ਮਕਬੂਲ ਫ਼ਿਦਾ ਹੁਸੈਨ ਨੂੰ ਬਹੁਤ ਲੋਕ ‘ਭਾਰਤ ਦਾ ਪਿਕਾਸੋ’ ਕਹਿੰਦੇ ਹਨ। ਉਹ 1915 ਵਿੱਚ ਮਹਾਂਰਾਸ਼ਟਰ ਵਿੱਚ ਪੈਦਾ ਹੋਇਆ ਸੀ। ਚਿਤ੍ਰਕਾਰੀ ਵਿੱਚ ਉਸ ਨੇ ਹਰ ਰਵਾਇਤ ਨੂੰ ਤੋੜਿਆ। ਏਥੋਂ ਤੱਕ ਕਿ ਹਿੰਦੂ ਦੇਵਤਿਆਂ ਦੇ ਨਗਨ ਚਿਤ੍ਰ ਵੀ ਬਣਾਏ ਜਿਸ ਕਾਰਨ ਉਸ ਨੂੰ ਕੱਟੜਵਾਦੀਆਂ ਦੀ ਘੋਰ ਨਫ਼ਰਤ ਦਾ ਸਾਹਮਣਾ ਕਰਨ ਪਿਆ। ਫਿਲਮਾਂ ‘ਤੇ ਵੀ ਹੱਥ ਅਜ਼ਮਾਇਆ ਜੋ ਮਿਸਾਲੀ ਹੋ ਨਿਬੜਿਆ। ਅਨੇਕ ਹੋਰ ਸਨਮਾਨਾਂ ਦੇ ਨਾਲ ਨਾਲ ਭਾਰਤ ਸਰਕਾਰ ਵਲੋਂ ਪਦਮ ਵਿਭੂਸ਼ਨ ਅਤੇ ਪਦਮਸ੍ਰੀ ਉਸ ਦੀ ਝੋਲੀ ਪਏ। ਪਾਠਕਾਂ ਦੀ ਦਿਲਚਸਪੀ ਲਈ ਇਥੇ ਅਸੀਂ ਉਹਦੇ ਬਚਪਨ ਦੀਆਂ ਝਲਕੀਆਂ ਪੇਸ਼ ਕਰਨ ਦੀ ਖੁਸ਼ੀ ਲੈ ਰਹੇ ਹਾਂ। -ਸੰਪਾਦਕ
ਮਾਂ
ਟੋਕਰੇ ਵਿਚ ਲੇਟਿਆ ਉਹ ਅਪਣੀ ਮਾਂ ਨੂੰ ਦੇਖਦਾ ਰਹਿੰਦਾ ਜਾਂ ਫਿਰ ਤਾਰਿਆਂ ਨੂੰ। ਸਾਫ਼ ਅਕਾਸ਼ ਵਿਚ ਚਮਕਦੇ ਤਾਰੇ ਮਾਂ ਦੇ ਚਿਹਰੇ ‘ਤੇ ਚਮਕਦੀਆਂ ਮੁੜ੍ਹਕੇ ਦੀਆਂ ਬੂੰਦਾਂ ਵਰਗੇ ਜਾਪਦੇ।
ਉਹਦੀ ਮਾਂ ਹਰ ਸਮੇਂ ਘਰ ਦੇ ਕੰਮਾਂ ਵਿਚ ਉਲਝੀ ਰਹਿੰਦੀ। ਵਿਚ-ਵਿਚ ਜਦੋਂ ਕਦੇ ਉਹ ਹਾਕ ਮਾਰਦਾ, ਮਾਂ ਉਹਦੀ ਦੁਚਿੱਤੀ ਦੂਰ ਕਰਨ ਲਈ ਉਹਦੇ ਕੋਲ ਆ ਜਾਂਦੀ।
ਜਣੇਪੇ ਤੋਂ ਬਾਅਦ ਦਾ ਕਮਜ਼ੋਰ ਜਿਸਮ ਘਰ ਦੇ ਕੰਮਾਂ ਵਿਚ ਲਗਾਤਾਰ ਜੁਟਿਆ ਰਿਹਾ ਸੀ। ਘਰ ਵਿਚ ਕੋਈ ਹੋਰ ਬਜ਼ੁਰਗ ਔਰਤ ਵੀ ਨਹੀਂ ਸੀ ਜਿਹੜੀ ਜਣੇਪੇ ਤੋਂ ਬਾਅਦ ਸਰੀਰ ਦੀ ਸਾਂਭ-ਸੰਭਾਲ ਵਿਚ ਮਾਂ ਦੀ ਮਦਦ ਕਰ ਸਕਦੀ।
ਜਨਮ ਲੈਣਾ ਘਰ ਵਿਚ ਪੁਰਸ਼ਾਂ ਦੀ ਸੰਖਿਆ ਵਿਚ ਵਾਧਾ ਕਰਨਾ ਸੀ। ਉਹਦੀ ਮਾਂ, ਅਪਣੇ ਪਹਿਲੇ ਬੱਚੇ ਦੇ ਜਨਮ ‘ਤੇ ਬਹੁਤ ਖੁਸ਼ ਸੀ। ਉਹਦੀ ਵੱਡੀ ਭੈਣ ਦੀ ਮੌਤ ਜਣੇਪੇ ਦੌਰਾਨ ਹੋਈ ਸੀ। ਆਪਣੇ ਜਣੇਪੇ ਨੂੰ ਲੈ ਕੇ ਅਨੇਕਾਂ ਸ਼ੰਕੇ ਉਹਦੇ ਮਨ ਵਿਚ ਸਨ। ਉਹਨੂੰ ਪਤਾ ਹੀ ਨਹੀਂ ਸੀ ਕਿ ਜਣੇਪੇ ਤੋਂ ਬਾਅਦ ਸਰੀਰ ਦਾ ਧਿਆਨ ਕਿਵੇਂ ਰੱਖਿਆ ਜਾਂਦਾ ਹੈ। ਘਰ ਦੀਆਂ ਜ਼ਿੰਮੇਵਾਰੀਆਂ ਦੌਰਾਨ ਉਹਦੇ ਕੋਲ ਅਰਾਮ ਦੇ ਪਲ ਬਹੁਤ ਹੀ ਘੱਟ ਸਨ।
ਉਹਦਾ ਪਹਿਲਾ ਬੱਚਾ ਮਾੜਕੂ। ਦੁਬਲਾ ਪਤਲਾ। ਚੌੜਾ ਮੱਥਾ। ਨੈਣ-ਨਕਸ਼ ਉਹਦੇ ਵਰਗੇ। ਅੱਖਾਂ ਚਮਕੀਲੀਆਂ। ਉਹਨੂੰ ਉਹਦੀਆਂ ਅੱਖਾਂ ਬੜੀਆਂ ਚੰਗੀਆਂ ਲੱਗਦੀਆਂ। ਵੱਡੀਆਂ-ਵੱਡੀਆਂ ਕਾਲੀਆਂ ਅੱਖਾਂ ਨਾਲ ਉਹ ਨਿਹਾਰਦਾ ਰਹਿੰਦਾ। ਵਿੱਠਲ ਅਰਥਾਤ ਵਿਸ਼ਨੂੰ ਦੇ ਅਵਤਾਰ ਵਰਗੀਆਂ ਅੱਖਾਂ। ਉਹਦੀਆਂ ਲੰਬੀਆਂ-ਲੰਬੀਆਂ ਨਾਜ਼ੁਕ ਉਂਗਲੀਆਂ ਦੂਸਰੀ ਖਿੱਚ ਸਨ। ਉਹਨੂੰ ਲੱਗਦਾ ਉਹ ਵੱਡਾ ਹੋ ਕੇ ਉਹਦੇ ਕੰਮਾਂ ਵਿਚ ਹੱਥ ਵਟਾਏਗਾ। ਉਹਦਾ ਪੁੱਤਰ ਹਰਦਿਲ ਅਜ਼ੀਜ਼ ਹੋਵੇਗਾ। ਸਾਰਿਆਂ ਦੀਆਂ ਅੱਖਾਂ ਦਾ ਨੂਰ। ਸਾਰਿਆਂ ਨੂੰ ਪ੍ਰਵਾਨ। ਸਾਰਿਆਂ ਨੂੰ ਪਸੰਦ। ਉਹ ਆਪਣੇ ਪੁੱਤਰ ਦਾ ਨਾਂ ਸੋਚਦੀ। ਮਕਬੂਲ, ਹਰ ਦਿਲ ਅਜੀਜ਼।
ਮਕਬੂਲ ਟੋਕਰੇ ਵਿਚ ਲੇਟਿਆ ਦਿਨ ਵੇਲੇ ਆਪਣੀ ਮਾਂ ਨੂੰ ਨਿਹਾਰਦਾ। ਰਾਤ ਨੂੰ ਤਾਰੇ। ਮਾਂ ਦੇ ਚਿਹਰੇ ‘ਤੇ ਚਮਕਦੀਆਂ ਮੁੜ੍ਹਕੇ ਦੀਆਂ ਬੂੰਦਾਂ, ਉਹਨੂੰ ਤਾਰਿਆਂ ਵਾਂਗ ਚਮਕਦੀਆਂ ਜਾਪਦੀਆਂ।
ਉਹ ਮਾਂ ਦੀ ਗੋਦੀ ਵਿਚ ਜਾਣ ਲਈ ਮਚਲਦਾ। ਮਾਂ ਦੀ ਗੋਦੀ ਸਦਾ ਕੰਮਾਂ ਨਾਲ ਓਟੀ ਰਹਿੰਦੀ।
ਉਹ ਖ਼ੁਦ ਚੱਲ ਕੇ ਜਾਣਾ ਚਾਹੁੰਦਾ ਪਰ ਪੈਰ ਪਟਕਦਾ ਰਹਿ ਜਾਂਦਾ। ਟੋਕਰਾ ਥੋੜ੍ਹਾ ਜਿਹਾ ਹਿਲਦਾ। ਉਹਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਰਹਿੰਦੀਆਂ।
ਉਹ ਛੇ ਮਹੀਨੇ ਦਾ ਸੀ। ਪਹਿਲੀ ਵਾਰ ਉਹਨੇ ਟੋਕਰੀ ਤੋਂ ਬਾਹਰ ਪੈਰ ਧਰਿਆ। ਮਾਂ ਕੋਲ ਪਹੁੰਚਣ ਦੀ ਕਾਹਲੀ ਵਿਚ ਉਹਦਾ ਸਰੀਰ ਖ਼ੁਸ਼ੀ ਨਾਲ ਉਛਲ ਰਿਹਾ ਸੀ।
ਮਕਬੂਲ ਇਸ ਗੱਲੋਂ ਅਨਜਾਣ ਸੀ। ਉਸ ਨੇ ਜਿਸ ਦੁਨੀਆ ਵਿਚ ਆਪਣਾ ਮਾਸੂਮ ਕਦਮ ਰੱਖਿਆ ਹੈ, ਉਸ ਦੁਨੀਆ ਵਿਚ ਹੁਣ ਉਹਦੀ
ਮਾਂ ਨਹੀਂ। ਟੋਕਰੇ ਵਿਚੋਂ ਨਿਕਲ, ਉਹ ਘਰ ਵਿਚ ਮਾਂ ਨੂੰ ਲੱਭਦਾ ਰਿਹਾ। ਓਥੇ ਸਿਰਫ਼ ਟੀਨ ਨੂੰ ਕੁੱਟਣ ਦੀ ਤੇਜ਼ ਤੇ ਤਿੱਖੀ ਆਵਾਜ਼ ਗੂੰਜ ਰਹੀ ਸੀ।
ਘਰ ਵਿਚ ਮਾਂ ਨਹੀਂ ਸੀ। ਉਹ ਗਲੀ ਵਿਚ ਲੱਭਦਾ ਹੈ। ਘਰ ਤੋਂ ਬਾਹਰ ਉਹ ਗਲੀ ਵਿਚੋਂ ਲੰਘਣ ਵਾਲੀ ਹਰ ਔਰਤ ਦਾ ਧਿਆਨ ਖਿੱਚਣਾ ਚਾਹੁੰਦਾ ਹੈ। ਉਹ ਰੋਂਦਾ ਹੈ। ਥੋੜ੍ਹੀ ਦੇਰ ਲਈ ਉਹ ਮਾਂ ਜਿਹੀ ਗੋਦ ਵਿਚ ਹੁੰਦਾ ਹੈ। ਪਰ ਫਿਰ ਉਹੀ ਟੋਕਰਾ।
ਗਲੀ ਵਿਚੋਂ ਨਿਕਲ ਕੇ ਪੰਢਰਪੁਰ ਵਿਚ ਲੱਭਦਾ ਹੈ। ਓਥੇ ਲੱਖਾਂ ਲੋਕਾਂ ਦੀ ਭੀੜ। ਓਥੇ ਸਿਰਫ਼ ਵਿਸ਼ਨੂੰ ਦਾ ਅਵਤਾਰ। ਉਹ ਰੋਂਦਾ ਹੈ। ਉਹ ਚੀਕਦਾ ਹੈ। ਪਰ ਵਿੱਠਲ ਵਿੱਠਲ ਦੇ ਰੌਲੇ-ਰੱਪੇ ਵਿਚ ਉਹਦੀ ਚੀਕ, ਉਹਦੇ ਕੰਨਾਂ ਵਿਚ ਵਾਪਸ ਆ ਜਾਂਦੀ ਹੈ। ਅੱਥਰੂਆਂ ਨਾਲ ਭਰੀਆਂ ਅੱਖਾਂ ਵਿਚੋਂ ਉਸ ਨੂੰ ਹੁਣ ਤਾਰੇ ਨਜ਼ਰ ਨਹੀਂ ਆਉਂਦੇ। ਮੁੜ੍ਹਕੇ ਦੀਆਂ ਚਮਕਦੀਆਂ ਬੂੰਦਾਂ ਕਿਤੇ ਨਹੀਂ ਦਿਸਦੀਆਂ। ਘਰ ਵਿਚ ਮਾਂ ਨਹੀਂ, ਗਲੀ ਵਿਚ ਮਾਂ ਨਹੀਂ। ਕੌਣ ਉਹਨੂੰ ਦੁੱਧ ਪਿਆਉਣ ਆਉਂਦਾ ਸੀ? ਉਹ ਕਿਹਨੂੰ ਲੱਭ ਰਿਹਾ ਹੈ? ਉਹ ਸੁਪਨਾ ਦੇਖ ਰਿਹਾ ਸੀ ਜਾਂ ਹੁਣ ਦੇਖ ਰਿਹਾ ਹੈ।
ਉਹਨੂੰ ਧਿਆਨ ਨਹੀਂ ਕਿ ਉਸ ਨੇ ਇਹ ਸਾਰਾ ਕੁਝ ਮਹਿਸੂਸ ਕੀਤਾ ਜਾਂ ਕਿਸੇ ਨੇ ਉਹਨੂੰ ਦੱਸਿਆ ਜਾਂ ਕਿ ਸੁਪਨਾ ਦੇਖਿਆ।
ਮਕਬੂਲ ਦੇ ਪਿਤਾ, ਫ਼ਿਦਾ ਹੁਸੈਨ ਪੰਢਰਪੁਰ ਵਿਚ ਛੋਟੀ-ਮੋਟੀ ਨੌਕਰੀ ਕਰਦੇ ਸਨ। ਉਹਦੇ ਦਾਦੇ ਅਬਦੁੱਲ ਦੀ ਚਿਰਾਗ਼ਾਂ ਦੀ ਹੱਟੀ ਸੀ। ਘਰ ਵਿਚ ਚਾਰ ਜਣੇ ਹੋਰ ਸਨ। ਦਾਦੇ ਦਾ ਭਰਾ ਅਤੇ ਪੁੱਤਰ। ਪਿਓ ਦਾ ਭਰਾ ਮੁਰਾਦ। ਛੋਟੇ ਜਿਹੇ ਪਿੰਡ ਵਿਚ ਮੇਲੇ ਦੇ ਦਿਨਾਂ ਵਿਚ ਬੜੀ ਭੀੜ ਹੁੰਦੀ। ਲੱਖਾਂ ਲੋਕ ਵਿਨੋਬੇ ਦੇ ਦਰਸ਼ਨ ਕਰਨ ਪੰਢਰਪੁਰ ਪਹੁੰਚਦੇ। ਦਾਦੇ ਅਬਦੁੱਲ ਦੀ ਹੱਟੀ ‘ਤੇ ਇਹਨਾਂ ਦਿਨਾਂ ਵਿਚ ਖ਼ੂਬ ਵਿਕਰੀ ਹੁੰਦੀ। ਇਸ ਮੇਲੇ ਲਈ ਦਾਦਾ ਜੀ ਖ਼ਾਸ ਤਿਆਰੀ ਕਰਦੇ। ਮਹੀਨਾ ਪਹਿਲਾਂ ਚਿਮਨੀਆਂ ਬਣਾ ਕੇ ਰੱਖਣੀਆਂ ਸ਼ੁਰੂ ਕਰ ਦੇਂਦੇ। ਇਹਨਾਂ ਦਿਨਾਂ ਵਿਚ ਬੜੀ ਭੀੜ ਹੁੰਦੀ ਅਤੇ ਬਹੁਤ ਸਾਰੇ ਚਿਰਾਗ਼ ਵਿਕਦੇ।
ਫ਼ਿਦਾ ਹੁਸੈਨ ਦਾ ਇਹ ਇਕ ਹੋਰ ਵਿਆਹ ਸੀ। ਪਹਿਲੀ ਵਹੁਟੀ ਜਣੇਪੇ ਦੌਰਾਨ ਹੀ ਚਲ ਵਸੀ। ਦੂਜੀ ਜਣੇਪੇ ਦੇ ਛੇ ਮਹੀਨੇ ਬਾਅਦ ਖ਼ੁਦਾ ਨੂੰ ਪਿਆਰੀ ਹੋ ਗਈ। ਦੋਵੇਂ ਭੈਣਾਂ ਸਨ। ਦੂਸਰੀ ਵਹੁਟੀ ਦੀ ਮੌਤ ਤੋਂ ਬਾਅਦ ਫ਼ਿਦਾ ਹੁਸੈਨ ਦਾ ਮਨ ਇਸ ਪਿੰਡ ਵਿਚ ਨਹੀਂ ਸੀ ਰਮਦਾ।
ਫ਼ਿਦਾ ਹੁਸੈਨ ਨੇ ਇੰਦੌਰ ਵਸਣ ਦਾ ਫ਼ੈਸਲਾ ਕਰ ਲਿਆ। ਉਹ ਸਾਰੇ ਇੰਦੌਰ ਚਲੇ ਗਏ। ਮਕਬੂਲ ਦੀ ਪਹਿਲੀ ਮਾਂ। ਦਾਦਾ ਜੀ ਦੀ ਗੋਦੀ। ਤਾਰੇ ਸਭ ਪਿੱਛੇ ਰਹਿ ਗਏ। ਮਕਬੂਲ ਇਸ ਸਾਰੇ ਕੁਝ ਬਾਰੇ ਸੋਚਦਾ ਰਹਿੰਦਾ। ਇਹ ਸਭ ਉਹਦੇ ਦਾਦੇ ਨੇ ਦੱਸਿਆ ਸੀ ਜਾਂ ਉਹਨੇ ਪਿਤਾ ਕੋਲੋਂ ਸੁਣਿਆ ਸੀ?
