨਾ-ਲਿਖਣਾ। ਸ਼ਰਤਚੰਦਰ ਚੈਟਰਜੀ ਨੇ ਦਲੀਪ ਕੁਮਾਰ ਰਾਇ ਨੂੰ ਕਿਹਾ ਸੀ, ਤੂੰ ਲਿਖਣਾ ਤਾਂ ਜਾਣਦਾ ਹੈਂ ਪਰ ਨਾ-ਲਿਖਣਾ ਨਹੀਂ। ਦੇਖੋ ਨਾ, ਮਕਾਨ ਵਿਚ ਕੁਛ ਹਿੱਸਾ ਅਣਛੱਤਿਆ ਵੀ ਤਾਂ ਹੁੰਦਾ ਹੈ। ਇਹ ਕੋਈ ਨੀਰੇ ਵਾਲਾ ਕੋਠਾ ਥੋੜ੍ਹੋ ਹੁੰਦਾ ਹੈ!” ਪਿੱਛੇ ਜਿਹੇ ਪ੍ਰਸਿੱਧ ਫਿ਼ਲਮ-ਆਲੋਚਕ ਮਰਹੂਮ ਅਨਿਲ ਸਾਰੀ ਦੀ ਫਿ਼ਲਮੀ ਹਸਤੀਆਂ ਨਾਲ ਮੁਲਾਕਾਤਾਂ ਦੀ ਅੰਗਰੇਜ਼ੀ ਪੁਸਤਕ ‘ਭਾਰਤੀ ਸਿਨਮਾ: ਮਖੌਟਿਆਂ ਪਿਛਲੇ ਚਿਹਰੇ’ ਛਪੀ ਹੈ। ਬੜੀ ਦਿਲਚਸਪ ਗੱਲ ਹੈ ਕਿ ਇੰਟਰਵਿਊ ਦਿੰਦਿਆਂ ‘ਸਾਹਿਬ, ਬੀਬੀ ਔਰ ਗ਼ੁਲਾਮ’, ‘ਕਾਗ਼ਜ਼ ਕੇ ਫ਼ੂਲ’ ਤੇ ‘ਪਿਆਸਾ’ ਵਰਗੀਆਂ ਕਲਾਸਿਕ ਫਿ਼ਲਮਾਂ ਦੇ ਕਮਾਲ ਦੇ ਸੰਵਾਦ ਲਿਖਣ ਵਾਲਾ ਅਬਰਾਰ ਅਲਵੀ ਕੇਵਲ ‘ਸੰਵਾਦ ਲੇਖਕ’ ਕਹੇ ਜਾਣ ਬਾਰੇ ਇਤਰਾਜ ਕਰਦਾ ਹੈ,“ਇਹ ਤਾਂ ਲੇਖਕ ਨੂੰ ਸੀਮਤ ਕਰ ਦੇਣ ਵਾਲਾ ਕਥਨ ਹੈ ਕਿਉਂਕਿ ਇਹ ਕੇਵਲ ਬੋਲੇ ਗਏ ਸ਼ਬਦਾਂ ਦੀ ਗੱਲ ਕਰਦਾ ਹੈ ਜਦੋਂ ਕਿ ਉਹਨਾਂ ਨਾਲ ਜੁੜੀ ਹੋਈ ਅਬੋਲਤਾ ਦੇ ਅਪਣੇ ਹੀ ਅਰਥ ਹੁੰਦੇ ਹਨ ਅਤੇ ਇਸ ਅਬੋਲਤਾ ਦਾ ਨਿਰਣਾ ਸੰਵਾਦ ਲੇਖਕ ਹੀ ਕਰਦਾ ਹੈ।”


ਸਾਡੇ ਤਾਂ ਅਨੇਕ ਮਹਾਂਰਥੀ ਭਾਸ਼ਾ ਨੂੰ ਮਹੱਤਵ ਹੀ ਕੋਈ ਨਹੀਂ ਦਿੰਦੇ। ਸਾਡੇ ਕਈ ਕਥਿਤ ਵੱਡੇ ਲੇਖਕਾਂ ਦੀ ਨੀਰਸ, ਨਿਰਜਿੰਦ, ਬੀਮਾਰ ਭਾਸ਼ਾ ਦੇਖ ਕੇ ਘਿਣ ਆਉਂਦੀ ਹੈ। ਜੇ ਉਹਨਾਂ ਦੀ ਪੁਸਤਕ ਪੜ੍ਹਨ ਦਾ ਜਤਨ ਵੀ ਕਰੀਏ, ਹਾਰ ਕੇ ਅਧਵਾਟੇ ਹੱਥ ਖੜ੍ਹੇ ਕਰਨੇ ਪੈ ਜਾਂਦੇ ਹਨ। ਲੇਖਕ ਤਾਂ ਉਹ ਹੁੰਦਾ ਹੈ ਜਿਸਦੀ ਭਾਸ਼ਾ ਪਾਠਕ ਉੱਤੇ ਟੂਣਾ ਕਰ ਕੇ ਉਹਨੂੰ ਪਾਠ ਵਿਚ ਅਜਿਹਾ ਲੀਨ ਕਰ ਲਵੇ ਕਿ ਉਹ ਕੰਮ-ਧੰਦੇ ਦੀ, ਇਥੋਂ ਤੱਕ ਕਿ ਰੋਟੀ-ਪਾਣੀ ਦੀ ਸੁੱਧ ਭੁੱਲ ਜਾਵੇ। ਜਿਸ ਲੇਖਕ ਦੇ ਪਾਠਕ ਕਹਿਣ, ਬਈ ਬੜੀ ਹਿੰਮਤ ਕਰ ਕੇ ਤੇ ਸਿਰ ਦੁਖਦੇ ਦੀ ਗੋਲੀ ਖਾ ਕੇ ਮਸਾਂ ਚਾਲੀ ਪੰਨੇ ਪੜ੍ਹੇ ਗਏ ਹਨ, ਬੱਸ ਹੁਣ ਭਿਆਂ, ਉਹਨੂੰ ਲਿਖਣਾ ਬੰਦ ਕਰ ਦੇਣਾ ਚਾਹੀਦਾ ਹੈ। ਉਸਦਾ ਵੀ ਭਲਾ ਹੋਵੇਗਾ, ਸਾਹਿਤ ਵੀ ਸੁਖ ਦਾ ਸਾਹ ਲਵੇਗਾ ਤੇ ਪਾਠਕ ਵੀ ਅਸੀਸਾਂ ਦੇਣਗੇ! ਅਸਲ ਵਿਚ ਪੰਜਾਬੀ ਦੇ ਰੋਗ ਦੀ ਜੜ ਅੱਗੇ ਦੀ ਅੱਗੇ ਹੁੰਦੀ ਗ਼ਲਤ ਪੜ੍ਹਾਈ ਵਿਚ ਹੈ। ਲੋੜ ਇਹ ਸਮੱਸਿਆ ਹੱਲ ਕਰਨ ਦੀ ਹੈ।

ਹੁਣ : ਇਹ ਸਮੱਸਿਆ ਕਿੰਨੀ ਕੁ ਫ਼ੈਲਵੀਂ ਹੈ ਤੇ ਇਹਦਾ ਹੱਲ ਕੀ ਹੈ?

ਭੁੱਲਰ: ਇਹ ਸਮੱਸਿਆ ਵਿਆਪਕ ਹੈ। ਸਗੋਂ ਅਸਲ ਜੜ ਹੀ ਇਹੋ ਹੈ। ਇਹ ਕਿਸੇ ਵਿਰਾਸਤੀ ਰੋਗ ਵਾਂਗ ਪੀੜ੍ਹੀ-ਦਰ-ਪੀੜ੍ਹੀ ਚਲਦੀ ਹੈ। ਇਕ ਵਧੀਆ ਮਿਸਾਲ ਹੈ ਪਰ ਪਹਿਲਾਂ ਉਹਦਾ ਪਿਛੋਕੜ ਸੰਖੇਪ ਵਿਚ ਦੱਸਣਾ ਜ਼ਰੂਰੀ ਹੈ। 1989 ਵਿਚ ਸਾਹਿਤ ਅਕਾਦਮੀ ਨੇ ਡਾ.ਹਰਿਭਜਨ ਸਿੰਘ ਦੇ ਨਿਰਦੇਸ਼ਨ ਹੇਠ ਤੇ ਮੈਨੂੰ ਰੀਸੋਰਸ ਪਰਸਨ ਬਣਾ ਕੇ ਦੋ ਹਫ਼ਤਿਆਂ ਦੀ ਇਕ ਅਨੁਵਾਦ ਕਾਰਜਸ਼ਾਲਾ ਦਾ ਪ੍ਰਬੰਧ ਕੀਤਾ। ਪਹਿਲਾਂ ਅਸੀਂ ਦੋਵਾਂ ਨੇ ਅਨੁਵਾਦ ਦੀ ਕਲਾ, ਇਸਦੇ ਸਿਧਾਂਤ, ਇਸਦੀਆਂ ਸਮੱਸਿਆਵਾਂ, ਇਸਦੀ ਮਹੱਤਤਾ, ਆਦਿ ਬਾਰੇ ਭਾਸ਼ਨ ਦੇ ਕੇ ਖੁੱਲ੍ਹਾ ਵਿਚਾਰ-ਵਟਾਂਦਰਾ ਕੀਤਾ। ਫੇਰ ਇਕ ਕਹਾਣੀ ਦੇ ਇਕ ਇਕ ਵਾਕ ਦਾ ਅਨੁਵਾਦ ਸਭ ਤੋਂ ਪੁੱਛ ਕੇ ਸਰਬੋਤਮ ਅਨੁਵਾਦ ਪਛਾਣਿਆ ਗਿਆ। ਅੰਤ ਵਿਚ ਹਰੇਕ ਅਨੁਵਾਦਕ ਨੂੰ ਵਖਰੀ ਕਹਾਣੀ ਅਨੁਵਾਦ ਕਰ ਕੇ ਲਿਆਉਣ ਲਈ ਦਿੱਤੀ ਗਈ। ਮੇਰੇ ਗਰੁੱਪ ਵਿਚ ਦਿੱਲੀ ਦੀਆਂ ਸੱਤ ਪੀ-ਐਚ. ਡੀ. ਲੈਕਚਰਾਰ ਕੁੜੀਆਂ ਹੀ ਸਨ। ਜਦੋਂ ਮੈਂ ਅਨੁਵਾਦ ਨੂੰ ਮੂਲ ਨਾਲ ਮਿਲਾ ਕੇ ਸ਼ਬਦ-ਚੋਣ, ਵਾਕ-ਬਣਤਰ, ਪ੍ਰਾਪਤ ਪੰਜਾਬੀ ਸ਼ਬਦਾਂ ਦੀ ਥਾਂ ਬੇਢਬੇ ਹਿੰਦੀ ਸ਼ਬਦ ਵਰਤਣ, ਆਦਿ ਦੀਆਂ ਉਹਨਾਂ ਦੀਆਂ ਅਨੇਕ ਗ਼ਲਤੀਆਂ ਦੱਸੀਆਂ ਤਾਂ ਬਾਕੀ ਸਭ ਤਾਂ ਪ੍ਰੇਸ਼ਾਨ ਜਿਹੀਆਂ ਹੋ ਕੇ ਚੁੱਪ ਹੋ ਗਈਆਂ ਪਰ ਉਹਨਾਂ ਵਿਚੋਂ ਇਕ ਡਾ. ਬਲਵਿੰਦਰ ਕੌਰ, ਜੋ ਉਮਰੋਂ ਤੇ ਅਨੁਭਵੋਂ ਵੱਡੀ ਸੀ, ਬੋਲੀ,“ਤੁਹਾਡੀ ਗੱਲ ਅਸੀਂ ਪੂਰੀ ਤਰ੍ਹਾਂ ਸਮਝ ਗਈਆਂ। ਕੋਈ ਸ਼ੱਕ ਨਹੀਂ ਕਿ ਸਾਡੀ ਪੰਜਾਬੀ ਬਹੁਤ ਗ਼ਲਤ ਹੈ। ਪਰ ਇਹ ਉਹੋ ਪੰਜਾਬੀ ਹੈ ਜੋ ਸਾਨੂੰ ਸਾਡੇ ਪ੍ਰੋਫ਼ੈਸਰਾਂ ਨੇ ਯੂਨੀਵਰਸਿਟੀ ਵਿਚ ਪੜ੍ਹਾਈ ਹੈ ਤੇ ਅਸੀਂ ਅੱਗੇ ਪੜ੍ਹਾ ਰਹੀਆਂ ਹਾਂ।” ਉਹਦੀ ਗੱਲ ਸੁਣ ਕੇ ਮੈਂ ਹੈਰਾਨ ਨਾਲੋਂ ਬਹੁਤਾ ਪ੍ਰੇਸ਼ਾਨ ਹੋ ਗਿਆ। ਇਹ ਸੀ ਰੋਗ ਦੀ ਅਸਲ ਜੜ! ਦੱਸੋ, ਪੰਜਾਬੀ ਨਾ ਜਾਨਣ ਵਾਲੇ ਪ੍ਰੋਫ਼ੈਸਰ ਸਾਰੀ ਸਾਰੀ ਉਮਰ ਯੂਨੀਵਰਸਿਟੀਆਂ ਵਿਚ ‘ਪੜ੍ਹਾਉਂਦੇ’ ਰਹਿੰਦੇ ਹਨ ਤੇ ਫੇਰ ਅਸੀਂ ਸਿ਼ਕਾਇਤ ਕਰਦੇ ਹਾਂ ਕਿ ਸਾਡੇ ਪੜ੍ਹੇ-ਲਿਖਿਆਂ ਨੂੰ ਪੰਜਾਬੀ ਨਹੀਂ ਆਉਂਦੀ!


ਹੱਲ ਤਾਂ ਬੜਾ ਸੌਖਾ ਹੈ। ਸਾਡੇ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਪ੍ਰੋਫ਼ੈਸਰਾਂ ਨੂੰ ਮੰਚ ਉੱਤੇ ਪੰਜ ਮਿੰਟ ਪੰਜਾਬੀ ਬੋਲਣ ਲਈ ਤੇ ਮੌਕੇ ਉੱਤੇ ਕੋਈ ਵਿਸ਼ਾ ਦੇ ਕੇ ਪੰਜ ਸੌ ਸ਼ਬਦ ਲਿਖਣ ਲਈ ਕਿਹਾ ਜਾਵੇ। ਜੀਹਦੀ ਪੰਜਾਬੀ ਗ਼ਲਤ ਹੋਵੇ, ਉਹਨੂੰ ਜਬਰਨ ਛੇ ਮਹੀਨੇ ਦੀ ਛੁੱਟੀ ਦੇ ਕੇ ਪੰਜਾਬੀ ਸਿੱਖ ਕੇ ਆਉਣ ਲਈ ਭੇਜਿਆ ਜਾਵੇ। ਫੇਰ ਵੀ ਪੰਜਾਬੀ ਨਾ ਆਉਣ ਦੀ ਸੂਰਤ ਵਿਚ ਉਹਦੀ ਪੱਕੀ ਛੁੱਟੀ ਕਰ ਦਿੱਤੀ ਜਾਵੇ।

ਹੁਣ : ਤੁਹਾਨੂੰ ਰਾਜਨੀਤੀ ਨਾਲ ਜੁੜਿਆ ਦੇਖ-ਸਮਝ ਕੇ ਕਦੀ ਤੁਹਾਡੀ ਰਚਨਾ ਨੂੰ ਵੀ ਰਾਜਨੀਤੀ ਨਾਲ ਜੋੜਿਆ ਗਿਆ?

ਭੁੱਲਰ: ਪੰਜਾਬੀ ਸਾਹਿਤ ਦੀਆਂ ਅਨੇਕ ਬਦਕਿਸਮਤੀਆਂ ਵਿਚੋਂ ਇਕ ਰਚਨਾਵਾਂ ਨੂੰ ਚੰਗੀ ਤਰ੍ਹਾਂ ਪੜ੍ਹੇ ਬਿਨਾਂ, ਸਗੋਂ ਪੜ੍ਹੇ ਤੋਂ ਬਿਨਾਂ ਹੀ ਟਿੱਪਣੀਆਂ ਕਰਨ ਦਾ ਰਿਵਾਜ ਹੈ। ਇਕ ਵਾਰ ਇਥੇ ਦਿੱਲੀ ਭਾਸ਼ਾ ਵਿਭਾਗ ਨੇ ਕਹਾਣੀ-ਦਰਬਾਰ ਕਰਵਾਇਆ। ਮੇਰਾ ਮਿੱਤਰ ਗੁਲਵੰਤ ਫ਼ਾਰਿਗ਼ ਉਸ ਸਮੇਂ ਪਹੁੰਚਿਆ ਜਦੋਂ ਮੇਰੀ ਕਹਾਣੀ ਮੁੱਕਣ ਵਾਲੀ ਸੀ। ਉਹ ਆਲੋਚਨਾ ਨੂੰ ਵੀ ਮੰੂਹ ਮਾਰਦਾ ਸੀ, ਇਸ ਲਈ ਉਹਦਾ ਬੋਲਣਾ ਵੀ ਜ਼ਰੂਰੀ ਸੀ ਸਗੋਂ ਮਜਬੂਰੀ ਸੀ। ਬੋਲਿਆ, ਭੁੱਲਰ ਦੀ ਕਹਾਣੀ ਤਾਂ ਮੈਂ ਨਹੀਂਂ ਸੁਣੀ ਪਰ ਇਕ ਗੱਲ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਇਹਦੀ ਹਰ ਕਹਾਣੀ ਵਿਚ ਇਕ ਪਾਰਟੀ ਹੋਲਟਾਈਮਰ ਤਾਂ ਹੁੰਦਾ ਹੀ ਹੈ। ਮੈਂ ਹੈਰਾਨ ਰਹਿ ਗਿਆ, ਇਸਦਾ ਮਤਲਬ ਹੈ, ਇਹਨੇ ਮੇਰੀ ਇਕ ਵੀ ਕਹਾਣੀ ਨਹੀਂ ਪੜ੍ਹੀ ਹੋਈ! ਅਪਣੀ ਗੱਲ ਕਰਨ-ਕਹਿਣ ਸਮੇਂ ਮੈਂ ਕਿਹਾ, ਫ਼ਾਰਿਗ਼ ਜੀ ਨੂੰ ਮੈਂ ਅਪਣੀਆਂ ਸਾਰੀਆਂ ਕਹਾਣੀਆਂ ਭੇਜ ਦੇਵਾਂਗਾ, ਉਹਨਾਂ ਵਿਚੋਂ ਇਹ ਜਿੰਨੇ ਹੋਲਟਾਈਮਰ ਲੱਭ ਦੇਣਗੇ, ਮੈਂ ਭਾਸ਼ਾ ਵਿਭਾਗ ਦੀ ਅਗਲੀ ਸਾਹਿਤਕ ਬੈਠਕ ਵਿਚ ਇਹਨਾਂ ਨੂੰ ਪੰਜ ਸੌ ਰੁਪਏ ਪ੍ਰਤੀ ਹੋਲਟਾਈਮਰ ਦੇ ਹਿਸਾਬ ਇਨਾਮੀ ਥੈਲੀ ਭੇਟ ਕਰਾਂਗਾ। ਸਾਰੇ ਲੋਕ ਹੱਸ ਪਏ।
ਆਲੋਚਕਾਂ ਨਾਲ ਸੰਬੰਧ

ਹੁਣ : ਇਹ ਤਾਂ ਇਕ ਸਾਥੀ ਲੇਖਕ ਦੀ ਸਰਸਰੀ ਟਿੱਪਣੀ ਸੀ। ਤੁਸੀਂ ਆਲੋਚਕਾਂ ਤੋਂ ਕਿੰਨੇ ਕੁ ਸੰਤੁਸ਼ਟ ਜਾਂ ਅਸੰਤੁਸ਼ਟ ਹੋ?

ਭੁੱਲਰ: ਬਹੁਤੇ ਆਲੋਚਕਾਂ ਨਾਲ ਮੇਰੇ ਸੰਬੰਧ ਨਿੱਘੇ ਰਹੇ ਹਨ। ਪਰ ਮੈਂ ਕਦੀ ਕਿਸੇ ਨੂੰ ਕੁਛ ਲਿਖਣ ਲਈ ਨਹੀਂ ਕਿਹਾ। ਜਿਨ੍ਹਾਂ ਨੇ ਲਿਖਿਆ ਹੈ, ਚੰਗਾ ਹੀ ਲਿਖਿਆ ਹੈ। ਅਪਣੇ ਆਪ ਲਿਖਿਆ ਹੈ, ਮੈਂ ਧੰਨਵਾਦੀ ਹਾਂ! ਜੇ ਮੈਂ ਕਾਗ਼ਜ਼-ਪੱਤਰ ਫਰੋਲੇ ਬਿਨਾਂ ਜ਼ਬਾਨੀ ਨਾਂ ਗਿਣਾਉਣ ਲੱਗਿਆ, ਕਈ ਨਾਂ ਰਹਿ ਜਾਣਗੇ, ਉਹ ਠੀਕ ਨਹੀਂ ਹੋਣਾ। ਹਾਂ, ਲੇਖਕਾਂ-ਪਾਠਕਾਂ ਦੀਆਂ ਟਿੱਪਣੀਆਂ ਨਾਲ ਮੈਂ ਇਸਤੋਂ ਵੀ ਵੱਧ ਸੰਤੁਸ਼ਟ ਹਾਂ। ‘ਪੰਜ ਦਰਿਆ’ ਵਿਚ ਛਾਪਣ ਸਮੇਂ ਮੇਰੇ ਵਰਗੇ ਅਜੇ ਅਣਜਾਣੇ ਲੇਖਕ ਦੀ ਕਹਾਣੀ ‘ਚਗ਼ਲ’ ਉੱਤੇ ਲਿਖੀ ਪ੍ਰੋ. ਮੋਹਨ ਸਿੰਘ ਦੀ ਟਿੱਪਣੀ,“ਇਹ ਕਹਾਣੀ ਬਿਲਕੁਲ ਪੜ੍ਹਨ ਵਾਲੀ ਨਹੀਂ, ਭਾਵੇਂ ਇਸਨੂੰ ਮੈਂ ਆਪ ਪੰਜ ਵਾਰੀ ਪੜ੍ਹਿਆ ਹੈ।” ਜਾਂ ਫੇਰ ਮੇਰੀ ਪਹਿਲੀ ਪੁਸਤਕ ‘Eਪਰਾ ਮਰਦ’ ਦੀ ਪਹਿਲੀ ਕਾਪੀ ਪਰਵਾਨ ਕਰਦਿਆਂ ਅੰਮ੍ਰਿਤਾ ਪ੍ਰੀਤਮ ਵੱਲੋਂ ਦਸਖ਼ਤ ਕਰ ਕੇ ਤੇ “ਐਹ ਲੈ, ਤੇਰੇ Eਪਰੇ ਮਰਦ ਨੂੰ ਸ਼ਗਨ” ਆਖ ਕੇ ਦਿੱਤਾ ਗਿਆ ਇਕ ਰੁਪਏ ਦਾ ਨਵਾਂ-ਨਕੋਰ ਨੋਟ। ਜਾਂ ਫੇਰ ਮੇਰੀ ਪੁਸਤਕ ‘ਮੈਂ ਗ਼ਜ਼ਨਵੀ ਨਹੀਂ’ ਬਾਰੇ ਡਾ. ਹਰਿਭਜਨ ਸਿੰਘ ਵੱਲੋਂ ਮੇਰੇ ਨਾਲ ਕੀਤੀ ਗਈ ਗੱਲਬਾਤ। ਤੇ ਜਾਂ ਫੇਰ ਮੈਨੂੰ ਬੀਬੀ ਦਲੀਪ ਕੌਰ ਟਿਵਾਣਾ ਦੀ ਮੇਰੀਆਂ ਕਹਾਣੀਆਂ ਪੜ੍ਹ ਕੇ ਆਈ ਇਕੋ-ਇਕ ਚਿੱਠੀ ਕਿ ਅਸੀਂ ਚੈਖ਼ਵ ਵਰਗੇ ਬਦੇਸੀ ਲੇਖਕਾਂ ਦੀਆਂ ਸਿਫ਼ਤਾਂ ਕਰਦੇ ਰਹਿੰਦੇ ਹਾਂ ਜਦੋਂ ਕਿ ਸਾਡੇ ਅਪਣੇ ਇਹੋ ਜਿਹੀਆਂ ਕਹਾਣੀਆਂ ਲਿਖੀਆਂ ਜਾ ਰਹੀਆਂ ਹਨ। ਦੁੱਗਲ, ਸੁਜਾਨ ਸਿੰਘ, ਸਤਿਆਰਥੀ, ਧੀਰ, ਵਿਰਕ, ਕੰਵਲ, ਸੋਹਨ ਸਿੰਘ ਜੋਸ਼, ਬਲਰਾਜ ਸਾਹਨੀ ਤੇ ਹੋਰ ਅਨੇਕ ਵੱਡਿਆਂ ਦਾ ਥਾਪੜਾ। ਹਾਣੀਆਂ ਦੀ ਤਾਂ ਸੂਚੀ ਹੀ ਕੀ ਬਣਾਵਾਂ! ਤੇ ਪਾਠਕਾਂ ਦਾ ਜਿ਼ਕਰ ਤਾਂ ਪੰਨਿਆਂ ਦੇ ਪੰਨੇ ਭਰ ਸਕਦਾ ਹੈ।
ਲੇਖਕ ਦਾ ਅਸਲ ਨਿਸ਼ਾਨਾ ਤਾਂ ਪਾਠਕ ਹੁੰਦੇ ਹਨ। ਆਲੋਚਕ ਦਾ ਕੰਮ ਵੀ, ਜੇ ਉਹ ਕਰੇ, ਉਹਨਾਂ ਵਿਚਕਾਰ ਪੁਲ ਬਨਣਾ ਹੁੰਦਾ ਹੈ। ਅੱਜ ਵੀ ਜਦੋਂ ਪਾਠਕ ਮੇਰੀ ਕਿਸੇ ਦਸ, ਵੀਹ, ਤੀਹ, ਚਾਲੀ ਸਾਲ ਪਹਿਲਾਂ ਲਿਖੀ ਕਹਾਣੀ ਦਾ ਜਿ਼ਕਰ ਕਰਦੇ ਹਨ, ਨਿੱਕੀਆਂ ਨਿੱਕੀਆਂ ਘਟਨਾਵਾਂ ਚੇਤੇ ਕਰਦੇ ਹਨ, ਪਾਤਰਾਂ ਦੀ ਗੱਲਬਾਤ ਸੁਣਾਉਂਦੇ ਹਨ, ਮਨ ਗਦਗਦ ਹੋ ਜਾਂਦਾ ਹੈ। ਇਸੇ ਕਰਕੇ ਮੈਂ ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਕਰਨ ਸਮੇਂ ਦਿੱਤੇ ਭਾਸ਼ਨ ਵਿਚ ਕਿਹਾ ਸੀ,“ਰਚਨਾਤਮਿਕ ਸਪੱਸ਼ਟਤਾ ਅਤੇ ਪ੍ਰੇਰਨਾ ਲਈ ਮੇਰੇ ਅਨੇਕਾਂ-ਅਨੇਕ ਸਮਕਾਲੀ ਲੇਖਕ ਮਿੱਤਰ ਅਤੇ ਪਾਠਕ ਹੀ ਮੇਰੀ ਟੇਕ ਰਹੇ ਹਨ। ਮੈਨੂੰ ਇਹ ਕਹਿਣ ਵਿਚ ਕੋਈ ਸੰਕੋਚ ਨਹੀਂ ਕਿ ਪੰਜਾਬੀ ਲੇਖਕ ਬਹੁਤ ਜਾਗਰਿਤ, ਚੇਤੰਨ ਅਤੇ ਸੂਝਵਾਨ ਹਨ। ਉਹਨਾਂ ਨਾਲ ਵਿਚਾਰ-ਚਰਚਾ ਸੂਝ-ਸਮਝ ਦੇ ਦਾਇਰੇ ਨੂੰ ਮੋਕਲਾ ਕਰਦੀ ਹੈ। ਲੇਖਕ ਮਿੱਤਰਾਂ ਨੂੰ ਮੇਰਾ ਨਮਸਕਾਰ! ਇਥੇ ਇਹ ਗੱਲ ਕਹਿਣੀ ਹੋਰ ਵੀ ਜ਼ਰੂਰੀ ਹੈ ਕਿ ਪੰਜਾਬੀ ਪਾਠਕ ਬਹੁਤ ਹੀ ਸਿਆਣੇ ਹੋਣ ਦੇ ਨਾਲ ਨਾਲ ਬਹੁਤ ਹੀ ਦਿਆਲੂ-ਕ੍ਰਿਪਾਲੂ ਵੀ ਹਨ। ਅਪਣੇ ਸਾਹਿਤਕ ਕਾਰਜ ਦੀ ਦ੍ਰਿਸ਼ਟੀ ਤੋਂ ਅਸੀਂ ਲੇਖਕ ਜਿੰਨੇ ਦੇ ਅਧਿਕਾਰੀ ਹੁੰਦੇ ਹਾਂ, ਉਹ ਸਾਨੂੰ ਉਸਤੋਂ ਕਿਤੇ ਵੱਧ ਮਾਣ-ਸਤਿਕਾਰ ਦਿੰਦੇ ਹਨ। ਉਦਾਰ-ਚਿੱਤ ਪੰਜਾਬੀ ਪਾਠਕਾਂ ਨੂੰ ਮੇਰਾ ਬਹੁਤ ਨਮਸਕਾਰ!” ਇਹ ਗੱਲਾਂ ਮੈਂ ਐਵੇਂ ਰਸਮੀ ਤੌਰ ਉੱਤੇ ਹੀ ਨਹੀਂ ਸਨ ਕਹਿ ਦਿੱਤੀਆਂ। ਲੇਖਕਾਂ ਦੇ ਸਨੇਹ ਅਤੇ ਪਾਠਕਾਂ ਦੇ ਬੇਹੱਦ ਨਿੱਘੇ ਹੁੰਗਾਰੇ ਨੇ ਮੈਨੂੰ ਅਕਸਰ ਹੀ ਹੈਰਾਨ ਕੀਤਾ ਹੈ।

ਹੁਣ : ਇਹ ਤਾਂ ਤੁਹਾਡੀਆਂ ਅਪਣੀਆਂ ਕਹਾਣੀਆਂ ਦੀ ਗੱਲ ਹੈ। ਸਮੁੱਚੇ ਤੌਰ ਉੱਤੇ ਪੰਜਾਬੀ ਆਲੋਚਨਾ ਬਾਰੇ ਤੁਹਾਡੇ ਵਿਚਾਰ ਕੀ ਹਨ?

ਭੁੱਲਰ: ਸੋਚਣ ਵਾਲੀ ਗੱਲ ਇਹ ਹੈ ਕਿ ਪੰਜਾਬੀ ਆਲੋਚਨਾ ਦਾ ਅਜੇ ਤੱਕ ਕੋਈ ਠੁੱਕ ਨਹੀਂ ਬਣ ਸਕਿਆ। ਇਸਦਾ ਜੋ ਗੰਭੀਰ ਰੂਪ ਉੱਭਰਨਾ ਚਾਹੀਦਾ ਸੀ, ਨਹੀਂ ਉੱਭਰਿਆ। ਇਕ ਤਾਂ ਪੰਜਾਬੀ ਦਾ ਲਗਭਗ ਹਰ ਵਿਦਿਆਰਥੀ ਐਮ. ਏ. ਕਰਦਿਆਂ ਹੀ ਆਲੋਚਕ ਹੋਣ ਦਾ ਭਰਮ ਪਾਲਣ ਲਗਦਾ ਹੈ ਤੇ ਹੌਲੀ ਹੌਲੀ ਇਸ ਭਰਮ ਨੂੰ ਨਿਹਚੇ ਵਿਚ ਬਦਲ ਲੈਂਦਾ ਹੈ। ਅੱਗੇ ਨੌਕਰੀ ਤਾਂ ਕਾਲਜ ਦੀ ਹੀ ਮਾਣ ਨਹੀਂ ਹੁੰਦੀ, ਜੇ ਕੋਈ ਯੂਨੀਵਰਸਿਟੀ ਪਹੁੰਚ ਜਾਵੇ ਤਾਂ ‘ਇਕ ਕਮਲੀ ਸੀ, ਦੂਜੇ ਸਿਵਿਆਂ ਦੇ ਰਾਹ ਪੈ ਗਈ’ ਵਾਲੀ ਹਾਲਤ ਬਣ ਜਾਂਦੀ ਹੈ। ਦੂਜੇ, ਆਲੋਚਨਾ ਦਾ Eਨਾਂ ਕੰਮ ਨਹੀਂ ਹੋ ਰਿਹਾ ਜਿੰਨਾ ਵਧ-ਫੁੱਲ ਰਹੇ ਸਾਹਿਤ ਵਿਚ ਹੋਣਾ ਚਾਹੀਦਾ ਹੈ। ਇਕ ਗੱਲੋਂ ਆਲੋਚਕ ਵੀ ਮਜਬੂਰ ਹਨ। ਏਨਾਂ ਕੁਛ ਲਿਖਿਆ ਜਾ ਰਿਹਾ ਹੈ, ਏਨੀਆਂ ਪੁਸਤਕਾਂ ਛਪ ਰਹੀਆਂ ਹਨ, ਉਹਨਾਂ ਸਭ ਨੂੰ ਪੜ੍ਹਨਾ ਕੀ, ਨਜ਼ਰੋਂ ਲੰਘਾਉਣਾ ਵੀ ਅਸੰਭਵ ਹੈ। ਤਾਂ ਵੀ ਆਲੋਚਕ ਵਿਚ ਏਨੀਂ ਸੂਝ-ਸਮਝ ਹੋਣੀ ਹੀ ਚਾਹੀਦੀ ਹੈ ਕਿ ਉਹ ਸੁੰਘ ਕੇ ਸਾਹਿਤ ਦੇ ਨਾਂ ਹੇਠ ਛਪੀਆਂ ਬੇਕਾਰ ਰਚਨਾਵਾਂ ਲਾਂਭੇ ਕਰ ਸਕੇ ਅਤੇ ਬਾਕੀ ਦਾ ਸਾਹਿਤ ਵਾਜਬ ਧਿਆਨ ਦੇ ਕੇ ਪੜ੍ਹ ਸਕੇ। ਜੇ ਏਨਾਂ ਖਿਲਾਰਾ ਠੀਕ ਨਹੀਂ ਆਉਂਦਾ, ਆਲੋਚਕ ਲਈ ਠੀਕ ਹੋਵੇਗਾ ਕਿ ਉਹ ਅਪਣੇ ਲਈ ਕੋਈ ਇਕ ਵਿਧਾ ਚੁਣ ਲਵੇ। ਕਈ ਅਜਿਹਾ ਕਰਦੇ ਵੀ ਹਨ। ਫੇਰ ਉਹ ਉਸ ਵਿਧਾ ਨੂੰ ਸਮਾਂ ਦੇਵੇ, ਪੜ੍ਹੇ, ਅਪਣੇ ਵਿਚਾਰ ਬਣਾਵੇ। ਸਮੁੱਚੀ ਪੰਜਾਬੀ ਕਹਾਣੀ ਬਾਰੇ ਲਿਖੇ ਲੇਖਾਂ ਵਿਚ ਲੇਖਕਾਂ ਦੀਆਂ ਉਹਨਾਂ ਹੀ ਇਕ ਇਕ, ਦੋ ਦੋ ਕਹਾਣੀਆਂ ਦਾ ਜਿ਼ਕਰ ਵਾਰ ਵਾਰ ਕਿਉਂ ਹੁੰਦਾ ਹੈ? ਕਿਉਂਕਿ ਉਹਨਾਂ ਆਲੋਚਕਾਂ ਨੇ ਇਹ ਕਹਾਣੀਕਾਰ ਵੀ ਪੂਰੇ ਪੜ੍ਹੇ ਹੀ ਨਹੀਂ ਹੁੰਦੇ। ਉਹ ਇਹਨਾਂ ਕਹਾਣੀਆਂ ਦੇ ਜਿ਼ਕਰ ਨਾਲ ਹੀ ਦਹਾਕਿਆਂ-ਬੱਧੀ ਡੰਗ ਸਾਰਦੇ ਰਹਿੰਦੇ ਹਨ। ਟਾਲਸਟਾਇ ਕਹਿੰਦਾ ਹੈ,“ਜੇ ਮੈਂ ਦਸ ਸਾਲ ਨਾ ਲਿਖਾਂ, ਮੈਨੂੰ ਕੋਈ ਪਾਪ-ਬੋਧ ਨਹੀਂ ਹੁੰਦਾ ਪਰ ਪੜ੍ਹਨਾ ਮੇਰੇ ਲਈ ਹਰ ਰਾਤ ਜ਼ਰੂਰੀ ਹੈ।” ਜੇ ਲੇਖਕ ਲਈ ਪੜ੍ਹਨਾ ਏਨਾਂ ਜ਼ਰੂਰੀ ਹੈ, ਆਲੋਚਕ ਲਈ ਕਿੰਨਾ ਜ਼ਰੂਰੀ ਹੈ, ਇਹ ਤੁਸੀਂ ਸੋਚ ਲਵੋ। ਤੀਜੇ, ਕਈ ਮਹਾਂਰਥੀ ਆਲੋਚਨਾ ਤਾਂ ਘੱਟ ਕਰਦੇ ਹਨ ਤੇ ਪਾਠਕ ਨੂੰ ਰੋਲਾਂ ਬਾਰਤ, ਬਾਖ਼ਤਿਨ, ਯੱਕ ਦੈਰਿਦਾ, ਸੋਸਿਊਰ, ਲੈਵੀ ਸਤ੍ਰਾਸ, ਜੈਕ ਲਾਕਾਂ, ਮਿਸ਼ੇਲ ਫੂਕੋ ਜਿਹੇ ਨਾਂ ਲੈ ਲੈ ਡਰਾਉਂਦੇ ਬਹੁਤਾ ਹਨ!

ਹੁਣ: ਤੁਹਾਡਾ ਕਹਿਣਾ ਹੈ ਕਿ ਇਹ ਬਦੇਸੀ ਆਲੋਚਕ ਸਾਡੇ ਕਿਸੇ ਕੰਮ ਦੇ ਨਹੀਂ? ਇਹ ਪੜ੍ਹਨੇ ਨਹੀਂ ਚਾਹੀਦੇ?

ਭੁੱਲਰ: ਮੈਂ ਤਾਂ ਉਲਟਾ ਇਹ ਕਹਿੰਦਾ ਹਾਂ ਕਿ ਪੜ੍ਹਨੇ ਚਾਹੀਦੇ ਹਨ । ਪਰ ਸਾਡੇ ਆਲੋਚਕ ਤਾਂ ਇਹਨਾਂ ਦੇ ਨਾਂ ਪਾਠਕ ਉੱਤੇ ਰੁਅਬ ਪਾਉਣ ਲਈ ਵਰਤਦੇ ਹਨ। ਉਹ ਇਹ ਨਹੀਂ ਕਰਦੇ ਕਿ ਇਹਨਾਂ ਨੂੰ ਪੜ੍ਹਨ, ਇਹਨਾਂ ਦਾ ਮੱਤ ਸਮਝਣ, ਉਸ ਸਮਝ ਦੇ ਆਧਾਰ ਉੱਤੇ ਅਪਣੇ ਵਿਚਾਰ ਬਣਾਉਣ ਅਤੇ ਇਹ ਦੇਖਣ ਕਿ ਕਿਹੜੀ ਗੱਲ ਪੰਜਾਬੀ ਆਲੋਚਨਾ ਲਈ ਪ੍ਰਸੰਗਕ ਹੈ ਤੇ ਕਿਹੜੀ ਨਹੀਂ। ਗਊ-ਮੱਝ ਵੀ ਚਾਰਾ ਖਾ ਕੇ ਉਹਨੂੰ ਪਚਾਉਣ ਲਈ, ਉਹਦਾ ਸਤ ਕੱਢਣ ਲਈ ਆਰਾਮ ਨਾਲ ਇਕ-ਚਿੱਤ ਹੋ ਕੇ ਉਗਾਲੀ ਕਰਦੀ ਹੈ। ਇਸ ਬਦੇਸੀ ਗਿਆਨ ਦੀ ਕੁਛ ਤਾਂ ਉਗਾਲੀ ਕਰੋ ਭਾਈ; ਅਣਪਚਿਆ ਤਾਂ ਸਾਡੇ ਸਾਹਮਣੇ ਨਾ ਪਰੋਸੋ! ਕੋਈ ਪ੍ਰਸਿੱਧ ਆਲੋਚਕ ਕਿੰਨਾ ਹੀ ਵੱਡਾ ਗਿਆਨੀ ਹੋਵੇ, ਇਹ ਕਿਵੇਂ ਹੋ ਸਕਦਾ ਹੈ ਕਿ ਉਹਦੀ ਗੱਲ ਸਮੁੱਚੇ ਸੰਸਾਰ ਦੀਆਂ ਅਣਗਿਣਤ ਭਾਸ਼ਾਵਾਂ ਦੇ ਸਾਹਿਤ ਉੱਤੇ ਲਾਗੂ ਹੁੰਦੀ ਹੋਵੇ। ਹਰ ਆਲੋਚਕ ਦੀ ਸੋਚ ਦੀ ਤੇ ਉਹਦੇ ਸਿਧਾਂਤ ਦੀ ਮੁੱਖ ਟੇਕ ਉਹਦੀ ਅਪਣੀ ਭਾਸ਼ਾ ਦਾ ਸਾਹਿਤ ਹੁੰਦਾ ਹੈ ਅਤੇ ਇਹ ਸਾਹਿਤ ਸੰਬੰਧਿਤ ਜਨਸਮੂਹ ਦੇ ਸਭਿਆਚਾਰ ਦਾ ਪਰਤੌ ਹੁੰਦਾ ਹੈ। ਇਹ ਦੱਸਣ ਦੀ ਤਾਂ ਲੋੜ ਹੀ ਨਹੀਂ ਕਿ ਇਕ ਸਭਿਆਚਾਰ ਲਈ ਸਾਧਾਰਨ ਗੱਲਾਂ ਦੂਜੇ ਸਭਿਆਚਾਰ ਲਈ ਅਣਹੋਣੀਆਂ ਹੁੰਦੀਆਂ ਹਨ। ਇਕ ਵਾਰ ਅਫ਼ਰੀਕਾ ਦੇ ਇਕ ਦੇਸ ਵਿਚ ਰਹਿ ਕੇ ਆਏ ਇਕ ਲੇਖਕ ਨੇ ਗੱਲ ਸੁਣਾਈ ਕਿ ਉਹ ਕੰਮ ਤੋਂ ਪਰਤਿਆ ਤਾਂ ਸਥਾਨਕ ਜਵਾਨ ਨੌਕਰ ਘਰੋਂ ਬਾਹਰ ਕੰਧ ਨਾਲ ਬੈਠਾ ਰੋ ਰਿਹਾ ਸੀ। ਬੋਲਿਆ,“ਬੀਬੀ ਜੀ ਮੈਨੂੰ ਲਭਦੇ ਹੋਏ ਮੇਰੇ ਕਮਰੇ ਵਿਚ ਆਏ ਤੇ, ਪਤਾ ਨਹੀਂ ਕਿਉਂ, ਅੱਗਬਗੋਲਾ ਹੋ ਕੇ ਮੁੜ ਗਏ। ਮਗਰੋਂ ਮੈਨੂੰ ਜੁੱਤੀਆਂ ਨਾਲ ਕੁੱਟਿਆ।” ਲੇਖਕ ਨੇ ਪੁੱਛਿਆ,“ਕਮਰੇ ਵਿਚ ਤੂੰ ਕੀ ਕਰ ਰਿਹਾ ਸੀ?” ਕਹਿੰਦਾ,“ਇਹੋ ਜਿਹਾ ਕੁਛ ਵੀ ਨਹੀਂ। ਮੇਰੀ ਦੋਸਤ ਆਈ ਹੋਈ ਸੀ । ਅਸੀਂ ਤਾਂ ਬੱਸ ‘ਮੇਲ-ਮਿਲਾਪ’ ਕਰ ਰਹੇ ਸੀ।” ਸਭਿਆਚਾਰਾਂ ਦਾ ਇਹ ਪਾੜਾ ਇਕ ਵਾਰ ਮੈਨੂੰ ਅੱਖੀਂ ਦੇਖਣ ਦਾ ਵੀ ਮੌਕਾ ਮਿਲਿਆ। ਦਿੱਲੀ ਵਿਚ ਇਕ ਅਫ਼ਰੀਕੀ ਸਭਿਆਚਾਰਕ ਮੰਡਲੀ ਨ੍ਰਿਤ ਪੇਸ਼ ਕਰ ਰਹੀ ਸੀ। ਜਦੋਂ ਮੁਟਿਆਰ ਨ੍ਰਤਕੀਆਂ ਨਚਦੀਆਂ ਹੋਈਆਂ ਪਰਦੇ ਪਿੱਛੋਂ ਮੰਚ ਉੱਤੇ ਆਈਆਂ, ਉਹਨਾਂ ਨੇ ਬੱਸ ਛੋਟੀਆਂ ਛੋਟੀਆਂ ਘੱਗਰੀਆਂ ਪਾਈਆਂ ਹੋਈਆਂ ਸਨ ਤੇ ਉਹਨਾਂ ਦੀਆਂ ਛਾਤੀਆਂ ਬਿਲਕੁਲ ਨੰਗੀਆਂ ਸਨ। ਸੰਚਾਲਕਾਂ ਨੇ ਫ਼ਟਾਫ਼ਟ ਰੌਸ਼ਨੀਆਂ ਬੁਝਾਈਆਂ ਤੇ ਉਹਨਾਂ ਨੂੰ ਧੱਕ ਕੇ ਅੰਦਰ ਲੈ ਗਏ!

ਕਿਸੇ ਸਾਹਿਤ ਲਈ ਜੋ ਮੁੱਲ ਤੇ ਮਾਪ ਹੋਂਦ ਵਿਚ ਆਉਂਦੇ ਹਨ, ਉਹ ਉਥੋਂ ਦੇ ਸਮਾਜਕ-ਸਭਿਆਚਾਰਕ ਚੌਖਟੇ ਅਨੁਸਾਰ ਹੀ ਹੁੰਦੇ ਹਨ। ਕੁਛ ਸਰਬਸਾਂਝੀਆਂ ਗੱਲਾਂ ਨੂੰ ਛੱਡ ਕੇ ਬਾਕੀ ਸਭ ਰੰਗ ਸਥਾਨਕ ਹੁੰਦੇ ਹਨ। ਜੇ ਤੁਸੀਂ ਪੰਜਾਬੀ ਸਾਹਿਤ ਦੇ ਆਲੋਚਕ ਬਨਣਾ ਹੈ, ਬਾਹਰਲਿਆਂ ਦੀਆਂ ਇਹ ਸਰਬਸਾਂਝੀਆਂ ਗੱਲਾਂ ਜਾਣ-ਸਿੱਖ ਕੇ ਅਪਣੀ ਆਲੋਚਕੀ ਸੋਚ-ਸਮਝ ਤਾਂ ਪੰਜਾਬੀ ਸਭਿਆਚਾਰ ਤੇ ਪ੍ਰੰਪਰਾ ਬਨਾਮ ਪੰਜਾਬੀ ਸਾਹਿਤ ਹੀ ਉਸਾਰਨੀ ਪਵੇਗੀ। ਸਾਹਿਤ ਦੇ ਚੰਗੇ ਗਿਆਨਵਾਨ ਮੇਰੇ ਮਿੱਤਰ ਜਗਜੀਤ ਬਰਾੜ ਨੇ ਕਹਾਣੀ ਸੰਬੰਧੀ ਅਪਣੇ ਇਕ ਲੇਖ ਵਿਚ ਅੰਗਰੇਜ਼ੀ ਦੀ ਇਕ ਪ੍ਰਸਿੱਧ ਕਹਾਣੀਕਾਰ Eਡੋਰਾ ਵੈੱਲਟੀ ਦਾ ਇਕ ਕਥਨ ਦਿੱਤਾ ਹੈ:“ਜੇ ਕੋਈ ਕਹਾਣੀ ਅਪਣੇ ਪਾਤਰ ਤੇ ਕਥਾਨਕ ਅਤੇ ਵਾਪਰਨ ਦਾ ਸਥਾਨ ਚੁੱਕ ਕੇ ਹੋਰ ਕਿਤੇ ਲੈ ਜਾਵੇ, ਉਹ ਬਿਲਕੁਲ ਵੱਖਰੀ ਤੇ ਬਿਲਕੁਲ ਪਛਾਣ ਨਾ ਆਉਣ ਵਾਲੀ ਕਹਾਣੀ ਬਣ ਜਾਵੇਗੀ।” ਮੈਨੂੰ ਤਾਂ ਇਹੋ ਸਮਝ ਲਗਦੀ ਹੈ ਕਿ Eਡੋਰਾ ਵੈੱਲਟੀ ਵੱਖਰੇ ਰਹਿਣ-ਸਹਿਣ, ਰੀਤੀ-ਰਿਵਾਜ ਤੇ ਸਭਿਆਚਾਰ ਦੇ ਪ੍ਰਭਾਵ ਦੀ ਗੱਲ ਹੀ ਏਨੀਂ ਖ਼ੂਬਸੂਰਤੀ ਨਾਲ ਕਰ ਰਹੀ ਹੈ!

