‘ਨੀ ਕੁੜੇ ਗੁਰਮੀਤ, ਕਿੱਥੇ ਆਂ, ਦਿਸਦੀ ਨੀ ਕਿਧਰੇ।’ ਅੰਦਰ ਲੰਘਦਿਆਂ ਲੰਬੜਾਂ ਦੀ ਵੀਰੋ ਨੇ ਕਿਹਾ, ਪਰ ਕੋਈ ਜੁਆਬ ਮਿਲਣ ਤੋਂ ਪਹਿਲਾਂ ਹੀ ਆਸੇ ਪਾਸੇ ਹੈਰਾਨੀ ਨਾਲ ਤੱਕਦੀ ਬੋਲੀ, ‘ਵਾਹ, ਕਿੰਨਾ ਸੁਹਣਾ ਸੁਆਰਿਆ ਵਿਹੜਾ। ਮੈਨੂੰ ਤਾਂ ਲੱਗਦਾ ਜੰਝ ਚੱਕੀ ਆਲਿਆਂ ਦੇ ਘਰ ਨੀ ਏਧਰ ਢੁੱਕਣੀ ਆ…..।’ ਕਮਰੇ ਚੋਂ ਨਿਕਲ ਗੁਰਮੀਤ ਉਹਨੂੰ ਅੱਗਲਵਾਂਢੀ ਮਿਲੀ – ‘ਭਾਬੀ ਬੜੇ ਦਿਨਾਂ ਦਾ ਵਿਹੜਾ ਕਰੂਪ ਜਿਹਾ ਹੋਇਆ ਪਿਆ ਸੀ, ਅੱਜ ਮਨ ਕਰ ਪਿਆ ਤਾਂ ਮੈਂ ਕਿਹਾ ਜ਼ਰਾ ਇਹਦਾ ਹੁਲੀਆ ਈ ਬਦਲ ਦਿਆਂ।’ ਵਿਹੜੇ ਵੱਲ ਬੜੀ ਰੀਝ ਨਾਲ ਵੀਰੋ ਨੇ ਵੇਖਿਆ, ਕੰਧਾਂ ਦੇ ਨਾਲ ਨਾਲ ਕਿਨਾਰੀ ਕੱਢ ਕੇ ਗੋਲੂ ਪੋਚਾ ਲਾ ਕੇ ਵਿਚ ਗੋਹਾ-ਮਿੱਟੀ ਬੜੇ ਕਰੀਨੇ ਨਾਲ ਫੇਰਿਆ ਹੋਇਆ ਸੀ। ਚੌਕੇ ਦੇ ਓਟੇ ਤੇ ਨਵੇਂ ਸਿਰਿਓਂ ਮੋਰਨੀਆਂ ਤੇ ਤੋਤੇ ਬਣਾਏ ਹੋਏ ਸਨ। ਆਸੇ ਪਾਸੇ ਪਈ ਹਰ ਸ਼ੈਅ ਸਚਿਆਰੇ ਹੱਥਾਂ ਨੇ ਟਿਕਾਈ ਹੋਈ ਸੀ। ਉਹਨੇ ਗੁਰਮੀਤ ਨੂੰ ਗਲ਼ ਨਾਲ ਲਾ ਕੇ ਪਿਆਰ ਕੀਤਾ, ‘ਤੈਨੂੰ ਬੜੀ ਵਾਰੀ ਕਿਹਾ ਸੀ, ਉਦਾਸੀਆਂ ਨੂੰ ਮਨ ਤੋਂ ਲਾਹ। ਅੱਜ ਮੈਂ ਖੁਸ਼ ਆਂ। ਭਾਵੇਂ ਮੇਰੇ ਆਖਣ ‘ਤੇ ਕੀਤਾ ਤੂੰ ਜਾਂ ਤੇਰੀ ਆਪਣੀ ਸੋਚ ਨੇ ਤੈਨੂੰ ਪ੍ਰੇਰਿਆ, ਪਰ ਚੰਗਾ ਏ।’ ਫਿਰ ਬਿੰਦ ਕੁ ਰੁਕ ਕੇ ਬੋਲੀ, ਅਪਣੇ ਚਿਹਰੇ ਤੋਂ ਵੱਧ ਕੋਈ ਚੀਜ਼ ਪਿਆਰੀ ਨਹੀਂ ਹੁੰਦੀ। ਤੂੰ ਵੇਖ ਅਪਣੀ ਉਮਰ ਤੇ ਇਹ ਸਿਆਹੀਆਂ। ਮੇਰੇ ਕੋਲ ਇਕ ਕਰੀਮ ਪਈ ਆ ਜਿਹਦੇ ਨਾਲ ਇਹ ਠੀਕ ਹੋ ਜਾਂਦੀਆਂ, ਤੂੰ ਲੈ ਆਵੀਂ।’
‘ਸਿੰਮੀ ਹੱਥ ਭੇਜ ਦਈਂ।’ ਗੁਰਮੀਤ ਨੇ ਤੁਰੰਤ ਕਿਹਾ। ਵੀਰੋ ਇਕ ਵਾਰ ਫਿਰ ਹੈਰਾਨਗੀ ਨਾਲ ਉਹਦੇ ਵੱਲ ਤੱਕਣ ਲੱਗੀ। ਕਈ ਵਾਰ ਤਾਂ ਉਹ ਪਹਿਲਾਂ ਵੀ ਕਹਿ ਚੁਕੀ ਸੀ, ਪਰ ਗੁਰਮੀਤ ਗੱਲ ਆਲੇ-ਟਾਲੇL ਪਾ ਛੱਡਦੀ ਸੀ, ‘ਕਾਹਦੇ ਲਈ ਭਾਬੀ, ਕਿਸ ਖਾਤਰ? ਮੇਰੇ ਤਾਂ ਜਿਵੇਂ ਚਾਅ ਈ ਮੁੱਕ ਗਏ ਨੇ।’
‘ਵਕਤ ਹਮੇਸ਼ਾ ਇਕੋ ਜਿਹਾ ਨਹੀਂ ਰਹਿੰਦਾ, ਇਹ ਜ਼ਿੰਦਗੀ ਦਾ ਅਸੂਲ ਐ, ਤੇਰਾ ਇਹ ਸਮਾਂ ਵੀ ਨਹੀਂ ਰਹਿਣਾ। ਜਿੰਨੀ ਤੂੰ ਸੁਚੱਜੀ ਸਿਆਣੀ ਐਂ ਤੈਨੂੰ ਤਾਂ ਚਾਹੀਦਾ ਅਗਾਂਹ ਦੀ ਸੋਚੇਂ।…..ਲੈ, ਤੇਰੇ ਨਾਲ ਗੱਲੀਂ ਪੈ ਕੇ ਭੁੱਲ ਈ ਗਿਆ, ਤੈਨੂੰ ਤਾਂ ਪਤਾ, ਸ਼ੱਬੋ ਦੀ ਜੰਝ ਐ ਸਵੇਰੇ, ਅੱਜ ਉਹਦੀਆਂ ਨਾਨਕੀਆਂ ਜਾਗੋ ਕੱਢਣ ਦਾ ਆਹਰ ਪਈਆਂ ਕਰਦੀਆਂ, ਮੈਨੂੰ ਕਹਿੰਦੀਆਂ, ਗੁਰਮੀਤ ਨੂੰ ਜ਼ਰੂਰ ਆਖਿਓ…..ਤੂੰ ਤਿਆਰ ਰਹੀਂ।’
‘ਪਰ ਭਾਬੀ, ਕਿਵੇਂ ਆਵਾਂਗੀ ਮੈਂ? ਸ਼ਿੰਦਰ ਦੇ ਪੇਕੀਂ ਵੀ ਵਿਆਹ ਸੀ ਅੱਜ। ਬੇਬੇ ਬਾਪੂ ਹੋਰੀਂ ਨਾਲ ਰਿੰਮੀ ਨੂੰ ਵੀ ਲੈ ਗਏ ਨੇ। ਮੰਗਾ ਹਨੇਰੇ ਪਏ ਮੁੜੂ, ਘਰ ਕੌਣ ਰਹੂ, ਨਾਲੇ ਤੈਨੂੰ ਪਤਾ…..।’
‘ਮੈਨੂੰ ਕੁਝ ਨਹੀਂ ਪਤਾ, ਤੈਨੂੰ ਮੇਰੇ ਨਾਲ ਜਾਣਾ ਈ ਪੈਣਾ। ਉੱਥੇ ਤੇਰੇ ਜਿੰਨੀਆਂ ਬੋਲੀਆਂ ਕਿਸੇ ਹੋਰ ਨੂੰ ਆਉਂਦੀਆਂ? ਕਦੇ ਕਦਾਈਂ ਤਾਂ ਐਹੋ ਜਿਹਾ ਮੌਕਾ ਮੇਲ ਜੁੜਦਾ। ਮੈਂ ਸਰਪੰਚਾਂ ਦੀ ਸ਼ਰਨ ਨੂੰ ਵੀ ਕਹਿ ਆਵਾਂ। ਤੂੰ ਜ਼ਰਾ ਤਿਆਰ ਹੋ।’ ਕਹਿ ਕੇ ਵੀਰੋ ਤੁਰ ਪਈ, ‘ਮੈਂ ਮੁੜਦੇ ਪੈਰੀਂ ਆਈ ਖੜੀ।’
‘ਤਿਆਰ ਹੋਵਾਂ?’ ਗੁਰਮੀਤ ਮੂੰਹ ‘ਚ’ ਬੁੜਬੜਾਈ ਤੇ ਅੰਦਰ ਜਾ ਕੇ ਸ਼ੀਸ਼ੇ ‘ਚ’ ਅਪਣੇ ਆਪ ਨੂੰ ਨਿਹਾਰਨ ਲੱਗੀ। ਚਿਹਰੇ ‘ਤੇ ਉੱਘੜ ਆਏ ਬੁਢਾਪੇ ਦੇ ਨਿਸ਼ਾਨ ਉਹਨੂੰ ਭੈੜੇ ਲੱਗੇ। ਉਂਗਲ ਨਾਲ ਉਹਨੇ ਅੱਖਾਂ ਦੇ ਕਿਨਾਰਿਆਂ ਵੱਲ ਉੱਭਰ ਆਈਆਂ ਝੁਰੜੀਆਂ ਨੂੰ ਨੱਪ ਕੇ ਵੇਖਿਆ ਤੇ ਸੋਚਿਆ, ਸ਼ਾਇਦ ਕਰੀਮ ਨਾਲ ਕੁਝ ਠੀਕ ਹੋ ਜਾਣ।
