ਚਾਚੇ ਸ਼ਿੰਗਾਰੇ ਦੀ ਗੱਲ ਕਰਦਿਆਂ ਮੈਨੂੰ ਇੰਝ ਲੱਗਣ ਲੱਗ ਪੈਂਦਾ ਜਿਵੇਂ ਰਹਿਰਾਸ ਦਾ ਪਾਠ ਕਰਦਿਆਂ ਕਿਤੇ ਕੋਈ ਅੱਖਰ ਵੱਧ ਘੱਟ ਕਹਿ ਬੈਠਾ ਤਾਂ ਪੁੰਨ ਦੀ ਥਾਂ ਪਾਪਾਂ ਦਾ ਹੀ ਭਾਗੀ ਨਾ ਬਣ ਜਾਵਾਂ। ਉਹਦੀਆਂ ਯਾਦਾਂ ਦੇ ਬੋਹਲ ਤੋਂ ਮੈਂ ਭਾਵੇਂ ਸਾਰੀ ਉਮਰ ਝੋਲੀਆਂ ਭਰ ਭਰ ਸ਼ਬਦਾਂ ਦੀ ਹੱਟੀ ’ਤੇ ਸੁੱਟੀ ਜਾਵਾਂ, ਉਹਨੇ ਕਦੇ ਘਟਣਾ ਨਹੀਂ। ਖੌਰੇ ਉਹ ਕਿਹੜੀ ਮਿੱਟੀ ਦਾ ਬਣਿਆ ਸੀ ਕਿ ਉਹਦੇ ਲੱਖ ਐਬਾਂ ’ਚੋਂ ਵੀ ਹਾੜ ਵਿਚ ਪਏ ਮੀਂਹ ਨਾਲ ਭਿੱਜੀ ਧਰਤੀ ਵਰਗੀ ਮਹਿਕ ਆਉਂਦੀ। ਮੇਰੇ ਚੇਤੇ ਦੀ ਉਮਰ ਹਾਲੇ ਦੋਧੇ ਦੰਦੀ ਸੀ ਜਦੋਂ ਉਹਨੇ ਮੈਨੂੰ ਘੁਨਾੜੇ ਚੁੱਕ ਕੇ ਮੇਰੇ ਭਰਾ ਦੇ ਵਿਆਹ ਤੇ ਬਾਰ ਦਾ ਝੁੰਮਰ ਪਾਉਂਦਿਆਂ ਕੋਈ ਢੋਲੇ ਵਰਗੀ ਸ਼ੈਅ ਲੰਮੀ ਹੇਕ ਵਿੱਚ ਗਾਈ ਸੀ ਜਿਹਦੀਆਂ ਦੋ ਸਤਰਾਂ ਦੇ ਭਾਵਾਂ ਦੇ ਹਿਰਨ ਹਾਲੇ ਤੀਕਰ ਮੇਰੇ ਮਨ ਦੀ ਹਰੀ ਕਚੂਰ ਭਾਵਨਾ ਨੂੰ ਚਰਦੇ ਰਹਿੰਦੇ ਨੇ।
ਮਿੱਟੀ ਵਤਨਾਂ ਦੀ ਵਾਜਾਂ ਪਈ ਊ ਮਾਰਦੀ,
ਉਏ ਬੋੜ੍ਹੇ ਖੂਹ ਦੇ ਪਾਣੀਆਂ।
ਪਰਦੇਸਾਂ ਦੀ ਤੇ ਠੰਢੀ ਵਾਅ ਵੀ ਹਿੱਕ ਸਾੜਦੀ,
ਉਏ ਮੁੜ ਘਰੀਂ ਆ ਜਾ ਹਾਣੀਆਂ।
ਉਸ ਦਿਨ ਉਹਨੇ ਦਾਰੂ ਨਾਲ ਗਹਿ ਗੱਚ ਹੋ ਕੇ ਚਾਂਗਰਾਂ ਮਾਰੀਆਂ ਤੇ ਹਿੰਦੁਸਤਾਨ, ਪਾਕਿਸਤਾਨ ਬਨਾਣ ਵਾਲਿਆਂ ਨੂੰ ਬੜੀਆਂ ਨੰਗੀਆਂ ਗਾਲਾਂ ਕੱਢੀਆਂ ‘ਤੇ ਫਿਰ ਕਈ ਦਿਨ ਡੰਗਰਾਂ ਵਾਲੀ ਕੁੜ ਵਿੱਚ ਟੁੱਟੀ ਮੰਜੀ ’ ਤੇ ਚੁੱਪ ਚਾਪ ਪਿਆ ਰਿਹਾ। ਸਾਰਿਆਂ ਨੇ ਲੱਖ ਤਰਲੇ ਕੀਤੇ ਪਰ ਉਹਨੇ ਨਾ ਕੁਝ ਖਾਧਾ ਨਾ ਪੀਤਾ। ਇਹੋ ਕਹੀ ਜਾਵੇ ”ਮੇਰਾ ਨਹੀਂ ਜੇ ਸੌਂਕਣ ਧਰਤੀ ਤੇ ਮਨ ਭਿੱਜਦਾ, ਮੇਰੇ ਟੋਟੇ ਕਰਕੇ ਰਾਵੀ ਵਿੱਚ ਵਹਾ ਆਓ, ਮੇਰੀ ਉਮਰਾਂ ਦੀ ਤਰੇਹ ਬੁੱਝ ਜਾਵੇਗੀ।’’
ਮੈਂ ਉਦੋਂ ਅੰਝਾਣਾ ਬਾਲ ਇਹੋ ਸੋਚਦਾ, ਚਾਚੇ ਨੂੰ ਦੁੱਖ ਕਾਹਦਾ ਏ, ਨਾ ਕਿਸੇ ਦੀ ਪ੍ਰਵਾਹ, ਨਾ ਧੀ ਦੇ ਵਿਆਹੁਣ ਦਾ ਫਿਕਰ, ਨਾ ਮੁੰਡੇ ਦੇ ਵਿਗੜ ਜਾਣ ਦਾ ਡਰ? ਪਰ ਅੱਜ ਸਮਝ ਆਉਂਦੀ ਏ ਕਿ ਪਰਾਈ ਧਰਤੀ ਕਿਵੇਂ ਪੈਰਾਂ ਨੂੰ ਠੂੰਹੇ ਵਾਂਗੂੰ ਡੰਗਦੀ ਰਹਿੰਦੀ ਏ।
ਚਾਚੇ ਨੂੰ ਏਧਰਲਾ ਮੁਲਕ ਉੱਕਾ ਹੀ ਨਾ ਭਾਉਂਦਾ। ਉਕੜੂ ਹਲ ਵਾਂਗ ਉਹ ਕਿਤੇ ਵੀ ਖੁੱਭ ਕੇ ਦਿਲ ਨਾ ਲਾਉਂਦਾ। ਪਹਿਲਾਂ ਪਹਿਲ ਜਦੋਂ ਮੁੰਡੇ ਹਲ ਵਾਹੁੰਦੇ, ਉਹ ਮਿੱਟੀ ਦੀ ਮੁੱਠ ਚੁੱਕ ਕੇ ਨੀਝ ਲਾ ਕੇ ਵੇਖਦਾ ਤੇ ਫਿਰ ਸੁੰਘ ਕੇ ਪਰਾਂ ਸੁੱਟਦਾ ਹੋਇਆ ਇੰਝ ਬੋਲਦਾ ਜਿਵੇਂ ਕਿਸੇ ਸਪੋਲੀਏ ਨੇ ਉਹਦੀ ਜੀਭ ਨੂੰ ਡੰਗ ਲਿਆ ਹੋਵੇ। ”ਉਏ ਮੁੰਡਿਓ ਕਿਉਂ ਇਸ ਫੰਡਰ ਭੋਇੰ ਨਾਲ ਮੱਥਾ ਮਾਰਦੇ ਓ, ਇਹਦੀ ਕੁੱਖ ’ ਚੋਂ ਕੁਝ ਨਹੀਂ ਜੇ ਉਗਣਾ। ਉਹ ਪੈਲੀ ਜ੍ਹਿਦੇ ਵਿਚ ਬੰਦਾ ਵੱਢ ਕੇ ਸੁੱਟਿਆਂ ਸਵੇਰੇ ਫਿਰ ਉੱਗ ਪੈਂਦਾ ਸੀ, ਉਹ ਏਥੇ ਕਿਥੇ, ਐਵੇਂ ਨਾ ਇਹਦੀ ਹਿੱਕ ਫਰੋਲੀ ਜਾਉ ਮਤਾਂ ਕਿਤੇ ਕੋਈ ਸੱਪ ਸਲੂੰਘੜਾ ਈ ਸੁੰਘ ਜਾਂਦਾ ਜੇ।’ ’ ਉਹਦੀ ਏਹੋ ਜਿਹੀ ਹਾਲਤ ਵੇਖ ਕੇ ਸਾਰੇ ਤਰਸ ਨਾਲ ਉਹਦੇ ਵੰਨੀ ਵੇਖਦੇ ਤੇ ਉਹ ਕਮਲਿਆਂ ਹਾਰ ਕਿਸੇ ਅਗਲੀ ਪੈਲੀ ਨੂੰ ਝੁਕਿਆ ਹੋਇਆ ਸੁੰਘ ਰਿਹਾ ਹੁੰਦਾ। ਫਿਰ ਉਹਨੇ ਮੁੱਲ ਦੀ ਲਿਆਂਦੀ ਵਹੁਟੀ ਵਾਂਗ ਹੌਲੀ ਹੌਲੀ ਜੀ ਲਾਉਣਾ ਸ਼ੁਰੂ ਕੀਤਾ। ਪਰ ਅਪਣੀ ਅੰਦਰਲੀ ਦੁਨੀਆ ਦੇ ਰੁੱਖ ‘ਤੇ ਉਹਨੇ ਇਸ ਓਪਰੀ ਧਰਤੀ ਦੇ ਕਿਸੇ ਵੀ ਪੰਛੀ ਦਾ ਆਹਲਣਾ ਨਾ ਪੈਣ ਦਿੱਤਾ।
ਚਾਚੇ ਸ਼ੰਗਾਰੇ ਦਾ ਗੱਲਬਾਤ ਕਰਨ ਦਾ ਹਿਸਾਬ ਕਿਤਾਬ ਅਪਣੀ ਹੀ ਕਿਸਮ ਦਾ ਸੀ। ਉਹਦੇ ਨਾਲ ਭਾਵੇਂ ਕਿੱਡੀ ਵੀ ਨਮੋਸ਼ੀ ਦੀ ਗੱਲ ਹੋਈ ਹੋਵੇ, ਉਹਨੇ ਤੁਹਾਨੂੰ ਇਸ ਲਹਿਜੇ ਨਾਲ ਸੁਨਾਉਣੀ ਏ ਕਿ ਤੁਹਾਨੂੰ ਖੁਦ ਅਪਣਾ ਆਪ ਬੌਣਾ ਜਿਹਾ ਲੱਗਣ ਲੱਗ ਪੈਣਾ। ਉਹਨੇ ਅਪਣੀ ਅਣਖ ਦਾ ਕਿੰਗਰਾ ਕਦੇ ਭੁਰਨ ਨਹੀਂ ਸੀ ਦਿੱਤਾ। ਉਹ ਇਕ ਅਜਿਹਾ ਸ਼ਹਿਨਸ਼ਾਹ ਸੀ ਜਿਹੜਾ ਜ਼ਿੰਦਗੀ ਦੀਆਂ ਸਾਰੀਆਂ ਲੜਾਈਆਂ ਹਾਰ ਕੇ ਵੀ ਪ੍ਰਭਾਵ ਜੇਤੂਆਂ ਵਰਗਾ ਹੀ ਪਾਈ ਰੱਖਦਾ।
ਨਿੱਕੀਆਂ ਨਿੱਕੀਆਂ ਵਾਰਦਾਤਾਂ ਦੱਸਦਾ ਦੱਸਦਾ ਉਹ ਸ਼ਬਦਾਂ ਦਾ ਅਜਿਹਾ ਪਲੱਥਾ ਮਾਰਦਾ ਕਿ ਸੁਣਨ ਵਾਲਾ ਉਹਦੇ ਪੈਰਾਂ ਵਿੱਚ ਡਿੱਗ ਪੈਂਦਾ। ਤੇ ਚਾਚਾ ਅਣਭੌਲ ਹੀ ਕਹਿ ਜਾਂਦਾ – ”ਗੱਲ ਤੇ ਵਿਚੋਂ ਕੋਈ ਵੱਡੀ ਨਹੀਂ ਸੀ ਪਰ ਬਣ ਹੀ ਇੰਝ ਦੀ ਗਈ।’ ’
ਚਾਚੇ ਨੇ ਬੜੇ ਲਾਡ ਨਾਲ ਦੱਸਣਾ ਕਿ ਉਹਦਾ ਨਿੱਕੇ ਹੁੰਦੇ ਦਾ ਰੰਗ ਕੱਕਾ ਬੂਰਾ ਸੀ, ਜਿਵੇਂ ਆਟੇ ਵਿੱਚ ਸੰਧੂਰ ਰਲਿਆ ਹੋਵੇ। ਉਹਦੀ ਬੇਬੇ ਉਹਨੂੰ ਸਾਹਬ ਆਂਹਦੀ ਹੁੰਦੀ ਸੀ ਤੇ ਸਦਾ ਇਹੋ ਕਹਿੰਦੀ ਕਿ ਮੈਂ ਤੇ ਸ਼ਿੰਗਾਰੇ ਨੂੰ ਕਿਸੇ ਮੇਮ ਨਾਲ ਵਿਆਹੁਣਾ ਏ। ਉਹ ਮੱਝੀਂ ਚਾਰਦਾ ਕਿਸੇ ਅਣਭਿੱਠੀ ਮੇਮ ਨਾਲ ਹੀ ਮਨ ਵਿਚ ਮਖਾਣਿਆਂ ਵਰਗੀਆਂ ਗੱਲਾਂ ਕਰਦਾ ਰਹਿੰਦਾ।
ਚਾਚੇ ਨੇ ਸਾਰੀ ਉਮਰ ਵਿਆਹ ਨਾ ਕਰਵਾਇਆ। ਜਾਂ ਇੰਝ ਕਹਿ ਲਓ ਕਿ ਹੋਇਆ ਹੀ ਨਾ। ਪਰ ਉਹਨੂੰ ਇਸ ਗੱਲ ਦਾ ਭੋਰਾ ਰੰਜ ਨਹੀਂ ਸੀ। ਤਾਏ ਹਜ਼ਾਰਾ ਸਿੰਘ ਦੇ ਧੀ ਪੁੱਤਰ ਉਹਦੇ ਜਿਗਰ ਦੇ ਟੋਟੇ ਸਨ। ਸਾਰੀ ਕਬੀਲਦਾਰੀ ਦਾ ਝੰਜਟ ਚਾਚੇ ਦੇ ਗਲ ਸੀ। ਹਜ਼ਾਰਾ ਸਿੰਘ ਤੇ ਮੋਰਚਿਆਂ ’ ਤੇ ਹੀ ਤੁਰਿਆ ਰਹਿੰਦਾ। ਜਦੋਂ ਚਾਚੇ ਨੂੰ ਪੁੱਛਣਾ ਕਿ ”ਤਾਇਆ ਨਹੀਂ ਨਜ਼ਰੀਂ ਆਇਆ’ ’ ਉਹਨੇ ਸਭੌਕੀ ਹੀ ਕਹਿਣਾ ਕਿ ਉਹ ’ ਕਾਲ਼ੀਆਂ ਦੇ ਮੋਰਚੇ ’ ਤੇ ਗਿਐ।