ਹੁਣ : ਕਦੀ ਕਿਸੇ ਹੋਰ ਸਭਿਆਚਾਰ ਤੱਕ ਪਹੁੰਚੀ ਤੁਹਾਡੀ ਕਿਸੇ ਕਹਾਣੀ ਸੰਬੰਧੀ ਤੁਹਾਨੂੰ ਅਜਿਹੇ ਸਭਿਆਚਾਰਕ ਪਾੜੇ ਦਾ ਅਨੁਭਵ ਹੋਇਆ ਹੈ?

ਭੁੱਲਰ: ਰੂਸੀ ਦਫ਼ਤਰ ਵਿਚ ਮੇਰੇ ਨਾਲ ਉਰਦੂ ਦੀ ਇਕ ਔਰਤ ਹੁੰਦੀ ਸੀ, ਐਮ. ਫਿ਼ਲ., ਚੰਗੇ ਸਾਹਿਤਕ ਘਰਾਣੇ ਨਾਲ ਸੰਬੰਧਿਤ ਅਤੇ ਆਪ ਵੀ ਅਦਬ ਨੂੰ ਮੂੰਹ ਮਾਰਨ ਵਾਲੀ। ਉਰਦੂ ਵਿਚ ਛਪੀ ਮੇਰੀ ਕਹਾਣੀ ‘ਦੀਵੇ ਵਾਂਗ ਬਲਦੀ ਅੱਖ’ ਪੜ੍ਹ ਕੇ ਕਹਿਣ ਲੱਗੀ,“ਸਮਾਜਕ ਸੱਚ ਤੇ ਯਥਾਰਥ ਦੇ ਬਿਲਕੁਲ ਉਲਟ ਇਹ ਕਹਾਣੀ ਤੁਸੀਂ ਕਿਵੇਂ ਲਿਖ ਦਿੱਤੀ!” ਉਹ ਦਿੱਲੀ ਵਿਚ ਵਸੇ ਹੋਏ ਉੱਤਰ ਪ੍ਰਦੇਸ਼ ਦੇ ਇਕ ਵੱਡੇ ਮੁਸਲਮਾਨ ਪਰਿਵਾਰ ਵਿਚੋਂ ਸੀ। ਕਹਿੰਦੀ,“ਔਰਤ ਦਾ ਜ਼ਮੀਨ ਨਾਲ ਕੀ ਸੰਬੰਧ? ਇੱਜ਼ਤ ਦਾਅ ਉੱਤੇ ਲਾਉਣਾ ਤਾਂ ਕਿਤੇ ਰਿਹਾ, ਉਹਨੂੰ ਤਾਂ ਇਹ ਪਤਾ ਵੀ ਨਹੀਂ ਹੁੰਦਾ ਕਿ ਜ਼ਮੀਨ ਹੈ ਕਿੰਨੀ ਤੇ ਹੈ ਕਿੱਥੇ! ਖ਼ਸਮਾਂ ਨੂੰ ਖਾਵੇ ਜ਼ਮੀਨ, ਉਹਨੇ ਜ਼ਮੀਨ ਤੋਂ ਕੀ ਲੈਣਾ ਹੈ? ਇਹ ਮਰਦਾਂ ਦੇ ਮਾਮਲੇ ਨੇ।” ਠੀਕ ਉਹ ਵੀ ਸੀ ਤੇ ਠੀਕ ਮੈਂ ਵੀ ਸੀ। ਉਹ ਅਪਣੇ ਸਮਾਜ ਦਾ ਸੱਚ ਦੱਸ ਰਹੀ ਸੀ ਤੇ ਮੈਂ ਅਪਣੇ ਸਮਾਜ ਦਾ ਸੱਚ ਚਿਤਰਿਆ ਸੀ!

ਹੁਣ : ਆਲੋਚਨਾ ਦੇ ਸਿਧਾਂਤਕ ਲੇਖ ਲੇਖਕ ਦੇ ਰਚਨਾਤਮਕ ਆਧਾਰ ਨੂੰ ਪੱਕਾ ਕਰਦੇ ਹਨ। ਕੀ ਤੁਸੀਂ ਅਜਿਹੇ ਲੇਖ ਪੜ੍ਹਦੇ ਹੋ? ਕਹਿੰਦੇ ਹਨ, ਆਲੋਚਕ ਲੇਖਕ ਨੂੰ ਵਧੀਆ ਲੇਖਕ ਬਣਾ ਸਕਦਾ ਹੈ!

ਭੁੱਲਰ: ਪੰਜਾਬੀ ਵਿਚ ਆਮ ਕਰਕੇ ਨਹੀਂ। ਮੈਨੂੰ ਅਕਸਰ ਇਹਨਾਂ ਲੇਖਾਂ ਵਿਚੋਂ ਕਦੇ ਕੋਈ ਇਹੋ ਜਿਹੀ ਗੱਲ ਨਹੀਂ ਮਿਲੀ ਜੋ ਲੇਖਕ ਵਜੋਂ ਮੇਰੀ ਸੋਚ ਵਿਚ ਇਕ ਦੀਵਾ ਹੋਰ ਬਾਲ ਦੇਵੇ। ਬਹੁਤੇ ਲੇਖਾਂ ਵਿਚ ਘਸੀਆਂ-ਪੁਰਾਣੀਆਂ, ਅਪ੍ਰਸੰਗਕ ਤੇ ਬੇਸੁਰ ਗੱਲਾਂ ਹੁੰਦੀਆਂ ਹਨ ਜੋ ਸਮਝੋਂ ਬਾਹਰੀ ਪੰਜਾਬੀ ਵਿਚ ਲਿਖੀਆਂ ਹੋਈਆਂ ਹੁੰਦੀਆਂ ਹਨ। ਜੇ ਪੜ੍ਹਨ ਦੀ ਕੋਸਿ਼ਸ਼ ਕਰੀਏ ਵੀ, ਬਹੁਤੇ ਲੇਖ ਇਕ-ਦੋ ਪੈਰੇ ਪੜ੍ਹ ਕੇ ਛੱਡ ਦੇਣੇ ਪੈਂਦੇ ਹਨ। ਜਿਹੜੀ ਲਿਖਤ ਸਹਿਜ ਮਨ ਨਾਲ ਪੜ੍ਹੀ ਨਾ ਜਾਵੇ, ਉਹਨੂੰ ਪੜ੍ਹਨ ਦਾ ਜੁਰਮਾਨਾ ਥੋੜ੍ਹੋ ਲੱਗਿਆ ਹੁੰਦਾ ਹੈ! ਕੁਛ ਸ਼ਬਦਾਵਲੀ ਆਲੋਚਨਾ ਦੀ ਨਿਸਚੇ ਹੀ ਅਪਣੀ ਵੱਖਰੀ ਹੁੰਦੀ ਹੈ। ਉਸਦੀ ਵਰਤੋਂ ਸਮਝ ਵਿਚ ਆਉਂਦੀ ਹੈ। ਪਰ ਸਾਡੇ ਬਹੁਤੇ ਆਲੋਚਕਾਂ ਦਾ ਮੱਤ ਹੈ ਕਿ ਜੇ ਉਹ ਲੇਖ ਦਾ ਪਿੰਡਾ ਸਾਧਾਰਨ, ਆਮ-ਸਮਝ ਭਾਸ਼ਾ ਦੀ ਥਾਂ, ਵੈਦਾਂ ਵੱਲੋਂ ‘ਭੱਖੜੇ’ ਨੂੰ ‘ਹਾਥੀ ਚੰਘਿਆੜ’ ਕਹਿਣ ਵਾਂਗ, ਅਵੱਲੀ ਪੰਜਾਬੀ ਵਿਚ ਨਹੀਂ ਉਸਾਰਨਗੇ, ਉਹਨਾਂ ਨੂੰ ਵੱਡੇ ਆਲੋਚਕ ਕੌਣ ਮੰਨੇਗਾ!


ਜੇ ਆਲੋਚਕ ਕਿਸੇ ਨੂੰ ਵਧੀਆ ਲੇਖਕ ਬਣਾ ਸਕਦਾ ਹੋਵੇ, ਉਹ ਆਪ ਹੀ ਲੇਖਕ ਬਣ ਜਾਵੇ! ਖਰਾ ਲੇਖਕ ਉਹੋ ਬਣਦਾ ਹੈ ਜਿਸ ਅੰਦਰ ਫੁੱਲਣ ਉੱਤੇ ਆਈ ਹੋਈ ਬਾਹੂ ਵਾਲੀ ਬੂਟੀ ਮੁਸ਼ਕ ਮਚਾਉਂਦੀ ਹੈ।਼ ਜਨਾਬ ਬਿਸਮਿਲ ਸਈਦੀ ਨੇ ਇਹ ਖ਼ੂਬਸੂਰਤ ਸਿ਼ਅਰ ਮੇਰੀ ਗੱਲ ਦੀ ਪੁਸ਼ਟੀ ਕਰਨ ਲਈ ਹੀ ਲਿਖਿਆ ਲਗਦਾ ਹੈ, ਬੱਸ ‘ਮੁਹੱਬਤ’ ਦੀ ਥਾਂ ‘ਸਾਹਿਤ’ ਕਰ ਲਵੋ:“ਸਾਹਿਤ ਕੇ ਲੀਏ ਕੁਛ ਖ਼ਾਸ ਦਿਲ ਮਖ਼ਸੂਸ ਹੋਤੇ ਹੈਂ, ਯਿਹ ਵੁਹ ਨਗ਼ਮਾ ਹੈ ਜੋ ਹਰ ਸਾਜ਼ ਪੇ ਗਾਇਆ ਨਹੀਂ ਜਾਤਾ!” ਲੇਖਕ ਬਣਾਉਣਾ ਨਾ ਤਾਂ ਆਲੋਚਕ ਦਾ ਕੰਮ ਹੈ ਤੇ ਨਾ ਉਹਦੇ ਵੱਸ ਵਿਚ ਹੈ। ਲੇਖਕ ਅਤੇ ਆਲੋਚਕ ਦੇ ਰਿਸ਼ਤੇ ਉੱਤੇ ਤਾਂ ਉਹ ਕਹਾਵਤ ਲਾਗੂ ਹੁੰਦੀ ਹੈ, ਅਖੇ “ਜੋ ਕਰ ਸਕਦਾ ਹੈ, ਕਰਦਾ ਹੈ, ਜੋ ਕੁਛ ਕਰ ਨਹੀਂ ਸਕਦਾ, ਉਹ ਸਿਖਾਉਂਦਾ ਹੈ।” ਸਾਡੇ ਕੁਛ ਕਥਿਤ ਆਲੋਚਕਾਂ ਦਾ ਤਾਂ ਅਪਣਾ ਸਿਧਾਂਤ ਜਾਂ ਮੱਤ ਹੀ ਕੋਈ ਨਹੀਂ। ਵਿਅਕਤੀ ਤੇ ਮੌਕੇ ਅਨੁਸਾਰ ਕੁਛ ਵੀ ਬੋਲ ਦਿੰਦੇ ਹਨ ਤੇ ਫੇਰ ਹੋਰ ਕਿਤੇ ਉਸਤੋਂ ਉਲਟ ਧਾਰਨਾ ਵੀ ਪੇਸ਼ ਕਰ ਦਿੰਦੇ ਹਨ!

ਆਲੋਚਕ ਅਤੇ ਇਕਸਾਰਤਾ

ਹੁਣ : ਤੁਸੀਂ ਕੁਛ ਆਲੋਚਕਾਂ ਵਿਚ ਇਕਸਾਰਤਾ ਦੀ ਘਾਟ ਆਖਦੇ ਹੋ। ਆਪ ਤੁਸੀਂ ਗੁਰਦਿਆਲ ਸਿੰਘ ਨੂੰ ਵੱਡਾ ਨਾਵਲਕਾਰ ਮੰਨਦੇ ਮੰਨਦੇ ‘ਹੁਣ’ ਵਿਚ ਛਪੀ ਉਹਦੀ ਚਿੱਠੀ ਮਗਰੋਂ ਉਹਦੇ ਨਾਵਲਾਂ ਨੂੰ ਨਾਵਲੀਆਂ ਕਹਿਣ ਲੱਗ ਪਏ?

ਭੁੱਲਰ: ਮੈਂ ਅਪਣੇ ਮਿੱਤਰ ਗੁਰਦਿਆਲ ਸਿੰਘ ਨੂੰ ਕਦੇ ਵੀ ਵੱਡਾ ਨਾਵਲਕਾਰ ਨਹੀਂ ਮੰਨਿਆ ਜਾਂ ਆਖਿਆ। ਭਾਸ਼ਾ ਵਾਲੀ ਇਸ ਬਹਿਸ ਤੋਂ ਪਹਿਲਾਂ ਵੀ ਕਦੇ ਨਹੀਂ। ਉਹਦਾ ਕੋਈ ਇਕ ਨਾਵਲ ਪੜ੍ਹ ਲਵੋ, ਸਾਰੇ ਪੜ੍ਹੇ ਗਏ। ਦਲੀਪ ਕੌਰ ਟਿਵਾਣਾ, ਬਲਦੇਵ ਸਿੰਘ, ਦਰਸ਼ਨ ਸਿੰਘ, ਜਸਬੀਰ ਭੁੱਲਰ, ਮਿੱਤਰ ਸੈਨ ਮੀਤ, ਆਦਿ ਦੇ ਨਾਵਲਾਂ ਵਿਚ ਵਧੇਰੇ ਵੰਨਸੁਵੰਨਤਾ, ਵਡੇਰਾ ਜੀਵਨ ਅਨੁਭਵ ਤੇ ਭਾਸ਼ਾਈ ਤਾਜ਼ਗੀ ਹੈ। ਮਿਸਾਲ ਵਜੋਂ ਬਦਲ ਰਹੀਆਂ ਸਮਾਜਕ-ਆਰਥਕ ਹਾਲਤਾਂ ਦੇ ਚਿਤਰਨ ਦੇ ਪੱਖੋਂ ਬਲਦੇਵ ਦੇ ‘ਅੰਨਦਾਤਾ’ ਤੱਕ ‘ਮੜ੍ਹੀ ਦਾ ਦੀਵਾ’ ਸਮੇਤ ਉਹਦਾ ਕੋਈ ਵੀ ਨਾਵਲ ਨਹੀਂ ਪਹੁੰਚਦਾ। 26 ਜਨਵਰੀ 1998 ਨੂੰ, ਜਦੋਂ ਗੁਰਦਿਆਲ ਸਿੰਘ ਨੂੰ ਉਹਦੇ ਨਾਂ ਦਾ ਅੰਗ ਬਣ ਜਾਣ ਵਾਲਾ ਪਦਮਸ਼੍ਰੀ ਮਿਲਿਆ, ਸਬੱਬ ਨਾਲ ਕਈ ਹੋਰ ਪੰਜਾਬੀਆਂ ਨੂੰ ਵੀ ਛੋਟੇ-ਵੱਡੇ ਪਦਮ ਪੁਰਸਕਾਰ ਮਿਲੇ। ਮੈਂ Eਦੋਂ ‘ਪੰਜਾਬੀ ਟ੍ਰਿਬਿਊਨ’ ਦਾ ਸੰਪਾਦਕ ਸੀ। ਇਕ ਫ਼ਰਵਰੀ ਦੇ ਐਤਵਾਰ ਨੂੰ ਮੈਂ ਸੰਪਾਦਕੀ ਲਿਖਿਆ,‘ਨਾਂ ਲਈਏ ਤਾਂ ਆਦਰ ਉਪਜੇ!’ ਇਹ ਮੇਰੇ ਸਾਹਿਤਕ ਰੰਗ ਵਾਲੇ, ਹੁਣ ਤੱਕ ਯਾਦ ਕੀਤੇ ਜਾਂਦੇ ਐਤਵਾਰੀ ਸੰਪਾਦਕੀਆਂ ਦੀ ਪੁਸਤਕ ‘ਕਲਮ ਕਟਾਰ’ ਵਿਚ ਦੇਖਿਆ ਜਾ ਸਕਦਾ ਹੈ। ਪਹਿਲੀ ਕੋਟੀ ਦਾ ਪੁਰਸਕਾਰ, ਪਦਮ ਵਿਭੂਸ਼ਨ ਪੰਜਾਬ ਦੀ ਨੂੰਹ, ਨੇਤਾ ਜੀ ਦੇ ਰਾਣੀ ਝਾਂਸੀ ਬਰਗੇਡ ਦੀ ਕਰਨਲ ਲਕਸ਼ਮੀ ਸਹਿਗਲ ਤੇ ਨੇਤਾ ਜੀ ਦੇ ਹੀ ਸਾਥੀ ਕਰਨਲ ਗੁਰਬਖ਼ਸ਼ ਸਿੰਘ ਢਿੱਲੋਂ ਨੂੰ ਮਿਲਿਆ। ਦੂਜੀ ਕੋਟੀ ਦੇ ਪੁਰਸਕਾਰ, ਪਦਮ ਭੂਸ਼ਨ ਦੇ ਪ੍ਰਾਪਤ-ਕਰਤਿਆਂ ਵਿਚ ਪ੍ਰਤਿਭਾਵਾਨ ਲੇਖਕ ਭੀਸ਼ਮ ਸਾਹਨੀ, ਬੇਦਾਗ਼ ਸਮਾਜਸੇਵੀ ਸੱਤਪਾਲ ਡਾਂਗ ਅਤੇ ਪ੍ਰਸਿੱਧ ਪੱਤਰਕਾਰ ਐਚ. ਕੇ. ਦੂਆ ਸ਼ਾਮਲ ਸਨ। ਤੀਜੀ ਕੋਟੀ ਦਾ ਸਨਮਾਨ, ਪਦਮਸ਼੍ਰੀ ਨ੍ਰਿਤ, ਨਾਟਕ ਤੇ ਸਿਨਮਾ-ਟੀਵੀ ਦੀ ਹਰਮਨਪਿਆਰੀ ਚੰਚਲ ਅੰਬੋ, ਸਾਕਾਰ ਕਲਾ, ਜ਼ੋਹਰਾ ਸਹਿਗਲ ਅਤੇ ਹਾਕੀ ਵਿਚ ਬੇਮਿਸਾਲ ਮੱਲਾਂ ਮਾਰਨ ਵਾਲੇ ਉਲੰਪਿਕ ਖਿਡਾਰੀ ਪਰਗਟ ਸਿੰਘ ਦੇ ਨਾਲ ਨਾਲ ਗੁਰਦਿਆਲ ਸਿੰਘ ਨੂੰ ਵੀ ਮਿਲਿਆ। ਬਾਕੀਆਂ ਦੇ ਇਨਾਮ, ਸ਼ਾਇਦ, ਕਿਸੇ ਨੂੰ ਇਸ ਲਈ ਯਾਦ ਨਹੀਂ ਕਿਉਂਕਿ ਉਹਨਾਂ ਵਿਚੋਂ ਕੋਈ ਵੀ ਇਹਨੂੰ ਅਪਣੇ ਨਾਂ ਨਾਲ ਨਹੀਂ ਲਿਖਦਾ। ਖ਼ੈਰ, ਸਭ ਦੀਆਂ ਪ੍ਰਸੰਗਕ ਵਿਸ਼ੇਸ਼ਤਾਵਾਂ ਬਾਰੇ ਤੇਜ਼ ਚਾਲ ਲਿਖਦੀ ਲਿਖਦੀ ਮੇਰੀ ਕਲਮ ਗੁਰਦਿਆਲ ਸਿੰਘ ਤੱਕ ਪੁੱਜ ਕੇ ਸੋਚੀਂ ਪੈ ਗਈ। ਉਹਦੇ ਨਾਵਲਾਂ ਦਾ ਮੈਂ ਕਿੰਤੂ-ਪ੍ਰੰਤੂ ਤੋਂ ਮੁਕਤ ਪ੍ਰਸੰਸਕ ਨਹੀਂ ਸੀ ਪਰ ਸੰਪਾਦਕੀ ਦੀ ਮੁੱਖ ਸੁਰ ਅਨੁਸਾਰ ਉਹਦੀ ਸਿਫ਼ਤ ਕਰਨੀ ਹੀ ਬਣਦੀ ਸੀ। ਮੈਂ ਉਹਦੇ ਨਾਵਲਾਂ ਦੇ ਵਿਸਿ਼ਆਂ ਦੀ ਵਡਿਆਈ ਕਰ ਕੇ ਉਹਨਾਂ ਦੀ ਕਲਾ-ਵਿਹੂਣੀ ਪੇਸ਼ਕਾਰੀ ਬਾਰੇ ਅਪਣੀ ਰਾਇ ਪ੍ਰਗਟ ਕਰਨੋਂ ਇਉਂ ਬਚਿਆ:“ਸਾਹਿਤ ਦੇ ਆਲੋਚਨਾਤਮਕ ਮੁਲੰਕਣ ਦੀ ਬੇਮੌਕਾ ਗੱਲ ਲਾਂਭੇ ਛਡਦਿਆਂ ਇਸ ਤੱਥ ਤੋਂ ਕੋਈ ਇਨਕਾਰ ਨਹੀਂ ਹੋ ਸਕਦਾ ਕਿ ਸਾਡੇ ਇਸ ਕਲਮਕਾਰ ਨੇ ਕਲਮ ਦੀ ਸਮਾਜਿਕ ਜਿ਼ੰਮੇਵਾਰੀ ਨੂੰ ਨਿਰੰਤਰ ਚੇਤੇ ਰੱਖਿਆ ਹੈ ਅਤੇ ਆਮ ਲੋਕਾਂ ਦੀ, ਖ਼ਾਸ ਕਰਕੇ ਦੀਨ-ਦੁਖੀਆਂ ਦੀ ਨਿਸ਼ਬਦਤਾ ਨੂੰ ਸ਼ਬਦ ਤੇ ਅਬੋਲਤਾ ਨੂੰ ਬੋਲ ਦਿੱਤੇ ਹਨ।” ਅਜਿਹੀਆਂ ਹੋਰ ਵੀ ਮਿਸਾਲਾਂ ਹਨ ਪਰ ਇੰਟਰਵਿਊ ਉਸੇ ਉੱਤੇ ਥੋੜ੍ਹੋ ਇਕਾਗਰ ਕਰਨੀ ਹੈ! ਇਉਂ ਉਹਦੇ ਨਾਵਲਾਂ ਬਾਰੇ ਮੇਰੀ ਰਾਇ ਅਬਦਲ ਰਹੀ ਹੈ। ਰੂਜ਼ਵੈਲਟ ਨੇ ਕਿਹਾ ਸੀ,“ਉੱਚੀ ਸੋਚ ਵਾਲੇ ਤਾਂ ਵਿਚਾਰਾਂ ਦੀ ਗੱਲ ਕਰਦੇ ਹਨ, ਔਸਤ ਸੋਚ ਵਾਲੇ ਘਟਨਾਵਾਂ ਦੀ ਗੱਲ ਕਰਦੇ ਹਨ, ਪਰ ਨੀਵੀਂ ਸੋਚ ਵਾਲੇ ਕੇਵਲ ਬੰਦਿਆਂ ਦੀ ਗੱਲ ਕਰਦੇ ਹਨ।” ਭਾਸ਼ਾ ਵਾਲੀ ਬਹਿਸ ਵਿਚ ਮੈਂ ਤਾਂ ਸਿਰਫ਼ ਵਿਚਾਰਾਂ ਦੀ ਗੱਲ ਹੀ ਕੀਤੀ ਸੀ, ਗੁਰਦਿਆਲ ਸਿੰਘ ਹੀ ਮੇਰੇ ਨਿੱਜ ਉੱਤੇ ਉੱਤਰ ਆਇਆ!

ਹੁਣ : ਤੁਸੀਂ ਕੁਛ ਪੰਜਾਬੀ ਕਹਾਣੀਆਂ ਬਾਰੇ ਆਲੋਚਨਾਤਮਕ ਲੇਖ ਵੀ ਲਿਖੇ ਸਨ। ਮੌਲਕ ਕਹਾਣੀਕਾਰ ਹੁੰਦਿਆਂ ਇਹ ਲੇਖ ਲਿਖਣ ਦਾ ਤੁਹਾਡਾ ਸਾਹਿਤਕ ਉਦੇਸ਼ ਕੀ ਸੀ ਤੇ ਇਹ ਅਨੁਭਵ ਕਿਹੋ ਜਿਹਾ ਰਿਹਾ?

ਭੁੱਲਰ: ਅਸਲ ਵਿਚ ਇਹ ਲੇਖ ਮੈਂ ਇਕ ਕਾਲਮ ਵਜੋਂ ਅਣਖੀ ਦੇ ਰਸਾਲੇ ‘ਕਹਾਣੀ ਪੰਜਾਬ’ ਵਿਚ ਕਲਮੀ ਸੀਰ ਪਾਉਣ ਲਈ ਲਿਖੇ ਸਨ। ਇਹਨਾਂ ਵਿਚੋਂ ਪਹਿਲੇ ਦਸ ਲੇਖ ‘ਪੰਜਾਬੀ ਕਹਾਣੀ ਯਾਤਰਾ’ ਪੁਸਤਕ ਦੇ ਰੂਪ ਵਿਚ ਵੀ ਪ੍ਰਕਾਸਿ਼ਤ ਹੋਏ। ਜਦੋਂ ਮੈਂ ਇਹਨਾਂ ਲੇਖਾਂ ਦੀ ਵਿਉਂਤ ਬਣਾਈ ਸੀ ਤਾਂ ਅੰਦਾਜ਼ਾ ਸੀ ਕਿ ਹਰ ਕਹਾਣੀ ਬਾਰੇ ਦੋ, ਤਿੰਨ ਜਾਂ ਵੱਧ ਤੋਂ ਵੱਧ ਚਾਰ ਪੰਨੇ ਦਾ ਲੇਖ ਬਣ ਜਾਇਆ ਕਰੇਗਾ। ਇਸੇ ਕਰਕੇ ਅਸੀਂ ਉਹਦੇ ਨਾਲ ਮੂਲ ਪਾਠ ਛਾਪਣ ਦਾ ਵੀ ਫ਼ੈਸਲਾ ਕਰ ਲਿਆ। ਮੇਰਾ ਮੰਤਵ ਕਹਾਣੀ ਸੰਬੰਧੀ ਅਪਣੇ ਅਨੁਭਵ ਦੇ ਆਧਾਰ ਉੱਤੇ ਇਕ ਗੰਭੀਰ ਪਾਠਕ ਵਜੋਂ ਕਹਾਣੀ ਦੇ ਸ਼ਬਦ ਸ਼ਬਦ ਨੂੰ ਨਿਰਖ-ਪਰਖ ਕੇ ਉਹਦੀ ਵਿਆਖਿਆ ਇਉਂ ਲਿਖਣਾ ਸੀ ਜਿਵੇਂ ਉਹ ਮੈਨੂੰ ਸਮਝ ਆਈ ਸੀ। ਸੁਭਾਵਿਕ ਸੀ ਕਿ ਆਪ ਕਹਾਣੀਕਾਰ ਹੋਣ ਸਦਕਾ ਮੇਰੀ ਇਹ ਨਿਰਖ-ਪਰਖ ਆਮ ਪਾਠਕ ਨਾਲੋਂ ਵਧੀਕ ਡੂੰਘੀ ਹੋਣੀ ਸੀ। ਮੇਰਾ ਇਹ ਜਤਨ ਬਹੁਤ ਸਫ਼ਲ ਤੇ ਸਾਰਥਕ ਰਿਹਾ। ਮੈਂ ਕਹਾਣੀ ਵਿਚ, ਉਸਨੂੰ ਸਮਝਣ ਵਿਚ, ਉਸ ਬਾਰੇ ਅਪਣੀ ਗੱਲ ਕਰਨ ਵਿਚ ਏਨਾਂ ਗੁਆਚ ਜਾਂਦਾ ਸੀ ਕਿ ਮੇਰੀ ਨਿਰਖ-ਪਰਖ ਮੂਲ ਕਹਾਣੀ ਤੋਂ ਵੀ ਲੰਮੀ ਹੋ ਜਾਂਦੀ ਸੀ। ਪਾਠਕਾਂ ਦਾ ਹੁੰਗਾਰਾ ਮੇਰੇ ਤੇ ਅਣਖੀ ਦੇ ਸੋਚੇ ਨਾਲੋਂ ਕਿਤੇ ਵੱਧ ਨਿੱਘਾ ਸੀ। ਇਸ ਸਾਹਿਤਕ ਸੱਚ ਦੇ ਮੈਨੂੰ ਸਿੱਧੇ ਦਰਸ਼ਨ ਹੋਏ ਕਿ ਪਾਠਕ ਕਿਸੇ ਰਚਨਾ ਨੂੰ ਪੜ੍ਹਨ ਸਮੇਂ ਅਪਣੀ ਬੁੱਧੀ ਤੇ ਸੋਚ ਅਨੁਸਾਰ ਸਮਝਦਿਆਂ ਕਈ ਵਾਰ ਲੇਖਕ ਵੱਲੋਂ ਨਾ ਸੋਚੇ-ਕਲਪੇ ਗਏ ਅਰਥ ਕੱਢ ਕੇ ਉਹਦੇ ਨਾਲ ਨਾਲ ਆਪ ਵੀ ਉਸ ਰਚਨਾ ਦਾ ਸਿਰਜਕ ਬਣ ਜਾਂਦਾ ਹੈ। ਉਹਨਾਂ ਵਿਚੋਂ ਜੋ ਕਹਾਣੀਕਾਰ ਜੀਵਤ ਸਨ, ਨਾ ਸਿਰਫ਼ ਖ਼ੁਸ਼ ਤੇ ਸੰਤੁਸ਼ਟ ਹੋਏ ਸਗੋਂ ਕਈ ਤਾਂ ਹੈਰਾਨ ਵੀ ਹੋਏ ਕਿ ਮੇਰੀ ਕਹਾਣੀ ਵਿਚੋਂ ਇਹ ਗੱਲ ਵੀ ਨਿਕਲਦੀ ਹੈ! ਉਹ ਕਹਿੰਦੇ ਸਨ, ਮੈਂ ਤਾਂ ਅਜਿਹਾ ਸੋਚਿਆ ਹੀ ਨਹੀਂ ਸੀ ਪਰ ਹੋਇਆ ਇਉਂ ਹੀ ਹੈ। ਹੋਰਾਂ ਨੇ ਵੀ ਇਹਨਾਂ ਦੀ ਪ੍ਰਸੰਸਾ ਕੀਤੀ। ਇਕ ਦਿਨ ਡਾ. ਕੇਸਰ ਸਿੰਘ ਕੇਸਰ ਦੇ ਘਰ ਬੈਠੇ ਸੀ। ਉਹਨਾਂ ਨੇ ਇਸ ਪੁਸਤਕ ਦੀ ਗੱਲ ਛੇੜ ਲਈ। ਸਤਿਆਰਥੀ ਜੀ ਦੀ ਕਹਾਣੀ ‘ਦੇਵਤਾ ਡਿੱਗ ਪਿਆ’ ਦੀ ਗੱਲ ਚੱਲੀ ਤਾਂ ਮੈਂ ਕਿਹਾ, ਉਹਨਾਂ ਵਰਗੇ ਅਰਾਜਨੀਤਕ ਸਮਝੇ ਜਾਂਦੇ ਲੇਖਕ ਦਾ ਨਿਰੋਲ ਰਾਜਨੀਤਕ ਕਹਾਣੀ ਅਜਿਹੇ ਹੁਨਰ ਨਾਲ ਲਿਖਣਾ ਕਿ ਉਸ ਵਿਚੋਂ ਰਾਜਨੀਤੀ ਦਿੱਸੇ ਹੀ ਨਾ, ਕਮਾਲ ਹੈ! ਕੇਸਰ ਬੋਲੇ,“ਕੋਈ ਸ਼ੱਕ ਨਹੀਂ, ਸਤਿਆਰਥੀ ਜੀ ਨੇ ਕਮਾਲ ਕਰ ਦਿੱਤੀ ਪਰ, ਭੁੱਲਰ ਜੀ, ਅਸਲ ਕਮਾਲ ਤਾਂ ਮੈਂ ਤੁਹਾਡਾ ਮੰਨਦਾ ਹਾਂ। ਤੁਹਾਡਾ ਕਹਾਣੀ ਨੂੰ ਸਮਝਣਾ-ਸਮਝਾਉਣਾ ਕਹਾਣੀ ਤੋਂ ਵੀ ਪਾਰ ਲੰਘ ਗਿਆ।” ਸਤਿਆਰਥੀ ਜੀ ਆਪ ਆਖਦੇ ਸਨ, ਮੈਂ ਤਾਂ ਧੱਕਾ ਹੀ ਦਿੱਤਾ ਸੀ, ਦੇਵਤਾ ਅਸਲ ਵਿਚ ਤਾਂ ਜੀ ਤੁਸੀਂ ਡੇਗਿਆ ਹੈ। ਸੁਜਾਨ ਸਿੰਘ ਜੀ ਦੀ ਬੇਟੀ ਕੰਵਲਜੀਤ ਤੇ ਦਾਮਾਦ ਡਾ. ਕੁਲਦੀਪ ਪੁਰੀ ‘ਰਾਸ-ਲੀਲ੍ਹਾ’ ਕਹਾਣੀ ਦੀ ਮੇਰੀ ਨਿਰਖ-ਪਰਖ ਪੜ੍ਹ ਕੇ ਕਹਿਣ ਲੱਗੇ, ਅਸੀਂ ਬਾਊ ਜੀ ਦੀ ਇਹ ਕਹਾਣੀ ਕਈ ਵਾਰ ਪੜ੍ਹੀ ਸੀ ਪਰ ਹੁਣ ਸਮਝ ਆਈ ਹੈ ਕਿ ਇਹ ਕਹਾਣੀ ਅਸਲ ਵਿਚ ਹੈ ਕੀ! ਧੀਰ ਜੀ, ਜੋ ਅਪਣੇ ਬਾਰੇ ਲਿਖੇ ਵਿਚੋਂ ਬਹੁਤ ਨਿਘੋਚਾਂ ਕਢਦੇ ਸਨ, ਦੁੱਗਲ ਜੀ, ਅਜੀਤ ਕੌਰ, ਸਭ ਗਦਗਦ ਹੋਏ।
ਕੱਪੜਿਆਂ ਹੇਠ ਸਭ ਨੰਗੇ

ਹੁਣ : ਤੁਸੀਂ ਪੰਜਾਬੀ ਦੇ ਕੁਛ ਚੋਟੀ ਦੇ ਸਾਹਿਤਕਾਰਾਂ ਨਾਲ ਮੁਲਾਕਾਤਾਂ ਕੀਤੀਆਂ ਹਨ। ਕੀ ਤੁਹਾਨੂੰ ਨਹੀਂ ਲਗਦਾ ਕਿ ਬਹੁਤੇ ਸੱਚ ਬੋਲਣ ਤੋਂ ਕਤਰਾ ਜਾਂਦੇ ਹਨ?

ਭੁੱਲਰ: ਕਹਾਵਤ ਹੈ, ਕੱਪੜਿਆਂ ਹੇਠ ਸਭ ਨੰਗੇ ਹੁੰਦੇ ਹਨ। ਜਦੋਂ ਕਿਹਾ ਗਿਆ ਸੀ ਕਿ ਪੱਥਰ ਸਿਰਫ਼ ਉਹ ਮਾਰੇ ਜੀਹਨੇ ਆਪ ਕਦੇ ਕੋਈ ਗੁਨਾਹ ਨਹੀਂ ਕੀਤਾ, ਸਭ ਦੇ ਹੱਥਾਂ ਵਿਚੋਂ ਪੱਥਰ ਤਿਲ੍ਹਕ ਗਏ ਸਨ! ਇਕ ਹੋਰ ਕਹਾਵਤ ਹੈ ਕਿ ਅਪਣਾ ਨੰਗੇਜ ਆਪੇ ਦਿਖਾਉਣਾ ਬੜਾ ਮੁਸ਼ਕਿਲ ਹੁੰਦਾ ਹੈ। ਇਹਨਾਂ ਦੋਵਾਂ ਕਹਾਵਤਾਂ ਵਿਚ ਤੁਹਾਡੇ ਸਵਾਲ ਦਾ ਜਵਾਬ ਵੱਡੀ ਹੱਦ ਤੱਕ ਆ ਜਾਂਦਾ ਹੈ। ਹਰ ਵਿਅਕਤੀ ਦੇ ਜੀਵਨ ਵਿਚ ਕੁਛ ਗੱਲਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਕਿਸੇ ਨਾਲ ਵੀ ਸਾਂਝੀਆਂ ਕਰਨਾ ਉਹਦੇ ਲਈ ਸੰਭਵ ਨਹੀਂ ਹੁੰਦਾ। ਕੁਝ ਘਟਨਾਵਾਂ ਤਾਂ ਅਜਿਹੀਆਂ ਵੀ ਹੋ ਸਕਦੀਆਂ ਹਨ ਜਿਨ੍ਹਾਂ ਨੂੰ ਉਹ ਅਪਣੇ ਆਪ ਨਾਲ ਵੀ ਸਾਂਝੀਆਂ ਕਰਨੀਆਂ ਨਹੀਂ ਚਾਹੇਗਾ, ਭਾਵ ਉਹਨਾਂ ਨੂੰ ਦੁਬਾਰਾ ਚੇਤੇ ਕਰਨਾ ਨਹੀਂ ਚਾਹੇਗਾ। ਇਸੇ ਕਰਕੇ ਮੁਲਾਕਾਤਾਂ ਵਿਚ, ਇਥੋਂ ਤੱਕ ਕਿ ਸਵੈਜੀਵਨੀਆਂ ਵਿਚ ਵੀ ਕਿਸੇ ਤੋਂ ਪੂਰੇ ਸੱਚ ਦੀ ਆਸ ਰੱਖਣਾ ਠੀਕ ਨਹੀਂ। ਵੈਸੇ ਵੀ ਇਹ ਤਾਂ ਵਿਅਕਤੀਗਤ ਮਨੁੱਖੀ ਅਧਿਕਾਰ ਦਾ ਮਾਮਲਾ ਹੈ ਕਿ ਕੋਈ ਅਪਣੇ ਕਿਹੜੇ ਪੱਖ ਦਿਖਾਉਣਾ ਚਾਹੁੰਦਾ ਹੈ ਤੇ ਕਿਹੜੇ ਲੁਕੋਣੇ। ਇਨਾਮਾਂ-ਸਨਮਾਨਾਂ, ਗੋਸ਼ਟੀਆਂ, ਆਲੋਚਨਾ, ਸਾਹਿਤ ਨਾਲ ਸੰਬੰਧਿਤ ਮੈਂਬਰੀਆਂ ਤੇ ਪਦਵੀਆਂ, ਆਦਿ ਸੰਬੰਧੀ ਜੁਗਾੜਾਂ ਬਾਰੇ ਏਨਾਂ ਕੁਛ ਸੁਣਿਆ ਜਾਂਦਾ ਹੈ ਪਰ ਅਪਣੇ ਦਾਗ ਆਪੇ ਕੌਣ ਦਿਖਾਵੇ! ਹਾਂ, ਸਾਹਿਤਕਾਰ ਤੋਂ ਏਨੀਂ ਉਮੀਦ ਤਾਂ ਕੀਤੀ ਹੀ ਜਾ ਸਕਦੀ ਹੈ ਕਿ ਉਹ ਅਪਣੀਆਂ ਰਚਨਾਵਾਂ ਬਾਰੇ ਵਿਚਾਰ-ਵਟਾਂਦਰਾ ਤਾਂ ਸੱਚ ਵਾਲੇ ਪਾੱਸੇ ਖਲੋ ਕੇ ਹੀ ਕਰੇ ਪਰ ਅਜਿਹਾ ਵੀ ਹੁੰਦਾ ਨਹੀਂ।

ਹੁਣ : ਅਪਣੀਆਂ ਕਰਨੀਆਂ ਕਰਕੇ ਕਈ ਸਾਹਿਤਕਾਰ ਤਾਂ ਆਖ਼ਰੀ ਸਾਹ ਤੱਕ ਕਿਸੇ ਅਦਿੱਖ ਭੈ ਦੇ ਪਰਛਾਵੇਂ ਹੇਠ ਜਿਉਂਦੇ ਹਨ!

ਭੁੱਲਰ: ਇਸ ਵਰਤਾਰੇ ਦਾ ਆਧਾਰ ਤੇ ਕਾਰਨ ਮਨੋਵਿਗਿਆਨਕ ਹੁੰਦਾ ਹੈ। ਸਮਾਜਕ ਸੀਮਾਵਾਂ ਨੂੰ, ਬੰਧਨਾਂ ਨੂੰ, ਪ੍ਰੰਪਰਾਵਾਂ ਨੂੰ ਤੋੜਨਾ ਸੁਖਾਲਾ ਨਹੀਂ ਹੁੰਦਾ। ਇਸ ਗੱਲ ਦਾ ਸੰਬੰਧ ਵਰਤਮਾਨ ਵਿਚ ਇਹਨਾਂ ਸੀਮਾਵਾਂ, ਬੰਧਨਾਂ, ਪ੍ਰੰਪਰਾਵਾਂ ਦੇ ਸਹੀ ਜਾਂ ਗ਼ਲਤ, ਸਾਰਥਕ ਜਾਂ ਬੇਤੁਕੀਆਂ ਹੋਣ ਨਾਲ ਨਹੀਂ, ਸਮਾਜ ਵਿਚ ਬਣੀ ਹੋਈ ਮਾਨਸਿਕਤਾ ਨਾਲ ਹੈ। ਮਿਸਾਲ ਵਜੋਂ ਪੁਰਸ਼-ਪ੍ਰਧਾਨ ਸਮਾਜ ਵਿਚ ਪੁਰਸ਼ ਲਈ ਜਿਹੜੀ ਅਵੱਗਿਆ ਧੂੜ ਵਾਂਗ ਹੁੰਦੀ ਹੈ, ਭਾਵ ਉਹ ਝਾੜੀ-ਪੂੰਝੀ ਜਾ ਸਕਦੀ ਹੈ, ਉਹੋ ਇਸਤਰੀ ਦੀ ਹੋਂਦ ਉੱਤੇ ਖੁਣੀ ਜਾਂਦੀ ਹੈ। ਇਹਨਾਂ ਵਿਚ ਤਬਦੀਲੀਆਂ ਜਾਂ ਤਾਂ ਸਮਾਜਕ, ਸਭਿਆਚਾਰਕ, ਵਿਗਿਆਨਕ ਵਿਕਾਸ ਨਾਲ ਸਹਿਜੇ ਸਹਿਜੇ ਆਪੇ ਵਾਪਰਦੀਆਂ ਹਨ ਤੇ ਜਾਂ ਫੇਰ ਕਿਸੇ ਵੱਡੀ ਲਹਿਰ ਦੇ ਨਤੀਜੇ ਵਜੋਂ ਛੇਤੀ ਵੀ ਆ ਸਕਦੀਆਂ ਹਨ। ਜਦੋਂ ਕੋਈ ਇਕੱਲਾ-ਇਕਹਿਰਾ ਅਪਣੇ ਨਿੱਜ ਦੇ ਸਹਾਰੇ ਉਹਨਾਂ ਨੂੰ ਤੋੜਨ ਦਾ ਜਤਨ ਕਰਦਾ ਹੈ, ਸਮਾਜ ਦੇ ਕਰੋਧੀ ਪ੍ਰਤੀਕਰਮ ਦਾ ਅਦਿੱਖ ਭੈ ਵੀ ਉਹਦੇ ਨਾਲ ਨਾਲ ਤੁਰਨ ਲਗਦਾ ਹੈ। ਇਹ ਭੈ, ਖਾਸ ਕਰਕੇ ਇਸਤਰੀਆਂ ਦਾ, ਸਦੀਵੀ ਸਾਥੀ ਹੀ ਨਹੀਂ ਬਣਦਾ, ਦਿਨੋ-ਦਿਨ ਸੰਘਣਾ ਵੀ ਹੁੰਦਾ ਜਾਂਦਾ ਹੈ। ਅਜਿਹੀ ਇਸਤਰੀ ਅਪਣੇ ਆਪ ਹੀ ਅਪਣੇ ਸਿਰਜੇ ਹੋਏ ਖ਼ੋਲ ਵਿਚ ਸੁੰਗੜ-ਸਿਮਟ ਜਾਂਦੀ ਹੈ। ਪੰਜਾਬੀ ਸਾਹਿਤ ਵਿਚ ਅੰਮ੍ਰਿਤਾ ਤੋਂ ਸ਼ੁਰੂ ਕਰ ਕੇ ਕਈ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ। ਹਾਂ, ਮੇਰੀ ਕਹਾਣੀ ‘Eਪਰਾ ਮਰਦ’ ਜੇ ਏਨੀਂ ਪ੍ਰਸਿੱਧੀ ਖੱਟ ਸਕੀ ਹੈ, ਇਸੇ ਕਰਕੇ ਕਿ ਉਹਨੇ ਇਹੋ ਤੱਥ-ਸੱਚ ਤੇ ਵਰਤਾਰਾ ਚਿਤਰਿਆ ਹੈ।

ਹੁਣ : ਸਾਹਿਤਕ ਮੁਲਾਕਾਤਾਂ ਵਿਚ ਲੇਖਕ ਦੇ ਨਿੱਜ ਨੂੰ ਛੱਡ ਕੇ ਕੇਵਲ ਰਚਨਾਵਾਂ ਦੀ ਗੱਲ ਹੀ ਛੇੜੀ ਜਾਂਦੀ ਹੈ ਜੋ ਬਹੁਤੇ ਪਾਠਕਾਂ ਨੇ ਆਮ ਕਰਕੇ ਪੜ੍ਹੀਆਂ ਨਹੀਂ ਹੁੰਦੀਆਂ। ਨਤੀਜਾ ਨੀਰਸ ਗੱਲਬਾਤ ਦੇ ਰੂਪ ਵਿਚ ਨਿਕਲਦਾ ਹੈ। ਤੁਸੀਂ ਮੁਲਾਕਾਤਾਂ ਕਰਦਿਆਂ ਕਿਹੜਾ ਬਚਨ-ਬਿਲਾਸ ਕੇਂਦਰ ਵਿਚ ਰੱਖਿਆ?

ਭੁੱਲਰ: ਨਹੀਂ, ਅਜਿਹਾ ਤਾਂ ਨਹੀਂ। ਨਿੱਜੀ ਸਵਾਲ ਵੀ ਲੋਕ ਪੁਛਦੇ ਹਨ। ਕਿਸੇ ਦਾ ਜਵਾਬ ਮਿਲ ਜਾਂਦਾ ਹੈ, ਕਿਸੇ ਦਾ ਨਹੀਂ। ਜੇ ਕਿਸੇ ਨਿੱਜੀ ਸਵਾਲ, ਪੰਗੇ ਜਾਂ ਲੁਕਵੀਂ ਗੱਲ ਬਾਰੇ ਕੋਈ ਜਵਾਬ ਹੀ ਨਾ ਦੇਵੇ, ਸਵਾਲ ਪੁੱਛਣ ਵਾਲੇ ਦੇ ਕੀ ਵੱਸ ਹੈ! ਜਿੰਨੀ ਕੰਨੀ ਚੁੱਕ ਕੇ ਕੋਈ ਅਪਣਾ ਨਿੱਜ ਦਿਖਾਵੇਗਾ, ਮੁਲਾਕਾਤੀ ਨੇ ਤਾਂ ਉਸੇ ਦਾ ਜਿ਼ਕਰ ਕਰਨਾ ਹੈ। ਮੁਲਾਕਾਤੀ ਦੀ ਅਪਣੀ ਸੀਮਾ ਤੇ ਸਮਰੱਥਾ ਦਾ ਵੀ ਸਵਾਲ ਹੈ ਕਿ ਉਹ ਗੱਲੀਂ ਗੱਲੀਂ ਕੀ ਕੁਛ ਬਾਹਰ ਕਢਵਾ ਸਕਦਾ ਹੈ। ਦਸ ਕਹਾਣੀਕਾਰਾਂ ਨਾਲ ਲੰਮੀਆਂ ਮੁਲਾਕਾਤਾਂ ਦੀ ਅਪਣੀ ਪੁਸਤਕ ‘ਬਚਨ ਬਿਲਾਸ’ ਵਿਚ ਮੈਂ ਤਿੰਨ ਟੀਚੇ ਮਿਥੇ ਸਨ। ਪਹਿਲਾ, ਲੇਖਕ ਦੇ ਵਿਅਕਤੀਗਤ, ਪਰਿਵਾਰਕ ਤੇ ਸਮਾਜਕ ਜੀਵਨ ਉੱਤੇ ਝਾਤ ਪੁਆਉਣੀ। ਦੂਜਾ, ਉਹਦੇ ਰਚਨਾ-ਕਾਰਜ ਨੂੰ, ਭਾਵ ਕਿਸੇ ਰਚਨਾ ਦਾ ਬੀ ਪੈਣ ਤੋਂ ਲੈ ਕੇ ਕਾਗ਼ਜ਼ ਉੱਤੇ ਉਹਦੇ ਉਤਰਨ ਤੱਕ ਦੇ ਸਫ਼ਰ ਨੂੰ ਜਾਨਣਾ। ਤੀਜਾ, ਇਹ ਜਾਨਣ ਦਾ ਜਤਨ ਕਰਨਾ ਕਿ ਉਹ ਅਪਣੇ ਆਪ ਨੂੰ ਤੇ ਅਪਣੀਆਂ ਰਚਨਾਵਾਂ ਨੂੰ ਸਮੁੱਚੀ ਕਹਾਣੀ ਦੇ ਹਵਾਲੇ ਨਾਲ ਕਿਥੇ ਰਖਦਾ ਹੈ। ਇਹਨਾਂ ਤਿੰਨਾਂ ਪੱਖਾਂ ਤੋਂ ਹੀ ਪਾਠਕਾਂ ਨੇ ਮੇਰਾ ਜਤਨ ਕਾਫ਼ੀ ਸਲਾਹਿਆ।

ਹੁਣ : ਤੁਸੀਂ ਲੇਖਕਾਂ ਦੇ ਕਲਮੀ ਚਿਤਰ ਵੀ ਲਿਖੇ ਹਨ। ਕਲਮੀ ਚਿਤਰ ਲਿਖਣ ਵਿਚ ਪਹਿਲੀ ਪ੍ਰਸਿੱਧੀ ਬਲਵੰਤ ਗਾਰਗੀ ਨੇ ਖੱਟੀ। ਤੁਸੀਂ ਅਪਣੇ ਲਿਖੇ ਕਲਮੀ ਚਿਤਰਾਂ ਦਾ ਉਹਦੇ ਹਵਾਲੇ ਨਾਲ ਕਿਵੇਂ ਮੁਲਾਂਕਣ ਕਰਦੇ ਹੋ?

