ਅਨੋਖਾ ਤੇ ਇਕੱਲਾ ਅਮਰਜੀਤ ਚੰਦਨ

Date:

Share post:

ਹੁਣ: ਡਾਕਟਰ ਹਰਿਭਜਨ ਸਿੰਘ ਨੇ ਤੇਰੇ ਬਾਰੇ ਲਿਖਿਆ ਸੀ ਕਿ ਤੂੰ ਲੋਕਾਂ ਨਾਲ਼ ਬੈਠਦਾ-ਉੱਠਦਾ ਨਹੀਂ। ਆਮ ਚਰਚਾ ਹੈ ਕਿ ਤੇਰੀ ਬਹੁਤਿਆਂ ਨਾਲ਼ ਬਣਦੀ ਨਹੀਂ।

ਚੰਦਨ: ਮੇਰੀ ਮਾਂ ਕਹਿੰਦੀ ਹੁੰਦੀ ਸੀ – ਇਹ ਕੱਲਾ ਰਹਿ ਕੇ ਖ਼ੁਸ਼ ਐ।- ਉਹ ਆਪ ਵੀ ਏਹੋ ਜਿਹੀ ਸੀ। ਇਕੱਲਖ਼ੋਰ। ਹਰਿਭਜਨ ਸਿੰਘ ਦੀ ‘ਲੋਕਾਂ’ ਵਾਲ਼ੀ ਗੱਲ ਅਖੌਤੀ ਲੇਖਕਾਂ ਦੀ ਗੱਲ ਸੀ। ਉਹਨੇ ਮੇਰੇ ਇਕਲ਼ਵਾਂਝੇ ਹੋਣ ਦੀ ਗੱਲ ਕੀਤੀ ਸੀ ਅਤੇ ਤੇਰੀ ਆਖੀ ਦੂਸਰੀ ‘ਬਹੁਤਿਆਂ ਨਾਲ਼ ਨਾ ਬਣਨ’ ਦੀ ਗੱਲ ਚੁਗਲੀ-ਨਿੰਦਿਆ ਹੈ। ਪ੍ਰੀਤ ਲੜੀ ਵਾਲ਼ਾ ਨਵਤੇਜ ਮਿਠਬੋਲੜਾ, ਸੁਹਿਰਦ ਤੇ ਸੁਘੜ ਬੰਦਾ ਸੀ। ਉਹਨੇ ਨਵਾਂ ਸ਼ਬਦ ਘੜਿਆ ਸੀ – ਪ੍ਰਬੰਧਰਸੀਏ। ਅੱਜ ਪੰਜਾਬੀ ਸਾਹਿਤ ਚ ਪ੍ਰਬੰਧਰਸੀਆਂ ਦੀ ਚੜ੍ਹ ਮਚੀ ਹੋਈ ਐ। ਜੇ ਇਨ੍ਹਾਂ ਨੂੰ ਕੋਈ ਲੇਖਕ ਨਾ ਮੰਨੇ, ਤਾਂ ਅੱਗੋਂ ਭੰਡੀ ਰੱਜ ਕੇ ਕਰਦੇ ਆ। ਮੇਰੀ ਤਾਂ ਤੇਰੇ ਨਾਲ਼ ਵੀ ਬਣਦੀ ਐ! ਮੈਂ ਤਾਂ ਕਿਸੇ ਦੀ ਕੋਈ ਚੰਗੀ ਰਚਨਾ ਪੜ੍ਹਾਂ, ਮੈਨੂੰ ਚਾਅ ਚੜ੍ਹ ਜਾਂਦੈ; ਉਹਨੂੰ ਚਿੱਠੀ ਲਿਖਦਾਂ; ਫ਼ੋਨ ਕਰਦਾਂ; ਆਪ ਚਲ ਕੇ ਮਿਲ਼ਦਾਂ। ਤੈਨੂੰ ਪਤੈ, ਸ਼ਬਦ ਗੋਸ਼ਟਿ ਦਾ ਅਰਥ ਇਹ ਵੀ ਹੈ- ਜਿਸ ਨਾਲ਼ ਰਿਸ਼ਤਾ ਬਣਾਈ ਰਖਣ ਦੀ ਲੋੜ ਹੋਵੇ। ਸਾਹਿਤ ਸਭਾਈ ਕਲਚਰ ਨੇ ਪੰਜਾਬੀ ਸਾਹਿਤ ਦਾ ਕੁਸ਼ ਨਹੀਂ ਸਵਾਰਿਆ। ਇਹਦੇ ਪੈਦਾ ਕੀਤੇ ਪਾਠਕ ਧੱਕੇ ਨਾਲ਼ ਲੇਖਕ ਬਣੇ ਬੈਠੇ ਨੇ। ਮੈਨੂੰ ਤਾਂ ਇਨ੍ਹਾਂ ਤੋਂ ਬੜਾ ਡਰ ਲਗਦੈ।

ਹੁਣ: ਤੂੰ ਹੋਰ ਕੀਹਦੇ ਤੋਂ ਡਰਦੈਂ?

ਚੰਦਨ: ਮੂਰਖਾਂ ਤੋਂ; ਨੇਰ੍ਹੇ ਤੋਂ; ਇਕਲਾਪੇ ਤੋਂ; ਵਿਛੋੜੇ ਤੋਂ; ਬੀਮਾਰੀ ਤੋਂ; ਬੁਢਾਪੇ ਤੋਂ; ਮੌਤ ਕੋਲ਼ੋਂ।

ਹੁਣ: ਕੋਈ ਉਪਾਅ ਕਰਨਾ ਸੀ।

ਚੰਦਨ: ਮੇਰੇ ਸੱਜਣ ਭਗਵਾਨ ਜੋਸ਼ ਨੇ ਤਵੀਤ ਬਣਾ ਕੇ ਦਿੱਤਾ ਸੀ। ਕਾਗ਼ਜ਼ ‘ਤੇ ਅੱਡਾ-ਖੱਡਾ ਬਣਾ ਕੇ ਖ਼ਾਨਿਆਂ ਚ ੧ ਤੇ ਓ ਲਿਖ ਕੇ। ਇਹ ਮੈਂ ਜੇਬ ਚ ਪਾ ਕੇ ਰੱਖਦਾਂ।

ਹੁਣ: ਕੋਈ ਫ਼ਾਇਦਾ ਹੋਇਆ?

ਚੰਦਨ: ਇਹ ਤਾਂ ਭਗਵਾਨ ਜਾਣੇ। ਕਹਿੰਦਾ: ਇਹ ਤਾਂ ਸਹਿਜ ਪ੍ਰਕਿਆ ਐ!

ਹੁਣ: ਗਿਆਨਵਾਨ ਬੰਦਾ ਆਖ਼ਿਰ ਇਕੱਲਾ ਹੋ ਜਾਂਦੈ।

ਚੰਦਨ: ਮੂਰਖ਼ ਵੀ ਇਕੱਲਾ ਈ ਹੁੰਦੈ। ਸੋਚ ਤੇ ਸਿਰਜਣਾ ਤਾਂ ਇਕੱਲ ‘ਚ ਹੀ ਹੁੰਦੀ ਐ। ਰਾਜਿੰਦਰ ਸਿੰਘ ਬੇਦੀ ਨਹੀਂ ਸੀ ਕਹਿੰਦਾ ਹੁੰਦਾ – ਜਦ ਲਿਖਾਰੀ ਰਚਨਾ ਕਰਦੈ, ਓਦੋਂ ਜਾਂ ਉਹ ਹੁੰਦੈ ਜਾਂ ਰੱਬ ਹੁੰਦੈ। ਕਬੀਰ ਸਾਹਬ ਨੇ ਕਿਹਾ ਸੀ – ਹਮ ਹੈ ਸਭ ਮਾਹਿ, ਸਭ ਹੈ ਹਮ ਮਾਹਿ; ਹਮ ਹੈ ਬਹੁਰੀ ਅਕੇਲਾ। – ਸ਼ਾਹ ਹੁਸੈਨ ਵੀ ਕਹਿੰਦੈ – ਨਾਲ਼ ਮੇਰੇ ਕੋਈ ਚੱਲੇ।- ਆਖ਼ਿਰ ਚ – ਜਾਣਾ ਪਿਆ ਸਾਨੂੰ ਕੱਲੇ।- ਸਿਆਸੀ ਸਮਾਜੀ ਅਮਲ ਇਕੱਲਾ ਬੰਦਾ ਨਹੀਂ ਕਰ ਸਕਦਾ। ਇਸ਼ਕ ਵੀ ਕੱਲੇ ਜਣੇ ਦਾ ਕੰਮ ਨਹੀਂ!

ਹੁਣ: ਸੁਰਜੀਤ ਹਾਂਸ ਨੇ ਤੇਰੀ ਕਿਤਾਬ ਫੈਲਸੂਫੀਆਂ ਦੇ ਮੁਖਬੰਧ ਚ ਲਿਖਿਆ ਸੀ ਕਿ ਤੂੰ ਸਵੈ-ਮੋਹੀ ਐਂ।

ਚੰਦਨ: ਮੈਂ ਤੇ ਪ੍ਰੇਮ ਪ੍ਰਕਾਸ਼ ਹਾਂਸ ਨੂੰ ਪਿਆਰ ਨਾਲ਼ “ਬੁੜ੍ਹਾ” ਕਹਿੰਦੇ ਹੁੰਦੇ ਆਂ। ਇਹਨੇ ਓਸ ਕਿਤਾਬ ਦਾ ਮੁਖਬੰਧ ਨਾ ਸੀ ਲਿਖਿਆ; ਰੀਵੀਊ ਲਿਖਿਆ ਸੀ। ਭੂਮਕੱਈਆ ਸਫ਼ਾਈ ਵਕੀਲ ਹੁੰਦਾ; ਜੱਜ ਨਹੀਂ। ਪਾਠਕ ਜੱਜ ਹੁੰਦੈ। ਭੂਮਕੱਈ ਕਿਤਾਬ ਦਾ ਮੁਕੱਦਮਾ ਲੜਦਾ ਹੁੰਦੈ ਨਾ ਕਿ ਉਹਦੇ ‘ਤੇ ਫ਼ਰਦ ਜੁਰਮ ਲਾਉਂਦਾ ਹੁੰਦਾ। ਜਿਵੇਂ ਉਸ ਕਿਤਾਬ ਦੇ ਲੇਖ ਸ਼ਹੀਦੀ ਦਾ ਰੁਮਾਂਸ ਵਿਚ ਮੈਂ ਸਿੱਖੀ ਦੇ ਵਿਦਵਾਨ ਸੁਰਿੰਦਰ ਸਿੰਘ ਕੋਹਲੀ ਤੋਂ ਪੁੱਛ ਕੇ ਲਿਖਿਆ ਸੀ ਕਿ ਸਾਰੀ ਗੁਰਬਾਣੀ ਚ ਸ਼ਹੀਦੀ ਦਾ ਜ਼ਿਕਰ ਕਿਤੇ ਨਹੀਂ। ਬੁੜ੍ਹਾ ਭੂਮਿਕਾ ਲਿਖਦਾ ਸਰਾਂ ਨਾ ਬਣਾਉਣ ਲਗ ਪਿਆ। ਇੰਜ ਕਿਤਾਬ ਦਾ ਰੀਵੀਊ ਕਰਦਿਆਂ ਲਿਖੀਦਾ ਹੁੰਦੈ। ਇਕ ਸਤਰ ਕੱਟਣ ਨੂੰ ਮੇਰੇ ਭੂਮਕੱਈ ਨੂੰ ਭਲਾ ਕਿੰਨੀ ਕੁ ਦੇਰ ਲੱਗਣੀ ਸੀ? ਉਹ ਮੁਖਬੰਧ ਮੈਂ ਕਿਤਾਬ ਦੀ ਦੂਸਰੀ ਐਡੀਸ਼ਨ ਚੋਂ ਕੱਢ ਦਿੱਤਾ ਸੀ। ਇਹ ਤਾਂ ਕੋਈ ਐਡੀ ਗੱਲ ਨਹੀਂ; ਮੈਂ ਬੁੜ੍ਹੇ ਤੋਂ ਬਹੁਤ ਕੁਝ ਸਿਖਿਐ। ਕਿਸੇ ਹੱਦ ਤਕ ਤਾਂ ਸਵੈ-ਮੋਹੀ ਨਾਰਸੇਸਿਸਟ ਹਰ ਕੋਈ ਹੁੰਦੈ। ਪਰ ਇਹ ਰੋਗ ਨਹੀਂ ਬਣਨਾ ਚਾਹੀਦਾ। ਸ਼ੀਸ਼ੇ ਚ ਮੂੰਹ ਤਾਂ ਆਪਾਂ ਸਾਰੇ ਈ ਦੇਖਦੇ ਆਂ। ਬਾਂਦਰ ਸ਼ੀਸ਼ਾ ਭੰਨ ਦਿੰਦਾ; ਬੰਦਾ ਨਹੀਂ ਭੰਨ ਸਕਿਆ। ਬੁੜ੍ਹਾ ਏਸ ਉਮਰ ਚ ਵੀ ਦਾਹੜੀ ਨੂੰ ਕਲਫ਼ ਲਾਉਣੋ ਨਹੀਂ ਹਟਿਆ; ਇਹ ਸਵੈ-ਮੋਹ ਨਹੀਂ ਤਾਂ ਹੋਰ ਕੀ ਐ? ਸ਼ੀਸ਼ਾ ਚਿਤਰਕਾਰਾਂ, ਫ਼ਿਲਮਕਾਰਾਂ ਤੇ ਸ਼ਾਇਰਾਂ ਦਾ ਮਨਪਸੰਦ ਵਿਸ਼ਾ ਹੈ। ਇਹਨੂੰ ਵੀ ਕੋਈ ਨਹੀਂ ਸਮਝ ਸਕਿਆ। ਚਿੜੀਆਂ ਵੀ ਨਹੀਂ।

ਢਾਈ ਅੱਖਰ

ਹੁਣ: ਐਰਿਕ ਫ਼ਰੌਮ ਅਪਣੀ ਕਿਤਾਬ ‘ਦ ਆਰਟ ਆੱਵ ਲਵਿੰਗ’ ਚ ਲਿਖਦੈ ਕਿ ਪਿਆਰ ਬਾਹਰਮੁਖੀ ਹੋ ਕੇ ਹੁੰਦੈ; ਤਰਕਸ਼ੀਲ ਹੋ ਕੇ।

ਚੰਦਨ: ਇਸ਼ਕ ਦੇ ਮਾਮਲੇ ਅਵੱਲੇ! ਇਹਦਾ ਭੇਤ ਨਾ ਫ਼ਰਾਇਡ ਪਾ ਸਕਿਆ ਤੇੇ ਮਾਰਕਸ ਨੇ ਤਾਂ ਕੀ ਪਾਉਣਾ ਸੀ। ਫ਼ਰੌਮ ਦੋਹਵਾਂ ਨੂੰ ਰਲ਼ਾਉਂਦਾ ਸੀ। ਓਨ ਇਹ ਤਰਕ ਵਾਲ਼ੀ ਗੱਲ ਪਤਾ ਨਹੀਂ ਕਿਸ ਹਵਾਲੇ ਨਾਲ਼ ਕੀਤੀ ਸੀ? ਪਿਆਰ ਤਾਂ ਕਹਿੰਦੇ ਅੰਨ੍ਹਾ ਹੁੰਦਾ। ਤੈਨੂੂੰ ਕਦੇ ਹੋਇਐ? ਬੰਦਾ ਤਾਂ ਫ਼ਨਾਹ ਹੋ ਜਾਂਦਾ। ਬਾਹਰਮੁਖੀ, ਤਰਕਸ਼ੀਲ – ਇਹ ਤਾਂ ਗਿਣਤੀ-ਮਿਣਤੀ ਹੋ ਗਈ। ਫ਼ਰੌਮ ਓਸੇ ਕਿਤਾਬ ਚ ਲਿਖਦੈ ਕਿ ਪਿਆਰ ਪਿਆਰ ਖ਼ਾਤਿਰ ਕਰਨਾ ਚਾਹੀਦੈ; ਇਹ ਸੋਚ ਕੇ ਨਹੀਂ ਕਿ ਵੱਟੇ ਚ ਮੈਨੂੰ ਕੀ ਮਿਲ਼ੂ? ਮੈਂ ਪਿਆਰ ਨਾਲ਼ ‘ਅਸਲ’ ਵਿਸ਼ੇਸ਼ਣ ਨਹੀਂ ਲਾਇਆ। ਜਿਹਨੂੰ ਪਿਆਰ ਨਸੀਬ ਨਾ ਹੋਵੇ, ਉਹ ਪ੍ਰੇਮ ਪ੍ਰਕਾਸ਼ ਹੋ ਜਾਂਦੈ।

ਹੁਣ: ਤੂੰ ਪ੍ਰੇਮ ਕਵਿਤਾ ਵੀ ਬੜੀ ਲਿਖੀ ਹੈ। ਹੋਰਨਾਂ ਦੀ ਲਿਖੀ ਤੇ ਤੇਰੀ ਚ ਕੀ ਫ਼ਰਕ ਹੈ?

ਚੰਦਨ: ਇਸ ਗੱਲ ਦਾ ਜਵਾਬ ਮੈਂ ਕੈਲਾਸ਼ ਪੁਰੀ ਦੀ ਕਿਸੇ ਕਵਿਤਾ ਬਾਰੇ ਲਿਖੇ ਲੇਖ ਚ ਕੀਤੀ ਹੈ। *੧ ਪਿਆਰ ਵਿਚ ਵਸਲ ਵਿਚ ਮਰਨ ਦੀ ਗੱਲ ਮੈਂ ਹੋਰ ਕਿਤੇ ਨਹੀਂ ਪੜ੍ਹੀ। ਮੈਨੂੰ ਪਹਿਲੀ ਵਾਰ ਗਿਆਨ ਹੋਇਆ ਕਿ ਗੁਰਬਾਣੀ ਤੇ ਸੂਫ਼ੀਬਾਣੀ ਨੂੰ ਛੱਡ ਕੇ ਸਾਡੀ ਸਾਰੀ ਕਵਿਤਾ ਵਿਚ ਖ਼ਾਸ ਕਰਕੇ ਵੀਹਵੀਂ ਸਦੀ ਦੀ ਕਵਿਤਾ ਚ ਵਸਲ-ਵਸਾਲ ਦੀ ਕਵਿਤਾ ਹੈ ਈ ਨਹੀ। ਜੋ ਹੈ, ਉਹ ਬ੍ਰਿਹੋਂ ਦੇ ਕੀੜਿਆਂ ਤੇ ਵਾਗਾਂ ਛੱਡ ਦੇ ਹੰਝੂਆਂ ਵਾਲ਼ੀ ਈ ਹੈ। ਹੋਰ ਵੀ ਹੈਰਾਨੀ ਵਾਲ਼ੀ ਗੱਲ ਇਹ ਕਿ ਸਾਡੇ ਮਹਾਨ ਸ਼ਾਇਰ ਗ਼ਾਲਿਬ ਦੀ ਸ਼ਾਇਰੀ ਵੀ ਲਿੰਗ ਦਮਨ ਤੇ ਝੋਰੇ ਦੀ ਸ਼ਾਇਰੀ ਹੈ। ਵਸਲ ਵੀ ਹੋਰ ਨਿਹਮਤਾਂ ਵਾਂਙ ਬੰਦੇ ਨੂੰ ਨਸੀਬ ਹੁੰਦੈ। ਵਸਲ ਘੁੰਡ ਚੁੱਕ ਕੇ ਹੀ ਹੁੰਦੈ; ਤੇ ਇਹਦੀ ਸ਼ਾਇਰੀ ਵੀ ਨੰਗਿਆਂ ਹੋ ਕੇ ਹੀ ਲਿਖ ਹੁੰਦੀ ਹੈ; ਇਹ ਸੋਚ ਕੇ ਨਹੀਂ ਕਿ ਲੋਕ ਕੀ ਕਹਿਣਗੇ?

ਹੁਣ: ਅਪਣੇ ਇਸ਼ਕ ਦੀ ਕੋਈ ਦਾਸਤਾਨ?

ਚੰਦਨ: ਹੁਣ ਮੈਂ ਨਾਗਮਣੀ ਸਟਾਈਲ ਚ ਔਰਤਾਂ ਦੇ ਨਾਂ ਲੈ ਲੈ ਕੇ ਜਾਂ ਸੈਨਤਾਂ ਨਾਲ਼ ਤਾਂ ਦੱਸਣੋ ਰਿਹਾ! ਮੈਂ ਅਪਣੀ ਦੋਸਤੀ ਦਾ ਸਤਿਕਾਰ ਕਰਦਾਂ; ਉਹਨੂੰ ਨਸ਼ਰ ਨਹੀਂ ਕਰਦਾ। ਮੈਨੂੰ ਜਿੰਨਾ ਵੀ ਵਸਲ ਨਸੀਬ ਹੋਇਆ, ਓਨਾ ਹੀ ਬਹੁਤ ਹੈ। ਇੱਕੋ ਝੋਰਾ ਹੈ ਕਿ ਕਿਸੇ ਪੰਜਾਬਣ ਨਾਲ਼ ਨਿਹੁੰ ਲੱਗਾ ਹੁੰਦਾ, ਤਾਂ ਜੀਉਣ ਤੇ ਲਿਖਣ ਦਾ ਸਵਾਦ ਕਿਤੇ ਵਧ ਆਉਣਾ ਸੀ। ਮੈਂ ਜਿੰਨੀ ਵੀ ਅਖੌਤੀ ਪ੍ਰੇਮ ਕਵਿਤਾ ਲਿਖੀ ਹੈ, ਉਸ ਵਿਚ ਏਕਾਲਾਪ ਹੀ ਹੈ। ਇਥੇ ਸਾਹਿਰ ਦਾ ਕਾਲਜ ਦਾ ਹਮਜਮਾਤੀ ਫ਼ੈਜ਼ ਚੌਧਰੀ ਹੁੰਦਾ ਸੀ। ਦਸਦਾ ਹੁੰਦਾ ਸੀ ਕਿ ਸਾਹਿਰ ਵਸਲ-ਵਸਾਲ ਜੋਗਾ ਤਾਂ ਹੈ ਨਹੀਂ ਸੀ; ਪਰ ਉਹਨੇ ਇਸ਼ਕੀਆ ਸ਼ਾਇਰੀ ਕਰਨ ਲਈ ਔਰਤ ਦੇ ਨੇੜੇ ਹੋਣਾ ਤੇ ਜਨਾਬਾ ਨੂੰ ਕਹਿਣਾ ਮੈਂ ਕੁਛ ਨਜ਼ਮਾਂ ਲਿਖ ਲਊਂ; ਤੇਰਾ ਕੀ ਬਿਗੜਦਾ?!

ਹੁਣ: ਤੂੰ ਸਿੱਧੇ ਸੈਕਸ ਦੀ ਕਵਿਤਾ ਵੀ ਲਿਖੀ ਐ ਭੋਗਾਵਸਥਾ, ਝੋਟੀ ਲੱਗਣ ਵਾਲ਼ੀ, ਮੂਤਦੀ ਤੀਵੀਂ ਦੀ। ਕੀ ਇਹ ਤੇਰੀ ਭੈੜੀ ਸ਼ਰਾਰਤ ਨਹੀਂ?

ਚੰਦਨ: ਇਹ ਸੁੱਚੀਆਂ ਕਵਿਤਾਵਾਂ ਹਨ; ਸ਼ਰਾਰਤ ਕੋਈ ਨਹੀਂ। ‘ਤੋਤੋ’ ਕਵਿਤਾ ਇਕ ਵਾਰੀ ਦੋਸਤਾਂ ਦੀ ਮਹਿਫ਼ਲ ਚ ਮੈਂ ਡਰਦੇ ਨੇ ਸੁਣਾਈ; ਬੀਬੀਆਂ ਵੀ ਬੈਠੀਆਂ ਸੀ। ਪਹਿਲਾਂ ਮੈਂ ਦਸ ਵੀ ਦਿੱਤਾ ਕਿ ਜੇ ਫ਼ਾਹਸ਼ ਲੱਗੇ, ਤਾਂ ਦਸ ਦਈਓ। ਸੱਚ ਜਾਣੀ, ਸਾਰਿਆਂ ਨੇ ਬੜੀ ਸਲਾਹੀ। ਤੋਤੋ ਮੁੰਡਾ ਜੰਮਣ ਦੀ ਗੱਲ ਐ। ਇਸ ਨੂੰ ਹਰ ਔਰਤ ਨੇ ਮਾਣਿਆ ਹੋਵੇਗਾ; ਪਤਨੀ ਵਜੋਂ, ਮਾਂ ਵਜੋਂ, ਭੈਣ ਵਜੋਂ। ਚਾਹੇ ਕਿਸੇ ਦੇ ਮੁੰਡਾ ਨਾ ਵੀ ਹੋਇਆ ਹੋਵੇ, ਤਾਂ ਉਹ ਅਪਣੇ ਕਿਸੇ ਮਰਦ ਜੀਅ ਨਾਲ਼ ਜ਼ਰੂਰ ਰੀਲੇਟ ਕਰਦੀ ਹੈ। ਅੰਮ੍ਰਿਤਾ ਪ੍ਰੀਤਮ ਦੀ ਸਭ ਤੋਂ ਪਿਆਰੀ ਕਵਿਤਾ ‘ਗਰਭਵਤੀ: ਨੌਂ ਸੁਫਨੇ’ ਹੈ, ਜੋ ਗਰਭ ਵਿਚ ਉਗਮਦੇ ਬਾਲ ਬਾਰੇ ਹੈ। ਜਿਹਦਾ ਨਾਂ ਜਨਮਣ ਪਿੱਛੋਂ ਨਾਨਕ ਰੱਖਿਆ ਜਾਣੈ। ਗੁਰੂਆਂ ਦਾ ਗੁਰੂ ਨਾਨਕ। ਐਸੀ ਕਵਿਤਾ ਅਮ੍ਰਿਤਾ ਹੀ ਲਿਖ ਸਕਦੀ ਸੀ

ਇਨਸਾਨ ਇਨਸਾਨ ਦਾ ਕਿਸੇ ਗੁਨਾਹ ਤੋਂ ਪਾਕ ਆਪਸੀ ਜਿਨਸੀ ਰਿਸ਼ਤਾ ਕੁਦਰਤ ਦਾ ਵੱਡਾ ਕ੍ਰਿਸ਼ਮਾ ਹੈ। ਮੈਂ ਤਾਂ ਉਸ ਪਲ ਦੀ ਕਵਿਤਾ ਵੀ ਲਿਖੀ ਹੈ, ਜਦ ਮੇਰੇ ਮਾਤਾ ਪਿਤਾ ਦੇ ਸੰਜੋਗ ਵਿਚ ਮੇਰਾ ਬੀਅ ਫਲ਼ਿਆ ਸੀ। ਮੇਰੀ ਕਿਸੇ ਕਵਿਤਾ ਵਿਚ ਨਾਨਕ ਤੇ ਸੁਲੱਖਣੀ; ਪੂਰਨ ਸਿੰਘ ਤੇ ਮਾਇਆ ਦੇਵੀ ਦੇ ਸੇਜ ਮਾਣਨ ਦੇ ਬਿੰਬ ਹਨ। ਮੈਂ ਨਾਨਕ ਤੇ ਸੁਲੱਖਣੀ ਦੇ ਸੰਜੋਗ ਦੀ ਕਵਿਤਾ ਲਿਖਣੀ ਚਾਹੀ। ਪਰ ਨਾਨਕਤਾ ਦੀ ਵੇਲ ਅਗਾਂਹ ਨਾ ਤੁਰਨ ਦੀ ਸੋਚ ਨਾਲ਼ ਗੱਲ ਅਟਕ ਗਈ। ਇਹੋ ਜਿਹੀ ਗੱਲ ਦਸਵੇਂ ਗੁਰੂ ਦੇ ਧਾਰੇ ਜਾਣ ਦੀ ਹੋ ਸਕਦੀ ਸੀ, ਜਿਹੜੀ ਕਿ ਹਾਲੇ ਤਕ ਕਿਸੇ ਨੇ ਕੀਤੀ ਨਹੀਂ। ਪਰ ਹੁਣ ਮੇਰੇ ਮਨ ਦੀ ਉਹ ਅਵਸਥਾ ਨਹੀਂ।

ਹੁਣ: ਕਿਉਂ?

