ਅਸੀਂ ਹੀ ਹਾਂ ਜਿਨ੍ਹਾਂ ਨੇ ਆਪ ਕੰਧਾਰ ਤੋਂ ਸਤਲੁਜ ਤੱਕ ਰਾਜ ਕਰਦਿਆ ਵੀ ਇਹਨੂੰ ਤਖਤ ਦੇ ਇੱਕ ਪਾਵੇ ਕੋਲ ਬਹਾਈ ਰੱਖਿਆ।
ਅਸੀਂ ਹੀ ਹਾਂ ਜੋ ਅਪਣੇ ਘਰਾਂ ਦੀਆਂ ਦਹਿਲੀਜ਼ਾਂ ਤੋਂ ਬਾਹਰ ਇਹਦੇ ਲਈ ਸਦਾ ਕਾਲੀਆਂ ਤਖਤੀਆਂ ਟੰਗ ਕੇ ਰੱਖਦੇ ਰਹੇ।
ਹਾਂ, ਅਸੀਂ ਹੀ ਤਾਂ ਹਾਂ ਜੋ ਕਦੀ ਕਦੀ ਇਹਦੇ ਵੱਲ ਹੇਜ ਦੇ ਚਾਰ ਕੁ ਟੁਕੜੇ ਵਗਾਹ ਮਾਰਦੇ ਹਾਂ।
ਕਰੋੜਾਂ ਦੀ ਗਿਣਤੀ ਵਿਚ ਹਾਂ ਅਸੀਂ, ਸੰਸਾਰ ਦੇ ਹਰ ਕੋਨੇ ਵਿਚ ਫੈਲੇ ਹੋਏ, ਮਿਹਨਤੀ, ਖਾਂਦੇ ਪੀਂਦੇ ਅਤੇ ਦੁਨੀਆ ਭਰ ਦੀਆਂ ਬੋਲੀਆਂ ਦੀ ਕਤਾਰ ਵਿਚ ਤੇ੍ਹਰਵੇਂ ਥਾਂ ’ਤੇ ਖਲੋਤੀ ਅਪਣੀ ਮਾਂ ਨੂੰ ਪਛਾਨਣ ਤੋਂ ਇਨਕਾਰੀ । ਖਬਰੇ ਰਵ੍ਹਾਂਗੇ ਕਦੋਂ ਤੱਕ…
ਪਿਛਲੇ ਦਿਨੀਂ ਪੰਜਾਬ ਵਿਧਾਨ ਸਭਾ ਵਿਚ ਸਰਕਾਰੀ ਦਫ਼ਤਰਾਂ ਤੇ ਦਸਵੀਂ ਤੱਕ ਸਾਰੇ ਸਕੂਲਾਂ ਵਿੱਚ ਪੰਜਾਬੀ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦਾ ਮਤਾ ਪਾਸ ਹੋਇਆ ਹੈ। ਇਹ ਪਹਿਲੀ ਵਾਰ ਨਹੀਂ ਹੋਇਆ। ਕਾਂਗਰਸ ਸਰਕਾਰ ਵੇਲੇ ਵੀ ਇੰਜ ਦਾ ਮਤਾ ਪਾਸ ਹੋਇਆ ਸੀ। ਉਹ ਆਰਡੀਨਸ ਨਹੀਂ ਬਣ ਸਕਿਆ। ਹੁਣ ਵਾਲਾ ਮਤਾ ਆਰਡੀਨਸ ਬਣੇਗਾ? ਇਹ ਸਵਾਲ ਇਸ ਲਈ ਕਿਉਂਕਿ ਇਹ ਉਹੀ ਵਿਧਾਨ ਸਭਾ ਹੈ ਜਿਹਦੇ ਗਠਨ ਵੇਲੇ ਕੁਝ ਵਿਧਾਇਕਾਂ ਨੇ ਪੰਜਾਬੀ ਦੀ ਥਾਂ ਹਿੰਦੀ ’ਚ ਹਲਫ਼ ਲਿਆ ਸੀ। ਇਹਨੀ ਹੀ ਦਿਨੀ ਪਾਕਿਸਤਾਨ ਵਿਚ ਲੋਕਾਂ ਦੇ ਚੁਣੇ ਹੋਏ ਪੰਜਾਬੀ ਨੁਮਾਇੰਦਿਆਂ ਵਿਚੋਂ ਕਿਸੇ ਇੱਕ ਨੇ ਵੀ ਪੰਜਾਬੀ ਵਿਚ ਸਹੁੰ ਨਾ ਚੁੱਕੀ।
ਕੀ ਨਹੀਂ ਕਰਨ ਵਾਲਾ ਪੰਜਾਬੀ ਲਈ?
