ਵਰਜਣਾ
ਸ਼ੀਸ਼ੇ ’ਚ ਪਈ ਹਾਂ
ਕਿਵੇਂ ਛੂਹੇਂਗਾ…
ਨਾ ਤੋੜ ਸਕਦੈ ਸ਼ੀਸ਼ਾ
ਨਾ ਫੜ੍ਹ ਸਕਦੈ ਮੈਨੂੰ
ਫੜ੍ਹ ਕੇ ਜੇ ਚੁੰਮ ਲਏ
ਮੇਟ ਲਏ ਫ਼ਾਸਲੇ
ਤਾਂ ਮੁਹੱਬਤ ਹੈ
ਸ਼ੀਸ਼ੇ ’ਚ ਪਈ ਹਾਂ
ਚੁੰਮ ਕੇ ਵਿਖਾ …
ਦੇਹਾਂ
ਦੇਖਦਾ
ਤਾਂ ਅੱਖਾਂ ਬੰਦ ਕਰ ਲੈਂਦਾ
ਬੰਦ ਕਰਦਿਆਂ ਹੀ ਸੀਸ਼ੇ ਚਮਕਦੇ
ਸ਼ੀਸ਼ਿਆਂ ’ਚ ਫੁੱਲ ਖਿੜ੍ਹਦੇ
ਨੀਲੇ ਪੀਲੇ ਸੁਰਖ਼ ਲਾਲ
ਹਨੇਰੇ ’ਚ ਧੁੱਪ ਲਿਸ਼ਕਦੀ
ਰੰਗ ਹੱਸਦੇ
ਮੈਂ ਸ਼ੀਸ਼ਿਆਂ ’ਚ ਪਾਗਲਾਂ ਵਾਂਗ ਚੁੰਝ ਮਾਰਦਾ
ਫਰੋਲਦਾ ਰੇਤ ਪਾਣੀ ਪੱਥਰ
ਦੌੜਦਾ ਕਈ ਪ੍ਰਤੀਬਿੰਬਾਂ ’ਚ
ਵੇਖਦਾ ਪੰਘਰਦੀ ਅਪਣੀ ਦੇਹ
ਕੁਝ ਹੱਥ ਨਹੀਂ ਲੱਗਦਾ
ਸਿਵਾਏ ਕੁਝ ਚਿੰਨ੍ਹਾਂ ਦੇ
ਜਿਹੜੇ ਜਨਮ ਤੋਂ ਵੀ ਪਹਿਲਾਂ
ਮੇਰੇ ਅੰਦਰ ਅੰਕਿਤ ਹੋ ਚੁੱਕੇ
ਮੈਨੂੰ ਰੰਗ-ਬਿਰੰਗੇ ਸ਼ੀਸ਼ਿਆਂ ਤੇ ਫੁੱਲਾਂ ’ਚ
ਹੱਥ ਮਾਰਨ ਤੋਂ ਰੋਕਦੇ
ਖ਼ੁਦ ਨੂੰ ਤੋੜਨ ਤੋਂ ਟੋਕਦੇ–
ਤੇਰੀ ਦੇਹ ਵੀ ਕੋਈ ਚਿੰਨ੍ਹ ਤਾਂ ਨਹੀਂ…?
ਸ਼ਕੁੰਤਲਾ ਲੌਂਗ ਡਰਾਈਵਿੰਗ ’ਤੇ ਜਾਣਾ ਚਾਹੁੰਦੀ
ਸ਼ਕੁੰਤਲਾ ਏਨੀ ਤੇਜ਼ੀ ਨਾਲ ਚਲਾਉਣਾ ਚਾਹੁੰਦੀ ਕਾਰ
ਕਿ ਮਨ ਰਹਿ ਜਾਏ ਬਹੁਤ ਪਿੱਛੇ
ਏਨਾ ਕਿ ਦਿਸੇ ਨਾ ਕਿਸੇ ਬੈਕ-ਮਿਰਰ ’ਚੋਂ
ਡੋਲੇ ਨਾ ਸਪੀਡ ਬਰੇਕਰ ਤੋਂ
ਉਸ ਨੂੰ ਰਫ਼ਤਾਰ ਨਾਲ ਮੁਹੱਬਤ ਹੈ
