ਗ਼ਦਰੀਆਂ ਦੀਆਂ ਅਦੁੱਤੀ ਕੁਰਬਾਨੀਆਂ ਦੀ ਪ੍ਰਸ਼ੰਸਾ ਕਰ ਦੇਣ ਨਾਲ ਹੀ ਗ਼ਦਰ ਪਾਰਟੀ ਨਾਲ ਇਨਸਾਫ਼ ਨਹੀਂ ਹੋ ਜਾਂਦਾ। ਗ਼ਦਰ ਪਾਰਟੀ ਦੇ ਮੈਂਬਰ ਇਕ ਠੋਸ ਅਤੇ ਸਾਫ਼ ਰਾਜਸੀ ਵਿਚਾਰਧਾਰਾ ਲੈ ਕੇ ਹਿੰਦੋਸਤਾਨ ਨੂੰ ਆਜ਼ਾਦ ਕਰਾਉਣ ਲਈ ਵਿਦੇਸ਼ਾਂ ਤੋਂ ਵਾਪਸ ਆਏ ਸਨ। ਉਨ੍ਹਾਂ ਦੀ ਵਿਚਾਰਧਾਰਾ ਨੂੰ ਸਮਝਣ ਲਈ ਗ਼ਦਰ ਅਖ਼ਬਾਰ ਦੇ ਪਤਰਿਆਂ ਨੂੰ ਫੋਲਣਾ ਜ਼ਰੂਰੀ ਹੈ ਕਿਉਂਕਿ ਇਹ ਹਫਤਾਵਰ ਅਖ਼ਬਾਰ, ਜਿਹੜਾ 1913 ਤੋਂ ਲੈ ਕੇ 1948 ਤੱਕ ਉਰਦੂ ਤੇ ਪੰਜਾਬੀ ਵਿਚ ਛਪਿਆ, ਗ਼ਦਰ ਪਾਰਟੀ ਦੀਆਂ ਨੀਤੀਆਂ ਦਾ ਬੁਲਾਰਾ ਸੀ। ਇਸ ਦੇ ਨਾਲ-ਨਾਲ ਗ਼ਦਰ ਪ੍ਰੈਸ ਵੱਲੋਂ ਛਾਪੇ 80 ਪੈਂਫਲਿਟ ਵੀ ਗ਼ਦਰ ਪਾਰਟੀ ਦੀ ਰਾਜਸੀ ਸੂਝ ਅਤੇ ਇਸ ਦੀ ਲੜਾਈ ਦੇ ਪੈਂਤੜੇ ਨੂੰ ਬਿਆਨ ਕਰਦੇ ਹਨ।
ਅੰਗਰੇਜ਼ੀ ਦੇ ਕੁਝ ਲੇਖਕਾਂ ਨੇ ਲਿਖਿਆ ਹੈ ਕਿ ਗ਼ਦਰ ਪਾਰਟੀ ਅਜ਼ਾਦੀ ਤੋਂ ਪਿੱਛੋਂ ਕਿਸ ਤਰ੍ਹਾਂ ਦੀ ਹਕੂਮਤ ਕਾਇਮ ਕਰਨਾ ਚਾਹੁੰਦੀ ਸੀ, ਇਸ ਬਾਰੇ ਕੁਝ ਸਪੱਸ਼ਟ ਨਹੀਂ ਕਿਹਾ ਜਾ ਸਕਦਾ। ਪ੍ਰੰਤੂ ਇਨ੍ਹਾਂ ਲੇਖਕਾਂ ਦੀ ਇਹ ਧਾਰਨਾ ਬਿਲਕੁਲ ਹੀ ਗ਼ਲਤ ਹੈ। ਹਿੰਦੋਸਤਾਨ ਐਸੋਸੀਏਸ਼ਨ ਦੇ ਖਰੜੇ ਵਿਚ ਸਪੱਸ਼ਟ ਲਿਖਿਆ ਗਿਆ ਹੈ beject
of the association is to establish liberty, equality and fraternity of Hindostanies.
ਗ਼ਦਰ ਪਾਰਟੀ ਹਿੰਦੋਸਤਾਨ ਦੀ ਪੂਰਨ ਆਜ਼ਾਦੀ ਲਈ ਲੜੀ ਸੀ। ਇਸ ਦੀ ਪ੍ਰਾਪਤੀ ਲਈ ਹਥਿਆਰਬੰਦ ਇਨਕਲਾਬ ਵਿਚ ਉਨ੍ਹਾਂ ਦਾ ਪੂਰਾ ਵਿਸ਼ਵਾਸ ਸੀ। ਇਸ ਬਾਰੇ ਗ਼ਦਰ ਦੀ ਗੂੰਜ ਵਿਚ ਸਪੱਸ਼ਟ ਕਿਹਾ ਹੈ :
ਕਦੇ ਮੰਗਿਆ ਮਿਲਣ ਅਜ਼ਾਦੀਆਂ ਨਾ,
ਹੁੰਦੇ ਤਰਲਿਆਂ ਨਾਲ ਨਾ ਰਾਜ ਲੋਕੋ।
ਗ਼ਦਰੀ ਹਿੰਦੋਸਤਾਨੀਆਂ ਵਿਚ ਇਕ ਰੀਪਬਲਿਕ, ਲੋਕਾਂ ਦੀਆਂ ਵੋਟਾਂ ਨਾਲ ਚੁਣੀ ਹੋਈ ਡੈਮੋਕਰੈਟਿਕ ਹਕੂਮਤ ਸਥਾਪਤ ਕਰਨੀ ਚਾਹੁੰਦੇ ਸਨ। ਛੂਤਛਾਤ ਨੂੰ ਇਹ ਸਮਾਜ ਦਾ ਕੋਹੜ ਸਮਝਦੇ ਸਨ। ਉਨ੍ਹਾਂ ਦੀ ਰਾਜਸੀ ਸੋਚ ਧਰਮ ਨਿਰਲੇਪ ਸੀ, ਨਿਰੋਲ ਸੈਕੂਲਰ, ਜਿਸ ਉੱਤੇ ਉਹ ਜ਼ਿੰਦਗੀ ਭਰ ਖੜ੍ਹੇ ਰਹੇ। ਸੂਬਾਵਾਦ ਜਾਂ ਜਾਤੀ ਤੁੱਅਸਬ ਉਨ੍ਹਾਂ ਦੇ ਨੇੜਿਓਂ ਵੀ ਨਹੀਂ ਸੀ ਲੰਘਿਆ ਹੋਇਆ। ਹਿੰਦੋਸਤਾਨ ਦੀ ਅਜ਼ਾਦੀ ਦੇ ਸੰਗਰਾਮ ਵਿਚ ਉਨ੍ਹਾਂ ਨੇ ਸਮੁੱਚੇ ਹਿੰਦੋਸਤਾਨ ਦੇ ਵਿਰਸੇ ਨੂੰ ਅਪਣਾਇਆ ਸੀ। ਹਿੰਦੋਸਤਾਨ ਦੇ ਸਾਰੇ ਸੂਬਿਆਂ ਅਤੇ ਕੌਮੀਅਤਾਂ ਦੇ ਵਿਦਰੋਹੀਆਂ ਨੂੰ ਉਨ੍ਹਾਂ ਨੇ ਗ਼ਦਰ ਦੀ ਗੂੰਜ ਵਿਚ ਸਨਮਾਨਿਆ ਸੀ ਅਤੇ ਉਨ੍ਹਾਂ ਦੀਆਂ ਉਦਾਹਰਨਾਂ ਦੇ ਕੇ ਲੋਕਾਂ ਨੂੰ ਜਗਾਇਆ ਸੀ। ਏਸੇ ਤਰ੍ਹਾਂ ਰਾਜਿਆਂ, ਨਵਾਬਾਂ, ਸਰਦਾਰਾਂ, ਖਾਨ ਤੇ ਰਾਏ ਬਹਾਦਰਾਂ ਦੀਆਂ ਕਾਲੀਆਂ ਕਰਤੂਤਾਂ ਤੋਂ ਲੋਕਾਂ ਨੂੰ ਸੁਚੇਤ ਕੀਤਾ ਸੀ, ਅੰਗਰੇਜ਼ੀ ਰਾਜ਼ ਦੇ ਇਹ ਸਹਿਯੋਗੀ ਭਾਵੇਂ ਪੰਜਾਬ ਦੇ ਸਨ ਜਾਂ ਦੂਜੇ ਸੂਬਿਆਂ ਦੇ। ਗ਼ਦਰੀ ਭਾਵੇਂ ਕਿ ਸ਼ਾਹੂਕਾਰਾਂ ਤੋਂ ਕਿਸੇ ਵੀ ਮਦਦ ਦੇ ਆਸਵੰਦ ਨਹੀਂ ਸਨ ਤਾਂ ਵੀ ਉਨ੍ਹਾਂ ਨੂੰ ਪ੍ਰੇਰਨ ਦੀ ਕੋਸ਼ਿਸ਼ ਕੀਤੀ। ਗ਼ਦਰ ਪਾਰਟੀ ਨੇ ਮਜ਼ਹਬੀ ਫਸਾਦ ਕਰਾਉਣ ਵਾਲੇ ਪੰਡਤਾਂ, ਮੁਲਾਣਿਆਂ ਅਤੇ ਭਾਈਆਂ ਦੇ ਪਰਦੇ ਫਾਸ਼ ਕੀਤੇ ਸਨ। ਮੁਲਕ ਦੀ ਬਦਹਾਲੀ ਦਾ ਕਾਰਣ ਉਹ ਅੰਗਰੇਜ਼ ਦੀ ਹਕੂਮਤ ਅਤੇ ਉਸ ਦੇ ਪਿੱਠੂਆਂ ਨੂੰੂ ਸਮਝਦੇ ਸਨ। ਉਹ ਕਿਸਾਨਾਂ, ਪੇਂਡੂ ਮਜ਼ਦੂਰਾਂ ਅਤੇ ਦਸਤਕਾਰਾਂ ਨੂੰ ਉਹਨਾਂ ਦੀ ਗਰੀਬੀ ਦੇ ਕਾਰਣਾਂ ਬਾਰੇ ਸੁਚੇਤ ਕਰਦੇ ਅਤੇ ਮੁਲਕ ਦੀ ਆਜ਼ਾਦੀ ਲਈ ਲੜਨ ਵਾਸਤੇ ਪ੍ਰੇਰਦੇ ਸਨ। ਉਹ ਔਰਤਾਂ ਦੀ ਬਰਾਬਰੀ ਦਾ ਪ੍ਰਚਾਰ ਕਰਦੇ ਸਨ। ਹਰ ਮਸਲੇ ਵਿਚ ਉਨ੍ਹਾਂ ਦੀ ਸੋਚ ਤਰਕਸ਼ੀਲ ਸੀ। ਗ਼ਦਰੀ ਕੌਮਾਂਤਰੀ ਮਸਲਿਆਂ ਬਾਰੇ ਬਾਖ਼ਬਰ ਸਨ। ਦੁਨੀਆਂ ਵਿਚ ਹੋਏ ਇਨਕਲਾਬਾਂ ਦੀ ਉਹਨਾਂ ਨੂੰ ਪੂਰੀ ਜਾਣਕਾਰੀ ਸੀ ਅਤੇ ਵੇਲੇ-ਵੇਲੇ ਚਲ ਰਹੀਆਂ ਅਜ਼ਾਦੀ ਦੀਆਂ ਲਹਿਰਾਂ ਬਾਰੇ ਉਹ ਸੁਚੇਤ ਰਹਿੰਦੇ ਸਨ।
ਗ਼ਦਰ ਪਾਰਟੀ ਨੇ ਆਮ ਲੋਕਾਂ ਨੂੰ ਲਾਮਬੰਦ ਕਰਨ ਵੱਲ ਘੱਟ ਧਿਆਨ ਦਿੱਤਾ ਅਤੇ ਅੰਗਰੇਜ਼ ਹਕੂਮਤ ਵਿਰੁੱਧ ਹਥਿਆਰਬੰਦ ਲੜਾਈ ਲਈ ਹਿੰਦੋਸਤਾਨੀ ਫੌਜੀਆਂ ’ਤੇ ਖਾਸ ਟੇਕ ਲਾਈ ਹੋਈ ਸੀ। ਫ਼ੌਜੀਆਂ, ਨਾਮ-ਕਟਿਆਂ ਤੇ ਰੀਜ਼ਰਵੀਆਂ ਨੂੰ ਉਨ੍ਹਾਂ ਨੇ ਅਪੀਲਾਂ ’ਤੇ ਅਪੀਲਾਂ ਕੀਤੀਆਂ ਸਨ। ਇਸ ਵਿਚ ਗ਼ਦਰੀਆਂ ਨੂੰ ਕਾਫੀ ਹੱਦ ਤੱਕ ਕਾਮਯਾਬੀ ਵੀ ਮਿਲ ਗਈ ਸੀ। ਪਰ ਇਸ ਦੇ ਮੁਕਾਬਲੇ ਉਹ ਆਮ ਲੋਕਾਂ ਨੂੰ ਜਾਗਰੂਕ ਨਾ ਕਰ ਸਕੇ, ਜੋ ਉਨ੍ਹਾਂ ਦੀ ਨਾਕਾਮਯਾਬੀ ਦਾ ਮੁੱਖ ਕਾਰਨ ਬਣਿਆ ਸੀ।