ਧਿਆਨ ਫਿਰ ਅੰਗੀਠੀ ‘ਤੇ ਪਈ ਬਲਵੰਤ ਦੀ ਚਿੱਠੀ ਨੇ ਖਿੱਚ ਲਿਆ। ਕੱਲ੍ਹ ਦੁਪਹਿਰੇ ਧਰੇਕ ਦੀ ਛਾਵੇਂ ਬੈਠੀ ਰਿੰਮੀ ਦੇ ਕੱਪੜਿਆਂ ਨੂੰ ਗੰਢ-ਤਰੋਪਾ ਪਈ ਕਰਦੀ ਸੀ ਜਦੋਂ ਡਾਕੀਆ ਚਿੱਠੀ ਸੁੱਟ ਗਿਆ ਸੀ। ਪੜ੍ਹਦਿਆਂ ਗੁਰਮੀਤ ਨੂੰ ਲੱਗਾ ਸੀ ਜਿਵੇਂ ਉਹਦੇ ਮਨ ਦੇ ਸ਼ਾਂਤ ਟਿਕੇ ਪਾਣੀਆਂ ਵਿਚ ਹਲਚਲ ਮੱਚ ਗਈ ਹੋਵੇ। ਪਹਿਲਾਂ ਤਾਂ ਉਹਨੂੰ ਗੁੱਸਾ ਆਇਆ ਸੀ ਪਰ ਛੇਤੀ ਹੀ ਉਹਦੀ ਸੋਚ ਚਿੱਠੀ ਦੀਆਂ ਪੰਕਤੀਆਂ ਵਿਚ ਵਹਿਣ ਲੱਗੀ। ਬਲਵੰਤ ਕਦੇ ਕਦਾਈ ਚਿੱਠੀ ਲਿਖਦਾ ਸੀ ਉਹਨੂੰ। ਕਈ ਵਾਰ ਉਹਦਾ ਗੂੜ੍ਹ ਗਿਆਨ ਉਹਦੇ ਉਪਰੋਂ ਦੀ ਵਹਿ ਜਾਂਦਾ ਸੀ। ਪਤਾ ਨਹੀਂ ਕਿਥੋਂ ਗੱਲਾਂ ਕੱਢਦਾ ਸੀ ਉਹ। ਉਹ ਜਦੋਂ ਵੀ ਉਹਦੀਆਂ ਗੱਲਾਂ ਸੁਣਦੀ, ਉਹਨੂੰ ਚਾਹੁੰਦੀ ਉਹ ਬੋਲੀ ਜਾਏ। ਨਿੱਕੇ ਹੁੰਦਿਆਂ ਤੋਂ ਉਹਦੇ ਖਿਆਲ ਵੱਖਰੇ ਸਨ। ਉਹ ਜਦੋਂ ਵੀ ਆਉਂਦਾ ਸੀ ਕਿਤਾਬਾਂ ਦੀਆਂ, ਸਕੂਲ ਕਾਲਜ ਦੀਆਂ, ਸ਼ਹਿਰੀ ਜੀਵਨ ਦੀਆਂ ਵੰਨ ਸੁਵੰਨੀਆਂ ਗੱਲਾਂ ਸੁਣਾਉਂਦਾ। ਨਿੱਕਾ ਹੁੰਦਾ ਮਾਸੀ ਨਾਲ ਆਉਂਦਾ ਹੁੰਦਾ ਸੀ, ਫਿਰ ਵੱਡਾ ਹੋਇਆ ਤਾਂ ਸਾਇਕਲ ‘ਤੇ ਆਉਣ ਲੱਗਾ। ਉਨ੍ਹਾਂ ਦਿਨ ਵਿਚ ਉਸਨੇ ਬਚਪਨ ਬਿਤਾ ਕੇ ਜਵਾਨੀ ਵਿਚ ਪੈਰ ਧਰਿਆ ਸੀ। ਬਾਪੂ ਪਿੰਡ ਦਾ ਲੁਹਾਰਾ ਤਰਖਾਣਾ ਕਰਦਾ ਸੀ। ਉਹ ਸਵੇਰੇ ਹੀ ਡਿਓੜੀਓਂ ਬਾਹਰ ਬਣੇ ਢਾਰੇ ਵਿਚ ਕੰਮ ਧੰਦੇ ਨੂੰ ਜੁਟ ਜਾਂਦਾ। ਢਾਰਾ ਕੰਮ ਕਰਾਉਣ ਆਏ ਬੰਦਿਆਂ ਨਾਲ ਭਰਿਆ ਰਹਿੰਦਾ। ਭੱਠੀ ‘ਚ’ ਪਏ ਕੋਲੇ ਮਘ ਰਹੇ ਹੁੰਦੇ। ਬਾਪੂ ਨੇ ਦੋਹਾਂ ਹੱਥਾਂ ਨਾਲ ਘੁੱਟ ਕੇ ਸੰਨ੍ਹੀ ਫੜੀ ਹੁੰਦੀ। ਸੰਨ੍ਹੀ ਦੀ ਪਕੜ ਵਿਚ ਲਾਲ ਸੁਰਖ ਲੋਹਾ ਹੁੰਦਾ ਜਿਸ ਨੂੰ ਦੋ ਜੁਆਨ ਵਦਾਨ ਦੀਆਂ ਸੱਟਾਂ ਮਾਰ ਰਹੇ ਹੁੰਦੇ ਤੇ ਲੋਹਾ ਕਿਸੇ ਸੰਦ ਦਾ ਰੂਪ ਅਖਤਿਆਰ ਕਰ ਰਿਹਾ ਹੁੰਦਾ। ਗੁਰਮੀਤ ਬਾਪੂ ਲਈ ਚਾਹ ਲੱਸੀ ਲੈ ਕੇ ਆਉਂਦੀ ਤਾਂ ਕੋਈ ਪੁੱਛ ਲੈਂਦਾ, ‘ਭਾਈ ਜੀ ਕਿੰਨੇ ਕੁ ਵਰਿ੍ਹਆਂ ਦੀ ਹੋ ਗਈ ਗੁੱਡੀ?’ ਤਾਂ ਬਾਪੂ ਕੰਡੀ ਨਾਲ ਭੱਠੀ ‘ਚ’ ਪਏ ਕੋਲਿਆਂ ਨੂੰ ਛੇੜਦਿਆਂ ਤੇ ਮੱਥੇ ਦਾ ਪਸੀਨਾ ਪੂੰਝਦਿਆਂ ਦੱਸਦਾ, ‘ਏਸ ਵਿਸਾਖੀ ਨੂੰ ਸੋਲ੍ਹਾਂ ਦੀ ਹੋ ਜਾਊ।’
ਹੋਲੀਆਂ ਦੇ ਦਿਨੀਂ ਆਏ ਬਲਵੰਤ ਨੇ ਉਸਨੂੰ ਇਕ ਦਿਨ ਕਿਹਾ ਸੀ, ‘ਮੀਤੋ, ਕਿੰਨੀ ਸੋਹਣੀ ਹੋ ਗਈ ਐਂ ਤੂੰ, ਸੱਚੀਂ ਯਕੀਨ ਨੀ ਹੁੰਦਾ ਤੂੰ ਉਹੋ ਈ ਐਂ ਜਿਹੜੀ ਵਾਲ ਖਿਲਾਰ ਛੱਡਦੀ ਸੀ।’
‘ਭੈਣਾਂ ਨੂੰ ਏਦਾਂ ਵੀ ਕਹੀਦਾ?’ ਗੁਰਮੀਤ ਨੇ ਤਾੜਿਆ ਸੀ।
‘ਜਿਹੜੀ ਚੀਜ਼ ਚੰਗੀ ਲੱਗੇ ਉਹਦੀ ਸਿਫਤ ਨਾ ਕਰਨੀ ਘਟੀਆਪਣ ਹੁੰਦਾ। ਤੂੰ ਮੇਰੀ ਭਾਵਨਾ ਨਹੀਂ ਸਮਝੀ।’ ਉਹ ਗੰਭੀਰ ਹੋ ਗਿਆ ਸੀ।
‘ਹੁਣ ਤੂੰ ਲੈਕਚਰ ਸ਼ੁਰੂ ਕਰ ਦਏਂਗਾ। ਪੂਰੀ ਕੋਈ ਕਿਤਾਬ ਸੁਣਾ ਦਏਂਗਾ, ਹੈ ਨਾ?’ ਉਹਨੇ ਕਿਹਾ ਸੀ। ਪਰ ਦਿਲੋਂ ਅਪਣੀ ਸਿਫਤ ਉਹਨੂੰ ਚੰਗੀ ਲੱਗੀ ਸੀ। ‘ਕਿਤਾਬ ਤਾਂ ਮੈਂ ਤੈਨੂੰ ਸੁਣਾਵਾਂ ਜਾਂ ਨਾ ਸੁਣਾਵਾਂ, ਪਰ ਇਹ ਦੱਸ ਤੂੰ ਪੜ੍ਹਾਈ ਕਿਉਂ ਛੱਡ ਰਹੀ ਏਂ?’ ਉਹਨੇ ਕਿਹਾ ਸੀ।
‘ਬੇਬੇ ਨੂੰ ਪੁੱਛ ਲਾ, ਮੈਂ ਕੀ ਜੁਆਬ ਦਿਆਂ?’ ਉਹ ਬੋਲੀ ਸੀ।
ਬੇਬੇ ਤੰਦੂਰ ‘ਤੇ ਰੋਟੀਆਂ ਲਾਹ ਰਹੀ ਸੀ ਤੇ ਬਲਵੰਤ ਵਿਹੜੇ ਵਿਚ ਮੰਜੇ ‘ਤੇ ਬੈਠਾ ਖਾਣ ਡਿਹਾ ਸੀ। ਉਹ ਲਾਗੇ ਬੈਠੀ ਪੱਖੀ ਨਾਲ ਮੱਠੀ ਮੱਠੀ ਝੱਲ ਮਾਰ ਰਹੀ ਸੀ। ਬੇਬੇ ਰੋਟੀ ਰੱਖਣ ਆਈ ਤਾਂ ਬਲਵੰਤ ਨੇ ਕਿਹਾ ਸੀ,’ਮਾਸੀ ਜੀ, ਤੁਸੀਂ ਗੁਰਮੀਤ ਨਾਲ ਧੱਕਾ ਕਰ ਰਹੇ ਜੇ। ਇਹਦੇ ਪੜ੍ਹਨ ਲਿਖਣ ਦੇ ਦਿਨ ਨੇ। ਤੁਸੀਂ ਇਹਦਾ ਭਵਿੱਖ ਮਾਰ ਰਹੇ ਓ।’
