“ਬਾਪੂ ਜੀ ਚਲੋ ਫੇਰ ਕੁਵੇਲਾ ਹੋਜੂ।”
ਵੱਡੇ ਪੋਤੇ ਗੋਲਡੀ ਦੇ ਬੋਲ ਮੇਰੇ ਕੰਨਾਂ ’ਚ ਪੈਂਦੇ ਨੇ।
”ਆਇਆ ਬੇਟੇ,” ਮੇਰੇ ਮੂੰਹੋਂ ਇਕਦਮ ਨਿਕਲਦਾ ਹੈ। ਮੰਜੇ ਕੋਲ ਪਏ ਸਟੂਲ ਨੂੰ ਪਾਸੇ ਕਰਕੇ ਉੱਠਣ ਲੱਗਦਾ ਹਾਂ। ਤਿਆਰ ਹੋ ਕੇ ਵੀ ਜਾਣ ਨੂੰ ਮਨ ਨਹੀਂ ਮੰਨਦਾ। ਐਨੇ ’ਚ ਮੇਰੇ ਕੋਲ ਆ ਕੇ ਗੋਲਡੀ ਚਾਹ ਵਾਲੇ ਕੱਪ ਚੁੱਕਦਾ ਪੁੱਛਦਾ ਹੈ-
”ਕੀ ਗੱਲਾਂ ਕਰਦੇ ਸੀ? ਪਾਪਾ ਨਾਲ ਬਾਪੂ ਜੀ ਬਹੁਤ ਦੇਰ ਲਾਤੀ। ਮੈਂ ਸੋਚਦਾ ਸਾਂ ਕਦ ਮੀਟਿੰਗ ਮੁੱਕੇ। ਗੱਡੀ ਬਾਹਰ ਕੱਢਾਂ। ਬਾਪੂ ਜੀ ਕਿਉਂ ਐਵੇਂ ਉਲਝੇ ਪਏ ਓਂ ਤੁਸੀਂ। ਸਭ ਆਵਦੀ ਆਵਦੀ ਕਰਦੇ ਐ। ਹਰੇਕ ਨੇ ਮਨ ਆਈ ਕੀਤੀ ਐ। ਫਿਰ ਜਦ ਤੁਹਾਡੀ ਕੋਈ ਪਰਵਾਹ ਨਾ ਕਰੇ, ਤੁਸੀਂ ਐਵੇਂ ਸਾਹ ਸੁਕਾਈ ਜਾਓਂ। ਕੀ ਗੱਲ ਬਣਦੀ ਐ। ਤੁਸੀਂ ਮੌਜ ਕਰੋ, ਸਭ ਗੱਲਾਂ ਠੀਕ ਹੁੰਦੀਆਂ ਨੇ। ਹਰੇਕ ਅਪਣੇ ਅਪਣੇ ਐਂਗਲ ਤੋਂ ਜਸਟੀਫਾਈ ਕਰਦੈ।” ਗੋਲਡੀ ਨੂੰ ਪਤਾ ਤਾਂ ਹੈ ਪਰ ਗੱਲ ਸਿਰਫ ਗੱਲ ਕਰਨ ਵਾਸਤੇ ਹੀ ਪੁੱਛੀ ਹੈ ਉਸਨੇ।
ਗੋਲਡੀ ਦੀ ਗੱਲ ਸੁਣ ਕੇ ਮਨ ਫੇਰ ਉਲਟ-ਪੁਲਟ ਹੋਣ ਲੱਗ ਪਿਆ ਹੈ। ਇਸ ਬੱਚੇ ਨੂੰ ਕੀ ਦੱਸਾਂ, ਲਖਵੀਰ ਕਿਵੇਂ ਲੋਹੇ ਦਾ ਥਣ ਬਣਿਆ ਆਵਦੀ ਪਗੌਣ ’ਤੇ ਅੜਿਆ ਖੜਿਐ। ਇਉਂ ਲਾਗੇ ਦੇਗੇ ਥੋੜ੍ਹੇ ਖਤਮ ਹੋ ਜਾਂਦੇ ਨੇ ਜਿਉਂਦਿਆਂ ਜੀਆਂ ਦੇ। ਨਾਲੇ ਮਨੀ ਦੇ ਕਾਰਿਆਂ ਨੇ ਤਾਂ ਪਹਿਲਾਂ ਕਿੱਥੋਂ ਤੱਕ ਪਹੁੰਚਾਏ ਪਏ ਆਂ। ਹੱਦ ਹੋਈ ਪਈ ਐ ਇਸ ਟੱਬਰ ਆਲੀ। ਚਲੋ ਕੋਈ ਵੇਲਾ ਹੁੰਦੈ, ਤੱਤਾ ਠੰਡਾ ਵੀ ਹੋਇਆ ਜਾਂਦੈ। ਨਾਲੇ ਇਹੋ ਜਿਹਾ ਕੀ ਉਪੱਦਰ ਖੜਾ ਕਰਤਾ ਤੇਰੇ ਭਾਈ ਨੇ, ਜਿਹੜਾ ਤੂੰ ਸਹੁਰਿਆ ਬੁਰੇ ਦੇ ਬਾਰ ਤਾਈਂ ਪਹੁੰਚਿਆ ਖੜਿਐਂ। ਲਖਵੀਰ ਦੀਆਂ ਹੁਣੇ ਸੁਣੀਆਂ ਗੱਲਾਂ ਨਾਲ ਤਾਂ ਦੇਹ ਝੂਠੀ ਹੋਈ ਪਈ ਐ। ਸੁਖਵੀਰ ਏਡਾ ਵੀ ਮਾੜਾ ਨਹੀਂ ਹੈ ਜਿੰਨਾ ਲਖਵੀਰ ਤੇ ਇਹ ਲਾਣਾ ਬਣਾਉਣ ’ਤੇ ਤੁਲਿਆ ਖੜਿਐ।
”ਚੱਲੀਏ ਬਾਪੂ ਜੀ।” ਗੋਲਡੀ ਨੇ ਫਿਰ ਆਵਾਜ਼ ਮਾਰੀ। ਕਾਰ ਉਸ ਨੇ ਗੇਟ ਤੋਂ ਬਾਹਰ ਕੱਢ ਲਈ ਹੈ। ”ਤੇਰੇ ਪਾਪਾ ਤੋਂ ਸਾਰੇ ਕੰਮ ਕਾਰ ਪੁੱਛ ਲਏ ਨੇ?” ਕਾਰ ਦੀ ਅਗਲੀ ਸੀਟ ’ਤੇ ਬੈਠਦਿਆਂ ਮੈਂ ਸੁਭਾਵਿਕ ਹੀ ਉਸਨੂੰ ਪੁੱਛਿਆ ਹੈ।
”ਹਾਂ ਜੀ, ਬਸ ਤੁਸੀਂ ਬੈਠੋ। ਸਭ ਕੁਝ ਸਮਝ ਲਿਐ।”
ਪੋਤੇ ਗੋਲਡੀ ਦੀ ਤਿਆਰੀ ਲਈ ਕੁਛ ਸਾਮਾਨ ਸ਼ਹਿਰੋਂ ਲੈਣਾ ਹੈ। ਇਸ ਦੇ ਨਾਲ ਜਾ ਰਿਹਾ ਹਾਂ।
ਉਸੇ ਸ਼ਹਿਰ ਸੁਖਵੀਰ ਰਹਿਣ ਲੱਗ ਪਿਐ। ਲਖਵੀਰ ਦੀਆਂ ਘੁਰਕੀਆਂ ਯਾਦ ਕਰਕੇ ਇਹਨਾਂ ਦੋਵਾਂ ਦਾ ਬਚਪਨ ਮੇਰੀਆਂ ਅੱਖਾਂ ਅੱਗੋਂ ਲੰਘਣਾ ਸ਼ੁਰੂ ਹੋ ਗਿਐ।
ਦੋਵੇਂ ਅੱਗੜ ਪਿੱਛੜ ਦੇ ਸਨ। ਮਸਾਂ ਡੂਢ ਕੁ ਸਾਲ ਦਾ ਫ਼ਰਕ ਸੀ ਇਹਨਾਂ ਦਾ ਆਪਸ ਵਿਚ। ਦੋਵੇਂ ਕੱਠੇ ਖੇਡਦੇ। ਇਹਨਾਂ ਦੀ ਮਾਂ ਦੋਹਾਂ ਦੇ ਇਕੋ ਜਿਹੇ ਕੁੜਤੇ ਪਜਾਮੇ ਸਿਲਾਕੇ ਪਵਾ ਦਿੰਦੀ। ਜੂੜੇ ਕਰਕੇ ਚਿੱਟੇ ਰੁਮਾਲ ਬੰਨ੍ਹ ਦਿੰਦੀ।
ਕੇਸੀਂ ਨਵ੍ਹਾ ਕੇ ਜਦ ਸਿਰ ਨੂੰ ਤੇਲ ਲਦਾਉਣ ਲਗਦੀ ਸੁਖਵੀਰ ਰਾਮ ਨਾਲ ਤੇਲ ਲਵਾਉਂਦਾ ਪਰ ਲਖਵੀਰ ਅੜਕੇ ਖੜ੍ਹ ਜਾਂਦਾ।
”ਹਾਲੇ ਨੀ, ਹਾਲੇ ਨੀ, ਅਸੀਂ ਤਾਂ ਖੇਡਦੇ ਆਂ।”
ਮਸਾਂ ਫੜਕੇ ਬਿਠਾਉਂਦੀ ਇਹਨਾਂ ਦੀ ਮਾਂ ਇਹਨੂੰ। ਵਿਹੜੇ ’ਚ ਭੱਜੇ ਫਿਰਦੇ ਖਰਗੋਸ਼ਾਂ ਵਰਗੇ ਲੱਗਦੇ। ਗੁਆਂਢ ਦੀ ਜਲ ਕੁਰ ਬੁੜ੍ਹੀ ਵੇਖ ਕੇ ਕਹਿੰਦੀ,
”ਕੁੜੇ ਸੁਰਜੀਤ ਕੁਰੇ, ਤੇਰੇ ਦੋਵਾਂ ਪੁੱਤਾਂ ਦੀ ਤਾਂ ਮੈਨੂੰ ਸਿਆਣ ਈ ਨੀਂ ਆਉਂਦੀ। ਇਕੋ ਜੇ ਨੇ।”
ਸਕੂਲ ਪੜ੍ਹਨ ਲਾਏ। ਦੋਵੇਂ ਇਕੱਠੇ ਜਾਂਦੇ। ਆ ਕੇ ਵੀ ਇਕੱਠੇ ਪੜ੍ਹਦੇ। ਇਕ ਦਿਨ ਇਹਨਾਂ ਦੀ ਮਾਂ ਫੀਸ ਦੇਣ ਗਈ। ਨਵੀਂ ਆਈ ਭੈਣ ਜੀ ਪੁੱਛਣ ਲੱਗੀ, ਜੌੜੇ ਨੇ ਇਹ?”
