ਜਿਸ ਫ਼ਕੀਰ ਸ਼ਾਇਰ ਦੀ ਸਾਖੀ ਲਿਖਣ ਲਈ ਬੈਠ ਗਿਆ ਹਾਂ ਉਸਦਾ ਨਾਂਮ ਨਾ ਹਾਫਿਜ਼ ਸੀ ਨਾ ਸ਼ੀਰਾਜ਼ੀ। ਮਾਪਿਆਂ ਨੇ ਉਸਦਾ ਨਾਮ ਮੁਹੰਮਦ ਸ਼ਮਸੁੱਦੀਨ ਰੱਖਿਆ। ਸ਼ੱਮਸ ਮਾਇਨੇ ਸੂਰਜ ਅਤੇ ਦੀਨ ਮਾਇਨੇ ਧਰਮ। ਧਰਮ ਦਾ ਜਲੌ। ਕੁਰਾਨ ਨਿੱਕੀ ਉਮਰੇ ਜ਼ਬਾਨੀ ਯਾਦ ਹੋ ਗਿਆ ਤਾਂ ਹਾਫ਼ਿਜ਼ ਦਾ ਰੁਤਬਾ ਮਿਲਿਆ। ਬਾਗਾਂ ਦੇ ਸ਼ਹਿਰ, ਉਦੋਂ ਈਰਾਨ ਦੀ ਰਾਜਧਾਨੀ ਸ਼ੀਰਾਜ਼ ਵਿੱਚ ਪੈਦਾ ਹੋਣ ਕਰਕੇ, ਬਾਸ਼ਿੰਦਾ ਹੋਣ ਕਰਕੇ ਸ਼ੀਰਾਜ਼ੀ ਬਣਿਆ। ਸੰਸਾਰ ਉਸਨੂੰ ਹਾਫਿਜ਼
ਸ਼ੀਰਾਜ਼ੀ ਦੇ ਨਾਮ ਨਾਲ ਯਾਦ ਕਰਦਾ ਹੈ ਬੇਸ਼ਕ ਸ਼ਾਇਰੀ ਵਿਚ ਵੀ ਉਹ ਸੂਰਜ ਸੀ ਤੇ ਫ਼ਕੀਰੀ ਵਿਚ ਵੀ ਉਸਦਾ ਕੋਈ ਸਾਨੀ ਨਹੀਂ। ਸਾਲ 1320 ਵਿਚ ਉਹ ਗਰੀਬ ਮਾਪਿਆਂ ਦੇ ਘਰ ਪੈਦਾ ਹੋਇਆ ਤੇ ਨੌ ਸਾਲ ਦੀ ਉਮਰ ਵਿਚ ਪਿਤਾ ਸੰਸਾਰ ਤੋਂ ਵਿਦਾ ਹੋ ਗਿਆ। ਮਾਂ ਉਸਨੂੰ ਬੇਕਰੀ ਦੀ ਦੁਕਾਨ ਉਪਰ ਨੌਕਰ ਰਖਵਾ ਆਈ ਜਿਥੇ ਉਹ ਔਸਤਨ 12 ਘੰਟੇ ਕੰਮ ਕਰਦਾ। ਅੱਧੇ ਪੈਸੇ ਮਾਂ ਨੂੰ ਦਿੰਦਾ, ਅੱਧੇ ਅਪਣੇ ਉਨ੍ਹਾਂ ਅਧਿਆਪਕਾਂ ਨੂੰ ਦਿੰਦਾ ਜਿਨ੍ਹਾਂ ਪਾਸੋਂ ਰਾਤ ਨੂੰ ਦੇਰ ਤੱਕ ਸੰਗੀਤ, ਸ਼ਾਇਰੀ, ਚਿਤਰਕਾਰੀ ਅਤੇ ਅਰਬੀ ਸਿਖਦਾ।
ਇਸ ਤੋਂ ਪਹਿਲਾਂ ਕਿ ਉਸ ਦੀ ਜੀਵਨ ਕਹਾਣੀ ਹੋਰ ਲਿਖੀਏ, ਚੰਗਾ ਹੋਵੇਗਾ ਜੇ ਇਸ ਲਿਖਤ ਦਾ ਆਗਾਜ਼ ਉਸਦੇ ਅਪਣੇ ਬੋਲਾਂ ਨਾਲ ਕਰੀਏ। ਇਸਦਾ ਵਧੀਕ ਫਾਇਦਾ ਮੈਨੂੰ ਹੋਵੇਗਾ। ਉਸ ਦਾ ਸੁਰਮੰਡਲ, ਮਾਹੌਲ ਵਿਚ ਅਜਿਹੀ ਮੰਗਲਮਈ ਲਹਿਰ ਪੈਦਾ ਕਰੇਗਾ ਕਿ ਮੇਰੀਆਂ ਆਮ ਜਿਹੀਆਂ ਗੱਲਾਂ ਖਾਸ ਹੋ ਜਾਣਗੀਆਂ। ਹਾਫਿਜ਼ ਨੂੰ ਤਾਂ ਸ਼ਾਬਾਸ਼ ਕੁੱਲ ਜਹਾਨ ਸੱਤ ਸੌ ਸਾਲਾਂ ਤੋਂ ਦਿੰਦਾ ਆ ਰਿਹਾ ਹੈ, ਸੰਭਵ ਹੈ ਕਿ ਉਸਦੇ ਨਜ਼ਦੀਕ ਬੈਠਣ ਨਾਲ ਮੈਨੂੰ ਵੀ ਮਾੜੀ ਮੋਟੀ ਦਾਦ ਮਿਲੇ। ਈਰਾਨ ਵਿਚ ਦੋ ਮਹੀਨੇ ਬਿਤਾਏ ਜਿਸ ਦੌਰਾਨ ਮੈਂ ਉਸਦਾ ਦੀਵਾਨ ਅੰਗਰੇਜ਼ੀ ਵਿਚ ਪੜ੍ਹਿਆ। ਹਾਜ਼ਰ ਹਨ ਉਸਦੇ ਬੋਲ:
”ਮੈਂ ਤੁਹਾਡੇ ਉਜੜੇ ਖੇਤ ਆਬਾਦ ਕਰਾਂਗਾ।
ਮੈਂ ਰੇਗਿਸਤਾਨਾਂ ਨੂੰ ਬਾਗ ਬਣਾ ਦਿਆਂਗਾ।
ਤੁਹਾਡੇ ਉਦਾਸ ਮੂੰਹ ਜਦੋਂ ਮੈਂ ਅਪਣੇ ਹੰਝੂਆਂ ਨਾਲ ਧੋਏ,
ਤੁਸੀਂ ਮੰਨ ਜਾਓਗੇ ਕਿ ਹਾਫਿਜ਼ ਦੀਆਂ ਝੜੀਆਂ,
ਦੇਸ ਆਬਾਦ ਕਰ ਸਕਦੀਆਂ ਹਨ …….। ’ ’
”ਤੂੰ ਮਿਹਰਬਾਨ ਹੋਕੇ ਸਾਡੇ ਵੱਲ ਨਜ਼ਰ ਕੀਤੀ,
ਤਾਂ ਅਜੀਬ ਅਜੀਬ ਸਾਜ਼ ਲੈਕੇ ਰੰਗ ਬਰੰਗੇ ਪੰਛੀ
ਜ਼ਮੀਨ ਉਪਰ ਉੱਤਰੇ।
ਸੰਗੀਤ ਸ਼ੁਰੂ ਹੋਇਆ।
ਤੂੰ ਨਾਰਾਜ਼ਗੀ ਨਾਲ ਪਰੇ ਮੂੰਹ ਕੀਤਾ ਤੇ ਤੁਰ ਗਿਆ
ਤਾਂ ਅੱਖਾਂ ਵਿਚ ਹੰਝੂ ਨੱਚ ਉਠੇ।
ਤੂੰ ਨਾਲ ਸੀ ਤਾਂ ਸੰਗੀਤ।
ਤੂੰ ਦੂਰ ਸੀ ਤਾਂ ਸੰਗੀਤ।
ਉਮਰ ਭਰ ਸੰਗੀਤ ਨੇ ਸਾਡੀ ਪਰਿਕਰਮਾ ਕੀਤੀ,
ਤੇਰੇ ਕਾਰਨ।
”ਮੇਰਾ ਦੀਵਾਨ ਪੜ੍ਹਨ ਤੋਂ ਬਾਦ
ਜਦੋਂ ਕੋਈ ਹੋਰ ਕਿਤਾਬ ਖੋਲ੍ਹੋਗੇ,
ਉਸ ਕਿਤਾਬ ਅਤੇ ਤੁਹਾਡੀਆਂ ਅੱਖਾਂ ਵਿਚਕਾਰ
ਖਲੋਇਆ ਕਰਾਂਗਾ ਮੈਂ।
ਮੇਰੇ ਗੀਤ ਸੁਣਨ ਤੋਂ ਬਾਦ
ਹੋਰ ਕਿਸੇ ਦੇ ਗੀਤ ਸੁਣੋਗੇ,
ਗਵੱਈਏ ਦੇ ਹੋਠਾਂ ਅਤੇ ਤੁਹਾਡੇ ਕੰਨਾਂ ਵਿਚਕਾਰ
ਖਲੋਇਆ ਕਰੇਗਾ ਹਾਫ਼ਿਜ਼
ਮੈਂ ਤੁਹਾਡੇ ਸੁਆਦ ਏਨੇ ਵਿਗਾੜ ਦਿਆਂਗਾ
ਕਿ ਆਮ ਸ਼ਾਇਰ,
ਆਮ ਸੰਗੀਤ ਤੁਹਾਨੂੰ ਪਸੰਦ ਨਹੀਂ ਆਏਗਾ।
ਮੈਂ ਬੰਸਰੀ ਦੇ ਉਨ੍ਹਾਂ ਸੁਰਾਖ਼ਾਂ ਵਿਚੋਂ ਨਹੀਂ
ਜਿਨ੍ਹਾਂ ਉਪਰ ਉਂਗਲਾਂ ਟਿਕਦੀਆਂ ਹਨ।
ਮੈਂ ਬੰਸਰੀ ਦਾ ਉਹ ਸੁਰਾਖ਼ ਹਾਂ
ਜਿਸ ਨੂੰ ਯਸੂ ਮਸੀਹ ਦੇ ਹੋਠਾਂ ਨੇ ਚੁੰਮਿਆ ਸੀ।
ਉਦੋਂ ਉਹ ਇੱਕੀ ਸਾਲ ਦਾ ਸੀ ਜਦੋਂ ਬੇਕਰੀ ਦੀ ਦੁਕਾਨ ਉਪਰ ਕੁੜੀ ਰੋਟੀ ਖਰੀਦਣ ਆਈ। ਇਹੋ ਜਿਹੀ ਕੁੜੀ ਕਿ ਹਾਫਿਜ਼ ਨੇ ਇੰਨੀ ਸੁਹਣੀ ਹੋਰ ਕੋਈ ਦੇਖੀ ਨਹੀਂ ਸੀ। ਉਸ ਤੋਂ ਪੈਸੇ ਫੜੇ ਤੇ ਰੋਟੀ ਲੈਕੇ ਕੁੜੀ ਚਲੀ ਗਈ। ਹਾਫਿਜ਼ ਨੂੰ ਰੋਮਾਂਸ ਦੇ ਅਜਿਹੇ ਤੂਫਾਨ ਦੀ ਤਾਕਤ ਦਾ ਕੋਈ ਪਤਾ ਨਹੀਂ ਸੀ। ਉਸਨੂੰ ਪਤਾ ਨਾ ਲਗੇ ਕੀ ਕਰੇ, ਕੀ ਨਾ ਕਰੇ। ਉਸਨੇ ਮਾਲਕ ਅਗੇ ਡੇਢ ਮਹੀਨੇ ਦੀ ਛੁਟੀ ਵਾਸਤੇ ਅਰਜ਼ ਕੀਤੀ। ਮਾਲਕ ਨੇ ਕਿਹਾ – ਪਰ ਤੇਰੀ ਥਾਂ ਡੇਢ ਮਹੀਨਾ ਕਿਸੇ ਹੋਰ ਛੋਕਰੇ ਨੂੰ ਰੱਖਣਾ ਪਏਗਾ, ਸੋ ਬਿਨ ਤਨਖਾਹ ਜਾ ਸਕਦੈਂ। ਹਾਫਿਜ਼ ਬਿਨ ਤਨਖਾਹ ਚਲਾ ਗਿਆ।