‘ਤੂੰ ਵੇਖਦਾ ਨੀ ਪੁੱਤ, ਮਾਸੜ ਤੇਰੇ ਦਾ ਕੁੱਬ ਨਿਕਲ ਗਿਆ ਭੱਠੀ ਅੱਗੇ ਬਹਿ ਬਹਿ। ਤੈਨੂੰ ਕਿਹੜੀ ਭੁੱਲ ਐ? ਸ਼ਹਿਰ ਦੀਆਂ ਪੜ੍ਹਾਈਆਂ ਦਾ ਖਰਚਾ ਕਿਥੋਂ ਕੱਢਾਂਗੇ ਪੁੱਤ। ਨਾਲੇ ਬਹੁਤਾ ਪੜ੍ਹ ਕੇ ਇਹਨੇ ਕਿਹੜਾ ਜੱਜ ਲੱਗਣਾ? ਬਾਪੂ ਇਹਦਾ ਆਂਹਦਾ, ਕੋਈ ਚੰਗਾ ਵਰ ਘਰ ਲੱਭੇ, ਹੱਥ ਪੀਲੇ ਕਰੀਏ।’
‘ਵਿਆਹ ਹੋਣੋ ਰਹਿ ਤਾਂ ਨੀ ਚੱਲਿਆ ਮਾਸੀ। ਮੈਨੂੰ ਵੀ ਤਾਂ ਭਾਪਾ ਜੀ ਪੜ੍ਹਾ ਈ ਰਹੇ ਨੇ। ਸਾਡੀ ਕਿਹੜੀ ਮਿੱਲ ਚਲਦੀ ਆ?’ ਬਲਵੰਤ ਨੇ ਤਰਕ ਦਿੱਤਾ ਸੀ।
‘ਤੂੰ ਹੁਸ਼ਿਆਰ ਆਂ, ਵਜ਼ੀਫਾ ਵੀ ਲੈਨਾਂ, ਨਾਲੇ ਪੁੱਤ ਮੁੰਡਾ ਐਂ ਤੂੰ, ਕਾਲਜ ਤੇਰਾ ਤੇਰੇ ਸ਼ਹਿਰ ਈ ਆ। ਇਹ ਕਿੱਥੇ ਧੱਕੇ ਖਾਊ ਬੱਸਾਂ ਚ?’ ਬੇਬੇ ਦਾ ਜੁਆਬ ਸੀ।
‘ਕੁੜੀਆਂ ਆਉਂਦੀਆਂ ਨੀ ਪਿੰਡਾਂ ਚੋਂ? ਸਾਡੇ ਕੋਲ ਵੀ ਤਾਂ ਰਹਿ ਸਕਦੀ ਆ।’ ਉਹ ਵੀ ਅਪਣੀ ਅੜੀ ਤੇ ਕਾਇਮ ਸੀ। ਪਰ ਬੇਬੇ ਦਾ ਇੱਕ ਹੀ ਨੰਨਾ ਸੀ, ‘ਨਹੀਂ ਪੁੱਤ ਵਾਰਾ ਨਹੀਂ ਖਾਣਾ ਸਾਥੋਂ, ਅਸੀਂ ਤਾਂ ਆਹਨੇ ਆਂ, ਇਜ਼ਤ ਨਾਲ ਅਪਣੇ ਘਰ ਜਾਏ। ਬੱਸ….।’
ਬਲਵੰਤ ਦੀ ਇੱਕ ਵੀ ਨਹੀਂ ਸੀ ਚੱਲੀ। ਤਾਂ ਹੀ ਇਕ ਦਿਨ ਚਾਚੀ ਪਿਆਰੀ ਤੇ ਬੇਬੇ ਸਲਾਹੀਂ ਪਈਆਂ ਗੁਰਮੀਤ ਨੇ ਸੁਣੀਆਂ ਸਨ। ਚਾਚੀ ਪੁੱਛ ਰਹੀ ਸੀ, ‘ਵੱਡੀਏ, ਗੁਰਮੀਤ ਨੂੰ ਮੰਗਣ ਵਿਆਹੁਣ ਦਾ ਸੋਚ, ਕੁੜੀ ਜੁਆਨ ਜਹਾਨ ਘਰ ਬੈਠੀ ਆ।’
‘ਸੋਚਦੇ ਤਾਂ ਹੈ ਆਂ। ਇਹਦੀ ਮਾਮੀ ਵੀ ਇਕ ਦਿਨ ਆਈ ਸੀ, ਉਹ ਵੀ ਕਹਿ ਰਹੀ ਸੀ। ਪਰ ਹੁਣ ਕੋਈ ਬਣਦਾ ਫੱਬਦਾ ਸਾਥ ਮਿਲੇ….।’
‘ਮੇਰੀ ਕੋਟਲੀ ਵਾਲੀ ਭੈਣ ਦਾ ਜਠੀਆ ਈ। ਮੁੰਡਾ ਸੋਹਣਾ ਸੁਨੱਖਾ ਈ, ਜੋੜੀ ਚੰਗੀ ਬਣੂ। ਕੰਮ ਰਾਜਗਿਰੀ ਕਰਦਾ ਈ ਪਿਓ ਨਾਲ, ਘਰ ਬਾਰ ਚੰਗਾ। ਤੂੰ ਕਹੇਂ ਤਾਂ ਗੱਲ ਤੋਰਾਂ।’
‘ਵੇਖ ਲਾ ਤੋਰ ਕੇ।’ ਬੇਬੇ ਨੇ ਕਿਹਾ ਸੀ। ਚਾਦਰ ਤੇ ਦਸੂਤੀ ਦਾ ਤੋਪਾ ਭਰਦਿਆਂ ਗੁਰਮੀਤ ਨੇ ਅਪਣੇ ਆਪ ਵਿਚ ਮਸਤ ਰਹਿ ਕੇ ਉਹਨਾਂ ਦੀਆਂ ਗੱਲਾਂ ਸੁਣੀਆਂ ਸਨ। ਕੁਝ ਕੁਝ ਚੰਗਾ ਵੀ ਲੱਗਾ ਸੀ। ਕਿਹੋ ਜਿਹਾ ਹੋਊ? ਉਹਦਾ ਜੀਅ ਕੀਤਾ ਚਾਚੀ ਨੂੰ ਉਹਦੇ ਬਾਰੇ ਪੁੱਛੇ ਪਰ ਸੰਗ ਦੀ ਮਾਰੀ ਹੁੰਗਾਰਾ ਵੀ ਨਾ ਭਰ ਸਕੀ।
‘ਲੈ ਫਿਰ ਕੱਲ੍ਹ ਈ ਰੁੱਕਾ ਭੇਜਨੀ ਆਂ ਜਗੀਰੋ ਨੂੰ। ਦਿਓਰ ਤੇਰਾ ਕੋਟਲੀ ਵੱਲ ਈ ਜਾਂਦਾ ਕਿਤੇ ਕੰਮ ‘ਤੇ। ਮੈਂ ਲਿਖ ਦੇਣਾ, ਐਤਵਾਰ ਸ਼ਹੀਦੀਂ ਆ ਜੋ, ਕੁੜੀ ਨੂੰ ਝਾਤੀ ਮਾਰ ਲਓ, ਅਸੀਂ ਮੁੰਡਾ ਵੇਖ ਲਾਂ ਗੇ। ਠੀਕ ਆ?’
‘ਠੀਕ ਆ।’ ਬੇਬੇ ਨੇ ਕਿਹਾ।
ਐਤਵਾਰ ਉਹ ਚਾਚੀ ਤੇ ਬੇਬੇ ਨਾਲ ਟਾਂਗੇ ‘ਤੇ ਬਹਿ ਕੇ ਅੰਬਰਸਰ ਗਈਆਂ ਸਨ। ਗੁਰਦੁਆਰੇ ਸ਼ਹੀਦਾਂ ਨਿਸ਼ਾਨ ਸਾਹਿਬ ਲਾਗੇ ਉਹਨੇ ਹਰਪ੍ਰੀਤ ਨੂੰ ਵੇਖਿਆ ਸੀ। ਉਨ੍ਹਾਬੀ ਪੱਗ ਵਿਚ ਉਹਦਾ ਗੋਰਾ ਰੰਗ ਹੋਰ ਵੀ ਨਿੱਖਰ ਰਿਹਾ ਸੀ। ਇਹ ਸਬਬ ਈ ਸੀ ਕਿ ਉਹਨੇ ਵੀ ਉਸ ਦਿਨ ਉਨ੍ਹਾਬੀ ਸੂਟ ਈ ਪਾਇਆ ਹੋਇਆ ਸੀ ਤੇ ਹਰਪ੍ਰੀਤ ਘੜੀ ਘੜੀ ਪਿਛੋਂ ਉਸ ਵੱਲ ਤੱਕਦਾ ਸੀ। ਚਾਚੀ ਤੇ ਬੇਬੇ ਹਰਪ੍ਰੀਤ ਦੀ ਮਾਂ ਤੇ ਦਿਓਰਾਣੀ ਨਾਲ ਗੱਲੀਂ ਜੁੱਟ ਗਈਆਂ। ਫਿਰ ਥੋੜ੍ਹੇ ਚਿਰ ਬਾਅਦ ਚਾਚੀ ਨੇ ਕਿਹਾ, ਹਰਪ੍ਰੀਤ, ਕੋਈ ਗੱਲ ਬਾਤ ਕਰ ਲੈ, ਸਾਡੇ ਵਾਰੇ ਪਾਰੇ ਤਾਂ ਹੋਰ ਗੱਲਾਂ ਸੀ।’
‘ਆਂਟੀ ਜੀ, ਕੀ ਗੱਲ ਕਰਾਂ ਮੈਂ?’ ਉਹ ਸ਼ਰਮਾਅ ਗਿਆ ਸੀ।
‘ਇਹ ਵੀ ਹੁਣ ਤੈਨੂੰ ਮੈਂ ਈ ਦਸਾਂ?’ ਉਹਨੇ ਮਿੱਠੀ ਘੁਰਕੀ ਦਿੱਤੀ,’ਜਾਓ, ਥੋੜ੍ਹਾ ਕੁ ਪਰ੍ਹੇ ਹੋ ਜੋ, ਜਾਹ ਨੀ ਗੁਰਮੀਤ ਤੂੰ ਵੀ।’ ਹਰਪ੍ਰੀਤ ਉੱਠ ਕੇ ਥੋੜ੍ਹਾ ਪਰ੍ਹੇ ਜਾ ਖਲੋਤਾ। ਉਹ ਵੀ ਨੀਵੀਂ ਪਾਈ ਲਾਗੇ ਜਾ ਖਲੋਤੀ। ਹਰਪ੍ਰੀਤ ਨੇ ਗੱਲ ਛੇੜੀ ਸੀ, ‘ਤੁਸੀਂ ਘਰ ਦੇ ਕੰਮ ਕਾਰ ਤੋਂ ਇਲਾਵਾ ਕੀ ਕਰਦੇ ਓ?’