ਘਰੇ ਆ ਕੇ ਇਹਨਾਂ ਦੀ ਮਾਂ ਹੱਸਣੋਂ ਨਾ ਹਟੇ, ”ਫੋਟ ਜੈ ਖਾਣੇ ਦੀ ਨੂੰ ਪੁੱਛਣ ਆਲਾ ਹੋਵੇ- ਜਨਮ ਤਰੀਕ ਲਿਖ ਕੇ ਹੀ ਦਾਖਲ ਕਰਾਏ ਨੇ। ਤੂੰ ਦੇਖ ਕੇ ਤਾਂ ਗੱਲ ਕਰ।”
ਲਖਵੀਰ ਘੱਟ ਪੜ੍ਹਦਾ ਸੀ। ਸੁਖਵੀਰ ਤਾਂ ਘਰੇ ਆ ਕੇ ਵੀ ਕਿਤਾਬਾਂ ਕਾਪੀਆਂ ਨਾਲ ਚਿੰਬੜਿਆ ਰਹਿੰਦਾ। ਪਰ ਦੋਵੇਂ ਵਧੀਆ ਨੰਬਰਾਂ ਨਾਲ ਪਾਸ ਹੁੰਦੇ। ਦਸਵੀਂ ਪਾਸ ਕਰਕੇ ਸੁਖਵੀਰ ਕਹਿੰਦਾ, ”ਮੈਂ ਤਾਂ ਕਾਲਜ ’ਚ ਲੱਗਣੈ।”
ਲਖਵੀਰ ਘੇਸਲ ਜੀ ਮਾਰੇ। ਖੇਤ ਦਾ ਵੱਧ ਪਿਆਰਾ ਸੀ ਇਹ। ਇਸੇ ਕਰਕੇ ਖੇਤੀ ’ਚ ਪੈ ਗਿਆ। ਊਂ ਤਾਂ ਚੰਗਾ ਹੋਇਆ। ਮੈਥੋਂ ਕੰਮਾਂ ਕਾਰਾਂ ’ਚ ਸੀਰੀਆਂ ਸਾਂਝੀਆਂ ਨਾਲ ਪੂਰੀ ਨਹੀਂ ਸੀ ਪੈਂਦੀ। ਜਿੱਦਣ ਦੇ ਨੇ ਕੰਮ ਸੰਭਾਲਿਐ- ਸੌਖ ਹੋਗੀ ਸੀ। ਸੁਖਵੀਰ ਨੇ ਚੰਗੀ ਪੜ੍ਹਾਈ ਕੀਤੀ। ਫਿਰ ਬੈਂਕ ’ਚ ਨੌਕਰੀ ਮਿਲ ਗਈ।
ਦੋਹਾਂ ਦੇ ਕੰਮਾਂ ਨੂੰ ਵੇਖਦੇ ਇਹਨਾਂ ਦੀ ਮਾਂ ਦੀ ਅੱਡੀ ਨਾ ਲੱਗਦੀ। ਵੱਡੇ ਤੜਕੇ ਉੱਠ ਕੇ ਨ੍ਹਾ ਕੇ ਗੁਰਦੁਆਰੇ ਜਾ ਆਉਂਦੀ। ਦੁੱਧ ਰਿੜਕ ਕੇ ਧਾਰਾਂ ਕੱਢਦੀ। ਐਨੇ ਨੂੰ ਸੁਖਵੀਰ ਨ੍ਹਾ ਕੇ ਪੱਗ ਬੰਨ੍ਹ ਕੇ ਤਿਆਰ ਹੋਣ ਲੱਗ ਜਾਂਦਾ। ਉਸ ਨੂੰ ਪਰੌਂਠੇ ਪਕਾ ਕੇ ਡਿਊਟੀ ’ਤੇ ਤੋਰਦੀ। ਫਿਰ ਖੇਤ ਵਾਲਿਆਂ ਦੇ ਕੰਮ ਵੱਲ ਹੁੰਦੀ। ਕਿੰਨੇ ਵਧੀਆ ਦਿਨ ਸਨ।
”ਕਿਵੇਂ ਬਾਪੂ ਜੀ ਬੈਠੇ-ਬੈਠੇ ਸਿਰ ਹਿਲਾਈ ਜਾਂਦੇ ਓ।” ਗੱਡੀ ਚਲਾ ਰਹੇ ਗੋਲਡੀ ਦੀ ਨਿਗ੍ਹਾ ਅਚਾਨਕ ਮੇਰੇ ਸਿਰ ਹਿੱਲਣ ’ਤੇ ਪਈ ਐ।
”ਨਹੀਂ ਪੁੱਤਰਾ ਬੱਸ ਐਵੇਂ ਕਿਸੇ ਉੱਖਲੀ ’ਚ ਕਾਰ ਦਾ ਟਾਇਰ ਵੱਜਣ ਕਰਕੇ ਸਰੀਰ ਹਿੱਲਿਆ ਹੋਊ।”
ਮੈਂ ਗੋਲਡੀ ਦਾ ਧਿਆਨ ਬਦਲਣ ਲਈ ਕਿਹਾ ਹੈ।
”ਵਾਹ ਬਾਪੂ ਜੀ! ਪੱਕੀ ਸੜਕ ’ਤੇ ਕਿਹੜੀ ਉੱਖਲੀ ਆਗੀ, ਗੱਡੀ ਤਾਂ ਸੌ ਦੀ ਸਪੀਡ ’ਤੇ ਸੁੱਤੀ ਤੁਰੀ ਜਾਂਦੀ ਐ।”
”ਅੱਛਾ! ਅੱਛਾ! ਹੌਲੀ ਚੱਲ ਫੇਰ।”
ਗੱਲ ਦਾ ਵਿਸ਼ਾ ਬਦਲਣ ਲਈ ਇੰਨਾ ਹੀ ਕਹਿ ਚੁੱਪ ਹੋ ਗਿਆ ਹਾਂ ਮੈਂ। ਆਵਦੀ ਆਖੀ ਗੱਲ ਨਾਲ ਹੀ ਮਨ ਕਿਧਰੇ ਹੋਰ ਘਾਟੀਏਂ ਪੈ ਗਿਆ ਹੈ। ਮਨ ਦੀਆਂ ਭਮੀਰੀਆਂ ਹੋਰ ਤੇਜ਼ ਘੁੰਮਣ ਲਗਦੀਆਂ ਹਨ।
ਸੜਕ ’ਤੇ ਭੱਜਦੀ ਕਾਰ ਦੇ ਟਾਇਰ ਤਾਂ ਨਹੀਂ, ਮੇਰੀਆਂ ਸੋਚਾਂ ਜ਼ਰੂਰ ਜ਼ਿੰਦਗੀ ਦੀਆਂ ਉੱਖਲੀਆਂ ਵਿਚ ਵਜਦੀਆਂ ਡਿਕ-ਡੋਲੇ ਖਾਂਦੀਆਂ ਜਾ ਰਹੀਆਂ ਹਨ।
”ਪੁੱਤਰਾ ਤੈਨੂੰ ਕੀ ਦੱਸਾਂ। ਇਹਨਾਂ ਦੋਵਾਂ ਭਰਾਵਾਂ ਦੇ ਵਿਆਹ ਦੀਆਂ ਰੌਣਕਾਂ ਦੇ ਕੀ ਸਮੇਂ ਸਨ। ਲਖਵੀਰ ਨੂੰ ਪੁੱਛਿਆ, ਰਿਸ਼ਤਿਆਂ ਵਾਲੇ ਆਉਂਦੇ ਐ ਦੱਸ ਭਾਈ ਕੀ ਰਾਇ ਐ ਤੇਰੀ, ਤਾਂ ਆਖਦਾ ਹਾਲੇ ਨੀ ਕਰਵਾਉਣਾ। ਸੁਖਵੀਰ ਦੀ ਨੌਕਰੀ ਕਰਕੇ ਤਾਂ ਕੋਈ ਨਾ ਕੋਈ ਰੋਜ਼ ਖੜਾ ਹੀ ਰਹਿੰਦਾ। ਦੱਸੋ ਕੀ ਮੰਗ ਐ। ਕੁੜੀ ਪੜ੍ਹੀ ਲਿਖੀ ਐ। ਨੌਕਰੀ ’ਤੇ ਲੱਗੀ ਐ। ਜਦ ਤਲਵੰਡੀ ਆਲਿਆਂ ਨੇ ਆ ਜ਼ੋਰ ਪਾਇਆ ਤਾਂ ਇਹੀ ਲਖਵੀਰ ਕਹਿੰਦਾ, ”ਫੇਰ ਮੇਰਾ ਵਿਆਹ ਕਦੋਂ ਹੋਊ। ਇਹਦਾ ਤਾਂ ਕਰੀ ਜਾਂਦੇ ਓ।” ਮੈਂ ਕਿਹਾ, ”ਤੂੰ ਹੀ ਲੱਤ ਨਹੀਂ ਲਾਉਂਦਾ ਅਸੀਂ ਤਾਂ ਤੇਰੇ ਵਿਆਹ ਲਈ ਤਿਆਰ ਬੈਠੇ ਹਾਂ।” ਦੋਵਾਂ ਦੇ ਇਕੱਠਿਆਂ ਦੇ ਵਿਆਹ ਕੀਤੇ। ਨੂੰਹਾਂ ਨਾਲ ਵਿਹੜਾ ਭਰਿਆ-ਭਰਿਆ ਲੱਗਿਆ ਕਰੇ। ਲਖਵੀਰ ਦੇ ਘਰ ਵਾਲੀ ਕੁਲਦੀਪ ਘਰੇ ਰਹਿੰਦੀ। ਕੰਮ ਕਰਨ ਦੀ ਪੂਰੀ ਵਿਉਂਤ ਐ ਉਸ ਨੂੰ। ਸੁਖਵੀਰ ਦੀ ਘਰਵਾਲੀ ਸੁੱਖ ਨਾਲ ਮਾਸਟਰਨੀ ਸੀ। ਕੁਝ ਮਹੀਨੇ ਤਾਂ ਅਪਣੇ ਪੇਕੇ ਪਿੰਡ ਪੜ੍ਹਾਉਣ ਜਾਂਦੀ ਰਹੀ। ਫੇਰ ਸੁਖਵੀਰ ਬਦਲੀ ਕਰਵਾ ਲਿਆਇਆ ਪਿੰਡ ਦੀ। ਕਿਸੇ ਪੰਚਾਇਤੀ ਕੰਮ ਧੰਦੇ ਮੈਂ ਸਕੂਲ ’ਚ ਜਾਂਦਾ। ਕੁਰਸੀ ’ਤੇ ਬੈਠੀ ਹਰਮੀਤ ਨੂੰ ਵੇਖ ਕੇ ਮੇਰੀ ਛਾਤੀ ਚੌੜੀ ਹੋ ਜਾਂਦੀ। ਚਾਵਾਂ ਨਾਲ ਵਿਆਹ ਕੇ ਲਿਆਂਦੀ ਸੀ ਨੂੰਹ। ਸਕੂਲ ਦੇ ਉਪਰਲਿਆਂ ਚੁਬਾਰਿਆਂ ਦੀ ਛੱਤ ਪੈਣੀ ਸੀ। ਅਸੀਂ ਸਾਰੇ ਪੰਚਾਇਤ ਮੈਂਬਰ ਸਕੂਲ ਦੇ ਵਿਹੜੇ ’ਚ ਖੜ੍ਹੇ ਸਾਂ। ਖੜ੍ਹਿਆਂ ਨੂੰ ਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਈ ਹਰਮੀਤ ਨੇ। ਕੁਰਸੀਆਂ ਵਿਹੜੇ ’ਚ ਮੰਗਵਾ ਕੇ ਬੈਠਣ ਲਈ ਕਹਿ ਕੇ ਚਲੀ ਗਈ। ਸਰਪੰਚ ਦੇ ਉਸ ਦਿਨ ਕਹੇ ਬੋਲ ਯਾਦ ਕਰਕੇ ਅੱਜ ਮਨ ਭਰ-ਭਰ ਆਉਂਦੈ, ”ਬਚਨ ਸਿਆਂ ਭਾਗਾਂ ਵਾਲੈਂ ਤੂੰ ਜਿਹਦੇ ਐਨੀ ਸੋਹਣੀ ਤੇ ਸਿਆਣੀ ਨੂੰਹ ਆਈ ਐ। ਔਲਾਦ ਹੋਵੇ ਭਾਈ ਤਾਂ ਤੇਰੇ ਵਰਗੀ।”
ਪਰ ਕੀ ਦੱਸਾਂ ਕਿਸੇ ਨੂੰ, ਹੁਣ ਇਸੇ ਔਲਾਦ ਕਰਕੇ ਮਨ ਅੰਦਰੋਂ ਟੁੱਟਿਆ ਪਿਐ। ਅਸਲ ਦੱਸਾਂ ਕਿਸੇ ਦੇ ਮੱਥੇ ਲੱਗਣ ਨੂੰ ਜੀਅ ਨਹੀਂ ਕਰਦਾ।
