ਸਾਲ 2007 ਦੀ ਦਹਿਲੀਜ਼ ’ਤੇ ਪਹੁੰਚਦਿਆਂ ਹੀ ‘ਹੁਣ’ ਦਾ ਇਹ ਪੰਜਵਾਂ ਅੰਕ ਤੁਹਾਡੇ ਹੱਥਾਂ ਵਿੱਚ ਹੈ। ਸਾਡਾ ਪੰਜਵਾਂ ਕਦਮ।
ਇਸੇ ਅੰਕ ਦੇ ਕੁਝ ਪੰਨਿਆਂ ਲਈ ਅਸੀਂ ਪੰਜਾਬੀ ਵਿਦਵਾਨਾਂ ਨੂੰ 2006 ਵਿੱਚ ਪੜ੍ਹੀ ਵਧੀਆ ਕਿਤਾਬ ਬਾਰੇ ਲਿਖਣ ਲਈ ਕਿਹਾ ਸੀ ਜਿਸ ਵਿੱਚ ਬੋਲੀ ਦੀ ਕੋਈ ਬੰਦਿਸ਼ ਨਹੀਂ ਸੀ ਲਾਈ। ਮਜ਼ੇਦਾਰ ਗੱਲ ਇਹ ਹੈ ਕਿ ਸਭ ਲੇਖਕਾਂ ਨੇ ਅੰਗਰੇਜ਼ੀ ਵਿੱਚ ਛੱਪੀਆਂ ਕਿਤਾਬਾਂ ਦੀ ਹੀ ਚੋਣ ਕੀਤੀ।
ਸਵਾਲ ਪੈਦਾ ਹੋਇਆ ਕਿ ਕੀ ਪੰਜਾਬੀ ਵਿੱਚ ਵਧੀਆ ਕਿਤਾਬਾਂ ਨਹੀਂ ਛਪਦੀਆਂ।
ਪੰਜਾਬੀ ਕਰੋੜਾਂ ਲੋਕਾਂ ਦੀ ਬੋਲੀ ਹੈ। ਪੂਰੇ ਸਾਲ ਵਿੱਚ ਏਥੇ 3000 ਤੋਂ ਵੱਧ ਕਿਤਾਬ ਛੱਪਦੀ ਹੈ। ਪਰ ਕੀ ਅਜੇ ਵੀ ਛਪੀਆਂ ਕਿਤਾਬਾਂ ਦਾ ਮਿਆਰ ਇੰਨਾ ਨੀਵਾਂ ਹੈ ਜਾਂ ਅਸੀਂ ਅੰਗਰੇਜ਼ੀ ਦੇ ਪਿਛਲੱਗ ਹੋਣ ਦਾ ਮੋਹ ਨਹੀਂ ਤਿਆਗ ਸਕੇ।
ਆਮ ਪਾਠਕ ਤਾਂ ਕੀ, ਚੰਗੇ ਭਲੇ ਲੇਖਕ ਵੀ ਕਿਉਂ ਕਿਤਾਬਾਂ ਖਰੀਦਣਾ ਨਹੀਂ ਚਾਹੁੰਦੇ। ਉਨ੍ਹਾਂ ਨੂੰ ਹਰ ਰੋਜ਼ ਆਉਂਦੀ ਡਾਕ ਵਿੱਚੋਂ ਹੀ ਮੁਫ਼ਤ ਕਿਤਾਬਾਂ/ਰਸਾਲਿਆਂ ਦੀ ਉਡੀਕ ਰਹਿੰਦੀ ਹੈ। 90 ਫ਼ੀਸਦੀ ਲੇਖਕਾਂ ਨੂੰ ਵੀ ਆਪਣੀਆਂ ਕਿਤਾਬਾਂ ’ਤੇ ਆਪ ਹੀ ਭਰੋਸਾ ਨਹੀਂ। ਉਹ ਆਪਣੀ ਕਿਤਾਬ ਨੂੰ ਛਪਵਾ ਕੇ ਰਿਉੜੀਆਂ ਵਾਂਗ ਮੁਫ਼ਤ ਵੰਡਦੇ ਫਿਰਦੇ ਹਨ। ਰਿਲੀਜ਼ ਸਮਾਗਮ ਰਚਾ ਕੇ ਉਚੇਚੇ ਪੇਪਰ ਲਿਖਵਾਉਂਦੇ ਹਨ ਪਰ ਕਿਤਾਬ ਫਿਰ ਵੀ ਪੰਜਾਬੀ ਜਨ ਮਾਨਸ ਦਾ ਹਿੱਸਾ ਨਹੀਂ ਬਣਦੀ।
ਇਹ ਅਜਿਹੇ ਸਵਾਲ ਹਨ ਜਿਨ੍ਹਾਂ ’ਤੇ ਗੰਭੀਰ ਤੋਂ ਗੰਭੀਰ ਚਰਚਾ ਹੋਣੀ ਚਾਹੀਦੀ ਹੈ। ‘ਹੁਣ’ ਤਾਂ ਇਸ ਪਾਸੇ ਯਤਨਸ਼ੀਲ ਹੈ ਹੀ; ਅਸੀਂ ਬਾਕੀ ਪੰਜਾਬੀ ਜਗਤ ਤੋਂ ਵੀ ਇਹ ਆਸ ਰੱਖਦੇ ਹਾਂ ਕਿ ਉਹ ਇਸ ਬਾਰੇ ਡੂੰਘੀ ਵਿਚਾਰ ਕਰਨਗੇ।
ਆਓ! ਬਨ੍ਹੇਰਿਆਂ ਨੂੰ ਰੌਸ਼ਨ ਕਰਨ ਦੇ ਨਾਲ-ਨਾਲ ਮਸਤਕਾਂ ਵਿੱਚ ਵੀ ਕਿਤਾਬਾਂ ਦੇ ਚਿਰਾਗ ਧਰੀਏ; ਕਿਉਂਕਿ ਕਿਤਾਬਾਂ ਹੀ ਤਾਂ ਹਨ ਜਿਨ੍ਹਾਂ ਹਨ੍ਹੇਰੀਆਂ ਰਾਤਾਂ ਵਿੱਚ ਵੀ ਮੰਜ਼ਿਲ ਵਲ ਜਾਂਦੇ ਰਾਹਾਂ ਦੀ ਨਿਸ਼ਾਨਦੇਹੀ ਕਰਨੀ ਹੈ।
‘ਹੁਣ’ ਵੱਲੋਂ ਸਮੂਹ ਪਾਠਕਾਂ ਨੂੰ ਨਵੇਂ ਸਾਲ ਦੀ ਆਮਦ ’ਤੇ ਵਧਾਈ।
-ਅਵਤਾਰ ਜੰਡਿਆਲਵੀ
-ਸੁਸ਼ੀਲ ਦੁਸਾਂਝ