ਭੁੱਲਰ: ਇਹ ਗਾਰਗੀ ਦੇ ਲਿਖੇ ਕਲਮੀ ਚਿਤਰਾਂ ਦੀ ਪਾਠਕ-ਪਿਆਰਤਾ ਦਾ ਸਬੂਤ ਹੈ ਕਿ ਜਦੋਂ ਵੀ ਕਲਮੀ ਚਿਤਰਾਂ ਦੀ ਗੱਲ ਚਲਦੀ ਹੈ, ਉਹ ਹਵਾਲਾ-ਨੁਕਤਾ ਬਣ ਜਾਂਦਾ ਹੈ। ਮੇਰੇ ਲਿਖੇ ਦਸ ਕਲਮੀ ਚਿਤਰ ਤਾਂ ਪੁਸਤਕ ‘ਨੇੜੇ ਨੇੜੇ’ ਵਿਚ ਛਪੇ ਹੋਏ ਹਨ। ਕੁਛ ਹੋਰ ਵੱਖ ਵੱਖ ਰਸਾਲਿਆਂ ਵਿਚ ਛਪੇ ਹਨ ਪਰ ਪੁਸਤਕ ਦੇ ਰੂਪ ਵਿਚ ਨਹੀਂ ਆਏ। ਗਾਰਗੀ ਨਾਲੋਂ ਮੇਰੇ ਤਿੰਨ ਵੱਡੇ ਫ਼ਰਕ ਹਨ। ਇਕ ਤਾਂ ਮੈਂ ਜੀਵਤ ਲੇਖਕ ਬਾਰੇ ਅਪਣੀ ਜਾਣਕਾਰੀ ਦੀਆਂ ਗੱਲਾਂ ਵਿਚ ਉਸ ਨਾਲ ਕੀਤੀ ਗੱਲਬਾਤ ਨੂੰ ਗੁੰਦਿਆ ਹੈ। ਗਾਰਗੀ ਆਮ ਕਰਕੇ ਨਿਰੋਲ ਅਪਣੀ ਐਨਕ ਵਿਚੋਂ ਦਿਸਦੇ ਲੇਖਕ ਨੂੰ ਚਿਤਰਦਾ ਸੀ। ਦੂਜੇ, ਮੇਰੇ ਲਿਖੇ ਕਲਮੀ ਚਿਤਰ ਸੰਬੰਧਿਤ ਲੇਖਕ ਦੇ ਸੱਚ ਦੇ ਬਹੁਤ ਨੇੜੇ ਹਨ, ਗਾਰਗੀ ਅਪਣੀ ਇੱਛਾ ਅਨੁਸਾਰ ਕਲਪਿਤ ਮਿਰਚ-ਮਸਾਲਾ ਬਹੁਤ ਰਲਾਉਂਦਾ ਸੀ। ਮੈਂ ਕੋਈ ਕਲਮੀ ਚਿਤਰ ਕੇਵਲ ਚਰਚਿਤ ਹੋਣ ਦੇ ਜਾਂ ਵਿਵਾਦ ਖੜ੍ਹਾ ਕਰਨ ਦੇ ਉਦੇਸ਼ ਨਾਲ ਘਤਿੱਤ ਕਰ ਕੇ ਜਾਂ ਅਜਿਹੀਆਂ ਗੱਲਾਂ ਪਾ ਕੇ ਨਹੀਂ ਲਿਖਿਆ ਕਿ ਲੇਖਕ ਤੜਫ਼ ਉੱਠੇ। ਮੇਰੀ ਪੁਸਤਕ ਪੜ੍ਹ ਕੇ ਡਾ. ਹਰਿਭਜਨ ਸਿੰਘ ਕਹਿਣ ਲੱਗੇ,“ਤੂੰ ਕਲਮੀ ਚਿਤਰ ਪ੍ਰਸੰਸਾਵਾਦੀ ਸੁਰ ਵਿਚ ਹੀ ਲਿਖਦਾ ਹੈਂ। ਚੰਗੀ ਗੱਲ ਹੈ। ਤੈਨੂੰ ਕਈਆਂ ਬਾਰੇ ਇਹੋ ਜਿਹੀਆਂ ਗੱਲਾਂ ਦਾ ਜ਼ਰੂਰ ਪਤਾ ਹੋਵੇਗਾ ਜੋ ਭੂਰੇ-ਕਾਲੇ ਰੰਗ ਦੀਆਂ ਹੋਣਗੀਆਂ ਪਰ ਤੂੰ ਉਹ ਲਿਖੀਆਂ ਨਹੀਂ। ਤੇਰਾ ਨਜ਼ਰੀਆ ਠੀਕ ਹੈ। ਤੂੰ ਲੇਖਕਾਂ ਦਾ ਬਿੰਬ ਲੇਖਕਾਂ ਵਜੋਂ ਹੀ ਪੇਸ਼ ਕੀਤਾ ਹੈ।” ਗਾਰਗੀ ਦਾ ਤਾਂ ਉਹਦੇ ਲਿਖੇ ਕਲਮੀ ਚਿਤਰਾਂ ਕਾਰਨ ਕਈ ਪੁਰਾਣੇ ਮਿੱਤਰਾਂ ਨਾਲ ਝਗੜਾ ਵੀ ਹੋ ਗਿਆ। ਜਿਨ੍ਹਾਂ ਬਾਰੇ ਮੈਂ ਲਿਖਿਆ ਹੈ, ਉਹ ਖ਼ੁਸ਼ ਤੇ ਸੰਤੁਸ਼ਟ ਹੋਏ ਹਨ ਅਤੇ ਪਾਠਕਾਂ ਨੇ ਵੀ ਇਹਨਾਂ ਨੂੰ ਬਹੁਤ ਸਲਾਹਿਆ ਹੈ।


ਇਹਨਾਂ ਨਾਲ ਸੰਬੰਧਿਤ ਇਕ ਦਿਲਚਸਪ ਗੱਲ ਸੁਣੋ। ਮੋਬਾਈਲਾਂ ਦਾ ਤਾਂ ਅਜੇ ਜ਼ਮਾਨਾ ਹੀ ਨਹੀਂ ਸੀ। ਜੇ ਹੁੰਦਾ ਵੀ, ਸਤਿਆਰਥੀ ਜੀ ਕੋਲ ਕਿਹੜਾ ਮੋਬਾਈਲ ਹੋਣਾ ਸੀ! ਮੈਂ ਭਾਪਾ ਜੀ ਨੂੰ ਕਿਹਾ ਕਿ ਜਦੋਂ ਸਤਿਆਰਥੀ ਜੀ ਆਉਣ, ਉਹਨਾਂ ਨੂੰ ਕਹਿਣਾ, ਮੈਂ ਉਹਨਾਂ ਨਾਲ ਗੱਲਬਾਤ ਕਰਨੀ ਹੈ। ਅਗਲੇ ਦਿਨ ਭਾਪਾ ਜੀ ਕਹਿੰਦੇ, ਉਹ ਐਤਵਾਰ ਤੁਹਾਡੇ ਘਰ ਆਉਣਗੇ। ਉਹ ਸਵੇਰੇ ਸਵੇਰੇ ਆ ਪਹੁੰਚੇ ਤੇ ਡੂੰਘੀ ਸ਼ਾਮ ਤੱਕ ਰਹੇ। ਨਵਯੁਗ ਦੇ ਗੁਆਂਢੀ, ਸਾਡੇ ਸਾਂਝੇ ਮਿੱਤਰ ਮਹਿੰਦਰ ਸਿੰਘ ਪਰਵਾਨਾ ਨੇ ਪੁੱਛਿਆ ਤਾਂ ਬੋਲੇ, ਭਾਪਾ ਜੀ ਇੰਟਰਵਿਊ ਇੰਟਰਵਿਊ ਕਰਦੇ ਸਨ, ਭੁੱਲਰ ਜੀ ਨੇ ਨਾ ਕਾਗ਼ਜ਼ ਉੱਤੇ ਕੁਛ ਝਰੀਟਿਆ, ਨਾ ਕੁਛ ਟੇਪ ਕੀਤਾ, ਸਾਰਾ ਦਿਨ ਇਧਰਲੀਆਂ-ਉਧਰਲੀਆਂ ਮਾਰਦੇ ਰਹੇ। ਪਰਵਾਨਾ ਕਹਿੰਦਾ, ਉਹਨੇ ਤੁਹਾਥੋਂ ਚੌਲ, ਖੰਡ ਤੇ ਦੁੱਧ ਲੈ ਲਏ, ਖੀਰ ਰਿੱਝੀ ਤੋਂ ਦੇਖਿE। ਪਹਿਲਾਂ ‘ਫੁੱਲਾਂ ਨਾਲ ਲੱਦਿਆ ਗੁਲਮੋਹਰ’ ਨਾਂ ਦਾ ਉਹ ਕਲਮੀ ਚਿਤਰ ‘ਆਰਸੀ’ ਵਿਚ ਛਪਿਆ। ਮਿਲੇ ਤਾਂ ਬਹੁਤ ਖ਼ੁਸ਼ ਹੋਏ ਅਤੇ ਅਪਣੀ ਭਰਪੂਰ ਤਸੱਲੀ ਪ੍ਰਗਟਾਉਣ ਲਈ ਉਹਨਾਂ ਨੇ ਮੇਰੇ ਨਾਲ ਲੰਮੇ ਵਾਹ ਵਿਚ ਪਹਿਲੀ ਵਾਰ ਕਮਾਲ ਦੀ ਲੁੱਚੀ ਬੋਲੀ ਸੁਣਾਈ ਜਿਸਤੋਂ ਵੱਧ ਮੇਰੇ ਲਿਖੇ ਦੀ ਪ੍ਰਸੰਸਾ ਹੋਰ ਕਿਨ੍ਹਾਂ ਵੀ ਸ਼ਬਦਾਂ ਵਿਚ ਹੋ ਹੀ ਨਹੀਂ ਸੀ ਸਕਦੀ!

ਪੱਤਰਕਾਰੀ ਅਤੇ ਸਾਹਿਤ

ਹੁਣ : ‘ਪੰਜਾਬੀ ਟ੍ਰਿਬਿਊਨ’ ਦੇ ਸੰਪਾਦਕ ਵਜੋਂ ਪੱਤਰਕਾਰੀ ਅਤੇ ਸਾਹਿਤ ਸੰਬੰਧੀ ਤੁਹਾਡਾ ਕੀ ਅਨੁਭਵ ਰਿਹਾ?

ਭੁੱਲਰ: ਸੰਪਾਦਕ ਵਜੋਂ ਮੇਰਾ ਅਨੁਭਵ ਬੜਾ ਸੁਖਾਵਾਂ ਤੇ ਸਿਖਿਆਦਾਇਕ ਰਿਹਾ। ਅਖ਼ਬਾਰ ਵੱਡੇ ਪਾਠਕ-ਸਮੂਹ ਤੱਕ ਪੁਜਦੇ ਹਨ। ਕੁਦਰਤੀ ਹੈ ਕਿ ਵੱਡੀ ਗਿਣਤੀ ਵਿਚ ਲੋਕਾਂ ਨੂੰ ਪ੍ਰਭਾਵਿਤ ਕਰਨ ਦੀ ਉਹਨਾਂ ਦੀ ਵੱਡੀ ਤਾਕਤ ਹੁੰਦੀ ਹੈ। ਉਹ ਨਾ ਕੇਵਲ ਖ਼ਬਰਾਂ ਸਹੀ ਰੂਪ ਵਿਚ ਦੇ ਕੇ ਉਹਨਾਂ ਦੀ ਸਮਾਜਕ-ਰਾਜਨੀਤਕ ਸੋਚ ਨੂੰ ਢਾਲ ਸਕਦੇ ਹਨ ਸਗੋਂ ਹੋਰ ਕਾਲਮਾਂ ਰਾਹੀਂ ਖੇਤੀ, ਵਿਗਿਆਨ, ਸਿਹਤ, ਖੇਡਾਂ, ਆਦਿ ਬਾਰੇ ਜਾਣਕਾਰੀ ਦੇਣ ਦੇ ਵੀ ਸਮਰੱਥ ਹੁੰਦੇ ਹਨ। ਸਾਹਿਤ ਨੂੰ ਪਾਠਕ ਤੱਕ ਪੁਜਦਾ ਕਰਨ ਲਈ ਵੀ ਅਖ਼ਬਾਰ ਦੇ ਸਾਹਿਤਕ ਪੰਨੇ ਵਧੀਆ ਸਾਧਨ ਬਣਦੇ ਹਨ। ਅਖ਼ਬਾਰ ਦੀ ਛਪਣ-ਗਿਣਤੀ ਸਾਹਿਤਕ ਰਸਾਲਿਆਂ ਦੇ ਮੁਕਾਬਲੇ ਬਹੁਤ ਵੱਡੀ ਹੁੰਦੀ ਹੈ ਤੇ ਇਕ ਇਕ ਅਖ਼ਬਾਰ ਕਈ ਕਈ ਹੱਥਾਂ ਵਿਚ ਪੁਜਦਾ ਹੈ। ਮੇਰਾ ਸਭ ਤੋਂ ਵਧੀਆ ਅਨੁਭਵ ਅਨੇਕ ਲੇਖਕਾਂ, ਸਮਾਜ-ਸ਼ਾਸਤਰੀਆਂ, ਅਰਥ-ਸ਼ਾਸਤਰੀਆਂ, ਆਦਿ ਤੋਂ ਕਾਲਮ ਲਿਖਵਾਉਣਾ ਸੀ। ਕਿੰਨੇ ਹੀ ਦੋਸਤ, ਜਾਣਕਾਰ ਤੇ ਪਹਿਲੀ ਵਾਰ ਸੰਪਰਕ ਵਿਚ ਆਏ ਲੇਖਕਾਂ ਨੇ ਮੇਰੇ ਕਹਿਣ ਉੱਤੇ ਨਿਰੰਤਰ ਕਾਲਮ ਲਿਖਣੇ ਸ਼ੁਰੂ ਕੀਤੇ ਜੋ ਪਾਠਕਾਂ ਨੇ ਬਹੁਤ ਸਲਾਹੇ। ਮੋਹਨ ਭੰਡਾਰੀ ਨੇ ਸਾਹਿਤ ਬਾਰੇ, ਜਸਬੀਰ ਭੁੱਲਰ ਨੇ ਸਾਹਿਤ ਤੇ ਸਭਿਆਚਾਰ ਬਾਰੇ, ਡਾ. ਚਮਨ ਲਾਲ ਨੇ ਨੋਬਲ ਇਨਾਮ ਜੇਤੂ ਲੇਖਕਾਂ ਬਾਰੇ, ਡਾ.ਲਾਭ ਸਿੰਘ ਖੀਵਾ ਨੇ ਸਾਹਿਤ ਅਕਾਦਮੀ ਪੁਰਸਕਾਰ ਜੇਤੂਆਂ ਬਾਰੇ, ਨਿਰਮਲ ਸਿੰਘ ਆਜ਼ਾਦ ਨੇ ਪੰਜਾਬ ਦੀ ਆਰਥਕਤਾ ਬਾਰੇ ‘ਪ੍ਰੋ.ਰੌਣਕੀ ਰਾਮ ਨੇ ਪੰਜਾਬ ਦੀ ਪੁਰਾਤਨ ਤੇ ਆਧੁਨਿਕ ਸਮਾਜਕ ਬਣਤਰ ਬਾਰੇ, ਪ੍ਰੋ. ਮਨਜੀਤ ਸਿੰਘ ਨੇ ਆਵਾਸੀ ਮਜ਼ਦੂਰਾਂ ਬਾਰੇ, ਸੀ. ਪੀ. ਕੰਬੋਜ ਨੇ ਪੰਜਾਬੀ ਕੰਪਿਊਟਰ ਬਾਰੇ’ ਅਤੇ ਕਿੰਨੇ ਹੀ ਹੋਰ ਲੇਖਕਾਂ ਤੇ ਵਿਦਵਾਨਾਂ ਨੇ, ਜਿਨ੍ਹਾਂ ਦੇ ਨਾਂ ਹੁਣ ਮੌਕੇ ਉੱਤੇ ਚੇਤੇ ਨਹੀਂ ਆ ਰਹੇ, ਲਗਾਤਾਰ ਲਿਖਿਆ। ਕਿੰਨੇ ਹੀ ਟੁੱਟਵੇਂ ਲੇਖ ਭੇਜਣ ਵਾਲੇ ਲੇਖਕਾਂ ਤੋਂ ਮੈਂ ਲਗਾਤਾਰ ਲੇਖ ਲਿਖਵਾਏ, ਸਿ਼ਵਨਾਥ, ਸੁਰਿੰਦਰ ਅਤੈ ਸਿੰਘ ਤੇ ਹੋਰ ਕਈ। ਹਾਂ, ਇਕ ਦਿਨ ਨਿੰਦਰ ਘੁਗਿਆਣਵੀ ਕੁਛ ਲੇਖ ਫੜਾ ਕੇ ਕਹਿੰਦਾ,“ਅੰਕਲ ਜੀ, ਇਹ ਛਾਪੋ ਜੀ ਤੁਸੀਂ। ਇਕ ਇਕ ਕਰਕੇ। ਵਧੀਆ ਨੇ ਜੀ। ਛਾਪ ਦਿਉਂਗੇ ਅੰਕਲ ਜੀ? ਹੈਂ ਜੀ?” ਮੈਨੂੰ ਬਚੂੰਗੜਾ ਜਿਹਾ ਲੱਗਿਆ, ਨਿਆਣ-ਮੱਤੀਆ ਜਿਹਾ। ਮੈਂ ਕਿਹਾ,“ਪੜ੍ਹੇ ਬਿਨਾਂ ਹੀ ਛਾਪਣ ਦਾ ਇਕਰਾਰ ਕਿਵੇਂ ਕਰ ਦਿਆਂ ਮੈਂ ਤੇਰੇ ਨਾਲ?” ਬੋਲਿਆ,“ਨਾ ਅੰਕਲ ਜੀ, ਇਹ ਤਾਂ ਵਧੀਆ ਨੇ ਜੀ, ਮੇਰੇ ਕਈ ਦੋਸਤਾਂ-ਮਿੱਤਰਾਂ ਨੇ ਪੜ੍ਹੇ ਨੇ ਜੀ।” ਮੈਂ ਹੱਸਿਆ,“ਖੁਆਜੇ ਦੇ ਗਵਾਹ ਡੱਡੂ!” ਉਹਦੇ ਜਾਣ ਮਗਰੋਂ ਮੈਂ ਉਹਦਾ ਇਕ ਲੇਖ ਨਜ਼ਰੋਂ ਕੀ ਲੰਘਾਉਣਾ ਸ਼ੁਰੂ ਕੀਤਾ ਕਿ ਸਾਰੇ ਇਕੋ ਸਾਹੇ ਪੜ੍ਹਨੇ ਪਏ। ਮੈਂ ਉਹਨੂੰ ਅਗਲੇ ਸਾਰੇ ਲੇਖ ਭੇਜਣ ਲਈ ਕਿਹਾ। ਮਗਰੋਂ ਇਹਨਾਂ ਲੇਖਾਂ ਦੀ ਪੁਸਤਕ ‘ਮੈਂ ਸਾਂ ਜੱਜ ਦਾ ਅਰਦਲੀ’ ਬੜੀ ਮਕਬੂਲ ਹੋਈ।

ਪਰਿਵਾਰਵਾਦ ਦੀ ਰਾਜਨੀਤੀ

ਹੁਣ : ਤੁਸੀਂ ਅਪਣੇ ਇਕ ਅਖ਼ਬਾਰੀ ਲੇਖ ਵਿਚ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੂੰ ਪੰਜਾਬ ਦੀ ਮੁੱਖ ਮੰਤਰੀ ਬਣਾਉਣ ਦਾ ਸੁਝਾਅ ਦਿੱਤਾ ਸੀ। ਤੁਹਾਡੇ ਵਰਗੇ ਸੂਝਵਾਨ ਲੇਖਕ ਦੀ ਕਲਮੋਂ ਇਹ ਸੁਝਾਅ ਜਚਿਆ ਨਹੀਂ ਕਿਉਂਕਿ ਪੰਜਾਬ ਦੀ ਰਾਜਨੀਤੀ ਤਾਂ ਪਹਿਲਾਂ ਹੀ ਪਰਿਵਾਰਵਾਦ ਦੀ ਬੁਰੀ ਤਰ੍ਹਾਂ ਸਿ਼ਕਾਰ ਹੋ ਚੁੱਕੀ ਹੈ। ਤੁਸੀਂ ਇਹ ਗੱਲ ਕਿਸ ਸੰਦਰਭ ਵਿਚ ਕਹੀ ਸੀ?

ਭੁੱਲਰ: ਇਸ ਸਮੱਸਿਆ ਦਾ ਸਾਹਮਣਾ ਮੈਨੂੰ ਉਪਰੋਕਤ ਐਤਵਾਰੀ ਸੰਪਾਦਕੀ ਲਿਖਣ ਵੇਲੇ ਵੀ ਕਰਨਾ ਪੈਂਦਾ ਸੀ। ਕਈ ਵਾਰ ਬਹੁਤ ਸਿਆਣੇ ਸਿਆਣੇ ਪਾਠਕ ਵੀ ਗੱਲ ਦੀ ਰਮਜ਼ ਸਮਝੇ ਬਿਨਾਂ ਅਜਿਹੇ ਸਵਾਲ ਕਰ ਦਿੰਦੇ ਸਨ। ਇਕ ਵਾਰ ਮੈਂ ‘ਪਾਪੀ ਲੋਕ ਜੋ ਹੱਥ ਵੀ ਨਹੀਂ ਧੋਂਦੇ’ ਸਿਰਲੇਖ ਹੇਠ ਲਿਖਿਆ ਕਿ ਰਿਸ਼ਵਤਖੋਰੀ ਦੀ ਗੰਗਾ ਵਗ ਰਹੀ ਹੈ ਅਤੇ ਅਸ਼ਨਾਨ ਕਰਨ ਜਾਂ ਪੰਜ-ਅਸ਼ਨਾਨਾ ਕਰਨ ਜਾਂ ਘੱਟੋ-ਘੱਟ ਹੱਥ-ਮੂੰਹ ਧੋਣ ਦੀ ਸਾਡੀ ਪੁਰਾਣੀ ਪ੍ਰੰਪਰਾ ਹੈ। ਪਰ ਕੁਛ ਪਾਪੀ ਲੋਕ ਇਸ ਵਗਦੀ ਗੰਗਾ ਵਿਚ ਉਂਗਲ ਵੀ ਨਹੀਂ ਡੋਬਦੇ। ਇਕ ਚਿੱਠੀ ਆਈ ਕਿ ਕਮਾਲ ਹੈ ਭੁੱਲਰ ਸਾਹਿਬ, ਰਿਸ਼ਵਤ ਨਾ ਲੈਣ ਵਾਲਿਆਂ ਨੂੰ ਹੀ ਪਾਪੀ ਆਖ ਦਿੱਤਾ! ਬਾਦਲਾਂ ਵਾਲਾ ਮੇਰਾ ਇਹ ਲੇਖ ਇਸੇ ਵਿਅੰਗਾਤਮਕ ਸ਼ੈਲੀ ਵਿਚ ਸੀ। ਇਕ ਤਾਂ ਉਹਦੇ ਵਿਚ ਮੈਂ ਕੰਮ ਦੀ ਸਮਰੱਥਾ ਘਟਾਉਣ ਵਾਲੀ ਪ੍ਰਕਾਸ਼ ਸਿੰਘ ਬਾਦਲ ਦੀ ਬਜ਼ੁਰਗੀ ਦਾ ਹਵਾਲਾ ਦਿੱਤਾ ਸੀ। ਦੂਜੇ, 2012 ਦੀਆਂ ਚੋਣਾਂ ਵਿਚ ਸੰਭਵ ਹਾਰ ਦੀ ਭਵਿੱਖਬਾਣੀ ਕੀਤੀ ਸੀ। ਤੀਜੇ, ਪਹਿਲਾਂ ਕੇਂਦਰੀ ਮੰਤਰੀ ਤੇ ਹੁਣ ਉਪ ਮੁੱਖ ਮੰਤਰੀ ਹੁੰਦਿਆਂ ਉਜਾਗਰ ਹੋਈ ਸੁਖਬੀਰ ਦੀ ਰਾਜਨੀਤਕ-ਪ੍ਰਸ਼ਾਸਨਕ ‘ਸੂਝ’ ਉੱਤੇ ਕਿੰਤੂ ਕਰਦਿਆਂ ਬਾਕੀ ਰਹਿੰਦੇ ਸਮੇਂ ਵਿਚ ਕੁਛ ਵੀ ਨਾ ਹੋਣ ਦੀ ਸੰਭਾਵਨਾ ਦਾ ਜਿ਼ਕਰ ਕੀਤਾ ਸੀ। ਚੌਥੇ, ਇਹ ਇਸ਼ਾਰਾ ਕੀਤਾ ਸੀ ਕਿ ਤੁਸੀਂ ਪਰਿਵਾਰ ਤੋਂ ਬਾਹਰਲਾ ਤਾਂ ਕੋਈ ਬਣਾਉਣਾ ਨਹੀਂ, ਇਸ ਲਈ ਸੁਖਬੀਰ ਨਾਲੋਂ ਤਾਂ ਹਰਸਿਮਰਤ ਨੂੰ ਹੀ ਬਣਾ ਦਿਉ! ਵੈਸੇ ਤੁਹਾਨੂੰ ਦੱਸਾਂ, ਨੂੰਹ ਸੱਚਮੁੱਚ ਪੁੱਤ ਨਾਲੋਂ ਸਿਆਣੀ ਹੈ। ਮੇਰਾ ਇਕ ਐਮ. ਏ. ਦੋਸਤ ਪੀ-ਐਚ. ਡੀ. ਨਾ ਕਰ ਸਕਿਆ। ਉਹਨੇ ਵਧੇਰੇ ਲਾਇਕ ਪਤਨੀ ਨੂੰ ਸਿਰਫ਼ ਇਸੇ ਕਰਕੇ ਸਾਰੀ ਉਮਰ ਪੀ-ਐਚ. ਡੀ. ਨਾ ਕਰਨ ਦਿੱਤੀ ਕਿ ਉਸ ਕੋਲ ਉਹਤੋਂ ਵਡੇਰੀ ਡਿਗਰੀ ਕਿਉਂ ਹੋਵੇ! ਔਰਤਾਂ ਨੂੰ ਅਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਨਾ ਦੇਣ ਵਾਲੀ ਸਾਡੀ ਭਾਰਤੀ ਪ੍ਰੰਪਰਾ ਅਨੁਸਾਰ ਬਾਦਲ ਪਰਿਵਾਰ ਹਰਸਿਮਰਤ ਨੂੰ ਉਭਰਨ ਨਹੀਂ ਦਿੰਦਾ ਕਿਉਂਕਿ ਉਹ ਇਕ ਵਾਰ ਅੱਗੇ ਆ ਗਈ ਤਾਂ ਸੁਖਬੀਰ ਤਾਂ ਗਿਆ ਸਮਝੋ ਸਾਰੀ ਉਮਰ ਲਈ!

ਹੁਣ : ਤੁਸੀਂ ਇਕ ਲੇਖ ਵਿਚ ‘ਪੰਜਾਬੀਅਤ’ ਉੱਤੇ ਵੀ ਕਿੰਤੂ ਕੀਤਾ ਸੀ ਜਦੋਂ ਕਿ ਲੋਕ ਪੰਜਾਬੀਅਤ ਦੇ ਨਾਂ ਦੇ ਗੀਤ ਗਾਉਂਦੇ ਫਿਰਦੇ ਹਨ।

ਭੁੱਲਰ: ਸਾਡੇ ਗੀਤਕਾਰ ਤੇ ਗਾਇਕ ਗੀਤ ਤਾਂ ਬਥੇਰੇ ਕੁਛ ਦੇ ਗਾਉਂਦੇ ਫਿਰਦੇ ਨੇ! ਗੀਤਾਂ ਦੀ ਗੱਲ ਨਾ ਹੀ ਕਰੀਏ ਤਾਂ ਚੰਗਾ। ਜਦੋਂ ਕਿਸੇ ਕੌਮ-ਕੌਮੀਅਤ ਵਿਚ ਨਿਘਾਰ ਆਉਂਦਾ ਹੈ, ਉਹ ਅਪਣੇ ਅਤੀਤ ਦੇ ਗੌਰਵ ਦੇ ਨਾਲ ਨਾਲ ਵਰਤਮਾਨ ਦੇ ਕਲਪਿਤ ਗੌਰਵ ਦਾ ਢੋਲ ਬਜਾਉਣ ਲਗਦੀ ਹੈ। ਦੇਸ਼ ਵਿਚ ਫ਼ੈਲੇ ਹੋਏ ਭ੍ਰਿਸ਼ਟਾਚਾਰ, ਗੁੰਡਾਗਰਦੀ, ਕੰਗਾਲੀ, ਬਲਾਤਕਾਰ, ਆਦਿ ਕਾਰਨ ਆਮ ਆਦਮੀ ਦੀ ਦੁਰਗਤੀ ਵਿਚ ਜਿਉਂ ਜਿਉਂ ਵਾਧਾ ਹੁੰਦਾ ਜਾਂਦਾ ਹੈ, ਤਿਉਂ ਤਿਉਂ ਕਵੀ ਦਾ ਯਥਾਰਥਕ ਦੀ ਥਾਂ ਜਜ਼ਬਾਤੀ ਉਡਾਰੀ ਲਾਉਂਦਿਆਂ ਲਿਖਿਆ ‘ਸਾਰੇ ਜਹਾਂ ਸੇ ਅੱਛਾ ਹਿੰਦੁਸਤਾਂ ਹਮਾਰਾ’ ਹੋਰ ਬਹੁਤੀ ਉੱਚੀ ਗਾਇਆ ਜਾਂਦਾ ਹੈ। ਹੁਣ ਇਸ ਵਿਚ ‘ਮੇਰਾ ਭਾਰਤ ਮਹਾਨ’ ਦਾ ਨਾਅਰਾ ਜੋੜ ਦਿੱਤਾ ਗਿਆ ਹੈ। ਇਹੋ ਹਾਲ ਪੰਜਾਬੀਅਤ ਦਾ ਹੈ। ਜਿਥੋਂ ਤੱਕ ਇਹ ਉਹਨੂੰ ‘ਅਦੁੱਤੀ’ ਦਾ ਸਰਟੀਫ਼ੀਕੇਟ ਦਿੱਤੇ ਬਿਨਾਂ ਪੰਜਾਬੀਆਂ ਦੇ ਵਰਤੋਂ-ਵਿਹਾਰ ਅਤੇ ਰਹਿਣ-ਸਹਿਣ ਦਾ ਹਵਾਲਾ ਹੈ, ਠੀਕ ਹੈ। ਪਰ ਜਦੋਂ ਇਹਨੂੰ ਹੋਰਾਂ ਦੇ ਮੁਕਾਬਲੇ ਉੱਤਮ ਹੋਣ ਦਾ ਝੰਡਾ ਬਣਾ ਕੇ ਝੁਲਾਇਆ ਜਾਂਦਾ ਹੈ ਤਾਂ ਇਸ ਉੱਤਮਤਾ ਉੱਤੇ ਹਾੱਸਾ ਆਉਂਦਾ ਹੈ। ਪੰਜਾਬੀਅਤ ਦੀ ਮੂਲ ਭਾਵਨਾ ਦੇ ਝਲਕਾਰੇ ਤਾਂ ਆਖ਼ਰੀ ਵਾਰ ਆਜ਼ਾਦੀ ਸੰਗਰਾਮ, ਬਬਰਾਂ, ਗ਼ਦਰੀਆਂ, ਭਗਤ ਸਿੰਘ ਦੀ ਲਹਿਰ, ਆਦਿ ਦੇ ਰੂਪ ਵਿਚ ਦਿੱਸ ਹਟੇ। ਸੰਤਾਲੀ ਦੀ ਵਹਿਸ਼ੀ ਕਟਾਵੱਢੀ, ਅੱਤਵਾਦ ਦੇ ਦਿਨਾਂ ਵਿਚ ਟੀਚੇ ਦੀ ਪ੍ਰਾਪਤੀ ਦੀ ਸੂਰਤ ਵਿਚ ਬਨਣ ਵਾਲੀ ਹਾਲਤ ਦਾ ਦਿਖਾਇਆ ਗਿਆ ਟਰੇਲਰ ਅਤੇ ਵਰਤਮਾਨ ਬਾਦਲ-ਰਾਜ ਵਿਚ ਡੇਰਾ-ਪ੍ਰੇਮੀਆਂ ਉੱਤੇ ਕੀਤੇ ਗਏ ਅੱਤਿਆਚਾਰ! ਜੇ ਪੰਜਾਬੀਅਤ ਇਹ ਸਭ ਕੁਛ ਕਰਨ ਦਾ ਨਾਂ ਹੈ, ਮੈਂ ਤਾਂ, ਭਾਈ, ਉਸਦਾ ਪ੍ਰਸੰਸਕ ਹੈ ਨਹੀਂ! ਹੁਣ ਪੰਜਾਬ ਵਿਚ ਵਿਆਪਕ ਭ੍ਰਿਸ਼ਟਾਚਾਰ, ਨਸ਼ਾਖੋਰੀ, ਵਿਹਲੜਪੁਣੇ, ਅਪਰਾਧ, ਲੁੱਟਾਂ-ਖੋਹਾਂ, ਬਦਇਖ਼ਲਾਕੀ ਵੱਲ ਦੇਖਦਿਆਂ ਪੰਜਾਬੀਅਤ ਉੱਤੇ ਮਾਣ ਕਰਨ ਵਾਲੀ ਕਿਹੜੀ ਗੱਲ ਹੈ?

ਐਹ ਬਾਹਰ ਜਾਣ ਦਾ ਵਰਤਾਰਾ ਹੀ ਦੇਖੋ। ਠੱਗੀ ਦਾ ਕੋਈ ਰੂਪ ਹੈ ਜੋ ਪੰਜਾਬੀਆਂ ਨੇ ਛੱਡਿਆ ਹੈ! ਇਹਨਾਂ ਨੂੰ ਤਾਂ ਬੇਈਮਾਨੀ ਦੇ ਨਵੇਂ ਨਵੇਂ ਰੂਪ ਲੱਭਣ ਲਈ ਸਮੂਹਿਕ ਨੋਬਲ ਇਨਾਮ ਮਿਲਣਾ ਚਾਹੀਦਾ ਹੈ। ਭੈਣਾਂ-ਭਾਣਜੀਆਂ ਨਾਲ ਵਿਆਹ ਕਰਵਾਉਂਦੇ ਹਨ। ਪਿੱਛੇ ਜਿਹੇ ਕੈਨੇਡਾ ਦਾ ਦੂਤਾਵਾਸ ਹੈਰਾਨ-ਪ੍ਰੇਸ਼ਾਨ ਕਿ ਪੰਜਾਬੀਆਂ ਵਿਚ ਸਮਲੰਿਗਤਾ ਏਨੀਂ ਆਮ ਹੈ ਕਿ ਅਪਣੇ ਦੇਸ ਵਿਚ ਸਤਾਏ ਜਾਂਦੇ ਸਮਲੰਿਗੀਆਂ ਨੂੰ ਪਨਾਹ ਦੇਣ ਵਾਲੇ ਉਹਨਾਂ ਦੇ ਕਾਨੂੰਨ ਦਾ ਲਾਹਾ ਲੈ ਕੇ ਪੰਜਾਬ ਦੇ ਬੇਸ਼ੁਮਾਰ ਮੁੰਡੇ ਵੀਜ਼ੇ ਲਈ ਸਮਲੰਿਗੀ ਹੋਣ ਦੇ ਫ਼ਾਰਮ ਭਰ ਰਹੇ ਹਨ। ਜਦੋਂ ਬਾਹਰ ਜਾਣ ਦੀ ਅੰਨ੍ਹੀ ਹਿਰਸ ਕਾਰਨ ਮੁੰਡੇ ਉਲਝ ਜਾਂਦੇ ਹਨ ਤਾਂ ਬਿਚਾਰੀਆਂ ਭੋਲੀਆਂ ਮਾਂਵਾਂ-ਭੈਣਾਂ ਉਹਨਾਂ ਦੀਆਂ ਤਸਵੀਰਾਂ ਫੜ ਕੇ ਚੁੰਨੀਆਂ ਨਾਲ ਅੱਖਾਂ ਪੂੰਝਦੀਆਂ ਟੀਵੀ ਕੈਮਰਿਆਂ ਅੱਗੇ ਬੈਠ ਜਾਂਦੀਆਂ ਹਨ। ਹੁਣ ਅਸੀਂ ਪੰਜਾਬੀ ਆਹਲਾ ਦਰਜੇ ਦੇ ਦੋਗਲੇ ਬਣ ਚੁੱਕੇ ਹਾਂ। ਦੂਜਿਆਂ ਲਈ ਵੱਖਰੇ ਨਾਪਤੋਲ ਮਿਥਦੇ ਹਾਂ ਅਤੇ ਆਬਦੀਆਂ ਕਰਤੂਤਾਂ ਉਹਤੋਂ ਉਲਟ ਹੁੰਦੀਆਂ ਹਨ। ਐਹ ਉੱਤਰ ਪ੍ਰਦੇਸ਼ੀ ਤੇ ਬਿਹਾਰੀ ਆਵਾਸੀਆਂ ਵੱਲ ਇਹਨਾਂ ਦਾ ਵਤੀਰਾ ਦੇਖੋ। ਉਹਨਾਂ ਤੋਂ ਗੋਲਾ-ਧੰਦਾ ਕਰਵਾਉਂਦੇ ਹੋਏ ਵੀ ਉਹਨਾਂ ਨੂੰ ਪੰਜਾਬ ਉੱਤੇ ਚੜ੍ਹ ਆਏ ਲੁਟੇਰੇ ਧਾੜਵੀ ਦਸਦੇ ਹਨ। ਆਪ ਹਿੱਕਾਂ ਚੌੜੀਆਂ ਕਰ ਕਰ ਆਖਦੇ ਹਨ, ਅਸੀਂ ਪੰਜਾਬੀ ਦੁਨੀਆ ਦੇ ਕੋਣੇ ਕੋਣੇ ਵਿਚ ਵਧ-ਫੁੱਲ ਰਹੇ ਹਾਂ। ਜਦੋਂ ਕੋਈ ਪੰਜਾਬੀ ਅਮਰੀਕਾ, ਕੈਨੇਡਾ, ਇੰਗਲੈਂਡ, ਆਦਿ ਵਿਚ ਮੈਂਬਰ ਪਾਰਲੀਮੈਂਟ ਜਾਂ ਮੰਤਰੀ ਬਣਦਾ ਹੈ, ਇਥੇ ਪੰਜਾਬ ਵਿਚ ਖ਼ੁਸ਼ੀ ਦੇ ਪਾਠਾਂ ਦੇ ਭੋਗ ਪਾਏ ਜਾਂਦੇ ਹਨ। ਉਹਨਾਂ ਦੀ ਪੰਜਾਬ ਫੇਰੀ ਸਮੇਂ ਗੁਲਦਸਤਿਆਂ ਤੇ ਜਨਤਕ ਸਭਾਵਾਂ ਨਾਲ ਉਹਨਾਂ ਦਾ ਭਰਪੂਰ ਸਵਾਗਤ ਕੀਤਾ ਜਾਂਦਾ ਹੈ। ਅਮਰੀਕਾ ਵਿਚ ਮੈਂ ਆਪ ਪੰਜਾਬੀ ਹੁੱਬ ਕੇ ਦਸਦੇ ਸੁਣੇ ਹਨ ਕਿ ਇਹਨਾਂ ਲ੍ਹੋਲੜਾਂ ਨੂੰ ਤਾਂ ਹੇਰਾਫੇਰੀਆਂ ਵੀ ਅਸੀਂ ਸਿਖਾਈਆਂ ਹਨ। ਇਥੇ ਦਿੱਲੀ ਵਿਚ ਜਿਨ੍ਹਾਂ ਦੋ-ਚਾਰ ਸੂਬਿਆਂ ਦੇ ਲੋਕ ਅਪਰਾਧਾਂ ਕਾਰਨ ਬਦਨਾਮ ਹਨ, ਪੰਜਾਬੀ ਉਹਨਾਂ ਵਿਚ ਮੋਹਰੀ ਹਨ।

ਹੁਣ : ਬੜੇ ਸਖ਼ਤ ਤੇ ਨਿਝੱਕ ਵਿਚਾਰ ਹਨ ਤੁਹਾਡੇ। ਚਲੋ, ਮੁੜ ਕੇ ਸਾਹਿਤ ਵੱਲ ਹੀ ਆਈਏ। ਤੁਸੀਂ ਅਨੁਵਾਦ ਦਾ ਵੀ ਬਹੁਤ ਸਾਰਾ ਕਾਰਜ ਕੀਤਾ ਹੈ। ਅਨੁਵਾਦ ਨੂੰ ਤੁਸੀਂ ਕਿੰਨਾ ਮਹੱਤਵਪੂਰਨ ਸਮਝਦੇ ਹੋ? ਪੰਜਾਬੀ ਵਿਚ ਅਨੁਵਾਦ ਦੀ ਕੀ ਸਥਿਤੀ ਹੈ?

ਭੁੱਲਰ: ਮੈਂ ਕੁਛ, ਬਹੁਤ ਘੱਟ ਅਨੁਵਾਦ ਸ਼ੌਕੀਆ ਕੀਤਾ ਹੈ। ਕੋਈ ਸਾਹਿਤਕ ਰਚਨਾ ਚੰਗੀ ਲੱਗੀ, ਪੰਜਾਬੀ ਪਾਠਕਾਂ ਤੱਕ ਪੁਜਦੀ ਕਰ ਦਿੱਤੀ। ਬਹੁਤਾ ਅਨੁਵਾਦ ਮੈਂ ਪੈਸੇ ਲਈ ਕੀਤਾ। ਉਹਨਾਂ ਵਿਚ ਵੀ ਬਹੁਤ ਸਾਰੀਆਂ ਪੁਸਤਕਾਂ ਸਾਹਿਤਕ ਸਨ ਅਤੇ ਬਾਕੀ ਸਮਾਜਕ, ਸਿਧਾਂਤਕ, ਆਰਥਕ ਜਾਂ ਰਾਜਨੀਤਕ। ਸਨ ਸਾਰੀਆਂ ਹੀ ਕੰਮ ਦੀਆਂ। ਰੂਸੀ ਦਫ਼ਤਰ ਵਿਚ ਵੀ ਸਾਡਾ ਮੁੱਖ ਵਾਹ ਅਨੁਵਾਦ ਨਾਲ ਹੀ ਸੀ। ਕਿਸੇ ਭਾਸ਼ਾ ਦੇ ਵਿਕਾਸ ਲਈ ਅਨੁਵਾਦ ਬਹੁਤ ਮਹੱਤਵ ਰਖਦਾ ਹੈ। ਪੰਜਾਬੀ ਵਿਚ ਅਨੁਵਾਦ ਦੀ ਹਾਲਤ ਤਸੱਲੀਬਖ਼ਸ਼ ਨਹੀਂ। ਸਗੋਂ ਮਾੜੀ ਹੀ ਹੈ। ਸਾਹਿਤ ਦਾ ਅਨੁਵਾਦ ਵੱਡੀ ਮਾਤਰਾ ਵਿਚ ਹੋ ਰਿਹਾ ਹੈ। ਵੈਸੇ ਸਭਿਆਚਾਰਕ ਫ਼ਰਕਾਂ ਤੇ ਭਾਸ਼ਾਈ ਬਰੀਕੀਆਂ ਸਦਕਾ ਸੌਖਾ ਇਹ ਵੀ ਨਹੀਂ। ਮੈਂ ਸਾਹਿਤਕ ਅਨੁਵਾਦਾਂ ਵਿਚ ਭਿਆਨਕ ਗ਼ਲਤੀਆਂ ਦੀਆਂ ਸੈਂਕੜੇ ਮਿਸਾਲਾਂ ਦੇ ਸਕਦਾ ਹਾਂ। ਅਜਿਹੇ ਗ਼ਲਤ ਅਨੁਵਾਦਾਂ ਨੂੰ ਮੈਂ ਸਾਹਿਤ ਅਕਾਦਮੀ ਦਾ ਅਨੁਵਾਦ-ਪੁਰਸਕਾਰ ਤੱਕ ਮਿਲਦਾ ਦੇਖਿਆ ਹੈ। ਜਿਥੋਂ ਤੱਕ ਗਿਆਨ-ਵਿਗਿਆਨ ਦੀਆਂ ਪੁਸਤਕਾਂ ਦਾ ਸੰਬੰਧ ਹੈ, ਸਾਡਾ ਦੇਸ ਖੋਜ ਵਿਚ ਮੋਹਰੀ ਨਾ ਹੋਣ ਕਰਕੇ, ਇਹ ਅਨੁਵਾਦ ਸੱਜਰੀ ਜਾਣਕਾਰੀ ਤੱਕ ਪਹੁੰਚ ਲਈ ਬਹੁਤ ਜ਼ਰੂਰੀ ਹੈ। ਪਰ ਗ਼ਲਤ ਅਨੁਵਾਦ ਤੋਂ ਲੈ ਕੇ ਛਪਣ ਵਿਚ ਸਾਲਾਂ-ਦਹਾਕਿਆਂ ਦੀ ਪਿਛੇਤ ਤੱਕ ਅਨੇਕ ਮੁਸ਼ਕਲਾਂ ਹਨ ਜਿਨ੍ਹਾਂ ਕਾਰਨ ਅਨੁਵਾਦਿਤ ਪੁਸਤਕਾਂ ਛਪਣ ਵੇਲੇ ਤੱਕ ਸੰਬੰਧਿਤ ਵਿਸ਼ੇ ਦਾ ਗਿਆਨ ਅੱਜ ਦੇ ਤੇਜ਼ ਰਫ਼ਤਾਰ ਜ਼ਮਾਨੇ ਵਿਚ ਕਿਤੇ ਦਾ ਕਿਤੇ ਪਹੁੰਚ ਚੁੱਕਿਆ ਹੁੰਦਾ ਹੈ। ਇਕ ਆਰ. ਟੀ. ਆਈ. ਅਰਜ਼ੀ ਰਾਹੀਂ ਪਤਾ ਲੱਗਿਆ ਕਿ ਭਾਸ਼ਾ ਵਿਭਾਗ ਵਿਚ ਵੀਹ ਸਾਲ ਪਹਿਲਾਂ ਦੇ ਡਾਕਟਰੀ ਤੇ ਇੰਜੀਨੀਅਰੀ ਦੇ ਅਨੁਵਾਦਿਤ ਖਰੜੇ ਅਣਛਪੇ ਪਏ ਹਨ। ਉਸ ਪਿੱਛੋਂ ਇਹ ਵਿਸ਼ੇ ਕਿਤੇ ਦੇ ਕਿਤੇ ਪੁੱਜ ਗਏ। ਹੁਣ ਉਹਨਾਂ ਖਰੜਿਆ ਵਿਚ ਕੀ ਸੁਆਹ ਰਹਿ ਗਈ! ਅਨੁਵਾਦ ਕਦੀ ਵੀ ਮੌਲਕ ਦਾ ਬਦਲ ਨਹੀਂ ਹੋ ਸਕਦਾ। ਖਾਲੀ ਥਾਂ ਭਰਨ ਲਈ ਇਹਤੋਂ ਬਿਨਾਂ ਸਰਦਾ ਵੀ ਨਹੀਂ। ਜੇ ਛਪਣ ਆਦਿ ਦੀਆਂ ਮੁਸ਼ਕਲਾਂ ਛੱਡ ਕੇ ਕੇਵਲ ਅਨੁਵਾਦ ਦੀ ਗੱਲ ਕਰੀਏ, ਉਹਦੇ ਲਈ ਚਾਰ ਗੱਲਾਂ ਦੀ ਲੋੜ ਹੈ। ਪਹਿਲੀ, ਮੂਲ ਰਚਨਾ ਵਾਲੀ ਭਾਸ਼ਾ ਦੀ ਵਧੀਆ ਜਾਣਕਾਰੀ; ਦੂਜੀ, ਅਨੁਵਾਦ ਵਾਲੀ ਭਾਸ਼ਾ ਦੀਆਂ ਬਰੀਕੀਆਂ ਦੀ ਮੁਕੰਮਲ ਸਮਝ; ਤੀਜੀ, ਵਿਸ਼ੇ ਦੀ ਪੂਰੀ ਪਕੜ; ਚੌਥੀ, ਅਕਲ ਜੋ ਰੱਬ ਕਿਸੇ ਨੂੰ ਦਿੰਦਾ ਹੈ, ਕਿਸੇ ਨੂੰ ਨਹੀਂ ਵੀ ਦਿੰਦਾ! ਸਾਹਿਤ, ਦਰਸ਼ਨ, ਗਿਆਨ, ਵਿਗਿਆਨ, ਤਕਨਾਲੋਜੀ, ਆਦਿ ਦੀ ਗੱਲ ਤਾਂ ਛੱਡੋ, ਅਨੁਵਾਦ ਤਾਂ ਸਾਧਾਰਨ ਗੱਲਾਂ ਦਾ ਕਰਨਾ ਵੀ ਬਹੁਤ ਔਖਾ ਹੈ।

ਅਨੁਵਾਦ ਨਾਲ ਵਾਹ

ਹੁਣ : ਅਨੁਵਾਦ ਨਾਲ ਏਨੇਂ ਲੰਮੇ ਵਾਹ ਕਾਰਨ ਤੁਹਾਨੂੰ ਤਾਂ ਬੇਸੁਰੇ ਅਨੁਵਾਦ ਦੀਆਂ ਬਹੁਤ ਦਿਲਚਸਪ ਮਿਸਾਲਾਂ ਚੇਤੇ ਹੋਣਗੀਆਂ?

