‘ਅੱਜ ਅਸੀਂ ਗਰੁੱਪ ਨਾਲ ਡਿਨਰ ਨਹੀਂ ਕਰਾਂਗੇ। ਸਗੋਂ ਡਾਇਨਿੰਗ ਹਾਲ ਵਿਚ ਸਾਰੇ ਬਦੇਸ਼ੀਆਂ ਦੇ ਵਿਚਕਾਰ ਬੈਠ ਕੇ ਖਾਣਾ ਖਾਵਾਂਗੇ ਤੇ ਉਹ ਵੀ ਅਪਣੇ ਬਲ-ਬੁੱਤੇ ’ ਤੇ। ਤੁਸੀਂ ਦੋਵੇਂ ਮੇਰੀਆਂ ਮਹਿਮਾਨ ਹੋਵੋਗੀਆਂ।’ ’
ਰਾਜੂ ਨੇ ਫ਼ੈਸਲਾ ਸੁਣਾਇਆ।
ਹੁਣ ਅਸੀਂ ਸਾਢੇ ਅੱਠ ਵਜੇ ਥੱਲੇ ਹਾਲ ਵਿਚ ਜਾਣ ਦੀ ਪਾਬੰਦੀ ਤੋਂ ਅਜ਼ਾਦ ਸਾਂ।
ਸਾਢੇ ਨੌਂ ਵਜੇ ਅਸੀਂ ਅਪਣੇ ਕਮਰੇ ’ ਚੋਂ ਬਾਹਰ ਨਿਕਲੇ। ਮੀਨਾ ਮੋਰ-ਰੰਗੀ, ਜ਼ਰੀਦਾਰ ਬੰਗਲੌਰੀ ਸਾੜ੍ਹੀ ਵਿਚ ਸੀ ਤੇ ਮੈਂ ਰੇਸ਼ਮ-ਪਟੀ, ਬੋਤਲ-ਰੰਗੀ, ਸਾਵੀ ਬਨਾਰਸੀ ਵਿਚ। ਰਾਜੂ ਅੱਜ ਚਿੱਟੇ ਕੁੜਤੇ ਪਜਾਮੇ ਵਿਚ ਕੋਹਲਾਪੁਰੀ ਚੱਪਲ ਵਿਚ ਇੰਝ ਹਲਕਾ ਫੁਲਕਾ ਸੀ ਜਿਵੇਂ ਅਪਣੇ ਵਤਨ, ਦੱਖਣੀ ਭਾਰਤ ਵਿਚ ਹੀ ਬੈਠਾ ਹੋਵੇ।
ਆਰਕੈਸਟਰਾ-ਬੈਂਡ ਦੇ ਬਹੁਤ ਨੇੜੇ ਦੇ ਮੇਜ਼ ਉੱਤੇ ਅਤੇ ਸਾਰੇ ਬਦੇਸ਼ੀਆਂ ਦੇ ਵਿਚਕਾਰ ਬਿਰਾਜੇ ਹੋਏ ਸਾਂ ਅਸੀਂ ਸਿਰਫ਼ ਤੇ ਸਿਰਫ਼ ਭਾਰਤੀ, ਮਾਣ-ਮੱਤੇ ਤੇ ਸਭ ਦਾ ਕੇਂਦਰ ਬਿੰਦੂ।
ਸੰਗੀਤ ਦਾ ਪ੍ਰਵਾਹ ਤੇਜ਼ ਸੀ ਤੇ ਓਨਾ ਹੀ ਤੇਜ਼ ਸੀ ਪੱਛਮੀ ਜੋੜਿਆਂ ਦਾ ਨਾਚ। ਇਕ ਬੰਦਾ, ਇਕ-ਟਕ ਮੈਨੂੰ ਵੇਖ ਰਿਹਾ।
ਮੀਨਾ ਤੇ ਮੈਂ ਨਾਲ-ਨਾਲ ਦੀਆਂ ਕੁਰਸੀਆਂ ’ ਤੇ ਬੈਠੀਆਂ ਹੋਈਆਂ ਸਾਂ ਤੇ ਰਾਜੂ ਸਾਹਮਣੀ ਕੁਰਸੀ ਉੱਤੇ। ਇਕ ਸਫਲ ਦੇ ਹੋਣਹਾਰ ਨਰਿਤ-ਕਲਾਕਾਰ ਹੋਣ ਦੇ ਨਾਤੇ ਰਾਜੂ ਸਾਨੂੰ ਭਾਰਤ-ਨਾਟਿਅਮ ਦੀਆਂ ਮੁਦਰਾਵਾਂ ਬਾਰੇ ਕੁਝ ਸਮਝਾਅ ਰਿਹਾ ਸੀ। ਬੇਸ਼ੱਕ ਮੇਰਾ ਧਿਆਨ ਰਾਜੂ ਵੱਲ ਹੀ ਸੀ ਪਰ ਨਾਲ-ਨਾਲ ਉਸ ਰੂਸੀ ਜੁਆਨ ਦੀ ਅਪਲਕ ਤੱਕਣੀ ਤੋਂ ਵੀ ਮੈਂ ਕੁਝ ਕੁਝ ਔਖੀ ਜਿਹੀ ਹੋ ਰਹੀ ਸਾਂ।
ਮੀਨਾ ਨੇ ਮੇਰਾ ਅਸਹਿਜ ਹੋਣਾ ਭਾਂਪ ਲਿਆ ਸੀ।