ਗ਼ਦਰ ਪਾਰਟੀ ਦੀ ਉਪਰੋਕਤ ਰਾਜਸੀ ਸੂਝ ਗ਼ਦਰ ਦੀ ਗੂੰਜ ਵਿਚ ਸਪੱਸ਼ਟ ਨਜ਼ਰ ਆਉਂਦੀ ਹੈ। ਇਸ ਵਿਚਲੀਆਂ ਕਵਿਤਾਵਾਂ ਦੀ ਰਚਨਾ ਆਮ ਲੋਕਾਂ ਨੇ ਕੀਤੀ। ਇਹ ਕਵਿਤਾਵਾਂ ਪੰਜਾਬੀ ਤਰਜ਼ ਵਿਚ ਗਾਈਆਂ ਜਾਣ ਵਾਲੀਆਂ ਤੇ ਲੋਕ ਗੀਤਾਂ ਵਰਗੀਆਂ ਹਨ। ਇਨ੍ਹਾਂ ਵਿਚ ਅੰਕਤ ਖ਼ਿਆਲ ਗ਼ਦਰੀਆਂ ਦੇ ਹੱਡਾਂ ਵਿਚ ਰਚ ਗਏ ਸਨ। ਗ਼ਦਰ ਪਾਰਟੀ ਨਾਲ ਸਬੰਧਤ ਲੋਕਾਂ ’ਤੇ ਇਨ੍ਹਾਂ ਕਵਿਤਾਵਾਂ ਦਾ ਅਸਰ ਅਜੇ ਵੀ ਏਨਾ ਗਹਿਰਾ ਹੈ ਕਿ ਕਿਸੇ ਨਜ਼ਮ ਦੀ ਇਕ ਪੰਗਤੀ ਬੋਲੋ, ਉਹ ਅਗਲਾ ਹਿੱਸਾ ਆਪਮੁਹਾਰੇ ਹੀ ਪੂਰਾ ਕਰ ਦਿੰਦੇ ਹਨ।
ਅੰਗਰੇਜ਼ੀ ਹਕੂਮਤ ਨੇ ਵੀ ਗ਼ਦਰੀਆਂ ਦੀ ਉਪਰੋਕਤ ਸਿਆਸੀ ਸੂਝ ਨੂੰ ਮੰਨਿਆ ਹੈ। 1915-16 ਦੇ ਸਾਜ਼ਸ਼ ਕੇਸਾਂ ਵਿਚ ਅੰਗਰੇਜ਼ੀ ਅਦਾਲਤਾਂ ਨੇ ਗ਼ਦਰੀਆਂ ਉੱਪਰ ਇਹ ਦੋਸ਼ ਲਾਏ ਸਨ ਕਿ ਇਹ ਉੱਪਰ ਦੱਸੀ ਸਿਆਸੀ ਸੂਝ ਰੱਖਦੇ ਹਨ, ਜਿਸ ਨੇ ਉਨ੍ਹਾਂ ਨੂੰ ਫਾਂਸੀਆਂ ਅਤੇ ਉਮਰ ਕੈਦਾਂ ਦੀਆਂ ਸਜ਼ਾਵਾਂ ਦਿਵਾਈਆਂ।
ਨਵੰਬਰ 1913 ਤੋਂ 15 ਦਸੰਬਰ 1914 ਤੱਕ ਦੇ ਗ਼ਦਰ ਅਖ਼ਬਾਰ ਦੇ ਅੰਕਾਂ ਵਿਚੋਂ ਹਵਾਲੇ ਦਿੰਦਿਆਂ ਸਰਕਾਰ ਨੇ ਦੋਸ਼ ਲਾਏ ਸਨ ਕਿ :
- ਜ਼ਮੀਨੀ ਬੰਦੋਬਸਤ, ਰੇਲਵੇ, ਨਹਿਰਾਂ, ਕਣਕ ਦੇ ਨਿਕਾਸ ਅਤੇ ਮਾਰੂ ਬਿਮਾਰੀਆਂ ਬਾਰੇ ਦੱਸਦਿਆਂ ਅੰਗਰੇਜ਼ ਸਰਕਾਰ ਵਿਰੁੱਧ ਨਫ਼ਰਤ ਪੈਦਾ ਕੀਤੀ।
- ਇਸ ਅਖ਼ਬਾਰ ਵਿਚ ਦੁਨੀਆਂ ਦੇ ਕਈ ਮੁਲਕਾਂ ਵਿਚ ਵਾਪਰੀਆਂ ਪਿਛਲੀਆਂ ਤੇ ਹੁਣ ਵਾਲੀਆਂ ਬਗਾਵਤਾਂ ਬਾਰੇ ਲਿਖਿਆ ਤਾਂ ਕਿ ਹਿੰਦੁਸਤਾਨੀ ਉਹਨਾਂ ਨੂੰ ਨਮੂਨੇ ਵਜੋਂ ਲੈ ਕੇ ਉਹਨਾਂ ਦੇ ਰਾਹ ’ਤੇ ਚੱਲਣ।
- ਤਿਲਕ, ਅਰਬਿੰਦੋ ਘੋਸ਼ ਤੇ ਅਜੀਤ ਸਿੰਘ ਨੂੰ ਜ਼ਿੰਦਾ ਸ਼ਹੀਦ ਕਹਿ ਕੇ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ।
- ਅਮਰੀਕਾ ਵਿਚ ਵਸਦੇ ਹਿੰਦੋਸਤਾਨੀਆਂ ਨੂੰ ਬਗ਼ਾਵਤ ਕਰਨ ਵਾਸਤੇ ਹਿੰਦੋਸਤਾਨ ਪਰਤ ਜਾਣ ਲਈ ਉਕਸਾਇਆ।
- 17 ਫਰਵਰੀ 1914 ਦੇ ਗ਼ਦਰ ਅਖ਼ਬਾਰ ਵਿਚ ਹਿੰਦੋਸਤਾਨੀ ਫੌਜੀਆਂ ਨੂੰ ਫੌਜ ਵਿਚੋਂ ਮਫਰੂਰ ਹੋਣ ਦੀ ਸਲਾਹ ਦਿੱਤੀ, ਜਿਸ ਵਿਚ ਹਿੰਦੋੋਸਤਾਨੀ ਫੌਜੀਆਂ ਅਤੇ ਅੰਗਰੇਜ਼ ਫੌਜੀਆਂ ਦੀਆਂ ਤਨਖਾਹਾਂ ਦੇ ਫ਼ਰਕ ਦਾ ਵੀ ਜ਼ਿਕਰ ਕੀਤਾ ਗਿਆ ਹੈ। 21 ਜੁਲਾਈ 1914 ਦੇ ਅੰਕ ਵਿਚ ਲਿਖਿਆ ਹੈ ਕਿ ਸਾਰੇ ਬਾਦਸ਼ਾਹ ਕਿਸਾਨੀ ਦੇ ਦੁਸ਼ਮਣ ਹੁੰਦੇ ਹਨ।
ਗ਼ਦਰ ਪਾਰਟੀ ਨੇ ਗ਼ਦਰ ਅਖ਼ਬਾਰ, ਇਸ ਦੀਆਂ ਕਟਿੰਗਾਂ ਤੇ ਇਸ ਦੇ ਲੇਖਾਂ ’ਤੇ ਅਧਾਰਤ ਖ਼ਤ ਡਾਕ ਰਾਹੀਂ ਹਿੰਦੋਸਤਾਨ ਭੇਜੇ, ਜਿਹੜੇ ਸੈਂਸਰ ਦੇ ਬਾਵਜੂਦ ਪਹੁੰਚਦੇ ਰਹੇ ਸਨ।
ਅੰਗਰੇਜ਼ੀ ਹਕੂਮਤ ਵਲੋਂ ਗ਼ਦਰੀਆਂ ਵਿਰੁੱਧ ਘੜੇ ਇਨ੍ਹਾਂ ਕੇਸਾਂ ਵਿਚ ਲਾਏ ਦੋਸ਼ ਗ਼ਦਰ ਪਾਰਟੀ ਦੀ ਸਿਆਸੀ ਸੂਝ ਦੀ ਵਿਆਖਿਆ ਕਰਦੇ ਹਨ।
ਗ਼ਦਰ ਦੀ ਗੂੰਜ ਵਿਚ ਅੰਕਤ ਕੀਤੀਆਂ ਕਵਿਤਾਵਾਂ ਹਿੰਦੋਸਤਾਨੀ ਲੋਕਾਂ ਤੇ ਹਿੰਦੋਸਤਾਨੀ ਪਰਵਾਸੀਆਂ ਦੀ ਸਮਾਜੀ ਤੇ ਆਰਥਕ ਦਸ਼ਾ ਬਿਆਨ ਕਰਦੀਆਂ ਹਨ; ਇਸ ਦਸ਼ਾ ਦੇ ਕਾਰਨਾਂ ਦੀ ਵਿਆਖਿਆ ਕਰਦੀਆਂ ਹਨ। ਇਸ ਦਸ਼ਾ ਵਿਚੋਂ ਬਾਹਰ ਨਿਕਲਣ ਦਾ ਰਾਹ ਦਿਖਾਉਂਦੀਆਂ ਹਨ।
ਬਹੁਤ ਸਾਰੀਆਂ ਕਵਿਤਾਵਾਂ ਵਿਚ ਹਿੰਦੋਸਤਾਨੀਆਂ ਦੀ ਮਨੋਅਵਸਥਾ ਨੂੰ ਬੜੀ ਸਾਦਗੀ ਤੇ ਸਫਾਈ ਨਾਲ ਕਲਮਬੰਦ ਕੀਤਾ ਗਿਆ ਹੈ। ਗ਼ਦਰ ਦੀ ਗੂੰਜ (ਨੰਬਰ ਇਕ) ਵਿਚ ‘ਸੱਚੀ ਪੁਕਾਰ’ ਦੇ ਸਿਰਲੇਖ ਹੇਠ ਲਿਖਿਆ ਹੈ :
ਕੁਲੀ ਕੁਲੀ ਪੁਕਾਰਦਾ ਜਗ ਸਾਨੂੰ
ਸਾਡਾ ਝੁਲਦਾ ਕਿਤੇ ਨਿਸ਼ਾਨ ਕਿਉਂ ਨਹੀਂ
ਕੀਕੂੰ ਬਚਾਂਗੇ ਸਦਾ ਗੁਲਾਮ ਰਹਿ ਕੇ
ਸਾਨੂੰ ਰਾਜਨੀਤੀ ਵਾਲਾ ਗਿਆਨ ਕਿਉਂ ਨਹੀਂ
ਢਾਈ ਟੋਟਰੂ ਖਾ ਗਏ ਖੇਤ ਸਾਡਾ
ਹਿੰਦੋਸਤਾਨ ਦਾ ਕੋਈ ਕਿਰਸਾਨ ਕਿਉਂ ਨਹੀਂ
ਅਗਲੀਆਂ ਪੰਗਤੀਆਂ ਵਿਚ ਤਿਲਕ, ਅਰਬਿੰਦੋ ਘੋਸ਼, ਹਰਦਿਆਲ ਅਤੇ ਸਰਦਾਰ ਅਜੀਤ ਸਿੰਘ ਬਾਰੇ ਇਸ਼ਾਰਾ ਕੀਤਾ ਗਿਆ ਹੈ :
ਜਿਨ੍ਹਾਂ ਵਿਚ ਮੁਸੀਬਤਾਂ ਉਮਰ ਗਾਲੀ
ਭਾਰਤ ਉਨ੍ਹਾਂ ਨੂੰ ਕਰੂ ਪ੍ਰਵਾਨ ਕਿਉਂ ਨਹੀਂ
ਸਮਾਂ ਆਵਸੀ ਅੱਖੀਆਂ ਵੇਖ ਲੈਸਨ..
