ਲਾਹੌਰ ਸਟੇਸ਼ਨ ’ਤੇ ਉਤਰੇ ਹੀ ਸਾਂ, ਸਾਨੂੰ ਮਰਦਾਂ, ਤੀਵੀਆਂ ਅਤੇ ਨੌਜਵਾਨਾਂ ਦੀ ਭੀੜ ਨੇ ਘੇਰ ਲਿਆ|
-ਕੋਈ ਨੂਰਮਹਿਲ ਤੋਂ ਆਇਆ ਜੇ?’
-ਕੋਈ ਸ਼ਾਹਕੋਟ ਤੋਂ ਆਇਆ ਜੇ?’
-ਕੋਈ ਮੁੱਲਾਂਪੁਰ ਤੋਂ ਆਇਆ ਜੇ?’
-ਕੋਈ ਕਾਦੀਆਂ ਤੋਂ ਆਇਆ ਜੇ?
-ਕੋਈ ਜਗਰਾਵਾਂ ਤੋਂ ਆਇਆ ਜੇ?
ਜਗਰਾਵਾਂ ਦੀ ਆਵਾਜ਼ ਦੇਣ ਵਾਲੇ ਵੱਲ ਮੈਂ ਮੁੜਕੇ ਵੇਖਿਆ। ਇਕ ਅੱਸੀ ਕੁ ਸਾਲਾਂ ਦਾ ਬਿਰਧ ਅੱਖਾਂ ਵਿਚ ਉਮੀਦ ਦੀ ਚਮਕ ਲਈ ਸਾਡੇ ਜੱਥੇ ਵੱਲ ਤੱਕ ਰਿਹਾ ਸੀ| ਮੈਂ ਉਸ ਲਾਗੇ ਹੋਇਆ| ਅਪਣੇ ਨਾਲ ਖੜ੍ਹੇ ਗੱਭਰੂ ਦੀ ਬਾਂਹ ਫੜ ਕੇ ਉਸ ਦੇ ਨੇੜੇ ਕਰਦਿਆਂ ਕਿਹਾ-
“ਮੀਆਂ ਜੀ ਇਹ ਜਗਰਾਵਾਂ ਤੋਂ ਏ|’ ਬਿਰਧ ਦੂਸਰਿਆਂ ਨੂੰ ਬਾਹਾਂ ਨਾਲ ਪਿੱਛੇ ਧੱਕਦਾ, ਸਾਡੇ ਸਾਹਮਣੇ ਆਣ ਖੜ੍ਹਾ ਤਰਸਦੀਆਂ ਅੱਖਾਂ ਨਾਲ ਗੱਭਰੂ ਵਲ ਤੱਕਣ ਲੱਗਾ। ਫਿਰ ਉਸ ਦੇ ਪੈਰਾਂ ਵਲ ਝੁਕਿਆ ਤਾਂ ਗੱਭਰੂ ਨੇ ਫੁਰਤੀ ਨਾਲ ਉਸ ਨੂੰ ਬੋਚ ਲਿਆ ‘ਇਹ ਕੀ ਕਰਨ ਲੱਗੈਂ ਬਾਬਾ, ਉਮਰ ਵਿਚ ਤੂੰ ਮੇਰਾ ਬਜ਼ੁਰਗ ਏਂ, ਪੈਰ ਤੇ ਮੈਨੂੰ ਛੂਹਣੇ ਚਾਹੀਦੇ ਨੇ|’ ਗੱਭਰੂ ਨੇ ਹਲੀਮੀ ਨਾਲ ਕਿਹਾ|
“ਮੈਂ ਤੇ ਸੋਹਣਿਆਂ ਉਹਨਾਂ ਪੈਰਾਂ ਨੂੰ ਛੋਹਣ ਲੱਗਾ ਸਾਂ, ਜਿਹੜੇ ਉਸ ਭੋਇਂ ਉਪਰ ਤੁਰਦੇ ਰਹੇ ਨੇ| ਜਿੱਥੇ ਅਸਾਂ ਨਿੱਕੇ ਹੁੰਦੇ ਕਬੱਡੀਆਂ ਪਾਂਦੇ ਹੁੰਦੇ ਸਾਂ ਤੇ ਰਲ ਮਿਲ ਕੇ…।” ਉਸਦਾ ਗਲਾ ਭਰ ਆਇਆ ਤੇ ਉਸਨੇ ਗੱਭਰੂ ਨੂੰ ਗਲਵੱਕੜੀ ਪਾ ਲਈ|
ਸਾਡੇ ਚੁਫੇਰੇ ਰੌਲਾ ਸੀ| ਇਕ ਦੂਸਰੇ ਦੀਆਂ ਪਛਾਣਾਂ ਕੱਢੀਆਂ ਜਾ ਰਹੀਆਂ ਸਨ| ਪਛਾਣਾਂ ਦੱਸੀਆਂ ਜਾ ਰਹੀਆਂ ਸਨ| ਬਜ਼ੁਰਗ ਕਿਸੇ ਦੀ ਵੀ ਪਰਵਾਹ ਕੀਤੇ ਬਿਨਾਂ ਗੱਭਰੂ ਨੂੰ ਹਿੱਕ ਨਾਲ ਲਾਈ ਉਸਦੇ ਮੋਢੇ ਉਪਰ ਸਿਰ ਸੁੱਟੀ ਅਡੋਲ ਬੁੱਤ ਵਾਂਗ ਖੜ੍ਹਾ ਰਿਹਾ| ਜਦੋਂ ਉਹ ਵੱਖ ਹੋਇਆ ਉਸਦਾ ਚਿਹਰਾ ਹੰਝੂਆਂ ਨਾਲ ਭਿੱਜਿਆ ਹੋਇਆ ਸੀ ਤੇ ਮੈਂ ਵੇਖਿਆ ਗੱਭਰੂ ਦਾ ਕਮੀਜ਼ ਵੀ ਮੋਢੇ ਕੋਲੋਂ ਗਿੱਲਾ ਸੀ| ਵੱਖ ਹੋ ਕੇ ਬਿਰਧ ਗੱਭਰੂ ਦਾ ਚਿਹਰਾ ਪਲੋਸਣ ਲੱਗਾ| ਉਸਨੇ ਮੋਹ ਨਾਲ ਪੁੱਛਿਆ-
‘ਜਗਰਾਵਾਂ ਕਿਹੜੇ ਪਾਸੇ ਤੋਂ ਐਂ ਸੋਹਣਿਆਂ?’
ਗੱਭਰੂ ਨੇ ਦੱਸਿਆ ਤਾਂ ਉਸ ਕਾਹਲੀ ਨਾਲ ਪੁੱਛਿਆ
‘ਮਸੀਤ ਹੈਗੀ ਵੇ ਹਾਲੇ ਉੱਥੇ?’ ਹੈਗੀ ਆ ਬਾਬਾ ਜੀ|’
‘ਸਹੀ ਸਲਾਮਤ ਏ?’
ਗੱਭਰੂ ਨੇ ਹਾਂਅ ਕਿਹਾ ਤਾਂ ਉਸਦੀਆਂ ਅੱਖਾਂ ਫੇਰ ਭਰ ਆਈਆਂ। ਉਸਨੇ ਗੱਭਰੂ ਨੂੰ ਦੁਬਾਰਾ ਗਲਵੱਕੜੀ ਪਾਉਦਿਆਂ ਕਿਹਾ ‘ਤੂੰ ਤੇ ਮੇਰਾ ਮੁਹੱਲੇਦਾਰ ਹੋਇਆ, ਮੇਰਾ ਗਰਾਂਈ| ਮੇਰਾ ਪੁੱਤਰ। ਮੈਨੂੰ ਖ਼ਿਦਮਤ ਕਰਨ ਦਾ ਮੌਕਾ ਦੇਹ, ਤੈਨੂੰ ਅਪਣੇ ਘਰ ਲੈ ਜਾਵਾ|’ ਮੈਂ ਦੇਖਿਆ, ਉਸਦੇ ਹੱਥ ਜੁੜੇ ਹੋਏ ਸਨ ਤੇ ਚਿਹਰੇ ਉਪਰ ਤਰਲਾ ਸੀ|
ਮੈਂ ਬਿਰਧ ਨੂੰ ਸਮਝਾਇਆ, ‘ਮੀਆਂ ਜੀ ਇਹ ਗੱਭਰੂ ਜੱਥੇ ਨਾਲ ਇੱਥੇ ਯਾਤਰਾ ’ਤੇ ਆਇਆ ਹੋਇਆ ਸਾਡੀਆਂ ਕੁਝ ਬੰਦਸ਼ਾਂ ਨੇ| ਇਨ੍ਹਾਂ ਸਭਨਾਂ ਨੂੰ ਖ਼ੈਰ ਸੁੱਖ ਨਾਲ ਵਾਪਸ ਲੈ ਜਾਣ ਦੀ ਮੇਰੀ ਜ਼ਿੰਮੇਵਾਰੀ ਏ| ਪਹਿਲਾਂ ਇਹਨਾਂ ਦੇ ਠਹਿਰਣ ਦਾ ਤੇ ਅਗਲੀ ਯਾਤਰਾ ਦਾ ਪ੍ਰਬੰਧ ਕਰਨਾ ਏ|’
ਇਸ ਗਰਾਂਈ ਦੇ ਠਹਿਰਨ ਦਾ ਪ੍ਰਬੰਧ ਤਾਂ ਮੈਂ ਅਪਣੇ ਘਰ ਕਰ ਦਿੰਨਾ ਵਾਂ| ਮੇਰੇ ਬੱਚੇ ਅਤੇ ਬੇਗਮ, ਉਨ੍ਹਾਂ ਦੀ ਖਾਹਿਸ਼ ਏ ਆਪਣੇ ਗਰਾਂ ਦੇ ਲੋਕ ਵੇਖੀਏ| ਉਂਜ ਤੇ ਹਕੂਮਤ ਸਾਨੂੰ ਵੀਜ਼ੇ ਨਹੀਂ ਲਾਂਦੀ ਪਈ| ਪਤਾ ਨਹੀਂ ਏਸ ਹਿਯਾਤੀ ਵਿਚ ਅਪਣੀ ਭੋਇਂ ਤੱਕਣੀ ਨਸੀਬ ਹੋਣੀ ਏ ਕਿ ਨਹੀਂ| ਅਪਣੀ ਭੋਇਂ ਦੇ ਲੋਕ ਤਾਂ ਤੱਕੀਏ…|’
ਮੈਂ ਕਿਹਾ ਮੀਆਂ ਜੀ ਇਹ ਕਿੱਡੀ ਕੁ ਵੱਡੀ ਗੱਲ ਏ, ਵੀਜ਼ੇ ਅਸੀਂ ਲਗਵਾਨੇ ਆਂ| ਪਾਸਪੋਰਟ ਬਣੇ ਹੋਏ ਨੇ?’