ਮੈਥੋਂ ਜੁਆਨ ਸੁੁਹਣੀ-ਸੁਨੱਖੀ, ਮੋਟੀਆਂ ਤੇ ਨਸ਼ੀਲੀਆਂ ਅੱਖਾਂ ਵਾਲੀ ਕੱਦਾਵਾਰ ਤੇ ਬੋਬ-ਕੱਟ, ਘੁੰਗਰਾਲੇ ਵਾਲਾਂ ਵਾਲੀ, ਚਿੱਟੇ ਮੋਤੀਆਂ ਦੇ ਹੈਦਰਾਬਾਦੀ ਸੈਟ ਤੇ ਜੜਾਊ-ਕੜਿਆਂ ਨਾਲ ਕਸ਼ਮੀਰੀ ਕਢਾਈਦਾਰ ਕੇਪ ਵਿਚ ਲਿਪਟੀ ਹੋਈ ਮੀਨਾ-ਭਲਾ ਕੌਣ ਨਹੀਂ ਸੀ ਉਸ ਵੱਲ ਆਕਰਸ਼ਿਤ ਤੇ ਉਹ ਭਲਾ-ਲੋਕ ਮੈਨੂੰ ਹੀ ਵੇਖੀ ਜਾ ਰਿਹਾ ਸੀ, ਮੋਹਿਤ ਮੁਦਰਾ ਵਿਚ ਤੇ ਮੀਨਾ ਤੋਂ ਅਸਲੋਂ ਹੀ ਬੇਖ਼ਬਰ।
ਸੰਗੀਤ ਬੰਦ ਹੋਇਆ, ਛਣ ਦੀ ਛਣ। ਨੱਚਦੇ ਜੋੜੇ ਆਪੋ-ਅਪਣੀ ਥਾਂ ’ ਤੇ ਜਾ ਬਿਰਾਜੇ। ਉਹ ਰੂਸੀ ਜਾਂ ਉਜ਼ਬੇਕ ਅਪਣੀ ਥਾਂ ਤੋਂ ਉੱਠਿਆ। ਉਸ ਕੁਝ ਸਿੱਕੇ ਦੇ ਕੇ ਬੈਂਡ ਵਾਲਿਆਂ ਨੂੰ ਮੁੜ ਕੋਈ ਧੁਨ ਵਜਾਉਣ ਦਾ ਸੰਕੇਤ ਕੀਤਾ। ਧੁਨ ਸ਼ੁਰੂ ਹੋਈ।
‘…. ਮੇਰਾ ਜੂਤਾ ਹੈ ਜਪਾਨੀ.. ’ ਤਾਲ ਨਾਲ ਸਾਡੇ ਪੈਰ ਆਪ ਮੁਹਾਰੇ ਹਿੱਲਣ ਲੱਗੇ। ਅਸੀਂ ਬੈਠੇ ਝੂਮਣ ਲੱਗੇ। ਇਕ ਆਲੌਕਿਕ ਅਨੰਦ ਦਾ ਅਨੁਭਵ। ਮੈਂ ਖਿੜ ਗਈ। ਉਹ ਮੈਨੂੰ ਅਪਲਕ ਵੇਖੀ ਜਾਂਦਾ, ਖੁਸ਼-ਖੁਸ਼। ਫਿਰ ਉਹ ਅਪਣੇ ਮੇਜ਼ ਉੱਪਰ ਪਏ ਪਿਆਲਿਆਂ ਨੂੰ ਲਾਲ ਨੈਪਕਿਨ ਨਾਲ ਲਿਸ਼ਕਾਣ ਲੱਗਾ।
‘ਸ਼ਾਇਦ ਉਹ ਇਸ ਹੋਟਲ ਵਿਚ ਕੰਮ ਕਰਦਾ ਹੋਵੇਗਾ’ , ਸੋਚ ਹੀ ਰਹੀ ਸਾਂ ਕਿ ਸਾਡੀ ਮੇਜ਼ ਉੱਪਰ ਪਿਆਲੇ ਆਣ ਰੱਖੇ ਅਤੇ ਬੜੇ ਹੀ ਅਦਬ ਨਾਲ ਝੁਕ ਕੇ ਸਲਾਮ ਕਰਦਿਆਂ ਉਹ ਕੇਤਲੀ ਵਿਚੋਂ ਸਾਡੇ ਲਈ ਕੌਫੀ ਪਾਣ ਲੱਗਾ।
‘ਪੌਸੀਬਾ ਪੌਸੀਬਾ’ ਕਰਦੇ ਅਸੀਂ ਕੌਫ਼ੀ ਦਾ ਆਨੰਦ ਮਾਣਨ ਲੱਗੇ। ਉਹ ਮੁੜ ਅਪਣੀ ਮੇਜ਼ ’ ਤੇ ਜਾ ਕੇ ਉਸੇ ਤਰ੍ਹਾਂ ਇਕ ਟੱਕ ਮੈਨੂੰ ਨਿਹਾਰਨ ਲੱਗਾ। ਗੀਤ ਖ਼ਤਮ ਹੁੰਦਿਆਂ ਹੀ ਉਸ ਮੁੜ ਸਿੱਕੇ ਜਮ੍ਹਾਂ ਕਰਾਏ। ਇਸ ਵੇਰਾਂ ‘ਅਵਾਰਾ ਹੂੰ’ ਦੀ ਧੁਨ ਨਾਲ ਜੋੜੇ ਨੱਚਣ ਲੱਗੇ। ਅਸੀਂ ਖੁਸ਼ੀ ਨਾਲ ਝੂਮਣ ਲੱਗੇ। ਮੇਰੀ ਖੁਸ਼ੀ ਉੱਪਰ ਉਹ ਏਦਾਂ ਖੀਵਾ ਹੁੰਦਾ ਦਿਸਦਾ ਜਿਵੇਂ ਅਨੰਦ ਵਿਚ ਕਿਲਕਾਰਦੇ ਬੱਚੇ ਨੂੰ ਵੇਖ-ਵੇਖ ਕੋਈ ਮਾਂ ਖੁਸ਼ੀ ਹੁੰਦੀ ਹੋਵੇ।