ਆਂਹਦੇ ਨੇ ਸੰਤ ਮੋਰਚੇ ’ ਤੇ ਬੈਠਾ ਏ, ਜਿਵੇਂ ਕੁਕੜੀ ਸੇਵੇ ’ ਤੇ ਬੈਠੀ ਹੋਵੇ। ਭਲਾ ਬਈ ਪੁੱਛੋ ਮੋਰਚਾ ਹੈ ਕਿ ਕੁਕੜੀ ਦੇ ਅੰਡੇ ਜਦੋਂ ਜੀਅ ਕੀਤਾ ਚੂੁਚੇ ਕੱਢ ਲਏ। ਇਹਨਾਂ ਨੂੰ ਨਹੀਂ ਸਾਰੀ ਉਮਰ ਪਤਾ ਲੱਗਣਾ, ਕਿ ਮੰਗਦੇ ਕੀ ਨੇ।’ ’ ਉਹਨੇ ਸੂਰਜ ਵਾਂਗ ਬਲਦੀ ਉਮਰ ਨੂੰ ਅਪਣੇ ਭਤੀਜਿਆਂ ਦੇ ਦੁੱਖਾਂ ਦਰਦਾਂ ਦੇ ਸਿਆਲ ਨੂੰ ਗਰਮਾਉਣ ’ ਤੇ ਲਾ ਦਿੱਤਾ। ਜੇ ਕਿਸੇ ਨੇ ਕਹਿਣਾ ”ਚਾਚਾ ਤੇਰੀ ਮੜ੍ਹੀ ’ ਤੇ ਕਿਸੇ ਨੇ ਦੀਵਾ ਨਹੀਂ ਬਾਲਣਾ ਤਾਂ ਉਹਨੇ ਹੱਸ ਕੇ ਕਹਿਣਾ ਕਿ ਜੇ ਮੇਰੀ ਮੜ੍ਹੀ ਹੋਵੇਗੀ ਤਾਂ ਦੀਵਾ ਬਾਲੋਗੇ ਨਾ, ਮੈਂ ਤੇ ਸਾਬਤ ਸਬੂਤਾ ਉਤਾਂਹ ਜਾਂ ਪੇਸ਼ ਹੋਣੈ ਕਿ ਲੈ ਸਾਂਭ ਜੋ ਕੁਝ ਦਿੱਤਾ ਸੀ, ਅਸਾਂ ਨਹੀਂ ਇਹਦੇ ’ ਚੋਂ ਕੁਝ ਖਰਚਿਆ ਗੁਆਇਆ।
ਚਾਚਾ ਜਦੋਂ ਜਵਾਨ ਸੀ, ਕਿਤੇ ਲਹੌਰ ਗਿਆ। ਉਥੇ ਮੇਮ ਵੇਖ ਕੇ ਉਹਨੂੰ ਅਪਣੀ ਬੇਬੇ ਦੀ ਗੱਲ ਦੀ ਯਾਦ ਆ ਗਈ। ਸਹੁੰ ਖਾ ਕੇ ਮੁੜਿਆ ਕਿ ਜੇ ਫੇਰੇ ਲੈਣੇ ਨੇ ਤੇ ਇਸ ਮੇਮ ਨਾਲ ਨਹੀਂ ਤੇ ਇਹ ਬਾਜਰੇ ਦੀ ਰੋਟੀ ਖਾਣ ਦਾ ਕੀ ਫਾਇਦਾ। ਉਹ ਮੇਮ ਕਿਸੇ ਜੱਜ ਦੀ ਕੁੜੀ ਸੀ। ਚਾਚਾ ਅਪਣੇ ਬੇਲੀਆਂ ਨੂੰ ਲੈ ਕੇ ਉਹਨੂੰ ਚੁੱਕਣ ਜਾ ਪਿਆ। ਉਹ ਤੇ ਹੱਥ ਨਾ ਆਈ, ਮੁੜਦਿਆਂ ਜੱਜ ਦੀ ਘੋੜੀ ਖੋਹਲ ਲਿਆਇਆ। ਸੂਹੀਆਂ ਪੈੜ ਕੱਢੀ ਤੇ ਚਾਚੇ ਦੇ ਖੂਹ ’ ਤੇ ਪਹੁੰਚੇ। ਘੋੜੀ ਕਮਾਦ ਵਿੱਚ ਬੱਝੀ ਹਿਣਕ ਪਈ। ਚਾਚੇ ਨੂੰ ਉਸ ਚੋਰੀ ਵਿੱਚ ਪੰਜਾਂ ਸਾਲਾਂ ਦੀ ਕੈਦ ਹੋ ਗਈ। ਮੈਂ ਇਹ ਗੱਲ ਜਦੋਂ ਚਾਚੇ ਨੂੰ ਪੁੱਛੀ ਕਹਿਣ ਲੱਗਾ ”ਗੱਲ ਤੇ ਕੁਝ ਇਸ ਤਰ੍ਹਾਂ ਹੀ ਹੋਈ ਸੀ, ਅਸਲ ਵਿਚ, ਘੋੜੀ ਬੜੀ ਚੰਗੀ ਨਸਲ ਦੀ ਸੀ। ਮੈਂ ਆਖਿਆ ਆਏ ਤੇ ਹੋਏ ਆਂ, ਕੁਝ ਤੇ ਲੈ ਕੇ ਜਾਈਏ। ਖਾਲੀ ਹੱਥ ਮੁੜਿਆਂ ਪਿੰਡ ਵਾਲਿਆਂ ਵੀ ਝੇਡਾਂ ਕਰਨੀਆਂ ਨੇ ਕਿ ਆ ਗਿਆ ਸ਼ੰਗਾਰਾ ਮੇਮ ਨਾਲ ਗਾਨਾ ਖੇਡ ਕੇ। ਬੱਸ ਏਸ ਜੇਲ੍ਹ ਦੇ ਗੇੜ ਵਿਚ ਉਮਰ ਪੱਕੀ ਹੋ ਗਈ। ਫਿਰ ਸੋਚਿਆ ਜੇ ਹੁਣ ਕਿਤੇ ਵਿਆਹ ਵੀ ਕਰਵਾ ਲਿਆ ਤਾਂ ਐਵੇਂ ਪਿਛਲੀ ਉਮਰ ਦੀ ਔਲਾਦ ਨੂੰ ਲੋਕੀਂ ਸ਼ੱਕ ਦੀ ਨਜ਼ਰੇ ਵੇਂਹਦੇ ਨੇ ਕਿ ਖੌਰੇ ਅਪਣੀ ਵੀ ਸੂ ਕਿ ਨਹੀਂ। ਸੋ ਵਕਤ ਲੰਘ ਗਿਆ ਵੇਖ ਕੇ, ਮਨ ਨੂੰ ਸਮਝਾ ਲਿਆ ਕਿ ਜੇ ਤੇ ਮੇਮ ਹੱਥ ਲੱਗ ਜਾਂਦੀ ਤਾਂ ਤੇ ਸੁਰਗ ਸੀ, ਨਹੀਂ ਤੇ ਅਗਾਂਹ ਰੱਬ ’ ਤੇ ਅਹਿਸਾਨ ਕਰਨ ਵਾਲੇ ਤੇ ਹੋਵਾਂਗੇ ਕਿ ਤੂੰ ਕਿਹੜਾ ਲਾਲ ਚੂੜੇ ਵਾਲੀ ਸਾਡੇ ਲੜ ਲਾਈ ਸੀ, ਜਿਦਾ ਰੋਹਬ ਦੇਨੈ’ ’ । ਮੈਂ ਆਖਿਆ ”ਜੇ ਚਾਚੇ ਤੈਨੂੰ ਮੇਮ ਵੀ ਮਿਲ ਜਾਂਦੀ ਫਿਰ ਉਹਨੂੰ ਕਿੱਥੇ ਰੱਖਦਾ।’ ’ ਬੋਲਿਆ ”ਰੱਖਣ ਨੂੰ ਪੁੱਤਰ ਉਹ ਕਿਹੜਾ ਕੰਠਾ ਸੀ ਜਿਹੜਾ ਮੈਂ ਰਾਤ ਦਿਨ ਗਲ ਪਾਈ ਫਿਰਨਾ ਸੀ। ਮੈਂ ਤੇ ਰਾਂਝਾ ਰਾਜ਼ੀ ਕਰਕੇ ਉਹਨੂੰ ਅੰਬਰਸਰ ਗੁਰਦੁਆਰੇ ਚੜ੍ਹਾ ਆਉਣਾ ਸੀ ਕਿ ਲੈ ਬਾਬਾ ਕਿਸੇ ਹੋਰ ਲੋੜਵੰਦ ਨੂੰ ਬਖਸ਼ ਦੇਈਂ ਅਸਾਂ ਕਿਹੜਾ ਇਹਨੂੰ ਗਹਿਣੇ ਰੱਖ ਕੇ ਭੰਇ ਛੁਡਾਣੀ ਏਂ।’ ’
ਇੱਕ ਦਿਨ ਮੈਂ ਚਾਚੇ ਦੇ ਅੰਦਰੋਂ ਉਹ ਗੱਲ ਖਰੋਚੀ ਜ੍ਹਿਦਾ ਸਾਰੇ ਇਲਾਕੇ ਦੇ ਲੋਕ ਚਰਚਾ ਕਰਦੇ ਹੱਸ ਹੱਸ ਦੂਹਰੇ ਹੁੰਦੇ ਰਹਿੰਦੇ। ਚਾਚਾ ਦੱਸਣ ਲੱਗਾ ”ਅਸੀਂ ਵੱਡੀ ਫਿੱਨੋ ਦਾ ਕੀਤਾ ਵਿਆਹ। ਸਾਕ ਮਿਲੇ ਬਖਤਾਵਰ। ਅਸੀਂ ਵਿੱਤੋਂ ਵੱਧ ਪੈਲੀ ਗਹਿਣੇ ਰੱਖ ਕੇ ਦਿੱਤਾ ਲਿਆ। ਸਾਰੀ ਬਾਰ ਵਿੱਚ ਕਿਸੇ ਏਡਾ ਵਿਆਹ ਹੁੰਦਾ ਨਹੀਂ ਸੀ ਵੇਖਿਆ। ਉਦੋਂ ਤੇ ਹੋ ਗਈ ਬੱਲੇ ਬੱਲੇ। ਮਗਰੋਂ ਆਹ ਤੇਰੇ ਭਰਾ ਲੜਣ ਕਿ ਤੁਸੀਂ ਤੇ ਸਾਡੇ ਹੱਥ ਠੂਠਾ ਫੜਾ ਦਿੱਤੈ।’ ’ ਮੈਂ ਇਨ੍ਹਾਂ ਨੂੰ ਬਥੇਰਾ ਸਮਝਾਇਆ ਪਈ ਕੁੜੀ ਦੇ ਜਿਹੋ ਜਿਹੇ ਕਰਮ ਸੀ ਉਹ ਲੈ ਗਈ। ਆਖਣ ਨਹੀਂ ਅਸੀਂ ਬਾਰੇ ਵਿੱਚ ਕਿਤੇ ਮੂੰਹ ਵਿਖਾਣ ਜੋਗੇ ਨਹੀਂ। ਲੋਕੀਂ ਮੂੰਹ ਜੋੜ-ਜੋੜ ਗੱਲਾਂ ਬਣਾਉਂਦੇ ਨੇ ਕਿ ਵੱਡੇ ਖੱਬੀ ਖਾਨਾਂ ਨੇ ਸਿਆੜ ਰੱਖ ਕੇ ਚੌਧਰ ਬਣਾਈ ਏ ਤੇ ਹੁਣ ਭੁੱਖ ਦੇ ਫੁੱਫੜ ਬਣੇ ਫਿਰਦੇ ਨੇ। ਮੈਂ ਅੱਕ ਕੇ ਆਖਿਆ ਜੇ ਨਹੀਂ ਜੇ ਖਲੋਂਦੇ ਤਾਂ ਚਲੋ ਲੈ ਆਉਂਦੇ ਆਂ ਦਿੱਤਾ ਸਮਾਨ। ਅਸੀਂ ਇਕ ਰਾਤ ਜਾ ਪਾੜ ਲਾਇਆ ਅਪਣੇ ਹੀ ਕੁੜਮਾਂ ਵੱਲ। ਕੁਦਰਤੀ ਉਹ ਜਾਗ ਪਏ। ਸਾਡਾ ਜਵਾਈ ਲੱਗਿਆ ਮੇਰੇ ਗੰਡਾਸਾ ਮਾਰਨ ਤੇ ਬੀਰਾ ਬੋਲ ਪਿਆ, ”ਪ੍ਰਾਹੁਣਿਆਂ ਨਾ ਮਾਰੀਂ ਇਹ ਮਾਸੜ ਈ। ਉਹਨੇ ਗੰਡਾਸਾ ਨਾ ਮਾਰਿਆ ਪਰ ਸਵੇਰੇ ਸਾਨੂੰ ਕਮਲੇ਼ ਪਰ੍ਹੇ ਵਿੱਚ ਲੈ ਗਏ। ਪਿੰਡ ਦਾ ਜ਼ੈਲਦਾਰ ਕਹਿਣ ਲੱਗਾ। ”ਕਿਹੜਾ ਵਈ ਭਲਾਮਾਣਸ ਜਿਹੜਾ ਅਪਣੀ ਧੀ ਦੇ ਘਰ ਹੀ ਭੰਨਣ ਆ ਪਿਆ।’ ’ ਮੇਰੇ ਚਿੱਟੇ ਲੱਠੇ ਦੀ ਖੜ ਖੜ ਕਰਦੀ ਚਾਦਰ ਬੰਨੀ ਹੋਈ, ਕਲੀਆਂ ਵਾਲਾ ਦੁੱਧ ਧੋਤਾ ਝੱਗਾ, ਸਿਰ ’ ਤੇ ਮਾਇਆ ਲੱਗੀ ਸ਼ਮਲੇ ਵਾਲੀ ਪੱਗ, ਹੱਥ ਵਿੱਚ ਕੋਕਿਆਂ ਵਾਲਾ ਖੂੰਡਾ– ਜਦੋਂ ਮੈਂ ਉੱਠ ਕੇ ਖਲੋਤਾ ਧਰਮ ਨਾਲ ਸਾਰਾ ਪਿੰਡ ਪਾਣੀ ਪਾਣੀਓਂ ਹੋ ਗਿਆ। ਤੇ ਉਤਾਂਹ ਸਾਡੇ ਵੱਲ ਕੋਈ ਅੱਖ ਹੀ ਨਾ ਚੁੱਕੇ ਤੇ ਅਸੀਂ ਅਪਣੇ ਪਿੰਡ ਪਰਤ ਕੇ ਸ਼ੁਕਰ ਕੀਤਾ ਕਿ ਬਹੁਤਾ ਨਹੀਂ ਵਿਗਾੜ ਪਿਆ, ਬਚਾਅ ਰਹਿ ਗਿਆ ਏ।’ ’ ਚਾਚਾ ਇਹ ਗੱਲ ਸੁਣਾਉਂਦਿਆਂ ਹੋਇਆਂ ਅਪਣੀ ਨਮੋਸ਼ੀ ਦੀ ਨਦੀ ’ ਚੋਂ ਮੁਰਗਾਬੀ ਵਾਂਗ ਬਿਨਾ ਭਿੱਜੇ ਲੰਘ ਗਿਆ।
