ਜ਼ਿਲ੍ਹਾ ਜਲੰਧਰ ਦੀ ਫਿਲੌਰ ਤਹਿਸੀਲ ਦਾ ਪਿੰਡ ਜੰਡਿਆਲਾ ਦੁਆਬੇ ਦੀ ਰਾਜਧਾਨੀ ਵਜੋਂ ਜਾਣਿਆ ਜਾਂਦਾ ਇਨਕਲਾਬੀ ਪਿੰਡ ਹੈ।
ਜੰਡਿਆਲਾ ਛੇ ਕੁ ਸੌ ਸਾਲ ਪੁਰਾਣਾ ਪਿੰਡ ਹੈ। ਇਤਿਹਾਸਕ ਤੱਥ ਅਨੁਸਾਰ ਲੱਡਾ ਨਾਮੀ ਵਿਅਕਤੀ ਨੇ ਇੱਥੇ ਜੰਡ ਦੀ ਮੋੜ੍ਹੀ ਗੱਡ ਕੇ ਪਿੰਡ ਬੰਨਿ੍ਹਆ, ਜੰਡ ਪਿੱਛੋਂ ਹਰਾ ਹੋ ਗਿਆ। ਜਿਸ ਕਰਕੇ ਇਹ ਜੰਡ ਆਲਾ ਕਹਾਉਣ ਲੱਗਾ ਤੇ ਹੌਲੀ-ਹੌਲੀ ਜੰਡਿਆਲਾ ਹੀ ਪੱਕ ਗਿਆ।
ਵੱਡੀ ਪੱਤੀ ਵਿਚ ਬਣੇ ਗੁਰਦੁਆਰੇ ਵਾਲੀ ਥਾਂ ’ਤੇ ਪਹਿਲਾਂ ਇਕ ਸਰਾਂ ਹੁੰਦੀ ਸੀ। ਪਿੰਡ ਵਾਲਿਆਂ ਦੇ ਕਹਿਣ ਮੁਤਾਬਕ ਇਸ ਸਰਾਂ ਨੂੰ ਸ਼ਹਿਨਸ਼ਾਹ ਜਹਾਂਗੀਰ ਨੇ ਬਣਾਇਆ ਸੀ। ਇਸ ਬਾਰੇ ਸਬੂਤ ਇਹੀ ਹੋ ਸਕਦਾ ਹੈ ਕਿ ਪਹਿਲੀ ਸ਼ਾਹ ਰਾਹ ਨੂਰਮਹਿਲ ਤੋਂ ਨਕੋਦਰ ਹੁੰਦੀ ਹੋਈ ਲਾਹੌਰ ਜਾਂਦੀ ਸੀ ਤੇ ਇਹ ਸਥਾਨ ਉਸ ਜਰਨੈਲੀ ਸੜਕ ਉੱਪਰ ਸੀ। ਉਸ ਸਮੇਂ ਦਾ ਇਕ ਪਲੰਘ ਅਤੇ ਇਕ ਨਗਾਰਾ ਸਰਾਂ ਵਾਲੀ ਜਗ੍ਹਾ ਉੱਪਰ ਬਣੇ ਗੁਰਦੁਆਰੇ ਵਿਚ ਪਏ ਇਸ ਤੱਥ ਦੀ ਸ਼ਾਹਦੀ ਭਰਦੇ ਹਨ। ਵਿਦੇਸ਼ੀ ਧਾੜਵੀ ਜਿਥੇ ਦਿੱਲੀ ਜਿਹੇ ਮਰਕਜ਼ ਨੂੰ ਹਾਲੋ ਬੇਹਾਲ ਕਰਦੇ ਰਹੇ ਉੱਥੇ ਰਸਤੇ ਵਿਚ ਆਉਣ ਵਾਲੇ ਜੰਡਿਆਲਾ ਦੀ ਵਸੋਂ ਨੂੰ ਬਦਸੂਰਤ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਰਹੇ। ਕੁੜੀਆਂ ਮਾਰਨ ਦਾ ਰੁਝਾਨ ਸ਼ਾਇਦ ਉਹਨਾਂ ਮਾੜਿਆਂ ਸਮਿਆਂ ਦੀ ਦੇਣ ਸੀ, ਜਿਸ ਨੂੰ ਸਿਰਫ਼ ਜੰਡਿਆਲਾ ਵਾਸੀਆਂ ਨਾਲ ਹੀ ਜੋੜਨ ਦਾ ਕਾਰਨ ਉਹ ਚਿੜ੍ਹ ਸੀ ਜੋ ਲੋਕਾਂ ਦੇ ਇਨਕਲਾਬੀ ਸੁਭਾਅ ਕਰਕੇ ਅੰਗਰੇਜ਼ ਅਧਿਕਾਰੀਆਂ ਨੂੰ ਹੋ ਗਈ ਸੀ। ਸੰਨ 1901 ਦੀ ਜਨਗਣਨਾ ਮੁਤਾਬਕ ਏਥੋਂ ਦੀ ਕੁੱਲ ਜਨਸੰਖਿਆ 6620 ਸੀ (3732 ਪੁਰਸ਼ ਤੇ 2888 ਔਰਤਾਂ) ਅੰਗਰੇਜ਼ੀ ਰਾਜ ਸਮੇਂ ਇਸ ਪਿੰਡ ਨੂੰ ਅੰਗਰੇਜ਼ਾਂ ਨੇ ‘ਕੁੜੀਮਾਰ’ ਲਿਖ ਕੇ ਬਦਨਾਮ ਕਰੀ ਰੱਖਿਆ। ਪਰ ਉਪਰਲੇ ਅੰਕੜੇ ਇਸ ਬਦਨਾਮੀ ਨੂੰ ਰੱਦ ਕਰਦੇ ਹਨ।
ਜੰਡਿਆਲਾ ਦੇ ਬਾਹਰਲੇ ਪਾਸੇ ਗੁਰਦੁਆਰਾ ਡੇਹਰਾ ਸਾਹਿਬ, ਗੁਰੂ ਅਰਜਨ ਦੇਵ ਪਾਤਸ਼ਾਹੀ ਪੰਜਵੀਂ ਦੀ ਉਸ ਆਮਦ ਦੀ ਗਵਾਹੀ ਭਰਦਾ ਹੈ ਜਿਹੜੀ ਉਹਨਾਂ ਕੰਗ ਸਾਹਿਬ ਤੋਂ ਮਾਓ ਸਾਹਿਬ ਪਿੰਡ ਨੂੰ ਵਿਆਹੁਣ ਜਾਂਦੇ ਸਮੇਂ ਇਸ ਸਥਾਨ ’ਤੇ ਪਾਈ ਸੀ। ਗ਼ਦਰ ਲਹਿਰ ਤੇ ਗੁਰਦੁਆਰਾ ਸੁਧਾਰ ਲਹਿਰ ਵਿਚ ਸ਼ਾਮਲ ਹੋਣ ਲਈ ਜਥੇ ਇਸ ਗੁਰਦੁਆਰੇ ਵਿਚੋਂ ਹੁਕਮਨਾਮਾ ਲੈ ਕੇ ਹੀ ਕੂਚ ਕਰਦੇ ਸਨ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਕਾਲ ਸਮੇਂ ਇਥੋਂ ਦੇ ਸ. ਦੀਵਾਨ ਸਿੰਘ ਉੱਚੇ ਮੁਰਾਤਬੇ ’ਤੇ ਪੁੱਜੇ ਸਨ। ਨਾਨਕਸ਼ਾਹੀ ਇੱਟਾਂ ਦਾ ਬਣਵਾਇਆ ਮਕਾਨ, ਪਿੰਡ ਵਿਚ ਇਕੋ ਇਕ ਪੱਕਾ ਹੋਣ ਕਰਕੇ ਉਸ ਦੇ ਖ਼ਾਨਦਾਨ ਦਾ ਨਾਂ ‘ਪੱਕੀ ਵਾਲੇ’ ਪੈ ਗਿਆ ਸੀ ਜੋ ਹੁਣ ਤੱਕ ਵੀ ਕਾਇਮ ਹੈ। ਸ. ਦੀਵਾਨ ਸਿੰਘ ਦੇ ਛੋਟੇ ਲੜਕੇ ਸ. ਨਿਧਾਨ ਸਿੰਘ ਸਿੱਖ ਰਾਜ ਸਮੇਂ ਕਾਂਗੜਾ ਦੇ ਗਵਰਨਰ ਰਹੇ। ਸਿੱਖ ਰਾਜ ਦੇ ਅਸਤ ਹੋਣ ’ਤੇ ਅੰਗਰੇਜ਼ਾਂ ਨੇ ਪੰਜਾਬ ’ਤੇ ਅਧਿਕਾਰ ਜਮ੍ਹਾ ਲਿਆ ਤਾਂ ਉਹਨਾਂ ਸ. ਨਿਧਾਨ ਸਿੰਘ ਨੂੰ ਉੱਚ ਅਹੁਦੇ ਦੀ ਪੇਸ਼ਕਸ਼ ਕੀਤੀ ਜੋ ਨਿਧਾਨ ਸਿੰਘ ਨੇ ਠੁਕਰਾ ਦਿੱਤੀ ਸੀ, ਉਸ ਨੂੰ ਸਿੱਖ ਰਾਜ ਦੇ ਖਾਤਮੇ ਦਾ ਸਦਮਾ ਪੁੱਜਾ ਸੀ। ਅੰਗਰੇਜ਼ੀ ਰਾਜ ਵਿਰੁੱਧ ਸ਼ੁਰੂ ਕੀਤੀ ਗਈ ਇਸ ਪਿਰਤ ਨੂੰ ਅੱਗੇ ਤੋਰਿਆ ਸੀ, ਇਸੇ ਵੰਸ਼ ਦੇ ਸਿਰਲੱਥ ਯੋਧੇ ਬਾਬਾ ਗੁਰਦਿੱਤ ਸਿੰਘ ਨੇ, ਜਿਸ ਕਰਕੇ ਇਹ ਪਿੰਡ ਅੰਗਰੇਜ਼ੀ ਰਾਜ ਦੀਆਂ ਨਜ਼ਰਾਂ ਵਿਚ ਸੰਨ ਸੰਤਾਲੀ ਤੱਕ ‘ਬਾਗੀ ਪਿੰਡ’ ਵਜੋਂ ਰਿਹਾ। ਵਿਤਕਰੇ ਕਾਰਨ ਸਹੂਲਤਾਂ ਤੇ ਹੋਰ ਰਿਆਇਤਾਂ ਤੋਂ ਪਿੰਡ ਵਾਂਝਾ ਰੱਖਿਆ ਜਾਂਦਾ ਰਿਹਾ।
ਸ਼ਹਿਰਾਂ ਤੋਂ ਦੂਰ ਅਤੇ ਵੱਡਾ ਪਿੰਡ ਹੋਣ ਕਰਕੇ ਅੰਗਰੇਜ਼ਾਂ ਨੇ ਇਸ ਨੂੰ ਮਿਊਂਸਪਲ ਕਮੇਟੀ ਅਧੀਨ ਲਿਆਉਣ ਦੀ ਯੋਜਨਾ ਬਣਾਈ ਪਰ ਜੰਡਿਆਲਾ ਨਿਵਾਸੀਆਂ ਦੀ ਅੰਗਰੇਜ਼ ਵਿਰੋਧੀ ਭਾਵਨਾ ਕਰਕੇ ਸਿਰੇ ਨਾ ਲੱਗੀ। ਜਿਸ ਲਈ ਸੰਨ 1872 ਵਿਚ ਮਿਊਂਸਪੈਲਟੀ ਤੋੜ ਦਿੱਤੀ ਗਈ ਸੀ। ਇਹ ਸੀ ਅੰਗਰੇਜ਼ਾਂ ਵਿਰੁੱਧ ਖੁਲ੍ਹੇ ਰੂਪ ਵਿਚ ਜੰਡਿਆਲਾ ਨਿਵਾਸੀਆਂ ਦਾ ਸਿਵਲ-ਨਾ-ਫੁਰਮਾਨੀ ਅਹਿਦ।
