ਲੰਡਨ ਵਿਚ ਹੋਈ ਸਭ ਤੋਂ ਪਹਿਲੀ ਵਿਸ਼ਵ ਕਾਨਫ਼੍ਰੰਸ (1980) ਦੌਰਾਨ ਪ੍ਰਬੰਧਕਾਂ ਵਿਚ ਇਹ ਬਹਿਸ ਚੱਲੀ ਸੀ ਕਿ ਕੀ ਅਸੀਂ ਪੰਜਾਬੀ ਕਾਨਫ਼੍ਰੰਸ ਕਰਨੀ ਹੈ ਜਾਂ ਪੰਜਾਬੀ ਲੇਖਕ ਕਾਨਫ਼੍ਰੰਸ? ਫ਼ੈਸਲਾ ‘ਲੇਖਕ ਕਾਨਫ਼੍ਰੰਸ’ ਦੇ ਹੱਕ ਵਿਚ ਹੋਇਆ ਸੀ। ਪ੍ਰਬੰਧਕ ਲੇਖਕ ਹੀ ਸਨ ਤੇ ਇਸ ਵਿਚ ਸ਼ਾਮਲ ਵੀ ਹਰ ਖ਼ਿਆਲ ਦੇ ਸਿਰਮੌਰ ਲੇਖਕ ਹੋਏ। ਜਿਹੜੇ ਇਸ ਕਾਨਫ਼੍ਰੰਸ ਚ ਆਏ ਸੀ, ਉਹ ਅਜੇ ਵੀ ਕਹਿੰਦੇ ਹਨ ਕਿ ਇਹੋ ਅਸਲੀ ਪੰਜਾਬੀ ਲੇਖਕਾਂ ਦਾ ਵਿਸ਼ਵ ਇਕੱਠ ਸੀ।
ਮੈਨੂੰ ਯਾਦ ਹੈ ਕਾਨਫ਼੍ਰੰਸ ਦੇ ਆਖ਼ਰੀ ਦਿਨ ਅਗਲੇ ਸਾਲਾਂ ਵਿਚ ਇਹੋ ਜਹੀਆਂ ਕਾਨਫ਼੍ਰੰਸਾਂ ਵਿਉਂਤਣ ਲਈ ਕਮੇਟੀ ਵੀ ਬਣੀ ਸੀ, ਜਿਸ ਵਿਚ ਸਾਰੇ ਦੇਸਾਂ ਦੇ ਮੈਂਬਰ ਲਏ ਗਏ ਸਨ। ਇਹਦੀ ਵਾਗਡੋਰ ਉਦੋਂ ਜਸਵੰਤ ਸਿੰਘ ਕੰਵਲ ਨੂੰ ਸੌਂਪੀ ਗਈ, ਪਰ ਕੁਝ ਅਣਕਿਆਸੇ ਕਾਰਣਾਂ ਕਰਕੇ ਛੇਤੀ ਹੀ ਇਸ ਕਮੇਟੀ ਦਾ ਕੰਮ ਠੱਪ ਹੋ ਗਿਆ।
1980 ਤੋਂ ਪਿਛੋਂ ਹੁਣ ਤਕ ਕਿੰਨੀਆਂ ਹੀ ਵਿਸ਼ਵ ਪੰਜਾਬੀ ਕਾਨਫ਼੍ਰੰਸਾਂ ਹੋ ਚੁੱਕੀਆਂ ਹਨ, ਜਿਨ੍ਹਾਂ ਦੀ ਲੋੜ ਅਤੇ ਸਾਰਥਿਕਤਾ ’ਤੇ ਕਿੰਨੇ ਹੀ ਕਿੰਤੂ ਲੱਗ ਚੁੱਕੇ ਹਨ । ਇਨ੍ਹਾਂ ਦੇ ਪ੍ਰਬੰਧਕਾਂ ਨੇ ਅਪਣੇ ਚੰਗੇ- ਮਾੜੇ ਹਿਤ ਸੋਚਦਿਆਂ ਅਪਣਾ ਘੇਰਾ ਲੇਖਕਾਂ ਜਾਂ ਕਲਾਕਾਰਾਂ ਤੋਂ ਵਧਾ ਕੇ ਹਰ ਖੇਤਰ ਦੇ ਪੰਜਾਬੀਆਂ ਤਕ ਚੌੜਾ ਕਰ ਲਿਆ। ਗੱਲ ਮਾੜੀ ਨਹੀਂ ਸੀ, ਪਰ ਹੋਣ ਵਾਲ਼ੀਆਂ ਕਾਨਫ਼੍ਰੰਸਾਂ ਦੀਆਂ ਸ਼ਕਲਾਂ ਹੀ ਬਦਲ ਗਈਆਂ। ਹਰ ਤਰ੍ਹਾਂ ਦੇ ਪੰਛੀ ਉਡਾਰੀਆਂ ਮਾਰਨ ਲੱਗੇ । ਕਈਆਂ ਨੇ ਅਪਣੇ ਸ਼ੁਗਲ ਮੇਲੇ ਅਤੇ ਸੈਰ-ਸਪਾਟੇ ਦੇ ਚਾਅ ਲਾਹ ਲਏ; ਨਿੱਜੀ ਨੁਮਾਇਸ਼ਾਂ ਕਰ ਲਈਆਂ। ਕਾਨਫ਼੍ਰੰਸਾਂ ਦਾ ਅਸਲ ਮੰਤਵ ਗੁਆਚਣ ਲੱਗਾ।
ਅਜ ਕਲ ਹਾਲਤ ਇੱਥੋਂ ਤਕ ਵਿਗੜ ਗਈ ਹੈ ਕਿ ਦੋ-ਚਾਰ ਜਣੇ ਇਧਰੋਂ-ਉਧਰੋਂ ਇਕੱਠੇ ਹੋ ਕੇ ਏਸ ਮਿੰਨੀ ਇਕੱਠ ਨੂੰ ‘ਵਿਸ਼ਵ ਕਾਨਫ਼੍ਰੰਸ’ ਦਾ ਨਾਂ ਦੇ ਲੈਂਦੇ ਹਨ। ਅਪਣੀ ਮਰਜ਼ੀ ਨਾਲ਼ ਪ੍ਰੋਗਰਾਮ ਉਲੀਕਦੇ ਹਨ ਤੇ ਇਕ-ਦੂਜੇ ਦੇ ਗੁਣ ਗਾ ਕੇ ਤੁਰ ਜਾਂਦੇ ਹਨ। ਇਨ੍ਹਾਂ ਦੇ ਉਤਸ਼ਾਹ ‘ਤੇ ਵੀ ਕਿੰਤੂ ਨਹੀਂ ਕੀਤਾ ਜਾ ਸਕਦਾ, ਪਰ ਪੰਜਾਬੀ ਭਾਈਚਾਰੇ ਦੀ ਕੋਈ ਸੇਵਾ ਨਹੀਂ ਹੁੰਦੀ। ਸੁਤੰਤਰ ਸੋਚ ਵਾਲ਼ੇ ਗੰਭੀਰ ਵਿਅਕਤੀ ਵੀ ਇਨ੍ਹਾਂ ਵਿਚ ਸ਼ਾਮਲ ਹੋਣੋਂ ਕਤਰਾਉਂਦੇ ਹਨ।
ਸੰਨ ਅੱਸੀ ਦੇ ਮੁਕਾਬਲੇ ਅੱਜ ਸੰਸਾਰ ਵੀ ਬਹੁਤ ਬਦਲ ਗਿਆ ਹੈ। ਸਰਕਾਰਾਂ ਤੇ ਸੰਸਥਾਵਾਂ ਮਾਇਕ ਸਹਾਇਤਾ ਲਈ ਵੀ ਤਤਪਰ ਹਨ। ਪਰ ਨਿੱਜੀ ਮੁਫ਼ਾਦਾਂ ਤੇ ਅਪਣੇ ਹੀ ਢੰਗ ਨਾਲ਼ ਅਪਣੀ- ਅਪਣੀ ਡੱਫਲੀ ਵਜਾਉਣ ਦੀ ਖ਼ਾਹਿਸ਼ ਕਾਰਣ ਗੱਲ ਵਿਗੜਦੀ ਹੀ ਜਾਂਦੀ ਹੈ।
