ਡਿਕਸ਼ਨਰੀ ਵਿਚ ‘ਮਫ਼ਤੂਨ’ ਦਾ ਮਤਲਬ ‘ਆਸ਼ਿਕ’ ਦੱਸਿਆ ਗਿਆ ਹੈ- ਹੁਣ ਜ਼ਰਾ ਇਸ ਇਸ਼ਕ ਦੇ ਪੱਟੇ ਤੇ ਦੁਖੀ ਬੰਦੇ ਦਾ ਹੁਲੀਆ ਦੇਖੋ- ਮਧਰਾ ਕੱਦ, ਭੱਦਾ ਜਿਸਮ, ਉੱਭਰੀ ਹੋਈ ਤੁਨ, ਭਾਰੀ ਸਿਰ ਉੱਤੇ ਖਿੰਡੇ-ਖਿੱਲਰੇ ਵਾਲ ਜਿਨ੍ਹਾਂ ਨੂੰ ਕੇਸ ਕਹਾਉਣ ਦਾ ਭੋਰਾ ਭਰ ਹੱਕ ਨਹੀਂ ਅਤੇ ਜੇ ਇਹ ਇਕੱਠੇ ਕੀਤੇ ਜਾਣ ਤਾਂ ਮਸਾਂ ਇਕ ਕੱਟੜ ਬਾਹਮਣ ਦੀ ਬੋਦੀ ਲੱਗਣ; ਗੂੜ੍ਹਾ ਮੁਸ਼ਕੀ ਰੰਗ ਅਤੇ ਨਿੱਕੀ ਜਿਹੀ ਘਸੀ-ਪਿਟੀ ਦਾੜ੍ਹੀ ਜੋ ਸ਼ਾਇਦ ਕਿਸੇ ਜ਼ਮਾਨੇ ਵਿਚ ਦਾੜ੍ਹੀਆਂ ਦੀ ਲਾਜ ਰੱਖਦੀ ਹੋਵੇ, ਅੱਖਾਂ ਨਾ ਬੜੀਆਂ, ਨਾ ਛੋਟੀਆਂ ਪਰ ਬੇਹੱਦ ਤੇਜ਼ ਅਤੇ ਵਿਆਕੁਲ ਸ਼ਿਕਾਰੀ ਵਰਗੀਆਂ।
ਸਮੁੱਚੇ ਤੌਰ ਤੇ ਇਹ ਇਸ਼ਕ ਦਾ ਪੱਟਿਆ ਪਤਲਾ ਜਿਹਾ ਸਰਦਾਰ ਦੀਵਾਨ ਸਿੰਘ ਮਫ਼ਤੂਨ, ਐਡੀਟਰ ਸਪਤਾਹਕ ‘ਰਿਆਸਤ ਦਿੱਲੀ; ਕਿਸੇ ਜ਼ਮਾਨੇ ਵਿਚ ਰਾਜਿਆਂ, ਮਹਾਰਾਜਿਆਂ ਅਤੇ ਨਵਾਬਾਂ ਦਾ ਦੁਸ਼ਮਣ, ਇਹਨਾਂ ਦੇ ਗੁੱਝੇ ਭੇਤ ਜ਼ਾਹਰ ਕਰਨ ਵਾਲਾ ਮਦਾਰੀ.. .. ਪੱਤਰਕਾਰੀ ਚ ਇਕ ਨਿਵੇਕਲੇ, ਧੜੱਲੇਦਾਰ ਢੰਗ ਦੀਆਂ ਸ਼ਾਨਦਾਰ ਲਿਖਤਾਂ ਦਾ ਮਾਲਕ.. .. ਯਾਰਾਂ ਦਾ ਯਾਰ, ਸਗੋਂ ਸੇਵਕ ਅਤੇ ਦੁਸ਼ਮਣਾਂ ਦਾ ਪੁੱਜ ਕੇ ਜ਼ਾਲਿਮ ਦੁਸ਼ਮਣ-ਮਿਚਲਨ ਟਾਇਰ ਦਾ ਇਸ਼ਤਿਹਾਰ ਲੱਗਦਾ ਹੈ। ਫ਼ਰਕ ਕੇਵਲ ਐਨਾ ਹੈ ਕਿ ਇਸ਼ਤਿਹਾਰ ‘ਚ ਜੋ ਟਾਇਰਾਂ ਦੀ ਬਣੀ ਹੋਈ ਇਨਸਾਨ-ਨੁਮਾ ਸ਼ਕਲ ਹੈ, ਉਸਦੇ ਜੋੜਾਂ ‘ਚ ਦਰਦ ਨਹੀਂ ਹੁੰਦਾ, ਪਰ ਦੀਵਾਨ ਸਿੰਘ ਮਫ਼ਤੂਨ ਗਠੀਏ ਦਾ ਮਾਰਿਆ ਹੋਇਆ ਹੈ ਅਤੇ ਉਸ ਦਾ ਬੰਦ-ਬੰਦ ਤੇ ਜੋੜ-ਜੋੜ ਦਰਦ ਕਰਦਾ ਹੈ- ਤੁਸੀਂ ਉਸ ਦੇ ਮੇਜ ਉੱਤੇ ਕਲਮ-ਦਵਾਤ ਦੇ ਨਾਲ ਹਰ ਵੇਲੇ ਕਰੋਸ਼ਨ ਸਾਲਟ ਦੀ ਬੋਤਲ ਦੇਖ ਸਕਦੇ ਹੋ। ਇਹ ਬੋਤਲ ਕਲਮਦਾਨ ਦਾ ਅਜਿਹਾ ਅੰਗ ਬਣ ਕੇ ਰਹਿ ਗਈ ਹੈ ਕਿ ਕਈ ਵਾਰੀ ਤੁਹਾਨੂੰ ਇਉਂ ਲੱਗੇਗਾ ਕਿ ਦੀਵਾਨ ਸਿੰਘ ਮਫ਼ਤੂਨ ਅਪਣੀ ਕਲਮ ਸਿਆਹੀ ‘ਚ ਡੁਬੋਣ ਦੀ ਥਾਂ ਕਰੋਸ਼ਨ ਸਾਲਟ ਵਿਚ ਡੁਬੋਂਦਾ ਹੈ ਤੇ ਇਸੇ ਨਾਲ ਲਿਖਦਾ ਹੈ। ਜਿਵੇਂ ਦੀਵਾਨ ਸਿੰਘ ਮਫ਼ਤੂਨ ਦੀ ਕੋਈ ਕਲ ਸਿੱਧੀ ਨਹੀਂ, ਓਵੇਂ ਹੀ ਉਸਦੀ ਲਿਖਤ ਦਾ ਕੋਈ ਜੁਮਲਾ ਸਿੱਧਾ ਨਹੀਂ ਹੁੰਦਾ-ਪਤਾ ਨਹੀਂ ਕਦੋਂ ਦਾ ਉਹ ਅਦਬ ਦਾ ਖ਼ੂਨ ਕਰ ਰਿਹਾ ਹੈ, ਪਰ ਪੱਤਰਕਾਰੀ ‘ਚ ਉਸਦਾ ਓਹੀ ਰੁਤਬਾ ਹੈ ਜੋ ‘ਬਾਂਬੇ ਸੈਂਟੀਨਲ ਦੇ ਐਡੀਟਰ ਆਂਜਹਾਨੀ ਬੀ ਜੀ ਹਾਰਨੀਮੈਨ ਦਾ ਸੀ, ਸਗੋਂ ਮੇਰਾ ਖ਼ਿਆਲ ਹੈ ਕਿ ਉਹ ਉਸ ਤੋਂ ਇਕ ਗਿੱਠ ਉਚਾ ਹੈ।
ਹਾਰਨੀਮੈਨ ਕੇਵਲ ਪੁਲਸ ਨਾਲ ਆਢਾ ਲਾਉਂਦਾ ਰਿਹਾ-ਦੀਵਾਨ ਸਿੰਘ ਮਫ਼ਤੂਨ ਨੇ ਅਪਣੀ ਭਲਵਾਨੀ ਦੇ ਜ਼ੌਹਰ ਕਈ ਅਖਾੜਿਆਂ ਵਿਚ ਦਿਖਾਏ-ਉਸ ਨੇ ਬੜੀਆਂ ਬੜੀਆਂ ਰਿਆਸਤਾਂ ਨਾਲ ਪੰਜਾ ਲੜਾਇਆ। ਅਕਾਲੀਆਂ ਨਾਲ ਗੁੱਥਮ-ਗੁੱਥਾ ਹੋਇਆ। ਮਾਸਟਰ ਤਾਰਾ ਸਿੰਘ ਤੇ ਸਰਦਾਰ ਖੜਕ ਸਿੰਘ ਨਾਲ ਤਲਵਾਰਬਾਜ਼ੀ ਕੀਤੀ। ਮੁਸਲਿਮ ਲੀਗ ਨਾਲ ਚੁਪਾਸਿਓਂ ਲੜਿਆ। ਪੁਲਿਸ ਦੀ ਭੂਤਨੀ ਭੁਲਾਈ। ਲੰਬੀਆਂ ਜਟਾਂ ਵਾਲੇ ਖੁਆਜ਼ਾ-ਹਜ਼ਰਤ ਹਸਨਾਨਿੱਜ਼ਾਮੀ ਨਾਲ ਚੋਹਲਬਾਜ਼ੀਆਂ ਕੀਤੀਆਂ। ਤੀਹਾਂ ਤੋਂ ਵੱਧ ਮੁਕੱਦਮੇ ਚਲਵਾਏ ਅਤੇ ਹਰ ਵਾਰ ਬਚ ਕੇ ਸੁੱਤ ਨਿਕਲਦਾ ਰਿਹਾ। ਲੱਖਾਂ ਬਲਕਿ ਕਰੋੜਾਂ ਕਮਾਏ ਅਤੇ ਉੜਾ ਦਿੱਤੇ। ਤੰਗ ਦਸਤੀ ਦਾ ਮਾਰਿਆ ਕੋਈ ਮਿੱਤਰ ਆਇਆ ਤਾਂ ਚੁਟਕੀਆਂ ‘ਚ ਚਾਰ ਸੌ ਵੀਹ ਦਾ ਨਾਟਕ ਕਰਕੇ ਰੁਪਿਆ ਹਾਸਲ ਕੀਤਾ ਅਤੇ ਉਸ ਦੀ ਸੇਵਾ ‘ਚ ਖ਼ਰਚ ਕਰ ਦਿੱਤਾ। ਜਦੋਂ ਨੋਟਾਂ ਨਾਲ ਜੇਬਾਂ ਤੁੰਨੀਆਂ ਹੁੰਦੀਆਂ। ਮੋਟਰ ਦੀ ਹੈੱਡਲਾਈਟਸ ਵਿਚ ਨੰਗੀਆਂ ਤੀਵੀਆਂ ਦਾ ਨਾਚ ਦੇਖਿਆ ਅਤੇ ਅਪਣੇ ਦੋਸਤਾਂ ਨੂੰ ਦਿਖਾਇਆ। ਆਪ ਘੱਟ ਪੀਤੀ, ਅਪਣੇ ਯਾਰਾਂ ਨੂੰ ਜੀਅ ਭਰ ਕੇ ਪਿਆਈ।
ਦੀਵਾਨ ਸਿੰਘ ਮਫ਼ਤੂਨ ਇਕਾਈ ਨਹੀਂ ਉਹ ਦਹਾਈ, ਸੈਂਕੜਾ, ਹਜ਼ਾਰ ਹੈ, ਦਸ ਹਜ਼ਾਰ ਹੈ, ਬਲਕਿ ਲੱਖ ਹੈ। ਉਹ ਇਕ ਅਜੈਬ ਘਰ ਹੈ ਜਿਸ ਵਿਚ ਸੈਂਕੜਿਆਂ, ਸਗੋਂ ਹਜ਼ਾਰਾਂ ਅਦਭੁੱਤ ਦਸਤਾਵੇਜ਼ ਤਾਲਾਬੰਦ ਪਏ ਨੇ, ਉਹ ਇਕ ਬੈਂਕ ਹੈ ਜਿਸ ਦੇ ਲੈਜ਼ਰਾਂ ‘ਚ ਕਰੋੜਾਂ ਦਾ ਹਿਸਾਬ ਦਰਜ ਹੈ, ਉਹਨੂੰ ਸਕਾਟਲੈਂਡ ਯਾਰਡ ਕਹੀਏ ਜਿਸ ਵਿਚ ਲੱਖਾਂ ਅਪਰਾਧੀ ਬੰਦਿਆਂ ਦੇ ਭੇਤ ਭਰੇ ਹਾਲਾਤ ਹਾਜ਼ਰ ਨੇ! ਜੇ ਉਹ ਅਮਰੀਕਾ ਵਿਚ ਹੁੰਦਾ ਤਾਂ ਓਥੋਂ ਦਾ ਸਭ ਤੋਂ ਬੜਾ ਗੈਂਗਸਟਰ ਹੁੰਦਾ। ਕਈ ਅਖਬਾਰ ਉਸਦੇ ਤਾਬੇ ਹੁੰਦੇ। ਬੜੇ-ਬੜੇ ਯਹੂਦੀ ਸਰਮਾਇਆਕਾਰ ਉਸ ਦੇ ਇਸ਼ਾਰੇ ‘ਤੇ ਨੱਚਦੇ। ਉਹ ਰਾਬਿਨਹੁੱਡ ਦਾ ਵੀ ਬਾਪ ਹੁੰਦਾ। ਅੜੇ ਥੁੜ੍ਹੇ ਤੇ ਗਰੀਬ ਗੁਰਬੇ ਲੋਕਾਂ ਲਈ ਉਸਦੀਆਂ ਤਿਜੌਰੀਆਂ ਸਦਾ ਖੁੱਲ੍ਹੀਆਂ ਰਹਿੰਦੀਆਂ।
ਤੁਸੀਂ ਮਫ਼ਤੂਨ ਨੂੰ ਦੇਖੋਂਗੇ ਤਾਂ ਉਹਨੂੰ ਮਾਮੂਲੀ ਜਿਹਾ ਪੜ੍ਹਿਆ-ਲਿਖਿਆ ਅਧੇੜ ਉਮਰ ਦਾ ਸਿੱਖ ਸਮਝੋਗੇ, ਪਰ ਉਹ ਬਹੁਤ ਪੜ੍ਹਿਆ ਲਿਖਿਆ ਹੈ- ਇਕ ਦਿਨ ਮੈਂ ਉਹਨੂੰ ‘ਰਿਆਸਤ’ ਦੇ ਖੂਬਸੂਰਤ ਪਿਆਜੀ ਰੰਗ ਦੇ ਕਾਰਡਾਂ ਉੱਤੇ ਦਸਤਖ਼ਤ ਕਰਦਿਆਂ ਦੇਖਿਆ। ਕਾਰਡਾਂ ਦੀਆਂ ਦੋ-ਤਿੰਨ ਢੇਰੀਆਂ ਲੱਗੀਆਂ ਹੋਈਆਂ ਸਨ। ਮੈਂ ਇਕ ਕਾਰਡ ਚੁੱਕ ਕੇ ਟਾਈਪ ਹੋਈ ਇਬਾਰਤ ਪੜ੍ਹੀ- ਬਦੇਸ਼ੀ ਮੁਲਕ ਦੀ ਕਿਸੇ ਫ਼ਰਮ ਤੋਂ ਸੂਚੀ ਪੱਤਰ ਮੰਗਵਾਉਣ ਦੀ ਬੇਨਤੀ ਕੀਤੀ ਗਈ ਸੀ। ਸਾਰੇ ਕਾਰਡਾਂ ਦਾ ਏਹੀ ਵਿਸ਼ਾ ਸੀ। ਮੈਨੂੰ ਹੈਰਾਨੀ ਹੋਈ ਕਿ ਏਨੇ ਸੂਚੀ-ਪੱਤਰ ਮੰਗਵਾ ਕੇ ਸਰਦਾਰ ਸਾਹਿਬ ਕੀ ਕਰਨਗੇ-ਮੈਂ ਪੁੱਛਿਆ : ”ਮਫ਼ਤੂਨ ਸਾਹਬ, ਤੁਸੀਂ ਕੋਈ ਸਟੋਰ ਖੋਲ੍ਹਣ ਲੱਗੇ ਓਂ?”