ਚੰਦਨ: ਇਹ ਕਿਹੜਾ ਮੇਰੇ ਜਾਂ ਕਿਸੇ ਦੇ ਵੱਸ ਚ ਹੈ। ਕਵਿਤਾ ਕਿਵੇਂ ਬਣਦੀ ਹੈ; ਕਿੱਥੋਂ ਉਤਰਦੀ ਹੈ ਤੇ ਕਿਉਂ ਉਤਰਦੀ ਹੈ; ਇਹ ਤਾਂ ਗਿਆਨੀ ਬੁਧੀਮਾਨੀ ਡਾਕਟਰੀ ਕਰਵਾਉਣ ਵਾਲ਼ੇ ਹੀ ਜਾਣਦੇ ਹੋਣਗੇ। ਯੂਰਪ ਅਮਰੀਕਾ ਚ ਕਵਿਤਾ ਦੀ ਕਾਰੀਗਰੀ ਸਿਖ਼ਾਉਣ ਦੇ ਅਣਗਿਣਤ ਸਕੂਲ ਖੁੱਲ੍ਹੇ ਹੋਏ ਹਨ। ਇਸ ਨਾਲ਼ ਸਾਹਿਤ ਦੀ ਸਮਝ ਤਾਂ ਆ ਜਾਂਦੀ ਹੈ; ਪਰ ਕੋਈ ਕਵੀ ਨਹੀਂ ਬਣ ਸਕਦਾ। ਮੈਂ ਨਹੀਂ ਸਮਝਦਾ ਕਿ ਕਵਿਤਾ ਦਾ ਫ਼ਾਰਮੂਲਾ ਕੋਈ ਬਣਾ ਸਕਿਆ ਹੈ ਜਾਂ ਅਗਾਂਹ ਨੂੰ ਬਣਾ ਸਕੂਗਾ।

ਹੁਣ: ਤੂੰ ਅਪਣੇ ਮਾਪਿਆਂ ਦੀ ਆਖ਼ਿਰੀ ਔਲਾਦ ਸੀ। ਮੈਂ ਤੇਰੀ ਨਿੱਕੇ ਹੁੰਦੇ ਦੀ ਪਤਲੇ ਜਿਹੇ ਮੁੰਡੇ ਦੀ ਤਸਵੀਰ ਦੇਖੀ ਸੀ। ਤੇਰਾ ਬਚਪਨ ਕਿਹੋ ਜਿਹਾ ਸੀ?

ਚੰਦਨ: ਇਹ ਸਵਾਲ ਤਾਂ ਸ਼ਰਿੰਕ -ਦਿਲ ਦਾ ਵੈਦ- ਪਾਉਂਦਾ ਹੁੰਦੈ! ਬਚਪਨ ਚ ਕਿਰੇ ਬੀਆਂ ਦੀ ਫ਼ਸਲ ਅਸੀਂ ਸਾਰੀ ਉਮਰ ਵੱਢਦੇ ਰਹਿੰਦੇ ਆਂ। ਮੈਂ ਪੇਟਘਰੋੜੀ ਦਾ ਪੁੱਤ ਸੀ। ਮੇਰੀ ਘਰ ਚ ਛੇੜ ਹੁੰਦੀ ਸੀ – ਕਾਗਜ਼ੀ ਭਲਵਾਨ। ਮੈਂ ਅਪਣੀ ਮਾਂ ਦੀ ਜਵਾਨੀ ਦੀ ਤਸਵੀਰ ਦੇਖਣੀ, ਤਾਂ ਉਹ ਕੋਈ ਹੋਰ ਲੱਗਣੀ। ਮੈਂ ਮਾਂ ਪਿਉ ਦਾ ਛਿੰਦਾ ਪੁੱਤ ਸੀ। ਪਰ ਘਰ ਚ ਕਲ਼ੇਸ਼ ਬੜਾ ਦੇਖਿਆ। ਮਾਂ ਪੇ ਦੀ ਨਿਤ ਲੜਾਈ ਹੋਣੀ। ਮਾਂ ਨੇ ਬੇਦਖ਼ਲ ਕੀਤੇ ਮੇਰੇ ਵੱਡੇ ਭਰਾ ਕਰਕੇ ਮੇਰੇ ਪੇ ਨਾਲ਼ ਝੰਝੂ ਪਾਈ ਰਖਣਾ; ਸਵੇਰੇ ਉੱਠਣ ਸਾਰ ਹੀ ਕੀਰਨੇ ਪਾਉਣੇ; ਚੱਕੀ ਪੀਂਹਿਦਿਆਂ, ਚਰਖਾ ਕੱਤਦਿਆਂ। ਵਿਧਵਾ ਭੈਣ ਅਮਰੋ ਤੇ ਉਹਦਾ ਮੈਤੋਂ ਚਾਰ ਸਾਲ ਵੱਡਾ ਅੱਥਰਾ ਪੁੱਤ ਜਸਵੰਤ। ਓਨ ਸਿਰ ਚੜ੍ਹ ਕੇ ਖੂਹੀ ਚ ਲੱਤਾਂ ਲਮਕਾ ਕੇ ਬਹਿ ਜਾਣਾ। ਭੈਣ ਨੂੰ ਦੰਦਲ਼ਾਂ ਪੈਣੀਆਂ। ‘ਮੇਰੀ ਆਵਾਜ਼ਾਂ’ ਨਾਂ ਦੀ ਕਵਿਤਾ ਵਿਚ ਇਸੇ ਦੀ ਗੱਲ ਹੈ: ਤ੍ਰਿਕਾਲ ਸੰਧਿਆ ਵੇਲੇ ਭੈਣ ਰੋ ਰਹੀ ਹੈ…। ਇਨ੍ਹਾਂ ਸਾਰੀਆਂ ਗੱਲਾਂ ਨੇ ਮੇਰੇ ਬਾਲਮਨ ਨੂੰ ਵਲੂੰਧਰ ਕੇ ਰਖ ਦਿੱਤਾ। ਅੰਦਰ ਵੜਨ ਦੀ, ਉਦਾਸੀ ਤੇ ਇਕੱਲਤਾ ਦੀ ਕਸਰ ਮੈਨੂੰ ਓਦੋਂ ਦੀ ਈ ਲੱਗੀ ਹੋਈ ਐ। ਜਸਵੰਤ ਨੇ 1981 ਚ ਖ਼ੁਦਕੁਸ਼ੀ ਕਰ ਲਈ ਸੀ। ਮੈਂ ਅੱਠ ਸਾਲ ਦਾ ਸੀ, ਜਦ ਮੇਰੀ ਇਕ ਹੋਰ ਭੈਣ ਬੀਰਾਂ ਦਾ ਵਿਆਹ ਹੋ ਗਿਆ। ਮੈਂ ਇਹਨੂੰ ਬੀਬੀ ਕਰਕੇ ਬੁਲਾਉਂਦਾ ਸੀ, ਇਹਨੇ ਹੀ ਮੈਨੂੰ ਪਾਲ਼ਿਆ ਸੀ। ਅਪਣੇ ਘਰਾਂ ਚ ਮਾਵਾਂ ਪਹਿਲਾ ਨਿਆਣਾ ਆਪ ਪਾਲ਼ਦੀਆਂ ਹੁੰਦੀਆਂ ਸੀ; ਮਗਰਲੇ ਪਾਲਣੇ ਧੀਆਂ ਦਾ ਈ ਕੰਮ ਸੀ। ਭੈਣ ਨੂੰ ਚੇਤੇ ਕਰ-ਕਰ ਮੈਂ ਬੜਾ ਰੋਣਾ। ਮਾਂ ਪੇ ਦੀ ਜ਼ਿੰਦਗੀ ਦਾ ਆਖ਼ਿਰੀ ਪਹਿਰ ਸੀ। ਉਨ੍ਹਾਂ ਦੀ ਦਿਲਗੀਰੀ ਅਪਣੇ ਥਾਂ ਸੀ। ਉਹ ਸੁਹਾਵਣਾ ਮੁਲਕ ਕੀਨੀਆ ਛੱਡ ਨਕੋਦਰ ਚਲੇ ਗਏ। ਤੱਪੜਾਂ ਵਾਲ਼ੇ ਸਕੂਲ ਚ ਮੈਨੂੰ ਪੜ੍ਹਨੇ ਪਾ ਦਿੱਤਾ। ਗਾਹਲ਼ਾਂ ਮੈਂ ਏਥੇ ਹੀ ਸਿੱਖੀਆਂ ਸੀ। ਸੁੱਕਾ ਜਿਹਾ ਬੁੜ੍ਹਾ ਰਫ਼ੂਜੀ ਮਾਸਟਰ ਬਰਕਤ ਰਾਮ ਡੰਡਿਆਂ ਨਾਲ਼ ਪਹਾੜੇ ਰਟਾਉਂਦਾ ਤੇ ਕੱਚੀ ਕੰਧ ਨਾਲ਼ੋਂ ਮਿੱਟੀ ਤੋੜ ਕੇ ਦੰਦ ਪੀਂਹਦਾ ਉਂਗਲ਼ਾਂ ਨਾਲ਼ ਭੋਰਦਾ ਰਹਿੰਦਾ। ਮੈਂ ਆਰੀਆ ਸਕੂਲੇ ਪੜ੍ਹਿਆ। ਸ਼ਹਿਰੀ ਸਿੱਖ ਮੁੰਡੇ ਬੜੇ ਘਟ ਸੀ; ਪੰਜਾਬੀ ਪੜ੍ਹਦੇ ਸਿੱਖ ਮੁੰਡੇ ਲਾਗਲੇ ਪਿੰਡਾਂ ਚੋਂ ਆਉਂਦੇ ਹੁੰਦੇ ਸੀ। ਜ਼ਿਆਦਾ ਮਹਾਜਨਾਂ ਦੇ ਹਿੰਦੂ। ਮੈਂ ਤਾਂ ਪੰਜਾਬੀ ਹੀ ਪੜ੍ਹਨੀ ਸੀ। ਸਕੂਲ ਚ ਫ਼ਿਰਕਾਪ੍ਰਸਤੀ ਛਣੀ ਹੋਈ ਦੀਹਦੀ ਸੀ। ਬਹੁਤੇ ਮੁੰਡੇ ਤੇ ਮਾਸਟਰ ਮੇਰੇ ਕੋਲ਼ੋਂ ਏਸੇ ਗੱਲੋਂ ਸੜਦੇ ਹੁੰਦੇ ਸੀ ਕਿ ਮੈਂ ਪੜ੍ਹਾਈ ਚ ਹੁਸ਼ਿਆਰ ਸੀ, ਸੁਹਣਾ ਸੀ; ਘਰੋਂ ਰੱਜਿਆ-ਪੁੱਜਿਆ ਸੀ। ਮੈਂ ਖਿੱਝਦੇ ਰਹਿਣਾ – ਮੈਂ ਕਿਥੇ ਆ ਗਿਆ? ਮੈਂ ਅਪਣੇ ਬਚਪਨ ਨੂੰ ਕਿਸੇ ਕਵਿਤਾ ਚ ਟੁੱਟੀ ਸਲੇਟ ਨਾਲ਼ ਤਸ਼ਬੀਹ ਦਿੱਤੀ ਐ।

ਹੁਣ: ਤੈਨੂੰ ਅਪਣੀ ਲਿਖਣ ਸ਼ਕਤੀ ਦਾ ਕਦ ਪਤਾ ਲੱਗਾ ਸੀ?

ਚੰਦਨ: ਜਦ ਮੇਰੀ ਕਵਿਤਾ ‘ਪ੍ਰੀਤ ਲੜੀ’ ਚ ਛਪੀ ਸੀ। ਵੀਹ ਕੁ ਸਾਲਾਂ ਦਾ ਸੀ ਮੈਂ ਓਦੋਂ। ਮੈਤੋਂ ਵਧ ਚਾਅ ਮੇਰੇ ਬਾਪ ਨੂੰ ਹੋਇਆ ਸੀ। ਉਹ ਆਪ ਕਵੀ ਸੀ ਤੇ ਉਹਦੀਆਂ ਕਵਿਤਾਵਾਂ ਖ਼ੁਸ਼ਖ਼ਤ ਲਿਖ ਕੇ ਅਖ਼ਬਾਰਾਂ ਰਸਾਲਿਆਂ ਨੂੰ ਘੱਲਦਾ-ਘੱਲਦਾ ਇਕ ਦਿਨ ਮੈਂ ਆਪ ਲਿਖਣ ਲਗ ਪਿਆ। ਪ੍ਰੀਤ ਲੜੀ ਵਾਲ਼ੀ ਕਵਿਤਾ ਐਵੇਂ ਈ ਸੀ। ਹੁਣ ਤਾਂ ਚੇਤੇ ਵੀ ਨਹੀਂ। ਹੁਣ ਮੈਂ ਚੇਤੇ ਕਰਕੇ ਹੈਰਾਨ ਹੁੰਦਾਂ ਤੇ ਹੁੱਬਦਾ ਵੀ ਹਾਂ ਕਿ ਮੈਂ ਅੱਠਵੀਂ ਜਾਂ ਨੌਵੀਂ ਚ ਪੜ੍ਹਦਾ ਸੀ ਕਿ ਸਾਡੇ ਮਾਸਟਰ ਸੱਚਿਦਾਨੰਦ ਭੱਲੇ ਨੇ ਭਰੀ ਜਮਾਤ ਚ ਪਤਾ ਨਹੀਂ ਕੀ ਸੋਚ ਕੇ ਇਹ ਭਵਿਖਬਾਣੀ ਕੀਤੀ ਸੀ ਕਿ ਦੇਖੀਓ ਕਿਸੇ ਦਿਨ ਅਮਰਜੀਤ ਮਸ਼ਹੂਰ ਲਿਖਾਰੀ ਬਣੂਗਾ। ਮੇਰੀ ਲਿਖਣ ਸ਼ਕਤੀ ਦਾ ਪਤਾ ਤਾਂ ਮੈਤੋਂ ਵੀ ਪਹਿਲਾਂ ਮੇਰੇ ਏਸ ਮਾਸਟਰ ਨੂੰ ਲਗ ਗਿਆ ਸੀ। ਏਸ ਭਲੇ ਇਨਸਾਨ ਦਾ ਚੇਤਾ ਵੀ ਮੈਨੂੰ ਅੱਜ ਕਿੰਨੇ ਸਾਲਾਂ ਮਗਰੋਂ ਆਇਐ।

ਹੁਣ: ਤੇਰਾ ਜਨਮ 1946 ਦਾ ਐ। ਸੁਰਤ ਸੰਭਾਲ਼ੀ ਤਾਂ ਪੰਜਾਬ ਦਾ ਸਾਕਾ ਵਰਤ ਚੁੱਕਾ ਸੀ। ਤੇਰੇ ਟੱਬਰ ‘ਤੇ ਕੋਈ ਅਸਰ ਪਿਆ?

ਚੰਦਨ: ਓਦੋਂ ਅਸੀਂ ਨੈਰੋਬੀ ਚ ਸੀ। ਅਪਣੇ ਵਲ ਦੇ ਪੰਜਾਬ ਚ ਸਿੱਖਾਂ ਹਿੰਦੂਆਂ ਦਾ ਤਾਂ ਕੋਈ ਨੁਕਸਾਨ ਨਹੀਂ ਸੀ ਹੋਇਆ। ਪਰ ਪੰਜਾਬ ਦੀ ਵੰਡ ਦਾ ਦੁੱਖ ਮੈਨੂੰ ਬਹੁਤ ਐ। ਮੈਂ ਤਾਂ ਸੁਪਨਾ ਲੈਂਦਾਂ ਕਿ ਮੇਰੇ ਜੀਉਂਦੇ-ਜੀਅ ਪੰਜਾਬ ਫੇਰ ਇਕ ਹੋ ਜਾਵੇ। ਗੁਰੂਆਂ ਦਾ ਪੰਜਾਬ। ਪੰਜਾਬ ਨਾ ਕੋ ਹਿੰਦੂ ਨਾ ਮੁਸਲਮਾਨ ਨਾ ਸਿੱਖ- ਪੰਜਾਬ ਸਭਨਾਂ ਪੰਜਾਬੀਆਂ ਦਾ। ਹੁਣ ਦੇ ਸਿਆਸੀ ਹਾਲਾਤ ਓਧਰ ਹੀ ਵਧ ਰਹੇ ਹਨ। ਸਿੱਖ ਅਰਦਾਸ ਤਾਂ ਨਿਤ ਕਰਦੇ ਹਨ ਕਿ ਜਿਨ੍ਹਾਂ ਗੁਰਧਾਮਾਂ ਨੂੰ ਵਿਛੋੜਿਆ ਗਿਆ, ਉਨ੍ਹਾਂ ਦੇ ਦਰਸ਼ਨ-ਦੀਦਾਰੇ…। ਪਰ ਕਿਸੇ ਸਿੱਖ ਸਿਆਸਤੀ ਨੂੰ ਪੰਜਾਬ ਦੇ ਮੁੜ ਇਕ ਹੋਣ ਦੀ ਗੱਲ ਪੁੱਛ ਕੇ ਦੇਖੀਂ; ਤੇਰੀ ਵਲ ਕੌੜੀਆਂ ਅੱਖਾਂ ਨਾਲ਼ ਨਾ ਝਾਕਣ ਲਗ ਪਿਆ। । ਸੰਨ ਸੰਤਾਲੀ ਦੀ ਵੰਡ ਤਾਂ ਸਿੱਖਾਂ ਦੇ ਰਾਸ ਆ ਗਈ; ਨਹੀਂ ਤਾਂ ਇਨ੍ਹਾਂ ਨੇ ਕਿਥੇ ਹਕੂਮਤ ਕਰ ਸਕਣੀ ਸੀ। ਅਮਰੀਕਨ ਰੋਡ ਮੈਪ ਮੁਤਾਬਿਕ ਛੇਤੀ ਹੀ ਯੁਨਾਇਟਡ ਸਟੇਟਸ ਆੱਵ ਸਾਊਥ ਏਸ਼ੀਆ ਬਣਨ ਦੇ ਲੱਛਣ ਦਿਸ ਰਹੇ ਹਨ। ਫਿਰ ਪੰਜਾਬ, ਬੰਗਾਲ, ਕਸ਼ਮੀਰ ਮੁੜ ਕੱਠੇ ਹੋਣਗੇ। ਹਿੰਦ-ਪਾਕਿ ਕੌਨਫ਼ੈਡਰੇਸ਼ਨ ਦੀ ਗੱਲ ਤਾਂ ਸੰਨ 1950 ਚ ਹੀ ਹੋਣ ਲਗ ਪਈ ਸੀ। ਸੰਨ ਸੰਤਾਲ਼ੀ ਬਾਰੇ ਪੰਜਾਬੀ ਹਾਲੇ ਵੀ ਕਹਾਣੀਆਂ ਨਾਵਲ ਲਿਖਣੋਂ ਨਹੀਂ ਹਟੇ। ਪਰ ਕਵਿਤਾ ਕੋਈ ਨਹੀਂ; ਮਸਾਂ ਦੋ-ਤਿੰਨ ਮਿਲ਼ਦੀਆਂ ਨੇ। ਲੋਕਗੀਤ ਇਕ ਵੀ ਨਹੀਂ ਬਣਿਆ। ਕਿਉਂ? ਦਰਅਸਲ ਪੰਜਾਬੀਆਂ ਨੇ ਆਤਮਘਾਤ ਕੀਤਾ ਸੀ। ਨਾਨਕ ਦੇ ਵੀ ਸਕੇ ਨਾ ਬਣੇ। ਅਪਣੇ ਅੱਗੇ ਈ ਸ਼ਰਮਸਾਰ ਨੇ। ਹੁਣ ਪੰਜਾਬੀ ਦੀ ਪਹਿਲੀ ਫ਼ਿਲਮ ‘ਖ਼ਾਮੋਸ਼ ਪਾਣੀ’ ਬਣੀ ਐ; ਇਹਨੂੰ ਕੌਮਾਂਤਰੀ ਇਨਾਮ ਵੀ ਮਿਲ਼ੇ ਨੇ। ਪਰ ਇਹ ਬਣਾਈ ਕਿਸੇ ਸਿੰਧਣ ਨੇ ਹੈ। ਇਹ ਸਭ ਪੰਜਾਬੀਆਂ ਦੀਆਂ ਜ਼ਿਹਨੀ ਗੰਢਾਂ ਕਰਕੇ ਹੈ।

ਹੁਣ: ਇਹ ਕੀ ਗੱਲ ਹੋਈ? ਤੂੰ ਪੰਜਾਬ ਦੇ ਮੁੜ ਇਕ ਹੋਣ ਦੀ ਗੱਲ ਵੀ ਕਰਦੈਂ ਤੇ ਨਾਲ਼ ਇਹ ਕਹਿੰਦੈਂ ਕਿ ਇਹ ਸਿੱਖਾਂ ਨੂੰ ਵਾਰਾ ਨਹੀਂ ਖਾਂਦਾ…।

ਚੰਦਨ: ਜੇ ਗੁਰੂਆਂ ਦੇ ਸਕੇ ਹੋਏ, ਤਾਂ ਇਹ ਨਿੱਕੇ-ਮੋਟੇ ਸਵਾਲ ਸੁਲ਼ਝਾ ਲੈਣਗੇ। ਉਹ ਕਾਹਦਾ ਸਿੱਖਾਂ ਦਾ ਵਤਨ, ਜਿਸ ਵਿਚ ਨਨਕਾਣਾ ਹੈ ਨਹੀਂ? ਹੁਣ ਗਿਣਤੀ ਦਾ, ਵੋਟਾਂ ਦਾ, ਜਮਹੂਰੀਅਤ ਦਾ ਜ਼ਮਾਨਾ ਹੈ; ਮਿਸਲਾਂ ਦਾ ਨਹੀਂ। ਪੰਜਾਬ ਦਾ ਵਜ਼ੀਰ-ਏ ਆਜ਼ਮ ਵਾਰੀ ਸਿਰ ਮੁਸਲਮਾਨ ਜਾਂ ਹਿੰਦੂ ਜਾਂ ਸਿੱਖ ਬਣ ਸਕਦਾ ਹੈ। ਖ਼ੈਰ, ਇਹ ਮੇਰੀ ਸੋਚ ਬੜੀ ਅਗਾਂਹਾਂ ਦੀ ਐ।

ਹੁਣ: ਚੰਡੀਗੜ੍ਹ ਤੂੰ ਪੜ੍ਹਾਈ ਪੂਰੀ ਨਾ ਕੀਤੀ।

ਚੰਦਨ: ਮੈਂ ਓਥੇ 1967 ਚ ਅੰਗਰੇਜ਼ੀ ਦੀ ਐੱਮ ਏ ਕਰਨ ਲੱਗਾ ਸੀ। ਓਦੋਂ ਕੁ ਹੀ ਨਕਸਲਬਾੜੀ ਦੀ ਲਹਿਰ ਸ਼ੁਰੂ ਹੋ ਗਈ। ਘਰ ਚ ਨਿਤ ਗ਼ਦਰੀ ਬਾਪ-ਦਾਦਿਆਂ ਦੀਆਂ ਹੁੰਦੀਆਂ ਗੱਲਾਂ ਦਾ ਰੰਗ ਚੜ੍ਹਿਆ ਹੋਇਆ ਸੀ। ਵੀਅਤਨਾਮ ਜੰਗ ਸਿਖਰਾਂ ‘ਤੇ ਸੀ। ਚਾਰੂ ਸਾਹਿਬ ਨੇ ਭਾਰਤੀ ਇਨਕਲਾਬ ਦਾ ਸੰਨ 1975 ਦਾ ਸਾਹਾ ਬੰਨ੍ਹ ਦਿੱਤਾ ਸੀ। ਚੀਨੀ ਕਹਿੰਦੇ ਸੀ ਕਿ 2001 ਚ ਸਾਰੀ ਦੁਨੀਆ ਲਾਲ ਹੋ ਜਾਣੀ ਐ। ਪੜ੍ਹਾਈ ਦੇ ਖ਼ਰਚ ਦੀ ਤੰਗੀ ਸੀ। ਸੋਚਿਆ ‘ਬੁਰਯਵਾ ਪੜ੍ਹਾਈ’ ਕਰਕੇ ਕੀ ਲੈਣਾ? ਤੇ ਮੈਂ ਇਨਕਲਾਬ ਦੀ ਗੱਡੀ ਫੜ ਲਈ।

ਹੁਣ: ਤੇਰੇ ਬਾਪ ਗੋਪਾਲ ਸਿੰਘ ਨੇ ਤੈਨੂੰ ਹਾਕੀ ਨਾਲ਼ ਕੁੱਟਿਆ ਵੀ ਸੀ। ਤੂੰ ਤਾਂ ਵੀ ਨਾ ਟਲ਼ਿਆ।

ਚੰਦਨ: ਹਾਂ, ਕੁੱਟਿਆ ਸੀ। ਅਮਰੋ ਭੈਣ ਦੇ ਹਟਾਉਂਦੀ ਦੇ ਵੀ ਲੱਗੀਆਂ ਸੀ। ਮਗਰੋਂ ਮੇਰਾ ਬਾਪ ਧਾਹਾਂ ਮਾਰ-ਮਾਰ ਰੋਂਦਾ ਰਿਹਾ ਸੀ। ਅਜੀਬ ਕਸ਼ਮਕਸ਼ ਸੀ। ਉਹ ਆਪ ਕੀਨੀਆ ਦੀ ਗ਼ਦਰੀ ਕਮਿਉਨਿਸਟ ਲਹਿਰ ਦਾ ਆਗੂ ਰਿਹਾ ਸੀ। ਉਹਦੀ ਸਿਆਸਤ ਅਸਲ ਲੋਕ ਸੇਵਾ ਵਾਲ਼ੀ ਸੀ; ਕਤਲੋ-ਗ਼ਾਰਤ ਬੰਬ ਪਸਤੌਲਾਂ ਵਾਲ਼ੀ ਨਾ ਸੀ। ਉਹਨੇ ਕਦੇ ਬੈਠ ਕੇ ਮੈਨੂੰ ਸਮਝਾਇਆ ਨਾ ਸੀ। ਜੇ ਸਮਝਾਉਂਦਾ ਵੀ, ਤਾਂ ਮੈਂ ਕਿਹੜੀ ਸੁਣਨੀ ਸੀ?- ਮੇਰੇ ਬਾਪ ਦੀ ਹੀ ਕਵਿਤਾ ਸੀ, ਜਿਸ ਚ ਸਰਾਭੇ ਵਾਲ਼ਾ ਕਰਤਾਰ ਸਿੰਘ ਬੋਲਦੈ: ਸਿਰ ਧਰ ਤਲੀ ਜਾਣਾ ਦੇਸ ਦੀ ਹੈ ਗਲ਼ੀ ਅਸੀਂ/ ਪਿੱਛੇ ਨਹੀਂ ਮੁੜੂੰ, ਪੈਰ ਅੱਗੇ ਈ ਵਧਾਊਂਗਾ… ਨਾਮ ਕਰਤਾਰ ਕੁਛ ਕਰਕੇ ਵਖਾਊਂਗਾ । ਮੇਰੀ ਅੜੀ ਪਿੱਛੇ ਐਸੀ ਇਕ ਨਹੀਂ, ਕਈ ਕਵਿਤਾਵਾਂ ਤੇ ਸਾਖੀਆਂ ਸਨ।

ਹੁਣ: ਤੂੰ ਅਪਣੇ ਬਾਪ ਦੀ ਜੀਵਨੀ ਹੁਣ ਅੰਗਰੇਜ਼ੀ ਚ ਲਿਖੀ ਹੈ। ਉਹ ਕਵੀ ਸੀ; ਸਿੱਖ ਕਮਿਉਨਿਸਟ ਆਗੂ ਸੀ। ਗੁਰਮੁਖ ਬੰਦਾ ਸੀ।

ਚੰਦਨ: ਉਹਦੇ ਵਰਗਾ ਸੱਚਾ ਤੇ ਸੁੱਚਾ ਇਨਸਾਨ ਗੁਰਮੁਖ ਮੈਂ ਕੋਈ ਹੋਰ ਨਹੀਂ ਡਿੱਠਾ। ਕੋਈ ਲਾਲਚ ਨਹੀਂ। ਕੋਈ ਜਾਇਦਾਤਾਂ ਨਹੀਂ ਖੜ੍ਹੀਆਂ ਕੀਤੀਆਂ। ਕੀਨੀਆ ਚ ਤੀਹ ਸਾਲ ਕਿਰਾਏ ਦੇ ਮਕਾਨ ਚ ਰਿਹਾ। ਦਸਾਂ ਨਹੁੰਆਂ ਦੀ ਕਿਰਤ ਕੀਤੀ। ਮਰਿਆ, ਤਾਂ ਬੈਂਕ ਚ ਕੋਈ ਪੈਸਾ ਨਾ ਸੀ। ਮੈਨੂੰ ਇਹੋ ਪਛਤਾਵਾ ਐ, ਮੈਂ ਉਹਨੂੰ ਸੁੱਖ ਨਹੀਂ ਦਿੱਤਾ। ਉਹਨੂੰ ਮੁੱਕੇ ਨੂੰ ਪੈਂਤੀ ਸਾਲ ਹੋ ਗਏ; ਹੁਣ ਵੀ ਮੈਂ ਤੁਰਿਆ ਜਾਂਦਾ ਉਹਨੂੰ ਯਾਦ ਕਰਕੇ ਰੋਣ ਲਗ ਪੈਂਦਾਂ; ਰਾਹਗੀਰ ਵੀ ਸੋਚਦੇ ਹੋਣਗੇ ਇਹਨੂੰ ਕੀ ਹੋਇਆ? ਮੈਂ ਉਹਦੇ ਬਾਰੇ ਕਈ ਕਵਿਤਾਵਾਂ ਲਿਖੀਆਂ; ਮਾਂ ਬਾਰੇ ਵੀ। ਮੈਂ ਅਪਣੇ ਪਿਤਾ ਦੀ 1929 ਦੀ ਲਿਖੀ ਡਾਇਰੀ ਵੀ ਛਾਪੀ ਹੈ। ਕੋਈ ਮੈਨੂੰ ਕਹਿੰਦਾ – ਤੂੰ ਅਪਣੇ ਪਿਉ ਵਾਂਙ ਲਿਖਦੈਂ।- ਏਸ ਤੋਂ ਚੰਗੀ ਦਾਦ ਨਹੀਂ ਮੈਨੂੰ ਮਿਲਣੀ। ਸੋਚਿਆ: ਅੱਜ ਜੇ ਉਹ ਜੀੳਦਾ ਹੁੰਦਾ ਤਾਂ ਸੁਣਦਾ।

ਝੋਲ਼ੇ ਚ ਬੰਬ

ਹੁਣ: ਨਕਸਲੀ ਸਾਹਿਤਕ ਲਹਿਰ ਦਾ ਪਰਚਾ ‘ਦਸਤਾਵੇਜ਼’ ਤੈਂ ਕੱਢਿਆ ਸੀ। ਇਹਦਾ ਦੱਸ।

ਚੰਦਨ: ਇਸ ਬਾਬਤ ਮੈਂ ਲਕੀਰ ਚ ਲਿਖ ਚੁੱਕਾਂ – ਝੋਲ਼ੇ ਚ ਦਸਤਾਵੇਜ਼। ਵੱਡੀ ਗੱਲ ਇਹ ਐ ਕਿ ਇਹਦੇ ਨਾਲ਼ ਪੰਜਾਬੀ ਸਾਹਿਤ ਦੇ ਇਤਿਹਾਸ ਦਾ ਨਵਾਂ ਅਧਿਆਇ ਸ਼ੁਰੂ ਹੋਇਆ। ਇਹਦੇ ਚ ਹੀ ਪਹਿਲੀ ਵਾਰੀ ਦਿਲ, ਪਾਸ਼, ਉਦਾਸੀ ਵਗ਼ੈਰਾ ਛਪੇ ਸੀ। ਇਹਦੇ ਕੁੱਲ ਸੱਤ ਅੰਕ ਛਪੇ ਸੀ। ਐਡੀਟਰ ਤੇ ਪ੍ਰੈੱਸ ਦਾ ਨਾਂ ਨਹੀਂ ਸੀ ਹੁੰਦਾ। ਇਹਦੇ ਕਰਕੇ ਮੇਰੇ ਵਾਰੰਟ ਨਿਕਲ਼ੇ ਸੀ। ਇਹਦਾ ਕੋਈ ਵੀ ਅੰਕ ਮੇਰੇ ਕੋਲ਼ ਨਹੀਂ। ਸਰਕਾਰੀ ਰਿਕਾਰਡ ਚ ਕਿਤੇ ਹੋਣਾ ਚਾਹੀਦੈ। ਪਰ ਪਤਾ ਲੱਗਾ, ਪੰਜਾਬ ਸਰਕਾਰ ਹਰ ਪੰਜੀਂ ਸਾਲੀਂ ਕਾਗ਼ਜ਼-ਪੱਤ੍ਰ ਲੂਹ ਦਿੰਦੀ ਐ। ਮੈਂ ਬੜਿਆਂ ਨੂੰ ਦੱਸਿਆ-ਪੁੱਛਿਆ; ਕੋਈ ਨਹੀਂ ਸਿਰ ਚੁੱਕਦਾ। ਇਤਿਹਾਸ ਦਾ ਰਿਜ਼ਕ ਖਾਣ ਵਾਲ਼ੇ ਇਤਿਹਾਸਕਾਰ ਵੀ ਨਹੀਂ ਬੋਲਦੇ।

ਹੁਣ: ਤੂੰ ਲਕੀਰ ਚ ਈ ਲਿਖਿਆ ਸੀ: ਮੈਂ ਸਿਆਸੀ ਨਹੀਂ, ਸਾਹਿਤਿਕ ਜੀਵ ਹਾਂ। ਮਤਲਬ?