ਮਕਬੂਲ ਨੇ ਪਹਿਲੀ ਯਾਤਰਾ ਸੁਭਾਵਕ ਹੀ ਕੀਤੀ ਸੀ।
ਦਾਦਾ
ਮਕਬੂਲ ਮੁੰਡਾ ਸੀ।
ਮਕਬੂਲ ਨੂੰ ਮੁੰਡਾ ਅਖਵਾਉਣਾ ਪਸੰਦ ਨਹੀਂ ਸੀ। ਪੰਢਰਪੁਰ ਕਦੋਂ ਛੱਡਿਆ ਉਹਨੂੰ ਚੇਤੇ ਨਹੀਂ। ਦਾਦਾ ਜੀ ਨੇ ਦੱਸਿਆ ਕਿ ਜਦੋਂ ਉਹ ਛੇ ਮਹੀਨੇ ਦਾ ਸੀ ਤਦੋਂ ਉਹਨਾਂ ਦੀ ਗੋਦੀ ਵਿਚ ਉਹਨੇ ਪਹਿਲੀ ਯਾਤਰਾ ਕੀਤੀ ਸੀ।
ਉਹਨੂੰ ਡੁੱਬਦੇ ਤਾਰੇ ਵਿਖਾਈ ਦੇਂਦੇ।
ਇੰਦੌਰ ਆਇਆਂ ਕਈ ਵਰ੍ਹੇ ਬੀਤ ਗਏ ਨੇ। ਦਾਦਾ ਜੀ ਦੀ ਉਂਗਲ ਫੜ ਉਹ ਕਈ ਥਾਵਾਂ ‘ਤੇ ਘੁੰਮ ਆਇਆ। ਛਾਉਣੀ, ਜਿੱਥੇ ਉਹ ਰਹਿੰਦਾ ਹੈ-ਉਸ ਮੁਹੱਲੇ ਦਾ ਨਾਂ ਊਸ਼ਾ ਗੰਜ ਹੈ। ਊਸ਼ਾ ਗੰਜ ਤੋਂ ਥੋੜ੍ਹੀ ਦੂਰ ਪਾਰਸੀ ਮੁਹੱਲਾ, ਕੋਲ ਹੀ ਮੁਗਈ ਮੁਹੱਲਾ ਅਤੇ ਉਸ ਤੋਂ ਬਾਅਦ ਕਸਾਈ ਮੁਹੱਲਾ। ਸੰਯੋਗਤਾ ਗੰਜ, ਪਾਰਸੀ ਮੁਹੱਲਾ, ਊਸ਼ਾ ਗੰਜ, ਮੁਗਈ ਮੁਹੱਲਾ ਅਤੇ ਕਸਾਈ ਮੁਹੱਲੇ ਨਾਲ ਮਿਲ ਕੇ ਛਾਉਣੀ ਬਣੀ ਜਾਂ ਇਹਨਾਂ ਵਿਚ ਛਾਉਣੀ ਹੈ-ਇਸ ਬਾਰੇ ਉਹਨੂੰ ਸਮਝ ਨਾ ਆਉਂਦੀ।
ਦਾਦਾ ਜੀ ਨਾਲ ਉਹ ਇਹਨਾਂ ਸਾਰੀਆਂ ਥਾਵਾਂ ‘ਤੇ ਘੁੰਮ ਚੁੱਕਾ ਸੀ। ਉਹਨੂੰ ਸੜਕਾਂ ਯਾਦ ਹਨ। ਗਲੀਆਂ, ਚੌਕ ਯਾਦ ਹਨ। ਮੋੜ, ਪੁਲੀਆਂ, ਨਾਲੇ, ਪਹੀਆਂ, ਇਮਲੀ ਦਾ ਰੁਖ਼, ਸਕੂਲ ਦੀ ਗਰਾਊਂਡ ਸਭ ਕੁਝ ਯਾਦ ਹੈ। ਉਹਦਾ ਮਨ ਕਰੇ ਤਾਂ ਦਾਦਾ ਜੀ ਤੋਂ ਬਿਨਾ ਵੀ ਜਾ ਸਕਦਾ ਹੈ। ਹਾਲਾਂਕਿ ਉਸ ਨੇ ਅਜਿਹੀ ਕੋਸ਼ਿਸ਼ ਕਦੇ ਨਹੀਂ ਕੀਤੀ।
ਕਿਤੇ ਵੀ ਜਾਂਦਿਆਂ-ਅੱਛਨ ਮੀਆਂ ਦੀ ਚਾਹ ਦੀ ਹੱਟੀ ਤੇ ਦਾਦਾ ਜੀ ਜ਼ਰੂਰ ਰੁਕਦੇ। ਇਕ ਕੱਪ ਚਾਹ ਦਾ ਪੀਣ ਲਈ।
ਭੱਠੀ ਵਿਚ ਦਹਿਕਦੇ ਲਾਲ ਚੰਗਿਆੜੇ ਮਕਬੂਲ ਦੀਆਂ ਅੱਖਾਂ ਨੂੰ ਜਕੜ ਲੈਂਦੇ। ਉਹ ਇਕ ਟੱਕ ਉਹਨਾਂ ਨੂੰ ਘੂਰਦਾ ਰਹਿੰਦਾ। ਉਹਨੂੰ ਇਹ ਚੰਗਿਆੜੇ ਪਹਿਲਾਂ ਲਾਲ ਦਿਸਦੇ ਫਿਰ ਪੀਲੇ ਅਤੇ ਦੇਖਦਿਆਂ ਦੇਖਦਿਆਂ ਇਹ ਚਿੱਟੇ ਹੋ ਜਾਂਦੇ। ਇਕ ਦਮ ਸਫ਼ੈਦ।
ਉਹਨੂੰ ਇਹ ਚੰਗਾ ਲੱਗਦਾ। ਲਾਲ ਚੰਗਿਆੜਿਆਂ ਵਿਚੋਂ ਨਿਕਲਦਾ ਚਿੱਟਾ ਰੰਗ। ਚਾਹ ਮੁਕਣ ‘ਤੇ ਦਾਦਾ ਜੀ ਤੁਰ ਪੈਂਦੇ। ਮਕਬੂਲ ਦੀਆਂ ਅੱਖਾਂ ਵਿਚ ਬਹੁਤ ਦੇਰ ਤੱਕ ਚਿੱਟਾ ਰੰਗ ਟਿਕਿਆ ਰਹਿੰਦਾ। ਉਹ ਗੁਆਚਿਆ ਗੁਆਚਿਆ ਜਿਹਾ ਦਾਦਾ ਜੀ ਦੀ ਉਂਗਲ ਫੜੀ ਲਗਪਗ ਘਸਰਦਾ ਜਿਹਾ ਤੁਰਦਾ ਰਹਿੰਦਾ।
ਉਹਦਾ ਮਨ ਓਥੇ ਭੱਠੀ ਦੇ ਚੰਗਿਆੜਿਆਂ ਵਿਚ ਫਸਿਆ ਰਹਿ ਜਾਂਦਾ। ਚੰਗਿਆੜਿਆਂ ਦਾ ਰੰਗ ਬਦਲਦਾ। ਇਕ ਜਾਦੂ ਜਿਹਾ। ਉਹਨੇ ਮਹਿਸੂਸ ਕੀਤਾ ਕਿ ਇਕ ਟੱਕ ਦੇਖਦੇ ਰਹਿਣ ਨਾਲ ਨਾ ਸਿਰਫ਼ ਰੰਗ ਬਦਲਦੇ, ਸਗੋਂ ਅਕਾਰ ਵੀ ਬਦਲ ਜਾਂਦੇ।
ਇਕ ਟੱਕ ਦੇਖਦੇ ਰਹਿਣ ਨਾਲ ਤਾਰੇ ਧੁੰਧਲੇ ਹੋ ਕੇ ਦਿਸਣੋਂ ਹਟ ਜਾਂਦੇ। ਇਕ ਟੱਕ ਦੇਖਣਾ ਦ੍ਰਿਸ਼ ਨੂੰ ਬਦਲ ਦੇਂਦਾ। ਇਹ ਜਾਦੂ ਸੀ। ਦੂਸਰਾ ਜਾਦੂ ਉਹਦੇ ਦਾਦਾ ਜੀ ਦੇ ਹੱਥਾਂ ਵਿਚ ਸੀ, ਜਿਸ ਕਾਰੀਗਰੀ ਨਾਲ ਉਹ ਚਿਮਨੀ ਬਣਾਉਂਦੇ, ਉਹਨੂੰ ਯਕੀਨ ਨਾ ਹੁੰਦਾ। ਟੀਨ ਨੂੰ ਕੁੱਟਣਾ, ਸਿੱਧਾ ਕਰਨਾ, ਕੱਟਣਾ, ਗੋਲ ਕਰਦਿਆਂ ਬੰਦ ਕਰਨ, ਟਾਂਕਾ ਲਾਉਣਾ, ਢੱਕਣ ਫਿੱਟ ਕਰਨਾ, ਬੱਤੀ ਲਈ ਗੋਲ ਨਲਕੀ ਬਣਾਉਣੀ, ਨਲਕੀ ਜੋੜਨੀ, ਬੱਤੀ ਘੱਟ ਵੱਧ ਕਰਨ ਲਈ ਚੱਕਰੀ ਲਾਉਣੀ, ਸ਼ੀਸ਼ੇ ਨੂੰ ਪੂਰੀ ਤਰ੍ਹਾਂ ਫਿੱਟ ਕਰਨਾ। ਇਹ ਸਾਰੇ ਕੰਮ ਇਕੋ ਵਾਰ ਅਤੇ ਜਿਸ ਕ੍ਰਮ ਨਾਲ ਉਹ ਕਰਦੇ, ਦਾਦਾ ਜੀ ਨੂੰ ਅਜਿਹਾ ਕਰਦਿਆਂ ਦੇਖ ਉਹ ਦੇਖਦਾ ਰਹਿ ਜਾਂਦਾ। ਉਹਦੀਆਂ ਅੱਖਾਂ ਸਾਹਮਣੇ ਮਾਮੂਲੀ ਜਿਹਾ ਟੀਨ ਦਾ ਟੁਕੜਾ ਇਕ ਚਮਕਦਾਰ ਚਿਮਨੀ ਦੇ ਰੂਪ ਵਿਚ ਢਲ ਜਾਂਦਾ। ਉਹਨੂੰ ਦਾਦਾ ਜੀ ਜਾਦੂਗਰ ਜਾਪਦੇ। ਉਹਨੂੰ ਇਹ ਸਾਰਾ ਕੁਝ ਬੜਾ ਅਸਾਨ ਜਾਪਦਾ।
ਚਿਮਨੀ ਬਣਾਉਣੀ ਚਾਹ ਬਣਾਉਣ ਨਾਲੋਂ ਸੌਖੀ ਹੈ। ਉਹਨੇ ਕਈ ਵਾਰ ਦੇਖਿਆ ਚਾਹ ਬਣਾਉਂਦੇ ਸਮੇਂ ਅੱਛਨ ਮੀਆਂ ਨੂੰ ਮੁੜ੍ਹਕਾ ਆ ਜਾਂਦਾ, ਸਗੋਂ ਉਹਦਾ ਚੇਹਰਾ ਮੁੜ੍ਹਕੋ-ਮੁੜ੍ਹਕੀ ਹੋ ਜਾਂਦਾ।
ਉਹਦੇ ਦਾਦਾ ਜੀ ਅਬਦੁਲ, ਜਿਸ ਸਹਿਜਤਾ ਤੇ ਸਰਲਤਾ ਨਾਲ ਚਿਮਨੀ ਬਣਾਉਂਦੇ, ਉਹਨੂੰ ਦੇਖਿਆਂ ਹੀ ਗੱਲ ਬਣਦੀ। ਕੰਮ ਦੌਰਾਨ ਉਹ ਗੱਲਾਂ ਬਾਤਾਂ ਕਰਦੇ ਰਹਿੰਦੇ। ਖ਼ੁਸ਼ਬੋਦਾਰ ਪਾਨ ਖਾਂਦੇ ਅਤੇ ਦੇਖਦਿਆਂ ਹੀ ਦੇਖਦਿਆਂ ਚਿਮਨੀ ਤਿਆਰ ਹੋ ਜਾਂਦੀ।
ਜਾਦੂਗਰ ਵਾਂਗ ਉਹ ਜੇਬ ਵਿਚੋਂ ਰੁਮਾਲ ਕੱਢਦੇ, ਕਬੂਤਰ ਵਾਂਗ ਉਡਾਂਦੇ ਹੋਏ ਚਿਮਨੀ ਵਾਂਗ ਟੰਗ ਦੇਂਦੇ।
ਮਕਬੂਲ ਦੇ ਹੱਥੋਂ ਕਬੂਤਰ ਉੱਡ ਜਾਂਦੇ। ਉਹਦੇ ਦਾਦਾ ਜੀ ਜਾਦੂਗਰ ਹਨ। ਜੇ ਉਹਨੂੰ ਕੋਈ ਪੁੱਛੇ ਕਿ ਤੈਨੂੰ ਕਿਹੜੀਆਂ ਚੀਜ਼ਾਂ ਪਸੰਦ ਹਨ ਤਾਂ ਉਹ ਸਿਰਫ਼ ਤਿੰਨ ਕੰਮ ਕਰਨੇ ਚਾਹੁੰਦਾ ਹੈ-
ਪਹਿਲਾ-ਉਹ ਦਾਦਾ ਜੀ ਦਾ ਖ਼ੁਸ਼ਬੋਦਾਰ ਪਾਨ ਖਾਣਾ ਚਾਹੁੰਦਾ ਏ।
ਦੂਸਰਾ-ਉਹ ਚਿਮਨੀ ਬਣਾਉਣੀ ਚਾਹੁੰਦਾ ਏ।
ਤੀਸਰਾ-ਉਹ ਦਾਦਾ ਜੀ ਵਾਂਗ ਚਿੱਟੀ ਦਾੜ੍ਹੀ ਰੱਖਣੀ ਚਾਹੁੰਦਾ ਏ।
ਉਹ ਨੂੰ ਦਾਦਾ ਜੀ ਦੇ ਪਾਨ ਦੀ ਖ਼ੁਸ਼ਬੋ ਮਦਹੋਸ਼ ਕਰ ਦੇਂਦੀ ਹੈ। ਉਹਨਾਂ ਦੀ ਅਚਕਨ ਵਿਚੋਂ ਦੋ ਤਰ੍ਹਾਂ ਦੀਆਂ ਖ਼ੁਸ਼ਬੋਆਂ ਆਉਂਦੀਆਂ ਹਨ-ਇਕ ਖ਼ਸ ਦੇ ਇਤਰ ਦੀ ਅਤੇ ਦੂਸਰੀ ਖ਼ੁਸ਼ਬੋਦਾਰ ਪਾਨ ਦੀ। ਦਾਦਾ ਜੀ ਦੀ ਜੇਬ੍ਹ ਵਿਚ ਰੱਖੇ ਪਾਨਾਂ ਦੀ ਮਹਿਕ ਉਹਦਾ ਪਿੱਛਾ ਕਰਦੀ ਹੈ ਜਾਂ ਉਹ ਮਹਿਕ ਦਾ ਪਿੱਛਾ ਕਰਦਾ ਹੈ-ਇਹਦਾ ਫ਼ੈਸਲਾ ਉਹਨੇ ਅਜੇ ਤੱਕ ਨਹੀਂ ਕੀਤਾ।
ਉਹਨੇ ਜਦੋਂ ਵੀ ਦਾਦਾ ਜੀ ਨੂੰ ਪਾਨ ਖਾਣ ਲਈ ਕਿਹਾ-ਉਹਨਾਂ ਨੇ ਹਮੇਸ਼ਾ ਮਨਾਂ ਕਰ ਦਿੱਤਾ-ਇਹ ਕਹਿੰਦਿਆਂ ਕਿ ਤੂੰ ਅਜੇ ਛੋਟਾ ਏਂ।
ਉਹਨੂੰ ਚਿੜ ਹੈ ‘ਅਜੇ ਤੂੰ ਛੋਟਾ ਏ’ ਵਾਕ ਤੋਂ। ਇਹ ਗੱਲ ਉਹਨੂੰ ਹਰ ਜਣਾ ਕਹਿੰਦਾ ਏ। ਜਦੋਂ ਪਾਨ ਖਾਣਾ ਚਾਹੁੰਦਾ ਹੈ ਤਾਂ ਦਾਦਾ ਜੀ ਕਹਿੰਦੇ ਨੇ। ਪਿਤਾ ਨਾਲ ਮਿੱਲ ਜਾਣਾ ਚਾਹੁੰਦਾ ਹੈ ਤਾਂ ਪਿਤਾ ਕਹਿੰਦੇ ਨੇ। ਉਹਨੇ ਦੇਖਿਆ ਕਿ ਜਦੋਂ ਵੀ ਉਹ ਕੁਝ ਕਰਨ ਲੱਗਦਾ ਹੈ ਤਾਂ ਸਾਰੇ ‘ਅਜੇ ਤੂੰ ਛੋਟਾ ਏਂ’ ਕਹਿੰਦੇ ਨੇ। ਜਿਵੇਂ ਉਹਨਾਂ ਨੂੰ ਸਿਰਫ਼ ਇਹੀ ਕਹਿਣਾ ਆਉਂਦਾ ਹੋਵੇ। ਖ਼ਾਸ ਤੌਰ ‘ਤੇ ਜਦੋਂ ਉਹ ਉਹਦੇ ਨਾਲ ਗੱਲ ਕਰ ਰਹੇ ਹੋਣ। ਆਪਸ ਵਿਚ ਉਹ ਇਸ ਵਾਕ ਦੀ ਵਰਤੋਂ ਕਦੇ ਨਹੀਂ ਕਰਦੇ।
ਉਹਦੀਆਂ ਅੱਖਾਂ ਅੱਗੇ ਉਹ ਸਾਰੇ ਕੰਮ ਆ ਜਾਂਦੇ, ਜਿਹਨਾਂ ਨੂੰ ਉਹ ਕਰਨਾ ਚਾਹੁੰਦਾ ਪਰ ਇਹ ਛੋਟਾ ਹੋਣਾ ਹਮੇਸ਼ਾ ਉਹਦੇ ਅੱਗੇ ਆ ਖਲੋਂਦਾ। ਮਸਲਨ-
ਖ਼ੁਸ਼ਬੋਦਾਰ ਪਾਨ ਕਿਵਾਮ (ਸ਼ੀਰਾ) ਖਾਣ ਲਈ-ਛੋਟਾ ਏਂ।
ਚਿਮਨੀ ਬਣਾਉਣ ਲਈ-ਛੋਟਾ ਏਂ।
ਦਾੜ੍ਹੀ ਰੱਖਣ ਲਈ-ਛੋਟਾ ਏਂ।
ਛੱਤ ‘ਤੇ ਚੜ੍ਹਨ ਲਈ- ਛੋਟਾ ਏਂ।
ਸੜਕ ‘ਤੇ ਖੇਡਣ ਲਈ – ਛੋਟਾ ਏਂ।
ਚਾਹ ਪੀਣ ਲਈ – ਛੋਟਾ ਏਂ।
ਇਕੱਲੇ ਘੁੰਮਣ ਫਿਰਨ ਲਈ-ਛੋਟਾ ਏਂ।
ਮਿੱਲ ਜਾਣ ਲਈ-ਛੋਟਾ ਏਂ
ਅਚਕਨ ਪਾਉਣ ਲਈ-ਛੋਟਾ ਏਂ।
ਉਹ ਛੋਟਾ ਹੈ। ਕਿੰਨਾ ਛੋਟਾ? ਉਹ ਨਹੀਂ ਸਮਝ ਸਕਦਾ। ਉਹ ਆਪਣੇ ਆਪ ਕੋਲੋਂ ਪੁੱਛਦਾ-ਦਾਦਾ ਜੀ ਛੋਟੇ ਕਿਉਂ ਨਹੀਂ? ਦਾਦਾ ਜੀ ਉਹਦੇ ਨਾਲ ਖੇਡਦੇ ਨੇ, ਜਿਵੇਂ ਉਹ ਕਰਦਾ ਹੈ, ਦਾਦਾ ਜੀ ਵੀ ਕਰਦੇ ਨੇ-ਫਿਰ ਛੋਟੇ ਕਿਉਂ ਨਹੀਂ?
ਇਹ ਬੁਝਾਰਤ ਉਸ ਕੋਲੋਂ ਬੁੱਝੀ ਨਹੀਂ ਜਾਂਦੀ।
ਸਗੋਂ ਇਹਦੇ ਵਿਚ ਇਕ ਹੋਰ ਗੁੰਝਲ ਹੈ।
ਕਈ ਵਾਰ ਉਹਨੂੰ ਕਿਹਾ ਜਾਂਦਾ ਹੈ ਕਿ ਹੁਣ ਤੂੰ ਛੋਟਾ ਨਹੀਂ ਰਿਹਾ, ਵੱਡਾ ਹੋ ਗਿਐਂ। ਕੱਲ੍ਹ ਜਦ ਸਬਜ਼ੀ ਵਿਚ ਮਿਰਚ ਤੇਜ਼ ਸੀ ਤਾਂ ਉਹਨੇ ਖਾਣਾ ਛਡਣਾ ਚਾਹਿਆ। ਸਾਰੇ ਕਹਿਣ ਲੱਗੇ ਕਿ ਤੂੰ ਹੁਣ ਛੋਟਾ ਨਹੀਂ ਰਿਹਾ ਵੱਡਾ ਹੋ ਗਿਐਂ-ਮਿਰਚਾਂ ਖਾਇਆ ਕਰ।
ਇਹ ਵਾਕ ਦਿਨ ਵਿਚ ਕਈ ਵਾਰ ਦੁਹਰਾਇਆ ਜਾਂਦਾ – ‘ਹੁਣ ਤੂੰ ਵੱਡਾ ਹੋ ਗਿਐਂ, ਆਪ ਨਹਾਇਆ ਕਰ, ਆਪ ਸੋਚਿਆ ਕਰ। ਆਪੇ ਚੁੱਕ ਲੈ। ਆਪੇ ਕੱਪੜੇ ਪਾ ਲੈ। ਆਪੇ ਤਸਮੇ ਬੰਨਿ੍ਹਆ ਕਰ। ਅਨੇਕਾਂ ਮੌਕਿਆਂ ‘ਤੇ ਉਹਦਾ ਸਾਹਮਣਾ ਏਸੇ ਵਾਕ ਨਾਲ ਹੁੰਦਾ। ਮਕਬੂਲ ਚਕਰਾ ਜਾਂਦਾ। ਉਹਨੂੰ ਸਮਝ ਨਾ ਆਉਂਦੀ ਕਦੀ ਉਹ ਅਚਾਨਕ ਵੱਡਾ ਹੋ ਜਾਂਦਾ, ਕਦੀ ਛੋਟਾ।
ਉਹ ਬਿਨਾਂ ਬਦਲੇ ਛੋਟਾ ਵੱਡਾ ਹੁੰਦਾ ਰਹਿੰਦਾ। ਉਹ ਚਿਮਨੀ ਬਣਾਉਣੀ ਚਾਹੁੰਦਾ ਸੀ-ਉਹ ਛੋਟਾ ਹੈ। ਓਸੇ ਵਕਤ ਉਹ ਪਾਣੀ ਪੀਣਾ ਚਾਹੁੰਦਾ ਹੈ। ਕੰਮ ਵਿਚ ਰੁੱਝੇ ਹੋਏ ਦਾਦਾ ਜੀ ਦੀ ਖਰਖਰਾਂਦੀ ਆਵਾਜ਼ ਦੱਸਦੀ ਹੈ ਕਿ ਉਹ ਵੱਡਾ ਹੋ ਚੁੱਕਾ ਹੈ।
ਛੋਟਾ ਮਕਬੂਲ ਪਰੇਸ਼ਾਨ, ਵੱਡਾ ਮਕਬੂਲ ਭਰਮਿਆ ਜਿਹਾ ਢੇਰ ਸਾਰਾ ਠੰਡਾ ਪਾਣੀ ਪੀ ਜਾਂਦਾ ਹੈ।
ਛੋਟਾ ਮਕਬੂਲ ਆਪਣੇ ਵਿਚ ਵੱਡੇ ਮਕਬੂਲ ਨੂੰ ਲੁਕਾਈ ਚੁੱਪ ਚਾਪ ਕਈ ਯੋਜਨਾਵਾਂ ਬਣਾਉਂਦਾ ਰਹਿੰਦਾ। ਉਹ ਚਿਮਨੀ ਬਣਾਏਗਾ-ਜਦੋਂ ਵੀ ਉਹ ਵੱਡਾ ਹੋਇਆ ਚਿਮਨੀ ਜ਼ਰੂਰ ਬਣਾਏਗਾ। ਢੇਰ ਸਾਰੀਆਂ ਚਿਮਨੀਆਂ। ਤਰ੍ਹਾਂ-ਤਰ੍ਹਾਂ ਦੀਆਂ ਚਿਮਨੀਆਂ।
ਵੱਡਾ ਹੋ ਕੇ ਉਹ ਦਾੜ੍ਹੀ ਜ਼ਰੂਰ ਰੱਖੇਗਾ। ਦਾਦੇ ਵਾਂਗ। ਤਾਰਿਆਂ ਵਾਂਗ ਸਫ਼ੈਦ। ਮਖ਼ਮਲ ਵਾਂਗ ਮੁਲਾਇਮ। ਉਹਨੂੰ ਆਪਣੇ ਦਾਦੇ ਦੀ ਦਾੜ੍ਹੀ ਬਚੁਤ ਸੋਹਣੀ ਲੱਗਦੀ। ਨਫ਼ਾਸਤ ਨਾਲ ਤਰਾਸ਼ੀ ਹੋਈ। ਚੰਗਿਆੜਿਆਂ ਵਾਂਗ ਸਫ਼ੈਦ ਚਮਕਦੀ ਹੋਈ। ਮਕਬੂਲ ਨੂੰ ਸਾਰੇ ਸੰਸਾਰ ਵਿਚ ਆਪਣੇ ਦਾਦੇ ਵਰਗਾ ਖ਼ੂਬਸੂਰਤ, ਜ਼ਿੰਦਾਦਿਲ, ਇਨਸਾਨ ਨਜ਼ਰੀਂ ਨਹੀਂ ਸੀ ਪੈਂਦਾ। ਉਹਦੇ ਦਾਦੇ ਵਰਗਾ ਬੁੱਧੀਮਾਨ ਕੋਈ ਨਹੀਂ ਸੀ। ਦਾਦੇ ਕੋਲ ਉਹਦੇ ਹਰ ਸੁਆਲ ਦਾ ਜੁਆਬ ਸੀ। ਮਕਬੂਲ ਦੀ ਹਰ ਸਮੱਸਿਆ ਦਾ ਹੱਲ।
