ਸੇਸਰ ਵਾਯੇਖੋ ਦਾ ਜਨਮ ਦੱਖਣੀ ਅਮਰੀਕਾ ਦੇ ਮੁਲਕ ਪੀਰੂ ਵਿਚ ਹੋਇਆ ਸੀ। ਇਹ ਪਾਬਲੋ ਨੈਰੂਦਾ ਦੇ ਦੇਸ਼ ਚਿੱਲੀ ਦੇ ਨੇੜੇ ਹੀ ਹੈ। ਚਿੱਲੀ ਵਾਂਗ ਹੀ ਇਹ ਮੁਲਕ ਸਪੇਨ ਦੀ ਬਸਤੀ ਰਿਹਾ ਅਤੇ ਅਜੇ ਵੀ ਇਹਦੀ ਕੌਮੀ ਭਾਸ਼ਾ ਸਪੇਨੀ ਹੈ। ਵਾਯੇਖੋ ਦੇ ਮਾਪੇ ਗਰੀਬੀ ਨਾਲ ਘੁਲਦੇ ਰਹੇ ਸਨ। ਉਹ ਆਪ ਮਾਰਕਸਵਾਦੀ ਸੀ। ਪਰ ਨਾਲ ਹੀ ਉਹਦਾ ਕਥਨ ਸੀ, ”ਜੇ ਕਿਸੇ ਕਲਾਕਾਰ ਕੋਲ ਕਲਾ ਨਹੀਂ ਤਾਂ ਮਾਰਕਸਵਾਦ ਨੇ ਉਸ ਨੂੰ ਚੰਗੇਰਾ ਨਹੀਂ ਬਣਾ ਦੇਣਾ।”
1938 ਵਿਚ ਉਹਦੀ ਮੌਤ ਪੈਰਸ ਵਿਚ ਹੋਈ। ਪੀਰੂ ਦੇ ਡਿਕਟੇਟਰਾਂ ਨੇ ਉਹਨੂੰ ਜਲਾਵਤਨ ਕੀਤਾ ਹੋਇਆ ਸੀ। ਉਹਨੂੰ ਤਾਂ ਕੀ ਉਹਦੀਆਂ ਹੱਡੀਆਂ ਨੂੰ ਵੀ ਆਪਣੇ ਵਤਨ ਨਹੀਂ ਪਹੁੰਚਣ ਦਿੱਤਾ ਗਿਆ। ਜਿਸ ਦਿਨ ਉਹ ਮਰਿਆ ਉਸ ਦਿਨ ਮੀਂਹ ਪੈਂਦਾ ਸੀ। ਏਥੇ ਅਸੀਂ ਵਾਯੇਖੋ ਦੀਆਂ ਚਾਰ ਨਜ਼ਮਾਂ ਦੇ ਰਹੇ ਹਾਂ। ਸ਼ਾਇਦ ਇਹ ਉਹਦੀਆਂ ਆਖ਼ਰੀ ਸਨ। – ਸੰਪਾਦਕ
ਲੁਕਾਈ
ਜਦ ਲੜਾਈ ਮੁੱਕ ਗਈ ਤੇ ਲੜਾਕਾ ਮਰ ਗਿਆ,
ਇਕ ਆਦਮੀ ਉਹਦੇ ਕੋਲ ਆਇਆ ਤੇ ਕਹਿਣ ਲੱਗਾ,
”ਮਰੀਂ ਨਾ, ਮਰੀਂ ਨਾ, ਮੈਂ ਤੈਨੂੰ ਪਿਆਰ ਕਰਦਾ ਹਾਂ।”
ਪਰ ਲਾਸ਼, ਅਫਸੋਸ ਕਿ ਲਾਸ਼ ਮਰਦੀ ਰਹੀ।
ਫੇਰ ਦੋ ਜਣੇ ਉਹਦੇ ਕੋਲ ਆਏ ਤੇ ਉਹਨਾਂ ਵਾਰ ਵਾਰ ਕਿਹਾ,
”ਸਾਨੂੰ ਛੱਡਕੇ ਨਾ ਜਾਹ, ਹੌਸਲਾ ਰੱਖ, ਜੀਅ ਪੈ।”
ਪਰ ਲਾਸ਼, ਅਫਸੋਸ ਕਿ ਲਾਸ਼ ਮਰਦੀ ਗਈ।
ਫੇਰ ਵੀਹ, ਸੌ, ਹਜ਼ਾਰ, ਪੰਜ ਲੱਖ ਉੱਥੇ ਪਹੁੰਚ ਗਏ
ਉਹ ਚੀਖ਼ ਰਹੇ ਸਨ, ”ਏਨਾ ਪਿਆਰ, ਏਨਾ ਸਾਰਾ ਪਿਆਰ,
ਤੇ ਇਹ ਮੌਤ ਦਾ ਵੀ ਮੁਕਾਬਲਾ ਨਹੀਂ ਕਰ ਸਕਦਾ?”
