ਦੱਖਣੀ ਅਫਰੀਕੀ ਮੁਲਕਾਂ ਮੌਂਜਬੀਕ ਅਤੇ ਸਵਾਜ਼ੀਲੈਂਡ ਦੇ ਰਾਜਦੂਤ ਰਹਿ ਚੁੱਕੇ
ਡਾ. ਜਸਪਾਲ ਸਿੰਘ ਅੱਜ ਕਲਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਹਨ।
ਕਿਹੜੇ ਲੇਖਕਾਂ ਤੇ ਕਿਤਾਬਾਂ ਸਦਕਾ ਤੁਹਾਡੀ ਸੋਚ ਬਣੀ ਹੈ?
ਕਿਸੇ ਇਕ ਕਿਤਾਬ ਜਾਂ ਲੇਖਕ ਦਾ ਨਾਂ ਨਹੀਂ ਲਿਆ ਜਾ ਸਕਦਾ। ਘਰ ਦੇ ਮਾਹੌਲ ਵਿਚ ਪ੍ਰਾਪਤ ਧਾਰਮਿਕ, ਇਤਿਹਾਸਕ ਅਤੇ ਹੋਰ ਵਿਸਿ਼ਆਂ ’ਤੇ ਪੜ੍ਹੀਆਂ ਕਿਤਾਬਾਂ ਹੀ ਮੇਰੀ ਸੋਚ ਬਣਾਉਣ ਵਿਚ ਸਹਾਈ ਹੋਈਆਂ ਹਨ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਮੈਂ ਸ਼ੁਰੂ ਤੋਂ ਜੁੜਿਆ ਹੋਇਆਂ ਹਾਂ ਅਤੇ ਇਹ ਮੇਰੀ ਖੁਸ਼ਕਿਸਮਤੀ ਹੈ।
ਕਿਸੇ ਫਿਲਮ, ਕਿਤਾਬ ਨਾਟਕ, ਕਵਿਤਾਵਾਂ ਜਾਂ ਸੰਗੀਤ ਦਾ ਨਾਂ ਲਓ, ਜੋ ਤੁਸੀਂ ਚਾਹੁੰਦੇ ਹੋ, ਹਰ ਕੋਈ ਦੇਖੇ, ਪੜ੍ਹੇ ਜਾਂ ਸੁਣੇ?
ਸ਼ਾਸਤਰੀ ਸੰਗੀਤ, ਗੁਰਮਤਿ ਸੰਗੀਤ, ਗ਼ਜ਼ਲ਼ਾਂ ਅਤੇ ਪੁਰਾਣੇ ਗੀਤ ਸੁਣਨਾ ਮੇਰਾ ਸ਼ੌਕ ਹੈ। ਪੁਰਾਣੀਆਂ ਕਲਾਸੀਕਲ ਫਿ਼ਲਮਾਂ ਦੇਖਣਾ ਪਸੰਦ ਕਰਦਾ ਹਾਂ। ਪਲੈਟੋ ਦੀ ਰਿਪਬਲਿਕ ਚੰਗੀ ਲਗਦੀ ਹੈ।
ਨਿੱਕੇ ਹੁੰਦਿਆਂ ਤੁਹਾਡੇ ‘ਤੇ ਕਿਸ ਬੰਦੇ ਦਾ ਉੱਘੜਵਾਂ ਅਸਰ ਪਿਆ ਸੀ?
ਕਿਸੇ ਇਕ ਬੰਦੇ ਦਾ ਜਿ਼ਕਰ ਕਰਨਾ ਬੜਾ ਔਖਾ ਹੈ। ਮੇਰੇ ਮਾਤਾ-ਪਿਤਾ ਸਰਦਾਰਨੀ ਪ੍ਰੀਤਮ ਕੌਰ ਅਤੇ ਸ ਤੀਰਥ ਸਿੰਘ ਦੇ ਅਮਲੀ ਜੀਵਨ ਦਾ ਉਘੜਵਾਂ ਅਸਰ ਪਿਆ ਹੈ ਮੇਰੀ ਜਿ਼ੰਦਗੀ ਉਪਰ। ਫਿਰ ਹੋਰ ਬਹੁਤ ਸਾਰੀਆਂ ਧਾਰਮਕ ਸ਼ਖਸੀਅਤਾਂ, ਸੰਤਾਂ-ਮਹਾਤਮਾਂ ਨੇ ਵੀ ਮੁੱਤਾਸਰ ਕੀਤਾ ਨਿੱਕੇ ਹੁੰਦਿਆਂ ਮੈਨੂੰ।
ਹੁਣ ਤੱਕ ਕਿਹੜੀ ਘਟਨਾ ਦਾ ਤੁਹਾਡੇ ਸਿਆਸੀ ਏਤਕਾਦ ਉਪਰ ਉੱਘੜਵਾਂ ਅਸਰ ਪਿਆ ਹੈ?
ਸਿਆਸਤ ਸੱਤਾ ਦੀ ਖੇਡ ਹੈ। ਨਿੱਤ ਨਵੀਆਂ ਘਟਨਾਵਾਂ ਵਾਪਰਦੀਆਂ ਹਨ, ਇਸ ਖੇਡ ਵਿਚ। ਬਹੁਤ ਸਾਰੀਆਂ ਘਟਨਾਵਾਂ ਸਦੀਵੀ ਅਸਰ ਛੱਡ ਜਾਂਦੀਆਂ ਹਨ। ਸਾਕਾ ਨੀਲਾ ਤਾਰਾ ਅਤੇ 1984 ਦੇ ਦੰਗਿਆਂ ਨੇ ਮੇਰੇ ਉਪਰ ਅਸਰ ਛੱਡਿਆ ਹੈ।
ਕਿਹੜਾ ਸਿਆਸਤਦਾਨ ਜੀਊਂਦਾ ਜਾਂ ਮੋਇਆ ਤੁਹਾਨੂੰ ਸਭ ਤੋਂ ਚੰਗਾ ਲੱਗਦਾ ਹੈ?
