ਉਨ੍ਹੀਵੀਂ ਸਦੀ ਦੇ ਪਿਛਲੇ ਅੱਧ ਵਿਚ ਯੂਰਪ ਦਾ ਇੱਕੋ ਦੇਸ ਸੀ ਫ਼ਰਾਂਸ, ਜਿਸ ਵਿੱਚੋਂ ਸਮਾਜ ਦੀਆਂ ਪੁਰਾਤਨ, ਤਰੱਕੀਆਂ ਹੋਈਆਂ ਕੀਮਤਾਂ ਵਿਰੁੱਧ ਆਵਾਜ਼ ਬੁਲੰਦ ਹੋਈ ਸੀ। ਕੀ ਧਰਮ, ਕੀ ਨੈਤਿਕਤਾ, ਕੀ ਸਾਹਿਤ ਵਿਚਲਾ ਰੋਮਾਂਸਵਾਦ ਸਭ ਨੂੰ ਲਲਕਾਰਿਆ ਸੀ ਇਹਨੇ। ਤੇ ਇਸ ਆਵਾਜ਼ ਦੀ ਪਹਿਲੀ ਹਲਚਲ ਦਾ ਜ਼ੁਮੇਵਾਰ ਸੀ, ਨੌਜਵਾਨ ਕਵੀ ਆਰਥਰ ਰਿੰਬੋ।
ਰਿੰਬੋ ਬਾਰੇ ਕਾਮੂ ਨੇ ਲਿਖਿਆ ਸੀ – ਬਗ਼ਾਵਤ ਦਾ ਕਵੀ ਤੇ ਸਭ ਤੋਂ ਵੱਡਾ ਕਵੀ।
ਰਿੰਬੋ ਨੇ ਸਿਰਫ਼ ਸੈਂਤੀ ਸਾਲ (1854-1891) ਦੀ ਉਮਰ ਭੋਗੀ। ਕੇਵਲ ਤੇਈ ਸਾਲ ਦੀ ਉਮਰ ਤਕ ਕਵਿਤਾ ਲਿਖੀ; ਪਰ ਇਹਦੇ ਪਿੱਛੋਂ ਯੂਰਪ ਜਾਂ ਹੋਰਨਾਂ ਭਾਸ਼ਾਵਾਂ ਦੇ ਸਾਹਿਤ ਵਿਚ ਜੋ ਕੁਝ ਵੀ ਹੋਇਆ, ਉਹਦਾ ਜਾਗ ਇਸੇ ਦੀ ਕਲਮ ਤੋਂ ਲੱਗਾ ਸੀ। ਅਗਾਂਹਵਧੂ ਲਹਿਰ ਅਵਾਂ-ਗਾਰਦ (avant-garde) ਵਰਗੀਆਂ ਸੋਚ-ਪਰਣਾਲੀਆਂ ਦਾ ਮੁੱਢ ਰਿੰਬੋ ਨੇ ਬੰਨ੍ਹਿਆ ਸੀ।
ਛੇ ਸਾਲ ਦੀ ਉਮਰ ਵਿਚ ਇਹਦਾ ਫ਼ੌਜੀ ਬਾਪ ਇਹਦੀ ਮਾਂ ਨੂੰ ਛੱਡ ਗਿਆ ਸੀ। ਮਾਂ ਵੀ ਕਿਸੇ ਨਾਲ ਹੱਸ ਕੇ ਗੱਲ ਨਹੀਂ ਸੀ ਕਰਦੀ। ਜ਼ਬਤ ਦੀ ਪੂਰੀ। ਖਬਰੇ ਅਜਿਹੇ ਬਚਪਨ ਨੇ ਹੀ ਰਿੰਬੋ ਅੰਦਰ ਬਗ਼ਾਵਤ ਦੇ ਬੀਅ ਬੀਜੇ।
ਉਹ ਅਪਣੇ ਪਾਟੇ ਹੋਏ ਕੋਟ ਨਾਲ਼ ਕਿੰਨੇ-ਸਾਰੇ ਮੀਲ ਪੈਦਲ ਤੁਰਿਆ; ਪੈਰਿਸ ਕਮਿਊਨ ਚ ਸ਼ਰੀਕ ਹੋਇਆ; ਵਿਕਟਰ ਹੀਊਗੋ ਨੂੰ ਟਿੱਚਰਾਂ ਕਰਦਾ ਰਿਹਾ, ਅਫ਼ਰੀਕਾ ਵਿਚ ਘੁੰਮਿਆ ਤੇ ਇਕ ਨਵੇਂ ਕਬੀਲੇ ਦੀ ਖੋਜ ਵੀ ਕਰ ਗਿਆ।