ਅਚਕਨ, ਸਫ਼ੈਦ ਦਾੜ੍ਹੀ, ਖ਼ੁਸ਼ਬੂਦਾਰ ਪਾਨ, ਖਸ ਦਾ ਇਤਰ।
ਉਹਦੇ ਦਾਦੇ ਦੀ ਸ਼ਖ਼ਸੀਅਤ ਸਾਰੇ ਮੁਹੱਲੇ ਵਿਚ ਵੱਖਰੀ ਸੀ। ਮਕਬੂਲ ਜਦੋਂ ਉਹਦੀ ਉਂਗਲ ਫੜ ਕੇ ਘੁੰਮਦਾ ਤਾਂ ਬੜਾ ਫ਼ਖ਼ਰ ਮਹਿਸੂਸ ਕਰਦਾ।
ਭਾਵੇਂ ਚਿਮਨੀ ਬਣਾਉਣੀ ਹੋਵੇ ਜਾਂ ਦਾੜ੍ਹੀ ਰੱਖਣੀ ਹੋਵੇ, ਉਹਨੇ ਇਕ ਤੋਂ ਵਧੀਕ ਵਾਰ ਦਾਦੇ ਨੂੰ ਕਿਹਾ ਪਰ ਉਹ ਹਰ ਵਾਰ ਛੋਟਾ ਹੋ ਗਿਆ। ਸਬਰ ਕਰ-ਸਬਰ ਅੱਲ੍ਹਾ ਦੀ ਸਭ ਤੋਂ ਵੱਡੀ ਨੇਮ੍ਹਹੈ। ਦਾਦੇ ਦੀ ਇਹ ਸਮਝੌਤੀ ਅਜਿਹੇ ਮੌਕਿਆਂ ‘ਤੇ ਜਨਮ ਲੈ ਲੈਂਦੀ ਹੈ ਕਿ ਮਕਬੂਲ ਨੂੰ ਹੈਰਾਨੀ ਹੁੰਦੀ।
ਇਹ ਸਬਰ ਕੀ ਬਲਾ ਹੈ-ਉਹ ਕਦੀ ਨਹੀਂ ਜਾਣ ਸਕਿਆ। ਉਹਨੂੰ ਇਸ ਤੋਂ ਚਿੜ੍ਹ ਵੀ ਹੁੰਦੀ ਏ।
ਕੋਈ ਚੀਜ਼ ਖਾਣ ਲਈ ਚੰਗੀ ਲੱਗੇ ਤਾਂ ਸਬਰ ਕਰੋ।
ਘਰ ਵਿਚ ਆਈ ਨਵੀਂ ਚੀਜ਼ ਦੇਖਣੀ ਹੈ ਤਾਂ ਸਬਰ ਕਰੋ।
ਭੁੱਖ ਲੱਗੀ ਹੈ ਤਾਂ ਸਬਰ ਕਰੋ।
ਚਿਮਨੀ ਤਾਂ ਖ਼ੈਰ ਹੈ ਹੀ ਬਣਾਉਣ ਲਈ-ਪਤਾ ਨਹੀਂ ਇਸ ਲਈ ਕਦ ਤੱਕ ਸਬਰ ਕਰਨਾ ਪਏਗਾ। ਸਵੇਰੇ ਖੇਡਣ ਜਾਣਾ ਹੋਵੇ ਤਾਂ ਸਬਰ ਕਰੋ। ਗੋਇਆ ਮਕਬੂਲ ਅਤੇ ਸਬਰ ਦੁਨੀਆ ਦੇ ਦੋ ਸਿਰੇ ਹੋਣ-ਜੋ ਕਦੀ ਨਹੀਂ ਮਿਲ ਸਕਦੇ।
ਮਕਬੂਲ ਸਬਰ ਦਾ ਬੇਸਬਰੀ ਨਾਲ ਇੰਤਜ਼ਾਰ ਕਰਦਾ ਹੈ।
ਚਿਮਨੀ
ਇਕ ਸ਼ਾਮ ਛੋਟਾ ਮਕਬੂਲ ਚੁੱਪ-ਚਾਪ। ਵੱਡਾ ਮਕਬੂਲ ਖ਼ੁਸ਼-ਬਾਸ਼। ਛੋਟਾ ਮਕਬੂਲ ਸ਼ੱਕੀ ਵੱਡਾ ਮਕਬੂਲ ਬੇਸਬਰਾ, ਸ਼ੱਕੀ। ਦਾਦਾ ਜੀ ਕਾਰਖਾਨੇ ਵੜੇ। ਮਕਬੂਲ ਦੇ ਇਰਾਦੇ ਪੱਕੇ ਸਨ। ਉਹ ਅੱਜ ਚਿਮਨੀ ਜ਼ਰੂਰ ਬਣਾਏਗਾ। ਛੋਟੇ ਮਕਬੂਲ ਦਾ ਦਿਲ ਜ਼ੋਰ-ਜ਼ੋਰ ਨਾਲ ਧੜਕ ਰਿਹਾ ਸੀ। ਇਕ ਅਣਡਿੱਠਾ ਚਾਅ ਉਹਦੇ ਹੱਥਾਂ ਪੈਰਾਂ ਦੀਆਂ ਹਰਕਤਾਂ ਨੂੰ ਬੇਲਗਾਮ ਕਰਦਾ ਜਾ ਰਿਹਾ ਸੀ। ਵੱਡਾ ਮਕਬੂਲ ਹਰ ਪਲ ਛਿਣ ਆਪਣੇ ਆਪ ਨੂੰ ਸੰਜਮ ਵਿਚ ਰੱਖਦਾ, ਸਮਝਦਾ, ਸਮਝਾਉਂਦਾ ਕਾਰਖਾਨੇ ਵਿਚ ਡੂੰਘੀ ਨਿਗ੍ਹਾ ਮਾਰਦਾ।
ਸਾਰਾ ਕੁਝ ਜਾਣਿਆ ਪਛਾਣਿਆ ਸੀ। ਦਾਦਾ ਜੀ ਦੇ ਬੈਠਣ ਦੀ ਥਾਂ। ਸਾਹਮਣੇ ਰੱਖਿਆ ਠੀਆ। ਔਜ਼ਾਰਾਂ ਦੀ ਅਲਮਾਰੀ। ਕੋਨੇ ਵਿਚ ਪਿਆ ਬੈਂਚ ਜਿਸ ‘ਤੇ ਅਕਸਰ ਉਹ ਬੈਠਾ-ਦਾਦਾ ਜੀ ਨੂੰ ਕੰਮ ਕਰਦਿਆਂ ਵੇਖਦਾ ਰਹਿੰਦਾ। ਸਾਰਾ ਕੁਝ ਜਾਣਿਆ ਪਛਾਣਿਆ। ਵੱਡੇ ਮਕਬੂਲ ਨੇ ਬੜੀ ਸ਼ਾਨ ਨਾਲ ਦਾਦੇ ਵਾਂਗ, ਛੋਟੇ ਮਕਬੂਲ ਨੇ ਹੌਲੇ ਜਿਹੇ ਔਜ਼ਾਰਾਂ ਵਾਲੀ ਅਲਮਾਰੀ ਖੋਲ੍ਹੀ। ਔਜ਼ਾਰ ਚੁੱਕਣ ਤੋਂ ਪਹਿਲਾਂ ਦਾਦੇ ਵਾਂਗ ਮਕਬੂਲ ਨੇ ਆਪਣੀ ਆਸਤੀਨ ਉੱਪਰ ਕੀਤੀ। ਛੋਟੇ ਮਕਬੂਲ ਦੇ ਕੰਨ ਚੌਕੰਨੇ ਸਨ-ਕਿਸੇ ਦੇ ਆਉਣ ਦੀ ਬਿੜਕ ਸੁਣਨ ਲਈ।
ਇਕ-ਇਕ ਕਰਕੇ ਉਹ ਔਜ਼ਾਰਾਂ ਨੂੰ ਅਲਮਾਰੀ ਵਿਚੋਂ ਕੱਢ ਕੇ ਸਾਹਮਣੇ ਰੱਖਦਾ ਗਿਆ। ਛੋਟਾ ਮਕਬੂਲ ਜਲਦੀ-ਜਲਦੀ ਔਜ਼ਾਰ ਕੱਢ ਰਿਹਾ ਸੀ ਕਿ ਇਕ ਕੰਮ ਮੁੱਕੇ ਤਾਂ ਦੂਸਰਾ ਸ਼ੁਰੂ ਕਰੇ।
ਅੱਜ ਪਹਿਲੀ ਫੇਰ ਉਹ ਇਕੱਲਾ ਸੀ-ਇਸ ਕਾਰਖਾਨੇ ਵਿਚ ਔਜ਼ਾਰਾਂ ਸਮੇਤ। ਉਹਨਾਂ ਚਿਮਨੀਆਂ ਨਾਲ ਜੋ ਟੰਗੀਆਂ ਹੋਈਆਂ ਸਨ, ਕੁਝ ਅਧੂਰੀਆਂ ਬਣਾ ਕੇ ਰੱਖੀਆਂ ਹੋਈਆਂ ਤੇ ਕੁਝ ਟੀਨ ਦੇ ਟੁਕੜੇ ਕੱਟ ਕੇ ਰੱਖੇ ਹੋਏ ਸਨ।
ਉਹ ਇਕੱਲਾ ਹੈ। ਸਾਮਾਨ ਹੈ। ਔਜ਼ਾਰ ਹਨ। ਚਿਮਨੀ ਬਣਾਉਣ ਦਾ ਸਾਮਾਨ ਹੈ। ਉਹਦਾ ਹੱਥ ਸਹਿਜੇ ਹੀ ਦਾਦੇ ਵਾਂਗ ਦਾੜ੍ਹੀ ਪਲੋਸਦਾ ਹੈ। ਛੋਟਾ ਮਕਬੂਲ ਦੇਖਦਾ ਹੈ ਕਿ ਓਥੇ ਦਾੜ੍ਹੀ ਹੈ ਹੀ ਨਹੀਂ।
ਉਂਗਲਾਂ ਇਕ ਖ਼ਾਸ ਅੰਦਾਜ਼ ਵਿਚ ਮੁੜੀਆਂ ਰਹਿ ਜਾਂਦੀਆਂ ਹਨ।
ਉਹਨੇ ਹਥੌੜਾ ਚੁੱਕਿਆ। ਹਰ ਰੋਜ਼ ਵਾਂਗ ਦਿਸਣ ਵਾਲਾ ਹਥੌੜਾ ਏਨਾ ਹਲਕਾ ਹਥੌੜਾ ਨਹੀਂ ਸੀ। ਏਨਾ ਭਾਰਾ ਹਥੌੜਾ ਸੀ ਕਿ ਇਕ ਵਾਰੀ ਉਹਦੇ ਹੱਥਾਂ ਵਿਚੋਂ ਤਿਲਕ ਗਿਆ। ਉਹਨੂੰ ਬੜੀ ਹੈਰਾਨੀ ਹੋਈ। ਉਹਨੇ ਧਿਆਨ ਨਾਲ ਹਥੌੜਾ ਦੇਖਿਆ। ਦਾਦੇ ਦੇ ਹੱਥਾਂ ਵਿਚ ਫੁੱਲ ਵਾਂਗ ਹਵਾ ਵਿਚ ਲਹਿਰਾਉਂਦਾ ਉੱਪਰ-ਥੱਲੇ ਜਾਂਦਾ ਇਹ ਹਥੌੜਾ ਏਨਾ ਭਾਰਾ ਕਿਵੇਂ ਹੋ ਗਿਆ? ਉਹਨੂੰ ਸ਼ੱਕ ਹੋਇਆ ਕਿ ਇਹ ਕੋਈ ਹੋਰ ਹਥੌੜਾ ਏ। ਜੋ ਉਹਦੇ ਕੋਲੋਂ ਚੁੱਕਿਆ ਨਹੀਂ ਜਾ ਰਿਹਾ।
ਛੋਟਾ ਮਕਬੂਲ ਜਾਣਦਾ ਹੈ ਕਿ ਹਥੌੜਾ ਉਹੀ ਹੈ। ਬਸ ਉਹਦੇ ਕੋਲੋਂ ਇਹ ਚੁੱਕਿਆ ਨਹੀਂ ਜਾ ਰਿਹਾ। ਮਕਬੂਲ ਨੇ ਅਲਮਾਰੀ ਵਿਚੋਂ ਦੂਸਰਾ ਹਥੌੜਾ ਤਲਾਸ਼ਣ ਦੀ ਕੋਸ਼ਿਸ਼ ਕੀਤੀ। ਪੂਰੀ ਅਲਮਾਰੀ ਵਿਚ ਇਕ ਹੀ ਹਥੌੜਾ ਸੀ। ਕੀ ਏਨੇ ਭਾਰੇ ਹਥੌੜੇ ਨਾਲ ਦਾਦਾ ਜੀ ਕੰਮ ਕਰਦੇ ਨੇ? ਮਕਬੂਲ ਨੂੰ ਦਾਦੇ ਦੇ ਏਨੇ ਤਾਕਤਵਰ ਹੋਣ ‘ਤੇ ਗਰਵ ਮਹਿਸੂਸ ਹੋਇਆ।
ਵੱਡਾ ਮਕਬੂਲ ਲੁਕੇ ਹਥੌੜੇ ਨੂੰ ਢੂੰਡਣ ਲੱਗਾ। ਅਲਮਾਰੀ ਵਿਚ ਅੱਗੇ ਪਿਛੇ। ਆਸੇ ਪਾਸੇ ਹਰ ਜਗ੍ਹਾ ਢੂੰਡ ਲਿਆ, ਪਰ ਉਹ ਕਿਤੇ ਨਹੀਂ ਸੀ। ਹਾਰ ਕੇ ਉਹਨੇ ਕਤੀਰਾ ਚੁੱਕਿਆ।
ਦਾਦੇ ਦੇ ਹੱਥਾਂ ਵਿਚ ਛੋਟਾ ਜਿਹਾ ਦਿਸਣ ਵਾਲਾ ਕਤੀਰਾ ਉਹਦੇ ਹੱਥਾਂ ਵਿਚ ਕਾਫ਼ੀ ਵੱਡਾ ਜਾਪ ਰਿਹਾ ਸੀ। ਉਹਨੇ ਕਤੀਰੇ ਨਾਲ ਟੀਨ ਕੱਟਣ ਦੀ ਕੋਸ਼ਿਸ਼ ਕੀਤੀ। ਉਹ ਆਪਣੇ ਪੂਰੇ ਜ਼ੋਰ ਨਾਲ ਕਤੀਰੇ ਨੂੰ ਦਬਾ ਰਿਹਾ ਸੀ, ਪਰ ਇਸ ਦੇ ਬਾਵਜੂਦ ਟੀਨ ‘ਤੇ ਝਰੀਟ ਤੱਕ ਨਾ ਵੱਜੀ ਤੇ ਨਾ ਹੀ ਟਾਂਕੀ ਨਾਲ ਟੀਨ ਜੋੜ ਸਕਿਆ। ਸੁਮੀ ‘ਤੇ ਰੱਖ ਕੇ ਟੀਨ ਮੁੜੀ ਹੀ ਨਾ। ਉਹਨੂੰ ਜਾਪਿਆ ਦਾਦੇ ਕੋਲ ਦੋ ਤਰ੍ਹਾਂ ਦੇ ਔਜ਼ਾਰ ਹਨ।
ਪਿਛਲੇ ਇਕ ਘੰਟੇ ਤੋਂ ਨਾ ਟੀਨ ਕੱਟੀ ਗਈ, ਨਾ ਮੋੜ ਸਕਿਆ। ਛੈਣੀ ਚਲੀ ਨਹੀਂ, ਹਥੌੜਾ ਚੁੱਕਿਆ ਨਹੀਂ ਗਿਆ।
ਉਹਨੂੰ ਲੱਗਿਆ ਉਹਦੇ ਹੱਥਾਂ ਵਿਚ ਗ਼ਲਤ ਔਜ਼ਾਰ ਆ ਗਏ ਹਨ। ਦਾਦੇ ਕੋਲ ਦੋ ਤਰ੍ਹਾਂ ਦੇ ਹਥਿਆਰ ਹਨ-ਕੰਮ ਕਰਨ ਵਾਲੇ ਵੱਖਰੇ ਤੇ ਰੱਖਣ ਵਾਲੇ ਵੱਖਰੇ।
ਮਕਬੂਲ ਮੁੜ੍ਹਕੋ-ਮੁੜ੍ਹਕੀ ਹੋਇਆ ਪਿਆ ਸੀ। ਉਹਨੇ ਚਾਰੇ ਪਾਸੇ ਨਿਗ੍ਹਾ ਫੇਰੀ-ਜਗ੍ਹਾ ਤਾਂ ਉਹੀ ਹੈ, ਔਜ਼ਾਰ ਵੀ ਉਹੀ ਹਨ। ਉਹ ਨਿਰਾਸ਼ ਹੋ ਗਿਆ।
ਘਬਰਾਹਟ ਅਤੇ ਭੱਜ ਨੱਠ ਵਿਚ ਜਿੰਨਾ ਮੁੜ੍ਹਕਾ ਵਗਿਆ, ਓਨੇ ਵਿਚ ਅੱਛਨ ਮੀਆਂ ਦੋ ਵਾਰ ਚਾਹ ਬਣਾ ਲੈਂਦਾ। ਕੀ ਚਾਹ ਬਣਾਉਣੀ ਚਿਮਨੀ ਬਣਾਉਣ ਨਾਲੋਂ ਸੌਖੀ ਹੈ? ਉਹ ਸੋਚਣ ਲੱਗਾ।
ਛੋਟੇ ਮਕਬੂਲ ਨੂੰ ਆਪਣੇ ਦਾਦੇ ‘ਤੇ ਫਖ਼ਰ ਸੀ। ਇਹਨਾਂ ਔਜ਼ਾਰਾਂ ਦਾ ਇਸਤੇਮਾਲ ਕਰਦੇ ਸਮੇਂ ਉਹ ਫਰਿਸ਼ਤੇ ਵਾਂਗ ਜਾਪਦਾ ਸੀ ਅਤੇ ਦੇਖਦਿਆਂ ਹੀ ਦੇਖਦਿਆਂ ਜਾਦੂਈ ਚਿਮਨੀ ਬਣਾ ਦੇਂਦਾ ਸੀ।
ਕਾਗਜ਼ ਵਾਂਗ ਟੀਨ ਕੱਟਦਾ। ਮੋੜਦਾ। ਗੋਲ ਕਰਦਾ। ਫੁੱਲ ਵਾਂਗ ਹਵਾ ਵਿਚ ਹਥੌੜਾ ਲਹਿਰਾਉਂਦਾ ਰਹਿੰਦਾ। ਜਾਦੂਮਈ ਚੰਗਿਆੜੀਆਂ ਉੱਡਦੀਆਂ ਰਹਿੰਦੀਆਂ। ਪੂਰਾ ਦ੍ਰਿਸ਼ ਸੁਪਨੇ ਵਾਂਗ ਲੱਗਦਾ। ਅੱਖ ਖੁੱਲ੍ਹਦੀ ਤਾਂ ਦਾਦਾ ਜੀ ਆਪਣੇ ਜਾਦੂ ਮਈ ਹੱਥਾਂ ਨਾਲ ਬਣਾਈਆਂ ਨਵੀਆਂ ਚਿਮਨੀਆਂ ਟੰਗਦੇ ਹੋਏ ਦਿਸਦੇ।
ਦਾਦਾ ਜੀ ਬਾਰੇ ਸੋਚਦੇ ਹੋਏ ਉਹਦਾ ਤੇਜ਼ੀ ਨਾਲ ਧੜਕਦਾ ਦਿਲ ਆਮ ਵਾਂਗ ਸ਼ਾਂਤ ਹੁੰਦਾ ਮਹਿਸੂਸ ਹੁੰਦਾ।
ਨਿਰਾਸ਼ ਮਕਬੂਲ ਨੇ ਆਪਣੇ ਹੱਥਾਂ ਵੱਲ ਦੇਖਿਆ। ਛੋਟੇ-ਛੋਟੇ ਹੱਥ, ਮੁਲਾਇਮ ਹੱਥ, ਲੰਬੀਆਂ ਪਤਲੀਆਂ ਉਂਗਲਾਂ। ਉਹਦੇ ਹੱਥ ਦਾਦੇ ਦੇ ਹੱਥਾਂ ਨਾਲੋਂ ਛੋਟੇ ਸਨ।
ਅੱਜ ਹੀ ਉਹਨੇ ਇਕ ਨਵਜੰਮੇ ਬੱਚੇ ਦੇ ਹੱਥ ਦੇਖੇ ਸਨ। ਉਹਨਾਂ ਬੇਹੱਦ ਛੋਟੇ ਖ਼ੂਬਸੂਰਤ ਹੱਥਾਂ ਸਾਹਮਣੇ ਉਹਨੂੰ ਆਪਣੇ ਹੱਥ ਬਹੁਤ ਵੱਡੇ ਲੱਗੇ। ਉਹਨੂੰ ਇਹ ਵੀ ਲੱਗਿਆ ਕਿ ਉਹਦੇ ਹੱਥ ਚਿਮਨੀ ਬਣਾਉਣ ਜਿੰਨੇ ਵੱਡੇ ਹਨ।
ਏਸੇ ਇਰਾਦੇ ਨਾਲ ਮਕਬੂਲ ਏਥੇ ਆਇਆ ਸੀ। ਅੱਜ ਉਹ ਚਿਮਨੀ ਬਣਾਏਗਾ। ਉਹਨੂੰ ਆਪਣਾ ਇਰਾਦਾ ਲੜਖੜਾਂਦਾ ਨਜ਼ਰ ਆਇਆ। ਮਕਬੂਲ ਨੇ ਮਨ ਹੀ ਮਨ ਵਿਚ ਫ਼ੈਸਲਾ ਕੀਤਾ ਕਿ ਅੱਜ ਉਹ ਚਿਮਨੀ ਬਣਾਏਗਾ।
ਉਹਦੀਆਂ ਥੱਕੀਆਂ ਹਾਰੀਆਂ ਨਿਗਾਹਾਂ ਦਾਦੇ ਦੀ ਪੈਂਸਿਲ ‘ਤੇ ਜਾ ਟਿਕੀਆਂ ਓਸੇ ਛਿਣ ਉਹਨੂੰ ਇਹ ਖ਼ਿਆਲ ਆਇਆ, ਕਿਤੇ ਇਹ ਵੀ ਦੂਸਰੀ ਪੈਂਸਿਲ ਨਾ ਹੋਵੇ। ਚਲਣ ਤੋਂ ਹੀ ਇਨਕਾਰ ਕਰ ਦੇਵੇ।
ਦਾਦੇ ਕੋਲ ਬੈਠ ਕੇ ਉਹ ਹਰ ਰੋਜ਼ ਇਸ ਪੈਂਸਿਲ ਨਾਲ ਕਾਗਜ਼ ‘ਤੇ ਕੁਝ ਨਾ ਕੁਝ ਵਾਹੁੰਦਾ ਰਹਿੰਦਾ ਸੀ।
ਅੱਜ ਉਹ ਚਿਮਨੀ ਬਣਾਏਗਾ।
ਮਕਬੂਲ ਨੇ ਮਨ ਹੀ ਮਨ ਫ਼ੈਸਲਾ ਕੀਤਾ।
ਉਹਨੇ ਕਾਗਜ਼ ਦੀ ਚਿਮਨੀ ਬਣਾਉਣੀ ਸ਼ੁਰੂ ਕਰ ਦਿੱਤੀ। ਉਹ ਸੋਚ ਰਿਹਾ ਸੀ ਲੈਂਪ ਬਣਾਉਣ ਲਈ ਵੱਡੇ ਹੱਥਾਂ ਦੀ ਕਿਉਂ ਲੋੜ ਹੁੰਦੀ ਹੈ? ਉਹਦੇ ਨਿੱਕੇ-ਨਿੱਕੇ ਹੱਥ ਕਾਗਜ਼ ‘ਤੇ ਤੇਜ਼ੀ ਨਾਲ ਚੱਲ ਰਹੇ ਸਨ ਅਤੇ ਮਨ ਵਿਚ ਵਿਚਾਰ।
ਕਲਪਨਾ ਵਿਚ ਲੈਂਪ
ਉਹ ਚਿਮਨੀ ਬਣਾ ਰਿਹਾ ਸੀ
ਉਹ ਚਿਮਨੀ ਬਣਾ ਰਿਹਾ ਹੈ
ਮਕਬੂਲ ਸੋਚ ਰਿਹਾ ਹੈ
ਉਹ ਸੋਚ ਰਿਹਾ ਹੈ-
ਕੀ ਕਾਗਜ਼ ਦੇ ਲੈਂਪ ਵਿਚ ਮਿੱਟੀ ਦਾ ਤੇਲ ਭਰਿਆ ਜਾ ਸਕਦੈ?
ਉਹ ਕਾਗਜ਼ ਦੀ ਚਿਮਨੀ ਵਿਚ
ਪੈਂਸਿਲ ਦੀ ਤਰਲਤਾ ਭਰ ਦੇਂਦਾ ਹੈ।
ਕੀ ਕਾਗਜ਼ ਦੀ ਲੈਂਪ ਵਿਚ ਸ਼ੀਸ਼ਾ ਲਾਇਆ ਜਾ ਸਕਦਾ ਹੈ?
ਉਹ ਕਾਗਜ਼ ਦੀ ਚਿਮਨੀ ‘ਤੇ ਪਾਰਦਰਸ਼ੀ ਸ਼ੀਸ਼ਾ ਵਾਹ ਦਿੰਦਾ ਹੈ।
ਕੀ ਕਾਗਜ਼ ਦੇ ਲੈਂਪ ਨੂੰ ਮਾਚਿਸ ਨਾਲ ਬਾਲਿਆ ਜਾ ਸਕਦੈ?