ਪਾਸਪੋਰਟ ਤਾਂ ਕਦ ਦੇ ਬਣੇ ਹੋਏ ਨੇ |’ ਬਿਰਧ ਨੇ ਹਉਕਾ ਲਿਆ|
ਅਸੀਂ ਤੁਹਾਨੂੰ ਬੁਲਾਵਾਂਗੇ|’ ਮੈਂ ਕਿਹਾ।
ਆਖਦੇ ਤਾਂ ਸਾਰੇ ਨੇ ਪਰ ਕੋਈ ਮੁੜ ਨਹੀਂ ਬਹੁੜਦਾ| ਅਪਣੀ ਭੋਇਂ ਨੂੰ ਤਰਸਦੇ ਤਰਸਦੇ ਅਸਾਂ ਅੱਲਾਹ ਨੂੰ ਪਿਆਰੇ ਹੋ ਜਾਣੈ|’ ਬਿਰਧ ਦੀਆਂ ਅੱਖਾਂ ਫੇਰ ਭਿੱਜ ਗਈਆਂ|
ਮੈਂ ਬਜ਼ੁਰਗ ਨੂੰ ਠਹਿਰਣ ਦਾ ਪਤਾ ਟਿਕਾਣਾ ਦਿੱਤਾ| ਉਸਨੂੰ ਕਿਹਾ, ‘ਮੈਨੂੰ ਪੂਰਾ ਨਾਮ ਪਤਾ ਅਤੇ ਪਾਸਪੋਰਟ ਦੀਆਂ ਫੋਟੋ ਕਾਪੀਆਂ ਦੇ ਜਾਣਾ ਅਸੀਂ ਕੋਸ਼ਿਸ਼ ਕਰਾਂਗੇ| ਤੈਨੂੰ ਜਗਰਾਵਾਂ ਜ਼ਰੂਰ ਵਿਖਾਵਾਂਗੇ ਮੀਆਂ ਜੀ|’ …ਇਕ ਉਮੀਦ ਵਿਚ ਉਸਦੀਆਂ ਅੱਖਾਂ ਫੇਰ ਛਲਕ ਪਈਆਂ|
——–
ਪ੍ਰਧਾਨ ਰੁਕਿਆ|
ਅਸੀਂ ਸਾਰੇ ਪੂਰੀ ਉਤਸੁਕਤਾ ਨਾਲ ਉਸਦੀ ਹੱਡ-ਬੀਤੀ ਸੁਣ ਰਹੇ ਸਾਂ| ਇਕ ਅੰਤਰਰਾਸ਼ਟਰੀ ਜੱਥੇਬੰਦੀ ਦਾ ਇਹ ਸੰਚਾਲਕ ਮੋਗੇ ਆਇਆ ਹੋਇਆ ਸੀ ਤੇ ਇਕ ਸਥਾਨਕ ਸਾਹਿਤਕਾਰ ਦੇ ਯਤਨਾਂ ਨਾਲ, ਮੋਗੇ ਦੇ ਕੁਝ ਲੇਖਕ ਉਸਦੇ ਅਨੁਭਵ ਜਾਨਣ ਲਈ ਜੁੜ ਬੈਠੇ ਸਾਂ| ਇਹ ਪ੍ਰਸੰਗ ਛੇੜਨ ਤੋਂ ਪਹਿਲਾਂ ਪ੍ਰਧਾਨ ਅਪਣੀ ਜੱਥੇਬੰਦੀ ਦੇ ਮੁੱਖ ਮਕਸਦ ਸਾਡੇ ਨਾਲ ਸਾਂਝੇ ਕਰ ਚੁੱਕਿਆ ਸੀ| ਉਸਨੇ ਦੱਸਿਆ ਸੀ… ਉਹਨਾਂ ਦੀ ਜੱਥੇਬੰਦੀ ਹਮੇਸ਼ਾ ਏਧਰਲੇ ਅਤੇ ਉਧਰਲੇ ਪੰਜਾਬ ਦੇ ਵਿਛੜਿਆਂ ਨੂੰ ਆਪਸ ਵਿਚ ਮਿਲਾਉਣ ਦਾ ਕਾਰਜ ਕਰਦੀ ਹੈ| ਹੁਣ ਤੱਕ ਉਹ ਲੱਗਭਗ ਡੇਢ ਸੋੌ ਪਰਿਵਾਰਾਂ ਨੂੰ ਮਿਲਾ ਚੁੱਕੇ ਹਨ ਤੇ ਹਰ ਸਾਲ 500 ਦੇ ਕਰੀਬ ਲੋਕ ਚੜ੍ਹਦੇ ਪੰਜਾਬ ਵਿਚੋਂ ਉਧਰ ਜਾਂਦੇ ਹਨ ਤੇ ਲਗਭਗ ਏਨੇ ਹੀ ਲੋਕ ਲਹਿੰਦੇ ਪੰਜਾਬ ਵੱਲੋਂ ਏਧਰ ਆਉਂਦੇ ਹਨ| ਪ੍ਰਧਾਨ ਦੀਆਂ ਦਮਦਾਰ ਗੱਲਾਂ ਅਤੇ ਬਿਆਨ ਕਰਨ ਦੇ ਅੰਦਾਜ਼ ਤੋਂ ਅਸੀਂ ਸਾਰੇ ਬੜੇ ਪ੍ਰਭਾਵਿਤ ਸਾਂ| ਉਸਨੇ ਆਖਿਆ ਸੀ-
‘ਅਸੀਂ ਸਰਹੱਦਾਂ ਤੋੜ ਤਾਂ ਨਹੀਂ ਸਕਦ,ੇ ਪਰ ਆਉਣਾ ਜਾਣਾ ਸੁਖਾਲਾ ਤਾਂ ਕਰ ਸਕਨੇ ਆਂ| ਉਹ ਸਾਨੂੰ ਵਾਜਾਂ ਮਾਰਨ ਅਸੀਂ ਉਹਨਾਂ ਨੂੰ ਵਾਜਾਂ ਮਾਰੀਏ| ਏਨਾ ਤਾਂ ਸੁਣ ਸਕਨੇ ਆਂ| ਸਾਡਾ ਯਤਨ ਹੈ ਦੋਵਾਂ ਮੁਲਕਾਂ ਦੀਆਂ ਸਰਕਾਰਾਂ ਅੰਮ੍ਰਿਤਸਰ ਅਤੇ ਲਾਹੌਰ ਵਿਚ ਵੀਜ਼ਾ ਦਫ਼ਤਰ ਖੋਹਲਣ ਤੇ ਮਿਲਣ ਦੇ ਚਾਹਵਾਨਾਂ ਦੀ ਖੱਜਲ ਖੁਆਰੀ ਨਾ ਹੋਵੇ|’ ਉਸਦੀਆਂ ਗੱਲਾਂ ਸੁਣ ਕੇ ਅਸੀਂ ਸਾਰੇ ਬੜੇ ਉਤਸਾਹਿਤ ਹੋਏ ਸਾਂ ਤੇ ਅਸੀਂ ਉਸਨੂੰ ਹਰ ਤਰ੍ਹਾਂ ਦੇ ਸਹਿਯੋਗ ਦਾ ਵਾਅਦਾ ਦਿੱਤਾ| ਉਸ ਵੇਲੇ ਸਾਡੇ ਇਕ ਸਾਥੀ ਨੇ ਪੁੱਛਿਆ ‘ਪ੍ਰਧਾਨ ਸਾਹਿਬ ਫੇਰ ਉਸ ਬਜ਼ੁਰਗ ਨੂੰ ਜਗਰਾਵਾਂ ਦਿਖਾਇਆ ਜਾਂ ਨਹੀਂ?’
‘ਉਹੀ ਦੱਸਣ ਲੱਗਾਂ| ਉਸ ਬਜ਼ੁਰਗ ਨੇ ਸਾਡੇ ਟਿਕਾਣੇ ਉਪਰ ਮੈਨੂੰ ਪਾਸਪੋਰਟ ਤੇ ਹੋਰ ਕਾਗਜ਼ ਲਿਆ ਦਿੱਤੇ|’ ਉਸਨੇ ਕਿਹਾ …ਸਰਦਾਰ ਸਾਹਿਬ ਏਥੇ ਮੇਰੀ ਚਾਲ੍ਹੀ ਘੁੰਮਾ ਖੇਤੀ ਏ, ਮੈਂ ਉਸਦਾ ਬੈ-ਨਾਮਾ ਧਾਡੇ ਨਾ ਲਿਖ ਦੇਨਾਂ ਵਾਂ, ਮੈਨੂੰ ਇਕ ਵਾਰ ਮੇਰੀ ਜੰਮਣ ਭੋਇਂ ਵਿਖਾ ਦਿਓ|’ ਮੈਂ ਕਿਹਾ, ‘ਮੀਆਂ ਜੀ ਤੁਹਾਡੀ ਪੈਲੀ ਤੁਹਾਨੂੰ ਮੁਬਾਰਕ। ਮੈਂ ਤੁਹਾਨੂੰ ਜਗਰਾਵਾਂ ਜ਼ਰੂਰ ਵਿਖਾਵਾਂਗਾ?’
