ਰੁੱਖ ਹੇਠ ਬੈਠਿਆਂ
ਮੈਂ
ਬਹਾਰ ਦੀ ਰੁੱਤੇ ਖਿੜੇ
ਫੁੱਲ ਨੂੰ ਕਿਹਾ
ਬਹੁਤ ਖੂਬਸੂਰਤ ਹੈਂ ਤੂੰ
ਸ਼ੁਕਰੀਆ ਤੇਰਾ ਖਿੜਨ ਲਈ
ਕਿਹਾ ਉਸ
ਤੂੰ ਮੈਨੂੰ ਨੀਝ ਭਰ ਕੇ ਤੱਕਿਆ ਹੈ
ਧੰਨਵਾਦ ਤੇਰਾ
ਇੰਝ ਤੱਕਣ ਲਈ
ਇੱਲ ਬੋਲੀ
ਉਕਾਬ! ਤੂੰ ਬਹੁਤ ਉੱਚਾ ਉੱਡਦਾਂ ਏਂ
ਉਕਾਬ ਬੋਲਿਆ-ਹਵਾ ਮੇਰੇ ਉੱਪਰ ਉੱਡਦੀ ਹੈ
ਹੋਰ ਹਨ ਧਰਤੀਆਂ, ਸੂਰਜ
ਮੇਰੇ ਤੋਂ ਉੱਪਰ
ਜਦੋਂ ਮੈਂ ਭੁੱਖਾ ਹੁੰਨਾਂ
ਮੈਨੂੰ ਧਰਤੀ ਵੱਲ ਹੀ ਪਰਤਣਾ ਪੈਂਦੈ।
ਤੂੰ ਇਕੱਲਾ ਪਿਆ ਏਂ ਏਥੇ
ਮਾਂ ਨੇ ਕਿਹਾ
ਨਹੀਂ ਮਾਂ
ਹਵਾ ਹੈ ਠੰਡੀ-ਮਿੱਠੀ
ਹੋਰ ਬਹੁਤ ਕੁਝ ਹੈ ਨਾਲ ਮੇਰੇ
ਮੇਰੇ ਅੰਦਰ…
ਤੈਨੂੰ ਅਪਣੇ ਅੰਦਰ
ਉਸ ਥਾਂ ਲੁਕਾ ਲਿਆ ਹੈ
ਜਿੱਥੇ ਮੈਨੂੰ ਵੀ ਜਾਣਾ ਪੈਂਦਾ ਹੈ
ਬਹੁਤ ਔਖਾ ਹੋ ਕੇ
ਹੰਝੂਆਂ ਦੇ ਸਾਗਰ ਖਾਲੀ ਹੁੰਦੇ ਹਨ
ਤਾਂ ਮਿਲਦੀ ਏਂ ਤੂੰ ਮੈਨੂੰ
ਮੇਰੇ ਅੰਦਰ
ਮੱਕੜੀ ਜਾਲ਼ਾ ਬੁਣਦੀ ਹੈ
ਮਹਿਫੂਜ਼ ਹੋਣ ਲਈ
ਅਸੀਂ ਘਰ ਬਣਾਉਂਦੇ ਹਾਂ
ਕੈਦ ਹੋਣ ਲਈ
ਮੱਕੜੀ ਜਾਲ਼ੇ ਦੇ ਅੰਦਰਵਾਰ ਰਹਿਣਾ ਚਾਹੁੰਦੀ ਹੈ
ਅਸੀਂ ਘਰਾਂ ’ਚੋਂ ਬਾਹਰ ਭੱਜਦੇ ਹਾਂ
ਸ੍ਵਾਸ ਸ੍ਵਾਸ ਤੇਰੀ ਯਾਦ ’ਚ ਗੁਜ਼ਰੇ
ਦਰਦ ਦਵਾਰੇ ਨ੍ਹਾ ਕੇ
ਰੂਹ ਤੇਰੀ ਵਿੱਚ ਡੁੱਬ ਗਿਆ ਹਾਂ
ਅਪਣਾ ਆਪ ਮਿਟਾ ਕੇ
ਜਿਵੇਂ ਜਨਮ ਕੋਈ ਸੱਚ ਨਹੀਂ ਹੁੰਦਾ
ਮੌਤ ਵੀ ਕੋਈ ਸੱਚ ਨਹੀਂ ਹੁੰਦੀ
ਇਹ ਚੰਨ ਸਿਤਾਰੇ
ਅਸੀਂ ਸਾਰੇ