ਮੁੜ-ਮੁੜ ਇਸੇ ਕਰਕੇ ਬੀਤਿਆ ਯਾਦ ਕਰੀ ਜਾਂਦਾਂ। ਵਿਆਹ ਦੇ ਸਾਲ ਮਗਰੋਂ ਲਖਵੀਰ ਦੀ ਘਰਵਾਲੀ ਕੋਲ ਕੁੜੀ ਹੋਈ। ਸੁਖਵੀਰ ਦੀ ਘਰਵਾਲੀ ਦੀ ਗੋਦ ਮੁੰਡਾ। ਘਰ ਖੁਸ਼ੀਆਂ ਨਾਲ ਭਰ ਗਿਆ। ਪੋਹ ਸੱਤੇਂ ਨੂੰ ਅਖੰਡ ਪਾਠ ਹੋਣਾ ਸੀ। ਸਾਰੇ ਪਿੰਡ ਵਿਚਦੀ ਮਹਾਰਾਜ ਦੀ ਸਵਾਰੀ ਨਾਲ ਟਰੈਕਟਰ ਟਰਾਲੀਆਂ ਦੇ ਲਾਰੇ ਨਾਲ ਜਲੂਸ ਨਿਕਲਣਾ ਸੀ। ਇਹਨਾਂ ਦੀ ਮਾਂ ਕਹਿੰਦੀ- ਇਸ ਮੌਕੇ ਗੁਰੁ ਘਰ ਨੂੰ ਕੁਛ ਜਰੂਰ ਦਾਨ ਕਰੀਏ । ਜਲੂਸ ਵਾਲੇ ਦਿਨ ਮੈਂ ਇੱਕੀ ਸੌ ਰੁਪੱਈਏ ਮੱਥਾ ਟੇਕਿਆ। ਟਰਾਲੀ ’ਚ ਖੜ੍ਹੇ ਢੱਡ-ਸਾਰੰਗੀ ਨਾਲ ਵਾਰਾਂ ਗਾਉਂਦੇ ਕਵੀਸ਼ਰੀ ਜੱਥੇ ਦੇ ਮੋਢੀ ਨੇ ਤੁਰਤ-ਫੁਰਤ ਕਵਿਤਾ ਜੋੜ ਕੇ ਪੋਤੇ ਦੀਆਂ ਵਧਾਈਆਂ ਦਿੱਤੀਆਂ ਸੀ ਸਾਰੇ ਪਰਿਵਾਰ ਨੂੰ। ਲੋਹੜੀ ਵਾਲੀ ਰਾਤ ਘਰੇ ਪੂਰਾ ਜਸ਼ਨ ਚੱਲਿਆ। ਅਗਵਾੜ ਦੇ ਮੁੰਡੇ ਮੰਜਿਆਂ ’ਤੇ ਬੈਠੇ ਗਲਾਸ ਖੜਕਾ ਰਹੇ ਸਨ। ਲਖਵੀਰ ਉਹਨਾਂ ’ਚ ਬੈਠਾ ਭਰ-ਭਰ ਗਿਲਾਸ ਅੰਦਰ ਸਿੱਟੀ ਜਾਂਦਾ ਸੀ। ਮੈਨੂੰ ਵੀ ਮੱਲੋ ਮੱਲੀ ਗਿਲਾਸ ਦੇ ਗਿਆ ਸੀ ਭਰਕੇ। ਸੁਖਵੀਰ ਨੇ ਉਦੋਂ ਵੀ ਨਹੀਂ ਪੀਤੀ। ਹੁਣ ਵੀ ਨਹੀਂ ਪੀਂਦਾ। ਲਖਵੀਰ ਦੇ ਅੰਦਰ ਉਸੇ ਰਾਤ ਕੋਈ ਖੁੰਧਕ ਪਣਪੀ ਲੱਗੀ। ਜਦ ਨਸ਼ੇ ਦੇ ਲੋਰ ’ਚ ਮੇਰੇ ਮਗਰ ਬੈਠਕ ’ਚ ਆ ਕੇ ਬਹਿਕਣ ਲੱਗਿਆ,
”ਗੱਲ ਈ ਕੋਈ ਨੀ ਬਾਪੂ ਜੀ ਭਰਾ ਦੇ ਤਾਂ ਮੁੰਡਾ ਹੋਇਐ। ਸਾਡੀ ਕੁੜੀ ਨੂੰ ਵੀ ਮੁੰਡਿਆਂ ਵਰਗੀ ਸਮਝੀਂ।
ਆਹ ਗੋਲਡੀ ਉਸ ਤੋਂ ਡੇਢ ਦੋ ਸਾਲ ਮਗਰੋਂ ਹੋਇਆ ਸੀ।
ਗੱਲ ਸੁਣ ਕੇ ਮਨ ’ਚ ਝੁਣਝੁਣੀ ਜਿਹੀ ਉੱਠੀ ਸੀ। ”ਤੂੰ ਕਿਉਂ ਫਿਕਰ ਕਰਦੈਂ। ਮੁੰਡਿਆਂ ਵਰਗੀ ਹੀ ਰਹੂ।”
”ਫੇਰ ਠੀਕ ਐ, ਫੇਰ ਠੀਕ ਐ।” ਕਹਿੰਦਾ ਸ਼ਰਾਬੀਆਂ ਵਾਲੀ ਚਾਲ ਬਾਹਰ ਨੂੰ ਨਿਕਲ ਗਿਆ ਸੀ। ਵਿਹੜੇ ’ਚ ਬੈਠੇ ਇਕ ਦੋ ਮੁੰਡੇ ਬੋਲੀਆਂ ਪਾਈ ਜਾਣ। ਮੁੜ ਇਹਨਾਂ ਦੇ ਵਿਆਹ ਵਰਗਾ ਮਾਹੌਲ ਬਣਿਆ ਪਿਆ ਸੀ। ਵੇਖਦੇ ਹੀ ਵੇਖਦੇ ਮਨੀ ਗੋਦੀ ’ਚੋਂ ਉਤਰ ਕੇ ਨਿੱਕੇ-ਨਿੱਕੇ ਕਦਮ ਭਰਨ ਲੱਗ ਪਿਆ ਸੀ। ਗੋਭਲੇ ਜਿਹੇ ਨੂੰ ਹਰਮੀਤ ਸਜਾ ਸੰਵਾਰ ਕੇ ਅਪਣੇ ਨਾਲ ਸਕੂਲ ਲੈ ਜਾਂਦੀ। ਕਦੇ-ਕਦੇ ਮੈਂ ਵਿਹੜੇ ’ਚ ਬੈਠਾ ਹੁੰਦਾ ਤਾਂ ਗੋਦੀਓਂ ਉਤਾਰਦੀ ਅਪਣੇ ਮੋਢੇ ਪਾਇਆ ਪਰਸ ਠੀਕ ਕਰਦੀ ਕਹਿੰਦੀ,
”ਲੈ ਮੇਰੀ ਤਾਂ ਬਾਂਹ ਥਕਾ ਦਿੱਤੀ। ਅੱਜ ਗੋਦੀਓਂ ਈ ਨਹੀਂ ਉਤਰਿਆ। ਜਾਹ ਬਾਪੂ ਜੀ ਕੋਲੇ। ਕੁਦਾੜੀਆਂ ਮਾਰਦਾ ਮਨੀ ਮੇਰੇ ਮੰਜੇ ’ਤੇ ਬੈਠਾ ਖੇਡਦਾ ਰਹਿੰਦਾ। ਕਈ ਵਾਰ ਖੇਡਦਾ -ਖੇਡਦਾ ਉਥੇ ਹੀ ਸੌਂ ਜਾਂਦਾ। ਹਰਮੀਤ ਚੁੱਕ ਕੇ ਅੰਦਰ ਬੈੱਡ ’ਤੇ ਪਾਉਂਦੀ। ਸੁਖਵੀਰ ਦਾ ਸੁਭਾਅ ਸ਼ੁਰੂ ਤੋਂ ਸੰਗਾਲੂ ਰਿਹਾ। ਮਨੀ ਨਾਲ ਆਥਣੇ ਥੋੜ੍ਹਾ ਬਹੁਤਾ ਲਾਡ ਕਰਦਾ। ਫੇਰ ਟੈਲੀਵਿਜ਼ਨ ਲਾ ਲੈਂਦਾ ਕਮਰੇ ’ਚ ਜਾ ਕੇ। ਦਾਦੀ ਨਾਲ ਖੂਬ ਚਾਂਬੜਾਂ ਪਾਉਂਦਾ ਵਾਹਵਾ ਰਾਤ ਤੱਕ ਮਨੀ। ਚਾਰ ਕੁ ਸਾਲ ਦੇ ਨੂੰ ਸ਼ਹਿਰ ਅੰਗਰੇਜ਼ੀ ਸਕੂਲ ’ਚ ਦਾਖਲ ਕਰਵਾ ਦਿੱਤਾ ਸੁਖਵੀਰ ਨੇ। ਸਵੇਰੇ ਸਕੂਲ ਦੀ ਬੱਸ ਲੈ ਜਾਂਦੀ, ਆਥਣੇ ਛੱਡ ਜਾਂਦੀ। ਵੱਡੀਆਂ ਜਮਾਤਾਂ ’ਚ ਚਲਦੀਆਂ ਆਮ ਬੱਸਾਂ ’ਤੇ ਜਾਣ ਲੱਗ ਪਿਆ। ਸਿਆਲਾਂ ’ਚ ਉਥੇ ਵੀ ਰਹਿ ਪੈਂਦਾ। ਦਸਵੀਂ ਦੇ ਚੰਗੇ ਨੰਬਰ ਆਏ। ਬਾਰਵੀਂ ਜਮਾਤ ਲਈ ਚੰਡੀਗੜ੍ਹ ਦਾਖਲ ਕਰਵਾ ਆਇਆ ਸੁਖਵੀਰ। ਕਾਲਜ ’ਚ ਜਾਂਦੇ ਨੂੰ ਹਵਾ ਲੱਗਣੀ ਸ਼ੁਰੂ ਹੋ ਗਈ। ਪਹਿਲੇ ਸਾਲ ’ਚ ਹੀ ਮਨੀ ਦੀਆਂ ਗੱਲਾਂ ਹੋਰੂੰਂ-ਹੋਰੂੰਂ ਲੱਗਣ ਲੱਗੀਆਂ। ਸੁਖਵੀਰ ਨਾਲ ਗੱਲ ਘੱਟ ਕਰਦਾ। ਹਰਮੀਤ ਹੀ ਖਰਚਾ ਦਿੰਦੀ, ਉਸੇ ਨਾਲ ਗੱਲਾਂ ਕਰਦਾ। ਸਾਡੇ ਨਾਲ ਮਨ ਹੁੰਦਾ ਚੰਡੀਗੜ੍ਹ ਦੀਆਂ ਗੱਲਾਂ ਕਰਦਾ ਨਹੀਂ ਤਾਂ ਟੈਲੀਵੀਜ਼ਨ ਲਾ ਕੇ ਬੈਠਾ ਰਹਿੰਦਾ। ਜਿੰਨੇ ਦਿਨ ਮਨੀ ਘਰੇ ਰਹਿੰਦਾ ਸੁਖਵੀਰ ਕਮਰੇ ’ਚ ਘੱਟ ਹੀ ਖੜ੍ਹਦਾ। ਜੇ ਮੈਂ ਕਹਿੰਦਾ- ਸੁਖ ਬਹਿ ਜਾ ਮਨੀ ਕੋਲੇ ਕਿੰਨੇ ਦਿਨਾਂ ਮਗਰੋਂ ਆਇਐ। ਤਾਂ ਇਕੋ ਜਵਾਬ ਹੁੰਦਾ,
”ਜਵਾਕਾਂ ’ਚ ਬਹੁਤਾ ਨੀਂ ਬੈਠੀਦਾ ਬਾਪੂ ਜੀ। ਇਹਨਾਂ ਨੇ ਕੋਈ ਹੋਰ ਚੈਨਲ ਵੇਖਣਾ ਹੁੰਦੈ। ਮੈਂ ਖਬਰਾਂ ਵਗੈਰਾ ਹੀ ਸੁਣਦਾਂ। ਨਾਲੇ ਇਹ ਆਵਦੀ ਮੰਮੀ ਨਾਲ ਹੀ ਗੱਲਾਂ ਕਰਕੇ ਖੁਸ਼ ਰਹਿੰਦੈ।”
ਕਈ ਦਿਨਾਂ ਦਾ ਹਰਮੀਤ ਨੂੰ ਬੁਖਾਰ ਨਹੀਂ ਉਤਰ ਰਿਹਾ ਸੀ। ਪਿੰਡੋਂ ਦਵਾਈ ਲੈਂਦੀ ਰਹੀ। ਰਾਤ ਦਰਦ ਵੀ ਬਹੁਤ ਹੋਇਆ ਸੀ। ਅਗਲੇ ਦਿਨ ਸੁਖਵੀਰ ਸ਼ਹਿਰ ਹਸਪਤਾਲ ਦਿਖਾਉਣ ਲਈ ਲੈ ਕੇ ਗਿਆ। ਆਥਣੇ ਆਇਆ, ਉਦਾਸ ਸੀ।
”ਕੀ ਦੱਸਿਆ ਪੁੱਤ ਡਾਕਟਰ ਨੇ? ਪਹਿਲਾਂ ਤਾਂ ਕੁਛ ਨਾ ਬੋਲਿਆ। ਫਿਰ ਗਲਾ ਸਾਫ ਕਰਦਾ ਦੱਸਣ ਲੱਗਿਆ,
”ਬਾਪੂ ਜੀ ਡਾਕਟਰ ਨੇ ਤਾਂ ਮਾੜੀ ਬਿਮਾਰੀ ਦਾ ਸ਼ੱਕ ਪਾਇਐ। ਦਵਾਈ ਦਿੱਤੀ ਐ। ਪਟਿਆਲੇ ਦਿਖਾਉਣ ਲਈ ਕਿਹੈ।”
ਸੁਣ ਕੇ ਮੈਂ ਵੀ ਇਕਦਮ ਸੁੰਨ ਹੋ ਗਿਆ। ਪਰ ਸੁਖਵੀਰ ਨੂੰ ਹੌਸਲਾ ਦੇਣ ਲਈ ਕਿਹਾ,