ਭੁੱਲਰ: ਜੇ ਮੈਂ ਸਾਹਿਤ ਦੇ ਤੇ ਰੂਸੀ ਦਫ਼ਤਰ ਦੇ ਅਨੁਵਾਦ ਦੀਆਂ ਮਿਸਾਲਾਂ ਦੇਣ ਲੱਗਿਆ, ਉਹਨਾਂ ਦੀ ਤਾਂ ਇਕ ਪੂਰੀ ਪੁਸਤਕ ਛਪ ਜਾਵੇਗੀ ਜਿਸਦਾ ਢੁੱਕਵਾਂ ਨਾਂ ਹੋਵੇਗਾ,‘ਅਸਲੀ ਤੇ ਵੱਡਾ ਕਿੱਸਾ ਅਨੁਵਾਦ ਦਾ’! ਮੈਂ ਤੁਹਾਨੂੰ ਨੇੜਲੇ ਸਮੇਂ ਵਿਚੋਂ ਰੋਜ਼ਾਨਾ ਜੀਵਨ ਦੀਆਂ ਕੁਛ ਬਹੁਤ ਹੀ ਦਿਲਚਸਪ ਮਿਸਾਲਾਂ ਦਿੰਦਾ ਹਾਂ ਜਿਨ੍ਹਾਂ ਤੋਂ ਤੁਸੀਂ ਇਹ ਅੰਦਾਜ਼ਾ ਵੀ ਭਲੀਭਾਂਤ ਲਾ ਸਕੋਗੇ ਕਿ ਸਾਹਿਤ ਸਮੇਤ ਗੰਭੀਰ ਵਿਸਿ਼ਆਂ ਦਾ ਅਨੁਵਾਦ ਕਰਨਾ ਠੀਕ ਹੀ ਕਿੰਨਾ ਮੁਸ਼ਕਿਲ ਹੁੰਦਾ ਹੋਵੇਗਾ। ਕਾਮਰੇਡ ਜਯੋਤੀ ਬਾਸੂ ਨੇ ਇਕ ਵਾਰ ਕਿਹਾ, ਮੈਂ ਭੱਦਰਲੋਕ ਨਹੀਂ ਹਾਂ। ਬੰਗਾਲੀ ਸ਼ਬਦ ਭੱਦਰਲੋਕ ਦਾ ਮਤਲਬ ਅਪਣੇ ਆਪ ਨੂੰ ਆਮ ਲੋਕਾਂ ਤੋਂ ਉੱਚਾ ਸਮਝਣ ਵਾਲਾ ਜਗੀਰੂ ਸੋਚ ਦਾ ਮਾਲਕ ਹੁੰਦਾ ਹੈ। ਅੰਗਰੇਜ਼ੀ ਵਾਲਿਆਂ ਨੇ ਸਹੀ ‘ਇਲੀਟ’ ਦੀ ਥਾਂ ‘ਜੈਂਟਲਮੈਨ’ ਕਰ ਦਿੱਤਾ। ਉਥੋਂ ਅੱਗੇ ਇਕ ਪੰਜਾਬੀ ਅਖ਼ਬਾਰ ਵਿਚ ਲਿਖਿਆ ਗਿਆ,“ਕਾਮਰੇਡ ਜਯੋਤੀ ਬਾਸੂ ਨੇ ਕਿਹਾ, ਮੈਂ ਸ਼ਰੀਫ਼ ਆਦਮੀ ਨਹੀਂ ਹਾਂ।” ਮਈ 2010 ਦੀ ਗੱਲ ਹੈ, ਭਾਰਤ ਦਾ ਇਕ ਸਤਿਕਾਰਤ ਇਸਲਾਮੀ ਵਿਦਵਾਨ, ਮੌਲਾਨਾ ਨੂਰ-ਉਲ-ਹੁਦਾ ਕਿਸੇ ਕੌਮਾਂਤਰੀ ਸੈਮੀਨਾਰ ਵਿਚ ਸ਼ਾਮਲ ਹੋਣ ਲਈ ਦਿੱਲੀ ਤੋਂ ਲੰਡਨ ਵਾਸਤੇ ਜਹਾਜ਼ ਚੜ੍ਹਿਆ। ਮੋਬਾਈਲ ਬੰਦ ਕਰਨ ਤੋਂ ਪਹਿਲਾਂ ਉਹਨੇ ਜਹਾਜ਼ ਵਿਚ ਠੀਕ ਠਾਕ ਬੈਠ ਗਏ ਹੋਣ ਦੀ ਸੂਚਨਾ ਘਰੇ ਦਿੰਦਿਆਂ ਕਿਹਾ,“ਜਹਾਜ਼ ਉਡਨੇ ਵਾਲਾ ਹੈ।” ਇਕ ਅੰਗਰੇਜ਼ੀਬਾਜ਼ ਔਰਤ ਨੇ ‘ਉੱਡਣ’ ਦਾ ਸਹੀ ਅਰਥ ‘ਟੇਕ ਆਫ਼’ ਸਮਝਣ ਦੀ ਥਾਂ ਫ਼ਟਾਫ਼ਟ ਅਮਲੇ ਨੂੰ ਜਾ ਕਿਹਾ ਕਿ ਮੀਆਂ ਜੀ ਕਹਿ ਰਹੇ ਹਨ,“ਦਿ ਪਲੇਨ ਇਜ਼ ਅਬਾਊਟ ਟੂ ਬਲੋਅ ਅੱਪ।” ਸੁਰੱਖਿਆ ਵਾਲਿਆਂ ਨੇ ਕੋਈ ਦਾਦ-ਫ਼ਰਿਆਦ ਸੁਣੇ ਬਿਨਾਂ ਮੀਆਂ ਜੀ ਨੂੰ ਕੁਕੜੀ ਵਾਂਗ ਦਬੋਚ ਕੇ ਸਿੱਧਾ ਤਿਹਾੜ ਜਿਹਲ ਵਿਚ ਜਾ ਜਮ੍ਹਾਂ ਕੀਤਾ।

ਇਹਨਾਂ ਤੋਂ ਵੀ ਦਿਲਚਸਪ ਇਕ ਸਾਹਿਤਕ ਕਿੱਸਾ ਸੁਣ ਲਵੋ। ਵਿਭੂਤੀ ਨਾਰਾਇਣ ਰਾਇ ਉਹ ਵਿਰਲਾ-ਟਾਂਵਾਂ ਪੁਲਿਸ ਅਫ਼ਸਰ ਹੈ ਜੋ, ਖਾਸ ਕਰਕੇ ਧਰਮ ਦਾ ਖਿ਼ਆਲ ਕੀਤੇ ਬਿਨਾਂ ਦੰਗਈਆਂ ਵਿਰੁੱਧ ਬੇਹੱਦ ਸਖ਼ਤ ਹੋਣ ਸਦਕਾ, ਬਹੁਤ ਸਤਿਕਾਰਿਆ ਜਾਂਦਾ ਹੈ। ਨਾਲ ਹੀ ਉਹ ਬਹੁਤ ਸਨਮਾਨਿਆ, ਸਤਿਕਾਰਿਆ, ਅਨੁਵਾਦਿਆ ਹਿੰਦੀ ਲੇਖਕ ਹੈ। ਉਹਦੇ ਪੰਜੇ ਨਾਵਲ, ‘ਘਰ’, ‘ਸ਼ਹਿਰ ਮੇਂ ਕਰਫਿ਼ਊ’, ‘ਕਿੱਸਾ ਲੋਕਤੰਤਰ’, ‘ਤਬਾਦਲਾ’ ਤੇ ‘ਪ੍ਰੇਮ ਕੀ ਭੂਤਕਥਾ’ ਬੜੇ ਪ੍ਰਸਿੱਧ ਹੋਏ ਹਨ। ਏਨੀਂ ਹੀ ਪ੍ਰਸਿੱਧ ਤੇ ਅਹਿਮ ਉਹਦੀ ਅੰਗਰੇਜ਼ੀ ਪੁਸਤਕ ‘ਫਿ਼ਰਕੂ ਟਕਰਾਉ ਦਾ ਟਾਕਰਾ’ ਹੈ। ਦੋ ਦਹਾਕਿਆਂ ਤੋਂ ਉਹ ਇਕ ਮੋਹਰੀ ਹਿੰਦੀ ਰਸਾਲੇ ‘ਵਰਤਮਾਨ ਸਾਹਿਤਯ’ ਦਾ ਬਾਨੀ ਸੰਪਾਦਕ ਹੈ। 2010 ਦੀ ਗੱਲ ਹੈ, ਉਹ ਮਹਾਂਰਾਸ਼ਟਰ ਵਿਚ ਵਾਰਧਾ ਦੀ ‘ਮਹਾਤਮਾ ਗਾਂਧੀ ਇੰਟਰਨੈਸ਼ਨਲ ਹਿੰਦੀ ਯੂਨੀਵਰਸਿਟੀ’ ਦਾ ਵਾਈਸ-ਚਾਂਸਲਰ ਸੀ। ਗਿਆਨਪੀਠ ਦੇ ਰਸਾਲੇ ‘ਨਯਾ ਗਿਆਨਉਦੈ’ ਦੇ ‘ਬੇਵਫ਼ਾਈ’ ਅੰਕ ਲਈ ਦਿੱਤੀ ਇਕ ਇੰਟਰਵਿਊ ਵਿਚ ਇਕ ਸਵਾਲ ਦਾ ਉਹਦਾ ਜਵਾਬ ਛਪਿਆ,“ਲੇਖਿਕਾਉਂ ਮੇਂ ਹੋੜ ਲਗੀ ਹੈ ਯਿਹ ਸਾਬਿਤ ਕਰਨੇ ਕੀ, ਉਨਸੇ ਬੜੀ ਛਿਨਾਲ ਕੋਈ ਨਹੀਂ ਹੈ।” ਉਹਨੇ ਸਪੱਸ਼ਟ ਕੀਤਾ ਕਿ ਇੰਟਰਵਿਊ ਲੈਣ ਵਾਲੇ ਰਾਕੇਸ਼ ਮਿਸ਼ਰ ਨੇ ਮੇਰੇ ਬੋਲੇ ‘ਬੇਵਫ਼ਾ’ ਦੀ ਥਾਂ ਹਿੰਦੀ ਸ਼ਬਦ ‘ਛਿਨਾਲ’ ਕਰ ਦਿੱਤਾ ਹੈ। ਬੇਵਫ਼ਾ ਨੂੰ ਛਿਨਾਲ ਲਿਖਣਾ ਹੀ ਕਾਫ਼ੀ ਸੀ, ਅੱਗੋਂ ਅੰਗਰੇਜ਼ੀ ਅਖ਼ਬਾਰਾਂ ਨੇ ‘ਛਿਨਾਲ’ ਦਾ ਅਨੁਵਾਦ ‘ਪਰਾਸਟੀਚਿਊਟ’ (ਵੇਸਵਾ) ਕਰ ਦਿੱਤਾ। ਲੇਖਿਕਾਵਾਂ ਤੇ ਨਾਰੀ ਸੰਗਠਨਾਂ ਦਾ ਗੁੱਸੇ ਵਿਚ ਆਉਣਾ ਸੁਭਾਵਿਕ ਸੀ। ਬ੍ਰਿੰਦਾ ਕਰਤ, ‘ਕੌਮੀ ਇਸਤਰੀ ਕਮਿਸ਼ਨ’ ਦੀ ਮੁਖੀ ਗਿਰੀਜਾ ਵਿਆਸ ਤੇ ਸਿੱਖਿਆ ਮੰਤਰੀ ਕਪਿਲ ਸਿੱਬਲ ਸਭ ਅੱਗਬਗੋਲਾ ਹੋ ਗਏ। ਨਤੀਜੇ ਵਜੋਂ ਰਾਇ ਨੂੰ ਗਿਆਨਪੀਠ ਦੇ ਪੈਨਲ ਵਿਚੋਂ ਹਟਾ ਦਿੱਤਾ ਗਿਆ ਤੇ ਵਾਈਸ-ਚਾਂਸਲਰ ਦੀ ਪਦਵੀ ਤੋਂ ਹਟਾਉਣ ਦਾ ਅਮਲ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਗਿਆ।
ਦਿੱਲੀ ਦੇ ਰਾਮਲੀਲ੍ਹਾ ਮੈਦਾਨ ਵਿਚ ਹੋਈ ਅੱਨਾਲੀਲ੍ਹਾ ਸਮੇਂ ਅਪਣੇ ਪਿਆਰੇ Eਮਪੁਰੀ ਨੇ ਪੂਰੇ ਪੰਜਾਬੀ ਰੰਗ ਵਿਚ (ਮੀਡੀਆ ਵਿਚ ਉਹਦੇ ਦੋ ਘੁੱਟਾਂ ਲਾਈਆਂ ਹੋਣ ਦਾ ਵੀ ਚਰਚਾ ਹੋਇਆ) ਮੰਚ ਤੋਂ ਨੇਤਾਵਾਂ ਨੂੰ ਤੱਤੀਆਂ-ਠੰਡੀਆਂ ਸੁਣਾਉਂਦਿਆਂ ‘ਗੰਵਾਰ’ ਕਹਿ ਦਿੱਤਾ। ਗੰਵਾਰ ਸ਼ਬਦ ਦਾ ਪੜ੍ਹਾਈ ਨਾਲ ਤਾਂ ਕੋਈ ਸੰਬੰਧ ਹੈ ਨਹੀਂ। ਲੱਖਾਂ ਅਣਪੜ੍ਹ ਬੜੇ ਸਾਊ, ਸੱਭਿਅ ਤੇ ਗਿਆਨੀ ਹੁੰਦੇ ਹਨ ਅਤੇ ਲੱਖਾਂ ਪੜ੍ਹੇ-ਲਿਖੇ ਗੰਵਾਰ ਤੁਰੇ ਫਿਰਦੇ ਹਨ। ਪਰ ਅਗਲੇ ਦਿਨ ਅੰਗਰੇਜ਼ੀ ਅਖ਼ਬਾਰਾਂ ਨੂੰ ‘ਗੰਵਾਰ’ ਦਾ ਅਨੁਵਾਦ ‘ਇਲਿਟਰੇਟ’, ਭਾਵ ਅਣਪੜ੍ਹ ਹੀ ਸਮਝ ਆਇਆ। ਨਤੀਜੇ ਵਜੋਂ ਸਾਡੇ ਸਾਂਸਦ ਡਾਕਟਰੇਟ, ਪੋਸਟ-ਗਰੈਜੂਏਟ, ਗਰੈਜੂਏਟ, ਮੈਟਰਿਕ, ਆਦਿ ਦੀਆਂ ਸਨਦਾਂ ਦਿਖਾਉਣ ਲੱਗੇ। ਹਾਂ ਸੱਚ, ਬਹੁਤ ਸਾਲ ਪਹਿਲਾਂ ਪ੍ਰਮੁੱਖ ਹਿੰਦੀ ਵਿਅੰਗ-ਲੇਖਕ, ਹਰੀਸ਼ੰਕਰ ਪਾਰਸਈ ਦੇ ਦਿਹਾਂਤ ਦੀ ਖ਼ਬਰ ਛਾਪਦਿਆਂ ਇਕ ਵੱਡੇ ਪੰਜਾਬੀ ਅਖ਼ਬਾਰ ਨੇ ‘ਸਟਾਇਰਿਸਟ’ ਨੂੰ ‘ਸਿਤਾਰਿਸਟ’ ਪੜ੍ਹ ਕੇ ‘ਸਿਤਾਰਵਾਦਕ ਹਰੀਸ਼ੰਕਰ ਪਾਰਸਈ ਦਾ ਦਿਹਾਂਤ’ ਲਿਖ ਦਿੱਤਾ ਸੀ।

ਅਖਬਾਰੀ ਭਾਣੇ

ਹੁਣ : ਅਖ਼ਬਾਰਾਂ ਵਾਲੇ ਤਾਂ ਰੋਜ਼ ਰੋਜ਼ ਬੜੇ ਕਾਰਨਾਮੇ ਕਰਦੇ ਰਹਿੰਦੇ ਹਨ। ਤੁਹਾਨੂੰ ਤਾਂ ਹੋਰ ਪੱਖਾਂ ਦੀ ਵੀ ਸਿੱਧੀ ਜਾਣਕਾਰੀ ਹੋਵੇਗੀ?

ਭੁੱਲਰ: ਇਸ ਪੱਖੋਂ ਸਭ ਤੋਂ ਨਾਜ਼ਕ ਖੇਤਰ ਪਰੂਫ਼ਰੀਡਿੰਗ ਦਾ ਹੈ। ਕਈ ਵਾਰ ਤਾਂ ਅਜਿਹਾ ਭਾਣਾ ਵਰਤ ਜਾਂਦਾ ਹੈ ਜੋ ਇਥੇ ਲਿਖਿਆ ਵੀ ਨਹੀਂ ਜਾ ਸਕਦਾ। ਦਰਜਨਾਂ ਸੱਚੇ ਕਿੱਸੇ ਹਨ ਪਰ ਦੋ-ਚਾਰ ਹੀ ਸੁਣੋ। ਪਿਛਲੇ ਦਿਨੀਂੇ ਇਕ ਅਖ਼ਬਾਰ ਨੇ ਸਾਡੇ ਇਕ ਪ੍ਰਸਿੱਧ ਕਵੀ ਦੀ ਤਾਰੀਫ਼ ਕਰਦਿਆਂ ਉਹਨੂੰ ਸੁਪਨਿਆਂ ਦੇ ਦੇਸ ਦਾ ਵਾਸੀ ਦਸਦਿਆਂ ‘ਸੁਪਨਦੇਸ਼’ ਦੀ ਥਾਂ ‘ਸੁਪਨਦੋਸ਼’ ਛਾਪ ਦਿੱਤਾ। ਪੁਰਾਣਾ ਕਿੱਸਾ ਹੈ ਕਿ ਅਰਜ਼ੀਨਵੀਸ ਤੋਂ ਲਿਖਾਈ ਚਿੱਠੀ ਵਿਚ ਕਿਸੇ ਨੇ ਦੱਸਿਆ, ਵੱਡੀ ਬਹੂ ਅਜਮੇਰ ਗਈ ਹੈ। ਚਿੱਠੀ ਮਿਲਦਿਆਂ ਹੀ ਪੈ ਗਿਆ ਸਿਆਪਾ। ਵੈਣ ਪਾਉਂਦੀ ਮੁਕਾਣ ਆ ਗਈ। ਗੱਲ ਖੁੱਲ੍ਹੀ ਤਾਂ ਪਤਾ ਲੱਗਿਆ, ਘੜੀਸਵੀਂ ਲਿਖਾਈ ਦਾ ਆਦੀ ਅਰਜ਼ੀਨਵੀਸ ਅਜਮੇਰ ਵਿਚ ਲਾਂ ਪਾਉਣੀ ਛੱਡ ਗਿਆ ਸੀ।
ਪਰੂਫ਼ਰੀਡਿੰਗ ਦੀਆਂ ਗ਼ਲਤੀਆਂ ਦਾ ਰੋਗ ਪੰਜਾਬੀ ਦਾ ਹੀ ਨਹੀਂ, ਸਰਬਭਾਸ਼ਾਈ ਹੈ। ਈਸਾਈਆਂ ਲਈ ਬਾਈਬਲ ਤੋਂ ਪਵਿੱਤਰ ਕੁਛ ਨਹੀਂ ਹੋ ਸਕਦਾ। ਉਹਦਾ ਹਾਲ ਸੁਣ ਲਵੋ। ਦਸ ਆਦੇਸ਼ਾਂ ਵਿਚੋਂ ਇਕ ਪਰ-ਸੰਬੰਧ ਬਣਾਉਣ ਤੋਂ ਵਰਜਦਾ ਹੈ,“ਦਾਊ ਸ਼ੈੱਲ ਨਾਟ ਕਮਿੱਟ ਐਡਲਟਰੀ।” 1631 ਵਿਚ ਛਪੀ ਬਾਦਸ਼ਾਹ ਜੇਮਜ਼ ਦੀ ਬਾਈਬਲ ਵਿਚ ‘ਨਾਟ’ ਛੁੱਟ ਗਿਆ ਜਿਸ ਸਦਕਾ ਪਰ-ਪੁਰਸ਼/ ਪਰ-ਨਾਰੀ ਨਾਲ ਸੰਬੰਧ ਜੋੜਨ ਦਾ ਆਦੇਸ਼ ਹੋ ਗਿਆ! 1716 ਵਿਚ ਆਇਰਲੈਂਡ ਵਿਚ ਛਪੀ ਪਹਿਲੀ ਬਾਈਬਲ ਵਿਚ ‘ਸਿਨ ਨੋ ਮੋਰ’, ਭਾਵ ‘ਹੋਰ ਪਾਪ ਨਾ ਕਰੋ’ ਦੀ ਸਿੱਖਿਆ ‘ਨੋ’ ਦੇ ਦੋਵਾਂ ਅੱਖਰਾਂ ਦੀ ਜਗ੍ਹਾ ਬਦਲ ਕੇ ‘ਆਨ’ ਬਣ ਜਾਣ ਕਰਕੇ ‘ਸਿਨ ਆਨ ਮੋਰ’, ਭਾਵ ‘ਪਾਪ ਕਰਦੇ ਰਹੋ’ ਬਣ ਗਈ। ਸਭ ਤੋਂ ਦਿਲਚਸਪ ਗੱਲ ਇੰਗਲੈਂਡ ਦੀ ਮਲਕਾ ਵਿਕਟੋਰੀਆ ਦੀ ਹੈ। ਉਹ ਪਹਿਲੀ ਵਾਰ ਆਇਰਲੈਂਡ ਗਈ। ਇਕ ਪੁਲ ਤੋਂ ਲੰਘਣ ਦੀ ਖ਼ਬਰ ਵਿਚ ਇਕ ਵਾਕ ਸੀ,“ਜਦੋਂ ਮਲਕਾ ਪੁਲ ਉੱਤੋਂ ਦੀ ਲੰਘੀ (ਪਾਸਡ ਵਰ ਦਿ ਬਰਿੱਜ), ਲੋਕਾਂ ਨੇ ਗੂੰਜਵੀਆਂ ਤਾੜੀਆਂ ਬਜਾਈਆਂ।” ਆਇਰਲੈਂਡ ਦੇ ਲੋਕ ਇੰਗਲੈਂਡ ਵਿਰੁੱਧ ਲੰਮੀ ਲੜਾਈ ਲੜ ਰਹੇ ਸਨ ਅਤੇ ਸਬੱਬ ਨਾਲ ਸਮਾਚਾਰ-ਕਮਰੇ ਵਿਚ ਇਕ ਕਰਮਚਾਰੀ ਬਾਗ਼ੀ ਵਿਚਾਰਾਂ ਦਾ ਸੀ। ਉਸਨੇ ‘ਪਾਸਡ’ ਦੇ ‘ਏ’ ਦੀ ਥਾਂ ‘ਆਈ’ ਪਾ ਦਿੱਤੀ ਅਤੇ ਖ਼ਬਰ ਬਣ ਗਈ,“ਜਦੋਂ ਮਲਕਾ ਨੇ ਪੁਲ ਉੱਤੇ ਮੂਤਿਆ( ਪਿਸਡ Eਵਰ ਦਿ ਬਰਿੱਜ), ਲੋਕਾਂ ਨੇ ਗੂੰਜਵੀਆਂ ਤਾੜੀਆਂ ਬਜਾਈਆਂ।” ਕਈ ਸੱਚੇ ਤਮਾਸ਼ੇ ਪੰਜਾਬੀ ਪੁਸਤਕਾਂ ਦੇ ਕਵਰਾਂ ਦੇ ਪਰੂਫ਼ਾਂ ਨਾਲ ਜੁੜੇ ਹੋਏ ਹਨ। ਮਲਕਾ ਦੀ ਖ਼ਬਰ ਵਿਚ ਇਕ ਅੱਖਰ ਬਦਲਣ ਵਾਂਗ ਫੁੱਲ ਜੀ ਦੀ ਇਕ ਪੁਸਤਕ ਦੇ ਕਵਰ ਉੱਤੇ ਇਕ ਅੱਖਰ ਸ਼ਰਾਰਤ ਨਾਲ ਬਦਲ ਕੇ ਉਹਨਾਂ ਨੂੰ ਪਰੂਫ਼ ਭੇਜ ਦਿੱਤੇ ਗਏ ਸਨ। ਪੂਰੀ ਕਹਾਣੀ ਬੜੀ ਦਿਲਚਸਪ ਹੈ ਪਰ ਇਥੇ ਲਿਖਣੀ ਸੰਭਵ ਨਹੀਂ। ਇਹ ਮੈਨੂੰ ਬਹੁਤ ਪਹਿਲਾਂ ਰਵੀ ਸਾਹਿਤ ਪ੍ਰਕਾਸ਼ਨ ਵਾਲੇ ਮੋਹਨ ਸਿੰਘ ਰਾਹੀ ਨੇ ਸੁਣਾਈ ਸੀ। ਜੇ ਕਿਸੇ ਨੂੰ ਦਿਲਚਸਪੀ ਹੋਵੇ, ਰਾਹੀ ਜੀ ਨੂੰ ਸਿੱਧਾ ਫ਼ੋਨ ਕਰ ਸਕਦਾ ਹੈ।
ਸਮੁੱਚੇ ਸਾਹਿਤ ਦੀ ਬੁਨਿਆਦ

ਹੁਣ : ਤੁਸੀਂ ਬਾਲ-ਸਾਹਿਤ ਵੀ ਰਚਿਆ ਹੈ। ਸਮੁੱਚੇ ਸਾਹਿਤ ਦੇ ਹਵਾਲੇ ਨਾਲ ਬਾਲ-ਸਾਹਿਤ ਦਾ ਕੀ ਮਹੱਤਵ ਹੈ? ਪੰਜਾਬੀ ਬਾਲ-ਸਾਹਿਤ ਦੇ ਮਿਆਰ ਬਾਰੇ ਤੁਹਾਡਾ ਕੀ ਵਿਚਾਰ ਹੈ?

ਭੁੱਲਰ: ਮੈਂ ਬੱਚਿਆਂ ਲਈ ਕਵਿਤਾਵਾਂ ਵੀ ਲਿਖੀਆਂ ਹਨ ਤੇ ਕਹਾਣੀਆਂ ਵੀ। ਮੈਂ ਦੋਵਾਂ ਵਿਚ ਮੌਲਕ ਰਹਿਣ ਦਾ ਜਤਨ ਕੀਤਾ ਹੈ। ਜੇ ਲੇਖਕ ਬਾਲਾਂ ਲਈ ਲਿਖ ਸਕੇ, ਉਹਨੂੰ ਜ਼ਰੂਰ ਲਿਖਣਾ ਚਾਹੀਦਾ ਹੈ। ਵੱਡੇ ਵੱਡੇ ਲੇਖਕਾਂ ਨੇ ਲਿਖਿਆ ਹੈ। ਬਾਲ-ਸਾਹਿਤ ਤਾਂ ਬਹੁਤ ਹੀ ਮਹੱਤਵਪੂਰਨ ਹੈ ਸਗੋਂ ਸਮੁੱਚੇ ਸਾਹਿਤ ਦੀ ਬੁਨਿਆਦ ਹੈ। ਜਿਸਨੂੰ ਬਚਪਨ ਵਿਚ ਸਾਹਿਤ ਦੀ ਚੇਟਕ ਨਹੀਂ ਲੱਗੀ, ਉਹ ਵੱਡਾ ਹੋ ਕੇ ਸਾਹਿਤ ਨਾਲ ਕੀ ਜੁੜੇਗਾ! ਛੋਟੀ ਉਮਰੇ ਬਣੀਆਂ ਰੁਚੀਆਂ ਸਾਰੀ ਉਮਰ ਨਿਭਦੀਆਂ ਹਨ। ਪੰਜਾਬੀ ਬਾਲ-ਸਾਹਿਤ ਦੀ ਬੁਨਿਆਦ ਵਿਚ ਹੀ, ਮੈਂ ਸਮਝਦਾ ਹਾਂ, ਕਸਰ ਰਹਿ ਗਈ। ਆਰੰਭਕ ਲੇਖਕਾਂ ਦੀ ਲਗਨ, ਸੁਹਿਰਦਤਾ ਤੇ ਇਸ ਸੋਚ ਦੀ ਤਾਂ ਪ੍ਰਸੰਸਾ ਕਰਨੀ ਬਣਦੀ ਹੈ ਕਿ ਪੰਜਾਬੀ ਵਿਚ ਬਾਲ-ਸਾਹਿਤ ਹੋਣਾ ਤੇ ਵਧਣਾ-ਫੁੱਲਣਾ ਚਾਹੀਦਾ ਹੈ। ਪਰ ਉਹਨਾਂ ਦੀ, ਸ਼ਾਇਦ, ਮਨੋਵਿਗਿਆਨਕ ਪਕੜ ਨਹੀਂ ਸੀ। ਉਹਨਾਂ ਨੇ ਮੋਟੇ ਤੌਰ ਉੱਤੇ ਦੋ ਰਾਹ ਫੜੇ। ਇਕ ਤਾਂ ਉਹ ਦੂਜੀਆਂ ਭਾਸ਼ਾਵਾਂ ਤੋਂ ਅਨੁਵਾਦ ਕਰਨ ਲੱਗੇ; ਦੂਜੇ, ਉਹਨਾਂ ਨੇ ਧਾਰਮਿਕ ਕਥਾਵਾਂ, ਸਾਖੀਆਂ, ਬਾਤਾਂ, ਆਦਿ ਦੇ ਪੁਨਰ-ਕਥਨ ਦਾ ਢੰਗ ਲੱਭਿਆ। ਮੌਲਕ ਕਵਿਤਾਵਾਂ ਲਿਖਣ ਦਾ ਜਤਨ ਕੀਤਾ ਪਰ ਆਮ ਕਰਕੇ ਵਿਸ਼ੇ ਵੀ ਸਾਧਾਰਨ ਸਨ, ਮਾਂ, ਨਾਨੀ, ਚਿੜੀ, ਕਾਂ, ਤੋਤਾ, ਮੋਰ, ਅਤੇ ਮਿਆਰ ਵੀ ਤੁਕਬੰਦੀ ਵਾਲਾ ਹੀ ਸੀ। ਇਹ ਘਾਟ ਹੁਣ ਤੱਕ ਤੁਰੀ ਆਉਂਦੀ ਹੈ। ਸਤੰਬਰ 1991 ਵਿਚ ਪੰਜਾਬ ਦੇ ਸਭਿਆਚਾਰਕ ਮਾਮਲੇ ਵਿਭਾਗ ਨਾਲ ਮਿਲ ਕੇ ਪੰਜਾਬ ਸਾਹਿਤ ਅਕਾਦਮੀ ਨੇ ਚੰਡੀਗੜ੍ਹ ਵਿਚ ਤਿੰਨ ਦਿਨਾਂ ਦਾ ਬਾਲ-ਸਾਹਿਤ ਸੈਮੀਨਾਰ ਕਰਵਾਇਆ। ਵਧੀਆ ਜਤਨ ਸੀ। ਉਹੋ ਜਿਹਾ ਵਿਚਾਰ-ਵਟਾਂਦਰਾ ਨਾ ਉਸਤੋਂ ਪਹਿਲਾਂ ਕਦੀ ਹੋਇਆ ਸੀ, ਨਾ ਮਗਰੋਂ ਹੋਇਆ ਹੈ। ਹਾਂ, ਉਥੇ ਜਿਹੜਾ ਉੱਠੇ, ਕਹੇ, ਸਰਕਾਰ ਬਾਲ-ਸਾਹਿਤ ਲਈ ਕੁਛ ਨਹੀਂ ਕਰਦੀ, ਮੇਰੀ ਅਲਮਾਰੀ ਵਿਚ ਪੰਦਰਾਂ (ਜਾਂ ਵੀਹ ਜਾਂ ਪੱਚੀ) ਖਰੜੇ ਛਪਣ ਲਈ ਬੇਚੈਨ ਹਨ, ਸਰਕਾਰ ਦਾ ਫ਼ਰਜ਼ ਹੈ ਕਿ ਉਹ ਛਪਵਾਵੇ। ਮੈਂ ਬਾਲ-ਸਾਹਿਤ ਬਾਰੇ ਕੁਛ ਮੂਲ ਗੱਲਾਂ ਕਰ ਕੇ ਕਿਹਾ, ਜਿਹੜੇ ਮਿੱਤਰ ਅਲਮਾਰੀਆਂ ਵਿਚ ਪਏ ਖਰੜਿਆਂ ਦੀ ਗੱਲ ਕਰਦੇ ਹਨ, ਉਹਨਾਂ ਨੂੰ, ਖਾਸ ਕਰਕੇ ਇਥੇ ਵਿਚਾਰੇ ਗਏ ਬਾਲ-ਸਾਹਿਤ ਦੇ ਸਰੂਪ ਦੇ ਨਜ਼ਰੀਏ ਤੋਂ, ਯਕੀਨ ਹੈ ਕਿ ਉਹ ਸੱਚਮੁੱਚ ਬਾਲ-ਸਾਹਿਤ ਹੀ ਹੈ? ਬੇਚੈਨ ਜਿਹੀ ਖ਼ਾਮੋਸ਼ੀ ਛਾ ਗਈ।

ਹੁਣ : ਇਸ ਸਮੇਂ ਸਥਿਤੀ ਕੀ ਹੈ? ਕੀ ਬਾਲ-ਮਨ ਨੂੰ ਸਮਝਿਆ ਜਾਣ ਲੱਗਿਆ ਹੈ? ਸਾਡਾ ਬਾਲ-ਸਾਹਿਤ ਸਮੇਂ ਤੇ ਲੋੜ ਅਨੁਸਾਰ ਉੱਭਰਿਆ ਕਿਉਂ ਨਹੀਂ?

ਭੁੱਲਰ: ਕੁਛ ਸੁਧਾਰ ਤਾਂ ਹੋਇਆ ਹੀ ਹੈ। ਮੌਲਕ ਲਿਖਣ ਦੇ ਗੰਭੀਰ ਜਤਨ ਹੋ ਰਹੇ ਹਨ। ਇਕ ਚੰਗੀ ਗੱਲ ਇਹ ਹੈ ਕਿ ਬਾਲ-ਸਾਹਿਤ ਦੇ ਲੇਖਕਾਂ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਰਸਾਲਿਆਂ ‘ਪੰਖੜੀਆਂ’ ਤੇ ‘ਪ੍ਰਾਇਮਰੀ ਸਿੱਖਿਆ’ ਦੇ ਰੂਪ ਵਿਚ ਤਸੱਲੀਬਖ਼ਸ਼ ਮਿਆਰ ਵਾਲਾ ਇਕ ਚੰਗਾ ਮੰਚ ਪ੍ਰਾਪਤ ਹੈ। ਉਹਨਾਂ ਵਿਚ ਸਰਕਾਰੀ ਰਸਾਲਿਆਂ ਵਾਲੀ ਨੀਰਸਤਾ ਤੇ ਡੰਗ-ਟਪਾਈ ਨਹੀਂ ਜਿਵੇਂ ਭਾਸ਼ਾ ਵਿਭਾਗ ਦੇ ਦਹਾਕਿਆਂ ਤੋਂ ਛਪਦੇ ਸਾਹਿਤਕ ਰਸਾਲੇ ‘ਜਨ ਸਾਹਿਤ’ ਤੇ ‘ਪੰਜਾਬੀ ਦੁਨੀਆ’ ਨਾ ਤਾਂ ਕਦੀ ਵੀ ਕਿਸੇ ਗਿਣਤੀ ਵਿਚ ਰਹੇ, ਨਾ ਕਦੀ ਉਹਨਾਂ ਦੀ ਕੋਈ ਹੋਂਦ ਹੀ ਮਹਿਸੂਸ ਹੋਈ। ਉਸ ਸਮੇਂ ਵੀ ਜਦੋਂ ਉਹ ਪੈਸੇ ਦੇਣ ਵਾਲੇ ਲਗਭਗ ਇਕੱਲੇ ਰਸਾਲੇ ਸਨ, ਚੰਗੇ ਲੇਖਕ ਉਹਨਾਂ ਨੂੰ ਰਚਨਾਵਾਂ ਨਹੀਂ ਸਨ ਭੇਜਦੇ। ਹੁਣ ਤਾਂ ਪਤਾ ਨਹੀਂ, ਛਪਦੇ ਵੀ ਹਨ ਕਿ ਨਹੀਂ। ਉਪਰੋਕਤ ਬਾਲ-ਰਸਾਲੇ ਚੰਗੇ ਚੰਗੇ ਲੇਖਕਾਂ ਨੂੰ ਅਪਣੇ ਨਾਲ ਜੋੜਨ ਵਿਚ ਸਫਲ ਰਹੇ ਹਨ। ਕਈ ਵਾਰ ਮੈਨੂੰ ਬਾਲ-ਸਾਹਿਤ ਦੇ ਇਨਾਮਾਂ ਲਈ ਨਿਰਖ-ਪਰਖ ਵਾਸਤੇ ਪੁਸਤਕਾਂ ਆਉਂਦੀਆਂ ਹਨ। ਅਜੇ ਵੀ ਬਹੁਤੀਆਂ ਤਸੱਲੀ ਨਹੀਂ ਦਿੰਦੀਆਂ। ਅਜੇ ਵੀ ਬਥੇਰੇ ਹਨ ਜਿਨ੍ਹਾਂ ਨੂੰ ਬਾਲਾਂ ਲਈ ਤੇ ਬਾਲਾਂ ਬਾਰੇ ਸਾਹਿਤ ਦਾ ਫ਼਼ਰਕ ਤੱਕ ਪਤਾ ਨਹੀਂ! ਜ਼ਰੂਰੀ ਨਹੀਂ, ਬਾਲਾਂ ਲਈ ਸਾਹਿਤ ਦੇ ਪਾਤਰ ਬਾਲ ਹੀ ਹੋਣ ਅਤੇ ਬਾਲ ਪਾਤਰਾਂ ਵਾਲਾ ਸਾਹਿਤ ਬਾਲਾਂ ਲਈ ਹੀ ਹੋਵੇ। ਜਦੋਂ ਬਾਲ-ਮਾਨਸਿਕਤਾ ਦੀ ਹੀ ਸਮਝ ਨਹੀਂ, ਇਹ ਆਸ ਨਹੀਂ ਕੀਤੀ ਜਾ ਸਕਦੀ ਕਿ ਅੱਗੋਂ ਉਹ ਲੇਖਕ ਬਾਲਾਂ ਦੀ ਉਮਰ ਅਨੁਸਾਰ ਵੰਡ ਕਰ ਕੇ ਸਾਹਿਤ ਲਿਖ ਸਕਣਗੇ। ਇਕੋ ਰਚਨਾ ਨੂੰ ਉਹ ਗੀਗਿਆਂ ਤੋਂ ਲੈ ਕੇ ਗਭਰੇਟਾਂ ਤੱਕ ਸਭ ਖਾਨਿਆਂ ਵਿਚ ਧੱਕ ਦਿੰਦੇ ਹਨ। ਅਮਰੀਕਾ ਵਿਚ ਮੈਂ ਪੋਤੀਆਂ ਲਈ ਕੁਛ ਪੁਸਤਕਾਂ ਖਰੀਦਣੀਆਂ ਚਾਹੀਆਂ। ਬੇਟੀ ਮੈਨੂੰ ਲਾਸ ਏਂਜਲਜ਼ ਦੀ ਇਕ ਦੁਕਾਨ ਵਿਚ ਲੈ ਗਈ। ਪੁਸਤਕਾਂ ਦੀ Eਡੀ ਵੱਡੀ ਦੁਕਾਨ ਸਾਡੇ ਵੱਡੇ ਸ਼ਹਿਰਾਂ ਵਿਚ ਵੀ ਵਿਰਲੀ-ਟਾਂਵੀਂ ਹੀ ਦਿਸਦੀ ਹੈ। ਪਰ ਮੈਂ ਦੰਗ ਤਾਂ Eਦੋਂ ਹੋਇਆ ਜਦੋਂ ਪਤਾ ਲੱਗਿਆ ਕਿ ਉਹ ਕੇਵਲ ਬਾਲ-ਸਾਹਿਤ ਦੀ ਹੀ ਦੁਕਾਨ ਹੈ। ਅਜੇ ਪੁਸਤਕ ਖੋਲ੍ਹਣ ਤੋਂ ਵੀ ਅਣਜਾਣ ਗੀਗਿਆਂ ਲਈ ਗੱਤੇ ਵਰਗੇ ਮੋਟੇ ਕਾਗ਼ਜ਼ ਉੱਤੇ ਛਪੀਆਂ ਹੋਈਆਂ, ਅੱਖਰਾਂ ਤੇ ਅੰਕਾਂ ਤੋਂ ਵਿਰਵੀਆਂ, ਕੇਵਲ ਆਮ ਦਿਸਦੀਆਂ ਚੀਜ਼ਾਂ ਦੀਆਂ ਰੰਗਦਾਰ ਤਸਵੀਰਾਂ ਵਾਲੀਆਂ, ਤਾਸ਼ ਦੇ ਪੱਤੇ ਤੋਂ ਵੀ ਛੋਟੇ ਆਕਾਰ ਦੀਆਂ ਪੁਸਤਕਾਂ ਜੋ ਬੱਚੇ ਦੇ ਫੜਿਆਂ ਆਪੇ ਹੀ ਵਹੀ ਵਾਂਗ ਖੁੱਲ੍ਹ ਜਾਂਦੀਆਂ ਹਨ। ਤੇ ਫੇਰ ਨਿਆਣਿਆਂ ਲਈ ਅੱਖਰਾਂ ਅਤੇ ਅੰਕਾਂ ਉੱਤੇ ਆਧਾਰਿਤ ਉਹੋ ਜਿਹੀਆਂ ਹੀ ਪੁਸਤਕਾਂ। ਅੱਗੇ ਚੱਲ ਸੋ ਚੱਲ! ਬੱਚਿਆਂ ਦੀ ਕੁਛ ਕੁਛ ਸਾਲਾਂ ਦੇ ਉਮਰ-ਜੁੱਟਾਂ ਅਨੁਸਾਰ ਵੰਡ ਕਰ ਕੇ ਹਰ ਜੁੱਟ ਲਈ ਕਵਿਤਾ, ਕਹਾਣੀਆਂ, ਨਾਵਲ, ਨਾਟਕ, ਗਿਆਨ, ਵਿਗਿਆਨ ਤੇ ਹੋਰ। ਸਾਨੂੰ ਇਸ ਸਭ ਕੁਛ ਤੋਂ ਸਿੱਖਿਆ ਲੈਣੀ ਚਾਹੀਦੀ ਹੈ। ਮੈਂ ਸਮਝਦਾ ਹਾਂ, ਚੰਡੀਗੜ੍ਹ ਵਾਲੇ ਸੈਮੀਨਾਰ ਵਰਗੇ ਗੰਭੀਰ ਸੈਮੀਨਾਰ ਕਰ ਕੇ ਬਾਲ-ਸਾਹਿਤ ਦੇ ਲੇਖਕਾਂ ਦੀ ਸੂਝ ਤਿੱਖੀ ਕਰਨ ਦੀ ਬਹੁਤ ਲੋੜ ਹੈ।

ਪੰਜਾਬੀ ਪ੍ਰਕਾਸ਼ਕ

ਹੁਣ : ਵਰਤਮਾਨ ਪੰਜਾਬੀ ਪ੍ਰਕਾਸ਼ਕਾਂ ਬਾਰੇ ਤੁਹਾਡਾ ਕੀ ਵਿਚਾਰ ਹੈ? ਕੀ ਉਹ ਸਮੇਂ ਦੀ ਲੋੜ ਦੇ ਹਾਣੀ ਸਿੱਧ ਹੋ ਰਹੇ ਹਨ?

ਭੁੱਲਰ: ਪ੍ਰਕਾਸ਼ਕਾਂ ਬਾਰੇ ਮੇਰੇ ਵਿਚਾਰ ਸ਼ੁਰੂ ਤੋਂ ਹੀ ਬਹੁਤੇ ਲੇਖਕਾਂ ਨਾਲੋਂ ਵੱਖਰੇ ਰਹੇ ਹਨ। ਮੈਂ ਸਪੱਸ਼ਟ ਕਰ ਦਿਆਂ, ਇਹਦਾ ਕਾਰਨ ਇਹ ਨਹੀਂ ਕਿ ਮੈਨੂੰ ਪਹਿਲੀ ਪੁਸਤਕ ਤੋਂ ਹੀ ਛਪਣ ਵਿਚ ਕੋਈ ਮੁਸ਼ਕਲ ਨਹੀਂ ਆਈ। ਲੇਖਕਾਂ ਤੇ ਪ੍ਰਕਾਸ਼ਕਾਂ ਦੇ ਪਾੜੇ ਦਾ ਮੁੱਖ ਕਾਰਨ ਇਹ ਹੈ ਕਿ ਕੁਛ ਹੋਸ਼ਮੰਦ ਲੇਖਕਾਂ ਨੂੰ ਛੱਡ ਕੇ ਬਾਕੀ ਸਭ ਇਹ ਸਮਝਦੇ ਹਨ ਕਿ ਪੁਸਤਕ ਲਿਖ ਕੇ ਉਹਨਾਂ ਨੇ ਕਾਰਨਾਮਾ ਕਰ ਦਿਖਾਇਆ ਹੈ ਤੇ ਬੜਾ ਵੱਡਾ ਸਮਾਜਕ-ਸਭਿਆਚਾਰਕ ਫ਼ਰਜ਼ ਨਿਭਾਇਆ ਹੈ, ਹੁਣ ਪ੍ਰਕਾਸ਼ਕ ਇਹਨੂੰ ਛਾਪਣ ਤੇ ਪਾਠਕਾਂ ਤੱਕ ਪੁਜਦੀ ਕਰਨ ਦਾ ਆਪਣਾ ਫ਼ਰਜ਼ ਨਿਭਾਵੇ! ਚਲੋ, ਫਿ਼ਲਹਾਲ ਪੁਸਤਕ ਦੇ ਚੰਗੀ-ਮਾੜੀ ਹੋਣ ਦੀ ਸਮੱਸਿਆ ਅਤੇ ਫ਼ਰਜ਼-ਨਿਭਾਈ ਦਾ ਮਸਲਾ ਸੋਚ-ਵਿਚਾਰ ਦੇ ਘੇਰੇ ਤੋਂ ਬਾਹਰ ਛੱਡ ਦਿੰਦੇ ਹਾਂ। ਨੁਕਤਾ ਜੋ ਅਜਿਹੇ ਲੇਖਕਾਂ ਦੀ ਸਮਝ ਵਿਚ ਨਹੀਂ ਆਉਂਦਾ, ਉਹ ਇਹ ਹੈ ਕਿ ਜੇ ਉਹਨਾਂ ਦੇ ਕਥਿਤ ਸਮਾਜ-ਸੁਧਾਰਕ ਮਿਸ਼ਨਰੀ ਭਾਵਨਾ ਦੇ ਦਾਅਵੇ ਨੂੰ ਮੰਨ ਵੀ ਲਿਆ ਜਾਵੇ, ਪ੍ਰਕਾਸ਼ਕ ਤਾਂ ਮਿਸ਼ਨਰੀ ਨਹੀਂ, ਉਹ ਤਾਂ ਦੁਕਾਨਦਾਰ ਹੈ। ਉਹਨੇ ਘਰਬਾਰ ਤੇ ਕਾਰੋਬਾਰ ਚਲਾਉਣਾ ਹੈ ਜਿਵੇਂ ਲੇਖਕ ਤਨਖ਼ਾਹ ਲੈ ਕੇ ਜਾਂ ਕੋਈ ਧੰਦਾ ਕਰ ਕੇ ਚਲਾਉਂਦੇ ਹਨ। ਦੁਕਾਨਦਾਰੀ ਦਾ ਅਸੂਲ ਹੈ ਕਿ ਲਾਭ ਵਾਲਾ ਸੌਦਾ ਛੱਡਣਾ ਨਹੀਂ ਤੇ ਘਾਟੇ ਵਾਲਾ ਕਰਨਾ ਨਹੀਂ। ਨਾਂ ਵਾਲੇ ਚੰਗੇ ਲੇਖਕਾਂ ਦੀਆਂ ਜਿਨ੍ਹਾਂ ਪੁਸਤਕਾਂ ਵਿਚੋਂ ਕੁਛ ਬਚਣ ਦੀ ਆਸ ਹੁੰਦੀ ਹੈ, ਉਹ ਪੈਸੇ ਦੇ ਕੇ ਛਾਪਦੇ ਹਨ। ਜੇ ਅੱਜ ਦੀ ਮਹਿੰਗੀ ਛਪਾਈ ਕਰਨ ਮਗਰੋਂ ਪੁਸਤਕ ਵਿਕਣੀ ਹੀ ਨਹੀਂ, ਉਹ ਕਿਉਂ ਛਾਪਣ? ਪ੍ਰਕਾਸ਼ਕ ਨੇ ਦੁਕਾਨਦਾਰ ਵਜੋਂ ਕੀ ਖਰੀਦਣਾ ਹੈ ਤੇ ਕੀ ਵੇਚਣਾ ਹੈ, ਇਹ ਨਿਰਣਾ ਉਸੇ ਉੱਤੇ ਛੱਡ ਦੇਣਾ ਚਾਹੀਦਾ ਹੈ। ਮੈਂ ਇਹ ਬਿਲਕੁਲ ਨਹੀਂ ਕਹਿ ਰਿਹਾ ਕਿ ਕੁਛ ਪ੍ਰਕਾਸ਼ਕ ਦੂਜੇ ਦੁਕਾਨਦਾਰਾਂ ਵਾਂਗ ਹੀ ਹੇਰਾਫੇਰੀ ਨਹੀਂ ਕਰਦੇ। ਸਭ ਤੋਂ ਬਹੁਤੀ ਮਾਰ ਉਹਨਾਂ ਲੇਖਕਾਂ ਨੂੰ ਪੈਂਦੀ ਹੈ ਜੋ ਵਿਕਣ ਤਾਂ ਲੱਗ ਜਾਂਦੇ ਹਨ ਪਰ ਪ੍ਰਕਾਸ਼ਕ ਜਾਣ ਕੇ ਇਹ ਤੱਥ ਪਰਵਾਨ ਨਹੀਂ ਕਰਦੇ। ਉਹ ਉਹਨਾਂ ਤੋਂ ਪੈਸੇ ਵੀ ਲੈ ਲੈਂਦੇ ਹਨ ਤੇ ਪੁਸਤਕਾਂ ਵੇਚ ਵੀ ਲੈਂਦੇ ਹਨ! ਆਮ ਦੁਕਾਨਦਾਰਾਂ ਵਾਲੇ ਫ਼ਾਰਮੂਲੇ ਬਹੁਤ ਸਾਰੇ ਪ੍ਰਕਾਸ਼ਕਾਂ ਨੇ ਵੀ ਘੜੇ ਹੋਏ ਹਨ।

ਹੁਣ : ਪੰਜਾਬੀ ਵਿਚ ਅੱਜ-ਕੱਲ੍ਹ ਛਪਦੇ ਸਾਹਿਤ ਬਾਰੇ ਤੁਹਾਡੀ ਕੀ ਰਾਇ ਹੈ?