ਪਿੰਡ ਵਾਲਿਆਂ ਨੇ ਦੋ ਸਕੂਲ ਅਪਣੇ ਬਲਬੂਤੇ ਸਥਾਪਤ ਕੀਤੇ ਤਾਂ ਅੰਗਰੇਜ਼ਾਂ ਨੇ ਵੀ ਸ਼ਰਮੋਂ-ਕ-ਸ਼ਰਮੀਂ ਇਕ ਪ੍ਰਾਇਮਰੀ ਸਕੂਲ ਅਤੇ ਡਾਕਖਾਨਾ ਪਿੰਡ ਵਿਚ ਖੋਲ੍ਹ ਦਿੱਤਾ ਸੀ। ਅਜਿਹੀਆਂ ਹਾਲਤਾਂ ਵਿਚੋਂ ਲੰਘਦਿਆਂ ਇਹ ਲੋਕ ਆਰਥਕ, ਰਾਜਸੀ ਤੇ ਸਿੱਖਿਆ ਪੱਖੋਂ ਮਜ਼ਬੂਤ ਹੋ ਕੇ ਆਤਮ-ਸੰਪਨ ਹੋਏ। ਸ. ਨਿਧਾਨ ਸਿੰਘ ਦੇ ਵੇਲੇ ਪਨਪੀ ਅੰਗਰੇਜ਼ ਵਿਰੋਧੀ ਚੇਟਕ ਸੰਨ 1914-15 ਵਿਚ ਖੁੱਲ੍ਹੇ ਰੂਪ ਵਿਚ ਪ੍ਰਗਟ ਹੋਈ ਸੀ ਜਦੋਂ ‘ਪੱਕੀ ਵਾਲੇ’ ਖਾਨਦਾਨ ਵਿਚੋਂ ਭਾਈ ਗੁਰਦਿੱਤ ਸਿੰਘ ਅਤੇ ਵੱਡੀ ਪੱਤੀ ਦੇ ਬਾਬਾ ਧਿਆਨ ਸਿੰਘ, ਬਾਬਾ ਲਾਲ ਸਿੰਘ, ਬਾਬਾ ਵਰਿਆਮ ਸਿੰਘ, ਬਾਬਾ ਪੂਰਨ ਸਿੰਘ ਤੇ ਬਾਬਾ ਮੁਣਸ਼ਾ ਸਿੰਘ ‘ਦੁੱਖੀ’ ਆਦਿ ਨੇ ਗ਼ਦਰ ਲਹਿਰ ਵਿਚ ਵਿਸ਼ੇਸ਼ ਭੂਮਿਕਾ ਨਿਭਾਈ ਸੀ। ਦੁਆਬੇ ਭਰ ਵਿਚ ਸਭ ਤੋਂ ਵੱਧ ਗ਼ਦਰੀ ਦੇਸ਼ ਭਗਤ ਇਸ ਪਿੰਡ ਨੇ ਹੀ ਦਿੱਤੇ। ਅੰਗਰੇਜ਼ੀ ਰਾਜ ਦੀ ਸੂਹੀਆ ਏਜੰਸੀ ਨੇ ਇਨ੍ਹਾਂ ਗ਼ਦਰੀਆਂ ਨੂੰ ‘ਧਿਆਨਾ ਗੈਂਗ’ ਦੇ ਉਪ ਨਾਮ ਨਾਲ ਇੰਦਰਾਜ ਕੀਤਾ ਹੋਇਆ ਹੈ। ਬਾਬਾ ਲਾਲ ਸਿੰਘ ਪੁੱਤਰ ਨੱਥਾ ਸਿੰਘ ਅਮਰੀਕਾ ਤੋਂ ਪਰਤੇ ਗ਼ਦਰੀ ਸਨ ਜੋ 1915 ਵਿਚ ਗ੍ਰਿਫ਼ਤਾਰ ਕੀਤੇ ਗਏ। ਰਿਹਾਈ ਤੋਂ ਬਾਅਦ ਸਾਲਾਂ ਬੱਧੀ ਜੂਹਬੰਦ ਰੱਖੇ ਗਏ। ਅਕਾਲੀ ਲਹਿਰ, ਕਿਰਤੀ ਲਹਿਰ ਅਤੇ ਕਿਸਾਨ ਮੋਰਚਿਆਂ ਵਿਚ ਉਹ ਸਰਗਰਮੀ ਨਾਲ ਹਿੱਸਾ ਲੈਂਦੇ ਰਹੇ ਅਤੇ ਅਨੇਕਾਂ ਵਾਰ ਗ੍ਰਿਫਤਾਰ ਕੀਤੇ ਗਏ। ਬਾਬਾ ਲਾਲ ਸਿੰਘ ਨੂੰ ਅੰਗਰੇਜ਼ਾਂ ਵੱਲੋਂ ਖ਼ਤਰਨਾਕ ਇਨਕਲਾਬੀ ਅਤੇ ਦ੍ਰਿੜ-ਇਰਾਦੇ ਵਾਲਾ ਮੰਨਿਆ ਗਿਆ ਸੀ।
ਸ਼ਹੀਦ ਬੰਤਾ ਸਿੰਘ ਤੇ ਡਾਕਟਰ ਅਰੂੜ ਸਿੰਘ ਸੰਘਵਾਲ ਦੀ ਅਗਵਾਈ ਵਿਚ ਬਾਬਾ ਧਿਆਨ ਸਿੰਘ ਤੇ ਬਾਬਾ ਗੁਰਦਿੱਤ ਸਿੰਘ ਗ਼ਦਰ ਲਹਿਰ ਵਿਚ ਸ਼ਾਮਲ ਸਨ। ਇਨ੍ਹਾਂ ਦੋਹਾਂ ਗ਼ਦਰੀਆਂ ਨੇ ਦੁਆਬੇ ਭਰ ਵਿਚ ਪ੍ਰਚਾਰ ਅਤੇ ਕਾਰਵਾਈਆਂ ਦੀ ਅਗਵਾਈ ਕੀਤੀ ਸੀ। ਅਰੂੜ ਸਿੰਘ ਅਤੇ ਬੰਤਾ ਸਿੰਘ ਸੰਘਵਾਲ ਸਮੁੱਚੀ ਲਹਿਰ ਦੇ ਵੱਡੇ ਆਗੂ ਸਨ ਅਤੇ ਦੁਆਬੇ ਵਿਚ ਸਰਗਰਮੀਆਂ ਦੀ ਕਮਾਂਡ ਬਾਬਾ ਧਿਆਨ ਸਿੰਘ ਤੇ ਬਾਬਾ ਗੁਰਦਿੱਤ ਸਿੰਘ ਦੇ ਹਵਾਲੇ ਸੀ। ਬਾਬਾ ਧਿਆਨ ਸਿੰਘ ਭੋਗਪੁਰ ਨੇੜਿਓਂ ਪਿੰਡ ਜਮਾਲਪੁਰ ਤੋਂ ਉਥੋਂ ਦੇ ਜ਼ੈਲਦਾਰ ਦੁਆਰਾ ਗ੍ਰਿਫਤਾਰ ਕਰਵਾਏ ਗਏ ਸਨ ਅਤੇ ਦੋ ਮੁਕੱਦਮਿਆਂ ਵਿਚ ਸੱਤ-ਸੱਤ ਸਾਲ ਦੀਆਂ ਦੋ ਸਜ਼ਾਵਾਂ ਸੁਣਾਈਆਂ ਗਈਆਂ ਸਨ। ਉਹ ਜਲੰਧਰ ਦੀ ਜੇਲ੍ਹ ਵਿਚ ਉਮਰ ਕੈਦ ਭੁਗਤ ਰਹੇ ਸਨ ਕਿ ਉਨ੍ਹਾਂ ਬਾਂਸ ਦੀ ਸਹਾਇਤਾ ਨਾਲ ਜਲੰਧਰ ਜੇਲ੍ਹ ਦੀ ਕੰਧ ਟੱਪ ਕੇ ਤਹਿਲਕਾ ਮਚਾ ਦਿੱਤਾ ਸੀ। ਕੰਧ ਟੱਪਣ ਸਮੇਂ ਕਪੂਰਥਲੇ ਦੇ ਪਿੰਡ ਜੈਦ ਦੇ ਬੂਟਾ ਮਿਰਾਸੀ ਵੀ ਉਨ੍ਹਾਂ ਦੇ ਨਾਲ ਸਨ। ਦੁਬਾਰਾ ਫੜ੍ਹੇ ਗਏ ਤਾਂ ਪੁਲੀਸ ਵੱਲੋਂ ਤਸ਼ੱਦਦ ਕਰਕੇ ਉਹਨਾਂ ਨੂੰ ਦੌੜਨ ਤੋਂ ਨਕਾਰਾ ਕਰ ਦਿੱਤਾ ਗਿਆ ਸੀ। ਪੂਰੇ 20 ਸਾਲ ਦੀ ਸਜ਼ਾ ਭੁਗਤਣ ਪਿੱਛੋਂ ਬਾਬਾ ਧਿਆਨ ਸਿੰਘ ਨੂੰ ਰਿਹਾਅ ਕੀਤਾ ਸੀ। ਰਿਹਾਈ ਤੋਂ ਬਾਅਦ ਉਹ ਸਾਰੀ ਉਮਰ ਦੇਸ਼ ਦੀ ਆਜ਼ਾਦੀ ਤੇ ਮਜ਼ਦੂਰਾਂ-ਕਿਸਾਨਾਂ ਦੀ ਲਹਿਰ ਦੀ ਅਗਵਾਈ ਕਰਦੇ ਰਹੇ।
ਬਾਬਾ ਗੁਰਦਿੱਤ ਸਿੰਘ ਜੋ ਗੁਰਦਿੱਤੇ ਨਾਂ ਨਾਲ ਪ੍ਰਸਿੱਧ ਹੋਏ, ਨਿਧਾਨ ਸਿੰਘ ਚੁੱਘਾ ਤੋਂ ਬਾਅਦ ਦੂਜੇ ਅਜਿਹੇ ਗ਼ਦਰੀ ਸਨ, ਜਿਨ੍ਹਾਂ ਵਿਦੇਸ਼ਾਂ ਵਿਚੋਂ ਹਥਿਆਰ ਬੜੀ ਜੁਗਤ ਨਾਲ ਭਾਰਤ ਲਿਆਂਦੇ, ਜਿਸ ਨੂੰ ਅੰਗਰੇਜ਼ ਦੇ ਖੁਫ਼ੀਆ ਵਿਭਾਗ ਨੇ ਇੰਜ ਦਰਜ ਕੀਤਾ ਹੈ।
“Another man, Gurdita of village Jandiala in the Jullundur Distt,, had a more eleborate method. In hollow table legs he has ive pistols and in long auger holes driven in into the sides of a wooden box and effectively closed and conealed the bottom was screwed on, he had several hundred rounds of ammunitions. Gurditta too the extra precaution of travelling upsecond class from Dhaneshkhodi taking his box and table legs to his home and then returning for examination to Ludhiana.”
