ਇਹ ਇਕ ਨੰਬਰ ਦੀ ਚੰਬਲ ਘਾਟੀ ਹੈ
ਲੋਕ ਕਹਿੰਦੇ ਹਨ-
ਇੱਥੇ ਡਾਕੂ ਰਹਿੰਦੇ ਹਨ
ਇਹ ਸਤਾਇਆਂ ਦੀ ਸੁਪਰੀਮ ਅਦਾਲਤ ਹੈ
ਰੁੱਖ਼-ਜੱਜ ਹਨ, ਵਕੀਲ ਹਨ
ਉੱਡਦੀ ਰੇਤ, ਛੁਪਣਗਾਹਾਂ, ਝਾੜੀਆਂ
ਗਵਾਹ ਭੁਗਤਦੇ ਹਨ
ਫ਼ੈਸਲੇ ਸੁਣਾਏ ਨਹੀਂ ਜਾਂਦੇ-ਹੁੰਦੇ ਹਨ
ਤੁਸੀਂ ਬੇਕਸੂਰ ਹੋ–ਪਰ
ਬਰੀ ਨਹੀਂ-ਇੱਥੇ ਰਹੋ
ਝੂਠ ਵੱਲ ਮੂੰਹ ਕਰਕੇ ਖੜ੍ਹ ਜਾਵੋ
ਜਦ ਤੱਕ ਜਿਊਂਦੇ ਹੋ
ਝੂਠ ਨੂੰ ਸ਼ੂਟ ਕਰਦੇ ਰਹੋ।
…….
ਇਹ ਦੋ ਨੰਬਰ ਦੀ ਚੰਬਲ ਘਾਟੀ ਹੈ
ਇਸ ਨੂੰ ਚੰਬਲ ਘਾਟੀ ਨਾ ਕਹੋ
ਦੇਸ਼-ਧਰੋਹੀ ਹੋ ਜਾਵੋਗੇ
ਸ਼ੂਟ ਹੋ ਜਾਵੋਗੇ
ਖੜਾਕ ਨਹੀਂ ਹੋਵੇਗਾ
ਕੰਧਾਂ ਵੋਟਰ ਸੂਚੀਆਂ ਦੀਆਂ ਹਨ
ਅਦਾਲਤਾਂ-ਇੱਟਾਂ, ਪੱਥਰ
ਫ਼ੈਸਲੇ ਸੁਣਾਏ ਜਾਂਦੇ ਹਨ :
ਕਾਤਲ ਉਹ ਨਹੀਂ ਹੁੰਦਾ-ਜਿਸਨੇ
ਕਤਲ ਕੀਤਾ ਹੋਵੇ
ਕਾਤਲ ਉਹ ਹੁੰਦੈ-ਜਿਸਨੂੰ
ਕਾਤਲ ਕਿਹਾ ਜਾਵੇ
ਜੋ ਇਕ ਬੰਦਾ ਮਾਰਦਾ ਹੈ-ਉਹ
ਕਾਤਲ ਹੁੰਦੈ
ਜੋ ਹਜ਼ਾਰਾਂ ਬੰਦੇ ਮਾਰਦਾ ਹੈ-ਉਹ
ਲੱਖਾਂ ਦਾ ਰਖ਼ਵਾਲਾ ਹੁੰਦੈ
…….
ਮੈਂ ਦੋ ਨੰਬਰ ਦੀ ਚੰਬਲ ਘਾਟੀ ਦੇ
ਬਾਹਰ ਖੜ੍ਹਾ ਹਾਂ
ਮੇਰੇ ਅੰਦਰੋਂ ਇੱਕ ਸੁਰੰਗ
ਇੱਕ ਨੰਬਰ ਦੀ ਚੰਬਲ ਘਾਟੀ ਦੇ
ਅੰਦਰ ਜਾਂਦੀ ਹੈ
ਜਿਸ ਰਾਹੀਂ ਡਾਕੂ ਮੇਰੇ ਕੋਲੋਂ
ਰੋਟੀ ਖਾ ਕੇ ਜਾਂਦੇ ਹਨ।