ਉਮਰ ਦੇ ਆਖ਼ਰੀ ਸਾਲਾਂ ਵਿਚ ਇਹਦੀ ਦਿਲਚਸਪੀ ਅਦਭੁਤ ਵਰਤਾਰਿਆਂ, ਜਾਦੂ-ਟੂਣਿਆਂ ਅਤੇ ਰਾਸਾਇਣ (ਅਲਕੈਮਿਸਟਰੀ) ਵਰਗੀਆਂ ਚੀਜ਼ਾਂ ਨਾਲ਼ ਹੋ ਗਈ ।
ਵਿਸ਼ਵ ਕਾਵਿ ਵਿਚ ਇਹ ਸ਼ਾਇਦ ਪਹਿਲਾ ਹੀ ਸੀ, ਜਿਹਨੇ ਨਸਰੀ-ਨਜ਼ਮਾਂ ਦੀ ਪੂਰੀ ਕਿਤਾਬ ਲਿਖੀ ਸੀ।
‘ਜੋ ਵੀ ਕਵੀ ਬਣਨਾ ਚਾਹੁੰਦਾ ਹੈ, ਉਹਦੇ ਲਈ ਪਹਿਲਾ ਕੰਮ ਅਪਣੇ ਆਪ ਨੂੰ ਜਾਨਣਾ ਹੁੰਦਾ ਹੈ ਤੇ ਉਹ ਵੀ ਸਾਰਾ’ ਰਿੰਬੋੇ ਨੇ ਇਹ ਗੱਲ ਅਪਣੀ ਕਿਸੇ ਚਿੱਠੀ ਵਿਚ ਲਿਖੀ ਸੀ ।
ਰਿੰਬੋ ਦੀਆਂ ਕਵਿਤਾਵਾਂ
ਅਨੁਭਵ
ਗਰਮੀਆਂ ਦੀਆਂ ਨੀਲੀਆਂ ਸ਼ਾਮਾਂ ਨੂੰ
ਮੈਂ ਅਣਜਾਣੇ ਰਾਹਾਂ ‘ਤੇ ਤੁਰ ਜਾਵਾਂਗਾ।
ਕਣਕ ਦੇ ਸਿੱਟਿਆਂ ਦੇ ਕਸੀਰ
ਚੋਭਾਂ ਮਾਰਨਗੇ ਮੈਨੂੰ।
ਘਾਹ ਦੀਆਂ ਨਿੱਕੀਆਂ ਤਿੜ੍ਹਾਂ ਨੂੰ ਮਿੱਧਾਂਗਾ ਮੈਂ ,
ਸੁਪਨੇ ਦੀ ਤਰ੍ਹਾਂ ਠੰਢਕ ਮਹਿਸੂਸ ਹੋਏਗੀ ਮੈਨੂੰ।
ਹਵਾ ਨੂੰ ਧੋਣ ਦਿਆਂਗਾ ਮੈਂ ਅਪਣਾ ਸਿਰ ,
ਬੋਲਾਂਗਾ ਨਹੀਂ, ਨਾ ਸੋਚਾਂਗਾ ।
ਬੇਹਿਸਾਬਾ ਪਿਆਰ
ਉਮਡ ਆਏਗਾ ਮੇਰੀ ਰੂਹ ਚ।
ਮੈਂ ਦੂਰ ਚਲਾ ਜਾਵਾਂਗਾ, ਬਹੁਤ ਦੂਰ
ਬੇਘਰੇ ਜਿਪਸੀ ਦੀ ਤਰ੍ਹਾਂ।
ਖੁੱਲ੍ਹੇ ਖੇਤਾਂ ਵਿਚ, ਖ਼ੁਸ਼
ਜਿਵੇਂ ਮੇਰੇ ਨਾਲ਼ ਕੋਈ
ਕੁੜੀ ਵੀ ਤੁਰੀ ਜਾਂਦੀ ਹੋਵੇ।
ਸਿਆਲ਼ੇ ਦਾ ਸੁਪਨਾ
ਸਿਆਲ਼ੇ ਚ ਅਸੀਂ
ਰੇਲ ਦੇ ਗੁਲਾਬੀ ਡੱਬਿਆ ਵਿਚ ਸਫ਼ਰ ਕਰਾਂਗੇ