ਚੰਦਨ: ਸਿਆਸਤ ਤਾਂ ਜੋੜ-ਤੋੜ ਤੇ ਝੂਠ ‘ਤੇ ਖੜ੍ਹੀ ਹੁੰਦੀ ਐ। ਚੀਨ ਰੂਸ ਦੇ ਕਮਿਉਨਿਸਟ ਵੀ ਕੋਈ ਆਦਰਸ਼ ਨਹੀਂ ਪੇਸ਼ ਕਰ ਸਕੇ। ਬੰਗਾਲ ਦੀ ਮਿਸਾਲ ਦੇਂਦੇ ਹਨ। ਪਰ ਓਥੇ ਕਮਿਉਨਿਸਟ ਸੋਸ਼ਲਿਜ਼ਮ ਨਹੀਂ, ਸੋਸ਼ਲ ਡੈਮੋਕ੍ਰੇਸੀ ਕਾਇਮ ਕਰ ਰਹੇ ਨੇ। ਖ਼ੈਰ, ਇਹ ਵੱਖਰਾ ਕਿੱਸਾ ਹੈ। ਸਾਹਿਤਕਾਰ ਸਮਾਜ ਦਾ ਜ਼ਮੀਰਪਾਲ ਲੱਜਪਾਲ ਹੁੰਦੈ।

ਹੁਣ: ਤੂੰ ਕਹਿੰਦੇ, ਝੋਲ਼ੇ ਚ ਬੰਬ ਲਈ ਫਿਰਦਾ ਸੀ।

ਚੰਦਨ: ਮੈਂ ਝੋਲ਼ੇ ਚ ਬੰਬ ਲਈ ਏਸ ਲਈ ਫਿਰਦਾ ਸੀ ਕਿ ਮੈਂ ਇਸ਼ਤਿਹਾਰੀਆ ਸੀ। ਪੁਲ਼ਸ ਫੜ-ਫੜ ਮਾਰੀ ਜਾਂਦੀ ਸੀ। ਸੋਚਿਆ, ਮਰਨਾ ਈ ਆਂ, ਤਾਂ ਨਾਲ਼ ਪੁਲ਼ਸੀਏ ਵੀ ਲੈ ਮਰੋ। ਬੰਬ ਝੋਲ਼ੇ ਚ ਨਹੀਂ, ਕਾਗ਼ਜ਼ ਚ ਲਪੇਟਿਆ ਹੱਥ ਚ ਈ ਫੜਿਆ ਹੁੰਦਾ ਸੀ। ਜਦ ਮੌਕਾ ਆਇਆ, ਤਾਂ ਚੱਲਿਆ ਨਾ। ਮੈਂ ਅਮ੍ਰਿਤਸਰ ਡਰਾਮੇ ਵਾਲ਼ੇ ਗੁਰਸ਼ਰਨ ਦੇ ਦਫ਼ਤਰ ਵਰਿਆਮ ਸੰਧੂ ਦੀ ਪਹਿਲੀ ਕਿਤਾਬ ‘ਲੋਹੇ ਦੇ ਹੱਥ’ ਦੇ ਪਰੂਫ਼ ਪੜ੍ਹ ਕੇ ਦੇਣ ਗਿਆ ਸੀ। ਬਾਹਰ ਨਿਕਲ਼ਿਆ, ਤਾਂ ਪੁਲਸ ਨੇ ਢਾਹ ਲਿਆ। ਇਹ 3 ਅਗਸਤ 1971 ਦੀ ਗੱਲ ਐ। ਮੇਰੀ ਗ੍ਰਿਫ਼ਤਾਰੀ ਮਗਰੋਂ ਨਵਤੇਜ ਨੇ ‘ਪ੍ਰੀਤ ਲੜੀ’ ਚ ‘ਮੇਰੀ ਧਰਤੀ ਮੇਰੇ ਲੋਕ’ ਕਾਲਮ ਚ ਬੜੇ ਤੇਹੁ ਨਾਲ਼ ਲਿਖਿਆ ਸੀ ‘ ਅਮਰਜੀਤ ਚੰਦਨ ਤੇ ਉਹਦੇ ਸਾਥੀਆਂ ਦੇ ਨਾਂ।’- ਇਹੋ ਜਿਹੀ ਸਲਾਹੁਤ ਨਕਸਲੀਆਂ ਤੋਂ ਡਰਦਾ ਕੋਈ ਨਹੀਂ ਸੀ ਕਰਦਾ। ਨਵਤੇਜ ਦੀ ਜੁਰਅਤ ਸੀ ਦੱਸਣ ਦੀ ਕਿ ਦਹਿਸ਼ਤਗਰਦੀ ਦਾ ਰਾਹ ਗਲ਼ਤ ਹੈ। ਪਰ ਸੀ। ਪੀ। ਆਈ। ਵਾਲ਼ੇ ਆਪ ਇੰਦਰਾ ਗਾਂਧੀ ਦੀ ਝੋਲ਼ੀ ਚ ਪਏ ਹੋਏ ਸੀ। ਮੈਨੂੰ ਅਮ੍ਰਿਤਸਰ ਇੰਟੈਰੋਗੇਸ਼ਨ ਚ ਪੁਲਸੀਆਂ ਦੇ ਲਾਏ ਰੇਡੀਓ ਚ ਆ ਰਹੀਆਂ ਖ਼ਬਰਾਂ ਨਹੀਂ ਭੁੱਲਦੀਆਂ ਤੇ ਨਾ ਹੀ 8 ਅਗਸਤ 1971 ਦੀ ਉਹ ਤਾਰੀਖ਼। ਓਸ ਦਿਨ ਸੋਵੀਅਤ ਆਗੂ ਬਰ੍ਹੇਜ਼ਨੇਵ ਨੇ ਦਿੱਲੀ ਚ ਹਿੰਦ-ਸੋਵੀਅਤ ਦੋਸਤੀ ਦੇ ਅਹਿਦਨਾਮੇ ‘ਤੇ ਦਸਤਖ਼ਤ ਕੀਤੇ ਸਨ। ਅਜੀਬ ਸਿਆਸੀ ਨਾਟਕ ਹੋਈ ਜਾਂਦਾ ਸੀ।

ਹੁਣ: ਟੋਡੀਆਂ ਨੂੰ ਮਾਰ-ਮਾਰ ਕਿੰਨਾ ਕੁ ਆ ਗਿਆ ਇਨਕਲਾਬ?

ਚੰਦਨ: ਪੰਜਾਬ ਦੀ ਰੀਤ ਐ ਸ਼ਹੀਦ ਹੋਣ ਦੀ। ਇਹ ਮੋਟੀ ਗੱਲ ਸਮਝਿਆਂ ਹੋਰ ਬੜੀਆਂ ਸਮਝ ਆ ਜਾਣਗੀਆਂ। ਸਿੱਖ ਅਰਦਾਸ ਦੀ ਸ਼ਹੀਦਾਂ ਵਾਲ਼ੀ ਗੁੜ੍ਹਤੀ ਨਾਲ਼ ਹਰ ਸਿੱਖ ਸੁਰਤ ਸੰਭਾਲ਼ਦਾ ਤੇ ਜਵਾਨ ਹੁੰਦਾ ਐ। ਨਕਸਲੀ ਢਿੱਡੋਂ ਸਿੱਖ ਈ ਸੀਗੇ। ਪੰਜਾਬ ਚ ਨਕਸਲੀਆਂ ਨੇ ਸੌ ਕੁ ਪੁਲਸ ਟਾਊਟ ਮਾਰੇ ਤੇ ਆਪ ਵੀ ਏਨੇ ਕੁ ਈ ਮਰੇ। ਹਿਸਾਬ ਬਰਾਬਰ ਰਿਹਾ। ਪਰ ਅਪਣੀਂ ਕਰਤੂਤੀਂ ਇਕ ਕਮਿਉਨਿਸਟ ਦੀ ਕੀਮਤ ਇਕ ਪੁਲਸ ਟਾਊਟ ਜਿੰਨੀ ਪਾ ਕੇ ਦਿਖਾ ‘ਤੀ। ਇਹ ਸਾਰੀ ਵਿਥਿਆ ਮੈਂ ਪਰਸ ਰਾਮ ਦਾ ਕੁਹਾੜਾ *੨ ਨਾਂ ਵਾਲ਼ੇ ਲੇਖ ਚ ਦੱਸੀ ਐ। ਲੇਨਿਨ ਨੇ ਕਿਤਾਬ ਲਿਖੀ ਸੀ – ਖੱਬੂ ਕਮਿਉਨਿਜ਼ਮ: ਬਚਪਣੇ ਦਾ ਰੋਗ । ਨਕਸਲੀਆਂ ਦਾ ਰੋਗ ਓਦੂੰ ਵੀ ਅੱਗੇ ਦਾ ਸੀ; ਮਨੋਰੋਗ। ਲੇਨਿਨ ਨੇ ਫਾਹੇ ਲੱਗੇ ਅਪਣੇ ਭਰਾ ਅਲੈੱਗਜ਼ਾਂਡਰ ਦੇ ਬੁੱਤ ਨਹੀਂ ਸੀ ਲੁਆਏ ਤੇ ਨਾ ਹੀ ਸ਼ਹੀਦੀ ਦਿਹਾੜੇ ਮਨਾਏ ਸੀ।

ਹੁਣ: ਤੂੰ ਲਿਖਿਐ ਕਿ ਜਦ ਤੂੰ ਨਕਸਲੀ ਸ਼ਹੀਦ ਸਾਥੀਆਂ ਨੂੰ ਯਾਦ ਕਰਦੈਂ, ਤਾਂ ਅਪਣਾ ਜੀਉਂਦੇ ਰਹਿ ਜਾਣਾ ਤੈਨੂੰ ਗੁਨਾਹ ਲੱਗਦੈ।

ਚੰਦਨ: ਅਪਣੀ ਜਾਨ ਵਾਰਨ ਤੋਂ ਵੱਡੀ ਹੋਰ ਕਿਹੜੀ ਕੁਰਬਾਨੀ ਹੁੰਦੀ ਹੋਣੀ ਐਂ? ਫੈਲਸੂਫੀਆਂ ਇਕ ਪਾਸੇ; ਜਿਸ ਆਦਰਸ਼ ਲਈ ਉਹ ਮਰੇ, ਉਹ ਤਾਂ ਸੱਚਾ-ਸੁਚੱਾ ਸੀ: ਸਮਾਜੀ ਇਨਸਾਫ਼, ਬਰਾਬਰੀ, ਇਨਸਾਨੀਅਤ ਦੀ ਖ਼ਾਤਿਰ। ਸ਼ਹੀਦਾਂ ਦੇ ਘਰਦਿਆਂ ਨੂੰ ਕਦੇ ਮਿਲ਼ਾਂ, ਤਾਂ ਵੀ ਨਮੋਸ਼ੀ ਹੁੰਦੀ ਐ, ਕੀ ਸੋਚਦੇ ਹੋਣਗੇ ਉਹ ਮੇਰੇ ਬਾਰੇ ਕਿ ਆਪ ਜੀਊਂਦਾ ਰਹਿ ਗਿਆ? ਯਹੂਦਣ ਕਵਿਤਰੀ ਲੀਆ ਥੌਰਨ ਮੇਰੀ ਜਾਣੂ ਐ। ਇਹਦੀ ਕਵਿਤਾ ਐ : ੀਨ ਟਹੲਰਿ ਹੋਨੁੋਰ ੱੲ ਲਵਇ. ਇਹ ਪੜ੍ਹ ਕੇ ਮੇਰੀ ਨਮੋਸ਼ੀ ਘਟ ਗਈ।

ਹੁਣ: ਤੈਨੂੰ ਦਸਤਾਵੇਜ਼ ਕਰਕੇ ਦੋ ਸਾਲ ਦੀ ਸਜ਼ਾ ਹੋਈ। ਪਾਸ਼ ਨੇ ਜੇਲ ਚ ਕਵਿਤਾਵਾਂ ਲਿਖੀਆਂ। ਤੈਨੂੰ ਵੀ ਦੌਰਾ ਪਿਆ ਸੀ?

ਚੰਦਨ: ਓਦੋਂ ਨਾਜ਼ਮ ਹਿਕਮਤ, ਹੋ ਚੀ ਮਿਨ੍ਹ, ਫ਼ੈਜ਼ ਦੀ ਰੀਸੇ ਜੇਲ ਜਾ ਕੇ ਕਵਿਤਾ ਲਿਖਣ ਨੂੰ ਸਾਡਾ ਬੜਾ ਦਿਲ ਕਰਦਾ ਸੀ। ਪਾਸ਼ ਨੇ ਕਹਿਣਾ: ਆਪਾਂ ਨੂੰ ਪੁਲ਼ਸ ਕਦੋਂ ਫੜਨ ਆਊਗੀ?- ਅੰਦਰੋਂ ਮੈਂ ਵੀ ਏਹੀ ਸੋਚਣਾ। ਕਦ ਅੰਦਰ ਜਾਈਏ ਤੇ ਕਦ ਕਵਿਤਾ ਲਿਖ ਕੇ ਬਾਹਰ ਆਈਏ! ਸੌਦਾ ਬੜਾ ਮਹਿੰਗਾ ਸੀ। ਮੈਂ ਵੀ ਲਿਖੀਆਂ ਸੀ। ਜੇਲ ਦੀ ਡਾਇਰੀ ਵੀ। ਮੈਂ ਅਮ੍ਰਿਤਸਰ ਜੇਲ ਚ ਕੈਦ ਕੱਟੀ ਸੀ। ਓਦੋਂ ਇਹਦਾ ਜੇਲਰ ਡੁੱਡਾ ਰਾਮ ਲਾਲ ਹੁੰਦਾ ਸੀ; ਉਰਦੂ ਦਾ ਕਹਾਣੀਕਾਰ। ਅੰਮ੍ਰਿਤਾ ਪ੍ਰੀਤਮ ਅਪਣੇ ਪਰਚੇ ਚ ਇਹਨੂੰ ਅੱਗੇ ਕਰਕੇ ਛਾਪਦੀ ਹੁੰਦੀ ਸੀ। ਰਾਮ ਲਾਲ ਮੈਨੂੰ ਕਾਗ਼ਜ਼ ਕਲਮ ਨਹੀਂ ਸੀ ਰੱਖਣ ਦਿੰਦਾ। ਮੈਂ ਅੰਮ੍ਰਿਤਾ ਕੋਲ਼ ਨਿਹੋਰਾ ਮਾਰਿਆ; ਅੱਗੋਂ ਬੋਲੀ ਨਹੀਂ। ਹਿਕਮਤ ਵਰਗਿਆਂ ਲਈ ਪਿਕਾਸੋ ਨੇ, ਕੁੱਲ ਦੁਨੀਆ ਨੇ ਆਵਾਜ਼ ਉਠਾਈ ਸੀ। ਕਿਉਂਕਿ ਉਹ ਲੋਕ ਲਹਿਰ ਦੇ ਕਵੀ ਸੀ। ਸਾਡੀ ਕੀਹਨੇ ਬਾਤ ਪੁੱਛਣੀ ਸੀ? ਮੈਨੂੰ ਸਜ਼ਾ ਦਸਤਾਵੇਜ਼ ਕਰਕੇ ਨਹੀਂ, ਗਰਨੇਡ ਰੱਖਣ ਕਰਕੇ ਹੋਈ ਸੀ; ਦਸਤਾਵੇਜ਼ ਕਰਕੇ ਤਾਂ ਵਾਰੰਟ ਨਿਕਲ਼ੇ ਸੀ। ਜੇਲ ਚ ਹੀ ਅਦਾਲਤ ਲਗਦੀ ਸੀ। ਪਹਿਲਾਂ ਬਾਹਰ ਪੇਸ਼ੀ ‘ਤੇ ਸਪੈਸ਼ਲ ਗਾਰਦ ਲਗਦੀ ਸੀ; ਸਖ਼ਤ ਪਹਿਰੇ ਚ ਲਜਾਂਦੇ ਸੀ। ਕਾਤਿਲ ਤੇ ਹੰਢੇ-ਵਰਤੇ ਕੈਦੀ ਦੇਖ ਕੇ ਹੈਰਾਨ ਹੁੰਦੇ ਸੀ ਕਿ ਏਸ ਲਿੱਸੇ ਜਿਹੇ ਐਨਕਾਂ ਵਾਲ਼ੇ ਮੁੰਡੇ ਨੇ ਕੀ ਐਡੇ ਬੰਬ ਚਲਾ ‘ਤੇ!

ਹੁਣ: ਜੇਲ ਦੀਆਂ ਯਾਦਾਂ?

ਚੰਦਨ: ਯਾਦਾਂ ਤਾਂ ਮੈਂ ‘ਕੰਧਾਂ’ ਸਿਰਲੇਖ ਹੇਠ ਓਦੋਂ ਕੁ ਹੀ ਲਿਖੀਆਂ ਸੀ। ਵਰਿਆਮ ਸੰਧੂ ਨੇ ਇਹ ਲਿਖਤ ‘ਕਰਵਟ’ ਨਾਂ ਦੀ ਕਿਤਾਬ ਚ ਕਹਾਣੀ ਵਜੋਂ ਛਾਪੀ ਸੀ। ਜੇਲ ਚ ਮੇਰੀ ਮੁਲਾਕਾਤ ਕਰਨ ਮੇਰੀ ਬੁੱਢੀ ਮਾਂ ਆਉਂਦੀ ਸੀ, ਜਾਂ ਇਕ ਵਾਰ ਅਮਰੋ ਭੈਣ ਆਈ ਸੀ। ਮੇਰੀ ਮਾਂ ਕਹਿਣ ਲੱਗੀ ਡੁੱਲੀਂ ਨਾ; ਤੂੰ ਕੋਈ ਚੋਰ-ਉਚੱਕਾ ਤਾਂ ਨਹੀਂ।- ਇਹ ਗੱਲ ਮੈਨੂੰ ਹੁਣ ਵੀ ਬੜਾ ਹੌਸਲਾ ਦਿੰਦੀ ਐ। ਮਾਂ ਨੇ ਇਹ ਵੀ ਕਹਿਣਾ ਮੇਰਾ ਪੁੱਤ ਸਾਧ ਹੋ ਗਿਆ। – ਹੁੁਣ ਪਤਾ ਲੱਗਾ ਕਿ ਸਾਡੇ ਟੱਬਰ ਚ ਤਿੰਨ-ਚਾਰ ਪੀੜ੍ਹੀਆਂ ਪਹਿਲਾਂ ਦੋ ਬੰਦੇ ਸਾਧ ਹੋਏ ਸੀ। ਸਾਧ ਬਿਰਤੀ ਮੇਰੇੇ ਲਹੂ ਚ ਐ। ਜੇਲ ਚ ਸੁਰਜੀਤ ਹਾਂਸ ਵੀ ਮੇਰੀ ਮੁਲਾਕਾਤ ਕਰਨ ਆਇਆ ਸੀ, ਸੰਨ 72 ਚ ਜਦ ਇਹ ਇੰਗਲੈਂਂਡ ਛੱਡ ਕੇ ਦੇਸ ਮੁੜਿਆ ਸੀ। ਇਹ ਜੇਰੇ ਵਾਲ਼ੀ ਗੱਲ ਸੀ; ਨਹੀਂ ਤਾਂ ਕੋਈ ਡਰਦਾ ਮੇਰੇ ਨੇੜੇ ਨਹੀਂ ਸੀ ਲਗਦਾ।

ਹੁਣ: ਜੇਲੋਂ ਨਿਕਲ਼ ਕੇ ਕੀ ਕੀਤਾ?

ਚੰਦਨ: ਮੇਰੀ ਰਿਹਾਈ 13 ਅਗਸਤ 1973 ਵਾਲ਼ੇ ਦਿਨ ਹੋਈ ਸੀ। ਬਾਹਰ ਨਿਕਲ਼ ਕੇ ਐਂ ਲੱਗਾ ਜਿੱਦਾਂ ਪਾਣੀ ‘ਤੇ ਤੁਰਿਆ ਜਾਂਦਾਂ। ਮਈ 80 ਚ ਜਰਮਨੀ ਆਉਣ ਤਕ ਸਤ ਸਾਲ ਔਖੇ ਨਿਕਲ਼ੇ ਸੀ। ਜੇਲੋਂ ਆਉਣ ਸਾਰ ਮੈਂ ਸਭ ਤੋਂ ਪਹਿਲਾਂ ਭਗਤ ਸਿੰਘ ਸ਼ਹੀਦ ਤੇ ਸਾਥੀਆਂ ਦੀਆਂ ਚਿੱਠੀਆਂ ਲਭ ਕੇ ਛਾਪੀਆਂ। ਨਿਰਮਾਣਤਾ ਏਨੀ ਕਿ ਅਪਣਾ ਨਾਂ ਬਤੌਰ ਸੰਪਾਦਕ ਦੇ ਨਹੀਂ ਛਾਪਿਆ। ਫੇਰ ਇਹਦਾ ਮਸ਼ਹੂਰ ਲੇਖ ‘ਮੈਂ ਨਾਸਤਿਕ ਕਿਉਂ’ ਲੱਭਿਆ ਤੇ ਪੰਜਾਬੀ ਚ ਉਲਥਾਇਆ। ਹੁਣ ਤਕ ਇਹਦੀਆਂ ਅਣਗਿਣਤ ਐਡੀਸ਼ਨਾਂ ਛਪ ਚੁੱਕੀਆਂ ਹਨ। ’75 ਚ ਨਵਤੇਜ ਨੇ ‘ਪ੍ਰੀਤ ਲੜੀ’ ਦੀ ਨੌਕਰੀ ਦਿੱਤੀ। ਨਵਤੇਜ ਮੈਨੂੰ ਬੜਾ ਤੇਹੁ ਕਰਦਾ ਸੀ। ਓਥੇ ਮੇਰਾ ਦਿਲ ਨਾ ਲੱਗਾ; ਕੁਝ ਮਹੀਨੇ ਹੀ ਲਾਏ ਸੀ। ਫੇਰ ਚੰਡੀਗੜ੍ਹ ਰਹਿ ਕੇ ਹਾਂਸ ਤੇ ਪ੍ਰੋਫ਼ੈਸਰ ਜੇ. ਐੱਸ. ਗਰੇਵਾਲ਼ ਦਾ ਦਵਾਇਆ ਇਤਿਹਾਸ ਦੀਆਂ ਕਿਤਾਬਾਂ ਅਨੁਵਾਦ ਕਰਨ ਦਾ ਕੰਮ ਕਰਦਾ ਰਿਹਾ; ਨੈਸ਼ਨਲ ਬੁੱਕ ਟਰੱਸਟ ਦਾ ਵੀ ਕੀਤਾ, ਮਿਹਰਬਾਨ ਬੀਬੀ ਜਗਜੀਤ ਸਿੱਧੂ ਸਦਕੇ। ਸਾਲ ਕੁ ਨਹਿਰੂ ਯੂਨੀਵਰਸਟੀ ਵਾਲ਼ੇ ਇਤਿਹਾਸਕਾਰ ਬਿਪਨ ਚੰਦਰ ਵਾਸਤੇ ਪੰਜਾਬ ਦੀ ਕਿਸਾਨ ਲਹਿਰ ਦੀ ਖੋਜ ਕੀਤੀ। ਮੈਂ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਮੋਢੀਆਂ ਚ ਸੀ। ਬੰਬਈਓਂ ਛਪਦੇ ਕੌਮਾਂਤਰੀ ਸ਼ੁਹਰਤ ਵਾਲ਼ੇ ਅੰਗਰੇਜ਼ੀ ਹਫ਼ਤੇਵਾਰ ‘ਇਕੌਨੌਮਿਕ ਐਂਡ ਪੁਲੀਟੀਕਲ ਵੀਕਲੀ’ ਦਾ ਪੰਜਾਬੋਂ ਖ਼ਬਰਚੀ ਬਣਿਆ। ਮੁੜ ਕੇ ‘ਹੇਮ ਜਯੋਤੀ’ ਕੱਢਿਆ, ਤਾਂ ਅਸੀਂ ਇਹਦੇ ਤਿੰਨ ਸੰਪਾਦਕ ਸੀ: ਪਾਸ਼, ਹਲਵਾਰਵੀ ਤੇ ਮੈਂ। ਪਾਸ਼ ਨੇ ਕਦੇ ਕੰਮ ਨਹੀਂ ਸੀ ਕੀਤਾ; ਓਦੋਂ ਇਹ ‘ਦੇਸ ਪ੍ਰਦੇਸ’ ਦੀ ਨੌਕਰੀ ਕਰਦਾ ਸੀ। ‘ਹੇਮ ਜਯੋਤੀ’ ਵਾਸਤੇ ਆਇਆ ਮੈਟਰ ਬਿਨਾਂ ਦੱਸਿਆਂ ‘ਦੇਸ ਪ੍ਰਦੇਸ’ ਨੂੰ ਘੱਲ ਦਿੰਦਾ ਸੀ। ਉਨ੍ਹੀਂ ਦਿਨੀਂ ਪੰਜਾਬ ਦੇ ਨਕਸਲੀ ਸ਼ਹੀਦਾਂ ਦੀ ਲਿਸਟ ਕਿਸੇ ਦੀ ਤਿਆਰ ਕੀਤੀ ਮੇਰੇ ਨਾਂ ਹੇਠ ਨਸ਼ਰ ਹੋਈ ਸੀ। ‘ਸਮਤਾ’ ਪਰਚਾ ਵੀ ਮੇਰੀ ਸੰਪਾਦਨਾ ਹੇਠ ਨਿਕਲਣ ਲੱਗਾ ਸੀ। ‘ਦਿਸ਼ਾ’ ਪਰਚੇ ਦੇ ਵੀ ਪਹਿਲੇ ਦੋ ਅੰਕ ਕੱਢੇ ਸੀ। ਮੇਰੀ ਇਸ ਸਾਰੀ ਸਿਆਸੀ ਤੇ ਪਤ੍ਰਕਾਰੀ ਦੀ ਸਰਗਰਮੀ ਪਿੱਛੇ ਪੰਜਾਬ ਦੇ ਨਕਸਲੀਆਂ ਦੇ ‘ਬਠਿੰਡੇ ਗਰੁੱਪ’ ਦੀ ਸਰਪ੍ਰਸਤੀ ਸੀ। ਇਨ੍ਹਾਂ ਸਦਕਾ ਮੈਂ ਆਂਧਰਾ ਪ੍ਰਦੇਸ਼ ਦੇ ਪੁਲਸ ਦੇ ਕਤਲ ਕੀਤੇ ਨਕਸਲੀਆਂ ਦੀ ਖੋਜ-ਪੜਤਾਲ ਕਰਨ ਵਾਲ਼ੀ ਕੌਮੀ ਕਮੇਟੀ ਦਾ ਮੈਂਬਰ ਬਣ ਕੇ ਗਿਆ ਸੀ। ਬੜੇ ਸਰਗਰਮ ਸਾਲ ਸੀ ਉਹ। ਜਨਵਰੀ 77 ਚ ਮੇਰਾ ਵਿਆਹ ਹੋਇਆ। ਅਪ੍ਰੈਲ 78 ਚ ਸਾਡਾ ਪੁੱਤ ਸੁਕਾਂਤ ਜੰਮਿਆ ਸੀ। ਮੈਂ ਉਸ ਦੌਰ ਦੀ ਸੰਨ 80 ਦੇ ਦਿਨ ਨਾਂ ਦੀ ਕਵਿਤਾ ਵੀ ਲਿਖੀ ਹੈ।

ਹੁਣ: ਤੈਨੂੰ ਕਦੇ ਅਪਣੀ ਗ਼ਰੀਬੀ ਦੀ ਬੇਵਸੀ ਜਾਂ ਪੈਸੇ ਦਾ ਮੋਹ ਵੀ ਹੋਇਆ ਹੈ?