ਭੁੱਲਰ: ਸਾਰੇ ਸਾਹਿਤ ਨੂੰ ਇਕੋ ਰੱਸੇ ਤਾਂ ਨਹੀਂ ਬੰਨ੍ਹਿਆ ਜਾ ਸਕਦਾ ਪਰ ਬਹੁਤੇ ਬਾਰੇ ਕੋਈ ਬਹੁਤੀ ਚੰਗੀ ਰਾਇ ਨਹੀਂ। ਪੁਸਤਕਾਂ ਦੀ ਇਕ ਵੰਡ ਤਾਂ ਪ੍ਰਕਾਸ਼ਕਾਂ ਦੀ ਸੋਚ ਅਨੁਸਾਰ ਕੀਤੀ ਜਾ ਸਕਦੀ ਹੈ ਜੋ ਕਾਫ਼ੀ ਹੱਦ ਤੱਕ ਸਹੀ ਵੀ ਹੈ। ਇਕ ਪੁਸਤਕਾਂ ਤਾਂ ਉਹ ਹਨ ਜੋ ਰਾਇਲਟੀ ਦੇ ਕੇ ਛਾਪੀਆਂ ਜਾਂਦੀਆਂ ਹਨ। ਇਹਨਾਂ ਵਿਚੋਂ ਕਾਫ਼ੀ ਪੜ੍ਹਨਜੋਗ ਮਿਲ ਜਾਂਦੀਆਂ ਹਨ। ਦੂਜੀਆਂ ਉਹ ਹਨ ਜਿਨ੍ਹਾਂ ਵਿਚੋਂ ਵੀ ਕਾਫ਼ੀ ਪੜ੍ਹਨਜੋਗ ਹੁੰਦੀਆਂ ਹਨ ਪਰ ਪ੍ਰਕਾਸ਼ਕ ਝੂਠਮੂਠ ਕਹਿ ਦਿੰਦੇ ਹਨ ਕਿ ਪੁਸਤਕ ਵਿਕਣੀ ਤਾਂ ਹੈ ਨਹੀਂ, ਨਾ ਕੁਛ ਲਈਏ ਤੇ ਨਾ ਕੁਛ ਦੇਈਏ। ਤੀਜੀਆਂ ਉਹ ਹਨ ਜੋ ਲੇਖਕ ਪ੍ਰਕਾਸ਼ਕ ਨੂੰ ਹਜ਼ਾਰਾਂ ਰੁਪਏ ਦੇ ਕੇ ਛਪਵਾਉਂਦੇ ਹਨ। ਇਹ ਮੋਟੇ ਤੌਰ ਉੱਤੇ ਤੂੜੀ-ਸਾਹਿਤ ਹੁੰਦਾ ਹੈ। ਇਹਤੋਂ ਇਲਾਵਾ ਇਕ ਚੌਥੀ ਕਿਸਮ ਹੈ, ਲੇਖਕਾਂ ਵੱਲੋਂ ਆਪ ਛਾਪੀਆਂ ਜਾਂਦੀਆਂ ਪੁਸਤਕਾਂ। ਕੰਪਿਊਟਰ ਨੇ ਇਹ ਕੰਮ ਬਹੁਤ ਸੌਖਾ ਕਰ ਦਿੱਤਾ ਹੈ। ਮੈਨੂੰ ਚੇਤੇ ਹੈ, 1959 ਵਿਚ ਅਸੀਂ ਸਾਹਿਤ ਸਭਾ ਰਾਮਪੁਰਾ ਫੂਲ ਦੇ ਨਵੇਂ ਨਵੇਂ ਕਵੀਆਂ ਨੇ ਸਾਂਝੀ ਪੁਸਤਕ ਛਪਵਾਉਣ ਦੀ ਸਲਾਹ ਬਣਾਈ ਤਾਂ ਇਹ ਹੀ ਪਤਾ ਨਾ ਲੱਗੇ ਕਿ ਕਿਵੇਂ ਤੇ ਕਿਥੋਂ ਛਪਵਾਈਏ। ਆਖ਼ਰ ਕਿਸੇ ਨੇ ਦੱਸਿਆ ਕਿ ਜਾਂ ਪ੍ਰੀਤਨਗਰ ਨਾਲ ਸੰਪਰਕ ਕਰੋ ਜਾਂ ਪ੍ਰੋ. ਮੋਹਨ ਸਿੰਘ ਨਾਲ। ਪ੍ਰੋ.ਮੋਹਨ ਸਿੰਘ ਨਾਲ ਗੱਲ ਨਿੱਬੜੀ। ਹੁਣ ਕਿਸੇ ਤਰੱਦਦ ਦੀ ਲੋੜ ਨਹੀਂ। ਜੇ ਆਪ ਕੰਪਿਊਟਰ ਆਉਂਦਾ ਹੈ, ਮੌਜਾਂ ਹੀ ਮੌਜਾਂ, ਨਹੀਂ ਤਾਂ ਜਿਉਂਦਾ ਰਹੇ ਨੇੜਲੀ ਗਲੀ ਦਾ ਕੰਪਿਊਟਰ ਵਾਲਾ। ਸੀਡੀ ਜੇਬ ਵਿਚ ਪਾਉ ਤੇ ਜਿਥੋਂ ਮਰਜ਼ੀ, ਪੁਸਤਕ ਛਪਵਾ ਲਿਆਉ। ਇਸ ਸੌਖ ਨੇ ਸਾਹਿਤ ਦਾ ਬੜਾ ਨੁਕਸਾਨ ਕੀਤਾ ਹੈ। ਪੁੱਠਾ-ਸਿੱਧਾ, ਵਿੰਗਾ-ਟੇਢਾ ਕੁਛ ਵੀ ਲਿਖ ਲਵੋ, ਛਪਦਾ ਏਨਾਂ ਸੋਹਣਾ ਹੈ ਕਿ ਇਕ ਵਾਰ ਤਾਂ ਪੁਸਤਕ ਦੇਖਿਆਂ ਹੀ ਬਣਦੀ ਹੈ! ਤੀਜੀ ਤੇ ਚੌਥੀ ਕਿਸਮ ਦੇ ਇਸ ਤੂੜੀ ਸਾਹਿਤ ਵਿਚ ਖਰੇ ਸਾਹਿਤ ਦੇ ਦਾਣੇ ਗੁਆਚ ਕੇ ਰਹਿ ਜਾਂਦੇ ਹਨ ਅਤੇ ਪਾਠਕ ਲਈ ਨਿਖੇੜਨੇ-ਲੱਭਣੇ ਔਖੇ ਹੋ
ਜਾਂਦੇ ਹਨ।

ਕਹਾਣੀ ਦੀ ਸਰਦਾਰੀ

ਹੁਣ : ਪੰਜਾਬੀ ਕਹਾਣੀ ਦੀ ਵਰਤਮਾਨ ਸਥਿਤੀ ਅਤੇ ਪੱਧਰ ਬਾਰੇ ਤੁਹਾਡਾ ਕੀ ਵਿਚਾਰ ਹੈ?

ਭੁੱਲਰ: ਪੰਜਾਬੀ ਕਹਾਣੀ ਦੀ ਸਥਿਤੀ ਤਸੱਲੀਬਖ਼ਸ਼ ਹੈ। ਬਾਕੀ ਵਿਧਾਵਾਂ ਦੇ ਟਾਕਰੇ ਇਹਦੀ ਸਰਦਾਰੀ ਚਿਰਾਂ ਤੋਂ ਬਣੀ ਹੋਈ ਹੈ। ਕੁਛ ਮਿੰਟਾਂ ਵਿਚ ਇਹ ਜੀਵਨ ਦੇ ਕਿਸੇ ਪੱਖ ਦਾ ਅਜਿਹਾ ਚਮਤਕਾਰੀ ਝਲਕਾਰਾ ਪੇਸ਼ ਕਰਦੀ ਹੈ ਕਿ ਪਾਠਕ ਮੋਹਿਆ ਜਾਂਦਾ ਹੈ। ਜਦੋਂ ਸੰਤੋਖ ਸਿੰਘ ਧੀਰ ਨੇ ਇਕ ਸਾਹਿਤਕ ਸਮਾਗਮ ਵਿਚ ਪੰਜਾਬੀ ਕਹਾਣੀ ਨੂੰ ਵਿਸ਼ਵ ਪੱਧਰ ਦੀ ਕਿਹਾ ਸੀ ਤਾਂ ਉਹਦੀ ਗੱਲ ਦਾ ਵਿਰੋਧ ਦੀ ਖ਼ਾਤਰ ਵਿਰੋਧ ਕਰਨ ਵਾਲੇ ਕੁਛ ਲੋਕ ਸਾਧਾਰਨ ਜਿਹੇ ਕਹਾਣੀਕਾਰਾਂ ਦਾ ਨਾਂ ਲੈ ਲੈ ਕੇ ਮਖ਼ੌਲ ਕਰਦੇ ਸਨ ਕਿ ਇਹ ਹੈ ਵਿਸ਼ਵ ਪੱਧਰ ਦੀ ਕਹਾਣੀ? ਉਹਨਾਂ ਨੂੰ ਏਨੀਂ ਸਮਝ ਨਹੀਂ ਸੀ ਕਿ ਸੰਸਾਰ ਦੀ ਕਿਸੇ ਵੀ ਭਾਸ਼ਾ ਦਾ ਸਾਰਾ ਸਾਹਿਤ ਉੱਤਮ ਨਹੀਂ ਹੋ ਸਕਦਾ। ਜਦੋਂ ਸੰਸਾਰ ਪੱਧਰ ਦੀ ਕਹਾਣੀ ਦੀ ਗੱਲ ਕੀਤੀ ਜਾਂਦੀ ਹੈ, ਉਸ ਤੁਲਨਾ ਵਿਚ ਸਾਰੀਆਂ ਭਾਸ਼ਾਵਾਂ ਦੀਆਂ ਸਿਖਰੀ ਕਹਾਣੀਆਂ ਹੀ ਸ਼ਾਮਲ ਹੁੰਦੀਆਂ ਹਨ। ਪੰਜਾਬੀ ਦੀਆਂ ਚੋਣਵੀਆਂ ਕਹਾਣੀਆਂ ਬਿਨਾਂ-ਸ਼ੱਕ ਹੋਰ ਭਾਸ਼ਾਵਾਂ ਦੀਆਂ ਸਰਬੋਤਮ ਕਹਾਣੀਆਂ ਨਾਲ ਮੋਢਾ ਮੇਚਦੀਆਂ ਹਨ। ਸਾਨੂੰ ਇਸ ਗੱਲ ਦਾ ਮਾਣ ਹੋਣਾ ਚਾਹੀਦਾ ਹੈ।

ਹੁਣ : ਪੰਜਾਬੀ ਕਹਾਣੀ ਦੇ ਵਿਕਾਸ ਵਿਚ ਤੁਸੀਂ ਕਿਨ੍ਹਾਂ ਕਹਾਣੀਕਾਰਾਂ ਨੂੰ ਗਿਨਣਜੋਗ ਹਿੱਸਾ ਪਾਉਣ ਵਾਲੇ ਸਮਝਦੇ ਹੋ? ਅਪਣੇ ਆਪ ਨੂੰ ਤੁਸੀਂ ਉਹਨਾਂ ਦੇ ਕਿੰਨੇ ਕੁ ਦੇਣਦਾਰ ਮੰਨਦੇ ਹੋ?

ਭੁੱਲਰ: ਆਧੁਨਿਕ ਪੰਜਾਬੀ ਕਹਾਣੀ ਦੀ ਉਮਰ ਤਾਂ ਸੌ ਸਾਲ ਵੀ ਨਹੀਂ ਹੋਈ ਪਰ ਇਹ ਨਿਕਾਸ ਤੋਂ ਵਿਕਾਸ ਤੱਕ ਦਾ ਪੰਧ ਤੇਜ਼ੀ ਨਾਲ ਪਾਰ ਕਰ ਕੇ ਨਿੱਖਰੇ ਹੋਏ ਰੂਪ ਵਿਚ ਹਾਜ਼ਰ ਹੈ। ਇਸਦਾ ਇਕ ਕਾਰਨ ਰਿਗਵੇਦ ਵਿਚ ਖਿੰਡੀਆਂ ਪਈਆਂ ਕਥਾਵਾਂ, ਪੰਚਤੰਤਰ, ਬ੍ਰਿਹਤਕਥਾ, ਕਥਾਸ੍ਰਿਤਸਾਗਰ ਅਤੇ ਰਾਮਾਇਣ ਤੇ ਮਹਾਂਭਾਰਤ ਤੋਂ ਤੁਰੀਆਂ ਸਾਡੀਆਂ ਕਥਾ-ਕਹਾਣੀਆਂ, ਸਾਖੀਆਂ, ਕਿੱਸਿਆਂ ਤੇ ਬਾਤਾਂ ਦੀ ਨਰੋਈ ਪ੍ਰੰਪਰਾ ਦਾ ਇਹਦੇ ਪਿੱਛੇ ਖਲੋਤੇ ਹੋਣਾ ਹੈ। ਇਸੇ ਕਰਕੇ ਮੈਂ ਆਧੁਨਿਕ ਪੰਜਾਬੀ ਕਹਾਣੀ ਨੂੰ ਸਥਾਨਕ ਮੂਲ ਦੀ ਮੰਨਦਾ ਹਾਂ। ਮੈਂ ਪੰਜਾਬੀ ਕਹਾਣੀ ਦਾ ਆਧੁਨਿਕ ਰੂਪ ਅੰਗਰੇਜ਼ੀ ਰਾਹੀਂ ਯੂਰਪ ਤੋਂ ਆਏ ਹੋਣ ਦੇ ਮੱਤ ਨਾਲ ਬਿਲਕੁਲ ਸਹਿਮਤ ਨਹੀਂ। ਹਾਂ, ਇਸ ਗੱਲ ਨਾਲ ਕਿਸੇ ਹੱਦ ਤੱਕ ਸਹਿਮਤ ਹੋਇਆ ਜਾ ਸਕਦਾ ਹੈ ਕਿ ਪਰਦੇਸੀ ਕਹਾਣੀ ਨੇ ਇਹਦੀ ਤਕਨੀਕ ਨੂੰ ਚੁਸਤ ਬਣਾਇਆ, ਵਿਸਿ਼ਆਂ ਦੀ ਵੰਨਸੁਵੰਨਤਾ ਦਿਖਾਈ ਅਤੇ ਮਨੁੱਖੀ ਮਨ ਵਿਚ ਹੋਰ ਡੂੰਘਾ ਝਾਕਣਾ ਦੱਸਿਆ। ਭਾਈ ਮੋਹਨ ਸਿੰਘ ਵੈਦ, ਹੀਰਾ ਸਿੰਘ ਦਰਦ, ਚਰਨ ਸਿੰਘ ਸ਼ਹੀਦ, ਆਦਿ ਦੀਆਂ ਆਧਾਰ-ਰੂਪੀ ਆਦਰਸ਼ਵਾਦੀ-ਸੁਧਾਰਵਾਦੀ ਕਹਾਣੀਆਂ ਤੋਂ ਤੁਰ ਕੇ ਗੁਰਬਖ਼ਸ਼ ਸਿੰਘ, ਨਾਨਕ ਸਿੰਘ, ਆਦਿ ਸਦਕਾ ਤਬਦੀਲੀ ਵਿਚੋਂ ਲੰਘਦਿਆਂ ਸਤਿਆਰਥੀ, ਸੇਖੋਂ, ਸੁਜਾਨ ਸਿੰਘ, ਆਦਿ ਦੀ ਕਲਮੋਂ ਇਹ ਆਧੁਨਿਕ ਰੂਪ ਧਾਰ ਗਈ। ਦੁੱਗਲ, ਧੀਰ, ਵਿਰਕ, ਸਰਨਾ, ਆਦਿ ਨੇ ਇਹਨੂੰ ਖ਼ੂਬ ਨਿਖਾਰਿਆ। ਉਹਨਾਂ ਮਗਰੋਂ ਮੇਰੇ ਥੋੜ੍ਹੇ-ਬਹੁਤੇ ਅੱਗੇ-ਪਿੱਛੇ ਦੇ ਹਾਣੀ ਆ ਜਾਂਦੇ ਹਨ, ਅਣਖੀ, ਵਿਰਦੀ, ਢੰਡ, ਪ੍ਰੇਮ ਪ੍ਰਕਾਸ਼, ਅਜੀਤ ਕੌਰ, ਗੁਲਜ਼ਾਰ ਸਿੰਘ ਸੰਧੂ, ਰੁਪਾਣਾ, ਸੁਖਵੰਤ ਕੌਰ ਮਾਨ, ਮੋਹਨ ਭੰਡਾਰੀ, ਵਰਿਆਮ ਸਿੰਘ ਸੰਧੂ, ਜਸਬੀਰ ਭੁੱਲਰ, ਪਰਗਟ ਸਿੰਘ ਸਿੱਧੂ, ਕਜ਼ਾਕ, ਗੋਰਖੀ, ਅਤਰਜੀਤ, ਆਦਿ। ਇਹਨਾਂ ਹੱਥੀਂ ਕਹਾਣੀ ਅਪਣੇ ਕਮਾਲ ਨੂੰ ਪਹੁੰਚ ਗਈ। ਸਭ ਦੇ ਨਾਂ ਗਿਨਣਾ ਤਾਂ ਸੰਭਵ ਨਹੀਂ ਪਰ ਇਸ ਗੱਲੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਹੋਰ ਅਨੇਕਾਂ ਨੇ ਵੀ ਅਪਣਾ ਬਣਦਾ-ਸਰਦਾ ਹਿੱਸਾ ਪਾਇਆ। ਹਰ ਇਕ ਦਾ ਅਪਣਾ ਮਹੱਤਵ ਹੈ, ਥੋੜ੍ਹਾ ਚਾਹੇ ਬਹੁਤਾ। ਬੂੰਦ ਬੂੰਦ ਜੁੜ ਕੇ ਹੀ ਗਾਗਰ ਭਰਦੀ ਹੈ। ਬੈਂਜਾਮਿਨ ਫ਼ਰੈਂਕਲਿਨ ਦਾ ਇਕ ਵਧੀਆ ਕਥਨ ਹੈ, “ਜੇ ਤੁਸੀਂ ਅਪਣੀ ਮੌਤ ਦੇ ਨਾਲ ਹੀ ਵਿਸਾਰੇ ਜਾਣਾ ਨਹੀਂ ਚਾਹੁੰਦੇ, ਜਾਂ ਤਾਂ ਅਜਿਹੀਆਂ ਰਚਨਾਵਾਂ ਕਰੋ ਜੋ ਪੜ੍ਹਨਜੋਗ ਹੋਣ ਤੇ ਜਾਂ ਫੇਰ ਅਜਿਹੀਆਂ ਕਰਨੀਆਂ ਕਰੋ ਜੋ ਲਿਖਣਜੋਗ ਹੋਣ।” ਮੇਰਾ ਵਿਸ਼ਵਾਸ ਹੈ, ਸਾਡੇ ਇਹਨਾਂ ਕਹਾਣੀਕਾਰਾਂ ਨੇ ਅਜਿਹੀਆਂ ਕਹਾਣੀਆਂ ਜ਼ਰੂਰ ਲਿਖੀਆਂ ਹਨ ਜੋ ਪੜ੍ਹਨਜੋਗ ਹਨ ਤੇ ਉਹਨਾਂ ਨੂੰ ਛੇਤੀ ਛੇਤੀ ਵਿਸਰਨ ਨਹੀਂ ਦੇਣਗੀਆਂ।


ਮੈਂ ਅਪਣੇ ਤੋਂ ਪਹਿਲੇ ਕਹਾਣੀਕਾਰਾਂ ਦੇ ਸੰਬੰਧ ਵਿਚ ਪੂਰੀ ਦੇਣਦਾਰੀ ਮਹਿਸੂਸ ਕਰਦਾ ਹਾਂ। ਮੈਂ ਪ੍ਰਸਿੱਧ ਵਿਗਿਆਨੀ ਈਸਾਕ ਨਿਊਟਨ ਦੀ ਗੱਲ ਨਾਲ ਸਹਿਮਤ ਹਾਂ ਜੋ ਕਹਿੰਦਾ ਹੈ,“ਜੇ ਮੈਂ ਹੋਰ ਅੱਗੇ ਦੇਖ ਸਕਿਆ ਹਾਂ, ਇਹ ਇਸ ਕਰਕੇ ਕਿ ਮੈਂ ਕੱਦਾਵਰਾਂ ਦੇ ਮੋਢਿਆਂ ਉੱਤੇ ਚੜ੍ਹਿਆ ਹੋਇਆ ਸੀ!” ਹਰ ਲੇਖਕ ਉੱਤੇ ਅਣਗਿਣਤ ਪ੍ਰਭਾਵ ਪੈਂਦੇ ਹਨ। ਰਚਨਾ ਦੇ ਪ੍ਰਭਾਵ ਦੇ ਵਾਧੇ ਵਿਚ ਉਸ ਪਿੱਛੇ ਜੁੜੇ ਹੋਏ ਅਨੇਕ ਪ੍ਰਭਾਵਾਂ ਦਾ ਹੱਥ ਹੁੰਦਾ ਹੈ ਜਿਵੇਂ ਗਾਇਕ ਦੇ ਪ੍ਰਭਾਵ ਦੇ ਵਾਧੇ ਵਿਚ ਉਹਦੇ ਪਿੱਛੇ ਖਲੋਤੇ ਅਨੇਕ ਸਾਜ਼-ਸਾਜਿ਼ੰਦਿਆਂ ਦਾ ਹੱਥ ਹੁੰਦਾ ਹੈ। ਸਾਡੇ ਤੁਰਨ ਲਈ ਪਗਡੰਡੀ ਸਾਥੋਂ ਪਹਿਲੇ ਲੇਖਕਾਂ ਨੇ ਹੀ ਬਣਾਈ। ਗੱਲ ਨੂੰ ਗਲਪ ਬਣਾਉਣਾ ਤੇ ਸ਼ਬਦਾਂ ਨੂੰ ਸਾਹਿਤ ਬਣਾਉਣਾ ਮੈਂ ਉਹਨਾਂ ਤੋਂ ਹੀ ਸਿੱਖਿਆ।

ਜੜਾਂ ਤੋਂ ਇਨਕਾਰੀ ਲੇਖਕ

ਹੁਣ : ਕਈ ਲੇਖਕ ਅਜਿਹੀ ਕਿਸੇ ਦੇਣਦਾਰੀ ਤੋਂ ਇਨਕਾਰੀ ਵੀ ਹਨ। ਉਹਨਾਂ ਦਾ ਦਾਅਵਾ ਹੈ ਕਿ ਜੇ ਉਹਨਾਂ ਤੋਂ ਪਹਿਲਾਂ ਕਿਸੇ ਨੇ ਪੰਜਾਬੀ ਵਿਚ ਲਿਖਿਆ ਹੀ ਨਾ ਹੁੰਦਾ, ਤਾਂ ਵੀ ਉਹ ਅੱਜ ਵਾਲੇ ਲੇਖਕ ਹੀ ਹੁੰਦੇ।

ਭੁੱਲਰ: ਹਾਂ, ਕੁਛ ਲੇਖਕਾਂ ਦਾ ਦਾਅਵਾ ਹੈ ਕਿ ਜੇ ਉਹਨਾਂ ਤੋਂ ਪਹਿਲਾਂ ਕੋਈ ਵੀ ਪੰਜਾਬੀ ਸਾਹਿਤਕਾਰ ਨਾ ਹੋਇਆ ਹੁੰਦਾ, ਤਾਂ ਵੀ ਉਹ ਤਾਂ ਹੁਣ ਵਾਲੇ ਸਾਹਿਤਕਾਰ ਹੀ ਹੁੰਦੇ। ਕੁਛ ਲੇਖਕ ਤਾਂ ਅਪਣੇ ਤੋਂ ਪਹਿਲਿਆਂ ਨੂੰ ਕੂੜਾ-ਕਚਰਾ ਲਿਖਣ ਵਾਲੇ ਵੀ ਆਖਦੇ ਹਨ। ਇਹ ਇਉਂ ਹੈ ਜਿਵੇਂ ਕੰਧ ਦਾ ਕੋਈ ਰਦਾ ਕਹੇ ਕਿ ਜੇ ਬੁਨਿਆਦ ਅਤੇ ਮੈਥੋਂ ਹੇਠਲੇ ਰਦੇ ਨਾ ਵੀ ਹੁੰਦੇ, ਮੈਂ ਤਾਂ ਵੀ ਇਥੇ ਹੀ ਹਵਾ ਵਿਚ ਏਨਾਂ ਹੀ ਉੱਚਾ ਮੌਜੂਦ ਹੋਣਾ ਸੀ। ਅਜਿਹੇ ਲੇਖਕ ਕ੍ਰਿਸ ਮੈਥਿਊਸ ਦਾ ਕਥਨ ਯਾਦ ਰੱਖਣ ਤਾਂ ਉਹਨਾਂ ਲਈ ਠੀਕ ਰਹੇ,“ਜਦੋਂ ਕਿਸੇ ਬੰਦ ਦਰਵਾਜ਼ੇ ਦਾ ਕੁੰਡਾ ਤੁਹਾਡੇ ਵਾਸਤੇ ਖੁਲ੍ਹਦਾ ਹੈ, ਦੂਜੇ ਪਾੱਸੇ ਉਹਨੂੰ ਖੋਲ੍ਹਣ ਵਾਲਾ ਜ਼ਰੂਰ ਕੋਈ ਹੁੰਦਾ ਹੈ!” ਚਾਲੀ-ਪੰਜਾਹ ਸਾਲ ਪੁਰਾਣੀ ਗੱਲ ਹੈ, ਇਕ ਹੱਠਯੋਗੀ ਹੁੰਦਾ ਸੀ। ਉਹਨੇ ਐਲਾਨ ਕੀਤਾ ਕਿ ਉਹ ਪਾਣੀ ਦੇ ਉੱਤੇ ਤੁਰ ਕੇ ਦਿਖਾਵੇਗਾ। ਉਹਨੀਂ ਦਿਨੀਂ ਅੰਗਰੇਜ਼ੀ ਦਾ ਇਕੋ ਬਹੁਤਾ ਮਸ਼ਹੂਰ ਹਫ਼ਤਾਵਾਰ ਹੁੰਦਾ ਸੀ, ਮਾਲਕ-ਐਡੀਟਰ ਆਰ. ਕੇ. ਕਰੰਜੀਆ ਦਾ ‘ਬਲਿਟਜ਼’। ਬੇਹੱਦ ਚਾਹ ਕੇ ਪੜ੍ਹਿਆ ਜਾਂਦਾ ਸੀ। ਇਹ ਅੱਜ ਵਾਲੇ ਵੀਕਲੀ ਤਾਂ ਬਹੁਤ ਮਗਰੋਂ ਨਿਕਲੇ। ਉਹਨੇ ਹੱਠਯੋਗੀ ਦਾ ਬੜਾ ਗੁੱਡਾ ਬੰਨ੍ਹਿਆ ਜਿਵੇਂ ਬੱਸ ਪਾਣੀ ਉੱਤੇ ਉਹਦਾ ਤੁਰਨਾ ਤਾਂ ਯਕੀਨੀ ਹੋਵੇ। ਆਖ਼ਰ ਨਿਸਚਿਤ ਦਿਨ ਕੌਮੀ-ਕੌਮਾਂਤਰੀ ਪੱਤਰਕਾਰਾਂ ਤੇ ਫੋ਼ਟੋਗ੍ਰਾਫ਼ਰਾਂ ਅਤੇ ਉਤਸੁਕ ਲੋਕਾਂ ਦੀ ਭਾਰੀ ਹਾਜ਼ਰੀ ਵਿਚ ਚਿਰਾਂ ਤੋਂ ਉਡੀਕੀ ਜਾ ਰਹੀ ਘੜੀ ਆ ਹੀ ਗਈ। ਹੱਠਯੋਗੀ ਨੇ ਇਕ ਪੈਰ ਬੜੇ ਧੀਰਜ ਤੇ ਸੰਤੁਲਨ ਨਾਲ ਪਾਣੀ ਦੇ ਐਨ ਉੱਤੇ ਟਿਕਾਇਆ ਜਿਵੇਂ ਫ਼ਰਸ਼ ਉੱਤੇ ਰੱਖਿਆ ਹੋਵੇ। ਸਭ ਦੇ ਸਾਹ ਰੁਕ ਗਏ। ਜਿਉਂ ਹੀ ਦੂਜਾ ਪੈਰ ਧਰਤੀ ਤੋਂ ਹਵਾ-ਸਮਾਨ ਉੱਚਾ ਹੋਇਆ, ਹੱਠਯੋਗੀ ਜੀ ਗੜੱਪ ਪਾਣੀ ਦੇ ਅੰਦਰ! ਬੁਨਿਆਦ ਅਤੇ ਹੇਠਲੇ ਰਦਿਆਂ ਤੋਂ ਬਿਨਾਂ ਹਵਾ ਵਿਚ ਉੱਚੇ ਉੱਠੇ ਹੋਣ ਦਾ ਦਾਅਵਾ ਕਰਨ ਵਾਲੇ ਸਾਹਿਤਕਾਰਾਂ ਨੂੰ ਹੱਠਯੋਗੀ ਵਾਂਗ ਪਤਾ ਵੀ ਨਹੀਂ ਲੱਗਣਾ ਕਿ ਉਹ ਸਮੇਂ ਦੇ ਪਾਣੀ ਵਿਚ ਕਦੋਂ ਗੜੱਪ ਡੁੱਬ ਗਏ। ਤੇ ਪਾਣੀ ਦਾ ਇਕ ਲੱਛਣ ਬੜਾ ਚੰਦਰਾ ਹੈ –-ਕੁਛ ਪਲਾਂ ਮਗਰੋਂ ਡੁੱਬਣ ਵਾਲੇ ਦਾ ਤਾਂ ਕੀ, ਡੁੱਬਣ ਵਾਲੇ ਕਾਰਨ ਪੈਦਾ ਹੋਈਆਂ ਪਾਣੀ ਦੀ ਸਤਾਹ ਉਤਲੀਆਂ ਲਹਿਰਾਂ ਦਾ ਵੀ ਕੋਈ ਨਾਂ-ਨਿਸ਼ਾਨ ਨਹੀਂ ਬਚਦਾ!

ਫੇਰ, ਭਾਈ, ਅਪਣੀ ਅਪਣੀ ਜੋਗਤਾ ਤੇ ਸਮਰੱਥਾ ਦੀ ਵੀ ਗੱਲ ਹੈ। ਹੋ ਸਕਦਾ ਹੈ, ਮੈਂ ਅਜਿਹੇ ਲੇਖਕਾਂ ਨਾਲੋਂ ਘੱਟ ਜੋਗ ਤੇ ਸਮਰੱਥ ਹੋਵਾਂ। ਮੈਨੂੰ ਲਗਦਾ ਹੈ, ਜੇ ਮੈਥੋਂ ਪਹਿਲਾਂ ਵਾਲੇ ਕਹਾਣੀਕਾਰ ਨਾ ਹੁੰਦੇ, ਮੈਂ ਵੀ ਨਾ ਹੁੰਦਾ। ਵੀਅਤਨਾਮ ਦੀ ਕਹਾਵਤ ਹੈ, ਜਦੋਂ ਫਲ ਖਾਈਏ, ਬਿਰਛ ਲਾਉਣ ਵਾਲੇ ਨੂੰ ਜ਼ਰੂਰ ਯਾਦ ਕਰੀਏ! ਸੰਸਾਰ ਦੇ ਕਿਸੇ ਵੱਡੇ ਤੋਂ ਵੱਡੇ ਲੇਖਕ ਨੂੰ ਵੀ ਸਾਕਾਰ ਸੰਪੂਰਨਤਾ ਨਹੀਂ ਕਿਹਾ ਜਾ ਸਕਦਾ। ਸਭ ਸੰਪੂਰਨਤਾ ਦੇ ਵੱਧ-ਘੱਟ ਨੇੜੇ ਪੁੱਜੇ ਕਹੇ ਜਾ ਸਕਦੇ ਹਨ। ਇਕ ਦੂਜੇ ਤੋਂ ਹੌਲਾ-ਭਾਰਾ ਦੱਸਣ ਲਈ ਉਹਨਾਂ ਨੂੰ ਤੋਲਣਾ ਵਾਜਬ ਨਹੀਂ। ਇਹ ਕੰਮ ਮੇਰਾ ਨਹੀਂ, ਇਤਿਹਾਸ ਦਾ ਹੈ, ਸਮੇਂ ਦਾ ਹੈ। ਇਕ ਵਾਰ ਮੈਂ ਮਦਰ ਟੈਰੇਸਾ ਦੇ ਮੂੰਹੋਂ ਬੜੀ ਸੂਖ਼ਮ ਗੱਲ ਸੁਣੀ ਸੀ,“ਜੇ ਤੁਸੀਂ ਲੋਕਾਂ ਬਾਰੇ ਫ਼ਤਵੇ ਦੇਣ ਲੱਗੋਗੇ, ਉਹਨਾਂ ਨੂੰ ਪਿਆਰ ਕਰਨ ਦਾ ਤਾਂ ਤੁਹਾਡੇ ਕੋਲ ਸਮਾਂ ਹੀ ਨਹੀਂ ਰਹਿਣਾ।” ਮੇਰੇ ਮਨ ਵਿਚ ਅਪਣੇ ਤੋਂ ਪਹਿਲੇ ਸਭਨਾਂ ਲਈ ਬਹੁਤ ਆਦਰ ਹੈ।

ਕਹਾਣੀ ਦਾ ਆਕਾਰ

ਹੁਣ : ਨਵੀਂ ਪੰਜਾਬੀ ਕਹਾਣੀ ਦੇ ਆਕਾਰ ਬਾਰੇ ਤੁਹਾਡਾ ਕੀ ਖਿ਼ਆਲ ਹੈ, ਖਾਸ ਕਰਕੇ ਲੰਮੀ ਕਹਾਣੀ ਬਾਰੇ?

ਭੁੱਲਰ: ਮੈਂ ਕਹਾਣੀ ਲਿਖਣ ਸਮੇਂ ਉਹਦੇ ਆਕਾਰ ਬਾਰੇ ਕਦੇ ਸੋਚਿਆ ਤੱਕ ਨਹੀਂ। ਮੈਂ ਨਹੀਂ ਸਮਝਦਾ, ਕਿਸੇ ਵੀ ਕਹਾਣੀਕਾਰ ਨੂੰ ਕਹਾਣੀ ਲਿਖਣ ਤੋਂ ਪਹਿਲਾਂ ਉਹਦਾ ਆਕਾਰ ਮਿਥਣਾ ਚਾਹੀਦਾ ਹੈ। ਲੇਖਕ ਨੇ ਸੋਚਣੀ ਤਾਂ ਕਹਾਣੀ ਹੁੰਦੀ ਹੈ। ਲਿਖਣ ਸਮੇਂ ਉਹ ਕਿੰਨੇ ਪੰਨੇ ਭਰਦੀ ਹੈ, ਇਸ ਗੱਲ ਦਾ ਕੋਈ ਮਹੱਤਵ ਨਹੀਂ। ਇਹ ਕਿਵੇਂ ਹੋ ਸਕਦਾ ਹੈ, ਕੋਈ ਇਹ ਮਿਥ ਲਵੇ ਕਿ ਕਹਾਣੀ ਵੀਹ ਪੰਨੇ ਦੀ ਲਿਖਾਂਗਾ। ਫੇਰ ਜੇ ਘੱਟ ਪੰਨੇ ਰਹਿ ਗਏ, ਕੀ ਉਹ ਅਸੰਬੰਧਿਤ ਘਟਨਾਵਾਂ ਤੇ ਗੱਲਾਂ ਦੀ ਭਰਤੀ ਪਾਵੇਗਾ? ਕਹਾਣੀ ਤੇ ਨਾਵਲ ਦਾ ਫ਼ਰਕ ਚੇਤੇ ਰਖਦਿਆਂ ਜੇ ਕਿਸੇ ਦੀ ਕਹਾਣੀ ਚਾਲੀ, ਪੰਜਾਹ ਪੰਨੇ ਵੀ ਲੈਂਦੀ ਹੈ, ਉਹ ਕਹਾਣੀ ਹੀ ਰਹੇਗੀ। ਕਹਾਣੀ ਦੀ, ਉਹ ਵੱਡੀ ਹੋਵੇ ਜਾਂ ਛੋਟੀ, ਤੰਦ ਇਕਹਿਰੀ ਹੋਣੀ ਚਾਹੀਦੀ ਹੈ। ਜੇ ਕਹਾਣੀ ਦੀ ਇਸ ਤੰਦ ਵਿਚ ਪੰਨੇ ਵਧਾਉਣ ਲਈ ਹੋਰ ਤੰਦਾਂ ਜੋੜ ਲਈਆਂ ਜਾਣ, ਫੇਰ ਤਾਂ ਬਣਤਰ ਨਾਵਲ ਵਾਲੀ ਹੋ ਗਈ। ਜਦੋਂ ਪਹਿਲਾਂ ਤੋਂ ਪੰਨੇ ਮਿਥ ਕੇ ਲੰਮੀ ਲਿਖਣ ਦੇ ਟੀਚੇ ਨਾਲ ਕਹਾਣੀ ਲਿਖੀ ਜਾਂਦੀ ਹੈ ਜਾਂ ਇਹ ਬਹਿਸ ਕੀਤੀ ਜਾਂਦੀ ਹੈ ਕਿ ਕਿਹੜੇ ਕਹਾਣੀਕਾਰ ਦੀ ਲੰਮੀ ਕਹਾਣੀ ਤੋਂ ਕਿੰਨੇ ਦਿਨ ਪਹਿਲਾਂ ਦੂਜੇ ਕਿਹੜੇ ਕਹਾਣੀਕਾਰ ਨੇ ਉਹਤੋਂ ਵੀ ਲੰਮੀ ਕਹਾਣੀ ਲਿਖੀ ਸੀ, ਹਾੱਸਾ ਆਉਂਦਾ ਹੈ। ਇਹ ਵੀ ਸਾਹਿਤ-ਰਚਨਾ ਨਾਲ ਸੰਬੰਧਿਤ ਕੋਈ ਚਰਚਾਜੋਗ ਮੁੱਦੇ ਹਨ! ਕਹਾਣੀਕਾਰ ਤੇ ਕਥਾਵਾਚਕ ਵਿਚ ਫ਼ਰਕ ਹੋਣਾ ਚਾਹੀਦਾ ਹੈ। ਕਥਾਵਾਚਕ ਸਮਾਂ ਲੰਘਾਉਣ ਲਈ ਅਪਣੀ ਇਕ ਗੱਲ ਨਾਲ ਜੁੜਦੀਆਂ ਦਸ ਗੱਲਾਂ ਹੋਰ ਸੁਣਾਉਂਦਾ ਹੈ। ਇਧਰਲੀਆਂ-ਉਦਰਲੀਆਂ ਮਾਰਦਾ ਹੋਇਆ ਉਹ ਵਿਚ ਵਿਚ ਅਪਣੀ ਮੂਲ ਗੱਲ ਯਾਦ ਕਰਵਾਉਂਦਾ ਰਹਿੰਦਾ ਹੈ। ਕਹਾਣੀਕਾਰ ਨੂੰ ਇਹ ਵਿਧੀ ਵਾਰਾ ਨਹੀਂ ਖਾਂਦੀ। ਉਹਨੇ ਅਪਣੀ ਮੂਲ ਗੱਲ ਉੱਤੇ ਹੀ ਰਹਿਣਾ ਹੁੰਦਾ ਹੈ। ਜੇ ਮੈਨੂੰ ਕਹਾਣੀਕਾਰ ਵਜੋਂ ਸ਼ਬਦਾਂ ਦੇ ਬੇਲੋੜੇ ਖਿਲਾਰੇ ਅਤੇ ਸ਼ਬਦਾਂ ਦੇ ਵਾਜਬ ਸੰਕੋਚ ਵਿਚਕਾਰ ਚੋਣ ਕਰਨ ਲਈ ਕਿਹਾ ਜਾਵੇ, ਮੈਂ ਸੰਕੋਚ ਦੇ ਪੱਖ ਵਿਚ ਹੀ ਖਲੋਵਾਂਗਾ। ਜੇ ਕਹਾਣੀਕਾਰ ਦੀ ਗੱਲ ਕੋਈ ਖੱਪਾ, ਕੋਈ ਅਸਪੱਸ਼ਟਤਾ, ਕੋਈ ਅਸੰਤੁਲਨ, ਕੋਈ ਝੋਲ, ਕੋਈ ਘਾਟ ਛੱਡੇ ਬਿਨਾਂ ਅੱਠ-ਦਸ ਪੰਨਿਆਂ ਦੀ ਮੰਗ ਕਰਦੀ ਹੈ ਤਾਂ ਲੱਸੀ ਵਿਚ ਪਾਣੀ ਕਿਉਂ ਪਾਇਆ ਜਾਵੇ!

ਪੀੜ੍ਹੀਆਂ ਦਾ ਝੰਜਟ

ਹੁਣ : ਤੁਸੀਂ ਤੀਜੀ ਪੀੜ੍ਹੀ ਦੇ ਕਹਾਣੀਕਾਰ ਹੋ। ਚੌਥੀ ਅਤੇ ਪੰਜਵੀਂ ਪੀੜ੍ਹੀਆਂ ਦੇ ਕਹਾਣੀਕਾਰਾਂ ਬਾਰੇ ਤੁਹਾਡੀ ਕੀ ਰਾਇ ਹੈ?