ਬਾਬਾ ਗੁਰਦਿੱਤ ਸਿੰਘ ਕਾਫੀ ਸਮਾਂ ਪਹਿਲਾਂ ਭਾਈ ਬੰਤਾ ਸਿੰਘ ਸੰਘਵਾਲ ਦੇ ਨਾਲ ਹੀ ਹਿੰਦੋਸਤਾਨ ਪਰਤ ਆਏ ਸਨ। ਪਿੰਡਾਂ ਵਿਚ ਜ਼ੈਲਦਾਰ, ਨੰਬਰਦਾਰ, ਸਫ਼ੈਦਪੋਸ਼ ਤੇ ਰੱਪਟੀਏ ਇਨ੍ਹਾਂ ਉਪਰ ਕਰੜੀ ਨਿਗਾਹ ਰੱਖਦੇ ਸਨ। ਮਾਰੋਮਾਰ, ਪਕੜ-ਧਕੜ ਤੇ ਮੁਖ਼ਬਰੀਆਂ ਦੀ ਝੁੱਲਦੀ ਹਨ੍ਹੇਰੀ ਵਿਚ ਵੀ ਸਾਥੀਆਂ ਸਮੇਤ ਬਾਬਾ ਗੁਰਦਿੱਤਾ ਗ਼ਦਰ ਕਰਨ ਦੀ ਧੁੰਨ ਵਿਚ ਲੱਗੇ ਰਹੇ। ਤਿਰਕਾਲਾਂ ਵੇਲੇ ਉਹ ਪਿੰਡ ਦੇ ਚੌਕੀਦਾਰ ਰਾਹੀਂ ਘੁੜਿਆਲ ਖੜਕਾ ਕੇ ਲੋਕ ਇਕੱਠੇ ਕਰਵਾ ਲੈਂਦੇ ਤੇ ਇਕੱਠੇ ਹੋਏ ਲੋਕਾਂ ਨੂੰ ਅੰਗਰੇਜ਼ੀ ਰਾਜ ਵਿਰੁੱਧ ਗ਼ਦਰ ਕਰਨ ਲਈ ਪ੍ਰੇਰਦੇ, ਲੈਕਚਰ ਕਰਕੇ ਤੁਰੰਤ ਬਿਨਾਂ ਦੱਸੇ-ਪੁੱਛੇ ਉਹ ਦੂਰ-ਨੇੜੇ ਦੇ ਕਿਸੇ ਹੋਰ ਪਿੰਡ ਜਾ ਸੌਂਦੇ ਸਨ।
ਕੀਤੇ ਜਾਂਦੇ ਦੀਵਾਨਾਂ ਵਿਚ ਮਾਲੀਏ ਦਾ ਭਾਰੀ ਬੋਝ, ਕਾਮਾਗਾਟਾਮਾਰੂ ਦੇ ਕੈਨੇਡਾ ਤੇ ਬੱਜ ਬੱਜ ਘਾਟ ’ਤੇ ਹੋਏ ਸਾਕਿਆਂ ਦੀ ਵਾਰਤਾ, ਗੁਰਦੁਆਰਾ ਰਕਾਬ ਗੰਜ ਦੀ ਕੰਧ, ਸਿਪਾਹੀਆਂ ਦੀ ਥੋੜ੍ਹੀ ਤਨਖਾਹ, ਅਦਾਲਤਾਂ ਦਾ ਬਾਈਕਾਟ, ਮਾਲੀਆ ਦੇਣ ਤੋਂ ਇਨਕਾਰ ਬਾਰੇ ਕਹਿਕੇ ਅੰਗਰੇਜ਼ਾਂ ਵਿਰੁੱਧ ਸ਼ੁਰੂ ਕੀਤੀ ਅਜ਼ਾਦੀ ਦੀ ਜੰਗ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਜਾਂਦੀ। ‘ਗ਼ਦਰ ਗੂੰਜ’ ਦੀਆਂ ਕਵਿਤਾਵਾਂ ਗਾਈਆਂ ਜਾਂਦੀਆਂ, ਛੁੱਟੀ ਆਏ ਫੌਜੀਆਂ ਨੂੰ ਡਿਊਟੀ ’ਤੇ ਨਾ ਜਾਣ ਦੀ ਪੁਕਾਰ ਬਾਬਾ ਗੁਰਦਿੱਤਾ ਤੇ ਬਾਬਾ ਧਿਆਨ ਸਿੰਘ ਵੱਲੋਂ ਕੀਤੀ ਜਾਂਦੀ।
ਇਕ ਵਾਰ ਜਦੋਂ ਉਹ ਇਸੇ ਸਿਲਸਿਲੇ ਵਿਚ 28 ਜਨਵਰੀ 1915 ਨੂੰ ਬੰਤਾ ਸਿੰਘ ਸੰਘਵਾਲ ਨਾਲ ਗੜ੍ਹੇ ਪਿੰਡ ਤੋਂ ਜਲੰਧਰ ਵੱਲ ਆ ਰਹੇ ਸਨ ਤਾਂ ਗੜ੍ਹੇ ਦੇ ਚੌਕੀਦਾਰ ਕੁਤਬੇ ਨੇ ਕੁਝ ਹੋਰਾਂ ਦੀ ਮੱਦਦ ਨਾਲ ਉਨ੍ਹਾਂ ਨੂੰ ਥਾਣਾ ਸਦਰ ਗ੍ਰਿਫਤਾਰ ਕਰਵਾਉਣ ਦੀ ਕੋਸ਼ਿਸ਼ ਕੀਤੀ ਤਾਂ ਬਾਬੇ ਗੁਰਦਿੱਤੇ ਨੇ ਅਪਣਾ ਪਿਸਤੌਲ ਤੇ ਕਾਰਤੂਸ ਬੜੇ ਇਹਤਿਆਤ ਨਾਲ ਫਸਲ ਵਿਚ ਸੁੱਟ ਦਿੱਤੇ ਸਨ। ਥਾਣੇ ਪਹੁੰਚਣ ’ਤੇ ਜਦੋਂ ਇੰਸਪੈਕਟਰ ਬਿਹਾਰੀ ਲਾਲ ਨੇ ਜਾਮਾ ਤਲਾਸ਼ੀ ਲਈ ਤਾਂ ਦੋਵੇਂ ਦੇਸ਼ ਭਗਤ ਬਚ ਗਏ ਸਨ। ਚੌਕੀਦਾਰ ਤੇ ਇੰਸਪੈਕਟਰ ਬਿਹਾਰੀ ਲਾਲ ਨਿੰਮੋਝੂਣ ਹੋਏ ਹੱਥ ਮਲਦੇ ਰਹਿ ਗਏ। ਜਲੰਧਰ ਦੇ ਆਲੇ-ਦੁਆਲੇ ਦੇ ਪਿੰਡਾਂ ਵਿਚ ਗ਼ਦਰ ਲਹਿਰ ਲਈ ਬਾਬਾ ਗੁਰਦਿੱਤਾ ਨੇ ਦਿਨ ਰਾਤ ਇਕ ਕਰ ਦਿੱਤਾ ਸੀ। ਨਾ ਖਾਣ ਦੀ ਸੁਧ ਤੇ ਨਾ ਪਹਿਨਣ ਦੀ, ਨੰਗੇ ਪੈਰੀਂ ਪਹਾੜਾਂ ਜਿੱਡੀਆਂ ਮੁਸ਼ਕਲਾਂ ਦਾ ਸਾਹਮਣਾ ਉਹਨਾਂ ਕੀਤਾ।
27 ਤੇ 28 ਜਨਵਰੀ ਦੀ ਰਾਤ ਨੂੰ ਜਦੋਂ ਭਾਈ ਧਿਆਨ ਸਿੰਘ ਨੂੰ ਜਮਾਲਪੁਰੋਂ ਗ੍ਰਿਫਤਾਰ ਕੀਤਾ ਗਿਆ ਤਾਂ ਭਾਈ ਗੁਰਦਿੱਤਾ ਵੀ ਨਾਲ ਸੀ, ਪਰ ਉਹ ਬਚ ਨਿਕਲੇ ਸਨ। ”ਜਲੰਧਰ ਸਾਜਿਸ਼ ਕੇਸ’’ ਵਿਚ 26 ਮਈ 1915 ਨੂੰ ਸਾਥੀਆਂ ਸਮੇਤ ਧਾਰਾ 399 ਤੇ 309 ਆਈ.ਪੀ.ਸੀ ਤਹਿਤ ਜਲੰਧਰ ਦੇ ਫਸਟ ਕਲਾਸ ਮੈਜਿਸਟਰੇਟ ਲੱਭੂ ਰਾਮ ਦੀ ਅਦਾਲਤ ਵਿਚ ਕੇਸ ਸ਼ੁਰੂ ਹੋਇਆ ਤੇ 26 ਮਈ 1915 ਨੂੰ ਸੁਣਾਏ ਗਏ ਫੈਸਲੇ ਵਿਚ ਬਾਬੇ ਨੂੰ ਸੱਤ ਸਾਲ ਬਾ-ਮੁਸ਼ੱਕਤ ਕੈਦ ਅਤੇ ਛੇ ਹਫ਼ਤੇ ਕੋਠੀ-ਬੰਦ ਦੀ ਸਜ਼ਾ ਸੁਣਾਈ ਗਈ ਸੀ। ਰਿਹਾਈ ਹੋਈ ਤਾਂ ਜੇਲ੍ਹ ਤੇ ਪੁਲੀਸ ਦੇ ਤਸੀਹਿਆਂ ਨਾਲ ਇਸ ਲੋਹ-ਪੁਰਸ਼ ਦਾ ਸਰੀਰ ਕਮਜ਼ੋਰ ਹੋ ਗਿਆ ਸੀ ਤੇ ਛੇਤੀ ਹੀ ਉਹ ਫੌਤ ਹੋ ਗਏ ਸਨ। ਜੰਡਿਆਲਾ ਵਾਸੀ ਮੁਣਸ਼ਾ ਸਿੰਘ ‘ਦੁਖੀ’ ਕੈਨੇਡਾ ਗਏ ਤਾਂ ਦੇਸ਼ ਪਿਆਰ ਦੀ ਚੇਟਕ ਨੇ ਉਨ੍ਹਾਂ ਨੂੰ ਪੈਸੇਫਿਕ ਐਸੋਸੀਏਸ਼ਨ (ਗ਼ਦਰ ਪਾਰਟੀ) ਵੱਲ ਖਿੱਚ ਲਿਆ ਸੀ ਜੋ ਉਸਨੂੰ ਉਸਦੇ ਭਰਾ ਤੋਂ ਲੱਗੀ ਸੀ। ‘ਗ਼ਦਰ ਗੂੰਜ’ ਤੇ ‘ਗ਼ਦਰ’ ਅਖ਼ਬਾਰ ਵਿਚ ਲਿਖਣ ਵਾਲਿਆਂ ਵਿਚੋਂ ਉਹ ਇਕ ਸਨ। ਉਨ੍ਹਾਂ ਦਾ ਅਸਲ ਪਿੰਡ ਤਾਂ ਰੰਧਾਵੇ ਸੀ, ਪਰ ਬਾਬੇ ਪੜਦਾਦਿਆਂ ਵੇਲੇ ਤੋਂ ਉਹ ਏਥੇ ਨਾਨਕੇ ਢੇਰੀ ਰਹਿੰਦੇ ਆ ਰਹੇ ਸਨ।