ਚੰਦਨ: ਪੈਸੇ ਦਾ ਮੋਹ ਕਦੰਤ ਨਹੀਂ ਹੋ ਸਕਦਾ ਮੈਨੂੰ। ਥੁੜ ਜ਼ਰੂਰ ਤੰਗ ਕਰਦੀ ਐ। ਦਸਾਂ ਨਹੁੰਆਂ ਦੀ ਕਿਰਤ ਦਾ ਮਾਣ ਨਹੀਂ ਡਿਗਣ ਦਿੰਦਾ। ਇਹੀ ਮੇਰੀ ਕਮਾਈ ਐ। ਮੇਰੀ ਕਿਸੇ ਕਵਿਤਾ ਦਾ ਮਿਸਰਾ ਹੈ: ਖ਼ਾਲੀ ਹੱਥ ਭਰੀ ਅੱਖ ਸਾਡੀ ਉਮਰਾਂ ਦੀ ਖੱਟੀ…।

ਹੁਣ: ਤੂੰ ਅਪਣੇ ਨਾਲ਼ ਦਿਆਂ ਚੋਂ ਪਾਸ਼ ਤੇ ਲਾਲ ਸਿੰਘ ਦੀ ਹੀ ਗੱਲ ਕੀਤੀ ਹੈ; ਕਦੇ ਦਰਸ਼ਨ ਖਟਕੜ ਜਾਂ ਹਲਵਾਰਵੀ ਦੀ ਨਹੀਂ ਕੀਤੀ ਤੇ ਨਾ ਵਰਿਆਮ ਸੰਧੂ ਦੀ।

ਚੰਦਨ: ਉਹ ਤਾਂ ਭਲੇ ਲੋਕ ਆ। ਵਰਿਆਮ ਦੇ ਘਰ ਮੈਂ ਮਫ਼ਰੂਰੀ ਦੇ ਬੜੇ ਦਿਨ ਕੱਟੇ ਸੀ। ਮਝੈਲ ਤੇ ਮਲਵੱਈ ਬੜੇ ਨਿੱਘੇ ਢਿੱਡ ਚ ਪੈਣ ਵਾਲੇ ਲੋਕ ਨੇ। ਦੁਆਬੀਆਂ ਜਿੰਨੇ ਕੋਰੇ ਤੇ ਮਤਲਬੀ ਨਹੀਂ। ਵਰਿਆਮ ਦੇ ਮਾਂ ਪਿਉ ਮੈਨੂੰ ਬੜਾ ਤੇਹੁ ਕਰਦੇ ਸੀ। ਜਦ ਮੈਂ ਫੜਿਆ ਗਿਆ, ਤਾਂ ਵਰਿਆਮ ਦਸਦੈ, ਇਹਦੇ ਪਿਉ ਨੇ ਮੇਰੇ ਨਾਂ ਦੀ ਅਰਦਾਸ ਕੀਤੀ ਸੀ ਤੇ ਮਾਂ ਨੇ ਸੁੱਖ ਸੁੱਖੀ ਸੀ। ਪਹਿਲਾਂ ਵੀ ਦੱਸਿਐ, ਵਰਿਆਮ ਦੀ ਪਹਿਲੀ ਕਿਤਾਬ ਮੈਂ ਹੀ ਹਿੰਮਤ ਕਰਕੇ ਛਪਵਾਈ ਸੀ; ਇਹਦੇ ਪਰੂਫ਼ ਪੜ੍ਹ ਕੇ ਦੇਣ ਗਿਆ ਪੁਲਸ ਦੇ ਡਾਣੇ ਆ ਗਿਆ ਸੀ। ਹੁਣ ਮੈਨੂੰ ਬੜੀ ਹਾਂਜ ਆਉਂਦੀ ਐ, ਜਦ ਲੋਕ ਇਹਨੂੰ ਤੇ ਹਲਵਾਰਵੀ ਨੂੰ ‘ਲੋਈਆਂ ਤੇ ਰੂਬਰੀਆਂ ਦੇ ਚੈਂਪੀਅਨ’ ਕਹਿ ਕੇ ਛੇੜਦੇ ਆ। ਲੋਕ ਦਸਦੇ ਆ ਡਰਾਮੇ ਵਾਲ਼ਾ ਗੁਰਸ਼ਰਨ ਅਪਣੀ ਬੈਠਕ ਚ ‘ਮੀਮੈਂਟੋਆਂ’ ਤੇ ਲੋਈਆਂ ਦੀ ਖੱਟ ਵਿਛਾ ਕੇ ਰਖਦੈ।

ਹੁਣ: ਜੇਲਾਂ ਕੱਟ ਕੇ ਤੂੰ ਇੰਗਲੈਂਡ ਕਿੱਦਾਂ ਆ ਗਿਆ? ਪਾਸਪੋਰਟ ਕਿੱਦਾਂ ਬਣਿਆ? ਤੇਰੇ ਜਰਮਨੀ ਚ ਰੈਸਟੋਰੈਂਟ ਵਾਲ਼ੇ ਕੰਮ ਦੀ ਵਾਰਤਾ ‘ਮਿਹਣੇ ਵਾਲ਼ਾ ਕੰਮ’ ਮੈਂ ਪੜ੍ਹੀ ਐ।

ਚੰਦਨ: ਮੇਰੀ ਪੈਦਾਇਸ਼ ਕੀਨੀਆ ਦੀ ਐ ਤੇ ਮੇਰਾ ਬ੍ਰਿਟਿਸ਼ ਪਾਸਪੋਰਟ ਨਿੱਕੇ ਹੁੰਦੇ ਦਾ ਈ ਬਣਿਆ ਹੋਇਆ ਸੀ। ਇੰਗਲੈਂਡ ਦਾ ਕੀਨੀਆਂ ਵਾਲ਼ਿਆਂ ਦਾ ਮੇਰੇ ਵੇਲੇ ਕੋਟਾ ਲੱਗਾ ਹੋਇਆ ਸੀ। ’75 ਚ ਮੈਂ ਅਪਲਾਈ ਕੀਤਾ ਤੇ ’80 ਚ ਪਹਿਲਾਂ ਜਰਮਨੀ ਤੇ ਫੇਰ ਲੰਡਨ ਪਹੁੰਚ ਗਿਆ। ਜਰਮਨੀ ‘ਹੇਮ ਜਯੋਤੀ’ ਵਾਲ਼ੇ ਸੁਰਿੰਦਰ ਨੇ ਸੱਦਿਆ ਸੀ; ਟਿਕਟ ਵੀ ਓਨ ਈ ਰੱਖੀ ਸੀ। ਉਹਦਾ ਇਹ ਅਹਿਸਾਨ ਮੈਂ ਕਦੇ ਨਹੀਂ ਲਾਹ ਸਕਣਾ।

ਹੁਣ: ਓਦੋਂ ਕੁ ਸੰਤ ਸਿੰਘ ਸੇਖੋਂ ਨੇ ਲੰਡਨ ਆ ਕੇ ਭਗਤ ਸਿੰਘ ਨੂੰ ਜਦ ਕੁਰਾਹੀਆ ਕਿਹਾ ਸੀ, ਤਾਂ ਤੈਂ ‘ਦੇਸ ਪ੍ਰਦੇਸ’ ਚ ਉਹਦੇ ਖ਼ਿਲਾਫ਼ ਲਿਖਿਆ ਸੀ। ਇਥੇ ਕੁਝ ਮੁੰਡੇ ਵੀ ਉਹਨੂੰ ਪੈ ਗਏ ਸੀ। ਹੁਣ ਤੈਨੂੰ ਕਿੱਦਾਂ ਲਗਦਾ?

ਚੰਦਨ: ਸੇਖੋਂ ਦੀ ਅੱਧੀ ਗੱਲ ਦਰੁਸਤ ਸੀ। ਪਰ ਭਗਤ ਸਿੰਘ ਨੂੰ ਰੱਦ ਕਰਨ ਨਾਲ਼ ਸਾਡਾ ਹੀ ਨੁਕਸਾਨ ਹੁੰਦੈ। ਉਹਦੀ ਜ਼ਿੰਦਗੀ ਤੇ ਤਿੰਨ ਪੜਾਅ ਸਨ ਕੌਮਪ੍ਰਸਤੀ, ਇਨਕਲਾਬੀ ਦਹਿਸ਼ਤਗਰਦੀ ਅਤੇ ਤੀਸਰਾ ਪ੍ਰਬੁੱਧ ਮਾਰਕਸਵਾਦੀ ਦਾ ਪੜਾਅ। ਆਮ ਬੰਦਾ ਤਾਂ ਕੀ ਸੇਖੋਂ ਵੀ ਉਹਦੇ ਤੀਸਰੇ ਪੱਖ ਨੂੰ ਨਹੀਂ ਸੀ ਜਾਣਦਾ। ਭਗਤ ਸਿੰਘ ਨੇ ਤਾਂ ਆਪ ਜੇਲ ਚ ਅਪਣਾ ਪਹਿਲਾ ਬੰਬਾਂ ਪਿਸਤੌਲਾਂ ਵਾਲ਼ਾ ਰਸਤਾ ਰੱਦ ਕਰ ਦਿੱਤਾ ਸੀ। ਸੇਖੋਂ ਦੀ ਲੇਨਿਨ ਦੇ ਭਰਾ ਦੀ ਕੁਰਬਾਨੀ ਦੇ ਸੋਹਲੇ ਨਾ ਗਾਉਣ ਦੀ ਗੱਲ ਦਰੁਸਤ ਸੀ। ਇਹ ਤਾਂ ਅਕਲਾਂ ਦੀਆਂ ਗੱਲਾਂ ਹਨ। ਪਰ ਲੋਕ ਗੂੜ੍ਹ-ਗਿਆਨੀਆਂ ਦੀ ਪਰਵਾਹ ਨਹੀਂ ਕਰਦੇ। ਤੋੜਾ ਆਖ਼ਿਰ ਓਸੇ ਗੀਤ ‘ਤੇ ਜਾ ਝੜਦਾ ਹੈ: ਉਹਦੀ ਹੋਵਣ ਵਾਲ਼ੀ ਨਾਰ ਨੂੰ ਕਿਸੇ ਨੇ ਦੱਸਿਆ ਜਾ…। ਤੇ ਟਰੱਕਾਂ ‘ਤੇ ਬਣੀ ਉਹਦੀ ਟੋਪ ਤੇ ਤਾਅ ਦਿੱਤੀਆਂ ਮੁੱਛਾਂ ਦੀ ਤਸਵੀਰ।

ਹੁਣ: ਤੂੰ ਦਸਦਾ ਸੀ ਕਿ ਕਵਿਤਾ ਪੜ੍ਹਨ ਵੇਲੇ ਤੂੰ ਕੋਈ ਹੋਰ ਈ ਹੋ ਜਾਂਦੈਂ। ਕੀ ਹੁੰਦੈ ਤੈਨੂੰ?

ਚੰਦਨ: ਮੈਨੂੰ ਹਾੱਲ ਪੈਂਦਾ। ਮੈਂ ਨੱਚਣ ਲੱਗਦਾਂ। ਸੰਨ 96 ਚ ਨੀਉਯੌਰਕ ਕੋਲੰਬੀਆ ਯੂਨੀਵਰਸਟੀ ਚ ਕਵਿਤਾਵਾਂ ਪੜ੍ਹਦਿਆਂ ਇਹ ਚਮਤਕਾਰ ਪਹਿਲੀ ਵਾਰੀ ਹੋਇਆ ਸੀ। ਉਹ ਮੇਰਾ ਜੜ੍ਹਾਂ ਵਾਲ਼ਾ ਦੌਰ ਸੀ। ਪਹਿਲਾਂ ਤਾਂ ਮੈਂ ਸਟੇਜ ‘ਤੇ ਕਦੇ ਚੜ੍ਹਦਾ ਈ ਨਹੀਂ ਸੀ। ਪੰਜਾਬੀ ਚ ਉਰਦੂ ਵਾਲ਼ਿਆਂ ਦਾ ਲਿਆ ਤਰੱਨੰਮ ਤੇ ਸ਼ਿਵ ਕੁਮਾਰ ਦੇ ਕੀਰਨੇ ਤਾਂ ਚਾਲੂ ਗੱਲ ਐ। ਮੈਂ ਮਹਿਮੂਦ ਦਰਵੇਸ਼, ਅਰਨੈਸਤੋ ਕਾਰਦੇਨਾਲ, ਯੈਵਤੂਸ਼ੈਂਕੋ ਤੇ ਵੋਜ਼ਨੇਸੈਂਸਕੀ ਏਥੇ ਲੰਡਨ ਚ ਕਵਿਤਾ ਪੜ੍ਹਦੇ ਸੁਣੇ ਹਨ। ਸਾਡਾ ਹਿੰਦੀ ਦਾ ਨਾਗਾਰੁਜਨ ਵੀ ਪੈਲਾਂ ਪਾਉਂਦਾ ਹੁੰਦਾ ਸੀ। ਹਰਿਭਜਨ ਸਿੰਘ ਰੰਗ ਬੰਨ੍ਹ ਦਿੰਦਾ ਸੀ। ਫ਼ੈਜ਼ ਦੀ ਅਦਾਇਗੀ ਮਾੜੀ ਸੀ। ਪਾਸ਼ ਨੂੰ ਕਵਿਤਾ ਓਦਾਂ ਈ ਚੇਤੇ ਹੁੰਦੀ ਸੀ। ਪਿੱਠ ਪਿੱਛੇ ਬਾਹਵਾਂ ਕੱਠੀਆਂ ਕਰਕੇ ਉੱਤੇ ਨੂੰ ਝਾਕਦਾ ਕਵਿਤਾ ਬੋਲਦਾ ਹੁੰਦਾ ਸੀ; ਸਰੋਤਿਆਂ ਦੀਆਂ ਅੱਖਾਂ ਚ ਅੱਖਾਂ ਨਹੀਂ ਸੀ ਪਾਉਂਦਾ। ਮੇਰੇ ਬਾਪ ਨੇ ਪੂਰਨ ਸਿੰਘ ਨੂੰ ਕਵਿਤਾ ਪੜ੍ਹਦਿਆਂ ਦੇਖਿਆ ਸੀ। ਦਸਦੇ ਹੁੰਦੇ ਸੀ ਕਿ ਉਹਨੇ ਸਟੇਜ ‘ਤੇ ਮੇਜ਼ ਦੁਆਲ਼ੇ ਘੁੰਮੀ ਜਾਣਾ। ਮੈਂ ਖਵਰੇ ਅਚੇਤ ਉਹਦੀ ਰੀਸ ਕਰਦਾਂ।

ਹੁਣ: ਤੂੰ ਲਿਖਿਐ ਕਿ ਅਪਣੇ ਸਟੇਜੀ ਤੇ ਕਿਤਾਬੀ ਕਵਿਤਾ ਦੀ ਝੂਠੀ ਵੰਡੀ ਪਈ ਹੋਈ ਐ।

ਚੰਦਨ: ਪੰਜਾਬੀ ਦੀ “ਖੁੱਲ੍ਹੀ” ਕਵਿਤਾ ਲੋਕਾਂ ਨਾਲ਼ੋਂ ਟੁੱਟੀ ਹੋਈ ਕਵਿਤਾ ਹੈ। ਪਰ ਪਾਬੰਦ ਕਵਿਤਾ ਵਾਲ਼ੇ ‘ਅਵਾਮੀ’ ਸ਼ਾਇਰ ਉਸਤਾਦ ਦਾਮਨ, ਹਬੀਬ ਜਾਲਿਬ, ਵਿਧਾਤਾ ਸਿੰਘ ਤੀਰ ਦੀ ਕੋਈ ਕਵਿਤਾ ਕਿਹਨੂੰ ਚੇਤੇ ਐ? ਮੈਂ ਤਾਂ ਜਾਲਿਬ ਦੀ ਪੰਜਾਬੀ ਸ਼ਾਇਰੀ ਦੀ ਕਿਤਾਬ ਵੀ ਤਿਆਰ ਕੀਤੀ ਐ। ਕੋਈ ਦਿਲੋ-ਦਿਮਾਗ਼ ਨੂੰ ਟੁੰਬਣ ਵਾਲ਼ੀ ਕਵਿਤਾ ਨਹੀਂ ਇਨ੍ਹਾਂ ਦੀ। ਏਸ ਲਿਹਾਜ਼ ਨਾਲ਼ ਮੋਹਨ ਸਿੰਘ ਦੀਆਂ ਪਹਿਲੀਆਂ ਚਾਰ ਕਿਤਾਬਾਂ ਦੀ ਝੰਡੀ ਐ।

ਹੁਣ: 1988 ਚ ਤੂੰ ਭਿੰਡਰਾਂਵਾਲ਼ੇ ਦਾ ਨਾਂ ਲੈ ਕੇ ਕਵਿਤਾ ਲਿਖੀ ਸੀ; ਉਹ ਕਈ ਥਾਈਂ ਛਪੀ ਤੇ ਪੜ੍ਹੀ। ਬੜਾ ਰੌਲ਼ਾ ਵੀ ਪਿਆ। ਹੁਣ ਵੀ ਤੈਨੂੰ ਓਹ ਕਵਿਤਾ ਚੰਗੀ ਲਗਦੀ ਐ?

ਚੰਦਨ: ਨਹੀਂ। ਮੈਂ ਭੁਲਾ ਛੱਡੀ ਐ; ਓਵੇਂ ਜਿਵੇਂ ਪੰਜਾਬੀਆਂ ਨੇ ਭਿੰਡਰਾਂਵਾਲ਼ੇ ਨੂੰ, ਇੰਦਰਾ ਨੂੰ ਤੇ ਜ਼ੈਲ ਸਿੰਘ ਨੂੰ ਭੁਲਾ ਦਿੱਤੈ। ਕਈਆਂ ਨੇ ਭੁਲਾਇਆ ਵੀ ਨਹੀਂ; ਹਾਲੇ ਵੀ ਭਿੰਡਰਾਂਵਾਲ਼ੇ ਦੀ ਫ਼ੋਟੋ ਘਰ ਚ ਲਾਈ ਹੋਈ ਐ। ਓਸ ਕਵਿਤਾ ਦਾ ਨਾਂ ਸੀ – ਪੰਜਾਬ ਦੇ ਕਾਤਲਾਂ ਨੂੰ। ਗਾਹਲ਼ਾਂ ਦੇ ਨਾਲ਼ ਉਸ ਵਿਚ ਨਰੋਈ ਗੱਲ ਵੀ ਸੀ ਸਾਂਝੇ ਪੰਜਾਬ ਦੀ, ਗੁਰੂਆਂ ਦੀ ਵਿਰਾਸਤ ਦੀ ਗੱਲ। ਏ ਕੇ 47 ਦੇ ਖ਼ਿਲਾਫ਼ ਲਿਖੇ ਸ਼ਬਦ ਦਾਗੀਆਂ ਗੋਲ਼ੀਆਂ ਤੋਂ ਵੀ ਵਧ ਖ਼ਤਰਨਾਕ ਨਿਕਲ਼ੇ। ‘ਦੇਸ ਪ੍ਰਦੇਸ’ ਵਾਲ਼ੇ ਨੇ ਇਸ ਕਵਿਤਾ ਦੇ ਨਾਲ਼ ਮੇਰਾ ਐਡਰੈੱਸ ਤੇ ਫ਼ੋਨ ਨੰਬਰ ਵੀ ਛਾਪਿਆ ਸੀ। ਜਿਨ੍ਹਾਂ ਦੀ ਇਹ ਹਰਕਤ ਸੀ, ਉਹ ਚਾਹੁੰਦੇ ਤਾਂ ਮੇਰਾ ਨੁਕਸਾਨ ਕਰਵਾਉਣਾ ਸੀ। ਬੜੇ ਫ਼ੋਨ ਆਏ ਧਮਕੀਆਂ ਦੇ। ਪਰ ਪੁਲਸ ਦੇ ਡਰੋਂ ਝਉਂ ਵੀ ਗਏ। ਪੁਲਸ ਨੇ ਮੈਨੂੰ ਦਸ ਦਿੱਤਾ ਸੀ ਕਿ ਕਿਹਨਾਂ ਨੇ ਮੇਰਾ ਐਡਰੈੱਸ ਤੇ ਫ਼ੋਨ ਛਪਵਾਇਆ ਸੀ। ਉਨ੍ਹਾਂ ਦੇ ਨਾਂ ਜਦ ਵੇਲਾ ਆਇਆ, ਤਾਂ ਲਿਖ ਦਿਆਂਗਾ। ਮੂਰਖਾਂ ਨੇ ਮੈਨੂੰ ਹੀਰੋ ਬਣਾ ਦਿੱਤਾ। ਓਸ ਕਵਿਤਾ ਨਾਲ਼ੋਂ ਮੈਨੂੰ ਉਹ ਕਵਿਤਾ ਅੱਜ ਵੀ ਚੰਗੀ ਲਗਦੀ ਹੈ, ਜੋ ਮੈਂ ਅਜਾਈਂ ਮਰ-ਮੁੱਕ ਗਏ ਖ਼ਾਲਿਸਤਾਨੀਆਂ ਬਾਰੇ ਲਿਖੀ ਸੀ ‘ਉਹ ਜੋ ਹੁੰਦੇ ਸਨ।’ ਇਸ ਵਿਚ ਇਨਸਾਨੀਅਤ ਤੇ ਕਰੁਣਾ (ਕੰਪੈਸ਼ਨ) ਹੈ। ਇਹ ਭਗਵਾਨ ਜੋਸ਼ ਨੂੰ ਚੰਗੀ ਨਹੀਂ ਸੀ ਲੱਗੀ। ਇਹਨੇ ਇਸ ਕਵਿਤਾ ਦੇ ਖ਼ਿਲਾਫ਼ ਲਿਖਿਆ ਵੀ ਸੀ। ਇਹਨੇ ਉਨ੍ਹਾਂ ਦੀ ਦਹਿਸ਼ਤ ਨੇੜਿਓਂ ਦੇਖੀ ਹੋਈ ਸੀ। ਓਦਾਂ ਇਹ ਸੋਚਣ ਵਾਲ਼ੀ ਗੱਲ ਐ, ਅੱਜ ਖ਼ਾਲਿਸਤਾਨੀਆਂ ਨੂੰ ਕੋਈ ਤੇਹੁ ਨਾਲ਼ ਚੇਤੇ ਨਹੀਂ ਕਰਦਾ। ਸਗੋਂ ਨਕਸਲੀ ਸ਼ਹੀਦਾਂ ਦਾ ਸਤਿਕਾਰ ਪਿਆਰ ਬਥੇਰਾ ਹੈ।

ਪਾਸ਼

ਹੁਣ: ਪ੍ਰੇਮ ਪ੍ਰਕਾਸ਼ ਨੇ ਪਾਸ਼ ਬਾਰੇ ਲਿਖਿਆ ਸੀ ਕਿ ਓਨ ਜਲੰਧਰ ਸ਼ਰਾਬੀ ਹੋਏ ਨੇ ਕਿਸੇ ‘ਤੇ ਗੋਲ਼ੀ ਚਲਾ ‘ਤੀ ਸੀ। ਕੀ ਇਹ ਸੱਚੀ ਗੱਲ ਐ?

ਚੰਦਨ: ਸੱਚੀ ਐ। ਸੰਨ 70 ਦੀ ਗੱਲ ਐ। ਪਾਸ਼ ਤਾਂ ਆਪ ਈ ਦਸ ਦਿੰਦਾ ਸੀ ਇਹੋ ਜਿਹੀਆਂ ਗੱਲਾਂ। ਪਰ ਮੈਨੂੰ ਉਹਦਾ ਯਕੀਨ ਘਟ ਈ ਆਉਂਦਾ ਸੀ; ਗੱਪੀ ਤੇ ਸ਼ੇਖੀਖ਼ੋਰਾ ਸੀ। ਜਿਹਦੇ ‘ਤੇ ਚਲਾਈ ਸੀ; ਉਹਦਾ ਨਾਂ ਹੈ ਵਸਾਖਾ ਸਿੰਘ। ਹੁਣ ਇਹ ਤਪੇ ਮੰਡੀ ਪਾਗਲਾਂ ਦਾ ਇਲਾਜ ਕਰਦੈ। ਪ੍ਰੇਮ ਆਪ ਈ ਕਹਿੰਦਾ ਹੁੰਦੈ ਕਿ ਕਿਸੇ ਵਾਪਰੀ ਘਟਨਾ ਦੇ ਅਗਲੇ ਪਲ ਈ ਕਈ ਪਹਿਲੂ ਬਣਨ ਲਗਦੇ ਹਨ; ਯਾਨੀ ਸੱਚ ਧੁੰਦਲਾ ਪੈਣ ਲਗਦੈ। ਅਸਲ ਕਹਾਣੀ ਤਾਂ ਵਸਾਖਾ ਈ ਦਸ ਸਕਦੈ। ਇਹ ਬਾਬੇ ਗੁਰਮੁਖ ਸਿੰਘ ਕੋਲ਼ ਦੇਸ਼ ਭਗਤ ਯਾਦਗਾਰ ਚ ਰਹਿੰਦਾ ਹੁੰਦਾ ਸੀ। ਪਾਸ਼ ਕੋਲ਼ ਮੰਗੂਵਾਲ਼ੀਆ ਇਕਬਾਲ ਦੇਸੀ ਸਾਖਤ ਵਾਲ਼ਾ ਪਸਤੌਲ ਰਖ ਗਿਆ। (ਇਕਬਾਲ ਮਗਰੋਂ ਪੁਲਸ ਨੇ ਫੜ ਕੇ ਮਾਰ ਦਿੱਤਾ ਸੀ।) ਉਹ ਇਹ ਚਾਂਭਲ਼ਿਆ ਹੋਇਆ ਲਈ ਫਿਰਦਾ ਹੁੰਦਾ ਸੀ। ਜਲੰਧਰ ਪਾਇਲ ਸਿਨਮੇ ਕੋਲ਼ ‘ਹਾਤੇ ਚ ਬੈਠੇ ਪੀਂਦੇ ਸੀ ਤੇ ਏਨ ਕਿਸੇ ਗੱਲੋਂ ਪਸਤੌਲ਼ ਨਾ ਕਢ ਕੇ ਚਲਾ ‘ਤੀ। ਵਸਾਖੇ ਦੀ ਵਧੀ ਹੋਈ ਸੀ; ਗੋਲ਼ੀ ਐਨ ਉਹਦੀ ਪੁੜਪੁੜੀ ਕੋਲ਼ੋਂ ਦੀ ਲੰਘ ਗਈ। ਯਾਦ ਰੱਖਣ ਵਾਲ਼ੀ ਗੱਲ ਇਹ ਹੈ ਕਿ ਪਾਸ਼ ਓਦੋਂ ਸਿਰਫ਼ ਵੀਹਾਂ ਸਾਲਾਂ ਦਾ ਸੀ। ਓਦੋਂ ਇਹਨੇ ਅਪਣੇ ਸਿਰ ਦੇ ਵਾਲ਼ ਹਾਈਡ੍ਰੋਜਨ ਪਰਔਕਸਾਈਡ ਨਾਲ਼ ਭੂਰੇ ਰੰਗੇ ਹੁੰਦੇ ਸੀ।

ਹੁਣ: ਤੂੰ ਤੇ ਪਾਸ਼ ਨੇ ‘ਦੇਸ ਪ੍ਰਦੇਸ’ ਦੀ ਨੌਕਰੀ ਕੀਤੀ। ਇਹਦੇ ਖ਼ਿਲਾਫ਼ ਵੀ ਬੜਾ ਬੋਲੇ।

ਚੰਦਨ: ਪਾਸ਼ ਨੇ ਨਕੋਦਰ ਬੈਠੇ ਨੇ ਕੀਤੀ ਸੀ, ਮੈਂ ਇਥੇ ਆ ਕੇ ਕੀਤੀ। ਪਾਸ਼ ਕਦੋਂ ਤੇ ਕਿਥੇ ਉਹਦੇ ਖ਼ਿਲਾਫ਼ ਬੋਲਿਆ, ਮੈਂ ਨਹੀਂ ਜਾਣਦਾ। ਮੈਂ ਓਥੇ ਦਸ ਕੁ ਮਹੀਨੇ ਕੰਮ ਕੀਤਾ ਸੀ। ਸੁਲਾਹ ਨਾਲ਼ ਛੱਡਿਆ ਸੀ; ਨਹੀਂ ਤਾਂ ਪੁਰੇਵਾਲ਼ ਹੋਰਨਾਂ ਨੂੰ ਜ਼ਲੀਲ ਕਰਕੇ ਕੱਢਦਾ ਰਿਹਾ। ਉਹਦੇ ਵਰਗੇ ਜਾਹਿਲ ਤੇ ਹੰਕਾਰੇ ਹੋਏ ਬੰਦੇ ਮੈਂ ਘਟ ਈ ਦੇਖੇ ਨੇ। ਮੈਂ ਕਿਸੇ ਨਿਜੀ ਗੱਲੋਂ ਉਹਦੇ ਖ਼ਿਲਾਫ਼ ਨਹੀਂ ਸੀ ਲਿਖਿਆ। ਗੱਲ ਅਸੂਲੀ ਸੀ। ਆਪ ਉਹ ਕਿੱਡਾ ਕੁ ਖ਼ਾਲਿਸਤਾਨੀ ਸੀ; ਪਤਾ ਈ ਐ। ਉਸ ਲਹਿਰ ਬਾਰੇ ਵੀ ਕੋਈ ਸ਼ੰਕਾ ਨਹੀਂ। ਇਹ ਆਤਮਘਾਤੀ, ਪੰਜਾਬਘਾਤੀ, ਪੰਥਘਾਤੀ ਲਹਿਰ ਸੀ। ਦਿੱਲੀ ਦਾ ਛੇੜਿਆ ਨਾਗ ਪਾਕਿਸਤਾਨ ਦੀ ਬੀਨ ‘ਤੇ ਮੇਲ੍ਹਣ ਲਗ ਪਿਆ। ਕੁਝ ਸ਼ਰਾਰਤੀ ਬੰਦਿਆਂ ਨੇ ਹੂਲਾ ਉੜਾਈ ਰੱਖਿਆ ਕਿ ਪੁਰੇਵਾਲ਼ ਨੇ ਮੇਰਾ ‘ਪਾਸਪੋਰਟ ਸਿੱਧਾ’ ਕਰਵਾਇਆ ਸੀ। ਇਹ ਸਰਾਸਰ ਗ਼ਲਤ ਐ। ਮੈਂ ਮੁੜ ਦਸਦਾਂ, ਮੇਰੇ ਕੋਲ਼ ਨਿੱਕੇ ਹੁੰਦੇ ਦਾ ਬਣਿਆ ਬ੍ਰਿਟਿਸ਼ ਪਾਸਪੋਰਟ ਸੀ। ਮਾੜੀ ਗੱਲ ਐ, ਐਸੀਆਂ ਗੱਲਾਂ ਤੂੰ ਪੁੱਛ ਰਿਹੈਂ ਤੇ ਮੈਂ ਜਵਾਬ ਵੀ ਦੇ ਰਿਹਾਂ, ਜਿਨ੍ਹਾਂ ਦਾ ਸਾਹਿਤ ਕਲਾ ਨਾਲ਼ ਕੋਈ ਵਾਸਤਾ ਨਹੀਂ।

ਹੁਣ: ਪਾਸ਼ ਦੇ ਲੇਖ ‘ਪ੍ਰਤੀਬਧਤਾ ਬਾਰੇ ਮੇਰੀ ਰਾਏ’ ਬਾਬਤ ਸਤਪਾਲ ਗੌਤਮ ਦੇ ‘ਸੰਖ’ ਚ ਛਪੇ ਲੇਖ ਦੀ ਚੁੰਝ ਚਰਚਾ ਕੀ ਸੀ?