ਏਸੇ ਤਰ੍ਹਾਂ ਦੂਜੀ ਬੈਂਤ ਵਿਚ ਮੁਲਕ ਦੀ ਦੁਰਦਸ਼ਾ ਦਾ ਚਿੱਤਰ ਪੇਸ਼ ਕੀਤਾ ਗਿਆ ਹੈ :
ਕਿਸਮਤ ਕੁਲ ਜਹਾਨ ਦੀ ਤੇਜ਼ ਹੋਈ
ਭਾਗ ਗਿਰ ਗਏ ਕਿਉਂ ਹਿੰਦੁਸਤਾਨ ਤੇਰੇ
ਪਾਟੇ ਕੱਪੜੇ ਵਾਂਗ ਸੁਦਾਈਆਂ ਦੇ
ਰੁਲਦੇ ਫਿਰਨ ਕੀਕੂ ਨੌਜਵਾਨ ਤੇਰੇ
ਦੁਨੀਆ ਵਿਚ ਏਰੋਪਲੈਨ ਤਿਆਰ ਕੀਤੇ
ਗਿਣਤੀ ਵਿਚ ਕਿਉਂ ਨਹੀਂ ਸੈਂਸਦਾਨ ਤੇਰੇ
ਔਰਤ ਮਰਦ ਕੋਲੋਂ ਜਬਰਨ ਜੁਦਾ ਕੀਤੀ
ਭੌਂਦੂ ਅਜੇ ਵੀ ਵਾਸਤੇ ਪਾਨ ਤੇਰੇ
ਤੀਜੀ ਬੈਂਤ ਵਿਚ ਆਜ਼ਾਦੀ ਲਈ ਲੜਨ ਦਾ ਐਲਾਨ ਕੀਤਾ ਗਿਆ ਹੈ :
ਮਾਰਾਂ ਮਾਰਾਂਗੇ ਲੜਾਂਗੇ ਹਿੰਦ ਬਦਲੇ
ਬੋਲੋ ਗੱਜ ਕੇ ਗਈ ਜ਼ੁਬਾਨ ਕਿੱਥੇ
ਚੌਥੀ ਬੈਂਤ ਵਿਚ ਹਿੰਦੋਸਤਾਨੀਆਂ ਲਈ ਦਾਅਪੇਚ ਤਜਵੀਜ਼ ਕੀਤੇ ਗਏ ਹਨ :
ਖੁਫੀਆ ਰਾਜ ਸੋਸਾਇਟੀਆਂ ਕਰੋ ਕੈਮ
ਰਲ ਮਰਹੱਟੇ ਬੰਗਾਲੀ ਦੇ ਯਾਰ ਹੋ ਜਾਓ
ਹਿੰਦੂ ਸਿੱਖ ਤੇ ਮੋਮਨੋ ਕਰੋ ਜਲਦੀ
ਇਕ ਦੂਸਰੇ ਦੇ ਮਦਦਗਾਰ ਹੋ ਜਾਓ
ਏਸੇ ਤਰ੍ਹਾਂ ਪੰਜਵੀਂ ਬੈਂਤ ਵਿਚ ਅਜ਼ਾਦੀ ਜਾਂ ਮੌਤ ਦੀ ਗੱਲ ਕਹੀ ਗਈ ਹੈ। ਚੀਨ ਵਿਚ ਪੈਦਾ ਹੋਈ ਸਿਆਸੀ ਜਾਗਰਤੀ ਦਾ ਜ਼ਿਕਰ ਹੈ। ਗ਼ਦਰ ਕਰਨ ਬਾਰੇ ਅਪੀਲ ਹੈ ਅਤੇ ਗ਼ਦਰ ਦੇ ਰਾਹ ਵਿਚ ਰੁਕਾਵਟਾਂ ਪਾਉਣ ਵਾਲੇ ਮਜ਼ਹਬੀ ਜਨੂੰਨੀਆਂ ਨੂੰ ਬੇੜਾ ਡੋਬਣ ਵਾਲੇ ਦੱਸਿਆ ਗਿਆ ਹੈ :
ਮਰਨ ਭਲਾ ਗੁਲਾਮੀ ਦੀ ਜ਼ਿੰਦਗੀ ਤੋਂ
ਨਹੀਂ ਸੁਖਨ ਇਹ ਮਨ ਭੁਲਾਵਣੇ ਦਾ
ਮੁਲਕ ਜਾਗਿਆ ਚੀਨ ਜੋ ਘੂਕ ਸੁਤਾ
ਢੋਲ ਵਜਿਆ ਹਿੰਦ ਜਗਾਵਣੇ ਦਾ
ਸਾਨੂੰ ਲੋੜ ਨਾ ਪੰਡਤਾਂ ਕਾਜ਼ੀਆਂ ਦੀ
ਨਹੀਂ ਸ਼ੌਕ ਹੈ ਬੇੜਾ ਡੁਬਾਵਣੇ ਦਾ
ਜਪ ਜਾਪ ਦਾ ਵਕਤ ਬਤੀਤ ਹੋਇਆ
ਵੇਲਾ ਆ ਗਿਆ ਤੇਗ ਉਠਾਵਣੇ ਦਾ
ਪੜ੍ਹ ਕੇ ਗ਼ਦਰ ਅਖ਼ਬਾਰ ਨੂੰ ਖ਼ਬਰ ਲੱਗੀ
ਵੇਲਾ ਆ ਗਿਆ ਗ਼ਦਰ ਮਚਾਵਣੇ ਦਾ
ਛੇਵੀਂ ਬੈਂਤ ਵਿਚ ਉਤਸ਼ਾਹ ਦੇਣ ਲਈ ਦੂਜੇ ਦੇਸਾਂ ਦੀ ਤਰੱਕੀ ਦਾ ਜ਼ਿਕਰ ਹੈ ਅਤੇ ਆਪਸੀ ਝਗੜਿਆਂ ਤੋਂ ਸੁਚੇਤ ਕੀਤਾ ਗਿਆ ਹੈ। ਭੁਖਮਰੀ ਤੇ ਗਰੀਬੀ ਦਾ ਚਿੱਤਰ ਪੇਸ਼ ਕੀਤਾ ਹੈ ਅਤੇ ਬਗਾਵਤ ਦਾ ਸੱਦਾ ਦਿੱਤਾ ਗਿਆ ਹੈ :
ਜ਼ਰਾ ਉਨ੍ਹਾਂ ਦੇ ਵਲ ਧਿਆਨ ਮਾਰੋ
ਕਿਥੇ ਪੁਜ ਗਏ ਮੁਲਕ ਜਪਾਨ ਵਾਲੇ
ਤੁਸਾਂ ਦੀਨ ਈਮਾਨ ਦੇ ਪਏ ਪਿੱਛੇ
ਫਿਕਰ ਤੁਸੀਂ ਨੂੰ ਗਿਆਨ ਧਿਆਨ ਵਾਲੇ
ਆਪਸ ਵਿਚ ਲੜਨਾ ਮੰਦਾ ਕੰਮ ਫੜਿਆ
ਝਗੜੇ ਝਗੜ ਹਿੰਦੂ ਮੁਸਲਮਾਨ ਵਾਲੇ
ਹੀਰਾ ਹਿੰਦ ਹੀਰਾ ਖਾਕ ਰੋਲ ਦਿਤਾ
ਰੌਲੇ ਘਤ ਕੇ ਵੇਦ ਕੁਰਾਨ ਵਾਲੇ
ਗਾਈਂ ਸੂਰ ਝਟਕਾ ਜੇ ਕਰ ਦੁਖ ਦਿੰਦਾ
ਗੋਰੇ ਹਨ ਤਿੰਨੇ ਚੀਜ਼ਾਂ ਖਾਣ ਵਾਲੇ
ਭੁਖੇ ਮਰਨ ਬੱਚੇ ਕਾਲ ਵਿਚ ਸਾਡੇ
ਖੱਟੀ ਖਾਣ ਸਾਡੀ ਇੰਗਲਸਤਾਨ ਵਾਲੇ
ਕਣਕ ਬੀਜ ਕੇ ਖਾਣ ਨੂੰ ਜੌਂ ਮਿਲਦੇ
ਪੈਸਾ ਛੱਡਦੇ ਨਹੀਂ ਲਗਾਨ ਵਾਲੇ
ਲਾਇਆ ਟੈਕਸ ਫਰੰਗੀਆਂ ਬਹੁਤ ਯਾਰੋ
ਭੁਖੇ ਮਰਨ ਗਰੀਬ ਦੁਕਾਨ ਵਾਲੇ
ਕਰੋ ਪਲਟਨ ਨੂੰ ਖ਼ਬਰਦਾਰ ਜਾ ਕੇ
ਸੁੱਤੇ ਪਏ ਕਿਉਂ ਤੇਗ ਚਲਾਣ ਵਾਲੇ
ਮੁਸਲਮਾਨ ਪਠਾਣ ਬਲਵਾਨ ਡੋਗਰ
ਸਿੰਘ ਸੂਰਮੇ ਯੁੱਧ ਮਚਾਣ ਵਾਲੇ
ਹਿੰਦੋਤਸਾਨੀਆਂ ਮੋਰਚੇ ਫਤਹਿ ਕੀਤੇ
ਬਰਮਾ ਮਿਸਰ ਤੇ ਚੀਨ ਸੁਡਾਨ ਵਾਲੇ
ਏਸੇ ਤਰ੍ਹਾਂ ਸਤਵੀਂ ਬੈਂਤ ਸਾਰੀ ਦੀ ਸਾਰੀ ਹਿੰਦੋਸਤਾਨ ਦੇ ਲੋਕਾਂ ਦੀ ਤਰਸਯੋਗ ਦਸ਼ਾ ਨੂੰ ਬਿਆਨ ਕਰਦੀ ਹੈ। ਹਿੰਦੋਸਤਾਨੀ ਅਤੇ ਗੋਰੇ ਫੌਜੀਆਂ ਵਿਚਕਾਰ ਵਿਤਕਰੇ ਦਾ ਜ਼ਿਕਰ ਕਰਦੀ ਹੈ। ਅੰਗਰੇਜ਼ਾਂ ਵਲੋਂ ਪੰਜਾਬੀ, ਮਰਹੱਟੇ, ਡੋਗਰੇ, ਪਠਾਣ, ਗੜ੍ਹਵਾਲੀ ਆਦਿ ਨਾਵਾਂ ’ਤੇ ਹਿੰਦੋਸਤਾਨੀ ਫੌਜੀਆਂ ਨੂੰ ਵੰਡਣ ਦਾ ਜ਼ਿਕਰ ਹੈ। ਅੱਠਵੀਂ ਬੈਂਤ ਵਿਚ ਫੇਰ ਹਿੰਦੋਸਤਾਨੀਆਂ ਨੂੰ ਉਨ੍ਹਾਂ ਦੀ ਬਲਵਾਨ ਤਾਕਤ ਦਾ ਅਹਿਸਾਸ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਇਕ ਹੋਣ ਲਈ ਕਿਹਾ ਹੈ :