-ਸੱਚ ਆਖਨੇ ਓ ਸਰਦਾਰ ਸਾਹਿਬ?’ ਉਸਨੇ ਫੇਰ ਤਰਲੇ ਵਾਂਗ ਪੁੱਛਿਆ ਸ਼ਾਇਦ ਉਸ ਨਾਲ ਹੋਰਾਂ ਵੀ ਵਾਅਦੇ ਕੀਤੇ ਹੋਣਗੇ ਤੇ ਉਹ ਵਾਅਦੇ, ਵਾਹਗੇ ਦੇ ਪਰਲੇ ਪਾਸੇ ਹੀ ਸੁੱਟ ਆਏ ਹੋਣਗੇ| ਮੈਂ ਕਿਹਾ ‘ਮੀਆਂ ਸਾਹਿਬ, ਇਕ ਪੰਜਾਬੀ ਦਾ ਦੂਸਰੇ ਪੰਜਾਬੀ ਨੂੰ ਵਾਅਦਾ ਏ| ਵਕਤ ਲਗ ਸਕਦਾ ਏ, ਪਰ ਤੁਸੀਂ ਜਗਰਾਵਾਂ ਵੇਖੋਗੇ|’ ਉਸਦੇ ਚਿਹਰੇ ਉਪਰ ਰੋਣਕ ਆ ਗਈ ਸੀ ਤੇ ਉਹ ਮੈਨੂੰ ਦੁਆਵਾਂ ਦਿੰਦਾ ਤੁਰ ਗਿਆ| ਉਸਦੇ ਮੱਧਮ ਜਿਹੇ ਬੋਲ ਮੇਰੇ ਕੰਨੀਂ ਪੈਂਦੇ ਰਹੇ ਸਨ… ‘ਅੱਲਾਹ ਤੈਨੂੰ ਰਾਜ਼ੀ ਰੱਖੇ … ਅੱਲਾਹ ਤੈਨੂੰ ਬਰਕਤ ਦੇਵੇ …’ ਤੇ ਉਸ ਤੁਰੇ ਜਾਂਦੇ ਨੇ ਦੋਵੇਂ ਹੱਥ ਉਪਰ ਅਸਮਾਨ ਵੱਲ ਚੁੱਕੇ ਹੋਏ ਸਨ|
…ਮਿੱਤਰੋ, ਮੈਂ ਤਿੰਨ ਕੁ ਮਹੀਨਿਆਂ ਵਿਚ ਮੀਆਂ-ਬੀਵੀ ਦੋਹਾਂ ਨੂੰ ਸੱਦਾ ਭੇਜ ਦਿੱਤਾ| ਕਮਾਲ ਦੀ ਗੱਲ ਇਹ ਹੋਈ ਸਾਡੀ ਜੱਥੇਬੰਦੀ ਵੱਲੋਂ ਸੱਦੇ ’ਤੇ ਉਹਨਾਂ ਦੋਹਾਂ ਨੂੰ ਵੀਜ਼ਾ ਮਿਲ ਗਿਆ| ਇਕ ਦਿਨ ਉਸਦਾ ਟੈਲੀਫੂਨ ਆਇਆ, ਖੁਸ਼ੀ ਵਿਚ ਉਸ ਕੋਲੋਂ ਫ਼ੋਨ ਉਪਰ ਗੱਲ ਨਹੀਂ ਸੀ ਹੋ ਰਹੀ| ਮੈਂ ਉਸਨੂੰ ਅੰਮ੍ਰਿਤਸਰ ਪੁੱਜਣ ਤੋਂ ਬਾਅਦ ਮੇਰੇ ਤੱਕ ਆਉਣ ਦਾ ਰਾਹ ਸਮਝਾ ਦਿੱਤਾ| ਮੈਂ ਇਹ ਵੀ ਕਿਹਾ ਜਿਸ ਦਿਨ ਇੰਡੀਆ ਆਉਣਾ ਹੋਵੇ ਮੈਨੂੰ ਖ਼ਬਰ ਜ਼ਰੂਰ ਕਰਨਾ|
…ਖ਼ੈਰ ਇਕ ਦਿਨ ਸ਼ਾਮ ਦੇ ਸਾਡੇ ਕੁ ਚਾਰ ਵਜੇ ਉਹ ਦੋਵੇਂ ਮੀਆਂ-ਬੀਵੀ ਸਰਹੱਦ ਪਾਰ ਕਰਕੇ, ਮੇਰੇ ਕੋਲ ਪੁੱਜ ਗਏ| ਉਸਦੀ ਬੇਗਮ ਤਾਂ ਕੁਝ ਸੰਕੋਚ ਕਰਦੀ ਸੀ, ਪਰ ਬਜ਼ੁਰਗ ਦੀ ਖੁਸ਼ੀ ਵਿਚ ਬੜਾ ਉਤਾਵਲਾਪਣ ਸੀ| ਏਨੀ ਉਮਰ ਦਾ ਕੋਈ ਬਜ਼ੁਰਗ ਮੈਂ ਏਨੀ ਉਕਸਾਹਟ ਵਿਚ ਕਦੇ ਨਹੀਂ ਦੇਖਿਆ। ਲਗਦਾ ਸੀ ਜਿਵੇਂ ਲਹੂ ਉਸਦੀਆਂ ਨਾੜਾ ਵਿਚ ਉਬਾਲ ’ਤੇ ਆਇਆ ਹੋਵੇ| ਆਉਂਦਿਆਂ ਹੀ ਉਸਨੇ ਕਾਹਲੀ ਨਾਲ ਪੁੱਛਿਆ, ‘ਸਰਦਾਰ ਸਾਹਿਬ ਜਗਰਾਵਾਂ ਨੂੰ ਕਦੋਂ ਤੁਰਨਾ ਜੇ’?
ਮੈਂ ਕਿਹਾ, ‘ਮੀਆਂ ਜੀ ਸਫ਼ਰ ਤੋਂ ਆਏ ਉ ਪਹਿਲਾਂ ਚਾਹ ਪਾਣੀ ਪੀਨੇ ਆਂ ਫੇਰ ਆਪਾਂ …|’
‘ਚਾਹ ਪਾਣੀ ਉੱਥੇ ਨੀ ਪੀ ਸਕਦੇ ? …ਮੇਰਾ ਮਤਲਬ ਏ ਜਗਰਵਾਂ…|’
‘ਮੀਆਂ ਸਾਹਬ …’ ਮੈਂ ਕਿਹਾ- ‘ਜਗਰਾਵਾਂ ਏਥੋਂ ਦੂਰ ਏ| ਹੁਣ ਕੋਈ ਵਕਤ ਵੀ ਨਹੀਂ ਏ|…’
ਵਕਤ ਦੀ ਕੀ ਗੱਲ ਏ ? …ਹੁਣ ਤੇ ਵਕਤ ਈ ਵਕਤ ਏ…|’
ਨਹੀਂ ਹੁਣ ਵਕਤ ਨਹੀਂ ਏ| ਸਵੇਰੇ ਚੱਲਾਂਗੇ|’ ਮੈਂ ਸਮਝਾਇਆ|
ਹੁਣੇ ਕਿਉ ਨਹੀਂ …?’ ਉਹ ਰੋਣ ਵਾਂਗ ਬੋਲਿਆ।
ਮੀਆਂ ਸਾਹਬ ਧੀਰਜ਼ ਰੱਖੋ| ਹੁਣ ਏਧਰ ਆ ਗਏ ਆਂ| ਸਿਰਫ਼ ਰਾਤ ਦਾ ਮਸਲਾ ਏ| ਉੱਥੇ ਜਾਂਦਿਆਂ ਨੂੰ ਰਾਤ ਪੈ ਜਾਣੀ ਏ|’
ਰਾਤ ਨੂੰ ਕੀ ਏ ? ਅਸੀਂ ਤੇ ਅੱਧੀ ਅੱਧੀ ਰਾਤ ਤਾਈਂ ਛੂਹਣ ਛੁਹਾਈ ਖੇਡਦੇ ਰਹਿੰਨੇ ਸਾਂ …|’
ਵਕਤ ਬਦਲ ਗਏ ਨੇ…|’
ਵਕਤ ਬਦਲ ਗਏ ਨੇ।’ ਉਸ ਨੇ ਮੇਰੇ ਬੋਲ ਦੁਹਰਾਏ। ਜਿਵੇਂ ਕੋਈ ਕਬਰ ਵਿਚੋਂ ਬੋਲਦਾ। ਤਾਂ ਮੈਂ ਸਮਝਾਇਆ- ”ਦਰਅਸਲ ਮੀਆਂ ਜੀ ਗੱਲ ਇਹ ਹੈ| ਮੈਂ ਉਸ ਗੱਭਰੂ ਨੂੰ ਫ਼ੋਨ ਉਪਰ ਦੱਸ ਦਿੱਤਾ ਹੈ…| ਹੁਣ ਰਾਤ ਨੂੰ ਜਾਵਾਂਗਾਂ ਤਾਂ ਕਿੱਥੇ ਮੁਹੱਲਾ ਪੁੱਛਦੇ ਫਿਰਾਂਗੇ…|’