‘ਸਿਲਾਈ ਕਢਾਈ ਤੇ ਕਦੀ ਕਦੀ ਪੜ੍ਹਦੀ ਆਂ।’ ਉਹਨੇ ਕਿਹਾ।
‘ਕੀ ਪੜ੍ਹਦੇ ਓ?’ ਉਹਨੇ ਦਿਲਚਸਪੀ ਨਾਲ ਪੁੱਛਿਆ।
‘ਮੇਰਾ ਵੀਰ ਕਾਲਜ ਵਿਚ ਪੜ੍ਹਦੈ, ਉਹ ਕਿਤਾਬਾਂ ਦੇ ਜਾਂਦਾ।’
‘ਪਰ ਚਾਚੀ ਜੀ ਤਾਂ ਦੱਸਦੇ ਸੀ ਤੁਹਾਡਾ ਵੀਰ ਨਿੱਕਾ ਏ ਤੇ ਹਾਲੇ ਸਕੂਲੇ ਪੜ੍ਹਦਾ।’
‘ਉਹ ਮੇਰੀ ਮਾਸੀ ਜੀ ਦਾ ਮੁੰਡਾ ਵਾ,ਬਟਾਲੇ ਰਹਿੰਦੇ ਨੇ ਉਹ। ਬੜਾ ਸਿਆਣਾ ਉਹ। ਅਖਬਾਰਾਂ ਵਿਚ ਵੀ ਲਿਖਦਾ। ਸ਼ੈਤ ਤੁਸੀਂ ਕਦੇ ਪੜ੍ਹਿਆ ਵੀ ਹੋਵੇ।’
‘ਕੀ ਨਾਂ ਉਹਨਾਂ ਦਾ?’
‘ਬਲਵੰਤ। ਬਲਵੰਤ ਸਿੰਘ ਕੰਵਲ ਦੇ ਨਾਂ ਥੱਲੇ ਲਿਖਦਾ ਉਹ।’
‘ਕੰਵਲ ਜਾਤ ਆ ਉਹਨਾਂ ਦੀ।’
‘ਨਹੀਂ, ਪਤਾ ਨੀ ਕੀ ਕਹਿੰਦਾ ਹੁੰਦਾ, ਅਖੇ ਉਹ ਰੱਖਿਆ।’ ਗੁਰਮੀਤ ਨੇ ਹਰਪ੍ਰੀਤ ਦੀਆਂ ਅੱਖਾਂ ‘ਚ’ ਝਾਕਿਆ।
‘ਤਖੱਲਸ ਕਹਿੰਦੇ ਨੇ।’ ਹਰਪ੍ਰੀਤ ਮੁਸਕਰਾਇਆ।
‘ਹਾਂ ਹਾਂ, ਏਹੀ…..।’ ਗੁਰਮੀਤ ਵੀ ਨਿੰਮਾ ਜਿਹਾ ਹੱਸੀ। ਤਾਂ ਹੀ ਚਾਚੀ ਨੇ ਆ ਲੜੀ ਤੋੜੀ, ‘ਕਿਤੇ ਪਹਿਲਾਂ ਦੀ ਤੇ ਨੀ ਵਾਕਬੀ, ਬੜੀਆਂ ਗੂੜੀਆਂ ਗੱਲਾਂ ‘ਚ’ ਪੈ ਗੇ। ਪਸੰਦ ਜੇ ਇਕ ਦੂਜੇ ਨੂੰ ਤਾਂ ਹਾਂ ਕਰੀਏ?’ ਉਹ ਦੋਵਾਂ ਵੱਲ ਵਾਰੋ ਵਾਰੀ ਵੇਖ ਬੋਲੀ, ‘ਦੱਸੋ ਫਿਰ? ਨਿੱਕੇ ਮੋਟੇ ਬਾਜ਼ਾਰ ਦੇ ਕੰਮ ਵੀ ਕਰਨੇ ਆਂ ਅਸਾਂ, ਦੁਪਹਿਰ ਹੋ ਰਹੀ ਆ, ਚੱਲੀਏ ਫਿਰ।’ ਗੁਰਮੀਤ ਨੂੰ ਲੱਗਾ ਉਹਦਾ ਜੀਅ ਥੋੜ੍ਹਾ ਚਿਰ ਹੋਰ ਰੁਕਣ ਨੂੰ ਕਰ ਰਿਹਾ। ਸ਼ਾਇਦ ਹਰਪ੍ਰੀਤ ਵੀ ਹਾਲੇ ਜਾਣਾ ਨਹੀਂ ਸੀ ਚਾਹੁੰਦਾ, ਪਰ ਇਸ ਵੇਲੇ ਦੋਹੀਂ ਪਾਸੀਂ ਮਜਬੂਰੀ ਸੀ।
ਤੁਰਨ ਵੇਲੇ ਚਾਚੀ ਨੇ ਸਾਰਿਆਂ ਨੂੰ ਕਿਹਾ, ‘ਵਧਾਈ ਹੋਵੇ ਬਹੁਤੀ ਬਹੁਤੀ, ਸੁੱਖ ਸੁੱਖਾਂ ਦੇ ਨਿਬਣ ਇਹ ਰਿਸ਼ਤੇ।’
ਵਕਤ ਤਾਂ ਜਿਵੇਂ ਖੰਭ ਲਾ ਕੇ ਉੱਡ ਪਿਆ। ਦਿਨਾਂ ਵਿਚ ਘਰਾਂ ਦੀ ਲਿੰਬਾ-ਪੋਚੀ, ਰੰਗ ਰੋਗਨ ਤੇ ਹੋਰ ਤਿਆਰੀਆਂ ਸ਼ੁਰੂ ਹੋ ਗਈਆਂ। ਵਿਹੰਦਿਆਂ ਵਿਹੰਦਿਆਂ ਵਿਆਹ ਦਾ ਦਿਨ ਸਿਰ ‘ਤੇ ਆ ਗਿਆ। ਇਕ ਦਿਨ ਪਹਿਲਾਂ ਘਰ ਰਿਸ਼ਤੇਦਾਰਾਂ ਨਾਲ ਭਰ ਗਿਆ। ਥੋੜ੍ਹਾ ਕੁ ਹਨ੍ਹੇਰਾ ਹੋਇਆ ਤਾਂ ਨਾਨਕੀਆਂ ਜਾਗੋ ਲੈ ਕੇ ਤੁਰ ਪਈਆਂ। ਛੇ ਫੁੱਟੀ ਗੁਰਮੀਤ ਦੀ ਮਾਮੀ ਸਾਰਿਆਂ ‘ਚੋਂ ਵੱਖਰੀ ਨਜ਼ਰ ਆ ਰਹੀ ਸੀ। ਉਹਦਾ ਕਸਰਤਿਆ ਤੇ ਤਰਾਸ਼ਿਆ ਸਰੀਰ ਸਾਰਿਆਂ ਵਿਚ ਖਿੱਚ ਦਾ ਕਾਰਨ ਬਣਿਆ ਹੋਇਆ ਸੀ। ਘੁੰਗਰੂ ਬੱਧੀ ਡਾਂਗ ਹੱਥ ਚ ਫੜੀ ਉਹ ਸਭ ਤੋਂ ਅੱਗੇ ਸੀ ਤੇ ਜਗਦੇ ਦੀਵਿਆਂ ਵਾਲੀ ਗਾਗਰ ਵਾਲੀ ਕੁੜੀ ਉਸ ਤੋਂ ਪਿੱਛੇ। ਵਿਚੋਂ ਕਿਸੇ ਨੇ ਬੋਲੀ ਚੁੱਕੀ, ‘ਵੱਡੀ ਮਾਮੀ ਜ਼ੈਲਦਾਰਨੀ, ਕਿਤੇ ਮਾਮੀ ਦੇ ਨਾ ਹੱਥ ਲੱਗ ਜਾਇਓ, ਕਿ ਵੱਡੀ ਮਾਮੀ…।’ ਗਿੱਧੇ ਤੇ ਬੋਲੀਆਂ ਦੇ ਸ਼ੋਰ ਵਿਚ ਗਲੀ ਚਂੋ ਲੰਘਦਾ ਇਹ ਕਾਫ਼ਲਾ ਲੋਕਾਂ ਦੇ ਪਰਨਾਲੇ ਭੰਨਦਾ, ਵੇਲ੍ਹੀਆਂ ਚ ਬੱਝੇ ਡੰਗਰ ਖੋਲ੍ਹਦਾ, ਸ਼ਰਾਬੀਆਂ ਤੇ ਅਮਲੀਆਂ ਨੂੰ ਹੁੰਝਾਂ ਮਾਰਦਾ ਵਾਪਸ ਆ ਗਿਆ। ਫਿਰ ਵਿਹੜੇ ਵਿਚ ਗਿੱਧੇ ਦਾ ਪਿੜ ਬੱਝਾ। ਵੱਡੀ ਮਾਮੀ ਦੀਆਂ ਲੁੱਚੀਆਂ ਬੋਲੀਆਂ ਨੇ ਬੰਦਿਆਂ ਦੇ ਕੰਨੀਂ ਉਂਗਲਾਂ ਪੁਆ ਦਿੱਤੀਆਂ। ਵਿਚੋ ਵਿਚ ਕਈ ਕਹਿਣ, ‘ਨੀ ਹੁਣ ਬੱਸ ਕਰੋ, ਬਹੁਤ ਹੋ ਗਿਆ ਹੁਣ।’
ਅਗਲੇ ਦਿਨ ਹਰਪ੍ਰੀਤ ਵਿਆਹੁਣ ਆਇਆ। ਸ਼ਗਨ ਵਿਹਾਰ ਹੋਏ। ਲਾਵਾਂ ਹੋਈਆਂ ਤੇ ਗੁਰਮੀਤ, ਹਰਪ੍ਰੀਤ ਨਾਲ ਪੱਕੇ ਬੰਧਨ ਚ ਬੱਝ ਗਈ। ਸਹੁਰੇ ਤੁਰਦਿਆਂ ਚਾਵਾਂ ਦੇ ਨਾਲ ਨਾਲ ਪੇਕੇ ਘਰ ਦੇ ਵਿਛੋੜੇ ਦੇ ਦਰਦ ਨੇ ਉਹਦੀਆਂ ਅੱਖਾਂ ਚ ਹੰਝੂਆਂ ਦੀ ਝੜੀ ਲਾ ਦਿੱਤੀ। ਸਹੁਰੇ ਘਰ ਉਹਦਾ ਮਨ ਛੇਤੀ ਹੀ ਪਰਚ ਗਿਆ ਸੀ। ਸੱਸ ਉਹਦੇ ਨਾਲ ਧੀਆਂ ਵਾਂਗ ਵਰਤਦੀ। ਹਰਪ੍ਰੀਤ ਬੇਹੱਦ ਮੋਹ ਜਤਾਉਂਦਾ। ਸਾਲ ਪਿਛੋਂ ਨੰਨ੍ਹੀ ਰਮਨਦੀਪ ਦੀ ਆਮਦ ਨੇ ਖੁਸ਼ੀਆਂ ‘ਚ’ ਹੋਰ ਵਾਧਾ ਕਰ ਦਿੱਤਾ। ਉਹ ਚਾਈਂ ਚਾਈਂ ਉਸਨੂੰ ਨਹਾਉਂਦੀ ਧੁਆਉਂਦੀ ਤੇ ਸੁਆਰਦੀ, ਉਹਦੇ ਨਾਲ ਗੱਲਾਂ ਕਰਦੀ ‘ਤੇ ਮਿੱਠੇ ਮਿੱਠੇ ਗੀਤ ਗਾਉਂਦੀ। ਹਰਪ੍ਰੀਤ ਕਹਿੰਦਾ, ‘ਮੇਰੀ ਚੰਗੀ ਕਿਸਮਤ, ਤੇਰੇ ਨਾਲ ਮੇਰਾ ਸਾਥ ਜੁੜਿਆ।’ ਉਹ ਸਵੇਰੇ ਸਾਇਕਲ ਲੈ ਕੰਮ ਤੇ ਜਾਂਦਾ, ਦਿਹਾੜੀ ਨਾ ਤੋੜਦਾ, ਪਰ ਮੱਸਿਆ ਵਾਲਾ ਦਿਨ ਉਹ ਜਰੂਰ ਗੁਰਮੀਤ ਵਾਸਤੇ ਰਾਖਵਾਂ ਰੱਖਦਾ। ਉਹਨੂੰ ਕਦੀ ਅੰਬਰਸਰ ਫਿਲਮ ਵਿਖਾਉਣ ਲੈ ਜਾਂਦਾ ਕਦੀ ਉਹਨੂੰ ਪੇਕੇ ਲੈ ਜਾਂਦਾ। ਗੁਰਮੀਤ ਦਾ ਬਾਪੂ ਉਹਨੂੰ ਕਈ ਵਾਰ ਪੁੱਛਦਾ, ‘ਜੇ ਪੀਣੀ ਆ ਤਾਂ ਮੰਗਵਾ ਦਿਆਂ?’ ਤਾਂ ਉਹਦਾ ਇਕੋ ਜੁਆਬ ਹੁੰਦਾ, ‘ਪਹਿਲਾਂ ਕਦੀ ਕਦੀ ਪੀ ਲੈਂਦਾ ਸਾਂ, ਹੁਣ ਗੁਰਮੀਤ ਬੁਰਾ ਮਨਾਉਂਦੀ ਆ ਤੇ ਮੈਂ ਨਹੀਂ ਪੀਂਦਾ।’
ਅੱਠ ਸਾਲ ਦਾ ਸਮਾਂ ਲੰਘਦਿਆਂ ਪਤਾ ਹੀ ਨਾ ਲੱਗਾ। ਇਕ ਦਿਨ ਗੁਰਮੀਤ ਦੇ ਬਾਪੂ ਨੇ ਹਰਪ੍ਰੀਤ ਨੂੰ ਕਿਹਾ ਸੀ, ‘ਤੂੰ ਸਾਡਾ ਵੱਡਾ ਪੁੱਤ ਐਂ, ਆਹ ਵੇਖ ਮੰਗਾ ਹੁਣ ਗੱਭਰੂ ਹੋ ਗਿਆ। ਅੱਜ ਕੱਲ੍ਹ ਜਿਹੋ ਜਿਹਾ ਮਾਹੌਲ ਐ ਉਹਦੇ ਤੋਂ ਡਰ ਲੱਗਦੈ, ਤੂੰ ਇਹਨੂੰ ਕਿਤੇ ਆਹਰੇ ਲਾਉਣ ‘ਚ’ ਸਾਡੀ ਮਦਦ ਕਰ।’
ਹਰਪ੍ਰੀਤ ਨੇ ਕਿਹਾ, ‘ਵੇਲੇ ਸਿਰ ਈ ਗੱਲ ਕੀਤੀ ਜੇ। ਮੇਰੇ ਇਕ ਵਾਕਫਕਾਰ ਨੇ ਅੱਡੇ ‘ਤੇ ਦੁਕਾਨਾਂ ਪਾਈਆਂ। ਇਕ ਦੁਕਾਨ ਇਹਨੂੰ ਲੈ ਦਈਏ ਤੇ ਸ਼ਟਰਿੰਗ ਦਾ ਥੋੜ੍ਹਾ ਸਮਾਨ ਪਾ ਦਈਏ, ਕੰਮ ਮੈਂ ਇਹਦਾ ਚਲਵਾ ਦਿਊਂ।’
‘ਮੇਰੇ ਸਿਰੋੋਂ ਭਾਰ ਲਹਿ ਜੇ ਪੁੱਤ।’ ਬਾਪੂ ਜੀ ਬੋਲੇ।
‘ਇਕ ਹੋਰ ਭਾਰ ਵੀ ਲਾਹ ਦਈਏ?’ ਹਰਪ੍ਰੀਤ ਨੇ ਕਿਹਾ।
‘ਉਹ ਕੀ?’ ਬਾਪੂ ਜੀ ਨੇ ਪੁੱਛਿਆ।
‘ਇਹਨੂੰ ਸੰਗਲ ਵੀ ਪਾ ਦਈਏ। ਨਾਲੇ ਬੇਬੇ ਜੀ ਨੂੰ ਆਸਰਾ ਹੋ ਜੂ। ਮੇਰੀ ਨਜ਼ਰ ‘ਚ’ ਹੈ ਇਕ ਕੁੜੀ। ਫਿਰ ਉਹਨੇ ਮੰਗੇ ਨੂੰ ਕੋਲ ਸੱਦਿਆ, ‘ਕੀ ਸਲਾਹ ਬਈ, ਟੱਬਰ ਸਾਂਭ ਲਏਂਗਾ?’
‘ਸਾਰੇ ਈ ਸਾਂਭ ਲੈਂਦੇ ਆ ਭਾ ਜੀ, ਮੈਂ ਵੀ ਸਾਂਭ ਲੂੰ।’ ਮੰਗੇ ਨੇ ਕਿਹਾ।
ਇਕ ਵਾਰ ਫਿਰ ਵੇਖਣ ਵਿਖਾਉਣ ਦਾ ਸਿਲਸਿਲਾ ਚੱਲਿਆ। ਗੁਰਮੀਤ ਨੇ ਵਿਚੋਲਣ ਬਣ ਕੇ ਦੋਹੀਂ ਘਰੀਂ ਗੇੜੇ ਕੱਢੇ। ਵੀਰ ਦੇ ਵਿਆਹ ਦਾ ਉਹਨੂੰ ਬੜਾ ਚਾਅ ਸੀ।
ਉਸ ਦਿਨ ਉਹ ਹਰਪ੍ਰੀਤ ਨੂੰ ਕਹਿ ਰਹੀ ਸੀ, ਅੱਧਾ ਦਿਨ ਲਾ ਕੇ ਛੁੱਟੀ ਕਰ ਲਇਓ, ਬੇਬੇ ਜੀ ਨੇ ਸੱਦਿਆ, ਆਂਹਦੇ ਵਰੀ ਦੇ ਸੂਟ ਲੈਣੇ ਆ। ਸੁਨੇਹਾ ਭੇਜਿਆ ਕਿ ਸਿੱਧੇ ਬਟਾਲੇ ਈ ਆ ਜੋ। ਹਰਪ੍ਰੀਤ ਨੇ ਕਿਹਾ, ‘ਅੱਜ ਏਥੇ ਪਿੰਡ ਈ ਆਂ, ਇੰਦਰਜੀਤ ਹੋਰਾਂ ਦੇ ਟਿਊਬਵੈੱਲ ਦੀ ਮੋਟਰ ਦੀ ਖੂਹੀ ਪੱਕੀ ਕਰਨੀ ਆ। ਦੁਪਹਿਰੇ ਘਰੇ ਆ ਹੀ ਰੋਟੀ ਖਾਵਾਂਗਾ ਤੇ ਫਿਰ ਜਾ ਨਿਕਲਾਂਗੇ।’ ਪਰ ਕੀ ਪਤਾ ਸੀ ਉਹ ਖੂਹੀ ਪੱਕੀ ਕਰਨ ਦਾ ਕੰਮ ਉਹਨੂੰ ਕਿੱਧਰ ਧੱਕ ਲਿਜਾ ਰਿਹਾ ਸੀ। ਹਾਲੇ ਉਹਨੇ ਚੌਕੇ ਚੁੱਲ੍ਹੇ ਦਾ ਕੰਮ ਵੀ ਪੂਰਾ ਨਹੀਂ ਸੀ ਨਿਬੇੜਿਆ ਕਿ ਗੁਰਦੁਆਰੇ ਦੇ ਸਪੀਕਰ ਤੋਂ ਅਨਾਂਉਂਸਮੈਂਟ ਹੋਈ, ‘ਵਾਹਿਗੁਰੂ ਜੀ ਕੀ ਫਤਹਿ ਸਾਧ ਸੰਗਤ ਜੀ, ਬੇਨਤੀ ਹੈ ਕਿ ਥੇਹ ਵਾਲੇ ਇੰਦਰਜੀਤ ਦੇ ਬੋਰ ਵਾਲੀ ਖੂਹੀ ਵਿਚ ਮਿਸਤਰੀ ਧਰਮ ਸਿੰਹੁ ਦਾ ਮੁੰਡਾ ਤੇ ਦੋ ਮਜਦੂਰ ਢਿੱਗ ਡਿੱਗਣ ਕਾਰਣ ਦੱਬੇ ਗਏ ਨੇ, ਜਿਹੜਾ ਵੀਰ ਸੁਣਦਾ ਹੋਵੇ ਜਲਦੀ ਉਥੇ ਪਹੁੰਚੇ।’ ਸੁਣਦੇ ਗੁਰਮੀਤ ਦੇ ਹੋਸ਼ ਹਵਾਸ ਉੱਡ ਗਏ, ਉਹਦੇ ਮੂੰਹੋਂ ਨਿਕਲਿਆ,’ਨੀ ਰਿੰਮੀ ਤੇਰਾ ਡੈਡੀ…।’ ਤੇ ਉਹ ਬਿਨਾ ਸਿਰ ‘ਤੇ ਲੀੜਾ ਲਏ ਗਲੀ ਵਿਚ ਭੱਜ ਪਈ। ਉਹਦੀ ਸੱਸ ਥਾਏਂ ਵਿਹੜੇ ਵਿਚ ਡੌਰ ਭੋਰ ਹੋਈ ਬਹਿ ਗਈ। ਕਮਰੇ ਚੋਂ ਲਘਾਉਂਦਾ ਮਿਸਤਰੀ ਧਰਮ ਸਿਹੁੰ ਵਿਰਲਾਪ ਕਰਨ ਲੱਗਾ, ‘ਇਓਂ ਨਾ ਕਰੀਂ ਓ ਪੁੱਤਾ, ਘਰ ਮੁੜ ਆ ਉਏ….।’