ਸਿਰ ਨੂੰ ਸਿੱਖਾਂ ਦੇ ਵਿਸ਼ੇਸ਼ ਅੰਦਾਜ਼ ਚ ਇਕ ਪਾਸੇ ਝਟਕਾ ਦੇ ਕੇ ਮਫ਼ਤੂਨ ਖੁੱਲ੍ਹ ਕੇ ਹੱਸਿਆ : ”ਨਹੀਂ ਮੰਟੋ ਸਾਹਬ.. ਮੈਂ ਇਹ ਸੂਚੀਆਂ ਤਾਂ ਮੰਗਾ ਰਿਹਾ ਹਾਂ ਕਿ ਮੈਨੂੰ ਇਨ੍ਹਾਂ ਦੇ ਅਧਿਐਨ ਦਾ ਸ਼ੌਕ ਐ।’
ਮੇਰੀ ਹੈਰਾਨੀ ਹੋਰ ਵਧ ਗਈ : ”ਤੁਸੀਂ ਅਧਿਐਨ ਕਰੋਂਗੇ.. ਇਨ੍ਹਾਂ ਸੂਚੀਆਂ ਦਾ, ਕੀ ਮਿਲੂ ਤੁਹਾਨੂੰ?”
”ਜਾਣਕਾਰੀ ਮੈਂ ਅਪਣੀ ਜਾਣਕਾਰੀ ਚ ਏਕਣ ਹੀ ਵਾਧਾ ਕਰਦਾ ਰਹਿੰਦਾ ਹਾਂ।’
”ਤੁਹਾਡੀ ਹਰ ਗੱਲ ਨਿਰਾਲੀ ਐ।”
”ਡਨਲਪ ਕੰਪਨੀ ਕੀ ਬਣਾਉਂਦੀ ਐ?” ਉਨ੍ਹਾਂ ਨੇ ਝੱਟ ਮੈਨੂੰ ਸਵਾਲ ਕੀਤਾ। ਮੈਂ ਤੁਰਤ ਉੱਤਰ ਦਿੱਤਾ -”ਟਾਇਰ!”
ਉਨ੍ਹਾਂ ਨੇ ਇਹ ਸੁਣ ਕੇ ਮੈਨੂੰ ਦੱਸਿਆ ਕਿ ਡਨਲਪ ਕੰਪਨੀ ਕੇਵਲ ਟਾਇਰ ਟਿਊਬ ਹੀ ਨਹੀਂ ਬਣਾਉਂਦੀ, ਹਜ਼ਾਰਾਂ ਹੋਰ ਚੀਜ਼ਾਂ ਵੀ ਬਣਾਉਂਦੀ ਐ। ਗਾਫ਼ ਬਾਲ, ਰਬੜ ਦੇ ਗੱਦੇ-ਗੱਦੀਆਂ, ਰਬੜ ਸਪਰਿੰਗ, ਨਲਕੀਆਂ, ਹੌਜ਼ ਪਾਈਪ, ਹੋਰ ਰੱਬ ਜਾਣੇ ਪਤਾ ਨਹੀਂ ਕੀ ਕੀ।
ਜਦੋਂ ਸੂਚੀਆਂ ਆਉਂਦੀਆਂ ਨੇ ਤਾਂ ਹਰ ਇਕ ਦਾ ਉਹ ਧਿਆਨ ਨਾਲ ਅਧਿਐਨ ਕਰਦਾ ਹੈ। ਇਸੇ ਲਈ ਮੈਂ ਕਿਹੈ ਕਿ ਸਰਦਾਰ ਦੀਵਾਨ ਸਿੰਘ ਮਫ਼ਤੂਨ ਬਹੁਤ ਪੜ੍ਹਿਆ-ਲਿਖਿਆ ਆਦਮੀ ਐਂ। ਉਹ ਸਾਰੀਆਂ ਸੂਚੀਆਂ ਪੜ੍ਹਦਾ ਹੈ ਅਤੇ ਜਦੋਂ ਉਹਦੇ ਲਈ ਉਹ ਬੇਕਾਰ ਹੋ ਜਾਂਦੀਆਂ ਨੇ ਤਾਂ ਮੁਹੱਲੇ ਦੇ ਬੱਚਿਆਂ ਨੂੰ ਵੰਡ ਦਿੰਦੈ ਕਿ ਉਹ ਮੂਰਤਾਂ ਦੇਖ ਲੈਣ ਅਤੇ ਖੁਸ਼ ਹੋਣ-ਬੱਚਿਆਂ ਨਾਲ ਉਸ ਨੂੰ ਬਹੁਤ ਪਿਆਰ ਐ।
ਬਦੇਸ਼ੀ ਮੁਲਕਾਂ ਦੇ ਕਾਰਖਾਨਿਆਂ ਦੀਆਂ ਸੂਚੀਆਂ ਪੜ੍ਹ ਪੜ੍ਹ ਕੇ ਉਹ ਅਪਣੇ ਪਰਚੇ ਦੀਆਂ ਜ਼ੋਰਦਾਰ ਸੰਪਾਦਕੀਆਂ ਲਿਖਦਾ ਹੈ, ‘ਨਾਕਾਬਲੇ-ਫਰਾਮੋਸ਼’ ਦਾ ਨਾਕਾਬਲੇ ਫਰਾਮੋਸ਼ ਕਾਲਮ ਲਿਖਦਾ ਹੈ, ਸਵਾਲਾਂ ਦਾ ‘ਟਚਨ’ ਉੱਤਰ ਦਿੱਤਾ ਹੈ ਅਤੇ ਵਿਸਤਾਰ ਵਰਨਣ ਦੇ ਵਿਸਤਾਰ ਦਾ ਹਰ ਥਾਂ ਖ਼ੂਨ ਕਰਦਾ ਹੈ। ਉਸਦੀ ਹੱਥ-ਲਿਖਤ ਬਹੁਤ ਭੈੜੀ ਹੈ। ਜਿਵੇਂ ਉਹ ਆਪ ਵਿੰਗਾ-ਟੇਢਾ ਹੈ, ਓਸੇ ਤਰ੍ਹਾਂ ਉਸਦੀ ਕਲਮ ‘ਚੋਂ ਨਿਕਲੇ ਹੋਏ ਹਰਫ਼ ਵਿੰਗੇ ਟੇਢੇ ਹੁੰਦੇ ਨੇ-ਮੈਨੂੰ ਹੈਰਾਨੀ ਹੁੰਦੀ ਹੈ, ਕਾਤਿਬ ਉਸਦੇ ਲਿਖੇ ਨੂੰ ਕਿਵੇਂ ਪੜ੍ਹ ਲੈਂਦਾ ਹੈ। ਮੈਨੂੰ ਜਦ ਵੀ ਉਸਦੀ ਚਿੱਠੀ ਮਿਲੀ, ਮੈਂ ਅੰਦਾਜ਼ੇ ਨਾਲ ਉਸਦਾ ਮਤਲਬ ਕੱØਢਿਆ। ਦੂਜੀ ਵੇਰਾਂ ਧਿਆਨ ਨਾਲ ਡੀਸਿਫ਼ਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਿਆ ਕਿ ਮੈਂ ਪਹਿਲੀ ਵੇਰਾਂ ਜੋ ਮਤਲਬ ਸਮਝਿਆ ਸੀ, ਬਿਲਕੁਲ ਗ਼ਲਤ ਸੀ। ਤੀਜੀ ਵੇਰਾਂ ਪੜ੍ਹਿਆ ਤਾਂ ਹਰਫ਼ ਅਪਣੀ ਸਹੀ ਸ਼ਕਲ ‘ਚ ਢਲਣ ਲੱਗੇ। ਚੌਥੇ ਗੇੜ ‘ਚ ਆਖ਼ਿਰ ਇਬਾਰਤ ਮੁਕੰਮਲ ਤੌਰ ‘ਤੇ ਸਮਝ ਵਿਚ ਆਈ।
ਦੀਵਾਨ ਸਿੰਘ ਮਫ਼ਤੂਨ ਬਹੁਤ ਸਤੱਰਕ ਆਦਮੀ ਹੈ। ਪੂਰਾ ਦੂਰ ਅੰਦੇਸ਼-‘ਦੁੱਧ ਦਾ ਜਲਿਆ ਲੱਸੀ ਨੂੰ ਫੂਕਾਂ ਮਾਰ ਕੇ ਪੀਂਦਾ ਹੈ’ ਇਹ ਮੁਹਾਵਰਾ ਉਸ ‘ਤੇ ਐਨ੍ਹ ਢੁੱਕਦਾ ਹੈ। ਲੱਸੀ ਤਾਂ ਲੱਸੀ ਉਹ ਤਾਂ ਪਾਣੀ ਵੀ ਫ਼ੂਕਾਂ ਮਾਰ ਮਾਰ ਪੀਂਦਾ ਹੈ। ਉਹਨੇ ਕਾਤਿਬ ਨੂੰ ਸਖ਼ਤ ਹਦਾਇਤ ਦਿੱਤੀ ਹੋਈ ਐ ਕਿ ਜਦੋਂ ਉਸਦੀਆਂ ਲਿਖੀਆਂ ਹੋਈਆਂ ਸਲਿੱਪਾਂ ਪੀਲੇ ਕਾਗਜ਼ ਉੱਤੇ ਚੜ੍ਹ ਜਾਣ ਤਾਂ ਤੁਰਤ ਉਸ ਨੂੰ ਮੋੜ ਦਿੱਤੀਆਂ ਜਾਣ। ਕਿਤਾਬਤ ਹੋਈਆਂ ਸਤਰਾਂ ‘ਚ ਗ਼ਲਤੀਆਂ ਮਾਰਕ ਕਰਕੇ ਉਹ ਮੇਜ ‘ਤੇ ਪਈ ਕਾਲੀ ਸੰਦੂਕੜੀ ਖੋਲ੍ਹੇਗਾ ਅਤੇ ਉਸ ਵਿਚ ਤਮਾਮ ਸਲਿੱਪਾਂ ਪਾ ਕੇ ਉਸ ਨੂੰ ਜਿੰਦਾ ਲਾ ਦੇਵੇਗਾ ਅਤੇ ਜਦੋਂ ਪਰਚਾ ਛਪ ਕੇ ਆ ਜਾਏਗਾ ਤਾਂ ਅਪਣੀਆਂ ਲਿਖਤਾਂ ਨੂੰ ਨਸ਼ਟ ਕਰ ਦੇਵੇਗਾ-ਪਤਾ ਨਹੀਂ, ਇਹ ਸਾਵਧਾਨੀ ਕਿਉਂ ਵਰਤੀ ਜਾਂਦੀ ਹੈ।
ਉਸਦੀ ਸਾਰੀ ਡਾਕ ਇਕ ਥੈਲੇ ਵਿਚ ਜਿੰਦਾ ਲੱਗ ਕੇ ਆਉਂਦੀ ਹੈ। ਉਸਨੂੰ ਖੋਲ੍ਹ ਕੇ ਉਹ ਇਕ ਇਕ ਚਿੱਠੀ, ਇਕ ਇਕ ਅਖ਼ਬਾਰ ਬਾਹਰ ਕੱਢੇਗਾ ਅਤੇ ਪੂਰੀ ਤਰਤੀਬ ਵਿਚ ਮੇਜ ਉੱਤੇ ਰੱਖਦਾ ਜਾਵੇਗਾ। ਲਿਫਾਫਾ ਖੋਲ੍ਹ ਕੇ ਚਿੱਠੀ ਬਾਹਰ ਕੱਢਣ ਪਿੱਛੋਂ ਉਹ ਲਿਫਾਫ਼ਾ ਰੱਦੀ ਦੀ ਟੋਕਰੀ ‘ਚ ਨਹੀਂ ਸੁੱਟਦਾ, ਸਗੋਂ ਚਿੱਠੀ ਦੇ ਨਾਲ ਪਿੰਨ ਲਗਾ ਕੇ ਨੱਥੀ ਕਰ ਦੇਵੇਗਾ। ਇਸੇ ਤਰ੍ਹਾਂ ਉਹ ਰਿਸਾਲਿਆਂ, ਅਖ਼ਬਾਰਾਂ ਦੇ ਰੈਪਰ ਵੀ ਜ਼ਾਇਆ ਨਹੀਂ ਕਰਦਾ- ਮੈਂ ਇਸ ਕਾਰਵਾਈ ਬਾਬਤ ਪੁੱਛਿਆ ਤਾਂ ਉੱਤਰ ਮਿਲਿਆ – ”ਸਾਵਧਾਨੀ ਹਰ ਹਾਲਤ ਵਿਚ ਚੰਗੀ ਹੁੰਦੀ ਹੈ.. ਹੋ ਸਕਦੈ, ਮੈਂ ਕਿਸੇ ਅਖ਼ਬਾਰ ਜਾਂ ਕਿਸੇ ਰਿਸਾਲੇ ਦੇ ਖ਼ਿਲਾਫ਼ ਮੁਕੱਦਮਾ ਕਰਨਾ ਚਾਹਾਂ-ਹੁਣ ਕਾਨੂੰਨ ਇਹ ਹੈ ਕਿ ਜੇ ਲਾਹੌਰ ਦੇ ਕਿਸੇ ਅਖ਼ਬਾਰ ਜਾਂ ਰਿਸਾਲੇ ਨੇ ਮੇਰੇ ਖ਼ਿਲਾਫ਼ ਲਿਖਿਆ ਹੈ ਅਤੇ ਰੈਪਰ ਜਿਸ ਉੱਤੇ ਮੇਰਾ ਨਾਂਉਂ ਅਤੇ ਪਤਾ ਦਰਜ ਐ, ਮੈਂ ਪੇਸ਼ ਨਹੀਂ ਕਰ ਸਕਦਾ ਤਾਂ ਮੁਕੱਦਮਾ ਕੇਵਲ ਲਾਹੌਰ ‘ਚ ਹੀ ਚੱਲ ਸਕਦਾ ਹੈ। ਸਬੂਤ ਵਜੋਂ ਇਹ ਰੈਪਰ ਇਸ ਗੱਲ ਦਾ ਸਬੂਤ ਹੋਵੇਗਾ ਕਿ ਮੇਰੀ ਬੇਇੱਜ਼ਤੀ ਏਥੇ ਦਿੱਲੀ ‘ਚ ਹੋਈ ਐ ਜਿੱਥੇ ਮੈਨੂੰ ਇਹ ਪਰਚਾ ਭੇਜਿਆ ਹੈ, ਇਸ ਲਈ ਮੈਂ ਏਥੇ ਦਿੱਲੀ ਦੀ ਕਚਹਿਰੀ ‘ਚ ਦਾਅਵਾ ਦਾਇਰ ਕਰ ਸਕਦਾ ਹਾਂ।