ਉਹ ਕਾਗਜ਼ ਦੀ ਚਿਮਨੀ ਵਿਚ
ਪੈਂਸਿਲ ਦੀ ਕਾਲਖ ਨਾਲ ਅੱਗ ਲਾ ਦਿੰਦਾ ਹੈ।
ਉਹਨੂੰ ਹੁਣ ਆਪਣੀ ਚਿਮਨੀ ਜਗਦੀ ਹੋਈ ਨਜ਼ਰ ਆ ਰਹੀ ਸੀ। ਚਿਮਨੀ ਦੀ ਰੌਸ਼ਨੀ ਵਿਚ ਉਹਨੂੰ ਖ਼ੁਦ ਦੀ ਬਣਾਈ ਚਿਮਨੀ ਦਾ ਪ੍ਰਛਾਵਾਂ ਨਜ਼ਰ ਆ ਰਿਹਾ ਸੀ।
ਛੋਟੇ ਮਕਬੂਲ ਦੇ ਹੱਥ ਕੰਬ ਰਹੇ ਸਨ। ਉਹਨੇ ਪੈਂਸਿਲ ਦੀ ਨੋਕ ਵਿਚੋਂ ਜਾਦੂ ਨਿਕਲਦਾ ਦੇਖਿਆ। ਦਾਦੇ ਦੀਆਂ ਉਂਗਲਾਂ ਵਿਚੋਂ ਨਿਕਲਦੇ ਜਾਦੂ ਜਿਹਾ। ਉਹਨੇ ਚਿਮਨੀ ਬਣਾ ਲਈ। ਉਹਦੀ ਚਿਮਨੀ ਜਗ ਰਹੀ ਸੀ। ਉਹ ਆਪਣੀ ਇਸ ਪ੍ਰਾਪਤੀ ‘ਤੇ ਹੈਰਾਨ ਸੀ। ਅਸਚਰਜਤਾ ਨਾਲ ਭਰਿਆ ਹੋਇਆ ਚਮਤਕਾਰ ਆਪਣੀਆਂ ਅੱਖਾਂ ਦੇ ਸਾਹਮਣੇ ਦੇਖਦਾ ਹੋਇਆ।
ਉਹਨੇ ਦੇਖਿਆ ਕਿ ਔਜ਼ਾਰਾਂ ਵਿਚੋਂ ਸਿਰਫ਼ ਪੈਂਸਿਲ ਨੇ ਹੀ ਉਹਦਾ ਸਾਥ ਦਿੱਤਾ। ਉਹਨੂੰ ਆਪਣੀ ਪੈਂਸਿਲ ‘ਤੇ ਗਰਵ ਮਹਿਸੂਸ ਹੋਇਆ।
ਉਹਨੇ ਫ਼ੈਸਲਾ ਕੀਤਾ ਕਿ ਉਹ ਹਰ ਵਕਤ ਪੈਂਸਿਲ ਆਪਣੇ ਕੋਲ ਰੱਖੇਗਾ। ਉਹਦੀਆਂ ਅੱਖਾਂ ਖ਼ੁਸ਼ੀ ਨਾਲ ਚਮਕ ਰਹੀਆਂ ਸਨ। ਉਹ ਆਪਣੀ ਪ੍ਰਾਪਤੀ ‘ਤੇ ਰੋਣਾ ਚਾਹੁੰਦਾ ਸੀ। ਛੋਟੇ ਮਕਬੂਲ ਦੀਆਂ ਅੱਖਾਂ ਵਿਚ ਹੰਝੂ ਸਨ। ਕੰਬਦੇ ਹੱਥਾਂ ਨਾਲ ਉਹਨੇ ਜਗਦੀ ਹੋਈ ਚਿਮਨੀ ਚੁੱਕੀ ਅਤੇ ਦਾਦਾ ਜੀ ਦੀਆਂ ਬਣਾਈਆਂ ਸਾਰੀਆਂ ਚਿਮਨੀਆਂ ਵਿਚ ਟੰਗ ਦਿੱਤੀ।
ਸਾਰੀਆਂ ਵਿਚ ਉਹਦੀ ਚਿਮਨੀ ਇਕੱਲੀ ਸੀ। ਉਜਲ, ਪ੍ਰਕਾਸ਼ਮਈ, ਚਮਕਦੀ ਹੋਈ ਦਿਸ ਰਹੀ ਸੀ। ਚਮਕੀਲੀ ਚਿਮਨੀ।
ਸਿਤਾਰਿਆਂ ਵਾਂਗ ਚਮਕਦੀ ਚਿਮਨੀ। ਉਹਨੇ ਆਪਣੇ ਅੰਦਰ ਦਾਦਾ ਜੀ ਨੂੰ ਪਾਸਾ ਲੈਂਦਿਆਂ ਮਹਿਸੂਸ ਕੀਤਾ। ਮਕਬੂਲ ਖ਼ੁਸ਼ ਸੀ। ਮਕਬੂਲ ਖ਼ੁਸ਼ ਹੈ। ਮਕਬੂਲ ਦੀਆਂ ਅੱਖਾਂ ਵਿਚ ਤਾਰਿਆਂ ਦੀ ਰੌਸ਼ਨੀ ਚਮਕ ਰਹੀ ਸੀ।
ਮਕਬੂਲ ਖ਼ੁਸ਼ੀ ਵਿਚ ਖੀਵਾ, ਕੰਬ ਰਿਹਾ ਸੀ।
ਨਵੀਂ ਮਾਂ
ਮਕਬੂਲ ਛਿਆਂ ਮਹੀਨਿਆਂ ਦਾ ਸੀ-ਜਦੋਂ ਉਸ ਨੇ ਪਹਿਲੀ ਯਾਤਰਾ ਕੀਤੀ ਸੀ। ਪੰਢਰਪੁਰ ਤੋਂ ਇੰਦੌਰ ਤੱਕ। ਉਹਦੇ ਦਾਦੇ ਨੇ ਦੱਸਿਆ। ਛੇ ਸਾਲਾਂ ਦਾ ਮਕਬੂਲ ਆਪਣੀ ਯਾਤਰਾ ਦੀ ਤਿਆਰੀ ਕਰਦਾ ਸੋਚ ਰਿਹਾ ਸੀ। ਪਹਿਲੀ ਯਾਤਰਾ ਬਾਰੇ ਕੁਝ ਵੀ ਯਾਦ ਨਹੀਂ। ਪਿਤਾ ਦਾ ਤੀਸਰਾ ਵਿਆਹ ਅਤੇ ਉਹਦੀ ਪਹਿਲੀ ਯਾਤਰਾ। ਗੁਜਰਾਤੀ ਮਾਂ। ਮਤਰੇਈ ਮਾਂ। ਉਹਦਾ ਮਨ ਕਈ ਤਰ੍ਹਾਂ ਦੇ ਸ਼ੰਕਿਆਂ ਨਾਲ ਭਰਿਆ ਪਿਆ ਹੈ। ਮਤਰੇਈਆਂ ਮਾਵਾਂ ਦੇ ਕਿੱਸੇ ਅੱਧ-ਅਧੂਰੇ ਉਹਨੇ ਸੁਣੇ ਹੋਏ ਸਨ। ਹਰ ਕਿੱਸੇ ਵਿਚ ਮਤਰੇਈ ਮਾਂ ਡਾਇਨ ਸੀ। ਮਕਬੂਲ ਰੋਮਾਂਚਤ ਸੀ। ਵਿਆਹ ਵਾਲੇ ਘਰ ਵਿਚ ਕਈ ਗੱਲਾਂ-ਉਹਦੇ ਨਾਲ ਪਹਿਲੀ ਵਾਰ ਹੋਈਆਂ। ਉਹਦੀ ਅਚਕਨ ਦਾ ਨਾਪ ਲਿਆ ਗਿਆ ਸੀ। ਪਹਿਲੀ ਵਾਰ ਉਹ ਰੇਲਗੱਡੀ ਦੇਖੇਗਾ। ਪਹਿਲੀ ਵਾਰ ਰੇਲਗੱਡੀ ਵਿਚ ਬੈਠੇਗਾ।
ਰੇਲ ਦੀ ਯਾਤਰਾ ਮਕਬੂਲ ਲਈ ਇਕੱਲੀ ਕਾਰੀ ਖਿੱਚ ਨਹੀਂ ਸੀ। ਵਿਆਹ ਦੀ ਦਾਅਵਤ, ਬਿਗਾਨਾ ਸ਼ਹਿਰ, ਅਜਨਬੀ ਲੋਕ, ਸਫ਼ਰ ਦਾ ਖਾਣਾ, ਨਵੀਂ ਮਾਂ। ਉਹਦੇ ਕੋਲ ਕਈ ਕਾਰਨ ਹਨ-ਰੋਮਾਂਚਤ ਹੋਣ ਲਈ।
ਸਿੱਧਪੁਰ। ਗੁਜਰਾਤ ਦੇ ਇਕ ਛੋਟੇ ਜਿਹੇ ਸ਼ਹਿਰ ਬਲਕਿ ਕਸਬੇ ਵਿਚ ਨਿਕਾਹ ਬੜੀ ਧੂਮ ਧਾਮ ਨਾਲ ਹੋਇਆ। ਲਾਲ ਤੁਰਕੀ ਟੋਪੀਆਂ ਪਾਈ ਬਰਾਤੀ। ਮਕਬੂਲ ਲਈ ਵੀ ਇਕ ਲਾਲ ਟੋਪੀ ਸੀ। ਅਚਕਨ ਦੀ ਜੇਬ ਵਿਚ ਉਸ ਨੇ ਆਪਣੀ ਜਾਦੂਈ ਪੈਂਸਿਲ ਰੱਖੀ ਹੋਈ ਹੈ।
ਵਿਆਹ ਦੀ ਧੂਮ ਧਾਮ, ਮੌਜ ਮਸਤੀ ਨਾਲ ਥੱਕ ਕੇ, ਰੇਲ ਗੱਡੀ ਦੇ ਝੂਲੇ ਵਿਚ ਮਕਬੂਲ ਕਦੋਂ ਨੀਂਦ ਦੀ ਗੋਦ ਵਿਚ ਜਾ ਸੁੱਤਾ, ਉਹਨੂੰ ਪਤਾ ਹੀ ਨਾ ਲੱਗਿਆ।
ਦੇਰ ਰਾਤ ਸੁਪਨੇ ਵਿਚ ਮਕਬੂਲ ਨੇ ਲਾੜੀ ਦੇ ਗੋਰਿਆਂ ਹੱਥਾਂ ‘ਤੇ ਲੱਗੀ ਮਹਿੰਦੀ ਦੇਖੀ। ਸੁਰਖ਼ ਲਹਿੰਗੇ ਵਿਚੋਂ ਝਾਕਦੇ ਦੋ ਖ਼ੂਬਸੂਰਤ ਪੈਰ। ਨੀਂਦ ਨਾਲ ਭਰੀਆਂ ਰਸ ਵਿਚ ਡੁੱਬੀਆਂ ਦੋ ਵੱਡੀਆਂ-ਵੱਡੀਆਂ ਅੱਖਾਂ।
ਇਹ ਉਹਨੇ ਸੁਪਨੇ ਵਿਚ ਦੇਖਿਆ ਜਾਂ ਹਕੀਕਤ ਵਿਚ ਯਾਦ ਨਹੀਂ। ਪਰ ਉਸ ਨੇ ਲਾੜੀ ਦਾ ਚੇਹਰਾ ਦੇਖਿਆ। ਨਵੀਂ ਮਾਂ ਦਾ ਚਿਹਰਾ। ਕੋਮਲ ਚਿਹਰਾ।
ਨਵੀਂ ਮਾਂ ਨਾਲ ਉਹਦੀ ਮੁਲਾਕਾਤ ਘਰ ਵਿਚ ਹੀ ਹੋਈ। ਉਹ ਡਰਿਆ ਹੋਇਆ ਹੈ। ਇਕ ਪਾਸੇ ਮਤਰੇਈ ਮਾਂ ਦੇ ਡਾਇਨੀ ਕਿੱਸੇ ਹਨ-ਦੂਸਰੇ ਪਾਸੇ ਨਵੀਂ ਮਾਂ। ਊਹਨੂੰ ਜਾਪਿਆ ਨਵੀਂ ਮਾਂ ਅਤੇ ਉਹਦੇ ਵਿਚਕਾਰ ਇਕ ਅਦ੍ਰਿਸ਼ ਡਾਇਨੀ ਪਰਦਾ ਹੈ। ਉਹ ਚਾਹੁੰਦਾ ਹੋਇਆ ਵੀ ਪਰਦਾ ਹਟਾ ਕੇ ਆਪਣੀ ਨਵੀਂ ਮਾਂ ਕੋਲ ਨਾ ਜਾ ਸਕਿਆ।
ਮਤਰੇਈ ਮਾਂ ਦੇ ਕਿੱਸਿਆਂ ਨੇ ਉਹਨੂੰ ਘਰੋਂ ਬਾਹਰ ਰਹਿਣ ਲਈ ਮਜਬੂਰ ਕਰ ਦਿੱਤਾ ਸੀ। ਹੁਣ ਉਹ ਇਕੱਲਾ ਘੁੰਮਣ-ਫਿਰਨ ਜਾਂਦਾ। ਘਰ ਤੋਂ ਥੋੜ੍ਹੀ ਦੂਰ ਪਾਰਸੀ ਮੁਹੱਲੇ ਦੇ ਪਾਰ ਨੌਂ ਲੱਖਾ ਬਗੀਚਾ ਹੈ। ਨੌਂ ਲੱਖੇ ਵਿਚ ਨੌਂ ਲੱਖ ਰੁੱਖ ਹਨ। ਉਹਨੇ ਕਦੇ ਵੀ ਗਿਣਨ ਦੀ ਕੋਸ਼ਿਸ਼ ਨਹੀਂ ਕੀਤੀ। ਬਗੀਚੇ ਦੇ ਵਿਚਕਾਰ ਸਰਸਵਤੀ ਨਦੀ ਵਗਦੀ ਹੈ। ਮਕਬੂਲ ਨੂੰ ਉਸ ਵਿਚ ਵਹਿੰਦਾ ਸ਼ਾਂਤ ਪਾਣੀ ਨਿਹਾਰਨਾ ਚੰਗਾ ਲੱਗਦਾ ਸੀ। ਨੌਂ ਲੱਖੇ ਦੇ ਵਿਚਕਾਰ ਇਕ ਛੋਟਾ ਜਿਹਾ ਟਾਪੂ ਸੀ। ਉਸ ਟਾਪੂ ‘ਤੇ ਜਾਣ ਲਈ ਲੱਕੜ ਦਾ ਪੁਲ ਬਣਿਆ ਹੋਇਆ ਹੈ। ਇਸ ਪੁਲ ‘ਤੇ ਖੜ੍ਹੇ ਹੋ ਕੇ ਮਕਬੂਲ ਨਦੀ ਵਿਚ ਵਹਿੰਦੇ ਪਾਣੀ ਨੂੰ ਨਿਹਾਰਦਾ। ਇਸ ਟਾਪੂ ਕਾਰਨ ਇਸ ਨੂੰ ਟਾਪੂ ਵਾਲਾ ਬਗੀਚਾ ਵੀ ਕਹਿੰਦੇ। ਸਰਸਵਤੀ ਨਦੀ ਨੂੰ ਕਈ ਲੋਕ ਖਾਨ ਨਦੀ ਦੇ ਨਾਂ ਨਾਲ ਵੀ ਜਾਣਦੇ ਹਨ।
ਨੌਂ ਲੱਖ ਰੁੱਖ। ਏਸੇ ਕਾਰਨ ਬਗੀਚੇ ਦੀਆਂ ਕੁਝ ਥਾਵਾਂ ‘ਤੇ ਦਿਨੇ ਵੀ ਸ਼ਾਮ ਵਰਗਾ ਧੁੰਧਲਕਾ ਰਹਿੰਦਾ ਹੈ। ਸੂਰਜ ਦੀ ਤੇਜ਼ ਰੌਸ਼ਨੀ ਪਿੱਛੇ ਖੜ੍ਹੀਆਂ ਇਹਨਾਂ ਲੁਕੀਆਂ ਹਨੇਰੀਆਂ ਥਾਵਾਂ ‘ਤੇ ਰੁਕਣਾ ਮਕਬੂਲ ਨੂੰ ਚੰਗਾ ਲੱਗਦਾ। ਨੌਂ ਲੱਖੇ ਜਾਣ ਲਈ ਇਕ ਚੌੜੀ ਸੜਕ ਪਾਰ ਕਰਨੀ ਪੈਂਦੀ ਸੀ। ਮਕਬੂਲ ਨੇ ਸੁਣਿਆ ਹੋਇਆ ਸੀ ਕਿ ਇਹ ਰਾਜ ਮਾਰਗ ਹੈ-ਬੰਬਈ ਤੋਂ ਆਗਰੇ ਤੱਕ। ਸੁੰਨਸੁਾਨ ਚੌੜੀ ਸੜਕ ‘ਤੇ ਕਦੇ-ਕਦੇ ਹੀ ਕੋਈ ਵਾਹਣ ਲੰਘਦਾ। ਮਕਬੂਲ ਸੜਕ ਦੇ ਵਿਚਕਾਰ ਰੁਕ ਕੇ ਅਕਸਰ ਇਹ ਅੰਦਾਜ਼ਾ ਲਾਉਣ ਦੀ ਕੋਸ਼ਿਸ਼ ਕਰਦਾ ਕਿ ਬੰਬਈ ਤੇ ਆਗਰਾ ਕਿਹੜੇ ਪਾਸੇ ਜਾਣ ਨਾਲ ਮਿਲਣਗੇ। ਉਹਨੂੰ ਸੜਕ ਦੋਹਾਂ ਪਾਸਿਆਂ ਵੱਲ ਇਕ ਮੋੜ ‘ਤੇ ਗਾਇਬ ਹੁੰਦੀ ਵਿਖਾਈ ਦਿੰਦੀ।
ਇਕੋ ਵਾਰ ਬੰਬਈ ਅਤੇ ਆਗਰੇ ਜਾਣਾ ਸੰਭਵ ਕਿਉਂ ਨਹੀਂ? ਉਹ ਸੋਚਦਾ।
ਘਰ ਤੋਂ ਨੌਂ ਲੱਖੇ ਤੱਕ ਦੇ ਰਸਤੇ ਵਿਚ, ਰਸਤੇ ਨੂੰ ਅਤੇ ਉਹਦੇ ਆਲੇ-ਦੁਆਲੇ ਬਣਦੇ ਢਹਿੰਦੇ ਪ੍ਰਛਾਵਿਆਂ ਨੂੰ ਮਨ ਵਿਚ ਯਾਦ ਰੱਖਣਾ ਉਹਦਾ ਪਿਆਰਾ ਸ਼ੁਗਲ ਸੀ। ਰਸਤੇ ਦੇ ਚਿੰਨ੍ਹਾਂ ਨੂੰ ਯਾਦ ਰੱਖਣਾ ਫਿਰ ਉਹਨਾਂ ਨੂੰ ਹਰ ਵਾਰ ਨਵੇਂ ਤਰੀਕੇ ਨਾਲ ਬਣਾਉਣਾ ਅਤੇ ਫਿਰ ਯਾਦ ਰੱਖਣਾ। ਮਕਬੂਲ ਦੀ ਇਕੱਲਤਾ ਉਹਦੇ ਮਨ ਦੀ ਸਾਥੀ ਸੀ।
ਨੌਂ ਲੱਖੇ ਦੇ ਪੱਕੇ ਪੁਲ ‘ਤੇ ਖੜ੍ਹੇ ਹੋ ਕੇ ਉਹ ਪਾਣੀ ਦੇਖਦਾ। ਪੁਲ ਦੇ ਇਕ ਪਾਸੇ ਸ਼ਾਂਤ ਦੂਜੇ ਪਾਸੇ ਤੇਜ਼ੀ ਨਾਲ ਨਿਕਲ ਕੇ ਡਿੱਗਦਾ ਪਾਣੀ, ਉਹਦੇ ਵਿਚ ਬਣਦੀਆਂ ਪ੍ਰਛਾਈਆਂ ਨੂੰ ਪਛਾਣਨਾ ਮਕਬੂਲ ਦਾ ਮਨਭਾਉਂਦਾ ਸ਼ੁਗਲ ਹੈ। ਉਹਨਾਂ ਪ੍ਰਛਾਈਆਂ ਨੂੰ ਫਿਰ ਤੋਂ ਵਿਗਾੜਨਾ ਫਿਰ ਬਣਾਉਣਾ। ਜੰਗਲ ਵਿਚ ਘੁੰਮਣਾ। ਹਰ ਆਵਾਜ਼ ਨੂੰ ਧਿਆਨ ਨਾਲ ਸੁਣਨਾ। ਰੁੱਖਾਂ, ਪੌਦਿਆਂ ਵਿਚ ਆਪਣਾ ਸਾਰਾ ਦਿਨ ਬਿਤਾਉਣਾ-ਮਕਬੂਲ ਨੂੰ ਚੰਗਾ ਲੱਗਦਾ।
ਉਹਦੀ ਨਵੀਂ ਮਾਂ ਨੇ ਜਲਦੀ ਹੀ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਸੰਭਾਲ ਲਈਆਂ। ਮਕਬੂਲ ਘਰ ਦਾ ਸਭ ਤੋਂ ਛੋਟਾ ਮੈਂਬਰ ਸੀ। ਉਹ ਉਸਨੂੰ ਬੜਾ ਪਿਆਰ ਕਰਦੀ। ਸਾਫ ਦਿਲ, ਸੁਲੱਖਣੇ ਹੱਥ ਘਰ ਵਿਚ ਨਵੀਂ-ਨਵੀਂ ਰੌਸ਼ਨੀ ਲੈ ਆਏ।
ਪਿਤਾ ਦੀ ਗੰਭੀਰਤਾ, ਦਾਦਾ ਜੀ ਦਾ ਨਿਰਛਲ ਪਿਆਰ, ਨਵੀਂ ਮਾਂ ਦੀ ਸੁਚੱਜੀ ਦੇਖ ਭਾਲ ਵਿਚ ਮਕਬੂਲ ਨੂੰ ਕਿਸੇ ਚੀਜ਼ ਦੀ ਘਾਟ ਮਹਿਸੂਸ ਨਾ ਹੁੰਦੀ। ਫਿਰ ਵੀ ਉਹਨੂੰ ਲੱਗਦਾ ਕਿਤੇ ਕੁਝ ਹੈ ਜੋ ਆਪਣੀ ਥਾਂ ਸਿਰ ਨਹੀਂ। ਇਹ ਕੀ ਹੈ? ਮਕਬੂਲ ਨੂੰ ਸਮਝ ਨਾ ਪੈਂਦੀ। ਉਹ ਪਰੇਸ਼ਾਨ ਫਿਰਦਾ। ਉਹਦਾ ਮਨ ਭਟਕਦਾ ਰਹਿੰਦਾ। ਉਹ ਕਲਪਨਾ ਕਰਦਾ ਉਹਦੀ ਮਾਂ ਨਵੀਂ ਮਾਂ ਨਾਲੋਂ ਕਿਵੇਂ ਵੱਖਰੀ ਹੈ।
ਉਹ ਅਣਦੇਖੇ ਨੂੰ ਦੇਖਣ ਦਾ ਯਤਨ ਕਰਦਾ।
ਪਰੇਸ਼ਾਨ ਮਕਬੂਲ ਸਕੂਨ ਦੀ ਤਲਾਸ਼ ਵਿਚ ਨੌਂ ਲੱਖੇ ਦੇ ਨੌਂ ਲੱਖ ਰੁੱਖਾਂ ਵਿਚ ਭਟਕਦਾ ਰਹਿੰਦਾ।
ਨਦੀ ਦੇ ਪਾਣੀ ਵਿਚ ਮਾਂ ਦੀ ਪ੍ਰਛਾਈ ਵਹਿੰਦੀ ਦਿਸਦੀ। ਹਰ ਜਾਣੀ ਪਛਾਣੀ ਪ੍ਰਛਾਈ ਅਣਜਾਣੀ ਚੱਦਰ ਵਿਚ ਲਪੇਟੀ ਨਜ਼ਰ ਆਉਂਦੀ। ਸਾਰਾ ਸੰਸਾਰ ਜਾਣਿਆ-ਪਛਾਣਿਆ-ਬੇਪਛਾਣ ਨਜ਼ਰ ਆਉਂਦਾ-ਪਲ ਪਲ ਵਿਚ ਬਦਲਦਾ।
ਰੁੱਖ਼,ਪੌਦੇ, ਜਾਨਵਰ, ਪਰਿੰਦੇ ਦੇਖਦਿਆਂ-ਦੇਖਦਿਆਂ ਰੂਪ ਬਦਲ ਲੈਂਦੇ। ਇਕ ਅਨਜਾਣਪੁਣੇ ਨਾਲ ਭਰ ਜਾਂਦੇ। ਹਰ ਚੀਜ਼ ਚਮਕੀਲੀ ਅਣਜਾਣੀ ਰੌਸ਼ਨੀ ਨਾਲ ਭਰੀ ਨਜ਼ਰ ਆਉਂਦੀ। ਤਾਰਿਆਂ ਦੀ ਸਫ਼ੈਦ ਅਣਜਾਣ ਰੌਸ਼ਨੀ ਨਾਲ ਸਾਰਾ ਕੁਝ ਰਲਗੱਡ ਹੋ ਜਾਂਦਾ। ਜਾਣ-ਪਛਾਣ ਗ਼ੈਰ-ਪਛਾਣ ਵਿਚ ਬਦਲ ਜਾਂਦੀ। ਗੈਰ-ਜਾਣ-ਪਛਾਣ ਜਾਣ-ਪਛਾਣ ਵਿਚ।
ਸੰਘਣੇ ਪੱਤਿਆਂ ਵਿਚੋਂ ਛਣ ਕੇ ਆਉਂਦੀ ਧੁੱਪ ਹੇਠਾਂ ਡਿੱਗੇ ਪੱਤਿਆਂ ਵਿਚ ਛੁਪੇ ਅਨੇਕਾਂ ਅਕਾਰ ਉਜਾਗਰ ਕਰ ਦਿੰਦੀ। ਪੱਤਿਆਂ ਦਾ ਪਾਰਦਰਸ਼ੀ ਹਰਾ ਰੰਗ ਹੌਲੀ-ਹੌਲੀ ਧੜਕਦਾ ਜਾਪਣ ਲੱਗਦਾ। ਮੋਰ ਦੀ ਤਿੱਖੀ ਕੂਕ ਉਸ ਨੂੰ ਵਿੰਨ ਦਿੰਦੀ। ਉਹ ਠਿਠਕ ਜਾਂਦਾ। ਪਰਕਿਰਤੀ ਉਹਨੂੰ ਬੰਨ੍ਹ ਲੈਂਦੀ। ਸੂਰਜ ਦੀ ਰੌਸ਼ਨੀ ਵਿਚ ਚਮਕਦੇ ਰੰਗਾਂ ਪਿੱਛੇ ਧੁੱਪ ਚੱਲਦੀ ਵਿਖਾਈ ਦੇਂਦੀ। ਸਤਰੰਗੀ ਪੀਂਘ ਪਰਿੰਦਿਆਂ ਦੀਆਂ ਆਵਾਜ਼ਾਂ ਵਿਚ ਡੁੱਬਦੀ ਲਹਿੰਦੀ ਜਾਪਦੀ। ਮੋਰ ਦੀ ਕੂਕ ਟੁਕੜਿਆਂ ਵਿਚੋਂ ਛਣ ਕੇ ਡਿੱਗਦੀ ਜਾਪਦੀ।
ਹਵਾ ਦਾ ਲਹਿਰਾਉਣਾ, ਧੁੱਪ ਦਾ ਚਲਣਾ, ਆਵਾਜ਼ਾਂ ਦਾ ਦਿਸਣਾ-ਸਭ ਕੁਝ ਅਜਿਹਾ ਸੀ ਜੋ ਉਹ ਪਹਿਲੀ ਵਾਰ ਮਹਿਸੂਸ ਕਰ ਰਿਹਾ ਸੀ। ਇਸ ਵਿਚ ਰੋਮਾਂਚ ਸੀ। ਇਸ ਵਿਚ ਰਹੱਸ ਸੀ। ਇੱਥੇ ਆ ਕੇ ਮਕਬੂਲ ਸਭ ਕੁਝ ਭੁੱਲ ਜਾਂਦਾ। ਉਹਦਾ ਅਜਿਹੀ ਖਿੱਚ ਵਿਚ ਬੱਝੇ ਰਹਿਣ ਨੂੰ ਮਨ ਕਰਦਾ। ਉਹਨੂੰ ਲੱਗਦਾ ਕਿ ਉਹ ਆਪਣੀ ਮਾਂ ਕੋਲ ਹੈ। ਉਹਦੀ ਮਾਂ ਇੱਥੇ ਕਿਤੇ ਹੀ ਹੈ ਅਤੇ ਕਦੀ ਵੀ ਪ੍ਰਗਟ ਹੋ ਸਕਦੀ ਹੈ।
ਮਾਂ ਧੁੱਪ ਹੈ-ਚਾਰੇ ਪਾਸੇ ਰੌਸ਼ਨੀ ਫੈਲਾਉਂਦੀ ਹੋਈ
ਮਾਂ ਮੋਰ ਹੈ-ਆਵਾਜ਼ ਦੇ ਕੇ ਬੁਲਾ ਰਹੀ ਹੈ
ਚਿੜੀ ਦੀ ਆਵਾਜ਼ ਵਿਚ ਪੁੱਛ ਰਹੀ ਹੈ-ਕੀ ਹਾਲ ਏ?