ਜਾਣਾ ਹੈ ਕਿੱਥੇ ਕਿਤੇ
ਰੂਪ ਦਾ ਖਿੰਡਣਾ ਮੌਤ
ਰੂਪ ਦਾ ਜੁੜਨਾ ਜਨਮ
ਬੰਦਾ ਮਰਦਾ ਹੈ
ਤਾਂ ਇੱਕ ਭਾਸ਼ਾ ਮਰਦੀ ਹੈ ਬੱਸ
ਇਉਂ ਬੋਲਦਾ ਸੀ
ਸੋਚਦਾ ਸੀ
ਕਰਦਾ ਸੀ
ਰੂਪ ਜੁੜਦਾ ਹੈ
ਤਾਂ ਭਾਸ਼ਾ ਜਨਮਦੀ ਹੈ
ਅਸੀਂ ਨਾਮ ਕਰਨ ਕਰਦੇ ਹਾਂ
ਅਮਰਈਕ ਸਿੰਘ
ਫਿਰ ਅਪਣੇ ਸਾਹਾਂ ਤੱਕ
ਬੋਲਦਾ ਰਹਿੰਦਾ ਹੈ
ਸੋਚਦਾ ਰਹਿੰਦਾ ਹੈ
ਕਲਪਦਾ ਰਹਿੰਦਾ ਹੈ
ਅਮਰਈਕ ਸਿੰਘ
ਖਿੰਡ ਜਾਂਦਾ ਹੈ ਫਿਰ
ਅਪਣੀ ਭਾਸ਼ਾ ਲੈ ਕੇ
ਭਾਸ਼ਾ ਤੋਂ ਬਿਨ ਵੀ ਹੁੰਦਾ ਹੈ ਜੀਵਨ
ਮਿੱਟੀ
ਹਵਾ
ਰੁੱਖ
ਪਾਣੀ
ਅਗਨੀ
ਬੋਲਦੇ ਨਹੀਂ ਭਾਸ਼ਾ
ਭਾਸ਼ਾ ਨੂੰ ਪਾਲਦੇ ਹਨ
ਅਪਣੀ ਅਕਾਸ਼ੀ ਗੋਦ ਵਿਚ
ਮੈਂ ਦੇਹ ਤੋਂ ਭਰਪੂਰ ਹਾਂ
ਪੂਰ ਰੂਹ ਉਬਾਲੇ ਮਾਰਦੀ
ਕੋਈ ਹੈ ਜੋ ਆ ਕੇ ਠਾਰਦੀ
ਸਮਾਂ ਚੱਲ ਰਿਹਾ ਹੈ
ਧਰਤੀ ਭੱਜ ਰਹੀ ਹੈ
ਗਿੜ ਰਿਹਾ ਹੈ ਸਭ ਕੁਝ
ਹੁਕਮ ਤੇਰੇ ਵਿਚ
ਮੈਂ ਰੁਕ ਗਿਆ
ਤਾਂ ਵੀ ਚੱਲ ਰਿਹਾ ਸੀ ਸਭ ਕੁਝ
ਅਪਣੇ ਆਪ ਨੂੰ ਕੀੜੇ ਤੋਂ ਤੁੱਛ ਕਿਹਾ
ਤਾਂ ਵੀ
ਅਪਣੇ ਆਪ ਨੂੰ ਭਗਵਾਨ ਕਿਹਾ
ਤਾਂ ਵੀ
ਸਭ ਚੱਲ ਰਿਹਾ ਸੀ
ਸਭ ਕਹਿ ਦੇਣ ਅਪਣੇ ਆਪ ਨੂੰ ਕੀੜੇ ਤੋਂ ਤੁਛ
ਤਾਂ ਵੀ
ਸਭ ਰੱਬ ਹੋਣ ਦਾ ਐਲਾਨ ਕਰ ਦੇਣ ਤਾਂ ਵੀ
ਸਭ ਉਵੇਂ ਹੀ ਚੱਲੇਗਾ
ਹੁਕਮ ਤੇਰੇ ਵਿਚ
ਕੋਈ ਕੋਇਲ ਗਾਵੇਗੀ ਹੂਕ ਅਪਣੀ
ਪਪੀਹਾ ਕੂਕੇਗਾ
ਚਿੜੀਆਂ ਚਹਿਚਹਾਉਣਗੀਆਂ ਸੁਭਾਵਕ
ਮਿੱਟੀ ਅੰਨ ਲਈ ਵਿਰਲ ਦੇਵੇਗੀ
ਕਿਉਂ?