ਹਿੰਦੋਸਤਾਨ ਦੇ ਤੀਹ ਕਰੋੜ ਬੰਦੇ
ਕਰਦੇ ਰਾਜ ਇਹ ਚਾਰ ਕਰੋੜ ਕਾਹਨੂੰ
ਛੇਤੀ ਮਿਲ ਬੈਠੋ ਹਿੰਦੂ ਮੁਸਲਮਾਨੋ
ਤੁਸੀਂ ਬੈਠੇ ਹੋ ਵਿਚ ਅਨਜੋੜ ਕਾਹਨੂੰ
ਗੋਰਿਆਂ ਦੀਆਂ ਸਾਜ਼ਸ਼ਾਂ ਨੂੰ ਬੇਪਰਦ ਕਰਨ ਲਈ ਉਨ੍ਹਾਂ ਨੇ ਤੁਰਕੀ ਨੂੰ ਖ਼ਤਮ ਕਰਨ ਦੇ ਮਨਸੂਬਿਆਂ ਨੂੰ ਸਾਹਮਣੇ ਲਿਆਂਦਾ ਹੈ :
ਜ਼ਾਹਰਾ ਜਾ ਬਲਗੇਰੀਆ ਛੇੜ ਛੇੜੀ
ਗੁੱਝੇ ਤੌਰ ਜ਼ਾਲਮ ਇੰਗਲਸਤਾਨ ਚੜ੍ਹ ਗਈ
ਪੈਹਲਾਂ ਮਲ ਇਟਲੀ ਲਈ ਟਿਰੀਪੋਲੀ
ਦੂਜੇ ਪਾਸਿਓਂ ਜਾ ਬਲਕਾਨ ਚੜ੍ਹ ਗਈ
ਅੱਗੇ ਚੱਲ ਕੇ ਗਿਆਰਵੀਂ ਬੈਂਤ ਵਿਚ ਸਿੱਖਾਂ ਨੂੰ ਉਨ੍ਹਾਂ ਦੀਆਂ ਰਵਾਇਤਾਂ, ਸਿੱਖਿਆਵਾਂ ਅਤੇ ਜਿੱਤਾਂ ਬਾਰੇ ਯਾਦ ਕਰਾਇਆ ਗਿਆ ਹੈ। ਸਿੱਖ ਯੋਧਿਆਂ ਦੇ ਕਾਰਨਾਮੇ ਬਿਆਨੇ ਗਏ ਹਨ ਅਤੇ ਬਾਅਦ ਨੂੰ ਉਨ੍ਹਾਂ ਵਿਚ ਪਈ ਦੁਫੇੜ ਦੇ ਭਿਆਨਕ ਨਤੀਜਿਆਂ ਦਾ ਜ਼ਿਕਰ ਹੈ। ਰਿਆਸਤਾਂ ਦੇ ਰਾਜਿਆਂ ਦੀ ਗ਼ਦਾਰੀ ਨੰਗੀ ਕੀਤੀ ਗਈ ਹੈ :
ਪਰ ਉਪਕਾਰ ਖਾਤਰ ਗੁਰਾਂ ਸਾਜਿਆ ਸੀ
ਹੱਥੀਂ ਕੀਤੇ ਸੀ ਜੰਗ ਅਪਾਰ ਸਿੰਘੋ
ਵਿਚ ਪੰਥ ਦੇ ਆਣ ਦੁਫੇੜ ਪੈ ਗਈ
ਫਸੇ ਵਿਚ ਗੁਲਾਮੀ ਦੇ ਜਾਲ ਸਿੰਘੋ
ਆਏ ਵਿਚ ਪੰਜਾਬ ਅੰਗਰੇਜ਼ ਜ਼ਾਲਮ
ਦਿਤਾ ਮੁਲਕ ਨੂੰ ਕਰ ਕੰਗਾਲ ਸਿੰਘੋ
ਏਥੇ ਆਉਣ ਦੀ ਇਨ੍ਹਾਂ ਮਜਾਲ ਕੀ ਸੀ
ਜੇ ਨਾ ਲਿਔਂਦੇ ਨਾਭਾ ਪਟਿਆਲ ਸਿੰਘੋ
ਮਦਦ ਇਨ੍ਹਾਂ ਦੀ ਫਤੇਹ ਪੰਜਾਬ ਕੀਤਾ
ਜੇਹੜੇ ਬਣੇ ਨਾ ਨਿਮਕ ਹਲਾਲ ਸਿੰਘੋ
ਇਨ੍ਹਾਂ ਰਜਵਾੜਿਆਂ ਵਲੋਂ 1857 ਦੇ ਗ਼ਦਰ ਵਿਚ ਹਿੱਸਾ ਨਾ ਲੈਣ ’ਤੇ ਤਾਹਨਾ ਮਾਰਦਿਆਂ ਲਿਖਿਆ ਗਿਆ ਹੈ :
ਅੱਜ ਮੁਲਕ ਅਜ਼ਾਦੀ ਵਿਚ ਖੇਲਣਾ ਸੀ
ਕਰਦੇ ਪਿਆਰ ਜੇ ਗ਼ਦਰ ਦੇ ਨਾਲ ਸਿੰਘੋ
ਏਸੇ ਤਰ੍ਹਾਂ ਉਸ ਜ਼ਮਾਨੇ ਦੇ ਕਥਿਤ ਲੀਡਰਾਂ, ਰਾਏ, ਖ਼ਾਨ ਤੇ ਸਰਦਾਰ ਬਹਾਦਰਾਂ ਦੀ ਨਿੰਦਾ ਕੀਤੀ ਹੈ :
ਜੱਟਾਂ ਸਿੱਧਿਆਂ ਨੂੰ ਕੋਈ ਦੋਸ਼ ਨਾਹੀਂ
ਸਾਡੇ ਲੀਡਰਾਂ ਦਾ ਮੰਦਾ ਹਾਲ ਸਿੰਘੋ
ਰਾਏ ਬਾਂਦਰਾਂ ਮੁਲਕ ਵੈਰਾਨ ਕੀਤਾ
ਪਿਆਰ ਰੱਖਦੇ ਬਾਂਦਰਾਂ ਨਾਲ ਸਿੰਘੋ
ਸਾਨੂੰ ਪਾਸ ਅੰਗਰੇਜ਼ਾਂ ਦੇ ਵੇਚਿਆ ਹੈ
ਆਪ ਮੁਲਕ ਦੇ ਬਣੇ ਦਲਾਲ ਸਿੰਘੋ
ਕਨੇਡਾ ਸਰਕਾਰ ਵਲੋਂ ਭਾਈ ਭਗਵਾਨ ਸਿੰਘ ਨੂੰ ਗ੍ਰਿਫਤਾਰ ਕਰਕੇ ਦੇਸ ਨਿਕਲਾ ਦੇਣ ਬਾਰੇ ਜ਼ਿਕਰ ਕਰਦਿਆਂ ਤਾਹਨਾ ਮਾਰਿਆ ਹੈ:
ਜਦੋਂ ਭਾਈ ਭਗਵਾਨ ਸਿੰਘ ਜੁੜਿਆ ਸੀ
ਕਿੱਥੇ ਗਏ ਸਨ ਗੁਰਾਂ ਦੇ ਲਾਲ ਸਿੰਘੋ
ਪਾਪੀ ਬੰਨ੍ਹ ਕੇ ਵਿਚ ਜਹਾਜ਼ ਲੈ ਗਏ
ਦਿਤਾ ਪਿੰਜਰੇ ਦੇ ਵਿਚ ਡਾਲ ਸਿੰਘੋ
ਡੈਪੂਟੇਸ਼ਨ, ਅਰਜ਼ੀਆਂ, ਪਰਚੇ ਛੱਡ ਕੇ ਹਥਿਆਰ ਚੁਕਣ ਦੀ ਸਲਾਹ ਦਿੱਤੀ :
ਡੈਪੂਟੇਸ਼ਨਾਂ ਕੁਝ ਨਾ ਖੋਵਣਾ ਜੇ
ਹੱਥੀਂ ਪਕੜ ਲੋ ਤੇਗ ਤੇ ਢਾਲ ਸਿੰਘੋ
ਅੱਗੇ ਜਾ ਕੇ ਸਿੱਖਾਂ ਨੂੰ ਕੌਮੀ ਇਨਕਲਾਬੀ ਧਾਰਾ ਵਿਚ ਸ਼ਾਮਲ ਹੋ ਕੇ ਲੜਨ ਦੀ ਅਪੀਲ ਕੀਤੀ ਗਈ ਹੈ ਅਤੇ ਹਿੰਦੋਸਤਾਨ ਦੇ ਸਾਰੇ ਕੌਮੀ ਲੀਡਰਾਂ ਦੀਆਂ ਕੁਰਬਾਨੀਆਂ ਦੇ ਗੁਣ ਗਾਏ ਗਏ ਹਨ :
ਜਿਨ੍ਹਾਂ ਮਾਮਲਾ ਬਾਰ ਦਾ ਰੋਕਿਆ ਸੀ
ਕਿਧਰ ਗਿਆ ਦਸਮੇਸ਼ ਦਾ ਲਾਲ ਸਿੰਘੋ
ਅੱਜ ਵਿਚ ਪ੍ਰਦੇਸਾਂ ਦੇ ਫਿਰੇ ਰੁਲਦਾ
ਪਾਸ ਉਸਦਾ ਨਹੀਂ ਹੈ ਮਾਲ ਸਿੰਘੋ
ਮਿਸਟਰ ਤਿਲਕ ਵਰਗੇ ਵਿਚ ਜੇਲ੍ਹ ਤੜਫਨ
ਭਾਰਤ ਵਰਸ਼ ਦੇ ਨੌਨਿਹਾਲ ਸਿੰਘੋ
ਬੈਠਾ ਵਿਚ ਜਪਾਨ ਦੇ ਬਰਕਤਉੱਲਾ
ਕਿਸੇ ਪੁੱਛਿਆ ਨਹੀਂ ਅਹਿਵਾਲ ਸਿੰਘੋ
ਕ੍ਰਿਸ਼ਨ ਵਰਮਾ ਜਾ ਵਿਚ ਫਰਾਂਸ ਬੈਠੇ