ਗੀਤ ਖ਼ਤਮ ਹੁੰਦਿਆਂ ਹੀ ਉਹ ਸਾਡੇ ਕੋਲ ਆਇਆ। ਮੇਰੇ ਸਾਹਮਣੇ ਦੀ ਕੁਰਸੀ ’ ਤੇ ਬੈਠ ਗਿਆ। ਉਸ ਅਪਣੀ ਜੇਬ ਵਿਚੋਂ ਡਾਇਰੀ ਕੱਢੀ ਤੇ ਮੈਨੂੰ ਹਸਤਾਖ਼ਰ ਕਰਨ ਲਈ ਸੰਕੇਤ ਕੀਤਾ। ਮੈਂ ਅਪਣੇ ਪਰਸ ਵਿਚੋਂ ਪੈੱਨ ਕੱਢ ਕੇ ਦਸਖ਼ਤ ਕਰ ਦਿੱਤੇ। ਉਸ ਮੈਨੂੰ ਅਪਣਾ ਪਤਾ ਲਿਖਣ ਲਈ ਵੀ ਆਖਿਆ।
‘ਐਡਰੈੱਸ, ਫਾਦਰ, ਮਦਰ’
ਉਸਦੀਆਂ ਗੱਲਾਂ ਦੇ ਦੁਹਰਾਅ ਵਿਚੋਂ ਸਿਰਫ ਇਹ ਤਿੰਨੇ ਸ਼ਬਦ ਹੀ ਸਾਡੇ ਪੱਲੇ ਪੈਂਦੇ। ਮੇਰੇ ਪਤਾ ਲਿਖਣ ਉਪਰੰਤ ਉਸ ਮੇਰਾ ਪੈੱਨ ਲੈ ਕੇ ਚੁੰਮਿਆ ਅਤੇ ਮੱਥੇ ਨਾਲ ਲਾ ਕੇ ਜੇਬ ਵਿਚ ਪਾ ਲਿਆ ਅਤੇ ਅਪਣਾ ਪੈਨ ਮੈਨੂੰ ਦਿੱਤਾ। ਫੇਰ ਉਸ ਮੇਰੀ ਡਾਇਰੀ ਵਿਚ ਰੂਸੀ ਭਾਸ਼ਾ ਵਿਚ ਅਪਣਾ ਪਤਾ ਲਿਖਿਆ।
ਰੂਸੀ ਦੇ ਬਹੁਤੇ ਅੱਖਰ ਅੰਗਰੇਜ਼ੀ ਲਿੱਪੀ ਨਾਲ ਮਿਲਦੇ-ਜੁਲਦੇ ਹਨ। ਥੋੜ੍ਹਾ ਹੀ ਫ਼ਰਕ ਹੈ। ਉਹ ਯਕੀਨ ਕਰਨਾ ਚਾਹੁੰਦਾ ਸੀ ਕਿ ਕੀ ਮੈਂ ਉਸ ਦੇ ਲਿਖੇ ਸਿਰਨਾਵੇਂ ਨੂੰ ਠੀਕ ਤਰ੍ਹਾਂ ਨਕਲ ਕਰ ਸਕਾਂਗੀ। ਇਸ ਲਈ ਉਸ ਮੈਨੂੰ ਮੇਰੀ ਹੀ ਡਾਇਰੀ ਵਿਚ ਉਸ ਵਲੋਂ ਲਿਖੇ ਪਤੇ ਨੂੰ ਠੀਕ ਤਰ੍ਹਾਂ ਨਕਲ ਕਰਨ ਲਈ ਸੰਕੇਤ ਕੀਤਾ। ਜੋ ਮੈਂ ਕਰ ਦਿੱਤਾ।
ਉਹਨੂੰ ਤਸੱਲੀ ਹੋ ਗਈ।
‘ਮੁਸਲਿਮ’ ਅਪਣੇ ਵੱਲ ਇਸ਼ਾਰਾ ਕਰਦਿਆਂ ਉਹ ਬੋਲਿਆ ਤੇ ਨਾਲ ਹੀ ਪ੍ਰਸ਼ਨਾਤਮਕ ਸੰਕੇਤ ਨਾਲ ਮੇਰਾ ਧਰਮ ਪੁੱਛਿਆ।
‘ਸਿੱਖ’ ਮੈਂ ਬੋਲੀ।
ਧਰਮ ਜਾਨਣ ਦੀ ਉਸਦੀ ਉਤਸੁਕਤਾ ’ ਤੇ ਅਸੀਂ ਹੈਰਾਨ ਹੋਏ। ਦੋਹਾਂ ਲਿਖੇ ਸਿਰਨਾਵਿਆਂ ਹੇਠਾਂ ਉਸ ‘ਮੁਸਲਿਮ ਸਿੱਖ’ ਲਿਖ ਕੇ ਇਸ਼ਾਰੇ ਨਾਲ ਖੁਸ਼ੀ ਪ੍ਰਗਟਾਈ ਕਿ ਸਾਡੇ ਧਰਮ ਮਿਲਦੇ ਜੁਲਦੇ ਹਨ।
ਰੂਸੀ ਮੁਸਲਮਾਨ ਉਂਝ ਅਪਣੇ ਧਰਮ ਦੀ ਕਿਸੇ ਰਹੁ-ਰੀਤ ਤੋਂ ਵਾਕਿਫ਼ ਨਹੀਂ ਸਨ ਜਾਪਦੇ। ਨਾ ਨਮਾਜ਼ ਪੜ੍ਹਦੇ, ਨਾ ਰੋਜ਼ੇ ਰੱਖਦੇ ਪਰ ਫਖ਼ਰ ਨਾਲ ਅਪਣੇ ਧਰਮ ਦੀ ਸ਼ਨਾਖਤ ਜ਼ਰੂਰ ਦੱਸਦੇ। ਇਹ ਮੈਂ ਜੂਲੀਆ ਤੋਂ ਵੀ ਜਾਣ ਚੁੱਕੀ ਸਾਂ।