ਨੀਲੇ ਗਧੇਲੇ ਹੋਣਗੇ ਜਿਨ੍ਹਾਂ ਦੇ ।
ਚੁੰਮੀਆਂ ਲੁਕੀਆਂ ਹੋਈਆਂ ਕਿਸੇ ਨਰਮ ਖੂੰਜੇ ।
ਤੂੰ ਮੀਟ ਲਵੇਂਗੀ ਅਪਣੀਆਂ ਅੱਖਾਂ
ਤਾਂ ਜੋ ਸ਼ੀਸ਼ਿਆਂ ਚੋਂ ਸ਼ਾਮ ਦੇ ਪ੍ਰਛਾਵਿਆਂ ਨੂੰ
ਮੂੰਹ ਚੜਾਉਂਦਿਆਂ ਨਾ ਦੇਖ ਸਕੇਂ
ਝੱਈਆਂ ਲੈ ਕੇ ਪੈਂਦੇ ਦਰਿੰਦਿਆਂ, ਕਾਲ਼ੇ ਸ਼ੈਤਾਨਾਂ
ਕਾਲ਼ੇ ਭੇੜੀਆਂ ਦੀ ਭੀੜ ਨੂੰ ।
ਫੇਰ ਤੂੰ ਅਪਣੀ ਗੱਲ੍ਹ ‘ਤੇ
ਕੁਤਕੁਤਾੜੀਆਂ ਮਹਿਸੂਸ ਕਰੇਂਗੀ
ਨੱਕੀ-ਜਿਹੀ ਮੱਕੜੀ
ਤੇਰੀ ਧੌਣ ਵਲ ਦੌੜ ਜਾਵੇਗੀ ।
ਤੂੰ ਕਹੇਂਗੀ ਫੜੀਂ ਇਹਨੂੰ
ਤੇ ਸਾਨੂੰ ਕਿੰਨਾ ਹੀ ਚਿਰ ਲੱਗੇਗਾ
ਇਹਨੂੰ ਲੱਭਦਿਆਂ
ਏਸ ਵੱਡੀ ਘੁਮੱਕੜ ਨੂੰ ।
ਪਹੁ-ਫੁਟਾਲਾ
ਹੁਨਾਲ ਦੇ ਪਹੁ-ਫੁਟਾਲੇ ਨੂੰ ਗਲਵਕੜੀ ਪਾਈ ਮੈਂ
ਮਹੱਲਾਂ ਦੀਆਂ ਕੰਧਾਂ ‘ਤੇ ਕੋਈ ਹਿਲਜੁਲ ਨਹੀਂ ਸੀ ਅਜੇ
ਪਾਣੀ ਮੋਇਆ ਹੋਇਆ ਸੀ ।
ਰੁੱਖਾਂ ਭਰੀ ਸੜਕ ਦੇ ਪ੍ਰਛਾਵਿਆਂ ਨੂੰ ਕਿਸੇ ਨਹੀਂ ਸੀ ਜਗਾਇਆ ।
ਮੈਂ ਤੁਰਿਆ, ਡੂੰਘੇ ਸਾਹ ਲਏ
ਪੱਥਰਾਂ ਨੇ ਉਪਰ ਝਾਕਿਆ
ਤੇ ਨਿੱਕੇ ਪੰਛੀ ਹੌਲੀ-ਜਿਹੀ ਉੜੇ
ਪਹਿਲਾ ਅਚੰਭਾ ਸੀ, ਠੰਢੇ ਰਾਹ ਵਿਚ ਮਿiਲ਼ਆ ਫੁੱਲ
ਪੀਲੀਆਂ ਨਜ਼ਰਾਂ ਤੇ ਉਹਨੇ ਮੈਨੂੰ ਅਪਣਾ ਨਾਂ ਦੱਸਿਆ ।
ਮੈਂ ਕੱਕੀ ਆਬਸ਼ਾਰ ‘ਤੇ ਹੱਸਿਆ
ਜੋ ਫਰਵਾਹਾਂ ਦੇ ਬੂਟਿਆਂ ਵਿਚ ਖਿਲਰੀ-ਪੁਲਰੀ ਸੀ
ਉਹਦੇ ਚਾਂਦੀ ਰੰਗੇ ਸਿਰ ਕੋਲ਼ ਮੈਨੂੰ ਦੇਵੀ ਦਿਸੀ ।
ਫੇਰ ਮੈਂ ਪੂਰੀ ਸੜਕ ‘ਤੇ ਬਾਹਾਂ ਫੈਲਾਉਂਦਾ
ਹੌਲ਼ੀ-ਹੌਲ਼ੀ ਪਰਦੇ ਚੁੱਕਦਾ ਗਿਆ