ਮੈਡਮ ਕਾਮਾ ਦਾ ਕਰੋ ਖਿਆਲ ਸਿੰਘੋ
ਬੈਠੀ ਮੋਰਚੇ ਮਲ ਫਰਾਂਸ ਅੰਦਰ
ਰਹੀ ਲੜ ਫਰੰਗੀਆਂ ਨਾਲ ਸਿੰਘੋ
ਖਾਲਸਾ ਕਾਲਜ ਉੱਤੇ ਅੰਗਰੇਜ਼ਾਂ ਦੇ ਕਬਜ਼ੇ ਬਾਰੇ ਅਤੇ ਹਰੀਮੰਦਰ ’ਤੇ ਅੰਗਰੇਜ਼ੀ ਦਲਾਲਾਂ ਦੀਆਂ ਕਰਤੂਤਾਂ ਦਾ ਜ਼ਿਕਰ ਕਰਦਿਆਂ ਲਿਖਿਆ ਹੈ :
ਕਾਲਜ ਖਾਲਸਾ ਜਿਹੜਾ ਤਿਆਰ ਕੀਤਾ
ਗੋਰੇ ਬਾਂਦਰਾਂ ਲਿਆ ਸੰਭਾਲ ਸਿੰਘੋ
ਸੁੰਦਰ ਸਿੰਘ ਮਜੀਠੀਏ ਨਾਸ਼ ਕੀਤਾ
ਭੈੜੀ ਚਲਿਆ ਚਾਲ ਚੰਡਾਲ ਸਿੰਘੋ
(ਇਸ ’ਤੇ ਰੋਹ ਵਿਚ ਆ ਕੇ ਹੀ ਮਾਸਟਰ ਚਤਰ ਸਿੰਘ ਸਾਂਗਲਾ ਹਿੱਲ ਨੇ ਅੰਮ੍ਰਿਤਸਰ ਖਾਲਸਾ ਕਾਲਜ ਦੇ ਅੰਗਰੇਜ਼ ਅਧਿਕਾਰੀਆਂ ’ਤੇ ਖੂਨੀ ਵਾਰ ਕੀਤਾ ਸੀ ਜਿਸ ’ਤੇ ਉਸ ਨੂੰ ਉਮਰ ਕੈਦ ਕਰ ਕੇ ਕਾਲੇ ਪਾਣੀ ਭੇਜ ਦਿੱਤਾ ਗਿਆ ਸੀ)। ਏਸੇ ਵਿਚ ਹੀ ਪੰਜਾਬੀਆਂ ਨੂੰ ਵੰਗਾਰਿਆ ਗਿਆ ਹੈ :-
ਡੂੰਘੀ ਨੀਂਦ ਦੇ ਵਿਚ ਪੰਜਾਬ ਸੁੱਤਾ
ਸ਼ੇਰ ਜਾਗਿਆ ਮੁਲਕ ਬੰਗਾਲ ਸਿੰਘੋ
ਹਿੰਦੂ ਮੋਮਨੋ ਮੁਗਲ ਪਠਾਣ ਮਿਲ ਕੇ
ਬੇੜਾ ਦਿਓ ਫਰੰਗੀਆਂ ਦਾ ਗਾਲ ਸਿੰਘੋ
ਅਸਾਂ ਸਾਰਿਆਂ ਵਿਚ ਨਾ ਫਰਕ ਕੋਈ
ਹਿੰਦ ਮਾਤ ਦੇ ਸਭੀ ਹਾਂ ਲਾਲ ਸਿੰਘੋ
ਹਿੰਦੋਸਤਾਨੀ ਪਰਵਾਸੀਆਂ ਉੱਤੇ ਪਏ ਗ਼ਦਰ ਅਖ਼ਬਾਰ ਦੇ ਪ੍ਰਭਾਵ ਨੂੰ ਬੈਂਤ ਰਾਹੀਂ ਇਸ ਤਰ੍ਹਾਂ ਪੇਸ਼ ਕੀਤਾ ਹੈ :
ਨਾਲ ਦਿਲੀ ਪਰੇਮ ਦੇ ਗ਼ਦਰ ਕਰਨਾ
ਇਹਦੇ ਨਾਲ ਹੀ ਬਚੇਗੀ ਜਾਨ ਸਾਡੀ
ਹੋਈ ਬੰਦ ਗ਼ੁਲਾਮੀ ਦੇ ਨਾਲ ਜੇੜ੍ਹੀ
ਦਿਤੀ ਗ਼ਦਰ ਨੇ ਖੋਲ੍ਹ ਜੁਬਾਨ ਸਾਡੀ
ਗੱਲਾਂ ਸੱਚੀਆਂ ਦਸਦਾ ਗ਼ਦਰ ਸਾਨੂੰ
ਲਈ ਗ਼ਦਰ ਨੇ ਨਬਜ਼ ਪਛਾਣ ਸਾਡੀ
ਅੰਗਰੇਜ਼ ਦੀ ਫੌਜ ਵਿਚ ਭਰਤੀ ਹਿੰਦੋਸਤਾਨੀ ਫੌਜੀਆਂ ਨੂੰ ਬਗਾਵਤ ਵਾਸਤੇ ਉਕਸਾਉਣ ਲਈ ਇਸ ਤਰ੍ਹਾਂ ਛੰਦਬੰਦੀ ਕੀਤੀ ਹੈ :
ਤੁਸੀਂ ਲੜੋ ਜਾ ਕੇ ਖਾਤਰ ਗੋਰਿਆਂ ਦੀ
ਸਿੰਘੋ ਭੋਲਿਓ ਕਰਦੇ ਖਿਆਲ ਕਿਉਂ ਨਹੀਂ
ਦੇਸਾਂ ਦੂਜਿਆਂ ’ਤੇ ਕਰੋ ਨਿੱਤ ਧਾਵੇ
ਮੁਲਕ ਅਪਣਾ ਲੈਂਦੇ ਸੰਭਾਲ ਕਿਉਂ ਨਹੀਂ
ਤਿਬਤ, ਚੀਨ ਅਫ਼ਰੀਕਾ ਨੂੰ ਫਤੇਹ ਕਰਦੇ
ਦਿਤਾ ਦੁਸ਼ਮਣਾਂ ਹੱਥ ਦਖਾਲ ਕਿਉਂ ਨਹੀਂ
ਉੱਠੋ ਜ਼ਰਾ ਆਜ਼ਾਦੀ ਦਾ ਲਵੋ ਝਾਕਾ
ਰਲ ਕੇ ਖੇਡਦੇ ਜ਼ਰਾ ਗੁਲਾਲ ਕਿਉਂ ਨਹੀਂ
ਸਤਾਰ੍ਹਵੀਂ ਬੈਂਤ ਵਿਚ ਜਥੇਬੰਦਕ ਪੈਂਤੜੇ ਅਤੇ ਐਕਸ਼ਨ ਦਾ ਵਿਸਥਾਰ ਦਿੱਤਾ ਗਿਆ ਹੈ, ਜਿਸ ਵਿਚ ਗੁਰੀਲਾ ਜੰਗ ਦਾ ਵੀ ਜ਼ਿਕਰ ਆਉਂਦਾ ਹੈ :
ਏਸੇ ਤਰ੍ਹਾਂ ਸਾਰਾ ਜਥਾ
ਗ਼ਦਰ ਪਾਰਟੀ ਜਥਾ ਬਣਾਈ ਲਈਏ
ਫੇਰ ਘੱਲੀਏ ਸੂਰਮੇ ਦੇਸ ਅੰਦਰ
ਪਹਿਲਾਂ ਟਾਪੂਆਂ ਵਿਚ ਅਜ਼ਮਾ ਲਈਏ
ਫੇਰ ਛਾਂਟ ਲਈਏ ਮੈਂਬਰ ਮਰਨ ਵਾਲੇ
ਖੁਫ਼ੀਆ ਤੌਰ ਦੀ ਸਭਾ ਬਣਾ ਲਈਏ
ਸ਼ਾਖਾਂ ਛੱਡ ਕੇ ਦੇਸ ਬਦੇਸ਼ ਅੰਦਰ
ਪੱਕੇ ਤੌਰ ਥੀਂ ਕਦਮ ਜਮਾ ਲਈਏ
ਡਾਕੇ ਮਾਰੀਏ ਚਲ ਸਰਕਾਰ ਉੱਤੇ
ਸਾਰਾ ਦੇਸ ਪੰਜਾਬ ਜਗਾ ਲਈਏ
ਕਿਤੇ ਖੂਬ ਗੁਰੀਲੜੇ ਵਾਰ ਕਰੀਏ
ਜਿਵੇਂ ਦਾਓ ਲੱਗੇ ਤਿਵੇਂ ਲਾ ਲਈਏ
ਵੀਰੇ ਵਾਂਗ ਬੰਗਾਲੀਆਂ ਚਮਕ ਉੱਠੋ
ਕਰੋ ਪਰਨ ਜਲਦੀ ਬੀੜਾ ਚਾ ਲਾਈਏ
ਆਠਰਵੀਂ ਬੈਂਤ ਵਿਚ ਇਕ ਗ਼ਦਰੀ ਸਿਪਾਹੀ ਦੀ ਕਸਮ ਹੈ :
ਵੇਲਾ ਆਣ ਪੁੱਜਾ ਕਿਉਂ ਨਾ ਜਾਗਦੇ ਹੋ
ਸੁਤੇ ਘੂਕ ਹਿੰਦੂ ਮੁਸਲਮਾਨ ਵੀਰੋ
ਜ਼ਾਲਮ ਕੌਮ ਫਰੰਗੀ ਦੀ ਬੜੀ ਭੈੜੀ
ਇਨ੍ਹਾਂ ਲੁੱਟ ਖਾਧਾ ਹਿੰਦੋਸਤਾਨ ਵੀਰੋ
ਲਾਇਆ ਮਾਮਲਾ ਚੱਕੀਆਂ ਚਰਖਿਆਂ ਨੂੰ
ਕੀਤੀ ਤੁਸਾਂ ਨੇ ਬੰਦ ਜ਼ੁਬਾਨ ਵੀਰੋ
ਖੁਫੀਆ ਤੌਰ ਕਮੇਟੀਆਂ ਕਰੋ ਕੈਮ
ਪਿਛਲੇ ਗ਼ਦਰ ਦਾ ਕਰੋ ਧਿਆਨ ਵੀਰੋ
ਸਭ ਗਲਤੀਆਂ ਤੇ ਪਾਪ ਜਾਣ ਧੋਤੇ
ਖਾਤਰ ਲੜਾਂਗੇ ਜਾਂ ਹਿੰਦੋਸਤਾਨ ਵੀਰੋ