ਕੀ ਗੱਲ ਕਰਦੇ ਓ ਸਰਦਾਰ ਸਾਹਿਬ, ਮੁਹੱਲਾ ਕਿਵੇਂ ਨਹੀਂ ਲੱਭੇਗਾ? ਮੈਨੂੰ ਜਗਰਾਵਾਂ ਦੀ ਜੂਹ ਵਿਚ ਛੱਡ ਦਿਓ| ਮੈਂ ਤਾਂ ਅੱਖਾਂ ਉਪਰ ਪੱਟੀ ਬੰਨ੍ਹ ਕੇ ਅਪਣੇ ਮੁਹੱਲੇ ਵਿਚ ਚਲਿਆ ਜਾਵਾਂ…|’
ਅਸੀਂ ਸਾਹ ਰੋਕੀ ਪ੍ਰਧਾਨ ਦੀਆਂ ਗੱਲਾਂ ਸੁਣ ਰਹੇ ਸਾਂ| ਸਾਡੀਆਂ ਅੱਖਾਂ ਮੂਹਰੇ ਉਹ ਬਜ਼ੁਰਗ ਸਾਕਾਰ ਦਿਸ ਰਿਹਾ ਸੀ, ਜਿਹੜਾ ਅਪਣੇ ਜਨਮ ਸਥਾਨ ਨੂੰ ਦੇਖਣ ਲਈ ਤਰਲੇ ਲੈ ਰਿਹਾ ਸੀ|
ਮੈਂ ਰਾਤ ਨੂੰ ਜਾਣਾ ਨਹੀਂ ਸਾਂ ਚਾਹੁੰਦਾ| ਰਾਤ ਵੇਲੇ ਤੁਰਨ ਦਾ ਲਾਭ ਵੀ ਕੋਈ ਨਹੀਂ ਸੀ| ਉਸਨੂੰ ਠੀਕ ਤਰ੍ਹਾਂ ਸਮਝਾ ਵੀ ਨਹੀ ਸਾਂ ਸਕਦਾ| ਕਿਹਾ, ‘ਠੀਕ ਏ ਮੀਆਂ ਸਾਹਬ ਤੁਸੀਂ ਮੁਹੱਲਾ ਲੱਭ ਲਉਗ,ੇ ਘਰ ਵੀ ਪਛਾਣ ਲਉਗੇ ਪਰ ਆਪਾਂ ਸਵੇਰੇ ਚਲਾਂਗੇ| ਹੁਣ ਚਾਹ ਪਾਣੀ ਪੀਨੇ ਆਂ| ਤੁਹਾਨੂੰ ਅੰਮ੍ਰਿਤਸਰ ਘੁੰਮਾ ਦਿੰਨਾਂ|…’
ਮੀਏਂ ਦਾ ਹਉਕਾ ਮੈਂ ਸੁਣਿਆ| ਹੋਲੀ ਜਿਹੇ ਕਿਹਾ …’ਤਾਂ
ਏਧਰ ਆਕੇ ਵੀ ਅੱਜ ਮੈਂ ਜਗਰਾਵਾਂ ਨਹੀਂ ਵੇਖ ਸਕਾਂਗਾ|’
ਇਹ ਗੱਲ ਨਹੀਂ ਹੈ…ਮੀਆਂ …।’
…ਹੁਣ ਉਹ ਮੇਰੀ ਗੱਲ ਨਹੀਂ ਸਨ ਸੁਣ ਰਹੇ| ਦੋਵੇਂ ਜਣੇ ਨੀਵੀਆਂ ਪਾ ਕੇ ਬਹਿ ਗਏ| ਮੈਨੂੰ ਉਹ ਕਾਫ਼ੀ ਬੇਚੈਨ ਦਿਸੇ| ਮੈਂ ਉਹਨਾਂ ਦੀ ਭਾਵੁਕਤਾ ਜਾਣਦਾ ਸੀ ਪਰ ਸੱਚੀ ਗੱਲ ਹੈ, ਏਸ ਵੇਲੇ ਜਗਰਾਵਾਂ ਨੂੰ ਤੁਰਨ ਦੀ ਕੋਈ ਤੁੱਕ ਨਹੀਂ ਸੀ|…ਮੈਂ ਕਿਹਾ ਮੀਆਂ ਜੀ ਏਸ ਤਰ੍ਹਾਂ ਨਿਰਾਸ਼ ਨਾ ਹੋਵੋ| ਕੱਲ੍ਹ ਆਪਾਂ ਜਗਰਾਵਾਂ ਹੋਵਾਂਗੇ।’
ਠੀਕ ਹੈ, ਠੀਕ ਹੈ ਸਰਦਾਰ ਸਾਹਬ …’ ਮੀਏਂ ਨੇ ਸ਼ਾਇਦ ਅਪਣੇ ਆਪ ਨੂੰ ਉਸ ਭਾਵੁਕਤਾ ਵਿਚੋਂ ਕੱਢ ਲਿਆ ਸੀ… ‘ਖਿਮਾ ਕਰਨਾ…ਅੱਜ ਏਥੇ ਈ ਰੁਕਨੇ ਆਂ’ …ਫਿਰ ਕੁਝ ਪਲ ਰੁਕ ਕੇ ਉਸਦੇ ਮੂੰਹੋਂ ਸੁਭਾਵਕ ਨਿਕਲਿਆ … ‘ਅੱਲਾਹ’ ਨਾਲ ਹੀ ਉਸ ਹਉਕੇ ਵਰਗਾ ਸਾਹ ਲਿਆ|
…ਮਿੱਤਰੋ! ਜਿਹੜੀ ਗੱਲ ਮੈਂ ਤੁਹਾਨੂੰ ਹੁਣ ਦੱਸਣ ਲੱਗਾ ਵਾਂ, ਉਸਨੇ ਤਾਂ ਮੇਰੀ ਨੀਂਦ ਵੀ ਉਡਾ ਦਿੱਤੀ|
ਅਸੀਂ ਸਾਰੇ ਸਤੱਰਕ ਹੋ ਗਏ| ਮੇਰਾ ਇਕ ਮਿੱਤਰ ਤਾਂ ਇਸ ਤਰ੍ਹਾਂ ਓੜਕੂ ਜਿਹਾ ਬੈਠਾ ਪ੍ਰਧਾਨ ਵੱਲ ਤੱਕਣ ਲੱਗਾ ਜਿਵੇਂ ਸਾਰਾ ਸਰੀਰ ਹੀ ਉਸਦੇ ਕੰਨ ਬਣ ਗਏ ਹੋਣ।
ਪ੍ਰਧਾਨ ਬੋਲਿਆ-
ਅੱਧੀ ਰਾਤ ਮੈਂ ਪਿਸ਼ਾਬ ਕਰਨ ਉਠਿਆ, ਦੇਖਿਆ ਮੀਆਂ ਜੀ ਵਿਹੜੇ ਵਿਚ ਚੱਕਰ ਲਾ ਰਿਹਾ ਹੈ| ਮੈਂ ਬੁਲਾਇਆ ਨਹੀਂ ਸੋਚਿਆ ਸ਼ਾਇਦ ਇਹ ਵੀ ਮੇਰੇ ਵਾਂਗ ਹੀ ਬਾਹਰ ਆਇਆ ਹੋਵੇ| ਅਪਣੇ ਕਮਰੇ ਵਿਚ ਜਾਣ ਤੋਂ ਪਹਿਲਾਂ ਮੈਂ ਕੁਝ ਦੇਰ ਖੜਾ ਉਸਦੇ ਅੰਦਰ ਜਾਣ ਦੀ ਉਡੀਕ ਕਰਦਾ ਰਿਹਾ, ਪਰ ਉਹ ਉਵੇਂ ਹੀ ਚੱਕਰ ਕੱਟਦਾ ਰਿਹਾ| ਸਵੇਰੇ ਜਗਰਾਵਾਂ ਪਹੁੰਚਣ ਦੀ ਉਤੇਜਨਾ ਵਿਚ ਸ਼ਾਇਦ ਉਸ ਨੂੰ ਨੀਂਦ ਨਹੀਂ ਸੀ ਆ ਰਹੀ| ਫਿਰ ਮੈਂ ਚਾਰ ਕੁ ਵਜੇ ਬਾਹਰ ਨਿਕਲਿਆ ਤਾਂ ਮੀਆਂ ਜੀ ਉਵੇਂ ਦਾ ਉਵੇਂ ਚੱਕਰ ਕੱਟਦਾ ਦਿੱਸਿਆ| ਮੈਂ ਬਹੁਤ ਪਰੇਸ਼ਾਨ ਹੋਇਆ, ਇਹ ਤਾਂ ਸਾਰੀ ਰਾਤ ਹੀ ਨਹੀਂ ਸੁੱਤਾ| ਇਸ ਤੋਂ ਬਾਅਦ ਤਾਂ ਮੈਨੂੰ ਵੀ ਨੀਂਦ ਨਹੀਂ ਆਈ|
…ਸਵੇਰੇ ਪੰਜ ਕੁ ਵਜੇ ਹੀ ਉਹ ਦੋਵੇਂ ਜਣੇ ਤਿਆਰ ਹੋ ਕੇ ਆ ਗਏ| -ਸਰਦਾਰ ਸਾਹਬ ਅਸੀਂ ਤੇ ਤਿਆਰ ਜੇ, ਕਦੋਂ ਤੁਰਨਾ ਵੇ?’
