ਇਸ਼ਤਿਹਾਰ
ਇਸ ਗਲੋਬਲ ਪਿੰਡ ਵਿਚ ਇਕ ਇਸ਼ਤਿਹਾਰ ਬਣ ਕੇ
ਰਹਿ ਗਿਆ ਹਾਂ ਮੈਂ
ਮੈਂ ਸਵੇਰੇ ਸਵੇਰੇ ਘਰੋਂ ਗੁਰੂ ਘਰ ਲਈ ਚੱਲਦਾ ਹਾਂ
ਕਿ ਇਕ ਇਸ਼ਤਿਹਾਰ ਬਣ ਜਾਂਦਾ ਹਾਂ
ਮੈਂ ਘਰੋਂ ਦਫ਼ਤਰ ਲਈ ਚੱਲਦਾ ਹਾਂ
ਕਿ ਇਕ ਇਸ਼ਤਿਹਾਰ ਬਣ ਜਾਂਦਾ ਹਾਂ
ਮੈਂ ਇਸ ਜਾਦੂਈ ਸ਼ਹਿਰ ਵਿਚ ਜਿਸ ਨੂੰ ਵੀ
ਚਾਹਿਆ ਹੈ
ਉਹ ਅੱਗੋਂ ਇਕ ਇਸ਼ਤਿਹਾਰ ਵਾਂਗ
ਮਿਲਿਆ ਹੈ
ਮੈਂ ਇਸ ਜਾਦੂਈ ਨਗਰੀ ਵਿਚ ਜਿਸ ਨੂੰ ਵੀ
ਹੱਥ ਮਿਲਾਇਆ ਹੈ
ਉਸ ਚਿਹਰੇ ਵਿਚੋਂ ਹੀ ਇਕ ਇਸ਼ਤਿਹਾਰ
ਬੋਲਿਆ ਹੈ
ਮੇਰੇ ਹਰ ਪਾਸੇ ਰੰਗ ਬਰੰਗੇ ਇਸ਼ਤਿਹਾਰਾਂ ਦਾ
ਇਕ ਡੇਰਾ ਹੈ
ਮੇਰੀ ਰੂਹ ਵਿਚ ਨਿੱਕੇ ਨਿੱਕੇ ਇਸ਼ਤਿਹਾਰ ਉੱਗ ਰਹੇ
ਮੇਰਾ ਚਿਹਰਾ ਇਸ਼ਤਿਹਾਰਾਂ ਨਾਲ ਭਰ ਗਿਆ ਹੈ
ਇਸ਼ਤਿਹਾਰਾਂ ਦਾ ਇਕ ਜੰਗਲ ਬਣ ਕੇ ਰਹਿ ਗਿਆ ਹਾਂ ਮੈਂ
ਇਸ ਸ਼ਹਿਰ ਦੀਆਂ ਸਦੀਆਂ ਤੋਂ ਲੰਬੀਆਂ
ਸੜਕਾਂ ’ਤੇ ਇਸ਼ਤਿਹਾਰ ਫੌਜੀ ਪਰੇਡ
ਕਰਦੇ ਕਰਦੇ ਮੌਤ ਦਾ ਇਕ ਜਾਲ ਬੁਣ ਰਹੇ
ਰੰਗਾਂ ਦੀ ਚਿਤਰਕਲਾ ਵਿਚ ਛੁਪਾ ਕੇ ਸ਼ਹਿਰ
ਦੇ ਰੁੱਖਾਂ ਨੂੰ ਜ਼ਹਿਰ ਵੰਡ ਰਹੇ
ਤੇ ਮੈਂ ਮੌਨ ਹੋਇਆ ਇਹ ਸਭ ਕੁਝ ਵੇਖ ਰਿਹਾ ਹਾਂ
ਤੇ ਹੁਣ ਇਹ ਕੌਣ ਹੈ?
ਜੋ ਕਤਲਗਾਹ ਵਿਚ ਮੇਰੀ ਮੌਤ ’ਤੇ ਇਸ਼ਤਿਹਾਰ
ਵੰਡ ਰਿਹਾ ਹੈ
ਇਸ ਗਲੋਬਲ ਪਿੰਡ ਵਿਚ ਇਕ ਇਸ਼ਤਿਹਾਰ
ਬਣ ਕੇ ਰਹਿ ਗਿਆ ਹਾਂ ਮੈਂ।