ਦੀਵਾਨ ਸਿੰਘ ਮਫ਼ਤੂਨ ਉੱਤੇ ਜੋ ਆਖ਼ਰੀ (ਸ਼ਾਇਦ ਬੱਤੀਵਾਂ) ਮੁਕੱਦਮਾ ਚੱਲਿਆ ਬੜਾ ਖ਼ਤਰਨਾਕ ਸੀ। ਉਹ ਤੇ ਇਕ ਬੰਗਾਲੀ ਛਪਾਈ ਦੇ ਬਲਾਕਮੇਕਰ, ਜਾਅਲੀ ਨੋਟ ਬਨਾਉਣ ਦੇ ਦੋਸ਼ ਵਿਚ ਫਸਾਏ ਗਏ ਸਨ-ਮੈਂ ਉਹਨੀਂ ਦਿਨੀਂ ਬੰਬਈ ਵਿਚ ਸੀ। ਇਕ ਦਿਨ ਮੈਨੂੰ ‘ਮਸੱਵਰ ਵੀਕਲੀ’ ਰਾਹੀਂ ਇਕ ਟਾਈਪ ਕੀਤੀ ਹੋਈ ਚਿੱਠੀ ਮਿਲੀ, ਜਿਸ ਉੱਤੇ ਕਿਸੇ ਦੇ ਦਸਤਖ਼ਤ ਨਹੀਂ ਸਨ। ਟਾਈਪ ਵਿਚ ‘ਦੀਵਾਨ ਸਿੰਘ ਮਫ਼ਤੂਨ’ ਲਿਖਿਆ ਹੋਇਆ ਸੀ ਅਤੇ ਮੈਨੂੰ ਬੇਨਤੀ ਕੀਤੀ ਗਈ ਸੀ ਕਿ ਮੈਂ ਗਵਾਹ ਦੇ ਤੌਰ ‘ਤੇ ਪੇਸ਼ ਹੋਵਾਂ।
ਕਾਫੀ ਦੇਰ ਪਹਿਲਾਂ ਮੈਂ ਦਿੱਲੀ ਗਿਆ ਸੀ ਅਤੇ ਮਫ਼ਤੂਨ ਸਾਹਬ ਦੀ ਖ਼ਿਦਮਤ ਚ ਹਾਜ਼ਰ ਹੋਇਆ ਸੀ। ਮੈਂ ਦਫ਼ਤਰ ਪਹੁੰਚਿਆ ਤਾਂ ਓਥੇ ਕੋਈ ਵੀ ਨਹੀਂ ਸੀ। ਮੈਂ ਇਕ ਕੁਰਸੀ ‘ਤੇ ਬੈਠ ਗਿਆ ਅਤੇ ਕਮਰੇ ਦਾ ਜਾਇਜ਼ਾ ਲੈਣ ਲੱਗਿਆ। ਬਹੁਤ ਬੜਾ ਮੇਜ਼ ਸੀ, ਜਿਸ ਦੇ ਦੋਵੇਂ ਪਾਸੇ ਰੇਡੀਓ ਪਏ ਸਨ। ਕਲਮਦਾਨ ਕੋਲ ਕਰੋਸ਼ਨ ਸਾਲਟ ਦੀਆਂ ਦੋ ਬੋਤਲਾਂ ਪਈਆਂ ਸਨ। ਇਕ ਖੂੰਜੇ ਦੇ ਪਰਦੇ ਪਿੱਛੇ ਸੋਫ਼ੇ ਵਰਗੀ ਚੀਜ਼ ਸੀ, ਜਿਸ ‘ਤੇ ਸ਼ਾਇਦ ਦੀਵਾਨ ਜੀ ਆਰਾਮ ਫ਼ਰਮਾਉਂਦੇ ਹੋਣਗੇ। ਸਭ ਦੀਆਂ ਸਭ ਅਲਮਾਰੀਆਂ ਖੁੱਲ੍ਹੀਆਂ ਪਈਆਂ ਸਨ- ਮੈਂ ਇਹ ਅਤੇ ਦੂਜੀਆਂ ਗੱਲਾਂ ਵਿਸਥਾਰ ਪੂਰਬਕ ‘ਮਸੱਵਰ ਵਿਚ ਇਕ ਲੇਖ ਦੀ ਸ਼ਕਲ ਵਿਚ ਛਾਪੀਆਂ ਸਨ ਅਤੇ ਕਿਹਾ ਸੀ ਕਿ ਜੇ ਇਸ ਕਮਰੇ ਵਿਚ ਛੋਟਾ ਜਿਹਾ ਕੰਪਾਰਟਮੈਂਟ ਬਣਾ ਦਿੱਤਾ ਜਾਂਦਾ, ਜਿਸ ਵਿਚ ਕਮੋਡ ਹੁੰਦਾ ਹੈ ਤਾਂ ਇਹ ਕਮਰਾ ਕਿਸੇ ਰੇਲ ਦਾ ਬਹੁਤ ਬੜਾ ਡੱਬਾ ਦਿਖਾਈ ਦਿੰਦਾ-ਦੀਵਾਨ ਸਾਹਿਬ ਨੇ ਇਹ ਲੇਖ ਸੰਭਾਲ ਕੇ ਰੱਖਿਆ ਹੋਇਆ ਸੀ।
ਜਦ ਪੁਲਿਸ ਨੇ ਛਾਪਾ ਮਾਰ ਕੇ ਇਸ ਕਮਰੇ ਦੀ ਅਲਮਾਰੀ ‘ਚ ਪਈ ਇਕ ਕਿਤਾਬ ‘ਚ ਰੱਖੇ ਹੋਏ ਸੌ ਸੌ ਦੇ ਸ਼ਾਇਦ ਛੇ ਨੋਟ ਕਾਬੂ ਕੀਤੇ ਅਤੇ ਸਰਦਾਰ ਸਾਹਬ ਨੂੰ ਗ੍ਰਿਫਤਾਰ ਕਰ ਲਿਆ ਤਾਂ ਉਨ੍ਹਾਂ ਨੇ ਮੈਨੂੰ ਸਫ਼ਾਈ ਦੇ ਗਵਾਹਾਂ ‘ਚ ਰੱਖ ਲਿਆ। ਉਸ ਮਜਮੂਨ ਨਾਲ ਅਤੇ ਮੇਰੀ ਗਵਾਹੀ ਸਦਕਾ ਇਹ ਸਾਬਤ ਕਰਨ ਦਾ ਹੀਲਾ ਸੀ, ਕਿ ਉਨ੍ਹਾਂ ਦੇ ਦਫ਼ਤਰ ‘ਚ ਕੋਈ ਵੀ ਬੰਦਾ ਬਿਨਾ ਰੋਕ ਟੋਕ ਦੇ ਜਾ ਸਕਦਾ ਹੈ।
ਮੇਰਾ ਖ਼ਿਆਲ ਹੈ, ਮੈਂ ਦਿੱਲੀ ‘ਚ ਦੀਵਾਨ ਸਾਹਬ ਨਾਲ ਹੋਈ ਇਸ ਮੁਲਾਕਾਤ ਦੇ ਬਾਬਤ ਵੀ ਕੁਝ ਲਿਖਦਿਆਂ, ਕਿਉਂਕਿ ਇਹ ਖਾਸੀ ਦਿਲਚਸਪ ਸੀ। ਖਾਸਾ ਚਿਰ ਉਡੀਕਣ ਪਿੱਛੋਂ ਜਦੋਂ ਉਹ ਨਾ ਆਏ ਤਾਂ ਮੈਂ ਚਲਿਆ ਗਿਆ। ਆਥਣ ਫੇਰ ਮੁੜ ਕੇ ਆਇਆ ਤਾਂ ਉਹ ਦਫ਼ਤਰ ਵਿਚ ਹਾਜ਼ਰ ਸਨ-ਮਚਲਨ ਟਾਇਰ ਦਾ ਇਸ਼ਤਿਹਾਰ ਕੁਰਸੀ ‘ਤੇ ਬੈਠਾ ਸੀ। ਸਿਰ ਉੱਤੇ ਛੋਟੀ ਜਿਹੀ ਚਿੱਟੀ ਪਗੜੀ। ਕਲਮ ਉਂਗਲੀਆਂ ਵਿਚ ਦਬਾਈਂ ਕੁਝ ਲਿਖ ਰਹੇ ਸਨ-ਐਨਕਾਂ ਦੇ ਸ਼ੀਸ਼ਿਆਂ ਦੇ ਪਿੱਛੇ ਅੱਖਾਂ ਅਜੀਬ ਢੰਗ ਨਾਲ ਉੱਪਰ ਨੂੰ ਚੁੱਕੀਆਂ ਤੇ ਮੈਨੂੰ ਦੇਖਦਿਆਂ ਈ ਏਕਣ ਬੁੜ੍ਹਕੇ ਜਿਵੇਂ ਰਬੜ ਦੀ ਠੋਸ ਖੁੱਦੋ ਬੁੜ੍ਹਕਦੀ ਹੈ। ਮੇਰੇ ਨਾਲ ਘੁੱਟ ਘੁੱਟ ਕੇ ਜੱਫੀਆਂ ਪਾਈਆਂ ਤੇ ਬੋਲੇ : ”ਮੈਨੂੰ ਪਤਾ ਲੱਗ ਗਿਆ ਸੀ ਕਿ ਤੂੰ ਆਇਆਂ ਸੀ.. ਮੈਂ ਇਕ ਜ਼ਰੂਰੀ ਕੰਮ ਬਾਹਰ ਗਿਆ ਹੋਇਆ ਸੀ।
ਮੈਨੂੰ ਬੈਠਣ ਲਈ ਆਖਿਆ, ਬੰਬਈ ਦੇ ਹਾਲ ਚਾਲ ਪੁੱਛੇ, ਏਧਰ ਓਧਰ ਦੀਆਂ ਗੱਲਾਂਬਾਤਾਂ ਹੋਈਆਂ-ਪਰ ਮੈਂ ਮਹਿਸੂਸ ਕੀਤਾ ਕਿ ਉਹਨਾਂ ਦਾ ਧਿਆਨ ਤਾਂ ਮੇਰੇ ਵੱਲ ਜ਼ਰੂਰ ਹੈ, ਪਰ ਉਹਨਾਂ ਦਾ ਦਿਮਾਗ ਕੁਝ ਹੋਰ ਸੋਚ ਰਿਹਾ ਹੈ।
ਗੱਲਾਂ ਕਰਦਿਆਂ ਕਰਦਿਆਂ ਉਨ੍ਹਾਂ ਨੇ ਟੈਲੀਫ਼ੋਨ ਦਾ ਰੀਸੀਵਰ ਚੁੱਕਿਆ ਅਤੇ ਇਕ ਨੰਬਰ ਮਿਲਾ ਕੇ ਦੂਜੇ ਸਿਰੇ ਵਾਲਿਆਂ ਨੂੰ ਕਿਹਾ : ”ਮੈਂ ਸੁੰਦਰ ਲਾਲ ਬੋਲ ਰਿਹਾਂ ਨਵੀਂ ਦਿੱਲੀਓਂ.. .. ਲਾਲਾ ਹੈਗੇ.. .. ? ਕਿੱਥੇ ਗਏ ਨੇ? ਅੱਛਿਆ।”
ਸ੍ਰੀਮਾਨ ਦਾ ਦਫ਼ਤਰ ਸੀਗਾ ਪੁਰਾਣੀ ਦਿੱਲੀ ‘ਚ ਅਤੇ ਇਹ ਵੀ ਸਪੱਸ਼ਟ ਹੈ ਕਿ ਸੁੰਦਰ ਲਾਲ ਨਹੀਂ, ਦੀਵਾਨ ਸਿੰਘ ਮਫ਼ਤੂਨ ਬੋਲ ਰਿਹਾ ਸੀ- ਗੱਲਬਾਤ ਕਰਦਿਆਂ ਜਨਾਬ ਨੇ ਕਈ ਵਾਰੀ ਇਸੇ ਤਰ੍ਹਾਂ ਵੱਖ ਵੱਖ ਨੰਬਰ ਮਿਲਾਏ ਅਤੇ ਜਾਅਲੀ ਨਾਵਾਂ ਨਾਲ ਲਾਲੇ ਬਾਬਤ ਪੁੱਛਿਆ ਕਿ ਉਹ ਕਿੱਥੇ ਐ – ਪਤਾ ਨਹੀਂ, ਇਹ ਕੀ ਚਾਰ ਸੌ ਵੀਹ ਸੀ?! ਪਰ ਮੈਨੂੰ ਪੱਕਾ ਪਤਾ ਸੀ ਕਿ ਉਸ ਲਾਲੇ ਦੀ ਸ਼ਾਮਤ ਆ ਗਈ ਹੈ ਜਾਂ ਕੁਝ ਚਿਰ ਨੂੰ ਆਉਣ ਵਾਲੀ ਹੈ।
ਟੈਲੀਫ਼ੋਨ ਰਾਹੀਂ ਜਦ ਕੁਝ ਪਤਾ ਲੱਗਿਆ, ਜਾਂ ਨਾ ਲੱØਗਿਆ ਤਾਂ ਉਨ੍ਹਾਂ ਨੇ ਸੋਲ੍ਹਵੀਂ ਵਾਰ ਮੈਨੂੰ ਬੀਅਰ ਦੀ ਦਾਅਵਤ ਦੇਣ ਪਿੱਛੋਂ ਅਪਣੇ ਖ਼ਾਸ ਆਦਮੀ (ਜਿਸਦਾ ਨਾਉਂ ਸ਼ਾਇਦ ਵਰਿਆਮ ਸਿੰਘ ਸੀ) ਨੂੰ ਹਾਕ ਮਾਰ ਕੇ ਬੁਲਾਇਆ। ਉਸਦੇ ਕੰਨ ਵਿਚ ਕੁਝ ਕਿਹਾ ਅਤੇ ਭੇਜ ਦਿੱਤਾ-ਫੇਰ ਉਹ ਮੈਨੂੰ ਕਹਿਣ ਲੱਗੇ-
”ਹਾਂ ਮੰਟੋ ਸਾਹਬ, ਬੀਅਰ ਮੰਗਾਵਾਂ ਤੁਹਾਡੇ ਲਈ?”