‘ਹੁਣ’ ਦਾ ਵਿਚਾਰ ਹੈ ਕਿ ਆਪਸੀ ਵਿਚਾਰ-ਵਟਾਂਦਰੇ ਨਾਲ਼ ਪੰਜਾਬੀਆਂ ਦੀ ਇਕ ਤੀਹ ਜਾਂ ਪੰਜਾਹ ਮੈਂਬਰੀ ਵਿਸ਼ਵ ਸੰਸਥਾ ਦਾ ਨਿਰਮਾਣ ਕੀਤਾ ਜਾਵੇ, ਜਿਸ ਵਿਚ ਹਰ ਦੇਸ ਵਿੱਚੋਂ ਤੇ ਹਰ ਖ਼ਿਆਲ ਦੇ ਸੂਝਵਾਨ ਸ਼ਾਮਲ ਕੀਤੇ ਜਾਣ, ਜੋ ਸਮੇਂ ਅਨੁਸਾਰ ਬਦਲਦੇ ਵੀ ਰਹਿਣ। ਇਹ ਸੰਸਥਾ ਕਾਨਫ਼੍ਰੰਸ ਦੇ ਹੋਣ ਵਾਲੇ ਦੇਸ, ਪ੍ਰੋਗਰਾਮ ਅਤੇ ਖੇਤਰ ਦਾ ਅਗਾਊਂ ਫ਼ੈਸਲਾ ਕਰੇ ।
ਇਸ ਸੰਸਥਾ ਨੂੰ ਫ਼ੰਡਾਂ ਦੀ ਕੋਈ ਘਾਟ ਨਹੀਂ ਹੋਣ ਲੱਗੀ। ਕਾਨਫ਼੍ਰੰਸਾਂ ਵਿਚ ਕੀਤੇ ਫ਼ੈਸਲਿਆਂ ਦੀ ਸਰਕਾਰੇ-ਦਰਬਾਰੇ ਪੁੱਛ-ਪ੍ਰਤੀਤ ਵੀ ਹੋਵੇਗੀ ਤੇ ਸਮੁੱਚਾ ਪੰਜਾਬੀ ਭਾਈਚਾਰਾ ਕਿਸੇ ਸੇਧ ਵਿਚ ਤੁਰ ਸਕੇਗਾ। ਪੰਜਾਬੀਆਂ ਨੇ ਬੜੀਆਂ ਬੜੀਆਂ ਮੱਲਾਂ ਮਾਰੀਆਂ ਹਨ। ਦੇਖੀਏ ਏਸ ਪਾਸੇ ਪਹਿਲੇ ਕਦਮ ਕੌਣ ਚੁੱਕਦਾ ਹੈ?
—
ਇਸ ਸਾਲ ਸਾਡੇ ਤਿੰਨ ਵੱਡੇ ਕਵੀਆਂ ਪੂਰਨ ਸਿੰਘ, ਚਾਤ੍ਰਿਕ ਅਤੇ ਨੂਰਪੁਰੀ ਦੀਆਂ ਵਰ੍ਹੇ ਗੰਢਾਂ ਆ ਕੇ ਚਲੇ ਜਾਣੀਆਂ ਹਨ। ਅਸੀਂ ਅਪਣੀ ਵਿਤ ਮੁਤਾਬਿਕ ਧਨੀ ਰਾਮ ਚਾਤ੍ਰਿਕ ਅਤੇ ਨੰਦ ਲਾਲ ਨੂਰਪੁਰੀ ਨੂੰ ‘ਹੁਣ’ ਵਿਚ ਯਾਦ ਕੀਤਾ ਹੈ। ਪੂਰਨ ਸਿੰਘ ਦੇ 120ਵੇਂ ਜਨਮ ਦਿਨ ਅਤੇ 75ਵੇਂ ਵਰ੍ਹੀਣੇ ਦੇ ਮੌਕੇ ‘ਤੇ ਅਸੀਂ ਇਨ੍ਹਾਂ ਬਾਰੇ ਕੋਈ ਨਵੀਂ ਗੱਲ ਦਾ ਪਤਾ ਨਾ ਲਗ ਸਕਣ ਕਰਕੇ ਕੋਈ ਲਿਖਤ ਨਹੀਂ ਛਾਪ ਸਕੇ। ਮੋਹਨ ਸਿੰਘ ਦੀ ਕਿਤਾਬ ‘ਸਾਵੇ ਪੱਤਰ’ ਅਤੇ ਅੰਮ੍ਰਿਤਾ ਪ੍ਰੀਤਮ ਦੀ ਕਿਤਾਬ ‘ਅੰਮ੍ਰਿਤ ਲਹਿਰਾਂ’ ਨੂੰ ਛਪਿਆਂ ਇਸ ਸਾਲ ਸੱਤਰ ਸਾਲ ਹੋ ਗਏ ਹਨ। ਇਨ੍ਹਾਂ ਕਿਤਾਬਾਂ ਦਾ ਛਪਣਾ ਪੰਜਾਬੀ ਸਾਹਿਤ ਦੀ ਤਵਾਰੀਖ਼ ਦੀਆਂ ਵੱਡੀਆਂ ਘਟਨਾਵਾਂ ਸਨ। ‘ਸਾਵੇ ਪੱਤਰ’ ਨੂੰ ਤਾਂ ਕੁਝ ਲੇਖਕਾਂ ਨੇ ‘ਹੁਣ’ ਦੇ ਇਸ ਅੰਕ ਵਿਚ ਯਾਦ ਕੀਤਾ ਹੈ, ਪਰ ਅਸੀਂ ‘ਅੰਮ੍ਰਿਤ ਲਹਿਰਾਂ’ ਦੀ ਤਵਾਰੀਖ਼ੀ ਅਹਿਮੀਅਤ ਦਾ ਵੀ ਵੇਰਵਾ ਨਹੀਂ ਪਾ ਸਕੇ; ਭਾਵੇਂ ਕਿ ਇਸ ਕਿਤਾਬ ਦੀ ਲੇਖਿਕਾ ਨੇ ਅਪਣੀ ਇਸ ਕਿਰਤ ਨੂੰ ਕਾਲਾ ਗੁਲਾਬ ਤੇ ਹੁਜਰੇ ਦੀ ਮਿੱਟੀ (ਸ਼ਿਲਾਲੇਖ. 2002) ਵਿਚ ਇਕ ਤਰ੍ਹਾਂ ਦਾ ਬੇਦਾਵਾ ਦੇ ਦਿੱਤਾ ਸੀ ਕਿ ‘ਇਹ ਕਿਤਾਬ ਵਜੂਦ ਵਿਚ ਔਣੀ ਨਹੀਂ ਸੀ ਚਾਹੀਦੀ’।’
ਚਾਹੀਦਾ ਤਾਂ ਇਹ ਹੈ ਕਿ ਇਸ ਤਰ੍ਹਾਂ ਦੀਆਂ ਵਰ੍ਹੇ ਗੰਢਾਂ ਭਾਰਤੀ ਪੰਜਾਬ ਦੀਆਂ ਯੂਨੀਵਰਸਟੀਆਂ, ਸਾਹਿਤ ਅਕਾਦੇਮੀਆਂ ਅਤੇ ‘ਕੇਂਦਰੀ ਲੇਖਕ ਸਭਾਵਾਂ’ ਅਤੇ ਪੰਜਾਬੀ ਅਖ਼ਬਾਰਾਂ ਵੱਡੀ ਪੱਧਰ ‘ਤੇ ਮਨਾਇਆ ਕਰਨ। ਇਨ੍ਹਾਂ ਸਭਨਾਂ ਅਦਾਰਿਆਂ ਨੂੰ ਨਾ ਪੈਸੇ ਦਾ ਘਾਟਾ ਹੈ ਅਤੇ ਨਾ ਕਰਮਚਾਰੀਆਂ ਦਾ।
–ਅਵਤਾਰ ਜੰਡਿਆਲਵੀ
‘ਹੁਣ’ ਦੇ ਸਰੋਕਾਰ
ਬਰੈਖ਼ਤ ਨੇ ਲਿਖਿਆ ਸੀ:
ਹਰ ਸ਼ੈਅ ਬਦਲਦੀ ਹੈ…
ਅਪਣੇ ਲਏ ਹਰ ਸਾਹ ਨਾਲ਼
ਤੁਸੀਂ ਨਵੀਂ ਸ਼ੁਰੂਆਤ ਕਰ ਸਕਦੇ ਹੋ
‘ਹੁਣ’ ਦੀ ਨਿਰੰਤਰ ਪ੍ਰਕਾਸ਼ਨਾ ਬਿਲਕੁਲ ਨਵੀਂ ਸ਼ੁਰੂਆਤ ਹੈ। ਪੰਜਾਬੀ ਸਾਹਿਤ ਜਗਤ ਵਿਚ ਪ੍ਰਵੇਸ਼ ਕਰਦਿਆਂ ਸਾਰ ਹੀ ਜਿਸ ਤਰ੍ਹਾਂ ਦੀ ਚਰਚਾ ਛਿੜੀ ਅਤੇ ਅੱਜ ਵੀ ਜੋ ਚਰਚਾ ਤੁਰੀ ਜਾ ਰਹੀ ਹੈ, ਇਹ ‘ਹੁਣ’ ਦੀ ਤਸਲੀਬਖ਼ਸ਼ ਪ੍ਰਾਪਤੀ ਹੈ।