ਨਾਸ਼ਤਾ ਕਰ ਲਈਏ ਤੁਰਨੇ ਆਂ ਬੱਸ|’ ਮੈਂ ਕਿਹਾ| ਪਰ ਉਹ ਹੁਣ ਏਨਾ ਚਿਰ ਵੀ ਉਡੀਕਣ ਲਈ ਤਿਆਰ ਨਹੀਂ ਸੀ|
ਮੈਨੂੰ ਤੇ ਭੁੱਖ ਈ ਕਾਈ ਨਹੀਂ| ਬੇਗਮ ਨੇ ਵੀ ਕੁਝ ਨਹੀਂ ਖਾਣਾ|’
ਕੀ ਗੱਲਾਂ ਕਰਦੇ ਓ ਮੀਆਂ ਸਾਹਬ ਨਾਸ਼ਤਾ ਤਿਆਰ ਏ, ਜਿੰਨੀ ਲੋੜ ਐ ਉਨਾਂ ਕੁ ਲੈ ਲਓ, ਉਦੋਂ ਤੱਕ ਮੈਂ ਗੱਡੀ ਤਿਆਰ ਕਰ ਲਵਾਂ|’
…ਮੈਂ ਗੱਡੀ ਵੀ ਰੈਡੀ ਕਰ ਲਈ| ਮੈਨੂੰ ਪਤਾ ਲੱਗਿਆ ਉਨ੍ਹਾਂ ਨਾਸ਼ਤਾ ਵੀ ਢੰਗ ਨਾਲ ਨਹੀਂ ਕੀਤਾ। ਉਹਨਾਂ ਦੀ ਅਜੀਬ ਸਥਿਤੀ ਸੀ| ਨਾ ਉਹਨਾਂ ਨੂੰ ਭੁੱਖ ਲੱਗਦੀ ਸੀ ਨਾ ਪਿਆਸ ਲੱਗਦੀ ਸੀ…| ਮੈਂ ਵੀ ਕਾਹਲੀ ਵਿਚ ਹੀ ਚਾਰ ਪੰਜ ਗਰਾਹੀਆਂ ਅੰਦਰ ਸੁੱਟੀਆਂ, ਕਿਉਂਕਿ ਉਹ ਲਗਾਤਾਰ ਮੈਨੂੰ ਖਾਂਦੇ ਨੂੰ ਵੇਖ ਰਿਹਾ ਸੀ| ਜਦੋਂ ਜੀਪ ਵਿਚ ਬਹਿ ਕੇ ਅਸੀਂ ਤੁਰ ਪਏ ਤਾਂ ਮੀਆਂ ਜੀ ਨੇ ਦੋਵੇਂ ਹੱਥ ਉਪਰ ਚੁੱਕ ਕੇ ਮੂੰਹ ਵਿਚ ਕੁਝ ਕਿਹਾ। ਉਸਦੀ ਬੀਵੀ ਨੇ ਆਖਿਆ, ;ਬਿਰਾ ਜੀ, ਇਹ ਤਾਂ ਸਾਰੀ ਰਾਤ ਜਾਗਦੇ ਰਹੇ ਨੇ ਝੱਟ ਲੇਟਦੇ ਸਨ, ਫਿਰ ਉਠ ਬਹਿੰਦੇ ਸਨ| ਨਾ ਆਪੂੰ ਸੁੱਤੇ ਨਾ ਮੈਨੂੰ ਸੌਣ ਦਿੱਤਾ|’ ਮੈਂ ਕੀ ਆਖਦਾ ਮੈਂ ਉਸ ਦੀ ਮਾਨਸਿਕ ਹਾਲਤ ਸਮਝਦਾ ਸਾਂ |
…ਮੌਸਮ ਬੜਾ ਸੋਹਣਾ ਸੀ| ਬੱਦਲਵਈ ਸੀ| ਲਗਦਾ ਸੀ ਕਦੇ ਵੀ ਮੀਂਹ ਆ ਸਕਦਾ ਹੈ| ਕਣਕਾਂ ਵਿਚ ਦਾਣਾ ਪੈ ਗਿਆ ਹੋਇਆ ਸੀ ਤੇ ਉਸ ਦੀ ਖੁਸ਼ਬੂ ਫੇਲੀ ਹੋਈ ਸੀ| ਰਾਹ ਵਿਚ ਕਿਤੇ ਕਿਤੇ ਬੱਦਲ ਬਹੁਤ ਨੀਵੇਂ ਹੋ ਜਾਂਦੇ| ਕਦੇ ਕਦੇ ਕੋਈ ਕਣੀ ਵੀ ਡਿੱਗਦੀ ਸੀ| ਮੀਆਂ ਚੁਫੇਰੇ ਤੱਕਦਾ ਇਉਂ ਖੁਸ਼ ਬੈਠਾ ਸੀ ਜਿਵੇਂ ਉਸ ਨੂੰ ਕੋਈ ਕੀਮਤੀ ਖ਼ਜ਼ਾਨਾ ਮਿਲਣ ਵਾਲਾ ਹੋਵੇ। ਹਰ ਚਾਰ ਪੰਜ ਮੀਲ ਬਾਅਦ ਉਹ ਪੁੱਛਦਾ-
… ‘ਜਗਰਾਵਾਂ ਅਜੇ ਕਿੰਨੀ ਦੂਰ ਏ?’ …ਮੈਂ ਹੱਥ ਦੇ ਇਸ਼ਾਰੇ ਨਾਲ ਉਸਨੂੰ ਸਬਰ ਰੱਖਣ ਲਈ ਆਖਦਾ |
… ਜਗਰਾਵਾਂ ਲਾਗੇ ਆਏ ਤਾਂ ਮੀਂਹ ਕੁਝ ਵਧੇਰੇ ਸੀ, ਭਾਵੇਂ ਟੋਇਆਂ ਵਿਚ ਅਜੇ ਪਾਣੀ ਨਹੀਂ ਸੀ ਖੜ੍ਹਾ| ਜਗਰਾਵਾਂ ਚੌਕ ਵਿਚ ਉਸ ਨੇ ਗੱਡੀ ਰੁਕਵਾ ਲਈ। ਮੀਆਂ ਹੇਠਾਂ ਉਤਰਿਆਂ ਧਰਤੀ ਨੂੰ ਮੱਥਾ ਝੁਕਾਇਆ। ਫਿਰ ਆਪਣੇ ਕੱਪੜਿਆਂ ਦੀ ਪਰਵਾਹ ਕੀਤੇ ਬਿਨਾਂ ਬਾਹਾਂ ਫੈਲਾ ਕੇ ਧਰਤੀ ਉਪਰ ਲੇਟ ਗਿਆ| ਕੁਝ ਦੇਰ ਉਵੇਂ ਪਿਆ ਰਿਹਾ| ਆਸੇ ਪਾਸੇ ਲੋਕ ਜਮ੍ਹਾਂ ਹੋਣ ਲੱਗੇ| ਮੈਂ ਜੀਪ ਵਿਚੋਂ ਉਤਰਿਆਂ ਉਸਦਾ ਮੋਢਾ ਥਪਥਪਾਇਆ| ਉਹ ਉਠਿਆ, ਪਰ ਦੋਨੋਂ ਗੋਢੇ ਜ਼ਮੀਨ ਉਪਰ ਟੇਕੀ ਰੱਖੇ| ਮੈਂ ਦੇਖਿਆ- ਜਿੱਥੇ ਉਸ ਦਾ ਮੂੰਹ ਸੀ ਉੱਥੇ ਧਰਤੀ ਉਸ ਦੇ ਹੰਝੂਆਂ ਨਾਲ ਹੋਰ ਗਿੱਲੀ ਹੋ ਗਈ ਸੀ| ਉਸਦਾ ਅਪਣਾ ਚਿਹਰਾ ਭਿੱਜਿਆ ਹੋਇਆ ਸੀ| ਉਸਨੂੰ ਸਹਾਰਾ ਦੇ ਕੇ ਜੀਪ ਵਿਚ ਬਿਠਾਇਆ| ਉਸਦੀਆਂ ਅੱਖਾਂ ਵਿਚ ਅਨੋਖੀ ਚਮਕ ਸੀ, ਪਰ ਹੰਝੂ ਵਹਿ ਰਹੇ ਸਨ| ਉਸ ਦੀ ਬੀਵੀ ਨੇ ਮਿੱਟੀ ਨਾਲ ਲਿਬੜਿਆ ਉਸਦਾ ਕਮੀਜ਼ ਝਾੜਨਾ ਚਾਹਿਆ ਤਾਂ ਉਸਨੇ ਇਕ ਦਮ ਵਰਜਿਆ, ‘ਨਾਂ ਇਹ ਮੇਰੇ ਪੁਰਖਿਆਂ ਦੀ ਮਿੱਟੀ ਏ|’
…ਪਹਿਲਾਂ ਮੈਂ ਉਸ ਦਾ ਗਾਈਡ ਸਾਂ| ਹੁਣ ਉਹ ਮੇਰਾ ਗਾਈਡ ਸੀ| ਵਿਚ ਵਿਚ ਉਹ ਇਧਰ ਉਧਰ ਵੀ ਵੇਖਦਾ ਜਾਂਦਾ ਸੀ|…ਕਿੰਨਾ ਬਦਲ ਗਿਆ ਏ| ਏਥੇ ਚੌਂਕ ਨਹੀਂ ਸੀ ਹੁੰਦਾ|…ਏਥੇ ਤਾਂ ਪਾਰਕ ਨਹੀਂ ਸੀ|
…ਆਹ ਬਾਜ਼ਾਰ ਤੇ ਨਵਾਂ ਈ ਉੱਗ ਪਿਆ ਏ|’
…ਏਨੀ ਭੀੜ ਤਾਂ ਨਹੀਂ ਸੀ ਹੁੰਦੀ ਉਦੋਂ|…ਏਥੋਂ ਬੱਸ ਅੱਡਾ ਕਿੱਧਰ ਗਿਆ ? ਔਧਰ ਸੱਜੇ ਪਾਸੇ ਇਕ ਦਰਜੀ ਦੀ ਦੁਕਾਨ ਹੁੰਦੀ ਸੀ|…ਇਸ ਮੋੜ ’ਤੇ,…ਹਾਂਅ, ਏਥੇ ਈ ਬੈਠਦਾ ਹੁੰਦਾ ਸੀ…ਫਜ਼ਲੂ ਜੁੱਤੀਆਂ ਵਾਲਾ| ਸਰਦਾਰ ਸਾਹਬ ਧੌੜੀ ਤੇ ਕੁਰਮ ਦੀਆਂ ਜੁੱਤੀਆਂ ਦਾ ਕੀ ਮੁਕਾਬਲਾ ਸੀ…?’ ਮੈਂ ਪੁੱਛਿਆ- ਘਰ ਪਛਾਣਦਾ ਏਂ?’