ਚੰਦਨ: ਗੌਤਮ ਦੀ ਸਾਰੀ ਗੱਲ ਸੱਚੀ ਨਹੀਂ। ਸੰਨ 75-80 ਦੌਰਾਨ ਪੰਜਾਬ ਦੇ ਨਕਸਲੀਆਂ ਦੇ ਅੰਗਰੇਜ਼ੀ ਦੇ ਤਕਰੀਬਨ ਸਾਰੇ ਬਿਆਨ ਗੌਤਮ ਦੇ ਲਿਖੇ ਹੁੰਦੇ ਸੀ। ਇਹਦੀ ਅੰਗਰੇਜ਼ੀ ਸਾਡੇ ਸਾਰਿਆਂ ਨਾਲ਼ੋਂ ਚੰਗੀ ਹੈ ਏਸ ਕਰਕੇ। ‘ਆਰਸੀ’ ਚ ਇਹਦੇ ਨਾਂ ਹੇਠ ਛਪੀ ਚਿੱਠੀ ਇਹਨੇ ਮੈਨੂੰ ਬੋਲ ਕੇ ਲਿਖਵਾਈ ਸੀ। ਸ਼ਬਦਾਵਲੀ ਸ਼ੈਲੀ ਸਾਰੀ ਇਹਦੀ ਹੀ ਹੈ, ਸਿਰਫ਼ ਆਖ਼ਿਰੀ ਫ਼ਿਕਰਾ ਮੇਰਾ ਹੈ। ਗਲ਼ਤਫ਼ਹਿਮੀ ਇਥੋਂ ਸ਼ੁਰੂ ਹੋਈ ਹੋਣੀ ਹੈ ਕਿ ਗੌਤਮ ਨੇ ਸੋਚਿਆ ਹੋਵੇਗਾ ਕਿ ਹੋਰਨਾਂ ਬਿਆਨਾਂ ਵਾਂਙ ਇਹ ਚਿੱਠੀ ਵੀ ਚੰਦਨ ਅਪਣੇ ਨਾਂ ਥੱਲੇ ਹੀ ਛਪਵਾਊਗਾ! ਹੁਣ ਗੌਤਮ ਦਾ ਇਹ ਕਹਿਣਾ ਕਿ ਪਾਸ਼ ਮੈਨੂੰ ਨਾਲ਼ ਲੈ ਕੇ ਇਹਨੂੰ ਕੁੱਟਣ ਨੂੰ ਲਭਦਾ ਫਿਰਦਾ ਸੀ; ਸਰਾਸਰ ਮਨਘੜਤ ਗੱਲ ਐ। ਮੈਨੂੰ ਅਫ਼ਸੋਸ ਵੀ ਹੋਇਆ ਕਿ ਇਸ ਨਿੱਕੀ ਜਿਹੀ ਗੱਲ ਦੀ ਦਹਿਸ਼ਤ ਗੌਤਮ ਦੇ ਮਨ ਚ ਕਿੰਨੇ ਸਾਲ ਪਲ਼ਦੀ ਰਹੀ। ਸੰਖ ਚ ਇਹਦਾ ਉਹ ਲੇਖ ਮੈਂ ਛਪਿਆ ਹੀ ਪੜ੍ਹਿਆ। ਪਾਸ਼ ਨੂੰ ਇਹ ਪਤਾ ਸੀ ਕਿ ਚਿੱਠੀ ਲਿਖਵਾਈ ਕਿਹਨੇ ਹੈ। ਉਹ ਕਿਸੇ ਨੂੰ ਕੁੱਟਣ ਜੋਗਾ ਨਹੀਂ ਸੀ ਤੇ ਨਾ ਹੀ ਉਹ ਕਦੇ ਚੰਡੀਗੜ੍ਹ ਮੇਰੇ ਕੋਲ਼ ਆ ਕੇ ਰਿਹਾ ਸੀ। ਉਨ੍ਹਾਂ ਦਿਨਾਂ ਚ ਉਹਦੀ ਸੰਗਤ ਲੁਧਿਆਣੇ ਦੇ ਲੰਡੂ ਕਿਸਮ ਦੇ ਗੜਵੱਈਆਂ ਨਾਲ਼ ਹੁੰਦੀ ਸੀ। ਹੁਣ ਤਮਾਸ਼ਬੀਨੀ ਦੀ ਇਹ ਹਾਲਤ ਹੈ ਕਿ ਕਿਸੇ ਨੇ ਪਾਸ਼ ਦੇ ਅਪਣੀ ਪ੍ਰਤੀਬਧਤਾ ਦੇ ਬਣਾਏ ਸਿੱਧਾਂਤ ਦੀ ਗੱਲ ਨਹੀਂ ਕਰਨੀ ਕਿ ਉਸ ਵਿਚ ਕੋਈ ਤੰਤ ਹੈ ਜਾਂ ਨਹੀਂ? ਤੇ ਗੌਤਮ/ਚੰਦਨ ਦੇ ਜਵਾਬ ਚ ਕਿੰਨਾ ਕੁ? ਸਾਡੇ ਲਿਖਾਰੀ ਤਾਂ ਜਦ ਮਿਲ਼ਦੇ ਨੇ ਚੁਗਲੀ-ਨਿੰਦਿਆ ਹੀ ਕਰਦੇ ਨੇ; ਮਜਾਲ ਐ ਕੋਈ ਸਾਹਿਤ ਕਲਾ ਦੀ ਅਕਲ ਦੀ ਗੱਲ ਕਰੇ!

ਹੁਣ: ਇਹ ਵੀ ਕਹਿੰਦੇ ਆ ਕਿ ਤੂੰ ਪਾਸ਼ ਦੀਆਂ ਚਿੱਠੀਆਂ ਕੱਟ-ਵੱਢ ਕੇ ਛਾਪੀਆਂ; ਜਿਨ੍ਹਾਂ ਚਿੱਠੀਆਂ ਚ ਤੇਰੀ ਬਦਖੋਹੀ ਸੀ; ਉਹ ਨਹੀਂ ਪਾਈਆਂ।

ਚੰਦਨ: ਅਪਣੀ ਬਦਖੋਹੀ ਵਾਲ਼ੀਆਂ ਤਾਂ ਮੈਂ ਜਾਣ ਕੇ ਪਾਈਆਂ! ‘ਬਾਂਦਰ ਕੁੱਤੇ’ ਵਾਲ਼ੀ ਨਾਗਮਣੀ ਨੂੰ ਵੀ ਘੱਲੀ ਸੀ। ਪਰ ਅੰਮ੍ਰਿਤਾ ਨੇ “ਬੀਂਡ” ਸ਼ਬਦ ਕਰਕੇ ਮੋੜ ਦਿੱਤੀ ਸੀ। ਇਸ ਚਿੱਠੀ ਦਾ ਪਿਛੋਕੜ ਇਹ ਸੀ ਕਿ ਪਾਸ਼ ਨੂੰ ਗੱਪ ਮਾਰਨ ਦੀ ਬੜੀ ਆਦਤ ਸੀ। ਖ਼ਾਸ ਕਰਕੇ ਪੁਲਸ ਤਸ਼ੱਦਦ ਦੀਆਂ ਏਨ ਬੜੀਆਂ ਸਾਖੀਆਂ ਬਣਾਈਆਂ ਹੋਈਆਂ ਸੀ। ਜਿਵੇਂ ਪੁਲ਼ਸ ਨੇ ਇਹਦੇ ਪਿੰਡੇ ‘ਤੇ ਸੀਰਾ ਮਲ਼ ਕੇ ਕੀੜਿਆਂ ਦੇ ਭੌਣ ‘ਤੇ ਸੁੱਟ ਦਿੱਤਾ। ਮੈਂ ਇਨ੍ਹਾਂ ਦਾ ਖੰਡਨ ਕਰਦਾ ਸੀ। ਆਲ਼ਸ ਦੇ ਮਾਰੇ ਪੁਲ਼ਸੀਏ ਏਨਾ ਖਲਜਗਣ ਕਾਹਨੂੰ ਕਰਦੇ ਸੀ! ਇਹ ਤਸੀਹਾ ਤਾਂ ਕਿਤੇ ਪੁਰਾਣੇ ਵੇਲਿਆਂ ਚ ਦਿੱਤਾ ਜਾਂਦਾ ਹੋਊਗਾ। ਏਸ ਗੱਲੋਂ ਪਾਸ਼ ਮੈਤੋਂ ਖਿੱਝਦਾ ਸੀ। ਸਾਹਮਣੇ ਬੈਠ ਕੇ ਗੱਲ ਵੀ ਨਹੀਂ ਸੀ ਕਰਦਾ। ਇਥੇ ਲੰਡਨ ਆਏ ਨੂੰ ਮੈਂ ਪੁੱਛਿਆ- ਸ਼ੇਖ਼ੀ, ਗੱਪ, ਝੂਠ ਤੇ ਅੱਤਕਥਨੀ ਚ ਕੀ ਫ਼ਰਕ ਹੁੰਦੈ?- ਝੂਠ-ਤਫ਼ਾਨ ਤੋਲਣ ਵਾਲ਼ਿਆਂ ਨੂੰ ਮੈਂ ਇਹ ਸਵਾਲ ਪੁੱਛਦਾ ਹੁੰਦਾਂ! ਅੱਗੋਂ ਇਹ ਮੈਨੂੰ ਲੁੱਚੀਆਂ ਬੋਲੀਆਂ ਦੇ ਅਪਣੇ ਕੀਤੇ ਹਿੰਦੀ ਅਨੁਵਾਦ ਸੁਣਾਉਣ ਲਗ ਪਿਆ ਸੀ! ਇੰਗਲੈਂਡ ਆਇਆ ਪਾਸ਼ ਸਾਹਿਤ ਸਭਾਈ ਪ੍ਰਬੰਧਰਸੀਆਂ ਨੂੰ ਲਭ-ਲਭ ਕੇ ਮਿਲ਼ਿਆ ਸੀ; ਉਨ੍ਹਾਂ ਚੋਂ ਬਾਹਲ਼ੇ ਖ਼ਾਲਿਸਤਾਨੀ ਰੇੜ੍ਹੇ ‘ਤੇ ਚੜ੍ਹੇ ਹੋਏ ਸੀ। ਚਲੋ, ਉਹ ਇਕ ਦੋ ਚਿੱਠੀਆਂ ਪਾਸ਼ ਦੇ ਦਾਅਵੇਦਾਰ ਹੁਣ ਛਾਪ ਦੇਣ; ਅਸਲੀਅਤ ਦਾ ਪਤਾ ਲਗ ਜਾਏਗਾ। ਕੱਟ-ਵੱਢ ਵਾਲ਼ੀ ਗੱਲ ਨਕੋਦਰ ਦਾ ਇਕ-ਅੱਖੋਂ ਹੀਣਾ ਕੋਈ ਬੜਾ ਬੀਬਾ ਕਾਮਰੇਡ ਹੈ। ਉਹਨੂੰ ਪਾਸ਼ ਨੇ ਕਿਸੇ ਚਿੱਠੀ ਚ “ਸਾਧੂ ਕਾਣਾ” ਲਿਖਿਆ ਸੀ। ਉਹ ਸ਼ਬਦ ਮੈਂ ਕੱਟ ਦਿੱਤੇ। ਇਕ ਇਹ ਕਾਰਣ ਵੀ ਸੀ ਕਿ ਕਿਤਾਬ ਉਹਦੇ ਨਾਂ ਬਣੇ ਟਰੱਸਟ ਵੱਲੋਂ ਛਪ ਰਹੀ ਸੀ, ਜਿਹਦੇ ਚ ਉਹਦੇ ਇਹੋ ਜਿਹੇ ‘ਮਾੜੇ’ ਪੱਖ ਨਹੀਂ ਸੀ ਦੱਸੇ ਜਾ ਸਕਦੇ; ਜਦ ਕਿ ਉਹਦੇ ਕਤਲ ਨੂੰ ਮਸਾਂ ਸਾਲ ਕੁ ਹੀ ਹੋਇਆ ਸੀ। ਇੰਗਲੈਂਡ ਤੇ ਹੋਰ ਯੂਰਪੀ ਮੁਲਕਾਂ ਦੇ ਲੇਖਕਾਂ ਦੀਆਂ ਜੀਵਨੀਆਂ ਤੇ ਚਿੱਠੀਆਂ ਬੇਕਿਰਕੀ ਨਾਲ਼ ਤਿਆਰ ਕੀਤੀਆਂ ਛਪਦੀਆਂ ਹਨ। ਕਿਸੇ ਦਿਨ, ਮੈਨੂੰ ਉਮੀਦ ਐ, ਸਾਡਾ ਪੰਜਾਬੀ ਪ੍ਰਕਾਸ਼ਨ ਵੀ ਏਨਾ ਕੁ ਪ੍ਰੌੜ੍ਹ ਹੋ ਜਾਊਗਾ। ਅਪਣੇ ਚਿੱਠੀਆਂ ਦੀਆਂ ਕਿਤਾਬਾਂ ਤਾਂ ਬਹੁਤ ਘਟ ਛਪੀਆਂ ਹਨ; ਇੱਕੋ ਨਾਨਕ ਸਿੰਘ ਦੀ ਖ਼ਤੋ-ਕਿਤਾਬਤ ਹੀ ਮਿਲ਼ਦੀ ਹੈ। ਜਾਂ ਭਾਈ ਵੀਰ ਸਿੰਘ ਦੀਆਂ ਚਿੱਠੀਆਂ ਦੀ ਪਿਆਰੇ ਜੀਉ ਛਪੀ ਸੀ, ਜਿਸ ਵਿਚ ਜਨਾਬ ਸੰਪਾਦਕ ਨੇ ਚਿੱਠੀਆਂ ਲਿਖਣ ਵਾਲ਼ਿਆਂ ਦੇ ਨਾਂ ਹੀ ਨਹੀਂ ਸੀ ਦੱਸੇ!

ਹੁਣ: ਪਾਸ਼ ਅਪਣੀ ਡਾਇਰੀ ਵਿਚ ਲਿਖਦੈ: “ਮੈਂ ਜੋ ਵੀ ਕੀਤਾ ਹੈ, ਉਹ ਸੁਚੇਤ ਜਾਂ ਅਚੇਤ ਅਮਿਤੋਜ ਤੋਂ ਸਿਖਿਆ ਹੈ। ਮੈਨੂੰ ਫ਼ਖ਼ਰ ਹੈ ਮੈਂ ਇਸ ਯੁਗਪੁਰਸ਼ ਦਾ ਇਕ ਵਿਸਥਾਰ ਮਾਤਰ ਹਾਂ।”

ਚੰਦਨ: ਅਮਿਤੋਜ ਤੇ ਯੁਗਪੁਰਸ਼?! ਇਹ ਤਾਂ ਲਤੀਫ਼ਾ ਹੈ। ਅਮਿਤੋਜ ਰੌਣਕੀ ਬੰਦਾ ਸੀ; ਸ਼ਰਾਬੀ ਮਹਿਫ਼ਲਾਂ ਦਾ ਛਿੰਦਾ ਸ਼ਾਇਰ। ਪਿਉ ਤਕੜਾ ਜ਼ਿੰਮੀਦਾਰ ਸੀ। ਆਪ ਸ਼ਾਹਖ਼ਰਚ ਵੀ ਸੀ। ਪਤਾ ਨਹੀਂ ਕਿਸ ਅਹਿਸਾਨ ਥੱਲੇ ਕਿਸ ਮੂਡ ਵਿਚ ਪਾਸ਼ ਨੇ ਉਸ ਬਾਰੇ ਇਹ ਸ਼ਬਦ ਲਿਖੇ ਹੋਣਗੇ? ਇਹ ਉਨ੍ਹਾਂ ਦਾ ਜ਼ਾਤੀ ਮਾਮਲਾ ਹੈ। ਪਰ ਅਮਿਤੋਜ ਦੀ ਕਵਿਤਾ ਯੁਗਪੁਰਸ਼ੀ ਵਾਲ਼ੀ ਤਾਂ ਨਹੀਂ। ਚਾਰ ਕੁ ਕਵਿਤਾਵਾਂ ਚੰਗੀਆਂ ਲਿਖੀਆਂ; ਉਨ੍ਹਾਂ ਚੋਂ ਇਕ ਕਵਿਤਾ ‘ਪਲੰਘ’ ਬਾਰੇ ਮੈਂ ਲੇਖ ਵੀ ਲਿਖਿਐ, ਪਰ ਕਵਿਤਾ ਸੋਧ ਕੇ।

ਫੁਹਾਰਾ

ਹੁਣ: ਪੰਦਰਾਂ ਕੁ ਸਾਲ ਪਹਿਲਾਂ ਤੇਰੀ ਕਵਿਤਾ ਫੁਹਾਰੇ ਵਾਂਙ ਫੁੱਟੀ ਸੀ। ਬੜੀ ਜਾਨਦਾਰ। ਇਹ ਚਮਤਕਾਰ ਕਿਵੇਂ ਹੋ ਗਿਆ?

ਚੰਦਨ: ਮੈਨੂੰ ਤਾਂ ਆਪ ਨਹੀਂ ਪਤਾ। ਦਿਲ ਹੋਇਆ ਚਟਾਲੇ ਦਾ ਖੇਤ ਗੁਲਸ਼ਨ, ਜਿਉਂ ਜਿਉਂ ਹਰਾ ਹੋਇਆ, ਤਿਉਂ ਤਿਉਂ ਵੱਢਦੇ ਰਹੇ। ਮਹਾਵਾਕ ਐ – ਸਾਜਨ ਰੰਗਿ ਰੰਗੀਲੜੇ ਰੰਗ ਰੰਗਾਇਆ ਲਾਲੁ।

ਹੁਣ: ਕਈ ਕਹਿੰਦੇ, ਅਮਰਜੀਤ ਨੇ ਪ੍ਰਗਤੀਵਾਦ ਦਾ ਮੁਖੌਟਾ ਪਾਇਆ ਸੀ, ਸੋ ਲਾਹ ਦਿੱਤਾ! ਹੁਣ ਵਾਲ਼ਾ ਅਸਲ ਅਮਰਜੀਤ ਐ!

ਚੰਦਨ: ਇਹ ਉਨ੍ਹਾਂ ਦੀ ਅਪਣੀ ਸਮਝ ਐ। ਮੁਖੌਟਾ ਕੀ ਹੁੰਦੈ, ਅਸਲ ਕੀ ਹੁੰਦੈੈ ਤੇ ਕੀ ਨਹੀਂ; ਇਹ ਤਾਂ ਫੈਲਸੂਫੀਆਂ ਨੇ। ਅਮਲਾਂ ‘ਤੇ ਹੋਣਗੇ ਨਬੇੜੇ। ਵਾਹਣ ਤਾਂ ਇੱਕੋ ਜਿਹਾ ਹੀ ਐ। ਦੇਖੀ ਚੱਲੋ। ਸਾਨੂੰ ਆਦਤ ਪਈ ਹੋਈ ਐ ਬੰਦੇ ਨੂੰ, ਸਾਹਿਤ ਨੂੰ ਖ਼ਾਨਿਆਂ ਚ ਰਖ ਕੇ ਪਰਖਣ ਦੀ। ਕੁੱਕੜਾਂ ਦੇ ਖੁੱਡੇ ਬਣਾਏ ਹੋਏ ਨੇ ਆਹ ਪ੍ਰਗਤੀਵਾਦੀ ਐ, ਆਹ ਨਵਪ੍ਰਗਤੀਵਾਦੀ ਐ, ਆਹ ਪ੍ਰਯੋਗਵਾਦੀ ਹੈ, ਆਹ ਪੜਯਥਾਰਥਵਾਦੀ ਐ, ਆਹ ਉੱਤਰਾਧੁਨਿਕਵਾਦੀ ਐ। ਇਹ ਸਭ ਬਕਵਾਸ ਐ। ਗੱਲ ਤਾਂ ਇਥੇ ਆ ਕੇ ਨਿਬੜਦੀ ਐ ਕਿ ਕੋਈ ਰਚਨਾ ਕਵਿਤਾ ਹੈ ਜਾਂ ਨਹੀਂ? ਮੇਰੀ ਕੋਈ ਕਵਿਤਾ ਹੈ ‘ਦਸ ਪਰਛਾਵਿਆਂ ਵਾਲ਼ਾ ਬੰਦਾ’। ਇਹ ਮੈਂ ਈ ਆਂ। ਬੰਦੇ ਦੇ ਦਸ ਵੀ ਨਹੀਂ, ਅਨੇਕ ਪਰਛਾਵੇਂ ਹੁੰਦੇ ਨੇ। ਦਸ ਦੀ ਗਿਣਤੀ ਚਤੁਰ ਵੇਦ ਤੇ ਖਟ ਸ਼ਾਸਤਰ ਕਰਕੇ ਹੈ। ਸਿੱਧੜਾਂ ਨੂੰ ਪਤਾ ਨਹੀਂ ਲਗਦਾ ਇਹ ਮੇਰੀ ਲਿਖਤ ਕਿਹੜੇ ਖੁੱਡੇ ਚ ਰੱਖਣ? ਇਹ ਕਿਸੇ ਵੜੇ-ਵਾਦ ਚ ਨਹੀਂ ਬੱਝਣ ਵਾਲ਼ੀ।

ਹੁਣ: ਤੂੰ ਹੁਣ ਕੀ ਸੋਚਦੈਂ ਕਲਾ ਸਾਹਿਤ ਪ੍ਰਤੀਬਧਤਾ ਦਾ ਕੋਈ ਆਪੋ ਚ ਸਾਕ ਹੈ ਵੀ ਜਾਂ ਨਹੀਂ?

ਚੰਦਨ: ਹੈ, ਹੈ ਕਿਉਂ ਨਹੀਂ? ਪ੍ਰਤੀਬਧਤਾ ਦਾ ਮਤਲਬ ਸਟਾਲਿਨਪ੍ਰਸਤ ਸਿਆਸੀ ਪਾਰਟੀ ਨਾਲ਼ ਬਾਨ੍ਹ ਹੀ ਸਮਝਿਆ ਜਾਂਦਾ ਰਿਹੈ। ਮੈਂ ਹੁਣ ਵੀ ਸਿਆਸੀ ਸਮਾਜੀ ਲਹਿਰ ਨਾਲ਼ ਜੁੜਿਆ ਹੋਇਆਂ। ਲੰਡਨ ਚ 15 ਲੱਖ ਲੋਕਾਂ ਨੇ ਇਰਾਕ ਜੰਗ ਦੇ ਖ਼ਿਲਾਫ਼ ਮੁਜ਼ਾਹਿਰਾ ਕੀਤਾ ਸੀ। ਮੈਂ ਵੀ ਗਿਆ। ਜਾਣਾ ਈ ਸੀ। ਮੈਨੂੰ ਨਹੀਂ ਪਤਾ ਕਿੰਨੇ ਵਲੈਤੀਏ ਪੰਜਾਬੀ ਲਿਖਾਰੀ ਇਸ ਮੁਜ਼ਾਹਿਰੇ ਚ ਗਏ ਹੋਣਗੇ? ਪਰ ਮੈਂ ਇਸ ਜੰਗ ਬਾਰੇ ਹੁੰਦਲ ਮਾਰਕਾ ਕਵਿਤਾ ਨਹੀਂ ਲਿਖੀ। ਕੀ ਕਵਿਤਾ ਲਿਖ ਕੇ ਈ ਮੈਨੂੰ ਪ੍ਰਗਤੀਵਾਦੀ ਹੋਣ ਦਾ ਗਲ਼ ਚ ਲਟਕਾਉਣ ਲਈ ਸਰਟੀਫ਼ੀਕੇਟ ਮਿਲ਼ੂ? ਮੇਰੇ ਦੋਹਵੇਂ ਪੁੱਤ ਟੈਰਰਇਜ਼ਮ ਕਾਨੂੰਨ ਚ ਪੁਲਸ ਨੇ ਫੜੇ। ਵੱਡਾ ਫ਼ਲਸਤੀਨ ਗਿਆ ਸੀ; ਵਰ੍ਹਦੀਆਂ ਗੋਲ਼ੀਆਂ ਚ ਘਰੀਂ ਤੜਿਆਂ ਨੂੰ ਦਵਾਈਆਂ ਤੇ ਰੋਟੀ ਵੰਡਣ। ਇਹ ਸਾਰੀਆਂ ਦਿਖਾਵੇ ਦੀਆਂ ਗੱਲਾਂ ਮੈਨੂੰ ਏਸ ਲਈ ਕਰਨੀਆਂ ਪੈ ਰਹੀਆਂ ਕਿ ਮੈਨੂੰ ਮੁਖੌਟਾਧਾਰੀ ਆਖਣ ਵਾਲ਼ੇ ਦੱਸਣ – ਅਪਣਾ ਉਨ੍ਹਾਂ ਦਾ ਉਨ੍ਹਾਂ ਦੇ ਧੀਆਂ ਪੁੱਤਾਂ ਦਾ ਸਿਆਸੀ ਸਮਾਜੀ ਅਖ਼ਲਾਕੀ ਕਿਰਦਾਰ ਕਿਹੋ ਜਿਹਾ ਹੈ?