ਵਸ਼ਿੰਗਟਨ, ਸੈਕਰਾਮੈਂਟੋ, ਫਰੈਜ਼ਰਮਿਲ ਅਤੇ ਔਰੰਜਵੈਲ ਆਦਿ ਸ਼ਹਿਰਾਂ ਵਿਚ ਰਹਿਣ ਉਪਰੰਤ 1912 ਵਿਚ ‘ਦੁਖੀ’ ਵੈਨਕੋਵਰ ਆ ਗਏ ਸਨ ਅਤੇ ਉਥੋਂ ਦੇ ਗੁਰਦੁਆਰਿਆਂ ਵਿਚ ਗ਼ਦਰ ਪਾਰਟੀ ਦੀ ਲਾਮਬੰਦੀ ਕਰਨ ਵਿਚ ਰੁੱਝ ਗਏ ਸਨ। ਪਹਿਲਾ ਮਹਾਂ ਯੁੱਧ ਸ਼ੁਰੂ ਹੋਣ ’ਤੇ ਗ਼ਦਰੀ ਆਗੂਆਂ ਦਾ ਇਹ ਨਿਰਣਾ ਸੀ ਕਿ ਦੇਸ਼ ਪਰਤ ਕੇ ਹਥਿਆਰਬੰਦ ਇਨਕਲਾਬ ਕਰਨ ਵਾਸਤੇ ਇਹ ਢੁਕਵਾਂ ਸਮਾਂ ਹੈ ਤਾਂ ਇਸੇ ਯੋਜਨਾ ਤਹਿਤ ਮੁਣਸ਼ਾ ਸਿੰਘ ਦੁਖੀ 6 ਅਗਸਤ 1914 ਨੂੰ ‘ਐੰਪੇਰਸ ਆਫ ਰਸ਼ੀਆ’ ਨਾਮੀ ਜਹਾਜ਼ ਉਪਰ ਸਵਾਰ ਹੋ ਕੇ ਭਾਰਤ ਨੂੰ ਰਵਾਨਾ ਹੋ ਗਿਆ ਸੀ। ਰਸਤੇ ਵਿਚ ਮੁਣਸ਼ਾ ਸਿੰਘ ਦੁਖੀ ਕਾਮਾਗਾਟਾਮਾਰੂ ਦੇ ਮੁਸਾਫਰਾਂ ਨੂੰ ਜਹਾਜ਼ ਵਿਚ ਜਾ ਕੇ ਮਿਲੇ ਤਾਂ ਗ਼ਦਰੀ ਸਾਹਿਤ ਵੰਡਿਆ ਅਤੇ ਭਾਸ਼ਣ ਵੀ ਕੀਤਾ। ਜਦੋਂ ਜਹਾਜ਼ ਬੱਜ ਬੱਜ ਘਾਟ ’ਤੇ ਲੱਗਾ ਤਾਂ ਮੁਣਸ਼ਾ ਸਿੰਘ ਦੁਖੀ ਫਿਰ ਮੁਸਾਫਰਾਂ ਨੂੰ ਮਿਲੇ। ਗੋਲੀ ਚੱਲਣ ਸਮੇਂ ਬਾਬਾ ਗੁਰਦਿੱਤ ਸਿੰਘ ਤੇ ਮੁਣਸ਼ਾ ਸਿੰਘ ਦੁਖੀ ਉਥੋਂ ਨਿਕਲਣ ਵਿਚ ਕਾਮਯਾਬ ਹੋ ਗਏ ਸਨ। ਪੰਜਾਬ ਪੁੱਜਣ ‘ਤੇ ਪੁਲੀਸ ਨਾਲ ਲੁਕਣਮੀਚੀ ਤੋਂ ਬਾਅਦ ਉਹ ਗ੍ਰਿਫਤਾਰ ਕੀਤੇ ਗਏ ਅਤੇ ਦੂਜੇ ਸਪਲੀਮੈਂਟਰੀ ਲਾਹੌਰ ਸਾਜਿਸ਼ ਕੇਸ ਤਹਿਤ ਉਮਰਕੈਦ ਕਾਲੇ ਪਾਣੀ ਦੀ ਸਜ਼ਾ ਦਾ ਹੁਕਮ ਸੁਣਾਇਆ ਗਿਆ ਸੀ। ਰਿਹਾਈ ਤੋਂ ਬਾਅਦ ਉਨ੍ਹਾਂ ਮੀਆਂ ਚਨੂੰ (ਹੁਣ ਪਾਕਿਸਤਾਨ) ਤੋਂ ‘ਵਿਹਾਰ ਸੁਧਾਰ’ ਰਸਾਲਾ ਸ਼ੁਰੂ ਕੀਤਾ ਤਾਂ ਇਥੇ ਹੀ ਸਾਧੂ ਸਿੰਘ ਹਮਦਰਦ ਉਨ੍ਹਾਂ ਦੇ ਸ਼ਗਿਰਦ ਬਣ ਗਏ। ਬੰਬਈ ਤੋਂ ‘ਜੀਵਨ ਯਾਦਾਂ’ ਅਤੇ ਦੇਸ਼ ਭਗਤ ਯਾਦਗਾਰ ਹਾਲ ਵੱਲੋਂ ਪ੍ਰਕਾਸ਼ਤ ਕੀਤੇ ਜਾਂਦੇ ‘ਦੇਸ਼ ਭਗਤ ਯਾਦਾਂ’ ਨਾਮੀ ਰਸਾਲਿਆਂ ਦਾ ਸਮੇਂ ਸਮੇਂ ਸੰਪਾਦਕੀ ਦਾ ਕਾਰਜ ਭਾਰ ਵੀ ਉਨ੍ਹਾਂ ਸੰਭਾਲਿਆ।
ਚੈਂਚਲ ਸਿੰਘ ਪੁੱਤਰ ਸੁਹੇਲ ਸਿੰਘ ਅਮਰੀਕਾ ਦੀ ਗ਼ਦਰ ਪਾਰਟੀ ਦੇ ਮੈਂਬਰ ਸਨ। ਗ਼ਦਰ ਕਰਨ ਲਈ ਤੋਸ਼ਾਮਾਰੂ ਜਹਾਜ਼ ਰਾਹੀਂ ਹਿੰਦੋਸਤਾਨ ਪਰਤੇ ਤਾਂ ਕਲਕੱਤੇ ਪਹੁੰਚਣ ’ਤੇ ਹੀ ਗ੍ਰਿਫਤਾਰ ਕਰਕੇ ਮੁਲਤਾਨ ਦੀ ਜੇਲ੍ਹ ਵਿਚ ਕੈਦ ਕਰ ਦਿੱਤੇ ਗਏ। 1916 ਨੂੰ ਰਿਹਾਈ ਹੋਈ ਤਾਂ ਜੂਹਬੰਦ ਕਰ ਦਿੱਤੇ ਗਏ। 1919 ਨੂੰ ਇਕ ਗੈਰਕਾਨੂੰਨੀ ਅਖ਼ਬਾਰ ਸ਼ੁਰੂ ਕਰਨ ਵਿਚ ਫਿਰ ਗ੍ਰਿਫਤਾਰ ਕੀਤੇ ਗਏ। 1921 ਦੇ ਸ਼ਾਹੀ ਫੁਰਮਾਨ ਤਹਿਤ ਰਿਹਾਅ ਹੋ ਗਏ। 1921 ਵਿਚ ਨਾ-ਮਿਲਵਰਤਨ ਲਹਿਰ ਰਾਹੀਂ ਹੀ ਉਹ ਪ੍ਰਸਿੱਧ ਹੋਏ ਸਨ। ਡਾਕਟਰ ਕਿਚਲੂ ਦੇ ‘ਸਵਰਾਜ ਆਸ਼ਰਮ’ ਲਈ 1921 ਵਿਚ ਫੰਡ ਇਕੱਠਾ ਕਰਨ ਵਿਚ ਉਨ੍ਹਾਂ ਨੇ ਵਿਸ਼ੇਸ਼ ਭੂਮਿਕਾ ਨਿਭਾਈ ਸੀ। ਕਾਂਗਰਸ ਤੇ ਅਕਾਲੀ ਕਾਨਫਰੰਸਾਂ ਵਿਚ ਉਹ ਹਮੇਸ਼ਾਂ ਕਵਿਤਾਵਾਂ ਪੜ੍ਹਦੇ, ਜਿਹੜੀਆਂ ਅੰਗਰੇਜ਼ੀ ਰਾਜ ਵਿਰੁਧ ਲਿਖੀਆਂ ਹੁੰਦੀਆਂ ਸਨ। ਹਰੀ ਸਿੰਘ ਜਲੰਧਰੀ ਅਤੇ ਭਾਗ ਸਿੰਘ ਕੈਨੇਡੀਅਨ ਨਾਲ ਮਿਲ ਕੇ ਉਹਨਾਂ ਜਲੰਧਰ ਵਿਚ ਦੇਸ਼ ਸੇਵਕ ਬੁੱਕ ਏਜੰਸੀ ਸ਼ੁਰੂ ਕੀਤੀ। ਅਸਲ ਵਿਚ ਏਜੰਸੀ ਦਾ ਦਫਤਰ ਅਮਰੀਕਾ ਵਿਚ ਵੱਸਦੇ ਭਾਰਤੀਆਂ ਅਤੇ ਹਿੰਦੁਸਤਾਨ ਦੇ ਦੇਸ਼ ਭਗਤਾਂ ਵਿਚਕਾਰ ਰਾਬਤਾ ਕਾਇਮ ਰੱਖਣ ਦਾ ਜ਼ਰੀਆ ਸੀ। 