ਡਾ. ਅਤਰ ਸਿੰਘ ਪੰਜਾਬੀ ਦੇ ਉੱਚਕੋਟੀ ਦੇ ਅਲੋਚਕ ਸਨ। ਭਾਰਤ ਦੇ ਰਾਸ਼ਟਰਪਤੀ ਨੇ ਉਹਨਾਂ ਨੂੰ ਪਦਮ ਸ੍ਰੀ ਦੀ ਉਪਾਧੀ ਨਾਲ ਨਿਵਾਜਿਆ ਸੀ। ਪਰ ਬਹੁਤ ਲੋਕ ਨਹੀਂ ਜਾਣਦੇ ਕਿ ਉਹਨਾਂ ਨੇ ਢੇਰ ਸਾਰੀ ਮੌਲਿਕ ਰਚਨਾ ਵੀ ਕੀਤੀ। ਖਾਸ ਕਰ ਕਵਿਤਾ ਵਿਚ। ਉਹਨਾਂ ਦੀਆਂ ਕਿੰਨੀਆਂ ਸਾਰੀਆਂ ਕਵਿਤਾਵਾਂ ਅਣਛਪੀਆਂ ਹਨ। ਹੇਠਾਂ ਅਸੀਂ ਇਹਨਾਂ ਵਿਚੋਂ ਤਿੰਨ ਛਾਪਣ ਦੀ ਖੁਸ਼ੀ ਲੈ ਰਹੇ ਹਾਂ। ਇਹ ਸਾਨੂੰ ਡਾ. ਸਾਹਿਬ ਦੀ ਪਤਨੀ ਨਿਰਮਲ ਕੌਰ ਅਤੇ ਉਹਨਾਂ ਦੇ ਪੁੱਤਰ ਕੰਵਲਜੀਤ ਸਿੰਘ ਕੋਲੋਂ ਪ੍ਰਾਪਤ ਹੋਈਆਂ ਹਨ। ‘ਹੁਣ’ ਵਲੋਂ ਇਹਨਾਂ ਦਾ ਧੰਨਵਾਦ। – ਸੰਪਾਦਕ
ਇਕ ਛਿਣ
ਇਕ ਛਿਣ
ਜਦੋਂ ਬੋਲਾਂ ਵਿਚੋਂ ਰਾਗ ਝਰਨ ਲਗਦਾ ਹੈ
ਜਦੋਂ ਤੋਰ ਨਿਰਤ ਵਿਚ ਪਲਟਾ ਖਾਣ ਲੱਗਦੀ ਹੈ
ਜਦੋਂ ਲਹੂ ਵਿਚ ਲਹਿਰ ਜਾਗਦੀ ਹੈ
ਜਦੋਂ ਸਾਗਰ ਦੇ ਬੇਤਾਬ ਪਾਣੀ
ਚੰਨ ਨੂੰ ਗਲ ਲਾਣ ਲਈ ਤਾਂਘਵਾਨ ਹੋ ਉਮਡਦੇ ਹਨ
ਜਦੋਂ ਰੁਕਮਦੀ ਪੌਣ ਜੰਗਲ ਦੀ ਸੁਗੰਧ ਨਾਲ ਭਾਰੀ ਹੋ ਜਾਂਦੀ ਹੈ
ਜਦੋਂ ਰੂਹ ਦੀ ਤੜਪ ਪੋਟਿਆਂ ਨੂੰ , ਬੁੱਲ੍ਹਾਂ ਨੂੰ,
ਰੋਮਾਂ ਨੂੰ ਕੰਬਣੀਆਂ ਛੇੜਦੀ ਹੈ
ਜਦੋਂ ਅੰਗ ਸੰਗਾਂ ਦੇ ਮੇਚ ਆਉਂਦੇ ਹਨ
ਜਦੋਂ ਰਸਿਕ ਵਿਰਾਗੀਆਂ ਜਿੰਦਾ ਸੁਪਨੇ ਵਿਹਾਝਦੀਆਂ ਹਨ
ਤੇ ਤਨ ਪਵਿੱਤਰ ਭੇਟਾ ਵਾਂਗ ਇਕ ਦੂਜੇ ਤੋਂ ਨਿਛਾਵਰ ਹੁੰਦੇ ਹਨ।
ਇਕ ਛਿਣ
ਜਦੋਂ ਤਨ ਵਿਚ ਬੁਝੇ ਗੀਤਾਂ ਨੂੰ ਬੋਲ ਜੁੜਦੇ ਹਨ
ਮੋਈ ਮਿੱਟੀ ਵਿਚੋਂ ਰਿਸ਼ਮਾਂ ਫੁੱਟਦੀਆਂ ਹਨ।
