1.
ਖਾਲ ’ਚ ਘਾਹ
ਲੰਘਿਆ ਪਾਣੀ
ਧਰਤੀ ਦੇ ਦਿੱਤੇ
ਕੇਸ ਵਾਹ
2.
ਅਸਮਾਨ ’ਚੋਂ
ਦੂਰ ਦੂਰ ਤੀਕ ਰੇਤ
ਮਾਰੂਥਲ ਬੇਰੰਗ
ਧਰਤੀ ਦੇ ਸਿਰ
ਪਿਆ ਜਿਉਂ ਗੰਜ
3.
ਮੌਤ ਤੋਂ ਪਹਿਲਾਂ
ਕੀੜੇ ਨੂੰ ਖੰਭ
ਬਾਂਸ ਨੂੰ ਫੁੱਲ
ਮਨੁੱਖ ਨੂੰ ਪਰਮਾਨੰਦ
4.
ਨਿਰਹੋਂਦ
ਜਨਮ-ਮੌਤ
ਨਿਰਹੋਂਦ
5.
ਟਿਕੀ ਰਾਤ ’ਚ
ਸੁਣੇ ਦੂੁਰੋਂ
ਰੇਲ ਗੱਡੀ ਦਾ ਹਾਰਨ
ਹੂ ਦੀ ਹੂਕ ਲਾ ਰਿਹਾ
ਜਿਉਂ ਕੋਈ ਸੂਫ਼ੀ
6.
ਚੁੱਲ੍ਹੇ ਮੂਹਰੇ ਬੈਠਾ ਟੱਬਰ
ਸਿਆਲ ਦੀ ਸ਼ਾਮ
ਰਿਸ਼ਤਿਆਂ ਦਾ ਨਿੱਘ
7.
ਹਲ ਵਾਹ ਰਿਹਾ ਕਿਸਾਨ
ਨਾਲ ਨਾਲ ਤੁਰੇ ਕੁੱਤਾ
ਪਿੱਛੇ ਉੱਡ ਉੱਡ
ਬੈਠਣ ਗਟਾਰਾਂ
8.
ਪਾਣੀ ਲਾਵੇ ਕਿਸਾਨ
ਤੁਰਿਆ ਫਿਰੇ ਖਾਲ ’ਚ
ਕਿਆਰੇ ’ਚ ਚਹਿਲਕਦਮੀ
ਕਰਦੇ ਬਗਲੇ ਖੁਸ਼ੀ ’ਚ
9.
ਚਾਨਣੀ ਰਾਤ
ਸੁੱਤਾ ਦਰਿਆ
ਕੰਢੇ ਬੈਠਾ ਮੈਂ
ਤੇ ਜੁਗਨੂੰ
ਸੁੱਤੀ ਕਾਇਨਾਤ
10.
ਥਲਾਂ ਵਿੱਚ ਸੁੱਤੀ ਚਾਂਦਨੀ
ਰੇਤ ਵਿੱਚ ਪੈਰ ਧਸਾਈ
ਬੈਠਾ ਮੈਂ ਇਕਾਂਤਵਾਸੀ
11.
ਚਾਹੁੰਦਾ ਹਾਂ ਮੈਂ
ਸੁਪਨੇ ਵਾਂਗ
ਜ਼ਿੰਦਗੀ ’ਚ ਸ਼ਾਮਲ
ਵੀ ਹੋਵਾਂ
ਦੇਖਾਂ ਪਰ੍ਹੇ ਖੜ੍ਹਕੇ ਵੀ
12.
ਬੰਦੇ ਦਾ ਦਿਲ ਹੁੰਦੈ
ਸਭ ਤੋਂ ਭਰੋਸੇਮੰਦ ਹਥਿਆਰ
ਦਿਮਾਗ ਹੁੰਦੈ
ਸਭ ਤੋਂ ਖ਼ਤਰਨਾਕ ਹਥਿਆਰ।
(ਵਰਲਡ ਟਰੇਡ ਸੈਂਟਰ ਦੀ ਘਟਨਾ ਦੇ ਸੰਦਰਭ ’ਚ)