ਭੁੱਲਰ: ਮੈਂ ਸ਼ੁਰੂ ਵਿਚ ਹੀ ਸਪੱਸ਼ਟ ਕਰ ਦੇਵਾਂ, ਮੈਂ ਪੀੜ੍ਹੀਆਂ ਦੇ ਮੱਤ ਦਾ ਵਿਸ਼ਵਾਸੀ ਨਹੀਂ। ਜਿਸ ਆਧਾਰ ਉੱਤੇ ਤੇ ਜਿਸ ਆਸ਼ੇ ਨਾਲ ਇਹ ਪੀੜ੍ਹੀ-ਵੰਡ ਸ਼ੁਰੂ ਕੀਤੀ ਗਈ ਹੈ, ਉਹ ਆਧਾਰ ਤੇ ਆਸ਼ੇ ਹੀ ਗ਼ਲਤ ਹਨ। ਨਾਲੇ ਪੰਜਾਬੀ ਕਹਾਣੀ ਵਿਚ ਪੀੜ੍ਹੀਆਂ, ਜਿਸਦੀ ਉਮਰ ਹੀ ਬੰਦੇ ਦੀ ਉਮਰ ਜਿੰਨੀ ਨਹੀਂ ਹੋਈ! ਉਹਨਾਂ ਦੀ ਬਣਾਈ ਪਹਿਲੀ ਪੀੜ੍ਹੀ ਦੇ ਦੁੱਗਲ ਜੀ ਅਜੇ ਕੱਲ੍ਹ ਤੱਕ ਕਹਾਣੀਆਂ ਲਿਖਦੇ ਰਹੇ ਹਨ। ਪੀੜ੍ਹੀਵਾਦੀਆਂ ਦਾ ਇਹ ਸਾਰਾ ਚੱਕਰ ਇਹ ਮੱਤ ਸਥਾਪਤ ਕਰਨ ਲਈ ਹੈ ਕਿ ਹਰ ਪੀੜ੍ਹੀ ਅਪਣੇ ਨਾਲੋਂ ਪਹਿਲੀ ਪੀੜ੍ਹੀ ਤੋਂ ਸਾਹਿਤਕ ਮਿਆਰ ਵਿਚ ਉੱਚੀ ਹੁੰਦੀ ਹੈ। ਭਾਵ, ਪਹਿਲੀ ਪੀੜ੍ਹੀ ਨਾਲੋਂ ਦੂਜੀ ਪੀੜ੍ਹੀ ਦੇ ਕਹਾਣੀਕਾਰ ਚੰਗੇ ਸਨ, ਦੂਜੀ ਨਾਲੋਂ ਤੀਜੀ ਦੇ ਤੇ ਤੀਜੀ ਨਾਲੋਂ ਚੌਥੀ ਦੇ। ਹੁਣ ਉਹਨਾਂ ਅਨੁਸਾਰ ਪੰਜਵੀਂ ਪੀੜ੍ਹੀ ਦੇ ਕਹਾਣੀਕਾਰ ਤਾਂ, ਸੁੱਖ ਨਾਲ ਕਿਤੇ ਨਜ਼ਰ ਨਾ ਲੱਗ ਜਾਵੇ, ਪਹਿਲੀਆਂ ਚਾਰੇ ਪੀੜ੍ਹੀਆਂ ਤੋਂ ਚੰਗੀ ਕਹਾਣੀ ਲਿਖ ਰਹੇ ਹਨ। ਇਸ ਸਾਦਗੀ ਉੱਤੇ, ਇਸ ਅੱਲੜ੍ਹਪਨ ਉੱਤੇ, ਇਸ ਭੋਲੇਪਨ ਉੱਤੇ ਕੋਈ ਟਿੱਪਣੀ ਨਹੀਂ ਕੀਤੀ ਜਾ ਸਕਦੀ, ਸਿਰਫ਼ ਹੱਸਿਆ ਹੀ ਜਾ ਸਕਦਾ ਹੈ ਜਾਂ ਫੇਰ ਸਦਕੇ-ਵਾਰੀ ਜਾਇਆ ਤੇ ਕੁਰਬਾਨ ਹੋਇਆ ਜਾ ਸਕਦਾ ਹੈ। ਕੌਣ ਸਮਝਾਵੇ ਕਿ ਇਉਂ ਪੀੜ੍ਹੀ-ਦਰ-ਪੀੜ੍ਹੀ ਤਾਂ ਗਿਆਨ-ਵਿਗਿਆਨ ਅੱਗੇ ਵਧਦੇ ਹਨ, ਸਾਹਿਤ ਸਮੇਤ ਕੋਈ ਵੀ ਕਲਾ ਨਹੀਂ। ਕੋਈ ਗਣਿਤ-ਸ਼ਾਸਤਰ ਦਾ ਜਾਂ ਭੌਤਿਕ-ਵਿਗਿਆਨ ਦਾ ਖੋਜੀ ਹੋਵੇ, ਉਹ ਅਪਣੇ ਤੋਂ ਪਹਿਲਾਂ ਵਾਲੀ ਸਾਰੀ ਖੋਜ, ਸਾਰੀ ਜਾਣਕਾਰੀ ਨੂੰ ਆਧਾਰ ਬਣਾ ਕੇ ਉਸਤੋਂ ਅਗਲੀ ਗੱਲ ਹੀ ਕਰੇਗਾ। ਇਉਂ ਗਿਆਨ-ਵਿਗਿਆਨ ਲਗਾਤਾਰ ਅੱਗੇ ਹੀ ਅੱਗੇ ਵਧਦੇ ਆਏ ਹਨ ਤੇ ਵਧਦੇ ਰਹਿਣਗੇ। ਸਾਹਿਤ ਵਿਚ ਅਤੇ ਹੋਰ ਕਿਸੇ ਕਲਾ ਵਿਚ ਵੀ ਇਹ ਗੱਲ ਸੰਭਵ ਨਹੀਂ ਹੁੰਦੀ।

ਸਾਹਿਤ ਵਿਚ ਅਜਿਹੇ ਦੌਰ ਵੀ ਆ ਜਾਂਦੇ ਹਨ ਜਦੋਂ ਸਾਹਿਤਕਾਰਾਂ ਤੋਂ ਅਪਣੇ ਪੂਰਵਲਿਆਂ ਨਾਲ ਵੀ ਵਰ ਮੇਚਿਆ ਨਹੀਂ ਜਾਂਦਾ। ਸਾਹਿਤ ਤੇ ਕਲਾਵਾਂ ਦਾ ਇਤਿਹਾਸ ਵਿਚ ਲਗਾਤਾਰ ਅੱਗੇ ਵਧਣਾ ਤਾਂ ਕਿਤੇ ਰਿਹਾ, ਦਹਾਕਿਆਂ ਤੇ ਸਦੀਆਂ ਦਾ ਸਮਾਂ ਕਿਸੇ ਚੰਗੀ ਕਿਰਤ ਤੋਂ ਵਿਰਵਾ ਰਹਿੰਦਾ ਰਿਹਾ ਹੈ। ਜੇ ਹਰ ਪੀੜ੍ਹੀ ਦਾ ਪਹਿਲੀ ਤੋਂ ਅੱਗੇ ਲੰਘਣਾ ਹੀ ਨੇਮ ਹੋਵੇ, ਫੇਰ ਵਾਰਿਸ, ਬੁੱਲ੍ਹਾ, ਮੋਹਨ ਸਿੰਘ, ਵਿਰਕ, ਆਦਿ ਤਾਂ ਹੁਣ ਨੂੰ ਭੁੱਲ-ਭੁਲਾ ਗਏ ਹੁੰਦੇ। ਇਉਂ ਹੀ ਚਿਤਰਕਲਾ ਵਿਚ ਹੁਸੈਨ ਨੂੰ ਤੇ ਗਾਇਕੀ ਵਿਚ ਜਗਜੀਤ ਸਿੰਘ ਨੂੰ ਯਾਦ ਕਰਨ ਦੀ ਕੀ ਲੋੜ ਹੈ, ਪੀੜ੍ਹੀਆਂ ਦੇ ਇਸ ਸਿਧਾਂਤ ਅਨੁਸਾਰ ਹੋਰ ਬਥੇਰੇ ਉਹਨਾਂ ਤੋਂ ਦਸ ਕਦਮ ਅੱਗੇ ਹੋਣਗੇ! ਇਕ ਸਾਖੀ ਸੁਣੋ। ਇਕ ਨੂੰਹ ਕਹਿੰਦੀ, ਮਾਂ ਜੀ ਕੜਾਹ ਬਣਾਉਣਾ ਸਿਖਾ ਦਿਉ। ਸੱਸ ਘਿਉ ਵਿਚ ਆਟਾ ਭੁੰਨਣ ਤੋਂ ਲੈ ਕੇ ਕੜਾਹ ਬਨਣ ਤੱਕ ਦਸਦੀ ਗਈ। ਅੰਤ ਨੂੰ ਕਹਿੰਦੀ, ਕੜਾਹ ਉੱਤੇ ਤਰਦਾ ਘਿਉ ਬੁਰਾ ਵੀ ਲਗਦਾ ਹੈ ਤੇ ਬੇਸੁਆਦਾ ਵੀ ਹੁੰਦਾ ਹੈ, ਇਹਨੂੰ ਸੋਕਣ ਲਈ ਉੱਤੇ ਸੁਆਹ ਭੁੱਕ ਦੇਈਏ। ਮੈਨੂੰ ਤਾਂ ਕਈ ਵਾਰ ਲਗਦਾ ਹੈ, ਪੀੜ੍ਹੀਆਂ ਦੇ ਸਿਧਾਂਤ ਪਿੱਛੇ ਕੋਈ ਇਸ ਸੱਸ ਵਰਗਾ ਚਤੁਰ-ਦਿਮਾਗ਼ ਸਾਹਿਤਕਾਰ ਤਾਂ ਨਹੀਂ ਜੋ ਭੋਲੇਭਾਲੇ ਸ਼ਰਧਾਲੂ ਨਵੇਂ ਕਹਾਣੀਕਾਰਾਂ ਨੂੰ ਕਹਾਣੀ ਉੱਤੇ ਸੁਆਹ ਭੁੱਕਣੀ ਸਿਖਾਉਣੀ ਚਾਹੁੰਦਾ ਹੋਵੇ ਤਾਂ ਜੋ ਉਹਦਾ ਅਪਣਾ ਕੜਾਹ ਠੀਕਠਾਕ ਲਗਦਾ ਰਹੇ! ਜੇ ਸੁਹਿਰਦਤਾ ਹੋਵੇ, ਹਰ ਪਹਿਲੇ ਸਾਹਿਤਕਾਰ ਦਾ ਫ਼ਰਜ਼ ਹੈ, ਉਹ ਮਗਰਲਿਆਂ ਨੂੰ ਪੀੜ੍ਹੀਆਂ ਵਰਗੇ ਚੱਕਰਾਂ ਵਿਚ ਪਾਉਣ ਦੀ ਥਾਂ ਮਿਹਨਤ ਦਾ, ਸਾਧਨਾ ਦਾ, ਕਲਾਤਮਕ ਸੂਖ਼ਮਤਾ ਦਾ, ਭਾਸ਼ਾਈ ਪ੍ਰਬੀਨਤਾ ਦਾ ਪਾਠ ਪੜ੍ਹਾਵੇ।

ਹੁਣ : ਕਹਾਣੀ ਵਿਚ ਨਵੇਂ ਨਵੇਂ ਨਾਂ ਸਾਹਮਣੇ ਆ ਰਹੇ ਹਨ। ਪੀੜ੍ਹੀਆਂ ਦੀ ਗੱਲ ਛੱਡੀਏ, ਅਪਣੇ ਤੋਂ ਮਗਰਲੇ ਕਹਾਣੀਕਾਰਾਂ ਦਾ ਤੁਸੀਂ ਕਿਵੇਂ ਮੁਲਾਂਕਣ ਕਰਦੇ ਹੋ?

ਭੁੱਲਰ: ਨਵੇਂ ਨਾਂ ਸਾਹਮਣੇ ਆਉਂਦੇ ਰਹਿਣਾ ਕਹਾਣੀ ਲਈ ਸ਼ੁਭ ਸਗਨ, ਸੰਕੇਤ ਤੇ ਸੰਦੇਸ਼ ਹੈ। ਵਿਦਿਅਤ ਹੋ ਰਹੇ ਸਮਾਜ ਵਿਚ ਨਵੇਂ ਨਵੇਂ ਲੋਕਾਂ ਦਾ ਸਾਹਿਤ-ਰਚਨਾ ਨਾਲ ਜੁੜਨਾ ਕੁਦਰਤੀ ਵਰਤਾਰਾ ਹੈ। ਕਈ ਹਨ ਜਿਹੜੇ ਚੰਗਾ ਲਿਖ ਰਹੇ ਹਨ। ਕਈ ਵਾਰ ਤਾਂ ਅਪਣੇ ਤੋਂ ਮਗਰਲੇ ਕਿਸੇ ਕਹਾਣੀਕਾਰ ਦੀ ਚੰਗੀ ਕਹਾਣੀ ਪੜ੍ਹ ਕੇ ਮੈਂ, ਭਾਵੇਂ ਨਿੱਜੀ ਤੌਰ ਉੱਤੇ ਉਹਨੂੰ ਜਾਣਦਾ ਵੀ ਨਾ ਹੋਵਾਂ, ਪ੍ਰਸੰਸਾ ਦੀ ਚਿੱਠੀ ਵੀ ਲਿਖਦਾ ਹਾਂ। ਨਾਂ ਲੈਣੇ ਵਾਜਬ ਨਹੀਂ। ਅਜਿਹੇ ਪ੍ਰਸੰਗ ਵਿਚ ਮੁਕੰਮਲ ਸੂਚੀ ਬਣਾਉਣੀ ਸੰਭਵ ਨਹੀਂ ਹੁੰਦੀ ਤੇ ਬਾਹਰ ਰਹਿ ਗਿਆਂ ਦਾ ਰੋਸ ਬਿਲਕੁਲ ਹੱਕੀ ਹੁੰਦਾ ਹੈ। ਕਈ ਹਨ ਜੋ ਕਹਾਣੀ ਦੀ ਜੁਗਤ ਤੇ ਕਲਾ ਜਾਣਦੇ ਹਨ, ਸੰਭਾਵਨਾ ਵਾਲੇ ਹਨ, ਅਪਣੀ ਪਛਾਣ ਜ਼ਰੂਰ ਬਣਾ ਲੈਣਗੇ। ਕਈ ਅਜਿਹੇ ਵੀ ਹਨ ਜੋ ਕਹਾਣੀ ਲਿਖਣ ਵੱਲ ਘੱਟ ਧਿਆਨ ਦਿੰਦੇ ਹਨ, ਨਾਟਕਬਾਜ਼ੀ ਜਿ਼ਆਦਾ ਕਰਦੇ ਹਨ। ਸਾਹਿਤ ਵਿਚ ਚੰਗੀ ਮੱਤ ਦੇਣ ਵਾਲਿਆਂ ਦੇ ਨਾਲ ਨਾਲ ਪੁੱਠੀ ਮੱਤ ਦੇਣ ਵਾਲਿਆਂ ਦਾ ਵੀ ਕੋਈ ਘਾਟਾ ਨਹੀਂ ਹੁੰਦਾ, ਇਹ ਨਿਖੇੜਾ ਕਰਨਾ ਤਾਂ ਉਹਨਾਂ ਦਾ ਹੀ ਕੰਮ ਹੈ। ਇਕ ਵਾਰ ਇਕ ਸਾਧਾਰਨ ਜਿਹੀ ਪੁਸਤਕ ਬਾਰੇ ਬਹਿਸ ਹੋਈ। ਜਿਨ੍ਹਾਂ ਲੋਕਾਂ ਨੇ ਕਿੰਤੂ ਸਪੱਸ਼ਟ ਕਰਨੇ ਚਾਹੇ, ਉਹਨਾਂ ਦਾ ਲੇਖਕ ਨੇ ਬੁਰਾ ਮਨਾਇਆ। ਮੇਰਾ ਇਕ ਕਹਾਣੀਕਾਰ ਦੋਸਤ ਹੈ, ਅੰਗਰੇਜ਼ੀ ਦਾ ਪ੍ਰੋਫ਼ੈਸਰ ਤੇ ਸੰਸਾਰ ਸਾਹਿਤ ਦਾ ਰਸੀਆ। ਉਹਨੇ ਉਸ ਪੁਸਤਕ ਦੀ ਖ਼ੂਬ ਪ੍ਰਸੰਸਾ ਕੀਤੀ। ਮਗਰੋਂ ਮੈਂ ਪੁੱਛਿਆ ਤਾਂ ਕਹਿੰਦਾ, ਤੁਹਾਡੇ ਲੋਕਾਂ ਨੂੰ ਹੁਣ ਇਹਨੇ ਸਾਰੀ ਉਮਰ ਮਾਫ਼ ਨਹੀਂ ਕਰਨਾ; ਇਹੋ ਜਿਹੇ ਬੰਦੇ ਨੂੰ, ਜੋ ਅੱਗੇ ਟੋਆ ਦੱਸੇ ਦਾ ਬੁਰਾ ਮਨਾਵੇ, ਕਹੀਏ, ਸਿੱਧਾ ਤੁਰਿਆ ਜਾ, ਤਿੱਖੀ ਤੋਰ, ਬਿਨਾਂ ਇਧਰ-ਉਧਰ ਦੇਖਿਆਂ!

ਹੁਣ : ਜੇ ਤੁਸੀਂ ਨਵੀਂ ਪੀੜ੍ਹੀ ਦੇ ਕਹਾਣੀਕਾਰਾਂ ਨੂੰ ਕੁਛ ਕਹਿਣਾ ਹੋਵੇ, ਕੀ ਕਹਿਣਾ ਚਾਹੋਗੇ?

ਭੁੱਲਰ : ਅੱਜ-ਕੱਲ੍ਹ ਦੇ ਮੁੰਡੇ-ਕੁੜੀਆਂ ਬਹੁਤ ਸਿਆਣੇ ਹਨ। ਦੇਸੀ-ਪ੍ਰਦੇਸੀ ਸਾਹਿਤ ਤੱਕ, ਕੰਪਿਊਟਰ ਰਾਹੀਂ ਅਥਾਹ ਗਿਆਨ ਤੱਕ ਉਹਨਾਂ ਨੂੰ ਉਹ ਪਹੁੰਚ ਪ੍ਰਾਪਤ ਹੈ ਜਿਸਦਾ ਅਸੀਂ ਸੁਫ਼ਨਾ ਵੀ ਨਹੀਂ ਸੀ ਲੈ ਸਕਦੇ। ਫੇਰ ਵੀ ਸ਼ੁਭਚਿੰਤਕ ਹੋਣ ਦੇ ਨਾਤੇ ਉਹਨਾਂ ਦਾ ਧਿਆਨ ਕੁਛ ਗੱਲਾਂ ਵੱਲ ਜ਼ਰੂਰ ਦੁਆ ਸਕਦਾ ਹਾਂ। ਪਹਿਲੀ, ਸਾਹਿਤ-ਰਚਨਾ ਵਿਚ ਭਾਸ਼ਾ ਦਾ ਮਹੱਤਵ। ਕਹਾਣੀ ਦੀ ਭਾਸ਼ਾ ਅਸਾਹਿਤਕ, ਵਿਆਕਰਨ ਦੇ ਪੱਖੋਂ ਗ਼ਲਤ ਤੇ ਵਿਸ਼ੇ ਲਈ ਅਮੇਲ ਨਹੀਂ ਹੋਣੀ ਚਾਹੀਦੀ। ਇਕੋ ਜਿਹੀ ਭਾਸ਼ਾ ਸਭ ਕਹਾਣੀਆਂ ਦਾ ਮਾਧਿਅਮ ਨਹੀਂ ਹੋ ਸਕਦੀ। ਸਭ ਕੱਪੜੇ ਵੈਂਗਣੀ ਰੰਗ ਵਿਚ ਨਹੀਂ ਡੋਬੇ ਜਾ ਸਕਦੇ। ਹਰ ਪਾਤਰ ਦੀ ਭਾਸ਼ਾ ਉਹਦੇ ਅਨੁਸਾਰ ਤੇ ਬਿਰਤਾਂਤ ਦੀ ਭਾਸ਼ਾ ਕਹਾਣੀ ਦੇ ਅਨੁਸਾਰ ਹੋਣੀ ਜ਼ਰੂਰੀ ਹੈ। ਭਾਸ਼ਾ ਦੀ ਅਣਗਹਿਲੀ ਤੇ ਨਿਰਾਦਰੀ ਲੇਖਕ ਲਈ ਨਹੀਂ ਸ਼ੋਭਦੀ। ਦੂਜੀ, ਕੁਛ ਲੇਖਕ ਸਮਝਦੇ ਹਨ ਕਿ ਮਨੁੱਖ ਦਾ ਦੁਨੀਆ ਉੱਤੇ ਆਉਣ ਦਾ ਮੁੱਖ ਉਦੇਸ਼ ਕਾਮ-ਤ੍ਰਿਪਤੀ ਹੈ ਤੇ ਇਸਦਾ ‘ਰਹੱਸ’ ਪਹਿਲੀ ਵਾਰ ਉਹਨਾਂ ਨੂੰ ਹੀ ਪਤਾ ਲੱਗਿਆ ਹੈ ਜਿਸਨੂੰ ਪਾਠਕਾਂ ਨਾਲ ਸਾਂਝਾ ਕਰਨ ਲਈ ਉਹ ਉਤਾਵਲੇ ਰਹਿੰਦੇ ਹਨ। ਕਈ ਵਾਰ ਤਾਂ ਕਾਮ ਦਾ ਕੁਚੱਜਾ ਰੂਪ ਕੁਚੱਜੀ ਭਾਸ਼ਾ ਵਿਚ ਕੁਚੱਜੇ ਢੰਗ ਨਾਲ ਪਰੋਸਿਆ ਜਾਂਦਾ ਹੈ। ਅਜਿਹੇ ਕਹਾਣੀਕਾਰਾਂ ਦੀ ਨਿਰੋਲ ਦੇਹਮੁਖੀ ਸੋਚ ਦੇ ਉਲਟ ਇਹ ਬਹੁਤ ਖ਼ੂਬਸੂਰਤ ਤੇ ਸੂਖ਼ਮ ਵਿਸ਼ਾ ਹੈ ਜੋ Eਨੀਂ ਹੀ ਖ਼ੂਬਸੂਰਤ ਤੇ ਸੂਖ਼ਮ ਭਾਸ਼ਾ ਵਿਚ Eਨਾਂ ਹੀ ਖ਼ੂਬਸੂਰਤ ਤੇ ਸੂਖ਼ਮ ਨਿਭਾਅ ਲੋੜਦਾ ਹੈ। ਪਰ ਇਹ ਇਕੋ-ਇਕ ਵਿਸ਼ਾ ਵੀ ਨਹੀਂ, ਲਿਖਣ ਨੂੰ ਬੜਾ ਕੁਛ ਹੋਰ ਵੀ ਹੈ। ਦੇਹਵਾਦ ਨੂੰ ਲੈ ਕੇ ਜਿਹੋ ਜਿਹਾ ਗੰਦ ਪੰਜਾਬੀ ਸਾਹਿਤ ਵਿਚ ਕੁਛ ਕਹਾਣੀਕਾਰ ਪਹਿਲਾਂ ਵੀ ਪਾਉਂਦੇ ਆਏ ਹਨ ਤੇ ਰੀਸੋਰੀਸੀ ਹੁਣ ਕੁਛ ਨਵੇਂ ਵੀ ਪਾ ਰਹੇ ਹਨ, ਅਰਨੈਸਟ ਹੈਮਿੰਗਜ਼ਵੇ ਨੇ ਉਹੋ ਜਿਹੇ ਨੂੰ ਧਿਆਨ ਵਿਚ ਰੱਖ ਕੇ ਹੀ ਬੜੀ ਕੌੜੀ ਪਰ ਠੀਕ ਗੱਲ ਕਹੀ ਸੀ,“ਲੇਖਕ ਨੂੰ ਗੰਦ-ਪੋਣੀ ਦੀ ਲੋੜ ਹੈ ਜਿਸ ਨਾਲ ਉਹ ਅਪਣੀ ਰਚਨਾ ਵਿਚੋਂ ਗੰਦ ਪੁਣ ਸਕੇ!” ਤੀਜੀ ਕਾਹਲ ਦੀ ਸਮੱਸਿਆ ਹੈ। ਮੈਂ ਕਹਾਣੀ ਲਿਖ ਕੇ ਚਮਤਕਾਰ ਕਰ ਦਿੱਤਾ ਹੈ, ਜਿਧਰ ਜਾਵਾਂ, ਪਾਠਕ ਕਹਿਣ, ਐਹ ਹੈ ਬਈ Eਸ ਕਹਾਣੀ ਦਾ ਲੇਖਕ! ਦੋਸਤਾਂ ਤੋਂ ਉਲਾਰ ਚਰਚਾ ਕਰਵਾਉਣੀ, ਅਖੌਤੀ ਸਰਵੇਆਂ ਵਿਚ ਵਾਰੀ-ਵੱਟੇ ਦੇ ਨਾਂ ਲੈਣੇ, ਆਪੇ ਕੀਤੇ-ਕਰਵਾਏ ਰੀਵਿਊ, ਖ਼ਬਰਾਂ ਲਈ ਰੂਬਰੂ, ਆਪੇ ਸਜਾਈਆਂ ਗੋਸ਼ਟੀਆਂ! ਅਪਣੇ ਆਪ ਨੂੰ ਲੇਖਕ ਦੱਸਣ ਦੀ ਭੁੱਖ! ਬਰਤਾਨੀਆ ਦੀ ਸਾਬਕਾ ਪ੍ਰਧਾਨ ਮੰਤਰੀ ਮਾਰਗਰੇਟ ਥੈੱਚਰ ਨੇ ਕਿਹਾ ਸੀ, ਜੇ ਤੀਵੀਂ ਨੂੰ ਦੱਸਣਾ ਪਵੇ ਕਿ ਮੈਂ ਤੀਵੀਂ ਹਾਂ, ਉਹ ਤੀਵੀਂ ਨਹੀਂ ਹੁੰਦੀ। ਇਉਂ ਹੀ ਜੇ ਲੇਖਕ ਨੂੰ ਦੱਸਣਾ ਪਵੇ ਕਿ ਮੈਂ ਲੇਖਕ ਹਾਂ, ਉਹ ਲੇਖਕ ਨਹੀਂ ਹੁੰਦਾ!
ਸਾਹਿਤ ਨੂੰ ਕਲਾ ਸਮਝਣਾ ਤੇ ਠਰ੍ਹੰਮਾ ਵਰਤਣਾ ਹੀ ਠੀਕ ਰਹਿੰਦਾ ਹੈ! ਹਰ ਕਲਾ ਵਾਂਗ ਸਾਹਿਤ ਧੀਰਜ, ਲਗਨ, ਸਾਧਨਾ, ਗਹਿਰਾਈ, ਚਿੰਤਨ-ਮੰਥਨ, ਸੋਚ-ਵਿਚਾਰ ਲੋੜਦਾ ਹੈ। ਇਹ ਸ਼ੁਗਲ ਜਾਂ ਸਮਾਂ-ਲੰਘਾਈ ਤਾਂ ਬਿਲਕੁਲ ਨਹੀਂ। ਕਹਾਣੀਕਾਰ ਪੁਰਾਣਾ ਹੋਵੇ ਜਾਂ ਨਵਾਂ, ਉਹਨੂੰ ਟੌਮ ਕਲੈਂਸੀ ਦੀ ਗੱਲ ਹਰ ਰਚਨਾ ਕਰਦਿਆਂ ਚੇਤੇ ਰੱਖਣੀ ਚਾਹੀਦੀ ਹੈ,“ਗਲਪ ਅਤੇ ਯਥਾਰਥ ਵਿਚ ਇਹ ਫ਼ਰਕ ਹੈ ਕਿ ਗਲਪ ਦੀ ਕੋਈ ਤੁਕ, ਕੋਈ ਸੁਰ ਜ਼ਰੂਰ ਹੋਣੀ ਚਾਹੀਦੀ ਹੈ।” ਭਾਵ, ਜਿ਼ੰਦਗੀ ਦਾ ਯਥਾਰਥ ਬੇਤੁਕਾ ਤੇ ਬੇਸੁਰਾ ਹੋ ਸਕਦਾ ਹੈ ਪਰ ਕਹਾਣੀ ਨੂੰ ਬੇਤੁਕੀ ਤੇ ਬੇਸੁਰੀ ਹੋਣਾ ਵਾਰਾ ਨਹੀਂ ਖਾਂਦਾ!

ਹੁਣ : ਤੁਸੀਂ ਸਾਹਿਤ-ਰਚਨਾ ਨੂੰ ਨਿਰੋਲ ਦਿਮਾਗ਼ੀ ਕਿਰਿਆ ਕਹਿੰਦੇ ਹੋ। ਅਪਣੇ ਇਸ ਕਥਨ ਨੂੰ ਸਪੱਸ਼ਟ ਕਰ ਕੇ ਸਮਝਾਉਗੇ?

ਭੁੱਲਰ: ਮੈਂ ਇਹ ਗੱਲ ਸੋਚ-ਸਮਝ ਕੇ, ਹੋਰ ਲੇਖਕਾਂ ਦਾ ਅਨੁਭਵ ਜਾਣ ਕੇ ਤੇ ਅਪਣਾ ਅਨੁਭਵ ਨਿਰਖ ਕੇ ਕਹਿੰਦਾ ਹਾਂ। ਕਹਾਣੀਕਾਰ ਹਰ ਕਹਾਣੀ ਵਿਚ, ਛੋਟਾ ਜਿਹਾ ਹੀ ਸਹੀ, ਇਕ ਸੰਸਾਰ ਸਿਰਜਦਾ ਹੈ। ਇਹ ਸੰਸਾਰ ਮਿੱਟੀ-ਗਾਰੇ ਦਾ ਨਹੀਂ ਜੋ ਧਿਆਨ ਹੋਰ ਪਾੱਸੇ ਹੁੰਦਿਆਂ ਕੇਵਲ ਹੱਥਾਂ ਨਾਲ, ਮਸ਼ੀਨੀ ਢੰਗ ਨਾਲ ਉਸਾਰਿਆ ਜਾ ਸਕੇ। ਰਚਨਾ ਦੇ ਇਸ ਸੰਸਾਰ ਦੀ ਉਸਾਰੀ ਅਪਣੇ ਅਨੁਭਵ ਦੀ ਘੋਖ, ਆਲੇ-ਦੁਆਲੇ ਦੀ ਨਿਰਖ ਤੇ ਕਲਪਨਾ ਦੀ ਉਡਾਰੀ ਲੋੜਦੀ ਹੈ। ਇਹ ਸਭ ਮਨ ਦਾ ਅਧਿਕਾਰ-ਖੇਤਰ ਹੈ। ਹੱਥ ਮਨ ਦੇ ਆਖਿਆਂ ਉਹਦੇ ਉਸਾਰੇ ਸੰਸਾਰ ਨੂੰ ਤਾਂ ਕਾਗ਼ਜ਼ ਉੱਤੇ ਉਤਾਰ ਸਕਦਾ ਹੈ ਪਰ ਅਪਣੇ ਵੱਲੋਂ ਇਸ ਉਸਾਰੀ ਵਿਚ ਹਿੱਸਾ ਨਹੀਂ ਪਾ ਸਕਦਾ। ਜਦੋਂ ਕੋਈ ਲੇਖਕ ਇਕੋ ਕਹਾਣੀ ਨੂੰ ਪਾੜ ਪਾੜ ਕੇ ਕਈ ਵਾਰ ਲਿਖਣ ਦੀ ਸਰੀਰਕ ਮਿਹਨਤ ਦਾ ਦਾਅਵਾ ਕਰਦਾ ਹੈ, ਮੈਨੂੰ ਉਹਦੀ ਗੱਲ ਸਮਝ ਨਹੀਂ ਆਉਂਦੀ। ਇਹ ਕਿਵੇਂ ਵੀ ਰਚਨਾਤਮਕ ਮਿਹਨਤ ਨਹੀਂ। ਜੇ ਇਉਂ ਵਾਰ ਵਾਰ ਟੱਕਰਾਂ ਮਾਰਦਿਆਂ ਕੋਈ ਨਵੀਂ ਗੱਲ ਔੜਦੀ ਹੈ, ਉਹ ਵੀ ਦਿਮਾਗ਼ੋਂ ਹੀ ਔੜਦੀ ਹੈ। ਮੇਰਾ ਵਿਚਾਰ ਤੇ ਵਿਸ਼ਵਾਸ ਹੈ ਕਿ ਕਹਾਣੀ ਦਾ ਆਦਿ, ਅੰਤ, ਸਮੁੱਚੀ ਘਟਨਾਵਲੀ, ਅਪਣੇ ਅਪਣੇ ਸੁਭਾਵਾਂ, ਆਦਤਾਂ ਤੇ ਬੋਲਚਾਲ ਨਾਲ ਸਾਰੇ ਪਾਤਰ, ਸਭ ਕੁਛ ਲੇਖਕ ਦੇ ਮਨ ਵਿਚ ਸਪੱਸ਼ਟ ਹੋਣਾ ਚਾਹੀਦਾ ਹੈ। ਮੈਂ ਨਹੀਂ ਸਮਝਦਾ, ਅਜਿਹੀ ਸਪੱਸ਼ਟਤਾ ਆ ਜਾਣ ਮਗਰੋਂ ਉਹ ਕਹਾਣੀ ਵਾਰ ਵਾਰ ਲਿਖਣ ਦੀ ਲੋੜ ਪੈ ਸਕਦੀ ਹੈ। ਮੇਰਾ ਇਕ ਪ੍ਰਸਿੱਧ ਗਲਪਕਾਰ ਮਿੱਤਰ ਅਪਣੀ ਇਕ ਕਹਾਣੀ ਬਾਰੇ ਕਹਿੰਦਾ, ਇਹ ਮੈਂ ਸਤਾਰਾਂ ਵਾਰ ਲਿਖੀ ਹੈ ਤਾਂ ਇਹਨੇ ਅੱਜ ਵਾਲਾ ਰੂਪ ਧਾਰਿਆ ਹੈ। ਮੈਂ ਅਵਾਕ ਰਹਿ ਗਿਆ, ਇਕੋ ਕਹਾਣੀ ਸਤਾਰਾਂ ਵਾਰ! ਇਕ ਗੱਲ ਜਿਹੜੀ ਮੈਂ ਉਹਨੂੰ ਨਹੀਂ ਆਖੀ, ਉਹ ਇਹ ਸੀ ਕਿ ਸਤਾਰਾਂ ਵਾਰ ਹੌਂਕਣ-ਹੰਭਣ ਮਗਰੋਂ ਵੀ ਇਹ ਕਹਾਣੀ ਤੈਥੋਂ ਕੋਈ ਬਹੁਤ ਵਧੀਆ ਤਾਂ ਬਣ ਨਹੀਂ ਸਕੀ! ਜਿਹੜੀ ਗੱਲ ਮੈਂ ਉਹਨੂੰ ਆਖੀ, ਉਹ ਇਹ ਸੀ ਕਿ ਜੇ ਕਹਾਣੀ ਤੇਰੇ ਮਨ ਵਿਚ ਸਪੱਸ਼ਟ ਨਹੀਂ ਸੀ, ਤੂੰ ਇਹ ਲਿਖਣੀ ਕਿਉਂ ਸ਼ੁਰੂ ਕੀਤੀ? ਜੇ ਸ਼ੁਰੂ ਕਰ ਹੀ ਲਈ ਸੀ, ਇਕ ਵਾਰ ਲਿਖ ਕੇ ਤੈਨੂੰ ਸਮਝ ਜਾਣਾ ਚਾਹੀਦਾ ਸੀ ਕਿ ਗੱਲ ਬਣੀ ਵੀ ਨਹੀਂ ਤੇ ਬਨਣੀ ਵੀ ਨਹੀਂ। ਅਜਿਹੀ ਨਾਮੁਰਾਦ ਕਹਾਣੀ ਨੂੰ ਪਾੜ ਪਾੜ ਕੇ ਸਤਾਰਾਂ ਵਾਰ ਲਿਖਣ ਦੀ ਥਾਂ ਪਹਿਲੀ ਵਾਰ ਪਾੜ ਕੇ ਪਰ੍ਹੇ ਸੁਟਦਿਆਂ ਝੰਜਟ ਮੁਕਦਾ ਕਰਦਾ ਤੇ Eਨੇਂ ਚਿਰ ਵਿਚ ਤੂੰ ਸਤਾਰਾਂ ਨਾ ਸਹੀ, ਸਾਢੇ ਅੱਠ ਕਹਾਣੀਆਂ ਹੀ ਹੋਰ ਲਿਖ ਲੈਂਦਾ!

ਲਿਖਣ ਦੀ ਵਿਧੀ

ਹੁਣ : ਕਹਾਣੀ ਲਿਖਣ ਦੀ ਤੁਹਾਡੀ ਵਿਧੀ ਕੀ ਹੈ? ਕਹਾਣੀ ਪਹਿਲੀ ਵਾਰ ਦਿਮਾਗ਼ ਵਿਚ ਆਉਣ ਤੋਂ ਲੈ ਕੇ ਕਾਗ਼ਜ਼ ਉੱਤੇ ਉਤਰਨ ਤੱਕ ਕਿਨ੍ਹਾਂ ਪੜਾਵਾਂ ਵਿਚੋਂ ਲੰਘਦੀ ਹੈ?

ਭੁੱਲਰ: ਮੈਂ ਤਾਂ ਅਪਣੇ ਉਪਰੋਕਤ ਕਥਨ ਅਨੁਸਾਰ ਬਹੁਤਾ ਰਚਨਾ-ਕਾਰਜ ਮਨ, ਦਿਮਾਗ਼, ਕਲਪਨਾ, ਚਿੰਤਨ-ਮੰਥਨ ਉੱਤੇ ਹੀ ਛਡਦਾ ਹਾਂ। ਇਸ ਪੜਾਅ ਨੂੰ ਪਾਰ ਕਰਨ ਦਾ ਕੋਈ ਬੱਝਵਾਂ ਸਮਾਂ ਨਹੀਂ ਹੋ ਸਕਦਾ। ਕਈ ਵਾਰ ਤਾਂ ਕਿਸੇ ਘਟਨਾ, ਕਿਸੇ ਗੱਲ ਦੇ ਪ੍ਰਭਾਵ ਹੇਠ ਕਹਾਣੀ ਇਉਂ ਫੁਰਦੀ ਹੈ ਜਿਵੇਂ ਹਨੇਰੇ ਕਮਰੇ ਵਿਚ ਅਚਾਨਕ ਬਲਬ ਜਗ ਪਵੇ। ਸਭ ਕੁਛ ਸਪੱਸ਼ਟ ਹੋ ਜਾਂਦਾ ਹੈ ਤੇ ਕਹਾਣੀ ਝੱਟ ਲਿਖੀ ਜਾਂਦੀ ਹੈ। ਪਰ ਆਮ ਕਰਕੇ ਕਹਾਣੀ ਦਾ ਇਹ ਪੜਾਅ ਵੱਧ-ਘੱਟ ਲੰਮਾ ਸਮਾਂ ਲੈਂਦਾ ਹੈ, ਮਨ ਵਿਚ ਬੀ ਪੈਣ ਤੋਂ ਮਗਰੋਂ ਕੁਛ ਦਿਨ, ਕੁਛ ਮਹੀਨੇ, ਕੁਛ ਸਾਲ, ਕਦੀ ਤਾਂ ਦਹਾਕੇ ਵੀ। ਇਸ ਸਮੇਂ ਦੌਰਾਨ ਕਹਾਣੀ ਕਦੀ ਚੇਤੇ ਦੀ ਤਹਿ ਦੇ ਹੇਠਾਂ ਬੈਠ ਜਾਂਦੀ ਹੈ ਤੇ ਕਦੀ ਜਦੋਂ ਫੇਰ ਉੱਭਰ ਆਉਂਦੀ ਹੈ, ਮਨ ਉਸ ਉੱਤੇ ਫੇਰ ਕੰਮ ਕਰਨ ਲੱਗ ਜਾਂਦਾ ਹੈ। ਹਾਂ, ਕੋਈ ਕਹਾਣੀ ਲਿਖਣ ਵਿਚ ਲੱਗਿਆ ਸਮਾਂ ਕੇਵਲ ਉਸੇ ਨੂੰ ਨਹੀਂ ਸਮਝਿਆ ਜਾਣਾ ਚਾਹੀਦਾ ਜਿੰਨੇ ਵਿਚ ਉਹ ਕਾਗ਼ਜ਼ ਉੱਤੇ ਉਤਾਰੀ ਗਈ ਹੈ, ਮਨ-ਮੰਥਨ ਦਾ ਸਮਾਂ ਵੀ ਇਸ ਵਿਚ ਜੋੜਿਆ ਜਾਣਾ ਚਾਹੀਦਾ ਹੈ। ਅਸਲ ਵਿਚ ਇਹ ਕਾਰਜ ਬੱਚਿਆਂ ਦੀ ਛੋਟੇ-ਵੱਡੇ, ਅਘੜ-ਦੁਘੜੇ ਟੁਕੜੇ ਜੋੜ ਕੇ ਵਧੀਆ ਤਸਵੀਰ ਬਣਾਉਣ ਵਾਲੀ ਜਿਗਸਾਅ ਖੇਡ ਵਾਂਗ ਹੈ। ਪਾਤਰਾਂ, ਘਟਨਾਵਾਂ, ਭਾਵਨਾਵਾਂ, ਵਿਚਾਰਾਂ ਦਾ ਸਮੂਹ ਇਕ ਖ਼ੂਬਸੂਰਤ ਇਕਾਈ ਵਿਚ ਜੋੜਨਾ ਪੈਂਦਾ ਹੈ। ਜੇ ਜਿਗਸਾਅ ਦੇ ਟੁਕੜੇ ਠੀਕ ਨਾ ਜੁੜਨ ਦੀ ਸੂਰਤ ਵਿਚ ਖੱਪੇ ਛੱਡ ਕੇ ਬੇਢਬੇ ਜੋੜ ਦਿੱਤੇ ਜਾਣ, ਸਮਝ ਲਵੋ, ਕੀ ਹੋਵੇਗਾ। ਮਨ ਵਿਚ ਕਹਾਣੀ ਸਪੱਸ਼ਟ ਹੋ ਜਾਣ ਮਗਰੋਂ ਮੈਂ ਤਾਂ ਪੂਰੀ ਕਹਾਣੀ, ਜੇ ਕੋਈ ਅਣਕਿਆਸਿਆ ਵਿਘਣ ਨਾ ਪੈ ਜਾਵੇ, ਇਕੋ ਵਾਰ ਬੈਠ ਕੇ ਕਾਗ਼ਜ਼ ਉੱਤੇ ਉਤਾਰ ਲੈਂਦਾ ਹਾਂ। ਫੇਰ ਉਸਦੀ ਨੋਕ-ਪਲਕ ਸੰਵਾਰੀ ਜਾ ਸਕਦੀ ਹੈ, ਭਾਸ਼ਾ ਨੂੰ ਕੁਛ ਹੋਰ ਲਿਸ਼ਕਾਇਆ ਜਾ ਸਕਦਾ ਹੈ, ਪ੍ਰਭਾਵ ਨੂੰ ਤਿੱਖਾ ਕਰਨ ਲਈ ਕਿਤੋਂ ਕਿਤੋਂ ਰੇਤਿਆ-ਰੰਦਿਆ ਜਾ ਸਕਦਾ ਹੈ ਪਰ ਉਸ ਵਿਚ ਕੋਈ ਵੱਡੀਆਂ ਤਬਦੀਲੀਆਂ ਦੀ ਗੁੰਜਾਇਸ਼ ਉੱਕਾ ਹੀ ਨਹੀਂ ਹੁੰਦੀ। ਇਹ ਗੱਲ ਅਬਰਾਹਮ ਲੰਿਕਨ ਨਾਲੋਂ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਨਹੀਂ ਦੱਸੀ ਜਾ ਸਕਦੀ। ਉਹਨੇ ਕਿਹਾ ਸੀ,“ਜੇ ਬਿਰਛ ਕੱਟਣ ਲਈ ਮੇਰੇ ਕੋਲ ਅੱਠ ਘੰਟੇ ਦਾ ਸਮਾਂ ਹੋਵੇ, ਛੇ ਘੰਟੇ ਮੈਂ ਕੁਹਾੜਾ ਰੇਤਣ ਉੱਤੇ ਲਾਵਾਂਗਾ।” ਕਹਾਣੀਕਾਰ ਨੂੰ ਵੀ ਬਹੁਤਾ ਸਮਾਂ ਕੁਹਾੜਾ ਰੇਤਣ ਉੱਤੇ, ਭਾਵ ਕਹਾਣੀ ਮਨ ਵਿਚ ਸਪੱਸ਼ਟ ਕਰਨ ਉੱਤੇ ਲਾਉਣਾ ਚਾਹੀਦਾ ਹੈ, ਫੇਰ ਬਿਰਛ ਕੱਟਣ ਵਿਚ, ਭਾਵ ਕਹਾਣੀ ਕਾਗ਼ਜ਼ ਉੱਤੇ ਉਤਾਰਨ ਵਿਚ ਬਹੁਤਾ ਸਮਾਂ ਨਹੀਂ ਲਗਦਾ। ਨਾਲੇ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਇਕੋ ਬਿਰਛ ਵਾਰ ਵਾਰ ਨਹੀਂ ਕੱਟਿਆ ਜਾ ਸਕਦਾ। ਇਸ ਗੱਲ ਦੀ ਪੁਸ਼ਟੀ ਚਾਹੀਦੀ ਹੈ ਤਾਂ ਵਿਗਿਆਨ ਗਲਪ ਦੇ ਪ੍ਰਸਿੱਧ ਲੇਖਕ, ਐੱਸਥਰ ਫ਼ਰੀਜ਼ਨਰ ਦੀ ਗੱਲ ਸੁਣ ਲਵੋ,“ਕਹਾਣੀ ਨੂੰ ਸੰਪੂਰਨਤਾ ਵੱਲ ਇਉਂ ਲੈ ਕੇ ਜਾਉ ਜਿਵੇਂ ਤੁਸੀਂ ਬਗੀਚਾ ਉਗਾਉਂਦੇ ਹੋ। ਸਬੱਬ ਨਾਲ ਦੋਵੇਂ ਪਲਾਟਾਂ ਉੱਤੇ ਵਿਗਸਦੇ ਹਨ। ਜ਼ਮੀਨ ਵਿਚ ਖੁਰਪਾ ਖੋਭਣ ਤੋਂ ਵੀ ਪਹਿਲਾਂ ਫ਼ੈਸਲਾ ਕਰੋ ਕਿ ਤੁਸੀਂ ਉਗਾਉਣਾ ਕੀ ਹੈ। ਅੰਤ ਨੂੰ ਤੁਸੀਂ ਕੀ ਪ੍ਰਾਪਤ ਕਰਨਾ ਹੈ ਤੇ ਕਿਵੇਂ ਪ੍ਰਾਪਤ ਕਰਨਾ ਹੈ, ਇਸ ਬਾਰੇ ਪੂਰੀ ਤਰ੍ਹਾਂ ਸਪੱਸ਼ਟ ਹੋ ਕੇ ਹੀ ਆਰੰਭ ਕਰੋ।”

ਪਰਾ ਮਰਦ ਤੇ ਸਮਾਜ

ਹੁਣ : ਰਣਧੀਰ ਦੀ ਮੋਹੀ ਹੋਈ ‘Eਪਰਾ ਮਰਦ’ ਕਹਾਣੀ ਦੀ ਦੀਪੋ ਪਤੀ ਕੋਲ ਮੰਜੀ ਡਾਹੁੰਦਿਆਂ ਰੋਜ਼ Eਪਰੇ ਮਰਦ ਨਾਲ ਸੌਂ ਰਹੀ ਹੋਣ ਦਾ ਅਹਿਸਾਸ ਭੋਗਦੀ ਹੈ ਪਰ ਰਣਧੀਰ ਨਾਲ ਸਰੀਰਕ ਮੇਲ ਮਾਣ ਲੈਣ ਪਿੱਛੋਂ ਪਤੀ ਨੂੰ ਅਪਣਾ ਮਰਦ ਸਮਝਦਿਆਂ ਅਸਲ Eਪਰੇ ਮਰਦ ਨਾਲ ਬਣਾਏ ਸਰੀਰਕ ਸੰਬੰਧ ਦੀ ਕਚਿਆਣ ਭੋਗਦੀ ਹੈ। ਇਸ ਮਾਨਸਿਕਤਾ ਦਾ ਆਧਾਰ ਸਮਝਾਉਗੇ? Eਪਰਾ ਮਰਦ ਕੀ ਤੇਜ਼ੀ ਨਾਲ ਬਦਲ ਰਹੇ ਭਾਰਤੀ ਸਮਾਜ ਵਿਚ ਵੀ Eਪਰਾ ਹੀ ਰਹੇਗਾ?