ਸਿਲਾਬੀਆਂ ਯਾਦਾਂ ਨਵੀਂ ਆਸ ਨਾਲ ਗਰਭਵਾਨ ਹੁੰਦੀਆਂ ਹਨ
ਝੂਠੇ ਪੈ ਗਏ ਬੋਲਾਂ ਵਿਚੋਂ ਸੱਚ ਪੁੰਗਰਣ ਲੱਗਦੇ ਹਨ
ਪ੍ਰੇਤ ਮੁੜ ਕਬਰਾਂ ਨੂੰ ਪਰਤਦੇ ਹਨ
ਅਪੂਰਨ ਰੀਝ ਕੁਆਰ ਧੋਤੀ ਪਹਿਨਦੀ ਹੈ
ਤੇ ਨੀਝ ਮੁੜ ਗਗਨ ਚੁੰਮਦੀ ਹੈ।
ਇਕ ਛਿਣ,
ਜਦੋਂ ਹੋਂਦ ਨਿਹੋਂਦ ਦੇ ਸੰਗਮ ਤੇ ਰੰਗਾਂ ਦੀ ਭੀੜ ਜੁੜਦੀ ਹੈ
ਕਾਲ ਦਾ ਬੇਕਿਰਕ ਡੰਗ ਖੁੰਝ ਜਾਂਦਾ ਹੈ
ਸੂਰਜਾਂ ਤਾਰਿਆਂ ਭਰਿਆ ਅੰਬਰ ਸਾਗਰ ਵਿਚ ਸਮਾ ਜਾਂਦਾ ਹੈ
ਮਿੱਟੀ ਵਿਚੋਂ ਮੋਹ ਤੇ ਮੋਹ ਵਿਚੋਂ ਮਹਿਕ ਫੁੱਟਦੀ ਹੈ
ਕਾਮਨਾ ਨੂੰ ਹੋਣੀਆਂ ਦਾ ਬੂਰ ਪੈਂਦਾ ਹੈ
ਵਰਤਮਾਨ ਦੇ ਗਰਭ ਵਿਚ ਭਵਿੱਖ ਦੇ ਕੱਚੇ ਅੰਗ ਪਹਿਲਾਂ ਪਾਸਾ ਪਰਤਦੇ ਹਨ
ਇਕ ਛਿਣ
ਜੋ ਅਸੰਖਾਂ ਜੂਨਾਂ ਦੇ ਤੋਲ ਤੁਲ ਕੇ ਵੀ ਭਾਰਾ ਰਹਿੰਦਾ ਹੈ
ਉਸ ਛਿਣ ਦਾ ਵਰਦਾਨ ਤੇਰੀ ਮੈਨੂੰ ਤੇ ਮੇਰੀ ਤੈਨੂੰ ਦਾਤ ਮਾਤਰ ਨਹੀਂ
ਉਹ ਛਿਣ ਅਪਰਪਦ ਸੀ
ਜਿਸ ਦੀ ਪ੍ਰਾਪਤੀ ਲਈ
ਜੁਗਾਂ ਪਹਿਲਾਂ ਤੇਰੀ ਮੇਰੀ ਮਿਟੀ ਨਿਖੜ ਕੇ ਯਾਤਰਾ ਤੇ ਪੰਧ ਪਈ ਸੀ।
ਰਾਤ ਵਿਦਸ ਦੇ ਗੇੜੇ
ਰਾਤ;
ਰਾਤ ਪੈੜਾਂ ਦੇ ਜੰਗਲ ਦੀ ਸੁੰਞ ਹੈ
ਨੀਂਦ;
ਨੀਂਦ ਦੁਰਸੁਪਨ ਚੁਰਾ ਕੇ ਘਰ ਲਿਆਣਾ ਹੈ
ਸੇਜ;
ਸੇਜ ਆਪਣੀ ਨਗਨਤਾ ਦੇ ਸਨਮੁਖ ਹਾਜ਼ਰੀ ਦਾ ਸੱਦਾ ਹੈ।
ਮੌਤ;
ਮੌਤ ਕਾਮਨਾ ਦੀ ਪੂਰਤੀ ਦਾ ਰੁਦਨ ਹੈ
ਸਿਵੇ;
ਸਿਵਿਆਂ ਵਿਚ ਲੋਥਾਂ ਹੀ ਨਹੀਂ
ਅਣਰੱਜੀ ਤ੍ਰਿਸ਼ਨਾ ਵੀ ਮੱਚਦੀ ਹੈ।
ਬੁਝਾ ਦਿਓ ਸਭ ਬਖਸ਼ਿਸ਼ਾਂ ਦੇ ਦੀਵੇ
ਤਰਸ ਜੰਮਣ ਦੇ ਤ੍ਰਾਸ ਦੀ ਡੰਗੋਰੀ ਹੈ
ਨਚਿਕੇਤਾ ਨੂੰ ਯਮ ਦੀਆਂ ਅੱਖਾਂ ਵਿਚ ਝਾਕਣ ਦਿਓ।
ਖਬਰੇ ਇਉਂ ਹੀ ਉਸਦੇ ਚਡਿਆਂ ਦਾ ਸੂਲ ਬੁਝ ਸਕੇ।
ਅੰਧ ਗੁਬਾਰ ਪੈਂਡਿਆਂ ਉੱਤੇ
ਉਜਿਆਰਾ ਲੈ ਕੇ ਤੁਰੋ ਨਾ ਤੁਰੋ
ਕੁਝ ਫਰਕ ਨਹੀਂ ਪੈਣਾ।
ਇਕ ਹੱਥ ਜੇਰੇ ਦਾ ਮਾਰੂਥਲ
ਦੂਜੇ ਹੱਥ ਕਾਇਰਤਾ ਦੀ ਖਾਈ
ਵਿਚਾਲੇ
ਅਣਮੰਗੀ ਜੂਨ ਹੰਢਾਉਣ ਦਾ ਤਸੀਹਾ
ਹੋਣੀ ਨੂੰ ਸਿਰਜਣ ਲਈ
ਅਣਹੋਂਦ ਦਾ ਸਾਗਰ ਤਰਨਾ ਹੀ ਪੈਂਦਾ ਹੈ।
ਨਿਰਵਿਰਤੀ ਦੀਆਂ ਧੌਲੀਆਂ ਧਾਰਾਂ ਹੋਣ
ਜਾਂ
ਪਰਿਵਰਤੀ ਦਾ ਜਵਾਲਾ ਮੁਖੀ
ਚਾਹੋ ਤਾਂ ਯਖ਼ ਹੋ ਜਾਉ
ਚਾਹੋ ਤਾਂ ਮੱਚ ਮਰੋ
ਨਰਕ ਸੁਰਗ ਦੀ ਤਾਣੀ ਵਿਚ ਤਣੇ
ਰੋਵੋ ਜਾਂ ਹੱਸੋ
ਇਕੋ ਗੱਲ ਹੈ
ਜੀਣ ਮਰਨ ਦਾ ਸੋਗ ਉਸੇ ਬੀਜ ਨੂੰ ਨਹੀਂ ਜਿਸ ਨੇ ਫੁੱਟਣਾ ਨਹੀਂ।
ਰਸਾਲੂ ਨੂੰ ਆਪਣਾ ਪੁਰਸ਼ਤਵ ਹਾਰਨਾ ਪਿਆ
ਹੋਡੀ ਨੂੰ ਆਪਣੀ ਜ਼ਿੰਦ
ਕੋਕਿਲਾਂ ਨੂੰ ਹਰ ਰਾਤ
ਸਖਣੀ ਸੇਜ ਉੱਤੇ ਧੁੱਖ ਧੁੱਖ ਕੇ ਬਿਤਾਣੀ ਪਈ।
ਦਿਉ ਕੋਲੋਂ ਸ਼ਹਿਜ਼ਾਦੀ ਨੂੰ ਛੁਡਾਉਣ ਲਈ
ਰਾਜ ਕੁਮਾਰ ਨੂੰ ਮੱਖੀ ਬਣ ਕੇ ਕੰਧ ਨਾਲ ਚਿਪਕਣਾ ਪਏਗਾ
ਪਰ;
ਹਰ ਬੰਦੀਛੋੜ ਦੀ ਪੂਰਤੀ ਦੈਂਤ ਦਾ ਅਵਤਾਰ ਹੈ
ਸਵੇਰ;
ਸਵੇਰ ਕਿਰਨਾਂ ਦੀ ਨਹੀਂ ਕੰਨਸੋਆਂ ਦੀ ਸਵਾਰੀ ਕਰਦੀ ਹੈ।
ਜਾਗਣਾ;
ਜਾਗਣਾ ਆਪਣੀ ਅਮੁਕ ਹੀਣਤਾ ਦੀ ਅੱਖ ਵਿਚ ਝਾਕਣਾ ਹੈ।
ਜੀਉਣਾ;
ਜੀਉਣਾ ਨਿਤ ਨਵੇਂ ਘਰ ਪਰਚਾਉਣੀ ਦੇਣ ਜਾਣਾ ਹੈ।
ਹਾਸਾ;
ਹਾਸਾ ਵੱਖੀ ਦੀ ਪੀੜ ਨੂੰ ਪਲ ਭਰ ਵਰਚਾਣਾ ਹੈ।
ਨਗਰ;
ਨਗਰ ਪ੍ਰੇਤਾਂ ਦੀ ਨਿਰਤਸ਼ਾਲਾ ਹੈ।
ਘਿਰਣਾ ਦੇ ਘੇਰੇ
1.
