ਪਿਛਲੇ ਦਿਨੀਂ ਸਾਨੂੰ ਤੇ ਸਾਡੇ ਕੁਝ ਮਿੱਤਰਾਂ ਨੂੰ ਪੰਜਾਬੀ ਦੀਆਂ ਤਿੰਨ-ਚਾਰ ਕਿਤਾਬਾਂ ਲੱਭਣ ਦੀ ਲੋੜ ਪਈ, ਤਾਂ ਪਤਾ ਲੱਗਾ ਕਿ ਛਪ ਚੁੱਕੀਆਂ ਪੰਜਾਬੀ ਕਿਤਾਬਾਂ ਦੀ ਕੇਂਦਰੀ ਸੂਚੀ ਕੋਈ ਨਹੀਂ ਮਿਲ਼ਦੀ। ਨਾ ਹੀ ਕੋਈ ਸਰਕਾਰੀ ਜਾਂ ਗ਼ੈਰ-ਸਰਕਾਰੀ ਅਦਾਰਾ ਨੇੜਲੇ ਸਮੇਂ ਵਿਚ ਇਜੇਹੀ ਸੂਚੀ ਦੇ ਤਿਆਰ ਕਰਨ ਬਾਰੇ ਸੋਚ ਰਿਹਾ ਹੈ। ਹਰ ਨਿੱਕਾ-ਵੱਡਾ ਪ੍ਰਕਾਸ਼ਕ ਅਪਣੀ ਨਿੱਕੀ-ਵੱਡੀ ਸੂਚੀ ਛਾਪਦਾ ਹੈ; ਜਿਸ ਵਿਚ ਉਹੀ ਕਿਤਾਬਾਂ ਹੁੰਦੀਆਂ ਹਨ, ਜੋ ਉਸ ਕੋਲ਼ ਵਿਕਰੀ ਲਈ ਪਈਆਂ ਹੁੰਦੀਆਂ ਹਨ।
ਕਾਨੂੰਨਨ ਹਰ ਛਪੀ ਕਿਤਾਬ ਦੀਆਂ ਦੋ ਕਾਪੀਆਂ ਨੈਸ਼ਨਲ ਲਾਇਬ੍ਰੇਰੀਆਂ ਨੂੰ ਭੇਜਣੀਆਂ ਹੁੰਦੀਆਂ ਹਨ, ਪਰ ਬਹੁਤ ਸਾਰੇ ਪ੍ਰਕਾਸ਼ਕ ਇਸ ਵੱਲੋਂ ਵੀ ਘੇਸਲ਼ ਮਾਰ ਜਾਂਦੇ ਹਨ। ਇਹ ਵੀ ਪਤਾ ਲੱਗਾ ਕਿ ਗਿਆਨੀ ਲਾਲ ਸਿੰਘ ਵੇਲੇ ਪਟਿਆਲੇ ਵਾਲ਼ੇ ਭਾਸ਼ਾ ਵਿਭਾਗ ਨੇ ਕੁਝ ਕਿਤਾਬਾਂ ਦੀ ਵਿਧਾ ਵੰਡ ਕਰਕੇ ਕੁਝ ਕੰਮ ਕੀਤਾ ਸੀ, ਪਰ ਫੇਰ ਅਗਲੇ ਅਫ਼ਸਰਾਂ ਨੂੰ ਇਸ ਵਿਚ ਕੋਈ ਦਿਲਚਸਪੀ ਨਾ ਰਹੀ।
ਉਂਜ ਤਾਂ ਅਪਣੀ ਵਿਰਾਸਤ ਤੇ ਸਭਿਆਚਾਰ ਦੇ ਕਿਸੇ ਅੰਗ ਨੂੰ ਸੰਭਾਲਣ ਵੱਲ ਪੰਜਾਬੀਆਂ ਦੀ ਕਰੁਚੀ ਕੋਈ ਨਵੀਂ ਗੱਲ ਨਹੀਂ; ਪਰ ਕਿਤਾਬਾਂ, ਰਸਾਲਿਆਂ ਅਤੇ ਅਖ਼ਬਾਰਾਂ ਦੇ ਮਾਮਲੇ ਵਿਚ ਤਾਂ ਹਾਲਤ ਬਹੁਤ ਹੀ ਮਾੜੀ ਹੈ। ਕਈਆਂ ਕੋਲ਼ ਤਾਂ ਅਪਣੇ ਹੀ ਛਾਪੇ ਪਰਚਿਆਂ ਦੀਆਂ ਕੁਝ ਸਾਲ ਪਹਿਲਾਂ ਦੀਆਂ ਕਾਪੀਆਂ ਹੀ ਮੌਜੂਦ ਨਹੀਂ। ਜਦ ਕਿ ਪੰਜਾਬ ਕੁ ਜਿੱਡੇ ਹੀ ਵੱਡੇ ਮੁਲਕ ਬਰਤਾਨੀਆ ਵਿਚ ਕਿਸੇ ਨਿੱਕੀ-ਜਹੀ ਬੌਰੌ (ਮਿਉਂਸਪੈਲਿਟੀ) ਦੀ ਲਾਇਬ੍ਰੇਰੀ ਵਿੱਚੋਂ ਅੰਗ੍ਰੇਜ਼ੀ ਦੀ ਕਦੇ ਵੀ ਕਿਤੇ ਵੀ ਛਪੀ ਹੋਈ ਕਿਤਾਬ ਦਾ ਨਾਮ ਕੁਝ ਸਮੇਂ ਵਿਚ ਹੀ ਲਭ ਕੇ ਕੁਝ ਦਿਨਾਂ ਬਾਅਦ ਅਸਲ ਕਿਤਾਬ ਵੀ ਨੈੱਟਵਰਕ ਰਾਹੀਂ ਮੰਗਵਾਈ ਜਾ ਸਕਦੀ ਹੈ। ‘ਟਾਈਮਜ਼’ ਅਖ਼ਬਾਰ ਦੇ ਮੁੱਢੋਂ ਲੈ ਕੇ ਹੁਣ ਤਕ ਦੇ ਰੋਜ਼ਾਨਾ ਐਡੀਸ਼ਨ ਹਰ ਕੋਈ ਦੇਖ ਸਕਦਾ ਹੈ ਤੇ ਹੋਰ ਸਾਰੇ ਅਖ਼ਬਾਰ ਵੀ। ‘ਗਾਰਡੀਅਨ’ ਅਖ਼ਬਾਰ ਨੇ ਅਪਣਾ ਨਿੱਕਾ ਅਜਾਇਬ ਘਰ ‘ਦ ਨੀਊਜ਼ ਰੂਮ’ ਬਣਾਇਆ ਹੈ। ਪੰਜਾਬੀ ਦੇ ਅਖ਼ਬਾਰਾਂ ਨੂੰ ਵੀ ਐਸਾ ਉੱਦਮ ਕਰਨਾ ਚਾਹੀਦਾ ਹੈ।
ਪੰਜਾਬੀ ਦੇ ਕੁਝ ਵੱਡੇ ਲੇਖਕਾਂ ਦੇ ਸੰਬੰਧੀਆਂ ਨੇ ਉਨ੍ਹਾਂ ਦੇ ਇਸ ਸੰਸਾਰ ਤੋਂ ਤੁਰ ਜਾਣ ਬਾਅਦ ਸਾਰੀਆਂ ਕਿਤਾਬਾਂ ਤੇ ਖਰੜੇ ਵੀ ਯੂਨੀਵਰਸਟੀਆਂ ਨੂੰ ਦੇ ਦਿੱਤੇ, ਪਰ ਇਨ੍ਹਾਂ ਅਦਾਰਿਆਂ ਨੇ ਵੀ ਇਨ੍ਹਾਂ ਦੀ ਪੂਰੀ ਸੰਭਾਲ਼ ਨਹੀਂ ਕੀਤੀ। ਪਿੱਛੇ ਜਿਹੇ ਇੰਗਲੈਂਡ ਵਸਦੇ ਲੇਖਕ ਅਮਰਜੀਤ ਚੰਦਨ ਨੇ ਇਹ ਦੁਹਾਈ ਪਾਈ ਸੀ ਕਿ ਪੰਜਾਬੀ ਯੂਨੀਵਰਸਟੀ ਨੂੰ ਦਿੱਤੀਆਂ ਗਈਆਂ ਪ੍ਰੋਫ਼ੈਸਰ ਪੂਰਨ ਸਿੰਘ ਦੀਆਂ ਹੱਥਲਿਖਤਾਂ ਉਥੋਂ ਚੋਰੀ ਹੋ ਰਹੀਆਂ ਹਨ। ਇਸ ਵੱਲ ਕਿਸੇ ਨੇ ਧਿਆਨ ਨਾ ਦਿੱਤਾ ਤੇ ਇਹ ਦੁਹਾਈ ਵੀ ਕਿਤੇ ਹਵਾ ਵਿਚ ਰੁਲ਼ ਗਈ।
ਪੰਜਾਬੀ ਦੇ ਵਿਦਵਾਨਾਂ, ਲੇਖਕਾਂ ਤੇ ਖੋਜਾਰਥੀਆਂ ਨੂੰ ਵੀ ਅਪਣੇ ਲਿਖੇ ਨਿਬੰਧਾਂ ਦੇ ਆਖ਼ਿਰ ਵਿਚ ਹਵਾਲਾ ਪੁਸਤਕਾਂ ਦਾ ਵੇਰਵਾ ਦੇਣ ਦੀ ਆਦਤ ਨਹੀਂ। ਅੰਗ੍ਰੇਜ਼ੀ ਵਿਚ ਕਈ ਸਰਕਾਰ ਦੀ ਮਾਇਕ ਸਹਾਇਤਾ ਨਾਲ਼ ਚੱਲਣ ਵਾਲ਼ੇ ਸਰਕਾਰੀ ਤੇ ਗ਼ੈਰ-ਸਰਕਾਰੀ ਅਦਾਰੇ ਵੱਖ-ਵੱਖ ਪੱਤਰਾਂ ਵਿਚ ਛਪੀ ਸਾਮੱਗਰੀ ਵਿੱਚੋ ਵਿਸ਼ੇ-ਸੂਚੀਆਂ ਤਿਆਰ ਕਰਨ ਵਿਚ ਲੱਗੇ ਹੋਏ ਹਨ। ਇਕ ਸ਼ਬਦ ਜਿਵੇਂ ‘ਮਾਰਕਸਵਾਦ’ ਦੇਖਦਿਆਂ ਤੁਹਾਨੂੰ ਪਿਛਲੇ ਸਾਲਾਂ ਵਿਚ ਛਪੀਆਂ ਸਭ ਟਿਪਣੀਆਂ ਤੇ ਲੇਖਾਂ ਦਾ ਵੇਰਵਾ ਮਿਲ਼ ਸਕਦਾ ਹੈ ਅਤੇ ਉਹ ਅਸਲ ਰੂਪ ਵਿਚ ਮੰਗਵਾਏ ਵੀ ਜਾ ਸਕਦੇ ਹਨ।
ਮੰਨ ਲਿਆ ਕਿ ਸਾਡੇ ਪੁਰਾਣੇ ਹਾਕਮਾਂ ਕੋਲ਼ ਸਦੀਆਂ ਦੀ ਪਰੰਪਰਾ ਹੈ, ਸਾਧਨ ਵੀ ਹਨ; ਪਰ ਕੀ ਅਸੀਂ ਅਪਣੇ ਗਿਆਨ ਭੰਡਾਰ ਨੂੰ ਸਾਂਭਣ ਲਈ ਇਹਦਾ ਦਸਵਾਂ ਹਿੱਸਾ ਯਤਨ ਵੀ ਨਹੀਂ ਕਰ ਸਕਦੇ? ਜਾਪਦਾ ਤਾਂ ਇਉਂ ਹੈ ਕਿ ਅਸੀਂ ਇਜੇਹਾ ਕਰਨ ਤੋਂ ਸਦਾ ਲਈ ਅੱਖਾਂ ਮੀਟ ਲਈਆਂ ਹਨ। ਸਾਡਾ ਨਿਸ਼ਾਨਾ ਜੇ ਕੋਈ ਹੈ, ਤਾਂ ਇਹ ਕਿ ਅਸੀਂ ਅਪਣਾ ਕਿੰਨਾ ਕੁ ਨਿੱਜੀ ਜੁਗਾੜ ਬਣਾ ਸਕਦੇ ਹਾਂ, ਮੂੰਹੋਂ ਮੰਗ ਕੇ ਕਿੰਨੇ ਕੁ ਇਨਾਮ ਲੈ ਦੇ ਸਕਦੇ ਹਾਂ ਤੇ ਕਿੰਨੀ ਕੁ ਫੋਕੀ ਵਾਹ-ਵਾਹ ਖੱਟ ਸਕਦੇ ਹਾਂ।
‘ਹੁਣ’ ਦੀ ਤੀਬਰ ਇੱਛਾ ਹੈ ਕਿ ਪੰਜਾਬ ਵਿਚ ਅਪਣਾ ਲਿਖਤੀ ਵਿਰਸਾ ਜਿਵੇਂ ਕਿਤਾਬਾਂ, ਅਣਛਪੇ ਖਰੜੇ, ਅਖ਼ਬਾਰਾਂ ਤੇ ਹੋਰ ਹਰ ਕਿਸਮ ਦੇ ਰਸਾਲੇ ਸੰਭਾਲਣ, ਉਨ੍ਹਾਂ ਦੀਆਂ ਸਾਲਾਨਾ ਸੂਚੀਆਂ ਬਣਾਉਣ ਤੇ ਛਪੀ ਹੋਈ ਸਾਮੱਗਰੀ ਦੀਆਂ ਵਿਸ਼ੇ ਸੂਚੀਆਂ ਤਿਆਰ ਕਰਨ ਵੱਲ ਸਟੇਟ ਪੱਧਰ ਦੇ ਯਤਨ ਕੀਤੇ ਜਾਣ। ਜੋ ਨਿਜੀ ਯਤਨ ਪਹਿਲਾਂ ਹੋਏ ਜਾਂ ਹੋ ਰਹੇ ਹਨ, ਉਨ੍ਹਾਂ ਨੂੰ ਵੀ ਇਸੇ ਵਿਚ ਸਮੋ ਲਿਆ ਜਾਵੇ।
20 ਅਪ੍ਰੈਲ, 2007
ਅਵਤਾਰ ਜੰਡਿਆਲ਼ਵੀ
ਸੁਸ਼ੀਲ ਦੁਸਾਂਝ