ਇੱਕ ਵਾਰ ਚਾਚਾ ਆੜਤੀਏ ਤੋਂ ਪੈਸੇ ਲੈਣ ਗਿਆ। ਚੇਤਰ ਦਾ ਮਹੀਨਾ ਤੇਹਰਵਾਂ ਗਿਣਿਆ ਜਾਂਦੈ; ਪੈਸੇ ਦੀ ਤੰਗੀ ਖੁਣੋਂ ਚਾਚੇ ਨੇ ਸ਼ਾਹ ਤੋਂ ਪੰਜ ਹਜ਼ਾਰ ਕਢਵਾ ਲਿਆ। ਸ਼ਾਹ ਕਹਿਣ ਲੱਗਾ ”ਸ਼ਿੰਗਾਰਾ ਸਿੰਘ, ਵੇਖ ਪੈਸੇ ਤੇ ਲੈ ਜਾ ਪਰ ਅਪਣੀ ਬਣੀ ਹੋਈ ਵਿਗੜੇ ਨਾ, ਪੈਸਾ ਬੜੇ ਸਬੰਧ ਖਰਾਬ ਕਰ ਦਿੰਦਾ ਏ।’ ’ ਫਤੂਹੀ ਦੇ ਬੋਝੇ ਵਿੱਚ ਪੈਸੇ ਪਾਉਂਦਿਆਂ ਚਾਚਾ ਬੋਲਿਆ ”ਸ਼ਾਹ ਜੀ ਮੇਰੇ ਵੱਲੋਂ ਤੇ ਨਹੀਂ ਵਿਗੜਨੀ, ਜਦੋਂ ਵਿਗੜਨੀ ਏ ਤੁਸਾਂ ਪਹਿਲ ਕਰਨੀ ਏ। ਸ਼ਾਹ ਹੈਰਾਨ ਹੋਇਆ ਕਹਿੰਦਾ ਕਿਸ ਤਰ੍ਹਾਂ? ਚਾਚਾ ਆਖਣ ਲੱਗਾ ”ਵੇਖੋ ਮੈਂ ਤੇ ਹੁਣ ਤੁਹਾਡੀ ਹੱਟੀ ’ ਤੇ ਪੈਰ ਨਹੀਂ ਪਾਉਣਾ, ਤੁਸੀਂ ਪਿੰਡ ਗੇੜੇ ਮਾਰਨੇ ਨੇ। ਮੈਂ ਤੇ ਜੇ ਆਪੋ ਤੁਹਾਡੇ ਮੱਥੇ ਨਹੀਂ ਲੱਗਦਾ। ਗਰਮ ਸਰਦ ਤੇ ਤੁਸੀਂ ਹੋਣਾ ਏ, ਮੈਂ ਤੇ ਕਿਸੇ ਗੱਲ ਦੀ ਕਲਾਮ ਨਹੀਂ ਕਰਦਾ ਤੁਹਾਡੇ ਨਾਲ।’ ’ ਸ਼ਾਹ ਨੂੰ ਇਹ ਸੁਣ ਕੇ ਹੱਸਦਿਆਂ ਉਥੂ ਆ ਗਿਆ।
ਮੈਂ ਪਟਿਆਲੇ ਕਾਲਜ ਵਿਚ ਪੜ੍ਹਦਾ ਸਾਂ। ਇਕ ਦਿਨ ਵੇਖਿਆ ਚਾਚੇ ਦੇ ਦੋਵੀਂ ਹੱਥੀਂ ਦੋ ਪੀਪੀਆਂ ਫੜੀਆਂ ਹੋਈਆਂ ਤੁਰਿਆ ਆਵੇ। ਪਹਿਲਾਂ ਉਹ ਸਿੱਧਾ ਪ੍ਰਿੰਸੀਪਲ ਦੇ ਦਫਤਰ ਗਿਆ। ਸਾਸਰੀਕਾਲ ਬੁਲਾ ਕੇ ਪ੍ਰਿੰਸੀਪਲ ਦੇ ਪੈਰਾਂ ਕੋਲ ਪੀਪੀ ਧਰਦਾ ਹੋਇਆ ਬੋਲਿਆ ”ਮੋਤੀਆਂ ਵਾਲਿਓ ਸਾਡਾ ਛੋਹਰ ਚਾਰ ਹਰਫ ਸਿੱਧੇ ਪਾਉਣ ਲਈ ਤੁਹਾਡੇ ਕੋਲ ਆਇਆ, ਮੇਰੇ ਕੋਲ ਤੁਹਾਡੀ ਬੜੀ ਸ਼ਿੱਫਤ ਕਰਦੈ। ਆਂਹਦਾ ਹੁੰਦੈ ”ਮਾਪਿਆਂ ਨਾਲੋਂ ਵੀ ਵੱਧ ਪਿਆਰ ਕਰਦੇ ਨੇ ਸਾਡੇ ਗੁਰੂ। ਮੈਂ ਸੋਚਿਆ ਨਾਲੇ ਤੁਹਾਡੇ ਦਰਸ਼ਨ ਦੀਦਾਰ ਹੋ ਜਾਣਗੇ। ਚਾਰ ਕੁ ਸੇਰ ਤੋਕੜ ਮੱਝ ਦਾ ਘਿਓ ਜੋੜਿਆ ਸੀ ਨਾਲੇ ਉਹਦਾ ਤੁਹਾਡੇ ਚਰਨੀ ਮੱਥਾ ਟੇਕ ਆਵਾਂਗਾ, ਨਾਲੇ ਅਰਜ ਕਰ ਆਵਾਂਗਾ ਕਿ ਇਹਦਾ ਧਿਆਨ ਰੱਖਿਓ, ਪੜ੍ਹ ਲਿਖ ਕੇ ਕਿਤੇ ਅਫਸਰ ਬਣ ਜਾਵੇ, ਸਾਡੀ ਕੁੱਲ ਸੌਰ ਜਾਏ। ਅਸੀਂ ਤਾਂ ਹੁਣ ਤੀਕਰ ਜੇਲ੍ਹਾਂ ਨੂੰ ਹੀ ਘਰ ਬਣਾਈ ਰੱਖਿਐ’ ’ ਪ੍ਰਿੰਸੀਪਲ ਨੇ ਉਹਦੀ ਸ਼ਰਧਾ ਵੇਖ ਕੇ ਘਿਉ ਰੱਖ ਲਿਆ ਪਰ ਗੱਲ ਉਲਟ ਹੋ ਗਈ। ਚਾਚਾ ਦਾਰੂ ਵਾਲੀ ਪੀਪੀ ਜਿਹੜੀ ਮੇਰੇ ਯਾਰਾਂ ਦੋਸਤਾਂ ਲਈ ਲਿਆਇਆ ਸੀ, ਉਹ ਗ਼ਲਤੀ ਨਾਲ ਪ੍ਰਿੰਸੀਪਲ ਨੂੰ ਦੇ ਆਇਆ ਤੇ ਘਿਉ ਵਾਲੀ ਸਾਡੇ ਕੋਲ ਆਣ ਧਰੀ। ਸਵੇਰੇ ਹੋਸਟਲ ਵਿੱਚ ਹੀ ਮੈਨੂੰ ਬੁਲਾਵਾ ਆ ਗਿਆ। ਮੈਂ ਡਰਦਾ ਡਰਦਾ ਪ੍ਰਿੰਸੀਪਲ ਸਾਹਿਬ ਕੋਲ ਗਿਆ। ਮੈਂ ਸੋਚ ਲਿਆ ਕਿ ਹੁਣ ਕਾਲਜ ਤੋਂ ਤੇ ਛੁੱਟੀ ਕਿਸੇ ਨੇ ਨਹੀਂ ਬਖਸ਼ਣੀ। ਪਰ ਪ੍ਰਿੰਸੀਪਲ ਨੇ ਉਪਰੀ ਜਿਹੀ ਝਾੜ ਪਾਉਂਦਿਆਂ ਮੈਨੂੰ ਤਾੜਨਾ ਕੀਤੀ ਕਿ ਚਾਚੇ ਨੂੰ ਆਖੀਂ ਤੇਰਾ ਛੇਤੀ ਪਤਾ ਲੈਂਦਾ ਰਿਹਾ ਕਰੇ, ਨਹੀਂ ਤੇ ਹੋਸਟਲ ਵਿਚ ਰਹਿੰਦੇ ਮੁੰਡੇ ਵਿਗੜ ਜਾਂਦੇ ਨੇ। ਮੈਂ ਚਾਚੇ ਨੂੰ ਦੱਸਿਆ ਕਿ ਮੈਨੂੰ ਇੰਝ ਆਖਿਆ ਸੂ। ਹੱਸ ਕੇ ਕਹਿਣ ਲੱਗਾ ”ਲੱਗ ਤੇ ਮੈਨੂੰ ਮੁਕਾਲਾ ਹੀ ਗਿਆ ਸੀ ਪਰ ਜਦੋਂ ਉਹਨੇ ਛਿੱਟ ਕੁ ਚੱਖੀ ਹੋਵੇਗੀ ਨਾ ਅੱਖਾਂ ਵਿਚ ਸੁਰਗ ਉਤਰ ਆਇਆ ਹੋਊਗਾ। ਇਹੋ ਜਿਹੀ ਆਬੇ-ਹਯਾਤ ਦਾ ਤਾਂ ਰੱਬ ਵੀ ਮੰਗ ਕੇ ਹਾੜਾ ਪੀਂਦੈ। ਰੂਹ ਦਾ ਮਾਖਿਉਂ ਏ ਇਹ ਦਾਰੂ। ਹਾਰੀ ਸਾਰੀ ਨਹੀਂ ਬਣਾ ਸਕਦਾ।’ ’
ਹੋਸਟਲ ਤੋਂ ਤਿਆਰ ਹੋ ਕੇ ਜਦੋਂ ਬਾਹਰ ਨਿਕਲੇ ਤਾਂ ਅੱਗੋਂ ਵਛੇਰੀ ਵਰਗੀ ਕੁੜੀ ਤੁਰੀ ਆਵੇ। ਚਾਚੇ ਮੈਨੂੰ ਸੈਨਤ ਨਾਲ ਉਸ ਸਰੋਂ ਦੀ ਗੰਦਲ ਬਾਰੇ ਪੁੱਛਿਆ। ਮੈਂ ਦੱਸਿਆ ਇਹ ਡੀ ਸੀ ਦੀ ਕੁੜੀ ਏ ਮੇਰੇ ਨਾਲ ਪੜ੍ਹਦੀ ਏ। ਚਾਚਾ ਪਲ ਕੁ ਸੋਚ ਕੇ ਬੋਲਿਆ ”ਵਾਹ ਲੈ ਵਤਰ ਜੇ ਵਗਦਾ ਈ ਨਾਲੇ ਕੋਈ ਕੰਮ ਈ ਲਵਾਂਗੇ ਡੀ.ਸੀ. ਕੋਲੋ।’ ’ ਮੈਂ ਹੱਸ ਪਿਆ ”ਚਾਚਾ ਸਾਡੇ ਜਿਹੇ ਪਜਾਮੇ ਪਾਉਣ ਵਾਲਿਆਂ ਜੱਟ ਬੂਟਾਂ ਨਾਲ ਇਹ ਅਫਸਰਾਂ ਦੀਆਂ ਕੁੜੀਆਂ ਗੱਲਾਂ ਨਹੀਂ ਕਰਦੀਆਂ।
ਇਹ ਤੇ ਸੂਟ ਬੂਟਾਂ ਵਾਲਿਆਂ ਨਾਲ ਗਿੱਟ ਮਿੱਟ ਕਰਦੀਆਂ ਨੇ। ਚਾਚਾ ਮੈਨੂੰ ਸਿੱਧਾ ਬਾਜ਼ਾਰ ਲੈ ਗਿਆ। ਗਰਮ ਸੂਟ, ਪੈਰਾਂ ਲਈ ਤਸਮਿਆਂ ਵਾਲੇ ਸੋਹਣੇ ਬੂਟ ਤੇ ਹੋਰ ਕਿੰਨਾ ਹੀ ਸ਼ਕੀਨੀ ਲਾਣ ਵਾਲਾ ਨਿੱਕ ਸੁੱਕ ਸਮਾਨ ਲੈ ਦਿੱਤਾ। ਕੁਝ ਯਾਦ ਕਰਕੇ ਮੈਂ ਆਖਿਆ ”ਚਾਚਾ ਮੇਰੇ ਕੱਛੇ ਵੀ ਪਾਟੇ ਨੇ, ਲੱਗਦੇ ਹੱਥ ਦੋ ਉਹ ਵੀ ਲੈ ਦੇ। ਮੈਨੂੰ ਝਿੜਕ ਕੇ ਬੋਲਿਆ ਬਥੇਰਾ ਕੁਝ ਲੈ ਲਿਆ ਈ ਹੁਣ ਰੋੋਟੀ ਦੀ ਬੁਰਕੀ ਖੁਆ। ਮੈਂ ਪਿੰਡ ਜਾ ਕੇ ਡੰਗਰਾਂ ਦੇ ਪੱਠੇ -ਦੱਥੇ ਦਾ ਵੀ ਕੁਝ ਕਰਨੈ।’ ’ ਮੈਂ ਹੈਰਾਨ ਕਿ ਪੰਜ ਸੌ ਦਾ ਸਮਾਨ ਲੈ ਕੇ ਦੇਣ ਵਾਲਾ ਚਾਚਾ ਪੰਜਾਂ ਰੁਪਇਆਂ ’ ਤੇ ਡੋਲ ਗਿਆ। ਸੋ ਫਿਰ ਹੌਂਸਲਾ ਕਰਕੇ ਆਖਿਆ ”ਚਾਚਾ ਲੈ ਦੇ ਦੋ ਕੱਛੇ।’ ’ ਘੂਰੀ ਵੱਟ ਕੇ ਬੋਲਿਆ-ਤੁਰਿਆ ਚਲ, ਕਰ ਦਿਆਂਗਾ ਮੈਂ ਉਹ ਵੀ ਇੰਤਜ਼ਾਮ। ਮੈਂ ਡੌਰ ਭੌਰ ਕਿ ਇਹ ਕਿੱਥੋਂ ਇੰਤਜ਼ਾਮ ਕਰੇਗਾ। ਮੈਂ ਫਿਰ ਤਰਲਾ ਕੀਤਾ, ਕਹਿੰਦਾ ਤੂੰ ਤੇ ਸ਼ਦਾਈ ਜੰਮਿਆ ਏਂ ਵਿਰਕਾਂ ਦੇ ਘਰ, ਕੋਈ ਸਰਫ਼ਾ ਤੇ ਤੈਨੂੰ ਕਰਨਾ ਆਉਂਦਾ ਹੀ ਨਹੀਂ। ਹੋਸਟਲ ਜਿੱਥੇ ਤੂੁੰ ਰਹਿੰਦਾ ਏਂ ਉੱਥੇ ਮੈਂ ਸਵੇਰੇ ਵੇਖਿਆ ਸੀ ਤਣੀ ’ ਤੇ ਕਈ ਕੱਛੀਆਂ ਲਟਕਦੀਆਂ ਸਨ। ਉਥੋਂ ਦੋ ਖਿਸਕਾ ਦੇ ਕੇ ਦਿਆਂਗਾ। ਕੋਈ ਪਤਾ ਲੱਗਣਾ ਏ।’ ’ ਮੇਰਾ ਹਾਸਾ ਨਿਕਲ ਗਿਆ। ਮੈਂ ਕਿਹਾ ”ਚਾਚਾ ਮੰਨ ਗਏ ਤੇਰੇ ਹਿਸਾਬੀ ਹੋਣ ਨੂੰ। ਪੰਜ ਰੁਪਏ ਬਚਾ ਕੇ ਤੇ ਤੂੰ ਕਿੱਲਾ ਪੈਲੀ ਖਰੀਦ ਲਏਂਗਾ।’ ’ ਭੋਲੇ ਭਾਅ ਬੋਲਿਆ ”ਜਿੱਥੇ ਏਧਰੋਂ ਉਧਰੋਂ ਸਰਦਾ ਹੋਵੇ ਉੱਥੇ ਜ਼ਰੂਰ ਅਪਣਾ ਬੋਝਾ ਹੌਲਾ ਕਰਨਾ ਏਂ। ਵਿਰਕਾਂ ਦੀ ਚੋਰੀ ਵਾਲੀ ਆਦਤ ਬਾਰੇ ਚਾਚਾ ਇਹ ਕਹਿੰਦਾ ”ਵਿਰਕ ਭਾਵੇਂ ਲੱਖ ਪਾਤਸ਼ਾਹ ਹੋਣ, ਚੰਗੀ ਘੋੜੀ, ਮੱਝ ਵੇਖ ਕੇ ਉਹਨਾਂ ਦਾ ਮਨ ਡੋਲ ਜਾਂਦਾ ਏ। ਚੰਗੀ ਚੀਜ਼ ਦੂਜੇ ਕੋਲ ਉਹ ਜਰ ਹੀ ਨਹੀਂ ਸਕਦੇ, ਇਹ ਕੋਈ ਉਹਨਾਂ ਦੀ ਹਵਸ ਨਹੀਂ ਸੁਭਾਅ ਏ।’ ’
ਇਹ ਉਦੋਂ ਦੀ ਗੱਲ ਏ ਜਦੋਂ ਜਨਤਾ ਸਰਕਾਰ ਬਣੀ ਸੀ। ਚਾਚੇ ਨੇ ਇੰਜਣ ਲਈ ਕਰਜ਼ਾ ਲਿਆ। ਕਿਸ਼ਤ ਵੇਲੇ ਸਿਰ ਨਾ ਮੋੜਨ ਕਰਕੇ ਬੈਂਕ ਵਾਲੇ ਫੜ ਕੇ ਲੈ ਗਏ। ਮੈਂ ਜਿਦਣ ਪਿੰਡ ਗਿਆ ਮੈਨੂੰ ਘਰ ਦਿਆਂ ਨੇ ਦੱਸਿਆ ਕਿ ਚਾਚੇ ਨੂੰ ਕਰਜ਼ੇ ਵਾਲੇ ਲੈ ਗਏ ਸਨ। ਪੂਰੀ ਰਕਮ ਤਾਰ ਕੇ ਉਹਨੂੰ ਛੁਡਾ ਕੇ ਲਿਆਂਦਾ ਏ। ਚਾਚਾ ਖੂਹ ’ ਤੇ ਬੈਠਾ ਸਨੂਕੜਾ ਕੱਢਦਾ ਸੀ। ਮੈਂ ਗੋਡੀ ਹੱਥ ਲਾਉਣ ਤੋਂ ਬਾਅਦ ਜਦੋਂ ਇਹ ਗੱਲ ਪੁੱਛੀ, ਹੱਸ ਪਿਆ। ਖੰਗੁੂਰਾ ਮਾਰ ਕੇ ਬੋਲਿਆ, ”ਆਹੋ ਇਕ ਦਿਨ ਆਏ ਸਨ ਡੀ.ਸੀ. ਦੇ ਬੰਦੇ ਅਖੇ ਤੈਨੂੰ ਸੱਦਿਐ ਕਿ ਕੋਈ ਸਲਾਹ ਬਾਤ ਕਰਨੀ ਏ। ਪਹਿਲਾਂ ਤੇ ਮੈਂ ਨਾਂਹ ਨੁੱਕਰ ਕੀਤੀ, ਜਦੋਂ ਜ਼ਿਆਦਾ ਖਹਿੜੇ ਪੈ ਗਏ ਮੈਂ ਚਲਾ ਗਿਆ। ਡੀ.ਸੀ. ਕਹਿਣ ਲੱਗਾ ਚਾਚਾ ਸਰਕਾਰ ਹੋ ਗਈ ਆ ਪੈਸੇ ਵੱਲੋਂ ਕਮਜ਼ੋਰ, ਜਿਵੇਂ ਕਿਵੇਂ ਇਹਦੀ ਇਮਦਾਦ ਕਰ, ਸਾਥੋਂ ਤੇ ਹੁਣ ਮੁਲਾਜ਼ਮਾਂ ਦੀਆਂ ਤਨਖਾਹਾਂ ਵੀ ਨਹੀਂਉਂ ਦਿੱਤੀਆਂ ਜਾਣੀਆਂ। ਤੂੰ ਸਿਆਣਾ ਏਂ, ਕੋਈ ਜੁਗਤ ਦੱਸ। ਮੈਂ ਪੁੱਛਿਆ ਲੱਭਿਆ ਈ ਕੋਈ ਢੰਗ? ”ਪੁੱਤਰ ਢੰਗ ਲੱਭਣਾ ਸੀ ਸੁਆਹ ਤੇ ਖੇਹ। ਪਹਿਲਾਂ ਆਂਹਦੇ ਨੇ ਟੂਵਲ ਲਵਾਉ, ਉਪਜ ਵਧਾਓ, ਫਿਰ ਜੱਟਾਂ ਦੇ ਮਗਰ ਕਮਾਦਾਂ ਵਿਚ ਉਗਰਾਹੀ ਲਈ ਭੱਜੇ ਫਿਰਦੇ ਨੇ। ਮੇਰੇ ਤੇ ਹਿਸਾਬ ਵਿਚ ਇਹੋ ਗੱਲ ਆਈ ਏ ਕਿ ਇਹ ਮੂਤਰ ਪੀਣਿਆਂ ਦੀ ਸਰਕਾਰ ਬਹੁਤਾ ਚਿਰ ਨਹੀਂ ਉ ਚੱਲਣੀ।’ ’
ਅਜ਼ਾਦੀ ਲਈ ਕੈਦ ਹੋਏ ਲੋਕਾਂ ਲਈ ਪੈਨਸ਼ਨ ਲਾਉਣ ਦੀ ਗੱਲ ਟੁਰੀ। ਚਾਚਾ ਸ਼ੰਗਾਰਾ ਸਿੰਘ ਨੇ ਕਾਗਜ਼ ਭਰ ਦਿੱਤੇ। ਸ਼ਹੀਦ ਭਗਤ ਸਿੰਘ ਦੇ ਭਰਾ ਕੁਲਤਾਰ ਸਿੰਘ ਨੇ ਪੁੱਛਗਿਛ ਕਰਨੀ ਸੀ। ਜਦੋਂ ਚਾਚੇ ਦੀ ਵਾਰੀ ਆਈ ਤਾਂ ਉਹਨੇ ਪੁੱਛਿਆ ”ਬਾਪੂ ਜੀ, ਤੁਸੀਂ ਕਦੋਂ ਜੇਲ੍ਹ ਕੱਟੀ ਸੀ।’ ’ ਚਾਚੇ ਨੇ ਹੋਰ ਪਾਸੇ ਗੱਲ ਤੋਰ ਲਈ। ”ਮੈਂ ਕੋਈ ਪਿਨਸ਼ਨ ਲੈਣ ਨਹੀਂ ਆਇਆ। ਮੈਂ ਤੇ ਤੇਰੇ ’ ਚੋਂ ਉਸ ਸੂਰਮੇ ਦੇ ਦਰਸ਼ਨ ਕਰਨ ਆਇਆਂ ਜਿਨੂੰ ਵੇਖਿਆਂ ਭੁੱਖ ਲਹਿੰਦੀ ਸੀ। ਉਧਰ ਚਾਰ ਮੁਰੱਬੇ ਵੱਸਦੇ ਰੱਸਦੇ ਛੱਡ ਆਏ ਆਂ, ਤੁਹਾਡੀ ਇਸ ਪਿਨਸ਼ਨ ਨੇ ਕੋਈ ਮਹਿਲ ਤੇ ਪਾ ਨਹੀਂ ਦੇਣੇ ਸਭ ਨੂੰ। ਉਹ ਦਾਤਾ ਦੇਣ ਵਾਲਾ ਏ, ਬੰਦੇ ਦੇ ਹੱਥੋਂ ਦੁਆਕੇ ਤੇ ਉਹਨੂੰੂ ਉਹਨੇ ਵਡਿਆਈ ਦੇਣੀ ਹੁੰਦੀ ਏ। ਉਹ ਉਪਰ ਵਾਲੇ ਦਾ ਜਿਵੇਂ ਜੀ ਕਰੇ ਉਹਨੂੰ ਜੱਸ ਦੇਵੇ, ਅਸੀਂ ਤੁਸੀਂ ਕਿਹਦੇ ਪਾਣੀਹਾਰ ਹਾਂ।’ ’ ਚਾਚੇ ਨੂੰ ਉਹਨੇ ਕੁਝ ਹੋਰ ਪੁੱਛੇ ਬਿਨਾ ਪਿਨਸ਼ਨ ਲਾ ਦਿੱਤੀ। ਸਾਰੇ ਹੱਸਣ ਕਿ ਘੋੜੀ ਖੋਲ੍ਹਣ ਦੇ ਜੁਰਮ ਵਿਚ ਕੈਦ ਹੋਇਆ ਚਾਚਾ ਪਿਨਸ਼ਨੀਆ ਬਣ ਗਿਆ।
ਚਾਚੇ ਨੂੰ ਪਤਾ ਲੱਗਿਆ ਕਿ ਉਧਰਲੇ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਜਥੇ ਨੂੰੂ ਖੁੱਲ੍ਹ ਮਿਲੀ ਏ। ਉਹਨੇ ਝੱਟ ਅਪਣਾ ਨਾਂ ਪਤਾ ਅੰਬਰਸਰ ਜਾ ਲਿਖਾਇਆ। ਪਾਕਿਸਤਾਨ ਜਾਣ ਲੱਗਿਆ ਉਹ ਸਾਰਿਆਂ ਦੇ ਗਲ ਲੱਗ ਕੇ ਮਿਲਿਆ। ਉਹਦੀਆਂ ਅੱਖਾਂ ’ ਚੋਂ ਸਾਉਣ ਦੀ ਝੜੀ ਵਾਂਗੂ ਅੱਥਰੂ ਤਰੱਪਕਦੇ ਸੀ। ਮੈਂ ਆਖਿਆ ”ਚਾਚਾ ਇੰਝ ਲੱਗਦੈ ਜਿਵੇਂ ਲਾਮ ’ ਤੇ ਚੱਲਿਆ ਹੋਵੇਂ। ਔਹ ਦਸ ਦਿਨਾਂ ਨੂੰ ਤੂੰ ਫਿਰ ਮੁੜ ਆਉਣੈ, ਐਡੀ ਦਿਲ ਨੂੰ ਲਾਉਣ ਵਾਲੀ ਕੇੜ੍ਹੀ ਗੱਲ ਏ।’
’ਕਹਿੰਦਾ -ਪੁੱਤਰ ਅਪਣੇ ਵਤਨ ਚਲਿਆਂ, ਖੌਰੇ ਉਹ ਅਪਣੇ ਕੋਲ ਹੀ ਰੱਖ ਲਏ, ਮੈਨੂੰ ਤੇ ਅੱਜ ਏਨਾ ਚਾਅ ਏ ਕਿ ਜਿਵੇਂ ਕੋਈ ਭੈਣ ਅਪਣੇ ਭਰਾ ਦੇ ਪਲੇਠੀ ਦੇ ਛੋਹਰ ਦੇ ਧਮਾਨ ’ ਤੇ ਚੱਲੀ ਹੋਵੇ।
ਜਥੇ ਵਾਲੇ ਦੱਸਦੇ-ਉਹ ਜਿੰਨਾ ਚਿਰ ਉਧਰ ਰਿਹਾ ਅੰਝਾਣਿਆਂ ਵਾਂਗ ਕਦੇ ਖੁਸ਼ ਕਦੇ ਭੁੱਬਾਂ ਮਾਰਕੇ ਰੋ ਪਵੇ। ਕਦੀ ਭੁੰਜੇ ਲੇਟਣੀਆਂ ਲੈਣ ਲੱਗ ਜਾਂਦਾ ਜੇ ਕਿਸੇ ਨੇ ਡੱਕਣਾ ਕਿ ਕੱਪੜੇ ਖਰਾਬ ਹੁੰਦੇ ਨੇ ਉਹਨੇ ਝਈ ਲੈ ਕੇ ਪੈਣਾ- ”ਇਹ ਮਿੱਟੀ ਤੇ ਸੁੱਚੀ ਏ, ਇਹ ਤਨ, ਮਨ ਦੀ ਮੈਲ ਲਾਹ ਦੇਂਦੀ ਏ, ਤੁਹਾਨੂੰ ਕੀ ਪਤੈ ਇਹਦੀ ਤਾਸੀਰ ਦਾ।’ ’ ਵਾਪਸ ਆਉਂਦਿਆਂ, ਨਾਲ ਵਾਲੇ ਦੱਸਦੇ ਨੇ ਉਹ ਨਨਕਾਣਿਉਂ ਹੀ ਗੱਡੀ ਦੀ ਬਾਰੀ ਵਿਚ ਖਲੋ ਗਿਆ। ਅਸਾਂ ਬੜਾ ਜ਼ੋਰ ਲਾਇਆ ਕਿ ਵਡੇਰਾ ਸਰੀਰ ਏ ਅੰਦਰ ਰਮਾਨ ਨਾਲ ਬਹੁ ਪਰ ਮੰਨਿਆ ਨਾ। ਰਾਵੀ ਆਈ ਉਹਨੇ ਗੱਡੀ ’ ਚੋਂ ਅਛੋਪਲੇ ਛਾਲ ਮਾਰ ਦਿੱਤੀ। ਸਾਰੇ ਹਫੜਾ ਦਫੜੀ ਮੱਚ ਗਈ। ਉਹਦੀ ਸੀਟ ’ ਤੇ ਉਹਦਾ ਝੋਲਾ ਪਿਆ ਸੀ। ਫਰੋਲ ਕੇ ਵੇਖਿਆ ਨਨਕਾਣਾ ਸਾਹਿਬ ਤੋਂ ਮਿਲਿਆ ਪ੍ਰਸ਼ਾਦ ਤੇ ਮੁੱਠ ਕੁ ਮਿੱਟੀ ਉਹਦੇ ਪਰਨੇ ਦੇ ਲੜ ਬੱਝੀ ਸੀ।