ਜੂਲੀਆ ਮੁਸਲਮਾਨ ਸੀ। ਉਹ ਅਪਣੇ ਸ਼ਬਦਾਂ ਵਿਚ ਹੀ ਰੱਬ ਦੀ ਪ੍ਰਾਰਥਨਾ ਕਰਦੀ ਸੀ ਕਿਉਂਕਿ ਉਹਨੂੰ ਕਿਸੇ ਵੀ ਪ੍ਰਾਰਥਨਾ ਦਾ ਨਹੀਂ ਸੀ ਪਤਾ। ਉਸ ਮੇਰੇ ਕੋਲ ‘ਸਮਾਧੀ-ਧਿਆਨ’ ਆਦਿ ਕਿਰਿਆਵਾਂ ਸਿੱਖਣ ਲਈ ਰੁਚੀ ਪ੍ਰਗਟ ਕੀਤੀ ਸੀ ਤੇ ਮੇਰੇ ਕਮਰੇ ਵਿਚ ਆ ਕੇ ਮੈਥੋਂ ਪ੍ਰਾਰਥਨਾਸਨ, ਸੁਖ-ਆਸਨ ਤੇ ਸ਼ੱਵ-ਆਸਨ ਕਰਨੇ ਸਿੱਖੇ ਵੀ ਸਨ। ਆਪੋ-ਅਪਣੇ ਧਰਮ ਵਿਚ ਆਸਥਾ ਰੱਖਣ ਦੀ ਜੂਲੀਆ ਸ਼ਲਾਘਾ ਕਰਦੀ ਸੀ।
ਇਸ ਮੁਸਲਮਾਨ ਭੱਦਰ ਪੁਰਸ਼ ਨੇ ਵੀ ਉੱਥੇ ਬੈਠਿਆਂ-ਬੈਠਿਆਂ ਹੀ ਮੈਥੋਂ ਪ੍ਰਾਰਥਨਾ ਕਰਨ ਦਾ ਸਿੱਖੀ ਢੰਗ ਜਾਣਨਾ ਚਾਹਿਆ। ਮੈਂ ਬੈਠੇ-ਬੈਠੇ ਹੱਥ ਜੋੜ ਕੇ ਅਰਦਾਸ ਕਰਨੀ ਦੱਸੀ। ਇਸ਼ਾਰੇ ਨਾਲ ਹੀ ਉਸ ਮੇਰੀ ਫੋਟੋ ਮੰਗੀ। ਮੈਂ ਪਰਸ ਫਰੋਲਿਆ। ਇਕ ਪਾਸਪੋਰਟ ਸਾਈਜ਼ ਦੀ ਫੋਟੋ ਮਿਲ ਗਈ। ਉਸ ਫੋਟੋ ਪਿੱਛੇ ਆਟੋਗ੍ਰਾਫ਼ ਦੇਣ ਲਈ ਬੇਨਤੀ ਕੀਤੀ। ਫੋਟੋ ਲੈ ਕੇ ਉਸ ਸੀਨੇ ਨਾਲ ਲਾਈ। ਚੁੰਮੀ। ਮੇਰੇ ਹੱਥ ਚੁੰਮੇ। ਇਸ਼ਾਰਿਆਂ ਨਾਲ ਹੀ ਸਮਝਾਇਆ ਕਿ ਉਹ ਮੇਰੀ ਤਸਵੀਰ ਸੰਭਾਲ ਕੇ ਰੱਖੇਗਾ, ਘਰ ਦੀ ਕੰਧ ਉੱਤੇ ਵੱਡੀ ਕਰਾ ਕੇ ਸਜਾਏਗਾ।
ਏਨੀ ਭਾਵੁਕਤਾ?
ਅਸੀਂ ਤਿੰਨੇ ਹੈਰਾਨ ਸਾਂ।
ਮੈਨੂੰ ਸ਼ਰਮ ਵੀ ਆਵੇ ਤੇ ਉਸ ਵੱਲ ਖਿੱਚੀ ਵੀ ਜਾਵਾਂ। ਕੁਝ ਮਿਕਨਾਤੀਸੀ ਸੀ ਉਸਦੀ ਤੱਕਣੀ ਵਿਚ। ਧੂ ਪਵੇ। ਉਹ ਚੰਗਾ-ਚੰਗਾ ਲੱਗੇ। ਕਿਸੇ ਅਣਦਿੱਖ ਸ਼ਕਤੀ ਦਾ ਸੰਚਾਰ ਹੋ ਰਿਹਾ ਸੀ। ਸ਼ੀਤਲ-ਸ਼ੀਤਲ, ਨਿੱਘਾ-ਨਿੱਘਾ। ਜੀ ਕਰੇ, ਉਹ ਇੰਝ ਹੀ ਵੇਖੀ ਜਾਵੇ, ਮੈਂ ਇੰਝ ਹੀ ਨਿਹਾਰੀ ਜਾਵਾਂ। ਇਕ ਟੱਕ ਮੈਨੂੰ ਵੇਖਦਾ ਉਹ ਕੁਝ ਬੁੜ ਬੁੜ ਕਰੇ। ਸਾਡੇ ਕੁਝ ਪੱਲੇ ਨਾ ਪਵੇ।
‘ਮਾਈ ਫਾਦਰ ਡਾਕਟਰ, ਮਾਈ ਮਦਰ, ਮਾਈ ਮਦਰ’ ਲੱਖ ਯਤਨਾਂ ਦੇ ਬਾਵਜੂਦ ਸਾਨੂੰ ਸਮਝ ਨਾ ਆਵੇ ਕਿ ਉਹ ਅਪਣੀ ਮਾਂ ਬਾਰੇ ਕੀ ਕਹਿਣਾ ਚਾਹੁੰਦਾ ਸੀ। ਰਾਜੂ ਪੁੱਛਦਾ। ਮੈਂ ਪੁੱਛਦੀ। ਮੀਨਾ ਪੁੱਛਦੀ ਪਰ ਤਿੰਨੋ ਹੀ ਸਮਝਣੋਂ ਅਸਮਰਥ ਸਾਂ।’ ਬੱਸ ਉਹ ਤੱਕੀ ਜਾਂਦਾ, ਤੱਕੀ ਜਾਂਦਾ।
ਜਿਵੇਂ ਕਿ ਮੇਰੇ ਚਿਹਰੇ ਤੋਂ ਨਜ਼ਰ ਹਟਾਣੀ ਉਸ ਦੇ ਵੱਸ ਦੀ ਗੱਲ ਨਾ ਰਹੀ ਹੋਵੇ।