”ਫਿਕਰ ਨਾ ਕਰ ਪੁੱਤ ਸਭ ਬਿਮਾਰੀਆਂ ਦਾ ਅਲਾਜ ਹੈਗਾ ਹੁਣ। ਹਰਮੀਤ ਤੋਂ ਆਪਾਂ ਨੂੰ ਕੀ ਚੰਗੈ। ਪਟਿਆਲੇ ਵਧੀਆ ਡਾਕਟਰ ਨੂੰ ਵਿਖਾ ਕੇ ਆਈਂ । ਠੀਕ ਹੋਜੂ।”
ਉਸ ਰਾਤ ਮੈਨੂੰ ਨੀਂਦ ਨਹੀਂ ਆਈ ਸੀ। ਸਵੇਰੇ ਸੁਖਵੀਰ ਹਰਮੀਤ ਨੂੰ ਲੈ ਕੇ ਪਟਿਆਲੇ ਗਿਆ ਸੀ। ਕਿੰਨੇ ਹੀ ਗੇੜੇ ਪਟਿਆਲੇ ਦੇ ਲੱਗ ਚੁੱਕੇ ਸਨ। ਹੁਣ ਤਾਂ ਦਰਦ ਇੰਨਾ ਹੁੰਦਾ ਤੜਫਦੀ ਹਰਮੀਤ ਨੂੰ ਵੇਖਿਆ ਨਾ ਜਾਂਦਾ। ਬਿਮਾਰੀ ਵਧਦੀ ਜਾ ਰਹੀ ਸੀ। ਸੁਖਵੀਰ ਕਈ-ਕਈ ਦਿਨ ਡਿਊਟੀ ’ਤੇ ਨਾ ਜਾਂਦਾ। ਬਹੁਤਾ ਛੁੱਟੀ ’ਤੇ ਹੀ ਰਹਿੰਦਾ। ਘਰ ਦਵਾਈਆਂ ਨਾਲ ਭਰ ਗਿਆ। ਪਰ ਹਰਮੀਤ ਨੂੰ ਕੋਈ ਫਰਕ ਨਹੀਂ ਪੈ ਰਿਹਾ ਸੀ। ਅਖੀਰ ਬੀਕਾਨੇਰ ਲੈ ਗਏ। ਕਿੰਨੇ ਦਿਨ ਵਿਚਾਰੀ ਉਥੇ ਰਹੀ। ਛੇ ਸੱਤ ਮਹੀਨਿਆਂ ’ਚ ਸ਼ਕਲ ਹੋਰ ਦੀ ਹੋਰ ਬਣ ਗਈ। ਹੁਣ ਤਾਂ ਸਿਰ ਦੇ ਵਾਲ ਝੜ ਕੇ ਖੋਪੜੀ ਨਿਕਲ ਆਈ ਸੀ। ਵਿਚਾਰੀ ਮੰਜੇ ’ਤੇ ਬੈਠੀ ਨਿੱਕੇ ਜਵਾਕ ਵਾਂਗੂ ਲਗਦੀ। ਇਕ ਦਿਨ ਤਾਂ ਸੁਖਵੀਰ ਦੇ ਹੱਥੋਂ ਗੋਲੀਆਂ ਦਾ ਪੱਤਾ ਤੇ ਪਾਣੀ ਦਾ ਗਿਲਾਸ ਫੜ ਕੇ ਵਿਹੜੇ ’ਚ ਵਗਾਹਕੇ ਮਾਰਿਆ, ”ਛੱਡੋ ਪਰ੍ਹੇ ਇਹਨਾਂ ਨੇ ਤਾਂ ਥੋਨੂੰ ਵੀ ਔਖਾ ਕਰ ਛੱਡਿਐ। ਮੈਨੂੰ ਮਰ ਲੈਣ ਦਿਓ। ਇਹ ਤਾਂ ਮੈਨੂੰ ਵਿੱਚੇ ਹੀ ਲਮਕਾਈ ਜਾਂਦੀਐਂ।” ਸੁਣਦਿਆਂ ਹੀ ਸੁਖਵੀਰ ਦੇ ਅੰਦਰਲਾ ਬੰਨ੍ਹ ਟੁੱਟ ਗਿਆ ਸੀ। ਹਰਮੀਤ ਨੂੰ ਬੁੱਕਲ ’ਚ ਲੈ ਕੇ ਸੁਖਵੀਰ ਬੱਚਿਆਂ ਵਾਂਗ ਹੁਬਕੀ-ਹੁਬਕੀ ਅੱਖਾਂ ਦਾ ਪਾਣੀ ਵਹਾ ਰਿਹਾ ਸੀ। ਮੇਰੇ ਤੋਂ ਆਪ ਵੇਖਿਆ ਨਹੀਂ ਜਾ ਰਿਹਾ ਸੀ। ਪਰ ਫਿਰ ਵੀ ਮਸਾਂ ਉਠਾਇਆ,
”ਕਮਲਾ ਹੋਇਐਂ। ਹੌਂਸਲੇ ਨਾਲ ਸੇਵਾ ਕਰ। ਇਹਤਾਂ ਔਖੀ ਐ, ਤੂੰ ਤਕੜਾ ਰਹਿ। ਠੀਕ ਹੋਜੂਗੀ।”
ਪਰ ਮੇਰੇ ਸਭ ਬੋਲ ਝੂਠੇ ਹੋ ਗਏ ਜਿਸ ਦਿਨ ਸਾਨੂੰ ਸਭ ਨੂੰ ਛੱਡ ਕੇ ਉਹ ਚਲੀ ਗਈ। ਇਹਨਾਂ ਦੀ ਮਾਂ ਦਾ ਰੁਦਨ ਅੱਡ ਵੇਖਿਆ ਨਾ ਜਾਂਦਾ। ਨੂੰਹ ਦੇ ਗਮ ’ਚ ਸਾਲ ਅੰਦਰ ਉਹ ਵੀ ਤੁਰ ਗਈ। ਹਰਮੀਤ ਦੇ ਭੋਗ ਤੋਂ ਮਗਰੋਂ ਸੁਖਵੀਰ ਅੰਦਰੇ ਪਿਆ ਰਿਹਾ ਕਰੇ। ਇਕ ਦਿਨ ਨਰਦੇਵ ਆਇਆ ਉਸ ਦਾ ਦੋਸਤ ਜੋ ਐਕਸਾਇਜ ਮਹਿਕਮੇ ’ਚ ਇੰਸਪੈਕਟਰ ਸੀ। ਨਾਲ ਉਹਦੇ ਘਰ ਵਾਲੀ। ਕਹਿੰਦੇ, ”ਜੋ ਹੋ ਗਿਆ ਉਹ ਤਾਂ ਮੁੜਦਾ ਨੀਂ। ਐਂ ਪੈ ਕੇ ਜਿੰLਦਗੀ ਨੀ ਲੰਘਣੀ। ਡਿਊਟੀ ’ਤੇ ਆਇਆ ਕਰ। ਬਾਹਰ ਕਿਸੇ ਦੇ ਮੂੰਹ ਮੱਥੇ ਲੱਗੇਂਗਾ ਮਨ ਹੋਰ ਹੋਵੇਗਾ।”
ਅਗਲੇ ਦਿਨ ਸੁਖਵੀਰ ਡਿਊਟੀ ’ਤੇ ਗਿਆ। ਡਿਊਟੀ ਤੋਂ ਆਕੇ ਚੁੱਪ ਚਾਪ ਰੋਟੀ ਖਾਂਦਾ ਅਪਣੇ ਕਮਰੇ ’ਚ ਪੈ ਜਾਂਦਾ। ਟੈਲੀਵਿਜ਼ਨ ਬਹੁਤ ਘੱਟ ਵੇਖਦਾ। ਜੇ ਵੇਖਦਾ ਸੁਣਦਾ ਸਿਰਫ ਖਬਰਾਂ ਲਾਉਂਦਾ। ਕਦੇ-ਕਦੇ ਜੇ ਲਖਵੀਰ ਸੰਦੇਹਾਂ ਖੇਤਾਂ ਤੋਂ ਆਇਆ ਹੁੰਦਾ ਉਹ ਸੁਖਵੀਰ ਨਾਲ ਰੋਟੀ ਖਾਂਦਾ। ਇਕ ਦਿਨ ਕੁਲਦੀਪ ਨੇ ਰੋਟੀ ਪਾਕੇ ਲਖਵੀਰ ਨੂੰ ਫੜਾਉਂਦਿਆਂ ਕਿਹਾ- ਭਾਈ ਸਾਹਿਬ ਨੂੰ ਫੜਾ ਦਿਓ ਨਾਲੇ ਆਪ ਵੀ ਰੋਟੀ ਖਾ ਲਓ।
ਸੁਖਵੀਰ ਤੇ ਲਖਵੀਰ ਵਰਾਂਡੇ ’ਚ ਪਏ ਵੱਡੇ ਮੇਜ਼ ’ਤੇ ਇਕੱਠੇ ਰੋਟੀ ਖਾ ਰਹੇ ਸੀ। ਨਾਲੇ ਨਿੱਕੀਆਂ-ਨਿੱਕੀਆਂ ਗੱਲਾਂ ਕਰ ਰਹੇ ਸੀ। ”ਯਾਰ ਸਬਜ਼ੀ ’ਚ ਲੂਣ ਘੱਟ ਐ, ਚੁੰਢੀ ਕੁ ਹੋਰ ਪਾਲੀਏ?
”ਨਹੀਂ, ਨਹੀਂ ਨੂਣ ਤਾਂ ਬਹੁਤ ਐ, ਤੇਰੇ ਮੂੰਹ ਦਾ ਸਵਾਦ ਈ ਠੀਕ ਨਹੀਂ ਹੋਣਾ ਡਾਕਟਰ ਤੋਂ ਦਵਾਈ ਦਵੂਈ ਲੈ ਠੀਕ ਹੋਜੇਂਗਾ।”
ਸੁਣ ਕੇ ਸੁਖਵੀਰ ਚੁੱਪ ਹੋ ਗਿਆ। ਮੈਨੂੰ ਓਪਰਾ ਜਿਹਾ ਲੱਗਿਆ। ਅਸਲ ’ਚ ਲਖਵੀਰ ਕੁਲਦੀਪ ਦੀ ਬਣਾਈ ਸਬਜ਼ੀ ਨੂੰ ਮਾੜੀ ਨਹੀਂ ਕਹਿਣਾ ਚਾਹੁੰਦਾ ਸੀ।
ਰੋਟੀ ਖਾਂਦੇ ਨੂੰ ਮੈਨੂੰ ਵੀ ਲੱਗਿਆ ਲੂਣ ਵਾਕਿਆ ਹੀ ਘੱਟ ਸੀ ਸਬਜ਼ੀ ’ਚ।
ਦੁੱਖਾਂ ਮਾਰੇ ਬੰਦੇ ਨਾਲ ਕਿਵੇਂ ਹੋਣ ਲੱਗ ਪੈਂਦੀ ਐ ਟੱਬਰ ’ਚ ਵੀ। ਸੁਖਵੀਰ ਦਾ ਸੁਭਾਅ ਤਾਂ ਪਹਿਲਾਂ ਤੋਂ ਹੀ ਘੱਟ ਬੋਲਣ ਵਾਲੈ। ਬੱਚੇ ਵੱਲ ਉਸ ਦਾ ਧਿਆਨ ਕੀ ਜਾਣਾ ਸੀ। ਉਸ ਨੂੰ ਤਾਂ ਅਪਣੇ ਆਪ ਦੀ ਹੀ ਸੁਧ ਨਹੀਂ ਸੀ। ਜੇ ਕਦੇ ਕਹਿਣਾ, ”ਮਨੀ ਦਾ ਧਿਆਨ ਰੱਖਿਆ ਕਰ।” ਤਾਂ ਅੱਗੋਂ ਇਕੋ ਜਵਾਬ ਹੁੰਦਾ,
”ਬਾਪੂ ਜੀ ਕੁਦਰਤ ਦੇ ਹੱਥ ਐ ਸਭ ਕੁਝ, ਪਹਿਲਾਂ ਮੇਰੀ ਕਿੰਨੀ ਕੁ ਸਿਆਣਪ ਚੱਲੀ ਐ।” ਮੈਂ ਧੁਰ ਅੰਦਰ ਤੱਕ ਟੁੱਟਦਾ ਠੰਡਾ ਹੌਕਾ ਭਰ ਕੇ ਚੁੱਪ ਹੋ ਜਾਂਦਾ।
ਕਾਰ ਦੀ ਰਫਤਾਰ ਹੌਲੀ ਕਰਕੇ ਗੋਲਡੀ ਨੇ ਗਾਣਿਆਂ ਦੀ ਰੀਲ੍ਹ ਚਲਾ ਦਿੱਤੀ ਹੈ।
”ਲਓ ਬਾਪੂ ਜੀ ਸੰਗੀਤ ਦਾ ਮਜ਼ਾ ਲਓ, ਘੰਟੇ ਭਰ ਦੇ ਚੁੱਪ ਬੈਠੇ ਓ।”
ਗੁਰਦਾਸ ਮਾਨ ਗਾ ਰਿਹਾ ਹੈ। ”ਦੁੱਧ ਉਬਲਦੇ, ਪੁੱਤ ਵਿਗੜਦੇ…ਦੁੱਧ ਪੁੱਤ ਗੁਰਦਾਸ ਸਿਆਂ ਨਿਗਰਾਨੀ ਚਾਹੁੰਦੇ ਨੇ…..।” ਮਨ ’ਚ ਆਉਂਦੈ- ਗੋਲਡੀ ਪੁੱਤ ਕਿਥੇ ਜ਼ਖਮਾਂ ਨੂੰ ਹਰੇ ਕਰਨ ਲੱਗ ਪਿਐਂ। ਗੋਲਡੀ ਗੀਤ ਦੀਆਂ ਧੁਨਾਂ ’ਤੇ ਮਸਤੀ ’ਚ ਝੂਮ ਰਿਹਾ ਕਾਰ ਚਲਾ ਰਿਹੈ। ਦੂਰ-ਦੂਰ ਤੱਕ ਖੇਤਾਂ ’ਚ ਕਣਕ ਦੀ ਹਰੀ ਚਾਦਰ ਵਿਛੀ ਨਜ਼ਰ ਆਉਂਦੀ ਹੈ।