ਪਰ ਉਸਨੇ ਅਪਣੀ ਰਫ਼ਤਾਰ ਆਲ੍ਹਣੇ ‘ਚ
ਸੁਰੱਖਿਅਤ ਰੱਖ ਦਿੱਤੀ ਹੈ
ਕਾਰ ਨੂੰ ਪੁੱਠਾ ਕਰ
ਅੰਗੂਠੇ ਨਾਲ ਤਿੱਖੀ ਗਰਾਰੀ
ਤੇਜ਼ ਤੇਜ਼ ਘੁੰਮਾਉਂਦੀ ਹੈ
ਕਾਰ ਵਾਰ-ਵਾਰ ਪੈਰਾਂ ‘ਚ ਆ ਵਜਦੀ
ਉਸਨੂੰ ਪੈਰਾਂ ’ਚੋਂ ਜੰਗਾਲੀਆਂ ਗਰਾਰੀਆਂ ਦੇ
ਘੂੰਮਣ ਦੀ ਆਵਾਜ਼ ਆਉਂਦੀ ਹੈ
ਰਫ਼ਤਾਰ ਆਲ੍ਹਣੇ ‘ਚੋਂ ਹੇਠਾਂ ਡਿਗਦੀ
ਸ਼ਕੁੰਤਲਾ ਰਫ਼ਤਾਰ ਚੁੱਕਦੀ
ਲੋਂਗ ਡਰਾਇਵ ਲਈ
ਅਸਮਾਨ ਵਲ ਦੇਖਦੀ
ਤੇ ਅਪਣੀ ਮੁੰਦਰੀ ਦੂਰ ਕਿਸੇ ਖਲਾਅ
ਕਿਸੇ ਗ੍ਰਹਿ ‘ਤੇ ਸੁੱਟ ਆਉਣਾ ਚਾਹੁੰਦੀ
ਸ਼ਕੁੰਤਲਾ ਕਾਰ ਦੀ ਚਾਬੀ ਲੈ ਕੇ
ਵਾਰ-ਵਾਰ ਦਰਵਾਜ਼ੇ ਵਲ ਦੋੜਦੀ।
ਗੋਪੀ
ਸੁੱਤੀ ਪਈ ਨੂੰ ਨਿਹਾਰਦਾ
ਮਿੱਟੀ ਦਾ ਦੇਵਤਾ ਮੈਂ ਭੁਰ ਰਿਹਾ
ਮਿੱਟੀ ਮਿੱਟੀ
ਮੇਰੀ ਤੱਕਣੀ ਲੰਘ ਰਹੀ
ਉਹਦੀ ਕੱਚੀ ਮਿੱਟੀ ’ਚੋਂ
ਪਹੁੰਚ ਰਹੀ ਨੀਂਦ ’ਚ ਸੁਪਨੇ ਤੱਕ
ਢੂੰਡ ਰਹੀਂ ਜਿੱਥੇ ਉਹ ਅਪਣਾ ਕਾਹਨ
ਉਹਦੇ ਪੈਰਾਂ ’ਚ ਨਜ਼ਰ ਦੇ ਫੁੱਲ ਧਰਦਾ
ਛੋਹ ਨਾਲ ਜਾਗਦੀ
ਮੈਂ ਆਖਦਾ…
”ਕਿੰਨਾ ਚੰਗਾ
ਰਾਧਾ ਤੇ ਰੁਕਮਣੀ ਇਸ ਜਨਮ
ਇਕੋ ਦੇਹ ’ਚ ਆ ਗਈਆਂ…’’
ਖਿੜਖਿੜਾਉਂਦੀ ਉੱਠਦੀ ਕਹਿੰਦੀ-
”ਰਾਧਾ ਜਾਂ ਰੁਕਮਣੀ ਨਹੀਂ
ਹਰ ਰੋਜ਼ ਨਵੀਂ ਗੋਪੀ ਹਾਂ
ਤੇਰੇ ਪਨਘਟ ’ਤੇ
ਰੋਜ਼ ਮੇਰਾ ਘੜ੍ਹਾ ਇਸੇ ਤਰ੍ਹਾਂ ਭੰਨ….