ਮੈਂ ਝੁੰਜਲਾ ਕੇ ਕਿਹਾ- ”ਸਰਦਾਰ ਜੀ, ਜ਼ਬਾਨੀ ਜਮ੍ਹਾ ਖਰਚ ਤੁਸੀਂ ਆਖਿਰ ਸਿੱਖ ਹੀ ਲਿਆ ਦਿੱਲੀ ਵਾਲਿਆਂ ਤੋਂ… ਮੰਗਵਾਓ। ਮੰਗਵਾਉਂਦੇ ਕਿਉਂ ਨਹੀਂ।”
ਮੇਰੀ ਗੱਲ ਸੁਣ ਕੇ ਦੀਵਾਨ ਸਿੰਘ ਜੀ ਖੁੱਲ੍ਹ ਕੇ ਹੱਸੇ ਅਤੇ ਦਿੱਲੀ ਅਤੇ ਯੂਪੀ ਦੇ ਉੱਚ ਦਰਜੇ ਦੇ ਚੌਧਰੀਆਂ ਦੇ ਲਤੀਫ਼ੇ ਸੁਣਾ ਸੁਣਾ ਕੇ ਉਨ੍ਹਾਂ ਦੀ ਅਹੀ ਤਹੀ ਫੇਰਨ ਲੱਗੇ-ਬੰਦਿਆਂ ਦੀ ਇਸ ਕਿਸਮ ਨਾਲ ਉਨ੍ਹਾਂ ਦਾ ਇੱਟ ਕੁੱਤੇ ਦਾ ਵੈਰ ਐ। ਬਈ, ਰੱਬ ਦਾ ਵਾਸਤਾ ਈ ਖਹਿੜਾ ਛੱਡੋ! ਸੋ ਜਦ ਵੀ ਉਨ੍ਹਾਂ ਨੂੰ ਅਪਣੇ ਦਫਤਰ ‘ਚ ਕਿਸੇ ਨੌਕਰ ਦੀ ਲੋੜ ਹੁੰਦੀ ਹੈ ਤਾਂ ਇਸ਼ਤਿਹਾਰ ਵਿਚ ਇਹ ਗੱਲ ਵਿਸ਼ੇਸ਼ ਤੌਰ ‘ਤੇ ਲਿਖੀ ਹੁੰਦੀ ਹੈ ਕਿ ਕੇਵਲ ਪੰਜਾਬੀ ਅਰਜ਼ੀ ਭੇਜਣ। ਪਰੰਤੂ ਅਜੀਬ ਗੱਲ ਹੈ ਕਿ ਜਨਾਬ, ਅਹਿਸਾਨ ਭਈਆ ਨੂੰ ਅਪਣਾ ਸਭ ਤੋਂ ਬਿਹਤਰ ਮਿੱਤਰ ਮੰਨਦੇ ਨੇ। ਉਨ੍ਹਾਂ ਦੇ ਦਿਲ ਵਿਚ ਯੂ.ਪੀ. ਦੇ ਇਸ ਵਸਨੀਕ ਲਈ ਬਹੁਤ ਆਦਰ ਹੈ।
ਇਕ ਵੇਰਾਂ ਦੀਵਾਨ ਸਾਹਬ ਨੂੰ ਅਪਣੀ ਮੋਟਰ ਇਕ ਤੰਗ ਬਾਜ਼ਾਰ ‘ਚੋਂ ਕੱਢਣੀ ਪਈ। ਮੈਂ ਨਾਲ ਸੀ। ਮੋਟਰ ਮੁੜੀ ਤਾਂ ਸੜਕ ਦੇ ਐਨ੍ਹ ਵਿਚਕਾਰ ਕਈ ਮੰਜੇ ਵਿਛੇ ਦਿਖਾਈ ਦਿੱਤੇ। ਸ੍ਰੀਮਾਨ ਜੀ ਨੂੰ ਕਰੋਧ ਚੜ੍ਹ ਗਿਆ ਅਤੇ ਲੱਗ ਪਏ ਦਿੱਲੀ ਵਾਲਿਆਂ ਅਤੇ ਉਨ੍ਹਾਂ ਦੇ ਅਗਲੇ ਪਿਛਲਿਆਂ ਨੂੰ ਗਾਲ੍ਹਾਂ ਕੱਢਣ.. ..
‘ਕੰਮਬਖ਼ਤੋ ਤੁਹਾਡੇ ਵਡਾਰੂਆਂ, ਬਾਪ-ਦਾਦਾ ਨੇ ਵੀ ਏਕਣੇ ਮੰਜਿਆਂ ਤੇ ਦਿਨ ਰਾਤ ਸੌਂ-ਸੌਂ ਅਪਣੀ ਸਲਤਨਤ ਦਾ ਬੇੜਾ ਗ਼ਰਕ ਕੀਤਾ ਸੀ.. .. ਹੁਣ ਤੁਹਾਡੇ ਕੋਲ ਰਹਿ ਕੀ ਗਿਆ.. .. ਜਿਸਦਾ ਬੇੜਾ ਗ਼ਰਕ ਕਰੋਂਗੇ.. .. ਖ਼ੁਦਾ ਤੁਹਾਡਾ ਬੇੜਾ ਗ਼ਰਕ ਕਰੇ।’
ਇਕ ਮੁੰਡੇ ਨੇ ਮੰਜਾ ਚੁੱਕਣ ਦੀ ਕੋਸ਼ਿਸ਼ ਕੀਤੀ ਪਰ ਉਸ ਤੋਂ ਚੁੱਕਿਆ ਨਾ ਜਾ ਸਕਿਆ। ਦੀਵਾਨ ਸਾਹਬ ਮੋਟਰ ਤੋਂ ਬਾਹਰ ਨਿੱਕਲੇ ਅਤੇ ਮੰਜਾ ਚੁੱਕ ਕੇ ਪਰ੍ਹਾਂ ਸੁੱਟ ਦਿੱਤਾ- ”ਬੱਚੂ, ਤੇਤੋਂ ਨੀ ਚੁੱਕਿਆ ਜਾਣਾ.. .. ਲੱਕੀ ਤਾਂ ਦੇਖ ਅਪਣੀ.. .. ਤੇਰੇ ਪਿਓ.. . ਦਾਦਾ, ਬਿਨਾ ਸ਼ੱਕ ਤੇਤੋਂ ਵੀ ਗਏ ਗੁਜ਼ਰੇ ਹੋਣਗੇ। ਉਨ੍ਹਾਂ ਤੋਂ ਤਾਂ ਪਖਾਨੇ ਜਾਂਦੇ ਸਮੇਂ ਲੋਟਾ ਵੀ ਨਹੀਂ ਚੁੱਕਿਆ ਜਾਂਦਾ ਹੋਣਾ।”
ਉਸ ਸਮੇਂ ਓਥੇ ਬਹੁਤ ਸਾਰੇ ਲੋਕ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਕਾਰਖਾਨੇ ਵਾਲਿਆਂ ਦੀ ਬੋਲੀ ‘ਚ ਚੀਖ਼-ਚਿਹਾੜਾ ਪਾਉਂਦਿਆਂ, ਅਬਾ ਤਬਾ ਬਕਣਾ ਸ਼ੁਰੂ ਕਰ ਦਿੱਤਾ, ਪਰ ਦੀਵਾਨ ਸਾਹਬ ਨੇ ਜਿਵੇਂ ਕੁਝ ਸੁਣਿਆਂ ਹੀ ਨਹੀਂ। ਮੋਟਰ ਵਿਚ ਆਰਾਮ ਨਾਲ ਬੈਠੇ ਅਤੇ ਚੱਲ ਪਏ।
ਸਰਦਾਰ ਸਾਹਬ ਨੂੰ ਪੰਜਾਬੀ ਬਹੁਤ ਪਸਿੰਦ ਹੈ, ਸ਼ਾਇਦ ਇਸ ਲਈ ਕਿ ਉਹ ਬੜੀ ਦੇਰ ਤੋਂ ਦਿੱਲੀ ‘ਚ ਰਹਿੰਦੇ ਨੇ, ਪਰ ਇਸ ਹਕੀਕਤ ਤੋਂ ਉਹ ਕੋਰੇ ਨਹੀਂ ਕਿ ਕੇਵਲ ਪੰਜਾਬੀ ਹੋਣਾ, ਚੰਗੇ ਇਨਸਾਨ ਦੀ ਦਲੀਲ ਨਹੀਂ। ਉਹ ਅਪਣੇ ਸੀਨੇ ਉੱਤੇ ਹੱਥ ਰੱਖ ਕੇ ਇਹ ਕਦੇ ਨਹੀਂ ਕਹਿ ਸਕਦੇ ਕਿ ਅਪਣੇ ਦਫ਼ਤਰ ਦੀ ਨੌਕਰੀ ਦੇ ਸਿਲਸਿਲੇ ‘ਚ ਪੰਜਾਬੀ ਦੀ ਕੈਦ ਲਾ ਕੇ ਉਨ੍ਹਾਂ ਨੇ ਸਦਾ ਲਾਭ ਉਠਾਇਆ। ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਜਿੰਨਾ ਨੁਕਸਾਨ ਉਨ੍ਹਾਂ ਨੂੰ ਪੰਜਾਬੀਆਂ ਨੇ ਪਹੁੰਚਾਇਆ ਹੈ, ਉਸ ਦਾ ਦਸਵਾਂ ਹਿੱਸਾ ਵੀ ਦਿੱਲੀ, ਯੂ.ਪੀ. ਦੇ ਰਹਿਣ ਵਾਲਿਆਂ ਨਹੀਂ ਪਹੁੰਚਾਇਆ। ਹੁਣ ਉਨ੍ਹਾਂ ਦੇ ਅਖੀਰੀ ਅਤੇ ਖ਼ਤਰਨਾਕ ਮੁਕੱਦਮੇ ਵੱਲ ਮੁੜਦਾ ਹਾਂ।
ਮੈਂ ਦਿੱਲੀ ਗਿਆ। ਸਰਦਾਰ ਜੀ ਜ਼ਮਾਨਤ ‘ਤੇ ਰਿਹਾਅ ਸਨ। ਪਤਾ ਲੱਗਿਆ ਕਿ ਉਨ੍ਹਾਂ ਨੂੰ ਤੰਗ ਕਰਨ ਵਾਸਤੇ ਉਨ੍ਹਾਂ ਦੇ ਮੁਕੱਦਮੇ ਦੀ ਸੁਣਵਾਈ ਦਿੱਲੀ ਤੋਂ ਬੜੀ ਦੂਰ ਗੁੜਗਾਵਾਂ ਦੀ ਇਕ ਅਦਾਲਤ ਵਿਚ ਹੋ ਰਹੀ ਹੈ। ਅਸੀਂ ਓਥੇ ਮੋਟਰ ਰਾਹੀਂ ਗਏ। ਵਕੀਲ ਨੇ ਮੈਨੂੰ ਸਮਝਾ ਦਿੱਤਾ ਸੀ ਕਿ ਮੈਂ ਕੀ ਕਹਿਣਾ ਹੈ। ਸੋ ਮੇਰੀ ਗਵਾਹੀ ਦਸਾਂ ਮਿੰਟਾਂ ਦੇ ਅੰਦਰ ਮੁੱਕ ਗਈ।