ਸੰਗੀਤ ਫੇਰ ਸ਼ੁਰੂ ਹੋਇਆ। ਉਸ ਮੈਨੂੰ ਅਪਣੇ ਨਾਲ ਨਚਾਣ ਦੀ ਬੇਨਤੀ ਕੀਤੀ। ਮੈਂ ਨਾ ਮੰਨੀ। ਭੈਣਾਂ-ਭਰਾਵਾਂ, ਸਾਕਾਂ ਸਬੰਧੀਆਂ ਦੀਆਂ ਸ਼ਾਦੀਆਂ ਬਰਾਤਾਂ ਵਿਚ ਵੀ ਮੈਂ ਕਦੇ ਨਹੀਂ ਨੱਚੀ। ਮੈਨੂੰ ਨੱਚਣਾ ਨਹੀਂ ਆਉਂਦਾ ਤੇ ਬੇਸੁਰਾ-ਬੇਢੱਬਾ ਕੁੱਦਣਾ ਮੈਨੂੰ ਮਾਫ਼ਕ ਨਹੀਂ।
ਮੇਰੇ ਨਾ ਮੰਨਣ ’ ਤੇ ਉਸ ਜੁਆਨ ਨੇ ਮੀਨਾ ਨੂੰ ਬੇਨਤੀ ਕੀਤੀ। ਮੀਨਾ ਵੀ ਪੱਛਮੀ ਨਾਚ ਤੋਂ ਨਾਵਾਕਫ਼ ਸੀ। ਸੰਗਦੀ ਸੀ ਪਰ ਉਹ ਉਹਨੂੰ ਖਿੱਚ ਕੇ ਲੈ ਹੀ ਗਿਆ। ਮੀਨਾ ਨੱਚੀ। ਮੋਰ ਰੰਗੀ ਸਾੜ੍ਹੀ ਵਿਚ ਇਕੋ ਇਕ ਭਾਰਤੀ ਔਰਤ ਨੱਚੀ। ਸਭ ਦੀਆਂ ਨਜ਼ਰਾਂ ਉਹਨਾਂ ਵੱਲ। ਨਾਚ ਖ਼ਤਮ ਹੋਣ ’ ਤੇ ਉਹ ਸਾਡੇ ਨਾਲ ਆਣ ਬੈਠੇ। ਹੁਣ ਉਸ ਮੇਰਾ ਹੱਥ ਫੜ ਕੇ ਉਠਾ ਲਿਆ।
‘ਉਹ ਮੀਨਾ ਨੂੰ ਮੇਰੀ ਸੰਗ ਉਤਾਰਨ ਲਈ ਲੈ ਗਿਆ ਸੀ- ਰਾਜੂ ਦਾ ਅਨੁਮਾਨ ਸੀ।
ਮੈਂ ਫੇਰ ਵੀ ਰਾਜ਼ੀ ਨਹੀਂ ਸਾਂ ਹੋ ਰਹੀ।
ਠੀਕ ਇਸੇ ਵੇਲੇ ਐਮ.ਕੇ. ਸਿਆਲ ਨੇ ਦੋ ਹਿੰਦੁਤਸਾਨੀ ਵਿਦਿਆਰਥੀਆਂ ਨਾਲ ਪ੍ਰਵੇਸ਼ ਕੀਤਾ। ਇਹ ਵਿਦਿਆਰਥੀ ਸਾਨੂੰ ਪਹਿਲਾਂ ਵੀ ਉਸ ਨਾਲ ਲੌਬੀ ਵਿਚ ਮਿਲ ਚੁੱਕੇ ਸਨ। ਉਹਨਾਂ ਵਿਚੋਂ ਇਕ ਪੰਜਾਬੀ ਸੀ। ਲੁਧਿਆਣੇ ਦਾ ਨਿਵਾਸੀ, ਸੁਨੀਲ ਅਨੰਦ। ਮੈਂ ਸੁਨੀਲ ਅਨੰਦ ਨੂੰ ਬੇਨਤੀ ਕੀਤੀ ਕਿ ਮੇਰੇ ਅਤੇ ਉਸ ਉਜ਼ਬੇਕ-ਭੱਦਰ ਪੁਰਸ਼ ਵਿਚਕਾਰ ਦੁਭਾਸ਼ੀਏ ਦਾ ਰੋਲ ਅਦਾ ਕਰੇ। ਸੁਨੀਲ ਤੋਂ ਉਸ ਨੇ ਮੇਰਾ ਨਾਂ ਪੁੱਛਿਆ। ਮੇਰੀ ਉਮਰ ਪੁੱਛੀ।
‘ਕਾਨਾ’ ਸੁਣ ਕੇ ਉਹ ‘ਕਾਨਾ ਕਾਨਾ’ ਕਰਦਾ ਮੇਰੇ ਹੱਥ ਚੁੰਮਣ ਲੱਗਾ। ਉਸ ਰੂਸੀ ਜ਼ੁਬਾਨ ਵਿਚ ਸੁਨੀਲ ਰਾਹੀਂ ਸਮਝਾਇਆ ਕਿ ਉਸ ਦਾ ਪਿਓ ਡਾਕਟਰ ਸੀ ਜੋ ਕਦੇ ਦਿੱਲੀ ਵੀ ਜਾ ਚੁੱਕਿਆ ਸੀ। ਉਸ ਦੀ ਮਾਂ ਦੀ ਸ਼ਕਲ ਹੂਬਹੂ ਮੇਰੇ ਵਰਗੀ ਸੀ ਜੋ ਕੁਝ ਚਿਰ ਪਹਿਲਾਂ ਇਕ ਦੁਰਘਟਨਾ ਦਾ ਸ਼ਿਕਾਰ ਹੋ ਚੁੱਕੀ ਸੀ। ਉਹ ਜ਼ੋਰ ਲਾ ਰਿਹਾ ਸੀ ਕਿ ਮੈਂ ਉਸ ਦੇ ਘਰ ਚੱਲਾਂ ਤਾਂ ਕਿ ਉਹ ਅਪਣੀ ਮਾਂ ਦੀ ਤਸਵੀਰ ਮੈਨੂੰ ਵਿਖਾ ਸਕੇ। ਉਹਦੀ ਪਤਨੀ ਨਰਸ ਸੀ। ਦੋ ਬੱਚੇ ਸਨ ਜੋ ਅਪਣੀ ਦਾਦੀ ਨੂੰ ਬਹੁਤ ਯਾਦ ਕਰਦੇ ਸਨ ਤੇ ਉਹ ਮੈਨੂੰ ਅਪਣੇ ਬੱਚਿਆਂ ਨਾਲ ਮਿਲਾਣ ਲਈ ਬਿਹਬਲ ਸੀ।