ਰਸਤਾ
ਅੰਨੇ ਨ੍ਹੇਰੇ ’ਚ ਉਸ ਨੇ ਮੇਰਾ ਹੱਥ ਫੜ੍ਹਿਆ
ਮੇਰੀ ਤਲੀ ’ਚੋਂ ਇਕ ਲਕੀਰ ਨੇ ਰਸਤਾ ਬਦਲ ਲਿਆ
ਮੈਂ ਅਪਣੀ ਕਿਸਮਤ ਨੂੰ
ਉਹਦੇ ਚੁੰਮਣਾਂ ’ਚੋਂ ਨਿਖਰਦੀ ਵੇਖ ਰਿਹਾਂ
ਅਪਣੇ ਸੱਚ ਨੂੰ
ਉਹਦੀ ਦੇਹ ਦੇ ਬਦਲਵੇਂ ਰੰਗਾਂ ਨਾਲ
ਬਦਲਦਿਆਂ ਤੱਕ ਰਿਹਾਂ
ਉਹਦੀ ਛੋਹ ਨਾਲ
ਮੇਰੀ ਕੰਧ ’ਤੇ ਟੰਗੇ
ਸਦੀਆਂ ਪੁਰਾਣੇ ਸ਼ੀਸ਼ੇ ਤਿੜਕ ਰਹੇ
ਮੇਰੀ ਧਰਤੀ
ਅਪਣੀਆਂ ਤਰੇੜਾਂ ’ਚੋਂ ਦੇਖ ਰਹੀ
ਮੀਂਹ ਦੀਆਂ ਕਣੀਆਂ
ਕਰੰਟ ਵਾਂਗ ਜਿਸਮ ’ਤੇ ਪੈ ਰਹੀਆਂ
ਇਕ ਲਕੀਰ ਦੇ ਰਸਤਾ ਬਦਲਣ ਨਾਲ
ਕਿੰਨਾ ਕੁਝ ਬਦਲਦਾ।
ਜਲ-ਪਰੀ
ਆਉਂਦੀ ਵੇਰ ਆਉਂਦੀ
ਅਚਵੀ ਕਿਸੇ ਤੋਟ ਵਾਂਗ
ਜਾਂਦੀ ਵੇਰ ਜਾਂਦੀ
ਭਰੇ ਬੱਦਲ ਦੇ ਪਰਛਾਵੇਂ ਵਾਂਗ
ਆਉਂਦੀ ਤਾਂ ਹੱਸਦੀ ਖਿੜਖਿੜਾਉਂਦੀ
ਅੰਦਰਲੀ ਨਿੱਕੀ ਪਾਕਟ ’ਚ ਰੱਖੀ
ਡੁਪਲੀਕੇਟ ਚਾਬੀ ਕੱਢਦੀ ਕਹਿੰਦੀ
ਲੈ ਖੋਲ੍ਹ ਮੈਨੂੰ….
ਜਲ-ਪਰੀ ਦੀ ਗੋਦ ’ਚ
ਸੁੱਤਾ ਸਮੁੰਦਰ ਵਿਖਾਉਂਦੀ
ਗੀਟੇ ਵੱਟੇ ਪਰਾਂ ਕਰਦੀ
ਮੇਰੇ ਹਨੇਰੇ ’ਚ ਧੱਸਦੀ
ਇਕ ਖੰਭ ਹੱਥਾਂ ’ਚ ਫੜਾਉਂਦੀ
”ਭੁੱਲ ਗਿਆ ਇਸ ਨੂੰ
ਕਦੋਂ ਤੇ ਕਿਹੜੇ ਜਨਮ ਦਾ ਪਿਆ ਇੱਥੇ
ਇਸੇ ਨਾਲ ਲਿਖਣੀ ਤੂੰ
ਪਾਣੀ ਤੇ ਪਿਆਸ ਦੀ ਕਹਾਣੀ
ਜਾਂਦੀ ਤਾਂ
ਪੂਰਾ ਬੂਹਾ ਕਦੇ ਨਾ ਢੋਂਦੀ
ਝੀਥ ਛੱਡ ਜਾਂਦੀ
ਡੁੱਬਦੇ ਸੂਰਜ ਦੀਆਂ ਕਿਰਨਾਂ
ਟੇਢੀਆਂ ਮੇਢੀਆਂ ਵਲ਼ ਖਾਂਦੀਆਂ
ਕਮਰੇ ਦੇ ਰੰਗਦਾਰ ਸ਼ੀਸ਼ੇ ’ਤੇ ਪੈਂਦੀਆਂ
ਸ਼ੀਸ਼ੇ ’ਚੋਂ ਰੰਗਦਾਰ ਇਕ ਖੰਭ ਡਿਗਦਾ
ਧੁੰਦਲਾ ਇਕ ਅਕਸ ਬਣਦਾ
ਜਾਂਦੀ ਵੇਰ ਉਹ ਜਲ-ਪਰੀ-ਕਿੱਥੇ ਜਾਂਦੀ..?