ਪਰ ਲਾਸ਼, ਉਵੇਂ ਦੀ ਉਵੇਂ, ਮਰਦੀ ਹੀ ਗਈ।
ਹੁਣ ਕਰੋੜਾਂ ਲੋਕ ਉਹਦੇ ਗਿਰਦ ਖਲੋਤੇ, ਇਕੋ ਗੱਲ ਕਹਿੰਦੇ,
”ਠਹਿਰ ਭਰਾਵਾ, ਠਹਿਰ ਜਾ ਏਥੇ ਹੀ, ਇਵੇਂ ਹੀ।”
ਪਰ ਹਾਏ, ਲਾਸ਼ ਮਰਦੀ ਹੀ ਗਈ।
ਫੇਰ ਧਰਤੀ ਦੀ ਸਾਰੀ ਲੋਕਾਈ ਉਹਦੇ ਗਿਰਦ ਖਲੋਤੀ।
ਲਾਸ਼ ਨੇ ਉਹਨਾਂ ਵੱਲ ਉਦਾਸੀ ਨਾਲ ਦੇਖਿਆ।
ਉਹਦਾ ਦਿਲ ਪੰਘਰ ਗਿਆ।
ਉਸ ਨੇ ਪਹਿਲੇ ਹੀ ਮਨੁੱਖ ਦੁਆਲੇ ਆਪਣੀਆਂ ਬਾਹਾਂ ਲਪੇਟੀਆਂ,
ਤੇ ਹੌਲੀ ਹੌਲੀ ਤੁਰਨ ਲਗ ਪਈ।
ਡੌਰ ਭੌਰ
ਅੱਜ ਕੋਈ ਪੁੱਛਣ ਨਹੀਂ ਆਇਆ,
ਨਾ ਹੀ ਅੱਜ ਦੀ ਸ਼ਾਮ ਉਹਨਾਂ ਨੇ ਮੇਰੇ ਕੋਲੋਂ ਕੁਝ ਮੰਗਿਆ।
ਅੱਜ ਕਬਰਸਤਾਨ ਦਾ ਕੋਈ ਵੀ ਫੁੱਲ ਨਹੀਂ ਖਿੜਿਆ,
ਰੋਸ਼ਨੀਆਂ ਦੇ ਕਿੰਨੇ ਸਾਰੇ ਜਲੂਸ ਨਿਕਲੇ।
ਮੁਆਫ ਕਰਨਾ, ਉਹ ਖੁਦਾ, ਮੈਂ ਕਿੰਨਾ ਘੱਟ ਮਰਿਆ ਹਾਂ।
ਅੱਜ ਦੀ ਸ਼ਾਮ ਹਰ ਕੋਈ, ਹਰ ਜਣਾ ਬਿਨਾਂ ਕੁਝ ਕਹੇ,
ਬਿਨਾਂ ਕੁਝ ਮੰਗੇ ਕੋਲੋਂ ਦੀ ਲੰਘਦਾ ਰਿਹਾ।
ਤੇ ਮੈਨੂੰ ਪਤਾ ਨਹੀਂ ਉਨ੍ਹਾਂ ਨੂੰ ਕੀ ਭੁੱਲ ਗਿਆ ਹੈ
ਮੇਰੇ ਹੱਥਾਂ ‘ਚ ਇਕ ਭਾਰ ਹੈ ਜਿਵੇਂ ਕੁਝ ਚੁਰਾਇਆ ਹੋਇਆ ਹੋਵੇ।
ਮੈਂ ਦਰਵਾਜ਼ੇ ਤੱਕ ਆਇਆ ਹਾਂ
ਦਿਲ ਕਰਦਾ ਹੈ ਹਰ ਇਕ ਨੂੰ ਚੀਖ ਕੇ ਕਹਾਂ,
ਤੁਸੀਂ ਜੋ ਲੱਭਦੇ ਹੋ, “ਏਥੇ ਹੈ ਉਹ, ਏਥੇ।”
ਕਿਉਂਕਿ ਜ਼ਿੰਦਗੀ ਦੀਆਂ ਸਾਰੀਆਂ ਸ਼ਾਮਾਂ ਵਿਚ
ਮੈਨੂੰ ਨਹੀਂ ਪਤਾ ਕਿੰਨੇ ਦਰਵਾਜ਼ੇ ਬੰਦਿਆਂ ਲਈ ਭੇੜ ਦਿੱਤੇ ਜਾਂਦੇ ਨੇ।
ਤੇ ਮੇਰੀ ਰੂਹ ਕਿਸੇ ਦਾ ਕੁਝ ਚੁਰਾ ਲੈਂਦੀ ਹੈ।
ਅੱਜ ਕੋਈ ਨਹੀਂ ਆਇਆ।
ਤੇ ਅੱਜ ਦੀ ਸ਼ਾਮ ਮੈਂ ਕਿੰਨਾ ਘੱਟ ਮਰਿਆ ਹਾਂ।
ਚਿੱਟੇ ਪੱਥਰ ਤੇ ਪਿਆ ਕਾਲਾ ਪੱਥਰ
ਮੈਂ ਇਕ ਮੀਂਹ ਵਾਲੇ ਦਿਨ, ਪੈਰਸ ਵਿਚ ਮਰਾਂਗਾ।
ਕਿਸੇ ਦਿਨ ਜਿਸ ਨੂੰ ਮੈਂ ਹੁਣੇ ਚਿਤਵ ਸਕਦਾ ਹਾਂ।
ਮੈਂ ਪੈਰਸ ‘ਚ ਮਰਾਂਗਾ-ਤੇ ਮੈਂ ਡੋਲਣਾ ਨਹੀਂ,
ਖਬਰੇ ਵੀਰਵਾਰ ਨੂੰ, ਕਿਉਂਕਿ ਅੱਜ ਵੀ ਪੱਤਝੜ ਦਾ ਵੀਰਵਾਰ ਹੈ।
ਹਾਂ ਉਹ ਵੀਰਵਾਰ ਹੀ ਹੋਏਗਾ ਕਿਉਂਕਿ ਅੱਜ ਵੀਰਵਾਰ ਨੂੰ
ਇਹ ਸਤਰਾਂ ਲਿਖਦਿਆਂ ਮੈਂ ਦੇਖਿਆ,
ਮੇਰੀਆਂ ਬਾਹਾਂ ਦੀਆਂ ਉਪਰਲੀਆਂ ਹੱਡੀਆਂ ਢਿਲਕੀਆਂ ਹੋਈਆਂ ਸਨ।
ਮੈਨੂੰ ਲੱਗਾ, ਮੇਰੇ ਅੱਗੇ ਸਭ ਸੜਕਾਂ ਇਕੱਲੀਆਂ ਹਨ।
‘ਸੇਸਰ ਵਾਯੇਖੋ’ ਮਰ ਗਿਆ, ਹਰ ਕਿਸੇ ਨੇ ਉਸ ਨੂੰ ਕੁੱਟਿਆ,
ਭਾਵੇਂ ਉਹ ਕਿਸੇ ਦਾ ਕਦੀ ਕੁਝ ਨਹੀਂ, ਸੀ ਵਿਗਾੜਦਾ।
ਉਹਨਾਂ ਨੇ ਉਸ ਨੂੰ ਬੈਂਤਾਂ ਤੇ ਰੱਸਿਆਂ ਨਾਲ ਕੁੱਟਿਆ।
ਇਹਦੇ ਗਵਾਹ ਨੇ ਮੇਰੇ ਕੋਲ,
ਕਿੰਨੇ ਸਾਰੇ ਵੀਰਵਾਰ, ਮੇਰੀ ਆਪਣੀ ਬਾਂਹ ਦੀਆਂ ਹੱਡੀਆਂ,