ਕੌਮੀ ਪੱਧਰ ’ਤੇ ਸ੍ਰੀ ਆਈ ਕੇ ਗੁਜਰਾਲ ਦੀ ਸੂਝ-ਬੂਝ ਦਾ ਮੈਂ ਕਾਇਲ ਹਾਂ। ਪੰਜਾਬ ਦੀ ਸਿਆਸਤ ਵਿਚ ਸ ਪ੍ਰਕਾਸ਼ ਸਿੰਘ ਬਾਦਲ ਦੇ ਉਤਰਾਅ-ਚੜ੍ਹਾਅ ਵਾਲੇ ਸੰਘਰਸ਼ਮਈ ਜੀਵਨ ਦੀ ਨਵੇਕਲੀ ਛਾਪ ਹੈ।
ਜੇ ਤੁਸੀਂ ਇਤਿਹਾਸ ਦੇ ਕਿਸੇ ਯੁਗ ‘ਚ ਜਾ ਸਕੋ, ਤਾਂ ਕਿਹੜੇ ‘ਚ ਜਾਣਾ ਚਾਹੋਗੇ?
ਮੈਂ ਸ੍ਰੀ ਗੁਰੂ ਨਾਨਕ ਸਾਹਿਬ ਦੇ ਯੁੱਗ ਵਿਚ ਜਾਣਾ ਚਾਹਵਾਂਗਾ ਅਤੇ ਉਨ੍ਹਾਂ ਦੀਆਂ ਉਦਾਸੀਆਂ ਵਿਚ ਮਰਦਾਨੇ ਵਾਂਗ ਨਾਲ-ਨਾਲ ਤੁਰਨਾ ਮੇਰੀ ਸਭ ਤੋਂ ਵੱਡੀ ਖੁਸ਼ੀ ਹੋਵੇਗੀ।
ਇਸ ਵੇਲੇ ਸਖਸ਼ੀ ਆਜ਼ਾਦੀ ਨੂੰ ਸਭ ਤੋਂ ਵੱਡਾ ਖ਼ਤਰਾ ਕਿਸ ਤੋਂ ਹੈ?
ਸੰਪਰਦਾਇਕਤਾ ਅਤੇ ਉਸ ਦੀ ਪ੍ਰਕਿਰਿਆ ਵਿਚੋਂ ਪੈਦਾ ਹੋਈ ਕਸ਼ੀਦਗੀ, ਤਣਾਅ ਅਤੇ ਟਕਰਾਅ ਤੋਂ ਅੱਜ ਸਭ ਤੋਂ ਵੱਡਾ ਖ਼ਤਰਾ ਦਰਪੇਸ਼ ਹੈ। ਹਰ ਕਿਸਮ ਦੀ ਆਜ਼ਾਦੀ ਅੱਜ ਉਸ ਦੀ ਬਲੀ ਚੜ੍ਹ ਰਹੀ ਹੈ।
ਜੇ ਤੁਸੀਂ ਕੋਈ ਕਾਨੂੰਨ ਬਣਾ ਸਕੋ ਤਾਂ ਕਾਹਦਾ ਬਣਾਉਗੇ?
ਮਰਦ ਪ੍ਰਧਾਨ ਸਮਾਜ ਵਿਚ ਔਰਤਾਂ ਨਾਲ ਹੁੰਦੇ ਵਿਤਕਰੇ ਨੂੰ ਮਿਟਾਉਣ ਲਈ ਪ੍ਰਭਾਵੀ ਕਾਨੂੰਨ ਬਣਾਵਾਂਗਾ।
ਕੀ ਤੁਸੀਂ ਚਾਹੁੰਦੇ ਹੋ ਕਿ ਮਗ਼ਰਬੀ ਤੇ ਮਸ਼ਰਕੀ ਪੰਜਾਬ ਮੁੜ ਇਕ ਹੋ ਜਾਵੇ?
ਦੋਵੇਂ ਪੰਜਾਬਾਂ ਵਿਚ ਭਾਸ਼ਾਈ ਅਤੇ ਸੱਭਿਆਚਾਰਕ ਸਾਂਝ ਹੋਵੇ ਅਤੇ ਇਹ ਸਾਂਝ ਹੋਰ ਪਕੇਰੀ ਹੋਵੇ ਮੈਂ ਇਹੋ ਚਾਹੰੁਦਾ ਹਾਂ। ਮੁਲਕਾਂ ਦੀਆਂ ਹੱਦਾਂ ਨਹੀਂ ਬਦਲਣੀਆਂ ਪਰ ਦੂਰੀਆਂ ਘਟ ਸਕਦੀਆਂ ਹਨ ।
ਵੀਹਵੀਂ ਸਦੀ ਦੇ ਪੰਜਾਬ ਦਾ ਸਭ ਤੋਂ ਵੱਡਾ ਦਾਨਿਸ਼ਵਰ ਕੌਣ ਹੋਇਆ ਹੈ?
ਭਾਈ ਵੀਰ ਸਿੰਘ ਨੂੰ ਵੱਡਾ ਦਾਨਿਸ਼ਵਰ ਮੰਨਦਾ ਹਾਂ। ਡਾ ਹਰਿਭਜਨ ਸਿੰਘ ਦੀਆਂ ਸਾਹਿਤਕ ਰਚਨਾਵਾਂ ਤੋਂ ਮੈਂ ਹਮੇਸ਼ਾ ਪ੍ਰਭਾਵਤ ਹੁੰਦਾ ਰਿਹਾ ਹਾਂ।