ਵਸਤਰ ਤੇ ਪਰਵਾਜ਼
ਮੈਨੂੰ ਸਾਰੀ ਉਮਰ ਨਿਰ-ਵਸਤਰ ਹੋਣਾ ਨਹੀਂ ਆਇਆ
ਉਹ ਪੰਛੀ ਬਣ ਪਰ ਫੜਫੜਾਉਂਦੀ ਰਹੀ
ਮੈਂ ਜਦ ਵੀ ਕੋਈ ਵਸਤਰ ਢੂੰਡ ਰਿਹਾ ਹੁੰਦਾ
ਉਹ ਅਪਣਾ ਕੋਈ ਖੰਭ ਉਤਾਰ
ਮੇਰੇ ਕਾਲਰ ’ਚ ਫਸਾ ਦੇਂਦੀ
ਮੈਂ ਅਪਣੇ ਵਸਤਰਾਂ ਦੀ ਗੁਲਾਮੀ ’ਚ
ਪਰਵਾਜ਼ ਦਾ ਹੁਸਨ ਵੇਖਦਾ ਵੇਖਦਾ
ਇਕ ਦੋ ਖੰਭਾਂ ਦੇ ਸੁਪਨੇ ਲੈਣ ਲੱਗ ਪਿਆ
ਉਸ ਮੈਨੂੰ ਸਭ ਖੰਭ ਦੇ ਕੇ ਵੀ
ਅਪਭੀ ਪਰਵਾਜ਼ ਨੂੰ ਨਿਰ-ਵਸਤਰ ਨਾ ਹੋਣ ਦਿੱਤਾ
ਕਿੰਝ ਕੋਈ ਪੂਰਾ ਹੋ ਜਾਂਦਾ
ਇਕ ਦੋ ਖੰਭਾਂ ਨਾਲ
ਕੋਈ ਨੰਗਾ ਰਹਿ ਜਾਂਦਾ
ਪੂਰੇ ਅਸਮਾਨ ਦੇ ਹੁੰਦਿਆਂ ਵੀ
ਪੁਰਾਣੇ ਨਵੇਂ
ਉਹ ਹਰ ਰਾਤ ਉਸੇ ਦੇਹ ’ਚ ਠਹਿਰਦਾ
ਜਿਸ ਦੀ ਧੁੱਪ ’ਚ ਦਿਨੇ ਨਹਾਉਂਦਾ
ਇਕੋ ਦੇਹ ਰੋਜ਼ ਅਪਣੇ
ਚਾਨਣ ਤੇ ਹਨੇਰੇ ਨਾਲ ਨਵੀਂ ਕਰਦਾ
ਜਦ ਰਾਤ ਠਹਿਰਦਾ
ਤਾਂ ਹਨੇਰੇ ਦੀਆਂ ਸੀਮਾਵਾਂ
ਉਹਦੇ ਕਿਨਾਰੇ ਬੈਠ ਛਿਲਦਾ
ਜਦ ਦਿਨੇ ਨਹਾਉਂਦਾ
ਤਾਂ ਪਿਘਲਦਾ ਸੋਨਾ ਉਸ ’ਚ ਪਲਟ ਦੇਂਦਾ
ਇਕੋ ਦੇਹ ’ਚ ਰੋਜ਼
ਧਰਤੀ ਸੂਰਜ ਗਿੜ੍ਹਦੇ
ਪੁਰਾਣੇ ਹੁੰਦੇ
ਨਵੇਂ ਕਰਦੇ।
ਨਾਗ
ਤੇਰੀ ਸੁੱਤੀ ਪਈ ਦੀ ਨੀਂਦ ’ਚ
ਕਿਹੜਾ ਹੈ ਇਹ ਨਾਗ ਜਾਗਦਾ
ਮੈਂ ਜਿਸ ਨੇ ਪੀਤਾ ਤੇਰਾ ਸਾਰਾ ਜ਼ਹਿਰ
ਹੰਗਾਲਿਆ ਸਮੁੰਦਰ
ਫਰੋਲੀ ਸਖ਼ਤ ਜ਼ਮੀਨ
ਉਤਰਿਆ ਜੜ੍ਹਾਂ ਤਾਈਂ
ਪੜ੍ਹਿਆ ਅਣਲਿਖਿਆ
ਸੁਣੀ ਜੰਗਲ ਜੰਗਲ ਭਟਕਦੀ ਆਵਾਜ਼
ਬਣਿਆ ਹਰਫ਼ ਅਬੋਲ ਸ਼ਬਦਾਂ ਭਾਵਨਾਵਾਂ ਦਾ
ਤੇਜੱਸਵੀ ਚੰਚਲ ਪਾਣੀਆਂ ਅੰਦਰ ਰੱਖਿਆ
ਨਿੱਕਾ ਜਿਹਾ ਅਪਣਾ ਚੰਦਰਮਾ
ਤੇਰੀ ਸੁੱਤੀ ਪਈ ਦੀ ਨੀਂਦ ’ਚ
ਕਿਹੜਾ ਹੈ ਇਹ ਨਾਗ ਜਾਗਦਾ
ਪੀਣਾ ਜਿਸਦਾ ਜ਼ਹਿਰ ਬਾਕੀ।