ਸਰਦਾਰ ਸਾਹਿਬ ਨੇ ਅਪਣਾ ਲਿਖਤੀ ਬਿਆਨ ਪੇਸ਼ ਕਰਨਾ ਸੀ। ਜਦ ਉਹ ਹਵਾਲਾਤ ਵਿਚ ਸਨ ਤਾਂ ਇਨ੍ਹਾਂ ਨੇ ਇਸਦੇ ਨੋਟ ਲਿਖੇ ਸਨ। ਹੁਣ ਇਹ ਨਿੱਕੇ ਟਾਈਪ ਚ ਲਗਭਗ ਚਾਲੀ-ਪੰਜਾਹ ਸਫ਼ਿਆਂ ‘ਤੇ ਫੈØਲਿਆ ਹੋਇਆ ਸੀ- ਮੈਂ ਇਹਨੂੰ ਵਿਚੋਂ-ਵਿਚੋਂ ਸਫ਼ੇ ਪਲਟ ਕੇ ਦੇਖਿਆ ਅਤੇ ਮੇਰਾ ਦਿਮਾਗ ਫਰਾਂਸ ਦੇ ਮਸ਼ਹੂਰ ਲਿਖਾਰੀ ਐਮਿਲੀ ਜ਼ੋਲਾ ਦੇ ਵਿਸ਼ਵ ਪ੍ਰਸਿੱਧ ਲੇਖ ‘ਆਈ ਅਕਿਊਜ਼ (ੀ ਅਚਚੁਸੲ) ਵੱਲ ਚਲਿਆ ਗਿਆ।
ਦੀਵਾਨ ਸਿੰਘ ਮਫ਼ਤੂਨ ਦਾ ਇਹ ਬਿਆਨ ਮੁਲਜ਼ਿਮ ਦਾ ਸਫ਼ਾਈ ਦਾ ਬਿਆਨ ਨਹੀਂ ਸੀ, ਸਗੋਂ ਦੋਸ਼ਾਂ ਦਾ ਚਿੱਠਾ ਸੀ; ਸਰਦਾਰ ਅਤੇ ਉਸ ਨੇ ਕਾਰਿੰਦਿਆਂ ਵਿਰੁੱਧ। ਅਖੀਰ ‘ਚ ਉਨ੍ਹਾਂ ਨੇ ਅਪਣੇ ਮੁਕੱਦਮਿਆਂ ਦੀ ਸੂਚੀ ਲਾ ਦਿੱਤੀ ਸੀ। ਹਰ ਸਫ਼ੇ ‘ਤੇ ਵੱਖ-ਵੱਖ ਖਾਨੇ ਬਣਾ ਕੇ ਇਹ ਸਪੱਸ਼ਟ ਕੀਤਾ ਗਿਆ ਸੀ ਕਿ ਕਿਹੜਾ ਮੁਕੱਦਮਾ ਕਦੋਂ ਚੱਲਿਆ। ਕਿਸ ਦੇ ਇਸ਼ਾਰੇ ‘ਤੇ ਚੱਲਿਆ। ਕਿਸ ਦੀ ਕਚਹਿਰੀ ‘ਚ ਪੇਸ਼ ਹੋਇਆ ਅਤੇ ਉਸਦਾ ਕੀ ਫ਼ੈਸਲਾ ਹੋਇਆ-ਲਗਭਗ ਬੱਤੀ ਮੁਕੱਦਮੇ ਸਨ। ਉਹਨਾਂ ‘ਚੋਂ ਉਹ ਬੜਾ ਅਤੇ ਬਹੁਤ ਮਸ਼ਹੂਰ ਮੁਕੱਦਮਾ ਜੋ ਨਵਾਬ ਭੋਪਾਲ ਨੇ ਉਨ੍ਹਾਂ ‘ਤੇ ਚਲਾਇਆ ਸੀ ਅਤੇ ਜਿਸ ਵਿਚ ਉਨ੍ਹਾਂ ਨੂੰ ਸ਼ਾਇਦ ਕੇਵਲ ਉਸ ਅਰਸੇ ਦੀ ਕੈਦ ਦੀ ਸਜ਼ਾ ਦਿੱਤੀ ਗਈ ਸੀ ਜੋ ਉਹ ਹਵਾਲਾਤ ਵਿਚ ਕੱਟ ਚੁੱਕੇ ਸਨ।
ਸਰਦਾਰ ਜੀ ਨੇ ਫ਼ਾਜ਼ਿਲ ਜੱਜ ਦੇ ਇਹ ਸ਼ਬਦ ਖ਼ਾਸ ਤੌਰ ਤੇ ਬਿਆਨ ਵਿਚ ਦਰਜ ਕੀਤੇ ਸਨ- ”ਮੈਂ ਸਰਦਾਰ ਦੀਵਾਨ ਸਿੰਘ ਮਫ਼ਤੂਨ, ਐਡੀਟਰ ‘ਰਿਆਸਤ ਦਿੱਲੀ ਦੀ ਹਿੰਮਤ ਦੀ ਦਾਦ ਦਿੰਦਾ ਹਾਂ, ਜੋ ਅਪਣੇ ਸੀਮਿਤ ਵਸਲਿਆਂ ਦੇ ਬਾਵਜੂਦ ਲੰਬੇ ਸਮੇਂ ਤੱਕ ਇਕ ਸ਼ਹਿਜ਼ਾਦੇ ਦਾ ਜੀਅ ਜਾਨ ਨਾਲ ਮੁਕਾਬਲਾ ਕਰਦਾ ਰਿਹਾ।”
ਨਵਾਬ ਭੋਪਾਲ ਨਾਲ ਦੀਵਾਨ ਸਿੰਘ ਮਫ਼ਤੂਨ ਸੱਚਮੁੱਚ ਬੜੀ ਦਲੇਰੀ ਅਤੇ ਸਾਬਿਤਕਦਮੀ ਨਾਲ ਲੜਿਆ। ਪਰ ਇਸ ਜੰਗ ਵਿਚ ਉਸਦਾ ਦੀਵਾਲਾ ਨਿਕਲ ਗਿਆ। ਜੋ ਜੋੜਿਆ ਹੋਇਆ ਧਨ ਸੀ, ਸਾਰਾ ਪਾਣੀ ਵਾਂਗ ਵਹਿ ਗਿਆ। ਕੋਈ ਹੋਰ ਹੁੰਦਾ ਤਾਂ ਉਹਦਾ ਸਦਾ ਸਦਾ ਲਈ ਲੱਕ ਟੁੱਟ ਜਾਂਦਾ, ਪਰ ਮਫ਼ਤੂਨ ਨੇ ਹੌਸਲਾ ਨਾ ਹਾਰਿਆ ਅਤੇ ਕਿਵੇਂ ਨਾ ਕਿਵੇਂ ਅਪਣਾ ਪਿਆਰਾ ਪਰਚਾ ‘ਰਿਆਸਤ’ ਛਾਪਦਾ ਰਿਹਾ।
ਉਸ ਨੇ ਬੜੇ ਬੜੇ ਆਦਮੀਆਂ ਨਾਲ ਮੁਕਾਬਲਾ ਕੀਤਾ ਅਤੇ ਜਿੱਤਿਆ। ਪਰ ਅਪਣੀ ਜ਼ਿੰਦਗੀ ਵਿਚ ਇਕ ਆਦਮੀ ਤੋਂ ਹਾਰਿਆ ਵੀ। ਕਿਸ ਤੋਂ..? ਖ੍ਵਾਜ਼ਾ ਹਸਨ ਨਿਜ਼ਾਮੀ ਤੋਂ.. .!
ਸਰਦਾਰ ਸਾਹਬ ਨੇ ਇਕ ਦਿਨ ਮੈਨੂੰ ਝੁੰਜਲਾ ਕੇ ਕਿਹਾ- ”ਮੈਂ ਬੜੀਆਂ ਬੜੀਆਂ ਕੁਤਬ ਸਾਹਬ ਦੀਆਂ ਲਾਟਾਂ ਨੂੰ ਝੁਕਾ ਦਿੱਤਾ, ਪਰ ਇਹ ਕੰਮਬਖ਼ਤ ਹਸਨ ਨਿਜ਼ਾਮੀ ਮੈਤੋਂ ਨਹੀਂ ਝੁਕਾਇਆ ਜਾ ਸਕਿਆ.. . ਮੰਟੋ ਸਾਹਬ ਮੈਂ ਇਸ ਸਖ਼ਸ ਦੇ ਖ਼ਿਲਾਫ਼ ਐਨਾ ਲਿਖਿਆ, ਐਨਾ ਲਿਖਿਆ ਕਿ ਜੇ ‘ਰਿਆਸਤ’ ਦੇ ਉਹ ਸਾਰੇ ਪਰਚੇ ਜਿਨ੍ਹਾਂ ਚ ਇਹ ਮਜ਼ਮੂਨ ਛਪਦੇ ਰਹੇ ਨੇ, ਉਸ ਉੱਤੇ ਰੱਖ ਦਿੱਤੇ ਜਾਣ ਤਾਂ ਉਨ੍ਹਾਂ ਦੇ ਬੋਝ ਨਾਲ ਹੀ ਉਸ ਦਾ ਕਚੂਮਰ ਨਿਕਲ ਜਾਏਗਾ.. .. ਪਰ ਨਿੱਕਲ ਮੇਰਾ ਗਿਆ.. . ਉਸ ਦੇ ਖ਼ਿਲਾਫ਼ ਐਨਾ ਜ਼ਿਆਦਾ ਤਾਂ ਲਿਖਿਆ ਕਿ ਉਹ ਅੱਕਲਕਾਂਦ ਹੋ ਕੇ ਕਾਨੂੰਨ ਦਾ ਸਹਾਰਾ ਲਵੇ.. ਖੁੱਲ੍ਹੀ ਅਦਾਲਤ ਵਿਚ ਮੁਕੱਦਮਾ ਪੇਸ਼ ਹੋਵੇ ਅਤੇ ਮੈਂ ਓਥੇ ਉਸ ਦਾ ਹੀਜ਼ ਪਿਆਜ਼ ਨੰਗਾ ਕਰਕੇ ਰੱਖਦਿਆਂ, ਢੋਲ ਦੀ ਪੋਲ ਖੋਲ੍ਹਾਂ.. . ਪਰ ਉਹ ਬੜਾ ਲਿਫ਼ਤਾ ਬੰਦਾ ਹੈ.. . ਉਸ ਨੇ ਕਦੇ ਮੈਨੂੰ ਏਕਣ ਕਰਨ ਦਾ ਮੌਕਾ ਨਹੀਂ ਦਿੱਤਾ ਅਤੇ ਨਾ ਦੇਵੇਗਾ।’
ਅਜੀਬ ਗੱਲ ਐ ਕਿ ਕਦੇ ਸਰਦਾਰ ਦੀਵਾਨ ਸਿੰਘ ਮਫ਼ਤੂਨ ਅਤੇ ਖ੍ਵਾਜ਼ਾ ਹਸਨ ਨਿਜ਼ਾਮੀ ਦੀ ਆਪਸ ਵਿਚ ਬਣਦੀ ਬਹੁਤ ਸੀ ਪਤਾ ਨਹੀਂ, ਕਿਹੜੀ ਗੱਲ ‘ਤੇ ਉਹ ਅੱਡੋਪਾਟੀ ਹੋ ਗਏ। ਖ਼ੈਰ ਛੱਡੋ! ਮੁਕੱਦਮੇ ਦੀ ਗੱਲ ਕਰੀਏ :