”ਬਾਪੂ ਜੀ ਤੁਸੀਂ ਜਾਣਦੇ ਓ ਇਹ ਗੁਰਦਾਸ ਮਾਨ ਐ।”
”ਹਾਂ ਇਕ ਵਾਰ ਨਹਿਰੂ ਕਾਲਜ ਵਿਚ ਆਇਆ ਸੀ। ਉਦੋਂ ਇਹ ਹਾਲੇ ਗਾਉਣ ਲੱਗਿਆ-ਲੱਗਿਆ ਸੀ। ਤੇਰੇ ਤਾਇਆ ਜੀ ਪੜ੍ਹਦੇ ਸੀ ਉਥੇ। ਉਹਨੇ ਦੱਸਿਆ ਸੀ ਘਰੇ ਆਕੇ। ਡਫਲੀ ’ਤੇ ਗਾਉਂਦੈ। ”ਗੋਲਡੀ ਦੀ ਗੱਲ ਦਾ ਜਵਾਬ ਤਾਂ ਦੇ ਦਿੱਤਾ। ਪਰ ਸੋਚਦਾਂ- ਪੁੱਤ ਤੈਨੂੰ ਕੀ ਪਤਾ ਮੇਰੇ ਅੰਦਰ ਕੀ ਵੱਜ ਰਿਹੈ।
ਚੌਦਾਂ ਕਰਕੇ ਮਨੀ ਘਰੇ ਸੀ। ਕੋਈ ਕੰਮ-ਕਾਰ ਨਹੀਂ ਕਰਦਾ ਸੀ। ਇਕ ਦਿਨ ਸੁਖਵੀਰ ਕਹਿਣ ਲੱਗਿਆ, ”ਬਾਪੂ ਜੀ ਰਿਸ਼ਤਿਆਂ ਵਾਲੇ ਆਉਂਦੇ ਐ, ਇਹਨੂੰ ਵਿਆਹ ਨਾ ਲਈਏ ਹੁਣ। ਅੱਧੀ-ਅੱਧੀ ਰਾਤ ਘਰੇ ਵੜਦੈ। ਤੜਕੇ ਧੁੱਪਾਂ ਚੜ੍ਹ ਜਾਂਦੀਐਂ ਇਹ ਰਜਾਈ ’ਚੋਂ ਮੂੰਹ ਨਹੀਂ ਕੱਢਦਾ। ਨਾਲੇ ਹੁਣ ਵਿਆਹੁਣ ਸਿਰ ਐ। ਆਪੇ ਕੰਮ-ਕਾਰ ਕਰੂ ਫਿਰ।” ਮੈਂ ਤਾਂ ਪੁੱਤ ਪਹਿਲਾਂ ਈ ਇਹ ਸੋਚਦਾਂ।” ਸੁਖਵੀਰ ਦੀ ਗੱਲ ਦੀ ਮੈਂ ਪੂਰੀ ਹਾਮੀ ਭਰੀ ਸੀ।
ਆਥਣੇ ਮੋਟਰ ਸਾਈਕਲ ਖੜ੍ਹਾ ਕਰਕੇ ਮਨੀ ਬਰਾਂਡੇ ’ਚੋਂ ਮੇਰੇ ਮੰਜੇ ਕੋਲ ਦੀ ਲੰਘ ਰਿਹਾ ਸੀ ਤਾਂ ਸੁਖਵੀਰ ਨੇ ਆਕੇ ਮਨੀ ਨੂੰ ਬੁਲਾਇਆ। ਪਰ ਉਹ ਉਸ ਦੀ ਗੱਲ ਨੂੰ ਅਣਸੁਣਿਆਂ ਕਰਕੇ ਸਿੱਧਾ ਕਮਰੇ ’ਚ ਜਾ ਵੜਿਆ। ਫਿਰ ਸੁਖਵੀਰ ਨੇ ਮੇਰੇ ਮੰਜੇ ’ਤੇ ਬੈਠਦਿਆਂ ਹੀ ਆਵਾਜ਼ ਮਾਰੀ। ਉਹ ਬਾਹਰ ਬਰਾਂਡੇ ’ਚ ਆ ਗਿਆ।
”ਹਾਂ ਦੱਸੋ ਪਾਪਾ ਕੀ ਗੱਲ ਐ? ਮਨੀ ਦਾ ਤਿੱਖਾ ਗਿਣਵੇਂ ਲਫਜਾਂ ਦਾ ਸਵਾਲ ਸਾਡੇ ਸਾਹਮਣੇ ਖੜ੍ਹਾ ਸੀ।
ਬੇਟੇ ਤੇਰੀ ਮੰਮੀ ਤੋਂ ਬਾਅਦ ਘਰ ਦਾ ਔਖੈ। ਤੈਨੂੰ ਵੀ ਕੱਪੜੇ ਲੀੜੇ ਦੀ ਔਖ ਰਹਿੰਦੀ ਐ। ਬੇਸ਼ੱਕ ਤੇਰੀ ਚਾਚੀ ਸਭ ਕੁਝ ਸੰਭਾਲਦੀ ਐ, ਉਹ ਵਿਚਾਰੀ ‘ਕੱਲੀ ਐ। ਤੂੰ ਦੱਸ ਤੇਰਾ ਵਿਆਹ ਕਰ ਦੇਈਏ?”
”ਨਹੀਂ ਹਾਲੇ ਨੀਂ, ਮੈਂ ਅਗਾਂਹ ਹੋਰ ਪੜ੍ਹਨ ਦੀ ਸੋਚਦੈਂ। ਵਿਆਹ-ਵਿਊਹ ਦੀ ਕੋਈ ਗੱਲ ਨੀਂ।”
”ਬੇਟੇ ਪੜ੍ਹਦਾ ਵੀ ਰਹੀਂ।”
”ਐਂ ਕਿਵੇਂ ਪੜਿਐ ਜਾਊ, ਮੈਂ ਤਾਂ ਯੂਨੀਵਰਸਿਟੀ ਜਾਣ ਬਾਰੇ ਸੋਚਦਾਂ।”
ਉਹ ਸਾਡੀ ਹੋਰ ਕਿਸੇ ਗੱਲ ਨੂੰ ਸੁਣਨ ਤੋਂ ਪਹਿਲਾਂ ਹੀ ਅੰਦਰ ਚਲਾ ਗਿਆ। ਸੁਖਵੀਰ ਚੁੱਪ ਹੋ ਗਿਆ। ਮੈਂ ਸਾਰੀ ਰਾਤ ਉਧੇੜ-ਬੁਣ ’ਚ ਲੰਘਾਈ। ਅਖੀਰ ਉਸ ਦੇ ਮਾਮਿਆਂ ਨੂੰ ਵਿਚ ਪਾ ਕੇ ਉਸ ਨੂੰ ਰਿਸ਼ਤਾ ਲੈ ਲਿਆ। ਘਰ ਚੰਗਾ ਤਕੜਾ ਸੀ। ਕੁੜੀ ਸੋਹਣੀ ਸੁਨੱਖੀ ਪੜ੍ਹੀ ਲਿਖੀ ਸੀ।
ਵਿਆਹ ਦੇ ਚਾਰ ਮਹੀਨੇ ਮਗਰੋਂ ਲਖਵੀਰ ਨੇ ਗੱਲ ਕੀਤੀ, ”ਬਾਪੂ ਜੀ ਸੁਖਵੀਰ ਨੂੰ ਵੇਲੇ ਕੁਵੇਲੇ ਕੋਈ ਜਵਾਬ ਨਹੀ,ਂ ਜਦੋਂ ਮਰਜ਼ੀ ਕੋਈ ਲੀੜਾ ਕੱਪੜਾ ਧੋਣਾ ਹੋਵੇ, ਰੋਟੀ ਦੇਣੀ ਹੋਵੇ ਕੁਲਦੀਪ ਭੇਜ ਦਿਆ ਕਰੂ। ਸੁੱਖ ਨਾਲ ਵਹੁਟੀ ਆ ਗਈ ਐ। ਜੇ ਇਹ ਬਾਹਰਲਾ ਘਰ ਸਾਂਭ ਲੈਣ, ਮੈਂ ਇਥੇ ਰਹੀ ਜਾਊਂ। ਨਾਲੇ ਇੰਨਾ ਕੁ ਚਿਰ ਤਾਂ ਸਰਦਾ ਨਹੀਂ ਸੀ।”
ਮੈਂ ਦੋਵਾਂ ਨੂੰ ਬਿਠਾ ਕੇ ਗੱਲ ਕੀਤੀ। ਸੁਖਵੀਰ ਨੇ ਕੋਈ ਨਾਂਹ ਨੁੱਕਰ ਨਾ ਕੀਤੀ। ਸੁਖਵੀਰ ਤੇ ਮਨੀ ਵਹੁਟੀ ਸਮੇਤ ਸਾਹਮਣੇ ਘਰੇ ਚਲੇ ਗਏ। ਮਨੀ ਹਾਲੇ ਵੀ ਪਹਿਲਾਂ ਵਾਲੇ ਰੱਥ ਨਹੀਂ ਛੱਡ ਰਿਹਾ ਸੀ। ਸਗੋਂ ਅੱਧੀ-ਅੱਧੀ ਰਾਤ ਉਸਦੀ ਕਾਰ ਖੜਕਦੀ। ਜਿੰਨਾ ਚਿਰ ਨਾ ਆਉਂਦਾ ਸੁਖਵੀਰ ਤੇ ਵਹੁਟੀ ਮਨਪ੍ਰੀਤ ਵਿਟ-ਵਿਟ ਝਾਕੀ ਜਾਂਦੇ। ਇਕ ਦਿਨ ਆਥਣੇ ਜਿਹੇ ਮੈਂ ਸੁਖਵੀਰ ਕੋਲੇ ਚਲਿਆ ਗਿਆ। ਗੱਲਾਂ ਕਰਦਾ ਰਿਹਾ ਵਾਹਵਾ ਹਨੇਰਾ ਹੋ ਗਿਆ, ਨਾ ਆਇਆ। ਜਦੋਂ ਸਭ ਲੋਕ ਪਕਾ ਖਾ ਕੇ ਪੈ ਗਏ। ਅਸੀਂ ਉਵੇਂ ਬਰਾਂਡੇ ਵਿਚ ਬੈਠੇ ਉਡੀਕੀ ਜਾਈਏ। ਕਿਤੇ ਵੱਡੀ ਰਾਤ ਆਇਆ। ਗੇਟ ਖੋਹਲ ਕੇ ਸੁਖਵੀਰ ਨੇ ਗੱਡੀ ਅੰਦਰ ਕਰਵਾਈ। ਮਨੀ ਦੇ ਪੈਰ ਜਿਹੇ ਨਿੱਕਲ ਰਹੇ ਸਨ। ਕਮੀਜ਼ ਪੈਂਟ ’ਚੋਂ ਬਾਹਰ ਨਿਕਲਿਆ ਫਿਰਦਾ ਸੀ।
”ਟਾਇਮ ’ਤੇ ਘਰੇ ਆ ਜਾਇਆ ਕਰ। ਕੁੜੀ ਵਿਚਾਰੀ ‘ਕੱਲੀ ਬੈਠੀ ਰਹਿੰਦੀ ਹੈ ਸਾਰਾ ਦਿਨ। ਤੇਰੀ ਮੰਮੀ ਹੁੰਦੀ ਤਾਂ ਹੋਰ ਗੱਲ ਸੀ ਮਨੀ।”
”ਮੈਂ ਆਵਦੇ ਕੰਮ ਨਾ ਕਰਾਂ। ਟਾਈਮ ਈ ਐ ਹੁਣ ਦੱਸ ਕੀ ਹੋ ਗਿਆ? ਉਦੋਂ ਸੰਭਾਲ ਲੈਂਦਾ ਮੰਮੀ ਨੂੰ, ਹੁਣ ਮੈਨੂੰ ਸੁਣਾਉਂਦਾ ਰਹਿਨੈਂ।” ਮਨੀ ਦੀਆਂ ਅੱਖਾਂ ਲਾਲ, ਜੁLਬਾਨ ਥਿੜ੍ਹਕ ਰਹੀ ਸੀ। ਉਪਰੋਂ ਮੂੰਹੋਂ ਨਿਕਲੇ ਲਫਜ਼ਾਂ ਨੇ ਮੇਰਾ ਧੁਰ ਅੰਦਰ ਚੀਰ ਕੇ ਰੱਖ ਦਿੱਤਾ ਸੀ। ਸੁਖਵੀਰ ਚੁੱਪ ਚਾਪ ਬੈੱਡ ’ਤੇ ਜਾ ਡਿੱਗਿਆ ਸੀ। ਉਸ ਦੇ ਸਰੀਰ ਦੀ ਹਰਕਤ ਹੀ ਮੈਨੂੰ ਉਸ ਦੇ ਦਰਦਾਂ ਦੀ ਕਹਾਣੀ ਦੱਸ ਰਹੀ ਸੀ। ਕੁਝ ਪਲਾਂ ਮਗਰੋਂ ਉਸ ਨੇ ਗਲਾ ਸਾਫ਼ ਕਰਦਿਆਂ ਬੈੱਡ ਕੋਲ ਹੀ ਥੁੱਕਿਆ ਸੀ। ਵਹੁਟੀ ਚੁੱਪ-ਚਾਪ ਰਸੋਈ ’ਚ ਚਲੀ ਗਈ। ਮੈਨੂੰ ਬੈਠੇ ਨੂੰ ਵੇਖ ਕੇ ਮਨੀ ਬੋਲਿਆ,