ਮੈਦਾਨ `ਚ ਮੈਂ ਕੁੱਕੜ ਨੂੰ ਲਲਕਾਰਿਆ
ਉਹ ਸ਼ਹਿਰ ਵਲ ਗੁੰਬਦ ਤੇ ਬੁਰਜੀਆਂ ਵਿਚ ਉਡ ਗਿਆ
ਤੇ ਮੈਂ ਸੰਗਮਰਮਰ ਦੀਆਂ ਸੜਕਾਂ ਤੋਂ ਲੰਘਦਾ ਮੰਗਤਾ ਸੀ ਜਿਵੇਂ
ਉਹਦੇ ਮਗਰ ਦੌੜਿਆ ।
ਵਾਦੀ ’ਚ ਸੁੱਤਾ ਆਦਮੀ
ਹਰੀ ਵਾਦੀ ’ਚ ਗੁੜ-ਗੁੜ ਕਰਦੀ ਨਦੀ
ਚਾਂਦੀ ਰੰਗਾ ਪਾਣੀ ਘਾਹ ਨਾਲ ਖੇ੍ਹਲਦਾ
ਘੁਮੰਡੀ ਪਹਾੜ ਉਪਰੋਂ ਚਮਕਦਾ ਸੂਰਜ
ਚਾਨਣ ਨਾਲ ਭਰਿਆ ਇਰਦ ਗਿਰਦ ।
ਜਵਾਨ ਫੌਜੀ, ਖੁੱਲ੍ਹਾ ਮੂੰਹ, ਨੰਗਾ ਸਿਰ
ਧੌਣ ਠੰਢੀ , ਨੀਲੀ ਕਾਈ ਨੂੰ ਛੁਹੰਦੀ
ਸੁੱਤਾ ਪਿਆ ਜਿਵੇਂ, ਚੌਫਾਲ ।
ਪੀਲਾ ਭੂਕ ਰੰਗ, ਹਰਾ ਹਰਾ ਬਿਸਤਰਾ
ਉਪਰੋਂ ਰੌਸ਼ਨੀ ਮੀਂਹ ਵਾਂਗ ਵਰ੍ਹਦੀ
ਸੁੱਤਾ ਪਿਆ
ਪੈਰ ਪੀਲੇ ਝੰਡੇ ਵਿਚ ਲਪੇਟੇ
ਮੁਸਕ੍ਰਾਉਂਦਾ ਲਗਦਾ
ਬੀਮਾਰ ਬੱਚੇ ਵਾਂਗ
ਕੁਦਰਤ ਦੇ ਰਹੀ ਲੋਰੀਆਂ
ਉਹਦੇ ਠੰਢੇ ਸਰੀਰ ਨੂੰ
ਕਿਸੇ ਗੰਧ ਨਾਲ ਨਾ ਹਿਲਦੀਆਂ ਨਾਸਾਂ
ਛਾਤੀ ਤੇ ਪਏ ਹੱਥ, ਸ਼ਾਂਤ
ਸੱਜੀ ਵੱਖੀ ਵਿਚ ਦੋ ਗਲੀਆਂ ਦਿਸਦੀਆਂ ।
ਹੰਝੂ
ਦੂਰ, ਪੰਛੀਆਂ ਤੋਂ, ਇੱਜੜਾਂ ਤੋਂ
ਪਿੰਡ ਦੀਆਂ ਕੁੜੀਆਂ ਤੋਂ
ਇਕੱਲਾ ਪੀ ਰਿਹਾ ਮੈਂ
ਝਾੜੀਆਂ ਦੇ ਝੁੰਡ ਕੋਲ਼ ਝੁਕਿਆ ।
ਆਲ਼ੇ-ਦੁਆਲ਼ੇ ਪਸਰਿਆ
ਹਰੇ ਰੰਗ ਦਾ ਲੌਢਾ ਵੇਲਾ ।
ਬੱਦਲ਼ਾਂ-ਕੱਜੇ ਅੰਬਰ ਹੇਠ
ਬੇਜ਼ਬਾਨੇ ਰੁੱਖਾਂ ਨੇੜੇ
ਫੁੱਲਾਂ ਸੱਖਣੇ ਘਾਹ ਕੋਲ਼
ਪੀ ਰਿਹਾ ਮੈਂ ਕਿਸੇ ਵੇਲ ਦੇ ਰਸ ਚੋਂ
ਚੁਰਾਇਆ ਸੁਨਹਿਰੀ ਨਸ਼ਾ