ਮਾਂ ਹਵਾ ਬਣ ਕੇ ਫੈਲੀ ਹੋਈ ਹੈ
ਉਹਦੇ ਕੰਨਾਂ ਵਿਚ ਕੁਝ ਫੁਸਫੁਸਾ ਜਾਂਦੀ ਏ
ਉਹ ਏਨੀ ਹੌਲੀ-ਹੌਲੀ ਫੁਸਫੁਸਾਉਂਦੀ ਏ ਕਿ ਸੁਣਨ ਤੋਂ
ਪਹਿਲਾਂ ਹੀ ਅਣਸੁਣਿਆ ਰਹਿ ਜਾਂਦਾ ਏ।
ਮਾਂ ਸਤਰੰਗੀ ਫੁਲਕਾਰੀ ਪਾਈ ਹਰ ਪਾਸੇ ਦਿਸ ਜਾਂਦੀ ਏ
ਉਹ ਮੋਰ ਦੀ ਆਵਾਜ਼ ਨੂੰ ਸਪਰਸ਼ ਕਰਦਾ ਏ
ਧੁੱਪ ਨੂੰ ਖੇਡ ਖੇਡ ਵਿਚ ਫੜ ਲੈਂਦਾ ਏ
ਇਹਨਾਂ ਨਾਲ ਖੇਡਦਿਆਂ, ਗੱਲਾਂ ਕਰਦਿਆਂ, ਮਿਲ ਕੇ ਵਿਛੜਦਿਆਂ, ਲੜਦਿਆਂ, ਝਗੜਦਿਆਂ ਮਕਬੂਲ ਓਥੇ ਹੀ ਸੌਂ ਜਾਂਦਾ ਹੈ। ਮੰਤਰਿਆ ਹੋਇਆ ਮਕਬੂਲ ਹਰ ਰੋਜ਼ ਓਥੇ ਪਹੁੰਚ ਜਾਂਦਾ ਹੈ। ਪਰਕਿਰਤੀ ਨੂੰ ਸੁਣਦਾ, ਸੁੰਘਦਾ, ਛੋਂਹਦਾ, ਚਖ਼ਦਾ, ਦੇਖਦਾ ਰਹਿੰਦਾ ਹੈ।
ਨਵੀਂ ਮਾਂ ਬਹੁਤ ਚੰਗੀ ਹੈ। ਮਕਬੂਲ ਨਾਲ ਗੱਲਾਂ ਕਰਦਿਆਂ ਵਿਚ-ਵਿਚ ਗੁਜਰਾਤੀ ਸ਼ਬਦ ਵਰਤਦੀ ਹੈ। ਚੰਗੀ ਤਰ੍ਹਾਂ ਪਿਆਰ ਨਾਲ ਖਾਣਾ ਖੁਆਉਣ ਅਤੇ ਵਿਚ-ਵਿਚ ਗੁਜਰਾਤੀ ਸਿਖਾਉਣਾ ਉਹਨੂੰ ਚੰਗਾ ਲੱਗਦਾ ਸੀ। ਮਕਬੂਲ ਨੂੰ ਗੁਜਰਾਤੀ ਭਾਸ਼ਾ ਚੰਗੀ ਲੱਗੀ। ਉਹ ਜਲਦੀ ਹੀ ਕਈ ਸ਼ਬਦ ਸਿੱਖ ਗਿਆ। ਉਹਨੂੰ ਮਾਂ ਦੀ ਸੰਗਤ ਵਿਚ ਰਹਿਣਾ, ਬੈਠਣਾ, ਖਾਣਾ ਚੰਗਾ ਲੱਗਦਾ। ਉਹਦੇ ਕੋਮਲ ਹੱਥਾਂ ਵਿਚ ਮਿਠਾਸ ਸੀ। ਇਹ ਮਿਠਾਸ ਖਾਣੇ ਵਿਚ ਆ ਜਾਂਦੀ। ਉਹ ਜ਼ਿਆਦਾ ਤੋਂ ਜ਼ਿਆਦਾ ਸਮਾਂ ਨਵੀਂ ਮਾਂ ਨਾਲ ਬਿਤਾਉਣਾ ਚਾਹੁੰਦਾ ਪਰ ਨੌਂ ਲੱਖੇ ਦਾ ਰਹੱਸਮਈ ਸੰਸਾਰ ਉਹਨੂੰ ਆਪਣੇ ਵ ੱਲ ਖਿੱਚ ਲੈਂਦਾ। ਉਹ ਜਲਦੀ ਹੀ ਆਪਣੇ ਸੰਸਾਰ ਵਿਚ ਵਾਪਸ ਚਲਾ ਜਾਂਦਾ।
ਦਾਦਾ ਜੀ ਦੀ ਜਾਦੂਈ ਪੈਂਸਿਲ ਨਾਲ ਵਿਚ-ਵਿਚ ਆਪਣੀ ਮਾਂ ਦਾ ਚਿੱਤਰ ਬਣਾਉਂਦਾ।
ਨੌਂ ਲੱਖੇ ਬਗੀਚੇ ਵਿਚ ਉਹਨੇ ਕਈ ਚਿੱਤਰ ਬਣਾਏ। ਪਰ ਮਾਂ ਦਾ ਚਿਹਰਾ ਮਕਬੂਲ ਨੂੰ ਯਾਦ ਨਹੀਂ ਆਉਂਦਾ।
ਬੜੌਦਾ ਦੀ ਪੜ੍ਹਾਈ ਸੰਯੋਗਿਤਾ ਗੰਜ
ਦਾਦੇ ਅਬਦੁਲੇ ਦੇ ਇੰਤਕਾਲ ਤੋਂ ਬਾਅਦ ਮਕਬੂਲ ਹੋਰ ਜ਼ਿਆਦਾ ਇਕੱਲਾ ਹੋ ਗਿਆ। ਪਿਤਾ, ਫ਼ਿਦਾ ਹੁਸੈਨ ਨੇ ਆਪਣੇ ਪਿਓ ਦੀ ਗ਼ੈਰ-ਮੌਜੂਦਗੀ ਵਿਚ ਆਪਣੇ ਆਪ ਨੂੰ ਵੱਡਾ ਸਮਝਿਆ। ਪਿਓ ਦੀਆਂ ਜ਼ਿੰਮੇਵਾਰੀਆਂ ਉਸ ਨੂੰ ਨਜ਼ਰ ਆਉਣ ਲੱਗੀਆਂ। ਦਾਦੇ ਦੀ ਉਂਗਲ ਫੜੀ, ਪ੍ਰਛਾਵੇਂ ਵਾਂਗ ਚੱਲਦਾ ਫਿਰਦਾ ਮਕਬੂਲ ਅਚਾਨਕ ਊੁਠ ਵਾਂਗ ਉਹਨੂੰ ਨਜ਼ਰ ਆਉਣ ਲੱਗਾ। ਉਸਨੂੰ ਮਕਬੂਲ ਦੀ ਤਾਲੀਮ ਦੀ ਚਿੰਤਾ ਹੋਈ। ਸ਼ੀਰੀਨ ਦਾ ਪਿਓ ਮੌਲਵੀ ਹੈ। ਕੁਝ ਮਜ਼੍ਹਬੀ ਤਾਲੀਮ ਮਕਬੂਲ ਨੂੰ ਮਿਲ ਸਕੇ-ਇਹ ਸੋਚ ਕੇ ਉਸ ਨੇ ਉਹਨੂੰ ਬੜੌਦਾ ਭੇਜਣ ਦਾ ਨਿਸ਼ਚਾ ਕੀਤਾ। ਛੋਟੇ ਭਰਾ ਮੁਰਾਦ ਦੇ ਨਾਲ ਮਕਬੂਲ ਨੂੰ ਬਿਗਾਨੇ ਪ੍ਰਦੇਸ਼ ਵੱਲ ਰਵਾਨਾ ਕੀਤਾ ਗਿਆ।
ਦਾਦੇ ਦੇ ਵਿਛੋੜੇ ਦੇ ਗ਼ਮ ਵਿਚ ਦੁਖੀ ਮਕਬੂਲ ਨੂੰ ਬੜੌਦੇ ਦੇ ਬੋਰਡਿੰਗ ਵਿਚ ਛੱਡ ਦਿੱਤਾ ਗਿਆ। ਨਵੀਂ ਥਾਂ, ਨਵੇਂ ਦੋਸਤਾਂ ਨੂੰ ਮਿਲ ਕੇ ਮਕਬੂਲ ਜਲਦੀ ਹੀ ਨਵੇਂ ਮਾਹੌਲ ਵਿਚ ਘੁਲ ਮਿਲ ਗਿਆ।
ਉਹਨੂੰ ਨੌਂ ਲੱਖਾ ਬਗੀਚਾ, ਬੰਬਈ ਜਾਂ ਆਗਰੇ ਕਿਤੇ ਵੀ ਨਾ ਜਾਣ ਵਾਲੀ ਸੜਕ, ਖਾਨ ਨਦੀ, ਦਾਦੇ ਦਾ ਕਾਰਖਾਨਾ, ਨਵੀਂ ਮਾਂ ਦੇ ਹੱਥਾਂ ਦੀ ਮਿਠਾਸ ਦੀ ਯਾਦ ਕਦੇ ਹੌਲੀ ਕਦੇ ਤੇਜ਼ ਆਉਂਦੀ ਰਹੀ।
ਮਕਬੂਲ ਦੀ ਜਾਦੂਈ ਪੈਂਸਿਲ ਦਾ ਕਮਾਲ ਏਥੇ ਵੀ ਬਾ-ਦਸਤੂਰ ਜਾਰੀ ਹੈ। ਪਾਠਸ਼ਾਲਾ ਵਿਚ ਡਰਾਇੰਗ ਮਾਸਟਰ ਮੁਹੰਮਦ ਅਥਰ ਦੇ ਬਲੈਕ ਬੋਰਡ ‘ਤੇ ਚਿੜੀ ਬਣਨ ਤੋਂ ਪਹਿਲਾਂ ਮਕਬੂਲ ਦੀ ਸਲੇਟ ‘ਤੇ ਆ ਕੇ ਬੈਠ ਜਾਂਦੀ। ਦੋ ਅਕਤੂਬਰ ਵਾਲੇ ਦਿਨ ਗਾਂਧੀ ਜੈਅੰਤੀ ਦੀ ਸ਼ੁਰੂਆਤ ਬਲੈਕ ਬੋਰਡ ‘ਤੇ ਮਕਬੂਲ ਦੇ ਚਿਤਰ ਵਾਹੁਣ ਨਾਲ ਸ਼ੁਰੂ ਹੁੰਦੀ।
ਮਦਰੱਸੇ ਦੇ ਜਲਸੇ ‘ਤੇ ਮੌਲਵੀ ਅਕਬਰ, ਮਕਬੂਲ ਨੂੰ ਇਲਮ ‘ਤੇ ਇਕ ਤਕਰੀਰ ਯਾਦ ਕਰਾਉਂਦੇ। ਮਕਬੂਲ ਅਭਿਨੈ ਦੇ ਨਾਲ ਤਕਰੀਰ ਕਰਦਾ। ਤਕਰੀਰ ਦਾ ਅੰਤ ਫਾਰਸ਼ੀ ਦੇ ਸ਼ੇਅਰ ਨਾਲ ਹੁੰਦਾ-
ਕਸਬੇ ਕਮਾਲ ਕੁਨ ਕਿ ਅਜੀਜਤ ਜਹਾਂ ਸ਼ਵੀ
ਕਸ ਬੇ ਕਮਾਲ ਨਿਆਰਜਦ ਅਜੀਜੇ ਮਨ
(ਜਿਸਨੇ ਹੁਨਰ ਵਿਚ ਕਮਾਲ ਹਾਸਲ ਕਰ ਲਿਆ ਉਹ ਸਾਰੀ ਦੁਨੀਆ ਦਾ ਚਹੇਤਾ, ਜਿਸ ਕੋਲ ਕਿਸੇ ਹੁਨਰ ਦਾ ਕਮਾਲ ਨਹੀਂ, ਉਹ ਦਿਲਾਂ ਨੂੰ ਨਹੀਂ ਜਿੱਤ ਸਕਦਾ।)
ਮਦਰੱਸੇ ਦੀਆਂ ਖੇਡਾਂ ਵਿਚ ਮਕਬੂਲ ਅੱਵਲ ਆਉਂਦਾ। ਉੱਚੀ ਛਾਲ ਹੋਵੇ ਜਾਂ ਕਬੱਡੀ। ਸਿਰਫ਼ ਦੌੜ ਵਿਚ ਪਿਛੇ ਰਹਿ ਜਾਂਦਾ। ਲੰਬਾ, ਪਤਲਾ ਸਰੀਰ ਨਿਖਰ ਰਿਹਾ ਸੀ। ਨਾਲ ਹੀ ਨਾਨੇ ਦੇ ਘਰ ਮਜ਼੍ਹਬੀ ਤਾਲੀਮ, ਚੰਗੇ ਆਚਰਨ ਦੇ ਚਾਲੀ ਸਬਕ ਅਤੇ ਪਵਿੱਤਰਤਾ ਦੇ ਬਾਰਾਂ ਤਰੀਕੇ ਮਕਬੂਲ ਦੇ ਜ਼ਿਹਨ ਵਿਚ ਸੰਜੀਦਗੀ ਪੈਦਾ ਕਰ ਰਹੇ ਸਨ। ਮਕਬੂਲ ਕੁਰਾਨ ਦੇ ਤੀਹ ਅਧਿਆਇਆਂ ਨੂੰ ਯਾਦ ਕਰਦਾ ਭੁੱਲਦਾ ਰਹਿੰਦਾ।
ਦਾਰੂ ਲਤੁਲਬਾ ਮਦਰੱਸਾ ਹੁਸਾਮੀਆ ਸੁਲੇਮਾਨੀ ਜਮਾਤ ਦਾ ਸਕੂਲ ਸੀ। ਜੀ.ਐਨ. ਹਕੀਮ ਦੇਖਭਾਲ ਕਰਨ ਵਾਲੇ ਸਨ। ਅਬਾਸ ਤਾਇਵਾ ਜੀ, ਮੌਲਵੀ ਅਕਬਰ, ਕੇਸ਼ਵ ਲਾਲ ਗੁਜਰਾਤੀ, ਮੇਜਰ ਅਬਦੁੱਲਾ ਪਠਾਨ ਆਦਿ ਪੜ੍ਹਾਉਣ ਵਾਲੇ। ਮਕਬੂਲ ਇਕੱਲਾ ਪੜ੍ਹਨ ਵਾਲਾ। ਗੁਲਜਮਾ ਖ਼ਾਨ ਬੈਂਡਮਾਸਟਰ। ਗੁਲਾਬ ਬਾਵਰਦੀ ਰਸੋਈਏ ਦੀਆਂ ਰੋਟੀਆਂ ਦੇ ਨਾਲ-ਨਾਲ ਗੁਲਾਬ ਰਸੋਈਏ ਦੀ ਬੀਵੀ ਦੇ ਹੱਥਾਂ ਦੀ ਬਣੀ ਸਬਜ਼ੀ, ਗੋਸ਼ਤ। ਮਕਬੂਲ ਮਸਤ ਸੀ।
ਇੰਦੌਰ ਤੋਂ ਬਾਅਦ ਬੜੌਦਾ ਦੂਸਰਾ ਸ਼ਹਿਰ ਸੀ। ਇਕ ਦਮ ਸਾਫ਼ ਸੁਥਰਾ। ਚੌੜੀਆਂ ਸੜਕਾਂ। ਰੁੱਖਾਂ ਤੇ ਹਵਾ ਵਿਚ ਮਸੂਮੀਅਤ। ਮਕਬੂਲ, ਮੁਹੰਮਦ ਇਬਰਾਹਿਮ ਅਲੀ, ਅਬਾਸ ਜੀ ਅਹਿਮਦ ਅਤੇ ਹਾਮਿਦ ਕੰਬਰ ਹੁਸੈਨ ਗੂੜ੍ਹੇ ਦੋਸਤ ਬਣੇ। ਸੁਭਾਅ ਤੋਂ ਵੱਖਰੇ, ਕੱਦ ਕਾਠ ਵਿਚ ਵੱਖਰੇ ਪਰ ਰੂਹਾਨੀਅਤ ਵਿਚ ਇਕ। ਕਦੇ ਨਾ ਵਿਛੜਨ ਦਾ ਵਾਅਦਾ ਸਾਰਿਆਂ ਨੂੰ ਵੱਖ ਕਰ ਦਿੰਦਾ।
ਮਦਰੱਸੇ ਦਾ ਸਾਲਾਨਾ ਜਲਸਾ ਮਕਬੂਲ ਲਈ ਖਿੱਚ ਦਾ ਸਬੱਬ ਹੁੰਦਾ ਅਤੇ ਮਦਰੱਸੇ ਦਾ ਕੇਂਦਰ ਮਕਬੂਲ ਹੁੰਦਾ। ਮਦਰੱਸੇ ਦੀ ਪੜ੍ਹਾਈ ਹੋਵੇ ਜਾਂ ਖੇਡਾਂ ਜਾਂ ਚਿਤਰਕਾਰੀ ਜਾਂ ਬਾਲਕਾਂ ਵਾਲੀ ਬਦਮਾਸ਼ੀ ਮਕਬੂਲ ਸਾਰਿਆਂ ਨਾਲੋਂ ਬਾਜ਼ੀ ਮਾਰ ਲੈਂਦਾ।
ਸਾਲਾਨਾ ਜਲਸੇ ਦਾ ਅੰਤ, ਲੁਕਮਾਨੀ ਫ਼ੋਟੋਗ੍ਰਾਫ਼ਰ ਦੁਆਰਾ, ਸੱਦੇ ਗਏ ਮਹਿਮਾਨਾਂ ਤੇ ਉਸਤਾਦਾਂ ਦੀਆਂ ਫ਼ੋਟੋਆਂ ਖਿੱਚਣ ਨਾਲ ਹੁੰਦਾ। ਕਾਲਾ ਕੱਪੜਾ ਪਾਈ, ਕੈਮਰਾ ਫੋਕਸ ਕਰਕੇ, ਜਿਓਂ ਹੀ ਲੁਕਮਾਨੀ ਰੈਡੀ ਕਹਿੰਦਾ ਮਕਬੂਲ ਦੌੜ ਕੇ ਫ਼ੋਟੋ ਵਿਚ ਵੜ ਜਾਂਦਾ। ਮਕਬੂਲ ਦਾ ਫ਼ੋਟੋ ਖਿਚਵਾਉਣ ਦਾ ਸ਼ੌਕ ਵਧਣ ਲੱਗਾ।
ਗੁਜਰਾਤ ਵਿਚ ਨਾਨੇ ਦੀ ਨਿਗਰਾਨੀ ਹੇਠ ਮਕਬੂਲ ਦੀ ਮਜ਼੍ਹਬੀ ਤਾਲੀਮ ਪੂਰੀ ਹੋ ਰਹੀ ਸੀ। ਨਾਨੇ ਨਾਲ ਰਹਿ ਕੇ ਉਹਨੂੰ ਸਮਝ ਆਈ ਕਿ ਸੰਜਮ ਕੀ ਹੁੰਦਾ ਹੈ। ਅਨੁਸ਼ਾਸਨ ਕਿਸਨੂੰ ਕਹਿੰਦੇ ਹਨ। ਨਾਨੇ ਦੇ ਕਠੋਰ ਕਾਇਦੇ ਕਾਨੂੰਨ ਨਾਲ ਦਿਨ ਭਰ ਦਾ ਸਾਰਾ ਕਾਰ-ਵਿਹਾਰ ਚੱਲਦਾ। ਉਹਨੇ ਮਹਿਸੂਸ ਕੀਤਾ ਕਿ ਉਹਦੇ ਅੰਦਰ ਇਕ ਖਾਸ ਕਿਸਮ ਦੀ ਗੰਭੀਰਤਾ ਆਉਂਦੀ ਜਾ ਰਹੀ ਹੈ। ਉਹਨੂੰ ਹੈਰਾਨੀ ਹੋਈ ਕਿ ਨਾਨੇ ਨੇ ਅਜਿਹਾ ਕਠੋਰ ਅਨੁਸ਼ਾਸਨ ਬਿਨਾਂ ਕਿਸੇ ਕਠੋਰ ਵਿਹਾਰ ਦੇ ਕਿਵੇਂ ਲਾਗੂ ਕਰ ਲਿਆ। ਉਹ ਨਿੱਤ ਸਵੇਰੇ ਨਾਨੇ ਨਾਲ ਸੈਰ ਕਰਨ ਜਾਂਦਾ। ਨਾਨਾ ਖ਼ੁਦ ਕੋਈ ਗੱਲ ਨਾ ਕਰਦਾ। ਮਕਬੂਲ ਦੇ ਪੁੱਛਣ ‘ਤੇ ਉਸਦੇ ਬੋਲਣ ਦਾ ਸਬੱਬ ਬਣਦਾ।
ਨਿੱਤ ਦੀ ਸੈਰ ਤੋਂ ਪਰਤ ਕੇ ਉਹ ਕੁਰਾਨ ਸ਼ਰੀਫ਼ ਪੜ੍ਹਦਾ। ਸ਼ੁਰੂ ਵਿਚ ਮਕਬੂਲ ਦਾ ਧਿਆਨ ਕਿਤੇ ਹੋਰ ਅਟਕਿਆ ਰਹਿੰਦਾ। ਕਦੇ ਦੁਪ੍ਹੈਰ ਦੀ ਖਿਚੜੀ ਵਿਚ ਜਾਂ ਫਿਰ ਕੜ੍ਹੀ ਵਿਚ। ਬਾਜਰੇ ਦੀ ਰੋਟੀ ਉਹਨੂੰ ਖ਼ਾਸ ਤੌਰ ‘ਤੇ ਮਨਭਾਉਂਦੀ ਸੀ। ਇਥੋਂ ਦੇ ਖਾਣੇ ਦਾ ਸੁਆਦ ਮਿੱਠਾ ਹੈ। ਨਵੀਂ ਮਾਂ ਦੇ ਹੱਥਾਂ ਦੇ ਸੁਆਦ ਵਰਗਾ। ਕਦੀ ਪਿਤਾ। ਕਦੀ ਨੌਂ ਲੱਖਾ ਨਦੀ। ਛਾਉਣੀ ਦੀਆਂ ਗਲੀਆਂ, ਬੜੌਦਾ, ਇੰਦੌਰ ਦਾ ਫ਼ਰਕ। ਦਾਦੇ ਦੀ ਯਾਦ। ਮਾਂ ਦਾ ਅਣਜਾਣ ਚਿਹਰਾ। ਸਿਤਾਰੇ। ਚਮਕਲੀਆਂ ਪੱਤੀਆਂ। ਮੋਰ ਦੀ ਕੂਕ।
ਉਹਦਾ ਧਿਆਨ ਏਧਰ ਓਧਰ ਭਟਕਦਾ ਰਹਿੰਦਾ। ਉਹਦੀਆਂ ਅੱਖਾਂ ਆਇਤਾਂ ਦੀ ਬਣਤਰ, ਲਿਖਾਈ ਵਿਚ ਤਿਲਕਦੀਆਂ ਰਹਿੰਦੀਆਂ। ਹੌਲੀ-ਹੌਲੀ ਓਹਦਾ ਧਿਆਨ ਨਾਨੇ ਦੀਆਂ ਆਵਾਜ਼ਾਂ ‘ਤੇ ਰੁਕਣ ਲੱਗਾ। ਕੁਝ ਦਿਨਾਂ ਬਾਅਦ ਉਸ ਨੇ ਦੇਖਿਆ ਕਿ ਮਕਬੂਲ ਦੀ ਕੱਚੀ ਕੰਬਦੀ ਆਵਾਜ਼ ਨਾਨੇ ਦੀ ਭਾਰੀ ਆਵਾਜ਼ ਦਾ ਪਿੱਛਾ ਕਰ ਰਹੀ ਹੈ। ਉਹ ਕੋਸ਼ਿਸ਼ ਕਰਦਾ ਕਿ ਉਹਦੀ ਆਵਾਜ਼ ਵਿਚ ਵੀ ਉਹੀ ਦਮ ਨਜ਼ਰ ਆਵੇ। ਉਹੀ ਉਤਾਰ ਚੜ੍ਹਾਅ, ਉਹੀ ਗੰਭੀਰਤਾ ਫ਼ੈਲੇ ਪਰ ਉਹਨੂੰ ਆਪਣੀ ਬਰੀਕ ਆਵਾਜ਼ ਲੜਖੜਾਂਦੀ ਬੇਦਮ ਨਜ਼ਰ ਆਉਂਦੀ। ਐਨਕ ਦੇ ਪਿੱਛੋਂ ਝਾਕਦੀਆਂ ਨਾਨੇ ਦੀਆਂ ਅੱਖਾਂ ਉਹਦੀ ਦਮ ਤੋੜਦੀ ਬੇਬਸ ਆਵਾਜ਼ ਨੂੰ ਸਹਾਰਾ ਦਿੰਦੀਆਂ। ਉਹ ਦੂਣੇ ਜੋਸ਼ ਵਿਚ ਹਿਲਦੇ, ਝੂਮਦੇ ਹੋਏ ਆਇਤਾਂ ‘ਤੇ ਆਪਣੀ ਨਜ਼ਰ ਗੱਡੀ ਜ਼ੋਰ-ਜ਼ੋਰ ਨਾਲ ਨਾਨੇ ਦੀ ਆਵਾਜ਼ ਦਾ ਪਿੱਛਾ ਕਰਨ ਲੱਗਦਾ।