ਭੁੱਲਰ: ਤੁਹਾਡਾ ਸਵਾਲ ਬੜਾ ਅਹਿਮ ਹੈ। ਮੇਰੀ ਇਸ ਕਹਾਣੀ ਦੀਆਂ ਦੋ ਗੱਲਾਂ ਦੇਖਣ ਵਾਲੀਆਂ ਹਨ। ਇਕ ਤਾਂ ਇਹ ਕਿ ਰਣਧੀਰ ਨੂੰ ਭੋਗਣ ਦੀ ਅਪਣੀ ਇੱਛਾ ਦੀ ਪੂਰਤੀ ਵਾਸਤੇ ਸਾਰਾ ਮਾਹੌਲ ਦੀਪੋ ਆਪ ਸਿਰਜਦੀ ਹੈ, ਭਾਵ ਪਹਿਲ ਉਹ ਆਪ ਕਰਦੀ ਹੈ। ਉਹਦਾ ਵਿਹਾਰ ਇਸ ਸੱਚ ਦਾ ਵੀ ਪ੍ਰਮਾਣ ਹੈ ਕਿ ਪੁਰਸ਼ ਇਸਤਰੀ ਤੋਂ ਜੋ ਕੁਛ ਧੱਕੇ ਨਾਲ ਖੋਹਣ ਦਾ ਆਦੀ ਹੈ, ਇਸਤਰੀ ਸਹਿਜ ਨਾਲ, ਨਰਮੀ ਨਾਲ ਹਾਸਲ ਕਰਦੀ ਹੈ। ਦੂਜੀ ਇਹ ਕਿ ਇਸ ਇੱਛਾ-ਪੂਰਤੀ ਮਗਰੋਂ ਉਹਨੂੰ ਇਸ ਕਰਨੀ ਦੀ ਕਚਿਆਣ ਭੋਗਣੀ ਪੈਂਦੀ ਹੈ। ਇਹੋ ਮਾਨਸਿਕ ਤੇ ਵਿਹਾਰੀ ਦਵੰਦ ਹੈ ਜਿਸਨੇ ਇਸ ਕਹਾਣੀ ਨੂੰ ਪਾਠਕਾਂ ਦੇ ਦਿਲਾਂ ਵਿਚ ਵਸਾ ਦਿੱਤਾ ਹੈ। ਕਾਮਵੇਗ ਇਕ ਅਜਿਹਾ ਸੱਚ ਹੈ ਜੋ ਜੀਵ-ਵਿਗਿਆਨਕ ਪੱਖੋਂ ਇਸਤਰੀ-ਪੁਰਸ਼ ਦੋਵਾਂ ਲਈ ਇਕੋ ਜਿੰਨਾ ਮੂੰਹਜ਼ੋਰ ਹੈ। ਜਦੋਂ ਮਨੁੱਖ ਅਜੇ ਪ੍ਰਕਿਰਤੀ ਦੇ ਨੇੜੇ ਸੀ, ਸਾਡੇ ਪੁਰਾਤਨ ਗ੍ਰੰਥਾਂ ਵਿਚ ਇਸਤਰੀ ਦੀ ਕਾਮ-ਇੱਛਾ ਪੁਰਸ਼ ਨਾਲੋਂ ਘੱਟ ਨਹੀਂ ਦਿਖਾਈ ਗਈ। ਪ੍ਰਕਿਰਤਕ ਜੀਵਨ ਜਿਉਂਦੇ ਜਾਨਵਰਾਂ ਵਿਚ ਤਾਂ ਮਦੀਨ ਹੀ ਬੋਲ ਕੇ ਇੱਛਾ ਪ੍ਰਗਟ ਕਰਦੀ ਹੈ। ਇਕੋ-ਇਕ ਫ਼ਰਕ ਇਹ ਹੈ ਕਿ ਜਿਥੇ ਹੋਰ ਸਭ ਪ੍ਰਾਣੀਆਂ ਲਈ ਕਾਮ ਕੇਵਲ ਤੇ ਕੇਵਲ ਨਸਲ-ਉਤਪਤੀ ਦਾ ਵਸੀਲਾ ਹੈ, ਇਕੱਲਾ ਮਨੁੱਖ ਹੀ ਹੈ ਜਿਸਨੇ ਇਸਨੂੰ ਆਨੰਦ ਦਾ ਮੁੱਖ ਸਾਧਨ ਬਣਾ ਲਿਆ ਹੈ। ਇਸਤਰੀ ਦੇ ਕਾਮਵੇਗ ਦਾ ਦਮਨ ਤਾਂ ਇਤਿਹਾਸ ਵਿਚ ਬਹੁਤ ਮਗਰੋਂ ਜਾ ਕੇ ਹੋਇਆ ਜਦੋਂ ਪੁਰਸ਼ ਨੇ ਉਹਨੂੰ ਇਕ ਵਸਤ ਬਣਾ ਕੇ ਅਪਣੀ ਜਾਇਦਾਦ ਵਿਚ ਪਲਟ ਲਿਆ। ਇਸਤਰੀ ਦੀ ਕੁਦਰਤੀ ਕਾਮ-ਇੱਛਾ ਦੇ ਦਮਨ ਅਤੇ ਅਪਣੀ ਇਸ ਇੱਛਾ ਦੀ ਸਰਦਾਰੀ ਲਈ ਹੀ ਪੁਰਸ਼ ਨੇ, ਧਰਮ ਨੂੰ ਵੀ ਅਪਣੇ ਪੱਖ ਵਿਚ ਭੁਗਤਾ ਕੇ, ਇਸਤਰੀ ਨੂੰ ਇਹ ਪਾਠ ਪੜ੍ਹਾਇਆ ਕਿ ਉਹਦੇ ਲਈ ਇਸ ਇੱਛਾ ਨੂੰ ਪ੍ਰਗਟ ਕਰਨਾ ਤਾਂ ਕਿਤੇ ਰਿਹਾ, ਇਸਨੂੰ ਮਨ ਵਿਚ ਲਿਆਉਣਾ, ਇਸ ਬਾਰੇ ਸੋਚਣਾ ਵੀ ਪਾਪ ਹੈ ਅਤੇ ਜੀਵਨ ਦਾ ਇਹ ਪੱਖ ਪੁਰਸ਼ ਦੀ ਮਰਜ਼ੀ ਉੱਤੇ ਹੀ ਛੱਡ ਦੇਣਾ ਚਾਹੀਦਾ ਹੈ। ਇਸ ਚਾਲ ਵਿਚ ਪੁਰਸ਼ ਨੂੰ ਵੱਡੀ ਸਫਲਤਾ ਪ੍ਰਾਪਤ ਹੋਈ ਅਤੇ ਇਸਦੇ ਜੀਵ-ਵਿਗਿਆਨਕ ਪੱਖੋਂ ਬੜੇ ਦੂਰ-ਰਸ ਨਾਂਹਪੱਖੀ ਸਿੱਟੇ ਨਿਕਲੇ। ਅੱਜ ਵੀ ਜਦੋਂ ਸਾਧਾਰਨ ਅਣਪੜ੍ਹ, ਖਾਸ ਕਰਕੇ ਪੇਂਡੂ ਇਸਤਰੀਆਂ ਨੂੰ ਪੜ੍ਹੀਆਂ-ਲਿਖੀਆਂ ਕੁੜੀਆਂ ਕਿਸੇ ਅਕਾਦਮਿਕ ਖੋਜ ਜਾਂ ਕਿਸੇ ਸਰਵੇਅ ਲਈ ਭਰੋਸੇ ਵਿਚ ਲੈ ਕੇ ਪੁਛਦੀਆਂ ਹਨ, ਬਹੁਗਿਣਤੀ ਕਾਮ ਨੂੰ ‘ਪੁਰਸ਼ਾਂ ਦਾ ਕੰਮ’ ਹੀ ਆਖਦੀ ਹੈ। ਇਹ ਮੰਨਣ ਵਾਲੀਆਂ ਦੀ ਵੀ ਕੋਈ ਘਾਟ ਨਹੀਂ ਕਿ ਉਹ ਕੇਵਲ ਪੁਰਸ਼ ਦੀ ਇੱਛਾ-ਪੂਰਤੀ ਦਾ ਵਸੀਲਾ ਬਣਦੀਆਂ ਹਨ, ਆਪ ਉਹਨਾਂ ਨੂੰ ਕਦੀ ਵੀ ਕੋਈ ਦਿਲਚਸਪੀ ਨਹੀਂ ਰਹੀ। ਇਹ ਪੂਰੀ ਤਰ੍ਹਾਂ ਗ਼ੈਰ-ਕੁਦਰਤੀ ਸਥਿਤੀ ਹੈ। ਪਰ ਜਗੀਰੂ ਜ਼ਮਾਨੇ ਵਿਚ ਵੀ ਪ੍ਰੇਮ-ਕਿੱਸਿਆਂ ਦੀਆਂ ਨਾਇਕਾਵਾਂ ਦੀ ਸਮਾਜ ਵਿਰੁੱਧ ਬਗ਼ਾਵਤ ਇਕ ਪੱਧਰ ਉੱਤੇ ਅਪਣਾ ਇਹੋ ਅਧਿਕਾਰ ਜਤਾਉਣ ਲਈ ਹੁੰਦੀ ਸੀ। “ਵਾਰਿਸ ਸ਼ਾਹ ਨਾ ਮੁੜਾਂ ਰੰਝੇਟੜੇ ਤੋਂ, ਭਾਵੇਂ ਬਾਪ ਦੇ ਬਾਪ ਦਾ ਬਾਪ ਆਵੇ!” ਆਖਣ ਸਮੇਂ ਹੀਰ ਅਪਣੇੇ ਇਸੇ ਅਧਿਕਾਰ ਦਾ ਪ੍ਰਚਮ ਬੁਲੰਦ ਕਰਦੀ ਹੈ। ਦੀਪੋ ਦਾ ਰਣਧੀਰ ਨੂੰ ਭੋਗਣਾ ਵੀ ਇਸੇ ਲੜੀ ਵਿਚ ਆਉਂਦਾ ਹੈ। ਅੱਜ ਦੇ ਜੁੱਗ ਵਿਚ ਜਦੋਂ ਵਿਦਿਆ, ਵਿਗਿਆਨ ਤੇ ਮਾਨਵੀ ਅਧਿਕਾਰਾਂ ਦਾ ਬੋਲਬਾਲਾ ਹੈ, ਇਹ ਸੰਭਵ ਨਹੀਂ ਕਿ ਇਸਤਰੀ ਅਪਣੀ ਇਸ ਆਦਿਕਾਲੀ, ਕੁਦਰਤੀ ਇੱਛਾ ਦੀ ਸੁਰਜੀਤੀ ਦਾ ਮਹੱਤਵ ਨਾ ਪਛਾਣੇ। ਤਾਂ ਵੀ ਪੁਰਸ਼ ਹੋਵੇ ਜਾਂ ਇਸਤਰੀ, ਸਮਾਜਕ ਜੀਵਨ ਤਾਂ ਵਿਅਕਤੀਗਤ ਆਜ਼ਾਦੀ ਤੇ ਸਮਾਜਕ ਨੇਮਾਂ ਵਿਚਕਾਰ ਸਮਝੌਤੇ ਦੇ ਆਧਾਰ ਉੱਤੇ ਹੀ ਚਲਦਾ ਹੈ। ਇਸ ਪ੍ਰਬੰਧ ਵਿਚ Eਪਰਾ ਮਰਦ Eਨਾਂ ਚਿਰ Eਪਰਾ ਹੀ ਰਹੇਗਾ ਜਿੰਨਾ ਚਿਰ ਵਿਆਹ ਦੀ ਸੰਸਥਾ ਕਾਇਮ ਹੈ।

ਹੁਣ : ਅਪਣੀਆਂ ਇਸਤਰੀ ਪਾਤਰਾਂ ਦਾ ਕਾਮ ਵੱਲ ਇਹ ਸਹਿਜ ਰਵਈਆ ਤੁਹਾਡਾ ਸਚੇਤ ਨਿਰਣਾ ਸੀ ਜਾਂ ਇਹ ਕਿਸੇ ਹੋਰ ਕਾਰਨ ਕਰਕੇ ਹੋਇਆ?

ਭੁੱਲਰ: ਤੁਸੀਂ ਇਹ ਸਵਾਲ ਪੁੱਛ ਕੇ ਬੜਾ ਚੰਗਾ ਕੀਤਾ। ਇਸਦਾ ਉੱਤਰ ਲੇਖਕ ਦੀ ਵਿਚਾਰਧਾਰਾ ਅਤੇ ਉਹਦੀ ਸਾਹਿਤਕ ਰਚਨਾ ਵਿਚਕਾਰਲੇ ਸੰਬੰਧ ਨਾਲ ਜੁੜਿਆ ਹੋਇਆ ਹੈ। ਕਾਮ ਵੱਲ ਮੇਰੀਆਂ ਇਸਤਰੀ ਪਾਤਰਾਂ ਦੇ ਸਹਿਜ ਰਵਈਏ ਦਾ ਵਰਤਾਰਾ ਬੜਾ ਵਚਿੱਤਰ ਹੈ। ਮੇਰਾ ਸੋਚ ਕੇ ਅਜਿਹਾ ਸਚੇਤ ਨਿਰਣਾ ਕਰਨਾ ਤਾਂ ਦੂਰ, ਮੈਂ ਤਾਂ ਇਸ ਤੱਥ ਬਾਰੇ ਹੀ ਸਚੇਤ ਨਹੀਂ ਸੀ। ਇਹ ਤਾਂ ਇਕ ਵਾਰ ਇਕ ਸੂਝਵਾਨ ਪਾਠਕ ਨੇ ਤੁਹਾਡੇ ਵਾਲਾ ਸਵਾਲ ਪੁੱਛਿਆ ਤਦ ਮੈਨੂੰ ਸੋਝੀ ਆਈ। ਭਾਵੇਂ ਮੇਰੀਆਂ ਇਸਤਰੀ-ਪਾਤਰ-ਪ੍ਰਧਾਨ ਕਹਾਣੀਆਂ ਦਾ ਵੱਖਰਾ ਸੰਗ੍ਰਹਿ ‘ਧਰਤੀ ਦੀਆਂ ਧੀਆਂ’ ਚਿਰ ਪਹਿਲਾਂ ਛਪਿਆ ਸੀ ਤੇ ਮਗਰੋਂ ਉਹਦਾ ਦੂਜਾ ਵਧਾਇਆ ਹੋਇਆ ਐਡੀਸ਼ਨ ਵੀ ਛਪਿਆ, ਤਾਂ ਵੀ ਮੇਰਾ ਧਿਆਨ ਇਸ ਪਾੱਸੇ ਨਹੀਂ ਸੀ ਗਿਆ। ਜਿਵੇਂ ਪਹਿਲਾਂ ਹੋਏ ਜਿ਼ਕਰ ਅਨੁਸਾਰ ਕਹਾਣੀ ‘ਰਾਤਾਂ ਕਾਲੀਆਂ’ ਵਿਚ ਉੱਕਾ ਹੀ ਕਿਸੇ ਅਜਿਹੇ ਉਜਾਗਰ ਜਿ਼ਕਰ ਤੋਂ ਬਿਨਾਂ ਮੇਰੀ ਵਿਚਾਰਧਾਰਾ ਅਨੁਸਾਰ ਜੰਗਾਂ ਤੇ ਫ਼ੌਜਾਂ ਦਾ ਵਿਰੋਧ ਹੋ ਜਾਂਦਾ ਹੈ, ਮੇਰੀਆਂ ਅਜਿਹੀਆਂ ਕਹਾਣੀਆਂ ਵਿਚ ਲਗਭਗ ਸਾਰੀਆਂ ਹੀ ਇਸਤਰੀ ਪਾਤਰਾਂ ਦਾ ਕਾਮ ਵੱਲ ਸਹਿਜ ਰਵਈਆ ਮੇਰੀ ਇਸ ਸੰਬੰਧੀ ਸੋਚ ਦਾ ਪਰਤੌ ਹੈ। ਪਰ ਇਹ ਉਹਨਾਂ ਉੱਤੇ ਮੜ੍ਹਿਆ ਹੋਇਆ ਨਹੀਂ ਸਗੋਂ ਉਹਨਾਂ ਦੇ ਜੀਵਨ ਵਿਚੋਂ ਸਹਿਜ-ਸੁਭਾਵਿਕ ਹੀ ਰੂਪ ਧਾਰ ਗਿਆ ਹੈ। ਉਹ ਨਾ ਤਾਂ ਇਸ ਮਨੋਰਥ ਲਈ ‘ਵੈਲਣਾਂ’ ਬਣਦੀਆਂ ਹਨ ਤੇ ਨਾ ਨਾਰੀਵਾਦ ਦਾ ਝੰਡਾ ਚੁਕਦੀਆਂ ਹਨ ਪਰ ਅਪਣੇੇ ਅਧਿਕਾਰ ਪ੍ਰਤੀ ਜਾਗ੍ਰਿਤ ਹਨ। ਲੇਖਕ ਦੀ ਮਾਨਵ-ਹਿਤੈਸ਼ੀ ਵਿਚਾਰਧਾਰਾ ਦਾ ਇਹੋ ਮਹੱਤਵ ਹੈ ਕਿ ਉਹ ਸਿੱਧੇ ਤੌਰ ਉੱਤੇ ਉਜਾਗਰ ਹੋਏ ਬਿਨਾਂ ਰਚਨਾ ਨੂੰ ਮਾਨਵੀ ਲੱਛਣ ਵਾਲੀ ਰਖਦੀ ਹੈ|

ਹੁਣ : ‘Eਪਰਾ ਮਰਦ’ ਕਹਾਣੀ ਦੇ ਦੂਜੇ ਪੱਖ ਵੱਲ ਆਈਏ। ਅਪਣੀ ਇੱਛਾ ਨਾਲ ਕੀਤੇ ਮੇਲ ਤੋਂ ਮਗਰੋਂ ਦੀਪੋ ਜਿਹੜੀ ਕਚਿਆਣ ਭੋਗਦੀ ਹੈ, ਤੁਹਾਡੇ ਅਨੁਸਾਰ ਉਹਦਾ ਆਧਾਰ ਕੀ ਹੈ?

ਭੁੱਲਰ: ਦੀਪੋ ਦੀ ਕਚਿਆਣ ਵੀ Eਨੀਂ ਹੀ ਕੁਦਰਤੀ ਹੈ ਜਿੰਨੀ ਉਹਦੀ ਇੱਛਾ-ਪੂਰਤੀ। ਉਹਦਾ ਮਲ-ਮਲ ਨ੍ਹਾਉਣਾ ਤੇ ਧੁਰ ਅੰਦਰ ਨੂੰ ਕੂਚਣ-ਹੰਘਾਲਣ ਲਈ ਦਾਤਨ ਕਰਨਾ ਇਸੇ ਕਚਿਆਣ ਨੂੰ ਧੋਣ-ਮਾਂਜਣ ਦਾ ਉਪਰਾਲਾ ਹੈ। ਸਮਾਜਕ ਨੇਮ, ਸਭਿਆਚਾਰ, ਪ੍ਰੰਪਰਾ ਅਪਣੇੇ ਆਪ ਵਿਚ ਇਕ ਵੱਡੀ ਸ਼ਕਤੀ ਹਨ। ਇਹਨਾਂ ਦਾ ਉਲੰਘਣ ਕਰ ਕੇ ਕਿਸੇ ਪਾਪਬੋਧ ਤੋਂ ਪੂਰੀ ਤਰ੍ਹਾਂ ਮੁਕਤ ਰਹਿ ਸਕਣਾ ਵਿਅਕਤੀ ਲਈ ਸੰਭਵ ਨਹੀਂ, ਉਹ ਚਾਹੇ ਭਾਵੇਂ ਨਾ ਚਾਹੇ ਅਤੇ ਉਹ ਭਾਵੇਂ ਕਿੰਨੇ ਹੀ ਜਿਗਰੇ ਵਾਲਾ ਤੇ ਸਮਾਜ ਦੀ ਪਰਵਾਹ ਨਾ ਕਰਨ ਦਾ ਦਾਅਵਾ ਕਰਨ ਵਾਲਾ ਕਿਉਂ ਨਾ ਹੋਵੇ। ਇਹਨਾਂ ਸਭ ਬੰਧਨਾਂ ਤੋਂ ਸਮਾਜ ਦੇ ਅੰਦਰ ਰਹਿੰਦਿਆਂ ਪੂਰੀ ਤਰ੍ਹਾਂ ਮੁਕਤ ਹੋ ਸਕਣਾ ਮੁਸ਼ਕਿਲ ਹੀ ਨਹੀਂ, ਅਸੰਭਵ ਹੈ। ਇਕ ਦਿਲਚਸਪ ਗੱਲ ਦੱਸਾਂ। ਜਦੋਂ ਮੈਂ ਇਹ ਕਹਾਣੀ ਕਈ ਦਹਾਕੇ ਪਹਿਲਾਂ ਲਿਖੀ ਸੀ, ਮੈਨੂੰ ਇਸਦੇ ਵਿਗਿਆਨਕ ਆਧਾਰ ਦੀ ਸੋਝੀ ਨਹੀਂ ਸੀ। ਪਿਛੇ ਜਿਹੇ ਮੈਂ ਇਕ ਅੰਗਰੇਜ਼ੀ ਲੇਖ ਪੜ੍ਹਿਆ ਤਾਂ ਬੜੀ ਹੈਰਾਨੀ ਹੋਈ। ਉਸ ਵਿਚ ਇਸ ਮਨੋਵਿਗਿਆਨਕ ਵਰਤਾਰੇ ਨੂੰ ‘ਲੇਡੀ ਮੈਕਬੈੱਥ ਈਫ਼ੈਕਟ’ ਕਿਹਾ ਗਿਆ ਸੀ। ਸ਼ੈਕਸਪੀਅਰ ਦੇ ਨਾਟਕ ‘ਮੈਕਬੈੱਥ’ ਦੀ ਪਾਤਰ ਲੇਡੀ ਮੈਕਬੈੱਥ ਨੇ ਬਾਦਸ਼ਾਹ ਦੇ ਕਤਲ ਦੀ ਸਾਜਿ਼ਸ਼ ਰਚਾਈ ਸੀ। ਮਗਰੋਂ ਇਹੋ ਪਾਪਬੋਧ ਉਸ ਉੱਤੇ ਭਾਰੂ ਹੋ ਗਿਆ। ਇਸ ਵਰਤਾਰੇ ਦੀ ਬੜੀ ਦਿਲਚਸਪ ਵਿਆਖਿਆ ਦਿੱਤੀ ਹੋਈ ਸੀ,“ਉਹ ਅਪਣੇੇ ਕਲਪਿਤ ਲਹੂ-ਲਿੱਬੜੇ ਹੱਥਾਂ ਨੂੰ ਇਸ ਆਸ ਨਾਲ ਵਾਰ ਵਾਰ ਧੋਂਦੀ ਹੈ ਕਿ ਇਉਂ ਉਹਦੇ ਪਾਪ ਧੋਤੇ ਜਾਣਗੇ। ਇਹ ਅਜਿਹੀ ਮਨੋਵਿਗਿਆਨਕ ਦਸ਼ਾ ਹੈ ਜਿਸ ਵਿਚ ਕੋਈ ਗ਼ਲਤ ਕੰਮ ਕਰ ਬੈਠੇ ਵਿਅਕਤੀ ਅਪਣੀ ਆਤਮਾ ਨੂੰ ਪਾਪਬੋਧ ਤੋਂ ਮੁਕਤ ਕਰਨ ਲਈ ਅਪਣੇੇ ਹੱਥ ਜਾਂ ਸਰੀਰ ਧੋਣ ਦੀ ਲੋੜ ਮਹਿਸੂਸ ਕਰਦੇ ਹਨ। ਉਹ ਇਹ ਸਮਝਣ ਲਗਦੇ ਹਨ ਕਿ ਸਰੀਰਕ ਮਾਂਜ-ਕੂਚ ਸਦਾਚਾਰਕ ਨਿਰਮਲਤਾ ਦਾ ਬਦਲ ਹੋ ਸਕਦੀ ਹੈ!” ਜੀਵਨ ਵਿਚ ਅਜਿਹੇ ਵਿਅਕਤੀਆਂ ਦੀ ਘਾਟ ਨਹੀਂ। ਅਜਿਹੇ ਇਕ ਸੱਜਨ ਨਾਲ ਤਾਂ ਮੇਰਾ ਲੰਮਾ ਸਮਾਂ ਵਾਹ ਰਿਹਾ। ਉਹ ਪੰਜਾਬੀ ਕਵੀ ਹੁਣ ਤਾਂ ਬਜ਼ੁਰਗ ਹੋ ਕੇ ਸਾਹਿਤਕ ਖੇਤਰ ਤੋਂ ਬਾਹਰ ਹੀ ਹੋ ਗਿਆ ਪਰ ਉਸ ਸਮੇਂ ਉਹਦਾ, ਖਾਸ ਕਰਕੇ ਸਟੇਜਾਂ ਉੱਤੇ, ਚੰਗਾ ਵਾਹਵਾ ਨਾਂ ਸੀ। ਉਹਨੂੰ ਰੂਸੀ ਦਫ਼ਤਰ ਵਿਚ ਮੈਂ ਹੀ ਨੌਕਰੀ ਉੱਤੇ ਲੁਆਇਆ ਸੀ। ਸਾਰਾ ਦਿਨ ਹੱਥ ਧੋਣ ਲਈ ਗੁਸਲਖਾਨੇ ਦੇ ਗੇੜੇ ਕਢਦਾ ਰਹਿੰਦਾ। ਕਈ ਲੋਕ ਜਾਣ-ਬੁੱਝ ਕੇ ਉਹਨੂੰ ਤੰਗ ਕਰਨ ਵਾਸਤੇ ਗੁਸਲਖਾਨਿਉਂ ਨਿਕਲੇ ਵੱਲ ਮਿਲਾਉਣ ਲਈ ਹੱਥ ਵਧਾ ਦਿੰਦੇ। ਉਹ ਬਿਚਾਰਾ ਹੱਥ ਮਿਲਾਉਂਦਾ ਤੇ ਅਗਲੇ ਦੇ ਲੰਘ ਜਾਣ ਦੀ ਉਡੀਕ ਕਰ ਕੇ ਫੇਰ ਹੱਥ ਧੋਣ ਮੁੜ ਜਾਂਦਾ। ਜਿਸ ਦਿਨ ਦਫ਼ਤਰ ਲੱਗਣ ਤੋਂ ਕੁਛ ਘੰਟਿਆਂ ਮਗਰੋਂ ਵੀ ਗੁਸਲਖਾਨੇ ਦੀ ਸਾਬਨਦਾਨੀ ਵਿਚ ਤਰਲ ਸਾਬਨ ਬਚ ਰਹਿੰਦੀ, ਲੋਕ ਇਕ ਦੂਜੇ ਨੂੰ ਉਹਦਾ ਨਾਂ ਲੈ ਕੇ ਪੁਛਦੇ, ਅੱਜ ਉਹ ਨਹੀਂ ਆਇਆ, ਹੁਣ ਤੱਕ ਸਾਬਨ ਬਚੀ ਪਈ ਹੈ? ਰੱਬ ਜਾਣੇ, ਉਹਨੂੰ ਇਹ ਕਿਸ ਗੁਨਾਹ ਦਾ ਅਹਿਸਾਸ ਜਿੱਚ ਕਰ ਰਿਹਾ ਸੀ! ਪੁੱਛਿਆਂ ਵੀ ਉਹਨੇ ਦੱਸਣਾ ਥੋੜ੍ਹੋ ਸੀ!

ਹੁਣ : ਤੁਸੀਂ ਹੁਣੇ ਸਾਡੇ ਪੁਰਾਤਨ ਗ੍ਰੰਥਾਂ ਵਿਚ ਇਸਤਰੀ ਦੀ ਕਾਮ-ਇੱਛਾ ਦੇ ਪ੍ਰਗਟਾਵੇ ਦੀ ਗੱਲ ਕੀਤੀ ਸੀ। ਅਜਿਹੀਆਂ ਕੁਛ ਉਦਾਹਰਨਾਂ ਦੇ ਸਕੋ ਤਾਂ ਮਾਮਲੇ ਦੀ ਸਪੱਸ਼ਟਤਾ ਲਈ ਚੰਗਾ ਹੋਵੇ।

ਭੁੱਲਰ: ਮੇਰੀ ਕਹਾਣੀ ਹੈ ‘ਤਿੰਨ ਮੂਰਤੀਆਂ ਵਾਲਾ ਮੰਦਰ’ ਜਿਸ ਵਿਚ ਮੈਂ ਸੰਪੂਰਨ ਪੁਰਸ਼ ਤੇ ਸੰਪੂਰਨ ਇਸਤਰੀ ਦੇ ਸੰਕਲਪ ਨੂੰ ਆਧਾਰ ਬਣਾਇਆ ਹੈ। ਇਕੋ ਇਸਤਰੀ ਦੇ ਸੰਬੰਧ ਵਿਚ ਪੁਰਸ਼ ਦਾ ਪਿਤਾ-ਸਮਾਨ, ਪ੍ਰੇਮੀ ਤੇ ਪੁੱਤਰ-ਸਮਾਨ ਹੋਣਾ ਅਤੇ ਇਕੋ ਪੁਰਸ਼ ਦੇ ਸੰਬੰਧ ਵਿਚ ਇਸਤਰੀ ਦੀ ਮਮਤਾ, ਪ੍ਰੀਤ ਤੇ ਬਾਲੜੀ ਭਾਵਨਾ। ਇਹ ਬਹੁਤ ਹੀ ਸੂਖ਼ਮ ਵਿਸ਼ਾ ਸੀ ਅਤੇ ਪੇਸ਼ਕਾਰੀ ਵਿਚ ਬੇਹੱਦ ਸਾਵਧਾਨੀ, ਸੰਜਮ ਤੇ ਠਰ੍ਹੰਮਾ ਅਤੇ ਭਾਸ਼ਾ ਦੀ ਬਿਲਕੁਲ ਹੀ ਵੱਖਰੀ ਭਾਹ ਲੋੜਦਾ ਸੀ। ਇਸ ਕਹਾਣੀ ਵਿਚ ਸੰਤੁਲਨ ਬਣਾਈ ਰੱਖਣਾ ਦੋ ਵੰਝਾਂ ਵਿਚਕਾਰ ਬੰਨ੍ਹੇ ਹੋਏ ਰੱਸੇ ਉੱਤੇ ਤੁਰਨ ਵਾਂਗ ਸੀ। ਇਸ ਵਿਚ ਪੁਰਾਤਨ ਕਾਲ ਵਿਚ ਇਸਤਰੀ ਵੱਲੋਂ ਕਾਮ-ਇੱਛਾ ਦੀ ਪੂਰਤੀ ਲਈ ਪਹਿਲ ਕੀਤੇ ਜਾਣ ਦੇ ਕਈ ਵੇਰਵੇ ਹਨ। ਰਿਗਵੇਦ ਵਿਚ ਤਾਂ ਯਮੀ ਅਪਣੇ ਭਰਾ ਯਮ ਨੂੰ ਹੀ ਕਹਿੰਦੀ ਹੈ,“ਮੈਂ ਤੇਰੇ ਪਿੱਛੇ ਪਿੱਛੇ ਇਸ ਰੇਤਲੇ ਸਾਗਰ ਤੱਟ ਉੱਤੇ ਪੁੱਜ ਗਈ ਹਾਂ। ਆ ਵੀਰਾ, ਮੇਰੇ ਨਾਲ ਸੰਗ ਕਰ ਤਾਂ ਜੋ ਤੇਰਾ ਬੀ ਕੁੱਖ ਵਿਚ ਪੈਣ ਦੀ ਮੇਰੀ ਇੱਛਾ ਅਤੇ ਅਰਦਾਸ ਫਲੀਭੂਤ ਹੋਵੇ!” ਰਿਗਵੇਦ ਵਿਚ ਹੀ ਮਹਾਨ ਦਾਰਸ਼ਨਿਕ ਲੋਪਾਮੁਦਰਾ ਅਪਣੇੇ ਪਤੀ ਰਿਸ਼ੀ ਅਗਸਤਿਅ ਨੂੰ ਪੂਰੀ ਨਾ ਹੁੰਦੀ ਕਾਮਨਾ ਦੇ ਮਾਨਸਿਕ ਦਬਾਅ ਬਾਰੇ ਦੱਸ ਕੇ ਅਪਣੀ ਇੱਛਾ ਪ੍ਰਗਟ ਕਰਦੀ ਹੈ। ਰਾਮਾਇਣ ਵਿਚ ਜਦੋਂ ਦੇਵਰਾਜ ਇੰਦਰ ਉਹਦੇ ਪਤੀ ਗੌਤਮ ਦਾ ਰੂਪ ਧਾਰ ਕੇ ਕਾਮ-ਇੱਛਕ ਅਹੱਲਿਆ ਕੋਲ ਆਉਂਦਾ ਹੈ, ਤਦ ਉਹ ਪਛਾਣ ਤਾਂ ਲੈਂਦੀ ਹੈ ਪਰ ਉਸ ਦਾ ਸੰਗ ਕਰਨ ਦਾ ਸਚੇਤ ਫ਼ੈਸਲਾ ਲੈ ਲੈਂਦੀ ਹੈ। ਇਹ ਭਾਵਨਾ ਸਾਡੇ ਆਧੁਨਿਕ ਸਾਹਿਤ ਵਿਚ ਵੀ ਉਜਾਗਰ ਹੋਈ ਹੈ। ਮੋਹਨ ਸਿੰਘ ‘ਕੋਈ ਤੋੜੇ ਵੇ ਕੋਈ ਤੋੜੇ, ਮੇਰੀ ਵੀਣੀ ਨੂੰ ਮਚਕੋੜੇ’ ਦੀ ਇੱਛਾ ਵਿਚ ਬਿਹਬਲ ਇਸਤਰੀ ਮੂੰਹੋਂ ਅਪਣੀ ਅਵਸਥਾ ਦੀ ਤੁਲਨਾ ਭਰ ਕੇ ਡੁੱਲ੍ਹਣ ਉੱਤੇ ਆਈ ਹੋਈ ਸ਼ਰਾਬ ਦੀ ਸੁਰਾਹੀ ਨਾਲ ਕਰਵਾਉਂਦੇ ਹਨ। ਸੁਖਵਿੰਦਰ ਅੰਮ੍ਰਿਤ ਦਾ ਇਕ ਬਹੁਤ ਖ਼ੂਬਸੂਰਤ ਤੇ ਅਰਥਪੂਰਨ ਸਿ਼ਅਰ ਹੈ:“ਕਦੋਂ ਤੱਕ ਰਖਿਆ ਜਾਂਦਾ ਦਬਾ ਕੇ ਜਿਉਣ ਦਾ ਜਜ਼ਬਾ/ ਲਹੂ ’ਚੋਂ ਲਹਿਰ ਜਦ ਉਠਦੀ ਕਿਨਾਰੇ ਖੁਰਨ ਲਗਦੇ ਨੇ!” ਤੇ ਪੰਜਾਬਣ ਮੁਟਿਆਰ ਦਾ ਗੀਤ ਹੈ,“ਮਾਏ ਨੀ ਮੇਰਾ ਦੇਹ ਮੁਕਲਾਵਾ, ਰੋਜ਼ ਰੋਜ਼ ਕੀ ਆਖਾਂ!” ਪੁਰਾਤਨ ਕਾਲ ਹੋਵੇ ਜਾਂ ਆਧੁਨਿਕ ਕਾਲ, ਇਸ ਇੱਛਾ ਵਿਚ ਕੁਛ ਵੀ ਗ਼ੈਰ-ਕੁਦਰਤੀ ਨਹੀਂ। ਮੈਂ ਅਪਣੀਆਂ ਕਈ ਕਹਾਣੀਆਂ ਵਿਚ ਇਸਤਰੀ ਨੂੰ ਅਪਣੀ ਕਾਮ-ਇੱਛਾ ਇਸੇ ਸਹਿਜ-ਸੁਭਾਵਿਕ, ਕੁਦਰਤੀ ਰੂਪ ਵਿਚ ਮਹਿਸੂਸ ਕਰਦੀ ਤੇ ਪ੍ਰਗਟਾਉਂਦੀ ਦਿਖਾਇਆ ਹੈ, ‘ਕੀ ਪਤਾ…’, ‘ਵੱਤਰ’, ‘ਹਨੇਰੀਆਂ ਦੀ ਰੁੱਤ ਪਿੱਛੋਂ’, ‘ਪੁੜੀਆਂ ਅਤੇ ਪੋਥੀਆਂ’, ‘ਤਿੰਨ ਮੂਰਤੀਆਂ ਵਾਲਾ ਮੰਦਰ’, ਆਦਿ। ‘ਅਗਨੀ ਕਲਸ’ ਦੀ ਨਾਇਕਾ ਸਰਸਵਤੀ ਭਾਵੇਂ ਪਹਿਲ ਤਾਂ ਨਹੀਂ ਕਰਦੀ ਪਰ ਮਗਰੋਂ ‘Eਪਰਾ ਮਰਦ’ ਦੀ ਦੀਪੋ ਵਾਲੇ ਪਾਪਬੋਧ ਵਿਚੋਂ ਵੀ ਨਹੀਂ ਲੰਘਦੀ। ਮੇਰੀਆਂ ਇਹਨਾਂ ਸਭ ਕਹਾਣੀਆਂ ਦੀ ਸਾਂਝੀ ਗੱਲ ਇਸਤਰੀ-ਪੁਰਸ਼ ਦੀ ਸਰੀਰਕਤਾ ਦੀ ਗੱਲ ਕੀਤੀ ਹੋਣ ਦੇ ਬਾਵਜੂਦ ਚਸਕੇ ਦੀ ਲਾਲਸਾ ਵਿਚ ਆਉਣ ਤੋਂ ਪੂਰਾ ਇਨਕਾਰ, ਸ਼ਬਦਾਂ ਦੀ ਚੋਣ ਵਿਚ ਸੂਝ ਤੇ ਸੰਜਮ ਤੋਂ ਕੰਮ ਲਏ ਜਾਣਾ ਅਤੇ ਭਾਸ਼ਾ ਦਾ ਸੰਬੰਧਿਤ ਕਹਾਣੀ ਦੀ ਸੁਰ ਨਾਲ ਪੂਰੀ ਤਰ੍ਹਾਂ ਜੁਗਲਬੰਦੀ ਵਿਚ ਹੋਣਾ ਹੈ।

ਹੁਣ : ਕਹਾਣੀ ‘ਪੁੜੀਆਂ ਅਤੇ ਪੋਥੀਆਂ’ ਵਿਚ ਅਣਪੜ੍ਹ ਔਰਤ ਮਾਸੀ ਜੀ ਜਗਦੀਪ ਕੌਰ ਨੂੰ ਕਾਮ ਦੇ ਪੱਖੋਂ ਅਪਣੇੇ ਇਸਤਰੀਤਵ ਦੀ ਸੋਝੀ ਬੜੀ ਕਸੂਤੀ ਉਮਰ ਵਿਚ ਹੁੰਦੀ ਹੈ ਜਦੋਂ ਉਹ ਨੂੰਹਾਂ-ਪੋਤਿਆਂ ਵਾਲੀ ਬਣ ਚੁੱਕੀ ਹੈ। ਇਹ ਵਿਚਾਰ ਤੁਹਾਡੇ ਮਨ ਵਿਚ ਕਿਥੋਂ ਆਇਆ?

ਭੁੱਲਰ: ਇਸ ਕਹਾਣੀ ਦੀ ਜੜ ਵਾਸਤਵਿਕ ਜਿ਼ੰਦਗੀ ਵਿਚ ਤਾਂ ਹੈ ਪਰ ਬਿਲਕੁਲ ਵੱਖਰੇ ਪੱਧਰ ਉੱਤੇ ਜਿਸ ਕਰਕੇ ਇਹਨੇ ਵੀ ਅਪਣਾ ਬਹੁਤਾ ਕਥਾ-ਪੰਧ ਮੇਰੀ ਕਲਪਨਾ ਦੇ ਫੰਘਾਂ ਉੱਤੇ ਸਵਾਰ ਹੋ ਕੇ ਹੀ ਪੂਰਾ ਕੀਤਾ। ਮੈਂ ਕਾਫ਼ੀ ਲੰਮੇ ਸਮੇਂ ਲਈ ਇਕ ਅਣਪੜ੍ਹ ਪੇਂਡੂ ਬਜ਼ੁਰਗ ਇਸਤਰੀ ਨੂੰ ਨੇੜਿਉਂ ਦੇਖਿਆ ਸੀ ਜਿਸਦਾ ਵਿਆਹੁਤਾ ਜੀਵਨ ਪਤੀ-ਪ੍ਰੇਮ ਦੇ ਪੱਖੋਂ ਜਵਾਨੀ ਵਿਚ ਵੀ ਸਾਧਾਰਨ ਨਹੀਂ ਸੀ ਰਿਹਾ। ਜਦੋਂ ਮੈਂ ਉਹਨੂੰ ਕਿਸੇ ਕਾਰਨ ਧੀ-ਜੁਆਈ ਕੋਲ ਰਹਿੰਦੀ ਦੇਖਿਆ, ਜਿਨ੍ਹਾਂ ਦੇ ਘਰ ਦਾ ਮਾਹੌਲ ਭਾਣਜੀ ਕਰਮਿੰਦਰ ਦੇ ਕਹਾਣੀ ਵਿਚਲੇ ਘਰ ਵਰਗਾ ਸੁਖਾਵਾਂ ਸੀ, ਮੇਰੇ ਮਨ ਵਿਚ ਅਕਸਰ ਆਉਂਦਾ ਕਿ ਉਹ ਇਸ ਮਾਹੌਲ ਵਿਚ ਰਹਿ ਕੇ ਕੀ ਮਹਿਸੂਸ ਕਰਦੀ ਹੋਵੇਗੀ! ਧੀ-ਜੁਆਈ ਦੇ ਸੁਖੀ-ਸਵਾਹਰੇ ਵਿਆਹੁਤਾ ਜੀਵਨ ਨੂੰ ਦੇਖਦਿਆਂ ਕੀ ਉਹ ਅਪਣੇੇ ਪੀੜਾਂ-ਭਰੇ ਵਿਆਹੁਤਾ ਜੀਵਨ ਉੱਤੇ ਪਰਤਵੀਂ ਝਾਤ ਮਾਰਦੀ ਹੋਵੇਗੀ? ਕੀ ਅਪਣੀ ਮਿੱਟੀ-ਘੱਟੇ ਰੁਲ ਗਈ ਜਵਾਨੀ ਦਾ ਉਹਦਾ ਝੋਰਾ ਤੇ ਹੇਰਵਾ ਕਦੀ ਅਣਸੁਣਿਆ ਲੰਮਾ ਹਉਕਾ ਬਣ ਕੇ ਨਿਕਲਦਾ ਹੋਵੇਗਾ? ਬੱਸ ਏਨਾਂ ਹੀ ਹੈ ਇਸ ਕਹਾਣੀ ਦਾ ਹਕੀਕੀ ਆਧਾਰ; ਬਾਕੀ ਸਭ, ਜਿਵੇਂ ਮੈਂ ਕਿਹਾ ਹੈ, ਕਲਪਨਾ ਦੇ ਫੰਘਾਂ ਉੱਤੇ ਉਡਾਰੀ ਹੈ। ਨੂੰਹ ਤੇ ਡਾਕਟਰ ਦੇ ਪਾਤਰ ਅਤੇ ਉਹਨਾਂ ਨਾਲ ਗੱਲਾਂਬਾਤਾਂ ਪੂਰੀ ਤਰ੍ਹਾਂ ਕਲਪਿਤ ਹਨ। ਕਹਾਣੀ ਦਾ ਅੰਤ ਵੀ ਨਿਰੋਲ ਕਲਪਨਾ ਹੈ; ਉਸ ਇਸਤਰੀ ਦੇ ਅਸਲੀ ਜੀਵਨ ਵਿਚ ਅਜਿਹੇ ਕਿਸੇ ਮੋੜ ਦੀ ਕੋਈ ਸੰਭਾਵਨਾ ਹੈ ਹੀ ਨਹੀਂ ਸੀ।

ਹੁਣ : ‘ਦੀਵੇ ਵਾਂਗ ਬਲਦੀ ਅੱਖ’ ਤੁਹਾਡੀ ਇਕ ਬੜੀ ਜ਼ਬਰਦਸਤ ਕਹਾਣੀ ਹੈ। ਇਸ ਕਹਾਣੀ ਦੇ ਪਿਛੋਕੜ ਬਾਰੇ, ਇਸਦੇ ਆਧਾਰ ਬਾਰੇ ਪਾਠਕਾਂ ਨਾਲ ਕੁਛ ਸਾਂਝਾ ਕਰੋਗੇ?

ਭੁੱਲਰ: ਇਸ ਕਹਾਣੀ ਦੀ ਗਾਥਾ ਬੜੀ ਵਚਿੱਤਰ ਹੈ। ਪਹਿਲਾਂ ਇਸਦੇ ਆਧਾਰ ਦੀ ਗੱਲ ਕਰ ਲਈਏ। ਇਕ ਵਾਰ ਮੈਨੂੰ ਮੇਰੇ ਇਕ ਰਿਸ਼ਤੇਦਾਰ ਨੇ, ਜੋ ਲਗਭਗ ਅਣਪੜ੍ਹ ਤੇ ਸਾਹਿਤ ਦੇ ਪੱਖੋਂ ਤਾਂ ਕੋਰਾ ਅਣਪੜ੍ਹ ਹੈ, ਇਕ ਗੱਲ ਸੁਣਾਈ। ਉਹ ਇਹ ਤਾਂ ਸੋਚ ਹੀ ਨਹੀਂ ਸੀ ਸਕਦਾ ਕਿ ਇਸ ਗੱਲ ਦਾ ਮੇਰੀ ਸਾਹਿਤ-ਰਚਨਾ ਨਾਲ ਵੀ ਕੋਈ ਨਾਤਾ ਹੋ ਸਕਦਾ ਹੈ। ਉਹਨੂੰ ਤਾਂ ਬੱਸ ਇਸ ਘਟਨਾ ਨੇ ਅਚੰਭਿਤ ਕੀਤਾ ਸੀ ਤੇ ਉਹ ਅਪਣਾ ਅਚੰਭਾ ਮੇਰੇ ਨਾਲ ਸਾਂਝਾ ਕਰ ਰਿਹਾ ਸੀ। ਉਹ ਬੋਲਿਆ,“ਕੱਲ੍ਹ ਸਾਡੇ ਪਿੰਡ ਤਿੰਨ ਭਾਈ ਅੱਡ ਹੋਣ ਲੱਗੇ। ਵਿਚਾਲੜਾ ਛੜਾ ਤੇ ਦੂਜੇ ਦੋਵੇਂ ਵਿਆਹੇ ਹੋਏ। ਛੋਟੇ ਦੀ ਤੀਵੀਂ ਘੁੰਡ ਕੱਢ ਕੇ ਭਰੀ ਪੰਚਾਇਤ ਵਿਚ ਆਈ ਤੇ ਕਹਿੰਦੀ, ਮੇਰਾ ਇਹ ਜੁਆਕ ਭਾਈ ਜੀ ਦਾ ਐ, ਉਹਦੀ ਜ਼ਮੀਨ ਦਾ ਹੱਕ ਏਸੇ ਦਾ ਹੋਊ।” ਮੈਨੂੰ ਲੱਗਿਆ, ਗੱਲ ਵਿਚ ਕਹਾਣੀ ਦਾ ਬੜਾ ਨਰੋਆ ਬੀ ਹੈ। ਇਉਂ ਮਹਿੰਦਰੋ ਭਾਬੀ ਦਾ ਜਨਮ ਹੋਇਆ। ਜੇ ਕਹਾਣੀ ਵਿਚ ਮਹਿੰਦਰੋ ਦਾ ਛੜੇ ਜੇਠ ਨਾਲ ਸੰਬੰਧ ਹੁੰਦਾ, ਜੋ ਅਸਲ ਜੀਵਨ ਵਿਚ ਪਤਾ ਨਹੀਂ ਹੈ ਸੀ ਕਿ ਨਹੀਂ, ਫੇਰ ਤਾਂ ਕਹਾਣੀ ਉਸ ਪੱਧਰ ਦੀ ਰਹਿ ਜਾਂਦੀ ਜਿਹੋ ਜਿਹੀਆਂ ਕਾਮ ਸੰਬੰਧਾਂ ਬਾਰੇ ਸਾਡੇ ਅਨੇਕ ਲੇਖਕ ਲਿਖੀਂ ਜਾਂਦੇ ਹਨ। ਕਹਾਣੀਕਾਰ ਵਜੋਂ ਮੇਰੇ ਲਈ ਵੰਗਾਰ ਇਹ ਸੀ, ਮੈਂ ਮਹਿੰਦਰੋ ਦਾ ਚਰਿਤਰ ਇਉਂ ਉਸਾਰਦਾ ਕਿ ਉਹਦੇ ਮੂੰਹੋਂ ਕੀਤੇ ਦਾਅਵੇ ਦੇ ਬਾਵਜੂਦ ਪੰਚਾਇਤੀਆਂ ਸਮੇਤ ਸਭ ਲੋਕਾਂ ਨੂੰ ਇਹ ਸਪੱਸ਼ਟ ਹੋਵੇ ਕਿ ਉਹ ਅਪਣੇੇ ਪੁੱਤਰ ਵਾਸਤੇ ਜ਼ਮੀਨ ਹਥਿਆਉਣ ਖ਼ਾਤਰ ਚਲਿੱਤਰ ਖੇਡ ਰਹੀ ਹੈ, ਪਰ ਕਰ ਕੋਈ ਕੁਛ ਨਾ ਸਕੇ। ਇਉਂ ਉਹ ਜ਼ਮੀਨ ਵੀ ਹਥਿਆ ਲਵੇ ਤੇ ਦੁੱਧ-ਧੋਤੀ ਵੀ ਬਣੀ ਰਹੇ। ਮੈਂ ਇਸ ਜਤਨ ਵਿਚ ਸਫਲ ਹੋਇਆ ਤੇ ਇਹੋ ਇਸ ਕਹਾਣੀ ਦੀ ਸਫਲਤਾ ਦਾ ਭੇਤ ਹੈ। ਮੇਰੀਆਂ ਅੱਖਾਂ ਸਾਹਮਣੇ ਤਾਂ ਉਹਦਾ ਅਜਿਹਾ ਚਿਹਰਾ-ਮੋਹਰਾ ਰੂਪ ਫੜ ਗਿਆ ਜੋ ਕਿਸੇ ਦੇਖੀ ਹੋਈ ਕੁੜੀ ਨਾਲ ਮੇਲ ਨਹੀਂ ਸੀ ਖਾਂਦਾ। ਮੱਕੀ ਦੀ ਰੋਟੀ ਵਰਗਾ ਰੰਗ, ਕਸਿਆ ਹੋਇਆ ਸਰੀਰ, ਨਿਝੱਕ ਬੋਲਬਾਣੀ, ਜਰਵਾਣਾ ਬਾਹੂਬਲ, ਛਲਕਦੀ ਜੁਆਨੀ, ਤੁਰਦੀ ਦੇ ਪੈਰਾਂ ਦੀ ਨਗਾਰੇ ਵਰਗੀ ਧਮਕ ਤੇ ਘੁੰਡ ਵਿਚ ਕੱਜੇ ਚਿਹਰੇ ਵਿਚੋਂ ਨੰਗੀ ਲਟਲਟ ਦੀਵੇ ਵਾਂਗ ਬਲਦੀ ਉਹਦੀ ਖੱਬੀ ਅੱਖ! ਚਲਿੱਤਰਹਾਰੀ ਇਹੋ ਜਿਹੀ ਕਿ ਨਿਹੱਕੀ ਚੀਜ਼ ਨੂੰ ਵੀ ਅਪਣੀ ਹੱਕੀ ਸਿੱਧ ਕਰ ਦਿਖਾਵੇ! ਮੈਨੂੰ ਖ਼ੁਸ਼ੀ ਹੈ ਕਿ ਕਹਾਣੀ ਛਪਦਿਆਂ ਹੀ ਉਹ ਪਾਠਕ-ਸਮੂਹ ਦੀ ਪਿਆਰੀ ਮਹਿੰਦਰੋ ਭਾਬੀ ਬਣ ਗਈ।

ਅਸਲ ਘਟਨਾਵਾਂ ਦਾ ਗਲਪੀਕਰਨ

ਹੁਣ : ਤੁਸੀਂ ਜਿਨ੍ਹਾਂ ਕਹਾਣੀਆਂ ਦਾ ਪਿਛੋਕੜ ਦੱਸਿਆ ਹੈ, ਉਹ ਲਗਭਗ ਸਾਰੀਆਂ ਹੀ ਕਿਸੇ ਇਕ ਗੱਲ, ਕਿਸੇ ਇਕ ਘਟਨਾ ਉੱਤੇ ਉਸਰੀਆਂ ਹਨ। ਕੀ ਤੁਹਾਡੀਆਂ ਕੁਛ ਕਹਾਣੀਆਂ ਅਸਲ ਘਟਨਾਵਾਂ ਦਾ ਗਲਪੀਕਰਨ ਵੀ ਹਨ?