ਰਾਤ ਭਰ
ਇਕ ਵਿਧਵਾ ਦੇ ਕੀਰਨੇ
ਕੰਨਾਂ ਵਿਚ ਗੂੰਜਦੇ ਰਹੇ।
ਉਸਦੇ ਪਤੀ ਨੂੰ
ਆਪਣੇ ਭਰਾ ਦੀ ਦਿਆ
ਤਿਲ ਤਿਲ ਕਰਕੇ ਖਾ ਗਈ
ਉਸਦਾ ਪਤੀ ਬਚਪਨ ਵਿਚ ਹੀ ਯਤੀਮ ਹੋ ਗਿਆ ਸੀ;
ਵੱਡੇ ਭਰਾ ਨੇ ਛੋਟੇ ਭਰਾ ਨੂੰ ਪਿਤਾ ਬਣਕੇ
ਪਾਲਤੂ ਕੁੱਤੇ ਵਾਂਗ ਪਾਲਿਆ, ਵੱਡਾ ਕੀਤਾ, ਵਿਆਹਿਆ
ਤੇ ਫਿਰ ਇਕ ਅਸੀਲ ਬੈਲ ਵਾਂਗ
ਉਸਨੂੰ ਆਪਣੇ ਜੋਤਰੇ ਵਿਚ ਜੋ ਲਿਆ।
ਜਦੋਂ ਖਪਦਾ ਕ੍ਰਿਝਦਾ ਲਹੂ
ਉਬਲ ਉਬਲ ਕੇ ਠੰਡਾ ਹੋ ਗਿਆ
ਤਾਂ ਤਾਇਆ ਭਤੀਜਿਆਂ ਦੇ ਸਿਰ ਤੇ ਛਤਰ ਬਣਕੇ ਛਾ ਗਿਆ
ਪਰ ਬਰਬਖਤ ਭਤੀਜਿਆਂ ਨੂੰ ਦਾਨ-ਪੁੰਨ ਤਾਏ ਦੀ ਛਾਂ ਨਾ ਸੁਖਾਵੀ
ਉਹ ਬਾਹਰੋਂ ਫੈਲਦੇ ਰਹੇ, ਅੰਦਰੋਂ ਸੁੰਗੜਦੇ ਰਹੇ।
ਵਿਧਵਾ ਦੇ ਪੁੱਤਰ ਨੂੰ ਅੱਜ ਨੌਕਰੀ ਤੋਂ ਜਵਾਬ ਮਿਲ ਗਿਆ ਹੈ
ਸ਼ਿਕਾਇਤ ਇਹ ਹੈ
ਕਿ ”ਉਸਦੀਆਂ ਨਾੜਾਂ ਵਿਚ ਜੀਵਨ ਦੀ ਰੌ ਬੜੀ ਧੀਮੀ ਤੁਰਦੀ ਹੈ।
ਉਸਨੂੰ ਕੰਮ ਸਿੱਖਣ ਦਾ ਸ਼ੌਕ ਨਹੀਂ।
ਉਹ ਆਪਣੇ ਫਰਜ਼ ਨੂੰ ਨਿਪੁੰਨਤਾ ਸਹਿਤ ਨਿਭਾ ਨਹੀਂ ਸਕਦਾ।”
ਵਿਧਵਾ ਦਾ ਤੇ ਉਸਦੇ ਪੁੱਤਰ ਦਾ ਕੀ ਬਣੇਗਾ?