ਲੜਨਾ ਦੇਸ ਖਾਤਰ ਡਰਨਾ ਮੂਲ ਨਾਹੀਂ
ਮਰਨਾ ਯੁੱਧ ਕਰਕੇ ਬੜੀ ਸ਼ਾਨ ਵੀਰੋ
ਅਗੇ ਲਿਖੀ ਗਈ ਬੈਂਤ ਤੋਂ ਪਤਾ ਲੱਗਦਾ ਹੈ ਕਿ ਗ਼ਦਰੀਆਂ ਦਾ ਕੇਵਲ ਹਥਿਆਰਬੰਦ ਗੁਰੀਲਿਆਂ ਜ਼ਰੀਏ ਹੀ ਲੜਨ ’ਤੇ ਜ਼ੋਰ ਨਹੀਂ ਸੀ, ਸਗੋਂ ਗ਼ਦਰ ਵਿਚ ਆਮ ਜਨਤਾ ਦੀ ਸ਼ਮੂਲੀਅਤ ਦਾ ਪ੍ਰੋਗਰਾਮ ਸੀ। ਇਹ ਗੱਲ ਹੇਠ ਲਿਖੇ ਤੋਂ ਸਾਬਤ ਹੁੰਦੀ ਹੈ :
ਮਿਲ ਕੇ ਸਭ ਗਰੀਬਾਂ ਨੇ ਗ਼ਦਰ ਕਰਨਾ
ਆਸ ਰੱਖਣੀ ਨਾ ਸ਼ਾਹੂਕਾਰ ਵਾਲੀ
ਛੂਤ ਛਾਤ ਦਾ ਕੋਈ ਖਿਆਲ ਨਹੀਂ
ਸਾਨੂੰ ਪਰਖ ਨਾ ਚੂਹੜੇ ਚਮਾਰ ਵਾਲੀ
ਇੱਕੀਵੀਂ ਬੈਂਤ ਵਿਚ ਅਜ਼ਾਦੀ ਸੰਗਰਾਮੀਆਂ ਦੀਆਂ ਕੁਰਬਾਨੀਆਂ, ਉਨ੍ਹਾਂ ਵਲੋਂ ਕਟੀਆਂ ਜੇਲ੍ਹਾਂ, ਫਾਂਸੀਆਂ ਆਦਿ ਨੂੰ ਯਾਦ ਕੀਤਾ ਗਿਆ ਹੈ :
ਹਿੰਦੋਸਤਾਨ ਦਾ ਜ਼ੁਲਮ ਮਟਾਨ ਖਾਤਰ
ਕਈ ਵੀਰ ਬਲਵਾਨ ਕੁਰਬਾਨ ਹੋ ਗਏ
ਕਈ ਬਿਨਾ ਕਸੂਰ ਦੇ ਚੜ੍ਹੇ ਫਾਂਸੀ
ਕਈ ਜੇਲ ਖਾਨੀ ਅੰਡੇਮਾਨ ਹੋ ਗਏ
ਪੈਹਲੇ ਗ਼ਦਰ ਅੰਦਰ ਜਿਨ੍ਹਾਂ ਕੰਮ ਕੀਤਾ
ਨਾਨਾ ਸਾਹਿਬ ਅਲੀ ਨਕੀ ਖਾਨ ਹੋ ਗਏ
ਰਾਣੀ ਲਕਸ਼ਮੀ ਮੌਲਵੀ ਸ਼ਾਹ ਅਹਿਮਦ
ਤੋਪ ਤਾਂਤੀਆ ਬੀਰ ਬਲਵਾਨ ਹੋ ਗਏ
ਏਥੇ ਹੀ ਕੂਕਾ ਲਹਿਰ ਦਾ ਵੀ ਜ਼ਿਕਰ ਕੀਤਾ ਗਿਆ ਹੈ :
ਕੀਤਾ ਕੂਕਿਆਂ, ਕੱਠ ਪੰਜਾਬ ਅੰਦਰ
ਰਾਮ ਸਿੰਘ ਭਾਈ ਮੋਹਰੀ ਆਣ ਹੋ ਗਏ
ਬੱਚੇ ਔਰਤਾਂ ਲਈ ਹਜ਼ਾਰ ਕੂਕੇ
ਖਾਤਰ ਦੇਸ ਦੀ ਲਹੂ ਲੁਹਾਨ ਹੋ ਗਏ
ਰਾਮ ਸਿੰਘ ਭਾਈ ਜਲਾਵਤਨ ਕੀਤੇ
ਨਾਲ ਹੋਰ ਵੀ ਕਈ ਕੁਰਬਾਨ ਹੋ ਗਏ
ਬੈਂਤ ਚਲਦੀ-ਚਲਦੀ ਉਸ ਸਮੇਂ ਦੇ ਆਗੂਆਂ ’ਤੇ ਆ ਜਾਂਦੀ ਹੈ:
ਬੁੱਢਾ ਤਿਲਕ ਤੇ ਲਿਆਕਤ ਹੁਸੈਨ ਦੋਵੇਂ
ਦੇਖ ਹਾਲ ਸਾਡਾ ਪ੍ਰੇਸ਼ਾਨ ਹੋ ਗਏ
ਹਸਰਤ ਮੁਹਾਨੀ ਤੇ ਮੌਲਵੀ ਬਰਕਤਉੱਲਾ
ਸੂਫੀ ਸਾਫ਼ ਦਿਲ ਵਿਚ ਈਰਾਨ ਹੋ ਗਏ
ਪਿੰਡੀ ਦਾਸ ਤੇ ਨੰਦ ਗੁਪਾਲ ਦੋਵੇਂ
ਨਾਲ ਸਿੰਘ ਅਜੀਤ ਭਗਵਾਨ ਹੋ ਗਏ
ਸਠ ਸਾਲ ਦੀ ਜੇਲ ਸਾਵਰਕਰ ਜੀ
ਲਿਖ ਕੇ ਗ਼ਦਰ ਤਾਰੀਖ ਰਵਾਨ ਹੋ ਗਏ
ਹੋਤੀ ਲਾਲ ਬਰਿੰਦਰ ਮੋਹਨ ਘੋਸ਼ ਦੋਨੋਂ
ਯਾਰੋ ਬਿਨਾ ਕਸੂਰ ਚਲਾਨ ਹੋ ਗਏ
ਪਾਂਡੀਚਰੀ ਅੰਦਰ ਬਾਬੂ ਅਰਬਿੰਦੋ
ਲਿਖ ਕੇ ਕਰਮ ਯੋਗਨ ਯੋਗੀਆਨ ਹੋ ਗਏ
ਮੈਡਮ ਕਾਮਾ ਤੇ ਸ਼ਾਮ ਜੀ ਕ੍ਰਿਸ਼ਨ ਵਰਮਾ
ਪੈਰਸ ਵਿਚ ਬੈਠੇ ਬੁਢੀ ਜਾਨ ਹੋ ਗਏ
ਡੇਰਾ ਵਿਚ ਅਮਰੀਕਾ ਦੇ ਆਣ ਲਾਇਆ
ਹਰਦਿਆਲ ਹੋਣੀਂ ਮੇਹਰਬਾਨ ਹੋ ਗਏ
ਹੋਕਾ ਫੇਰਿਆ ਗ਼ਦਰ ਅਖ਼ਬਾਰ ਸਾਰੇ
ਅੱਖਾਂ ਖੁੱਲ੍ਹੀਆਂ ਲੋਕ ਹੈਰਾਨ ਹੋ ਗਏ
ਚਲੋ ਚਲੀਏ ਮੁਲਕ ਨੂੰ ਯੁਧ ਕਰਨੇ
ਹੋ ਆਖਰੀ ਬਚਨ ਫਰਮਾਨ ਹੋ ਗਏ
ਹਿੰਦੋਸਤਾਨ ਦੇ ਲੋਕਾਂ ਦੀ ਦੁਰਦਸ਼ਾ, ਗਰੀਬੀ, ਕੰਗਾਲੀ ਤੇ ਭੁਖਮਰੀ ਬਾਰੇ ਉਹ ਲਿਖਦੇ ਹਨ ਅਤੇ ਅਚੇਤ ਰੂਪ ਵਿਚ ਜਮਾਤੀ ਸੂਝ ਪ੍ਰਗਟਾਉਂਦੇ ਹਨ :
ਰੋਟੀ ਕਪੜਾ ਮੂਲ ਨਾ ਮਿਲੇ ਸਾਨੂੰ
ਨੰਗ ਭੁੱਖ ਨੇ ਸ਼ਕਲ ਗਵਾ ਦਿੱਤੀ
ਦਿਨੇ ਰਾਤ ਮਰਦੇ ਅਸੀਂ ਕੰਮ ਕਰਦੇ
ਸੁਧ ਬੁਧ ਤਮਾਮ ਭੁਲਾ ਦਿਤੀ
ਦੇਸ ਲੁੱਟ ਫਰੰਗੀਆਂ ਲਿਆ ਸਾਡਾ
ਦੁੱਖ ਭੁੱਖ ਪਲੇਗ ਫੈਲਾ ਦਿੱਤੀ
ਫਿਰਕੇਦਾਰਾਨਾ ਹੱਕ ਮੰਗਣ ਵਾਲਿਆਂ ਬਾਬਤ ਲਿਖਦੇ ਹਨ :
ਹੱਕਾਂ ਦਾ ਖਿਆਲ ਛੱਡ ਸਾਂਭੋ ਦੇਸ ਨੂੰ
ਕੱਢ ਦਿਓ ਫਰੰਗੀ ਭੂਤਨੇ ਮਲੇਸ਼ ਨੂੰ
ਉੱਠੋ ਹੁਣ ਵੀਰੋ ਹੌਸਲਾ ਕਿਉਂ ਢਾ ਲਿਆ
ਜ਼ਾਲਮ ਫਰੰਗੀਆਂ ਨੇ ਦੇਸ ਖਾ ਲਿਆ
ਕੋਈ ਚੀਜ਼ ਬਿਨਾ ਨਾ ਮਸੂਲ ਛੱਡਦੇ
ਹੌਲੀ ਹੌਲੀ ਇੰਡੀਆ ਦੀ ਜੜ੍ਹ ਵੱਢਦੇ
ਮਾਲੀਆ ਵਧਾਇਆ ਬੇਈਮਾਨ ਗੁਟਕੇ
ਜ਼ਾਲਮ ਫਰੰਗੀ ਦੇਸ਼ ਲੈ ਗਏ ਲੁਟਕੇ
ਅਰਬਾਂ ਦੇ ਲੇਖੇ ਪੈਸਾ ਹੈ ਲੈ ਜਾਂਵਦੇ
ਥੋੜ੍ਹਾ ਸਾ ਖਰਚ ਇੰਡੀਆ ਮੇ ਲਾਮਦੇ