ਹੌਲੀ-ਹੌਲੀ ਉਹਨੂੰ ਕੁਰਾਨ ਦੀਆਂ ਆਇਤਾਂ ਨੂੰ ਦੁਹਰਾਉਣ ਵਿਚ ਮਜ਼ਾ ਆਉਣ ਲੱਗਾ। ਉਹ ਇਕ ਸਿਆਣੇ ਕਾਰੀਗਰ ਵਾਂਗ ਆਵਾਜ਼ ਨੂੰ ਚਲਾਉਣ ਲੱਗਾ। ਉਸ ਨੂੰ ਆਪਣੀ ਆਵਾਜ਼ ਉਡਦੀ ਨਜ਼ਰ ਆਉਣ ਲੱਗੀ। ਉਹ ਉਸ ਨੂੰ ਨੌਂ ਲੱਖੇ ਬਗੀਚੇ ਵਿਚ ਲੈ ਜਾਂਦਾ। ਛਣ ਕੇ ਆਉਂਦੀ ਧੁੱਪ ਵਾਂਗ ਸੁੱਕਿਆਂ ਪੱਤਿਆਂ ‘ਤੇ ਖਿਲਾਰ ਦੇਂਦਾ। ਸਰਸਵਤੀ ਨਦੀ ਵਿਚ ਗੋਤਾ ਲਾਉਂਦਾ। ਉਹ ਉਸ ਨੂੰ ਤਾਰਿਆਂ ਦੀ ਚਮਕ ਕੋਲ ਰੋਕ ਲੈਂਦਾ। ਚਮਕੀਲੀਆਂ ਪੱਤੀਆਂ ਵਿਚੋਂ ਵਾਰ-ਵਾਰ ਨਿਕਲਦਾ।
ਉਹ ਆਪਣੀ ਆਵਾਜ਼ ਨੂੰ ਕਦੇ ਨਾਨੇ ਦੀ ਆਵਾਜ਼ ਪਿੱਛੇ ਲੈ ਜਾਂਦਾ ਕਦੇ ਅੱਗੇ। ਕਈ ਵਾਰ ਦੋਹਾਂ ਆਵਾਜ਼ਾਂ ਨੂੰ ਰੋਕੀ ਰੱਖਦਾ-ਹਵਾ ਵਿਚ ਠਹਿਰੇ ਪਰਿੰਦੇ ਵਾਂਗ। ਹੁਣ ਉਹਦੀ ਆਵਾਜ਼ ਲੜਖੜਾਂਗੀ ਨਹੀਂ ਸੀ, ਨਾ ਟੁੱਟਦੀ ਸੀ। ਉਹਦੀ ਸਾਫ਼ ਚਮਕਦਾਰ ਆਵਾਜ਼ ਵਿਚ ਉਮਰ ਦੇ ਕਣ ਚਮਕਦੇ ਨਜ਼ਰ ਆਉਂਦੇ। ਉਹਨੂੰ ਦੁੱਖ ਸੀ ਬਹੁਤ ਕੋਸ਼ਿਸ਼ਾਂ ਦੇ ਬਾਵਜੂਦ ਉਸਦੀ ਆਵਾਜ਼ ਵਿਚ ਨਾਨੇ ਦੀ ਆਵਾਜ਼ ਵਰਗੀ ਪੁਖ਼ਤਗੀ ਨਹੀਂ ਸੀ ਆ ਸਕੀ। ਉਹਨੂੰ ਸਿਰਫ਼ ਏਨੀ ਸੰਤੁਸ਼ਟੀ ਹੈ ਕਿ ਉਹਦੀ ਆਵਾਜ਼ ਵਿਚ ਨਾਨੇ ਦੀ ਆਵਾਜ਼ ਦੀ ਉਡਾਨ ਭਰਦੀ ਜਾ ਰਹੀ ਹੈ।
ਮਕਬੂਲ ਤਾਲੀਮ ਪੂਰੀ ਕਰਕੇ ਇੰਦੌਰ ਵਾਪਸ ਆ ਗਿਆ। ਘਰ ਵਧ ਚੁੱਕਿਆ ਹੈ। ਉਹਦੇ ਦੋ ਭੈਣ ਭਰਾ ਘਰ ਵਿਚ ਹੀ ਸਨ। ਉਹਨੂੰ ਆਪਣੇ ਵੱਡੇ ਹੋਣ ਦਾ ਅਹਿਸਾਸ ਹੋਇਆ। ਮਕਬੂਲ ਦੇ ਸੰਯੋਗਤਾਗੰਜ ਹਾਇਰ ਸੈਕੰਡਰੀ ਸਕੂਲ ਵਿਚ ਕਈ ਦੋਸਤ ਬਣੇ। ਉਸਨੇ ਆਲੇ ਦੁਆਲੇ ਦੀ ਥੋੜ੍ਹੀ ਬਦਲੀ ਹੋਈ ਦੁਨੀਆ ਨਾਲ ਸਬੰਧ ਬਣਾਉਣਾ ਸ਼ੁਰੂ ਕਰ ਦਿੱਤਾ। ਅੱਛਨ ਮੀਆਂ ਦੀ ਚਾਹ ਦੀ ਦੁਕਾਨ ਓਥੇ ਹੀ ਸੀ। ਚੰਗਿਆੜਿਆਂ ਵਿਚ ਰੌਸ਼ਨੀ ਕੁਝ ਘੱਟ ਸੀ। ਨੌਂ ਲੱਖੇ ਦੇ ਬਗੀਚੇ ਵਿਚ ਰਹੱਸ ਨਹੀਂ ਸੀ ਰੋਮਾਂਚ ਹੈ। ਖਾਨ ਨਦੀ ਉਹਨੂੰ ਬੁਲਾਉਂਦੀ ਜਿਹੀ ਲੱਗੀ। ਉਹਦਾ ਭਟਕਦਾ ਤਸੱਵਰ ਜਾਰੀ ਰਿਹਾ। ਸਕੂਲੀ ਦੋਸਤ ਮਾਨਕੇਸ਼ਵਰ ਨਾਲ ਉਹ ਪਹਿਲੀ ਵਾਰ ਮੰਦਰ ਗਿਆ। ਬਸੰਤ ਬਣਕੇ। ਆਪਣੇ ਦੋਸਤ ਨੂੰ ਪੂਜਾ ਕਰਦਿਆਂ ਵੇਖਦਾ ਰਿਹਾ। ਫਿਰ ਇਹ ਰੋਜ਼ਾਨਾ ਦੀ ਜ਼ਿੰਦਗੀ ਵਿਚ ਸ਼ਾਮਲ ਹੋ ਗਿਆ। ਇਹਨਾਂ ਦਿਨਾਂ ਵਿਚ ਉਸ ਨੇ ਰਾਮਾਇਣ ਪਾਠ ਸੁਣਿਆ। ਰਾਮ ਕਥਾ ਨੇ ਮਕਬੂਲ ਨੂੰ ਹਿਲਾ ਕੇ ਰੱਖ ਦਿੱਤਾ। ਪੰਡਿਤ ਦੇ ਮੇਲ ਵਿਚੋਂ ਨਿਕਲਦੀ ਆਵਾਜ਼ ਵਿਚੋਂ ਉਸ ਨੂੰ ਉਹੀ ਲੈਅ ਸੁਣਾਈ ਦਿੱਤੀ ਜਿਹੜੀ ਨਾਨੇ ਦੀ ਆਵਾਜ਼ ਵਿਚ ਸੀ।
ਉਹਨੂੰ ਆਪਣੀ ਤਾਲੀਮ ਯਾਦ ਆਈ। ਸ਼ੁਰੂ ਵਿਚ ਜਦੋਂ ਉਹ ਆਇਤਾਂ ਯਾਦ ਕਰਨ ਬੈਠਦਾ ਤਦ ਉਹਦਾ ਮਨ ਭਟਕਦਾ ਰਹਿੰਦਾ। ਕਠੋਰ ਅਨੁਸ਼ਾਸਨ ਨਾਲ ਉਹਦੀ ਇਕਾਗਰਤਾ ਵਧੀ। ਉਹਨੂੰ ਹੈਰਾਨੀ ਹੁੰਦੀ ਕਿ ਇਹ ਅਨੁਸ਼ਾਸਨ ਉਹਦੇ ਅੰਦਰ ਸੀ ਜਾਂ ਇਹ ਆਇਤਾਂ ਦਾ ਤੋਹਫ਼ਾ ਹੈ। ਇਸੇ ਇਕਾਗਰਤਾ ਦਾ ਅਹਿਸਾਸ ਉਹਨੂੰ ਏਥੇ ਹੋ ਰਿਹਾ ਹੈ। ਰਾਮ ਚਰਿਤ ਮਾਨਸ ਦੇ ਦੋਹੇ, ਚੌਪਈਆਂ ਦੇ ਪਾਠ ਦੀ ਲੈਅ ਉਹੀ ਹੈ। ਅਰੋਹ-ਅਵਰੋਹ ਉਹੀ ਹੈ। ਇਹਨਾਂ ਆਵਾਜ਼ਾਂ ਦੀ ਦੁਨੀਆਂ ਵਿਚ ਉਹਨੂੰ ਅਕਸਰ ਦਿਖਾਈ ਨਹੀਂ ਦੇਂਦਾ। ਫੇਰ ਆਕਾਰ ਬਣਦੇ ਦਿਸਦੇ-ਪੈਂਸਿਲ ਦੀ ਨੋਕ ਵਿਚੋਂ ਨਿਕਲਦੇ ਆਕਾਰਾਂ ਵਾਂਗ ਦੇਖ ਸਕਦੇ ਸਨ, ਛੋਹ ਨਹੀਂ ਸਕਦੇ। ਜਾਣ ਸਕਦੇ ਸਨ ਪਛਾਣ ਨਹੀਂ ਸਕਦੇ। ਜਿਸਮ ਰੂਹ ਦੇ ਅਹਿਸਾਸ ਵਿਚ ਹੈ।
ਸਕੂਲ ਵਿਚ ਖੇਡਾਂ ਦੀਆਂ ਛੋਟੀਆਂ-ਛੋਟੀਆਂ ਪ੍ਰਤਿਯੋਗਤਾਵਾਂ ਆਯੋਜਿਤ ਕਰਨ ਵਿਚ ਮਕਬੂਲ ਨੂੰ ਮਜ਼ਾ ਆਉਂਦਾ। ਇਹਨਾਂ ਵਿਚ ਜਿੱਤਣ ਵਾਲਿਆਂ ਨੂੰ ਮਕਬੂਲ ਦੇ ਆਪਣੇ ਹੱਥਾਂ ਨਾਲ ਬਣਾਏ ਛੋਟੇ-ਛੋਟੇ ਖ਼ੂਬਸੂਰਤ ਮੈਡਲ ਮਿਲਦੇ। ਇਹਨਾਂ ਮੈਡਲਾਂ ਨੂੰ ਮਕਬੂਲ ਮਿਹਨਤ ਅਤੇ ਕਲਪਨਾ ਨਾਲ ਨਵੇਂ-ਨਵੇਂ ਆਕਾਰ ਦਿੰਦਾ। ਏਥੇ ਹੀ ਮਕਬੂਲ ਨੇ ਪਹਿਲੀ ਵਾਰ ਰਾਮ ਲੀਲ੍ਹਾ ਦੇਖੀ। ਸਕੂਲ ਦੇ ਅਹਾਤੇ ਵਿਚ ਨੌਂ ਦਿਨਾਂ ਤੱਕ ਰਾਮ ਲੀਲ੍ਹਾ ਦਾ ਆਯੋਜਨ ਹੁੰਦਾ। ਮਕਬੂਲ ਹਰ ਸ਼ਾਮ ਓਥੇ ਜਾਂਦਾ ਅਤੇ ਦੇਖਦਾ ਕਿ ਰਾਮ ਲੀਲ੍ਹਾ ਵਿਚ ਕੰਮ ਕਰਨ ਵਾਲੇ ਅਦਾਕਾਰਾਂ ਵਿਚੋਂ ਕਈ ਉਹਦੇ ਮੁਹੱਲੇ ਦੇ ਹੀ ਹਨ। ਸ਼ੰਕਰਪਾਨ ਵਾਲੇ ਦਾ ਭਰਾ ਹਨੂੰਮਾਨ ਬਣਿਆ ਹੈ। ਆਟਾਚੱਕੀ ‘ਤੇ ਬੈਠਣ ਵਾਲਾ ਮੋਟਾ ਮਿੱਠੂ ਲਾਲ ਰਾਵਣ ਵਰਗਾ ਲਗਦਾ ਹੈ। ਸੰਗੀਤ ਕਾਸਿਮ ਮੀਆਂ ਬੈਂਡ ਵਾਲੇ ਦਾ ਹੈ-ਜਿਸਦਾ ਸੰਗੀਤ ਉਹ ਬਾਖ਼ੂਬੀ ਪਛਾਣਦਾ ਹੈ। ਸਾਰੀਆਂ ਧੁਨਾਂ ਮਾਤਮੀ ਹੁੰਦੀਆਂ ਹਨ। ਮਕਬੂਲ ਦੀ ਇੱਛਾ ਹੈ ਕਿ ਉਹ ਵੀ ਰਾਮ ਲੀਲ੍ਹਾ ਵਿਚ ਕੰਮ ਕਰੇ। ਉਹ ਆਪਣੇ ਆਪ ਨੂੰ ਅਭਿਨੈ ਕਰਦਿਆਂ ਦੇਖਦਾ ਹੈ। ਉਹ ਰਾਮ ਲੀਲ੍ਹਾ ਦੀ ਸਟੇਜ ‘ਤੇ ਜਾਣਾ ਚਾਹੁੰਦਾ ਹੈ ਪਰ ਉਹ ਨੂੰ ਇਹ ਮੌਕਾ ਮਿਲਦਾ ਹੀ ਨਹੀਂ।
ਓਥੇ ਰਾਮ ਲੀਲ੍ਹਾ ਦੇਖਦੇ ਹੋਏ ਮਕਬੂਲ ਪੈਂਸਿਲ ਨਾਲ ਰਾਮ ਲੀਲਾ ਦੇ ਦ੍ਰਿਸ਼ ਬਣਾਉਣੇ ਸ਼ੁਰੂ ਕਰ ਦੇਂਦਾ ਹੈ। ਹਰ ਕਿਰਦਾਰ ਵਿਚ ਮਕਬੂਲ ਮੌਜੂਦ ਰਹਿੰਦਾ ਹੈ। ਇਸ ਰਾਮ ਲੀਲ੍ਹਾ ਵਾਲੇ ਮਕਬੂਲ ਨੇ ਕਈ ਚਿਤਰ ਬਣਾਏ। ਮਕਬੂਲ ਦੀ ਰਾਮ ਲੀਲ੍ਹਾ।
ਰਾਮ ਲੀਲ੍ਹਾ ਤੋਂ ਬਾਅਦ ਮਕਬੂਲ ਦੀ ਜਾਣ-ਪਛਾਣ ਸਿਨੇਮੇ ਨਾਲ ਹੋਈ। ਉਹਦੇ ਪਿਤਾ ਫ਼ਿਦਾ ਹੁਸੈਨ ਖ਼ੁਦ ਫਿਲਮਾਂ ਦੇ ਸ਼ੌਕੀਨ ਸਨ, ਪਰ ਪਰਿਵਾਰ ‘ਤੇ ਸਖ਼ਤ ਪਾਬੰਦੀ ਸੀ। ਪਰਿਵਾਰ ਨਾਲ ਸਾਲ ਵਿਚ ਸਿਰਫ਼ ਦੋ ਵਾਰ ਸਿਨੇਮਾ ਦੇਖਣ ਜਾਇਆ ਜਾਂਦਾ ਸੀ। ਬਕਰੀਦ ਅਤੇ ਮਿੱਠੀ ਈਦ ‘ਤੇ। ਤਿਓਹਾਰ ਦੇ ਦੂਸਰੇ ਦਿਨ ਸਾਰਾ ਪਰਿਵਾਰ ਸਿਨੇਮਾ ਦੇਖਣ ਜਾਂਦਾ। ਮਕਬੂਲ ਨੂੰ ਦਾਦਾ ਜੀ ਦੀ ਉਂਗਲ ਫੜੀ ਛੋਟੇ-ਛੋਟੇ ਕਦਮਾਂ ਨਾਲ ਉਤਸ਼ਾਹ ਸੰਭਾਲਣਾ ਮੁਸ਼ਕਲ ਲੱਗਦਾ ਸੀ। ਹੁਣ ਦਾਦਾ ਜੀ ਨਹੀਂ ਹਨ। ਕਦੀ-ਕਦੀ ਪਿਤਾ ਦੀ ਉਂਗਲੀ ਫੜ ਲੈਂਦਾ। ਵੱਡਾ ਹੋਣ ਦਾ ਖ਼ਿਆਲ ਉਹਨੂੰ ਇਕੱਲਾ ਚੱਲਣ ਲਈ ਮਜਬੂਰ ਕਰ ਦੇਂਦਾ। ਫ਼ਿਦਾ ਹੁਸੈਨ ਦਾ ਪਰਿਵਾਰ ਸ਼ਾਨ ਨਾਲ ਫ਼ਿਲਮ ਦੇਖਣ ਜਾਂਦਾ। ਬਿਨਾਂ ਕਿਸੇ ਰੋਕ ਟੋਕ ਦੇ। ਮੁਹੱਲੇ ਦੀਆਂ ਔਰਤਾਂ ਲਈ ਇਹ ਈਰਖਾ ਦਾ ਸਬੱਬ ਸੀ। ਫ਼ਿਦਾ ਹੁਸੈਨ ਦੀ ਬੇਪਾਨਾਹ ਇੱਜ਼ਤ ਸੀ। ਕੋਈ ਉਸ ਉੱਪਰ ਉਂਗਲੀ ਨਹੀਂ ਸੀ ਉਠਾ ਸਕਦਾ।
ਮਕਬੂਲ ਦਾ ਮਨ ਚਲਦੀਆਂ ਫਿਰਦੀਆਂ ਤਸਵੀਰਾਂ ਵਿਚ ਗੁਆਚ ਜਾਂਦਾ। ਉਹਨੂੰ ਇਹ ਅਚੰਭਾ ਲੱਗਦਾ। ਇਕ ਹੋਰ ਚਮਤਕਾਰ। ਉਹਦਾ ਮਨ ਕਰਦਾ ਸ਼ਹਿਰ ਵਿਚਲੀਆਂ ਸਾਰੀਆਂ ਫ਼ਿਲਮਾਂ ਨੂੰ ਦੇਖਣ ਦਾ। ਪਰ ਅਫ਼ਸੋਸ। ਪਿਤਾ ਦਾ ਸਖ਼ਤ ਆਦੇਸ਼ ਸਿਰਫ਼ ਦੋ ਫ਼ਿਲਮਾਂ ਦੇਖਣ ਦਾ ਸੀ। ਉਹ ਮਨ ਮਸੋਸ ਕੇ ਰਹਿ ਜਾਂਦਾ।
ਇਕ ਰਾਤ ਉਹ ਸੌਣ ਦਾ ਬਹਾਨਾ ਕਰਕੇ ਬਿਸਤਰੇ ‘ਤੇ ਲੇਟਿਆ ਰਿਹਾ। ਪਿਤਾ, ਨਵੀਂ ਮਾਂ ਨੂੰ ਲੈ ਕੇ ਨਿਕਲੇ। ਮਕਬੂਲ ਚੁੱਪ ਚਾਪ ਉੱਠਿਆ ਅਤੇ ਉਹਨਾਂ ਦੇ ਪਿੱਛੇ ਚੱਲਦਿਆਂ ਸਿਨੇਮਾ ਘਰ ਤੱਕ ਪਹੁੰਚ ਗਿਆ। ਪਿਤਾ ਜਦੋਂ ਟਿਕਟਾਂ ਲੈਣ ਲੱਗੇ ਮਕਬੂਲ ਸਾਹਮਣੇ ਜਾ ਖੜ੍ਹਾ ਹੋ ਗਿਆ। ਪਿਤਾ ਨੇ ਦੋ ਦੀ ਥਾਂ ਤਿੰਨ ਟਿਕਟਾਂ ਖਰੀਦੀਆਂ। ਮਕਬੂਲ ਨੇ ਉਸ ਵਰ੍ਹੇ ਪਿਤਾ ਨਾਲ ਤਿੰਨ ਫ਼ਿਲਮਾਂ ਦੇਖੀਆਂ। ਹੌਲੀ-ਹੌਲੀ ਮਕਬੂਲ ਕਈ ਫ਼ਿਲਮਾਂ ਦੇਖਣ ਲੱਗਾ। ਉਹਦੀਆਂ ਛੋਟੀਆਂ-ਛੋਟੀਆਂ ਚਲਾਕੀਆਂ, ਨਵੀਂ ਫ਼ਿਲਮ ਲਈ ਪੈਸੇ ਅਤੇ ਜੁਗਾੜ ਕਰ ਲੈਂਦੀਆਂ। ਘਰ ਆ ਕੇ ਫ਼ਿਲਮਾਂ ਦੇ ਦ੍ਰਿਸ਼ਾਂ ਨੂੰ ਕਾਗਜ਼ ਉੱਪਰ ਆਪਣੀ ਜਾਦੂਈ ਪੈਂØਸਿਲ ਨਾਲ ਸਵਾਰਦਾ ਰਹਿੰਦਾ।
ਦੁਪ੍ਹੈਰ ਦੀ ਪੜ੍ਹਾਈ ਦੌਰਾਨ ਉਹਦਾ ਧਿਆਨ ਜਮਨਾ ਦੇ ਚਿਤਰ ਬਣਾਉਣ ਵਿਚ ਲੱਗਾ ਰਹਿੰਦਾ। ਜਮਨਾ ਦਾ ਜਿਸਮ ਮਕਬੂਲ ਦਾ ਪੈਂਸਿਲ ਦੀ ਜਦ ਤੋਂ ਬਾਹਰ ਰਹਿ ਜਾਂਦਾ। ਜ਼ਿਦ ਜਿਹੀ ਵਿਚ ਮਕਬੂਲ ਹਰ ਰੋਜ਼ ਉਹਦੇ ਪਿੱਛੇ ਜਾਂਦਾ। ਦੁਪ੍ਹੈਰ ਦਾ ਕੰਮ ਖ਼ਤਮ ਕਰਕੇ ਜਮਨਾ ਖ਼ਾਨ ਨਦੀ ਵਿਚ ਨਹਾਉਂਦੀ। ਕਿਨਾਰੇ ਬੈਠਾ ਮਕਬੂਲ ਉਹਦਾ ਰੇਖਾ ਚਿੱਤਰ ਬਣਾਉਂਦਾ। ਰੇਖਾ ਚਿੱਤਰਾਂ ਦੀ ਨਦੀ ਵਿਚ ਮਕਬੂਲ ਨੇ ਗੋਤੇ ਲਾਉਣੇ ਸ਼ੁਰੂ ਕਰ ਦਿੱਤੇ ਸਨ। ਉਹਦੇ ‘ਤੇ ਇਕ ਜਾਨੂੰਨ ਸਵਾਰ ਰਹਿੰਦਾ। ਢੇਰਾਂ ਰੇਖਾ-ਚਿੱਤਰ। ਸਾਰੀਆਂ ਜਗ੍ਹਾ ‘ਤੇ ਮਕਬੂਲ ਨੂੰ ਮਜ਼ਾ ਆਉਂਦਾ। ਹਰ ਸੰਭਵ ਜਗ੍ਹਾ ‘ਤੇ ਉਹ ਪਹੁੰਚ ਜਾਂਦਾ।