19, 20, 21 ਮਾਰਚ 1921 ਨੂੰ ਹੁਸ਼ਿਆਰਪੁਰ ਵਿਚ ਸਿੱਖ ਵਿਦਿਆਕ ਕਾਨਫਰੰਸ ਹੋਈ। ਕਾਨਫਰੰਸ ਦੀ ਸਮਾਪਤੀ ਤੋਂ ਪਿੱਛੋਂ ਕੁਝ ਗਰਮ ਖ਼ਿਆਲ ਵਾਲੇ ਅਕਾਲੀ ਸਿੱਖਾਂ ਨੇ ਵੱਖਰੀ ਮੀਟਿੰਗ ਕੀਤੀ ਜਿਸ ਵਿਚ ਮਾ. ਮੋਤਾ ਸਿੰਘ, ਜਥੇਦਾਰ ਕਿਸ਼ਨ ਸਿੰਘ ਗੜਗੱਜ, ਵਤਨ ਸਿੰਘ ਕਾਹਰੀ, ਗੁਰਬਚਨ ਸਿੰਘ ਅੰਬਾਲਾ (ਦਸੂਹਾ ਥਾਣਾ) ਤੇ ਚੈਂਚਲ ਸਿੰਘ ਆਦਿ ਸ਼ਾਮਲ ਹੋਏ ਸਨ। ਇਕ ਮਤਾ ਪਾਸ ਕੀਤਾ ਗਿਆ ਸੀ ਕਿ ਨਨਕਾਣਾ ਸਾਹਿਬ ਦੇ ਸਾਕੇ ਲਈ ਜੁੰਮੇਵਾਰ ਦੋਸ਼ੀਆਂ ਨੂੰ ਸਬਕ ਸਿਖਾਇਆ ਜਾਵੇ ਜਿਵੇਂ ਸੁੰਦਰ ਸਿੰਘ ਮਜੀਠੀਆ, ਬੇਦੀ ਕਰਤਾਰ ਸਿੰਘ ਅਤੇ ਸੇਵਾ ਦਾਸ ਮਹੰਤ, ਐਸ.ਪੀ ਮਿਸਟਰ ਬਾਓਰਿੰਗ ਤੇ ਮਿਸਟਰ ਕਿੰਗ ਨੂੰ ਖ਼ਤਮ ਕੀਤਾ ਜਾਵੇ। ਇਹ ਯੋਜਨਾ ਸਿਰੇ ਨਾ ਚੜ੍ਹੀ। ਸਾਰੀ ਯੋਜਨਾ ਦਾ ਭੇਤ ਪੁਲੀਸ ਨੇ ਕੱਢ ਲਿਆ ਤਾਂ ਗ੍ਰਿਫਤਾਰੀਆਂ ਸ਼ੁਰੂ ਕਰ ਦਿੱਤੀਆਂ। ਜਥੇਦਾਰ ਕਿਸ਼ਨ ਸਿੰਘ, ਚੈਂਚਲ ਸਿੰਘ ਤੇ ਮਾ. ਮੋਤਾ ਸਿੰਘ ਰੂਪੋਸ਼ ਹੋ ਕੇ ਚੱਕਰਵਰਤੀ ਵਜੋਂ ਜਾਣੇ ਜਾਣ ਲੱਗ ਪਏ ਸਨ। ਦਰ-ਅਸਲ ਹੁਸ਼ਿਆਰਪੁਰ ਵਾਲੀ ਮੀਟਿੰਗ ਬੱਬਰ ਅਕਾਲੀ ਲਹਿਰ ਦੀ ਬੁਨਿਆਦ ਸੀ। ਭਾਈ ਚੈਂਚਲ ਸਿੰਘ ’ਤੇ ਇਸ ਵਿਚ ਸ਼ਾਮਲ ਹੋਣ ਕਰਕੇ 302 ਆਈ.ਪੀ.ਸੀ ਅਤੇ ਆਰਮਜ਼ ਐਕਟ ਤਹਿਤ ਮੁਕੱਦਮਾ ਚੱਲਿਆ ਪਰ ਗਵਾਹੀਆਂ ਨਾ ਹੋਣ ਕਰਕੇ ਬਰੀ ਹੋ ਗਏ। 1923 ਵਿਚ ‘ਦੁਆਬਾ ਰਖ਼ਸ਼ਸ’ ਕਮੇਟੀ ਵਿਚ ਵੀ ਉਹ ਮੈਂਬਰ ਸਨ ਜੋ ਜੇਲ੍ਹਾਂ ਅੰਦਰ ਗਏ ਬੱਬਰ ਅਕਾਲੀਆਂ ਦੀ ਮੱਦਦ ਲਈ ਬਣਾਈ ਗਈ ਸੀ। 1923 ਵਿਚ ਗ੍ਰਿਫਤਾਰੀ ਵਾਰੰਟ ਨਿਕਲਣ ‘ਤੇ ਚੈਂਚਲ ਸਿੰਘ ਨੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਜਾ ਕੇ ਸ਼ਰਣ ਲੈ ਲਈ ਸੀ।
ਉਨ੍ਹਾਂ ਕੁਝ ਚਿਰ ਲਈ ਦਿੱਲੀ ਵਿਚ ਹਿੰਦੁਸਤਾਨ ਟਾਈਮਜ਼ ਅਖ਼ਬਾਰ ਵਿਚ ਵੀ ਕੰਮ ਕੀਤਾ ਜੋ ਉਸ ਸਮੇਂ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਮਤੈਹਤ ਸੀ। ਨਾਭਾ ਦੇ ਮਸਲੇ ਨੂੰ ਪ੍ਰਚਾਰਣ ਹਿੱਤ ਉਹਨਾਂ ਬੜੀ ਸਰਗਰਮੀ ਨਾਲ ਹਿੱਸਾ ਲਿਆ ਸੀ। ਜੇਲ੍ਹਾਂ ਅੰਦਰ ਬੰਦ ਦੇਸ਼ ਭਗਤਾਂ ਦੇ ਪਰਿਵਾਰਾਂ ਦੀ ਮਦਦ ਲਈ ਦੇਸ਼ ਭਗਤ ਕੈਦੀ ਸਹਾਇਕ ਕਮੇਟੀ ਵਿਚ ਵੀ ਉਹ ਜੀਅ ਜਾਨ ਨਾਲ ਕੰਮ ਕਰਦੇ ਰਹੇ। 1928-29 ਵਿਚ ਕਿਰਤੀ ਪਾਰਟੀ ਦੀਆਂ ਖੁਫ਼ੀਆ ਮੀਟਿੰਗਾਂ ਵਿਚ ਸ਼ਾਮਲ ਹੁੰਦੇ ਰਹੇ ਅਤੇ ਇਸੇ ਸਮੇਂ ਕਿਰਤੀ ਅਖ਼ਬਾਰ ਦੇ ਮੈਨੇਜਰ ਵੀ ਬਣਾਏ ਗਏ। 1930 ਦੀ ਨਾ-ਮਿਲਵਰਤਨ ਲਹਿਰ ਵਿਚ ਸ਼ਾਮਲ ਹੋਏ ਤਾਂ 14 ਜੁਲਾਈ 1930 ਨੂੰ 6 ਮੀਹਨੇ ਦੀ ਸਖ਼ਤ ਕੈਦ ਦਾ ਹੁਕਮ ਸੁਣਾਕੇ ਜਲੰਧਰ ਅਤੇ ਅੱਟਕ ਦੀਆਂ ਜੇਲ੍ਹਾਂ ਅੰਦਰ ਸਖ਼ਤ ਹਾਲਤਾਂ ਵਿਚ ਰੱਖੇ ਗਏ। 1931 ਨੂੰ ਸ. ਭਗਤ ਸਿੰਘ ਨੂੰ ਸਾਥੀਆਂ ਸਮੇਤ ਫਾਂਸੀ ਦਿੱਤੇ ਜਾਣ ’ਤੇ ਚੈਂਚਲ ਸਿੰਘ ਨੇ ਰੋਹ-ਭਰੇ ਲੈਕਚਰ ਦਿੱਤੇ ਸਨ। ਮਾਸਟਰ ਮੋਤਾ ਸਿੰਘ ਪਤਾਰਾ, ਬਾਬਾ ਭਾਗ ਸਿੰਘ ਉਪਲਾਂ ਦੇ ਉਹ ਨੇੜਲੇ ਸਾਥੀ ਸਨ। ਅੰਗਰੇਜ਼ੀ ਖੁਫ਼ੀਆ ਰਿਪੋਰਟ ਵਿਚ ਭਾਈ ਚੈਂਚਲ ਸਿੰਘ ਦੇ ਦੇਸ਼ ਭਗਤੀ ਵਾਲੇ ਕਿਰਦਾਰ ਤੋਂ ਜ਼ਾਹਰ ਹੈ ਕਿ ਉਹ ਸਾਰੀਆਂ ਇਨਕਲਾਬੀ ਲਹਿਰਾਂ ਤੇ ਘਟਨਾਵਾਂ ਵਿਚ ਸ਼ਾਮਲ ਸਨ ਜਿਹੜੀਆਂ ਅੰਗਰੇਜ਼ੀ ਰਾਜ ਨੂੰ ਸੱਟ ਮਾਰਦੀਆਂ ਸਨ।
