ਉਨ੍ਹਾਂ ਦਿਨਾਂ ਵਿਚ ਮੈਂ ਇਕ ਕਿੱਸਾ ਪੜ੍ਹਿਆ ਸੀ ‘ਜਾਨੀ ਚੋਰ’ ਦਾ। ਉਸ ਦਾ ਮੇਰੇ ਮਨ ‘ਤੇ ਐਨਾ ਅਸਰ ਪਿਆ ਸੀ ਕਿ ਮੈਂ ਆਪਣੇ ਆਪਨੂੰ ਜਾਨੀ ਚੋਰ ਤੋਂ ਵੀ ਚਤੁਰ ਸਮਝਣ ਲੱਗ ਪਿਆ ਤੇ ਚੋਰੀ ਕਰਨਾ ਬੁਰੀ ਗੱਲ ਹੈ ਇਸਦਾ ਅਹਿਸਾਸ ਹੀ ਖਤਮ ਹੋ ਗਿਆ। ‘ਜਾਨੀ ਚੋਰ’ ਦਾ ਕਿੱਸਾ ਪੜ੍ਹਕੇ ਤੇ ਉਸਦੇ ਕਾਰਨਾਮੇ ਜਾਣ ਕੇ ਮੈਂ ਤਾਂ ਚੋਰਾਂ ਦੇ ਵੀ ਕੰਨ ਕੁਤਰਨ ਨੂੰ ਤਿਆਰ ਹੋ ਗਿਆ। ਕਹਿੰਦੇ ਹਨ ਬਿਧੀ ਚੰਦ ਗੁਰੁ ਜੀ ਨੂੰ ਮਿਲਣ ਤੋਂ ਪਹਿਲਾਂ ਨਾਮੀ ਚੋਰ ਸੀ ਤਾਹੀਉਂ ਤਾਂ ਗੁਰੁ ਜੀ ਨੇ ਬਿਧੀ ਚੰਦ ਨੂੰ ਘੋੜੇ ਲਿਆਉਣ ਲਈ ਕਿਹਾ ਸੀ। ਖੈਰ, ਜਾਨੀ ਚੋਰ ਵਾਂਗੂੰ ਮੈਂ ਵੀ ਹੱਥ ਦੀ ਸਫਾਈ ਕਰਨ ਦਾ ਵਿਚਾਰ ਬਣਾਇਆ।
ਸਾਡੇ ਲਾਗੇ ਇਕ ਪੰਜਾਬੀ ਸਰਦਾਰ ਸੌਂਦਾ ਸੀ। ਪਹਿਲੀ ਬੋਹਣੀ ਲਈ ਉਸਦੀ ਜੇਬ ਸਾਫ ਕਰਨ ਦਾ ਖ਼ਿਆਲ ਆਇਆ। ਪਿੰਡ ਚੋਰੀਂ ਖਰਬੂਜੇ, ਬੇਰ ਜਾਂ ਅਮਰੂਦ ਤੋੜਨ ਦੀਆਂ ਚੋਰੀਆਂ ਤਾਂ ਹਾਣੀਆਂ ਨਾਲ ਰਲ ਕੇ ਕੀਤੀਆਂ ਸਨ ਪਰ ਕਿਸੇ ਦੀ ਜੇਬ ਵਿਚੋਂ ਪੈਸੇ ਕੱਢਣ ਦਾ ਇਹ ਪਹਿਲਾ ਮੌਕਾ ਸੀ। ਸੁੱਤੇ ਪਏ ਸਰਦਾਰ ਦੀ ਜੇਬ ਵਿਚੋਂ ਬਟੂਆ ਕੱਢਕੇ ਦੇਖਿਆ,ਬਟੂਆ ਖਾਲੀ ਸੀ। ਫਿਰ ਉਸਦੀ ਕਿਤਾਬ ਵੇਖੀ, ਉਸਦੇ ਪੰਨਿਆਂ ਨਾਲ ਉਸਨੇ ਨੋਟ ਜੋੜੇ ਹੋਏ ਸਨ। ਸ਼ਾਇਦ ਚੋਰੀ ਹੋ ਜਾਣ ਦੇ ਡਰ ਤੋਂ ਉਸਨੇ ਹਰ ਤੀਸਰੇ ਚੌਥੇ ਪੰਨੇ ਨਾਲ ਇੱਕ ਜਾਂ ਦੋ ਰੁਪਏ ਦੇ ਨੋਟ ਰੱਖੇ ਹੋਏ ਸਨ। ਮੈਂ ਉਸਦੇ ਘੱਟ ਤੋਂ ਘੱਟ ਅੱਧੇ ਨੋਟ ਕੱਢ ਲਏ ਤੇ ਬਾਕੀ ਰਹਿਣ ਦਿੱਤੇ। ਪੰਦਰਾਂ ਵੀਹ ਰੁਪਏ ਤਾਂ ਜ਼ਰੂਰ ਹੋਣਗੇ। ਦੂਸਰੇ ਦਿਨ ਉਹ ਵਿਚਾਰਾ ਬਥੇਰੀ ਬਿਸਤਰੇ ਦੀ ਉਥਲ ਪੁਥਲ ਕਰਦਾ ਰਿਹਾ ਪਰ ਉਸ ਨੇ ਕਿਸੇ ਨਾਲ ਪੈਸੇ ਗਵਾਚਣ ਦੀ ਗੱਲ ਨਾ ਕੀਤੀ। ਮੇਰਾ ਹੌਸਲਾ ਹੋਰ ਵਧ ਗਿਆ।
ਦੋ ਤਿੰਨ ਦਿਨ ਦੇ ਬਾਅਦ ਇਕ ਸਾਧੂ ਜਹੇ ਬੰਦੇ ਦਾ ਝੋਲਾ ਉਸਦੇ ਸਿਰਹਾਣੇ ਤੋਂ ਚੁੱਕ ਲਿਆ ਪਰ ਉਸ ਵਿਚੋਂ ਸਿਵਾਏ ਧੋਤੀ ਤੇ ਫਟੇ-ਪੁਰਾਣੇ ਕਪੜਿਆਂ ਤੋਂ ਬਿਨਾ ਹੋਰ ਕੁਝ ਨਾ ਮਿਲਿਆ। ਇੰਨੇ ਨੂੰ ਜ਼ਹਾਜ਼ ਆ ਗਿਆ ਤੇ ਅਸੀਂ ਸਾਰ ਜਹਾਜ਼ ਵਿਚ ਚੜ੍ਹੇ ਗਏ।
ਜਹਾਜ਼ ਦਾ ਪੂਰਾ ਸਫਰ ਨੌਂ ਦਿਨ ਦਾ ਸੀ। ਇਕ ਰਾਤ ਸੌਣ ਲੱਗਿਆਂ ਮੈਂ ਸੋਚਿਆ ਕਿ ਜਾਨੀ ਚੋਰ ਮੈਂ ਤਾਂ ਬਣ ਸਕਦਾ ਹਾਂ ਜੇ ਲਾਗੇ ਸੁੱਤੀ ਇੱਕ ਜ਼ਨਾਨੀ ਦਾ ਹਾਰ ਉਸਦੇ ਗਲ ਤੋਂ ਲਾਹ ਲਵਾਂ। ਜਹਾਜ਼ ਦੇ ਡੈੱਕ ਵਿਚ ਸਾਰੇ ਮੁਸਾਫਿਰ ਕਤਾਰਾਂ ਬਣਾਕੇ ਆਪਣੇ ਆਪਣੇ ਬਿਸਤਰੇ ਵਿਛਾ ਕੇ ਸੌਂ ਜਾਂਦੇ ਸਨ ਤੇ ਇਹ ਬਿਸਤਰ ਪੱਕੇ ਤੌਰ ‘ਤੇ ਸਾਰੇ ਸਫਰ ਲਈ ਲੱਗੇ ਰਹਿੰਦੇ ਸਨ। ਸਾਡੇ ਸਿਰਹਾਣੇ ਵਾਲੀ ਕਤਾਰ ਵਿਚ ਉਹ ਜ਼ਨਾਨੀ ਸੀ ਜਿਸਦਾ ਹਾਰ ਲਾਹੁਣ ਬਾਰੇ ਮੈਂ ਸੋਚਿਆ ਸੀ। ਬਿਸਤਰੇ ਤੋਂ ਥੋੜ੍ਹੀ ਦੂਰ ਲੇਟੇ ਲੇਟੇ ਹੀ ਹਾਰ ਲਾਹੁਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਸੀ।