ਗੁੜਗਾਉਂ ਦੀ ਅਦਾਲਤ ਨੇ ਦੋ ਦਫ਼ਾਫਾਂ ਅਧੀਨ ਬਾਰਾਂ ਬਾਰਾਂ ਵਰਿ੍ਹਆਂ ਦੀ ਕੈਦ ਬਾ-ਮੁਸ਼ੱਕਤ ਦੀਆਂ ਦੋ ਸਜ਼ਾਵਾਂ ਦਿੱਤੀਆਂ-ਸਰਦਾਰ ਸਾਹਬ ਨੇ ਗੜਗਾਵਾਂ ਵਿਚ ਹੀ ਮੈਨੂੰ ਕਹਿ ਦਿੱਤਾ ਸੀ ਕਿ ਓਥੋਂ ਦਾ ਮੈਜਿਸਟਰੇਟ ਉਨ੍ਹਾਂ ਨੂੰ ਕਰੜੀ ਤੋਂ ਕਰੜੀ ਸਜ਼ਾ ਦੇਵੇਗਾ। ਸੋ ਏਕਣੇ ਹੋਇਆ, ਪਰ ਉਨ੍ਹਾਂ ਨੇ ਮੈਨੂੰ ਤਸੱਲੀ ਵੀ ਦਿੱਤੀ ਸੀ : ”ਚਿੰਤਾ ਦੀ ਕੋਈ ਲੋੜ ਨਹੀਂ.. . ਹਾਈਕੋਰਟ ਵਿਚ ਸਾਫ਼ ਬਰੀ ਹੋ ਜਾਊਂਗਾ.. .” ਇਹ ਗੱਲ ਵੀ ਸਹੀ ਸਾਬਤ ਹੋਈ- ਹਾਈਕੋਰਟ ਨੇ ਉਨ੍ਹਾਂ ਨੂੰ ਬਾਇਜ਼ਤ ਬਰੀ ਕਰ ਦਿੱਤਾ। ਸਰਦਾਰ ਸਾਹਬ ਨੇ ਮੈਨੂੰ ਗੁੜਗਾਵਾਂ ਵਿਖੇ ਇਹ ਵੀ ਦੱਸਿਆ ਸੀ ਕਿ ਉਹ ਕੁਝ ਦਿਨ ਪਹਿਲਾਂ ਸ਼ਿਮਲਾ ਗਏ ਸਨ। ਓਥੇ ਉਹ ਇਕ ਪਾਰਟੀ ਵਿਚ ਸ਼ਾਮਲ ਹੋਏ। ਹੋਰਨਾਂ ਸੱਜਣਾਂ ਤੋਂ ਬਿਨਾ ਉਸ ਪਾਰਟੀ ਵਿਚ ਸਰ ਡਗਲਸ ਯੰਗ (ਜੋ ਉਸ ਸਮੇਂ ਚੀਫ਼ ਜਸਟਿਸ ਸਨ) ਵੀ ਹਾਜ਼ਰ ਸਨ। ਉਨ੍ਹਾਂ ਦੇ ਖ਼ਿਲਾਫ਼ ਸਰਦਾਰ ਜੀ ਨੇ ਬਹੁਤ ਕੁਝ ਲਿਖਿਆ ਸੀ। ਉਨ੍ਹਾਂ ਨੂੰ ਹੈਰਾਨੀ ਹੋਈ ਜਦੋਂ, ਸਰ ਡਗਲਸ ਨੇ ਉਨ੍ਹਾਂ ਨੂੰ ਇਕੱਲਿਆਂ ਮਿਲਣ ਦੀ ਇੱਛਾ ਜ਼ਾਹਰ ਕੀਤੀ।
ਖ਼ੈਰ ਉਨ੍ਹਾਂ ਦੋਨਾਂ ਦੀ ਮੁਲਾਕਾਤ ਹੋਈ ਅਤੇ ਚੀਫ਼ ਜਸਟਿਸ ਨੇ ਉਨ੍ਹਾਂ ਦੀ ਕਲਮ ਦੀ ਸ਼ਕਤੀ ਦੀ ਬਹੁਤ ਸ਼ਲਾਘਾ ਕੀਤੀ ਅਤੇ ਕਿਹਾ : ”ਜੇ ਮੈਂ ਕਦੇ ਤੁਹਾਡੇ ਕੰਮ ਆ ਸਕਿਆ ਤਾਂ ਸੱਚ ਜਾਣਿਓਂ, ਮੈਨੂੰ ਬੜੀ ਖੁਸ਼ੀ ਹੋਵੇਗੀ-ਮੈਂ ਤੁਹਾਡੀ ਜ਼ਰੂਰ ਮਦਦ ਕਰੂੰਗਾ।”
ਮੇਰਾ ਖ਼ਿਆਲ ਹੈ ਕਿ ਹਾਈਕੋਰਟ ‘ਚੋਂ ਬਰੀ ਹੋਣ ‘ਚ ਸਰ ਡਗਲਸ ਦੇ ਮਦਦ ਦੇ ਇਸ ਵਾਅਦੇ ਦਾ ਕਾਫ਼ੀ ਦਖ਼ਲ ਐ।
ਮੁਕੱਦਮਾ ਦੇਰ ਤੱਕ ਚੱਲਦਾ ਰਿਹਾ। ਦੀਵਾਨ ਸਾਹਿਬ ਹਵਾਲਾਤ ਵਿਚ ਸਨ-ਇਸ ਮੁਕੱਦਮੇ ਦੀ ਕਾਰਵਾਈ ਬੜੀ ਦਿਲਚਸਪ ਹੈ-ਪੈਰਵੀ ਕਰਨ ਵਾਲਿਆਂ ਵਲੋਂ ਇਹ ਦੋਸ਼ ਲਾਇਆ ਗਿਆ ਕਿ ਦੀਵਾਨ ਸਿੰਘ ਨੇ ਕੁਝ ਜਾਅਲੀ ਨੋਟ ਚਲਾਉਣ ਵਾਸਤੇ ਅਪਣੇ ਮਿੱਤਰ ਜੀਵਨ ਲਾਲ ਮੱਟੂ ਨੂੰ ਇਕ ਲਿਫਾਫ਼ੇ ਚ ਲਾਹੌਰ ਭੇਜੇ ਸਨ ਅਤੇ ਇਹ ਲਿਫ਼ਾਫ਼ਾ ਰਸਤੇ ‘ਚ ਪੁਲਿਸ ਨੇ ਕਾਬੂ ਕਰ ਲਿਆ। ਲਿਫ਼ਾਫ਼ੇ ਵਿਚ ਇਕ ਟਾਈਪ ਕੀਤਾ ਹੋਇਆ ਖ਼ਤ ਵੀ ਸੀ। ਇਹ ਸਾਬਿਤ ਕਰਨ ਲਈ ਕਿ ਉਹ ਖ਼ਤ ਦੀਵਾਨ ਸਿੰਘ ਮਫ਼ਤੂਨ ਨੇ ਅਪਣੀ ਦਫ਼ਤਰ ਦੇ ਟਾਈਪ ਰਾਈਟਰ ‘ਤੇ ਤਿਆਰ ਕੀਤਾ ਸੀ, ਅਦਾਲਤ ਵਿਚ ਪੇਸ਼ ਕੀਤਾ ਸੀ। ਟਾਈਪ ਕੀਤੀ ਗਈ ਚਿੱਠੀ ‘ਚ ਹਰਫ਼ ‘ਓ ਅਤੇ ‘ਬੀ’ ਦੇ ਪੇਟ ਭਰੇ ਹੋਏ ਪਾਏ ਗਏ। ਜਦ ਕਿ ਹਾਈਕੋਰਟ ਵਿਚ ਪੇਸ਼ ਕੀਤੇ ਟਾਈਪ ਰਾਈਟਰ ਦੀ ਲਿਖਤ ਦਾ ਨਮੂਨਾ ਲਿਆ ਗਿਆ ਤਾਂ ‘ਓ’ ਅਤੇ ‘ਬੀ’ ਦੇ ਪੇਟ ਬਿਲਕੁਲ ਸਾਫ਼ ਨਿੱਕਲੇ- ਇਸ ਤੋਂ ਇਲਾਵਾ ਸਫ਼ਾਈ ਦੇ ਵਕੀਲ ਵੱਲੋਂ ਪੁੱਛਿਆ ਗਿਆ : ਉਹ ਲਿਫ਼ਾਫ਼ਾ ਜੋ ਪੈਰਵੀ ਕਰਨ ਵਾਲੇ ਵਕੀਲ ਅਨੁਸਾਰ ਦੀਵਾਨ ਸਿੰਘ ਮਫ਼ਤੂਨ ਨੇ ਜੀਵਨ ਲਾਲ ਮੱਟੂ, ਉਸ ਉੱਤੇ ਦਿੱਲੀ ਦੇ ਡਾਕਖਾਨੇ ਵੱਲੋਂ ਗਿਆਰਾਂ ਜਨਵਰੀ (ਇਹ ਤਾਰੀਖ਼ ਗ਼ਲਤ ਹੈ। ਅਸਲ ਤਾਰੀਖ਼ ਮੈਨੂੰ ਯਾਦ ਨਹੀਂ – ਮੰਟੋ) ਦੀ ਮੋਹਰ ਲੱਗੀ ਹੋਈ ਹੈ ਅਤੇ ਲਾਹੌਰ ਦੇ ਡਾਕਖਾਨੇ ਦੀ ਮੋਹਰ ਤੋਂ ਜ਼ਾਹਰ ਹੈ ਕਿ ਉਹ ਲਿਫ਼ਾਫ਼ਾ ਪੰਦਰਾਂ ਜਨਵਰੀ ਨੂੰ ਡਲਿਵਰ ਹੋਇਆ। ਗਿਆਰਾਂ ਤਾਰੀਖ਼ ਨੂੰ ਚੱਲਿਆ ਹੋਇਆ ਲਿਫ਼ਾਫ਼ਾ ਪ੍ਰਾਪਤ ਕਰਨ ਵਾਲੇ ਨੂੰ ਤੇਰਾਂ ਜਨਵਰੀ ਨੂੰ ਮਿਲ ਜਾਣਾ ਚਾਹੀਦੈ। ਇਹ ਦੋ ਦਿਨ ਕਿੱਥੇ ਰੁਲਦਾ ਰਿਹਾ। ਇਸ ਸਵਾਲ ਦੇ ਉੱਠਣ ਨਾਲ ਕਚਹਿਰੀ ‘ਚ ਘੁਸਰ ਮੁਸਰ ਆਰੰਭ ਹੋ ਗਈ-ਪੈਰਵੀ ਕਰਨ ਵਾਲਾ ਵਕੀਲ ਢੁਕਵਾਂ ਉੱਤਰ ਦੇਣ ਦੀ ਥਾਂ ਅਊਂ-ਅਊਂ ਕਰਨ ਲੱਗਾ- ਇਹ ਨੁਕਤਾ ਮੁਲਜ਼ਮ ਨੂੰ ਸ਼ੱਕ ਦਾ ਫ਼ਾਇਦਾ ਬਖਸ਼ਣ ਲਈ ਕਾਫ਼ੀ ਸੀ।
ਮੈਂ ਉਹਨੀਂ ਦਿਨੀਂ ਆਲ ਇੰਡੀਆ ਰੇਡੀਓ, ਦਿੱਲੀ ਚ ਨੌਕਰ ਸਾਂ-ਇਕ ਦਿਨ ਮੈਂ ਅਖ਼ਬਾਰਾਂ ‘ਚ ਖ਼ਬਰ ਦੇਖੀ ਕਿ ਸਰਦਾਰ ਦੀਵਾਨ ਸਿੰਘ ਮਫ਼ਤੂਨ, ਐਡੀਟਰ ‘ਰਿਆਸਤ ਦਿੱਲੀ, ਜਾਅਲੀ ਨੋਟ ਬਨਾਉਣ ਦੇ ਮੁਕੱਦਮੇ ਵਿਚੋਂ ਸਾਫ਼ ਬਰੀ ਕਰ ਦਿੱਤੇ ਗਏ ਨੇ।
ਦੂਜੇ ਦਿਨ ਸਵੇਰੇ ਅੱਠ-ਨੌਂ ਵਜੇ ਹਸਨ ਬਿਲਡਿੰਗ, ਨਿਕਲਸਨ ਰੋਡ ਦੇ ਫ਼ਲੈਟ (ਜਿੱਥੇ ਮੈਂ ਰਹਿੰਦਾ ਸਾਂ) ਨੰਬਰ ਨੌਂ ਦੇ ਦਰਵਾਜ਼ੇ ਉੱਤੇ ਦਸਤਕ ਹੋਈ।
ਮੇਰੀ ਪਤਨੀ ਨੇ ਦਰਵਾਜ਼ਾ ਖੋਲਿ੍ਹਆ।
ਪਤਾ ਲੱਗਿਆ ਕਿ ਦੀਵਾਨ ਸਾਹਬ ਨੇ ਤਾਂ ਮੈਂ ਭੱਜ ਕੇ ਉਨ੍ਹਾਂ ਦਾ ਸੁਆਗਤ ਕੀਤਾ-ਉਨ੍ਹਾਂ ਨੇ ਮੈਨੂੰ ਅਪਣੀਆਂ ਬਾਹਾਂ ‘ਚ ਭਰ ਲਿਆ ਤੇ ਘੁੱਟ ਘੁੱਟ ਜੱਫੀਆਂ ਪਾਈਆਂ।
ਇਸ ਤੋਂ ਪਹਿਲਾਂ ਕਿ ਮੈਂ ਉਨ੍ਹਾਂ ਨੂੰ ਵਧਾਈ ਦਿੰਦਾ, ਉਹ ਬੋਲੇ : ”ਸੁਬਹਾਨ ਅੱਲਾਹ, ਸੁਆਦ ਆ ਗਿਆ।”
ਮੈਂ ਉਨ੍ਹਾਂ ਨੂੰ ਪੁੱਛਿਆ, ”ਕਿਸ ਗੱਲ ਦਾ?”