ਸੁਨੀਲ ਨੇ ਉਸ ਨੂੰ ਮੇਰੇ ਵਲੋਂ ਸਮਝਾਇਆ ਕਿ ਵਫ਼ਦ ਦੇ ਨੇਮਾਂ ਅਨੁਸਾਰ ਅਸੀਂ ਨਿੱਜੀ ਤੌਰ ’ ਤੇ ਇਕੱਲੇ ਕਿਸੇ ਰੂਸੀ ਦੇ ਘਰ ਨਹੀਂ ਜਾ ਸਕਦੇ। ਇਸ ਲਈ ਚੰਗਾ ਹੋਵੇਗਾ ਕਿ ਉਹ ਅਪਣੇ ਪਰਿਵਾਰ ਨੂੰ ਹੋਟਲ ਵਿਚ ਹੀ ਲੈ ਆਵੇ। ਉਸ ਦੂਜੇ ਦਿਨ ਸਾਡੇ ਕਮਰਾ ਨੰ: 811 ਵਿਚ ਚਾਰ ਵਜੇ ਸਣੇ ਪਰਿਵਾਰ ਆਉਣ ਦਾ ਵਾਅਦਾ ਕੀਤਾ। ਇਕ ਵੇਰਾਂ ਫੇਰ ਉਸ ਮੈਨੂੰ ਨੱਚਣ ਦੀ ਬੇਨਤੀ ਕੀਤੀ। ਇਸ ਵੇਰਾਂ ਮੈਂ ਬਿਨਾ ਹੀਲ ਹੁੱਜਤ ਦੇ ਉਸ ਨਾਲ ਤੁਰ ਪਈ। ਨੱਚੀ। ਖੂਬ ਨੱਚੀ।
ਪਤਾ ਹੀ ਨਾ ਲੱਗਾ ਕੀਕੂੰ ਤੇ ਕਿਧਰ ਗਈ ਸਾਰੀ ਸੰਗ।
ਮੈਂ ਨਿਸ਼ੰਗ ਸਾਂ।
‘ਕੇ.ਕੇ. ਇਹ ਤੇਰਾ ਹਾਣੀ ਸੋਚਿਆ ਸੀ ਅਸਾਂ ਪਰ ਇਹ ਵੀ ਤੇਰਾ ਪੁੱਤਰ ਹੀ ਨਿਕਲਿਆ।’ ਰਾਜੂ ਨੇ ਮਜ਼ਾਕ ਕੀਤਾ।
‘ਹਾਂ, ਰਾਜੂ..
ਬੰਦਾ ਜੋ ਵੀ ਮਿਲੇ
ਸਾਨੂੰ ਪਛਾਣ ਦਾ
ਹੋਵੇ ਉਹ ਵਡੇਰਾ
ਜਾਂ ਛੁਟੇਰਾ
ਨਾ ਹੋਵੇ ਹਾਣ ਦਾ..’ — ਮੇਰੇ ਹੋਠ ਫ਼ਰਕੇ
ਅਸੀਂ ਖਿੜ-ਖਿੜਾ ਕੇ ਹੱਸ ਪਏ। ਸਾਰੇ।
ਮੈਂ ਗੁਆਚ ਗਈ ਅਤੀਤ ਵਿਚ।
ਵੀਹ ਸਾਲ ਪਿੱਛੇ। ਬੰਬਈ ਸ਼ਹਿਰ ਵਿਚ।
ਸਿੰਧੀ ਵਕੀਲ, ਚੰਦਰੂ ਮੀਰਚੰਦਾਨੀ ਨਾਲ ਮੇਰੇ ਡਾਕਟਰ ਪਤੀ ਦੀ ਨਵੀਂ-ਨਵੀਂ ਮਿੱਤਰਤਾ ਹੋਈ ਸੀ। ਅਸੀਂ ਦੋਵੇਂ ਜੋੜੇ ਹਮ-ਉਮਰ ਸਾਂ ਤੇ ਸਾਡੇ ਬੱਚੇ ਵੀ ਲਗਭਗ ਹਾਣ ਦੇ। ਚੰਦੂ ਨੇ ਪਹਿਲੀ ਮੁਲਾਕਾਤ ਉੱਤੇ ਹੀ ਅਚੰਭਾ ਪ੍ਰਗਟ ਕੀਤਾ ਸੀ ਕਿ ਮੇਰੀ ਸ਼ਕਲ ਉਸਦੀ ਛੋਟੀ ਭੈਣ, ਰਾਣੀ ਨਾਲ ਮਿਲਦੀ ਹੈ।
‘ਮਿਲਦੀ ਹੋਵੇਗੀ’ , ਬੜੇ ਹੀ ਬੰਦਿਆਂ ਦੇ ਮੁਹਾਂਦਰੇ, ਹਾਵ-ਭਾਵ ਦੂਜਿਆਂ ਦੀ ਯਾਦ ਕਰਾਉਂਦੇ ਹਨ, ਆਮ ਜਿਹੀ ਗੱਲ ਹੈ,’
ਅਸਾਂ ਸੋਚਿਆ ਸੀ।