ਕੀ ਉਨ੍ਹਾਂ ਦੀਆਂ ਅੱਖਾਂ ਵਿਚੋਂ ਝਲਕਦਾ
ਨਿਸਪ੍ਰਾਣ ਕ੍ਰੋਧ ਕਦੀ ਲਾਵਾ ਬਣਕੇ ਫੁੱਟੇਗਾ
ਜਾਂ ਤਿਲ ਤਿਲ ਕਰਕੇ ਪਿਤਾ ਵਾਂਗ ਪੁੱਤ ਨੂੰ ਵੀ ਖਾ ਜਾਏਗਾ?
2.
ਰੇਡੀਉ ਉੱਤੇ ਰਾਤ ਦਾ ਅਖੀਰਲਾ ਸਮਾਚਾਰ ਬੁਲਿਟਨ ਸੁਣਾਇਆ ਜਾ ਰਿਹਾ ਹੈ।
ਮਨ ਵਿਚ ਸੰਸਿਆਂ ਦੇ ਸਾਗਰ ਉਮਡ ਰਹੇ ਹਨ।
ਐਨਾਂਊਸਰ ਕਿਤਨੇ ਤਟਸਥ ਸ੍ਵਰ ਵਿਚ
ਕਲਕਤੇ ਦੀਆਂ ਦੁਰਘਟਨਾਵਾਂ ਦਾ ਵੇਰਵਾ ਦੇ ਰਹੀ ਹੈ!
ਨ ਉਸਦੀ ਆਵਾਜ਼ ਨੂੰ ਕੋਈ ਡੋਬ ਪਿਆ ਹੈ
ਨ ਉਹ ਆਪਣੇ ਉਚਾਰਣ ਦੀ ਸ੍ਵਛਤਾ ਵਲੋਂ ਹੀ ਅਵੇਸਲੀ ਹੋਈ ਹੈ
ਟੈਗੋਰ, ਨਜ਼ਰੁਲ ਸਲਾਮ, ਚੈਤਨਯ ਮਹਾਂ ਪ੍ਰਭੂ ਦੀ
ਸ੍ਵਰ ਕਿਉਂ ਮੌਨ ਹੈ?
ਬੰਗਾਲ ਦੀ ਲੈਅ ਕਿਉਂ ਖੰਡਿਤ ਹੈ?
ਦੇਵ ਸਥਾਨਾਂ ਦੇ ਰਾਹਾਂ ਦੀਆਂ ਰੇਖਾਵਾਂ
ਪਟੜੀਆਂ ਤੋਂ ਭੁੜਕ ਕੇ
ਰਾਹੀਆਂ ਦੇ ਮਥਿਆਂ ਵਿਚ ਜਾ ਵਜੀਆਂ ਹਨ
ਗਾਲ੍ਹੀਆਂ ਬਣਕੇ, ਗੋਲੀਆਂ ਬਣਕੇ।
ਅਨਾਰ ਆਤਸ਼ਬਾਜ਼ੀਆਂ ਢਿੱਡ ਵਿਚੋਂ
ਉੱਠਦੀਆਂ ਹਨ
ਤੇ ਸਿਰ ਵਿਚ ਜਾ ਕੇ ਫਟਦੀਆਂ ਹਨ।
ਸਿਮ੍ਰਿਤੀ ਦੇ ਬਰਾਂਡਿਆਂ ਵਿਚੋਂ ਮੂੰਹਾਂ ਦੇ ਪ੍ਰੇਤ ਘੂਰਦੇ ਹਨ।
ਸ਼ਿਸ਼ਿਰ, ਅਨੰਦ ਸ਼ੰਕਰ ਰੇ, ਅਬੂ ਸਈਅਦ ਅਯੂਬ,
ਗੌਰੀ ਮੁਖੋਪਾਧਿਆਇ, ਨਿਹਾਰ ਬਾਬੂ।
ਮੂੰਹਾਂ ਦੀ ਭੀੜ ਵਿਚ
ਅੰਮ੍ਰਿਤਾ ਦੀ ਆਵਾਜ਼ ਵਿਲਕ ਰਹੀ ਹੈ
‘ਮੇਰੀ ਮਾਂ ਦੀ ਕੁੱਖ ਮਜਬੂਰ ਸੀ।’
ਹਰ ਮੂੰਹ ਨੈਣ ਬਣ ਕੇ ਰੋ ਰਿਹਾ ਹੈ।
ਤੇ ਮੈਂ ਸੋਚਦਾ ਹਾਂ।
