ਦਰਦਮਈ
ਰੁੱਖ,
ਘਾਹ,
ਝਾੜੀਆਂ
ਉੱਗਦੇ ਜਿਵੇਂ
ਧਰਤੀ ਨੂੰ ਸਾਂਭਣ ਲਈ
ਉਵੇਂ, ਤਨ ’ ਤੇ ਉੱਗਦੇ ਨੇ ਵਾਲ
ਰੁਖਾਂ ਤੇ ਵਾਲਾਂ ਨੂੰ ਨੋਚਣਾ
ਦਰਦ–ਮਈ ਤਾਂ ਹੁੰਦਾ ਹੀ ।
ਕਿਵੇਂ ਵੱਖ ਕਰਾਂ ਤੈਨੂੰ?
ਤੂੰ ਉੱਗਦੀ ਵਾਰ-ਵਾਰ
ਧੁਰ ਅੰਦਰੋਂ
ਵਾਲ਼ ਬਣ ਕੇ,
ਰੁੱਖ ਬਣ ਕੇ,
ਘਾਹ ਬਣ ਕੇ,
ਝਾੜੀ ਬਣ ਕੇ,
ਫੁੱਲ ਬਣ ਕੇ!
ਚੁਟਕੀ ਭਰ ਨਮਕ
ਘੁਲ਼ ਗਿਆ ਹਾਂ ਤੇਰੇ ਅੰਦਰ
ਤੈਥੋਂ ਵੱਖ ਹੋਣਾ
ਮੇਰੇ ਵੱਸ ਕਿਥੇ?
ਚਾਹੇਂ ਤਾਂ
ਕਰ ਦੇ ਜੁਦਾ
ਤੂੰ,
ਅਨੰਤ ਪਾਣੀ
ਮੈਂ,
ਚੁਟਕੀ ਭਰ ਨਮਕ!
ਫੁੱਲਾਂ ਵਾਲੀ ਕਮੀਜ਼
ਵਿਹੜੇ ਵਿਚ ਰੱਖੇ ਇਕ ਗਮਲੇ ਵਿਚ ਲੱਗੇ
ਡੇਲੀਏ ਦੀ ਡਾਲੀ ’ ਤੇ
ਇਕ ਗੁਲਾਬੀ ਫੁੱਲ ਆਇਆ
ਤੇ ਉਹ ਝੁਕ ਗਈ
ਵਿਹੜੇ ਵਿਚ ਰੱਖੇ ਦੂਜੇ ਗਮਲੇ ਵਿਚ ਲੱਗੇ
ਡੇਲੀਏ ਦੀ ਡਾਲੀ ’ ਤੇ
ਇਕ ਉਨਾਬੀ ਫੁੱਲ ਆਇਆ
ਤੇ ਉਹ ਵੀ ਝੁਕ ਗਈ
ਇਸ ਤਰ੍ਹਾਂ ਹਰ ਇਕ ਡਾਲੀ
ਝੁਕ ਜਾਇਆ ਕਰਦੀ ਹੈ।
ਪਰ ਮੈਂ
ਫੁੱਲਾਂ ਵਾਲੀ ਕਮੀਜ਼ ਪਾ
ਉੱਚਾ ਹੋ-ਹੋ ਤੁਰਦਾ ਹਾਂ।