ਕੁਝ ਵਕਤ ਪਾ ਕੇ ਚੰਦੂ ਤੇ ਭਰਾ ਦੀ ਮੰਗਣੀ ਦਾ ਜਸ਼ਨ ਸੀ, ‘ਬਲੂ-ਨਾਈਟ’ ਹੋਟਲ ਵਿਚ। ਮੈਂ, ਚੰਦੂ ਦੀ ਪਤਨੀ, ਸ਼ੀਲਾ ਨਾਲ ਬੈਠੀ ਹੋਈ ਸਾਂ ਕਿ ਮਹਿਮਾਨਾਂ ਵਿਚੋਂ ਆ ਕੇ ਅਚਾਨਕ ਇਕ ਮੇਰੀ ਹਮ ਉਮਰ ਕੁੜੀ ਨੇ ਮੇਰਾ ਮੋਢਾ ਝੰਜੋੜਿਆ :
‘ਸਾਲੀ ਰਾਨੀ, ਬੜੀ ਮਗਰੂਰ ਹੋ ਗਈ ਏਂ। ਗੱਲ ਹੀ ਨਹੀਂ ਕਰਦੀ।’ ਮੈਂ ਹੱਕੀ-ਬੱਕੀ।
ਆਖਰ ਸ਼ੀਲਾ ਮੇਰੇ ਬਚਾਓ ਲਈ ਅੱਗੇ ਵਧ ਕੇ ਬੋਲੀ :
‘ਇਹ ਰਾਨੀ ਨਹੀਂ। ਸਾਡੇ ਦੋਸਤ, ਸਰਦਾਰ ਡਾਕਟਰ ਦੀ ਪਤਨੀ ਹੈ।’
ਅੱਖ-ਪਲਕਾਰੇ ਵਿਚ ਹੀ ਸਾਰੇ ਪਾਸੇ ਚਰਚਾ ਹੋਣ ਲੱਗੀ :
‘ਉਹ ਵੇਖੋ। ਰਾਨੀ, ਸਗਵੀਂ ਰਾਨੀ ਤੇ ਉਹ ਰਾਨੀ ਨਹੀਂ ਹੈ.. .. ਉਹੀ ਦੰਦਾਂ ਦੀ ਵਿਰਲ, ਉਹਦੀ ਹਾਸਾ, ਉਹੀ ਕੱਦ-ਬੁਤ, ਉਹੀ ਵਾਲ, ਉਹੀ ਐਨਕ—ਤੇ ਉਹ ਰਾਨੀ ਨਹੀਂ ਹੈ।— ਰਾਨੀ ਨਹੀਂ— ਰਾਨੀ ਨਹੀਂ— ਰਾਨੀ।
ਰਾਨੀ ਅਹਿਮਦਾਬਾਦ ਰਹਿੰਦੀ ਸੀ। ਭਰਾ ਦੀ ਮੰਗਣੀ ਉੱਤੇ ਨਹੀਂ ਸੀ ਆਈ। ਮਹੀਨੇ ਬਾਅਦ ਸ਼ਾਦੀ ਉੱਤੇ ਹੀ ਆਉਣਾ ਸੀ ਉਸ।
ਉਸ ਨੂੰ ਵੇਖਣ ਲਈ ਹੁਣ ਮੈਂ ਵੀ ਉਤਾਵਲੀ ਸਾਂ।
ਚੰਦੂ ਦੇ ਭਰਾ ਦੀ ਸ਼ਾਦੀ ਦਾ ਰਿਸੈਪਸ਼ਨ ਪੰਜ ਤਾਰਾ ਹੋਟਲ, ‘ਨਿਊ ਹੈਰਾਈਜ਼ਨ’ ਵਿਚ ਹੋਣਾ ਸੀ।
ਬੁੱਧਵਾਰ ਦਾ ਦਿਨ ਸੀ। ਮੇਰੇ ਪਤੀ ਦਾ ਦਵਾਖਾਨਾ ਰਾਤੀਂ ਗਿਆਰਾਂ ਵਜੇ ਤੱਕ ਚਾਲੂ ਰਹਿੰਦਾ ਸੀ। ਉਹ ਵਿਆਹ ਦੀ ਪਾਰਟੀ ਵਿਚ ਸ਼ਾਮਿਲ ਨਹੀਂ ਸਨ ਹੋ ਸਕਦੇ। ਉਹਨਾਂ ਮੇਰੇ ਤੇ ਬੱਚਿਆਂ ਨਾਲ ਮੇਰੀ ਮਾਸੀ ਦੇ ਪੁੱਤ ਟੋਨੀ ਨੂੰ ਭੇਜ ਦਿੱਤਾ।
‘ਭੈਣ ਜੀ, ਉਹ ਵੇਖੋ ਬਿਲਕੁਲ ਤੁਹਾਡੇ ਵਰਗੀ ਔਰਤ’
ਟੋਨੀ ਰਿਸੈਪਸ਼ਨ ਹਾਲ ਵਿਚ ਵੜਦਿਆਂ ਹੀ ਉਛਲ ਉੱਠਿਆ।
ਪੰਜ ਤਾਰਾ ਹੋਟਲ ਦੀ ਗਹਿਮਾ-ਗਹਿਮ, ਪੰਜ ਸੌ ਤੋਂ ਉੱਪਰ ਮਹਿਮਾਨਾਂ ਦੀ ਭੀੜ, ਆਰਕੈਸਟਰਾ ਦੀ ਧੁਨ ’ ਤੇ ਨੱਚਦੇ ਜੋੜੇ ਤੇ ਉਹਨਾਂ ਸਾਰੀਆਂ ਸਜੀਆਂ ਔਰਤਾਂ ਵਿਚੋਂ ਨਿਆਰੀ ਰਾਣੀ ਸੱਚਮੁੱਚ ਹੀ ਮੇਰੀ ਹਮਸ਼ਕਲ ਸੀ।