ਭੁੱਲਰ: ਇਹ ਤਾਂ ਕਹਾਣੀ-ਕਹਾਣੀ ਉੱਤੇ ਨਿਰਭਰ ਹੈ। ਗਲਪਕਾਰ ਲਈ ਅਜਿਹਾ ਕੋਈ ਨੇਮ ਨਹੀਂ ਹੋ ਸਕਦਾ। ਕਲਪਨਾ ਅਤੇ ਯਥਾਰਥ ਦੀ ਮਿੱਸ ਦਾ ਅਨੁਪਾਤ ਹਰ ਕਹਾਣੀ ਵਿਚ ਬਦਲਦਾ ਰਹਿੰਦਾ ਹੈ। ਮਿਸਾਲ ਵਜੋਂ ‘ਰੋਹੀ-ਬੀਆਬਾਨ’, ‘ਅੱਖਾਂ ਦੀ ਲਿਸ਼ਕ’, ‘ਨਿੱਕੀ ਬੂਟੀ ਦਾ ਸੂਟ’, ‘ਗੁਆਚੀ ਪੈੜ’, ‘ਇੱਕੀਵੀਂ ਸਦੀ’, ‘ਠੱਗੀ’, ਆਦਿ ਕਹਾਣੀਆਂ ਵਿਚ ਕਲਪਨਾ ਤੋਂ ਵਧੀਕ ਯਥਾਰਥ ਦਾ ਹੱਥ ਹੈ। ‘ਕਸਤੂਰੀ ਵਾਲਾ ਮਿਰਗ’ ਕਹਾਣੀ ਤਾਂ ਜਿਵੇਂ ਬਣੀ-ਬਣਾਈ ਹੀ ਮਿਲ ਗਈ, ਮੈਂ ਤਾਂ ਬੱਸ ਉਹਨੂੰ ਕਥਾ ਦਾ ਰੂਪ ਦੇ ਕੇ ਕਾਗ਼ਜ਼ ਉੱਤੇ ਉਤਾਰਨ ਦਾ ਕੰਮ ਹੀ ਕੀਤਾ। ਪਰ ਇਸ ਗੱਲ ਦਾ ਪਾਠਕ ਨਾਲ ਕੋਈ ਬਹੁਤਾ ਵਾਸਤਾ ਨਹੀਂ ਹੁੰਦਾ। ਉੁਹਦਾ ਮਤਲਬ ਤਾਂ ਤਿਆਰ ਮਠਿਆਈ ਖਾਣ ਤੱਕ ਹੁੰਦਾ ਹੈ, ਉਸ ਵਿਚ ਕੀ ਕੀ, ਕਿੰਨਾ ਕਿੰਨਾ ਤੇ ਕਿਵੇਂ ਕਿਵੇਂ ਪਾਇਆ ਹੈ, ਇਹਤੋਂ ਉਹਨੇ ਕੀ ਲੈਣਾ ਹੈ। ਕਹਾਣੀ ਵਿਚ ਕਲਪਨਾ ਤੇ ਯਥਾਰਥ ਦਾ ਅਨੁਪਾਤ ਕੁਛ ਵੀ ਹੋਵੇ, ਉਹ ਪਾਠਕ ਨੂੰ ਕਹਾਣੀ ਵਜੋਂ ਪਰਵਾਨ ਹੋਣੀ ਚਾਹੀਦੀ ਹੈ। ਜਦੋਂ ਕੋਈ ਲੇਖਕ ਅਪਣੀ ਮੰਨਣ ਵਿਚ ਨਾ ਆਉਂਦੀ ਕਹਾਣੀ ਬਾਰੇ ਪਾਠਕ ਦੇ ਕਿੰਤੂ ਦੇ ਉੱਤਰ ਵਿਚ ਕਹਿੰਦਾ ਹੈ ਕਿ ਇਹ ਤਾਂ ਹੂਬਹੂ ਇਸੇ ਤਰ੍ਹਾਂ ਵਾਪਰੀ ਸੀ, ਇਹ ਉਹਦੀ ਸਭ ਤੋਂ ਕਮਜ਼ੋਰ ਦਲੀਲ ਹੁੰਦੀ ਹੈ। ਜਿਵੇਂ ਮੈਂ ਪਹਿਲਾਂ ਵੀ ਇਕ ਸਵਾਲ ਦੇ ਜਵਾਬ ਵਿਚ ਕਿਹਾ ਹੈ, ਜਿ਼ੰਦਗੀ ਬੇਤੁਕੀ ਤੇ ਬੇਸੁਰੀ ਹੋ ਸਕਦੀ ਹੈ ਪਰ ਕਹਾਣੀ ਨੂੰ ਬੇਤੁਕੀ ਤੇ ਬੇਸੁਰੀ ਹੋਣਾ ਵਾਰਾ ਨਹੀਂ ਖਾਂਦਾ। ਕਹਾਣੀ ਜੀਵਨ ਵਿਚੋਂ ਲਈ ਜਾਂਦੀ ਹੈ ਪਰ ਜੀਵਨ ਦਾ ਸ਼ੀਸ਼ੇ-ਦਿਸਦਾ ਉਤਾਰਾ ਨਹੀਂ ਹੁੰਦੀ।

ਹੁਣ : ‘ਤੋਰੀ ਦੀ ਵੇਲ’ ਕਹਾਣੀ ਹੈ ਤਾਂ ਬਹੁਤ ਸ਼ਕਤੀਸ਼ਾਲੀ ਪਰ ਤੁਹਾਡੇ ਹਿਸਾਬ ਧਰਮੇ ਦੀ ਮਾਨਸਿਕਤਾ ਦਾ ਮਨੋਵਿਗਿਆਨਕ ਆਧਾਰ ਕੀ ਹੈ?

ਭੁੱਲਰ: ਇਸ ਕਹਾਣੀ ਦੀ ਜਾਨ ਹੀ ਇਸ ਤੱਥ ਵਿਚ ਹੈ ਕਿ ਕੈਲੋ ਨਾਲ ਧਰਮੇ ਦਾ ਉੱਕਾ ਹੀ ਕੋਈ ਵਾਸਤਾ ਨਹੀਂ, ਸਿਵਾਇ ਇਸ ਗੱਲ ਦੇ ਕਿ ਅਪਹੁੰਚਤਾ ਦੇ ਬਾਵਜੂਦ ਧਰਮਾ ਉਸਦੀ ਅਸੀਮ ਸੁੰਦਰਤਾ ਦਾ ਦੂਰ-ਖਲੋਤਾ ਪ੍ਰਸੰਸਕ ਹੈ। ਕਿਸੇ ਸਾਧਾਰਨ ਗੱਲ ਵਿਚ ਵੀ ਉਹਨਾਂ ਦੇ ਕਦੀ ਦੋ ਬੋਲ ਤੱਕ ਸਾਂਝੇ ਨਹੀਂ ਹੋਏ। ਉਹਨਾਂ ਦਾ ਨੇੜੇ ਤੋਂ ਨੇੜੇ ਦਾ ਵਾਹ ਇਕ ਦੂਜੇ ਦੇ ਕੋਲੋਂ ਦੀ ਲੰਘਣਾ ਹੈ। ਉਹ ਪ੍ਰੀਤੂ ਦੀ ਟਿੱਚਰ ਦੇ ਜਵਾਬ ਵਿਚ ਕੋਈ ਇਸ਼ਕ ਦੀ ਫੜ੍ਹ ਮਾਰਨ ਦੀ ਥਾਂ ਸਾਫ਼ ਆਖਦਾ ਹੈ,“ਉਇ ਆਸ਼ਕ ਕਿਹੜਾ ਕੰਜਰ ਬਣਦੈ!” ਤੇ ਅਪਣੇੇ ਉਸ ਨਾਲ ‘ਰਿਸ਼ਤੇ’ ਦੀ ਸੀਮਾ ਦੱਸਣ ਵਿਚ ਵੀ ਉਹਨੂੰ ਕੋਈ ਝਿਜਕ ਨਹੀਂ,“ਬਾਈ, ਜਦੋਂ ਕਦੇ ਕੋਲ ਦੀ ਨੰਘਦੀ ਸੀ, ਬਲਾਂ ਮੋਹ ਆਉਂਦਾ ਸੀ।” ਪਰ ਇਸ ‘ਮੋਹ’ ਕਾਰਨ ਕਦੀ ਕੁਛ ਵਾਪਰਨ ਦੀ ਕੋਈ ਸੰਭਾਵਨਾ ਨਹੀਂ ਸੀ ਬਣਦੀ ਕਿਉਂਕਿ ਉਹ ਤਾਂ ਬਿਚਾਰਾ ਪਿੰਡ ਦਾ ਇਕ ਸਾਧਾਰਨ ਮੁੰਡਾ ਹੈ ਜੋ ਪ੍ਰੀਤੂ ਦੇ ਆਖਣ ਵਾਂਗ ‘ਨਾ ਤਿਹੁੰ ਵਿਚ, ਨਾ ਤੇਰ੍ਹਾਂ ਵਿਚ’ ਹੈ, ਜਦੋਂ ਕਿ ਅਸਲ ਵਿਚ ਕੋਈ ਰਾਜਕੁਮਾਰ ਆਵੇਗਾ ਤੇ ਰਾਜਕੁਮਾਰੀ ਨੂੰ ਲੈ ਜਾਵੇਗਾ। ਧਰਮੇ ਦਾ ਕਾਲਜਾ ਤਾਂ Eਦੋਂ ਵਲੂੰਧਰਿਆ ਜਾਂਦਾ ਹੈ ਜਦੋਂ ‘ਸੈਦੇ ਤੋਂ ਵੀ ਭੈੜਾ ਬੀਂਬੜ’ ਕੈਲੋ ਨੂੰ ਵਿਆਹੁਣ ਆ ਢੁਕਦਾ ਹੈ! “ਬਾਈ, ਜੇ ਕੋਈ ਰਾਂਝਾ ਲੈ ਜਾਂਦਾ, ਭੋਰਾ ਦੁੱਖ ਨ੍ਹੀਂ ਸੀ ਹੋਣਾ” ਆਖਣ ਵਾਲੇ ਧਰਮੇ ਦੇ ਦਿਲ ਦੀ ਸੁੰਦਰਤਾ, ਜੋ ਕੈਲੋ ਦੀ ਸਰੀਰਕ ਸੁੰਦਰਤਾ ਨਾਲੋਂ ਕਿਵੇਂ ਵੀ ਘੱਟ ਨਹੀਂ, ਇਸ ਕਹਾਣੀ ਦੀ ਸਫਲਤਾ ਦੀ ਪੁਖ਼ਤਾ ਬੁਨਿਆਦ ਬਣ ਗਈ।

ਹੁਣ : ‘ਥਕੇਵਾਂ’ ਕਹਾਣੀ ਦੇ ਅੰਤ ਵਿਚ ਭੂਰੋ ਨੂੰ ਘਰੋਂ ਲੱਸੀ ਲੈ ਕੇ ਜਾਂਦੀ ਅਤੇ ਗੁਰਦੇਵ ਨੂੰ ਕੱਢਿਆ ਹੋਇਆ ਰੁਮਾਲ ਜੇਬ ਵਿਚ ਪਾਉਂਦਾ ਦੇਖ ਕੇ ਆਸੋ ਦਾ ਮਿੱਠੇ ਮਿੱਠੇ ਥਕੇਵੇਂ ਨਾਲ ਅਲਸਾ ਕੇ ਮੰਜੇ ਉੱਤੇ ਚੈਨ ਨਾਲ ਲੰਮੀ ਪੈ ਜਾਣਾ ਇਸਤਰੀ ਦੀ ਕਿਹੜੀ ਮਾਨਸਿਕਤਾ ਨੂੰ ਪੇਸ਼ ਕਰਦਾ ਹੈ?

ਭੁੱਲਰ: ਇਸਤਰੀ ਦੀ ਪ੍ਰਕਿਰਤੀ ਵਿਚ ਪੁਰਸ਼ ਦੇ ਟਾਕਰੇ ਅਪਣੇੇ ਆਪ ਨੂੰ ਨਰਮੀ ਅਤੇ ਸਖ਼ਤੀ ਵਿਚਕਾਰ ਹਾਲਤ ਅਨੁਸਾਰ ਕਿਤੇ ਵੀ ਢਾਲ ਲੈਣ ਦੀ ਅਥਾਹ ਸਮਰੱਥਾ ਹੁੰਦੀ ਹੈ। ਉਹਨੇ ਸਦੀਆਂ ਦੌਰਾਨ ਪੁਰਸ਼-ਪਰਧਾਨ ਸਮਾਜ ਵਿਚ ਬੱਤੀ ਦੰਦਾਂ ਵਿਚਕਾਰ ਜੀਭ ਵਾਂਗ ਜਿਉਣਾ ਸਿੱਖ ਲਿਆ ਹੈ। ਇਸਤਰੀ ਨੂੰ ਉਹ ਪੈਮਾਨਾ ਬਣਾ ਦਿੱਤਾ ਗਿਆ ਹੈ ਜਿਸ ਨਾਲ ਮਰਦ ਦੀ ਮਰਦਾਨਗੀ ਨਾਪੀ ਜਾਂਦੀ ਹੈ ਪਰ ਮਰਦ ਇਸਤਰੀ ਦੀ ਇਸਤਰੀਅਤ ਨਾਪਣ ਦਾ ਪੈਮਾਨਾ ਨਹੀਂ। ਪੁਰਸ਼ ਕਹਿੰਦਾ ਹੈ, ਇਸਤਰੀ ਉਹਦੀ ਵੱਖੀ ਦਾ ਮਾਸ ਵੱਢ ਕੇ ਬਣਾਈ ਗਈ ਸੀ, ਇਸਤਰੀ ਵੱਖੀ ਦੇ ਮਾਸ ਦਾ ਇਹ ਕਰਜ਼ਾ ਆਂਦਰਾਂ ਤੇ ਲਹੂ ਵਿਚੋਂ ਬੱਚੇ ਨਿੰਮ ਕੇ ਤੇ ਫੇਰ ਜਵਾਨ ਹੋਣ ਤੱਕ ਪਾਲ ਕੇ ਆਦਿ-ਜੁਗਾਦਿ ਤੋਂ ਚੁਕਾ ਰਹੀ ਹੈ ਤੇ ਅਨੰਤਕਾਲ ਤੱਕ ਚੁਕਾਉਂਦੀ ਰਹੇਗੀ। ਇਸ ਕਹਾਣੀ ਵਿਚ ਮੈਂ ਇਸਤਰੀ ਦੀ ਇਸੇ ਪ੍ਰਕਿਰਤੀ, ਸ਼ਕਤੀ ਤੇ ਸਮਰੱਥਾ ਦਾ ਗੁਣਗਾਨ ਕੀਤਾ ਹੈ। ਘਰ ਦੇ ਰੋਟੀ-ਟੁੱਕ ਤੱਕ ਸੀਮਤ ਆਸੋ ਨੂੰ ਜਦੋਂ ਵਖ਼ਤ ਪੈਂਦਾ ਹੈ ਤੇ ਉਹ ਪੱਕੀ ਧਾਰ ਲੈਂਦੀ ਹੈ, ਮਰਦਾਵੇਂ ਕਿਸਾਨੀ ਕੰਮਾਂ ਨੂੰ ਵੀ ਉਹ ਘਰੇਲੂ ਧੰਦੇ ਵਾਂਗ ਅੱਗੇ ਲਾ ਲੈਂਦੀ ਹੈ। ਲੋਕਾਂ ਦੀਆਂ ਨਜ਼ਰਾਂ ਵਿਚ ਉਹ ਤੀਵੀਂ ਤੋਂ ਬੰਦਾ ਬਣ ਜਾਂਦੀ ਹੈ, ਮਾਂ ਦੀ ਥਾਂ ਗੁਰਦੇਵ ਦਾ ਪਿਉ ਬਣ ਜਾਂਦੀ ਹੈ, ਆਪ ਅਪਣਾ ਘਰ-ਵਾਲਾ ਬਣ ਜਾਂਦੀ ਹੈ! ਉਹ ਜਵਾਨ ਹੋ ਚੁੱਕੇ ਪੁੱਤਰ ਨੂੰ ਵੀ ਵਾਗਡੋਰ ਸੰਭਾਲਣ ਤੋਂ ਇਨਕਾਰੀ ਹੈ ਕਿਉਂਕਿ ਲੋਕਾਂ ਦੇ ਕਹਿਣ ਦੇ ਬਾਵਜੂਦ ਉਹਦੇ ਮਾਂ-ਦਿਲ ਨੂੰ ਉਹ ਜਵਾਨ ਲਗਦਾ ਹੀ ਨਹੀਂ। ਭੂਰੋ ਦਾ ਦਿੱਤਾ ਰੁਮਾਲ ਉਹਦੇ ਹੱਥ ਵਿਚ ਦੇਖ ਕੇ ਉਹਨੂੰ ਇਕਦਮ ਪੁੱਤਰ ਦੀ ਜਵਾਨੀ ਦਾ ਚਾਨਣ ਹੁੰਦਾ ਹੈ ਤੇ ਉਹ, ਜੋ ਕੰਮ ਮੁੰਡੇ ਨੂੰ ਸੌਂਪ ਕੇ ਫੇਰ ਬੰਦੇ ਤੋਂ ਤੀਵੀਂ ਬਣ ਜਾਣ ਦੀਆਂ ਸਾਰੇ ਪਿੰਡ ਦੀਆਂ ਸਲਾਹਾਂ ਨੂੰ ਅਣਸੁਣੀਆਂ ਕਰਦੀ ਰਹੀ ਸੀ, ਇਕ ਛਿਣ ਵਿਚ ਪਹਿਲਾਂ ਵਾਲੀ ਆਸੋ ਬਣ ਜਾਂਦੀ ਹੈ, ਗੁਰਦੇਵ ਦੇ ਪਿਉ ਦੀ ਥਾਂ ਗੁਰਦੇਵ ਦੀ ਮਾਂ, ਅਪਣੇੇ ਘਰ-ਵਾਲੇ ਦੀ ਥਾਂ ਅਪਣਾ ਆਪ!

ਹੁਣ : ‘ਜਿਸ ਮਰਨੇ ਤੇ ਜਗ ਡਰੈ…’ ਕਹਾਣੀ ਵਿਚ ਨਾਸ਼ਮਾਨਤਾ ਦੇ ਧਾਰਮਿਕ ਨਿਸਚੇ ਤੇ ਮਾਨਵੀ ਰਿਸ਼ਤਿਆਂ ਦੇ ਸੱਚ ਵਿਚਕਾਰਲੇ ਟਕਰਾਉ ਵਿਚ ਰਿਸ਼ਤਿਆਂ ਦਾ ਸੱਚ ਜੇਤੂ ਰਹਿੰਦਾ ਹੈ। ਧਾਰਮਿਕ ਹਲਕਿਆਂ ਦਾ ਕੋਈ ਪ੍ਰਤੀਕਰਮ?

ਭੁੱਲਰ: ਧਾਰਮਿਕ ਹਲਕਿਆਂ ਦਾ ਸਾਹਿਤ ਨਾਲ ਕੀ ਵਾਹ-ਵਾਸਤਾ! ਹੁਣ ਧਰਮ ਦੇ ਬਹੁਤੇ ਉਪਾਸ਼ਕਾਂ ਵਾਸਤੇ ਧਰਮ ਦੀ ਵਲਗਣ ਤੋਂ ਬਾਹਰਲੀਆਂ ਸਾਹਿਤ, ਸਭਿਆਚਾਰ, ਗਿਆਨ, ਵਿਗਿਆਨ, ਦਰਸ਼ਨ, ਚਿੰਤਨ, ਆਦਿ ਦੀਆਂ ਸਭ ਗੱਲਾਂ ਕੁਫ਼ਰ ਹਨ। ਇਸ ਕਰਕੇ ਉਹਨਾਂ ਦੇ ਕਿਸੇ ਪ੍ਰਤੀਕਰਮ ਦੀ ਆਸ ਨਹੀਂ ਕਰਨੀ ਚਾਹੀਦੀ। ਇਕ ਕਹਾਣੀ ਮੈਂ ਹੋਰ ਲਿਖੀ ਸੀ,‘ਬਾਜਾਂ ਵਾਲੇ ਦੀ ਸਹੁੰ!’ ਉਸ ਵਿਚ ਚਾਨਣ ਸਿੰਘ ਦਾ ਚੋਰੀ ਹੋਇਆ ਹਲ਼ ਹਰਚਰਨ ਸਿੰਘ ਕੋਲੋਂ ਮਿਲ ਜਾਣ ਮਗਰੋਂ ਹਲ਼ ਉੱਤੇ ਦੋਵਾਂ ਦੇ ਦਾਅਵੇ ਦੇ ਨਿਬੇੜੇ ਲਈ ਉਹਨੂੰ ਤਲਾਅ ਵਿਚ ਅਸ਼ਨਾਨ ਕਰਵਾ ਕੇ ਮਹਾਰਾਜ ਦੀ ਹਜ਼ੂਰੀ ਵਿਚ ਰੱਖ ਦਿੱਤਾ ਜਾਂਦਾ ਹੈ। ਅਰਦਾਸ ਮਗਰੋਂ ਭਾਈ ਜੀ ਕਹਿੰਦਾ ਹੈ, ਜਿਸਦਾ ਇਹ ਹਲ਼ ਹੈ, ਬਾਜਾਂ ਵਾਲੇ ਦੀ ਸਹੁੰ ਖਾ ਕੇ ਚੁੱਕ ਲਵੇ। ਦੋਵੇਂ ਸਹੁੰ ਖਾਂਦੇ ਹਨ ਤੇ ਹਲ਼ ਚੁੱਕ ਲੈਂਦੇ ਹਨ। ਇਸ ਕਹਾਣੀ ਦੇ ਪ੍ਰਤੀਕਰਮ ਬਾਰੇ ਤਾਂ ਕਈ ਪਾਠਕ ਵੀ ਉਤਸੁਕ ਰਹੇ, ਖਾਸ ਕਰਕੇ ਜਿਨ੍ਹਾਂ ਨੇ ਦੋਵਾਂ ਨਾਂਵਾਂ ਦਾ ਲੱਖਣ ਅਪਣੀ ਕਲਪਨਾ ਅਨੁਸਾਰ ਹੋਰ ਹੀ ਲਾ ਲਿਆ ਸੀ। ਪਰ ਧਾਰਮਿਕ ਪ੍ਰਤੀਕਰਮ ਦੇ ਪੱਖੋਂ ਨਤੀਜਾ ਪਹਿਲੀ ਕਹਾਣੀ ਵਾਲਾ ਹੀ ਨਿਕਲਿਆ।

ਮਿੱਟੀ ਦੀ ਖਿੱਚ

ਹੁਣ : ਸੰਤਾਲੀ ਦੀ ਵੰਡ ਬਾਰੇ ਕਹਾਣੀਆਂ ਵਿਚ ਪੰਜਾਬੀ ਲੇਖਕਾਂ ਦੇ ਭਾਵੁਕ ਪ੍ਰਤੀਕਰਮ ਤਾਂ ਹਨ ਪਰ ਸਥਿਤੀ ਦੀ ਬੌਧਿਕ ਸਮਝ ਨਹੀਂ ਉਭਰਦੀ। ਤੁਸੀਂ ਇਸਦਾ ਕੀ ਕਾਰਨ ਸਮਝਦੇ ਹੋ? ਕੀ ‘ਫੱਤੂ ਮਰਾਸੀ’ ਕਹਾਣੀ ਦਾ ਫੱਤੂ ਸੱਚਮੁੱਚ ਹੀ ਮਿੱਟੀ ਦਾ ਖਿੱਚਿਆ ਆਉਂਦਾ ਹੈ?

ਭੁੱਲਰ: ਮਨੁੱਖੀ ਇਤਿਹਾਸ ਵਿਚ ਜਦੋਂ ਵੀ ਕੋਈ ਘੱਲੂਘਾਰਾ ਵਾਪਰਦਾ ਹੈ, ਪਹਿਲਾ ਪ੍ਰਤੀਕਰਮ ਭਾਵੁਕ ਹੀ ਹੁੰਦਾ ਹੈ। ਬੌਧਿਕ ਸਮਝ ਸਮਾਂ ਪਾ ਕੇ ਠਰੰ੍ਹਮੇ-ਭਰੇ ਚਿੰਤਨ-ਮੰਥਣ ਤੋਂ ਮਗਰੋਂ ਹੀ ਬਣ ਸਕਦੀ ਹੈ। ਫੇਰ ਕਹਾਣੀ ਦੇ ਆਕਾਰ ਤੇ ਬਣਤਰ ਦੀ ਸੀਮਾ ਦਾ ਵੀ ਸਵਾਲ ਹੈ। ਫੱਤੂ ਭਾਵੇਂ ਅਪਣੇੇ ਬੌਧਿਕ-ਸਭਿਆਚਾਰਕ ਪੱਧਰ ਕਾਰਨ ਅਪਣੀ ਗੱਲ ਦਾ ਮੁਕੰਮਲ ਅਰਥ ਆਪ ਨਾ ਸਮਝਦਾ ਹੋਵੇ ਪਰ ਸਾਨੂੰ ਤਾਂ ਸਮਝਣਾ ਹੀ ਚਾਹੀਦਾ ਹੈ। ਮਿੱਟੀ ਤਾਂ ਸਮੁੱਚੇ ਪਿੰਡ, ਸਮੁੱਚੇ ਇਲਾਕੇ, ਸਮੁੱਚੇ ਭਾਈਚਾਰੇ, ਰਿਸ਼ਤਿਆਂ-ਨਾਤਿਆਂ, ਕੌੜੀਆਂ-ਮਿੱਠੀਆਂ ਯਾਦਾਂ, ਗੁਆਚੇ ਹੋਏ ਆਪਣਿਆਂ, ਦੁੱਖ-ਸੁਖ ਵਿਚ ਨਾਲ ਖਲੋਂਦੇ ਰਹੇ ਗਰਾਈਆਂ ਤੇ ਹੋਰ ਬੜੇ ਕੁਛ ਦਾ ਚਿੰਨ੍ਹ ਹੈ। ਫੱਤੂ ਉਸ ਹਾਲਤ ਵਿਚੋਂ ਪਰਤਦਾ ਹੈ ਜੋ ਇਸ ਸਭ ਕੁਛ ਤੋਂ ਟੁੱਟੇ ਆਦਮੀ ਦੀ ਹੁੰਦੀ ਹੈ। ਇਹ ਕਹਾਣੀ ਲਿਖੇ ਜਾਣ ਤੋਂ ਬਹੁਤ ਸਾਲ ਮਗਰੋਂ ਇਕ ਵਾਰ ਪਾਕਿਸਤਾਨੀ ਕਹਾਣੀਕਾਰ ਜਨਾਬ ਹਨੀਫ਼ ਚੌਧਰੀ ਇਕ ਦਿਨ ਇਥੇ ਮੇਰੇ ਘਰ ਰਹੇ। ਉਧਰੋਂ ਤੁਰਨ ਵੇਲੇ ਉਹਨਾਂ ਨੇ ਮੰਜੇ ਜੋਗੀ ਬਜ਼ੁਰਗ ਮਾਂ ਦੇ ਕੰਨ ਵਿਚ ਉੱਚੀ ਬੋਲ ਕੇ ਕਿਹਾ, ਮਾਂ ਮੈਂ ਹਿੰਦੁਸਤਾਨ ਜਾ ਰਿਹਾ ਹਾਂ, ਤੁਸੀਂ ਕੁਛ ਕਹਿਣਾ ਹੈ? ਉਹ ਬੋਲੀ, ਅਪਣੇੇ ਪਿੰਡ ਜਾਈਂ ਤੇ ਮੈਨੂੰ ਸਵਾ ਸੇਰ ਮਿੱਟੀ ਲਿਆ ਦੇਈਂ! ਉਹ ਹਮਦਰਦ ਜੀ ਦੀ ਮਦਦ ਨਾਲ ਮਾਝੇ ਦੇ ਅਪਣੇੇ ਇਧਰਲੇ ਪਿੰਡ ਜਾ ਕੇ ਲਿਆਂਦੀ ਸਵਾ ਸੇਰ ਮਿੱਟੀ ਦੀ ਪੋਟਲੀ ਹਿੱਕ ਨਾਲ ਲਾਈਂ ਫਿਰਦੇ ਸਨ। ਪੰਜ ਕੁ ਸਾਲ ਪਹਿਲਾਂ ਮੈਂ ਅਮਰੀਕਾ ਗਿਆ। ਉਥੇ ਵਸੇ ਮੇਰੀ ਭੂਆ ਦੇ ਪੁੱਤ ਭਰਾ ਦੀ ਪਤਨੀ ਕਹਿੰਦੀ, ਮੈਂ ਤਾਂ ਪਿੰਡ ਹੀ ਜਾਊਂ! ਮੈਂ ਹੱਸਿਆ, ਤੇਰਾ ਪਤੀ-ਪ੍ਰਮੇਸ਼ਰ ਇਥੇ, ਤੇਰਾ ਇਕਲੌਤਾ ਪੁੱਤਰ ਪਰਿਵਾਰ ਸਮੇਤ ਇਥੇ, ਤੇਰਾ ਉਥੇ ਕੀ ਹੈ? ਕਹਿੰਦੀ, ਉਥੇ ਮੇਰੀ ਜੰਮਣ-ਭੋਇੰ ਦੀ ਮਿੱਟੀ ਹੈ!

ਹੁਣ : ਕੀ ‘ਖ਼ੂਨ’ ਕਹਾਣੀ ਵਿਚ ਕਰਤਾਰੇ ਦਾ ਭਤੀਜੇ ਦੇ ਮੋਹ ਵਿਚ ਪੰਘਰਨਾ ਅਪਵਾਦ ਨਹੀਂ? ਨਾਲੇ ਇਹ ਕਬਾਇਲੀ ਸੰਸਕਾਰਾਂ ਦੀ ਕਹਾਣੀ ਹੈ। ਅਜੋਕੇ ਜੁੱਗ ਵਿਚ ਅਜਿਹੀ ਕਹਾਣੀ ਲਿਖਣ ਦਾ ਕੀ ਮਹੱਤਵ ਹੋ ਸਕਦਾ ਹੈ?

ਭੁੱਲਰ: ਮਨੁੱਖੀ ਰਿਸ਼ਤਿਆਂ ਅਤੇ ਵਿਹਾਰ ਵਿਚ ਅਪਵਾਦ ਕਾਹਦਾ? ਇਹ ਸਭ ਕਿਸੇ ਇਕ ਖਾਨੇ ਵਿਚ ਸੀਮਤ ਨਹੀਂ ਕੀਤੇ ਜਾ ਸਕਦੇ। ਮਨੁੱਖਤਾ ਤੋਂ ਭਟਕੇ ਹੋਏ ਮਨੁੱਖ ਦਾ ਮਨੁੱਖਤਾ ਵੱਲ ਪਰਤਣਾ ਅਪਵਾਦ ਨਹੀਂ, ਅਪਵਾਦ ਤਾਂ ਤਦ ਹੁੰਦਾ ਜੇ ਉਹ ਭਤੀਜੇ ਨੂੰ ਮਾਰ ਦਿੰਦਾ। ਇਹ ਸਵਾਲ ਇਕ ਵਾਰ ਮੈਥੋਂ ਇਕ ਮਾਰਕਸਵਾਦੀ ਆਲੋਚਕ ਨੇ ਵੀ ਪੁੱਛਿਆ ਸੀ ਕਿ ਕਬਾਇਲੀ ਤੇ ਜਗੀਰੂ ਕਦਰਾਂ-ਕੀਮਤਾਂ ਦੀ ਪ੍ਰਸੰਸਾ ਕਿਉਂ? ਮੇਰਾ ਤੁਹਾਨੂੰ ਵੀ ਉਹੋ ਜਵਾਬ ਹੈ। ਕਬਾਇਲੀ ਸਮਾਜ ਵਿਚ ਜਾਂ ਜਗੀਰੂ ਸਮਾਜ ਵਿਚ ਜਾਂ ਹੁਣ ਪੂੰਜੀਵਾਦੀ ਸਮਾਜ ਵਿਚ ਜੋ ਕੁਛ ਚੰਗਾ ਰਿਹਾ ਹੈ ਜਾਂ ਹੁਣ ਹੈ, ਕੀ ਉਸ ਨੂੰ ਵੀ ਉਹਨਾਂ ਸਮਾਜਾਂ ਦੀਆਂ ਸਮਾਜਕ-ਆਰਥਕ ਬਦੀਆਂ ਕਾਰਨ ਤਿਆਗ ਦੇਈਏ? ਮਾਰਕਸ ਵਾਲਾ ਨਹੀਂ, ਅਜੀਬ ‘ਮਾਰਕਸਵਾਦ’ ਹੋਵੇਗਾ ਇਹ! ਮਨੁੱਖੀ ਵਿਕਾਸ ਇਸ ਪ੍ਰਕਾਰ ਨਹੀਂ ਹੋਇਆ ਕਿ ਹਰ ਨਵੀਂ ਵਿਵਸਥਾ ਆਉਣ ਨਾਲ ਪੁਰਾਣਾ ਸਭ ਕੁਛ ਹੀ ਰੱਦ ਕਰ ਦਿੱਤਾ ਗਿਆ ਹੋਵੇ ਤੇ ਸਭ ਕੁਛ ਹੀ ਨਵਾਂ ਆ ਗਿਆ ਹੋਵੇ। ਮਨੁੱਖੀ ਇਤਿਹਾਸ ਤਾਂ ਨਿਰੰਤਰ ਵਰਤਾਰਾ ਹੈ। ਜੋ ਕੁਛ ਚੰਗਾ ਹੈ, ਤਬਦੀਲੀ ਮਗਰੋਂ ਵੀ ਸਾਂਭਿਆ ਜਾਂਦਾ ਰਿਹਾ ਹੈ ਤੇ ਸਾਂਭਿਆ ਜਾਣਾ ਚਾਹੀਦਾ ਹੈ, ਨਹੀਂ ਤਾਂ ਮਨੁੱਖੀ ਵਿਕਾਸ ਹੀ ਰੁਕ ਜਾਵੇਗਾ।

ਸ਼ਹਿਰ ਦੀ ਕਠੋਰਤਾ

ਹੁਣ : ‘ਰੋਹੀ-ਬੀਆਬਾਨ’ ਕਹਾਣੀ ਵਿਚ ਸ਼ਹਿਰ ਨੂੰ ਵਧੇਰੇ ਹੀ ਕਠੋਰ ਨਹੀਂ ਦਿਖਾ ਦਿੱਤਾ ਗਿਆ?

ਭੁੱਲਰ: ਨਹੀਂ, ਅਜਿਹਾ ਨਹੀਂ। ਸਗੋਂ ਹੁਣ ਤਾਂ ਇਹ ਕਠੋਰਤਾ ਹੌਲੀ ਹੌਲੀ ਜੀਰ ਕੇ ਮਹਾਂਨਗਰਾਂ ਤੋਂ ਤੁਰੀ ਵੱਡੇ ਸ਼ਹਿਰਾਂ ਵਿਚੋਂ ਦੀ ਹੁੰਦੀ ਹੋਈ ਛੋਟੇ ਸ਼ਹਿਰਾਂ ਤੇ ਨਗਰਾਂ ਤੱਕ ਪੁਜਦੀ ਜਾਂਦੀ ਹੈ। ਪਿੰਡਾਂ ਵਿਚਲੇ ਰਿਸ਼ਤੇ ਵੀ ਪਹਿਲਾਂ ਵਾਲੇ ਨਰਮ-ਕੂਲੇ ਨਹੀਂ ਰਹਿ ਗਏ। ਸ਼ਹਿਰੀ ਮਨੁੱਖ ਹੁਣ ਇਕੱਲਾ ਹੈ। ਗੁਆਂਢੀਆਂ ਤੱਕ ਦੀ ਉਹਦੇ ਲਈ ਕੋਈ ਹੋਂਦ ਨਹੀਂ। ਪਹਿਲਾਂ ਦੇ ਲੋਕਾਂ ਦੀ ਸਮਾਜਕ ਸੋਚ ਨੂੰ ਸੁਰਜੀਤ ਪਾਤਰ ਨੇ ‘ਚਾਰ ਕੁ ਬੰਦੇ ਰੱਖ ਲੈ ਮੋਢਾ ਦੇਣ ਲਈ’ ਲਿਖ ਕੇ ਬੋਲ ਦਿੱਤੇ ਸਨ। ਹੁਣ ਚਾਰ ਬੰਦਿਆਂ ਦੀ ਲੋੜ ਵੀ ਨਹੀਂ ਰਹੀ; ਫ਼ੋਨ ਕਰੋ, ਗੱਡੀ ਆ ਜਾਂਦੀ ਹੈ। ਮੇਰੀ ਕਹਾਣੀ ‘ਇੱਕੀਵੀਂ ਸਦੀ’ ਵਿਚ ਇਸੇ ਵਰਤਾਰੇ ਦਾ ਚਿਤਰਨ ਹੈ। ਕਹਾਣੀ ‘ਨਾਗਰਿਕ ਨੰਬਰ 236’ ਵਿਚ ਤਾਂ ਮਨੁੱਖ ਨਾਂ ਤੱਕ ਗੁਆ ਬੈਠੇ ਹਨ ਤੇ ਘਰਾਂ ਦੇ ਨੰਬਰਾਂ ਨਾਲ ਜਾਣੇ ਜਾਂਦੇ ਹਨ। 1963 ਵਿਚ ਮੈਂ ਭਾਪਾ ਜੀ ਲਈ ਇਕ ਰੁਪਿਆ ਪੁਸਤਕ-ਲੜੀ ਵਾਸਤੇ ਇਕ ਪੁਸਤਕ ‘ਇਕੋਤਰ ਸੌ ਕਵੀ’ ਸੰਪਾਦਿਤ ਕੀਤੀ ਸੀ। ਉਸ ਵਿਚ ਪਾਕਿਸਤਾਨੀ ਕਵੀ ਮੁਨੀਰ ਨਿਆਜ਼ੀ ਦੀ ਇਕ ਕਵਿਤਾ ‘ਸ਼ਹਿਰ ਦੇ ਮਕਾਨ’ ਸੀ। ਪੂਰੀ ਕਵਿਤਾ ਏਨੀਂ ਹੀ ਸੀ:“ਅਪਣੇੇ ਹੀ ਡਰ ਤੋਂ/ ਜੁੜੇ ਹੋਏ ਨੇ/ ਇਕ ਦੂਜੇ ਦੇ ਨਾਲ!” Eਦੋਂ ਤਾਂ ਇਹ ਗੱਲ ਪਤਾ ਨਹੀਂ ਕਿੰਨੀ ਕੁ ਸੱਚ ਸੀ ਪਰ ਹੁਣ ਤਾਂ ਇਹੋ ਸੰਪੂਰਨ ਸੱੱਚ ਹੈ। ਸ਼ਹਿਰੀ ਮਨੁੱਖ ਹੁਣ ਇਕ ਦੂਜੇ ਨਾਲ ਕੇਵਲ ਡਰ ਦੇ ਰਿਸ਼ਤੇ ਕਾਰਨ ਹੀ ਜੁੜੇ ਹੋਏ ਹਨ।

ਹੁਣ : ਪਹਿਲੀ ਕਹਾਣੀ ਤੋਂ ਮਗਰੋਂ ਜਿੰਨਾ ਲੰਮਾ ਸਮਾਂ ਬੀਤਿਆ ਹੈ, ਤੁਸੀਂ ਉਸ ਅਨੁਸਾਰ ਬਹੁਤੀਆਂ ਕਹਾਣੀਆਂ ਨਹੀਂ ਲਿਖੀਆਂ?

ਭੁੱਲਰ: ਮੈਂ ਦੱਸ ਹੀ ਚੁੱਕਿਆ ਹਾਂ, ਮੈਂ ਕਹਾਣੀ Eਦੋਂ ਹੀ ਲਿਖਦਾ ਹਾਂ ਜਦੋਂ ਉਹ ਪੱਕੇ ਹੋਏ ਫਲ ਵਾਂਗ ਮੇਰੀ ਝੋਲੀ ਵਿਚ ਆ ਪਵੇ। ਮੈਂ ਕੋਈ ਕੱਚੀ-ਪੱਕੀ ਕਹਾਣੀ ਨਹੀਂ ਲਿਖੀ। ਇਸ ਕਰਕੇ ਮੈਂ ਬਹੁਤੀਆਂ ਕਹਾਣੀਆਂ ਲਿਖ ਹੀ ਨਹੀਂ ਸੀ ਸਕਦਾ। ਤੁਸੀਂ ਕਈ ਲੇਖਕ ਕਹਿੰਦੇ ਸੁਣੇ ਹੋਣਗੇ ਕਿ ਮੈਂ ਦੋ, ਢਾਈ, ਤਿੰਨ ਸੌ ਕਹਾਣੀਆਂ ਲਿਖੀਆਂ ਹਨ ਜਿਨ੍ਹਾਂ ਵਿਚੋਂ ਪੰਜਾਹ-ਸੱਠ ਤਾਂ ਵਧੀਆ, ਮਾਣ ਕਰਨ ਵਾਲੀਆਂ ਹਨ ਹੀ। ਮੈਂ ਕਹਿੰਦਾ ਹਾਂ, ਭਾਈ, ਤੁਸੀਂ ਇਹ ਪੰਜਾਹ-ਸੱਠ ਹੀ ਲਿਖਦੇ। ਜਿਨ੍ਹਾਂ ਨੂੰ ਹੁਣ ਤੁਹਾਡਾ ਰੱਦ ਕਰਨ ਨੂੰ ਦਿਲ ਕਰਦਾ ਹੈ, ਉਹ ਲਿਖੀਆਂ ਹੀ ਕਿਉਂ? ਏਨੇਂ ਤੇਜ਼ ਤੁਰਨ ਦੀ ਕੀ ਲੋੜ ਹੈ? ਸਹਿਜ ਤੋਰ ਤੁਰੋ ਪਰ ਤੁਰੋ ਤਸੱਲੀ ਨਾਲ ਕਿ ਜੋ ਕੁਛ ਤੁਸੀਂ ਲਿਖ ਰਹੇ ਹੋ, ਤੁਹਾਡੀ ਪੂਰੀ ਸਮਰੱਥਾ ਦੇ ਅਨੁਸਾਰ ਹੈ। ਕਬੀਰ ਜੀ ਨੇ ਇਹ ਗੱਲ ਕਿੰਨੀ ਖ਼ੂਬਸੂਰਤੀ ਨਾਲ ਕਹੀ ਹੈ: ਧੀਰੇ ਧੀਰੇ ਰੇ ਮਨਾ, ਧੀਰੇ ਸਭ ਕੁਛ ਹੋਇ। ਮਾਲੀ ਸੀਂਚੇ ਸੌ ਘੜਾ, ਰੁੱਤ ਆਏ ਫਲ ਹੋਇ। ਇਹ ਇਕ ਅਜਿਹਾ ਗੁਰ ਹੈ ਜਿਸ ਉੱਤੇ ਅਧਿਆਤਮ ਤੇ ਵਿਗਿਆਨ, ਦੋਵੇਂ ਸਹਿਮਤ ਹਨ। ਅਧਿਆਤਮਕ ਗੁਰੂ ਕਨਫਿ਼ਊਸੀਅਸ ਦਾ ਉਪਦੇਸ਼ ਹੈ,“ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਤੁਸੀਂ ਕਿੰਨਾ ਹੌਲੀ ਤੁਰਦੇ ਹੋ, ਬੱਸ ਰੁਕੋ ਨਾ!” ਮਹਾਂ-ਵਿਗਿਆਨੀ ਐਲਬਰਟ ਆਈਨਸਟਾਈਨ ਦਾ ਕਹਿਣਾ ਹੈ,“ਜੀਵਨ ਸਾਈਕਲ ਦੀ ਸਵਾਰੀ ਵਾਂਗ ਹੈ। ਜੇ ਡਿੱਗਣੋਂ ਬਚਨਾ ਹੈ ਤਾਂ ਚਲਦੇ ਰਹੋ।” ਮਹੱਤਵਪੂਰਨ ਗੱਲ ਚਲਦੇ ਰਹਿਣਾ ਹੈ, ਤੇਜ਼ ਚੱਲਣਾ ਨਹੀਂ! ਨਾਲੇ ਮੈਂ ਕਹਾਣੀਆਂ ਦੇ ਨਾਲ ਨਾਲ ਹੋਰ ਵੀ ਕਈ ਕੁਛ ਲਿਖਿਆ ਹੈ। ਲੇਖਕ ਮੁੱਖ ਤੌਰ ਉੱਤੇ ਕਿਸੇ ਇਕ ਵਿਧਾ ਨਾਲ ਜੁੜਿਆ ਹੋ ਸਕਦਾ ਹੈ ਪਰ ਉਹ ਅਸਲ ਵਿਚ ਤਾਂ ਲੇਖਕ ਹੁੰਦਾ ਹੈ। ਇਸਤੋਂ ਇਲਾਵਾ ਦੁਨੀਆ ਵਿਚ ਮਨੁੱਖ ਨੂੰ ਸਾਹਿਤ ਦੇ ਨਾਲ ਨਾਲ ਰੋਜ਼ਗਾਰ ਦੇ ਕੰਮ ਵੀ ਤਾਂ ਹੁੰਦੇ ਹਨ। ਅਪਣੇ ਵਰਗੇ ਲੋਕਾਂ ਦੇ ਇਹ ਭਾਗ ਕਿਥੇ ਕਿ ਪੂਰਾ ਸਮਾਂ ਮਨ ਦੀ ਇੱਛਾ ਅਨੁਸਾਰ ਸਾਹਿਤ ਦੇ ਲੇਖੇ ਲਾ ਸਕੀਏ!

Read more: ਸਦੀਵੀ ਜਜ਼ਬਿਆਂ ਦਾ ਬੇਜੋੜ ਬਿਰਤਾਂਤਕਾਰ ਗੁਰਬਚਨ ਸਿੰਘ ਭੁੱਲਰ

ਮੈਂ ਵਿਉਂਤੀ ਨਹੀਂ

ਹੁਣ : ਸਾਹਿਤ ਰਚਣ ਸੰਬੰਧੀ ਤੁਹਾਡੀਆਂ ਵਰਤਮਾਨ ਤੇ ਭਵਿੱਖੀ ਵਿਉਂਤਾਂ ਕੀ ਹਨ?

ਭੁੱਲਰ: ਇਕ ਤਾਂ ਜੀਵਨ ਵਿਚ ਮੈਥੋਂ ਕਦੇ ਵਿਉਂਤ ਬਣਾ ਕੇ ਨਹੀਂ ਚੱਲਿਆ ਗਿਆ। ਤੁਹਾਡੀ ਗੱਲ ਨੂੰ ਖੁੱਲ੍ਹੇ ਅਰਥਾਂ ਵਿਚ ਲਿਆਂ ਅਜੇ ਬਹੁਤ ਕੁਛ ਕਰਨ ਨੂੰ ਦਿਲ ਕਰਦਾ ਹੈ ਤੇ ਬਹੁਤ ਕੁਛ ਕਰਨ ਵਾਲਾ ਪਿਆ ਹੈ। ਰਾਜਿੰਦਰ ਸਿੰਘ ਬੇਦੀ ਕਹਿੰਦੇ ਸਨ, ਕਹਾਣੀਕਾਰ ਦੇ ਜੀਵਨ ਵਿਚ ਅੰਤ ਨੂੰ ਅਜਿਹਾ ਪੜਾਅ ਆ ਜਾਂਦਾ ਹੈ ਜਦੋਂ ਕਹਾਣੀ ਗਲੀ ਦੇ ਹਰ ਮੋੜ ਉੱਤੇ ਖੜ੍ਹੀ ਮਿਲਦੀ ਹੈ। ਮੇਰਾ ਵੀ ਹੁਣ ਉਹੋ ਪੜਾਅ ਹੈ। ਸਾਹਿਤ ਨਾਲ ਲੰਮਾ ਵਾਹ ਹੈ, ਬੜਾ ਕੁਛ ਪੜ੍ਹਿਆ ਹੈ, ਸੰਘਣਾ ਜੀਵਨ ਅਨੁਭਵ ਹੈ, ਲਿਖਣ ਲਈ ਏਨਾਂ ਕੁਛ ਹੈ ਕਿ ਕਲਮ ਫੜਦਾ ਹਾਂ ਤਾਂ ਉਹ ਕਾਗ਼ਜ਼ ਉੱਤੇ ਆਪੇ ਹੀ ਤੁਰਨ ਲਗਦੀ ਹੈ। ਹੁਣ ਤਾਂ ਪਹਿਲਾਂ ਜਿੰਨਾ ਵੀ ਸੋਧਣ-ਦੁਹਰਾਉਣ ਦੀ ਲੋੜ ਨਹੀਂ ਪੈਂਦੀ। ਪਰ ਇਕ ਸੱਚ ਇਹ ਕਹਾਵਤ ਵੀ ਤਾਂ ਬਿਆਨ ਕਰਦੀ ਹੈ: ਦਾਖਾਂ ਪੱਕੀਆਂ ਤਾਂ ਨਾਲ ਹੀ ਤੋਤੇ ਦੀ ਚੁੰਝ ਪੱਕ ਗਈ! ਰੋਜ਼ਗਾਰ ਦੇ ਰੁਝੇਵਿਆਂ ਤੋਂ ਮੁਕਤ ਹੋਏ ਤਾਂ ਦਵਾਈਆਂ ਦੇ ਉਲਝੇਵੇਂ ਆ ਗਏ। ਇਕ ਵਾਰ ਮੈਂ ਸੇਖੋਂ ਜੀ ਨੂੰ ਹਾਲ ਪੁੱਛਿਆ। ਉਹ ਧੁੱਪ ਵਿਚ ਕੁਰਸੀ ਉੱਤੇ ਬੈਠੇ ਸਨ। ਮੁੱਠੀਆਂ ਖੋਲ੍ਹ ਤੇ ਬੰਦ ਕਰ ਕਰ ਕੇ ਅਤੇ ਲੱਤਾਂ-ਬਾਂਹਾਂ ਨੂੰ ਸਿੱਧੀਆਂ ਤੇ ਕੱਠੀਆਂ ਕਰ ਕਰ ਕੇ ਹੱਸੇ,“ਭੁੱਲਰ, ਹੁਣ ਤਾਂ ਇਉਂ ਲਗਦਾ ਹੈ ਜਿਵੇਂ ਸਰੀਰ ਕੰਚ ਦਾ ਬਣਿਆ ਹੋਵੇ!” Eਦੋਂ ਮੈਨੂੰ ਉਹਨਾਂ ਦੀ ਗੱਲ ਦੀ ਸਮਝ ਨਹੀਂ ਸੀ ਆਈ, ਹੁਣ ਪੂਰੀ ਤਰ੍ਹਾਂ ਆਉਂਦੀ ਹੈ। ਤਾਂ ਵੀ ਲਿਖਦੇ ਤਾਂ ਰਹਿਣਾ ਹੀ ਹੈ। ਲਿਖਣ ਤੋਂ ਬਿਨਾਂ ਮੈਨੂੰ ਹੋਰ ਕੁਛ ਕਰਨਾ ਵੀ ਤਾਂ ਨਹੀਂ ਆਉਂਦਾ! ਤੇ ਫੇਰ, ਭਾਈ, ਤੁਹਾਡਾ ਸਭ ਦਾ, ਲੇਖਕਾਂ ਦਾ, ਪਾਠਕਾਂ ਦਾ ਸਨੇਹ-ਪਿਆਰ ਵੀ ਤਾਂ ਏਨਾਂ ਵੱਡਾ ਉਤਸਾਹ ਦਾ ਸੋਮਾ ਤੇ ਪ੍ਰੇਰਕ ਹੈ ਕਿ ਉਸਨੇ ਮੈਨੂੰ ਤੇ ਮੇਰੀ ਕਲਮ ਨੂੰ ਤੋਰੀਂ ਰੱਖਣਾ ਹੈ!

[/ihc-hide-content]

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!