ਮਾਲੀਆ ਲਗਾਇਆ ਯਾਰੋ ਸ਼ਾਮਲਾਤ ਨੂੰ
ਸੁੱਤੇ ਪਏ ਸਿੰਘ ਪੁੱਛਦੇ ਨਾ ਬਾਤ ਨੂੰ
ਸਾਡੇ ਪਿੱਛੇ ਜ਼ਾਲਮਾਂ ਨਾ ਕੁਝ ਛੱਡਿਆ
ਦਾਣਾ ਪੈਸਾ ਸਾਰਾ ਹੀ ਵਲੈਤ ਕੱਢਿਆ
ਮੱਖਣ ਵਰੋਲ ਛਾਛ ਗਏ ਸੁੱਟ ਕੇ
ਜ਼ਾਲਮ ਫ਼ਰੰਗੀ ਦੇਸ ਲੈ ਗਏ ਲੁੱਟ ਕੇ
ਸਿਰ ਦਿੱਤੇ ਬਾਝ ਨਹੀਂ ਕੰਮ ਸਰਨਾ
ਯੁੱਧ ਵਿਚ ਪਵੇਗਾ ਜ਼ਰੂਰ ਮਰਨਾ
ਮਾਰ ਲਈਏ ਵੈਰੀ ਮਰ ਜਾਈਏ ਆਪ ਜਾਂ
ਕਾਇਰਤਾ ਗਰੀਬੀ ਮੁੱਕ ਜਾਵੇ ਤਾਪ ਤਾਂ
ਪਿਛਲੀ ਕਲੰਕੀ ਸਾਡੀ ਚੁੱਕੀ ਜਾਊਗੀ
ਹੋਊੁਗੀ ਅਜ਼ਾਦ ਨਸਲ ਸੁੱਖ ਪਾਊਗੀ
ਜਾਨ ਜਾਵੇ ਆਣ ਨੂੰ ਨਾ ਜਾਵੋ ਤੱਜ ਕੇ
ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ।
(ਟੁੰਡੀਲਾਟ ਵਲੋਂ ਪੜ੍ਹੀ ਗਈ ਇਹ ਕਵਿਤਾ ਸੁਣ ਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਅਟਕ ਪਾਰ ਕਰਨ ਲਗਿਆ ਲੜ ਮਰਨ ਲਈ ਵਾਪਸ ਪੰਜਾਬ ਪਰਤ ਆਇਆ ਸੀ)।
ਗ਼ਦਰ ਦੀ ਗੂੰਜ ਵਿਚ ਥਾਂ-ਥਾਂ ਉੱਤੇ ਹਿੰਦੋਸਤਾਨ ਦੀ ਅੰਗਰੇਜ਼ਾਂ ਵਲੋਂ ਕੀਤੀ ਜਾਂਦੀ ਲੁੱਟ, ਗਰੀਬੀ, ਭੁਖਮਰੀ, ਬੀਮਾਰੀ ਆਦਿ ਦੀ ਵਿਆਖਿਆ ਆਉਂਦੀ ਹੈ ਅਤੇ ਸਾਰੇ ਫਿਰਕਿਆਂ ਦੇ ਲੋਕਾਂ ਨੂੰ ਇਕੱਠੇ ਹੋਣ ਦੀ ਨਸੀਹਤ ਕੀਤੀ ਗਈ ਹੈ। ਏਸੇ ਤਰ੍ਹਾਂ ਵਾਰ-ਵਾਰ ਜ਼ਿਕਰ ਆਉਂਦਾ ਹੈ ਕਿ ਹਿੰਦੋਸਤਾਨ ਦੇ ਲੋਕ ਮੈਦਾਨ ਵਿਚ ਨਿਤਰਨ ਅਤੇ ਮਰਨ-ਮਾਰਨ ਦੀ ਲੜਾਈ ਕਰਕੇ ਕੁਰਬਾਨੀਆਂ ਦੇ ਕੇ ਦੇਸ਼ ਅਜ਼ਾਦ ਕਰਾਉਣ। ਗ਼ਦਰ ਦੀ ਗੂੰਜ ਵਿਚ ਸਪੱਸ਼ਟ ਸੰਕਲਪ ਨਜ਼ਰ ਆਉਂਦਾ ਹੈ। ਗ਼ਦਰੀ ਅਪਣੇ ਨਿੱਜੀ ਸੁੱਖ ਅਰਾਮ ਅਤੇ ਖੁਸ਼ਹਾਲੀ ਲਈ ਮੁਲਕ ਅਜ਼ਾਦ ਕਰਾਉਣ ਦੇ ਇਛੁਕ ਨਹੀਂ ਸਨ, ਸਗੋਂ ਆਉਣ ਵਾਲੀਆਂ ਨਸਲਾਂ ਲਈ ਸੁਨਹਿਰਾ ਭਵਿੱਖ ਬਣਾਉਣ ਲਈ ਕੁਰਬਾਨ ਹੋ ਜਾਣ ਲਈ ਤਿਆਰ ਹੋ ਰਹੇ ਸਨ। ਦੂਜੇ ਦੇਸ਼ਾਂ ਵਿਚ ਵਾਪਰੇ ਇਨਕਲਾਬ ਤੇ ਉਹਨਾਂ ਦੀ ਤਰੱਕੀ ਤੇ ਵੱਖ ਵੱਖ ਦੇਸ਼ਾਂ ਵਿਚ ਉੱਠਦੀਆਂ ਲਹਿਰਾਂ ਉਹਨਾਂ ਲਈ ਉਤਸ਼ਾਹ ਦਾ ਸੋਮਾ ਹਨ। ਹਿੰਦੋਸਤਾਨ ਦੇ ਪਿਛਲੇ ਇਤਿਹਾਸ ਨੇ ਉਹਨਾਂ ਨੂੰ ਗ਼ਦਾਰਾਂ ਦੀ ਜਮਾਤ ਬਾਰੇ ਵੀ ਸੁਚੇਤ ਕੀਤਾ ਹੋਇਆ ਸੀ। ਗ਼ਦਰ ਦੀ ਗੂੰਜ ਵਿਚ ਕੁਰਬਾਨੀਆਂ ਕਰਨ ਵਾਲੇ ਇਨਕਲਾਬੀਆਂ ਅਤੇ ਸ਼ਹੀਦਾਂ ਦਾ ਥਾਂ-ਥਾਂ ’ਤੇ ਗੁਣਗਾਨ ਕੀਤਾ ਗਿਆ ਹੈ ਅਤੇ ਉਹਨਾਂ ਦੇ ਹਵਾਲਿਆਂ ਨਾਲ ਗ਼ਦਰ ਲਹਿਰ ਵਿਚ ਸ਼ਾਮਲ ਹੋਣ ਲਈ ਹਿੰਦੋਸਤਾਨੀਆਂ ਨੂੰ ਅਪੀਲ ਕੀਤੀ ਗਈ ਹੈ। ਬਦੇਸ਼ਾਂ ਵਿਚ ਵਸਦੇ ਹਿੰਦੋਸਤਾਨੀਆਂ ਨੂੰ ਮੁਲਕ ਵਾਪਸ ਪਰਤਣ ਲਈ ਕਿਹਾ ਗਿਆ ਹੈ। ਕੇਵਲ ਅਰਜ਼ੀਆਂ, ਪਰਚਿਆਂ ’ਤੇ ਹੀ ਜ਼ੋਰ ਰੱਖਣ ਵਾਲਿਆਂ ਨੂੰ ਗ਼ਦਰੀ ਰੁਕਾਵਟ ਪਾਉਣ ਵਾਲੇ ਸਮਝਦੇ ਹਨ। ਉਹਨਾਂ ਨੇ ਬਹੁਤੀ ਟੇਕ ਫੌਜਾਂ ’ਤੇ ਲਾਈ ਹੋਈ ਸੀ, ਜਿਸ ਕਰਕੇ ਗ਼ਦਰ ਦੀ ਗੂੰਜ ਲਈ ਫੌਜੀਆਂ ਨੂੰ ਬਗਾਵਤ ਕਰਨ ਲਈ ਪ੍ਰੇਰਿਆ ਗਿਆ। ਭਾਵੇਂ ਕਿ ਉਹ ਸਮਝਦੇ ਸਨ ਕਿ ਹਿੰਦੋਸਤਾਨ ਦੇ ਲੋਕ ਰਾਜਸੀ ਤੌਰ ’ਤੇ ਬਹੁਤੀ ਸੂਝ ਨਹੀਂ ਰੱਖਦੇ ਹਨ ਪਰ ਉਹਨਾਂ ਨੇ ਲੋਕਾਂ ਨੂੰ ਜਾਗਰੂਕ ਕਰਨ ਦਾ ਜ਼ਿਕਰ ਵਾਰ-ਵਾਰ ਕੀਤਾ ਹੈ। ਉਹ ਹਾਲਤਾਂ ਅਤੇ ਸਮੇਂ ਦੀਆਂ ਜ਼ਰੂਰਤਾਂ ਅਨੁਸਾਰ ਚਲਣ ’ਤੇ ਜ਼ੋਰ ਦਿੰਦੇ ਸਨ। ਜਨਤਕ ਅਤੇ ਹਥਿਆਰਬੰਦ ਲਹਿਰਾਂ ਨੂੰ ਨਾਲ ਨਾਲ ਚਲਾਉਣ ਦਾ ਉਹਨਾਂ ਦਾ ਇਰਾਦਾ ਸੀ, ਜਿਵੇਂ ਹੇਠਲੀ ਪੰਗਤੀ ਵਿਚ ਸਪੱਸ਼ਟ ਲਿਖਿਆ ਗਿਆ ਹੈ :
ਪੈਹਲਾਂ ਗ਼ਦਰ ਪਾਰਟੀ ਦੇਸ ਵਿਚ ਪ੍ਰਚਾਰ ਕਰੇ
ਖੁਲਮ-ਖੁੱਲ੍ਹਾ ਪਰਜਾ ਤਾਈਂ ਚੋਰਾਂ ਥੀਂ ਹੁਸ਼ਿਆਰ ਕਰੇ