ਕੱਦ-ਬੁੱਤ, ਡੀਲ-ਡੌਲ ਸਾਹੜੀ ਲਪੇਟਣ ਦਾ ਸਟਾਇਲ, ਉੱਪਰ ਨੂੰ ਵਾਹੇ ਹੋਏ ਬਿਨਾਂ ਚੀਰ ਦੇ ਵਾਲ। ਹਾਸਾ ਵੀ ਮੇਰਾ, ਨਿਰਾ-ਪੁਰਾ ਤੇ ਅਗਲੇ ਦੋ ਦੰਦਾਂ ਵਿਚਲੀ ਵਿੱਥ ਵੀ।
ਉਹਦਾ ਪਤੀ ਵੀ ਹੈਰਾਨ ਸੀ।
‘ਦੋ ਰਾਨੀਆਂ ਸਾਰੇ ਮਹਿਮਾਨਾਂ ਵਿਚ ਚਰਚਾ ਹੋਣ ਲੱਗੀ। ਚੰਦੂ ਮੀਰਚੰਦਾਨੀ ਦੀ ਬਜ਼ੁਰਗ ਮਾਤਾ ਤੇ ਪਿਤਾ, ਜੱਫੀਆਂ ਪਾ-ਪਾ ਘੁੱਟ-ਘੁੱਟ ਮੇਰਾ ਮੂੰਹ-ਮੱਥਾ ਚੁੰਮਣ ਤੇ ‘ਸਾਡੀ ਰਾਨੀ’ ਆਖ-ਆਖ ਮੇਰੀਆਂ ਬਲਾਈਆਂ ਲੈਂਦੇ ਵਾਰੇ ਵਾਰੇ ਜਾਣ।
ਉਸ ਪਰਿਵਾਰ ਲਈ ਅੱਜ ਤੱਕ ਮੈਂ ‘ਰਾਨੀ ਬੇਟੀ’ ‘ਰਾਨੀ ਭੈਣ’ ਹਾਂ।
ਸੁਣਦੀ ਹਾਂ ਕਿ ਇਸ ਦੁਨੀਆਂ ਵਿਚ ਹਰ ਬੰਦੇ ਦੇ ਹਮਸ਼ਕਲ ਘੱਟੋ ਘੱਟ ਬਾਰ੍ਹਾਂ ਹੋਰ ਹੁੰਦੇ ਹਨ। ਜ਼ਰੂਰ ਹੁੰਦੇ ਹੋਣਗੇ। ਪੰਜਾਂ ਤੱਤਾਂ ਦਾ ਹੀ ਤਾਂ ਹੈ ਨਾ ਸਭ ਪਸਾਰ। ਰਚਨਾ ਵੀ ਰਚਣਹਾਰ ਵੀ।
ਥੋੜ੍ਹਾ ਬਹੁਤ ਝਲਕਾਰਾ ਤਾਂ ਅਕਸਰ ਪੈ ਹੀ ਜਾਂਦਾ ਹੈ। ਜੁੜਵਾਂ ਬੱਚਿਆਂ ਵਿਚ ਵੀ ਉਨ੍ਹੀ ਵੀਹ ਦਾ ਫ਼ਰਕ ਹੁੰਦਾ ਹੈ। ਪਰ ਅਜਨਬੀ ਦੇਸ਼ ਦੇ ਅਜਨਬੀ ਲੋਕ ਤੇ ਉਹਨਾਂ ਵਿਚੋਂ ਕੋਈ ਔਰਤ ਹੂਬਹੂ ਇੰਨ ਬਿੰਨ ਮੇਰੇ ਵਰਗੀ?
ਦੂਜੇ ਦਿਨ, ਚਾਰ ਵਜੇ ਉਹ ਸਾਨੂੰ ਮਿਲਣ ਆਇਆ। ਨਾਲ ਪਤਨੀ ਬੱਚੇ ਤੇ ਉਹਦੀ ਮਾਂ ਦੀ ਤਸਵੀਰ ਵੀ। ਉਹ ਸੱਚਾ ਸੀ। ਸ਼ਕਲਾਂ ਬਹੁਤ ਮਿਲਦੀਆਂ ਸਨ। ਸਿਰਫ਼ ਉਸਦੀ ਮਾਂ ਬੌਬ-ਕੱਟ ਵਾਲਾਂ ਵਾਲੀ ਸੀ ਤੇ ਮੈਂ ਕਲਿੱਪ, ਫਰੈਂਚ-ਰੋਲ ਜੂੜੇ ਵਿਚ। ਵਾਲਾਂ ਦਾ ਚੀਰ ਨਾ ਉਹਨੇ ਕੱਢਿਆ ਹੋਇਆ ਸੀ ਤੇ ਨਾ ਹੀ ਮੈਂ। ਸਿੱਧੇ ਉੱਪਰ ਨੂੰ ਜਾਂਦੇ ਲਹਿਰਦਾਰ ਵਾਲ।
ਅੱਜ ਸੋਚਦੀ ਹਾਂ ਕਿ ਮੈਂ ਉਸ ਤੋਂ ਉਹ ਤਸਵੀਰ ਲਈ ਕਿਉਂ ਨਾ? ਅਪਣੇ ਪੁੱਤਰਾਂ ਨੂੰ ਵਿਖਾਂਦੀ ਤਾਂ ਸਹੀ।
ਚੂੜੀਆਂ, ਬਿੰਦੀਆਂ ਤੇ ਉਸਦੀ ਪਤਨੀ ਨੂੰ ਅਪਣੀ ਪਾਰਸੀ ਬਾਰਡਰ ਵਾਲੀ ਸਾੜ੍ਹੀ ਦੇ ਕੇ ਮੈਂ ਵਿਦਾ ਕੀਤਾ।
ਉਹਨਾਂ ਦੇ ਅੱਥਰੂ-ਭਿੱਜੇ ਚੁੰਮਣਾਂ ਦੀ ਅਮਿਟ ਛਾਪ ਮੈਂ ਅਕਸਰ ਸਹਿਲਾਂਦੀ ਰਹਿੰਦੀ ਹਾਂ।
ਛੱਪ ਰਹੀ ਪੁਸਤਕ ‘ਮੋਹਾਲੀ ਟੂ ਮਾਸਕੋ’ ਵਿੱਚੋਂ