ਉਨ੍ਹਾਂ ਨੇ ਜਵਾਬ ਦਿੱਤਾ : ”ਮੈਂ ਜੇਲ੍ਹ ਚ ਤੁਹਾਡੀ ਕਿਤਾਬ ‘ਮੰਟੋ ਕੇ ਅਫ਼ਸਾਨੇ ਪੜ੍ਹੀ। ਇਸਦਾ ਸਮਰਪਣ ਖ਼ੂਬ ਹੈ… ‘ਅਖ਼ਬਾਰ ਦੀਨ ਦੁਨੀਆ ਦੇ ਨਾਉਂ ਜਿਸ ਵਿਚ ਮੇਰੇ ਵਿਰੁੱਧ ਸਭ ਤੋਂ ਵੱਧ ਗਾਲ੍ਹਾਂ ਛਪੀਆਂ’ ਮੈਂ ਅੱਜ ਸਵੇਰੇ ਦਿੱਲੀ ਆਇਆਂ.. .. ਸੋਚਿਆ, ਸਭ ਤੋਂ ਪਹਿਲਾਂ ਆਪ ਜਾ ਕੇ ਮੰਟੋ ਸਾਹਬ ਨੂੰ ਦਾਦ ਦਿੱਤੀ ਜਾਵੇ।”
ਉਨ੍ਹਾਂ ਦੇ ਇਸ ਵਰਤਾਓ ਤੋਂ ਮੇਰੇ ਅਹਿਸਾਸ ਅੰਦਰ ਇਹ ਗੱਲ ਘਰ ਕਰ ਗਈ ਕਿ ਉਹ ਭਰਪੂਰ ਪ੍ਰਤਿਭਾ ਦਾ ਮਾਲਕ ਹੈ, ਇਹ ਵੀ ਕਿ ਦੂਜਿਆਂ ਨੂੰ ਪਹਿਲ ਦੇਣਾ ਮਫ਼ਤੂਨ ਦੀ ਖ਼ਾਸ ਖ਼ੂਬੀ ਹੈ। ਟਾਈਪ ਟਾਈਟਰ ‘ਓ’ ਅਤੇ ‘ਬੀ’ ਦੀਆਂ ਕੀਜ਼ ਕਿਵੇਂ ਬਦਲ ਗਈਆਂ ਅਤੇ ਲਿਫ਼ਾਫ਼ਾ ਏਨੀ ਦੇਰ ਨਾਲ ਕਿਉਂ ਡਲਿਵਰ ਹੋਇਆ। ਇਹ ਇਕ ਭੇਤ ਹੈ ਜੋ ਸਦਾ ਭੇਤ ਬਣਿਆ ਰਹੇਗਾ-ਜਦੋਂ ਮੈਂ ਉਨ੍ਹਾਂ ਤੋਂ ਇਸ ਬਾਰੇ ਪੁੱਛਿਆ ਤਾਂ ਉਹ ਇਹ ਕਹਿ ਕੇ ਟਾਲ ਗਏ : ”ਮੰਟੋ ਸਾਹਬ, ਇਹ ਹੱਥ ਦੀ ਸਫ਼ਾਈ ਹੈ? ਹੱਥ ਦੀ ਸਫ਼ਾਈ ਸੀ ਜਾਂ ਪੈਰ ਦੀ, ਮੁਕੱਦਮਾ ਕਰਨ ਵਾਲਿਆਂ ਦੇ ਹੋਸ਼ ਟਿਕਾਣੇ ਜ਼ਰੂਰ ਆ ਗਏ।
ਦੀਵਾਨ ਸਾਹਬ ਮੈਨੂੰ ਪਿਆਰ ਕਰਦੇ ਨੇ ਅਤੇ ਮੌਲਾਨਾ ਚਿਰਾਗ ਹਸਨ ਹਸਰਤ ਨੂੰ ਉਹ ਆਦਰ ਕਰਦੇ ਨੇ-ਅਸੀਂ ਦੋਵੇਂ ਦਿੱਲੀ ਰਹਿੰਦੇ ਸੀ-ਦੀਵਾਨ ਸਾਹਬ ਨੂੰ ਜਦੋਂ ਵੀ ਵਿਹਲ ਮਿਲਦੀ ਉਹ ਸਾਨੂੰ ਲੱਭ ਹੀ ਲੈਂਦੇ ਅਤੇ ਕਿਸੇ ਦੂਰ ਦੁਰਾਡੀ ਅਤੇ ਇਕਾਂਤ ਥਾਵੇਂ ਲੈ ਜਾਂਦੇ। ਓਥੇ ਅਸੀਂ ਸਾਰੇ ਬੈਠ ਕੇ ਪੀਂਦੇ, ਗੱਪਾਂ ਮਾਰਦੇ। ਫੇਰ ਉਹ ਸਾਨੂੰ ਦੋਨਾਂ ਨੂੰ ਘਰ ਛੱਡ ਜਾਂਦੇ-ਇਨ੍ਹਾਂ ਬੈਠਕਾਂ ਵਿਚ ਕੋਈ ਸਿਆਸੀ ਜਾਂ ਅਦਬੀ ਗੱਲ ਨਹੀਂ ਸੀ ਹੁੰਦੀ।
ਇਕ ਲਤੀਫ਼ਾ ਸੁਣੋ ਜੋ ਉਨ੍ਹਾਂ ਨੇ ਆਪ ਮੈਨੂੰ ਸੁਣਾਇਆ ਸੀ : ”ਬਹੁਤ ਹੀ ਤੰਗਦਸਤੀ ਦੇ ਦਿਨ ਸਨ ਕਿ ਉਨ੍ਹਾਂ ਦਾ ਇਕ ਮਿੱਤਰ ਮਿਲਣ ਆ ਗਿਆ। ਪਹਿਲਾਂ ਤਾਂ ਉਹ ਤੜਫਦੇ ਕਿ ਜੇਬ ਵਿਚ ਧੇਲਾ ਵੀ ਨਹੀਂ ਸੀ। ਤੁਰਤ ਉਨ੍ਹਾਂ ਨੂੰ ਇਕ ਤਰਕੀਬ ਸੁੱਝੀ। ਉਨ੍ਹਾਂ ਨੇ ਲੈਮਨ ਦੀਆਂ ਬਾਰਾਂ ਬੋਤਲਾਂ ਮੰਗਵਾਈਆਂ। ਦੋ ਉਸ ਮਿੱਤਰ ਨੂੰ ਪਿਲਾਈਆਂ ਦੋ ਆਪ ਪੀਤੀਆਂ। ਬਾਕੀ ਬਚਦੀਆਂ ਅੱਠ ਗੁਸਲਖਾਨੇ ਵਿਚ ਖਾਲੀ ਕਰਵਾ ਦਿੱਤੀਆਂ ਅਤੇ ਨੌਕਰ ਨੂੰ ਕਿਹਾ ਕਿ ਉਹ ਜਾਵੇ ਅਤੇ ਬਾਰਾਂ ਖਾਲੀ ਬੋਤਲਾਂ ਵੇਚ ਆਵੇ-ਜੰਗ ਦਾ ਜ਼ਮਾਨਾ ਸੀ। ਗੋਲੀ ਵਾਲੀਆਂ ਬਾਰਾਂ ਬੋਤਲਾਂ ਦੇ ਕਾਫ਼ੀ ਦਾਮ ਹਾਸਿਲ ਹੋ ਗਏ ਅਤੇ ਮਿੱਤਰ ਨੂੰ ਰਾਤ ਦਾ ਖਾਣਾ ਖ਼ੁਆਉਣ ਦਾ ਮਸਲਾ ਹੱਲ ਹੋ ਗਿਆ-ਦੂਜੇ ਤੀਜੇ ਦਿਨ ਦੁਕਾਨਦਾਰ ਨੂੰ ਬਾਰਾਂ ਬੋਤਲਾਂ ਦੀ ਕੀਮਤ ਅਦਾ ਕਰ ਦਿੱਤੀ।
ਇਕ ਜ਼ਮਾਨਾ ਆਇਆ ਕਿ ਉਹ ਆਲ ਇੰਡੀਆ ਰੇਡੀਓ ਦੇ ਜਾਨੀ ਦੁਸ਼ਮਣ ਹੋ ਗਏ। ਬਸ ਫੇਰ ਕੀ ਸੀ, ਹਰ ਪ੍ਰੋਗਰਾਮ ਸੁਣਦੇ। ਇਕ ਰਜਿਸਟਰ ਸੀ ਜਿਸ ਵਿਚ ਕਈ ਖਾਨੇ ਬਣੇ ਹੋਏ ਸਨ। ਉਸ ਰਜਿਸਟਰ ਵਿਚ ਦਰਜ ਸੀ ਕਿ ਕਿਸ ਅਫ਼ਸਰ ਦਾ ਕਿਸ ਗੌਣ ਵਾਲੀ ਨਾਲ ਟਾਂਕਾ ਹੈ- ਜੇ ਕੋਈ ਗੌਣ ਵਾਲੀ ਕਿਸੇ ਵਜ੍ਹਾ ਕਰਕੇ ਪ੍ਰੋਗਰਾਮ ਵਿਚ ਸ਼ਾਮਲ ਨਾ ਹੋ ਸਕਦੀ ਅਤੇ ਉਸਦੀ ਥਾਂ ਕਿਸੇ ਹੋਰ ਤੋਂ ਗਵਾਇਆ ਜਾਂਦਾ ਤਾਂ ਉਨ੍ਹਾਂ ਨੂੰ ਤੁਰੰਤ ਪਤਾ ਲੱਗ ਜਾਂਦਾ ਕਿ ਕਿਸ ਅਫ਼ਸਰ ਦੀ ਮਿਹਰਬਾਨੀ ਹੋਈ ਹੈ।
ਹਰ ਦਿਨ ਉਹ ਜੁਲਿਫ਼ਕਾਰ ਬੁਖ਼ਾਰੀ ਦੇ ਵਿਰੁੱਧ ਲਿਖਦੇ ਰਹੇ। ਅਖ਼ੀਰ ‘ਚ ਜੁਗਲ ਕਿਸ਼ੋਰ-ਹਾਲ ਅਹਿਮਦ ਸਲਮਾਨ, ਡਿਪਟੀ ਡਾਇਰੈਕਟਰ ਜਨਰਲ, ਰੇਡੀਓ ਪਾਕਿਸਤਾਨ ਵਿਰੁੱਧ ਡਟ ਗਏ। ਜੁਗਲ ਕਿਸ਼ੋਰ ਪਹਿਲਾਂ ਕਲਕੱਤੇ ਹੁੰਦੇ ਸਨ। ਬਦਲੀ ਦਿੱਲੀ ਹੋਈ ਤਾਂ ਉਨ੍ਹਾਂ ਦੀ ਇਕ ਕਲਕੱਤੇ ਦੀ ਬੰਗਾਲਣ ਮੇਲਣ ਨੇ ਪਿਆਰ ਦੀਆਂ ਚਿੱਠੀਆਂ ਭੇਜਣੀਆਂ ਸ਼ੁਰੂ ਕਰ ਦਿੱਤੀਆਂ। ਜੁਗਲ ਹੈਰਾਨ ਤੇ ਪ੍ਰੇਸ਼ਾਨ ਸੀ ਕਿ ਚਿੱਠੀਆਂ ਉਨ੍ਹਾਂ ਨੂੰ ਨਹੀਂ ਮਿਲਦੀਆਂ, ਮਫ਼ਤੂਨ ਨੂੰ ਮਿਲ ਜਾਂਦੀਆਂ ਨੇ-ਇਹਨੂੰ ਕਹਿੰਦੇ ਨੇ ਹੱਥ ਦੀ ਸਫ਼ਾਈ!