ਗੁਰਮੀਤ ਤੇ ਰਿੰਮੀ ਲੋਕਾਂ ਦੇ ਨਾਲ ਉਪਲਾਂ ਦੇ ਮੈਰੇ ਵਿਚ ਪਹੁੰਚੀਆਂ। ਹਰਪ੍ਰੀਤ ਅੱਧਿਓਂ ਬਹੁਤਾ ਮਿੱਟੀ ਵਿਚ ਦੱਬਿਆ ਹੋਇਆ ਸੀ। ਕੁਝ ਬੰਦੇ ਬੜੀ ਮੁਸ਼ਕਲ ਨਾਲ ਮਿੱਟੀ ਹਟਾਉਣ ਦਾ ਕੰਮ ਕਰ ਰਹੇ ਸਨ, ਕਾਫੀ ਮਿਹਨਤ ਤੋਂ ਬਾਅਦ ਜਦੋਂ ਥੋੜ੍ਹੀ ਮਿੱਟੀ ਰਹਿ ਗਈ ਤਾਂ ਹੀ ਭੀੜ ਨੇ ਰੌਲਾ ਪਾਇਆ, ‘ਪਿੱਛੇ ਹਟ ਜੋ ਉਏ, ਇਕ ਹੋਰ ਢਿੱਗ ਡਿੱਗਣ ਲੱਗੀ ਜੇ।’ ਤੇ ਵੇਖਦਿਆਂ ਹੀ ਵੇਖਦਿਆਂ ਇਕ ਵੱਡੀ ਢਿੱਗ ਹਰਪ੍ਰੀਤ ਦੇ ਸਿਰ ਵੱਲ ਆ ਡਿੱਗੀ ਤੇ ਨਾਲ ਹੀ ਉਸਦਾ ਸਿਰ ਪਿੱਛੇ ਨੂੰ ਲੁੜਕ ਗਿਆ। ਗੁਰਮੀਤ ਨੂੰ ਭੀੜ ਦਾ ਸ਼ੋਰ ਸ਼ਰਾਬਾ ਸੁਣ ਰਿਹਾ ਸੀ। ਕਿਸੇ ਨੇ ਉਚੀ ਦੇਣੀ ਕਿਹਾ, ‘ਹੁਣ ਇਹਨਾਂ ਦਾ ਬਚਾਅ ਮੁਸ਼ਕਲ ਆ, ਮਾੜੀ ਕਿਸਮਤ ਵਿਚਾਰਿਆਂ ਦੀ।’ ਇਸਤੋਂ ਬਾਅਦ ਗੁਰਮੀਤ ਨੂੰ ਕੋਈ ਹੋਸ਼ ਨਹੀਂ ਸੀ ਰਹੀ। ਜਦੋਂ ਹੋਸ਼ ਆਈ ਸੀ ਤਾਂ ਉਹਨੇ ਹਰਪ੍ਰੀਤ ਦੀ ਲਾਸ਼ ਵਿਹੜੇ ਚ ਪਈ ਵੇਖੀ ਤਾਂ ਉਹਦੀਆਂ ਡਾਡਾਂ ਨਿਕਲ ਗਈਆਂ ਸਨ। ਸਿਰ ਪਿੱਟਦਿਆਂ ਉਹਦੇ ਹੱਥੀ ਪਈਆਂ ਸੂਹੀਆਂ ਚੂੜੀਆਂ ਟੁੱਟ ਟੁੱਟ ਜਮੀਨ ‘ਤੇ ਖਿੱਲਰ ਗਈਆਂ। ਛੇਤੀ ਹੀ ਉਹਦੀ ਹੋਸ਼ ਫਿਰ ਜੁਆਬ ਦੇ ਗਈ।
ਸੱਥਰ ‘ਤੇ ਬੈਠੇ ਬੰਦਿਆਂ ਚੋਂ ਮਾਸਟਰ ਸਾਧੂ ਸਿੰਘ ਨੇ ਕਿਹਾ, ‘ਸਾਨੂੰ ਕਣਕ ਝੋਨੇ ਦੇ ਫਸਲੀ ਚੱਕਰ ਨੇ ਮਾਰ ਲਿਆ, ਜਿਸ ਹਿਸਾਬ ਪਾਣੀ ਦਾ ਪੱਧਰ ਹੇਠਾਂ ਜਾ ਰਿਹੈ, ਲੱਗਦੈ ਇਕ ਦਿਨ ਬੰਜਰ ਹੋ ਜੂ ਪੰਜਾਬ।’ ਬਲਬੀਰ ਸਿੰਘ ਬੈਂਕ ਵਾਲੇ ਨੇ ਅਪਣੇ ਗੋਡੇ ਸਿੱਧੇ ਕਰਦਿਆਂ ਸਹਿਮਤੀ ਦੀ ਸੁਰ ‘ਚ’ ਕਿਹਾ, ‘ਠੀਕ ਆਂਹਦੇ ਓ ਮਾਸਟਰ ਜੀ, ਪੀਣ ਵਾਲੇ ਪਾਣੀ ਨੂੰ ਤਰਸਿਆ ਕਰਨਗੇ ਲੋਕ।’ ਕਾਮਰੇਡ ਦਲੀਪ ਬੋਲਿਆ, ‘ਸਰਕਾਰਾਂ ਚਾਹੁਣ, ਦੂਜੀਆਂ ਫਸਲਾਂ ਦਾ ਸਹੀ ਮੰਡੀਕਰਣ ਹੋਵੇ, ਬੀਜ ਦਵਾਈਆਂ ਆਰਾਮ ਨਾਲ ਮਿਲ ਸਕਣ ਤਾਂ ਇਸ ਚੱਕਰ ਤੋਂ ਨਿਕਲਣਾ ਔਖਾ ਨਹੀਂ।’ ਬਜ਼ੁਰਗ ਬਿਸ਼ਨ ਸਿਹੁੰ ਨੇ ਅਪਣੀ ਮੋਟੇ ਸ਼ੀਸ਼ਿਆਂ ਵਾਲੀ ਐਨਕ ਠੀਕ ਕਰਦਿਆਂ ਕਿਹਾ,’ਹਾਲੇ ਦੱਸ ਕੁ ਵਰਿ੍ਹਆਂ ਦੀ ਤਾਂ ਗੱਲ ਐ ਜਦੋਂ ਵੀਹਾਂ ਕੁ ਫੁੱਟਾਂ ‘ਤੇ ਪਾਣੀ ਮਿਲਦਾ ਸੀ ਤੇ ਹੁਣ ਵੀਹ ਵੀਹ ਫੁੱਟ ਡੂੰਘੀਆਂ ਮੋਟਰਾਂ ਬਿਠਾ ਕੇ ਵੀ ਪਾਣੀ ਨਹੀਂ ਆਉਂਦਾ।’ ਨੰਬਰਦਾਰ ਤਾਰਾ ਸਿਹੁੰ ਨੇ ਉਦਾਸ ਸੁਰ ਵਿਚ ਦੱਸਿਆ, ‘ਹਾਲੇ ਪਿਛਲੇ ਵਰ੍ਹੇ ਈ ਅਪਣੇ ਅਮਰੀਕ ਦਾ ਸਾਲਾ ਏਸੇ ਖੂਹੀ ‘ਚ’ ਮੋਟਰ ਦੀ ਤਾਰ ਠੀਕ ਕਰਨ ਗਿਆ ਮਰ ਗਿਆ।’ ਬਾਬਾ ਹਜ਼ਾਂਰਾ ਸਿਹੁੰ ਨੇ ਕਿਹਾ, ‘ਭਾਈ, ਇਹ ਤਾਂ ਰੱਬ ਦਾ ਭਾਣਾ, ਮੰਨਣਾ ਪੈਣਾ, ਜੋ ਉਹਦੀ ਰਜ਼ਾ ਵਾਹ ਵਾਹ। ਮਹਾਰਾਜ ਹੁਣ ਬਾਕੀ ਜੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।’
ਭੋਗ ਤੱਕ ਲੋਕਾਂ ਦੀ ਆਵਾਜਾਈ ਬਣੀ ਰਹੀ ਪਰ ਬਾਅਦ ‘ਚ’ ਕਦੇ ਨਾ ਮੁੱਕਣ ਵਾਲੀ ਇਕੱਲਤਾ ਨੇ ਗੁਰਮੀਤ ਨੂੰ ਘੇਰ ਲਿਆ। ਮਿਸਤਰੀ ਧਰਮ ਸਿਹੁੰ ਦਿਨਾਂ ਵਿਚ ਹੀ ਨਿੱਘਰਦਾ ਪੁੱਤ ਦੇ ਤੁਰ ਜਾਣ ਦੇ ਛੇ ਮਹੀਨਿਆਂ ਦੇ ਵਿਚ ਜ਼ਿੰਦਗੀ ਨੂੰ ਅਲਵਿਦਾ ਕਹਿ ਗਿਆ ਤੇ ਉਹਦੇ ਮਗਰੇ ਈ ਹਰਕੁਰ ਚਲਦੀ ਬਣੀ। ਹਰਪ੍ਰੀਤ ਦੇ ਸਦਮੇ ਨੇ ਘਰ ਨੂੰ ਇਕਵੱਢਿਓਂ ਖਾਲੀ ਕਰ ਦਿੱਤਾ। ਵਰ੍ਹੀਣੇ ਤੱਕ ਗੁਰਮੀਤ ਦੇ ਮਾਪਿਆਂ ਨੇ ਧੀ ਦੇ ਦੁੱਖ ਨੂੰ ਜਰਿਆ ਪਰ ਬਾਅਦ ‘ਚ’ ਉਹਨਾਂ ਵੱਡਾ ਦਿਲ ਕਰਕੇ ਉਹਨੂੰ ਅਪਣੇ ਨਾਲ ਲੈ ਜਾਣ ਦਾ ਮਨ ਬਣਾ ਲਿਆ। ਜਿਸ ਦਿਨ ਉਹਨੂੰ ਲੈ ਜਾਣ ਲਈ ਬੇਬੇ ਬਾਪੂ ਤੇ ਉਹਦੀ ਚਾਚੀ ਆਏ ਗੁਰਮੀਤ ਦੀਆਂ ਧਾਹਾਂ ਨਿਕਲ ਗਈਆਂ। ਚਾਚੀ ਨੇ ਉਹਨੂੰ ਦਿਲਾਸਾ ਦਿੱਤਾ,’ਅਸਾਂ ਤਾਂ ਧੀਏ ਤੇਰੇ ਸੁਖਾਂ ਨੂੰ ਕੀਤਾ ਸਭ ਕੁਝ, ਪਰ ਤੇਰੀ ਕਿਸਮਤ ਤੇ ਰੱਬ ਦੇ ਕਹਿਰ ਨੇ ਕੋਈ ਪੇਸ਼ ਨੀ ਜਾਣ ਦਿੱਤੀ। ਠੀਕ ਈ ਆਂਹਦੇ ਐ ਸਿਆਣੇ, ਧੀ ਉਥੇ ਵਿਆਹੀਏ ਜਿੱਥੇ ਦੋ ਚਾਰ ਦਿਓਰ ਜੇਠ ਹੋਣ।’
‘ਤੁਰਨ ਵੇਲੇ ਚਾਚੀ ਦੀ ਭੈਣ ਜਗੀਰੋ ਨੇ ਉਹਨੂੰ ਗਲ ‘ਚ’ ਲਿਆ,’ਹੱਥੀਂ ਚਾਵਾਂ ਨਾਲ ਲਿਆਈ ਸਾਂ ਮੈਂ ਤੈਨੂੰ, ਪਰ ਰੱਬ ਚੰਦਰੇ ਅੱਗੇ ਕਾਹਦਾ ਜ਼ੋਰ?’