”ਬਾਪੂ ਜੀ ਜਾਓ ਤੁਸੀਂ ਪਓ ਜਾ ਕੇ, ਆਰਾਮ ਕਰੋ।” ਉਸ ਦੇ ਬੋਲਾਂ ਦਾ ਹੁਕਮ ਵਰਗਾ ਲਹਿਜਾ ਮੈਂ ਸਾਫ਼ ਵੇਖਿਆ। ਕਹਿਣਾ ਚਾਹੁੰਦਾ ਸਾਂ- ਆਰਾਮ ਤਾਂ ਪਹਿਲਾਂ ਡਾਢੇ ਨੇ ਖੋਹ ਲਿਆ, ਰਹਿੰਦੀਆਂ ਕਸਰਾਂ ਤੂੰ ਕੱਢੀ ਜਾਨਂੈ।
”ਲਉ ਬਾਪੂ ਜੀ ਆ ਗਈ ਅਪਣੇ ਸ਼ਹਿਰ ਦੀ ਲਿੰਕ ਰੋਡ। ”ਗੋਲਡੀ ਨੇ ਕਾਰ ਬਿਲਕੁਲ ਹੌਲੀ ਕਰ ਲਈ ਐ। ਸਾਹਮਣੇ ਮੇਰੀ ਨਿਗਾਹ ਜਾਂਦੀ ਹੈ। ਉਬੜ-ਖਾਬੜ ਰਾਹ ਬਣਿਆ ਪਿਐ। ਸੜਕ ਕਿਹੜੀ ਐ ਇਹ! ਮਹਾਂ ਨਗਰਾਂ ਦੀਆਂ ਰਿੰਗ ਰੋਡ ਹੁੰਦੀਆਂ ਨੇ ਪਰ ਇਹ ਸਾਰੀ ਲਿੰਕ ਰੋਡ ਐ। ਸ਼ਹਿਰ ’ਚ ਜਾਣ ਲਈ ਹਰ ਕੋਈ ਇਥੋਂ ਹੀ ਇੰਟਰ ਕਰਦੈ। ਵਾਹ ਵੀ ਵਾਹ! ਬਾਪੂ ਜੀ ਹੈ ਕਿਸੇ ਨੂੰ ਫਿਕਰ ਲੋਕਾਂ ਦਾ!” ਗੋਲਡੀ ਅਪਣੀ ਗੱਲ ਨੂੰ ਅੱਗੇ ਤੋਰਦਾ ਕਹਿ ਰਿਹੈ।
ਮੇਰੀ ਬਿਰਤੀ ਟੁੱਟ ਕੇ ਫਿਰ ਉਥੇ ਹੀ ਵੱਜਣ ਲੱਗੀ ਐ। ਫਿਕਰ ਤਾਂ ਅਪਣਿਆਂ ਨੂੰ ਅਪਣਿਆਂ ਦਾ ਨੀਂ। ਕਿਸੇ ਦਾ ਕਿਸੇ ਨੂੰ ਫਿਕਰ ਕੀ ਹੋਣੈ ਬੱਚੇ। ਮੈਂ ਗੋਲਡੀ ਦੇ ਗੋਰੇ-ਗੋਰੇ ਹੱਥਾਂ ’ਤੇ ਲੰਮੀਆਂ-ਲੰਮੀਆਂ ਉਂਗਲਾਂ ਵੱਲ ਵੇਖਦਾ ਹਾਂ। ਮਨੀ ਦੇ ਹੱਥ ਵੀ ਕਿਤੇ ਇਹੋ ਜਿਹੇ ਹੁੰਦੇ ਸੀ। ਖਾ ’ਲੀ ਦੇਹ ਸਹੁਰੇ ਦੀ ਨਸ਼ਿਆਂ ਨੇ। ਕੀ ਦੁਰਦਸ਼ਾ ਬਣਾਤੀ ਘਰ ਦੀ। ਜੇ ਸੁਧਰ ਜਾਂਦਾ ਆਹ ਪਿਛਲੀ ਉਮਰ ਹੋਰ ਤਾਂ ਨਾ ਭੁੱਜਦਾ। ਸੌਖੀ ਜਾਨ ਨਿਕਲ ਜਾਂਦੀ ਮਾਤ੍ਹੜ ਦੀ। ਰੋਜ਼ ਦਾ ਕੰਜਰਖਾਨਾ ਤਾਂ ਝੱਲਦੇ ਹੀ ਸੀ। ਉਸ ਬਿਗਾਨੀ ਧੀ ਦੀਆਂ ਚੀਕਾਂ ਸੁਣੀਆਂ ਨਾ ਜਾਂਦੀਆਂ। ਓਦੇ ਵਾਲੀ ਰਾਤ ਯਾਦ ਕਰਕੇ ਤਾਂ ਤਰੇਲੀਆਂ ਆਉਂਦੀਆਂ ਨੇ। ਜਦੋਂ ਕੁੜੀ ਸਿਰੋਂ ਪੈਰੋਂ ਨੰਗੀ ਲਖਵੀਰ ਬੰਨੀ ਘਰ ਦਾ ਕੁੰਡਾ ਖੜਕਾਉਂਦੀ ਲੇਰਾਂ ਮਾਰਦੀ ਸੀ। ”ਫਿਰ ਆਓਂਗੇ ਜਦੋਂ ਮਾਰਤੀ ਮੈਂ।” ਦਰਵਾਜ਼ਾ ਖੋਲਿ੍ਹਆ ਨਸ਼ੇ ਵਿਚ ਧੁੱਤ ਆਪ ਅਪਣੇ ਦਰਵਾਜ਼ੇ ਵਿਚ ਉਲਝਿਆ ਖੜ੍ਹਾ ਸੀ ਭੈੜੇ ਮੂੰਹ ਆਲਾ। ਕੁੜੀ ਨੂੰ ਅੰਦਰ ਕਰ ਲਿਆ। ਸਾਰੀ ਰਾਤ ਸਾਡੇ ਸਾਰੇ ਟੱਬਰ ਨੂੰ ਗਾਲ੍ਹਾਂ ਕੱਢਦਾ ਗੰਦ ਬਕਦਾ ਰਿਹਾ। ਲਗਾਤਾਰ ਅੱਠ ਨੌਂ ਮਹੀਨੇ ਸਹੁਰੇ ਨੇ ਇਕ ਦਿਨ ਵੀ ਸੁਖ ਦਾ ਲੰਘਣ ਨਾ ਦਿੱਤਾ ਸੀ। ਕਿੰਨਾ ਕੁ ਚਿਰ ਵੇਖਦੇ ਭਾਈ ਅਗਲੇ ਵਾਹ ਜਹਾਨ ਦੀ ਲਾ ਲੀ, ਨਹੀਂ ਟਲਿਆ ਆਵਦੀਆਂ ਬਹਿਬਤਾਂ ਤੋਂ। ਭਰੀ ਪੰਚਾਇਤ ’ਚ ਦਾੜ੍ਹੀ ਮੁਨਾਤੀ ਮੇਰੀ ਕੰਜਰ ਨੇ ਜਦੋਂ ਲੈਗੇ ਭਾਈ ਆਵਦੀ ਧੀ ਨੂੰ। ਨਾਲੇ ਦਿੱਤੇ ਹੋਏ ਸਾਮਾਨ ਦੀਆਂ ਟਰਾਲੀਆਂ ਭਰਕੇ। ਫਿਰ ਵੀ ਸੁਖਵੀਰ ਸਹਿਕਦਾ ਦਿਨ ਕੱਟਦਾ ਰਿਹਾ। ਪਰ ਇਹ ਕਾਲ ਕੰਗਿਆਰੀ ਕਿਥੇ ਟਿਕਣ ਵਾਲੀ ਸੀ। ਰਾਤ ਨੂੰ ਕਮਰੇ ’ਚ ਕਿਤੇ ਸ਼ੀਸ਼ੇ ਵਿਚਦੀ ਲਾਟ ਜਿਹੀ ਨਿਕਲਦੀ ਦਿਸੀ। ਸੁਖਬੀਰ ਬਿੜਕ ਲੈਣ ਲਈ ਵੇਖਣ ਲੱਗ ਪਿਆ। ਸਾਲੇ ਦੀ ਨਿਗਾਹ ਬਾਹਰ ਪੈ ਗਈ। ਬਾਹਰ ਆ ਕੇ ਪਿਉ ਨੂੰ ਚਿੰਬੜ ਗਿਆ। ਮਾਰ ਦਿੰਦਾ ਜੇ ਆਂਢ-ਗੁਆਂਢ ਨਾ ਛੁਡਾਉਂਦਾ। ਇਹ ਲਖਵੀਰ ਸਿਉਂ ਤੇ ਕੁਲਦੀਪ ਕੁਰ ਆਖਣ- ਸੁਖਵੀਰ ਖਰਚਾ ਨਹੀਂ ਦਿੰਦਾ ਮੁੰਡੇ ਨੂੰ। ਇਹਨਾਂ ਨਾਲ ਬਥੇਰਾ ਮਿੱਠਾ ਪਿਆਰਾ ਰਹਿੰਦੈ। ਚਾਚਾ ਜੀ ਚਾਚਾ ਜੀ ਕਰੂ ਦਿਨੇ। ਆਥਣੇ ਨਾ ਇਹ ਮੱਥੇ ਲੱਗੇ ਨਾ ਦੋਵੇਂ ਉਹ ਪਤਾ ਕਰਨ ਕਿੱਥੇ ਐ। ਪਿਉ ਤੋਂ ਅੱਧ ਦੀ ਜ਼ਮੀਨ ਵੰਡਾ ਲਈ। ਚਾਚਾ ਵਾਹੁੰਦਾ ਬੀਜਦੈ। ਮਰਜ਼ੀ ਨਾਲ ਜੋ ਚਾਹੇ ਦਿੰਦੈ। ਚਾਚੇ ਨੂੰ ਤਾਂ ਚੰਗਾ ਲੱਗਣਾ ਈ ਐ ਆਪੇ। ਹੁਣ ਮਿੱਡੇ ਜੇ ਨੱਕ ਆਲਾ ਚੁੰਨਾ ਜਿਹਾ ਗੋਰਖਾ ਲਿਆ ਛੱਡਿਐ। ਸਰਡਾਰ ਜੀ, ਸਰਡਾਰ ਜੀ ਕਹਿੰਦੈ ਘੋਨ ਸਿਰੇ ਨੂੰ। ਐਂ ਨੀ ਪਤਾ ਵੀ ਸਰਦਾਰੀਆਂ ਤਾਂ ਘੋਲ ਕੇ ਪੀ ਗਿਐ ਲੰਡਰ ਕਿਤੋਂ ਦਾ। ਰੋਟੀ ਉਸੇ ਤੋਂ ਪਕਵਾਉਂਦੈ, ਕੱਪੜੇ ਧਵਾਉਂਦੈ। ਕਿੰਨਾ ਕੁ ਚਿਰ ਚੱਲੂ ਇਹ ਕੁਛ। ਵੈਲ ਪੁਣਿਆਂ ’ਚ ਤਾਂ ਸਵਾਤਾਂ ਭਰੀਆਂ ਰੁਪਈਆਂ ਦੀਆਂ ਖਾਲੀ ਹੋ ਜਾਂਦੀਐਂ। ਖੁੱਡ ਜ਼ਮੀਨ ਦਾ ਨੀ ਬਚਦਾ ਕਹਿੰਦੇ ਕਹਾਉਂਦਿਆਂ ਦੇ। ਇਹ ਮਾਰ੍ਹ ਕਹਾਉਂਦੈ ਨਾਢੂ ਖਾਂ।
ਅਖੀਰ ਸੁਖਵੀਰ ਇਥੇ ਸ਼ਹਿਰ ਆ ਗਿਐ। ਕਹਿੰਦੈ, “ਬਾਪੂ ਜੀ ਜੇ ਮੈਨੂੰ ਮਾਰਤਾ ਫੇਰ ਕੀ ਕਰੇਂਗਾ। ਮੈਂ ਇਥੇ ਰਹਿ ਲਿਆ ਕਰੂੰ। ਤਨਖਾਹ ਮਿਲ ਜਾਂਦੀ ਐ। ਨਾਲੇ ਜ਼ਮੀਨ ਦਾ ਠੇਕਾ ਆਉਂਦੈ। ਦਿਨ ਲੰਘੀ ਜਾਣਗੇ। ਲਖਵੀਰ ਸਿਉਂ ਤਾਂ ਮਨੀ ਦਾ ਚਾਚੈ। ਮੇਰੀ ਵੀ ਜ਼ਮੀਨ ਅੱਧ ਭਾਅ ’ਤੇ ਭਾਲਦੈ ਠੇਕੇ ਤੇ। ਇਸੇ ਕਰਕੇ ਐਤਕੀ ਨੌਰੰਗ ਕਿਆਂ ਨੂੰ ਦਿੱਤੀ ਐ, ਲੋੜਵੰਦ ਨੇ। ਬੰਦਿਆਂ ਆਲੇ ਨੇ, ਜ਼ਮੀਨ ਵੀ ਸੰਭਾਲ ਕੇ ਰੱਖਣਗੇ।
ਇਸ ਗੱਲ ਦਾ ਜਦ ਲਖਵੀਰ ਨੂੰ ਪਤਾ ਲੱਗਿਆ ਸੀ ਅੱਧੀ ਰਾਤ ਤੱਕ ਖੌਰੂ ਪਾਇਆ ਸੀ। ”ਮੈਂ ਇਹਨੂੰ ਪੈਸੇ ਨਹੀਂ ਸੀ ਦਿੰਦਾ? ਉਹਨਾਂ ਦੇ ਪੈਸੇ ਜ਼ਿਆਦਾ ਮਿੱਠੇ ਨੇ?