ਜਨਮ-ਮਰਨ ਵਿੱਚ ਬੱਝੇ ਅਸੀਂ
ਹੌਂਕ ਰਹੇ ਹਾਂ ਅਸੁਭਾਵਕ
ਕੋਈ ਰੱਬ ਬਣਨ ਲਈ
ਕੋਈ ਕੀੜੇ ਤੋਂ ਤੁੱਛ ਹੋਣ ਲਈ
ਤੈਥੋਂ ਵਿਛੜਦਿਆਂ ਕਿਉਂ ਅੰਦਰ ਸਹਿਕੇ
ਤੈਨੂੰ ਯਾਦ ਕਰਾਂ ਤਾਂ ਮਨ ਦੀ ਮਿੱਟੀ ਮਹਿਕੇ
ਮਿਲਣ-ਮਿਲਣ ਦੀ ਰਟ ਸੀ ਲਾਈ
ਆਇਆ ਫੇਰ ਵਿਛੋੜਾ
ਦਰਦ ਕਲੇਜੇ ਟੀਸਾਂ ਬਣਿਆਂ
ਉਨ ਟੀਸਾਂ ਦਾ ਫੋੜਾ
ਫੋੜਾ ਫਿੱਸ ਗਿਆ ਤਾਂ ਸੋਚਾਂ
ਹੁਣ ਕਿਸ ਨੂੰ ਸਹਿਲਾਵਾਂ
ਤੇਰੇ ਮੇਰੇ ਰਿਸ਼ਤੇ ਅੰਦਰ
ਮੱਲ੍ਹਮ ਵੀ ਇਕ ਰੋੜਾ
ਤੇਰੀ ਅੱਖ ’ਚੋਂ ਮਿਲ ਗਿਆ
ਮੈਨੂੰ ਇਕ ਸੰਦੇਸ਼
ਹੰਝੂ ਨਾਲੋਂ ਵਧ ਕੇ
ਕਿਹੜਾ ਹੈ ਦਰਵੇਸ਼
ਇਹ ਹੰਝੂ ਕਿਉਂ ਡਿੱਗਿਆ
ਦੁੱਖ ਤੇਰੇ ਦਾ ਰੂਪ
ਇਹ ਤਾਂ ਤੂੰ ਹੀ ਵਗ ਰਿਹੈਂ
ਸਾਹਿਬ ਆਪ ਅਨੂਪ
ਜੇ ਮੈਂ ਤੇਰਾ ਰੂਪ ਹਾਂ
ਤਾਂ ਤੂੰ ਮੇਰੀ ਰੁੱਤ
ਐਹ ਚੁੱਕ ਸ਼ਾਇਰੀ ਮੇਰੀ
ਸੁੱਟ ਜਾਂ ਸਾਂਭ ਹਮੇਸ਼
ਮੈਂ ਮਿੱਤਰ ਪਾਲਣ ਦੀ ਕੋਸ਼ਿਸ਼ ਕੀਤੀ
ਬੇਵਫ਼ਾਈਆਂ ਮਿਲੀਆਂ
ਮੈਂ ਰਿਸ਼ਤੇ ਪਾਲਣ ਦੀ ਕੋਸ਼ਿਸ਼ ਕੀਤੀ
ਖ਼ੁਦਗਰਜ਼ੀਆਂ ਤਨਹਾਈਆਂ ਮਿਲੀਆਂ
ਹੁਣ ਮੈਂ ਰੁੱਖ ਪਾਲ ਰਿਹਾ ਹਾਂ
ਛਾਂ ਮਿਲੇਗੀ!