ਖ਼ੈਰ ਮੈਂ ਮਿੰਨਤ-ਖੁਸ਼ਾਮਦ ਕਰਕੇ ਜੁਗਲ ਸਾਹਿਬ ਦਾ ਖਹਿੜਾ ਛੁਡਾਇਆ ਅਤੇ ਦੀਵਾਨ ਸਾਹਬ ਨੂੰ ਬੇਨਤੀ ਕੀਤੀ ਕਿ ਉਸ ਬੰਗਾਲਣ ਦੀਆਂ ਚਿੱਠੀਆਂ ਜੁਗਲ ਸਾਹਬ ਨੂੰ ਦੇ ਦੇਣ।
ਉਨ੍ਹਾਂ ਨੇ ਮੁਸਕਰਾ ਕੇ ਕਿਹਾ : ”ਮੈਂ ਏਨਾ ਮੂਰਖ਼ ਨਹੀਂ .. . ਜੇ ਤੇਰਾ ਮਿੱਤਰ ਇਹ ਚਿੱਠੀਆਂ ਪੜ੍ਹਨਾ ਚਾਹੁੰਦਾ ਹੈ ਤਾਂ ਮੈਂ ਨਕਲ ਕਰਵਾ ਕੇ ਉਸ ਨੂੰ ਭਿਜਵਾ ਦਿਆਂਗਾ।”
ਮੈਂ ਹੋਰ ਜ਼ੋਰ ਪਾਉਣਾ ਠੀਕ ਨਾ ਸਮਝਿਆ।
ਦਿੱਲੀ ‘ਚ ਇਕ ਬੰਦਾ, ਜੋ ਅੰਮ੍ਰਿਤਸਰ ਦਾ ਯਾਨੀ ਮੇਰਾ ਹਮਸ਼ਹਿਰ ਸੀ, ਸਖ਼ਤ ਪ੍ਰੇਸ਼ਾਨੀ ਦੀ ਹਾਲਤ ਵਿਚ ਮੇਰੇ ਕੋਲ ਆਇਆ-ਉਸਦਾ ਛੋਟਾ ਭਾਈ ਇਕ ਕੁੜੀ ਨੂੰ ਕੱਢ ਕੇ ਦਿੱਲੀ ਲੈ ਆਇਆ। ਉਸਦੀ ਗ੍ਰਿਫ਼ਤਾਰੀ ਦੇ ਵਾਰੰਟ ਜਾਰੀ ਹੋ ਚੁੱਕੇ ਸਨ। ਉਹ ਇਸ ਮਸਲੇ ਨੂੰ ਸੁਲਝਾਉਣ ਲਈ ਮੇਰੀ ਮਦਦ ਚਾਹੁੰਦਾ ਸੀ-ਮੈਂ ਉਹਨੂੰ ਦੀਵਾਨ ਸਾਹਬ ਕੋਲ ਲੈ ਗਿਆ। ਉਨ੍ਹਾਂ ਨੇ ਸਾਰੀ ਵਿਥਿਆ ਸੁਣ ਕੇ ਹੁਕਮ ਦਿੱਤਾ ਕਿ ਮੁੰਡੇ ਕੁੜੀ ਨੂੰ ਉਨ੍ਹਾਂ ਕੋਲ ਲਿਆਂਦਾ ਜਾਵੇ।
ਇਕ ਦਿਨ ਦੀਵਾਨ ਸਾਹਬ ਨਾਲ ਮੁਲਾਕਾਤ ਹੋਈ ਤਾਂ ਉਨ੍ਹਾਂ ਨੇ ਮੈਨੂੰ ਕਿਹਾ : ”ਉਹ ਲੋਕ ਆ ਗਏ ਸਨ.. . ਮੈਂ ਸਭ ਠੀਕ ਕਰ ਦਿੱਤਾ ਹੈ। ਉਨ੍ਹਾਂ ਨੇ ਸਭ ਠੀਕ ਕਰ ਦਿੱਤਾ ਹੋਵੇਗਾ, ਨਹੀਂ ਤਾਂ ਉਹ ਬੰਦਾ ਮੇਰੇ ਕੋਲ ਮੁੜ ਕੇ ਜ਼ਰੂਰ ਆਉਂਦਾ।
ਸਰਦਾਰ ਦੀਵਾਨ ਸਿੰਘ ਮਫ਼ਤੂਨ ਦੀ ਜਾਣਕਾਰੀ ਦੇ ਵਸੀਲੇ ਬਹੁਤ ਵਿਸ਼ਾਲ ਨੇ-ਪਾਕਿਸਤਾਨ ਵਿਚ ਕਿਸੇ ਦੇ ਫਰਿਸ਼ਤੇ ਨੂੰ ਵੀ ਪਤਾ ਨਹੀਂ ਸੀ ਕਿ ਕਾਇਦੇ-ਆਜ਼ਮ ਖ਼ਤਰਨਾਕ ਤੌਰ ਤੇ ਬੀਮਾਰ ਲੱਗਦੇ ਨੇ, ਪਰ ‘ਰਿਆਸਤ ਵਿਚ ਉਨ੍ਹਾਂ ਦੀ ਬੀਮਾਰੀ ਬਾਰੇ, ਦਿਲ ਨੂੰ ਉਦਾਸ ਕਰਨ ਵਾਲਾ ਇਕ ਨੋਟ ਦੋ ਹਫ਼ਤੇ ਪਹਿਲਾਂ ਛਪ ਗਿਆ ਸੀ ਜਿਸ ਵਿਚ ਦੀਵਾਨ ਸਾਹਬ ਨੇ ਅਪਣੇ ਵਿਸ਼ੇਸ਼ ਜ਼ਾਲਿਮਾਨਾ ਢੰਗ ਨਾਲ ਲਿਖਿਆ ਸੀ : ”ਕਾਇਦੇ-ਆਜ਼ਮ ਮੁਹੰਮਦ ਅਲੀ ਜਿਨਾਹ ਮਰਨ-ਆਸਨ ਤੇ ਨੇ, ਪਰੰਤੂ ਮੇਰੀ ਦੁਆ ਹੈ ਕਿ ਜਿਉਂਦੇ ਰਹਿਣ ਅਤੇ ਪਾਕਿਸਤਾਨ ਨੂੰ—(ਨੋਟ-ਮੰਟੋ ਨੇ ‘ਦਿਲ ਉਦਾਸ’ ਲਿਖਣ ਦੇ ਬਾਵਜੂਦ ਦੀਵਾਨ ਸਿੰਘ ਮਫ਼ਤੂਨ ਦੇ ਨੋਟ ਦਾ ਮੁਕੰਮਲ ਹਵਾਲਾ ਦਿੱਤਾ ਸੀ, ਪਰੰਤੂ ਪਬਲਿਸ਼ਰ ਨੇ ਮੰਟੋ ਦੇ ਰੇਖਾ-ਚਿਤਰਾਂ ਦਾ ਦੂਜਾ ਸੰਗ੍ਰਹਿ ‘ਲਾਊੁਡ ਸਪੀਕਰ ਜਿਸ ਵਿਚ ਰੇਖਾ ਚਿੱਤਰ ‘ਦੀਵਾਨ ਸਿੰਘ ਮਫ਼ਤੂਨ ਸ਼ਾਮਲ ਹੈ, ਛਪਦੇ ਸਮੇਂ ਹਵਾਲਾ ਕੱਟ ਦਿੱਤਾ। ਪਬਲਿਸ਼ਰ ਲਈ ਹਵਾਲਾ ਕੱਟਣ ਚ ਆਸਾਨੀ ਇਉਂ ਹੋ ਗਈ ਕਿ ਕਿਤਾਬ ਮੰਟੋ ਦੀ ਮੌਤ ਦੇ ਅੱਠ ਮਹੀਨਿਆਂ ਪਿੱਛੋਂ ਛਪੀ-ਹਵਾਲੇ ਦਾ ਨਾ ਮੁਕੰਮਲ ਫਿਕਰਾ ਕੁਝ ਏਕਣ ਹੈ : “ਤਬਾਹੋ-ਬਰਾਬਾਦ ਹੁੰਦਾ ਦੇਖਣ।’)
ਹੁਣ ਰਿਆਸਤਾਂ ਨਹੀਂ ਰਹੀਆਂ। ਰਾਜੇ ਨੇ, ਨਾ ਮਹਾਰਾਜੇ ਜੋ ਉਸਦੇ ਲਾਡਲੇ ਖਿਡੌਣੇ ਸਨ, ਪਰ ਸਰਦਾਰ ਦੀਵਾਨ ਸਿੰਘ ਮਫ਼ਤੂਨ ਨੇ ਯਕੀਨੀ ਤੌਰ ‘ਤੇ ਹੋਰ ਖਿਡਾਉਣੇ ਚੁਣ ਲਏ ਹੋਣਗੇ-ਰਾਜਾ ਨਹੀਂ ਹੋਊ, ਕੋਈ ਵਜ਼ੀਰ ਹੋਊ; ਮਹਾਰਾਣੀ ਨਾ ਹੋਈ ਤਾਂ ਕਿਸੇ ਬੜੇ ਸਰਮਾਇਦਾਰ ਦੀ ਖੁੱਲ੍ਹ, ਖੇਡਣ ਵਾਲੀ ਧਰਮ ਪਤਨੀ ਹੋਵੇਗੀ-ਮਫ਼ਤੂਨ ਦਾ ਜਨੂਨ ਕਿਵੇਂ ਵਿਹਲਾ ਬੈਠ ਸਕਦਾ ਹੈ.. ..
ਲੋਕ ਉਸ ਨੂੰ ਬਲੈਕ ਮੇਲਰ, ਦਗ਼ਾਬਾਜ਼, ਚੋਰ-ਉਚੱਕਾ ਕਹਿੰਦੇ ਨੇ, ਪਰ ਉਹ ਅਪਣੇ ਪਹਿਲੂ ਵਿਚ ਇਨਸਾਨੀਅਤ-ਦੋਸਤ ਦਿਲ ਰੱਖਦਾ ਹੈ।
ਪਿਛਲੇ ਫ਼ਸਾਦਾਂ ਵਿਚ ਉਹਨੇ ਜਿੰਨੇ ਮੁਸਲਮਾਨਾਂ ਨੂੰ ਖੂੰਖਾਰ ਸਿੱਖਾਂ ਅਤੇ ਹਿੰਦੂਆਂ ਤੋਂ ਬਚਾਇਆ, ਜਿੰਨੀਆਂ ਮੁਸਲਮਾਨ ਔਰਤਾਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਪਨਾਹ ਦਿੱਤੀ, ਉਨ੍ਹਾਂ ਦੇ ਦਿਲ ‘ਚੋਂ ਉਸ ਵਾਸਤੇ ਜੋ ਦੁਆਵਾਂ ਨਿਕਲੀਆਂ ਹੋਣਗੀਆਂ, ਮੇਰਾ ਖ਼ਿਆਲ ਹੈ ਉਹ ਉਸਦੀ ਮੁਕਤੀ ਲਈ ਕਾਫ਼ੀ ਨੇ.. .
ਪਿਛਲੇ ਦਿਨੀਂ ਮੈਂ ਸਖ਼ਤ ਬੀਮਾਰ ਸੀ-ਹਸਪਤਾਲ ਦੇ ਵਾਰਡ ਚ ਮੇਰੇ ‘ਤੇ ਨੀਮ ਬੇਹੋਸ਼ੀ ਅਤੇ ਬੇਹੋਸ਼ੀ ਦਸ-ਪੰਦਰਾਂ ਦਿਨਾਂ ਤੱਕ ਜਾਰੀ ਰਹੀ-ਜਦੋਂ ਮੈਨੂੰ ਹੋਸ਼ ਆਈ ਤਾਂ ਮੇਰੀ ਪਤਨੀ ਅਤੇ ਮੇਰੀ ਭੈਣ ਨੇ ਮੈਨੂੰ ਦੱਸਿਆ ਕਿ ਉਸ ਹਾਲਤ ਵਿਚ ਬਾਰ ਬਾਰ ਮੈਂ ਸਰਦਾਰ ਦੀਵਾਨ ਸਿੰਘ ਮਫ਼ਤੂਨ ਨੂੰ ਯਾਦ ਕਰਦਾ ਸੀ। ਮੈਂ ਸਮਝਦਾ ਸੀ ਕਿ ਮੈਂ ਦਿੱਲੀ ‘ਚ ਹਾਂ। ‘ਰਿਆਸਤ ਦਾ ਦਫ਼ਤਰ ਕੁਝ ਦੂਰ ਹੈ, ਪਰ ਓਥੇ ਟੈਲੀਫ਼ੋਨ ਕੀਤਾ ਜਾ ਸਕਦਾ ਹੈ- ਮੈਂ ਉਨ੍ਹਾਂ ਨੂੰ ਕਹਿੰਦਾ : ”ਜਾਓ ਟੈਲੀਫ਼ੋਨ ਕਰੋ ਅਤੇ ਦੀਵਾਨ ਸਿੰਘ ਮਫ਼ਤੂਨ ਨੂੰ ਕਹੋ ਕਿ ਮੰਟੋ ਬੁਲਾ ਰਿਹਾ ਹੈ ਤੁਹਾਨੂੰ’ ਬਹੁਤ ਜ਼ਰੂਰੀ ਕੰਮ ਹੈ।”
ਉਹ ਸਮਝਾਉਂਦੀਆਂ ਸਨ ਕਿ ਮੈਂ ਲਾਹੌਰ ਚ ਹਾਂ, ਪਰੰਤੂ ਮੈਂ ਜ਼ਿੱਦ ‘ਤੇ ਅੜਿਆ ਹੋਇਆ ਸਾਂ : ”ਨਹੀਂ ਮੈਂ ਦਿੱਲੀ ‘ਚ ਹਾਂ.. ਤੁਸੀਂ ਜਾਓ ਅਤੇ ਦੀਵਾਨ ਸਾਹਬ ਨੂੰ ਟੈਲੀਫ਼ੋਨ ਕਰੋ.. .. ਉਹ ਤੁਰਤ ਆ ਜਾਣਗੇ।’
ਦਰਅਸਲ ਉਹਨੀਂ ਦਿੱਨੀਂ ਮੈਂ ਨਰਕ ਵਿਚ ਸਾਂ, ਹੋਣ ਜਾਂ ਨਾ ਹੋਣ ਦੇ ਵਿਚਕਾਰ ਲਟਕਿਆ ਹੋਇਆ ਅਤੇ ਮੇਰਾ ਦਿਮਾਗ਼ ਧੁੰਦ ਵਿਚ ਘਿਰਿਆ ਹੋਇਆ ਸੀ। ਪਰ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਜਿੱਥੇ ਮੇਰਾ ਬਿਸਤਰਾ ਸੀ, ਉਸ ਤੋਂ ਕੁਝ ਦੂਰ ਇਕ ਦਰਵਾਜ਼ਾ ਸੀ ਅਤੇ ਉਸ ਤੋਂ ਅੱਗੇ ਇੱਕ ਬਹੁਤ ਬੜਾ ਹਾਲ ਸੀ ਜਿਸ ਵਿਚ ਯੂਰੋਪੀ ਬੱਚੇ ਪਿੰਗਪਾਂਗ ਖੇਲ੍ਹਦੇ ਰਹਿੰਦੇ ਸਨ ਅਤੇ ਉਸ ਹਾਲ ਨੂੰ ਪਾਰ ਕਰਨ ਤੋਂ ਬਾਅਦ ਬਾਹਰ ਦਿੱਲੀ ਦੇ ਪਲਾਜ਼ਾ ਸਿਨੇਮਾ ਦਾ ਗੇਟ ਆ ਜਾਂਦਾ ਸੀ, ਪਰ ਅਫ਼ਸੋਸ ਉਹ ਗੇਟ ਹਰ ਵੇਲੇ ਬੰਦ ਰਹਿੰਦਾ ਸੀ-ਇਹੀ ਵਜ੍ਹਾ ਹੈ ਕਿ ਮੈਂ ਬਾਰ-ਬਾਰ ਬੇਨਤੀ ਕੀਤੀ ਕਿ ਉਹ ਟੈਲੀਫ਼ੋਨ ਕਰਕੇ ਸਰਦਾਰ ਦੀਵਾਨ ਸਿੰਘ ਮਫ਼ਤੂਨ ਨੂੰ ਬੁਲਾਉਣ- ਮੈਨੂੰ ਕੀ ਜ਼ਰੂਰੀ ਕੰਮ ਸੀ, ਇਸਦੇ ਬਾਬਤ ਮੈਨੂੰ ਕੁਝ ਪਤਾ ਨਹੀਂ.. ..
ਅਜੀਬ ਗੱਲ ਹੈ ਕਿ ਮੇਰੇ ਉਲਝੇ ਹੋਏ ਦਿਮਾਗ ‘ਚ ਕੇਵਲ ਦੀਵਾਨ ਸਿੰਘ ਮਫ਼ਤੂਨ ਦੀ ਯਾਦ ਬਾਕੀ ਰਹੀ।
ਅਨੁਵਾਦ – ਮੋਹਨ ਭੰਡਾਰੀ