ਮਸਾਂ ਟਿਕਾਇਆ ਸੀ। ”ਸਹੁਰਿਆ ਮੇਰੇ ਆਲੀ ਵੀ ਤੂੰ ਹੀ ਵਾਹੁਨੈਂ ਬੀਜਦੈਂ। ਉਹ ਪਹਿਲਾਂ ਈ ਔਖੇ ਜਿਵੇਂ ਉਹਨੂੰ ਠੀਕ ਲੱਗਿਐ ਕਰ ਲੈਣ ਦੇ। ਨਾਲੇ ਜਦੋਂ ਸੌਖਾ ਸੀ ਤੇਰੀ ਧੀ ਰੋਜ਼ੀ ਦੇ ਵਿਆਹ ਵੇਲੇ ਪਿੱਛੇ ਹਟਿਆ ਸੀ। ਵੱਧ ਤੋਂ ਵੱਧ ਕਰਦਾ ਰਿਹੈ ਤੇਰਾ, ਤੇਰੇ ਪਰਿਵਾਰ ਦਾ।”
”ਲੈ ਕਰਦਾ ਰਿਹੈ, ਸਾਂਝੀ ਕਮਾਈ ਸੀ।”
”ਚੱਲ ਕੁਛ ਸੀ, ਉਹਦੀ ਵੀ ਜ਼ਮੀਨ ਸੀ।” ਪਰ ਫੇਰ ਆਨੇ-ਬਹਾਨੇ ਗੱਲ ਉਥੇ ਲਿਆ ਕੇ ਕਲੇਸ਼ ਵਿੱਢ ਲੈਂਦਾ ਹੋਇਆ ਸਾਰਾ ਇਹ ਮਨੀ ਮਾਰੇ ਦੇ ਪੈਰੋਂ। ਸੁਧਰਿਆ ਰਹਿੰਦਾ ਤਾਂ ਠੀਕ ਨਾ ਰਹਿੰਦੀ ਕਹਾਣੀ। ਕੁਦਰਤ ਨੇ ਜੋ ਕੀਤੀ ਸੀ ਉਹ ਤਾਂ ਕੀਤੀ ਸੀ।
”ਬਾਪੂ ਜੀ ਅੱਗੇ ਚੌਂਕ ’ਚ ਲੈਟਾਂ ਕੋਲੇ ਰੁਕਾਂਗੇ। ਉਥੇ ਸੜਕ ਵੀ ਠੀਕ ਐ ਖੜ੍ਹਨ ਨੂੰ। ਤੁਸੀਂ ਜੂਸ ਵਗੈਰਾ ਪੀ ਲਿਓ। ਮੈਂ ਪੱਗਾਂ ਫੜਨੀਆਂ ਨੇ ਸਿੰਘ ਪਗੜੀ ਹਾਊਸ ਤੋਂ।” ਗੋਲਡੀ ਦੀ ਗੱਲ ਨੇ ਫਿਰ ਮੈਨੂੰ ਸੋਚਾਂ ਵਿਚੋਂ ਬਾਹਰ ਕੱਢਿਆ ਹੈ। ਲੋਕ ਇਧਰ-ਉਧਰ ਤੇਜ਼ੀ ਨਾਲ ਜਾ ਰਹੇ ਨੇ। ਅੱਡੇ ’ਚੋਂ ਨਿਕਲਦੀਆਂ ਬੱਸਾਂ ਦੇ ਪ੍ਰੈਸ਼ਰ ਹਾਰਨ ਕੰਨ ਪਾੜ ਰਹੇ ਨੇ। ਮੈਂ ਕਾਰ ਦਾ ਸ਼ੀਸ਼ਾ ਉਪਰ ਕਰਨ ਲਗਦਾ ਹਾਂ ਤਾਂ ਗੋਲਡੀ ਰੋਕਦਾ ਹੈ।
”ਬਾਪੂ ਜੀ ਥੋੜ੍ਹਾ ਜਿਹਾ ਨੀਵਾਂ ਰੱਖਿਓ। ਪਿੱਛੋਂ ਆਵਾਜ਼ ਨੀਂ ਸੁਣਦੀ ਬੰਦ ਕਰਕੇ।”
ਐਹੋ ਜਿਹਾ ਘੜਮੱਸ ਮੇਰੇ ਅੰਦਰ ਵੀ ਚੱਲ ਰਿਹੈ। ਫੈਸਲੇ ਦਾ ਸਮਾਂ ਵੀ ਨੇੜੇ ਆ ਰਿਹੈ। ਕੀ ਕਰਾਂ?
ਸੁਖਵੀਰ ਨੇ ਕੋਈ ਮਾੜੀ ਗੱਲ ਨਹੀਂ ਕੀਤੀ। ਦੋ ਢਾਈ ਵਰ੍ਹੇ ਹੋ ਗਏ ਸੀ, ਆਏ ਨੂੰ। ਕਿਸੇ ਨੇ ਉਸ ਦੀ ਸਾਰ ਨਾ ਲਈ। ਮਨੀ ਤੇ ਲਖਵੀਰ ਤਾਂ ਵੀਹ ਵਾਰੀ ਕਹਿੰਦੇ ਸੁਣੇ, ”ਚੰਗਾ ਹੋਇਆ ਮੀਸਣੇ ਨੇ ਘਰ ਉਜਾੜਿਐ ਹੁਣ ਕੋਈ ਲੋੜ ਨੀਂ ਇਹਨੂੰ ਬੁਲਾਉਣ ਦੀ।”
ਮੇਰੇ ’ਤੇ ਵੀ ਜਿਹੜੀਆਂ ਬੰਦਸ਼ਾਂ ਲਾਈਆਂ ਮੈਨੂੰ ਪਤੈ। ਅੱਜ ਹੱਦ ਕਰੀ ਜਾਂਦਾ ਸੀ ਅਖੇ ਮੈਂ ਤਾਂ ਮੂੰਹ ਹੀ ਨਹੀਂ ਦੇਖਣਾ ਉਸ ਕੁਲਹਿਣੇ ਦਾ। ਸੁਖਵੀਰ ਦਾ ਦੋਸਤ ਸੀ ਨਰਦੇਵ। ਦੁੱਖ-ਸੁੱਖ ’ਚ ਨਾਲ ਰਿਹਾ ਵਿਚਾਰਾ। ਦਿੱਲੀ ਦਾ ਰਹਿਣ ਵਾਲਾ ਸੀ। ਜੁਆਕ ਨਹੀਂ ਸੀ ਵਿਚਾਰੇ ਦੇ ਕੋਈ। ਦੋਵੇਂ ਜੀਅ ਜਦੋਂ ਪਿੰਡ ਆਉਂਦੇ ਅੰਤਾਂ ਦਾ ਮੋਹ ਕਰਦੇ ਸੀ ਮਨੀ ਦਾ। ਹਰਮੀਤ ਦੇ ਜਾਣ ਤੋਂ ਕੁਛ ਮਹੀਨੇ ਮਗਰੋਂ ਜੀਂਦ ਕੋਲ ਹੋਏ ਰੇਲ ਹਾਦਸੇ ’ਚ ਮਾਰਿਆ ਗਿਆ ਸੀ। ਵਿਚਾਰੀ ਰਮਨ ਵਿਰਲਾਪ ਕਰਦੀ ਨਾ ਵੇਖੀ ਜਾਵੇ। ਮੈਂ ਗਿਆ ਸਾਂ। ਓਦੇਂ ਸੱਥਰ ’ਤੇ ਹੀ ਗੱਲਾਂ ਹੋਈਆਂ ਕਹਿੰਦੀ ”ਮਾਂ ਪਿਉ ਤਾਂ ਵਿਆਹ ਤੋਂ ਤਿੰਨ ਸਾਲ ਅੰਦਰ ਹੀ ਮੁੱਕ ਗਏ ਸੀ। ਭਾਈ ਭਰਜਾਈ ਦਾ ਬਣਿਆ ਹੋਇਐ। ਨਰਦੇਵ ਦੇ ਸਸਕਾਰ ਵੇਲੇ ਵੀ ਨੀ ਪਹੁੰਚਿਆ।” ਆਹ ਪਿਛਲੇ ਸਾਲ ਜਦ ਪਿੰਡ ਸੁਖਵੀਰ ਨੇ ਸੁਨੇਹਾ ਭੇਜਿਆ। ਮੈਨੂੰ ਜਾਣ ਨਾ ਦਿੱਤਾ ਸਾਰੇ ਟੱਬਰ ਨੇ। ਰਮਨ ਨੂੰ ਸੁਖਵੀਰ ਅਪਣੇ ਘਰ ਲੈ ਆਇਆ ਸੀ। ਬੱਸ ਇਸੇ ਗੱਲ ਨੇ ਘਰ ’ਚ ਉਹ ਭਾਂਬੜ ਮਚਾਏ, ਚਾਚਾ ਭਤੀਜਾ ਕਹਿਣ- ਮਾਰਾਂਗੇ ਮੇਰੇ ਸਾਲੇ ਨੂੰ। ਸਾਡੇ ਘਰ ਦੀ ਇੱਜ਼ਤ ਮਿੱਟੀ ’ਚ ਮਿਲਾਤੀ। ਸੰਗ ਨਾ ਆਈ ਸਿਵਿਆਂ ’ਚ ਲੱਤਾਂ ਨੇ। ਹਾਲੇ ਵੀ ਤੀਵੀਂ ਭਾਲਦੈ। ਜਮਾਂ ਈ ਸ਼ਰਮ ਨਾ ਮੰਨੀ ਚੌਰੇ ਨੇ ਕੀ ਖੇਹ ਖਿੰਡਾਈ ਐ। ਹਰਮੀਤ ਕਾਹਨੂੰ ਮਰੀ ਇਹ ਮਰ ਜਾਂਦਾ। ਜੇ ਮੈਂ ਗੱਲ ਟਿਕਾਉਣ ਦੀ ਗੱਲ ਕੀਤੀ ਤਾਂ ਮੇਰੇ ਗਲ ਨੂੰ ਆਉਣ। ਕੁਲਦੀਪ ਕਿਹੜਾ ਘੱਟ ਐ ਕਹਿੰਦੀ, ”ਲੈ ਮੈਨੂੰ ਤਾਂ ਵਿਚਲੀਆਂ ਗੱਲਾਂ ਦਾ ਪਤਾ ਸੀ। ਰੋਟੀ ਤਾਂ ਕੀ ਇਹ ਤਾਂ ਕੁਝ ਹੋਰ ਭਾਲਦੈ। ਬਦਲੀ ਨਿਗਾਹ ਵੇਖ ਕੇ ਹੀ ਕਿਹਾ ਸੀ ਮੈਂ, ਲਖਵੀਰ ਇਹਨੂੰ ਪਰ੍ਹੇ ਭੇਜ ਬਾਹਰਲੇ ਘਰੇ। ਇਹੋ ਜਿਹੇ ਮੀਸਣਿਆਂ ਦੇ ਘਰ ਪੱਟੇ ਕਦੇ ਲੋਟ ਨਹੀਂ ਆਉਂਦੇ। ਹੁਣ ਚੜ੍ਹ ਜੇ ਪਿੰਡ ਆਕੇ ਸਾਡੀ ਦੇਹਲੀ ਜੇ ਦਾਹੜੀ ਪੱਟ ਕੇ ਹੱਥ ’ਚ ਨਾ ਫੜਾਦਿਆਂ” ਨੂੰਹ ਦੀਆਂ ਗੱਲਾਂ ਸੁਣ ਕੇ ਲੱਗ ਰਿਹਾ ਸੀ ਜਿਵੇਂ ਸੁਖਵੀਰ ਦੀ ਨਹੀਂ ਮੇਰੀ ਦਾਹੜੀ ਹੱਥ ’ਚ ਫੜਾ ਰਹੀ ਹੈ ਮੇਰੇ। ਸਬਰ ਦਾ ਘੁੱਟ ਭਰ ਕੇ ਬੈਠਾ ਸਾਂ।
”ਲਓ ਬਾਪੂ ਜੀ ਜੂਸ ਪੀਓ।” ਗੋਲਡੀ ਦੇ ਹੱਥ ’ਚ ਲੰਮਾ ਕੱਚ ਦਾ ਗਿਲਾਸ ਐ।
”ਪੀਓ ਫਿਰ ਪ੍ਰਿਟਿੰਗ ਪ੍ਰੈਸ ’ਤੇ ਜਾਣੈਂ ਆਪਾਂ ਕਾਰਡ ਫੜਨੇ ਨੇ।”