ਰੋਂਦਿਆਂ ਕੁਰਲਾਉਂਦਿਆਂ ਗੁਰਮੀਤ ਨੇ ਸਹੁਰੇ ਘਰ ਦੀ ਦੇਹਲੀ ਚੋਂ ਪੈਰ ਕੱਢਿਆ।
ਆਸੇ ਪਾਸੇ ਖੜੇ ਲੋਕਾਂ ਚੋਂ ਕਿਸੇ ਨੇ ਕਿਹਾ, ‘ਜਿਸ ਤਨ ਲਾਗੇ ਸੋਈ ਜਾਣੇ।’
‘ਕਰਮਾਂ ਤੋਂ ਬਗ਼ੈਰ ਸੁਖ ਵੀ ਨਹੀਂ ਮਿਲਦਾ।’ ਕਿਸੇ ਦੂਜੇ ਨੇ ਕਿਹਾ।
ਬੇਬੇ ਬਾਪੂ ਤੇ ਮੰਗਾ ਉਹਦੀ ਹਰ ਖੁਸ਼ੀ ਦਾ ਖ਼ਿਆਲ ਰੱਖਣ ਦੀ ਕੋਸ਼ਿਸ਼ ਕਰਦੇ। ਉਹ ਰਿੰਮੀ ਨੂੰ ਹਿੱਕ ਨਾਲ ਲਾ ਕੇ ਕਿੰਨਾ ਕਿੰਨਾ ਚਿਰ ਗੁੰਮਸੁੰਮ ਹੋਈ ਆਸੇ ਪਾਸੇ ਨੂੰ ਘੂਰਦੀ ਰਹਿੰਦੀ। ਕਿਸੇ ਨਾਲ ਬੋਲਣ ਚਾਲਣ ਨੂੰ ਉਹਦੀ ਰੂਹ ਨਾ ਕਰਦੀ। ਬੱਸ ਕਦੇ ਕਦਾਈ ਲੰਬੜਾਂ ਦੀ ਨੂੰਹ ਵੀਰੋ ਉਹਦੇ ਕੋਲ ਆ ਬਹਿੰਦੀ ਜਿਹਦੇ ਨਾਲ ਉਹ ਕੋਈ ਗੱਲ ਕਰਦੀ।
ਦੂਜੇ ਪਾਸੇ ਮੰਗੇ ਦੇ ਸੁਹਰੇ ਜ਼ੋਰ ਪਾਉਣ ਲੱਗੇ ਸਨ। ਇਕ ਦਿਨ ਕੁੜੀ ਦੀ ਮਾਂ ਆਪ ਚੱਲ ਕੇ ਆਈ। ਗੁਰਮੀਤ ਦੀ ਬੇਬੇ ਨੂੰ ਕਹਿਣ ਲੱਗੀ,’ਭਾਵੇਂ ਚੁੰਨੀ ਚੜ੍ਹਾ ਕੇ ਕਾਰਜ ਕਰ ਲਓ ਭੈਣ ਜੀ, ਸਾਡੇ ਸਿਰੋਂ ਵੀ ਭਾਰ ਲੱਥੇ। ਨਿੱਕੀ ਉਹਤੋਂ ਵੀ ਗਿੱਠ ਉੱਚੀ ਹੋਈ ਪਈ ਆ, ਫਿਰ ਉਹਦਾ ਵੀ ਕੋਈ ਆਹਰ ਕਰੀਏ।’
ਵਿਚੋਲਣ ਤਾਂ ਗੁਰਮੀਤ ਸੀ। ਬੇਬੇ ਨੇ ਉਹਨੂੰ ਹਲੂਣਿਆ,’ਧੀਏ ਦੱਸ ਬੀਬੀ ਨੂੰ, ਇਹ ਵੀ ਤਾਂ ਤੂੰ ਈ ਕਰਨਾ।’
‘ਚੁੰਨੀ ਕਾਹਨੂੰ ਚੜ੍ਹਾਵਾਂਗੇ ਮਾਸੀ ਜੀ, ਇਕੋ ਤਾਂ ਵੀਰ ਐ ਮੇਰਾ। ਅਸੀਂ ਸਾਰੇ ਚਾਅ ਕਰਾਂਗੇ। ਤੁਸੀਂ ਕਰ ਲਓ ਤਰੀਕ ਪੱਕੀ ਜਿਹੜੀ ਤੁਹਾਨੂੰ ਸਹੀ ਲੱਗਦੀ ਆ।’ ਗੁਰਮੀਤ ਦੀ ਗੱਲ ਸੁਣ ਕੇ ਪ੍ਰਾਹੁਣੀ ਬਾਗੋ ਬਾਗ ਹੋ ਗਈ। ਬੋਲੀ, ‘ਧੀਏ ਰੱਖ ਰੱਖੀ ਤੂੰ ਮੇਰੀ ਆਈ ਦੀ। ਹੁਣ ਦਿਨ ਤਰੀਕ ਦਾ ਫ਼ੈਸਲਾ ਵੀ ਤੂੰ ਈ ਕਰ ਦੇ।
ਅੱਸੂ ਦੇ ਪੰਜਵੇਂ ਵਿਆਹ ਧਰ ਦਿੱਤਾ। ਸਭ ਕੁਝ ਭੁੱਲ ਭੁਲਾ ਕੇ ਗੁਰਮੀਤ ਰੁਝੇਵਿਆਂ ਵਿਚ ਜੁਟ ਗਈ। ਚਾਵਾਂ ਸੱਧਰਾਂ ਨਾਲ ਸ਼ਿੰਦਰ ਨੂੰ ਵਿਆਹ ਲਿਆਈ। ਮੰਗਾ ਖੁਸ਼ ਸੀ। ਉਹਦਾ ਕੰਮ ਵੀ ਚੰਗਾ ਰਿੜ੍ਹ ਪਿਆ ਸੀ।
ਇਸ ਸਮੇਂ ਦੌਰਾਨ ਦੋ ਕੁ ਵਾਰ ਬਲਵੰਤ ਆਇਆ ਸੀ। ਉਹ ਗੁਰਦਾਸਪੁਰ ਜ਼ਿਲ੍ਹੇ ਦੇ ਨੀਮ ਪਹਾੜੀ ਜਿਹੇ ਇਲਾਕੇ ਵਿਚ ਕਿਸੇ ਸਕੂਲ ‘ਚ’ ਪੜ੍ਹਾਉਂਦਾ ਸੀ। ਮੰਗੇ ਦੇ ਵਿਆਹ ਤੋਂ ਬਾਅਦ ਇਕ ਦਿਨ ਸ਼ਾਮੀਂ ਆਇਆ ਸੀ ਤੇ ਦੇਰ ਰਾਤ ਤੱਕ ਉਹਦੇ ਨਾਲ ਗੱਲੀਂ ਲੱਗਾ ਰਿਹਾ ਸੀ। ਉਹਨੂੰ ਬਾਰ ਬਾਰ ਕਹਿ ਰਿਹਾ ਸੀ, ‘ਤੂੰ ਇਸ ਉਦਾਸੀ ਚੋਂ ਬਾਹਰ ਨਿਕਲ, ਰਿੰਮੀ ਨੂੰ ਤੇਰੀ ਲੋੜ ਐ, ਉਸਦੀ ਖੁਸ਼ੀ ਖਾਤਰ ਅਪਣੇ ਬੀਤੇ ਨੂੰ ਭੁੱਲਣ ਦੀ ਕੋਸ਼ਿਸ਼ ਕਰ।’
‘ਕਿਵੇਂ ਕਰਾਂ ਵੀਰ। ਮੇਰੇ ਕੋਲ ਤਾਂ ਸੋਚਣ ਲਈ ਹੁਣ ਬਚਿਆ ਈ ਕੁਝ ਨਹੀਂ। ਹੁਣ ਤਾਂ ਜ਼ਿੰਦਗੀ ਭਾਰੀ ਲੱਗਦੀ ਆ।’ ਉਹਨੇ ਬੋਝਲ ਮਨ ਨਾਲ ਕਿਹਾ ਸੀ।
‘ਜੀਵਨ ਇਕ ਜੰਗ ਐ ਗੁਰਮੀਤ, ਇਸਨੂੰ ਆਖਰੀ ਸਾਂਹ ਤੱਕ ਲੜਿਆ ਜਾਣਾ ਚਾਹੀਦਾ। ਇਵੇਂ ਹਾਰ ਮੰਨ ਲੈਣਾ ਦਰੁੱਸਤ ਪਹੁੰਚ ਨਹੀਂ। ਮੈਂ ਤੇਰੇ ਲਈ ਇਕ ਕਿਤਾਬ ਲਿਆਂਦੀ ਆ, ਬੋਰਿਸ ਪਲੋਵੋਈ ਦੀ, ਅਸਲੀ ਇਨਸਾਨ ਦੀ ਕਹਾਣੀ, ਉਸ ਵਿਚ ਇਕ ਫੌਜੀ ਦਾ ਪੈਰ ਕੱਟਿਆ ਜਾਂਦਾ, ਪਰ ਉਹ ਅਪਣੀ ਹਿੰਮਤ ਦੇ ਬਲਬੂਤੇ ਪਾਇਲਟ ਬਣ ਜਾਂਦਾ, ਤੂੰ ਪੜ੍ਹ ਕੇ ਵੇਖੀਂ, ਤੇਰੇ ਵਿਚ ਹਿੰਮਤ ਜਾਗੇਗੀ।’ ਬਲਵੰਤ ਨੇ ਕਿਹਾ।