ਗਰੀਬ ਵਿਧਵਾ ਮਾਂ ਦੇ ਇਸ ਪੁੱਤਰ ਦੀ ਸ਼ਕਲ ਸੂਰਤ ਵੀ ਦਰਮਿਆਨੀ ਜਿਹੀ ਸੀ। ਉਸ ਕੁੜੀ ਦਾ ਲਿਬਾਸ ਅਤੇ ਸ਼ਕਲ ਦਸਦੀ ਸੀ ਕਿ ਵਡੇ ਖਾਨਦਾਨ ਦੀ ਧੀ ਹੈ। ਉਸਨੇ ਵਡੇਰਿਆਂ ਤੋਂ ਸੁਣਿਆ ਅਤੇ ਕਿਤਾਬਾਂ ਵਿਚ ਪੜ੍ਹਿਆ ਹੋਇਆ ਸੀ ਕਿ ਚਲੀਹਾ (ਚਾਲੀ ਦਿਨ ਨਿਰੰਤਰ ਬੰਦਗੀ) ਕੱਟਣ ਨਾਲ ਮਨ ਦੀ ਮੁਰਾਦ ਪੂਰੀ ਹੋ ਜਾਂਦੀ ਹੈ। ਸੋ ਬਿਸਮਿੱਲਾ ਆਖਕੇ ਇਕਾਂਤ ਵਿਚ ਬੈਠ ਗਿਆ। ਦਿਨ ਲੰਘੇ। ਹਫ਼ਤੇ ਲੰਘੇ। ਆਕਾਸ਼ ਤੋਂ ਰੌਸ਼ਨੀ ਹੇਠਾਂ ਉੱਤਰੀ। ਸਹਿਜੇ ਸਹਿਜੇ ਰੌਸ਼ਨੀ ਪਿਛੇ ਹਟੀ ਤੇ ਖੂਬਸੂਰਤ ਚਿਹਰਾ ਦਿਸਿਆ। ਫਰਿਸ਼ਤੇ ਨੇ ਪੁੱਛਿਆ, ”ਕੀ ਹੈ ਦਿਲ ਦੀ ਇੱਛਾ? ਜੋ ਮੰਗੋਗੇ ਮਿਲੇਗਾ। ’ ’ ਦੇਰ ਤੱਕ ਅੱਵਾਕ ਹਾਫ਼ਿਜ ਉਸ ਵੱਲ ਦੇਖਦਾ ਰਿਹਾ। ਫਰਿਸ਼ਤੇ ਨੇ ਫਿਰ ਕਿਹਾ, ”ਝਿਜਕੋ ਨਾਂ, ਡਰੋ ਨਾ, ਸੰਗੋ ਨਾਂ। ਜੋ ਕਹੋਗੇ ਸੋ ਮਿਲੇਗਾ। ’ ’
ਹਾਫਿਜ਼ ਨੇ ਪੁੱਛਿਆ, ”ਤੁਸੀਂ ਰੱਬ ਹੋ? ’ ’ ਫਰਿਸ਼ਤੇ ਨੇ ਕਿਹਾ, ”ਨਹੀਂ, ਮੈਂ ਰੱਬ ਵਲੋਂ ਭੇਜਿਆ ਹੋਇਆ ਫਰਿਸ਼ਤਾ ਹਾਂ। ’ ’
ਹਾਫਿਜ਼ ਨੇ ਕਿਹਾ, ”ਫਿਰ, ਜਿਸ ਦਾ ਫਰਿਸ਼ਤਾ ਏਨਾ ਸੁਹਣਾ ਹੈ, ਉਹ ਆਪ ਤਾਂ ਉਸਤੋਂ ਵੀ ਵਧੀਕ ਸੁਹਣਾ ਹੋਏਗਾ? ’ ’
”ਯਕੀਨਨ। ’ ’ ਫਰਿਸ਼ਤੇ ਨੇ ਕਿਹਾ, ”ਉਸ ਵਰਗੀ ਖੂਬਸੂਰਤੀ ਹੋਰ ਕਿਤੇ ਨਹੀਂ। ਕਦੀ ਸੰਭਵ ਨਹੀਂ। ਉਸ ਵਰਗਾ ਉਹ ਆਪ ਹੈ ਕੇਵਲ। ’ ’
ਹਾਫਿਜ਼ ਨੇ ਹੱਥ ਜੋੜ ਕੇ ਕਿਹਾ, ”ਫੇਰ ਮੈਨੂੰ ਰੱਬ ਦੇ ਦੇਹ। ’ ’
ਫਰਿਸ਼ਤਾ ਹੱਸ ਪਿਆ, ਕਿਹਾ, ”ਅੱਤਾਰ ਨੂੰ ਮਿਲ। ਮੁਹੰਮਦ ਅੱਤਾਰ ਨੂੰ। ਉਸ ਰਾਹੀਂ ਮਿਲੇਗਾ। ਮੈਂ ਨਹੀਂ ਦੇ ਸਕਦਾ। ’ ’ ਇਹ ਆਖਕੇ ਫਰਿਸ਼ਤਾ ਲੋਪ ਹੋ ਗਿਆ।
ਉਸਨੇ ਅੱਤਾਰ ਦਾ ਦਰ ਖੜਕਾਇਆ ਅਤੇ ਅਪਣਾ ਮੁਰਸ਼ਦ ਧਾਰਿਆ। ਜਿਸ ਕੁੜੀ ਨੂੰ ਹਾਸਲ ਕਰਨ ਵਾਸਤੇ ਉਸਨੇ ਚਲੀਹਾ ਕੱਟਿਆ, ਉਸਨੂੰ ਸਦਾ ਲਈ ਭੁੱਲ ਗਿਆ। ਮਾਂ ਨੇ ਜਿਹੋ ਜਿਹੀ ਕੁੜੀ ਲੱਭੀ ਉਸਨੂੰ ਵਿਆਹ ਲਿਆਇਆ। ਇੱਕੀ ਸਾਲ ਦੀ ਉਮਰ ਵਿਚ ਉਸਨੇ ਗੀਤ ਲਿਖਣੇ ਸ਼ੁਰੂ ਕੀਤੇ। ਏਸ਼ੀਆ ਵਿਚ ਉਸਦੇ ਗੀਤਾਂ ਦੀਆਂ ਧੁੰਮਾਂ ਪੈ ਗਈਆਂ। ਜੁਆਨ ਉਸਦੇ ਗੀਤ ਗਾਉਂਦੇ ਕਿਉਂਕਿ ਉਨ੍ਹਾਂ ਨੂੰ ਲਗਦਾ ਇਹ ਰੁਮਾਂਟਿਕ ਪ੍ਰੇਮ-ਗੀਤ ਹਨ। ਬਜ਼ੁਰਗ ਉਸਦੇ ਗੀਤ ਗਾਉਂਦੇ ਕਿਉਂਕਿ ਇਸ ਦੁਨੀਆਂ ਤੋਂ ਪਾਰ ਦੀਆਂ ਗੱਲਾਂ ਕੀਤੀਆਂ ਹਾਫਿਜ਼ ਨੇ। ਜਿਹੜਾ ਇਸ਼ਕ ਉਸਨੇ ਕੀਤਾ, ਉਸ ਵਰਗੀ ਪਵਿੱਤਰ ਬੰਦਗੀ ਹੋਰ ਨਹੀਂ ਦਿਸਦੀ। ਉਸਦਾ ਸ਼ਿਅਰ ਹੈ,
”ਤੇਰੇ ਲਿਬਾਸ ਤੋਂ ਪਤਾ ਨਹੀਂ ਲੱਗਾ ਮਿੱਤਰ
ਕਿ ਤੂੰ ਕਿਸ ਦੇਸ ਤੋਂ ਆਇਐਂ।
ਤੂੰ ਮੈਨੂੰ ਅਪਣੀ ਜ਼ਬਾਨ ਦਾ ਪਹਿਲਾ ਅੱਖਰ ਦੱਸ ਕਿਹੜੈ,
ਮੈਂ ਤੇਰੀ ਜ਼ਬਾਨ ਵਿਚ
ਅਪਣੇ ਗੀਤ ਤੈਨੂੰ ਸੁਣਾਵਾਂਗਾ।
ਇਸ ਇੱਕ ਸ਼ਿਅਰ ਵਿਚ ਉਸਦਾ ਐਲਾਨ ਹੈ ਕਿ ਉਹ ਦੁਨੀਆਂ ਦੀ ਹਰੇਕ ਬੋਲੀ ਵਿਚ ਅਪਣਾ ਕਦਮ ਰੱਖੇਗਾ। ਉਸਦੀਆਂ ਧੁੰਮਾਂ ਫਾਰਸੀ ਜਗਤ ਵਿਚ ਉਸਦੇ ਜਿਉਂਦੇ ਜੀ ਪੈ ਗਈਆਂ ਸਨ, ਹੋਰਨਾਂ ਬੋਲੀਆਂ ਵਿਚ ਉਹ ਯਕੀਨਨ ਪੁੱਜੇਗਾ।
ਉਹ ਲਗਾਤਾਰ ਅੱਤਾਰ ਕੋਲ ਜਾਂਦਾ ਰਿਹਾ। ਅੱਤਾਰ ਖੁਸ਼ਕ ਸੀ, ਸਖ਼ਤ ਸੀ। ਉਹ ਹਾਫਿਜ਼ ਦੇ ਗੀਤਾਂ, ਗਜ਼ਲਾਂ, ਸ਼ਿਅਰਾਂ ਦੀ ਦਾਦ ਨਾ ਦਿੰਦਾ। ਕਿਹਾ ਕਰਦਾ, ”ਇਹ ਖੱਪਖਾਨਾ ਮੈਨੂੰ ਨੀ ਪਸੰਦ। ਬੰਦਗੀ ਕਰੋ। ’ ’
ਚਾਲੀ ਸਾਲ ਦੀ ਹਾਫਿਜ਼ ਦੀ ਉਮਰ ਸੀ ਜਦੋਂ ਉਸਦੇ ਇਕਲੌਤੇ ਜੁਆਨ ਪੁੱਤਰ ਦੀ ਮੌਤ ਹੋ ਗਈ। ਬੱਚੇ ਦੀ ਮਾਂ ਏਡੀ ਸੱਟ ਬਰਦਾਸ਼ਤ ਨਾ ਕਰ ਸਕੀ, ਉਹ ਵੀ ਪਿਛੇ ਪਿਛੇ ਚਲੀ ਗਈ। ਹਾਫਿਜ਼ ਇਕੱਲਾ ਰਹਿ ਗਿਆ। ਅੱਤਾਰ ਦੀ ਸੰਗਤ ਤੋਂ ਉਹ ਥੱਕ ਗਿਆ। ਘਰੋਂ ਅਪਣੀ ਸੋਟੀ ਚੁੱਕੀ ਤੇ ਜੰਗਲ ਦਾ ਰੁਖ਼ ਕੀਤਾ। ਜੰਗਲ ਵਿਚ ਜਾਕੇ ਜ਼ਮੀਨ ਉਪਰ, ਉਸਨੇ ਸੋਟੀ ਨਾਲ ਗੋਲ ਦਾਇਰਾ ਵਾਹਿਆ। ਦੂਜੀ ਵਾਰ ਫੇਰ ਚਲੀਹਾ ਕੱਟਣ ਲਈ ਉਹ ਦਾਇਰੇ ਵਿਚਕਾਰ ਜਾ ਬੈਠਾ।
ਕਿੰਨੇ ਦਿਨ, ਕਿਨੇ ਹਫਤੇ ਲੰਘੇ, ਕੋਈ ਪਤਾ ਨਹੀਂ। ਫਰਿਸ਼ਤਾ ਫੇਰ ਧਰਤੀ ‘ਤੇ ਉਤੱਰਿਆ। ਹਾਫਿਜ਼ ਨੇ ਅੱਖਾਂ ਖੋਲ੍ਹੀਆਂ। ਆਵਾਜ਼ ਆਈ, ”ਮਨ ਦੀ ਮੁਰਾਦ ਪੂਰੀ ਹੋਏਗੀ। ਜੋ ਖਾਹਿਸ਼ ਹੈ ਜ਼ਾਹਰ ਕਰੋ। ਪੂਰੀ ਹੋਏਗੀ। ’ ’
ਹਾਫਿਜ਼ ਨੇ ਕਿਹਾ, ”ਕਿਉਂ ਆਇਆ ਸੀ ਮੈਂ ਏਥੇ? ਕੀ ਸੀ ਮੇਰੀ ਮੁਰਾਦ? ਮੇਰੀ ਤਾਂ ਕੋਈ ਮੁਰਾਦ ਰਹੀ ਹੀ ਨਹੀਂ ਬਕਾਇਆ। ਸਭ ਕੁਝ ਤਾਂ ਮਿਲ ਚੁੱਕਾ ਹੈ ਮੈਨੂੰ। ਤੈਨੂੰ ਕੀ ਚਾਹੀਦੇ ਤੂੰ ਦੱਸ। ਪੂਰੀ ਕਰਾਂਗਾ ਤੇਰੀ ਮਨਸ਼ਾ। ’ ’
ਫਰਿਸ਼ਤੇ ਨੇ ਕਿਹਾ, ”ਝਿਜਕੋ ਨਾ, ਡਰੋ ਨਾਂਹ। ਜੋ ਮੰਗੇਂਗਾ ਮਿਲੇਗਾ। ’ ’
ਹਾਫਿਜ਼ ਬੋਲਿਆ, ”ਝਿਜਕ ਕਿਸ ਗੱਲ ਦੀ? ਡਰ ਕਿਸਦੈ ਮੈਨੂੰ? ਤੂ ਜਾਕੇ ਅਪਣੇ ਕੰਮ ਕਰ। ਮੇਰੀ ਬੰਦਗੀ ਵਿਚ ਵਿਘਨ ਨਾ ਪਾਇਆ ਕਰ ਖਾਹਮਖਾਹ। ’ ’
ਫਰਿਸ਼ਤੇ ਨੇ ਕਿਹਾ, ”ਗੱਲ ਮੰਨੋ। ਸੋਟੀ ਚੁੱਕੋ ਅਤੇ ਅੱਤਾਰ ਦੀ ਝੌਂਪੜੀ ਤੱਕ ਜਾਓ। ਅਸੀਂ ਤੈਨੂੰ ਪਿਆਰ ਕਰਨ ਵਾਲੀਆਂ ਚੀਜ਼ਾਂ ਹਾਂ। ਆਖਾ ਮੰਨੋ। ’ ’