ਗੋਲਡੀ ਆਪਣੇ ਹੱਸਮੁੱਖ ਸੁਭਾਅ ਮੁਤਾਬਿਕ ਆਪਣਾ ਅਗਲਾ ਪ੍ਰੋਗਰਾਮ ਦੱਸ ਰਿਹਾ ਹੈ। ਮੈਂ ਕੰਬਦੇ ਹੱਥਾਂ ਨਾਲ ਜੂਸ ਅੰਦਰ ਸਿੱਟ ਲੈਂਦਾ ਹਾਂ। ਗੋਲਡੀ ਕਾਰ ਦੀ ਸੀਟ ’ਤੇ ਬੈਠ ਸਟੇਰਿੰਗ ’ਤੇ ਹੱਥ ਰੱਖ ਚਾਬੀ ਘੁੰਮਾਉਂਦਾ ਹੈ। ਕਾਰ ਹੁਣ ਵੱਡੇ ਬਜ਼ਾਰ ਵਿਚੋਂ ਦੀ ਜਾ ਰਹੀ ਹੈ। ਭਾਂਤ-ਭਾਂਤ ਦੀਆਂ ਦੁਕਾਨਾਂ ਹਨ। ਲੋਕ ਆਪੋ-ਅਪਣੇ ਕੰਮਕਾਰ ਕਰਕੇ ਆ ਜਾ ਰਹੇ ਹਨ। ਜਿਵੇਂ ਕਿਸੇ ਦਾ ਕੋਈ ਸਬੰਧ ਨਹੀਂ ਹੁੰਦਾ ਕਿਸੇ ਨਾਲ। ਪਰ ਜੇ ਗੱਲ ਕਰਕੇ ਵੇਖੀਏ ਜਰੂਰ ਕੋਈ ਕਿਸੇ ਨੂੰ ਮਿਲ ਕੇ ਆਇਆ ਹੋਵੇਗਾ।
ਲਖਵੀਰ ਦੀ ਸਵੇਰ ਵਾਲੀ ਗੱਲ ਨੇ ਮਨ ਨੂੰ ਬਹੁਤ ਤੋੜਿਆ ਪਿਐ। ਗੱਡੀ ਪੀਰਖਾਨੇ ਕੋਲ ਰੁਕੀ ਹੈ। ਬੈਕ ਕਰਕੇ ਪੀਰਖਾਨੇ ਵਾਲੇ ਚੌੜੇ ਪੱਕੇ ਫਰਸ਼ ’ਤੇ ਨਿੰਮ ਕੋਲ ਗੱਡੀ ਬੰਦ ਕੀਤੀ ਹੈ ਗੋਲਡੀ ਨੇ।
”ਲਓ ਬਾਪੂ ਜੀ ਤੁਸੀਂ ਵਿਚੇ ਬੈਠੇ ਰਹੋ। ਮੈਂ ਸਾਹਮਣੇ ਗਲੀ ’ਚੋਂ ਜਾ ਕੇ ਪ੍ਰੈਸ ਤੋਂ ਕਾਰਡ ਫੜ ਲਿਆਵਾਂ। ਇਥੇ ਥਾਂ ਖੁੱਲ੍ਹੀ ਐ।” ਗੋਲਡੀ ਸੜਕ ਪਾਰ ਕਰਕੇ ਦੁਕਾਨ ਅੰਦਰ ਚਲਾ ਗਿਐ। ਖੁੱਲ੍ਹੇ ਥਾਂ ’ਤੇ ਮੈਂ ਕਾਰ ਅੰਦਰ ਇਕੱਲਾ ਬੈਠਾ ਹਾਂ। ਮੇਰੀ ਬਿਰਤੀ ਫਿਰ ਉਥੇ ਹੀ ਲੱਗ ਗਈ ਐ। ਹਰਮੀਤ ਦਾ ਇਲਾਜ ਕਰਾਉਂਦੇ ਸੀ ਉਹ ਬਚ ਜਾਵੇ ਅਪਣੀ ਜ਼ਿੰਦਗੀ ਮਾਣੇ। ਮਨੀ ਦਾ ਵਿਆਹ ਕੀਤਾ ਕਿ ਪਿਛਲਾ ਸ਼ਾਇਦ ਭੁੱਲ ਜਾਵੇ ਪਰ ਉਹਦੀਆਂ ਕਰਤੂਤਾਂ ਨੇ ਪੁੱਤ ਅਤੇ ਪੋਤ ਨੂੰਹ ਘਰੋਂ ਤੋਰ ’ਤੇ। ਹੁਣ ਜੇ ਸੁਖਵੀਰ ਨੇ ਇਥੇ ਆਕੇ ਅਪਣੇ ਰਹਿੰਦੇ ਦਿਨ ਲੰਘਾਉਣ ਲਈ ਕਿਸੇ ਦਾ ਸਹਾਰਾ ਲਿਐ, ਕਿਸੇ ਨੂੰ ਸਹਾਰਾ ਦਿੱਤੈ ਤਾਂ ਇਹਦੇ ’ਚ ਕੀ ਮਾੜਾ ਕੀਤੈ ਉਹਨੇ। ਜੇ ਇਸੇ ਲਖਵੀਰ ਨੂੰ ਘਰ ਤੇ ਜਮੀਨ ਦੇ ਆਉਂਦਾ ਤਾਂ ਉਹਨੂੰ ਇਹ ਗੱਲ ਮਾੜੀ ਨਾ ਲੱਗਦੀ। ਗਰਜਾਂ ਨਾਲ ਬੱਝੀ ਪਈ ਐ ਦੁਨੀਆਂ ਮਨਾਂ। ਤੂੰ ਵੀ ਕਿੰਨਾਂ ਕੁ ਚਿਰ ਐਂ। ਕਿਉਂ ਪਾਪਾਂ ਦਾ ਭਾਗੀ ਬਣਦੈਂ। ਨਾਲੇ ਅਪਣੇ ਖੂਨ ਨੂੰ ਦੂਰ ਕਰਕੇ ਕਿਥੋਂ ਸੁਖ ਭਾਲਦੈਂ। ਲਖਵੀਰ ਦੀ ਜੇ ਨਾ ਮੰਨੀ ਤਾਂ ਹੋਰ ਵੀ ਕਲੇਸ਼ ਹੋਊ। ਮਨ ਕਦੇ ਇਧਰ ਕਦੇ ਉਧਰ ਡਿਕਡੋਲੇ ਖਾ ਰਿਹੈ। ਕੋਈ ਸਹਾਰਾ ਨਹੀਂ ਲੱਭ ਰਿਹਾ। ਜੀਅ ਕਰਦੈ ਕਾਰ ’ਚੋਂ ਉਤਰ ਕੇ ਕਿਧਰੇ ਤੁਰ ਜਾਵਾਂ। ਕਿਸੇ ਪਾਸੇ ਦਾ ਉਲਾਂਭਾ ਨਾ ਆਵੇ। ਗੋਲਡੀ ਦਾ ਪਿਆਰ ਆਉਂਦੈ, ਸਿਹਰਿਆਂ ਬੰਨਿਆਂ ਇਹਦਾ ਚਿਹਰਾ ਸਾਹਮਣੇ ਆ ਜਾਂਦੈ। ਅਧ ਖੁੱਲ੍ਹੀ ਤਾਕੀ ਨੂੰ ਫਿਰ ਬੰਦ ਕਰ ਲੈਂਦਾ ਹਾਂ। ਮਨ ਊਦਾਸ ਹੈ।
”ਬਾਪੂ ਜੀ ਲਓ ਵੇਖੋ ਕਾਰਡ ਕਿੰਨਾ ਸੋਹਣਾ ਛਾਪਿਆ ਹੈ।” ਚਾਂਦੀ ਰੰਗਾ ਚਮਕਦਾਰ ਕਾਰਡ ਸਣੇ ਲਿਫਾਫਾ ਗੋਲਡੀ ਮੇਰੇ ਹੱਥਾਂ ਉਪਰ ਰੱਖਦਾ ਕਹਿ ਰਿਹਾ ਹੈ। ਮੈਂ ਕਾਰਡ ਨੂੰ ਹੱਥਾ ਵਿਚ ਲੈ ਮੱਥੇ ਨਾਲ ਲਾਉਂਦਾ ਹਾਂ।
”ਬਾਪੂ ਜੀ ਕਾਰਡ ਆਪਾਂ ਸ਼ਹਿਰ ’ਚ ਵੀ ਦੇ ਕੇ ਆਉਣੇ ਐ। ਪਰ ਸਭ ਤੋਂ ਪਹਿਲਾਂ ਮੈਂ ਤੁਹਾਡੇ ਹੱਥਾਂ ਨਾਲ ਪਹਿਲਾ ਕਾਰਡ ਦੇਣਾ ਚਾਹੁੰਨਾ। ਦੱਸੋ ਕਿਸ ਦਾ ਨਾਂ ਲਿਖਾਂ।”
ਮੇਰੀਆਂ ਅੱਖਾਂ ’ਚੋਂ ਤਰਿਪ-ਤਰਿਪ ਪਾਣੀ ਵਗਣ ਲੱਗਦਾ ਹੈ। ਗਲਾ ਭਰ ਜਾਂਦੈ। ਗੋਲਡੀ ਨੂੰ ਕੁਛ ਨਹੀਂ ਕਿਹਾ ਜਾ ਰਿਹਾ। ਹੰਝੂ ਵੇਖ ਕੇ ਗੋਲਡੀ ਇਕਦਮ ਗੰਭੀਰ ਹੋ ਜਾਂਦੈ।
”ਬਾਪੂ ਜੀ ਏਨੇ ਉਦਾਸ ਕਿਉਂ ਹੋਈ ਜਾਂਦੇ ਓ। ਤੁਹਾਡੀਆਂ ਅੱਖਾਂ ਕਿਉਂ ਭਰ ਆਈਆਂ ਨੇ? ਬਾਪੂ ਜੀ, ਗੱਲ ਦੱਸੋ। ਸਾਰੀ ਉਮਰ ਤੁਸੀਂ ਇੰਨੇ ਤਕੜੇ ਰਹੇ ਓਂ, ਕਿੰਨੇ ਦੁੱਖ ਸਹੇ ਨੇ। ਕੀ ਗੱਲ ਐ ਬਾਪੂ ਜੀ? ਤੁਸੀਂ ਜਿਵੇਂ ਕਹੋ ਉਵੇਂ ਹੋਵੇਗਾ। ਪਾਪਾ ਨੂੰ ਅਸੀਂ ਸਾਰੇ ਆਪੇ ਸਮਝਾ ਲਵਾਂਗੇ। ਖੁਸ਼ੀ ਦੇ ਮੌਕੇ ਤੁਹਾਡੀਆਂ ਅੱਖਾਂ ਵਿਚ ਮੈਂ ਪਾਣੀ ਨਹੀਂ ਵੇਖ ਸਕਦਾ। ਐਨਾ ਆਖ ਗੋਲਡੀ ਨੇ ਗੱਡੀ ਸੁਖਵੀਰ ਦੇ ਘਰ ਵੱਲ ਮੋੜ ਲਈ ਐ।
ਲੱਗਿਐ ਜਿਵੇਂ ਮਨ ਤੋਂ ਮਣਾਂ-ਮੂੰਹੀਂ ਭਾਰ ਲਹਿ ਗਿਆ ਹੋਵੇ!
ਮਾਨਸਾ ਜਿਲ੍ਹੇ ਦੇ ਪਿੰਡ ਜੋਗਅ ਦਾ ਜੰਮ-ਪਲ ਦਰਸ਼ਨ ਜੋਗਾ ਕਿੱਤੇ ਵਜੋਂ ਡਰਾਫਟਮੈਨ ਹੈ। ਲਿਖਣਾ ਭਾਵੇਂ ਥੋੜ੍ਹਾ ਅਰਸਾ ਪਹਿਲਾਂ ਹੀ ਸੁਰੂ ਕੀਤਾ ਹੈ ਪਰ ਪਿੰਡ ਦੇ ਜੀਵਨ, ਸੱਭਿਆਚਾਰ ਤੇ ਭਾਸ਼ਾ 'ਤੇ ਉਹ ਦੀ ਪਕੜ ਹੈ। ਉਹਦੀਆਂ ਕਹਾਣੀਆਂ ਕਿਸਾਨਾਂ ਦੇ ਜ਼ਮੀਨ ਅਧਾਰਤ ਰਿਸ਼ਤਿਆਂ, ਔਰਤ ਦੀ ਤ੍ਰਾਸਦੀ ਅਤੇ ਜਵਾਨੀ ਦੇ ਮਸਲਿਆਂ ਨੂੰ ਮੁਖਾਤਿਬ ਹੁੰਦੀਆਂ ਹਨ। ਉਹ ਨਿਰਾਸ਼ਾ ਨੂੰ ਉਲੀਕਦਾ ਹੋਇਆ ਵੀ ਭਵਿੱਖ ਪ੍ਰਤੀ ਆਸਵੰਦ ਰਹਿੰਦਾ ਹੈ ਤੇ ਸਮੇਂ ਦੇ ਹਾਣ ਦੀਆਂ ਨਾ ਰਹੀਆਂ ਪੁਰਾਤਨ ਕਦਰਾਂ-ਕੀਮਤਾਂ ਨੂੰ ਰੱਦ ਕਰਦਾ ਹੈ।