-ਆਹੋ-ਆਹੋ …ਸਿੱਧਾ ਚਲੋ ਅਜੇ …ਬੱਸ ਥੋੜ੍ਹਾ ਈ ਏ ਅੱਗੇ ਤੋਂ ਖੱਬੇ ਬੱਸ ਏਥੇ ਈ ਹੋਣਾ ਏ|…ਤਿੰਨ ਘਰ ਛੱਡ ਕੇ…ਬੱਸ ਬੱਸ ਬੱਸ।’ …ਇਕ ਪੁਰਾਣੇ ਡਾਟਾਂ ਵਾਲੇ ਵੱਡੇ ਦਰਵਾਜ਼ੇ ਮੂਹਰੇ ਉਸ ਨੇ ਗੱਡੀ ਰੁਕਵਾ ਲਈ|
…ਭਰਾਵੋ, ਉਸਦੀ ਹਾਲਤ ਵੇਖਣ ਵਾਲੀ ਸੀ| ਉਹ ਥਮਲਿਆਂ ਨੂੰ, ਕੰਧਾਂ ਨੂੰ ਲਿਪਟਣ ਲੱਗਾ …ਇਉਂ ਤਾਂ ਕੋਈ ਅਪਣੇ ਬੱਚਿਆਂ ਜਾਂ ਮਾਂ ਪਿਉ ਨੂੰ ਵੀ ਨਹੀਂ ਲਿਪਟਦਾ|
…ਮੀਂਹ ਪੈ ਕੇ ਹਟਿਆ ਸੀ| ਦਰਵਾਜ਼ੇ ਦੀਆਂ ਇੱਟਾਂ ਵਿਚੋਂ ਸਿੰਮਦੇ ਪਾਣੀ ਦਾ ਇਕ ਤੁਪਕਾ ਡਿੱਗਣ ਡਿੱਗਣ ਕਰਦਾ ਸਬੱਬ ਨਾਲ ਮੀਏਂ ਦੇ ਮੱਥੇ ’ਤੇ ਆਣ ਡਿੱਗਾ|
…ਮੀਏਂ ਨੇ ਆਖਿਆ … ‘ਦੇਖੋ ਨਾਂ ਸਰਦਾਰ ਸਾਹਬ ਘਰ ਦਾ ਬੂਹਾ ਵੀ ਰੋਣ ਡਿਹਾ ਏ| ਉਸ ਦਾ ਅਪਣਾ ਰੋਣ ਵੀ ਠਲਿ੍ਹਆ ਨਹੀਂ ਸੀ ਜਾਂਦਾ| ਹੁਣ ਤਾਂ ਉਸਦੀ ਬੀਵੀ ਵੀ ਉਸ ਨੂੰ ਦੇਖ ਕੇ ਰੋਣ ਲੱਗੀ|…ਏਨੇ ਵਿਚ ਘਰ ਵਾਲੇ ਆ ਗਏ ਸਨ ਤੇ ਉਹ ਗੱਭਰੂ ਵੀ ਜਿਹੜਾ ਮੀਏਂ ਨੂੰ ਲਾਹੌਰ ਵਿਚ ਮਿਲਿਆ ਸੀ| ਅਸੀਂ ਆਉਣ ਬਾਰੇ ਗੱਭਰੂ ਨੂੰ ਦੱਸਿਆ ਹੋਇਆ ਸੀ| ਪਲਾਂ ਵਿਚ ਹੀ ਪੂਰੇ ਮੁਹੱਲੇ ਵਿਚ ਖ਼ਬਰ ਫੈਲ ਗਈ| ਪੁਰਾਣੀ ਉਮਰ ਦੇ ਕੁਝ ਬਜ਼ੁਰਗ ਅਤੇ ਔਰਤਾਂ, ਜਿਵੇਂ ਸਨ ਉਵੇਂ ਤੁਰ ਆਏ| ਉਹਨਾਂ ਦੇ ਪਹਿਰਾਵੇ ਤੋਂ ਲੱਗਾ ਸੀ ਜੇ ਕਿਸੇ ਦੇ ਸਿਰ ਉਪਰ ਪਰਨਾ ਸੀ ਤੇ ਉਸ ਨੇ ਪੱਗ ਬੰਨ੍ਹਣ ਲਈ ਵਕਤ ਨਹੀਂ ਗਵਾਇਆ। ਜੇ ਕੋਈ ਸਿਰੋਂ ਨੰਗਾ ਸੀ, ਉਸ ਨੇ ਸਿਰ ਨਹੀਂ ਢੱਕਿਆ| ਏਵੇਂ ਔਰਤਾਂ ਜੇ ਨੰਗੇ ਪੈਰੀਂ ਸਨ ਤਾਂ ਉਹਨਾਂ ਜੁੱਤੀ ਲੱਭਣ ਦਾ ਯਤਨ ਨਹੀਂ ਕੀਤਾ ਹੋਣਾ| ਉਹਨਾਂ ਦੇ ਨਾਲ ਹੀ ਗੱਭਰੂ ਅਤੇ ਬੱਚੇ ਦੌੜੇ ਆਏ| ਘਰ ਵਿਚ ਚੰਗਾ ਖਾਸਾ ਇੱਕਠ ਹੋ ਗਿਆ। ਹਰ ਕੋਈ ਪਾਕਿਸਤਾਨ ਤੋਂ ਆਏ ਜੋੜੇ ਨੂੰ ਇਕ ਦੂਸਰੇ ਦੇ ਅੱਗੇ ਹੋ ਹੋ ਦੇਖਣ ਦੀ ਕੋਸ਼ਿਸ਼ ਕਰ ਰਿਹਾ ਸੀ| ਉਹਨਾਂ ਨੂੰ ਵੇਖ ਉਹ ਹੈਰਾਨੀ ਨਾਲ ਇਕ ਦੂਸਰੇ ਨੂੰ ਦੱਸਦੇ-
…ਉਏ ਇਹ ਤਾਂ ਅਪਣੇ ਵਾਂਗੂੰ ਬੋਲਦੇ ਐ|’
…ਇਕ ਜਣਾ ਤਾਂ ਮੀਏਂ ਦਾ ਹਾਣੀ ਲੱਭ ਗਿਆ| ਉਸ ਨੇ ਘਰ ਅੰਦਰ ਵੜਦਿਆਂ ਹੀ ਰੋਂਦਿਆਂ ਹਾਕ ਮਾਰੀ-
… ‘ਉਏ ਅਫਜ਼ਲਾ…ਕੜਾਹ ਖਾਣਿਆਂ|’ …ਮੀਆਂ ਵੀ ਝੱਲਿਆਂ ਵਾਂਗ ਉਠ ਕੇ ਉਸ ਵੱਲ ਦੌੜਿਆ-
‘ਉਏ ਬਖਤਾਵਰਾ…ਖਰਬੂਜ਼ੇ ਚੋਰਾ…|’ ਤੇ ਉਹ ਦੋਵੇਂ ਇਕ ਦੂਸਰੇ ਨੂੰ ਚੰਬੜ ਕੇ ਬੱਚਿਆਂ ਵਾਂਗ ਰੋਣ ਲੱਗੇ, ਉੱਚੀ ਉੱਚੀ ਰੋਂਦੇ ਰੋਂਦੇ ਉਹ ਬੋਲੀ ਜਾ ਰਹੇ ਸਨ-
‘ਉਏ ਆਪਾ ਕੌਡੀ ਖੇਡਦੇ ਹੁੰਦੇ ਸੀ ਉਏ|’
‘ਕੌਡੀ ਖੇਡਦਿਆਂ ਤੇਰਾ ਲੰਗੋਟ ਖੁੱਲ੍ਹ ਗਿਆ ਸੀ ਉਏ ਅਫਜ਼ਲਾ|’
‘ਤੂੰ ਮੇਰੇ ਨਿਆਣਾ ਮਾਰ ਕੇ ਪੱਟ ਦੀ ਹੱਡੀ ਜਰਕਾ ਛੱਡੀ ਸੀ ਬਖਤਾਬਰਾ|’
‘ਤੂੰ ਇਕ ਵਾਰ ਮੇਰਾ ਗਿੱਟਾ ਕੱਢ ਦਿੱਤਾ ਸੀ|’
‘ਉਏ ਆਹੋ |’
ਘਰ ਦਿਆਂ ਨੇ ਉਹਨਾਂ ਨੂੰ ਵੱਖ ਵੱਖ ਕੀਤਾ| ਰੋ ਰੋ ਕੇ ਦੋਹਾਂ ਦੇ ਮੋਢੇ ਭਿੱਜੇ ਹੋਏ ਸਨ| ਦੁਆਲੇ ਜੁੜੀ ਖੜੀ ਭੀੜ ਵਿਚ ਵੀ ਬਹੁਤਿਆਂ ਦੀਆਂ ਅੱਖਾਂ ਭਰੀਆਂ ਹੋਈਆਂ ਸਨ|
ਕੁਝ ਸ਼ਾਂਤ ਹੋ ਕੇ ਮੰਜੇ ਉਪਰ ਬਹਿੰਦਿਆਂ ਹੀ ਮੀਏਂ ਅਫਜ਼ਲ ਫੇਰ ਧਾਅ ਮਾਰੀ-
…ਹਾਏ ਉਏ ਬਖਤਾਵਰਾ ਸਮੇਂ ਨੂੰ ਪੁੱਠਾ ਗੇੜਾ ਕਿਉਂ ਨਹੀਂ ਪਾਂਦਾ, ਅੱਲਾਹ|’
ਉਹ ਫੇਰ ਰੋਣ ਲੱਗ ਪਿਆ| ਘਰ ਵਾਲੇ ਚਾਹ ਪਾਣੀ ਦਾ ਪ੍ਰਬੰਧ ਕਰਨ ਵਿਚ ਰੁੱਝ ਗਏ। ਫਿਰ ਕੁਝ ਸਹਿਜ ਹੋ ਕੇ ਗੱਲਾਂ ਹੋਣ ਲੱਗੀਆਂ| ਉਹ ਅਪਣੀ ਬੀਵੀ ਨੂੰ ਨਾਲ ਲੈ ਕੇ ਘਰ ਵਿਚ ਗੇੜਾ ਦੇਣ ਲੱਗਾ| ਮੁਹੱਲੇ ਦੇ ਲੋਕ ਵੀ ਉਹਨਾਂ ਦੇ ਪਿੱਛੇ ਸਨ।
…ਆਹ ਕਮਰਾ ਮੇਰੇ ਅੱਬਾ ਦਾ ਸੀ,…ਤੇ ਆਹ ਮੇਰੇ ਤੋਂ ਛੋਟੇ ਬਿਰਾ ਅਲੀ ਦਾ, ਅੱਲਾਹ ਉਸਦੀ ਰੂਹ ਨੂੰ ਸਕੂਨ ਦੇਵੇ, ਪਿਛਲੇ ਸਾਲ ਕਬਰ ਵਿਚ ਜਾ ਪਿਆ ਵੇ|’
…ਏਧਰ ਸਾਡੇ ਪਸ਼ੂ ਹੁੰਦੇ ਸਨ| ਹੁਣ ਤਾਂ ਏਤੇ ਕਮਰੇ ਬਣਵਾ ਲਏ ਹੋਏ ਨੇ…ਹੁਣ ਤੇ ਛੱਤਾਂ ਵੀ ਪੱਕੀਆਂ ਹੋ ਗਈਆਂ ਨੇ।’
ਮੀਆਂ ਛੱਤਾਂ ਵਲ ਝਾਕਿਆ…ਬਾਹਰ ਵਿਹੜੇ ਵਿਚ ਆਇਆ … ‘ਏਧਰ ਨਿੰਮ ਹੁੰਦੀ ਸੀ ਇਕ …|’
ਉਹ ਕੰਧਾਂ ਨੂੰ ਦਰਵਾਜ਼ਿਆਂ ਨੂੰ ਚੁਗਾਠਾਂ ਨੂੰ ਹੱਥ ਲਾ ਕੇ ਪਲੋਸਦਾ ਸੀ, ਜਿਵੇਂ ਅਪਣੀ ਕਿਸੇ ਗੁਆਚੀ ਸ਼ੈਅ ਦੀ ਪਛਾਣ ਕਰਦਾ ਹੋਵੇ…ਚਾਹ ਪੀਦਿਆਂ ਰੋਟੀ ਖਾਦਿਆਂ ਵੀ ਉਹ ਘਰ ਦੀ ਇਕ ਇਕ ਨੁੱਕਰ ਬਾਰੇ ਗੱਲਾਂ ਕਰਦਾ ਰਿਹਾ| ਬਖਤਾਵਰ ਤੇ ਉਹ ਅਪਣੀ ਜਵਾਨੀ ਵੇਲੇ ਦੀਆਂ ਗੱਲਾਂ ਕਰ ਕਰ ਝੂਰਦੇ ਰਹੇ| ਮੈਂ ਉਹਨਾਂ ਨੂੰ ਵਕਤ ਸਿਰ ਵਾਪਸ ਚੱਲਣ ਲਈ ਖ਼ਬਰਦਾਰ ਕੀਤਾ| ਪਰ ਉਹ ਤਾਂ ਇਸ ਤਰ੍ਹਾਂ ਲੋਕਾਂ ਵਿਚ ਘਿਰਿਆ ਹੋਇਆ ਸੀ, ਜਿਵੇਂ ਵਾਪਸ ਜਾਣਾ ਹੀ ਨਾ ਹੋਵੇ| ਹਰ ਕੋਈ ਉਹਨਾਂ ਨੂੰ ਅਪਣੇ ਘਰ ਲੈ ਜਾਣਾ ਚਾਹੁੰਦਾ ਸੀ| ਬਖਤਾਬਰ ਸਿੰਘ ਤਾਂ ਅੜ ਹੀ ਗਿਆ| ਕਹਿੰਦਾ- ‘ਜਿੰਨਾਂ ਚਿਰ ਅਫਜ਼ਲਾ ਮੇਰੇ ਘਰ ਨਹੀਂ ਜਾੲਂੇਗਾ ਅਸੀਂ ਮੁਹੱਲੇ ਵਿਚੋਂ ਨਹੀਂ ਨਿਕਲਣ ਦੇਣਾ |’
ਬਖਤਾਵਰ ਦੇ ਘਰ ਜਾਣ ਵੇਲੇ, ਸਾਰਾ ਮੁਹੱਲਾ ਫੇਰ ਉਹਨਾਂ ਦੇ ਨਾਲ ਤੁਰ ਪਿਆ| ਬਖਤਾਵਰ ਦੇ ਘਰ ਜਾਂਦਿਆਂ ਹੀ ਮੀਏਂ ਨੇ ਕਿਹਾ … ‘ਉਏ ਬਖਤਾਵਰਾ, ਏਧਰ ਖੱਬੇ ਤੂੜੀ ਵਾਲਾ ਕੋਠਾ ਹੁੰਦਾ ਸੀ?’
‘ਆਹੋ ਹੁੰਦਾ ਸੀ, ਹੁਣ ਏਦੂ ਅਗਾਂਹ ਕੁਝ ਨਹੀਂ ਆਖਣਾ|’ ਬਖਤਾਵਰ ਨੇ ਜਿਵੇਂ ਝਿੜਕਿਆ ਹੋਵੇ| ਮੈਨੂੰ ਤਾਂ ਭਰਾਵੋ ਇਉਂ ਹੀ ਲੱਗਿਆ|
ਮੀਏਂ ਦੇ ਚਿਹਰੇ ਉਪਰ ਸ਼ਰਾਰਤ ਵੀ ਦਿੱਸੀ, ‘ਉਏ ਮੈਂ ਕਦ ਇਹਨਾਂ ਨੂੰ ਦੱਸਨਾਂ ਪਿਆਂ, ਤੈਨੂੰ ਢਾਹ ਕੇ ਮੈਂ ਕੁੱਟਿਆ ਸੀ ਏਥੇ |’ਭੀੜ ਹੱਸ ਪਈ। ਇਕ ਨੇ ਪੁੱਛਿਆ … ‘ਬਾਬਾ ਜੀ ਕਿਉਂ ਕੱਟਿਆ ਸੀ ਏਹਨੇ?’ ‘ਉਏ ਛੱਡੋ ਪਰ੍ਹਾਂ ਇਹ ਉਦੋਂ ਦੀ ਗੱਲ ਸੀ|’ ਬਖਤਾਵਰ ਦੇ ਚਿਹਰੇ ਉਪਰ ਸ਼ਰਮ ਆ ਗਈ ਲੱਗੀ|
‘ਬਖਤਾਵਰ ਨੇ ਕੀ ਦੱਸਣਾ, ਇਹ ਮੇਰੀ ਬੱਕਰੀ ਚੂੰਘ ਕੇ ਏਥੇ ਆ ਲੁਕਿਆ ਸੀ, ਤੂੜੀ ਵਾਲੇ ਕੋਠੇ ’ਚ ਤੇ ਮੈਂ ਆ ਕੇ ਢਾਹ ਲਿਆ ਫਿਰ|’ ਹੁਣ ਔਰਤਾਂ ਅਤੇ ਬੱਚੇ ਵੀ ਹੱਸ ਪਏ|
‘ਵਾਹ ਉਏ ਬਾਬਾ, ਹੁਣ ਪਤਾ ਲੱਗਿਆ ਜਵਾਨੀ ’ਚ ਬੱਕਰੀਆਂ ਚੁੰਘਦਾ ਰਿਹੈਂ ਤੇ ਸਾਨੂੰ ਹੁਣ ਝਿੜਕਾਂ ਮਾਰਦੈਂ…।’ ਇਕ ਮਨਚਲੇ ਨੇ ਛੇੜਿਆ।
…ਉਏ ਕਾਹਨੂੰ …|’ ਬਖਤਾਵਰ ਵੀ ਕੱਚਾ ਹੁੰਦਾ ਹੱਸਣ ਲੱਗਾ| …ਫਿਰ ਉਹ ਦੋਵੇਂ ਹੱਸ ਹੱਸ ਲੋਟ ਪੋਟ ਹੋਣ ਲੱਗੇ। ਹਸਦੇ ਰਹੇ, ਹੱਸਦੇ ਰਹੇ। ਫਿਰ ਅਚਾਨਕ ਬਖਤਾਵਰ ਨੂੰ ਚਿੰਬੜ ਕੇ ਮੀਆਂ ਉੱਚੀ ਉੱਚੀ ਰੋਣ ਲੱਗਾ|
…ਅੱਲਾਹ ਸਮੇਂ ਨੂੰ ਪੁੱਠਾ ਗੇੜਾ ਕਿਉਂ ਨਹੀਂ ਦਿੰਦਾ ਪਿਆ ਉਏ ਬਖਤਾਵਰਾ?’ ਹੁਣ ਬਖਤਾਵਰ ਵੀ ਰੋਣ ਲੱਗਾ ਤੇ ਮੈਂ ਵੇਖਿਆ ਮੱਹੱਲੇ ਵਾਲੇ ਵੀ ਰੋਣ ਲੱਗੇ।
…ਚਾਹ ਪੀਣ ਤੋਂ ਬਾਅਦ ਤੁਰਨ ਦਾ ਵੇਲਾ ਆ ਗਿਆ| ਬਖਤਾਵਰ ਦੀ ਘਰ ਵਾਲੀ ਅੰਦਰੋਂ ਇਕ ਸੂਟ ਤੇ ਕੰਬਲ ਕੱਢ ਲਿਆਈ ਤੇ ਅਫਜ਼ਲ ਮੀਆਂ ਦੀ ਬੀਵੀ ਦੀ ਝੋਲੀ ਵਿਚ ਰੱਖਦਿਆਂ ਕਿਹਾ-