ਮੇਰੀ ਇਕੱਲਤਾ, ਵਰ੍ਹਦਾ ਮੀਂਹ ਤੇ ਬਾਹਰ ਸੁੰਨਸਾਨ ਸੜਕਾਂ।
ਹੱਡੀਆਂ ਦੀ ਹਾਜ਼ਰੀ
ਉਨ੍ਹਾਂ ਨੇ ਉੱਚੀਆਂ ਆਵਾਜ਼ਾਂ ‘ਚ ਕਿਹਾ-
”ਅਸੀਂ ਚਾਹੁੰਦੇ ਹਾਂ, ਉਹ ਆਪਣੇ ਦੋਵੇਂ ਹੱਥ ਇਕੱਠੇ ਦਿਖਾਵੇ”
ਪਰ ਇਹ ਕਿਵੇਂ ਹੋ ਸਕਦਾ ਸੀ।
”ਅਸੀਂ ਚਾਹੁੰਦੇ ਹਾਂ ਉਹਦੇ ਕਦਮਾਂ ਦਾ ਫਾਸਲਾ ਉਦੋਂ ਮਾਪਣਾ,
ਜਦੋਂ ਉਹ ਰੋ ਰਿਹਾ ਹੋਵੇ।”
ਪਰ ਇਹ ਸੰਭਵ ਹੀ ਨਹੀਂ ਸੀ।
”ਅਸੀਂ ਚਾਹੁੰਦੇ ਹਾਂ ਕਿ ਉਹ ਸਿਫਰ ਦੇ ਵਿਅਰਥ ਹੋਣ ਤੱਕ,
ਇਕੋ ਤਰ੍ਹਾਂ ਦੇ ਖ਼ਿਆਲ ਸੋਚੇ।”
ਪਰ ਇਹ ਹੋਣਾ ਨਹੀਂ ਸੀ।
”ਅਸੀਂ ਚਾਹੁੰਦੇ ਹਾਂ ਕਿ ਉਹ ਝੱਲੀਆਂ ਹਰਕਤਾਂ ਕਰੇ”
ਪਰ ਹਕੀਕਤ ਵਿਚ ਅਜਿਹਾ ਹੋ ਨਹੀਂ ਸੀ ਸਕਦਾ।
”ਅਸੀਂ ਚਾਹੁੰਦੇ ਹਾਂ ਉਹਦੇ ਵਰਗਾ ਭਾਰਾ ਆਦਮੀ
ਆਪਣੇ ਹੀ ਵਰਗੇ ਕਿਸੇ ਹੋਰ ਦੇ ਵਿਚਾਲੇ ਖਲੋ ਜਾਵੇ।”
ਪਰ ਇਹ ਅਸੰਭਵ ਸੀ।
”ਸਾਡੀ ਇੱਛਾ ਹੈ ਕਿ ਉਹ ਆਪਣਾ ਮੁਕਾਬਲਾ
ਆਪਣੇ ਆਪ ਨਾਲ ਹੀ ਕਰੇ।”
ਪਰ ਇਹ ਹੋ ਹੀ ਨਹੀਂ ਸੀ ਸਕਦਾ।
”ਅਸੀਂ ਚਾਹੁੰਦੇ ਹਾਂ ਕਿ ਆਖਰ ਵਿਚ ਉਹ
ਉਸ ਨੂੰ ਉਹਦੇ ਆਪਣੇ ਨਾਮ ਨਾਲ ਬੁਲਾਉਣ।”
ਪਰ ਅਜਿਹਾ ਕਿਸੇ ਨੇ ਕਦੋਂ ਕਰਨਾ ਸੀ।
ਅੰਗ੍ਰੇਜ਼ੀ ਤੋਂ ਅਨੁਵਾਦ – ਅਵਤਾਰ ਜੰਡਿਆਲਵੀ