ਮੈਂ ਮੌਕਾ ਦੇਖਕੇ ਕੰਮ ਸ਼ੁਰੂ ਕੀਤਾ ਪਰ ਉਸ ਪਾਸਾ ਪਰਤ ਲਿਆ। ਦੂਜੇ ਪਾਸੇ ਕੋਸ਼ਿਸ਼ ਕੀਤੀ ਤਾਂ ਉਸਦੀ ਅੱਖ ਖੁਲ੍ਹ ਗਈ। ਉਸਨੇ ਚੋਰ, ਚੋਰ ਕਰਕੇ ਰੌਲਾ ਪਾ ਦਿੱਤਾ। ਸਾਰੇ ਲੋਕ ਜਾਗ ਪਏ। ਉਸਨੇ ਮੈਨੂੰ ਨਹੀਂ ਸੀ ਦੇਖਿਆ ਸਿਰਫ ਹੱਥ ਹੀ ਮਹਿਸੂਸ ਕੀਤੇ ਸਨ ਜੋ ਉਸਦੇ ਗਲ ਦਾ ਹਾਰ ਹਲਕਾ ਕਰਨ ਲੱਗੇ ਸਨ। ਸਾਰੇ ਲੋਕਾਂ ਦੇ ਨਾਲ ਮੈਂ ਵੀ ਜਾਗਿਆ ਪਰ ਅੰਦਰੋਂ ਮੇਰਾ ਸਰੀਰ ਕੰਬ ਰਿਹਾ ਸੀ। ਪਤਾ ਨਹੀਂ ਉਸਨੂੰ ਕਿਸ ‘ਤੇ ਸ਼ੱਕ ਹੋਇਆ ਹੋਣਾ ਕਿਉਂਕਿ ਆਸ ਪਾਸ ਬਹੁਤ ਲੋਕ ਸਨ। ਦੂਸਰੇ ਦਿਨ ਜਹਾਜ਼ ਦੇ ਲੋਕ ਚੋਰੀ ਵਾਲੀ ਗੱਲ ਨੂੰ ਬਹਾਨਾ ਕਹਿ ਕੇ ਦੂਸਰੀ ਹੀ ਗੱਲ ਦੀ ਚਰਚਾ ਕਰਨ ਲੱਗ ਪਏ ਕਿ ਛੇੜ ਛਾੜ ਹੋਈ ਹੈ। ਮੈਂ ਅਪਣੇ ਆਪ ਨੂੰ ਏਨਾ ਫਿਟਕਾਰ ਰਿਹਾ ਸੀ ਕਿ ਜੀਣ ਨੂੰ ਦਿਲ ਨਹੀਂ ਸੀ ਕਰਦਾ। ਮੇਰੀ ਵਜਾਹ ਕਰਕੇ ਇਸ ਇਜ਼ਤਦਾਰ ਔਰਤ ਦੀ ਬੇਇਜ਼ਤੀ ਹੋਵੇ ਇਹ ਗੱਲ ਬਰਦਾਸ਼ਤ ਨਹੀਂ ਸੀ ਹੋ ਰਹੀ ਤੇ ਸੱਚ ਮੈਂ ਲੋਕਾਂ ਨੂੰ ਦੱਸ ਨਹੀਂ ਸੀ ਸਕਦਾ। ਮੈਂ ਜਾਨੀ ਚੋਰ ਦੇ ਕਿੱਸੇ ਨੂੰ ਸੁਟਿਆ ਸਮੁੰਦਰ ਵਿਚ ਤੇ ਦਿਲ ਨਾਲ ਪ੍ਰਣ ਕੀਤਾ ਕਿ ਮੁੜ ਚੋਰੀ ਵਾਲੀ ਆਦਤ ਦਾ ਦਿਲ ਵਿਚ ਖ਼ਿਆਲ ਵੀ ਨਹੀਂ ਆਉਣ ਦੇਣਾ।
‘ਮੇਰੀ ਆਤਮਕਥਾ’ ਦਾਰਾ ਸਿੰਘ ਲੋਕਗੀਤ ਪ੍ਰਕਾਸ਼ਨ।