ਹਾਫਿਜ਼ ਉਠਿਆ। ਸੋਟੀ ਚੁੱਕੀ। ਸਹਜੇ ਸਹਜੇ, ਡਗਮਗਾਂਦੀਆਂ ਲੱਤਾਂ ਨਾਲ ਉਹ ਅੱਤਾਰ ਦੇ ਟਿਕਾਣੇ ਵੱਲ ਤੁਰ ਪਿਆ। ਜਦੋਂ ਝੌਂਪੜੀ ਤੱਕ ਪੁੱਜਾ, ਅੱਤਾਰ ਅਪਣੇ ਹੱਥ ਵਿੱਚ ਸ਼ਰਾਬ ਦੇ ਦੋ ਪਿਆਲੇ ਲਈ ਉਡੀਕ ਰਿਹਾ ਸੀ। ਅੱਤਾਰ ਨੇ ਕਿਹਾ, ”ਕਿਥੇ ਚਲਾ ਗਿਆ ਸੀ ਤੂੰ ਬਿਨਾ ਦੱਸੇ? ਮੁੱਦਤਾਂ ਹੋ ਗਈਆਂ ਮੈਨੂੰ ਉਡੀਕਦਿਆਂ। ਸਾਡੇ ਬਜ਼ੁਰਗਾਂ ਨੇ ਬੇਅੰਤ ਮੁਸੱ਼ਕਤ ਕਰਕੇ ਇਹ ਸ਼ਰਾਬ ਤਿਆਰ ਕੀਤੀ ਸੀ ਲੱਖਾਂ ਸਾਲ ਪਹਿਲਾਂ। ਦੋ ਪਿਆਲੇ ਮਿਲੇ ਉਸ ਵਿਚੋਂ। ਇਕ ਤੇਰੇ ਕਰਮਾਂ
ਵਿਚ ਲਿਖਿਆ ਸੀ ਇਕ ਮੇਰੇ ਕਰਮਾਂ ਵਿਚ। ਹਾਫਿਜ਼ ਨੂੰ ਪਿਆਲਾ ਫੜਾਇਆ। ਦੋਹਾਂ ਨੇ ਪਿਆਲੇ ਖਾਲੀ ਕੀਤੇ। ਦੋਹਾਂ ਨੇ ਜੱਫੀ ਪਾਈ ਤੇ ਦੋਵਾਂ ਨੇ ਹਾਫਿਜ਼ ਦੇ ਗੀਤ ਗਾਏ। ਅੱਤਾਰ ਬਿਨਾ ਕਿਸੇ ਹੋਰ ਨੂੰ ਦੱਸਣ ਦੇ ਅਣਦੱਸੀ ਥਾਂ ‘ਤੇ ਚਲਾ ਗਿਆ। ਜਾਣ ਤੋਂ ਪਹਿਲਾਂ ਉਸਨੇ ਹਾਫਿਜ਼ ਨੂੰ ਅਪਣਾ ਵਾਰਸ ਥਾਪ ਦਿੱਤਾ। ਹਾਫਿਜ਼ ਪਾਸੋਂ ਬਾਦਸ਼ਾਹਾਂ ਨੇ ਮੁਰਾਦਾਂ ਮੰਗੀਆਂ। ਸਾਲ 1389 ਵਿਚ ਉਹ ਫਾਨੀ ਸੰਸਾਰ ਵਿਚੋਂ ਜਿਸਮਾਨੀ ਤੌਰ ‘ਤੇ ਗਿਆ। ਉਸਦੇ ਗੀਤਾਂ ਦੇ ਬੋਲ ਹੁਣ ਤੱਕ ਉਵੇਂ ਤਾਜ਼ਾ ਤਰੀਨ ਹਨ :
ਮਨ ਮਸਤੁ ਤੂ ਦੀਵਾਨਹ।।
ਮਾਰਾ ਕਿ ਬਰਦ ਖਾਨਹ।।
ਸਦ ਬਾਰ ਤੁਰਾ ਗੁਫਤਮ
ਕਮ ਖੁਰ ਦੋ ਸਹ ਪੈਮਾਨਹ।।
ਇਸ ਨਜ਼ਮ ਵਿਚ ਉਹ ਅਪਣੀ ਕਵਿਤਾ ਨਾਲ ਗੱਲਾਂ ਕਰਦਿਆਂ ਪੁੱਛਦਾ ਹੈ,
”ਤੂੰ ਜਨਮ ਤੋਂ ਸ਼ੁਦੈਣ ਹੈਂ,
ਮੈਂ ਸ਼ਰਾਬ ਬਹੁਤੀ ਪੀ ਗਿਆ ਸੀ।
ਆਪਾਂ ਨੂੰ ਘਰ ਕੌਣ ਛੱਡ ਕੇ ਗਿਆ ਸੀ ਉਸ ਦਿਨ?
ਕਵਿਤਾ ਆਖਦੀ ਹੈ
ਮੈਂ ਤੈਨੂੰ ਸੌ ਵਾਰ ਕਿਹਾ ਹੈ ਕਿ ਦੋ ਤਿੰਨ ਗਲਾਸ ਦਾਰੂ ਦੇ
ਪੀਣੇ ਬੰਦ ਕਰਦੇ।
ਹਾਫਿਜ਼ ਆਖਦਾ ਹੈ
ਮੈਂ ਤੈਨੂੰ ਹਜ਼ਾਰ ਵਾਰ ਕਿਹੈ ਕਿ ਪਾਗਲਪਣ ਬੰਦ ਕਰ।
ਕਵਿਤਾ – ਚੱਲ ਇਉਂ ਕਰਦੇ ਆਂ, ਮੈਨੂੰ ਪਾਗਲਪਣ ਕਰਨ ਦੇ, ਤੂੰ ਦਾਰੂ ਪੀਈ ਚੱਲ। ਆਪਾਂ ਨੂੰ ਘਰ ਤਾਂ ਛੱਡ ਈ ਜਾਂਦੈ ਕੋਈ ਨਾ ਕੋਈ।
ਇਨ੍ਹਾਂ ਬੰਦਾਂ ਵਿੱਚ ‘ਘਰ ’ ਲਫ਼ਜ਼ ਉਪਰ ਧਿਆਨ ਦੇਣਾ ਪਵੇਗਾ। ਹਰੇਕ ਧਰਮ-ਗ੍ਰੰਥ ਵਿਚ ਲਿਖਿਆ ਹੋਇਆ ਹੈ ਕਿ ਸੰਸਾਰ ਘਰ ਨਹੀਂ ਹੈ। ਇਹ ਸਰਾਂ ਹੈ ਮੁਸਾਫਰਾਂ ਦੀ। ਘਰ ਕਿਤੇ ਹੋਰ ਹੈ। ਹਾਫਿਜ਼ ਦੱਸ ਰਿਹਾ ਹੈ ਕਿ ਉਹ ਅਪਣੇ ਘਰ ਪੁੱਜ ਗਿਆ ਹੋਇਆ ਹੈ। ਹਫੀਜ਼ ਜਲੰਧਰੀ ਦਾ ਸ਼ਿਅਰ ਹੈ:
ਫਕੀਰੋਂ ਕਾ ਜਮਘਟ ਘੜੀ ਦੋ ਘੜੀ
ਸ਼ਰਾਬੇਂ ਤਿਰੀਂ ਔਰ ਪੈਮਾਨੇ ਤਿਰੇ।।
ਪਿਛਲੇ ਸਮਿਆਂ ਵਿਚ ਹਾਫਿਜ਼ ਦੇ ਅੰਗਰੇਜ਼ੀ ਵਿਚ ਅਨੁਵਾਦ ਵਖ ਵਖ ਲੋਕਾਂ ਵਲੋਂ ਕੀਤੇ ਪੜ੍ਹਦਾ ਰਿਹਾ। ਸਭ ਤੋਂ ਪਿਛੋਂ ਜਿਹੜਾ ਅਨੁਵਾਦ ਪੜ੍ਹਿਆ, ਉਹ ਦੇਨੀਅਲ ਲਦਿੰਸਕੀ ਦਾ ਹੈ ਤੇ ਨਾਮ ਹੈ ‘ਦ ਗਿਫਟ, ਪੋਇਮਜ਼ ਬਾਈ ਹਾਫ਼ਿਜ਼। ਇਸ ਨੂੰ ਪੈਂਗੁਇਨ ਨੇ 1999 ਵਿਚ ਨਿਉਯਾਰਕ ਤੋਂ ਛਾਪਿਆ। ਮੁਖਬੰਧ ਵਿਚ ਉਹ ਲਿਖਦਾ ਹੈ, ”ਕਈ ਸਾਲ ਲੰਘ ਗਏ। ਹਾਫਿਜ਼ ਦਾ ਦੀਵਾਨ ਪੜ੍ਹੀ ਜਾਂਦਾ। ਮਨ ਵਿਚ ਬਾਰ ਬਾਰ ਇਸ ਦਾ ਅੰਗਰੇਜ਼ੀ ਤਰਜਮਾ ਕਰਨ ਦਾ ਧਿਆਨ ਆਉਂਦਾ। ਪਰ ਕੀ ਕਰਦਾ, ਹੁੰਦਾ ਨਹੀਂ ਸੀ। ਹਾਫਿਜ਼ ਦਾ ਅਨੁਵਾਦ ਇਵੇਂ ਹੈ ਜਿਵੇਂ ਕੋਈ ਅਚਾਨਕ ਤੁਹਾਨੂੰ ਕਹਿ ਦਏ ਕਿ ਰੋਸ਼ਨੀ ਦਾ ਅਨੁਵਾਦ ਕਰ। ਸਮਾ ਬੀਤਦਾ ਗਿਆ। ਹਮੇਸ਼ ਵਾਂਗ ਇਕ ਰਾਤ ਰੋਟੀ ਖਾਧੀ ਤੇ ਸੌਂ ਗਿਆ। ਹਾਫ਼ਿਜ਼ ਮੇਰੇ ਸੁਫ਼ਨੇ ਵਿਚ ਆਇਆ। ਮੈਨੂੰ ਕਿਹਾ – ਤੂੰ ਅਨੁਵਾਦ ਕਿਉਂ ਨੀ ਕਰਦਾ ਮੇਰੇ ਦੀਵਾਨ ਨੂੰ ? ਮੈਂ ਕਿਹਾ – ਸਮਰੱਥਾ ਨਹੀਂ। ਕਰਨ ਦੀ ਇੱਛਾ ਹੈ, ਕਰ ਨਹੀਂ ਹੁੰਦਾ। ਉਹ ਸਾਰੀ ਰਾਤ ਅੰਗਰੇਜ਼ੀ ਵਿਚ ਮੈਨੂੰ ਅਪਣੇ ਗੀਤ ਸੁਣਾਉਂਦਾ ਰਿਹਾ।
ਸਾਰੀ ਰਾਤ ਮੈਂ ਰੋਂਦਾ ਰਿਹਾ। ਸਵੇਰ ਹੋਣ ‘ਤੇ ਕਾਗਜ਼ ਪੱਤਰ ਥਾਂ ਸਿਰ ਕੀਤੇ ਤੇ ਕੰਮ ਸ਼ੁਰੂ ਕਰ ਦਿੱਤਾ। ਜਿਹੜੇ ਹਿੱਸੇ ਚੰਗੇ ਲੱਗਣ, ਉਹੀ ਹਨ ਜਿਹੜੇ ਹਾਫਿਜ਼ ਨੇ ਅਨੁਵਾਦ ਕੀਤੇ ਤੇ ਸੁਣਾਏ। ਕੁੱਝ ਫਜ਼ੂਲ ਲੱਗੇ, ਉਹ ਮੇਰਾ ਕਸੂਰ ਹੈ, ਕਿਉਂਕਿ ਉਹ ਮੇਰਾ ਅਨੁਵਾਦ ਹੈ।
ਦੋ ਸਦੀਆਂ ਪਹਿਲਾਂ ਗੇਟੇ ਨੇ ਜਰਮਨ ਵਿਚ ਹਾਫਿਜ਼ ਦਾ ਕੁੱਝ ਹਿੱਸਾ ਅਨੁਵਾਦ ਕਰਕੇ ਯੋਰਪ ਨੂੰ ਉਸਦੀ ਤਾਕਤ ਤੋਂ ਜਾਣੂ ਕਰਵਾਇਆ ਸੀ। ਹਾਫ਼ਿਜ਼ ਅਤੇ ਗੇਟੇ ਵਿਚਕਾਰ ਪੰਜ ਸਦੀਆਂ ਦਾ ਫ਼ਾਸਲਾ ਹੈ ਪਰ ਗੇਟੇ ਅਪਣੀ ਕਿਤਾਬ ਦੇ ਮੁਖਬੰਧ ਵਿਚ ਲਿਖਦਾ ਹੈ, ”ਹਾਫਿਜ਼ ਅਤੇ ਗੇਟੇ ਜੌੜੇ ਭਰਾ ਹਨ। ’ ’
”ਜੇ ਕੋਈ ਮੇਰੇ ਤੋਂ ਪੁਛੇ ਕਿ ਹਾਫ਼ਿਜ਼ ਦਾ ਪੀਰ ਕੌਣ ਹੈ, ’ ’ ਗੇਟੇ ਨੇ ਲਿਖਿਆ, ”ਤਾਂ ਮੈਂ ਕਹਾਂਗਾ – ਪਾਗਲਪਣ। ਉਸ ਵਰਗਾ ਸ਼ੁਦਾਈ ਕੌਣ ਹੋਏਗਾ? ’ ’
ਐਮਰਸਨ ਨੇ ਕਿਹਾ – ਕਿੰਨਾ ਚੰਗਾ ਹੁੰਦਾ ਮੈਥੋਂ ਹਾਫਿਜ਼ ਵਾਂਗ ਲਿਖ ਹੁੰਦਾ। ਹਾਫਿਜ਼ ਦੀ ਲੰਮੀ ਨਜ਼ਮ ਦਾ ਪੰਜਾਬੀ ਵਾਰਤਕ ਵਿਚ ਅਨੁਵਾਦ ਪੜ੍ਹੋ, ”ਸੱਚ ਹੈ ਇਹ। ਮੇਰਾ ਕੰਨ ਹੈਗਾ ਸੀ ਮੇਰੇ ਕੋਲ। ਦੇਰ ਪਹਿਲਾਂ ਮੈਂ ਇਕ ਮੱਛੀ ਕੋਲ ਵੇਚ ਦਿਤਾ ਸੀ ਇਹ। ਆਰਾਮ ਨਾਲ ਬੈਠੋ। ਕਿਵੇਂ ਹੋਇਆ ਇਹ ਸਭ ਕੁਝ, ਸਹਜੇ ਸਹਜੇ ਦੱਸਾਂਗਾ। ਗੱਲ ਹੀ ਕਰਨੀ ਹੈ ਨਾ। ਜਿਥੋਂ ਮਰਜ਼ੀ ਸ਼ੁਰੂ ਕਰ ਦਿਓ। ਜਿਸ ਜਹਾਨ ਵਿਚ ਮੇਰਾ ਵਾਸਾ ਹੈ, ਉਥੇ ਹਰੇਕ ਲਫਜ਼ ਮਹਾਨ ਹੈ। ਜਿਥੋਂ ਮਰਜ਼ੀ ਸ਼ੁਰੂ ਕਰੋ। ਸਮਾ, ਸਥਾਨ, ਉਦਾਸੀ, ਪਰਛਾਵੇਂ ਹਨ ਇਹ ਸਭ। ਦੁਖ, ਚਿੰਤਾ ਇਕ ਦਿਨ ਆਉਣਗੇ ਤੇਰੇ ਕੋਲ, ਗਿੜਗਿੜਾਉਂਦਿਆਂ ਖਿਮਾਂ ਮੰਗਣਗੇ, ਕਹਿਣਗੇ – ਅਸੀਂ ਝੂਠ ਬੋਲਦੇ ਰਹੇ ਮਿੱਤਰ। ਸਾਡੇ ‘ਤੇ ਤੂੰ ਕਾਹਨੂੰ ਇਤਬਾਰ ਕੀਤਾ? ਹਾਂ, ਗੱਲ ਮੈਂ ਕਰ ਰਿਹਾ ਸੀ ਉਸ ਮੱਛੀ ਦੀ ਜੋ ਮੇਰਾ ਕੰਨ ਖਰੀਦ ਕੇ ਲੈ ਗਈ ਸੀ। ਜੁਆਨੋ ਇਹ ਵੀ ਸੱਚ ਹੈ ਕਿ ਚੰਦ ਨੇ ਮੇਰੇ ਸਿਰ ਦਾ ਮੁੱਲ ਪਾ ਦਿੱਤਾ। ਠੱਗਾਂ ਦੇ ਗਰੋਹ ਨੇ ਜਦੋਂ ਮੈਨੂੰ ਘੇਰਾ ਪਾ ਲਿਆ, ਤਾਂ ਮੇਰੀ ਮਹਿਬੂਬ ਨੇ ਇਤਰਾਜ਼ ਕੀਤਾ ਕਿ ਮੈਂ ਖਾਹਮਖਾਹ ਭੇਦ ਕਿਉਂ ਦੱਸੀ ਗਿਆ? ਏਨੀ ਕੀਮਤੀ ਸ਼ਰਾਬ ਮੈਂ ਮੁਫ਼ਤੋ ਮੁਫ਼ਤੀ ਕਿਉਂ ਪਿਲਾਈ? ਮੈਨੂੰ ਵੱਡੇ ਜੱਜ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਤੇ ਵਕੀਲ ਪੇਸ਼ ਕਰਨ ਲਈ ਜੱਜ ਨੇ ਮੈਨੂੰ ਹੁਕਮ ਦਿੱਤਾ। ਮੈਂ ਕਿਹਾ – ਮੈਂ ਅਪਣਾ ਵਕੀਲ ਆਪ ਹਾਂ, ਮੈਂ ਅਪਣਾ ਪੱਖ ਖੁਦ ਪੇਸ਼ ਕਰ ਸਕਦਾ ਹਾਂ। ਮੇਰਾ ਨਹੀਂ ਇਹ ਮੇਰੀ ਅਰਦਾਸ ਦਾ ਕਸੂਰ ਸੀ ਜਿਸਨੇ ਮੇਰੇ ਅੱਗੇ ਖਜ਼ਾਨਿਆਂ ਦੇ ਦਰਵਾਜ਼ੇ ਖੋਹਲ ਦਿੱਤੇ ਤੇ ਕਿਹਾ – ਵੰਡ ਦੇਹ। ਮੁਕਣਗੇ ਨਹੀਂ। ਇਸ ਰਕਮ ਵਿਚੋਂ ਮੈਂ ਇਕ ਟਿਕਟ ਖਰੀਦਿਆ, ਟਿਕਟ ਹੈ ਸਫੈਦ ਬੱਦਲ ਜੋ ਧਰਤੀ ਨੂੰ ਨਹੀਂ ਅਸਮਾਨ ਨੂੰ ਛੁੰਹਦਾ ਹੈ। ਖੁਦ ਨਹੀਂ ਲੈ ਕੇ ਗਈ ਮੱਛੀ ਮੇਰਾ ਕੰਨ, ਮੈਂ ਰਿਸ਼ਵਤ ਦਿਤੀ ਸੀ ਉਹਨੂੰ। ਤਾਂ ਕਿਤੇ ਉਹ ਮੇਰਾ ਕੰਨ ਡੂੰਘੇ ਸਮੁੰਦਰ ਦੀ ਤਹਿ ਤੀਕ ਲੈ ਗਈ। ਹੁਣ ਮੇਰਾ ਮਹਿਬੂਬ ਚਾਹੇ ਹੌਲੀ ਹੌਲੀ ਗੱਲ ਕਰੇ, ਚਾਹੇ ਸਹਿਜੇ ਸਹਿਜੇ ਤੁਰੇ …. ਮੈਨੂੰ ਪਤਾ ਲੱਗ ਜਾਂਦੈ। ਸਮੁੰਦਰ ਤੋਂ ਲੈਕੇ ਅਸਮਾਨ ਤੀਕ, ਮੈਨੂੰ ਉਸਦੇ ਸਾਹਾਂ ਦੀ ਆਵਾਜ਼ ਸੁਣਾਈ ਦਿੰਦੀ ਹੈ। ਐਵੇਂ ਤਾਂ ਫ਼ਕੀਰ ਮੇਰੇ ਨਾਲ ਈਰਖਾ ਨਹੀਂ ਕਰਦੇ? ਏਸ ਸੰਸਾਰ ਵਿਚ ਮੇਰੇ ਜਿਹਾ ਤਾਕਤਵਰ ਜਾਸੂਸ ਕੋਈ ਨਹੀਂ। ਤਾਂ ਹੀ ਤਾਂ ਚੰਦ ਖਹਿਬੜ ਪਿਆ ਸੀ ਇਕ ਦਿਨ ਮੇਰੇ ਨਾਲ। ਉਸੇ ਨੇ ਫੜਵਾਇਐ ਮੈਨੂੰ। ਏਸ ਜੱਜ ਦੀ ਕਚਹਿਰੀ ਵਿਚ ਜਿਹੜਾ ਪਿੰਜਰਾ ਲਟਕਦਾ ਹੈ, ਉਸ ਵਿਚ ਸਾਰਾ ਜਹਾਨ ਬੰਦ ਹੈ। ਰੱਬ ਡਰ ਗਿਆ ਸੀ ਕਿ ਇਹ ਸ਼ੈਦਾਈ ਮੁੱਕਦਮਾ ਜਿੱਤੇਗਾ। ਉਹ ਬੇਚੈਨ ਹੋਇਆ ਕਿ ਏਸ ਗੁਨਾਹਗਾਰ ਦੀ ਸ਼ੁਹਰਤ ਫੈਲੇਗੀ ਜਹਾਨ ਅੰਦਰ। ਤੁਸੀਂ ਮੰਨਣਾ ਨਹੀਂ, ਇਹ ਜੱਜ ਮੈਨੂੰ ਜੰਮਣ ਤੋਂ ਪਹਿਲਾਂ ਦਾ ਜਾਣਦਾ ਸੀ। ਮੇਰੀਆਂ ਗੱਲਾਂ ਸੁਣਕੇ ਤੁਸੀਂ ਆਖਣਾ ਹੈ ਇਹ ਕਿਸੇ ਸ਼ਰਾਬੀ ਦਾ ਕੀਤਾ ਹੋਇਆ ਬਕਵਾਸ ਹੈ। ਇਹੀ ਤਾਂ ਮੈਂ ਕਹਿਨਾ। ਪਿਆਰ ਵਿਚ ਕੀਤੀਆਂ ਹੋਈਆਂ ਆਸ਼ਕਾਂ ਦੀਆਂ ਗੱਲਾਂ ਵਿਅਰਥ ਤਾਂ ਹੁੰਦੀਆਂ ਹਨ ਪਰ ਨਸ਼ੇ ਤੋਂ ਖਾਲੀ ਨਹੀਂ ਹੁੰਦੀਆਂ। ਮੈਂ ਮੰਨ ਜਾਨਾ ਕਿ ਮੇਰੀਆਂ ਗੱਲਾਂ ਬਕਵਾਸ ਹਨ, ਤੁਸੀਂ ਮੰਨ ਜਾਓ ਕਿ ਮੈਂ ਤੁਹਾਨੂੰ ਪਿਆਰ ਕਰਦਾਂ। ਆਸ਼ਕ ਤੋਂ ਚੁੱਪ ਨੀਂ ਕਰ ਹੁੰਦਾ। ’ ’
ਮਨਸੂਰ ਨਾਲ ਜੋ ਬੀਤਿਆ, ਉਸਨੂੰ ਉਸਦਾ ਅਹਿਸਾਸ ਸੀ, ਇਸ ਕਰਕੇ ਉਹ ਬਚ ਬਚ ਕੇ ਚਲਦਾ ਹੈ ਤੇ ਇਸ਼ਾਰਿਆਂ ਰਾਹੀਂ ਸਮਝਾਉਂਦਾ ਹੈ — ”ਮੇਰੀਆਂ ਅੱਖਾਂ ਵਿਚੋਂ ਅਪਣੀ ਤਸਵੀਰ ਦੇਖਕੇ ਤੂੰ ਹੱਸੀ ਨਹੀਂ ਸੀ ਹਰਨੋਟੀਏ? ਹੁਣ ਤੂੰ ਮੁਕਰਦੀ ਹੈਂ। ਫੇਰ ਕਿਹੜਾ ਮੈਂ ਬੁਰਾ ਮਨਾਉਂਦਾ ਹਾਂ। ਜਾਹਲ ਸੰਸਾਰ ਸਾਹਮਣੇ ਇਹੋ ਜਿਹੀਆਂ ਗੱਲਾਂ ਮੰਨੀਦੀਆਂ ਈ ਨੀ ਹੁੰਦੀਆਂ।
ਸ਼ੇਖ ਸਾਅਦੀ ਅਤੇ ਮੌਲਾਨਾ ਰੂਮ ਵੀ ਸ਼ੀਰਾਜ਼ ਵਿਚ ਰਹੇ, ਹਾਫਿਜ਼ ਤੋਂ ਇਕ ਸਦੀ ਪਹਿਲਾਂ। ਹਾਫਿਜ਼ ਆਖਦਾ ਹੈ – ਏਨ੍ਹਾਂ ਮੁਰਸ਼ਦਾਂ ਨੂੰ ਜਦੋਂ ਤੁਰਨਾ ਆ ਗਿਆ, ਬਸ ਫੇਰ ਚੱਲ ਸੋ ਚੱਲ। ਦੁਨੀਆਂ ਗਾਹ ਮਾਰੀ। ਸ਼ੀਰਾਜ਼ ਵਿਚ ਵੜੇ ਈ ਨਾ। ਮੈਨੂੰ ਸ਼ੀਰਾਜ਼ ਤੋਂ ਚੰਗਾ ਹੋਰ ਕੋਈ ਥਾਂ ਲੱਗਾ ਈ ਨਾ।
ਰੂਮ ਅਤੇ ਸਾਅਦੀ ਵੱਡੇ ਹਨ, ਇਸ ਵਿਚ ਕੀ ਵਿਵਾਦ ਹੈ? ਪਰ ਹਾਫਿਜ਼ ਨੂੰ ਪੜ੍ਹਦਿਆਂ ਪੜ੍ਹਦਿਆਂ ਇਉਂ ਮਹਿਸੂਸ ਹੋਈ ਗਿਆ ਕਿ ਹਾਫਿਜ਼ ਨੂੰ ਉਹ ਸਾਰਾ ਕੁਝ ਸ਼ੀਰਾਜ਼ ਵਿਚ ਬੈਠਿਆਂ ਬਠਾਇਆ ਮਿਲ ਗਿਆ ਜਿਸ ਦੀ ਤਲਾਸ਼ ਵਿਚ ਸਾਅਦੀ ਹੋਰੀਂ ਥਾਂ ਥਾਂ ਦੇਸਾਂ ਪਰਦੇਸਾਂ ਵਿਚ ਘੁੰਮੇ।