ਸਾਡੇ ਅਫਸਰ ਹੱਸ ਛੱਡਦੇ ਹਨ, ‘ਗਵਾਰਾਂ ਦੀ ਬੋਲੀ ’ਤੇ।
ਸਾਡੀ ਸਤਿਕਾਰੀ ਹੋਈ ਕਿਤਾਬ ਸਿਰਫ ਸੌਆਂ ਦੀ ਗਿਣਤੀ ਵਿਚ ਛਪਦੀ ਹੈ।
ਸਾਡੇ ਲੇਖਕ ਵਿਚਾਰੀਆਂ ਨਜ਼ਰਾਂ ਨਾਲ ਬਾਕੀ ਜ਼ਬਾਨਾਂ ਵੱਲ ਵੇਖਦੇ ਹਨ।
ਸਾਡੇ ਬੱਚੇ ਖੁਸ਼ ਹਨ, ਹਿੰਦੀ,ਅੰਗਰੇਜ਼ੀ ਬੋਲਕੇ।
ਠੀਕ; ਕਿਸੇ ਵੀ ਬੋਲੀ ਅਤੇ ਸਭਿਅਤਾ ਦਾ ਆਰਥਿਕਤਾ ਨਾਲ ਬਹੁਤ ਨੇੜੇ ਦਾ ਸੰਬੰਧ ਹੈ। ਸਾਡੀਆਂ ਪਨੀਰੀਆਂ ਨੇ ਸੰਸਾਰ ਦੇ ਵੱਡੇ ਚੌਖਟੇ ਵਿਚ ਰਹਿਕੇ ਰੋਜ਼ੀ /ਰੋਟੀ ਵੀ ਕਮਾਉਣੀ ਹੈ। ਸਫ਼ਲਤਾ ਦੀਆਂ ਪੌੜੀਆਂ ਵੀ ਚੜ੍ਹਨੀਆਂ ਹਨ। ਓਸੇ ਸੰਸਾਰ ਵਿਚ ਜਿੱਥੇ ਲੋਕ ਬੋਲੀਆਂ ਦੇ ਵਢਾਂਗੇ ਲਈ ਸੰਸਾਰੀਕਰਨ ਦਾ ਦੈਂਤ ਮੂੰਹ ਅੱਡੀ ਖਲੋਤਾ ਹੈ।
ਪਰ ਅਸੀਂ ਤਾਂ ਖੁਦ ਹੀ ਇਨਕਾਰੀ ਹੋ ਰਹੇ ਹਾਂ ਅਪਣੇ ਅਸਲੇ ਤੋਂ। ਅਪਣੇ ਪੰਘੂੜਿਆਂ ਵਿਚ ਸਿੱਖੇ ਹੋਏ ਪਹਿਲ ਪਲੱਕੜ ਬੋਲਾਂ ਦੀ ਸਾਰਥਿਕਤਾ ਤੋਂ। ਠੀਕ ਹੈ, ਜ਼ੁਮੇਵਾਰ ਹਨ ਉਹ ਜਿਨ੍ਹਾਂ ਨੇ ਪੰਜਾਬ ਵਿਚ ਪਹਿਲੀ ਹੀ ਜਮਾਤ ਤੋਂ ਸਕੂਲਾਂ ਵਿਚ ਅੰਗਰੇਜ਼ੀ ਲਾਗੂ ਕੀਤੀ, ਕਰਵਾਈ ਸੀ। ਪਰ ਅਸੀਂ ਵੀ ਕੀ ਕੀਤਾ? ਕਿਉਂ ਤੇ ਕਿੰਨੇ ਕੁ ਸ਼ਰਮਸ਼ਾਰ ਹਾਂ ਅਸੀਂ ਅਪਣੇ ਹੀ ਵਿਰਸੇ ਤੋਂ?