ਪੀੜਾ ਵਿਚ ਸਾਂਝਾਂ ਦੇ ਪੁਲ ਬੰਨਣ ਦਾ ਕੇਡਾ ਬਲ ਹੈ।
ਇਕ ਠਰੀ ਰਾਤ
ਮੈਂ ਤੇ ਸ਼ਿਸ਼ਿਰ ਇਕ ਦੂਜੇ ਦੇ ਬੋਲਾਂ ਦਾ ਨਿੱਘ ਮਾਣਦੇ
ਭਾਰਤ ਦੀ ਦਿਵਯ-ਦ੍ਰਿਸ਼ਟੀ
ਦੀ ਚਰਚਾ ਕਰਦੇ ਰਹੇ।
ਅਸੀਮ ਮੌਨ ਵਿਚ
ਅਰਵਿੰਦ ਦੇ ਬੋਲ ਜਾਦੂ ਬਤੀਆਂ ਵਾਗ ਸੁਲਘਦੇ ਰਹੇ
ਤੇ ਜਦੋਂ ਪ੍ਰਭਾਤ ਦਾ ਆਂਡਾ ਫੁੱਟਿਆ
ਤਾਂ ਅਸੀਂ ਦੋਵੇਂ
ਸਾਂਝ ਦਾ ਇਕ ਨਵਾਂ ਅਹਿਸਾਸ ਲੈ ਕੇ ਜਾਗੇ
ਸਾਡੀਆਂ ਅੱਖਾਂ ਵਿਚ ਸੁਪਨੇ ਸਨ।
ਜੋ ਸੁਪਨੇ ਰਹਿਣ ਤਾਂ ਸੁਖਾਂਦੇ ਹਨ
ਸੱਚ ਬਣਨ ਤਾਂ ਰੜਕਦੇ ਹਨ।
ਐਨਾਊਂਸਰ ਦੀ ਆਵਾਜ਼ ਕਦੋਂ ਦੀ ਅਨੰਤ ਵਿਚ ਗੜੂੰਦ ਹੋ ਚੁੱਕੀ ਹੈ?
ਆਪਣੇ ਫਰਜ਼ ਨੂੰ ਨਿਭਾ ਕੇ ਉਹ ਆਪਣੇ ਘਰ ਪਰਤ ਗਈ ਹੋਵੇਗੀ।
ਆਪਣੇ ਪਤੀ ਕੋਲ ਆਪਣੇ ਬੱਚਿਆਂ ਕੋਲ।
ਜਾਂ ਖ਼ਬਰੇ ਉਸਦਾ ਕੋਈ ਘਰ ਵੀ ਹੈ?
ਜਾਂ ਖ਼ਬਰੇ ਉਹ ਆਪਣੇ ਘਰ ਵਿਚ ਹੀ ਸੁਵਾਸਿਤ ਵੀ ਹੈ?
ਚਿੰਤਾ ਦੇ ਘੇਰੇ ਫ਼ੈਲਦੇ ਜਾਂਦੇ ਹਨ ਮਿਟਦੇ ਜਾਂਦੇ ਹਨ
ਸਾਰੀ ਕੁੜਤਨ
ਨੀਂਦ-ਵਿਛੁੰਨੀ ਉਬਾਸੀ ਬਣਕੇ
ਫੇਫੜਿਆਂ ਵਿਚੋਂ ਉੱਠਦੀ ਹੈ।
ਸ਼ਿਸ਼ਿਰ ਕੀ ਸੋਚਦਾ ਹੋਵੇਗਾ?
ਕ੍ਰਿਸ਼ਨ ਪੱਖ ਦਾ ਪਿਛਲੇ ਪਹਿਰ ਦਾ ਚੰਨ
ਸ਼ਾਂਤੀ ਨਿਕੇਤਨ ਦੇ ਉਪਵਨ ਨੂੰ
ਉਪਰਾਮ ਨਹੀਂ ਕਰ ਰਿਹਾ ਹੋਣਾ?
ਤੇ ਉਹ ਕੁਝ ਵੀ ਸੋਚੇ
ਮੈਂ ਜਾਣਦਾ ਹਾਂ
ਉਹ ਵੀ
ਮੇਰੇ ਵਾਂਗ
ਨਿਪੁੰਨਸਕ ਕ੍ਰੋਧ ਦੀ ਠੰਡੀ ਅੱਗ ਵਿਚ ਮਿਟ ਰਿਹਾ ਹੋਏਗਾ
ਘਟ ਰਿਹਾ ਹੋਏਗਾ।