ਕੱਲ੍ਹ ਉਹਦੀ ਚਿੱਠੀ ਆਈ ਸੀ। ਉਤਸ਼ਾਹ ਨਾਲ ਭਰੀਆਂ ਅਨੇਕਾਂ ਗੱਲਾਂ ਦੇ ਨਾਲ ਨਾਲ ਉਹਨੇ ਲਿਖਿਆ ਸੀ, ‘ਜ਼ਿੰਦਗੀ ਨੂੰ ਮੁੱਢੋਂ ਸੁੱਢੋਂ ਸ਼ੁਰੂ ਕਰ। ਮੇਰਾ ਬਹੁਤ ਈ ਪਿਆਰਾ ਕੁਲੀਗ ਐ, ਬੜੇ ਚੰਗੇ ਵਿਚਾਰ ਨੇ ਉਹਦੇ, ਪਿਛਲੇ ਸਾਲ ਇਕ ਸੜਕ ਦੁਰਘਟਨਾ ਵਿਚ ਉਹਦੀ ਪਤਨੀ ਚੱਲ ਵੱਸੀ ਸੀ। ਉਹਦਾ ਪੁੱਤਰ ਏ ਇਕ ਬਹੁਤ ਪਿਆਰਾ, ਚਾਰ ਕੁ ਸਾਲ ਦਾ। ਮੈਂ ਤੇਰੀ ਗੱਲ ਉਹਦੇ ਨਾਲ ਕੀਤੀ ਆ। ਉਹ ਰਿੰਮੀ ਨੂੰ ਖਿੜੇ ਮੱਥੇ ਅਪਨਾਉਣ ਲਈ ਰਾਜ਼ੀ ਏ। ਤੂੰ ਬਹੁਤ ਸੁਖੀ ਰਹੇਂਗੀ। ਤੈਨੂੰ ਜ਼ਿੰਦਗੀ ’ਚ ਨਵੇਂ ਸਿਰਿਓਂ ਇਕ ਹੋਰ ਮੌਕਾ ਮਿਲ ਰਿਹਾ, ਜੁਆਬ ਸੋਚ ਸਮਝ ਕੇ ਦੇਵੀਂ। ਮੈਂ ਇਹ ਫੋਨ ਨੰਬਰ ਲਿਖ ਕੇ ਭੇਜ ਰਿਹਾਂ। ਅਪਣਾ ਫੈLਸਲਾ ਕਰ ਕੇ ਮੈਨੂੰ ਫੋਨ ਕਰੀਂ। ਮੈਂ ਦਿਲਦਾਰ ਨੂੰ ਲੈ ਕੇ ਆਵਾਂਗਾ, ਤੂੰ ਆਪ ਵੇਖ ਲਈਂ, ਮੈਨੂੰ ਉਮੀਦ ਐ ਤੈਨੂੰ ਜਚੇਗਾ ਉਹ।’
ਉਹ ਚਿੱਠੀ ਕਿੰਨੀ ਹੀ ਵਾਰ ਪੜ੍ਹੀ ਸੀ ਉਹਨੇ ਪਰ ਹਾਲੇ ਬੇਬੇ ਜਾਂ ਬਾਪੂ ਨਾਲ ਕੋਈ ਰਾਇ ਨਹੀਂ ਸੀ ਕੀਤੀ। ਪਰ ਅੰਦਰੇ ਹੀ ਅੰਦਰ ਕਰਾਂ ਜਾਂ ਨਾ ਕਰਾਂ ਦੀ ਉਲਝਣ ਵਿਚ ਗ੍ਰਸੀ ਹੋਈ ਸੀ।
ਉਹ ਬਿਨਾ ਕੋਈ ਠੋਸ ਵਿਚਾਰ ਬਣਾਏ ਘਰ ਦੀ ਸਫਾਈ ਵਿਚ ਜੁਟ ਗਈ ਸੀ, ਪਤਾ ਨੀ ਕਦੋਂ ਬਲਵੰਤ ਆ ਜਾਏ, ਕੀ ਪਤਾ ਨਾਲ ਉਹ ਵੀ ਆ ਜਾਏ, ਜਿਸਦਾ ਨਾਂ ਉਹਨੇ ਦਿਲਦਾਰ ਲਿਖਿਐ।
ਉਸ ਚੌਕੇ ਦੇ ਓਟੇ ਤੇ ਮੀਹਾਂ ਨਾਲ ਕਰੂਪ ਹੋਏ ਮੋਰਾਂ ਤੋਤਿਆਂ ਵਿਚ ਦੁਬਾਰਾ ਜਾਨ ਪਾਈ। ਥਾਂ ਥਾਂ ਤੋਂ ਓਬੜ ਖਾਬੜ ਵਿਹੜੇ ਨੂੰ ਰੀਝਾਂ ਨਾਲ ਲਿਸ਼ਕਾਇਆ। ਇਧਰ ਉਧਰ ਬੇਤਰਤੀਬ ਚੀਜ਼ਾਂ ਨੂੰ ਨਵੇਂ ਸਿਰਿਓਂ ਟਿਕਾਇਆ।
ਸ਼ੀਸ਼ੇ ਸਾਹਮਣੇ ਖਲੋਤਿਆਂ ਚਿਹਰੇ ‘ਤੇ ਉੱਠ ਆਈਆਂ ਬੇਮੌਸਮੀ ਝੁਰੜੀਆਂ ਉਹਨੂੰ ਪਹਿਲੀ ਵਾਰ ਬੁਰੀਆਂ ਲੱਗੀਆਂ। ਉਹਨੇ ਉਂਗਲਾਂ ‘ਤੇ ਹਿਸਾਬ ਲਾਇਆ, ਹਾਲੇ ਉਮਰ ਦੇ ਅਠਾਈ ਵਰ੍ਹੇ ਵੀ ਉਹਦੇ ਪੂਰੇ ਨਹੀਂ ਸੀ ਹੋਏ। ਬਲਵੰਤ ਦੱਸਦਾ ਸੀ ਸ਼ਹਿਰਾਂ ਚ ਜਿਹੜੀਆਂ ਕੁੜੀਆਂ ਪੜ੍ਹਦੀਆਂ ਲਿਖਦੀਆਂ ਨੇ, ਏਨੀ ਕੁ ਉਮਰ ਚ ਤਾਂ ਉਹ ਉਂਜ ਈ ਵਿਆਹ ਕਰਾਉਂਦੀਆਂ ਨੇ।
‘ਨੀ ਕੁੜੇ ਤਿਆਰ ਹੋਈ ਕਿ ਨਹੀਂ?’ ਵੀਰੋ ਦੀ ਆਵਾਜ਼ ਨੇ ਉਹਦੀ ਸੋਚ ਲੜੀ ਤੋੜੀ।
‘ਆ ਜਾ ਭਾਬੀ, ਬੱਸ ਤਿਆਰ ਈ ਤਿਆਰ ਆਂ।’ ਉਹਨੇ ਅੰਦਰੋਂ ਹੀ ਜੁਆਬ ਦਿੱਤਾ। ਵੀਰੋ ਅੰਦਰ ਲੰਘ ਆਈ। ਗੁਰਮੀਤ ਨੇ ਉਹਨੂੰ ਕਿਹਾ, ’ਭਾਬੀ ਇਕ ਭੇਤ ਦੀ ਗੱਲ ਪੁੱਛਾਂ, ਸਹੀ ਰਾਹੇ ਪਾਈਂ, ਮੈਂ ਦੁਬਾਰਾ ਘਰ ਵਸਾਂ ਲਵਾਂ?’
ਵੀਰੋ ਹੈਰਾਨੀ ਤੇ ਖੁਸ਼ੀ ਦੇ ਰਲੇ ਮਿਲੇ ਪ੍ਰਭਾਵ ਲਈ ਉਹਦੇ ਚਿਹਰੇ ਵੱਲ ਤੱਕਣ ਲੱਗੀ। ਗੁਰਮੀਤ ਨੇ ਉਹਨੂੰ ਚਿੱਠੀ ਦਾ ਹਰਫ਼ ਹਰਫ਼ ਪੜ੍ਹਾ ਦਿੱਤਾ। ਵੀਰੋ ਨੇ ਦੋ ਟੁੱਕ ਗੱਲ ਕੀਤੀ, ‘ਤੇਰਾ ਵੀਰ ਤੈਨੂੰ ਗ਼ਲਤ ਰਾਏ ਨਹੀਂ ਦੇ ਰਿਹਾ, ਤੂੰ ਕਰਦੇ ਉਹਨੂੰ ਫੋਨ, ਮੈਂ ਚੱਲਾਂਗੀ ਤੇਰੇ ਨਾਲ….।’
ਗੁਰਮੀਤ ਨੇ ਬੂਹੇ ਬੰਦ ਕੀਤੇ ਤੇ ਵੀਰੋ ਨਾਲ ਤੁਰਦਿਆਂ ਅਪਣੇ ਪੈਰਾਂ ਵਿਚ ਵੱਖਰੀ ਕਿਸਮ ਦਾ ਹੁਲਾਰਾ ਜਿਹਾ ਮਹਿਸੂਸ ਕੀਤਾ। ਚੱਕੀ ਵਾਲਿਆਂ ਘਰ ਜਾਗੋ ਕੱਢਣ ਦੀ ਤਿਆਰੀ ਹੋ ਰਹੀ ਸੀ। ਜਾਗੋ ਤੁਰੀ ਤਾਂ ਗੁਰਮੀਤ ਨੂੰ ਲੱਗਾ ਜਿਵੇਂ ਉਹਦੀ ਵੱਡੀ ਮਾਮੀ ਘੁੰਗਰੂਆਂ ਵਾਲੀ ਡਾਂਗ ਫੜੀ ਅੱਗੇ ਅੱਗੇ ਤੁਰ ਪਈ ਹੋਵੇ ਤੇ ਪਿਛੋਂ ਤੀਵੀਆਂ ਨੇ ਬੋਲੀ ਚੁੱਕ ਦਿੱਤੀ ਹੋਵੇ, ‘ਵੱਡੀ ਮਾਮੀ ਜੈਲਦਾਰਨੀ…।’
ਜ਼ਿਲ੍ਹਾ ਅਮ੍ਰਿਤਸਰ, ਪਿੰਡ ਕੋਟਲੀ ਢੋਲੇ ਸ਼ਾਹ ਦੇ ਜੰਮਪਲ ਦੀਪ ਦੇਵਿੰਦਰ ਸਿੰਘ ਨੇ ਪੰਜਾਬੀ ਕਹਾਣੀ ਦੇ ਖੇਤਰ ਵਿਚ ਬੜੀ ਛੇਤੀ ਅਪਣੇ ਪੈਰ ਜਮ੍ਹਾ ਲਏ ਹਨ। ਪੰਜਾਬੀ ਕਹਾਣੀ ਵਿਚ ਉਹ ਅਪਣੇ ਨਿਵੇਕਲੇ ਅੰਦਾਜ ਵਿਚ ਪੇਸ਼ ਹੋ ਰਿਹਾ ਹੈ।