ਸ਼ਾਇਦ ਉਦੋਂ ਹੀ ਸਾਨੂੰ ਸਮਝ ਆਵੇ ਜਦੋਂ ਡੁੱਬ ਚੁੱਕੇ ਹੋਣਗੇ ਸੂਰਜ।
ਜ਼ਰੂਰੀ ਹੈ ਇਹਦੇ ਗੁਮਰਾਹ ਪੁਤਰਾਂ ਦੇ ਦਿਲਾਂ ਵਿਚ ਇਹਦੇ ਲਈ ਯੋਗ ਮਾਣ ਕਰ ਸਕਣ ਦੀ ਤਮੰਨਾ ਪੈਦਾ ਕਰਨਾ। ਇਹਦੀ ਮਿਠਾਸ ਤੇ ਇਹਦੇ ਹੁਸਨ ਲਈ ਦੀਵਾਨਗੀ ਦਾ ਜਾਗ ਲਾਉਣਾ।
ਖੇਦ ਤਾਂ ਇਹ ਹੈ ਕਿ ਦੁਨੀਆ ਦੇ ਕੋਨੇ ਕੋਨੇ ਵਿਚ ਅਸੀਂ ਅਪਣੇ ਧਰਮ ਦੇ ਡੰਕੇ ਵਜਾ ਕੇ ਵਧੇਰੇ ਖੁਸ਼ ਹੁੰਦੇ ਹਾਂ ਅਤੇ ਮਾਂ ਬੋਲੀ ਨੂੰ ਨਿਰਾ ਪੁਰਾ ਅੱਖੋਂ ਉਹਲੇ ਕਰ ਦਿੰਦੇ ਹਨ ਜਦ ਕਿ ਸਾਡਿਆਂ ਹੀ ਗੁਰੂਆਂ ਨੇ ਇਸਨੂੰ ਮੁਢਲੇ ਸਤਿਕਾਰ ਦਾ ਹੱਕ ਦੇਕੇ ਇਹਦੇ ਅੱਗੇ ਸਿਰ ਝੁਕਾਇਆ ਸੀ।
ਹੁਣ ਵੀ ਜੇ ਗੱਲ ਛਿੜੀ ਹੈ ਤਾਂ ਪ੍ਰਣ ਕਰੀਏ ਅਗੋਂ ਤੋਂ ਇਹਦੇ ਹੱਕਾਂ ਦੀ ਰਾਖੀ ਦਾ। ਪਹਿਰੇਦਾਰ ਹੋ ਜਾਈਏ ਇਹਦੀ ਆਬਰੂ ਦੇ।
ਖੁਸ਼ੀ ਹੈ ਕਿ ਇਹਦੇ ਹਿਤ ਵਿਚ ਇੱਕ ਮੱਧਮ ਜਹੀ ਕਿਰਨ ਉਦੈ ਹੋਈ ਹੈ। ਚਾਹਤ ਹੈ ਕਿ ਇਸ ਕਿਰਨ ਨੂੰ ਹੁਣ ਫੇਰ ਹਨ੍ਹੇਰੇ ਨਾਂ ਨਿਗਲ ਜਾਣ। ਹਨੇਰਿਆਂ ਤੋਂ ਪਾਰ ਜਾਣ ਲਈ ਜ਼ਰੂਰੀ ਹੈ ਕਿ ਪੰਜਾਬੀ ਲੇਖਕ, ਵਿਦਵਾਨ ਅਤੇ ਭਾਸ਼ਾ ਵਿਗਿਆਨੀ ਅਪਣੀ ਭਾਸ਼ਾ, ਅਪਣੀ ਬੋਲੀ ਦੀ ਰਾਖੀ ਦਾ ਮਸਲਾ ਸਭ ਤੋਂ ਅਹਿਮ ਬਨਾਉਣ। ਪੰਜਾਬ ਵਿੱਚ ਦੋ ਕੇਂਦਰੀ ਲੇਖਕ ਸਭਾਵਾਂ ਹਨ ਜਿਨ੍ਹਾਂ ਨਾਲ ਸਵਾ ਸੌ ਦੇ ਕਰੀਬ ਸਾਹਿਤ ਸਭਾਵਾਂ ਜੁੜੀਆਂ ਹੋਈਆਂ ਹਨ। ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਅਪਣੀ ਬੁੱਕਲ ‘ਚ ਹਜ਼ਾਰ ਤੋਂ ਵੱਧ ਲੇਖਕ ਸਮੋਈ ਬੈਠੀ ਹੈ। ਇਹ ਹਰ ਵਰ੍ਹੇ ਪੰਜਾਬੀ ਭਾਸ਼ਾ ਦੇ ਹੱਕ ਦੀ ਲੜਾਈ ਵਿੱਚ ਧਰਨੇ ਮਾਰਚ ਲਾਉਂਦੇ ਹਨ। ਪਰ ਇਹਦੇ ਬਾਵਜੂਦ ਮਾਂ ਬੋਲੀ ਦਾ ਸੰਘਰਸ਼ ਹਰ ਪੰਜਾਬੀ ਦਾ ਸੰਘਰਸ਼ ਨਹੀਂ ਬਣਿਆ। ਅਸਲ ਵਿਚ ਲੋੜ ਇਹ ਹੈ ਕਿ ਪੰਜਾਬੀ ਲੇਖਕ ਰਾਜਸੀ ਪਾਰਟੀਆਂ ਦੇ ਭੁਚਲਾਵਿਆਂ ਵਿੱਚੋਂ ਬਾਹਰ ਆਉਣ ਤੇ ਅਪਣੇ ਮਸਤਕਾਂ ਵਿਚ ਮਾਂ ਬੋਲੀ ਦੇ ਦੀਵੇ ਬਾਲਣ। ਉਹ ਮਾਂ ਬੋਲੀ ਜਿਹੜੀ ਜਨਮ ਤੋਂ ਲੈ ਕੇ ਜ਼ਿੰਦਗੀ ਦੇ ਆਖ਼ਰੀ ਪਲਾਂ ਤਕ ਸੱਚੀ ਸਾਥਣ ਹੁੰਦੀ ਹੈ।
ਪੰਜਾਬ ਅਤੇ ਪੰਜਾਬੀ ਦੇ ਨਾਂ ਤੇ ਹੋ ਰਹੀਆਂ ਵਿਸ਼ਵ ਕਾਨਫਰੰਸਾਂ ਦੇ ਉਹਲੇ ਵਿਚ ਸਵੈ ਦੀਆਂ ਡਫਲੀਆਂ ਨਾ ਵੱਜਣ। ਪੰਜਾਬੀ ਦੀ ਸੇਵਾ ਦੇ ਬਹਾਨੇ ਬਣੀਆਂ ਸੰਸਥਾਵਾਂ ਅੰਦਰ ਚੁੰਝਾਂ ਦੀ ਲੜਾਈ ਨਾ ਹੋਵੇ।
ਜ਼ਰੂਰਤ ਤਾਂ ਹੈ ਸਿਰ ਸੁੱਟਕੇ ਇਹਦੇ ਲਈ ਕੰਮ ਕਰਨ ਦੀ। ਇਹਦੇ ਵਿਚ ਚੰਗੇ ਤੋਂ ਚੰਗਾ ਸਾਹਿਤ ਰਚਣ ਦੀ। ਇਹਨੂੰ ਅਪਣੇ ਮਨ ਦੇ ਰੱਤੇ ਪੀਹੜੇ ਬਿਠਾਉਣ ਦੀ ਤੇ ਇਹਦਾ ਪ੍ਰਚਮ ਲਹਿਰਾਕੇ ਖੁਲ੍ਹੇ ਮੈਦਾਨਾਂ ਵਿਚ ਨਿਕਲ ਆਉਣ ਦੀ।
‘ਹੁਣ’ ਦੀ ਦਿਲੀ ਖਾਹਸ਼ ਹੈ ਕਿ ਦੂਰ ਨੇੜੇ ਬੈਠਾ ਹਰ ਪੰਜਾਬੀ ਇਹਨੂੰ ਅਪਣੇ ਗਲ਼ ਨਾਲ ਲਾ ਲਵੇ। ਇਹਦਾ ਦੀਵਾਨਾ ਹੋ ਜਾਵੇ।
ਆਓ ਮਾਂ-ਬੋਲੀ ਦਾ ਸਤਿਕਾਰ ਕਰੀਏ। ਇਹਨੂੰ ਪਿਆਰ ਕਰੀਏ। ਪੰਜਾਬੀ ਜ਼ਿੰਦਾਬਾਦ!
22 ਅਪ੍ਰੈਲ, 2008
– ਅਵਤਾਰ ਜੰਡਿਆਲਵੀ
-ਸੁਸ਼ੀਲ ਦੁਸਾਂਝ