ਅਮਰਜੀਤ ਚੰਦਨ (ਜਨਮ 1946) ਸੰਨ 1980 ਤੋਂ ਲੰਦਨ ਰਹਿੰਦਾ ਹੈ। ਪੰਜਾਬ ਚ ਇਹਨੇ 1970ਆਂ ਦੇ ਸ਼ੁਰੂ ਚ ਨਕਸਲੀ ਲਹਿਰ ਚ ਦੋ ਸਾਲ ਕੈਦ ਕੱਟੀ ਅਤੇ ਇਸ ਲਹਿਰ ਦੇ ਸਾਹਿਤਕ ਤੇ ਸਿਆਸੀ ਪਰਚੇ ਕੱਢੇ। ਤੀਹ ਤੋਂ ਵਧ ਗ਼ੈਰ-ਪੰਜਾਬੀ ਸਾਹਿਤਕ ਕਿਤਾਬਾਂ ਦਾ ਸੰਪਾਦਨ ਤੇ ਅਨੁਵਾਦ ਕੀਤਾ। ਇਹਦੀਆਂ ਅਪਣੀਆਂ ਲਿਖਤਾਂ ਭਾਰਤੀ ਬੋਲੀਆਂ ਅਤੇ ਅੰਗਰੇਜ਼ੀ, ਤੁਰਕੀ, ਯੂਨਾਨੀ, ਰੁਮਾਨੀਅਨ ਵਿਚ ਛਪ ਚੁੱਕੀਆਂ ਹਨ।”

ਹੁਣ: ਤੂੰ ਲਿਖਿਆ ਸੀ: “ਏਨਾ ਕੁਝ ਗੁਆ ਕੇ ਇਹ ਗੱਲ ਜ਼ਰੂਰ ਸਿਖ ਲਈ ਕਿ ਸਿਆਸਤ ਨੂੰ ਸਾਹਿਤ ਨਾਲ਼ ਰਲ਼ਗੱਡ ਕਰਨਾ ਮੂਰਖਤਾ ਹੈ। ਪਰ ਸਿਆਸਤ ਨੂੰ ਸਾਹਿਤ ਨਾਲ਼ੋਂ ਜੁਦਾ ਕਰਨਾ ਉਸ ਤੋਂ ਵੱਡੀ ਮੂਰਖਤਾ ਹੈ।” (ਲਕੀਰ 1993) ਕੀ ਗੁਆਚਾ? ਫੇਰ ਇਹ ਸਾਹਿਤ ਸਿਆਸਤ ਦਾ ਰਿਸ਼ਤਾ ਹੋਵੇ ਕੀ?

ਚੰਦਨ: ਗੁਆਚਾ ਤਾਂ ਸਾਹਿਤ ਈ ਐ। ਗ਼ਦਰ ਗੂੰਜਾਂ ਤੋਂ ਲੈ ਕੇ ਹੁਣ ਤਕ ਦੀ ਪੰਜਾਬੀ ਕਵਿਤਾ ਸਾਹਿਤ ਸਿਆਸਤ ਤੇ ਸਿੱਧੜ ਜੋੜ ਦੀ ਕਵਿਤਾ ਹੈ। ਸਰਾਭਾ, ਭਾਈ ਭਗਵਾਨ ਸਿੰਘ ਜਾਂ ਟੁੰਡੀਲਾਟ ਤਾਂ ਕੋਈ ਪੇਸ਼ਾਵਰ ਕਵੀ ਨਹੀਂ ਸੀ। ਉਹ ਸਿਆਸੀ ਯੋਧੇ ਸੀ। ਸਾਡੇ ਕਹਿੰਦੇ-ਕਹਾਉਂਦੇ ਕਵੀਆਂ ਦੀ ਕਿਹੜੀ ਸਿਆਸੀ ਕਵਿਤਾ ਤੈਨੂੰ ਜਾਂ ਲੋਕਾਂ ਨੂੰ ਚੇਤੇ ਐ? ਪੂਰੀ ਅੱਧੀ ਸਦੀ ਦੀ ਕਵਿਤਾ ਇੱਕੋ ਕਵੀ ਦੀ ਲਿਖੀ ਲਗਦੀ ਹੈ ਜਾਂ ਸਾਰਿਆਂ ਦੀ ਰਲ਼ ਕੇ ਲਿਖੀ ਹੋਈ। ਇਸ ਚ ਮੈਂ ਅਪਣੇ ਪਿਤਾ ਦੀ ਕਵਿਤਾ ਵੀ ਸ਼ਾਮਿਲ ਕਰਦਾਂ। ਕੋਈ ‘ਲੋਕ ਕਵੀ’ ਸਟੇਜ ‘ਤੇ ਚੜ੍ਹ ਕੇ ਅਪਣੀ ਹਿੱਕ ‘ਤੇ ਧੱਫੇ ਮਾਰ-ਮਾਰ ਕਿੱਲ੍ਹ-ਕਿਲ੍ਹ ਇਹ ਤੁਕਬੰਦੀ ਪੜ੍ਹਦਾ ਹੁੰਦਾ ਸੀ ‘ਜੱਥੇਬੰਦੀ ਦਾ ਘੋਟਣਾ/ਸਾਮਰਾਜ ਦੀ ਹਿੱਕ ਚ ਠੋਕਣਾ…’। ਪੂਰੀ ਅੱਧੀ ਸਦੀ ਦੀ ਪੰਜਾਬੀ ਸਿਆਸੀ ਕਵਿਤਾ ਦਾ ਨਚੋੜ ਇਸ ਇੱਕੋ ਸਤਰ ਚ ਹੈ!


ਪਰ ਦਿਲੋ-ਦਿਮਾਗ਼ ਨੂੰ ਟੁੰਬਣ ਵਾਲ਼ੀਆਂ ਲਿਖਤਾਂ ਵੀ ਹੈਨ। ਕਿਸੇ ਗ਼ਦਰ ਦੀ ਗੂੰਜ ਦੇ ਅਖ਼ੀਰ ਚ ਇਹ ਸ਼ਬਦ ਸ਼ਿਲਾਲੇਖ ਵਾਂਙ ਮੇਰੇ ਚੇਤੇ ਵਿਚ ਉੱਕਰੇ ਪਏ ਹਨ- ਇਹ ਕਾਗਦੁ ਨਹੀਂ ਲੜਾਈ ਦਾ ਝੰਡਾ ਹੈ।- ਮੇਰੇ ਖ਼ਿਆਲ ਚ ਏਹੋ ਜਿਹੇ ਸ਼ਬਦ ਸ਼ਾਇਦ ਹੀ ਹੋਰ ਕਿਸੇ ਬੋਲੀ ਚ ਲਿਖੇ ਗਏ ਹੋਣਗੇ। ਜਾਂ ਗੁਰਮੁਖ ਸਿੰਘ ਮੁਸਾਫ਼ਿਰ ਦੀ ਇਹ ਕਵਿਤਾ ਨਹੀਂ ਮੈਨੂੰ ਭੁੱਲਦੀ ‘ਜੀਉਂਦੀ ਰਹੇ ਮੇਰੇ ਬੱਚਿਆਂ ਦੀ ਮਾਂ…’। ਇਹਦਾ ਪਿਛੋਕੜ ਇਹ ਹੈ ਕਿ ਦੇਸ਼ਭਗਤ ਮੁਸਾਫ਼ਿਰ ਨੂੰ ਪੁਲਸ ਫੜ ਕੇ ਚੱਲੀ ਹੈ ਤੇ ਇਹਦੇ ਬੱਚਿਆਂ ਦੀ ਮਾਂ ਭਰੇ ਦਿਲ ਨਾਲ਼ ਇਹਨੂੰ ਤੋਰ ਰਹੀ ਹੈ ਤੇ ਇਹ ਮਨ ਚ ਹੀ ਉਹਦੀ ਸਲਾਮਤੀ ਲਈ ਅਰਦਾਸ ਕਰਦਾ ਹੈ।


ਸੰਤੋਖ ਸਿੰਘ ਧੀਰ ਨੇ ਅਪਣੀ ਸ਼ਾਹਕਾਰ ਸਿਆਸੀ ਕਵਿਤਾ ‘ਤਾਸ਼ਕੰਦ ਦਾ ਗੀਤ’ ਕਿਸੇ ਕਿਤਾਬ ਚ ਪਤਾ ਨਹੀਂ ਕਿਉਂ ਨਹੀਂ ਪਾਈ। ਕਿਆ ਇਮੇਜਰੀ ਹੈ ਇਸ ਕਵਿਤਾ ਵਿਚ! ਇਸ ਕਵਿਤਾ ਵਾਲ਼ੀ ਜੁਗਤ ਮੈਂ ਅਪਣੀਆਂ ਕਈ ਕਵਿਤਾਵਾਂ ਚ ਵਰਤੀ ਹੈ।
ਪਾਬਲੋ ਨਰੂਦਾ ਨੇ ਪਤੇ ਦੀ ਗੱਲ ਕੀਤੀ ਸੀ ਕਿ ਨਵੇਂ ਉੱਠਦੇ ਕਵੀਆਂ ਨੂੰ ਚਾਹੀਦੈ ਕਿ ਉਹ ਸਿਆਸੀ ਕਵਿਤਾ ‘ਤੇ ਹੱਥ ਆਜ਼ਮਾਉਣ ਤੋਂ ਪਹਿਲਾਂ ਪਿਆਰ ਕਵਿਤਾ ਲਿਖਿਆ ਕਰਨ। ਪਰ ਸਾਡੇ ਤਾਂ ਉਲ਼ਟ ਈ ਸਭ ਕੁਸ਼ ਹੁੰਦੈ। ਸਾਡੇ ਤਾਂ ਸਿੱਧੇ ਸਟੇਜ ‘ਤੇ ਛੜੱਪਾ ਮਾਰ ਕੇ ਚੜ੍ਹ ਕੇ ਝੰਡੇ ਥੱਲੇ ਖਲੋ ਕੇ ਕਵਿਤਾ ਕਰਦੇ ਰਹੇ ਨੇ। ਕਮਿਉਨਿਸਟ ਕਵੀਆਂ ਨੂੰ ਤਾਂ ਘੱਟੋ-ਘਟ ਮਾਓ ਜ਼ੇ ਤੁੰਗ, ਹੋ ਚੀ ਮਿੰਨ੍ਹ ਦੀ ਕਵਿਤਾ ਵਰਗੀ ਕਵਿਤਾ ਲਿਖਣੀ ਚਾਹੀਦੀ ਸੀ।

ਹੁਣ: ਅਤਰ ਸਿੰਘ ਨੇ ਕੈਨੇਡੇ ਚ ਹੋਈ ਕਿਸੇ ਇੰਟਰਵੀਊ ਚ ਤੇਰੇ ਬਾਰੇ ਕਿਹਾ ਸੀ: “ਅਮਰਜੀਤ ਅਜੇ ਭੂਤਕਾਲ਼ ਨੂੰ ਚੁੰਬੜਿਆ ਹੋਇਐ। ਇਹ ਉਹਨੂੰ ਛੱਡੇ, ਤਾਂ ਈ ਕੁਝ ਕਰੇ।” ਤੇ ਫੇਰ ਉਹਨੇ ਪ੍ਰੇਮ ਪ੍ਰਕਾਸ਼ ਕੋਲ਼ ਤੇਰੀ ਰੱਜਵੀਂ ਵਡਿਆਈ ਵੀ ਕੀਤੀ ਸੀ। ਇਹ ਚੱਕਰ ਕੀ ਹੈ?

ਚੰਦਨ: ਹੋ ਸਕਦੈ ਜਿਸ ਭੂਤ ਦੀ ਗੱਲ ਅਤਰ ਸਿੰਘ ਨੇ ਕੀਤੀ, ਉਹ ਨਕਸਲੀ ਲਹਿਰ ਦਾ ਭੂਤ ਸੀ। ਬੜੇ ਘਟ ਲੋਕਾਂ ਨੂੰ ਪਤੈ ਕਿ ਅਤਰ ਸਿੰਘ ਚੰਗਾ ਕਵੀ ਸੀ। ਮਾੜੀ ਗੱਲ ਐ ਉਹਦੀ ਕਵਿਤਾ ਦੀ ਕਿਤਾਬ ਉਹਦੇ ਰਿਸ਼ਤੇਦਾਰਾਂ ਦੋਸਤਾਂ ਨੇ ਹੁਣ ਤਕ ਨਹੀਂ ਛਾਪੀ।

ਹੁਣ: ਕੁਝ ਸਮਕਾਲੀ ਤੇਰੇ ਠੇਠ ਪੰਜਾਬੀ ਦੇ ਮੋਹ ਕਰਕੇ, ਧਰੇਜੇ ਵਾਲ਼ੀਆਂ ਕਵਿਤਾਵਾਂ ਕਰਕੇ, ਤੇਰੀ ਵਾਰਤਕ ਕਰਕੇ ਤੈਨੂੰ ਪੂਰਨ ਸਿੰਘ ਦੀਆਂ ਪੁਰਾਣੇ ਪੰਜਾਬ ਨੂੰ ਮਾਰੀਆਂ ਵਾਜਾਂ ਵਾਂਙ ‘ਪਿਛਾਂਹ ਝਾਕਦਾ ਲੇਖਕ’ ਕਹਿੰਦੇ ਨੇ।

ਚੰਦਨ: ਠੇਠ ਬੋਲੀ ਤੇ ਧਰੇਜੇ ਨਾਲ਼ ਗੱਲਾਂ ਪੁਰਾਣੇ ਪੰਜਾਬ ਨੂੰ ਮੋੜ ਲਿਆਣ ਦਾ ਤਰਲਾ ਬਿਲਕੁਲ ਨਹੀਂ। ਠੇਠ ਬੋਲੀ ਮਿਹਣਾ ਕਿਵੇਂ ਹੋ ਗਈ? ਮੈਨੂੰ ਪੁਰਾਣੇ ਪੰਜਾਬ ਦਾ ਕੋਈ ਝੋਰਾ ਨਹੀਂ। ਆਦਿ-ਜੁਗਾਦੀ ਸਵਾਲ ਤਾਂ ਇਹ ਨੇ ਅਸੀਂ ਕਿਥੋਂ ਆਏ ਹਾਂ; ਇਥੇ ਕਿਉਂ ਹਾਂ; ਅਗਾਂਹ ਕਿਥੇ ਜਾਣਾ ਹੈ। ਹਰਿਦੁਆਰੋਂ ਮੇਰਾ ਚਾਚਾ ਨਿਰੰਜਣ ਸਿੰਘ ਸਾਡੇ ਟੱਬਰ ਦਾ ਕੁਰਸੀਨਾਮਾ ਲਿਆਇਆ। ਸਾਡੀ ਵੇਲ ਧਰੇਜੇ ਦੇ ਨਾਂ ਤੋਂ ਸ਼ੁਰੂ ਹੁੰਦੀ ਹੈ। ਸਤਾਰਵੀਂ ਸਦੀ ਤੋਂ। ਧਰੇਜਾ ਕਿੱਡਾ ਸੁਹਣਾ ਨਾਂ ਹੈ। ਧਰਤੀ ਦਾ ਪੁੱਤ। ਇਸ ਨਾਂ ਕਰਕੇ ਵੀ ਕਈ ਕਵਿਤਾਵਾਂ ਲਿਖੀਆਂ। ਜੇ ਨਾਂ ਕੂੜਾ ਹੁੰਦਾ ਜਾਂ ਫੱਗੂ, ਤਾਂ ਸ਼ਾਇਦ ਨਾ ਲਿਖ ਹੁੰਦੀਆਂ। ਖ਼ੈਰ; ਧਰੇਜਾ ਵੀ ਕਿਹੜਾ ਪਹਿਲਾ ਬੰਦਾ ਸੀ। ਪਿਛਾਂਹ ਜਾਈ ਜਾਓ; ਤੰਦ ਤਾਂ ਜਾ ਕੇ ਰੱਬ ਨਾਲ਼ ਹੀ ਜਾ ਮਿਲ਼ਦੀ ਹੈ। ਧਰੇਜਾ ਮੇਰੀ ਜੈਵਿਕ ਜੜ੍ਹ, ਕਾਵਿਕ ਜੜ੍ਹ, ਮੇਰਾ ਪੁਆਇੰਟ ਆੱਵ ਡੀਪਾਰਚਰ ਬਣ ਗਿਆ। ਇਹ ਵੀ ਐਬਸਟ੍ਰੈਕਟ ਗੱਲ ਐ ਤੇ ਰੱਬ ਐਬਸੋਲੀਊਟ ਐਬਸਟ੍ਰੈਕਸ਼ਨ ਹੈ। ਕਵੀ ਦਾ ਤਾਣਾਬਾਣਾ ਐਬਸਟ੍ਰੈਕਸ਼ਨ ਹੀ ਹੁੰਦੀ ਹੈ। ਜਿਸ ਕਵੀ ਦੀ ਬਿਰਤੀ ਉਸ ਨਾਲ਼ ਅਬਸੋਲੀਊਟ ਐਬਸਟ੍ਰੈਕਸ਼ਨ ਨਾਲ਼ ਜੁੜੀ ਨਾ ਹੋਵੇ, ਉਹ ਕਵੀ ਨਹੀਂ ਹੋ ਸਕਦਾ। ਹਰਿਭਜਨ ਸਿੰਘ ਦੀ ਇਹ ਗੱਲ ਮੈਨੂੰ ਦਰੁਸਤ ਲਗਦੀ ਹੈ। ਮੇਰਾ ਕਿਸੇ ਧਰਮ ਚ ਯਕੀਨ ਨਹੀਂ; ਪਰ ਰੱਬ ਚ ਜ਼ਰੂਰ ਹੈ। ਮੈਂ ਏਨਾ ਹੰਕਾਰੀ ਨਹੀਂ ਕਿ ਉਹਦੇ ਤੋਂ ਇਨਕਾਰੀ ਹੋਵਾਂ। ਸਿੱਖੀ ਮੈਨੂੰ ਅਪਣੇ ਸਰੀਰ ਵਾਂਙ ਮਿਲ਼ੀ। ਇਹ ਤਾਂ ਹੈ ਈ ਐ। ਇਹਦੀ ਮੈਨੂੰ ਕੋਈ ਸ਼ਰਮ ਨਹੀਂ।
ਮੇਰੇ ਠੇਠ ਪੰਜਾਬੀ ਦੇ ਮੋਹ ਪੰਜਾਬੀ ਸ਼ਬਦਾਂ ਦੀ ਰੂਹ ਚ ਵਸਣ ਦੀ ਗੱਲ ਸਤਪਾਲ ਗੌਤਮ ਨੇ ਸਮਝੀ। ਇਹਨੇ ‘ਛੰਨਾ’ ਕਿਤਾਬ ਦੇ ਮੁਕੱਦਮੇ ਚ ਲਿਖਿਆ ਕਿ ਇਹਦਾ ਕਾਰਣ ਪਰਦੇਸ ਹੈ। ਮੇਰੇ ਬੱਚੇ ਅੰਗਰੇਜ਼ੀ ਬੋਲਦੇ ਹਨ; ਇਨ੍ਹਾਂ ਦੀ ਮਾਂ ਹਿੰਦੀ। ਹਰ ਵੇਲੇ ਅੰਦਰ-ਬਾਹਰ ਅੰਗਰੇਜ਼ੀ ਹੀ ਕੰਨਾਂ ਚ ਪੈਂਦੀ ਹੈ। ਰਿਜ਼ਕ ਅੰਗਰੇਜ਼ੀ ਦਾ ਦਿੱਤਾ ਈ ਹੈ। ਪੰਜਾਬੀ ਮੈਂ ਅਪਣੇ-ਆਪ ਨਾਲ਼ ਹੀ ਬੋਲਦਾਂ; ਸੋਚਾਂ ਵਿਚ ਵੀ। ਆਮ ਦੁਆਬਣਾਂ ਦੀ ਜੀਭ ਚ ਕੁਹਾੜਾ ਹੁੰਦੈ; ਮੈਂ ਲਹੌਰ ਦੀਆਂ ਦੋਸਤ ਬੀਬੀਆਂ ਨੂੰ ਜਦ ਫ਼ੋਨ ਕਰਦਾਂ, ਤਾਂ ਓਦੋਂ ਮੇਰੀ ਆਵਾਜ਼ ਚ ਤਰਲਾ ਹੁੰਦੈ ਅਪਣੀ ਮਿੱਠੀ ਮਾਂ ਬੋਲੀ ਸੁਣਨ ਦਾ। ਇਕ ਵਾਰੀ ਕੋਈ ਬੀਬੀ ਮੈਨੂੰ ਫ਼ੋਨ ‘ਤੇ ਆਖਣ ਲੱਗੀ: ਤੁਸੀਂ ਡਰ ਗਏ? ਡਰੀਦਾ ਨਹੀਂ ਹੁੰਦਾ । ਕਿਆ ਦਿਲਬਰੀ ਹੈ ਇਨ੍ਹਾਂ ਬੋਲਾਂ ਚ। ਮੈਂ ਇਹਦੀ ਕਵਿਤਾ ਲਿਖੀ ਸੀ।

ਹੁਣ: ਬੋਲ ਹੀ ਦਾਰੂ ਹੁੰਦੇ ਨੇ ਬੰਦੇ ਦੇ। ਹੁਣ ਰੂਸ ਚੀਨ ਦੇ ਢਹਿਣ ਦੀ ਗੱਲ ਕਰੀਏ। ਇਹਦਾ ਕਿੰਨਾ ਕੁ ਦੁੱਖ ਲੱਗਾ ਤੈਨੂੰ?

ਚੰਦਨ: ਬਹੁਤ। ਹੁਣ ਮੈਂ ਹੱਸਦਾ ਹੁੰਦਾਂ ‘ਸੋਸ਼ਲਿਸਟ ਸਟੇਟ ਵਿਦਰ ਅਵੇ’ ਹੋ ਗਈ! ਪਰ ਜਦ ਟੀ। ਵੀ। ‘ਤੇ ਰੂਸ ਵਿਚ ਲੇਨਿਨ ਦੇ ਬੁੱਤ ਢਹਿੰਦੇ ਦੇਖਿਆ ਬੜੀ ਨਮੋਸ਼ੀ ਹੁੰਦੀ ਸੀ। ਪਰ ਮੈਂ ਮਾਰਕਸਵਾਦ ਦਾ ਅਫੀਮੀ ਨਹੀਂ। ਮੈਨੂੰ ਤੁਰਨ ਲਈ ਡੰਗੋਰੀ ਨਹੀਂ ਚਾਹੀਦੀ। ਸੰਨ 80 ਚ ਬਰਲਿਨ ਦੀ ਕੰਧ ਵੇਖ ਕੇ ਮੈਂ ਪੂਰਬੀ ਜਰਮਨੀ ਨਹੀਂ ਸੀ ਗਿਆ। ਇਹ ਮੇਰਾ ਅਪਣਾ ਨਿਜੀ ਰੋਸ ਸੀ। ਸੰਨ 89 ਚ ਰੂਸ ਦਾ ਨਿਘਾਰ ਮੈਂ ਅੱਖੀਂ ਦੇਖ ਲਿਆ ਸੀ। ਓਥੇ ਕੋਈ ਸੋਸ਼ਲਿਜ਼ਮ ਦਾ ਨਾਂ ਤਕ ਨਹੀਂ ਸੀ ਸੁਣਨਾ ਚਾਹੁੰਦਾ। ਇਹ ਨਜ਼ਾਮ ਢੱਠਣਾ ਈ ਸੀ। ਵਿਚ ਹਿਟਲਰ ਨਾ ਆਉਂਦਾ, ਤਾਂ ਸਟਾਲਿਨਿਜ਼ਮ ਤਾਂ ਦਸ-ਪੰਦਰਾਂ ਸਾਲਾਂ ਚ ਹੀ ਪਾਸੇ ਲਗ ਜਾਣਾ ਸੀ। ਬੁਨਿਆਦੀ ਗੱਲਾਂ ਹਨ: ਐਬਸੋਲੀਊਟ ਪੁਲੀਟੀਕਲ ਪਾਵਰ, ਵੰਨ ਪਾਰਟੀ ਸਟੇਟ, ਕਮਾਂਡ ਇਕੌਨੌਮੀ ਅਤੇ ਧਰਮ ਰੱਬ ਦੇ ਖ਼ਿਲਾਫ਼ ਖੋਲ੍ਹਿਆ ਬੇਲੋੜਾ ਫ਼ਰੰਟ। ਬੰਦੇ ਕੋਲ਼ੋਂ ਜਾਇਦਾਦ ਖੋਹ ਲਈ; ਰੱਬ ਖੋਹ ਲਿਆ; ਕਲਮ ਖੋਹ ਲਈ; ਬਾਕੀ ਉਹਦੇ ਕੋਲ਼ ਕੀ ਬਚਿਆ? ਛਣਕਣਾ? ਇਹ ਹਾਲ ਰੂਸ ਚੀਨ ਤੇ ਹੋਰ ਮੁਲਕ ਵਿਚ ਲੇਖਕਾਂ ਕਲਾਕਾਰਾਂ ਦਾ ਹੋਇਆ। ਮੈਂ ਤਾਂ ਸੋਚਦਾ ਹੁੰਦਾਂ ਸਾਡੇ ਕਮਿਉਨਿਸਟ ਸ਼ਹਿਰੀ ਆਜ਼ਾਦੀ, ਲਿਖਣ ਬੋਲਣ ਦੀ ਆਜ਼ਾਦੀ ਦੀ ਗੱਲ ਕਿਹੜੇ ਮੂੰਹ ਨਾਲ਼ ਕਰਦੇ ਨੇ; ਦੁਨੀਆ ਚ ਜਿਥੇ ਕਿਤੇ ਵੀ ਇਨ੍ਹਾਂ ਦਾ ਅਪਣਾ ਰਾਜ ਸੀ; ਓਥੇ ਕੋਈ ਆਜ਼ਾਦੀ ਨਹੀਂ ਸੀ। ਹੋਰ ਅਨੇਕ ਗੱਲਾਂ ਹਨ। ਸਮਾਜਵਾਦ ਕਿਉਂ ਢਹਿ ਗਿਆ? ਇਹਦੀ ਬਾਬਤ ਅਣਗਿਣਤ ਕਿਤਾਬਾਂ ਛਪੀ ਜਾਂਦੀਆਂ ਹਨ।


ਆਪਾਂ ਗੱਲ ਕਰਦੇ ਹਾਂ- ਸਾਹਿਤ ਤੇ ਕਲਾ ਦੀ। ਸਮਾਜਵਾਦ ਕਿੱਡਾ ਸੁਹਾਵਣਾ ਸੁਫਨਾ ਸੀ। ਲੇਨਿਨ ਦੀ ਮੌਤ ਤਕ ਸੋਵੀਅਤ ਸਾਹਿਤ ਕਲਾ ਦਾ ਸੁਨਿਹਰਾ ਦੌਰ ਸੀ। ਮਹਾਨ ਲਿਖਾਰੀ, ਚਿੰਤਕ, ਚਿਤ੍ਰਕਾਰ, ਫ਼ਿਲਮਸਾਜ਼, ਸੰਗੀਤਕਾਰ, ਸਾਇੰਸਦਾਨ ਪੈਦਾ ਹੋਏ। ਸਟਾਲਿਨ ਨੇ ਆਉਣ ਸਾਰ ਈ ਸਾਹਿਤ ਕਲਾ ਦੀ ਗਿੱਚੀ ਮਰੋੜ ਕੇ ਰਖ ਦਿੱਤੀ। ਏਸ ਮਨੋਰੋਗੀ ਨੇ ਸਾਰੇ ਈ ਬਾਲਸ਼ਵਿਕ ਆਗੂ ਝਟਕਾ ਕੇ ਰਖ ਦਿੱਤੇ। ਪੂਰੀ ਪੀੜ੍ਹੀ ਤਬਾਹ ਕਰ ਦਿੱਤੀ। ਜੋ ਹਸ਼ਰ ਹੋਇਆ, ਉਹ ਜੱਗ ਜਾਣਦਾ ਹੈ। ਪੰਜਾਬ ਚ ਆਪਾਂ ਡੂੜ੍ਹ ਸਾਲ ਐਮਰਜੈਂਸੀ ਦਾ ਨਜ਼ਾਰਾ ਦੇਖਿਆ ਸੀ। ਰੂਸ ਵਿਚ ਤਾਂ 70 ਸਾਲ ਐਮਰਜੈਂਸੀ ਲੱਗੀ ਰਹੀ। ਜੇ ਸਿਆਸੀ ਸਿਸਟਮ ਚ ਜਾਨ ਹੈ, ਤਾਂ ਪਾਸਤਰਨਾਕ ਦੀ ਕਿਤਾਬ ਜਾਂ ਮੈਂਡਲਸਟਾਮ ਦੀ ਇਕ ਕਵਿਤਾ ਤੋਂ ਉਹਨੂੰ ਕੀ ਖ਼ਤਰਾ ਹੋ ਸਕਦੈ? ਰਤਾ ਅੰਦਾਜ਼ਾ ਲਾ ਪੰਜਾਬ ਚ ਆ ਗਿਆ ਇਨਕਲਾਬ ਤੇ ਲੇਖਕ ਯੂਨੀਅਨ ਦਾ ਹਰਭਜਨ ਹੁੰਦਲ ਬਣ ਗਿਆ ਪ੍ਰਧਾਨ ਤੇ ਸੰਤੋਖ ਸਿੰਘ ਸੰਤੋਖ ਬਣ ਗਿਆ ਸੈਕਟਰੀ। ਤੈਨੂੰ ਮੈਨੂੰ ਉੱਤੋਂ ਹੁਕਮ ਇਹ ਆਇਐ ਕਿ ਹੁਣ ਤੁਸੀਂ ਜੋ ਵੀ ਲਿਖੋ, ਉਹ ਪਹਿਲਾਂ ਹੁੰਦਲ ਸੰਤੋਖ ਨੂੰ ਪੜ੍ਹਾ ਕੇ ਦਿਖਾਲ਼ ਕੇ ਠੀਕ ਕਰਵਾ ਕੇ ਲਿਆਵੋ, ਫੇਰ ਉਹ ਛਪੂ। ਜੇ ਅੜੀ ਕੀਤੀ, ਤਾਂ ਚੱਲੋ ਪਾਗਲਖ਼ਾਨੇ। ਜੇ ਓਥੇ ਨਹੀਂ ਜਾਣਾ, ਤਾਂ ਗੋਲ਼ੀ ਤਿਆਰ ਐ। ਇਹ ਕੁਸ਼ ਹੁੰਦਾ ਰਿਹਾ ਰੂਸ ਚੀਨ ਚ।