ਜਿਸਦੇ ਅੰਦਰ ਜਾਂਦਿਆਂ ਪਸੀਨਾ ਆਉਂਦਾ ।
ਮੈਨੂੰ ਤਾਂ ਸਰਾਂ ਦਾ ਨਿਸ਼ਾਨ ਚਾਹੀਦਾ ਸੀ
ਹੁਣ ਹਨ੍ਹੇਰੀ ਨੇ ਕਾਇਨਾਤ ਦਾ ਰੰਗ ਬਦਲ ਦਿੱਤਾ
ੳੁੱਚੇ ਖੰਭੇ, ਕਾਲ਼ੀਆਂ ਧਰਤੀਆਂ
ਨੀਲੀ ਰਾਤ ਵਿਚ ਦਿਸੇ ਧੁੰਦਲੇ ਵਰਾਂਡੇ
ਉਭਰੇ ਰੇਲਾਂ ਦੇ ਸਟੇਸ਼ਨ ।
ਰੁੱਖਾਂ ਦੀਆਂ ਜੜ੍ਹਾਂ ਤੋਂ ਨਿਕਲ਼ਦਾ ਪਾਣੀ
ਰੇਤ ਵਿਚ ਜੀਰ ਹੋਣ ਲੱਗਾ
ਤਿੱਖੀ ਹਵਾ ਛੱਪੜਾਂ ‘ਤੇ
ਬਰਫ਼ ਦੀਆਂ ਤੈਹਾਂ ਖਲੇਰਨ ਲੱਗੀ
ਸੋਨਰੰਗੀ ਮੱਛੀ ਦੀ ਭਾਲ ਵਿਚ
ਮਛੇਰੇ ਵਾਂਗ ਮੈਂ ਭੁਲ ਗਿਆ ਪੀਣਾ ।
ਮੇਰੀ ਮਲੰਗੀ
ਘੁੰਮਦਾ ਰਿਹਾ ਮੈਂ
ਅਪਣੇ ਕੋਟ ਦੀਆਂ ਪਾਟੀਆਂ ਜੇਬਾਂ ਚ ਹੱਥ ਪਾਈ
ਨਕਾਰਾ ਹੋ ਰਿਹਾ ਸੀ ਮੇਰਾ ਓਵਰਕੋਟ
ਤੇਰਾ ਹੀ ਸੀ ਮੈਂ ਸਰਸਵਤੀਏ
ਅਜੀਬ ਸੁਪਨੇ ਸਿਰਜਦਾ ।
ਮੇਰੀ ਨਿੱਕੀ ਪਤਲੂਣ ਵਿਚ ਵੀ ਵੱਡਾ ਮਘੋਰਾ
ਮੈਂ ਰਾਹਾਂ ਵਿਚ ਛੰਦ ਬੀਜਦਾ ਗਿਆ
ਮੈਂ ਅਟਕਣਾ ਸੀ ਰਿੱਛ ਵਾਲ਼ੇ ਸ਼ਰਾਬਖ਼ਾਨੇ
ਤਾਰੇ ਅਸਮਾਨ ਵਿਚ ਬਿੜਕ ਕਰ ਰਹੇ
ਮੈਂ ਉਨ੍ਹਾਂ ਦੀ ਸਰਸਰਾਹਟ ਸੁਣ ਰਿਹਾ
ਸਤੰਬਰ ਦੀਆਂ ਕੂਲ਼ੀਆਂ ਛਾਵਾਂ ਵਿਚ
ਸੜਕ ਦੇ ਕੰਢੇ ਬੈਠਾ ।
ਮੱਥੇ ਤੇ ਤ੍ਰੇਲ਼-ਤੁਪਕੇ ਡਿਗਦੇ ਮਹਿਸੂਸ ਹੋਏ
ਜਿਵੇਂ ਪੁਰਾਣੀ ਸ਼ਰਾਬ ।
ਤੇ ਇਨ੍ਹਾਂ ਅਦਭੁਤ ਪ੍ਰਛਾਵਿਆਂ ਵਿਚ
ਕਵਿਤਾ ਕਰਦਿਆਂ
ਮੈਂ ਅਪਣੇ ਬੂਟਾਂ ਦੇ ਘਸੇ ਹੋਏ
ਤਸਮਿਆਂ ਦੀ ਰਬਾਬ ਦੀਆਂ ਤਾਰਾਂ ਛੇੜੀਆਂ
ਪੈਰ ਨੂੰ ਐਨ ਦਿਲ ਦੇ ਨੇੜੇ ਕਰਕੇ।
– ਪੰਜਾਬੀ ਰੂਪ: ਅਵਤਾਰ ਜੰਡਿਆਲ਼ਵੀ