ਸ਼ੇਰਸ਼ਾਹ ਸੂਰੀ ਤੋਂ ਹਾਰ ਕੇ ਹੁਮਾਯੂੰ ਨੇ ਈਰਾਨ ਵਿਚ ਸ਼ਰਣ ਲਈ। ਇਸਫਾਹਾਨ ਸ਼ਹਿਰ ਦਾ ਉਹ ਮਹੱਲ ਦੇਖ ਕੇ ਆਇਆ ਹਾਂ ਜਿਥੇ ਹੁਮਾਯੂੰ ਰਿਹਾ ਸੀ। ਉਦੋਂ ਈਰਾਨ ਦੀ ਰਾਜਧਾਨੀ ਇਸਫਾਹਾਨ ਸੀ। ਪੰਜ ਚਾਰ ਹਜ਼ਾਰ ਉਸਦੇ ਹਿੰਦੁਸਤਾਨੀ ਤੇ ਖੁਰਾਸਾਨੀ ਸ਼ੁਭਚਿੰਤਕ ਸ਼ੇਰਸ਼ਾਹ ਦੀ ਮੌਤ ਪਿਛੋਂ ਉਸ ਕੋਲ ਆਕੇ ਫਿਰ ਹਿੰਦੁਸਤਾਨ ‘ਤੇ ਹਮਲਾ ਕਰਨ ਲਈ ਕਹਿਣ ਲੱਗੇ। ਹੁਮਾਯੂੰ ਏਨਾ ਡਰਿਆ ਹੋਇਆ ਸੀ ਕਿ ਇਧਰ ਮੂੰਹ ਕਰਨਾ ਮੁਨਾਸਬ ਨਹੀਂ ਸਮਝਦਾ ਸੀ। ਤਕਰਾਰ ਪਿਛੋਂ ਫੈ਼ਸਲਾ ਹੋਇਆ ਕਿ ਹਾਫਿਜ਼ ਦਾ ਦੀਵਾਨ ਲਿਆਓ ਤੇ ਫਾਲ ਕੱਢੋ। ਫਾਲ ਕੱਢਣਾ ਉਵੇਂ ਹੈ ਜਿਵੇਂ ਅਸੀਂ ਆਖਦੇ ਹਾਂ ਮਹਾਰਾਜ ਵਿਚੋਂ ਹੁਕਮਨਾਮਾ ਲਓ। ਫਾਲ ਨਿਕਲਿਆ – ਤੇਰੇ ਸਿਰ ਉਪਰ ਹੁਮਾ ਦਾ ਸਾਇਆ ਹੈ। ਜਿਧਰ ਜਾਏਂਗਾ, ਸਲਾਮਾਂ ਹੋਣਗੀਆਂ। (ਹੁਮਾ ਉਹ ਕਲਪਿਤ ਪੰਛੀ ਹੈ ਜਿਸ ਬਾਰੇ ਕਿਹਾ ਜਾਦਾ ਹੈ ਕਿ ਜਿਸ ਦੇ ਸਿਰ ਉਪਰ ਉਸਦਾ ਪਰਛਾਵਾਂ ਪੈ ਜਾਏ, ਉਸ ਸਿਰ ਉਪਰ ਤਾਜ ਟਿਕਦਾ ਹੈ)। ਹੁਮਾਯੂੰ ਦੁਬਾਰਾ ਹਮਲਾ ਕਰਨ ਲਈ ਤਿਆਰ ਹੋ ਗਿਆ ਤੇ ਹਿੰਦੁਸਤਾਨ ਫਤਿਹ ਕਰ ਲਿਆ। ਹਾਫ਼ਿਜ਼ ਦੇ ਕਥਨ ਵਿਚ ਏਨੀ ਤਾਕਤ ਹੈ।
ਗਲੋਬ ਦੀ ਮਾਲਕਣ ਮਲਕਾ ਵਿਕਟੋਰੀਆ ਅਪਣੇ ਸਿਰਹਾਣੇ ਵਾਲੇ ਪਾਸੇ ਉੁਚੀ ਥਾਂ ਉਪਰ ਹਾਫ਼ਿਜ਼ ਦਾ ਦੀਵਾਨ ਰਖਦੀ ਹੁੰਦੀ ਸੀ। ਜਦੋਂ ਕਦੀ ਕੋਈ ਦੇਸ ਸੰਕਟ ਵਿਚ ਘਿਰ ਜਾਂਦਾ, ਵਡੀ ਮੁਸ਼ਕਲ ਦਿਸਦੀ, ਉਦੋਂ ਉਹ ਹਾਫ਼ਿਜ਼ ਦੇ ਦੀਵਾਨ ਵਿਚੋਂ ਹੁਕਮਨਾਮਾ ਲਿਆ ਕਰਦੀ ਸੀ। ਹਾਫ਼ਿਜ਼ ਦਾ ਬੰਦ ਹੈ – ਮੇਰਾ ਇਕ ਬੁਜ਼ਦਿਲ ਵਿਦਿਆਰਥੀ ਹਰ ਵਕਤ ਡਰ ਨਾਲ ਕੰਬਦਾ ਰਹਿੰਦਾ। ਹਰੇਕ ਰਾਤ ਉਸ ਦੀ ਇਓਂ ਬੀਤਦੀ ਜਿਵੇਂ ਪਰੇਤਾਂ ਨੇ ਝੰਬਿਆ ਹੋਵੇ। ਮੈਂ ਰਹਿਮ ਕੀਤਾ,ਅਪਣੀ ਤਲਵਾਰ ਵਿਚੋਂ ਇਕ ਨਿਕਾ ਟੋਟਾ ਕੱਟ ਕੇ ਉਸ ਲਈ ਚਾਕੂ ਬਣਾ ਦਿਤਾ। ਪਤਾ ਲੱਗੈ ਅੱਜ ਕੱਲ੍ਹ ਘੁਪ ਹਨੇਰੀਆਂ ਰਾਤਾਂ ਵਿਚ ਉਹ ਜੁਆਨ ਮੁਸੀਬਤਾਂ ਲੱਭਣ ਅਤੇ ਮੁਕਾਬਲਾ ਕਰਨ ਲਈ ਇਧਰ ਉਧਰ ਘੁੰਮਦੈ।
ਦੀਵਾਨ-ਇ-ਹਾਫ਼ਿਜ਼ ਤਲਵਾਰ ਹੈ। ਹਰੇਕ ਨਜ਼ਮ ਚਾਕੂ ਹੈ। ਉਸਦਾ ਸ਼ਿਅਰ ਹੈ –
”ਬੱਚੇ ਵਾਂਗ ਰੱਬ ਤੁਹਾਡੀ ਗੋਦ ਵਿਚ ਖੇਡਣ ਦਾ ਇਛੁਕ ਹੈ।
ਪਰ ਫੇਰ ਸਾਰੀ ਕਾਇਨਾਤ ਦੀ ਜ਼ਿਮੇਵਾਰੀ ਤੁਹਾਨੂੰ
ਸੰਭਾਲਣੀ ਪਵੇਗੀ।
ਬੌਣੇ ਬਾਦਸ਼ਾਹ ਮਾਸੂਮ ਲੋਕਾਂ ਨੂੰ ਜੰਦਰਿਆਂ ਅੰਦਰ
ਬੰਦ ਕਰ ਕਰਕੇ ਜਦੋਂ ਸੌਂ ਜਾਂਦੇ ਹਨ
ਅਸੀਂ ਫ਼ਕੀਰ ਸਾਰੀ ਸਾਰੀ ਰਾਤ
ਚਾਬੀਆਂ ਵੰਡਦੇ ਫਿਰਦੇ ਹਾਂ।
”ਸੁਹਣੀ ਸ਼ਾਇਰੀ ਨੂੰ ਸਲਾਮ।
ਸਾਰੰਗੀ ਪੱਟ ਤੇ ਟਿਕਾ ਅਤੇ ਸੁਰਾਂ ਛੇੜ।
ਸੰਸਾਰ ਸ਼ਾਇਰ ਦੀ ਸਾਰੰਗੀ ਹੈ।
ਖੁਸ਼ੀ ਬਾਦਸ਼ਾਹਾਂ ਦਾ ਲਿਬਾਸ ਹੈ।
ਇਹ ਸ਼ਾਹੀ ਵਸਤਰ ਮੈਂ ਹਰ ਰੋਜ਼ ਪਹਿਨਦਾਂ।
ਪਰ ਕਦੀ ਕਦਾਈਂ ਅਪਣੇ ਪਿਆਰਿਆਂ
ਨੂੰ ਦੁਖ ਵਿਚ ਦੇਖਕੇ
ਜਾਂ ਪੰਛੀ ਦੇ ਰੋਣ ਦੀ ਆਵਾਜ਼ ਸੁਣਕੇ
ਮੈਂ ਹੱਥ ਵਿਚ ਬੁਰਸ਼ ਫੜਦਾਂ
ਤੇ ਅੱਖ ਵਿਚ ਹੰਝੂ ਦੀ ਤਸਵੀਰ ਬਣਾ ਦਿੰਨਾ।
ਚੰਦ ਤੁਹਾਨੂੰ ਪਿਆਰ ਕਰਦੈ।
ਤਾਹੀਓਂ ਤਾਂ ਦੇਖਦਾ ਰਹਿੰਦੈ ਤੁਹਾਡੇ ਮੂੰਹਾਂ ਵਲ ਹਰ ਵਕਤ।
ਜਦੋਂ ਤੁਸੀਂ ਅਪਣੇ ਹੋਠਾਂ ਵਿਚੋਂ ਕੋਈ ਰੁੱਖਾ ਲਫਜ਼ ਬੋਲਦੇ ਹੋ
ਤਾਂ ਚੰਦ ਦੋਵੇਂ ਹੱਥਾਂ ਨਾਲ ਅਪਣਾ ਮੂੰਹ ਢਕ ਲੈਂਦੈ।
ਆਉਂਦੀ ਕੀੜੀ ਨੂੰ ਦੇਖਕੇ
ਜਿਸ ਹਾਥੀ ਨੇ ਰਸਤਾ ਛੱਡ ਦਿਤਾ ਤੇ
ਪਾਸਿਓਂ ਦੀ ਲੰਘ ਗਿਆ
ਉਸ ਉਪਰ ਰੱਬ ਰਹਿਮਤਾਂ ਦੀ ਬਾਰਸ਼ ਕਰਦਾ ਹੈ।
”ਤੈਨੂੰ ਠੰਢ ਲੱਗੀ
ਤੇਰੇ ਕੰਬਦੇ ਪੈਰਾਂ ਉਪਰ ਮੈਂ ਅਪਣੀ ਕੰਬਲੀ ਰੱਖੀ।
ਤੈਨੂੰ ਭੁੱਖ ਲੱਗੀ, ਮੈਂ ਅਪਣੇ ਬਾਗ ਵਿਚੋਂ
ਆਲੂ ਪੁੱਟ ਲਿਆਇਆ।
ਤੈਨੂੰ ਥੋੜ੍ਹੇ ਕੁ ਸੁਖਦਾਈ ਲਫ਼ਜ਼ਾਂ ਦੀ ਲੋੜ ਪਈ
ਮੈਂ ਪੂਰਾ ਦੀਵਾਨ ਲਿਖ ਮਾਰਿਆ।
ਰਾਤ ਪਈ, ਤੂੰ ਰੋਣ ਲੱਗਾ ਕਿ ਇਕੱਲੇ ਨੂੰ ਡਰ ਲਗਦੈ।
ਤੇਰੇ ਹੱਥ ਵਿਚ ਰੱਸਾ ਫੜਾ ਕੇ ਮੈਂ ਕਿਹਾ –
ਅਪਣੇ ਨਾਲ ਬੰਨ੍ਹ ਲੈ ਮੈਨੂੰ।
ਹਾਫ਼ਿਜ਼ ਜਿਸ ਦਾ ਹੋ ਗਿਆ, ਉਮਰ ਭਰ ਉਸੇ ਦਾ ਹੋ ਗਿਆ।
”ਬਾਜਾਰ ਵਿਚੋਂ ਲੰਘਣ ਵੇਲੇ
ਮੈਂ ਸਹਿਜੇ ਸਹਿਜੇ ਤੁਰਿਆ।
ਰੱਬ ਦੇ ਹੱਥ ਉਪਰਲੀ ਲਕੀਰ ਉਪਰ
ਤੇਜ਼ ਕਦਮੀ ਚੱਲਣਾ ਮੈਨੂੰ ਗੁਸਤਾਖ਼ੀ ਲੱਗੀ।
”ਤੁਹਾਡੇ ਅਹਿਸਾਸ ਤੁਹਾਡੇ ਦਿਲਾਂ ਵਿਚੋਂ ਚੋਰੀ ਕਰਕੇ
ਮੈਂ ਅਪਣੇ ਲਫਜ਼ਾਂ ਦੇ ਲਿਬਾਸ ਪਹਿਨਾਉਂਦਾ ਰਿਹਾ।
ਇਸ ਬੁੱਢੇ ਚੋਰ ਉਪਰ ਮੁਕੱਦਮਾ ਨਾ ਕਰਿਓ ਮਿਹਰਬਾਨੋ।
”ਬੈਠੋ ਬਸ । ਆਰਾਮ ਕਰੋ। ਬਿਰਹਾ ਤੋਂ ਵੱਡੀ ਸੱਟ ਕਿਹੜੀ ਹੈ
ਹੋਰ? ਤੁਸੀ ਇਹ ਸੱਟ ਖਾਈ ਫਿਰਦੇ ਹੋ।
ਜ਼ਖ਼ਮੀਆਂ ਨੂੰ ਖਾਣਾ ਦਿਆਂਗਾ, ਪਾਣੀ ਪਿਲਾਵਾਂਗਾ।
ਮੇਰੇ ਨਰਮ ਲਫ਼ਜ਼ ਤੁਹਾਡਾ ਆਰਾਮਦਾਇਕ ਸਿਰਹਾਣਾ ਬਣਨਗੇ।
ਤੁਸੀਂ ਮੈਨੂੰ ਕੁੱਤਾ ਕਿਹਾ ਤਾਂ ਕੀ ਹੋਇਆ ?
ਇਸ ਕੁੱਤੇ ਦੇ ਖੁਰਕ ਹੁੰਦੀ ਹੈ ਜਦੋਂ
ਇਹ ਅਪਣੀ ਪਿੱਠ ਚੰਦ ਨਾਲ ਘਸਰਾਂਦਾ ਹੈ।
”ਤੁਸੀਂ ਕੀ ਸੋਚਿਆ, ਕੀ ਕੀਤਾ, ਪਰਵਾਹ ਨਾ ਕਰੋ।
ਜਦੋਂ ਉਦਾਸ ਹੋਵੋ ਮੇਰਾ ਦੀਵਾਨ ਖੋਲ੍ਹ ਲੈਣਾ
ਕਿਉਕਿ ਦੀਵਾਨ ਖੋਲ੍ਹ ਕੇ
ਜਿਸ ਅਦਾ ਨਾਲ ਤੁਸੀਂ ਮੁਸਕਾਉਂਦੇ ਹੋ
ਤੁਹਾਡੀ ਉਹੀ ਮੁਸਕਾਨ ਤਾਂ ਮੈਨੂੰ ਚੰਗੀ ਲਗਦੀ ਹੈ।
”ਇਉਂ ਹੋਇਐ ਕਦੇ ਕਦੇ।
ਮੇਰੇ ਸਿਰ ਨੂੰ ਅਪਣਾ ਦਸਤਰਖਾਨ ਸਮਝਕੇ
ਰੰਗ ਰੰਗ ਦੇ ਪੰਛੀ ਆਕੇ ਬੈਠ ਜਾਂਦੇ ਹਨ
ਤੇ ਸ਼ਰਾਬ ਪੀਣ ਲਗਦੇ ਹਨ, ਗੀਤ ਗਾਉਣ ਲਗਦੇ ਹਨ।
ਏਨੇ ਟੱਲੀ ਹੋ ਜਾਂਦੇ ਹਨ ਕਿ ਅਪਣੇ ਗੀਤਾਂ ਦੀਆਂ ਕਾਪੀਆਂ
ਮੇਰੇ ਇਰਦ ਗਿਰਦ ਖਿਲਾਰੀਆਂ ਪਈਆਂ ਛੱਡ ਕੇ
ਉਡ ਜਾਂਦੇ ਹਨ।
”ਕਦੀ ਕਦਾਈਂ ਮੈਂ ਕਵਿਤਾ ਨੂੰ ਆਖਦਾਂ,
ਹੁਣ ਨੀ। ਤੈਨੂੰ ਦਿਸਦਾ ਨੀਂ ਮੈਂ ਗੁਸਲਖਾਨੇ ਵਿਚ ਹਾਂ?
ਪਰ ਕਵਿਤਾ ਟਲਦੀ ਨਹੀਂ।
ਮੈਂ ਆਖਦਾਂ – ਸੂਰਜ ਮੁਠੀ ਵਿਚ ਨੱਪ ਕੇ
ਹੁਣ ਮੈਥੋਂ ਪਾਣੀ ਦੀਆਂ
ਬੂੰਦਾਂ ਨਹੀਂ ਨਚੋੜੀਆਂ ਜਾਂਦੀਆਂ।
ਕਵਿਤਾ ਆਖਦੀ ਹੈ –
ਚੰਗਾ ਫੇਰ ਚਲੀ ਜਾਨੀ ਆਂ ਮੈਂ।
ਮੇਰਾ ਐਲਾਨ ਹੈ ਕਿ ਜੇ ਜਹਾਨ ਨੇ
ਹਾਫ਼ਿਜ਼ ਨੂੰ ਸ਼ਾਇਰ ਨਾ ਮੰਨਿਆਂ
ਧਰਤੀ ਤੇ ਉਤਰਾਂਗੀ ਨਹੀਂ ਮੈਂ ਫਿਰ।
”ਸ਼ੁਰੂ ਵਿਚ ਪੰਛੀਆਂ ਦੇ ਖੰਭ ਨਹੀਂ ਸਨ ਹੁੰਦੇ। ਹੋਇਆ ਇਹ ਕਿ ਲੱਖਾਂ ਸਾਲ ਪਹਿਲਾਂ ਰੱਬ ਉਤਰਿਆ ਧਰਤੀ ਉਪਰ। ਏਨੀ ਸੁਹਣੀ ਚੀਜ਼ ਦੇਖਣ ਲਈ ਜੰਗਲ ਦੇ ਜਾਨਵਰ ਨੇੜੇ ਨੇੜੇ ਆ ਗਏ। ਰੱਬ ਨੇ ਗੀਤ ਗਾਇਆ ਤੇ ਅਸਮਾਨ ਵੱਲ ਉਡ ਗਿਆ। ਸਾਰਿਆਂ ਵਿਚ ਨਹੀਂ, ਕੁਝ ਜਾਨਵਰਾਂ ਵਿਚ ਉਸਨੂੰ ਦੇਖਣ ਅਤੇ ਉਸਦਾ ਗੀਤ ਫੇਰ ਸੁਣਨ ਦੀ ਏਨੀ ਪ੍ਰਬਲ ਤਾਂਘ ਪੈਦਾ ਹੋਈ ਕਿ ਥੋੜ੍ਹੇ ਦਿਨਾਂ ਵਿਚ ਸਰੀਰ ਅੰਦਰੋਂ ਖੰਭ ਬਾਹਰ ਨਿਕਲ ਆਏ। ਹਾਫਿਜ਼ ਦੀ ਉਡਾਣ ਦਾ ਰਾਜ਼ ਵੀ ਇਹੋ ਹੈ।
”ਚੋਰਾਂ ਨੂੰ ਵੱਡਾ ਹੀਰਾ ਮਿਲਿਆ। ਹੰਸਣੀ ਦੇ ਅੰਡੇ ਤੋਂ ਵੱਡਾ। ਏਨਾ ਕੀਮਤੀ ਕਿ ਹਜ਼ਾਰ ਘੋੜੇ ਖਰੀਦੇ ਜਾਣ, ਚਾਹੇ ਸ਼ੀਰਾਜ਼ ਵਿਚ ਦੋ ਹਜ਼ਾਰ ਏਕੜ ਜ਼ਮੀਨ ਖਰੀਦ ਲੈਣ। ਖੁਸ਼ੀ ਵਿਚ ਬਹੁਤ ਦਾਰੂ ਪੀਤੀ। ਇਕ ਦੂਜੇ ਉਪਰ ਬੇਇਤਬਾਰੀ ਏਨੀ ਕਿ ਹੀਰਾ ਤੋੜ ਕੇ ਟੁਕੜੇ ਆਪੋ ਵਿਚ ਵੰਡ ਲਏ। ਕੌਡੀ ਕੀਮਤ ਨਾ ਰਹੀ। ਜਦੋਂ ਤੁਸੀਂ ਰੱਬ ਦਾ ਜ਼ਿਕਰ ਕਰਦੇ ਹੋ ਉਦੋਂ ਕੀਮਤੀ ਹੀਰਾ ਟੁੱਟਦਾ ਹੈ।
”ਤੂੰ ਰੱਬ ਹੈਂ ਤੈਨੂੰ ਪਤਾ ਨਹੀਂ।
ਰੱਬ ਨੂੰ ਧੂਹ ਕੇ ਤੂੰ ਕੀੜੀ ਦੀ
ਖੱਡ ਵਿਚ ਵਾੜਦਾ ਹੈਂ, ਇਹ ਹੋਣਾ ਨਹੀਂ।
“ਇਕ ਖਾਨਾਬਦੋਸ਼ ਭੁਲੇਖਾ, ਵਿਚਾਰਗੀ ਵਿਚ ਇਧਰ ਉਧਰ
ਉਡਦਾ ਫਿਰਦਾ ਸੀ। ਰੱਬ ਨੇ ਕਿਹਾ – ਹੋ ਜਾਹ। ਭੁਲੇਖਾ ਸੱਚ ਹੋ ਗਿਆ।
”ਰੱਬ ਨੂੰ ਰਿਸ਼ਵਤ ਕਿਵੇਂ ਦੇਣੀ ਹੈ, ਮੇਰੇ ਤੋਂ ਸਿਖੋ।
ਮੇਰੀਆਂ ਫਰਿਸ਼ਤਿਆਂ ਜਿਹੀਆਂ ਧੁਨਾ ਸੁਣੋ ਤੇ ਸਿਖੋ।
”ਠੰਢ ਨਾਲ ਕੰਬਦਾ, ਭੁੱਖਾ,
ਮਾਂ ਤੋਂ ਵਿਛੜਿਆ ਕਤੂਰਾ ਰੋਂਦਾ ਸੀ,
ਮੈਂ ਹੱਥ ਵਿਚ ਚੁਕਿਆ, ਘਰ ਲੈ ਆਇਆ।
ਮੈਂ ਨਿੱਘੇ ਦੁੱਧ ਵਿਚ ਸ਼ੱਕਰ ਘੋਲ ਕੇ ਉਸ ਅਗੇ ਚੱਟਣ ਵਾਸਤੇ ਉਂਗਲਾ ਕੀਤੀਆਂ ਤਾਂ ਕਤੂਰੇ ਨੂੰ ਮੇਰੇ ਇਕ ਹੱਥ ਵਿਚੋਂ ਪੰਜ ਮਾਵਾਂ ਦਿੱਸੀਆਂ।
ਸ਼ਰਾਬ ਦੇ ਗੱਡੇ ਵਿਚੋਂ ਸ਼ਾਮੀ ਇਕ ਬੋਤਲ ਡਿੱਗੀ ਤੇ ਟੁੱਟ ਗਈ। ਅਨੇਕ ਪਤੰਗੇ ਤੇ ਉਨ੍ਹਾਂ ਦੇ ਭਾਈ ਭਤੀਜੇ ਆਏ ਤੇ ਪੀਣ ਲੱਗੇ। ਦੋ ਤਿੰਨ ਕਣਕ ਦੇ ਖੇਤ ਵਿਚ ਜਾ ਵੜੇ ਤੇ ਬੰਸਰੀਆਂ ਬਣਾ ਲਿਆਏ। ਦੋ ਤਿੰਨ ਛੋਲਿਆਂ ਦੇ ਖੇਤੋਂ ਡਫਲੀਆਂ ਤੋੜ ਲਿਆਏ, ਗਾਉਣ ਲੱਗੇ, ਨੱਚਣ ਲੱਗੇ। ਏਨੇ ਨੂੰ ਚੰਦ ਚੜ੍ਹ ਆਇਆ। ਇਕ ਨੇ ਪੁੱਛਿਆ – ਇਹ ਕਿਥੋਂ ਆਇਐ? ਕਿੰਨਾ ਚਿਰ ਰਹੇਗਾ? ਕਿਥੇ ਜਾਏਗਾ ਫੇਰ? ਤੇਲ ਕਿਥੋਂ ਪੁਆਉਂਦੈ ਇਹ? ਇਹੋ ਜਿਹੀ ਬਕਵਾਸੀ ਬਹਿਸ ਛਿੜੀ ਕਿ ਮੇਲਾ ਉਜੜ ਗਿਆ।
”ਦੂਜੇ ਨਾਲੋਂ ਤੁਸੀਂ ਚੰਗੇ ਹੋ ਕਿ ਮਾੜੇ
ਜਦੋਂ ਇਹ ਸੋਚਣ ਲਗਦੇ ਹੋ,
ਸ਼ਰਾਬ ਦਾ ਭਰਿਆ ਸੁਹਣਾ ਪੈਮਾਨਾ
ਉਦੋਂ ਹੀ ਤਿੜਕ ਜਾਂਦੈ।
”ਮੀਟ ਦਾ ਕੋਈ ਕੋਈ ਚਲਾਕ ਟੁਕੜਾ ਸੰਘੋਂ ਹੇਠਾਂ ਉਤਰਨ ਤੋਂ ਇਨਕਾਰੀ ਹੋਕੇ ਦੰਦਾਂ ਹੇਠ ਛੁਪਿਆ ਰਹਿੰਦਾ ਹੈ ਦੇਰ ਤਕ। ਮੇਰੀ ਨਜ਼ਮ ਕਈ ਕਈ ਦਿਨ ਤੁਹਾਡੇ ਦੰਦਾਂ ਵਿਚ ਫਸੀ ਰਹੇਗੀ। ਮੇਰੀ ਨਜ਼ਮ ਨੂੰ ਛੁਹ ਛੁਹ ਕਈ ਕਈ ਦਿਨ ਤੁਹਾਡੀ ਜੀਭ ਨੱਚਦੀ ਰਹੇਗੀ।
”ਫਕੀਰ ਏਨੇ ਨਿਮਰ, ਖਾਹਸ਼ਾਂ ਤੋਂ ਏਨੇ ਬੇਪ੍ਰਵਾਹ ਕਿਉਂ ਹੁੰਦੇ ਨੇ?
ਪਤਾ ਨਹੀਂ। ਹੁਣ ਪਤਾ ਲੱਗਾ। ਮਸਜਿਦ ਅੰਦਰ ਵੜਨ ਤੋਂ ਪਹਿਲਾਂ ਜੁਤੀਆਂ ਉਤਾਰ ਦੇਈਦੀਆਂ ਹਨ। ਜਿਸਮ ਅਤੇ ਜਿਸਮ ਦੀਆਂ ਲੋੜਾਂ ਰੂਹ ਦੀਆਂ ਜੁੱਤੀਆਂ ਨੇ। ਰੱਬ ਦੇ ਘਰ ਅੰਦਰ ਜਾਣਾ ਹੈ ਤਾਂ ਇਹ ਜੁੱਤੀਆਂ ਉਤਾਰਨੀਆਂ ਪੈਣਗੀਆਂ।
”ਜੋ ਜੋ ਤੁਸੀਂ ਬੋਲਦੇ ਹੋ, ਸੋਈ ਤੁਹਾਡਾ ਘਰ ਹੁੰਦਾ ਹੈ।
ਚੋਂਦੀ ਛੱਤ ਹੇਠ ਤੁਹਾਡੇ ਬਿਸਤਰੇ ‘ਤੇ ਕੌਣ ਸੋਏਗਾ?