ਰੂਸ ਦੇ ਢਹਿਣ ਨਾਲ਼ ਹੋਰਨਾਂ ਮੁਲਕਾਂ ਦੇ ਕਮਿਉਨਿਸਟਾਂ ਹਮਦਰਦਾਂ ਨੂੰ ਸਦਮਾ ਤਾਂ ਲੱਗਣਾ ਈ ਸੀ। ਬੜੇ ਹਿਲ ਗਏ। ਨਸ਼ੇ ਕਰਨ ਲੱਗੇ। ਪੰਜਾਬ ਚ ਈ ਦੇਖ, ਕਿੰਨੇ ਉਠ ਕੇ ਪੂਨੇ ਦੇ ਠੱਗ ਓਸ਼ੋ ਦੇ ਪਿੱਛੇ ਲੱਗ ਗਏ। ਓਦਾਂ ਓਸ਼ੋ ਨੂੰ ਪੰਜਾਬ ਚ ਪਹਿਲੀ ਵਾਰੀ ਲਿਆਉਣ ਵਾਲ਼ਾ ਪਾਸ਼ ਸੀ। ਏਨ ਅਪਣੇ ਪਰਚੇ ‘ਹਾਕ’ ਚ 1976-77 ਦੇ ਦਿਨਾਂ ਚ ਉਹਦੇ ਲੇਖ ਛਾਪੇ ਸੀ। ਇਕ ਲੇਖ ਚ ਜਮਾਂ-ਤਫ਼ਰੀਕ ਕਰਕੇ ਦੱਸਿਆ ਹੋਇਆ ਸੀ ਕਿ ਔਰਤ ਮਰਦ ਨਾਲ਼ੋਂ ਹੀਣੀ ਹੀ ਰਹਿਣੀ ਐ।


ਕਮਿਉਨਿਸਟ ਅਪਣੇ ਸਿਧਾਂਤ ਨੂੰ ਕਹਿੰਦੇ ਤਾਂ ਸਾਇੰਸ ਨੇ। ਜੇ ਸਾਇੰਸਦਾਨ ਦਾ ਤਜਰਬਾ ਫੇਲ ਹੋ ਜਾਏ, ਤਾਂ ਉਹ ਕੀ ਕਰਦਾ? ਹੋਰ ਨਵਾਂ ਤਜਰਬਾ ਕਰਦਾ। ਪਰ ਪੰਜਾਬੀ ਸਟਾਲਿਨਿਸਟਾਂ ਵਾਂਙ ਜ਼ਿੱਦ ਨਹੀਂ ਕਰਦਾ ਕਿ ਫੇਲ ਹੋਇਆ ਈ ਨਹੀਂ। ਮਾਰਕਸ ਦਾ ਅਪਣਾ ਅਸੂਲ ਸੀ ਡਾਊਟ ਐਵਰੀ ਥਿੰਗ। ਸਾਡੇ ਤਾਂ ਸ਼ਰਧਾ ਦੇ ਆਲੂ ਨੇ। ਰੂਸ ਇਨਕਲਾਬ ਦੀ ਅੱਗ ਲੈਣ ਗਏ ਪਹਿਲੇ ਗ਼ਦਰੀਆਂ ਚ ਹਰਜਾਪ ਸਿੰਘ ਵੀ ਸੀ। ਸੰਨ 40 ਦੀ ਇਹਦੀ ਡਾਇਰੀ ਦੇਸ਼ ਭਗਤ ਯਾਦਗਾਰ ਨੇ ਹੁਣ ਛਾਪੀ ਹੈ। ਮੈਂ ਓਦੋਂ ਦੀ ਇਹਦੀ ਸਟਾਲਿਨ ਦੀ ਕੀਤੀ ਭੰਡੀ ਪੜ੍ਹ ਕੇ ਹੈਰਾਨ ਰਹਿ ਗਿਆ। ਏਨੀ ਜੁਰਅਤ ਤਾਂ ਸਾਡੇ ਕਿਸੇ ਹੋਰ ਕਮਿਉਨਿਸਟ ਆਗੂ ਚ ਨਹੀਂ ਸੀ। ਹੁਣ ਵੀ ਨਹੀਂ।


ਐਡਵਰਡ ਸਾਈਦ ਦਾਨਿਸ਼ਵਰਾਂ ਨੂੰ ਕਹਿੰਦਾ ਹੁੰਦਾ ਸੀ- ਰੋਂਦੇ ਕਿਉਂ ਹੋ ਅਖੇ ‘ਗੌਡ ਦੈਟ ਫ਼ੇਲਡ’। ਭਲਿਓ ਬੰਦਿਓ ਰੱਬ ਕਿਸੇ ਨੂੰ ਬਣਾਉਂਦੇ ਈ ਕਾਸ ਨੂੰ ਹੋ? ਬਣਾਓ ਹੀ ਨਾ। ਅੱਖਾਂ ਤੋਂ ਪੱਟੀ ਲਾਹ ਦਿਓ; ਸੁਖੀ ਰਹੋਂਗੇ।

ਹੁਣ: ਤੂੰ ‘ਦਰਸ਼ਨ’ ਨਾਂ ਦੇ ਲੇਖ ਚ ਲਿਖਿਆ ਸੀ ਕਿ ਤੂੰ ਪੰਜਾਬ ਨਾ ਜਾਣ ਦੀ ਅਰਦਾਸ ਕੀਤੀ ਸੀ।

ਚੰਦਨ: ਜੇ ਰੱਬ ਹਰ ਕਿਸੇ ਦੀ ਅਰਦਾਸ ਸੁਣਨ ਲਗ ਪਏ, ਤਾਂ ਦੁਨੀਆ ਦੇ ਕੰਮ ਰੁਕ ਜਾਣ! ਓਹ ਗੱਲ ਨਿਜੀ ਹੈ। ਮੈਂ ਤਾਂ ਪੰਜਾਬ ਦਾ ਧੱਕਿਆ ਏਥੇ ਬੈਠਾਂ। ਮੈਨੂੰ ਹੁਣ ਓਥੋਂ ਦੀ ਕੋਈ ਚੀਜ਼ ਨਹੀਂ ਖਿੱਚਦੀ। ਜਾਵਾਂ ਤਾਂ ਹੌਲ ਪੈਂਦਾ। ਨਕੋਦਰ ਜਾਂਦਾਂ, ਤਾਂ ਭਾਂ-ਭਾਂ ਕਰਦਾ ਘਰ ਮੈਨੂੰ ਖਾਣ ਨੂੰ ਆਉਂਦਾ। ਘਰ ਮਾਪਿਆਂ ਨਾਲ਼ ਈ ਸੀ। ਦੋ ਕੋਠੜੀਆਂ ਸਾਰਖੀਆਂ ਵੱਡਾ ਭਰਾ ਮੱਲਣਾ ਚਾਹੁੰਦੈ। ਕਹਿੰਦਾ ਨਾ ਤੇਰੀ ਕਮਾਈ ਲੱਗੀ ਐ ਤੇ ਨਾ ਸਾਡੇ ਪੇ ਦੀ। – ਹੁਣ ਤਾਂ ਚਾਰ ਕੰਧਾਂ ਆ ਤੇ ਰੋਸ਼ਨਦਾਨਾਂ ਚ ਆਲ੍ਹਣੇ ਪਾਈ ਬੈਠੇ ਕਬੂਤਰ। ਪੰਜਾਬ ਵਿਚ ਲਿਖਾਰੀਬੰਦੇ ਸਾੜੇ ਕੀਨੇ ਨਫ਼ਰਤ ਨਾਲ਼ ਭਰੇ ਬੈਠੇ ਲੋਈਆਂ, ਰੂਬਰੀਆਂ, ਘੁੰਡਚਕਾਈਆਂ, ਢੋਲਵਜਾਈਆਂ ਕਰੀ ਜਾਂਦੇ ਆ। ਮਾਈ ਸੁਰਸਤੀ ਨਾਲ਼ ਹੁੰਦਾ ਵਿਭਚਾਰ ਨਹੀਂ ਦੇਖ ਹੁੰਦਾ ਮੈਤੋਂ।

ਹੁਣ: ਫੇਰ ਕਿਥੇ ਜਾਣ ਨੂੰ ਦਿਲ ਕਰਦਾ ਤੇਰਾ?

ਚੰਦਨ: ਕਿਤੇ ਵੀ ਨਹੀਂ। ਕਿਤੇ ਵੀ ਦਿਲ ਨਹੀਂ ਲਗਦਾ ਮੇਰਾ। ਮੇਰੀ ਗਰੀਕ ਅਨੁਵਾਦਕ ਕ੍ਰਿਸਟੀਨਾ ਲੀਨਾਰਦਾਕਿਸ ਨੇ ਇਹ ਗੱਲ ਫੜੀ ਸੀ ਕਿ ਤੇਰਾ ਓਥੇ ਜਾਣ ਨੂੰ ਮਨ ਲੋਚਦਾ, ਜਿਹੜਾ ਇਸ ਦੁਨੀਆ ਚ ਹੈ ਨਹੀਂ।

ਹੁਣ: ਤੂੰ ਇੰਗਲੈਂਡ ਕਾਹਤੋਂ ਆਇਆ ਸੀ?

ਚੰਦਨ: ਜਿਸ ਕਰਕੇ ਤੂੰ ਤੇ ਹੋਰ ਸਾਰੀ ਦੁਨੀਆ ਏਥੇ ਆਈ ਸੀ; ਰੋਟੀ ਦੇ ਦੁੱਖ ਨੂੰ; ਸੁੱਖ ਦੇ ਦੁੱਖ ਨੂੰ। ਪੰਜਾਬ ਚ ਕਿਸੇ ਨੇ ਨੌਕਰੀ ਨਹੀਂ ਸੀ ਦੇਣੀ। ਮੈਤੋਂ ਹਲਵਾਰਵੀ ਨਹੀਂ ਸੀ ਬਣ ਹੋਣਾ। ਚੰਗਾ ਰਿਹਾ। ਏਥੇ ਕਿਸੇ ਅੱਗੇ ਹੱਥ ਨਹੀਂ ਅੱਡਣੇ ਪਏ; ਸਮਝੌਤਾ ਨਹੀਂ ਕਰਨਾ ਪਿਆ। ਹੱਕ-ਹਲਾਲ ਦੀ ਦਸਾਂ ਨਹੁੰਆਂ ਦੀ ਕਮਾਈ ਕੀਤੀ ਐ।

ਹੁਣ: ਅਪਣੇ ਕਾਮਰੇਡਾਂ ਦੇ ਧੀਆਂ ਪੁੱਤ ਯੂਰਪ ਅਮਰੀਕਾ ਦੇ ਸਰਮਾਏਦਾਰ ਮੁਲਕਾਂ ਚ ਕਿੰਨੇ ਸੁਖੀ ਵਸਦੇ ਨੇ। ਲੀਡਰ ਫ਼ੰਡ ਵੀ ਏਥੋਂ ਈ ਉਗਰਾਹ ਕੇ ਲਜਾਂਦੇ ਆ। ਨਾਲ਼ ਈ ਏਧਰ ਨੂੰ ਗਾਹਲ਼ਾਂ ਵੀ ਕੱਢਦੇ ਆ। ਤੈਨੂੰ ਹਾਸਾ ਨਈਂ ਆਉਂਦਾ?

ਚੰਦਨ: ਹਾਸੇ ਦੇ ਨਾਲ਼ ਰੋਣਾ ਵੀ ਆਉਂਦਾ। ਦੁਆਬੇ ਦੇ ਹਰ ਕਮਿਉਨਿਸਟ ਲੀਡਰ ਦੇ ਧੀਆਂ ਪੁੱਤ ਏਥੇ ਈ ਆ। ਦੋ ਵੱਡੇ ਗ਼ਦਰੀ ਲੀਡਰਾਂ ਦੀਆਂ ਜੀਵਨੀਆਂ ਪੜ੍ਹਨ ਵਾਲ਼ੀਆਂ ਹਰਜਾਪ ਸਿੰਘ ਤੇ ਮੂਲ਼ਾ ਸਿੰਘ ਬਾਹੋਵਾਲ਼ੀਏ ਦੀਆਂ। ਬੰਦੇ ਈਮਾਨਦਾਰ ਸੀ। ਦੋਹਵੇਂ ਕੈਨੇਡੇ ਜਾ ਕੇ ਮੁੱਕੇ ਸੀ। ਦੋਹਵਾਂ ਨੇ ਓਥੋਂ ਦੀ ਸੋਸ਼ਲ ਡੈਮੋਕ੍ਰੇਸੀ ਸੋਸ਼ਲ ਸਕਿਉਰਟੀ ਸਿਸਟਮ ਦੀ ਵਡਿਆਈ ਕੀਤੀ ਐ। ਅਪਣੇ ਏਥੇ ਹੁੱਬ ਕੇ ਆਖਣਗੇ ਕਿ ਜੀ ਜਦ ਅਸੀਂ ਆਏ ਸੀ, ਤਾਂ ਬੋਝੇ ਚ ਤਿੰਨ ਪੌਂਡ ਲੈ ਕੇ ਆਏ ਸੀ। – ਅੱਜ ਦੇਖ ਲੈ, ਕਰੋੜਾਂਪਤੀ ਬਣੇ ਬੈਠੇ ਆ। ਇਹ ਕੋਈ ਮਿਹਣਾ ਨਹੀਂ। ਅਪਣੀ ਸਿਆਣਪ ਤੇ ਮਿਹਨਤ ਨਾਲ਼ ਬਣੇ ਆ। ਮੈਂ ਇਨ੍ਹਾਂ ਨੂੰ ਛੇੜਦਾ ਹੁੰਦਾਂ, ਜਿਸ ਸਿਸਟਮ ਨੇ ਤੁਹਾਨੂੰ ਏਨੇ ਜੋਗੇ ਬਣਾਇਆ, ਉਹ ਮਾੜਾ ਕਿੱਦਾਂ ਹੋਇਆ?- ਕਵਿਤਾ ਓਹੀ ਪੰਜਾਹ ਸਾਲ ਪਹਿਲਾਂ ਵਾਲ਼ੀ ‘ਮੁੜ੍ਹਕੇ ਦੀ ਖ਼ੁਸ਼ਬੋ’ ਤੇ ‘ਨਸਲਵਾਦੀ ਦੇ ਨਾਂ’ ਲਿਖਣੋ ਨਹੀਂ ਹਟਦੇ। ਅਪਣਾ ਨਸਲਵਾਦ ਭੁੱਲ ਜਾਂਦੇ ਆ। ਹਾਂਸ ਇਨ੍ਹਾਂ ਬਾਰੇ ਕਹਿੰਦਾ ਹੁੰਦਾ ਬਈ ਇਹ ਤਾਂ ਸਾਮਰਾਜ ਦੀ ਹਿੱਕ ‘ਤੇ ਚੜ੍ਹ ਕੇ ਬਹਿ ਕੇ ਸ਼ਾਇਰੀ ਕਰਦੇ ਆ!

ਹੁਣ: ਅੰਗਰੇਜ਼ੀ ਲੇਖਕ ਜੌਨ੍ਹ ਬਰਜਰ ਨਾਲ਼ ਤੇਰਾ ਬੜਾ ਤੇਹੁ ਆ।

ਚੰਦਨ: ਉਹਦੀ ਕੋਈ ਰੀਸ ਨਹੀਂ। ਸ਼ਬਦ ਦੀ ਰੂਹ ਚ ਉਤਰਨਾ ਮੈਂ ਇਸਤੋਂ ਈ ਸਿੱਖਿਆ। ਇਹ ਨੋਬੇਲ ਇਨਾਮ ਦਾ ਹੱਕਦਾਰ ਐ। ਇਹ ਜਦ ਵੀ ਫ਼ਰਾਂਸ ਤੋਂ ਆਉਂਦਾ, ਇਹਨੂੰ ਜਾ ਕੇ ਮਿਲ਼ਦਾਂ। ਮੈਂ ਇਹਨੂੰ ਕੁਝ ਸਾਲ ਹੋਏ, ਝਿਜਕਦੇ ਨੇ ਅਪਣੀਆਂ ਕਵਿਤਾਵਾਂ ਘੱਲੀਆਂ। ਜਿੱਦਣ ਇਹਨੂੰ ਮੇਰਾ ਲਿਫ਼ਾਫ਼ਾ ਮਿਲ਼ਿਆ, ਓਦਣ ਚਾਰ ਮੁਲਕਾਂ ਦੀਆਂ ਕੰਪਨੀਆਂ ਰਲ਼ ਕੇ ਇਹਦੇ ਬਾਰੇ ਫ਼ਿਲਮ ਬਣਾ ਰਹੀਆਂ ਸਨ। ਫ਼ਿਲਮਸਾਜ਼ ਸਵਾਲ ਕਰਦੈ: ਅੱਜ ਦੀ ਕੋਈ ਖ਼ਾਸ ਗੱਲ?- ਜਵਾਬ: ਅੱਜ ਫ਼ਰਾਂਸ ਦੇ ਡਾਕਖ਼ਾਨਿਆਂ ਚ ਹੜਤਾਲ ਐ। ਤਾਂ ਵੀ ਇਹ ਲਿਫ਼ਾਫ਼ਾ ਮਿਲ਼ਿਐ। ਇਹ ਪੰਜਾਬੀ ਕਵੀ ਅਮਰਜੀਤ ਚੰਦਨ ਦੀਆਂ ਕਵਿਤਾਵਾਂ ਨੇ। ਮੈਂ ਇਹਨੂੰ ਜਾਣਦਾ ਨਹੀਂ। ਮੈਂ ਇਹਦੀ ਕਵਿਤਾ ਪੜ੍ਹ ਕੇ ਸੁਣਾਉਦਾਂ- ਲਸਣ। – ਇਸ ਤੋਂ ਵੱਡੀ ਦਾਦ ਇਸ ਤੋਂ ਵੱਡਾ ਇਨਾਮ ਨਹੀਂ ਕੋਈ ਮੈਨੂੰ ਦੇ ਸਕਦਾ।

ਹੁਣ: ਹੁਣ ਤੂੰ ਬੇਰੁਜ਼ਗਾਰ ਹੈਂ। ਦਿਨ ਕਿਵੇਂ ਲੰਘਦੈ?

ਚੰਦਨ: ਔਖਾ ਈ ਲੰਘਦੈ। ਰਟੈਰ ਹੋਣ ਨੂੰ ਹਾਲੇ ਸੱਤ ਸਾਲ ਪਏ ਆ। ਡਾਕੀਏ ਦੀ ਉਡੀਕ ਮੁੱਕ ਗਈ। ਚਿੱਠੀ-ਪਤ੍ਰ ਹੁਣ ਈਮੇਲ ਰਾਹੀਂ ਹੁੰਦੈ। ਬਾਹਲ਼ੀ ਤਾਂਘ ਹੋਵੇ, ਤਾਂ ਪ੍ਰੇਮ ਵਰਗੇ ਮਿਤਰਾਂ ਨੂੰ ਫ਼ੋਨ ਕਰ ਲਈਦੈ। ਮਨ ਹੌਲ਼ਾ ਹੋ ਜਾਂਦੈ। ਸਵੇਰ ਏਸੇ ਆਹਰ ਚ ਲੰਘ ਜਾਂਦੀ ਐ। ਫੇਰ ਨਵੀਂ ਪੁਰਾਣੀ ਲਿਖਤ ਕੰਪੀਊਟਰ ‘ਤੇ ਲਿਖਦਿਆਂ ਸੋਧਦਿਆਂ ਵੇਲਾ ਟਪ ਜਾਂਦੈ। ਸੈਰ, ਜਿਮ, ਅਖ਼ਬਾਰ ਦਾ ਨਿਤਨੇਮ ਹੈ। ਹਫ਼ਤੇ ਚ ਇਕ ਦਿਨ ਮਾਰਕਸ ਮੈਮੋਰੀਅਲ ਲਾਇਬ੍ਰੇਰੀ ਬਤੌਰ ਵਲੰਟੀਅਰ ਕੰਮ ਕਰਨ ਚਲੇ ਜਾਂਦਾਂ। ਓਥੇ ਲੇਨਿਨ ‘ਇਸਕਰਾ’ ਅਖ਼ਬਾਰ ਤਿਆਰ ਕਰਦਾ ਹੁੰਦਾ ਸੀ। ਓਥੇ ਮੇਰਾ ਦਿਲ ਲਗਦੈ, ਜਿਵੇਂ ਮਾਰਕਸ ਲੇਨਿਨ ਦੀ ਸੰਗਤ ਮਾਣ ਰਿਹਾ ਹੋਵਾਂ।

ਹੁਣ: ਤੂੰ ਗ਼ਜ਼ਲ ਨਹੀਂ ਲਿਖੀ?

ਚੰਦਨ: ਪੰਜਾਬੀ ਚ ਗ਼ਜ਼ਲ ‘ਤੇ ਪਾਬੰਦੀ ਲਗਣੀ ਚਾਹੀਦੀ ਐ। ਪੰਜਾਬੀ ਦਾ ਸੁਭਾਅ, ਇਹਦੀ ਧੁਨੀ, ਇਹਦਾ ਮੁਹਾਵਰਾ ਇਹਦੀ ਵਿਆਕਰਣ ਦੋਹੜੇ ਵਾਲ਼ੀ ਹੈ; ਗ਼ਜ਼ਲ ਵਾਲ਼ੀ ਨਹੀਂ। ਕੋਈ ਇਕ ਵੀ ਹਾਸਿਲ ਸ਼ਿਅਰ ਨਹੀਂ ਮਿਲ਼ਦਾ।

ਹੁਣ: ਭਗਵਾਨ ਜੋਸ਼ ਨੇ ਲਿਖਿਐ: ਅਮਰਜੀਤ ਕਵਿਤਾ ਤੇ ਵਾਰਤਕ ਚ ਕੋਈ ਫ਼ਰਕ ਨਹੀਂ ਸਮਝਦਾ।

ਚੰਦਨ: ਇਹ ਭਾਵਨਾ ਤੇ ਸੋਚ ਦੀ ਗੱਲ ਐ। ਬ੍ਰੈਸ਼ਟ ਕਹਿੰਦੈ: ਥਿੰਕ ਵਿਦ ਫ਼ੀਲਿੰਗ। ਮੈਂ ਵਾਰਤਕ ਵੀ ਕਵਿਤਾ ਵਾਂਙ ਹੀ ਲਿਖਦਾਂ। ਖੁੱਭ ਕੇ। ਰਚ ਕੇ। ਗਹਿਗੱਚ ਹੋ ਕੇ। ਆਵੇਸ਼ ਵਿਚ। ‘ਧੀ, ਨਾਮ੍ਹਾ ਫਾਂਸੀ ਵਾਲ਼ਾ’ ਵਰਗੇ ਲੇਖ ਲਿਖ ਕੇ ਲਗਦੈ, ਜਿਵੇਂ ਛਿਲਾ ਕੱਟ ਕੇ ਹਟਿਆ ਹੋਵਾਂ।

ਹੁਣ: ਤੂੰ ਵੀਹਵੀਂ ਸਦੀ ਦੀ ਵਾਰਤਕ ਦੀ ਕਿਤਾਬ ‘ਪੋਟਲ਼ੀ’ ਐਡਿਟ ਕਰਨ ਲੱਗਾ ਸੀ; ਉਹਦਾ ਕੀ ਬਣਿਆ?

ਚੰਦਨ: ਸੰਨ 99 ਚ ਭਾਪੇ ਪ੍ਰੀਤਮ ਸਿੰਘ ਨੇ ਮੈਨੂੰ ਇਹ ਕਿਤਾਬ ਤਿਆਰ ਕਰਨ ਨੂੰ ਕਿਹਾ ਸੀ। ਲਿਸਟ ਬਣਾਈ; ਭਾਪਾ ਜੀ ਨੂੰ ਘੱਲੀ; ਉਨ੍ਹਾਂ ਅਪਣੇ ਸਿਫ਼ਾਰਸ਼ੀ ਨਾਂ ਵਿਚ ਪਾ ਦਿੱਤੇ। ਪਰ ਇਹ ਤਾਂ ਕੋਈ ਐਡੀ ਗੱਲ ਨਹੀਂ ਸੀ। ਜਿਹੜੀ ਲਿਖਤ ਕਵਿਤਾ ਵਿਚ ਨਾ ਲਿਖੀ ਹੋਵੇ, ਉਹਨੂੰ ਪੰਜਾਬੀ ਚ ਵਾਰਤਕ ਆਖ ਦਿੰਦੇ ਨੇ। ਲੋਕਾਂ ਨੇ ਇਹ ਸ਼ਾਮਲਾਟ ਸਮਝੀ ਹੋਈ ਐ! ਸਾਰੀ ਸਦੀ ਚ ਮਸਾਂ ਦਸ ਲੇਖ ਵੀ ਮੈਨੂੰ ਨਹੀਂ ਲੱਭੇ। ਟਰੋਂਟੋ ਰਹਿੰਦੇ ਸ਼ਮਸ਼ੇਰ ਢਪਾਲੀ ਦੀ ਸਲਾਹ ਮੈਂ ਮੰਨਦਾਂ; ਇਹ ਮੈਨੂੰ ਆਖਣ ਲੱਗਾ ਇਹ ਕੰਮ ਰਹਿਣ ਈ ਦਿਓ। – ਵਰਿਆਮ ਸੰਧੂ ਦੀ ਸਾਹਿਤ ਅਕਾਦੇਮੀ ਵਾਸਤੇ ਐਡਿਟ ਕੀਤੀ ‘ਵੀਹਵੀਂ ਸਦੀ ਦੀ ਪੰਜਾਬੀ ਵਾਰਤਕ’ ਨਾਂ ਦੀ ਕਿਤਾਬ ਛਪੀ ਹੈ। ਸੁੱਖ ਨਾਲ਼ ਸੰਪਦਾਕ ਜੀ ਨੇ ਕਿਤਾਬ ਚ ਅਪਣੇ ਪੁੱਤ ਦਾ ਲਿਖਿਆ ਲੇਖ ਵੀ ਪਾਇਆ ਹੈ; ਪੰਜ-ਛੇ ਲੇਖ ਤਾਂ ਨਵੇਂ ਜ਼ਮਾਨੇ ਦੇ ਸਟਾਫ਼ ਮੈਂਬਰਾਂ ਦੇ ਹੀ ਹਨ!

ਹੁਣ: ਫੇਰ ਚੰਗਾ ਵਾਰਤਕ ਲਿਖਾਰੀ ਤੂੰ ਕਿਹਨੂੰ ਮੰਨਦੈਂ?

ਚੰਦਨ: ਅੰਗਰੇਜ਼ੀ ਸ਼ਬਦ ‘ਐੱਸੇ’ ਫ਼ਰਾਂਸੀਸੀ ਦਾ ਉਧਾਰ ਹੈ। ਇਹਦੇ ਬਰਾਬਰ ਦਾ ਅਪਣੀ ਬੋਲੀ ਚ ਕੋਈ ਸ਼ਬਦ ਨਹੀਂ। ਸੰਸਕ੍ਰਿਤ ਦੇ ‘ਨਿਬੰਧ’ ਨਾਲ਼ ਗੁਜ਼ਾਰਾ ਚਲ ਜਾਂਦਾ ਹੈ। ਲਹੌਰੀਏ ਫ਼ਰਾਂਸੀਸੀ ਸ਼ਬਦ ਬੈੱਲ ਲੈਤ੍ਰ (ਭੲਲਲੲ ਼ੲਟਟਰੲ) ਦਾ ਉਲਥਾ ‘ਕੋਮਲ-ਲੇਖ’ ਕਰਦੇ ਨੇ; ਉਰਦੂ ਵਾਲ਼ੇ ਇਨਸ਼ਾਈਆ। ਅਪਣੇ ਫ਼ਰਾਂਸ ਦੇ 16 ਵੀਂ ਸਦੀ ਦੇ ਮੌਨਤੇਨ ਤੇ ਵੀਹਵੀਂ ਸਦੀ ਦੇ ਕਾਮੂ; ਰੂਸ ਦੇ ਤੋਲਸਤੋਇ, ਦੋਸਤੋਵਸਕੀ, ਗੋਰਕੀ ਅਤੇ ਇੰਗਲੈਂਡ ਦੇ ਬੇਕਨ, ਲੈਂਬ ਅਤੇ ਬਰਜਰ ਦੀ ਲਿਖਤ ਵਾਲ਼ੀ ਰੀਤ ਨਹੀਂ ਬਣੀ। ਇਹ ਕੰਮ ਪੂਰਨ ਸਿੰਘ, ਤੇਜਾ ਸਿੰਘ ਤੇ ਹੋਰ ਮੋਢੀਆਂ ਦੇ ਕਰਨ ਦਾ ਸੀ। ਤੇਜਾ ਸਿੰਘ ਦੇ ਗ਼ੁਸਲਖ਼ਾਨਾ ਵਰਗੇ ਕੁਝ ਕੁ ਬੁੱਤਾਸਾਰੂ ਲੇਖ ਮਿਲ਼ਦੇ ਹਨ; ਪੂਰਨ ਸਿੰਘ ਦੀ ਲਿਖਤ ਭਾਰੀ-ਗੌਰੀ ਹੈ; ਪਰ ਏਹਨੂੰ ਮੇਰੀ ਪੀੜ੍ਹੀ ਦੇ ਕਿੰਨੇ ਕੁ ਲੇਖਕਾਂ ਨੇ ਪੜ੍ਹਿਐ?