ਡਾਕੇ ਮਾਰ ਡਾਕੂਆਂ ਉੱਤੇ ਕੱਠੇ ਵੀ ਹਥਿਆਰ ਕਰੇ
ਜੈਸਾ ਜੈਸਾ ਮੌਕਾ ਦੇਖੇ ਸਾਰਾ ਕਾਰ ਵਿਹਾਰ ਕਰੇ
ਸੁੱਤੀ ਪਰਜਾ ਜਾਗ ਪਈ ਜਦ ਅੱਗੇ ਕੰਮ ਵਧਾਵਣ ਦਾ
ਆਓ, ਭਾਈਓ ਗ਼ਦਰ ਮਚਾਈਏ ਮੌਕਾ ਨਹੀਂ-ਖੰਜਾਵਣ ਦਾ
ਗ਼ਦਰ ਦੀ ਗੂੰਜ ਨੰਬਰ ਤਿੰਨ ਵਿਚ ਇਨ੍ਹਾਂ ਗ਼ਦਰੀ ਇਨਕਲਾਬੀਆਂ ਨੇ ਫਾਂਸੀ ਦੇ ਤਖ਼ਤੇ ਤੋਂ ਵੀ ਹਿੰਦੋਸਤਾਨੀਆਂ ਨੂੰ ਸੰਦੇਸ਼ ਭੇਜਿਆ :
ਹਿੰਦੋਸਤਾਨੀਓ ਰਖਣਾ ਯਾਦ ਸਾਨੂੰ
ਕਿਤੇ ਦਿਲਾਂ ਤੋਂ ਨਹੀਂ ਭੁਲਾ ਜਾਣਾ
ਗ਼ਦਰੀਆਂ ਵਲੋਂ ਰਚੇ ਇਨਕਲਾਬੀ ਸਾਹਿਤ ਦੇ ਵੱਡੇ ਭੰਡਾਰ ਵਿਚੋਂ ਜੋ ਟੂਕਾਂ ਉੱਪਰ ਦਿੱਤੀਆਂ ਗਈਆਂ ਹਨ, ਇਹ ਉਹਨਾਂ ਦੀ ਰਾਜਸੀ ਸੂਝ ਨੂੰ ਪ੍ਰਗਟ ਕਰਦੀਆਂ ਹਨ। ਵਧੇਰੇ ਠੋਸ ਅਤੇ ਸਪੱਸ਼ਟ ਗੱਲ ਵਾਰਤਕ ਵਿਚ ਹੀ ਕਹੀ ਜਾ ਸਕਦੀ ਹੈ। ਗ਼ਦਰੀਆਂ ਦੀ ਰਾਜਸੀ ਸੂਝ ਬਾਰੇ ਵਧੇਰੇ ਸਫਾਈ ਗ਼ਦਰ ਪਾਰਟੀ ਵਲੋਂ ਉਰਦੂ, ਪੰਜਾਬੀ ਤੇ ਹੋਰ ਜ਼ਬਾਨਾਂ ਵਿਚ ਛਪੇ ਪੈਂਫਲਿਟਾਂ ਤੋਂ ਮਿਲ ਸਕਦੀ ਹੈ। ਲਾਲਾ ਹਰਦਿਆਲ ਵਲੋਂ ਲਿਖੇ ਲੇਖਾਂ ਅਤੇ ਪੈਂਫਲਿਟਾਂ ਨੇ ਨਿਰਸੰਦੇਹ ਗ਼ਦਰੀਆਂ ਦੀ ਸੂਝ ’ਤੇ ਕਾਫੀ ਪ੍ਰਭਾਵ ਪਾਇਆ ਸੀ। ਲਾਲਾ ਹਰਦਿਆਲ ਤਰਕਸ਼ੀਲ ਸੋਚ ਦੇ ਧਾਰਨੀ ਸਨ ਅਤੇ ਹਰ ਵਿਚਾਰ ਨੂੰ ਕਿੰਤੂ ਦੀ ਕਸਵੱਟੀ ’ਤੇ ਪਰਖਦੇ ਸਨ। ‘ਗੁਲਾਮੀ ਦਾ ਜ਼ਹਿਰ’ ਨਾਮੀ ਕਿਤਾਬ ਇਸ ਦਾ ਉੱਘਾ ਸਬੂਤ ਹੈ। ਰਾਮ ਰਾਜ, ਮੁਸਲਮਾਨ ਰਾਜ ਜਾਂ ਸਿੱਖ ਰਾਜ, ਬਣਵਾਸਾਂ ਅਤੇ ਬਿਨਾ ਸੋਚੇ ਸਮਝੇ ਆਗਿਆਕਾਰੀ ਜਾਂ ਹਰ ਨਜਾਇਜ਼ ਹੁਕਮ ਦੀ ਪਾਲਣਾ ਨੂੰ ਉਹਨਾਂ ਨੇ ਗ਼ੁਲਾਮੀ ਦਾ ਜ਼ਹਿਰ ਕਿਹਾ। ਉਹ ਹਿੰਦੋਸਤਾਨ ਵਿਚ ਅਜ਼ਾਦ ਜਮਹੂਰੀ ਸੈਕੂਲਰ ਰੀਪਬਲਿਕ ਸਥਾਪਤ ਕਰਨਾ ਚਾਹੁੰਦੇ ਸਨ। ਉਹਨਾਂ ਨੇ ਦੇਸ਼ ਵਿਚ ਚੱਲ ਰਹੀਆਂ ਕੁਰਾਹੇ ਪਾਉਣ ਵਾਲੀਆਂ ਕਈ ਲਹਿਰਾਂ ਤੋਂ ਸੁਚੇਤ ਕਰਨ ਲਈ ਲਿਖਿਆ। ਇੱਥੋਂ ਤੱਕ ਕਿ ਕਾਂਗਰਸ ਬਾਰੇ ਲਾਲਾ ਹਰਦਿਆਲ ਨੇ ਲਿਖਿਆ ਸੀ ਕਿ ਇਸ ਨੂੰ ਹਿਊਮ ਨਾਮੀ ਅੰਗਰੇਜ਼ ਨੇ ਕਾਇਮ ਕੀਤਾ ਹੈ। ਜਿਸ ਕਰਕੇ ਉਹ ਹਰ ਸਾਲ ਇਕੱਠੇ ਹੋ ਕੇ ਅੰਗਰੇਜ਼ੀ ਸਰਕਾਰ ਤੋਂ ਕੁਝ-ਇਕ ਹੱਕ ਮੰਗਣ ਦੀਆਂ ਗੱਲਾਂ ਕਰਦੇ ਹਨ। ਉਹਨਾਂ ਕਿਹਾ ਕਿ ਅਜਿਹੀਆਂ ਮੰਗਾਂ ਵਿਚੋਂ ਨਾ ਤਾਂ ਗਰੀਬੀ, ਕਾਲ ਤੇ ਪਲੇਗ ਹੀ ਦੂਰ ਹੋ ਸਕਦੇ ਹਨ ਅਤੇ ਨਾ ਹੀ ਸਨਅਤਾਂ ਲੱਗ ਸਕਦੀਆਂ ਹਨ। ਲਾਲਾ ਹਰਦਿਆਲ ਨੇ ਮਜ਼ਹਬ ਦੇ ਨਾਂ ’ਤੇ ਸਿਰ ਚੁੱਕ ਰਹੀਆਂ ਜਥੇਬੰਦੀਆਂ ਤੋਂ ਵੀ ਸੁਚੇਤ ਕੀਤਾ ਸੀ ਅਤੇ ਲਿਖਿਆ ਸੀ ਕਿ ਮਜ਼ਹਬ ਦਾ ਕੋਈ ਮੇਲ ਨਹੀਂ। ਮਜ਼ਹਬ ਸਾਡੀ ਬਰਬਾਦੀ ਦਾ ਕਾਰਨ ਬਣਦੇ ਹਨ। ਹਰ ਇਕ ਨੂੰ ਮਜ਼ਹਬ ਦੀ ਅਜ਼ਾਦੀ ਹੋਣੀ ਚਾਹੀਦੀ ਹੈ, ਜਿਹੜੇ ਲੋਕ ਇਕੋ ਮਜ਼ਹਬ ਦੀ ਗੱਲ ਕਰਦੇ ਹਨ, ਉਹ ਇਸ ਆਜ਼ਾਦੀ ਨੂੰ ਖ਼ਤਮ ਕਰਨਾ ਚਾਹੁੰਦੇ ਹਨ ਅਤੇ ਜਿਹੜਾ ਕਿਸੇ ਦੀ ਆਜ਼ਾਦੀ ਖੋਂਹਦਾ ਹੈ ਉਹ ਆਪ ਗੁਲਾਮ ਹੋ ਜਾਂਦਾ ਹੈ। ਲਾਲਾ ਹਰਦਿਆਲ ਨੇ ਲਿਖਿਆ ਹੈ ਕਿ ਹਿੰਦੂ ਸਭਾ ਵਰਗੀਆਂ ਜਥੇਬੰਦੀਆਂ ਹਿੰਦੋਸਤਾਨ ਦੇ ਉਤਰੀ ਹਿੱਸੇ ਵਿਚ ਅਜਿਹੀਆਂ ਗੱਲਾਂ ਕਰਦੀਆਂ ਹਨ।
ਜ਼ੁਬਾਨ ਦੇ ਸਵਾਲ ’ਤੇ ਟਿੱਪਣੀ ਕਰਦਿਆਂ ਉਹਨਾਂ ਲਿਖਿਆ ਕਿ ਅੰਗਰੇਜ਼ੀ, ਜਿਹੜੀ ਬਦੇਸ਼ੀ ਜੁਬਾਨ ਹੈ, ਬਾਰੇ ਕੋਈ ਨਹੀਂ ਬੋਲਦਾ, ਪਰ ਹਿੰਦੀ, ਉਰਦੂ ਦੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ।
ਪਿਦਰ ਸੁਲਤਾਨ ਬੂਦ ਦਾ ਫਲਸਫਾ ਅਤੇ ਪ੍ਰਾਚੀਨ ਸੰਸਕ੍ਰਿਤੀ ਵਲ ਲੈ ਜਾਣ ਦੀਆਂ ਗੱਲਾਂ ਨੂੰ ਲਾਲਾ ਹਰਦਿਆਲ ਨੇ ਗ਼ੁਲਾਮੀ ਦਾ ਜ਼ਹਿਰ ਦੱਸਿਆ ਸੀ।