‘ਹੁਣ’ ਨੇ ਪੰਜਾਬੀ ਸਾਹਿਤ ਦਾ ਮਾਤਰ ਹੁਣ ਬਣਨ ਦਾ ਕਦਾਚਿਤ ਯਤਨ ਨਹੀਂ ਕੀਤਾ। ਦਰਅਸਲ, ਅਜਿਹੇ ਯਤਨ ਹੀ ਪੰਜਾਬੀ ਸਾਹਿਤ ਦਾ ਸੰਕਟ ਬਣਦੇ ਰਹੇ ਹਨ ਅਤੇ ਸਾਹਿਤਕ ਰਚਨਾਵਾਂ ਇਤਿਹਾਸ ਨਾਲੋਂ ਟੁੱਟ ਕੇ ਪੇਤਲੇਪਣ ਦਾ ਸ਼ਿਕਾਰ ਹੁੰਦੀਆਂ ਰਹੀਆਂ ਹਨ, ਜਿਸਦੇ ਨਕਾਰਾਤਮਿਕ ਪ੍ਰਭਾਵ ਵਜੋਂ ਸਾਹਿਤਕ ਪੱਤਰਕਾਰੀ ਵੀ ਖੜ੍ਹੋਤ ਦੀ ਸਥਿਤੀ ਵਿਚ ਆਉਂਦੀ ਰਹੀ ਹੈ। ‘ਹੁਣ’ ਅਤੀਤ ਬਾਰੇ ਬਹੁਤ ਸੰਜੀਦਾ ਹੈ। ਇਹਨੇ ਸਾਹਿਤਕ ਲਹਿਰਾਂ ਦੀ ਚਰਚਾ ਛੇੜਦੀਆਂ ਉਹ ਲਿਖਤਾਂ ਅਤੇ ਮੁਲਾਕਾਤਾਂ ਪ੍ਰਕਾਸ਼ਿਤ ਕੀਤੀਆਂ ਹਨ, ਜਿਹੜੀਆਂ ਪੰਜਾਬੀ ਸਾਹਿਤ ਦੀ ਅਜੋਕੀ ਸਥਿਤੀ ਨੂੰ ਇਸਦੀ ਸੰਪੂਰਣਤਾ ਅਤੇ ਸਹੀ ਪਰਿਪੇਖ਼ ਵਿਚ ਸਮਝਣ ਲਈ ਬੁਨਿਆਦੀ ਨੁਕਤੇ ਮੁਹੱਈਆ ਕਰਵਾਉਂਦੀਆਂ ਹਨ। ਅਤੀਤ ਨੂੰ ਯਾਦ ਕਰਨਾ ਇਸ ਲਈ ਵੀ ਵਧੇਰੇ ਜ਼ਰੂਰੀ ਹੋ ਜਾਂਦਾ ਹੈ, ਕਿਉਂਕਿ ਬੀਤੇ ਨੂੰ ਛੇਤੀ ਹੀ ਭੁੱਲ ਜਾਣ ਦੀ ਸਾਡੀ ਫ਼ਿਤਰਤ ਜਾਣੀ-ਪਛਾਣੀ ਹੈ। ‘ਹੁਣ’ ਨੇ ਸਾਹਿਤਕ ਸਿਆਸੀ ਲਹਿਰਾਂ ਦੇ ਕਈ ਲੁਕਵੇਂ ਤੱਥ ਉਜਾਗਰ ਕਰਕੇ ਅਪਣੀ ਬਣਦੀ ਭੂਮਿਕਾ ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ।
‘ਹੁਣ’ ਨੇ ਸਾਹਿਤਕਾਰਾਂ ਦੀਆਂ ਸ਼ਖ਼ਸੀਅਤਾਂ ਬਾਰੇ ਵੀ ਵੰਨ-ਸੁਵੰਨੀਆਂ ਲਿਖਤਾਂ ਪ੍ਰਕਾਸ਼ਿਤ ਕੀਤੀਆਂ ਹਨ। ਇਹ ਲਿਖਤਾਂ ਨਿਸਚੈ ਹੀ ਸ਼ਖ਼ਸੀ ਮਹਿਮਾ ਦੇ ਰੁਹਜਾਨ ਤੋਂ ਹਟਵੀਆਂ ਸਨ ਅਤੇ ਨਾ ਹੀ ਇਨ੍ਹਾਂ ਪਿੱਛੇ ਲੇਖਕ ਦੇ ਚਰਿੱਤਰ-ਹਨਨ ਦੀ ਕੋਈ ਮਨਸ਼ਾ ਸੀ। ਇਨ੍ਹਾਂ ਲਿਖਤਾਂ ਵਿਚ ਸਗੋਂ ਵਧੇਰੇ ਕਰਕੇ ਉਹ ਸੰਕੇਤ ਸਨ, ਜਿੰਨ੍ਹਾਂ ਰਾਹੀਂ ਕਿਸੇ ਲੇਖਕ ਦੀ ਸਾਹਿਤਕ ਦੇਣ ਦਾ ਮੁਲੰਕਣ ਕਰਨਾ ਰਤਾ ਸੁਖਾਲਾ ਹੋ ਜਾਂਦਾ ਹੈ ਅਤੇ ਪਾਠਕ ਲੇਖਕ ਦੀ ਸ਼ਖ਼ਸੀਅਤ ਬਾਰੇ ਕਿਸੇ ਭਰਮ ਭੁਲੇਖੇ ਵਿੱਚ ਨਹੀਂ ਰਹਿੰਦਾ। ਲੇਖਕ ਦੇ ਸਮੁੱਚੇ ਵਿਅਕਤੀਤਵ ਦਾ ਉਲੇਖ ਨਾਜ਼ੁਕ ਮਾਮਲਾ ਹੈ, ਪਰ ਜੇ ਇਹ ਕਾਰਜ ਸਹੀ ਭਾਵਨਾ ਤੋਂ ਪ੍ਰੇਰਿਤ ਹੋਵੇ, ਤਾਂ ਲੇਖਕ ਦੀ ਸ਼ਖ਼ਸੀਅਤ ਦੇ ਸਭ ਪੱਖਾਂ ਦੀ ਜਾਣਕਾਰੀ ਮਹੱਤਵਪੂਰਣ ਹੋ ਨਿਬੜਦੀ ਹੈ। ‘ਹੁਣ’ ਦੇ ਪਿਛਲੇ ਅੰਕਾਂ ਵਿਚ ਲੇਖਕਾਂ ਦੇ ਵਿਅਕਤੀਤਵ ਦਾ ਵਰਣਨ ਇੰਝ ਹੀ ਹੋਇਆ ਹੈ ਅਤੇ ਭਵਿੱਖ ਵਿਚ ਵੀ ਇਹ ਪਹੁੰਚ ਬਰਕਰਾਰ ਰਹੇਗੀ। ਮਹਿਜ਼ ਸਨਸਨੀ ਫੈਲਾਉਣਾ ‘ਹੁਣ’ ਦਾ ਮਕਸਦ ਨਹੀਂ ਹੈ।
‘ਹੁਣ’ ਦਾ ਇਹ ਵਿਸ਼ਵਾਸ਼ ਹੈ ਕਿ ਲੇਖਕ ਦੀ ਸਮੁੱਚੀ ਸਿਰਜਣਾਤਮਕ ਸਮਰੱਥਾ ਸਾਹਿਤਕ ਕ੍ਰਿਤਾਂ ਵਿਚ ਹੀ ਸਾਕਾਰ ਹੁੰਦੀ ਹੈ। ‘ਹੁਣ’ ਦਾ ਦਾਅਵਿਆਂ ਵਿਚ ਬਿਲਕੁਲ ਯਕੀਨ ਨਹੀ, ਪਰ ਸਾਹਿਤਕ ਕਿਰਤਾਂ ਦੀ ਪ੍ਰਾਥਮਿਕਤਾ ‘ਹੁਣ’ ਵਿਚ ਸਦਾ ਹੀ ਬਣੀ ਰਹੇਗੀ। ‘ਹੁਣ’ ਦੀ ਕਲਾਸਿਕ ਸਾਹਿਤਕ ਰਚਨਾਵਾਂ ਲਈ ਤਲਾਸ਼ ਜਾਰੀ ਹੈ। ‘ਹੁਣ’ ਦੀ ਟੇਕ ਇਸ ਨਾਲ਼ ਲਗਾਤਾਰ ਜੁੜ ਰਹੇ ਲੇਖਕਾਂ ਅਤੇ ਪਾਠਕਾਂ ਉਪਰ ਹੀ ਹੈ।
–ਸੁਸ਼ੀਲ ਦੁਸਾਂਝ