”ਦਰਿਆ ਦੀ ਆਵਾਜ਼ ਜਦੋਂ ਸਮੁੰਦਰ ਵਿਚ ਡੁੱਬੀ
ਦਰਿਆ ਰੱਬ ਵਾਂਗ ਗੱਜਿਆ
ਤੇ ਸਮੁੰਦਰ ਵਾਂਗ ਹੱਸਿਆ।
”ਅਸਮਾਨ ਹਵਾ ਵਿਚ ਲਟਕਿਆ ਤੈਰਦਾ ਸਮੁੰਦਰ ਹੈ। ਤਾਰੇ ਤੈਰਦੀਆਂ ਮੱਛੀਆਂ ਹਨ। ਧਰਤੀਆਂ ਵੇਲ੍ਹ ਮੱਛੀਆਂ ਹਨ। ਕਦੀ ਮੈਂ ਕਿਸੇ ਮੱਛੀ ਦੀ ਪਿੱਠ ਤੇ ਕਦੀ ਦੂਜੀ ਉਪਰ ਝੂਟੇ ਲੈਂਦਾ ਰਹਿਨਾ।
ਰੂਮੀ, ਸਾਅਦੀ, ਫਿਰਦੌਸੀ, ਅੱਤਾਰ ਆਦਿਕ ਫ਼ਕੀਰ ਪੜ੍ਹਦੇ ਜਾਓ ਤਾਂ ਆਖਰ ਵਿਚ ਥਕਾਣ ਹੋ ਜਾਂਦੀ ਹੈ। ਇਹ ਭਾਰੇ ਹਨ, ਫਲਸਫੇ ਨਾਲ ਲੱਦੇ ਹੋਏ। ਮੇਰਾ ਦਿਮਾਗ ਏਨਾ ਭਾਰ ਚੁੱਕਣ ਤੋਂ ਇਨਕਾਰੀ ਹੋ ਜਾਂਦਾ ਹੈ ਵਧੀਕ ਵਾਰ। ਹਾਫ਼ਿਜ਼ ਏਸ ਤਰਾਂ ਦਾ ਨਹੀਂ। ਉਹ ਇਕ ਬੱਚੇ ਵਾਂਗ ਆਕੇ ਤੁਹਾਡੇ ਨਾਲ ਖੇਡਦਾ ਹੈ। ਨਾ ਖੁਦ ਥਕਦਾ ਹੈ ਨਾ ਤੁਹਾਨੂੰ ਥੱਕਣ ਦਿੰਦਾ ਹੈ। ਬੇਅੰਤ ਸੁਹਣੇ, ਵੱਡੇ ਦੇਸ ਵਿਚ ਤੁਹਾਨੂੰ ਇਉ ਲਿਜਾਂਦਾ ਹੈ ਕਿ ਪਤਾ ਨਹੀਂ ਲਗਦਾ ਸਫ਼ਰ ਕਦੋਂ ਸ਼ੁਰੂ ਹੋਇਆ ਸੀ ਕਦੋਂ ਮੁੱਕ ਗਿਆ।
ਸਹਜੇ ਜਿਹੇ ਈਰਾਨੀ ਪ੍ਰੋਫੈਸਰ ਮੈਨੂੰ ਆਖਦਾ ਹੈ – ਗਿਣਤੀ ਨਹੀਂ ਕੀਤੀ। ਗਿਣਤੀ ਕਰਨੀ ਵੀ ਨਹੀਂ ਚਾਹੀਦੀ। ਕੀ ਲੋੜ। ਮੇਰੇ ਮਨ ਵਿਚ ਕਦੀ ਕਦੀ ਆਇਆ ਕਰਦੈ ਕਿ ਦੇਖਣਾ ਚਾਹੀਦੈ ਦੁਨੀਆਂ ਨੇ ਸਭ ਤੋਂ ਵਧੀਕ ਕੁਰਾਨ ਪੜ੍ਹਿਆ ਜਾਂ ਹਾਫਿ਼ਜ਼ ਦਾ ਦੀਵਾਨ। ਈਰਾਨੀ ਜੁਆਨ ਜੇ ਪੌਪ ਮਿਉਜ਼ਕ ਦੀਆਂ ਕੈਸਟਾਂ ਕਾਰਾਂ ਵਿਚ ਚਲਾਉਂਦੇ ਹਨ ਤਾਂ ਉਨ੍ਹਾਂ ਵਿਚਲੇ ਗੀਤ ਫਿਰ ਹਾਫ਼ਿਜ਼ ਦੇ। ਹਾਫ਼ਿਜ਼ ਨੂੰ ਉਹ ਸ਼ੱਕਰਲਬ ਆਖਦੇ ਹਨ – ਮਿਠੇ ਹੋਠਾਂ ਵਾਲਾ। ਮੈਂ ਕਿਹਾ – ਕਿੰਨੀ ਪਿਆਰੀ ਜ਼ਬਾਨ ਹੈ ਤੁਹਾਡੀ ਫਾਰਸੀ, ਖਲੀਲ ਗੰਬਰੀ ! ਖਲੀਲ ਬੋਲਿਆ – ਨਹੀਂ ਜੀ, ਤੁਸੀਂ ਨਿਮਰ ਹੋਣ ਕਰਕੇ ਅਜਿਹਾ ਆਖਦੇ ਹੋ। ਤੁਹਾਡੀ ਪੰਜਾਬੀ ਜ਼ਬਾਨ ਇਸ ਤੋਂ ਕਿਤੇ ਵਧੀਕ ਮਿਠੀ ਹੈ। ਸਾਡੇ ਕੋਲ ਤਾਂ ਸ਼ਕਰਲਬ ਹੈ ਕੇਵਲ, ਤੁਹਾਡੇ ਕੋਲ ਸ਼ਕਰਗੰਜ (ਸ਼ਕਰ ਦਾ ਪਹਾੜ ਬਾਬਾ ਫਰੀਦ) ਹੈ। ਫੇਰ ਕਿਵੇਂ ਮੰਨੀਏ ਕਿ ਜਿਨ੍ਹਾਂ ਕੋਲ ਮਿੱਠੇ ਪਹਾੜ ਹੋਣ, ਉਨ੍ਹਾਂ ਦੀ ਬੋਲੀ ਮਿਠੀ ਨਾ ਹੋਵੇ? ਤੁਸੀਂ ਐਵੇਂ ਦਾਦ ਦੇਈ ਜਾਂਦੇ ਹੋ ਸਾਨੂੰ।
ਪ੍ਰੋਫੈਸਰ ਅਨਸਾਰੀ ਨੇ ਉਸਦਾ ਸ਼ਿਅਰ ਸੁਣਾਇਆ :
”ਤੁਹਾਡੀ ਮੁਹੱਬਤ ਵਿਚ ਮੇਰੀ ਖੋਪੜੀ ਫਟੀ
ਦਿਮਾਗ ਕਣ ਕਣ ਹੋ ਕੇ ਅਸਮਾਨ ਵਿਚ ਖਿਲਰਿਆ।
ਹੁਣ ਕਦੀ ਟੁੱਟਾ ਤਾਰਾ ਧਰਤੀ ਵੱਲ ਆਉਂਦਾ ਦੇਖੋ
ਤਾਂ ਸਮਝ ਜਾਣਾ ਕਿ ਹਾਫਿਜ਼ ਅਜੇ
ਤੁਹਾਨੂੰ ਭੁਲਾ ਨੀ ਸਕਿਆ।
ਕਿ ਹਾਫ਼ਿਜ਼ ਤੁਹਾਨੂੰ ਮਿਲਣਾ ਚਾਹੁੰਦੈ।
ਅਨਸਾਰੀ ਨੇ ਇਹ ਸ਼ਿਅਰ ਸੁਣਾ ਕੇ ਕਿਹਾ – ਸਾਰੀ ਦੁਨੀਆਂ ਵਿਚ ਟੁੱਟਾ ਤਾਰਾ ਬਦਸ਼ਗਨੀ ਦੀ ਨਿਸ਼ਾਨੀ ਹੈ। ਕੇਵਲ ਈਰਾਨ ਹੈ ਜਿਥੇ ਬੱਚੇ, ਜਦੋਂ ਰਾਤੀਂ ਟੁੱਟਾ ਤਾਰਾ ਦੇਖਦੇ ਹਨ ਤਾਂ ਨੱਚਣ ਲਗਦੇ ਹਨ ਤੇ ਆਖਦੇ ਹਨ – ਖੁਸ਼ ਆਮਦੀਦ ਹਾਫ਼ਿਜ਼, ਖੁਸ਼ ਆਮਦੀਦ। ਇਟਲੀ ਦੇ ਘਰ ਘਰ ਵਿਚ ਉਪੇਰਾ, ਈਰਾਨ ਦੇ ਘਰ ਘਰ ਸ਼ਾਇਰੀ।
”ਮਿਠੀ ਮਿਠੀ ਪ੍ਰੀਤ, ਨਿਕਾ ਨਿਕਾ ਹਾਸਾ,
ਕੀ ਹੈ ਇਹ ਸਾਡੇ ਦਿਲ ਵਿਚਲੀ ਹਲਚਲ?
ਉਹੋ ਇਹ ਸ਼ਾਨਦਾਰ ਆਵਾਜ਼ !
ਮੇਰੀ ਰੂਹ ਸੁੱਤੀ ਪਈ ਸੀ ਨਾ, ਉਹ ਜਾਗ ਪਈ।
”ਬਹੁਤ ਸੁਹਣੇ ਇਕੱਲੇ ਪੰਛੀ ਵਾਂਗ ਨਹੀਂ
ਮੇਰੇ ਵਿਸ਼ਾਲ ਮਨ ਦੀ ਪਹਾੜੀ ਵਿਚੋਂ
ਇਹ ਤਾਂ ਝੁੰਡਾਂ ਦੇ ਝੁੰਡ ਉਡੇ ਹਨ ਇਕੱਠੇ
ਰੱਬ ਦੇ ਸ਼ਸ਼ਕੀਰੇ ਹੋਏ ਝੁੰਡ,
ਇਨ੍ਹਾਂ ਦੇ ਪੰਜਿਆਂ ਨਾਲ ਟਾਹਣੀਆਂ ਦੇ
ਟੁੱਟਣ ਦੀ ਆਵਾਜ਼
ਫਿਰ ਧਰਤੀ ‘ਤੇ ਹੇਠ ਉਤਰਨ ਦੀ ਆਵਾਜ਼,
ਐਨ ਤਾਂ ਸਾਫ਼ ਹੈ।
ਰੱਬ ਦਾ ਮੀਨੂ ਮੇਰੇ ਅੱਗੇ ਕਿਉਂ ਲਿਆ ਧਰਿਆ ?