…ਭੈਣ ਜੀ ,ਘਰੋਂ ਖਾਲੀ ਹੱਥ ਤੇ ਨਹੀਂ ਤੋਰਨਾਂ ਅਸੀਂ |’ …ਹੁਣ ਰੋਣ ਦਾ ਵੇਲਾ ਅਫਜ਼ਲ ਮੀਆਂ ਦੀ ਬੀਵੀ ਦਾ ਸੀ| ਉਹ ਬਖਤਾਵਰ ਦੀ ਘਰ ਵਾਲੀ ਦੇ ਗਲ ਲੱਗ ਕੇ ਰੋਣ ਲੱਗ ਪਈ| ਦੇਖਾ ਦੇਖੀ ਹਰ ਕੋਈ ਅਪਣੇ ਘਰਾਂ ਵੱਲ ਭੱਜਿਆ| ਕੋਈ ਫੁਲਕਾਰੀ, ਕੋਈ ਸੂਟ, ਕੋਈ ਬਰਤਨ| ਉਹਨਾਂ ਦੇ ਸਾਹਮਣੇ ਸ਼ਗਨਾਂ ਅਤੇ ਤੋਹਫਿਆਂ ਦਾ ਢੇਰ ਲੱਗ ਗਿਆ|
‘ਇੰਜ ਤੇ ਨਾ ਕਰੋ| ਅਸੀਂ ਤੇ ਖਾਲੀ ਹੱਥ ਆਏ ਆਂ|’ ਮੀਏਂ ਨੇ ਭਰੀਆਂ ਅੱਖਾਂ ਨਾਲ ਹੱਥ ਜੋੜੇ|
… ‘ਏਨਾ ਕਰਜ਼ ਤੇ ਨਾ ਚਾਹੜੋ| ਮੈਂ ਤਾਂ ਤੁਸਾਂ ਦਾ ਪਹਿਲਾਂ ਹੀ ਕਰਜ਼ਦਾਰ ਹੋ ਗਿਆਂ|’
‘ਉਏ ਤੂੰ ਕਾਹਦਾ ਕਰਜ਼ਦਾਰ ਏ ਅਫਜ਼ਲਾ, ਤੂੰ ਤੇ ਮਾਲਕ ਏ ਏਥੋਂ ਦਾ| ਏਹ ਤਾਂ ਤੁਹਾਡਾ ਹੱਕ ਐ|’ ਬਖਤਾਵਰ ਦੀ ਗੱਲ ਤੇ ਉਹ ਫੇਰ ਰੋਣ ਲੱਗ ਪਿਆ|
…’ਕਿੰਨਾ ਰੌਲਾ ਪੈਣ ਡਿਹਾ ਏ ਦੋਹੀਂ ਪਾਸੀਂ, ਪਰ ਅਸਾਂ ਲੋਕਾਂ ਤੇ ਕੁਝ ਨਹੀਂ ਵੰਡਿਆ ਕਦੇ |’
…ਅਸੀਂ ਫੇਰ ਉਸ ਦੇ ਪੁਰਾਣੇ ਘਰ ਆ ਗਏ| ਮੈਂ ਜੀਪ ਘੁਮਾ ਕੇ ਖੜੀ ਕਰ ਦਿੱਤੀ| ਇਕ ਜਣਾ ਕਿੱਧਰੋਂ ਫੋਟੋਗਰਾਫਰ ਸੱਦ ਲਿਆਇਆ| ਹਰ ਕੋਈ ਉਹਨਾਂ ਨਾਲ ਤਸਵੀਰਾਂ ਖਿਚਵਾਉਣ ਲੱਗਾ| ਗੱਡੀ ਵਿਚ ਬੈਠਣ ਤੋਂ ਪਹਿਲਾਂ ਅਫਜ਼ਲ ਨੇ ਮੈਨੂੰ ਇਕ ਪਾਸੇ ਕਰਕੇ ਕਿਹਾ-
…’ਮੈਂ ਇਸ ਵਿਹੜੇ ਦੀ ਮਿੱਟੀ ਖੜ੍ਹਨੀ ਏ…ਇਹ ਕੁਝ ਆਖਣ ਤਾਂ ਨਹੀਂ ਲੱਗੇ?’ ਮੈਂ ਘਰ ਵਾਲੇ ਉਸ ਗੱਭਰੂ ਨੂੰ ਪੁੱਛਿਆ| ਉਹ ਹੈਰਾਨ ਹੋਇਆ |
‘ਕੀ ਆਖਦਂੈ ਬਾਬਾ ਚੰਗੇ ਲੱਗਦੇ ਆਂ ਮਿੱਟੀ ਦਿੰਦੇ ? ਦੇਸੀ ਘਿਉ ਦੀ ਪੀਪੀ ਭਰ ਦਿੰਨੇ ਆਂ, ਘਰ ਦਾ ਬਣਾਇਆ ਗੁੜ ਦੇ ਦਿੰਨੇ ਆਂ|’ …ਮੀਏਂ ਨੇ ਇਹ ਗੱਲਾਂ ਸੁਣ ਲਈਆਂ ਸਨ| ਉਹ ਨੇੜੇ ਆਇਆ, ਬੋਲਿਆ-
‘ਮੇਰੇ ਤੋਂ ਵੱਡਾ ਬਿਰਾ ਏ, ਉਹਦੇ ਸਾਹ ਅਟਕੇ ਪਏ ਨੇ, ਜਦੋਂ ਗੱਲ ਕਰਦਾ ਏ, ਆਖਦਾ ਏ- ਮੇਰੀ ਇਕੋ ਖਾਹਿਸ਼ ਏ- ਮੇਰੇ ਉਪਰ ਮੇਰੇ ਗਰਾਂ ਦੀ ਮਿੱਟੀ ਪਾਉਣੀ…’
ਗੱਭਰੂ ਕੁਝ ਨਹੀਂ ਬੋਲਿਆ। ਵਿਹੜੇ ਦੀ ਨੁੱਕਰ ਵਿਚ ਪਈ ਕਹੀ ਚੁੱਕੀ। ਉਸਨੇ ਅਪਣੀ ਘਰ ਵਾਲੀ ਨੂੰ ਕੋਈ ਖਾਲੀ ਪੀਪੀ ਲਿਆਉਣ ਲਈ ਕਿਹਾ।
ਜਦੋਂ ਉਹ ਪੀਪੀ ਵਿਚ ਵਿਹੜੇ ਦੀ ਮਿੱਟੀ ਭਰ ਕੇ ਲਿਆਇਆ ਤਾਂ ਮੀੲਂੇ ਨੇ ਉਸ ਨੂੰ ਅਪਣੇ ਦੋਹਾਂ ਹੱਥਾਂ ਵਿਚ ਇਉਂ ਸਤਿਕਾਰ ਨਾਲ ਫੜਿਆ ਜਿਵੇਂ ਆਪਾਂ ਕੋਈ ਬਹੁਤ ਪਵਿੱਤਰ ਸ਼ੈਅ ਹੱਥਾਂ ਵਿਚ ਲੈਂਦੇ ਹੋਈਏ| ਉਸ ਨੇ ਮਿੱਟੀ ਵਾਲੀ ਪੀਪੀ ਨੂੰ ਮੱਥੇ ਨਾਲ ਲਾਇਆ| ਅੱਖਾਂ ਫੇਰ ਭਰ ਆਈਆਂ| ਸਾਰੇ ਮੁਹੱਲੇਦਾਰਾਂ ਵੱਲ ਝਾਕ ਕੇ ਬੋਲਿਆ-
‘ਮੈਂ ਅਜੇ ਤੱਕ ਹੱਜ ਨਹੀਂ ਕਰਨ ਗਿਆ ਸਾਂ| ਅੱਲਾਹ ਨੁੰ ਕਿਹਾ ਸੀ ਜਦ ਤਾਈਂ ਆਪਣੀ ਜੰਮਣ ਭੋਇਂ ਨਹੀਂ ਵੇਖ ਲੈਂਦਾ ਹੱਜ ’ਤੇ ਨਹੀਂ ਜਾਵਾਂਗਾ| ਹੁਣ ਤੇ ਬਿਰਾਵੋ ਮੇਰਾ ਹੱਜ ਹੋ ਗਿਆ ਏ| ਏਥੇ ਆਣ ਕੇ ਮੈਂ ਸੌ ਮੱਕਿਆਂ ਦਾ ਹੱਜ ਕਰ ਲੀਤਾ ਵੇ|’ …
ਤੇ ਮਿੱਤਰੋ ! ਉਹ ਰੋਂਦਾ ਰੋਂਦਾ ਜੀਪ ਵਿਚ ਬਹਿ ਗਿਆ| ਅੰਮ੍ਰਿਤਸਰ ਤੱਕ ਨਾ ਉਸਨੇ ਅੱਖਾਂ ਖੋਹਲੀਆਂ, ਨਾ ਕੁਝ ਬੋਲਿਆ| ਸਰਹੱਦ ’ਤੇ ਜਾਕੇ ਪੁੱਛਿਆ=
‘ਮੀਆਂ ਜੀ ਇਹ ਕੀ?’
‘ਉਸ ਘਰ ਤੋਂ ਬਾਅਦ ਹੁਣ ਹੋਰ ਕੁਝ ਵੇਖਣ ਦੀ ਖਾਹਿਸ਼ ਈ ਕਾਈ ਨਹੀਂ …|’
ਪ੍ਰਧਾਨ ਗੱਲ ਸੁਣਾ ਕੇ ਚੁੱਪ ਕਰ ਗਿਆ| ਬਾਕੀ ਦੋਸਤਾਂ ਬਾਰੇ ਤਾਂ ਮੈਂ ਕੁਝ ਕਹਿ ਨਹੀਂ ਸਕਦਾ, ਪਰ ਮੇਰੇ ਸਾਹਮਣੇ ਅਫਜ਼ਲ ਮੀਆਂ ਅਜੇ ਵੀ ਅਪਣੇ ਵਿਹੜੇ ਦੀ ਮਿੱਟੀ ਮੱਥੇ ਨਾਲ ਲਾਈ ਅੱਖਾਂ ਭਰੀ ਖੜ੍ਹਾ ਉਵੇਂ ਦਿਸੀ ਜਾ ਰਿਹਾ ਸੀ|