ਹੁਣ ਮੁਸ਼ਕਿਲ ਇਹ ਹੈ ਕਿ ਸਾਹਿਤ ਆਲੋਚਨਾ (ਸੇਖੋਂ, ਅਤਰ ਸਿੰਘ, ਹਰਿਭਜਨ ਸਿੰਘ, ਨਜਮ ਹੁਸੈਨ ਸੱਯਦ ਤੇ ਹੋਰ), ਸਫ਼ਰਨਾਮਾ (ਕਮਲੇ ਅਕਾਲੀ ਤੋਂ ਲੈ ਕੇ ਹੁਣ ਤਕ); ਯਾਦਾਂ ਜਾਂ ਆਤਮ ਕਥਾ (ਸਹਿੰਸਰਾ, ਬਲਰਾਜ ਸਾਹਣੀ, ਜਗਜੀਤ ਸਿੰਘ ਆਨੰਦ ਵਗ਼ੈਰਾ), ਕਹਾਣੀਨੁਮਾ ਖ਼ਾਕਾ ਤੇ ਵਿਅੰਗ (ਗਿਆਨੀ ਗੁਰਦਿੱਤ ਸਿੰਘ, ਸੂਬਾ ਸਿੰਘ, ਬਲਵੰਤ ਗਾਰਗੀ ਤੇ ਪਟਿਆਲ਼ਵੀ ਪ੍ਰੀਤਮ ਸਿੰਘ) ਨਿਬੰਧ ਲੇਖਨ ਕਤੱਈ ਨਹੀਂ ਹੈ। ਪ੍ਰੋਫ਼ੈਸਰ ਪ੍ਰੀਤਮ ਸਿੰਘ ਅਤੇ ਨਜਮ ਹੁਸੈਨ ਸੱਯਦ ਮੇਰੇ ਨਾਲ਼ ਸਹਿਮਤ ਹਨ। ਏਸ ਪੱਖੋਂ ਆਪਾਂ ਖਾਸੇ ਈ ਗ਼ਰੀਬ ਆਂ।


ਅਮ੍ਰਿਤਸਰੀਏ ਸ਼ਹਿਰਯਾਰ ਤੇ ਟਰੋਂਟੋ ਵਾਲ਼ੇ ਸ਼ਮਸ਼ੇਰ ਢਪਾਲ਼ੀ ਨਾਲ਼ ਸਲਾਹ ਕਰਕੇ ਜਿਹੜੀ ਮੈਂ ‘ਸ਼ੌਰਟ ਲਿਸਟ’ ਬਣਾਈ, ਉਸ ਵਿਚ ਤੈਨੂੰ ਵੀ ਹੈਰਾਨੀ ਹੋਵੇਗੀ ਕਿ ਮੈਨੂੰ ‘ਕਿਰਤੀ’ ਪਰਚੇ ਦੇ ਬਾਨੀ ਭਾਈ ਸੰਤੋਖ ਸਿੰਘ ਦਾ ਲੇਖ ‘ਕੁਦਰਤ ਦੇ ਰੰਗ’ ਸਭ ਤੋਂ ਵਧ ਚੰਗਾ ਲੱਗਾ। ਹਰਿੰਦਰ ਸਿੰਘ ਮਹਿਬੂਬ ਦਾ ਲੇਖ ਮਲਿਕਾ-ਏ-ਤਰੱਨੰਮ ਨੂਰਜਹਾਂ ਲਾਮਿਸਾਲ ਹੈ। ਬਲਬੀਰ ਸਿੰਘ ਦਾ ਲਿਖਿਆ ਰਬਾਬ (ਅੱਧਾ, ਪੂਰਾ ਨਹੀਂ!) ਸੁੱਚਾ ਕੋਮਲ-ਲੇਖ ਹੈ। ਹਰਿੰਦਰ ਸਿੰਘ ਰੂਪ, ਬਾਵਾ ਬਲਵੰਤ ਵੀ ਠੀਕ ਹਨ। ਗੁਰਬਖ਼ਸ਼ ਸਿੰਘ ਨੂੰ ਆਪਾਂ ਸਾਰੇ ਵੀਹਵੀਂ ਸਦੀ ਦੀ ਵਾਰਤਕ ਦਾ ਪਿਤਾਮਾ ਆਖਦੇ ਹਾਂ। ਇਹਦੀ ਹਾਜ਼ਰੀ ਲਾਉਣ ਲਈ ਮੈਂ ਇਹਦਾ ‘ਜ਼ਿੰਦਗੀ ਤੇ ਸਾਹਿਤ’ ਲੇਖ ਪਾਉਣ ਦਾ ਸੋਚਿਆ ਸੀ। ਤੇਜਾ ਸਿੰਘ, ਪੂਰਨ ਸਿੰਘ ਅਤੇ ਹੋਰਨਾਂ ਸਾਰਿਆਂ ਦੀ ਲਿਖਤ ਵਿਚ ਅੰਗਰੇਜ਼ੀ ਦੀ ਵਾਕ-ਰਚਨਾ (ਸਿੰਟੈਕਸ) ਸਾਫ਼ ਦਿਸਦੀ ਹੈ। ਪੰਜਾਬੀ ਚ ਅੰਗਰੇਜ਼ੀ ਦੀ ਰੀਸੇ ਆਰਟੀਕਲ ਇਕ (ਏ, ਐਨ) ਵਰਤਣ ਦੀ ਬੀਮਾਰੀ ਇਨ੍ਹਾਂ ਨਾਲ਼ ਈ ਸ਼ੁਰੂ ਹੋ ਗਈ ਸੀ। ਮਾੜੀ ਗੱਲ ਹੈ ਕਿ ਉਹ ਇਸ ਐਬ ਤੋਂ ਸਚੇਤ ਨਹੀਂ ਸਨ। ਮਹਿੰਦਰ ਸਿੰਘ ਰੰਧਾਵਾ, ਗੁਰਚਰਨ ਸਿੰਘ ਸਹਿੰਸਰਾ, ਹਰਿਭਜਨ ਸਿੰਘ ਹੁਰੀਂ ਠੇਠ ਬੋਲੀ ਲਿਖਦੇ ਸਨ; ਪਰ ਇਨ੍ਹਾਂ ਦਾ ਕੋਈ ਕੋਮਲ-ਲੇਖ ਨਹੀਂ ਮਿਲ਼ਦਾ। ਵਾਹਗੇ ਪਾਰ ਦੇ ਪੰਜਾਬੀ ਸਾਹਿਤ ਚ ਇਕ ਵੀ ਕੰਮ ਦਾ ਕੋਮਲ-ਲੇਖ ਨਹੀਂ।

ਨਵੀਂ ਪੰਜਾਬੀ ਕਵਿਤਾ

ਹੁਣ: ਅੱਜ ਦੀ ਪੰਜਾਬੀ ਕਵਿਤਾ ਕਿਹੋ ਜਿਹੀ ਲਗਦੀ ਐ?

ਚੰਦਨ: ਕੂੜਾ ਛਪੀ ਜਾਂਦੈ। ਹਾਂਸ ਨੇ ਸ਼ਬਦ ਘੜਿਐ: ਸ਼ਬਦਰੋਗ। ‘ਲੋਅ’ ‘ਅੱਖਰ’ ‘ਕਾਵਿਲੋਕ’ ਸਾਹਮਣੇ ਰਖ ਕੇ ਨਵੇਂ ਕਵੀਬੰਦਿਆਂ ਦਾ ਕੁਝ ਲਿਖਣ ਨੂੰ ਦਿਲ ਕਰਦੈ। ਲਿਖਣ ਲਗਦੇ ਨੇ ਤੇ ਉਨ੍ਹਾਂ ਤੋਂ ਇਹ ਖਰਾਬਾ ਹੋ ਜਾਂਦੈ। ਅੰਥਰੀਸ਼ ਨੇ ਇਨ੍ਹਾਂ ਸ਼ਬਦਰੋਗੀਆਂ ਦੀ ਫ਼ਾਈਲ ਬਣਾਈ ਹੋਈ ਐ। ਇਕੋਤਰ ਸੌ ਕਵੀਬੰਦਿਆਂ ਦੀ ਇਕ ਕਵਿਤਾ ਵੀ ਜੋੜੀ ਐ; ਉਨ੍ਹਾਂ ਦੀ ਇਕ-ਇਕ ਸਤਰ ਪਰੋ ਕੇ -ਮੋਹਵੰਤੇ ਕਿਰਮਚੀ ਬੋਲ, ਮੌਲ਼ਦੇ ਤਾਬੂਤ ਤੇ ਲਟਕਦੀਆਂ ਲਾਲਟੈਣਾਂ ਦੇ ਲਲਾਟ।

ਇਸ ਕੂੜੇ ਬਾਰੇ ਸਿਹਰੇ ਸਿਖਿਆ ਵਾਂਙ ਹਰ ਕਿਸੇ ਦੇ ਫਿਟ ਆਉਂਦੇ ਇਹੋ ਜਿਹੇ ਸ਼ਬਦ ਵੀ ਪੜ੍ਹਨ ਵਾਲ਼ੇ ਹੁੰਦੇ ਨੇ ਅਖੇ ਇਹ ਕਵਿਤਾ ਸਿਮਰਤੀ ਦੀ ਪੁਨਰਸਿਰਜਣਾ ਕਰਦੀ ਹੈ; ਇਹ ਵਰਾਟ ਪੱਧਰ ‘ਤੇ ਵਰਤ ਰਹੇ ਵਰਤਾਰੇ ਦਾ ਪਰਛਾਵਾਂ ਹੈ; ਇਹ ਸਥਾਪਤ ਯਾਨਰ ਤੋੜਦੀ ਹੈ; ਮਾਨਵੀ ਅਵਚੇਤਨ, ਅਹਿਸਾਸਾਂ ਤੇ ਸਰੋਕਾਰਾਂ ਦੇ ਪੈਰਾਡਾਈਮ ਦਾ ਮਲਟੀਪਲ ਮੈਟਾਫ਼ਰੀ ਪਾਠ ਸਿਰਜਦੀ ਹੈ।

ਮਾਂ-ਬੋਲੀ ਨਾਲ਼ ਐਸਾ ਜਬਰ-ਜ਼ਿਨਾਹ ਸਾਡੀਆਂ ਅੱਖਾਂ ਅੱਗੇ ਹੋਈ ਜਾਂਦੈ ਤੇ ਕੋਈ ਕੁਸਕਦਾ ਤਕ ਨਹੀਂ। ਅਜੋਕੀ ਕਵਿਤਾ ਚੋਂ ਪੰਜਾਬੀ ਦਾ ਮੁਹਾਵਰਾ ਅਲੋਪ ਹੋ ਚੁੱਕਾ ਹੈ। ਇਹ ਹਿੰਦੀ ਕਵਿਤਾ ਦੀ ਨਕਲ ਹੈ। ਹਿੰਦੀ ਵਾਲ਼ੇ ਅਗਾਂਹ ਪੂਰਬੀ ਯੂਰਪ ਦੀ ਕਵਿਤਾ ਦੀ ਨਕਲ ਮਾਰੀ ਜਾਂਦੇ ਹਨ। ਪਰ ਜਸਵੰਤ ਦੀਦ, ਅੰਬਰੀਸ਼ ਤੇ ਸੁਖਪਾਲ ਦੀਆਂ ਕੁਝ ਕਵਿਤਾਵਾਂ ਚ ਜਾਨ ਹੈ। ਬਾਕੀ ਸੁੱਖ ਲੇਖਾ। ਦੀਦ ਦੀਆਂ ਸੰਖ (ਜਨਵਰੀ-ਅਪ੍ਰੈਲ 05) ਚ ਨਵੀਂਆਂ ਲਿਖਤਾਂ ਪੜ੍ਹ ਕੇ ਮਨ ਖੱਟਾ ਹੋਇਆ ਸਿਰੀ ਦੇ ਡਰ, ਦੰਦਾਂ ਚ ਪਾਗਲਪਨ, ਆਕਰੋਸ਼ ਤੇ ਉਤਪੰਨ ਜਿਹੇ ਇਸਤਿਆਰੇ ਤੇ ਲਫ਼ਜ਼ ਪੜ੍ਹ ਕੇ। ਪ੍ਰੇਮ ਪ੍ਰਕਾਸ਼ ਪਹਿਲਿਆਂ ਦੋਹਵਾਂ ਨੂੰ ਪੰਜ-ਪੰਜ ਕਵਿਤਾਵਾਂ ਦੇ ਕਵੀ ਕਹਿੰਦੈ। ਮੈਂ ਤਾਂ ਸਮਝਦਾਂ ਪੰਜ ਦੀ ਵੀ ਕੋਈ ਛੋਟੀ ਗਿਣਤੀ ਨਹੀਂ। ਸਰਵਣ ਮਿਨਹਾਸ ਦੀ ਕਵਿਤਾ ਮੈਨੂੰ ਚੰਗੀ ਲਗਦੀ ਹੈ।

ਹੁਣ: ਪਹਿਲਿਆਂ ਦਾ ਕੀ ਲੇਖਾ ਕਰਦੈਂ? ਕਿਹਨੂੰ ਵੱਡਾ ਕਵੀ ਸਮਝਦੈਂ?

ਚੰਦਨ: ਪੂਰਨ ਸਿੰਘ ਸਮੱਗ੍ਰ ਕਵੀ ਹੈ; ਬਾਕੀ ਅੱਧੇ-ਅਧੂਰੇ ਨੇ। ਨਾਮ ਬੜੇ ਅਰ ਦਰਸ਼ਨ ਛੋਟੇ। ਪਿਛਲੇ ਮਹੀਨੇ ਮੈਂ ਕੈਲਿਫ਼ੋਰਨੀਆ ਯੂਨੀਵਰਸਟੀ ਵਾਸਤੇ ਵੀਹਵੀਂ ਸਦੀ ਦੀ ਪੰਜਾਬੀ ਕਵਿਤਾ ਦੇ ਸਿਲੇਬਸ ਵਾਸਤੇ ਚੋਣ ਕਰਦਾ ਸੀ, ਤਾਂ ਪਹਿਲੀ ਵਾਰੀ ਅਪਣੀ ਗ਼ਰੀਬੀ ਦਾ ਪਤਾ ਲੱਗਾ। ਮੋਹਨ ਸਿੰਘ ਦੀਆਂ 1950 ਤਕ ਦੀਆਂ ਚਾਰ ਕਿਤਾਬਾਂ ਚੋਂ ਵੀਹ ਕੁ ਆਸਾਨੀ ਨਾਲ਼ ਕਵਿਤਾਵਾਂ ਲਭ ਜਾਂਦੀਆਂ ਨੇ। ਬਾਕੀਆਂ ਦੀਆਂ ਪੰਜ ਵੀ ਲਭਣੀਆਂ ਔਖੀਆਂ। ਕਿਸੇ ਵੱਡੇ ਕਵੀ ਦੇ ਤਾਂ ਇੱਕੋ ਸ਼ਬਦ, ਇੱਕੋ ਮਿਸਰੇ ਚ ਦਰਸ਼ਨ ਹੋ ਜਾਂਦੇ ਹੁੰਦੇ ਨੇ। ਜੋਸ਼ ਮਲੀਹਾਬਾਦੀ ਦਾ ਇਹ ਮਿਸਰਾ ਸੁਣ: ਜ਼ਿੰਦਗੀ ਅਰਗ਼ਵਾਨੀ, ਲਾਜਵੰਤੀ ਜ਼ਿੰਦਗੀ ।

ਹੁਣ: ਪਹਿਲੇ ਆਲੋਚਕਾਂ ਦਾ ਕੀ ਲੇਖਾ ਹੈ?

ਚੰਦਨ: ਸੰਤ ਸਿੰਘ ਸੇਖੋਂ ਦੀ ਕੋਈ ਪੜਚੋਲ ਮੈਨੂੰ ਨਹੀਂ ਕਦੇ ਟੁੰਬੀ। ਇਹਦੀ ਪੰਜਾਬੀ ਬੜੀ ਰੁੱਖੀ ਹੈ; ਪੜ੍ਹਨ ਲੱਗਿਆਂ ਧਿਆਨ ਕੁਚੱਜੀ ਬੋਲੀ ਵਲ ਚਲੇ ਜਾਂਦੈ। ਬਹੁਤਾ ਸੰਨ ਚਾਲ਼ੀ-ਪੰਜਾਹ ਦੀਆਂ ਮੌਰਿਸ ਕੌਰਨਫ਼ਰਥ, ਰੈਲਫ਼ ਫ਼ੌਕਸ ਦੀਆਂ ਸਿੱਧੜ ਮਾਰਕਸੀ ਗੱਲਾਂ ਪੰਜਾਬੀ ਚ ਉਲਥਾਈਆਂ ਹੋਈਆਂ ਲਗਦੀਆਂ। ‘ਪੇਮੀ ਦੇ ਨਿਆਣੇ’ ਸ਼ਾਹਕਾਰ ਕਹਾਣੀ ਹੈ; ਇਹਦੇ ਕਰਕੇ ਸੇਖੋਂ ਦੀ ਮੈਂ ਕਦਰ ਕਰਦਾਂ। ਪਿਛਲੇ ਵਾਰੇ ਤਾਂ ਇਹ ਖ਼ਾਲਿਸਤਾਨ ਦੇ ਨਕਸ਼ੇ ਬਣਾਉਣ ਲਗ ਪਿਆ ਸੀ। ਮੈਂ ਇਹਦੀ ਅੰਗਰੇਜ਼ੀ ਦਾ ਕਾਇਲ ਹਾਂ। ਸ਼ਿਵ ਕੁਮਾਰ ਦੀ ਲੂਣਾ ਦਾ ਇਹਦਾ ਕੀਤਾ ਅੰਗਰੇਜ਼ੀ ਤਰਜਮਾ ਤੇ ਉਹਦੇ ਬਾਰੇ ਲਿਖੇ ਚ ਮੌਲਿਕ ਗੱਲਾਂ ਹਨ। ਅਤਰ ਸਿੰਘ ਦੀ ਬੋਲੀ ਵੀ ਬੜੀ ਬੋਝਲ਼ ਹੈ। ਪਰ ਇਹਦੀ ਲਿਖਤ ਵਿਚ ਤੇ ਹਰਿਭਜਨ ਸਿੰਘ ਦੀ ਸਰਲ ਸਲੀਸ ਠੇਠ ਬੋਲੀ ਵਾਲ਼ੀ ਲਿਖਤ ਵਿਚ ਕਈ ਪਤੇ ਦੀਆਂ ਗੱਲਾਂ ਮਿਲ਼ਦੀਆਂ ਹਨ। ਸੇਖੋਂ, ਅਤਰ ਸਿੰਘ ਨੇ ਅੰਗਰੇਜ਼ੀ ਚ ਵੀ ਪੰਜਾਬੀ ਸਾਹਿਤ ਆਲੋਚਨਾ ਲਿਖੀ, ਪਰ ਉਹਦੀਆਂ ਕਿਤਾਬਾਂ ਹੁਣ ਤਕ ਨਹੀਂ ਛਪੀਆਂ। ਹਾਂਸ ਨੇ ਅੰਗਰੇਜ਼ੀ ਚ ਪੰਜਾਬੀ ਸਾਹਿਤ ਆਲੋਚਨਾ ਨਹੀਂ ਲਿਖੀ। ਮੇਰਾ ਮਤਲਬ ਇਹ ਹੈ ਕਿ ਇਨ੍ਹਾਂ ਤਿੰਨਾਂ ਵਿਦਵਾਨਾਂ ਦੀ ਅੰਗਰੇਜ਼ੀ ਚ ਲਿਖੀ ਗੱਲ ਸਿੱਧੀ ਪੱਲੇ ਪੈਂਦੀ ਹੈ। ਏਸੇ ਤਰ੍ਹਾਂ ਨਜਮ ਹੁਸੈਨ ਦੀ ਅੱਜ ਤੋਂ ਤੀਹ ਸਾਲ ਪਹਿਲਾਂ ਦੀ ਪੰਜਾਬੀ ਸਾਹਿਤ ਬਾਰੇ ਅੰਗਰੇਜ਼ੀ ਚ ਲਿਖੀ ਕਿਤਾਬ ਪੜ੍ਹ ਕੇ ਦੇਖ ਤੇ ਹੁਣ ਜੋ ਉਹ ਕਿਸ਼ਨ ਸਿੰਘੀ ਸ਼ੈਲੀ ਚ ਲਿਖ ਰਿਹੈ, ਉਹ ਪੜ੍ਹ ਕੇ ਦੇਖਿਆਂ ਗੱਲ ਕਰਨ ਤੇ ਸਮਝਾਉਣ ਦਾ ਫ਼ਰਕ ਪਤਾ ਲਗ ਜਾਵੇਗਾ।

ਹੁਣ: ਤੇ ਪਰਵਾਸੀ ਸਾਹਿਤ?

ਚੰਦਨ: ਇਹ ਰਖਨੇ ਤਾਂ ਖ਼ੁਦਗ਼ਰਜ਼ਾਂ ਦੇ ਬਣਾਏ ਹੋਏ ਨੇ। ਮੈਨੂੰ ਤਾਂ ਸ਼ਰਮ ਆਉਂਦੀ ਹੈ; ਜਦ ਕੋਈ ਤੈਨੂੰ, ਅਜਮੇਰ ਰੋਡੇ ਜਾਂ ਸਤੀ ਕੁਮਾਰ ਨੂੰ ‘ਪਰਵਾਸੀ ਸਾਹਿਤ’ ਦੇ ਖੁੱਡੇ ਚ ਵਾੜ ਕੇ ਤਾੜ ਦਿੰਦੈ।

ਹੁਣ: ਤੇ ਵਾਹਗੇ ਪਾਰ ਦੇ?

ਚੰਦਨ: ਮੁਨੀਰ ਨਿਆਜ਼ੀ ਤੇ ਨਜਮ ਹੁਸੈਨ ਸੱਯਦ ਤਕੜੇ ਕਵੀ ਹਨ। ਆਬਿਦ ਅਮੀਕ ਤੇ ਮਜ਼ਹਰ ਤਿਰਮਜ਼ੀ ਦੀਆਂ ਕੁਝ ਨਜ਼ਮਾਂ ਕਾਬਿਲੇ-ਜ਼ਿਕਰ ਹਨ। ਬਾਕੀ ਹਾਂਸ ਦੇ ਕਹਿਣ ਵਾਂਙ ਮਿਰਜ਼ਾ ਲਿਖੀ ਜਾਂਦੇ ਨੇ। ਏਧਰਲੇ ਸਾਰੇ ਈ ਓਧਰ ਛਪ ਚੁੱਕੇ ਨੇ। ਪਾਤਰ, ਪਾਸ਼ ਵਗ਼ੈਰਾ। ਇਨ੍ਹਾਂ ਨੂੰ ਉਹ ‘ਮਾਠੇ ਸ਼ਾਇਰ’ ਕਹਿੰਦੇ ਨੇ, ਪਰ ਮੀਸ਼ੇ ਨੂੰ ਮੰਨਦੇ ਨੇ।

ਹੁਣ: ਤੇਰੇ ਬਾਰੇ ਕੀ ਕਹਿੰਦੇ ਨੇੇ?

ਚੰਦਨ: ਪਤਾ ਨਹੀਂ ਮੇਰੀ ਪਿੱਠ ਪਿੱਛੇ ਕੀ ਕਹਿੰਦੇ ਹੋਣ?! ਕਮ-ਅਜ਼-ਕਮ ‘ਮਾਠਾ’ ਤਾਂ ਨਹੀਂ ਕਹਿੰਦੇ!

ਹੁਣ: ਆਪਾਂ ਨੂੰ ਪਤਾ ਈ ਐ ਕਿ ਕਵਿਤਾ ਦਾ ਤਰਜਮਾ ਕਰਨਾ ਨਾਮੁਮਕਿਨ ਜਿਹੀ ਗੱਲ ਐ। ਤੇਰੀ ਕਵਿਤਾ ਦੇ ਅੰਗਰੇਜ਼ੀ ਤਰਜਮੇ ਦੀ ਕਿਤਾਬ ਛਪਣ ਵਾਲ਼ੀ ਐ। ਸ਼ਾਇਦ ਤੇਰੀਆਂ ਅਸਲ ਕਵਿਤਾਵਾਂ ਰਹਿ ਜਾਣ।

ਚੰਦਨ: ਮੈਂ ਪਿਛਲੇ ਪੰਦਰਾਂ ਵੀਹਾਂ ਸਾਲਾਂ ਤੋਂ ਬੜੇ ਸਬਰ ਨਾਲ਼ ਅਪਣੀ ਕਵਿਤਾ ਦਾ ਅਨੁਵਾਦ ਅੰਗਰੇਜ਼ ਕਵੀਆਂ ਤੇ ਕਵਿਤਰੀਆਂ ਨਾਲ਼ ਬਹਿ ਕੇ ਕੀਤੈ। ਬਾਹਲ਼ੀ ਮਿਹਨਤ ਕੀਤੀ। ਮਸਾਂ ਚੌਥਾ ਹਿੱਸਾ ਇਕ ਸੌ ਕੁ ਹੀ ਹੋ ਸਕੀਆਂ। ਇੰਗਲੈਂਡ ਦੀ ਆਰਟਸ ਕੌਂਸਲ ਨੇ ਪਰੂੰ ਇਸ ਕੰਮ ਲਈ ਮੈਨੂੰ ਇਕ ਹਜ਼ਾਰ ਪੌਂਡ (.ਇਕ ਲੱਖ ਰੁਪਏ) ਦੀ ਗਰਾਂਟ ਵੀ ਦਿੱਤੀ। ਬਾਕੀ ਨਹੀਂ ਹੋ ਸਕੀਆਂ; ਜਿਵੇਂ ਧਰੇਜੇ ਵਾਲ਼ੀਆਂ, ਝੋਟੀ ਲੱਗਣ ਵਾਲ਼ੀ, ਅਪਣੇ ਕਪੜੇ, ਮੁਲਾਕਾਤ, ਤੋਤੋ। ਪਰ ਜੋ ਵੀ ਹੈ, ਕੌਮਾਂ ਨੇ ਇਕ ਦੂਜੇ ਨੂੰ ਤਰਜਮੇ ਰਾਹੀਂ ਹੀ ਜਾਣਿਆ ਹੈ; ਜਿਹੋ ਜਿਹਾ ਵੀ ਹੋ ਸਕਦੈ।

ਹੁਣ: ਕਹਿੰਦੇ ਨੇ – ਸ਼੍ਰੋਮਣੀ ਸਾਹਿਤਕਾਰ ਵਾਲ਼ਾ ਇਨਾਮ ਤੈਨੂੰ ਸੰਤੋਖ ਸਿੰਘ ਧੀਰ ਨੇ ਦਵਾਇਐ, ਕਿਉਂ ਜੁ ਤੂੰ ਉਹਦੀ ਕਵਿਤਾ ‘ਨਿੱਕੀ ਸਲੇਟੀ ਸੜਕ ਦਾ ਟੋਟਾ’ ਬਾਰੇ ਲੇਖ ਲਿਖਿਆ ਸੀ।

ਚੰਦਨ: ਪ੍ਰੇਮ ਪ੍ਰਕਾਸ਼ ਕਹਿੰਦਾ ਕਿ ਇਨਾਮ ਤੈਨੂੰ ਘਰੇ ਬੈਠੇ ਨੂੰ ਮਿਲ਼ ਗਿਆ। ਇਹ ਕਹਿਣਾ ਕਿ ਇਸ ਇਨਾਮ ਵਾਸਤੇ ਮੈਂ ਧੀਰ ਨੂੰ ਸਾਹਿਤਕ ਵੱਢੀ ਦਿੱਤੀ ਸੀ; ਧੀਰ ਤੇ ਮੇਰੀ ਹੇਠੀ ਹੀ ਨਹੀਂ, ਸਗੋਂ ਕਵਿਤਾ ਦੀ ਤੇ ਸ਼ਬਦ-ਗੁਰੂ ਦੀ ਵੀ ਤੌਹੀਨ ਹੈ।

ਹੁਣ: ਐਸ ਵੇਲੇ ਕੀ ਲਿਖ ਰਿਹੈਂ?

ਚੰਦਨ: ਨਜਮ ਹੁਸੈਨ ਦੀ ਕਵਿਤਾ ‘ਕੱਤੇਂ ਚੜ੍ਹ ਗਿਆ ਏ’ ਬਾਰੇ ਲੇਖ ਲਿਖ ਰਿਹਾਂ। ਜੌਨ੍ਹ ਬਰਜਰ ਨੇ ਮੈਨੂੰ ਅਰਜਨਟਾਈਨਾ ਦੇ ਮਾਰਸੈਲੋ ਬਰੌਡਸਕੀ ਦੀ ਫ਼ੋਟੋਆਂ ਦੀ ਕਿਤਾਬ ਬਾਰੇ ਰਲ਼ ਕੇ ਲਿਖਣ ਲਈ ਆਖਿਐ। ਮੈਨੂੰ ਤੌਖ਼ਲਾ ਵੀ ਹੈ ਕਿ ਏਨੇ ਵੱਡੇ ਲੇਖਕ ਨਾਲ਼ ਮੈਂ ਕਿਵੇਂ ਵਰ ਮੇਚ ਸਕੂੰਗਾ?

‘ਹੁਣ’ ਵਲੋ- ਅਵਤਾਰ ਜੰਡਿਆਲਵੀ
-ਲੰਡਨ, 10 ਅਪ੍ਰੈਲ 2005

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!