ਫ਼ਿਦਾ ਹੁਸੈਨ ਨੂੰ ਫਿਕਰ ਸੀ। ਮਕਬੂਲ ਵੱਡਾ ਹੋ ਰਿਹਾ ਹੈ। ਹੁਨਰ ਕੋਈ ਨਹੀਂ ਆਉਂਦਾ। ਵੱਡਾ ਹੋ ਕੇ ਕੀ ਕਰੇਗਾ? ਇਕ ਦਿਨ ਉਹ ਮਕਬੂਲ ਨੂੰ ਲਾਲ ਖਾਂ ਦਰਜੀ ਕੋਲ ਲੈ ਗਏ ਅਤੇ ਕਿਹਾ”ਇਹਦੀ ਡਰਾਇੰਗ ਚੰਗੀ ਹੈ, ਚੀਮਾ ਕਟਰ ਬਣ ਸਕਦਾ ਹੈ, ਕੁਝ ਸਿਖਾ ਦਿਓ।”
ਮੁੰਡਾ ਕਮਾਉਣ ਲੱਗਾ।
ਲਾਲ ਖਾਂ ਨੇ ਪਹਿਲੇ ਦਿਨ ਦੋ ਸੂਈਆਂ ਦੇਂਦੇ ਹੋਏ ਪਹਿਲਾ ਪਾਠ ਪੜ੍ਹਾਇਆ। ਦੋਵੇਂ ਸੂਈਆਂ ਸਾਹਮਣੇ ਰੱਖ ਕੇ ਇਕ-ਇਕ ਕਰਕੇ ਇੰਜ ਚੁੱਕਣ ਲਈ ਕਿਹਾ ਜਿਵੇਂ ਖ਼ਿਆਲੀ ਬਖੀਆ ਲਾ ਰਿਹਾ ਹੋਵੇ।
ਮਕਬੂਲ ਨਫ਼ਰਤ ਨਾਲ ਲਾਲ ਖਾਂ ਨੂੰ ਘੂਰਦਾ ਰਿਹਾ ਫਿਰ ਅੰਗੂਠਾ ਦਿਖਾ ਕੇ ਭੱਜ ਗਿਆ। ਮਕਬੂਲ ਨੂੰ ਪਹਿਲੀ ਵਾਰ ਨਫ਼ਰਤ ਦਾ ਅਹਿਸਾਸ ਹੋਇਆ।
ਕੈਮਰਾ
ਪਿਛਲੀ ਈਦ ਮੌਕੇ ਮਕਬੂਲ ਬੜੇ ਜੋਸ਼ੋ ਖਰੋਸ਼ ਨਾਲ ਘਰ ਦੇ ਵਿਹੜੇ ਵਿਚ ਲੱਗੇ ਦਰੱਖ਼ਤ ‘ਤੇ ਕੈਮਰਾ ਲੈ ਕੇ ਚੜ੍ਹ ਗਿਆ। ਦਰੱਖ਼ਤ ਉਪਰੋਂ, ਘਰ ਦੇ ਵਿਹੜੇ ਵਿਚ ਈਦ ਮਨਾ ਰਹੇ ਘਰ ਦੇ ਜੀਆਂ ਦੀ ਫ਼ੋਟੋ ਖਿੱਚੀ। ਨਵੀਂ ਮਾਂ ਦੇ ਨਾਲ-ਨਾਲ ਹੌਲੀ-ਹੌਲੀ ਉਹਦੇ ਭਰਾਵਾਂ, ਬੀਵੀ, ਬੱਚਿਆਂ ਦੀ ਆਮਦੋ ਰਫਤ ਇਸ ਕਦਰ ਵਧ ਗਈ ਕਿ ਫ਼ਿਦਾ ਹੁਸੈਨ ਕੁਝ ਵਰਿ੍ਹਆਂ ਵਿਚ ਹੀ ਬਹੁਤ ਵੱਡੇ ਪਰਿਵਾਰ ਦਾ ਮੁਖੀਆ ਬਣ ਗਿਆ। ਪਰਿਵਾਰ ਦੇ ਮੈਂਬਰਾਂ ਨਾਲ ਤਿਓਹਾਰ ਵਾਲੇ ਦਿਨ ਖਾਸੀ ਰੌਣਕ ਹੋ ਜਾਂਦੀ। ਫਿਰ ਪ੍ਰਾਹੁਣਿਆਂ ਦਾ ਆਉਣਾ ਵੀ ਕੋਈ ਘੱਟ ਨਹੀਂ ਸੀ।
ਪੂਰੇ ਵਿਹੜੇ ਵਿਚ ਸ਼ਾਇਦ ਹੀ ਕੋਈ ਨੁਕਰ ਖਾਲੀ ਹੋਵੇ। ਮਕਬੂਲ ਨੇ ਫ਼ੋਟੋ ਖਿੱਚੀ। ਫ਼ਿਦਾ ਹੁਸੈਨ ਨੂੰ ਪਸੰਦ ਆਈ। ਉਹਨੂੰ ਆਪਣੇ ਪੁੱਤਰ ਵਿਚੋਂ ਸੰਭਾਵਤ ਫ਼ੋਟੋ ਗ੍ਰਾਫ਼ਰ ਨਜ਼ਰ ਆਉਣ ਲੱਗਾ। ਉਹ ਬੇਹੱਦ ਖ਼ੁਸ਼ ਸੀ। ਇਸ ਈਦ ‘ਤੇ ਕੌਡਾਕ ਕੈਮਰਾ ਮਕਬੂਲ ਨੂੰ ਈਦੀ ਵਿਚ ਮਿਲਿਆ। ਇਹ ਉਹਦੀ ਜ਼ਿੰਦਗੀ ਦਾ ਪਹਿਲਾ ਤੋਹਫ਼ਾ ਸੀ-ਉਹਦਾ ਆਪਣਾ ਕੈਮਰਾ।
ਉਹ ਖੁਸ਼ ਸੀ। ਬਹੁਤ ਖ਼ੁਸ਼। ਪਿਤਾ ਨੇ ਕੈਮਰਾ ਦੇਂਦੇ ਸਮੇਂ ਕਿਹਾ ”ਕੌਣ ਜਾਣਦੈ ਕਿਸੇ ਦਿਨ ਰਾਮ ਚੰਦਰ ਵਾਂਗ ਤੈਨੂੰ ਵੀ ਰਜਵਾੜੇ ਬੁਲਾਇਆ ਜਾਵੇ-ਮਹਾਰਾਜ ਦੀ ਫ਼ੋਟੋ ਖਿੱਚਣ ਲਈ।”
ਉਹਨਾਂ ਨੂੰ ਮਨ ਹੀ ਮਨ ਆਸ ਵੀ ਸੀ ਕਿ ਕੁਝ ਸਿੱਖ ਜਾਏਗਾ ਤਾਂ ਸ਼ਾਇਦ ਕਮਾਉਣ ਵੀ ਲੱਗੇ। ਮਕਬੂਲ ਖ਼ੁਸ਼ ਸੀ। ਉਹਨੂੰ ਲੱਗਿਆ ਕਿ ਉਹਦੀਆਂ ਤਸਵੀਰਾਂ ਚੱਲਦੀਆਂ ਫਿਰਦੀਆਂ ਤਸਵੀਰਾਂ ਵਾਂਗ ਚੱਲ ਤਾਂ ਨਹੀਂ ਸਕਣਗੀਆਂ ਪਰ ਬੋਲ ਜ਼ਰੂਰ ਸਕਣਗੀਆਂ।
ਨਵੇਂ ਕੈਮਰੇ ਦਾ ਪਹਿਲਾ ਰੋਲ ਛੋਟੀ ਭੈਣ ਦਿਲਬਰ ਦੀਆਂ ਫ਼ੋਟੋਆਂ ਖਿੱਚਣ ਵਿਚ ਲਾ ਦਿੱਤਾ।
ਮਕਬੂਲ ਦੇ ਮੋਢੇ ‘ਤੇ ਲਟਕਿਆ ਕੈਮਰਾ ਦੋਸਤਾਂ ਵਿਚ ਉਤਸੁਕਤਾ ਦਾ ਕਾਰਨ ਸੀ। ਸਾਰੇ ਜਾਣਦੇ ਹਨ, ਹੁਣ ਉਹਨਾਂ ਨੂੰ ਕੁਝ ਨਵਾਂ ਦੇਖਣ ਨੂੰ ਮਿਲੇਗਾ। ਹੁਣ ਤੱਕ ਮਕਬੂਲ ਆਪਣੇ ਦੋਸਤਾਂ ਵਿਚ ਆਪਣੀ ਕਾਲਪਨਿਕਤਾ ਅਤੇ ਉੱਚ ਆਚਰਣ ਲਈ ਪ੍ਰਸਿੱਧ ਹੋ ਚੁੱਕਿਆ ਸੀ। ਉਹਨਾਂ ਦੀ ਉਮੀਦ ਮਕਬੂਲ ਦੇ ਮੋਢੇ ‘ਤੇ ਟੰਗੇ ਕੈਮਰੇ ਦੇ ਸ਼ਟਰ ਵਿਚ ਜਾ ਫਸੀ ਸੀ। ਮਕਬੂਲ ਉਹਨਾਂ ਦੀਆਂ ਆਸਾਂ ਉਮੀਦਾਂ ‘ਤੇ ਪਾਣੀ ਨਹੀਂ ਸੀ ਫੇਰਨਾ ਚਾਹੁੰਦਾ। ਉਹਨੂੰ ਕੁਝ ਸਮਾਂ ਚਾਹੀਦਾ ਸੀ। ਕਈ ਤਰ੍ਹਾਂ ਦੇ ਵਿਚਾਰ ਉਹਦੇ ਮਨ ਵਿਚ ਖੌਰੂ ਪਾ ਰਹੇ ਸਨ। ਉਹ ਯਾਰਾਂ ਦੋਸਤਾਂ ਨੂੰ ਹੈਰਾਨ ਕਰਨਾ ਚਾਹੁੰਦਾ ਸੀ। ਕੈਮਰੇ ਦੇ ਨਾਲ-ਨਾਲ ਉਹ ਦੋਸਤੀਆਂ ਵੀ ਵਧਾ ਰਿਹਾ ਸੀ।
ਮਕਬੂਲ ਦੇ ਘਰ ਕਈ ਜਣੇ ਸਨ-ਵੀਹ ਜਾਂ ਬਾਈ। ਹਰ ਵਰ੍ਹੇ ਮਾਂ ਦੇ ਭਰਾਵਾਂ ਦੀਆਂ ਵਹੁਟੀਆਂ ਇਕ ਦੋ ਨਵੇਂ ਮੈਂਬਰਾਂ ਨੂੰ ਜਨਮ ਦੇਂਦੀਆਂ। ਮਕਬੂਲ ਦੇ ਭੈਣ ਭਰਾ ਵਧ ਰਹੇ ਸਨ। ਇਹਦੇ ਨਾਲ ਉਹਦੀਆਂ ਜ਼ਿੰਮੇਵਾਰੀਆਂ ਵੀ ਵਧ ਰਹੀਆਂ ਸਨ। ਘਰ ਦੇ ਜੀਆਂ ਦਾ ਖਾਣਾ ਇਕ ਹੀ ਰਸੋਈ ਵਿਚ ਬਣਦਾ। ਰੋਟੀਆਂ ਲਈ ਆਟਾ ਗੁੰਨਣਾ ਮਕਬੂਲ ਦੀ ਜ਼ਿੰਮੇਵਾਰੀ ਸੀ। ਵੱਡੀ ਸਾਰੀ ਪਰਾਤ ਵਿਚ ਵੀਹ ਬਾਈ ਜਣਿਆਂ ਲਈ ਰੋਟੀਆਂ ਦਾ ਆਟਾ ਗੁੰਨਣ ਵਿਚ ਉਹ ਮਗਨ ਹੋ ਜਾਂਦਾ। ਪਰਾਤ ਦੇ ਹਰ ਹਿੱਸੇ ਵਿਚ ਪਾਣੀ ਅਤੇ ਆਟੇ ਦਾ ਮਿਲਣ ਹੋ ਸਕੇ ਇਹਦਾ ਉਹ ਖ਼ਿਆਲ ਰੱਖਦਾ। ਆਟੇ ਦਾ ਭੋਰਾ-ਭੋਰਾ ਉਹਦੀਆਂ ਉਂਗਲਾਂ ਤੋਂ ਬਚ ਨਾ ਸਕਦਾ। ਵੱਖ-ਵੱਖ ਤਰ੍ਹਾਂ ਨਾਲ ਆਟਾ ਗੁੰਨਣ ਦਾ ਕੰਮ ਕਰਦੇ ਸਮੇਂ ਉਹ ਸੈਂਕੜੇ ਆਕਾਰ ਬਣਾਉਂਦਾ ਫਿਰ ਗੁੰਨ ਦਿੰਦਾ।
ਪਿਛਲੇ ਕੁਝ ਦਿਨਾਂ ਤੋਂ ਬੁਤੁਲ ਨਾਂ ਦੀ ਕੁੜੀ ਘਰ ਦੇ ਕੰਮਾਂ ਵਿਚ ਹੱਥ ਵਟਾਉਣ ਲਈ ਰੱਖੀ ਗਈ। ਬੁਤੁਲ ਦੀ ਮਾਂ ਸਾਹਮਣੇ ਵਾਲੇ ਘਰੇ ਕੰਮ ਕਰਨ ਆਉਂਦੀ। ਬੁਤੁਲ ਦੇ ਆਉਣ ਨਾਲ ਮਕਬੂਲ ਦੀ ਰੁਚੀ ਚੌਂਕੇ ਚੁੱਲ੍ਹੇ ਦੇ ਕੰਮ ਕਾਜ ਵਿਚ ਵਧ ਗਈ। ਉਹਦਾ ਭਰਿਆ ਚੰਚਲ ਜਿਸਮ। ਚੂੜੀਦਾਰ ਪਜਾਮੀ, ਤੰਗ ਕੁੜਤਾ ਪਾ ਕੇ ਉਹ ਦੌੜਦੀ ਭੱਜਦੀ ਘਰ ਦਾ ਸਾਰਾ ਕੰਮ ਕਰਦੀ ਰਹਿੰਦੀ।
ਹੁਣ ਮਕਬੂਲ ਨੂੰ ਆਟਾ ਗੁੰਨਣ ਵਿਚ ਜ਼ਿਆਦਾ ਵਕਤ ਲੱਗਣ ਲੱਗਿਆ।ਗਲੇ ਵਿਚ ਚਾਂਦੀ ਦੀ ਹੰਸਲੀ, ਨੱਕ ਵਿਚ ਚੰਦਨ ਦਾ ਲੌਂਗ। ਛੋਟੇ ਮੱਥੇ ਵਾਲੀ ਬੁਤੁਲ ਜਦੋਂ ਮਕਬੂਲ ਨੂੰ ਦੇਖ ਕੇ ਹੱਸਦੀ ਤਾਂ ਉਹਦੇ ਕੋਲੋਂ ਆਟੇ ਵਿਚ ਜ਼ਿਆਦਾ ਪਾਣੀ ਪੈ ਜਾਂਦਾ ਜਾਂ ਫਿਰ ਆਟਾ ਪੂੜੀਆਂ ਲਈ ਗੁੰਨਿਆ ਜਾਂਦਾ।
ਪਿਛਲੇ ਹਫ਼ਤੇ ਪਿਪਲੀਆਂ ਪਾਲੇ ਦੀ ਪਿਕਨਿਕ ਵਿਚ ਮਕਬੂਲ ਪਿਤਾ ਦੇ ਸਾਈਕਲ ‘ਤੇ ਬੁਤੁਲ ਨੂੰ ਬਿਠਾ ਕੇ ਤਲਾਅ ਦੇ ਕੰਢੇ-ਕੰਢੇ ਬਹੁਤ ਦੂਰ ਤੱਕ ਘੁੰਮਾ ਲਿਆਇਆ ਸੀ। ਉਸ ਸਵਾਰੀ ਤੋਂ ਬੁਤੁਲ ਘਬਰਾ ਗਈ। ਸ਼ਾਇਦ ਮਕਬੂਲ ਨੇ ਦੋਵੇਂ ਹੱਥ ਛੱਡ ਕੇ ਸਾਈਕਲ ਚਲਾਉਣ ਦੇ ਕਰਤੱਬ ਵਿਚ ਕੋਤਾਹੀ ਕੀਤੀ ਸੀ। ਹੁਣ ਅਕਸਰ ਬੁਤੁਲ ਉਹਦੇ ਕੋਲੋਂ ਦੂਰ ਰਹਿੰਦੀ। ਉਸ ਪਿਕਨਿਕ ਤੋਂ ਬਾਅਦ ਮਕਬੂਲ ਜਿਹੜਾ ਆਟਾ ਗੁੰਨ ਰਿਹਾ ਸੀ ਉਹਦੀਆਂ ਰੋਟੀਆਂ ਪਾਟੀ ਜਾ ਰਹੀਆਂ ਸਨ।
ਇਕ ਦੁਪ੍ਹੈਰ ਮਕਬੂਲ ਨੇ ਦੇਖਿਆ ਬੁਤੁਲ ਉਹਦੇ ਛੋਟੇ ਭਰਾ ਨੂੰ ਪੰਘੂੜੇ ਵਿਚ ਸੁਆ ਰਹੀ ਹੈ। ਪੰਘੂੜਾ ਹਿਲਾਉਂਦੇ ਹੋਏ ਹੌਲੀ-ਹੌਲੀ ਕੁਝ ਗੁਨਗੁਨਾ ਰਹੀ ਹੈ। ਮਕਬੂਲ ਨੇ ਦੇਖਿਆ ਉਸ ਗਰਮ ਦੁਪ੍ਹੈਰ ਸਮੇਂ ਘਰ ਵਿਚ ਕੁਝ ਹੀ ਲੋਕ ਹਨ ਅਤੇ ਉਹ ਵੀ ਗੂੜ੍ਹੀ ਨੀਂਦ ਸੁੱਤੇ ਹੋਏ ਨੇ। ਉਹਨੂੰ ਪਤਾ ਨਹੀਂ ਸੀ। ਉਹਨੇ ਮਹਿਸੂਸ ਕੀਤਾ ਕਿ ਉਹਦੀ ਧੜਕਨ ਤੇਜ਼ ਹੋ ਰਹੀ ਹੈ। ਉਹ ਪੋਲੇ ਪੈਰੀਂ ਕਮਰੇ ਵਿਚ ਗਿਆ। ਬੁਤੁਲ ਨੂੰ ਦੇਖ ਕੇ ਅਣਡਿੱਠ ਕੀਤਾ ਅਤੇ ਪੰਘੂੜਾ ਥੋੜ੍ਹਾ ਤੇਜ਼ ਕਰ ਦਿੱਤਾ। ਗੁਨਗੁਨਾਉਣਾ ਮੱਧਮ ਹੋ ਚੁੱਕਿਆ ਸੀ। ਮਕਬੂਲ ਨੇ ਆਪਣੇ ਜਿਸਮ ਵਿਚ ਇਕ ਅਸ਼ਾਂਤ ਤੂਫ਼ਾਨ ਉੱਠਦਾ ਮਹਿਸੂਸ ਕੀਤਾ।
ਬੁਤੁਲ ਦੀ ਗਰਮੀ ਅਤੇ ਮਕਬੂਲ ਦੇ ਸਾਹਾਂ ਦਾ ਉਖੜਨਾ ਘਰ ਦੇ ਹਰ ਕੋਨੇ ਨੇ ਮਹਿਸੂਸ ਕੀਤਾ। ਮਕਬੂਲ ਨੇ ਸਪਰਸ਼ ਨੂੰ ਜਾਣਿਆ ਕਿ ਕੀ ਹੁੰਦਾ ਹੈ।
ਨਵਾਂ ਕੈਮਰਾ, ਬੁਤੁਲ, ਪਿਤਾ ਦਾ ਸਾਈਕਲ। ਮਕਬੂਲ ਖ਼ਿਆਲਾਂ ਵਿਚ ਉਡਿਆ ਜਾ ਰਿਹਾ ਹੈ। ਅੱਗੇ ਬੈਠੀ ਬੁਤੁਲ ਉਹਦੀ ਉਡਾਣ ਨੂੰ ਮਹਿਸੂਸ ਕਰ ਰਹੀ ਹੈ। ਮਕਬੂਲ ਨੇ ਦੋਸਤਾਂ ਨਾਲ ਵਾਅਦਾ ਕੀਤਾ ਕਿ ਉਹ ਦੁਰਲੱਭ ਫ਼ੋਟੋਆਂ ਦੇਖਣ ਲਈ ਤਿਆਰ ਰਹਿਣ। ਉਸ ਨੂੰ ਵਿਸ਼ਵਾਸ ਸੀ ਕਿ ਉਹ ਹੈਰਾਨ ਰਹਿ ਜਾਣਗੇ। ਮਕਬੂਲ ਦੀ ਕਰਨੀ ਵਿਰਲੀ ਹੁੰਦੀ ਹੈ।
ਪਹਿਲੀ ਵਾਰ ਕੁੜੀ ਨਾਲ ਇਕੱਲਾ ਜਾ ਰਿਹਾ ਹੈ। ਨੌਂ ਲੱਖੇ ਟਾਪੂ ਦਾ ਬਗੀਚਾ। ਨਵਾਂ ਕੈਮਰਾ। ਉਹਦਾ ਮਨ ਉੱਡ ਰਿਹੈ। ਉਹਦਾ ਸਾਹ ਉੱਖੜ ਰਿਹੈ। ਸਾਹ ਉਖੜਨ ਦੇ ਦੋ ਕਾਰਨ ਹੋਰ ਸਨ। ਇਕ ਤਾਂ ਉਹ ਸਾਈਕਲ ਤੇਜ਼ ਚਲਾ ਰਿਹਾ ਸੀ। ਦੂਸਰਾ, ਬੁਤੁਲ, ਜਿੰਨਾ ਉਹਦਾ ਅਨੁਮਾਨ ਸੀ, ਉਸ ਤੋਂ ਕਿਤੇ ਵੱਧ ਭਾਰੀ ਸੀ।
ਮਕਬੂਲ ਪਹਿਲੀ ਵਾਰ ਕਿਸੇ ਕੁੜੀ ਨਾਲ ਇਕੱਲਾ ਨੌਂ ਲੱਖੇ ਦੇ ਉਸ ਬਗੀਚੇ ਵਿਚ ਆਇਆ ਹੈ। ਉਹ ਉਤਸ਼ਾਹ ਨਾਲ ਭਰਿਆ ਹੋਇਆ ਸੀ। ਇਸ ਬਗੀਚੇ ਦੇ ਚੱਪੇ-ਚੱਪੇ ਤੋਂ ਉਹ ਜਾਣੂੰ ਹੈ। ਬੁਤੁਲ ਨੂੰ ਉਹ ਉਹਨਾਂ ਸਾਰੀਆਂ ਥਾਵਾਂ ‘ਤੇ ਲੈ ਗਿਆ ਜੋ ਉਸ ਨੂੰ ਵਿਸ਼ੇਸ਼ ਤੌਰ ‘ਤੇ ਪਸੰਦ ਸਨ। ਖੁੱਲ੍ਹੇ ਅਕਾਸ਼ ਦੇ ਹੇਠਾਂ, ਕੁਦਰਤ ਦੇ ਵਿਚਕਾਰ ਬੁਤੁਲ ਬਗੀਚੇ ਵਿਚ। ਪੂਰਾ ਰੋਲ ਐਵੇਂ ਕਿਵੇਂ ਖ਼ਤਮ ਹੋ ਗਿਆ। ਬਾਰਾਂ ਫ਼ੋਟੋਆਂ ਖਿੱਚਣ ਤੋਂ ਬਾਅਦ ਮਕਬੂਲ ਦੀ ਇਹ ਇੱਛਾ ਸੀ ਕਿ ਕਾਸ਼ ਰੋਲ ਖ਼ਤਮ ਨਾ ਹੋਵੇ।
ਬੁਤੁਲ ਨੂੰ ਉਹਨੇ ਪੂਰਾ ਬਗੀਚਾ ਘੁੰਮਾਇਆ। ਹਰ ਉਸ ਰੁੱਖ ਦੇ ਬਾਰੇ ਉਹਨੂੰ ਦੱਸਿਆ, ਜਿਸ ਬਾਰੇ ਉਹ ਜਾਣਦਾ ਸੀ। ਉਹਨਾਂ ਰੁੱਖਾਂ ਬਾਰੇ ਵੀ ਦੱਸਿਆ, ਜਿਹਨਾਂ ਬਾਰੇ ਉਸ ਨੂੰ ਕੁਝ ਵੀ ਪਤਾ ਨਹੀਂ ਸੀ।
ਉਹ ਪੂਰਾ ਦਿਨ ਬੁਤੁਲ ਨਾਲ ਬਿਤਾਉਣਾ ਚਾਹੁੰਦਾ ਸੀ। ਫ਼ਿਲਮ ਦਾ ਰੋਲ, ਘੁੰਮਾਉਣਾ ਫਿਰਾਉਣਾ, ਦੱਸਣਾ ਸਭ ਕੁਝ, ਕੁਝ ਮਿੰਟਾਂ ਵਿਚ ਹੋ ਗਿਆ। ਪਹਾੜ ਜੇਡਾ ਦਿਨ ਸਾਹਮਣੇ ਹੈ। ਮਕਬੂਲ ਨੂੰ ਵਿਸ਼ਵਾਸ ਹੀ ਨਾ ਹੋਇਆ। ਸਮਾਂ ਬੀਤ ਗਿਆ।
ਨਿਰਾਸ਼ ਮਕਬੂਲ ਬੁਤੁਲ ਨੂੰ ਲੈ ਕੇ ਵਾਪਸ ਆ ਗਿਆ। ਦੋਸਤ ਮਿੱਤਰ ਇੰਤਜ਼ਾਰ ਕਰ ਰਹੇ ਸਨ। ਮਕਬੂਲ ਨੂੰ ਇੰਤਜ਼ਾਰ ਸੀ। ਦੋਸਤ ਅਜੂਬਾ ਦੇਖਣ ਲਈ ਬੇਤਾਬ ਸਨ। ਮਕਬੂਲ ਅਜੂਬਾ ਦਿਖਾਉਣ ਲਈ ਬੇਸਬਰ। ਫ਼ਿਲਮ ਦਾ ਰੋਲ ਧੁਆਉਣ ਲਈ ਸਾਰੇ ਗਏ।
ਢੱਠੀ ਕੋਠੀ
‘ਪ੍ਰਭਾਸ਼ ਢੱਠੀ ਕੋਠੀ ਚਲੀਏ?’ ਮਕਬੂਲ ਨੇ ਪੁੱਛਿਆ
‘….।’ ਪ੍ਰਭਾਸ਼ ਨੇ ਅਣ ਸੁਣਿਆ ਕਰ ਦਿੱਤਾ।
‘ਪ੍ਰਭਾਸ਼ ਢੱਠੀ ਕੋਠੀ ਚੱਲ।’ ਮਕਬੂਲ ਨੇ ਇਸ ਵਾਰ ਦ੍ਰਿੜ ਆਵਾਜ਼ ਵਿਚ ਕਿਹਾ। ਆਵਾਜ਼ ਵਿਚ ਹੁਕਮੀਆ ਲਹਿਜ਼ਾ ਵੀ ਸੀ, ਅਦੇਸ਼ ਵੀ। ਪ੍ਰਭਾਸ਼ ਜੋ ਹੁਣ ਤੱਕ ਆਪਣੇ ਨਹੁੰ ਦੰਦਾਂ ਨਾਲ ਟੁੱਕਣ ਵਿਚ ਮਸ਼ਰੂਫ ਸੀ। ਇਕਦਮ ਹੱਥ ਮੂੰਹ ਵਿਚੋਂ ਕੱਢ ਕੇ ਬੋਲਿਆ, ‘ਕੀ ਏ ਢੱਠੀ ਕੋਠੀ? ਨਹੀਂ ਮੈਂ ਓਥੇ ਨਹੀਂ ਜਾਵਾਂਗਾ, ਓਥੇ ਭੂਤ ਰਹਿੰਦੇ ਨੇ।’
ਉਹਦੀ ਆਵਾਜ਼ ਵਿਚ ਘਬਰਾਹਟ, ਭੈਅ ਅਤੇ ਰੋਮਾਂਚ ਸੀ। ਮਕਬੂਲ ਨੇ ਵੀ ਸੁਣਿਆ ਹੋਇਆ ਸੀ। ਉਹ ਫਿਰ ਵੀ ਜਾਣਾ ਚਾਹੁੰਦਾ ਹੈ। ਭੂਤ ਦਾ ਡਰ ਤਾਂ ਨਹੀਂ ਸੀ ਪਰ ਇਕ ਸ਼ਰਾਰਤ ਉਹਦੇ ਦਿਮਾਗ ਵਿਚ ਜਨਮ ਲੈ ਰਹੀ ਸੀ।
ਢੱਠੀ ਕੋਠੀ ਸ਼ਹਿਰ ਤੋਂ ਬਾਹਰ ਇਕ ਅੱਧ ਬਣੀ ਇਮਾਰਤ ਹੈ। ਹੋਲਕਰ ਰਾਜਿਆਂ ਦਾ ਅਧੂਰਾ ਰਾਜ ਮਹਿਲ। ਸ਼ਹਿਰੋਂ ਬਾਹਰ ਉਜਾੜ ਵਿਚ ਇਸ ਇਮਾਰਤ ਦੇ ਭੂਤਾਂ ਦੇ ਕਿੱਸੇ ਸਾਰੇ ਸ਼ਹਿਰ ਵਿਚ ਮਸ਼ਹੂਰ ਹਨ।
ਸੰਘਣੇ ਰੁੱਖਾਂ ਵਿਚਕਾਰ ਪਗਡੰਡੀਆਂ ਤੋਂ ਸਾਈਕਲ ਲੰਘਾਂਦੇ, ਗੱਲਾਂ ਕਰਦੇ, ਕਦੋਂ ਢੱਠੀ ਕੋਈ ਪਹੁੰਚੇ ਪਤਾ ਹੀ ਨਾ ਲੱਗਾ। ਦੋਵੇਂ ਉਸ ਖੰਡਰ ਇਮਾਰਤ ਵਿਚ ਘੁੰਮਣ ਲੱਗੇ। ਉਸ ਉਜਾੜ ਵਿਚ ਹਲਕੀ ਜਿਹੀ ਆਵਾਜ਼ ਵੀ ਡਰਾਉਣ ਲਈ ਜ਼ਿਆਦਾ ਸੀ। ਹਵਾ ਦਾ ਚੱਲਣਾ ਸੁਣਾਈ ਦੇ ਰਿਹਾ ਸੀ। ਤਹਿਖ਼ਾਨੇ ਵਿਚੋਂ ਪੁਰਾਣੀ ਬਦਬੂ ਆ ਰਹੀ ਸੀ ਜੋ ਚਾਰੇ ਪਾਸੇ ਫੈਲੀ ਹੋਈ ਸੀ। ਉਹ ਦੋਵੇਂ ਕਾਫ਼ੀ ਦੇਰ ਤੱਕ ਤੁਰਦੇ ਫਿਰਦੇ ਰਹੇ। ਤਹਿਖਾਨੇ ਦਾ ਸੰਘਣਾ ਹਨੇਰਾ ਜਦੋਂ ਨੇੜੇ ਆਉਣ ਲੱਗਾ-ਉਹ ਪਿੱਛੇ ਮੁੜ ਗਏ। ਮੁੜਦੇ ਸਮੇਂ ਦੇਖਿਆ ਦੋਵੇਂ ਪਾਸੇ ਚਮਗਾਦੜ ਲਟਕੇ, ਸੌਂ ਰਹੇ ਸਨ। ਟੁੱਟੀਆਂ ਡਿੱਗੀਆਂ ਕੰਧਾਂ, ਕੱਚੇ, ਮਿੱਟੀ ਨਾਲ ਭਰੇ ਫਰਸ਼ ‘ਤੇ ਉਹਨਾਂ ਦੇ ਤੁਰਨ ਦੀਆਂ ਆਵਾਜ਼ਾਂ ਦੋਵਾਂ ਦੀ ਧੜਕਨ ਤੇਜ਼ ਕਰ ਰਹੀਆਂ ਸਨ। ਟੁੱਟੇ ਫੁੱਟੇ ਆਕਾਰਾਂ ਨੂੰ ਦੇਖਦੇ ਛੂੰਹਦੇ, ਉਹ ਬਾਹਰ ਆ ਗਏ। ਦਿਨ ਦੇ ਉਜਾਲੇ ਵਿਚ, ਨਾਸਾਂ ਵਿਚ ਭਰੀ ਬਦਬੂ ਨੂੰ ਉਹਨਾਂ ਨੇ ਲੰਬੇ ਸਾਹ ਰਾਹੀਂ ਬਾਹਰ ਕੱਢਿਆ।
‘ਕੈਮਰਾ ਫੜ ਤੇ ਏਥੇ ਉਂਗਲ ਰੱਖ। ਮੈਂ ਹੁਣੇ ਆਉਂਦਾ ਹਾਂ।’
ਇਹ ਕਹਿੰਦਿਆਂ, ਪ੍ਰਭਾਸ਼ ਦੇ ਗਲੇ ਵਿਚ ਕੈਮਰਾ ਟੰਗ, ਏਧਰ ਓਧਰ ਜਾਂਦਿਆਂ ਮਕਬੂਲ ਸਾਹਮਣੀਆਂ ਝਾੜੀਆਂ ਵਿਚ ਗੁਆਚ ਗਿਆ। ਚਾਰੇ ਪਾਸੇ ਸੁੰਨਸਾਨ। ਦੂਰ-ਦੂਰ ਤੱਕ ਬਸਤੀ ਨਹੀਂ। ਪ੍ਰਭਾਸ਼ ਨੇ ਉੱਪਰ ਖਲੋ ਕੇ ਚਾਰੇ ਪਾਸੇ ਨਜ਼ਰ ਦੌੜਾਈ। ਭਾਂ-ਭਾਂ ਕਰਦੀ ਇਸ ਢੱਠੀ ਕੋਠੀ ਵਿਚਕਾਰ ਉਹ ਇਕੱਲਾ ਗਲੇ ਵਿਚ ਕੈਮਰਾ ਲਟਕਾਈ ਖੜ੍ਹਾ ਹੈ। ਦੂਰ-ਦੂਰ ਤੱਕ ਕੋਈ ਨਹੀਂ। ਕੁਝ ਦੇਰ ਬਾਅਦ ਉਹਨੂੰ ਅਹਿਸਾਸ ਹੋਇਆ ਕਿ ਉਹ ਕਾਫ਼ੀ ਦੇਰ ਤੋਂ ਇਕੱਲਾ ਖੜ੍ਹਾ ਹੈ। ਮਕਬੂਲ ਨੂੰ ਗਿਆਂ ਕਾਫ਼ੀ ਸਮਾਂ ਹੋ ਗਿਆ ਹੈ। ਹੌਲੀ-ਹੌਲੀ ਉਹਨੂੰ ਵਿਸ਼ਵਾਸ ਹੋਣ ਲੱਗਾ ਕਿ ਹੁਣ ਢੱਠੀ ਕੋਠੀ ਵਿਚ ਉਹਦੇ ਅਤੇ ਭੂਤਾਂ ਤੋਂ ਇਲਾਵਾ ਹੋਰ ਕੋਈ ਨਹੀਂ।
ਉਹ ਚੁੱਪ ਹੈ
ਖੰਡਰ ਖ਼ਾਮੋਸ਼
ਮਕਬੂਲ ਗਾਇਬ
ਝਾੜੀਆਂ ਵਿਚ ਕੋਈ ਹਰਕਤ ਨਹੀਂ
ਸੰਨਾਟਾ
ਉਹਦੀ ਘਬਰਾਹਟ ਵਧਣ ਲੱਗੀ। ਉਹ ਇਕੱਲਾ ਹੈ। ਹੱਥ ਵਿਚ ਕੈਮਰਾ ਹੋਣ ਦਾ ਖ਼ਿਆਲ ਵੀ ਤਸੱਲੀ ਨਹੀਂ ਦੇ ਰਿਹਾ। ਉਹਨੂੰ ਆਪਣੀ ਬੇਵਕੂਫ਼ੀ ‘ਤੇ ਸ਼ਰਮ ਆਈ ਅਤੇ ਹਾਸਾ ਵੀ। ਪਰ ਇਹ ਹੱਸਣ ਦਾ ਸਮਾਂ ਨਹੀਂ ਸੀ। ਮਨ ਵਿਚ ਆਇਆ ਕਿ ਮਕਬੂਲ ਨੂੰ ਜ਼ੋਰ ਦੀ ਆਵਾਜ਼ ਮਾਰਾਂ। ਉਹਨੇ ਕੋਸ਼ਿਸ਼ ਕੀਤੀ। ਸਗੋਂ ਕੋਸ਼ਿਸ਼ ਕਰਨ ਤੋਂ ਪਹਿਲਾਂ ਹੀ ਉਹਨੂੰ ਲੱਗਿਆ ਜਿਵੇਂ ਗਲੇ ਵਿਚ ਕੁਝ ਫਸ ਗਿਆ ਹੈ।
ਸ਼ਾਇਦ ਆਵਾਜ਼ ਫਸ ਗਈ ਏ। ਉਹਨੇ ਫਿਰ ਵੀ ਕੋਸ਼ਿਸ਼ ਕੀਤੀ।
ਆਵਾਜ਼ ਨਾ ਨਿਕਲੀ।
ਇਕ ਮੁੰਡਾ ਖੰਡਰ ਵਿਚ ਕੈਮਰਾ ਫੜੀ ਖੜ੍ਹਾ ਹੈ।
ਕਿੰਨਾ ਵਚਿੱਤਰ ਦ੍ਰਿਸ਼ ਹੈ। ਕੋਈ ਦੇਖੇਗਾ ਤਾਂ ਕੀ ਸੋਚੇਗਾ? ਉਹਨੂੰ ਹਾਸਾ ਆ ਗਿਆ। ਹੋਲਕਰ ਰਾਜ ਦੇ ਖੰਡਰਾਂ ਵਿਚ ਇਕ ਮੁੰਡਾ ਕੈਮਰਾ ਫੜੀ ਖੜ੍ਹਾ ਹੈ,
ਉਹਨੂੰ ਹਾਸਾ ਆਇਆ।
ਰੋਣਾ ਵੀ
ਉਹ ਆਵਾਜ਼ ਮਾਰਨੀ ਚਾਹੁੰਦਾ ਹੈ।
ਗਲੇ ਵਿਚ ਕੁਝ ਫਸਿਆ ਹੈ।
ਉਹ ਭੱਜਣਾ ਚਾਹੁੰਦਾ ਹੈ ਪਰ ਪੈਰ ਜੰਮ ਗਏ।
ਉਹਨੂੰ ਕੈਮਰਾ ਫੜਣ ਤੋਂ ਮਨਾਂ ਕਰ ਦੇਣਾ ਚਾਹੀਦਾ ਸੀ
ਉਹਨੇ ਮੱਥੇ ‘ਤੇ ਮੁੜ੍ਹਕੇ ਦੀਆਂ ਠੰਡੀਆਂ ਬੂੰਦਾਂ
ਮਹਿਸੂਸ ਕੀਤੀਆਂ।
ਉਹਦਾ ਡਰ ਵਧ ਰਿਹਾ ਸੀ
ਉਹਦੀ ਧੜਕਨ ਵਧ ਰਹੀ ਸੀ
ਉਹ ਬੇਵਕੂਫ਼ ਬਣ ਗਿਆ ਹੈ
ਮਕਬੂਲ ਕਿੱਥੇ ਹੈ
ਉਹਦੇ ਮਨ ਵਿਚ ਡਰ ਬੈਠਣ ਲੱਗਾ
ਉਹ ਜਾਣਾ ਚਾਹੁੰਦਾ ਹੈ
ਉਹਨੇ ਦੇਖਿਆ ਸਾਹਮਣੇ ਕੁੜੀ ਹੈ। ਨੰਗੀ। ਉਹਦੇ ਵੱਲ ਪਿੱਠ ਕਰਕੇ ਖੜ੍ਹੀ ਹੈ। ਲੰਬੇ ਵਾਲ ਪਿੱਠ ‘ਤੇ ਖਿੱਲਰੇ ਹੋਏ ਹਨ।
ਭੂਤ!
ਉਹਦੇ ਹੱਥਾਂ ਵਿਚ ਕੈਮਰਾ ਫੜਿਆ ਹੋਇਆ ਹੈ ਨਹੀਂ ਤਾਂ ਅੱਖਾਂ ਮਲ ਕੇ ਦੇਖਦਾ।
ਪਰਤੱਖ ਨੰਗੀ ਲੜਕੀ
ਭੂਤਾਂ ਦੀ ਕੋੋਠੀ ਵਿਚ ਭੂਤ। ਉਹਦਾ ਖ਼ਿਆਲ ਪੱਕਾ ਹੋ ਗਿਆ।
‘ਫ਼ੋਟੋ ਖਿੱਚ। ਸ਼ਟਰ ਦਬਾ’
ਸੁੰਨਸਾਨ ਵਿਚ ਕੁੜੀ ਦੇਖ ਕੇ ਉਹਨੂੰ ਕੁਝ ਹੋਵੇ ਇਸ ਤੋਂ ਪਹਿਲਾਂ ਹੀ ਉਹਨੇ ਮਕਬੂਲ ਦੀ ਤੇਜ਼ ਆਵਾਜ਼ ਸੁਣੀ।
ਮਸ਼ੀਨ ਵਾਂਗ ਪ੍ਰਭਾਸ਼ ਕੈਮਰੇ ਦਾ ਸ਼ਟਰ ਦਬਾ ਚੁੱਕਾ ਸੀ।
ਕਲਿਕ ਦੀ ਆਵਾਜ਼ ਸਨਾਟੇ ਵਿਚ ਵੀ ਗੂੰਜ ਉੱਠੀ।
ਪ੍ਰਭਾਸ਼ ਨੇ ਕੈਮਰੇ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ। ਕਲਿਕ ਦੀ ਆਵਾਜ਼ ਨੇ ਉਹਨੂੰ ਹੈਰਾਨ ਕਰ ਦਿੱਤਾ। ਉਹਨੇ ਕੁੜੀ ਵੱਲ ਦੇਖਿਆ। ਇਹ ਕੀ?
ਕੁੜੀ ਗਾਇਬ।
ਉਹਨੇ ਚਾਰੇ ਪਾਸੇ ਦੇਖਿਆ। ਕੁੜੀ ਕਿਤੇ ਵਿਖਾਈ ਨਹੀਂ ਦਿੱਤੀ।
ਪ੍ਰਭਾਸ਼ ਘਬਰਾਇਆ।
ਉਹਨੂੰ ਵਿਸ਼ਵਾਸ ਹੋ ਗਿਆ ਕਿ ਉਹ ਭੂਤਾਂ ਦੇ ਚੁੰਗਲ ਵਿਚ ਫਸ ਚੁੱਕਾ ਹੈ।
ਉਹ ਲੜੀਵਾਰ ਘਟਨਾਵਾਂ ਯਾਦ ਕਰਨ ਲੱਗਾ।
ਮਕਬੂਲ ਦਾ ਗਾਇਬ ਹੋਣਾ
ਹਵਾ ਦਾ ਬੰਦ ਹੋ ਜਾਣਾ
ਖੰਡਰਾਂ ਦਾ ਖਾਮੋਸ਼ ਰਹਿਣਾ
ਝਾੜੀਆਂ ਵਿਚ ਕੋਈ ਹਰਕਤ ਨਾ ਹੋਣੀ
ਆਵਾਜ਼ ਦਾ ਫਸ ਜਾਣਾ
ਪੈਰਾਂ ਦਾ ਜੰਮਣਾ
ਨੰਗੀ ਕੁੜੀ ਦਿਸਣੀ
ਮਕਬੂਲ ਦੀ ਅਕਾਸ਼ਬਾਣੀ
ਕੁੜੀ ਦਾ ਗਾਇਬ ਹੋਣਾ
ਇਹ ਕੀ ਹੋ ਰਿਹਾ ਹੈ?
ਉਹ ਭੂਤਾਂ ਦੇ ਚੱਕਰ ਵਿਚੋਂ ਕਿਵੇਂ ਨਿਕਲੇ?
ਉਹ ਭੱਜਣਾ ਚਾਹੁੰਦਾ ਹੈ। ਮਕਬੂਲ ਕਿੱਥੇ ਹੈ? ਇਕੱਲਾ ਕਿਵੇਂ ਜਾਵਾਂ?ਸਾਈਕਲ ਲੈ ਗਿਆ ਤਾਂ ਮਕਬੂਲ ਕਿਵੇਂ ਆਵੇਗਾ? ਕੈਮਰਾ ਕਿੱਥੇ ਰੱਖਾਂ? ਛੱਡ ਦਿਆਂ ਜਾਂ ਨਾਲ ਲੈ ਚਲਾਂ! ਮਕਬੂਲ ਨਰਾਜ਼ ਹੋਵੇਗਾ। ਮਕਬੂਲ ਨਾਲ ਲੜਾਂਗਾ।
ਪ੍ਰਭਾਸ਼ ਦਾ ਦਿਮਾਗ਼ ਭੈ ਦੇ ਭੂਤ ਕੋਲੋਂ ਭੱਜਣ ਲੱਗਾ।
ਇਸ ਸੁੰਨਸਾਨ ਹੋਲਕਰ ਖੰਡਰਾਂ ਵਿਚ ਉਹਦੇ ਨਾਲ ਜੋ ਕੁਝ ਵੀ ਵਾਪਰਿਆ ਉਹਦੇ ਉੱਪਰ ਕਿਸੇ ਨੂੰ ਵਿਸ਼ਵਾਸ ਨਹੀਂ ਹੋਵੇਗਾ।
ਭੂਤਾਂ ‘ਤੇ ਕਿਸਨੂੰ ਵਿਸ਼ਵਾਸ ਹੈ?
ਉਹਨੇ ਭੂਤ ਦੇਖਿਆ ਹੈ
ਭੂਤ ਦੀ ਫ਼ੋਟੋ ਖਿੱਚੀ ਹੈ
ਮਕਬੂਲ ਮੈਨੂੰ ਫ਼ੋਟੋ ਦੇਵੇਗਾ ਜਾਂ ਨਹੀਂ
ਮਕਬੂਲ!
ਸਾਹਮਣੇ ਮੁਸਕਰਾਉਂਦਾ ਹੋਇਆ ਮਕਬੂਲ ਆ ਰਿਹਾ ਹੈ।
ਪ੍ਰਭਾਸ਼ ਕੀ ਕਰ ਰਿਹਾ ਏਂ?
ਪ੍ਰਭਾਸ਼ ਦੀ ਜਾਨ ਵਿਚ ਜਾਨ ਆਈ।
ਮਕਬੂਲ ਓਸੇ ਪਾਸਿਓਂ ਆ ਰਿਹਾ ਹੈ,
ਜਿਸ ਪਾਸੇ ਕੁੜੀ ਦਿਸੀ ਸੀ।
ਮਕਬੂਲ ਨੇ ਆ ਕੇ ਕੈਮਰਾ ਲੈ ਲਿਆ।
ਪ੍ਰਭਾਸ਼ ਨੇ ਜਲਦੀ-ਜਲਦੀ ਉਹ ਸਾਰਾ ਕੁਝ ਕਹਿ ਦਿੱਤਾ ਜੋ ਦੇਖਿਆ ਸੀ। ਮਕਬੂਲ ਹੱਸਦਾ ਰਿਹਾ। ਏਧਰ ਓਧਰ ਫ਼ੋਟੋਆਂ ਖਿੱਚਦਾ ਰਿਹਾ। ਪ੍ਰਭਾਸ਼ ਨੂੰ ਯਕੀਨ ਨਹੀਂ ਸੀ ਹੋ ਰਿਹਾ। ਮਕਬੂਲ ਇਕ ਦਮ ਸ਼ਾਂਤੀ ਨਾਲ ਸਾਰਾ ਕੁਝ ਸੁਣ ਰਿਹਾ ਸੀ। ਸਾਰੀਆਂ ਗੱਲਾਂ ਹਾਸੇ ਵਿਚ ਉਡਾ ਰਿਹਾ ਸੀ। ਮਕਬੂਲ ਦੇ ਵਾਲ਼ ਖੁੱਲ੍ਹੇ ਸਨ।
ਕੁਝ ਦਿਨਾਂ ਬਾਅਦ ਉਸ ਨੇ ਇਕ ਨੰਗੀ ਕੁੜੀ ਦੀ ਫ਼ੋਟੋ ਜੋ ਪਿੱਛੋਂ ਖਿੱਚੀ ਹੋਈ ਸੀ ਆਪਣੇ ਦੋਸਤਾਂ ਨੂੰ ਦਿਖਾਈ। ਸਾਰਿਆਂ ਦੇ ਸਾਹ ਰੁਕ ਗਏ-ਫਿਰ ਉੱਖੜ ਗਏ।
ਮਕਬੂਲ ਦੀਆਂ ਫ਼ੋਟੋਆਂ ਬੋਲ ਉਠੀਆਂ।
ਅਨੁਵਾਦ : ਪਰਮਜੀਤ ਢੀਂਗਰਾ