ਉਏ ਭੁੱਖ ਲੱਗੀ ਹੈ ਜੋ ਹੈ ਸੋ ਆਉਣ ਦਿਓ।
ਅਪਣੇ ਘਰ ਦੇ ਵਿਹੜੇ ਵਿਚ ਉਸਨੇ ਸਰੂ ਦਾ ਬੂਟਾ ਲਾਇਆ। ਜਦੋਂ ਹਾਫ਼ਿਜ਼ ਦਾ ਅਖੀਰਲਾ ਵਕਤ ਆਉਣ ਲੱਗਾ, ਉਦੋਂ ਇਹ ਸਰੂ ਭਰ ਜੁਆਨੀ ਵਿਚ ਲਹਿਰਾ ਰਿਹਾ ਸੀ। ਹਾਫ਼ਿਜ਼ ਨੇ ਵਸੀਅਤ ਵਿਚ ਲਿਖਿਆ – ਮੈਨੂੰ ਮੇਰੇ ਸਰੂ ਦੀ ਛਾਂ ਹੇਠ ਦਫਨ ਕੀਤਾ ਜਾਵੇ। ਉਸਨੂੰ ਸਰੂ ਦੇ ਨਜ਼ਦੀਕ ਦਫ਼ਨਾਇਆ ਗਿਆ। ਸਹਿਜੇ ਸਹਿਜੇ ਸਰੂ ਦੀਆਂ ਜੜਾਂ ਨੇ ਉਸਦੀਆਂ ਹੱਡੀਆਂ ਨੂੰ ਅਪਣੀ ਜੱਫੀ ਵਿਚ ਲੈ ਲਿਆ, ਜਿਵੇਂ ਅਪਣੀਆਂ ਬਾਹਵਾਂ ਸਰੂ ਦੁਆਲੇ ਅਕਸਰ ਉਹ ਵਲ ਲੈਂਦਾ ਸੀ।
ਮਕਬਰਾ ਬਣਾਇਆ ਤਾਂ ਗਿਆ ਪਰ ਸਮਾਂ ਪਾਕੇ ਉਹ ਕਣ ਕਣ ਹੋ ਹੋ ਖਿਲਰਦਾ ਗਿਆ। ਅਵਤਾਰ ਮਿਹਰ ਬਾਬਾ ਉਸਦਾ ਭਾਰਤੀ ਮੁਰੀਦ ਹਾਫ਼ਿਜ਼ ਦੇ ਮਕਬਰੇ ਦੀ ਜ਼ਿਆਰਤ ਕਰਨ ਗਿਆ। ਉਸਨੂੰ ਉਦਾਸੀ ਹੋਈ। ਜਿੰਨੇ ਪੈਸੇ ਉਹ ਲੈ ਕੇ ਗਿਆ, ਸਾਰੇ ਦੇ ਆਇਆ ਤੇ ਕਿਹਾ – ਮੇਰੇ ਕੋਲ ਪੈਸਿਆਂ ਦੀ ਘਾਟ ਨਹੀਂ। ਤੁਹਾਡੇ ਕੋਲ ਹੁਨਰ ਦਾ ਖਜ਼ਾਨਾ ਹੈ। ਹੁਨਰ ਤੁਹਾਡਾ, ਪੈਸੇ ਮੇਰੇ। ਹਿੰਦੁਸਤਾਨ ਆ ਕੇ ਉਹ ਹੋਰ ਪੈਸੇ ਭੇਜਦਾ ਰਿਹਾ। ਉਸ ਦੇ ਉਦੱਮ ਨਾਲ ਸ਼ੀਰਾਜ਼ ਵਿਚ 1925 ਦੇ ਸਾਲ ਦੁਬਾਰਾ ਸ਼ਾਨਦਾਰ ਮਕਬਰਾ ਤਿਆਰ ਹੋਇਆ। ਪਹਿਲੇ ਮਕਬਰੇ ਨੂੰ ਢਾਹਿਆ ਨਹੀਂ ਗਿਆ, ਉਸਨੂੰ ਉਵੇਂ ਬਣਾ ਦਿੱਤਾ ਜਿਵੇਂ ਨਵਾਂ ਨਕੋਰ ਪਹਿਲੀ ਵਾਰ ਬਣਿਆ ਸੀ।
ਮੈਨੂੰ ਦੱਸਿਆ ਗਿਆ ਕਿ ਉਸਦੀਆਂ ਪੰਜ ਹਜ਼ਾਰ ਨਜ਼ਮਾਂ ਸਨ, ਹੁਣ ਪੰਜ ਸੌ ਰਹਿ ਗਈਆਂ ਹਨ। ਬਾਕੀਆਂ ਨੂੰ ਮੌਲਵੀਆਂ ਅਤੇ ਹਕੂਮਤਾਂ ਨੇ ਨਸ਼ਟ ਕਰਵਾ ਦਿੱਤਾ। ਮੈਂ ਸੋਚਿਆ ਇਹ ਅਤਿ ਕਥਨੀ ਹੋ ਸਕਦੀ ਹੈ ਕਿਉਂਕਿ ਆਦਮੀ ਨੂੰ ਮਿੱਥ ਬਣਾ ਦੇਣ ਵਿਚ ਜੋ਼ਰ ਕੀ ਲਗਣਾ ਹੋਇਆ? ਪਰ ਮੈਨੂੰ ਇਕ ਥਾਂ ਤੋਂ ਇਹ ਸਬੂਤ ਮਿਲ ਗਿਆ ਕਿ ਉਸਨੇ ਅਜਿਹਾ ਕਈ ਕੁਝ ਲਿਖਿਆ ਸੀ ਜੋ ਇਤਰਾਜ਼ਯੋਗ ਲੱਗਣਾ ਸੁਭਾਵਿਕ ਸੀ। ਚੋਰ ਤੁਹਾਡੀਆਂ ਸੌ ਚੀਜ਼ਾਂ ਲੈ ਗਏ। ਕਾਨੂੰਨ ਇਹ ਆਖਦਾ ਹੈ ਕਿ ਜਿਸ ਪਾਸੋਂ ਇਕ ਚੀਜ਼ ਬਰਾਮਦ ਹੋ ਗਈ, ਬਾਕੀ ਨੜਿੱਨਵੇਂ ਵੀ ਉਸੇ ਕੋਲ ਹੋਣਗੀਆਂ। ਉਸਦਾ ਸ਼ਿਅਰ ਸੁਣੋ :
ਮੇਰੇ ਲਫਜ਼ ਭੁੱਖੇ ਸੂਰਜ ਲਈ ਖ਼ੁਰਾਕ ਹਨ।
ਧਰਤੀ ਦੇ ਹੋਠਾਂ ਦੀ ਮੁਸਕਾਨ ਤੋਂ ਕੀ ਪਤਾ ਨਹੀਂ ਲਗਦਾ
ਕਿ ਰਾਤ ਇਹ ਮੇਰੇ ਨਾਲ ਸੁੱਤੀ ਸੀ?
ਯਾਨੀ ਕਿ ਕੁੱਟ ਖਾਣ ਦਾ ਸਮਾਨ ਉਸਨੇ ਤਿਆਰ ਕੀਤਾ ਹੋਇਆ ਸੀ। ਉਹ ਰੱਬ ਦੇ ਨਾਮ ਵੀ ਮਰਜ਼ੀ ਦੇ ਰੱਖ ਲੈਂਦਾ। ਜਿਹੜਾ ਨਾਮ ਕਤੂਰੇ ਦਾ ਤੇ ਬਲੂੰਗੜੇ ਦਾ, ਉਸੇ ਨਾਮ ਨਾਲ ਮਾਲਾ ਫੇਰਨ ਲੱਗ ਜਾਂਦਾ। ਪੁੱਛਣ ‘ਤੇ ਹੱਸ ਪੈਂਦਾ, ਆਖਦਾ – ਕੁੱਤਿਆਂ ਬਿੱਲਿਆਂ ਨੂੰ ਤੁਹਾਡੀ ਬੋਲੀ ਸਮਝ ਵਿਚ ਨੀ ਆਉਂਦੀ, ਪਰ ਜਦੋਂ ਆਪਾਂ ਨਾਮ ਲੈ ਕੇ ‘ਵਾਜ ਮਾਰਦੇ ਆਂ ਤਾਂ ਭੱਜੇ ਆਉਂਦੇ ਨੇ। ਏਸ ਕਰਕੇ ਮੈਂ ਇਹ ਨਾਮ ਰੱਖੇ ਨੇ। ਨਾਮ ਜਿਹੜਾ ਮਰਜ਼ੀ ਰੱਖ ਲਓ ਅਪਣੇ ਬਲੂੰਗੜੇ ਦਾ, ਕੀ ਫ਼ਰਕ ਪੈਂਦੈ? ਉਹ ਉਸੇ ਨਾਮ ਨਾਲ ਛਾਲਾਂ ਮਾਰਦਾ ਆਏਗਾ।
ਇਕ ਵਾਰ ਉਸ ਨੂੰ ਹਕੂਮਤ ਨੇ ਸ਼ੀਰਾਜ਼ ਵਿਚੋਂ ਨਿਕਲ ਜਾਣ ਦਾ ਹੁਕਮ ਕਰ ਦਿੱਤਾ। ਕਾਲਜ ਵਿਚ ਪੜ੍ਹਾਉਂਦਾ ਸੀ, ਨੌਕਰੀ ਤੋਂ ਜਵਾਬ ਮਿਲ ਗਿਆ ਹਾਲਾਂਕਿ ਕਾਲਜ ਉਸ ਦੇ ਦੋਸਤ ਦਾ ਸੀ। ਉਸ ਦਾ ਫੈ਼ਸਲਾ ਸੀ ਕਿ ਜੇ ਸ਼ੀਰਾਜ਼ ਵਿਚ ਨਹੀਂ ਰਹਿਣ ਦਿੰਦੇ ਤਾਂ ਫੇਰ ਹਿੰਦੁਸਤਾਨ ਚਲਾ ਜਾਵਾਂਗਾ। ਉਹ ਹਿੰਦੁਸਤਾਨ ਵਲ ਤੁਰ ਪਿਆ ਪਰ ਉਸਨੂੰ ਮਨਾ ਕੇ ਵਾਪਸ ਲਿਆਂਦਾ ਗਿਆ।
ਜਿਵੇਂ ਸਾਡੀ ਲੋਕਧਾਰਾ ਵਿਚ ਚੰਦ ਚਕੋਰ ਦੀ ਪ੍ਰੀਤ ਕਥਾ ਹੈ ਉਵੇਂ ਈਰਾਨ ਵਿੱਚ ਬੁਲਬੁਲ ਨਾਲ ਗੁਲਾਬ ਦਾ ਇਸ਼ਕ ਹੈ। ਹਾਫ਼ਿਜ਼ ਦੀ ਰੁਬਾਈ ਹੈ – ਬੁਲਬੁਲ ਨੇ ਗੁਲਾਬ ਨੂੰ ਕਿਹਾ – ਮਾਣ ਨਾ ਕਰ। ਹਵਾ ਦਾ ਬੁੱਲਾ ਆਏਗਾ, ਤੂੰ ਪੰਖੜੀ ਪੰਖੜੀ ਹੋ ਕੇ ਡਿਗੇਂਗਾ। ਤੇਰਾ ਨਾਮ ਨਿਸ਼ਾਨ ਨਹੀਂ ਰਹੇਗਾ। ਮਾਣ ਨਾ ਕਰ। ਗੁਲਾਬ ਨੇ ਕਿਹਾ – ਮੈਂ ਤਾਂ ਤੇਰੀ ਕਿਸੇ ਗੱਲ ਦਾ ਵੀ ਬੁਰਾ ਨਹੀਂ ਮਨਾਉਂਦਾ। ਹੁਣ ਜੋ ਤੂੰ ਗੱਲ ਕੀਤੀ, ਉਹ ਤਾਂ ਅਨੰਤ ਸੱਚ ਹੈ। ਫੇਰ ਵੀ ਮੈਂ ਤੈਨੂੰ ਇਹ ਦੱਸਣਾ ਹੈ ਕਿ ਜਿਸਨੂੰ ਪਿਆਰ ਕਰਦੇ ਹੋਈਏ ਉਸ ਨਾਲ ਇਹੋ ਜਿਹੀਆਂ ਗੱਲਾਂ ਨੀਂ ਕਰੀਦੀਆਂ।
ਈਰਾਨੀਆਂ ਦਾ ਵਿਸ਼ਵਾਸ ਹੈ ਕਿ ਪਤਝੜ ਵਿਚ ਬੁਲਬੁਲਾਂ ਸੁੱਕੀਆਂ ਟਾਹਣੀਆਂ ‘ਤੇ ਬੈਠ ਕੇ ਜਿਹੜੇ ਗੀਤ ਗਾਉਂਦੀਆਂ ਹਨ, ਉਹ ਦਰਅਸਲ ਉਨ੍ਹਾਂ ਦੀਆਂ ਅਰਦਾਸਾਂ ਹਨ। ਇਹ ਅਰਦਾਸਾਂ ਸੁਣਕੇ ਰੱਬ ਪੱਤੇ ਫੁੱਲ ਤੇ ਫਲ ਭੇਜਦਾ ਹੈ। ਵਾਰਿਸ਼ ਸ਼ਾਹ ਨੇ ਵੀ ਲਿਖਿਆ ਹੈ –
ਸੇਵਣ ਬੁਲਬੁਲਾਂ ਬੂਟਿਆਂ ਸੁਕਿਆਂ ਨੂੰ,
ਫੇਰ ਫਲ ਲੱਗਣ ਨਾਲ ਡਾਲ ਦੇ ਨੀ।
ਵਾਰੇਸ਼ਾਹ ਜੋ ਗਏ ਸੋ ਨਹੀਂ ਮੁੜਦੇ
ਲੋਕੀ ਅਸਾਂ ਥੀਂ ਆਵਣਾ ਭਾਲਦੇਂ ਨੀ।
ਕੋਇਲਾਂ ਬਸੰਤ ਵਿਚ ਔਂਦੀਆਂ ਹਨ। ਬਹਿਸ ਛਿੜੀ ਕਿ ਬਾਗ ਦੀ ਮਾਲਕਣ ਦੋਵਾਂ ਵਿਚੋਂ ਕੌਣ ਹੈ। ਕੋਇਲ ਅਪਣਾ ਹੱਕ ਦਸਦੀ ਸੀ, ਬੁਲਬੁਲ ਅਪਣਾ। ਜਿਸ ਰੁੱਖ ਉਪਰ ਬੈਠੀਆਂ ਚਰਚਾ ਕਰ ਰਹੀਆਂ ਸਨ, ਬੋਲਿਆ – ਕੁੜੀਓ ਰੌਲਾ ਕਿਸ ਗੱਲ ਦਾ? ਬਸੰਤ ਵਿਚ ਤਾਂ ਸਾਰੇ ਆ ਜਾਂਦੇ ਨੇ। ਥੋੜੇ੍ਹ ਦਿਨਾਂ ਤਕ ਪਤਝੜ ਆਉਣੀ ਹੈ। ਪਤਾ ਲੱਗ ਜਾਏਗਾ ਕਿ ਮਾਲਕ ਕੌਣ ਹੈ।
ਨੋਟ: ਪੰਜਾਬੀ ਪਿਆਰਿਆਂ ਨੇ ਹਾਫਿ਼ਜ਼ ਨੂੰ ਅੰਗਰੇਜ਼ੀ ਵਿਚ ਪੜ੍ਹਿਆ ਹੈ। ਕੁਝ ਕਰਮਾ ਵਾਲੇ ਹਨ ਜਿਨ੍ਹਾਂ ਨੇ ਮੂਲ ਦੀਵਾਨ ਫ਼ਾਰਸੀ ਵਿਚ ਵੀ ਪੜ੍ਹਿਆ ਹੈ। ਇਸ ਲੇਖ ਵਿਚ ਬੜੀਆਂ ਗਲਤੀਆਂ/ ਗੁਸਤਾਖ਼ੀਆਂ ਹਨ। ਕਿਰਪਾ ਕਰਕੇ ਜਾਣੂ ਕਰਵਾਉਣਾ ਜੀ। ਜਿੰਨੇ ਵੱਡੇ ਇਨਸਾਨ ਬਾਬਤ ਲਿਖੋਗੇ ਓਨੀਆਂ ਵੱਡੀਆਂ ਗਲਤੀਆਂ ਕਰੋਗੇ। ਇਹ ਕੱਚਾ ਖਰੜਾ ਤੁਹਾਡੀ ਅਦਾਲਤ ਵਿਚ ਹੈ। ਕਿਤਾਬ ਵਿਚ ਉਦੋਂ ਛਪੇਗਾ ਜਦੋਂ ਤੁਸੀਂ ਦਰੁਸਤ ਕਰ ਦਿਓਗੇ।