ਗ਼ਦਰੀ ਸ਼ਹੀਦ ਦੀਵਾਨ ਸਿੰਘ ਪੁੱਤਰ ਭੂਪਾ ਦੀ ਸ਼ਹੀਦੀ ਦੇ ਭੇਦ ਨੇ ਜੰਡਿਆਲਾ ਨੂੰ ਸ਼ਹੀਦਾਂ ਦਾ ਪਿੰਡ ਹੋਣ ਦਾ ਮਾਣ ਬਖ਼ਸ਼ਿਆ ਹੈ। ਭਾਈ ਦੀਵਾਨ ਸਿੰਘ ਵਿਦੇਸ਼ਾਂ ਤੋਂ ਪਰਤ ਰਹੇ ਇਕ ਗਰੁੱਪ ਵਿਚ ਸ਼ਾਮਲ ਸਨ। ਮਾਰਚ 1915 ਵਿਚ ‘ਸਟੈਂਡਰਡ’ ਨਾਮੀ ਜਹਾਜ਼ ਵਿਚ ਇਹ ਗਰੁੱਪ ਬੈਂਕੌਕ ਨੂੰ ਚਲਿਆ ਸੀ। ਜਾਪਦਾ ਹੈ ਕਿ ਇਹ ਜਹਾਜ਼ ਉਨ੍ਹਾਂ ਜਹਾਜ਼ਾਂ ਨਾਲ ਹੀ ਚੱਲਿਆ ਹੋਵੇਗਾ ਜਿਹੜੇ ਗ਼ਦਰ ਕਰਨ ਵਾਲੇ ਸੂਰਮਿਆਂ ਨੂੰ ਲੈ ਕੇ ਭਾਰਤ ਵੱਲ ਤੁਰੇ ਸਨ ਪਰ ‘ਸਟੈਂਡਰਡ’ ਜਹਾਜ਼ ਰਸਤੇ ਵਿਚਲੀਆਂ ਰੁਕਾਵਟਾਂ ਕਾਰਨ ਪੱਛੜ ਗਿਆ ਸੀ। ਪੜਾਅ ਕਰਕੇ ਜਦੋਂ ਇਹ ਜਹਾਜ਼ ਸਿਆਮ ਤੋਂ ਆ ਰਿਹਾ ਸੀ ਤਾਂ ਬਰਮਾ ਵਿਚ ਇਸ ਦੇ ਸਾਰੇ ਮੁਸਾਫ਼ਰ ਗ੍ਰਿਫਤਾਰ ਕਰਕੇ ਕੈਦ ਕੀਤੇ ਗਏ ਸਨ। ਇਹਨਾਂ ਗ੍ਰਿਫਤਾਰ ਹੋਇਆਂ ਵਿਚੋਂ ਜੰਡਿਆਲਾ ਦੇ ਭਾਈ ਦੀਵਾਨ ਸਿੰਘ ਬਰਮਾ ਜੇਲ੍ਹ ਵਿਚ ਅਣ ਮਨੁੱਖੀ ਹਾਲਤਾਂ ਕਾਰਨ ਸ਼ਹੀਦ ਹੋ ਗਏ ਸਨ। ਸ਼ਹੀਦ ਦੀਵਾਨ ਸਿੰਘ ਵੀਹਵੀਂ ਸਦੀ ਦੇ ਸ਼ੁਰੂ ਵਿਚ ਕੈਨੇਡਾ ਗਏ ਸਨ ਅਤੇ ਐਂਡਰਲੀ ਦੀ ਆਰਾ ਮਿਲ ਵਿਚ ਕੰਮ ਕਰਦੇ ਰਹੇ ਸਨ।
ਭਾਈ ਪੂਰਨ ਸਿੰਘ ਅਜਿਹੇ ਗ਼ਦਰੀ ਸਨ ਜਿਨ੍ਹਾਂ ਨੂੰ ਜੀਉਂਦੇ ਜੀਅ ਅਪਣੇ ਵਤਨ ਪਰਤਣ ਦੀ ਇਜਾਜ਼ਤ ਹੀ ਨਾ ਦਿੱਤੀ ਗਈ। ਜਿਸ ਆਦਰਸ਼ ਲਈ ਉਨ੍ਹਾਂ ਬੇਵਤਨਾਂ ਹੋ ਕੇ ਅਨੇਕਾਂ ਜਫ਼ਰ ਜਾਲੇ ਉਸ ਅਜ਼ਾਦੀ ਨੂੰ ਦੇਖਣ ਮਾਨਣ ਦਾ ਉਨ੍ਹਾਂ ਨੂੰ ਮੌਕਾ ਨਸੀਬ ਨਾ ਹੋਇਆ। ਗ਼ਦਰੀ ਪੂਰਨ ਸਿੰਘ 1908 ਵਿਚ ਅਮਰੀਕਾ ਗਏ ਸਨ। ਭਾਈ ਸੰਤੋਖ ਸਿੰਘ ਤੋਂ ਬਾਅਦ ਭਾਈ ਪੂਰਨ ਸਿੰਘ ਸੰਵੇਦਨਸ਼ੀਲ ਗ਼ਦਰੀ ਹੋਣ ਕਰਕੇ ਅਮਰੀਕਾ ਦੀ ਗ਼ਦਰ ਪਾਰਟੀ ਦੇ ਸਕੱਤਰ ਬਣਾਏ ਗਏ। ਵਾਇਰਲੈੱਸ ਦੀ ਟ੍ਰੇਨਿੰਗ ਕਰਦਿਆਂ ਵਿਚੋਂ ਹੀ ਛੱਡ ਦਿੱਤੀ ਸੀ। 1915 ਨੂੰ ਹੌਲਟ ਵਿਚ ਸਨ ਤਾਂ ਉਨ੍ਹਾਂ ਦੇ ਪਰਮ ਮਿੱਤਰ ਮੁਣਸ਼ਾ ਸਿੰਘ ‘ਦੁਖੀ’ ਨੇ ਇਨਕਲਾਬੀ ਕਵਿਤਾਵਾਂ ਭੇਜੀਆਂ, ਜੋ ਫੜੀਆਂ ਗਈਆਂ ਸਨ। ਭਾਈ ਮੁਣਸ਼ਾ ਸਿੰਘ ਨੂੰ ਉਹ ਕਦੇ ਕਦੇ ਇਮਦਾਦ ਕਰ ਦਿਆ ਕਰਦੇ। ਸੈਕਰਾਮੈਂਟੋ ਵਿਚ ਜਨਵਰੀ 1919 ਨੂੰ ਗ਼ਦਰੀਆਂ ਦੀ ਮੀਟਿੰਗ ਦੀ ਉਨ੍ਹਾਂ ਪ੍ਰਧਾਨਗੀ ਕੀਤੀ ਸੀ। ਬਿਸ਼ਨ ਸਿੰਘ ਹਿੰਦੀ ਨਾਲ ਉਹ ਇਕੋ ਵਾਰ ਸੰਨ 1921 ਦੇ ਅੱਧ ਵਿਚ ਭਾਰਤ ਆਏ ਸਨ ਅਤੇ ਇਸ ਪਿੱਛੋਂ ਉਹਨਾਂ ਨੂੰ ਕਦੇ ਵੀ ਭਾਰਤ ਆਉਣ ਨਾ ਦਿੱਤਾ ਗਿਆ। 1924 ਨੂੰ ਉਹ ‘ਗ਼ਦਰ’ ਅਖ਼ਬਾਰ ਦੀ ਸੰਪਾਦਕੀ ਦੀ ਜ਼ਿੰਮੇਵਾਰੀ ਵੀ ਨਿਭਾਉਂਦੇ ਹਨ।
ਭਾਈ ਪੂਰਨ ਸਿੰਘ ਨੇ ਅਪਣੇ ਭਰਾ ਭਾਈ ਲਾਲ ਸਿੰਘ ਨੂੰ ‘ਗ਼ਦਰ’ ਅਖ਼ਬਾਰ ਦੀਆਂ ਕੁਝ ਕਾਪੀਆਂ ਪਿੰਡ ਭੇਜੀਆਂ ਜੋ ਪੁਲੀਸ ਦੇ ਹੱਥ ਲੱਗ ਗਈਆਂ ਸਨ ਤਾਂ ਭਾਈ ਲਾਲ ਸਿੰਘ ਨੂੰ ਦੋ ਸਾਲ ਸਖ਼ਤ ਕੈਦ ਵਿਚ ਰੱਖਿਆ ਗਿਆ ਸੀ। ਭਾਈ ਪੂਰਨ ਸਿੰਘ ਨੇ ਜੀਵਨ ਦਾ ਬਹੁਤਾ ਹਿੱਸਾ ਸਾਨਫ੍ਰਾਂਸਿਸਕੋ ਦੇ ਗ਼ਦਰ ਆਸ਼ਰਮ ਵਿਚ ਹੀ ਬਤੀਤ ਕੀਤਾ। 1930 ਵਿਆਂ ਤੋਂ ਬਾਅਦ ਉਹ ਸਾਨਫ੍ਰਾਂਸਿਸਕੋ ਹੈਡਕੁਆਟਰ ਦੇ ਕੁਲ-ਵਕਤੀ ਸਨ। ਪੂਰਨ ਸਿੰਘ ਨੇ ਗ਼ਦਰ ਪਾਰਟੀ ਨੂੰ ਅਗਵਾਈ ਦਿੰਦਿਆਂ ਦੇਸ਼ਾਂ ਵਿਦੇਸ਼ਾਂ ਵਿਚ ਪਾਰਟੀ ਕਾਡਰ ਨੂੰ ਵਧਾਇਆ ਤੇ ਜੰਡਿਆਲੇ ਤੋਂ ਗਏ ਅਨੇਕਾਂ ਪੇਂਡੂ ਭਰਾਵਾਂ ਨੂੰ ਗ਼ਦਰ ਪਾਰਟੀ ਵਿਚ ਸ਼ਾਮਲ ਹੋਣ ਲਈ ਪ੍ਰੇਰਿਆ ਸੀ। ਜਿਵੇਂ ਸ੍ਰੀ ਬਖਸ਼ੀਸ ਸਿੰਘ ਪੁੱਤਰ ਸਿੰਧੀਰਾਮ, ਭਾਈ ਨਰੈਣ ਸਿੰਘ, ਭਾਈ ਭਗਵਾਨ ਸਿੰਘ, ਗੁਰਬਚਨ ਸਿੰਘ ਸਪੁੱਤਰ ਅਮਰ ਸਿੰਘ, ਸ. ਨੰਦ ਸਿੰਘ ਅਤੇ ਸੰਪੂਰਨ ਸਿੰਘ, ਆਦਿ। ਸ. ਸੁਰੈਣ ਸਿੰਘ ਪੁੱਤਰ ਹਜ਼ਾਰਾ ਸਿੰਘ ਤੋਸ਼ਾ ਮਾਰੂ ਜਹਾਜ਼ ਰਾਹੀਂ ਭਾਰਤ ਪਰਤੇ ਸਨ। ਇਹ ਉਹ ਪ੍ਰਸਿੱਧ ਜਹਾਜ਼ ਸੀ ਜਿਸ ਵਿਚ ਸਵਾਰ ਹੋ ਕੋ ਦੇਸ਼ ਭਗਤ ਤੇ ਗ਼ਦਰੀ ਆਗੂ ਵੱਡੀ ਗਿਣਤੀ ਵਿਚ ਭਾਰਤ ਪੁੱਜੇ ਸਨ ਪਰ ਬਹੁਤੇ ਕਲਕੱਤਾ ਬੰਦਰਗਾਹ ’ਤੇ ਹੀ ਗ੍ਰਿਫਤਾਰ ਕੀਤੇ ਗਏ ਸਨ। ਗ੍ਰਿਫਤਾਰ ਹੋਣ ਵਾਲਿਆਂ ਵਿਚ ਬਾਬਾ ਸੁਰੈਣ ਸਿੰਘ ਵੀ ਸੀ। ਭਾਈ ਪਾਲ ਸਿੰਘ ਜੰਡਿਆਲਾ ਮੁਣਸ਼ਾ ਸਿੰਘ ‘ਦੁਖੀ’ ਦੇ ਵੱਡੇ ਭਰਾ ਸਨ। ਕੈਨੇਡਾ ਦੀ ਗ਼ਦਰ ਪਾਰਟੀ ਦੇ ਉਹ ਵੱਡੇ ਸਮਰਥਕ ਸਨ। ਮੁਣਸ਼ਾ ਸਿੰਘ ਦੁਖੀ ਉਸਦੀ ਪ੍ਰੇਰਣਾ ਕਾਰਨ ਹੀ ਗ਼ਦਰ ਪਾਰਟੀ ਵਿਚ ਸ਼ਾਮਲ ਹੋਏ ਸਨ। ਜਦੋਂ ਪਾਲ ਸਿੰਘ ਵਿਕਟੋਰੀਆ ਤੋਂ ਭਾਰਤ ਪਰਤ ਰਹੇ ਸਨ ਤਾਂ ਕਲਕੱਤੇ ਪੁਲੀਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਸੀ। ਉਨ੍ਹਾਂ ਕੋਲੋਂ ਫੜੀ ਡਾਇਰੀ ਤੋਂ ਕਾਫੀ ਭੇਤ ਦੀਆਂ ਗੱਲਾਂ ਕੱਢਣ ਵਿਚ ਪੁਲੀਸ ਕਾਮਯਾਬ ਹੋ ਗਈ ਸੀ।
ਭਾਈ ਗੁਰਦਾਸ ਸਿੰਘ ਜੌਹਲ ਗ਼ਦਰ ਪਾਰਟੀ ਦੇ ਦੂਜੇ ਦੌਰ ਦੇ ਵੱਡੇ ਸਮਰਥਕ ਸਨ ਜੋ 1920 ਵਿਚ ਸਮਰਾਵਾਂ ਹਾਈ ਸਕੂਲ ਵਿਚੋਂ ਮਾਸਟਰੀ ਛੱਡ ਕੇ ਨਿਊਜ਼ੀਲੈਂਡ ਚਲੇ ਗਏ ਸਨ। ਸਾਲ ਪਿੱਛੋਂ ਭਾਰਤ ਵਾਪਸ ਆਏ ਤਾਂ ਪੰਜਾਬ ਦੀਆਂ ਇਨਕਲਾਬੀ ਲਹਿਰਾਂ ਨਾਲ ਜੁੜ ਗਏ। 1925 ਵਿਚ ਦੁਬਾਰਾ ਨਿਊਜ਼ੀਲੈਂਡ ਗਏ ਤਾਂ ਕਿਰਤੀ ਅਖ਼ਬਾਰ ਅਤੇ ਦੇਸ਼ ਭਗਤ ਪਰਿਵਾਰ ਸਹਾਇਕ ਕਮੇਟੀ, ਬਬਰ ਅਕਾਲੀ ਲਹਿਰ ਦੇ ਸ਼ਹੀਦਾਂ ਤੇ ਦੇਸ਼ ਭਗਤਾਂ ਦੇ ਪਰਿਵਾਰਾਂ ਨੂੰ ਉਹ ਮਾਲੀ ਸਹਾਇਤਾ ਭੇਜਦੇ ਰਹੇ ਸਨ। 12 ਅਪਰੈਲ 1932 ਨੂੰ ਸਟੌਕਟਨ ਦੇ ਗੁਰਦੁਆਰੇ ਵਿਚ ਉਨ੍ਹਾਂ ਵੱਲੋਂ ਕੀਤਾ ਭਾਸ਼ਣ ‘ਬਬਰ ਸ਼ੇਰ’ ‘ਕਿਰਪਾਨ ਬਹਾਦਰ’ ਤੇ ‘ਅਕਾਲੀ ਤੇ ਪਰਦੇਸੀ’ ਅਖ਼ਬਾਰਾਂ ਵਿਚ ਛਪਿਆ ਸੀ। ਜਿਸ ਵਿਚ ਉਹਨੇ ਕਿਹਾ ਸੀ ਕਿ ਅੰਗਰੇਜ਼ੀ ਰਾਜ ਵਗਾਹ ਮਾਰਨਾ ਚਾਹੀਦਾ ਹੈ।
ਅਕਾਲੀ ਲਹਿਰ ਤੇ ਗੁਰਦੁਆਰਾ ਸੁਧਾਰ ਲਹਿਰ ਸਮੇਂ ਪਿੰਡ ਦੇ ਅਨੇਕਾਂ ਦੇਸ਼ ਭਗਤਾਂ ਨੇ ਗੁਰੂ ਕਾ ਬਾਗ, ਜੈਤੋਂ ਦਾ ਮੋਰਚਾ ਆਦਿ ਵਿਚ ਸ਼ਾਮਲ ਹੋ ਕੇ ਗੋਰਾਸ਼ਾਹੀ ਵੱਲੋਂ ਢਾਹੇ ਜ਼ੁਲਮਾਂ ਦਾ ਮੁਕਾਬਲਾ ਕੀਤਾ। ਸੰਨ 1922 ਦੇ ਸਤੰਬਰ ਮਹੀਨੇ ਦੇ ਸ਼ੁਰੂ ਵਿਚ ਗੁਰੂ ਕੇ ਬਾਗ ਦੇ ਸ਼ਾਂਤਮਈ ਮੋਰਚੇ ਉਤੇ ਅੰਗਰੇਜ਼ੀ ਪੁਲੀਸ ਦੇ ਬਦਨਾਮ ਬੀ.ਟੀ. ਨੇ ਸਤਿਆ-ਗ੍ਰਹੀਆਂ ਦੇ ਡਾਗਾਂ ਨਾਲ ਹੱਡ ਤੋੜੇ, ਬੇਹੋਸ਼ ਹੋਏ ਸਤਿਆ-ਗ੍ਰਹੀਆਂ ਨੂੰ ਛੱਪੜ ਤੇ ਨਹਿਰ ਵਿਚ ਸੁੱਟਿਆ ਗਿਆ। ਅਜਿਹੇ ਜ਼ੁਲਮਾਂ ਦਾ ਸਾਹਮਣਾ ਕਰਨ ਵਾਲੇ ਇਸ ਪਿੰਡ ਦੇ ਭਾਈ ਗੁਰਦਿੱਤ ਸਿੰਘ ਪੁੱਤਰ ਸ. ਹਰੀ ਸਿੰਘ, ਭਾਈ ਮੰਗਲ ਸਿੰਘ ਪੁੱਤਰ ਸ. ਨੰਦ ਸਿੰਘ, ਭਾਈ ਦਲੇਲ ਸਿੰਘ ਉਰਫ਼ ਤਰਲੋਕ ਸਿੰਘ (ਰਾਮਗੜ੍ਹੀਆ) ਪੁੱਤਰ ਜੀਵਾ ਸਿੰਘ ਸਨ। ਇਨ੍ਹਾਂ ਇਸ ਮੋਰਚੇ ਵਿਚ ਸ਼ਾਮਲ ਹੋ ਕੇ ਕੈਦਾਂ ਕੱਟੀਆਂ ਸਨ।
ਗੁਰਦੁਆਰਾ ਸੁਧਾਰ ਲਹਿਰ ਦੀ ਸ਼ਾਂਤਮਈ ਨੀਤੀ ਤੋਂ ਨਿਰਾਸ਼ ਹੋ ਕੇ ਗਰਮ ਆਗੂਆਂ ਨੇ ਹੁਸ਼ਿਆਰਪੁਰ ਦੀ ਵਿਦਿਅਕ ਕਾਨਫਰੰਸ ਤੋਂ ਬਾਅਦ ਵੱਖਰਿਆਂ ਮੀਟਿੰਗਾਂ ਕਰਕੇ ਹਥਿਆਰਬੰਦ ਘੋਲ ਦਾ ਫੈਸਲਾ ਕੀਤਾ ਤਾਂ ਮਾਸਟਰ ਮੋਤਾ ਸਿੰਘ, ਜਥੇਦਾਰ ਕਿਸ਼ਨ ਸਿੰਘ ਗੜਗੱਜ ਤੇ ਭਾਈ ਚੈਂਚਲ ਸਿੰਘ ਜੰਡਿਆਲਾ ਫੈਸਲਾ ਲੈਣ ਵਾਲੇ ਆਗੂ ਸਨ, ਜਿਨ੍ਹਾਂ ਨੂੰ ਅੱਗੋਂ ਜਾ ਕੇ ਰੁਪੋਸ਼ ਹੋਣਾ ਪਿਆ ਸੀ। ਉਂਜ ਗ਼ਦਰੀਆਂ ਨੇ ਦੇਸ਼ ਭਗਤੀ ਦਾ ਜਾਗ ਲਾ ਦਿੱਤਾ ਸੀ। ਲਗਪਗ ਦੁਆਬੇ ਦੇ ਸਾਰੇ ਵੱਡੇ ਪਿੰਡ, ਜਿਹਾ ਕਿ ਜੰਡਿਆਲਾ, ਬੁੰਡਾਲਾ, ਰੁੜਕਾ, ਦੁਸਾਂਝ ਕਲਾਂ, ਮਾਹਿਲਪੁਰ, ਬੜਾ ਪਿੰਡ, ਸ਼ੰਕਰ ਤੇ ਬਿਲਗਾ ਆਦਿ ਸਰਕਾਰ ਦੀ ਬਲੈਕ ਲਿਸਟ ਵਿਚ ਆ ਚੁੱਕੇ ਸਨ। ਇਨ੍ਹਾਂ ਪਿੰਡਾਂ ਦੇ ਗੱਭਰੂਆਂ ਨੂੰ ਫੌਜ ਵਿਚ ਭਰਤੀ ਨਹੀਂ ਸੀ ਕੀਤਾ ਜਾਂਦਾ। ਜੰਡਿਆਲਾ, ਰੁੜਕਾ, ਸਮਰਾਵਾਂ ਅਤੇ ਕੋਟ ਫਤੂਹੀ ਆਦਿ ਪਿੰਡਾਂ ਸਮੇਤ ਦੁਆਬਾ, ਮਾਲਵਾ ਵਿਚ ਮਾਸਟਰ ਮੋਤਾ ਸਿੰਘ ਤੇ ਜਥੇਦਾਰ ਕਿਸ਼ਨ ਸਿੰਘ ਗੜਗੱਜ ਨੇ ਦੀਵਾਨ ਕਰਕੇ ਅੰਗਰੇਜ਼ੀ ਰਾਜ ਵਿਰੁਧ ਹਵਾ ਬੰਨ੍ਹ ਦਿੱਤੀ ਸੀ ਤੇ ਇਹਨਾਂ ਰੁਪੋਸ਼ ਆਗੂਆਂ ਦੀ ਚੱਕਰਵਤੀ ਜੱਥੇ ਵਜੋਂ ਪ੍ਰਸਿੱਧੀ ਸਿਖਰਾਂ ’ਤੇ ਪੁੱਜ ਗਈ ਸੀ। ਜੰਡਿਆਲਾ ਬੱਬਰ ਅਕਾਲੀ ਆਗੂਆਂ ਦੀ ਪਨਾਹਗਾਹ ਵਜੋਂ ਵਧੇਰੇ ਅਸਰ-ਅੰਦਾਜ਼ ਹੋਇਆ ਸੀ। ਬੱਬਰ ਲਹਿਰ ਸਮੇਂ ਜੰਡਿਆਲਾ ਸਮੇਤ ਇਹ ਇਲਾਕਾ ਪੁਲੀਸ ਦੀ ਦਹਿਸ਼ਤ ਤੇ ਤਲਾਸ਼ੀਆਂ ਦੀ ਮਾਰ ਹੇਠ ਰਿਹਾ ਸੀ। ਗ਼ਦਰ ਲਹਿਰ ਤੋਂ ਬਾਅਦ ਜੰਡਿਆਲਾ ਦੂਜੀ ਵਾਰ ਫਿਰ ਅੰਗਰੇਜ਼ੀ ਰਾਜ ਦੀਆਂ ਨਜ਼ਰਾਂ ਵਿਚ ਰੜਕਣ ਲੱਗ ਪਿਆ ਸੀ। ਕਿਉਂਕਿ ਜੰਡਿਆਲਾ ਦੇ ਨਿਵਾਸੀ ਬੱਬਰ ਅਕਾਲੀ ਮਰਜੀਵੜਿਆਂ ਦੇ ਉਪਾਸ਼ਕ ਸਨ।
ਜੈਤੋਂ ਦੇ ਮੋਰਚੇ ਵਿਚ ਸ਼ਾਮਲ ਹੋ ਕੇ ਕੈਦਾਂ ਕੱਟਣ ਵਾਲੇ ਫਤਿਹ ਸਿੰਘ, ਹਜ਼ਾਰਾ ਸਿੰਘ ਮਿਸਤਰੀ ਅਤੇ ਭਾਈ ਅਮਰ ਸਿੰਘ ਪੁੱਤਰ ਦੀਵਾਨਾ ਜੈਤੋਂ ਮੋਰਚੇ ਦੇ ਚੌਥੇ ਜਥੇ ਵਿਚ ਸ਼ਾਮਲ ਸਨ ਜੋ 27 ਮਾਰਚ 1924 ਨੂੰ ਤਖ਼ਤ ਕੇਸਗੜ੍ਹ ਸਾਹਿਬ (ਆਨੰਦਪੁਰ) ਤੋਂ ਰਵਾਨਾ ਹੋਇਆ ਸੀ ਅਤੇ ਦੁਆਬੇ ਦੇ ਪਿੰਡਾਂ ਵਿਚੀਂ ਪੜਾਅ ਕਰਦਾ ਜੈਤੋਂ ਪੁੱਜਾ ਸੀ। ਇਨ੍ਹਾਂ ਨੂੰ ਗ੍ਰਿਫਤਾਰ ਕਰਕੇ ਨਾਭੇ ਦੀ ਬਦਨਾਮ ਜੇਲ੍ਹ ਕਾਰਖਾਸ ਵਿਚ ਡਕ ਕੇ ਤਸੀਹੇ ਦਿੱਤੇ ਸਨ। ਇਹਨਾਂ ਵਿਚੋਂ ਭਾਈ ਅਮਰ ਸਿੰਘ ਨੂੰ ਫਿਰੋਜ਼ਪੁਰ ਜੇਲ੍ਹ ਵਿਚ ਇਕ ਸਾਲ ਲਈ ਕੈਦ ਰੱਖਿਆ ਗਿਆ ਸੀ।
ਉਪਰੋਕਤ ਲਹਿਰਾਂ ਦੇ ਪ੍ਰਭਾਵ ਹੇਠ ਆਏ ਭਾਈ ਸ਼ੇਰ ਸਿੰਘ ਦੀਆਂ ਜੰਡਿਆਲਾ ਤੋਂ ਨੂਰ ਮਹਿਲ ਤੱਕ ਜਾਂਦੀ ਸੜਕ ਦੇ ਦੋਨੋਂ ਪਾਸਿਆਂ ਦੇ ਪਿੰਡਾਂ ਵਿਚ ਇਕ ਨਿਧੜਕ ਆਗੂ ਵਜੋਂ ਧੂੰਮਾਂ ਸਨ।
ਬਾਬਾ ਲਾਲ ਸਿੰਘ, ਬਾਬਾ ਵਰਿਆਮ ਸਿੰਘ, ਬਾਬਾ ਧਿਆਨ ਸਿੰਘ, ਭਾਈ ਸੰਤਾ ਸਿੰਘ ਤੇ ਚੈਂਚਲ ਸਿੰਘ ਦੇ ਬੱਝਵੇਂ ਕੰਮ ਕਾਰਨ ਇਹ ਪਿੰਡ ਇਨਕਲਾਬੀ ਮੁਹਿੰਮਾਂ ਵਿਚ ਨਿਰੰਤਰ ਸਰਗਰਮ ਰਿਹਾ। ਕਿਰਤੀ ਲਹਿਰ ਹੋਵੇ, ਕਿਸਾਨ ਮੋਰਚੇ ਹੋਣ ਤੇ ਭਾਵੇਂ ਕਮਿਊਨਿਸਟ ਲਹਿਰ ਦੀਆਂ ਸਰਗਰਮੀਆਂ ਦਾ, ਪ੍ਰਤੀ ਦਿਨ ਤਾਂਤਾ ਬੱਝਾ ਰਹਿੰਦਾ, ਜਦੋਂ ਵੀ ਇਲਾਕੇ ਵਿਚ ਕੋਈ ਵੱਡਾ ਪ੍ਰੋਗਰਾਮ ਕਰਨ ਦੀ ਥਾਂ ਦੀ ਚੋਣ ਸਮੇਂ ਗੁਣਾ ਜੰਡਿਆਲਾ ’ਤੇ ਪੈਂਦਾ। ਇਨ੍ਹਾਂ ਬਾਬਿਆਂ ਨੇ ਜਿੱਥੇ ਅਪਣਾ ਆਪ ਇਨਕਲਾਬੀ ਲਹਿਰਾਂ ਦੇ ਸਪੁਰਦ ਕਰੀ ਰੱਖਿਆ ਉਥੇ ਉਨ੍ਹਾਂ ਅਪਣੇ ਟੱਬਰਾਂ-ਟੀਰਾਂ ਨੂੰ ਵੀ ਇਸ ਪਾਸੇ ਤੋਰਿਆ।
ਅੰਗਰੇਜ਼ੀ ਰਾਜ ਸਮੇਂ ਪਿੰਡ ਵਿਚ ਪੁਲੀਸ-ਚੌਕੀ ਬਿਠਾਈ ਗਈ ਜਿਸਦਾ ਖਰਚਾ ਪਿੰਡ ਵਾਲਿਆਂ ਨੂੰ ਤਾਰਨਾ ਪੈਂਦਾ ਸੀ। ਲੋਕਾਂ ਨੂੰ ਪੁਲੀਸ ਵਾਲਿਆਂ ਨਾਲ ਚਿੜ੍ਹ ਏਨੀ ਹੁੰਦੀ ਸੀ ਕਿ ਉਹ ਪੁਲਸੀਆਂ ਅਤੇ ਬੱਝੀਆਂ ਘੋੜੀਆਂ ਨੂੰ ਠੱਠਾ-ਮਾਖੌਲ ਵੀ ਕਰਦੇ, ਚਿਟੱਕਿੱਲੀ ਲਾਉਾਂਦੇ, ਮਜਾਲ ਸੀ ਕਿ ਪੁਲਸੀਏ ਉਨ੍ਹਾਂ ਵੱਲ ਅੱਖ ਚੁੱਕ ਕੇ ਦੇਖ ਜਾਂਦੇ। ਪਿੰਡ ਵਾਲਿਆਂ ਦੀ ਬੜੀ ਏਕਤਾ ਸੀ। ਇਥੋਂ ਦੇ ਹੋਰ ਦੇਸ਼ ਭਗਤਾਂ ਭਾਈ ਜੁਗਿੰਦਰ ਸਿੰਘ, ਬਾਬਾ ਲਛਮਣ ਸਿੰਘ, ਲਾਲਾ ਪਰਸ ਰਾਮ, ਕਰਤਾਰ ਸਿੰਘ ਕਿਰਤੀ ਤੇ ਜੈ ਸਿੰਘ ਆਦਿ ਨੇ ਵੀ ਦੇਸ਼ ਦੀ ਅਜ਼ਾਦੀ ਲਹਿਰ ਵਿਚ ਹਿੱਸਾ ਪਾਇਆ।
ਅੱਜ ਵੀ ਨਗਰ ਨਿਵਾਸੀ ਦੇਸ਼ ਭਗਤਾਂ ਦੀਆਂ ਰਵਾਇਤਾਂ ਨੂੰ ਪ੍ਰਣਾਏ ਹੋਏ ਹਨ । ਉਹਨਾਂ ਦੀਆਂ ਯਾਦਾਂ ਨੂੰ ਤਾਜ਼ਾ ਰੱਖਣ ਲਈ ਦੇਸ਼ ਭਗਤ ਲਾਇਬਰੇਰੀ ਅਤੇ ਝੰਡਿਆਂ ਵਾਲਾ ਚੌਕ ਦਾ ਨਿਰਮਾਣ ਭਾਈਚਾਰਕ ਸਾਂਝ ਤੇ ਰਾਜਸੀ ਚੇਤਨਾ ਦੇ ਪ੍ਰਮਾਣ ਹਨ।